ਧਰਤੀ ਦੀ ਵਧ ਰਹੀ ਤਪਸ਼ ਅਤੇ ਇਸ ਕਾਰਨ ਦੁਨੀਆ ਦਾ ਵਿਗੜ ਰਿਹਾ ਵਾਤਾਵਰਨ ਸੰਤੁਲਨ ਹੁਣ ਇਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਗਿਆ ਹੈ। ਇਸ ਕਾਰਨ ਧਰਤੀ ਦੇ ਕੁਝ ਖੇਤਰਾਂ ਵਿਚ ਵੱਡੀ ਪੱਧਰ 'ਤੇ ਬਾਰਿਸ਼ ਹੋ ਰਹੀ ਹੈ, ਹੜ੍ਹ ਆ ਰਹੇ ਹਨ, ਬੱਦਲ ਫਟ ਰਹੇ ਹਨ, ਤੂਫ਼ਾਨ ਆ ਰਹੇ ਹਨ ਅਤੇ ਕੁਝ ਖੇਤਰਾਂ ਵਿਚ ਗੰਭੀਰ ਸੋਕੇ ਵਾਲੀਆਂ ਸਥਿਤੀਆਂ ਪੈਦਾ ਹੋ ਗਈਆਂ ਹਨ। ਵੱਖ-ਵੱਖ ਦੇਸ਼ਾਂ ਵਿਚ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਸਮੁੰਦਰਾਂ ਦਾ ਤਲ ਉੱਚਾ ਹੋ ਰਿਹਾ ਹੈ। ਵਾਤਾਵਰਨ ਵਿਚ ਆਈਆਂ ਇਸ ਤਰ੍ਹਾਂ ਦੀਆਂ ਅਸਾਧਾਰਨ ਤਬਦੀਲੀਆਂ ਕਾਰਨ ਵੱਡੀ ਪੱਧਰ 'ਤੇ ਜਾਨੀ ਤੇ ਮਾਲੀ ਨੁਕਸਾਨ ਵੀ ਹੋਣਾ ਆਰੰਭ ਹੋ ਗਿਆ ਹੈ। ਜੰਗਲਾਂ ਨੂੰ ਵੱਡੀ ਪੱਧਰ 'ਤੇ ਲੱਗ ਰਹੀਆਂ ਅੱਗਾਂ ਨੂੰ ਵੀ ਇਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਪਿਛਲੇ ਕਾਫੀ ਸਮੇਂ ਤੋਂ ਵਿਗਿਆਨੀ ਵਾਤਾਵਰਨ ਵਿਚ ਆਈਆਂ ਇਨ੍ਹਾਂ ਅਸਾਧਾਰਨ ਤਬਦੀਲੀਆਂ ਦਾ ਅਧਿਐਨ ਕਰਦੇ ਆ ਰਹੇ ਹਨ। ਬਹੁਗਿਣਤੀ ਵਿਗਿਆਨੀ ਭਾਵੇਂ ਆਪਣੇ ਖੋਜ ਕਾਰਜਾਂ ਰਾਹੀਂ ਇਸ ਸਿੱਟੇ 'ਤੇ ਪੁੱਜੇ ਸਨ ਕਿ ਧਰਤੀ ਦੀ ਤਪਸ਼ ਵਧਣ ਅਤੇ ਇਸ ਕਾਰਨ ਵਾਤਾਵਰਨ ਦੇ ਸੰਤੁਲਨ ਵਿਚ ਆ ਰਹੇ ਵਿਗਾੜਾਂ ਦਾ ਮੁੱਖ ਕਾਰਨ ਮਨੁੱਖੀ ਸਰਗਰਮੀਆਂ ਹਨ ਭਾਵ ਜਿਨ੍ਹਾਂ ਤਕਨੀਕਾਂ ਤੇ ਵਿਧੀਆਂ ਨਾਲ ਮਨੁੱਖ ਵਲੋਂ ਸਨਅਤੀ ਉਤਪਾਦਨ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਆਧੁਨਿਕ ਲੀਹਾਂ 'ਤੇ ਖੇਤੀਬਾੜੀ ਅਤੇ ਹੋਰ ਕਾਰੋਬਾਰ ਕੀਤੇ ਜਾ ਰਹੇ ਹਨ, ਵਿਕਾਸ ਦੇ ਨਾਂਅ 'ਤੇ ਜਿਸ ਤਰ੍ਹਾਂ ਦੀਆਂ ਅੰਨ੍ਹੇਵਾਹ ਜੰਗਲਾਂ ਦੀ ਕਟਾਈ ਕਰਕੇ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ, ਊਰਜਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਿਸ ਤਰ੍ਹਾਂ ਵੱਡੀ ਪੱਧਰ 'ਤੇ ਕੋਲੇ ਅਤੇ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਇਸ ਸਭ ਕੁਝ ਨਾਲ ਵੱਡੀ ਪੱਧਰ 'ਤੇ ਕਾਰਬਨ ਡਾਈਆਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਪੈਦਾ ਹੋ ਰਹੀਆਂ ਹਨ ਅਤੇ ਇਹ ਗੈਸਾਂ, ਜਿਨ੍ਹਾਂ ਨੂੰ ਗਰੀਨ ਹਾਊਸ ਗੈਸਾਂ ਵੀ ਕਿਹਾ ਜਾਂਦਾ ਹੈ, ਧਰਤੀ ਦੀ ਤਪਸ਼ ਵਿਚ ਵਾਧੇ ਲਈ ਜ਼ਿੰਮੇਵਾਰ ਹਨ। ਇਨ੍ਹਾਂ ਸਾਰੀਆਂ ਹਕੀਕਤਾਂ ਦੇ ਬਾਵਜੂਦ ਦੁਨੀਆ ਦੇ ਵਿਕਸਿਤ ਦੇਸ਼ਾਂ ਦੇ ਕਈ ਵੱਡੇ ਹੁਕਮਰਾਨ ਇਨ੍ਹਾਂ ਤੱਥਾਂ ਨੂੰ ਸਵੀਕਾਰਨ ਤੋਂ ਇਨਕਾਰੀ ਰਹੇ ਹਨ ਕਿ ਧਰਤੀ ਦੀ ਤਪਸ਼ ਮਨੁੱਖੀ ਸਰਗਰਮੀਆਂ ਕਾਰਨ ਵਧ ਰਹੀ ਹੈ। ਪਰ ਹੁਣ ਦੁਨੀਆ ਭਰ ਦੇ ਵਿਗਿਆਨੀਆਂ ਵਲੋਂ ਪਿਛਲੇ ਲੰਮੇ ਸਮੇਂ ਵਿਚ ਖੋਜ ਕਾਰਜ ਕਰਕੇ ਜੋ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚੋਂ 99.9 ਫ਼ੀਸਦੀ ਰਿਪੋਰਟਾਂ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦੀਆਂ ਹਨ ਕਿ ਧਰਤੀ ਦੀ ਤਪਸ਼ ਮਨੁੱਖੀ ਸਰਗਰਮੀਆਂ ਕਰਕੇ ਹੀ ਵਧ ਰਹੀ ਹੈ। ਇਹ ਅੰਕੜੇ 88 ਹਜ਼ਾਰ ਤੋਂ ਜ਼ਿਆਦਾ ਅਧਿਐਨਾਂ ਦੀ ਸਮੀਖਿਆ ਤੋਂ ਬਾਅਦ ਸਾਹਮਣੇ ਆਏ ਹਨ। ਇਸ ਸੰਬੰਧੀ 'ਇਨਵਾਇਰਮੈਂਟਲ ਰਿਸਰਚ ਲੈਟਰਜ਼' ਨਾਂਅ ਦੇ ਮੈਗਜ਼ੀਨ ਵਿਚ ਇਕ ਵਿਸ਼ੇਸ਼ ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਇਸ ਰਿਪੋਰਟ ਵਿਚ 1991 ਤੋਂ ਲੈ ਕੇ 2012 ਤੱਕ ਹੋਏ ਅਧਿਐਨਾਂ ਨੂੰ ਆਧਾਰ ਬਣਾਇਆ ਗਿਆ ਹੈ ਅਤੇ 97 ਫ਼ੀਸਦੀ ਅਧਿਐਨ ਉਪਰੋਕਤ ਤੱਥਾਂ ਦੀ ਪੁਸ਼ਟੀ ਕਰਦੇ ਹਨ। 2012 ਤੋਂ ਬਅਦ 2020 ਤੱਕ ਕੀਤੇ ਗਏ ਅਧਿਐਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਵੀ ਅਜਿਹੇ ਹੀ ਤੱਥਾਂ ਦੀ ਪੁਸ਼ਟੀ ਹੁੰਦੀ ਹੈ। ਬਹੁਤੇ ਵਿਗਿਆਨੀ ਹੁਣ ਇਸ ਗੱਲ ਬਾਰੇ ਇਕਮਤ ਹਨ ਕਿ ਦੁਨੀਆ ਦੇ ਬਹੁਤੇ ਗਲੇਸ਼ੀਅਰ ਅਤੇ ਖ਼ਾਸ ਕਰਕੇ ਅਫਰੀਕੀ ਮਹਾਂਦੀਪ ਦੇ ਦੁਰਲੱਭ ਗਲੇਸ਼ੀਅਰ ਅਗਲੇ ਦੋ ਦਹਾਕਿਆਂ ਵਿਚ ਖ਼ਤਮ ਹੋ ਜਾਣਗੇ ਅਤੇ ਇਸ ਨਾਲ ਵਾਤਾਵਰਨ ਦੇ ਸੰਤੁਲਨ ਵਿਚ ਹੋਰ ਵਿਗਾੜ ਆਏਗਾ। ਸਮੁੰਦਰਾਂ ਦੇ ਤਲ ਹੋਰ ਉੱਚੇ ਹੋਣਗੇ ਅਤੇ ਸਮੁੰਦਰਾਂ ਦੇ ਕਿਨਾਰੇ ਵਸੇ ਦੇਸ਼ਾਂ ਦੀ ਆਬਾਦੀ ਲਈ ਵੱਡੇ ਖ਼ਤਰੇ ਖੜ੍ਹੇ ਹੋਣਗੇ। ਗਲੇਸ਼ੀਅਰਾਂ ਦੇ ਪਿਘਲਣ ਨਾਲ ਤਾਜ਼ਾ ਪਾਣੀ ਦੇ ਸਰੋਤਾਂ ਵਿਚ ਵੀ ਕਮੀ ਆਏਗੀ ਅਤੇ ਵਿਸ਼ਵ ਪੱਧਰ 'ਤੇ ਜਲ ਸੰਕਟ ਇਕ ਗੰਭੀਰ ਰੂਪ ਅਖ਼ਤਿਆਰ ਕਰ ਜਾਏਗਾ। ਸਮੁੱਚੇ ਤੌਰ 'ਤੇ ਇਸ ਨਾਲ ਧਰਤੀ 'ਤੇ ਮਨੁੱਖੀ ਵਸੇਬੇ ਲਈ ਅਤੇ ਹੋਰ ਜੀਵ-ਜੰਤੂਆਂ ਲਈ ਭਿਆਨਕ ਸਮੱਸਿਆਵਾਂ ਉਤਪੰਨ ਹੋਣਗੀਆਂ। ਇਥੇ ਇਹ ਵਰਨਣਯੋਗ ਹੈ ਕਿ ਖੋਜ ਆਧਾਰਿਤ ਇਹ ਤੱਥ ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ 31 ਅਕਤੂਬਰ ਤੋਂ ਸਕਾਟਲੈਂਡ ਵਿਚ ਹੋਣ ਵਾਲੇ ਜਲਵਾਯੂ ਸੰਮੇਲਨ ਤੋਂ ਪਹਿਲਾਂ ਉਜਾਗਰ ਹੋਏ ਹਨ। ਬਿਨਾਂ ਸ਼ੱਕ ਇਨ੍ਹਾਂ ਤੱਥਾਂ ਦਾ ਇਸ ਸੰਮੇਲਨ 'ਤੇ ਗਹਿਰਾ ਪ੍ਰਭਾਵ ਪਵੇਗਾ ਅਤੇ ਜਲਵਾਯੂ ਤਬਦੀਲੀ ਸੰਬੰਧੀ ਵਿਚਾਰ-ਚਰਚੇ ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿਚ ਹੀ ਹੋਣਗੇ।
ਸਾਡੀ ਇਹ ਬੜੀ ਸਪੱਸ਼ਟ ਰਾਏ ਹੈ ਕਿ ਇਸ ਸਮੇਂ ਇਸ ਧਰਤੀ ਦੀ ਹੋਂਦ ਨੂੰ ਬਚਾਈ ਰੱਖਣ ਲਈ ਇਕ ਲੋਕ-ਪੱਖੀ ਅਤੇ ਕੁਦਰਤ-ਪੱਖੀ ਵਿਕਾਸ ਮਾਡਲ ਦੀ ਜ਼ਰੂਰਤ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਭਾਵੇਂ ਸਮਾਜਵਾਦ 'ਤੇ ਆਧਾਰਿਤ ਵਿਕਾਸ ਮਾਡਲ ਅਨੁਸਾਰ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹੋਣ ਜਾਂ ਕਾਰਪੋਰੇਟ ਵਿਕਾਸ ਮਾਡਲ ਅਧੀਨ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹੋਣ, ਦੋਵਾਂ ਦੇ ਸੰਦਰਭ ਵਿਚ ਸਭ ਤੋਂ ਵੱਡੀ ਲੋੜ ਇਹ ਹੀ ਹੈ ਕਿ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਅਤੇ ਧਰਤੀ ਦੀ ਤਪਸ਼ ਨੂੰ ਘਟਾਉਣ ਲਈ ਵੱਡੇ ਕਦਮ ਚੁੱਕੇ ਜਾਣ। ਦੁਨੀਆ ਭਰ ਵਿਚ ਖੇਤੀਬਾੜੀ, ਸਨਅਤ ਅਤੇ ਹੋਰ ਕਾਰੋਬਾਰਾਂ ਅਤੇ ਵਿਕਾਸ ਪ੍ਰਾਜੈਕਟਾਂ ਨੂੰ ਅਪਣਾਉਣ ਅਤੇ ਲਾਗੂ ਕਰਨ ਸਮੇਂ ਹਰ ਪੱਧਰ 'ਤੇ ਇਹ ਸੋਚਿਆ ਜਾਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਸਾਡੇ ਅਮਲਾਂ ਨਾਲ ਧਰਤੀ ਦੀ ਤਪਸ਼ ਵਿਚ ਵਾਧਾ ਨਾ ਹੋਵੇ। ਹਰ ਖੇਤਰ ਵਿਚ ਅਜਿਹੀਆਂ ਤਕਨੀਕਾਂ ਅਤੇ ਵਿਕਾਸ ਵਿਧੀਆਂ ਨੂੰ ਅਪਣਾਏ ਜਾਣ ਦੀ ਲੋੜ ਹੈ, ਜਿਹੜੀਆਂ ਧਰਤੀ ਦੀ ਤਪਸ਼ ਅਤੇ ਖ਼ਾਸ ਕਰਕੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਵਾਲੀਆਂ ਹੋਣ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਦੁਨੀਆ ਇਸ ਚੁਣੌਤੀ ਨੂੰ ਸਮਝਦੀ ਹੋਈ ਆਪਣੇ-ਆਪ ਨੂੰ ਤਬਦੀਲ ਕਰਨ ਦਾ ਯਤਨ ਕਰੇਗੀ। ਜੇਕਰ ਬਦਕਿਸਮਤੀ ਨਾਲ ਅਜਿਹਾ ਨਾ ਹੋ ਸਕਿਆ ਤਾਂ ਧਰਤੀ ਦੀ ਵਧ ਰਹੀ ਤਪਸ਼ ਕੁਝ ਹੀ ਦਹਾਕਿਆਂ ਵਿਚ ਸਾਡੇ ਲਈ ਬਹੁਤ ਹੀ ਵੱਡੀਆਂ ਚੁਣੌਤੀਆਂ ਲੈ ਕੇ ਸਾਹਮਣੇ ਆਏਗੀ ਅਤੇ ਇਸ ਕਾਰਨ ਧਰਤੀ 'ਤੇ ਸਭ ਤਰ੍ਹਾਂ ਦੇ ਜੀਵਾਂ ਦੀ ਹੋਂਦ ਹੀ ਖ਼ਤਰੇ ਵਿਚ ਪੈ ਜਾਵੇਗੀ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਆਪਣੇ 11 ਅਕਤੂਬਰ, 2021 ਦੇ ਗਜ਼ਟ ਨੋਟੀਫ਼ਿਕੇਸ਼ਨ ਰਾਹੀਂ ਬੀ.ਐਸ.ਐੱਫ਼. ਐਕਟ 'ਚ ਸੋਧ ਕਰਦਿਆਂ ਤਿੰਨ ਸੂਬਿਆਂ 'ਚ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐੱਫ਼.) ਦੇ ਕਾਰਜ ਖੇਤਰ 'ਚ ਵਾਧਾ ਕੀਤਾ ਹੈ ਅਤੇ ਇਕ ਸੂਬੇ 'ਚ ਉਸ ਦੇ ਕਾਰਜ ਖੇਤਰ ਨੂੰ ਘੱਟ ਕੀਤਾ ਹੈ। ...
ਜਨਮ ਦਿਨ 'ਤੇ ਵਿਸ਼ੇਸ਼
ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਆਦਰਸ਼ਕ ਸਿੱਖ, ਸਮਾਜ ਸੁਧਾਰਕ ਅਤੇ ਕਰਮਯੋਗੀ ਸੰਤ ਕਰਤਾਰ ਸਿੰਘ ਖ਼ਾਲਸਾ ਦਾ ਜਨਮ ਪੰਥ ਦੇ ਮਹਾਨ ਸੇਵਕ ਜਥੇਦਾਰ ਝੰਡਾ ਸਿੰਘ ਦੇ ਘਰ ਮਾਤਾ ਲਾਭ ਕੌਰ ਦੀ ਕੁੱਖੋਂ ਪਿੰਡ ਭੂਰਾ ਕੋਹਨਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ...
ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ, ਵਿਸ਼ਵ ਦੇ ਬਹੁਤੇ ਲੋਕਾਂ ਦੇ ਮਨਾਂ ਵਿਚ ਇਹੋ ਸਵਾਲ ਘੁੰਮ ਰਿਹਾ ਹੈ ਕਿ ਸਰਕਾਰ ਬਣਾਉਣ ਤੋਂ ਬਾਅਦ ਤਾਲਿਬਾਨ ਦੇਸ਼ ਨੂੰ ਕਿਵੇਂ ਚਲਾਉਣਗੇ? ਅਫ਼ਗਾਨਿਸਤਾਨ ਦੀ ਅਰਥਵਿਵਸਥਾ ਦਾ ਕੀ ਹੋਵੇਗਾ? ਦੇਸ਼ ਦੇ ਖ਼ਰਚਿਆਂ ਨੂੰ ਸਹਿਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX