ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੋ ਦਿਨਾ ਜਾਪਾਨ ਦੌਰਾ ਕਈ ਪੱਖਾਂ ਤੋਂ ਬੇਹੱਦ ਮਹੱਤਵਪੂਰਨ ਰਿਹਾ ਹੈ। ਜਿਥੋਂ ਤੱਕ ਜਾਪਾਨ ਦਾ ਸੰਬੰਧ ਹੈ, ਇਹ ਭਾਰਤ ਦੇ ਕੁਝ ਨੇੜਲੇ ਅਤੇ ਸਹਿਯੋਗੀ ਮੁਲਕਾਂ 'ਚੋਂ ਇਕ ਰਿਹਾ ਹੈ। ਜਾਪਾਨ ਦਾ ਖੇਤਰਫਲ ਪੌਣੇ 4 ਲੱਖ ਕਿਲੋਮੀਟਰ ਹੈ। ਅਨੁਪਾਤਕ ਤੌਰ 'ਤੇ ਇਹ ਛੋਟਾ ਮੁਲਕ ਹੈ ਪਰ ਇਸ ਦੀਆਂ ਪ੍ਰਾਪਤੀਆਂ ਵੱਡੀਆਂ ਮੰਨੀਆਂ ਜਾਂਦੀਆਂ ਰਹੀਆਂ ਹਨ। ਦੂਸਰੇ ਸੰਸਾਰ ਯੁੱਧ ਸਮੇਂ ਵੀ ਜਾਪਾਨ ਇਕ ਵੱਡੀ ਸ਼ਕਤੀ ਵਜੋਂ ਉੱਭਰਿਆ ਸੀ। ਜਰਮਨੀ, ਜਾਪਾਨ ਅਤੇ ਇਟਲੀ ਨੇ ਯੂਰਪ ਦੇ ਬਹੁਤ ਸਾਰੇ ਮੁਲਕਾਂ ਅਤੇ ਫਿਰ ਅਮਰੀਕਾ ਨੂੰ ਵੱਡੀ ਟੱਕਰ ਦਿੱਤੀ ਸੀ। ਹੀਰੋਸ਼ੀਮਾ ਤੇ ਨਾਗਾਸਾਕੀ 'ਤੇ ਅਮਰੀਕਾ ਵਲੋਂ ਐਟਮ ਬੰਬ ਸੁੱਟੇ ਜਾਣ ਤੋਂ ਬਾਅਦ ਹੀ ਇਸ ਨੇ ਹਾਰ ਕਬੂਲੀ ਸੀ ਪਰ ਇਸ ਜੰਗ ਦੀ ਤਬਾਹੀ ਤੋਂ ਬਾਅਦ ਜਿਸ ਤੇਜ਼ੀ ਨਾਲ ਜਾਪਾਨ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ, ਉਹ ਹੈਰਾਨੀਜਨਕ ਹੈ। ਅੱਜ ਜਾਪਾਨ ਹਰ ਪੱਖ ਤੋਂ ਦੁਨੀਆ ਦੇ ਕੁਝ ਇਕ ਵੱਡੇ ਮੁਲਕਾਂ ਵਿਚ ਸ਼ੁਮਾਰ ਹੈ। ਭਾਰਤ ਨਾਲ ਇਸ ਦੇ ਰਿਸ਼ਤੇ ਲੰਮੇ ਸਮੇਂ ਤੋਂ ਸੁਖਾਵੇਂ ਬਣੇ ਰਹੇ ਹਨ। ਭਾਰਤ ਵਿਚ ਉਪਜਿਆ ਬੁੱਧ ਧਰਮ ਚੀਨ ਰਾਹੀਂ ਜਾਪਾਨ ਵਿਚ ਗਿਆ ਸੀ। ਅੱਜ ਇਹ ਧਰਮ ਉਥੋਂ ਦਾ ਸਭ ਤੋਂ ਵੱਡਾ ਧਰਮ ਹੈ। ਜਾਪਾਨ ਨੇ ਹਮੇਸ਼ਾ ਹੀ ਮੁਢਲੀਆਂ ਸਹੂਲਤਾਂ ਅਤੇ ਲੋੜਾਂ ਦੇ ਖੇਤਰ ਵਿਚ ਭਾਰਤ ਦੀ ਵੱਡੀ ਮਦਦ ਕੀਤੀ ਹੈ ਅਤੇ ਹਰ ਔਖੀ ਘੜੀ ਸਮੇਂ ਇਹ ਭਾਰਤ ਨਾਲ ਖੜ੍ਹਾ ਰਿਹਾ ਹੈ। ਅਜੋਕੇ ਸਮਿਆਂ ਵਿਚ ਚੀਨ ਇਕ ਮਹਾਂਸ਼ਕਤੀ ਵਜੋਂ ਉੱਭਰ ਰਿਹਾ ਹੈ ਅਤੇ ਉਸ ਨੇ ਦੱਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ 'ਤੇ ਆਪਣਾ ਪੂਰਾ ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ ਹੈ, ਪਰ ਜਾਪਾਨ ਸਮੇਤ ਉਸ ਦੇ ਗੁਆਂਢੀ ਦੇਸ਼ ਇਨ੍ਹਾਂ ਸਾਗਰਾਂ 'ਤੇ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨਾਂ ਅਨੁਸਾਰ ਆਪੋ-ਆਪਣਾ ਹੱਕ ਸਮਝਦੇ ਹਨ। ਇਨ੍ਹਾਂ ਵਿਚ ਤਾਈਵਾਨ, ਫਿਲਪੀਨਜ਼, ਬਰੂਨੇਈ, ਮਲੇਸ਼ੀਆ ਅਤੇ ਵੀਅਤਨਾਮ ਆਦਿ ਦੇਸ਼ ਸ਼ਾਮਿਲ ਹਨ। ਹੁਣ ਜਾਪਾਨ ਵਿਚ ਅਮਰੀਕਾ ਦੀ ਪਹਿਲਕਦਮੀ ਨਾਲ 'ਇੰਡੋ-ਪੈਸੀਫਿਕ ਇਕਨਾਮਿਕ ਫਰੇਮਵਰਕ' ਦੀ ਸਥਾਪਨਾ ਦੇ ਐਲਾਨ ਨਾਲ ਇਸ ਖੇਤਰ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਇਸ ਸੰਗਠਨ ਵਿਚ 12 ਦੇਸ਼ ਅਜਿਹੇ ਹਨ ਜਿਹੜੇ ਹਰ ਤਰ੍ਹਾਂ ਦੇ ਆਪਸੀ ਸਹਿਯੋਗ ਨਾਲ ਭਵਿੱਖ ਵਿਚ ਇਕੱਠੇ ਹੋ ਕੇ ਚੱਲਣ ਲਈ ਤਿਆਰ ਹਨ। ਇਨ੍ਹਾਂ ਵਿਚ ਆਸਟ੍ਰੇਲੀਆ, ਬਰੂਨੇਈ, ਭਾਰਤ, ਇੰਡੋਨੇਸ਼ੀਆ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ, ਨਿਊਜ਼ੀਲੈਂਡ, ਫਿਲਪੀਨਜ਼, ਥਾਈਲੈਂਡ, ਸਿੰਗਾਪੁਰ ਤੇ ਵੀਅਤਨਾਮ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਜਾਪਾਨ ਵਿਚ ਕਵਾਡ ਸਮੂਹ 'ਚ ਸ਼ਾਮਿਲ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਵੀ ਬੈਠਕ ਕੀਤੀ ਹੈ, ਜਿਨ੍ਹਾਂ ਵਿਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ ਸ਼ਾਮਿਲ ਹਨ।
ਹਿੰਦ ਪ੍ਰਸ਼ਾਂਤ ਖੇਤਰ ਜਿਸ ਨੂੰ ਇੰਡੋ-ਪੈਸੀਫਿਕ ਖਿੱਤਾ ਵੀ ਕਿਹਾ ਜਾਂਦਾ ਹੈ, ਦੇ ਘੇਰੇ ਵਿਚ ਹਿੰਦ ਮਹਾਂਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਨਾਲ ਲਗਦਾ ਪੂਰਾ ਖੇਤਰ ਸ਼ਾਮਿਲ ਹੈ, ਜਿਸ ਨੂੰ ਹਿੰਦ ਪ੍ਰਸ਼ਾਂਤ ਖੇਤਰ ਹੀ ਕਿਹਾ ਜਾਂਦਾ ਹੈ। ਕਵਾਡ ਦੇਸ਼ਾਂ ਦੀ ਇਸ ਮੁਲਾਕਾਤ ਵਿਚ ਚਾਹੇ ਹੋਰ ਏਜੰਡੇ ਵੀ ਸ਼ਾਮਿਲ ਹਨ ਪਰ ਇਸ ਦਾ ਮੁੱਖ ਮੰਤਵ ਚੀਨ ਦੀ ਇਸ ਖਿੱਤੇ ਵਿਚ ਵਧਦੀ ਹੋਈ ਦਖ਼ਲਅੰਦਾਜ਼ੀ ਨੂੰ ਰੋਕਣਾ ਹੈ। ਚੀਨ ਨੇ ਜਿਥੇ ਇਸ ਖੇਤਰ ਦੇ ਵੱਡੇ ਸਮੁੰਦਰੀ ਹਿੱਸੇ 'ਤੇ ਆਪਣਾ ਹੱਕ ਜਮਾਉਣਾ ਸ਼ੁਰੂ ਕਰ ਦਿੱਤਾ ਹੈ, ਉਥੇ ਇਹ ਸਾਰੇ ਹੀ ਗੁਆਂਢੀ ਦੇਸ਼ਾਂ ਲਈ ਇਕ ਵੱਡਾ ਖ਼ਤਰਾ ਬਣਿਆ ਨਜ਼ਰ ਆਉਂਦਾ ਹੈ, ਕਿਉਂਕਿ ਇਸ ਨੇ ਦੱਖਣੀ ਚੀਨ ਸਾਗਰ ਵਿਚ ਕੁਝ ਅਜਿਹੇ ਟਾਪੂ ਆਪ ਤਿਆਰ ਕਰ ਲਏ ਹਨ, ਜਿਨ੍ਹਾਂ 'ਤੇ ਇਸ ਨੇ ਆਪਣੇ ਫ਼ੌਜੀ ਪਹਿਰੇ ਬਿਠਾ ਦਿੱਤੇ ਹਨ। ਚਾਰ ਮੈਂਬਰੀ ਕਵਾਡ ਦੇਸ਼ਾਂ ਦੇ ਸੰਗਠਨ ਨੇ ਇਸ ਗੱਲ ਦੀ ਸਖ਼ਤ ਆਲੋਚਨਾ ਕੀਤੀ ਹੈ ਕਿ ਚੀਨ ਆਪਣੇ ਤੌਰ 'ਤੇ ਇਸ ਖੇਤਰ 'ਤੇ ਆਪਣਾ ਅਧਿਕਾਰ ਜਮਾ ਰਿਹਾ ਹੈ ਅਤੇ ਦੂਸਰੇ ਦੇਸ਼ਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰਨ ਦੇ ਨਾਲ-ਨਾਲ ਸਮੁੰਦਰ ਰਾਹੀਂ ਕੌਮਾਂਤਰੀ ਵਪਾਰ ਵਿਚ ਵੀ ਅੜਚਨਾਂ ਡਾਹ ਰਿਹਾ ਹੈ। ਇਸੇ ਲਈ ਭਾਰਤ ਸਮੇਤ ਅੱਜ ਦਰਜਨਾਂ ਦੇਸ਼ ਇਸ ਦੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ। ਜੇਕਰ ਚੀਨ ਆਪਣੇ ਇਰਾਦਿਆਂ ਤੋਂ ਨਹੀਂ ਟਲਦਾ ਤਾਂ ਕਵਾਡ ਦੇਸ਼ਾਂ ਨਾਲ ਮਿਲ ਕੇ ਚੀਨ ਦੇ ਹੋਰ ਦਰਜਨਾਂ ਗੁਆਂਢੀ ਦੇਸ਼ ਸਾਂਝੇ ਰੂਪ ਵਿਚ ਉਸ ਨੂੰ ਚੁਣੌਤੀ ਦੇ ਸਕਦੇ ਹਨ ਅਤੇ ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਨੂੰ ਰੋਕਣ ਲਈ ਪ੍ਰਭਾਵੀ ਕਦਮ ਉਠਾ ਸਕਦੇ ਹਨ।
-ਬਰਜਿੰਦਰ ਸਿੰਘ ਹਮਦਰਦ
ਇਕ ਪਾਸੇ ਲੋਕਾਂ ਦੀ ਸੁੰਗੜਦੀ ਜਾ ਰਹੀ ਆਮਦਨ ਤੇ ਦੂਜੇ ਪਾਸੇ ਮਹਿੰਗਾਈ ਦੀ ਅੱਤ, ਲੋਕ ਆਖਿਰ ਜਾਣ ਕਿੱਥੇ? ਮਹਿੰਗਾਈ ਨੇ ਹੁਣੇ ਹੁਣੇ ਅਪ੍ਰੈਲ ਵਿਚ ਅੱਠਾਂ ਵਰ੍ਹਿਆਂ ਦੀ ਸਭ ਤੋਂ ਉੱਚੀ ਛਾਲ ਮਾਰੀ ਹੈ ਜੋ ਕਿ 8.38 ਫ਼ੀਸਦੀ ਦਰਜ ਕੀਤੀ ਗਈ ਹੈ। ਇਥੇ ਹੀ ਬੱਸ ਨਹੀਂ, ਇਹ ਉਨ੍ਹਾਂ ...
ਵਿਦੇਸ਼ਾਂ ਵਿਚ ਪੜ੍ਹਨਾ ਇਕ ਜੀਵਨ ਬਦਲਣ ਵਾਲਾ ਤਜਰਬਾ ਹੈ ਜੋ ਵਿਸ਼ਵ ਪੱਧਰ 'ਤੇ ਮੌਕਿਆਂ ਦੇ ਦਰਵਾਜ਼ੇ ਖੋਲ੍ਹਦਾ ਹੈ। ਇਸ ਦੇ ਨਾਲ ਹੀ ਇਹ ਦੇਸ਼ ਵੱਖ-ਵੱਖ ਸਥਾਨਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਇਸ ਸਮੇਂ ਵਿਚ ਅੱਗੇ ਵਧਣ ਅਤੇ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ...
(ਕੱਲ੍ਹ ਤੋਂ ਅੱਗੇ)
ਇਹੀ ਕਾਰਨ ਹੈ ਕਿ ਅੰਬੇਡਕਰ ਦੇ ਨਵ-ਬੋਧੀ ਪੈਰੋਕਾਰਾਂ ਨੇ ਧਰਮ-ਪਰਿਵਰਤਨ ਤੋਂ ਬਾਅਦ ਹਿੰਦੂ ਹੋਣ ਦੀ ਕਾਨੂੰਨ ਸ਼੍ਰੇਣੀ 'ਤੇ ਕਦੇ ਕੋਈ ਵੀ ਇਤਰਾਜ਼ ਨਹੀਂ ਕੀਤਾ। ਇਸ ਦੇ ਪਿੱਛੇ ਦੀ ਸਿਆਸਤ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਨਵ-ਬੋਧੀਆਂ ਨੂੰ ਅੱਸੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX