ਮੁੱਖ ਮੰਤਰੀ ਦੀ ਜਲੰਧਰ ਫ਼ੇਰੀ ਤੋਂ ਪਹਿਲਾਂ ਅਧਿਆਪਕ ਹਰਪ੍ਰੀਤ ਕੌਰ ਤੇ ਸ਼ੋਭਿਤ ਭਗਤ ਨੂੰ ਕੀਤਾ ਨਜ਼ਰਬੰਦ
ਮਕਸੂਦਾਂ, 26 ਅਪ੍ਰੈਲ (ਸੁਖਦੀਪ ਸਿੰਘ)- ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਦੇ ਸੂਬਾਈ ਪ੍ਰਧਾਨ ਹਰਪ੍ਰੀਤ ਕੌਰ ਜਲੰਧਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਆਉਣ ਤੋਂ ਪਹਿਲਾਂ ਪੁਰਸ਼ ਪੁਲਿਸ ਮੁਲਾਜ਼ਮ ਭੇਜ ਕੇ ਨਜ਼ਰਬੰਦ ਕਰਨ ਦੀ ਜਥੇਬੰਦੀ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਤਾਨਾਸ਼ਾਹੀ ਫੈਸਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਰ ਵਾਰ ਮੁੱਖ ਮੰਤਰੀ ਦੇ ਆਉਣ ਸਮੇਂ ਮਹਿਲਾ ਮੁਲਾਜ਼ਮ ਹੋਣ ਦੇ ਬਾਵਜੂਦ ਪੁਰਸ਼ ਮੁਲਾਜ਼ਮ ਭੇਜ ਕੇ ਹੀ ਨਜ਼ਰਬੰਦ ਕਰਵਾਇਆ ਜਾਂਦਾ ਹੈ। ਮਾਨ ਸਰਕਾਰ ਅਜਿਹੇ ਤਾਨਾਸ਼ਾਹੀ ਰਵੱਈਏ ਕਾਰਨ ਸਾਰੇ ਪੰਜਾਬ ਦੇ ਅਧਿਆਪਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਜਲੰਧਰ ਦੇ ਆਗੂ ਸ਼ੋਭਿਤ ਭਗਤ ਨੂੰ ਵੀ ਮੁੱਖ ਮੰਤਰੀ ਦੀ ਜਲੰਧਰ ਫੇਰੀ ਤੋਂ ਪਹਿਲਾਂ ਦਫ਼ਤਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ।