ਕੇ. ਐੱਸ. ਰਾਣਾ
ਐੱਸ. ਏ. ਐੱਸ. ਨਗਰ, 28 ਸਤੰਬਰ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਰੱਖੇ ਜਾਣ ਸੰਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਕੌਮਾਂਤਰੀ ਹਵਾਈ ਅੱਡੇ ਵਿਖੇ ਪਹੁੰਚ ਕੇ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਮੌਕੇ ਨਵੇਂ ਨਾਂਅ ਵਾਲੀ ਤਖ਼ਤੀ ਤੋਂ ਪਰਦਾ ਚੁੱਕਦੇ ਹੋਏ ਇਸ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੌਮਾਂਤਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖੇ ਜਾਣ 'ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ 'ਚ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਇਸ ਮਹਾਨ ਨਾਇਕ ਦੇ ਨਾਂਅ 'ਤੇ ਹਵਾਈ ਅੱਡੇ ਦਾ ਨਾਂਅ ਰੱਖੇ ਜਾਣ ਦਾ ਉਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਜੋ ਕਿ ਉਨ੍ਹਾਂ ਸਮੇਤ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਕੌਮਾਂਤਰੀ ਹਵਾਈ ਅੱਡਾ ਨਵੀਆਂ ਪੀੜ੍ਹੀਆਂ ਲਈ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਸਰੋਤ ਬਣੇਗਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਕੇਂਦਰੀ ਮੰਤਰੀ (ਸੇਵਾ-ਮੁਕਤ ਜਨਰਲ) ਵੀ.ਕੇ. ਸਿੰਘ, ਸੰਸਦ ਮੈਂਬਰ ਕਿਰਨ ਖੇਰ, ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਵੀ ਹਾਜ਼ਰ ਸਨ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਆ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਸੰਬੋਧਨ ਦੌਰਾਨ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸਾਡੀ ਮਾਤ ਭੂਮੀ ਪ੍ਰਤੀ ਸੱਚੀ ਸ਼ਰਧਾ ਹਮੇਸ਼ਾ ਹੀ ਸਾਰਿਆਂ ਲਈ ਪ੍ਰੇਰਨਾ ਸਰੋਤ ਰਹੇਗੀ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਵਿਦੇਸ਼ਾਂ 'ਚ ਵਸਦੇ ਪੰਜਾਬੀ ਭਾਈਚਾਰੇ ਦੀ ਸਹੂਲਤ ਲਈ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਣਾਂ ਵੀ ਸ਼ੁਰੂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਇਹ ਮਾਮਲਾ ਪ੍ਰਧਾਨ ਮੰਤਰੀ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਕੋਲ ਉਠਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੇ ਪ੍ਰਵਾਸੀ ਪੰਜਾਬੀਆਂ ਵਲੋਂ ਸੂਬੇ ਤੋਂ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਸਮੇਤ ਦੁਨੀਆ ਦੇ ਹੋਰਨਾਂ ਹਿੱਸਿਆਂ ਲਈ ਹਵਾਈ ਸੰਪਰਕ ਨੂੰ ਯਕੀਨੀ ਬਣਾਉਣ ਲਈ ਹੋਰ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ਅਤੇ ਰਹੇਗੀ-ਦੁਸ਼ਯੰਤ
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖੇ ਜਾਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ਅਤੇ ਭਵਿੱਖ 'ਚ ਵੀ ਰਹੇਗੀ, ਕਿਉਂਕਿ ਪੰਜਾਬ ਅਤੇ ਹਰਿਆਣਾ ਦੋਵੇਂ ਭਰਾ ਹਨ ਅਤੇ ਭਰਾਵਾਂ 'ਚ ਥੋੜ੍ਹੀ ਬਹੁਤੀ ਤਕਰਾਰ ਚੱਲਦੀ ਹੀ ਰਹਿੰਦੀ ਹੈ।
ਮੁੱਖ ਮੰਤਰੀ ਨੇ 'ਭਗਤ ਸਿੰਘ ਦੀ ਜੇਲ੍ਹ ਡਾਇਰੀ' ਪੁਸਤਕ ਦੀਆਂ ਕਾਪੀਆਂ ਸੌਂਪੀਆਂ
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖੇ ਜਾਣ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉੱਘੀਆਂ ਸ਼ਖ਼ਸੀਅਤਾਂ ਨੂੰ 'ਭਗਤ ਸਿੰਘ ਦੀ ਜੇਲ੍ਹ ਡਾਇਰੀ' ਨਾਮਕ ਪੁਸਤਕ ਦੀਆਂ ਕਾਪੀਆਂ ਵੀ ਸੌਂਪੀਆਂ ਗਈਆਂ।
ਨਵੀਂ ਦਿੱਲੀ, 28 ਸਤੰਬਰ (ਉਪਮਾ ਡਾਗਾ ਪਾਰਥ)-ਤਿਉਹਾਰਾਂ ਤੋਂ ਪਹਿਲਾਂ ਕੇਂਦਰ ਨੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਮਹਿੰਗਾਈ ਭੱਤਾ 4 ਫ਼ੀਸਦੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ 'ਚ ਵਧਦੀ ਮਹਿੰਗਾਈ ਦੇ ਨਾਲ ਨਜਿੱਠਣ ਲਈ ਮਹਿੰਗਾਈ ਭੱਤੇ ਦੀ ਇਕ ਹੋਰ ਕਿਸ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਮਾਰਚ 'ਚ ਡੀ. ਏ. 'ਚ 3 ਫ਼ੀਸਦੀ ਵਾਧਾ ਕਰਦਿਆਂ ਇਸ ਨੂੰ 31 ਫ਼ੀਸਦੀ ਤੋਂ ਵਧਾ ਕੇ 34 ਫ਼ੀਸਦੀ ਕੀਤਾ ਸੀ। ਹੁਣ 4 ਫ਼ੀਸਦੀ ਦੇ ਵਾਧੇ ਨਾਲ ਮਹਿੰਗਾਈ ਭੱਤਾ ਵਧਾ ਕੇ 38 ਫ਼ੀਸਦੀ ਹੋ ਜਾਏਗਾ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੰਤਰੀ ਮੰਡਲ ਵਲੋਂ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ 50 ਲੱਖ ਮੁਲਾਜ਼ਮਾਂ ਅਤੇ 65 ਲੱਖ ਪੈਨਸ਼ਨਧਾਰਕਾਂ ਨੂੰ ਫ਼ਾਇਦਾ ਹੋਏਗਾ। ਵਧਿਆ ਹੋਇਆ ਮਹਿੰਗਾਈ ਭੱਤਾ 1 ਜੁਲਾਈ 2022 ਤੋਂ ਲਾਗੂ ਹੋਏਗਾ, ਜਿਸ ਕਾਰਨ ਮੁਲਾਜ਼ਮਾਂ ਨੂੰ ਇਸ ਵਾਰ ਦੀਆਂ ਤਨਖ਼ਾਹਾਂ 'ਚ ਡੀ. ਏ. ਭੱਤੇ ਦੀ ਬਕਾਇਆ ਰਕਮ ਵੀ ਨਾਲ ਮਿਲੇਗੀ। ਇਹ ਫ਼ੈਸਲਾ ਸਿਵਲ ਅਤੇ ਰੱਖਿਆ ਖੇਤਰ ਦੇ ਮੁਲਾਜ਼ਮਾਂ ਦੋਵਾਂ ਲਈ ਲਾਗੂ ਰਹੇਗਾ। ਅਨੁਰਾਗ ਠਾਕੁਰ ਨੇ ਕਿਹਾ ਕਿ ਮਹਿੰਗਾਈ ਭੱਤੇ ਦੇ ਵਧਣ ਨਾਲ ਸਰਕਾਰੀ ਖ਼ਜ਼ਾਨੇ 'ਤੇ ਹਰ ਸਾਲ 6591.36 ਕਰੋੜ ਰੁਪੇ ਦਾ ਵਾਧੂ ਭਾਰ ਪਏਗਾ। ਜਦਕਿ ਇਸ ਸਾਲ ਦੇ ਅੱਠ ਮਹੀਨਿਆਂ ਲਈ 4394.24 ਕਰੋੜ ਰੁਪਏ ਦਾ ਭਾਰ ਪਏਗਾ। ਜਦਕਿ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ 'ਚ ਵਾਧੇ ਨਾਲ ਹਰ ਸਾਲ 6261.20 ਕਰੋੜ ਰੁਪਏ ਸਾਲਾਨਾ ਜਦਕਿ ਚਾਲੂ ਮਾਲੀ ਸਾਲ ਦੇ 8 ਮਹੀਨਿਆਂ ਲਈ 4174.12 ਕਰੋੜ ਰੁਪਏ ਦਾ ਵਾਧੂ ਭਾਰ ਪਏਗਾ। ਜਦਕਿ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੋਵਾਂ ਦਾ ਸਾਂਝੇ ਤੌਰ 'ਤੇ ਸਰਕਾਰੀ ਖ਼ਜ਼ਾਨੇ 'ਚ 12,852.56 ਕਰੋੜ ਰੁਪਏ ਸਾਲਾਨਾ ਅਤੇ ਜੁਲਾਈ 2022 ਤੋਂ ਫਰਵਰੀ 2023 ਲਈ 8,568.36 ਕਰੋੜ ਰੁਪਏ ਦਾ ਸਰਕਾਰੀ ਖ਼ਜ਼ਾਨੇ 'ਤੇ ਵਾਧੂ ਬੋਝ ਪਏਗਾ। ਕੇਂਦਰ ਸਰਕਾਰ ਹਰ ਸਾਲ ਪਹਿਲੀ ਜੁਲਾਈ ਅਤੇ ਪਹਿਲੀ ਜਨਵਰੀ ਨੂੰ ਮਹਿੰਗਾਈ ਭੱਤੇ 'ਚ ਬਦਲਾਅ ਕਰਦੀ ਹੈ ਪਰ ਇਸ ਸੰਬੰਧ 'ਚ ਐਲਾਨ ਸਤੰਬਰ ਅਤੇ ਮਾਰਚ 'ਚ ਕੀਤਾ ਜਾਂਦਾ ਹੈ।
ਗ਼ਰੀਬ ਕਲਿਆਣ ਯੋਜਨਾ ਤਿੰਨ ਮਹੀਨੇ ਲਈ ਵਧਾਈ
ਕੇਂਦਰੀ ਮੰਤਰੀ ਮੰਡਲ ਨੇ ਪੀ. ਐਮ. ਗਰੀਬ ਕਲਿਆਣ ਯੋਜਨਾ 3 ਮਹੀਨੇ ਲਈ ਹੋਰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਦਸੰਬਰ 2022 ਤੱਕ ਇਸ ਯੋਜਨਾ ਦਾ ਲਾਭ ਮਿਲਦਾ ਰਹੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਦੇਸ਼ 'ਚ ਹੋਈ ਪਹਿਲੀ ਤਾਲਾਬੰਦੀ 'ਚ ਮਾਰਚ 2020 'ਚ ਪੀ. ਐਮ. ਗ਼ਰੀਬ ਕਲਿਆਣ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ 81 ਕਰੋੜ ਲੋਕਾਂ ਨੂੰ 5 ਕਿੱਲੋ ਚੌਲ ਜਾਂ ਕਣਕ ਅਤੇ ਇਕ ਕਿੱਲੋ ਛੋਲੇ ਦਿੱਤੇ ਜਾਣੇੇ ਹਨ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਯੋਜਨਾ ਵਧਾਏ ਜਾਣ ਦਾ ਐਲਾਨ ਕਰਦਿਆਂ ਕਿਹਾ ਕਿ ਹਾਲੇ ਤੱਕ ਇਸ ਯੋਜਨਾ ਨੂੰ 6 ਪੜਾਵਾਂ 'ਚ ਵਧਾਇਆ ਜਾ ਚੁੱਕਾ ਹੈ ਅਤੇ ਹੁਣ ਇਹ ਸੱਤਵੇੇਂ ਪੜਾਅ ਦਾ ਵਾਧਾ ਹੈ। ਠਾਕੁਰ ਮੁਤਾਬਿਕ ਹਾਲੇ ਤੱਕ ਦੇ 6 ਪੜਾਵਾਂ 'ਚ 3 ਲੱਖ 45 ਹਜ਼ਾਰ ਕਰੋੜ ਰੁਪਏ ਦਾ ਖ਼ਰਚਾ ਆਇਆ ਹੈ। ਹੁਣ ਜਦੋਂ ਇਹ ਯੋਜਨਾ ਹੋਰ 3 ਮਹੀਨੇ ਲਈ ਵਧਾਈ ਜਾ ਰਹੀ ਹੈ ਤਾਂ ਇਸ 'ਤੇ ਤਕਰੀਬਨ 44 ਹਜ਼ਾਰ ਕਰੋੜ ਰੁਪਏ ਦਾ ਖ਼ਰਚਾ ਆਏਗਾ।
ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਦੇ ਰੇਲਵੇ ਸਟੇਸ਼ਨਾਂ ਦਾ ਕੀਤਾ ਜਾਏਗਾ ਮੁੜ ਵਿਕਾਸ
ਮੰਤਰੀ ਮੰਡਲ ਵਲੋਂ ਲਏ ਗਏ ਤੀਜੇ ਵੱਡੇ ਫ਼ੈਸਲੇ 'ਚ ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਦੇ ਰੇਲਵੇ ਸਟੇਸ਼ਨਾਂ ਦੇ ਮੁੜ ਵਿਕਾਸ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦਿੰਦਿਆਂ 10,000 ਕਰੋੜ ਰੁਪਏ ਦੀ ਪ੍ਰਧਾਨਗੀ ਦਿੱਤੀ ਗਈ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਲਵੇ ਨਾਲ ਵਿਸ਼ੇਸ਼ 'ਭਾਵਨਾਤਮਿਕ ਜੁੜਾਅ' ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਰੇਲਵੇ ਸਟੇਸ਼ਨਾਂ ਦੇ ਵਿਕਾਸ ਲਈ ਮੰਤਰੀ ਮੰਡਲ ਵਲੋਂ 10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰੇਲਵੇ ਮੰਤਰੀ ਨੇ ਇਨ੍ਹਾਂ ਮੁੜ ਵਿਕਸਿਤ ਕੀਤੇ ਜਾਣ ਵਾਲੇ ਰੇਲਵੇ ਸਟੇਸ਼ਨਾਂ ਨੂੰ ਅਗਲੇ 50 ਸਾਲਾਂ ਨੂੰ ਧਿਆਨ 'ਚ ਰੱਖ ਕੇ ਲਏ ਫ਼ੈਸਲੇ ਦੱਸਦਿਆਂ ਕਿਹਾ ਕਿ ਇਹ ਰੇਲਵੇ ਸਟੇਸ਼ਨ ਆਵਾਜਾਈ ਦੀ ਸਮੱਸਿਆ, ਗ੍ਰੀਨ ਅਤੇ ਪੁੱਜਤ ਯੋਗ ਇਮਾਰਤ ਦੇ ਆਧਾਰ 'ਤੇ ਵਿਕਸਿਤ ਕੀਤੇ ਜਾਣਗੇ।
ਨਵੀਂ ਦਿੱਲੀ, 28 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਘਟਾਉਣ ਦੀ ਅਰਜ਼ੀ 'ਤੇ ਕੇਂਦਰ ਸਰਕਾਰ ਨੂੰ ਛੇਤੀ ਫ਼ੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ 2 ਮਈ ਦੇ ਹੁਕਮਾਂ ਮੁਤਾਬਕ ਫ਼ੈਸਲਾ ਲੈਣ ਲਈ ਦਿੱਤੀ ਗਈ ਦੋ ਮਹੀਨਿਆਂ ਦੀ ਸਮਾਂ ਹੱਦ ਕਾਫੀ ਦੇਰ ਤੋਂ ਮੁੱਕ ਚੁੱਕੀ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਸਰਕਾਰ ਭਾਵੇਂ ਕੋਈ ਵੀ ਫ਼ੈਸਲਾ ਲਵੇ ਪਰ ਇਸ 'ਤੇ ਫ਼ੈਸਲਾ ਲੈਣਾ ਹੀ ਹੋਵੇਗਾ। ਸਰਬ ਉੱਚ ਅਦਾਲਤ ਨੇ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਕਿ ਪਟੀਸ਼ਨ ਰਾਸ਼ਟਰਪਤੀ ਦੇ ਸਾਹਮਣੇ 24 ਮਾਰਚ, 2013 ਤੋਂ ਲੰਬਿਤ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਯੂ. ਯੂ. ਲਲਿਤ ਦੀ ਬੈਂਚ ਨੇ ਸਰਕਾਰ ਨੂੰ ਵੀਰਵਾਰ ਤੱਕ ਹਲਫ਼ਨਾਮਾ ਦਾਇਰ ਕਰਨ ਅਤੇ ਇਹ ਵੀ ਦੱਸਣ ਲਈ ਕਿਹਾ ਹੈ ਕਿ ਇਸ ਸੰਬੰਧ ਵਿਚ ਕਿੰਨੀ ਪ੍ਰਗਤੀ ਹੋਈ ਹੈ। ਸੁਪਰੀਮ ਕੋਰਟ ਵਿਚ ਇਸ ਮਾਮਲੇ ਦੀ ਅਗਲੀ ਸੁਣਵਾਈ 30 ਸਤੰਬਰ ਨੂੰ ਹੋਏਗੀ। ਸੁਪਰੀਮ ਕੋਰਟ ਕੇਂਦਰ ਦੇ ਵਕੀਲ ਵਲੋਂ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਦੀ ਦਲੀਲ ਤੋਂ ਵੀ ਨਾਖੁਸ਼ ਸੀ। ਚੀਫ਼ ਜਸਟਿਸ ਉਦੇ ਉਮੇਸ਼ ਲਲਿਤ ਅਤੇ ਜਸਟਿਸ ਐਸ. ਰਵਿੰਦਰ ਭੱਟ ਅਤੇ ਜੇ. ਬੀ. ਪਰਦੀਵਾਲਾ ਦੇ ਬੈਂਚ ਨੇ ਕਿਹਾ ਕਿ 2 ਮਈ (ਇਸੇ ਸਾਲ) ਨੂੰ ਦੋ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ। ਇਹ ਸਮਾਂ ਬਹੁਤ ਪਹਿਲਾਂ ਸਮਾਪਤ ਹੋ ਚੁੱਕਾ ਹੈ। ਹਾਲਾਂਕਿ ਸਾਲਿਸਟਰ ਜਨਰਲ ਵਲੋਂ ਦਾਇਰ ਕੀਤੇ ਹਲਫ਼ਨਾਮੇ ਅਨੁਸਾਰ ਸੰਬੰਧਿਤ ਅਧਿਕਾਰੀਆਂ ਵਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਬੈਂਚ ਨੇ ਪੁੱਛਿਆ ਕਿ ਜ਼ਿੰਮੇਵਾਰ ਅਧਿਕਾਰੀ ਕੌਣ ਹੈ। ਕੀ ਮੁੱਦੇ 'ਤੇ ਨੋਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਕੋਈ ਵਿਸ਼ੇਸ਼ ਫ਼ੈਸਲਾ ਲੈਣ ਲਈ ਮਜਬੂਰ ਨਹੀਂ ਕਰਦੇ। ਪਰ ਤੁਹਾਨੂੰ ਕੋਈ ਇਕ ਫ਼ੈਸਲਾ ਲੈਣਾ ਪਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2 ਮਈ ਨੂੰ ਸੁਪਰੀਮ ਕੋਰਟ ਨੇ ਭਾਈ ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਫ਼ੈਸਲਾ ਲੈਣ ਲਈ ਕੇਂਦਰ ਸਰਕਾਰ ਨੂੰ ਦੋ ਮਹੀਨੇ ਦਾ ਸਮਾਂ ਦਿੱਤਾ ਸੀ। ਭਾਈ ਰਾਜੋਆਣਾ ਨੂੰ 1995 'ਚ ਬੇਅੰਤ ਸਿੰਘ ਦੀ ਹੱਤਿਆ ਦੀ ਸਾਜਿਸ਼ ਰਚਣ ਤੇ ਇਸ ਨੂੰ ਅੰਜਾਮ ਦੇਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਮਾਮਲੇ 'ਚ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਮੌਤ ਦੀ ਸਜ਼ਾ ਦਾ ਫ਼ੈਸਲਾ ਹੋ ਚੁੱਕਾ ਹੈ ਪਰ ਲੰਬੇ ਸਮੇਂ ਤੋਂ ਭਾਈ ਰਾਜੋਆਣਾ ਦੀ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਲੰਬਿਤ ਹੈ। ਦੱਸਣਯੋਗ ਹੈ ਕਿ ਭਾਈ ਰਾਜੋਆਣਾ ਨੇ ਸਜ਼ਾ ਵਿਰੁੱਧ ਅਪੀਲ ਨਹੀਂ ਕੀਤੀ ਅਤੇ ਪਿਛਲੇ 25 ਸਾਲਾਂ ਤੋਂ ਜੇਲ੍ਹ ਵਿਚ ਬੰਦ ਹੈ। ਦੂਜਿਆਂ ਨੇ ਭਾਈ ਰਾਜੋਆਣਾ ਵਲੋਂ ਰਹਿਮ ਦੀ ਅਪੀਲ ਦਾਇਰ ਕੀਤੀ ਸੀ। ਦੱਸਣਯੋਗ ਹੈ ਕਿ ਸੀ.ਬੀ.ਆਈ. ਅਦਾਲਤ ਨੇ 1 ਅਗਸਤ 2007 ਨੂੰ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਤੇ ਭਾਈ ਰਾਜੋਆਣਾ ਨੇ ਇਸ ਮਾਮਲੇ 'ਚ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਭਾਈ ਰਾਜੋਆਣਾ ਨੂੰ 31 ਮਾਰਚ 2012 ਨੂੰ ਫ਼ਾਂਸੀ ਦਿੱਤੀ ਜਾਣੀ ਸੀ ਪਰ ਇਸ ਨੂੰ ਰੁਕਵਾਉਣ ਲਈ ਪੂਰੇ ਪੰਜਾਬ ਵਿਚ ਰੋਸ ਮੁਜ਼ਾਹਰੇ ਕੀਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸਿੱਖ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਮੁਆਫ਼ ਕਰਨ ਲਈ ਵੱਡੀ ਪੱਧਰ 'ਤੇ ਮੁਹਿੰਮ ਚਲਾਈ ਸੀ। ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਗ੍ਰਹਿ ਮੰਤਰਾਲੇ ਦੀ ਸਿਫ਼ਾਰਿਸ਼ 'ਤੇ ਭਾਈ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ 28 ਮਾਰਚ 2012 ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਸੀ। ਹੁਣ ਕੇਂਦਰ ਸਰਕਾਰ ਨੇ ਫ਼ੈਸਲਾ ਲੈਣਾ ਹੈ ਕਿ ਭਾਈ ਰਾਜੋਆਣਾ ਨੂੰ ਕਿੰਨੀ ਰਾਹਤ ਦੇਣੀ ਹੈ।
ਲੁਧਿਆਣਾ, 28 ਸਤੰਬਰ (ਕਵਿਤਾ ਖੁੱਲਰ)-ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਨੇ ਅੱਜ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਫ਼ੈਸਲਾ ਕਰੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵਲੋਂ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ ਸੀ, ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਤੇ ਇਸ ਸੰਬੰਧੀ ਬਹੁਤ ਦੇਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਸੁਪਰੀਮ ਕੋਰਟ 'ਚ ਇਸ ਕੇਸ ਦੀ ਤਰੀਕ ਸੀ ਪਰ ਕੇਂਦਰ ਸਰਕਾਰ ਵਲੋਂ ਅੱਜ 2 ਮਹੀਨੇ ਦਾ ਸਮਾਂ ਹੋਰ ਮੰਗਿਆ ਗਿਆ ਜਦਕਿ ਪਹਿਲਾਂ ਵੀ ਚਾਰ ਮਹੀਨੇ ਹੋ ਚੁੱਕੇ ਹਨ।
ਚੰਡੀਗੜ੍ਹ, 28 ਸਤੰਬਰ (ਹਰਕਵਲਜੀਤ ਸਿੰਘ)-ਅੱਜ ਵਿਧਾਨ ਸਭਾ 'ਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਬੀਤੇ ਦਿਨਾਂ ਦੌਰਾਨ ਲੀਕ ਹੋਈ ਵਿਵਾਦਤ ਵੀਡੀਓ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਣਾ ਸੰਭਵ ਹੈ ਕਿਉਂਕਿ ਵਿਰੋਧੀ ਧਿਰ ਵਲੋਂ ਇਸ ਮੁੱਦੇ 'ਤੇ ਸਰਕਾਰ ਦੀ ਚੁੱਪੀ ਨੂੰ ਮੁੱਦਾ ਬਣਾਇਆ ਜਾਵੇਗਾ। ਕਾਂਗਰਸ ਵਲੋਂ ਇਹ ਮੁੱਦਾ ਸਦਨ 'ਚ ਉਠਾਉਣ ਦੀਆਂ ਰਿਪੋਰਟਾਂ ਤੋਂ ਬਾਅਦ ਸਰਕਾਰ ਨੇ ਕੈਬਨਿਟ ਮੰਤਰੀ ਸਰਾਰੀ ਦਾ ਲਿਖਤੀ ਤੌਰ 'ਤੇ ਬੀਤੀ ਕੱਲ੍ਹ ਜਵਾਬ ਮੰਗਣ ਲਈ ਵੀ ਨੋਟਿਸ ਜਾਰੀ ਕੀਤਾ ਸੀ, ਪ੍ਰੰਤੂ ਇਸ ਮੁੱਦੇ 'ਤੇ ਮੁੱਖ ਮੰਤਰੀ ਤੇ ਸਮੁੱਚੀ ਸਰਕਾਰ ਤੇ ਪਾਰਟੀ ਜਿਵੇਂ ਖ਼ਾਮੋਸ਼ ਚੱਲ ਰਹੀ ਹੈ, ਉਸ ਨੂੰ ਵਿਧਾਨ ਸਭਾ 'ਚ ਮੁੱਦਾ ਜ਼ਰੂਰ ਬਣਾਇਆ ਜਾਵੇਗਾ। ਕਾਂਗਰਸ ਵਲੋਂ ਸੂਬੇ 'ਚ ਅਮਨ-ਕਾਨੂੰਨ ਦੀ ਸਥਿਤੀ ਤੇ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁੱਦਿਆਂ 'ਤੇ ਵੀ ਧਿਆਨ ਦਿਵਾਊ ਮੁੱਦੇ ਦਿੱਤੇ ਹਨ ਤੇ ਦੋ ਦਿਨਾਂ ਦਾ ਨੋਟਿਸ ਜ਼ਰੂਰੀ ਹੋਣ ਕਾਰਨ ਅਜਿਹੇ ਮਤੇ 30 ਸਤੰਬਰ ਜਾਂ 3 ਅਕਤੂਬਰ ਦੀ ਮੀਟਿੰਗ 'ਚ ਹੀ ਲੱਗ ਸਕਣਗੇ। ਦਿਲਚਸਪ ਗੱਲ ਇਹ ਹੈ ਕਿ 3 ਅਕਤੂਬਰ ਤੱਕ ਚੱਲਣ ਵਾਲੇ ਇਜਲਾਸ ਦੌਰਾਨ ਸਵਾਲ-ਜਵਾਬ ਦਾ ਸਮਾਂ ਨਹੀਂ ਹੋਵੇਗਾ। ਸਦਨ 'ਚ ਕੱਲ੍ਹ ਗੈਰ-ਸਰਕਾਰੀ ਕੰਮਕਾਜ ਵਾਲਾ ਦਿਨ ਹੋਣ ਕਾਰਨ ਹੁਕਮਰਾਨ ਧਿਰ ਦੇ ਵਿਧਾਇਕਾਂ ਦੇ ਤਿੰਨ ਮਤੇ ਵਿਚਾਰ ਲਈ ਸਪੀਕਰ ਵਲੋਂ ਪ੍ਰਵਾਨ ਹੋਏ ਹਨ, ਜਿਨ੍ਹਾਂ 'ਚੋਂ ਪਹਿਲਾ ਸਰਵਜੀਤ ਕੌਰ ਮਾਣੂੰਕੇ ਤੇ ਕੁਲਵੰਤ ਸਿੰਘ ਪੰਡੋਰੀ ਦਾ ਮਤਾ ਸਰਕਾਰ ਨੂੰ ਅਨੁਸੂਚਿਤ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਤੋਂ ਸਮੇਂ ਸਿਰ ਸਰਟੀਫਿਕੇਟ ਨਾ ਮਿਲਣ ਸਬੰਧੀ ਹੈ ਕਿਉਂਕਿ ਸਰਕਾਰ ਸੰਸਥਾਵਾਂ ਨੂੰ ਸਮੇਂ ਸਿਰ ਵਜ਼ੀਫ਼ਾ ਰਾਸ਼ੀ ਅਦਾ ਨਹੀਂ ਕਰਦੀ। ਵਿਧਾਇਕ ਗੁਰਲਾਲ ਸਿੰਘ ਘਨੌਰ ਤੇ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ 'ਖੇਡਾਂ ਵਤਨ ਪੰਜਾਬ ਦੀਆਂ' ਲਈ ਬੱਚਿਆਂ ਤੇ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਕਹਿਣ ਸੰਬੰਧੀ ਮਤਾ ਰੱਖਿਆ ਗਿਆ ਹੈ ਜਦਕਿ ਵਿਧਾਇਕ ਗੁਰਪ੍ਰੀਤ ਸਿੰਘ ਬਾਨਾਂਵਾਲੀ ਵਲੋਂ ਸੂਬਾ ਸਰਕਾਰ ਨੂੰ ਪਰਾਲੀ ਸਾੜਨ ਕਾਰਨ ਹੁੰਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਕਦਮ ਚੁੱਕਣ ਲਈ ਕਿਹਾ ਗਿਆ ਹੈ।
ਨਵੀਂ ਦਿੱਲੀ, 28 ਸਤੰਬਰ (ਏਜੰਸੀ)- ਲੈਫ਼. ਜਨ. ਅਨਿਲ ਚੌਹਾਨ (ਸੇਵਾਮੁਕਤ) ਨੂੰ ਰੱਖਿਆ ਸੈਨਾਵਾਂ (ਸੀ.ਡੀ.ਐਸ.) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਜਨਰਲ ਬਿਪਿਨ ਰਾਵਤ ਦੇ ਦਿਹਾਂਤ ਤੋਂ ਬਾਅਦ ਇਹ ਅਹੁਦਾ 9 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਖਾਲੀ ਸੀ। ਲਗਪਗ 40 ਸਾਲਾਂ ਦੇ ਕਰੀਅਰ 'ਚ ਅਨਿਲ ਚੌਹਾਨ ਨੇ ਕਈ ਕਮਾਂਡ, ਸਟਾਫ ਅਤੇ ਇੰਸਟਰੂਮੈਂਟਲ ਨਿਯੁਕਤੀਆਂ ਕੀਤੀਆਂ ਹਨ ਅਤੇ ਜੰਮੂ ਕਸ਼ਮੀਰ ਤੇ ਉੱਤਰ-ਪੂਰਬੀ ਭਾਰਤ 'ਚ ਅੱਤਵਾਦ ਵਿਰੋਧੀ ਕਾਰਵਾਈਆਂ 'ਚ ਵਿਆਪਕ ਤਜਰਬਾ ਰੱਖਦੇ ਹਨ।
ਨਵੀਂ ਦਿੱਲੀ, 28 ਸਤੰਬਰ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਚਰਚਿਤ ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਉਸ ਨੂੰ ਕੇਂਦਰੀ ਦਿੱਲੀ ਸਥਿਤ ਏਜੰਸੀ ਦੇ ਦਫ਼ਤਰ 'ਚ ਰਾਤ ਭਰ ਪੁੱਛਗਿੱਛ ਕਰਨ ਤੋਂ ਬਾਅਦ ਹਵਾਲਾ ਰਾਸ਼ੀ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਹਿਰਾਸਤ 'ਚ ਲਿਆ ਗਿਆ। ਮਹੇਂਦਰੂ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿੱਥੇ ਈ.ਡੀ. ਉਸ ਦਾ ਰਿਮਾਂਡ ਮੰਗੇਗੀ। ਮਹੇਂਦਰੂ ਤੋਂ ਸੀ.ਬੀ.ਆਈ. ਪਹਿਲਾਂ ਵੀ ਪੁੱਛਗਿੱਛ ਕਰ ਚੁੱਕੀ ਹੈ, ਜੋ ਇਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਸੀ.ਬੀ.ਆਈ. ਨੇ ਕਾਰੋਬਾਰੀ ਵਿਜੇ ਨਾਇਰ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੇ ਨਾਲ ਹੀ ਨਵੀਂ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਵਿਜੇ ਨਾਇਰ ਨੂੰ 5 ਦਿਨ ਦੀ ਸੀ.ਬੀ.ਆਈ. ਹਿਰਾਸਤ 'ਚ ਭੇਜ ਦਿੱਤਾ ਹੈ। ਆਬਕਾਰੀ ਘੁਟਾਲੇ 'ਚ ਗ੍ਰਿਫਤਾਰ ਹੋਣ ਵਾਲੇ ਨਾਇਰ ਪਹਿਲੇ ਵਿਅਕਤੀ ਹਨ।
ਜਲੰਧਰ, 28 ਸਤੰਬਰ (ਜਸਪਾਲ ਸਿੰਘ)-ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ 29 ਸਤੰਬਰ ਦਿਨ ਵੀਰਵਾਰ ਨੂੰ ਜਲੰਧਰ-ਫਗਵਾੜਾ ਹਾਈਵੇ ਜਾਮ ਕਰਨ ਦਾ ਦਿੱਤਾ ਗਿਆ ਸੱਦਾ 3 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ...
ਨਵੀਂ ਦਿੱਲੀ, 28 ਸਤੰਬਰ (ਉਪਮਾ ਡਾਗਾ ਪਾਰਥ)-ਰਾਜਸਥਾਨ ਸੰਕਟ ਦੀਆਂ ਘੁੰਮਣ-ਘੇਰੀਆਂ 'ਚ ਫਸੀ ਕਾਂਗਰਸ ਪ੍ਰਧਾਨਗੀ ਲਈ ਪਲਾਨ ਬੀ ਨੂੰ ਅੱਗੇ ਤੋਰਦਿਆਂ ਦਿਗਵਿਜੈ ਸਿੰਘ ਦੇ ਨਾਂਅ 'ਤੇ ਵਿਚਾਰ ਕਰ ਰਹੀ ਹੈ, ਕਾਂਗਰਸੀ ਹਲਕਿਆਂ ਮੁਤਾਬਿਕ ਦਿਗਵਿਜੈ, ਜੋ ਕਿ 'ਭਾਰਤ ਜੋੜੋ ...
ਜਸਬੀਰ ਸਿੰਘ ਨੂਰਪੁਰ ਬੰਗਾ, 28 ਸਤੰਬਰ - ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੇਅਰ ਸਥਾਪਿਤ ਕੀਤੀ ਜਾਵੇਗੀ ਅਤੇ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਮੁੜ ਸ਼ੁਰੂ ਕੀਤਾ ਜਾਵੇਗਾ। ਇਹ ਐਲਾਨ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ...
ਨਵੀਂ ਦਿੱਲੀ, 28 ਸਤੰਬਰ (ਪੀ. ਟੀ. ਆਈ./ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਪਾਪੂਲਰ ਫਰੰਟ ਆਫ ਇੰਡੀਆ (ਪੀ.ਐਫ.ਆਈ.) ਅਤੇ ਇਸ ਦੇ ਕਈ ਸਹਿਯੋਗੀਆਂ 'ਤੇ ਆਈ.ਐਸ.ਆਈ.ਐਸ. ਵਰਗੇ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਹੋਣ ਦਾ ਦੋਸ਼ ਲਗਾਉਂਦੇ ਹੋਏ ਸਖ਼ਤ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ...
ਚੰਡੀਗੜ੍ਹ, 28 ਸਤੰਬਰ (ਅਜੀਤ ਬਿਊਰੋ)- ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਗਰੋਹ ਦੇ ਇਕ ਕਾਰਕੁੰਨ ਨੂੰ ਕਤਲ ਦੀ ਕੋਸ਼ਿਸ਼, ਹਮਲਾ ਕਰਨ ਅਤੇ ਲੁੱਟ-ਖੋਹ ਨਾਲ ਸੰਬੰਧਿਤ ਕਈ ਘਿਨਾਉਣੇ ਅਪਰਾਧਾਂ 'ਚ ਸ਼ਾਮਿਲ ਹੋਣ ਦੇ ਦੋਸ਼ ਹੇਠ ਬਿਹਾਰ ਸੂਬੇ ...
ਨਵੀਂ ਦਿੱਲੀ, 28 ਸਤੰਬਰ (ਏਜੰਸੀ)-ਵਕਫ਼ ਬੋਰਡ 'ਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਾਮਲੇ 'ਚ ਗ੍ਰਿਫ਼ਤਾਰ 'ਆਪ' ਵਿਧਾਇਕ ਅਮਾਨਤੁੱਲਾ ਖਾਨ ਨੂੰ ਦਿੱਲੀ ਦੇ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਵਿਕਾਸ ਧੂਲ ਨੇ ਅਰਜ਼ੀ ਮਨਜ਼ੂਰ ਕਰਦੇ ਹੋਏ ਇਕ ਲੱਖ ਰੁਪਏ ਦੇ ਨਿੱਜੀ ...
ਲਖੀਮਪੁਰ ਖੀਰੀ (ਯੂ.ਪੀ.), 28 ਸਤੰਬਰ (ਪੀ. ਟੀ. ਆਈ.)-ਇਥੇ ਨੈਸ਼ਨਲ ਹਾਈਵੇਅ 730 'ਤੇ ਇਕ ਨਿੱਜੀ ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਭਿਆਨਕ ਟੱਕਰ 'ਚ 10 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 41 ਹੋਰ ਜ਼ਖ਼ਮੀ ਹੋ ਗਏ। ਲਖੀਮਪੁਰ ਖੀਰੀ ਦੇ ਮੁੱਖ ਮੈਡੀਕਲ ਅਧਿਕਾਰੀ (ਸੀ. ਐਮ. ਓ.) ...
ਨਵੀਂ ਦਿੱਲੀ, 28 ਸਤੰਬਰ (ਏਜੰਸੀ)- ਸੀਨੀਅਰ ਵਕੀਲ ਆਰ. ਵੈਂਕਟਰਮਨੀ ਨੂੰ ਤਿੰਨ ਸਾਲਾਂ ਦੇ ਸਮੇਂ ਲਈ ਭਾਰਤ ਦਾ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ ਕੇ.ਕੇ. ਵੇਣੂਗੋਪਾਲ ਜਿਨ੍ਹਾਂ ਦਾ ਕਾਰਜਕਾਲ 30 ਸਤੰਬਰ ਨੂੰ ਖਤਮ ਹੋ ਰਿਹਾ ਹੈ, ਦੀ ਥਾਂ ਲੈਣਗੇ। ਇਕ ਹੋਰ ਸੀਨੀਅਰ ...
ਕੋਲਮ (ਕੇਰਲ), 28 ਸਤੰਬਰ (ਏਜੰਸੀ)- ਪੀ.ਐਫ.ਆਈ. ਦੇ ਸੂਬਾ ਜਨਰਲ ਸਕੱਤਰ ਅਬਦੁਲ ਸੱਤਾਰ ਨੂੰ ਇਥੇ ਕਰੁਣਾਗਪੱਲੀ ਤੋਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਸ ਨੇ ਸੰਗਠਨ ਦੀ ਕੇਰਲ ਇਕਾਈ ਦੇ ਫੇਸਬੁੱਕ ਪੇਜ਼ 'ਤੇ ਪੋਸਟ ਪਾਈ ਸੀ ਕਿ ਦੇਸ਼ ਦੇ ਕਾਨੂੰਨ ਦਾ ਪਾਲਣ ਕਰਨ ਵਾਲੇ ਨਾਗਰਿਕਾਂ ...
ਬੀਜਾਪੁਰ, 28 ਸਤੰਬਰ (ਏਜੰਸੀ)-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਬੁੱਧਵਾਰ ਦੀ ਸ਼ਾਮ ਨਕਸਲੀਆਂ ਵਲੋਂ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ 'ਚ ਸੀ. ਆਰ. ਪੀ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ। ਬੀਜਾਪੁਰ ਦੇ ਐਸ. ਪੀ. ਅੰਜਨੇਆ ਵਰਸ਼ਨੇ ਨੇ ਕਿਹਾ ਕਿ ਇਹ ਘਟਨਾ ਸ਼ਾਮ 6:30 ਵਜੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX