ਤਾਜਾ ਖ਼ਬਰਾਂ


ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
. . .  about 3 hours ago
ਢਿਲਵਾਂ, 20 ਫਰਵਰੀ (ਸੁਖੀਜਾ,ਪ੍ਰਵੀਨ,ਪਲਵਿੰਦਰ)-ਸਥਾਨਕ ਕਸਬੇ 'ਚ ਅੱਜ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ...
ਹੋਲੇ ਮਹੱਲੇ ਦੇ ਸੁਚਾਰੂ ਪ੍ਰਬੰਧਾਂ ਲਈ ਡੀ ਸੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੀਟਿੰਗ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ ,20 ਫਰਵਰੀ { ਨਿੱਕੂਵਾਲ }-ਡਿਪਟੀ ਕਮਿਸ਼ਨਰ ਰੂਪਨਗਰ ਵਿਨੇ ਬਬਲਾਨੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ...
15 ਕਰੋੜ 100 ਕਰੋੜ 'ਤੇ ਭਾਰੀ - ਓਵੈਸੀ ਦੀ ਪਾਰਟੀ ਦੇ ਨੇਤਾ ਦਾ ਵਿਵਾਦਗ੍ਰਸਤ ਬਿਆਨ
. . .  about 4 hours ago
ਨਵੀਂ ਦਿੱਲੀ, 20 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਤੋਂ ਨਿਕਲੀ ਚਿੰਗਾਰੀ 'ਤੇ ਵਿਰੋਧ ਦੀ ਸਿਆਸਤ ਤੇਜ ਹੋ ਗਈ ਹੈ। ਸੀ.ਏ.ਏ. ਖਿਲਾਫ ਪ੍ਰਦਰਸ਼ਨ ਨੂੰ ਲੈ ਕੇ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਮੀਨ ਦੇ ਨੇਤਾ ਵਾਰਿਸ ਪਠਾਨ ਨੇ ਬੇਹੱਦ...
ਭਾਜਪਾ ਪ੍ਰਧਾਨ ਜੇ.ਪੀ ਨੱਢਾ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 4 hours ago
ਅੰਮ੍ਰਿਤਸਰ, 20 ਫਰਵਰੀ (ਹਰਮਿੰਦਰ ਸਿੰਘ) - ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਦੇਰ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਭਾਜਪਾ...
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਨਾਜਾਇਜ਼ ਇਮਾਰਤਾਂ ਢਾਈਆਂ
. . .  about 5 hours ago
ਜ਼ੀਰਕਪੁਰ, 20 ਫਰਵਰੀ (ਹਰਦੀਪ ਹੈਪੀ ਪੰਡਵਾਲਾ) - ਅੱਜ ਹਾਈ ਕੋਰਟ ਦੇ ਹੁਕਮਾਂ 'ਤੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ 100 ਮੀਟਰ ਘੇਰੇ 'ਚ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਨੂੰ ਅੰਜਾਮ ਦਿੰਦਿਆਂ ਦਰਜਨ ਦੇ ਕਰੀਬ ਗੋਦਾਮ ਢਾਹ ਦਿੱਤੇ ਗਏ। ਇਸ ਮੌਕੇ ਪ੍ਰਸ਼ਾਸਨਿਕ...
ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਕੈਦ
. . .  about 5 hours ago
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ...
23 ਦੀ ਸੰਗਰੂਰ ਰੈਲੀ ਐਸ.ਜੀ.ਪੀ.ਸੀ ਦਾ ਮੁੱਢ ਬੱਨੇਗੀ- ਢੀਂਡਸਾ
. . .  about 5 hours ago
ਸੰਦੌੜ, 20 ਫਰਵਰੀ (ਜਸਵੀਰ ਸਿੰਘ ਜੱਸੀ) - ਸੰਗਰੂਰ ਵਿਖੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ 23 ਫਰਵਰੀ ਨੂੰ ਸੰਗਰੂਰ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਨਾਰਾਜ਼ ਹੋਈ ਵਾਰਤਾਕਾਰ ਸਾਧਨਾ ਰਾਮਚੰਦਰਨ
. . .  about 5 hours ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ...
ਸ਼ਾਹੀਨ ਬਾਗ ਫਿਰ ਪਹੁੰਚੇ ਵਾਰਤਾਕਾਰ, ਮੀਡੀਆ ਦੀ ਮੌਜੂਦਗੀ 'ਤੇ ਜਤਾਇਆ ਇਤਰਾਜ਼
. . .  about 6 hours ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ...
ਖਿਡਾਰੀ ਨੇ ਪਤਨੀ ਤੇ ਤਿੰਨ ਬੱਚਿਆਂ ਨੂੰ ਕਾਰ 'ਚ ਬੰਦ ਕਰ ਜਿੰਦਾ ਸਾੜਿਆ, ਫਿਰ ਕੀਤੀ ਖ਼ੁਦਕੁਸ਼ੀ
. . .  about 6 hours ago
ਬ੍ਰਿਸਬੇਨ, 20 ਫਰਵਰੀ - ਆਸਟ੍ਰੇਲੀਆ ਦੇ ਇਕ ਖਿਡਾਰੀ ਨੇ ਮੁਸ਼ਕਲਾਂ ਤੋਂ ਹਾਰ ਕੇ ਕੁੱਝ ਅਜਿਹਾ ਕਰ ਲਿਆ। ਜਿਸ ਨਾਲ ਪੂਰਾ ਖੇਡ ਜਗਤ ਹੈਰਾਨ ਪ੍ਰੇਸ਼ਾਨ ਹੈ। ਆਸਟ੍ਰੇਲੀਆ ਦੇ ਰਗਬੀ ਖਿਡਾਰੀ ਰੋਵਨ ਬੈਕਸਟਰ ਨੇ ਬੁੱਧਵਾਰ ਨੂੰ ਪਤਨੀ ਹੈਨਾ ਤੇ ਤਿੰਨ ਬੱਚਿਆਂ ਨੂੰ ਕਾਰ ਵਿਚ ਬੰਦ ਕਰ ਦਿੱਤਾ...
ਹੋਰ ਖ਼ਬਰਾਂ..

ਨਾਰੀ ਸੰਸਾਰ

ਇਮਤਿਹਾਨ ਦੀ ਤਿਆਰੀ, ਮਾਤਾ ਪਿਤਾ ਦੀ ਜ਼ਿੰਮੇਵਾਰੀ

ਬੱਚਿਆਂ ਦੇ ਸਾਲਾਨਾ ਇਮਤਿਹਾਨ ਸਿਰ 'ਤੇ ਹਨ। ਬੱਚੇ ਦੀ ਪ੍ਰੀਖਿਆ ਦੀ ਤਿਆਰੀ ਚੱਲ ਰਹੀ ਹੈ। ਮਾਤਾ-ਪਿਤਾ ਫ਼ਿਕਰਮੰਦੀ ਨਾਲ ਨਜ਼ਰ ਰੱਖ ਰਹੇ ਹਨ। ਬੋਰਡ ਵਲੋਂ ਇਮਤਹਾਨਾਂ ਦੀ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਗਈ ਹੈ। ਪ੍ਰੀਖਿਆ ਵਿਚ 50 ਕੁ ਦਿਨ ਬਾਕੀ ਹਨ। ਸੋ ਇਮਤਿਹਾਨ ਦੀ ਤਿਆਰੀ ਲਈ ਇਹ ਵਕਤ ਬਹੁਤ ਕੀਮਤੀ ਹੈ। ਜਿਸ ਨੂੰ ਅਧਿਆਪਕਾਂ ਦੇ ਮਾਰਗ-ਦਰਸ਼ਨ ਅਤੇ ਮਾਪਿਆਂ ਦੀ ਰਹਿਨੁਮਾਈ ਹੇਠ ਸਾਰਥਕ ਬਣਾਇਆ ਜਾ ਸਕਦਾ ਹੈ। ਜੇਕਰ ਅਸੀਂ ਮਨੋਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਸਾਲ ਭਰ ਦੀ ਕੀਤੀ ਪੜ੍ਹਾਈ ਦੀ ਜਾਂਚ ਇਕ ਨਿਯਤ ਸਮੇਂ, ਮਤਲਬ ਸਿਰਫ ਤਿੰਨ ਘੰਟਿਆਂ ਵਿਚ ਹੋ ਜਾਂਦੀ ਹੈ। ਇਸ ਨੂੰ ਬੱਚੇ ਦੀ ਯੋਗਾਤਾ, ਕੀਤੀ ਮਿਹਨਤ ਤੇ ਲਗਨ ਨੂੰ ਪਰਖਣ ਦਾ ਸਮਾਂ ਵੀ ਕਿਹਾ ਜਾ ਸਕਦਾ ਹੈ। ਆਪਣੇ ਵਿਸ਼ੇ ਵਿਸ਼ੇਸ਼ ਵਿਚ ਬੱਚੇ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ, ਇਸ ਦੀ ਪਰਖ ਹੋ ਜਾਂਦੀ ਹੈ। ਜੇਕਰ ਬੱਚਿਆਂ ਨੇ ਸਮੇਂ ਸਾਰਣੀ ਦਾ ਪਾਲਣ ਕਰਦਿਆਂ ਨਿਯਮਬੱਧ ਅਤੇ ਸੰਤੁਲਤ ਤਰੀਕੇ ਨਾਲ ਅਧਿਐਨ ਕੀਤਾ ਹੋਵੇਗਾ ਤਾਂ ਕੋਈ ਕਾਰਨ ਨਹੀਂ ਕਿ ਉਸ ਦਾ ਫਲ ਨਾ ਮਿਲੇ ਭਾਵ ਚੰਗੇ ਨੰਬਰ ਨਾ ਆਉਣ।
ਬੱਚਿਆਂ ਨੂੰ ਇਮਤਹਾਨ ਦੀ ਤਿਆਰੀ ਸਹਿਜਤਾ ਅਤੇ ਸ਼ਾਂਤ-ਚਿੱਤ ਕਰਨ ਦਿਓ। ਮਾਪੇ ਯਕੀਨੀ ਬਣਾਉਣ ਕਿ ਬੱਚੇ ਤਣਾਅ ਰਹਿਤ, ਭੈਅ ਮੁਕਤ ਅਤੇ ਬਿਨਾਂ ਕਿਸੇ ਦਬਾਅ, ਸਮੇਂ ਵੰਡ ਅਨੁਸਾਰ ਸਾਰੇ ਵਿਸ਼ਿਆਂ ਦਾ ਅਧਿਐਨ ਕਰਦਿਆਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ। ਕੁਝ ਟਿਪਸ ਸਾਡੇ ਵਲੋਂ:
ਬੱਚੇ ਇਮਤਿਹਾਨ ਦੀ ਤਿਆਰੀ ਲਈ ਸਮਾਂ ਸੀਮਾ ਬਣਾਉਣ, ਦੇਰ ਰਾਤ ਤੱਕ ਪੜ੍ਹਾਈ ਨਾ ਕਰਨ ਕਿਉਂਕਿ ਚੰਗੀ ਸਿਹਤ ਲਈ ਨੀਂਦ ਜ਼ਰੂਰੀ ਹੈ। ਬੱਚੇ ਨੂੰ ਆਪਣੇ ਪਾਠਕਰਮ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਔਖੇ ਵਿਸ਼ਿਆਂ ਦੀ ਤਿਆਰੀ ਪਹਿਲਾਂ ਕਰਨ ਕਿਉਂਕਿ ਉਹ ਜਾਣਦੇ ਹਨ ਕਿ ਉਸ ਨੇ ਕਿਹੜੇ-ਕਿਹੜੇ ਵਿਸ਼ੇ ਦੀ ਤਿਅਰੀ ਮੁਕੰਮਲ ਕਰ ਲਈ ਹੈ ਅਤੇ ਕਿਹੜੇ ਅਜੇ ਰਹਿੰਦੇ ਹਨ। ਕੁਝ ਬੱਚੇ ਬੋਲ ਕੇ ਵਿਸ਼ੇ ਦਾ ਅਧਿਐਨ ਕਰਦੇ ਹਨ ਪਰ ਸਾਡਾ ਮੰਨਣਾ ਹੈ ਕਿ ਲਿਖ ਕੇ ਅਭਿਆਸ ਕਰਨਾ ਬੇਹਤਰ ਹੈ। ਪ੍ਰੀਖਿਆ ਦੀ ਤਿਆਰੀ ਦੌਰਾਨ ਬੱਚੇ ਸਾਕਾਰਾਤਮਕ ਸੋਚ ਅਪਨਾਉਣ ਅਤੇ ਚੰਗੀ ਸਿਹਤ ਵੀ ਜ਼ਰੂਰੀ ਹੈ ਜਿਸ ਲਈ ਮਾਤਾ-ਪਿਤਾ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚੇ ਦੇ ਸਮੇਂ ਸਿਰ ਪੌਸ਼ਟਿਕ ਭੋਜਨ ਦੀ ਵਿਵਸਥਾ ਕਰਨ। ਬੱਚੇ ਨੂੰ ਘਰ ਦਾ ਖਾਣਾ, ਤਾਜ਼ੇ ਫਲ, ਹਰੀਆਂ ਸਬਜ਼ੀਆਂ, ਚਾਹ-ਕੌਫੀ ਅਤੇ ਦੁੱਧ-ਦਹੀਂ ਦਿੱਤਾ ਜਾਣਾ ਚਾਹੀਦਾ ਹੈ। ਮਾਪੇ ਬੱਚਿਆਂ ਨੂੰ ਮੋਬਾਈਲ, ਕੰਪਿਊਟਰ, ਵੱਟਸਐਪ, ਗੇਮਜ਼, ਸੋਸ਼ਲ ਮੀਡੀਆ, ਇੰਟਰਨੈੱਟ ਅਤੇ ਫਾਸਟ/ਜ਼ੰਕ ਫੂਡ ਤੋਂ ਦੂਰ ਰੱਖਣ। ਹਾਂ ਥਕਾਵਟ ਬਾਅਦ ਬੱਚੇ ਨੂੰ ਮਨੋਰੰਜਨ ਅਤੇ ਘੁੰਮਣ ਲਈ ਸਮਾਂ ਦਿੱਤਾ ਜਾਵੇ। ਮਾਤਾ ਪਿਤਾ ਬੱਚੇ ਦੀ ਤੁਲਨਾ ਕਿਸੇ ਹੋਰ ਬੱਚੇ ਨਾਲ ਨਾ ਕਰਨ ਕਿ 'ਉਹ ਰਣਵੀਰ ਕਿੰਨੀ ਸੰਜੀਦਗੀ ਨਾਲ ਤਿਆਰੀ ਕਰ ਰਿਹਾ ਹੈ। ਤੂੰ ਉਸ ਜਿੰਨੀ ਲਗਨ ਨਾਲ ਪੜ੍ਹਾਈ ਕਿਉਂ ਨਹੀਂ ਕਰਦਾ।' ਇਸ ਨਾਲ ਬੱਚੇ ਦੇ ਸਵੈ-ਵਿਸ਼ਵਾਸ ਨੂੰ ਠੇਸ ਲੱਗੇਗੀ। ਉਸਦੀ ਤਿਆਰੀ ਵੀ ਪ੍ਰਭਾਵਿਤ ਹੋ ਸਕਦੀ ਹੈ। ਬੱਚੇ ਦੇ ਇਮਤਹਾਨ ਦੀ ਤਿਆਰੀ ਲਈ ਮਾਤਾ-ਪਿਤਾ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ।


-ਪ੍ਰੀਤ ਨਗਰ, ਅੰਮ੍ਰਿਤਸਰ-143109
ਮੋਬਾਈਲ : 98140-82217.


ਖ਼ਬਰ ਸ਼ੇਅਰ ਕਰੋ

ਸੁੰਦਰਤਾ ਨੀਂਦ

ਇਕ ਦਿਨ ਦੇ 24 ਘੰਟਿਆਂ ਵਿਚੋਂ ਦਿਨ ਦਾ ਸਮਾਂ ਕੰਮ ਲਈ ਤੇ ਰਾਤ ਦਾ ਸਮਾਂ ਅਰਾਮ ਕਰਨ ਲਈ ਨਿਰਧਾਰਿਤ ਕੀਤਾ ਗਿਆ ਹੈ। ਪਰ ਕੰਮ-ਕਾਰ ਕਰਨ ਵਾਲੇ ਜ਼ਿਆਦਾਤਰ ਲੋਕ ਇਹ ਸੋਚਦੇ ਹਨ ਕਿ ਉਹ ਆਪਣੇ ਇਕ ਪੂਰੇ ਦਿਨ ਦੇ 24 ਘੰਟਿਆਂ ਵਿਚੋਂ ਜਿੰਨੇ ਜ਼ਿਆਦਾ ਘੰਟੇ ਕੰਮ ਕਰ ਸਕਣ, ਓਨਾ ਹੀ ਚੰਗਾ ਹੈ। ਅਜਿਹੇ ਲੋਕ ਨੀਂਦ ਨੂੰ ਤਰਜੀਹ ਨਹੀਂ ਦਿੰਦੇ ਤੇ ਅਕਸਰ ਘੱਟ ਹੀ ਸੌਂਦੇ ਹਨ ਪਰ ਇਕ ਚੰਗੀ ਨੀਂਦ ਇਕ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ।
ਸੁੰਦਰਤਾ ਨੀਂਦ ਦੇ ਹੇਠ ਲਿਖੇ ਫਾਇਦੇ ਹਨ :
* ਘੱਟ ਝੁਰੜੀਆਂ : ਚੰਗੀ ਨੀਂਦ ਲੈਣ ਨਾਲ ਚਿਹਰੇ 'ਤੇ ਘੱਟ ਝੁਰੜੀਆਂ ਨਜ਼ਰ ਆਉਂਦੀਆਂ ਹਨ ਜਦ ਕਿ ਘੱਟ ਨੀਂਦ ਲੈਣ ਨਾਲ ਚਮੜੀ ਸੁੱਕੀ ਨਜ਼ਰ ਆਉਂਦੀ ਹੈ ਤੇ ਇਸ ਨਾਲ ਚਿਹਰੇ ਦੀਆਂ ਫਾਈਨ ਲਾਈਨਜ਼ ਵੀ ਵਧੇਰੇ ਦ੍ਰਿਸ਼ਮਾਨ ਬਣ ਸਕਦੀਆਂ ਹਨ।
* ਗਲੋਇੰਗ ਕੰਪਲੇਕਸ਼ਨ : ਨੀਂਦ ਦੀ ਘਾਟ ਤੁਹਾਡੇ ਚਿਹਰੇ ਦੇ ਦੁਆਲੇ ਦੀ ਚਮੜੀ ਵਿਚ ਖੂਨ ਦੇ ਪ੍ਰਵਾਹ ਨੂੰ ਘਟਾਉਂਦੀ ਹੈ। ਚਮੜੀ ਬੇਜਾਨ ਹੋ ਜਾਂਦੀ ਹੈ ਤੇ ਤੁਹਾਨੂੰ ਗੁਲਾਬੀ ਗੱਲ੍ਹਾਂ ਨਹੀਂ ਮਿਲਦੀਆਂ।
* ਅੱਖਾਂ ਦੁਆਲੇ ਹਨੇਰੇ ਚੱਕਰ : ਘੱਟ ਨੀਂਦ ਲੈਣ ਨਾਲ ਅੱਖਾਂ ਸੁੱਜੀਆਂ ਨਜ਼ਰ ਆਉਂਦੀਆਂ ਹਨ ਤੇ ਅੱਖਾਂ ਦੇ ਹੇਠਾਂ ਹਨੇਰੇ ਚੱਕਰ ਜਾਂ ਡਾਰਕ ਸਰਲਜ਼ ਵੀ ਦਿਖਾਈ ਦੇਣ ਲੱਗਦੇ ਹਨ। ਇਸ ਲਈ ਲੋੜੀਂਦੀ ਨੀਂਦ ਲੈਣਾ ਬੇਹੱਦ ਜ਼ਰੂਰੀ ਹੈ।
ਇਸ ਤੋਂ ਇਲਾਵਾ ਇਸ ਸੁੰਦਰਤਾ ਨੀਂਦ ਲਈ ਅਸੀਂ ਕੁਝ ਟਿਪਸ ਹੇਠਾਂ ਦੇ ਰਹੇ ਹਾਂ :
* ਸਕਿਨ ਨੂੰ ਦਿਓ ਪਾਵਰ ਨੈਪ - ਚਿਹਰੇ ਦੀ ਸਕਿਨ ਬੇਹੱਦ ਸੋਫ਼ਟ ਜਾਂ ਕੋਮਲ ਹੁੰਦੀ ਹੈ। ਇਸ ਲਈ ਇਸ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ। ਪਾਵਰ ਨੈਪ ਲਈ ਤੁਸੀਂ ਆਪਣੇ ਕਿਸੇ ਵੀ ਵਿਹਲੇ ਵਕਤ ਚਿਹਰੇ 'ਤੇ ਕੋਈ ਅਜਿਹਾ ਪੈਕ ਲਗਾ ਸਕਦੇ ਹੋ ਜੋ ਚਿਹਰੇ ਨੂੰ ਠੰਢਕ ਦੇਵੇ। ਇਸ ਨਾਲ ਤੁਹਾਡੇ ਚਿਹਰੇ ਦਾ ਨਿਖਾਰ ਵੀ ਵਧੇਗਾ ਤੇ ਚਿਹਰੇ ਦੀ ਚਮੜੀ ਨੂੰ ਠੰਢਕ ਵੀ ਮਿਲੇਗੀ।
* ਚਿਹਰੇ ਦੀ ਚਮੜੀ ਨੂੰ ਨਮ ਰੱਖੋ : ਗਰਮੀਆਂ ਵਿਚ ਹੀ ਨਹੀਂ, ਬਲਕਿ ਸਰਦੀਆਂ ਵਿਚ ਵੀ ਤੁਹਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਚਮੜੀ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਨਹੀਂ ਹੁੰਦੀ, ਜਿਸ ਨਾਲ ਤੁਹਾਡੀ ਸਿਹਤ ਤੇ ਤੁਹਾਡੇ ਚਿਹਰੇ 'ਤੇ ਵੀ ਚੰਗਾ ਅਸਰ ਵੇਖਣ ਨੂੰ ਮਿਲਦਾ ਹੈ।
* ਮੇਕਅਪ ਉਤਾਰ ਕੇ ਸੌਂਵੋ : ਹਰ ਰੋਜ਼ ਸੌਣ ਤੋਂ ਪਹਿਲਾਂ ਆਪਣੀ ਚਮੜੀ ਦੀ ਸੰਭਾਲ ਲਈ ਚਿਹਰੇ ਦੇ ਮੇਕਅਪ ਨੂੰ ਜ਼ਰੂਰ ਸਾਫ਼ ਕਰ ਕੇ ਸੌਂਵੋ। ਅਜਿਹਾ ਨਾ ਕਰਨ 'ਤੇ ਚਿਹਰੇ ਦੀ ਚਮੜੀ ਖਰਾਬ ਹੋ ਜਾਂਦੀ ਹੈ।
ਇਸ ਤਰ੍ਹਾਂ ਇਨ੍ਹਾਂ ਤਰੀਕਿਆਂ ਨਾਲ ਤੁਸੀਂ ਆਪਣੇ ਚਿਹਰੇ ਦੀ ਸੁੰਦਰਤਾ ਬਰਕਰਾਰ ਰੱਖ ਸਕਦੇ ਹੋ।


simranjeet.dhiman13@ gmail.com

ਪੀਜ਼ਾ ਬਣਾਓ ਅਤੇ ਖਵਾਓ

ਪਾਲਕ ਪਨੀਰ ਪੀਜ਼ਾ
ਸਮੱਗਰੀ : 1 ਪੀਜ਼ਾ ਬੇਸ (ਬਾਜ਼ਾਰ ਵਿਚ ਉਪਲਬਧ ਜਾਂ ਸਹੀ ਵਿਧੀ ਨਾਲ ਤਿਆਰ ਕਰੋ), 2 ਕਲੀਆਂ ਲਸਣ (ਪੀਸੀਆਂ ਹੋਈਆਂ), 100 ਗ੍ਰਾਮ ਤਾਜ਼ੇ ਪਾਲਕ ਦੇ ਪੱਤੇ (ਧੋ ਕੇ ਸਾਫ਼ ਕਰ ਕੇ ਪਕਾ ਲਓ), ਚੀਜ਼ ਸਾਸ, 100 ਗ੍ਰਾਮ ਚੀਜ਼ (ਛੋਟੇ ਟੁਕੜਿਆਂ ਵਿਚ), 100 ਗ੍ਰਾਮ ਚੀਜ਼ ਕੱਦੂਕਸ ਕੀਤਾ ਹੋਇਆ, 100 ਗ੍ਰਾਮ ਪਨੀਰ (ਕੱਦੂਕਸ ਕੀਤਾ ਹੋਇਆ), ਨਮਕ, ਲਾਲ ਮਿਰਚ, ਕਾਲੀ ਮਿਰਚ ਪਾਊਡਰ, ਟਮਾਟਰ, ਲਸਣ ਵਾਲੀ ਸਾਸ (ਟੋਮਾਟੋ ਗਾਰਲਿਕ ਸਾਸ)।
ਵਿਧੀ : ਪੀਜ਼ਾ ਬੇਸ 'ਤੇ ਟਮਾਟਰ-ਲਸਣ ਦਾ ਸਾਸ ਪਾਓ। ਫਿਰ ਚੀਜ਼ ਸਾਸ ਪਾਓ। ਕੱਦੂਕਸ ਕੀਤੀ ਹੋਈ ਚੀਜ਼ ਪਾਓ। ਇਸ 'ਤੇ ਚੀਜ਼ ਦੇ ਟੁਕੜੇ ਅਤੇ ਪਨੀਰ ਫੈਲਾਓ। ਸਭ ਤੋਂ ਉਪਰ ਨਮਕ, ਕਾਲੀ ਮਿਰਚ, ਲਾਲ ਮਿਰਚ ਫੈਲਾਓ ਅਤੇ ਪਹਿਲਾਂ ਤੋਂ ਗਰਮ ਓਵਨ ਵਿਚ ਰੱਖ ਕੇ 15 ਮਿੰਟ ਬੇਕ ਕਰੋ। ਚੀਜ਼-ਪਨੀਰ ਸੁਨਿਹਰਾ ਹੋ ਜਾਣ ਤੱਕ ਤਾਜ਼ੇ ਸਲਾਦ ਦੇ ਨਾਲ ਪਰੋਸੋ।
ਸ਼ਾਕਾਹਾਰੀ ਚਟਪਟਾ ਪੀਜ਼ਾ
ਸਮੱਗਰੀ : 1 ਪੀਜ਼ਾ ਬੇਸ (ਉਪਲਬਧ ਵਿਧੀ ਨਾਲ ਤਿਆਰ ਕਰੋ ਜਾਂ ਤਿਆਰ ਬਾਜ਼ਾਰ ਤੋਂ ਲਿਆਓ), 50 ਗ੍ਰਾਮ ਚੀਜ਼ ਕੱਦੂਕਸ ਕੀਤਾ ਹੋਇਆ, ਟਮਾਟਰ ਸੌਸ, ਚੀਜ਼ ਸੌਸ ਜਾਂ ਚੀਜ਼ ਸਪ੍ਰੈਡ (ਬਾਜ਼ਾਰ
ਵਿਚ ਉਪਲਬਧ), ਹਰਾ ਪਿਆਜ਼ ਧੋ ਕੇ ਕੱਟ ਲਓ, 50 ਗ੍ਰਾਮ ਮਟਰ ਉਬਲੇ ਹੋਏ, 75 ਗ੍ਰਾਮ ਤਾਜ਼ੀ ਮੱਕੀ ਦੇ ਦਾਣੇ (ਉੱਬਲੇ ਹੋਏ), ਸੇਲਰੀ ਦੀ ਡੰਡੀ (ਕੱਟੀ ਹੋਈ), ਟੁਕੜਿਆਂ ਵਿਚ ਕੱਟਿਆ, ਪੀਸੀ ਕਾਲੀ ਮਿਰਚ, ਨਮਕ ਸਵਾਦ ਅਨੁਸਾਰ, ਇਸ ਤੋਂ ਇਲਾਵਾ ਆਪਣੀ ਮਨਪਸੰਦ ਦੀਆਂ ਸਬਜ਼ੀਆਂ ਵੀ ਤੁਸੀਂ ਲੈ ਸਕਦੇ ਹੋ।
ਵਿਧੀ : ਪੀਜ਼ਾ ਬੇਸ 'ਤੇ ਟਮਾਟਰ ਸੌਸ ਪਾਓ। ਉਸ ਤੋਂ ਬਾਅਦ ਚੀਜ਼ ਸੌਸ ਪਾਓ। ਹੁਣ ਤਿਆਰ ਕੀਤੀ ਗਈਆਂ ਸਬਜ਼ੀਆਂ ਪਾਓ। ਫਿਰ ਚੀਜ਼, ਨਮਕ, ਕਾਲੀ ਮਿਰਚ ਛਿੜਕੋ। ਪਹਿਲਾਂ ਤੋਂ ਗਰਮ ਓਵਨ ਵਿਚ 15 ਮਿੰਟ ਤੱਕ ਬੇਕ ਜਾਂ ਗ੍ਰਿਲਰ ਕਰੋ।

ਇੰਜ ਬਣਾਓ ਰਸੋਈ ਨੂੰ ਸੁਰੱਖਿਅਤ

* ਰਸੋਈ ਵਿਚ ਮਸਾਲੇ ਦੇ ਡੱਬਿਆਂ ਨੂੰ ਇਕ ਕਤਾਰ ਵਿਚ ਉਨ੍ਹਾਂ 'ਤੇ ਲੇਬਲ ਚਿਪਕਾ ਕੇ ਹੀ ਰੱਖੋ ਤਾਂ ਕਿ ਲੋੜ ਪੈਣ 'ਤੇ ਸਹੀ ਮਸਾਲੇ ਦਾ ਡੱਬਾ ਹੀ ਤੁਹਾਡੇ ਹੱਥ ਵਿਚ ਆਵੇ। ਅਜਿਹਾ ਨਾ ਕਰਨ 'ਤੇ ਹਲਦੀ ਦੀ ਜਗ੍ਹਾ ਮਿਰਚ ਅਤੇ ਧਨੀਏ ਦੀ ਜਗ੍ਹਾ ਜੀਰੇ ਦਾ ਪਾਊਡਰ ਤੁਹਾਡੇ ਹੱਥ ਵਿਚ ਆ ਸਕਦਾ ਹੈ।
* ਕੁਝ ਔਰਤਾਂ ਡਿਟਰਜੈਂਟ ਅਤੇ ਫਿਨਾਇਲ ਦੀਆਂ ਸ਼ੀਸ਼ੀਆਂ ਨੂੰ ਵੀ ਰਸੋਈ ਵਿਚ ਮਸਾਲਿਆਂ ਦੇ ਨਾਲ ਹੀ ਰੱਖ ਦਿੰਦੀਆਂ ਹਨ, ਜੋ ਖ਼ਤਰਨਾਕ ਹੋ ਸਕਦਾ ਹੈ।
* ਰਸੋਈ ਵਿਚ ਗੰਦਗੀ ਦੇ ਜਮਾਅ ਨਾਲ ਮੱਖੀਆਂ, ਕਾਕਰੋਚਾਂ ਅਤੇ ਕੀੜੀਆਂ ਦੇ ਆਉਣ ਦੀ ਸੰਭਾਵਨਾ ਜ਼ਿਆਦਾ ਬਣੀ ਰਹਿੰਦੀ ਹੈ। ਇਸ ਨਾਲ ਕਿਰਲੀ ਵੀ ਰਸੋਈ ਵਿਚ ਚੱਕਰ ਲਗਾਉਣ ਲਗਦੀ ਹੈ। ਇਨ੍ਹਾਂ ਵਿਚੋਂ ਕੋਈ ਵੀ ਚੀਜ਼ ਕਦੇ ਵੀ ਦੁੱਧ, ਸਬਜ਼ੀ ਵਿਚ ਡਿਗ ਕੇ ਪੱਕ ਸਕਦੀ ਹੈ। ਇਸ ਲਈ ਗੰਦਗੀ ਨੂੰ ਪੂਰੀ ਤਰ੍ਹਾਂ ਸਾਫ਼ ਰੱਖਣਾ ਜ਼ਰੂਰੀ ਹੈ।
* ਜੂਠੇ ਭਾਂਡਿਆਂ ਨੂੰ ਜ਼ਿਆਦਾ ਦੇਰ ਤੱਕ ਛੱਡਣਾ ਚੰਗਾ ਨਹੀਂ ਹੁੰਦਾ, ਇਸ ਲਈ ਭਾਂਡਿਆਂ ਨੂੰ ਤੁਰੰਤ ਸਾਫ਼ ਕਰ ਲੈਣ ਦੀ ਆਦਤ ਪਾਉਣੀ ਚਾਹੀਦੀ ਹੈ।
* ਚੌਲ, ਆਟੇ ਅਤੇ ਸਬਜ਼ੀ ਦੀ ਟੋਕਰੀ ਨੂੰ ਹਮੇਸ਼ਾ ਢਕ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਉਸ ਵਿਚ ਚੂਹੇ ਜਾਂ ਕਾਕਰੋਚ ਨਾ ਵੜ ਸਕਣ।
* ਰਸੋਈ ਵਿਚ ਕੰਮ ਕਰਦੇ ਸਮੇਂ ਸਿੰਥੈਟਿਕ ਕੱਪੜੇ ਪਹਿਨਣਾ ਖ਼ਤਰਨਾਕ ਹੋ ਸਕਦਾ ਹੈ। ਹਮੇਸ਼ਾ ਸੂਤੀ ਕੱਪੜੇ ਪਹਿਨ ਕੇ ਹੀ ਚੁੱਲ੍ਹੇ ਦੇ ਕੋਲ ਕੰਮ ਕਰਨਾ ਚਾਹੀਦਾ ਹੈ।
* ਕੜਾਹੀ ਆਦਿ ਨੂੰ ਫੜ ਕੇ ਉਸ ਦੀ ਸਮੱਗਰੀ ਨੂੰ ਚਲਾਉਂਦੇ ਸਮੇਂ ਵੀ ਸੂਤੀ ਕੱਪੜੇ ਜਾਂ ਚਿਮਟੇ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਸਿੰਥੈਟਿਕ ਕੱਪੜੇ ਕਦੇ ਵੀ ਅੱਗ ਫੜ ਸਕਦੇ ਹਨ।
* ਪ੍ਰੈਸ਼ਰ ਕੁੱਕਰ ਵਿਚ ਸੀਮਾ ਨਾਲੋਂ ਵੱਧ ਮਾਤਰਾ ਵਿਚ ਕਿਸੇ ਚੀਜ਼ ਨੂੰ ਰੱਖ ਕੇ ਪਕਾਉਣ ਨਾਲ ਕੁੱਕਰ ਦੇ ਫਟਣ ਦਾ ਡਰ ਰਹਿੰਦਾ ਹੈ। ਇਸ ਲਈ ਉਸ ਵਿਚ ਤੁੰਨ-ਤੁੰਨ ਕੇ ਸਮੱਗਰੀ ਨੂੰ ਨਹੀਂ ਭਰਨਾ ਚਾਹੀਦਾ।
* ਗੈਸ ਚੁੱਲ੍ਹਾ ਜਲਾਉਣ 'ਤੇ ਨਾਲ ਹੀ ਜੇ ਸਟੋਵ ਜਾਂ ਹੀਟਰ ਜਲਾਉਣ ਦੀ ਵੀ ਲੋੜ ਮਹਿਸੂਸ ਹੋਵੇ ਤਾਂ ਹਮੇਸ਼ਾ ਹਟ ਕੇ ਹੀ ਜਲਾਉਣਾ ਚਾਹੀਦਾ ਹੈ। ਗੈਸ ਚੁੱਲ੍ਹੇ ਦੇ ਨੇੜੇ ਇਨ੍ਹਾਂ ਚੀਜ਼ਾਂ ਨੂੰ ਜਲਾਉਣ ਨਾਲ ਦੁਰਘਟਨਾ ਵੀ ਹੋ ਸਕਦੀ ਹੈ।
* ਕਦੇ-ਕਦੇ ਕੜਾਹੀ ਵਿਚ ਤੁੜਕਾ ਲਗਾਉਣ 'ਤੇ ਉਸ ਵਿਚ ਅੱਗ ਦੀ ਲਪਟ ਵੀ ਉੱਠਣ ਲੱਗ ਜਾਂਦੀ ਹੈ। ਅਜਿਹੀ ਹਾਲਤ ਵਿਚ ਉਸ ਵਿਚ ਪਾਣੀ ਨਾ ਪਾ ਕੇ ਉਸ ਨੂੰ ਵੱਡੇ ਢੱਕਣ ਨਾਲ ਢਕ ਦੇਣਾ ਚਾਹੀਦਾ ਹੈ।
* ਗੈਸ ਚੁੱਲ੍ਹੇ ਦਾ ਕੰਮ ਖ਼ਤਮ ਹੁੰਦੇ ਹੀ ਚੁੱਲ੍ਹੇ ਦੀ ਨਾਬ ਦੇ ਨਾਲ ਹੀ ਸਿਲੰਡਰ ਦੀ ਨਾਬ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ। ਇਸ ਨਾਲ ਦੁਰਘਟਨਾ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ।
* ਖਿੜਕੀ ਦੇ ਨਾਲ ਵਾਲੀ ਜਗ੍ਹਾ 'ਤੇ ਹੀ ਚੁੱਲ੍ਹਾ ਰੱਖ ਕੇ ਖਾਣਾ ਪਕਾਉਣ ਨਾਲ ਰਸੋਈ ਦਾ ਸਾਰਾ ਧੂੰਆਂ ਖਿੜਕੀ ਰਾਹੀਂ ਬਾਹਰ ਚਲਾ ਜਾਂਦਾ ਹੈ।
* ਰਸੋਈ ਵਿਚ ਕੰਮ ਕਰਦੇ ਸਮੇਂ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਲੈਣਾ ਚਾਹੀਦਾ ਹੈ। ਖੁੱਲ੍ਹੇ ਵਾਲਾਂ ਨਾਲ ਚੁੱਲ੍ਹੇ ਦੇ ਕੋਲ ਕੰਮ ਕਰਨ 'ਤੇ ਖ਼ਤਰਾ ਵੀ ਹੋ ਸਕਦਾ ਹੈ।
* ਗਰਮ ਭਾਂਡੇ ਨੂੰ ਚੁੱਕ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਰੱਖਦੇ ਸਮੇਂ ਹਮੇਸ਼ਾ ਸੂਤੀ ਕੱਪੜੇ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਦੁਪੱਟਾ ਜਾਂ ਸਾੜ੍ਹੀ ਦੇ ਪੱਲੂ ਨਾਲ ਗਰਮ ਭਾਂਡਿਆਂ ਨੂੰ ਚੁੱਕ ਕੇ ਰੱਖਣਾ ਹਾਨੀਕਾਰਕ ਹੋ ਸਕਦਾ ਹੈ।
* ਸਬਜ਼ੀਆਂ ਨੂੰ ਕੱਟ ਕੇ ਉਨ੍ਹਾਂ ਦੀਆਂ ਛਿੱਲਾਂ ਨੂੰ ਚੁੱਕ ਕੇ ਬਾਹਰ ਸੁੱਟ ਦਿਓ ਜਾਂ 'ਡਸਟ ਬਿਨ' ਵਿਚ ਰੱਖ ਦਿਓ। ਛਿੱਲਾਂ ਦੇ ਹੇਠਾਂ ਰਹਿਣ 'ਤੇ ਪੈਰ ਤਿਲਕ ਵੀ ਸਕਦਾ ਹੈ।
* ਰਸੋਈ ਨੂੰ ਨਿਯਮਤ ਪਾਣੀ ਨਾਲ ਧੋਂਦੇ ਰਹਿਣਾ ਜ਼ਰੂਰੀ ਹੁੰਦਾ ਹੈ। ਜੇ ਰੋਜ਼ ਧੋਣਾ ਸੰਭਵ ਨਾ ਹੋਵੇ ਤਾਂ ਰੋਜ਼ ਪੋਚਾ ਲਗਾ ਕੇ ਹੀ ਸਾਫ਼ ਕਰ ਦੇਣਾ ਚਾਹੀਦਾ ਹੈ। ਹਫਤੇ ਵਿਚ ਇਕ ਵਾਰ ਜ਼ਰੂਰ ਹੀ ਧੋ ਦੇਣਾ ਚਾਹੀਦਾ ਹੈ।
* ਖਾਣਾ ਪਕਾਉਣ ਤੋਂ ਬਾਅਦ ਪੱਕੇ ਹੋਏ ਭੋਜਨ ਨੂੰ ਹਮੇਸ਼ਾ ਢਕ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਉਸ ਵਿਚ ਕੁਝ ਡਿਗ ਨਾ ਜਾਵੇ।
* ਰਸੋਈ ਵਿਚਲੀਆਂ ਬਿਜਲੀ ਦੀਆਂ ਸਵਿੱਚਾਂ ਨੂੰ ਹਮੇਸ਼ਾ ਦਰੁਸਤ ਰੱਖਣਾ ਚਾਹੀਦਾ ਹੈ। ਕੱਚੇ ਕੁਨੈਕਸ਼ਨਾਂ ਨਾਲ ਸਪਾਰਕ ਕਰਕੇ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
* ਰਸੋਈ ਨੂੰ ਸਾਫ਼ ਰੱਖ ਕੇ ਪੂਰੇ ਪਰਿਵਾਰ ਦੀ ਸਿਹਤ ਨੂੰ ਠੀਕ ਰੱਖਿਆ ਜਾ ਸਕਦਾ ਹੈ। ਇਸ ਲਈ ਸਿਆਣੀ ਗ੍ਰਹਿਣੀ ਦਾ ਪਹਿਲਾ ਫਰਜ਼ ਇਹ ਹੁੰਦਾ ਹੈ ਕਿ ਉਹ ਰਸੋਈ ਨੂੰ ਸੁਰੱਖਿਅਤ ਰੱਖਣ ਪ੍ਰਤੀ ਲਾਪ੍ਰਵਾਹੀ ਨਾ ਵਰਤੇ।

ਛੋਟੇ ਬੱਚੇ ਤੇ ਸਾਵਧਾਨੀਆਂ

ਅਕਸਰ ਬੱਚਿਆਂ ਦੇ ਥੋੜ੍ਹਾ ਵੱਡਾ ਹੋਣ ਜਾਣ 'ਤੇ ਮਾਵਾਂ ਉਨ੍ਹਾਂ ਨੂੰ ਪਲਾਸਟਿਕ ਦੀ ਬੋਤਲ ਵਿਚ ਦੁੱਧ ਪਿਲਾਉਣਾ ਸ਼ੁਰੂ ਕਰ ਦਿੰਦੀਆਂ ਹਨ। ਅਜਿਹਾ ਕਰਨਾ ਬੱਚੇ ਦੀ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਸਸਤੀ ਅਤੇ ਆਸਾਨੀ ਨਾਲ ਮਿਲ ਜਾਣ ਵਾਲੀਆਂ ਇਨ੍ਹਾਂ ਬੋਤਲਾਂ 'ਚ ਕੀਟਾਣੂ ਹੁੰਦੇ ਹਨ। ਜੋ ਛੋਟੇ ਬੱਚਿਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਇਕ ਖੋਜ ਦੌਰਾਨ ਇਸ ਪਲਾਸਟਿਕ ਦੀ ਬੋਤਲ ਨੂੰ ਬੱਚਿਆਂ ਲਈ ਖ਼ਤਰਨਾਕ ਐਲਾਨ ਦਿੱਤਾ ਗਿਆ ਹੈ। ਇਸ ਵਿਚ ਬੱਚਿਆਂ ਨੂੰ ਦੁੱਧ ਪਿਲਾਉਣ ਨਾਲ ਉਨ੍ਹਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਬੱਚਿਆਂ ਨੂੰ ਉਲਟੀ, ਦਸਤ, ਬੁਖਾਰ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਇਨ੍ਹਾਂ ਪਲਾਸਟਿਕ ਦੀਆਂ ਬੋਤਲਾਂ ਵਿਚ ਅਜਿਹੇ ਖ਼ਤਰਨਾਕ ਕੈਮੀਕਲ ਹੁੰਦੇ ਹਨ, ਇਹ ਕੈਮੀਕਲ ਦੁੱਧ ਨਾਲ ਮਿਲ ਕੇ ਬੱਚਿਆਂ ਦੇ ਸਰੀਰ ਵਿਚ ਚਲੇ ਜਾਂਦੇ ਹਨ। ਇਸ ਨਾਲ ਬੱਚਿਆਂ ਦੇ ਦਿਮਾਗ਼ 'ਤੇ ਮਾੜਾ ਅਸਰ ਪੈਂਦਾ ਹੈ। ਇਸ ਦੇ ਇਲਾਵਾ ਬੋਤਲ ਨਾਲ ਦੁੱਧ ਪੀਣ ਨਾਲ ਰੋਗਾਂ ਨਾਲ ਲੜਨ ਦੀ ਤਾਕਤ ਘੱਟ ਹੋ ਜਾਂਦੀ ਹੈ।
ਬੱਚਿਆਂ ਦੇ ਦਿਮਾਗ਼ 'ਤੇ ਵੀ ਨਕਾਰਾਤਮਕ ਅਸਰ ਪਾਉਣ ਵਾਲੇ ਇਹ ਕੈਮੀਕਲ ਭਵਿੱਖ ਵਿਚ ਵੀ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਬੱਚਿਆਂ ਨੂੰ ਦੁੱਧ ਪਿਲਾਉਣ ਲਈ ਤੁਸੀਂ ਪਲਾਸਟਿਕ ਦੀ ਬਜਾਏ ਸਟੀਲ ਦੀਆਂ ਬੋਤਲਾਂ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ।
ਜ਼ਿਆਦਾਤਰ ਸੱਟਾਂ ਪਰਸਨਲ ਕੇਅਰ ਪ੍ਰੋਡਕਟਸ ਕਾਰਨ ਲੱਗਦੀਆਂ ਹਨ, ਜਿਨ੍ਹਾਂ 'ਚ ਖੁਸ਼ਬੂ ਅਤੇ ਸੁਗੰਧ ਨਾਲ ਜੁੜੀਆਂ ਪਰਫਿਊਮ ਅਤੇ ਡਿਓਡੈਂ੍ਰਟਸ ਵਰਗੀਆਂ ਚੀਜ਼ਾਂ ਸ਼ਾਮਲ ਹਨ। ਇਸ ਤਰ੍ਹਾਂ ਦੀਆਂ ਚੀਜ਼ਾਂ ਬੱਚਿਆਂ ਲਈ ਬੇਹੱਦ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ, ਇਸ ਲਈ ਇਨ੍ਹਾਂ ਦਾ ਇਸਤੇਮਾਲ ਕਰਦੇ ਸਮੇਂ ਮਾਤਾ-ਪਿਤਾ ਨੂੰ ਵੀ ਕਾਫ਼ੀ ਸਾਵਧਾਨੀ ਵਰਤਣੀ ਚਾਹੀਦੀ ਹੈ।
ਇਨ੍ਹਾਂ ਚੀਜ਼ਾਂ ਨੂੰ ਛੋਟੇ ਬੱਚਿਆਂ ਦੀ ਪਹੁੰਚ ਤੋਂ ਰੱਖੋ ਦੂਰ : ਪਰਫਿਊਮ ਅਤੇ ਡਿਓਡ੍ਰੈਂਟ ਵਰਗੀਆਂ ਚੀਜ਼ਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ, ਕਿਉਂਕਿ ਜੇ ਬੱਚੇ ਗ਼ਲਤੀ ਨਾਲ ਵੀ ਇਨ੍ਹਾਂ ਨੂੰ ਆਪਣੀ ਅੱਖ, ਨੱਕ, ਕੰਨ ਜਾਂ ਮੂੰਹ 'ਚ ਸਪ੍ਰੇਅ ਕਰ ਲੈਣ ਤਾਂ ਇਹ ਬੱਚਿਆਂ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦਾ ਹੈ। ਏਨਾ ਹੀ ਨਹੀਂ ਜੇ ਘਰ 'ਚ ਬਹੁਤ ਜ਼ਿਆਦਾ ਛੋਟੇ ਬੱਚੇ ਹਨ ਤਾਂ ਵੀ ਮਾਤਾ-ਪਿਤਾ ਨੂੰ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ, ਨਹੀਂ ਤਾਂ ਬੱਚਿਆਂ ਵਲੋਂ ਇਨ੍ਹਾਂ ਬੋਤਲਾਂ ਦੇ ਢੱਕਣ ਆਦਿ ਮੂੰਹ 'ਚ ਪਾਉਣ ਦਾ ਵੀ ਖ਼ਤਰਾ ਰਹਿੰਦਾ ਹੈ।
ਬੱਚੇ ਜੇ ਡਿਓਡ੍ਰੈਂਟ ਵਰਤੋਂ ਕਰਨ ਤਾਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ : ਛੋਟੀ ਉਮਰ 'ਚ ਪਰਫਿਊਮ ਜਾਂ ਡਿਓਡ੍ਰੈਂਟ ਦੇ ਜ਼ਿਆਦਾ ਇਸਤੇਮਾਲ ਨਾਲ ਬੱਚਿਆਂ 'ਚ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਬੱਚੇ ਬੋਤਲ 'ਤੇ ਲਿਖੇ ਨਿਰਦੇਸ਼ ਪੜ੍ਹੇ ਬਿਨਾਂ ਸਪ੍ਰੇਅ ਕਰ ਲੈਂਦੇ ਹਨ, ਜਿਸ 'ਚ ਉਨ੍ਹਾਂ ਨੂੰ ਸਕਿਨ ਐਲਰਜੀ, ਰਿਐਕਸ਼ਨ, ਅਸਥਮਾ ਅਤੇ ਸਾਹ ਲੈਣ 'ਚ ਪ੍ਰੇਸ਼ਾਨੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


-ਸੰਦੀਪ ਕੰਬੋਜ
ਗੋਲੂ ਕਾ ਮੋੜ, ਤਹਿ: ਗੁਰੂਹਰਸਾਏ, ਜ਼ਿਲ੍ਹਾ ਫ਼ਿਰੋਜ਼ਪੁਰ। ਮੋਬਾਈਲ : 98594-00002

ਕੀ ਕਰਨ ਔਰਤਾਂ ਸੇਵਾਮੁਕਤੀ ਤੋਂ ਬਾਅਦ

ਜੇਕਰ ਕੋਈ ਔਰਤ ਮਜਬੂਰੀ ਕਾਰਨ ਨੌਕਰੀ ਕਰ ਰਹੀ ਹੋਵੇ ਤਾਂ ਸੇਵਾਮੁਕਤੀ ਉਸ ਲਈ ਢੇਰ ਸਾਰੀਆਂ ਖ਼ੁਸ਼ੀਆਂ ਅਤੇ ਸੁਖੀ ਭਵਿੱਖ ਦੀ ਕਲਪਨਾ ਲੈ ਕੇ ਆਉਂਦਾ ਹੈ। ਜਿਹੜਾ ਕੰਮ ਆਪਣੇ ਰੁਝੇਵਿਆਂ ਕਰ ਕੇ ਨਹੀਂ ਕਰ ਸਕੀ ਸੀ, ਉਹ ਹੁਣ ਸ਼ੌਕ ਨਾਲ ਕਰ ਸਕਦੀ ਹੈ। ਹੁਣ ਉਹ ਕੁਝ ਪਲ ਆਪਣੇ ਲਈ ਜੀਅ ਸਕਦੀ ਹੈ ਕਿਉਂਕਿ ਹੁਣ ਬੱਚਿਆਂ ਨੂੰ ਵੀ ਉਸ ਦੀ ਪਹਿਲਾਂ ਵਰਗੀ ਜ਼ਰੂਰਤ ਨਹੀਂ ਰਹਿ ਗਈ। ਵੱਡੇ ਹੋ ਕੇ ਉਹ ਆਪਣੀ ਦੁਨੀਆ ਵਿਚ ਰੁੱਝ ਜਾਂਦੇ ਹਨ।
ਕਿਤਾਬਾਂ ਪੜ੍ਹਨ, ਸੰਗੀਤ ਦਾ ਆਨੰਦ ਲੈਣ, ਬਾਗ਼ਬਾਨੀ ਕਰਨਾ, ਸਹੇਲੀਆਂ ਨਾਲ ਗਪਸ਼ਪ, ਕੁਝ ਲੋਕ ਸੇਵਾ ਵਰਗੀਆਂ ਗੱਲਾਂ 'ਚ ਸਮਾਂ ਬਿਤਾਇਆ ਜਾ ਸਕਦਾ ਹੈ। ਜੇਕਰ ਜੇਬ ਇਜਾਜ਼ਤ ਦਿੰਦੀ ਹੈ ਤਾਂ ਦੇਸ਼-ਵਿਦੇਸ਼ ਦਾ ਦੌਰਾ ਕਰ ਕੇ ਆਨੰਦ ਲਿਆ ਜਾ ਸਕਦਾ ਹੈ।
ਦੁੱਖ, ਤਣਾਅ ਨਾਲ ਲੜਨ ਦੀ ਅੰਦਰੂਨੀ ਤਾਕਤ ਔਰਤਾਂ ਵਿਚ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ, ਸ਼ਾਇਦ ਇਸੇ ਲਈ ਸੇਵਾਮੁਕਤ ਹੋਣ 'ਤੇ ਕਦੀ ਇਸ ਲਈ ਸੋਚਿਆ ਨਹੀਂ ਗਿਆ।
ਸੱਚ ਪੁੱਛਿਆ ਜਾਵੇ ਤਾਂ ਗ੍ਰਹਿਣੀ ਅਤੇ ਨੌਕਰੀਪੇਸ਼ਾ ਔਰਤ, ਦੋਵਾਂ ਦੀ ਹੀ ਸੇਵਾਮੁਕਤੀ ਹੁੰਦੀ ਹੈ ਅਤੇ ਇਸ ਸਮੇਂ ਦੋਵਾਂ ਦੇ ਸਾਹਮਣੇ ਸਮੱਸਿਆਵਾਂ ਇਕੋ ਜਿਹੀਆਂ ਹੀ ਹੁੰਦੀਆਂ ਹਨ, ਸਰੀਰਕ ਸ਼ਕਤੀ ਦਾ ਘਟਨਾ, ਬੁਢਾਪੇ ਨਾਲ ਜੁੜੀਆਂ ਬਿਮਾਰੀਆਂ ਦਾ ਘੇਰਾ, ਮੌਤ ਦੇ ਕਦਮਾਂ ਦੀ ਵਧਦੀ ਆਹਟ।
ਇਕ ਕਲਾਕਾਰ ਜਾਂ ਲੇਖਿਕਾ ਲਈ ਇਹ ਸਮਾਂ ਜੀਵਨ ਦਾ ਬਿਹਤਰੀਨ ਸਮਾਂ ਹੋ ਸਕਦਾ ਹੈ ਪਰ ਆਮ ਔਰਤ ਲਈ ਇਹ ਥਕਾਵਟ ਭਰਿਆ, ਅਸੁਰੱਖਿਅਤ ਅਤੇ ਤ੍ਰਾਸਦੀਪੂਰਨ ਸਮਾਂ ਹੈ। ਇਹ ਸਥਿਤੀ ਪੈਦਾ ਹੋਈ ਹੈ ਸੰਯੁਕਤ ਪਰਿਵਾਰ ਦੇ ਟੁੱਟ ਜਾਣ ਨਾਲ। ਸੰਯੁਕਤ ਪਰਿਵਾਰ ਵਿਚ ਜਿਥੇ ਘਰ ਦੇ ਵੱਡੇ ਬੁੱਢੇ ਬਜ਼ੁਰਗ ਪਹਿਲਾਂ ਮਾਣ-ਸਨਮਾਨ ਨਾਲ ਰਹਿੰਦੇ ਸਨ, ਵੱਡੀ ਉਮਰ ਦੀਆਂ ਔਰਤਾਂ ਦਾ ਹੀ ਘਰ ਵਿਚ ਸ਼ਾਸਨ ਚਲਦਾ ਸੀ। ਘਰ ਦੇ ਸਾਰੇ ਅਹਿਮ ਕੰਮ ਉਨ੍ਹਾਂ ਦੀ ਸਲਾਹ ਅਤੇ ਨਿਗਰਾਨੀ ਹੇਠ ਹੋਇਆ ਕਰਦੇ ਸਨ। ਇਹ ਗੱਲਾਂ ਉਨ੍ਹਾਂ ਨੂੰ ਸ਼ਕਤੀ ਵਿਚ ਰੱਖਦੀਆਂ ਸਨ।
ਇਹ ਇਕ ਮਨੋਵਿਗਿਆਨਕ ਤੱਥ ਹੈ ਕਿ ਤਾਕਤ ਮਿਲਣ ਨਾਲ ਉਮਰ ਵਧਦੀ ਹੈ। ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ, ਜੀਊਣ ਦੀ ਲਾਲਸਾ ਬਣੀ ਰਹਿੰਦੀ ਹੈ ਪਰ ਅੱਜ ਮਾਹੌਲ ਬਦਲਿਆ ਹੋਇਆ ਹੈ। ਇਹ ਤੱਥ ਹੈ ਕਿ ਹਰ ਇਨਸਾਨ ਵਿਚ ਚਾਹੇ ਉਹ ਔਰਤ ਹੋਵੇ ਜਾਂ ਮਰਦ, ਸਥਿਤੀ ਅਨੁਸਾਰ ਆਪਣੇ ਆਪ ਨੂੰ ਢਾਲ ਲੈਣ ਦੀ ਅਨੋਖੀ ਤਾਕਤ ਹੁੰਦੀ ਹੈ। ਸ਼ੋਸਣ ਦੇ ਬਾਵਜੂਦ ਸਾਰੀਆਂ ਔਰਤਾਂ ਖ਼ੁਦਕੁਸ਼ੀ ਕਰਨ ਦੀ ਨਹੀਂ ਸੋਚਦੀਆਂ ਸਗੋਂ ਉਨ੍ਹਾਂ ਦੀ ਇੱਛਾ ਸ਼ਕਤੀ ਹਮੇਸ਼ਾ ਉਨ੍ਹਾਂ ਨੂੰ ਮਾਹੌਲ ਨਾਲ ਲੜਨ ਲਈ ਪ੍ਰੇਰਿਦੀਆਂ ਹਨ।
ਔਰਤ ਨੌਕਰੀ ਦੌਰਾਨ ਮਜਬੂਰੀ ਵਸ ਪਤੀ ਦੇ ਵਲੋਂ ਜੋ ਆਪਣੇ ਫ਼ਰਜ਼ ਸਨ, ਉਹ ਚਾਹੁੰਦੇ ਵੀ ਪੂਰੇ ਨਹੀਂ ਕਰ ਪਾਉਂਦੀ ਸੀ, ਸੇਵਾਮੁਕਤੀ ਤੋਂ ਬਾਅਦ ਹੁਣ ਅਰਾਮ ਨਾਲ ਕਰ ਸਕਦੀ ਹੈ।
**

ਬਾਲੜੀਆਂ ਲਈ ਜ਼ਰੂਰੀ ਹੈ ਸੁਰੱਖਿਅਤ ਮਾਹੌਲ

ਕਿਸੇ ਵੀ ਸਮਾਜ ਜਾਂ ਦੇਸ਼ ਦੀ ਉੱਨਤੀ ਵਾਸਤੇ ਉਸ ਦੀਆਂ ਮਹਿਲਾਵਾਂ ਦਾ ਸੁਰੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਸੁਰੱਖਿਅਤ ਮਾਹੌਲ ਦੇ ਵਿਚ ਹੀ ਉਹ ਆਪਣੀ ਸ਼ਖ਼ਸੀਅਤ ਨੂੰ ਨਿਖ਼ਾਰ ਸਕਦੀਆਂ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਮਹਿਲਾਵਾਂ ਨਾਲ ਹੋ ਰਹੇ ਅਪਰਾਧ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੇ, ਜਿਹੜਾ ਅੱਜ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ। ਵਧਦੇ ਅਪਰਾਧਾਂ ਨੂੰ ਵੇਖਦਿਆਂ ਹੋਇਆਂ ਸਰਕਾਰਾਂ ਕਈ ਤਰ੍ਹਾਂ ਦੇ ਸਾਧਨ ਮੁਹੱਈਆ ਕਰਵਾ ਰਹੀਆਂ ਹਨ। ਉਨ੍ਹਾਂ ਨੂੰ ਲੋੜ ਪੈਣ 'ਤੇ ਸ਼ਕਤੀ ਐਪ ਅਤੇ ਹੈਲਪ ਲਾਈਨ ਦਾ ਇਸਤੇਮਾਲ ਕਰਨ ਲਈ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ। ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਰਾਤ ਦੇ ਨੌਂ ਵਜੇ ਤੋਂ ਲੈ ਕੇ ਸਵੇਰੇ ਛੇ ਵਜੇ ਤੱਕ ਲੋੜ ਪੈਣ 'ਤੇ ਮਹਿਲਾਵਾਂ ਨੂੰ ਪੁਲਿਸ ਹੈਲਪ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਘਰ ਪਹੁੰਚਾਉਣ ਵਿਚ ਵੀ ਮਦਦ ਕਰੇਗੀ, ਜਿਸ ਵਿਚ ਇਕ ਮਹਿਲਾ ਪੁਲਿਸ ਕਰਮੀ ਜ਼ਰੂਰ ਨਾਲ ਹੋਵੇਗੀ।
ਔਰਤ ਤਾਂ ਹਰ ਘਰ ਵਿਚ ਹੈ, ਚਾਹੇ ਉਹ ਧੀ, ਭੈਣ, ਪਤਨੀ ਜਾਂ ਮਾਂ ਦੇ ਰੂਪ ਵਿਚ ਹੋਵੇ ਪਰ ਡਰ ਨਾਲ ਉਹ ਕਦੋਂ ਤੱਕ ਜੀਅ ਸਕਦੀ ਹੈ। ਇਸ ਲਈ ਹਰ ਔਰਤ ਚਾਹੁੰਦੀ ਹੈ ਕਿ ਉਹ ਵੀ ਮਰਦਾਂ ਦੀ ਤਰ੍ਹਾਂ ਬਿਨਾਂ ਕਿਸੇ ਡਰ ਤੋਂ ਸਮਾਜ ਵਿਚ ਵਿਚਰ ਸਕੇ। ਸੁਰੱਖਿਆ ਪ੍ਰਾਪਤ ਕਰਨ ਲਈ ਮਹਿਲਾਵਾਂ ਨੂੰ ਵੀ ਕੁਝ ਕਦਮ ਚੁੱਕਣ ਪੈਣਗੇ। ਬਹੁਤ ਹੱਦ ਤੱਕ ਆਤਮ-ਵਿਸ਼ਵਾਸ ਅਤੇ ਹੌਸਲੇ ਨਾਲ ਆਪਣੀ ਸੁਰੱਖਿਆ ਆਪ ਕਰ ਸਕਦੀਆਂ ਹਨ, ਬਸ ਕੁਝ ਥੋੜ੍ਹੇ ਜਿਹੇ ਸਾਵਧਾਨ ਹੋਣ ਦੀ ਲੋੜ ਹੈ।
ਔਰਤ ਨੂੰ ਕਦੀ ਵੀ ਆਪਣੇ-ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਹਮੇਸ਼ਾ ਆਪਣੇ ਕਦਮ ਸਹੀ ਦਿਸ਼ਾ ਵੱਲ ਵਧਾਉਣੇ ਚਾਹੀਦੇ ਹਨ। ਬਾਹਰ ਨਿਕਲੋ ਤਾਂ ਪੂਰੇ ਆਤਮ-ਵਿਸ਼ਵਾਸ ਨਾਲ, ਇਸ ਤਰ੍ਹਾਂ ਤੁਹਾਡਾ ਹੌਸਲਾ ਵੀ ਦੂਜਿਆਂ 'ਤੇ ਭਾਰੂ ਪੈ ਸਕਦਾ ਹੈ। ਕਿਸੇ ਦੀ ਵੀ ਗ਼ਲਤ ਹਰਕਤ ਨੂੰ ਕਦੀ ਸਹਿਣ ਨਾ ਕਰੋ। ਘਰ ਵਿਚ ਆਪਣੇ ਮਾਂ-ਬਾਪ, ਸਕੂਲ ਵਿਚ ਆਪਣੇ ਅਧਿਆਪਕ ਨਾਲ ਅਤੇ ਦਫ਼ਤਰ ਵਿਚ ਆਪਣੇ ਸੀਨੀਅਰ ਨਾਲ ਜ਼ਰੂਰ ਸ਼ੇਅਰ ਕਰੋ। ਫਿਰ ਵੀ ਜੇ ਕੋਈ ਨਾ ਮੰਨੇ ਤਾਂ ਪੁਲਿਸ ਦੀ ਮਦਦ ਜ਼ਰੂਰ ਲਵੋ, ਜ਼ਰੂਰ ਹੱਲ ਨਿਕਲੇਗਾ। ਔਰਤ ਨੂੰ ਕਦੀ ਵੀ ਮਰਦ ਦੀ ਘਟੀਆ ਮਾਨਸਿਕਤਾ ਨੂੰ ਸਹਿਣਾ ਨਹੀਂ ਚਾਹੀਦਾ ਤਾਂ ਹੀ ਸਮਾਜ ਦੀ ਸੋਚ ਬਦਲੇਗੀ ਅਤੇ ਸੁਧਾਰ ਹੋਵੇਗਾ। ਜੇ ਔਰਤ ਇੱਜ਼ਤ ਦੇ ਡਰ ਤੋਂ ਹਮੇਸ਼ਾ ਆਪਣੀ ਆਵਾਜ਼ ਦਬਾਉਂਦੀ ਰਹੀ ਤਾਂ ਮਰਦ ਹਮੇਸ਼ਾ ਉਸ ਦਾ ਫ਼ਾਇਦਾ ਉਠਾਉਂਦਾ ਰਹੇਗਾ। ਤੁਹਾਡੀ ਆਵਾਜ਼ ਹੀ ਤੁਹਾਡੀ ਪਹਿਚਾਣ ਬਣਨੀ ਚਾਹੀਦੀ ਹੈ, ਇਕ ਵਾਰ ਅੱਗੇ ਚੱਲਣ ਦੀ ਲੋੜ ਹੈ। ਕਾਰਵਾਂ ਆਪਣੇ-ਆਪ ਬਣ ਜਾਏਗਾ। ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਦੋਂ ਤੱਕ ਕੋਈ ਦੂਸਰਿਆਂ ਦੇ ਸਹਾਰੇ ਜ਼ਿੰਦਗੀ ਕੱਟ ਸਕਦਾ ਹੈ। ਇਸ ਲਈ ਆਜ਼ਾਦੀ ਨਾਲ ਜਿਊਣ ਲਈ ਖ਼ੁਦ ਨੂੰ ਨਿਡਰ ਅਤੇ ਹਿੰਮਤੀ ਬਣਾਉਣਾ ਪਵੇਗਾ।
ਜਦੋਂ ਵੀ ਘਰੋਂ ਨਿਕਲੋ, ਤੁਹਾਡਾ ਮੋਬਾਈਲ ਪੂਰੀ ਤਰ੍ਹਾਂ ਚਾਰਜ ਹੋਣਾ ਚਾਹੀਦਾ ਹੈ, ਤਾਂ ਕਿ ਜ਼ਰੂਰਤ ਪੈਣ 'ਤੇ ਸੰਪਰਕ ਕੀਤਾ ਜਾ ਸਕੇ। ਤੁਹਾਡੇ ਘਰਦਿਆਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਥੇ ਜਾ ਰਹੇ ਹੋ, ਉਨ੍ਹਾਂ ਦਾ ਪਤਾ ਅਤੇ ਸੰਪਰਕ ਨੰਬਰ ਜ਼ਰੂਰ ਲਿਖ ਕੇ ਜਾਓ। ਇਕੱਲੇ ਰਸਤੇ 'ਤੇ ਜਾਂਦੇ ਕਦੀ ਵੀ ਕਿਸੇ ਅਣਜਾਣ ਆਦਮੀ ਤੋਂ ਲਿਫ਼ਟ ਜਾਂ ਸਹਾਇਤਾ ਨਾ ਮੰਗੋ। ਉਹ ਇਸ ਦੀ ਦੁਰਵਰਤੋਂ ਕਰ ਸਕਦਾ ਹੈ। ਲੋੜ ਵੇਲੇ ਆਪਣੇ ਆਤਮ-ਵਿਸ਼ਵਾਸ ਵਿਚ ਕਦੀ ਕਮੀ ਨਾ ਆਉਣ ਦੇਵੋ, ਬਲਕਿ ਹੌਸਲੇ ਤੋਂ ਕੰਮ ਲਵੋ। ਜਦੋਂ ਕਦੀ ਆਟੋ, ਕੈਬ ਜਾਂ ਟੈਕਸੀ ਕਰੋ ਤਾਂ ਉਸ ਦਾ ਨੰਬਰ ਜ਼ਰੂਰ ਨੋਟ ਕਰੋ, ਲੋੜ ਪੈਣ 'ਤੇ ਉਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅਣਜਾਣ ਲੋਕਾਂ ਨਾਲ ਬਿਨਾਂ ਵਜ੍ਹਾ ਫੋਨ 'ਤੇ ਗੱਲਬਾਤ ਨਾ ਕਰੋ ਅਤੇ ਨਾ ਹੀ ਸੋਸ਼ਲ ਸਾਈਟਸ 'ਤੇ ਆਪਣੀ ਨਿੱਜਤਾ ਨੂੰ ਸਾਂਝੀ ਕਰੋ। ਕਈ ਲੋਕ ਉਸ ਦਾ ਨਜਾਇਜ਼ ਫ਼ਾਇਦਾ ਲੈ ਕੇ ਦੂਸਰਿਆਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਘਰ ਵਿਚ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਜਾ ਸਕਦੇ ਹਨ, ਜੋ ਮੁਸੀਬਤ ਵੇਲੇ ਰੱਖਿਆ ਕਵਚ ਦੀ ਤਰ੍ਹਾਂ ਸਾਡੀ ਸਹਾਇਤਾ ਕਰ ਸਕਦੇ ਹਨ। ਕੈਮਰੇ ਵਿਚ ਕੈਦ ਹੋਈ ਤਸਵੀਰ ਤੋਂ ਦੋਸ਼ੀ ਬਾਰੇ ਬੜੀ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ। ਇਹ ਕੈਮਰੇ ਘਰ ਅਤੇ ਬਾਹਰ ਦੋਵੇਂ ਜਗ੍ਹਾ ਮਹਿਲਾ ਸੁਰੱਖਿਆ ਲਈ ਬਹੁਤ ਜ਼ਰੂਰੀ ਹਨ।
ਮਹਿਲਾਵਾਂ ਨੂੰ ਹੁਣ ਇਕ ਦਿਨ ਦਾ ਸਨਮਾਨ ਦੇਣਾ ਜਾਂ ਮਹਿਲਾ ਦਿਵਸ ਮਨਾਉਣਾ ਕਾਫ਼ੀ ਨਹੀਂ ਹੋਵੇਗਾ। ਮਹਿਲਾਵਾਂ ਨੂੰ ਕਿਸੇ ਚੀਜ਼ ਦੀ ਤਰ੍ਹਾਂ ਇਸਤੇਮਾਲ ਕਰਨਾ ਅਤੇ ਮਾਂ, ਭੈਣ ਜਾਂ ਬੇਟੀ ਦੀ ਪਹਿਚਾਣ ਤੱਕ ਸੀਮਤ ਰੱਖਣਾ, ਹੁਣ ਮਨੁੱਖ ਦੇ ਵੱਸ ਵਿਚ ਨਹੀਂ ਹੈ। ਹਰ ਵਰਗ ਅਤੇ ਜਾਤੀ ਦੀ ਮਹਿਲਾ ਲਈ ਨਾਰੀਵਾਦ ਦੀ ਪਰਿਭਾਸ਼ਾ ਬਦਲ ਰਹੀ ਹੈ। ਇਸ ਦਿਨ ਦੀ ਅਸਲੀ ਜਿੱਤ ਉਦੋਂ ਹੋਵੇਗੀ, ਜਦੋਂ ਸਮਾਜ ਦੀ ਹਰ ਮਹਿਲਾ ਨੂੰ ਇਨਸਾਫ਼, ਬਰਾਬਰੀ ਅਤੇ ਸਨਮਾਨ ਮਿਲੇਗਾ ਅਤੇ ਬਿਨਾਂ ਡਰ ਤੋਂ ਸਮਾਜ ਵਿਚ ਵਿਚਰ ਕੇ ਆਪਣੀ ਪਛਾਣ ਆਪ ਬਣਾਏਗੀ।


-ਮੋਬਾਈਲ : 98782-49944.

ਕੀ ਤੁਹਾਨੂੰ ਕੰਮ ਕਰਨ ਵਿਚ ਦੇਰ ਹੋ ਜਾਂਦੀ ਹੈ?

ਦੇਰ ਹੋਣ ਦੇ ਕਾਰਨ :
* ਜਿਸ ਕੰਮ ਨੂੰ ਤੁਸੀਂ ਕਰ ਰਹੇ ਹੋ ਉਸ ਦੇ ਨਾਲ ਹੋਰ ਕੰਮ ਨਾ ਕਰੋ।
* ਆਧੁਨਿਕ ਉਪਕਰਨਾਂ ਦੀ ਸਹਾਇਤਾ ਨਾਲ ਕੰਮ ਨਾ ਕਰਨਾ।
* ਆਰਥਿਕ ਸਥਿਤੀ ਚੰਗੀ ਹੋਣ 'ਤੇ ਵੀ ਕਿਸੇ ਹੋਰ ਤੋਂ ਕੰਮ ਨਾ ਕਰਾਉਣਾ।
* ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਦਫ਼ਤਰ ਦਾ ਕੰਮ ਘਰ ਲਿਆਉਣਾ।
* ਜੇਕਰ ਕੰਮ ਮਨਪਸੰਦ ਨਾ ਹੋਵੇ ਤਾਂ ਵੀ ਉਸ ਨੂੰ ਕਰਨ ਵਿਚ ਦੇਰ ਲਗਦੀ ਹੈ।
ਦੇਰ ਹੋਣ ਤੋਂ ਕਿਵੇਂ ਬਚੀਏ :
* ਹਰ ਕੰਮ ਨੂੰ ਉਸ ਦੀ ਪ੍ਰੌੜ੍ਹਤਾ ਅਨੁਸਾਰ ਕਰੋ। ਕੋਈ ਵੀ ਕੰਮ ਸਿਰਫ਼ ਉਸ ਨੂੰ ਨਿਪਟਾਉਣ ਦੇ ਇਰਾਦੇ ਨਾਲ ਨਾ ਕਰੋ। ਹੋ ਸਕੇ ਤਾਂ ਕੰਮਾਂ ਦੀ ਇਕ ਸੂਚੀ ਬਣਾ ਲਓ।
* ਨਿਯਮਤ ਕਸਰਤ ਕਰੋ। ਕਸਰਤ ਕਈ ਪ੍ਰੇਸ਼ਾਨੀਆਂ ਦਾ ਹੱਲ ਹੈ। ਇਸ ਨਾਲ ਸਰੀਰ ਵਿਚ ਫੁਰਤੀ ਦਾ ਸੰਚਾਰ ਹੁੰਦਾ ਹੈ ਤੇ ਕੰਮ ਜਲਦੀ ਨਿੱਬੜਦੇ ਹਨ।
* ਜੇਕਰ ਤੁਸੀਂ ਦਫ਼ਤਰ ਦੇ ਕੰਮ ਦਫ਼ਤਰ ਵਿਚ ਹੀ ਨਿਪਟਾ ਲਓ ਤਾਂ ਤੁਸੀਂ ਆਪਣੇ ਕੰਮਾਂ ਨੂੰ ਜ਼ਿਆਦਾ ਸਮਾਂ ਦੇ ਸਕੋਗੇ।
* ਧਿਆਨ ਕਰੋ। ਇਹ ਇਕ ਸਧਾਰਨ ਸਰੀਰਕ ਤੇ ਮਨੋਵਿਗਿਆਨਕ ਪ੍ਰਕਿਰਿਆ ਹੈ ਜਿਸ ਨਾਲ ਤੁਸੀਂ ਤਣਾਅ ਰਹਿਤ ਮਹਿਸੂਸ ਕਰੋਗੇ। ਤਣਾਅਰਹਿਤ ਮਹਿਸੂਸ ਕਰਨ 'ਤੇ ਤੁਸੀਂ ਆਪਣਾ ਮਨ ਇਕ ਕੰਮ 'ਤੇ ਇਕਾਗਰ ਕਰ ਸਕਦੇ ਹੋ।
* ਇਹ ਕਹਿਣ ਦੀ ਬਜਾਏ ਕਿ ਹਾਏ! ਮੇਰੇ ਕੋਲ ਕਿੰਨਾ ਕੰਮ ਹੈ, ਇਹ ਕਹੋ ਕਿ ਮੈਂ ਕਿੰਨੀ ਖੁਸ਼ਕਿਸਮਤ ਹਾਂ ਜੋ ਦੋ ਕੰਮ ਇਕੱਠੇ ਕਰ ਸਕਦੀ ਹਾਂ।
* ਹਰ ਕੰਮ ਨੂੰ ਮੁਸਕਰਾਉਂਦੇ ਹੋਏ ਕਰੋ। ਇਸ ਨਾਲ ਤੁਹਾਨੂੰ ਕੰਮ ਕਰਨ ਵਿਚ ਖੁਸ਼ੀ ਮਹਿਸੂਸ ਹੋਵੇਗੀ।
* ਆਪਣੇ ਖਾਣ-ਪੀਣ ਵਿਚ ਬਦਲਾਅ ਲਿਆਓ। ਚਾਰ ਸਬਜ਼ੀਆਂ ਬਣਾਉਣ ਦੀ ਬਜਾਏ ਦੋ ਸਬਜ਼ੀਆਂ ਬਣਾਓ। ਘਰਵਾਲਿਆਂ ਨੂੰ ਜਲਦੀ ਬਣਨ ਵਾਲੇ ਪਕਵਾਨਾਂ ਦੀ ਆਦਤ ਪਾਓ।
* ਆਸ਼ਾਵਾਦੀ ਬਣੋ। ਨਿਰਾਸ਼ਾਵਾਦੀ ਸੋਚ ਨਾ ਅਪਣਾਓ। ਕੰਮ ਵਿਚ ਕੁਝ ਬਦਲਾਅ ਲਿਆਓ ਤਾਂ ਕਿ ਉਹੀ ਕੰਮ ਦਿਲਚਸਪੀ ਨਾਲ ਜਲਦੀ ਕਰ ਸਕੋ।
* ਹਮੇਸ਼ਾ ਤਣਾਅਮੁਕਤ ਰਹੋ ਅਤੇ ਆਪਣੇ ਆਪ ਨੂੰ ਰੁੱਝਾ ਰੱਖੋ। ਦੂਜਿਆਂ ਦੇ ਨਾਲ ਆਪਣੀਆਂ ਪ੍ਰੇਸ਼ਾਨੀਆਂ ਵੰਡੋ ਅਤੇ ਪਰਿਵਾਰ ਵਾਲਿਆਂ ਦਾ ਘਰ ਦੇ ਕੰਮਾਂ ਵਿਚ ਸਹਿਯੋਗ ਲਓ।
* ਬਦਲਾਅ ਲਈ ਬਾਹਰ ਘੁੰਮ ਆਓ। ਇਸ ਨਾਲ ਕੰਮ ਦਾ ਬੋਝ ਹਲਕਾ ਹੋਵੇਗਾ ਅਤੇ ਹੁਣ ਇਸ ਨੂੰ ਤੁਸੀਂ ਛੇਤੀ ਨਾਲ ਕਰ ਸਕੋਗੇ।
* ਹਰ ਕੰਮ ਆਪਣੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਕਰੋ। ਕੁਝ ਵੀ ਜ਼ਬਰਦਸਤੀ ਨਾ ਕਰੋ।
* ਕੰਮ ਕਰਦੇ ਸਮੇਂ ਸਵੇਰੇ ਹੀ ਆਪਣੇ ਦਿਮਾਗ਼ ਵਿਚ ਸੂਚੀ ਬਣਾ ਲਓ ਜੋ ਕੰਮ ਤੁਹਾਨੂੰ ਉਸ ਦਿਨ ਖ਼ਤਮ ਕਰਨੇ ਹਨ।
* ਬੱਚਿਆਂ ਤੋਂ ਜਿਥੋਂ ਤੱਕ ਸੰਭਵ ਹੋਵੇ ਮਦਦ ਲਓ। ਟੀ. ਵੀ. ਦੇਖਦੇ ਸਮੇਂ ਤੁਸੀਂ ਖਾਣਾ ਖਾਣ ਤੇ ਨਾਸ਼ਤਾ, ਕਸਰਤ, ਸਿਲਾਈ, ਕਢਾਈ, ਅਖ਼ਬਾਰ ਪੜ੍ਹਨਾ, ਮੇਕਅਪ ਕਰਨ ਵਰਗੇ ਕੰਮ ਖ਼ਤਮ ਕਰ ਸਕਦੇ ਹੋ।
ਇਹ ਕੁਦਰਤੀ ਹੈ ਕਿ ਹਰ ਇਨਸਾਨ ਕੰਮ ਕਰਨ ਵਿਚ ਜਲਦਬਾਜ਼ੀ ਕਰਦਾ ਹੈ ਪਰ ਕੰਮ ਨੂੰ ਸਲੀਕੇ ਜਾਂ ਲਾਪ੍ਰਵਾਹੀ ਨਾਲ ਕਰਨਾ ਇਸ ਤਰ੍ਹਾਂ ਦੀ ਸਥਿਤੀ ਹੈ ਜਿਸ ਨੂੰ ਕੋਸ਼ਿਸ਼ ਕਰਕੇ ਬਦਲਿਆ ਜਾ ਸਕਦਾ ਹੈ, ਆਪਣੀ ਦ੍ਰਿੜ੍ਹ ਸ਼ਕਤੀ ਨਾਲ ਇਹੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਕੰਮ ਠੀਕ ਸਮੇਂ ਅਨੁਸਾਰ ਅਤੇ ਸਲੀਕੇ ਨਾਲ ਕਰ ਸਕੋ ਜਿਸ ਨਾਲ ਕੰਮ ਵਿਚ ਰੁਚੀ ਅਤੇ ਦਿਲਚਸਪੀ ਵਧੇ।

ਅੱਖਾਂ ਦੇ ਹੇਠਾਂ ਕਾਲੇ ਧੱਬਿਆਂ ਦੀ ਸਮੱਸਿਆ

ਜਦੋਂ ਅੱਖਾਂ ਹੇਠਾਂ ਕਾਲੇ ਧੱਬੇ ਬਣ ਜਾਂਦੇ ਹਨ ਤਾਂ ਇਹ ਚਿਹਰੇ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਦਿੰਦੇ ਹਨ। ਇਹ ਕਾਲੇ ਧੱਬੇ ਤੁਹਾਡੀ ਖ਼ੂਬਸੂਰਤੀ ਦੇ ਨਾਲ ਹੀ ਤੁਹਾਡੀ ਸਿਹਤ ਦਾ ਹਾਲ ਵੀ ਬਿਆਨ ਕਰਦੇ ਹਨ। ਇਸ ਸਮੱਸਿਆ ਦੇ ਹੱਲ ਲਈ ਸਭ ਤੋਂ ਪਹਿਲਾਂ ਤੁਸੀਂ ਸਹੀ ਮਾਤਰਾ ਵਿਚ ਨੀਂਦ ਜ਼ਰੂਰ ਲਓ। ਨੀਂਦ ਦੀ ਘਾਟ ਦੀ ਵਜ੍ਹਾ ਨਾਲ ਬਾਹਰੀ ਚਮੜੀ ਦੀ ਰੰਗਤ ਪੀਲੀ ਪੈ ਸਕਦੀ ਹੈ ਜਿਸ ਨਾਲ ਕਾਲੇ ਧੱਬੇ ਜ਼ਿਆਦਾ ਦਿਸਣਗੇ। ਰੋਜ਼ਾਨਾ ਰਾਤ ਨੂੰ ਸੱਤ ਤੋਂ ਅੱਠ ਘੰਟੇ ਦੀ ਨੀਂਦ ਲੈਣ ਨਾਲ ਅੱਖਾਂ ਦੇ ਹੇਠਾਂ ਕਾਲੇ ਧੱਬੇ ਨਹੀਂ ਪੈਣਗੇ।
ਟੀ ਬੈਗ ਅੱਖਾਂ 'ਤੇ ਲਗਾਉਣ ਨਾਲ ਕਾਲੇ ਧੱਬਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਚਾਹ ਵਿਚ ਕੈਫੀਨ ਅਤੇ ਐਂਟੀ ਆਕਸੀਡੈਂਟਸ ਦੇ ਗੁਣ ਮੌਜੂਦ ਹੁੰਦੇ ਹਨ ਜੋ ਕਿ ਖੂਨ ਦੀ ਪੱਧਰ ਨੂੰ ਤੇਜ਼ ਕਰ ਸਕਦੇ ਹਨ ਅਤੇ ਇਨ੍ਹਾਂ ਨਾਲ ਕਾਲੇ ਧੱਬਿਆਂ ਦੇ ਹੱਲ ਦਾ ਰਾਹ ਮਿਲ ਸਕਦਾ ਹੈ। ਦੋ ਗ੍ਰੀਨ, ਹਰਬਲ ਜਾਂ ਬਲੈਕ ਟੀ ਬੈਗ ਨੂੰ ਪੰਜ ਮਿੰਟ ਤੱਕ ਗਰਮ ਪਾਣੀ ਵਿਚ ਭਿਉਂ ਕੇ ਅਤੇ ਉਸ ਤੋਂ ਬਾਅਦ ਇਨ੍ਹਾਂ ਟੀ ਬੈਗਾਂ ਨੂੰ ਫਰਿੱਜ ਵਿਚ 20 ਮਿੰਟ ਤੱਕ ਠੰਢਾ ਹੋਣ ਦਿਓ। ਇਨ੍ਹਾਂ ਠੰਢੇ ਟੀ ਬੈਗਸ ਨੂੰ ਲਗਪਗ ਵੀਹ ਮਿੰਟ ਤੱਕ ਬੰਦ ਅੱਖਾਂ 'ਤੇ ਰੱਖੋ ਅਤੇ ਇਨ੍ਹਾਂ ਨੂੰ ਹਟਾਉਣ ਤੋਂ ਬਾਅਦ ਅੱਖਾਂ ਨੂੰ ਤਾਜ਼ੇ ਠੰਢੇ ਪਾਣੀ ਨਾਲ ਧੋ ਦਿਓ।
ਗੁਲਾਬ ਜਲ ਅੱਖਾਂ ਹੇਠਾਂ ਧੱਬਿਆਂ ਤੋਂ ਮੁਕਤੀ ਦਾ ਕੁਦਰਤੀ ਉਪਾਅ ਮੰਨਿਆ ਜਾਂਦਾ ਹੈ। ਕਾਟਨ ਪੈਡ ਨੂੰ ਗੁਲਾਬ ਜਲ ਵਿਚ ਭਿਉਂ ਕੇ ਆਪਣੀਆਂ ਬੰਦ ਅੱਖਾਂ 'ਤੇ ਰੱਖ ਕੇ ਕੁਝ ਦੇਰ ਤੱਕ ਲੰਮੇ ਪੈ ਜਾਓ ਅਤੇ ਬਾਅਦ ਵਿਚ ਅੱਖਾਂ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ। ਗੁਲਾਬ ਜਲ ਵਿਚ ਐਂਟੀ ਇਨਫਲੇਮੇਟਰੀ ਗੁਣ ਮੌਜੂਦ ਹੁੰਦੇ ਹਨ ਜੋ ਚਮੜੀ ਨੂੰ ਸ਼ਾਂਤ ਕਰ ਕੇ ਚਮੜੀ ਦੀ ਕੰਪਨ ਬਹਾਲ ਕਰਕੇ ਚਮੜੀ ਤੋਂ ਲਾਲੀ ਹਟਾਉਂਦੇ ਹਨ।
ਕੱਚਾ ਦੁੱਧ ਕਾਲੇ ਧੱਬੇ ਮਿਟਾਉਣ ਦਾ ਘਰੇਲੂ ਉਪਾਅ ਹੈ। ਕੱਚੇ ਦੁੱਧ ਵਿਚ ਦੋ ਰੂੰ ਦੇ ਫਹੇਂ ਭਿਉਂ ਕੇ ਦੋਵੇਂ ਬੰਦ ਅੱਖਾਂ 'ਤੇ ਰੱਖ ਲਓ ਅਤੇ ਇਹ ਇਕ ਪ੍ਰਭਾਵੀ ਕੁਦਰਤੀ ਇਲਾਜ ਸਾਬਤ ਹੋਵੇਗਾ।
ਅੱਖਾਂ ਦੇ ਹੇਠਾਂ ਕਾਲੇ ਧੱਬੇ ਚਮੜੀ ਐਲਰਜੀ ਦੀ ਵਜ੍ਹਾ ਨਾਲ ਵੀ ਹੁੰਦੇ ਹਨ। ਜ਼ਿਆਦਾਤਰ ਮੌਸਮ ਨਾਲ ਸਬੰਧਿਤ ਚਮੜੀ ਐਲਰਜੀ ਨੂੰ ਖਾਣ-ਪੀਣ ਵਿਚ ਬਦਲਾਅ ਜਾਂ ਘਰੇਲੂ ਇਲਾਜ ਨਾਲ ਰੋਕਿਆ ਜਾ ਸਕਦਾ ਹੈ। ਜੇਕਰ ਤੁਹਾਨੂੰ ਕਿਸੇ ਖਾਣੇ, ਫਲ ਆਦਿ ਨਾਲ ਐਲਰਜੀ ਹੈ ਤਾਂ ਇਸ ਦਾ ਪ੍ਰਹੇਜ਼ ਕਰੋ। ਇਹ ਚੰਗਾ ਹੋਵੇਗਾ ਕਿ ਤੁਸੀਂ ਡਾਕਟਰ ਦੀ ਸਲਾਹ ਲੈ ਕੇ ਪਹਿਲਾਂ ਐਲਰਜੀ ਨੂੰ ਸਮਝੋ ਅਤੇ ਫਿਰ ਇਸ ਦਾ ਇਲਾਜ ਕਰੋ ਤਾਂ ਕਿ ਤੁਹਾਨੂੰ ਚੰਗੇ ਨਤੀਜੇ ਮਿਲ ਸਕਣ।
ਆਲੂ ਅੱਖਾਂ ਦੇ ਹੇਠਾਂ ਡਾਰਕ ਸਰਕਲ ਦਾ ਪ੍ਰਭਾਵੀ ਇਲਾਜ ਮੰਨਿਆ ਜਾਂਦਾ ਹੈ। ਦੋ ਚਮਚ ਆਲੂ ਜੂਸ ਨੂੰ ਬੰਦ ਅੱਖਾਂ 'ਤੇ ਲਗਾ ਕੇ ਇਸ ਨੂੰ ਕੁਦਰਤੀ ਤੌਰ 'ਤੇ ਸੁੱਕਣ ਦਿਓ ਅਤੇ ਬਾਅਦ ਵਿਚ ਅੱਖਾਂ ਨੂੰ ਸਾਦੇ ਪਾਣੀ ਨਾਲ ਧੋ ਦਿਓ। ਆਲੂ ਵਿਚ ਵਿਟਾਮਿਨ ਸੀ ਦੇ ਗੁਣ ਮੌਜੂਦ ਹੁੰਦੇ ਹਨ ਜੋ ਕਿ ਖਰਾਬ ਚਮੜੀ ਦੀ ਟੁੱਟ-ਭੱਜ ਦੂਰ ਕਰ ਕੇ ਕਾਲੇ ਧੱਬਿਆਂ ਨੂੰ ਕਾਬੂ ਕਰਦੇ ਹਨ।
ਟਮਾਟਰ ਜੂਸ ਵਿਚ ਰੂੰ ਨੂੰ ਭਿਉਂ ਕੇ ਹੌਲੀ ਜਿਹੇ ਬੰਦ ਅੱਖਾਂ 'ਤੇ ਰੱਖ ਕੇ ਇਸ ਨੂੰ ਕੁਦਰਤੀ ਢੰਗ ਨਾਲ ਸੁੱਕਣ ਦਿਉ ਅਤੇ ਬਾਅਦ ਵਿਚ ਅੱਖਾਂ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ। ਤੁਸੀਂ ਬਦਲ ਦੇ ਤੌਰ 'ਤੇ ਟਮਾਟਰ ਅਤੇ ਨਿੰਬੂ ਦਾ ਪੇਸਟ ਬਣਾ ਕੇ ਇਸ ਨੂੰ ਅੱਧੇ ਘੰਟੇ ਤੱਕ ਬੰਦ ਅੱਖਾਂ ਦੇ ਚਾਰੇ ਪਾਸੇ ਲਗਾ ਕੇ ਬਾਅਦ ਵਿਚ ਠੰਢੇ ਪਾਣੀ ਨਾਲ ਧੋ ਦਿਉ। ਇਸ ਨਾਲ ਕਾਲੇ ਧੱਬਿਆਂ ਤੋਂ ਮੁਕਤੀ ਮਿਲੇਗੀ।
ਆਇਰਨ ਦੀ ਘਾਟ ਨੂੰ ਦੂਰ ਕਰਨ ਲਈ ਤਾਜ਼ਾ ਫਲ, ਸਲਾਦ, ਪੁੰਗਰੇ ਅਨਾਜ, ਸਾਦਾ ਅਨਾਜ, ਦਹੀਂ, ਮਲਾਈ, ਪੱਤੇਦਾਰ ਹਰੀਆਂ ਸਬਜ਼ੀਆਂ, ਅੰਡਾ ਅਤੇ ਮੱਛੀ ਕਾਫ਼ੀ ਸਹਾਇਕ ਸਿੱਧ ਹੁੰਦੇ ਹਨ। ਵੱਖ-ਵੱਖ ਤਰ੍ਹਾਂ ਦੇ ਤਾਜ਼ਾ ਫਲ ਖਾਣ ਨਾਲ ਸਰੀਰ ਵਿਚ ਪਾਣੀ ਦੀ ਘਾਟ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ। ਹਰ ਰੋਜ਼ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਸਵੇਰੇ ਉੱਠਦੇ ਹੀ ਇਕ ਗਿਲਾਸ ਨਿੰਬੂ ਪਾਣੀ ਪੀਣਾ ਚਾਹੀਦਾ ਹੈ। ਸਾਰੇ ਫਲ ਜੂਸਾਂ ਨੂੰ ਪਾਣੀ ਵਿਚ ਮਿਲਾ ਕੇ ਲੈਣ ਨਾਲ ਲਾਭ ਮਿਲਦਾ ਹੈ। ਕਿਸੇ ਵੀ ਭੋਜਨ ਵਿਚ ਬਦਲਾਅ ਕਰਦੇ ਸਮੇਂ ਆਪਣੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਆਪਣੀ ਕਸਰਤ ਦੀ ਸੂਚੀ ਵਿਚ ਲੰਬੇ ਡੂੰਘੇ ਸਾਹ ਨੂੰ ਜ਼ਰੂਰ ਸ਼ਾਮਿਲ ਕਰੋ ਕਿਉਂਕਿ ਇਸ ਨਾਲ ਤਣਾਅ ਘੱਟ ਕਰਨ ਵਿਚ ਮਦਦ ਮਿਲਦੀ ਹੈ ਅਤੇ ਸਰੀਰ ਦੇ ਅੰਗਾਂ ਨੂੰ ਸਹੀ ਆਕਸੀਜਨ ਹਾਸਲ ਹੁੰਦੀ ਹੈ। ਕੁਦਰਤੀ ਨੀਂਦ ਅਤੇ ਆਰਾਮ ਵੀ ਸਰੀਰ ਲਈ ਸਭ ਤੋਂ ਜ਼ਰੂਰੀ ਮੰਨਿਆ ਜਾਂਦਾ ਹੈ।
ਖੀਰੇ ਦੇ ਜੂਸ ਨੂੰ ਹਰ ਰੋਜ਼ ਅੱਖਾਂ ਦੇ ਚਾਰੇ ਪਾਸੇ ਲਗਾ ਕੇ 15 ਮਿੰਟ ਬਾਅਦ ਸਾਫ ਪਾਣੀ ਨਾਲ ਧੋ ਦਿਓ। ਜੇਕਰ ਕਾਲੇ ਧੱਬਿਆਂ ਵਿਚ ਸੋਜ ਹੈ ਤਾਂ ਆਲੂ ਦੇ ਜੂਸ ਨੂੰ ਖੀਰੇ ਦੇ ਜੂਸ ਵਿਚ ਬਰਾਬਰ ਮਾਤਰਾ ਵਿਚ ਮਿਲਾਓ ਅਤੇ ਇਸ ਮਿਸ਼ਰਣ ਨੂੰ ਚਮੜੀ 'ਤੇ 15 ਮਿੰਟ ਤੱਕ ਲਗਾ ਕੇ ਤਾਜ਼ੇ ਪਾਣੀ ਨਾਲ ਧੋ ਦਿਓ। ਟਮਾਟਰ ਦਾ ਜੂਸ ਚਿਹਰੇ ਦੀ ਰੰਗਤ ਨੂੰ ਨਿਖਾਰਣ ਵਿਚ ਅਤਿ ਮਦਦਗਾਰ ਸਾਬਤ ਹੁੰਦਾ ਹੈ।
ਬਾਹਰੀ ਸੁੰਦਰਤਾ ਸਾਧਨਾਂ ਦੇ ਸਹੀ ਨਿਯਮਤ ਵਰਤੋਂ ਦੇ ਨਾਲ-ਨਾਲ ਸਿਹਤ, ਜੀਵਨਸ਼ੈਲੀ ਅਤੇ ਤਣਾਅਮੁਕਤ ਵਾਤਾਵਰਨ, ਕੁਦਰਤੀ ਨੀਂਦ ਵੀ ਕਾਫੀ ਸਹਾਇਕ ਸਿੱਧ ਹੁੰਦੇ ਹਨ। ਕਾਟਨਵੂਲ ਲੈ ਕੇ ਦੋ ਮੋਟੇ ਚੌਰਸ ਪੈਡ ਬਣਾ ਲਓ। ਉਨ੍ਹਾਂ ਨੂੰ ਖੀਰੇ ਦੇ ਜੂਸ ਜਾਂ ਗੁਲਾਬ ਜਲ ਨਾਲ ਭਿਉਂ ਲਓ। ਭਿੱਜੇ ਪੈਡ ਨੂੰ 15 ਮਿੰਟ ਤੱਕ ਅੱਖਾਂ 'ਤੇ ਰੱਖ ਲਓ ਇਸ ਨਾਲ ਕਾਲੇ ਧੱਬਿਆਂ ਨੂੰ ਮਿਟਾਉਣ ਵਿਚ ਕਾਫੀ ਮਦਦ ਮਿਲਦੀ ਹੈ।
**

ਜਦੋਂ ਕਰੋ ਤੁਸੀਂ ਬੱਸ ਜਾਂ ਰੇਲ ਗੱਡੀ ਵਿਚ ਸਫ਼ਰ

* ਜਦੋਂ ਵੀ ਤੁਸੀਂ ਬੱਸ ਜਾਂ ਰੇਲ ਗੱਡੀ ਵਿਚ ਸਫ਼ਰ ਕਰੋ ਤਾਂ ਆਪਣਾ ਸਾਮਾਨ ਗੁਆਂਢ ਵਾਲੇ ਯਾਤਰੀ ਦੇ ਸਹਾਰੇ ਛੱਡ ਕੇ ਇਧਰ-ਉਧਰ ਨਾ ਜਾਓ।
* ਕਿਸੇ ਵੀ ਅਣਜਾਣ ਵਿਅਕਤੀ ਨਾਲ ਘੱਟ ਤੋਂ ਘੱਟ ਗੱਲਾਂ ਕਰੋ ਅਤੇ ਜੇਕਰ ਗੱਲ ਵੀ ਕਰੋ ਤਾਂ ਆਪਣਾ ਕੱਚਾ ਚਿੱਠਾ ਉਸ ਸਾਹਮਣੇ ਨਾ ਖੋਲ੍ਹੋ। ਨਾ ਹੀ ਆਪਣੇ ਘਰ ਦਾ ਪਤਾ ਅਤੇ ਟੈਲੀਫੋਨ ਨੰਬਰ ਦਿਓ।
* ਘਰ ਤੋਂ ਨਿਕਲਣ ਤੋਂ ਪਹਿਲਾਂ ਆਪਣੇ ਸਾਰੇ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕਰ ਲਓ, ਗਿਣਤੀ ਕਰ ਲਓ, ਗੱਡੀ ਵਿਚ ਚੜ੍ਹਦੇ ਅਤੇ ਉਤਰਦੇ ਸਮੇਂ ਵੀ ਆਪਣੇ ਸਾਮਾਨ ਦੀ ਗਿਣਤੀ ਕਰ ਲਓ ਜਿਸ ਨਾਲ ਕੋਈ ਵੀ ਸਾਮਾਨ ਰਹਿ ਜਾਣ ਦਾ ਡਰ ਨਹੀਂ ਰਹੇਗਾ।
* ਰਸਤੇ ਵਿਚ ਕਿਸੇ ਵੀ ਅਣਜਾਣ ਵਿਅਕਤੀ ਦੀ ਦਿੱਤੀ ਹੋਈ ਕੋਈ ਚੀਜ਼ ਨਾ ਖਾਓ।
* ਆਪਣੀ ਐਨਕ, ਘੜੀ, ਅਟੈਚੀ ਤੇ ਪੈੱਨ ਆਦਿ 'ਤੇ ਪੂਰਾ ਧਿਆਨ ਦਿਉ ਕਿਉਂਕਿ ਇਹ ਛੋਟੀ-ਮੋਟੀ ਚੀਜ਼ ਕਈ ਵਾਰ ਜਲਦਬਾਜ਼ੀ ਵਿਚ ਜਾਂ ਤਾਂ ਡਿਗ ਜਾਂਦੀ ਹੈ ਜਾਂ ਰਹਿ ਜਾਂਦੀ ਹੈ।
* ਜੇਕਰ ਤੁਹਾਨੂੰ ਯਾਤਰਾ ਦੇ ਦੌਰਾਨ ਸੌਣ ਦੀ ਬਿਮਾਰੀ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਜੇਬ ਕਤਰੇ ਅਤੇ ਸਾਮਾਨ ਚੋਰ ਹਮੇਸ਼ਾ ਹੀ ਇਸ ਤਰ੍ਹਾਂ ਦੇ ਮੌਕਿਆਂ ਦੀ ਭਾਲ ਵਿਚ ਰਹਿੰਦੇ ਹਨ।
* ਨਕਦੀ ਜਿੰਨਾ ਹੋ ਸਕੇ ਘੱਟ ਤੋਂ ਘੱਟ ਲੈ ਕੇ ਜਾਓ। ਨਕਦੀ ਵਿਚ ਛੋਟੇ-ਛੋਟੇ ਨੋਟਾਂ ਦੀ ਬਜਾਏ ਵੱਡੇ-ਵੱਡੇ ਨੋਟ ਰੱਖੋ ਕਿਉਂਕਿ ਇਨ੍ਹਾਂ ਨੂੰ ਰੱਖਣ ਵਿਚ ਸੌਖ ਹੁੰਦੀ ਹੈ। ਉਂਜ ਵੀ ਅੱਜਕਲ੍ਹ ਕ੍ਰੈਡਿਟ ਕਾਰਡ ਦਾ ਰਿਵਾਜ ਹੈ, ਜਿਸ ਨਾਲ ਤੁਸੀਂ ਪੈਸੇ ਲੈ ਜਾਣ ਦੀ ਸਿਰਦਰਦੀ ਤੋਂ ਬਚ ਸਕਦੇ ਹੋ।
* ਸਫ਼ਰ ਦੌਰਾਨ ਪਾਣੀ ਦੀ ਬੋਤਲ ਅਤੇ ਜ਼ਰੂਰੀ ਖਾਧ ਪਦਾਰਥ ਨਾਲ ਜ਼ਰੂਰ ਰੱਖੋ ਜਿਸ ਨਾਲ ਭੁੱਖ ਜਾਂ ਪਿਆਸ ਲੱਗਣ 'ਤੇ ਤੁਸੀਂ ਬੇਚੈਨ ਨਹੀਂ ਹੋਵੋਗੇ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX