ਅਖ਼ੀਰ ਸਰਕਾਰ ਨੇ ਵਿਧਾਨ ਸਭਾ 'ਚੋਂ ਵਿਸ਼ਵਾਸ ਮਤਾ ਪਾਸ ਕਰਵਾ ਹੀ ਲਿਆ। 6 ਮਹੀਨਿਆਂ ਦੇ ਅਰਸੇ ਤੋਂ ਬਾਅਦ ਹੀ ਸਰਕਾਰ ਨੂੰ ਇਸ ਦੀ ਕੀ ਲੋੜ ਪੈ ਗਈ ਸੀ, ਇਹ ਸਮਝ ਤੋਂ ਪਰ੍ਹੇ ਹੈ। ਚਾਹੇ ਇਸ ਸੰਬੰਧੀ ਸਰਕਾਰ ਵਲੋਂ ਕੁਝ ਬਿਆਨ ਜ਼ਰੂਰ ਆਉਂਦੇ ਰਹੇ। ਇਥੋਂ ਤੱਕ ਕਿ ਮੁੱਖ ਮੰਤਰੀ ਸਮੇਤ ਹੋਰ ਕਈ ਮੰਤਰੀਆਂ ਨੇ ਭਾਜਪਾ ਵਲੋਂ ਉਨ੍ਹਾਂ ਦੇ ਕਈ ਵਿਧਾਇਕਾਂ ਨੂੰ ਵੱਡੀਆਂ ਰਕਮਾਂ ਦੇ ਕੇ ਖ਼ਰੀਦਣ ਦੇ ਇਲਜ਼ਾਮ ਵੀ ਲਗਾਏ ਗਏ, ਪਰ ਸੱਤਾਧਾਰੀ ਧਿਰ ਲਾਏ ਗਏ ਇਸ ਇਲਜ਼ਾਮ ਸੰਬੰਧੀ ਸਬੂਤਾਂ ਸਮੇਤ ਕੋਈ ਠੋਸ ਤੱਥ ਤਾਂ ਸਾਹਮਣੇ ਨਹੀਂ ਰੱਖ ਸਕੀ। ਇਸ ਕਰਕੇ ਭਾਜਪਾ ਕਾਂਗਰਸ ਤੇ ਅਕਾਲੀ ਦਲ ਵਲੋਂ ਸੱਤਾਧਾਰੀ ਧਿਰ ਦੀ ਆਲੋਚਨਾ ਵੀ ਕੀਤੀ ਗਈ।
ਇਸ ਸੰਬੰਧੀ ਜਿਹੜੇ ਵਿਧਾਇਕਾਂ ਨਾਲ ਭਾਜਪਾ ਨਾਲ ਸੰਬੰਧਿਤ ਲੋਕਾਂ ਵਲੋਂ ਸੰਪਰਕ ਕਰਨ ਦੇ ਦੋਸ਼ ਲਾਏ ਗਏ ਉਹ ਵੀ ਕੋਈ ਸਬੂਤ ਨਹੀਂ ਪੇਸ਼ ਕਰ ਸਕੇ। ਪਰ ਵਿਸ਼ਵਾਸ ਮਤਾ ਪਾਸ ਕਰਵਾ ਕੇ ਸਰਕਾਰ ਨੇ ਇਹ ਯਕੀਨ ਜ਼ਰੂਰ ਦਿਵਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਚੁਣੇ ਗਏ ਸਾਰੇ ਹੀ ਵਿਧਾਇਕ ਉਨ੍ਹਾਂ ਦੇ ਨਾਲ ਹਨ। ਵੈਸੇ ਤਾਂ ਸਾਰੇ ਹੀ ਵਿਧਾਇਕਾਂ ਦੀ ਗਿਣਤੀ ਹੀ ਇੰਨੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਵੱਧ-ਘੱਟ ਕੀਤੀ ਗਈ ਖ਼ਰੀਦੋ-ਫ਼ਰੋਖ਼ਤ ਦਾ ਸਰਕਾਰ 'ਤੇ ਅਸਰ ਪੈਣ ਵਾਲਾ ਨਹੀਂ ਹੈ। ਪਰ ਗਵਰਨਰ ਦੇ ਨਾਂਹ-ਨੁਕਰ ਕਰਨ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਆਪਣੀ ਜ਼ਿੱਦ ਜ਼ਰੂਰ ਪੁਗਾ ਲਈ ਹੈ। ਉਨ੍ਹਾਂ ਨੇ ਵਿਧਾਨ ਸਭਾ ਵਿਚ ਤਕਰੀਰ ਕਰਦਿਆਂ ਇਹ ਵੀ ਦੋਸ਼ ਲਾਇਆ ਕਿ ਲੋਕਤੰਤਰ ਨੂੰ ਪੈਸਾ ਤੰਤਰ ਤੇ ਲੁੱਟ ਤੰਤਰ ਵਿਚ ਬਦਲਿਆ ਜਾ ਰਿਹਾ ਹੈ ਅਤੇ ਇਹ ਵੀ ਕਿ ਲੋਕਤੰਤਰ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ 'ਲੋਟਸ ਆਪ੍ਰੇਸ਼ਨ' ਨਾਕਾਮ ਹੋ ਗਿਆ ਹੈ ਅਤੇ ਲੋਕਤੰਤਰ ਨੂੰ ਲਾਲਚ ਦੇ ਕੇ ਖ਼ਤਮ ਕਰਨ ਵਾਲੀਆਂ ਤਾਕਤਾਂ ਨੂੰ ਜਵਾਬ ਮਿਲ ਗਿਆ ਹੈ। ਪਰ ਵਿਧਾਇਕਾਂ ਦੀ ਗਿਣਤੀ ਨੂੰ ਸਾਹਮਣੇ ਰੱਖਦੇ ਹੋਏ ਮੁੱਖ ਮੰਤਰੀ ਦੇ ਇਹ ਬਿਆਨ ਹਵਾ ਵਿਚ ਤੀਰ ਮਾਰਨ ਵਾਲੇ ਹੀ ਜਾਪਦੇ ਹਨ। ਹੁਣ ਦੁਬਾਰਾ ਵਿਧਾਇਕਾਂ ਦਾ ਵਿਸ਼ਵਾਸ ਹਾਸਲ ਕਰਨ ਤੋਂ ਬਾਅਦ ਸਰਕਾਰ ਨੂੰ ਸਾਹਮਣੇ ਖੜ੍ਹੀਆਂ ਚੁਣੌਤੀਆਂ ਦੇ ਪੂਰੀ ਤਰ੍ਹਾਂ ਰੂ-ਬ-ਰੂ ਹੋਣਾ ਚਾਹੀਦਾ ਹੈ। ਇਸ ਇਜਲਾਸ ਵਿਚ ਬਿਜਲੀ ਤੇ ਪਰਾਲੀ ਨਾਲ ਸੰਬੰਧਿਤ ਵਿਸ਼ਿਆਂ 'ਤੇ ਵੀ ਵਿਚਾਰ-ਵਟਾਂਦਰਾ ਕਰਨ ਦੀ ਗੱਲ ਕਹੀ ਗਈ ਸੀ ਪਰ ਕੁਝ ਗਿਣਵੇਂ ਦਿਨਾਂ ਦੇ ਇਸ ਇਜਲਾਸ ਵਿਚ ਵਧੇਰੇ ਸਮਾਂ ਤਾਂ ਰੌਲੇ-ਰੱਪੇ ਵਿਚ ਹੀ ਬਰਬਾਦ ਹੋ ਗਿਆ। ਅਜਿਹੇ ਮਾਹੌਲ ਵਿਚ ਰਾਜ ਦੇ ਭਖਦੇ ਮਸਲਿਆਂ ਬਾਰੇ ਕੋਈ ਠੋਸ ਵਿਚਾਰ-ਚਰਚਾ ਨਹੀਂ ਹੋ ਸਕੀ। ਬਿਜਲੀ ਸੰਬੰਧੀ ਚਾਹੇ ਕੀਤੇ ਗਏ ਸਰਕਾਰੀ ਦਾਅਵੇ ਮੁਤਾਬਿਕ ਲੱਖਾਂ ਹੀ ਪਰਿਵਾਰਾਂ ਨੂੰ ਜ਼ੀਰੋ ਬਿੱਲ ਆਉਣ ਦੀ ਗੱਲ ਕਹੀ ਗਈ ਹੈ ਪਰ ਇਸ 'ਤੇ ਖ਼ਰਚ ਹੋਣ ਵਾਲੀ ਧਨ ਰਾਸ਼ੀ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਣਾ ਹੈ, ਇਸ ਬਾਰੇ ਕੋਈ ਵਿਸਥਾਰ ਸਾਹਮਣੇ ਨਹੀਂ ਆਇਆ। ਜਿਥੋਂ ਤੱਕ ਪੰਜਾਬ ਦੀ ਆਰਥਿਕਤਾ ਦਾ ਸੰਬੰਧ ਹੈ, ਚਿਰਾਂ ਤੋਂ ਇਹ ਪੂਰੀ ਤਰ੍ਹਾਂ ਲੜਖੜਾਈ ਜਾਪਦੀ ਹੈ। ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਕਰਜ਼ੇ ਦੇ ਭਾਰ ਹੇਠ ਦੱਬ ਦਿੱਤਾ ਹੈ। ਨਵੀਂ ਸਰਕਾਰ ਲਈ ਗੰਭੀਰ ਹੋ ਕੇ ਇਹ ਸੋਚਣ ਦੀ ਜ਼ਰੂਰਤ ਹੈ ਕਿ ਉਸ ਨੇ ਇਸ ਭਾਰ ਨੂੰ ਕਿਵੇਂ ਘਟਾਉਣਾ ਹੈ।
ਸੂਬੇ ਦੀ ਬਿਹਤਰੀ ਲਈ ਖ਼ਰਚੇ ਜਾਣ ਵਾਲੇ ਧਨ ਦੀ ਪ੍ਰਾਪਤੀ ਕਿਥੋਂ ਕਰਨੀ ਹੈ? ਜੇਕਰ ਸਰਕਾਰ ਨੇ ਆਪਣੀ ਆਉਣ ਵਾਲੀ ਸਰਗਰਮੀ ਦਾ ਆਧਾਰ ਹੋਰ ਕਰਜ਼ਾ ਲੈਣ ਨੂੰ ਹੀ ਬਣਾਉਣਾ ਹੈ ਤਾਂ ਅਜਿਹਾ ਕਰਦੀ ਹੋਈ ਉਹ ਪਿਛਲੀਆਂ ਸਰਕਾਰਾਂ ਦੇ ਨਕਸ਼ੇ ਕਦਮ 'ਤੇ ਹੀ ਚੱਲ ਰਹੀ ਹੋਵੇਗੀ। ਅੱਜ ਇਸ ਤਰ੍ਹਾਂ ਦਾ ਵਾਤਾਵਰਨ ਬਣ ਚੁੱਕਾ ਹੈ ਕਿ ਸੂਬੇ ਵਿਚ ਹਰ ਪੱਖੋਂ ਜ਼ਾਬਤਾ ਖ਼ਤਮ ਹੁੰਦਾ ਜਾ ਰਿਹਾ ਹੈ। ਹਰ ਵਰਗ ਆਪਣੀਆਂ ਮੰਗਾਂ ਮਨਵਾਉਣ ਲਈ ਸੜਕਾਂ ਅਤੇ ਰੇਲਾਂ ਦੀਆਂ ਪਟੜੀਆਂ 'ਤੇ ਧਰਨੇ ਮਾਰ ਕੇ ਬੈਠਣ ਨੂੰ ਤਰਜੀਹ ਦੇ ਰਿਹਾ ਹੈ। ਹਰ ਪਾਸੇ ਤਰ੍ਹਾਂ-ਤਰ੍ਹਾਂ ਦੇ ਮੁਜ਼ਾਹਰਿਆਂ ਦਾ ਰੌਲਾ-ਗੌਲਾ ਹੈ। ਇਸ ਸਮੇਂ ਵਿਚ ਸਰਕਾਰ ਕਿਸ ਤਰ੍ਹਾਂ ਦੀਆਂ ਨਵੀਆਂ ਤਬਦੀਲੀਆਂ ਲਿਆ ਸਕਣ ਦੇ ਸਮਰੱਥ ਹੋਵੇਗੀ, ਇਸ ਦਾ ਜਵਾਬ ਹਾਲ ਦੀ ਘੜੀ ਲੱਭਣਾ ਸੌਖਾ ਨਹੀਂ ਹੋਵੇਗਾ। ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਤਰ੍ਹਾਂ-ਤਰ੍ਹਾਂ ਦੇ ਯਤਨ ਕੀਤੇ ਗਏ ਸਨ ਪਰ ਸਰਕਾਰ ਇਸ ਵਿਚ ਬਹੁਤਾ ਕਾਮਯਾਬ ਨਹੀਂ ਹੋ ਸਕੀ। ਹੁਣ ਫ਼ਸਲ ਦੀ ਕਟਾਈ ਤੋਂ ਬਾਅਦ ਕਿਸਾਨਾਂ ਨੂੰ ਖੇਤਾਂ ਵਿਚ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰੇਰਨ ਵਿਚ ਉਹ ਕਿੰਨਾ ਕੁ ਸਫ਼ਲ ਹੋ ਸਕੇਗੀ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।
ਸੂਬੇ ਵਿਚ ਮੁਢਲੀਆਂ ਸਹੂਲਤਾਂ ਨੂੰ ਮਜ਼ਬੂਤੀ ਦੇਣ ਤੇ ਸਿਹਤਮੰਦ ਬਣਾਉਣ ਲਈ ਵੀ ਵੱਡੇ ਯਤਨ ਕੀਤੇ ਜਾਣ ਦੀ ਜ਼ਰੂਰਤ ਹੈ। ਪਰ ਸੂਬੇ ਵਿਚ ਜਿਸ ਤਰ੍ਹਾਂ ਦਾ ਸਿਆਸੀ ਮਾਹੌਲ ਬਣਨਾ ਸ਼ੁਰੂ ਹੋਇਆ ਹੈ ਉਹ ਟਕਰਾਅ ਵਾਲਾ ਹੈ, ਕਿਸੇ ਵੀ ਤਰ੍ਹਾਂ ਦੇ ਸਹਿਯੋਗ ਵਾਲਾ ਦਿਖਾਈ ਨਹੀਂ ਦਿੰਦਾ। ਸਿਰਜੇ ਜਾ ਰਹੇ ਅਜਿਹੇ ਮਾਹੌਲ ਵਿਚ ਹੋਰ ਸਿਆਸੀ ਧਿਰਾਂ, ਸਮਾਜਿਕ ਸੰਗਠਨਾਂ ਅਤੇ ਆਮ ਲੋਕਾਂ ਦਾ ਸਹਿਯੋਗ ਕਿਵੇਂ ਲਿਆ ਜਾ ਸਕੇਗਾ, ਸਰਕਾਰ ਲਈ ਇਹ ਵੀ ਸੋਚਣ ਵਾਲੀ ਗੱਲ ਹੋਵੇਗੀ ਰਾਜ ਦੀ ਇਹ ਸਥਿਤੀ ਵਧੇਰੇ ਚੁਣੌਤੀਆਂ ਭਰਪੂਰ ਸਾਬਿਤ ਹੋ ਸਕਦੀ ਹੈ, ਇਸ ਦਾ ਮੁਕਾਬਲਾ ਕਰਨ ਲਈ ਸਰਕਾਰ ਨੂੰ ਪੂਰੀ ਤਰ੍ਹਾਂ ਤਿਆਰ ਰਹਿਣਾ ਪਵੇਗਾ ਤਾਂ ਜੋ ਉਹ ਠੋਸ ਪ੍ਰਾਪਤੀਆਂ ਦੇ ਆਧਾਰ 'ਤੇ ਸੂਬੇ ਦੇ ਵਿਕਾਸ ਵਿਚ ਆਪਣਾ ਢੁਕਵਾਂ ਯੋਗਦਾਨ ਪਾ ਸਕੇ।
-ਬਰਜਿੰਦਰ ਸਿੰਘ ਹਮਦਰਦ
ਕਿਸੇ ਵੀ ਸੂਬਾ ਸਰਕਾਰ ਦੀਆਂ ਮਾਲੀ ਪ੍ਰਾਪਤੀਆਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ, ਪਹਿਲੀਆਂ ਆਪਣੇ ਸੋਮਿਆਂ ਤੋਂ ਅਤੇ ਦੂਸਰੀਆਂ ਕੇਂਦਰੀ ਕਰਾਂ ਵਿਚੋਂ ਹਿੱਸਾ ਅਤੇ ਗ੍ਰਾਂਟਾਂ। ਆਪਣੇ ਸੋਮਿਆਂ ਤੋਂ ਹਾਸਿਲ ਹੋਣ ਵਾਲੇ ਮਾਲੀਏ ਦੇ ਫਿਰ ਦੋ ਹਿੱਸੇ ਕੀਤੇ ...
ਪੰਜਾਬ ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਪਿੰਡਾਂ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਵਲੋਂ ਆਜ਼ਾਦੀ ਵਾਲੇ ਦਿਨ 15 ਅਗਸਤ ਨੂੰ ਸੂਬੇ ਦੇ ਲੋਕਾਂ ਲਈ ਇਕ ਤੋਹਫ਼ੇ ਦੇ ਰੂਪ ਵਿਚ ...
ਅੱਜ ਲਈ ਵਿਸ਼ੇਸ਼
ਮੁੱਢ ਕਦੀਮ ਤੋਂ ਇਸ ਧਰਤ 'ਤੇ ਕਈ ਪੀੜ੍ਹੀਆਂ ਦੁਸਹਿਰੇ ਦਾ ਤਿਉਹਾਰ ਮਨਾਉਂਦੀਆਂ ਹੋਈਆਂ ਰੁਖ਼ਸਤ ਹੋ ਚੁੱਕੀਆਂ ਹਨ ਤੇ ਉਨ੍ਹਾਂ ਪੀੜ੍ਹੀਆਂ ਦੇ ਉਲੀਕੇ ਰਾਹਾਂ ਤੇ ਚਲਦਿਆਂ ਉਨ੍ਹਾਂ ਪੀੜ੍ਹੀਆਂ ਦੇ ਵਾਰਿਸ ਵੀ ਇਸ ਤਿਉਹਾਰ ਨੂੰ ਸ਼ਰਧਾ ਭਾਵਨਾ ਨਾਲ ...
ਕੁੱਲੂ ਦਾ ਦੁਸਹਿਰਾ ਅਕਤੂਬਰ ਮਹੀਨੇ ਵਿਚ ਆਉਂਦਾ ਹੈ। ਹਿਮਾਚਲ ਦੇ ਸਾਰੇ ਮੰਦਰਾਂ ਵਿਚੋਂ ਆਪਣੇ ਦੇਵਤਿਆਂ ਨੂੰ ਸ਼ਿੰਗਾਰੀਆਂ ਹੋਈਆਂ ਪਾਲਕੀਆਂ ਵਿਚ ਰੱਖ ਕੇ ਸ਼ਰਧਾਲੂ ਕੁੱਲੂ ਲੈ ਕੇ ਆਉਂਦੇ ਹਨ। ਇਸ ਨੂੰ ਦੇਵਤਿਆਂ ਦਾ ਦੁਸਹਿਰਾ ਆਖਦੇ ਹਨ। ਕੁੱਲੂ ਦਾ ਦੁਸਹਿਰਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX