ਕੇਂਦਰ ਸਰਕਾਰ ਦੇ ਬਜਟ 'ਚ ਇਸ ਵਾਰ ਨਾਅਰਿਆਂ ਦੀ ਭਰਮਾਰ ਰਹੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ ਉਹ ਸਾਰੇ ਨਾਅਰੇ ਦੁਹਰਾਏ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਮੌਕਿਆਂ 'ਤੇ ਦਿੰਦੇ ਰਹੇ ਹਨ। ਵਿੱਤ ਮੰਤਰੀ ਨੇ ਕਿਸੇ ਨਾ ਕਿਸੇ ਮਾਮਲੇ 'ਚ ਉਹ ਸਾਰੇ ਨਾਅਰੇ ਵੀ ਦੁਹਰਾਏ ਜੋ ਸਰਕਾਰੀ ਪ੍ਰੋਗਰਾਮਾਂ ਅਤੇ ਭਾਜਪਾ ਦੀਆਂ ਰੈਲੀਆਂ 'ਚ ਲਗਾਏ ਜਾਂਦੇ ਹਨ। ਉਨ੍ਹਾਂ ਨੇ ਪਿਛਲੇ ਕੁਝ ਦਿਨਾਂ 'ਚ ਹਰਮਨ ਪਿਆਰੇ ਹੋਏ ਤਮਾਮ ਜੁਮਲੇ ਵੀ ਬੋਲੇ। ਜਿਵੇਂ ਉਨ੍ਹਾਂ ਨੇ ਅੰਮ੍ਰਿਤ ਵਰ੍ਹੇ ਦਾ ਜ਼ਿਕਰ ਕੀਤਾ ਅਤੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਇਸ ਵਾਰ ਦਾ ਬਜਟ ਅਗਲੇ 25 ਸਾਲ ਦਾ 'ਬਲੂ ਪ੍ਰਿੰਟ' ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਹੁਣ ਲਗਾਤਾਰ 2047 ਦੇ ਟੀਚਿਆਂ ਦਾ ਐਲਾਨ ਕਰ ਰਹੇ ਹਨ। ਵਿੱਤ ਮੰਤਰੀ ਨੇ ਉਸੇ ਨੂੰ ਧਿਆਨ 'ਚ ਰੱਖ ਕੇ ਇਹ ਜੁਮਲਾ ਬੋਲਿਆ। ਉਨ੍ਹਾਂ ਨੇ ਆਪਣੇ ਬਜਟ ਨੂੰ ਸਮਾਵੇਸ਼ੀ ਵਿਕਾਸ ਦਾ ਬਜਟ ਦੱਸਦਿਆਂ ਹੋਇਆਂ 'ਸਭਕਾ ਸਾਥ, ਸਭ ਕਾ ਵਿਕਾਸ' ਦਾ ਨਾਅਰਾ ਦੁਹਰਾਇਆ। ਬਜਟ ਦੀਆਂ ਸੱਤ ਪਹਿਲਕਦਮੀਆਂ 'ਚ ਸਭ ਤੋਂ ਉੱਪਰ ਸਮਾਵੇਸ਼ੀ ਵਿਕਾਸ ਨੂੰ ਰੱਖਦੇ ਹੋਏ ਨਿਰਮਲਾ ਸੀਤਾਰਮਨ ਨੇ ਆਪਣੇ ਅੰਗਰੇਜ਼ੀ ਭਾਸ਼ਨ ਵਿਚ ਹਿੰਦੀ 'ਚ 'ਵੰਚਿਤਾਂ ਕੋ ਵਰੀਅਤਾ' ਦਾ ਨਾਅਰਾ ਦੁਹਰਾਇਆ। ਉਨ੍ਹਾਂ ਨੇ ਸਹਿਕਾਰਤਾ ਮੰਤਰਾਲਾ ਬਣਾਏ ਜਾਣ ਦਾ ਜ਼ਿਕਰ ਕਰਦਿਆਂ 'ਸਹਿਕਾਰ ਸੇ ਸਮ੍ਰਿਧੀ' ਦਾ ਨਾਅਰਾ ਵੀ ਦੁਹਰਾਇਆ। ਉਨ੍ਹਾਂ ਨੇ 'ਵਿਵਾਦ ਸੇ ਵਿਸ਼ਵਾਸ' ਯੋਜਨਾ ਦਾ ਜ਼ਿਕਰ ਕੀਤਾ ਤਾਂ ਨਾਲ ਹੀ 'ਪੀ.ਐਮ. ਕਿਸਾਨ' ਤੋਂ ਬਾਅਦ ਫਰਟੀਲਾਈਜ਼ਰ ਨਾਲ ਜੁੜੀ 'ਪੀ.ਐਮ. ਪ੍ਰਨਾਮ' ਯੋਜਨਾ ਦਾ ਵੀ ਐਲਾਨ ਕੀਤਾ। ਜਦੋਂ ਉਨ੍ਹਾਂ ਨੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ 'ਤੇ 10 ਲੱਖ ਕਰੋੜ ਰੁਪਏ ਖ਼ਰਚ ਕਰਨ ਦਾ ਐਲਾਨ ਕੀਤਾ ਤਾਂ ਸੱਤਾ ਧਿਰ ਨੇ ਆਮ ਸਭਾ ਦੀ ਭੀੜ ਵਾਂਗ ਬੜੀ ਦੇਰ ਤੱਕ ਮੋਦੀ, ਮੋਦੀ ਦੇ ਨਾਅਰੇ ਵੀ ਲਗਾਏ।
ਮੰਦਰ-ਮਾਨਸ ਵਿਵਾਦ
ਕਾਂਗਰਸ ਪਾਰਟੀ ਨੂੰ ਮੰਦਰ ਮੁੱਦੇ ਦਾ ਜਵਾਬ ਲੱਭਣਾ ਹੈ ਤਾਂ ਨਾਲ ਹੀ ਰਾਮਚਰਿਤ ਮਾਨਸ ਦੇ ਖ਼ਿਲਾਫ਼ ਜੋ ਅੰਦੋਲਨ ਸ਼ੁਰੂ ਹੋਣ ਵਾਲਾ ਹੈ ਉਸ ਦਾ ਵੀ ਜਵਾਬ ਤਾਲਾਸ਼ਣਾ ਹੈ। ਰਾਹੁਲ ਗਾਂਧੀ ਨੇ ਪੰਜ ਮਹੀਨੇ ਪੈਦਲ ਯਾਤਰਾ ਕੀਤੀ ਅਤੇ ਕਾਂਗਰਸ ਲਈ ਅੱਗੇ ਦੀ ਰਾਜਨੀਤੀ ਦਾ ਏਜੰਡਾ ਤੈਅ ਕੀਤਾ। ਪਰ ਅਜਿਹਾ ਨਹੀਂ ਹੈ ਕਿ ਹੁਣ ਰਾਜਨੀਤੀ ਕਾਂਗਰਸ ਦੇ ਏਜੰਡੇ 'ਤੇ ਹੋਵੇਗੀ। ਭਾਜਪਾ ਦਾ ਏਜੰਡਾ ਪਹਿਲਾਂ ਤੋਂ ਤੈਅ ਹੈ। ਉਸ ਨੇ ਮੰਦਰ ਅਤੇ ਹਿੰਦੂਤਵ ਦੇ ਨਾਂਅ 'ਤੇ ਰਾਜਨੀਤੀ ਕਰਨੀ ਹੈ। ਪਾਰਟੀ ਨੇ ਐਲਾਨ ਕਰ ਦਿੱਤਾ ਹੈ ਕਿ ਇਕ ਜਨਵਰੀ 2024 ਨੂੰ ਵਿਸ਼ਾਲ ਰਾਮਮੰਦਰ ਦਾ ਉਦਘਾਟਨ ਹੋਵੇਗਾ। ਦੂਜੇ ਪਾਸੇ ਵਿਰੋਧੀ ਧਿਰ ਦੀਆਂ ਪਾਰਟੀਆਂ ਆਪਣਾ ਏਜੰਡਾ ਸੈੱਟ ਕਰ ਰਹੀਆਂ ਹਨ। ਉਨ੍ਹਾਂ ਨੇ ਵੀ ਭਾਜਪਾ ਦੇ ਏਜੰਡੇ 'ਤੇ ਰਾਜਨੀਤੀ ਨਹੀਂ ਕਰਨੀ। ਵਿਰੋਧੀ ਧਿਰ 'ਚ ਹੁੰਦਿਆਂ ਹੋਇਆਂ ਵੀ ਕਾਂਗਰਸ ਨੂੰ ਬਿਹਾਰ ਅਤੇ ਉੱਤਰ ਪ੍ਰਦੇਸ਼ ਦੀਆਂ ਪਾਰਟੀਆਂ ਦੀ ਜ਼ਿਆਦਾ ਚਿੰਤਾ ਹੈ, ਜੋ ਰਾਮਚਰਿਤ ਮਾਨਸ ਨੂੰ ਪੱਛੜਿਆ ਅਤੇ ਦਲਿਤ ਵਿਰੋਧੀ ਠਹਿਰਾ ਕੇ ਉਸ ਦੇ ਨਾਂਅ 'ਤੇ ਉੱਚੀਆਂ ਬਨਾਮ ਪੱਛੜੀਆਂ ਜਾਤਾਂ ਦੀ ਰਾਜਨੀਤੀ ਕਰਨਾ ਚਾਹ ਰਹੀਆਂ ਹਨ। ਕਾਂਗਰਸ ਨੂੰ ਇਸ 'ਤੇ ਵੀ ਜਵਾਬ ਦੇਣਾ ਹੋਵੇਗਾ। ਉਸ ਦੇ ਨਾਲ ਮੁਸ਼ਕਿਲ ਇਹ ਹੈ ਕਿ ਉਹ ਨਾ ਤਾਂ ਮੰਦਰ ਦੇ ਨਾਲ ਖੜ੍ਹੀ ਹੋ ਸਕਦੀ ਹੈ ਅਤੇ ਨਾ ਮਾਨਸ ਵਿਰੋਧੀਆਂ ਦੇ ਨਾਲ। ਕੁਝ ਹੋਰ ਵਿਰੋਧੀ ਪਾਰਟੀਆਂ ਖੁੱਲ੍ਹ ਕੇ ਪਛਾਣ ਦੀ ਰਾਜਨੀਤੀ ਕਰ ਰਹੀਆਂ ਹਨ। ਉਨ੍ਹਾਂ ਨੇ ਭਾਸ਼ਾਈ ਜਾਂ ਖੇਤਰੀ ਪਛਾਣ ਦਾ ਮੁੱਦਾ ਬਣਾਇਆ ਹੈ। ਮਮਤਾ ਬੈਨਰਜੀ ਤੋਂ ਲੈ ਕੇ ਐਮ.ਕੇ. ਸਟਾਲਿਨ ਤੱਕ ਦੀ ਪਾਰਟੀ ਇਸ ਲਕੀਰ 'ਤੇ ਰਾਜਨੀਤੀ ਕਰੇਗੀ। ਕਾਂਗਰਸ ਨੂੰ ਉਨ੍ਹਾਂ ਦੇ ਨਾਲ ਵੀ ਤਾਲਮੇਲ ਬਿਠਾਉਣ ਲਈ ਕਾਫ਼ੀ ਸਮਝੌਤਾ ਕਰਨਾ ਪਵੇਗਾ।
ਸਵਰਾਜ ਦਾ ਅਪਮਾਨ?
ਅਮਰੀਕਾ ਦੇ ਵਿਦੇਸ਼ ਮੰਤਰੀ ਰਹੇ ਮਾਇਕ ਪੋਂਪੀਓ ਦੀ ਕਿਤਾਬ ਆਈ ਹੈ, ਜਿਸ ਦਾ ਨਾਂਅ ਹੈ, 'ਨੈਵਰ ਗਿਵ ਐਨ ਇੰਚ: ਫਾਈਟਿੰਗ ਫਾਰ ਦਾ ਅਮੈਰਿਕਾ ਆਈ ਲਵ'। ਇਸ 'ਚ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਨੂੰ ਲੈ ਕੇ ਲਿਖਿਆ ਹੈ ਕਿ 2019 ਦੇ ਬਾਲਾਕੋਟ ਸਰਜੀਕਲ ਸਟ੍ਰਾਈਕ ਤੋਂ ਬਾਅਦ ਦੋਵਾਂ ਦੇਸ਼ਾਂ 'ਚ ਪਰਮਾਣੂ ਜੰਗ ਦੀ ਨੌਬਤ ਆ ਗਈ ਸੀ। ਇਹ ਲਿਖ ਕੇ ਇਕ ਤਰ੍ਹਾਂ ਨਾਲ ਉਨ੍ਹਾਂ ਨੇ ਘੱਟ ਤੋਂ ਘੱਟ ਇਕ ਸਰਜੀਕਲ ਸਟ੍ਰਾਈਕ 'ਤੇ ਮੋਹਰ ਲਗਾ ਦਿੱਤੀ ਹੈ, ਜਿਸ ਦਾ ਸਬੂਤ ਵਿਰੋਧੀ ਧਿਰ ਦੇ ਨੇਤਾ ਮੰਗਦੇ ਰਹੇ ਹਨ। ਉਨ੍ਹਾਂ ਨੇ ਦੂਜੀ ਅਹਿਮ ਗੱਲ ਉਸ ਸਮੇਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬਾਰੇ ਲਿਖੀ ਹੈ। ਸੁਸ਼ਮਾ ਸਵਰਾਜ ਕੇਂਦਰ 'ਚ ਨਰਿੰਦਰ ਮੋਦੀ ਦੀ ਪਹਿਲੀ ਸਰਕਾਰ 'ਚ ਵਿਦੇਸ਼ ਮੰਤਰੀ ਰਹੀ ਸੀ। ਉਨ੍ਹਾਂ ਦੇ ਬਾਰੇ ਪੋਂਪੀਓ ਨੇ ਆਪਣੀ ਕਿਤਾਬ 'ਚ ਲਿਖਿਆ ਕਿ 'ਮੈਂ ਉਨ੍ਹਾਂ ਨੂੰ ਬਹੁਤ ਮਹੱਤਵਪੂਰਨ ਰਾਜਨੀਤਕ ਸ਼ਖ਼ਸੀਅਤ ਨਹੀਂ ਮੰਨਦਾ ਹਾਂ'। ਪੋਂਪੀਓ ਨੇ ਉਨ੍ਹਾਂ ਦੀ ਬਜਾਏ ਤਤਕਾਲੀ ਵਿਦੇਸ਼ ਸਕੱਤਰ ਐਸ.ਜੈਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਾ ਜ਼ਿਆਦਾ ਖ਼ਾਸ ਅੰਦਾਜ਼ 'ਚ ਜ਼ਿਕਰ ਕੀਤਾ ਹੈ। ਕਿਤਾਬ ਰਿਲੀਜ਼ ਹੋਣ ਤੋਂ ਬਾਅਦ ਜੈਸ਼ੰਕਰ ਨੇ ਇਕ ਬਿਆਨ 'ਚ ਕਿਹਾ ਕਿ ਉਹ ਸੁਸ਼ਮਾ ਸਵਰਾਜ ਦਾ ਬਹੁਤ ਸਨਮਾਨ ਕਰਦੇ ਸਨ ਅਤੇ ਉਨ੍ਹਾਂ ਬਾਰੇ ਅਜਿਹਾ ਲਿਖਣਾ ਬੇਹੱਦ ਅਪਮਾਨਜਨਕ ਹੈ। ਪਰ ਅਸਲ 'ਚ ਪੋਂਪੀਓ ਨੇ ਕਿਤਾਬ 'ਚ ਸੁਸ਼ਮਾ ਸਵਰਾਜ ਬਾਰੇ ਜ਼ਿਆਦਾ ਅਪਮਾਨਜਨਕ ਗੱਲ ਜੈਸ਼ੰਕਰ ਦੇ ਹਵਾਲੇ ਨਾਲ ਲਿਖੀ ਹੈ। ਪੋਂਪੀਓ ਨੇ ਲਿਖਿਆ ਹੈ ਕਿ ਜੈਸ਼ੰਕਰ ਨੇ ਸੁਸ਼ਮਾ ਸਵਰਾਜ ਨੂੰ 'ਗੂਫਬਾਲ ਐਂਡ ਹਰਟਲੈਂਡ ਪੋਲਿਟੀਕਲ ਹੈਕ' ਭਾਵ 'ਗੋਬਰਪੱਟੀ ਦਾ ਜ਼ੌਕਰਨੁਮਾ ਨੇਤਾ' ਦੱਸਿਆ ਸੀ। ਪਰ ਜੈਸ਼ੰਕਰ ਨੇ ਇਸ ਗੱਲ ਨੂੰ ਛੁਪਾ ਕੇ ਉਲਟਾ ਪੋਂਪੀਓ 'ਤੇ ਭਾਂਡਾ ਭੰਨ੍ਹ ਦਿੱਤਾ ਕਿ ਉਨ੍ਹਾਂ ਨੇ ਸੁਸ਼ਮਾ ਦਾ ਅਪਮਾਨ ਕੀਤਾ ਹੈ।
ਵਿਰੋਧੀਆਂ ਦੀ ਏਕਤਾ ਸੌਖੀ ਨਹੀਂ
ਦੇਸ਼ ਦੀਆਂ ਤਮਾਮ ਵੱਡੀਆਂ ਵਿਰੋਧੀ ਪਾਰਟੀਆਂ ਨੇ ਕਾਂਗਰਸ ਦੀ ਕਸ਼ਮੀਰ ਰੈਲੀ ਤੋਂ ਦੂਰੀ ਬਣਾ ਕੇ ਇਹ ਸੰਦੇਸ਼ ਦੇ ਦਿੱਤਾ ਹੈ ਕਿ ਭਾਜਪਾ ਦੇ ਖ਼ਿਲਾਫ਼ ਵਿਰੋਧੀ ਪਾਰਟੀਆਂ ਦੀ ਏਕਤਾ ਸੌਖੀ ਨਹੀਂ ਹੋਵੇਗੀ। ਜੇਕਰ ਕਾਂਗਰਸ ਇਸ ਦੀ ਪਹਿਲ ਕਰਦੀ ਹੈ ਤਾਂ ਉਸ ਨੂੰ ਬਹੁਤ ਤੋਲ-ਭਾਅ ਦਾ ਸਾਹਮਣਾ ਕਰਨਾ ਹੋਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ 'ਚ ਮਤਭੇਦ ਹਨ, ਪਰ ਉਨ੍ਹਾਂ ਦਾ ਟੀਚਾ ਇਕ ਹੈ ਅਤੇ ਉਹ ਇਕਜੁੱਟ ਹੋਣਗੇ। ਪਰ ਮਾਮਲਾ ਏਨਾ ਸੌਖਾ ਨਹੀਂ ਹੈ, ਕਿਉਂਕਿ ਵਿਰੋਧੀ ਪਾਰਟੀਆਂ ਕਾਂਗਰਸ ਦੀ ਵਧੀ ਹੋਈ ਹਰਮਨ-ਪਿਆਰਤਾ ਤੋਂ ਚਿੰਤਤ ਹਨ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਯਾਤਰਾ ਨਾਲ ਤਾਕਤਵਰ ਹੋਈ ਕਾਂਗਰਸ ਉਨ੍ਹਾਂ ਤੋਂ ਜ਼ਿਆਦਾ ਹਿੱਸੇਦਾਰੀ ਮੰਗੇਗੀ ਅਤੇ ਜ਼ਿਆਦਾ ਹਿੱਸਾ ਦੇਣ ਦਾ ਖ਼ਤਰਾ ਇਹ ਹੈ ਕਿ ਕਾਂਗਰਸ ਦਾ ਮੂਲ ਵੋਟ ਬੈਂਕ ਫਿਰ ਉਸ ਦੇ ਕੋਲ ਪਰਤ ਸਕਦਾ ਹੈ। ਇਸ ਲਈ ਜ਼ਿਆਦਾਤਰ ਵਿਰੋਧੀ ਪਾਰਟੀਆਂ ਸ੍ਰੀਨਗਰ ਦੀ ਰੈਲੀ 'ਚ ਨਹੀਂ ਗਈਆਂ। ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਜਾਣ ਨਾਲ ਇਹ ਸੁਨੇਹਾ ਬਣੇਗਾ ਕਿ ਵਿਰੋਧੀ ਧਿਰ ਦੀ ਧੁਰੀ ਕਾਂਗਰਸ ਹੈ ਅਤੇ ਸਮੁੱਚਾ ਵਿਰੋਧੀ ਧਿਰ ਉਸ ਦੇ ਝੰਡੇ ਹੇਠ ਆ ਗਿਆ ਹੈ। ਇਸ ਲਈ ਸ਼ਿਵ ਸੈਨਾ ਤੋਂ ਲੈ ਕੇ ਐਨ.ਸੀ.ਪੀ. ਅਤੇ ਆਰ.ਜੇ.ਡੀ. ਤੋਂ ਲੈ ਕੇ ਜਨਤਾ ਦਲ (ਯੂ.) ਤੱਕ ਸਾਰੀਆਂ ਵੱਡੀਆਂ ਖੇਤਰੀ ਪਾਰਟੀਆਂ ਨੇ ਇਸ ਰੈਲੀ ਤੋਂ ਦੂਰੀ ਬਣਾਈ। ਸੀ.ਪੀ.ਐਮ., ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਤ੍ਰਿਣਮੂਲ ਕਾਂਗਰਸ, ਬੀਜੂ ਜਨਤਾ ਦਲ, ਤੇਲਗੂ ਦੇਸ਼ਮ ਪਾਰਟੀ, ਵਾਈ.ਐਸ.ਆਰ. ਕਾਂਗਰਸ, ਜਨਤਾ ਦਲ (ਐਸ.) ਆਦਿ ਨੇ ਵੀ ਦੂਰੀ ਬਣਾਈ। ਕਸ਼ਮੀਰ ਦੀਆਂ ਦੋਵਾਂ ਪਾਰਟੀਆਂ-ਨੈਸ਼ਨਲ ਕਾਨਫ਼ਰੰਸ ਅਤੇ ਪੀ.ਡੀ.ਪੀ. ਤੋਂ ਇਲਾਵਾ ਸਿਰਫ਼ ਇਕ ਵੱਡੀ ਪਾਰਟੀ ਡੀ.ਐਮ.ਕੇ. ਨੇ ਰੈਲੀ 'ਚ ਹਿੱਸਾ ਲਿਆ। ਕਾਂਗਰਸ ਦੀਆਂ ਵੱਡੀਆਂ ਭਾਈਵਾਲ ਪਾਰਟੀਆਂ 'ਚੋਂ ਜੇ.ਐਮ.ਐਮ. ਨੇ ਆਪਣਾ ਪ੍ਰਤੀਨਿਧੀ ਭੇਜਿਆ ਸੀ।
ਵਿਸ਼ਵ ਭਰ ਵਿਚ ਪਹਿਲੀ ਵਾਰ ਕੀਤੀ ਆਪਣੀ ਤਰ੍ਹਾਂ ਦੀ ਖੋਜ 'ਚ ਮਨੁੱਖੀ ਜੀਵਨ ਲਈ ਖ਼ਤਰਾ ਬਣੇ ਪਲੀਤ ਆਬੋ ਹਵਾ ਨਾਲ ਜੁੜੀਆਂ ਡਰਾਉਣੀਆਂ ਸਥਿਤੀਆਂ ਸਾਹਮਣੇ ਆਈਆਂ ਹਨ। ਭਾਰਤ ਸਮੇਤ ਦੁਨੀਆ ਭਰ ਦੇ 137 ਦੇਸ਼ਾਂ ਵਿਚ ਮਾਂ ਦੇ ਗਰਭ ਵਿਚ ਹੀ ਜਾਨ ਗਵਾਉਣ ਵਾਲੇ 45 ਹਜ਼ਾਰ ਬਾਲਾਂ 'ਤੇ ...
ਪੰਜਾਬ 'ਚ ਜਦੋਂ ਵੀ ਕਿਸੇ ਸਿਆਸੀ ਧਿਰ ਦੀ ਸਰਕਾਰ ਹੋਂਦ ਵਿਚ ਆਉਂਦੀ ਹੈ, ਉਸ ਵਲੋਂ ਪਿੰਡਾਂ ਦੇ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ। ਮੌਜੂਦਾ ਸਰਕਾਰ ਨੇ 500 'ਸਮਾਰਟ ਵਿਲੇਜ' ਬਣਾ ਕੇ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਦਾ ਟੀਚਾ ਮਿਥਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਹਰ ...
ਪੰਜਾਬ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਵੈਟ ਦੀ ਦਰ ਵਧਾ ਕੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਬਿਨਾਂ ਸ਼ੱਕ ਸੂਬੇ ਦੇ ਲੋਕਾਂ ਨੂੰ ਬੇਹੱਦ ਜ਼ੋਰਦਾਰ ਝਟਕਾ ਦਿੱਤਾ ਹੈ। ਇਸ ਨਾਲ ਪੰਜਾਬ 'ਚ ਇਨ੍ਹਾਂ ਪਦਾਰਥਾਂ ਦੀਆਂ ਕੀਮਤਾਂ ਕਿਸੇ ਵੀ ਹੋਰ ਗੁਆਂਢੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX