ਮਹਿੰਗਾਈ ਇਕ ਵਾਰ ਫਿਰ ਬੇਲਗਾਮ ਹੋਣ ਲੱਗੀ ਹੈ। ਹਰੇਕ ਵਸਤੂ ਅਤੇ ਪਦਾਰਥ ਦੀਆਂ ਕੀਮਤਾਂ ਵਧਣ ਲੱਗੀਆਂ ਹਨ, ਖ਼ਾਸ ਤੌਰ 'ਤੇ ਖਾਧ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਰਸੋਈ ਗੈਸ ਦੀਆਂ ਕੀਮਤਾਂ ਪਿਛਲੇ ਸਮੇਂ ਵਿਚ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ...
ਪੰਜਾਬ ਵਿਚ ਸਥਾਨਕ ਚੋਣਾਂ ਦੇ ਨਤੀਜੇ ਆ ਗਏ ਹਨ। ਜਿਵੇਂ ਕਿ ਪਹਿਲਾਂ ਹੀ ਲੱਗ ਰਿਹਾ ਸੀ, ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਜੋ ਵੀ ਰਾਜਨੀਤੀ ਬਚ ਗਈ ਸੀ, ਉਹ ਪੂਰੀ ਤਰ੍ਹਾਂ ਸਿਫ਼ਰ ਹੋ ਗਈ ਹੈ। ਭਾਜਪਾ ਨੂੰ ਪੰਜਾਬ ਦੀ ਰਾਜਨੀਤੀ ਵਿਚ ਆਪਣੀ ...
ਜਨਮ ਦਿਨ 'ਤੇ ਵਿਸ਼ੇਸ਼
ਪ੍ਰਸਿੱਧ ਕ੍ਰਾਂਤੀਕਾਰੀ ਸ: ਅਜੀਤ ਸਿੰਘ 'ਪਗੜੀ ਸੰਭਾਲ ਜੱਟਾ ਲਹਿਰ' ਦੇ ਬਾਨੀ ਸਨ। ਉਨ੍ਹਾਂ ਦਾ ਜਨਮ 23 ਫਰਵਰੀ, 1881 ਨੂੰ ਪਿੰਡ ਖਟਕੜ ਕਲਾਂ, ਜ਼ਿਲ੍ਹਾ ਨਵਾਂਸ਼ਹਿਰ ਵਿਚ ਪਿਤਾ ਸਰਦਾਰ ਅਰਜਨ ਸਿੰਘ ਅਤੇ ਮਾਤਾ ਜੈ ਕੌਰ ਦੇ ਘਰ ਹੋਇਆ। ਪੜ੍ਹਾਈ ਉਨ੍ਹਾਂ ਨੇ ਚੰਗੀ ਖਾਸੀ ਕੀਤੀ ਹੋਈ ਸੀ। ਉਨ੍ਹਾਂ ਦੀ ਸ਼ਾਦੀ ਵਕੀਲ ਧੰਨਪਤ ਰਾਏ ਦੀ ਪੁੱਤਰੀ ਹਰਨਾਮ ਕੌਰ ਨਾਲ ਹੋਈ। ਆਪ ਨੇ 21-22 ਸਾਲ ਦੀ ਉਮਰ 'ਚ ਕ੍ਰਾਂਤੀਕਾਰੀ ਰਾਹ ਫੜਿਆ ਅਤੇ ਉਨ੍ਹਾਂ ਦੇ ਪਦ-ਚਿੰਨ੍ਹਾਂ 'ਤੇ ਚਲਦੇ ਹੋਏ ਸ: ਭਗਤ ਸਿੰਘ ਨੇ ਵੀ ਇਸੇ ਉਮਰ 'ਚ ਅਸੈਂਬਲੀ ਵਿਚ ਬੰਬ ਸੁੱਟ ਕੇ ਅੰਗਰੇਜ਼ ਹਕੂਮਤ ਦੀਆਂ ਚੂਲਾਂ ਹਲਾਈਆਂ ਸਨ। 'ਪਗੜੀ ਸੰਭਾਲ ਜੱਟਾ' ਲਹਿਰ ਜੋ 1907 ਵਿਚ ਅਜੀਤ ਸਿੰਘ ਦੀ ਅਗਵਾਈ ਹੇਠ ਪ੍ਰਚੰਡ ਹੋਈ, ਉਹ ਅੰਗਰੇਜ਼ ਹਾਕਮਾਂ ਦੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਉਜਾੜਨ ਵਾਲੇ ਕਾਲੇ ਕਾਨੂੰਨਾਂ ਵਿਰੁੱਧ ਸੀ। ਅੰਗਰੇਜ਼ਨੇ ਕਿਸਾਨਾਂ ਨੂੰ ਆਪਣੀ ਜ਼ਮੀਨ 'ਤੇ ਹੀ ਮੁਜ਼ਾਰੇ ਬਣਾਉਣ ਵਾਸਤੇ 'ਲੈਂਡ ਕਲੋਨਾਈਜ਼ੇਸਨ, ਬਾਰੀ-ਦੁਆਬ ਭਾਵ ਰਾਵੀ ਤੇ ਬਿਆਸ ਵਿਚਲੇ ਇਲਾਕੇ ਦੇ ਮਾਮਲੇ ਦੇ ਅਥਾਹ ਵਾਧੇ ਲਈ ਕਾਨੂੰਨ ਬਣਾ ਦਿੱਤੇ। ਇਸ ਨਾਲ ਕਿਸਾਨਾਂ ਦਾ ਆਪਣੀ ਹੀ ਜ਼ਮੀਨ ਵੇਚਣ ਤੇ ਵਸੀਅਤ ਕਰਨ ਦਾ ਅਧਿਕਾਰ ਖ਼ਤਮ ਹੋ ਗਿਆ। ਖੇਤਾਂ 'ਚੋਂ ਲੱਕੜ ਕੱਟਣ ਦੀ ਪੂਰਨ ਮਨਾਹੀ ਹੋ ਗਈ ਅਤੇ ਹਾਲਾਤ ਇਹ ਬਣ ਗਏ ਕਿ ਕਿਸਾਨ ਆਪਣੀ ਜ਼ਮੀਨ ਵਿਚੋਂ ਖੇਤੀ ਦੇ ਸੰਦਾਂ ਵਾਸਤੇ ਵੀ ਲੱਕੜ ਨਹੀਂ ਸੀ ਵੱਢ ਸਕਦਾ। ਨਹਿਰੀ ਮਾਮਲਾ ਬਹੁਤ ਜ਼ਿਆਦਾ ਇਸ ਲਈ ਵਧਾ ਦਿੱਤਾ ਕਿ ਭਰਨ ਤੋਂ ਅਸਮਰੱਥ ਕਿਸਾਨ ਆਪਣੇ ਆਪ ਹੀ ਜ਼ਮੀਨਾਂ ਛੱਡ ਜਾਣ। ਇਨ੍ਹਾਂ ਘਾਤਕ ਬਿੱਲਾਂ ਦਾ ਵਧੇਰੇ ਅਸਰ ਨਵ ਆਬਾਦ ਹੋਏ ਇਲਾਕੇ ਬਾਰਾਂ ਵਿਚ ਪੈਂਦਾ ਸੀ। ਬਾਰਾਂ ਉਸ ਇਲਾਕੇ ਨੂੰ ਕਿਹਾ ਜਾਂਦਾ ਹੈ ਜਿੱਥੇ ਪੰਜਾਬ ਦੇ ਕਿਸਾਨਾਂ ਨੇ ਨਹਿਰੀ ਪਾਣੀ ਜਾਣ ਉਪਰੰਤ ਜ਼ਮੀਨਾਂ ਬੜੀ ਸਖ਼ਤ ਮਿਹਨਤ ਮੁਸ਼ੱਕਤ ਨਾਲ ਆਬਾਦ ਕੀਤੀਆਂ ਸਨ। ਲਾਇਲਪੁਰ ਜ਼ਿਲ੍ਹੇ ਵਿਚ ਸਰਦਾਰ ਅਜੀਤ ਸਿੰਘ ਦੇ ਪਰਿਵਾਰ ਦੀ ਵੀ ਜ਼ਮੀਨ ਸੀ। ਅਜੀਤ ਸਿੰਘ, ਕਿਸ਼ਨ ਸਿੰਘ ਤੇ ਸਵਰਨ ਸਿੰਘ ਭਰਾਵਾਂ ਨੇ ਜਾਬਰ ਬਿੱਲਾਂ ਵਿਰੁੱਧ ਕਿਸਾਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਅਜੀਤ ਸਿੰਘ ਨੇ ਸੂਫ਼ੀ ਅੰਬਾ ਪ੍ਰਸਾਦ ਨਾਲ ਮਿਲ ਕੇ 'ਭਾਰਤ ਮਾਤਾ ਸੁਸਾਇਟੀ' ਨਾਂਅ ਦੀ ਇਕ ਗੁਪਤ ਜਥੇਬੰਦੀ ਬਣਾਈ ਹੋਈ ਸੀ। ਇਸ ਦੇ ਨਾਲ ਹੀ ਕਿਸਾਨਾਂ ਦਾ ਸੰਘਰਸ਼ ਲੜਨ ਵਾਸਤੇ 'ਅੰਜੁਮਨ-ਏ- ਮੋਹਿੱਬਾਨ-ਏ-ਵਤਨ' ਭਾਵ ਦੇਸ਼ ਭਗਤ ਸਭਾ ਵੀ ਬਣਾ ਦਿੱਤੀ। ਇਸ ਵਿਚ ਲਾਲਾ ਪਿੰਡੀ ਦਾਸ ਤੇ ਲਾਲਾ ਲਾਲ ਚੰਦ ਫ਼ਲਕ ਵੀ ਰਲ ਗਏ । ਜਨਵਰੀ 1907 ਵਿਚ 'ਪੇਸ਼ਵਾ' ਨਾਂਅ ਦੀ ਅਖ਼ਬਾਰ ਕੱਢ ਕੇ ਜਾਗ੍ਰਿਤੀ ਮੁਹਿੰਮ ਸਿਖਰਾਂ ਤੇ ਪੁਚਾ ਦਿੱਤੀ।
ਲਾਇਲਪੁਰ ਵਿਖੇ 3 ਮਾਰਚ 1907 ਨੂੰ ਕਿਸਾਨਾਂ ਦਾ ਜ਼ਬਰਦਸਤ ਇਕੱਠ ਹੋਇਆ। ਇਸ ਇਕੱਠ ਵਿਚ 'ਝੰਗ ਸਿਆਲ' ਅਖ਼ਬਾਰ ਦੇ ਸੰਪਾਦਕ ਬਾਂਕੇ ਦਿਆਲ ਨੇ 'ਪਗੜੀ ਸੰਭਾਲ ਓ ਜੱਟਾ' ਗੀਤ ਗਾਇਆ। ਇਹ ਗੀਤ ਲੋਕ ਮਨਾਂ ਵਿਚ ਏਨਾ ਮਕਬੂਲ ਹੋਇਆ ਕਿ ਲਹਿਰ ਦਾ ਨਾਂਅ ਹੀ ਪਗੜੀ ਸੰਭਾਲ ਜੱਟਾ ਮਸ਼ਹੂਰ ਹੋ ਗਿਆ।
ਰਾਵਲਪਿੰਡੀ ਵਿਚ 2 ਅਪ੍ਰੈਲ, 1907 ਨੂੰ ਕਿਸਾਨਾਂ ਦਾ ਭਾਰੀ ਜਲਸਾ ਹੋ ਰਿਹਾ ਸੀ ਤੇ ਸਰਕਾਰ ਨੇ ਫ਼ੌਜ ਸੱਦ ਲਈ। ਲੋਕਾਂ ਨੂੰ ਖਦੇੜਨ ਵਾਸਤੇ ਅੰਗਰੇਜ਼ ਅਫ਼ਸਰ ਨੇ ਭਾਰਤੀ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਕੱਠ 'ਤੇ ਗੋਲੀ ਚਲਾਈ ਜਾਵੇ। ਪਰ ਸਿਪਾਹੀਆਂ ਨੇ ਬੰਦੂਕਾਂ ਦੇ ਮੂੰਹ ਕਿਸਾਨਾਂ ਵੱਲ ਕਰਨ ਦੀ ਥਾਂ 'ਤੇ ਆਪਣੇ ਕਮਾਂਡਰ ਵੱਲ ਕਰ ਦਿੱਤੇ। ਕਮਾਂਡਰ ਡਰਦਾ ਮਾਰਾ ਉਥੋਂ ਫ਼ੌਜ ਵਾਪਸ ਲੈ ਗਿਆ। ਕਮਾਂਡਰ ਦੀ ਕਮੀਨੀ ਹਰਕਤ ਤੋਂ ਬਾਅਦ ਕਿਸਾਨ ਰੋਹ ਵਿਚ ਆ ਗਏ। ਕਿਸਾਨਾਂ ਨੇ ਵਾਪਸੀ 'ਤੇ ਚਰਚ ਅਤੇ ਦਫ਼ਤਰ ਸਾੜੇ। ਗੋਰੇ ਲੋਕਾਂ ਦੀ ਕੁੱਟਮਾਰ ਕੀਤੀ। ਅੰਤ ਕਿਸਾਨਾਂ ਦੇ ਰੋਹ ਅੱਗੇ ਅੰਗਰੇਜ਼ ਝੁਕ ਗਏ ਤੇ ਉਨ੍ਹਾਂ ਨੇ ਬਿੱਲ ਰੱਦ ਕਰ ਦਿੱਤੇ। ਗੁਲਾਮ ਭਾਰਤ ਵਿਚ ਆਜ਼ਾਦੀ ਦੇ ਸੰਘਰਸ਼ ਦੌਰਾਨ ਕਿਸਾਨਾਂ ਦੀ ਇਹ ਬੜੀ ਵੱਡੀ ਇਤਿਹਾਸਕ ਜਿੱਤ ਸੀ।ਅੰਗਰੇਜ਼ ਹਾਕਮ ਏਨੇ ਘਬਰਾ ਗਏ ਕਿ ਉਨ੍ਹਾਂ ਨੇ ਅਜੀਤ ਸਿੰਘ ਨੂੰ ਸਰਕਾਰ ਲਈ ਸਭ ਤੋਂ ਵੱਧ ਖ਼ਤਰਨਾਕ ਸਮਝਦਿਆਂ ਹੋਇਆਂ ਜਲਾਵਤਨ ਦੀ ਸਜ਼ਾ ਦੇ ਦਿੱਤੀ। ਜਲਾਵਤਨੀ ਦੌਰਾਨ ਅਜੀਤ ਸਿੰਘ ਨੇ ਗ਼ਦਰ ਪਾਰਟੀ ਵਿੱਚ ਵੀ ਕੰਮ ਕੀਤਾ। ਲੈਨਿਨ ਸਮੇਤ ਦੁਨੀਆ ਭਰ ਦੇ ਦੇਸ਼ਾਂ ਦੇ ਕ੍ਰਾਂਤੀਕਾਰੀਆਂ ਨਾਲ ਇਸ ਮੰਤਵ ਲਈ ਮੁਲਾਕਾਤਾਂ ਕੀਤੀਆਂ ਕਿ ਕਿਸੇ ਢੰਗ ਨਾਲ ਸਲਾਹ ਅਤੇ ਮਦਦ ਲੈ ਕੇ ਹਿੰਦੁਸਤਾਨ ਨੂੰ ਬਰਤਾਨਵੀ ਬਸਤੀਵਾਦ ਦੇ ਜੂਲੇ ਹੇਠੋਂ ਕੱਢਿਆ ਜਾਵੇ। ਅਜੀਤ ਸਿੰਘ ਦੀ ਜਲਾਵਤਨ ਦੀ ਸਜ਼ਾ ਜਦੋਂ ਸਰਕਾਰ ਨੇ ਮਨਸੂਖ ਕੀਤੀ ਤਾਂ ਫਿਰ ਉਹ 7 ਮਾਰਚ, 1947 ਨੂੰ 38 ਸਾਲ ਬਾਅਦ ਵਾਪਸ ਭਾਰਤ ਆਏ। ਅਜੀਤ ਸਿੰਘ ਆਪਣੇ ਭਤੀਜੇ ਭਗਤ ਸਿੰਘ ਨੂੰ ਵੀ ਮਿਲ ਨਹੀਂ ਸਕੇ। ਭਗਤ ਸਿੰਘ ਜਲਾਵਤਨੀ ਹੋਣ ਤੋਂ ਪਿੱਛੋਂ ਜਨਮਿਆ ਅਤੇ ਖ਼ਤਮ ਹੋਣ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀ ਗਿਆ।ਪੰਜਾਬ ਆ ਕੇ ਉਨ੍ਹਾਂ ਦੀ ਸਿਹਤ ਵਿਗੜਦੀ ਗਈ। ਡਾਕਟਰਾਂ ਦੀ ਸਲਾਹ 'ਤੇ ਉਹ ਡਲਹੌਜ਼ੀ ਚਲੇ ਗਏ। ਜਿੱਥੇ ਉਨ੍ਹਾਂ ਦੀ ਦੇਸ਼ ਦੀ ਆਜ਼ਾਦੀ ਵਾਲੇ ਦਿਨ 15 ਅਗਸਤ, 1947 ਨੂੰ ਮੌਤ ਹੋ ਗਈ।
-ਬਾਬਾ ਸੋਹਨ ਸਿੰਘ ਭਕਨਾ ਭਵਨ,
40 ਕੋਰਟ ਰੋਡ, ਅੰਮ੍ਰਿਤਸਰ।
ਮੋ: 98760-78731
ਭਾਰਤੀ ਉਦਮੀ ਮਿਹਨਤੀ, ਦ੍ਰਿੜ੍ਹ ਇਰਾਦੇ ਵਾਲੇ, ਕੰਮ ਦੇ ਕਰਿੰਦੇ, ਭਰੋਸੇਯੋਗ ਅਤੇ ਜਿਹੜਾ ਨਿਸ਼ਾਨਾ ਨਿਸਚਿਤ ਕਰ ਲੈਣ, ਉਸ ਨੂੰ ਪ੍ਰਾਪਤ ਕਰਕੇ ਹੀ ਦਮ ਲੈਂਦੇ ਹਨ। ਸੰਸਾਰ ਦਾ ਕੋਈ ਅਜਿਹਾ ਖਿੱਤਾ ਨਹੀਂ ਜਿਥੇ ਉਨ੍ਹਾਂ ਨੇ ਜਾ ਕੇ ਨਵੀਆਂ ਪਿਰਤਾਂ ਨਾ ਪਾਈਆਂ ਹੋਣ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX