ਮਹਿੰਗਾਈ ਇਕ ਵਾਰ ਫਿਰ ਬੇਲਗਾਮ ਹੋਣ ਲੱਗੀ ਹੈ। ਹਰੇਕ ਵਸਤੂ ਅਤੇ ਪਦਾਰਥ ਦੀਆਂ ਕੀਮਤਾਂ ਵਧਣ ਲੱਗੀਆਂ ਹਨ, ਖ਼ਾਸ ਤੌਰ 'ਤੇ ਖਾਧ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਰਸੋਈ ਗੈਸ ਦੀਆਂ ਕੀਮਤਾਂ ਪਿਛਲੇ ਸਮੇਂ ਵਿਚ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਤਾਂ ਜਿਵੇਂ ਅੱਗ ਹੀ ਲੱਗੀ ਹੋਈ ਹੈ। ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਆਵਾਜਾਈ ਦੇ ਸਾਧਨਾਂ 'ਤੇ ਰੋਕਾਂ ਲੱਗਣ ਦੇ ਬਾਵਜੂਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਰਹੀਆਂ। ਤੇਲ ਪਦਾਰਥਾਂ ਦੀਆਂ ਕੀਮਤਾਂ ਨੂੰ ਕੁਝ ਸਾਲ ਪਹਿਲਾਂ ਕੌਮਾਂਤਰੀ ਮੰਡੀ ਨਾਲ ਜੋੜ ਦੇਣ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਸੀ ਕਿ ਭਵਿੱਖ ਵਿਚ ਅੰਤਰਰਾਸ਼ਟਰੀ ਕੀਮਤਾਂ ਦੇ ਆਧਾਰ 'ਤੇ ਹੀ ਦੇਸ਼ ਵਿਚ ਤੇਲ ਦੀਆਂ ਕੀਮਤਾਂ ਤੈਅ ਕੀਤੀਆਂ ਜਾਣਗੀਆਂ। ਪਰ ਹੋਇਆ ਇਸ ਦੇ ਉਲਟ। ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਧਣ 'ਤੇ ਤਾਂ ਦੇਸ਼ ਵਿਚ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਹਨ ਪਰ ਅੰਤਰਰਾਸ਼ਟਰੀ ਕੀਮਤਾਂ ਘੱਟ ਹੋਣ ਦੇ ਬਾਵਜੂਦ ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਕੀਤੀਆਂ ਜਾਂਦੀਆਂ। ਸਗੋਂ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਅੰਤਰਰਾਸ਼ਟਰੀ ਪੱਧਰ 'ਤੇ ਕੀਮਤਾਂ ਘੱਟ ਹੋਣ ਦੇ ਨਾਲ ਹੀ ਦੇਸ਼ ਵਿਚ ਕੇਂਦਰੀ ਸੈੱਸ ਅਤੇ ਵੈਟ ਦੀਆਂ ਦਰਾਂ ਵਿਚ ਵਾਧਾ ਕਰ ਦਿੱਤਾ ਜਾਂਦਾ ਹੈ। ਇਸ ਦਾ ਪ੍ਰਭਾਵ ਇਹ ਪੈਂਦਾ ਹੈ ਕਿ ਸਰਕਾਰਾਂ ਦੇ ਮਾਲੀਏ ਵਿਚ ਤਾਂ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ ਪਰ ਮਹਿੰਗਾਈ ਵਿਚ ਵੀ ਭਾਰੀ ਵਾਧਾ ਹੋ ਜਾਂਦਾ ਹੈ।
ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੀ ਸਥਿਤੀ ਇਹ ਹੈ ਕਿ ਪੈਟਰੋਲ ਦੀਆਂ ਕੀਮਤਾਂ ਪਿਛਲੇ 7 ਦਹਾਕਿਆਂ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ। ਪਿਛਲੇ 7 ਸਾਲਾਂ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 700 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪੈਟਰੋਲ ਦੀਆਂ ਮੌਜੂਦਾ ਕੀਮਤਾਂ ਵਿਚੋਂ ਵੈਟ ਅਤੇ ਹੋਰ ਕਈ ਤਰ੍ਹਾਂ ਦੇ ਟੈਕਸਾਂ ਨੂੰ ਜੇਕਰ ਵੱਖ ਕਰਕੇ ਦੇਖਿਆ ਜਾਵੇ ਤਾਂ 90 ਰੁਪਏ ਲੀਟਰ ਦੇ ਪੈਟਰੋਲ ਵਿਚ 57 ਰੁਪਏ ਤੋਂ ਜ਼ਿਆਦਾ ਹੋਰ ਟੈਕਸਾਂ ਅਤੇ ਵੈਟ ਦੇ ਹੁੰਦੇ ਹਨ। ਇਕ ਸਰਵੇਖਣ ਅਨੁਸਾਰ ਸਰਕਾਰਾਂ ਆਪਣੇ ਮਾਲੀਏ ਦਾ ਵੱਡਾ ਹਿੱਸਾ ਪੈਟਰੋਲ-ਡੀਜ਼ਲ ਅਤੇ ਹੋਰ ਤੇਲ ਪਦਾਰਥਾਂ ਤੋਂ ਪ੍ਰਾਪਤ ਕਰਦੀਆਂ ਹਨ। ਪੰਜਾਬ ਵਿਚ ਵੀ ਸਥਿਤੀ ਅਜਿਹੀ ਹੀ ਹੈ। ਜਦੋਂ ਵੀ ਅੰਤਰਰਾਸ਼ਟਰੀ ਮੰਡੀ ਵਿਚ ਤੇਲ ਦੀਆਂ ਕੀਮਤਾਂ ਘੱਟ ਹੋਈਆਂ, ਰਾਜ ਸਰਕਾਰ ਨੇ ਵੈਟ ਦੀ ਦਰ ਵਧਾ ਦਿੱਤੀ। ਅਜੇ ਪਿਛਲੇ ਦਿਨੀਂ ਹੀ ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ 'ਤੇ ਖੇਤੀਬਾੜੀ ਅਤੇ ਕਿਸਾਨਾਂ ਦੇ ਨਾਂਅ 'ਤੇ ਵਧੇਰੇ ਸੈੱਸ ਲਾਗੂ ਕਰਨ ਦਾ ਐਲਾਨ ਕੀਤਾ ਗਿਆ। ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿਚ ਵੀ ਪਿਛਲੇ ਦਿਨੀਂ ਹੀ ਵੱਡਾ ਉਛਾਲ ਆਇਆ ਹੈ। ਕਾਰੋਬਾਰੀ ਪੱਧਰ 'ਤੇ ਤਾਂ ਗੈਸ ਦੀਆਂ ਕੀਮਤਾਂ ਸਮੇਂ-ਸਮੇਂ 'ਤੇ ਵਧਾਈਆਂ ਜਾਂਦੀਆਂ ਹਨ ਪਰ ਘਰੇਲੂ ਰਸੋਈ ਗੈਸ ਵਿਚ ਇਕੋ ਵਾਰ ਏਨਾ ਵੱਡਾ ਵਾਧਾ ਬਹੁਤ ਦੇਰ ਬਾਅਦ ਕੀਤਾ ਗਿਆ ਹੈ। ਬਿਨਾਂ ਸ਼ੱਕ ਇਸ ਨਾਲ ਮਹਿੰਗਾਈ ਵਿਚ ਬੇਲੋੜੇ ਵਾਧੇ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਹੈ, ਉਹ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਰਕਾਰਾਂ ਇਸ ਮਾਮਲੇ ਵਿਚ ਮੌਨ ਧਾਰਨ ਕਰਕੇ ਬੈਠੀਆਂ ਹੋਈਆਂ ਹਨ। ਪਿਛਲੇ ਦਿਨੀਂ ਵਿੱਤ ਮੰਤਰੀ ਵਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਣ 'ਤੇ ਆਪਣੀ ਚੁੱਪੀ ਤੋੜਨ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਆਮ ਲੋਕਾਂ ਵਿਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਹੈ।
ਇਹ ਵੀ ਸ਼ਾਇਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਹੀ ਅਸਰ ਹੈ ਕਿ ਰੇਲਵੇ ਵਲੋਂ ਕਿਰਾਇਆ ਵਧਾ ਦਿੱਤਾ ਗਿਆ ਹੈ। ਰੇਲ ਮੰਤਰਾਲੇ ਨੇ ਯਾਤਰੀ ਗੱਡੀਆਂ ਮੁੜ ਸ਼ੁਰੂ ਕਰਦਿਆਂ ਹੀ ਰੇਲ ਕਿਰਾਏ ਵਿਚ ਵਾਧਾ ਕਰ ਦਿੱਤਾ ਹੈ। ਕਿਰਾਏ ਦੀਆਂ ਦਰਾਂ ਦੋ ਗੁਣਾ ਤੱਕ ਵਧਾ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਪੰਜਾਬ ਰੋਡਵੇਜ਼ ਨੇ ਵੀ ਮੁਸਾਫ਼ਿਰ ਕਿਰਾਏ ਵਿਚ ਵਾਧੇ ਦਾ ਪ੍ਰਸਤਾਵ ਰੱਖਿਆ ਹੈ। ਕਿਰਾਇਆ ਵਧਣ ਨਾਲ ਹਰੇਕ ਵਸਤੂ 'ਤੇ ਅਸਰ ਪੈਂਦਾ ਹੈ। ਹਰਿਆਣਾ ਵਿਚ ਵੀ ਪਿਛਲੇ ਦਿਨੀਂ ਭੋਜਨ 'ਚ ਵਰਤੇ ਜਾਂਦੇ ਤੇਲ ਦੀ ਮਹਿੰਗਾਈ ਦਾ ਮੁੱਦਾ ਚਰਚਾ ਵਿਚ ਰਿਹਾ।
ਸਥਿਤੀ ਇਹ ਹੈ ਕਿ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ ਪਰ ਸਰਕਾਰਾਂ ਆਮ ਆਦਮੀ ਦੀ ਪੀੜਾ ਨੂੰ ਸੁਣਨ ਲਈ ਤਿਆਰ ਨਹੀਂ ਹਨ। ਇਕ ਸਮਾਂ ਸੀ ਜਦੋਂ ਬਜਟ ਵਿਚ ਵਸਤਾਂ ਦੀਆਂ ਕੀਮਤਾਂ ਵਧਦੀਆਂ ਸਨ ਤਾਂ ਹਾਹਾਕਾਰ ਮੱਚ ਉੱਠਦੀ ਸੀ ਪਰ ਅੱਜ ਮਹਿੰਗਾਈ ਅਸਮਾਨ ਛੂਹਣ ਦੇ ਬਾਵਜੂਦ ਸਰਕਾਰਾਂ ਬੇਫ਼ਿਕਰ ਹਨ ਅਤੇ ਵਿਰੋਧੀ ਪਾਰਟੀਆਂ ਵੀ ਗੂੜ੍ਹੀ ਨੀਂਦ ਸੁੱਤੀਆਂ ਪਈਆਂ ਹਨ। ਮਹਿੰਗਾਈ ਨੇ ਦੇਸ਼ ਦੇ ਮੱਧਵਰਗੀ ਲੋਕਾਂ ਦੇ ਘਰੇਲੂ ਬਜਟ ਨੂੰ ਵਿਗਾੜ ਦਿੱਤਾ ਹੈ ਅਤੇ ਅਜੇ ਵੀ ਕੋਈ ਰਾਹਤ ਵਾਲੀ ਖ਼ਬਰ ਮਿਲਣ ਦੀ ਆਸ ਨਹੀਂ। ਅਸੀਂ ਸਮਝਦੇ ਹਾਂ ਕਿ ਵਿੱਤ ਮੰਤਰੀ ਦੇ ਸੁਝਾਅ ਦੇ ਮੱਦੇਨਜ਼ਰ ਸਰਕਾਰਾਂ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਸੰਤੁਲਨ ਬਣਾਉਣ ਲਈ ਤੁਰੰਤ ਕਦਮ ਉਠਾਉਣੇ ਚਾਹੀਦੇ ਹਨ। ਰਾਜ ਸਰਕਾਰਾਂ ਖ਼ਾਸ ਤੌਰ 'ਤੇ ਪੰਜਾਬ ਸਰਕਾਰ ਜੇਕਰ ਵੈਟ ਦਰ ਘੱਟ ਕਰਦੀ ਹੈ ਤਾਂ ਆਮ ਲੋਕਾਂ ਨੂੰ ਵੱਡੀ ਰਾਹਤ ਜ਼ਰੂਰ ਮਿਲ ਸਕਦੀ ਹੈ। ਇਸ ਨਾਲ ਬਾਕੀ ਵਸਤਾਂ ਦੀਆਂ ਕੀਮਤਾਂ ਵਿਚ ਵੀ ਸਥਿਰਤਾ ਆ ਸਕਦੀ ਹੈ। ਇਸੇ ਤਰ੍ਹਾਂ ਜੇਕਰ ਕੇਂਦਰ ਸਰਕਾਰ ਵੀ ਛੇਤੀ ਇਸ ਮਾਮਲੇ ਵਿਚ ਪਹਿਲ ਕਰੇਗੀ, ਤਾਂ ਆਮ ਆਦਮੀ ਨੂੰ ਰਾਹਤ ਮਿਲ ਸਕੇਗੀ।
ਪੰਜਾਬ ਵਿਚ ਸਥਾਨਕ ਚੋਣਾਂ ਦੇ ਨਤੀਜੇ ਆ ਗਏ ਹਨ। ਜਿਵੇਂ ਕਿ ਪਹਿਲਾਂ ਹੀ ਲੱਗ ਰਿਹਾ ਸੀ, ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਜੋ ਵੀ ਰਾਜਨੀਤੀ ਬਚ ਗਈ ਸੀ, ਉਹ ਪੂਰੀ ਤਰ੍ਹਾਂ ਸਿਫ਼ਰ ਹੋ ਗਈ ਹੈ। ਭਾਜਪਾ ਨੂੰ ਪੰਜਾਬ ਦੀ ਰਾਜਨੀਤੀ ਵਿਚ ਆਪਣੀ ...
ਜਨਮ ਦਿਨ 'ਤੇ ਵਿਸ਼ੇਸ਼
ਪ੍ਰਸਿੱਧ ਕ੍ਰਾਂਤੀਕਾਰੀ ਸ: ਅਜੀਤ ਸਿੰਘ 'ਪਗੜੀ ਸੰਭਾਲ ਜੱਟਾ ਲਹਿਰ' ਦੇ ਬਾਨੀ ਸਨ। ਉਨ੍ਹਾਂ ਦਾ ਜਨਮ 23 ਫਰਵਰੀ, 1881 ਨੂੰ ਪਿੰਡ ਖਟਕੜ ਕਲਾਂ, ਜ਼ਿਲ੍ਹਾ ਨਵਾਂਸ਼ਹਿਰ ਵਿਚ ਪਿਤਾ ਸਰਦਾਰ ਅਰਜਨ ਸਿੰਘ ਅਤੇ ਮਾਤਾ ਜੈ ਕੌਰ ਦੇ ਘਰ ਹੋਇਆ। ਪੜ੍ਹਾਈ ਉਨ੍ਹਾਂ ...
ਭਾਰਤੀ ਉਦਮੀ ਮਿਹਨਤੀ, ਦ੍ਰਿੜ੍ਹ ਇਰਾਦੇ ਵਾਲੇ, ਕੰਮ ਦੇ ਕਰਿੰਦੇ, ਭਰੋਸੇਯੋਗ ਅਤੇ ਜਿਹੜਾ ਨਿਸ਼ਾਨਾ ਨਿਸਚਿਤ ਕਰ ਲੈਣ, ਉਸ ਨੂੰ ਪ੍ਰਾਪਤ ਕਰਕੇ ਹੀ ਦਮ ਲੈਂਦੇ ਹਨ। ਸੰਸਾਰ ਦਾ ਕੋਈ ਅਜਿਹਾ ਖਿੱਤਾ ਨਹੀਂ ਜਿਥੇ ਉਨ੍ਹਾਂ ਨੇ ਜਾ ਕੇ ਨਵੀਆਂ ਪਿਰਤਾਂ ਨਾ ਪਾਈਆਂ ਹੋਣ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX