• ਦੋਵੇਂ ਪਾਸਿਆਂ ਦੇ ਹਮਲਿਆਂ 'ਚ ਹੁਣ ਤੱਕ 59 ਮੌਤਾਂ • ਮਿ੍ਤਕਾਂ 'ਚ ਇਕ ਭਾਰਤੀ ਔਰਤ ਵੀ ਸ਼ਾਮਿਲ
ਗਾਜ਼ਾ ਸਿਟੀ, 12 ਮਈ (ਏਜੰਸੀ)-ਇਜ਼ਰਾਈਲ ਅਤੇ ਫ਼ਲਸਤੀਨ 'ਚ ਸ਼ੁਰੂ ਹੋਇਆ ਵਿਵਾਦ ਜੰਗ ਵੱਲ ਵਧ ਰਿਹਾ ਹੈ | ਗਾਜਾ ਵਲੋਂ ਆਉਂਦੇ ਰਾਕੇਟਾਂ ਅਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਨੇ ਬੁੱਧਵਾਰ ਨੂੰ 2014 ਦੇ ਉਸ ਸੰਘਰਸ਼ ਦੀ ਯਾਦ ਦਿਵਾਈ ਜੋ 50 ਦਿਨਾਂ ਤੱਕ ਚੱਲਿਆ ਸੀ | ਦੋਵੇਂ ਪੱਖਾਂ ਦਰਮਿਆਨ ਸ਼ੁਰੂ ਹੋਏ ਮੌਜੂਦਾ ਸੰਘਰਸ਼ ਦੇ ਅਜੇ ਖ਼ਤਮ ਹੋਣ ਦੇ ਆਸਾਰ ਦਿਖਾਈ ਨਹੀਂ ਦਿੰਦੇ | ਦੋਵੇਂ ਪਾਸਿਆਂ ਦੇ ਹਮਲਿਆਂ 'ਚ ਹੁਣ ਤੱਕ 59 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਫਲਸਤੀਨ ਦੇ 53 ਤੇ ਇਜ਼ਰਾਈਲ ਦੇ 6 ਨਾਗਰਿਕ ਸ਼ਾਮਿਲ ਹਨ, ਜਦੋਂ ਕਿ ਹਮਾਸ ਦਾ ਇਕ ਚੋਟੀ ਦਾ ਕਮਾਂਡਰ ਵੀ ਇਜ਼ਰਾਈਲ ਦੇ ਹਵਾਈ ਹਮਲੇ 'ਚ ਹਲਾਕ ਹੋ ਗਿਆ | ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਲੇ ਤੇਜ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ 'ਚ ਸਮਾਂ ਲੱਗੇਗਾ | ਹਮਾਸ ਨੇ ਇਜ਼ਰਾਈਲ 'ਤੇ ਇਕ ਹਜ਼ਾਰ ਤੋਂ ਵੱਧ ਰਾਕੇਟ ਦਾਗੇ ਹਨ ਅਤੇ ਇਜ਼ਰਾਈਲ 'ਤੇ ਐਨ੍ਹਾ ਵੱਡਾ ਹਮਲਾ 7 ਸਾਲ ਬਾਅਦ ਹੋਇਆ ਹੈ | ਇਜ਼ਰਾਈਲੀ ਸੈਨਾ ਨੇ ਦੱਸਿਆ ਕਿ ਹਮਾਸ ਨੇ ਸੰਘਰਸ਼ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 1050 ਤੋਂ ਵੱਧ ਰਾਕੇਟ ਦਾਗ਼ੇ ਹਨ | ਗਾਜਾ ਦੇ ਹਮਾਸ ਸ਼ਾਸਕਾਂ ਅਤੇ ਹੋਰਨਾਂ ਅੱਤਵਾਦੀ ਸੰਗਠਨਾਂ ਨੇ ਸੈਂਕੜੇ ਰਾਕੇਟ ਦਾਗੇ, ਜਿਸ ਨਾਲ ਸੰਘਣੀ ਆਬਾਦੀ ਵਾਲੇ ਟੇਲ ਅਵੀਵ 'ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੰਦੀ ਰਹੀ | ਉਥੇ ਇਜ਼ਰਾਈਲ ਨੇ ਗਾਜ਼ਾ ਪੱਟੀ 'ਚ ਦੋ ਬਹੁਮੰਜ਼ਿਲਾ ਇਮਾਰਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਵਾਈ ਹਮਲੇ ਕੀਤੇ | ਇਜ਼ਰਾਈਲ ਨੇ ਪਹਿਲਾਂ ਚਿਤਾਵਨੀ ਦਿੰਦਿਆਂ ਗੋਲੀਆਂ ਚਲਾਈਆਂ ਤਾਂ ਕਿ ਨਾਗਰਿਕ ਇਮਾਰਤ ਛੱਡ ਕੇ ਜਾ ਸਕਣ | ਇਜ਼ਰਾਈਲ ਨੇ ਪੁਲਿਸ ਤੇ ਸੁਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਰਜਨਾਂ ਹਵਾਈ ਹਮਲੇ ਕੀਤੇ | ਜਿਸ ਦੌਰਾਨ ਗਾਜ਼ਾ ਸਿਟੀ ਦਾ ਪੁਲਿਸ ਹੈੱਡਕੁਆਰਟਰ ਵੀ ਨਸ਼ਟ ਹੋ ਗਿਆ | ਸਿਹਤ ਮੰਤਰਾਲੇ ਨੇ ਦੱਸਿਆ ਕਿ ਇਜ਼ਰਾਈਲ ਦੇ ਹਮਲਿਆਂ 'ਚ ਗਾਜ਼ਾ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 57 ਹੋ ਗਈ ਹੈ, ਜਿਨ੍ਹਾਂ 'ਚ 13 ਬੱਚੇ ਅਤੇ ਤਿੰਨ ਔਰਤਾਂ ਸ਼ਾਮਿਲ ਹਨ | ਹਮਲੇ 'ਚ ਕਰੀਬ 300 ਫ਼ਲਸਤੀਨੀ ਜ਼ਖ਼ਮੀ ਹੋਏ ਹਨ | ਉਥੇ ਮੰਗਲਵਾਰ ਅਤੇ ਬੁੱਧਵਾਰ ਨੂੰ ਹੋਏ ਰਾਕੇਟ ਹਮਲਿਆਂ 'ਚ ਤਿੰਨ ਔਰਤਾਂ ਅਤੇ ਇਕ ਬੱਚੇ ਸਮੇਤ 6 ਇਜ਼ਰਾਇਲੀਆਂ ਦੀ ਮੌਤ ਹੋ ਗਈ ਅਤੇ ਦਰਜ਼ਨਾਂ ਲੋਕ ਜ਼ਖ਼ਮੀ ਹੋ ਗਏ | ਮਿ੍ਤਕਾਂ 'ਚ 30 ਸਾਲ ਦੀ ਇਕ ਭਾਰਤੀ ਔਰਤ ਵੀ ਸ਼ਾਮਿਲ ਹੈ | ਕੇਰਲ ਦੇ ਇਡੁੱਕੀ ਜ਼ਿਲ੍ਹੇ ਦੀ ਵਸਨੀਕ ਸੌਮਿਆ ਸੰਤੋਸ਼ ਇਜ਼ਰਾਈਲ ਦੇ ਅਸ਼ਕੇਲਾਨ ਤੱਟੀ ਸ਼ਹਿਰ ਦੇ ਇਕ ਘਰ 'ਚ ਬਜ਼ੁਰਗ ਔਰਤ ਦੀ ਦੇਖਭਾਲ ਦਾ ਕੰਮ ਕਰਦੀ ਸੀ | ਉਹ ਪਿਛਲੇ 7 ਸਾਲਾਂ ਤੋਂ ਇਜ਼ਰਾਈਲ 'ਚ ਰਹਿ ਰਹੀ ਸੀ | ਹਮਲੇ ਸਮੇਂ ਸੌਮਿਆ ਆਪਣੇ ਪਤੀ ਨਾਲ ਵੀਡੀਓ ਕਾਲ ਕਰ ਰਹੀ ਸੀ | ਭਾਰਤ 'ਚ ਇਜ਼ਰਾਈਲ ਦੇ ਰਾਜਦੂਤ ਰਾਨ ਮਲਕ ਨੇ ਵੀ ਸੌਮਿਆ ਦੀ ਮੌਤ ਦੀ ਪੁਸ਼ਟੀ ਕੀਤੀ ਹੈ | ਕੇਰਲ ਸਰਕਾਰ ਨੇ ਸੌਮਿਆ ਦੀ ਮਿ੍ਤਕ ਦੇਹ ਉਸ ਦੇ ਪਰਿਵਾਰ ਦੇ ਹਵਾਲੇ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ | ਮੁੱਖ ਮੰਤਰੀ ਦਫ਼ਤਰ ਵਲੋਂ ਦੱਸਿਆ ਗਿਆ ਕਿ ਉਹ ਇਜ਼ਰਾਈਲ 'ਚ ਭਾਰਤੀ ਦੂਤਘਰ ਦੇ ਸੰਪਰਕ 'ਚ ਹੈ | ਮੁੱਖ ਮੰਤਰੀ ਪਿਰਨਈ ਵਿਜੇਅਨ ਨੇ ਸੌਮਿਆ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਇਹ ਹਵਾਈ ਹਮਲੇ ਸੋਮਵਾਰ ਤੋਂ ਸ਼ੁਰੂ ਹੋਏ ਸਨ ਅਤੇ ਫ਼ਲਸਤੀਨ ਨੇ ਇਜ਼ਰਾਈਲ 'ਤੇ ਰਾਕੇਟ ਦਾਗੇ ਸਨ | 2014 ਦੀ ਗਾਜ਼ਾ ਜੰਗ ਦੇ ਬਾਅਦ ਸਭ ਤੋਂ ਭਿਆਨਕ ਲੜਾਈ ਹਾਲ ਦੇ ਹਫ਼ਤਿਆਂ 'ਚ ਯੇਰੂਸ਼ਲਮ 'ਚ ਫ਼ਲਸਤੀਨੀ ਪ੍ਰਦਰਸ਼ਨਕਾਰੀਆਂ ਅਤੇ ਇਜ਼ਰਾਈਲੀ ਪੁਲਿਸ ਦਰਮਿਆਨ ਸੰਘਰਸ਼ ਦੇ ਕਾਰਨ ਸ਼ੁਰੂ ਹੋਈ ਹੈ | ਇਹ ਪ੍ਰਦਰਸ਼ਨ ਅਲ ਅਕਸਾ ਮਸਜਿਦ ਕੰਪਲੈਕਸ 'ਤੇ ਕੇਂਦਰਿਤ ਸਨ ਜੋ ਯਹੂਦੀਆਂ ਅਤੇ ਮੁਸਲਮਾਨਾਂ ਦੋਵਾਂ ਲਈ ਪਵਿੱਤਰ ਸਥਾਨ ਹੈ |
ਦੇਸ਼ ਭਰ 'ਚ ਇਕ ਦਿਨ 'ਚ 4205 ਮੌਤਾਂ ਨੇ ਤੋੜਿਆ ਰਿਕਾਰਡ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 12 ਮਈ-ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲਿ੍ਹਆਂ 'ਚ ਪਸਾਰ ਨੂੰ ਰੋਕਣ ਲਈ ਹੋਰ 6 ਤੋਂ 8 ਹਫ਼ਤਿਆਂ ਦੀ ਤਾਲਾਬੰਦੀ ਲਗਾਈ ਜਾਣੀ ਚਾਹੀਦੀ ਹੈ | ਇਹ ਸੁਝਾਅ ਸਿਹਤ ਮੰਤਰਾਲੇ ਦੀ ਮੁੱਖ ਖੋਜ ਸੰਸਥਾ ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ (ਆਈ.ਸੀ.ਐੱਮ.ਆਰ) ਦੇ ਮੁਖੀ ਬਲਰਾਮ ਭਾਰਗਵ ਨੇ ਪ੍ਰਗਟਾਏ | ਭਾਰਗਵ ਨੇ ਉਨ੍ਹਾਂ ਸਾਰੇ ਜ਼ਿਲਿ੍ਹਆਂ 'ਚ ਤਾਲਾਬੰਦੀ ਲਗਾਉਣ ਦੀ ਸਲਾਹ ਦਿੱਤੀ ਜਿੱਥੇ ਪਾਜ਼ੀਟੀਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ | ਡਾ: ਬਲਰਾਮ ਨੇ ਸਫਲ ਤਾਲਾਬੰਦੀ ਦੀ ਮਿਸਾਲ ਵਜੋਂ ਦਿੱਲੀ ਦਾ ਨਾਂਅ ਲੈਂਦਿਆਂ ਕਿਹਾ ਕਿ ਦਿੱਲੀ ਜਿੱਥੇ ਪਾਜ਼ੀਟੀਵਿਟੀ ਦਰ 35 ਫ਼ੀਸਦੀ ਸੀ, ਤਾਲਾਬੰਦੀ ਕਾਰਨ ਉਹ ਦਰ ਹੁਣ 17 ਫ਼ੀਸਦੀ 'ਤੇ ਪਹੁੰਚੀ ਹੈ ਪਰ ਜੇਕਰ ਦਿੱਲੀ ਨੂੰ ਕੱਲ੍ਹ ਖੋਲ੍ਹ ਦਿੱਤਾ ਜਾਵੇ ਤਾਂ ਤਬਾਹੀ ਆ ਜਾਵੇਗੀ | ਡਾ: ਭਾਰਗਵ ਦੀ ਇਹ ਚਿਤਾਵਨੀ ਉਸ ਵੇਲੇ ਆਈ ਹੈ ਜਦੋਂ ਦੇਸ਼ ਦੇ ਦੋ ਤਿਹਾਈ ਜ਼ਿਲਿ੍ਹਆਂ ਦੀ ਪਾਜ਼ੀਟੀਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ | ਸਿਹਤ ਮੰਤਰਾਲੇ ਵਲੋਂ ਮੰਗਲਵਾਰ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਵੀ ਤਾਲਾਬੰਦੀ ਨੂੰ ਕੋਰੋਨਾ ਰੋਕਣ ਲਈ ਇਕ ਪ੍ਰਭਾਵੀ ਹੱਲ ਕਰਾਰ ਦਿੱਤਾ ਗਿਆ ਹੈ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਸ਼ਟਰਵਿਆਪੀ ਤਾਲਾਬੰਦੀ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਇਸ ਨੂੰ ਰਾਜ ਸਰਕਾਰ 'ਤੇ ਛੱਡ ਦਿੱਤਾ ਹੈ | ਡਾ: ਭਾਰਗਵ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਸਾਰੇ ਜ਼ਿਲਿ੍ਹਆਂ ਜਿੱਥੇ ਪਾਜ਼ੀਟੀਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ, ਨੂੰ ਉਸ ਵੇਲੇ ਖੋਲਿ੍ਹਆ ਜਾ ਸਕਦਾ ਹੈ ਜਦੋਂ ਇਹ ਦਰ 5 ਫ਼ੀਸਦੀ ਹੋ ਜਾਵੇਗੀ ਪਰ ਅਜਿਹਾ ਹੋਣ 'ਚ 6 ਤੋਂ 8 ਹਫ਼ਤੇ ਲੱਗਣਗੇ | ਉਨ੍ਹਾਂ ਇਹ ਵੀ ਕਿਹਾ ਕਿ 15 ਅਪ੍ਰੈਲ ਨੂੰ ਰਾਸ਼ਟਰੀ ਟਾਸਕ ਫੋਰਸ ਦੀ ਮੀਟਿੰਗ 'ਚ ਸਰਕਾਰ ਨੂੰ ਉਨ੍ਹਾਂ ਇਲਾਕਿਆਂ 'ਚ ਤਾਲਾਬੰਦੀ ਲਾਉਣ ਦੀ ਸਿਫ਼ਾਰਸ਼ ਕੀਤੀ ਸੀ ਜਿੱਥੇ ਪਾਜ਼ੀਟੀਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ | ਇੱਥੇ ਜ਼ਿਕਰਯੋਗ ਹੈ ਕਿ 20 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਾਂ ਨੂੰ ਕੀਤੇ ਸੰਬੋਧਨ 'ਚ ਤਾਲਾਬੰਦੀ ਨੂੰ ਆਖ਼ਰੀ ਹੱਲ ਵਜੋਂ ਇਸਤੇਮਾਲ ਕਰਨ ਨੂੰ ਕਿਹਾ ਸੀ | ਡਾ: ਭਾਰਗਵ ਨੇ ਕਿਹਾ ਕਿ 10 ਫ਼ੀਸਦੀ ਵਾਲੀ ਸਿਫ਼ਾਰਸ਼ ਮੰਨਣ 'ਚ ਸਰਕਾਰ ਨੇ ਕੁਝ ਦੇਰ ਕਰ ਦਿੱਤੀ |
ਕੋਰੋਨਾ ਦਾ ਭਾਰਤੀ ਰੂਪ 44 ਦੇਸ਼ਾਂ 'ਚ
ਵਿਸ਼ਵ ਸਿਹਤ ਸੰਸਥਾ ਨੇ ਕੋਰੋਨਾ ਦੇ ਭਾਰਤੀ ਰੂਪ ਦੇ 44 ਦੇਸ਼ਾਂ 'ਚ ਮਿਲਣ ਦਾ ਦਾਅਵਾ ਕੀਤਾ ਹੈ | ਡਬਲਿਊ.ਐੱਚ.ਓ. ਵਲੋਂ ਜਾਰੀ ਬਿਆਨ 'ਚ ਕਿਹਾ ਕਿ ਕੋਵਿਡ-19 ਦਾ ਬੀ.ਆਈ.617 ਰੂਪ ਜੋ ਕਿ ਸਭ ਤੋਂ ਪਹਿਲਾਂ ਅਕਤੂਬਰ 'ਚ ਭਾਰਤ 'ਚ 4500 ਸੈਂਪਲਾਂ 'ਚ ਪਾਇਆ ਗਿਆ ਸੀ, ਹੁਣ 44 ਦੇਸ਼ਾਂ 'ਚ ਪਾਇਆ ਗਿਆ ਹੈ | ਵਿਸ਼ਵ ਸਿਹਤ ਸੰਗਠਨ ਨੇ ਭਾਰਤ 'ਚ ਮਿਲੇ ਕੋਰੋਨਾ ਦੇ ਇਸ ਰੂਪ 'ਤੇ ਸਰੋਕਾਰ ਪ੍ਰਗਟਾਉਂਦਿਆਂ ਇਸ ਨੂੰ ਚਿੰਤਾ ਦਾ ਕਾਰਨ ਕਰਾਰ ਦਿੱਤਾ ਸੀ ਕਿਉਂਕਿ ਇਹ ਛੇਤੀ ਫੈਲਣ ਵਾਲਾ ਅਤੇ ਜ਼ਿਆਦਾ ਖ਼ਤਰਨਾਕ ਹੈ |
ਸਰਕਾਰ ਨੇ ਪ੍ਰਗਟਾਇਆ ਇਤਰਾਜ਼
ਕੇਂਦਰ ਸਰਕਾਰ ਵਲੋਂ ਬੀ.1.617 ਕੋਵਿਡ ਦੇ ਰੂਪ ਨੂੰ ਭਾਰਤੀ ਰੂਪ ਕਹਿਣ 'ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਨੇ ਕਦੇ ਵੀ ਇਸ ਰੂਪ ਲਈ 'ਭਾਰਤੀ' ਲਫ਼ਜ਼ ਦਾ ਇਸਤੇਮਾਲ ਨਹੀਂ ਕੀਤਾ | ਕੇਂਦਰ ਸਰਕਾਰ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਕਈ ਮੀਡੀਆ ਰਿਪੋਰਟਾਂ 'ਚ ਡਬਲਿਊ.ਐੱਚ.ਓ. ਵਜੋਂ ਕੋਰੋਨਾ ਦੇ ਨਵੇਂ ਰੂਪ ਬੀ.ਆਈ.617 ਨੂੰ ਚਿੰਤਾ ਦਾ ਕਾਰਨ ਪ੍ਰਗਟ ਕਰਦਿਆਂ ਇਸ ਨੂੰ ਭਾਰਤੀ ਰੂਪ ਕਰਾਰ ਦਿੱਤਾ ਗਿਆ | ਕੇਂਦਰ ਵਲੋਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਗਿਆ ਕਿ ਵਿਸ਼ਵ ਸਿਹਤ ਸੰਗਠਨ ਨੇ 32 ਪੇਜਾਂ ਦੇ ਦਸਤਾਵੇਜ਼ 'ਚ ਕਿਤੇ ਵੀ ਇਸ ਨੂੰ ਭਾਰਤੀ ਰੂਪ ਨਹੀਂ ਕਰਾਰ ਦਿੱਤਾ ਸਗੋਂ ਪੂਰੀ ਰਿਪੋਰਟ 'ਚ ਹੀ ਕਿਤੇ ਭਾਰਤੀ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ | ਵਿਸ਼ਵ ਸਿਹਤ ਸੰਸਥਾ ਵਲੋਂ ਵੀ ਸਪੱਸ਼ਟੀਕਰਨ ਦਿੰਦਿਆਂ ਇਕ ਟਵੀਟ 'ਚ ਕਿਹਾ ਕਿ ਸੰਗਠਨ ਕਿਸੇ ਵੀ ਵਾਇਰਸ ਜਾਂ ਰੂਪ ਨੂੰ ਉਨ੍ਹਾਂ ਦੇਸ਼ਾਂ ਦੇ ਨਾਂਅ ਨਾਲ ਨਹੀਂ ਪਛਾਣਦਾ ਜਿੱਥੇ ਉਹ ਸਭ ਤੋਂ ਪਹਿਲਾਂ ਮਿਲੇ ਹੋਣ | ਸੰਸਥਾ ਵਾਇਰਸ ਨੂੰ ਉਸ ਦੇ ਵਿਗਿਆਨਕ ਨਾਵਾਂ ਨਾਲ ਪਹਿਚਾਣਦੀ ਹੈ ਅਤੇ ਬਾਕੀ ਸਾਰਿਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕਰਦੀ ਹੈ |
ਰਿਕਾਰਡ 4205 ਮੌਤਾਂ
ਪਿਛਲੇ 4 ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਦੀ ਰਫ਼ਤਾਰ ਭਾਵੇਂ ਕੁਝ ਘਟ ਹੋਈ ਹੈ ਪਰ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਅਜੇ ਵੀ ਲਗਾਤਾਰ ਵਧ ਰਿਹਾ ਹੈ | ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ 'ਚ ਭਾਰਤ 'ਚ 4205 ਮੌਤਾਂ ਹੋਈਆਂ ਹਨ ਜੋ ਕਿ ਹੁਣ ਤੱਕ ਇਕ ਦਿਨ 'ਚ ਕੋਰੋਨਾ ਕਾਰਨ ਹੋਈਆਂ ਸਭ ਤੋਂ ਵੱਧ ਮੌਤਾਂ ਹਨ | ਹੁਣ ਤੱਕ ਦੇਸ਼ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 2,54,197 ਹੋ ਗਈ ਹੈ | ਸਿਹਤ ਮੰਤਰਾਲੇ ਮੁਤਾਬਿਕ ਪਿਛਲੇ 24 ਘੰਟਿਆਂ 'ਚ ਦੇਸ਼ 'ਚ 3,48,421 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 3 ਲੱਖ, 55 ਹਜ਼ਾਰ, 256 ਲੋਕ ਠੀਕ ਹੋਏ ਹਨ | ਦੇਸ਼ 'ਚ ਕੋਰੋਨਾ ਦੇ ਕੁੱਲ ਮਾਮਲੇ 2 ਕਰੋੜ, 33 ਲੱਖ ਤੋਂ ਵੱਧ ਹੋ ਗਏ ਹਨ ਜਦਕਿ ਸਰਗਰਮ ਮਾਮਲਿਆਂ ਦੀ ਗਿਣਤੀ 37 ਲੱਖ ਤੋਂ ਵੱਧ ਹੈ |
ਸੁਪਰੀਮ ਕੋਰਟ ਦੇ ਜੱਜ ਨੂੰ ਕੋਰੋਨਾ
ਕਈ ਅਹਿਮ ਮਾਮਲਿਆਂ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਜੱਜ ਡੀ.ਵਾਈ. ਚੰਦਰਚੂੜ ਕੋਰੋਨਾ ਪਾਜ਼ੀਟਿਵ ਹੋ ਗਏ ਹਨ | ਉਹ ਚੋਣਾਂ, ਕੁੰਭ ਅਤੇ ਆਕਸੀਜਨ ਸਪਲਾਈ ਜਿਹੇ ਅਹਿਮ ਮਾਮਲਿਆਂ ਦੀ ਸੁਣਵਾਈ ਕਰ ਰਹੇ ਸਨ | ਬਾਰ ਐਂਡ ਬੈਚ ਵੈੱਬਸਾਈਟ ਮੁਤਾਬਿਕ ਜੱਜ ਚੰਦਰਚੂੜ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਵੀਰਵਾਰ ਨੂੰ ਹੋਣ ਵਾਲੀ ਕੋਰੋਨਾ ਮਾਮਲੇ ਨਾਲ ਸਬੰਧਿਤ ਸੁਣਵਾਈ ਟਾਲ ਦਿੱਤੀ ਗਈ ਹੈ |
ਨਵੀਂ ਦਿੱਲੀ, 12 ਮਈ (ਉਪਮਾ ਡਾਗਾ ਪਾਰਥ)-ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਦੀ ਪੇਸ਼ੀਨਗੋਈ ਅਤੇ ਉਸ ਦਾ ਬੱਚਿਆਂ 'ਤੇ ਪੈਣ ਵਾਲੇ ਪ੍ਰਭਾਵ ਦੇ ਸਰੋਕਾਰਾਂ ਦਰਮਿਆਨ ਦੇਸ਼ 'ਚ ਬੱਚਿਆਂ ਲਈ ਕੋਰੋਨਾ ਵੈਕਸੀਨ ਦੇ ਪ੍ਰੀਖਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ | ਇਹ ਇਜਾਜ਼ਤ ਭਾਰਤ ਬਾਇਓਟੈੱਕ ਅਤੇ ਆਈ.ਸੀ.ਐੱਮ.ਆਰ. ਦੇ ਸਹਿਯੋਗ ਨਾਲ ਤਿਆਰ ਕੀਤੀ ਕੋਵੈਕਸੀਨ ਲਈ ਦਿੱਤੀ ਗਈ ਹੈ | ਮਾਹਿਰਾਂ ਦੀ ਇਕ ਕਮੇਟੀ ਨੇ ਮੰਗਲਵਾਰ ਨੂੰ 2 ਤੋਂ 18 ਸਾਲ ਦੀ ਉਮਰ ਵਰਗ ਦੇ ਬੱਚਿਆਂ ਲਈ ਕੋਵੈਕਸੀਨ ਦੇ ਦੂਜੇ ਅਤੇ ਤੀਜੇ ਪੜਾਅ ਲਈ ਕਲੀਨੀਕਲ ਟ੍ਰਾਇਲ ਲਈ ਸਿਫ਼ਾਰਸ਼ ਕੀਤੀ ਸੀ | ਜਾਣਕਾਰੀ ਮੁਤਾਬਿਕ ਇਹ ਪਰਖਾਂ ਦਿੱਲੀ ਅਤੇ ਪਟਨਾ ਦੇ ਏਮਜ਼ 'ਚ ਕੀਤੀਆਂ ਜਾਣਗੀਆਂ, ਜਿਸ ਦਾ ਉਦੇਸ਼ ਸੁਰੱਖਿਆ ਸਮੇਤ ਹੋਰ ਮੁੱਦਿਆਂ 'ਤੇ ਬੱਚਿਆਂ 'ਚ ਕੋਵੈਕਸੀਨ ਦੀ ਸਮੀਖਿਆ ਕਰਨਾ ਹੈ | ਹਾਲਾਂਕਿ ਅਜੇ ਡਰੱਗ ਕੰਟਰੋਲਰ ਆਫ ਇੰਡੀਆ ਵਲੋਂ ਇਸ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ | ਹਲਕਿਆਂ ਮੁਤਾਬਿਕ ਮਾਹਿਰ ਕਮੇਟੀ ਨੇ ਤੀਜੇ ਪੜਾਅ ਦੀਆਂ ਪਰਖਾਂ ਲਈ ਇਜਾਜ਼ਤ ਲੈਣ ਤੋਂ ਪਹਿਲਾਂ ਡਾਟਾ ਐਂਡ ਸੇਫਟੀ ਮਾਨੀਟਰਿੰਗ ਬੋਰਡ ਨੂੰ ਦੂਜੇ ਪੜਾਅ ਦੇ ਅੰਕੜੇ ਦੇਣ ਦਾ ਨਿਰਦੇਸ਼ ਦਿੱਤਾ ਹੈ |
ਲੁਟੇਰਿਆਂ ਨੇ ਗੋਲੀਆਂ ਚਲਾ ਕੇ ਧੱਕੇ ਨਾਲ ਰੁਕਵਾਈ ਕਾਰ
ਜਲਾਲਾਬਾਦ, 12 ਮਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ-ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ 'ਤੇ ਇਕ ਬੈਂਕ ਦੇ ਕਰਮਚਾਰੀਆਂ ਤੋਂ 45 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦੇ ਹੋਏ ਮੁਲਾਜ਼ਮਾਂ ਨੇ ਦੱਸਿਆ ਕਿ ਕੋਟਕ ਮਹਿੰਦਰ ਬੈਂਕ ਦੇ ਮੁਲਾਜ਼ਮ ਗੁਰਪ੍ਰਤਾਪ ਸਿੰਘ ਅਤੇ ਲਵਪ੍ਰੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਸ਼ਾਖਾ ਤੋਂ ਲਗਪਗ 45 ਲੱਖ ਰੁਪਏ ਲੈ ਕੇ ਜਲਾਲਾਬਾਦ ਆ ਰਹੇ ਸਨ ਅਤੇ ਜਦੋਂ ਪਿੰਡ ਸੈਦੋ ਕੇ ਚੱਕ ਦੇ ਕੋਲ ਰਾਧਾ ਸੁਆਮੀ ਸਤਿਸੰਗ ਘਰ ਦੇ ਕੋਲ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ, ਜਿਨ੍ਹਾਂ 'ਚੋਂ ਚਾਲਕ ਨੇ ਹੈਲਮਟ ਪਾਇਆ ਹੋਇਆ ਸੀ, ਨੇ ਗੋਲੀਆਂ ਚਲਾਉਂਦੇ ਹੋਏ ਕਾਰ ਰੋਕਣ ਲਈ ਕਿਹਾ | ਉਕਤ ਨੌਜਵਾਨਾਂ ਨੇ ਸੇਮ ਨਾਲੇ ਦੇ ਪੁਲ 'ਤੇ ਸਾਡੀ ਕਾਰ ਰੁਕਵਾ ਲਈ ਅਤੇ ਪਿਸਤੌਲ ਦਿਖਾ ਕੇ ਕੰਡਕਟਰ ਸਾਈਡ ਦਾ ਸ਼ੀਸ਼ਾ ਥੱਲੇ ਕਰਨ ਨੂੰ ਕਿਹਾ | ਸ਼ੀਸ਼ਾ ਥੱਲੇ ਕਰਦੇ ਹੀ ਉਨ੍ਹਾਂ ਨੇ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਅਤੇ ਪਿਛਲੀ ਸੀਟ 'ਤੇ ਪਿਆ ਨਕਦੀ ਵਾਲਾ ਟਰੰਕ ਚੁੱਕ ਲਿਆ | ਇਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਡਰਾਈਵਰ ਸਾਈਡ 'ਤੇ ਆ ਕੇ ਸ਼ੀਸ਼ਾ ਖੁਲ੍ਹਵਾਇਆ ਅਤੇ ਡਰਾਈਵਰ ਦੀਆਂ ਅੱਖਾਂ ਵਿਚ ਵੀ ਮਿਰਚਾਂ ਪਾ ਦਿੱਤੀਆਂ | ਉਕਤ ਲੁਟੇਰਿਆਂ ਨੇ ਜਾਣ ਸਮੇਂ ਸਾਡੇ ਮੋਬਾਈਲ ਵੀ ਖੋਹ ਲਏ ਅਤੇ ਜਲਾਲਾਬਾਦ ਵਾਲੇ ਪਾਸੇ ਨੂੰ ਫ਼ਰਾਰ ਹੋ ਗਏ | ਉਕਤ ਘਟਨਾ ਦੀ ਪੁਸ਼ਟੀ ਕੋਲੋਂ ਲੰਘਦੇ ਨੌਜਵਾਨ ਜੋ ਕਿ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ, ਵਲੋਂ ਵੀ ਕੀਤੀ ਗਈ ਹੈ | ਲੁਟੇਰਿਆਂ ਵਲੋਂ ਲਗਪਗ ਚਾਰ ਫਾਇਰ ਕੀਤੇ ਗਏ ਹਨ | ਸੂਚਨਾ ਮਿਲਣ 'ਤੇ ਪੁਲਿਸ ਪ੍ਰਸ਼ਾਸਨ ਦੇ ਆਲ੍ਹਾ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਜਾਰੀ ਹੈ | ਇਸ ਸਬੰਧੀ ਡੀ. ਐਸ. ਪੀ. ਜਲਾਲਾਬਾਦ ਪਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਟਕ ਮਹਿੰਦਰਾ ਬੈਂਕ ਦੇ ਮੁਲਾਜ਼ਮ ਆਪਣੀ ਨਿੱਜੀ ਗੱਡੀ 'ਚ ਬਿਨਾਂ ਕਿਸੇ ਸੁਰੱਖਿਆ ਗਾਰਡ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ 45 ਲੱਖ ਰੁਪਏ ਲੈ ਕੇ ਆ ਰਹੇ ਸਨ ਅਤੇ ਸੈਦੋ ਕੇ ਚੱਕ ਦੇ ਸੇਮ ਨਾਲੇ 'ਤੇ ਲੁੱਟ ਦੀ ਘਟਨਾ ਵਾਪਰੀ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਵੀ ਮੰਗਵਾਈ ਜਾ ਰਹੀ ਹੈ |
ਸ੍ਰੀਨਗਰ, 12 ਮਈ (ਮਨਜੀਤ ਸਿੰਘ)-ਸੈਨਾ ਮੁਖੀ ਜਨਰਲ ਐਮ. ਐਮ. ਨਰਵਾਣੇ ਵਲੋਂ ਕੰਟਰੋਲ ਰੇਖਾ ਨਾਲ ਲੱਗਦੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵੱਖ-ਵੱਖ ਸੈਕਟਰਾਂ ਦੀਆਂ ਅਗਲੇਰੀ ਚੌਕੀਆਂ ਦਾ ਦੌਰਾ ਕਰਕੇ ਆਪ੍ਰੇਸ਼ਨਲ ਤਿਆਰੀਆਂ ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਗਿਆ | ਆਪਣੇ 2 ਦਿਨਾਂ ਦੌਰੇ 'ਤੇ ਰਾਜੌਰੀ ਤੇ ਨੌਸ਼ਹਿਰਾ ਪੁੱਜੇ ਜਨਰਲ ਨਰਵਾਣੇ ਨੂੰ ਨਗਰੋਟਾ ਸਥਿਤ 16-ਕੋਰ (ਵਾਈਟ ਨਾਇਟ ਕੋਰ) ਦੇ ਹੈੱਡਕੁਆਰਟਰ ਵਿਖੇ ਉੱਤਰੀ ਕਮਾਂਡ ਦੇ ਲੈਫ: ਜਨਰਲ ਵਾਈ.ਕੇ. ਜੋਸ਼ੀ ਤੇ ਵਾਈਟ ਨਾਈਟ ਕੋਰ ਦੇ ਕਮਾਂਡਰ ਲੈਫ: ਜਨਰਲ ਸੁਚੇਂਦਰਾ ਕੁਮਾਰ ਨੇ ਕੋਵਿਡ-19 ਮਹਾਂਮਾਰੀ ਦੇ ਚਲਦੇ ਫ਼ੌਜ ਵਲੋਂ ਪ੍ਰਬੰਧਨ ਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਤੋਂ ਇਲਾਵਾ ਕੰਟਰੋਲ ਰੇਖਾ 'ਤੇ ਸੈਨਾ ਦੀਆਂ ਆਪ੍ਰੇਸ਼ਨਲ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ | ਸੈਨਾ ਸੂਤਰਾਂ ਅਨੁਸਾਰ ਇਸ ਤੋਂ ਬਾਅਦ ਸੈਨਾ ਮੁਖੀ ਨੇ ਦੋਹਾਂ ਕਮਾਂਡਰਾਂ ਨਾਲ ਨੌਸ਼ਹਿਰਾ, ਅਖਨੂਰ ਤੇ ਰਾਜੌਰੀ ਸੈਕਟਰਾਂ ਦਾ ਦੌਰਾ ਕਰਕੇ ਤਾਜ਼ਾ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਅਗਾਉਂ ਇਲਾਕਿਆਂ 'ਚ ਤਾਇਨਾਤ ਫ਼ੌਜ ਦੇ ਅਧਿਕਾਰੀਆਂ ਤੇ ਜਵਾਨਾਂ ਨਾਲ ਗੱਲਬਾਤ ਕੀਤੀ | ਇਸ ਤੋਂ ਬਾਅਦ ਸੈਨਾ ਮੁਖੀ ਨੇ ਜੰਮੂ ਦੇ ਸੈਨਾ ਹਸਪਤਾਲ ਵਿਖੇ ਕੋਵਿਡ-19 ਨਾਲ ਨਜਿੱਠਣ ਲਈ ਸੈਨਾ ਵਲੋਂ ਚਲਾਏ ਜਾ ਰਹੇ ਹਸਪਤਾਲ ਦਾ ਦੌਰਾ ਕਰਕੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ ਅਤੇ ਸੰਕਟ ਦੀ ਸਥਿਤੀ ਦੌਰਾਨ ਡਾਕਟਰਾਂ ਤੇ ਸਿਹਤ ਕਰਮੀਆਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ |
ਨਵੀਂ ਦਿੱਲੀ, 12 ਮਈ (ਪੀ.ਟੀ.ਆਈ.)-ਵਿਰੋਧੀ ਪਾਰਟੀਆਂ ਦੇ 12 ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਂਝਾ ਪੱਤਰ ਲਿਖ ਕੇ ਕੋਰੋਨਾ ਖ਼ਿਲਾਫ਼ ਮੁਫਤ ਸਮੂਹਿਕ ਟੀਕਾਕਰਨ ਮੁਹਿੰਮ ਚਲਾਉਣ ਅਤੇ ਸੈਂਟਰਲ ਵਿਸਟਾ ਨਵੀਨੀਕਰਨ ਪ੍ਰਾਜੈਕਟ ਨੂੰ ਰੱਦ ਕਰਕੇ ਇਸ ਪੈਸੇ ਨੂੰ ਮਹਾਂਮਾਰੀ ਨਾਲ ਲੜਨ 'ਚ ਵਰਤੋਂ ਕਰਨ ਦੀ ਮੰਗ ਕੀਤੀ ਹੈ | ਪ੍ਰਧਾਨ ਮੰਤਰੀ ਨੂੰ ਲਿਖੇ ਇਕ ਸਾਂਝੇ ਪੱਤਰ 'ਚ ਵਿਰੋਧੀ ਧਿਰ ਦੇ ਆਗੂਆਂ, ਜਿਨ੍ਹਾਂ 'ਚ ਕੁਝ ਮੁੱਖ ਮੰਤਰੀ ਵੀ ਸ਼ਾਮਿਲ ਹਨ, ਨੇ ਜ਼ਰੂਰਤਮੰਦਾਂ ਨੂੰ ਅਨਾਜ ਅਤੇ ਬੇਰੁਜ਼ਗਾਰਾਂ ਨੂੰ 6000 ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਵੀ ਕੀਤੀ ਹੈ | ਇਸ ਤੋਂ ਇਲਾਵਾ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਲੱਖਾਂ 'ਅੰਨਦਾਤਿਆਂ' ਨੂੰ ਮਹਾਂਮਾਰੀ ਦਾ ਸ਼ਿਕਾਰ ਬਣਨ ਤੋਂ ਰੋਕਣ 'ਚ ਮਦਦ ਮਿਲੇਗੀ | ਇਸ ਸਾਂਝੇ ਪੱਤਰ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਤੇ ਜੇ.ਡੀ.ਐਸ. ਆਗੂ ਐਚ.ਡੀ. ਦੇਵਗੌੜਾ, ਐਨ.ਸੀ.ਪੀ. ਮੁਖੀ ਸ਼ਰਦ ਪਵਾਰ, ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ, ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ, ਸੀ.ਪੀ.ਆਈ. ਦੇ ਡੀ. ਰਾਜਾ ਅਤੇ ਸੀ.ਪੀ.ਆਈ.-ਐਮ ਦੇ ਸੀਤਾਰਾਮ ਯੇਚੁਰੀ ਦੇ ਦਸਤਖ਼ਤ ਹਨ |
ਨਵੀਂ ਦਿੱਲੀ, 12 ਮਈ (ਜਗਤਾਰ ਸਿੰਘ) - ਰਾਜਧਾਨੀ ਵਿਚ ਵੈਕਸੀਨ ਦੀ ਕਿੱਲਤ ਦੇ ਮੱਦੇਨਜ਼ਰ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਦਿੱਲੀ ਵਿਚ ਕੋਵੈਕਸੀਨ ਦੀ ਸਪਲਾਈ ਬੰਦ ਹੋ ਗਈ ਹੈ, ਜਿਸ ਕਾਰਨ ਹੁਣ ਕਰੀਬ 100 ਟੀਕਾ ਕੇਂਦਰਾਂ ਨੂੰ ਬੰਦ ਕਰਨ ਦੀ ਨੌਬਤ ਆ ਗਈ ਹੈ | ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਕੁੱਲ 11.34 ਕਰੋੜ ਕੋਰੋਨਾ ਵੈਸਕੀਨ ਦੀ ਮੰਗ ਕੀਤੀ ਸੀ, ਜਿਸ 'ਚ 67 ਲੱਖ ਕੋਵੈਕਸੀਨ ਸ਼ਾਮਿਲ ਸੀ, ਪ੍ਰੰਤੂ ਕੋਵੈਕਸੀਨ ਵਾਲਿਆਂ ਪਾਸੋਂ ਜਵਾਬ ਆਇਆ ਹੈ ਕਿ ਉਹ ਵੈਕਸੀਨ ਨਹੀਂ ਦੇ ਸਕਦੇ ਹਨ | ਸਿਸੋਦੀਆ ਨੇ ਦੋਸ਼ ਲਾਇਆ ਕਿ ਕੰਪਨੀ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਕੇਂਦਰ ਸਰਕਾਰ ਦੇ ਹਿਸਾਬ ਨਾਲ ਹੀ ਵੈਕਸੀਨ ਦੇ ਰਹੀ ਹੈ ਤੇ ਕੇਂਦਰ ਹੀ ਵੈਕਸੀਨ ਤੈਅ ਕਰ ਰਿਹਾ ਹੈ | ਸਿਸੋਦੀਆ ਨੇ ਕਿਹਾ ਕਿ ਰਾਜਧਾਨੀ ਵਿਚ ਕੋਵੈਕਸੀਨ ਦਾ ਸਟਾਕ ਖਤਮ ਹੋ ਚੁੱਕਾ ਹੈ, ਜਿਸ ਕਾਰਨ 100 ਦੇ ਕਰੀਬ ਟੀਕਾ ਕੇਂਦਰ ਬੰਦ ਕਰਨੇ ਪੈ ਰਹੇ ਹਨ | ਸਿਸੋਦੀਆ ਨੇ ਕਿਹਾ ਕਿ ਬਾਇਓਟੈੱਕ ਵਲੋਂ ਜਵਾਬ ਦਿੱਤਾ ਗਿਆ ਹੈ ਕਿ ਕੇਂਦਰ ਦੇ ਨਿਰਦੇਸ਼ਾਂ ਤੋਂ ਇਲਾਵਾ ਵੈਕਸੀਨ ਉਪਲਬਧ ਨਹੀਂ ਕਰਵਾਈ ਜਾਏਗੀ |
ਮੁੱਖ ਮੰਤਰੀ ਸਮੇਤ ਹੋਰਾਂ ਵਲੋਂ ਦੁੱਖ ਪ੍ਰਗਟ
ਜ਼ੀਰਾ/ਖੋਸਾ ਦਲ ਸਿੰਘ/ਮਖੂ/ ਮੱਲਾਂਵਾਲਾ, 12 ਮਈ (ਜੋਗਿੰਦਰ ਸਿੰਘ ਕੰਡਿਆਲ, ਮਨਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਸੰਧੂ, ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ, ਗੁਰਦੇਵ ਸਿੰਘ)-ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ...
ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੀ ਕੌਮੀ ਔਸਤ ਤੋਂ ਘੱਟ
ਹਰਜਿੰਦਰ ਸਿੰਘ ਲਾਲ
ਖੰਨਾ, 12 ਮਈ-ਕੋਰੋਨਾ ਦੇ ਮਾਮਲੇ ਵਿਚ ਭਾਰਤ ਇਸ ਵੇਲੇ ਦੁਨੀਆ ਭਰ 'ਚ ਸਭ ਤੋਂ ਵੱਧ ਬੁਰੀ ਹਾਲਤ ਵਿਚ ਹੈ | ਦੂਜੇ ਪਾਸੇ, ਭਾਵੇਂ ਪੰਜਾਬ ਕੋਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ ਦੇ ਹਿਸਾਬ ਨਾਲ ...
ਚੰਡੀਗੜ੍ਹ, 12 ਮਈ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 197 ਹੋਰ ਮੌਤਾਂ ਹੋ ਗਈਆਂ ਅਤੇ 8347 ਨਵੇਂ ਮਾਮਲੇ ਸਾਹਮਣੇ ਆਏ ਹਨ | 4971 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਅੱਜ ਹੋਈਆਂ 197 ਮੌਤਾਂ ਵਿਚ ਲੁਧਿਆਣਾ 'ਚ ਸਭ ਤੋਂ ਵੱਧ 28, ਪਟਿਆਲਾ ...
ਜੰਮੂ, 12 ਮਈ (ਮਨਜੀਤ ਸਿੰਘ)- ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਸਾਂਬਾ ਇਲਾਕੇ 'ਚ ਅੱਤਵਾਦੀਆਂ ਵਲੋਂ ਪੁਲਿਸ ਪਾਰਟੀ 'ਤੇ ਗ੍ਰਨੇਡ ਹਮਲਾ ਕੀਤਾ ਗਿਆ ਪਰ ਇਸ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਪੁਲਿਸ ਅਨੁਸਾਰ ਸ਼ੱਕੀ ਅੱਤਵਾਦੀਆਂ ਨੇ ਊਧਮਪੁਰ-ਸਾਂਬਾ ਰੋਡ 'ਤੇ ...
ਚੰਡੀਗੜ੍ਹ, 12 ਮਈ (ਰਾਮ ਸਿੰਘ ਬਰਾੜ)- ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ ਦੋਸ਼ਾਂ ਤਹਿਤ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਤਬੀਅਤ ਅਚਾਨਕ ਵਿਗੜ ਜਾਣ 'ਤੇ ਉਨ੍ਹਾਂ ਨੂੰ ਬੁੱਧਵਾਰ ਸ਼ਾਮ ਸਖ਼ਤ ...
ਨਵੀਂ ਦਿੱਲੀ, 12 ਮਈ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਮੌਜੂਦਾ ਸਮੇਂ ਦੇਸ਼ 'ਚ ਆਕਸੀਜਨ ਦੀ ਸਪਲਾਈ ਕੋਰੋਨਾ ਦੀ ਪਹਿਲੀ ਲਹਿਰ ਦੇ ਸਿਖਰ (ਪੀਕ) ਤੋਂ ਤਿੰਨ ਗੁਣਾ ਜ਼ਿਆਦਾ ਹੈ | ਉਨ੍ਹਾਂ ਕਿਹਾ ਕਿ ਰੇਮਡੇਸਵਿਰ ਸਮੇਤ ਸਾਰੀਆਂ ਦਵਾਈਆਂ ਦਾ ਉਤਪਾਦਨ ਬੀਤੇ ਕੁਝ ...
ਨਵੀਂ ਦਿੱਲੀ, 12 ਮਈ (ਉਪਮਾ ਡਾਗਾ ਪਾਰਥ)-ਟਿਕਰੀ ਬਾਰਡਰ 'ਤੇ ਪੱਛਮੀ ਬੰਗਾਲ ਤੋਂ ਆਈ ਲੜਕੀ ਦੇ ਨਾਲ ਵਾਪਰੇ ਮੰਗਭਾਗੀ ਘਟਨਾ ਤੋਂ ਸੁਚੇਤ ਹੋਈਆਂ ਕਿਸਾਨ ਜਥੇਬੰਦੀਆਂ ਨੇ ਔਰਤਾਂ ਦੀ ਸੁਰੱਖਿਆ ਬਾਰੇ ਇਕ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਜਿਣਸੀ ਸ਼ੋਸ਼ਣ ਨਾਲ ...
ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਬੁੱਧਵਾਰ ਨੂੰ 8 ਰਾਜਾਂ ਦੇ ਸਿਹਤ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ | ਇਨ੍ਹਾਂ ਰਾਜਾਂ 'ਚ ਪੰਜਾਬ ਤੋਂ ਇਲਾਵਾ ਜੰਮੂ-ਕਸ਼ਮੀਰ, ਉੱਤਰਾਖੰਡ, ਹਰਿਆਣਾ, ਬਿਹਾਰ, ਝਾਰਖੰਡ, ਓਡੀਸ਼ਾ ਅਤੇ ਤੇਲੰਗਾਨਾ ਸ਼ਾਮਿਲ ਹਨ | ਡਾ: ਹਰਸ਼ਵਰਧਨ ਨੇ ...
ਸੰਯੁਕਤ ਰਾਸ਼ਟਰ, 12 ਮਈ (ਏਜੰਸੀ)-ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਭਾਰਤ ਦੀ ਮੌਜੂਦਾ ਕੋਰੋਨਾ ਸਥਿਤੀ ਦੇ ਮੁਲਾਂਕਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਥੇ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਪ੍ਰਮੁੱਖ ਕਾਰਨਾਂ 'ਚੋਂ ਹਾਲ ਹੀ 'ਚ ਕਰਵਾਏ ਗਏ ਕਈ ਧਾਰਮਿਕ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX