ਤਾਜਾ ਖ਼ਬਰਾਂ


ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
. . .  about 3 hours ago
ਢਿਲਵਾਂ, 20 ਫਰਵਰੀ (ਸੁਖੀਜਾ,ਪ੍ਰਵੀਨ,ਪਲਵਿੰਦਰ)-ਸਥਾਨਕ ਕਸਬੇ 'ਚ ਅੱਜ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ...
ਹੋਲੇ ਮਹੱਲੇ ਦੇ ਸੁਚਾਰੂ ਪ੍ਰਬੰਧਾਂ ਲਈ ਡੀ ਸੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੀਟਿੰਗ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ ,20 ਫਰਵਰੀ { ਨਿੱਕੂਵਾਲ }-ਡਿਪਟੀ ਕਮਿਸ਼ਨਰ ਰੂਪਨਗਰ ਵਿਨੇ ਬਬਲਾਨੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ...
15 ਕਰੋੜ 100 ਕਰੋੜ 'ਤੇ ਭਾਰੀ - ਓਵੈਸੀ ਦੀ ਪਾਰਟੀ ਦੇ ਨੇਤਾ ਦਾ ਵਿਵਾਦਗ੍ਰਸਤ ਬਿਆਨ
. . .  about 4 hours ago
ਨਵੀਂ ਦਿੱਲੀ, 20 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਤੋਂ ਨਿਕਲੀ ਚਿੰਗਾਰੀ 'ਤੇ ਵਿਰੋਧ ਦੀ ਸਿਆਸਤ ਤੇਜ ਹੋ ਗਈ ਹੈ। ਸੀ.ਏ.ਏ. ਖਿਲਾਫ ਪ੍ਰਦਰਸ਼ਨ ਨੂੰ ਲੈ ਕੇ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਮੀਨ ਦੇ ਨੇਤਾ ਵਾਰਿਸ ਪਠਾਨ ਨੇ ਬੇਹੱਦ...
ਭਾਜਪਾ ਪ੍ਰਧਾਨ ਜੇ.ਪੀ ਨੱਢਾ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 4 hours ago
ਅੰਮ੍ਰਿਤਸਰ, 20 ਫਰਵਰੀ (ਹਰਮਿੰਦਰ ਸਿੰਘ) - ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਦੇਰ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਭਾਜਪਾ...
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਨਾਜਾਇਜ਼ ਇਮਾਰਤਾਂ ਢਾਈਆਂ
. . .  about 5 hours ago
ਜ਼ੀਰਕਪੁਰ, 20 ਫਰਵਰੀ (ਹਰਦੀਪ ਹੈਪੀ ਪੰਡਵਾਲਾ) - ਅੱਜ ਹਾਈ ਕੋਰਟ ਦੇ ਹੁਕਮਾਂ 'ਤੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ 100 ਮੀਟਰ ਘੇਰੇ 'ਚ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਨੂੰ ਅੰਜਾਮ ਦਿੰਦਿਆਂ ਦਰਜਨ ਦੇ ਕਰੀਬ ਗੋਦਾਮ ਢਾਹ ਦਿੱਤੇ ਗਏ। ਇਸ ਮੌਕੇ ਪ੍ਰਸ਼ਾਸਨਿਕ...
ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਕੈਦ
. . .  about 5 hours ago
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ...
23 ਦੀ ਸੰਗਰੂਰ ਰੈਲੀ ਐਸ.ਜੀ.ਪੀ.ਸੀ ਦਾ ਮੁੱਢ ਬੱਨੇਗੀ- ਢੀਂਡਸਾ
. . .  about 5 hours ago
ਸੰਦੌੜ, 20 ਫਰਵਰੀ (ਜਸਵੀਰ ਸਿੰਘ ਜੱਸੀ) - ਸੰਗਰੂਰ ਵਿਖੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ 23 ਫਰਵਰੀ ਨੂੰ ਸੰਗਰੂਰ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਨਾਰਾਜ਼ ਹੋਈ ਵਾਰਤਾਕਾਰ ਸਾਧਨਾ ਰਾਮਚੰਦਰਨ
. . .  about 5 hours ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ...
ਸ਼ਾਹੀਨ ਬਾਗ ਫਿਰ ਪਹੁੰਚੇ ਵਾਰਤਾਕਾਰ, ਮੀਡੀਆ ਦੀ ਮੌਜੂਦਗੀ 'ਤੇ ਜਤਾਇਆ ਇਤਰਾਜ਼
. . .  about 6 hours ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ...
ਖਿਡਾਰੀ ਨੇ ਪਤਨੀ ਤੇ ਤਿੰਨ ਬੱਚਿਆਂ ਨੂੰ ਕਾਰ 'ਚ ਬੰਦ ਕਰ ਜਿੰਦਾ ਸਾੜਿਆ, ਫਿਰ ਕੀਤੀ ਖ਼ੁਦਕੁਸ਼ੀ
. . .  about 6 hours ago
ਬ੍ਰਿਸਬੇਨ, 20 ਫਰਵਰੀ - ਆਸਟ੍ਰੇਲੀਆ ਦੇ ਇਕ ਖਿਡਾਰੀ ਨੇ ਮੁਸ਼ਕਲਾਂ ਤੋਂ ਹਾਰ ਕੇ ਕੁੱਝ ਅਜਿਹਾ ਕਰ ਲਿਆ। ਜਿਸ ਨਾਲ ਪੂਰਾ ਖੇਡ ਜਗਤ ਹੈਰਾਨ ਪ੍ਰੇਸ਼ਾਨ ਹੈ। ਆਸਟ੍ਰੇਲੀਆ ਦੇ ਰਗਬੀ ਖਿਡਾਰੀ ਰੋਵਨ ਬੈਕਸਟਰ ਨੇ ਬੁੱਧਵਾਰ ਨੂੰ ਪਤਨੀ ਹੈਨਾ ਤੇ ਤਿੰਨ ਬੱਚਿਆਂ ਨੂੰ ਕਾਰ ਵਿਚ ਬੰਦ ਕਰ ਦਿੱਤਾ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ-ਮਾਂ ਦਾ ਕਿਹਾ

ਪਿਆਰੇ ਬੱਚਿਓ, ਅੱਜ ਦੀ ਇਹ ਕਹਾਣੀ ਇਕ ਸੱਚੀ ਘਟਨਾ ਹੈ। ਇਕ ਵਾਰ ਸ਼ੇਖ ਅਬਦੁਲ ਜੋ ਇਕ ਮਹਾਨ ਸੰਤ ਸਨ, ਉਹ ਕਰੀਬ ਲੰਬੇ ਸਮੇਂ ਤੋਂ ਹੀ ਅਫ਼ਗਾਨਿਸਤਾਨ ਵਿਚ ਰਹਿੰਦੇ ਸਨ। ਉਹ ਪਹਿਲਾਂ ਗਊਆਂ ਚਰਾ ਕੇ ਲਿਆਉਂਦੇ ਤੇ ਬਾਅਦ ਵਿਚ ਘਰ ਦੇ ਕੰਮਕਾਜ ਕਰਦੇ।
ਇਕ ਦਿਨ ਅਬਦੁਲ ਨੇ ਆਪਣੀ ਮਾਂ ਨੂੰ ਕਿਹਾ ਕਿ 'ਮੈਨੂੰ ਪੜ੍ਹਨ ਵਾਸਤੇ ਜਾਣ ਦੀ ਆਗਿਆ ਦੇ ਦਿਓ।'
ਮਾਂ ਨੇ ਅਬਦੁਲ ਨੂੰ ਪੜ੍ਹਨ ਲਈ ਬਗਦਾਦ ਜਾਣ ਦੀ ਆਗਿਆ ਦੇ ਦਿੱਤੀ। ਮਾਂ ਨੇ ਉਸ ਨੂੰ ਚਾਲੀ ਸੋਨੇ ਦੀਆਂ ਮੋਹਰਾਂ ਦਿੱਤੀਆਂ ਅਤੇ ਉਨ੍ਹਾਂ ਮੋਹਰਾਂ ਨੂੰ ਅਬਦੁਲ ਦੇ ਕੋਟ ਵਿਚ ਜੜ ਦਿੱਤਾ। ਘਰ ਤੋਂ ਵਿਦਾ ਹੋਣ ਸਮੇਂ ਅਬਦੁਲ ਦੀ ਮਾਂ ਨੇ ਉਸ ਨੂੰ ਕਿਹਾ ਕਿ, 'ਤੂੰ ਘਰ ਤੋਂ ਦੂਰ ਜਾ ਰਿਹਾ ਹੈਂ, ਤੂੰ ਆਪਣੀ ਮਾਂ ਦੀ ਸਲਾਹ ਲੈਂਦਾ ਜਾਹ ਆਪਣੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਕੇ ਵੀ ਸਦਾ ਸੱਚ ਬੋਲੀਂ, ਸੱਚ ਨੂੰ ਹੀ ਮਹਿਸੂਸ ਕਰੀਂ ਤੇ ਸੱਚ ਦਾ ਹੀ ਪ੍ਰਚਾਰ ਕਰੀਂ।'
ਅਬਦੁਲ ਬਗ਼ਦਾਦ ਲਈ ਰਵਾਨਾ ਹੋ ਗਿਆ। ਉਜਾੜ ਰਾਹਾਂ ਵਿਚ ਅਚਾਨਕ ਉਨ੍ਹਾਂ 'ਤੇ ਡਾਕੂਆਂ ਦੇ ਟੋਲੇ ਨੇ ਹਮਲਾ ਕਰ ਦਿੱਤਾ। ਅਬਦੁਲ ਦੇ ਨਾਲ 20-25 ਹੋਰ ਲੋਕ ਵੀ ਸਨ। ਡਾਕੂਆਂ ਨੇ ਬਾਕੀਆਂ ਕੋਲ ਜੋ ਕੁਝ ਵੀ ਸੀ ਲੁੱਟ ਲਿਆ ਤੇ ਅਬਦੁਲ ਵਲ ਭੋਰਾ ਧਿਆਨ ਨਾ ਦਿੱਤਾ।
ਬਾਅਦ ਵਿਚ ਇਕ ਲੁਟੇਰਾ ਅਬਦੁਲ ਵੱਲ ਮੁੜਿਆ ਤੇ ਬੋਲਿਆ, 'ਤੂੰ ਕਿਥੇ ਲੁਕਿਆ ਬੈਠਾ ਹੈਂ, ਦੱਸ ਤੇਰੇ ਕੋਲ ਕੀ ਮਾਲ ਹੈ?' ਅਬਦੁਲ ਨੇ ਜਵਾਬ ਦਿੱਤਾ, 'ਮੇਰੇ ਕੋਲ ਚਾਲੀ ਸੋਨੇ ਦੇ ਸਿੱਕੇ ਹਨ।' ਸਾਰੇ ਲੁਟੇਰੇ ਉਸ ਉਤੇ ਹੱਸਣ ਲੱਗੇ, ਫਿਰ ਜਦ ਦੂਸੇਰੇ ਲੁਟੇਰੇ ਨੇ ਵੀ ਪੁੱਛਿਆ ਤਾਂ ਵੀ ਅਬਦੁਲ ਨੇ ਇਹੀ ਉੱਤਰ ਦਿੱਤਾ ਤੇ ਕਿਹਾ ਕਿ ਚਾਲੀ ਸੋਨੇ ਦੇ ਸਿੱਕੇ ਮੇਰੀ ਮਾਂ ਨੇ ਮੇਰੇ ਕੋਟ ਵਿਚ ਜੜ੍ਹ ਦਿੱਤੇ ਹਨ। ਲੁਟੇਰਿਆਂ ਦੇ ਮੁਖੀ ਨੇ ਅਬਦੁਲ ਦਾ ਕੋਟ ਝਾੜ ਦਿੱਤਾ ਤੇ ਸੋਨੇ ਦੇ ਸਿੱਕੇ ਬਾਹਰ ਨਿਕਲ ਆਏ।
ਸਾਰੇ ਲੁਟੇਰੇ ਹੈਰਾਨ ਰਹਿ ਗਏ, ਲੁਟੇਰਿਆਂ ਦੇ ਮੁਖੀ ਨੇ ਉਸ ਤੋਂ ਪੁੱਛਿਆ ਕਿ 'ਤੂੰ ਇਹ ਸੱਚ ਕਿਉਂ ਬੋਲਿਆ?' ਤਾਂ ਅਬਦੁਲ ਨੇ ਕਿਹਾ ਕਿ ਇਹ ਤਾਂ ਸਿਰਫ਼ 40 ਸਿੱਕਿਆਂ ਦੀ ਹੀ ਗੱਲ ਹੈ, ਉਸ ਦੀ ਮਾਂ ਨੇ ਉਸ ਨੂੰ ਕਿਹਾ ਸੀ ਜ਼ਿੰਦਗੀ ਖਤਰੇ ਵਿਚ ਪਾ ਕੇ ਵੀ ਸਦਾ ਸੱਚ ਬੋਲੀਂ, ਮੈਂ ਤਾਂ ਮਾਂ ਦਾ ਕਿਹਾ ਮੰਨਿਆ ਹੈ।
ਲੁਟੇਰੇ ਸ਼ਰਮ ਨਾਲ ਝੁਕ ਗਏ ਤੇ ਉਨ੍ਹਾਂ ਦਾ ਮੁਖੀ ਰੋ ਕੇ ਕਹਿਣ ਲੱਗਾ ਕਿ ਅਸੀਂ ਤਾਂ ਆਪਣੇ ਬਾਪ ਖ਼ੁਦਾ ਦੀ ਵੀ ਨਹੀਂ ਮੰਨੀ, ਉਨ੍ਹਾਂ ਲੁਟੇਰਿਆਂ ਨੇ ਸਾਰਾ ਲੁੱਟਿਆ ਮਾਲ ਵਾਪਸ ਕਰ ਦਿੱਤਾ ਤੇ ਪ੍ਰਣ ਕੀਤਾ ਕਿ ਉਹ ਵੀ ਆਪਣੇ ਬਾਪ (ਖ਼ੁਦਾ) ਦੇ ਹੁਕਮ ਵਿਚ ਰਹਿਣਗੇ ਤੇ ਅੱਗੋਂ ਚੋਰੀ, ਠੱਗੀ ਨਹੀਂ ਕਰਨਗੇ।
ਪਿਆਰੇ ਬੱਚਿਓ, ਇਸ ਤਰ੍ਹਾਂ ਅਬਦੁਲ ਨੇ ਆਪਣੀ ਮਾਂ ਦਾ ਕਿਹਾ ਮੰਨ ਕੇ ਨਾ ਸਿਰਫ਼ ਆਪਣੇ ਸਾਥੀਆਂ ਦਾ ਸਮਾਨ ਬਚਾਇਆ ਸਗੋਂ ਕਈ ਗਲਤ ਰਸਤੇ ਪਏ ਇਨਸਾਨਾਂ (ਲੁਟੇਰਿਆਂ) ਦੀ ਜ਼ਿੰਦਗੀ ਵੀ ਬਦਲ ਦਿੱਤੀ।

-ਪਿੰਡ ਤੇ ਡਾਕ: ਢੁੱਡੀਕੇ,
ਜ਼ਿਲ੍ਹਾ ਮੋਗਾ-142053.
ਮੋਬਾਈਲ : 99146-89690.


ਖ਼ਬਰ ਸ਼ੇਅਰ ਕਰੋ

ਜੀਵਨ ਦੀ ਬਸੰਤ

ਆ ਅੰਬਰਾਂ ਵਿਚ ਡਾਰੀ ਲਾਈਏ,
ਜੀਵਨ ਇਕ ਪਤੰਗ ਬਣਾਈਏ।
ਕੱਸ ਕੇ ਇਹਦੇ ਡੋਰਾਂ ਪਾਈਏ,
ਮਿਹਨਤ ਦੇ ਨਾਲ ਲੁੱਡੀਆਂ ਪਾਈਏ।
ਕੰਮਕਾਰ ਨਿੱਤਨੇਮ ਬਣਾਈਏ,
ਸੋਹਣਾ ਇਕ ਸੰਸਾਰ ਵਸਾਈਏ।
ਅਧਿਆਪਕ ਦੀ ਗੱਲ ਪੱਲੇ ਪਾਈਏ,
ਪੈਰੀਂ ਹੱਥ ਮਾਪਿਆਂ ਦੇ ਲਾਈਏ।
ਚੰਗਾ ਸਾਹਿਤ ਅਧਾਰ ਬਣਾਈਏ,
ਲੱਚਰਤਾ ਦੇ ਨੇੜ ਨਾ ਜਾਈਏ।
ਜੀਵਨ ਬਾਗ ਬਸੰਤ ਬਣਾਈਏ,
ਚੰਗੇ ਅੰਕ ਲੈ ਮਾਣ ਵਧਾਈਏ।
ਉੱਚੀਆਂ ਮੰਜ਼ਿਲਾਂ ਪਾਉਂਦੇ ਜਾਈਏ,
ਹਰ ਮੁਸ਼ਕਿਲ ਨੂੰ ਕੱਟ ਭਜਾਈਏ।
ਪਿਆਰ ਤੰਦਾਂ ਦੀ ਡੋਰ ਵਟਾਈਏ,
ਟੁੱਟੀਆਂ ਡੋਰਾਂ ਗੰਢ ਲਿਆਈਏ।
ਨਵੀਆਂ ਕਾਢਾਂ ਖੋਜ ਦਿਖਾਈਏ,
ਦੇਸ਼ ਮੇਰੇ ਦਾ ਨਾਂਅ ਚਮਕਾਈਏ।
ਦਿਲ 'ਚੋਂ ਵੈਰ ਵਿਰੋਧ ਮੁਕਾਈਏ,
'ਸਿੱਧੂ' ਵਾਂਗੂ ਹੱਸੀਏ ਗਾਈਏ।

-ਸੁਖਵਿੰਦਰ ਕੌਰ ਸਿੱਧੂ
ਸੰਗਰੂਰ। ਮੋਬਾ: 94654-34177.

ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਕਿਉਂ ਅਤੇ ਕਿਵੇਂ ਹੁੰਦੀ ਹੈ?

ਬੱਚਿਓ, ਕੀ ਤੁਸੀਂ ਜਾਣਦੇ ਹੋ ਕਿ ਠੰਢ ਦੇ ਦਿਨਾਂ ਵਿਚ ਪਹਾੜੀ ਇਲਾਕਿਆਂ ਵਿਚ ਆਸਮਾਨ ਤੋਂ ਚਿੱਟੇ ਰੂੰ ਵਰਗੀ ਬਰਫ਼ ਕਿਉਂ ਅਤੇ ਕਿਵੇਂ ਡਿਗਦੀ ਹੈ? ਆਓ, ਇਸ ਬਾਰੇ ਜਾਣੀਏ:
ਤੁਸੀਂ ਆਪਣੀ ਸਾਇੰਸ ਦੀ ਕਿਤਾਬ ਵਿਚ ਜਲ ਚੱਕਰ (ਵਾਟਰ ਸਾਈਕਲ) ਪ੍ਰਕਿਰਿਆ ਦੇ ਬਾਰੇ ਵਿਚ ਪੜ੍ਹਿਆ ਹੋਵੇਗਾ। ਇਸ ਪ੍ਰਕਿਰਿਆ ਵਿਚ ਸੂਰਜ ਦੀ ਗਰਮੀ ਦੇ ਕਾਰਨ ਨਦੀਆਂ, ਸਮੁੰਦਰਾਂ, ਤਲਾਬਾਂ, ਝੀਲਾਂ ਆਦਿ ਦਾ ਪਾਣੀ ਬਾਰੀਕ ਬੂੰਦਾਂ ਵਿਚ ਬਦਲ ਕੇ ਬਲਕਿ ਵਾਸ਼ਪੀਕਰਨ ਹੋ ਕੇ ਉੱਪਰ ਵਾਯੂਮੰਡਲ ਵਿਚ ਚਲਿਆ ਜਾਂਦਾ ਹੈ। ਵਾਯੂਮੰਡਲ ਵਿਚ ਇਹੋ ਜਿਹੀਆਂ ਅਣਗਿਣਤ ਬੂੰਦਾਂ ਇਕੱਠੀਆਂ ਹੋ ਕੇ ਬੱਦਲ ਦਾ ਰੂਪ ਲੈ ਲੈਂਦੀਆਂ ਹਨ ਪਰ ਕਈ ਵਾਰ ਇਹ ਬੱਦਲ ਵਾਯੂਮੰਡਲ ਵਿਚ ਜ਼ਿਆਦਾ ਉੱਪਰ ਜਾ ਕੇ ਬਣਦੇ ਹਨ।
ਉਥੋਂ ਦਾ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਪਾਣੀ ਦੀਆਂ ਬਾਰੀਕ ਬੂੰਦਾਂ ਸਨੋਫਲੇਕਸ ਵਿਚ ਬਦਲ ਜਾਂਦੀਆਂ ਹਨ। ਹਵਾ ਦੇ ਮੁਕਾਬਲੇ ਸਨੋ ਫਲੇਕਸ ਦਾ ਵਜ਼ਨ ਵੱਧ ਹੋਣ ਨਾਲ ਇਹ ਥੱਲੇ ਧਰਤੀ ਦੇ ਵੱਲ ਡਿਗਣ ਲਗਦੇ ਹਨ। ਡਿਗਦੇ ਸਮੇਂ ਸਨੋ ਫਲੇਕਸ ਇਕ-ਦੂਜੇ ਨਾਲ ਟਕਰਾਉਂਦੇ ਹਨ, ਜਿਸ ਨਾਲ ਇਹ ਆਪਸ ਵਿਚ ਜੜ੍ਹ ਕੇ ਰੂੰ ਦੇ ਨਿੱਕੇ-ਨਿੱਕੇ ਫੰਬਿਆਂ ਵਰਗੇ ਆਕਾਰ ਵਿਚ ਡਿੱਗਣ ਲਗਦੇ ਹਨ। ਇਸ ਨੂੰ ਹੀ ਸਨੋ ਫਾਲਿੰਗ ਕਹਿੰਦੇ ਹਨ।
ਕਈ ਵਾਰ ਐਨੀ ਸਨੋ ਫਾਲਿੰਗ ਹੁੰਦੀ ਹੈ ਕਿ ਧਰਤੀ 'ਤੇ ਬਰਫ਼ ਦੀ ਚਿੱਟੀ ਚਾਦਰ ਵਿਛ ਜਾਂਦੀ ਹੈ। ਹੁਣ ਤੁਹਾਡੇ ਮਨ ਵਿਚ ਇਹ ਖਿਆਲ ਵੀ ਆ ਰਿਹਾ ਹੋਵੇਗਾ ਕਿ ਬਰਫ਼ਬਾਰੀ ਸਿਰਫ਼ ਕੁਝ ਪਹਾੜੀ ਇਲਾਕਿਆਂ ਵਿਚ ਹੀ ਕਿਉਂ ਹੁੰਦੀ ਹੈ? ਮੈਦਾਨੀ ਇਲਾਕਿਆਂ ਵਿਚ ਕਿਉਂ ਨਹੀਂ ਹੁੰਦੀ? ਦਰਅਸਲ ਬਰਫ਼ਬਾਰੀ ਜ਼ਿਆਦਾ ਉਨ੍ਹਾਂ ਇਲਾਕਿਆਂ 'ਤੇ ਹੁੰਦੀ ਹੈ ਜੋ ਜਗ੍ਹਾ ਭੂਮੱਧ ਰੇਖਾ ਤੋਂ ਦੂਰ ਅਤੇ ਬਹੁਤ ਉਚਾਈ 'ਤੇ ਹੁੰਦੀ ਹੈ। ਇਸੇ ਕਾਰਨ ਉਥੋਂ ਦਾ ਤਾਪਮਾਨ ਘੱਟ ਹੁੰਦਾ ਹੈ ਅਤੇ ਪਾਣੀ ਦੀਆਂ ਬੂੰਦਾਂ ਬਰਫ਼ ਵਿਚ ਆਸਾਨੀ ਨਾਲ ਬਦਲ ਜਾਂਦੀਆਂ ਹਨ।

-ਪਿੰਡ ਰਾਮਗੜ੍ਹ, ਡਾਕ: ਫਿਲੌਰ-144410. ਜ਼ਿਲ੍ਹਾ ਜਲੰਧਰ।
ਮੋਬਾਈਲ : 94631-61691.

ਗਿਆਨ ਦੀਆਂ ਬਾਤਾਂ-ਗਰਮ ਚਾਹ ਜਾਂ ਦੁੱਧ 'ਤੇ ਪਪੜੀ ਕਿਉਂ ਜੰਮਦੀ ਹੈ?

ਪਿਆਰੇ ਬੱਚਿਓ, ਅੱਜਕਲ੍ਹ ਠੰਢ ਦਾ ਮੌਸਮ ਚੱਲ ਰਿਹਾ ਹੈ ਤੇ ਇਸ ਮੌਸਮ ਵਿਚ ਤੁਹਾਡੇ ਮਾਤਾ ਜੀ ਤੁਹਾਨੂੰ ਗਰਮ ਕੱਪੜੇ ਪਹਿਨਾਉਣ ਦੇ ਨਾਲ-ਨਾਲ ਗਰਮ-ਗਰਮ ਚਾਹ ਜਾਂ ਦੁੱਧ ਦਾ ਕੱਪ ਪੀਣ ਲਈ ਜ਼ਰੂਰ ਦਿੰਦੇ ਹੋਣਗੇ ਤੇ ਚਾਹ ਜਾਂ ਦੁੱਧ ਪੀਂਦੇ ਸਮੇਂ ਤੁਸੀਂ ਵੇਖਿਆ ਹੋਵੇਗਾ ਕਿ ਚਾਹ ਜਾਂ ਦੁੱਧ ਦੀ ਉੱਪਰਲੀ ਸਤ੍ਹਾ ਉੱਤੇ ਪਪੜੀ ਜੰਮ ਜਾਂਦੀ ਹੈ। ਆਓ ਜਾਣੀਏ ਕਿ ਇਹ ਪਪੜੀ ਬਣਦੀ ਕਿਵੇਂ ਹੈ? ਦੁੱਧ ਦੇ ਅੰਦਰ ਅਸਲ ਵਿਚ ਐਲਬੂਮਿਨ ਨਾਮਕ ਪ੍ਰੋਟੀਨ ਹੁੰਦਾ ਹੈ, ਜੋ ਗਰਮ ਹੋਣ 'ਤੇ ਥੱਕਾ ਬਣਾਉਂਦਾ ਹੈ। ਇਹ ਥੱਕੇ ਵਾਲਾ ਐਲਬੂਮਿਨ ਪ੍ਰੋਟੀਨ ਦੂਜੇ ਕਣਾਂ ਨਾਲੋਂ ਹਲਕਾ ਹੋਣ ਕਰਕੇ ਦੁੱਧ ਜਾਂ ਚਾਹ ਦੀ ਉੱਪਰਲੀ ਸਤ੍ਹਾ 'ਤੇ ਆ ਜਾਂਦਾ ਹੈ ਤੇ ਇਕ ਪਤਲੀ ਜਿਹੀ ਪਰਤ ਬਣਾ ਦਿੰਦਾ ਹੈ, ਜੋ ਚਮਚ ਨਾਲ ਹਿਲਾਏ ਜਾਣ 'ਤੇ ਦੁਬਾਰਾ ਘੁਲ ਜਾਂਦੀ ਹੈ।

ਨਹਾਉਣ ਪਿੱਛੋਂ ਕਿਉਂ ਮਹਿਸੂਸ ਹੁੰਦੀ ਹੈ ਠੰਢਕ?

ਬੱਚਿਓ, ਮੌਸਮ ਦੀ ਲੋੜ ਅਨੁਸਾਰ ਠੰਢੇ ਜਾਂ ਗਰਮ ਪਾਣੀ ਨਾਲ ਨਹਾ ਲੈਣਾ ਚਾਹੀਦਾ ਹੈ। ਆਓ ਅੱਜ ਜਾਣੀਏ ਕਿ ਨਹਾਉਣ ਪਿੱਛੋਂ ਸਰੀਰ ਨੂੰ ਠੰਢਕ ਦਾ ਅਹਿਸਾਸ ਕਿਉਂ ਹੁੰਦਾ ਹੈ? ਪਾਣੀ ਦਾ ਵਾਸ਼ਪੀਕਰਨ ਵਿਗਿਆਨ ਅਨੁਸਾਰ ਪਾਣੀ ਦੇ ਸਬੰਧ ਵਿਚ ਹੋਣ ਵਾਲੀ ਇਕ ਕੁਦਰਤੀ ਪ੍ਰਕਿਰਿਆ ਹੈ ਪਰ ਹਵਾ ਲੱਗਣ 'ਤੇ ਵਾਸ਼ਪੀਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਹੋਣ ਲੱਗ ਜਾਂਦੀ ਹੈ ਤੇ ਇਸ ਦੌਰਾਨ ਸਰੀਰ ਦੀ ਗਰਮੀ ਤੇਜ਼ ਗਤੀ ਨਾਲ ਖ਼ਰਚ ਹੋ ਜਾਂਦੀ ਹੈ ਤੇ ਸਰੀਰ ਦਾ ਤਾਪਮਾਨ ਹੇਠਾਂ ਡਿਗ ਪੈਂਦਾ ਹੈ, ਜਿਸ ਕਰਕੇ ਸਾਨੂੰ ਠੰਢਕ ਮਹਿਸੂਸ ਹੋਣ ਲੱਗ ਜਾਂਦੀ ਹੈ।

ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ। ਮੋਬਾ: 97816-46008

ਬਾਲ ਨਾਵਲ-17 ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਸਾਰੇ ਕਾਰ 'ਚੋਂ ਵਾਰੀ-ਵਾਰੀ ਉਤਰਨ ਲੱਗੇ। ਨਾਨਾ ਜੀ, ਛੋਟੇ ਬੱਚਿਆਂ ਦੀ ਕਾਰ ਕੋਲ ਪਹਿਲਾਂ ਗਏ। ਚਾਰੇ ਬੱਚੇ ਉਤਰਦੇ ਹੀ ਨਾਨਾ ਜੀ ਨੂੰ ਚਿੰਬੜ ਗਏ। ਉਨ੍ਹਾਂ ਨੇ ਸਾਰਿਆਂ ਨੂੰ ਘੁੱਟ ਕੇ ਪਿਆਰ ਕਰਦਿਆਂ ਪੁੱਛਿਆ, 'ਮੈਂ ਤੁਹਾਨੂੰ ਸਵੇਰ ਦਾ ਉਡੀਕਦਾ ਪਿਆਂ ਤੇ ਤੁਸੀਂ ਆਉਂਦਿਆਂ-ਆਉਂਦਿਆਂ ਹੀ ਸ਼ਾਮ ਪਾ ਦਿੱਤੀ।
'ਨਾਨਾ ਜੀ, ਐਹ ਤੁਸੀਂ ਮੰਮੀ-ਪਾਪਾ ਨੂੰ ਪੁੱਛੋ, ਜਿਨ੍ਹਾਂ ਨੇ ਦੇਰ ਕਰਵਾਈ ਐ। ਸਾਡਾ ਇਸ ਵਿਚ ਕੋਈ ਕਸੂਰ ਨਹੀਂ।'
ਐਨੀ ਦੇਰ ਵਿਚ ਸਾਰੇ ਵੱਡੇ ਵੀ ਆਪਣੇ ਪਾਪਾ ਜੀ ਕੋਲ ਆ ਕੇ ਮਿਲਣ ਲੱਗ ਪਏ। ਸਾਰਿਆਂ ਨੂੰ ਮਿਲ ਕੇ ਨਾਨਾ ਜੀ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਅੱਥਰੂ ਆ ਗਏ। ਅੱਖਾਂ ਪੂੰਝਦਿਆਂ ਉਹ ਐਨਾ ਹੀ ਕਹਿ ਸਕੇ, 'ਬੜੇ ਸਾਲਾਂ ਪਿੱਛੋਂ ਸਾਰਾ ਪਰਿਵਾਰ 'ਕੱਠਾ ਹੋਇਐ।'
'ਪਾਪਾ ਜੀ, ਤੁਸੀਂ ਜਦੋਂ ਕਹੋਗੇ, ਅਸੀਂ ਆ ਜਾਇਆ ਕਰਾਂਗੇ', ਰਹਿਮਤ ਅਤੇ ਅਸੀਸ ਨੇ ਪਾਪਾ ਜੀ ਨੂੰ ਜੱਫ਼ੀ ਪਾਉਂਦਿਆਂ ਕਿਹਾ।
'ਚਲੋ, ਪਹਿਲਾਂ ਅੰਦਰ ਚਲੋ। ਤੁਹਾਡੇ ਬੀਜੀ ਵੀ ਸਵੇਰ ਦੇ ਤੁਹਾਨੂੰ ਉਡੀਕ ਰਹੇ ਨੇ।'
'ਸਾਮਾਨ ਕੱਢ ਲਈਏ ਪਹਿਲਾਂ?' ਇੰਦਰਪ੍ਰੀਤ ਨੇ ਪਾਪਾ ਜੀ ਨੂੰ ਪੁੱਛਿਆ।
'ਕੋਈ ਨਹੀਂ, ਆ ਜਾਓ ਤੁਸੀਂ। ਸਾਮਾਨ ਬਾਅਦ ਵਿਚ ਕੱਢ ਲਵਾਂਗੇ।'
ਸਾਰੇ ਘਰ ਦੇ ਅਗਲੇ ਪਾਸੇ ਵੱਲ ਤੁਰ ਪਏ। ਬੀਜੀ ਬਰਾਂਡੇ ਵਿਚ ਹੀ ਮੰਜਾ ਡਾਹ ਕੇ ਬੈਠੇ ਸਨ। ਸਾਰਿਆਂ ਨੂੰ ਆਉਂਦਿਆਂ ਵੇਖ ਕੇ ਬੀਜੀ ਮੰਜੇ ਤੋਂ ਉੱਠ ਪਏ। ਉਨ੍ਹਾਂ ਨੇ ਸਾਰਿਆਂ ਨੂੰ ਘੁੱਟ ਕੇ ਪਿਆਰ ਕੀਤਾ ਅਤੇ ਅੰਦਰ ਚੱਲ ਕੇ ਬੈਠਣ ਨੂੰ ਕਿਹਾ।
ਸਾਰੇ ਅੰਦਰ ਵੱਡੇ ਕਮਰੇ ਵਿਚ ਚਲੇ ਗਏ, ਜਿਥੇ ਬੜੇ ਸੋਹਣੇ ਢੰਗ ਨਾਲ ਕੁਰਸੀਆਂ ਪਈਆਂ ਸਨ। ਵਿਚਕਾਰ ਇਕ ਮੇਜ਼ ਪਿਆ ਸੀ। ਕੰਧ ਦੇ ਨਾਲ ਇਕ ਦੀਵਾਨ ਡੱਠਾ ਹੋਇਆ ਸੀ। ਉਸ ਉੱਪਰ ਬਿਸਤਰਾ ਵਿਛਿਆ ਹੋਇਆ ਸੀ ਅਤੇ ਢੋਹ ਲਾਉਣ ਲਈ ਤਿੰਨ ਗੱਦੀਆਂ ਵੀ ਪਈਆਂ ਸਨ। ਸਾਰਿਆਂ ਦੇ ਪਿੱਛੇ-ਪਿੱਛੇ ਬੀਜੀ ਵੀ ਆ ਗਏ। ਅੰਦਰ ਆ ਕੇ ਬੀਜੀ ਨੇ ਛੋਟੇ ਬੱਚਿਆਂ ਨੂੰ ਇਕ ਵਾਰੀ ਫੇਰ ਘੁੱਟ ਕੇ ਜੱਫੀ ਪਾਈ ਅਤੇ ਸਾਰਿਆਂ ਨੂੰ ਕੁਝ ਖਾਣ-ਪੀਣ ਲਈ ਪੁੱਛਿਆ।
'ਅਜੇ ਤੇ ਬੀਜੀ ਕੁਝ ਨਹੀਂ ਲੈਣਾ। ਰੋਟੀ ਖਾ ਕੇ ਨਾਲ ਹੀ ਚਾਹ ਪੀ ਕੇ ਤੁਰ ਪਏ ਹਾਂ', ਰਹਿਮਤ ਨੇ ਜਵਾਬ ਦਿੱਤਾ।
'ਚਲ ਤੂੰ ਐਸ ਤਰ੍ਹਾਂ ਕਰ, ਥੋੜ੍ਹੀ ਸ਼ਿਕੰਜਵੀ ਬਣਾ ਲਿਆ। ਗਰਮੀ ਵਿਚ ਤਾਂ ਝੱਟ ਹੀ ਪਿਆਸ ਲੱਗ ਜਾਂਦੀ ਐ', ਕੋਲ ਬੈਠੇ ਨਾਨਾ ਜੀ ਨੇ ਸਲਾਹ ਦਿੱਤੀ।
'ਐਹ ਠੀਕ ਐ', ਨਾਨਾ ਜੀ ਦੀ ਸਲਾਹ ਸਭ ਨੂੰ ਪਸੰਦ ਆ ਗਈ।
ਬੀਜੀ ਉੱਠ ਕੇ ਰਸੋਈ ਵੱਲ ਤੁਰ ਪਏ। ਰਹਿਮਤ ਅਤੇ ਅਸੀਸ ਵੀ ਬੀਜੀ ਦੇ ਪਿੱਛੇ ਤੁਰ ਪਈਆਂ। ਬੱਚੇ ਪਹਿਲਾਂ ਹੀ ਦੂਸਰੇ ਕਮਰੇ ਵਿਚ ਚਲੇ ਗਏ ਸਨ।
'ਐਤਕੀਂ ਤੁਸੀਂ ਬੜੀ ਹੀ ਦੇਰ ਪਿੱਛੋਂ ਆਏ ਹੋ', ਨਾਨਾ ਜੀ ਨੇ ਇੰਦਰਪ੍ਰੀਤ ਅਤੇ ਜਗਮੀਤ ਦੋਹਾਂ ਬੇਟਿਆਂ (ਜਵਾਈਆਂ) ਨੂੰ ਕਿਹਾ।
'ਬਸ ਪਾਪਾ ਜੀ, ਕੰਮ-ਕਾਰ ਵਿਚੋਂ ਵਿਹਲ ਈ ਨਹੀਂ ਲੱਗਦੀ',
ਇੰਦਰਪ੍ਰੀਤ ਨੇ ਆਪਣੀ ਮਜਬੂਰੀ ਦੱਸੀ।
'ਵਿਹਲ ਤੇ ਕੱਢਿਆਂ ਹੀ ਨਿਕਲਦੀ ਐ। ਕਿਸੇ ਛੁੱਟੀ ਵਾਲੇ ਦਿਨ ਹੀ ਪ੍ਰੋਗਰਾਮ ਬਣਾ ਲਿਆ ਕਰੋ', ਨਾਨਾ ਜੀ ਨੇ ਸਲਾਹ ਦਿੱਤੀ।
'ਛੁੱਟੀ ਵਾਲੇ ਦਿਨ ਤਾਂ ਪਾਪਾ ਜੀ, ਸਗੋਂ ਵੱਧ ਰੁਝੇਵੇਂ ਹੁੰਦੇ ਨੇ', ਇੰਦਰਪ੍ਰੀਤ ਆਪਣੀ ਸਫ਼ਾਈ ਦੇ ਰਿਹਾ ਸੀ।
'ਪਾਪਾ ਜੀ, ਤੁਸੀਂ ਮੈਨੂੰ ਨਹੀਂ ਕਹਿ ਸਕਦੇ। ਮੈਂ ਤਾਂ ਪਿੱਛੇ ਜਿਹੇ ਹੀ ਚੱਕਰ ਮਾਰ ਕੇ ਗਿਆ ਸਾਂ', ਐਦਕੀਂ ਜਗਮੀਤ ਬੋਲਿਆ।
'ਐਸ ਗੱਲ ਨੂੰ ਵੀ ਦੋ ਮਹੀਨੇ ਹੋ ਗਏ ਨੇ। ਉਹ ਵੀ ਸਿਰਫ਼ ਦੋ ਘੰਟਿਆਂ ਲਈ, ਕਿਉਂਕਿ ਤੂੰ ਅੰਮ੍ਰਿਤਸਰ ਯੂਨੀਵਰਸਿਟੀ ਆਪਣੇ ਕਾਲਜ ਦੇ ਕਿਸੇ ਕੰਮ ਆਇਆ ਸੈਂ।'
'ਠੀਕ ਐ ਪਾਪਾ ਜੀ, ਅੱਗੇ ਤੋਂ ਜਲਦੀ-ਜਲਦੀ ਆਇਆ ਕਰਾਂਗੇ', ਜਗਮੀਤ ਨੇ ਪਾਪਾ ਜੀ ਦਾ ਦਿਲ ਰੱਖਣ ਲਈ ਕਿਹਾ।
ਇੰਦਰਪ੍ਰੀਤ ਵੀ ਕੁਝ ਕਹਿਣ ਲੱਗਾ ਸੀ ਪਰ ਐਨੀ ਦੇਰ ਵਿਚ ਅਸੀਸ ਸ਼ਿਕੰਜਵੀ ਦੇ ਗਲਾਸਾਂ ਵਾਲੀ ਟ੍ਰੇੇਅ ਅਤੇ ਰਹਿਮਤ ਸ਼ਿਕੰਜਵੀ ਵਾਲਾ ਜੱਗ ਅਤੇ ਬਿਸਕੁਟਾਂ ਵਾਲੀ ਪਲੇਟ ਲੈ ਆਈ। ਨਾਨੀ ਜੀ ਨੇ ਬੱਚਿਆਂ ਨੂੰ ਆਵਾਜ਼ ਮਾਰੀ ਤਾਂ ਉਹ ਵੀ ਨੱਚਦੇ-ਭੁੜਕਦੇ ਆ ਗਏ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

ਮੋਬਾਈਲ : 98889-24664

ਚਿੜੀਆਂ

ਚੀਂ ਚੀਂ ਕਰਦੀਆਂ ਕਿੱਥੇ ਗਈਆਂ?
ਕਿਧਰੇ ਵੀ ਨਾ ਦਿਸਦੀਆਂ ਪਈਆਂ?
ਪਾਣੀ ਰੱਖਿਆ ਹੈ ਮੈਂ ਭਰ ਕੇ।
ਪੀ ਜਾਵਣ ਉਹ ਇਕ ਇਕ ਕਰ ਕੇ।
ਜਾਂ ਅੰਮੀਏ ਉਹ ਡਰ ਨੇ ਗਈਆਂ,
ਜਾਂ ਫਿਰ ਕਿਧਰੇ ਮਰ ਨੇ ਗਈਆਂ।
ਨਹੀਂ ਤਾਂ ਚੋਗਾ ਚੁਗਦੀਆਂ ਆ ਕੇ,
ਰੱਖਿਆ ਵਿਹੜੇ ਵਿਚ ਖਿੰਡਾ ਕੇ।
ਚਿੜੀਆਂ ਬਾਝੋਂ ਚਾਰ ਚੁਫੇਰਾ
ਕਿਧਰੇ ਦਿਲ ਨਹੀਂ ਲਗਦਾ ਮੇਰਾ।
ਫੋਨ ਲਗਾ ਕੇ ਗੱਲ ਸਮਝਾਓ,
ਮੰਮੀ ਚਿੜੀਆਂ ਨੂੰ ਬੁਲਾਓ।

-ਕਮਲਜੀਤ ਨੀਲੋਂ
ਨੀਲੋਂ ਕਲਾਂ, ਲੁਧਿਆਣਾ। ਮੋਬਾਈਲ : 94174-68668

ਬਾਲ ਸਾਹਿਤ ਤੋਤਲੇ ਬੋਲਾਂ ਦਾ ਪ੍ਰਗਟਾਵਾ ਕਰਦੀਆਂ ਬਾਲ ਪੁਸਤਕਾਂ

ਬੱਚਿਆਂ ਦੇ ਤੋਤਲੇ ਬੋਲਾਂ ਦਾ ਸਹਿਜ-ਸੁਭਾਵਿਕ ਪ੍ਰਗਟਾਵਾ ਕਰਦੀਆਂ ਕੁਝ ਨਵੀਆਂ ਅਤੇ ਦਿਲਚਸਪ ਪੁਸਤਕਾਂ ਛਪੀਆਂ ਹਨ। ਪਹਿਲੀ ਪੁਸਤਕ ਪ੍ਰਗਟ ਸਿੰਘ ਮਹਿਤਾ ਰਚਿਤ ਕਾਵਿ ਸੰਗ੍ਰਹਿ 'ਛੁੱਕ-ਛੁੱਕ ਕਰਦੀ ਸਾਡੀ ਰੇਲ' ਹੈ। ਇਸ ਵਿਚਲੀਆਂ ਨਰਸਰੀ ਕਵਿਤਾਵਾਂ ਪੰਜ ਤੋਂ ਅੱਠ ਸਾਲਾਂ ਦੇ ਆਯੂ-ਗੁੱਟ ਦੇ ਬਾਲਾਂ ਦੇ ਸੁਪਨੇ, ਸੱਧਰਾਂ ਅਤੇ ਕਲਪਨਾ ਨੂੰ ਬਿਆਨਦੀਆਂ ਹਨ। ਚੌਗਿਰਦੇ ਨਾਲ ਸੰਬੰਧਤ ਲਗਭਗ ਹਰ ਵਿਸ਼ਾ ਵਸਤੂ ਇਨ੍ਹਾਂ ਕਵਿਤਾਵਾਂ ਵਿਚ ਸਮੋਣ ਦਾ ਯਤਨ ਕੀਤਾ ਗਿਆ ਹੈ। ਸੰਗਮ ਪਬਲੀਕੇਸ਼ਨਜ਼ ਸਮਾਣਾ ਵਲੋਂ ਛਪੀ ਇਸ ਪੁਸਤਕ ਦੀ ਕੀਮਤ 90 ਰੁਪਏ ਹੈ ਅਤੇ ਪੰਨੇ 40 ਹਨ।
ਖ਼ੁਸ਼ਪ੍ਰੀਤ ਰਚਿਤ ਪੁਸਤਕ 'ਪੁਲਿਸ ਸਾਡੀ ਦੋਸਤ' ਵਿਚ ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜਸ਼ੈਲੀ ਬਾਰੇ ਉਦਾਹਰਣਾਂ ਸਮੇਤ ਦਿਲਚਸਪ ਢੰਗ ਨਾਲ ਸਮਝਾਇਆ ਗਿਆ ਹੈ। ਥਾਣੇਦਾਰ ਇਕਬਾਲ ਸਿੰਘ ਤੇ ਉਨ੍ਹਾਂ ਦੀ ਸਹਾਇਕ ਸਿਪਾਹੀ ਗੁਰਜੀਤ ਕੌਰ ਵਿਦਿਆਰਥੀਆਂ ਨੂੰ ਸੁਆਲ ਕਰਦੇ ਹਨ ਅਤੇ ਵਿਦਿਆਰਥੀਆਂ ਵਲੋਂ ਕੀਤੇ ਸੁਆਲਾਂ ਦਾ ਜਵਾਬ ਵੀ ਦਿੰਦੇ ਹਨ। ਸੁਰੱਖਿਆ ਦੀ ਦ੍ਰਿਸ਼ਟੀ ਤੋਂ ਇਹ ਪੁਸਤਕ ਪਾਠਕਾਂ ਦੀ ਅਗਵਾਈ ਕਰਦੀ ਹੈ। ਰੰਗਦਾਰ ਚਿੱਤਰ ਗੁਰਦੇਵ ਸਿੰਘ ਆਰਟਿਸਟ ਨੇ ਬਣਾਏ ਹਨ। ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਵਲੋਂ ਛਪੀ ਇਸ ਪੁਸਤਕ ਦੀ ਕੀਮਤ 120 ਰੁਪਏ ਹੈ ਅਤੇ ਪੰਨੇ 32 ਹਨ।
'ਅੱਖਰਾਂ ਦੀ ਮੀਟਿੰਗ' ਪੁਸਤਕ ਵਿਚ ਮਹਿੰਦਰ ਸਿੰਘ ਮਾਨੂੰਪੁਰੀ ਨੇ ਬਾਲ ਪਾਠਕਾਂ ਨੂੰ ਵਿੱਦਿਆ ਦੇ ਮਹੱਤਵ ਬਾਰੇ ਚਾਨਣਾ ਪਾਉਣ ਦੇ ਨਾਲ ਨਾਲ ਮਰਿਆਦਾ-ਪਾਲਣ ਦਾ ਉਪਦੇਸ਼ ਦਿੱਤਾ ਹੈ। 'ਕਿਤਾਬਾਂ', 'ਸ਼ਕਤੀਸ਼ਾਲੀ ਪੈੱਨ' ਅਤੇ 'ਅੱਖਰਾਂ ਦੀ ਮੀਟਿੰਗ' ਕਵਿਤਾਵਾਂ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ। ਦੂਜੇ ਪਾਸੇ 'ਬਾਬਾ ਬੋਹੜ ਨੂੰ', 'ਸੁਹਣੇ ਲੱਗਦੇ ਸਵੇਰੇ', 'ਮੁੜ ਆਈਆਂ ਚਿੜੀਆਂ' ਅਤੇ 'ਅਸੀਂ ਪੰਛੀ ਰੰਗ ਬਰੰਗੇ ਹਾਂ' ਆਦਿ ਲੈਆਤਮਕ ਕਵਿਤਾਵਾਂ ਕੁਦਰਤੀ ਸੁਹੱਪਣ ਦਾ ਪ੍ਰਗਟਾਵਾ ਕਰਦੀਆਂ ਹਨ। ਐਵਿਸ ਪਬਲੀਕੇਸ਼ਨਜ਼ ਦਿੱਲੀ ਵਲੋਂ ਛਾਪੀ ਇਸ ਪੁਸਤਕ ਦੀ ਕੀਮਤ 125 ਰੁਪਏ ਹੈ ਅਤੇ ਪੰਨੇ 48 ਹਨ।
'ਵਿਕਾਸ ਰਿਸ਼ਮਾਂ' ਕਾਵਿ-ਪੁਸਤਕ ਵਿਕਾਸ ਵਰਮਾ ਦੀ ਲਿਖੀ ਹੋਈ ਹੈ ਜਿਸ ਵਿਚ ਕਵੀ ਨੇ ਬੱਚਿਆਂ ਨੂੰ ਖੇਡ-ਵਿਧੀ ਦੁਆਰਾ ਸਤਰੰਗੀ ਪੀਂਘ, ਓਜ਼ੋਨ ਪਰਤ, ਚੁੰਬਕ, ਸੂਰਜ, ਚੰਨ, ਚੰਨ ਗ੍ਰਹਿਣ ਆਦਿ ਦੇ ਨਾਲ ਨਾਲ ਫੇਫੜੇ, ਗੁਰਦੇ, ਮਿਹਦਾ, ਆਂਦਰਾ, ਦਿਲ, ਦਿਮਾਗ਼ ਆਦਿ ਸਰੀਰਕ ਅੰਗਾਂ ਬਾਰੇ ਵਿਗਿਆਨਕ ਜਾਣਕਾਰੀ ਪ੍ਰਦਾਨ ਕੀਤੀ ਹੈ। ਵਿਗਿਆਨਕ ਬੁਝਾਰਤਾਂ ਦੁਆਰਾ ਵੀ ਬਾਲ ਪਾਠਕਾਂ ਦੀ ਚੇਤਨਾ ਦੀ ਪਰਖ ਕੀਤੀ ਗਈ ਹੈ। ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਜ਼ਰੂਰ ਅੱਖਰਦੀਆਂ ਹਨ। ਹਜ਼ੂਰੀਆ ਐਂਡ ਸੰਨਜ਼, ਜਲੰਧਰ ਵਲੋਂ ਛਾਪੀ ਇਸ ਪੁਸਤਕ ਦੀ ਕੀਮਤ 100 ਰੁਪਏ ਹੈ ਅਤੇ ਪੰਨੇ 32 ਹਨ।
ਅਮਰੀਕ ਹਮਰਾਜ਼ ਨੇ 'ਪੀਜ਼ਾ ਅਤੇ ਪਰੌਂਠਾ' ਪੁਸਤਕ ਵਿਚ ਬਾਲ ਗੀਤਾਂ ਦੀ ਸਿਰਜਣਾ ਕੀਤੀ ਹੈ। ਇਹ ਗੀਤ ਦੇਸ਼-ਭਗਤੀ, ਕੁਰਬਾਨੀ ਅਤੇ ਸਭਿਆਚਾਰਕ-ਜਜ਼ਬਿਆਂ ਨੂੰ ਉਭਾਰਦੇ ਹਨ। 'ਛਿੰਝ ਦਾ ਮੇਲਾ', 'ਦੇਸ਼ ਭਗਤੀ', 'ਪੀਜ਼ਾ ਅਤੇ ਪਰੌਂਠਾ' ਅਤੇ 'ਚੰਦ ਅਤੇ ਤਾਰਾ' ਰਚਨਾਵਾਂ ਖ਼ਾਸ ਆਕਰਸ਼ਣ ਪੈਦਾ ਕਰਦੀਆਂ ਹਨ ਪਰੰਤੂ ਸ਼ਾਬਦਿਕ-ਗ਼ਲਤੀਆਂ ਦੀ ਬਹੁਤਾਤ ਮਜ਼ਾ ਕਿਰਕਿਰਾ ਵੀ ਕਰਦੀ ਹੈ। ਬਾਲ-ਸਾਹਿਤ ਦਾ ਇਕ ਮਕਸਦ ਬੱਚੇ ਨੂੰ ਭਾਸ਼ਾ ਦਾ ਸਹੀ ਗਿਆਨ ਦੇਣਾ ਵੀ ਹੈ। ਫਿਰ ਵੀ ਇਹ ਪੁਸਤਕ ਸਮਾਜ ਦੇ ਭਿੰਨ ਭਿੰਨ ਪੱਖਾਂ ਨੂੰ ਸੋਹਣੇ ਢੰਗ ਨਾਲ ਬਿਆਨਦੀ ਹੈ। ਦੁਆਬਾ ਸਾਹਿਤ ਸਭਾ (ਰਜਿ:) ਹੁਸ਼ਿਆਰਪੁਰ ਵਲੋਂ ਛਾਪੀ ਇਸ ਪੁਸਤਕ ਦੀ ਕੀਮਤ 50 ਰੁਪਏ ਅਤੇ ਪੰਨੇ 28 ਹਨ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ ਨੰਬਰ 9814423703

ਬਾਲ ਕਵਿਤਾ-ਮੋਰ

ਮੰਮੀ ਮੈਨੂੰ ਮੋਰ ਦਿਖਾ
ਪਾਉਂਦਾ ਕਿਧਰੇ ਸ਼ੋਰ ਦਿਖਾ।
ਮੋਰ ਬੜਾ ਮਨਮੋਹਣਾ ਲਗਦਾ
ਬਾਹਲਾ ਈ ਇਹ ਸੋਹਣਾ ਲਗਦਾ।
ਪੈਲ ਨਿੱਤ ਇਹ ਪਾਉਂਦਾ ਹੈ
ਆਪਣੇ ਖੰਭ ਫੈਲਾਉਂਦਾ ਹੈ।
ਇਹ ਹੈ ਏਕੇ ਦਾ ਪੁਜਾਰੀ
ਜਾਣੇ ਇਸ ਨੂੰ ਖਲਕਤ ਸਾਰੀ।
ਬੜਾ ਹੀ ਮੈਨੂੰ ਪਿਆਰਾ ਲੱਗੇ
ਸਾਰੇ ਜੱਗ ਤੋਂ ਨਿਆਰਾ ਲੱਗੇ
ਇਸ ਨੂੰ ਨਾ ਨੁਕਸਾਨ ਪਹੁੰਚਾਓ
ਕੋਠੇ ਉਤੇ ਦਾਣੇ ਪਾਓ।
ਜਾਵਾਂਗਾ ਗੀਤਾ ਦੇ ਨਾਲ
ਦੇਖੂੰ ਇਸ ਦੀ ਸੋਹਣੀ ਚਾਲ।

-ਗੁਰਮੀਤ ਕੌਰ ਗੀਤਾ
ਪਿੰਡ ਬੰਬੀਹਾ ਭਾਈਕਾ, ਜ਼ਿਲ੍ਹਾ ਮੋਗਾ।
ਮੋਬਾਈਲ : 97795-62792.

ਬਾਲ ਗੀਤ-ਘੁੱਗੀ ਕਰਦੀ ਘੂੰ-ਘੂੰ

ਘੁੱਗੀ ਕਰਦੀ ਘੂੰ-ਘੂੰ,
ਬੱਚਿਆ ਗੱਲ ਸੁਣ ਮੇਰੀ ਤੂੰ।

ਤੜਕੇ ਉੱਠ ਕੇ ਕਰ ਇਸ਼ਨਾਨ,
ਚੇਤੇ ਵਿਚ ਰੱਖੀਂ ਭਗਵਾਨ।

ਦੰਦਾਂ ਨੂੰ ਚਮਕਾ ਕੇ ਆ,
ਸੋਹਣੀ ਵਰਦੀ ਪਾ ਕੇ ਆ।

ਨਾ ਕਦੇ ਕਿਸੇ ਨਾਲ ਕਰੀਂ ਲੜਾਈ,
ਮਨ ਚਿੱਤ ਲਾ ਕੇ ਕਰੀਂ ਪੜ੍ਹਾਈ।

ਵੱਡਿਆਂ ਦਾ ਸਦਾ ਮੰਨਣਾ ਕਹਿਣਾ,
ਬੁਰੀ ਸੰਗਤ ਤੋਂ ਬਚ ਕੇ ਰਹਿਣਾ।

-ਸ਼ਮਿੰਦਰ ਕੌਰ
ਸ. ਐਲ. ਸਕੂਲ., ਪੱਟੀ ਨੰ: 4, ਤਰਨ ਤਾਰਨ।

ਬਾਲ ਕਵਿਤਾ-ਸੁਹਾਵਣਾ ਮੌਸਮ

ਮੁੱਕ ਚੱਲਿਆ ਧੁੰਦ ਕੋਹਰੇ ਦਾ ਕਹਿਰ।
ਬਰਫ਼ ਬਣ ਕੇ ਆਈ ਸੀ ਸੀਤ ਲਹਿਰ।
ਸਾਰੀ ਦੁਨੀਆ ਥਰ-ਥਰ ਸੀ ਕੰਬਦੀ,
ਪਰੇਸ਼ਾਨ ਹੋਏ ਸਾਰੇ ਪਿੰਡ ਤੇ ਸ਼ਹਿਰ।
ਕਈ ਦਿਨਾਂ ਤੋਂ ਸੂਰਜ ਨਾ ਚੜ੍ਹਿਆ,
ਬੱਦਲਾਂ ਵਿਚ ਸੀ ਕਿਧਰੇ ਵੜਿਆ।
ਬਿਜਲੀ ਕੱਟ ਵੀ ਲੱਗਦੇ ਸਨ ਭਾਰੇ,
ਬੱਚੇ ਬੁੱਢੇ ਸਭ ਬੁਰੀ ਠੰਢ ਨੇ ਠਾਰੇ।
ਲੰਘ ਚੱਲਿਆ ਹੈ ਪਾਲੇ ਦਾ ਪਹਿਰ,
ਬਸੰਤ ਉਡਾ ਕੇ ਲੈ ਗਈ ਸੀਤ ਲਹਿਰ।
ਧੁੱਪ ਰਾਣੀ ਨੇ ਵੀ ਹੁਣ ਰੰਗ ਵਟਾਇਆ,
ਸੁਹਾਵਣਾ ਮੌਸਮ ਸਭ ਨੂੰ ਭਾਇਆ।

-ਮਹਾਂਬੀਰ ਸਿੰਘ ਗਿੱਲ
ਪਿੰਡ ਸੰਤੂ ਨੰਗਲ, ਡਾਕ: ਚੇਤਨਪੁਰਾ, ਜ਼ਿਲ੍ਹਾ ਅੰਮ੍ਰਿਤਸਰ। ਮੋਬਾਈਲ : 98144-16722

ਬਾਲ ਗੀਤ: ਝੁੱਲ ਵੇ ਤਿਰੰਗਿਆ

ਹੋਰ ਉੱਚਾ ਹੋਰ ਉੱਚਾ,
ਝੁੱਲ ਵੇ ਤਿਰੰਗਿਆ |
ਪੂਜਦੀ ਲੋਕਾਈ ਤੈਨੂੰ,
ਕੁੱਲ ਵੇ ਤਿਰੰਗਿਆ |
ਤੂੰ ਹੀ ਸਾਡਾ ਮਾਣ ਤਾਣ,
ਤੂੰ ਹੀ ਸਾਡੀ ਸ਼ਾਨ |
ਤੇਰੇ ਨਾਲ ਬਣੀ ਹੋਈ,
ਸਾਡੀ ਪਹਿਚਾਣ |
ਮਾਣਦੇ ਆਜ਼ਾਦੀ ਵਾਲੀ,
ਖੁੱਲ੍ਹ ਵੇ ਤਿਰੰਗਿਆ... |
ਰੰਗ ਤੇਰਾ ਕੇਸਰੀ,
ਸਾਧੂਆਂ ਫਕੀਰਾਂ ਦਾ |
ਜਾਨਾਂ ਵਾਰ ਗਏ ਸਭੇ,
ਯੋਧੇ ਸੂਰ-ਬੀਰਾਂ ਦਾ |
ਜਿਨ੍ਹਾਂ ਨੇ ਚੁਕਾਇਆ ਤੇਰਾ,
ਮੁੱਲ ਵੇ ਤਿਰੰਗਿਆ... |
ਹਰਾ ਰੰਗ ਤੇਰਾ ਖੇਤੀ,
ਖਿੜੀ ਹਰਿਆਲੀ ਦਾ |
ਕਣਕਾਂ ਦੇ ਦਾਣਿਆਂ 'ਚ,
ਸਾਂਭੀ ਖ਼ੁਸ਼ਹਾਲੀ ਦਾ |
ਸਰੋ੍ਹਾਆਂ ਦਾ ਰੂਪ ਪੈਂਦਾ,
ਡੁੱਲ੍ਹ ਵੇ ਤਿਰੰਗਿਆ... |
ਚਿੱਟਾ ਰੰਗ ਤੇਰਾ,
ਸੱਚ ਅਮਨ ਅਮਾਨ ਦਾ |

-ਹਰੀ ਕਿ੍ਸ਼ਨ ਮਾਇਰ
398-ਵਿਕਾਸ ਨਗਰ, ਗਲੀ-10, ਪੱਖੋਵਾਲ ਰੋਡ ਲੁਧਿਆਣਾ-141013.
ਮੋਬਾ: 97806-67686

ਕਹਾਣੀ: ਪਾਣੀ ਦੇ ਬੁਲਬੁਲੇ

ਮੀਂਹ ਜ਼ੋਰੋ ਜ਼ੋਰ ਪੈ ਰਿਹਾ ਸੀ | ਘਰ ਦੇ ਪਿਛਲੇ ਵਿਹੜੇ ਵਿਚ ਪਾਣੀ ਇੱਕਠਾ ਹੋ ਗਿਆ ਸੀ | ਦੀਪੂ ਦੀ ਨਿਗ੍ਹਾ ਪਾਣੀ ਵਿਚ ਬਣ ਤੇ ਫੁੱਟ ਰਹੇ ਬੁਲਬਿੁਲਆਂ 'ਤੇ ਪਈ | ਇਹ ਬੁਲਬੁਲੇ ਉਸ ਨੂੰ ਬੜੇ ਚੰਗੇ ਲੱਗ ਰਹੇ ਸਨ | ਇੰਨੇ ਨੂੰ ਮਾਤਾ ਜੀ ਵੀ ਰਸੋਈ ਵਿਚੋਂ ਉਸ ਲਈ ਗਰਮਾ ਗਰਮ ਪਕੌੜੇ ਲੈ ਕੇ ਆ ਗਏ | ਪਕੌੜਿਆਂ ਦਾ ਸੁਆਦ ਚਖਦਿਆਂ ਉਸ ਨੇ ਮਾਤਾ ਜੀ ਨੂੰ ਸੁਆਲ ਕੀਤਾ, 'ਮਾਂ, ਇਹ ਬੁਲਬੁਲੇ ਕਿਉਂ ਬਣ ਰਹੇ ਹਨ?'
ਮਾਂ ਨੇ ਦੀਪੂ ਨੂੰ ਪਿਆਰ ਨਾਲ ਪਲੋਸਦਿਆਂ ਕਿਹਾ, 'ਦੀਪੂ ਮਿੱਟੀ ਵਿਚ ਵੀ ਹਵਾ ਹੁੰਦੀ ਹੈ | ਜਦੋਂ ਪਾਣੀ ਜ਼ਮੀਨ ਅੰਦਰ ਜਾਂਦਾ ਹੈ ਤਾਂ ਹਵਾ ਵਿਸਥਾਪਿਤ ਹੋ ਕੇ ਸਾਨੂੰ ਬੁਲਬੁਲਿਆਂ ਦੇ ਰੂਪ ਵਿਚ ਦਿਖਾਈ ਦਿੰਦੀ ਹੈ |'
ਦੀਪੂ ਨੇ ਨਾਂਹ ਵਿਚ ਸਿਰ ਹਿਲਾਉਂਦਿਆਂ ਕਿਹਾ, 'ਨਹੀਂ, ਮੈਂ ਤਾਂ ਕਿਤਾਬ ਵਿਚ ਪੜਿ੍ਹਆ ਸੀ ਕਿ ਹਵਾ ਸਾਡੇ ਚਾਰੇ ਪਾਸੇ ਹੁੰਦੀ ਹੈ ਭਾਵ ਵਾਯੂਮੰਡਲ ਵਿਚ, ਫੇਰ ਇਹ ਜ਼ਮੀਨ ਵਿਚ ਕਿਵੇਂ ਆ ਗਈ?'
ਮਾਂ ਹੱਸਦੇ ਹੋਏ ਕਹਿਣ ਲੱਗੀ, 'ਜਿਵੇਂ ਆਪਾਂ ਨੂੰ ਸਾਹ ਲੈਣ ਲਈ ਹਵਾ ਦੀ ਲੋੜ ਹੈ, ਉਸੇ ਤਰ੍ਹਾਂ ਮਿੱਟੀ ਦੇ ਅੰਦਰ ਪਾਏ ਜਾਣ ਵਾਲੇ ਜੀਵ ਅਤੇ ਪੌਦਿਆਂ ਦੀਆਂ ਜੜ੍ਹਾਂ ਨੂੰ ਸਾਹ ਲੈਣ ਲਈ ਹਵਾ ਦੀ ਲੋੜ ਹੈ | ਇਸੇ ਕਰਕੇ ਤਾਂ ਆਪਾਂ ਫ਼ਸਲ ਨੂੰ ਗੋਡੀ ਕਰਦੇ ਹਾਂ ਤਾਂ ਜੋ ਮਿੱਟੀ ਪੋਲੀ ਹੋ ਜਾਵੇ ਤੇ ਬੂਟੇ ਨੂੰ ਲੋੜੀਂਦੀ ਮਾਤਰਾ ਵਿਚ ਹਵਾ ਮਿਲ ਸਕੇ |'
ਆਪਣੀ ਕੁਰਸੀ ਕੋਲ ਕਿੰਨੇ ਸਾਰੇ ਗੰਡੋਏ ਇੱਕਠੇ ਹੋਏ ਦੇਖ ਕੇ ਦੀਪੂ ਡਰ ਗਿਆ, ਤਾਂ ਮਾਂ ਨੇ ਕਿਹਾ, 'ਇਨ੍ਹਾਂ ਤੋਂ ਡਰਨ ਦੀ ਲੋੜ ਨਹੀਂ, ਇਹ ਤਾਂ ਕਿਸਾਨ ਦੇ ਮਿੱਤਰ ਨੇ, ਜ਼ਮੀਨ ਅੰਦਰ ਰਹਿਣ ਵਾਲੇ ਜੀਵ | ਅੱਜ ਜ਼ਿਆਦਾ ਮੀਂਹ ਪੈਣ ਕਾਰਨ ਮਿੱਟੀ ਵਿਚ ਹਵਾ ਦੀ ਜਗ੍ਹਾ 'ਤੇ ਪਾਣੀ ਭਰ ਗਿਆ ਹੈ ਤੇ ਇਨ੍ਹਾਂ ਜੀਵਾਂ ਨੂੰ ਸਾਹ ਲੈਣ ਵਿਚ ਔਖ ਮਹਿਸੂਸ ਹੋ ਰਹੀ ਹੈ ਤੇ ਸਾਹ ਲੈਣ ਲਈ ਹੀ ਇਹ ਜ਼ਮੀਨ ਤੋਂ ਬਾਹਰ ਆਏ ਹਨ |'
ਗੱਲਾਂ ਸੁਣਦੇ- ਸੁਣਦੇ ਪਲੇਟ ਦੇ ਪਕੌੜੇ ਵੀ ਖ਼ਤਮ ਹੋ ਗਏ ਸਨ | ਮਾਤਾ ਜੀ ਵਾਪਸ ਰਸੋਈ ਵੱਲ ਚਲੇ ਗਏ ਤੇ ਦੀਪੂ ਕਿੰਨੀ ਦੇਰ ਪਾਣੀ ਦੇ ਬੁਲਬੁਲਿਆਂ ਤੇ ਮਿੱਤਰ ਜੀਵ ਗੰਡੋਇਆਂ ਨੂੰ ਵੇਖਦਾ ਰਿਹਾ |

-ਡਾ: ਸੋਨੀਆ ਚਹਿਲ
ਮੋਬਾਈਲ : 74178-73407

ਰਾਸ਼ਟਰੀ ਏਕਤਾ, ਖ਼ੁਸ਼ਹਾਲੀ ਅਤੇ ਸ਼ਾਂਤੀ ਦਾ ਪ੍ਰਤੀਕ: ਤਿਰੰਗਾ ਝੰਡਾ

ਬੱਚਿਓ! ਸਾਡੇ ਦੇਸ਼ ਦੇ ਤਿਰੰਗੇ ਝੰਡੇ ਦੀ ਬੜੀ ਦਿਲਚਸਪ ਕਹਾਣੀ ਹੈ¢ ਇਸ ਝੰਡੇ ਨੂੰ ਪਹਿਲੀ ਵਾਰ 1907 ਈਸਵੀ ਵਿਚ ਕਲਕੱਤਾ (ਅੱਜਕਲ੍ਹ ਕੋਲਕਾਤਾ) ਵਿਖੇ ਹੋਈ ਇਕ ਭਰੀ ਸਭਾ ਵਿਚ ਲਹਿਰਾਇਆ ਗਿਆ ਸੀ¢
ਸੰਨ 1920 ਵਿਚ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਜਦੋਂ ਅੰਗਰੇਜ਼ ਭਾਰਤ ਨੂੰ ਸੁਤੰਤਰ ਕਰਨ ਤੋਂ ਮੁਕਰ ਗਏ ਤਾਂ ਭਾਰਤ ਦੀ ਰਾਜਨੀਤੀ ਵਿਚ ਭਾਰੀ ਪਰਿਵਰਤਨ ਆਇਆ¢ ਇਸ ਗੱਲ ਨੂੰ ਮੁੱਖ ਰੱਖਦਿਆਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ 1920 ਵਿਚ ਨਵੇਂ ਝੰਡੇ ਦੀ ਰਚਨਾ ਕੀਤੀ¢ ਇਸ ਵਿਚ ਤਿੰਨ ਰੰਗ ਦੀਆਂ ਪੱਟੀਆਂ ਸ਼ਾਮਿਲ ਕੀਤੀਆਂ ਗਈਆਂ¢ ਸਭ ਤੋਂ ਉੱਪਰ ਸਫ਼ੈਦ, ਵਿਚਕਾਰ ਹਰੀ ਅਤੇ ਹੇਠਾਂ ਨੀਲੇ ਰੰਗ ਦੀ ਪੱਟੀ ਜੋੜੀ ਗਈ¢ ਇਸ ਝੰਡੇ ਵਿਚ ਸੂਤ ਕੱਤਣ ਵਾਲੇ ਚਰਖੇ ਦਾ ਨਿਸ਼ਾਨ ਵੀ ਬਣਿਆ ਹੋਇਆ ਸੀ¢ ਕੁਝ ਸਮੇਂ ਬਾਅਦ ਹੀ ਇਸ ਝੰਡੇ ਬਾਰੇ ਵੀ ਕੁਝ ਵਿਵਾਦ ਖੜ੍ਹੇ ਹੋ ਗਏ¢ ਇਨ੍ਹਾਂ ਵਿਵਾਦਾਂ ਦੇ ਹੱਲ ਲਈ 1931 ਵਿਚ ਇਸ ਝੰਡੇ ਵਿਚ ਸੋਧ ਕਰਨ ਲਈ ਇਕ ਕਮੇਟੀ ਗਠਿਤ ਕੀਤੀ ਗਈ¢ ਇਸ ਕਮੇਟੀ ਵਿਚ ਸੱਤ ਮੈਂਬਰ ਸ਼ਾਮਿਲ ਕੀਤੇ ਗਏ¢ ਇਸ ਕਮੇਟੀ ਨੇ ਵੀ ਤਿੰਨ ਰੰਗਾਂ ਵਾਲੇ ਝੰਡੇ ਦੀ ਸਿਫਾਰਸ਼ ਕੀਤੀ¢ ਇਹ ਤਿੰਨ ਰੰਗ ਹੋਰ ਸਨ, ਕੇਸਰੀ, ਸਫ਼ੈਦ ਅਤੇ ਹਰਾ¢ ਝੰਡੇ ਦੀ ਸਭ ਤੋਂ ਉਪਰਲੀ ਪੱਟੀ ਕੇਸਰੀ, ਵਿਚਕਾਰਲੀ ਸਫ਼ੈਦ ਅਤੇ ਹੇਠਲੀ ਹਰੇ ਰੰਗ ਦੀ ਸੀ¢ ਇਸ ਦੀ ਵਿਚਕਾਰਲੀ ਪੱਟੀ 'ਤੇ ਚਰਖਾ ਬਣਿਆ ਹੋਇਆ ਸੀ¢
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਕ ਵਾਰ ਫਿਰ ਇਸ ਝੰਡੇ ਵਿਚ ਥੋੜ੍ਹਾ ਜਿਹਾ ਪਰਿਵਰਤਨ ਕੀਤਾ ਗਿਆ¢ ਇਸ ਦੀ ਵਿਚਕਾਰਲੀ ਪੱਟੀ 'ਤੇ ਬਣੇ ਚਰਖੇ ਦੇ ਨਿਸ਼ਾਨ ਦੀ ਥਾਂ ਸਾਰਨਾਥ ਦੀ ਮਸ਼ਹੂਰ ਸ਼ੇਰਾਂ ਵਾਲੀ ਲਾਠ ਵਿਚਲੇ ਅਸ਼ੋਕ ਚੱਕਰ ਨੂੰ ਸ਼ਾਮਿਲ ਕੀਤਾ ਗਿਆ¢
ਬੱਚਿਓ, ਇਸ ਝੰਡੇ ਵਿਚਲੇ ਰੰਗਾਂ ਦਾ ਆਪਣਾ ਵਿਸ਼ੇਸ਼ ਮਹੱਤਵ ਹੈ¢ ਕੇਸਰੀ ਰੰਗ ਬੀਰਤਾ ਅਤੇ ਤਿਆਗ ਦਾ, ਸਫ਼ੈਦ ਰੰਗ ਸ਼ਾਂਤੀ, ਸਚਾਈ ਅਤੇ ਪਵਿੱਤਰਤਾ ਦਾ ਅਤੇ ਹਰਾ ਰੰਗ ਵਿਸ਼ਵਾਸ, ਖ਼ੁਸ਼ਹਾਲੀ ਅਤੇ ਹਰਿਆਲੀ ਦਾ ਪ੍ਰਤੀਕ ਹੈ¢ 24 ਲਕੀਰਾਂ ਵਾਲੇ 'ਅਸ਼ੋਕ ਚੱਕਰ' ਦਾ ਭਾਵ ਹੈ ਕਿ ਦੇਸ਼ ਦਿਨ-ਰਾਤ ਉਨਤੀ ਵੱਲ ਵੱਧਦਾ ਰਹੇ¢ ਸੰਵਿਧਾਨ ਸਭਾ ਵਿਚ ਫੈਸਲਾ ਕੀਤਾ ਗਿਆ ਹੈ ਕਿ ਰਾਸ਼ਟਰੀ ਝੰਡੇ ਦਾ ਕੱਪੜਾ ਖਾਦੀ ਦਾ ਹੋਵੇਗਾ¢ 15 ਅਗਸਤ, 1947 ਨੂੰ ਇਹੀ ਤਿਰੰਗਾ ਝੰਡਾ ਕੌਮੀ ਝੰਡੇ ਦੇ ਰੂਪ ਵਿਚ ਦਿੱਲੀ ਵਿਖੇ ਲਹਿਰਾਇਆ ਗਿਆ¢

-ਪਿੰਡ ਤੇ ਡਾਕ: ਖੋਸਾ ਪਾਂਡੋ, (ਮੋਗਾ)-142048. 

ਅਨਮੋਲ ਵਚਨ

• ਜ਼ਿੰਦਗੀ ਦੀ ਲੜਾਈ ਇਕੱਲੇ ਹੀ ਲੜਨੀ ਪੈਂਦੀ ਹੈ ਕਿਉਂਕਿ ਲੋਕ ਸਿਰਫ਼ ਤਸੱਲੀ ਦਿੰਦੇ ਹਨ, ਸਾਥ ਨਹੀਂ |
• ਜਦੋਂ ਤੱਕ ਤੁਸੀਂ ਜੋ ਕਰ ਰਹੇ ਹੋ, ਉਸ ਨੂੰ ਪਸੰਦ ਨਹੀਂ ਕਰਦੇ, ਉਦੋਂ ਤੱਕ ਤੁਸੀਂ ਸਫ਼ਲਤਾ ਨਹੀਂ ਪਾ ਸਕਦੇ |
• ਦਿਲ ਦੀ ਗੱਲ ਸਾਫ਼-ਸਾਫ਼ ਕਹਿ ਦੇਣੀ ਚਾਹੀਦੀ ਹੈ ਕਿਉਂਕਿ ਦੱਸਣ 'ਤੇ ਫ਼ੈਸਲੇ ਹੁੰਦੇ ਹਨ ਨਾ ਦੱਸਣ 'ਤੇ ਫਾਸਲੇ |
• ਮਿੱਠਾ ਝੂਠ ਬੋਲਣ ਨਾਲੋਂ ਚੰਗਾ ਹੈ, ਕੌੜਾ ਸੱਚ ਬੋਲਿਆ ਜਾਵੇ, ਇਸ ਨਾਲ ਤੁਹਾਨੂੰ ਸੱਚੇ ਦੁਸ਼ਮਣ ਤਾਂ ਜ਼ਰੂਰ ਮਿਲਣਗੇ ਪਰ ਝੂਠੇ ਦੋਸਤ ਨਹੀਂ |
• ਹੌਸਲਾ ਹੋਣਾ ਚਾਹੀਦਾ ਹੈ, ਜ਼ਿੰਦਗੀ ਤਾਂ ਕਿਤੇ ਵੀ ਸ਼ੁਰੂ ਹੋ ਸਕਦੀ ਹੈ |
• ਤਨ ਜਿੰਨਾ ਘੰੁਮਦਾ ਰਹੇ ਓਨਾ ਹੀ ਤੰਦਰੁਸਤ ਰਹਿੰਦਾ ਹੈ ਤੇ ਮਨ ਜਿੰਨਾ ਸਥਿਰ ਰਹੇ ਓਨਾ ਹੀ ਤੰਦਰੁਸਤ ਰਹਿੰਦਾ ਹੈ |
• ਬਜ਼ੁਰਗਾਂ ਦੇ ਨਾਲ ਚੰਗਾ ਵਿਵਹਾਰ ਨਾ ਕਰਦੇ ਵਕਤ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਵੀ ਇਕ ਦਿਨ ਬਜ਼ੁਰਗ ਹੋਵਾਂਗੇ |

-ਜਗਜੀਤ ਸਿੰਘ ਭਾਟੀਆ
ਨੂਰਪੁਰ ਬੇਦੀ (ਰੋਪੜ) |
ਮੋਬਾਈਲ : 95018-10181.

ਚੁਟਕਲੇ

• ਰਾਜੀਵ (ਡਰਾਈਵਰ ਨੂੰ )-ਟੈਕਸੀ ਵਾਲੇ ਜ਼ਰਾ ਜਲਦੀ ਚਲੋ ਨਹੀਂ ਤਾਂ ਮੇਰਾ ਚਿੱਤਰਹਾਰ ਨਿਕਲ ਜਾਵੇਗਾ |
ਡਰਾਈਵਰ-ਜੇਕਰ ਮੈਂ ਜ਼ਿਆਦਾ ਤੇਜ਼ ਚਲਾਵਾਂਗਾ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਅਤੇ ਮੇਰੇ ਚਿੱਤਰਾਂ 'ਤੇ ਹਾਰ ਚੜ੍ਹ ਜਾਣ |
• ਇਕ ਔਰਤ ਦੁਕਾਨਦਾਰ ਦੇ ਕੋਲ ਜਾ ਕੇ ਬੋਲੀ, 'ਸੇਠ ਜੀ ਤੁਸੀਂ ਕੱਲ੍ਹ ਸਾਬਣ ਬਹੁਤ ਘਟੀਆ ਦਿੱਤਾ, ਕੱਪੜਿਆਂ ਨੂੰ ਲਾਉਣ ਨਾਲ ਬਿਲਕੁਲ ਨਹੀਂ ਘਸਿਆ |'
ਦੁਕਾਨਦਾਰ-ਭੈਣ ਜੀ, ਪਰ ਕੱਲ੍ਹ ਮੈਂ ਤੁਹਾਨੂੰ ਪਨੀਰ ਵੀ ਤਾਂ ਦਿੱਤਾ ਸੀ |
ਔਰਤ-ਔਹ... ਮੈਂ ਤਾਂ ਹੁਣ ਸਮਝੀ ਕਿ ਕੱਲ੍ਹ ਸੰਨੀ ਦੇ ਡੈਡੀ ਦੇ ਮੰੂਹ ਵਿਚੋਂ ਖਾਣਾ ਖਾਂਦੇ ਸਮੇਂ ਝੱਗ ਕਿਉਂ ਨਿਕਲ ਰਹੀ ਸੀ |
• ਅਧਿਆਪਕ (ਡਾਕਟਰ ਨੂੰ )-ਤੁਸੀਂ ਕਿਹਾ ਸੀ ਕਿ ਸ਼ਰਾਬ ਸਿਰਫ਼ ਮਹੀਨੇ ਵਿਚ ਇਕ ਵਾਰ ਲੈਣੀ ਹੈ | ਮੈਂ ਉਸ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ |
ਡਾਕਟਰ (ਹੈਰਾਨੀ ਨਾਲ)-ਮਾਸਟਰ ਜੀ ਤੁਹਾਡੇ ਜਿਹੇ ਸ਼ਰਾਬੀ ਲਈ ਇਹ ਬਹੁਤ ਹੀ ਖ਼ੁਸ਼ੀ ਵਾਲੀ ਗੱਲ ਹੈ ਪਰ ਇਹ ਸੰਭਵ ਕਿਵੇਂ ਹੋਇਆ?
ਅਧਿਆਪਕ-ਬਸ ਕੁਝ ਨਹੀਂ | ਮੈਂ ਪੂਰੇ ਮਹੀਨੇ ਦਾ ਸਟਾਕ ਇਕ ਵਾਰ ਹੀ ਖਰੀਦ ਲਿਆ |

-ਅਜੇਸ਼ ਗੋਇਲ ਬਿੱਟੂ
ਹੁਸਨਰ ਰੋਡ, ਗਿੱਦੜਬਾਹਾ |
ਮੋਬਾਈਲ : 98140-97917.

ਬਾਲ ਸਾਹਿਤ

ਸਫ਼ਰ ਸੋਚਾਂ ਦਾ
(ਵਾਰਤਕ ਸੰਗ੍ਰਹਿ)
ਲੇਖਿਕਾ : ਡਾ: ਸਤਿੰਦਰਜੀਤ ਕੌਰ ਬੁੱਟਰ
ਪ੍ਰਕਾਸ਼ਕ : ਸਾਂਝੀ ਸੁਰ ਪਬਲੀਕੇਸ਼ਨਜ਼ ਰਾਜਪੁਰਾ
ਪੰਨੇ : 112, ਮੁੱਲ : 200 ਰੁਪਏ
ਸੰਪਰਕ : 81958-05111

ਹਥਲੀ ਪੁਸਤਕ 'ਸਫ਼ਰ ਸੋਚਾਂ ਦਾ' ਡਾ: ਸਤਿੰਦਰਜੀਤ ਕੌਰ ਬੁੱਟਰ ਦੀ ਪੰਜਵੀਂ ਪੁਸਤਕ ਹੈ | ਕਿੱਤੇ ਵਜੋਂ ਉਹ ਪੰਜਾਬੀ ਵਿਸ਼ੇ ਦੇ ਲੈਕਚਰਾਰ ਹਨ | ਇਸ ਵਾਰਤਕ ਪੁਸਤਕ ਵਿਚ ਉਨ੍ਹਾਂ 600 ਵਿਚਾਰ ਪੰਜਾਬੀ ਭਾਸ਼ਾ ਵਿਚ ਅਤੇ ਸਾਢੇ ਪੰਜ ਸੌ ਅੰਗਰੇਜ਼ੀ ਭਾਸ਼ਾ ਵਿਚ ਦਰਜ ਕੀਤੇ ਹਨ ਜੋ ਗਿਆਨ-ਵਰਧਕ ਹਨ | ਅਣਮੋਲ ਵਿਚਾਰ ਸਿਆਣੇ ਲੋਕਾਂ ਦਾ ਉਮਰ ਭਰ ਦਾ ਤਜਰਬਾ ਬਿਆਨ ਕਰਦੇ ਹਨ | ਆਪਣੀ ਜ਼ਿੰਦਗੀ ਦੇ ਸਫ਼ਰ ਵਿਚ ਜਿਨ੍ਹਾਂ ਦੁੱਖ-ਤਕਲੀਫ਼ਾਂ 'ਚੋਂ ਨਿਕਲ ਕੇ ਉਹ ਆਉਂਦੇ ਹਨ, ਉਨ੍ਹਾਂ ਦੇ ਆਧਾਰ 'ਤੇ ਹੀ ਉਹ ਦੂਜਿਆਂ ਦੀ ਅਗਵਾਈ ਲਈ ਆਪਣੇ ਵਿਚਾਰ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਬਾਰੇ ਪ੍ਰਗਟ ਕਰਦੇ ਹਨ |
ਡਾ: ਸਤਿੰਦਰਜੀਤ ਕੌਰ ਬੁੱਟਰ ਨੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ 'ਚੋਂ ਉੱਭਰੇ ਵਿਚਾਰਾਂ ਨੂੰ ਇਕੱਠੇ ਕਰ ਕੇ ਪੁਸਤਕ ਦੇ ਰੂਪ ਵਿਚ ਪੇਸ਼ ਕਰਨ ਦਾ ਚੰਗਾ ਉਪਰਾਲਾ ਕੀਤਾ ਹੈ | ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸ਼ੁਭ ਵਿਚਾਰ ਬੇਹੱਦ ਅਨਮੋਲ ਹਨ | ਪਾਠਕ ਨੂੰ ਅਜਿਹੀਆਂ ਮਿਆਰੀ ਪੁਸਤਕਾਂ ਪੜ੍ਹਨ ਲਈ ਪ੍ਰੇਰਦੀਆਂ ਹਨ | ਉਨ੍ਹਾਂ ਦੇ ਜੀਵਨ-ਪੰਧ ਵਿਚ ਉਹ ਸਹੀ ਰਾਹ ਦਸੇਰਾ ਬਣਨ ਦੇ ਯੋਗ ਹੁੰਦੀਆਂ ਹਨ ਕਿਉਂਕਿ ਵਧੀਆ ਸਾਹਿਤ ਪੜ੍ਹਨ-ਸੁਣਨ ਨਾਲ ਹੀ ਮਨੁੱਖ ਵਿਚ ਚੰਗੀ ਸੋਚ ਅੰਗੜਾਈ ਲੈਂਦੀ ਹੈ |
'ਵਿਚਾਰਾਂ ਨੂੰ ਪੜ੍ਹ ਕੇ ਬਦਲਾਅ ਨਹੀਂ ਆਉਂਦਾ,
ਬਲਕਿ ਵਿਚਾਰਾਂ 'ਤੇ ਚੱਲ ਕੇ ਆਉਂਦਾ ਹੈ |' (175/27)
ਸਫ਼ਰ ਸੋਚਾਂ ਦਾ ਡਾ: ਬੁੱਟਰ ਦਾ ਇਸ ਵਿਸ਼ੇ 'ਤੇ ਨਿਵੇਕਲਾ ਯਤਨ ਹੈ, ਜਿਸ ਨੂੰ ਜੀ ਆਇਆਂ ਕਹਿਣਾ ਬਣਦਾ ਹੈ | ਉਮੀਦ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਭਵਿੱਖ ਵਿਚ ਵੀ ਪੰਜਾਬੀ ਮਾਂ-ਬੋਲੀ ਲਈ ਆਪਣਾ ਸਿਰਜਣਾਤਮਿਕ ਸਫ਼ਰ ਜਾਰੀ ਰੱਖਣਗੇ |

-ਹਰਜਿੰਦਰ ਸਿੰਘ
ਮੋਬਾਈਲ : 98726-60161

ਬਾਲ ਗੀਤ: ਪਛਤਾਵਾ

ਪੜ੍ਹਦੇ ਨੇ ਜੋ
ਮੰਨਦੇ ਕਹਿਣਾ |
ਉਨ੍ਹਾਂ ਨੇ
ਅੱਗੇ ਹੀ ਰਹਿਣਾ |
ਜਿਹੜੇ ਨੇ,
ਕੰਨੀ ਕਤਰਾਉਂਦੇ |
ਸਮਾਂ ਲੰਘਣ 'ਤੇ,
ਰਹਿੰਦੇ ਰੋਂਦੇ |
ਪੜ੍ਹ ਲੈਂਦੇ ਤਾਂ,
ਚੰਗੇ ਰਹਿੰਦੇ |
ਪੁੱਛਣ 'ਤੇ,
ਅਕਸਰ ਨੇ ਕਹਿੰਦੇ |

-ਕਮਲਜੀਤ ਨੀਲੋਂ
ਨੀਲੋਂ ਕਲਾਂ (ਲੁਧਿਆਣਾ) | ਮੋਬਾ: 94174-68668

ਦੁਨੀਆ ਦੀ ਸਭ ਤੋਂ ਵੱਡੀ ਫਰੇਮ ਬਿਲਡਿੰਗ

ਬੱਚਿਓ, ਅਸੀਂ ਸਾਰੇ ਆਪਣੇ ਘਰ ਦੀਆਂ ਕੰਧਾਂ 'ਤੇ ਪਰਿਵਾਰ, ਰਿਸ਼ਤੇਦਾਰਾਂ ਜਾਂ ਸਕੂਲ ਦੇ ਮਿੱਤਰਾਂ ਦੀ ਗਰੁੱਪ ਫੋਟੋ ਚੰਗੇ ਜਿਹੇ ਫਰੇਮ ਵਿਚ ਲਗਾਉਂਦੇ ਹਾਂ | ਜੋ ਫੋਟੋ ਦੀ ਖ਼ੂਬਸੂਰਤੀ ਨੂੰ ਹੋਰ ਵੀ ਵਧਾ ਦਿੰਦਾ ਹੈ | ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਏਸ਼ੀਆਈ ਦੇਸ਼ ਯੂ.ਏ.ਈ. (ਯੂਨਾਈਟਿਡ ਅਰਬ ਅਮੀਰਾਤ) ਵਿਚ ਇਕ ਇਹੋ ਜਿਹੀ ਬਿਲਡਿੰਗ ਬਣਾਈ ਗਈ ਹੈ, ਜਿਸ ਦਾ ਆਕਾਰ ਫੋਟੋ ਵਰਗਾ ਹੈ |
ਇਹ ਵੱਡੀ ਫਰੇਮ ਵਾਲੀ ਬਿਲਡਿੰਗ ਯੂ.ਏ.ਈ.ਦੇ ਸ਼ਹਿਰ ਡੁਬਈ ਸ਼ਹਿਰ ਦੇ ਜ਼ਾਬੀਲ ਪਾਰਕ ਵਿਚ ਸਥਿਤ ਹੈ | ਇਹ ਦੁਨੀਆ ਦੀ ਸਭ ਤੋਂ ਵੱਡੀ ਫੋਟੋ ਫਰੇਮ ਵਾਲੀ ਬਿਲਡਿੰਗ ਹੈ | ਸਾਲ 2009 ਵਿਚ ਡੁਬਈ ਫਰੇਮ ਬਿਸੇਨਗਰੁੱਪ ਏਲੀਵੇਟਰ ਇੰਟਰਨੈਸ਼ਨਲ ਰਾਹੀ ਡੁਬਈ ਫਰੇਮ ਬਣਾਉਣ ਦੇ ਲਈ ਇਕ ਮੁਕਾਬਲਾ ਹੋਇਆ | ਇਸ ਵਿਚ ਫਰਨਾਡੋ ਡੇਨਿਸ ਦੇ ਡਿਜ਼ਾਈਨ ਨੂੰ ਜੇਤੂ ਐਲਾਨਿਆ ਗਿਆ | ਬਾਅਦ ਵਿਚ ਇਸੇ ਡਿਜ਼ਾਈਨ ਦੇ ਆਧਾਰ 'ਤੇ ਬਿਲਡਿੰਗ ਨੂੰ ਬਣਾਇਆ ਗਿਆ |
ਡੁਬਈ ਫਰੇਮ ਗੋਲਡਨ ਥੀਮ 'ਤੇ ਬਣਿਆ ਹੈ | ਇਸ ਦੇ ਲਈ 15,000 ਸਕਵਾਇਰ ਮੀਟਰ ਦੇ ਗੋਲਡ ਸਟੇਨਲੇਸ ਸਟੀਲ ਦਾ ਇਸਤੇਮਾਲ ਹੋਇਆ ਹੈ | ਇਸ ਬਿਲਡਿੰਗ ਦੀ ਕੁੱਲ ਉੱਚਾਈ ਲਗਪਗ 150 ਮੀਟਰ ਹੈ | ਮਤਲਬ 50 ਮੰਜ਼ਿਲਾ ਬਿਲਡਿੰਗ ਦੇ ਬਰਾਬਰ | ਇਸ ਦੀ ਚੌੜਾਈ 93 ਮੀਟਰ ਹੈ | ਇਸ ਦੇ ਨਿਰਮਾਣ ਵਿਚ 9,900 ਘਣ ਮੀਟਰ ਕੰਕਰੀਟ ਅਤੇ 2,000 ਟਨ ਸਟੀਲ ਦਾ ਇਸਤੇਮਾਲ ਹੋਇਆ ਹੈ |
ਡੁਬਈ ਫਰੇਮ ਦੇ ਗਰਾਊਾਡ ਫਲੋਰ 'ਤੇ ਇਕ ਅਜਾਇਬ ਘਰ ਹੈ, ਨਾਲ ਹੀ ਸਾਲ 2050 ਨੂੰ ਇਮੇਜਿਨ ਕਰਾਉਂਦੀ ਫਿਊਚਰ ਗੈਲਰੀ ਹੈ | ਫਰੇਮ ਦੇ ਸਭ ਤੋਂ ਉੱਪਰ ਲਟਕੇ ਹਿੱਸੇ ਦਾ ਨਾਂਅ ਸਕਾਈ ਬਿ੍ਜ ਹੈ | ਇਸ ਦੀ ਕੁੱਲ ਲੰਬਾਈ 93 ਮੀਟਰ ਹੈ | ਇਹ ਸਕਾਈ ਬਿ੍ਜ ਦੋ ਟਾਵਰਾਂ ਨੂੰ ਆਪਸ ਵਿਚ ਜੋੜਦੀ ਹੈ | ਸਕਾਈ ਬਿ੍ਜ ਤੋਂ 360 ਡਿਗਰੀ ਵਾਯੂ ਤੋਂ ਪੂਰੇ ਡੁਬਈ ਨੂੰ ਦੇਖਿਆ ਜਾ ਸਕਦਾ ਹੈ |
ਸਕਾਈ ਬਿ੍ਜ ਦੇ ਇਕ ਹਿੱਸੇ ਵਿਚ ਚਮਕਦਾਰ ਕੱਚ ਲਗਾਇਆ ਗਿਆ ਹੈ | ਜਿਉਂ ਹੀ ਕੋਈ ਸੈਲਾਨੀ ਇਸ 'ਤੇ ਤੁਰਦਾ ਹੈ ਤਾਂ ਕੱਚ ਪਾਰਦਰਸ਼ੀ ਹੋ ਜਾਂਦਾ ਹੈ, ਜਿਸ ਨਾਲ ਤੁਰਨ ਵਾਲੇ ਨੂੰ ਇਹੋ ਜਿਹਾ ਅਨੁਭਵ ਹੁੰਦਾ ਹੈ ਕਿ ਉਹ ਹਵਾ ਵਿਚ ਚਲ ਰਿਹਾ ਹੈ |

-ਪਿੰਡ ਰਾਮਗੜ੍ਹ, ਡਾ: ਫਿਲੌਰ, ਜ਼ਿਲ੍ਹਾ ਜਲੰਧਰ-144410.
ਮੋਬਾਈਲ : 094631-61691.

ਬਾਲ ਕਵਿਤਾ: ਮੇਰੀ ਪਤੰਗ

ਇਹ ਹੈ ਮੇਰੀ ਪਿਆਰੀ ਪਤੰਗ¢
ਲਾਲ ਤੇ ਪੀਲ਼ਾ ਇਸ ਦਾ ਰੰਗ¢
ਪਾਪਾ ਜੀ ਨੇ ਬਣਾ ਕੇ ਦਿੱਤੀ
ਆਪ ਤਲ਼ਾਮਾ ਪਾ ਕੇ ਦਿੱਤੀ
ਸਾਥੀ ਰਹਿਗੇ ਦੇਖ ਕੇ ਦੰਗ
ਇਹ ਹੈ ਮੇਰੀ ਪਿਆਰੀ ਪਤੰਗ¢
ਤੁਣਕਾ ਮਾਰਾਂ ਖ਼ੁਸ਼ ਹੋ ਜਾਵੇ
ਮਸਤੀ ਵਿਚ ਝੂਮਦੀ ਜਾਵੇ
ਲੱਗ ਜਾਣ ਜਿਉਂ ਇਹਦੇ ਫੰਗ
ਇਹ ਹੈ ਮੇਰੀ ਪਿਆਰੀ ਪਤੰਗ¢
ਵਿਚ ਅਸਮਾਨੀਂ ਉੱਡਦੀ ਜਾਵੇ
ਬੱਦਲ਼ਾਂ ਦੇ ਵਿਚ ਇਹ ਲੁਕ ਜਾਵੇ
ਗੱਲਾਂ ਕਰੇ ਹਵਾਵਾਂ ਸੰਗ
ਇਹ ਹੈ ਮੇਰੀ ਪਿਆਰੀ ਪਤੰਗ¢
ਖੁੱਲੇ ਮੈਦਾਨ ਦੇ ਵਿਚ ਚੜਾਵਾਂ
ਬਸੰਤ ਰੁੱਤ ਦਾ ਆਨੰਦ ਉਠਾਵਾਂ
ਭਰ ਕੇ ਮਨ ਦੇ ਵਿਚ ਉਮੰਗ
ਇਹ ਹੈ ਮੇਰੀ ਪਿਆਰੀ ਪਤੰਗ¢
ਚਾਇਨਾ ਡੋਰ ਕਦੇ ਨਾ ਲਿਆਵਾਂ
ਸਾਥੀਆਂ ਨੂੰ ਵੀ ਇਹ ਸਮਝਾਵਾਂ
ਪੰਛੀ ਨਾ ਲਿਪਟਜੇ ਇਹਦੇ ਸੰਗ
ਇਹ ਹੈ ਮੇਰੀ ਪਿਆਰੀ ਪਤੰਗ¢
ਲਾਲ ਤੇ ਪੀਲ਼ਾ ਇਸਦਾ ਰੰਗ¢

-ਰਜਵੰਤ ਕੌਰ ਢੋਲਣਮਾਜਰਾ
ਮੋਬਾਈਲ : 9914198516

ਬਾਲ ਨਾਵਲ-16: ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਸਾਮਾਨ ਰੱਖਣ ਤੋਂ ਬਾਅਦ ਸੁਖਮਨੀ ਨੂੰ ਥੋੜ੍ਹੀ ਸ਼ਾਂਤੀ ਹੋ ਗਈ | ਉਸ ਨੂੰ ਪਤਾ ਸੀ ਕਿ ਹੁਣ ਦਸ-ਪੰਦਰਾਂ ਮਿੰਟਾਂ ਵਿਚ ਤੁਰ ਹੀ ਪਵਾਂਗੇ |
ਰਹਿਮਤ ਚਾਹ ਬਣਾ ਕੇ ਲੈ ਆਈ | ਸਾਰਿਆਂ ਨੇ ਜਦੋਂ ਚਾਹ ਪੀ ਲਈ ਤਾਂ ਇੰਦਰਪ੍ਰੀਤ ਨੇ ਸੁਖਮਨੀ ਨੂੰ ਛੇੜਦਿਆਂ ਕਿਹਾ, 'ਅਸੀਂ ਕਦੋਂ ਦੇ ਚਾਹ ਪੀ ਕੇ ਤਿਆਰ ਬੈਠੇ ਹਾਂ | ਸੁਖਮਨੀ, ਹੁਣ ਤੂੰ ਦੇਰ ਨਾ ਕਰਾ |'
ਸੁਖਮਨੀ ਨੂੰ ਹੁਣ ਤੱਕ ਪਾਪਾ ਦੀ ਸ਼ਰਾਰਤ ਦਾ ਪਤਾ ਲੱਗ ਗਿਆ ਲੱਗਦਾ ਸੀ | ਉਸ ਨੇ ਵੀ ਬੜੇ ਪਿਆਰ ਨਾਲ ਕਿਹਾ, 'ਸੌਰੀ ਪਾਪਾ, ਹਮੇਸ਼ਾ ਵਾਂਗ ਮੈਂ ਅੱਜ ਵੀ ਤੁਹਾਨੂੰ ਲੇਟ ਕਰਾ ਦਿੱਤੈ |'
ਸੁਖਮਨੀ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ | ਹੱਸਦਿਆਂ-ਹੱਸਦਿਆਂ ਹੀ ਰਹਿਮਤ ਘਰ ਬੰਦ ਕਰਨ ਲੱਗ ਪਈ ਅਤੇ ਬਾਕੀ ਸਾਰੇ ਬਾਹਰ ਕਾਰਾਂ ਕੋਲ ਆ ਗਏ |
ਰਹਿਮਤ ਜੰਦਰੇ ਲਗਾ ਕੇ ਬਾਹਰ ਆਈ ਤਾਂ ਬੱਚੇ ਕਹਿਣ ਲੱਗੇ, 'ਅਸੀਂ ਸਾਰਿਆਂ ਨੇ ਇਕੱਠੇ ਬੈਠਣਾ ਹੈ |'
'ਠੀਕ ਐ, ਠੀਕ ਐ, ਤੁਸੀਂ ਚਾਰੇ ਮੇਰੇ ਨਾਲ ਚਲੋ | ਅਸੀਸ ਆਪਣੀ ਦੀਦੀ ਕੋਲ ਬੈਠ ਜਾਏਗੀ', ਜਗਮੀਤ ਨੇ ਬੱਚਿਆਂ ਦਾ ਮੂਡ ਵੇਖਦੇ ਹੋਏ ਕਿਹਾ |
ਸਾਰਿਆਂ ਨੂੰ ਇਹ ਗੱਲ ਪਸੰਦ ਆਈ | ਸੁਖਮਨੀ-ਨਵਰਾਜ ਆਪਣੇ ਮਾਸੜ ਜੀ ਦੀ ਕਾਰ ਵਿਚ ਜੀਤੀ-ਪੰਮੀ ਦੇ ਨਾਲ ਬੈਠ ਗਏ | ਅਸੀਸ ਆਪਣੀ ਦੀਦੀ ਅਤੇ ਜੀਜਾ ਜੀ ਦੀ ਕਾਰ ਵਿਚ ਬੈਠ ਗਈ | ਦੋਵੇਂ ਕਾਰਾਂ ਅੱਗੜ-ਪਿੱਛੜ ਪਿੰਡ ਵਲ ਤੁਰ ਪਈਆਂ |
ਕਾਰ ਚਲਦਿਆਂ ਹੀ ਰਹਿਮਤ ਦੇ ਮੋਬਾਈਲ ਦੀ ਘੰਟੀ ਵੱਜਣ ਲੱਗੀ | ਪਰਸ ਵਿਚੋਂ ਮੋਬਾਈਲ ਕੱਢ ਕੇ ਵੇਖਿਆ, ਪਾਪਾ ਦਾ ਫ਼ੋਨ ਸੀ, 'ਸਤਿ ਸ੍ਰੀ ਅਕਾਲ, ਪਾਪਾ ਜੀ |'
'ਸਤਿ ਸ੍ਰੀ ਅਕਾਲ | ਤੁਸੀਂ ਅਜੇ ਤੱਕ ਪਹੁੰਚੇ ਨਹੀਂ | ਅਸੀਂ ਤੁਹਾਡੇ ਸਾਰਿਆਂ ਦੀ ਕਦੋਂ ਦੀ ਉਡੀਕ ਕਰ ਰਹੇ ਹਾਂ | ਅਜੇ ਕਿੰਨੀ ਕੁ ਦੇਰ ਹੋਰ ਲੱਗਣੀ ਐ?'
'ਬਸ ਹੁਣੇ ਹੀ ਤੁਰੇ ਹਾਂ, ਪਾਪਾ ਜੀ |'
'ਐਨੀ ਲੇਟ?'
'ਇਕੱਠਿਆਂ ਖਾਣਾ ਖਾਂਦਿਆਂ ਅਤੇ ਗੱਪਾਂ ਮਾਰਦਿਆਂ ਵਕਤ ਦਾ ਪਤਾ ਈ ਨਹੀਂ ਚਲਿਆ |'
'ਅਸੀਸ ਹੋਰੀਂ ਆਪਣੀ ਗੱਡੀ ਵਿਚ ਨੇ?'
'ਪਾਪਾ ਜੀ, ਅਸੀਸ ਸਾਡੇ ਨਾਲ ਬੈਠੀ ਐ ਅਤੇ ਸਾਰੇ ਬੱਚੇ ਆਪਣੇ ਮਾਸੜ ਜੀ ਨਾਲ ਹਨ |'
'ਚਲੋ ਠੀਕ ਐ, ਆ ਜਾਓ ਜਲਦੀ ਜਲਦੀ |'
ਫ਼ੋਨ ਬੰਦ ਹੁੰਦਿਆਂ ਅਸੀਸ ਨੇ ਕਿਹਾ, 'ਬੱਚੇ ਠੀਕ ਈ ਰੌਲਾ ਪਾ ਰਹੇ ਸਨ ਕਿ ਨਾਨਾ ਜੀ-ਨਾਨੀ ਜੀ ਉਡੀਕ ਰਹੇ ਹੋਣੇ ਨੇ |'
'ਉਹ ਤੇ ਕਈ ਦਿਨਾਂ ਤੋਂ ਉਡੀਕਦੇ ਪਏ ਨੇ', ਰਹਿਮਤ ਨੇ ਮੋਬਾਈਲ ਪਰਸ ਵਿਚ ਪਾਉਂਦਿਆਂ ਕਿਹਾ |
ਦੋਵੇਂ ਭੈਣਾਂ ਗੱਲਾਂ ਕਰਦੀਆਂ ਰਹੀਆਂ | ਵਿਚ-ਵਿਚ ਕੋਈ ਗੱਲ ਇੰਦਰਪ੍ਰੀਤ ਵੀ ਕਰ ਦਿੰਦਾ |
ਦੂਜੀ ਕਾਰ ਵਿਚ ਬੱਚਿਆਂ ਨੇ ਖ਼ੂਬ ਰੌਣਕ ਲਾਈ ਹੋਈ ਸੀ | ਉਹ ਕਦੀ ਗੱਪਾਂ ਮਾਰਦੇ ਅਤੇ ਕਦੀ ਬਾਹਰ ਦੇ ਹਰੇ-ਭਰੇ ਖੇਤਾਂ ਦੇ ਨਜ਼ਾਰੇ ਵੇਖ ਕੇ ਗਾਣੇ ਗਾਉਣ ਲੱਗ ਪੈਂਦੇ | ਥੋੜ੍ਹੀ-ਥੋੜ੍ਹੀ ਦੇਰ ਬਾਅਦ ਸੁਖਮਨੀ ਮਾਸੜ ਜੀ ਨੂੰ ਪੁੱਛਦੀ, 'ਹੋਰ ਕਿੰਨੀ ਕੁ ਦੇਰ ਲੱਗਣੀ ਐ?'
ਜਗਮੀਤ ਮਾਸੜ ਜੀ ਅੱਗੋਂ ਇਹੋ ਕਹਿੰਦੇ, 'ਬਸ! ਹੁਣੇ ਆਪਾਂ ਪਹੁੰਚੇ ਕਿ ਪਹੁੰਚੇ |'
ਇਹ ਸੁਣ ਕੇ ਸੁਖਮਨੀ ਫੇਰ ਜੀਤੀ-ਪੰਮੀ ਨਾਲ ਗੱਲੀਂ ਜੁੱਟ ਜਾਂਦੀ |
ਦੋਵੇਂ ਕਾਰਾਂ ਪਿੰਡ ਦੇ ਕੋਲ ਪਹੁੰਚ ਗਈਆਂ | ਪਹਿਲਾਂ ਰਹਿਮਤ ਹੋਰਾਂ ਦੀ ਕਾਰ ਅੱਗੇ ਸੀ | ਹੁਣ ਬੱਚਿਆਂ ਨੇ ਰੌਲਾ ਪਾ ਕੇ ਆਪਣੀ ਕਾਰ ਤੇਜ਼ ਕਰਵਾ ਲਈ ਅਤੇ ਉਹ ਪਹਿਲੀ ਕਾਰ ਨੂੰ ਪਿੱਛੇ ਛੱਡ ਕੇ ਅੱਗੇ ਆ ਗਏ | ਹੁਣ ਕਾਰ ਘਰ ਵਾਲੇ ਪਾਸੇ ਮੁੜ ਗਈ | ਬੱਚਿਆਂ ਨੇ ਵੇਖਿਆ ਨਾਨਾ ਜੀ ਘਰ ਦੇ ਬਾਹਰ ਵਾਲੀ ਸੜਕ 'ਤੇ ਚੱਕਰ ਕੱਟ ਰਹੇ ਸਨ | 'ਔਹ ਵੇਖੋ! ਨਾਨਾ ਜੀ ਸਾਡੀ ਉਡੀਕ ਕਰ ਰਹੇ ਹਨ', ਜੀਤੀ ਨੇ ਆਪਣੀ ਉਂਗਲ ਦੇ ਇਸ਼ਾਰੇ ਨਾਲ ਸਾਰਿਆਂ ਨੂੰ ਵਿਖਾਉਂਦਿਆਂ ਕਿਹਾ |
'ਮੈਨੂੰ ਲਗਦੈ, ਅੱਜ ਨਾਨਾ ਜੀ ਸਵੇਰ ਦੇ ਹੀ ਸਾਡੀ ਉਡੀਕ ਵਿਚ ਚੱਕਰ ਕੱਟ ਰਹੇ ਹਨ', ਸੁਖਮਨੀ ਨੇ ਆਪਣਾ ਅੰਦਾਜ਼ਾ ਲਗਾਉਂਦਿਆਂ ਕਿਹਾ |
ਐਨੀ ਦੇਰ ਵਿਚ ਕਾਰ ਨਾਨਾ ਜੀ ਦੇ ਕੋਲ ਜਾ ਕੇ ਰੁਕ ਗਈ |
'ਨਾਨਾ ਜੀ, ਨਾਨਾ ਜੀ', ਬੱਚਿਆਂ ਨੇ ਕਾਰ ਦਾ ਸ਼ੀਸ਼ਾ ਥੱਲੇ ਕਰ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ | ਇਕ ਮਿੰਟ ਬਾਅਦ ਦੂਸਰੀ ਕਾਰ ਵੀ ਆ ਗਈ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001
ਮੋਬਾਈਲ : 98889-24664

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX