ਅੰਮ੍ਰਿਤਸਰ/ਰਾਮ ਤੀਰਥ 20 ਅਕਤੂਬਰ (ਰੇਸ਼ਮ ਸਿੰਘ, ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਅੱਜ ਇਥੇ ਵਾਲਮੀਕਿ ਤੀਰਥ ਸਥਾਨ 'ਤੇ ਹੋਏ ਰਾਜ ਪੱਧਰੀ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਜਿਥੇ ਉਨ੍ਹਾਂ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਉਥੇ ਇਥੇ ਵਾਲਮੀਕਿ ਪੈਨੋਰਮਾ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਤੇ ਇਸ ਲਈ 25 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਸਰੋਵਰ ਦੇ ਜਲ ਦੀ ਸਫ਼ਾਈ ਤੇ ਹੋਰ ਕੰਮਾਂ ਲਈ ਵੀ 13-14 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਉਪਰੰਤ ਇਥੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾਉਣ ਲਈ ਇਕ ਕਰੋੜ ਰੁਪਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਭਗਵਾਨ ਵਾਲਮੀਕਿ ਚੇਅਰ ਲਈ 5 ਕਰੋੜ ਰੁਪਏ ਸਾਲਾਨਾ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਇਸ ਮੌਕੇ ਬਾਬਾ ਜੀਵਨ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਯਾਦ 'ਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਤੇ ਮਹਾਨ ਸਿੱਖ ਯੋਧੇ ਦੀਆਂ ਸਿੱਖਿਆਵਾਂ ਤੇ ਦਰਸ਼ਨ 'ਤੇ ਖੋਜ ਕਰਨ ਲਈ 5 ਕਰੋੜ ਰੁਪਏ ਸਾਲਾਨਾ ਦੇਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਜਲਦ ਹੀ ਵੱਖ-ਵੱਖ ਵਿਭਾਗਾਂ 'ਚ ਇਕ ਲੱਖ ਨੌਕਰੀਆਂ ਭਰੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਕਿਸੇ ਵੀ ਨੌਕਰੀ 'ਤੇ ਸਿਫ਼ਾਰਿਸ਼ ਜਾਂ ਰਿਸ਼ਵਤ ਨਾ ਦੇਣ ਅਤੇ ਇਹ ਨਿਰੋਲ ਮੈਰਿਟ ਰਾਹੀਂ ਹੀ ਭਰੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ 'ਚ ਹਾਲ 'ਚ ਹੀ ਆਊਟ ਸੋਰਸਿੰਗ ਰਾਹੀਂ ਦਰਜਾ ਚਾਰ ਕਰਮਚਾਰੀ ਭਰਤੀ ਕਰਨ ਦੀ ਪ੍ਰਚਲਿਤ ਪ੍ਰਣਾਲੀ ਬੰਦ ਕਰ ਦਿੱਤੀ ਗਈ ਹੈ ਅਤੇ ਹੁਣ ਇਨ੍ਹਾਂ ਦੀ ਪੱਕੀ ਭਰਤੀ ਹੋਵੇਗੀ। ਉਨ੍ਹਾਂ ਸਫ਼ਾਈ ਸੇਵਕਾਂ ਦੀ ਚਿਰੋਕਣੀ ਮੰਗ ਨੂੰ ਸਵੀਕਾਰ ਕਰਦਿਆਂ ਇਹ ਵੀ ਕਿਹਾ ਕਿ ਹੁਣ ਇਹ ਕਰਮਚਾਰੀ ਵੀ ਹਫ਼ਤਾਵਾਰੀ ਛੁੱਟੀ ਲੈਣ ਦੇ ਹੱਕਦਾਰ ਹੋਣਗੇ। ਉਨ੍ਹਾਂ ਦੱਸਿਆ ਕਿ ਸਮਾਜ ਦੇ ਗ਼ਰੀਬ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦਾ ਦਰਦ ਸਮਝਦਿਆਂ ਪਹਿਲਾਂ ਹੀ ਪੰਚਾਇਤੀ ਜ਼ਮੀਨ 'ਚੋਂ ਪੰਜ-ਪੰਜ ਮਰਲੇ ਦੇ ਪਲਾਟ ਵੰਡੇ ਜਾਣ ਲਈ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਕੈਬਨਿਟ ਦੇ ਸਹਿਯੋਗੀ ਵਿਧਾਇਕ ਨਿੱਜੀ ਰੂਪ 'ਚ ਦੀਵਾਲੀ ਮੌਕੇ ਲਾਲ ਲਕੀਰ ਦੇ ਲਾਭ ਪਾਤਰੀਆਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਦੇਣ ਉਨ੍ਹਾਂ ਦੇ ਘਰਾਂ 'ਚ ਦੀਵਾਲੀ ਦੇ ਦੀਵੇ ਬਾਲਣਗੇ। ਉਨ੍ਹਾਂ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਖ਼ਜ਼ਾਨੇ ਦੀ ਲੁੱਟ ਦੇ ਦੋਸ਼ਾਂ ਸਬੰਧੀ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਗ਼ਰੀਬਾਂ ਤੇ ਜ਼ਰੂਰਤਮੰਦਾਂ ਦੀ ਭਲਾਈ ਲਈ ਖ਼ਰਚ ਰਹੇ ਹਨ ਨਾ ਕਿ ਉਨ੍ਹਾਂ ਵਾਂਗ ਆਪਣੇ ਨਿੱਜੀ ਕੰਮਾਂ ਲਈ। ਇਸ ਮੌਕੇ ਸਪੀਕਰ ਰਾਣਾ ਕੇ.ਪੀ. ਸਿੰਘ, ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ, ਵਿਧਾਇਕ ਤਰਸੇਮ ਸਿੰਘ ਡੀ. ਸੀ., ਹਰਪ੍ਰਤਾਪ ਸਿੰਘ ਅਜਨਾਲਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ, ਮੇਅਰ ਕਰਮਜੀਤ ਸਿੰਘ ਰਿੰਟੂ, ਓਮ ਪ੍ਰਕਾਸ਼ ਗੱਬਰ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਆਦਿ ਨੇ ਸੰਬੋਧਨ ਕੀਤਾ। ਮੰਚ 'ਤੇ ਸੰਤ ਸਮਾਜ ਵਲੋਂ ਮਹੰਤ ਮਲਕੀਤ ਨਾਥ, ਬਾਬਾ ਪਰਗਟ ਨਾਥ ਰਹੀਮਪੁਰ ਵਾਲੇ, ਬਾਬਾ ਬਲਵੰਤ ਨਾਥ, ਬਾਬਾ ਮੇਘ ਨਾਥ ਆਦਿ ਹਾਜ਼ਰ ਸਨ। ਇਸ ਮੌਕੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸੁਨੀਲ ਦੱਤੀ, ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਜ਼ਿਲ੍ਹਾ ਪੀ੍ਰਸ਼ਦ ਮੈਂਬਰ ਗੁਰਦੇਵ ਸਿੰਘ ਸ਼ਹੂਰਾ, ਜੱਗਾ ਮਜੀਠੀਆ, ਜੁਗਲ ਕਿਸ਼ੋਰ ਸ਼ਰਮਾ, ਮਮਤਾ ਸ਼ਰਮਾ, ਅਮਨਦੀਪ ਸਿੰਘ ਕੱਕੜ, ਰਮਨ ਬਖ਼ਸ਼ੀ, ਸਰਤਾਜ ਸਿੰਘ, ਦਵਿੰਦਰ ਸਿੰਘ ਬੋਪਾਰਾਏ, ਨਿਸ਼ਾਨ ਸਿੰਘ ਕੋਟਲਾ, ਲਖਬੀਰ ਸਿੰਘ ਕੋਹਾਲੀ, ਅਮਰ ਕੌਰ ਬੋਪਾਰਾਏ ਕਲਾਂ, ਮਹਿੰਦਰ ਸਿੰਘ ਕਲੇਰ, ਲਖਵਿੰਦਰ ਸਿੰਘ ਭਿੱਟੇਵੱਡ, ਲਖਵਿੰਦਰ ਸਿੰਘ ਝੰਜੋਟੀ, ਬਲੌਰ ਸਿੰਘ ਤੂਰ, ਤਰਸੇਮ ਸਿੰਘ ਬਲੱਗਣ ਸਿੱਧੂ, ਗੁਲਜ਼ਾਰ ਸਿੰਘ ਖਾਸਾ, ਬਲਜਿੰਦਰ ਸਿੰਘ ਸੰਧੂ, ਸਤਬੀਰ ਸਿੰਘ ਬੋਪਾਰਾਏ, ਜਗੀਰ ਸਿੰਘ ਪ੍ਰਧਾਨ ਚੱਕ ਮਿਸ਼ਰੀ ਖਾਂ, ਲਾਡੀ ਮਾਹਲ, ਹਰੀਦੇਵ ਸ਼ਰਮਾ, ਜਗਦੀਸ਼ ਸਿੰਘ ਬੱਲ ਕਲਾਂ, ਬਲਵਿੰਦਰ ਸਿੰਘ, ਹਰਜੀਤ ਸਿੰਘ ਬਲੱਗਣ, ਦਿਲਸ਼ੇਰ ਸਿੰਘ, ਸਪਨਾ ਸ਼ਰਮਾ, ਗੁਰਪ੍ਰੀਤ ਸਿੰਘ ਸ਼ਹੂਰਾ, ਓਮ ਪ੍ਰਕਾਸ਼ ਗੱਬਰ, ਚਮਨ ਲਾਲ ਸਭਰਵਾਲ, ਤੀਰਥ ਸਿੰਘ ਕੋਹਾਲੀ, ਨਾਨਕ ਸਿੰਘ ਛੇਹਰਟਾ, ਪਲਵਿੰਦਰ ਸਿੰਘ ਸੰਗਤਪੁਰਾ, ਜਸਵਿੰਦਰ ਸਿੰਘ ਮਾਨਾਵਾਲਾ ਗੁਰਦੇਵ ਸਿੰਘ ਝੀਤਾ ਆਦਿ ਹਾਜ਼ਰ ਸਨ।
ਨਵੀਂ ਦਿੱਲੀ, 20 ਅਕਤੂਬਰ (ਉਪਮਾ ਡਾਗਾ ਪਾਰਥ)-ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਸਥਿਤੀ ਰਿਪੋਰਟ ਦਾਖ਼ਲ ਕਰਵਾਉਣ 'ਚ ਹੋਈ ਦੇਰੀ 'ਤੇ ਸੂਬਾ ਸਰਕਾਰ ਦੀ ਝਾੜ-ਝੰਬ ਕਰਦਿਆਂ ਕਿਹਾ ਕਿ ਅਦਾਲਤ ਕੱਲ੍ਹ ਰਾਤ 1 ਵਜੇ ਤੱਕ ਇੰਤਜ਼ਾਰ ਕਰਦੀ ਰਹੀ ਜਦਕਿ ਰਿਪੋਰਟ ਹੁਣੇ (ਸੁਣਵਾਈ ਤੋਂ ਕੁਝ ਦੇਰ ਪਹਿਲਾਂ) ਮਿਲੀ ਹੈ ਜਦਕਿ ਪਿਛਲੀ ਸੁਣਵਾਈ 'ਚ ਹੀ ਕਿਹਾ ਗਿਆ ਸੀ ਕਿ ਘੱਟੋ-ਘੱਟ ਇਕ ਦਿਨ ਪਹਿਲਾਂ ਸਥਿਤੀ ਰਿਪੋਰਟ ਦਾਖ਼ਲ ਕੀਤੀ ਜਾਵੇ। ਸੂਬਾ ਸਰਕਾਰ ਵਲੋਂ ਪੇਸ਼ ਹੋਏ ਵਕੀਲ ਹਰੀਸ਼ ਸਾਲਵੇ ਨੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਤੱਕ ਟਾਲਣ ਦੀ ਅਪੀਲ ਕੀਤੀ ਪਰ ਅਦਾਲਤ ਨੇ ਇਸ ਨੂੰ ਖ਼ਾਰਜ ਕਰਦਿਆਂ ਰਿਪੋਰਟ ਨੂੰ ਨਾਲੋ-ਨਾਲ ਪੜ੍ਹਦਿਆਂ ਸੁਣਵਾਈ ਕੀਤੀ। ਚੀਫ਼ ਜਸਟਿਸ ਐੱਨ.ਵੀ. ਰਮੰਨਾ ਅਤੇ ਹਿਮਾ ਕੋਹਲੀ ਦੇ ਬੈਂਚ ਨੇ ਸੁਣਵਾਈ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਘਟਨਾ ਦੀ ਜਾਂਚ ਤੋਂ ਆਪਣੇ ਪੈਰ ਪਿੱਛੇ ਖਿੱਚ ਰਹੀ ਹੈ। ਅਦਾਲਤ ਨੇ ਸਿਰਫ 44 ਲੋਕਾਂ ਦੀ ਗਵਾਹੀ ਲੈਣ 'ਤੇ ਵੀ ਸੂਬਾ ਸਰਕਾਰ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਬਾਕੀ ਚਸ਼ਮਦੀਦਾਂ ਦੀ ਗਵਾਹੀ ਕਿਉਂ ਨਹੀਂ ਲਈ ਗਈ, ਇਸ ਦੇ ਨਾਲ ਹੀ ਅਦਾਲਤ ਨੇ ਸੁਰੱਖਿਆ ਯਕੀਨੀ ਬਣਾਉਣ ਦੇ ਸੂਬਾ ਸਰਕਾਰ ਨੂੰ ਆਦੇਸ਼ ਦਿੱਤੇ, ਜਿਸ 'ਤੇ ਸਾਲਵੇ ਨੇ ਕਿਹਾ ਕਿ ਪੁੱਛਗਿੱਛ ਦਾ ਅਮਲ ਜਾਰੀ ਹੈ। ਅਦਾਲਤ ਨੇ ਹੁਣ ਤੱਕ ਹੋਈਆਂ ਗ੍ਰਿ੍ਰਫ਼ਤਾਰੀਆਂ ਅਤੇ ਪ੍ਰਸ਼ਾਸਨ ਵਲੋਂ ਚੁੱਕੇ ਹੋਰ ਕਦਮਾਂ ਦਾ ਵੇਰਵਾ ਮੰਗਦਿਆਂ ਕਿਹਾ ਕਿ ਹੁਣ ਤੱਕ ਕਿੰਨੇ ਲੋਕ ਨਿਆਇਕ ਹਿਰਾਸਤ 'ਚ ਹਨ ਅਤੇ ਕਿੰਨੇ ਪੁਲਿਸ ਹਿਰਾਸਤ 'ਚ। ਜਿਸ 'ਤੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਦੱਸਿਆ ਗਿਆ ਕਿ 4 ਦੋਸ਼ੀ ਪੁਲਿਸ ਹਿਰਾਸਤ 'ਚ ਅਤੇ 6 ਦੋਸ਼ੀ ਪਹਿਲਾਂ ਪੁਲਿਸ ਹਿਰਾਸਤ 'ਚ ਸਨ ਅਤੇ ਹੁਣ ਨਿਆਇਕ 'ਚ ਹਨ। ਅਦਾਲਤ ਨੇ ਹਿਰਾਸਤ 'ਚ ਰੱਖੇ ਵਿਅਕਤੀਆਂ ਬਾਰੇ ਪੁੱਛਦਿਆਂ ਕਿਹਾ ਕਿ ਜੋ ਦੋਸ਼ੀ ਇਸ ਵੇਲੇ ਨਿਆਇਕ ਹਿਰਾਸਤ 'ਚ ਹਨ ਕੀ ਉਨ੍ਹਾਂ ਦੀ ਪੁਲਿਸ ਹਿਰਾਸਤ ਦੀ ਲੋੜ ਨਹੀਂ ਹੈ? ਜਿਸ 'ਤੇ ਸੂਬਾ ਸਰਕਾਰ ਨੇ 70 ਤੋਂ ਜ਼ਿਆਦਾ ਵੀਡੀਓ ਮਿਲਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਅਦਾਲਤ ਨੇ ਮੈਜਿਸਟ੍ਰੇਟ ਦੇ ਸਾਹਮਣੇ ਛੇਤੀ ਤੋਂ ਛੇਤੀ ਪੀੜਤਾਂ ਦੇ ਬਿਆਨ ਦਰਜ ਕਰਵਾਉਣ ਲਈ ਵੀ ਕਿਹਾ। ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ 26 ਅਕਤੂਬਰ ਤੱਕ ਲਈ ਅੱਗੇ ਪਾ ਦਿੱਤੀ।
ਸ੍ਰੀਨਗਰ, 20 ਅਕਤੂਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਤੇ ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਦੋ ਵੱਖ-ਵੱਖ ਮੁਕਾਬਲਿਆਂ ਦੌਰਾਨ ਲਸ਼ਕਰ-ਏ-ਤਾਇਬਾ ਦੇ 2 ਜ਼ਿਲ੍ਹਾ ਕਮਾਂਡਰਾਂ ਸਮੇਤ 4 ਅੱਤਵਾਦੀ ਮਾਰੇ ਗਏ, ਜਦਕਿ ਮੁਕਾਬਲੇ 'ਚ ਫ਼ੌਜ ਦਾ ਇਕ ਜਵਾਨ ਸ਼ਹੀਦ ਤੇ 2 ਹੋਰ ਜ਼ਖ਼ਮੀ ਹੋ ਗਏ। ਸ਼ਹੀਦ ਹੋਏ ਜਵਾਨ ਦੀ ਪਛਾਣ ਆਰ.ਆਰ. 44 ਦੇ ਕਰਨਵੀਰ ਸਿੰਘ ਵਜੋਂ ਹੋਈ ਹੈ। ਉਸ ਦੀ ਉਮਰ 25 ਸਾਲ ਸੀ ਅਤੇ ਉਹ ਮੱਧ ਪ੍ਰਦੇਸ਼ ਦੇ ਸਾਤਨਾ ਜ਼ਿਲ੍ਹੇ ਦੇ ਪਿੰਡ ਡਾਲਦਲ ਰਾਮਪੁਰ ਬਘੇਲਾਂ ਨਾਲ ਸੰਬੰਧਿਤ ਸੀ। ਸ਼ੋਪੀਆਂ ਦੇ ਚੀਰਬਾਗ ਦਰਗੜ੍ਹ ਇਲਾਕੇ 'ਚ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲਣ 'ਤੇ ਬੁੱਧਵਾਰ ਸਵੇਰ 44 ਆਰ.ਆਰ., ਸਪੈਸ਼ਲ ਆਪ੍ਰੇਸ਼ਨ ਗਰੁੱਪ (ਪੁਲਿਸ) ਅਤੇ ਸੀ.ਆਰ.ਪੀ. ਨੇ ਸਾਂਝੀ ਮੁਹਿੰਮ ਚਲਾਈ, ਜਦ ਸੁਰੱਖਿਆ ਬਲ ਉਸ ਮਕਾਨ ਨੇੜੇ ਪਹੁੰਚੇ ਜਿਥੇ ਅੱਤਵਾਦੀ ਲੁਕੇ ਸਨ, ਅੱਤਵਾਦੀਆਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਦੌਰਾਨ ਅੱਤਵਾਦੀਆਂ ਨੂੰ ਆਤਮਸਮਰਪਣ ਦੀ ਪੇਸ਼ਕਸ਼ ਕੀਤੀ, ਪਰ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ, ਜਿਸ ਦੌਰਾਨ 3 ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਬਾਦਾਮੀਬਾਗ ਪਹੁੰਚਾਇਆ, ਜਿਥੇ ਇਕ ਜਵਾਨ ਨੇ ਦਮ ਤੋੜ ਦਿੱਤਾ। ਸੁਰੱਖਿਆ ਬਲਾਂ ਨੇ ਕਈ ਘੰਟੇ ਚੱਲੀ ਕਾਰਵਾਈ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਆਈ.ਜੀ.ਪੀ. ਕਸ਼ਮੀਰ ਵਿਜੇ ਕੁਮਾਰ ਨੇ ਮਾਰੇ ਗਏ ਇਕ ਅੱਤਵਾਦੀ ਦੀ ਪਛਾਣ ਆਦਿਲ ਅਹਿਮਦ ਵਾਨੀ ਜ਼ਿਲ੍ਹਾ ਕਮਾਂਡਰ ਲਸ਼ਕਰ ਏ ਤਾਇਬਾ ਦੇ ਹਿਟ ਸਕਾਡ 'ਦੀ ਰਜ਼ਿਸਟੈਂਟ ਫਰੰਟ' (ਟੀ.ਆਰ.ਐਫ.) ਵਜੋਂ ਕੀਤੀ। ਉਕਤ ਅੱਤਵਾਦੀ 3 ਦਿਨ ਪਹਿਲਾਂ ਪੁਲਵਾਮਾ ਦੇ ਲਿਤਰ ਇਲਾਕੇ 'ਚ ਗਰੀਬ ਪ੍ਰਵਾਸੀ ਤਰਖਾਣ ਮੁਹੰਮਦ ਸਗੀਰ ਵਾਸੀ ਸਹਾਰਨਪੁਰ (ਯੂ.ਪੀ.) ਦੇ ਕਤਲ ਲਈ ਜ਼ਿੰਮੇਵਾਰ ਸੀ। ਪੁਲਿਸ ਨੇ ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ ਭਾਰੀ ਅਸਲ੍ਹਾ ਬਰਾਮਦ ਕੀਤਾ। ਦੂਜੇ ਅੱਤਵਾਦੀ ਦੀ ਪਛਾਣ ਗੈਰ ਸਰਕਾਰੀ ਸੂਤਰਾਂ ਨੇ ਅਰਾਫ਼ਾਤ ਸ਼ੇਖ ਵਾਸੀ ਨਿਲੋਰਾ ਪੁਲਵਾਮਾ ਵਜੋਂ ਕੀਤੀ ਹੈ। ਅਜਿਹੇ ਇਕ ਹੋਰ ਮੁਕਾਬਲੇ 'ਚ ਕੁਲਗਾਮ 'ਚ ਦੇਰ ਸ਼ਾਮ 7.40 ਵਜੇ 9 ਆਰ .ਆਰ., ਐਸ.ਓ. ਜੀ. ਅਤੇ ਸੀ.ਆਰ.ਪੀ.ਐਫ. ਨੇ ਕੁਲਗਾਮ ਦੇ ਅਸ਼ਮਜੀਪੁਰਾ ਇਲਾਕੇ 'ਚ ਸਾਂਝੀ ਕਾਰਵਾਈ ਦੌਰਾਨ ਲਸ਼ਕਰ ਦੇ ਜ਼ਿਲ੍ਹਾ ਕਮਾਂਡਰ ਗੁਲਜ਼ਾਰ ਅਹਿਮਦ ਰੇਸ਼ੀ ਨੂੰ ਉਸ ਦੇ ਸਾਥੀ ਸਮੇਤ ਮਾਰ ਮੁਕਾਇਆ। ਉਹ ਕੁਲਗਾਮ ਦੇ ਵਨਪੂ ਇਲਾਕੇ 'ਚ 3 ਪ੍ਰਵਾਸੀ ਮਜ਼ਦੂਰਾਂ ਦੀ ਹੱਤਿਆ ਲਈ ਜ਼ਿੰਮੇਵਾਰ ਸੀ। ਆਈ.ਜੀ.ਪੀ. ਨੇ ਇਸ ਦੀ ਪੁਸ਼ਟੀ ਕਰਦੇ ਦੱਸਿਆ ਕਿ ਅਜੇ ਮੁਕਾਬਲਾ ਜਾਰੀ ਹੈ। ਸੁਰੱਖਿਆ ਬਲਾਂ ਨੇ ਮੁਕਾਬਲੇ ਵਾਲੀ ਥਾਂ ਤੋਂ ਏ.ਕੇ. ਰਾਈਫਲ ਸਮੇਤ ਹੋਰ ਅਸਲਾ ਬਰਾਮਦ ਕੀਤਾ ਹੈ।
ਤਰਨ ਤਾਰਨ, 20 ਅਕਤੂਬਰ (ਹਰਿੰਦਰ ਸਿੰਘ)-ਪਿਛਲੇ ਦਿਨੀਂ ਸਿੰਘੂ ਬਾਰਡਰ 'ਤੇ ਨਿਹੰਗ ਸਿੰਘਾਂ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਸਰਾਏ ਅਮਾਨਤ ਖਾਂ ਦੇ ਪਿੰਡ ਚੀਮਾ ਕਲਾਂ ਦੇ ਰਹਿਣ ਵਾਲੇ ਲਖਬੀਰ ਸਿੰਘ ਦਾ 'ਸਰਬਲੋਹ ਗ੍ਰੰਥ' ਦੀ ਬੇਅਦਬੀ ਨੂੰ ਲੈ ਕੇ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਬੈਰੀਕੇਡ 'ਤੇ ਟੰਗ ਦਿੱਤਾ ਗਿਆ ਸੀ, ਦੇ ਮਾਮਲੇ ਵਿਚ ਭਾਵੇਂ ਦਿੱਲੀ ਪੁਲਿਸ ਵਲੋਂ ਕਤਲ ਦੇ ਮਾਮਲੇ ਵਿਚ ਕਈ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਮ੍ਰਿਤਕ ਦੀ ਭੈਣ ਰਾਜ ਕੌਰ ਵਲੋਂ ਪੰਜਾਬ ਦੇ ਡੀ.ਜੀ.ਪੀ. ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਡੀ.ਜੀ.ਪੀ. ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਏ.ਡੀ.ਜੀ.ਪੀ. ਪੰਜਾਬ ਕਮ ਡਾਇਰੈਕਟਰ ਬਿਊਰੋ ਜਾਂਚ ਵਰਿੰਦਰ ਕੁਮਾਰ, ਡੀ.ਆਈ.ਜੀ.ਫ਼ਿਰੋਜ਼ਪੁਰ ਰੇਂਜ ਇੰਦਰਬੀਰ ਸਿੰਘ ਅਤੇ ਤਰਨ ਤਾਰਨ ਦੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਦੀ ਤਿੰਨ ਮੈਂਬਰੀ ਸਿੱਟ ਬਣਾਈ ਗਈ ਹੈ। ਉਨ੍ਹਾਂ ਨੂੰ ਜਾਂਚ ਕਰਨ ਸੰਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਇਸ ਕਤਲ ਕਾਂਡ ਦੀ ਨਿਰਪੱਖ ਜਾਂਚ ਕਰ ਕੇ ਜਲਦ ਤੋਂ ਜਲਦ ਰਿਪੋਰਟ ਉਨ੍ਹਾਂ ਨੂੰ ਸੌਂਪਣ ਤਾਂ ਕਿ ਸੱਚਾਈ ਸਾਰਿਆਂ ਦਾ ਸਾਹਮਣੇ ਆ ਸਕੇ। ਡੀ.ਜੀ.ਪੀ. ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਮ੍ਰਿਤਕ ਲਖਬੀਰ ਸਿੰਘ ਦੀ ਭੈਣ ਰਾਜ ਕੌਰ ਵਿਧਵਾ ਮੰਗਲ ਸਿੰਘ ਵਾਸੀ ਕਸੇਲ (ਤਰਨਤਾਰਨ) ਨੇ ਉਨ੍ਹਾਂ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ ਕਿ ਉਸ ਦੇ ਭਰਾ ਉਪਰ ਜੋ 'ਸਰਬਲੋਹ ਗ੍ਰੰਥ' ਦੀ ਬੇਅਦਬੀ ਕਰਨ ਦੇ ਦੋਸ਼ ਲਗਾ ਕੇ ਉਸ ਦੀ ਹੱਤਿਆ ਕੀਤੀ ਗਈ ਹੈ ਉਹ ਉਸ ਪ੍ਰਤੀ ਸੰਤੁਸ਼ਟ ਨਹੀਂ ਹਨ ਕਿਉਂਕਿ ਉਸ ਦਾ ਭਰਾ ਇਹੋ ਜਿਹੀ ਘਟਨਾ ਨੂੰ ਅੰਜਾਮ ਨਹੀਂ ਸੀ ਦੇ ਸਕਦਾ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਸੱਚਾਈ ਸਾਰਿਆਂ ਦਾ ਸਾਹਮਣੇ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦਿਆਂ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦਾ ਗਠਨ ਕੀਤਾ ਗਿਆ ਹੈ।
ਨਵੀਂ ਦਿੱਲੀ, 20 ਅਕਤੂਬਰ (ਉਪਮਾ ਡਾਗਾ ਪਾਰਥ)-ਪੰਜਾਬ ਕਾਂਗਰਸ 'ਚ ਚੱਲ ਰਹੀ ਅੰਦਰੂਨੀ ਖਾਨਾਜੰਗੀ ਦਰਮਿਆਨ ਸੂਬਾਈ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਹੈ। ਹਲਕਿਆਂ ਮੁਤਾਬਿਕ ਕਾਂਗਰਸ ਹਾਈਕਮਾਨ ਵਲੋਂ ਇਹ ਜ਼ਿੰਮੇਵਾਰੀ ਹਰੀਸ਼ ਚੌਧਰੀ ਜੋ ਕਿ ਇਸ ਵੇਲੇ ਪਾਰਟੀ ਨਿਗਰਾਨ (ਆਬਜ਼ਰਵਰ) ਦੀ ਭੂਮਿਕਾ ਨਿਭਾਅ ਰਹੇ ਹਨ, ਨੂੰ ਦੇਣ ਦਾ ਤਕਰੀਬਨ ਫ਼ੈਸਲਾ ਕਰ ਲਿਆ ਹੈ, ਜਿਸ ਸੰਬੰਧੀ ਸਿਰਫ਼ ਰਸਮੀ ਐਲਾਨ ਬਾਕੀ ਹੈ। ਹਰੀਸ਼ ਰਾਵਤ ਨੇ ਸੋਸ਼ਲ ਮੀਡੀਆ 'ਤੇ ਆਪਣੀ ਵਿਦਾਇਗੀ ਦੀ ਇੱਛਾ ਪ੍ਰਗਟਾਈ ਹੈ। ਹਰੀਸ਼ ਰਾਵਤ ਨੇ ਜਨਮਭੂਮੀ ਅਤੇ ਕਰਮਭੂਮੀ ਲਈ ਫ਼ਰਜ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕ ਪਾਸੇ ਜਨਮਭੂਮੀ (ਉੱਤਰਾਖੰਡ) ਪ੍ਰਤੀ ਉਨ੍ਹਾਂ ਦਾ ਫ਼ਰਜ਼ ਹੈ ਅਤੇ ਦੂਜੇ ਪਾਸੇ ਕਰਮਭੂਮੀ ਪੰਜਾਬ ਪ੍ਰਤੀ ਸੇਵਾਵਾਂ ਹਨ। ਉਨ੍ਹਾਂ ਕਿਹਾ ਕਿ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ, ਦੋਹਾਂ ਥਾਵਾਂ 'ਤੇ ਪੂਰੀ ਸਮਾਂ ਦੇਣਾ ਪਵੇਗਾ। ਰਾਵਤ ਨੇ ਉੱਤਰਾਖੰਡ 'ਚ ਬੇਮੌਸਮੀ ਬਰਸਾਤ ਕਾਰਨ ਪੈਦਾ ਹੋਏ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਹਰ ਥਾਂ 'ਤੇ ਲੋਕਾਂ ਨਾਲ ਦੁੱਖ-ਸੁੱਖ ਸਾਂਝਾ ਕਰਨ ਜਾਣਾ ਚਾਹੁੰਦੇ ਸਨ ਪਰ ਫ਼ਰਜ਼ ਦੀ ਪੁਕਾਰ ਕਾਰਨ ਅਜਿਹਾ ਨਹੀਂ ਕਰ ਸਕੇ। ਰਾਵਤ ਨੇ ਪੰਜਾਬ ਕਾਂਗਰਸ ਅਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਹਾਈਕਮਾਨ ਨੂੰ ਉਨ੍ਹਾਂ ਦੀਆਂ ਪੰਜਾਬ ਪ੍ਰਤੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਤਾਂ ਜੋ ਆਪਣਾ ਧਿਆਨ ਉੱਤਰਾਖੰਡ ਵੱਲ ਲਾ ਸਕਣ। ਜ਼ਿਕਰਯੋਗ ਹੈ ਕਿ ਪੰਜਾਬ ਦੇ ਨਾਲ ਹੀ ਉੱਤਰਾਖੰਡ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਹਰੀਸ਼ ਰਾਵਤ ਉੱਤਰਾਖੰਡ 'ਚ ਕਾਂਗਰਸ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਕਰ ਰਹੇ ਹਨ, ਜਿਸ ਕਾਰਨ ਹੁਣ ਉਹ ਬਾਕੀ ਰਹਿੰਦਾ ਸਮਾਂ ਉੱਤਰਾਖੰਡ ਨੂੰ ਦੇਣਾ ਚਾਹੁੰਦੇ ਹਨ। ਹਰੀਸ਼ ਰਾਵਤ ਦੀ ਅਪੀਲ 'ਤੇ ਕਾਂਗਰਸ ਹਾਈਕਮਾਨ ਵਲੋਂ ਵੀ ਵਿਚਾਰ ਕਰਨ ਤੋਂ ਬਾਅਦ ਇਹ ਜ਼ਿੰਮੇਵਾਰੀ ਹਰੀਸ਼ ਚੌਧਰੀ ਨੂੰ ਦੇਣ ਦਾ ਮਨ ਬਣਾਇਆ ਗਿਆ ਹੈ। ਹਰੀਸ਼ ਚੌਧਰੀ ਅਜੇ ਵੀ ਚੰਡੀਗੜ੍ਹ 'ਚ ਹਨ। ਹਾਲ ਹੀ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ ਮਤਭੇਦ ਮਿਟਾਉਣ ਲਈ ਜੋ ਵੀ ਮੁਲਾਕਾਤਾਂ ਹੋਈਆਂ, ਹਰੀਸ਼ ਚੌਧਰੀ ਉਨ੍ਹਾਂ 'ਚ ਮੌਜੂਦ ਰਹੇ ਸਨ।
ਕੈਪਟਨ ਨੇ ਆਪਣੇ ਅੰਦਰਲੇ 'ਧਰਮ ਨਿਰਪੱਖ ਅਮਰਿੰਦਰ' ਨੂੰ ਮਾਰ ਦਿੱਤਾ-ਰਾਵਤ
ਨਵੀਂ ਦਿੱਲੀ, 20 ਅਕਤੂਬਰ (ਏਜੰਸੀ)-ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਨਾਲ ਗੱਠਜੋੜ ਸਬੰਧੀ ਸੰਕੇਤ ਦਿੱਤੇ ਜਾਣ ਦੇ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਦੇ ਪਾਰਟੀ ਬਣਾਉਣ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਨਾਲ ਕੇਵਲ ਸਾਡੇ ਵਿਰੋਧੀਆਂ ਦੀਆਂ ਵੋਟਾਂ ਵੰਡੀਆਂ ਜਾਣਗੀਆਂ, ਕਾਂਗਰਸ ਪ੍ਰਭਾਵਿਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵੋਟ ਚੰਨੀ ਸਰਕਾਰ ਦੇ ਪ੍ਰਦਰਸ਼ਨ 'ਤੇ ਨਿਰਭਰ ਰਹੇਗੀ। ਉਨ੍ਹਾਂ ਕਿਹਾ ਕਿ ਭਾਜਪਾ ਸਬੰਧੀ ਕੈਪਟਨ ਦਾ ਬਿਆਨ ਹੈਰਾਨ ਕਰਨ ਵਾਲਾ ਹੈ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਆਪਣੇ ਅੰਦਰਲੇ 'ਧਰਮ ਨਿਰਪੱਖ ਅਮਰਿੰਦਰ' ਨੂੰ ਮਾਰ ਦਿੱਤਾ ਹੈ। ਜੇਕਰ ਉਹ ਧਰਮ ਨਿਰਪੱਖਤਾ ਪ੍ਰਤੀ ਆਪਣੀ ਪੁਰਾਣੀ ਵਚਨਬੱਧਤਾ 'ਤੇ ਕਾਇਮ ਨਹੀਂ ਰਹਿ ਸਕਦੇ ਤਾਂ ਉਨ੍ਹਾਂ ਨੂੰ ਕੌਣ ਰੋਕ ਸਕਦਾ ਹੈ। ਉਨ੍ਹਾਂ ਨੂੰ 'ਸਰਵਧਰਮ ਸੰਭਾਵ' ਦਾ ਪ੍ਰਤੀਕ ਮੰਨਿਆ ਜਾਂਦਾ ਸੀ ਅਤੇ ਲੰਮੇ ਸਮੇਂ ਤੱਕ ਉਹ ਕਾਂਗਰਸ ਦੀਆਂ ਪਰੰਪਰਾਵਾਂ ਨਾਲ ਜੁੜੇ ਰਹੇ। ਜੇਕਰ ਉਹ ਕਾਂਗਰਸ ਛੱਡ ਕੇ ਜਾਣਾ ਚਾਹੁੰਦੇ ਹਨ ਤਾਂ ਉਹ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਕਾਂ ਖਾਣਾ ਚਾਹੁੰਦੇ ਹਨ ਅਤੇ ਭਾਜਪਾ ਨਾਲ ਜਾਣਾ ਚੁਾਹੰਦੇ ਹਨ ਤਾਂ ਉਹ ਜਾ ਸਕਦੇ ਹਨ।
ਨਵੀਂ ਦਿੱਲੀ, 20 ਅਕਤੂਬਰ (ਏਜੰਸੀ)-ਸਰਕਾਰ ਵਲੋਂ ਬੁੱਧਵਾਰ ਨੂੰ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵਿਡ-19 ਨੂੰ ਲੈ ਕੇ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਅਨੁਸਾਰ 25 ਅਕਤੂਬਰ ਤੋਂ ਭਾਰਤ ਆਉਣ ਵਾਲੇ ਜਿਨ੍ਹਾਂ ਯਾਤਰੀਆਂ ਨੇ ਵਿਸ਼ਵ ਸਿਹਤ ਸੰਗਠਨ ਵਲੋਂ ਪ੍ਰਵਾਨਿਤ ਕੋਵਿਡ-19 ਟੀਕੇ ਲਗਵਾਏ ਹੋਏ ਹਨ, ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਘਰਾਂ 'ਚ 7 ਦਿਨਾਂ ਦੇ ਇਕਾਂਤਵਾਸ 'ਚ ਰਹਿਣ ਜਾਂ ਕੋਵਿਡ ਟੈਸਟਿੰਗ ਨਹੀਂ ਕਰਵਾਉਣੀ ਪਵੇਗੀ। ਇਨ੍ਹਾਂ ਸੋਧੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਭ ਅੰਤਰਰਾਸ਼ਟਰੀ ਆਮਦ ਵਾਲੇ ਯਾਤਰੀਆਂ ਨੂੰ ਕੋਵਿਡ-19 ਆਰ.ਟੀ.-ਪੀ.ਸੀ.ਆਰ. ਦੀ ਨੈਗਟਿਵ ਰਿਪੋਰਟ ਲਾਜ਼ਮੀ ਤੌਰ 'ਤੇ ਪੇਸ਼ ਕਰਨੀ ਹੋਵੇਗੀ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸੋਧੇ ਦਿਸ਼ਾ-ਨਿਰਦੇਸ਼ ਅੰਤਰਰਾਸ਼ਟਰੀ ਯਾਤਰੀਆਂ ਲਈ 17 ਫਰਵਰੀ 2021 ਨੂੰ ਇਸ ਵਿਸ਼ੇ ਸਬੰਧੀ ਜਾਰੀ ਕੀਤੇ ਗਏ ਸਭ ਦਿਸ਼ਾ-ਨਿਰਦੇਸ਼ਾਂ ਦੇ ਉਲਟ ਹਨ ਤੇ ਇਹ ਨਵਾਂ ਦਸਤਾਵੇਜ਼ ਅੰਤਰਰਾਸ਼ਟਰੀ ਆਮਦ ਵਾਲੇ ਯਾਤਰੀਆਂ ਲਈ ਪ੍ਰੋਟੋਕੋਲ ਮੁਹੱਈਆ ਕਰਦਾ ਹੈ, ਜਿਸ ਤਹਿਤ ਉਨ੍ਹਾਂ ਨੂੰ ਦੇਸ਼ 'ਚ ਦਾਖਲ ਹੋਣ ਵਾਲੇ ਸਥਾਨਾਂ ਹਵਾਈ ਅੱਡਿਆਂ, ਸਮੁੰਦਰੀ ਬੰਦਰਗਾਹਾਂ ਤੇ ਜ਼ਮੀਨੀ ਸਰਹੱਦਾਂ 'ਤੇ ਇਸ ਦੀ ਪਾਲਣਾ ਕਰਨੀ ਹੋਵੇਗੀ। ਸਿਹਤ ਮੰਤਰਾਲੇ ਅਨੁਸਾਰ ਭਾਰਤ ਨੇ 11 ਦੇਸ਼ਾਂ ਯੂ.ਕੇ., ਫਰਾਂਸ, ਜਰਮਨੀ, ਨਿਪਾਲ, ਬੇਲਾਰੂਸ. ਲਿਬਨਾਨ, ਅਰਮੀਨੀਆ, ਯੂਕਰੇਨ, ਬੈਲਜ਼ੀਅਮ, ਹੰਗਰੀ ਤੇ ਸਰਬੀਆ ਨਾਲ ਕੌਮੀ ਪੱਧਰ 'ਤੇ ਜਾਂ ਵਿਸ਼ਵ ਸਿਹਤ ਸੰਗਠਨ ਦੁਆਰਾ ਮਾਨਤਾ ਪ੍ਰਾਪਤ ਕੋਵਿਡ-19 ਟੀਕਿਆਂ ਦੀ ਆਪਸੀ ਮਾਨਤਾ ਲਈ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ।
ਤਰਨ ਤਾਰਨ, 20 ਅਕਤੂਬਰ (ਹਰਿੰਦਰ ਸਿੰਘ)-ਸਰਹੱਦੀ ਜ਼ਿਲ੍ਹਾ ਤਰਨ ਤਾਰਨ ਵਿਖੇ ਬੀਤੀ ਰਾਤ ਬੀ.ਐਸ.ਐਫ਼. ਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਵਲੋਂ ਪਾਕਿਸਤਾਨ ਦੇ ਮਨਸੂਬਿਆਂ 'ਤੇ ਇਕ ਵਾਰ ਫਿਰ ਪਾਣੀ ਫੇਰਦਿਆਂ ਪੰਜਾਬ ਦੀ ਤਬਾਹੀ ਲਈ ਭੇਜੇ ਭਾਰੀ ਮਾਤਰਾ 'ਚ ਅਸਲ੍ਹਾ, ਹਥਿਆਰਾਂ ਤੇ ਹੈਰੋਇਨ ਦੀ ਖੇਪ ਨੂੰ ਖੇਮਕਰਨ ਸੈਕਟਰ ਤੋਂ ਬਰਾਮਦ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ। ਕਾਰਜਕਾਰੀ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਤਸਕਰਾਂ ਵਲੋਂ ਹਥਿਆਰਾਂ ਤੇ ਹੈਰੋਇਨ ਦੀ ਵੱਡੀ ਖੇਪ ਲੁਕਾ ਕੇ ਰੱਖੀ ਗਈ ਹੈ ਅਤੇ ਇਸ ਸਬੰਧੀ ਉਨ੍ਹਾਂ ਵਲੋਂ ਕਾਊਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਤਰਨ ਤਾਰਨ ਵਿਖੇ ਪੈਂਦੀ ਭਾਰਤ-ਪਾਕਿ ਸਰਹੱਦ 'ਤੇ ਭੇਜਿਆ ਗਿਆ, ਜਿੱਥੇ ਟੀਮ ਵਲੋਂ ਬੀ.ਐਸ.ਐਫ਼. ਨਾਲ ਮਿਲ ਕੇ ਬੀ.ਓ.ਪੀ. ਮੀਆਂਵਾਲਾ ਖੇਮਕਰਨ ਸੈਕਟਰ ਦੇ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਟੀਮਾਂ ਨੇ 22 ਪਿਸਤੌਲ (ਜਿਨ੍ਹਾਂ 'ਚੋਂ ਜ਼ਿਆਦਾਤਰ 30 ਬੋਰ ਸਟਾਰ ਮਾਰਕ), 44 ਮੈਗਜ਼ੀਨ ਅਤੇ 100 ਗੋਲੀਆਂ ਤੋਂ ਇਲਾਵਾ 934 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜੋ ਇਕ ਬੈਗ 'ਚ ਲੁਕਾ ਕੇ ਝੋਨੇ ਦੇ ਖੇਤ 'ਚ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿ ਤਸਕਰਾਂ ਵਲੋਂ ਕੰਡਿਆਲੀ ਤਾਰ ਦੇ ਪਾਰ ਭਾਰਤੀ ਖੇਤਰ ਵਾਲੇ ਪਾਸੇ ਇਹ ਹਥਿਆਰ, ਅਸਲਾ ਅਤੇ ਹੈਰੋਇਨ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ਬਾਅਦ 'ਚ ਭਾਰਤੀ ਤਸਕਰਾਂ ਵਲੋਂ ਲਿਜਾਇਆ ਜਾਣਾ ਸੀ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਦੇਸ਼ ਵਿਰੋਧੀ ਤਾਕਤਾਂ ਨੇ ਸਰਹੱਦ ਪਾਰ ਵੱਖ-ਵੱਖ ਚੈਨਲਾਂ ਰਾਹੀਂ ਅਜਿਹੀਆਂ ਖੇਪਾਂ ਨੂੰ ਭਾਰਤ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਡਰੋਨ ਰਾਹੀਂ ਭਾਰਤ ਅੰਦਰ ਹਥਿਆਰ, ਅਸਲਾ ਅਤੇ ਨਸ਼ਾ ਭੇਜਣ ਦੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਸੂਬੇ ਦੀ ਪੁਲਿਸ ਅਤੇ ਬੀ.ਐਸ.ਐਫ਼. ਵਲੋਂ ਸਮੇਂ-ਸਮੇਂ 'ਤੇ ਪਾਕਿਸਤਾਨ ਵਲੋਂ ਪੰਜਾਬ 'ਚ ਤਬਾਹੀ ਮਚਾਉਣ ਲਈ ਭੇਜੇ ਜਾ ਰਹੇ ਹਥਿਆਰਾਂ, ਨਸ਼ੇ ਦੇ ਵੱਡੇ ਭੰਡਾਰ ਬਰਾਮਦ ਕੀਤੇ ਜਾ ਰਹੇ ਹਨ। ਡੀ.ਜੀ.ਪੀ. ਨੇ ਦੱਸਿਆ ਕਿ 10 ਅਕਤੂਬਰ ਨੂੰ ਜਗਜੀਤ ਸਿੰਘ ਪੁੱਤਰ ਜੱਗੂ ਪੁੱਤਰ ਪਰਮਜੀਤ ਸਿੰਘ ਥਾਣਾ ਸਦਰ ਬਟਾਲਾ ਦੀ ਪੁਲਿਸ ਵਲੋਂ 48 ਪਿਸਤੌਲਾਂ ਦੀ ਖੇਪ ਬਰਾਮਦ ਕੀਤੀ ਗਈ ਸੀ ਅਤੇ ਕਾਊਟਰ ਇੰਟੈਲੀਜੈਂਸ ਦੀ ਟੀਮ ਵਲੋਂ 39 ਪਿਸਤੌਲਾਂ ਦੀ ਖੇਪ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 511, ਐੱਨ.ਡੀ.ਪੀ.ਐੱਸ. ਐਕਟ, ਆਰਮਜ਼ ਐਕਟ ਦੀ ਧਾਰਾ 25 ਅਤੇ ਪੁਲਿਸ ਵਲੋਂ ਧਾਰਾ 14-ਵਿੱਤ ਐਕਟ ਅਧੀਨ ਕੇਸ ਪੁਲਿਸ ਸਟੇਸ਼ਨ ਐੱਸ.ਐੱਸ.ਓ.ਸੀ.ਅੰਮ੍ਰਿਤਸਰ ਰਜਿਸਟਰਡ ਕੀਤਾ ਗਿਆ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਦੀ ਟੀਮ ਵਲੋਂ ਹਥਿਆਰਾਂ ਅਤੇ ਹੈਰੋਇਨ ਦੀ ਮਿਲੀ ਖੇਪ ਸਬੰਧੀ ਭਾਰਤ ਤਸਕਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ਵਲੋਂ ਇਸ ਖੇਪ ਨੂੰ ਲਿਜਾਇਆ ਜਾਣਾ ਸੀ।
ਅੰਮ੍ਰਿਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਤਾਲਿਬਾਨ ਅੱਤਵਾਦੀਆਂ ਨੇ ਅਫ਼ਗਾਨਿਸਤਾਨ ਦੀ ਜੂਨੀਅਰ ਮਹਿਲਾ ਰਾਸ਼ਟਰੀ ਵਾਲੀਬਾਲ ਟੀਮ ਦੀ ਇਕ ਖਿਡਾਰਨ ਦਾ ਸਿਰ ਕਲਮ ਕਰ ਦਿੱਤਾ। ਅਫ਼ਗਾਨ ਮਹਿਲਾ ਰਾਸ਼ਟਰੀ ਵਾਲੀਬਾਲ ਟੀਮ ਦੀ ਕੋਚ ਨੇ ਕਿਹਾ ਕਿ ਮਹਿਲਾ ਖਿਡਾਰਨ ਮਹਿਜ਼ਬੀਨ ...
ਲੁਧਿਆਣਾ, 20 ਅਕਤੂਬਰ (ਪੁਨੀਤ ਬਾਵਾ)-ਪੰਜਾਬ ਵਿਚ ਹੁਣ ਤੱਕ 2942 ਥਾਵਾਂ 'ਤੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਵਿਚੋਂ ਸਿਰਫ਼ ਪਠਾਨਕੋਟ ਜ਼ਿਲ੍ਹੇ ਵਿਚ ਕਿਸੇ ਵੀ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ। ਝੋਨੇ ਦੀ ...
ਦੇਹਰਾਦੂਨ, 20 ਅਕਤੂਬਰ (ਏਜੰਸੀ)-ਉੱਤਰਾਖੰਡ 'ਚ ਪ੍ਰਸ਼ਾਸਨ ਨੇ ਪਿਛਲੇ ਦੋ ਦਿਨਾਂ ਤੋਂ ਜਾਰੀ ਬਾਰਿਸ਼ ਅਤੇ ਕਈ ਇਲਾਕਿਆਂ 'ਚ ਬੱਦਲ ਫਟਣ ਕਾਰਨ ਹੋਏ ਨੁਕਸਾਨ ਜਾਇਜ਼ਾ ਲਿਆ ਅਤੇ ਰਾਹਤ ਕਾਰਜ ਤੇਜ਼ ਕੀਤੇ। ਸੂਬੇ 'ਚ 16 ਵਿਅਕਤੀ ਅਜੇ ਵੀ ਲਾਪਤਾ ਹਨ, ਜਿੰਨ੍ਹਾਂ 'ਚੋਂ 11 ਟਰੈਕਿੰਗ ...
ਨਵੀਂ ਦਿੱਲੀ, 20 ਅਕਤੂਬਰ (ਏਜੰਸੀ)- ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਭਗਤ ਦੱਸਦੇ ਹੋਏ ਭਾਜਪਾ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਦੁਸ਼ਿਅੰਤ ਗੌਤਮ ਨੇ ਕਿਹਾ ਕਿ ਪਾਰਟੀ ਉਨ੍ਹਾਂ ਲੋਕਾਂ ਨਾਲ ਗੱਠਜੋੜ ਲਈ ਤਿਆਰ ਹੈ, ਜਿਹੜੇ ਰਾਸ਼ਟਰ ਹਿਤਾਂ ਨੂੰ ਅੱਗੇ ਰੱਖਦੇ ਹਨ। ...
ਕੁਸ਼ੀਨਗਰ (ਉੱਤਰ ਪ੍ਰਦੇਸ਼), 20 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱੱਡੇ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਦੇਸ਼ 'ਚ ਹਵਾਬਾਜ਼ੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਕਰੀਬ 260 ...
ਤਵਾਂਗ (ਅਰੁਣਾਚਲ ਪ੍ਰਦੇਸ਼), 20 ਅਕਤੂਬਰ (ਏਜੰਸੀ)-ਆਪਣੀ ਗੋਲਾ ਦਾਗਣ ਦੀ ਸਮਰੱਥਾ 'ਚ ਹੋਰ ਵਾਧਾ ਕਰਦਿਆਂ ਭਾਰਤੀ ਸੈਨਾ ਨੇ ਅਰੁਣਾਚਲ ਪ੍ਰਦੇਸ਼ 'ਚ ਅਸਲ ਕੰਟਰੋਲ ਰੇਖਾ ਨਾਲ ਲੱਗਦੇ ਉੱਚੇ ਪਹਾੜਾਂ 'ਚ ਮੌਜੂਦਾ ਐਮ-777 ਹੋਵਿਟਜ਼ਰ ਤੇ ਸਵੀਡਿਸ਼ ਬੋਫ਼ੋਰਸ ਤੋਪਾਂ ਦੇ ਨਾਲ ਵੱਡੀ ...
ਨਵੀਂ ਦਿੱਲੀ, 20 ਅਕਤੂਬਰ (ਪੀ.ਟੀ.ਆਈ.)- ਕਾਂਗਰਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੇ ਤਿੰਨ ਖੇਤੀਬਾੜੀ ਕਾਨੂੰਨ ਲਿਆਉਣ 'ਚ ਭਾਜਪਾ ਨਾਲ ਮਿਲੀਭੁਗਤ ਕੀਤੀ ਸੀ? ਜ਼ਿਕਰਯੋਗ ਹੈ ਕਿ ...
ਨਵੀਂ ਦਿੱਲੀ, 20 ਅਕਤੂਬਰ (ਏਜੰਸੀ)-ਸੁਪਰੀਮ ਕੋਰਟ ਨੇ ਆਸਾਰਾਮ ਦੇ ਬੇਟੇ ਨਾਰਾਇਣ ਸਾਈਂ ਜੋ ਜਬਰ ਜਨਾਹ ਦਾ ਦੋਸ਼ੀ ਹੈ, ਨੂੰ 14 ਦਿਨਾਂ ਦੀ ਫਰਲੋ ਦਿੱਤੇ ਜਾਣ ਦੇ ਗੁਜਰਾਤ ਹਾਈਕੋਰਟ ਦੇ ਫ਼ੈਸਲੇ ਨੂੰ ਖ਼ਾਰਜ ਕਰ ਦਿੱਤਾ ਹੈ। ਜਸਟਿਸ ਡੀ. ਵਾਈ. ਚੰਦਰਚੂੜ ਤੇ ਜਸਟਿਸ ਬੀ.ਵੀ. ...
ਨਵੀਂ ਦਿੱਲੀ, 20 ਅਕਤੂਬਰ (ਏਜੰਸੀ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਬੋਰਡ ਵਲੋਂ 10ਵੀਂ ਤੇ 12ਵੀਂ ਜਮਾਤ ਦੀਆਂ ਪਹਿਲੀ ਮਿਆਦ (ਫ੍ਰਸਟ ਟਰਮ) ਦੀਆਂ ਪ੍ਰੀਖਿਆਵਾਂ ਦੌਰਾਨ ਸ਼ਹਿਰ 'ਚ ਕੇਂਦਰ ਬਦਲਣ ਦੀ ਇਜ਼ਾਜਤ ਦਿੱਤੀ ...
ਜੈਪੁਰ/ਨਵੀਂ ਦਿੱਲੀ, 20 ਅਕਤੂਬਰ (ਏਜੰਸੀ)-ਜੈਪੁਰ ਜ਼ਿਲ੍ਹੇ ਦੇ ਫ਼ਤਹਿਪੁਰ ਪਿੰਡ 'ਚ ਇਕ ਹੈਰਾਨੀਜਨਕ ਘਟਨਾ ਵਾਪਰੀ ਹੈ, ਜਿਥੇ ਇਕ ਔਰਤ ਦੀ ਬੁਰੀ ਹਾਲਤ 'ਚ ਲਾਸ਼ ਮਿਲੀ ਹੈ ਜਿਸ ਦੀਆਂ ਲੱਤਾਂ ਵੱਢੀਆਂ ਹੋਈਆਂ ਸਨ। ਦੋਸ਼ੀਆਂ ਵਲੋਂ ਪੀੜਤਾ ਤੋਂ ਗਹਿਣੇ ਤੇ ਉਸ ਦੇ ਪੈਰਾਂ ਦੀਆਂ ...
ਸ੍ਰੀਨਗਰ, 20 ਅਕਤੂਬਰ (ਮਨਜੀਤ ਸਿੰਘ)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਬੁੱਧਵਾਰ ਨੂੰ ਸ੍ਰੀਨਗਰ, ਬਾਰਾਮੁਲਾ, ਪੁਲਵਾਮਾ, ਅਵੰਤੀਪੋਰਾ, ਸੋਪੋਰ ਤੇ ਕੁਲਗਾਮ ਜ਼ਿਲ੍ਹਿਆਂ 'ਚ 11 ਥਾਵਾਂ 'ਤੇ ਤਾਜ਼ਾ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਵਾਦੀ 'ਚ ਪਿਛਲੇ ਦਿਨੀਂ ਹੋਈਆਂ ...
ਸਰਾਏ ਅਮਾਨਤ ਖਾਂ, 20 ਅਕਤੂਬਰ (ਨਰਿੰਦਰ ਸਿੰਘ ਦੋਦੇ)-ਪਿਛਲੇ ਦਿਨੀਂ ਸਿੰਘੂ ਬਾਰਡਰ 'ਤੇ ਕਤਲ ਕੀਤੇ ਲਖਬੀਰ ਸਿੰਘ ਵਾਸੀ ਚੀਮਾ ਕਲਾਂ ਸੰਬੰਧੀ ਅੱਜ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਵਾਇਰਲ ਹੋਈ। ਜਿਸ ਵਿਚ ਲਖਬੀਰ ਸਿੰਘ ਵਲੋਂ ਇਕ ਵਿਅਕਤੀ ਦਾ ਸਿਰਫ਼ ਫ਼ੋਨ ਨੰਬਰ ਹੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX