ਇਕ ਪਾਸੇ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ 'ਭਾਰਤ ਜੋੜੋ ਯਾਤਰਾ' ਜਾਰੀ ਹੈ। ਹੋਰਾਂ ਥਾਂਵਾਂ ਵਾਂਗ ਪੰਜਾਬ ਵਿਚ ਵੀ ਇਸ ਦੀ ਕਾਫੀ ਚਰਚਾ ਰਹੀ ਹੈ ਅਤੇ ਇਸ ਨੂੰ ਵੱਡਾ ਹੁੰਗਾਰਾ ਵੀ ਮਿਲਿਆ ਹੈ। ਇਸ ਯਾਤਰਾ ਨੂੰ ਆਉਂਦੇ ਸਾਲ ਲੋਕ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ 8 ਸਾਲ ਤੋਂ ਵੀ ਵੱਧ ਸਮੇਂ ਤੋਂ ਕੇਂਦਰ ਵਿਚ ਸਰਕਾਰ ਚਲਾ ਰਹੀ ਹੈ, ਨੇ ਵੀ ਆਉਂਦੇ ਸਾਲ ਦੀਆਂ ਚੋਣਾਂ ਲਈ ਆਪਣੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਦਿੱਲੀ ਵਿਚ ਪਾਰਟੀ ਦੀ ਕੇਂਦਰੀ ਕਾਰਜਕਾਰਨੀ ਦੇ ਹੋਏ ਸੰਮੇਲਨ ਨੂੰ ਵੀ ਇਸੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਪਾਰਟੀ ਦੀਆਂ ਵੱਖ-ਵੱਖ ਸੂਬਾਈ ਇਕਾਈਆਂ ਦੀਆਂ ਕਾਰਜਕਾਰਨੀਆਂ ਦੀਆਂ ਵੀ ਚੋਣਾਂ ਦੀ ਤਿਆਰੀ ਲਈ ਮੀਟਿੰਗਾਂ ਹੋ ਰਹੀਆਂ ਹਨ।
ਪੰਜਾਬ ਸੂਬੇ ਦੀ ਕਾਰਜਕਾਰਨੀ ਦੇ ਅੰਮ੍ਰਿਤਸਰ ਵਿਚ ਹੋਏ ਸੰਮੇਲਨ ਵਿਚ ਵੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਵਿਸ਼ਾ ਹੀ ਭਾਰੂ ਰਿਹਾ। ਪੰਜਾਬ ਦੀ ਅਜੋਕੀ ਸਥਿਤੀ ਬਾਰੇ ਵੀ ਚਰਚਾ ਕੀਤੀ ਗਈ। ਦੋ ਦਿਨਾ ਮੀਟਿੰਗ ਵਿਚ ਭਾਜਪਾ ਨੇ ਸੂਬੇ ਵਿਚ ਨਸ਼ਿਆਂ ਅਤੇ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਮਾਰਚ ਤੋਂ ਅਗਸਤ ਤਕ ਯਾਤਰਾ ਆਰੰਭ ਕਰਨ ਦਾ ਵੀ ਐਲਾਨ ਕੀਤਾ। ਇਸ ਸੰਮੇਲਨ ਵਿਚ ਬਹੁਤੇ ਉਹ ਆਗੂ ਵੀ ਸ਼ਾਮਿਲ ਹੋਏ ਹਨ, ਜੋ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਸਨ। ਇਸ ਸੂਚੀ ਵਿਚ ਸਾਬਕਾ ਕਾਂਗਰਸੀ ਆਗੂਆਂ ਦੇ ਨਾਂਅ ਕਾਫੀ ਹੈਰਾਨੀਜਨਕ ਹਨ, ਜਿਨ੍ਹਾਂ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਚਰਚਿਤ ਸਿਆਸੀ ਆਗੂ ਸੁਨੀਲ ਜਾਖੜ ਦਾ ਨਾਂਅ ਵੀ ਸ਼ਾਮਿਲ ਹੈ। ਚਾਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸੰਮੇਲਨ ਵਿਚ ਤਾਂ ਸ਼ਾਮਿਲ ਨਹੀਂ ਹੋਏ, ਪਰ ਉਨ੍ਹਾਂ ਦਾ ਨਾਂਅ ਇਸ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਪਹਿਲੇ ਨੰਬਰ 'ਤੇ ਆਉਂਦਾ ਹੈ। ਪਿਛਲੇ ਦਿਨਾਂ ਵਿਚ ਜਿਸ ਤਰ੍ਹਾਂ ਕਾਂਗਰਸ, ਅਕਾਲੀ ਦਲ ਅਤੇ ਹੋਰ ਪਾਰਟੀਆਂ ਤੋਂ ਛੋਟੇ ਤੋਂ ਲੈ ਕੇ ਵੱਡੇ ਆਗੂਆਂ ਵਿਚ ਭਾਜਪਾ 'ਚ ਸ਼ਾਮਿਲ ਹੋਣ ਦੀ ਕਾਹਲੀ ਦਿਖਾਈ ਦਿੱਤੀ ਹੈ, ਉਹ ਉਤਸੁਕਤਾ ਭਰਪੂਰ ਜ਼ਰੂਰ ਹੈ। ਇਹ ਇਸ ਗੱਲ ਦਾ ਵੀ ਪ੍ਰਤੱਖ ਪ੍ਰਮਾਣ ਹੈ ਕਿ ਭਾਜਪਾ ਸੂਬੇ ਵਿਚ ਆਪਣਾ ਚੰਗਾ ਆਧਾਰ ਬਣਾਉਣ ਵਿਚ ਕਾਮਯਾਬ ਹੋ ਰਹੀ ਹੈ। ਇਹ ਪਾਰਟੀ ਪੰਜਾਬ ਵਿਚ ਲੰਮਾ ਸਮਾਂ ਅਕਾਲੀ ਦਲ ਦੀ ਦੂਜੇ ਨੰਬਰ ਦੀ ਭਾਈਵਾਲ ਰਹੀ ਹੈ। ਅਕਾਲੀ ਦਲ ਨਾਲ ਰਲ ਕੇ ਇਸ ਨੇ ਇਥੇ ਕਾਫ਼ੀ ਵਾਰ ਪ੍ਰਸ਼ਾਸਨ ਵੀ ਚਲਾਇਆ, ਪਰ ਦਿੱਲੀ ਵਿਚ ਲੱਗੇ ਕਿਸਾਨ ਮੋਰਚੇ ਤੋਂ ਬਾਅਦ ਦੋਹਾਂ ਪਾਰਟੀਆਂ ਦੇ ਵੱਖ-ਵੱਖ ਹੋਣ ਤੋਂ ਪਿਛੋਂ ਭਾਜਪਾ ਨੇ ਇਕੱਲੇ ਤੌਰ 'ਤੇ ਆਜ਼ਾਦ ਰੂਪ ਵਿਚ ਸੂਬੇ ਦੀ ਸਿਆਸਤ 'ਚ ਆਪਣੀ ਸਰਗਰਮੀ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸ ਵਿਚ ਉਹ ਹੁਣ ਤਕ ਕਾਫੀ ਹੱਦ ਤਕ ਕਾਮਯਾਬ ਵੀ ਹੋਈ ਹੈ।
ਇਸੇ ਕਰਕੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਗਲੇ ਸਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਵਿਚ ਸਾਰੀਆਂ 117 ਸੀਟਾਂ 'ਤੇ ਚੋਣਾਂ ਲੜਨ ਦੇ ਨਿੱਤ ਐਲਾਨ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜਿਸ ਤਰ੍ਹਾਂ ਕੁਝ ਮਹੀਨਿਆਂ ਦੇ ਅਰਸੇ ਵਿਚ ਹੀ ਆਮ ਲੋਕਾਂ ਦਾ ਇਸ ਤੋਂ ਮੋਹ ਭੰਗ ਹੋਣ ਲੱਗਾ ਹੈ, ਉਸ ਤੋਂ ਭਾਜਪਾ ਹੋਰ ਵੀ ਉਤਸ਼ਾਹਿਤ ਹੋਈ ਦੇਖੀ ਜਾ ਸਕਦੀ ਹੈ। 'ਆਪ' ਸਰਕਾਰ ਵਲੋਂ ਹਾਲੇ ਤਕ ਐਲਾਨਾਂ ਦੀਆਂ ਝੜੀਆਂ ਹੀ ਲਗਾਈਆਂ ਜਾ ਰਹੀਆਂ ਹਨ। ਵੱਡੀ ਗਿਣਤੀ ਵਿਚ ਘਰੇਲੂ ਖ਼ਪਤਕਾਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਣ ਦੇ ਨਾਂਹ-ਪੱਖੀ ਪ੍ਰਭਾਵ ਵੀ ਸਾਹਮਣੇ ਆਉਣ ਲੱਗੇ ਹਨ। ਰਾਜ ਵਿਚ ਅਰਾਜਕਤਾ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਸਨਅਤਕਾਰ ਅਤੇ ਵਪਾਰੀ ਵਰਗ ਵੀ ਖੁਸ਼ ਦਿਖਾਈ ਨਹੀਂ ਦਿੰਦਾ। ਇਸ ਤਰ੍ਹਾਂ ਦੀਆਂ ਸਥਿਤੀਆਂ ਵਿਚ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਟਿਆਲਾ ਆਉਣ ਦੇ ਵੀ ਚਰਚੇ ਸਨ। ਫਿਲਹਾਲ ਉਨ੍ਹਾਂ ਦਾ ਦੌਰਾ ਕੁਝ ਕਾਰਨਾਂ ਕਰਕੇ ਟਾਲ ਦਿੱਤਾ ਗਿਆ ਹੈ। ਸਰਕਾਰ ਦੇ ਬਹੁਤੇ ਵਜ਼ੀਰਾਂ ਦੀ ਕਾਰਗੁਜ਼ਾਰੀ 'ਤੇ ਵੀ ਉਂਗਲਾਂ ਉੱਠਣ ਲੱਗੀਆਂ ਹਨ। 'ਆਪ' ਦੇ ਦੋ ਵਜ਼ੀਰਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਆਧਾਰ 'ਤੇ ਅਸਤੀਫ਼ਾ ਦੇਣਾ ਪਿਆ ਹੈ। ਲਗਾਤਾਰ ਮਾੜੀ ਹੁੰਦੀ ਜਾ ਰਹੀ ਆਰਥਿਕਤਾ ਨੇ ਸੂਬੇ ਨੂੰ ਸਾਹਸਤਹੀਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਮਸਲਿਆਂ ਨੂੰ ਲੈ ਕੇ ਹੀ ਨਿੱਤ ਦਿਨ ਭਾਜਪਾ ਸੂਬਾ ਸਰਕਾਰ 'ਤੇ ਹਮਲੇ ਬੋਲ ਰਹੀ ਹੈ।
ਪਿਛਲੇ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਜਿਹੇ ਐਲਾਨ ਕੀਤੇ ਹਨ, ਜਿਨ੍ਹਾਂ ਕਰਕੇ ਪੰਜਾਬ ਵਿਚ ਭਾਜਪਾ ਦਾ ਆਧਾਰ ਮਜ਼ਬੂਤ ਹੋਇਆ ਹੈ। ਇਨ੍ਹਾਂ ਵਿਚ ਦੇਸ਼ ਭਰ ਵਿਚ 'ਵੀਰ ਬਾਲ ਦਿਵਸ' ਮਨਾਉਣ ਦਾ ਐਲਾਨ, ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ, '84 ਦੇ ਸਿੱਖ ਵਿਰੋਧੀ ਦੰਗਿਆਂ ਲਈ ਨਵੀਂ ਸਿਟ ਬਣਾਉਣ ਵਰਗੇ ਕਦਮ ਸ਼ਾਮਿਲ ਹਨ। ਸਾਲ 2022 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਮਿਲੀ ਹਾਰ ਅਤੇ ਉਸ ਤੋਂ ਬਾਅਦ ਸੰਗਰੂਰ ਲੋਕ ਸਭਾ ਚੋਣਾਂ ਵਿਚ ਵੀ ਉਸ ਨੂੰ ਮਿਲੇ ਮੱਠੇ ਹੁੰਗਾਰੇ ਕਰਕੇ ਵੀ ਭਾਜਪਾ ਵਧੇਰੇ ਉਤਸ਼ਾਹ ਵਿਚ ਆਈ ਜਾਪਦੀ ਹੈ। ਹੁਣ ਇਹ ਪਾਰਟੀ ਇਸ ਗੱਲ ਲਈ ਯਤਨਸ਼ੀਲ ਜਾਪਦੀ ਹੈ ਕਿ ਕਿਸੇ ਤਰ੍ਹਾਂ ਪੇਂਡੂ ਖੇਤਰਾਂ ਵਿਚ ਵੀ ਆਪਣਾ ਪ੍ਰਭਾਵ ਵਧਾ ਸਕੇ। ਆਉਂਦੇ ਸਮੇਂ ਵਿਚ ਸੂਬੇ ਵਿਚ ਬਣ ਰਿਹਾ ਇਹ ਨਵਾਂ ਦ੍ਰਿਸ਼ ਵਿਰੋਧੀ ਸਿਆਸੀ ਪਾਰਟੀਆਂ ਲਈ ਚੁਣੌਤੀ ਬਣ ਸਕਦਾ ਹੈ। ਕਈ ਧੜਿਆਂ 'ਚ ਵੰਡੇ ਜਾ ਚੁੱਕੇ ਅਕਾਲੀ ਦਲ ਅਤੇ ਸੂਬਾਈ ਕਾਂਗਰਸ ਨੂੰ ਆਪਣੀ ਸਿਆਸੀ ਹੋਂਦ ਬਣਾਈ ਰੱਖਣ ਲਈ ਪੂਰੀ ਤਿਆਰੀ ਨਾਲ ਸਿਆਸੀ ਮੈਦਾਨ ਵਿਚ ਉਤਰਨਾ ਹੋਵੇਗਾ।
-ਬਰਜਿੰਦਰ ਸਿੰਘ ਹਮਦਰਦ
ਭਾਰਤ ਸਰਕਾਰ ਭਾਵੇਂ ਹੀ ਦਸ ਸਾਲਾ ਮਰਦਮਸ਼ੁਮਾਰੀ ਨਾ ਕਰਵਾ ਰਹੀ ਹੋਵੇ, ਪਰ ਨਿਤਿਸ਼ ਕੁਮਾਰ ਦੀ ਸਰਕਾਰ ਨੇ ਲੋਕਾਂ ਦੀ ਜਾਤੀਵਾਰ ਗਿਣਤੀ ਸ਼ੁਰੂ ਕਰਵਾ ਦਿੱਤੀ ਹੈ। ਕੌਮੀ ਪੱਧਰ 'ਤੇ 2021 'ਚ ਮਰਦਮਸ਼ੁਮਾਰੀ ਹੋਣੀ ਸੀ। ਇਸ ਨੂੰ ਨਾ ਕਰਵਾਉਣ ਦੀ ਸਫ਼ਾਈ ਦਿੰਦਿਆਂ ਸਰਕਾਰ ਸੰਸਦ 'ਚ ...
ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਰਾਹੀਂ ਕਰਵਾਏ ਗਏ ਸਰਵੇਖਣ ਦੇ ਆਧਾਰ 'ਤੇ ਪੰਜਾਬ ਦੀ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਕਾਸ਼ਤ 34.90 ਲੱਖ ਹੈਕਟੇਅਰ ਰਕਬੇ ਦੇ ਲਗਭਗ ਕੀਤੀ ਗਈ ਹੈ। ਪਿਛਲੇ ਸਾਲ ਇਹ ਫ਼ਸਲ 35.26 ਲੱਖ ਹੈਕਟੇਅਰ ਰਕਬੇ 'ਤੇ ਬੀਜੀ ...
ਕੈਨੇਡਾ ਵਿਚ ਦੱਖਣੀ ਏਸ਼ਿਆਈ ਆਬਾਦੀ ਇਕ ਵਿਭਿੰਨ ਅਤੇ ਤੇਜ਼ੀ ਨਾਲ ਵਧ ਰਿਹਾ ਭਾਈਚਾਰਾ ਹੈ।
2021 ਦੀ ਕੈਨੇਡੀਅਨ ਮਰਦਮਸ਼ੁਮਾਰੀ ਅਨੁਸਾਰ 2,571400 ਕੈਨੇਡੀਅਨਾਂ ਲੋਕਾਂ ਦਾ ਮੂਲ ਦੱਖਣੀ ਏਸ਼ਿਆਈ ਖਿੱਤਾ ਹੈ, ਜੋ ਕੁੱਲ ਆਬਾਦੀ ਦਾ ਲਗਭਗ 7.1 ਫ਼ੀਸਦੀ ਅਤੇ ਕੁੱਲ ਏਸ਼ਿਆਈ ਕੈਨੇਡੀਅਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX