ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 27 ਸਤੰਬਰ -ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਬਣੇ ਇਕ ਸਾਲ ਹੋਣ 'ਤੇ ਅਤੇ ਕਿਸਾਨ ਅੰਦੋਲਨ ਦੇ 10 ਮਹੀਨੇ ਪੂਰੇ ਹੋਣ 'ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਭਰਵਾਂ ਹੁੰਗਾਰਾ ਮਿਲਿਆ ਜਦਕਿ ਦੇਸ਼ ਦੇ ਬਾਕੀ ਹਿੱਸਿਆਂ 'ਚ ਇਸ ਦਾ ਰਲਿਆ ਮਿਲਿਆ ਅਸਰ ਨਜ਼ਰ ਆਇਆ। ਕਿਸਾਨਾਂ ਵਲੋਂ ਦਿੱਤੇ ਇਸ ਸਮਾਂਬੱਧ ਭਾਰਤ ਬੰਦ ਨੂੰ ਵੇਖਦਿਆਂ ਵੱਖ-ਵੱਖ ਰਾਜਾਂ ਵਿਸ਼ੇਸ਼ ਤੌਰ 'ਤੇ ਰਾਜਧਾਨੀ ਦਿੱਲੀ 'ਚ ਸੁਰੱਖਿਆ ਦੇ ਵਿਆਪਕ ਬੰਦੋਬਸਤ ਕੀਤੇ ਗਏ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਬੰਦ ਨੂੰ ਇਤਿਹਾਸਕ ਦੱਸਦਿਆਂ ਸਰਕਾਰ 'ਤੇ ਤਨਜ਼ ਕਸਦਿਆਂ ਕਿਹਾ ਕਿ 3 ਰਾਜਾਂ ਦਾ ਅੰਦੋਲਨ ਦੱਸਣ ਵਾਲੇ ਲੋਕ ਹੁਣ ਅੱਖਾਂ ਖੋਲ੍ਹ ਕੇ ਵੇਖਣ ਕਿ ਪੂਰਾ ਦੇਸ਼ ਕਿਸਾਨਾਂ ਨਾਲ ਖੜ੍ਹਾ ਹੈ। ਕਿਸਾਨਾਂ ਵਲੋਂ ਸੋਮਵਾਰ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਿੱਤੇ ਬੰਦ ਦੇ ਸੱਦੇ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਕਈ ਰਾਸ਼ਟਰੀ ਸ਼ਾਹਰਾਹਾਂ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆਈਆਂ। ਇਸ ਤੋਂ ਇਲਾਵਾ ਤਕਰੀਬਨ 50 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ।
ਕਈ ਥਾਵਾਂ 'ਤੇ ਲੱਗੇ ਜਾਮ
ਦਿੱਲੀ-ਗੁਰੂਗ੍ਰਾਮ ਬਾਰਡਰ 'ਤੇ ਵਾਹਨਾਂ ਦਾ ਲੰਮਾ ਕਾਫ਼ਲਾ ਜਾਮ 'ਚ ਫਸਿਆ ਨਜ਼ਰ ਆਇਆ। ਕਿਸਾਨਾਂ ਨੇ ਕੁੰਡਲੀ-ਮਾਨੇਸਰ ਐਕਸਪ੍ਰੈੱਸ ਵੇਅ, ਐੱਨ.ਐੱਚ.-9, ਐੱਨ.ਐੱਚ.-24 'ਤੇ ਵੀ ਜਾਮ ਲਾਇਆ। ਹਰਿਆਣਾ ਦੇ ਬਹਾਦਰਗੜ੍ਹ ਰੇਲਵੇ ਸਟੇਸ਼ਨ 'ਤੇ ਵੀ ਕਿਸਾਨ ਰੇਲਵੇ ਪਟੜੀ 'ਤੇ ਬੈਠੇ ਨਜ਼ਰ ਆਏ। ਕੇ.ਐੱਮ.ਪੀ., ਗਾਜ਼ੀਪੁਰ ਬਾਰਡਰ 'ਤੇ ਵੀ ਚੱਕਾ ਜਾਮ ਕਾਰਨ ਲੋਕਾਂ ਨੂੰ ਭਾਰੀ ਆਵਾਜਾਈ ਦਾ ਸਾਹਮਣਾ ਕਰਨਾ ਪਿਆ। ਦਿੱਲੀ 'ਚ ਸਾਵਧਾਨੀ ਵਜੋਂ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ। ਸੁਰੱਖਿਆ ਕਾਰਨਾਂ ਕਾਰਨ ਲਾਲ ਕਿਲ੍ਹਾ ਅਤੇ ਇਕ ਹੋਰ ਮੈਟਰੋ ਸਟੇਸ਼ਨ ਬੰਦ ਕਰਕੇ ਪੁਲਿਸ ਵਲੋਂ ਰਾਸ਼ਟਰੀ ਰਾਜਧਾਨੀ 'ਚ ਥਾਂ-ਥਾਂ 'ਤੇ ਬੈਰੀਕੇਡ ਲਾਏ ਗਏ। ਦਿੱਲੀ ਟ੍ਰੈਫ਼ਿਕ ਪੁਲਿਸ ਵਲੋਂ ਜਾਰੀ ਐਡਾਵਈਜ਼ਰੀ 'ਚ ਨੌਇਡਾ-ਗਾਜ਼ੀਆਬਾਦ ਜਾਣ ਵਾਲੀ ਟ੍ਰੈਫ਼ਿਕ ਨੂੰ ਤਬਦੀਲ ਕਰਦਿਆਂ ਦੂਜਾ ਰੂਟ ਲੈਣ ਦੀ ਸਲਾਹ ਦਿੱਤੀ ਗਈ। ਕਿਸਾਨਾਂ ਨੇ ਮੁਜ਼ੱਫਰਨਗਰ ਕੋਲ ਦਿੱਲੀ-ਹਰਿਦੁਆਰ ਸ਼ਾਹਰਾਹ ਵੀ ਜਾਮ ਕੀਤਾ। ਪੱਛਮੀ ਉੱਤਰ ਪ੍ਰਦੇਸ਼ ਦੇ 27 ਜ਼ਿਲ੍ਹਿਆਂ ਜਿੱਥੇ ਕਿਸਾਨ ਅੰਦੋਲਨ ਦਾ ਕਾਫ਼ੀ ਪ੍ਰਭਾਵ ਹੈ, 'ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ।
ਹਰਿਆਣਾ 'ਚ ਬੰਦ ਰਹੇ ਸਕੂਲ
ਭਾਰਤ ਬੰਦ ਦੇ ਕਾਰਨ ਹਰਿਆਣਾ 'ਚ ਸਕੂਲਾਂ 'ਚ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ। ਹਰਿਆਣਾ 'ਚ ਵੀ ਰਾਸ਼ਟਰੀ ਅਤੇ ਸੂਬਾਈ ਸ਼ਾਹਰਾਹ ਬੰਦ ਰਹੇ। ਹਾਈਕੋਰਟ ਨੇ ਸਰੀਰਕ ਰੂਪ 'ਚ ਸੁਣਵਾਈ 'ਤੇ ਰੋਕ ਲਾ ਦਿੱਤੀ।
ਬਿਹਾਰ 'ਚ ਸੜਕਾਂ 'ਤੇ ਉਤਰੀ ਵਿਰੋਧੀ ਧਿਰ
ਬਿਹਾਰ ਕਾਂਗਰਸ, ਰਾਸ਼ਟਰੀ ਜਨਤਾ ਦਲ ਅਤੇ ਖੱਬੇਪੱਖੀ ਪਾਰਟੀਆਂ ਦੇ ਸਮਰਥਕਾਂ ਨੇ ਭਾਰਤ ਬੰਦ ਨੂੰ ਸਮਰਥਨ ਦਿੰਦਿਆਂ ਸੜਕਾਂ 'ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਈ ਥਾਵਾਂ 'ਤੇ ਟ੍ਰੈਫ਼ਿਕ ਜਾਮ ਕੀਤਾ।
ਕਈ ਹੋਰ ਸੂਬਿਆਂ 'ਚ ਵੀ ਨਜ਼ਰ ਆਇਆ ਬੰਦ ਦਾ ਅਸਰ
ਤਿੰਨ ਅਹਿਮ ਰਾਜਾਂ ਤੋਂ ਇਲਾਵਾ ਕਈ ਹੋਰ ਸੂਬਿਆਂ 'ਚ ਵੀ ਭਾਰਤ ਬੰਦ ਦਾ ਅਸਰ ਨਜ਼ਰ ਆਇਆ। ਮੋਰਚੇ ਵਲੋਂ ਜਾਰੀ ਬਿਆਨ ਮੁਤਾਬਿਕ ਇਨ੍ਹਾਂ ਰਾਜਾਂ 'ਚ ਜਨਜੀਵਨ ਠੱਪ ਰਿਹਾ ਜਦਕਿ ਦੱਖਣੀ ਆਸਾਮ, ਤਾਮਿਲਨਾਡੂ, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰਾਖੰਡ ਦੇ ਕਈ ਹਿੱਸਿਆਂ 'ਚ ਅਜਿਹੀ ਸਥਿਤੀ ਨਜ਼ਰ ਆਈ। ਮੋਰਚੇ ਮੁਤਾਬਿਕ ਤਾਮਿਲਨਾਡੂ, ਤੇਲੰਗਾਨਾ, ਕਰਨਾਟਕ, ਰਾਜਸਥਾਨ, ਉੱਤਰਾਖੰਡ ਵਰਗੇ ਰਾਜਾਂ 'ਚ ਕਈ ਮੁਜ਼ਾਹਰੇ ਹੋਏ। ਜੈਪੁਰ ਅਤੇ ਬੈਂਗਲੁਰੂ 'ਚ ਹਜ਼ਾਰਾਂ ਪ੍ਰਦਸ਼ਨਕਾਰੀਆਂ ਵਲੋਂ ਰੈਲੀਆਂ ਕੱਢੀਆਂ ਗਈਆਂ। ਮੋਰਚੇ ਨੇ ਬੰਦ ਨੂੰ ਸਫਲ ਦੱਸਦਿਆਂ ਕਿਹਾ ਕਿ ਸਪੱਸ਼ਟ ਹੈ ਕਿ ਭਾਰਤ ਦੇ ਲੋਕ ਕਿਸਾਨਾਂ ਦੀਆਂ ਜਾਇਜ਼ ਮੰਗਾਂ ਅਤੇ ਕਈ ਖੇਤਰਾਂ 'ਚ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ 'ਚ ਮੋਦੀ ਸਰਕਾਰ ਦੇ ਅੜੀਅਲ, ਗ਼ੈਰ ਵਾਜਬ ਅਤੇ ਹਉਮੈਂ ਭਰੇ ਰੁਖ਼ ਤੋਂ ਥੱਕ ਚੁੱਕੇ ਹਨ। ਹਾਸਲ ਹੋਈਆਂ ਖ਼ਬਰਾਂ ਮੁਤਾਬਿਕ ਨਾਗਪੁਰ 'ਚ ਪ੍ਰਦਰਸ਼ਨਕਾਰੀਆਂ ਨੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ। ਚੇਨਈ 'ਚ ਪ੍ਰਦਰਸ਼ਨਕਾਰੀਆਂ ਵਲੋਂ ਬੈਰੀਕੇਡ ਤੋੜੇ ਗਏ ਜਿਸ ਤੋਂ ਬਾਅਦ ਪੁਲਿਸ ਨੇ ਕਈ ਪ੍ਰਦਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ।
ਕਾਂਗਰਸ ਸਮੇਤ 12 ਸਿਆਸੀ ਪਾਰਟੀਆਂ ਨੇ ਕੀਤਾ ਸਮਰਥਨ
ਕਾਂਗਰਸ ਸਮੇਤ 12 ਸਿਆਸੀ ਪਾਟੀਆਂ ਨੇ ਭਾਰਤ ਬੰਦ ਨੂੰ ਆਪਣਾ ਸਮਰਥਨ ਦਿੱਤਾ, ਜਿਨ੍ਹਾਂ 'ਚ ਰਾਸ਼ਟਰੀ ਜਨਤਾ ਦਲ, ਸ਼ਿਵ ਸੈਨਾ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਅਤੇ ਖੱਬੇ ਪੱਖੀ ਪਾਰਟੀਆਂ ਸ਼ਾਮਿਲ ਹਨ।
ਕਿਸਾਨਾਂ ਦਾ ਅਹਿੰਸਕ ਸੱਤਿਆਗ੍ਰਹਿ ਅੱਜ ਵੀ ਅਖੰਡ-ਰਾਹੁਲ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵਿੱਟਰ 'ਤੇ ਪਾਏ ਸੰਦੇਸ਼ ਰਾਹੀਂ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਅਹਿੰਸਕ ਸੱਤਿਆਗ੍ਰਹਿ ਅੱਜ ਵੀ ਅਖੰਡ ਹੈ ਪਰ ਸ਼ੋਸ਼ਣਕਾਰੀ ਸਰਕਾਰ ਨੂੰ ਇਹ ਨਹੀਂ ਪਸੰਦ ਹੈ, ਇਸ ਲਈ ਅੱਜ ਭਾਰਤ ਬੰਦ ਹੈ। ਸ਼ਿਵਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਸਾਨਾਂ ਦੇ ਹੱਕ 'ਚ ਆਵਾਜ਼ ਉਠਾਉਂਦਿਆਂ ਕਿਹਾ ਕਿ ਦੇਸ਼ ਦੀ ਜਨਤਾ ਪੂਰੀਆਂ ਭਾਵਨਾਵਾਂ ਨਾਲ ਕਿਸਾਨਾਂ ਦੇ ਨਾਲ ਹੈ।
ਕਿਸਾਨੀ ਮੰਗਾਂ ਜਾਇਜ਼-ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਰਕਾਰ ਦੇ ਰਵੱਈਏ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਜੈਅੰਤੀ 'ਤੇ ਕਿਸਾਨਾਂ ਨੂੰ ਭਾਰਤ ਬੰਦ ਦਾ ਸੱਦਾ ਦੇਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਜ਼ਾਦ ਭਾਰਤ 'ਚ ਕਿਸਾਨਾਂ ਦੀ ਨਹੀਂ ਸੁਣੀ ਜਾਵੇਗੀ ਤਾਂ ਫਿਰ ਕਿੱਥੇ ਸੁਣੀ ਜਾਵੇਗੀ।
ਸਹੀ ਤੇ ਗ਼ਲਤ ਦੀ ਜੰਗ 'ਚ ਤੁਸੀਂ ਨਿਰਪੱਖ ਹੋ ਕੇ ਨਹੀਂ ਰਹਿ ਸਕਦੇ-ਸਿੱਧੂ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਹੀ ਅਤੇ ਗ਼ਲਤ ਦੀ ਜੰਗ 'ਚ ਤੁਸੀਂ ਨਿਰਪੱਖ ਹੋ ਕੇ ਨਹੀਂ ਰਹਿ ਸਕਦੇ।
ਭਾਜਪਾ ਨੇ ਭਾਰਤ ਬੰਦ ਨੂੰ ਪੂਰੀ ਤਰ੍ਹਾਂ ਅਸਫਲ ਦੱਸਿਆ
ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਭਾਜਪਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਕੀਤਾ ਭਾਰਤ ਬੰਦ ਪੂਰੀ ਤਰ੍ਹਾਂ ਅਸਫ਼ਲ ਸੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਜਨਤਾ ਨੂੰ ਗੁੰਮਰਾਹ ਕਰਨ ਲਈ ਬੰਦ ਦਾ ਸਹਾਰਾ ਲਿਆ। ਭਾਜਪਾ ਕਿਸਾਨ ਮੋਰਚੇ ਦੇ ਪ੍ਰਧਾਨ ਰਾਜਕੁਮਾਰ ਚਹਾਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਬੰਦ ਦਾ ਸੱਦਾ ਰਾਜਨੀਤੀ ਤੋਂ ਪ੍ਰੇਰਿਤ ਸੀ ਅਤੇ ਇਸ ਦੇ ਪਿੱਛੇ ਉਹ ਸਿਆਸੀ ਪਾਰਟੀਆਂ ਹਨ ਜੋ ਕਿਸਾਨਾਂ ਦੇ ਮੁੱਦਿਆਂ 'ਤੇ ਗੱਲਬਾਤ ਨਹੀਂ ਕਰਨੀਆਂ ਚਾਹੁੰਦੀਆਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਵਿੱਤੀ ਹੱਲ ਚਾਹੁੰਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਰਾਜਨੀਤੀ ਤੋਂ ਪ੍ਰੇਰਿਤ ਕਿਸਾਨ ਜਥੇਬੰਦੀਆਂ ਸਮਾਜ 'ਚ ਅਰਾਜਕਤਾ ਫੈਲਾਉਣਾ ਚਾਹੁੰਦੀਆਂ ਹਨ।
ਸ਼ਾਂਤੀਪੂਰਨ ਅਤੇ ਇਤਿਹਾਸਕ ਰਿਹਾ ਭਾਰਤ ਬੰਦ-ਸੰਯੁਕਤ ਕਿਸਾਨ ਮੋਰਚਾ
ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਬਿਆਨ ਮੁਤਾਬਿਕ ਭਾਰਤ ਦੇ 23 ਤੋਂ ਵੱਧ ਰਾਜਾਂ ਤੋਂ ਕਿਤੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਨਹੀਂ ਮਿਲੀ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਰਤ ਬੰਦ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਕਿਸਾਨ ਸਰਕਾਰ ਨੂੰ ਸਿਰਫ਼ ਇਕ ਸੰਦੇਸ਼ ਦੇਣਾ ਚਾਹੁੰਦੇ ਹਨ।
ਸਰਕਾਰ ਬਿਨਾਂ ਸ਼ਰਤ ਗੱਲਬਾਤ
ਕਰੇ ਤਾਂ ਅਸੀਂ ਤਿਆਰ-ਟਿਕੈਤ
ਟਿਕੈਤ ਨੇ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਬਿਨਾਂ ਸ਼ਰਤ ਗੱਲਬਾਤ ਕਰੇ ਤਾਂ ਅਸੀਂ ਤਿਆਰ ਹਾਂ। ਟਿਕੈਤ ਨੇ ਕਿਸਾਨ ਅੰਦੋਲਨ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸਰਕਾਰ ਕਿਸਾਨ ਨੂੰ ਨਾਸਮਝ ਸਮਝਦੀ ਹੈ। ਕਿਸਾਨ 10 ਮਹੀਨੇ ਨਹੀਂ 10 ਸਾਲ ਤੱਕ ਲੜਨਗੇ। ਉਨ੍ਹਾਂ ਕਿਹਾ ਕਿ ਸਰਕਾਰ ਧੋਖਾਧੜੀ ਛੱਡ ਦੇਵੇਗੀ ਤਾਂ ਗੱਲਬਾਤ ਹੋਵੇਗੀ। ਟਿਕੈਤ ਨੇ ਬੰਦ ਲਈ ਲੋਕਾਂ ਵਲੋਂ ਮਿਲੇ ਸਮਰਥਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਵੇਰ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕੋਈ ਵੀ ਹਿੰਸਕ ਘਟਨਾ ਨਹੀਂ ਹੋਈ। ਇਸ ਲਈ ਦੇਸ਼ ਦੇ ਕਿਸਾਨ-ਮਜ਼ਦੂਰ ਅਤੇ ਨਾਗਰਿਕਾਂ ਦਾ ਧੰਨਵਾਦ। ਟਿਕੈਤ ਨੇ ਲੋਕਤੰਤਰ 'ਚ ਵਿਰੋਧ ਪ੍ਰਦਰਸ਼ਨ ਨੂੰ ਇਕਲੌਤਾ ਬਦਲ ਦੱਸਦਿਆਂ ਕਿਹਾ ਕਿ ਸਰਕਾਰ ਇਸ ਭੁਲੇਖੇ 'ਚ ਨਾ ਰਹੇ ਕਿ ਕਿਸਾਨ ਖ਼ਾਲੀ ਹੱਥ ਘਰ ਪਰਤ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਅੱਜ ਵੀ ਕਾਨੂੰਨ ਵਾਪਸੀ ਦੀ ਮੰਗ 'ਤੇ ਪੂਰੀ ਤਰ੍ਹਾਂ ਅਟੱਲ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਛੇਤੀ ਤੋਂ ਛੇਤੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇ।
ਦੇਸ਼ ਭਰ 'ਚ ਕਿੱਥੇ ਕਿਸ ਤਰ੍ਹਾਂ ਦਾ ਰਿਹਾ ਭਾਰਤ ਬੰਦ ਦਾ ਅਸਰ
* ਲਗਪਗ 50 ਰੇਲ ਗੱਡੀਆਂ ਹੋਈਆਂ ਪ੍ਰਭਾਵਿਤ
* ਦਿੱਲੀ 'ਚ ਬਾਜ਼ਾਰ ਖੁੱਲ੍ਹੇ ਰਹੇ, ਕਾਰੋਬਾਰ ਕਾਫ਼ੀ ਹੱਦ ਤੱਕ ਪ੍ਰਭਾਵਿਤ ਨਹੀਂ ਹੋਇਆ ਹਾਲਾਂਕਿ ਕਿਸਾਨਾਂ ਵਲੋਂ ਸੜਕਾਂ ਜਾਮ ਕਰਨ ਅਤੇ ਪੁਲਿਸ ਵਲੋਂ ਸੁਰੱਖਿਆ ਵਧਾਉਣ ਕਰਕੇ ਦਿੱਲੀ ਦੇ ਸਰਹੱਦੀ ਇਲਾਕਿਆਂ ਗਾਜ਼ੀਆਬਾਦ ਤੇ ਨੋਇਡਾ 'ਚ ਲੰਬੇ-ਲੰਬੇ ਟ੍ਰੈਫਿਕ ਜਾਮ ਨਜ਼ਰ ਆਏ।
* ਪੰਜਾਬ ਤੇ ਹਰਿਆਣਾ 'ਚ ਆਮ ਜਨਜੀਵਨ ਰਿਹਾ ਪ੍ਰਭਾਵਿਤ, ਦੋਵਾਂ ਸੂਬਿਆਂ 'ਚ ਕਿਸਾਨਾਂ ਨੇ ਕਈ ਥਾਈਂ ਸ਼ਾਹਰਾਹ ਤੇ ਰੇਲਵੇ ਪਟੜੀਆਂ ਕੀਤੀਆਂ ਜਾਮ।
* ਜੰਮੂ ਵਿਖੇ ਬੰਦ ਦੇ ਸਮਰਥਨ 'ਚ ਕਈ ਜਗ੍ਹਾ ਹੋਏ ਪ੍ਰਦਰਸ਼ਨ ਤੇ ਰੈਲੀਆਂ।
* ਰਾਜਸਥਾਨ ਦੇ ਕਈ ਜ਼ਿਲ੍ਹਿਆਂ 'ਚ ਦਿਸਿਆ ਅਸਰ, ਗੰਗਾਨਗਰ ਤੇ ਹਨੂਮਾਨਗੜ੍ਹ 'ਚ ਪ੍ਰਮੁੱਖ ਮੰਡੀਆਂ ਤੇ ਬਾਜ਼ਾਰ ਰਹੇ ਬੰਦ। ਕਿਸਾਨਾਂ ਨੇ ਕੱਢੀਆਂ ਰੈਲੀਆਂ।
* ਅਰੁਣਾਚਲ ਪ੍ਰਦੇਸ਼ 'ਚ ਬੰਦ ਨਾ ਨਹੀਂ ਦਿਸਿਆ ਅਸਰ, ਸਾਰੀਆਂ ਸੇਵਾਵਾਂ ਆਮ ਵਾਂਗ ਚੱਲੀਆਂ।
* ਆਸਾਮ 'ਚ ਰਿਹਾ ਮੱਠਾ ਹੁੰਗਾਰਾ, ਜਨਤਕ ਟ੍ਰਾਂਸਪੋਰਟ ਸੇਵਾ ਰਹੀ ਜਾਰੀ, ਬਾਜ਼ਾਰ ਤੇ ਦਫ਼ਤਰ ਆਮ ਵਾਂਗ ਖੁੱਲ੍ਹੇ। ਬੰਦ ਦਾ ਸਮਰਥਨ ਕਰਨ ਵਾਲੀ ਕਾਂਗਰਸ ਨੇ ਸੂਬੇ 'ਚ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ।
* ਝਾਰਖੰਡ 'ਚ ਸੜਕਾਂ ਤੇ ਰਾਜਮਾਰਗ ਜਾਮ ਕੀਤੇ ਜਾਣ ਕਰਕੇ ਕਈ ਇਲਾਕਿਆਂ 'ਚ ਆਵਾਜਾਈ ਰਹੀ ਪ੍ਰਭਾਵਿਤ। ਰਾਜਧਾਨੀ ਰਾਂਚੀ 'ਚ ਦੁਕਾਨਾਂ ਰਹੀਆਂ ਬੰਦ, ਸਰਕਾਰੀ ਦਫ਼ਤਰ ਤੇ ਬੈਂਕ ਰਹੇ ਖੁੱਲ੍ਹੇ।
* ਬਿਹਾਰ 'ਚ ਰਿਹਾ ਮਿਲਿਆ-ਜੁਲਿਆ ਅਸਰ, ਕਈ ਥਾਵਾਂ 'ਤੇ ਸ਼ਾਹਮਾਰਗਾਂ, ਸੜਕਾਂ ਤੇ ਰੇਲਵੇ ਪਟੜੀਆਂ 'ਤੇ ਲਗਾਏ ਜਾਮ।
* ਪੱਛਮੀ ਬੰਗਾਲ 'ਚ ਬੰਦ ਦੇ ਸਮਰਥਨ 'ਚ ਖੱਬਪੱਖੀ ਕਾਰਕੁਨਾਂ ਨੇ ਕਈ ਥਾਵਾਂ 'ਤੇ ਸੜਕਾਂ 'ਤੇ ਰੇਲ ਪਟੜੀਆਂ ਕੀਤੀਆਂ ਜਾਮ। ਸੂਬੇ 'ਚ ਦੁਕਾਨਾਂ ਤੇ ਬਾਜ਼ਾਰ ਆਮ ਵਾਂਗ ਰਹੇ ਖੁੱਲ੍ਹੇ।
* ਓਡੀਸ਼ਾ 'ਚ ਬੰਦ ਨਾਲ ਆਮ ਜਨਜੀਵਨ ਪ੍ਰਭਾਵਿਤ, ਬਾਜ਼ਾਰ ਤੇ ਸਰਕਾਰੀ ਟ੍ਰਾਂਸਪੋਰਟ ਰਹੀ ਬੰਦ। ਕਾਂਗਰਸ ਤੇ ਖੱਬੇਪੱਖੀ ਪਾਰਟੀਆਂ ਨੇ ਬੰਦ ਦੀ ਹਮਾਇਤ 'ਚ ਕੀਤਾ ਪ੍ਰਦਰਸ਼ਨ।
* ਛੱਤੀਸਗੜ੍ਹ 'ਚ ਰਲਿਆ ਮਿਲਿਆ ਅਸਰ, ਜ਼ਿਆਦਾਤਾਰ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਰਹੇ ਖੁੱਲ੍ਹੇ।
* ਮੱਧ ਪ੍ਰਦੇਸ਼ 'ਚ ਵੀ ਨਹੀਂ ਦਿਸਿਆ ਵਾਲਾ ਪ੍ਰਭਾਵ, ਰੋਜ਼ਾਨਾ ਦੀਆਂ ਗਤੀਵਿਧੀਆਂ ਰਹੀਆਂ ਜਾਰੀ।
* ਗੁਜਰਾਤ ਕਾਫ਼ੀ ਹੱਦ ਤੱਕ ਰਿਹਾ ਸ਼ਾਂਤ, ਕੁਝ ਸਮੇਂ ਤੱਕ ਰਾਜਮਾਰਗਾਂ ਦੇ ਬੰਦ ਹੋਣ ਨਾਲ ਆਵਾਜਾਈ ਰਹੀ ਪ੍ਰਭਾਵਿਤ।
* ਮਹਾਰਾਸ਼ਟਰ 'ਚ ਵੀ ਨਹੀਂ ਦਿਸਿਆ ਜ਼ਿਆਦਾ ਅਸਰ ਪਰ ਬੰਦ ਦੇ ਸਮਰਥਨ 'ਚ ਕੱਢੀਆਂ ਗਈਆਂ ਮੋਟਰਸਾਈਕਲ ਰੈਲੀਆਂ।
* ਗੋਆ 'ਚ ਬੰਦ ਨੂੰ ਪੂਰੀ ਤਰ੍ਹਾਂ ਨਾਲ ਮੱਠਾ ਹੁੰਗਾਰਾ, ਸਾਰੀਆਂ ਸੇਵਾਵਾਂ ਸੁਚਾਰੂ ਢੰਗ ਨਾਲ ਚੱਲੀਆਂ।
* ਪੁਡੂਚੇਰੀ 'ਚ ਮਿਲਿਆ-ਜੁਲਿਆ ਅਸਰ ਕੇਵਲ ਸਰਕਾਰੀ ਬੱਸਾਂ ਹੀ ਚੱਲੀਆਂ। ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਹਾਜ਼ਰੀ ਰਹੀ ਘੱਟ।
* ਕੇਰਲ 'ਚ ਸੱਤਾਧਾਰੀ ਐਲ.ਡੀ.ਐਫ. ਤੇ ਵਿਰੋਧੀ ਧਿਰ ਯੂ.ਡੀ.ਐਫ. ਵਲੋਂ ਬੰਦ ਨੂੰ ਹਮਾਇਤ ਕਾਰਨ ਰੋਜ਼ਾਨਾ ਜਨਜੀਵਨ ਰਿਹੈ ਪ੍ਰਭਾਵਿਤ। ਕੋਜ਼ੀਕੋਡ ਜ਼ਿਲ੍ਹੇ 'ਚ ਇਕ ਹਿੰਸਕ ਘਟਨਾ ਹੋਈ।
* ਤਾਮਿਲਨਾਡੂ 'ਚ ਭਾਰਤ ਬੰਦ ਦੀ ਹਮਾਇਤ 'ਚ ਕਈ ਜਥੇਬੰਦੀਆਂ ਨੇ ਸੂਬੇ ਭਰ 'ਚ ਕੱਢੇ ਰੋਸ ਮਾਰਚ।
* ਤੇਲੰਗਾਨਾ 'ਚ ਬੰਦ ਦੇ ਸਮਰਥਨ 'ਚ ਸਿਆਸੀ ਪਾਰਟੀਆਂ ਦੇ ਕਾਰਕੁਨਾਂ ਵਲੋਂ ਕਈ ਥਾਵਾਂ 'ਤੇ ਪ੍ਰਦਰਸ਼ਨ।
* ਕਰਨਾਟਕ ਦੇ ਕੁਝ ਕੁ ਇਲਾਕਿਾਂ 'ਚ ਛੱਡ ਕੇ ਨਹੀਂ ਦਿਸਿਆ ਜ਼ਿਆਦਾ ਪ੍ਰਭਾਵ, ਸਾਰੀਆਂ ਸੇਵਾਵਾਂ ਆਮ ਵਾਂਗ ਰਹੀਆਂ ਜਾਰੀ।
* ਆਂਧਰਾ ਪ੍ਰਦੇਸ਼ 'ਚ ਵਾਈ.ਐਸ.ਆਰ. ਕਾਂਗਰਸ ਸਰਕਾਰ ਦੇ ਸਮਰਥਨ ਦੇ ਬਾਵਜੂਦ ਰਿਹਾ ਮੱਠਾ ਹੁੰਗਾਰਾ, ਹਾਲਾਂਕਿ ਕੁਝ ਥਾਵਾਂ 'ਤੇ ਹੋਏ ਪ੍ਰਦਰਸ਼ਨ।
ਚੰਡੀਗੜ੍ਹ, 27 ਸਤੰਬਰ (ਏਜੰਸੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ 'ਚ ਭਰਵਾਂ ਹੁੰਗਾਰਾ ਮਿਲਿਆ। ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਕਿਸਾਨ ਤੇ ਹੋਰ ਜਥੇਬੰਦੀਆਂ ਨੇ ਸੜਕ ਤੇ ਰੇਲ ਆਵਾਜਾਈ ਰੋਕ ਕੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਬੰਦ ਦੌਰਾਨ ਪੰਜਾਬ 'ਚ ਜਿਥੇ ਸੜਕ ਤੇ ਰੇਲ ਆਵਾਜਾਈ ਮੁਅੱਤਲ ਰਹੀ, ਉਥੇ ਜ਼ਿਆਦਾਤਰ ਥਾਵਾਂ 'ਤੇ ਦੁਕਾਨਾਂ, ਵਪਾਰਕ ਅਦਾਰੇ ਅਤੇ ਵਿੱਦਿਅਕ ਅਦਾਰੇ ਬੰਦ ਰਹੇ। ਬੰਦ ਦੌਰਾਨ ਹਸਪਤਾਲ ਤੇ ਮੈਡੀਕਲ ਸਟੋਰਾਂ ਸਮੇਤ ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਸੀ। ਪ੍ਰਦਰਸ਼ਨਕਾਰੀ ਕਿਸਾਨਾਂ ਤੇ ਸਮਰਥਕਾਂ ਨੇ ਅੰਮ੍ਰਿਤਸਰ, ਜਲੰਧਰ, ਰੂਪਨਗਰ, ਪਠਾਨਕੋਟ, ਸੰਗਰੂਰ, ਮੁਹਾਲੀ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਬਠਿੰਡਾ ਸਮੇਤ ਸਾਰੇ ਜ਼ਿਲ੍ਹਿਆਂ 'ਚ ਰਾਸ਼ਟਰੀ ਤੇ ਰਾਜ ਮਾਰਗਾਂ ਨੂੰ ਜਾਮ ਕਰ ਦਿੱਤਾ। ਸੂਬੇ 'ਚ ਜ਼ਿਆਦਾਤਰ ਥਾਵਾਂ 'ਤੇ ਕਿਸਾਨਾਂ ਨੇ ਮੁੱਖ ਮਾਰਗਾਂ 'ਤੇ ਟਰੈਕਟਰ-ਟਰਾਲੀਆਂ ਖੜੀਆਂ ਕਰਕੇ ਆਵਾਜਾਈ ਰੋਕੀ ਹੋਈ ਸੀ। ਕਿਸਾਨਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਵਲੋਂ ਪਟਿਆਲਾ-ਜੀਂਦ, ਜਲੰਧਰ- ਪਠਾਨਕੋਟ, ਚੰਡੀਗੜ੍ਹ-ਅੰਬਾਲਾ, ਜ਼ੀਰਕਪੁਰ-ਪਟਿਆਲਾ ਅਤੇ ਹੋਰ ਰਾਸ਼ਟਰੀ ਮਾਰਗਾਂ ਨੂੰ ਬੰਦ ਕੀਤਾ ਹੋਇਆ ਸੀ ਅਤੇ ਕਈ ਥਾਵਾਂ 'ਤੇ ਕਿਸਾਨਾਂ ਨੇ ਰੇਲਵੇ ਲਾਈਨਾਂ 'ਤੇ ਧਰਨੇ ਲਗਾਏ ਹੋਏ ਸਨ। ਜਦੋਂਕਿ ਕੁਝ ਥਾਵਾਂ 'ਤੇ ਰਾਹਗੀਰਾਂ ਤੇ ਯਾਤਰੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਕਿਸਾਨਾਂ ਤੇ ਹੋਰ ਵਲੰਟੀਅਰਾਂ ਵਲੋਂ ਲੰਗਰ ਲਗਾਏ ਹੋਏ ਸਨ। ਰੇਲਵੇ ਦੀ ਫ਼ਿਰੋਜ਼ਪੁਰ ਡਵੀਜ਼ਨ ਦੇ ਮੈਨੇਜਰ ਸੀਮਾ ਸ਼ਰਮਾ ਨੇ ਕਿਹਾ ਕਿ ਬੰਦ ਕਾਰਨ ਕਈ ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ ਜਦੋਂਕਿ ਕਈਆਂ ਦੇ ਸਮੇਂ 'ਚ ਤਬਦੀਲੀ ਕੀਤੀ ਗਈ। ਹਰਿਆਣਾ ਦੇ ਸਿਰਸਾ, ਫਤਿਆਬਾਦ, ਕੁਰੂਕਸ਼ੇਤਰ, ਪਾਣੀਪਤ, ਹਿਸਾਰ, ਚਰਖੀ ਦਾਦਰੀ, ਕਰਨਾਲ, ਕੈਂਥਲ, ਰੋਹਤਕ, ਝੱਜਰ ਅਤੇ ਪੰਚਕੂਲਾ ਜ਼ਿਲ੍ਹਿਆਂ 'ਚ ਵੀ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰੀ ਮਾਰਗ ਜਾਮ ਕੀਤਾ। ਚੰਡੀਗੜ੍ਹ 'ਚ ਹਾਲਾਂਕਿ ਬੰਦ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ
30 ਥਾਵਾਂ 'ਤੇ ਰੇਲ-ਸੜਕੀ ਆਵਾਜਾਈ ਜਾਮ
ਅੰਮ੍ਰਿਤਸਰ, (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਅੱਜ ਅੰਮ੍ਰਿਤਸਰ ਜ਼ਿਲ੍ਹੇ 'ਚ ਕੁੱਲ 30 ਥਾਵਾਂ 'ਤੇ ਸੜਕੀ ਤੇ ਰੇਲ ਮਾਰਗਾਂ 'ਤੇ ਧਰਨੇ ਦਿੱਤੇ ਗਏ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਸਕੱਤਰ ਸਿੰਘ ਕੋਟਲਾ, ਬਲਦੇਵ ਸਿੰਘ ਬੱਗਾ, ਗੁਰਲਾਲ ਸਿੰਘ ਮਾਨ ਭਾਰਤ ਬੰਦ ਦੇ ਸੱਦੇ ਨੂੰ ਸਫਲ ਕਰਨ ਲਈ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਮੁਲਾਜ਼ਮਾਂ, ਟਰਾਂਸਪੋਰਟਰਾਂ, ਮੰਡੀ ਕਾਮਿਆਂ ਤੇ ਆਮ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣ ਤੱਕ ਇਹ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਕੱਲ੍ਹ 28 ਸਤੰਬਰ ਤੋਂ ਡੀ. ਸੀ. ਦਫ਼ਤਰਾਂ ਅੱਗੇ ਪੱਕੇ ਮੋਰਚੇ ਲਗਾਏ ਜਾ ਰਹੇ ਹਨ। ਇਸ ਮੌਕੇ ਮੁਖਤਾਰ ਸਿੰਘ ਭੰਗਵਾਂ, ਕਿਰਪਾਲ ਸਿੰਘ ਕਲੇਰ, ਬਲਦੇਵ ਸਿੰਘ ਚੱਬਾ, ਕਿਰਪਾਲ ਸਿੰਘ, ਕੁਲਜੀਤ ਸਿੰਘ ਕਾਲੇ ਘਣੂੰਪੁਰ, ਕਾਬਲ ਸਿੰਘ ਵਰਿਆਮ, ਲਖਬੀਰ ਸਿੰਘ ਕੱਥੂਨੰਗਲ, ਸ਼ਮਸ਼ੇਰ ਸਿੰਘ ਛੇਹਰਟਾ, ਗੁਰਦੀਪ ਸਿੰਘ ਰਾਮ ਦੀਵਾਲੀ, ਗੁਰਮੁਖ ਸਿੰਘ, ਕੁਲਦੀਪ ਸਿੰਘ ਚੱਬਾ, ਲਖਵਿੰਦਰ ਸਿੰਘ ਦੋਬੁਰਜੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਨਵੀਂ ਦਿੱਲੀ, 27 ਸਤੰਬਰ (ਉਪਮਾ ਡਾਗਾ ਪਾਰਥ)-ਭਾਰਤ ਬੰਦ ਦੇ ਚਲਦਿਆਂ ਕਰੀਬ 50 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਉੱਤਰੀ ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਦਿੱਲੀ, ਅੰਬਾਲਾ ਤੇ ਫਿਰੋਜ਼ਪੁਰ ਡਵੀਜ਼ਨਾਂ 'ਚ 20 ਤੋਂ ਵੱਧ ਥਾਵਾਂ 'ਤੇ ਕਿਸਾਨਾਂ ਵਲੋਂ ਰੇਲਵੇ ਪਟੜੀਆਂ 'ਤੇ ਜਾਮ ਲਗਾਏ ਗਏ। ਜਿਹੜੀਆਂ ਗੱਡੀਆਂ ਪ੍ਰਭਾਵਿਤ ਹੋਈਆਂ, ਉਨ੍ਹਾਂ 'ਚ ਦਿੱਲੀ-ਅੰਮ੍ਰਿਤਸਰ ਸ਼ਾਨ-ਏ-ਪੰਜਾਬ, ਨਵੀਂ ਦਿੱਲੀ-ਮੋਗਾ ਐਕਸਪ੍ਰੈੱਸ, ਪੁਰਾਣੀ ਦਿੱਲੀ-ਪਠਾਨਕੋਟ ਐਕਸਪ੍ਰੈੱਸ, ਨਵੀਂ ਦਿੱਲੀ ਤੋਂ ਕੱਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਅੰਮ੍ਰਿਤਸਰ ਸ਼ਤਾਬਦੀ ਸ਼ਾਮਿਲ ਸੀ। ਉੱਤਰ-ਪੱਛਮੀ ਰੇਲਵੇ ਜ਼ੋਨ 'ਚ ਰੇਵਾੜੀ-ਭਿਵਾਨੀ, ਭਿਵਾਨੀ-ਰੋਹਤਕ, ਭਿਵਾਨੀ-ਹਿਸਾਰ ਅਤੇ ਹਨੂੰਮਾਨਗੜ੍ਹ-ਸਾਦੁਲਪੁਰ-ਸ੍ਰੀਗੰਗਾਨਗਰ-ਫਥੂਹੀ ਸੈਕਸ਼ਨਾਂ 'ਤੇ ਰੇਲ ਆਵਾਜਾਈ ਪ੍ਰਭਾਵਿਤ ਰਹੀ। ਉੱਤਰ-ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਫ਼ਸਰ ਸ਼ਸ਼ੀ ਕਿਰਨ ਨੇ ਦੱਸਿਆ ਕਿ ਬੰਦ ਕਰਕੇ ਬਠਿੰਡਾ-ਲਾਲਗੜ੍ਹ ਤੇ ਸ੍ਰੀਗੰਗਾਨਗਰ-ਅੰਬਾਲਾ ਵਿਸ਼ੇਸ਼ ਰੇਲ ਸੇਵਾ ਸੋਮਵਾਰ ਨੂੰ ਰੱਦ ਕਰ ਦਿੱਤੀ ਗਈ। ਜੈਪੁਰ-ਦੌਲਤਪੁਰ ਚੌਕ ਵਿਸ਼ੇਸ਼ ਰੇਲ ਸੇਵਾ ਜੋ ਸੋਮਵਾਰ ਨੂੰ ਜੈਪੁਰ ਤੋਂ ਰਵਾਨਾ ਹੋਈ ਹੁਣ ਸਿਰਫ ਧੂਲਕੋਟ ਸਟੇਸ਼ਨ ਤੱਕ ਹੀ ਚੱਲੇਗੀ, ਜਦਕਿ ਦੌਲਤਪੁਰ ਚੌਕ-ਜੈਪੁਰ ਵਿਸ਼ੇਸ਼ ਰੇਲ ਸੋਮਵਾਰ ਨੂੰ ਅੰਬਾਲਾ ਤੋਂ ਚੱਲੇਗੀ, ਦੌਲਤਪੁਰ ਚੌਕ ਦੀ ਬਜਾਏ ਇਹ ਅੰਸ਼ਿਕ ਰੂਪ 'ਚ ਦੌਲਤਪੁਰ ਚੌਕੀ-ਅੰਬਾਲਾ ਸਟੇਸ਼ਨਾਂ ਵਿਚਕਾਰ ਚੱਲੇਗੀ। ਕੁਝ ਹੋਰ ਗੱਡੀਆਂ ਜੋ ਅੰਸ਼ਿਕ ਰੂਪ 'ਚ ਪ੍ਰਭਾਵਿਤ ਹੋਈਆਂ, ਉਨ੍ਹਾਂ 'ਚ ਤਿਲਕਬ੍ਰਿਜ-ਸ੍ਰੀਗੰਗਾਨਗਰ, ਰੇਵਾੜੀ-ਜੋਧਪੁਰ ਵਿਸ਼ੇਸ਼ ਰੇਲ ਤੇ ਦਿੱਲੀ ਸਰਾਏ ਰੋਹਿਲਾ-ਬੀਕਾਨੇਰ ਵਿਸ਼ੇਸ਼ ਰੇਲ ਸੇਵਾ ਸ਼ਾਮਿਲ ਹੈ।
ਨਵੀਂ ਦਿੱਲੀ, 27 ਸਤੰਬਰ (ਉਪਮਾ ਡਾਗਾ ਪਾਰਥ)-ਦੇਸ਼ ਭਰ 'ਚ ਸਿਹਤ ਸੇਵਾਵਾਂ ਨੂੰ ਡਿਜੀਟਲ ਮੁਹਿੰਮ ਹੇਠਾਂ ਲਿਆਉਣ ਦੀ ਕਵਾਇਦ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ। ਵੀਡੀਓ ਕਾਨਫ਼ਰੰਸਿੰਗ ਰਾਹੀਂ ਲਾਂਚ ਕੀਤੀ ਇਸ ਯੋਜਨਾ ਤਹਿਤ ਹਰ ਭਾਰਤੀ ਨਾਗਰਿਕ ਲਈ ਇਕ ਨਿਵੇਕਲਾ ਸਿਹਤ ਨੰਬਰ ਜਾਰੀ ਕੀਤਾ ਜਾਵੇਗਾ। ਆਧਾਰ ਨੰਬਰ ਦੀ ਤਰਜ਼ 'ਤੇ ਇਸ 14 ਅੰਕਾਂ ਵਾਲੇ ਹੈਲਥ ਨੰਬਰ ਰਾਹੀਂ ਦੇਸ਼ ਭਰ 'ਚ ਡਿਜੀਟਲ ਈਕੋ ਸਿਸਟਮ ਤਿਆਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਭਾਰਤ ਹੁਣ ਇਕ ਅਜਿਹੇ ਸਿਹਤ ਮਾਡਲ 'ਤੇ ਕੰਮ ਕਰ ਰਿਹਾ ਹੈ ਜਿਸ 'ਚ ਬਿਮਾਰੀਆਂ ਤੋਂ ਬਚਾਅ 'ਤੇ ਜ਼ੋਰ ਦਿੱਤਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਨਾਗਰਿਕਾਂ ਲਈ ਸਿਹਤ ਸੇਵਾਵਾਂ ਪ੍ਰਾਪਤ ਕਰਨਾ ਬਸ ਇਕ ਕਲਿੱਕ ਦੀ ਦੂਰੀ 'ਤੇ ਹੋਵੇਗਾ। ਡਿਜੀਲਾਈਜ਼ੇਸ਼ਨ ਰਾਹੀਂ ਸੁਖਾਲੀ ਸਿਹਤ ਸੰਭਾਲ ਮੁਹੱਈਆ ਕਰਨ ਦਾ ਦਾਆਵਾ ਕਰਦਿਆਂ ਮੋਦੀ ਨੇ ਕਿਹਾ ਕਿ ਹੁਣ ਹਰ ਨਾਗਰਿਕ ਦੇ ਸਿਹਤ ਰਿਕਾਰਡ ਡਿਜੀਟਲੀ ਸੁਰੱਖਿਅਤ ਰਹਿਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਯੋਜਨਾ ਨੈਸ਼ਨਲ ਡਿਜੀਟਲ ਮਿਸ਼ਨ ਦੇ ਨਾਂਅ ਹੇਠ ਚੱਲ ਰਹੀ ਸੀ। ਪ੍ਰਧਾਨ ਮੰਤਰੀ ਵਲੋਂ 15 ਅਗਸਤ, 2020 'ਚ ਇਸ ਨੂੰ ਪਾਇਲਟ ਪ੍ਰਾਜੈਕਟ ਵਜੋਂ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਲਾਂਚ ਕੀਤਾ ਗਿਆ ਸੀ। ਇਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਚੰਡੀਗੜ੍ਹ ਤੋਂ ਇਲਾਵਾ ਅੰਡੇਮਾਨ ਨਿਕੋਬਾਰ, ਦਾਦਰਾ ਨਗਰ ਹਵੇਲੀ, ਦਮਨ ਤੇ ਦੀਵ, ਲੱਦਾਖ ਅਤੇ ਲਕਸ਼ਦੀਪ ਸ਼ਾਮਿਲ ਹਨ। ਹੁਣ ਇਹ ਯੋਜਨਾ ਪੂਰੇ ਦੇਸ਼ ਲਈ ਸ਼ੁਰੂ ਕੀਤੀ ਗਈ ਹੈ। ਮੋਦੀ ਨੇ ਭਾਰਤ 'ਚ ਡਿਜੀਟਲ ਬੁਨਿਆਦੀ ਢਾਂਚੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ 130 ਕਰੋੜ ਆਧਾਰ ਨੰਬਰ, 118 ਕਰੋੜ ਮੋਬਾਈਲ ਫ਼ੋਨ, ਤਕਰੀਬਨ 80 ਕਰੋੜ ਇੰਟਰਨੈੱਟ ਵਰਤਣ ਵਾਲੇ, ਤਕਰੀਬਨ 43 ਕਰੋੜ ਜਨ ਧਨ ਖਾਤੇ ਹਨ। ਉਨ੍ਹਾਂ ਕਿਹਾ ਕਿ ਐਨਾ ਵੱਡਾ ਜੁੜਿਆ ਹੋਇਆ ਬੁਨਿਆਦੀ ਢਾਂਚਾ ਦੁਨੀਆ 'ਚ ਕਿਤੇ ਨਹੀਂ ਹੈ। ਇਹ ਡਿਜੀਟਲ ਬੁਨਿਆਦੀ ਢਾਂਚਾ ਗਠਨ ਤੋਂ ਲੈ ਕੇ ਪ੍ਰਸ਼ਾਸਨ ਤੱਕ ਨੂੰ ਤੇਜ਼ ਪਾਰਦਰਸ਼ੀ ਢੰਗ ਨਾਲ ਆਮ ਭਾਰਤੀ ਤੱਕ ਪਹੁੰਚ ਰਿਹਾ ਹੈ।
ਗੂਗਲ ਪਲੇਅ ਸਟੋਰ 'ਤੇ ਉਪਲਬਧ ਹੋਵੇਗਾ ਰਿਕਾਰਡ
ਐੱਨ.ਡੀ.ਐੱਚ.ਐੱਮ. ਹੈਲਥ ਰਿਕਾਰਡ ਗੂਗਲ ਪਲੇਅ ਸਟੋਰ 'ਤੇ ਉਪਲਬਧ ਹੋਵੇਗਾ। ਇਹ ਕਾਰਡ ਸਰਕਾਰੀ, ਨਿੱਜੀ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ, ਮੁੱਢਲੇ ਸਿਹਤ ਕੇਂਦਰ, ਵੈੱਲਨੈੱਸ ਸੈਂਟਰ ਤੇ ਕਾਮਨ ਸਰਵਿਸ ਸੈਂਟਰ 'ਤੇ ਬਣਵਾਇਆ ਜਾ ਸਕੇਗਾ। ਇਸ ਕਾਰਡ ਦਾ ਹੋਰ ਫਾਇਦਾ ਇਹ ਵੀ ਹੈ ਕਿ ਇਸ ਦਾ ਡਾਟਾ ਹਸਪਤਾਲ 'ਚ ਨਹੀਂ ਸਗੋਂ ਡਾਟਾ ਕੇਂਦਰ 'ਚ ਹੋਵੇਗਾ, ਜੋ ਕਾਰਡ ਰਾਹੀਂ ਵੇਖਿਆ ਜਾ ਸਕਦਾ ਹੈ। ਕਾਰਡ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਸ ਨੂੰ ਓ.ਪੀ.ਟੀ. ਨੰਬਰ ਨਾਲ ਜੋੜਿਆ ਜਾਵੇਗਾ। ਓ.ਪੀ.ਟੀ. ਪਾਉਣ ਤੋਂ ਬਾਅਦ ਹੀ ਦਸਤਾਵੇਜ਼ਾਂ ਨੂੰ ਸਕਰੀਨ 'ਤੇ ਵੇਖਿਆ ਜਾ ਸਕੇਗਾ। ਇਸ ਤੋਂ ਇਲਾਵਾ ਉਨ੍ਹਾਂ ਰਿਪੋਰਟਾਂ ਨੂੰ ਕਾਪੀ ਜਾਂ ਟ੍ਰਾਂਸਫਰ ਨਹੀਂ ਕੀਤਾ ਜਾ ਸਕੇਗਾ।
ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਆਕਾਸ਼ ਮਿਜ਼ਾਈਲ ਦੇ ਨਵੇਂ ਰੂਪ ਦਾ ਉਡੀਸ਼ਾ ਦੀ ਚਾਂਦੀਪੁਰ ਦੀ ਏਕੀਕ੍ਰਿਤ ਪ੍ਰੀਖਣ ਰੇਂਜ ਤੋਂ ਸੋਮਵਾਰ ਨੂੰ ਸਫਲਤਾਪੂਰਵਕ ਉਡਾਣ-ਪ੍ਰੀਖਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ 4.30 ਕੁ ਵਜੇ ਮਿਜ਼ਾਈਲ- 'ਆਕਾਸ਼ ਪ੍ਰਾਈਮ' ਨੇ ਆਪਣੇ ਪਹਿਲੇ ਉਡਾਣ ਪ੍ਰੀਖਣ ਦੌਰਾਨ ਦੁਸ਼ਮਣ ਦੇ ਹਵਾਈ ਜਹਾਜ਼ ਦੀ ਨਕਲ ਵਾਲੇ ਮਨੁੱਖ ਰਹਿਤ ਹਵਾਈ ਜਹਾਜ਼ ਨੂੰ ਨਿਸ਼ਾਨੇ 'ਤੇ ਰੋਕਦਿਆਂ ਉਸ ਨੂੰ ਤਬਾਹ ਕਰ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਆਕਾਸ਼ ਪ੍ਰਣਾਲੀ ਦੀ ਤੁਲਨਾ 'ਚ ਆਕਾਸ਼ ਪ੍ਰਾਈਮ ਮਿਜ਼ਾਈਲ ਸੁਨਿਸ਼ਚਿਤ ਨਿਸ਼ਾਨੇ ਲਈ ਇਕ ਬਿਹਤਰ ਸਵਦੇਸ਼ੀ ਸਰਗਰਮ ਆਰ.ਐਫ. ਖੋਜ ਨਾਲ ਲੈਸ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਕਾਸ਼ ਪ੍ਰਾਈਮ ਮਿਜ਼ਾਈਲ ਦੇ ਸਫਲ ਪ੍ਰੀਖਣ ਲਈ ਡੀ.ਆਰ.ਡੀ.ਓ., ਭਾਰਤੀ ਹਵਾਈ ਸੈਨਾ, ਭਾਰਤੀ ਸੈਨਾ ਤੇ ਹੋਰ ਹਿੱਤ-ਧਾਰਕਾਂ ਨੂੰ ਵਧਾਈ ਦਿੱਤੀ ਹੈ।
ਚੰਡੀਗੜ੍ਹ, 27 ਸਤੰਬਰ (ਬ੍ਰਿਜੇਂਦਰ ਗੌੜ)-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੰਵਿਧਾਨ ਦੇ ਅਨੁਛੇਦ 165 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਅਮਰ ਪ੍ਰੀਤ ਸਿੰਘ ਦਿਓਲ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਤਿਆਗ ਪੱਤਰ ਦੇਣ ਬਾਅਦ ਅਤੁਲ ਨੰਦਾ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਆਪ ਹਟ ਗਏ ਸਨ। ਇਸ ਤੋਂ ਬਾਅਦ ਸੀਨੀਅਰ ਐਡਵੋਕੇਟ ਡੀ.ਐਸ. ਪਟਵਾਲੀਆ, ਡਾ. ਅਨਮੋਲ ਰਤਨ ਸਿੰਘ ਅਤੇ ਹੋਰ ਸੀਨੀਅਰ ਵਕੀਲਾਂ ਦੇ ਨਾਂਅ 'ਤੇ ਸਰਕਾਰ ਨੇ ਵਿਚਾਰ ਕਰਨ ਤੋਂ ਬਾਅਦ ਇਹ ਅਹਿਮ ਜ਼ਿੰਮੇਵਾਰੀ ਏ.ਪੀ.ਐਸ. ਦਿਓਲ ਨੂੰ ਸੌਂਪੀ ਹੈ। ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਇਹ ਆਦੇਸ਼ ਅੱਗੇ ਜਾਰੀ ਕੀਤੇ ਗਏ ਹਨ।
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ)-ਰਾਜ ਦੀ ਨਵੀਂ ਚੰਨੀ ਸਰਕਾਰ ਵਲੋਂ ਜਿੱਥੇ ਕੰਮ 'ਚ ਤੇਜ਼ੀ ਲਿਆਂਦੀ ਜਾ ਰਹੀ ਹੈ, ਉੱਥੇ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਲਗਦੇ ਰਹੇ ਅਫ਼ਸਰਸ਼ਾਹੀ ਹਾਵੀ ਹੋਣ ਦੀ ਧਾਰਨਾ ਦੇ ਦੋਸ਼ਾਂ ਨੂੰ ਵੀ ਤੋੜਨ 'ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੇ ਕੰਮ-ਕਾਜ 'ਚ ਤੇਜ਼ੀ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰਦੇ ਹੋਏ ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਹੁਕਮ ਜਾਰੀ ਕੀਤੇ ਕਿ ਉਹ ਆਪੋ-ਆਪਣੇ ਵਿਭਾਗ ਲਈ 100 ਦਿਨ ਦਾ ਰੋਡਮੈਪ ਤਿਆਰ ਕਰਾਉਣ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਦਿੱਤੀ ਕਿ ਰੋਡਮੈਪ ਬਣਾ ਕੇ ਮੁੱਖ ਸਕੱਤਰ ਕੋਲ ਭੇਜਿਆ ਜਾਵੇ ਤਾਂ ਜੋ ਉਹ ਉਸ ਦੀ ਸਮੀਖਿਆ ਕਰਕੇ ਅੱਗੇ ਇਸ 'ਤੇ ਕਾਰਵਾਈ ਅਮਲ 'ਚ ਲਿਆ ਸਕਣ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਨਰਮ ਲਹਿਜ਼ੇ 'ਚ ਸਖ਼ਤ ਹਦਾਇਤ ਦਿੰਦੇ ਹੋਏ ਕਿਹਾ ਕਿ ਉਹ ਆਮ ਲੋਕਾਂ ਦੇ ਨੁਮਾਇੰਦੇ ਹਨ ਅਤੇ ਜੋ ਅਧਿਕਾਰੀ ਲੋਕਾਂ ਦੇ ਕੰਮ ਨਹੀਂ ਕਰਨਗੇ ਉਨ੍ਹਾਂ 'ਤੇ ਕਾਰਵਾਈ ਹੋਵੇਗੀ। ਮੁੱਖ ਮੰਤਰੀ ਚੰਨੀ ਆਪਣੇ ਮੰਤਰੀ ਮੰਡਲ ਨਾਲ ਕੀਤੀ ਪਹਿਲੀ ਬੈਠਕ ਦੇ ਬਾਅਦ ਰਾਜ ਦੇ ਪ੍ਰਬੰਧਕੀ ਸਕੱਤਰਾਂ ਦੇ ਨਾਲ ਬੈਠਕ ਕਰ ਰਹੇ ਸਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਚਾਹੇ ਉਨ੍ਹਾਂ ਦੀ ਸਰਕਾਰ ਕੋਲ ਸਿਰਫ਼ 4 ਮਹੀਨੇ ਦਾ ਹੀ ਸਮਾਂ ਹੈ ਪਰ ਉਹ ਚਾਹੁੰਦੇ ਹਨ ਕਿ ਪ੍ਰਬੰਧਕੀ ਅਧਿਕਾਰੀ ਅਤੇ ਸਬੰਧਿਤ ਅਮਲਾ ਪੂਰੀ ਸਮਰੱਥਾ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰੇ। ਮੁੱਖ ਮੰਤਰੀ ਨੇ ਰਾਜ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਮੰਤਰੀਆਂ, ਵਿਧਾਇਕਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਬਣਦਾ ਮਾਣ ਸਤਿਕਾਰ ਦੇਣ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਚੋਂ ਭ੍ਰਿਸ਼ਟਾਚਾਰ ਨੂੰ ਜਾਣਾ ਹੀ ਹੋਵੇਗਾ ਅਤੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਜ਼ਰੂਰੀ ਹੈ ਕਿ ਉਹ ਆਮ ਆਦਮੀ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਲਈ ਜਾਤੀ, ਧਰਮ ਅਤੇ ਵਰਗ ਤੋਂ ਪਰੇ ਹੋ ਕੇ ਕੰਮ ਕੀਤੇ ਜਾਣ ਤਾਂ ਕਿ ਹਰ ਇਕ ਵਿਅਕਤੀ ਨੂੰ ਨਿਆਂ ਮਿਲ ਸਕੇ। ਪੰਜਾਬ ਸਰਕਾਰ ਦੇ ਪ੍ਰਬੰਧਕੀ ਸਕੱਤਰਾਂ ਦੇ ਨਾਲ ਆਪਣੀ ਪਹਿਲੀ ਬੈਠਕ 'ਚ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਇਹ ਸੰਕੇਤ ਦੇ ਦਿੱਤੇ ਕਿ ਉਹ ਅਫ਼ਸਰਸ਼ਾਹੀ ਪ੍ਰਤੀ ਨਰਮ ਜਾਂ ਲਾਪਰਵਾਹੀ ਭਰਿਆ ਰਵੱਈਆ ਰੱਖਣ ਵਾਲੇ ਨਹੀਂ ਹਨ। ਮੀਟਿੰਗ ਦੌਰਾਨ ਚੰਨੀ ਨੇ ਕਿਹਾ ''ਮੈਂ ਨਰਮ ਅਤੇ ਕੋਮਲ ਹਾਂ ਪਰ ਮੇਰੀ ਨਿਮਰਤਾ ਨੂੰ ਅਜਿਹਾ ਨਾ ਸਮਝਿਆ ਜਾਵੇ ਕਿ ਮੈਂ ਅਧਿਕਾਰੀਆਂ ਦੇ ਢਿੱਲੇ ਰਵੱਈਏ ਅਤੇ ਲੋਕਾਂ ਦੇ ਕੰਮ ਨਾ ਕਰਨ ਵਾਲੀ ਆਦਤ ਨੂੰ ਬਰਦਾਸ਼ਤ ਕਰਾਂਗਾ।' ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਾਂਗਾ, ਜੋ ਆਮ ਲੋਕਾਂ ਲਈ ਕੰਮ ਨਹੀਂ ਕਰਨਗੇ। ਚੰਨੀ ਨੇ ਕਿਹਾ ਕਿ ਜੇਕਰ ਕੋਈ ਮੇਰੇ ਨਾਂਅ ਨਾਲ ਕਿਸੇ ਵੀ ਗ਼ਲਤ ਕੰਮ ਲਈ ਤੁਹਾਨੂੰ ਕੋਈ ਸੰਪਰਕ ਕਰਦਾ ਹੈ ਤਾਂ ਸਿੱਧੇ ਮੇਰੇ ਕੋਲ ਆ ਕੇ ਮੈਨੂੰ ਦੱਸੋ। ਮੀਟਿੰਗ 'ਚ ਮੌਜੂਦ ਮੁੱਖ ਸਕੱਤਰ ਅਨੀਰੁਧ ਤਿਵਾੜੀ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸਾਰੇ ਸਕੱਤਰਾਂ ਨੇ ਮੁੱਖ ਮੰਤਰੀ ਦੇ ਸੰਦੇਸ਼ ਅਤੇ ਹਦਾਇਤ ਨੂੰ ਗੰਭੀਰਤਾ ਨਾਲ ਲੈ ਕੇ ਸਪੱਸ਼ਟ ਤੌਰ ਉੱਤੇ ਸਮਝਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਸਾਰੇ ਅਧਿਕਾਰੀ ਉਨ੍ਹਾਂ ਦੀ ਉਮੀਦਾਂ ਉੱਤੇ ਖਰੇ ਉੱਤਰਦੇ ਹੋਏ ਆਮ ਲੋਕਾਂ ਦੇ ਕੰਮਾਂ ਪ੍ਰਤੀ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਹੋਣ ਦੇਣਗੇ।
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਬਣੇ ਨਵੇਂ ਮੰਤਰੀ ਮੰਡਲ ਦੀ ਅੱਜ ਪਹਿਲੀ ਮੀਟਿੰਗ ਹੋਈ। ਜਿਸ ਦੌਰਾਨ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ...
ਪੁਨੀਤ ਬਾਵਾ
ਲੁਧਿਆਣਾ, 27 ਸਤੰਬਰ -ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਕਿਸਾਨਾਂ ਤੇ ਹੋਰ ਜਥੇਬੰਦੀਆਂ ਵਲੋਂ ਅੱਜ ਪੰਜਾਬ 'ਚ 500 ਤੋਂ ਵੱਧ ਥਾਵਾਂ 'ਤੇ ਰੇਲ ਤੇ ਸੜਕ ਆਵਾਜਾਈ ਰੋਕੀ ਗਈ, ਪ੍ਰਦਰਸ਼ਨ ਕੀਤੇ ਗਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ...
ਨਵੀਂ ਦਿੱਲੀ, 27 ਸਤੰਬਰ (ਯੂ.ਐਨ.ਆਈ.)-ਭਾਰਤ ਬੰਦ ਦੌਰਾਨ ਅੱਜ 3 ਕਿਸਾਨਾਂ ਦੀ ਮੌਤ ਹੋ ਗਈ ਜਿਨ੍ਹਾਂ ਚੋਂ ਇਕ ਦੀ ਪਛਾਣ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਲਗਾ ਦੇ ਕਿਸਾਨ ਬਘੇਲ ਰਾਮ (54) ਦੀ ਮੌਤ ਸਿੰਘੂ ਬਾਰਡਰ 'ਤੇ ਦਿਲ ਦਾ ਦੌਰਾ ਪੈਣ ਕਾਰਨ ਹੋਈ। ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ...
ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਸਰਕਾਰ ਮਾਲੀਏ 'ਚ ਆਈ ਕਮੀ ਨੂੰ ਪੂਰਾ ਕਰਨ ਲਈ ਚਾਲੂ ਵਿੱਤੀ ਸਾਲ 2021-22 ਦੀ ਦੂਸਰੀ ਛਿਮਾਹੀ 'ਚ 5.03 ਲੱਖ ਕਰੋੜ ਰੁਪਏ ਦਾ ਕਰਜ਼ਾ ਲਵੇਗੀ। ਵਿੱਤ ਮੰਤਰਾਲੇ ਨੇ ਦੱਸਿਆ ਕਿ ਮਹਾਂਮਾਰੀ ਨਾਲ ਪ੍ਰਭਾਵਿਤ ਹੋਈ ਅਰਥ ਵਿਵਸਥਾ ਕਾਰਨ ਸਰਕਾਰ ਇਹ ਕਰਜ਼ਾ ...
ਕਨੌਜ, 27 ਸਤੰਬਰ (ਏਜੰਸੀ)- ਉੱਤਰ ਪ੍ਰਦੇਸ਼ ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਕਨੌਜ ਜ਼ਿਲ੍ਹੇ ਦੇ ਇਕ ਸਾਈਬਰ ਕੈਫੇ 'ਚ ਦੋ ਲੜਕੀਆਂ ਨੂੰ ਬੰਦੀ ਬਣਾ ਕੇ ਉਨ੍ਹਾਂ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ ਹੈ। ਪੁਲਿਸ ਅਨੁਸਾਰ 13 ਸਤੰਬਰ ਨੂੰ 4 ਲੋਕਾਂ ਨੇ ਪੀੜਤ ਲੜਕੀਆਂ ਨੂੰ ਉਸ ...
ਨਵੀਂ ਦਿੱਲੀ, 27 ਸਤੰਬਰ (ਪੀ. ਟੀ. ਆਈ.)-ਲੈਫ਼ਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਨੇ ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੂੰ 1987 'ਚ ਪੈਰਾਸ਼ੂਟ ਰੈਜੀਮੈਂਟ 'ਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਨਾਗਾਲੈਂਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX