ਨਵੀਂ ਦਿੱਲੀ, 3 ਦਸੰਬਰ (ਪੀ. ਟੀ. ਆਈ.)- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਡਾਇਰੈਕਟਰ ਜਨਰਲ ਪੁਲਿਸ (ਡੀ. ਜੀ. ਪੀ.) ਸਰਬਦੀਪ ਸਿੰਘ ਵਿਰਕ, ਪੰਜਾਬ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜ਼ੀਰਾ, ਅਕਾਲੀ ਆਗੂ ਸਰਬਜੀਤ ਸਿੰਘ ਮੱਕੜ, ਸਨਅਤਕਾਰ ਹਰਚਰਨ ਸਿੰਘ ਰਣੌਤਾ ਅਤੇ ਹੋਰ ਭਾਜਪਾ 'ਚ ਸ਼ਾਮਿਲ ਹੋ ਗਏ | ਕੇਂਦਰੀ ਮੰਤਰੀ ਤੇ ਭਾਜਪਾ ਦੇ ਪੰਜਾਬ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਉਕਤ ਆਗੂਆਂ ਦਾ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ | ਇਸ ਮੌਕੇ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਦੇਸ਼, ਕਿਸਾਨ ਤੇ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਈ ਸਿਆਸੀ ਪਾਰਟੀਆਂ ਤੇ ਸਮਾਜਿਕ ਸੰਗਠਨਾਂ ਦੇ ਆਗੂ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ | ਇਸੇ ਕੜੀ ਤਹਿਤ ਪੰਜਾਬ ਦੇ ਆਗੂਆਂ ਦੇ ਭਾਜਪਾ 'ਚ ਸ਼ਾਮਿਲ ਹੋਣ ਨਾਲ ਸੰਗਠਨ ਹੋਰ ਮਜ਼ਬੂਤ ਹੋਵੇਗਾ | ਉਨ੍ਹਾਂ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਝ ਹੋਰ ਲੋਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ | ਕੇਂਦਰੀ ਲੀਡਰਸ਼ਿਪ ਵਲੋਂ ਪੰਜਾਬ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ ਨੇ ਨਵੇਂ ਸ਼ਾਮਿਲ ਹੋਏ ਆਗੂਆਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਇਹ ਇਨ੍ਹਾਂ ਸਾਰੀਆਂ ਨੂੰ ਪਾਰਟੀ 'ਚ ਬਣਦਾ ਪੂਰਾ ਮਾਨ-ਸਨਮਾਨ ਤੇ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਰਾਸ਼ਟਰੀ ਮੀਡੀਆ ਮੁਖੀ ਅਨਿਲ ਬਲੂਨੀ ਤੇ ਹੋਰ ਆਗੂ ਵੀ ਹਾਜ਼ਰ ਸਨ |
ਚੰਡੀਗੜ੍ਹ, 3 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ 'ਚ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ | ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਧੂ ਮੂਸੇਵਾਲਾ ਨੂੰ ਕਾਂਗਰਸ 'ਚ ਸ਼ਾਮਿਲ ਕਰਨ ਲਈ ਮੁੱਖ ਮੰਤਰੀ ਚੰਨੀ, ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਅਰੁਣਾ ਚੌਧਰੀ ਤੇ ਮਹਿੰਦਰ ਸਿੰਘ ਕੇਪੀ ਤੋਂ ਇਲਾਵਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੀ ਸ਼ਾਮਿਲ ਰਹੇ | ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਰਾਹੀ ਹਥਿਆਰ ਸੱਭਿਆਚਾਰ ਨੂੰ ਬੜਾਵਾ ਦੇਣ ਕਾਰਨ ਵਿਵਾਦਾਂ 'ਚ ਰਹੇ ਹਨ ਅਤੇ ਬਰਨਾਲਾ ਵਿਖੇ ਇਕ ਸ਼ੂਟਿੰਗ ਰੇਂਜ਼ 'ਚ ਏ.ਕੇ.-47 ਨਾਲ ਗੋਲੀਬਾਰੀ ਕਰਨ 'ਤੇ ਵੀ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਹੈ | ਸਿੱਧੂ ਮੂਸੇਵਾਲਾ ਨੂੰ ਕਾਂਗਰਸ 'ਚ ਸ਼ਾਮਿਲ ਕਰਨ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕਿਸੇ ਬੰਦੇ 'ਤੇ ਕੇਸ ਦਰਜ ਹੋ ਜਾਵੇ ਤਾਂ ਉਹ ਦੋਸ਼ੀ ਨਹੀਂ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮੇਰੇ 'ਤੇ ਵੀ ਕੇਸ ਦਰਜ ਹੋਏ ਸਨ ਪਰ ਲੋਕਾਂ ਨੇ ਮੈਨੰੂ ਜਿਤਾਇਆ ਤੇ ਸਿੱਧੂ ਮੂਸੇਵਾਲਾ ਨੂੰ ਪਾਰਟੀ 'ਚ ਸ਼ਾਮਿਲ ਕਰਨ ਦਾ ਜਵਾਬ ਵੀ ਲੋਕ ਹੀ ਦੇਣਗੇ | ਹਾਲਾਂਕਿ, ਸਿੱਧੂ ਮੂਸੇਵਾਲਾ ਦੇ ਵਿਵਾਦਾਂ ਨੂੰ ਲੈ ਕੇ ਸਵਾਲਾਂ ਦਾ ਜਵਾਬ ਦੇਣ ਤੋਂ ਮੁੱਖ ਮੰਤਰੀ ਚੰਨੀ ਬਚਦੇ ਰਹੇ | ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਰਾਜਨੀਤੀ 'ਚ ਆ ਕੇ ਆਪਣੇ ਇਲਾਕੇ ਦੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹਨ | ਸਿੱਧੂ ਮੂਸੇਵਾਲਾ ਵਾਲਾ ਵਲੋਂ ਬਾਅਦ 'ਚ ਨਵੀਂ ਦਿੱਲੀ ਵਿਖੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਹਰੀਸ਼ ਚੌਧਰੀ, ਨਵਜੋਤ ਸਿੰਘ ਸਿੱਧੂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹਾਜ਼ਰ ਸਨ |
ਨਵੀਂ ਦਿੱਲੀ, 3 ਦਸੰਬਰ (ਪੀ. ਟੀ. ਆਈ.)-ਅੰਦੋਲਨ ਦੀ ਭਵਿੱਖੀ ਦਿਸ਼ਾ ਤੈਅ ਕਰਨ ਲਈ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਦੀ ਅਹਿਮ ਬੈਠਕ ਸਨਿਚਰਵਾਰ ਨੂੰ ਸਿੰਘੂ ਸਰਹੱਦ 'ਤੇ ਹੋਵੇਗੀ | ਐਸ. ਕੇ. ਐਮ. ਦੀ ਕੋਰ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਉਤੇ ਕਮੇਟੀ ਬਣਾਉਣ ਲਈ ਕੇਂਦਰ ਨੂੰ ਪੰਜ ਨਾਂਅ ਭੇਜਣੇ ਹਨ ਜਾਂ ਨਹੀਂ, ਇਸ ਬਾਰੇ ਕੋਈ ਵੀ ਫ਼ੈਸਲਾ ਮੀਟਿੰਗ 'ਚ ਲਿਆ ਜਾਵੇਗਾ, ਕਿਉਂਕਿ ਉਨ੍ਹਾਂ ਨੂੰ ਅਜੇ ਤੱਕ ਸਰਕਾਰ ਵਲੋਂ ਕੋਈ ਰਸਮੀ ਸੁਨੇਹਾ ਨਹੀਂ ਮਿਲਿਆ ਹੈ | ਉਨ੍ਹਾਂ ਕਿਹਾ ਕਿ ਮੀਟਿੰਗ 'ਚ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ 'ਤੇ ਵੀ ਵਿਚਾਰ ਕੀਤਾ ਜਾਵੇਗਾ, ਜਿਸ 'ਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨੀ ਗਾਰੰਟੀ, ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ, ਅੰਦੋਲਨ ਦੌਰਾਨ ਜਾਨਾਂ ਗੁਆ ਚੁੱਕੇ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣਾ ਸ਼ਾਮਿਲ ਹੈ | ਕੇਂਦਰ ਨੇ ਮੰਗਲਵਾਰ ਨੂੰ ਐਮ. ਐਸ. ਪੀ. ਅਤੇ ਹੋਰ ਮੁੱਦਿਆਂ 'ਤੇ ਵਿਚਾਰ ਕਰਨ ਲਈ ਇਕ ਕਮੇਟੀ ਬਣਾਉਣ ਲਈ ਐਸ. ਕੇ. ਐਮ. ਤੋਂ 5 ਨਾਵਾਂ ਦੀ ਮੰਗ ਕੀਤੀ ਸੀ |
ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 3 ਦਸੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ)-ਅਕਸਰ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ 'ਚ ਬਣੀ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਲਈ ਉਸ ਸਮੇਂ ਸਥਿਤੀ ਬੇਹੱਦ ਗੰਭੀਰ ਬਣ ਗਈ ਜਦੋਂ ਕਿਸਾਨਾਂ ਵਲੋਂ ਕੀਰਤਪੁਰ ਸਾਹਿਬ ਵਿਖੇ ਉਸ ਦਾ ਘਿਰਾਓ ਕਰ ਲਿਆ ਗਿਆ | ਕਰੀਬ ਡੇਢ ਘੰਟਾ ਚਲੇ ਘਟਨਾਕ੍ਰਮ ਤੋਂ ਬਾਅਦ ਆਖ਼ਰਕਾਰ ਕੰਗਨਾ ਨੇ ਕਿਸਾਨ ਬੀਬੀਆਂ ਕੋਲੋਂ ਮੁਆਫ਼ੀ ਮੰਗ ਕੇ ਆਪਣਾ ਖਹਿੜਾ ਛੁਡਵਾਇਆ ਅਤੇ ਅਗਲੀ ਮੰਜ਼ਿਲ ਲਈ ਰਵਾਨਾ ਹੋਈ | ਜ਼ਿਕਰਯੋਗ ਹੈ ਕਿ ਕੰਗਨਾ ਅੱਜ ਆਪਣੇ ਜੱਦੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਸੜਕੀ ਮਾਰਗ ਰਾਹੀਂ ਚੰਡੀਗੜ੍ਹ ਨੂੰ ਜਾ ਰਹੀ ਸੀ | ਉਸ ਦੀ ਇਸ ਫੇਰੀ ਨੂੰ ਲੈ ਕੇ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਹੀ ਸੂਚਨਾ ਮਿਲ ਗਈ, ਜਿਸ ਨੂੰ ਲੈ ਕੇ ਕਿਸਾਨ ਪਹਿਲਾਂ ਹੀ ਕੰਗਨਾ ਦਾ ਘਿਰਾਓ ਕਰਨ ਦੀ ਯੋਜਨਾ ਬਣਾ ਕੇ ਬੈਠੇ ਹੋਏ ਸਨ | ਦੁਪਹਿਰ ਢਾਈ ਵਜੇ ਦੇ ਕਰੀਬ ਜਿਵੇਂ ਹੀ ਕੰਗਨਾ ਦੀ ਗੱਡੀ ਕੀਰਤਪੁਰ ਸਾਹਿਬ ਚੰਡੀਗੜ੍ਹ ਰਾਸ਼ਟਰੀ ਮਾਰਗ (ਬੁੰਗਾ ਸਾਹਿਬ) 'ਤੇ ਪਹੁੰਚੀ ਤਾਂ ਕਿਸਾਨਾਂ ਨੇ ਗੱਡੀ ਦਾ ਘਿਰਾਓ ਕਰ ਲਿਆ | ਸੁਰੱਖਿਆ ਨੂੰ ਲੈ ਕੇ ਕੰਗਨਾ ਨਾਲ ਸੀ.ਆਰ.ਪੀ. ਐਫ. ਦੇ ਜਵਾਨਾਂ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਦੀ ਇਕ ਪਾਇਲਟ ਵੀ ਚੱਲ ਰਹੀ ਸੀ ਜਿਨ੍ਹਾਂ ਨੇ ਘਿਰਾਓ ਨੂੰ ਦੇਖਦਿਆਂ ਤੁਰੰਤ ਹਰਕਤ 'ਚ ਆਉਂਦਿਆਂ ਗੱਡੀ ਨੂੰ ਪੂਰੀ ਤਰ੍ਹਾਂ ਨਾਲ ਘੇਰਾ ਪਾਈ ਰੱਖਿਆ | ਜਿੰਨੀ ਦੇਰ ਇਹ ਘਟਨਾਕ੍ਰਮ ਚੱਲਿਆ ਉਸ ਸਾਰੇ ਸਮੇਂ ਦੌਰਾਨ ਕੰਗਨਾ ਆਪਣੀ ਗੱਡੀ 'ਚ ਬੈਠੀ ਰਹੀ | ਸੰਘਰਸ਼ ਕਰ ਰਹੇ ਕਿਸਾਨਾਂ ਦੀ ਮੰਗ ਸੀ ਕਿ ਕਿਸਾਨੀ ਸੰਘਰਸ਼ ਤੋਂ ਲੈ ਕੇ ਹੁਣ ਤੱਕ ਕੰਗਨਾ ਨੇ ਜੋ ਵਿਵਾਦਿਤ ਬਿਆਨ ਦਿੱਤੇ ਹਨ ਉਨ੍ਹਾਂ ਲਈ ਉਹ ਮੁਆਫ਼ੀ ਮੰਗੇ | ਪਹਿਲਾਂ ਪੁਲਿਸ ਦੇ ਵੱਡੇ ਅਧਿਕਾਰੀਆਂ ਵਲੋਂ ਮੌਕੇ 'ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਸਮਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਇਸ 'ਚ ਅਸਫਲ ਰਹੇ ਤਾਂ ਉਨ੍ਹਾਂ ਨੇ ਕਿਸਾਨਾਂ ਦੀ ਮੰਗ ਤਹਿਤ ਕੰਗਨਾ ਨੂੰ ਗੱਡੀ 'ਚੋਂ ਉੱਤਰ ਕੇ ਧਰਨੇ 'ਚ ਮੌਜੂਦ ਬੀਬੀਆਂ ਨਾਲ ਗੱਲ ਕਰਨ ਲਈ ਮਨਾਇਆ | ਇਸ ਤੋਂ ਬਾਅਦ ਕੰਗਨਾ ਆਪਣੀ ਗੱਡੀ 'ਚੋਂ ਬਾਹਰ ਆਈ ਅਤੇ ਉਹ ਨੇ ਮੌਜੂਦ ਬੀਬੀਆਂ ਨਾਲ ਗੱਲ ਕੀਤੀ | ਇਸ ਦੌਰਾਨ ਬੀਬੀਆਂ ਨੇ ਉਸ ਨਾਲ ਜੁਆਬ ਤਲਬੀ ਕਰਦਿਆਂ ਬੀਬੀਆਂ ਲਈ 100 ਰੁਪਏ ਵਾਲੇ ਬਿਆਨ ਬਾਰੇ ਪੁੱਛਿਆ, ਜਿਸ 'ਤੇ ਕੰਗਨਾ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਸ ਵਲੋਂ ਇਹ ਲਫ਼ਜ਼ ਸ਼ਾਹੀਨ ਬਾਗ (ਦਿੱਲੀ) ਦੇ ਮੁਜ਼ਾਹਰੇ ਸਬੰਧੀ ਕਹੇ ਗਏ ਸਨ | ਇਸ ਸਾਰੀ ਵਾਰਤਾ ਤੋਂ ਬਾਅਦ ਕੰਗਨਾ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਅੱਗੇ ਜਾਣ ਦਿੱਤਾ | ਇਸ ਮੌਕੇ ਸੇਠੀ ਸ਼ਰਮਾ, ਤਰਲੋਚਨ ਸਿੰਘ ਚੱਠਾ, ਧਰਮ ਸਿੰਘ ਨਿੱਕੂਵਾਲ, ਹਰਮਿੰਦਰ ਸਿੰਘ, ਭੁਪਿੰਦਰ ਸਿੰਘ ਬਜਰੂੜ, ਨਾਜਰ ਸਿੰਘ ਸ਼ਾਹਪੁਰ, ਪਿ੍ਥੀ ਸਿੰਘ ਸਰਪੰਚ, ਜਸਪਾਲ ਸਿੰਘ, ਗੁਰਦੀਪ ਸਿੰਘ, ਵੀਰ ਸਿੰਘ ਬੜਵਾ, ਹਰਪਾਲ ਸਿੰਘ, ਜਗਜੀਤ ਸਿੰਘ ਕੰਗ, ਅਵਤਾਰ ਸਿੰਘ ਸਮੇਤ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਸਨ |
ਸ੍ਰੀ ਮੁਕਤਸਰ ਸਾਹਿਬ, 3 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਹਲਕੇ 'ਚ ਪੈਂਦੇ ਪਿੰਡ ਭੂੰਦੜ ਵਿਖੇ ਦੇਰ ਸ਼ਾਮ ਕਰੀਬ ਅੱਠ ਵਜੇ ਇਕ ਡੇਰਾ ਪ੍ਰੇਮੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ 2 ਅਣਪਛਾਤੇ ਵਿਅਕਤੀ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ 'ਤੇ ਆਏ ਅਤੇ ਉਸ ਦੇ ਗੋਲੀ ਮਾਰ ਦਿੱਤੀ, ਜ਼ਖ਼ਮੀ ਹੋਏ ਚਰਨ ਦਾਸ ਪੁੱਤਰ ਨੀਲੂ ਰਾਮ ਨੂੰ ਗਿੱਦੜਬਾਹਾ ਦੇ ਹਸਪਤਾਲ ਵਿਖੇ ਲਿਜਾਇਆ ਗਿਆ | ਡਾਕਟਰਾਂ ਨੇ ਉਸ ਨੂੰ ਅੱਗੇ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਪਰ ਉੱਥੇ ਉਸ ਦੀ ਮੌਤ ਹੋ ਗਈ | ਜ਼ਿਕਰਯੋਗ ਹੈ ਕਿ ਪ੍ਰੇਮੀ ਚਰਨ ਦਾਸ ਅਤੇ ਉਸ ਦੀ ਭਰਜਾਈ 'ਤੇ ਬੇਅਦਬੀ ਦੇ ਦੋਸ਼ਾਂ ਤਹਿਤ 2018 ਵਿਚ ਮਾਮਲਾ ਦਰਜ ਕੀਤਾ ਗਿਆ ਸੀ | ਇਸ ਸਮੇਂ ਪ੍ਰੇਮੀ ਚਰਨ ਦਾਸ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ, ਅੱਜ ਅਣਪਛਾਤੇ ਵਿਅਕਤੀਆਂ ਨੇ ਘਟਨਾ ਨੂੰ ਅੰਜਾਮ ਦੇ ਦਿੱਤਾ | ਇਸ ਸੰਬੰਧੀ ਡੇਰੇ ਦੇ 45 ਮੈਂਬਰ ਹਰਚਰਨ ਸਿੰਘ ਦਾ ਕਹਿਣਾ ਹੈ ਕਿ ਇਸ ਵਿਅਕਤੀ ਦਾ ਡੇਰਾ ਸਿਰਸਾ ਨਾਲ 7 ਸਾਲ ਤੋਂ ਕੋਈ ਸਬੰਧ ਨਹੀਂ ਸੀ |
ਨਵੀਂ ਦਿੱਲੀ, 3 ਦਸੰਬਰ (ਜਗਤਾਰ ਸਿੰਘ)-ਦਿੱਲੀ-ਐਨ. ਸੀ. ਆਰ. 'ਚ ਖਤਰਨਾਕ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਲਗਾਤਾਰ ਜਾਰੀ ਹੈ | ਪ੍ਰਦੂਸ਼ਣ ਮਾਮਲੇ 'ਚ ਅਦਾਲਤ ਦੀ ਝਾੜ ਤੋਂ ਬਾਅਦ ਕੇਂਦਰ ਸਰਕਾਰ ਨੇ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਹੈ | ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਇਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਨਿਰਦੇਸ਼ਾਂ ਦੀ ਪਾਲਣਾ ਦੀ ਨਿਗਰਾਨੀ ਲਈ ਇਕ ਇਨਫੋਰਸਮੈਂਟ ਟਾਸਕ ਫੋਰਸ ਦਾ ਗਠਨ ਕੀਤਾ ਹੈ | 17 ਮੈਂਬਰੀ ਫਲਾਇੰਗ ਟਾਸਕ ਫੋਰਸ ਬਣਾਈ ਗਈ ਹੈ | ਇਹ ਟਾਸਕ ਫੋਰਸ ਹਰ ਸ਼ਾਮ 6 ਵਜੇ ਰਿਪੋਰਟ ਲਵੇਗੀ |
ਗੁਰਦਾਸਪੁਰ, 3 ਦਸੰਬਰ (ਆਰਿਫ਼)-ਬੀਤੀ ਰਾਤ ਗੁਰਦਾਸਪੁਰ ਪੁਲਿਸ ਨੇ ਨਜ਼ਦੀਕੀ ਪਿੰਡ ਸਲੇਮਪੁਰ ਅਰਾਈਆਂ ਨਜ਼ਦੀਕ 4 ਹੱਥ ਗੋਲੇ ਅਤੇ ਟਿਫ਼ਨ ਨੁਮਾ ਬੰਬ ਬਰਾਮਦ ਕੀਤਾ ਹੈ | ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਗੁਰਦਾਸਪੁਰ ਦੀ ਦੀਨਾਨਗਰ ਪੁਲਿਸ ਨੇ ਹੱਥ ਗੋਲੇ ਤੇ ਆਰ.ਡੀ.ਐਕਸ ਵੀ ਬਰਾਮਦ ਕੀਤਾ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਦੀਨਾਨਗਰ ਪੁਲਿਸ ਵਲੋਂ ਬਰਾਮਦ ਕੀਤੀ ਧਮਾਕਾਖ਼ੇਜ਼ ਸਮਗਰੀ ਤੋਂ ਬਾਅਦ ਜ਼ਿਲ੍ਹੇ ਅੰਦਰ ਪੁਲਿਸ ਨੰੂ ਹਾਈ ਅਲਰਟ ਕੀਤਾ ਹੋਇਆ ਸੀ | ਜਿਸ ਦੇ ਚੱਲਦਿਆਂ ਪੁਲਿਸ ਨੇ ਥਾਂ-ਥਾਂ 'ਤੇ ਨਾਕੇ ਲਗਾ ਕੇ ਜਾਂਚ ਸ਼ੁਰੂ ਕੀਤੀ ਹੋਈ ਸੀ ਕਿ ਇਸੇ ਦੇ ਚੱਲਦਿਆਂ ਬੀਤੀ ਰਾਤ ਥਾਣਾ ਸਦਰ ਦੀ ਪੁਲਿਸ ਵਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਿਹਾ ਸੀ ਕਿ ਪੁਲਿਸ ਦੀ ਗੱਡੀ ਜਦੋਂ ਸਲੇਮਪੁਰ ਅਰਾਈਆਂ ਤੋਂ ਗੁਜ਼ਰ ਰਹੀ ਸੀ ਤਾਂ ਵਿਚ ਬੈਠੇ ਮੁਲਾਜ਼ਮਾਂ ਨੇ ਸੜਕ ਦੇ ਕੰਢੇ 'ਤੇ ਕੁਝ ਪਲਾਸਟਿਕ ਦੀਆਂ ਬੋਰੀਆਂ ਪਈਆਂ ਹੋਈਆਂ ਦੇਖੀਆਂ, ਜਿਸ ਦੇ ਉੱਪਰ ਘਾਹ ਫੂਸ ਰੱਖਿਆ ਹੋਇਆ ਸੀ | ਸ਼ੱਕ ਪੈਣ 'ਤੇ ਪੁਲਿਸ ਮੁਲਾਜ਼ਮਾਂ ਨੇ ਜਦੋਂ ਗੱਡੀ ਰੋਕ ਕੇ ਪਲਾਸਟਿਕ ਦੀਆਂ ਬੋਰੀਆਂ ਦੀ ਜਾਂਚ ਕੀਤੀ ਤਾਂ ਪੁਲਿਸ ਨੰੂ ਮੌਕੇ ਤੋਂ 4 ਹੱਥ ਗੋਲੇ ਬਰਾਮਦ ਹੋਏ, ਜਿਨ੍ਹਾਂ 'ਚੋਂ 3 ਹੱਥ ਗੋਲਿਆਂ ਦਾ ਰੰਗ ਨੀਲਾ ਅਤੇ ਇਕ ਹੱਥ ਗੋਲੇ ਦਾ ਰੰਗ ਗਰੇਅ ਸੀ | ਇਸ ਤੋਂ ਇਲਾਵਾ ਪੁਲਿਸ ਨੇ ਇਕ ਟਿਫ਼ਨ ਨੁਮਾ ਬੰਬ ਵੀ ਬਰਾਮਦ ਕੀਤਾ ਜੋ ਕਿ ਥਰਮੋਕੋਲ ਨਾਲ ਲਪੇਟਿਆ ਹੋਇਆ ਸੀ | ਪੁਲਿਸ ਵਲੋਂ ਬਰਾਮਦ ਕੀਤੇ ਗਏ ਸਮਾਨ ਨੰੂ ਕਬਜ਼ੇ ਵਿਚ ਲੈਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਅਤੇ ਅੱਜ ਚਾਰੇ ਹੱਥ ਗੋਲੇ ਅਤੇ ਟਿਫ਼ਨ ਨੁਮਾ ਬੰਬ ਨੰੂ ਨਕਾਰਾ ਕਰਨ ਲਈ ਪਿੰਡ ਸਲੇਮਪੁਰ ਅਰਾਈਆਂ ਨਜ਼ਦੀਕ ਰੱਖਿਆ ਹੋਇਆ ਸੀ ਜੋ ਦੇਰ ਸ਼ਾਮ ਤੱਕ ਪੁਲਿਸ ਵਲੋਂ ਨਕਾਰਾ ਨਹੀਂ ਕੀਤੇ ਗਏ |
ਨਵੀਂ ਦਿੱਲੀ, 3 ਦਸੰਬਰ (ਉਪਮਾ ਡਾਗਾ ਪਾਰਥ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਮੌਤਾਂ ਬਾਰੇ ਕੋਈ ਰਿਕਾਰਡ ਨਾ ਹੋਣ ਦੇ ਬਿਆਨ 'ਤੇ ਨਿਸ਼ਾਨਾ ਸਾਧਦਿਆਂ ਉਸ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX