ਰਾਜਸਥਾਨ ਵਿਚ ਲਗਪਗ ਪਿਛਲੇ 4 ਸਾਲ ਤੋਂ ਅਸ਼ੋਕ ਗਹਿਲੋਤ ਦੀ ਅਗਵਾਈ ਵਿਚ ਕਾਂਗਰਸ ਪ੍ਰਸ਼ਾਸਨ ਚਲਾ ਰਹੀ ਹੈ। ਸਾਲ 2020 ਵਿਚ ਉਸ ਸਮੇਂ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਗਹਿਲੋਤ ਦੇ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਿਆ ਸੀ ਅਤੇ ਆਪਣੀ ਪਾਰਟੀ ਦੇ 18 ਵਿਧਾਇਕਾਂ ਨਾਲ ਉਸ ਦੇ ਭਾਜਪਾ ਨਾਲ ਜਾ ਰਲਣ ਦੀਆਂ ਖ਼ਬਰਾਂ ਵੀ ਨਸ਼ਰ ਹੋਈਆਂ ਸਨ ਪਰ ਉਸ ਸਮੇਂ ਰਾਹੁਲ ਗਾਂਧੀ ਅਤੇ ਕੁਝ ਹੋਰ ਵੱਡੇ ਪਾਰਟੀ ਆਗੂਆਂ ਨੇ ਸਚਿਨ ਨੂੰ ਮੁੜ ਪਾਰਟੀ ਵਿਚ ਰਹਿਣ ਲਈ ਰਾਜ਼ੀ ਕਰ ਲਿਆ ਸੀ। ਪਰ ਉਸ ਸਮੇਂ ਤੋਂ ਹੀ ਉਥੇ ਕਾਂਗਰਸੀ ਵਿਧਾਇਕ ਤੇ ਮੰਤਰੀ ਦੋ ਧੜਿਆਂ ਵਿਚ ਵੰਡੇ ਗਏ ਸਨ। ਇਸ ਸਮੇਂ 200 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ ਕਾਂਗਰਸ ਦੇ 108 ਵਿਧਾਇਕ ਹਨ। ਪੈਦਾ ਹੋਏ ਇਸ ਵੱਡੇ ਸੰਕਟ ਦਾ ਹੱਲ ਤਾਂ ਆਉਣ ਵਾਲੇ ਦਿਨਾਂ ਵਿਚ ਹੀ ਨਿਕਲੇਗਾ, ਪਰ ਪਾਰਟੀ ਦੀ ਹਕੂਮਤ ਹੁਣ ਸਿਰਫ਼ ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਹੀ ਸਿਮਟ ਕੇ ਰਹਿ ਗਈ ਹੈ।
ਇਸ ਸਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਵੱਡੀ ਸ਼ਿਕਸਤ ਦੇ ਕੇ ਰਾਜਭਾਗ ਸੰਭਾਲ ਲਿਆ ਸੀ। ਪੰਜਾਬ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸਮੇਂ ਹੀ ਪਾਰਟੀ ਇਸ ਕਦਰ ਧੜਿਆਂ ਵਿਚ ਵੰਡੀ ਗਈ ਸੀ ਕਿ ਚੋਣਾਂ ਵਿਚ ਉਸ ਨੂੰ ਨਿਰਾਸ਼ਾਜਨਕ ਹਾਰ ਦਾ ਮੂੰਹ ਵੇਖਣਾ ਪਿਆ ਸੀ। ਅਸ਼ੋਕ ਗਹਿਲੋਤ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਨੇੜਲਾ ਸਾਥੀ ਮੰਨਿਆ ਜਾਂਦਾ ਹੈ। ਦੋ ਕੁ ਸਾਲ ਪਹਿਲਾਂ ਕਾਂਗਰਸ ਦੇ 23 ਵੱਡੇ ਆਗੂਆਂ ਵਲੋਂ ਸੋਨੀਆ ਗਾਂਧੀ ਨੂੰ ਇਕ ਪੱਤਰ ਲਿਖਿਆ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਪਾਰਟੀ ਵਿਚ ਤਬਦੀਲੀਆਂ ਦੀ ਗੱਲ ਆਖੀ ਸੀ, ਇਸੇ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਇਹ ਚਰਚਾ ਵੀ ਚਲਦੀ ਰਹੀ ਹੈ ਕਿ ਲਗਾਤਾਰ ਚੋਣਾਂ ਵਿਚ ਨਿਰਾਸ਼ਾਜਨਕ ਹਾਰ ਦਾ ਮੂੰਹ ਵੇਖਣ ਅਤੇ ਦੇਸ਼ ਭਰ ਵਿਚ ਪਾਰਟੀ ਦੇ ਬੇਹੱਦ ਸੀਮਤ ਹੋ ਜਾਣ ਕਾਰਨ ਨਹਿਰੂ-ਗਾਂਧੀ ਪਰਿਵਾਰ ਨੂੰ ਪਾਰਟੀ ਦੀ ਸੱਤਾ ਛੱਡ ਦੇਣੀ ਚਾਹੀਦੀ ਹੈ ਅਤੇ ਕਿਸੇ ਹੋਰ ਵੱਡੇ ਆਗੂ ਨੂੰ ਕਮਾਨ ਸੰਭਾਲਣੀ ਚਾਹੀਦੀ ਹੈ। ਲਗਾਤਾਰ ਤੇਜ਼ ਹੁੰਦੀ ਆਲੋਚਨਾ ਨੂੰ ਵੇਖਦਿਆਂ ਹੀ ਅਤੇ ਵਾਰ-ਵਾਰ ਰਾਹੁਲ ਗਾਂਧੀ ਵਲੋਂ ਪਾਰਟੀ ਦੀ ਪ੍ਰਧਾਨਗੀ ਸੰਭਾਲਣ ਤੋਂ ਨਾਂਹ ਕਰਨ ਤੋਂ ਬਾਅਦ ਸੋਨੀਆ ਗਾਂਧੀ ਨੇ ਪਾਰਟੀ ਪ੍ਰਧਾਨ ਦੀ ਚੋਣ ਕਰਾਉਣ ਦਾ ਐਲਾਨ ਕਰ ਦਿੱਤਾ ਸੀ ਅਤੇ ਆਪਣੇ ਵਲੋਂ ਇਹ ਇਸ਼ਾਰਾ ਵੀ ਦੇ ਦਿੱਤਾ ਸੀ ਕਿ ਗਹਿਲੋਤ ਨੂੰ ਹੀ ਚੋਣਾਂ ਵਿਚ ਕਾਂਗਰਸ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ, ਪਰ ਗਹਿਲੋਤ ਆਪਣਾ ਮੁੱਖ ਮੰਤਰੀ ਦਾ ਅਹੁਦਾ ਨਹੀਂ ਸੀ ਛੱਡਣਾ ਚਾਹੁੰਦੇ।
ਰਾਹੁਲ ਤੇ ਹੋਰ ਆਗੂਆਂ ਵਲੋਂ ਇਸ ਸੰਬੰਧੀ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਪ੍ਰਧਾਨਗੀ ਦਾ ਤਾਜ ਪਹਿਨਣ ਤੋਂ ਬਾਅਦ ਗਹਿਲੋਤ ਸੂਬੇ ਦੇ ਮੁੱਖ ਮੰਤਰੀ ਨਹੀਂ ਰਹਿਣਗੇ। ਇਸ ਸੰਬੰਧੀ ਜੈਪੁਰ ਵਿਚ ਵਿਧਾਇਕ ਦਲ ਦੀ ਮੀਟਿੰਗ ਰੱਖੀ ਗਈ ਸੀ, ਜਿਥੇ ਹਾਈ ਕਮਾਨ ਵਲੋਂ ਅਜੇ ਮਾਕਨ ਅਤੇ ਪਾਰਟੀ ਦੇ ਇਕ ਹੋਰ ਪ੍ਰਮੁੱਖ ਆਗੂ ਮਲਿਕਅਰਜੁਨ ਖੜਗੇ ਨੂੰ ਨਿਰੀਖਕ ਦੇ ਤੌਰ 'ਤੇ ਭੇਜਿਆ ਗਿਆ ਸੀ ਪਰ ਗਹਿਲੋਤ ਦੇ ਨਾਲ ਜੁੜੇ 92 ਵਿਧਾਇਕਾਂ ਨੇ ਇਨ੍ਹਾਂ ਆਗੂਆਂ ਨਾਲ ਮੀਟਿੰਗ ਕਰਨ ਦੀ ਬਜਾਏ ਆਪ ਮੀਟਿੰਗ ਕਰਕੇ ਅਜੇ ਮਾਕਨ ਨੂੰ ਇਹ ਸੰਦੇਸ਼ ਪਹੁੰਚਾ ਦਿੱਤਾ ਸੀ ਕਿ ਕੌਮੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਉਹ ਹਾਈ ਕਮਾਨ ਕੋਲ ਉਨ੍ਹਾਂ ਦੀਆਂ ਤਿੰਨ ਸ਼ਰਤਾਂ ਪਹੁੰਚਾ ਦੇਣ ਕਿ ਮੁੱਖ ਮੰਤਰੀ ਦੀ ਨਵੀਂ ਚੋਣ ਵਿਚ ਗਹਿਲੋਤ ਗਰੁੱਪ ਵਿਚੋਂ ਹੀ ਕਿਸੇ ਆਗੂ ਨੂੰ ਇਸ ਕੁਰਸੀ 'ਤੇ ਬੈਠਣਾ ਚਾਹੀਦਾ ਹੈ। ਇਹ ਵੀ ਕਿ ਜਿਨ੍ਹਾਂ ਨੇ ਸਾਲ 2020 ਵਿਚ ਪਾਰਟੀ ਵਿਰੁੱਧ ਬਗ਼ਾਵਤ ਕੀਤੀ ਸੀ, ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਣਾ ਚਾਹੀਦਾ, ਇਹ ਵੀ ਕਿ ਇਹ ਚੋਣ ਕੌਮੀ ਪ੍ਰਧਾਨ ਦੀ ਚੋਣ ਤੋਂ ਪਿਛੋਂ ਹੋਣੀ ਚਾਹੀਦੀ ਹੈ।
ਅਜੇ ਮਾਕਨ ਨੇ ਇਸ ਨੂੰ ਪਾਰਟੀ ਵਿਰੁੱਧ ਕੀਤੀ ਜਾ ਰਹੀ ਬਗ਼ਾਵਤ ਕਿਹਾ ਸੀ, ਜਿਸ ਨਾਲ ਇਹ ਸੰਕਟ ਹੋਰ ਡੂੰਘਾ ਹੋ ਗਿਆ ਹੈ, ਅਜਿਹੇ ਹਾਲਾਤ ਵਿਚ ਅਸ਼ੋਕ ਗਹਿਲੋਤ ਦਾ ਪਾਰਟੀ ਦੀ ਕੌਮੀ ਪ੍ਰਧਾਨ ਦੀ ਚੋਣ ਲਈ ਖੜ੍ਹੇ ਹੋਣਾ ਵੀ ਮੁਸ਼ਕਿਲ ਜਾਪਣ ਲੱਗਾ ਹੈ। ਅਜਿਹੇ ਹਾਲਾਤ ਵਿਚ ਹਾਈ ਕਮਾਨ ਵਲੋਂ ਕੀਤਾ ਗਿਆ ਕੋਈ ਵੀ ਫ਼ੈਸਲਾ ਪਾਰਟੀ ਦੇ ਸੰਕਟ ਵਿਚ ਹੋਰ ਵੀ ਵਾਧਾ ਕਰ ਸਕਦਾ ਹੈ, ਜਿਸ ਦਾ ਸਿੱਧਾ ਲਾਭ ਰਾਜਸਥਾਨ ਦੀ ਵਿਰੋਧੀ ਪਾਰਟੀ ਭਾਜਪਾ ਨੂੰ ਹੋਵੇਗਾ। ਚਾਹੇ ਰਾਹੁਲ ਗਾਂਧੀ ਅੱਜ-ਕਲ੍ਹ 'ਭਾਰਤ ਜੋੜੋ ਯਾਤਰਾ' ਦੇ ਨਾਂਅ 'ਤੇ ਦੇਸ਼ ਭਰ ਦਾ ਦੌਰਾ ਕਰ ਰਹੇ ਹਨ ਪਰ ਕੀ ਉਹ ਆਪਣੀ ਪਾਰਟੀ ਨੂੰ ਵੀ ਇਕਮੁੱਠ ਰੱਖ ਸਕਣਗੇ ? ਇਸ ਬਾਰੇ ਹਾਲੇ ਵੀ ਵੱਡੀ ਅਨਿਸਚਿਤਤਾ ਬਣੀ ਨਜ਼ਰ ਆਉਂਦੀ ਹੈ।
-ਬਰਜਿੰਦਰ ਸਿੰਘ ਹਮਦਰਦ
ਕਿਸੇ ਵੀ ਸੂਬੇ ਦੀ ਸਰਕਾਰ ਦੇ ਸਭ ਤੋਂ ਪ੍ਰਮੁੱਖ ਤਿੰਨ ਹੀ ਮਾਲੀ ਖ਼ਰਚ ਹੋਇਆ ਕਰਦੇ ਹਨ, ਜਿਨ੍ਹਾਂ ਦੀ ਅਦਾਇਗੀ ਲਈ ਸਰਕਾਰ ਸਭ ਤੋਂ ਪਹਿਲਾਂ ਵਚਨਬੱਧ ਹੁੰਦੀ ਹੈ। ਇਹ ਹਨ ਤਨਖਾਹਾਂ, ਪੈਨਸ਼ਨਾਂ ਅਤੇ ਲਏ ਗਏ ਕਰਜ਼ਿਆਂ ਤੇ ਵਿਆਜ ਅਦਾਇਗੀਆਂ। ਸਾਲ 1997 ਤੋਂ ਪਹਿਲਾਂ ਸਰਕਾਰ ਦੇ ...
ਇਕ ਤੁਰਕੀ ਕਹਾਵਤ ਹੈ, ਕਿ ਜੇਕਰ ਧਰਮ ਦੀ ਸਿੱਖਿਆ ਕਿਸੇ ਲੂੰਬੜ ਜਾਂ ਬਘਿਆੜੀ ਤੋਂ ਲਈ ਜਾਵੇ, ਤਾਂ ਮੁਰਗੀ ਚੋਰੀ ਕਰਨਾ ਵੀ ਪੁੰਨ ਹੀ ਗਿਣਿਆ ਜਾਵੇਗਾ। ਬਦਲਦੇ ਸਮਿਆਂ ਵਿਚ ਕਈ ਕਿਸਮਾਂ ਦੇ ਤੱਤ ਵੀ ਬਦਲ ਗਏ ਹਨ। ਉਹ ਲੋਕ ਜਿਹੜੇ ਪੁਰਾਣੇ ਅਸੂਲਾਂ ਦੀਆਂ ਪੰਡਾਂ ਅਜੇ ਵੀ ...
ਸਰਕਾਰ ਵਲੋਂ ਇਕ ਵਾਰ ਵਰਤੀ ਜਾਣ ਵਾਲੀ ਪਲਾਸਟਿਕ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਇਕ ਜੁਲਾਈ ਤੋਂ ਇਕ ਵਾਰ ਵਰਤੀ ਜਾਣ ਵਾਲੀ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਸਨ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX