ਸ੍ਰੀਨਗਰ, 29 ਜਨਵਰੀ (ਪੀ. ਟੀ. ਆਈ.)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ 'ਭਾਰਤ ਜੋੜੋ ਯਾਤਰਾ' ਦੇ ਅੰਤਿਮ ਪੜਾਅ ਤਹਿਤ ਸ੍ਰੀਨਗਰ ਦੇ ਇਤਿਹਾਸਕ ਲਾਲ ਚੌਕ ਦੇ ਘੰਟਾ ਘਰ ਵਿਖੇ ਤਿਰੰਗਾ ਲਹਿਰਾਇਆ ਅਤੇ ਕਿਹਾ ਕਿ ਦੇਸ਼ ਨਾਲ ਕੀਤਾ ਗਿਆ ਵਾਅਦਾ ਪੂਰਾ ਕਰ ਲਿਆ ਗਿਆ ਹੈ | ਇਸ ਤੋਂ ਬਾਅਦ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਚੀਨ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ ਅਤੇ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਨੂੰ ਆਪਣੀ ਜ਼ਮੀਨ 'ਤੇ ਬੈਠਣ ਨੂੰ ਬਰਦਾਸ਼ਤ ਨਹੀਂ ਕਰਾਂਗੇ | ਭਾਰਤ ਜੋੜੋ ਯਾਤਰਾ ਖ਼ਤਮ ਹੋਣ ਦੀ ਪੂਰਬਲੀ ਸ਼ਾਮ ਨੂੰ ਇਥੇ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ ਕਿ ਸਰਕਾਰ ਵਲੋਂ ਇਸ ਗੱਲ 'ਤੋਂ ਪੂਰੀ ਤਰ੍ਹਾਂ ਇਨਕਾਰ ਕਰਨਾ ਕਿ ਚੀਨ ਨੇ ਸਾਡੀ ਜ਼ਮੀਨ ਲਈ ਹੈ, ਬੇਹੱਦ ਖ਼ਤਰਨਾਕ ਰੁਝਾਨ ਹੈ, ਕਿਉਂਕਿ ਇਹ ਉਨ੍ਹਾਂ (ਚੀਨ) ਨੂੰ ਹੋਰ ਵੀ ਹਮਲਾਵਰ ਚੀਜ਼ਾਂ ਕਰਨ ਦਾ ਭਰੋਸਾ ਦੇਵੇਗਾ | ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਦੇ ਇਕਮਾਤਰ ਵਿਅਕਤੀ ਹਨ ਜੋ ਇਸ ਪ੍ਰਭਾਵ ਹੇਠ ਹਨ ਕਿ ਚੀਨੀਆਂ ਨੇ ਭਾਰਤ ਤੋਂ ਕੋਈ ਜ਼ਮੀਨ ਨਹੀਂ ਖੋਹੀ | ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਹਾਲ ਹੀ ਵਿਚ ਕੁਝ ਸਾਬਕਾ ਸੈਨਿਕਾਂ ਨੂੰ ਮਿਲਿਆ ਹਾਂ ਅਤੇ ਇਥੋਂ ਤੱਕ ਕਿ ਲੱਦਾਖ ਤੋਂ ਇਕ ਵਫ਼ਦ ਨੇ ਸਪਸ਼ਟ ਕਿਹਾ ਹੈ ਕਿ ਸਾਡੇ ਭਾਰਤੀ ਖ਼ੇਤਰ ਦਾ 2000 ਵਰਗ ਕਿਲੋਮੀਟਰ ਚੀਨੀਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ | ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕਈ ਗਸ਼ਤੀ ਬਿੰਦੂ ਜੋ ਪਹਿਲਾਂ ਭਾਰਤੀ ਖ਼ੇਤਰ 'ਚ ਹੁੰਦੇ ਸਨ ਹੁਣ ਚੀਨ ਦੇ ਹੱਥਾਂ 'ਚ ਹਨ | ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਆਪਣੀ ਭੈਣ ਪਿ੍ਯੰਕਾ ਗਾਂਧੀ ਵਾਡਰਾ, ਪਾਰਟੀ ਆਗੂਆਂ ਤੇ ਵਰਕਰਾਂ ਨਾਲ ਸ੍ਰੀਨਗਰ ਦੇ ਪੰਥਾ ਚੌਕ ਤੋਂ ਐਤਵਾਰ ਸਵੇਰੇ 10.45 ਵਜੇ ਯਾਤਰਾ ਮੁੜ ਸ਼ੁਰੂ ਕੀਤੀ | ਰਾਹੁਲ ਗਾਂਧੀ ਨੇ ਲਾਲ ਚੌਕ ਵਿਖੇ ਤਿਰੰਗਾ ਲਹਿਰਾਏ ਜਾਣ ਤੋਂ ਬਾਅਦ ਟਵੀਟ ਕਰਦਿਆਂ ਕਿਹਾ ਕਿ ਨਫ਼ਰਤ ਹਾਰ ਜਾਵੇਗੀ, ਪਿਆਰ ਹਮੇਸ਼ਾ ਜਿੱਤੇਗਾ | ਭਾਰਤ 'ਚ ਉਮੀਦਾਂ ਦੀ ਨਵੀਂ ਸਵੇਰ ਹੋਵੇਗੀ | ਦੱਸਣਯੋਗ ਹੈ ਕਿ ਬੀਤੇ ਸਾਲ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦੀ ਰਸਮੀ ਸਮਾਪਤੀ ਸੋਮਵਾਰ ਨੂੰ ਇਥੇ ਕਾਂਗਰਸ ਦਫ਼ਤਰ ਵਿਖੇ ਤਿਰੰਗਾ ਲਹਿਰਾਏ ਜਾਣ ਤੋਂ ਬਾਅਦ ਹੋਵੇਗੀ | ਸੋਮਵਾਰ ਨੂੰ ਇਥੇ ਐਸ.ਕੇ. ਸਟੇਡੀਅਮ 'ਚ ਇਕ ਜਨਤਕ ਰੈਲੀ ਕੀਤੀ ਜਾਵੇਗੀ ਜਿਸ 'ਚ ਕਾਂਗਰਸ ਵਲੋਂ 23 ਵਿਰੋਧੀ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ | ਸਮਾਗਮ ਦੌਰਾਨ ਲਾਲ ਚੌਕ ਵਿਖੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਚੌਕ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਇਕ ਕਿਲੋਮੀਟਰ ਤੱਕ ਸੀਲ ਕੀਤੀਆਂ ਗਈਆਂ ਸਨ |
ਮੋਦੀ ਨੇ ਰਾਹੁਲ ਲਈ ਲਾਲ ਚੌਕ 'ਚ ਤਿਰੰਗਾ ਲਹਿਰਾਉਣਾ ਸੰਭਵ ਬਣਾਇਆ-ਭਾਜਪਾ
ਭਾਜਪਾ ਦੇ ਬੁਲਾਰੇ ਅਤੇ ਸਾਬਕਾ ਕੇਂਦਰੀ ਮੰਤਰੀ ਰਾਜਯਵਰਧਨ ਸਿੰਘ ਰਾਠੌਰ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਕਸ਼ਮੀਰ ਵਾਦੀ 'ਚ ਤਬਦੀਲੀ ਲਿਆਉਣ ਲਈ ਧੰਨਵਾਦ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਨੇ ਕਸ਼ਮੀਰ ਵਾਦੀ 'ਚ ਅਜਿਹਾ ਮਾਹੌਲ ਬਣਾਇਆ ਹੈ ਕਿ ਕੋਈ ਵੀ ਭਾਰਤੀ ਸ੍ਰੀਨਗਰ ਦੇ ਲਾਲ ਚੌਕ ਵਿਖੇ ਮਾਣ ਨਾਲ ਤਿਰੰਗਾ ਲਹਿਰਾ ਸਕਦਾ ਹੈ |
• ਕਿਹਾ, ਆਦਿਵਾਸੀਆਂ ਨੂੰ ਪਦਮ ਪੁਰਸਕਾਰ ਮਿਲਣਾ ਫ਼ਖ਼ਰ ਦੀ ਗੱਲ • ਸਾਲ 2023 ਦੀ ਪਹਿਲੀ 'ਮਨ ਕੀ ਬਾਤ' ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 29 ਜਨਵਰੀ (ਉਪਮਾ ਡਾਗਾ ਪਾਰਥ)-'ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਸਾਡੇ ਸੱਭਿਆਚਾਰ 'ਚ ਹੈ | ਸੁਭਾਅ ਤੋਂ ਅਸੀਂ ਇਕ ਲੋਕਤੰਤਰਿਕ ਸਮਾਜ ਹਾਂ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਵਿਚਾਰ ਸਾਲ 2023 ਦੇ ਪਹਿਲੇ 'ਮਨ ਕੀ ਬਾਤ' ਪ੍ਰੋਗਰਾਮ 'ਚ ਪ੍ਰਗਟਾਏ | ਪ੍ਰਧਾਨ ਮੰਤਰੀ ਨੇ ਗਣਤੰਤਰ ਦਿਵਸ ਤੋਂ ਦੋ ਦਿਨ ਬਾਅਦ ਹੋਏ ਇਸ ਪ੍ਰੋਗਰਾਮ 'ਚ ਨਾ ਸਿਰਫ਼ ਗਣਤੰਤਰ ਦਿਵਸ ਸਮਾਗਮ ਦੀਆਂ ਖੂਬੀਆਂ ਦਾ ਜ਼ਿਕਰ ਕੀਤਾ ਸਗੋਂ ਪਦਮ ਪੁਰਸਕਾਰ, ਸੰਸਦ, ਯੋਗ ਦਿਵਸ, ਮੋਟੇ ਅਨਾਜ ਆਦਿ ਸਮੇਤ ਕਈ ਵਿਸ਼ਿਆਂ 'ਤੇ ਗੱਲ ਕੀਤੀ | ਮੋਦੀ ਨੇ ਕਿਹਾ ਕਿ ਗਣਤੰਤਰ ਦਿਵਸ ਸਮਾਗਮ 'ਚ ਕਈ ਪਹਿਲੂਆਂ ਦੀ ਚਰਚਾ ਹੋ ਰਹੀ ਹੈ | 26 ਜਨਵਰੀ ਦੀ ਪਰੇਡ ਦੌਰਾਨ ਕਰਤਵੱਯ ਪਥ ਦਾ ਨਿਰਮਾਣ ਕਰਨ ਵਾਲੇ ਮਜ਼ਦੂਰਾਂ ਨੂੰ ਦੇਖ ਕੇ ਬੜਾ ਚੰਗਾ ਲੱਗਾ | ਇਸ ਵਾਰ ਪਰੇਡ 'ਚ ਪਹਿਲੀ ਵਾਰ ਸ਼ਾਮਿਲ ਹੋਈਆਂ, ਔਰਤ ਊਠ ਸਵਾਰ ਅਤੇ ਸੀ ਆਰ ਪੀ ਐਫ ਦੀ ਔਰਤਾਂ ਦੀ ਟੁਕੜੀ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ | ਪ੍ਰਧਾਨ ਮੰਤਰੀ ਨੇ ਪਦਮ ਪੁਰਸਕਾਰ ਜੇਤੂਆਂ ਦਾ ਉਚੇਚਾ ਜ਼ਿਕਰ ਕਰਦਿਆਂ ਕਿਹਾ ਕਿ ਪਦਮ ਪੁਰਸਕਾਰ ਜੇਤੂਆਂ 'ਚ ਇਕ ਵੱਡੀ ਗਿਣਤੀ ਆਦਿਵਾਸੀ ਭਾਈਚਾਰੇ ਦੀ ਹੈ | ਉਨ੍ਹਾਂ ਕਿਹਾ ਕਿ ਆਦਿਵਾਸੀ ਜੀਵਨ ਸ਼ਹਿਰ ਦੇ ਜੀਵਨ ਤੋਂ ਵੱਖ ਹੈ, ਪਰ ਇਨ੍ਹਾਂ ਦੀਆਂ ਆਪਣੀਆਂ ਚੁਣੌਤੀਆਂ ਹਨ | ਇਸ ਦੇ ਬਾਵਜੂਦ ਆਦਿਵਾਸੀ ਭਾਈਚਾਰੇ ਵਲੋਂ ਆਪਣੀਆਂ ਪਰੰਪਰਾਵਾਂ, ਰਵਾਇਤਾਂ ਨੂੰ ਬਚਾਉਣ ਦੀਆਂ ਲਗਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨੂੰ ਪਦਮ ਪੁਰਸਕਾਰ ਮਿਲਣਾ ਸਾਡੇ ਲਈ ਫ਼ਖ਼ਰ ਦੀ ਗੱਲ ਹੈ | ਮੋਦੀ ਨੇ ਡਾ: ਅੰਬੇਡਕਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ (ਅੰਬੇਡਕਰ) ਨੇ ਭਾਰਤੀ ਸੰਸਦ ਦੀ ਤੁਲਨਾ ਬੋਧ ਭਿਕਸ਼ੂ ਸੰਘ ਨਾਲ ਕੀਤੀ ਸੀ | ਮੋਦੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਸਦ ਨੂੰ ਇਕ ਅਜਿਹੀ ਸੰਸਥਾ ਦੱਸਿਆ, ਜਿਥੇ ਪ੍ਰਸਤਾਵ, ਕੋਰਮ ਅਤੇ ਵੋਟਾਂ ਦੀ ਗਿਣਤੀ ਲਈ ਕਈ ਨੇਮ ਹਨ |
ਮੋਟੋ ਅਨਾਜ ਦਾ ਜ਼ਿਕਰ
ਪ੍ਰਧਾਨ ਮੰਤਰੀ ਨੇ ਭਾਰਤ 'ਚ ਰਹੇ ਜੀ-20 ਸਿਖ਼ਰ ਸੰਮੇਲਨ 'ਚ ਮੋਟੇ ਅਨਾਜਾਂ ਦੀ ਸ਼ਮੂਲੀਅਤ ਨੂੰ ਇਕ ਸ਼ਲਾਘਾਯੋਗ ਕਦਮ ਕਰਾਰ ਦਿੱਤਾ, ਉਨ੍ਹਾਂ ਕਿਹਾ ਕਿ ਇਸ ਅਮਲ ਨੂੰ ਜਦੋਂ ਵਿਸ਼ਵ ਭਰ 'ਚ ਦੁਹਰਾਇਆ ਜਾਵੇਗਾ ਤਾਂ ਸਾਡੇ ਛੋਟੇ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋਵੇਗਾ | ਉਨ੍ਹਾਂ ਯੋਗ ਦਿਵਸ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਵਿਆਪਕ ਪੱਧਰ 'ਤੇ ਸਰਗਰਮ ਸ਼ਮੂਲੀਅਤ ਕਰਕੇ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ | ਉਸੇ ਤਰ੍ਹਾਂ ਮੋਟੇ ਆਨਾਜ ਨੂੰ ਵੀ ਲੋਕ ਅਪਨਾ ਰਹੇ ਹਨ ਅਤੇ ਆਪਣਾ ਖਾਣ-ਪੀਣ ਦਾ ਹਿੱਸਾ ਬਣਾ ਰਹੇ ਹਨ |
ਗੋਆ ਪਰਪਲ ਫੈੱਸਟ ਦਾ ਕੀਤਾ ਜ਼ਿਕਰ
ਮੋਦੀ ਨੇ ਗੋਆ 'ਚ ਹੋਏ ਗੋਆ ਪਰਪਲ ਫੈੱਸਟ ਦਾ ਜ਼ਿਕਰ ਕਰਦਿਆਂ ਇਸ ਨੂੰ ਅਨੋਖੀ ਕੋਸ਼ਿਸ਼ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਪਹਿਲ 'ਚ 50 ਹਜ਼ਾਰ ਤੋਂ ਵੱਧ ਅਪਾਹਜ ਭੈਣਾਂ-ਭਰਾਵਾਂ ਨੇ ਹਿੱਸਾ ਲਿਆ |
ਪੋਚੇਫਸਟਰੂਮ (ਦੱਖਣੀ ਅਫਰੀਕਾ), 29 ਜਨਵਰੀ (ਏਜੰਸੀ)-ਭਾਰਤ ਨੇ ਕ੍ਰਿਸ਼ਮਈ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ ਖੇਡਿਆ ਗਿਆ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਆਪਣੇ ਨਾਂਅ ਕਰ ਲਿਆ ਹੈ | ਦੱਖਣੀ ਅਫਰੀਕਾ 'ਚ ਹੋਏ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ 'ਚ ਸ਼ੈਫਾਲੀ ਵਰਮਾ ਦੀ ਕਪਤਾਨੀ ਵਾਲੀ ਨੌਜਵਾਨ ਬਿ੍ਗੇਡ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ | ਤੇਜ਼ ਗੇਂਦਬਾਜ਼ ਤੀਤਸ ਸਾਧੂ ਤੇ ਲੈੱਗ ਸਪਿਨਰ ਪਾਰਸ਼ਵੀ ਚੋਪੜਾ ਦੀ ਅਗਵਾਈ 'ਚ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਟੀਮ ਨੂੰ 68 ਦੌੜਾਂ 'ਤੇ ਆਲ-ਆਊਟ ਕਰ ਦਿੱਤਾ | ਇਸ ਤੋਂ ਬਾਅਦ ਸਿਰਫ 3 ਵਿਕਟਾਂ ਗੁਆ ਕੇ ਪਲੇਠੇ ਟੂਰਨਾਮੈਂਟ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ | ਇਸ ਤਰ੍ਹਾਂ ਪਹਿਲੀ ਵਾਰ ਕਰਵਾਏ ਗਏ ਪੁਰਸ਼ ਟੀ-20 ਵਿਸ਼ਵ ਕੱਪ ਦੀ ਤਰ੍ਹਾਂ ਭਾਰਤ ਨੇ ਆਈ.ਸੀ.ਸੀ. ਅੰਡਰ-19 ਟੀ-20 ਵਿਸ਼ਵ ਕੱਪ 2023 ਜਿੱਤ ਕੇ ਇਤਿਹਾਸ ਰਚ ਦਿੱਤਾ | ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਸ਼ੈਫਾਲੀ ਦੇ ਫੈਸਲੇ ਨੂੰ ਉਸ ਦੀਆਂ ਗੇਂਦਬਾਜ਼ਾਂ ਨੇ ਸਹੀ ਸਾਬਿਤ ਕੀਤਾ। ਖਾਸ ਕਰਕੇ ਤੀਤਸ ਸਾਧੂ ਨੇ ਆਪਣੀਆਂ ਕਹਿਰ ਵਰ੍ਹਾਉਂਦੀਆਂ ਗੇਂਦਾਂ ਨਾਲ ਇੰਗਲੈਂਡ ਦੀਆਂ ਬੱਲੇਬਾਜ਼ਾਂ ਦੇ ਹੌਂਸਲੇ ਪਸਤ ਕਰ ਦਿੱਤੇ। ਉਸ ਨੇ ਇੰਗਲਿਸ਼ ਟੀਮ ਨੂੰ ਪਹਿਲਾ ਝਟਕਾ ਦਿੰਦੇ ਹੋਏ ਲਿਬਰਟੀ ਹੀਪ ਨੂੰ ਖਾਤਾ ਖੋਲ੍ਹਣ ਤੋਂ ਪਹਿਲਾਂ ਹੀ ਕੈਚ ਆਊਟ ਕਰਵਾਇਆ, ਜਦੋਂਕਿ ਅਰਚਨਾ ਦੇਵੀ ਨੇ ਨਿਆਮ ਹਾਲੈਂਡ (10) ਨੂੰ 'ਕਲੀਨ ਬੋਲਡ' ਅਤੇ ਕਪਤਾਨ ਗ੍ਰੇਸ ਸਿਕ੍ਰਵੇਸ (4) ਨੂੰ ਆਊਟ ਕਰਕੇ 15 ਦੌੜਾਂ 'ਤੇ 3 ਬੱਲੇਬਾਜ਼ਾਂ ਨੂੰ ਮੈਦਾਨ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਤੋਂ ਬਾਅਦ ਵਿਕਟਾਂ ਦੀ ਝੜੀ ਲੱਗ ਗਈ। ਰੀਆਨ ਮੈਕਡਾਨਲਡ ਗੇ (19), ਅਲੈਕਸਾ ਗਰੂਵ (11) ਅਤੇ ਸੋਫੀਆ ਸਮੇਲ (11) ਦੌੜਾਂ ਨਹੀਂ ਬਣਾਉਂਦੀਆਂ ਤਾਂ ਇੰਗਲੈਂਡ ਦੀ ਹਾਲਤ ਹੋਰ ਖ਼ਰਾਬ ਹੁੰਦੀ। ਭਾਰਤੀ ਗੇਂਦਬਾਜ਼ਾਂ ਦਾ ਖੌਫ ਇਹ ਸੀ ਕਿ ਇੰਗਲੈਂਡ ਦੀ ਪੂਰੀ ਪਾਰੀ ਦੌਰਾਨ ਇਕ ਵੀ ਛੱਕਾ ਨਹੀਂ ਲੱਗਾ। ਭਾਰਤ ਲਈ ਤੀਤਸ ਸਾਧੂ ਨੇ 4 ਓਵਰ 'ਚ ਸਿਰਫ 6 ਦੌੜਾਂ ਦੇ ਕੇ 2 ਵਿਕਟਾਂ ਆਪਣੇ ਨਾਂਅ ਕੀਤੀਆਂ। ਅਰਚਨਾ ਦੇਵੀ ਨੇ 3 ਓਵਰਾਂ 'ਚ 17 ਦੌੜਾਂ ਦੇ ਕੇ 2 ਵਿਕਟਾਂ ਅਤੇ ਪਾਰਸ਼ਵੀ ਚੋਪੜਾ ਨੇ 4 ਓਵਰ 'ਚ 13 ਦੌੜਾਂ ਦੇ ਕੇ 2 ਵਿਕਟਾਂ ਝਟਕੀਆਂ। ਇਸ ਤੋਂ ਇਲਾਵਾ ਮੰਨਤ ਕਸ਼ਯਪ, ਸ਼ੈਫਾਲੀ ਤੇ ਸੋਨਮ ਯਾਦਵ ਨੇ ਇਕ-ਇਕ ਵਿਕਟ ਹਾਸਲ ਕੀਤੀ। ਬੇਹੱਦ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਕਪਤਾਨ ਸ਼ੈਫਾਲੀ ਵਰਮਾ ਨੇ ਪਹਿਲੀ ਗੇਂਦ 'ਚ ਚੌਕਾ ਜੜਦਿਆਂ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ। ਸ਼ੈਫਾਲੀ ਨੇ 11 ਗੇਂਦਾਂ 'ਚ ਇਕ ਚੌਕਾ ਤੇ ਇਕ ਛੱਕਾ ਜੜਿਆ, ਜਦੋਂਕਿ ਉਨ੍ਹਾਂ ਸਾਥੀ ਸਲਾਮੀ ਬੱਲੇਬਾਜ਼ ਸ਼ਵੇਤਾ ਸਹਿਰਾਵਤ 20 ਸਕੋਰ 'ਤੇ ਆਊਟ ਹੋਈ। ਇਸ ਤੋਂ ਬਾਅਦ ਸ਼ਾਨਦਾਰ ਫੀਲਡਿੰਗ ਨਾਲ ਸਭ ਨੂੰ ਹੈਰਾਨ ਕਰਨ ਵਾਲੀ ਸੌਮਿਆ ਤਿਵਾੜੀ ਤੇ ਤ੍ਰਿਸ਼ਾ ਨੇ ਲਾਜਵਾਬ ਬੱਲੇਬਾਜ਼ੀ ਨਾਲ ਇੰਗਲੈਂਡ ਦੇ ਛੱਕੇ ਛੁਡਾ ਦਿੱਤੇ। ਤ੍ਰਿਸ਼ਾ ਨੇ 29 ਗੇਂਦਾਂ 'ਤੇ 3 ਚੌਕਿਆਂ ਦੇ ਦਮ 'ਤੇ 24 ਦੌੜਾਂ ਦੀ ਪਾਰੀ ਖੇਡੀ, ਜਦੋਂਕਿ ਸੌਮਿਆ 37 ਗੇਂਦਾਂ 'ਚ 3 ਚੌਕਿਆ ਨਾਲ 24 ਦੌੜਾਂ ਬਣਾ ਕੇ ਅਜੇਤੂ ਰਹੀ। ਇਨ੍ਹਾਂ ਦੋਵਾਂ ਨੇ ਇੰਗਲੈਂਡ ਨੂੰ ਸੰਭਲਣ ਦਾ ਮੌਕਾ ਨਾ ਦਿੰਦਿਆਂ ਭਾਰਤੀ ਟੀਮ ਲਈ ਇਤਿਹਾਸ ਰਚ ਦਿੱਤਾ।
ਭਾਰਤ ਦੀ ਗਜ਼ਬ ਦੀ ਫੀਲਡਿੰਗ
ਭਾਰਤੀ ਟੀਮ ਨੇ ਮੈਚ ਦੌਰਾਨ ਗਜਬ ਦੀ ਫੀਲਡਿੰਗ ਕੀਤੀ। ਸੌਮਿਆ ਤਿਵਾੜੀ ਨੇ ਜੋਸੀ ਗਰੂਵਸ ਨੂੰ ਕਰਿਸ਼ਮਈ ਤਰੀਕੇ ਨਾਲ ਰਨ ਆਊਟ ਕੀਤਾ, ਜਦੋਂਕਿ ਰਿਚਾ ਘੋਸ਼ ਨੇ 'ਸੁਪਰਮੈਨ' ਅੰਦਾਜ਼ ਹਨਾ ਬੇਕਰ ਨੂੰ ਰਨ ਆਊਟ ਕੀਤਾ।
ਨਵੀਂ ਦਿੱਲੀ, 29 ਜਨਵਰੀ (ਏਜੰਸੀ)- ਸਰਕਾਰ ਨੇ ਬਜਟ ਇਜਲਾਸ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ | ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਦੁਆਰਾ ਬੁਲਾਈ ਗਈ ਇਹ ਰਿਵਾਇਤੀ ਬੈਠਕ 30 ਜਨਵਰੀ ਨੂੰ ਦੁਪਹਿਰ ਬਾਅਦ ਸੰਸਦ ਦੇ ਉਪ-ਭਵਨ ਇਮਾਰਤ 'ਚ ਹੋਵੇਗੀ | ਇਸ ਬੈਠਕ ਦੌਰਾਨ ਸਰਕਾਰ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਭ ਪਾਰਟੀਆਂ ਤੋਂ ਸਹਿਯੋਗ ਮੰਗ ਸਕਦੀ ਹੈ, ਜਦਕਿ ਵਿਰੋਧੀ ਪਾਰਟੀਆਂ ਬਜਟ ਇਜਲਾਸ ਦੌਰਾਨ ਉਨ੍ਹਾਂ ਵਲੋਂ ਉਠਾਏ ਜਾਣ ਵਾਲੇ ਮੁੱਦਿਆਂ ਨੂੰ ਉਜਾਗਰ ਕਰ ਸਕਦੀਆਂ ਹਨ | ਦੱਸਣਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਵਿੱਤੀ ਸਾਲ 2023-24 ਦਾ ਕੇਂਦਰੀ ਬਜਟ ਪੇਸ਼ ਕਰੇਗੀ ਜੋ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦਾ ਪੂਰਨ ਬਜਟ ਹੋਵੇਗਾ |
ਪੰਜ ਸਾਲਾ ਬੇਟੀ ਦੀ ਮਾਂ ਸੀ ਮਿ੍ਤਕਾ
ਫ਼ਿਰੋਜ਼ਪੁਰ, 29 ਜਨਵਰੀ (ਤਪਿੰਦਰ ਸਿੰਘ, ਰਾਕੇਸ਼ ਚਾਵਲਾ)-ਪੰਜਾਬ ਪੁਲਿਸ ਦੀ ਸਵੈਟ ਟੀਮ 'ਚ ਤਾਇਨਾਤ ਇਕ ਸਿਪਾਹੀ ਨੇ ਬੀਤੀ ਦੇਰ ਰਾਤ ਆਪਣੀ ਸਰਵਿਸ ਰਾਈਫਲ ਨਾਲ ਇਕ ਮਹਿਲਾ ਪੁਲਿਸ ਮੁਲਾਜ਼ਮ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਰਿਹਾਇਸ਼ ਤੇ ਦਫ਼ਤਰਾਂ ਨਜ਼ਦੀਕ ਪੈਂਦੇ ਬਾਬਾ ਸ਼ੇਰ ਸ਼ਾਹ ਵਲੀ ਚੌਕ 'ਚ ਵਾਪਰੀ ਇਸ ਦਰਦਨਾਕ ਘਟਨਾ ਨੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਅਮਨਦੀਪ ਕੌਰ ਪਿੰਡ ਚੂਚਕ ਵਿੰਡ ਥਾਣਾ ਮੱਲਾਂਵਾਲਾ ਤੇ ਗੁਰਸੇਵਕ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਨੌਰੰਗ ਕੇ ਸਿਆਲ ਵਜੋਂ ਹੋਈ ਹੈ। ਪੁਲਿਸ ਮੁਲਾਜ਼ਮ ਅਮਨਦੀਪ ਕੌਰ ਥਾਣਾ ਕੈਂਟ ਫ਼ਿਰੋਜ਼ਪੁਰ ਵਿਖੇ ਸੀ. ਸੀ. ਟੀ. ਐਨ. ਐਸ. ਆਪ੍ਰੇਟਰ ਵਜੋਂ ਜਦਕਿ ਗੁਰਸੇਵਕ ਸਿੰਘ ਸਵੈਟ ਟੀਮ 'ਚ ਤਾਇਨਾਤ ਸੀ। ਜਾਣਕਾਰੀ ਅਨੁਸਾਰ ਮ੍ਰਿਤਕਾ ਅਮਨਦੀਪ ਕੌਰ ਪਿੰਡ ਕਾਲੀਏ ਵਾਲਾ (ਫ਼ਿਰੋਜ਼ਪੁਰ) ਵਿਖੇ ਵਿਆਹੀ ਸੀ ਤੇ ਉਸ ਦੇ ਇਕ 5 ਸਾਲ ਦੀ ਬੇਟੀ ਵੀ ਦੱਸੀ ਜਾਂਦੀ ਹੈ। ਅਮਨਦੀਪ ਕੌਰ ਦਾ ਸਹੁਰੇ ਪਰਿਵਾਰ ਨਾਲ ਮੱਤਭੇਦ ਹੋਣ ਕਾਰਨ ਇਸ ਸਮੇਂ ਉਹ ਆਪਣੀ ਮਾਤਾ ਤੇ ਭਤੀਜੀ ਨਾਲ ਪੁਲਿਸ ਲਾਈਨ ਫ਼ਿਰੋਜ਼ਪੁਰ ਵਿਖੇ ਰਹਿ ਰਹੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਅਮਨਦੀਪ ਕੌਰ ਤੇ ਗੁਰਸੇਵਕ ਸਿੰਘ ਦੋਵੇਂ ਪਿਛਲੇ 4 ਸਾਲਾਂ ਤੋਂ ਆਪਸੀ ਸੰਪਰਕ 'ਚ ਸਨ। ਇਹ ਵੀ ਪਤਾ ਲੱਗਾ ਹੈ ਕਿ ਘਟਨਾ ਤੋਂ ਪਹਿਲਾਂ ਅਮਨਦੀਪ ਤੇ ਗੁਰਸੇਵਕ ਦੀ ਫੋਨ 'ਤੇ ਆਪਸੀ ਤਕਰਾਰ ਹੋਈ ਸੀ ਤੇ ਦੋਸ਼ੀ ਗੁਰਸੇਵਕ ਸਿੰਘ ਰਸਤੇ 'ਚ ਅਮਨਦੀਪ ਦਾ ਇੰਤਜ਼ਾਰ ਕਰ ਰਿਹਾ ਸੀ, ਜਿਉਂ ਹੀ ਅਮਨਦੀਪ ਦੇਰ ਰਾਤ ਥਾਣਾ ਕੈਂਟ ਤੋਂ ਡਿਊਟੀ ਕਰਕੇ ਆਪਣੀ ਭਤੀਜੀ ਨਾਲ ਪੁਲਿਸ ਲਾਈਨ ਆਪਣੀ ਸਰਕਾਰੀ ਰਿਹਾਇਸ਼ 'ਤੇ ਵਾਪਸ ਜਾ ਰਹੀ ਸੀ ਤਾਂ ਬਾਬਾ ਸ਼ੇਰ ਸ਼ਾਹ ਵਲੀ ਚੌਕ 'ਚ ਗੁਰਸੇਵਕ ਵਲੋਂ ਰੋਕਣ 'ਤੇ ਅਮਨਦੀਪ ਕੌਰ ਨਾ ਰੁਕੀ ਤਾਂ ਗੁਰਸੇਵਕ ਸਿੰਘ ਨੇ ਉਸ ਦੀ ਐਕਟਿਵਾ 'ਚ ਆਪਣੀ ਕਾਰ ਮਾਰੀ ਤੇ ਉਸ ਦੇ ਹੇਠਾਂ ਡਿਗਦੇ ਸਾਰ ਹੀ ਦੋਸ਼ੀ ਨੇ ਆਪਣੀ ਸਰਵਿਸ ਰਾਈਫਲ ਨਾਲ ਉਸ 'ਤੇ ਫਾਇਰਿੰਗ ਕਰ ਦਿੱਤੀ, ਜਿਨ੍ਹਾਂ 'ਚੋਂ ਮਹਿਲਾ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਦੇ 5 ਗੋਲੀਆਂ ਲੱਗੀਆਂ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਨੇ ਕੁਝ ਸਮੇਂ ਬਾਅਦ ਫ਼ਿਰੋਜ਼ਪੁਰ-ਮੋਗਾ ਰੋਡ 'ਤੇ ਤਲਵੰਡੀ ਭਾਈ ਨਜ਼ਦੀਕ ਜਾ ਕੇ ਆਪਣੇ ਆਪ ਨੂੰ ਗੋਲੀਆਂ ਮਾਰ ਕੇ ਆਤਮ ਹੱਤਿਆ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ-ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮ੍ਰਿਤਕ ਮਹਿਲਾ ਮੁਲਾਜ਼ਮ ਦਾ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਪੋਸਟਮਾਰਟਮ ਹੋਣ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਤਲਵੰਡੀ ਭਾਈ ਦੇ ਸਬ-ਇੰਸਪੈਕਟਰ ਤਾਰਾ ਸਿੰਘ ਵਲੋਂ ਮ੍ਰਿਤਕ ਗੁਰਸੇਵਕ ਸਿੰਘ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਰਪਟ ਦਰਜ ਕੀਤੀ ਗਈ ਹੈ। ਮ੍ਰਿਤਕ ਗੁਰਸੇਵਕ ਸਿੰਘ ਦਾ ਪੋਸਟ ਮਾਰਟਮ 30 ਜਨਵਰੀ ਨੂੰ ਸਿਵਲ ਹਸਪਤਾਲ ਮੋਗਾ 'ਚ ਕੀਤਾ ਜਾਵੇਗਾ।
ਭੁਵਨੇਸ਼ਵਰ, 29 ਜਨਵਰੀ (ਏਜੰਸੀ)-ਇਥੋਂ ਦੇ ਝਾਰਸੁਗੁੜਾ ਜ਼ਿਲ੍ਹੇ 'ਚ ਇਕ ਏ.ਐਸ.ਅਆਈ. ਨੇ ਓਡੀਸ਼ਾ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨਬਾ ਕਿਸ਼ੋਰ ਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਇਹ ਘਟਨਾ ਬ੍ਰਜਰਾਜ ਨਗਰ ਖੇਤਰ 'ਚ ਕਰੀਬ 1 ਵਜੇ ਉਸ ਵੇਲੇ ਵਾਪਰੀ ਜਦੋਂ ਸਿਹਤ ਮੰਤਰੀ ਇਕ ਸਮਾਗਮ 'ਚ ਹਿੱਸਾ ਲੈਣ ਜਾ ਰਹੇ ਸਨ ਤੇ ਲੋਕਾਂ ਦਾ ਸਵਾਗਤ ਕਬੂਲਣ ਲਈ ਕਾਰ 'ਚੋਂ ਉਤਰੇ ਸਨ | ਇਸ ਸਬੰਧੀ ਬ੍ਰਜਰਾਜਨਗਰ ਦੇ ਐਸ. ਡੀ. ਪੀ. ਓ. ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ (ਏ. ਐਸ. ਆਈ.) ਗੋਪਾਲ ਦਾਸ ਨੇ ਮੰਤਰੀ 'ਤੇ ਗੋਲੀ ਚਲਾਈ ਹੈ, ਜਿਸ ਕਾਰਨ ਮੰਤਰੀ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ | ਦੋਸ਼ੀ ਏ. ਐਸ. ਆਈ. ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ | ਇਸ ਘਟਨਾ ਦੀ ਨਿੰਦਾ ਕਰਦਿਆਂ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਹੈ ਕਿ ਕ੍ਰਾਈਮ ਬਰਾਂਚ ਨੂੰ ਘਟਨਾ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ | ਇਸੇ ਦੌਰਾਨ ਏ. ਐਸ. ਆਈ. ਗੋਪਾਲ ਦਾਸ ਦੀ ਪਤਨੀ ਜਯੰਤੀ ਦਾਸ ਨੇ ਕਿਹਾ ਕਿ ਏ.ਐਸ.ਆਈ. ਮਾਨਸਿਕ ਤੌਰ 'ਤੇ ਠੀਕ ਨਹੀਂ ਹੈ |
ਜਾਂਚ ਕਰੇਗੀ 7 ਮੈਂਬਰੀਂ ਵਿਸ਼ੇਸ਼ ਟੀਮ
ਓਡੀਸ਼ਾ ਦੇ ਸਿਹਤ ਮੰਤਰੀ ਨਬ ਕਿਸ਼ੋਰ ਦਾਸ ਦੀ ਐਤਵਾਰ ਨੂੰ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਦੀ ਜਾਂਚ 7 ਮੈਂਬਰੀਂ ਵਿਸ਼ੇਸ਼ ਟੀਮ ਕਰੇਗੀ, ਜਿਸ 'ਚ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਦੇ ਨਾਲ ਇਕ ਸਾਈਬਰ ਮਾਹਰ ਤੇ ਇਕ ਬੈਲਾਸਟਿਕ ਮਾਹਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਇਸ ਮਾਮਲੇ ਦੀ ਜਾਂਚ ਦੀ ਨਿਗਰਾਨੀ ਅਰੁਨ ਬੋਥਾਰਾ (ਏ. ਡੀ. ਜੀ. ਪੀ.) ਸੀ.ਆਈ.ਡੀ.-ਸੀ.ਬੀ. ਵਲੋਂ ਨਿੱਜੀ ਤੌਰ 'ਤੇ ਕੀਤੀ ਜਾਵੇਗੀ |
ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ 'ਤੇ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ
ਹਰਿੰਦਰ ਸਿੰਘ
ਤਰਨ ਤਾਰਨ, 29 ਜਨਵਰੀ-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ 'ਚ ਮਿੱਥੇ ਪ੍ਰੋਗਰਾਮ ਅਨੁਸਾਰ ਕੇਂਦਰ ਅਤੇ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਸੂਬੇ ਭਰ ਵਿਚ 13 ਜ਼ਿਲਿ੍ਹਆਂ ਵਿਚ 15 ਥਾਵਾਂ 'ਤੇ ਰੇਲਾਂ ਦੇ ਚੱਕੇ ਜਾਮ ਕੀਤ ਗਏੇ, ਜਿਸ ਨਾਲ ਰੇਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨ. ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜਥੇਬੰਦੀ ਵਲੋਂ ਪੰਜਾਬ ਭਰ ਦੇ 13 ਜ਼ਿਲਿ੍ਹਆਂ 'ਚ 15 ਥਾਵਾਂ ਜਿਵੇਂ ਤਰਨ ਤਾਰਨ ਵਿਚ ਤਿੰਨ ਥਾਵਾਂ, ਫਿਰੋਜ਼ਪੁਰ ਦੋ ਥਾਵਾਂ, ਅੰਮਿ੍ਤਸਰ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਮੋਗਾ, ਫ਼ਾਜ਼ਿਲਕਾ, ਫ਼ਰੀਦਕੋਟ, ਮਲੋਟ, ਬਰਨਾਲਾ, ਸਮਰਾਲਾ ਆਦਿ 'ਚ ਹਜ਼ਾਰਾਂ ਕਿਸਾਨ-ਮਜ਼ਦੂਰ, ਬੀਬੀਆਂ, ਨੌਜਵਾਨਾਂ ਵਲੋਂ 3 ਘੰਟੇ 1 ਤੋਂ 4 ਵਜੇ ਤੱਕ ਰੇਲ ਲਾਈਨਾਂ 'ਤੇ ਧਰਨੇ ਦਿੱਤੇ ਗਏ ਤੇ ਬਟਾਲਾ ਰੇਲਵੇ ਲਾਈਨ 'ਤੇ ਧਰਨਾ ਲਗਾਤਾਰ ਜਾਰੀ ਰਹੇਗਾ, ਜੋ ਆਪਣੀਆਂ ਹੱਕੀ ਮੰਗਾਂ ਭਾਰਤ ਮਾਲਾ ਪ੍ਰਾਜੈਕਟ ਅਧੀਨ ਨੈਸ਼ਨਲ ਹਾਈਵੇ ਲਈ ਐਕਵਾਇਰ ਜ਼ਮੀਨਾਂ ਦੇ ਭਾਅ ਇਕਸਾਰ, ਗੰਨੇ ਦੇ ਬਕਾਏ ਮੁੱਖ ਮੰਗਾਂ ਮਨਵਾਉਣ ਤੱਕ ਜਾਰੀ ਰਹੇਗਾ | ਧਰਨਿਆਂ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੇ ਧਰਮਪਤਨੀ ਦਵਿੰਦਰਜੀਤ ਕੌਰ ਪੰਨੂੰ (66) ਦੇ ਅਕਾਲ ਚਲਾਣਾ ਕਰ ਜਾਣ 'ਤੇ ਜਥੇਬੰਦੀ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਵੱਖ-ਵੱਖ ਥਾਈਾ ਲੱਗੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ 1 ਫਰਵਰੀ ਨੂੰ ਮੋਹਾਲੀ-ਚੰਡੀਗੜ੍ਹ ਦੀ ਹੱਦ 'ਤੇ ਲੱਗੇ ਪੱਕੇ ਮੋਰਚੇ ਵਿਚ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਦਾ ਜਥਾ ਸ਼ਾਮਿਲ ਹੋਵੇਗਾ ਤੇ ਮੰਗ ਕਰੇਗਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ, ਸਮਾਜਿਕ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਟੈਨੀ, ਅਜੇ ਮਿਸ਼ਰਾ ਟੈਨੀ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤੇ ਅਸ਼ੀਸ਼ ਮਿਸ਼ਰਾ ਟੈਨੀ ਦੀ ਜ਼ਮਾਨਤ ਰੱਦ ਕੀਤੀ ਜਾਵੇ, 29 ਜਨਵਰੀ 2021 ਨੂੰ ਜਥੇਬੰਦੀ ਦੀ ਦਿੱਲੀ ਮੋਰਚੇ ਦੌਰਾਨ ਸਟੇਜ 'ਤੇ ਭਾਜਪਾ ਆਗੂਆਂ ਪ੍ਰਦੀਪ ਖੱਤਰੀ ਤੇ ਅਮਨ ਡੱਬਾਸ ਦੀ ਅਗਵਾਈ ਹੇਠ ਦਿੱਲੀ ਪੁਲਿਸ ਦੀ ਮਦਦ ਨਾਲ ਕੀਤੇ ਹਮਲੇ ਦੇ ਦੋਸ਼ ਹੇਠ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਦੇਸ਼ ਵਿਚ ਸਰਮਾਏਦਾਰਾਂ ਦੀ ਤਾਨਾਸ਼ਾਹੀ ਹੈ, ਜਿਸ ਵਿਚ ਭਾਰਤ ਦੇ 99 ਫ਼ੀਸਦੀ ਕਿਰਤੀ-ਕਾਮੇ ਅਸੁਰੱਖਿਅਤ ਹਨ | ਅਡਾਨੀ, ਅੰਬਾਨੀ ਜਿਹੇ ਕੁਝ 1 ਫ਼ੀਸਦੀ ਕਾਰਪੋਰੇਟ ਘਰਾਣੇ ਸਾਨੂੰ ਲੁੱਟ ਰਹੇ ਹਨ ਤੇ ਵੋਟਾਂ ਨਾਲ ਬਣੇ ਭਾਰਤੀ ਹਾਕਮ ਭਿ੍ਸ਼ਟਾਚਾਰ ਵਿਚ ਡੁੱਬ ਕੇ ਸਭ ਕੁਝ ਲੁਟਾ ਰਹੇ ਹਨ | ਦੇਸ਼ ਵਿਚ ਹਾਕਮਾਂ ਵਲੋਂ ਫਿਰਕੂ ਜ਼ਹਿਰ ਘੋਲ ਕੇ ਸਮਾਜ ਨੂੰ ਤੋੜਿਆ ਜਾ ਰਿਹਾ | ਕਿਸਾਨ ਆਗੂਆਂ ਨੇ ਪੰਜਾਬ ਦੀ ਜਨਤਾ ਨੂੰ ਮੈਦਾਨ ਵਿਚ ਆਉਣ ਦਾ ਸੱਦਾ ਦਿੱਤਾ ਹੈ ਤੇ ਮੰਗ ਕੀਤੀ ਦੇਸ਼ ਦੇ ਸਾਰੇ ਕਾਰਪੋਰੇਟਾਂ ਦੀ ਸਾਰੀ ਜਾਇਦਾਦ ਜ਼ਬਤ ਕੀਤੀ ਜਾਵੇ |
ਮੋਗਾ ਰੇਲਵੇ ਸਟੇਸ਼ਨ ਕੋਲ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਮੋਗਾ, (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਰੇਲਵੇ ਸਟੇਸ਼ਨ ਕੋਲ ਰੇਲਵੇ ਲਾਈਨ 'ਤੇ ਧਰਨਾ ਲਾ ਕੇ ਬੈਠੇ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਰਾਣਾ ਰਣਬੀਰ ਸਿੰਘ ਠੱਠਾ ਨੇ ਕਿਹਾ 29 ਜਨਵਰੀ 2021 ਨੂੰ ਭਾਜਪਾ ਆਗੂ ਪ੍ਰਦੀਪ ਖੱਤਰੀ ਤੇ ਅਮਨ ਡਵਾਲ ਨੇ ਆਰ.ਐਸ.ਐਸ. ਦੇ ਗੁੰਡਿਆਂ ਨੂੰ ਨਾਲ ਲੈ ਕੇ ਦਿੱਲੀ ਪੁਲਿਸ ਦੀ ਮਿਲੀਭੁਗਤ ਨਾਲ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਿੰਗੂ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ 'ਤੇ ਹਮਲਾ ਕਰ ਕੇ ਦਰਜਨਾਂ ਕਿਸਾਨਾਂ ਨੂੰ ਜ਼ਖ਼ਮੀ ਕੀਤਾ ਸੀ ਤੇ ਬੀਬੀਆਂ ਦੇ ਟੈਂਟਾਂ ਸਮੇਤ ਸਾਮਾਨ ਦੀ ਭੰਨਤੋੜ ਕਰਕੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਸੀ | ਉਦੋਂ ਤੋਂ ਲੈ ਕੇ ਕੇਂਦਰ ਸਰਕਾਰ ਨੇ ਉਕਤ ਦੋਸ਼ੀਆਂ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਸ ਦੇ ਸਬੰਧ ਵਿਚ ਅੱਜ ਪੰਜਾਬ ਵਿਚ ਰੇਲਾਂ ਰੋਕਣ ਲਈ ਮਜਬੂਰ ਹੋਣਾ ਪਿਆ | ਸਾਡੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਹਮਲੇ ਦੇ ਦੋਸ਼ੀਆਂ 'ਤੇ ਤੁਰੰਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਆਗੂਆਂ ਨੇ ਕਿਹਾ ਪੰਜਾਬ ਵਿਚ 51 ਦਿਨ ਚੱਲੇ ਪੱਕੇ ਮੋਰਚੇ ਵਿਚ ਅਸੀਂ ਮੰਗ ਰੱਖੀ ਸੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ | ਅੱਜ ਦੇ ਰੇਲ ਰੋਕੋ ਅੰਦੋਲਨ ਵਿਚ ਕੇਂਦਰ ਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ | ਕਿਸਾਨ ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਪਹਿਲੀ ਫਰਵਰੀ ਨੂੰ ਜਥੇਬੰਦੀ ਪੰਜਾਬ ਭਰ 'ਚੋਂ ਵੱਡਾ ਕਾਫ਼ਲਾ ਲੈ ਕੇ ਮੋਰਚੇ ਵਿਚ ਸ਼ਾਮਿਲ ਹੋਵੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹ ਵਾਲਾ, ਜ਼ਿਲ੍ਹਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਧਰਮ ਸਿੰਘ ਵਾਲਾ, ਗੁਰਮੇਲ ਸਿੰਘ ਲੋਹਗੜ੍ਹ, ਹਰਬੰਸ ਸਿੰਘ, ਨਿਸ਼ਾਨ ਸਿੰਘ ਸੈਦੇ ਸ਼ਾਹ, ਸੁਖਮੰਦਰ ਸਿੰਘ ਕਿਸ਼ਨਪੁਰਾ, ਪ੍ਰੀਤਮ ਸਿੰਘ ਮੰਦਰ, ਜਰਨੈਲ ਸਿੰਘ, ਸੂਰਤ ਸਿੰਘ ਮੋਗਾ, ਜਸਬੀਰ ਸਿੰਘ ਜਗਰਾਜ ਦੌਲੇਵਾਲਾ, ਕਿੱਕਰ ਸਿੰਘ, ਕੁਲਵਿੰਦਰ ਸਿੰਘ ਫ਼ੌਜੀ ਆਦਿ ਹਾਜ਼ਰ ਸਨ |
ਕਈ ਬਿਜਲੀ ਮੁਲਾਜ਼ਮਾਂ, ਪੈਨਸ਼ਨਰਾਂ ਨੂੰ ਸਤਾਉਣ ਲੱਗੀ ਭਵਿੱਖ ਦੀ ਚਿੰਤਾ
ਸ਼ਿਵ ਸ਼ਰਮਾ
ਜਲੰਧਰ, 29 ਜਨਵਰੀ-ਕਦੇ ਪੰਜਾਬ 'ਚ ਮੁਨਾਫ਼ੇ ਵਿਚ ਰਹਿਣ ਵਾਲੇ ਪਾਵਰਕਾਮ ਦੀ ਹੁਣ ਮੌਜੂਦਾ ਵਿੱਤੀ ਹਾਲਤ 'ਚ ਨਿਘਾਰ ਆਉਣ ਕਰਕੇ ਨਾ ਸਿਰਫ਼ ਕਈ ਬਿਜਲੀ ਮੁਲਾਜ਼ਮਾਂ ਵਿਚ ਸਗੋਂ ਕਈ ...
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਕੋਹਾਟ ਇਲਾਕੇ 'ਚ ਟਾਂਡਾ ਡੈਮ ਵਿਖੇ ਸੈਰ ਲਈ ਲਈ ਗਏ ਇਕ ਮਦਰੱਸੇ ਦੇ ਘੱਟੋ-ਘੱਟ 17 ਵਿਦਿਆਰਥੀਆਂ ਦੀ ਕਿਸ਼ਤੀ ਪਲਟ ਜਾਣ ਕਾਰਨ ਮੌਕੇ 'ਤੇ ਮੌਤ ਹੋ ਗਈ | ਜ਼ਿਲ੍ਹਾ ਪ੍ਰਸ਼ਾਸਨ ਦੇ ...
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇਕ ਬੱਸ ਦੇ ਖੱਡ 'ਚ ਡਿੱਗਣ ਤੋਂ ਤੁਰੰਤ ਬਾਅਦ ਉਸ ਨੂੰ ਅੱਗ ਲੱਗਣ ਕਾਰਨ ਬੱਸ 'ਚ ਸਵਾਰ 44 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਲਾਸਬੇਲਾ ਦੇ ਸਹਾਇਕ ਕਮਿਸ਼ਨਰ ਹਮਜ਼ਾ ਅੰਜੁਮ ਨੇ ਦੱਸਿਆ ਕਿ ...
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਇਕ ਨਵੇਂ ਹੁਕਮ ਤਹਿਤ ਵਿਦਿਆਰਥਣਾਂ ਦੇ ਯੂਨੀਵਰਸਿਟੀ ਦੀ ਪ੍ਰਵੇਸ਼ ਪ੍ਰੀਖਿਆ 'ਚ ਸ਼ਾਮਿਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ | ਜ਼ਿਕਰਯੋਗ ਹੈ ਕਿ ਅਗਲੇ ਮਹੀਨੇ ਤੋਂ ਅਫ਼ਗਾਨਿਸਤਾਨ ...
ਸ੍ਰੀਨਗਰ, 29 ਜਨਵਰੀ (ਏਜੰਸੀ)-ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਅੱਤਵਾਦ ਫੰਡਿੰਗ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਦੇ ਆਦੇਸ਼ 'ਤੇ ਇਥੇ ਰਾਜਬਾਗ ਖੇਤਰ 'ਚ ਸਥਿਤ ਵੱਖਵਾਦੀ ਹੁਰੀਅਤ ਕਾਨਫਰੰਸ ਦੇ ਦਫਤਰ ਨੂੰ ਜ਼ਬਤ ਕਰ ਲਿਆ ਹੈ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ...
ਨਵੀਂ ਦਿੱਲੀ, 29 ਜਨਵਰੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੇਂਦਰੀ ਮੰਤਰੀਆਂ ਨੂੰ ਕਿਹਾ ਕਿ ਉਨ੍ਹਾਂ ਯੋਜਨਾਵਾਂ ਦੇ ਵੇਰਵੇ ਨਾਲ ਮੱਧ ਵਰਗ ਤੱਕ ਪਹੁੰਚ ਕਰਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਲਾਭ ਹੋਇਆ ਹੈ | ਸੂਤਰਾਂ ਨੇ ਕਿਹਾ ਕਿ ਪਹਿਲੀ ਫਰਵਰੀ ...
ਅੰਮਿ੍ਤਸਰ, (ਗਗਨਦੀਪ ਸ਼ਰਮਾ)-ਕਿਸਾਨ ਅੰਦੋਲਨ ਕਰਕੇ ਰੇਲ ਆਵਾਜਾਈ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ (3 ਘੰਟੇ) ਪ੍ਰਭਾਵਿਤ ਰਹੀ, ਜਿਸ ਦੇ ਚੱਲਦਿਆਂ ਫ਼ਿਰੋਜ਼ਪੁਰ ਡਵੀਜ਼ਨ ਵਲੋਂ ਵੱਖ-ਵੱਖ ਰੂਟਾਂ 'ਤੇ ਚੱਲਣ ਵਾਲੀਆਂ 13 ਪੈਸੇਂਜਰ ਰੇਲ ਗੱਡੀਆਂ ਰੱਦ ਕਰ ਦਿੱਤੀਆਂ ...
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਘਟ ਰਿਹਾ ਹੈ ਅਤੇ ਬੰਦਰਗਾਹਾਂ 'ਤੇ ਲਗਭਗ 9 ਹਜ਼ਾਰ ਕੰਟੇਨਰ ਭੁਗਤਾਨ ਹੋਣ ਦੀ ਉਡੀਕ 'ਚ ਫਸੇ ਹੋਏ ਹਨ | ਇਸ ਤੋਂ ਇਲਾਵਾ ਪੈਟਰੋਲੀਅਮ ਉਤਪਾਦਾਂ, ਐਲ. ਐਨ. ਜੀ. ਅਤੇ ਸੋਇਆਬੀਨ ਸਮੇਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX