ਭਾਰਤ ਨੂੰ ਇਕ ਸਾਲ ਲਈ 20 ਦੇਸ਼ਾਂ ਦੇ ਸਮੂਹ, ਜਿਸ ਨੂੰ ਜੀ-20 ਵੀ ਕਿਹਾ ਜਾਂਦਾ ਹੈ, ਦੀ ਪ੍ਰਧਾਨਗੀ ਮਿਲਣ ਨਾਲ ਜਿਥੇ ਇਸ ਦੀ ਜ਼ਿੰਮੇਵਾਰੀ ਵਧੀ ਹੈ, ਉਥੇ ਇਸ ਨੂੰ ਇਸ ਸਮੇਂ ਵਿਚ ਆਪਣਾ ਅੰਤਰਰਾਸ਼ਟਰੀ ਪ੍ਰਭਾਵ ਵਧਾਉਣ ਦਾ ਵੀ ਮੌਕਾ ਮਿਲਿਆ ਹੈ। ਅੱਜ ਦੁਨੀਆ ਬੇਹੱਦ ਚੁਣੌਤੀਪੂਰਨ ਸਮੇਂ 'ਚੋਂ ਗੁਜ਼ਰ ਰਹੀ ਹੈ। 2 ਸਾਲ ਤੱਕ ਕੋਰੋਨਾ ਮਹਾਂਮਾਰੀ ਨੇ ਇਸ ਦੇ ਸਾਹ ਸੂਤੀ ਰੱਖੇ ਸਨ। ਇਸ ਸਮੇਂ ਰੂਸ-ਯੂਕਰੇਨ ਦੀ ਜੰਗ ਨੇ ਕਈ ਮੁਹਾਜ਼ਾਂ 'ਤੇ ਦੁਨੀਆ ਨੂੰ ਘਾਟਾ ਪਾਇਆ ਹੈ। ਤੇਲ, ਖਾਦ ਅਤੇ ਖ਼ੁਰਾਕ ਦੀਆਂ ਕੀਮਤਾਂ ਵਧਣ ਨੂੰ ਇਸ ਜੰਗ ਨਾਲ ਹੀ ਜੋੜਿਆ ਜਾ ਸਕਦਾ ਹੈ। ਇਕ ਵਾਰ ਫੇਰ ਦੁਨੀਆ ਦੋ ਧਿਰੀ ਬਣੀ ਨਜ਼ਰ ਆ ਰਹੀ ਹੈ। ਅਮਰੀਕਾ ਤੇ ਯੂਰਪ ਦੇ ਬਹੁਤੇ ਦੇਸ਼ ਇਸ ਜੰਗ ਵਿਚ ਯੂਕਰੇਨ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਸ਼ਕਤੀਸ਼ਾਲੀ ਰੂਸ ਨਾਲ ਵੀ ਅਨੇਕਾਂ ਦੇਸ਼ਾਂ ਦੇ ਨਜ਼ਦੀਕੀ ਸੰਬੰਧ ਬਣੇ ਰਹੇ ਹਨ ਅਤੇ ਅਜੇ ਵੀ ਚੀਨ ਸਮੇਤ ਉਸ ਦੇ ਅਨੇਕਾਂ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਬਣੇ ਹੋਏ ਹਨ।
ਭਾਰਤ ਉਨ੍ਹਾਂ 'ਚੋਂ ਇਕ ਹੈ ਪਰ ਆਪਣੀ ਪ੍ਰੌੜ ਸੋਚ ਨਾਲ ਇਸ ਨੇ ਕਿਸੇ ਇਕ ਧਿਰ ਲਈ ਹਾਮੀ ਨਹੀਂ ਭਰੀ, ਸਗੋਂ ਦੋਹਾਂ ਦੇਸ਼ਾਂ ਵਿਚਕਾਰ ਜੰਗਬੰਦੀ ਦੀ ਗੁਹਾਰ ਲਗਾਈ ਹੈ। ਇਸ ਤੋਂ ਇਲਾਵਾ ਦੁਨੀਆ ਸਾਹਮਣੇ ਵੱਡੀ ਚੁਣੌਤੀ ਵਾਤਾਵਰਨ ਵਿਚ ਆ ਰਹੇ ਲਗਾਤਾਰ ਬਦਲਾਅ ਦੀ ਹੈ। ਦੁਨੀਆ ਭਰ ਵਿਚ ਖਾਸ ਕਰਕੇ ਵੱਡੇ ਸਨਅਤੀ ਦੇਸ਼ਾਂ ਵਿਚ ਹੋ ਰਹੇ ਅਨੇਕਾਂ ਉਤਪਾਦਾਂ ਕਾਰਨ ਵੱਡੀ ਪੱਧਰ 'ਤੇ ਕਾਰਬਨ ਦੀ ਉਤਪਤੀ ਨੇ ਸਮੁੱਚੇ ਵਾਤਾਵਰਨ ਨੂੰ ਦੂਸ਼ਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇਸ ਕਾਰਨ ਸਿਹਤ ਦੇ ਮਾਮਲੇ ਵਿਚ ਵੀ ਹਰ ਪਾਸੇ ਵੱਡੀ ਚਿੰਤਾ ਪਾਈ ਜਾ ਰਹੀ ਹੈ। ਅਜਿਹੇ ਸਮੇਂ ਵਿਚ ਦੁਨੀਆ ਦੇ ਇਕ ਵੱਡੇ ਮੰਚ 'ਤੇ ਪ੍ਰਭਾਵਸ਼ਾਲੀ ਮੁਲਕਾਂ ਦਾ ਮਿਲ ਕੇ ਸੋਚ ਵਿਚਾਰ ਕਰਨਾ ਵੱਡੇ ਅਰਥ ਰੱਖਦਾ ਹੈ ? ਜੀ-20 ਸਮੂਹ ਦੀ ਸਥਾਪਨਾ 1999 ਵਿਚ ਕੀਤੀ ਗਈ ਸੀ। ਇਨ੍ਹਾਂ ਦੇਸ਼ਾਂ ਦਾ ਮਹੱਤਵ ਇਹ ਹੈ ਕਿ ਇਥੇ ਦੁਨੀਆ ਦੀ ਕੁੱਲ ਆਬਾਦੀ ਦੇ ਦੋ ਤਿਹਾਈ ਨਾਗਰਿਕ ਵਸੇ ਹੋਏ ਹਨ। ਇਸ ਸਮੂਹ ਦਾ ਅੰਤਰਰਾਸ਼ਟਰੀ ਵਪਾਰ ਵਿਚ 75 ਫੀਸਦੀ ਹਿੱਸਾ ਹੈ। ਇਸ ਦਾ ਕੁੱਲ ਘਰੇਲੂ ਉਤਪਾਦ ਦੁਨੀਆ ਭਰ ਵਿਚ 80 ਪ੍ਰਤੀਸ਼ਤ ਹੈ। ਸੋ, ਇਨ੍ਹਾਂ ਦੇਸ਼ਾਂ ਦਾ ਸਿਰ ਜੋੜ ਕੇ ਦੁਨੀਆ ਦੇ ਸਰੋਕਾਰਾਂ ਬਾਰੇ ਸੋਚਣਾ ਮਹੱਤਵਪੂਰਨ ਹੈ। ਭਾਰਤ ਨੂੰ ਇਹ ਜ਼ਿੰਮੇਵਾਰੀ ਪਹਿਲੀ ਦਸੰਬਰ ਨੂੰ ਮਿਲੀ ਹੈ। ਇਸ ਲਈ ਵੱਡੀ ਪੱਧਰ 'ਤੇ ਤਿਆਰੀਆਂ ਦੀ ਜ਼ਰੂਰਤ ਹੋਵੇਗੀ। ਇਸ ਲਈ ਦੇਸ਼ ਦੇ 50 ਤੋਂ ਵਧੇਰੇ ਸ਼ਹਿਰਾਂ ਵਿਚ 200 ਤੋਂ ਵਧੇਰੇ ਸਮਾਗਮ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਸ ਦਾ ਪਿਛਲਾ ਸੰਮੇਲਨ ਇੰਡੋਨੇਸ਼ੀਆ ਦੇ ਟਾਪੂ ਬਾਲੀ ਵਿਚ ਹੋਇਆ ਸੀ, ਜਿਸ ਵਿਚ ਭਾਰਤ ਵਲੋਂ ਆਪਣੀ ਪ੍ਰਭਾਵਸ਼ਾਲੀ ਹਾਜ਼ਰੀ ਲਗਵਾਈ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਭਾਵ ਇਸ ਸੰਮੇਲਨ ਵਿਚ ਹੋਰ ਵੀ ਵਧਿਆ ਦਿਖਾਈ ਦਿੱਤਾ ਸੀ। ਆਉਂਦੇ ਸਤੰਬਰ ਵਿਚ ਨਵੀਂ ਦਿੱਲੀ ਵਿਚ ਇਸ ਦਾ ਮੁੱਖ ਸੰਮੇਲਨ ਆਯੋਜਿਤ ਕੀਤਾ ਜਾਵੇਗਾ, ਜਿਸ ਦੀ ਰੂਪ ਰੇਖਾ ਅਤੇ ਏਜੰਡਾ ਭਾਰਤ ਵਲੋਂ ਮਿਥਿਆ ਜਾਵੇਗਾ।
ਭਾਰਤ ਦੀ ਅਰਥਵਿਵਸਥਾ ਬੜੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਪਰ ਇਸ ਦੇ ਨਾਲ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਅੱਜ ਦੁਨੀਆ ਦੀ ਬਹੁਤੀ ਗ਼ਰੀਬ ਵਸੋਂ ਵੀ ਇਥੇ ਹੀ ਰਹਿੰਦੀ ਹੈ। ਇਸ ਦੇ ਨਾਲ ਹੀ ਇਸ ਦੀ ਲਗਾਤਾਰ ਵਧ ਰਹੀ ਆਬਾਦੀ ਵੀ ਵੱਡੇ ਖ਼ਤਰੇ ਅਤੇ ਸਮੱਸਿਆਵਾਂ ਲੈ ਕੇ ਆਏਗੀ। ਅੱਜ ਵੱਡੇ ਖ਼ਤਰੇ ਵਾਲੀ ਗੱਲ ਇਹ ਵੀ ਦਿਖਾਈ ਦੇ ਰਹੀ ਹੈ ਕਿ ਚੀਨ, ਰੂਸ, ਅਮਰੀਕਾ ਸਮੇਤ ਸਾਰੇ ਵਿਕਸਿਤ ਦੇਸ਼ਾਂ ਅਤੇ ਇਥੋਂ ਤੱਕ ਕਿ ਭਾਰਤ, ਪਾਕਿਸਤਾਨ ਅਤੇ ਉੱਤਰੀ ਕੋਰੀਆ ਨੇ ਵੀ ਦੁਨੀਆ ਦੀ ਤਬਾਹੀ ਵਾਲੇ ਖ਼ਤਰਨਾਕ ਹਥਿਆਰ ਜਮ੍ਹਾਂ ਕਰ ਲਏ ਹਨ। ਇਸ ਸੰਬੰਧੀ ਕੋਈ ਵੱਡੀ ਅੰਤਰਰਾਸ਼ਟਰੀ ਯੋਜਨਾ ਤਿਆਰ ਕੀਤੇ ਜਾਣ ਦੀ ਜ਼ਰੂਰਤ ਹੋਵੇਗੀ, ਤਾਂ ਜੋ ਇਨ੍ਹਾਂ ਹਥਿਆਰਾਂ ਨੂੰ ਨਿਯਮਿਤ ਕੀਤਾ ਜਾ ਸਕੇ।
ਅੱਜ ਤਕਨੀਕ ਅਤੇ ਡਿਜੀਟਲ ਦੌਰ ਨੇ ਵੀ ਦੁਨੀਆ ਦਾ ਨਕਸ਼ਾ ਹੀ ਬਦਲ ਦਿੱਤਾ ਹੈ। ਇਸ ਪੱਖੋਂ ਦੁਨੀਆ ਇਕ ਇਕਾਈ ਬਣੀ ਨਜ਼ਰ ਆਉਂਦੀ ਹੈ। ਪਿਛਲੇ ਸਮੇਂ ਵਿਚ ਭਾਰਤ ਨੇ ਡਿਜੀਟਲ ਤਕਨੀਕ ਦਾ ਵੱਧ ਤੋਂ ਵੱਧ ਲਾਭ ਉਠਾਇਆ ਹੈ। ਅੱਜ ਕਰੋੜਾਂ ਵਿਅਕਤੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਆਰਥਿਕ ਯੋਜਨਾਵਾਂ ਲਈ ਬੈਂਕਾਂ ਨੂੰ ਆਧਾਰ ਬਣਾ ਕੇ ਵਰਤੀ ਜਾ ਰਹੀ ਡਿਜੀਟਲ ਤਕਨੀਕ ਬੇਹੱਦ ਕਾਰਗਰ ਸਾਬਤ ਹੋ ਰਹੀ ਹੈ। ਭਾਰਤ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਇਸ ਨੇ ਬਾਇਓ ਮੈਟ੍ਰਿਕ ਆਈ.ਟੀ. ਪ੍ਰਣਾਲੀ (ਆਧਾਰ ਕਾਰਡ) ਨੂੰ ਸਫਲਤਾ ਪੂਰਵਕ ਲਾਗੂ ਕੀਤਾ ਹੈ। ਦੁਨੀਆ ਭਰ ਦੇ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਦਾ ਨਿਯਮਿਤ ਰੂਪ ਵਿਚ ਮਿਲਣਾ ਵੀ ਬੇਹੱਦ ਜ਼ਰੂਰੀ ਹੈ। ਇਸ ਲਈ ਜੀ-20 ਵਰਗੇ ਸਮੂਹ ਕੋਈ ਕਾਰਗਰ ਤਰੀਕਾ ਲੱਭ ਸਕਦੇ ਹਨ, ਜਿਸ ਨਾਲ ਵੱਡੀ ਆਬਾਦੀ ਵਾਲੇ ਦੇਸ਼ਾਂ ਸਮੇਤ ਗੁਰਬਤ ਅਤੇ ਲੋੜਾਂ ਨਾਲ ਭੰਨੇ ਦੇਸ਼ਾਂ ਦੇ ਲੋਕਾਂ ਨੂੰ ਭਰ ਪੇਟ ਚੰਗੀ ਖੁਰਾਕ ਮਿਲ ਸਕੇ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਲੋਕਾਂ ਨੂੰ ਸਿਹਤ ਲਈ ਲੋੜੀਂਦੀਆਂ ਸਹੀ ਦਵਾਈਆਂ ਦਾ ਮਿਲਣਾ ਵੀ ਜ਼ਰੂਰੀ ਹੋ ਗਿਆ ਹੈ। ਕੋਰੋਨਾ ਮਹਾਂਮਾਰੀ ਨੇ ਇਸ ਮਸਲੇ ਪ੍ਰਤੀ ਦੁਨੀਆ ਭਰ ਦਾ ਧਿਆਨ ਖਿੱਚਿਆ ਸੀ। ਅਜਿਹੇ ਮਸਲਿਆਂ ਨੂੰ ਏਜੰਡੇ ਵਿਚ ਸ਼ਾਮਿਲ ਕਰਕੇ ਇਸ ਲਈ ਜੀ-20 ਸਮੂਹ ਵਰਗੇ ਦੇਸ਼ਾਂ ਵਿਚ ਇਕਸੁਰਤਾ ਕਾਇਮ ਕਰਨਾ ਅਤੇ ਉਨ੍ਹਾਂ ਨੂੰ ਇਕੱਠੇ ਖੜ੍ਹੇ ਕਰਨਾ ਬੇਹੱਦ ਮੁਸ਼ਕਲ ਤਾਂ ਜ਼ਰੂਰ ਹੈ ਪਰ ਭਾਰਤ ਨੂੰ ਹੁਣ ਤੋਂ ਹੀ ਇਸ ਦਿਸ਼ਾ ਵਿਚ ਵੱਡੇ ਯਤਨ ਕਰਨ ਦੀ ਜ਼ਰੂਰਤ ਹੋਵੇਗੀ। ਇਸ ਸੰਗਠਨ ਦੀ ਸਫ਼ਲਤਾ ਇਸ ਵਿਚੋਂ ਕੀਤੀਆਂ ਗਈਆਂ ਪ੍ਰਾਪਤੀਆਂ ਦੇ ਆਧਾਰ 'ਤੇ ਮੰਨੀ ਜਾਏਗੀ। ਬਿਨਾਂ ਸ਼ੱਕ ਹੁਣ ਇਸ ਦੀ ਵੱਡੀ ਜ਼ਿੰਮੇਵਾਰੀ ਭਾਰਤ 'ਤੇ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ
ਅਸੀਂ ਇਕ ਸੁਤੰਤਰ ਅਤੇ ਲੋਕਰਾਜੀ ਦੇਸ਼ ਦੇ ਵਾਸੀ ਹਾਂ। ਸੰਵਿਧਾਨ ਸਾਡੇ ਜਮਹੂਰੀ ਅਧਿਕਾਰਾਂ ਦੀ ਪੁਸ਼ਟੀ ਹੁੰਦੀ ਹੈ, ਜਿਨ੍ਹਾਂ ਦੀ ਰਾਖੀ ਸਾਡੇ ਲਈ ਲਾਜ਼ਮੀ ਹੈ। ਆਪਣੇ ਜਮਹੂਰੀ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਬੁਰੀ ਗੱਲ ਨਹੀਂ ਹੈ, ਪਰ ਸੰਘਰਸ਼ ਦਾ ਰਾਹ ਲੋਕ ...
ਅੱਜ ਲਈ ਵਿਸ਼ੇਸ਼
ਜਦੋਂ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲਦੇ ਜਾਂ ਉਸ ਨੂੰ ਦੇਖਦੇ ਜਾਂ ਸੁਣਦੇ ਹਾਂ ਜੋ ਕਿਸੇ ਸਰੀਰਕ ਜਾਂ ਮਾਨਸਿਕ ਘਾਟ ਤੋਂ ਪੀੜਤ ਹੈ ਤਾਂ ਤਰਸ ਦਿਖਾਉਂਦੇ ਹਾਂ ਜਾਂ ਖਿੱਝ ਜਾਂਦੇ ਹਾਂ। ਉਸ ਲਈ ਹਮਦਰਦੀ ਪ੍ਰਗਟਾਉਂਦੇ ਹਾਂ ਜਾਂ ਉਸ ਨੂੰ ਦੂਰ ਹਟਣ ...
67ਵੀਂ ਐਜੂਕੇਸ਼ਨਲ ਕਾਨਫਰੰਸ 'ਤੇ ਵਿਸ਼ੇਸ਼
19 ਜਨਵਰੀ, 1908 ਨੂੰ ਮਜੀਠਾ ਹਾਊਸ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਸਿਰਕੱਢ ਆਗੂਆਂ ਜਿਸ ਵਿਚ ਭਾਈ ਵੀਰ ਸਿੰਘ ਜੀ, ਸ: ਸੁੰਦਰ ਸਿੰਘ ਮਜੀਠੀਆ, ਸ: ਹਰਬੰਸ ਸਿੰਘ ਅਟਾਰੀ, ਭਾਈ ਜੋਧ ਸਿੰਘ ਆਦਿ ਸ਼ਾਮਿਲ ਸਨ, ਨੇ ਵਿਚਾਰ ਵਟਾਂਦਰੇ ਉਪਰੰਤ ਚੀਫ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX