ਜਿਥੋਂ ਤੱਕ ਕਸ਼ਮੀਰ ਦੇ ਮਸਲੇ ਦਾ ਸਵਾਲ ਹੈ, ਯਾਸੀਨ ਮਲਿਕ ਇਕ ਅਜਿਹਾ ਨਾਂਅ ਹੈ ਜਿਸ ਦੀ ਅਕਸਰ ਹੋਰ ਕਿਸੇ ਵੀ ਅੱਤਵਾਦੀ ਆਗੂ ਤੋਂ ਵਧੇਰੇ ਚਰਚਾ ਹੁੰਦੀ ਰਹੀ ਹੈ। ਲਗਭਗ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਉਹ ਕਸ਼ਮੀਰ ਵਿਚ ਵਿਚਰਦਾ ਰਿਹਾ ਹੈ। ਉਥੇ ਵਾਪਰੀ ਹਰ ਹਿੰਸਕ ਅਤੇ ਅੱਤਵਾਦੀ ਘਟਨਾ ਤੋਂ ਬਾਅਦ ਭਾਰਤ ਦੇ ਸੁਰੱਖਿਆ ਬਲਾਂ ਵਿਰੁੱਧ ਉਹ ਭੀੜਾਂ ਦੇ ਨਾਲ ਗਲੀਆਂ, ਬਾਜ਼ਾਰਾਂ ਵਿਚ ਉਤਰਦਾ ਰਿਹਾ ਹੈ। ਉਸ ਨੇ ਕਦੀ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਉਹ ਤੇ ਉਸ ਦੇ ਸਾਥੀ ਕਸ਼ਮੀਰ ਨੂੰ ਭਾਰਤ ਤੋਂ ਅਲੱਗ ਕਰਨਾ ਚਾਹੁੰਦੇ ਹਨ। ਉਸ 'ਤੇ ਅਕਸਰ ਇਹ ਦੋਸ਼ ਲਗਦਾ ਰਿਹਾ ਹੈ ਕਿ ਉਹ ਵੱਖ-ਵੱਖ ਅੱਤਵਾਦੀ ਸੰਗਠਨਾਂ ਨੂੰ ਮਾਇਕ ਮਦਦ ਦਿਵਾਉਣ ਲਈ ਪਾਕਿਸਤਾਨ ਦੇ ਸੰਪਰਕ ਵਿਚ ਰਿਹਾ ਹੈ। ਇਸ ਦੇ ਸਬੂਤ ਸਾਹਮਣੇ ਆਉਣ 'ਤੇ ਉਸ ਨੂੰ ਅਨੇਕਾਂ ਵਾਰ ਜੇਲ੍ਹ ਵਿਚ ਵੀ ਡੱਕਿਆ ਗਿਆ ਪਰ ਸਜ਼ਾ ਭੁਗਤ ਕੇ ਉਹ ਫਿਰ ਬਾਹਰ ਆਉਂਦਾ ਰਿਹਾ ਅਤੇ ਬਾਹਰ ਆਉਂਦਿਆਂ ਹੀ ਫਿਰ ਬਗ਼ਾਵਤ ਦਾ ਝੰਡਾ ਚੁੱਕਦਾ ਰਿਹਾ।
ਉਸ ਵਲੋਂ ਬਣਾਈ ਜਥੇਬੰਦੀ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਅੱਤਵਾਦੀ ਕਾਰਵਾਈਆਂ ਵਿਚ ਗਲਤਾਨ ਰਹੀ ਹੈ। ਸੁਰੱਖਿਆ ਬਲਾਂ ਨਾਲ ਮੁੱਠਭੇੜਾਂ ਵਿਚ ਉਸ ਦੀ ਜਥੇਬੰਦੀ ਦੇ ਬਹੁਤ ਸਾਰੇ ਖਾੜਕੂਆਂ ਨੂੰ ਮਾਰਿਆ ਵੀ ਜਾਂਦਾ ਰਿਹਾ ਹੈ। ਆਪਣੀਆਂ ਅਜਿਹੀਆਂ ਕਾਰਵਾਈਆਂ ਕਰਕੇ ਅੱਜ ਵੀ ਉਸ 'ਤੇ ਘੱਟੋ-ਘੱਟ 60 ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਉਸ 'ਤੇ ਮੁਕੱਦਮੇ ਵੀ ਲਗਾਤਾਰ ਚਲਦੇ ਰਹੇ ਹਨ। ਪਹਿਲੀ ਵਾਰ ਉਸ ਦਾ ਨਾਂਅ ਸਾਲ 1989 ਨੂੰ ਉਸ ਸਮੇਂ ਉੱਭਰ ਕੇ ਸਾਹਮਣੇ ਆਇਆ ਸੀ ਜਦੋਂ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਦੀ ਛੋਟੀ ਬੇਟੀ ਰੂਬੀਆ ਨੂੰ ਅਗਵਾ ਕੀਤਾ ਗਿਆ ਸੀ। ਕਸ਼ਮੀਰ ਵਿਚ ਅੱਤਵਾਦ ਨੂੰ ਵਧੇਰੇ ਹੁਲਾਰਾ ਉਸ ਸਮੇਂ ਹੀ ਮਿਲਿਆ ਸੀ ਜਦੋਂ ਕੇਂਦਰ ਸਰਕਾਰ ਨੇ ਰੂਬੀਆ ਨੂੰ ਅੱਤਵਾਦੀਆਂ ਦੇ ਚੁੰਗਲ 'ਚੋਂ ਛੁਡਾਉਣ ਲਈ ਕੁਝ ਵੱਡੇ ਆਗੂਆਂ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਸੀ। ਉਸ ਸਮੇਂ ਵੀ ਇਹ ਹੀ ਪ੍ਰਭਾਵ ਬਣਿਆ ਸੀ ਕਿ ਕੇਂਦਰ ਦੀ ਅਜਿਹੀ ਕਮਜ਼ੋਰ ਨੀਤੀ ਨਾਲ ਕਸ਼ਮੀਰ ਵਿਚ ਅੱਤਵਾਦ ਵਧੇਰੇ ਉੱਭਰੇਗਾ। ਬਾਅਦ ਵਿਚ ਜਦੋਂ ਕੰਧਾਰ ਵਿਚ ਕੇਂਦਰ ਸਰਕਾਰ ਨੇ ਆਪਣੇ ਜਹਾਜ਼ ਵਿਚ ਫਸੇ ਯਾਤਰੂਆਂ ਨੂੰ ਕੱਢਵਾਉਣ ਲਈ ਇਨ੍ਹਾਂ ਸੰਗਠਨਾਂ ਦੀਆਂ ਸ਼ਰਤਾਂ ਮੰਨ ਕੇ ਕੁਝ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਸੀ ਤਾਂ ਅੱਤਵਾਦ ਨੂੰ ਹੋਰ ਵੀ ਹਵਾ ਮਿਲੀ ਸੀ। ਇਸ ਉੱਭਰਦੀ ਲਹਿਰ ਦਾ ਮੁੱਖ ਚਿਹਰਾ ਯਾਸੀਨ ਮਲਿਕ ਹੀ ਬਣਿਆ ਰਿਹਾ ਸੀ। ਸਾਲ 1990 ਵਿਚ ਹੀ ਯਾਸੀਨ ਦੀ ਅਗਵਾਈ ਵਾਲੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਨੇ ਸਕਾਰਡਨ ਲੀਡਰ ਰਵੀ ਖੰਨਾ ਸਮੇਤ 4 ਹਵਾਈ ਸੈਨਿਕਾਂ ਦੀ ਹੱਤਿਆ ਕਰ ਦਿੱਤੀ ਸੀ। ਅੱਤਵਾਦੀ ਸੰਗਠਨ ਯਾਸੀਨ ਰਾਹੀਂ ਹੀ ਪਾਕਿਸਤਾਨ ਤੋਂ ਫੰਡ ਮੰਗਵਾਉਂਦੇ ਸਨ ਜੋ ਇਸ ਲਹਿਰ ਨੂੰ ਵਧਾਉਣ ਲਈ ਵੀ ਕੰਮ ਆਏ ਅਤੇ ਆਮ ਲੋਕਾਂ ਨੂੰ ਮਾਰਨ ਲਈ ਵੀ। ਅਖੀਰ ਵਿਦੇਸ਼ਾਂ 'ਚੋਂ ਆਉਂਦੀ ਇਸ ਲਗਾਤਾਰ ਰਾਸ਼ੀ ਦੇ ਮਾਮਲੇ ਵਿਚ ਪੱਕੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਯਾਸੀਨ ਨੂੰ ਸਾਲ 2017 ਵਿਚ ਗ਼ੈਰ-ਕਾਨੂੰਨੀ ਕਾਰਵਾਈਆਂ ਅਤੇ ਅੱਤਵਾਦ ਲਈ ਫੰਡਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਲਗਾਤਾਰ ਉਸ ਵਿਰੁੱਧ ਚਲਦੀਆਂ ਅਦਾਲਤੀ ਕਾਰਵਾਈਆਂ ਦੌਰਾਨ ਬਹੁਤੇ ਮਾਮਲਿਆਂ ਵਿਚ ਉਹ ਆਪਣੀ ਸ਼ਮੂਲੀਅਤ ਦਾ ਇਕਬਾਲ ਵੀ ਕਰਦਾ ਰਿਹਾ। ਇਸੇ ਦੇ ਆਧਾਰ 'ਤੇ ਹੀ ਉਸ ਨੂੰ ਅਦਾਲਤ ਵਲੋਂ ਤਾਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਸ ਤੋਂ ਬਾਅਦ ਘਾਟੀ ਵਿਚ ਉਸ ਦੀ ਜਥੇਬੰਦੀ ਨਾਲ ਜੁੜੇ ਵੱਡੀ ਗਿਣਤੀ ਵਿਚ ਕਾਰਕੁੰਨਾਂ ਦਾ ਭੜਕਣਾ ਕੁਦਰਤੀ ਹੀ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿਚ ਵੀ ਇਸ ਦਾ ਜੋ ਵੱਡਾ ਪ੍ਰਤੀਕਰਮ ਹੋਇਆ ਹੈ, ਉਸ ਦੀ ਉਮੀਦ ਕੀਤੀ ਜਾ ਸਕਦੀ ਸੀ, ਕਿਉਂਕਿ ਯਾਸੀਨ ਲਗਾਤਾਰ ਹਰ ਢੰਗ-ਤਰੀਕੇ ਨਾਲ ਪਾਕਿਸਤਾਨ ਦੀ ਫ਼ੌਜ ਅਤੇ ਖੁਫ਼ੀਆ ਏਜੰਸੀ ਨਾਲ ਜੁੜਿਆ ਰਿਹਾ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਉਥੇ ਸਰਗਰਮ ਵੱਡੀਆਂ ਅੱਤਵਾਦੀ ਜਥੇਬੰਦੀਆਂ ਨਾਲ ਵੀ ਲਗਾਤਾਰ ਉਸ ਦਾ ਸੰਪਰਕ ਜੁੜਿਆ ਰਿਹਾ ਹੈ। ਅਦਾਲਤ ਵਲੋਂ ਸੁਣਾਈ ਗਈ ਇਸ ਸਜ਼ਾ ਦਾ ਕਸ਼ਮੀਰੀ ਲੋਕਾਂ 'ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ, ਇਸ ਦਾ ਤਾਂ ਅੰਦਾਜ਼ਾ ਹੀ ਕੀਤਾ ਜਾ ਸਕਦਾ ਹੈ ਪਰ ਯਾਸੀਨ ਨੂੰ ਸੁਣਾਈ ਗਈ ਸਜ਼ਾ ਪਾਕਿਸਤਾਨ ਨੂੰ ਭਾਰਤ ਵਲੋਂ ਦਿੱਤਾ ਗਿਆ ਇਕ ਸਖ਼ਤ ਸੰਦੇਸ਼ ਜ਼ਰੂਰ ਕਿਹਾ ਜਾ ਸਕਦਾ ਹੈ।
-ਬਰਜਿੰਦਰ ਸਿੰਘ ਹਮਦਰਦ
ਹੁਣ ਜਦੋਂ ਪੰਜਾਬੀਆਂ ਨੂੰ ਘਰੇਲੂ ਦੇ ਨਾਲ-ਨਾਲ ਵਪਾਰਕ ਤੇ ਉਦਯੋਗਿਕ ਸੈਕਟਰਾਂ ਵਿਚ ਵੀ ਅਸਹਿਣਯੋਗ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਮੇਰੇ ਮਨ ਵਿਚ ਚੇਤਾ ਆ ਰਿਹਾ ਹੈ ਕਿ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੂੰ 2007 ਵਿਚ ...
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਮਨਾਏ ਜਸ਼ਨਾਂ ਦੌਰਾਨ ਮਹੱਤਵਪੂਰਨ ਫ਼ੈਸਲਾ ਸੀ ਪਟਿਆਲਾ ਵਿਖੇ ਜਗਤ ਗੁਰੁੁੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਸਥਾਪਨਾ ਕਰਨਾ। ਗੁਰੂ ਸਾਹਿਬ ਦੇ ਕਿਰਤ ਨਾਲ ਜੁੜਨ ...
ਯੇ ਜ਼ੁਲਫ਼ ਅਗਰ ਖੁੱਲ੍ਹ ਕੇ
ਬਿਖ਼ਰ ਜਾਏ ਤੋ ਅੱਛਾ।
ਇਸ ਰਾਤ ਕੀ ਤਕਦੀਰ
ਸੰਵਰ ਜਾਏ ਤੋ ਅੱਛਾ।
ਪ੍ਰਸਿੱਧ ਸ਼ਾਇਰ ਸਾਹਿਰ ਲੁਧਿਆਣਵੀ ਦਾ ਇਹ ਸ਼ਿਅਰ ਬੇਸ਼ੱਕ ਇਸ਼ਕ-ਓ-ਮੁਹੱਬਤ ਦੇ ਕਿਸੇ ਖ਼ਿਆਲ ਵਿਚੋਂ ਉਪਜਿਆ ਹੋਵੇਗਾ ਪਰ ਸਾਨੂੰ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX