ਭਾਰਤ ਅਤੇ ਚੀਨ ਦੁਨੀਆ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਦੋ ਮੁਲਕ ਹਨ। ਚੀਨ ਇਸ ਮਾਮਲੇ ਵਿਚ ਹੁਣ ਤੱਕ ਪਹਿਲੇ ਨੰਬਰ 'ਤੇ ਰਿਹਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਨ੍ਹਾਂ ਨੂੰ ਵੇਖਦਿਆਂ ਕੁਝ ਸਾਲਾਂ ਵਿਚ ਹੀ ਭਾਰਤ ਚੀਨ ਤੋਂ ਬਾਜ਼ੀ ਲੈ ਜਾਏਗਾ ਅਤੇ ਦੁਨੀਆ ਦਾ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਬਣ ਜਾਏਗਾ। ਅਸੀਂ ਸਮਝਦੇ ਹਾਂ ਕਿ ਅਜਿਹੀ ਰਫ਼ਤਾਰ ਨਾਲ ਜਿਥੇ ਭਾਰਤ ਦੀਆਂ ਅਨੇਕਾਂ-ਅਨੇਕ ਸਮੱਸਿਆਵਾਂ ਵਿਚ ਹੋਰ ਵੀ ਵਾਧਾ ਹੋ ਜਾਏਗਾ, ਉਥੇ ਇਸ ਦੇ ਸਾਧਨ ਅਤੇ ਸੋਮੇ ਵੀ ਸੀਮਤ ਹੋ ਕੇ ਰਹਿ ਜਾਣਗੇ। ਇਹ ਆਮ ਪ੍ਰਭਾਵ ਹੈ ਕਿ ਬੱਚਾ ਦੁਨੀਆ ਵਿਚ ਚੰਗਾ ਜੀਵਨ ਜਿਊਣ ਲਈ ਆਉਂਦਾ ਹੈ ਪਰ ਭਾਰਤ ਵਿਚ ਪੈਦਾ ਹੋਣ ਵਾਲੇ ਬਹੁਤੇ ਬੱਚੇ ਇਸ ਧਰਤੀ 'ਤੇ ਨਰਕ ਭੋਗ ਕੇ ਹੀ ਚਲੇ ਜਾਂਦੇ ਹਨ। ਜਿਵੇਂ-ਜਿਵੇਂ ਆਬਾਦੀ ਵਧਦੀ ਜਾਂਦੀ ਹੈ, ਉਵੇਂ-ਉਵੇਂ ਗੁਰਬਤ ਅਤੇ ਬੇਰੁਜ਼ਗਾਰੀ ਦੇ ਦੈਂਤ ਵੀ ਵੱਡੇ ਹੁੰਦੇ ਜਾਂਦੇ ਹਨ। ਅਜਿਹੀਆਂ ਅਲਾਮਤਾਂ ਸਮਾਜਿਕ ਜੀਵਨ ਵਿਚ ਵੱਡੀਆਂ ਉਲਝਣਾਂ ਪੈਦਾ ਕਰ ਦਿੰਦੀਆਂ ਹਨ।
ਅੱਜ ਹਰ ਤਰ੍ਹਾਂ ਦੇ ਬਹੁਤੇ ਜੁਰਮਾਂ ਦੀਆਂ ਜਨਮਦਾਤੀਆਂ ਇਹ ਦੋਵੇਂ ਅਲਾਮਤਾਂ ਹੀ ਹਨ। ਜੇਕਰ ਕਰੋੜਾਂ ਲੋਕਾਂ ਨੂੰ ਰੋਜ਼ੀ-ਰੋਟੀ ਲਈ ਹੀ ਆਤਰ ਹੋਣਾ ਪਵੇ ਤਾਂ ਇਸ ਲਈ ਸਮੁੱਚੇ ਪ੍ਰਬੰਧ ਨੂੰ ਹੀ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਜੋ ਦੇਸ਼ ਪਹਿਲਾਂ ਹੀ ਥੁੜਾਂ ਦਾ ਮਾਰਿਆ ਪਿਆ ਹੋਵੇ, ਉਸ ਵਿਚ ਬਿਨਾਂ ਕਿਸੇ ਯੋਜਨਾਬੰਦੀ ਦੇ ਲਗਾਤਾਰ ਵੱਧ ਤੋਂ ਵੱਧ ਬੱਚੇ ਪੈਦਾ ਹੋਣੇ ਉਸ ਦੇਸ਼ ਦੇ ਢਿੱਲੇ ਅਤੇ ਜਰਜਰ ਕਰਦੇ ਢਾਂਚੇ ਦੀ ਨਿਸ਼ਾਨੀ ਹੈ। ਸਾਡਾ ਸਮਾਜ ਅਤੇ ਸਰਕਾਰਾਂ ਹੁਣ ਤੱਕ ਇਹ ਸੋਚਣ ਤੋਂ ਅਸਮਰੱਥ ਰਹੀਆਂ ਹਨ ਕਿ ਨਿੱਤ ਦਿਨ ਪੈਦਾ ਹੋਣ ਵਾਲੇ ਲੱਖਾਂ ਬੱਚਿਆਂ ਦੇ ਪਾਲਣ-ਪੋਸ਼ਣ ਦਾ ਪ੍ਰਬੰਧ ਕਿਵੇਂ ਕੀਤਾ ਜਾਣਾ ਹੈ? ਉਨ੍ਹਾਂ ਦੇ ਜੀਵਨ ਦੇ ਭਵਿੱਖ ਬਾਰੇ ਕਿਸ ਨੇ ਸੋਚਣਾ ਹੈ? ਅਜਿਹੇ ਹਾਲਾਤ ਵੱਡੀ ਗੜਬੜ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ ਅਤੇ ਸਮਾਜ ਦੀ ਤਬਾਹੀ ਦਾ ਕਾਰਨ ਬਣਦੇ ਹਨ। ਭਾਰਤ ਅਤੇ ਚੀਨ ਨੂੰ ਥੋੜ੍ਹੇ ਸਾਲਾਂ ਦੇ ਫ਼ਰਕ ਨਾਲ ਹੀ ਆਜ਼ਾਦੀ ਮਿਲੀ ਅਤੇ ਦੋਵਾਂ ਦੇਸ਼ਾਂ ਨੇ ਲਗਪਗ ਇਕੋ ਹੀ ਸਮੇਂ ਨਵੇਂ ਸਿਆਸੀ ਪ੍ਰਬੰਧਾਂ ਨੂੰ ਅਪਣਾਇਆ। ਚਾਹੇ ਇਹ ਇਕ-ਦੂਜੇ ਤੋਂ ਵੱਡੀ ਹੱਦ ਤੱਕ ਵੱਖਰੇ ਸਨ।
ਪਿਛਲੇ 7 ਦਹਾਕਿਆਂ ਵਿਚ ਚਾਹੇ ਕਾਰਨ ਕੋਈ ਵੀ ਰਹੇ ਹੋਣ, ਚੀਨ ਨੇ ਇਕ ਜ਼ਾਬਤੇ ਵਾਲਾ ਕੌਮੀ ਆਚਰਣ ਪੈਦਾ ਕਰ ਲਿਆ। ਭਾਰਤ ਵਿਚ ਅਨੇਕਾਂ ਕਾਰਨਾਂ ਕਰਕੇ ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਟੁੱਟ-ਭੱਜ ਜਾਰੀ ਰਹੀ। ਚੀਨ ਦੇ ਮੁਕਾਬਲੇ ਵਿਚ ਨਵੀਂ ਦੁਨੀਆ ਸਿਰਜਣ ਵੱਲ ਭਾਰਤ ਦੀ ਤੋਰ ਮੁਕਾਬਲਤਨ ਬਹੁਤ ਢਿੱਲੀ ਅਤੇ ਪਛੜੀ ਰਹੀ। ਇਸੇ ਗੱਲ ਦੀ ਗਵਾਹੀ ਚੀਨ ਦੀ ਆਪਣੀ ਵਸੋਂ ਨੂੰ ਸੀਮਤ ਰੱਖਣ ਦੀ ਯੋਜਨਾਬੰਦੀ ਸੀ। ਦੇਸ਼ ਦੀ ਵਧਦੀ ਹੋਈ ਆਬਾਦੀ ਦੀਆਂ ਲੋੜਾਂ ਨੂੰ ਸਮਝਦਿਆਂ ਚੀਨ ਨੇ ਕਈ ਦਹਾਕੇ ਪਹਿਲਾਂ ਹੀ ਆਬਾਦੀ ਨੂੰ ਠੱਲ੍ਹਣ ਲਈ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਆਪਣੀਆਂ ਅਜਿਹੀਆਂ ਨੀਤੀਆਂ ਕਰਕੇ ਹੀ ਉਥੇ ਇਸ ਮਸਲੇ ਵਿਚ ਕੀਤੀਆਂ ਪ੍ਰਾਪਤੀਆਂ ਨੂੰ ਦੇਖਿਆ ਜਾ ਸਕਦਾ ਹੈ। ਚੀਨ ਵਿਚ ਇਕ ਜੋੜੇ ਵਲੋਂ ਇਕ ਬੱਚਾ ਹੀ ਪੈਦਾ ਕਰਨ ਦੀ ਨੀਤੀ ਨੂੰ ਅਮਲੀ ਰੂਪ ਵਿਚ ਢਾਲਿਆ ਗਿਆ। ਚਾਹੇ ਸਾਲ 2016 ਵਿਚ ਉਸ ਨੇ ਇਕ ਪਰਿਵਾਰ ਵਲੋਂ ਦੋ ਬੱਚੇ ਪੈਦਾ ਕਰਨ ਦੀ ਨੀਤੀ ਨੂੰ ਮਾਨਤਾ ਦੇ ਦਿੱਤੀ ਸੀ।
ਪਿਛਲੇ ਦਿਨੀਂ ਚੀਨ ਦੀ ਰਾਸ਼ਟਰੀ ਵਸੋਂ ਰਿਪੋਰਟ ਦੇ ਖੁਲਾਸੇ ਮੁਤਾਬਿਕ ਸਾਲ 2020 ਵਿਚ ਇਸ ਦੀ ਆਬਾਦੀ ਵਧ ਕੇ 141 ਕਰੋੜ ਹੋ ਗਈ ਹੈ। ਪਿਛਲੇ 10 ਸਾਲਾਂ ਵਿਚ ਉਥੇ ਆਬਾਦੀ ਵਿਚ 5.38 ਫ਼ੀਸਦੀ ਵਾਧਾ ਹੋਇਆ ਹੈ। ਸਿਹਤ ਸਹੂਲਤਾਂ ਦੇ ਪਸਾਰੇ ਨਾਲ ਅਤੇ ਪਰਿਵਾਰ ਨਿਯੋਜਨ ਦੀ ਨੀਤੀ ਕਰਕੇ ਅੱਜ ਚੀਨ ਵਿਚ ਵਡੇਰੀ ਉਮਰ ਦੇ ਲੋਕਾਂ ਦੀ ਗਿਣਤੀ ਵਧੇਰੇ ਹੋ ਗਈ ਹੈ। ਆਬਾਦੀ ਨੂੰ ਨਿਯਮਤ ਕਰ ਸਕਣਾ ਅਤੇ ਆਰਥਿਕ ਖੇਤਰ ਵਿਚ ਇਕ ਵੱਡੀ ਸ਼ਕਤੀ ਬਣ ਕੇ ਉੱਭਰਨਾ ਚੀਨ ਦੀਆਂ ਦੋ ਵੱਡੀਆਂ ਪ੍ਰਾਪਤੀਆਂ ਹਨ। ਅੰਕੜਿਆਂ ਮੁਤਾਬਿਕ ਸਾਲ 2000 ਤੋਂ ਬਾਅਦ ਚੀਨ ਦਾ ਘਰੇਲੂ ਉਤਪਾਦ ਔਸਤਨ 8 ਫ਼ੀਸਦੀ ਸਾਲਾਨਾ ਦਰ ਨਾਲ ਵਧਦਾ ਰਿਹਾ ਹੈ। ਅੰਦਾਜ਼ੇ ਅਨੁਸਾਰ ਸਾਲ 2026 ਵਿਚ ਦੁਨੀਆ ਦੇ ਸਮੁੱਚੇ ਘਰੇਲੂ ਉਤਪਾਦ ਵਿਚ 5ਵਾਂ ਹਿੱਸਾ ਚੀਨ ਦਾ ਹੋਵੇਗਾ, ਜਦੋਂ ਕਿ ਭਾਰਤ ਦਾ 3.4 ਫ਼ੀਸਦੀ ਅਤੇ ਜਾਪਾਨ ਦਾ 3.5 ਫ਼ੀਸਦੀ ਦਾ ਯੋਗਦਾਨ ਹੋਵੇਗਾ। ਭਾਰਤ ਪਰਿਵਾਰ ਨਿਯੋਜਨ ਦੇ ਮਾਮਲੇ ਵਿਚ ਕਦੀ ਵੀ ਸਫਲ ਨਹੀਂ ਹੋ ਸਕਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਰੀਆਂ ਹੀ ਸਰਕਾਰਾਂ ਨੇ ਇਸ ਪਾਸੇ ਤੋਂ ਅੱਖਾਂ ਮੀਟੀ ਰੱਖੀਆਂ ਹਨ, ਜਿਸ ਨੇ ਦੇਸ਼ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਵੱਡੇ ਤੋਂ ਵਡੇਰਾ ਕੀਤਾ ਹੈ।
ਇਕ ਅੰਦਾਜ਼ੇ ਅਨੁਸਾਰ 2019 ਵਿਚ ਇਥੋਂ ਦੀ ਆਬਾਦੀ 136 ਕਰੋੜ ਸੀ ਅਤੇ 2027 ਵਿਚ ਭਾਰਤ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਬਣ ਜਾਏਗਾ। ਇਸ ਸੂਰਤ ਵਿਚ ਲੋਕਾਂ ਨੂੰ ਰੁਜ਼ਗਾਰ ਦੇਣਾ ਇਸ ਦੇਸ਼ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਪਹਿਲਾਂ ਹੀ ਕਰੋੜਾਂ ਲੋਕ ਬੇਰੁਜ਼ਗਾਰੀ ਦੀ ਮਾਰ ਹੇਠ ਆਏ ਹੋਏ ਹਨ। ਆਉਂਦੇ ਸਾਲਾਂ ਵਿਚ ਹੋਰ ਕਰੋੜਾਂ ਲੋਕਾਂ ਦੇ ਇਸ ਫ਼ੌਜ ਵਿਚ ਸ਼ਾਮਿਲ ਹੋਣ ਨਾਲ ਦੇਸ਼ ਵਿਚ ਕਿਸ ਤਰ੍ਹਾਂ ਦਾ ਦ੍ਰਿਸ਼ ਉਤਪੰਨ ਹੋਵੇਗਾ, ਇਸ ਦਾ ਤਾਂ ਇਸ ਸਮੇਂ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ। ਅੱਜ ਭਾਰਤ ਚੀਨ ਨਾਲ ਮੋਢਾ ਮੇਚਣ ਦਾ ਯਤਨ ਕਰ ਰਿਹਾ ਹੈ। ਨੇੜ ਭਵਿੱਖ ਵਿਚ ਦੁਨੀਆ ਦੀ ਵੱਡੀ ਆਰਥਿਕਤਾ ਬਣਨ ਦੇ ਸੁਪਨੇ ਲੈ ਰਿਹਾ ਹੈ ਪਰ ਇਸ ਸਭ ਕੁਝ ਤੋਂ ਪਹਿਲਾਂ ਸਾਡੀਆਂ ਸਰਕਾਰਾਂ ਅਤੇ ਸਮਾਜ ਨੂੰ ਉਨ੍ਹਾਂ ਕਰੋੜਾਂ ਲੋਕਾਂ ਬਾਰੇ ਸੋਚਣਾ ਹੋਵੇਗਾ, ਜੋ ਅੱਜ ਅੰਧਕਾਰਮਈ ਜੀਵਨ ਜੀਅ ਰਹੇ ਹਨ। ਜਿਥੇ ਇਨ੍ਹਾਂ ਨੂੰ ਇਸ ਹਨੇਰੇ 'ਚੋਂ ਬਾਹਰ ਕੱਢਣਾ ਦੇਸ਼ ਦੀ ਜ਼ਿੰਮੇਵਾਰੀ ਹੋਵੇਗੀ, ਉਥੇ ਉਸ ਦੀ ਥਾਂ ਹੋਰ ਕਰੋੜਾਂ ਨੂੰ ਅਜਿਹੇ ਜੀਵਨ ਵਿਚ ਧੱਕ ਦੇਣਾ ਸਾਡੇ ਵਲੋਂ ਕੀਤਾ ਜਾ ਰਿਹਾ ਅਜਿਹਾ ਵੱਡਾ ਗੁਨਾਹ ਹੋਵੇਗਾ, ਜਿਸ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ।
-ਬਰਜਿੰਦਰ ਸਿੰਘ ਹਮਦਰਦ
ਖੇਤੀਬਾੜੀ ਦਾ ਅਸਲ ਅਰਥ ਬਹੁਮੰਤਵੀ ਬਦਲਵੀਆਂ ਫ਼ਸਲਾਂ ਹੈ। ਇੱਕੋ ਤਰ੍ਹਾਂ ਦੀ ਫ਼ਸਲ ਮਿੱਟੀ, ਪਾਣੀ ਅਤੇ ਵਾਤਾਵਾਰਨ ਲਈ ਨਾਂਹ-ਪੱਖੀ ਹੁੰਦੀ ਹੈ। ਝੋਨਾ ਜ਼ਿਆਦਾ ਵਰਖੇਈ ਅਤੇ ਸਿੱਲੇ ਇਲਾਕਿਆਂ ਦੀ ਫ਼ਸਲ ਹੈ, ਧਰਤੀ ਹੇਠਲੇ ਸਿੰਚਾਈ ਪਾਣੀ 'ਤੇ ਨਿਰਭਰ ਖੇਤਰਾਂ ਦੀ ਨਹੀਂ। ...
ਸੰਸਾਰ ਭਰ 'ਚ ਕੋਵਿਡ ਕਾਰਨ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ ਅਤੇ ਲੱਖਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਕਈ ਦੇਸ਼ਾਂ ਨੇ, ਕੋਰੋਨਾ ਨੂੰ ਰੋਕਣ ਲਈ ਹਵਾਈ ਯਾਤਰਾ ਵੀ ਬੰਦ ਕਰ ਦਿੱਤੀ ਪਰ ਆਪਣੇ ਨਾਗਰਿਕਾਂ ਨੂੰ ਘਰ ਬੁਲਾਉਣ ਲਈ ਉਪਰਾਲੇ ਕੀਤੇ ਅਤੇ ਲੋਕਾਂ ਨੂੰ ...
'ਕੋਰੋਨਾ ਵਾਇਰਸ' ਨਾਂਅ ਦੀ ਮਹਾਂਮਾਰੀ ਨੇ ਪੂਰੇ ਵਿਸ਼ਵ ਅੰਦਰ ਤਰਥੱਲੀ ਮਚਾਉਣ ਤੋਂ ਬਾਅਦ ਹੁਣ ਭਾਰਤ ਵਿਚ ਦੂਜੀ ਲਹਿਰ ਦੇ ਰੂਪ ਵਿਚ ਖਲਬਲੀ ਪੈਦਾ ਕੀਤੀ ਹੋਈ ਹੈ, ਜਿਸ ਕਰਕੇ ਮਨੁੱਖੀ ਮੌਤਾਂ ਅਤੇ ਕੋਰੋਨਾਂ ਦੇ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX