• 50 ਮਿੰਟ ਚੱਲੀ ਮੀਟਿੰਗ • ਭਾਜਪਾ 'ਚ ਸ਼ਾਮਿਲ ਹੋਣ ਦੇ ਕਿਆਸ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 29 ਸਤੰਬਰ -ਪੰਜਾਬ ਦੇ ਮੁੱਖ ਮੰਤਰੀ ਦੇੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਪਣਾ ਸਿਆਸੀ ਭਵਿੱਖ ਤਲਾਸ਼ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ | ਸ਼ਾਹ ਦੀ ਰਿਹਾਇਸ਼ 'ਤੇ ਹੋਈ ਸਿਆਸੀ ਅਹਿਮੀਅਤ ਵਾਲੀ ਇਹ ਮੀਟਿੰਗ ਤਕਰੀਬਨ 50 ਮਿੰਟ ਚੱਲੀ | ਕੈਪਟਨ ਸ਼ਾਮ ਨੂੰ ਤਕਰੀਬਨ 6 ਵਜੇ ਸ਼ਾਹ ਦੀ ਰਿਹਾਇਸ਼ 'ਤੇ ਪਹੁੰਚੇ ਅਤੇ 6.52 ਮਿੰਟ 'ਤੇ ਉਨ੍ਹਾਂ ਦੀ ਕਾਰ ਪਿਛਲੇ ਦਰਵਾਜ਼ੇ ਤੋਂ ਬਾਹਰ ਚਲੀ ਗਈ | ਮੁਲਾਕਾਤ ਤੋਂ ਬਾਅਦ ਕੈਪਟਨ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ | ਹਾਲਾਂਕਿ ਕੈਪਟਨ ਦੇ ਨੇੜਲੇ ਅਧਿਕਾਰੀਆਂ ਮੁਤਾਬਿਕ ਇਸ ਨੂੰ ਸ਼ਿਸ਼ਟਾਚਾਰ ਮੁਲਾਕਾਤ ਕਿਹਾ ਗਿਆ, ਪਰ ਕੈਪਟਨ ਦੇ ਅਗਲੇ ਕਦਮ ਬਾਰੇ ਟੀਮ ਨੇ ਕੋਈ ਜਵਾਬ ਨਹੀਂ ਦਿੱਤਾ | ਜ਼ਿਕਰਯੋਗ ਹੈ ਕਿ ਅਸਤੀਫ਼ਾ ਦੇਣ ਤੋਂ ਬਾਅਦ ਮੰਗਲਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਮੁਲਾਕਾਤ ਦੇ ਕਿਆਸ ਲਗਾਏ ਜਾ ਰਹੇ ਸਨ | ਹਾਲਾਂਕਿ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਸ ਨੂੰ ਕੈਪਟਨ ਦਾ ਨਿੱਜੀ ਦੌਰਾ ਦੱਸਦਿਆਂ ਕਿਆਸ ਅਰਾਈਆਂ ਨੂੰ ਵਿਰਾਮ ਦੇਣ ਲਈ ਕਿਹਾ | ਕੈਪਟਨ ਨੇ ਵੀ ਕਿਹਾ ਕਿ ਉਹ ਕਪੂਰਥਲਾ ਹਾਊਸ ਤੋਂ ਆਪਣਾ ਸਾਮਾਨ ਲੈਣ ਆਏ ਹਨ |
ਭਾਜਪਾ 'ਚ ਸ਼ਾਮਿਲ ਹੋਣ ਦੇ ਕਿਆਸ
ਕੈਪਟਨ-ਸ਼ਾਹ ਦੀ ਮੁਲਾਕਾਤ ਦਰਮਿਆਨ ਹੀ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਦੇ ਕਰੀਬੀ ਆਦਿੱਤਯ ਤਿ੍ਵੇਦੀ ਦੇ ਇਕ ਟਵੀਟ ਨੇ ਦਿੱਲੀ ਦਾ ਸਿਆਸੀ ਪਾਰਾ ਕਾਫ਼ੀ ਵਧਾ ਦਿੱਤਾ | ਤਿ੍ਵੇਦੀ ਨੇ ਟਵੀਟ 'ਚ ਕਿਹਾ ਸੀ ਕਿ ਤਜਰਬੇ ਦੀ ਕੀਮਤ ਕੀ ਹੁੰਦੀ ਹੈ, ਇਹ ਕਾਂਗਰਸ ਨੂੰ ਪਤਾ ਲੱਗੇਗਾ | ਹਾਲਾਂਕਿ ਤਿ੍ਵੇਦੀ ਵਲੋਂ ਇਹ ਟਵੀਟ ਬਾਅਦ 'ਚ ਹਟਾ ਦਿੱਤਾ ਗਿਆ ਪਰ ਇਸ ਟਵੀਟ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਭਾਜਪਾ 'ਚ ਸ਼ਾਮਿਲ ਹੋ ਸਕਦੇ ਹਨ | ਹਲਕਿਆਂ ਮੁਤਾਬਿਕ ਸ਼ਾਹ ਦੀ ਰਿਹਾਇਸ਼ 'ਤੇ ਹੋਈ ਮੁਲਾਕਾਤ ਦੌਰਾਨ ਨੱਢਾ ਵੀ ਉੱਥੇ ਮੌਜੂਦ ਸਨ | ਕੁਝ ਅਸਪੱਸ਼ਟ ਖ਼ਬਰਾਂ ਮੁਤਾਬਿਕ ਕੈਪਟਨ ਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਖੇਤੀਬਾੜੀ ਮੰਤਰੀ ਬਣਾਇਆ ਜਾ ਸਕਦਾ ਹੈ ਅਤੇ ਕੈਪਟਨ ਨੂੰ ਹੀ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਸਰਕਾਰ ਦੇ ਚੱਲ ਰਹੇ ਰੇੜਕੇ ਨੂੰ ਖ਼ਤਮ ਕਰਨ ਦਾ ਜ਼ਰੀਆ ਬਣਾਇਆ ਜਾ ਸਕਦਾ ਹੈ |
ਖੇਤੀ ਕਾਨੂੰਨਾਂ 'ਤੇ ਕੀਤੀ ਚਰਚਾ-ਕੈਪਟਨ
ਕੈਪਟਨ ਨੇ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਦਿੱਤੇ ਸੰਖੇਪ ਜਿਹੇ ਬਿਆਨ 'ਚ ਇਹ ਹੀ ਕਿਹਾ ਕਿ ਮੁਲਾਕਾਤ 'ਚ ਕਿਸਾਨ ਅੰਦੋਲਨ 'ਤੇ ਚਰਚਾ ਹੋਈ ਅਤੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ | ਜ਼ਿਕਰਯੋਗ ਹੈ ਕਿ ਕੈਪਟਨ ਸ਼ੁਰੂ ਤੋਂ ਹੀ ਕਿਸਾਨ ਅੰਦਲਨ ਦੇ ਸਮਰਥਕ ਰਹੇ ਹਨ | ਉਨ੍ਹਾਂ ਦੀ ਅਗਵਾਈ 'ਚ ਹੀ ਅਕਤੂਬਰ 2020 'ਚ ਪੰਜਾਬ ਵਿਧਾਨ ਸਭਾ 'ਚ ਕੇਂਦਰ ਦੇ ਲਿਆਂਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਖਾਰਜ ਕੀਤਾ ਗਿਆ ਸੀ ਅਤੇ ਪੰਜਾਬ ਸਰਕਾਰ ਨੇ ਖੇਤੀਬਾੜੀ ਲਈ ਸੂਬੇ ਦੇ 3 ਖੇਤੀਬਾੜੀ ਬਿੱਲ ਲਿਆਂਦੇ ਸਨ | ਪੰਜਾਬ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਸੀ | ਹਾਲੇ ਵੀ ਇਹ ਬਿੱਲ ਰਾਜਪਾਲ ਕੋਲ ਹਨ |
ਚੰਡੀਗੜ੍ਹ, 29 ਸਤੰਬਰ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੂਬੇ ਦੇ ਉਨ੍ਹਾਂ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ, ਜਿਨ੍ਹਾਂ ਦੇ ਬਿਜਲੀ ਦੇ ਬਿੱਲ ਜ਼ਿਆਦਾ ਹੋਣ ਕਾਰਨ ਕੁਨੈਕਸ਼ਨ ਕੱਟੇ ਗਏ ਹਨ ਅਤੇ ਕਈ ਸਾਲਾਂ ਦੇ ਬਿੱਲ ਬਕਾਇਆ ਚੱਲ ਰਹੇ ਹਨ | ਮੰਤਰੀ ਮੰਡਲ ਦੀ ਮੀਟਿੰਗ ਮਗਰੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 53 ਲੱਖ ਅਜਿਹੇ ਦੋ ਕਿੱਲੋ ਵਾਟ (ਕੇ.ਵੀ.) ਤੱਕ ਦੇ ਬਿਜਲੀ ਖਪਤਕਾਰਾਂ ਦੇ ਬਿੱਲ ਮੁਆਫ਼ ਕੀਤੇ ਜਾਣਗੇ ਜੋ ਜ਼ਿਆਦਾ ਬਿੱਲ ਆਉਣ ਕਾਰਨ ਬਕਾਇਆ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਖਪਤਕਾਰਾਂ ਦੇ ਮੀਟਰ ਵੀ ਕੱਟੇ ਜਾ ਚੁੱਕੇ ਹਨ ਤਾਂ ਸਰਕਾਰ ਇਹ ਮੀਟਰ ਦੁਬਾਰਾ ਲਗਵਾਏਗੀ ਅਤੇ ਮੀਟਰ ਲਗਾਉਣ ਲਈ ਫ਼ੀਸ ਵੀ ਨਹੀਂ ਵਸੂਲੀ ਜਾਵੇਗੀ | ਉਨ੍ਹਾਂ ਕਿਹਾ ਕਿ ਅਜਿਹੇ ਬਿੱਲ ਮੁਆਫ਼ ਕਰਨ ਨਾਲ ਪੰਜਾਬ ਸਰਕਾਰ 'ਤੇ 1200 ਕਰੋੜ ਰੁਪਏ ਦਾ ਬੋਝ ਪਵੇਗਾ | ਇਸ ਸਬੰਧੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਸ ਕੰਮ ਲਈ ਹਰੇਕ ਤਹਿਸੀਲ ਅਤੇ ਬਲਾਕ ਪੱਧਰ 'ਤੇ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ 'ਚ ਸੰਬੰਧਿਤ ਐਸ.ਡੀ.ਓ. ਨੂੰ ਸ਼ਾਮਿਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਕੰਮ ਲਈ ਪੰਚਾਇਤਾਂ ਅਤੇ ਸਰਪੰਚਾਂ ਦੀ ਮਦਦ ਵੀ ਲਈ ਜਾਵੇਗੀ | ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕਰ ਰਿਹਾ ਹਾਂ, ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਜਾਣਦਿਆਂ ਇਹ ਗੱਲ ਸਾਹਮਣੇ ਆਈ ਕਿ ਲੱਖਾਂ ਲੋਕਾਂ ਦੇ ਬਿਜਲੀ ਬਿੱਲ ਬਕਾਇਆ ਹਨ, ਜਿਸ ਦੇ ਚੱਲਦੇ ਵਿਭਾਗ ਵਲੋਂ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ ਅਤੇ ਅਜਿਹੇ ਲੋਕ ਬਿਨਾਂ ਬਿਜਲੀ ਤੋਂ ਆਪਣਾ ਗੁਜ਼ਾਰਾ ਕਰ ਰਹੇ ਹਾਂ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਮੰਤਰੀ ਮੰਡਲ ਵਲੋਂ ਅੱਜ ਫ਼ੈਸਲਾ ਲਿਆ ਗਿਆ | ਉਨ੍ਹਾਂ ਕਿਹਾ ਕਿ ਅਜਿਹੇ ਖਪਤਕਾਰਾਂ ਨੂੰ ਹੁਣ ਫ਼ਿਕਰ ਕਰਨ ਦੀ ਲੋੜ ਨਹੀਂ ਬਿੱਲ ਚਾਹੇ ਇਕ ਮਹੀਨੇ ਦਾ ਬਕਾਇਆ ਹੋਵੇ ਜਾਂ ਪੰਜਾਹ ਸਾਲ ਦਾ ਉਸ ਦੀ ਅਦਾਇਗੀ ਪੰਜਾਬ ਸਰਕਾਰ ਖ਼ੁਦ ਕਰੇਗੀ | ਉਨ੍ਹਾਂ ਦੱਸਿਆ ਕਿ ਅਜਿਹੇ ਇਕ ਲੱਖ ਦੇ ਕਰੀਬ ਖਪਤਕਾਰ ਹਨ ਜਿਨ੍ਹਾਂ ਦੇ ਬਿੱਲ ਬਕਾਇਆ ਰਹਿਣ ਕਾਰਨ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ | ਸੂਬੇ 'ਚ ਰੇਤ ਮਾਫ਼ੀਆ ਦੇ ਮਸਲੇ 'ਤੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰੇਤ ਮਾਫ਼ੀਆ ਦਾ ਸੂਬੇ 'ਚੋਂ ਜਲਦ ਸਫ਼ਾਇਆ ਕਰ ਦਿੱਤਾ ਜਾਵੇਗਾ ਅਤੇ ਇਸ ਸੰਬੰਧੀ ਇਕ ਨੀਤੀ ਬਣਾਈ ਜਾਵੇਗੀ |
ਮੈਂ ਕਹਿ ਦਿੱਤਾ ਹੈ ਅੱਜ ਤੋਂ ਹੀ ਲਾਗੂ ਹੋਣਗੇ ਹੁਕਮ ...
ਬਿਜਲੀ ਖਪਤਕਾਰਾਂ ਸੰਬੰਧੀ ਸਰਕਾਰ ਵਲੋਂ ਕੀਤੇ ਐਲਾਨ ਨੂੰ ਕਦੋਂ ਤੋਂ ਲਾਗੂ ਕੀਤਾ ਜਾਵੇਗਾ ਸੰਬੰਧੀ ਪੁੱਛੇ ਜਾਣ 'ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਂ ਕਹਿ ਦਿੱਤਾ ਤਾਂ ਅੱਜ ਤੋਂ ਹੀ ਇਹ ਹੁਕਮ ਲਾਗੂ ਹੋ ਜਾਣਗੇ | ਜੇਕਰ ਮੁੜ ਇਨ੍ਹਾਂ ਖਪਤਕਾਰਾਂ ਵਲੋਂ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਇਸ ਸੰਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਬਿੱਲ ਰੈਗੂਲਰ ਦੇਣੇ ਪੈਣਗੇ ਪਰ ਸਰਕਾਰ ਅਜਿਹੇ ਖਪਤਕਾਰਾਂ ਨੂੰ ਰਾਹਤ ਦੇਵੇਗੀ ਜੋ ਬਿੱਲ ਭਰਨ 'ਚ ਅਸਮਰੱਥ ਹਨ, ਵਿੱਤੀ ਤੌਰ 'ਤੇ ਕਮਜ਼ੋਰ ਹਨ |
ਕਾਂਗਰਸੀ ਆਗੂਆਂ ਨੇ ਵੀ ਖੋਲ੍ਹਿਆ ਸਿੱਧੂ ਖ਼ਿਲਾਫ਼ ਮੋਰਚਾ
ਨਵੀਂ ਦਿੱਲੀ, 29 ਸਤੰਬਰ (ਉਪਮਾ ਡਾਗਾ ਪਾਰਥ)-ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਅੰਦਰ ਬਣੇ ਹਾਲਾਤ ਤੋਂ ਕਾਂਗਰਸ ਹਾਈਕਮਾਨ ਸਿੱਧੂ ਤੋਂ ਕਾਫ਼ੀ ਖਫ਼ਾ ਹੈ। ਕਾਂਗਰਸ ਹਾਈਕਮਾਨ ਨੇ ਹੁਣ ਸਿੱਧੂ ਮਸਲੇ 'ਤੇ ਪੂਰੀ ਤਰ੍ਹਾਂ ਚੁੱਪੀ ਧਾਰਦਿਆਂ ਇਸ ਨੂੰ ਸਥਾਨਕ ਪੱਧਰ 'ਤੇ ਹੱਲ ਕਰਨ ਦੇ ਹੀ ਆਦੇਸ਼ ਦਿੱਤੇ ਹਨ। ਸਿੱਧੂ ਦੇ ਅਸਤੀਫ਼ੇ ਤੋਂ ਅਗਲੇ ਹੀ ਦਿਨ ਰਾਹੁਲ ਗਾਂਧੀ ਕੇਰਲ ਦੇ ਦੌਰੇ 'ਤੇ ਚਲੇ ਗਏ ਹਨ। ਹਾਲਾਂਕਿ ਇਹ ਦੌਰਾ ਪਹਿਲਾਂ ਤੋਂ ਨਿਸਚਿਤ ਦੱਸਿਆ ਜਾ ਰਿਹਾ ਹੈ ਪਰ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਵੀ ਅਸਤੀਫ਼ੇ ਦੀ ਖ਼ਬਰ ਆਉਣ 'ਤੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਕਨ੍ਹਈਆ ਕੁਮਾਰ ਦੇ ਕਾਂਗਰਸ 'ਚ ਸ਼ਾਮਿਲ ਹੋਣ ਦੀ ਪ੍ਰੈੱਸ ਕਾਨਫ਼ਰੰਸ 'ਚ ਸ਼ਾਮਿਲ ਨਹੀਂ ਹੋਏ। ਪ੍ਰਿਅੰਕਾ ਗਾਂਧੀ ਜਿਨ੍ਹਾਂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਹੀ ਸਿੱਧੂ ਨੂੰ ਪੰਜਾਬ ਪ੍ਰਦੇਸ਼ ਦੀ ਪ੍ਰਧਾਨਗੀ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ, ਵਲੋਂ ਵੀ ਸਿੱਧੂ ਨੂੰ ਮਨਾਉਣ ਦੀ ਕੋਈ ਉਚੇਚ ਨਹੀਂ ਕੀਤੀ ਜਾ ਰਹੀ। ਸੋਨੀਆ ਗਾਂਧੀ ਪਹਿਲਾਂ ਹੀ ਇਸ ਮਾਮਲੇ 'ਚ ਫ਼ੈਸਲਾਕੁੰਨ ਭੂਮਿਕਾ 'ਚ ਨਹੀਂ ਸੀ। ਸਿੱਧੂ ਤੋਂ ਨਾਰਾਜ਼ ਗਾਂਧੀ ਪਰਿਵਾਰ ਨੇ ਹਾਲਾਂਕਿ ਪੰਜਾਬ ਮਾਮਲੇ 'ਤੇ ਆਪਣੀ ਨਿਗ੍ਹਾ ਬਰਾਬਰ ਰੱਖੀ ਹੋਈ ਹੈ। ਰਾਜਸਥਾਨ ਸਰਕਾਰ 'ਚ ਮੰਤਰੀ ਅਤੇ ਪੰਜਾਬ ਮਾਮਲੇ 'ਚ ਨਿਗਰਾਨ ਬਣਾਏ ਗਏ ਹਰੀਸ਼ ਚੌਧਰੀ ਹਾਈਕਮਾਨ ਨੂੰ ਹਲਾਤ ਦਾ ਤਾਜ਼ਾ ਬਿਓਰਾ ਦੇ ਰਹੇ ਹਨ।
ਕਾਂਗਰਸੀ ਆਗੂਆਂ ਨੇ ਵੀ ਬਦਲੇ ਸੁਰ
ਸਿੱਧੂ ਦੇ ਖ਼ਿਲਾਫ਼ ਹਾਈਕਮਾਨ ਦੇ ਬਦਲੇ ਰਵੱਈਏ ਨਾਲ ਕਾਂਗਰਸੀ ਬੁਲਾਰਿਆਂ ਦੇ ਵੀ ਸੁਰ ਬਦਲੇ ਨਜ਼ਰ ਆ ਰਹੇ ਹਨ। ਕਾਂਗਰਸ ਦੀ ਰਾਸ਼ਟਰੀ ਬੁਲਾਰਾ ਅਲਕਾ ਲਾਂਬਾ ਨੇ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸਿੱਧੂ ਦਾ ਸਿਆਸਤ 'ਚ ਸਮਾਂ ਪੂਰਾ ਹੋ ਚੁੱਕਾ ਹੈ, ਉਨ੍ਹਾਂ ਨੂੰ ਵਾਪਸ ਮੁੰਬਈ ਕਪਿਲ ਸ਼ਰਮਾ ਦੇ ਸ਼ੋਅ 'ਚ ਚਲੇ ਜਾਣਾ ਚਾਹੀਦਾ ਹੈ। ਪਾਰਟੀ ਦੇ ਇਕ ਹੋਰ ਬੁਲਾਰੇ ਡਾ. ਉਦਿਤ ਰਾਜ ਨੇ ਵੀ ਸਿੱਧੂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਪਾਰਟੀ ਨੇ ਸਿੱਧੂ ਨੂੰ ਕੀ ਨਹੀਂ ਦਿੱਤਾ। ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਉਨ੍ਹਾਂ ਦੀ ਇੱਛਾ ਪੂਰੀ ਕੀਤੀ। ਇਥੋਂ ਤੱਕ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉਨ੍ਹਾਂ ਦੀ ਹੀ ਪਸੰਦ ਸੀ। ਉਦਿਤ ਰਾਜ ਨੇ ਟਵਿੱਟਰ 'ਤੇ ਪਾਏ ਇਸ ਸੰਦੇਸ਼ 'ਚ ਇਹ ਵੀ ਕਿਹਾ ਕਿ ਸ਼ਾਇਦ ਪੱਛੜੀ ਜਾਤੀ ਦਾ ਮੁੱਖ ਮੰਤਰੀ ਬਣਨਾ ਹੀ ਸਿੱਧੂ ਦੀ ਨਾਰਾਜ਼ਗੀ ਦਾ ਕਾਰਨ ਹੈ।
ਡੀ.ਜੀ.ਪੀ., ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂ ਤੇ ਦਾਗੀ ਨੇਤਾਵਾਂ 'ਤੇ ਉਠਾਏ ਸਵਾਲ
ਚੰਡੀਗੜ੍ਹ, 29 ਸਤੰਬਰ (ਪੀ.ਟੀ.ਆਈ.)-ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਚਾਨਕ ਅਸਤੀਫ਼ਾ ਦੇਣ ਦੇ ਇਕ ਦਿਨ ਬਾਅਦ ਆਪਣੀ ਚੁੱਪੀ ਤੋੜਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਪੁਲਿਸ ਡਾਇਰੈਕਟਰ ਜਨਰਲ, ਐਡਵੋਕੇਟ ਜਨਰਲ ਤੇ ਦਾਗੀ ਨੇਤਾਵਾਂ 'ਤੇ ਸਵਾਲ ਉਠਾਏ | ਉਨ੍ਹਾਂ ਕਿਹਾ ਕਿ ਉਹ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਨ ਪਰ ਉਹ ਹਮੇਸ਼ਾ ਆਪਣੇ ਸਿਧਾਂਤਾਂ 'ਤੇ ਕਾਇਮ ਰਹਿਣਗੇ | ਟਵਿੱਟਰ 'ਤੇ ਪਾਈ 4 ਮਿੰਟ ਦੀ ਵੀਡੀਓ 'ਚ ਸਿੱਧੂ ਨੇ ਕਿਹਾ ਕਿ ਮੇਰਾ 17 ਸਾਲ ਦਾ ਰਾਜਨੀਤਕ ਸਫਰ ਇਕ ਮਕਸਦ ਲਈ ਰਿਹਾ ਹੈ | ਪੰਜਾਬ ਦੇ ਲੋਕਾਂ ਦੀ ਜ਼ਿੰਦਗੀ 'ਚ ਸੁਧਾਰ ਲਿਆਉਣਾ, ਫਰਕ ਲਿਆਉਣਾ ਤੇ ਮੁੱਦਿਆਂ ਦੀ ਰਾਜਨੀਤੀ ਬਾਰੇ ਸਟੈਂਡ ਲੈਣਾ | ਇਹ ਮੇਰਾ ਧਰਮ, ਮੇਰਾ ਫਰਜ਼ ਹੈ | ਉਨ੍ਹਾਂ ਕਿਹਾ ਕਿ ਅੱਜ ਤੱਕ ਮੇਰੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਨਾ ਹੀ ਮੈਂ ਨਿੱਜੀ ਲੜਾਈਆਂ ਲੜੀਆਂ ਹਨ | ਮੇਰੀ ਲੜਾਈ ਮੁੱਦਿਆਂ ਤੇ ਪੰਜਾਬ ਪੱਖੀ ਏਜੰਡੇ 'ਤੇ ਚਲ ਰਹੀ ਹੈ, ਜਿਸ 'ਤੇ ਮੈਂ ਲੰਮੇ ਸਮੇਂ ਤੋਂ ਖੜ੍ਹਾ ਹਾਂ | ਆਈ.ਪੀ.ਐੈਸ. ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ, ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ, ਦਾ ਜ਼ਿਕਰ ਕਰਦਿਆਂ ਸਿੱਧੂ ਨੇ ਕਿਹਾ ਕਿ ਸਹੋਤਾ 2015 'ਚ ਤਤਕਾਲੀ ਅਕਾਲੀ ਸਰਕਾਰ ਵਲੋਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਸਨ, ਜਿਸ ਨੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀ | ਸਿੱਧੂ ਨੇ ਏ.ਪੀ.ਐਸ. ਦਿਓਲ ਦੀ ਰਾਜ ਦੇ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ 'ਤੇ ਵੀ ਸਵਾਲ ਉਠਾਏ, ਜੋ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਦੇ ਵਕੀਲ ਰਹਿ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਕ ਪ੍ਰਣਾਲੀ, ਜਿਸ 'ਚ ਦਾਗੀ ਨੇਤਾਵਾਂ ਤੇ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਸੀ, ਨੂੰ ਖ਼ਤਮ ਕਰਨ ਤੋਂ ਬਾਅਦ ਵਾਪਸ ਲਿਆਂਦਾ ਜਾ ਰਿਹਾ ਹੈ | ਉਹ ਰਾਣਾ ਗੁਰਜੀਤ ਸਿੰਘ ਨੂੰ ਮੁੱਖ ਮੰਤਰੀ
ਚਰਨਜੀਤ ਸਿੰਘ ਚੰਨੀ ਦੀ ਕੈਬਨਿਟ 'ਚ ਮੰਤਰੀ ਵਜੋਂ ਸ਼ਾਮਿਲ ਕਰਨ ਦਾ ਜ਼ਿਕਰ ਕਰ ਰਹੇ ਸਨ |
ਨਵੀਂ ਦਿੱਲੀ, 29 ਸਤੰਬਰ (ਉਪਮਾ ਡਾਗਾ ਪਾਰਥ)-ਮੋਦੀ ਮੰਤਰੀ ਮੰਡਲ ਵਲੋਂ ਬੱੁਧਵਾਰ ਨੂੰ ਲਏ ਅਹਿਮ ਫ਼ੈਸਲੇ ਤਹਿਤ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਬਾਲ ਵਾਟਿਕਾ (ਪ੍ਰੀ-ਪ੍ਰਾਇਮਰੀ) 'ਚ ਆਉਣ ਵਾਲੇ 1 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਵੀ ਦੁਪਹਿਰ ਦਾ ਭੋਜਨ ਦਿੱਤਾ ਜਾਵੇਗਾ, ਜਦੋਂ ਕਿ ਹਾਲੇ ਤੱਕ 6 ਤੋਂ 14 ਸਾਲ ਦੇ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਮਿਲਦਾ ਸੀ | ਪੋਸ਼ਣ ਯੋਜਨਾ 5 ਸਾਲ ਤੱਕ ਚਲਾਈ ਜਾਵੇਗੀ, ਜਿਸ 'ਤੇ 1,30,794.90 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਦੇ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਾਲ ਦੇਸ਼ ਭਰ ਦੇ 11.2 ਲੱਖ ਤੋਂ ਵੱਧ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ | ਇਸ ਯੋਜਨਾ ਦਾ ਭਾਰ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਚੁੱਕਣਗੇ | ਸਕੂਲਾਂ 'ਚ ਇਸ ਯੋਜਨਾ ਲਈ ਸਥਾਨਕ ਪੱਧਰ 'ਤੇ ਉਠਾਏ ਜਾਣ ਵਾਲੇ ਪੋਸ਼ਟਿਕ ਭੋਜਨ ਉਪਲਬਧ ਕਰਵਾਏ ਜਾਣਗੇ |
ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਲਏ ਗਏ ਫ਼ੈਸਲੇ
ਮੰਤਰੀ ਮੰਡਲ ਵਲੋਂ ਬਰਾਮਦਾਂ ਨੂੰ ਉਤਸ਼ਾਹਤ ਕਰਨ ਲਈ ਅਹਿਮ ਫ਼ੈਸਲਾ ਲੈਂਦਿਆਂ 'ਐਕਸਪੋਰਟ ਕ੍ਰੈਡਿਟ ਗਰੰਟੀ ਸਕੀਮ' (ਈ.ਸੀ.ਜੀ.ਸੀ.) ਨੂੰ ਅਗਲੇ 5 ਸਾਲਾਂ 'ਚ 4400 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ | ਵਣਜ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਈ.ਸੀ.ਜੀ.ਸੀ. ਨੂੰ ਪੂੰਜੀ ਦਿੱਤੇ ਜਾਣ ਨਾਲ ਅਗਲੇ 5 ਸਾਲਾਂ 'ਚ 5.28 ਲੱਖ ਕਰੋੜ ਰੁਪਏ ਦੇ ਨਿਰਯਾਤ ਨੂੰ ਉਤਸ਼ਾਹ ਮਿਲੇਗਾ | ਇਸ ਨਾਲ 59 ਲੱਖ ਨਵੇਂ ਰੁਜ਼ਗਾਰ ਪੈਦਾ ਹੋਣਗੇ ਜਿਨ੍ਹਾਂ 'ਚੋਂ 2.6 ਲੱਖ ਰੁਜ਼ਗਾਰ ਨਾਰਮਲ ਸੈਕਟਰ 'ਚ ਹੋਣਗੇ | ਗੋਇਲ ਨੇ ਇਸ ਸਾਲ ਵਧੀਆਂ ਹੋਈਆਂ ਬਰਾਮਦਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਿੱਤੀ ਸਾਲ 'ਚ 21 ਸਤੰਬਰ ਤੱਕ ਕੁੱਲ 185 ਅਰਬ ਡਾਲਰ ਦਾ ਨਿਰਯਾਤ ਹੋਇਆ ਹੈ, ਜੋ ਕਿ ਇਸ ਦੌਰਾਨ ਕਿਸੇ ਵੀ ਸਾਲ 'ਚ ਹੋਇਆ ਸਭ ਤੋਂ ਵੱਡਾ ਨਿਰਯਾਤ ਹੈ | ਵਣਜ ਮੰਤਰੀ ਮੁਤਾਬਿਕ ਈ.ਸੀ.ਜੀ.ਸੀ. ਦੇ ਨੈਸ਼ਨਲ ਐਕਸਪੋਰਟ ਇੰਸ਼ੋਰੈਂਸ ਅਕਾਊਾਟ (ਐੱਨ.ਈ.ਆਈ.ਏ.) ਸਕੀਮ ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ | ਸਰਕਾਰ ਮੁਤਾਬਿਕ ਇਸ ਸਕੀਮ ਤਹਿਤ ਅਗਲੇ 5 ਸਾਲਾਂ 'ਚ 1650 ਕਰੋੜ ਰੁਪਏ ਦਿੱਤੇ ਜਾਣਗੇ, ਜਿਸ ਨਾਲ 33 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸਹਾਇਤਾ ਕੀਤੀ ਜਾ ਸਕੇਗੀ | ਗੋਇਲ ਨੇ ਈ.ਸੀ.ਜੀ.ਸੀ. ਮਿਲਣ ਨਾਲ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਫਾਇਦਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਈ.ਸੀ.ਜੀ.ਸੀ. ਨੂੰ ਸਟਾਕ ਮਾਰਕੀਟ 'ਚ ਵੀ ਸੂਚੀਬੱਧ ਕਰਵਾਇਆ ਜਾਵੇਗਾ | ਇਹ ਅਮਲ ਫੌਰੀ ਤੌਰ 'ਤੇ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਦੇ ਅਗਲੇ ਵਿੱਤੀ ਸਾਲ 'ਚ ਸੂਚੀਬੱਧ ਹੋਣ ਦੀ ਸੰਭਾਵਨਾ ਹੈ |
ਨੀਮਚ ਰਤਲਾਮ ਰੇਲਵੇ ਲਾਈਨ ਦੇ ਦੋਹਰੀਕਰਨ ਨੂੰ ਦਿੱਤੀ ਮਨਜ਼ੂਰੀ
ਮੰਤਰੀ ਮੰਡਲ ਨੇ ਨੀਮਚ ਰਤਲਾਮ ਰੇਲਵੇ ਲਾਈਨ ਦੇ ਦੋਹਰੇਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 1095.88 ਕਰੋੜ ਰੁਪਏ ਦੱਸੀ ਜਾ ਰਹੀ ਹੈ ਅਤੇ ਲਾਈਨ ਦੇ ਦੋਹਰੀਕਰਨ ਦੀ ਕੁੱਲ ਲੰਬਾਈ 132.92 ਕਿੱਲੋਮੀਟਰ ਹੈ | ਇਸ ਤੋਂ ਇਲਾਵਾ ਮੰਤਰੀ ਮੰਡਲ ਨੇ 1080.58 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਰਾਜਕੋਟ-ਕਨਾਲੂਨ ਰੇਲਵੇ ਲਾਈਨ ਦੇ ਦੋਹਰੀਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ |
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਹੀ ਸੂਬੇ ਦਾ ਮੁਖੀ ਹੁੰਦਾ ਹੈ ਅਤੇ ਮੁਖੀ ਨੂੰ ਪਰਿਵਾਰ 'ਚ ਬੈਠ ਕੇ ਗੱਲ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਮੈਂ ਸਿੱਧੂ ਨਾਲ ਫ਼ੋਨ 'ਤੇ ਗੱਲ ਕੀਤੀ ਹੈ, ਉਨ੍ਹਾਂ ਨੂੰ ਕਿਹਾ ਹੈ ਕਿ ਪਾਰਟੀ ਸੁਪਰੀਮ ਹੁੰਦੀ ਹੈ ਜੋ ਗ਼ਲਤੀਆਂ ਉਨ੍ਹਾਂ ਨੂੰ ਲੱਗ ਰਹੀਆਂ ਹਨ, ਬੈਠ ਕੇ ਗੱਲ ਕਰ ਲੈਣੀ ਚਾਹੀਦੀ ਹੈ | ਚੰਨੀ ਨੇ ਕਿਹਾ ਕਿ ਪਰਗਟ ਸਿੰਘ ਅਤੇ ਹੋਰ ਕਈ ਮੰਤਰੀ ਸਿੱਧੂ ਨੂੰ ਮਿਲਣ ਗਏ ਸਨ ਅਤੇ ਜਲਦੀ ਇਸ ਮਸਲੇ ਨੂੰ ਸੁਲਝਾ ਲਿਆ ਜਾਵੇਗਾ | ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਵਲੋਂ ਅਸਤੀਫਾ ਦੇ ਕੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ | ਸਿੱਧੂ ਨੇ ਕਿਹਾ ਹੈ ਕਿ ਮੈਂ ਤੁਹਾਨੂੰ ਸਮਾਂ ਦੇਵਾਂਗਾ ਤੇ ਬੈਠ ਕੇ ਅਸੀਂ ਗੱਲ ਕਰਾਂਗੇ | ਸਿੱਧੂ ਵਲੋਂ ਅੱਜ ਟਵੀਟ ਕਰਕੇ ਵੀਡੀਓ ਰਾਹੀਂ ਏ.ਜੀ. ਅਤੇ ਹੋਰ ਅਧਿਕਾਰੀਆਂ ਸਮੇਤ ਦਾਗੀਆਂ ਨੂੰ ਮੰਤਰੀ ਬਣਾਏ ਜਾਣ ਸਬੰਧੀ ਜਤਾਏ ਗ਼ੁੱਸੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਲੋਕਾਂ ਵਿਚ ਕਿਸੇ ਨਿਯੁਕਤੀ ਨੂੰ ਲੈ ਕੇ ਗ਼ਲਤ ਸੰਦੇਸ਼ ਜਾ ਰਿਹਾ ਹੈ ਜਾਂ ਕੋਈ ਗ਼ਲਤ ਨਿਯੁਕਤੀ ਹੋਈ ਹੈ ਤਾਂ ਉਸ 'ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਲਟਕ ਰਹੇ ਕੇਸਾਂ ਨੂੰ ਅਧਿਐਨ ਕਰਕੇ ਅਦਾਲਤ 'ਚ ਪੇਸ਼ ਕਰਨ ਲਈ ਇਕ ਵਿਸ਼ੇਸ਼ ਵਕੀਲ ਹੇਠ ਟੀਮ ਤਿਆਰ ਕਰਨ ਦੀ ਯੋਜਨਾ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਮੈਂ ਮੁੱਖ ਮੰਤਰੀ ਹਾਂ, ਨਾ ਸੂਬੇ 'ਚ ਕੋਈ ਗ਼ਲਤ ਕੰਮ ਹੋਵੇਗਾ, ਨਾ ਭਿ੍ਸ਼ਟਾਚਾਰ ਤੇ ਨਾ ਹੀ ਕੋਈ ਮਾਫ਼ੀਆ ਬਚੇਗਾ |
ਚੰਡੀਗੜ੍ਹ, 29 ਸਤੰਬਰ (ਅਜੀਤ ਬਿਊਰੋ)-ਪੰਜਾਬ ਪੁਲਿਸ ਵਲੋਂ ਡੇਰਾ ਸਿਰਸਾ ਮੁਖੀ ਨੂੰ 2015 ਦੇ ਪਾਵਨ ਸਰੂਪਾਂ ਦੇ ਬੇਅਦਬੀ ਮਾਮਲੇ 'ਚ ਕਲੀਨ ਚਿੱਟ ਦੇਣ ਦੀਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਇਕਬਾਲ ਪ੍ਰੀਤ ਸਿੰਘ ਸਹੋਤਾ, ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਡੀ.ਜੀ.ਪੀ. ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਦੇ ਹਵਾਲੇ ਨਾਲ ਕੁਝ ਰਿਪੋਰਟਾਂ 'ਚ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ 2015 ਦੇ ਬੇਅਦਬੀ ਮਾਮਲਿਆਂ ਦੀ ਜਾਂਚ ਦੌਰਾਨ ਐਸ.ਆਈ.ਟੀ. ਦੀ ਅਗਵਾਈ ਕਰਦਿਆਂ ਡੇਰਾ ਮੁਖੀ ਨੂੰ ਕਲੀਨ ਚਿੱਟ ਦਿੱਤੀ ਸੀ | ਪੰਜਾਬ ਪੁਲਿਸ ਅਨੁਸਾਰ ਤਤਕਾਲੀ ਅਕਾਲੀ ਸਰਕਾਰ ਵੇਲੇ ਐਸ.ਆਈ.ਟੀ. ਨੇ 14 ਅਕਤੂਬਰ, 2015 ਤੋਂ 2 ਨਵੰਬਰ, 2015 ਤੱਕ ਕੇਵਲ 20 ਦਿਨਾਂ ਲਈ ਕੰਮ ਕੀਤਾ ਸੀ, ਜਿਸ ਤੋਂ ਬਾਅਦ ਇਸ ਕੇਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤੀ ਗਈ ਸੀ | ਪੰਜਾਬ ਪੁਲਿਸ ਅਨੁਸਾਰ ਸਾਰੀ ਜਾਂਚ ਸੀ.ਬੀ.ਆਈ. ਵਲੋਂ ਕੀਤੀ ਗਈ ਸੀ ਨਾ ਕਿ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐਸ.ਆਈ.ਟੀ. ਵਲੋਂ ਤੇ ਨਾ ਹੀ ਉਨ੍ਹਾਂ ਵਲੋਂ ਡੇਰਾ ਮੁਖੀ ਜਾਂ ਕਿਸੇ ਹੋਰ ਵਿਅਕਤੀ ਨੂੰ ਕਲੀਨ ਚਿੱਟ ਦਿੱਤੀ ਗਈ ਸੀ |
ਨਵੀਂ ਦਿੱਲੀ, 29 ਸਤੰਬਰ (ਏਜੰਸੀ)-ਕੈਪਟਨ ਅਮਰਿੰਦਰ ਸਿੰਘ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਤੁਰੰਤ ਬਾਅਦ ਕਾਂਗਰਸ ਨੇ ਭਾਜਪਾ ਨੇਤਾ 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦਾ ਨਿਵਾਸ ਦਲਿਤ ਵਿਰੋਧੀ ਰਾਜਨੀਤੀ ਦਾ ਨਵਾਂ ਕੇਂਦਰ ਬਣ ਗਿਆ ਹੈ | ਕਾਂਗਰਸ ਦੇ ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਭਾਰਤ ਨੂੰ ਕੌਮਾਂਤਰੀ ਉਡਾਣਾਂ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ | ਅਫ਼ਗਾਨ ਨਾਗਰਿਕ ਹਵਾਬਾਜ਼ੀ ਅਥਾਰਿਟੀ ਨੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਦੇ ...
ਹਰੀਸ਼ ਰਾਵਤ ਤੇ ਹਰੀਸ਼ ਚੌਧਰੀ ਵਲੋਂ ਮਸਲੇ ਦੇ ਹੱਲ ਲਈ ਚੰਡੀਗੜ੍ਹ 'ਚ ਮੀਟਿੰਗਾਂ
ਹਰਕਵਲਜੀਤ ਸਿੰਘ
ਚੰਡੀਗੜ੍ਹ, 29 ਸਤੰਬਰ - ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਸੂਬਾ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਲੈ ਕੇ ਕਾਂਗਰਸ 'ਚ ਜੋ ...
ਗ਼ਰੀਬ ਤੇ ਮਜਬੂਰ ਨੌਜਵਾਨਾਂ ਨੂੰ ਜਿਹਾਦ ਦੇ ਨਾਂਅ 'ਤੇ ਲਸ਼ਕਰ 'ਚ ਸ਼ਾਮਿਲ ਕਰਵਾਇਆ ਜਾ ਰਿਹੈ
ਸ੍ਰੀਨਗਰ, 29 ਸਤੰਬਰ (ਮਨਜੀਤ ਸਿੰਘ)-ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਫ਼ੌਜ ਦੇ ਘੁਸਪੈਠੀਆਂ ਨਾਲ ਹੋਏ ਮੁਕਾਬਲੇ ਦੌਰਾਨ ਜਿਊਾਦੇ ਕਾਬੂ ਕੀਤੇ ਪਾਕਿਸਤਾਨੀ ...
ਨਵੀਂ ਦਿੱਲੀ, 29 ਸਤੰਬਰ (ਏਜੰਸੀ)-ਕਾਂਗਰਸ ਦਾ ਕਹਿਣਾ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਰਾਜ ਦੇ ਰਾਜਨੀਤਿਕ ਘਟਨਾਕ੍ਰਮ 'ਤੇ ਨੇੜਿਓਾ ਨਜ਼ਰ ਰੱਖ ਰਹੇ ਹਨ | ਕਾਂਗਰਸ ਦੀ ਤਰਜਮਾਨ ਸੁਪ੍ਰੀਆ ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ 14 ਸਤੰਬਰ ਨੂੰ ਅਗਵਾ ਕੀਤੇ ਭਾਰਤੀ ਮੂਲ ਦੇ ਕਾਰੋਬਾਰੀ ਬੰਸਰੀ ਲਾਲ ਨੂੰ ਛੱਡ ਦਿੱਤਾ ਗਿਆ ਹੈ | ਇਸ ਮਾਮਲੇ 'ਚ ਭਾਰਤ ਸਰਕਾਰ ਵਲੋਂ ਵੀ ਲਗਾਤਾਰ ਤਾਲਿਬਾਨ ਸਰਕਾਰ 'ਤੇ ਦਬਾਅ ਬਣਾਇਆ ਗਿਆ ...
ਸਿੱਬਲ, ਆਜ਼ਾਦ, ਤਿਵਾੜੀ ਅਤੇ ਅਸ਼ਵਨੀ ਕੁਮਾਰ ਨੇ ਪਾਰਟੀ ਨੂੰ ਦਿੱਤੀ ਛੇਤੀ ਤੋਂ ਛੇਤੀ ਕਾਂਗਰਸ ਵਰਕਿੰਗ ਕਮੇਟੀ ਮੀਟਿੰਗ ਬੁਲਾਉਣ ਦੀ ਸਲਾਹ
ਨਵੀਂ ਦਿੱਲੀ, 29 ਸਤੰਬਰ (ਉਪਮਾ ਡਾਗਾ ਪਾਰਥ)-ਪੰਜਾਬ ਕਾਂਗਰਸ 'ਚ ਮਚੇ ਹੜਕੰਪ ਦੌਰਾਨ ਪਾਰਟੀ ਦੀ ਧੜੇਬੰਦੀ ਖੁੱਲ੍ਹ ਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX