ਬਿਨਾਂ ਸ਼ੱਕ ਦੇਸ਼ ਨੇ ਸਨਿਚਰਵਾਰ ਨੂੰ 5ਜੀ ਮੋਬਾਈਲ ਸੇਵਾ ਸ਼ੁਰੂ ਕਰਕੇ ਇਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਂਅ ਕਰ ਲਈ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ 'ਇੰਡੀਆ ਮੋਬਾਈਲ ਕਾਂਗਰਸ' ਦੌਰਾਨ ਇਹ ਸੇਵਾ ਸ਼ੁਰੂ ਕਰਨ ਦਾ ਉਦਘਾਟਨ ਕੀਤਾ ਹੈ। 1 ਅਕਤੂਬਰ ਤੋਂ ਇਹ ਸੇਵਾ ਭਾਰਤੀ ਏਅਰਟੈੱਲ ਕੰਪਨੀ 8 ਸ਼ਹਿਰਾਂ ਵਿਚ ਸ਼ੁਰੂ ਕਰ ਰਹੀ ਹੈ ਅਤੇ ਇਨ੍ਹਾਂ ਵਿਚ ਦਿੱਲੀ, ਮੁੰਬਈ, ਵਾਰਾਨਸੀ ਤੇ ਬੈਂਗਲੁਰੂ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਰਿਲਾਇੰਸ ਜੀਓ ਕੰਪਨੀ 4 ਮਹਾਂਨਗਰਾਂ ਵਿਚ ਇਸੇ ਮਹੀਨੇ ਦੌਰਾਨ ਇਹ ਸੇਵਾ ਸ਼ੁਰੂ ਕਰ ਰਹੀ ਹੈ। ਇਸ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ 2023 ਦੇ ਅਖ਼ੀਰ ਤੱਕ ਇਹ ਸਾਰੇ ਦੇਸ਼ ਵਿਚ 5ਜੀ ਸੇਵਾਵਾਂ ਮੁਹੱਈਆ ਕਰ ਦੇਵੇਗੀ। ਭਾਰਤੀ ਏਅਰਟੈੱਲ ਨੇ, 2024 ਤੱਕ ਆਪਣੇ ਵਲੋਂ ਸਾਰੇ ਦੇਸ਼ ਵਿਚ ਇਹ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ। ਪਰ ਦੇਸ਼ ਦੀ ਤੀਜੀ ਵੱਡੀ ਕੰਪਨੀ ਵੋਡਾ ਫੋਨ ਆਈਡੀਆ ਲਿਮਟਿਡ ਨੇ ਅਜੇ ਆਪਣੇ ਵਲੋਂ ਇਹ ਸੇਵਾ ਸ਼ੁਰੂ ਕਰਨ ਦੀ ਸਮਾਂ-ਸੀਮਾ ਦਾ ਐਲਾਨ ਨਹੀਂ ਕੀਤਾ।
ਇਸ ਸੇਵਾ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਿਹਾ ਕਿ ਦੇਸ਼ ਦੇ 130 ਕਰੋੜ ਲੋਕਾਂ ਨੂੰ ਦੇਸ਼ ਦੀ ਟੈਲੀਕਾਮ ਸਨਅਤ ਵਲੋਂ ਇਹ ਇਕ ਸ਼ਾਨਦਾਰ ਤੋਹਫ਼ਾ ਹੈ। 5ਜੀ ਟੈਲੀਫੋਨ ਸੇਵਾ ਸ਼ੁਰੂ ਹੋਣ ਨਾਲ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਨਾਲ ਹਰ ਖੇਤਰ ਵਿਚ ਅਣਗਿਣਤ ਸੰਭਾਵਨਾਵਾਂ ਪੈਦਾ ਹੋਣਗੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸੇਵਾ 4ਜੀ ਨਾਲੋਂ ਕਿਤੇ ਵੱਧ ਤੇਜ਼ ਹੋਵੇਗੀ ਤੇ ਇਸ ਨਾਲ ਜੁੜੇ ਅਰਬਾਂ ਯੰਤਰਾਂ ਦਰਮਿਆਨ ਡਾਟਾ ਬੇਹੱਦ ਤੇਜ਼ੀ ਨਾਲ ਸਾਂਝਾ ਹੋ ਸਕੇਗਾ। ਇਸ ਦੇ ਸਿੱਟੇ ਵਜੋਂ ਸਿਹਤ, ਸਿੱਖਿਆ, ਖੇਤੀਬਾੜੀ ਨੂੰ ਲਾਭ ਪੁੱਜੇਗਾ ਅਤੇ ਸੰਕਟਾਂ ਨਾਲ ਨਜਿੱਠਣ ਵਿਚ ਵੀ ਕ੍ਰਾਂਤੀਕਾਰੀ ਸੁਧਾਰ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਦੇਸ਼ ਵਿਚ 2ਜੀ, 3ਜੀ ਅਤੇ 4ਜੀ ਟੈਲੀਕਾਮ ਸੇਵਾਵਾਂ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਦੇਸ਼ ਵਿਦੇਸ਼ੀ ਤਕਨਾਲੋਜੀ 'ਤੇ ਨਿਰਭਰ ਸੀ। ਪਰ ਹੁਣ ਦੇਸ਼ ਨੇ 5ਜੀ ਤਕਨਾਲੋਜੀ ਖ਼ੁਦ ਵਿਕਸਤ ਕਰਕੇ ਇਤਿਹਾਸ ਸਿਰਜਿਆ ਹੈ।
ਬਿਨਾਂ ਸ਼ੱਕ ਦੇਸ਼ ਦੀ ਇਹ ਇਕ ਬਹੁਤ ਵੱਡੀ ਪ੍ਰਾਪਤੀ ਹੈ। ਪਿਛਲੇ ਕੁਝ ਹੀ ਦਹਾਕਿਆਂ ਵਿਚ ਸੂਚਨਾ ਕ੍ਰਾਂਤੀ ਨੇ ਦੁਨੀਆ ਦੀ ਤਸਵੀਰ ਬਦਲ ਦਿੱਤੀ ਹੈ। ਇਸ ਸੂਚਨਾ ਕ੍ਰਾਂਤੀ ਦੇ ਆਧਾਰ 'ਤੇ ਹੀ ਕਿਹਾ ਜਾਂਦਾ ਹੈ ਕਿ ਹੁਣ ਦੁਨੀਆ ਇਸ ਤਰ੍ਹਾਂ ਆਪਸ ਵਿਚ ਜੁੜ ਗਈ ਹੈ ਕਿ ਇਸ ਨੂੰ ਇਕ ਪਿੰਡ ਵੀ ਕਿਹਾ ਜਾ ਸਕਦਾ ਹੈ। ਜਿਥੋਂ ਤੱਕ ਸਾਡੇ ਦੇਸ਼ ਦਾ ਸੰਬੰਧ ਹੈ, ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਭਾਰਤ ਵੀ ਦੁਨੀਆ ਦੇ ਹੋਰ ਦੇਸ਼ਾਂ ਨਾਲ ਇਸ ਸੰਬੰਧ ਵਿਚ ਕਦਮ ਮਿਲਾ ਕੇ ਚੱਲ ਰਿਹਾ ਹੈ। ਜੇਕਰ ਕੁਝ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਹਿਰਾਂ ਵਿਚ ਟਾਵੇਂ-ਟਾਵੇਂ ਲੋਕਾਂ ਕੋਲ ਹੀ ਲੈਂਡਲਾਈਨ ਫੋਨ ਹੁੰਦੇ ਸਨ ਤੇ ਆਮ ਲੋਕਾਂ ਨੂੰ ਲੋੜ ਪੈਣ 'ਤੇ ਟੈਲੀਫੋਨ ਸਹੂਲਤ ਦੀ ਵਰਤੋਂ ਕਰਨ ਲਈ ਡਾਕਖਾਨਿਆਂ ਵਿਚ ਜਾ ਕੇ ਕਾਲਾਂ ਬੁੱਕ ਕਰਾਉਣੀਆਂ ਪੈਂਦੀਆਂ ਸਨ, ਫਿਰ ਦਿਨ ਭਰ ਕਾਲ ਲੱਗਣ ਦੀ ਉਡੀਕ ਕਰਨੀ ਪੈਂਦੀ ਸੀ। ਦਿਹਾਤੀ ਖੇਤਰਾਂ ਦੇ ਡਾਕਖਾਨਿਆਂ ਵਿਚ ਵੀ ਵਿਰਲੇ-ਵਿਰਲੇ ਹੀ ਫੋਨ ਹੁੰਦੇ ਸਨ। ਉਥੋਂ ਸ਼ਹਿਰਾਂ ਨੂੰ ਜਾਂ ਦੁਨੀਆ ਦੇ ਹੋਰ ਹਿੱਸਿਆਂ ਨੂੰ ਟੈਲੀਫੋਨ ਕਰਨਾ ਬੇਹੱਦ ਔਖਾ ਕਾਰਜ ਹੁੰਦਾ ਸੀ। ਪਰ ਤੇਜ਼ੀ ਨਾਲ ਹੋਈ ਸੂਚਨਾ ਤੇ ਸੰਚਾਰ ਕ੍ਰਾਂਤੀ ਨੇ ਪਿੰਡਾਂ ਅਤੇ ਸ਼ਹਿਰਾਂ, ਇਥੋਂ ਤੱਕ ਸਾਰੇ ਦੇਸ਼ ਨੂੰ ਦੁਨੀਆ ਦੇ ਹੋਰ ਦੇਸ਼ਾਂ ਨਾਲ ਜੋੜ ਦਿੱਤਾ ਹੈ।
ਹੁਣ 5ਜੀ ਨਾਲ ਆਮ ਲੋਕਾਂ ਦੇ ਜੀਵਨ ਵਿਚ ਜੋ ਵੱਡੀਆਂ ਤਬਦੀਲੀਆਂ ਆਉਣਗੀਆਂ, ਉਹ ਵੀ ਬੇਹੱਦ ਹੈਰਾਨੀਜਨਕ ਹੋਣਗੀਆਂ। ਜਿਥੋਂ ਤੱਕ ਇੰਟਰਨੈੱਟ ਦਾ ਸੰਬੰਧ ਹੈ, ਇਸ ਦੀ ਸਪੀਡ 4ਜੀ ਇੰਟਰਨੈੱਟ ਤੋਂ 10 ਗੁਣਾ ਤੋਂ ਵੀ ਜ਼ਿਆਦਾ ਵਧ ਜਾਵੇਗੀ। ਇਸ ਦਾ ਪ੍ਰਭਾਵ ਇਹ ਪਵੇਗਾ ਕਿ ਦਿਹਾਤੀ ਖੇਤਰਾਂ ਵਿਚ ਵੀ ਸੰਚਾਰ ਸੇਵਾਵਾਂ ਬੇਹੱਦ ਤੇਜ਼ ਹੋ ਜਾਣਗੀਆਂ। ਜਿਸ ਦਾ ਚੋਖਾ ਲਾਭ ਖੇਤੀਬਾੜੀ ਖੇਤਰ ਨੂੰ ਹੋਵੇਗਾ। ਕਿਸਾਨਾਂ ਤੇ ਖੇਤੀਬਾੜੀ ਮਾਹਿਰਾਂ ਵਿਚਕਾਰ ਰਾਬਤਾ ਕਿਤੇ ਬਿਹਤਰ ਹੋ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਫ਼ਸਲਾਂ 'ਤੇ ਸਪਰੇਅ ਲਈ ਡਰੋਨਾਂ ਦੀ ਵੀ ਬਿਹਤਰ ਢੰਗ ਨਾਲ ਵਰਤੋਂ ਹੋ ਸਕੇਗੀ। ਪਿੰਡਾਂ ਦੇ ਸਿਹਤ ਕੇਂਦਰ, ਸ਼ਹਿਰਾਂ ਦੇ ਵੱਡੇ ਹਸਪਤਾਲਾਂ ਨਾਲ ਚੰਗੀ ਤਰ੍ਹਾਂ ਜੁੜ ਸਕਣਗੇ ਅਤੇ ਪਿੰਡਾਂ ਦੇ ਸਿਹਤ ਕੇਂਦਰਾਂ ਰਾਹੀਂ ਸ਼ਹਿਰਾਂ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਡਾਕਟਰਾਂ ਤੇ ਸਿਹਤ ਮਾਹਿਰਾਂ ਤੋਂ ਲੋਕ ਸਿਹਤ ਸੰਬੰਧੀ ਸੇਵਾਵਾਂ ਲੈ ਸਕਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੇਸ਼-ਵਿਦੇਸ਼ ਦੇ ਮਾਹਿਰ ਡਾਕਟਰ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠ ਕੇ 5ਜੀ ਇੰਟਰਨੈੱਟ ਤਕਨਾਲੋਜੀ ਰਾਹੀਂ ਸਰਜਰੀ ਕਰਨ ਵਾਲੇ ਡਾਕਟਰਾਂ ਦੀ ਲੋੜੀਂਦੀ ਅਗਵਾਈ ਕਰ ਸਕਣਗੇ। ਸਿੱਖਿਆ ਦੇ ਖੇਤਰ ਵਿਚ ਵੀ ਇਸ ਨਾਲ ਵੱਡਾ ਸੁਧਾਰ ਹੋਵੇਗਾ। ਕੋਰੋਨਾ ਮਹਾਂਮਾਰੀ ਦੌਰਾਨ ਅਸੀਂ ਦੇਖਿਆ ਹੈ ਕਿ ਦਿਹਾਤੀ ਖੇਤਰਾਂ ਵਿਚ ਇੰਟਰਨੈੱਟ ਦੀ ਸਪੀਡ ਘੱਟ ਹੋਣ ਕਾਰਨ ਆਨਲਾਈਨ ਸਿੱਖਿਆ ਹਾਸਲ ਕਰਨ ਦੇ ਮਾਮਲੇ ਵਿਚ ਵਿਦਿਆਰਥੀਆਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇੰਟਰਨੈੱਟ ਦੀ ਸਪੀਡ ਵਧਣ ਨਾਲ ਆਡੀਓ ਤੇ ਵੀਡੀਓ ਕਾਲਿੰਗ ਵਿਚ ਵੱਡਾ ਸੁਧਾਰ ਹੋਵੇਗਾ ਅਤੇ ਦਿਹਾਤੀ ਖੇਤਰ ਦੇ ਵਿਦਿਆਰਥੀ ਵੀ ਆਪਣੇ ਵਿੱਦਿਅਕ ਅਦਾਰਿਆਂ ਤੋਂ ਬਿਹਤਰ ਢੰਗ ਨਾਲ ਆਨਲਾਈਨ ਸਿੱਖਿਆ ਹਾਸਲ ਕਰ ਸਕਣਗੇ। ਡਿਜੀਟਲ ਮੀਡੀਆ ਨੂੰ ਇਸ ਨਾਲ ਬਹੁਤ ਲਾਭ ਹੋਵੇਗਾ। ਉਸ ਨੂੰ ਆਪਣੇ ਪਲੇਟਫਾਰਮਾਂ 'ਤੇ ਵੀਡੀਓਜ਼ ਅਪਲੋਡ ਕਰਨ ਅਤੇ ਆਨਲਾਈਨ ਇੰਟਰਵਿਊਜ਼ ਤੇ ਵਿਚਾਰ-ਚਰਚਾ ਕਰਵਾਉਣ ਵਿਚ ਪਹਿਲਾਂ ਨਾਲੋਂ ਕਿਤੇ ਵੱਧ ਸੌਖ ਹੋ ਜਾਵੇਗੀ। ਦੇਸ਼ ਦੇ ਆਮ ਮੋਬਾਈਲ ਫੋਨ ਵਰਤਣ ਵਾਲੇ ਲੋਕਾਂ ਨੂੰ ਵੀ ਇਹਦੇ ਨਾਲ ਕਾਫ਼ੀ ਸਹੂਲਤਾਂ ਮਿਲਣਗੀਆਂ। ਵੱਟਸਐਪ ਜਾਂ ਹੋਰ ਐਪਾਂ ਦੇ ਰਾਹੀਂ ਆਡੀਓ ਤੇ ਵੀਡੀਓ ਕਾਲਾਂ ਕਰਨ ਸਮੇਂ ਜਿਹੜਾ ਕਈ ਵਾਰ ਸੰਚਾਰ ਟੁੱਟ ਜਾਂਦਾ ਸੀ ਅਤੇ ਵੀਡੀਓ ਤੇ ਆਡੀਓ ਕਾਲ ਵਿਚ ਵਿਘਨ ਪੈ ਜਾਂਦਾ ਸੀ, ਆਵਾਜ਼ ਦੀ ਕੁਆਲਿਟੀ ਬਰਕਰਾਰ ਰੱਖਣ ਵਿਚ ਵੀ ਸਮੱਸਿਆ ਆਉਂਦੀ ਸੀ, ਇਸ ਕਾਰਨ ਗੱਲਬਾਤ ਕਰਨ ਲਈ ਵਾਰ-ਵਾਰ ਕਾਲਾਂ ਵੀ ਕਰਨੀਆਂ ਪੈਂਦੀਆਂ ਸਨ, ਇਹ ਸਮੱਸਿਆਵਾਂ ਹੁਣ ਕਾਫ਼ੀ ਹੱਦ ਤੱਕ ਦੂਰ ਹੋਣ ਦੀ ਸੰਭਾਵਨਾ ਹੈ। ਵੀਡੀਓਜ਼ ਤੇਜ਼ੀ ਨਾਲ ਅਪਲੋਡ ਤੇ ਡਾਊਨਲੋਡ ਹੋਣ ਲੱਗਣਗੀਆਂ। ਮਨੋਰੰਜਨ ਦੇ ਖੇਤਰ ਨੂੰ ਵੀ ਇਸ ਨਾਲ ਵੱਡਾ ਲਾਭ ਮਿਲੇਗਾ। ਨੈੱਟਫਲਿਕਸ, ਐਮਾਜ਼ੋਨ ਅਤੇ ਹੋਰ ਓ.ਟੀ.ਟੀ. ਪਲੇਟਫਾਰਮਾਂ 'ਤੇ ਫ਼ਿਲਮਾਂ ਦੇਖਣ ਤੇ ਦਿਖਾਉਣ ਦਾ ਕੰਮ ਹੋਰ ਬਿਹਤਰ ਹੋ ਸਕੇਗਾ। ਆਨਲਾਈਨ ਪੇਮੈਂਟ ਕਰਨ ਤੇ ਪੇਮੈਂਟ ਪ੍ਰਾਪਤ ਕਰਨ ਦੇ ਮਾਮਲੇ ਵਿਚ ਵੀ ਸੁਧਾਰ ਹੋਣਗੇ। ਬਿਨਾਂ ਡਰਾਈਵਰਾਂ ਤੋਂ ਆਟੋਮੈਟਿਕ ਵਾਹਨ ਚਲਾਉਣ ਦੀ ਪ੍ਰਣਾਲੀ ਵੀ ਇਸ ਨਾਲ ਵਿਕਸਤ ਹੋ ਸਕਦੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇੰਡੀਆ ਮੋਬਾਈਲ ਕਾਂਗਰਸ ਦੌਰਾਨ ਵੱਖ-ਵੱਖ ਮੋਬਾਈਲ ਕੰਪਨੀਆਂ ਨੇ 5ਜੀ ਸੰਚਾਰ ਤਨਕਾਲੋਜੀ ਦੇ ਜੀਵਨ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਕੁਝ ਝਲਕਾਂ ਵੀ ਦਿਖਾਈਆਂ ਹਨ। 5ਜੀ ਤਕਨਾਲੋਜੀ ਰਾਹੀਂ ਪ੍ਰਧਾਨ ਮੰਤਰੀ ਨੇ ਇੰਡੀਆ ਮੋਬਾਈਲ ਕਾਂਗਰਸ ਕੇ ਸਮਾਗਮ ਦੌਰਾਨ ਹੀ ਯੂਰਪ ਵਿਚ ਇਕ ਕਾਰ ਵੀ ਚਲਾ ਕੇ ਦੇਖੀ ਹੈ। ਇਸੇ ਤਰ੍ਹਾਂ ਇਕ ਹੋਰ ਕੰਪਨੀ ਨੇ ਅਧਿਆਪਕਾਂ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਰਮਿਆਨ ਆਨਲਾਈਨ ਸਿੱਖਿਆ ਦਾ ਪ੍ਰਦਰਸ਼ਨ ਕਰਕੇ ਦਿਖਾਇਆ ਹੈ। ਇਸ ਕਾਰਨ ਉਚੇਰੀ ਸਿੱਖਿਆ, ਖ਼ਾਸ ਕਰਕੇ ਯੂਨੀਵਰਸਿਟੀਆਂ ਦੀਆਂ ਆਨਲਾਈਨ ਸਿੱਖਿਆ ਸਰਗਰਮੀਆਂ ਵਿਚ ਬਹੁਤ ਵਾਧਾ ਹੋਣ ਦੀ ਸੰਭਾਵਨਾ ਹੈ। ਇਕ ਹੋਰ ਕੰਪਨੀ ਨੇ ਮੈਟਰੋ ਰੇਲ ਲਈ ਸੁਰੰਗ ਵਿਚ ਕੰਮ ਕਰ ਰਹੇ ਵਰਕਰਾਂ ਨਾਲ ਵੀ ਆਨਲਾਈਨ ਤਾਲਮੇਲ ਕਰਕੇ ਵਿਖਾਇਆ ਹੈ।
ਇਨ੍ਹਾਂ ਸਾਰੀਆਂ ਸੰਭਾਵਨਾਵਾਂ ਨੂੰ ਮੁੱਖ ਰੱਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਪਿਛਲੇ ਕੁਝ ਦਹਾਕਿਆਂ ਦੌਰਾਨ ਸੂਚਨਾ ਕ੍ਰਾਂਤੀ ਨੇ ਦੁਨੀਆ ਨੂੰ ਤੇਜ਼ੀ ਨਾਲ ਬਦਲਿਆ ਹੈ। 5ਜੀ ਟੈਲੀਫੋਨ ਸੇਵਾਵਾਂ ਦੀ ਆਮਦ ਨਾਲ ਹੁਣ ਦੁਨੀਆ ਪਹਿਲਾਂ ਨਾਲੋਂ ਵੀ ਵਧੇਰੇ ਤੇਜ਼ੀ ਨਾਲ ਬਦਲਦੀ ਹੋਈ ਨਜ਼ਰ ਆਵੇਗੀ ਅਤੇ ਇਸ ਖੇਤਰ ਵਿਚ ਭਾਰਤ ਵੀ ਪਿੱਛੇ ਨਹੀਂ ਰਹੇਗਾ।
ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਹੁਣ ਤੋਂ ਤਿਆਰੀ 'ਚ ਜੁਟ ਗਈਆਂ ਹਨ, ਪਰ ਇਸ ਮਾਮਲੇ 'ਚ ਭਾਰਤੀ ਜਨਤਾ ਪਾਰਟੀ ਦਾ ਕੋਈ ਮੁਕਾਬਲਾ ਨਹੀਂ। ਕਿਹਾ ਜਾਂਦਾ ਹੈ ਕਿ ਇਹ ਪਾਰਟੀ ਹਮੇਸ਼ਾ ਚੋਣ ਮੁਹਿੰਮ 'ਚ ਲੱਗੀ ਰਹਿੰਦੀ ਹੈ, ਚਾਹੇ ਉਸ ਵੇਲੇ ਚੋਣਾਂ ਨਾ ਵੀ ਹੋ ...
ਪੰਜਾਬ ਵਿਚ ਇਕ ਲੱਖ ਦੀ ਆਬਾਦੀ ਪਿੱਛੇ 90 ਜਣੇ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹਨ। ਕੌਮੀ ਪੱਧਰ 'ਤੇ ਇਹ ਅੰਕੜਾ 80 ਹੈ। ਹਰ ਰੋਜ਼ 18 ਜਣੇ ਮੌਤ ਦੇ ਮੂੰਹ ਵਿਚ ਜਾਣ ਲੱਗੇ ਹਨ। ਉੱਤਰੀ ਭਾਰਤ ਦੇ ਰਾਜਾਂ ਨਾਲੋਂ ਸਭ ਤੋਂ ਵੱਧ ਕੈਂਸਰ ਦਾ ਕਹਿਰ ਪੰਜਾਬ ਵਿਚ ਵਰਤ ਰਿਹਾ ਹੈ। ਮਾਲਵਾ ...
ਇਸ ਸਮੇਂ ਭਾਰਤ 'ਚ ਕਈ ਸਿਖਰਲੀਆਂ ਸੰਵਿਧਾਨਕ ਸੰਸਥਾਵਾਂ 'ਚ ਅਹਿਮ ਅਹੁਦੇ ਕਈ ਮਹੀਨਿਆਂ ਤੋਂ ਖਾਲੀ ਪਏ ਹਨ ਅਤੇ ਸਰਕਾਰ ਬੇਪਰਵਾਹ ਬਣੀ ਹੋਈ ਹੈ। ਲੋਕ ਸਭਾ 'ਚ ਡਿਪਟੀ ਸਪੀਕਰ ਦਾ ਅਹੁਦਾ ਸਾਢੇ ਤਿੰਨ ਸਾਲ ਤੋਂ ਖਾਲੀ ਹੈ। ਸੁਪਰੀਮ ਕੋਰਟ ਅਤੇ ਹਾਈ ਕੋਰਟਾਂ 'ਚ ਜੱਜਾਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX