ਆਪਣੇ ਮਹੀਨਾਵਾਰ ਪ੍ਰੋਗਰਾਮ 'ਮਨ ਕੀ ਬਾਤ' ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦਾ ਐਲਾਨ ਕੀਤਾ ਗਿਆ। ਭਾਵੁਕ ਸ਼ਬਦਾਂ ਵਿਚ ਆਪਣੀ ਸ਼ਰਧਾਂਜਲੀ ਪੇਸ਼ ਕਰਦਿਆਂ ਉਨ੍ਹਾਂ ਨੇ ਕਿਹਾ ਕਿ 28 ਸਤੰਬਰ ਨੂੰ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੌਰਾਨ ਇਕ ਵਿਸ਼ੇਸ਼ ਦਿਨ ਆ ਰਿਹਾ ਹੈ, ਜਿਸ ਦਿਨ ਅਸੀਂ ਭਾਰਤ ਮਾਂ ਦੇ ਵੀਰ ਸਪੂਤ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਵਾਂਗੇ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਜਨਮ ਦਿਨ ਤੋਂ ਪਹਿਲਾਂ ਸ਼ਰਧਾਂਜਲੀ ਵਜੋਂ ਹਵਾਈ ਅੱਡੇ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਰੱਖਿਆ ਜਾਏਗਾ। ਇਸ ਐਲਾਨ ਨਾਲ ਪੰਜਾਬ ਅਤੇ ਹਰਿਆਣਾ ਵਿਚ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ ਹੈ।
ਸ਼ਹੀਦ ਭਗਤ ਸਿੰਘ ਦਾ ਨਾਂਅ ਅੱਜ ਕਿਸੇ ਵਿਸ਼ੇਸ਼ ਵਰਗ ਜਾਂ ਖਿੱਤੇ ਨਾਲ ਨਾ ਜੁੜ ਕੇ ਸਗੋਂ ਸਰਬ ਵਿਆਪੀ ਹੋਣ ਦਾ ਅਹਿਸਾਸ ਪੈਦਾ ਕਰਦਾ ਹੈ। ਦੇਸ਼ ਲਈ ਆਜ਼ਾਦੀ ਦੇ ਸੰਘਰਸ਼ ਵਿਚ ਵੀ ਸ਼ਹੀਦ ਭਗਤ ਸਿੰਘ ਦਾ ਨਾਂਅ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਸੁਤੰਤਰਤਾ ਸੰਗਰਾਮ ਵਿਚ ਅਨੇਕਾਂ ਅਨੇਕ ਵੀਰਾਂ ਨੇ ਆਪਣੇ ਜੀਵਨ ਦੀਆਂ ਆਹੂਤੀਆਂ ਦਿੱਤੀਆਂ ਅਤੇ ਹਜ਼ਾਰਾਂ-ਲੱਖਾਂ ਲੋਕਾਂ ਨੇ ਸਖ਼ਤ ਘਾਲਣਾਵਾਂ ਘਾਲੀਆਂ। ਲਿਖੇ ਗਏ ਇਸ ਇਤਿਹਾਸ ਵਿਚ ਸ਼ਹੀਦ ਭਗਤ ਸਿੰਘ ਦਾ ਨਾਂਅ ਵੀ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਹੈ। ਆਪਣੀ ਛੋਟੀ ਜਿਹੀ ਉਮਰ ਵਿਚ ਹੀ ਭਗਤ ਸਿੰਘ ਬਰਾਬਰਤਾ 'ਤੇ ਆਧਾਰਿਤ ਅਜਿਹੇ ਸਮਾਜ ਦੀ ਰੂਪ ਰੇਖਾ ਦਾ ਸੰਕਲਪ ਪੇਸ਼ ਕਰ ਗਿਆ, ਜੋ ਅੱਜ ਵੀ ਸਾਡੇ ਸਾਹਮਣੇ ਹੈ ਤੇ ਵਿਸ਼ੇਸ਼ ਕਰਕੇ ਨੌਜਵਾਨ ਵਰਗ ਦਾ ਇਕ ਵੱਡਾ ਹਿੱਸਾ ਉਸ ਨੂੰ ਇਕ ਉਦਾਹਰਨ ਦੇ ਰੂਪ ਵਿਚ ਦੇਖਦਾ ਹੈ। ਲਗਪਗ 9 ਦਹਾਕੇ ਪਹਿਲਾਂ ਇਸ ਮਹਾਨ ਸ਼ਹੀਦੀ ਤੋਂ ਬਾਅਦ ਇਹ ਨਾਂਅ ਲੋਕਾਂ ਦੇ ਮਨਾਂ ਵਿਚੋਂ ਵਿਸਰਿਆ ਨਹੀਂ, ਸਗੋਂ ਉਨ੍ਹਾਂ ਦੇ ਦਿਲਾਂ 'ਤੇ ਉਕਰਿਆ ਗਿਆ ਹੈ। ਮੋਦੀ ਦੇ ਇਹ ਸ਼ਬਦ ਕਿ ਬਲਿਦਾਨੀਆਂ ਦੇ ਸਮਾਰਕ ਅਤੇ ਉਨ੍ਹਾਂ ਦੇ ਨਾਂਅ ਨਾਲ ਜੁੜੇ ਸਥਾਨ ਅਤੇ ਸੰਸਥਾਨ ਸਾਨੂੰ ਕਰਤੱਵ ਲਈ ਪ੍ਰੇਰਨਾ ਦਿੰਦੇ ਹਨ ਤੇ ਅਜਿਹੀ ਹੀ ਭਾਵਨਾ ਇਸ ਹਵਾਈ ਅੱਡੇ ਦੇ ਨਾਂਅ ਨਾਲ ਬਣੀ ਰਹੇਗੀ, ਵਿਸ਼ੇਸ਼ ਮਹੱਤਵ ਰੱਖਦੇ ਹਨ। ਆਪਣੇ-ਆਪਣੇ ਸਮੇਂ ਵਿਚ ਇਸ ਹਵਾਈ ਅੱਡੇ ਲਈ ਆਪਣੀ ਸਮਰੱਥਾ ਅਨੁਸਾਰ ਜਿਨ੍ਹਾਂ ਲੋਕਾਂ ਨੇ ਇਸ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਉਸ ਵਿਚ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਂਅ ਵੀ ਸ਼ਾਮਿਲ ਹੈ, ਜਿਨ੍ਹਾਂ ਨੇ ਇਸ ਦੀ ਉਸਾਰੀ ਲਈ ਲਗਾਤਾਰ ਹਰ ਪੱਖੋਂ ਵੱਡੀ ਤੱਤਪਰਤਾ ਵਿਖਾਈ ਸੀ। ਪੰਜਾਬ ਦੀਆਂ ਤਤਕਾਲੀ ਸਰਕਾਰਾਂ ਵਲੋਂ ਇਹ ਹਵਾਈ ਅੱਡਾ ਸ਼ਹੀਦ ਭਗਤ ਸਿੰਘ ਦੇ ਨਾਂਅ ਨੂੰ ਸਮਰਪਿਤ ਕਰਨ ਦੇ ਲਗਾਤਾਰ ਐਲਾਨ ਕੀਤੇ ਜਾਂਦੇ ਰਹੇ ਸਨ, ਪਰ ਇਸ ਸੰਬੰਧੀ ਆਮ ਸਹਿਮਤੀ ਨਹੀਂ ਸੀ ਬਣ ਰਹੀ।
ਇਸ ਵਿਚ ਕੇਂਦਰ ਸਰਕਾਰ ਦੀ ਵੀ 51 ਪ੍ਰਤੀਸ਼ਤ ਹਿੱਸੇਦਾਰੀ ਹੈ, ਜਦੋਂ ਕਿ ਪੰਜਾਬ ਤੇ ਹਰਿਆਣਾ ਵੀ ਇਸ ਦੇ ਅੱਧੇ-ਅੱਧੇ ਹਿੱਸੇਦਾਰ ਹਨ। ਇਸ ਲਈ ਪਹਿਲਾਂ-ਪਹਿਲ ਹਰਿਆਣਾ ਸਰਕਾਰ ਵਲੋਂ ਇਸ ਨਾਂਅ 'ਤੇ ਹਿਚਕਿਚਾਹਟ ਦਿਖਾਈ ਜਾਂਦੀ ਰਹੀ ਅਤੇ ਇਸ ਲਈ ਹੋਰ ਕਈ ਨਾਂਅ ਵੀ ਪੇਸ਼ ਕੀਤੇ ਜਾਂਦੇ ਰਹੇ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਸ਼ਹੀਦ ਦੇ ਨਾਂਅ 'ਤੇ ਹਵਾਈ ਅੱਡੇ ਦਾ ਨਾਂਅ ਰੱਖਣ ਲਈ ਕੇਂਦਰ ਕੋਲ ਮਤੇ ਭੇਜੇ ਗਏ ਸਨ। ਹੁਣ ਅਗਸਤ ਦੇ ਮਹੀਨੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਵਿਚਾਲੇ ਹੋਈ ਮੀਟਿੰਗ ਵਿਚ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਸਹਿਮਤੀ ਬਣ ਗਈ ਸੀ, ਜਿਸ ਨੂੰ ਕੇਂਦਰ ਵਲੋਂ ਹੁਣ ਅਮਲ ਵਿਚ ਲਿਆਂਦਾ ਗਿਆ ਹੈ। ਇਸ ਨਾਂਅ 'ਤੇ ਦੋਵਾਂ ਰਾਜਾਂ ਵਿਚ ਸਹਿਮਤੀ ਦੇ ਨਾਲ-ਨਾਲ ਇਕ ਵਾਰ ਫਿਰ ਇਕ ਅਜਿਹਾ ਮਾਹੌਲ ਸਿਰਜਿਆ ਗਿਆ ਹੈ, ਜਿਸ ਵਿਚ ਦੋਵੇਂ ਪ੍ਰਾਂਤ ਆਪਸੀ ਵਿਚਾਰ-ਵਟਾਂਦਰੇ ਨਾਲ ਆਪਣੀਆਂ ਚਿਰਾਂ ਤੋਂ ਲਟਕਦੀਆਂ ਹੋਰ ਸਮੱਸਿਆਵਾਂ ਨੂੰ ਵੀ ਹੱਲ ਕਰਨ ਲਈ ਯਤਨਸ਼ੀਲ ਹੋ ਸਕਦੇ ਹਨ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਵੀ ਪੈਦਾ ਹੋਏ ਇਸ ਨਵੇਂ ਉਤਸ਼ਾਹ ਨਾਲ ਆਪਣੇ ਪ੍ਰਾਂਤ ਦੀ ਉਸਾਰੀ ਲਈ ਹੋਰ ਵੱਡੇ ਕਦਮ ਚੁੱਕਣ ਲਈ ਯਤਨਸ਼ੀਲ ਹੋਵੇਗਾ।
-ਬਰਜਿੰਦਰ ਸਿੰਘ ਹਮਦਰਦ
ਜਦੋਂ ਤੋਂ ਕਾਂਗਰਸ ਨੇ ਆਪਣੇ ਨਵੇਂ ਪ੍ਰਧਾਨ ਦੀ ਚੋਣ ਲਈ ਸੰਗਠਨਾਤਮਿਕ ਸਰਗਰਮੀਆਂ ਸ਼ੁਰੂ ਕੀਤੀਆਂ ਹਨ, ਉਦੋਂ ਤੋਂ ਭਾਰਤੀ ਜਨਤਾ ਪਾਰਟੀ ਦੇ ਬੁਲਾਰਿਆਂ ਅਤੇ ਮੋਦੀ-ਭਾਜਪਾ ਨੂੰ ਪਸੰਦ ਕਰਨ ਵਾਲੇ ਮੀਡੀਆ ਨੇ ਇਸ ਪ੍ਰਕਿਰਿਆ 'ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ਾਂ ਅਤੇ ...
ਪੁਰਾਤਨ ਸਮਿਆਂ ਤੋਂ ਮਨੁੱਖ ਸੈਰ-ਸਪਾਟੇ ਦਾ ਸ਼ੌਕੀਨ ਰਿਹਾ ਹੈ। ਇਸ ਦੇ ਅਨੇਕਾਂ ਪੱਖਾਂ ਤੋਂ ਲਾਭਦਾਇਕ ਹੋਣ ਕਾਰਨ ਮਨੁੱਖ ਇਸ ਨੂੰ ਮਹੱਤਵ ਦਿੰਦਾ ਆਇਆ ਹੈ। ਪੁਰਾਤਨ ਭਾਰਤੀ ਸੰਸਕ੍ਰਿਤੀ, ਸਾਹਿਤ ਵਿਚ ਸੈਰ-ਸਪਾਟੇ ਨੂੰ ਵੱਖ-ਵੱਖ ਪੱਖਾਂ ਤੋਂ ਮਨੁੱਖ ਲਈ ਲਾਭਕਾਰੀ ...
ਈਰਾਨ 'ਚ ਹਿਜਾਬ ਵਿਵਾਦ ਲਗਾਤਾਰ ਗਰਮਾ ਰਿਹਾ ਹੈ। ਤਹਿਰਾਨ ਤੋਂ ਜੋ ਸੰਕੇਤ ਮਿਲ ਰਹੇ ਹਨ, ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਬਰਾਹਿਮ ਰਈਸੀ ਦੀ ਸਰਕਾਰ ਹਿਜਾਬ-ਵਿਰੋਧੀ ਪ੍ਰਦਰਸ਼ਨਾਂ 'ਤੇ ਰੋਕ ਲਗਾਉਣ ਲਈ ਆਪਣੇ ਪੁਰਾਣੇ ਦਮਨਕਾਰੀ ਤਰੀਕੇ ਮੁੜ ਅਪਣਾ ਸਕਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX