ਤਾਜਾ ਖ਼ਬਰਾਂ


ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਢਿਲਵਾਂ, 20 ਫਰਵਰੀ (ਸੁਖੀਜਾ,ਪ੍ਰਵੀਨ,ਪਲਵਿੰਦਰ)-ਸਥਾਨਕ ਕਸਬੇ 'ਚ ਅੱਜ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ...
ਹੋਲੇ ਮਹੱਲੇ ਦੇ ਸੁਚਾਰੂ ਪ੍ਰਬੰਧਾਂ ਲਈ ਡੀ ਸੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੀਟਿੰਗ
. . .  1 day ago
ਸ੍ਰੀ ਅਨੰਦਪੁਰ ਸਾਹਿਬ ,20 ਫਰਵਰੀ { ਨਿੱਕੂਵਾਲ }-ਡਿਪਟੀ ਕਮਿਸ਼ਨਰ ਰੂਪਨਗਰ ਵਿਨੇ ਬਬਲਾਨੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ...
15 ਕਰੋੜ 100 ਕਰੋੜ 'ਤੇ ਭਾਰੀ - ਓਵੈਸੀ ਦੀ ਪਾਰਟੀ ਦੇ ਨੇਤਾ ਦਾ ਵਿਵਾਦਗ੍ਰਸਤ ਬਿਆਨ
. . .  1 day ago
ਨਵੀਂ ਦਿੱਲੀ, 20 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਤੋਂ ਨਿਕਲੀ ਚਿੰਗਾਰੀ 'ਤੇ ਵਿਰੋਧ ਦੀ ਸਿਆਸਤ ਤੇਜ ਹੋ ਗਈ ਹੈ। ਸੀ.ਏ.ਏ. ਖਿਲਾਫ ਪ੍ਰਦਰਸ਼ਨ ਨੂੰ ਲੈ ਕੇ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਮੀਨ ਦੇ ਨੇਤਾ ਵਾਰਿਸ ਪਠਾਨ ਨੇ ਬੇਹੱਦ...
ਭਾਜਪਾ ਪ੍ਰਧਾਨ ਜੇ.ਪੀ ਨੱਢਾ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਅੰਮ੍ਰਿਤਸਰ, 20 ਫਰਵਰੀ (ਹਰਮਿੰਦਰ ਸਿੰਘ) - ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਦੇਰ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਭਾਜਪਾ...
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਨਾਜਾਇਜ਼ ਇਮਾਰਤਾਂ ਢਾਈਆਂ
. . .  1 day ago
ਜ਼ੀਰਕਪੁਰ, 20 ਫਰਵਰੀ (ਹਰਦੀਪ ਹੈਪੀ ਪੰਡਵਾਲਾ) - ਅੱਜ ਹਾਈ ਕੋਰਟ ਦੇ ਹੁਕਮਾਂ 'ਤੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ 100 ਮੀਟਰ ਘੇਰੇ 'ਚ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਨੂੰ ਅੰਜਾਮ ਦਿੰਦਿਆਂ ਦਰਜਨ ਦੇ ਕਰੀਬ ਗੋਦਾਮ ਢਾਹ ਦਿੱਤੇ ਗਏ। ਇਸ ਮੌਕੇ ਪ੍ਰਸ਼ਾਸਨਿਕ...
ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ...
23 ਦੀ ਸੰਗਰੂਰ ਰੈਲੀ ਐਸ.ਜੀ.ਪੀ.ਸੀ ਦਾ ਮੁੱਢ ਬੱਨੇਗੀ- ਢੀਂਡਸਾ
. . .  1 day ago
ਸੰਦੌੜ, 20 ਫਰਵਰੀ (ਜਸਵੀਰ ਸਿੰਘ ਜੱਸੀ) - ਸੰਗਰੂਰ ਵਿਖੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ 23 ਫਰਵਰੀ ਨੂੰ ਸੰਗਰੂਰ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਨਾਰਾਜ਼ ਹੋਈ ਵਾਰਤਾਕਾਰ ਸਾਧਨਾ ਰਾਮਚੰਦਰਨ
. . .  1 day ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ...
ਸ਼ਾਹੀਨ ਬਾਗ ਫਿਰ ਪਹੁੰਚੇ ਵਾਰਤਾਕਾਰ, ਮੀਡੀਆ ਦੀ ਮੌਜੂਦਗੀ 'ਤੇ ਜਤਾਇਆ ਇਤਰਾਜ਼
. . .  1 day ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ...
ਖਿਡਾਰੀ ਨੇ ਪਤਨੀ ਤੇ ਤਿੰਨ ਬੱਚਿਆਂ ਨੂੰ ਕਾਰ 'ਚ ਬੰਦ ਕਰ ਜਿੰਦਾ ਸਾੜਿਆ, ਫਿਰ ਕੀਤੀ ਖ਼ੁਦਕੁਸ਼ੀ
. . .  1 day ago
ਬ੍ਰਿਸਬੇਨ, 20 ਫਰਵਰੀ - ਆਸਟ੍ਰੇਲੀਆ ਦੇ ਇਕ ਖਿਡਾਰੀ ਨੇ ਮੁਸ਼ਕਲਾਂ ਤੋਂ ਹਾਰ ਕੇ ਕੁੱਝ ਅਜਿਹਾ ਕਰ ਲਿਆ। ਜਿਸ ਨਾਲ ਪੂਰਾ ਖੇਡ ਜਗਤ ਹੈਰਾਨ ਪ੍ਰੇਸ਼ਾਨ ਹੈ। ਆਸਟ੍ਰੇਲੀਆ ਦੇ ਰਗਬੀ ਖਿਡਾਰੀ ਰੋਵਨ ਬੈਕਸਟਰ ਨੇ ਬੁੱਧਵਾਰ ਨੂੰ ਪਤਨੀ ਹੈਨਾ ਤੇ ਤਿੰਨ ਬੱਚਿਆਂ ਨੂੰ ਕਾਰ ਵਿਚ ਬੰਦ ਕਰ ਦਿੱਤਾ...
ਹੋਰ ਖ਼ਬਰਾਂ..

ਦਿਲਚਸਪੀਆਂ

ਮਾਂ ਦੀ ਗੋਦ

ਉਦੋਂ ਸ਼ਾਇਦ ਮੇਰੀ ਦਾਦੀ ਪੂਰੀ ਹੋ ਗਈ ਸੀ ਤੇ ਮੇਰੇ ਮਾਂ-ਬਾਪ ਨੂੰ ਕੋਈ ਦੋ-ਚਾਰ ਦਿਨ ਲਈ ਸਾਡੇ ਜੱਦੀ ਪਿੰਡ ਭਲੱਥੀਂ (ਭੁਲੱਥ) ਜਾਣਾ ਪਿਆ ਕਿਉਂਕਿ ਮੇਰਾ ਬਾਪ ਕੰਮ-ਕਾਜ ਖਾਤਰ ਆਪਣੇ ਘਰਦਿਆਂ ਤੋਂ 10-12 ਕਿਲੋਮੀਟਰ ਦੂਰ ਹੋਰ ਪਿੰਡ ਵਿਚ ਰਹਿੰਦਾ ਸੀ | ਮੇਰੀ ਮਾਂ ਹੁਣ ਮੈਨੂੰ ਆਪਣੇ ਨਾਲ ਲਿਜਾਣ ਤੋਂ ਅਸਮਰੱਥ ਸੀ ਕਿਉਂਕਿ ਹੁਣ ਮੇਰਾ ਇੱਕ ਹੋਰ ਛੋਟਾ ਭਰਾ ਇਸ ਦੁਨੀਆਂ ਵਿਚ ਆ ਚੁੱਕਾ ਸੀ | ਮੈਂ ਬਹੁਤ ਰੋਇਆ-ਕੁਰਲਾਇਆ ਪਰ ਮਾਂ ਮੈਨੂੰ ਨਾਲ ਨਹੀਂ ਲੈ ਕੇ ਗਈ | ਮਾਂ ਨੇ ਮੈਨੂੰ ਮੇਰੀ ਭੈਣ ਦੇ ਹਵਾਲੇ ਕਰਦਿਆਂ ਕਿਹਾ ਕਿ ਇਸ ਦਾ ਖਿਆਲ ਰੱਖੀਂ, ਇਸਨੇ ਛੇਤੀ ਓਦਰ ਜਾਣਾ ਹੈ | ਮਾਂ-ਬਾਪ ਦੇ ਜਾਣ ਦੋਂ ਬਾਅਦ ਵੀ ਮੈਂ ਕਾਫੀ ਦੇਰ ਰੋਂਦਾ ਰਿਹਾ, ਪਰ ਬੇਵੱਸ ਸੀ | ਅਖੀਰ ਮੇਰੀ ਭੈਣ ਨੇ ਨੁਹਾ-ਧੁਆ ਕੇ ਮੈਨੂੰ ਆਪਣੇ ਨਾਲ ਲਿਟਾ ਲਿਆ | ਮੈਨੂੰ ਅਜੇ ਵੀ ਬਹੁਤ ਦੁੱਖ ਸੀ ਕਿ ਮਾਂ ਮੈਨੂੰ ਭੁਲੱਥੀਂ ਨਾਲ ਕਿਉਂ ਨਹੀਂ ਲੈ ਕੇ ਗਈ | ਮੇਰੀ ਹਾਲਤ ਤੋਂ ਮੇਰੀ ਭੈਣ ਵੀ ਦੁਖੀ ਹੋ ਰਹੀ ਸੀ |
'ਭੱਥੀ ਕਿਥੇ ਐ?' ਮੈ ਤੋਤਲੀ ਆਵਾਜ਼ ਵਿਚ ਭੈਣ ਨੂੰ ਪੁੱਛਿਆ |
'ਕੀ ਕਿਹਾ ਵੀਰੇ?' ਸ਼ਾਇਦ ਮੇਰੀ ਭੈਣ ਨੂੰ ਸਮਝ ਨਹੀਂ ਆਈ ਸੀ |
'ਭੱ...ਥੀ ਕਿਥੇ ਐ ?' ਮੈਂ ਕੁਝ ਜ਼ੋਰ ਦੇ ਕੇ ਕਿਹਾ |
'ਭੱਠੀ! ਭੱਠੀ ਤਾਂ ਉਹ ਬਾਹਰ ਹੈ |' ਭੈਣ ਨੇ ਜਵਾਬ ਦਿੱਤਾ |
ਉਦੋਂ ਸਾਡੀ ਦਾਣੇ ਭੁੰਨਣ ਵਾਲੀ ਭੱਠੀ ਵੀ ਹੁੰਦੀ ਸੀ |
'ਭੱਥੀ ਨੀ.. ਭੱਥੀ ਕਿਥੇ ਐ ?' ਮੈਂ ਹੋਰ ਜ਼ੋਰ ਦੇ ਕੇ ਸਮਝਾਉਣਾ ਚਾਹਿਆ, ਪਰ ਮੇਰੇ ਮੂੰਹੋਂ 'ਭਲੱਥੀ ਤੇ ਭੱਠੀ ਦੀ ਇਕੋ ਹੀ ਤੋਤਲੀ ਆਵਾਜ਼ ਭੱਥੀ ਨਿਕਲ ਰਹੀ ਸੀ ਜੋ ਹੁਣ ਮੇਰੀ ਭੈਣ ਨੂੰ ਸਮਝ ਆ ਗਈ ਸੀ |
'ਭਲੱਥੀਂ.. ..ਭਲੱਥੀਂ ਵੀਰੇ ਲਾਗੇ ਹੀ ਹੈ, ਸੌਾ ਜਾ ਮੇਰਾ ਵੀਰ, ਮਾਂ ਨੇ ਛੇਤੀ ਆ ਜਾਣਾ ਹੈ |' ਭੈਣ ਨੇ ਮੈਨੂੰ ਆਪਣੇ ਨਾਲ ਘੁੱਟ ਲਿਆ | ਭੈਣ ਜਾਣ ਗਈ ਸੀ ਕਿ ਮੈ ਹੁਸੜ ਗਿਆ ਹਾਂ | ਸੋਚਾਂ-ਸੋਚਾਂ ਵਿਚ ਭੈਣ ਦੇ ਪਿਆਰ ਨੇ ਮੈਨੂੰ ਨੀਂਦ ਦੇ ਜਹਾਜ਼ 'ਤੇ ਸਵਾਰ ਕਰ ਦਿੱਤਾ |
ਜਦ ਅੱਖ ਖੁੱਲ੍ਹੀ ਤਾਂ ਮੈਂ ਇਕ ਪੋਲੇ ਜਿਹੇ ਬਿਸਤਰੇ ਵਿਚ ਵਿਹੜੇ ਵਿਚ ਡੱਠੇ ਮੰਜੇ 'ਤੇ ਪਿਆ ਸੀ | ਭੈਣ ਆਂਢ-ਗੁਆਂਢ ਦੀਆਂ ਔਰਤਾਂ ਨਾਲ ਗੱਲਾਂ ਕਰ ਰਹੀ ਸੀ ਕਿ ਮਾਂ ਭੁਲੱਥੀਂ ਗਈ ਹੈ, ਡੱਲੀ ਨੂੰ ਪਹਿਲੀ ਵਾਰ ਛੱਡ ਕੇ ਗਈ ਹੈ, ਡੱਲੀ ਓਦਰ ਗਿਆ ਹੈ, ਬਿਮਾਰ ਹੋ ਗਿਆ ਹੈ | ਬੁਖਾਰ ਏਨਾ ਚੜਿ੍ਹਆ ਕਿ ਦਿਨ-ਰਾਤ ਦਾ ਕੁਝ ਪਤਾ ਨਾ ਲੱਗੇ | ਅਗਲੇ ਦਿਨ ਵੀ ਮੰਜਾ ਵਿਹੜੇ ਵਿਚ ਹੀ ਸੀ | ਮਾਂ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਪਰਤੀ ਪਰ ਇਹ ਸਾਰਾ ਸਮਾਂ ਬੁਖਾਰ ਨਾਲ ਮੇਰੀ ਸੁੱਧ-ਬੁੱਧ ਭੁੱਲੀ ਰਹੀ |
ਇਕ ਦਿਨ ਸ਼ਾਮ ਨੂੰ ਮਾਂ-ਬਾਪ ਵਾਪਸ ਮੁੜੇ | ਸਾਡੇ ਲੰਮੇ ਜਿਹੇ ਘਰ ਦੇ ਬਾਹਰਲੇ ਬੂਹੇ 'ਚੋਂ ਅੰਦਰ ਵੜਦੇ ਹੀ ਵਿਹੜੇ ਵਿਚ ਮੰਜਾ ਬਿਸਤਰਾ ਦੇਖ ਮਾਂ ਦੀ ਵੀ ਲੇਰ ਨਿਕਲ ਗਈ ਜੋ ਮੈਂ ਵੀ ਨੀਮ ਬੇਹੋਸ਼ੀ ਵਿਚ ਸੁਣੀ | ਮਾਂ ਕਹਿ ਰਹੀ ਸੀ,' ਮੈਂ ਤੁਹਾਨੂੰ ਕਿਹਾ ਸੀ ਨਾ ਡੱਲੀ ਨੇ ਬਿਮਾਰ ਹੋ ਜਾਣਾ ਹੈ, ਲੈ ਲਉ ਹੋ ਗਈ ਨਾ ਉਹੋ ਗੱਲ |' ਮੇਰੀ ਭੈਣ ਵੀ ਮਾਂ ਵੱਲ ਉਲਰੀ ਤੇ ਰੋਣ ਹਾਕੀ ਆਵਾਜ਼ ਵਿਚ ਕਹਿਣ ਲੱਗੀ, 'ਮਾਂ, ਡੱਲੀ ਨੂੰ ਤਾਂ ਉੁਸੇ ਦਿਨ ਦਾ ਬੁਖਾਰ ਚੜਿ੍ਹਆ ਹੋਇਆ ਹੈ |' ਉਦੋਂ ਤੱਕ ਮੈਂ ਵੀ ਉੱਠ ਕੇ ਬੈਠ ਗਿਆ | ਮਾਂ ਨੇ ਵਾਹੋ-ਧਾਈ ਮੇਰੇ ਛੋਟੇ ਭਰਾ ਨੂੰ ਮੇਰੀ ਭੈਣ ਨੂੰ ਫੜਾਇਆ ਤੇ ਮੈਨੂੰ ਬਿਸਤਰੇ ਵਿਚੋਂ ਕੱਢ ਕੇ ਆਪਣੀ ਗੋਦੀ ਵਿਚ ਲੈ ਲਿਆ | ਮੈਂ ਨਿਢਾਲ ਜਿਹਾ ਹੁਣ ਬਿਸਤਰੇ ਤੋਂ ਵੀ ਨਿੱਘੀ ਜਗ੍ਹਾ ਮਾਂ ਦੀ ਗੋਦੀ ਵਿਚ ਸੀ, ਜਿੱਥੇ ਕੋਈ ਇਲਾਹੀ ਸਕੂਨ ਆ ਰਿਹਾ ਸੀ | ਮਾਂ ਦੇ ਨਿੱਘੇ-ਪੋਲੇ ਢਿੱਡ ਨਾਲ ਚਿੰਬੜਿਆ ਪਿਆ ਸਾਂ, ਮੇਰਾ ਮੂੰਹ ਮਾਂ ਦੀ ਛਾਤੀ ਵਿਚ ਧਸਿਆ ਪਿਆ ਸੀ | ਮਾਂ ਦੇ ਸਰੀਰ ਵਿਚੋਂ ਕੋਈ ਤਰੰਗਾਂ-ਲਹਿਰਾਂ ਨਿਕਲ ਨਿਕਲ ਕੇ ਮੇਰੇ ਦੁਆਲੇ ਲਿਪਟਦੀਆਂ ਮਹਿਸੂਸ ਹੋ ਰਹੀਆਂ ਸਨ | ਮਾਂ ਪਤਾ ਨਹੀਂ ਕਦੋਂ ਤੱਕ ਮੈਨੂੰ ਲੈ ਕੇ ਬੈਠੀ ਰਹੀ | ਉਸ ਰਾਤ ਮਾਂ ਨਾਲ ਸੁੱਤਿਆਂ ਜਿਵੇਂ ਪੰਘੂੜੇ ਵਿਚ ਝੂਟੇ ਲੈ ਰਿਹਾ ਹੋਵਾਂ ਦਾ ਅਹਿਸਾਸ ਹੋ ਰਿਹਾ ਸੀ |
ਸਵੇਰ ਜਦ ਮੇਰੀ ਅੱਖ ਖੁੱਲ੍ਹੀ ਤਾਂ ਸਭ ਚਾਹ ਪੀ ਰਹੇ ਸਨ | ਚਾਹ ਪੀ ਕੇ ਮੈਂ ਵੀ ਆਪਣੇ ਭੈਣ-ਭਰਾਵਾਂ ਨਾਲ ਖੇਡਣ ਡਹਿ ਪਿਆ | ਮੇਰੀ ਭੈਣ ਰੋਜ਼ ਦੀ ਤਰ੍ਹਾਂ ਮੇਰੇ ਲਈ ਵਿਹੜੇ ਵਿਚ ਮੰਜਾ ਡਾਹ ਕੇ ਵਿਛਾਉਣ ਨੂੰ ਤਿਆਰ ਹੀ ਸੀ ਕਿ ਮਾਂ ਨੇ ਭੈਣ ਨੂੰ ਮਿੱਠੀ ਜਿਹੀ ਝਿੜਕੀ ਦਿੱਤੀ |
'ਕੁੜੇ ਅੱਜ ਮੰਜਾ ਨਾ ਡਾਹੀਂ, ਮੇਰਾ ਪੁੱਤ ਬਿਲਕੁਲ ਠੀਕ ਹੈ |' ਹੋਇਆ ਵੀ ਇਵੇਂ ਹੀ ਕਿ ਪਤਾ ਹੀ ਨਹੀਂ ਲੱਗਿਆ ਕਿ ਕਦੇ ਬੁਖਾਰ ਵੀ ਚੜਿ੍ਹਆ ਸੀ |
ਹੁਣ ਵੀ ਭਾਵੇਂ ਮਾਂ 95-96 ਨੂੰ ਢੁੱਕ ਚੁੱਕੀ ਹੈ ਪਰ ਜਦ ਕਦੇ ਦੁਖੀ ਹੋਈਏ ਜਾਂ ਜ਼ਿਆਦਾ ਥੱਕ-ਟੁੱਟ ਜਾਈਏ ਤਾਂ ਮਾਂ ਦੇ ਕੋਲ ਜਾ ਕੇ ਮੂਧੇ-ਮੂੰਹ ਲੇਟ ਜਾਈਦਾ, ਮਾਂ ਦੇ ਬੁੱਢੇ ਕਮਜ਼ੋਰ ਹੱਥ ਸਿਰ ਪਿੰਡੇ 'ਤੇ ਫਿਰਦੇ ਹਨ ਤਾਂ ਉਹੀ ਬਚਪਨ ਵਾਲਾ ਸਕੂਨ ਤੇ ਅਨੰਦ ਮਹਿਸੂਸ ਹੁੰਦਾ ਹੈ |

-ਮੋਬਾਈਲ : 98550-53839.


ਖ਼ਬਰ ਸ਼ੇਅਰ ਕਰੋ

ਬਟੂਆ

ਨਿਮਾਣਾ ਸਿਹੰੁ ਨੇ ਆਪਣੇ ਸਾਥੀ ਨਾਲ ਡਾਕਟਰ ਸਾਹਬ ਕੋਲ ਦਵਾਈ ਲੈਣ ਜਾਣਾ ਸੀ | ਉਸ ਨੇ ਆਪਣੇ ਸਾਥੀ ਨੂੰ ਉਸ ਦੇ ਘਰ ਤੋਂ ਆਵਾਜ਼ ਮਾਰੀ | ਅੱਗੋਂ ਆਵਾਜ਼ ਆਈ, 'ਆ ਜਾਓ ਨਿਮਾਣਾ ਸਿਹੰੁ ਜੀ, ਹੁਣੇ ਚਲਦੇ ਆਂ, ਮੈਂ ਤਿਆਰ ਹਾਂ, ਜ਼ਰਾ ਆਪਣਾ ਬਟੂਆ ਲੱਭ ਲਵਾਂ |'
'ਭਾਗਵਾਨੇ | ਮੈਂ ਇਥੇ ਟੀ.ਵੀ. 'ਤੇ ਆਪਣਾ ਬਟੂਆ ਰੱਖਿਆ ਸੀ ਪਰ ਇਥੇ ਹੈ ਨਹੀਂ', ਉਸ ਨੇ ਆਪਣੀ ਪਤਨੀ ਨੂੰ ਪੁੱਛਦਿਆਂ ਕਿਹਾ | 'ਜਿਹੜੇ ਮੈਂ ਕੱਲ੍ਹ ਬੈਂਕ ਵਿਚੋਂ ਪੈਸੇ ਕਢਵਾਏ ਸੀ, ਉਹ ਵੀ ਬਟੂਏ ਵਿਚ ਹੀ ਸਨ | ਇਸੇ ਲਈ ਮੈਂ ਸਾਂਭ ਕੇ ਰੱਖ ਲਿਆ ਭਰਿਆ-ਭਰਿਆ ਲੱਗ ਰਿਹਾ ਸੀ | ਖਾਲੀ ਹੋਵੇ ਤਾਂ ਕੋਈ ਡਰ ਨਹੀਂ ਪਰ ਜਦ ਇਸ ਵਿਚ ਰੁਪਏ ਹੋਣ, ਉਦੋਂ ਤਾਂ ਸੰਭਾਲ ਕੇ ਰੱਖ ਲਿਆ ਕਰੋ | ਜਿਥੇ ਜੀਅ ਕਰਦਾ ਉਥੇ ਹੀ ਬਟੂਆ ਰੱਖ ਦਿੰਦੇ ਜੇ', ਪਤਨੀ ਨੇ ਮੈਟਰੋ ਟਰੇਨ ਵਾਂਗ ਇਕਦਮ ਰਫ਼ਤਾਰ ਫੜਦਿਆਂ ਇਕੋ ਸਾਹੇ ਮਿੱਠੇ ਬੋਲਾਂ ਦੀ ਬੁਛਾੜ ਕੀਤੀ | 'ਮੈਨੂੰ ਦੇਰ ਹੋ ਰਹੀ ਆ, ਲਿਆ ਮੇਰਾ ਬਟੂਆ, ਦਵਾਈ ਲੈਣ ਜਾਣਾ ਨਾਲੇ ਟੈਸਟ ਵੀ ਕਰਾਉਣੇ ਆ', ਆਪਣੇ ਸਾਥੀ ਨਾਲ ਦਵਾਈ ਲੈਣ ਜਾਂਦਿਆਂ ਉਸ ਨੂੰ ਬਹੁਤਿਆਂ ਬਜ਼ੁਰਗਾਂ ਦੀ ਜ਼ਿੰਦਗੀ ਵੀ ਖਾਲੀ ਤੇ ਭਰੇ ਬਟੂਏ ਵਾਂਗ ਲੱਗਦੀ | ਉਹ ਸੋਚਦਾ ਕਿ ਜਿਸ ਤਰ੍ਹਾਂ ਬਟੂਏ ਵਿਚ ਪੈਸੇ ਹੋਣ ਤਾਂ ਇਸ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ | ਜੇਕਰ ਬਟੂਆ ਖਾਲੀ ਹੋਵੇ ਤਾਂ... |

-ਅੰਮਿ੍ਤਸਰ | sskhurmania@gmail.com

ਸੰਵੇਦਨਾ ਦੀ ਪੂੰਜੀ

ਫਾਲਤੂ ਤੇ ਵਾਧੂ ਭਾਰ ਸਮਝਣ ਵਾਲੇ ਆਪਣੇ ਦੋਵਾਂ ਨੂੰ ਹਾਂ ਪੁੱਤਾਂ ਨੂੰ ਸ਼ਹਿਰ ਦੀ ਕੋਠੀ ਸਮੇਤ ਸਾਰੀ ਜਾਇਦਾਦ ਸੌਾਪ, ਰਿਟਾਰਿਰਡ ਸਰਕਾਰੀ ਉੱਚ ਅਧਿਕਾਰੀ ਤੇ ਮੇਰੀ ਸਵੇਰ ਦੀ ਸੈਰ ਦਾ ਸਾਥੀ ਪਿੰਡ ਦੇ ਸ਼ੁੱਧ ਹਵਾ, ਪਾਣੀ ਅਤੇ ਹਰੇ ਭਰੇ ਸਾਫ਼-ਸੁਥਰੇ ਮਾਹੌਲ ਵਿਚ ਜੀਵਨ ਦਾ ਆਖਰੀ ਪੜਾਅ ਗੁਜ਼ਾਰਨ ਲਈ ਜੱਦੀ ਘਰ ਆ ਗਿਆ ਸੀ | ਮੈਂ ਪਿੰਡ ਨੇੜਲੇ ਸਰਕਾਰੀ ਹਾਈ ਸਕੂਲ ਤੋਂ ਸੇਵਾਮੁਕਤ ਹੋਇਆ ਮੁੱਖ ਅਧਿਆਪਕ | ਮੇਰੀ ਸਵੇਰ ਸ਼ਾਮ ਦੀ ਸੈਰ ਨੂੰ ਮੇਰਾ ਸੈਰ ਸਾਥੀ ਕਦੀ ਕਦੀ ਬੇਮਜ਼ਾ ਬਣਾ ਛੱਡਦਾ ਸੀ ਜਦੋਂ ਉਹ ਮੈਨੂੰ ਕੋਸਣਾ ਸ਼ੁਰੂ ਕਰ ਦਿੰਦਾ ਸੀ, 'ਤੂੰ ਆਪਣੇ ਪਰਿਵਾਰ ਲਈ ਕੁੱਝ ਨਹੀਂ ਬਣਾਇਆ | ਮੈਂ ਆਪਣੇ ਬੱਚਿਆਂ ਲਈ ਸ਼ਹਿਰ ਦੋ ਹਜ਼ਾਰ ਗਜ਼ 'ਚ ਦੋ ਮੰਜ਼ਲੀਆਂ ਦੋ ਕੋਠੀਆਂ ਬਣਾਈਆਂ | ਪਲਾਟ ਖਰੀਦੇ, ਵੱਡੀ ਰਕਮ ਬਿਜ਼ਨੈਸ ਵਿਚ ਲਾਈ, ਬੇਟਿਆਂ ਤੇ ਬੇਟੀ ਦਾ ਚੰਗੇ ਘਰੀਂ ਸ਼ਾਦੀ ਵਿਆਹ ਕੀਤੇ | ਮੇਰੇ ਕੋਲ ਬੈਂਕ ਬੈਲੈਂਸ ਹੈ | ਸ਼ਹਿਰ ਸਭ ਸੁੱਖ ਸਹੂਲਤਾਂ ਸਨ ਪਰ ਸਿਹਤਯਾਬੀ ਲਈ ਪਿੰਡ ਆਉਣਾ ਪਿਆ | ਪਰ ਅਫ਼ਸੋਸ! ਯਾਰ ਤੂੰ ਸਿਰਫ ਪਹਿਲਾ ਮਾਸਟਰ ਤੇ ਹੁਣ ਲੇਖਕ, ਜਿਸ ਦੀ ਸਮਾਜ ਵਿਚ ਕੋਈ ਵੁੱਕਤ ਨਹੀਂ, ਕੋਈ ਕਦਰ ਨਹੀਂ' |
'ਮੈਂ ਸਾਢੇ ਤਿੰਨ ਦਹਾਕੇ ਸਿੱਖਿਆ ਨੂੰ ਸਮਰਪਣ ਭਾਵਨਾ ਨਾਲ ਪੜ੍ਹਾਇਆ, ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਤੇ ਚੰਗੇ ਸੰਸਕਾਰ ਦਿੱਤੇ, ਮੇਰਾ ਜੀ ਕਰਦਾ ਆਖਾਂ, ਤੇਰੇ ਬੱਚਿਆਂ ਵਾਂਗ ਮੈਨੂੰ ਬੇਦਖਲ ਕਰ ਕਿਸੇੇ ਘਰੋਂ ਨਹੀਂ ਕੱਢਿਆ | ਪਰ ਮੈਂ ਸਿਰਫ ਇਹ ਆਖ ਸਕਿਆ, 'ਯਾਰ! ਮੇਰੇ ਕੋਲ ਹੁਣ ਆਪਣੇ ਲੋਕਾਂ ਲਈ ਸੰਵੇਦਨਾ ਦੀ ਪੂੰਜੀ ਤਾਂ ਹੈ' |


-ਪ੍ਰੀਤ ਨਗਰ-143109 (ਅੰਮਿ੍ਤਸਰ)
ਮੋਬਾਈਲ : 98140 82217

ਕਾਵਿ-ਵਿਅੰਗ: ਜੱਗੋ ਤੇਰ੍ਹਵੀਂ

• ਨਵਰਾਹੀ ਘੁਗਿਆਣਵੀ •
ਝੂਠ ਬੋਲਣਾ ਕੰਮ ਕੁਪੱਤਿਆਂ ਦਾ,
ਸਹੀ ਆਦਮੀ ਨਹੀਂ ਇਹ ਕਾਰ ਕਰਦੇ |
ਲੱਜ ਆਉਂਦੀ ਹੈ ਪਿਆਰ-ਵਿਗੁੱਤਿਆਂ ਨੂੰ ,
ਜੱਗੋਂ ਤੇਰ੍ਹਵੀਂ ਜਦੋਂ ਬਦਕਾਰ ਕਰਦੇ |
ਮਨ ਦੀ ਸ਼ਾਂਤੀ ਨਿਮਰ ਸੁਭਾਅ ਅੰਦਰ,
ਮੂਰਖ ਆਦਮੀ ਪਏ ਹੰਕਾਰ ਕਰਦੇ |
ਅਸਲ ਸੂਰਮੇ ਸਾਮ੍ਹਣਾ ਕਰਨ ਡਟ ਕੇ,
ਨਹੀਂ ਉਹ ਕਿਸੇ ਮਾਸੂਮ 'ਤੇ ਵਾਰ ਕਰਦੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਦਵੈਤ

ਕਈ ਸਾਲ ਹੋ ਗਏ, ਮਠਿਆਈ ਵਿਚ ਮਿਲਾਵਟ ਜ਼ਿਆਦਾ ਹੋਣ ਕਰਕੇ, ਦੀਵਾਲੀ ਆਦਿ ਤਿਉਹਾਰਾਂ ਮੌਕੇ ਅਸੀਂ ਮਠਿਆਈ ਲਿਆਉਂਣੀ ਬੰਦ ਕਰ ਦਿੱਤੀ ਸੀ | ਦੀਵਾਲੀ ਦੀਆਂ ਵਧਾਈਆਂ ਦੇਣ ਆਇਆ ਗੁਆਂਢੀ ਮਠਿਆਈ ਦਾ ਡੱਬਾ ਦੇ ਕੇ ਚਲਾ ਗਿਆ | ਮੇਰੀ ਚਾਰ ਕੁ ਸਾਲ ਦੀ ਪੋਤੀ ਜਿੱਦ ਕਰਦੀ ਮਠਿਆਈ ਮੰਗਣ ਲੱਗੀ | ਮਹੀਨਾ ਭਰ ਪਹਿਲਾਂ ਦੀ ਬਣਾਈ ਸੁੱਕੀ ਮਠਿਆਈ ਦੇਖ ਕੇ ਮੈਂ ਮਨਾ ਕਰ ਦਿੱਤਾ ਕਿ ਇਹ ਨਿਰੀ ਜ਼ਹਿਰ ਹੈ | ਬੀਮਾਰ ਹੋ ਜਾਵੇਗੀ |
ਦੂਜੇ ਦਿਨ ਛੋਟੇ ਜਿਹੇ ਬੱਚੇ ਨੂੰ ਨਾਲ ਲਈ ਫਿਰਦੀ ਮੰਗਤੀ ਨੇ ਗੇਟ 'ਤੇ ਆ ਕੇ ਕੁਝ ਖਾਣ ਲਈ ਮੰਗਿਆ | ਮੈਂ ਕਿਹਾ ਦੇਵੋ ਏਸ ਵਿਚਾਰੀ ਨੂੰ ਕੁਝ ਖਾਣ ਨੂੰ ਤਾਂ ਮੇਰੀ ਨੂੰ ਹ ਨੇ ਦੋ ਕੇਲੇ 'ਤੇ ਉਹੀ ਮਠਿਆਈ ਪਲੇਟ 'ਚ ਲਿਆ ਕੇ ਮੰਗਤੀ ਨੂੰ ਦੇ ਦਿੱਤੀ | ਇਕ ਬਰਫ਼ੀ ਦਾ ਟੁਕੜਾ ਉਸ ਦੇ ਬੱਚੇ ਨੂੰ ਫੜਾ ਦਿੱਤਾ | ਮੇਰੇ ਕੋਲ ਖੜ੍ਹੀ ਮੇਰੀ ਪੋਤੀ ਮੈਨੂੰ ਪੁੱਛਣ ਲੱਗੀ, ਦਾਦਾ ਜੀ ਕੀ ਏਹ ਬੱਚੇ ਨੂੰ ਜ਼ਹਿਰ ਖਾਣ ਨਾਲ ਕੁਝ ਨੀ ਹੁੰਦਾ?

-ਨਿਊ ਮਾਡਲ ਟਾਊਨ, ਸਮਰਾਲਾ, ਜ਼ਿਲ੍ਹਾ ਲੁਧਿਆਣਾ | ਮੋ: 94636-56728

ਹੰਝੂ

ਹਰਨੇਕ ਸਿੰਘ ਦਾ ਵੱਡਾ ਮੰੁਡਾ ਘੱਟ ਪੜਿ੍ਹਆ-ਲਿਖਿਆ ਹੋਣ ਕਰਕੇ ਖੇਤੀਬਾੜੀ ਜੋਗਾ ਹੀ ਰਹਿ ਗਿਆ ਸੀ | ਜਦਕਿ ਛੋਟਾ ਨੌਕਰੀ ਮਿਲਣ ਤੋਂ ਬਾਅਦ ਬੱਚਿਆਂ ਸਮੇਤ ਸ਼ਹਿਰ ਰਹਿਣ ਲੱਗਾ | ਹਰਨੇਕ ਸਿੰਘ ਨੇ ਆਪਣੇ ਵੱਡੇ ਮੰੁਡੇ ਨਾਲ ਪਿੰਡ ਵਿਚ ਹੀ ਰਹਿਣ ਦਾ ਫ਼ੈਸਲਾ ਕੀਤਾ, ਤਾਂ ਜੋ ਵੱਡੇ ਪੁੱਤ ਨਾਲ ਖੇਤੀ ਦੇ ਕੰਮ ਵਿਚ ਹੱਥ ਵਟਾ ਸਕੇ | ਦੂਸਰਾ ਉਹ ਸ਼ਰੀਕੇ ਦੇ ਕਬੀਲੇ ਨਾਲੋਂ ਮੋਹ ਦੀਆਂ ਤੰਦਾਂ ਨਹੀਂ ਤੋੜਨੀਆਂ ਚਾਹੁੰਦਾ ਸੀ | ਪਰ ਜਿਵੇਂ-ਜਿਵੇਂ ਉਹ ਢਹਿੰਦੀ ਅਵਸਥਾ ਵਿਚ ਚਲਾ ਗਿਆ ਤਾਂ ਖੇਤੀ ਦੇ ਕੰਮਾਂ ਪ੍ਰਤੀ ਬੇਵੱਸ ਹੋਕੇ ਘਰ ਮੰਜੇ 'ਤੇ ਬੈਠ ਗਿਆ ਸੀ | ਆਪਣੀ ਵੱਡੀ ਨੂੰ ਹ ਦੇ ਚੌਵੀ ਘੰਟੇ ਮੱਥੇ ਵੱਟ ਦੇਖ ਕੇ ਉਸ ਦਾ ਵੀ ਦਿਲ ਘਰ ਵਿਚ ਲੱਗਣੋਂ ਹਟ ਗਿਆ ਸੀ | ਇਕ ਦਿਨ ਹਰਨੇਕ ਸਿੰਘ ਦੀ ਵੱਡੀ ਨੂੰ ਹ ਨੇ ਉਸ ਨੂੰ ਸਿੱਧਾ ਹੀ ਕਹਿ ਦਿੱਤਾ, 'ਬਾਪੂ, ਤੈਨੂੰ ਬਥੇਰਾ ਸਮਾਂ ਸਾਂਭ ਲਿਆ ਅਸੀਂ, ਹੁਣ ਆਪੇ ਛੋਟਾ ਸਾਂਭੇ... ਉਹਦਾ ਵੀ ਤਾਂ ਕੁਝ ਲਗਦਾ ਤੰੂ... |' ਸੁਨੇਹਾ ਮਿਲਣ ਦੇ ਕੁਝ ਦਿਨ ਬਾਅਦ ਮਨਮੀਤ ਆਪਣੇ ਬਾਪੂ ਨੂੰ ਲੈਣ ਆ ਗਿਆ ਤੇ ਕਹਿਣ ਲੱਗਾ, 'ਚੱਲ ਫਿਰ ਬਾਪੂ, ਤੈਨੂੰ ਮੈਂ ਨਾਲ ਚਲਦਾਂ, ਤੂੰ ਦੋ ਡੰਗ ਦੀ ਰੋਟੀ ਹੀ ਖਾਣੀ ਹੈ... ਉਹ ਮੈਂ ਦੇ ਦਿਆਂ ਕਰੰੂ...'
'ਪੁੱਤਰਾ, ਰੋਟੀ ਤਾਂ ਰੱਬ ਨੇ ਸਭ ਨੂੰ ਹੀ ਦੇਣੀ ਹੈ... ਤੂੰ ਇਉਂ ਦੱਸ ਕੇ ਥੋਡੇ ਵਿਚੋਂ ਕੋਈ ਪਿਆਰ ਦੇ ਸਕਦਾ ਕਿ ਨਹੀਂ...?' ਛਲਕਦੀਆਂ ਅੱਖਾਂ ਨਾਲ ਹਰਨੇਕ ਸਿੰਘ ਨੇ ਪੁੱਛਿਆ |

-ਪਿੰਡ ਲੰਡੇ, ਜ਼ਿਲ੍ਹਾ ਮੋਗਾ |
ਮੋਬਾਈਲ : 99145-86784

ਬਿਰਧ ਆਸ਼ਰਮ

'ਆਓ ਪੁੱਤਰੋ ਕਿਵੇਂ ਆਏ ਹੋ...?'
'ਤਾਈ ਜੀ, ਇਹ ਆਦਮੀ ਆਪਣੇ ਨੇੜਲੇ ਸ਼ਹਿਰ ਦੇ ਵੱਖ-ਵੱਖ ਪਿੰਡਾਂ ਤੋਂ ਹਨ ਅਤੇ ਬਿਰਧ ਆਸ਼ਰਮ ਲਈ ਉਗਰਾਹੀ ਕਰਨ ਵਾਸਤੇ ਆਏ ਹਨ' ਲੰਬੜਾਂ ਦੇ ਮੰੁਡੇ ਨੇ ਤਾਈ ਨਿਹਾਲੀ ਨੂੰ ਸੰਬੋਧਨ ਕਰਦਿਆਂ ਕਿਹਾ |
'ਪੁੱਤ ਤੇਰੇ ਸਦਕੇ ਜਾਵਾਂ... ਸਮਾਜ ਸੇਵੀ ਕੰਮ ਤਾਂ ਵੱਧ ਤੋਂ ਵੱਧ ਕਰਨੇ ਚਾਹੀਦੇ ਨੇ, ਨਾਲੇ ਉਗਰਾਹੀ ਤਾਂ ਲੈ ਜਾਵੋ ਭਾਵੇਂ ਸੌ ਵਾਰੀ... ਪਰ ਜੇ ਮੈਂ ਕੋਈ ਗੱਲ ਕਹਾਂ... ਤਾਂ ਤੁਸੀਂ ਗੁੱਸਾ ਤਾਂ ਨਹੀਂ ਕਰਦੇ...?'
'ਨਹੀਂ ਮਾਤਾ ਜੀ... |'
'ਵੇ ਪੁੱਤਰੋ, ਗੱਲ ਇਹ ਐ ਕਿ ਸਾਡੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਦੇ ਰੋਜ਼ਾਨਾ ਜਹਾਜ਼ ਭਰ-ਭਰ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ, ਹਰੇਕ ਪਰਿਵਾਰ ਦੇ ਇਕ ਜਾਂ ਦੋ ਹੀ ਬੱਚੇ ਹਨ | ਬੱਚਿਆਂ ਵਲੋਂ ਉਚੇਰੀ ਪੜ੍ਹਾਈ ਨਾ ਕਰਨ ਕਰਕੇ ਵੱਡੇ ਸਕੂਲ-ਕਾਲਜ ਬੰਦ ਹੁੰਦੇ ਜਾ ਰਹੇ ਨੇ, ਬੱਚਿਆਂ ਦੀਆਂ ਸਾਡੇ ਨਾਲੋਂ ਦਿਨੋ-ਦਿਨ ਸਾਂਝਾਂ ਟੁੱਟਦੀਆਂ ਜਾ ਰਹੀਆਂ ਹਨ | ਆਉਣ ਵਾਲੇ ਕੁਝ ਹੀ ਸਮੇਂ 'ਚ ਚਿੰਤਾ ਦਾ ਵਿਸ਼ਾ ਇਹ ਵੀ ਐ ਕਿ ਜਿਹੜੇ ਬੱਚੇ ਵਿਦੇਸ਼ ਚਲੇ ਗਏ, ਉਨ੍ਹਾਂ ਬੱਚਿਆਂ ਨੇ ਆਪਣੇ ਬੱਚਿਆਂ ਦੀ ਪੈਦਾਇਸ਼ ਵੀ ਵਿਦੇਸ਼ਾਂ 'ਚ ਕਰ ਲੈਣੀ ਐਾ, ਸਾਡੇ ਦੇਸ਼ 'ਚ ਨਵੀਂ ਪਨੀਰੀ ਵੀ ਘੱਟ ਜਾਣੀ ਐ, ਪਿਛੇ ਰਹਿ ਜਾਣੇ ਨੇ ਸਾਡੇ ਵਰਗੇ ਬੁੱਢੇ-ਠੇਰੇ ਜਾਂ ਅਨਪੜ੍ਹ ਲੋਕ ਜਾਂ ਉਹ ਲੋਕ ਜੋ ਕਿਸੇ ਕਾਰਨ ਵਿਦੇਸ਼ਾਂ 'ਚ ਨਹੀਂ ਜਾ ਸਕਣਗੇ ਜਾਂ ਫਿਰ ਅਮਲੀ ਤੇ ਨਸ਼ੇੜੀ... ਤੇ ਫਿਰ ਹੁਣ ਨਵੇਂ ਬਿਰਧ ਆਸ਼ਰਮ ਬਣਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਘਰ-ਘਰ ਹੀ ਬਿਰਧ ਆਸ਼ਰਮ ਬਣੀ ਜਾ ਰਹੇ ਨੇ... ਦਿਨੋ -ਦਿਨ ਸਾਡੇ ਧੰਦੇ ਵੀ ਤਾਂ ਚੌਪਟ ਹੁੰਦੇ ਜਾ ਰਹੇ ਨੇ ਤੇ ਅਰਬਾਂ-ਖਰਬਾਂ ਦੀਆਂ ਰਕਮਾਂ ਵਿਦੇਸ਼ਾਂ ਵਾਲੇ ਖਿੱਚੀ ਜਾਂਦੇ ਨੇ | ਸਾਡੇ ਦੇਸ਼ ਦੇ ਜੰਗਲ ਰਾਜ ਸਿਸਟਮ ਨੂੰ ਦੇਖ ਕੇ ਹਰੇਕ ਇਨਸਾਨ ਦੀ ਸੋਚ ਹੈ ਕਿ ਉਸ ਦਾ ਚਾਹੇ ਗਹਿਣਾ-ਗੱਟਾ, ਜ਼ਮੀਨ-ਜਾਇਦਾਦ ਵਿਕ ਜਾਵੇ | ਪਰ ਉਸ ਦੀ ਔਲਾਦ ਵਿਦੇਸ਼ 'ਚ ਪਹੁੰਚ ਜਾਵੇ, ਹੁਣ ਤੁਸੀਂ ਹੀ ਦੱਸੋ ਕਿ ਕੀ ਹੋਣਾ ਚਾਹੀਦੈ, ਆਹ ਮੇਰਾ ਘਰ ਦੇਖ ਲਓ, ਕਿਸੇ ਬਿਰਧ ਆਸ਼ਰਮ ਤੋਂ ਘੱਟ ਨਹੀਂ ਹੈ | ਇਕ ਪੋਤਰਾ ਸੀ, ਜੋ ਦੋ ਸਾਲ ਪਹਿਲਾਂ ਵਿਦੇਸ਼ ਚਲਾ ਗਿਆ ਤੇ 6 ਮਹੀਨੇ ਹੋ ਗਏ ਉਸ ਦੇ ਮਗਰ ਹੀ ਮੇਰੇ ਨੂੰ ਹ-ਪੁੱਤ ਚਲੇ ਗਏ ਨੇ | ਕਈ ਘਰਾਂ ਨੂੰ ਜਿੰਦਰੇ ਲੱਗੇ ਪਏ ਨੇ, ਜਿਥੇ ਕਬੂਤਰ ਬੋਲਦੇ ਨੇ ਕਬੂਤਰ, ਵਿਛੋੜੇ ਦੀਆਂ ਢਿੱਡ 'ਚੋਂ ਲਪਟਾਂ ਨਿਕਲਦੀਆਂ ਨੇ ਲਪਟਾਂ, ਐਨਾ ਆਖਦਿਆਂ ਤਾਈ ਨਿਹਾਲੀ ਦੀ ਭੁੱਬ ਨਿਕਲ ਗਈ ਤੇ ਸਾਉਣ ਦੀ ਝੜੀ ਵਾਂਗ ਅੱਖਾਂ 'ਚੋਂ ਤਰਿੱਪ-ਤਰਿੱਪ ਹੰਝੂ ਵਗਣੇ ਸ਼ੁਰੂ ਹੋ ਗਏ |

-ਪਿੰਡ ਲੰਗੇਆਣਾ ਕਲਾਂ, ਜ਼ਿਲ੍ਹਾ ਮੋਗਾ |
ਮੋਬਾਈਲ : 98781-17285.

ਦੁਨੀਆ ਦਾ ਪਾਤਸ਼ਾਹ

ਸਿਕੰਦਰ ਮਹਾਨ ਜਦੋਂ ਦੁਨੀਆ ਦੇ ਕਈ ਦੇਸ਼ਾਂ ਨੂੰ ਫਤਹਿ ਕਰਦਾ ਹੋਇਆ ਬਿਆਸ ਦਰਿਆ ਦੇ ਕੰਢੇ ਪੁੱਜਿਆ ਤਾਂ ਉਥੇ ਉਸ ਨੇ ਇਕ ਸਾਧੂ ਮਹਾਤਮਾ ਨੂੰ ਆਪਣੇ ਰੰਗ ਵਿਚ ਮਸਤ ਬੈਠੇ ਦੇਖਿਆ | ਸਾਧੂ ਦੀ ਨਜ਼ਰ ਸਿਕੰਦਰ ਉਤੇ ਪਈ | ਉਸ ਉਤੇ ਸਿਕੰਦਰ ਦੀ ਮੌਜੂਦਗੀ ਦਾ ਕੋਈ ਪ੍ਰਭਾਵ ਨਾ ਪਿਆ | ਉਹ ਆਪਣੀ ਭਜਨ ਬੰਦਗੀ ਵਿਚ ਵੇਖ ਕੇ ਸਿਕੰਦਰ ਮਹਾਨ ਘੋੜੇ ਤੋਂ ਹੇਠਾਂ ਉੱਤਰ ਆਇਆ | ਸਾਧੂ ਕੋਲ ਪਹੁੰਚ ਕੇ ਸਿਕੰਦਰ ਪੁੱਛਣ ਲੱਗਾ, 'ਬਾਬਾ, ਤੂੰ ਕੌਣ ਏਾ?' ਸਾਧੂ ਬੋਲਿਆ, 'ਇਹ ਤਾਂ ਮੈਂ ਫਿਰ ਦੱਸਾਂਗਾ | ਪਹਿਲਾਂ ਤੂੰ ਦੱਸ ਕਿ ਤੂੰ ਕੌਣ ਏਾ, ਜਿਸ ਨੇ ਇਥੇ ਆ ਕੇ ਮੇਰੀ ਪਰਮਾਤਮਾ ਨਾਲ ਲੱਗੀ ਹੋਈ ਲਿਵ ਤੋੜ ਦਿੱਤੀ ਏ |' ਸਿਕੰਦਰ ਮਹਾਨ ਨੇ ਹੈਰਾਨ ਹੁੰਦਿਆਂ ਆਖਿਆ, 'ਤੂੰ ਮੈਨੂੰ ਨਹੀਂ ਜਾਣਦਾ? ਮੈਂ ਹਾਂ ਸਿਕੰਦਰ ਮਹਾਨ | ਸਾਰੀ ਦੁਨੀਆ ਮੇਰੇ ਅੱਗੇ ਸਿਰ ਝੁਕਾਉਂਦੀ ਏ |' ਸਾਧੂ ਨੇ ਸਿਕੰਦਰ ਵੱਲ ਭਰਵੀਂ ਨਜ਼ਰ ਨਾਲ ਤੱਕਦੇ ਹੋਏ ਕਿਹਾ, 'ਤੂੰ ਉਹੀ ਸਿਕੰਦਰ ਹੈਾ? ਜਿਹੜਾ ਦੁਨੀਆ ਦੀ ਬਾਦਸ਼ਾਹੀ ਪ੍ਰਾਪਤ ਕਰਨ ਲਈ ਭਟਕਦਾ ਫਿਰਦਾ ਏਾ?' ਸਿਕੰਦਰ ਇਹ ਸੁਣ ਕੇ ਹੋਰ ਵੀ ਹੈਰਾਨੀ ਨਾਲ ਭਰ ਗਿਆ | ਉਸ ਕਿਹਾ, 'ਹਾਂ, ਮੈਂ ਹੀ ਹਾਂ ਉਹ ਸਿਕੰਦਰ, ਜੋ ਸਾਰੀ ਦੁਨੀਆ ਉਤੇ ਰਾਜ ਕਰਨ ਦੀ ਲਾਲਸਾ ਰੱਖਦਾ ਹਾਂ | ਪਰ ਤੂੰ ਕੌਣ ਏਾ?' ਅੱਗਿਓਾ ਸਾਧੂ ਨੇ ਮੁਸਕਰਾ ਕੇ ਕਿਹਾ, 'ਮੈਂ ਉਹ ਕੁਝ ਹਾਂ, ਜੋ ਤੂੰ ਨਹੀਂ ਬਣ ਸਕਿਆ | ਮੈਂ ਸਾਰੀ ਦੁਨੀਆ ਦਾ ਪਾਤਸ਼ਾਹ ਹਾਂ |' 'ਉਹ ਕਿਵੇਂ?' ਸਿਕੰਦਰ ਦੀ ਹੈਰਾਨੀ ਦੀ ਹੱਦ ਨਾ ਰਹੀ | 'ਮੈਂ ਆਪਣੇ ਮਨ ਨੂੰ ਜਿੱਤ ਲਿਆ ਹੈ | ਜਿਸ ਸ਼ਖ਼ਸ ਨੇ ਆਪਣਾ ਮਨ ਜਿੱਤ ਲਿਆ, ਉਸ ਨੇ ਸਾਰੀ ਸਿ੍ਸ਼ਟੀ ਜਿੱਤ ਲਈ |' ਸਾਧੂ ਨੇ ਮੌਜ ਵਿਚ ਆ ਕੇ ਕਿਹਾ ਅਤੇ ਫਿਰ ਆਪਣੀ ਲਿਵ ਪਰਮਾਤਮਾ ਨਾਲ ਜੋੜ ਲਈ |
ਸਿਕੰਦਰ ਕੁਝ ਚਿਰ ਖੜ੍ਹਾ ਸਾਧੂ ਵੱਲ ਦੇਖਦਾ ਰਿਹਾ, ਉਸ ਨੇ ਸਾਧੂ ਦੀ ਅਲੌਕਿਕ ਸ਼ਕਤੀ ਵਿਚ ਬਾਦਸ਼ਾਹ ਨਾਲੋਂ ਵੱਧ ਸੁੱਖ ਅਤੇ ਖ਼ੁਸ਼ੀ ਮਹਿਸੂਸ ਕੀਤੀ | ਉਸ ਨੇ ਆਪਣੇ ਅੰਦਰ ਝਾਤੀ ਮਾਰੀ | ਸਿਵਾਏ ਚਿੰਤਾ, ਦੁੱਖ ਅਤੇ ਕਲੇਸ਼ ਤੋਂ ਉਥੇ ਹੋਰ ਕੁਝ ਨਹੀਂ ਸੀ | ਸਿਕੰਦਰ ਨੇ ਝੱਟ ਸਾਧੂ ਅੱਗੇ ਸਿਰ ਝੁਕਾ ਦਿੱਤਾ | ਫਿਰ ਉਹ ਬੜੇ ਰਸ਼ਕ ਨਾਲ ਸਾਧੂ ਵੱਲ ਵੇਖਦਾ ਹੋਇਆ ਅੱਗੇ ਤੁਰ ਪਿਆ |

-ਮੋਬਾਈਲ : 98146-81444.

ਯਾਦਾਂ ਦੀ ਟੋਕਰੀ 'ਚੋਂ ਝਾਕਦੇ ਚਿਹਰੇ: ਸਾਡੀ ਨਿੱਕੀ ਬੇਬੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮੇਰੇ ਰੋਣ ਦੀ ਆਵਾਜ਼ ਸੁਣ ਕੇ ਨਿੱਕੀ ਬੇਬੇ ਨੇ ਮੇਰੇ ਦਾਦਾ ਜੀ ਨੂੰ ਉੱਚੀ ਦੇਕੇ ਕਹਿਣਾ, 'ਭਗਵਾਨ ਸਿਹਾਂ, ਕਿਉਂ ਭੋਰਾ ਭਰ ਨੂੰ ਕੁੱਟੀ ਜਾਨਾ, ਕੁੱਟ ਕੇ ਤੂੰ ਇਹਨੂੰ ਡੀ.ਸੀ.ਬਨੌਣਾ? ਮੈਂ ਤਾਂ ਕਦੋਂ ਦੀ ਇਹਨੂੰ ਸੂਬੇਦਾਰ ਬਣਾਈ ਫਿਰਦੀ ਹਾਂ' | ਪਤਾ ਨਹੀਂ, ਹੱਸਦਿਆਂ ਖੇਲਦਿਆਂ ਦੀ ਰਾਤ ਕਦੋਂ ਬੀਤ ਜਾਂਦੀ | ਸਵੇਰਾ ਹੋਣ 'ਤੇ ਅਸੀਂ ਸਾਰੇ ਸਕੂਲ ਜਾਣ ਨੂੰ ਤਿਆਰ ਹੋਣ ਲੱਗ ਪੈਂਦੇ ਅਤੇ ਨਿੱਕੀ ਬੇਬੇ ਆਪਣੀ ਬੱਕਰੀ ਲਈ ਘਾਹ ਪੱਠੇ ਦਾ ਅਤੇ ਚੁੱਲ੍ਹੇ ਚੌਕੇਂ ਲਈ ਬਾਲਣ ਦਾ ਪ੍ਰਬੰਧ ਕਰਨ ਦੀ ਆਪਣੀ ਡਿਊਟੀ 'ਤੇ ਚਲੀ ਜਾਂਦੀ | ਵਾਪਸ ਆਕੇ ਰੋਜ਼ ਵਾਂਗ ਆਪਣੀ ਬੇਟੀ ਦੇ ਕੰਮ ਵਿਚ ਹੱਥ ਵਟਾਉਂਦੀ ਜਾਂ ਫਿਰ ਚਰਖਾ ਕੱਤਣ ਲੱਗ ਪੈਂਦੀ | ਮੈਟਿ੍ਕ ਦੀ ਪ੍ਰੀਖਿਆ ਪਾਸ ਕਰਕੇ ਮੈਂ ਕਾਲਜ ਦੀ ਪੜ੍ਹਾਈ ਲਈ ਸ਼ਹਿਰ ਆ ਗਿਆ | ਕੁਝ ਸਾਲਾਂ ਬਾਅਦ ਪਤਾ ਲੱਗਾ ਕਿ ਨਿੱਕੀ ਬੇਬੇ ਇਸ ਸੰਸਾਰ ਨੂੰ ਹਮੇਸ਼ਾ ਲਈ ਛੱਡ ਗਈ ਹੈ | ਗ਼ਰੀਬੀ ਅਤੇ ਤੰਗੀ ਤੁਰਸ਼ੀ ਦੇ ਹੁੰਦਿਆਂ ਹੋਇਆਂ ਵੀ ਖੁਸ਼ ਰਹਿਣ ਦਾ ਢੰਗ ਨਿੱਕੀ ਬੇਬੇ ਸਾਨੂੰ ਸਭ ਨੂੰ ਦੱਸ ਗਈ ਹੈ | ਉਸਤੇ ਅਮਲ ਕਰਨਾ ਜਾਂ ਨਾ ਕਰਨਾ ਸਾਡੀ ਆਪੋ ਆਪਣੀ ਪਹੁੰਚ ਹੈ |
ਸਾਡੇ ਸਾਰੇ ਘਰਾਂ ਦੇ ਪਰੀਵਾਰ ਸ਼ਹਿਰਾਂ ਵਿਚ ਸੈੱਟ ਹੋ ਗਏ ਹਨ ਅਤੇ ਸਾਰੇ ਘਰ ਪਿੰਡ ਦੇ ਹੋਰ ਲੋੜਵੰਦਾਂ ਨੇ ਖਰੀਦ ਲਏ ਹਨ | ਕਦੇ ਕਦਾਈਾ ਪਿੰਡ ਜਾਣ 'ਤੇ ਉਦੋਂ ਦਿਲ ਨੂੰ ਹੌਲ ਜਿਹਾ ਪੈਂਦਾ ਹੈ ਜਦੋਂ ਮੈਂ ਦੇਖਦਾ ਹਾਂ ਕਿ ਸਾਡੇ ਰਹਿਣ ਵਾਲੇ ਘਰ ਵਿਚ ਨਵੇਂ ਖਰੀਦਦਾਰ ਨੇ ਪਸ਼ੂ ਬੰਨ੍ਹੇ ਹੋਏ ਹਨ | ਕਿਸੇ ਹੋਰ ਰਿਹਾਇਸ਼ੀ ਘਰ ਵਿਚ ਤੂੜੀ ਭਰੀ ਪਈ ਹੈ | ਨਿੱਕੀ ਬੇਬੇ ਦੇ ਘਰ ਨੂੰ , ਨਾਲ ਦੇ ਘਰ ਵਾਲੇ ਨੇ ਲੈ ਕੇ ਆਪਣਾ ਘਰ ਖੁੱਲ੍ਹਾ ਕਰ ਲਿਆ ਹੈ | ਦੂਜਿਆਂ ਦੇ ਦੁਖ ਸੁੱਖ ਦੇ ਸੱਚੇ ਸਾਥੀ, ਕਿਸੇ ਵੀ ਲੋਭ ਲਾਲਚ ਤੋਂ ਸੱਖਣੇ ਅਤੇ ਲੋੜ ਮੌਕੇ ਕੰਮ ਆਉਣ ਵਾਲੇ, ਪਹਿਲੇ ਵੇਲਿਆਂ ਦੇ ਲੋਕ, ਪਤਾ ਨਹੀਂ ਇਸ ਮੌਕੇ ਕਿੱਥੇ ਹੋਣਗੇ ਪਰ ਹੁਣ ਵੀ ਆਪਣੇ ਘਰ ਮੂਹਰੇ ਖੜ੍ਹਕੇ, ਮੈਂ ਆਪਣੇ ਖਿਆਲਾਂ ਵਿਚ ਹੀ ਉਨ੍ਹਾਂ ਨਾਲ ਵਾਰਤਾਲਾਪ ਰਚਾ ਆਉਂਦਾ ਹਾਂ | (ਸਮਾਪਤ)

-ਮਕਾਨ ਨੰ:- ਬੀ-21-14805, ਭਗਵਾਨ ਨਗਰ ਮਾਰਕੀਟ, ਨੇੜੇ ਢੋਲੇਵਾਲ ਲੁਧਿਆਣਾ-141003. ਫੋਨ : 99155-41219

ਕਾਵਿ-ਵਿਅੰਗ: ਛਤਰੀ

• ਨਵਰਾਹੀ ਘੁਗਿਆਣਵੀ •
ਧਰਤੀ ਵਾਲੀ ਅਦਾਲਤ ਤਾਂ ਥਿੜਕ ਸਕਦੀ,
ਉੱਪਰ ਵਾਲੀ ਹਮੇਸ਼ਾ ਨਿਆਂ ਕਰਦੀ |
ਬੇਸ਼ੱਕ ਮਾਸੀਆਂ ਆਪਣੀ ਜਗ੍ਹਾ ਉੱਤੇ,
ਮਾਂ ਉਹ ਛਤਰੀ ਜੋ ਸਿਰਾਂ 'ਤੇ ਛਾਂ ਕਰਦੀ |
ਹੇਰਾ-ਫੇਰੀ ਬਦਨਾਮੀਆਂ ਕਰੇ ਪੈਦਾ,
ਨੇਕ-ਨੀਤੀ ਮਨੁੱਖ ਦਾ ਨਾਂਅ ਕਰਦੀ |
ਸਦਾ ਸਬਰ ਸੰਤੋਖ਼ ਤਿ੍ਪਤ ਕਰਦਾ,
ਬੇਸ਼ੱਕ ਬੰਦੇ ਨੂੰ ਠਿੱਠ ਤਮਾਂ ਕਰਦੀ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਹੰਕਾਰ

ਇਕ ਵਾਰ ਸੁਕਰਾਤ ਕੋਲ ਇਕ ਜ਼ਿਮੀਂਦਾਰ ਆਇਆ ਜੋ ਆਪਣੀ ਬੇਸ਼ੁਮਾਰ ਧਨ-ਦੌਲਤ ਤੇ ਜ਼ਮੀਨ ਦੇ ਨਸ਼ੇ 'ਚ ਪੂਰੀ ਤਰ੍ਹਾਂ ਹੰਕਾਰੀ ਬਣ ਚੁੱਕਾ ਸੀ |
ਸੁਕਰਾਤ ਨੇ ਪੁੱਛਿਆ, 'ਕਿਸ ਤਰ੍ਹਾਂ ਆਏ ਹੋ?'
'ਤੁਹਾਡੇ ਪਾਸੋਂ ਗਿਆਨ ਦੀਆਂ ਗੱਲਾਂ ਸੁਣਨ ਆਇਆ ਹਾਂ', ਜ਼ਿਮੀਂਦਾਰ ਬੋਲਿਆ |
ਸੁਕਰਾਤ ਨੇ ਕਿਹਾ ਅਹੁ ਸਾਹਮਣਿਓਾ ਵਿਸ਼ਵ ਦਾ ਨਕਸ਼ਾ ਲੈ ਕੇ ਆਓ ਤੇ ਸੁਕਰਾਤ ਨੇ ਉਸ ਨੂੰ ਪੁੱਛਿਆ ਇਸ ਨਕਸ਼ੇ 'ਚ ਦੱਸੋ ਕਿ ਯੂਰਪ ਕਿੱਥੇ ਹੈ ਤੇ ਯੂਨਾਨ ਕਿੱਥੇ ਹੈ?
ਜ਼ਿਮੀਂਦਾਰ ਨੇ ਇਕ ਬਿੰਦੂ 'ਤੇ ਉਂਗਲੀ ਟਿਕਾਈ ਤੇ ਕਿਹਾ ਜੀ ਇਹ ਯੂਨਾਨ ਹੈ | ਸੁਕਰਾਤ ਨੇ ਫਿਰ ਕਿਹਾ, ਅੱਛਾ ਹੁਣ ਦੱਸੋ ਕਿ ਤੇਰੀ ਜ਼ਮੀਨ ਕਿੱਥੇ ਹੈ? ਜ਼ਿਮੀਂਦਾਰ ਬੋਲਿਆ, 'ਜਦੋਂ ਯੂਨਾਨ ਹੀ ਇਕ ਬਿੰਦੂ ਜਿੰਨਾ ਹੈ ਤਾਂ ਮੇਰੀ ਜ਼ਮੀਨ ਇਸ 'ਚ ਕਿੱਥੇ ਮਿਲੇਗੀ?'
ਸੁਕਰਾਤ ਬੋਲੇ, 'ਇਸ ਵੱਡੇ ਨਕਸ਼ੇ 'ਚ ਇਕ ਬਿੰਦੂ ਜਿੰਨੀ ਵੀ ਤੇਰੀ ਜ਼ਮੀਨ ਨਹੀਂ ਹੈ ਤੇ ਤੂੰ ਫਿਰ ਹੰਕਾਰ ਕਿਸ ਗੱਲ ਦਾ ਕਰਦਾ ਹੈਾ |' ਬਸ ਮੈਂ ਤਾਂ ਇਹ ਹੀ ਗਿਆਨ ਦੇ ਸਕਦਾ ਹਾਂ ਕਿ ਹੰਕਾਰ ਨੂੰ ਛੱਡੋ ਫਿਰ ਦੇਖੋ ਜ਼ਿੰਦਗੀ ਜਿਊਣ ਦਾ ਕਿੰਨਾ ਸਵਾਦ ਆਉਂਦਾ ਹੈ | ਜ਼ਿਮੀਂਦਾਰ ਸ਼ਰਮਿੰਦਾ ਹੋ ਕੇ ਸੁਕਰਾਤ ਦੇ ਪੈਰੀਂ ਪੈ ਗਿਆ |

-511, ਖਹਿਰਾ ਇਨਕਲੇਵ, ਜਲੰਧਰ-144007.

ਡਾਕੂ

ਪਾਪਾ! ਅੱਜਕੱਲ੍ਹ ਡਾਕੂ ਨੀ ਹੁੰਦੇ? ਰੋਜ਼ਾਨਾ ਘੰਟਿਆਂਬੱਧੀ ਟੀ.ਵੀ. ਦੇਖਦੇ ਬੱਚੇ ਨੇ ਆਪਣੇ ਮਨ ਵਿਚ ਆਏ ਸਵਾਲ ਦਾ ਜਵਾਬ ਪਿਤਾ ਤੋਂ ਪੁੱਛ ਲਿਆ | ਉਹ ਕਈ ਦਿਨ ਤੋਂ ਡਾਕੂਆਂ ਦੀਆਂ ਕਹਾਣੀਆਂ ਵਾਲੇ ਪ੍ਰੋਗਰਾਮ ਦੇਖਦਾ ਆ ਰਿਹਾ ਸੀ | ਸਵਾਲ ਤਾਂ ਉਹ ਪਹਿਲਾਂ ਵੀ ਅਕਸਰ ਕਰਦਾ ਰਹਿੰਦਾ ਸੀ ਪਰ ਉਸ ਦੇ ਅੱਜ ਦੇ ਸਵਾਲ ਦਾ ਜਵਾਬ ਦੇਣਾ ਬੜਾ ਔਖਾ ਸੀ | ਡੂੰਘਾ ਹਉਕਾ ਭਰਦਿਆਂ ਪਿਤਾ ਨੇ ਜਵਾਬ ਦਿੱਤਾ, 'ਹੁੰਦੇ ਤਾਂ ਅੱਜਕੱਲ੍ਹ ਵੀ ਹਨ ਬੇਟਾ ਪਰ ਇਨ੍ਹਾਂ ਨੇ ਵੱਖ-ਵੱਖ ਰੂਪ ਧਾਰਨ ਕਰ ਲਏ ਹਨ | ਲੁੱਟ ਤਾਂ ਇਹ ਉਨ੍ਹਾਂ ਨਾਲੋਂ ਵੀ ਕਿਤੇ ਵੱਧ ਕਰਦੇ ਹਨ ਪਰ... |' ਪਿਤਾ ਵਲੋਂ ਮਿਲੇ ਜਵਾਬ ਨਾਲ ਬੱਚਾ ਸੰਤੁਸ਼ਟ ਹੋਣ ਦੀ ਬਜਾਇ ਹੋਰ ਵੀ ਉਲਝ ਗਿਆ |

-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿਸੀਲ: ਗੜ੍ਹਸ਼ੰਕਰ (ਹੁਸ਼ਿਆਰਪੁਰ)
ਮੋਬਾਈਲ : 94638-51568

ਰੰਗ ਤੇ ਵਿਅੰਗ: ਇਕ ਚਟਾਈ ਹੋਰ

ਕੁਝ ਸਾਧੂ ਆਪੋ-ਆਪਣੀਆਂ ਚਟਾਈਆਂ 'ਤੇ ਧਿਆਨ ਲਾਈ ਬੈਠੇ ਸਨ | ਇਸ ਸਮੇਂ ਇਕ ਵਿਅਕਤੀ ਆਉਂਦਾ ਹੈ ਅਤੇ ਸਭ ਤੋਂ ਵੱਡੀ ਉਮਰ ਦੇ ਸਾਧੂ ਨੂੰ ਸਿਰ ਝੁਕਾਅ ਕੇ ਬੇਨਤੀ ਕਰਦਾ ਹੈ ਕਿ ਮਹਾਰਾਜ ਮੇਰੀ ਪਤਨੀ ਮੇਰਾ ਕਹਿਣਾ ਨਹੀਂ ਮੰਨਦੀ, ਇਸ ਦਾ ਕੋਈ ਉਪਾਅ ਦੱਸੋ |
ਸਾਧੂ ਨੇ ਸਭ ਤੋਂ ਛੋਟੀ ਉਮਰ ਦੇ ਸਾਧੂ ਨੂੰ ਆਵਾਜ਼ ਮਾਰ ਕੇ ਕਿਹਾ, 'ਇਕ ਚਟਾਈ ਹੋਰ ਲਗਾ ਦੇ ਬੱਚਾ |'

-ਪਿੰਡ ਤੇ ਡਾਕ: ਖੋਸਾ ਪਾਂਡੋ, ਜ਼ਿਲ੍ਹਾ ਮੋਗਾ-142048.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX