15 ਸਾਲ ਬਾਅਦ ਬਾਹਰ ਹੋਈ ਭਾਜਪਾ ਪਰ ਫ਼ਸਵੀਂ ਟੱਕਰ ਦੇਣ 'ਚ ਰਹੀ ਕਾਮਯਾਬ
ਜਗਤਾਰ ਸਿੰਘ
ਨਵੀਂ ਦਿੱਲੀ, 7 ਦਸੰਬਰ-ਆਮ ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ ਚੋਣਾਂ 'ਚ ਸਪਸ਼ਟ ਬਹੁਮਤ ਪ੍ਰਾਪਤ ਕਰਦੇ ਹੋਏ ਪਿਛਲੇ 15 ਸਾਲ ਤੋਂ ਐਮ.ਸੀ.ਡੀ. ਦੀ ਸੱਤਾ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ | ਦਿੱਲੀ ਦੀ 'ਮਿੰਨੀ ਸਰਕਾਰ' ਵਜੋਂ ਜਾਣੀ ਜਾਂਦੀ 'ਐਮ.ਸੀ.ਡੀ.' ਦੀਆਂ ਸਾਰੀਆਂ 250 ਸੀਟਾਂ ਦੇ ਅੱਜ ਐਲਾਨੇ ਗਏ ਚੋਣ ਨਤੀਜਿਆਂ 'ਚ 'ਆਪ' ਨੂੰ 134 ਸੀਟਾਂ (42.35 ਫ਼ੀਸਦੀ) ਮਿਲੀਆਂ | ਭਾਜਪਾ ਨੂੰ 104 (39.23 ਫ਼ੀਸਦੀ), ਕਾਂਗਰਸ ਨੂੰ 09 ਸੀਟਾਂ (12.16 ਫ਼ੀਸਦੀ) ਅਤੇ ਤਿੰਨ ਸੀਟਾਂ ਹੋਰਨਾਂ ਨੂੰ ਮਿਲੀਆਂ | 2017 ਦੀਆਂ ਪਿਛਲੀਆਂ ਚੋਣਾਂ 'ਚ ਕੁੱਲ 272 ਸੀਟਾਂ 'ਚੋਂ ਭਾਜਪਾ ਨੂੰ 181, 'ਆਪ' ਨੂੰ 49 ਅਤੇ ਕਾਂਗਰਸ ਨੂੰ 31 ਸੀਟਾਂ ਮਿਲੀਆਂ ਸਨ | 2017 'ਚ ਦਿੱਲੀ ਦੀ ਸੱਤਾ 'ਚ ਹੋਣ ਦੇ ਬਾਵਜੂਦ ਪਿਛਲੀਆਂ ਐਮ.ਸੀ.ਡੀ. ਚੋਣਾਂ 'ਚ 'ਆਪ' ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਸੀ, ਇਸ ਲਈ 'ਆਪ' ਦੀ ਇਹ ਜਿੱਤ ਖਾਸ ਮਾਇਨੇ ਰੱਖਦੀ ਹੈ ਤੇ ਇਸ ਨਾਲ 'ਆਪ' ਦੀਆਂ ਸਿਆਸੀ ਜੜ੍ਹਾਂ ਦਿੱਲੀ 'ਚ ਹੋਰ ਮਜ਼ਬੂਤ ਹੋ ਗਈਆਂ ਹਨ | ਸ਼ਾਨਦਾਰ ਜਿੱਤ ਤੋਂ ਬਾਅਦ 'ਆਪ' ਦੇ ਮੁੱਖ ਦਫ਼ਤਰ ਵਿਖੇ ਜਸ਼ਨਾਂ ਦੇ ਮਾਹੌਲ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਦੀ ਜਨਤਾ ਦਾ ਧੰਨਵਾਦ ਕੀਤਾ | ਨਾਲ ਹੀ ਦਿੱਲੀ ਦੇ ਸਫ਼ਾਈ ਪ੍ਰਬੰਧ ਨੂੰ ਲੈ ਕੇ ਸਾਰਿਆਂ ਦਾ ਸਹਿਯੋਗ ਵੀ ਮੰਗਿਆ | ਕੇਜਰੀਵਾਲ ਨੇ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਦਿੱਲੀ ਦੇ ਸਫ਼ਾਈ ਪ੍ਰਬੰਧਾਂ ਤੇ ਹੋਰ ਕਾਰਜਾਂ ਦੀ ਜ਼ਿੰਮੇਵਾਰੀ ਸਾਡੀ ਹੈ | ਉਨ੍ਹਾਂ ਸਾਰਿਆਂ ਨੂੰ ਹੰਕਾਰ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ | ਕੇਜਰੀਵਾਲ ਨੇ ਸਾਰੀਆਂ ਪਾਰਟੀਆਂ ਦੇ ਜਿੱਤੇ ਕੌਂਸਲਰਾਂ ਨੂੰ ਵਧਾਈ ਦੇਣ ਦੇ ਨਾਲ ਹੀ ਦਿੱਲੀ ਨੂੰ ਸਵਾਰਨ ਵਾਸਤੇ ਰਲ ਕੇ ਕੰਮ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਰਾਜਨੀਤੀ ਅੱਜ ਤੱਕ ਹੀ ਸੀ, ਹੁਣ ਚੋਣਾਂ ਖ਼ਤਮ ਹੋ ਗਈਆਂ ਹਨ | ਇਸ ਲਈ ਸਾਰਿਆਂ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ | ਕੇਜਰੀਵਾਲ ਨੇ ਕਿਹਾ ਕਿ ਅੱਜ ਦੀ ਜਿੱਤ ਨੇ ਦੁਨੀਆ ਨੂੰ ਇਹ ਸੁਨੇਹਾ ਵੀ ਦੇ ਦਿੱਤਾ ਹੈ ਕਿ ਚੰਗੇ ਸਕੂਲ, ਹਸਪਤਾਲਾਂ 'ਚ ਸੁਧਾਰ ਤੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਕੇ ਵੀ ਵੋਟਾਂ ਮਿਲ ਸਕਦੀਆਂ ਹਨ | ਜਦਕਿ ਪਹਿਲਾਂ ਚੰਗੇ ਕਾਰਜਾਂ ਨੂੰ ਵੋਟਾਂ ਮਿਲਣ ਦੀ ਗਰੰਟੀ ਨਹੀਂ ਮੰਨਿਆ ਜਾਂਦਾ ਸੀ | ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਜਨਤਾ ਨੂੰ ਵਧਾਈ ਦੇਣ ਦੇ ਨਾਲ ਹੀ ਭਾਜਪਾ 'ਤੇ ਹਮਲਾ ਕਰਦਿਆਂ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੇ ਲੋਕਾਂ ਨੂੰ ਹੰਕਾਰ ਵਿਚ ਨਹੀਂ ਰਹਿਣਾ ਚਾਹੀਦਾ | ਉਨ੍ਹਾਂ ਕਿਹਾ ਕਿ ਭਾਜਪਾ ਨੇ 8 ਮੁੱਖ ਮੰਤਰੀ, 17 ਕੇਂਦਰੀ ਮੰਤਰੀ ਤੇ ਸੀਨੀਅਰ ਲੀਡਰਸ਼ਿਪ ਨੂੰ ਚੋਣਾਂ 'ਚ ਉਤਾਰ ਦਿੱਤਾ ਪਰ ਇਸ ਤੋਂ ਬਾਅਦ ਵੀ ਦਿੱਲੀ ਦੀ ਜਨਤਾ ਨੇ ਦਿੱਲੀ ਦੇ ਬੇਟੇ ਅਰਵਿੰਦ ਕੇਜਰੀਵਾਲ ਨੂੰ ਜਿਤਾਇਆ | ਕੇਜਰੀਵਾਲ ਨੇ ਦਿੱਲੀ ਨੂੰ ਹਰ ਪੱਖੋਂ ਸਵਾਰਨ ਤੇ ਚੰਗੇ ਪ੍ਰਬੰਧਾਂ ਲਈ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਵੀ ਸਹਿਯੋਗ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਧਾਨੀ ਸਾਫ਼-ਸੁਥਰੀ ਹੋਣੀ ਚਾਹੀਦੀ ਹੈ ਤੇ ਇਹ ਸਾਡੇ ਇਕੱਲੇ ਦੇ ਵਸ ਦੀ ਗੱਲ ਨਹੀਂ ਬਲਕਿ ਸਾਰਿਆਂ ਨੂੰ ਸਹਿਯੋਗ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਪਵੇਗਾ | ਕੇਜਰੀਵਾਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਹਨ ਕਿ ਦਿੱਲੀ ਦੇ ਸਰਬਪੱਖੀ ਵਿਕਾਸ ਵਾਸਤੇ ਸਹਿਯੋਗ ਤੇ ਅਸ਼ੀਰਵਾਦ ਦੇਣ |
'ਆਪ' ਨੇ ਦੁਹਰਾਈ 9 ਸਾਲ ਪਹਿਲਾਂ ਵਾਲੀ ਕਹਾਣੀ
15 ਸਾਲ ਤੋਂ ਐਮ.ਸੀ.ਡੀ. ਦੀ ਸੱਤਾ 'ਤੇ ਕਾਬਜ਼ ਭਾਜਪਾ ਨੂੰ ਬਾਹਰ ਦਾ ਰਸਤਾ ਵਿਖਾ ਕੇ 'ਆਪ' ਨੇ ਇਕ ਤਰੀਕੇ ਨਾਲ 9 ਸਾਲ ਪਹਿਲਾਂ ਵਾਲੀ ਕਹਾਣੀ ਹੀ ਦੁਹਰਾਈ ਹੈ | ਦਰਅਸਲ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੀ ਅਗਵਾਈ 'ਚ ਦਿੱਲੀ ਵਿਚ ਲਗਾਤਾਰ 15 ਸਾਲ ਰਾਜ ਕਰਨ ਵਾਲੀ ਕਾਂਗਰਸ ਨੂੰ ਦਿੱਲੀ ਵਿਧਾਨ ਸਭਾ ਚੋਣਾਂ 2013 'ਚ 'ਆਪ' ਨੇ ਕਰਾਰੀ ਹਾਰ ਦਿੱਤੀ ਸੀ | ਇਸੇ ਤਰਜ਼ 'ਤੇ ਹੁਣ ਦਿੱਲੀ ਨਗਰ ਨਿਗਮ 'ਚ 15 ਸਾਲ ਤੋਂ ਕਾਬਜ਼ ਭਾਜਪਾ ਨੂੰ ਮਾਤ ਦੇ ਕੇ 'ਆਪ' ਨੇ ਤਕਰੀਬਨ 9 ਸਾਲ ਪਹਿਲਾਂ ਵਾਲੀ ਕਹਾਣੀ ਦੁਹਰਾ ਦਿੱਤੀ ਹੈ |
ਭਾਜਪਾ ਨੇ ਦਿੱਤੀ ਫ਼ਸਵੀਂ ਟੱਕਰ
ਚੋਣ ਸਰਵੇਖਣ ਵਿਚ 'ਆਪ' ਦੀ ਇਕ ਪਾਸੜ ਜਿੱਤ ਦੇ ਦਾਅਵੇ ਕੀਤੇ ਗਏ ਸੀ ਪ੍ਰੰਤੂ ਨਤੀਜਿਆਂ ਦੌਰਾਨ ਭਾਜਪਾ ਫਸਵੀਂ ਟੱਕਰ ਦੇਣ 'ਚ ਕਾਮਯਾਬ ਰਹੀ | ਲੋਕਾਂ ਦੀ ਸੰਭਾਵਿਤ ਨਾਰਾਜ਼ਗੀ ਤੋਂ ਜਾਣੂ ਭਾਜਪਾ ਨੇ ਇਸ ਸੰਭਾਵਿਤ ਨੁਕਸਾਨ ਦੀ ਭਰਪਾਈ ਲਈ ਚੋਣਾਂ ਦੌਰਾਨ ਹਮਲਾਵਰ ਰੁਖ਼ ਅਪਣਾਇਆ ਅਤੇ ਲੋਕਾਂ ਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿ 'ਆਪ' ਦੀ ਕੇਜਰੀਵਾਲ ਸਰਕਾਰ ਵੀ ਭਿ੍ਸ਼ਟਾਚਾਰ ਤੇ ਘੁਟਾਲਿਆਂ 'ਚ ਬੁਰੀ ਤਰਾਂ ਘਿਰੀ ਹੋਈ ਹੈ | ਦੱਸਣਯੋਗ ਹੈ ਕਿ 2017 'ਚ ਨਿਗਮ ਚੋਣਾਂ 'ਚ ਭਾਜਪਾ ਦੀ 'ਹੈਟਿ੍ਕ' ਤੋਂ ਬਾਅਦ ਅਜਿਹਾ ਮੰਨਿਆ ਜਾਣ ਲੱਗਾ ਸੀ ਕਿ ਨਿਗਮ 'ਚ ਭਾਜਪਾ ਨੂੰ ਹਰਾਉਣਾ ਮੁਸ਼ਕਿਲ ਹੈ ਪ੍ਰੰਤੂ ਇਸ ਵਾਰੀ 'ਆਪ' ਨੇ ਭਾਜਪਾ ਦਾ ਨਿਗਮ ਤੋਂ ਵੀ ਸਫਾਇਆ ਕਰ ਦਿੱਤਾ |
3 ਦਿੱਲੀ ਕਮੇਟੀ ਮੈਂਬਰਾਂ ਦੇ ਪਰਿਵਾਰਾਂ 'ਚੋਂ ਸਿਰਫ 1 ਦੀ ਜਿੱਤ
ਦਿੱਲੀ ਗੁਰਦੁਆਰਾ ਕਮੇਟੀ ਦੇ 3 ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਜਪਾ ਦੀ ਟਿਕਟ 'ਤੇ ਚੋਣ ਲੜੀ, ਇਨ੍ਹਾਂ 'ਚੋਂ ਸਿਰਫ ਕਮੇਟੀ ਮੈਂਬਰ ਤੇ ਭਾਜਪਾ ਆਗੂ ਤਰਵਿੰਦਰ ਸਿੰਘ ਮਰਵਾਹ ਦੇ ਪੁੱਤਰ ਅਰਜੁਨਪਾਲ ਸਿੰਘ ਨੇ ਲਾਜਪਤ ਨਗਰ ਤੋਂ ਜਿੱਤ ਪ੍ਰਾਪਤ ਕੀਤੀ | ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਦੀ ਪਤਨੀ ਇੰਦਰਜੀਤ ਕੌਰ ਲਵਲੀ ਨੂੰ ਫਤਹਿ ਨਗਰ ਤੇ ਰਮਨਦੀਪ ਸਿੰਘ ਥਾਪਰ ਦੀ ਪਤਨੀ ਨੂੰ ਜਨਕਪੁਰੀ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ | ਇਹ ਦੋਵੇਂ ਟਿਕਟਾਂ ਬੜੀ ਮਸ਼ੱਕਤ ਅਤੇ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੀ ਜੱਦੋ-ਜਹਿਦ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਇਨ੍ਹਾਂ ਆਗੂਆਂ ਨੂੰ ਮਿਲੀਆਂ ਸਨ |
30 ਸੀਟਾਂ 'ਤੇ ਜਿੱਤ ਹਾਰ ਦਾ ਫਰਕ 500 ਤੋਂ ਘੱਟ
30 ਸੀਟਾਂ ਅਜਿਹੀਆਂ ਰਹੀਆਂ ਜਿਸ ਵਿਚ ਜਿੱਤ ਹਾਰ ਦਾ ਫਰਕ 500 ਤੋਂ ਵੀ ਘੱਟ ਵੋਟਾਂ ਦਾ ਸੀ | ਇਨ੍ਹਾਂ 30 ਸੀਟਾਂ 'ਚੋਂ 12 ਸੀਟਾਂ 'ਆਪ' ਨੂੰ , 17 ਭਾਜਪਾ ਨੂੰ ਤੇ 1 ਸੀਟ ਕਾਂਗਰਸ ਦੇ ਖਾਤੇ 'ਚ ਗਈ | ਤਿੰਨ ਸੀਟਾਂ ਅਜਿਹੀਆਂ ਵੀ ਹਨ ਜਿਥੇ ਜਿੱਤ-ਹਾਰ ਦਾ ਫਰਕ ਸਿਰਫ 100 ਵੋਟਾਂ ਤੋਂ ਵੀ ਘੱਟ ਸੀ |
ਦੋਵਾਂ ਸਦਨਾਂ 'ਚ ਹੋਈ ਜੀ-20 ਦੀ ਪ੍ਰਧਾਨਗੀ ਮਿਲਣ ਦੀ ਚਰਚਾ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 7 ਦਸੰਬਰ-ਸੰਸਦ ਦੇ ਸਰਦ ਰੁੱਤ ਦੇ ਸੰਖੇਪ ਜਿਹੇ 17 ਦਿਨਾਂ ਦੇ ਇਜਲਾਸ ਦੀ ਸ਼ੁਰੂਆਤ 'ਚ ਹੀ ਸੱਤਾ ਅਤੇ ਵਿਰੋਧੀ ਧਿਰਾਂ ਨੇ 'ਗੰਭੀਰਤਾ' ਦਾ ਮੁਜ਼ਾਹਰਾ ਕਰਦਿਆਂ ਆਪੋ ਆਪਣੀ ਭੂਮਿਕਾ ਪ੍ਰਭਾਵੀ ਢੰਗ ਨਾਲ ਨਿਭਾਈ | ਜਿਥੇ ਕੇਂਦਰ ਵਲੋ ਵਿਧਾਈ ਕੰਮਾਂ ਪ੍ਰਤੀ ਸੰਜੀਦਗੀ ਵਿਖਾਉਂਦਿਆਂ ਪਹਿਲੇ ਹੀ ਦਿਨ ਇਕ ਬਿੱਲ ਪੇਸ਼ ਕੀਤਾ ਅਤੇ ਦੂਜਾ ਬਿੱਲ ਚਰਚਾ ਲਈ ਲਿਆਂਦਾ, ਉਥੇ ਵਿਰੋਧੀ ਧਿਰਾਂ ਨੇ ਆਪਣੇ ਤੌਰ 'ਤੇ ਸਦਨ ਦੇ ਅੰਦਰ ਬਾਹਰ ਵਿਰੋਧੀ ਧਿਰਾਂ ਦੀ ਇਕਜੁੱਟਤਾ ਦਾ ਵਿਖਾਵਾ ਕੀਤਾ | ਜਿਥੇ ਪਿਛਲੇ ਕੁਝ ਇਜਲਾਸਾਂ ਤੋਂ ਕਾਂਗਰਸ ਤੋਂ ਦੂਰੀ ਬਣਾਈ ਰੱਖਣ ਵਾਲੀਆਂ ਮੁੱਖ ਪਾਰਟੀਆਂ ਤਿ੍ਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਖੜ੍ਹੀਆਂ ਨਜ਼ਰ ਆਈਆਂ | ਦੋਵਾਂ ਪਾਰਟੀਆਂ ਨੇ ਕਾਂਗਰਸ ਵਲੋਂ ਸੱਦੀ ਵਿਰੋਧੀ ਧਿਰਾਂ ਦੀ ਰਾਜਨੀਤਕ ਬੈਠਕ 'ਚ ਹਿੱਸਾ ਲਿਆ | ਇਨ੍ਹਾਂ ਤੋਂ ਇਲਾਵਾ ਸੀ. ਪੀ. ਆਈ., ਸੀ. ਪੀ. ਆਈ. (ਐਮ.), ਆਰ. ਜੇ. ਡੀ., ਐਨ. ਸੀ. ਪੀ., ਐਨ. ਸੀ. ਅਤੇ ਆਰ. ਏ. ਸੀ. ਦੇ ਨੇਤਾ ਵੀ ਇਸ ਮੀਟਿੰਗ 'ਚ ਸ਼ਾਮਿਲ ਹੋਏ | ਇਸ ਤੋਂ ਇਲਾਵਾ ਸਦਨ ਦੇ ਅੰਦਰ ਵੀ ਵਿਰੋਧੀ ਧਿਰਾਂ ਦੀ ਇਕਜੁੱਟਤਾ ਵੇਖਣ ਨੂੰ ਮਿਲੀ | ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਜੋ ਆਮ ਤੌਰ 'ਤੇ ਟੀ. ਐਮ. ਸੀ. ਦੇ ਆਲੋਚਕ ਬਣੇ ਨਜ਼ਰ ਆਉਂਦੇ ਹਨ, ਨੇ ਸਭਾ ਜੁੜਨ 'ਤੇ ਸਭ ਤੋਂ ਪਹਿਲਾਂ ਸੰਸਦੀ ਕਮੇਟੀਆਂ 'ਚ ਵਿਰੋਧੀ ਧਿਰਾਂ ਨੂੰ ਥਾਂ ਨਾ ਮਿਲਣ ਦਾ ਮੁੱਦਾ ਉਠਾਇਆ, ਜਿਸ 'ਚ ਉਨ੍ਹਾਂ ਉਚੇਚੇ ਤੌਰ 'ਤੇ ਟੀ. ਐਮ. ਸੀ. ਨਾਲ ਕੀਤੇ ਕੇਂਦਰ ਦੇ ਵਰਤਾਅ ਦੀ ਨਿਖੇਧੀ ਵੀ ਕੀਤੀ | ਕੇਂਦਰ ਨੇ ਇਜਲਾਸ ਦੇ ਪਹਿਲੇ ਹੀ ਦਿਨ ਬਹੁਰਾਜੀ ਸਹਿਕਾਰੀ ਸੁਸਾਇਟੀ ਸੋਧ ਬਿੱਲ 2022 ਪੇਸ਼ ਕੀਤਾ, ਜਿਸ ਦਾ ਕਾਂਗਰਸ ਟੀ. ਐਮ. ਸੀ. ਸਮੇਤ ਸਾਰੀਆਂ ਵਿਰੋਧੀ ਧਿਰਾਂ ਨੇ ਡਟਵਾਂ ਵਿਰੋਧ ਕੀਤਾ | ਹਾਲਾਂਕਿ ਵਿਰੋਧ ਦੇ ਬਾਵਜ਼ੂਦ ਕੇਂਦਰ ਨੇ ਇਹ ਬਿੱਲ ਪੇਸ਼ਕਰ ਦਿੱਤਾ | ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਮੁੰਦਰੀ ਸੁਰੱਖਿਆ ਸੰਬੰਧੀ ਐਂਟੀ ਮੈਰੀਟਾਈਮ ਪਾਈਰੇਸੀ ਬਿੱਲ ਚਰਚਾ ਲਈ ਪੇਸ਼ ਕੀਤਾ | ਜ਼ਿਕਰਯੋਗ ਹੈ ਕਿ ਇਹ ਬਿੱਲ 9 ਦਸੰਬਰ 2019 ਨੂੰ ਲੋਕ ਸਭਾ 'ਚ ਪੇਸ਼ ਕੀਤਾ ਗਿਆ ਸੀ ਅਤੇ 23 ਦਸੰਬਰ 2019 ਨੂੰ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ, ਕਮੇਟੀ ਨੇ ਫਰਵਰੀ 2021 'ਚ ਕੁੱਲ 18 ਸਿਫਾਰਿਸ਼ਾਂ ਦੇ ਨਾਲ ਇਹ ਬਿੱਲ ਵਾਪਸ ਭੇਜਿਆ ਸੀ | ਵਿਦੇਸ਼ ਮੰਤਰੀ ਨੇ ਬਿੱਲ ਨੂੰ ਮੁੜ ਲੋਕ ਸਭਾ 'ਚ ਪੇਸ਼ ਕਰਦਿਆਂ ਕਿਹਾ ਕਿ ਕੇਂਦਰ ਨੇ 18 'ਚੋਂ 14 ਸਿਫ਼ਾਰਿਸ਼ਾਂ ਨੂੰ ਬਿੱਲ 'ਚ ਸ਼ਾਮਿਲ ਕਰ ਲਿਆ ਹੈ | ਬਿੱਲ 'ਤੇ ਬਹਿਸ ਕਰਦਿਆਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਬਿੱਲ ਦੀ ਉਸ ਧਾਰਾ 'ਤੇ ਸਵਾਲ ਉਠਾਏ ਜਿਸ 'ਚ ਸਮੁੰਦਰੀ ਡਾਕੇ ਦੌਰਾਨ ਹੱਤਿਆ ਕਰਨ ਜਾਂ ਹੱਤਿਆ ਦੀ ਕੋਸ਼ਿਸ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਵਿਵਸਥਾ ਹੈ | ਤਿਵਾੜੀ ਨੇ ਅਜਿਹੀਆਂ ਵਿਵਸਥਾਵਾਂ ਨਾਲ ਅੰਤਰਰਾਸ਼ਟਰੀ ਸਹਿਯੋਗ ਮਿਲਣ 'ਤੇ ਵੀ ਸੁਆਲਿਆ ਨਿਸ਼ਾਨ ਲਾਇਆ | ਬਿੱਲ 'ਤੇ ਚਰਚਾ ਤੋਂ ਬਾਅਦ ਵਿਦੇਸ਼ ਮੰਤਰੀ ਵੀਰਵਾਰ ਨੂੰ ਇਸ 'ਤੇ ਜਵਾਬ ਦੇਣਗੇ |
ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ
ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਲੋਕ ਸਭਾ ਜੁੜਨ 'ਤੇ ਹੇਠਲੇ ਸਦਨ 'ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੈਨਪੁਰੀ ਤੋਂ ਲੋਕ ਸਭਾ ਮੈਂਬਰ ਮੁਲਾਇਮ ਸਿੰਘ ਯਾਦਵ ਅਤੇ 8 ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ, ਜਿਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਇਕ ਘੱਟੇ ਲਈ ਉਠਾ ਦਿੱਤੀ ਗਈ |
ਜੀ-20 ਦੀ ਪ੍ਰਧਾਨਗੀ ਮਿਲਣ ਦੀ ਚਰਚਾ
ਸੰਸਦ ਦੇ ਦੋਵਾਂ ਸਦਨਾਂ 'ਚ ਭਾਰਤ ਨੂੰ 1 ਦਸੰਬਰ ਨੂੰ ਮਿਲੀ ਜੀ-20 ਦੀ ਪ੍ਰਧਾਨਗੀ ਮਿਲਣ ਦੀ ਚਰਚਾ ਹੋਈ | ਲੋਕ ਸਭਾ ਸਪੀਕਰ ਓਮ ਬਿਰਲਾ ਨੇ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲਣ ਨੂੰ ਫ਼ਖਰ ਦਾ ਵਿਸ਼ਾ ਦੱਸਦਿਆਂ ਕਿਹਾ ਕਿ ਇਹ ਸੰਮੇਲਨ ਭਾਰਤ ਦੇ ਸਫ਼ਾਰਤੀ ਇਤਿਹਾਸ 'ਚ ਇਕ ਅਹਿਮ ਅਧਿਆਏ ਹੋਵੇਗੀ | ਰਾਜ ਸਭਾ 'ਚ ਵੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਚਰਚਾ ਛੇੜਦਿਆਂ ਕਿਹਾ ਕਿ ਸਿਖਰ ਸੰਮੇਲਨ ਸਿਰਫ ਇਕ ਕੂਟਨੀਤਕ ਪ੍ਰੋਗਰਾਮ ਨਹੀਂ ਹੈ, ਸਗੋਂ ਦੁਨੀਆ ਅੱਗੇ ਭਾਰਤ ਦੀ ਸਮਰਥਾ ਵਿਖਾਉਣ ਦਾ ਮੌਕਾ ਹੈ | ਪ੍ਰਧਾਨ ਮੰਤਰੀ ਨੇ ਰਾਜ ਸਭਾ 'ਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਜੋ ਕਿ ਰਾਜ ਸਭਾ ਸਭਾਪਤੀ ਵਜੋਂ ਆਪਣਾ ਅਹੁਦਾ ਸੰਭਾਲ ਰਹੇ ਸਨ, ਦਾ ਸਵਾਗਤ ਕਰਦਿਆਂ ਉਕਤ ਬਿਆਨ ਦਿੱਤਾ |
ਮੋਦੀ ਵਲੋਂ ਸਦਨ ਚੱਲਣ ਦੀ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਸਰਦ ਰੁੱਤ ਦੇ ਇਜਲਾਸ ਤੋਂ ਪਹਿਲਾਂ ਸਦਨ 'ਚ ਚਰਚਾ ਹੋਣ ਦੀ ਲੋੜ 'ਤੇ ਜ਼ੋਰ ਦਿੰਦਿਆ ਕਿਹਾ ਕਿ ਪਹਿਲੀ ਵਾਰ ਸਦਨ 'ਚ ਆਏ ਨੌਜਵਾਨ ਸੰਸਦ ਮੈਂਬਰਾਂ ਨੂੰ ਵੱਧ ਤੋਂ ਵੱਧ ਮੌਕਾ ਦੇ ਕੇ ਚਰਚਾ 'ਚ ਭਾਗੀਦਰ ਬਣਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹਾਲ 'ਚ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਮੁਲਾਕਾਤ ਦੌਰਾਨ ਸਦਨ ਚੱਲਣ ਦੀ ਮੰਗ ਉਠਾਉਂਦਿਆ ਕਿਹਾ ਕਿ ਸਦਨ ਦੀ ਕਾਰਵਾਈ ਮੁਲਤਵੀ ਹੋਣ ਕਾਰਨ, ਚਰਚਾ ਨਾ ਹੋਣ ਕਾਰਨ ਉਨ੍ਹਾਂ ਨੂੰ ਸਿੱਖਣ ਦਾ ਮੌਕਾ ਨਹੀਂ ਮਿਲ ਪਾਉਂਦਾ |
ਬਹੁਰਾਜੀ ਸੁਸਾਇਟੀ ਸੋਧ ਬਿੱਲ ਪੇਸ਼
ਕੇਂਦਰ ਨੇ ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦੇ ਪਹਿਲੇ ਹੀ ਦਿਨ ਵਿਧਾਈ ਕਾਰਜਾਂ ਨੂੰ ਤਰਜੀਹ 'ਤੇ ਰਖਦਿਆਂ ਬਹੁਰਾਜੀ ਸਹਿਕਾਰੀ ਸੁਸਾਇਟੀ ਸੋਧ ਬਿੱਲ 2022 ਪੇਸ਼ ਕੀਤਾ | ਹਾਲਾਂਕਿ ਕਾਂਗਰਸ, ਤਿ੍ਣਮੂਲ ਕਾਂਗਰਸ ਅਤੇ ਡੀ. ਐਮ. ਕੇ. ਸਮੇਤ ਜ਼ਿਆਦਾਤਰ ਵਿਰੋਧੀ ਧਿਰਾਂ ਨੇ ਇਸ ਬਿੱਲ ਨੂੰ ਸੰਵਿਧਾਨ ਦੇ ਸੰਘੀ ਢਾਂਚੇ ਦੇ ਖਿਲਾਫ ਦਸਦਿਆਂ ਇਸ ਦਾ ਵਿਰੋਧ ਕੀਤਾ | ਕਾਂਗਰਸ ਦੇ ਮਨੀਸ਼ ਤਿਵਾੜੀ ਦੇ ਬਿੱਲ ਨੂੰ ਸਦਨ ਦੇ ਵਿਧਾਈ ਦਾਇਰੇ ਤੋਂ ਬਾਹਰ ਦਾ ਦਸਦਿਆਂ ਕਿਹਾ ਕਿ ਸੰਵਿਧਾਨ ਦੀ 97ਵੀਂ ਸੋਧ ਦੀ ਉਲੰਘਣਾ ਕਰਦਾ ਹੈ |
ਖੜਗੇ ਨੇ ਸੱਦੀ ਵਿਰੋਧੀ ਧਿਰਾਂ ਦੀ ਮੀਟਿੰਗ
ਕਾਂਗਰਸ ਪ੍ਰਧਾਨ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦੇ ਪਹਿਲੇ ਦਿਨ ਵਿਰੋਧੀ ਧਿਰਾਂ ਨਾਲ ਰਣਨੀਤਕ ਬੈਠਕ ਕੀਤੀ, ਜਿਸ 'ਚ ਉਨ੍ਹਾਂ ਸਦਨ 'ਚ ਜਨਤਾ ਦੇ ਮੁੱਦੇ ਉਠਾਉਣ ਅਤੇ ਮੌਜੂਦਾ ਇਜਲਾਸ 'ਚ ਸਰਕਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਬਿੱਲਾਂ 'ਤੇ ਕੀਤੀ ਜਾਣੀ ਚਰਚਾ ਨੂੰ ਲੈ ਕੇ ਆਪਣਾਈ ਜਾਣ ਵਾਲੀ ਰਣਨੀਤੀ 'ਤੇ ਸਲਾਹ ਮਸ਼ਵਰਾ ਕੀਤਾ | ਬੈਠਕ 'ਚ ਉਨ੍ਹਾਂ ਉਮੀਦ ਪ੍ਰਗਟਾਈ ਕਿ ਅਹਿਮ ਬਿੱਲਾਂ ਦੀ ਪੜਤਾਲ ਲਈ ਉਨ੍ਹਾਂ ਨੂੰ ਸੰਸਦੀ ਕਮੇਟੀਆਂ ਕੋਲ ਭੇਜਿਆ ਜਾਵੇਗਾ | ਖੜਗੇ ਦੇ ਚੈਂਬਰ 'ਚ ਹੋਈ ਇਸ ਬੈਠਕ 'ਚ ਡੀ. ਐਮ. ਕੇ. ਦੇ ਟੀ. ਆਰ. ਬਾਬੂ, ਟੀ. ਐਮ. ਸੀ. ਦੇ ਸੁਦੀਪ ਬੰਬੋਪਾਧਿਆਏ, ਆਮ ਆਦਮੀ ਪਾਰਟੀ ਦੇ ਸੰਜੈ ਸਿੰਘ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬੱਦੁਲਾ ਅਤੇ ਐਨ. ਸੀ. ਪੀ. ਦੇ ਸੁਪਿ੍ਆ ਸੁਲੇ ਸਮੇਤ ਕਈ ਵਿਰੋਧੀ ਧਿਰ ਦੇ ਆਗੂ ਸ਼ਾਮਿਲ ਹੋਏ |
ਲੋੜ ਪਈ ਤਾਂ ਮੁੜ ਬੁਲਾਇਆ ਜਾ ਸਕਦੈ-ਐਸ.ਐਸ.ਪੀ.
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 7 ਦਸੰਬਰ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਸਿੱਟ ਦੀ ਟੀਮ ਵਲੋਂ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਸਥਾਨਕ ਸੀ.ਆਈ.ਏ. ਸਟਾਫ਼ ਵਿਖੇ ਪੁੱਛਗਿੱਛ ਕੀਤੀ ਗਈ | ਜ਼ਿਕਰਯੋਗ ਹੈ ਕਿ ਉਪਰੋਕਤ ਤੋਂ ਇਲਾਵਾ ਗਾਇਕ ਦਿਲਪ੍ਰੀਤ ਢਿੱਲੋਂ, ਵਿੱਕੀ ਮਿੱਡੂਖੇੜਾ ਦੇ ਭਰਾ ਅਜੇਪਾਲ ਸਿੰਘ ਬਰਾੜ ਤੇ ਕਈ ਹੋਰਾਂ ਨੂੰ ਸੰਮਨ ਭੇਜੇ ਗਏ ਸਨ, ਜਿਸ ਦੇ ਚਲਦਿਆਂ ਅੱਜ ਦੋਵੇਂ ਗਾਇਕਾਂ ਤੋਂ ਵੱਖ-ਵੱਖ ਤੌਰ 'ਤੇ ਪੁਲਿਸ ਅਧਿਕਾਰੀਆਂ ਵਲੋਂ 2 ਦਰਜਨ ਤੋਂ ਵਧੇਰੇ ਸਵਾਲ-ਜਵਾਬ ਕੀਤੇ ਗਏ | ਇਹ ਪੁੱਛਗਿੱਛ ਦੁਪਹਿਰ 1 ਤੋਂ ਸ਼ਾਮ 5:30 ਵਜੇ ਤੱਕ ਚੱਲੀ | ਪੁਲਿਸ ਸੂਤਰਾਂ ਅਨੁਸਾਰ ਗਾਇਕਾਂ ਨੂੰ ਬੈਂਚਾਂ 'ਤੇ ਬਿਠਾਇਆ ਗਿਆ ਸੀ ਅਤੇ ਕੋਈ ਵੀ.ਆਈ.ਪੀ. ਟਰੀਟਮੈਂਟ ਨਹੀਂ ਦਿੱਤਾ ਗਿਆ | ਜਾਂਚ ਟੀਮ ਅੱਗੇ ਪੇਸ਼ ਹੋਣ ਬਾਅਦ ਗਾਇਕਾਂ ਨੇ ਮੀਡੀਆ ਨਾਲ ਕੋਈ ਵੀ ਗੱਲ ਕਰਨੀ ਮੁਨਾਸਿਬ ਨਹੀਂ ਸਮਝੀ, ਪਰ ਰਵਾਨਾ ਹੋਣ ਸਮੇਂ ਉਨ੍ਹਾਂ ਦੇ ਚਿਹਰਿਆਂ ਤੋਂ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ | ਇਸੇ ਦੌਰਾਨ ਡਾ. ਨਾਨਕ ਸਿੰਘ ਐਸ.ਐਸ.ਪੀ. ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਮੂਸੇਵਾਲਾ ਕਤਲ ਮਾਮਲੇ 'ਚ ਤਫ਼ਤੀਸ਼ ਜਾਰੀ ਹੈ ਅਤੇ ਅਗਲੇ ਦਿਨਾਂ 'ਚ ਹੋਰਾਂ ਨੂੰ ਵੀ ਤਲਬ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਨ੍ਹਾਂ ਗਾਇਕਾਂ ਨੂੰ ਮੁੜ ਵੀ ਬੁਲਾਇਆ ਜਾ ਸਕਦਾ ਹੈ | ਉਨ੍ਹਾਂ ਹੋਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲਾ ਜਾਂਚ ਅਧੀਨ ਹੈ, ਬਾਰੇ ਕੁਝ ਵੀ ਦੱਸਿਆ ਨਹੀਂ ਜਾ ਸਕਦਾ | ਸਿੱਟ ਟੀਮ 'ਚ ਐਸ.ਐਸ.ਪੀ. ਤੋਂ ਇਲਾਵਾ ਡਾ. ਬਾਲਕ੍ਰਿਸ਼ਨ ਸਿੰਗਲਾ ਐਸ.ਪੀ. (ਡੀ.), ਸੀ.ਆਈ.ਏ. ਸਟਾਫ਼ ਦੇ ਇੰਚਾਰਜ ਜਗਦੀਸ਼ ਕੁਮਾਰ ਸ਼ਰਮਾ ਸ਼ਾਮਿਲ ਸਨ | ਦੱਸ ਦੇਈਏ ਕਿ ਮਰਹੂਮ ਗਾਇਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਪਿਛਲੇ ਸਮੇਂ ਤੋਂ ਇਹੋ ਮੰਗ ਕਰਦੇ ਆ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਪਿੱਛੇ ਸੰਗੀਤ ਜਗਤ ਤੇ ਰਾਜਨੀਤਕ ਲੋਕਾਂ ਦਾ ਹੱਥ ਹੈ, ਨੂੰ ਸਾਹਮਣੇ ਲਿਆਂਦਾ ਜਾਵੇ | ਦੱਸਣਯੋਗ ਹੈ ਕਿ ਇਸੇ ਹਫ਼ਤੇ ਸੇਵਾ ਮੁਕਤ ਪੁਲਿਸ ਅਧਿਕਾਰੀ ਦੇ ਪੁੱਤਰ ਨਿਸ਼ਾਨ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ, ਨੂੰ ਵੀ ਸੰਮਨ ਭੇਜੇ ਗਏ ਹਨ | ਇਹ ਸ਼ਖ਼ਸ ਮੂਸੇਵਾਲਾ ਨਾਲ ਦੁਬਈ ਵਿਖੇ ਗਿਆ ਸੀ | ਪੁਲਿਸ ਨੂੰ ਉਸ ਦੇ ਗੈਂਗਸਟਰਾਂ ਨਾਲ ਸੰਬੰਧ ਹੋਣ ਦਾ ਸ਼ੱਕ ਹੈ |
ਰੇਸ਼ਮ ਸਿੰਘ
ਅੰਮਿ੍ਤਸਰ, 7 ਦਸੰਬਰ-ਵਿਆਹ ਸ਼ਾਦੀਆਂ 'ਚ ਸ਼ਰਾਬ ਪੀ ਕੇ ਨਿਕਲੇ ਮਹਿਮਾਨਾਂ ਲਈ ਖੁਦ ਗੱਡੀ ਚਲਾਉਣਾ ਹੁਣ ਮਹਿੰਗਾ ਪੈ ਸਕਦਾ ਹੈ | ਅਜਿਹੇ ਮਹਿਮਾਨਾਂ ਦੇ ਸਵਾਗਤ ਲਈ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਪੁਲਿਸ ਵਲੋਂ ਸਰਕਾਰ ਦੇ ਹੁਕਮਾਂ ਮੁਤਾਬਿਕ ਮੈਰਿਜ ਪੈਲੇਸਾਂ ਤੇ ਰਿਜ਼ੋਰਟਾਂ ਦੇ ਬਾਹਰ ਨਾਕੇਬੰਦੀ ਕਰ ਦਿੱਤੀ ਗਈ ਹੈ, ਜਿੱਥੇ ਬਾਹਰ ਨਿਕਲਣ ਵਾਲੇ ਬਰਾਤੀਆਂ ਜਾਂ ਮਹਿਮਾਨਾਂ ਦੀ ਪੁਲਿਸ ਜਾਂਚ ਕਰੇਗੀ ਅਤੇ ਜੇਕਰ ਉਸ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਮਿਲੇ ਵੇਰਵਿਆਂ ਅਨੁਸਾਰ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵਲੋਂ ਪੁਲਿਸ ਦੇ ਡੀ. ਜੀ. ਪੀ. ਨੂੰ ਇਕ ਪੱਤਰ ਲਿਖਿਆ ਹੈ, ਜਿਸ ਮੁਤਾਬਿਕ ਕਿਹਾ ਗਿਆ ਕਿ ਅੱਜਕੱਲ੍ਹ ਵਿਆਹਾਂ ਦਾ ਸੀਜ਼ਨ ਹੈ ਅਤੇ ਪੈ ਰਹੀ ਧੁੰਦ ਕਾਰਨ ਸੜਕਾਂ 'ਤੇ ਹਾਦਸੇ ਹੋਣ ਦਾ ਖਤਰਾ ਵਧ ਜਾਂਦਾ ਹੈ | ਇਸ ਲਈ ਮੱੁਖ ਮੰਤਰੀ ਵਲੋਂ ਪੁਲਿਸ ਨੂੰ ੂ ਆਦੇਸ਼ ਦਿੱਤੇ ਗਏ ਹਨ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਖ਼ਿਲਾਫ਼ 'ਡਰੰਕ ਡਰਾਈਵ' ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾਵੇ ਤੇ ਮੈਰਿਜ ਪੈਲੇਸਾਂ ਦੇ ਬਾਹਰ ਸਾਹ ਰਾਹੀਂ ਸ਼ਰਾਬ ਦਾ ਸੇਵਨ ਚੈਕ ਕੀਤਾ ਜਾਵੇ | ਇਸ ਮੁਹਿੰਮ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਇਸ ਦੀ ਰਿਪੋਰਟ ਹਰ ਸੋਮਵਾਰ ਭੇਜੀ ਜਾਵੇ | ਦੂਜੇ ਪਾਸੇ ਸਭ ਤੋਂ ਪਹਿਲਾਂ ਅੰਮਿ੍ਤਸਰ ਪੁਲਿਸ ਨੇ ਇਸ ਮੁਹਿੰਮ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਉਤਰੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਉਨ੍ਹਾਂ ਵਲੋਂ ਅੱਜ ਇੱਥੇ ਵੇਰਕਾ ਮਜੀਠਾ ਬਾਈਪਾਸ 'ਤੇ ਪੈਂਦੇ ਪੈਲੇਸਾਂ ਦੇ ਬਾਹਰ ਨਾਕੇਬੰਦੀ ਕੀਤੀ ਗਈ ਹੈ |
ਕੱਟੇ ਚਲਾਨ
ਏ. ਸੀ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਥਾਣਾ ਸਦਰ ਦੇ ਬਾਈਪਾਸ ਮਜੀਠਾ ਤੇ ਵੇਰਕਾ 'ਚ ਕਾਫੀ ਮੈਰਿਜ ਪੈਲੇਸ ਅਤੇ ਰਿਜ਼ੋਰਟ ਹਨ, ਜਿਨ੍ਹਾਂ ਦੇ ਬਾਹਰ ਅੱਜ ਸ਼ਾਮ ਵੇਲੇ ਪੁਲਿਸ ਪਾਰਟੀਆਂ ਵਲੋਂ ਅਲਕੋਮੀਟਰ ਨਾਲ ਚੈਕਿੰਗ ਕੀਤੀ ਗਈ, ਜਿਨ੍ਹਾਂ 'ਚ ਸ਼ਰਾਬ ਪੀਣ ਦੀ ਪੁਸ਼ਟੀ ਹੋਣ ਉਪਰੰਤ ਉਕਤ 8 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਹਨ |
ਅਹਿਮਦਾਬਾਦ/ਸ਼ਿਮਲਾ, 7 ਦਸੰਬਰ (ਏਜੰਸੀ)-ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਦੇ ਨਤੀਜੇ 8 ਦਸੰਬਰ ਵੀਰਵਾਰ ਨੂੰ ਐਲਾਨੇ ਜਾਣਗੇ | ਗੁਜਰਾਤ 'ਚ ਦੋ ਗੇੜਾਂ 1 ਤੇ 5 ਦਸੰਬਰ ਅਤੇ ਹਿਮਾਚਲ 'ਚ 12 ਨਵੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਲਈ ਕੁਝ ਹੀ ਘੰਟੇ ਬਾਕੀ ਬਚੇ ਹਨ | ਚੋਣ ਸਰਵੇਖਣਾਂ ਤੋਂ ਉਤਸ਼ਾਹਿਤ ਭਾਜਪਾ ਗੁਜਰਾਤ 'ਚ ਲਗਾਤਾਰ 7ਵੀਂ ਵਾਰ ਜਿੱਤ ਦਾ ਟੀਚਾ ਰੱਖ ਰਹੀ ਹੈ | ਚੋਣ ਸਰਵੇਖਣ ਗੁਜਰਾਤ 'ਚ ਭਾਜਪਾ ਦੀ ਵੱਡੀ ਜਿੱਤ ਦਰਸਾ ਰਹੇ ਹਨ | ਗੁਜਰਾਤ 'ਚ ਮੁਕਾਬਲਾ ਜਿਥੇ ਰਵਾਇਤੀ ਤੌਰ 'ਤੇ ਭਾਜਪਾ ਤੇ ਕਾਂਗਰਸ 'ਚ ਰਿਹਾ ਹੈ, ਉਥੇ ਹੁਣ 'ਆਪ' ਦੇ ਦਾਖ਼ਲ ਹੋਣ ਨਾਲ ਇਹ ਤਿੰਨ ਧਿਰਾਂ 'ਚ ਸਮਝਿਆ ਜਾ ਰਿਹਾ ਹੈ | ਇਕ ਅਧਿਕਾਰੀ ਨੇ ਦੱਸਿਆ ਕਿ 182 ਵਿਧਾਨ ਸਭਾ ਸੀਟਾਂ ਲਈ 37 ਗਿਣਤੀ ਕੇਂਦਰਾਂ 'ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ | ਸੱਤਾਧਾਰੀ ਪਾਰਟੀ ਨੂੰ 117 ਤੋਂ 151 ਸੀਟਾਂ 'ਤੇ ਜਿੱਤ ਦੀ ਉਮੀਦ ਹੈ, ਜਦਕਿ ਕਾਂਗਰਸ ਨੂੰ 16 ਤੋਂ 51 ਤੇ ਆਮ ਆਦਮੀ ਪਾਰਟੀ ਨੂੰ 2 ਤੋਂ 13 ਸੀਟਾਂ ਮਿਲਣ ਦਾ ਅਨੁਮਾਨ ਹੈ | ਗੁਜਰਾਤ 'ਚ ਬਹੁਮਤ ਦਾ ਅੰਕੜਾ 92 ਹੈ |
ਹਿਮਾਚਲ 'ਚ ਰਾਜ ਬਦਲੇਗਾ ਜਾਂ ਰਿਵਾਜ, ਫੈਸਲਾ ਅੱਜ
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੀ 'ਰਿਵਾਜ' ਜਾਂ 'ਪਰੰਪਰਾ' ਧਾਰਨਾ ਅਨੁਸਾਰ, ਅਗਲੀ ਸਰਕਾਰ ਬਣਾਉਣ ਦੀ ਵਾਰੀ ਕਾਂਗਰਸ ਦੀ ਹੋਣੀ ਚਾਹੀਦੀ ਹੈ | ਪਰ ਦੋ ਚੋਣ ਸਰਵੇਖਣਾਂ ਨੂੰ ਛੱਡ ਕੇ ਸਾਰਿਆਂ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਲਈ ਬੜਤ ਦੀ ਭਵਿੱਖਬਾਣੀ ਕੀਤੀ ਹੈ | ਹਿਮਾਚਲ ਪ੍ਰਦੇਸ਼ 'ਚ 1985 ਤੋਂ ਬਾਅਦ ਕਿਸੇ ਵੀ ਮੌਜੂਦਾ ਸਰਕਾਰ ਨੇ ਸੱਤਾ 'ਚ ਵਾਪਸੀ ਨਹੀਂ ਕੀਤੀ ਤੇ ਸੱਤਾਧਾਰੀ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਅਕਤੀਗਤ ਮੁਹਿੰਮ ਦੁਆਰਾ ਇਸ ਰੁਝਾਨ ਦੇ ਟੁੱਟਣ ਦੀ ਉਮੀਦ ਕਰ ਰਹੀ ਹੈ | ਇਸ ਵਾਰ ਭਾਜਪਾ ਦਾ ਨਾਅਰਾ 'ਰਾਜ ਨਹੀਂ, ਰਿਵਾਜ ਬਦਲੇਗਾ' ਰਿਹਾ ਹੈ, ਭਾਵ ਇਸ ਵਾਰ ਸਰਕਾਰ ਨਹੀਂ, ਰਿਵਾਜ ਬਦਲੇਗਾ | ਸੂਬੇ ਦੇ 55 ਲੱਖ ਵੋਟਰਾਂ 'ਚੋਂ 75 ਫੀਸਦੀ ਤੋਂ ਵੱਧ ਨੇ 68-ਮੈਂਬਰੀ ਵਿਧਾਨ ਸਭਾ ਅਤੇ ਸਰਕਾਰ ਦੀ ਚੋਣ ਲਈ 12 ਨਵੰਬਰ ਨੂੰ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ | ਇਸ ਚੋਣ 'ਚ ਕੁੱਲ 412 ਉਮੀਦਵਾਰ ਮੈਦਾਨ 'ਚ ਹਨ |
ਚੰਡੀਗੜ੍ਹ, 7 ਦਸੰਬਰ (ਪ੍ਰੋ. ਅਵਤਾਰ ਸਿੰਘ)- ਪੰਜਾਬ 'ਚ ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਪੰਜਾਬ ਪੁਲਿਸ ਸਖ਼ਤ ਕਾਰਵਾਈ ਕਰਿਆ ਕਰੇਗੀ ਤੇ ਖ਼ਾਸ ਕਰ ਕੇ ਮੈਰਿਜ ਪੈਲੇਸਾਂ ਦੇ ਬਾਹਰ ਵਿਸ਼ੇਸ਼ ਨਾਕੇ ਲਗਾ ਕੇ ਐਲਕੋ ਮੀਟਰ ਨਾਲ ਚੈਕਿੰਗ ਹੋਇਆ ਕਰੇਗੀ | ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਡੀ.ਜੀ.ਪੀ. ਪੰਜਾਬ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ | ਪੱਤਰ 'ਚ ਇਹ ਵੀ ਲਿਖਿਆ ਗਿਆ ਹੈ ਕਿ ਅੱਜ-ਕੱਲ੍ਹ ਵਿਆਹਾਂ ਦਾ ਸੀਜ਼ਨ ਹੈ ਅਤੇ ਧੁੰਦ ਕਰਕੇ ਹਾਦਸੇ ਜ਼ਿਆਦਾ ਵਾਪਰਦੇ ਹਨ, ਇਸ ਕਰਕੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ | ਇਸ ਸੰਬੰਧੀ ਹਫ਼ਤਾਵਾਰੀ ਰਿਪੋਰਟ ਵੀ ਪੁਲਿਸ ਮੁਖੀ ਨੂੰ ਭੇਜਣ ਲਈ ਕਿਹਾ ਗਿਆ ਹੈ |
ਨਿਊਯਾਰਕ, 7 ਦਸੰਬਰ (ਏਜੰਸੀ)-ਫੋਰਬਸ ਦੀ ਵਿਸ਼ਵ ਦੀਆਂ 100 ਸਭ ਤੋਂ ਤਾਕਤਵਰ ਔਰਤਾਂ ਦੀ ਸਾਲਾਨਾ ਸੂਚੀ ਵਿਚ ਸ਼ਾਮਿਲ 6 ਭਾਰਤੀ ਔਰਤਾਂ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਬਾਇਓਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜ਼ੂਮਦਾਰ ਸ਼ਾਅ ਅਤੇ ਨਾਇਕਾ ਦੀ ਸੰਸਥਾਪਕ ਫਾਲਗੁਨੀ ਨਾਇਰ ਸ਼ਾਮਿਲ ਹਨ | ਲਗਾਤਾਰ ਚੌਥੀ ਵਾਰ ਸੂਚੀ 'ਚ ਜਗ੍ਹਾ ਬਣਾਉਣ ਵਾਲੇ ਸੀਤਾਰਮਨ 36ਵੇਂ ਸਥਾਨ 'ਤੇ ਹਨ | 63 ਸਾਲਾ ਵਿੱਤ ਮੰਤਰੀ 2021 ਵਿਚ 37ਵੇਂ, 2020 ਵਿਚ 41ਵੇਂ ਅਤੇ 2019 ਵਿਚ 34ਵੇਂ ਸਥਾਨ 'ਤੇ ਰਹੇ ਸਨ | ਇਸ ਸੂਚੀ ਵਿਚ ਆਈਆਂ ਹੋਰ ਭਾਰਤੀ ਔਰਤਾਂ ਵਿਚ ਐਚ. ਸੀ. ਐਲ. ਟੈਕ ਦੀ ਚੇਅਰਪਰਸਨ ਰੌਸ਼ਨੀ ਨਾਦਰ ਮਲਹੋਤਰਾ (53ਵਾਂ ਸਥਾਨ), ਸੇਬੀ ਦੀ ਚੇਅਰਪਰਸਨ ਮਾਧਵੀ ਪੁਰੀ ਬੁਚ (54ਵਾਂ ਸਥਾਨ) ਅਤੇ ਸਟੀਲ ਅਥਾਰਟੀ ਆਫ਼ ਇੰਡੀਆ ਦੀ ਚੇਅਰਪਰਸਨ ਸੋਮਾ ਮੋਂਡਲ (67ਵਾਂ) ਸਥਾਨ ਸ਼ਾਮਿਲ ਹਨ | ਮਲਹੋਤਰਾ, ਮਜ਼ੂਮਦਾਰ ਸ਼ਾਅ ਅਤੇ ਨਾਇਰ ਨੇ ਪਿਛਲੇ ਸਾਲ ਵੀ ਇਸ ਸੂਚੀ ਵਿਚ ਕਰਮਵਾਰ 52ਵਾਂ, 72ਵਾਂ ਅਤੇ 88ਵਾਂ ਸਥਾਨ ਪ੍ਰਾਪਤ ਕੀਤਾ ਸੀ | ਮੰਗਲਵਾਰ ਨੂੰ ਫੋਰਬਸ ਵਲੋਂ ਜਾਰੀ ਸੂਚੀ ਅਨੁਸਾਰ ਇਸ ਸਾਲ ਮਜ਼ੂਮਦਾਰ ਸ਼ਾਅ 72ਵੇਂ, ਜਦੋਂਕਿ ਨਾਇਰ 89ਵੇਂ ਸਥਾਨ 'ਤੇ ਰਹੀਆਂ ਹਨ | ਇਸ ਸੂਚੀ ਵਿਚ 39 ਸੀ. ਈ. ਓ., 10 ਸੂਬਾ ਮੁਖੀ ਅਤੇ 11 ਅਰਬਪਤੀ (ਕੁੱਲ ਸੰਪਤੀ 115 ਅਰਬ ਡਾਲਰ ਹੈ) ਸ਼ਾਮਿਲ ਹਨ | ਯੂਕਰੇਨ ਯੁੱਧ ਦੌਰਾਨ ਅਗਵਾਈ ਲਈ ਅਤੇ ਨਾਲ ਹੀ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ 19ਵੀਂ ਸੂਚੀ ਵਿਚ ਪਹਿਲੇ ਸਥਾਨ 'ਤੇ ਹਨ | ਜਦੋਂਕਿ ਯੂਰਪੀਅਨ ਸੈਂਟਰਲ ਬੈਂਕ ਦੀ ਮੁਖੀ ਕ੍ਰਿਸਟੀਨ ਲੇਗਾਰਡ ਦੂਜੇ ਸਥਾਨ 'ਤੇ ਅਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੂਚੀ ਵਿਚ ਤੀਜੇ ਸਥਾਨ 'ਤੇ ਹੈ | 100ਵੇਂ ਸਾਥਾਨ 'ਤੇ ਆਈ ਈਰਾਨ ਦੀ ਜੀਨਾ ਮਹਸਾ ਆਮਿਨੀ ਨੇ ਮਰਨ ਉਪਰੰਤ ਪ੍ਰਭਾਵਸ਼ਾਲੀ ਸੂਚੀ 'ਚ ਜਗ੍ਹਾ ਬਣਾਈ ਹੈ | ਸਤੰਬਰ 'ਚ ਉਨ੍ਹਾਂ ਦੀ ਮੌਤ ਨੇ ਮੁਸਲਿਮ ਰਾਸ਼ਟਰ ਵਿਚ ਆਪਣੇ ਅਧਿਕਾਰਾਂ ਲਈ ਇਕ ਬੇਮਿਸਾਲ ਔਰਤ ਅਗਵਾਈ ਵਾਲੀ ਕ੍ਰਾਂਤੀ ਨੂੰ ਜਨਮ ਦਿੱਤਾ ਸੀ |
ਜੰਮੂ, 7 ਦਸੰਬਰ (ਏ. ਐਨ. ਆਈ.)-ਜੰਮੂ ਦੇ ਬੀ.ਐਸ.ਐਫ. ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਓਾਕਾਰ ਬੱਤਰਾ ਨੇ ਇਕ ਨਵੀਂ ਉਪਲਬਧੀ ਹਾਸਲ ਕੀਤੀ ਹੈ, ਕਿਉਂਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਇਸ ਮਹੀਨੇ ਉਸ ਵਲੋਂ ਵਿਕਸਤ ਦੇਸ਼ ਦਾ ਪਹਿਲਾ ਓਪਨ-ਸੋਰਸ ...
ਨਵੀਂ ਦਿੱਲੀ, 7 ਦਸੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਜਲ ਸੈਨਾ ਦੇ 8 ਸਾਬਕਾ ਸੈਨਿਕਾਂ ਦਾ ਮੁੱਦਾ ਕਤਰ ਕੋਲ ਉਠਾਉਣ ਅਤੇ ਉਨ੍ਹਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ | ਲੋਕ ਸਭਾ 'ਚ ਜ਼ਰੂਰੀ ...
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਹੀ ਦਿਨ ਸਜ਼ਾ ਭੁਗਤ ਚੁੱਕੇ ਪੰਜਾਬ ਦੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਜ਼ੋਰਦਾਰ ਮੰਗ ਕੀਤੀ | ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭੱਖਦਾ ਸਿਆਸੀ ਮੁੱਦਾ ...
ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਮਲਾ ਲੋਕ ਸਭਾ 'ਚ ਉਠਾਉਂਦਿਆ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਉਠਾਉਂਦਿਆ ਗ੍ਰਹਿ ਮੰਤਰਾਲੇ ਨੂੰ ਇਸ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ 'ਤੇ ਜ਼ੋਰ ...
ਨਵੀਂ ਦਿੱਲੀ, 7 ਦਸੰਬਰ (ਏਜੰਸੀ)-ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਆਰ.ਬੀ.ਆਈ. (ਭਾਰਤੀ ਰਿਜ਼ਰਵ ਬੈਂਕ) ਨੂੰ ਬੁੱਧਵਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਸਰਕਾਰ ਦੇ 2016 'ਚ 1000 ਰੁਪਏ ਅਤੇ 500 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦੇ ਫੈਸਲੇ ਨਾਲ ਸੰਬੰਧਿਤ ਪ੍ਰਸੰਗਿਕ ਰਿਕਾਰਡ ...
ਅੰਕੜਿਆਂ ਮੁਤਾਬਿਕ 'ਆਪ' ਨੂੰ 42.35 ਫ਼ੀਸਦੀ, ਭਾਜਪਾ ਨੂੰ 39.23 ਫ਼ੀਸਦੀ ਜਦਕਿ ਕਾਂਗਰਸ ਨੂੰ 12.ਫੀਸਦੀ ਵੋਟਾਂ ਪਈਆਂ | ਆਜ਼ਾਦ ਉਮੀਦਵਾਰਾਂ ਨੂੰ 2.86 ਫ਼ੀਸਦੀ ਅਤੇ ਬਸਪਾ ਨੂੰ 1.65 ਫ਼ੀਸਦੀ ਵੋਟਾਂ ਮਿਲੀਆਂ | ਇਨ੍ਹਾਂ ਤੋਂ ਇਲਾਵਾ ਐਮ.ਸੀ.ਡੀ. ਚੋਣਾਂ 'ਚ ਹਿੱਸਾ ਲੈਣ ਵਾਲੀ ਕਿਸੇ ...
ਚੋਣਾਂ ਵਿਚ 6 ਸਿੱਖ ਚਿਹਰਿਆਂ ਨੂੰ ਵੀ ਜਿੱਤ ਪ੍ਰਾਪਤ ਹੋਈ ਹੈ | ਇਨ੍ਹਾਂ 'ਚੋਂ 4 'ਆਪ' ਜਦਕਿ 2 ਭਾਜਪਾ ਨਾਲ ਸੰਬੰਧਿਤ ਹਨ | 'ਆਪ' ਦੀ ਉਮੀਦਵਾਰ ਪ੍ਰੀਤੀ ਕੌਰ (ਦਿਲਸ਼ਾਦ ਕਾਲੋਨੀ), ਸ਼ਿਲਪਾ ਕੌਰ (ਖਿਆਲਾ), ਰਮਿੰਦਰ ਕੌਰ (ਫਤਹਿ ਨਗਰ) ਤੇ ਪੁਨਰਦੀਪ ਸਿੰਘ (ਚਾਂਦਨੀ ਚੌਂਕ) ਤੋਂ ...
ਨਵੀਂ ਦਿੱਲੀ/ਲਖਨਊ, 7 ਦਸੰਬਰ (ਏਜੰਸੀ)-ਪੰਜ ਸੂਬਿਆਂ ਦੇ 6 ਵਿਧਾਨ ਸਭਾ ਹਲਕਿਆਂ ਅਤੇ ਮੰਨੀ-ਪ੍ਰਮੰਨੀ ਮੈਨਪੁਰੀ ਲੋਕ ਸਭਾ ਸੀਟ ਜਿਥੇ ਸਮਾਜਵਾਦੀ ਪਾਰਟੀ (ਸਪਾ) ਭਾਜਪਾ ਨਾਲ ਵਕਾਰ ਦੀ ਲੜਾਈ ਲੜ ਰਹੀ ਹੈ, ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ 8 ਦਸੰਬਰ ਵੀਰਵਾਰ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX