ਤਾਜਾ ਖ਼ਬਰਾਂ


ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ 9 ਦੌੜਾਂ ਨਾਲ ਹਰਾਇਆ ਭਾਰਤ ਨੂੰ
. . .  1 day ago
ਯੂਰਪ ਵਿਚ ਊਰਜਾ ਸੰਕਟ ਰੂਸ-ਯੂਕਰੇਨ ਸੰਘਰਸ਼ ਦਾ ਨਤੀਜਾ ਹੈ - ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ
. . .  1 day ago
ਫਰਜ਼ੀ ਮੁੱਠਭੇੜ ਕਰ ਕੇ ਦੋ ਭਰਾਵਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਅਕਾਲੀ ਆਗੂ ਦੋਸ਼ੀ ਕਰਾਰ ,10 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਲੁਧਿਆਣਾ , 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿਚ ਅੱਠ ਸਾਲ ਪਹਿਲਾਂ ਪੁਲਿਸ ਵਲੋਂ ਫਰਜ਼ੀ ਮੁੱਠਭੇੜ ਕਰਕੇ ਦੋ ਦਲਿਤ ਭਰਾਵਾਂ ਦੀ ...
ਨਿਪਾਲ ਦੇ ਬਾਰਾ ਜ਼ਿਲ੍ਹੇ ਵਿਚ ਬੱਸ ਹਾਦਸੇ ਵਿਚ 16 ਲੋਕਾਂ ਦੀ ਮੌਤ
. . .  1 day ago
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 40 ਓਵਰਾਂ ਚ ਜਿੱਤਣ ਲਈ ਦਿੱਤਾ 250 ਦੌੜਾਂ ਦਾ ਟੀਚਾ
. . .  1 day ago
ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਪੰਡੋਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ
. . .  1 day ago
ਮਹਿਲ ਕਲਾਂ,6 ਅਕਤੂਬਰ (ਅਵਤਾਰ ਸਿੰਘ ਅਣਖੀ)-ਅਨਾਜ ਮੰਡੀ ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਝੋਨੇ ਦੀ ਖ਼ਰੀਦ ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ 15 ਅਕਤੂਬਰ ਤੋਂ ਪਸ਼ੂ ਮੇਲਾ ਲਗਾਉਣ ਦਾ ਐਲਾਨ
. . .  1 day ago
ਦਿੱਲੀ ਦੇ ਐਲ.ਜੀ. ਨੇ ਕੇਜਰੀਵਾਲ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ ਦਲਿਤ ਸਫਾਈ ਕਰਮਚਾਰੀਆਂ ਦੇ ਸਾਰੇ ਬਕਾਏ ਦਾ ਭੁਗਤਾਨ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਪਠਾਨਕੋਟ : ਘਰਾਂ, ਰੇਲਵੇ ਸਟੇਸ਼ਨਾਂ, ਵਾਹਨਾਂ ਦੀਆਂ ਕੰਧਾਂ 'ਤੇ ਲਾਪਤਾ ਭਾਜਪਾ ਸੰਸਦ ਸੰਨੀ ਦਿਓਲ ਦੇ ਚਿਪਕਾਏ ਗਏ ਪੋਸਟਰ
. . .  1 day ago
ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਬੈਂਸ ਦੀ ਵੱਡੀ ਕਾਰਵਾਈ, ਜੇਲ੍ਹ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ
. . .  1 day ago
ਚੰਡੀਗੜ੍ਹ ,6 ਅਕਤੂਬਰ-ਰਾਜਿੰਦਰਾ ਹਸਪਤਾਲ 'ਚੋਂ ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ ...
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 80 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 16 ਕਿੱਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ
. . .  1 day ago
ਜਿੰਨਾ ਐਲ.ਜੀ. ਸਾਹਿਬ ਮੈਨੂੰ ਰੋਜ਼ ਝਿੜਕਦੇ ਹਨ, ਓਨਾ ਤਾਂ ਮੇਰੀ ਪਤਨੀ ਵੀ ਮੈਨੂੰ ਨਹੀਂ ਝਿੜਕਦੀ - ਅਰਵਿੰਦ ਕੇਜਰੀਵਾਲ
. . .  1 day ago
ਦਿੱਲੀ ਕਸਟਮਜ਼ ਨੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਤੋਂ ਲਗਭਗ 28 ਕਰੋੜ ਰੁਪਏ ਦੀਆਂ ਸੱਤ ਮਹਿੰਗੀਆਂ ਘੜੀਆਂ ਕੀਤੀਆਂ ਜ਼ਬਤ
. . .  1 day ago
ਫ੍ਰੈਂਚ ਲੇਖਕ ਐਨੀ ਅਰਨੌਕਸ ਨੂੰ ਸਾਹਿਤ ਵਿਚ ਦਿੱਤਾ ਗਿਆ ਨੋਬਲ ਪੁਰਸਕਾਰ
. . .  1 day ago
6 ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਾਹਮਣੇ ਦਿੱਤਾ ਧਰਨਾ
. . .  1 day ago
ਪਟਿਆਲਾ , 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ )- ਕਿਸਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਪੰਜ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਸਾਂਝੇ ਤੌਰ ’ਤੇ ਧਰਨਾ ...
IND vs SA, 1st ODI:ਭਾਰਤ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 6 ਅਕਤੂਬਰ- ਆਖ਼ਿਰਕਾਰ 2 ਘੰਟੇ ਤੋਂ ਵਧ ਦੀ ਦੇਰੀ ਤੋਂ ਬਾਅਦ ਟਾਸ ਹੋ ਗਿਆ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ...
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰਾਮਾਂ ਮੰਡੀ 'ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
. . .  1 day ago
ਰਾਮਾਂ ਮੰਡੀ, 6 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਦੀ ਅਨਾਜ ਮੰਡੀ 'ਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀ ਸ਼ੁਰੂਆਤ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ...
ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  1 day ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  1 day ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  1 day ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  1 day ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 14 ਹਾੜ ਸੰਮਤ 554

ਪਹਿਲਾ ਸਫ਼ਾ

ਸਿੱਖਿਆ, ਸਿਹਤ ਤੇ ਖੇਤੀ ਨੂੰ ਤਰਜੀਹ-ਕੋਈ ਨਵਾਂ ਟੈਕਸ ਨਹੀਂ

* 14.2% ਦੇ ਵਾਧੇ ਨਾਲ 1,55,860 ਕਰੋੜ ਦਾ ਬਜਟ * 300 ਯੂਨਿਟ ਮੁਫ਼ਤ ਬਿਜਲੀ 1 ਜੁਲਾਈ ਤੋਂ * 26454 ਅਸਾਮੀਆਂ 'ਤੇ ਨਵਂੀਂ ਭਰਤੀ ਅਤੇ 36 ਹਜ਼ਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਆਵੇਗਾ ਬਿੱਲ * ਹਰ ਜ਼ਿਲ੍ਹੇ 'ਚ ਹੋਵੇਗੀ ਮੁੱਖ ਮੰਤਰੀ ਦਫ਼ਤਰ ਦੀ ਸਥਾਪਨਾ * ਔਰਤਾਂ ਨੂੰ 1 ਹਜ਼ਾਰ ਮਹੀਨਾ ਵਿੱਤੀ ਹਾਲਤ ਸੁਧਰਨ 'ਤੇ ਹੀ ਦੇ ਸਕਾਂਗੇ-ਚੀਮਾ

ਹਰਕਵਲਜੀਤ ਸਿੰਘ
ਚੰਡੀਗੜ੍ਹ, 27 ਜੂਨ-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅੱਜ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ, ਜੋ 9 ਮਹੀਨਿਆਂ ਲਈ ਹੈ। ਪੇਸ਼ ਕੀਤੇ ਇਸ 1,55,860 ਕਰੋੜ ਦੇ ਬਜਟ ਵਿਚ ਸ. ਚੀਮਾ ਵਲੋਂ ਕੋਈ ਨਵੇਂ ਟੈਕਸ ਦੀ ਤਜਵੀਜ਼ ਨਹੀਂ ਰੱਖੀ ਗਈ ਅਤੇ ਦਾਅਵਾ ਕੀਤਾ ਕਿ ਚਾਲੂ ਸਾਲ ਵਿਚ ਸਰਕਾਰ ਦੀਆਂ ਮਾਲੀ ਪ੍ਰਾਪਤੀਆਂ 17.08 ਪ੍ਰਤੀਸ਼ਤ ਦੀ ਦਰ ਨਾਲ ਵਧਣਗੀਆਂ, ਜਦੋਂ ਕਿ ਚਾਲੂ ਸਾਲ ਦਾ ਬਜਟ ਮਗਰਲੇ ਸਾਲ ਨਾਲੋਂ 14.20 ਪ੍ਰਤੀਸ਼ਤ ਵਾਧੇ ਵਾਲਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਬਜਟ ਵਿਚ ਸਿੱਖਿਆ, ਸਿਹਤ, ਤਕਨੀਕੀ ਤੇ ਮੈਡੀਕਲ ਸਿੱਖਿਆ ਤਰਜੀਹ ਵਾਲੇ ਖੇਤਰ ਹੋਣਗੇ, ਜਦੋਂਕਿ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਨ ਲਈ 26454 ਅਸਾਮੀਆਂ 'ਤੇ ਨਵੀਂ ਭਰਤੀ ਕੀਤੀ ਜਾਵੇਗੀ ਅਤੇ ਇਸ ਲਈ 714 ਕਰੋੜ ਦਾ ਬਜਟ ਵਿਚ ਉਪਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵਿਧਾਨ ਸਭਾ ਦੇ ਚਾਲੂ ਇਜਲਾਸ ਵਿਚ ਬਿੱਲ ਲਿਆਂਦਾ ਜਾ ਰਿਹਾ ਹੈ ਅਤੇ ਬਜਟ ਵਿਚ 540 ਕਰੋੜ ਦੀ ਰਾਸ਼ੀ ਵੀ ਰੱਖੀ ਗਈ ਹੈ। ਬਜਟ ਤਜਵੀਜ਼ਾਂ ਸੰਬੰਧੀ ਪੱਤਰਕਾਰਾਂ ਨਾਲ ਬਾਅਦ ਵਿਚ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਾਡੀ ਪਾਰਟੀ ਨੇ ਚੋਣਾਂ ਮੌਕੇ ਚੋਣ ਮਨੋਰਥ ਪੱਤਰ ਦੀ ਥਾਂ 5 ਗਾਰੰਟੀਆਂ ਦਿੱਤੀਆਂ ਸਨ, ਜਿਨ੍ਹਾਂ 'ਚੋਂ ਫ਼ੌਜ ਤੇ ਪੁਲਿਸ ਦੇ ਸ਼ਹੀਦਾਂ ਨੂੰ ਇਕ ਕਰੋੜ ਦਾ ਮੁਆਵਜ਼ਾ ਦੇਣ ਅਤੇ ਸਿਹਤ ਸੇਵਾਵਾਂ ਤੇ ਸਿੱਖਿਆ ਵਿਚ ਸੁਧਾਰ ਦੀ ਸ਼ੁਰੂਆਤ ਹੋ ਗਈ ਹੈ ਅਤੇ ਬਿਜਲੀ ਦੇ ਮੁਫ਼ਤ 300 ਯੂਨਿਟ 1 ਜੁਲਾਈ ਤੋਂ ਸ਼ੁਰੂ ਹੋ ਜਾਣਗੇ, ਲੇਕਿਨ ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਸਕੀਮ ਰਾਜ ਦੀ ਵਿੱਤੀ ਹਾਲਤ ਵਿਚ ਸੁਧਾਰ ਤੋਂ ਬਾਅਦ ਹੀ ਲਾਗੂ ਹੋ ਸਕੇਗੀ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰੀ ਪੱਧਰ 'ਤੇ ਫ਼ਜ਼ੂਲ ਖ਼ਰਚਿਆਂ ਨੂੰ ਖ਼ਤਮ ਕਰਨ ਲਈ ਵੀ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਮਗਰਲੇ ਤਿੰਨ ਮਹੀਨਿਆਂ ਦੌਰਾਨ 8 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਅਤੇ 10,500 ਕਰੋੜ ਕਰਜ਼ਿਆਂ ਦਾ ਮੋੜਿਆ ਵੀ ਹੈ। ਉਨ੍ਹਾਂ ਮੰਨਿਆ ਕਿ ਕਰਜ਼ਿਆਂ ਦਾ ਵਿਆਜ ਮੋੜਨ ਲਈ ਸਰਕਾਰਾਂ ਕਰਜ਼ੇ ਚੁੱਕਦੀਆਂ ਰਹੀਆਂ ਹਨ।
ਸਬਸਿਡੀ
ਵਿੱਤ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ ਵੱਖ-ਵੱਖ ਵਰਗਾਂ ਨੂੰ ਸਾਲਾਨਾ ਮਿਲਣ ਵਾਲੀ ਬਿਜਲੀ ਸਬਸਿਡੀ 15,830 ਕਰੋੜ 'ਤੇ ਪੁੱਜ ਗਈ ਹੈ, ਪ੍ਰੰਤੂ ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਮਿਲਦੀ ਬਿਜਲੀ ਸਬਸਿਡੀ ਜਾਰੀ ਰਹੇਗੀ। ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਲਈ ਬਾਕੀ 9 ਮਹੀਨਿਆਂ ਲਈ ਬਜਟ ਵਿਚ 1800 ਕਰੋੜ ਰੁਪਏ ਰੱਖੇ ਗਏ ਹਨ।
ਨਵੀਂਆਂ ਨੀਤੀਆਂ ਦਾ ਐਲਾਨ ਛੇਤੀ
ਵਿੱਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਨਵੀਂ ਆਬਕਾਰੀ ਨੀਤੀ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਮਾਈਨਿੰਗ ਤੇ ਸਨਅਤਾਂ ਸਮੇਤ ਕੁਝ ਹੋਰ ਮਾਮਲਿਆਂ ਤੇ ਨਵੀਆਂ ਨੀਤੀਆਂ ਦਾ ਐਲਾਨ ਛੇਤੀ ਕਰੇਗੀ। ਉਨ੍ਹਾਂ ਦੱਸਿਆ ਕਿ ਚਾਲੂ ਸਾਲ ਦੌਰਾਨ ਸਰਕਾਰ ਨੂੰ ਮਾਈਨਿੰਗ ਤੇ ਗੈਰ ਟੈਕਸ ਮਾਲੀਏ ਤੋਂ 11 ਪ੍ਰਤੀਸ਼ਤ, ਆਬਕਾਰੀ ਤੋਂ 56 ਪ੍ਰਤੀਸ਼ਤ ਅਤੇ ਜੀ.ਐਸ. ਟੀ ਤੋਂ 27 ਪ੍ਰਤੀਸ਼ਤ ਵਾਧੂ ਆਮਦਨ ਹੋਣ ਦੀ ਸੰਭਾਵਨਾ ਹੈ।
16 ਨਵੇਂ ਮੈਡੀਕਲ ਕਾਲਜ

ਸ: ਚੀਮਾ ਨੇ ਕਿਹਾ ਕਿ ਬਜਟ ਤਜਵੀਜ਼ਾਂ ਵਿਚ ਮੈਡੀਕਲ ਸਿੱਖਿਆ ਲਈ ਬਜਟ ਵਿਚ 57 ਪ੍ਰਤੀਸ਼ਤ, ਸਿਹਤ ਲਈ 24 ਪ੍ਰਤੀਸ਼ਤ, ਸਨਅਤ ਲਈ 48 ਪ੍ਰਤੀਸ਼ਤ, ਰੋਜ਼ਗਾਰ ਲਈ 38 ਪ੍ਰਤੀਸ਼ਤ, ਸਮਾਜਿਕ ਨਿਆਂ ਲਈ 13 ਪ੍ਰਤੀਸ਼ਤ, ਸਿੱਖਿਆ ਲਈ 16 ਪ੍ਰਤੀਸ਼ਤ ਤੇ ਤਕਨੀਕੀ ਸਿੱਖਿਆ ਲਈ 48 ਪ੍ਰਤੀਸ਼ਤ ਦਾ ਵਾਧਾ ਤਜਵੀਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ 100 ਮੌਜੂਦਾ ਸਕੂਲ ਆਫ਼ ਐਮੀਨੈਂਸ ਬਣਾਏ ਜਾਣਗੇ। ਵਿੱਤ ਮੰਤਰੀ ਨੇ ਸੂਬੇ ਵਿਚ 16 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਵੀ ਐਲਾਨ ਕੀਤਾ ਜੋ ਅਗਲੇ 5 ਸਾਲਾਂ ਵਿਚ ਸ਼ੁਰੂ ਹੋ ਸਕਣਗੇ ਅਤੇ ਇਸ ਨਾਲ ਸੂਬੇ ਵਿਚ ਕੁਲ 25 ਮੈਡੀਕਲ ਕਾਲਜ ਹੋ ਜਾਣਗੇ।
177 ਮੁਹੱਲਾ ਕਲੀਨਿਕ ਤੇ ਦੋ ਸੁਪਰ ਸਪੈਸ਼ਲਿਟੀ ਹਸਪਤਾਲ

ਉਨ੍ਹਾਂ ਕਿਹਾ ਕਿ ਇਕ ਸਾਲ ਵਿਚ 177 ਮੁਹੱਲਾ ਕਲੀਨਿਕ ਵੀ ਸ਼ੁਰੂ ਹੋ ਜਾਣਗੇ। ਦੋ ਸਾਲਾਂ ਵਿਚ ਪਟਿਆਲਾ ਤੇ ਫ਼ਰੀਦਕੋਟ ਵਿਖੇ ਦੋ ਸੁਪਰ ਸਪੈਸ਼ਲਿਟੀ ਹਸਪਤਾਲ ਵੀ ਬਣਾਏ ਜਾਣਗੇ।
ਹਰ ਜ਼ਿਲ੍ਹੇ 'ਚ ਮੁੱਖ ਮੰਤਰੀ ਦਾ ਖ਼ੇਤਰੀ ਦਫ਼ਤਰ

ਵਿੱਤ ਮੰਤਰੀ ਨੇ ਦੱਸਿਆ ਕਿ ਚਾਲੂ ਸਾਲ ਵਿਚ ਵੀ ਪਰਾਲੀ ਸਾੜਨ ਤੋਂ ਰੋਕਣ ਲਈ 200 ਕਰੋੜ ਰੱਖੇ ਗਏ ਹਨ ਅਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 6,947 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਸਨਅਤੀ ਬਿਜਲੀ ਸਬਸਿਡੀ ਲਈ ਵੀ 2503 ਕਰੋੜ ਰੱਖੇ ਗਏ ਹਨ, ਜਦੋਂਕਿ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ ਮੁੱਖ ਮੰਤਰੀ ਦਾ ਖੇਤਰੀ ਦਫ਼ਤਰ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ।
ਸਮਾਰਟ ਸਿਟੀ ਮਿਸ਼ਨ ਲਈ 1,131 ਕਰੋੜ
ਵਿੱਤ ਮੰਤਰੀ ਨੇ ਦੱਸਿਆ ਕਿ ਪੁਲਿਸ ਨੂੰ ਨਵੀਨਤਮ ਤਕਨੀਕਾਂ ਨਾਲ ਲੈਸ ਕਰਨ ਲਈ 108 ਕਰੋੜ ਰੱਖੇ ਗਏ ਹਨ, ਜਦੋਂਕਿ ਸਾਰੇ ਜ਼ਿਲ੍ਹਿਆਂ ਵਿਚ ਸਾਈਬਰ ਕ੍ਰਾਈਮ ਕੰਟਰੋਲ ਰੂਮ ਸਥਾਪਤ ਕਰਨ ਲਈ 30 ਕਰੋੜ ਰੁਪਏ ਰੱਖੇ ਗਏ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਚਾਲੂ ਸਾਲ ਵਿਚ 361 ਕਰੋੜ ਨਾਲ 2217 ਕਿਲੋਮੀਟਰ ਸੜਕਾਂ ਦੀ ਮੁਰੰਮਤ 757 ਕਰੋੜ ਨਾਲ 4800 ਕਿਲੋਮੀਟਰ ਸੜਕਾਂ ਦੀ ਨਵੀਂ ਉਸਾਰੀ ਤੇ ਚੌੜਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਮਿਸ਼ਨ ਹੇਠ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਸੁਲਤਾਨਪੁਰ ਲੋਧੀ ਵਿਖੇ 1,131 ਕਰੋੜ ਰੁਪਏ ਦੇ ਪ੍ਰਾਜੈਕਟ ਪੂਰੇ ਕੀਤੇ ਜਾਣੇ ਹਨ।
ਕਮਜ਼ੋਰ ਵਰਗਾਂ ਲਈ 25 ਹਜ਼ਾਰ ਘਰ
ਵਿੱਤ ਮੰਤਰੀ ਨੇ ਦੱਸਿਆ ਕਿ ਕੇਂਦਰੀ ਸਕੀਮ ਅਮਰੁਤ ਹੇਠ ਜਲੰਧਰ ਤੇ ਪਟਿਆਲਾ ਵਿਖੇ 24 ਘੰਟੇ ਪਾਣੀ ਦੀ ਸਪਲਾਈ ਦੇਣ, ਲੁਧਿਆਣਾ 'ਚ ਬੁੱਢੇ ਨਾਲੇ ਦੇ ਨਵੀਨੀਕਰਨ ਅਤੇ ਨਹਿਰ ਆਧਾਰਿਤ ਜਲ ਸਪਲਾਈ ਪ੍ਰਾਜੈਕਟਾਂ ਲਈ 1100 ਕਰੋੜ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ 25 ਹਜ਼ਾਰ ਘਰ ਬਣਾਉਣ ਦਾ ਵੀ ਐਲਾਨ ਕੀਤਾ।
ਕਰਜ਼ਾ ਅਦਾਇਗੀਆਂ
ਬਜਟ ਤਜਵੀਜ਼ਾਂ ਨਾਲ ਦਿੱਤੇ ਦਸਤਾਵੇਜ਼ਾਂ ਅਨੁਸਾਰ ਚਾਲੂ ਸਾਲ ਦੌਰਾਨ ਕਰਜ਼ਾ ਅਦਾਇਗੀਆਂ 'ਤੇ ਚਾਲੂ ਸਾਲ ਦੌਰਾਨ ਸੂਬੇ ਸਿਰ ਕਰਜ਼ੇ ਦੀਆਂ ਅਦਾਇਗੀਆਂ ਕੁੱਲ 36,068.67 ਕਰੋੜ ਦੀਆਂ ਹੋਣਗੀਆਂ, ਜਿਸ 'ਚੋਂ 20122.30 ਕਰੋੜ ਰੁਪਏ ਵਿਆਜ ਦੀ ਰਾਸ਼ੀ ਹੋਵੇਗੀ।
ਮਾਲੀ ਪ੍ਰਾਪਤੀਆਂ ਤੇ ਘਾਟਾ
ਬਜਟ ਤਜਵੀਜ਼ਾਂ ਅਨੁਸਾਰ ਸਰਕਾਰ ਨੂੰ ਆਪਣੇ ਕਰਾਂ, ਗੈਰ ਕਰਾਂ, ਕੇਂਦਰੀ ਕਰਾਂ ਦੇ ਹਿੱਸੇ ਤੇ ਕੇਂਦਰੀ ਗਰਾਂਟਾਂ ਤੋਂ ਕੁਲ ਆਮਦਨ 95378.28 ਕਰੋੜ ਰੁਪਏ ਦੀ ਹੋਵੇਗੀ। ਸਰਕਾਰ 35050.99 ਕਰੋੜ ਰੁਪਏ ਸਾਲ ਦੌਰਾਨ ਕਰਜ਼ੇ ਦੇ ਰੂਪ ਵਿਚ ਲਵੇਗੀ, ਜਦੋਂ 20 ਹਜ਼ਾਰ ਕਰੋੜ ਉਪਾਵਾਂ ਤੇ ਸਾਧਨ ਪੇਸ਼ਗੀਆਂ, ਜਿਸ ਵਿਚ ਓਵਰ ਡਰਾਫ਼ਟ ਆਦਿ ਵੀ ਸ਼ਾਮਿਲ ਹੁੰਦਾ ਹੈ, ਰਾਹੀਂ ਲਏ ਜਾਣਗੇ। ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਕੋਈ 55 ਹਜ਼ਾਰ ਕਰੋੜ ਰੁਪਏ ਕੰਮ ਚਲਾਉਣ ਲਈ ਕਰਜ਼ੇ ਦੇ ਰੂਪ ਜਾਂ ਮਾਰਕੀਟ 'ਚੋਂ ਚੁੱਕੇਗੀ। ਸਰਕਾਰ ਦਾ ਕੁਲ ਖਰਚਾ 1,55,859.78 ਕਰੋੜ ਰੁਪਏ ਦਰਸਾਇਆ ਗਿਆ ਹੈ ਅਤੇ ਮਾਲੀ ਘਾਟਾ 12,553.80 ਕਰੋੜ ਰੁਪਏ ਦਰਸਾਇਆ ਗਿਆ ਹੈ, ਜੋ ਕਿ 1.99 ਪ੍ਰਤੀਸ਼ਤ ਬਣਦਾ ਹੈ। ਬਜਟ ਵਿਚ ਵਿੱਤੀ ਘਾਟਾ 23,835.19 ਕਰੋੜ ਰੁਪਏ ਦਰਸਾਇਆ ਗਿਆ ਹੈ। ਚਾਲੂ ਕੀਮਤਾਂ 'ਤੇ ਕੁਲ ਘਰੇਲੂ ਰਾਜ ਉਤਪਾਦਨ ਚਾਲੂ ਸਾਲ ਦੌਰਾਨ 6,28,934.00 ਕਰੋੜ ਰੁਪਏ ਦਰਸਾਇਆ ਗਿਆ ਹੈ।
ਭ੍ਰਿਸ਼ਟਾਚਾਰ ਤੇ ਮਾਫ਼ੀਆ ਨੂੰ ਖ਼ਤਮ ਕਰਨ ਲਈ ਵਚਨਬੱਧ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਬਜਟ ਭਾਸ਼ਨ ਦੌਰਾਨ ਕਿਹਾ ਕਿ ਰਾਜ ਦੇ ਲੋਕਾਂ ਨੇ 92 ਸੀਟਾਂ 'ਤੇ ਜਿੱਤ ਨਾਲ ਆਮ ਆਦਮੀ ਪਾਰਟੀ ਵਿਚ ਵੱਡਾ ਭਰੋਸਾ ਪ੍ਰਗਟਾਇਆ ਹੈ ਅਤੇ ਮੁੱਖ ਮੰਤਰੀ ਨੇ ਰੰਗਲਾ ਪੰਜਾਬ ਸਿਰਜਣ ਦਾ ਵਾਅਦਾ ਕੀਤਾ ਹੈ, ਤਾਂ ਜੋ ਪੰਜਾਬ ਆਰਥਿਕ ਖ਼ੁਸ਼ਹਾਲੀ ਤੇ ਸਮਾਜਿਕ ਵਿਕਾਸ ਤੇ ਸਾਂਝੀਵਾਲਤਾ ਦਾ ਸੂਬਾ ਪ੍ਰਤੀਕ ਬਣ ਸਕੇ ਅਤੇ ਅਸੀਂ ਰਾਜ ਵਿਚ ਭ੍ਰਿਸ਼ਟਾਚਾਰ ਤੇ ਮਾਫ਼ੀਆ ਨੂੰ ਖ਼ਤਮ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਪਹਿਲੇ ਸਾਲ ਦੌਰਾਨ ਅਸੀਂ ਸੂਬੇ ਦੀ ਵਿੱਤੀ ਹਾਲਤ ਸੁਧਾਰਨ, ਚੰਗਾ ਪ੍ਰਸ਼ਾਸਨ ਦੇਣ ਦਾ ਵਾਅਦਾ ਪੂਰਾ ਕਰਨ ਅਤੇ ਸਿਹਤ ਤੇ ਸਿੱਖਿਆ ਵੱਲ ਧਿਆਨ ਦਿੰਦਿਆਂ ਫ਼ਜ਼ੂਲ ਖ਼ਰਚੀ 'ਤੇ ਰੋਕ ਲਗਾਵਾਂਗੇ।
ਸਿਸੋਦੀਆ, ਸਾਹਨੀ ਤੇ ਜਗਮੀਤ ਵੀ ਪੁੱਜੇ
ਵਿੱਤ ਮੰਤਰੀ ਵਲੋਂ ਬਜਟ ਤਜਵੀਜ਼ਾਂ ਪੇਸ਼ ਕਰਨ ਮੌਕੇ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਵੀ ਪੁੱਜੇ ਹੋਏ ਸਨ, ਜਿਨ੍ਹਾਂ ਸਪੀਕਰ ਗੈਲਰੀ ਵਿਚ ਬੈਠ ਕੇ ਸਾਰੀਆਂ ਬਜਟ ਤਜਵੀਜ਼ਾਂ ਸੁਣੀਆਂ।
ਸੂਬੇ ਨੂੰ ਸੁਨਹਿਰੀ ਭਵਿੱਖ ਵੱਲ ਲੈ ਕੇ ਜਾਣ ਵਾਲਾ ਬਜਟ-ਕੇਜਰੀਵਾਲ

ਨਵੀਂ ਦਿੱਲੀ, 27 ਜੂਨ (ਏਜੰਸੀ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਗਿਆ ਪਹਿਲਾ ਬਜਟ ਸੂਬੇ ਨੂੰ ਸੁਨਹਿਰੀ ਭਵਿੱਖ ਵੱਲ ਲੈ ਕੇ ਜਾਵੇਗਾ। ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਤੇ ਖ਼ਾਲੀ ਕੀਤਾ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਸਾਡੀ ਇਮਾਨਦਾਰ ਸਰਕਾਰ ਨੇ ਸੱਤਾ 'ਚ ਆਉਣ ਦੇ ਬਾਅਦ ਕਈ ਮਾਫ਼ੀਆ ਨੂੰ ਖ਼ਤਮ ਕੀਤਾ, ਜਦੋਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਿਆ ਤੇ ਖ਼ਾਲੀ ਕੀਤਾ। ਅੱਜ ਦਾ ਬਜਟ ਪੰਜਾਬ ਨੂੰ ਸੁਨਹਿਰੀ ਭਵਿੱਖ ਵੱਲ ਲੈ ਕੇ ਜਾਣ ਵਾਲਾ ਹੈ।
ਕਰਜ਼ੇ ਦੀ ਪੰਡ ਦੇ ਬਾਵਜੂਦ ਕਾਬਲੇ-ਤਾਰੀਫ਼ ਬਜਟ-ਅਮਨ ਅਰੋੜਾ

ਚੰਡੀਗੜ੍ਹ, 27 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)-ਬਜਟ ਦਾ ਆਮ ਆਦਮੀ ਪਾਰਟੀ ਪੰਜਾਬ ਵਲੋਂ ਸਵਾਗਤ ਕਰਦਿਆਂ ਇਸ ਨੂੰ ਆਮ ਲੋਕਾਂ ਦਾ ਬਜਟ ਕਰਾਰ ਦਿੱਤਾ ਗਿਆ। 'ਆਪ' ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ 'ਤੇ ਕਰਜ਼ੇ ਦੀ ਵੱਡੀ ਪੰਡ ਹੋਣ ਦੇ ਬਾਵਜੂਦ ਅਜਿਹਾ ਲੋਕ ਪੱਖੀ ਕਾਬਲੇ ਤਾਰੀਫ਼ ਬਜਟ ਪੇਸ਼ ਕੀਤਾ ਗਿਆ ਹੈ। ਲੋਕਾਂ ਦੇ ਸੁਝਾਅ ਲੈ ਕੇ ਪੇਸ਼ ਕੀਤਾ ਗਿਆ ਇਹ ਬਜਟ ਲੋਕਾਂ ਦੇ ਹਿੱਤ 'ਚ ਹੈ। ਔਰਤਾਂ ਨੂੰ ਮਿਲਣ ਵਾਲੇ ਇਕ ਹਜ਼ਾਰ ਰੁਪਏ ਦਾ ਇਸ ਬਜਟ 'ਚ ਜ਼ਿਕਰ ਨਾ ਹੋਣ ਸੰਬੰਧੀ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਵਲੋਂ 300 ਯੂਨਿਟ ਮੁਫ਼ਤ ਬਿਜਲੀ ਅਤੇ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਸੂਬੇ 'ਚ ਕਰਜ਼ੇ ਦੇ ਹਾਲਾਤ ਵਿਚ ਕੁਝ ਸੁਧਾਰ ਆਉਂਦੇ ਹੀ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦੀ ਯੋਜਨਾ ਦੀ ਸ਼ੁਰੂਆਤ ਵੀ ਕਰ ਦਿੱਤੀ ਜਾਵੇਗੀ।
ਖ਼ਰਚਿਆਂ ਦੇ ਰੁਝਾਨ

ਸਰਕਾਰੀ ਆਮਦਨ ਦਾ 26 ਪ੍ਰਤੀਸ਼ਤ ਤਨਖ਼ਾਹ ਤੇ ਉਜਰਤਾਂ 'ਤੇ ਜਾਵੇਗਾ, 13 ਪ੍ਰਤੀਸ਼ਤ ਪੈਨਸ਼ਨ ਤੇ ਸੇਵਾਮੁਕਤੀ ਸਹੂਲਤਾਂ 'ਤੇ ਅਤੇ 13 ਪ੍ਰਤੀਸ਼ਤ ਬਿਜਲੀ ਸਬਸਿਡੀ, 17 ਪ੍ਰਤੀਸ਼ਤ ਵਿਆਜ ਅਦਾਇਗੀਆਂ, 18 ਪ੍ਰਤੀਸ਼ਤ ਦੂਜੇ ਮਾਲੀ ਖ਼ਰਚਿਆਂ ਅਤੇ 9 ਪ੍ਰਤੀਸ਼ਤ ਕੈਪੀਟਲ ਖ਼ਰਚਿਆਂ 'ਤੇ ਜਾਵੇਗਾ।
ਸੈਕਟਰ ਵਾਈਜ਼ ਖਰਚਾ

ਸਮਾਜਿਕ ਸੁਰੱਖਿਆ ਸਕੀਮਾਂ 'ਤੇ ਕੋਈ 65 ਪ੍ਰਤੀਸ਼ਤ ਪੈਸਾ ਖ਼ਰਚ ਹੋਵੇਗਾ ਅਤੇ ਊਰਜਾ 'ਤੇ 11 ਪ੍ਰਤੀਸ਼ਤ, ਪੇਂਡੂ ਵਿਕਾਸ 'ਤੇ 9 ਪ੍ਰਤੀਸ਼ਤ, ਸਿੰਜਾਈ 'ਤੇ 4 ਪ੍ਰਤੀਸ਼ਤ, ਖੇਤੀ 'ਤੇ 9 ਪ੍ਰਤੀਸ਼ਤ, ਟਰਾਂਸਪੋਰਟ 'ਤੇ 5 ਪ੍ਰਤੀਸ਼ਤ ਤੇ ਸਨਅਤ 'ਤੇ 2 ਪ੍ਰਤੀਸ਼ਤ ਖ਼ਰਚ ਹੋਵੇਗਾ।
ਪੈਸਾ ਕਿੱਥੋਂ ਆਵੇਗਾ

ਸੂਬੇ ਦੀ ਆਮਦਨ ਵਿਚ 30 ਪ੍ਰਤੀਸ਼ਤ ਹਿੱਸਾ ਰਾਜ ਦੀ ਆਪਣੇ ਕਰਾਂ ਦੀ ਆਮਦਨ ਤੋਂ ਤੇ 23 ਪ੍ਰਤੀਸ਼ਤ ਸਰਕਾਰੀ ਕਰਜ਼ੇ ਤੇ ਉਪਾਅ ਦੇ ਕਰਜ਼ਿਆਂ ਤੋਂ ਆਵੇਗਾ ਜਦੋਂ ਕਿ 19 ਪ੍ਰਤੀਸ਼ਤ ਪੈਸਾ ਕੇਂਦਰ ਤੋਂ ਗਰਾਂਟਾਂ, 10 ਪ੍ਰਤੀਸ਼ਤ ਕੇਂਦਰੀ ਕਰਾਂ 'ਚੋਂ ਹਿੱਸਾ, 13 ਪ੍ਰਤੀਸ਼ਤ ਉਪਾਅ ਤੇ ਸਾਧਨ ਪੇਸ਼ਗੀਆਂ (ਜੋ ਬੈਂਕ ਓਵਰ ਡਰਾਫ਼ਟ ਤੇ ਐਡਵਾਂਸ) ਰਾਹੀਂ, 4 ਪ੍ਰਤੀਸ਼ਤ ਸੂਬੇ ਦੇ ਗੈਰ ਕਰਾਂ ਰਾਹੀਂ ਆਮਦਨ ਅਤੇ 1 ਪ੍ਰਤੀਸ਼ਤ ਗੈਰ ਕਰਜ਼ਾ ਪ੍ਰਾਪਤੀਆਂ ਰਾਹੀਂ ਆਵੇਗਾ।
ਬਜਟ 'ਚ ਸੂਬੇ ਦੀ ਬਿਹਤਰੀ ਲਈ
ਕੁਝ ਨਹੀਂ-ਅਸ਼ਵਨੀ ਸ਼ਰਮਾ

ਚੰਡੀਗੜ੍ਹ, 27 ਜੂਨ (ਅਜੀਤ ਬਿਊਰੋ)-ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ 'ਆਪ' ਸਰਕਾਰ ਦਾ ਪਹਿਲਾ ਬਜਟ ਬਹੁਤ ਹੀ ਨਿਰਾਸ਼ਾਜਨਕ ਹੈ ਅਤੇ ਇਸ ਨੇ ਹਰ ਪੰਜਾਬੀ ਨੂੰ ਨਿਰਾਸ਼ ਕੀਤਾ ਹੈ, ਕਿਉਂਕਿ ਇਸ ਬਜਟ ਵਿਚ ਸੂਬੇ ਦੀ ਬਿਹਤਰੀ ਲਈ ਕੁਝ ਵੀ ਠੋਸ ਪੇਸ਼ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਅਰਵਿੰਦ ਕੇਜਰੀਵਾਲ ਦੀ ਦਿੱਲੀ ਟੀਮ ਵਲੋਂ ਤਿਆਰ ਕੀਤਾ ਗਿਆ ਹੈ। ਪੰਜਾਬ ਦੀ ਵਿਗੜ ਰਹੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਇਸ ਬਜਟ 'ਚ ਕੋਈ ਦੂਰਅੰਦੇਸ਼ੀ ਯੋਜਨਾ ਜਾਂ ਕੁਝ ਨਹੀਂ ਹੈ।
ਬਜਟ ਕਿਸਾਨਾਂ ਲਈ ਨਿਰਾਸ਼ਾਜਨਕ-ਕਾਦੀਆਂ

ਲੁਧਿਆਣਾ, 27 ਜੂਨ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ (ਰਜਿ:) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਬਜਟ ਨੂੰ ਕਿਸਾਨਾਂ ਲਈ ਬੇਹੱਦ ਨਿਰਾਸ਼ਾਜਨਕ ਤੇ ਪੰਜਾਬ ਦੇ ਖੇਤੀ ਸੰਕਟ ਨੂੰ ਹੱਲ ਕਰਨ ਦੀ ਬਜਾਏ ਇਸ ਨੂੰ ਹੋਰ ਗਹਿਰਾ ਕਰਨ ਵਾਲਾ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਧਰਤੀ ਹੇਠਲਾ ਪਾਣੀ 86 ਫ਼ੀਸਦੀ ਖ਼ਤਮ ਹੋ ਚੁੱਕਾ ਹੈ, ਜਿਸ ਲਈ ਧਰਤੀ ਹੇਠ ਪਾਣੀ ਰੀਚਾਰਜ ਕਰਨ ਲਈ ਮੋਘਿਆਂ ਦੇ ਮੁੱਢ ਵਿਚ ਤੇ ਬਰਸਾਤੀ ਪਾਣੀ ਲਈ ਸ਼ਹਿਰਾਂ ਵਿਚ ਰੀਚਾਰਜ ਪੁਆਇੰਟ ਬਣਾਉਣ ਬਾਰੇ ਕੋਈ ਯੋਜਨਾ ਨਹੀਂ, ਕਿਉਂਕਿ ਸ਼ਹਿਰਾਂ ਵਿਚ ਜ਼ਿਆਦਾ ਪੱਕਾ ਹੋਣ ਕਰਕੇ ਬਾਰਿਸ਼ ਦਾ ਪਾਣੀ ਧਰਤੀ ਹੇਠ ਨਹੀਂ ਜਾਂਦਾ, ਪਰ ਸਰਕਾਰ ਨੇ ਇੰਨੇ ਗੰਭੀਰ ਸੰਕਟ ਲਈ ਮਹਿਜ਼ 21 ਕਰੋੜ ਦੀ ਰਾਸ਼ੀ ਰੱਖੀ ਹੈ। ਬਾਗ਼ਬਾਨੀ ਬਾਰੇ ਬਜਟ ਵਧਾਉਣ ਦਾ ਦਾਅਵਾ ਖੋਖਲਾ ਹੈ। ਫਲਾਂ ਤੇ ਸਬਜ਼ੀਆਂ ਦੇ ਫਰੀਜਿੰਗ ਸਿਸਟਮ ਲਈ ਮਹਿਜ਼ 18 ਕਰੋੜ ਦੀ ਮਾਮੂਲੀ ਰਾਸ਼ੀ ਰੱਖੀ ਗਈ ਹੈ। ਬਜਟ 'ਚ ਕਿਸਾਨੀ ਲਈ 11560 ਕਰੋੜ ਰੁਪਏ ਰੱਖੇ ਹਨ, ਜਿਸ 'ਚ 6947 ਕਰੋੜ ਸਿਰਫ਼ ਖੇਤੀ ਬਿਜਲੀ ਲਈ ਸਬਸਿਡੀ ਹੈ, ਜਿਸ ਵਿਚ ਕੁਝ ਨਵਾਂ ਨਹੀਂ ਹੈ।
ਬਜਟ 'ਚ ਕਿਸਾਨਾਂ ਲਈ ਕੁਝ ਨਹੀਂ-ਰਾਜੇਵਾਲ

ਖੰਨਾ, 27 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਨੇ ਬਜਟ 'ਚ ਖੇਤੀ ਲਈ 11,500 ਕਰੋੜ ਰੁਪਏ ਰੱਖੇ ਹਨ, ਜੋ ਕੇਵਲ ਤਨਖ਼ਾਹਾਂ 'ਤੇ ਖ਼ਰਚ ਹੋਵੇਗਾ। ਖੇਤੀਬਾੜੀ ਯੂਨੀਵਰਸਿਟੀ ਲਈ ਖੇਤੀ ਖੋਜਾਂ ਲਈ ਕੋਈ ਪੈਸਾ ਨਹੀਂ ਰੱਖਿਆ ਗਿਆ। ਲੋਕਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਉਨ੍ਹਾਂ ਦੀ ਪੂਰਤੀ ਲਈ ਅਤੇ ਕਿਸਾਨਾਂ ਲਈ ਬਜਟ 'ਚ ਕੁਝ ਵੀ ਨਹੀਂ ਹੈ। ਇਹ ਗੱਲ ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਹੀ।
ਬਜਟ ਮਜ਼ਦੂਰਾਂ, ਦਲਿਤ ਤੇ ਪਛੜੀਆਂ ਸ਼੍ਰੇਣੀਆਂ ਵਿਰੋਧੀ-ਬਸਪਾ

ਚੰਡੀਗੜ੍ਹ, 27 ਜੂਨ (ਅ.ਬ.)-ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ 'ਆਪ' ਸਰਕਾਰ ਦਾ ਪਹਿਲਾ ਬਜਟ ਮਜ਼ਦੂਰਾਂ, ਦਲਿਤ ਤੇ ਪੱਛੜੀਆਂ ਸ਼੍ਰੇਣੀਆਂ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਲਈ ਪੰਚਾਇਤੀ ਜ਼ਮੀਨ ਦੇ ਇਕ ਤਿਹਾਈ ਹਿੱਸੇ ਦੀ ਨਿਲਾਮੀ ਬੋਲੀ ਦੌਰਾਨ ਹਰ ਸਾਲ ਹੋ ਰਹੇ ਝਗੜੇ ਦੇ ਖ਼ਾਤਮੇ ਲਈ ਸਰਕਾਰ ਨੇ ਕੋਈ ਯੋਜਨਾ ਪੇਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਬਜਟ ਜਨਤਾ ਦਾ ਨਹੀਂ ਸਰਮਾਏਦਾਰਾਂ ਦਾ ਬਜਟ ਹੈ, ਜਿਸ ਵਿਚ ਵਿਦਿਆਰਥੀਆਂ, ਦਲਿਤ, ਪੱਛੜੇ ਵਰਗਾਂ, ਗ਼ਰੀਬਾਂ, ਮਜ਼ਦੂਰਾਂ, ਮੁਲਾਜ਼ਮਾਂ ਦੇ ਹਿੱਤਾਂ ਨੂੰ ਕੁਚਲਿਆ ਗਿਆ ਹੈ।
ਦਿਸ਼ਾਹੀਣ ਬਜਟ-ਭਾਜਪਾ
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਪੇਸ਼ ਕੀਤਾ ਬਜਟ ਨਾ ਸਿਰਫ਼ ਕਾਗ਼ਜ਼ ਰਹਿਤ ਹੈ, ਸਗੋਂ ਦਿਸ਼ਾਹੀਣ ਵੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਕਰੋੜ ਤੋਂ ਵੱਧ ਪੰਜਾਬੀਆਂ ਨਾਲ ਧੋਖਾ ਹੈ, ਜਿਨ੍ਹਾਂ ਨੂੰ 'ਆਪ' ਵਲੋਂ ਚੋਣਾਂ ਤੋਂ ਪਹਿਲਾਂ 1000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਹੁਣ ਬਜਟ ਵਿਚ ਇਸ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ।
ਔਰਤਾਂ ਤੇ ਕਿਸਾਨ ਨਿਰਾਸ਼-ਬੀਬੀ ਰਾਜੂ
ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਬਜਟ ਨੂੰ ਥੋਥਾ ਕਰਾਰ ਦਿੰਦਿਆਂ ਆਖਿਆ ਹੈ ਕਿ ਇਸ ਬਜਟ 'ਚ ਖੇਤੀਬਾੜੀ, ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਕੁਝ ਵੀ ਨਵਾਂ ਨਹੀਂ, ਸਗੋਂ ਕੇਂਦਰੀ ਸਕੀਮਾਂ ਰਾਹੀਂ ਮਿਲਦੇ ਫ਼ੰਡਾਂ ਦੇ ਸਹਾਰੇ ਆਮ ਜਨਤਾ ਦਾ ਧਿਆਨ ਖਿੱਚਣ ਲਈ ਬਜਟ ਦੀ ਲੀਪਾਪੋਤੀ ਕਰਕੇ ਸਿਰਫ਼ ਐਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਜਟ ਤੋਂ ਔਰਤਾਂ ਤੇ ਕਿਸਾਨ ਨਿਰਾਸ਼ ਹੋਏ ਹਨ।
ਯੂਨੀਵਰਸਿਟੀ ਤੇ ਕਾਲਜ ਅਧਿਆਪਕ ਮਾਯੂਸੀ 'ਚ-ਪੀਫੈਕਟੋ
ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ (ਪੀਫੈਕਟੋ) ਦੇ ਜਨਰਲ ਸਕੱਤਰ ਡਾ. ਜਗਵੰਤ ਸਿੰਘ ਨੇ ਕਿਹਾ ਕਿ ਬਜਟ 'ਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਬਜਟ ਵਿਚ ਪਹਿਲਾਂ ਨਾਲੋਂ 3 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਸਰਕਾਰੀ ਸਹਾਇਤਾ ਪ੍ਰਾਪਤ 136 ਕਾਲਜਾਂ ਦੇ ਬਜਟ ਵਿਚ ਸਿਰਫ਼ 5 ਕਰੋੜ ਰੁਪਏ ਦਾ ਨਾਕਾਫ਼ੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਬਜਟ ਵਿਚ ਸਰਕਾਰ ਦੇ ਇਸ ਰਵੱਈਏ ਨਾਲ ਯੂਨੀਵਰਸਿਟੀ ਅਤੇ ਕਾਲਜ ਅਧਿਆਪਕ ਹੈਰਾਨੀ ਅਤੇ ਮਾਯੂਸੀ ਵਿਚ ਹਨ।
ਬਜਟ ਦੇਖ ਕੇ ਲੋਕ ਹੋਰ ਨਿਰਾਸ਼ ਹੋਏ-ਬੀ.ਕੇ.ਯੂ. ਏਕਤਾ (ਡਕੌਂਦਾ)
ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਪਰ ਪੰਜਾਬ ਸਰਕਾਰ ਦਾ ਬਜਟ ਖੇਤੀਬਾੜੀ ਨਾਲ ਸੰਬੰਧਿਤ ਨਹੀਂ ਹੈ, ਸਗੋਂ ਇਹ ਦਿੱਲੀ ਮਾਡਲ ਦੀ ਨਕਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 'ਆਪ' ਪਾਰਟੀ ਦੀ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਤੋਂ ਪਹਿਲਾਂ ਹੀ ਨਿਰਾਸ਼ ਹੋ ਚੁੱਕੇ ਸਨ। ਪਰ ਹੁਣ ਬਜਟ ਦੇਖ ਕੇ ਲੋਕ ਹੋਰ ਨਿਰਾਸ਼ ਹੋਏ ਹਨ।
'ਆਪ' ਸਰਕਾਰ ਦਾ ਪਲੇਠਾ ਬਜਟ ਨਿਰਾਸ਼ਾਜਨਕ-ਡੀ.ਟੀ.ਐਫ.
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ.) ਪੰਜਾਬ ਨੇ ਜਨਤਕ ਸਿੱਖਿਆ ਅਤੇ ਸਰਕਾਰੀ ਮੁਲਾਜ਼ਮਾਂ ਦੇ ਹਿੱਤਾਂ ਅਨੁਸਾਰ ਨਿਰਾਸ਼ਾਜਨਕ ਬਜਟ ਕਰਾਰ ਦਿੱਤਾ ਹੈ। ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦੱਸਿਆ ਕਿ 'ਆਪ' ਸਰਕਾਰ ਵਲੋਂ ਬਜਟ ਵਿਚ ਮੁਫ਼ਤ ਅਤੇ ਮਿਆਰੀ ਸਿੱਖਿਆ ਦੇਣ ਵੱਲ ਕਦਮ ਚੁੱਕਣ ਦੀ ਥਾਂ 'ਕਫ਼ਾਇਤੀ ਸਿੱਖਿਆ' ਦੀ ਆੜ ਵਿਚ ਸਿੱਖਿਆ ਦੇ ਨਿੱਜੀਕਰਨ ਨੂੰ ਵਧਾਉਣ ਦੇ ਸੰਕੇਤ ਦਿੱਤੇ ਹਨ।
ਨਵੇਂ ਪੰਜਾਬ ਦੇ ਨਕਸ਼ ਘੜਨ ਵਾਲਾ ਬਜਟ-ਭਗਵੰਤ ਮਾਨ

ਚੰਡੀਗੜ੍ਹ, 27 ਜੂਨ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਵਿਧਾਨ ਸਭਾ 'ਚ ਪੇਸ਼ ਕੀਤੇ ਸੂਬਾ ਸਰਕਾਰ ਦੇ ਕਰ ਮੁਕਤ ਬਜਟ ਦੀ ਸ਼ਲਾਘਾ ਕਰਦਿਆਂ ਇਸ ਨੂੰ ਨਵੇਂ ਪੰਜਾਬ ਲਈ ਰੂਪ-ਰੇਖਾ ਉਲੀਕਣ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਨਾਲ ਵਿਚਾਰ-ਵਟਾਂਦਰਾ ਕਰ ਕੇ ਬਣਾਇਆ ਇਤਿਹਾਸਕ ਬਜਟ ਪੇਸ਼ ਕਰਨ ਲਈ ਮੈਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵਧਾਈ ਦਿੰਦਾ ਹਾਂ। ਮੁੱਖ ਮੰਤਰੀ ਨੇ ਇਥੇ ਅੱਜ ਜਾਰੀ ਬਿਆਨ 'ਚ ਕਿਹਾ ਕਿ ਸਿੱਖਿਆ, ਸਿਹਤ, ਖੇਤੀਬਾੜੀ ਤੇ ਵਣਜ ਦੇ ਖੇਤਰ 'ਚ ਕ੍ਰਾਂਤੀ ਲਿਆਉਣ ਲਈ ਜਨਤਾ ਦਾ ਬਜਟ ਬਣਾਇਆ ਗਿਆ ਹੈ। ਸਰਕਾਰ ਲੋਕਾਂ ਨਾਲ ਕੀਤੀਆਂ ਸਾਰੀਆਂ ਗਾਰੰਟੀਆਂ ਨੂੰ ਜਲਦੀ ਪੂਰਾ ਕਰੇਗੀ। ਵਿੱਤੀ ਖੇਤਰ 'ਚ ਜਲਦੀ ਹੀ ਕ੍ਰਾਂਤੀਕਾਰੀ ਸੁਧਾਰ ਦਿਖਾਈ ਦੇਣਗੇ। ਉਨ੍ਹਾਂ ਕਿਹਾ ਕਿ ਇਹ ਬਜਟ ਖੇਤੀਬਾੜੀ, ਸਨਅਤ, ਬੁਨਿਆਦੀ ਢਾਂਚਾ, ਊਰਜਾ, ਸਿੱਖਿਆ, ਸਿਹਤ ਖੇਤਰ ਤੋਂ ਇਲਾਵਾ ਔਰਤਾਂ ਨੂੰ ਵੱਧ ਅਖ਼ਤਿਆਰ ਦੇਣ ਤੇ ਸਮਾਜ ਦੇ ਪੱਛੜੇ ਵਰਗਾਂ ਦੇ ਬਹੁ-ਪੱਖੀ ਵਿਕਾਸ ਨੂੰ ਯਕੀਨਨ ਹੁਲਾਰਾ ਦੇਵੇਗਾ। ਮੁੱਖ ਮੰਤਰੀ ਨੇ ਮੌਜੂਦਾ ਬਜਟ ਨੂੰ ਮੀਲ ਪੱਥਰ ਕਰਾਰ ਦਿੱਤਾ ਜੋ ਸੂਬੇ ਨੂੰ ਨਵੀਆਂ ਸਿਖ਼ਰਾਂ 'ਤੇ ਲਿਜਾਣ ਲਈ ਵਿਕਾਸ ਅਤੇ ਤਰੱਕੀ ਦੇ ਨਵੇਂ ਦਿਸਹੱਦੇ ਕਾਇਮ ਕਰਨ ਦਾ ਲੰਮਾ ਸਫ਼ਰ ਤੈਅ ਕਰੇਗਾ ਅਤੇ ਆਉਣ ਵਾਲੇ ਸਮੇਂ ਵਿਚ ਨਵੇਂ ਪੰਜਾਬ ਦੇ ਟੀਚੇ ਨੂੰ ਸਾਕਾਰ ਕਰਨ ਲਈ ਸੂਬੇ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰੇਗਾ। ਉਨ੍ਹਾਂ ਕਿਹਾ ਕਿ ਬਜਟ ਨਾਲ ਸਾਡਾ ਸੂਬਾ ਹੁਣ ਵਿਕਾਸ ਅਤੇ ਖੁਸ਼ਹਾਲੀ ਦੀਆਂ ਨਵੀਆਂ ਸਿਖ਼ਰਾਂ ਛੂਹੇਗਾ।
ਬਜਟ 'ਮੁੰਗੇਰੀ ਲਾਲ ਦੇ ਰੰਗੀਨ ਸੁਪਨੇ' ਤੋਂ ਵੱਧ ਕੁਝ ਨਹੀਂ-ਬਾਜਵਾ

ਚੰਡੀਗੜ੍ਹ, 27 ਜੂਨ (ਵਿਕਰਮਜੀਤ ਸਿੰਘ ਮਾਨ)-ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਬਜਟ ਭਾਸ਼ਨ ਵਿਚ ਕਈ ਵਾਅਦੇ ਕੀਤੇ ਗਏ ਸਨ, ਫਿਰ ਵੀ ਜਿਵੇਂ ਕਿ ਅਸੀਂ ਵੇਰਵਿਆਂ ਨੂੰ ਨੇੜਿਓਂ ਸੁਣਿਆ, ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਲਈ ਕੋਈ ਰੋਡਮੈਪ ਨਹੀਂ ਦਿਖਾਇਆ। ਉਨ੍ਹਾਂ ਕਿਹਾ ਕਿ ਇਹ ਖੋਖਲਾ ਬਜਟ ਹੈ। ਇਹ 'ਮੁੰਗੇਰੀ ਲਾਲ ਦੇ ਰੰਗੀਨ ਸੁਪਨੇ' ਤੋਂ ਵੱਧ ਕੁਝ ਨਹੀਂ ਹੈ। ਰੰਗੀਨ ਪਰ ਖੋਖਲੇ ਵਾਅਦੇ 'ਆਪ' ਦੀ ਇਕ ਵੀ ਗਾਰੰਟੀ ਪੂਰੀ ਨਹੀਂ ਹੋਈ।
ਪੰਜਾਬੀਆਂ ਨਾਲ ਧੋਖਾ ਕੀਤਾ-ਇਯਾਲੀ

ਚੰਡੀਗੜ੍ਹ, 27 ਜੂਨ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਰਕਾਰ ਨੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਕੀਤੇ ਪ੍ਰਮੁੱਖ ਵਾਅਦਿਆਂ ਦੀ ਪੂਰਤੀ ਲਈ ਫ਼ੰਡ ਰਾਖਵੇਂ ਨਾ ਰੱਖ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਬਜਟ ਤਜਵੀਜ਼ਾਂ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ. ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਉਨ੍ਹਾਂ ਮਹਿਲਾ ਵੋਟਰਾਂ ਨਾਲ ਧੋਖਾ ਕੀਤਾ ਹੈ, ਜਿਨ੍ਹਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ 300 ਪ੍ਰਤੀ ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਲਈ ਯੋਜਨਾ ਦਾ ਖ਼ਾਕਾ ਪੇਸ਼ ਕਰਨ 'ਚ ਵੀ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਯੋਜਨਾ ਵਾਸਤੇ ਕਿੰਨੇ ਫ਼ੰਡ ਰਾਖਵੇਂ ਰੱਖੇ, ਇਸ ਵਾਸਤੇ ਕੋਈ ਐਲਾਨ ਨਹੀਂ ਕੀਤਾ।

ਨਿਊਯਾਰਕ 'ਚ ਕਪੂਰਥਲਾ ਜ਼ਿਲ੍ਹੇ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਨਿਊਯਾਰਕ, 27 ਜੂਨ (ਏਜੰਸੀ)-ਨਿਊਯਾਰਕ 'ਚ 31 ਸਾਲ ਦੇ ਇਕ ਨੌਜਵਾਨ ਦੀ ਉਸ ਦੇ ਘਰ ਨੇੜੇ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਜੋਂ ਦੱਸੀ ਗਈ ਹੈ। ਜਦੋਂ ਉਸ 'ਤੇ ਗੋਲੀਆਂ ਚਲਾਈਆਂ ਗਈਆਂ ਉਹ ਆਪਣੇ ਘਰ ਦੇ ਨਜ਼ਦੀਕ ਜੀਪ ਵਿਚ ਬੈਠਾ ਸੀ। ਇਹ ਘਟਨਾ ਰਿਚਮੰਡ ਹਿੱਲ ਤੋਂ ਅੱਗੇ ਸਾਊਥ ਓਜ਼ੋਨ ਪਾਰਕ ਨਜ਼ਦੀਕ ਵਾਪਰੀ, ਜਿੱਥੇ ਅਪ੍ਰੈਲ ਮਹੀਨੇ ਦੋ ਸਿੱਖਾਂ 'ਤੇ ਹਮਲਾ ਕੀਤਾ ਗਿਆ ਸੀ। ਨਿਊਯਾਰਕ ਪੁਲਿਸ ਵਿਭਾਗ ਨੇ ਮੀਡੀਆ ਨੂੰ ਦੱਸਿਆ ਕਿ ਸਤਨਾਮ ਸਿੰਘ ਸਨਿਚਰਵਾਰ ਦੁਪਹਿਰ ਕਰੀਬ 3:46 ਵਜੇ ਕਵੀਂਸ ਦੇ ਸਾਊਥ ਓਜ਼ੋਨ ਪਾਰਕ 'ਚ ਕਾਲੇ ਰੰਗ ਦੀ ਜੀਪ ਰੈਂਗਲਰ ਸਹਾਰਾ 'ਚ ਬੈਠਾ ਸੀ, ਇਕ ਬੰਦੂਕਧਾਰੀ ਉਸ ਕੋਲ ਆਇਆ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਤਨਾਮ ਸਿੰਘ ਦੀ ਗਰਦਨ ਤੇ ਛਾਤੀ 'ਤੇ ਗੋਲੀਆਂ ਲੱਗੀਆਂ ਸਨ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੱਸਿਆ ਕਿ ਬੰਦੂਕਧਾਰੀ ਸਤਨਾਮ ਸਿੰਘ ਕੋਲ ਪੈਦਲ ਹੀ ਪਹੁੰਚਿਆ ਸੀ ਪਰ ਗੁਆਂਢੀਆਂ ਨੇ ਦੱਸਿਆ ਕਿ ਹਮਲਾਵਰ ਸਿਲਵਰ ਰੰਗ ਦੀ ਸੇਡਾਨ ਕਾਰ 'ਚ ਆਇਆ ਸੀ। ਹਮਲੇ ਦੀ ਘਟਨਾ ਉਥੇ ਘਰਾਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਐਸ. ਯੂ. ਵੀ. ਸਤਨਾਮ ਸਿੰਘ ਦੀ ਨਹੀਂ ਸੀ। ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਮਲਾਵਰ ਕਿਤੇ ਐਸ.ਯੂ.ਵੀ. ਦੇ ਮਾਲਕ ਨੂੰ ਮਾਰਨ ਲਈ ਤਾਂ ਨਹੀਂ ਆਇਆ ਸੀ।
ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧਿਤ ਸੀ
ਬੇਗੋਵਾਲ, 27 ਜੂਨ (ਸੁਖਜਿੰਦਰ ਸਿੰਘ)-ਜਾਣਕਾਰੀ ਅਨੁਸਾਰ ਸਤਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਅਧੀਨ ਪੈਂਦੇ ਪਿੰਡ ਅਕਬਰਪੁਰ ਨਾਲ ਸੰਬੰਧਿਤ ਸੀ। ਸਤਨਾਮ ਸਿੰਘ ਦੇ ਪਿਤਾ ਰਵੇਲ ਸਿੰਘ ਨੇ ਦੱਸਿਆ ਕਿ ਮੇਰਾ ਪੁੱਤਰ ਸਤਨਾਮ ਸਿੰਘ 5 ਸਾਲ ਪਹਿਲਾਂ ਹੀ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਗਿਆ ਸੀ, ਜਿੱਥੇ ਉਹ ਟੈਕਸੀ ਚਲਾ ਕੇ ਆਪਣੇ ਅਮਰੀਕਾ ਜਾਣ ਲਈ ਚੁੱਕਿਆ ਲੱਖਾਂ ਰੁਪਏ ਦੇ ਕਰਜ਼ੇ ਨੂੰ ਉਤਾਰ ਰਿਹਾ ਸੀ। ਮ੍ਰਿਤਕ ਦੇ ਪਿਤਾ ਨੇ ਪਿੰਡ ਦੇ ਹੀ ਕੁਝ ਲੋਕਾਂ 'ਤੇ ਜੋ ਇਸ ਸਮੇਂ ਵਿਦੇਸ਼ ਰਹਿੰਦੇ ਹਨ 'ਤੇ ਰੰਜਿਸ਼ ਤਹਿਤ ਉਨ੍ਹਾਂ ਦੇ ਬੇਟੇ ਦਾ ਕਤਲ ਕਰਵਾਉਣ ਦਾ ਕਥਿਤ ਤੌਰ 'ਤੇ ਦੋਸ਼ ਲਗਾਇਆ। ਹੋਰਨਾਂ ਤੋਂ ਇਲਾਵਾ ਬੀਬੀ ਜਗੀਰ ਕੌਰ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕਿ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਭਾਰਤ ਸਰਕਾਰ ਨੂੰ ਉਨ੍ਹਾਂ ਦੀ ਮਦਦ ਲਈ ਗੁਹਾਰ ਲਗਾਈ।

ਭਾਰਤ ਹਮੇਸ਼ਾ ਸ਼ਾਂਤੀ ਦੇ ਪੱਖ 'ਚ ਰਿਹਾ ਹੈ-ਮੋਦੀ

ਜੀ-7 ਸਿਖ਼ਰ ਸੰਮੇਲਨ 'ਚ ਜੋ ਬਾਈਡਨ, ਜਸਟਿਨ ਟਰੂਡੋ, ਮੈਕਰੋਨ ਤੇ ਹੋਰਨਾਂ ਆਗੂਆਂ ਨਾਲ ਮੁਲਾਕਾਤ

ਏਲਮਾਉ (ਜਰਮਨੀ) 27 ਜੂਨ (ਏਜੰਸੀ)-ਜਰਮਨੀ 'ਚ ਜੀ-7 ਸੰਮੇਲਨ ਦੌਰਾਨ 'ਮਜ਼ਬੂਤ ਇਕੱਠ : ਭੋਜਨ ਸੁਰੱਖਿਆ ਤੇ ਲਿੰਗ ਸਮਾਨਤਾ ਨੂੰ ਅੱਗੇ ਵਧਾਉਣਾ' ਵਿਸ਼ੇ 'ਤੇ ਸੰਬੋਧਨ ਕਰਦਿਆਂ ਮੋਦੀ ਨੇ ਯੂਕਰੇਨ ਸੰਘਰਸ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੈਂਬਰ ਦੇਸ਼ ਵਿਸ਼ਵ ਪੱਧਰੀ ਤਣਾਅ ਦੇ ਮਾਹੌਲ ਦਰਮਿਆਨ ਮੁਲਾਕਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਦੇ ਪੱਖ 'ਚ ਰਿਹਾ ਹੈ। ਮੌਜੂਦਾ ਸਥਿਤੀ 'ਚ ਵੀ ਅਸੀਂ ਲਗਾਤਾਰ ਗੱਲਬਾਤ ਤੇ ਕੂਟਨੀਤੀ ਦੇ ਰਾਹ 'ਤੇ ਚੱਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭੂ-ਰਾਜਨੀਤਕ ਤਣਾਅ ਦਾ ਪ੍ਰਭਾਵ ਕੇਵਲ ਯੂਰਪ ਤੱਕ ਹੀ ਸੀਮਤ ਨਹੀਂ ਹੈ। ਊਰਜਾ ਤੇ ਅਨਾਜ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਸਾਰੇ ਦੇਸ਼ਾਂ 'ਤੇ ਪੈ ਰਿਹਾ ਹੈ। ਵਿਕਾਸਸ਼ੀਲ ਦੇਸ਼ਾਂ ਦੀ ਊਰਜਾ ਤੇ ਸੁਰੱਖਿਆ ਖ਼ਾਸ ਤੌਰ 'ਤੇ ਜੋਖ਼ਮ 'ਚ ਹੈ। ਮੋਦੀ ਨੇ ਕਿਹਾ ਕਿ ਚੁਣੌਤੀਪੂਰਨ ਸਮੇਂ ਦੇ ਬਾਵਜੂਦ ਭਾਰਤ ਨੇ ਲੋੜਵੰਦ ਦੇਸ਼ਾਂ ਨੂੰ ਅਨਾਜ ਸਪਲਾਈ ਕੀਤਾ ਹੈ। ਬੀਤੇ ਕੁਝ ਮਹੀਨਿਆਂ 'ਚ ਅਸੀਂ ਅਫ਼ਗਾਨਿਸਤਾਨ ਨੂੰ 35 ਹਜ਼ਾਰ ਟਨ ਕਣਕ ਮਨੁੱਖੀ ਸਹਾਇਤਾ ਵਜੋਂ ਭੇਜੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਝਾਅ ਦਿੱਤਾ ਕਿ ਵਿਸ਼ਵ ਪੱਧਰੀ ਖੁਰਾਕ ਸੁਰੱਖਿਆ ਦੇ ਵਿਸ਼ੇ ਨਾਲ ਨਜਿੱਠਣ ਲਈ ਜੀ-7 ਖਾਦ ਉਤਪਾਦਨ ਵਧਾਉਣ 'ਚ ਭਾਰਤ ਦੇ ਯਤਨਾਂ 'ਚ ਸਹਿਯੋਗ ਅਤੇ ਮੈਂਬਰ ਦੇਸ਼ਾਂ 'ਚ ਭਾਰਤੀ ਖੇਤੀ ਪ੍ਰਤਿਭਾ ਦੀ ਵਿਆਪਕ ਵਰਤੋਂ ਲਈ ਇਕ ਪ੍ਰਣਾਲੀ ਤਿਆਰ ਕਰ ਸਕਦਾ ਹੈ। ਇਸ ਤੋਂ ਇਲਾਵਾ ਉਹ ਬਾਜਰੇ ਨੂੰ ਇਕ ਪੌਸ਼ਟਿਕ ਬਦਲ ਵਜੋਂ ਉਤਸ਼ਾਹਿਤ ਕਰਨ ਲਈ ਵੀ ਮਦਦ ਕਰੇ। ਇਸ ਤੋਂ ਪਹਿਲਾਂ ਜਰਮਨੀ 'ਚ ਹੋ ਰਹੇ ਜੀ-7 ਸਿਖ਼ਰ ਸੰਮੇਲਨ ਦੀ ਗਰੁੱਪ ਤਸਵੀਰ ਤੋਂ ਪਹਿਲਾਂ ਰਾਸ਼ਟਰਪਤੀ ਬਾਈਡਨ ਪ੍ਰਧਾਨ ਮੰਤਰੀ ਮੋਦੀ ਨੂੰ ਵੇਖ ਕੇ ਉਨ੍ਹਾਂ ਵੱਲ ਵਧੇ ਤੇ ਦੋਵੇਂ ਨੇਤਾਵਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਗਰਮਜੋਸ਼ੀ ਨਾਲ ਹੱਥ ਮਿਲਾਇਆ, ਗਰੁੱਪ ਤਸਵੀਰ 'ਚ ਮੋਦੀ ਪ੍ਰਧਾਨ ਮੰਤਰੀ ਟਰੂਡੋ ਨਾਲ ਖੜ੍ਹੇ ਸਨ ਤੇ ਦੋਵੇਂ ਨੇਤਾ ਇਕ-ਦੂਜੇ ਨਾਲ ਗੱਲਬਾਤ ਕਰਦੇ ਨਜ਼ਰ ਆਏ। ਇਸ ਦੌਰਾਨ ਮੋਦੀ ਤੇ ਮੈਕਰੋਨ ਇਕ-ਦੂਜੇ ਨੂੰ ਜੱਫੀ ਪਾ ਕੇ ਮਿਲੇ ਅਤੇ ਗਰੁੱਪ ਤਸਵੀਰ ਬਾਅਦ ਇਕ-ਦੂਜੇ ਨਾਲ ਗੱਲਬਾਤ ਜਾਰੀ ਰੱਖਦਿਆਂ ਜੀ-7 ਨੇਤਾਵਾਂ ਦੇ ਸੰਮੇਲਨ ਸਥਾਨ ਅੰਦਰ ਚਲੇ ਗਏ। ਜਰਮਨੀ ਦੇ ਰਾਸ਼ਟਰਪਤੀ ਵਲੋਂ ਜੀ-7 ਸੰਮੇਲਨ 'ਚ ਸ਼ਾਮਿਲ ਹੋਣ ਲਈ ਦਿੱਤੇ ਸੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਇਥੇ ਆਏ ਹਨ। ਦੱਸਣਯੋਗ ਹੈ ਕਿ ਭਾਰਤ, ਅਰਜਨਟੀਨਾ, ਇੰਡੋਨੇਸ਼ੀਆ, ਸੇਨੇਗਲ ਤੇ ਦੱਖਣੀ ਅਫਰੀਕਾ ਨੂੰ ਐਲਮਾਉ 7-ਜੀ ਸੰਮੇਲਨ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ।
ਟਰੂਡੋ ਨਾਲ ਦੁਵੱਲੀ ਗੱਲਬਾਤ
ਜੀ-7 ਸੰਮੇਲਨ ਤੋਂ ਅਲੱਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਦੁਵੱਲੀ ਗੱਲਬਾਤ ਕੀਤੀ, ਜਿਸ 'ਚ ਦੋਵਾਂ ਆਗੂਆਂ ਨੇ ਭਾਰਤ-ਕੈਨੇਡਾ ਦੀ ਮਿੱਤਰਤਾ ਦਾ ਜਾਇਜ਼ਾ ਲਿਆ ਅਤੇ ਵਪਾਰਕ ਤੇ ਆਰਥਿਕ ਸੰਬੰਧਾਂ ਨੂੰ ਵਧਾਉਣ, ਸੁਰੱਖਿਆ ਤੇ ਅੱਤਵਾਦ ਵਿਰੋਧੀ ਖ਼ੇਤਰ 'ਚ ਸਹਿਯੋਗ ਲਈ ਸਹਿਮਤੀ ਪ੍ਰਗਟਾਈ। ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਟਰੂਡੋ ਨਾਲ ਮੁਲਾਕਾਤ ਉਸਾਰੂ ਰਹੀ। ਉਨ੍ਹਾਂ ਕਿਹਾ ਕਿ ਵਪਾਰ, ਸੱਭਿਆਚਾਰ ਤੇ ਖੇਤੀਬਾੜੀ ਵਰਗੇ ਖ਼ੇਤਰਾਂ 'ਚ ਸਹਿਯੋਗ ਨੂੰ ਹੁਲਾਰਾ ਦੇਣ ਦੀ ਬਹੁਤ ਸੰਭਾਵਨਾ ਹੈ।
ਚੀਨ ਦੀ 'ਬੈਲਟ ਐਂਡ ਰੋਡ' ਪਹਿਲ ਦੇ ਟਾਕਰੇ ਲਈ ਜੀ-7 ਨੇਤਾਵਾਂ ਵਲੋਂ 600 ਅਰਬ ਡਾਲਰ ਦੀ ਯੋਜਨਾ ਦਾ ਐਲਾਨ
ਏਲਮਾਉ, 27 ਜੂਨ (ਏਜੰਸੀ)-ਜਰਮਨੀ 'ਚ ਸਿਖਰ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਤੇ ਜੀ-7 ਦੇ ਹੋਰ ਨੇਤਾਵਾਂ ਨੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ 'ਚ ਇਕ ਪਾਰਦਰਸ਼ੀ ਤੇ ਖੇਡ ਬਦਲਣ ਵਾਲੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਪ੍ਰਦਾਨ ਕਰਨ ਲਈ 2027 ਤੱਕ 600 ਅਰਬ ਡਾਲਰ ਦੀ ਫੰਡਿੰਗ ਜੁਟਾਉਣ ਦੀਆਂ ਉਤਸ਼ਾਹਪੂਰਨ ਯੋਜਨਾਵਾਂ ਦਾ ਐਲਾਨ ਕੀਤਾ ਹੈ, ਜਿਸ ਨੂੰ ਚੀਨ ਦੀ ਬੈਲਟ ਐਂਡ ਰੋਡ (ਬੀ.ਆਰ.ਆਈ.) ਪਹਿਲਕਦਮੀ ਨੂੰ ਟੱਕਰ ਦੇਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਵਿਸ਼ਵਵਿਆਪੀ ਬੁਨਿਆਦੀ ਢਾਂਚਾ ਤੇ ਨਿਵੇਸ਼ ਲਈ ਸਾਂਝੇਦਾਰੀ (ਪੀ.ਜੀ..ਆਈ.ਆਈ.) ਨੂੰ ਇਥੇ ਸਿਖਰ ਸੰਮੇਲਨ ਦੌਰਾਨ ਮੁੜ ਐਲਾਨ ਕੀਤਾ ਗਿਆ ਹੈ, ਇਸ ਸਕੀਮ ਨੂੰ ਇਗਲੈਂਡ 'ਚ ਪਿਛਲੇ ਸਾਲ ਜੀ-7 ਵਾਰਤਾ ਦੌਰਾਨ ਲਾਂਚ ਕੀਤਾ ਗਿਆ ਸੀ।

ਬਰਤਾਨੀਆ 'ਚ ਪੰਜਾਬੀ ਦਾ ਛੁਰਾ ਮਾਰ ਕੇ ਕਤਲ

ਲੰਡਨ, 27 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਲੰਡਨ ਦੇ ਸ਼ਹਿਰ ਹੰਸਲੋ 'ਚ ਇਕ ਪੰਜਾਬੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੈਟਰੋਪੋਲੀਟਨ ਪੁਲਿਸ ਅਧਿਕਾਰੀਆਂ ਨੂੰ ਸਨਿਚਰਵਾਰ ਨੂੰ ਸਵੇਰੇ 12.30 ਵਜੇ ਸਟੇਨਜ਼ ਰੋਡ, ਹੰਸਲੋ 'ਚ ਇਕ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ। ਮੌਕੇ 'ਤੇ ਪਹੁੰਚੀ ਪੁਲਿਸ ਨੂੰ ਪੰਜਾਬੀ ਮੂਲ ਦੇ 31 ਸਾਲਾ ਕਰਮਜੀਤ ਸਿੰਘ ਰੀਲ ਜ਼ਖਮੀ ਹਾਲਤ 'ਚ ਮਿਲਿਆ ਅਤੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਨੂੰ ਪੁਲਿਸ ਨੇ ਸੂਚਿਤ ਕਰ ਦਿੱਤਾ ਹੈ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਜਾਂਚ 'ਚ ਮੌਤ ਦਾ ਕਾਰਨ ਚਾਕੂ ਦੇ ਜ਼ਖ਼ਮ ਦੱਸਿਆ ਗਿਆ। ਅਜੇ ਤੱਕ ਘਟਨਾ ਸੰਬੰਧੀ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਪੁਲਿਸ ਨੇ ਲੋਕਾਂ ਨੂੰ ਦੋਸ਼ੀਆਂ ਦੀ ਪਹਿਚਾਣ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਜਾਂਚ ਚੀਫ਼ ਇੰਸਪੈਕਟਰ ਜੇਮਸ ਸ਼ਰਲੀ ਨੇ ਕਿਹਾ ਕਿ ''ਸਾਡੀ ਜਾਂਚ ਉਨ੍ਹਾਂ ਘਟਨਾਵਾਂ ਦਾ ਪਤਾ ਲਗਾਉਣ ਲਈ ਤੇਜ਼ੀ ਨਾਲ ਜਾਰੀ ਹੈ ਜਿਨ੍ਹਾਂ ਕਾਰਨ ਕਰਮਜੀਤ ਦੀ ਹੱਤਿਆ ਹੋਈ।

ਰਾਸ਼ਟਰਪਤੀ ਚੋਣਾਂ ਲਈ ਯਸ਼ਵੰਤ ਸਿਨਹਾ ਨੇ ਭਰੇ ਨਾਮਜ਼ਦਗੀ ਕਾਗਜ਼

ਨਵੀਂ ਦਿੱਲੀ, 27 ਜੂਨ (ਉਪਮਾ ਡਾਗਾ ਪਾਰਥ)-ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰਾਂ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਸੋਮਵਾਰ ਨੂੰ ਰਾਹੁਲ ਗਾਂਧੀ, ਸ਼ਰਦ ਪਵਾਰ ਅਤੇ ਅਖਿਲੇਸ਼ ਯਾਦਵ ਸਮੇਤ ਵਿਰੋਧੀ ਧਿਰਾਂ ਦੇ ਕਈ ਚੋਟੀ ਦੇ ਆਗੂਆਂ ਦੀ ਮੌਜੂਦਗੀ 'ਚ ਸ਼ਕਤੀ ਪ੍ਰਦਰਸ਼ਨ ਕਰਦਿਆਂ ਆਪਣੇ ਨਾਮਜ਼ਦਗੀ ਕਾਗਜ਼ ਭਰੇ। ਯਸ਼ਵੰਤ ਸਿਨਹਾ ਨੇ ਵਿਰੋਧੀ ਧਿਰ ਦੀ ਇਕਜੁੱਟਤਾ ਨੂੰ ਲੋਕਤੰਤਰ ਲਈ ਸ਼ੁੱਭ ਸੰਕੇਤ ਦੱਸਦਿਆਂ ਕਿਹਾ ਕਿ ਇਹ (ਇਕਜੁੱਟਤਾ) ਸਿਰਫ ਰਾਸ਼ਟਰਪਤੀ ਚੋਣਾਂ ਤੱਕ ਸੀਮਤ ਨਹੀਂ ਸਗੋਂ ਅੱਗੇ ਤੱਕ (2024 ਦੀਆਂ ਲੋਕ ਸਭਾ ਚੋਣਾਂ ਤੱਕ) ਜਾਵੇਗੀ। ਸਾਬਕਾ ਕੇਂਦਰੀ ਮੰਤਰੀ ਸਿਨਹਾ ਦੀ ਨਾਮਜ਼ਦਗੀ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ, ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਮਹਾਂ ਸਕੱਤਰ ਜੈਰਾਮ ਰਮੇਸ਼, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਸੀ.ਪੀ.ਆਈ. ਨੇਤਾ ਏ. ਰਾਜਾ, ਐੱਨ.ਸੀ.ਪੀ. ਨੇਤਾ ਫਾਰੂਕ ਅਬਦੁੱਲਾ ਮੌਜੂਦ ਸਨ। ਇਸ ਤੋਂ ਇਲਾਵਾ ਟੀ.ਐੱਮ.ਸੀ. ਦੇ ਅਭਿਸ਼ੇਕ ਬੈਨਰਜੀ, ਸੀ.ਪੀ.ਆਈ. (ਐੱਮ) ਦੇ ਸੀਤਾਰਾਮ ਯੇਚੁਰੀ, ਆਰ.ਜੇ.ਡੀ. ਦੀ ਮੀਸ਼ਾ ਭਾਰਤੀ, ਐੱਨ.ਕੇ. ਪ੍ਰੇਮਚੰਦਰਨ, ਆਰ.ਐੱਲ.ਡੀ. ਦੇ ਜਯੰਤ ਚੌਧਰੀ ਵੀ ਨਾਮਜ਼ਦਗੀ ਮੌਕੇ ਮੌਜੂਦ ਸਨR ਹਾਲਾਂਕਿ ਇਸ ਸਮੇਂ ਆਮ ਆਦਮੀ ਪਾਰਟੀ, ਜੇ.ਡੀ. (ਐੱਸ) ਅਤੇ ਏ.ਆਈ.ਐੱਮ.ਆਈ.ਐੱਮ. ਦੇ ਨੁਮਾਇੰਦੇ ਮੌਜੂਦ ਨਹੀਂ ਸਨ। ਸਿਨਹਾ ਨੇ ਨਾਮਜ਼ਦਗੀ ਤੋਂ ਬਾਅਦ ਕੀਤੀ ਪ੍ਰੈੱਸ ਕਾਨਫ਼ਰੰਸ 'ਚ 'ਆਪ' ਅਤੇ ਜੇ.ਡੀ. (ਐੱਸ) ਦੀ ਨੁਮਾਇੰਦਗੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਸਮੇਂ ਆਉਣ 'ਤੇ ਸਮਰਥਨ ਦਾ ਐਲਾਨ ਕਰਨਗੇ।
ਸਿਨਹਾ ਲਿਖਣਗੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਚਿੱਠੀ
ਯਸ਼ਵੰਤ ਸਿਨਹਾ ਜੋ ਕਿ ਐੱਨ.ਡੀ.ਏ. ਦੀ ਉਮੀਦਵਾਰ ਦਰੋਪਦੀ ਮੁਰਮੂ ਤੋਂ ਨੰਬਰ ਗੇਮ 'ਚ ਪਿੱਛੇ ਨਜ਼ਰ ਆ ਰਹੇ ਹਨ , ਨੇ ਰਾਸ਼ਟਰਪਤੀ ਚੋਣਾਂ ਨੂੰ ਦੋ ਵਿਅਕਤੀਆਂ ਦੀ ਲੜਾਈ ਦੀ ਥਾਂ 'ਤੇ ਦੋ ਵਿਚਾਰਧਾਰਾਵਾਂ ਦੀ ਲੜਾਈ ਕਰਾਰ ਦਿੰਦਿਆਂ ਕਿਹਾ ਕਿ ਉਹ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਕੇ ਅੰਤਰਮਨ ਦੀ ਆਵਾਜ਼ ਸੁਣਨ ਦੀ ਅਪੀਲ ਕਰਨਗੇ। ਸਿਨਹਾ ਨੇ ਬਾਅਦ ਦੁਪਹਿਰ ਕੀਤੀ ਇਕ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਉਹ ਭਾਜਪਾ ਦੇ ਵੀ ਸਾਰੇ ਪੁਰਾਣੇ ਸਾਥੀਆਂ ਨਾਲ ਸੰਪਰਕ ਕਰਨਗੇ। ਸਿਨਹਾ ਨੇ ਰਾਸ਼ਟਰਪਤੀ ਚੋਣਾਂ ਲਈ ਲੋੜੀਂਦਾ ਸਮਰਥਨ ਜੁਟਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਅੱਜ ਜੋ ਨਜ਼ਰ ਆ ਰਿਹਾ ਹੈ, ਉਹ ਅੱਧੀ ਸਚਾਈ ਹੈ, ਬਾਕੀ ਅੱਧੀ ਹਾਲੇ ਲੁਕਵੀਂ ਤਸਵੀਰ ਹੈ।
ਇਹ ਸਰਕਾਰ ਸਿਰਫ਼ ਸੰਕੇਤਿਕ ਨੁਮਾਇੰਦਗੀ 'ਚ ਯਕੀਨ ਰੱਖਦੀ ਹੈ
ਯਸ਼ਵੰਤ ਸਿਨਹਾ ਨੇ ਮੁਰਮੂ ਦੀ ਉਮੀਦਵਾਰੀ ਨੂੰ ਕਬਾਇਲੀ ਭਾਈਚਾਰੇ ਦੀ ਸੰਕੇਤਿਕ ਨੁਮਾਇੰਦਗੀ ਦੱਸਦਿਆਂ ਕਿਹਾ ਕਿ ਉਹ ਛੇਤੀ ਹੀ ਵਾਈਟ ਪੇਪਰ ਜਾਰੀ ਕਰਨਗੇ, ਜਿਸ 'ਚ ਸਰਕਾਰ ਵਲੋਂ ਪਿਛਲੇ 8 ਸਾਲਾਂ 'ਚ ਪਛੜੀਆਂ ਜਾਤਾਂ, ਕਬਾਇਲੀ ਭਾਈਚਾਰੇ ਲਈ ਚੁੱਕੇ ਕਦਮਾਂ ਦਾ ਪਿਛੋਕੜ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਧਾਰਨਾ ਫੈਲਾਅ ਕੇ ਆਪਣੇ ਗੁਣਗਾਨ ਕਰ ਰਹੀ ਹੈ। ਆਪਣੇ ਬੇਟੇ ਜਯੰਤ ਸਿਨਹਾ ਵਲੋਂ ਮੁਖਾਲਫ਼ਤ ਕਰਨ 'ਤੇ ਯਸ਼ਵੰਤ ਸਿਨਹਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਹ (ਜਯੰਤ) ਰਾਜ ਧਰਮ ਨਿਭਾਅ ਰਹੇ ਹਨ ਜਦਕਿ ਉਹ (ਯਸ਼ਵੰਤ) ਰਾਸ਼ਟਰ ਧਰਮ ਨਿਭਾਅ ਰਹੇ ਹਨ। ਯਸ਼ਵੰਤ ਸਿਨਹਾ ਨੇ ਭਾਜਪਾ ਦੇ ਬਦਲਾਅ ਅਤੇ ਮਹਾਰਾਸ਼ਟਰ 'ਚ ਹਾਲੀਆ ਘਟਨਾਕ੍ਰਮ ਦੇ ਪਿਛੋਕੜ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਉਹ ਭਾਜਪਾ ਨਹੀਂ ਰਹੀ ਜੋ ਅਟਲ ਜੀ ਦੇ ਸਮੇਂ ਹੁੰਦੀ ਸੀ। ਯਸ਼ਵੰਤ ਨੇ ਇਕ ਵੋਟ ਤੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਡਿੱਗਣ ਦੀ ਮਿਸਾਲ ਦਿੰਦਿਆਂ ਕਿਹਾ ਕਿ ਹੁਣ ਅਜਿਹਾ ਸੋਚਣਾ ਵੀ ਮੁਸ਼ਕਿਲ ਨਜ਼ਰ ਨਹੀਂ ਆਉਂਦਾ।
ਕੇਰਲ ਤੋਂ ਕਰਨਗੇ ਰਾਸ਼ਟਰ ਵਿਆਪੀ ਦੌਰੇ ਦੀ ਸ਼ੁਰੂਆਤ
ਯਸ਼ਵੰਤ ਸਿਨਹਾ ਮੰਗਲਵਾਰ ਤੋਂ ਰਾਸ਼ਟਰ ਵਿਆਪੀ ਦੌਰੇ ਕਰਨਗੇ, ਜਿਸ ਦੀ ਸ਼ੁਰੂਆਤ ਉਹ ਕੇਰਲ ਤੋਂ ਕਰਨਗੇ। ਵਿਰੋਧੀ ਧਿਰਾਂ ਵਲੋਂ ਯਸ਼ਵੰਤ ਸਿਨਹਾ ਲਈ 11 ਮੈਂਬਰੀ ਪ੍ਰਚਾਰ ਕਮੇਟੀ ਵੀ ਬਣਾਈ ਗਈ ਹੈ, ਜਿਸ 'ਚ ਕਾਂਗਰਸ ਦੇ ਜੈ ਰਾਮ ਰਮੇਸ਼, ਡੀ.ਐੱਮ.ਕੇ. ਦੇ ਤਿਰੁਣੀ ਸ਼ਿਵਾ ਅਤੇ ਟੀ.ਐੱਮ.ਸੀ. ਦੇ ਸੁਖੇਦੂੰ ਸ਼ੇਖਰ ਰਾਇ ਵੀ ਮੈਂਬਰ ਹਨ।

ਕੁਲਗਾਮ ਮੁਕਾਬਲੇ 'ਚਲਸ਼ਕਰ ਦੇ 2 ਅੱਤਵਾਦੀ ਹਲਾਕ

ਸ੍ਰੀਨਗਰ, 27 ਜੂਨ (ਮਨਜੀਤਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਵਿਖੇ ਲਸ਼ਕਰ (ਐਲ.ਈ.ਟੀ.) ਦੇ 2 ਅੱਤਵਾਦੀ ਮਾਰੇ ਗਏ। ਪੁਲਿਸ ਬੁਲਾਰੇ ਨੇ ਜਾਣਕਾਰੀ ਦਿੰਦੇ ਟਵੀਟ ਕੀਤਾ ਕਿ ਸੋਮਵਾਰ ਦੁਪਹਿਰ ਫ਼ੌਜ, ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ) ਪੁਲਿਸ ਅਤੇ ਸੀ.ਆਰ.ਪੀ ਐਫ ਨੇ ਕੁਲਗਾਮਦੇ ਨੌਪੋਰਾ-ਖ੍ਰਿਪੋਰਾ ਵਿਚਾਲੇ ਪੈਂਦੇ ਪਿੰਡ ਤੁਰੁਬਜੀ 'ਚ ਅੱਤਵਾਦੀ ਗਰੁੱਪ ਦੇ ਮੌਜੂਦ ਹੋਣ ਦੀ ਸੂਚਨਾ 'ਤੇ ਤਲਾਸ਼ੀ ਅਭਿਆਨ ਛੇੜਿਆ। ਸੁਰੱਖਿਆ ਬਲਣ ਵਲੋਂ ਤਲਾਸ਼ੀ ਲੈਣ ਸਮੇਂ ਅੱਤਵਾਦੀਆਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਗੋਲੀਬਾਰੀ ਦਾ ਸਿਲਸਿਲਾ ਜਾਰੀ ਰੱਖਿਆ। ਸੁਰੱਖਿਆ ਬਲਾਂ ਨੇ ਕਈ ਘੰਟੇ ਚੱਲੇ ਸਖ਼ਤ ਮੁਕਾਬਲੇ ਦੌਰਾਨ ਦੋਵੇਂ ਅੱਤਵਾਦੀਆਂ ਨੂੰ ਮਾਰ ਮੁਕਾਇਆ। ਮੁਕਾਬਲੇ ਵਾਲੀ ਥਾਂ ਤੋਂ ਤਲਾਸ਼ੀ ਦੌਰਾਨ 2 ਲਾਸ਼ਾਂ ਸਮੇਤ ਭਾਰੀ ਅਸਲ੍ਹਾ ਬਰਾਮਦ ਕੀਤਾ ਗਿਆ। ਪੁਲਿਸ ਅਨੁਸਾਰ ਇਹ ਦੋਵੇਂ ਲਸ਼ਕਰ ਨਾਲ ਸੰਬੰਧਿਤ ਸਨ ਤੇ ਇਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਇਸ ਸਾਲ ਦੌਰਾਨ ਜੂਨ 27 ਤੱਕ ਕਸ਼ਮੀਰ 'ਚ 72 ਵੱਖ- ਵੱਖ ਮੁਕਾਬਲਿਆਂ ਦੌਰਾਨ 120 ਦੇ ਲਗਭਗ ਅੱਤਵਾਦੀ ਮਾਰੇ ਗਏ ਗਏ ਹਨ, ਜਿਨ੍ਹਾਂ 'ਚ 32 ਵਿਦੇਸ਼ੀ ਅੱਤਵਾਦੀ ਸ਼ਾਮਿਲ ਸਨ, ਜਦਕਿ ਬੀਤੇ ਵਰ੍ਹੇ ਇਸ ਵੇਲੇ ਤੱਕ 55 ਅੱਤਵਾਦੀ ਮਾਰੇ ਗਏ ਸਨ।

ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

ਅਯੋਗਤਾ ਨੋਟਿਸ 'ਤੇ ਜਵਾਬ ਦੇਣ ਲਈ 11 ਤੱਕ ਮਿਲੀ ਮੁਹਲਤ

ਨਵੀਂ ਦਿੱਲੀ, 27 ਜੂਨ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਪਹੁੰਚੀ ਮਹਾਰਾਸ਼ਟਰ ਦੀ ਸਿਆਸੀ ਖਾਨਾਜੰਗੀ 'ਚ ਅਦਾਲਤ ਨੇ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਨੂੰ ਰਾਹਤ ਦਿੰਦਿਆਂ ਅਯੋਗਤਾ ਨੋਟਿਸ ਦਾ ਜਵਾਬ ਦੇਣ ਲਈ 14 ਦਿਨਾਂ ਦਾ ਸਮਾਂ ਦਿੱਤਾ ਹੈ। ਸੁਪਰੀਮ ਕੋਰਟ ਨੇ ਸਾਰੀਆਂ ਸੰਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ 5 ਦਿਨਾਂ ਦੇ ਅੰਦਰ ਆਪਣਾ ਜਵਾਬ ਪੇਸ਼ ਕਰਨ ਨੂੰ ਕਿਹਾ ਹੈ। ਉਸ ਸਮੇਂ ਤੱਕ ਮਹਾਰਾਸ਼ਟਰ 'ਚ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਫਲੋਰ ਟੈਸਟ ਸੰਬੰਧੀ ਕੋਈ ਵੀ ਅੰਤ੍ਰਿਮ ਆਦੇਸ਼ ਜਾਰੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਡਿਪਟੀ ਸਪੀਕਰ, ਮਹਾਰਾਸ਼ਟਰ ਪੁਲਿਸ, ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਅਜੈ ਚੌਧਰੀ, ਚੀਫ ਵਿਪ੍ਹ ਬਣਾਏ ਗਏ ਸੁਨੀਲ ਪ੍ਰਭੂ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਸੂਰਯਕਾਂਤ ਅਤੇ ਜੇ.ਬੀ. ਪਾਦਰੀਵਾਲਾ ਦੀ ਬੈਂਚ ਨੇ ਏਕਨਾਥ ਸ਼ਿੰਦੇ ਗੁੱਟ ਵਲੋਂ 15 ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦੇ ਡਿਪਟੀ ਸਪੀਕਰ ਦੇ ਨੋਟਿਸ ਖ਼ਿਲਾਫ਼ ਪਟੀਸ਼ਨ 'ਤੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਡਿਪਟੀ ਸਪੀਕਰ ਦੀ ਭੂਮਿਕਾ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਬਾਗ਼ੀ ਵਿਧਾਇਕਾਂ ਵਲੋਂ ਦਾਇਰ ਅਰਜ਼ੀ 'ਤੇ ਡਿਪਟੀ ਸਪੀਕਰ ਆਪ ਹੀ ਕਿਵੇਂ ਜੱਜ ਬਣ ਗਏ। ਸਰਬਉੱਚ ਅਦਾਲਤ ਨੇ ਮਹਾਰਾਸ਼ਟਰ ਸਰਕਾਰ ਦੀ ਉਸ ਪਟੀਸ਼ਨ 'ਤੇ ਅੰਤਿਮ ਆਦੇਸ਼ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ 'ਚ ਵਿਧਾਨ ਸਭਾ 'ਚ ਬਹੁਮਤ ਪ੍ਰੀਖਣ ਨਾ ਕਰਵਾਉਣ ਦੀ ਅਪੀਲ ਕੀਤੀ ਸੀ। ਰਜਿਸਟਰਡ ਈ-ਮੇਲ ਰਾਹੀਂ ਭੇਜਿਆ ਗਿਆ ਸੀ, ਇਸ ਲਈ ਉਸ ਨੂੰ ਖਾਰਜ ਕੀਤਾ ਗਿਆ ਸੀ। ਸਿੰਘਵੀ ਨੇ ਅਦਾਲਤ ਨੂੰ ਕਿਹਾ ਕਿ ਜਦ ਤੱਕ ਇਸ ਮਾਮਲੇ ਦਾ ਫ਼ੈਸਲਾ ਨਾ ਹੋ ਜਾਏ, ਫਲੋਰ ਟੈਸਟ ਨਾ ਕਰਵਾਇਆ ਜਾਵੇ। ਸੁਪਰੀਮ ਕੋਰਟ ਨੇ ਬਾਗੀ ਵਿਧਾਇਕਾਂ ਨੂੰ ਨੋਟਿਸ ਦੇ ਜਵਾਬ ਲਈ 11 ਜੁਲਾਈ ਤੱਕ ਦਾ ਸਮਾਂ ਦਿੱਤਾ।
ਈ.ਡੀ. ਵਲੋਂ ਸੰਜੈ ਰਾਊਤ ਅੱਜ ਤਲਬ
ਨਵੀਂ ਦਿੱਲੀ, 27 ਜੂਨ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੁੰਬਈ 'ਚਾਲ' ਦੇ ਮੁੜ-ਵਿਕਾਸ ਨਾਲ ਜੁੜੀ ਮਨੀ ਲਾਂਡਰਿੰਗ ਦੀ ਜਾਂਚ 'ਚ ਪੁੱਛ-ਪੜਤਾਲ ਲਈ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੂੰ ਮੰਗਲਵਾਰ ਲਈ ਸੰਮਨ ਕੀਤਾ ਹੈ। ਰਾਜ ਸਭਾ ਮੈਂਬਰ ਨੂੰ 28 ਜੂਨ ਨੂੰ ਦੱਖਣੀ ਮੁੰਬਈ ਸਥਿਤ ਕੇਂਦਰੀ ਏਜੰਸੀ ਦੇ ਦਫ਼ਤਰ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਈ.ਡੀ. ਨੇ ਇਸ ਸਾਲ ਅਪ੍ਰੈਲ 'ਚ ਜਾਂਚ ਵਜੋਂ ਰਾਊਤ ਦੀ ਪਤਨੀ
ਵਰਸ਼ਾ ਰਾਊਤ ਤੇ ਉਸ ਦੇ ਦੋ ਹੋਰ ਸਾਥੀਆਂ ਦੇ 11.15 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਮਾਮਲੇ 'ਚ ਜ਼ਬਤ ਕੀਤਾ ਸੀ।
ਸਿਆਸੀ ਵਿਰੋਧੀਆਂ ਵਿਰੁੱਧ ਲੜਨ ਤੋਂ ਰੋਕਣ ਦੀ ਸਾਜਿਸ਼ ਹਨ ਈ.ਡੀ. ਦੇ ਸੰਮਨ-ਰਾਊਤ
ਮੁੰਬਈ, (ਏਜੰਸੀ)-ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਉਨ੍ਹਾਂ ਨੂੰ ਜਾਰੀ ਕੀਤੇ ਗਏ ਸੰਮਨਾਂ ਨੂੰ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਵਿਰੁੱਧ ਲੜਨ ਤੋਂ ਰੋਕਣ ਦੀ ਸਾਜਿਸ਼ ਕਰਾਰ ਦਿੱਤਾ ਤੇ ਕਿਹਾ ਕਿ ਉਹ ਮੰਗਲਵਾਰ ਨੂੰ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋ ਸਕਣਗੇ ਕਿਉਂਕਿ ਉਸ ਦਿਨ ਉਨ੍ਹਾਂ ਅਲੀਬਾਗ ਵਿਖੇ ਇਕ ਮੀਟਿੰਗ 'ਚ ਸ਼ਾਮਿਲ ਹੋਣਾ ਹੈ। ਰਾਉਤ ਨੇ ਇਹ ਵੀ ਕਿਹਾ ਕਿ ਭਾਵੇਂ ਉਹ ਮਾਰਿਆ ਜਾਣ, ਪਰ ਮਹਾਰਾਸ਼ਟਰ ਦੇ ਬਾਗੀ ਵਿਧਾਇਕਾਂ ਵਲੋਂ ਅਪਣਾਏ ਗੁਹਾਟੀ ਰੂਟ ਦਾ ਸਹਾਰਾ ਨਹੀਂ ਲੈਣਗੇ। ਇਸ ਤੋਂ ਪਹਿਲਾਂ ਸ਼ਿਵ ਸੈਨਾ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਮਹਾਰਾਸ਼ਟਰ ਦੇ ਡਿਪਟੀ ਸਪੀਕਰ ਵਲੋਂ ਬਾਗ਼ੀ ਵਿਧਾਇਕਾਂ ਨੂੰ ਜਾਰੀ ਅਯੋਗਤਾ ਨੋਟਿਸਾਂ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਹੋਣ ਵਾਲੀ ਅਹਿਮ ਸੁਣਵਾਈ ਤੋਂ ਪਹਿਲਾਂ ਕਿਹਾ ਹੈ ਕਿ ਉਹ ਸੜਕੀ ਤੇ ਕਾਨੂੰਨੀ ਦੋਵਾਂ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਹਨ। ਐਤਵਾਰ ਨੂੰ ਬਾਗ਼ੀ ਵਿਧਾਇਕਾਂ ਬਾਰੇ ਕੀਤੀ ਆਪਣੀ ਬਾਰੇ ਪਾਰਟੀ ਦੇ ਮੁੱਖ ਬੁਲਾਰੇ ਸੰਜੇ ਰਾਊਤ ਨੇ ਕਿਹਾ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਕੁਝ ਨਹੀਂ ਕਿਹਾ। ਮੈਂ ਤਾਂ ਇੰਨਾ ਹੀ ਕਿਹਾ ਸੀ ਕਿ ਉਨ੍ਹਾਂ (ਬਾਗ਼ੀ ਵਿਧਾਇਕਾਂ) ਦਾ ਜ਼ਮੀਰ ਮਰ ਚੁੱਕਾ ਹੈ ਤੇ ਉਹ ਜਿਊਂਦੀਆਂ-ਜਾਗਦੀਆਂ ਲੋਥਾਂ ਹਨ।
ਊਧਵ ਠਾਕਰੇ ਨੇ 9 ਬਾਗ਼ੀ ਮੰਤਰੀਆਂ ਦੇ ਮਹਿਕਮੇ ਹੋਰ ਮੰਤਰੀਆਂ ਨੂੰ ਦਿੱਤੇ
ਮੁੰਬਈ, 27 ਜੂਨ (ਏਜੰਸੀ)-ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਗੁਹਾਟੀ 'ਚ ਡੇਰੇ ਲਾਈ ਬੈਠੇ 9 ਬਾਗ਼ੀ ਮੰਤਰੀਆਂ ਦੇ ਮਹਿਕਮੇ ਹੋਰ ਮੰਤਰੀਆਂ ਨੂੰ ਦੇ ਦਿੱਤੇ ਹਨ। ਇਸ ਸੰਬੰਧੀ ਇਕ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸਨਿਕ ਸੌਖ ਲਈ ਮਹਿਕਮੇ ਹੋਰ ਮੰਤਰੀਆਂ ਨੂੰ ਦਿੱਤੇ ਗਏ ਹਨ। ਸ਼ਿਵ ਸੈਨਾ 'ਚ ਹੁਣ ਮੁੱਖ ਮੰਤਰੀ ਊਧਵ ਠਾਕਰੇ ਸਣੇ 4 ਕੈਬਨਿਟ ਮੰਤਰੀ ਹਨ। ਇਨ੍ਹਾਂ 'ਚ ਆਦਿੱਤਿਆ ਠਾਕਰੇ, ਅਨਿਲ ਪਰਬ ਤੇ ਸੁਭਾਸ਼ ਦੇਸਾਈ ਸ਼ਾਮਿਲ ਹਨ।
ਆਦਿੱਤਿਆ ਨੂੰ ਛੱਡ ਕੇ ਬਾਕੀ ਸਾਰੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ। ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾ ਵਿਕਾਸ ਅਘਾੜੀ (ਐਮ.ਵੀ.ਏ.) ਸਰਕਾਰ 'ਚ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਕੋਲ ਬਗ਼ਾਵਤ ਤੋਂ ਪਹਿਲਾਂ 10 ਕੈਬਨਿਟ ਰੈਂਕ ਦੇ ਮੰਤਰੀ ਤੇ 4 ਰਾਜ ਮੰਤਰੀ ਸਨ। ਸ਼ਿੰਦੇ ਤੇ ਉਦੈ ਸਾਮੰਤ ਤੋਂ ਇਲਾਵਾ ਗੁਹਾਟੀ 'ਚ ਡੇੇਰੇ ਲਾਉਣ ਵਾਲੇ ਮੰਤਰੀਆਂ 'ਚ ਗੁਲਾਬਰਾਓ ਪਾਟਿਲ, ਦਾਦਾ ਭੂਸੇ, ਸੰਦੀਪਨ ਭੁਮਰੇ, ਸੰਭੂਰਾਜੇ ਦੇਸਾਈ ਤੇ ਅਬਦੁਲ ਸੱਤਾਰ ਸ਼ਾਮਿਲ ਹਨ। ਪ੍ਰਹਾਰ ਜਨਸ਼ਕਤੀ ਪਾਰਟੀ ਦਾ ਬੱਚੂ ਕੱਡੂ ਤੇ ਸੈਨਾ ਦੇ ਕੋਟੇ 'ਚੋਂ ਆਜ਼ਾਦ ਮੰਤਰੀ ਰਾਜੇਂਦਰ ਯੇਦਰਾਵਕਰ ਵੀ ਸ਼ਿੰਦੇ ਨਾਲ ਹਨ। ਸ਼ਿੰਦੇ ਦਾ ਮਹਿਕਮਾ ਸੁਭਾਸ਼ ਦੇਸਾਈ ਨੂੰ ਤੇ ਗੁਲਾਬਰਾਓ ਪਾਟਿਲ ਦਾ ਅਨਿਲ ਪਰਬ ਨੂੰ ਦੇ ਦਿੱਤਾ ਗਿਆ ਹੈ।
ਸ਼ਿਵ ਸੈਨਾ ਦੇ 15-20 ਬਾਗੀ ਵਿਧਾਇਕ ਸਾਡੇ ਸੰਪਰਕ 'ਚ-ਆਦਿੱਤਿਆ ਠਾਕਰੇ
ਮਹਾਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਆਦਿੱਤਿਆ ਠਾਕਰੇ ਨੇ ਦਾਅਵਾ ਕੀਤਾ ਹੈ ਕਿ ਸ਼ਿਵ ਸੈਨਾ ਦੇ 15 ਤੋਂ 20 ਵਿਧਾਇਕ, ਜੋ ਬਾਗੀ ਕੈਂਪ 'ਚ ਸ਼ਾਮਿਲ ਹੋ ਗਏ ਹਨ, ਉਨ੍ਹਾਂ ਦੇ ਸੰਪਰਕ 'ਚ ਹਨ। ਮੁੰਬਈ ਦੇ ਬਾਹਰਵਾਰ ਕਰਜਤ 'ਚ ਸ਼ਿਵ ਸੈਨਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਕਿਹਾ ਕਿ ਪਾਰਟੀ ਦਾ ਹਰ ਵਰਕਰ ਮੌਜੂਦਾ ਸਥਿਤੀ ਨੂੰ ਇਕ ਮੌਕੇ ਵਜੋਂ ਦੇਖ ਰਿਹਾ ਹੈ ਨਾ ਕਿ ਇਕ ਸਮੱਸਿਆ ਵਜੋਂ। ਠਾਕਰੇ ਨੇ ਬਾਗੀ ਵਿਧਾਇਕਾਂ ਦੇ ਹਵਾਲੇ ਨਾਲ ਕਿਹਾ ਕਿ ਗੰਦਗੀ ਦੂਰ ਹੋ ਗਈ ਹੈ। ਹੁਣ ਅਸੀਂ ਕੁਝ ਚੰਗਾ ਕਰ ਸਕਦੇ ਹਾਂ।

ਪਠਾਨਕੋਟ ਦੇ ਮੀਰਥਲ ਆਰਮੀ ਕੈਂਪ 'ਚ ਜਵਾਨ ਵਲੋਂ ਗੋਲੀਆਂ ਮਾਰ ਕੇ ਦੋ ਸਾਥੀਆਂ ਦੀ ਹੱਤਿਆ

ਡਮਟਾਲ, 27 ਜੂਨ (ਰਾਕੇਸ਼ ਕੁਮਾਰ)-ਮੀਰਥਲ ਆਰਮੀ ਯੂਨਿਟ ਵਿਚ ਇਕ ਫੌਜੀ ਜਵਾਨ ਵਲੋਂ ਆਪਣੇ ਦੋ ਸਾਥੀਆਂ 'ਤੇ ਗੋਲੀਆਂ ਚਲਾਉਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜਿਸ ਵਿਚ ਦੋ ਫੌਜੀ ਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਪਨੀ ਰਾਮ ਨੇ ਦੱਸਿਆ ਕਿ ਉਹ ਅਤੇ ਉਸ ਦੇ ...

ਪੂਰੀ ਖ਼ਬਰ »

ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਵਾਰਸ ਦੇ ਨਾਂਅ ਤਬਦੀਲ ਕਰਨ ਦੀ ਪ੍ਰਕਿਰਿਆ ਹੋਵੇਗੀ ਸਰਲ

ਚੰਡੀਗੜ੍ਹ, 27 ਜੂਨ (ਵਿਕਰਮਜੀਤ ਸਿੰਘ ਮਾਨ)-ਹਲਕਾ ਸਨੌਰ 'ਚ ਪੈਂਦੇ ਪਿੰਡ ਘੜਾਮ ਨੂੰ ਪੰਜਾਬ ਸਰਕਾਰ ਇਤਿਹਾਸਕ ਨਗਰੀ ਵਜੋਂ ਵਿਕਸਿਤ ਕਰਨ ਦੀ ਤਿਆਰੀ ਕਰ ਰਹੀ ਹੈ। ਅੱਜ ਵਿਧਾਨ ਸਭਾ 'ਚ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਸੈਰ ਸਪਾਟਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX