ਲਗਾਤਾਰ ਚੱਲਣ ਵਾਲਾ ਹੈ ਸੰਵਿਧਾਨ ਨਿਰਮਾਣ ਦਾ ਅਮਲ-ਚੀਫ਼ ਜਸਟਿਸ
ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)-ਭਾਰਤ ਦਾ ਸੰਵਿਧਾਨ ਭਵਿੱਖ ਪੱਖੀ, ਆਜ਼ਾਦ ਸੋਚ ਅਤੇ ਅਗਾਂਹਵਧੂ ਵਿਚਾਰਾਂ ਲਈ ਜਾਣਿਆ ਜਾਂਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਦਿਵਸ ਮੌਕੇ ਹੋਏ ਪ੍ਰੋਗਰਾਮ ਦੌਰਾਨ ਉਕਤ ਵਿਚਾਰ ਪ੍ਰਗਟਾਏ | ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ 'ਚ ਲਿਖੇ ਪਹਿਲੇ ਤਿੰਨ ਸ਼ਬਦ 'ਹਮ ਭਾਰਤ ਕੇ ਲੋਗ' ਸਿਰਫ਼ ਸ਼ਬਦ ਨਹੀਂ ਹਨ, ਸਗੋਂ ਸੰਵਿਧਾਨ ਦਾ ਸਾਰ ਹੈ | ਇਹ ਤਿੰਨ ਸ਼ਬਦ ਸਾਡੇ ਲੋਕਤੰਤਰ ਨੂੰ ਪਰਿਭਾਸ਼ਿਤ ਕਰਦੇ ਹਨ ਅਤੇ ਸਾਨੂੰ ਵਿਸ਼ਵ 'ਚ ਸਾਰੇ ਲੋਕਤੰਤਰਾਂ ਦੀ ਮਾਂ ਦਾ ਦਰਜਾ ਦਿਵਾਉਂਦੇ ਹਨ | ਪ੍ਰਧਾਨ ਮੰਤਰੀ ਨੇ ਸੁਪਰੀਮ ਕੋਰਟ ਵਲੋਂ ਕਰਵਾਏ ਇਕ ਸਮਾਗਮ 'ਚ ਬੋਲਦਿਆਂ ਕਿਹਾ ਕਿ ਸਮੁੱਚਾ ਵਿਸ਼ਵ ਅੱਜ ਭਾਰਤ ਵੱਲ ਦੇਖ ਰਿਹਾ ਹੈ | ਦੇਸ਼ ਆਪਣੀ ਪੂਰੀ ਸਮਰੱਥਾ ਨਾਲ, ਆਪਣੀ ਸਾਰੀ ਵੰਨ-ਸੁਵੰਨਤਾ 'ਤੇ ਫਖਰ ਕਰਦੇ ਅੱਗੇ ਵਧ ਰਿਹਾ ਹੈ ਅਤੇ ਇਸ ਦੇ ਪਿੱਛੇ ਸਾਡੀ ਸਭ ਤੋਂ ਵੱਡੀ ਤਾਕਤ ਸਾਡਾ ਸੰਵਿਧਾਨ ਹੈ | ਉਨ੍ਹਾਂ ਕਿਹਾ ਕਿ ਆਜ਼ਾਦੀ ਦਾ ਇਹ ਅੰਮਿ੍ਤ ਕਾਲ ਹੀ ਦੇਸ਼ ਲਈ ਕਰਤੱਵਿਆ ਕਾਲ ਹੈ | ਵਿਅਕਤੀ ਹੋਵੇ ਜਾਂ ਸੰਸਥਾ, ਸਾਡੇ ਫ਼ਰਜ਼ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ | ਮੋਦੀ ਨੇ ਇਸ ਮੌਕੇ ਜੀ-20 ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਇਕ ਹਫ਼ਤੇ ਅੰਦਰ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਵੀ ਮਿਲਣ ਵਾਲੀ ਹੈ | ਉਨ੍ਹਾਂ ਸੰਵਿਧਾਨ ਦਿਵਸ ਮੌਕੇ ਨੌਜਵਾਨਾਂ ਨੂੰ ਦਿੱਤੇ ਸੰਦੇਸ਼ 'ਚ ਕਿਹਾ ਕਿ ਦੇਸ਼ ਦੀ ਨਿਆਂਪਾਲਿਕਾ ਨੂੰ ਨੌਜਵਾਨਾਂ 'ਚ ਸੰਵਿਧਾਨ ਨੂੰ ਲੈ ਕੇ ਸੋਝੀ ਵਧਾਉਣ ਲਈ ਚਰਚਾ ਅਤੇ ਬਹਿਸ ਜਿਹੇ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ | ਪ੍ਰਧਾਨ ਮੰਤਰੀ ਨੇ ਇਸ ਸਮਾਗਮ, ਜਿਸ 'ਚ ਕਾਨੂੰਨ ਮੰਤਰੀ ਅਤੇ ਭਾਰਤ ਦੇ ਚੀਫ਼ ਜਸਟਿਸ ਵੀ ਸ਼ਾਮਿਲ ਸਨ, ਨਿਆਂਪਾਲਿਕਾ ਵਲੋਂ ਸਮਾਂਬੱਧ ਨਿਆਂ ਦੁਆਉਣ ਲਈ ਚੁੱਕੇ ਕਦਮਾਂ ਦੀ ਵੀ ਸ਼ਲਾਘਾ ਕੀਤੀ | ਮੋਦੀ ਨੇ ਕਿਹਾ ਕਿ ਗਰੀਬ ਪੱਖੀ ਨੀਤੀਆਂ ਭਾਰਤ ਦੇ ਗਰੀਬ ਅਤੇ ਔਰਤਾਂ ਦੇ ਸਸ਼ਕਤੀਕਰਨ 'ਚ ਮਦਦ ਕਰ ਰਹੀਆਂ ਹਨ | ਆਮ ਜਨਤਾ ਲਈ ਕਾਨੂੰਨ ਸੁਖਾਲੇ ਕੀਤੇ ਗਏ ਹਨ | ਮੋਦੀ ਨੇ 26/11 ਦੇ ਮੁੰਬਈ ਦਹਿਸ਼ਤਗਰਦੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ | ਉਨ੍ਹਾਂ ਕਿਹਾ ਕਿ 2008 'ਚ ਜਦੋਂ ਸਾਰਾ ਦੇਸ਼ ਸੰਵਿਧਾਨ ਦਿਵਸ ਮਨਾ ਰਿਹਾ ਸੀ | ਲੋਕਤੰਤਰ ਅਤੇ ਰਾਸ਼ਟਰ ਦੇ ਦੁਸ਼ਮਣਾਂ ਨੇ ਦਹਿਸ਼ਤਗਰਦੀ ਹਮਲਾ ਕੀਤਾ ਸੀ, ਉਹ ਉਸ ਹਮਲੇ 'ਚ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ |
ਸੰਵਿਧਾਨ ਦਾ ਨਿਰਮਾਣ ਲਗਾਤਾਰ ਚੱਲਣ ਵਾਲਾ ਅਮਲ-ਚੀਫ਼ ਜਸਟਿਸ
ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਨੇ ਸੰਵਿਧਾਨ ਦੇ ਨਿਰਮਾਣ ਨੂੰ ਲਗਾਤਾਰ ਚੱਲਣ ਵਾਲਾ ਅਮਲ ਦੱਸਦਿਆਂ ਕਿਹਾ ਕਿ ਭਾਰਤ ਦੇ ਸੰਵਿਧਾਨ ਦੀ ਬੁਨਿਆਦ ਪੱਛੜੇ ਅਤੇ ਸਮਾਜ ਦੇ ਹਾਸ਼ੀਏ 'ਤੇ ਪਏ ਦਲਿਤਾਂ ਨੇ ਇਸ ਦੀ ਬੁਨਿਆਦ ਰੱਖੀ ਹੈ | ਚੰਦਰਚੂੜ ਨੇ ਸੁਪਰੀਮ ਕੋਰਟ ਦੇ ਜੱਜਾਂ ਅਤੇ ਜ਼ਿਲ੍ਹਾ ਪੱਧਰ 'ਤੇ ਨਿਆਂਪਾਲਿਕਾ ਦੇ ਨਾਲ ਰਲ ਕੇ ਹਾਸ਼ੀਏ 'ਤੇ ਖੜ੍ਹੇ ਲੋਕਾਂ ਲਈ ਨਿਆਂ ਦਾ ਇੰਤਜ਼ਾਮ ਕਰਵਾਉਣ ਦਾ ਭਰੋਸਾ ਦਿਵਾਉਦਿਆਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਨਿਆਂਪਾਲਿਕਾ ਲੋਕਾਂ ਤੱਕ ਪਹੁੰਚੇ ਅਤੇ ਲੋਕਾਂ ਤੋਂ ਉਨ੍ਹਾਂ ਤੱਕ ਪਹੁੰਚਣ ਦੀ ਉਮੀਦ ਨਾ ਕੀਤੀ ਜਾਵੇ |
ਛੇਤੀ ਹੀ ਆਵੇਗੀ ਡਿਜੀਟਲ ਲਾਇਬ੍ਰੇਰੀ-ਕਾਨੂੰਨ ਮੰਤਰੀ
ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਨਿਆਂ ਵਿਵਸਥਾ 'ਚ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕੀਤੀ ਪਹਿਲਕਦਮੀ ਦਾ ਵੇਰਵਾ ਦਿੰਦਿਆਂ ਕਿਹਾ ਕਿ ਛੇਤੀ ਹੀ ਖੇਤਰੀ ਭਾਸ਼ਾਵਾਂ 'ਚ ਕਾਨੂੰਨੀ ਸ਼ਬਦਾਂ ਦੀ ਡਿਜੀਟਲ ਲਾਇਬ੍ਰੇਰੀ ਬਣਾਈ ਜਾਵੇਗੀ | ਰਿਜਿਜੂ ਨੇ ਕਿਹਾ ਕਿ ਬਾਰ ਕੌਂ ਸਲ ਆਫ਼ ਇੰਡੀਆ ਨੇ ਸਾਬਕਾ ਚੀਫ਼ ਜਸਟਿਸ ਐੱਸ.ਏ. ਬੌਬਡੇ ਦੀ ਅਗਵਾਈ 'ਚ ਭਾਰਤੀ ਸਮਾਜਿਕ ਕਮੇਟੀ ਦਾ ਗਠਨ ਕੀਤਾ ਹੈ | ਇਹ ਕਮੇਟੀ ਖੇਤਰੀ ਭਾਸ਼ਾਵਾਂ 'ਚ ਕਾਨੂੰਨੀ ਸਮੱਗਰੀ ਦਾ ਅਨੁਵਾਦ ਕਰੇਗੀ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਲਈ ਇਕ ਡਿਜੀਟਲ ਲਾਇਬ੍ਰੇਰੀ ਬਣਾਏਗੀ | ਕਾਨੂੰਨ ਮੰਤਰੀ ਨੇ ਕਿਹਾ ਕਿ ਕਾਨੂੰਨੀ ਵਿਭਾਗ ਨੇ 65 ਹਜ਼ਾਰ ਕਾਨੂੰਨ ਦੇ ਸ਼ਬਦਾਂ ਵਾਲੀ ਇਕ ਡਿਕਸ਼ਨਰੀ ਤਿਆਰ ਕੀਤੀ ਹੈ, ਜਿਸ ਨੂੰ ਛੇਤੀ ਹੀ ਡਿਜੀਟਲਾਈਜ਼ ਕੀਤਾ ਜਾਵੇਗਾ |
ਚੰਡੀਗੜ੍ਹ 'ਚ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
ਤਰਵਿੰਦਰ ਸਿੰਘ ਬੈਨੀਪਾਲ
ਅਜਾਇਬ ਸਿੰਘ ਔਜਲਾ
ਐੱਸ. ਏ. ਐੱਸ. ਨਗਰ/ਚੰਡੀਗੜ੍ਹ, 26 ਨਵੰਬਰ-ਸੰਯੁਕਤ ਕਿਸਾਨ ਮੋਰਚੇ ਦੇ ਦੇਸ਼-ਵਿਆਪੀ ਸੱਦੇ ਦੇ ਚਲਦਿਆਂ ਪੰਜਾਬ ਦੀਆਂ 33 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਪੰਜਾਬ ਦੇ ਵੱਡੀ ਗਿਣਤੀ 'ਚ ਕਿਸਾਨਾਂ ਨੇ ਸਥਾਨਕ ਫੇਜ਼-8 ਸਥਿਤ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਪੈਂਦੇ ਮੈਦਾਨ 'ਚ ਵਿਸ਼ਾਲ ਰੈਲੀ ਕਰਨ ਉਪਰੰਤ ਰਾਜ ਭਵਨ ਵੱਲ ਮਾਰਚ ਕਰਕੇ ਸੀ 2+50 ਫ਼ੀਸਦੀ ਫਾਰਮੂਲੇ ਤਹਿਤ ਐਮ. ਐਸ. ਪੀ. ਗਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਦੂਜੇ ਪੜਾਅ ਦੇ ਸੰਘਰਸ਼ ਦੀ ਜ਼ੋਰਦਾਰ ਸ਼ੁਰੂਆਤ ਕੀਤੀ | ਕਿਸਾਨਾਂ ਨੇ ਚੰਡੀਗੜ੍ਹ ਪੁੱਜ ਕੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ | ਸੰਯੁਕਤ ਕਿਸਾਨ ਮੋਰਚਾ ਨੇ ਆਗਾਮੀ ਰਣਨੀਤੀ ਲਈ 8 ਦਸੰਬਰ ਨੂੰ ਮੀਟਿੰਗ ਸੱਦ ਲਈ ਹੈ | ਕਿਸਾਨ ਰੈਲੀ ਵਿਚ ਵੱਡੀ ਗਿਣਤੀ 'ਚ ਔਰਤਾਂ ਵੀ ਪਹੁੰਚੀਆਂ ਹੋਈਆਂ ਸਨ | ਅੱਜ ਸਵੇਰ ਤੋਂ ਹੀ ਪੰਜਾਬ ਭਰ ਤੋਂ ਕਿਸਾਨ ਬੱਸਾਂ, ਟਰੱਕਾਂ, ਟਰਾਲੀਆਂ ਅਤੇ ਹੋਰ ਵਾਹਨਾਂ ਰਾਹੀਂ ਰੈਲੀ ਵਾਲੀ ਥਾਂ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ 12 ਵਜੇ ਤੱਕ ਹਰ ਪਾਸੇ ਕਿਸਾਨ ਹੀ ਕਿਸਾਨ ਨਜ਼ਰ ਆਉਣ ਲੱਗ ਪਏ | ਮਾਰਚ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਚੰਡੀਗੜ੍ਹ-ਮੁਹਾਲੀ ਬੈਰੀਅਰ ਤੋਂ ਥੋੜ੍ਹਾ ਅੱਗੇ ਸੈਕਟਰ 51 ਤੇ 52 ਦੀਆਂ ਲਾਈਟਾਂ ਨੇੜੇ ਵੱਡੀ ਗਿਣਤੀ ਵਿਚ ਪੁਲਿਸ ਅਤੇ ਪੈਰਾਮੈਡੀਕਲ ਫੋਰਸ, ਜਲ ਤੋਪਾਂ ਤੇ ਮਿੱਟੀ ਨਾਲ ਭਰੇ ਟਿੱਪਰ ਸੜਕ 'ਤੇ ਖੜ੍ਹੇ ਕੀਤੇ ਹੋਏ ਸਨ, ਜਿਥੇ ਕਿਸਾਨਾਂ ਦੇ ਮਾਰਚ ਨੂੰ ਚੰਡੀਗੜ੍ਹ ਵੱਲ ਵਧਣ ਤੋਂ ਰੋਕ ਲਿਆ ਗਿਆ ਤੇ ਕਿਸਾਨਾਂ ਵਲੋਂ ਉਥੇ ਹੀ ਧਰਨਾ ਲਗਾ ਦਿੱਤਾ ਗਿਆ | ਇਸ ਮੌਕੇ ਚੰਡੀਗੜ੍ਹ ਦੇ ਏ. ਡੀ. ਸੀ. ਨੇ ਸਟੇਜ 'ਤੇ ਆ ਕੇ ਕਿਸਾਨਾਂ ਤੋਂ ਮੰਗ ਪੱੱਤਰ ਪ੍ਰਾਪਤ ਕੀਤਾ | ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵਲੋਂ 33 ਕਿਸਾਨ ਜਥੇਬੰਦੀਆਂ ਦੇ ਇਕ-ਇਕ ਅਹੁਦੇਦਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਦੇਣ ਅਤੇ ਮੀਟਿੰਗ ਲਈ ਰਾਜ ਭਵਨ ਲਈ ਰਵਾਨਾ ਕੀਤਾ ਗਿਆ, ਜਿਸ ਤੋਂ ਬਾਅਦ ਕਿਸਾਨਾਂ ਵਲੋਂ ਮਾਰਚ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ | ਉਪਰੰਤ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਚੰਡੀਗੜ੍ਹ ਦੀ ਸੀ.ਟੀ.ਯੂ. ਬੱਸ ਵਿਚ ਬਿਠਾ ਕੇ ਰਾਜ ਭਵਨ ਤੱਕ ਸੁਰੱਖਿਆ ਪਹਿਰੇ ਵਿਚ ਲਿਆਂਦਾ ਗਿਆ | ਇਥੇ ਤਕਰੀਬਨ ਦੋ ਦਰਜਨ ਦੇ ਕਰੀਬ ਕਿਸਾਨ ਆਗੂਆਂ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲ ਕੇ ਆਪਣੀਆਂ ਮੰਗਾਂ ਸੰਬੰਧੀ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪਿਆ | ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ 'ਅਜੀਤ' ਨਾਲ ਗੱਲ ਕਰਦਿਆਂ ਦੱਸਿਆ ਕਿ ਰਾਜਪਾਲ ਵਲੋਂ ਉਨ੍ਹਾਂ ਦੀਆਂ ਮੰਗਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਗਿਆ ਹੈ ਕਿ ਉਹ ਕੱਲ੍ਹ ਹੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮੰਗ ਪੱਤਰ ਭੇਜ ਦੇਣਗੇ | ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਸੂਬਾਈ ਆਗੂਆਂ ਹਰਿੰਦਰ ਸਿੰਘ ਲੱਖੋਵਾਲ, ਡਾ. ਦਰਸ਼ਨਪਾਲ, ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਹਰਮੀਤ ਸਿੰਘ ਕਾਦੀਆਂ, ਨਿਰਭੈ ਸਿੰਘ ਢੁਡੀਕੇ, ਬਲਦੇਵ ਸਿੰਘ ਨਿਹਾਲਗੜ੍ਹ, ਰੁਲਦੂ ਸਿੰਘ ਮਾਨਸਾ, ਮਨਜੀਤ ਸਿੰਘ ਰਾਏ, ਬਲਜੀਤ ਸਿੰਘ ਗਰੇਵਾਲ, ਡਾ. ਸਤਨਾਮ ਅਜਨਾਲਾ, ਸਤਨਾਮ ਸਿੰਘ ਬਹਿਰੂ, ਜੰਗਵੀਰ ਸਿੰਘ ਚੌਹਾਨ, ਮੁਕੇਸ਼ ਚੰਦਰ, ਕਾਮਰੇਡ ਅਸ਼ੋਕ ਧਾਂਵਲੇ, ਫੁਰਮਾਨ ਸਿੰਘ ਸੰਧੂ, ਸੁਰਜੀਤ ਸਿੰਘ ਫੂਲ, ਬਲਵਿੰਦਰ ਸਿੰਘ ਰਾਜੂ ਔਲਖ, ਬੂਟਾ ਸਿੰਘ ਸ਼ਾਦੀਪੁਰ, ਵੀਰ ਸਿੰਘ ਬੜਵਾ, ਕਿਰਨਜੀਤ ਸਿੰਘ ਸੇਖੋਂ, ਕੁਲਦੀਪ ਸਿੰਘ ਵਜੀਦਪੁਰ, ਬਿੰਦਰ ਸਿੰਘ ਗੋਲੇਵਾਲਾ, ਮਲੂਕ ਸਿੰਘ ਹੀਰਕੇ, ਹਰਦੇਵ ਸਿੰਘ ਸੰਧੂ, ਹਰਜੀਤ ਸਿੰਘ ਰਵੀ, ਸੁਖਦੇਵ ਸਿੰਘ ਕੋਕਰੀਕਲਾਂ, ਨਿਰਵੈਲ ਸਿੰਘ ਡਾਲੇਕੇ, ਰਾਜਵਿੰਦਰ ਕੌਰ, ਗੁਰਬਖਸ਼ ਸਿੰਘ ਬਰਨਾਲਾ, ਕਿ੍ਪਾ ਸਿੰਘ ਨੱਥੂਵਾਲਾ, ਭੁਪਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਘੁੰਮਣ ਆਦਿ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਸੰਘਰਸ਼ ਦੇ ਦੂਜੇ ਪੜਾਅ ਦੀ ਸ਼ੁਰੂਆਤ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਇਕ ਦੇਸ਼ ਵਿਆਪੀ ਕਿਸਾਨ ਲਹਿਰ ਉਸਾਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਇਕੱਠ ਨੇ ਮੋਰਚਾ ਟੁੱਟਣ ਦੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਦੇ ਸਾਰੇ ਭੁਲਖੇ ਦੂਰ ਕਰ ਦਿੱਤੇ ਹਨ | ਉਨ੍ਹਾਂ ਪੰਜਾਬ ਦੇ ਲੋਕਾਂ ਵਲੋਂ ਦਿੱਲੀ ਮੋਰਚਾ ਫ਼ਤਹਿ ਕਰਨ ਵਿਚ ਨਿਭਾਏ ਇਤਿਹਾਸਕ ਮੋਹਰੀ ਰੋਲ ਦੀ ਤਰ੍ਹਾਂ ਇਸ ਦੂਜੇ ਪੜਾਅ ਵਿਚ ਵੀ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ | ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹੁਕਮਰਾਨਾਂ ਵਲੋਂ ਕਿਸਾਨ ਲਹਿਰ ਖ਼ਿਲਾਫ਼ ਛੇੜੇ ਭੰਡੀ-ਪ੍ਰਚਾਰ ਦੀ ਉਮਰ ਬਹੁਤ ਥੋੜੀ ਸਾਬਤ ਹੋਵੇਗੀ ਅਤੇ ਲੋਕ ਜਲਦ ਹੀ ਇਸ ਗੁਮਰਾਹਕੁੰਨ ਪ੍ਰਚਾਰ ਦੀ ਅਸਲੀਅਤ ਸਮਝ ਜਾਣਗੇ |
ਸ੍ਰੀਹਰੀਕੋਟਾ, 26 ਨਵੰਬਰ (ਏਜੰਸੀ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪੀ.ਐਸ.ਐਲ.ਵੀ. (ਪੋਲਰ ਸੈਟੇਲਾਈਟ ਲਾਂਚ ਵਹੀਕਲ) ਨੇ 'ਓਸ਼ੀਅਨਸੈਟ-ਅਰਥ ਆਬਜ਼ਰਵੇਸ਼ਨ ਸੈਟੇਲਾਈਟ' (ਧਰਤੀ ਨਿਰੀਖਣ ਉਪਗ੍ਰਹਿ) ਤੇ 8 ਹੋਰ ਸਹਿ-ਯਾਤਰੀ ਉਪ ਗ੍ਰਹਿਆਂ ਨੂੰ ਸਫਲਤਾਪੂਰਵਕ ਵੱਖ ਵੱਖ ਪੰਧਾਂ 'ਤੇ ਸਥਾਪਿਤ ਕਰ ਦਿੱਤਾ ਹੈ | ਇਸਰੋ ਨੇ ਕਿਹਾ ਕਿ ਪੀ.ਐਸ.ਐਲ.ਵੀ.-ਸੀ 54 ਨੇ ਧਰਤੀ ਨਿਰੀਖਣ ਉਪਗ੍ਰਹਿ ਅਤੇ ਅੱਠ ਹੋਰ ਉਪਗ੍ਰਹਿਾਂ ਨੂੰ ਸੂਰਜ-ਸਮਕਾਲੀ ਧਰੁਵੀ ਪੰਧ 'ਚ ਸਫਲਤਾਪੂਰਵਕ ਸਥਾਪਿਤ ਕੀਤਾ | ਇਸਰੋ ਦੇ ਭਰੋਸੇਮੰਦ ਪੀ.ਐਸ.ਐਲ.ਵੀ. (ਧਰੁਵੀ ਉਪਗ੍ਰਹਿ ਲਾਂਚ ਵਾਹਨ) ਰਾਕੇਟ ਨੇ ਸਨਿਚਰਵਾਰ ਨੂੰ ਇਕ ਵਾਰ ਫਿਰ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ | ਪੀ.ਐਸ.ਐਲ.ਵੀ.-ਸੀ54 ਓਸ਼ੀਅਨਸੈਟ ਦੇ ਨਾਲ ਹੀ 8 ਹੋਰ ਉਪਗ੍ਰਹਿਆਂ ਨੂੰ ਵੀ ਆਪਣੇ ਨਾਲ ਲੈ ਕੇ ਗਿਆ ਸੀ | ਇਸਰੋ ਨੇ ਟਵੀਟ 'ਚ ਕਿਹਾ ਕਿ ਪੀ.ਐਸ.ਐਲ.ਵੀ.-ਸੀ54/ਈ.ਓ.ਐਸ.-06 ਮਿਸ਼ਨ ਪੂਰਾ ਹੋ ਗਿਆ ਹੈ, ਸਾਰੇ ਬਾਕੀ ਉਪਗ੍ਰਹਿ ਆਪਣੇ ਆਪਣੇ ਪੰਧ 'ਤੇ ਸਥਾਪਿਤ ਹੋ ਗਏ ਹਨ | ਇਹ ਪੀ.ਐਸ.ਐਲ.ਵੀ. ਦੀ 56ਵੀਂ ਉਡਾਨ ਸੀ | ਕਿਹਾ ਜਾਂਦਾ ਹੈ ਕਿ ਇਹ ਮਿਸ਼ਨ 2022 'ਚ ਬੈਂਗਲੁਰੂ ਆਧਾਰਿਤ ਹੈਡਕੁਆਰਟਰ ਸਪੇਸ ਏਜੰਸੀ ਲਈ ਪੰਜਵਾਂ ਤੇ ਆਖਰੀ ਸੀ | ਇਸਰੋ ਦੇ ਚੇਅਰਮੈਨ ਐਸ. ਸੋਮਨਾਥ ਨੇ ਕਿਹਾ ਕਿ 44.4 ਮੀਟਰ ਲੰਬਾ ਰਾਕੇਟ 25.30 ਘੰਟੇ ਦੀ ਉਲਟੀ ਗਿਣਤੀ ਦੇ ਬਾਅਦ ਇਥੇ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਵੇਰੇ 11.56 ਵਜੇ ਦੇ ਪਹਿਲਾਂ ਨਿਰਧਾਰਿਤ ਸਮੇਂ 'ਤੇ ਆਪਣੇ ਮੁਹਿੰਮ 'ਤੇ ਰਵਾਨਾ ਹੋਇਆ |
ਮੁੰਬਈ, 26 ਨਵੰਬਰ (ਏਜੰਸੀ)- ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਨਿਚਰਵਾਰ ਨੂੰ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ ਨੇ 14 ਸਾਲ ਪਹਿਲਾਂ ਇਸ ਦਿਨ ਮਹਾਨਗਰ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨਾਲ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ | ਉਨ੍ਹਾਂ ਨੇ ਦੱਖਣੀ ਮੁੰਬਈ 'ਚ ਪੁਲਿਸ ਕਮਿਸ਼ਨਰ ਦਫ਼ਤਰ ਦੀ ਰਿਹਾਇਸ਼ ਨੇੜੇ ਸ਼ਹੀਦਾਂ ਦੀ ਯਾਦਗਾਰ 'ਤੇ ਸ਼ਰਜਾਂਜਲੀ ਭੇਟ ਕੀਤੀ | ਇਸ ਮੌਕੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਮੰਤਰੀ ਦੀਪਕ ਕੇਸਰਕਾਰ, ਮੁੱਖ ਸਕੱਤਰ ਮਨੂ ਕੁਮਾਰ ਸ੍ਰੀਵਾਸਤਵ, ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਰਜਨੀਸ਼ ਸੇਠ, ਮੁੰਬਈ ਪੁਲਿਸ ਕਮਿਸ਼ਨਰ ਵਿਵੇਕ ਫਾਨਸਾਲਕਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ | ਇਸ ਮੌਕੇ ਨਵੰਬਰ 2008 ਦੇ ਹਮਲੇ 'ਚ ਜਾਨਾਂ ਗੁਆਉਣ ਵਾਲੇ ਪੁਲਿਸ ਕਰਮੀਆਂ ਦੇ ਪਰਿਵਾਰਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ |
ਜਸਵੰਤ ਸਿੰਘ ਜੱਸ
ਅੰਮਿ੍ਤਸਰ, 26 ਨਵੰਬਰ-ਪੰਜ ਸਿੰਘ ਸਾਹਿਬਾਨ ਦੀ ਅੱਜ ਹੋਈ ਇਕੱਤਰਤਾ ਦੌਰਾਨ ਜਾਰੀ ਕੀਤੇ ਹੁਕਮਨਾਮਿਆਂ ਵਿਚ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇਕ ਬੱਜਰ ਗੁਨਾਹ ਕਰਨ ਲਈ 21 ਦਿਨਾਂ ਲਈ ਧਾਰਮਿਕ ਤਨਖ਼ਾਹ ਲਗਾਈ ਗਈ ਅਤੇ ਅਮਰੀਕੀ ਸਿੱਖ ਥਮਿੰਦਰ ਸਿੰਘ ਅਨੰਦ ਨੂੰ ਪਾਵਨ ਗੁਰਬਾਣੀ ਦੀਆਂ ਲਗਾਂ-ਮਾਤਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਸਿੱਖ ਪੰਥ 'ਚੋਂ ਖ਼ਾਰਜ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਨੂੰ ਵੀ ਵੱਖ-ਵੱਖ ਮਾਮਲਿਆਂ ਵਿਚ ਧਾਰਿਮਕ ਤਨਖ਼ਾਹ ਲਗਾਈ ਗਈ | ਇਕੱਤਰਤਾ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਤੇ ਪੰਜ ਪਿਆਰੇ ਭਾਈ ਸੁਖਦੇਵ ਸਿੰਘ ਸ਼ਾਮਿਲ ਹੋਏ | ਲੰਗਾਹ ਸਮੇਤ ਹੋਰਨਾਂ ਧਾਰਮਿਕ ਤੇ ਪੰਥਕ ਮਾਮਲਿਆਂ ਦੀ ਸੁਣਵਾਈ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਨੇ ਕੀਤੀ | ਲੰਗਾਹ ਦੇ ਮਾਮਲੇ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਉਸ ਨੂੰ ਪਰ ਇਸਤਰੀ ਗਾਮੀ ਹੋਣ ਦੀ ਬੱਜਰ ਕੁਰਹਿਤ ਦੇ ਕੀਤੇ ਜੁਰਮ ਦਾ ਇਕਬਾਲ ਕਰਨ 'ਤੇ ਇਸ ਲਈ ਸੰਗਤਾਂ ਤੋਂ ਪੰਜ ਵਾਰ ਮੁਆਫ਼ੀ ਮੰਗਣ ਲਈ ਆਦੇਸ਼ ਕੀਤਾ ਗਿਆ | ਉਸ ਵਲੋਂ ਅਜਿਹਾ ਕਰਨ ਤੋਂ ਬਾਅਦ ਸਿੰਘ ਸਾਹਿਬ ਵਲੋਂ ਉਸ ਨੂੰ 21 ਦਿਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਪੁਜੀ ਸਾਹਿਬ ਦਾ ਪਾਠ ਕਰਨ, ਇਕ ਘੰਟਾ ਬਰਤਨ ਸਾਫ਼ ਕਰਨ, ਇਕ ਘੰਟਾ ਪਰਿਕਰਮਾ ਵਿਚ ਬੈਠ ਕੇ ਕੀਰਤਨ ਸਰਵਣ ਕਰਨ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜਦੇ ਢਾਡੀ ਦਰਬਾਰ ਦੌਰਾਨ ਇਕ ਦਿਨ ਦੇ ਦੀਵਾਨ ਵਾਲੇ ਸਾਰੇ ਢਾਡੀ ਜਥਿਆਂ ਨੂੰ 5100-5100 ਰੁਪਏ ਦੀ ਭ ੇਟਾ ਦੇਣ, ਉਨ੍ਹਾਂ ਲਈ ਘਰੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਲਿਆ ਕੇ ਛਕਾਉਣ ਅਤੇ ਉਨ੍ਹਾਂ ਦੇ ਜੂਠੇ ਬਰਤਨ ਸਾਫ਼ ਕਰਨ ਦੀ ਧਾਰਮਿਕ ਤਨਖ਼ਾਹ ਲਗਾਈ ਗਈ | 21 ਦਿਨ ਦੀ ਸੇਵਾ ਮੁਕੰਮਲ ਹੋਣ ਬਾਅਦ 5100 ਰੁਪਏ ਦੀ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਅਰਦਾਸ ਕਰਾਉਣ ਦਾ ਵੀ ਆਦੇਸ਼ ਦੇਣ ਦੇ ਨਾਲ ਨਾਲ ਲੰਗਾਹ ਨੂੰ 5 ਸਾਲ ਤੱਕ ਸ਼ੋ੍ਰਮਣੀ ਕਮੇਟੀ ਸਮੇਤ ਕਿਸੇ ਵੀ ਹੋਰ ਗੁਰਦੁਆਰਾ ਕਮੇਟੀ ਦਾ ਮੈਂਬਰ ਨਾ ਬਣਨ ਦਾ ਵੀ ਆਦੇਸ਼ ਜਾਰੀ ਕੀਤਾ, ਜਿਸ ਨੂੰ ਲੰਗਾਹ ਵਲੋਂ ਕਬੂਲਿਆ ਗਿਆ | ਸਿੰਘ ਸਾਹਿਬਾਨ ਵਲੋਂ ਇਕ ਹੋਰ ਹੁਕਮਨਾਮਾ ਜਾਰੀ ਕਰਦਿਆਂ ਅਮਰੀਕਾ ਨਿਵਾਸੀ ਥਮਿੰਦਰ ਸਿੰਘ ਅਨੰਦ ਨੂੰ ਪਾਵਨ ਗੁਰਬਾਣੀ ਦੀਆਂ ਲਗਾਂ ਮਾਤਰਾਂ 'ਚ ਤਬਦੀਲੀ ਕਰਨ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਾ ਹੋਣ ਦੇ ਦੋਸ਼ ਤਹਿਤ ਸਿੱਖ ਪੰਥ 'ਚੋਂ ਖ਼ਾਰਜ ਕਰ ਦਿੱਤਾ ਗਿਆ ਤੇ ਸਿੱਖ ਸੰਗਤਾਂ ਨੂੰ ਉਸ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੀ ਤਾਕੀਦ ਕੀਤੀ ਗਈ | ਪ੍ਰਵਾਸੀ ਸਿੱਖਾਂ ਰਾਜਵੰਤ ਸਿੰੰਘ, ਭਜਨੀਕ ਸਿੰਘ ਤੇ ਗੁਰਦਰਸ਼ਨ ਸਿੰਘ ਨੂੰ ਵੀ ਪਾਵਨ ਸਰੂਪਾਂ ਨੂੰ ਡੱਬਿਆਂ 'ਚ ਬੰਦ ਕਰਕੇ ਗੁਰਦੁਆਰਾ ਸਾਹਿਬਾਨ ਅਤੇ ਸੰਗਤਾਂ ਤੱਕ ਭੇਜ ਕੇ ਅਦਬ ਸਤਿਕਾਰ ਕਾਇਮ ਨਾ ਰੱਖਣ, ਪਾਵਨ ਸਰੂਪ ਦੇ ਅੰਗ ਨੰਬਰ ਗੁਰਮੁਖੀ ਦੀ ਥਾਂ ਰੋਮਨ ਵਿਚ ਲਿਖਣ ਤੇ ਤਖ਼ਤ ਸਾਹਿਬ ਵਲੋਂ ਬਣਾਈ ਪੜਤਾਲੀਆ ਕਮੇਟੀ ਨਾਲ ਮਾੜਾ ਵਿਹਾਰ ਕਰਨ ਦੇ ਦੋਸ਼ਾਂ ਤਹਿਤ ਕ੍ਰਮਵਾਰ 11 ਦਿਨ ਅਤੇ 7 ਦਿਨ ਅਮਰੀਕਾ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਇਕ ਘੰਟਾ ਕੀਰਤਨ ਸਰਵਣ ਕਰਨ, ਬਰਤਨ ਸਾਫ਼ ਕਰਨ ਤੇ ਇਕ ਸਹਿਜ ਪਾਠ ਖੁਦ ਕਰਨ ਤੋਂ ਇਲਾਵਾ 125 ਡਾਲਰ ਗੁਰੂ ਦੀ ਗੋਲਕ 'ਚ ਪਾ ਕੇ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾ ਕੇ ਲਿਖਤੀ ਤੌਰ 'ਤੇ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦਾ ਆਦੇਸ਼ ਦਿੱਤਾ ਗਿਆ |
ਹਰਿਆਣਾ ਕਮੇਟੀ ਨੂੰ ਮਾਨਤਾ, ਸ਼ੋ੍ਰਮਣੀ ਕਮੇਟੀ 'ਤੇ ਕੇਂਦਰ ਸਰਕਾਰ ਵਲੋਂ ਹਮਲਾ ਕਰਾਰ
ਇਕੱਤਰਤਾ ਤੋਂ ਬਾਅਦ ਕਿਹਾ ਗਿਆ ਕਿ ਕੇਂਦਰ ਸਰਕਾਰ ਵਲੋਂ ਕੁਝ ਕੁ ਸਿੱਖ ਚਿਹਰਿਆਂ ਨੂੰ ਵਰਤ ਕੇ, ਕਾਨੂੰਨ ਦੀ ਆੜ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਯਤਨ ਕੀਤਾ ਗਿਆ ਹੈ, ਇਹ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ 'ਤੇ ਕੇਂਦਰ ਸਰਕਾਰ ਵਲੋਂ ਹਮਲਾ ਕਰਾਰ ਦਿੱਤਾ ਜਾਂਦਾ ਹੈ | ਸਿੱਖ ਆਗੁੂਆਂ ਨੂੰ ਕਿਹਾ ਗਿਆ ਕਿ ਉਹ ਸ਼੍ਰੋਮਣੀ ਕਮੇਟੀ ਦੀ ਮਜ਼ਬੂਤੀ ਲਈ ਇਸ ਸੰਸਥਾ ਨੂੰ ਵਿਸ਼ਵ ਵਿਆਪੀ ਬਣਾਉਣ ਦੇ ਯਤਨ ਆਰੰਭ ਕਰਨ |
ਸਰਕਾਰ ਨੇ ਕੇਵਲ ਬੰਦੂਕ ਸੱਭਿਆਚਾਰ ਤੇ ਅਪਰਾਧੀਆਂ ਦੇ ਲਾਇਸੈਂਸਾਂ ਸੰਬੰਧੀ ਦਿੱਤੇ ਆਦੇਸ਼
ਹਰਕਵਲਜੀਤ ਸਿੰਘ
ਚੰਡੀਗੜ੍ਹ, 26 ਨਵੰਬਰ-ਪੰਜਾਬ 'ਚ ਸਰਕਾਰ ਵਲੋਂ ਬੰਦੂਕ ਸੱਭਿਆਚਾਰ ਖ਼ਤਮ ਕਰਨ ਅਤੇ ਅਪਰਾਧੀਆਂ ਦੇ ਲਾਇਸੈਂਸਾਂ ਦੀ ਸਮੀਖਿਆ ਤੇ ਰੱਦ ਕਰਨ ਸੰਬੰਧੀ ਦਿੱਤੇ ਆਦੇਸ਼ਾਂ ਦੇ ਨਾਂਅ 'ਤੇ ਪੁਲਿਸ ਵਿਭਾਗ ਨੂੰ ਮਿਲੀ ਖੁੱਲ ਕਾਰਨ ਲਾਇਸੈਂਸ ਧਾਰਕ ਤੰਗ ਪ੍ਰੇਸ਼ਾਨ ਹੋ ਰਹੇ ਹਨ | ਪੁਲਿਸ ਵਿਭਾਗ ਨਾਜਾਇਜ਼ ਹਥਿਆਰਾਂ ਨੂੰ ਖ਼ਤਮ ਕਰਨ ਦੀ ਆਪਣੀ ਮੁੱਢਲੀ ਜ਼ਿੰਮੇਵਾਰੀ ਵਿਚ ਤਾਂ ਕਾਮਯਾਬ ਨਹੀਂ ਹੋ ਰਿਹਾ, ਪਰ ਉਸ ਨੇ ਆਮ ਲਾਇਸੈਂਸਾਂ ਦੀ ਸਮੀਖਿਆ ਦੇ ਨਾਂਅ 'ਤੇ ਨਵੀਂ ਦੁਕਾਨ ਹੀ ਖੋਲ੍ਹ ਲਈ ਹੈ | ਹਾਲਾਂਕਿ ਸੂਬੇ 'ਚ ਜਿਨ੍ਹਾਂ ਢੰਗ ਤਰੀਕਿਆਂ ਨਾਲ ਮਗਰਲੇ ਸਾਲਾਂ ਦੌਰਾਨ ਹਥਿਆਰਾਂ ਦੇ ਲਾਇਸੈਂਸ ਬਣਦੇ ਰਹੇ ਹਨ, ਜਿਸ ਵਿਚ ਪੁਲਿਸ ਦੀ ਵੀ ਬਰਾਬਰ ਹਿੱਸੇਦਾਰੀ ਤੇ ਜ਼ਿੰਮੇਵਾਰੀ ਸੀ, ਉਸ ਨੂੰ ਸੂਬੇ ਦੇ ਲੋਕ ਜਾਣਦੇ ਹਨ | ਲੇਕਿਨ ਜਦੋਂ ਹਥਿਆਰਾਂ ਦੇ ਲਾਇਸੈਂਸ ਦੇਣ ਸੰਬੰਧੀ ਕੋਈ ਸਪੱਸ਼ਟ ਤੇ ਪਾਰਦਰਸ਼ੀ ਨੀਤੀ ਹੀ ਨਹੀਂ ਹੈ ਤਾਂ ਲੋਕਾਂ ਦੀ ਪ੍ਰੇਸ਼ਾਨੀ ਤੇ ਲੁੱਟ ਤਾਂ ਹੁੰਦੀ ਹੀ ਰਹੇਗੀ | ਪਰ ਸਰਕਾਰ ਵਲੋਂ ਵੀ ਹੁਣ ਜਾਰੀ ਕੀਤੇ ਆਦੇਸ਼ ਅਸਪੱਸ਼ਟ ਹੋਣ ਕਾਰਨ ਆਮ ਲੋਕਾਂ ਦੀ ਪ੍ਰੇਸ਼ਾਨੀ ਹੋਣਾ ਸੁਭਾਵਕ ਹੀ ਹੈ | ਪੁਲਿਸ ਵਿਭਾਗ ਵਲੋਂ ਇਕ 4 ਸਾਲ ਦੇ ਬੱਚੇ ਦੀ 7 ਸਾਲ ਪੁਰਾਣੀ ਬੰਦੂਕ ਨਾਲ ਫ਼ੋਟੋ ਸੰਬੰਧੀ ਤਾਂ ਕੇਸ ਦਰਜ ਕਰ ਲਿਆ ਗਿਆ ਪਰ ਪੰਜਾਬੀ ਫ਼ਿਲਮ ਇੰਡਸਟਰੀ ਜਿਸ ਵਿਚ ਬਹੁਤੀਆਂ ਫ਼ਿਲਮਾਂ 'ਚ ਬੰਦੂਕਾਂ ਤੇ ਗੋਲੀਆਂ ਅਹਿਮ ਹਿੱਸਾ ਹੁੰਦੀਆਂ ਹਨ, ਕੀ ਸਰਕਾਰ ਉਨ੍ਹਾਂ 'ਤੇ ਵੀ ਪਾਬੰਦੀ ਲਗਾਏਗੀ | ਇਸ ਨਵੇਂ ਲਫ਼ਜ਼ 'ਬੰਦੂਕ ਸੱਭਿਆਚਾਰ' ਦੀ ਸਰਕਾਰ ਅਨੁਸਾਰ ਪਰਿਭਾਸ਼ਾ ਕੀ ਹੈ ਇਹ ਵੀ ਸਪੱਸ਼ਟ ਨਹੀਂ | ਦੇਸ਼ ਦਾ ਵਿਧਾਨ ਜਾਂ ਭਾਰਤੀ ਦੰਡਾਵਲੀ (ਆਈ.ਪੀ.ਸੀ.) ਵਿਚ ਵੀ ਬੰਦੂਕ ਸੱਭਿਆਚਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ | ਪਰ ਪੁਲਿਸ 188 ਤੇ ਧਾਰਾ 19(1) ਏ ਦੀ ਵਰਤੋਂ ਕਰ ਰਹੀ ਹੈ, ਜਿਸ ਦਾ ਕਾਨੂੰਨੀ ਮਾਹਰਾਂ ਅਨੁਸਾਰ ਇਸ ਨਾਲ ਕੋਈ ਸੰਬੰਧ ਹੀ ਨਹੀਂ | ਸਾਂਸਦ, ਵਿਧਾਇਕ, ਸਿਆਸੀ ਤੇ ਸ਼ਿਵ ਸੈਨਾ ਆਗੂਆਂ ਨਾਲ ਜਿਵੇਂ ਹਥਿਆਰਬੰਦ ਲੋਕਾਂ ਦੀਆਂ ਧਾੜਾਂ ਦਗੜ -ਦਗੜ ਕਰਦੀਆਂ ਫਿਰਦੀਆਂ ਹਨ ਉਹ ਕਿਹੜਾ ਸੱਭਿਆਚਾਰ ਹੈ | ਜਦੋਂ ਕਿ ਦੂਜੇ ਪਾਸੇ ਪੁਲਿਸ ਨੇ ਬੰਦੂਕ-ਨੁਮਾ ਖਿਡੌਣਿਆਂ ਨਾਲ ਫ਼ੋਟੋ ਖਿਚਵਾਉਣ ਵਾਲਿਆਂ 'ਤੇ ਵੀ ਕੇਸ ਦਰਜ ਕੀਤੇ ਹਨ | ਹਥਿਆਰਾਂ ਦੀ ਸਮੀਖਿਆ ਵੀ ਹੁਣ ਉਸ ਪੁਲਿਸ ਵਲੋਂ ਹੋ ਰਹੀ ਹੈ ਜਿਸ 'ਤੇ ਥਾਣਿਆਂ 'ਚ ਜਮ੍ਹਾਂ ਹਥਿਆਰ ਨਸ਼ਾ ਤਸਕਰਾਂ 'ਚ ਵੰਡਣ ਤੇ ਗੈਂਗਸਟਰਾਂ ਨੂੰ ਭਜਾਉਣ 'ਚ ਮਦਦ ਦੇਣ ਦੇ ਦੋਸ਼ ਹਨ | ਸਰਕਾਰਾਂ ਕੋਲ ਜਦੋਂ ਹਥਿਆਰ ਧਾਰਕਾਂ ਤੇ ਹਰ ਤਰ੍ਹਾਂ ਦੇ ਕੇਸਾਂ ਦਾ ਕੰਪਿਊਟਰਾਈਜ਼ਡ ਰਿਕਾਰਡ ਹੈ ਤਾਂ ਪੁਲਿਸ ਨੂੰ ਵੈਰੀਫਿਕੇਸ਼ਨ ਦੇ ਨਾਂਅ 'ਤੇ ਲੋਕਾਂ ਕੋਲ ਭੇਜਣ ਦਾ ਮੰਤਵ ਸਭ ਨੂੰ ਸਮਝ ਪੈ ਰਿਹਾ ਹੈ | ਸਰਕਾਰ ਦੀ ਇਸ ਕਾਰਵਾਈ ਦੀ ਜਨਤਕ ਪੱਧਰ 'ਤੇ ਹੋ ਰਹੀ ਨੁਕਤਾਚੀਨੀ ਕਾਰਨ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪੋਸਟਾਂ ਸੰਬੰਧੀ ਕਾਰਵਾਈ ਲਈ 3 ਦਿਨਾਂ ਦਾ ਸਮਾਂ ਦੇਣ ਦਾ ਤਾਂ ਐਲਾਨ ਕਰ ਦਿੱਤਾ ਹੈ ਪਰ ਚੰਗਾ ਹੋਵੇਗਾ ਜੇ ਸਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਲਿਖੇ ਸ਼ਸ਼ਤਰਨਾਮ ਮਾਲਾ, ਗੁਰਬਿਲਾਸ ਤੇ ਚੰਡੀ ਦੀ ਵਾਰ ਆਦਿ ਦਾ ਵੀ ਅਧਿਐਨ ਕਰ ਲਵੇ ਤਾਂ ਜੋ ਉਸ ਨੂੰ ਸਥਾਨਕ ਲੋਕਾਂ ਦੀਆਂ ਰਹੁ-ਰੀਤਾਂ ਤੇ ਸੱਭਿਆਚਾਰ ਦਾ ਵੀ ਗਿਆਨ ਹੋ ਜਾਵੇ | ਕਿਸੇ ਅਪਰਾਧੀ ਦਾ ਹਥਿਆਰ ਵਾਪਸ ਲੈਣਾ ਤਾਂ ਪੁਲਿਸ ਦੀ ਕਾਨੂੰਨੀ ਜ਼ਿੰਮੇਵਾਰੀ ਵੀ ਹੈ ਪਰ ਜੇ ਮਗਰਲੀਆਂ ਸਰਕਾਰਾਂ ਵਲੋਂ ਵੀ ਆਪਣੇ ਸਮਰਥਕਾਂ ਤੇ ਪਾਰਟੀ ਵਰਕਰਾਂ 'ਚ ਹਥਿਆਰਾਂ ਦੇ ਲਾਇਸੈਂਸ ਵੰਡੇ ਗਏ ਸਨ ਤਾਂ ਫਿਰ ਹੁਣ ਵੀ ਸਮੀਖਿਆ ਦੇ ਨਾਂਅ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ | ਸੂਬੇ ਵਿਚ ਜਿਵੇਂ ਵੱਡੇ ਪੱਧਰ 'ਤੇ ਫਿਰੌਤੀਆਂ ਲਈ ਕਾਲਾਂ ਆਉਣ ਦੀ ਚਰਚਾ ਹੈ ਅਤੇ ਆਪਣੀ ਜਾਨ ਤੇ ਮਾਲ ਦੀ ਰਾਖੀ ਦਾ ਜਿਵੇਂ ਹਰ ਨਾਗਰਿਕ ਨੂੰ ਹੱਕ ਹੈ ਤੇ ਸਰਕਾਰ ਲਈ ਹਰ ਨਾਗਰਿਕ ਲਈ ਪੁਲਿਸ ਸੁਰੱਖਿਆ ਪ੍ਰਦਾਨ ਕਰਨੀ ਸੰਭਵ ਵੀ ਨਹੀਂ, ਤਾਂ ਉਸ ਹਾਲਾਤ ਵਿਚ ਸਰਕਾਰ ਲਈ ਅਜਿਹੀ ਨੀਤੀ ਅਪਨਾਉਣੀ ਜ਼ਰੂਰੀ ਹੋਵੇਗੀ ਕਿ ਲੋਕਾਂ ਵਿਚਲਾ ਮੌਜੂਦਾ ਦਹਿਸ਼ਤ ਦਾ ਮਾਹੌਲ ਹੋਰ ਤਿੱਖਾ ਨਾ ਹੋਵੇ ਅਤੇ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ 'ਚ ਵੀ ਸੁਧਾਰ ਹੋਵੇ |
ਚੰਡੀਗੜ੍ਹ, 26 ਨਵੰਬਰ (ਤਰੁਣ ਭਜਨੀ)-ਪੰਜਾਬ ਪੁਲਿਸ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਨੂੰ ਲੈ ਕੇ ਹੋਰ ਸਖ਼ਤ ਹੋ ਗਈ ਹੈ¢ ਸੋਸ਼ਲ ਮੀਡੀਆ 'ਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਤਸਵੀਰਾਂ ਪੋਸਟ ਕਰਨ ਵਾਲੇ ਅਜਿਹੇ ਲੋਕਾਂ ਖ਼ਿਲਾਫ਼ ਰੋਜ਼ਾਨਾ ਕਾਰਵਾਈ ਅਤੇ ਐਫ. ਆਈ. ਆਰ. ਦਰਜ ਕੀਤੀ ਜਾ ਰਹੀ ਹੈ¢ ਹੁਣ ਡੀ.ਜੀ.ਪੀ. ਗÏਰਵ ਯਾਦਵ ਨੇ ਟਵੀਟ ਕਰਕੇ ਅਜਿਹੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਅਜਿਹੀ ਪੋਸਟਾਂ ਹਟਾਉਣ ਦੀ ਅਪੀਲ ਕੀਤੀ ਹੈ¢ਡੀ.ਜੀ.ਪੀ ਨੇ ਟਵੀਟ ਵਿਚ ਹਥਿਆਰਾਂ, ਤਸਵੀਰਾਂ ਅਤੇ ਵੀਡੀਓ ਆਦਿ ਦੇ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਸਮਗਰੀ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਹਟਾਉਣ ਲਈ ਕਿਹਾ ਹੈ¢ ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਤੱਕ ਕੋਈ ਸੰਬੰਧਤ ਐਫ.ਆਈ.ਆਰ. ਦਰਜ ਨਹੀਂ ਕੀਤੀ ਜਾਵੇਗੀ¢ ਜ਼ਿਕਰਯੋਗ ਹੈ ਕਿ ਪੁਲਿਸ ਨੇ ਬੰਦੂਕ ਸੱਭਿਆਚਾਰ ਖ਼ਿਲਾਫ਼ 90 ਦਿਨਾਂ ਦੀ ਮੁਹਿੰਮ ਚਲਾਈ ਹੈ¢ ਇਸ 'ਚ ਇੰਟਰਨੈੱਟ ਮੀਡੀਆ ਵੀ ਨਿਸ਼ਾਨੇ 'ਤੇ ਹੈ¢ ਹੁਣ ਤੱਕ ਕਈ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ¢ ਇਸ ਦੇ ਨਾਲ ਹੀ ਹਥਿਆਰਾਂ ਲਈ ਜਾਰੀ ਕੀਤੇ ਗਏ ਲਾਇਸੈਂਸਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ¢ ਹੁਣ ਤੱਕ ਕਈ ਲੋਕਾਂ ਦੇ ਲਾਇਸੈਂਸ ਰੱਦ ਜਾਂ ਸਸਪੈਂਡ ਕੀਤੇ ਜਾ ਚੁੱਕੇ ਹਨ¢
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 26 ਨਵੰਬਰ-ਪੰਜਾਬ 'ਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ 'ਚ 'ਰੈੱਡ ਐਂਟਰੀ' ਕਰਨ ਦੇ ਹੁਕਮਾਂ ਨੂੰ ਸੂਬਾ ਸਰਕਾਰ ਨੇ ਵਾਪਸ ਲੈ ਲਿਆ ਹੈ¢ ਜਾਣਕਾਰੀ ਅਨੁਸਾਰ ਇਸ ਸੰਬੰਧੀ ਮਾਲ ਤੇ ਮੁੜ ਵਸੇਬਾ ਵਿਭਾਗ ਨੇ ਸਾਰੇ ਡਿਪਟੀ ...
ਅੰਮਿ੍ਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਕਰੀਬ ਪੰਜ ਸਾਲ ਪਹਿਲਾਂ ਸਿੱਖ ਪੰਥ 'ਚੋਂ ਛੇਕੇ ਸਾਬਕਾ ਕੈਬਨਿਟ ਮੰਤਰੀ, ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਮਵਰ ਅਕਾਲੀ ਆਗੂ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਹੁਣ ਅਕਾਲੀ ਦਲ 'ਚ ਘਰ ਵਾਪਸੀ ...
ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)-ਰਾਸ਼ਟਰੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ 'ਚ ਆਪਣੀ ਸਹਿ ਜੀਵਨ ਸਾਥੀ ਸ਼ਰਧਾ ਵਾਲਕਰ ਦੀ ਹੱਤਿਆ ਕਰਨ ਅਤੇ ਲਾਸ਼ ਦੇ 35 ਟੁਕੜੇ ਕਰਨ ਦੇ ਦੋਸ਼ੀ ਅਫ਼ਤਾਬ ਅਮੀਨ ਪੂਨਾਵਾਲਾ ਨੂੰ ...
ਮੁੰਬਈ, 26 ਨਵੰਬਰ (ਪੀ. ਟੀ. ਆਈ.)-ਯੋਗ ਗੁਰੂ ਬਾਬਾ ਰਾਮਦੇਵ ਨੇ ਔਰਤਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਠਾਣੇ 'ਚ ਸ਼ੁੱਕਰਵਾਰ ਨੂੰ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਬੇਟੇ ਅਤੇ ਸੰਸਦ ਮੈਂਬਰ ...
ਜਸਟਿਸ ਪਲਬਿੰਦਰ ਕੌਰ ਸ਼ੇਰਗਿੱਲ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਜੱਜ
ਐਬਟਸਫੋਰਡ, 26 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਪੰਜਾਬ ਦੀ ਸਰਜ਼ਮੀਨ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਦੀ ਧਰਤੀ 'ਤੇ ਜਿੰਨੀ ਤਰੱਕੀ ਪੰਜਾਬੀਆਂ ਨੇ ਕੀਤੀ ਹੈ ਹੋਰ ਸ਼ਾਇਦ ਹੀ ਕਿਸੇ ਮੁਲਕ ਵਿਚ ...
ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)-ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਮੰਤਰੀ ਸਤੇਂਦਰ ਜੈਨ ਦੇ ਮਾਲਿਸ਼ ਅਤੇ ਖਾਣੇ ਵਾਲੇ ਵੀਡੀਓ ਤੋਂ ਬਾਅਦ ਉਸ ਦਾ ਜੇਲ੍ਹ ਦੇ ਅੰਦਰੋਂ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਜੈਨ ਪਹਿਲਾਂ ਜੇਲ੍ਹ ਦੇ ਅੰਦਰ ਤਿੰਨ ਲੋਕਾਂ ...
ਪੋਰਬੰਦਰ, 26 ਨਵੰਬਰ (ਪੀ. ਟੀ. ਆਈ.)-ਗੁਜਰਾਤ ਦੇ ਪੋਰਬੰਦਰ ਨੇੜੇ ਇਕ ਪਿੰਡ 'ਚ ਸਨਿਚਰਵਾਰ ਸ਼ਾਮ ਕਿਸੇ ਮੁੱਦੇ ਨੂੰ ਲੈ ਕੇ ਸਾਥੀ ਦੀ ਗੋਲੀਬਾਰੀ 'ਚ ਭਾਰਤੀ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.) ਦੇ ਦੋ ਜਵਾਨਾਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ | ਇਹ ਜਵਾਨ ਮਨੀਪੁਰ ...
ਚੰਡੀਗੜ੍ਹ, 26 ਨਵੰਬਰ (ਐਨ.ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੰਡੀਗੜ੍ਹ 'ਚ ਅਸੀਂ ਆਪਣਾ ਵੱਖ ਵਿਧਾਨ ਸਭਾ ਭਵਨ ਬਣਾ ਰਹੇ ਹਾਂ ਤਾਂ ਉਸ ਵਿਚ ਆਮ ਆਦਮੀ ਪਾਰਟੀ ਨੂੰ ਕਿਉਂ ਇਤਰਾਜ਼ ਹੋ ...
ਮਹੂ (ਮੱਧ ਪ੍ਰਦੇਸ਼), (ਪੀ. ਟੀ. ਆਈ.)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਵਿਧਾਨ ਨੂੰ ਚਤੁਰਾਈ ਨਾਲ ਖਤਮ ਕਰਨਾ ਚਾਹੁੰਦੀਆਂ ਹਨ | ਉਹ ਸੰਵਿਧਾਨ ਦਿਵਸ 'ਤੇ ਆਪਣੀ ਭਾਰਤ ਜੋੜੋ ...
ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਕੇਂਦਰ ਵਲੋਂ ਸੀਨੀਅਰ ਨੌਕਰਸ਼ਾਹਾਂ ਦੇ ਫੇਰਬਦਲ ਦੇ ਹਿੱਸੇ ਵਜੋਂ ਮਨੋਜ ਕੁਮਾਰ ਸਾਹੂ ਨੂੰ ਡਿਪਟੀ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ | ਸਾਹੂ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੇਡਰ ਦੇ 2006 ...
ਗੁਜਰਾਤ ਤੋਂ ਅਨਿਲ ਜੈਨ ਗੁਜਰਾਤ 'ਚ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪਹਿਲੀ ਰੈਲੀ ਮੋਰਬੀ 'ਚ ਹੋਈ | ਮੋਰਬੀ ਉਹ ਜਗ੍ਹਾ ਹੈ ਜਿਥੇ ਮੱਛੂ ਨਦੀ 'ਤੇ ਇਕ ਪੁਲ ਪਿਛਲੇ ਦਿਨੀਂ ਟੁੱਟ ਕੇ ਡਿੱਗ ਗਿਆ ਸੀ, ਜਿਸ ਵਿਚ ਕਰੀਬ 200 ਲੋਕ ਮਰ ਗਏ ਸਨ | ਭਾਜਪਾ ਨੇ ...
ਇਕ ਹੋਰ ਆਦੇਸ਼ 'ਚ ਕਿਹਾ ਗਿਆ ਕਿ ਸਿੱਖ ਕੌਮ ਦਾ ਆਪਣਾ ਅੰਤਰਰਾਸ਼ਟਰੀ ਮਿਆਰ ਦਾ ਸਿੱਖ ਸਿੱਖਿਆ ਬੋਰਡ ਬਣਨਾ ਚਾਹੀਦਾ ਹੈ, ਇਸ ਲਈ ਸ੍ਰੀ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਸਿੱਖ ਵਿਦਵਾਨਾਂ ਅਤੇ ਸਿੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ 'ਤੇ ਆਧਾਰਿਤ ਇਕ ਉੱਚ ਪੱਧਰੀ ਕਮੇਟੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX