ਉੱਤਰ ਪ੍ਰਦੇਸ਼ ਵਿਚ 10 ਫਰਵਰੀ ਤੋਂ ਲੈ ਕੇ 7 ਮਾਰਚ ਤੱਕ 7 ਪੜਾਵਾਂ ਵਿਚ ਚੋਣਾਂ ਹੋਣੀਆਂ ਹਨ। ਇਸ ਸਮੇਂ ਦੇਸ਼ ਦੇ ਇਸ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿਚ ਦੋ ਹੀ ਪਾਰਟੀਆਂ ਸਿੱਧੇ ਮੁਕਾਬਲੇ ਵਿਚ ਆਈਆਂ ਦਿਖਾਈ ਦੇ ਰਹੀਆਂ ਹਨ। ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਤਾਂ ਪਹਿਲਾਂ ਹੀ ਹਾਸ਼ੀਏ 'ਤੇ ਚੱਲ ਰਹੀਆਂ ਹਨ। ਮਾਇਆਵਤੀ ਨੇ ਹੁਣ ਆਪ ਵੀ ਵਿਧਾਨ ਸਭਾ ਦੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਤੋਂ ਇਸ ਪਾਰਟੀ ਦੀ ਹਾਲਤ ਦਾ ਅੰਦਾਜ਼ਾ ਲਗਾਇਆ ਜਾਣਾ ਮੁਸ਼ਕਿਲ ਨਹੀਂ ਹੈ। ਕਾਂਗਰਸ ਵੀ ਕਾਫ਼ੀ ਸਰਗਰਮ ਹੋਈ ਦਿਖਾਈ ਦਿੰਦੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਉਹ ਪਿੱਛੇ ਰਹਿ ਗਏ ਵੱਡੇ ਘਾਟੇ ਨੂੰ ਕਿਵੇਂ ਪੂਰਾ ਕਰ ਸਕੇਗੀ? ਹੁਣ ਜਦੋਂ ਕਿ ਉਮੀਦਵਾਰ ਚੁਣਨ ਦਾ ਸਮਾਂ ਹੈ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਿੱਲੀ ਵਿਚ ਭਾਜਪਾ ਦੇ ਕੇਂਦਰੀ ਆਗੂਆਂ ਨਾਲ ਨਾਵਾਂ ਦੀਆਂ ਗਿਣਤੀਆਂ-ਮਿਣਤੀਆਂ ਕਰ ਰਹੇ ਹਨ ਤਾਂ ਉਸ ਸਮੇਂ ਉਨ੍ਹਾਂ ਦੇ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਭਾਜਪਾ ਤੋਂ ਅਸਤੀਫ਼ਾ ਦੇ ਕੇ ਸਮਾਜਵਾਦੀ ਪਾਰਟੀ ਵਿਚ ਚਲੇ ਗਏ ਹਨ।
ਭਾਜਪਾ ਲਈ ਇਹ ਸਥਿਤੀ ਇਸ ਲਈ ਵੀ ਚਿੰਤਾ ਦਾ ਕਾਰਨ ਹੈ ਕਿ ਪਿਛਲੇ ਕੁਝ ਸਮੇਂ ਵਿਚ 11 ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ ਅਤੇ ਮੌਰਿਆ ਨੇ ਇਹ ਵੀ ਕਿਹਾ ਹੈ ਕਿ ਆਉਂਦੇ ਦਿਨਾਂ ਵਿਚ ਹੋਰ ਵਿਧਾਇਕ ਵੀ ਪਾਰਟੀ ਦਾ ਪੱਲਾ ਛੱਡ ਸਕਦੇ ਹਨ। ਚੋਣਾਂ ਦੇ ਮੌਕੇ ਪੈਦਾ ਹੋ ਰਹੀ ਇਸ ਨਵੀਂ ਸਥਿਤੀ ਨਾਲ ਯੋਗੀ ਸਰਕਾਰ ਕਿਵੇਂ ਨਜਿੱਠਦੀ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਜਿਥੋਂ ਤੱਕ ਪਾਰਟੀਆਂ ਬਦਲਣ ਦਾ ਸੰਬੰਧ ਹੈ, ਇਹ ਬਿਮਾਰੀ ਕਿਸੇ ਇਕ ਪਾਰਟੀ ਨੂੰ ਨਹੀਂ, ਸਗੋਂ ਬਹੁਤੀਆਂ ਪਾਰਟੀਆਂ ਨੂੰ ਲੱਗੀ ਦਿਖਾਈ ਦਿੰਦੀ ਹੈ। ਸਵਾਮੀ ਪ੍ਰਸਾਦ ਮੌਰਿਆ ਜਿਸ ਨੇ ਇਹ ਕਹਿ ਕੇ ਆਪਣਾ ਅਸਤੀਫ਼ਾ ਦਿੱਤਾ ਹੈ ਕਿ ਭਾਜਪਾ ਵਿਚ ਦਲਿਤਾਂ ਦੀ ਪੁੱਛਗਿੱਛ ਨਹੀਂ ਹੈ, ਉਹ ਹੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਦੌਰਾਨ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਿਆ ਸੀ। ਚਾਹੇ ਉਸ ਨੇ ਹੁਣ ਦਲਿਤਾਂ ਦੀ ਅਣਦੇਖੀ ਦੀ ਗੱਲ ਕੀਤੀ ਹੈ ਪਰ ਉਹ ਪਿਛਲੇ 5 ਸਾਲ ਦੇ ਲਗਭਗ ਭਾਜਪਾ ਦਾ ਵੱਡਾ ਚਿਹਰਾ ਬਣਿਆ ਰਿਹਾ ਹੈ। ਸ਼ਾਇਦ ਉਸ ਸਮੇਂ ਉਸ ਨੂੰ ਦਲਿਤਾਂ, ਬੇਰੁਜ਼ਗਾਰਾਂ ਅਤੇ ਪਛੜੇ ਵਰਗਾਂ ਦਾ ਖਿਆਲ ਨਹੀਂ ਸੀ ਆਇਆ। ਇਸੇ ਹੀ ਤਰ੍ਹਾਂ ਕੁਝ ਦਿਨ ਪਹਿਲਾਂ ਸਮਾਜਵਾਦੀ ਪਾਰਟੀ ਦਾ ਵੱਡਾ ਪੁਰਾਣਾ ਆਗੂ ਸ਼ਤਰੁਦਰਾ ਪ੍ਰਕਾਸ਼ ਭਾਜਪਾ ਨਾਲ ਜਾ ਰਲਿਆ ਹੈ। ਦਲਬਦਲੀ ਦੀ ਕਮਾਲ ਇਹ ਹੈ ਕਿ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੇ ਵੱਡੇ ਆਗੂ ਇਮਰਾਨ ਮਸੂਦ ਨੇ ਵੀ ਸਮਾਜਵਾਦੀ ਪਾਰਟੀ ਵਿਚ ਰਲਣ ਦਾ ਐਲਾਨ ਕੀਤਾ ਹੈ। ਵੱਖ-ਵੱਖ ਪਾਰਟੀਆਂ ਦੇ ਇਨ੍ਹਾਂ ਆਗੂਆਂ ਨੂੰ ਇਸ ਵਾਰ ਉਮੀਦਵਾਰ ਬਣਾਇਆ ਜਾਣਾ ਸੀ ਕਿ ਨਹੀਂ, ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਅੱਜ ਦੇ ਸਿਆਸਤਦਾਨ ਹਵਾ ਦੇ ਰੁਖ਼ ਦਾ ਵੀ ਅੰਦਾਜ਼ਾ ਲਗਾਉਣ ਦੇ ਮਾਹਰ ਹੋ ਚੁੱਕੇ ਹਨ। ਅਜਿਹੀ ਹੀ ਬਿਮਾਰੀ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਪੰਜਾਬ, ਗੋਆ, ਮਣੀਪੁਰ ਅਤੇ ਉੱਤਰਾਖੰਡ ਵਿਚ ਵੀ ਲੱਗੀ ਦਿਖਾਈ ਦਿੰਦੀ ਹੈ। ਪੰਜਾਬ ਵਿਚ ਬਹੁਤ ਸਾਰੇ ਆਗੂ ਆਪਣੇ ਪਾਲੇ ਬਦਲ ਰਹੇ ਹਨ। ਪਿਛਲੇ ਦਿਨੀਂ ਇਨ੍ਹਾਂ ਦੀ ਓਟ ਭਾਜਪਾ ਵੱਲ ਲੱਗੀ ਰਹੀ ਹੈ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਇਨ੍ਹਾਂ ਸਿਆਸਤਦਾਨਾਂ ਦੀ ਕਿਸੇ ਸਿਧਾਂਤ ਨਾਲ ਪ੍ਰਤੀਬੱਧਤਾ ਨਹੀਂ ਹੈ, ਸਗੋਂ ਇਹ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਕੁਰਸੀ ਪੱਕੀ ਬਣਾਈ ਰੱਖਣਾ ਚਾਹੁੰਦੇ ਹਨ।
ਅੰਕੜਿਆਂ ਮੁਤਾਬਿਕ ਦੇਸ਼ ਵਿਚ ਹੋਈਆਂ ਵੱਖ-ਵੱਖ ਚੋਣਾਂ ਵਿਚ ਪਿਛਲੇ 5 ਸਾਲਾਂ ਵਿਚ 357 ਵਿਧਾਇਕਾਂ ਨੇ ਦਲਬਦਲੀਆਂ ਕਰਕੇ ਚੋਣਾਂ ਲੜੀਆਂ। ਇਨ੍ਹਾਂ ਵਿਚੋਂ ਦੂਜੀਆਂ ਪਾਰਟੀਆਂ ਵਿਚ ਜਾ ਕੇ ਅੱਧੇ ਪਚੱਧੇ ਜਿੱਤਦੇ ਵੀ ਰਹੇ ਹਨ ਪਰ ਬਹੁਤਿਆਂ ਨੂੰ ਹਾਰ ਦਾ ਮੂੰਹ ਹੀ ਦੇਖਣਾ ਪਿਆ ਸੀ। ਉੱਤਰ ਪ੍ਰਦੇਸ਼ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ 312 ਸੀਟਾਂ ਮਿਲੀਆਂ ਸਨ। ਇਨ੍ਹਾਂ ਵਿਚੋਂ 54 ਵਿਧਾਇਕ ਅਜਿਹੇ ਸਨ ਜਿਹੜੇ ਦੂਜੀਆਂ ਪਾਰਟੀਆਂ 'ਚੋਂ ਆਏ ਸਨ। ਭਾਜਪਾ ਨੇ ਵੀ ਇਸ ਗੱਲ ਨੂੰ ਪੂਰਾ ਉਤਸ਼ਾਹਿਤ ਕੀਤਾ ਸੀ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ 67 ਦਲਬਦਲੂਆਂ ਨੂੰ ਟਿਕਟਾਂ ਦਿੱਤੀਆਂ ਸਨ। ਅਜਿਹੀ ਕਵਾਇਦ ਹੀ ਭਾਜਪਾ ਨੇ ਪੱਛਮੀ ਬੰਗਾਲ ਵਿਚ ਕੀਤੀ ਸੀ। ਪਿਛਲੀਆਂ ਹੋਈਆਂ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਦੇ 30 ਆਗੂ ਭਾਜਪਾ ਵਿਚ ਆਏ ਸਨ ਪਰ ਉਨ੍ਹਾਂ ਵਿਚੋਂ 16 ਦਲਬਦਲੂ ਆਗੂ ਹਾਰ ਗਏ ਸਨ। ਅਸੀਂ ਮਹਿਸੂਸ ਕਰਦੇ ਹਾਂ ਕਿ ਚੋਣਾਂ ਦੌਰਾਨ ਪਾਲਾ ਬਦਲਣ ਵਾਲੇ ਸਿਆਸਤਦਾਨਾਂ ਦਾ ਪ੍ਰਭਾਵ ਲੋਕ ਮਨਾਂ ਵਿਚ ਕਿਸੇ ਵੀ ਤਰ੍ਹਾਂ ਚੰਗਾ ਨਹੀਂ ਪੈਂਦਾ, ਸਗੋਂ ਅਜਿਹੀ ਗੱਲ ਨੂੰ ਆਮ ਤੌਰ 'ਤੇ ਮੌਕਾਪ੍ਰਸਤੀ ਦੀ ਖੇਡ ਹੀ ਸਮਝਿਆ ਜਾਂਦਾ ਹੈ। ਬਿਨਾਂ ਸ਼ੱਕ ਸਰਵਵਿਆਪੀ ਹੋ ਰਹੇ ਅਜਿਹੇ ਵਰਤਾਰੇ ਨੇ ਭਾਰਤੀ ਸਿਆਸਤ ਨੂੰ ਬੁਰੀ ਤਰ੍ਹਾਂ ਗੰਧਲਾ ਕਰਕੇ ਰੱਖ ਦਿੱਤਾ ਹੈ।
-ਬਰਜਿੰਦਰ ਸਿੰਘ ਹਮਦਰਦ
'ਇਸ ਦੇ ਕਈ ਕਾਰਨ ਹਨ, ਜੋ ਰੱਬ ਹਰ ਕਿਸੇ ਦੇ ਸਾਹਮਣੇ ਪ੍ਰਗਟ ਨਹੀਂ ਹੁੰਦਾ। ਇਨ੍ਹਾਂ 'ਚ ਮੁੱਖ ਕਾਰਨ ਇਹ ਕਲਯੁੱਗ ਹੈ, ਜੋ ਬੁਰਾਈਆਂ ਦਾ ਯੁੱਗ ਹੈ। ਵਰਤਮਾਨ 'ਚ ਅਸੀਂ ਇਸ ਯੁੱਗ 'ਚ ਰਹਿ ਰਹੇ ਹਾਂ ਅਤੇ ਜਦੋਂ ਅਜਿਹਾ ਪ੍ਰਤੀਤ ਹੋਵੇਗਾ ਕਿ ਸਭ ਕੁਝ ਗੁਆਚ ਗਿਆ ਹੈ, ਜਦੋਂ 100 ਤੋਂ ...
ਹਰਿਆਣਾ 'ਚ ਕੋਰੋਨਾ ਕਾਫ਼ੀ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਦਿੱਲੀ ਦੇ ਨਾਲ ਲਗਦੇ ਗੁਰੂਗ੍ਰਾਮ ਅਤੇ ਫ਼ਰੀਦਾਬਾਦ ਜ਼ਿਲ੍ਹਿਆਂ 'ਚ ਕੋਰੋਨਾ ਮਾਮਲਿਆਂ ਦੇ ਫੈਲਣ ਦੀ ਰਫ਼ਤਾਰ ਸਭ ਤੋਂ ਤੇਜ਼ ਹੈ। ਸੂਬੇ 'ਚ ਔਸਤਨ ਕੋਰੋਨਾ ਦੇ ਜਿੰਨੇ ਮਰੀਜ਼ ਠੀਕ ਹੁੰਦੇ ਹਨ, ਉਸ ਤੋਂ 5-6 ਗੁਣਾ ...
ਕਿਸਾਨ ਅੰਦੋਲਨ ਦੀਆਂ ਅੱਧੀਆਂ ਅਧੂਰੀਆਂ ਪ੍ਰਾਪਤੀਆਂ ਤੋਂ ਬਾਅਦ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇਕ ਲੰਬੀ ਬਹਿਸ ਛਿੜ ਪਈ ਹੈ। ਬਹਿਸ ਇਹ ਹੈ ਕਿ ਕਿਸਾਨ ਜਥੇਬੰਦੀਆਂ ਚੋਣਾਂ ਲੜ ਕੇ ਸਿਆਸਤ ਵਿਚ ਪੈਰ ਧਰਨ ਜਾਂ ਨਾ? ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX