ਕਿਹਾ ਜਾਂਦਾ ਹੈ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਜੋ ਗਿਆਨ ਦੀ ਦ੍ਰਿਸ਼ਟੀ ਪ੍ਰਦਾਨ ਕਰ ਕੇ ਮਨੁੱਖ ਨੂੰ ਇਹ ਦੁਨੀਆ ਹੋਰ ਵਧੀਆ ਢੰਗ ਨਾਲ ਵੇਖਣ ਅਤੇ ਸੁਆਰਨ ਦਾ ਮੌਕਾ ਪ੍ਰਦਾਨ ਕਰਦੀ ਹੈ ਪਰ 'ਘੋਰ ਕਲਯੁੱਗ' ਆਖੇ ਜਾਂਦੇ ਇਸ ਅਜੋਕੇ ਯੁੱਗ ਵਿਚ ਵਿੱਦਿਆ ਤਰੱਕੀ ਤੇ ਖ਼ੁਸ਼ਹਾਲੀ ਦੇ ਨਾਲ-ਨਾਲ ਬਰਬਾਦੀ ਅਤੇ ਤਬਾਹੀ ਦਾ ਕਾਰਨ ਵੀ ਬਣਦੀ ਜਾ ਰਹੀ ਹੈ। ਕੰਪਿਊਟਰ ਅਤੇ 5-ਜੀ ਇੰਟਰਨੈੱਟ ਦੇ ਇਸ ਯੁੱਗ ਵਿਚ ਸਾਈਬਰ ਠੱਗਾਂ ਵਲੋਂ ਨਿੱਤ ਨਵੇਂ ਹਥਕੰਡੇ ਅਪਣਾ ਕੇ ਭੋਲੇ-ਭਾਲੇ ਲੋਕਾਂ ਨੂੰ ਦਿਨ-ਦਿਹਾੜੇ ਠੱਗਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਨਹੀਂ ਹੈ ਕਿ ਗ਼ਰੀਬ , ਪੇਂਡੂ ਜਾਂ ਅਨਪੜ੍ਹ ਲੋਕ ਇਸ ਠੱਗੀ ਦੇ ਸ਼ਿਕਾਰ ਬਣ ਰਹੇ ਹਨ ਸਗੋਂ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲਾ ਤੱਥ ਇਹ ਹੈ ਕਿ ਸ਼ਹਿਰੀ, ਮੈਟਰੋਪੋਲੀਟਿਨ ਸ਼ਹਿਰੀ, ਅਮੀਰ ਅਤੇ ਵੱਧ ਪੜ੍ਹੇ-ਲਿਖੇ ਅਫ਼ਸਰ, ਵਪਾਰੀ, ਰਾਜਨੇਤਾ ਅਤੇ ਅਭਿਨੇਤਾ ਵੀ ਇਸ ਠੱਗੀ ਦੇ ਜਾਲ ਤੋਂ ਨਹੀਂ ਬਚ ਸਕੇ ਤੇ ਸਮੁੱਚੇ ਭਾਰਤ ਵਿਚ ਅਤੇ ਖ਼ਾਸ ਕਰਕੇ ਪੰਜਾਬ ਵਿਚ ਸਾਈਬਰ ਠੱਗੀ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਦਿਨ-ਪ੍ਰਤੀ ਦਿਨ ਬੜੀ ਤੇਜ਼ੀ ਨਾਲ ਵਧ ਰਹੀ ਹੈ। ਸਾਈਬਰ ਠੱਗਾਂ ਦੀ ਨਜ਼ਰ ਵਿਚ ਪੰਜਾਬ ਇਕ ਖ਼ੁਸ਼ਹਾਲ ਸੂਬਾ ਹੈ ਤੇ ਇੱਥੋਂ ਵਿਦੇਸ਼ ਜਾਣ ਵਾਲਿਆਂ ਜਾਂ ਜਾਣ ਦੇ ਚਾਹਵਾਨਾਂ ਦੀ ਸੰਖਿਆ ਬਾਕੀ ਸੂਬਿਆਂ ਦੇ ਮੁਕਾਬਲਤਨ ਕਾਫੀ ਜ਼ਿਆਦਾ ਹੈ।
ਪੰਜਾਬ ਵਿਚ ਵਰਤਮਾਨ ਸਮੇਂ ਅੰਦਰ ਸਾਈਬਰ ਠੱਗਾਂ ਵਲੋਂ ਆਨਲਾਈਨ ਠੱਗੀ ਦਾ ਜੋ ਢੰਗ-ਤਰੀਕਾ ਵਰਤਿਆ ਜਾ ਰਿਹਾ ਹੈ, ਉਹ ਕੋਈ ਬਹੁਤ ਪੇਚੀਦਾ ਨਹੀਂ ਸਗੋਂ ਬੜੇ ਹੀ ਸ਼ਾਤਰਾਨਾ ਢੰਗ ਨਾਲ ਬੁਣਿਆ ਗਿਆ ਇਕ ਮਕੜਜਾਲ ਹੈ, ਜਿਸ ਵਿਚ ਉਨ੍ਹਾਂ ਦੇ ਸ਼ਿਕਾਰ ਆਪਣੇ ਆਪ ਫ਼ਸਦੇ ਚਲੇ ਜਾਂਦੇ ਹਨ। ਸਾਈਬਰ ਠੱਗ ਕੇਵਲ ਕੰਪਿਊਟਰ ਜਾਂ ਤਕਨੀਕ ਦੇ ਮਾਹਿਰ ਨਹੀਂ ਹਨ, ਸਗੋਂ ਭਾਸ਼ਾ ਅਤੇ ਭਾਵਨਾਵਾਂ ਦੀ ਸਹੀ ਵਰਤੋਂ ਕਰਨ ਵਿਚ ਵੀ ਮਾਹਿਰ ਹਨ। ਗੱਲਾਂ-ਗੱਲਾਂ ਵਿਚ ਹੀ ਆਪਣੀ ਗੱਲ ਮੰਨਵਾ ਕੇ ਪੀੜਤ ਵਿਅਕਤੀ ਕੋਲੋਂ ਆਪਣੀ ਮਨਚਾਹੀ ਰਕਮ ਹਾਸਲ ਕਰ ਲੈਣ ਦਾ ਹੁਨਰ ਉਨ੍ਹਾਂ ਨੂੰ ਬਾਖ਼ੂਬੀ ਆਉਂਦਾ ਹੈ। ਪੰਜਾਬ ਵਿਚ ਸਾਈਬਰ ਠੱਗੀ ਦੇ ਜੋ ਤਰੀਕੇ ਪ੍ਰਚੱਲਿਤ ਹਨ, ਉਨ੍ਹਾਂ ਵਿਚ ਪਹਿਲਾ ਤਰੀਕਾ ਵਿਦੇਸ਼ੀ ਮੁਲਕਾਂ ਵਿਚ ਵਸੇ ਪੰਜਾਬੀਆਂ ਦੇ ਇਧਰ ਰਹਿੰਦੇ ਰਿਸ਼ਤੇਦਾਰਾਂ ਨਾਲ ਸਾਈਬਰ ਠੱਗੀ ਮਾਰਨ ਦਾ ਹੈ। ਸਾਈਬਰ ਠੱਗ ਵਲੋਂ ਪੰਜਾਬ ਦੇ ਕਿਸੇ ਵੀ ਫ਼ੋਨ ਨੰਬਰ 'ਤੇ ਕਾਲ ਕਰ ਕੇ ਕਿਹਾ ਜਾਂਦਾ ਹੈ ਕਿ 'ਪਛਾਣੋ ਭਲਾ ਮੈਂ ਕੌਣ ਬੋਲਦਾ ਹਾਂ?' ਜੇ ਪੰਜਾਬੀ ਵਿਅਕਤੀ ਨਾ ਪਛਾਣ ਸਕੇ ਤਾਂ ਅੱਗੋਂ ਠੱਗ ਕਹਿੰਦਾ ਹੈ-'' ਚਲੋ ਦੱਸੋ ਭਲਾ ਤੁਹਾਡਾ ਕਿਹੜਾ ਰਿਸ਼ਤੇਦਾਰ ਵਿਦੇਸ਼ ਗਿਆ ਹੈ?'' ਪੰਜਾਬੀ ਬੰਦੇ ਵਲੋਂ ਆਪਣੇ ਉਸ ਭਤੀਜੇ, ਭਣੇਂਵੇਂ, ਮਿੱਤਰ ਜਾਂ ਕਿਸੇ ਹੋਰ ਰਿਸ਼ਤੇਦਾਰ ਦਾ ਨਾਂਅ ਦੱਸਦਿਆਂ ਸਾਰ ਹੀ ਠੱਗ ਅੱਗਿਉਂ ਪੰਜਾਬੀ ਬੰਦੇ ਨੂੰ 'ਫੁੱਫੜ ਜੀ, ਮਾਸੜ ਜੀ' ਜਾਂ ਅਜਿਹੇ ਹੀ ਕਿਸੇ ਰਿਸ਼ਤੇ ਦਾ ਨਾਂਅ ਲੈ ਕੇ ਪੁਕਾਰਦਾ ਹੈ ਤੇ ਮਿੱਠੀਆਂ ਗੱਲਾਂ ਵਿਚ ਉਲਝਾ ਕੇ ਚੋਗਾ ਪਾਉਂਦਿਆਂ ਹੋਇਆਂ ਆਖ਼ਦਾ ਹੈ, 'ਮੈਂ ਪੰਜਾਬ 'ਚ ਇਕ ਪਲਾਟ ਖ਼ਰੀਦਣਾ ਹੈ ਤੇ ਮੈਂ ਤੁਹਾਨੂੰ 25 ਲੱਖ ਰੁਪਏ ਭੇਜਣੇ ਹਨ ਤੁਸੀਂ ਆਪਣੀ ਬੈਂਕ ਖਾਤੇ ਦੀ ਡਿਟੇਲ ਮੈਨੂੰ ਭੇਜੋ।' ਬੈਂਕ ਖਾਤੇ ਦੀ ਡਿਟੇਲ ਮਿਲਦਿਆਂ ਹੀ ਠੱਗ ਵਿਅਕਤੀ , ਉਸ ਖਾਤੇ ਵਿਚ 25 ਲੱਖ ਟਰਾਂਸਫ਼ਰ ਕੀਤੇ ਜਾਣ ਦੀ ਇਕ ਫ਼ਰਜ਼ੀ ਰਸੀਦ ਦੀ ਤਸਵੀਰ ਭੇਜ ਕੇ ਸਬੰਧਿਤ ਪੰਜਾਬੀ ਵਿਅਕਤੀ ਨੂੰ ਯਕੀਨ ਦੁਆ ਦਿੰਦਾ ਹੈ ਕਿ ਪੈਸੇ ਉਸ ਦੇ ਖਾਤੇ 'ਚ ਆ ਚੁੱਕੇ ਹਨ। ਫਿਰ ਕੁਝ ਕੁ ਘੰਟਿਆਂ ਬਾਅਦ ਉਹ ਠੱਗ ਮੁੜ ਫ਼ੋਨ ਕਰਦਾ ਹੈ ਤੇ ਆਖ਼ਦਾ ਹੈ, 'ਮੇਰਾ ਇਕ ਦੋਸਤ ਇਥੇ ਕੈਨੇਡਾ ਵਿਚ ਮੇਰੇ ਨਾਲ ਰਹਿੰਦਾ ਹੈ ਤੇ ਪੰਜਾਬ 'ਚ ਰਹਿੰਦੀ ਉਸ ਦੀ ਮਾਂ ਸਖ਼ਤ ਬਿਮਾਰ ਹੈ ਤੇ ਹਸਪਤਾਲ ਦਾਖ਼ਲ ਹੈ। ਉਸ ਨੂੰ ਤੁਰੰਤ ਦੋ ਲੱਖ ਰੁਪਏ ਦੀ ਜ਼ਰੂਰਤ ਹੈ ਤੇ ਮੈਂ ਆਪਣੇ ਸਾਰੇ ਪੈਸੇ ਤੁਹਾਨੂੰ ਭੇਜ ਚੁੱਕਾ ਹਾਂ... ਤੁਸੀਂ ਇੰਜ ਕਰੋ ਮੈਂ ਤੁਹਾਨੂੰ ਇਕ ਖਾਤਾ ਨੰਬਰ ਭੇਜਦਾ ਹਾਂ, ਤੁਸੀਂ ਆਪਣੇ ਖਾਤੇ 'ਚੋਂ ਉਸ ਵਿਚ ਦੋ ਲੱਖ ਰੁਪਏ ਪਾ ਦਿਉ ਤੇ ਮੇਰੇ ਭੇਜੇ ਪੈਸਿਆਂ ਵਿਚੋਂ ਆਪਣੇ ਦੋ ਲੱਖ ਰੁਪਏ ਕੱਟ ਲਿਓ...'। ਇੰਜ ਗੱਲਾਂ ਵਿਚ ਫ਼ਸਾ ਕੇ ਠੱਗ ਵਿਅਕਤੀ ਆਪਣੇ ਖਾਤੇ ਵਿਚ ਦੋ ਲੱਖ ਰੁਪਏ ਜਾਂ ਕੋਈ ਹੋਰ ਰਾਸ਼ੀ ਪੁਆ ਲੈਂਦੇ ਹਨ ਤੇ ਫਿਰ ਪੱਤਰਾ ਵਾਚ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਜਿਸ ਖਾਤੇ ਵਿਚ ਪੀੜਤ ਵਿਅਕਤੀ ਨੇ ਪੈਸੇ ਭੇਜੇ ਹੁੰਦੇ ਹਨ, ਉਹ ਕਿਸੇ ਦੱਖਣ ਭਾਰਤੀ ਰਾਜ ਜਾਂ ਕਿਸੇ ਹੋਰ ਦੂਰ-ਦੁਰਾਡੇ ਰਾਜ ਦਾ ਹੀ ਹੁੰਦਾ ਹੈ।
ਪੰਜਾਬ ਵੱਸਦੇ ਲੋਕਾਂ ਨੂੰ ਠੱਗਣ ਦਾ ਦੂਜਾ ਪ੍ਰਚੱਲਿਤ ਤਰੀਕਾ ਇਹ ਹੈ ਕਿ ਠੱਗ ਫ਼ੋਨ ਕਰ ਕੇ ਦੱਸਦਾ ਹੈ ਕਿ ਤੁਹਾਡੇ ਵਿਦੇਸ਼ ਰਹਿੰਦੇ ਲੜਕੇ ਦਾ ਝਗੜਾ ਹੋ ਗਿਆ ਹੈ ਜਾਂ ਹਾਦਸਾ ਹੋ ਗਿਆ ਹੈ ਤੇ ਉਸ ਨੂੰ ਪੁਲਿਸ ਤੋਂ ਛੁਡਵਾਉਣ ਲਈ ਜਾਂ ਹਸਪਤਾਲ 'ਚ ਉਸ ਦੇ ਇਲਾਜ ਲਈ ਦੋ ਲੱਖ ਰੁਪਏ ਦੀ ਲੋੜ ਹੈ, ਇਸ ਲਈ ਛੇਤੀ ਨਾਲ ਰੁਪਏ ਦਿੱਤੇ ਗਏ ਖਾਤੇ ਵਿਚ ਪਾ ਦਿਉ। ਪੰਜਾਬ ਵਿਚ ਦਿਨ ਤੇ ਵਿਦੇਸ਼ ਵਿਚ ਰਾਤ ਹੋਣ ਦਾ ਫ਼ਾਇਦਾ ਉਠਾਉਂਦੇ ਹੋਏ ਠੱਗ ਅਕਸਰ ਦਿਨ ਦੇ ਸਮੇਂ ਹੀ ਕਾਲ ਕਰਦੇ ਹਨ ਕਿਉਂਕਿ ਜੇਕਰ ਕੋਈ ਸੂਝਵਾਨ ਪੰਜਾਬੀ ਪੈਸੇ ਦੇਣ ਤੋਂ ਪਹਿਲਾਂ ਆਪਣੇ ਬੱਚੇ ਨੂੰ ਫ਼ੋਨ ਕਰ ਕੇ ਸੱਚ ਜਾਨਣ ਦੀ ਕੋਸ਼ਿਸ਼ ਵੀ ਕਰੇ ਤਾਂ ਉਧਰ ਗੂੜ੍ਹੀ ਰਾਤ ਹੋਣ ਕਰਕੇ ਬੱਚੇ ਘੂਕ ਸੁੱਤੇ ਹੁੰਦੇ ਹਨ ਤੇ ਫ਼ੋਨ ਨਾ ਚੁੱਕਣ 'ਤੇ ਮਾਪਿਆਂ ਦੀ ਚਿੰਤਾ ਹੋਰ ਵਧ ਜਾਂਦੀ ਹੈ ਤੇ ਕਿਸੇ ਅਨਹੋਣੀ ਤੋਂ ਡਰਦਿਆਂ ਉਹ ਤੁਰੰਤ ਹੀ ਮੰਗੀ ਗਈ ਰਾਸ਼ੀ ਦਿੱਤੇ ਗਏ ਬੈਂਕ ਖਾਤੇ ਵਿਚ ਪਾ ਦਿੰਦੇ ਹਨ ਤੇ ਠੱਗੀ ਦੇ ਸ਼ਿਕਾਰ ਹੋ ਜਾਂਦੇ ਹਨ। ਠੱਗੀ ਦੇ ਤੀਜੇ ਤਰੀਕੇ ਵਿਚ ਪੰਜਾਬੀਆਂ ਨੂੰ ਸਾਈਬਰ ਠੱਗ ਫ਼ੋਨ ਕਰਦਾ ਹੈ ਜਾਂ ਮੈਸੇਜ ਭੇਜਦਾ ਹੈ ਕਿ 'ਤੁਹਾਡੀ 25 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ ਜਾਂ ਕੌਣ ਬਣੇਗਾ ਕਰੋੜਪਤੀ ਵਲੋਂ ਤੁਹਾਡਾ 25 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ।' ਮੁਫ਼ਤ ਦੇ ਪੈਸਿਆਂ ਦੇ ਲਾਲਚ ਵਿਚ ਸੰਬੰਧਿਤ ਵਿਅਕਤੀ ਇਹ ਵਿਚਾਰ ਹੀ ਨਹੀਂ ਕਰਦਾ ਕਿ ਉਸ ਨੇ ਨਾ ਤਾਂ ਕੋਈ ਲਾਟਰੀ ਪਾਈ ਸੀ ਤੇ ਨਾ ਹੀ 'ਕੌਣ ਬਣੇਗਾ ਕਰੋੜਪਤੀ' ਟੀ.ਵੀ. ਸ਼ੋਅ ਵਿਚ ਕਦੇ ਫ਼ੋਨ ਕੀਤਾ ਸੀ। ਉਹ ਤੁਰੰਤ ਹੀ ਦਿੱਤੇ ਗਏ ਫ਼ੋਨ ਨੰਬਰ ਜਾਂ ਲਿੰਕ 'ਤੇ ਸੰਪਰਕ ਕਰਦਾ ਹੈ ਤੇ ਕੁਝ ਕੁ ਮਿੰਟਾਂ ਵਿਚ ਹੀ ਠੱਗ ਉਸ ਨੂੰ ਆਪਣੀਆਂ ਗੱਲਾਂ ਦੇ ਜਾਲ ਵਿਚ ਫ਼ਸਾ ਕੇ ਉਸ ਕੋਲੋਂ ਕੋਈ ਰਕਮ ਆਪਣੇ ਖਾਤੇ ਵਿਚ ਤਬਦੀਲ ਕਰਵਾ ਲੈਂਦੇ ਹਨ।
ਜਿਵੇਂ-ਜਿਵੇਂ ਲੋਕ ਸਾਈਬਰ ਠੱਗੀ ਸੰਬੰਧੀ ਜਾਣਕਾਰ ਬਣੀ ਜਾਂਦੇ ਹਨ ਤਿਵੇਂ-ਤਿਵੇਂ ਸਾਈਬਰ ਠੱਗ ਵੀ 'ਸਮਾਰਟ' ਹੁੰਦੇ ਜਾ ਰਹੇ ਹਨ ਤੇ ਆਪਣੇ ਠੱਗੀ ਦੇ ਤਰੀਕੇ ਬਦਲਦੇ ਜਾ ਰਹੇ ਹਨ। ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਫ਼ੋਨ 'ਤੇ ਇਕ ਮੈਸੇਜ ਮਿਲ ਰਿਹਾ ਹੈ, ਜਿਸ ਵਿਚ ਲਿਖਿਆ ਹੈ, 'ਆਪਣੇ ਘਰ ਜਾਂ ਜ਼ਮੀਨ ਉੱਤੇ ਮੋਬਾਇਲ ਕੰਪਨੀ ਦਾ ਟਾਵਰ ਲਗਵਾਓ। ਕਿਰਾਇਆ 40 ਹਜ਼ਾਰ ਰੁਪਏ ਮਹੀਨਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਅਤੇ ਐਡਵਾਂਸ 70 ਲੱਖ ਰੁਪਏ ਹਾਸਲ ਕਰੋ।' ਇਸ ਦੇ ਅੰਤ ਵਿਚ ਇਕ ਸੰਪਰਕ ਨੰਬਰ ਜਾਂ ਲਿੰਕ ਦਿੱਤਾ ਹੁੰਦਾ ਹੈ, ਜਿਸ ਉੱਤੇ ਸੰਪਰਕ ਕਰਦਿਆਂ ਸਾਰ ਹੀ ਠੱਗਾਂ ਦੀ ਖੇਡ ਸ਼ੁਰੂ ਹੋ ਜਾਂਦੀ ਹੈ ਤੇ ਠੱਗੇ ਜਾਣ ਵਾਲੇ ਸ਼ਖ਼ਸ ਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਠੱਗਿਆ ਜਾ ਰਿਹਾ ਹੈ। ਉਕਤ ਤੋਂ ਇਲਾਵਾ ਸਾਈਬਰ ਠੱਗੀ ਦੇ ਪ੍ਰਚੱਲਿਤ ਤਰੀਕਿਆਂ ਵਿਚ ਬੈਂਕ ਵਲੋਂ ਮੈਸੇਜ ਭੇਜ ਕੇ 'ਕੇ.ਵਾਈ.ਸੀ.' ਭਾਵ ਗਾਹਕ ਦੀ ਜਾਣਕਾਰੀ ਅਪਡੇਟ ਕਰਨ ਦੇ ਨਾਂਅ 'ਤੇ ਆਧਾਰ ਕਾਰਡ ਸਬੰਧੀ ਅਤੇ ਹੋਰ ਡਿਟੇਲ ਲੈ ਲਈ ਜਾਂਦੀ ਹੈ ਤੇ ਸੰਪਰਕਕਰਤਾ ਦੇ ਖਾਤੇ ਵਿਚੋਂ ਮੋਟੀ ਰਕਮ ਸਾਫ਼ ਕਰ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਮੈਸੇਜ ਆਉਂਦਾ ਹੈ 'ਤੁਸੀਂ ਬਿਜਲੀ ਦਾ ਬਿੱਲ ਅਦਾ ਨਹੀਂ ਕੀਤਾ ਹੈ ਤੇ ਜੇਕਰ ਅੱਜ ਸ਼ਾਮ ਨੂੰ ਆਪਣਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਅੱਗੇ ਦਿੱਤੇ ਨੰਬਰ 'ਤੇ ਸੰਪਰਕ ਕਰੋ'। ਕੁਝ ਲੋਕ ਜੋ ਕਿ ਆਨਲਾਈਨ ਸ਼ਾਪਿੰਗ ਕਰਦੇ ਹਨ ਉਨ੍ਹਾਂ ਨੂੰ ਉਨ੍ਹਾਂ ਦੀ ਸ਼ਾਪਿੰਗ ਵਾਲੀ ਐਪ ਤੋਂ ਹੀ 'ਵੱਡੇ ਡਿਸਕਾਊਂਟ' ਨਾਲ ਸ਼ਾਪਿੰਗ ਕਰਨ ਜਾਂ ਪਹਿਲਾਂ ਸ਼ਾਪਿੰਗ ਕਰਨ ਤੇ ਫਿਰ ਖ਼ਰਚੀ ਸਾਰੀ ਰਕਮ 'ਕੈਸ਼ ਬੈਕ' ਰਾਹੀਂ ਵਾਪਿਸ ਹਾਸਿਲ ਕਰਨ' ਦਾ ਮਨਮੋਹਕ ਸੰਦੇਸ਼ ਮਿਲਦਾ ਹੈ ਤੇ ਆਰਡਰ ਦੇਣ ਅਤੇ ਕੈਸ਼ ਬੈਕ ਦੇ ਲਾਲਚ ਵਿਚ ਵੱਡੀ ਅਦਾਇਗੀ ਕਰਨ ਦੇ ਬਾਅਦ, ਪੀੜਤਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨਾਲ ਠੱਗੀ ਹੋ ਗਈ ਹੈ।
ਮੁੱਕਦੀ ਗੱਲ ਇਹ ਹੈ ਕਿ ਹਰੇਕ ਪੰਜਾਬ ਵਾਸੀ ਨੂੰ ਸੁਚੇਤ ਹੋਣ 'ਤੇ ਦੋ ਗੱਲਾਂ ਪੱਲੇ ਬੰਨ੍ਹ ਲੈਣ ਦੀ ਭਾਰੀ ਲੋੜ ਹੈ। ਪਹਿਲੀ ਗੱਲ ਇਹ ਕਿ ਕੋਈ ਵੀ ਵਿਅਕਤੀ ਜਾਂ ਕੰਪਨੀ ਮੁਫ਼ਤ 'ਚ ਲੱਖਾਂ ਰੁਪਏ ਨਹੀਂ ਵੰਡਦੀ ਤੇ ਦੂਜੀ ਗੱਲ ਕਿਸੇ ਵੀ ਅਨਜਾਣ ਨੰਬਰ ਤੋਂ ਆਈ ਕਾਲ ਜਾਂ ਅਨਜਾਣ ਵਿਅਕਤੀ ਨਾਲ ਗੱਲਬਾਤ ਨਾ ਕਰੋ ਤੇ ਤੁਰੰਤ ਕਾਲ ਬੰਦ ਕਰ ਦਿਉ। ਕੋਈ ਵਿਅਕਤੀ ਤੁਹਾਨੂੰ ਬੈਂਕ ਅਧਿਕਾਰੀ ਜਾਂ ਕੋਈ ਹੋਰ ਅਫ਼ਸਰ ਬਣ ਕੇ ਜਿੰਨਾ ਮਰਜ਼ੀ ਆਖੇ ਕਦੇ ਵੀ ਆਪਣੇ ਆਧਾਰ ਕਾਰਡ ਜਾਂ ਬੈਂਕ ਖਾਤੇ ਦੀ ਡਿਟੇਲ ਉਸ ਨਾਲ ਸਾਂਝੀ ਨਾ ਕਰੋ। ਸਾਈਬਰ ਠੱਗੀ ਤੋਂ ਬਚਣ ਦਾ ਮੂਲ ਮੰਤਰ ਭਾਰਤੀ ਰਿਜ਼ਰਵ ਬੈਂਕ ਵਲੋਂ ਦਿੱਤਾ ਨਾਅਰਾ ਹੈ ਜੋ ਆਖ਼ਦਾ ਹੈ, 'ਜਾਣਕਾਰ ਬਣੋ ਅਤੇ ਸੁਚੇਤ ਰਹੋ।'
-410, ਚੰਦਰ ਨਗਰ, ਬਟਾਲਾ।
ਮੋਬਾਈਲ: 97816-46008
ਇਤਿਹਾਸ ਇਸ ਗੱਲ ਦਾ ਪ੍ਰਤੱਖ ਗਵਾਹ ਹੈ ਕਿ ਪੰਜਾਬ ਨੂੰ 'ਸੋਨੇ ਦੀ ਚਿੜੀ' ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਅਤੇ ਉਸ ਸਮੇਂ ਬੇਰੁਜ਼ਗਾਰੀ, ਗ਼ਰੀਬੀ, ਭ੍ਰਿਸ਼ਟਾਚਾਰ, ਭੁੱਖਮਰੀ ਤੇ ਨਸ਼ਾਖੋਰੀ ਆਦਿ ਲਾਹਣਤਾਂ ਦਾ ਸਾਇਆ ਵੀ ਇਸ ਸੋਨ ਚਿੜੀ ਸੂਬੇ ਦੇ ਇਰਦ-ਗਿਰਦ ਨਹੀਂ ਸੀ ...
ਫ਼ਿਰਤੇ ਹੈਂ ਮੀਰ ਖ਼ਵਾਰ ਕੋਈ ਪੂਛਤਾ ਨਹੀ,
ਇਸ 'ਬੇਖ਼ੁਦੀ' ਮੇਂ ਇੱਜ਼ਤ-ਏ-ਸਾਦਾਤ ਭੀ ਗਈ॥
ਹਾਲਾਂਕਿ ਉਸਤਾਦ ਮੀਰ ਤਕੀ ਮੀਰ ਦੇ ਅਸਲ ਸ਼ਿਅਰ ਵਿਚ 'ਬੇਖ਼ੁਦੀ' ਦੀ ਥਾਂ 'ਤੇ ਅਸਲ ਲਫ਼ਜ਼ 'ਆਸ਼ਕੀ' ਹੈ। ਪਰ ਅਸਲ ਵਿਚ ਮੈਂ ਜਿਸ ਵਿਸ਼ੇ 'ਤੇ ਲਿਖ ਰਿਹਾ ਹਾਂ ਉਥੇ ਲਫ਼ਜ਼ ਬੇਖ਼ੁਦੀ ਵੀ ਪੂਰੀ ...
ਚੋਣ ਕਮਿਸ਼ਨਰ ਅਰੁਣ ਗੋਇਲ ਦੀ ਨਿਯੁਕਤੀ ਸੰਬੰਧੀ ਉੱਠੇ ਵਿਵਾਦ ਨੇ ਭਾਰਤੀ ਚੋਣ ਕਮਿਸ਼ਨ ਦੀ ਸਾਖ਼ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਚੋਣ ਕਮਿਸ਼ਨ 1950 ਵਿਚ ਸਥਾਪਿਤ ਕੀਤੀ ਗਈ ਇਕ ਸੰਵਿਧਾਨਕ ਸੰਸਥਾ ਹੈ, ਜਿਸ ਦਾ ਮੁੱਖ ਕੰਮ ਦੇਸ਼ ਭਰ ਵਿਚ ਕਈ ਪੱਧਰਾਂ ਦੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX