ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਚੰਡੀਗੜ੍ਹ ਵਿਚ ਆਏ। ਉਨ੍ਹਾਂ ਨੇ ਕਿਸਾਨੀ ਅੰਦੋਲਨ ਵੇਲੇ ਜਾਨਾਂ ਗੁਆਉਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਪਰਿਵਾਰਾਂ ਨੂੰ ਕੁਝ ਢਾਰਸ ਬੰਨ੍ਹਾਉਣ ਲਈ 3-3 ਲੱਖ ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗਲਵਾਨ ਘਾਟੀ ਵਿਚ ਚੀਨ ਦੀ ਫ਼ੌਜ ਨਾਲ ਹੋਈਆਂ ਝੜਪਾਂ ਵਿਚ ਸ਼ਹੀਦ ਹੋਏ ਇਸ ਖਿੱਤੇ ਦੇ ਜਵਾਨਾਂ ਲਈ ਵੀ 10-10 ਲੱਖ ਰੁਪਏ ਦੀ ਰਾਸ਼ੀ ਦਿੱਤੀ। ਚੰਦਰਸ਼ੇਖਰ ਰਾਓ ਦਾ ਚੰਡੀਗੜ੍ਹ ਦਾ ਦੌਰਾ ਉਸ ਕੜੀ ਦਾ ਹਿੱਸਾ ਹੈ, ਜਿਸ ਅਧੀਨ ਉਹ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਲਈ ਦੇਸ਼ ਭਰ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦਾ ਇਹ ਦੌਰਾ ਭਾਰਤੀ ਜਨਤਾ ਪਾਰਟੀ ਦੀ ਵਧ ਰਹੀ ਤਾਕਤ ਦਾ ਮੁਕਾਬਲਾ ਕਰਨ ਲਈ ਕੀਤੀ ਜਾਣ ਵਾਲੀ ਲਾਮਬੰਦੀ ਦਾ ਹਿੱਸਾ ਹੈ। ਇਸ ਅਧੀਨ ਉਹ ਦੇਸ਼ ਦੀਆਂ ਬਹੁਤੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਇਕੱਠੇ ਹੋ ਕੇ ਸਿਧਾਂਤਕ ਤੌਰ 'ਤੇ ਵੀ ਭਾਜਪਾ ਦੇ ਮੁਕਾਬਲੇ ਲਈ ਇਕ ਮੰਚ 'ਤੇ ਆਉਣ ਲਈ ਪ੍ਰੇਰਿਤ ਕਰਨ ਦਾ ਯਤਨ ਕਰ ਰਹੇ ਹਨ।
ਆਪਣੇ ਇਸ ਦੌਰੇ ਦੀ ਅਗਲੀ ਕੜੀ ਵਜੋਂ ਉਹ 'ਆਪ', ਤ੍ਰਿਣਮੂਲ ਕਾਂਗਰਸ ਅਤੇ ਜਨਤਾ ਦਲ (ਐਸ) ਦੇ ਆਗੂਆਂ ਨੂੰ ਵੀ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਹ ਗ਼ੈਰ-ਭਾਜਪਾ ਪਾਰਟੀਆਂ ਨੂੰ ਇਕ ਸਟੇਜ 'ਤੇ ਇਕੱਠਾ ਕਰਨ ਦਾ ਯਤਨ ਕਰਨਗੇ। ਇਸੇ ਕੜੀ ਵਿਚ ਉਹ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਨੂੰ ਵੀ ਬੈਂਗਲੁਰੂ ਵਿਚ ਮਿਲਣਗੇ ਅਤੇ ਰਾਲੇਗਨ ਸਿੱਧੀ ਵਿਚ ਅੰਨਾ ਹਜ਼ਾਰੇ ਤੋਂ ਵੀ ਆਸ਼ੀਰਵਾਦ ਲੈਣਗੇ, ਜਿਨ੍ਹਾਂ ਨੇ ਸਾਲ 2014 ਵਿਚ ਕਾਂਗਰਸ ਹਕੂਮਤ ਨੂੰ ਵੱਡੀ ਚੁਣੌਤੀ ਦੇ ਕੇ ਇਕ ਲੋਕ ਅੰਦੋਲਨ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਇਹ ਵੀ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਪੱਛਮੀ ਬੰਗਾਲ ਦੇ ਨਾਲ-ਨਾਲ ਬਿਹਾਰ ਵਿਚ ਵੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮਿਲਣਗੇ ਪਰ ਚੰਦਰਸ਼ੇਖਰ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਉਹ ਆਪਣੇ ਇਨ੍ਹਾਂ ਯਤਨਾਂ ਵਿਚ ਕਾਂਗਰਸ ਨੂੰ ਨਾਲ ਨਹੀਂ ਲੈਣਗੇ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਵੀ ਉਦੈਪੁਰ ਵਿਚ ਹੋਏ ਚਿੰਤਨ ਸੰਮੇਲਨ ਵਿਚ ਖੇਤਰੀ ਦਲਾਂ ਨੂੰ ਨਾਲ ਲੈਣ ਲਈ ਕੋਈ ਉਤਸ਼ਾਹ ਨਹੀਂ ਸੀ ਦਿਖਾਇਆ ਅਤੇ ਇਹ ਵੀ ਕਿਹਾ ਸੀ ਕਿ ਖੇਤਰੀ ਦਲਾਂ ਦੀ ਆਪਣੀ ਥਾਂ ਜ਼ਰੂਰ ਹੈ ਪਰ ਉਹ ਭਾਜਪਾ ਨੂੰ ਨਹੀਂ ਹਰਾ ਸਕਦੇ, ਕਿਉਂਕਿ ਉਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ। ਹੁਣ ਭਾਵੇਂ ਹਾਲਾਤ ਨੂੰ ਵੇਖਦੇ ਹੋਏ ਉਹ ਆਪਣੇ ਇਸ ਬਿਆਨ ਤੋਂ ਟਾਲਾ ਵੱਟਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਲੰਦਨ ਵਿਚ ਇਹ ਕਿਹਾ ਹੈ ਕਿ ਕਾਂਗਰਸ ਸਾਰੇ ਖੇਤਰੀ ਦਲਾਂ ਦਾ ਸਨਮਾਨ ਕਰਦੀ ਹੈ ਅਤੇ 'ਬਿੱਗ ਡੈਡੀ' ਨਹੀਂ ਬਣਨਾ ਚਾਹੁੰਦੀ, ਸਗੋਂ ਭਾਜਪਾ ਦੇ ਖਿਲਾਫ਼ ਲੜਾਈ ਇਕੱਠਿਆਂ ਹੋ ਕੇ ਹੀ ਲੜੀ ਜਾ ਸਕਦੀ ਹੈ। ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਆਗੂਆਂ ਵਲੋਂ ਖੇਤਰੀ ਦਲਾਂ ਦਾ ਮੁਹਾਜ਼ ਬਣਾਉਣ ਦੇ ਯਤਨ ਹੋ ਰਹੇ ਹਨ। ਇਸ ਸੰਬੰਧੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਦਿੱਲੀ ਆਈ ਸੀ। ਉਸ ਨੇ ਵੀ ਵੱਖ-ਵੱਖ ਆਗੂਆਂ ਨਾਲ ਸੰਪਰਕ ਸਾਧਿਆ ਸੀ ਪਰ ਉਸ ਦਾ ਇਹ ਯਤਨ ਅੱਧਾ-ਅਧੂਰਾ ਹੀ ਰਿਹਾ ਸੀ। ਆਉਂਦੇ ਦਿਨਾਂ ਵਿਚ ਰਾਸ਼ਟਰਪਤੀ ਦੀ ਹੋਣ ਜਾ ਰਹੀ ਚੋਣ ਵਿਚ ਵੀ ਖੇਤਰੀ ਦਲਾਂ ਵਲੋਂ ਇਕ ਮੁਹਾਜ਼ ਬਣਾਉਣ ਦਾ ਯਤਨ ਕੀਤਾ ਜਾਏਗਾ।
ਅਜਿਹੇ ਸਮੇਂ 'ਤੇ ਇਹ ਇਸ ਲਈ ਵੀ ਜ਼ਰੂਰੀ ਜਾਪਣ ਲੱਗਾ ਹੈ ਕਿਉਂਕਿ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਇਸ਼ਾਰੇ 'ਤੇ ਜਿਸ ਰਸਤੇ 'ਤੇ ਭਾਜਪਾ ਤੁਰਨ ਦਾ ਯਤਨ ਕਰ ਰਹੀ ਹੈ ਚਾਹੇ ਉਹ ਆਉਂਦੇ ਸਮੇਂ ਵਿਚ ਉਸ ਨੂੰ ਕੁਝ ਚੋਣਾਂ ਜਿਤਾਉਣ ਵਿਚ ਤਾਂ ਮਦਦ ਕਰ ਸਕਦਾ ਹੈ ਪਰ ਇਹ ਰਸਤਾ ਦੇਸ਼ ਲਈ ਬੇਹੱਦ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਜਿਸ ਕਦਰ ਧਰਮਾਂ ਦੇ ਨਾਂਅ 'ਤੇ ਲੋਕਾਂ ਨੂੰ ਭੜਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਉਹ ਬੇਹੱਦ ਮੰਦਭਾਗਾ ਹੈ। ਅਸੀਂ ਲੰਦਨ ਵਿਚ ਰਾਹੁਲ ਗਾਂਧੀ ਵਲੋਂ ਕੀਤੀ ਗਈ ਇਸ ਟਿੱਪਣੀ ਨਾਲ ਸਹਿਮਤ ਹਾਂ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਅੱਜ ਭਾਜਪਾ ਪੂਰੇ ਦੇਸ਼ ਵਿਚ ਕੈਰੋਸੀਨ ਛਿੜਕ ਰਹੀ ਹੈ, ਮਾਹੌਲ ਖ਼ਰਾਬ ਕਰਨ ਲਈ ਅੱਗੇ ਬਸ ਇਕ ਚਿੰਗਾਰੀ ਦੀ ਹੀ ਜ਼ਰੂਰਤ ਹੈ। ਇਹ ਵੀ ਕਿ ਸੀ.ਬੀ.ਆਈ. ਅਤੇ ਹੋਰ ਏਜੰਸੀਆਂ ਦੇ ਜ਼ਰੀਏ ਲੋਕਤੰਤਰੀ ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ। ਅੱਜ ਅਜਿਹੀ ਸਰਗਰਮੀ ਅਤੇ ਮਾਨਸਿਕਤਾ ਦਾ ਮੁਕਾਬਲਾ ਕਰਨ ਲਈ ਇਕ ਵਾਰ ਫਿਰ ਮਮਤਾ ਬੈਨਰਜੀ ਨੇ ਵਿਰੋਧੀ ਦਲਾਂ ਨੂੰ ਭਾਜਪਾ ਵਲੋਂ ਸ਼ੁਰੂ ਕੀਤੀਆਂ ਗਈਆਂ ਨੀਤੀਆਂ ਦੇ ਖਿਲਾਫ਼ ਇਕੱਠੇ ਹੋਣ ਦੀ ਅਪੀਲ ਕੀਤੀ ਹੈ, ਜਿਸ ਵਿਚ ਉਸ ਨੇ ਕਾਂਗਰਸ ਨੂੰ ਵੀ ਨਾਲ ਆਉਣ ਦਾ ਸੱਦਾ ਦਿੱਤਾ ਹੈ। ਅੱਜ ਕਾਂਗਰਸ ਦਾ ਰਾਜ ਚਾਹੇ ਰਾਜਸਥਾਨ ਤੇ ਛੱਤੀਸਗੜ੍ਹ ਵਿਚ ਹੀ ਹੈ ਪਰ ਝਾਰਖੰਡ, ਤਾਮਿਲਨਾਡੂ ਅਤੇ ਮਹਾਰਾਸ਼ਟਰ ਵਿਚ ਉਹ ਹੋਰ ਪਾਰਟੀਆਂ ਨਾਲ ਸ਼ਾਸਨ ਵਿਚ ਭਾਈਵਾਲ ਹੈ। ਆਉਂਦੇ ਸਮੇਂ ਵਿਚ ਵਿਰੋਧੀ ਪਾਰਟੀਆਂ ਨੂੰ ਇਕੱਠੇ ਕਰਨ ਦੇ ਯਤਨਾਂ ਦੇ ਹੋਰ ਤੇਜ਼ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।
-ਬਰਜਿੰਦਰ ਸਿੰਘ ਹਮਦਰਦ
ਭਾਜਪਾ ਅਤੇ ਸੰਘ ਪਰਿਵਾਰ ਦੀ ਆਲੋਚਨਾ ਕਰਨ ਵਾਲੇ ਬੁੱਧੀਜੀਵੀਆਂ ਅਤੇ ਉਨ੍ਹਾਂ ਖ਼ਿਲਾਫ਼ ਖੜ੍ਹੀਆਂ ਰਾਜਨੀਤਕ ਸ਼ਕਤੀਆਂ ਨੂੰ ਇਹ ਸਮਝ 'ਚ ਨਹੀਂ ਆ ਰਿਹਾ ਕਿ ਉਹ ਬਨਾਰਸ ਦੇ ਗਿਆਨਵਾਪੀ ਘਟਨਾਕ੍ਰਮ ਜਾਂ ਮਥੁਰਾ ਦੇ ਕ੍ਰਿਸ਼ਨ ਜਨਮ ਅਸਥਾਨ ਨਾਲ ਜੁੜੇ ਵਿਵਾਦਾਂ ਨਾਲ ਕਿਵੇਂ ...
ਬੀਤੇ ਐਤਵਾਰ ਇਕ ਪੰਜਾਬੀ ਚੈਨਲ ਨੇ 'ਬੰਜਰ ਹੋ ਰਿਹਾ ਪੰਜਾਬ' ਸਿਰਲੇਖ ਰੱਖ ਕੇ ਪੰਜਾਬ ਦੇ ਪਾਣੀ ਸੰਕਟ ਸੰਬੰਧੀ ਗੰਭੀਰ ਵਿਚਾਰ-ਚਰਚਾ ਪੇਸ਼ ਕੀਤੀ। ਮੈਨੂੰ ਮਹਿਸੂਸ ਹੋਇਆ ਕਿ ਮੀਡੀਆ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਜਾ ਰਿਹਾ ਹੈ। ਪੱਤਰਕਾਰ ਆਪਣੀ ਜ਼ਿੰਮੇਵਾਰੀ ਨਿਭਾਈ ...
ਕਿਸਾਨਾਂ ਦੀ ਆਪਣੀ ਵੋਟ ਪ੍ਰਤੀਸ਼ਤ, ਉਨ੍ਹਾਂ ਦੀ ਸੋਚ ਅਤੇ ਅਪ੍ਰਸੰਗਿਕਤਾ ਅਤੇ ਹੋਰ ਕਈਆਂ ਕਾਰਨਾਂ ਕਰਕੇ ਇਹ ਹੁਣ ਤੱਕ ਸਪੱਸ਼ਟ ਹੋ ਗਿਆ ਹੈ ਕਿ ਰਾਜ ਵਿਚ ਕਿਸਾਨਾਂ ਦੀ ਅਜੇ ਆਪਣੀ ਸਰਕਾਰ ਨਹੀਂ ਬਣ ਸਕਦੀ। ਫਰਵਰੀ 2022 ਵਿਚ ਹੋਈਆਂ ਚੋਣਾਂ ਨੇ ਸਾਡੀ ਇਸ ਮਨੌਤ ਨੂੰ ਹੋਰ ਵੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX