ਸੰਸਦ ਦੇ ਕੇਂਦਰੀ ਹਾਲ 'ਚ ਸੰਵਿਧਾਨ ਦਿਵਸ ਮੌਕੇ ਸਮਾਗਮ
ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ 'ਤੇ ਹਮਲਾ ਕਰਦੇ ਹੋਏ ਪਰਿਵਾਰਕ ਪਾਰਟੀਆਂ ਨੂੰ ਸੰਵਿਧਾਨ ਪ੍ਰਤੀ ਸਮਰਪਿਤ ਰਾਜਨੀਤਿਕ ਪਰਟੀਆਂ ਲਈ ਖ਼ਤਰਾ ਦੱਸਿਆ ਤੇ ਦਾਅਵਾ ਕੀਤਾ ਕਿ ਲੋਕਤੰਤਰਿਕ ਚਰਿੱਤਰ ਗੁਆ ਚੁੱਕੀਆਂ ਪਾਰਟੀਆਂ ਲੋਕਤੰਤਰ ਦੀ ਰੱਖਿਆ ਨਹੀਂ ਕਰ ਸਕਦੀਆਂ | ਸੰਸਦ ਦੇ ਕੇਂਦਰੀ ਹਾਲ 'ਚ ਸੰਵਿਧਾਨ ਦਿਵਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਸੇ ਵਿਰੋਧੀ ਪਾਰਟੀ ਵਿਸ਼ੇਸ਼ ਦਾ ਨਾਂਅ ਲਏ ਬਗੈਰ ਇਸ ਸਮਾਗਮ ਦਾ ਬਾਈਕਾਟ ਕਰਨ ਵਾਲੀਆਂ ਪਾਰਟੀਆਂ ਨੂੰ ਆੜੇ ਹੱਥੀਂ ਲਿਆ ਤੇ ਇਸ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਵਰਗੇ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਚੇਤੇ ਨਾ ਕਰਨ ਤੇ ਉਨ੍ਹਾਂ ਖਿਲਾਫ 'ਵਿਰੋਧ ਦੀ ਭਾਵਨਾ' ਨੂੰ ਇਹ ਦੇਸ਼ ਕਦੇ ਸਵੀਕਾਰ ਨਹੀਂ ਕਰੇਗਾ | ਉਨ੍ਹਾਂ ਕਿਹਾ ਕਿ ਸੰਵਿਧਾਨ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਏ ਜਾਣ ਦੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਇਸ ਲਈ ਹਰ ਸਾਲ ਸੰਵਿਧਾਨ ਦਿਵਸ ਮਨਾ ਕੇ ਰਾਜਨੀਤਿਕ ਪਾਰਟੀਆਂ ਨੂੰ ਆਪਣਾ ਮੁਲਾਂਕਣ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇਕਰ ਦੇਸ਼ ਆਜ਼ਾਦ ਹੋਣ ਬਾਅਦ 26 ਜਨਵਰੀ ਤੋਂ ਦੇਸ਼ 'ਚ ਸੰਵਿਧਾਨ ਦਿਵਸ ਮਨਾਉਣ ਦੀ ਪਰੰਪਰਾ ਸ਼ੁਰੂ ਹੁੰਦੀ | ਉਨ੍ਹਾਂ ਕਿਹਾ ਕਿ ਅਜਿਹਾ ਹੰੁਦਾ ਤਾਂ ਇਕ ਜੀਵੰਤ ਇਕਾਈ ਤੇ ਸਮਾਜਿਕ ਦਸਤਾਵੇਜ਼ ਦੇ ਰੂਪ 'ਚ ਸੰਵਿਧਾਨ ਇਕ ਬਹੁਤ ਵੱਡੀ ਤਾਕਤ ਦੇ ਰੂਪ 'ਚ ਪੀੜੀਆਂ ਤੱਕ ਕੰਮ ਆਉਂਦਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਾਲ 2015 'ਚ ਉਨ੍ਹਾਂ ਸੰਸਦ 'ਚ ਬਾਬਾ ਸਾਹਿਬ ਅੰਬੇਡਕਰ ਦੀ 125ਵੀ ਜਨਮ ਵਰ੍ਹੇਗੰਢ 'ਤੇ ਸੰਵਿਧਾਨ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ ਉਦੋਂ ਵੀ ਇਸ ਦਾ ਵਿਰੋਧ ਹੋਇਆ ਸੀ | ਉਨ੍ਹਾਂ ਕਿਹਾ ਕਿ ਵਿਰੋਧ ਅੱਜ ਵੀ ਹੋ ਰਿਹਾ ਹੈ | ਜ਼ਿਕਰਯੋਗ ਹੈ ਕਿ ਕਾਂਗਰਸ ਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਸੰਵਿਧਾਨ ਦਿਵਸ ਸਬੰਧੀ ਅੱਜ ਦੇ ਸਮਾਗਮ 'ਚ ਸ਼ਾਮਿਲ ਨਹੀਂ ਹੋਏ | ਇਸ ਸਮਾਗਮ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਸੰਬੋਧਨ ਕੀਤਾ | ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਬੋਧਨ ਕਰਦਿਆਂ ਸੰਸਦ ਨੂੰ ਲੋਕਤੰਤਰ ਦਾ ਮੰਦਰ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਹਰ ਸੰਸਦ ਮੈਂਬਰ ਦੀ ਜ਼ਿੰਮੇਵਾਰੀ ਹੈ ਕਿ ਉਹ ਸੰਸਦ 'ਚ ਉਹੀ ਭਾਵਨਾ ਦਿਖਾਏ ਜਿਹੜੀ ਉਹ ਆਪਣੇ ਧਾਰਮਿਕ ਸਥਾਨਾਂ ਵਿਚ ਦਿਖਾਉਂਦਾ ਹੈ ਤੇ ਮਤਭੇਦਾਂ ਨੂੰ ਲੋਕ ਸੇਵਾ ਦੇ ਅਸਲ ਉਦੇਸ਼ ਦੇ ਰਾਹ ਵਿਚ ਰੁਕਾਵਟ ਨਾ ਬਣਨ ਦਿੱਤਾ ਜਾਵੇ | ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਵਿਚਾਰਧਾਰਾ 'ਚ ਮਤਭੇਦ ਹੋ ਸਕਦੇ ਹਨ, ਪਰ ਕੋਈ ਵੀ ਮਤਭੇਦ ਇੰਨਾ ਵੱਡਾ ਨਹੀਂ ਹੋਣਾ ਚਾਹੀਦਾ ਕਿ ਲੋਕ ਸੇਵਾ ਦੇ ਅਸਲ ਮਕਸਦ 'ਚ ਰੁਕਾਵਟ ਪੈਦਾ ਹੋਵੇ |
ਮੁੰਬਈ, 26 ਨਵੰਬਰ (ਪੀ. ਟੀ. ਆਈ.)-ਮੁੰਬਈ 'ਤੇ 26 ਨਵੰਬਰ, 2008 ਨੂੰ ਹੋਏ ਭਿਆਨਕ ਅੱਤਵਾਦੀ ਹਮਲੇ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਜਵਾਨਾਂ ਤੇ ਲੋਕਾਂ ਨੂੰ ਮਹਾਨਗਰ ਦੇ ਵੱਖ-ਵੱਖ ਸਥਾਨਾਂ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ, ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਰਾਜ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਦੱਖਣੀ ਮੁੰਬਈ ਸਥਿਤ ਪੁਲਿਸ ਹੈੱਡਕੁਆਰਟਰ ਵਿਖੇ ਸਥਿਤ ਸਮਾਰਕ 'ਤੇ ਪਹੁੰਚ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਮੁੱਖ ਮੰਤਰੀ ਊਧਵ ਠਾਕਰੇ, ਜੋ ਰੀੜ੍ਹ ਦੀ ਹੱਡੀ ਦੀ ਸਰਜਰੀ ਤੋਂ ਬਾਅਦ ਮੁੰਬਈ ਦੇ ਇਕ ਹਸਪਤਾਲ 'ਚ ਦਾਖਲ ਹਨ, ਨੇ ਵੀ 26/11 ਦੇ ਸ਼ਹੀਦਾਂ ਨੂੰ ਯਾਦ ਕੀਤਾ | ਮੁੰਬਈ ਪੁਲਿਸ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਸ਼ਹੀਦ ਜਵਾਨਾਂ ਦੀ ਅਡੋਲ ਭਾਵਨਾ ਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ | ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਵੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਜ਼ਿਕਰਯੋਗ ਹੈ ਕਿ ਪਾਕਿਸਤਾਨ ਤੋਂ ਲਸ਼ਕਰ-ਏ-ਤਾਇਬਾ ਦੇ 10 ਅੱਤਵਾਦੀਆਂ ਨੇ ਸਮੁੰਦਰੀ ਰਸਤੇ ਰਾਹੀਂ ਆ ਕੇ ਮੁੰਬਈ ਦੇ ਪ੍ਰਸਿੱਧ ਤਾਜ ਹੋਟਲ ਸਮੇਤ ਕਈ ਪ੍ਰਮੁੱਖ ਸਥਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ, 60 ਘੰਟੇ ਚੱਲੇ ਮੁਕਾਬਲੇ ਦੌਰਾਨ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕ ਮਾਰੇ ਗਏ, ਜਿਨ੍ਹਾਂ 'ਚ ਭਾਰਤ ਤੋਂ ਇਲਾਵਾ 14 ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਿਲ ਸਨ | ਹਮਲੇ 'ਚ ਮਾਰੇ ਗਏ ਲੋਕਾਂ 'ਚ ਤਤਕਾਲੀ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਦੇ ਮੁਖੀ ਹੇਮੰਤ ਕਰਕਰੇ, ਫ਼ੌਜ ਦੇ ਮੇਜਰ ਸੰਦੀਪ ਉਨੀਕਿ੍ਸ਼ਨਨ, ਮੁੰਬਈ ਦੇ ਵਧੀਕ ਪੁਲਿਸ ਕਮਿਸ਼ਨਰ ਅਸ਼ੋਕ ਕਾਮਟੇ, ਸੀਨੀਅਰ ਪੁਲਿਸ ਇੰਸਪੈਕਟਰ ਵਿਜੇ ਸਾਲਸਕਰ ਅਤੇ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਤੁਕਾਰਾਮ ਓਮਬਲੇ ਸ਼ਾਮਿਲ ਸਨ | ਸੁਰੱਖਿਆ ਬਲ, ਜਿਨ੍ਹਾਂ 'ਚ ਦੇਸ਼ ਦੀ 'ਅਲੀਟ' ਕਮਾਂਡੋ ਫੋਰਸ ਐਨ.ਐਸ.ਜੀ. ਵੀ ਸ਼ਾਮਿਲ ਸੀ, ਨੇ ਹਮਲਾਵਰ 9 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ | ਅਜਮਲ ਕਸਾਬ ਇਕਲੌਤਾ ਅੱਤਵਾਦੀ ਸੀ, ਜਿਸ ਨੂੰ ਜ਼ਿੰਦਾ ਫੜਿਆ ਗਿਆ ਸੀ | ਉਸ ਨੂੰ 4 ਸਾਲ ਬਾਅਦ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ |
ਨਵੀਂ ਦਿੱਲੀ (ਪੀ. ਟੀ. ਆਈ.)-ਭਾਰਤ ਨੇ ਮੁੰਬਈ ਅੱਤਵਾਦੀ ਹਮਲੇ ਦੀ ਬਰਸੀ ਮੌਕੇ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਕੂਟਨੀਤਕ ਨੂੰ ਤਲਬ ਕਰਕੇ ਕਿਹਾ ਕਿ ਇਸਲਾਮਾਬਾਦ ਮਾਮਲੇ ਦੀ ਜਲਦੀ ਸੁਣਵਾਈ ਨੂੰ ਯਕੀਨੀ ਬਣਾਏ | ਵਿਦੇਸ਼ ਮੰਤਰਾਲੇ ਨੇ ਪਾਕਿ ਕੂਟਨੀਤਿਕ ਨੂੰ ਸੌਂਪੇ ਗਏ ਨੋਟ 'ਚ ਪਾਕਿਸਤਾਨ ਨੂੰ ਕਿਹਾ ਕਿ ਉਹ ਭਾਰਤ ਦੇ ਖ਼ਿਲਾਫ਼ ਅੱਤਵਾਦ ਲਈ ਉਸ ਦੇ ਨਿਯੰਤਰਿਤ ਖੇਤਰਾਂ ਨੂੰ ਇਜਾਜ਼ਤ ਨਾ ਦੇਣ ਦੀ ਆਪਣੀ ਵਚਨਬੱਧਤਾ ਦਾ ਪਾਲਣ ਕਰੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26/11 ਹਮਲੇ ਦੀ ਬਰਸੀ ਮੌਕੇ ਜਾਰੀ ਵੀਡੀਓ ਸੰਦੇਸ਼ 'ਚ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅੱਜ ਦਾ ਭਾਰਤ ਨਵੀਂ ਨੀਤੀ ਤੇ ਨਵੇਂ ਤਰੀਕਿਆਂ ਨਾਲ ਅੱਤਵਾਦ ਦਾ ਮੁਕਾਬਲਾ ਕਰ ਰਿਹਾ ਹੈ |
ਐਮ.ਐਸ.ਪੀ. ਕਾਨੂੰਨ ਅਤੇ ਮਿ੍ਤਕ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ
ਜਗਤਾਰ ਸਿੰਘ
ਨਵੀਂ ਦਿੱਲੀ, 26 ਨਵੰਬਰ-ਇਤਿਹਾਸਕ ਕਿਸਾਨ ਅੰਦੋਲਨ ਦੇ ਇਕ ਸਾਲ ਪੂਰਾ ਹੋਣ 'ਤੇ ਦਿੱਲੀ ਦੀਆਂ ਸਰਹੱਦਾਂ ਸਿੰਘੂ, ਟਿਕਰੀ ਤੇ ਗਾਜ਼ੀਪੁਰ ਵਿਖੇ ਲੋਕਾਂ ਦਾ ਭਾਰੀ ਸੈਲਾਬ ਉਮੜਿਆ | ਇਸ ਤੋਂ ਇਲਾਵਾ ਦੇਸ਼ ਭਰ 'ਚ ਹੋਏ ਵੱਡੇ ਇਕੱਠਾਂ ਦੌਰਾਨ ਕਿਸਾਨ ਆਗੂਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਵਿਵਾਦਿਤ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਵਾਲੀ ਕੇਂਦਰ ਸਰਕਾਰ ਨੂੰ ਬਾਕੀ ਮੰਗਾਂ ਤੇ ਜਾਨ ਗਵਾਉਣ ਵਾਲੇ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਤੇ ਮੁੜ ਵਸੇਬੇ ਪ੍ਰਤੀ ਵੀ ਤੁਰੰਤ ਗੰਭੀਰਤਾ ਨਾਲ ਤਵੱਜੋ ਦੇਣ ਦੀ ਅਪੀਲ ਕੀਤੀ | ਦਿੱਲੀ ਦੀਆਂ ਸਰਹੱਦਾਂ 'ਤੇ ਹੋਏ ਭਾਰੀ ਇਕੱਠ ਮੌਕੇ ਸੰਘਰਸ਼ ਦੀ ਦਾਸਤਾਨ, ਜਿੱਤ ਦੀ ਮੁਸਕਾਨ ਤੇ ਜਾਨ ਗਵਾਉਣ ਵਾਲੇ ਕਿਸਾਨਾਂ ਪ੍ਰਤੀ ਭਾਵੁਕ ਅਹਿਸਾਸ ਦਾ ਪ੍ਰਗਟਾਵਾ ਵੀ ਲੋਕਾਂ ਦੇ ਚਿਹਰਿਆਂ 'ਤੇ ਸਪੱਸ਼ਟ ਨਜ਼ਰ ਆਇਆ | ਕਿਸਾਨ ਆਗੂਆਂ ਨੇ ਆਪਣੀਆਂ ਤਕਰੀਰਾਂ ਦੌਰਾਨ ਅੰਦੋਲਨ ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਕਿਹਾ ਕਿ ਜਿਹੜੇ ਕਹਿੰਦੇ ਸੀ ਇਹ ਕਿਸਾਨ ਥੱਕ ਕੇ ਮੁੜ ਜਾਣਗੇ, ਉਹ ਗਲਤ ਸਾਬਤ ਹੋਏ | ਅੰਦੋਲਨ ਨੇ ਸਰਕਾਰ ਦੀਆਂ ਚੂਲਾਂ ਹਿਲਾ ਦਿੱਤੀਆਂ ਤੇ ਇਹ ਅੰਦੋਲਨ ਪੂਰੇ ਵਿਸ਼ਵ 'ਚ ਫੈਲ ਗਿਆ | ਬੁਲਾਰਿਆਂ ਕਿਹਾ ਕਿ ਸਰਹੱਦਾਂ 'ਤੇ ਹੋਇਆ ਲਾਮਿਸਾਲ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੰਘਰਸ਼, ਇਕਜੁੱਟਤਾ ਤੇ ਜਜ਼ਬੇ ਨਾਲ ਅਸੰਭਵ ਕਾਰਜ ਨੂੰ ਵੀ ਸਿਰੇ ਚਾੜਿ੍ਹਆ ਜਾ ਸਕਦਾ ਹੈ |
ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ
ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ (ਹੁਣ ਤੱਕ 719) ਨੂੰ ਸ਼ਰਧਾਂਜਲੀ ਦਿੰਦੇ ਹੋਏ ਆਗੂਆਂ ਵਲੋਂ ਸਰਕਾਰ ਨੂੰ ਪੀੜਤ ਪਰਿਵਾਰਾਂ ਲਈ ਮੁਆਵਜ਼ਾ ਤੇ ਮੁੜ ਵਸੇਬੇ ਦੀ ਮੰਗ ਕੀਤੀ ਗਈ | ਕਿਸਾਨ ਆਗੂਆਂ ਨੇ ਕਿਹਾ ਕਿ ਸ਼ਾਂਤਮਈ ਮੋਰਚਾ ਅੱਜ ਜਿਸ ਮੁਕਾਮ 'ਤੇ ਪੁੱਜਾ ਹੈ, ਉਸ ਲਈ ਸਭ ਤੋਂ ਵੱਡਾ ਯੋਗਦਾਨ ਉਨ੍ਹਾਂ ਲੋਕਾਂ ਦਾ ਹੈ, ਜੋ ਮਿਹਨਤਕਸ਼ਾਂ ਦੇ ਹੱਕਾਂ ਦੀ ਰਾਖੀ ਲਈ ਆਪਣੇ ਜੀਵਨ ਨੂੰ ਕੁਰਬਾਨ ਕਰ ਗਏ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੇ ਯੋਗ ਮੁਆਵਜ਼ੇ ਲਈ ਤੁਰੰਤ ਐਲਾਨ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਭਵਿੱਖ 'ਚ ਜਦੋਂ ਵੀ ਇਸ ਅੰਦੋਲਨ ਦਾ ਜ਼ਿਕਰ ਹੋਇਆ ਕਰੇਗਾ ਤਾਂ ਸਭ ਤੋਂ ਪਹਿਲਾਂ ਕਿਸਾਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਇਆ ਕਰੇਗਾ |
ਐਮ. ਐਸ. ਪੀ. 'ਤੇ ਕਾਨੂੰਨ ਬਣਾਉਣ ਲਈ ਸਰਕਾਰ 'ਤੇ ਦਬਾਅ ਵਧਾਉਣਾ ਸ਼ੁਰੂ
ਕਿਸਾਨ ਆਗੂਆਂ ਨੇ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) 'ਤੇ ਕਾਨੂੰਨ ਬਣਾਉਣ ਲਈ ਸਰਕਾਰ 'ਤੇ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ ਹੈ | ਗਾਜ਼ੀਪੁਰ ਸਰਹੱਦ ਵਿਖੇ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਐਮ.ਐਸ.ਪੀ. 'ਤੇ ਕਾਨੂੰਨ ਬਣਨ ਤੱਕ ਜਾਰੀ ਰਹੇਗਾ | ਸਿੰਘੂ ਸਰਹੱਦ 'ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਲੰਮੇ ਸੰਘਰਸ਼ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੂੰ ਹੁਣ ਐਮ.ਐਸ.ਪੀ. ਬਾਰੇ ਵੀ ਗੰਭੀਰਤਾ ਨਾਲ ਤਵੱਜੋ ਦੇਣੀ ਚਾਹੀਦੀ ਹੈ | ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਹਾਥੀ ਨਿਕਲ ਗਿਆ ਹੈ, ਹੁਣ ਪੂਛ ਨਿਕਲਣ ਦੀ ਰਾਹ 'ਚ ਕੋਈ ਅੜਿੱਕਾ ਨਾ ਪਾਇਆ ਜਾਵੇ | ਉਨ੍ਹਾਂ ਸਪੱਸ਼ਟ ਕਿਹਾ ਕਿ ਐਮ.ਐਸ.ਪੀ. ਬਗੈਰ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ |
ਸਦੀਆਂ ਤੱਕ ਯਾਦ ਰੱਖਿਆ ਜਾਵੇਗਾ ਇਤਿਹਾਸਕ ਅੰਦੋਲਨ
ਕਿਸਾਨ ਅੰਦੋਲਨ ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਬਲਬੀਰ ਸਿੰਘ ਰਾਜੇਵਾਲ, ਡਾ: ਦਰਸ਼ਨਪਾਲ, ਗੁਰਨਾਮ ਸਿੰਘ ਚੜੂਨੀ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਇਸ ਸ਼ਾਂਤਮਈ ਅੰਦੋਲਨ ਨੇ ਖੇਤਰੀ, ਧਾਰਮਿਕ ਜਾਂ ਜਾਤੀ ਵੰਡਾਂ ਨੂੰ ਕੱਟਦੇ ਹੋਏ ਕਿਸਾਨਾਂ ਲਈ ਇਕਜੁੱਟ ਪਛਾਣ ਦੀ ਭਾਵਨਾ ਪੈਦਾ ਕੀਤੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਸੋਧਾਂ ਜਿੰਨੀਆਂ ਮਰਜ਼ੀ ਕਰਵਾ ਲਓ ਪਰ ਇਨ੍ਹਾਂ ਖੇਤੀ ਕਾਨੂੰਨਾਂ ਲਈ ਕਾਨੂੰਨ ਰੱਦ ਦੇ ਸ਼ਬਦ ਦੀ ਵਰਤੋਂ ਨਾ ਕਰੋ, ਪ੍ਰੰਤੂ ਮਿਹਨਤਕਸ਼ਾਂ ਦੇ ਲੰਮੇ ਸੰਘਰਸ਼ ਨੇ ਉਨ੍ਹਾਂ ਲੋਕਾਂ ਨੂੰ ਹੀ ਖੁਦ ਕਾਨੂੰਨ ਰੱਦ ਕਰਨ ਦਾ ਸ਼ਬਦ ਵਰਤਣ ਲਈ ਮਜਬੂਰ ਕਰ ਦਿੱਤਾ, ਜਿਸ ਕਾਰਨ ਇਤਿਹਾਸਕ ਕਿਸਾਨ ਅੰਦੋਲਨ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ |
ਗਾਇਕ ਬੱਬੂ ਮਾਨ ਤੇ ਹੋਰ ਵੀ ਪੁੱਜੇ
ਸਿੰਘੂ ਸਰਹੱਦ ਵਿਖੇ ਅੱਜ ਦੇ ਪ੍ਰੋਗਰਾਮ 'ਚ ਕਿਸਾਨਾਂ ਦਾ ਸਮਰਥਨ ਕਰਨ ਲਈ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਪੁੱਜੀਆਂ, ਜਿਨ੍ਹਾਂ ਨੇ ਕਿਸਾਨ ਅੰਦੋਲਨ 'ਚ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਦੇਣ ਵਾਲਿਆਂ ਦੀ ਸ਼ਲਾਘਾ ਕੀਤੀ |
ਜਸ਼ਨ ਵਰਗਾ ਮਾਹੌਲ
ਅੰਦੋਲਨ ਦੇ ਇਕ ਸਾਲ ਪੂਰਾ ਹੋਣ ਮੌਕੇ ਬਹੁਤ ਵੱਡੀ ਗਿਣਤੀ 'ਚ ਆਏ ਲੋਕਾਂ ਦੇ ਚਿਹਰਿਆਂ 'ਤੇ ਜਸ਼ਨ ਵਰਗਾ ਮਾਹੌਲ ਨਜ਼ਰ ਆ ਰਿਹਾ ਸੀ | ਹਾਲਾਂਕਿ, ਉਨ੍ਹਾਂ ਦੇ ਚਿਹਰਿਆਂ 'ਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਪ੍ਰਤੀ ਭਾਵੁਕਤਾ ਦਾ ਅਹਿਸਾਸ ਵੀ ਝਲਕ ਰਿਹਾ ਸੀ | ਨੌਜਵਾਨਾਂ ਵਲੋਂ ਟਰੈਕਟਰਾਂ 'ਤੇ ਉੱਚੀ ਆਵਾਜ਼ 'ਚ ਜਿੱਤ ਨਾਲ ਸਬੰਧਿਤ ਗੀਤ ਵਜਾਏ ਜਾ ਰਹੇ ਸਨ ਅਤੇ ਹਰ ਕੋਈ ਆਪਣੇ ਤਰੀਕੇ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਦਾ ਨਜ਼ਰ ਆ ਰਿਹਾ ਸੀ | ਗੁਰਦਾਸਪੁਰ ਤੋਂ 75 ਸਾਲ ਦੀ ਬੀਬੀ ਪ੍ਰਕਾਸ਼ ਕੌਰ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਅੰਦੋਲਨ ਦੀ ਜਿੱਤ ਦੀ ਅਰਦਾਸ ਕਰਦੇ ਆ ਰਹੇ ਹਾਂ ਤੇ ਹੁਣ ਅਰਦਾਸ ਪੂਰੀ ਹੋਣ ਮੌਕੇ ਦਿਲ ਨੂੰ ਕਾਫੀ ਸਕੂਨ ਮਿਲਿਆ ਹੈ |
ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਅੱਜ
ਸੰਯੁਕਤ ਕਿਸਾਨ ਮੋਰਚੇ ਦੀ ਮਹੱਤਵਪੂਰਨ ਬੈਠਕ ਸਿੰਘੂ ਸਰਹੱਦ ਵਿਖੇ 27 ਨਵੰਬਰ (ਸਨਿਚਰਵਾਰ) ਨੂੰ ਹੋਵੇਗੀ, ਜਿਸ 'ਚ ਅੰਦੋਲਨ ਦੀ ਰੂਪ-ਰੇਖਾ ਬਾਰੇ ਵਿਚਾਰ-ਵਟਾਂਦਰਾ ਕਰਨ ਉਪਰੰਤ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ | ਕਿਸਾਨ ਆਗੂ ਟਿਕੈਤ ਮੁਤਾਬਿਕ ਜਦ ਤੱਕ ਸੰਸਦ ਦਾ ਇਜਲਾਸ ਚੱਲੇਗਾ, ਤਦ ਤੱਕ ਸਰਕਾਰ ਦੇ ਕੋਲ ਸੋਚਣ ਤੇ ਸਮਝਣ ਦਾ ਸਮਾਂ ਹੈ |
ਲੰਡਨ, 26 ਨਵੰਬਰ (ਏ. ਐਨ. ਆਈ.)-ਬਰਤਾਨੀਆ ਦੀ ਪੁਲਿਸ ਵਲੋਂ ਸਿੱਖਸ ਫਾਰ ਜਸਟਿਸ (ਐਸ. ਐਫ. ਜੇ.) ਦੇ ਦਫ਼ਤਰ 'ਤੇ ਮਾਰੇ ਗਏ ਛਾਪੇ ਦੌਰਾਨ ਖ਼ਾਲਿਸਤਾਨ ਨੂੰ ਲੈ ਕੇ ਕਰਵਾਏ 'ਰੈਫਰੰਡਮ' ਦੌਰਾਨ ਜਾਅਲੀ ਵੋਟਿੰਗ ਹੋਣ ਦਾ ਖੁਲਾਸਾ ਹੋਇਆ ਹੈ | ਯੂ.ਕੇ. ਦੀ ਮੈਟਰੋਪੋਲੀਟਨ ਪੁਲਿਸ ਵਲੋਂ ਹੰਸੋਲੋ ਦੀ 365 ਬਾਠ ਰੋਡ 'ਤੇ ਸਾਡਾ ਸੁਪਰ ਸਟੋਰ ਦੀ ਪਹਿਲੀ ਮੰਜਿਲ 'ਤੇ ਐਸ.ਐਫ.ਜੇ. ਦੇ ਦਫ਼ਤਰ 'ਚ ਕੀਤੀ ਛਾਪੇਮਾਰੀ ਦੌਰਾਨ ਇਲੈਕਟ੍ਰੋਨਿਕ ਉਪਕਰਨਾਂ ਤੇ ਦਸਤਵੇਜ਼ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਤੋਂ ਖੁਲਾਸਾ ਹੋਇਆ ਕਿ ਇਨ੍ਹਾਂ ਦੇ ਜ਼ਰੀਏ ਜਾਅਲੀ ਵੋਟਿੰਗ ਕਰਵਾਈ ਗਈ, ਜਦੋਂਕਿ 'ਰੈਫਰੰਡਮ' ਵਿਚ ਅਸਲ 'ਚ ਬਹੁਤ ਘੱਟ ਲੋਕਾਂ ਨੇ ਹਿੱਸਾ ਲਿਆ | ਮੈਟਰੋਪੋਲੀਟਨ ਪੁਲਿਸ ਨੂੰ ਸਿੱਖਸ ਫਾਰ ਜਸਟਿਸ ਦੇ ਦਫ਼ਤਰ 'ਚ ਗੈਰ-ਕਾਨੂੰਨੀ ਗਤੀਵਿਧੀਆਂ ਚੱਲਣ ਦੀ ਖ਼ਬਰ ਮਿਲੀ ਸੀ | ਇਹੀ ਨਹੀਂ ਪੁਲਿਸ ਨੇ ਇਸ ਸੰਗਠਨ ਨਾਲ ਜੁੜੇ ਇਕ ਅਜਿਹੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ, ਜਿਸ ਦੇ ਖੁੱਲ੍ਹੇ ਤੌਰ 'ਤੇ ਪਾਕਿਸਤਾਨ ਨਾਲ ਸੰਬੰਧ ਰਹੇ ਹਨ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 'ਰੈਫਰੰਡਮ' ਵਿਚ ਖ਼ਾਲਿਸਤਾਨ ਪੱਖੀ ਸਮੂਹਾਂ ਦੇ ਲੋਕਾਂ ਨੇ ਹਿੱਸਾ ਲਿਆ ਸੀ, ਜਦੋਂਕਿ ਹੋਰਨਾਂ ਨੂੰ ਕਿਸੇ ਹੋਰ ਬਹਾਨੇ ਵਰਗਲਾ ਕੇ ਵੋਟਿੰਗ ਕਰਵਾਈ ਗਈ | ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਸਿੱਖ ਭਾਈਚਾਰੇ ਦਾ ਭਾਰਤ 'ਚ ਚਲ ਰਹੇ ਕਿਸਾਨ ਅੰਦੋਲਨ ਨਾਲ ਡੂੰਘਾ ਲਗਾਅ ਤੇ ਹਮਦਰਦੀ ਹੈ | ਖ਼ਾਲਿਸਤਾਨੀ ਸੰਗਠਨ ਨੇ ਇਸ ਦਾ ਫਾਇਦਾ ਉਠਾਇਆ ਤੇ ਲੋਕਾਂ ਨੂੰ ਕਿਹਾ ਕਿ ਜੋ ਵੋਟਿੰਗ ਕਰਵਾਈ ਜਾ ਰਹੀ ਹੈ, ਉਸ ਨਾਲ ਕਿਸਾਨਾਂ ਨੂੰ ਮਦਦ ਮਿਲੇਗੀ |
ਸਿੱਖ ਫਾਰ ਜਸਟਿਸ ਦੇ ਦਫ਼ਤਰ 'ਚ ਛਾਪੇਮਾਰੀ ਦਾ ਚਰਚੇ
ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਸਿੱਖ ਫਾਰ ਜਸਟਿਸ (ਐਸ.ਐਫ.ਜੇ.) ਦੇ ਦਫਤਰ 'ਚ ਛਾਪੇਮਾਰੀ ਦੇ ਚਰਚੇ ਹਨ | ਉਕਤ ਛਾਪੇਮਾਰੀ ਨੂੰ ਪੰਜਾਬ/ਖ਼ਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਨਾਲ ਜੋੜ ਕੇ ਵੇਖਿਆ ਦਾ ਰਿਹਾ ਹੈ | ਇਸ ਦੇ ਸੰਬੰਧ 'ਚ ਉਕਤ ਜਾਇਦਾਦ ਦੇ ਮਾਲਿਕ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਫਰਜ਼ੀ ਖ਼ਬਰ ਹੈ, ਜਦਕਿ ਅਜਿਹੀ ਕੋਈ ਛਾਪੇਮਾਰੀ ਨਹੀਂ ਹੋਈ | ਉਨ੍ਹਾਂ ਇਹ ਵੀ ਕਿਹਾ ਕਿ ਉਕਤ ਜਾਇਦਾਦ 'ਚ ਸਿੱਖ ਫਾਰ ਜਸਟਿਸ ਦਾ ਕੋਈ ਵੀ ਦਫ਼ਤਰ ਨਹੀਂ ਹੈ | ਉਨ੍ਹਾਂ ਕਿਹਾ ਇਸ ਥਾਂ 'ਤੇ ਕੇਸਰੀ ਲਹਿਰ ਦਾ ਦਫਤਰ ਰਿਹਾ ਹੈ, ਜਿਸ ਵਲੋਂ ਭਾਰਤ 'ਚ ਫਾਂਸੀ ਦੀ ਸਜ਼ਾ ਖਤਮ ਕਰਨ ਲਈ ਮੁਹਿੰਮ ਚਲਾਈ ਗਈ ਸੀ, ਜਿਸ ਦੇ ਚਲਦਿਆਂ ਬਰਤਾਨੀਆ ਦੀ ਸੰਸਦ 'ਚ ਇਕ ਸਾਰਥਕ ਬਹਿਸ ਹੋਈ ਸੀ |
ਬੇਅਦਬੀ ਦੇ ਮੁੱਦੇ ਵਿਰੁੱਧ ਕਾਰਵਾਈ ਨੂੰ ਲੈ ਕੇ ਸਰਕਾਰ ਅੰਦਰ ਦੋ ਰਾਵਾਂਹਰਕਵਲਜੀਤ ਸਿੰਘ
ਚੰਡੀਗੜ੍ਹ, 26 ਨਵੰਬਰ-ਬੇਅਦਬੀ, ਨਸ਼ਿਆਂ ਤੇ ਕੋਟਕਪੂਰਾ ਗੋਲੀਕਾਂਡ ਦੇ ਮੁੱਦਿਆਂ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਲੁੜੀਂਦੀ ਕਾਰਵਾਈ ਨਾ ਹੋਣ ਨੂੰ ਜਿਵੇਂ ਮੁੱਦਾ ਬਣਾ ਕੇ ਸੂਬੇ 'ਚ ਕੁਝ ਮਹੀਨੇ ਪਹਿਲਾਂ ਰਾਜ ਪਲਟਾ ਕੀਤਾ ਗਿਆ, ਪਰ ਹੁਣ ਉਨ੍ਹਾਂ ਮੁੱਦਿਆਂ 'ਚ ਹੀ ਮੌਜੂਦਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰ ਰਹੀ ਹੈ | ਸਰਕਾਰ ਲਈ ਆਪਣੀ ਪਾਰਟੀ ਦੇ ਪ੍ਰਧਾਨ ਨੂੰ ਹੀ ਇਨ੍ਹਾਂ ਮੁੱਦਿਆਂ 'ਤੇ ਜਵਾਬ ਦੇਣਾ ਮੁਸ਼ਕਿਲ ਹੋ ਰਿਹਾ ਹੈ | ਦਿਲਚਸਪ ਗੱਲ ਇਹ ਹੈ ਕਿ ਬੇਅਦਬੀ ਦੇ ਮੁੱਦੇ 'ਤੇ ਵੀ 3-4 ਵਜ਼ੀਰ ਤੇ ਕਈ ਸੀਨੀਅਰ ਆਗੂ ਡੇਰਾ ਸਿਰਸਾ ਵਿਰੁੱਧ ਕਿਸੇ ਤਰ੍ਹਾਂ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੌਕੇ ਅਜਿਹੀ ਕਾਰਵਾਈ ਉਨ੍ਹਾਂ ਦੇ ਹਲਕਿਆਂ 'ਚ ਉਨ੍ਹਾਂ ਦਾ ਨੁਕਸਾਨ ਕਰ ਸਕਦੀ ਹੈ | ਇਸੇ ਤਰ੍ਹਾਂ ਨਸ਼ਿਆਂ ਦੇ ਮੁੱਦੇ 'ਤੇ ਦੋ ਸਰਕਾਰੀ ਜਾਂਚ ਰਿਪੋਰਟਾਂ ਨੂੰ ਸਰਕਾਰ ਵਲੋਂ ਜਨਤਕ ਨਾ ਕਰਨ ਤੇ ਗ੍ਰਹਿ ਸਕੱਤਰ ਦੀ ਅਲਮਾਰੀ 'ਚ ਬੰਦ ਰੱਖਣ ਦਾ ਕੀ ਕਾਰਨ ਜਾਂ ਰਾਜ਼ ਹੈ, ਉਸ 'ਤੇ ਵੀ ਸਰਕਾਰ ਦੀ ਚੁੱਪੀ ਸਰਕਾਰ ਪ੍ਰਤੀ ਬੇਭਰੋਸਗੀ ਪੈਦਾ ਕਰ ਰਹੀ ਹੈ | ਹਾਈਕੋਰਟ ਦੇ ਕਹਿਣ ਦੇ ਬਾਵਜੂਦ ਇਨ੍ਹਾਂ ਰਿਪੋਰਟਾਂ 'ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ, ਇਸ ਦਾ ਵੀ ਕੋਈ ਜਵਾਬ ਨਹੀਂ ਮਿਲ ਰਿਹਾ | ਕੀ ਕਿਤੇ ਅਜਿਹਾ ਤਾਂ ਨਹੀਂ ਕਿ ਕਾਂਗਰਸ ਇਨ੍ਹਾਂ ਰਿਪੋਰਟਾਂ ਨੂੰ ਲੈ ਕੇ ਜੋ ਪ੍ਰਚਾਰ ਕਰਦੀ ਰਹੀ ਹੈ, ਉਨ੍ਹਾਂ ਵਿਚ ਉਹ ਹੈ ਹੀ ਨਹੀਂ, ਜਿਸ ਨੂੰ ਸਰਕਾਰ ਹੁਣ ਲੁਕਾਉਣਾ ਚਾਹੁੰਦੀ ਹੈ | ਇਸੇ ਤਰ੍ਹਾਂ ਮਗਰਲੀ ਸਰਕਾਰ 'ਤੇ ਕੋਟਕਪੂਰਾ-ਬਹਿਬਲ ਕਲਾਂ ਗੋਲੀਕਾਂਡ ਵਿਚ ਬਾਦਲਾਂ 'ਤੇ ਉਸ ਸਮੇਂ ਦੇ ਡੀ.ਜੀ.ਪੀ. ਸੁਮੇਧ ਸੈਣੀ ਵਿਰੁੱਧ ਕਾਰਵਾਈ ਨਾ ਕਰਨ ਲਈ ਕੈਪਟਨ ਤੇ ਬਾਦਲਾਂ ਨਾਲ ਰਲੇ ਹੋਣ ਦੇ ਲਗਦੇ ਰਹੇ ਦੋਸ਼ਾਂ ਦੇ ਬਾਵਜੂਦ ਹੁਣ ਸਰਕਾਰ ਨੇ ਮਗਰਲੇ ਤਿੰਨ ਮਹੀਨਿਆਂ ਵਿਚ ਕੀ ਕੁਝ ਕੀਤਾ ਹੈ | ਇਥੋਂ ਤੱਕ ਕਿ ਕਈ ਵਾਰ ਕਹਿਣ ਦੇ ਬਾਵਜੂਦ ਸੈਣੀ ਦੀ ਬਲੈਂਕਟ ਜ਼ਮਾਨਤ ਨੂੰ ਰੱਦ ਕਰਵਾਉਣ ਲਈ ਵੀ ਅਦਾਲਤ ਵਿਚ ਅਰਜ਼ੀ ਅਜੇ ਤੱਕ ਨਹੀਂ ਪਾਈ ਗਈ | ਇਥੋਂ ਤੱਕ ਕਿ ਸਰਕਾਰ ਵਲੋਂ ਬੇਅਦਬੀ ਕੇਸ ਲਈ ਸੀਨੀਅਰ ਵਕੀਲ ਆਰ.ਐਸ ਬੈਂਸ ਨੂੰ ਵਿਸ਼ੇਸ਼ ਪ੍ਰਾਸੀਕਿਉਟਰ ਲਗਾਇਆ ਗਿਆ ਸੀ ਪ੍ਰੰਤੂ ਉਨ੍ਹਾਂ ਵੀ ਅਸਤੀਫ਼ਾ ਦੇ ਦਿੱਤਾ ਸੀ, ਪਰ ਸਰਕਾਰ ਉਨ੍ਹਾਂ ਦੀ ਥਾਂ 'ਤੇ ਵੀ ਦੋ ਹਫ਼ਤਿਆਂ ਵਿਚ ਕੋਈ ਨਵੀਂ ਨਿਯੁਕਤੀ ਨਹੀਂ ਕਰ ਸਕੀ | ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜੇ ਕੈਪਟਨ ਸਰਕਾਰ ਵਲੋਂ ਇਨ੍ਹਾਂ ਮੁੱਦਿਆਂ 'ਤੇ ਕਾਰਵਾਈ ਨਾ ਹੋਣ ਨੂੰ ਚੋਣਾਂ ਦੌਰਾਨ ਪਾਰਟੀ ਲਈ ਮਾਰੂ ਕਰਾਰ ਦਿੱਤਾ ਜਾ ਰਿਹਾ ਸੀ ਤੇ ਕੀ ਹੁਣ ਮੌਜੂਦਾ ਸਰਕਾਰ ਇਸ ਸਬੰਧੀ ਹੋਣ ਵਾਲੇ ਨੁਕਸਾਨ ਤੋਂ ਬਚ ਜਾਵੇਗੀ | ਮੌਜੂਦਾ ਸਰਕਾਰ ਇਨ੍ਹਾਂ ਸਾਰੇ ਮੁੱਦਿਆਂ ਲਈ ਚੋਣਾਂ ਦੌਰਾਨ ਕੀ ਜਵਾਬ ਦੇਵੇਗੀ, ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ਵਲੋਂ ਇਹ ਜ਼ਰੂਰ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਚੰਨੀ ਸਰਕਾਰ ਕੋਲ ਇਨ੍ਹਾਂ ਮੁੱਦਿਆਂ 'ਤੇ ਕਾਰਵਾਈ ਲਈ ਜਿਥੇ ਇੱਛਾ ਸ਼ਕਤੀ ਤੇ ਇਕਸੁਰਤਾ ਦੀ ਕਮੀ ਨਜ਼ਰ ਆ ਰਹੀ ਹੈ, ਉੱਥੇ ਹੁਣ ਚੋਣਾਂ ਦੇ ਐਲਾਨ ਵਿਚ ਬਚੇ ਤਕਰੀਬਨ ਇਕ ਮਹੀਨੇ ਦੇ ਸਮੇਂ 'ਚ ਸਰਕਾਰ ਲਈ ਕੁਝ ਕਰ ਕੇ ਵਿਖਾਉਣਾ ਵੀ ਬਹੁਤ ਮੁਸ਼ਕਿਲ ਹੋਵੇਗਾ ਕਿਉਂਕਿ ਇਹ ਸਾਰੇ ਮਾਮਲੇ ਕਾਫ਼ੀ ਉਲਝੇ ਹੋਏ ਹਨ | ਸਰਕਾਰ ਜੇ ਤਿੰਨ ਮਹੀਨਿਆਂ 'ਚ ਆਪਣੇ ਕੋਲ ਮੌਜੂਦ ਦੋ ਰਿਪੋਰਟਾਂ ਨੂੰ ਖ਼ੋਲ ਕੇ ਨਹੀਂ ਪੜ੍ਹ ਸਕੀ ਤਾਂ ਉਹ ਆਉਂਦੇ ਇਕ ਮਹੀਨੇ 'ਚ ਕੀ ਕਰੇਗੀ | ਪਰ ਕਾਂਗਰਸ ਪਾਰਟੀ ਅੰਦਰ ਆਉਂਦੇ ਦਿਨਾਂ ਦੌਰਾਨ ਇਹ ਮੁੱਦਾ ਕਾਫੀ ਭਾਰੂ ਬਣ ਸਕਦਾ ਹੈ ਕਿਉਂਕਿ ਪਾਰਟੀ ਅੰਦਰ ਕਾਫ਼ੀ ਵਿਧਾਇਕ ਤੇ ਆਗੂ ਇਨ੍ਹਾਂ ਮੁੱਦਿਆਂ 'ਤੇ ਪਹਿਲਾਂ ਵੀ ਕਾਫ਼ੀ ਖੁੱਲ੍ਹ ਕੇ ਬੋਲਦੇ ਰਹੇ ਹਨ |
ਸ੍ਰੀਨਗਰ, 26 ਨਵੰਬਰ (ਮਨਜੀਤ ਸਿੰਘ)ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਭਿੰਬਰ ਗਲੀ ਸੈਕਟਰ 'ਚ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇਕ ਅੱਤਵਾਦੀ ਨੂੰ ਮਾਰਨ ਦਾ ਦਾਅਵਾ ਕੀਤਾ ਹੈ | ਫੌਜੀ ਬੁਲਾਰੇ ਨੇ ਦੱਸਿਆ ਕਿ 25 ਨਵੰਬਰ ਦੇਰ ਰਾਤ ਭਿੰਬਰ ਗਲੀ ਸੈਕਟਰ 'ਚ 4-5 ਅੱਤਵਾਦੀਆਂ ਨੇ ਭਾਰਤੀ ਇਲਾਕੇ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫ਼ੌਜ ਦੇ ਚੌਕਸ ਜਵਾਨਾਂ ਨੇ ਘੁਸਪੈਠੀਆਂ ਨੂੰ ਲਲਕਾਰਿਆ ਤੇ ਆਤਮ-ਸਮਰਪਣ ਕਰਨ ਲਈ ਕਿਹਾ, ਪਰ ਅੱਤਵਾਦੀਆਂ ਨੇ ਚਿਤਾਵਨੀ ਨੂੰ ਨਜ਼ਰਅੰਦਾਜ ਕਰਦਿਆਂ ਗੋਲੀਬਾਰੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਫ਼ੌਜ ਦੀ ਜਵਾਬੀ ਕਰਵਾਈ 'ਚ ਇਕ ਅੱਤਵਾਦੀ ਮਾਰਿਆ ਗਿਆ ਤੇ ਹੋਰ ਅੱਤਵਾਦੀ ਹਨੇਰੇ ਦਾ ਲਾਭ ਉਠਾ ਕੇ ਵਾਪਸ ਭੱਜ ਗਏ | ਫ਼ੌਜ ਨੂੰ ਇਲਾਕੇ ਦੀ ਤਲਾਸ਼ੀ ਦੌਰਾਨ ਇਕ ਅੱਤਵਾਦੀ ਦੀ ਲਾਸ਼ ਤੇ ਅਸਲੇ ਸਮੇਤ ਕੁਝ ਹੋਰ ਦਸਤਾਵੇਜ਼ ਬਰਾਮਦ ਹੋਏ ਹਨ | ਫ਼ੌਜ ਵਲੋਂ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੰਭਾਵਨਾ ਨੂੰ ਵੇਖਦਿਆਂ ਸ਼ੁਰੂ ਕੀਤੀ ਤਲਾਸ਼ੀ ਕਾਰਵਾਈ ਅਜੇ ਵੀ ਜਾਰੀ ਹੈ |
ਨਵੀਂ ਦਿੱਲੀ, 26 ਨਵੰਬਰ (ਪੀ. ਟੀ. ਆਈ.)-ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਭਾਰਤ ਤੋਂ ਆਉਣ-ਜਾਣ ਵਾਲੀਆਂ ਕੌਮਾਂਤਰੀ ਉਡਾਣਾਂ 15 ਦਸੰਬਰ ਤੋਂ ਮੁੜ ਸ਼ੁਰੂ ਹੋ ਜਾਣਗੀਆਂ | ਕੋਵਿਡ-19 ਮਹਾਂਮਾਰੀ ਕਾਰਨ ਪਿਛਲੇ ਸਾਲ 23 ਮਾਰਚ ਤੋਂ ਭਾਰਤ 'ਚ ਅਨੁਸੂਚਿਤ ਅੰਤਰਰਾਸ਼ਟਰੀ ...
ਅਸਲ ਨਾਲੋਂ ਘੱਟ ਦਿਖਾਈ ਜਾ ਰਹੀ ਹੈ ਕੇਬਲ ਲਈ ਵਰਤੇ ਜਾਂਦੇ ਬਿਜਲੀ ਪੋਲਾਂ ਦੀ ਗਿਣਤੀ
ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 26 ਨਵੰਬਰ-ਕੇਬਲ ਨੈੱਟਵਰਕ ਦੇ ਸੰਚਾਲਕਾਂ ਵਲੋਂ ਆਪਣੀ ਤਾਕਤ ਦੇ ਜ਼ਰੀਏ ਪਾਵਰਕਾਮ ਨੰੂ ਕਰੋੜਾਂ ਰੁਪਏ ਦਾ ਚੂਨਾ ਲਗਾਏ ਜਾਣ ਦੀਆਂ ...
ਮੋਰੇਨਾ (ਮੱਧ ਪ੍ਰਦੇਸ਼), 26 ਨਵੰਬਰ (ਏਜੰਸੀ)-ਮੱਧ ਪ੍ਰਦੇਸ਼ 'ਚ ਊਧਮਪੁਰ ਐਕਸਪ੍ਰੈਸ ਰੇਲ ਦੇ ਦੋ ਏ.ਸੀ. ਕੋਚ (ਡੱਬੇ) ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਮੋਰੇਨਾ ਤੇ ਧੌਲਪੁਰ ਦਰਮਿਆਨ ਹੇਤਮਪੁਰ ਸਟੇਸ਼ਨ ਨੇੜੇ ਅੱਗ ਫੜ ਗਏ | ਪੁਲਿਸ ਨੇ ਦੱਸਿਆ ਕਿ ਅੱਗ ਉੱਪਰ ਸਮੇਂ 'ਤੇ ...
ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਆਰ.ਜੇ.ਡੀ. ਨੇਤਾ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਦਿੱਲੀ ਸਥਿਤ ਏਮਜ਼ ਦੇ ਐਮਰਜੈਂਸੀ ਵਾਰਡ 'ਚ ਭਰਤੀ ਕਰਵਾਇਆ ਗਿਆ | ਇਹ ਜਾਣਕਾਰੀ ਸ਼ੁੱਕਰਵਾਰ ਨੂੰ ਹਸਪਤਾਲ ਦੇ ਸੂਤਰਾਂ ਨੇ ਦਿੱਤੀ | ਉਨ੍ਹਾਂ ਨੂੰ ...
ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਕਾਂਗਰਸ ਨੇ ਸ਼ੁੱਕਰਵਾਰ ਨੂੰ ਤਿੰਨ ਲਾਈਨ ਦਾ ਇਕ ਵਿਪ੍ਹ ਜਾਰੀ ਕਰ ਕੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੋਮਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ 'ਚ, ਜਦ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਬਿੱਲ ਲਿਆਂਦਾ ਜਾਵੇਗਾ, ਮੌਕੇ ...
ਨਵੀਂ ਦਿੱਲੀ, 26 ਨਵੰਬਰ (ਪੀ. ਟੀ. ਆਈ.)- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਰੂਸ, ਭਾਰਤ ਅਤੇ ਚੀਨ (ਆਰ.ਆਈ.ਸੀ.) ਨੂੰ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ ਕਿ ਅਫ਼ਗਾਨਿਸਤਾਨ ਦੇ ਲੋਕਾਂ ਤੱਕ ਮਨੁੱਖੀ ਸਹਾਇਤਾ ਬਿਨਾਂ ਕਿਸੇ ਰੁਕਾਵਟ ਤੇ ਸਿਆਸੀਕਰਨ ...
ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਵਿਦੇਸ਼ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਦੱਸਿਆ ਗਿਆ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 6 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਿਖਰ ਵਾਰਤਾ ਲਈ ਭਾਰਤ ਦਾ ਦੌਰਾ ਕਰਨਗੇ | ਵਿਦੇਸ਼ ਮੰਤਰਾਲੇ ਦੇ ਬੁਲਾਰੇ ...
ਨਵੀਂ ਦਿੱਲੀ, 26 ਨਵੰਬਰ (ਪੀ. ਟੀ. ਆਈ.)- ਕਾਂਗਰਸ ਨੇਤਾ ਪਿ੍ਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਕਿਸਾਨਾਂ ਦੇ ਅਟੁੱਟ ਸਤਿਆਗ੍ਰਹਿ, 700 ਕਿਸਾਨਾਂ ਦੀ ਸ਼ਹਾਦਤ, ਬੇਰਹਿਮ ਭਾਜਪਾ ਸਰਕਾਰ ਦੇ ਹੰਕਾਰ ਅਤੇ ਅੰਨਦਾਤਾ 'ਤੇ ਅੱਤਿਆਚਾਰਾਂ ਲਈ ਯਾਦ ਰੱਖਿਆ ...
ਚੰਡੀਗੜ੍ਹ, (ਪੀ. ਟੀ. ਆਈ.)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਿਸਾਨਾਂ ਦਾ ਅਹਿੰਸਕ ਸੰਘਰਸ਼ ਨਾ ਸਿਰਫ਼ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਗੋਂ ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਦੀ ਬਹਾਦਰੀ, ਸਬਰ ਅਤੇ ...
ਨਵੀਂ ਦਿੱਲੀ, 26 ਨਵੰਬਰ (ਪੀ. ਟੀ. ਆਈ.)-ਦਿੱਲੀ ਵਿਧਾਨ ਸਭਾ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਪ੍ਰਦਰਸ਼ਨਾਂ ਦੌਰਾਨ ਜਾਨ ਗਵਾਉਣ ਵਾਲੇ 700 ਤੋਂ ਵੱਧ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX