ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 26 ਸਤੰਬਰ-ਰਾਜਸਥਾਨ 'ਚ ਕਾਂਗਰਸ ਬਨਾਮ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਜਨਤਕ ਹੋਣ 'ਤੇ ਪਾਰਟੀ ਹਾਈਕਮਾਨ ਕਾਫ਼ੀ ਖ਼ਫ਼ਾ ਹੈ ਅਤੇ ਹਾਈਕਮਾਨ ਨੇ ਨਿਯੁਕਤ ਕੀਤੇ ਦੋਵਾਂ ਕੇਂਦਰੀ ਨਿਗਰਾਨ ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਤੋਂ ਇਸ ਸੰਬੰਧ 'ਚ ਤਫ਼ਸੀਲੀ ਲਿਖਤੀ ਰਿਪੋਰਟ ਮੰਗੀ ਹੈ। ਹਲਕਿਆਂ ਮੁਤਾਬਿਕ ਐਤਵਾਰ ਰਾਤ ਨੂੰ ਤਕਰੀਬਨ 90 ਵਿਧਾਇਕਾਂ ਵਲੋਂ ਕੀਤੀ ਬਗ਼ਾਵਤ ਤਹਿਤ ਪਾਰਟੀ ਵਲੋਂ ਸੱਦੀ ਵਿਧਾਇਕ ਦਲ ਦੀ ਮੀਟਿੰਗ ਦਾ ਬਾਈਕਾਟ ਕਰਨ ਅਤੇ ਉਸੇ ਵੇਲੇ ਹੀ ਦੂਜੀ ਬੈਠਕ ਕਰ ਕੇ, ਅਸਿੱਧੇ ਢੰਗ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਲੋਂ ਕੀਤੇ ਸ਼ਕਤੀ ਪ੍ਰਦਰਸ਼ਨ ਦਾ ਹਾਈਕਮਾਨ ਵਲੋਂ ਸਖ਼ਤ ਨੋਟਿਸ ਵੀ ਲਿਆ ਗਿਆ। ਹਾਲਾਂਕਿ ਗਹਿਲੋਤ ਸਮਰਥਕਾਂ ਨੇ ਸੋਮਵਾਰ ਦਿਨ ਭਰ ਨਾ ਸਿਰਫ਼ ਉਨ੍ਹਾਂ (ਗਹਿਲੋਤ) ਦੇ ਹੱਕ 'ਚ ਬਿਆਨਬਾਜ਼ੀ ਕੀਤੀ, ਸਗੋਂ ਕਾਂਗਰਸ ਦੇ ਸੂਬਾ ਇੰਚਾਰਜ ਅਜੈ ਮਾਕਨ 'ਤੇ ਵੀ ਤਿੱਖੇ ਹਮਲੇ ਕੀਤੇ। ਦੂਜੇ ਪਾਸੇ ਅਸ਼ੋਕ ਗਹਿਲੋਤ ਨੇ ਕੇਂਦਰੀ ਨਿਗਰਾਨ ਮਲਿਕਾਰਜੁਨ ਖੜਗੇ ਤੋਂ ਬਣ ਆਏ ਹਾਲਾਤਾਂ 'ਤੇ ਮੁਆਫ਼ੀ ਵੀ ਮੰਗੀ। ਹਲਕਿਆਂ ਮੁਤਾਬਿਕ ਗਹਿਲੋਤ ਨੇ ਵਿਧਾਇਕ ਦਲ ਦੀ ਮੀਟਿੰਗ ਦੇ ਬਰਾਬਰ ਵਿਧਾਇਕਾਂ ਵਲੋਂ ਇਕ ਹੋਰ ਮੀਟਿੰਗ ਸੱਦਣਾ ਅਤੇ ਅਸਤੀਫ਼ੇ ਦੇਣ ਵਜੋਂ ਕੀਤੀ ਬਗ਼ਾਵਤ ਨੂੰ ਵੀ ਗਲਤੀ ਦੱਸਦਿਆਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਗਹਿਲੋਤ ਨੇ ਆਪਣੇ ਤੌਰ 'ਤੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਇਸ ਸਾਰੀ ਬਗ਼ਾਵਤ 'ਚ ਕੋਈ ਹੱਥ ਨਹੀਂ ਹੈ। ਕਾਂਗਰਸ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਰਾਜਸਥਾਨ ਦਾ ਮੁੱਖ ਮੰਤਰੀ 'ਕੌਣ' ਦੇ ਖੜ੍ਹੇ ਹੋਏ ਸੰਕਟ 'ਤੇ ਕਾਂਗਰਸੀ ਆਗੂ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇੜਿਉਂ ਨਜ਼ਰ ਰੱਖ ਰਹੇ ਹਨ। ਹਲਕਿਆਂ ਮੁਤਾਬਿਕ ਰਾਹੁਲ ਗਾਂਧੀ ਲਗਾਤਾਰ ਫ਼ੋਨ 'ਤੇ ਹਾਲਾਤ ਦੀ ਜਾਣਕਾਰੀ ਤਾਂ ਲੈ ਹੀ ਰਹੇ ਸਨ, ਉਨ੍ਹਾਂ ਨੇ ਹੀ ਕੇ. ਸੀ. ਵੇਣੂਗੋਪਾਲ ਨੂੰ ਦਿੱਲੀ ਜਾ ਕੇ ਹਾਲਾਤ ਨੂੰ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵਿਧਾਇਕਾਂ ਵਲੋਂ ਲਾਈਆਂ ਸ਼ਰਤਾਂ 'ਤੇ ਇਤਰਾਜ਼
ਸੂਬਾ ਇੰਚਾਰਜ ਅਜੈ ਮਾਕਨ ਨੇ ਵਿਧਾਇਕ ਦਲ ਦੀ ਬੈਠਕ 'ਚ ਵਿਧਾਇਕਾਂ ਦੇ ਨਾ ਆਉਣ ਨੂੰ ਅਨੁਸ਼ਾਸਨਹੀਣਤਾ ਕਰਾਰ ਦਿੱਤਾ। ਮਾਕਨ ਨੇ ਕਿਹਾ ਕਿ ਵਿਧਾਇਕ ਦਲ ਦੀ ਸੱਦੀ ਬੈਠਕ ਦੇ ਦੌਰਾਨ ਆਪਣੀ ਖੁਦ ਦੀ ਬੈਠਕ ਬੁਲਾਉਣਾ ਵੀ ਅਨੁਸ਼ਾਸਨਹੀਣਤਾ ਹੈ। ਮਾਕਨ ਨੇ ਵਿਧਾਇਕਾਂ ਵਲੋਂ ਲਾਈਆਂ ਸ਼ਰਤਾਂ 'ਤੇ ਵੀ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਤਿਹਾਸ 'ਚ ਸ਼ਰਤਾਂ ਸਮੇਤ ਮਤਾ ਕਦੇ ਪਾਸ ਨਹੀਂ ਹੋਇਆ। ਵਿਧਾਇਕਾਂ ਨੇ ਪ੍ਰਧਾਨ ਦੀ ਚੋਣ ਤੱਕ ਮੁੱਖ ਮੰਤਰੀ 'ਤੇ ਕੋਈ ਚਰਚਾ ਨਾ ਕਰਵਾਉਣ ਦੀ ਮੰਗ ਰੱਖੀ ਸੀ, ਜਿਸ ਨੂੰ ਮਾਕਨ ਨੇ ਨਾਮੁਮਕਿਨ ਦੱਸਦਿਆਂ ਕਿਹਾ ਕਿ ਇਸ ਨਾਲ ਹਿੱਤਾਂ ਦਾ ਟਕਰਾਅ ਹੋ ਸਕਦਾ ਹੈ। ਮਾਕਨ ਨੇ ਇਸ ਸਾਰੇ ਘਟਨਾਕ੍ਰਮ 'ਤੇ ਵਿਧਾਇਕਾਂ 'ਤੇ ਕਾਰਵਾਈ ਕਰਨ ਦੇ ਸੰਕੇਤ ਦਿੰਦਿਆਂ ਕਿਹਾ ਕਿ ਦੇਖਦੇ ਹਾਂ ਉਨ੍ਹਾਂ 'ਤੇ ਕੀ ਕਾਰਵਾਈ ਕੀਤੀ ਜਾਏਗੀ। ਖੜਗੇ ਨੇ ਕਿਹਾ ਕਿ ਐਤਵਾਰ ਨੂੰ ਜੋ ਵੀ ਕੁਝ ਹੋਇਆ, ਅਸੀਂ ਉਸ ਬਾਰੇ ਕਾਂਗਰਸ ਪ੍ਰਧਾਨ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਫ਼ੈਸਲਾ ਲਿਆ ਜਾਂਦਾ ਹੈ, ਉਸ ਦਾ ਸਭ ਨੂੰ ਪਾਲਣ ਕਰਨਾ ਹੋਏਗਾ। ਪਾਰਟੀ 'ਚ ਅਨੁਸ਼ਾਸਨ ਹੋਣਾ ਚਾਹੀਦਾ ਹੈ।
ਅਜੈ ਮਾਕਨ ਨੂੰ ਵਿਧਾਇਕਾਂ ਨੇ ਬਣਾਇਆ ਨਿਸ਼ਾਨਾ
ਰਾਜਸਥਾਨ 'ਚ ਗਹਿਲੋਤ ਧੜੇ ਦੇ ਸਮਰਥਕ ਅਤੇ ਸੂਬਾਈ ਮੰਤਰੀ ਸ਼ਾਂਤੀ ਧਾਰੀਵਾਲ ਦੇ ਸੂਬਾ ਇੰਚਾਰਜ ਅਜੈ ਮਾਕਨ ਅਤੇ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਬਣ ਕੇ ਉੱਭਰ ਰਹੇ ਸਚਿਨ ਪਾਇਲਟ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਧਾਰੀਵਾਲ ਨੇ ਬਿਨਾਂ ਪਾਇਲਟ ਦਾ ਨਾਂਅ ਲਏ ਕਿਹਾ ਕਿ ਉਪ ਮੁੱਖ ਮੰਤਰੀ ਰਹਿੰਦਿਆਂ ਅਤੇ ਸੂਬਾ ਪ੍ਰਧਾਨ ਰਹਿੰਦਿਆਂ 34 ਦਿਨ ਤੱਕ ਸਰਕਾਰ ਡੇਗਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਮੁੱਖ ਮੰਤਰੀ ਬਣਾਉਣ ਲਈ ਜਨਰਲ ਸਕੱਤਰ ਇੰਚਾਰਜ ਅਜੈ ਮਾਕਨ ਆਏ। ਧਾਰੀਵਾਲ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਮੁੱਖ ਮੰਤਰੀ ਬਣਾਉਣ ਦੇ ਮਿਸ਼ਨ 'ਤੇ ਆਏ ਅਜੈ ਮਾਕਨ ਦੇ ਆਉਣ ਨਾਲ ਵਿਧਾਇਕ ਨਾਰਾਜ਼ ਹੋ ਗਏ। ਵਿਧਾਇਕਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਗੱਲ ਸੁਣਨ ਲਈ ਕਿਹਾ। ਧਾਰੀਵਾਲ ਨੇ ਤਿੱਖੇ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਗ਼ੱਦਾਰੀ ਕਰਨ ਵਾਲਿਆਂ ਨੂੰ ਇਨਾਮ ਦਿੱਤਾ ਜਾਏ, ਇਹ ਇਥੋਂ ਦਾ ਵਿਧਾਇਕ ਕਦੇ ਬਰਦਾਸ਼ਤ ਨਹੀਂ ਕਰੇਗਾ। ਧਾਰੀਵਾਲ ਨੇ ਖੁਦ ਨੂੰ ਸੋਨੀਆ ਗਾਂਧੀ ਦਾ ਸਿਪਾਹੀ ਦੱਸਦਿਆਂ ਕਿਹਾ ਕਿ ਉਨ੍ਹਾਂ ਆਪਣੀ 50 ਸਾਲ ਦੀ ਸਿਆਸਤ 'ਚ ਕਦੇ ਅਨੁਸ਼ਾਸਨਹੀਣਤਾ ਨਹੀਂ ਕੀਤੀ।
ਸੋਮਵਾਰ ਨੂੰ ਨਹੀਂ ਹੋਈ ਕੋਈ ਵੀ ਨਾਮਜ਼ਦਗੀ
ਕਾਂਗਰਸ ਅੰਦਰ ਚੱਲ ਰਹੇ ਸਿਆਸੀ ਡਰਾਮੇ ਦੌਰਾਨ ਰਾਸ਼ਟਰ ਪ੍ਰਧਾਨ ਦੀ ਚੋਣ ਲਈ ਸੋਮਵਾਰ ਨੂੰ ਨਾਮਜ਼ਦਗੀ ਦਾ ਅਮਲ ਨਹੀਂ ਹੋਇਆ। ਪਾਰਟੀ ਮੁਤਾਬਿਕ ਚੋਣ ਦਾ ਪ੍ਰਬੰਧ ਵੇਖ ਰਹੇ ਮਧੂਸੂਧਨ ਮਿਸਤਰੀ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਹਸਪਤਾਲ 'ਚ ਦਾਖ਼ਲ ਸਨ, ਜਿਸ ਕਾਰਨ ਸੋਮਵਾਰ ਨੂੰ ਨਾਮਜ਼ਦਗੀਆਂ ਨਹੀਂ ਹੋ ਸਕੀਆਂ। ਪਰ ਹਲਕਿਆਂ ਮੁਤਾਬਿਕ ਲਗਾਤਾਰ ਬਦਲ ਰਹੇ ਸਿਆਸੀ ਹਾਲਾਤ ਕਾਰਨ ਨਾਮਜ਼ਦਗੀ ਦਾ ਅਮਲ ਸ਼ੁਰੂ ਨਹੀਂ ਕੀਤਾ ਗਿਆ।
ਖੜਗੇ ਤੇ ਮਾਕਨ ਵਲੋਂ ਸੋਨੀਆ ਨਾਲ ਮੁਲਾਕਾਤ
ਐਤਵਾਰ ਦੇਰ ਰਾਤ ਰਾਜਸਥਾਨ 'ਚ ਹੋਏ ਸਿਆਸੀ ਡਰਾਮੇ ਤੋਂ ਬਾਅਦ ਰਾਜਸਥਾਨ ਦੇ ਕੇਂਦਰੀ ਨਿਗਰਾਨ ਮਲਿਕਾਰਜੁਨ ਖੜਗੇ ਅਤੇ ਸੂਬਾ ਇੰਚਾਰਜ ਅਜੈ ਮਾਕਨ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਸੋਨੀਆ ਨਾਲ ਮੁਲਾਕਾਤ ਤੋਂ ਪਹਿਲਾਂ ਖੜਗੇ ਨੇ ਗਹਿਲੋਤ ਨਾਲ ਵੀ ਮੁਲਾਕਾਤ ਕੀਤੀ। ਗਹਿਲੋਤ ਨੇ ਆਪਣੇ ਤੌਰ 'ਤੇ ਸਫ਼ਾਈ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪਰ ਹਲਕਿਆਂ ਮੁਤਾਬਿਕ ਖੜਗੇ ਨੇ ਗਹਿਲੋਤ ਦੇ ਇਸ ਸਪੱਸ਼ਟੀਕਰਨ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਗਹਿਲੋਤ ਦੀ ਜਾਣਕਾਰੀ ਤੋਂ ਬਿਨਾਂ ਅਜਿਹੀ ਬਗ਼ਾਵਤ ਦੀ ਕਾਰਵਾਈ ਸੰਭਵ ਨਹੀਂ ਹੋ ਸਕਦੀ। ਰਾਜਸਥਾਨ ਸੰਕਟ ਨੂੰ ਹੱਲ ਕਰਨ ਲਈ ਸੋਨੀਆ ਗਾਂਧੀ ਨੇ ਖੜਗੇ ਅਤੇ ਮਾਕਨ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਅਤੇ ਪਾਰਟੀ ਦੇ ਸੀਨੀਅਰ ਆਗੂ ਕਮਲਨਾਥ ਨੂੰ ਵੀ ਦਿੱਲੀ ਤਲਬ ਕੀਤਾ। ਹਲਕਿਆਂ ਮੁਤਾਬਿਕ ਕਮਲਨਾਥ ਇਸ ਸਾਰੇ ਮਾਮਲੇ 'ਚ ਸਾਲਸੀ ਦੀ ਭੂਮਿਕਾ ਨਿਭਾਅ ਸਕਦੇ ਹਨ। ਮਾਕਨ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਪਾਰਟੀ ਪ੍ਰਧਾਨ ਨੇ ਉਨ੍ਹਾਂ ਕੋਲੋਂ ਲਿਖਤੀ ਰਿਪੋਰਟ ਮੰਗੀ ਹੈ, ਜੋ ਉਨ੍ਹਾਂ ਵਲੋਂ ਬੁੱਧਵਾਰ ਤੱਕ ਸੋਨੀਆ ਗਾਂਧੀ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ।
ਚੰਡੀਗੜ੍ਹ, 26 ਸਤੰਬਰ (ਮਨਜੋਤ ਸਿੰਘ ਜੋਤ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਸੋਮਵਾਰ ਨੂੰ ਪਹਿਲੀ ਵਾਰ ਚੰਡੀਗੜ੍ਹ ਸੈਕਟਰ-37 ਵਿਖੇ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ, ਜਿੱਥੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੈਪਟਨ ਨੇ ਪਾਰਟੀ ਹੈੱਡਕੁਆਰਟਰ ਵਿਖੇ ਸੂਬਾ ਕੋਰ ਕਮੇਟੀ ਤੇ ਸੂਬੇ ਦੇ ਅਹੁਦੇਦਾਰਾਂ ਨਾਲ ਵੱਖ-ਵੱਖ ਬੈਠਕਾਂ ਕੀਤੀਆਂ ਅਤੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ 'ਤੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੂਬਾ ਸੰਗਠਨ ਜਨਰਲ ਸਕੱਤਰ ਸ੍ਰੀਮੰਥਰੀ ਸ੍ਰੀਨਿਵਾਸਲੁ ਵੀ ਮੌਜੂਦ ਸਨ। ਇਸ ਤੋਂ ਬਾਅਦ ਕੈਪਟਨ ਤੇ ਅਸ਼ਵਨੀ ਸ਼ਰਮਾ ਨੇ ਸਾਂਝੇ ਤੌਰ 'ਤੇ ਪ੍ਰੈੱਸ ਕਾਨਫ਼ਰੰਸ ਕੀਤੀ। ਕੈਪਟਨ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਪਾਰਟੀ 'ਚ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਆਗੂ ਨੂੰ ਪਾਰਟੀ ਵਿਚਲੇ ਵਿਰੋਧੀ ਆਗੂ ਖ਼ੁਦ ਨੂੰ ਉੱਚਾ ਚੁੱਕਣ ਲਈ ਕਿਸੇ ਦੀ ਵੀ ਪਿੱਠ 'ਤੇ ਛੁਰਾ ਮਾਰ ਦਿੰਦੇ ਹਨ ਅਤੇ ਇਹ ਉਥੇ ਆਮ ਗੱਲ ਹੈ। ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਨੂੰ ਮਿਲਣ ਦੇ ਮੁੱਦੇ ਨੂੰ ਵੀ ਕਾਂਗਰਸ ਵਲੋਂ ਉਨ੍ਹਾਂ ਖ਼ਿਲਾਫ਼ ਮੁੱਦਾ ਬਣਾਇਆ ਗਿਆ, ਜਿਸ ਕਾਰਨ ਮੈਂ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਨੇ 'ਆਪ' 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਕਿਸੇ ਸੂਬੇ ਦਾ ਮੁੱਖ ਮੰਤਰੀ 6 ਮਹੀਨਿਆਂ 'ਚ ਹੀ ਆਪਣੀ ਸਰਕਾਰ 'ਤੇ ਭਰੋਸਗੀ ਮਤਾ ਲਿਆਉਂਦਾ ਹੈ ਤਾਂ ਉਸ ਸਰਕਾਰ ਲਈ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੋਈ ਨਹੀਂ। ਉਨ੍ਹਾਂ ਕਿਹਾ ਪੰਜਾਬ 'ਚ 117 'ਚੋਂ 92 ਵਿਧਾਇਕ 'ਆਪ' ਸਰਕਾਰ ਦੇ ਹਨ ਅਤੇ ਅਜਿਹੇ 'ਚ ਪੰਜਾਬ ਸਰਕਾਰ ਲਈ ਅਜਿਹਾ ਮਤਾ ਲਿਆਉਣਾ ਡੁੱਬ ਮਰਨ ਵਾਲੀ ਗੱਲ ਹੈ। ਇਹ ਸਭ ਕੁਝ ਰਾਘਵ ਚੱਢਾ ਦੇ ਇਸ਼ਾਰੇ 'ਤੇ ਹੋ ਰਿਹਾ ਹੈ, ਜਿਸ ਨੂੰ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਸਿਰ 'ਤੇ ਬਿਠਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਕੰਮ ਹੈ ਪੰਜਾਬ ਦੇ ਹਿੱਤ 'ਚ ਖ਼ੁਦ ਫ਼ੈਸਲੇ ਲੈਣ ਪਰ ਭਗਵੰਤ ਮਾਨ ਹਰ ਕੰਮ ਕਰਨ ਤੋਂ ਪਹਿਲਾਂ ਇਜਾਜ਼ਤ ਲੈਣ ਲਈ ਦਿੱਲੀ ਪੁੱਜ ਜਾਂਦੇ ਹਨ। ਉਨ੍ਹਾਂ ਕਿਹਾ ਭਗਵੰਤ ਮਾਨ ਨੇ ਜਰਮਨੀ 'ਚ ਕੀ ਕੀਤਾ, ਉਹ ਸਭ ਨੂੰ ਪਤਾ ਹੈ। ਕੈਪਟਨ ਨੇ ਕਿਹਾ ਕਿ 'ਆਪ' ਸਰਕਾਰ ਦਾ ਹੱਥ ਖ਼ਾਲਿਸਤਾਨ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਮਿਲਿਆ ਹੋਇਆ ਹੈ ਅਤੇ ਬਰੈਂਪਟਨ ਫੇਰੀ ਦੌਰਾਨ ਪੰਨੂ ਆਪਣੇ ਸਮਰਥਕਾਂ ਨਾਲ ਉੱਥੇ ਪੁੱਜਿਆ ਸੀ ਅਤੇ ਅੱਜ ਉਸੇ ਪੰਨੂ ਦੀ ਅਗਵਾਈ 'ਚ ਕੈਨੇਡਾ 'ਚ ਖ਼ਾਲਿਸਤਾਨ ਬਾਰੇ ਕੀਤੀ ਰਾਇਸ਼ੁਮਾਰੀ ਚਿੰਤਾ ਦਾ ਵਿਸ਼ਾ ਹੈ। ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਪੰਜਾਬ ਤੇ ਸੂਬੇ ਦੇ ਲੋਕਾਂ ਲਈ ਕੀਤੇ ਕੰਮਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਕੈਪਟਨ ਨੇ ਪੰਜਾਬ 'ਚ ਭਾਜਪਾ ਨੂੰ ਹੋਰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਸੱਦਾ ਦਿੱਤਾ। ਕੈਪਟਨ ਤੇ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਲਈ ਭਾਜਪਾ ਤੇ ਪੰਜਾਬ ਦੇ ਲੋਕਾਂ ਵਲੋਂ ਧੰਨਵਾਦ ਕੀਤਾ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਇਜਲਾਸ ਦੌਰਾਨ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਲਈ ਮਤਾ ਲਿਆਉਣ ਦੀ ਮੰਗ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਕੈਪਟਨ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਸਾਰੇ ਉਨ੍ਹਾਂ ਦੇ ਜੀਵਨ ਤੇ ਸਿਆਸੀ ਸਫ਼ਰ ਤੋਂ ਭਲੀ-ਭਾਂਤ ਜਾਣੂੰ ਹਾਂ। ਕੈਪਟਨ ਪੰਜਾਬ, ਪੰਜਾਬੀਆਂ, ਸੂਬੇ ਦੀ ਅਮਨ-ਸ਼ਾਂਤੀ ਤੇ ਸੁਰੱਖਿਆ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹੇ ਹਨ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ, ਰਾਣਾ ਗੁਰਮੀਤ ਸਿੰਘ ਸੋਢੀ, ਕੇਵਲ ਸਿੰਘ ਢਿੱਲੋਂ, ਫਤਿਹਜੰਗ ਸਿੰਘ ਬਾਜਵਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਰਾਜੇਸ਼ ਬਾਘਾ, ਦਿਆਲ ਸਿੰਘ ਸੋਢੀ, ਸੁਰਜੀਤ ਜਿਆਣੀ, ਹਰਜੀਤ ਸਿੰਘ ਗਰੇਵਾਲ, ਤੀਕਸ਼ਨ ਸੂਦ, ਮਨੋਰੰਜਨ ਕਾਲੀਆ, ਰਾਕੇਸ਼ ਰਾਠੌਰ, ਅਨਿਲ ਸਰੀਨ, ਰਾਜ ਕੁਮਾਰ ਵੇਰਕਾ, ਗੁਰਦੇਵ ਸ਼ਰਮਾ ਦੇਬੀ, ਹਰਜਿੰਦਰ ਸਿੰਘ ਠੇਕੇਦਾਰ, ਐੱਸ.ਐਸ. ਚੰਨੀ ਆਦਿ ਹਾਜ਼ਰ ਸਨ।
ਮਾਸਕੋ, 26 ਸਤੰਬਰ (ਏਜੰਸੀ)-ਕੇਂਦਰੀ ਰੂਸ ਦੇ ਇਕ ਸਕੂਲ 'ਚ ਸੋਮਵਾਰ ਨੂੰ ਇਕ ਬੰਦੂਕਧਾਰੀ ਵਲੋਂ ਗੋਲੀਬਾਰੀ ਕਰਨ ਨਾਲ 15 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖ਼ਮੀ ਹੋ ਗਏ। ਰੂਸ ਦੀ ਜਾਂਚ ਕਮੇਟੀ ਨੇ ਇਕ ਆਨਲਾਈਨ ਬਿਆਨ 'ਚ ਕਿਹਾ ਕਿ ਉਦਮੁਰਤੀਆ ਖੇਤਰ 'ਚ ਮਾਸਕੋ ਤੋਂ ਲਗਪਗ 960 ਕਿਲੋਮੀਟਰ ਦੂਰ ਪੂਰਬ 'ਚ ਇਜ਼ੇਵਸਕ ਸ਼ਹਿਰ ਦੇ ਇਕ ਸਕੂਲ 'ਚ ਗੋਲੀਬਾਰੀ ਦੌਰਾਨ 15 ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ 'ਚ 14 ਵਿਦਿਆਰਥੀ ਅਤੇ 7 ਹੋਰ ਵਿਅਕਤੀ ਸ਼ਾਮਿਲ ਹਨ। ਉਦਮੁਰਤੀਆ ਦੇ ਰਾਜਪਾਲ ਅਲੈਕਜ਼ੈਂਡਰ ਬ੍ਰੀਚਲੋਵ ਨੇ ਇਕ ਵੀਡੀਓ ਬਿਆਨ 'ਚ ਕਿਹਾ ਕਿ ਅਗਿਆਤ ਬੰਦੂਕਧਾਰੀ ਨੇ ਖੁਦ ਨੂੰ ਗੋਲੀ ਮਾਰ ਲਈ। ਸਕੂਲ 'ਚ ਪਹਿਲੀ ਜਮਾਤ ਤੋਂ 11ਵੀਂ ਤੱਕ ਬੱਚੇ ਪੜ੍ਹਦੇ ਹਨ। ਇਨ੍ਹਾਂ ਨੂੰ ਉਥੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਬੰਦੂਕਧਾਰੀ ਬਾਰੇ ਕੋਈ ਵੇਰਵਾ ਜਾਂ ਉਸ ਦੇ ਉਦੇਸ਼ ਬਾਰੇ ਕੁਝ ਨਹੀਂ ਦੱਸਿਆ ਗਿਆ। ਹਾਲਾਂਕਿ ਜਾਂਚ ਕਮੇਟੀ ਨੇ ਕਿਹਾ ਕਿ ਬੰਦੂਕਧਾਰੀ ਨੇ ਨਾਜ਼ੀ ਚਿੰਨ੍ਹ ਦੀ ਕਾਲੀ ਟੀ-ਸ਼ਰਟ ਪਾਈ ਹੋਈ ਸੀ।
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਬਲੋਚਿਸਤਾਨ 'ਚ ਹੈਲੀਕਾਪਟਰ ਹਾਦਸੇ ਦੌਰਾਨ ਪਾਕਿਸਤਾਨੀ ਫ਼ੌਜ ਦੇ ਦੋ ਪਾਇਲਟਾਂ ਸਮੇਤ 6 ਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਪਾਇਲਟ ਮੇਜਰ ਮੁਨੀਬ ਅਫ਼ਜ਼ਲ, ਪਾਇਲਟ ਮੇਜਰ ਖ਼ੁਰਮ ਸ਼ਾਹਜ਼ਾਦ, ਸੂਬੇਦਾਰ ਅਬਦੁਲ ਵਾਹਿਦ, ਨਾਇਕ ਜਲੀਲ, ਸਿਪਾਹੀ ਮੁਹੰਮਦ ਇਮਰਾਨ ਅਤੇ ਸਿਪਾਹੀ ਸ਼ੋਏਬ ਵਜੋਂ ਹੋਈ। ਅੱਜ ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ. ਐਸ. ਪੀ. ਆਰ.) ਨੇ ਦੱਸਿਆ ਕਿ ਇਹ ਘਟਨਾ ਬੀਤੀ ਦੇਰ ਰਾਤ ਹਰਨਈ ਜ਼ਿਲ੍ਹੇ ਦੇ ਖੋਸਤ ਕਸਬੇ ਦੇ ਜ਼ਰਦ ਆਲੋ ਨੇੜੇ ਫਲਾਇੰਗ ਮਿਸ਼ਨ ਦੌਰਾਨ ਵਾਪਰੀ। ਬਲੋਚ ਬਾਗੀਆਂ ਨੇ ਫ਼ੌਜ ਦੇ ਇਕ ਹੈਲੀਕਾਪਟਰ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਛੇ ਸੈਨਿਕ ਮਾਰੇ ਗਏ। ਇਸ ਤੋਂ ਪਹਿਲਾਂ ਅਗਸਤ 'ਚ ਇਕ ਹੈਲੀਕਾਪਟਰ ਹਾਦਸੇ 'ਚ 6 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਇਸ ਹੈਲੀਕਾਪਟਰ ਹਾਦਸੇ ਪਿੱਛੇ ਬਲੋਚ ਬਾਗ਼ੀਆਂ ਦਾ ਹੱਥ ਹੋਣ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਅਣਪਛਾਤੇ ਅੱਤਵਾਦੀਆਂ ਨੇ ਜ਼ਰਦ ਆਲੋ ਨੇੜੇ ਹਾਈਵੇਅ ਨੂੰ ਬੰਦ ਕਰਕੇ ਕਈ ਪਾਕਿਸਤਾਨੀ ਕਰਮਚਾਰੀਆਂ ਨੂੰ ਅਗਵਾ ਕਰ ਲਿਆ ਸੀ। ਫ਼ੌਜ ਵਲੋਂ ਬਚਾਅ ਕਾਰਜ ਲਈ ਸੰਬੰਧਿਤ ਖੇਤਰ ਵੱਲ ਦੋ ਗਨਸ਼ਿਪ ਹੈਲੀਕਾਪਟਰ ਰਵਾਨਾ ਕੀਤੇ ਗਏ ਸਨ, ਜਿਨ੍ਹਾਂ 'ਚੋਂ ਇਕ ਨੂੰ ਬਲੋਚ ਬਾਗ਼ੀਆਂ ਨੇ ਨਿਸ਼ਾਨਾ ਬਣਾਇਆ।
ਜੰਮੂ, 26 ਸਤੰਬਰ (ਪੀ.ਟੀ.ਆਈ.)-ਸਾਬਕਾ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਸੋਮਵਾਰ ਨੂੰ ਆਪਣੀ ਨਵੀਂ ਡੈਮੋਕ੍ਰੇਟਿਕ ਆਜ਼ਾਦ ਪਾਰਟੀ ਦਾ ਗਠਨ ਕੀਤਾ। ਨਵੀਂ ਪਾਰਟੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਜ਼ਾਦ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ 'ਚ ਧਾਰਾ 370 ਦੀ ਬਹਾਲੀ ਨੂੰ ਚੋਣ ਮੁੱਦਾ ਨਹੀਂ ਬਣਾਉਣਗੇ। ਉਨ੍ਹਾਂ ਕਿਹਾ ਕਿ ਸੜਕਾਂ, ਪਾਣੀ ਦੀ ਸਪਲਾਈ ਅਤੇ ਮਹਿੰਗਾਈ ਦੇ ਮੁੱਦੇ ਚੋਣਾਂ ਲਈ ਹਨ। ਮੈਂ ਕਿਸੇ ਨੂੰ ਵੀ ਚੋਣ ਮੁੱਦਾ ਬਣਾਉਣ ਤੋਂ ਨਹੀਂ ਰੋਕਦਾ। ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਹਨ, ਮੈਂ ਕਿਉਂ ਇਸ ਨੂੰ ਚੋਣ ਮੁੱਦਾ ਬਣਾਵਾਂ। ਧਾਰਾ 370 'ਤੇ ਉਨ੍ਹਾਂ ਦੀ ਟਿੱਪਣੀ ਦੀ ਆਲੋਚਨਾ ਕਰਦੇ ਹੋਏ ਕਸ਼ਮੀਰ ਕੇਂਦਰਿਤ ਪਾਰਟੀਆਂ ਖ਼ਾਸ ਕਰਕੇ ਪੀ.ਡੀ.ਪੀ. ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਆਜ਼ਾਦ ਨੇ ਕਿਹਾ ਕਿ ਤੁਸੀਂ ਸਿਰਫ਼ ਸੰਸਦ ਦੇ ਰਿਕਾਰਡ ਦੀ ਜਾਂਚ ਕਰੋ ਕਿ ਧਾਰਾ 370 'ਤੇ ਕੌਣ ਬੋਲਿਆ ਹੈ ਅਤੇ ਕੌਣ ਨਹੀਂ। ਕਿਸੇ ਦੇ ਨਾਂਅ 'ਤੇ ਸੰਸਦ ਦਾ ਰਿਕਾਰਡ ਹਾਸਲ ਕਰੋ ਪਰ ਮੇਰਾ ਵਿਚਾਰ ਸਿੱਧਾ ਹੈ ਕਿ ਮੈਂ ਚੋਣਾਂ ਲਈ ਅਜਿਹੇ ਮੁੱਦਿਆਂ ਦੀ ਵਰਤੋਂ ਨਹੀਂ ਕਰਦਾ। ਪ੍ਰੈੱਸ ਕਾਨਫਰੰਸ ਦੌਰਾਨ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਮੈਂ ਅੱਜ ਡੈਮੋਕ੍ਰੇਟਿਕ ਆਜ਼ਾਦ ਪਾਰਟੀ (ਡੀ.ਏ.ਪੀ.) ਦੀ ਸ਼ੁਰੂਆਤ ਕਰ ਰਿਹਾ ਹਾਂ। ਇਹ ਲੋਕਤੰਤਰ ਅਤੇ ਬੋਲਣ ਤੇ ਵਿਚਾਰ ਦੀ ਆਜ਼ਾਦੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਾਡੀ ਵਿਚਾਰਧਾਰਾ ਮਹਾਤਮਾ ਗਾਂਧੀ ਦੇ ਆਦਰਸ਼ਾਂ 'ਤੇ ਆਧਾਰਿਤ ਹੋਵੇਗੀ। ਪਾਰਟੀ ਦਾ ਕਿਸੇ ਹੋਰ ਸਿਆਸੀ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਹੋਵੇਗਾ ਅਤੇ ਇਹ ਜੰਮੂ ਤੇ ਕਸ਼ਮੀਰ 'ਚ ਸ਼ਾਂਤੀ ਤੇ ਆਮ ਸਥਿਤੀ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਰੱਖੇਗੀ। ਆਜ਼ਾਦ ਨੇ ਕਿਹਾ ਕਿ ਮੈਂ ਕਦੇ ਇਹ ਨਹੀਂ ਕਿਹਾ ਕਿ ਧਾਰਾ 370 ਦੀ ਬਹਾਲੀ ਸੰਭਵ ਨਹੀਂ ਸੀ। ਮੈਂ ਕਦੇ ਨਹੀਂ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ, ਬਲਕਿ ਮੈਂ ਇਹ ਕਿਹਾ ਹੈ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਨਾ ਨਹੀਂ ਸਕਦਾ। ਜੇਕਰ ਕੋਈ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਰਾਜ਼ੀ ਕਰ ਸਕਦਾ ਹੈ ਤਾਂ ਉਹ ਕਰ ਲੈਣ। ਇਹ ਸਵਾਗਤਯੋਗ ਕਦਮ ਹੋਵੇਗਾ। ਮੇਰਾ ਮੋਦੀ 'ਤੇ ਅਜਿਹਾ ਕੋਈ ਪ੍ਰਭਾਵ ਨਹੀਂ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਸਿਰਫ਼ ਸੰਸਦ ਹੀ ਬਹਾਲ ਕਰ ਸਕਦੀ ਹੈ ਪਰ ਸਾਨੂੰ ਬਹੁਮਤ ਦੀ ਲੋੜ ਹੈ। ਆਜ਼ਾਦ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਧਾਰਾ 370 ਹਟਾਏ ਜਾਣ ਦੇ ਖ਼ਿਲਾਫ਼ ਅਰਜ਼ੀਆਂ 'ਤੇ 10 ਅਕਤੂਬਰ ਨੂੰ ਸੁਣਵਾਈ ਕੀਤੀ ਜਾ ਰਹੀ ਹੈ, ਜੋ ਸਵਾਗਤਯੋਗ ਕਦਮ ਹੈ। ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਾਡੀ ਪਾਰਟੀ ਦੇ ਝੰਡੇ ਵਿਚਲਾ ਮਸਟਰਡ (ਸਰੋ ਵਰਗਾ) ਰੰਗ ਰਚਨਾਤਮਕਤਾ, ਏਕਤਾ ਤੇ ਵਿਭਿੰਨਤਾ ਨੂੰ ਪਰਿਭਾਸ਼ਤ ਕਰਦਾ ਹੈ, ਜਦਕਿ ਚਿੱਟਾ ਰੰਗ ਸ਼ਾਂਤੀ ਅਤੇ ਨੀਲਾ ਰੰਗ ਗਹਿਰਾਈ, ਆਜ਼ਾਦੀ ਅਤੇ ਅਸਮਾਨ ਦੀ ਸੀਮਾ ਦਾ ਪ੍ਰਤੀਕ ਹੈ।
ਨਵੀਂ ਦਿੱਲੀ, 26 ਸਤੰਬਰ (ਪੀ.ਟੀ.ਆਈ.)-ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪਾਸਪੋਰਟ ਬਿਨੈਕਾਰ ਹੁਣ ਸਾਰੇ ਆਨਲਾਈਨ ਡਾਕਘਰ ਪਾਸਪੋਰਟ ਸੇਵਾਂ ਕੇਂਦਰਾਂ 'ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟਾਂ (ਪੀ.ਸੀ.ਸੀ.) ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਵਿਦੇਸ਼ ਮੰਤਰਾਲਾ ਪਾਸਪੋਰਟ ਜਾਰੀ ਕਰਨ ਲਈ ਨੋਡਲ ਮੰਤਰਾਲਾ ਹੈ। ਦੱਸਣਯੋਗ ਹੈ ਕਿ ਬਿਨੈਕਾਰਾਂ ਨੂੰ ਪਾਸਪੋਰਟ ਜਾਰੀ ਕਰਨ ਲਈ ਪੀ.ਸੀ.ਸੀ. ਪੂਰਵ-ਜ਼ਰੂਰਤ ਹੁੰਦੀ ਹੈ। ਅਕਸਰ ਸਥਾਨਕ ਪੁਲਿਸ ਵਲੋਂ ਪੀ.ਸੀ.ਸੀ. ਜਾਰੀ ਕਰਨ 'ਚ ਸਮਾਂ ਲੱਗ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਪਾਸਪੋਰਟ ਦੇਣ 'ਚ ਦੇਰੀ ਹੁੰਦੀ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਪੀ.ਸੀ.ਸੀ. ਦੀ ਮੰਗ 'ਚ ਅਣਕਿਆਸੇ ਵਾਧੇ ਨੂੰ ਹੱਲ ਕਰਨ ਲਈ ਮੰਤਰਾਲੇ ਨੇ 28 ਸਤੰਬਰ ਤੋਂ ਦੇਸ਼ ਭਰ ਦੇ ਸਾਰੇ ਆਨਲਾਈਨ ਡਾਕਘਰ ਪਾਸਪੋਰਟ ਸੇਵਾ ਕੇਂਦਰਾਂ 'ਤੇ ਪੀ.ਸੀ.ਸੀ. ਸੇਵਾਵਾਂ ਲਈ ਅਰਜ਼ੀ ਦੇਣ ਦੀ ਸਹੂਲਤ ਨੂੰ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਸਹੂਲਤ ਨਾ ਸਿਰਫ਼ ਵਿਦੇਸ਼ਾਂ 'ਚ ਰੁਜ਼ਗਾਰ ਚਾਹੁਣ ਵਾਲੇ ਭਾਰਤੀਆਂ ਦੀ ਮਦਦ ਕਰੇਗੀ, ਬਲਕਿ ਇਹ ਹੋਰਨਾਂ ਜ਼ਰੂਰਤਾਂ ਖ਼ਾਸ ਕਰਕੇ ਸਿੱਖਿਆ, ਲੰਬੀ ਮਿਆਦ ਲਈ ਵੀਜ਼ਾ, ਇਮੀਗ੍ਰੇਸ਼ਨ ਆਦਿ ਦੇ ਮਾਮਲੇ 'ਚ ਪੀ.ਸੀ.ਸੀ. ਜ਼ਰੂਰਤਾਂ ਦੀ ਮੰਗ ਨੂੰ ਪੂਰਾ ਕਰੇਗੀ।
ਐਸ. ਏ. ਐਸ. ਨਗਰ, 26 ਸਤੰਬਰ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਵਲੋਂ ਆਈ.ਐਫ.ਐਸ. ਅਧਿਕਾਰੀ ਪਰਵੀਨ ਕੁਮਾਰ, ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਫਾਰੈਸਟ ਜੰਗਲੀ ਜੀਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਅਨੁਸਾਰ ਜੰਗਲਾਤ ਵਿਭਾਗ 'ਚ ਪਿਛਲੇ 5 ਸਾਲਾਂ ਦੌਰਾਨ ਚੋਣਵੀਆਂ ਪੋਸਟਾਂ ਦੇਣ, ਖੀਰ ਦੇ ਦਰੱਖਤਾਂ ਦੀ ਕਟਾਈ, ਵਪਾਰਕ ਅਦਾਰਿਆਂ ਲਈ ਐਨ.ਓ.ਸੀ. ਜਾਰੀ ਕਰਨ, ਕਰੋੜਾਂ ਰੁਪਏ ਦੇ ਟ੍ਰੀਗਾਰਡਾਂ ਦੀ ਖ਼ਰੀਦ ਤੇ ਹੋਰ ਕੰਮਾਂ 'ਚ ਚੱਲ ਰਹੇ ਕਥਿਤ ਸੰਗਠਿਤ ਭ੍ਰਿਸ਼ਟਾਚਾਰ ਦੀ ਚੱਲ ਰਹੀ ਜਾਂਚ ਦੌਰਾਨ ਪਰਵੀਨ ਕੁਮਾਰ ਨੂੰ ਮੌਜੂਦਾ ਕੇਸ 'ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਪਰਵੀਨ ਕੁਮਾਰ ਜੰਗਲਾਤ ਵਿਭਾਗ 'ਚ ਸੀ.ਈ.ਓ., ਪਨਕੈਂਪਾ ਤੇ ਐਨ.ਓ.ਸੀ. ਜਾਰੀ ਕਰਨ ਵਾਲੇ ਨੋਡਲ ਅਫਸਰ ਰਹੇ ਹਨ। ਇਸ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ ਦੇ ਜੰਗਲਾਤ ਮੰਤਰੀ ਬਣਨ ਤੋਂ ਬਾਅਦ ਉਸ ਨੂੰ ਪੀ.ਸੀ.ਸੀ.ਐਫ. ਦਾ ਚਾਰਜ ਦਿੱਤਾ ਗਿਆ ਸੀ। ਪਤਾ ਲੱਗਾ ਹੈ ਕਿ ਪੁੱਛਗਿੱਛ ਦੌਰਾਨ ਪਰਵੀਨ ਕੁਮਾਰ ਨੇ ਸੰਗਤ ਸਿੰਘ ਗਿਲਜੀਆਂ ਬਾਰੇ ਵੱਡੇ ਖੁਲਾਸੇ ਕੀਤੇ ਹਨ। ਪਰਵੀਨ ਕੁਮਾਰ ਪੰਜਾਬ ਦੇ ਵੱਖ-ਵੱਖ ਵਪਾਰਕ ਅਦਾਰਿਆਂ ਦੇ ਐਨ.ਓ.ਸੀ. ਸਬੰਧੀ ਕੇਸ ਪਾਸ ਕਰਨ ਬਦਲੇ ਨਾਜਾਇਜ਼ ਪੈਸੇ ਲੈਂਦਾ ਰਿਹਾ ਹੈ।
ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਦੱਸਿਆ ਕਿ ਸਰਕਾਰ ਨੇ 10 ਯੂ ਟਿਊਬ ਚੈਨਲਾਂ 'ਤੇ 45 ਵੀਡੀਓ 'ਤੇ ਪਾਬੰਦੀ ਲਾ ਦਿੱਤੀ ਹੈ, ਜਿਨ੍ਹਾਂ 'ਚ ਧਾਰਮਿਕ ਭਾਈਚਾਰਿਆਂ ਦਰਮਿਆਨ ਨਫ਼ਰਤ ਫੈਲਾਉਣ ਦੇ ਇਰਾਦੇ ...
ਮਾਨਸਾ, 26 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਸਾਜਿਸ਼ਘਾੜਾ ਗੈਂਗਸਟਰ ਗੋਲਡੀ ਬਰਾੜ ਕੈਨੇਡਾ ਤੋਂ ਫ਼ਰਾਰ ਹੋ ਗਿਆ ਹੈ। ਉਸ ਦੇ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ 'ਚ ਪਹੁੰਚਣ ਦੇ ਚਰਚੇ ਹਨ। ਦੱਸਣਯੋਗ ਹੈ ਕਿ ਲਾਰੈਂਸ ਬਿਸ਼ਨੋਈ ...
ਹਰਕਵਲਜੀਤ ਸਿੰਘ
ਚੰਡੀਗੜ੍ਹ, 26 ਸਤੰਬਰ - ਪੰਜਾਬ ਮੰਤਰੀ ਮੰਡਲ ਦੀ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਅਸਥਾਨ 'ਤੇ ਹੋਈ ਮੀਟਿੰਗ 'ਚ ਜੁਮਲਾ ਮੁਸ਼ਤਰਕਾ ਮਾਲਕਾਨਾ ਜ਼ਮੀਨਾਂ ਤੇ ਸਾਂਝੀ ਪੇਂਡੂ ਜ਼ਮੀਨ ਦੇ ਪੂਰਨ ਮਾਲਕਾਨਾ ਹੱਕ ਗਰਾਮ ਪੰਚਾਇਤਾਂ ਨੂੰ ਦੇਣ ਲਈ ...
ਚੰਡੀਗੜ੍ਹ, 26 ਸਤੰਬਰ (ਬਿਊਰੋ ਚੀਫ਼)-ਪੰਜਾਬ ਵਿਧਾਨ ਸਭਾ ਦੇ ਕੱਲ੍ਹ ਸਵੇਰੇ 11 ਵਜੇ ਸ਼ੁਰੂ ਹੋਣ ਵਾਲੇ ਇਜਲਾਸ ਲਈ ਸ਼ੋਕ ਮਤਿਆਂ ਦੀ ਬੈਠਕ ਤੋਂ ਇਲਾਵਾ ਅੱਜ ਰਾਤ ਹੋਰ ਕੋਈ ਪ੍ਰੋਗਰਾਮ ਜਾਰੀ ਨਹੀਂ ਹੋ ਸਕਿਆ, ਕਿਉਂਕਿ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵਲੋਂ ...
ਚੰਡੀਗੜ੍ਹ, 26 ਸਤੰਬਰ (ਵਿਕਰਮਜੀਤ ਸਿੰਘ ਮਾਨ)- ਇਜਲਾਸ ਨੂੰ ਲੈ ਕੇ ਜਿਥੇ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪੂਰੀ ਤਿਆਰੀ ਕੀਤੀ ਦੱਸੀ ਜਾ ਰਹੀ ਹੈ, ਉਥੇ ਵਿਰੋਧੀ ਧਿਰ ਕਾਂਗਰਸ ਅਤੇ ਅਕਾਲੀ ਦਲ ਸਰਕਾਰ ਨੂੰ ਵੱਖ-ਵੱਖ ਮੁੱਦਿਆਂ 'ਤੇ ਘੇਰਨ ਦੀ ਕੋਸ਼ਿਸ਼ ਕਰਨਗੇ। ਸਰਕਾਰ ਵਲੋਂ ...
ਨਾਹਨ, 26 ਸਤੰਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਰਾਜਗੜ੍ਹ ਸਬ ਡਵੀਜ਼ਨ ਅਧੀਨ ਪੈਂਦੇ ਬੜੂ ਸਾਹਿਬ ਸਥਿਤ ਇੰਟਰਨਲ ਯੂਨੀਵਰਸਿਟੀ ਦੇ ਕੰਪਲੈਕਸ ਵਿਚ ਬੱਦਲ ਫ਼ਟਣ ਕਾਰਨ ਪਾਣੀ ਭਰ ਗਿਆ ਅਤੇ ਹੋਸਟਲ ਵਿਚ ਰਹਿ ਰਹੀਆਂ ਵਿਦਿਆਰਥਣਾਂ ਨੂੰ ਸੁਰੱਖਿਆ ਲੈ ਕੇ ਚਿੰਤਾ ਹੋ ਰਹੀ ਹੈ। ...
ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਟੋਕੀਓ ਲਈ ਰਵਾਨਾ ਹੋ ਗਏ। ਮੰਗਲਵਾਰ ਨੂੰ ਬੁਡੋਕਾਨ 'ਚ ਆਬੇ ਦੇ ਸਰਕਾਰੀ ਸਨਮਾਨਾਂ ਨਾਲ ਹੋਣ ਵਾਲੇ ਅੰਤਿਮ ...
ਕੋਲਕਾਤਾ, 26 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਕੋਲਕਾਤਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਪੁਲਿਸ ਵਲੋਂ ਏਅਰਪੋਰਟ ਦੇ ਸੀ.ਆਈ.ਐਸ.ਐਫ. ਕਰਮਚਾਰੀਆਂ ਦੀ ਮਦਦ ਨਾਲ ਬੀਤੇ ਕੱਲ੍ਹ ਜਿਹੜੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਤੋਂ ਕੀਤੀ ਪੁੱਛਗਿੱਛ ਤੋਂ ...
ਮੁੰਬਈ, 26 ਸਤੰਬਰ (ਏਜੰਸੀ)- ਡਾਲਰ 'ਚ ਤੇਜ਼ੀ ਦੇ ਬਾਅਦ ਸੋਮਵਾਰ ਨੂੰ ਭਾਰਤੀ ਰੁਪਇਆ 58 ਪੈਸੇ ਹੋਰ ਡਿਗ ਕੇ ਅਮਰੀਕੀ ਡਾਲਰ ਦੇ ਮੁਕਾਬਲੇ 81.67 ਦੇ ਨਵੇਂ ਰਿਕਾਰਡ ਹੇਠਲੇ ਪੱਧਰ 'ਤੇ ਆ ਗਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਇਆ ਪਿਛਲੇ ਕਾਰੋਬਾਰੀ ਸੈਸ਼ਨ 'ਚ ਇਹ 30 ...
ਨਵੀਂ ਦਿੱਲੀ, 26 ਸਤੰਬਰ (ਉਪਮਾ ਡਾਗਾ ਪਾਰਥ)-ਐਤਵਾਰ ਨੂੰ ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੇ 55 ਸਿੱਖਾਂ ਦੇ ਜੱਥੇ ਨੇ ਭਾਰਤ ਪਹੁੰਚਣ 'ਤੇ ਆਪਣਾ ਦਰਦ ਬਿਆਨ ਕਰਦਿਆਂ ਉਥੇ (ਅਫ਼ਗਾਨਿਸਤਾਨ 'ਚ) ਆਪਣੇ ਨਾਲ ਹੋਈ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਜੇਲ੍ਹਾਂ 'ਚ ...
ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਨੈਸ਼ਨਲ ਟੈਸਟਿੰਗ ਏਜੰਸੀ (ਐਨ. ਟੀ. ਏ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ-ਪੀ ਜੀ ਦੇ ਨਤੀਜੇ ਸੋਮਵਾਰ ਨੂੰ ਐਲਾਨੇ ਗਏ, ਜਿਸ ਦੇ ਲਈ 6.07 ਲੱਖ ਉਮੀਦਵਾਰਾਂ ਨੇ ਰਜਿਸਟਰ ਕਰਵਾਇਆ ਸੀ। ਐਨ. ਟੀ. ਏ. ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX