ਤਾਜਾ ਖ਼ਬਰਾਂ


ਲੁਧਿਆਣਾ ਵਿਚ ਧਾਰਾ 144 ਲਾਗੂ
. . .  1 day ago
ਲੁਧਿਆਣਾ ,8 ਅਗਸਤ (ਪਰਮਿੰਦਰ ਸਿੰਘ ਆਹੂਜਾ) -ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਸ਼ਹਿਰ ਵਿਚ ਧਾਰਾ 144 ਲਗਾ ਦਿੱਤੀ ਗਈ ਹੈ । ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਵਲੋਂ ਅੱਜ ...
ਡੀ.ਸੀ. ਨੇ ਪੂਰੇ ਪੰਜਾਬ ’ਚ ਗੋਲਡਨ ਸੰਧਰ ਸ਼ੂਗਰ ਮਿੱਲ ਦੀ ਜਾਇਦਾਦ ਅਟੈਚ ਕਰਨ ਦੇ ਹੁਕਮ ਕੀਤੇ ਜਾਰੀ
. . .  1 day ago
ਫਗਵਾੜਾ, 8 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਵਿਖੇ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵਲੋਂ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਨਾ ਕਰਨ ’ਤੇ ਡਿਪਟੀ ਕਮਿਸ਼ਨਰ ਕਪੂਰਥਲਾ ...
ਸੁਖਬੀਰ ਸਿੰਘ ਬਾਦਲ ਵਲੋਂ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 8 ਅਗਸਤ -ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਅਗਵਾਈ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਕਰਨਗੇ ਜਦਕਿ ...
ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਮਾਤਾ ਦਾ ਦਿਹਾਂਤ
. . .  1 day ago
ਭਾਈਰੂਪਾ (ਬਠਿੰਡਾ),8 ਅਗਸਤ(ਵਰਿੰਦਰ ਲੱਕੀ)- ਪੰਜਾਬ ਦੇ ਸਾਬਕਾ ਮਾਲ‌ ਮੰਤਰੀ ਤੇ ਹਲਕਾ ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਸਤਿਕਾਰਯੋਗ ਮਾਤਾ ਦਾ ਅੱਜ ਦਿਹਾਂਤ ਹੋ ਗਿਆ ਹੈ ...
ਬੱਦਲ ਫਟਣ ਕਾਰਨ 6 ਬਾਈਕ ਤੇ 2 ਕਾਰਾਂ ਨਾਲੇ 'ਚ ਵਹਿ ਗਈਆਂ, 15 ਸਾਲਾ ਨੌਜਵਾਨ ਦੀ ਮੌਤ
. . .  1 day ago
ਡਮਟਾਲ,8 ਅਗਸਤ (ਰਾਕੇਸ਼ ਕੁਮਾਰ) : ਜਿਲ੍ਹਾ ਚੰਬਾ ਦੇ ਸਲੂਨੀ ਉਪਮੰਡਲ ਦੇ ਸਾਵਨੀ ਧਾਰ, ਗੁਲੇਲ ਅਤੇ ਕੰਧਵਾੜਾ ਵਿਚ ਬੱਦਲ ਫਟਣ ਕਾਰਨ 2 ਕਾਰਾਂ, 2 ਪਿਕਅੱਪ ਅਤੇ 6 ਬਾਈਕ ਪਾਣੀ ਵਿਚ ਰੁੜ ...
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਨਵ-ਨਿਯੁਕਤ ਡਰਾਫਟਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ
. . .  1 day ago
ਚੰਡੀਗੜ੍ਹ, 8 ਅਗਸਤ - ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ 43 ਨਵਨਿਯੁਕਤ ਡਰਾਫਟਮੈਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤਾ ਗਏ । ਇਸ ਦੌਰਾਨ ਨਵ-ਨਿਯੁਕਤ ਡਰਾਫਟਮੈਨਾਂ ...
ਭੁਵਨੇਸ਼ਵਰ : ਅਮਿਤ ਸ਼ਾਹ ਨੇ ਭਾਜਪਾ ਪਾਰਟੀ ਦਫ਼ਤਰ ਤੋਂ 'ਹਰ ਘਰ ਤਿਰੰਗਾ ਅਭਿਆਨ' ਦੀ ਕੀਤੀ ਸ਼ੁਰੂਆਤ
. . .  1 day ago
ਕੇਂਦਰੀ ਮੰਤਰੀ ਪਿਊਸ਼ ਗੋਇਲ ਵਲੋਂ ਰੂਰਲ ਡਿਵੈਲਪਮੈਂਟ ਫੰਡ ਦਾ 1760 ਕਰੋੜ ਰੁਪਏ ਬਕਾਇਆ ਰਾਸ਼ੀ ਜਾਰੀ ਕਰਨ ਦੇ ਦਿੱਤੇ ਨਿਰਦੇਸ਼-ਭਗਵੰਤ ਮਾਨ
. . .  1 day ago
ਨਵੀਂ ਦਿੱਲੀ, 8 ਅਗਸਤ - ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਨ ਉਪਰੰਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਜੋ ਰੂਰਲ...
ਚੰਡੀਗੜ੍ਹ :ਪੰਜਾਬ ਕੈਬਨਿਟ ਦੀ ਮੀਟਿੰਗ 11 ਅਗਸਤ ਨੂੰ ਹੋਵੇਗੀ , ਪੰਜਾਬ ਦੇ ਅਹਿਮ ਮੁੱਦਿਆ 'ਤੇ ਹੋ ਸਕਦੀ ਹੈ ਚਰਚਾ
. . .  1 day ago
ਸਪੀਕਰ ਸੰਧਵਾਂ ਤੇ ਖੇਤੀ ਮੰਤਰੀ ਧਾਲੀਵਾਲ ਵਲੋਂ ਖੇਤੀ ਵਿਰਾਸਤ ਮਿਸ਼ਨ ਤੇ ਕੇ.ਕੇ. ਬਿਰਲਾ ਸੋਸਾਇਟੀ ਦਾ 'ਪ੍ਰਾਜੈਕਟ ਭੂਮੀ' ਲਾਂਚ
. . .  1 day ago
ਪਟਿਆਲਾ, 8 ਅਗਸਤ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਖੇਤੀ ਵਿਰਾਸਤ ਮਿਸ਼ਨ ਅਤੇ ਕੇ.ਕੇ. ਬਿਰਲਾ ...
ਰਾਸ਼ਟਰਮੰਡਲ ਖੇਡਾਂ: ਸ਼ਟਲਰ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਵਿਚ ਸੋਨ ਤਗ਼ਮਾ ਜਿੱਤਿਆ, ਮਲੇਸ਼ੀਆ ਦੇ ਯੋਂਗ ਨੂੰ ਹਰਾਇਆ
. . .  1 day ago
ਰਾਸ਼ਟਰਮੰਡਲ ਖੇਡਾਂ: ਗਿਆਨਸੇਕਰਨ ਸਾਥੀਆਨ ਨੇ ਟੇਬਲ ਟੈਨਿਸ ਵਿਚ ਕਾਂਸੀ ਦਾ ਤਗਮਾ ਜਿੱਤਿਆ
. . .  1 day ago
ਸੁਖਬੀਰ ਸਿੰਘ ਬਾਦਲ ਨੇ ਇਕ ਮੁਕੱਦਮੇ ਸੰਬੰਧੀ ਜ਼ੀਰਾ ਅਦਾਲਤ ਵਿਚ ਭੁਗਤੀ ਨਿੱਜੀ ਪੇਸ਼ੀ
. . .  1 day ago
ਜ਼ੀਰਾ , 8 ਅਗਸਤ (ਪ੍ਰਤਾਪ ਸਿੰਘ ਹੀਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ੀਰਾ ਦੀ ਮਾਣਯੋਗ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋ ...
ਲਖਬੀਰ ਕੌਰ ਭੁੱਲਰ ਨਗਰ ਕੌਂਸਲ ਪੱਟੀ ਦੇ ਪ੍ਰਧਾਨ ਚੁਣੇ ਗਏ
. . .  1 day ago
ਪੱਟੀ ,8 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) -ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ਦੀ ਚੋਣ ਵਿਚ ਲਖਬੀਰ ਕੌਰ ਭੁੱਲਰ ਪ੍ਰਧਾਨ ਚੁਣੇ ਗਏ ਜਦਕਿ ਬਲਕਾਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ...
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨਿੱਜੀ ਖ਼ਰਚੇ ’ਚੋਂ ਹਸਪਤਾਲ ’ਚ ਭੇਜੇ 200 ਗੱਦੇ
. . .  1 day ago
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ) - ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਗੁਰੂ ਗੋਬਿੰਦ ਸਿੰਘ ਹਸਪਤਾਲ ਵਿਖੇ ਦੌਰਾ ਕਰਨ ਪਹੁੰਚੇ ਸਨ ਤੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਵੇਖ ਕੇ ਕਾਫ਼ੀ ਤੱਲਖੀ ’ਚ ਆ ਗਏ ਸਨ। ਹਸਪਤਾਲ ਦੇ ਚਮੜੀ ਵਿਭਾਗ ਦੇ ਵਾਰਡ ਵਿਚ ਬੈੱਡਾਂ ’ਤੇ ਵਿਛੇ ਗੱਦਿਆਂ...
ਪ੍ਰਧਾਨ ਮੰਤਰੀ ਨੇ ਸੋਨ ਤਗਮਾ ਜਿੱਤਣ 'ਤੇ ਪੀ.ਵੀ. ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਨਵੀਂ ਦਿੱਲੀ, 8 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ 'ਤੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਮੁਬਾਰਕਬਾਦ ਦਿੱਤੀ...
ਸੂਬਿਆਂ ਦੇ ਹੱਕ ਖੋਹਣਾ ਚਾਹੁੰਦੀ ਹੈ ਕੇਂਦਰ ਸਰਕਾਰ - ਹਰਪਾਲ ਸਿੰਘ ਚੀਮਾ
. . .  1 day ago
ਚੰਡੀਗੜ੍ਹ, 8 ਅਗਸਤ (ਸੁਰਿੰਦਰਪਾਲ) - ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਿਜਲੀ ਸੋਧ ਬਿੱਲ 'ਤੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਹੱਕ ਖੋਹਣਾ ਚਾਹੁੰਦੀ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ...
ਸਕੂਲੀ ਵੈਨ ਤੇ ਆਲਟੋ ਕਾਰ ਵਿਚਕਾਰ ਟੱਕਰ, ਗੰਭੀਰ ਜ਼ਖਮੀ ਬੱਚਿਆਂ ਨੂੰ ਲੁਧਿਆਣਾ ਕੀਤਾ ਗਿਆ ਰੈਫਰ
. . .  1 day ago
ਦੋਰਾਹਾ, 8 ਅਗਸਤ (ਜਸਵੀਰ ਝੱਜ)- ਜੀ.ਟੀ. ਰੋਡ ਮੱਲੀਪੁਰ ਵਿਖੇ ਵਾਪਰੇ ਸੜਕ ਹਾਦਸੇ ਵਿਚ ਦੋਰਾਹਾ ਸਕੂਲ ਨਾਲ ਸੰਬੰਧਿਤ ਕਰੀਬ ਇਕ ਦਰਜਨ ਬੱਚੇ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਨਿੱਜੀ ਸਕੂਲ ਦੀ ਵੈਨ ਤੇ ਆਲਟੋ ਕਾਰ ਵਿਚਕਾਰ ਟੱਕਰ...
ਹਲਕਾ ਅਮਲੋਹ 'ਚ ਕਾਂਗਰਸ ਵਲੋਂ 10 ਅਗਸਤ ਨੂੰ ਕੱਢੀ ਜਾਵੇਗੀ ਤਿਰੰਗਾ ਯਾਤਰਾ - ਜਗਬੀਰ ਸਲਾਣਾ
. . .  1 day ago
ਅਮਲੋਹ, 8 ਅਗਸਤ, (ਕੇਵਲ ਸਿੰਘ) - ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸੱਦੇ ਉੱਪਰ ਹਲਕਾ ਅਮਲੋਹ ਵਿਚ ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ 10 ਅਗਸਤ ਨੂੰ ਕੱਢੀ ਜਾਣ ਵਾਲੀ ਤਿਰੰਗਾ ਯਾਤਰਾ ਸੰਬੰਧੀ ਕਾਂਗਰਸ ਦਫ਼ਤਰ ਅਮਲੋਹ ਵਿਖੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ...
ਰਾਸ਼ਟਰਮੰਡਲ ਖੇਡਾਂ : ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਜਿੱਤਿਆ ਸੋਨ ਤਗਮਾ
. . .  1 day ago
ਬਰਮਿੰਘਮ, 8 ਅਗਸਤ - ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਨੇ ਬੈਡਮਿੰਟਨ 'ਚ ਦੇਸ਼ ਲਈ ਸੋਨ ਤਗਮਾ ਜਿੱਤਿਆ ਹੈ। ਫਾਈਨਲ 'ਚ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾ ਕੇ ਪੀ.ਵੀ. ਸਿੰਧੂ ਨੇ ਸੋਨ...
ਉਮੀਦ ਹੈ, ਵਾਪਸ ਲੈ ਲਿਆ ਜਾਵੇਗਾ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 8 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਚਾਰੇ ਪਾਸਿਓਂ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਪਾਰਲੀਮੈਂਟ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਹੈ।ਉਮੀਦ ਹੈ ਉੱਥੇ ਵੱਖ-ਵੱਖ...
ਰਾਘਵ ਚੱਢਾ ਵਲੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ
. . .  1 day ago
ਨਵੀਂ ਦਿੱਲੀ, 8 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨਾਲ ਮੁਲਾਕਾਤ ਕਰ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਮਨਦੀਪ ਕੌਰ ਨੇ 3 ਅਗਸਤ ਨੂੰ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ...
ਆਲ ਇੰਡੀਆ ਬਾਰ ਐਸੋਸੀਏਸ਼ਨ ਵਲੋਂ ਕਪਿਲ ਸਿੱਬਲ ਦਾ ਬਿਆਨ ਅਪਮਾਨਜਨਕ ਕਰਾਰ
. . .  1 day ago
ਨਵੀਂ ਦਿੱਲੀ, 8 ਅਗਸਤ - ਆਲ ਇੰਡੀਆ ਬਾਰ ਐਸੋਸੀਏਸ਼ਨ ਨੇ ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਕਪਿਲ ਸਿੱਬਲ ਦੇ ਉਸ ਬਿਆਨ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ, ਜਿਸ ਵਿਚ ਕਪਿਲ ਸਿੱਬਲ ਨੇ ਕਿਹਾ ਹੈ ਕਿ ਉਹ ਭਾਰਤੀ ਨਿਆਂਪਾਲਿਕਾ ਤੋਂ ਉਮੀਦ ਗੁਆ...
'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ 'ਚ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂ
. . .  1 day ago
ਗੁਰੂ ਕਾ ਬਾਗ਼ (ਅੰਮ੍ਰਿਤਸਰ) - 8 ਅਗਸਤ (ਸ਼ਰਨਜੀਤ ਸਿੰਘ ਗਿੱਲ) 'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ...
ਕੋਲਾ ਘੋਟਾਲੇ 'ਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ 3 ਸਾਲ ਦੀ ਸਜ਼ਾ
. . .  1 day ago
ਨਵੀਂ ਦਿੱਲੀ, 8 ਅਗਸਤ - ਦਿੱਲੀ ਦੀ ਇਕ ਅਦਾਲਤ ਨੇ ਕੋਲਾ ਘੋਟਾਲੇ 'ਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ 3 ਸਾਲ ਦੀ ਸਜ਼ਾ ਸੁਣਾਈ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਜੇਠ ਸੰਮਤ 554
ਵਿਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਤੁਹਾਡੇ ਖ਼ਤ

17-05-2022

 ਪਾਣੀ ਬਚਾਓ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ। ਜਿਹੜੀਆਂ ਕਿ ਹੁਣ ਤਿੰਨੋਂ ਚੀਜ਼ਾਂ ਮਨੁੱਖੀ ਕਾਰਨਾਂ ਕਰਕੇ ਪ੍ਰਭਾਵਿਤ ਹੋ ਚੁੱਕੀਆਂ ਹਨ। ਮਨੁੱਖ ਨੇ ਆਪਣੇ ਨਿੱਜੀ ਸਵਾਰਥਾਂ ਲਈ ਕੁਦਰਤ ਨਾਲ ਛੇੜਛਾੜ ਕੀਤੀ ਹੈ। 2012 ਵਿਚ ਉੱਤਰਾਖੰਡ ਵਿਚ ਹੜ੍ਹਾਂ ਦੀ ਮਾਰ ਨਾਲ ਕਿੰਨਿਆਂ ਲੋਕਾਂ ਦੀ ਜਾਨ ਚਲੀ ਗਈ। ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਗਏ। ਜਦੋਂ ਵੀ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਤਾਂ ਉਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਿਆ ਹੈ। ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਪਾਣੀ ਦਾ ਪੱਧਰ ਨੀਵਾਂ ਹੋਣ ਦੇ ਨਾਲ-ਨਾਲ ਪ੍ਰਦੂਸ਼ਿਤ ਵੀ ਹੋ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਹੁਣ ਤਾਂ ਪੰਜਾਬ ਦਾ ਪਾਣੀ ਪੀਣ ਯੋਗ ਵੀ ਨਹੀਂ ਰਿਹਾ। ਲੋਕ ਪਾਣੀ ਦੀ ਦੁਰਵਰਤੋਂ ਬਹੁਤ ਕਰ ਰਹੇ ਹਨ। ਅਕਸਰ ਅਸੀਂ ਦੇਖਿਆ ਹੈ ਕਿ ਜੋ ਜਨਤਕ ਥਾਵਾਂ ਬੱਸ ਸਟੈਂਡਾਂ 'ਤੇ ਟੂਟੀਆਂ ਲੱਗੀਆਂ ਹੁੰਦੀਆਂ ਹਨ, ਉਨ੍ਹਾਂ ਦੇ ਮੂੰਹ ਖੁੱਲ੍ਹੇ ਹੁੰਦੇ ਹਨ ਤੇ ਪਾਣੀ ਵਗ ਰਿਹਾ ਹੁੰਦਾ ਹੈ। ਘਰਾਂ ਵਿਚ ਅਕਸਰ ਅਸੀਂ ਗੱਡੀਆਂ ਧੋਣ ਲਈ ਅੰਨ੍ਹੇਵਾਹ ਪਾਣੀ ਦੀ ਵਰਤੋਂ ਕਰਦੇ ਹਨ। ਪਿੱਛੇ ਜਿਹੇ ਬਿਆਸ ਦਰਿਆ ਵਿਚ ਕਾਰਖਾਨਿਆਂ ਦਾ ਜ਼ਹਿਰੀਲਾ ਪਾਣੀ ਛੱਡਿਆ ਗਿਆ, ਜਿਸ ਕਾਰਨ ਹਜ਼ਾਰਾਂ ਦੀ ਤਾਦਾਦ ਵਿਚ ਮੱਛੀਆਂ ਮਰ ਗਈਆਂ। ਅਸੀਂ ਜੀਵ ਜੰਤੂਆਂ ਨੂੰ ਵੀ ਸੁੱਖ ਸ਼ਾਂਤੀ ਨਾਲ ਰਹਿਣ ਨਹੀਂ ਦਿੱਤਾ। ਕਿਸਾਨਾਂ ਨੂੰ ਝੋਨੇ ਦੀ ਜਗ੍ਹਾ ਮੱਕੀ ਦੀ ਫ਼ਸਲ ਬੀਜਣੀ ਚਾਹੀਦੀ ਹੈ। ਇਸ ਨਾਲ ਪਾਣੀ ਦਾ ਡੂੰਘਾ ਸੰਕਟ ਵੀ ਘਟੇਗਾ। ਵਿਗਿਆਨੀਆਂ ਅਨੁਸਾਰ ਧਰਤੀ ਹੇਠਲੇ ਪਾਣੀ ਦਾ ਸੰਕਟ ਇਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਹ ਸਮਾਂ ਰਹਿੰਦਿਆਂ ਵਿਚਾਰਿਆ ਨਾ ਗਿਆ ਤਾਂ ਪੰਜਾਬ ਜਲਦੀ ਹੀ ਰੇਗਿਸਤਾਨ ਬਣ ਜਾਵੇਗਾ। ਸੋ, ਜੇ ਅਸੀਂ ਗੁਰੂ, ਪਿਤਾ ਅਤੇ ਮਾਂ ਦੇ ਦਰਜੇ ਦੀ ਮਹੱਤਤਾ ਨੂੰ ਸਮਝਦੇ ਹਾਂ ਤਾਂ ਸਾਨੂੰ ਖੁਦ ਹੀ ਪਹਿਲ ਕਰਨੀ ਚਾਹੀਦੀ ਹੈ, ਤਾਂ ਜੋ ਕੁਦਰਤੀ ਵਾਤਾਵਰਨ ਸਾਫ਼-ਸੁਥਰਾ ਹੋ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਕੀ ਨਿੱਜੀਕਰਨ ਹੀ ਦੇਸ਼ ਦਾ ਵਿਕਾਸ ਹੈ?

ਨਿੱਜੀਕਰਨ ਨਾਲ ਦੇਸ਼ ਦੀ ਤਰੱਕੀ ਹੁੰਦੀ ਹੈ, ਜਨਤਕ ਅਦਾਰੇ ਦੇਸ਼ ਦੇ ਵਿਕਾਸ ਨੂੰ ਬੰਨ੍ਹ ਮਾਰਦੇ ਹਨ। ਇਹੋ ਜਿਹੇ ਤਰਕ ਆਮ ਤੌਰ 'ਤੇ ਸਰਕਾਰੀ ਦਰਬਾਰੀ ਅਰਥਸ਼ਾਸਤਰੀ ਅਤੇ ਸਰਮਾਏਦਾਰ, ਮੀਡੀਆ ਆਮ ਲੋਕਾਂ ਵਿਚ ਪ੍ਰਚਾਰਦਾ ਹੈ। ਸਮਾਜ ਦਾ ਇਕ ਹਿੱਸਾ ਇਸ ਪ੍ਰਚਾਰ ਨੂੰ ਸੱਚ ਵੀ ਮੰਨਦਾ ਹੈ। ਨਿੱਜੀਕਰਨ ਨੂੰ ਕੁਸ਼ਲਤਾ, ਤਰੱਕੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਕੀ ਸੱਚਮੁੱਚ ਅਜਿਹਾ ਹੀ ਹੈ? ਜੇਕਰ ਸਰਮਾਏਦਾਰਾਂ ਮੀਡੀਆ ਦੇ ਰੌਲੇ ਤੋਂ ਦੂਰ ਅਸਲ ਤੱਥਾਂ 'ਤੇ ਗੌਰ ਕਰੀਏ ਤਾਂ ਪਤਾ ਲਗਦਾ ਹੈ ਕਿ ਭਾਰਤ ਵਿਚ ਜਨਤਕ ਅਦਾਰਿਆਂ ਦੇ ਨਿੱਜੀਕਰਨ ਤੋਂ ਬਾਅਦ ਜਿਥੇ ਇਕ ਪਾਸੇ ਅਮੀਰਾਂ ਦੇ ਮੁਨਾਫ਼ੇ ਤੇਜ਼ੀ ਨਾਲ ਵਧੇ, ਉਨ੍ਹਾਂ ਕੋਲ ਦੌਲਤ ਦੇ ਅਥਾਹ ਭੰਡਾਰ ਇਕੱਤਰ ਹੋਏ, ਉਥੇ ਹੀ ਦੂਜੇ ਪਾਸੇ ਕਿਰਤੀ ਲੋਕਾਈ ਦੇ ਕੰਗਾਲ ਹੋਣ ਦੀ ਪ੍ਰਕਿਰਿਆ ਹੋਰ ਤੇਜ਼ ਹੋਈ ਹੈ ਅਤੇ ਸਮਾਜ ਦੀ ਬਹੁਗਿਣਤੀ ਆਬਾਦੀ ਅੱਜ ਗਰੀਬੀ, ਭੁੱਖਮਰੀ ਨਾਲ ਜੂਝ ਰਹੀ ਹੈ। ਭਾਰਤ ਵਿਚ 1991 ਦੀਆਂ ਨਵ-ਉਦਾਰਵਾਦੀ ਨੀਤੀਆਂ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਕਿਰਤੀ ਲੋਕਾਂ ਦੀ ਮਿਹਨਤ ਨਾਲ ਖੜ੍ਹੇ ਕੀਤੇ ਜਨਤਕ ਅਦਾਰਿਆਂ ਨੂੰ ਇਥੋਂ ਦੇ ਸਰਮਾਏਦਾਰਾਂ ਦੇ ਹਵਾਲੇ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਦੀ ਫਾਸ਼ੀਵਾਦੀ ਸਰਕਾਰ ਨਿੱਜੀਕਰਨ ਦੀ ਮੁਹਿੰਮ ਨੂੰ ਹੋਰ ਵੀ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ। ਲੰਬੇ ਸੰਘਰਸ਼ਾਂ ਸਦਕਾ ਮਜ਼ਦੂਰਾਂ ਨੂੰ ਮਿਲੇ ਸੀਮਤ ਜਿਹੇ ਹੱਕ ਵੀ ਕਿਰਤ ਕਾਨੂੰਨਾਂ ਵਿਚ ਸੋਧਾਂ ਕਰਕੇ ਕੁਚਲੇ ਜਾ ਰਹੇ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਪਹਿਲਾਂ ਤੋਂ ਹੀ ਜਾਰੀ ਆਰਥਿਕ ਧਰੁਵੀਕਰਨ ਹੋਰ ਤੇਜ਼ ਹੋ ਰਿਹਾ ਹੈ। ਸੰਸਾਰ ਦੇ ਸਭ ਤੋਂ ਵੱਧ ਗ਼ੈਰ-ਬਰਾਬਰੀ ਵਾਲੇ ਦੇਸ਼ਾਂ ਵਿਚੋਂ ਇਕ ਭਾਰਤ ਵੀ ਹੈ। ਨਿੱਜੀਕਰਨ ਨਾਲ ਤਰੱਕੀ ਤਾਂ ਹੋ ਰਹੀ ਹੈ ਪਰ ਇਹ ਤਰੱਕੀ ਸਿਰਫ਼ ਭਾਰਤ ਦੀ ਸਰਮਾਏਦਾਰ ਜਮਾਤ ਦੀ ਹੋ ਰਹੀ ਹੈ। ਕੁਝ ਤੱਥਾਂ 'ਤੇ ਨਜ਼ਰ ਮਾਰਨ ਨਾਲ ਇਹ ਵਰਤਾਰਾ ਹੋਰ ਸਪੱਸ਼ਟ ਹੋ ਜਾਵੇਗਾ।

-ਦਵਿੰਦਰ ਖੁਸ਼ ਧਾਲੀਵਾਲ

ਨਸ਼ੇ ਵਿਚ ਗਲਤਾਨ ਨੌਜਵਾਨੀ

ਪੰਜਾਬ ਦਾ ਲਾਸਾਨੀ ਤੇ ਮਾਣਮੱਤਾ ਇਤਿਹਾਸ ਹੈ। ਪਰ ਬਹੁਤ ਬਦਕਿਸਮਤੀ ਦੀ ਗੱਲ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਇਹ ਨੌਜਵਾਨ ਨਸ਼ੇ ਭਾਵ ਚਿੱਟੇ ਦੀ ਗਹਿਰੀ ਦਲਦਲ ਵਿਚ ਧਸ ਚੁੱਕੇ ਹਨ। ਪੰਜਾਬ ਦੇ ਹਰ ਪਿੰਡ ਦੀਆਂ ਗਲੀਆਂ, ਮੁਹੱਲਿਆਂ ਤੇ ਸ਼ਹਿਰਾਂ ਵਿਚ ਨਸ਼ੇ ਕਰਨ ਵਾਲਿਆਂ ਦੀ ਤਾਦਾਤ ਦਿਨੋ-ਦਿਨ ਵਧ ਰਹੀ ਹੈ। ਲਾਸ਼ਾਂ ਦੇ ਹਰ ਰੋਜ਼ ਸੱਥਰ ਵਿਛ ਰਹੇ ਹਨ। ਰੋਜ਼ਾਨਾ ਹੀ ਇਹ ਖ਼ਬਰ ਸੁਣਨ ਨੂੰ ਮਿਲਦੀ ਹੈ ਕਿ ਫਲਾਣੇ ਦਾ ਮੁੰਡਾ ਜਾਂ ਗੁਆਂਢੀ ਪਿੰਡ ਵਿਚ ਨੌਜਵਾਨ ਚਿੱਟੇ ਦਾ ਟੀਕਾ ਲਾ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਦਸ-ਗਿਆਰਾਂ ਸਾਲ ਦੇ ਬੱਚਿਆਂ ਨੂੰ ਵੀ ਇਸ ਨਸ਼ੇ ਨੇ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ। ਅੱਜ ਨਸ਼ੇ ਪੱਖੋਂ ਸਥਿਤੀ ਬਹੁਤ ਦਰਦਨਾਕ ਹੈ। ਚਿੱਟੇ ਦਾ ਨਸ਼ਾ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਦਾ ਦੁੱਖ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਨਸ਼ੇ ਵੱਲ ਨੌਜਵਾਨਾਂ ਦੇ ਰੁਚਿਤ ਹੋਣ ਦਾ ਕਾਰਨ ਸਾਡੀਆਂ ਸਰਕਾਰਾਂ, ਘਟੀਆ ਤੇ ਭੜਕਾਊ ਅਸਲ੍ਹੇ ਵਾਲੇ ਗੀਤ ਤੇ ਰੁਜ਼ਗਾਰ ਦੀ ਘਾਟ ਆਦਿ ਅਹਿਮ ਕਾਰਨ ਹਨ। ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹ ਨੌਜਵਾਨ ਸਿੱਖਿਅਤ ਹੋ ਕੇ ਸਾਡੇ ਤੋਂ ਰੋਜ਼ਗਾਰ ਮੰਗਣ, ਇਸ ਲਈ ਉਨ੍ਹਾਂ ਨੇ ਨਸ਼ੇ ਮਾਫੀਏ ਤੇ ਕੋਈ ਕੰਟਰੋਲ ਨਹੀਂ ਕੀਤਾ, ਸਗੋਂ ਨਸ਼ੇ ਨੂੰ ਹੋਰ ਉਤਸ਼ਾਹਿਤ ਕੀਤਾ ਹੈ। ਜ਼ਿਆਦਾਤਰ ਪੰਜਾਬੀ ਗੀਤ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਹੀ ਹੁੰਦੇ ਹਨ। ਇੱਥੋਂ ਦੇ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਕੋਈ ਰੁਜ਼ਗਾਰ ਨਾ ਮਿਲਣ ਕਾਰਨ ਵੀ ਇਸ ਨਾ ਮੁਰਾਦ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਗਾਰ ਦੀ ਘਾਟ ਕਾਰਨ ਨੌਜਵਾਨਾਂ ਵਿਚ ਬੇਚੈਨੀ ਵਧ ਰਹੀ ਹੈ। ਜਿਸ ਕਰਕੇ ਉਹ ਅਜਿਹਾ ਨਸ਼ਾ ਕਰਨ ਲੱਗ ਜਾਂਦੇ ਹਨ। ਹੁਣ ਨਵੀਂ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਨੂੰ ਨਸ਼ੇ ਦੀ ਭੈੜੀ ਦਲਦਲ ਵਿਚੋਂ ਬਾਹਰ ਕੇੱਢੇ ਤੇ ਨਸ਼ੇ ਮਾਫੀਏ ਤੇ ਕੰਟਰੋਲ ਕਰੇ। ਅੱਜ ਲੋੜ ਹੈ ਨਸ਼ੇ ਨੂੰ ਨੱਥ ਪਾਉਣ ਤੇ ਪੰਜਾਬ ਦੀ ਜਵਾਨੀ ਸੰਭਾਲਣ ਦੀ ।

-ਸਰਬਜੀਤ ਸਿੰਘ
ਜਿਉਣ ਵਾਲਾ, ਫਰੀਦਕੋਟ।

ਬਿਜਲੀ ਸੰਕਟ

ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਨੇ ਆਪਣੇ ਸੰਪਾਦਕੀ ਪੰਨਿਆਂ ਅਤੇ ਹੋਰ ਤਕਨੀਕੀ ਬੁੱਧੀਜੀਵੀਆਂ ਦੇ ਲੱਖਾਂ ਰਾਹੀਂ ਬਿਜਲੀ ਦੇ ਪੈਦਾ ਹੋਏ ਸੰਕਟ ਬਾਰੇ ਆਪਣੀ ਚਿੰਤਾ ਪ੍ਰਗਟਾਈ ਹੈ। ਜੋ ਕਿ ਹਕੀਕਤ ਹੈ। ਬਿਜਲੀ ਦੇ ਸੰਕਟ ਬਾਰੇ ਕਦੇ ਵੀ ਸਰਕਾਰਾਂ ਗੰਭੀਰ ਨਹੀਂ ਹੋਈਆਂ। ਬਿਜਲੀ ਦੇ ਇਸ ਸੰਕਟ ਦੇ ਮੁੱਖ ਕਾਰਨਾਂ ਵਿਚੋਂ ਸਿਸਟਮ ਵਿਚ ਫੈਲਿਆ ਭ੍ਰਿਸ਼ਟਾਚਾਰ, ਮੁਫਤਖੋਰੀ ਅਤੇ ਬੇਵਿਉਂਤਬੰਦੀ ਹਨ। ਵੱਡੇ-ਵੱਡੇ ਪ੍ਰੋਜੈਕਟ ਲੱਗਣ ਸਮੇਂ ਮੌਕੇ ਦੀਆਂ ਸਰਕਾਰਾਂ ਨੇ ਵੱਡੇ ਕਮਿਸ਼ਨ ਖਾਧੇ ਹਨ। ਜਿਸ ਕਾਰਨ ਪ੍ਰੋਜੈਕਟ ਸਮੇਂ ਤੋਂ ਪਹਿਲਾਂ ਹੀ ਫੇਲ੍ਹ ਹੋ ਜਾਂਦੇ ਹਨ। ਆਪਣਾ ਵੋਟ ਬੈਂਕ ਪੱਕਾ ਕਰਨ ਲਈ ਵੱਖ-ਵੱਖ ਸਰਕਾਰਾਂ ਨੇ ਪੰਜਾਬ ਵਿਚ ਮੁਫ਼ਤ ਬਿਜਲੀ ਦੀ ਸਹੂਲਤ ਵੱਖਰੇ-ਵੱਖਰੇ ਖਪਤਕਾਰਾਂ ਨੂੰ ਦਿੱਤੀ ਹੋਈ ਹੈ। ਜਿਸ ਦੀ ਸਾਲਾਨਾ ਰਕਮ 23000 ਕਰੋੜ ਰੁਪਏ ਬਣਦੀ ਹੈ। ਜੋ ਕਿ ਸਰਕਾਰ ਨੇ ਪਾਵਰਕਾਮ ਨੂੰ ਦੇਣੀ ਹੁੰਦੀ ਹੈ, ਜਿਸ ਵਿਚੋਂ ਅਜੇ ਵੀ 9000 ਕਰੋੜ ਦੀ ਅਦਾਇਗੀ ਨਹੀਂ ਹੋਈ। ਕੇਂਦਰ ਸਰਕਾਰ ਵਲੋਂ ਸੂਬਾ ਸਰਕਾਰਾਂ 'ਤੇ ਦੇਸੀ ਕੋਲਾ ਛੱਡ ਕੇ ਵਿਦੇਸ਼ੀ ਕੋਲਾ ਲੈਣ ਲਈ ਦਬਾਅ ਬਣਾਇਆ ਜਾਂਦਾ ਹੈ। ਜੋ ਕਿ ਬਹੁਤ ਮਹਿੰਗਾ ਪੈਂਦਾ ਹੈ। ਝੋਨੇ ਦੇ ਆ ਰਹੇ ਸੀਜ਼ਨ ਲਈ ਬਿਜਲੀ ਦੀ ਮੰਗ ਹੋਰ ਵੀ ਵਧ ਜਾਣੀ ਹੈ। ਜਿਸ ਦੇ ਹੱਲ ਲਈ ਸਮੇਂ ਦੀ ਸਰਕਾਰ ਨੂੰ ਜਿਥੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਲੋੜ ਹੈ, ਉਥੇ ਆਰਥਿਕ ਤੌਰ'ਤੇ ਸਰਦੇ ਖਪਤਕਾਰਾਂ ਤੋਂ ਬਿੱਲ ਵਸੂਲਿਆ ਜਾਣਾ ਵੀ ਜ਼ਰੂਰੀ ਹੈ। ਸਹੀ ਵਿਉਂਤਬੰਦੀ ਕਰਕੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਾ ਅਤਿ ਜ਼ਰੂਰੀ ਹੈ, ਤਾਂ ਕਿ ਲੋਕ ਰੋਹ ਤੋਂ ਬਚਿਆ ਜਾ ਸਕੇ।

-ਇੰਜ. ਰਛਪਾਲ ਸਿੰਘ ਚੱਨੂੰਵਾਲਾ, ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

16-05-2022

 ਪੰਜਾਬ ਸਰਕਾਰ ਦੇ ਧਿਆਨ ਹਿਤ
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਜੋ ਐਮ.ਐਲ.ਏ. ਅਤੇ ਮੰਤਰੀਆਂ ਸੰਬੰਧੀ ਫ਼ੈਸਲਾ ਲੈਂਦੇ ਹੋਏ 'ਇਕ ਵਿਧਾਇਕ ਇਕ ਪੈਨਸ਼ਨ' ਦੇਣ ਦਾ ਫ਼ੈਸਲਾ ਲਾਗੂ ਕੀਤਾ ਗਿਆ ਹੈ। ਇਸ ਦੀ ਪੰਜਾਬ ਦੇ ਲੋਕਾਂ ਵਲੋਂ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੁਤਾਬਿਕ ਕਿਸੇ ਵੀ ਵਿਧਾਇਕ ਦੀਆਂ ਦੋ ਪੈਨਸ਼ਨਾਂ ਨਹੀਂ ਹੋਣੀਆਂ ਚਾਹੀਦੀਆਂ। ਮੇਰਾ ਮੰਨਣਾ ਹੈ ਕਿ ਦੋ ਪੈਨਸ਼ਨਾਂ ਕਿਸੇ ਦੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ, ਸਗੋਂ ਇਹ ਪੈਸਾ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਲਈ ਖਰਚ ਹੋਣਾ ਚਾਹੀਦਾ ਹੈ। ਇਸ ਨਾਲ ਬੇਰੁਜ਼ਗਾਰੀ ਬਹੁਤ ਘਟ ਸਕਦੀ ਹੈ। ਉਮੀਦ ਹੈ ਪੰਜਾਬ ਸਰਕਾਰ ਇਸ ਵੱਲ ਖਾਸ ਧਿਆਨ ਦੇ ਕੇ ਇਸ ਫੈਸਲੇ ਨੂੰ ਲਾਗੂ ਕਰੇਗੀ।


-ਹਰਦਿਆਲ ਸਿੰਘ,
ਧੂਰੀ (ਸੰਗਰੂਰ)।


ਅਜੋਕੀ ਗਾਇਕੀ ਤੇ ਜੱਟ
ਪੁਰਾਣੇ ਸਮਿਆਂ ਵਿਚ 'ਧਨੀ ਰਾਮ ਚਾਤ੍ਰਿਕ' ਦੀਆਂ ਲਿਖੀਆਂ ਸਤਰਾਂ ਆਮ ਹੀ ਗਾਈਆਂ, ਸੁਣੀਆਂ ਜਾਂਦੀਆਂ ਸਨ 'ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਛ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ', ਅਸਲ ਵਿਚ ਜੱਟ ਜਿਮੀਂਦਾਰ ਨੂੰ ਬਹਾਦਰ, ਦਲੇਰ ਉੱਚੇ ਕਿਰਦਾਰ ਵਾਲਾ ਅਤੇ ਗਰੀਬ-ਗੁਰਬੇ ਦੀ ਮਦਦ ਕਰਨ ਵਾਲਾ ਸਮਝਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਲੋੜਾਂ ਬਹੁਤ ਸੀਮਤ ਅਤੇ ਖਰਚੇ ਬਹੁਤ ਘੱਟ ਸਨ। ਜੱਟ ਜ਼ਿਮੀਂਦਾਰ ਖ਼ੁਸ਼ਹਾਲ ਸੀ। ਪ੍ਰੰਤੂ ਅਜੋਕਾ ਕਿਸਾਨ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਪਿਆ, ਜ਼ਮੀਨ ਦੀ ਵਾਹੀ, ਖਾਦਾਂ, ਸਪਰੇਆਂ, ਫ਼ਸਲ ਦੀ ਸਾਂਭ-ਸੰਭਾਲ ਸਭ ਮਹਿੰਗਾ ਹੋ ਗਿਆ ਹੈ। ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ। ਕਿਸਾਨ ਦੀ ਨੌਜਵਾਨ ਪੀੜ੍ਹੀ ਪੜ੍ਹ-ਲਿਖ ਕੇ ਬੇਰੁਜ਼ਗਾਰ ਹੈ, ਨਸ਼ੇ ਵਧ ਗਏ ਹਨ। ਕਿਸਾਨ ਦਾ ਦੁਖੜਾ ਸੁਣਨ ਵਾਲਾ ਕੋਈ ਨਹੀਂ, ਉੱਪਰੋਂ ਜੱਟ ਜ਼ਿਮੀਂਦਾਰ 'ਤੇ ਰਫਲਾਂ, ਦੁਨਾਲੀਆਂ ਤੇ ਮਾਰ-ਧਾੜ ਵਾਲੇ ਗਾਣੇ ਲਿਖ ਕੇ, ਉਸ ਦਾ ਕਿਰਦਾਰ ਹੀ ਖਰਾਬ ਕੀਤਾ ਜਾ ਰਿਹਾ ਹੈ। ਗਾਣੇ ਲਿਖਣ ਅਤੇ ਗਾਉਣ ਵਾਲੇ ਵੀਰਾਂ ਨੂੰ ਉਸ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਵੀ ਗਾਣੇ ਲਿਖਣੇ ਤੇ ਗਾਉਣੇ ਚਾਹੀਦੇ ਹਨ ਨਾ ਕਿ ਮਾਹੌਲ ਤੇ ਕਿਰਦਾਰ ਖਰਾਬ ਕਰਨ ਵਾਲੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਨਸ਼ੇ ਦਾ ਮੱਕੜਜਾਲ
ਪੰਜਾਬ ਦੀ ਹਰੇਕ ਅਖ਼ਬਾਰ 'ਚ ਨਿੱਤ ਇਕ ਸੁਰਖੀ ਪੜ੍ਹਨ ਨੂੰ ਮਿਲਦੀ ਹੈ, ਨਸ਼ੇ ਨੇ ਲਈ ਇਕ ਹੋਰ ਜ਼ਾਨ। ਕੀ ਇਹ ਖ਼ਬਰਾਂ ਸਰਕਾਰਾਂ ਤੱਕ ਨਹੀਂ ਪਹੁੰਚਦੀਆਂ ਕਿ ਪੰਜਾਬ ਅੰਦਰ ਕੀ ਚੱਲ ਰਿਹਾ ਹੈ। ਪੰਜਾਬ ਦੀ ਜਵਾਨੀ ਦਿਨ-ਬਦਿਨ ਨਸ਼ਿਆਂ 'ਚ ਗਲਤਾਨ ਹੁੰਦੀ ਜਾ ਰਹੀ ਹੈ। ਮੁੰਡਿਆਂ ਦੇ ਨਾਲ-ਨਾਲ ਅਮੀਰ ਘਰਾਣਿਆਂ ਦੀਆਂ ਲੜਕੀਆਂ ਵੀ ਇਸ ਦਲਦਲ 'ਚ ਧਸਦੀਆਂ ਜਾ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਇਕ ਕਾਲਜ ਦੀ ਵਿਦਿਆਰਥਣ ਹੈ, ਜਿਸ ਕੋਲੋਂ 6 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਕਿਉਂ ਸਰਕਾਰਾਂ ਨਸ਼ਿਆਂ, ਗੈਂਗਸਟਰਾਂ, ਮਾਫੀਆ, ਭ੍ਰਿਸ਼ਟਾਚਾਰ ਆਦਿ 'ਤੇ ਕਾਬੂ ਪਾਉਣ ਵਿਚ ਅਸਫਲ ਸਿੱਧ ਹੋ ਰਹੀਆਂ ਹਨ। ਜਦੋਂ ਤੱਕ ਸਰਕਾਰਾਂ ਇਸ ਦੀ ਤਹਿ ਤੱਕ ਕੰਮ ਨਹੀਂ ਕਰਨਗੀਆਂ, ਉਦੋਂ ਤੱਕ ਇਨ੍ਹਾਂ ਸਭ 'ਤੇ ਕਾਬੂ ਪਾਉਣਾ ਔਖਾ ਹੋਵੇਗਾ। ਜਦ ਤੱਕ ਸਰਕਾਰਾਂ ਨਸ਼ਾ ਖਤਮ ਕਰਨ ਲਈ ਠੋਸ ਕਦਮ ਨਹੀਂ ਚੁੱਕਦੀਆਂ, ਤਦ ਤੱਕ ਇਹ ਸੁਰਖੀਆਂ ਇਸ ਤਰ੍ਹਾਂ ਹੀ ਹਰੇਕ ਦਿਨ ਸਾਨੂੰ ਹਰ ਅਖ਼ਬਾਰ 'ਚ ਪੜ੍ਹਨ ਨੂੰ ਮਿਲਦੀਆਂ ਰਹਿਣਗੀਆਂ ਤੇ ਪੰਜਾਬ ਦੇ ਹੀਰੇ ਪੁੱਤ ਭਰ ਜਵਾਨੀ 'ਚ ਸਿਵਿਆਂ ਦੇ ਰਾਹ ਤੁਰਦੇ ਜਾਣਗੇ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।


ਸਮਾਜ ਦਾ ਔਰਤਾਂ ਪ੍ਰਤੀ ਰਵੱਈਆ

ਸਮਾਜ ਵਿਚ ਸਦੀਆਂ ਤੋਂ ਹੀ ਔਰਤ ਦੀ ਸਥਿਤੀ ਤਰਸਯੋਗ ਰਹੀ ਹੈ। 21ਵੀਂ ਸਦੀ ਵਿਚ ਵੀ ਇਕ ਔਰਤ ਨੂੰ ਸਮਾਜ ਦੀਆਂ ਭੈੜੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੇਸ਼ੱਕ ਸਮਾਜ ਨੇ ਪੜ੍ਹ-ਲਿਖ ਕੇ ਤਰੱਕੀ ਕਰ ਲਈ ਹੈ ਪਰ ਮਰਦ ਪ੍ਰਧਾਨ ਸਮਾਜ ਵਿਚ ਕਿਤੇ ਨਾ ਕਿਤੇ ਅਜੇ ਵੀ ਔਰਤਾਂ ਉੱਪਰ ਮਰਦ ਦਾ ਦਬਦਬਾ ਹੈ। ਇਕ ਔਰਤ ਨੂੰ ਮੁੱਢ ਤੋਂ ਹੀ ਸਮਾਜ ਦੇ ਤੌਰ-ਤਰੀਕੇ ਸਿਖਾਏ ਜਾਂਦੇ ਹਨ ਪਰ ਮਰਦ ਵੀ ਤਾਂ ਸਮਾਜਿਕ ਪ੍ਰਾਣੀ ਹੈ, ਫਿਰ ਉਸ ਨੂੰ ਕਿਉਂ ਨਹੀਂ?ਇਹ ਤੌਰ-ਤਰੀਕੇ ਸਿਖਾਏ ਜਾਂਦੇ? 21ਵੀਂ ਸਦੀ ਦੇ ਮੁਕਾਬਲੇ ਸਿੰਧ ਘਾਟੀ ਸੱਭਿਅਤਾ ਜਬਰ ਜਨਾਹ ਵਰਗੀਆਂ ਕੁਰੀਤੀਆਂ ਤੋਂ ਰਹਿਤ ਸੀ। ਮੇਰੀ ਮਰਦ ਪ੍ਰਧਾਨ ਸਮਾਜ ਨੂੰ ਬੇਨਤੀ ਹੈਕਿ ਜੋ ਮਰਦ ਔਰਤਾਂ ਦੀ ਸ਼ਖਸੀਅਤ ਦੇ ਵਿਕਾਸ ਲਈ ਬਰਾਬਰ ਮੌਕੇ ਮੁਹੱਈਆ ਨਹੀਂ ਕਰਵਾ ਸਕਦੇ ਤਾਂ ਘੱਟੋ-ਘੱਟ ਔਰਤਾਂ ਦੀ ਕਦਰ ਤਾਂ ਕਰ ਹੀ ਸਕਦੇ ਹਨ। ਸਮਾਜਿਕ ਵਿਕਾਸ ਦੀ ਤੇਜ਼ ਗਤੀ ਨਾਲ ਲੋੜ ਹੈ, ਔਰਤਾਂ ਪ੍ਰਤੀ ਰੂੜੀਵਾਦੀ ਸੋਚ ਰੱਖਣ ਵਾਲਿਆਂ ਨੂੰ ਆਪਣਾ ਰਵੱਈਆ ਬਦਲਣ ਦੀ ਕਿਉਂਕਿ ਸਮਾਜ ਦੀ ਰਚਨਹਾਰ ਇਸਤਰੀ ਨੂੰ ਜੇਕਰ ਮਰਦਾਂ ਦੇ ਬਰਾਬਰ ਮੌਕੇ ਮੁਹੱਈਆ ਕਰਵਾਏ ਜਾਣਗੇ ਤਾਂ ਉਹ ਕਦੇ ਵੀ ਬੋਝ ਨਹੀਂ ਜਾਪੇਗੀ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।


ਮੁਫ਼ਤ ਸਹੂਲਤਾਂ ਬੰਦ ਹੋਣ

ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ਼ 50 ਦਿਨਾਂ ਅੰਦਰ ਹੀ ਉਹ ਕੰਮ ਕੀਤੇ ਹਨ ਜੋ 70 ਸਾਲਾਂ 'ਚ ਨਹੀਂ ਹੋ ਸਕੇ। ਪਰ ਤੁਹਾਨੂੰ ਇਕ ਬੇਨਤੀ ਹੈ ਕਿ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਜੋ ਕਿ ਕੈਪਟਨ ਸਰਕਾਰ ਨੇ ਸ਼ੁਰੂ ਕਰਵਾਈ ਸੀ, ਇਸ ਨਾਲ ਸਰਕਾਰੀ ਵਿਭਾਗਾਂ ਖਾਸ ਕਰਕੇ ਸੂਬੇ 'ਤੇ ਕਾਫੀ ਵਿੱਤੀ ਬੋਝ ਪੈ ਰਿਹਾ ਹੈ, ਇਸ ਲਈ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ। ਵਿਭਾਗ ਨੂੰ ਰੋਜ਼ਾਨਾ ਲੱਖਾਂ ਦਾ ਘਾਟਾ ਪੈ ਰਿਹਾ ਹੈ। ਮੁਲਾਜ਼ਮ ਤਨਖਾਹਾਂ ਤੋਂ ਵਾਂਝੇ ਹਨ। ਇਹ ਘਾਟਾ ਪੂਰਾ ਕਰਨ ਲਈ ਫ੍ਰੀ ਬੱਸ ਸੇਵਾ ਬੰਦ ਕੀਤੀ ਜਾਵੇ।


-ਰਜਿੰਦਰ ਸਿੰਘ ਸੈਣੀ
ਪਿੰਡ ਮੂਧਲ, ਜ਼ਿਲ੍ਹਾ ਅੰਮ੍ਰਿਤਸਰ।

13-05-2022

 ਦਿਨੋ-ਦਿਨ ਵਧਦੀ ਗਰਮੀ
ਧਰਤੀ 'ਤੇ ਦਿਨੋ-ਦਿਨ ਗਰਮੀ ਵਧ ਰਹੀ ਹੈ। ਇਸ ਨੂੰ 'ਗਲੋਬਲ ਵਾਰਮਿੰਗ' ਦਾ ਨਾਂਅ ਦਿੱਤਾ ਗਿਆ ਹੈ। ਇਸ ਦਾ ਵੱਡਾ ਕਾਰਨ ਹਵਾ ਦਾ ਪ੍ਰਦੂਸ਼ਿਤ ਹੋਣਾ ਹੈ। ਉਦਯੋਗਿਕ ਸਰਗਰਮੀਆਂ ਹੀ ਇਸ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ। ਇਥੇ ਸਭ ਤੋਂ ਵੱਡੇ ਅਪਰਾਧੀ ਅਮਰੀਕਾ, ਯੂਰਪੀਅਨ ਯੂਨੀਅਨ, ਆਸਟ੍ਰੇਲੀਆ, ਰੂਸ, ਚੀਨ, ਜਾਪਾਨ ਹਨ। ਯੂਕਰੇਨ ਤੇ ਭਾਰਤ ਵੀ ਇਨ੍ਹਾਂ ਦੇ ਨੇੜੇ ਆਉਂਦੇ ਹਨ। ਇਸ ਦਾ ਸਭ ਤੋਂ ਬੁਰਾ ਅਸਰ ਪੌਣ-ਪਾਣੀ 'ਤੇ ਪੈ ਰਿਹਾ ਹੈ। ਹਰ ਸਾਲ ਗਰਮੀ ਦੀ ਰੁੱਤ ਵਧ ਰਹੀ ਹੈ। ਕਿਧਰੇ ਸੋਕਾ ਪੈ ਜਾਂਦਾ ਹੈ, ਕਿਧਰੇ ਭਿਆਨਕ ਹੜ੍ਹ ਆ ਜਾਂਦੇ ਹਨ, ਜਿਸ ਕਾਰਨ ਫ਼ਸਲੀ ਚੱਕਰ ਪ੍ਰਭਾਵਿਤ ਹੋਏ ਹਨ। ਸਾਰੇ ਮੁਲਕਾਂ ਨੂੰ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਸੀਮਤ ਕਰਕੇ ਇਸ ਦੀ ਖਪਤ ਘੱਟ ਕਰਕੇ ਆਕਸੀਜਨ ਪੈਦਾ ਕਰਨ ਲਈ ਦਰੱਖਤਾਂ ਦੇ ਮਹੱਤਵ ਨੂੰ ਸਮਝਦਿਆਂ ਵੱਧ ਤੋਂ ਵੱਧ ਦਰੱਖਤ ਲਾਉਣੇ ਚਾਹੀਦੇ ਹਨ, ਤਾਂ ਹੀ ਅਸੀਂ ਠੀਕ-ਠਾਕ ਰਹਿ ਸਕਦੇ ਹਾਂ।


-ਡਾ. ਨਰਿੰਦਰ ਭੱਪਰ
ਪਿੰਡ ਤੇ ਡਾ: ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ।


ਲੱਚਰ ਗੀਤ
ਪੁਰਾਣੇ ਗੀਤਾਂ ਨੂੰ ਜਦੋਂ ਵੀ ਸੁਣੀਏ ਉਨ੍ਹਾਂ ਦੇ ਖੂਬਸੂਰਤ ਬੋਲਾਂ ਦੀ ਮਿਠਾਸ ਸਦਾ ਤਰੋਤਾਜ਼ਾ ਲਗਦੀ ਹੈ ਅਤੇ ਰੂਹ ਨੂੰ ਸਕੂਨ ਦਿੰਦੀ ਹੈ, ਉਥੇ ਹੀ ਜੇਕਰ ਹੁਣ ਦੇ ਗੀਤ ਸੁਣਦੇ ਹਾਂ ਤਾਂ ਸਾਜ਼ੋ-ਸਾਮਾਨ ਏਨਾ ਜ਼ਿਆਦਾ ਹੁੰਦਾ ਹੈ ਕਿ ਗੀਤ ਦੇ ਵਿਚਲੇ ਬੋਲ ਵੀ ਠੀਕ ਤਰ੍ਹਾਂ ਸਮਝ ਨਹੀਂ ਆਉਂਦੇ। ਪੁਰਾਣੇ ਗੀਤਾਂ ਰਾਹੀਂ ਨਣਾਨ ਭਰਜਾਈ ਦੀ ਸਾਂਝ ਨੂੰ ਢੁਕਦੇ ਗੀਤ ਜਾਂ ਭੈਣ-ਭਰਾ ਦੇ ਪਿਆਰ ਵਾਲੇ ਗੀਤ ਜ਼ਿਆਦਾ ਸੁਣਦੇ ਸਨ, ਪਰ ਅੱਜਕਲ੍ਹ ਦੇ ਗੀਤਾਂ ਵਿਚ ਬੱਸ ਮਾਰਧਾੜ, ਹਥਿਆਰ ਜਾਂ ਝੂਠੇ ਫੁਕਰਪੁਣੇ ਦੀ ਹੀ ਗੱਲ ਹੁੰਦੀ ਹੈ, ਕਿਸੇ ਗੀਤ ਰਾਹੀਂ ਕੋਈ ਚੰਗਾ ਸੁਨੇਹਾ ਨਹੀਂ ਦਿੰਦਾ ਜਾਂਦਾ ਉਲਟਾ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਬੇਤੁਕੇ ਲੱਚਰ ਗੀਤਾਂ ਰਾਹੀਂ ਨਸ਼ੇ ਅਤੇ ਮਾਰਧਾੜ ਲਈ ਉਕਸਾਇਆ ਜ਼ਰੂਰ ਜਾਂਦਾ ਹੈ, ਕਿਉਂਕਿ ਗੀਤਾਂ ਵਿਚਲੇ ਬੋਲਾਂ ਰਾਹੀਂ ਨੌਜਵਾਨ ਪੀੜ੍ਹੀ ਵਧੇਰੇ ਪ੍ਰਭਾਵਿਤ ਹੁੰਦੀ ਹੈ ਅਤੇ ਗੀਤਾਂ ਨੂੰ ਆਪਣੇ ਵਿਚ ਪੂਰੀ ਤਰ੍ਹਾਂ ਢਾਲਣ ਲਈ ਉਹ ਕਈ ਵਾਰ ਨਾਸਮਝੀ ਵਿਚ ਗ਼ਲਤ ਕਦਮ ਵੀ ਚੁੱਕਦੇ ਹਨ। ਇਸ ਲਈ ਗਾਇਕਾਂ ਅਤੇ ਗੀਤਕਾਰਾਂ ਨੂੰ ਬੇਨਤੀ ਹੈ ਕਿ ਚੰਗਾ ਸੁਨੇਹਾ ਦਿੰਦੇ ਗੀਤਾਂ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਸਮਾਜ ਵਿਚ ਲੱਚਰਤਾ ਨਾ ਫੈਲੇ ਅਤੇ ਆਉਣ ਵਾਲੀ ਪੀੜ੍ਹੀ ਕੋਈ ਚੰਗੀ ਗੱਲ ਸਿੱਖੇ ਅਤੇ ਵਿਸ਼ੇਸ਼ ਕਰਕੇ ਔਰਤਾਂ ਦੇ ਕਿਰਦਾਰਾਂ ਨੂੰ ਗੀਤਾਂ ਰਾਹੀਂ ਬਦਨਾਮ ਨਾ ਕੀਤਾ ਜਾਵੇ, ਕਿਉਂਕਿ ਹਰ ਔਰਤ ਕਿਸੇ ਦੀ ਮਾਂ, ਭੈਣ, ਪਤਨੀ ਜ਼ਰੂਰ ਹੁੰਦੀ ਹੈ ਅਤੇ ਅਸ਼ਲੀਲ ਗੀਤਾਂ ਰਾਹੀਂ ਜੱਗ ਜਣਨੀ ਦੇ ਆਤਮ-ਸਨਮਾਨ ਨੂੰ ਠੇਸ ਨਾ ਪਹੁੰਚੇ, ਇਹ ਵੀ ਖ਼ਾਸ ਖਿਆਲ ਰੱਖਿਆ ਜਾਵੇ।


-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।


ਸ਼ਲਾਘਾਯੋਗ ਲੇਖ
'ਅਜੀਤ' ਵਿਚ ਪਿਛਲੇ ਦਿਨੀਂ ਡਾ. ਅਮਨਪ੍ਰੀਤ ਸਿੰਘ ਬਰਾੜ ਦਾ ਛਪਿਆ ਲੇਖ 'ਵੋਟ ਰਾਜਨੀਤੀ ਨੇ ਖ਼ਤਮ ਕੀਤੇ ਸਰਕਾਰੀ ਆਮਦਨ ਦੇ ਸਰੋਤ' ਪੜ੍ਹਿਆ। ਇਹ ਬਹੁਤ ਹੀ ਸ਼ਲਾਘਾਯੋਗ ਤੇ ਜਾਣਕਾਰੀ ਭਰਪੂਰ ਲੇਖ ਸੀ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਵੋਟ ਰਾਜਨੀਤੀ ਨੇ ਰਿਆਇਤਾਂ ਦੇ-ਦੇ ਕੇ ਕਿਵੇਂ ਬਰਬਾਦ ਕੀਤਾ। ਲੇਖਕ ਨੇ ਬਾਖੂਬੀ ਬਿਆਨ ਕੀਤਾ ਹੈ। ਮੁਫ਼ਤਖੋਰੀ ਦੇ ਅਮਲ (ਨਸ਼ੇ) ਨੇ ਸਾਡੇ ਸਮਾਜ ਨੂੰ ਕਿਸ ਮੋੜ 'ਤੇ ਲਿਆ ਖੜ੍ਹਾ ਕਰ ਦਿੱਤਾ ਹੈ। ਪਰ ਰਾਜਨੀਤਕ ਪਾਰਟੀਆਂ ਆਪਣੀ ਸੱਤਾ ਨੂੰ ਹਥਿਆਉਣ ਖਾਤਰ ਅਜੇ ਵੀ ਇਸ ਨਸ਼ੇ ਦੀ ਸ਼ਰੇਆਮ ਵਰਤੋਂ ਕਰਦੀਆਂ ਹਨ। ਮੁਫ਼ਤਖੋਰੀ ਦੇ ਅਮਲੀ ਇਸ ਭੇਦ ਨੂੰ ਸਮਝ ਨਹੀਂ ਸਕੇ। ਰਾਜਨੇਤਾ ਸਾਨੂੰ ਲੋਕਾਂ ਨੂੰ ਆਪਣੇ ਮਕਸਦ ਲਈ ਹਰ ਵਾਰ ਵਰਤ ਲੈਂਦੇ ਹਨ ਨਾ ਕਿ ਸਾਡੀ ਭਲਾਈ ਲਈ। ਪਰ ਸਾਨੂੰ ਲਗਦਾ ਇਸ ਤਰ੍ਹਾਂ ਕਿ ਇਹ ਸਾਡੀ ਭਲਾਈ ਦੀਆਂ ਸਕੀਮਾਂ ਹਨ। ਇਹ ਬਹੁਤ ਵੱਡਾ ਭਰਮ ਜਾਲ ਹੈ। ਕਿਉਂਕਿ ਜੇਕਰ ਕਿਸੇ ਆਦਮੀ ਨੂੰ, ਕਿਸੇ ਇੰਡਸਟਰੀ ਨੂੰ, ਕਿਸੇ ਅਦਾਰੇ ਨੂੰ ਖ਼ਤਮ ਕਰਨਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ ਰਿਆਇਤਾਂ ਦੇ ਦਿਓ, ਉਹ ਆਪਣੇ ਆਪ ਖ਼ਤਮ ਹੋ ਜਾਂਦਾ ਹੈ। ਇਹ ਨੇਤਾ ਵੀ ਸਾਨੂੰ ਖ਼ਤਮ ਕਰਨਾ ਚਾਹੁੰਦੇ ਹਨ, ਖ਼ਾਸ ਕਰਕੇ ਪੰਜਾਬੀਆਂ ਨੂੰ ਮੁਫ਼ਤਖੋਰੀ ਤੋਂ ਕਿਨਾਰਾ ਕਰਨਾ ਚਾਹੀਦਾ ਹੈ।


-ਜਗਰੂਪ ਸਿੰਘ
ਥੇਹ ਕਲੰਦਰ, ਫਾਜ਼ਿਲਕਾ।


ਬਿਜਲੀ ਸੰਕਟ ਦੇ ਹੱਲ
ਬਿਜਲੀ ਦੀ ਅਚਨਚੇਤ ਵਧੀ ਹੋਈ ਖਪਤ ਅਤੇ ਥਰਮਲ ਪਾਵਰ ਪਲਾਂਟਾਂ ਕੋਲ ਕੋਲੇ ਦੀ ਘਾਟ ਸਦਕਾ ਪੰਜਾਬ ਸਮੇਤ ਦੇਸ਼ ਦੇ ਕਈ ਰਾਜਾਂ ਦੇ ਸੰਬੰਧਿਤ ਬਿਜਲੀ ਵਿਭਾਗ ਕਈ-ਕਈ ਘੰਟਿਆਂ ਤੱਕ ਦੇ ਪਾਵਰ-ਕੱਟ ਲਾਉਣ ਲਈ ਮਜਬੂਰ ਦਿਖਾਈ ਦੇ ਰਹੇ ਹਨ। ਇਨ੍ਹਾਂ ਹਾਲਤਾਂ ਵਿਚ ਟੈਕਨੀਕਲ, ਐਡਮਿਨਿਸਟਰੇਟਿਵ ਤੇ ਨੈਤਿਕ ਉਪਾਅ ਬਿਜਲੀ ਦੇ ਸੰਕਟ ਨੂੰ ਕਾਬੂ ਕਰਨ ਲਈ ਕੁਝ ਹੱਦ ਤੱਕ ਸਹਾਇਕ ਹੋ ਸਕਦੇ ਹਨ ਜਿਵੇਂ ਸੜਕਾਂ, ਗਲੀਆਂ, ਬਾਜ਼ਾਰਾਂ, ਮੁਹੱਲਿਆਂ, ਸ਼ਾਪਿੰਗ ਕੰਪਲੈਕਸਾਂ ਤੇ ਹੋਰ ਜਨਤਕ ਥਾਵਾਂ 'ਤੇ ਸਟਰੀਟ ਲਾਈਟਾਂ ਜਗਾਉਣ ਦੇ ਸਮੇਂ ਨੂੰ ਸੀਮਤ ਕੀਤਾ ਜਾਵੇ। ਸਾਰੇ ਸਰਕਾਰੀ, ਅਰਧ-ਸਰਕਾਰੀ, ਪ੍ਰਾਈਵੇਟ ਅਤੇ ਨਿੱਜੀ ਦਫ਼ਤਰਾਂ ਨੂੰ ਏਅਰਕੰਡੀਸ਼ਨਰਾਂ ਦੀ ਵਰਤੋਂ 'ਤੇ ਰੋਕ ਲਾਉਣ ਲਈ ਸਰਕਾਰ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਮੁਫ਼ਤ ਬਿਜਲੀ ਦੇਣ ਵਾਲੀਆਂ ਸਕੀਮਾਂ ਨੂੰ ਘੱਟੋ-ਘੱਟ ਪੀਕ ਸੀਜ਼ਨ ਦੇ ਸਮੇਂ ਦੌਰਾਨ ਫੌਰੀ ਮੁਅੱਤਲ ਕੀਤਾ ਜਾਵੇ। ਸੰਬੰਧਿਤ ਮੰਤਰਾਲਿਆਂ, ਬਿਜਲੀ ਵਿਭਾਗਾਂ, ਧਾਰਮਿਕ, ਰਾਜਨੀਤਕ, ਸਮਾਜਿਕ ਸੰਗਠਨਾਂ ਦੇ ਮੋਢੀਆਂ ਤੇ ਲੀਡਰਾਂ ਵਲੋਂ ਆਮਜਨ ਨੂੰ ਸਿਰਫ ਲੋੜ ਅਨੁਸਾਰ ਹੀ ਬਿਜਲੀ ਦੇ ਉਪਕਰਨ ਇਸਤੇਮਾਲ ਕਰਨ ਲਈ ਸਮੇਂ-ਸਮੇਂ 'ਤੇ ਅਪੀਲ ਕਰਦੇ ਰਹਿਣਾ ਚਾਹੀਦਾ ਹੈ। ਆਪਾਂ ਲੋਕਾਂ ਨੂੰ ਵੀ ਸਾਰਾ ਹੀ ਠਿਕਰਾ ਸਰਕਾਰੀ ਤੰਤਰ 'ਤੇ ਹੀ ਨਾ ਭੰਨਦੇ ਹੋਏ ਆਪਣੇ-ਆਪ ਨੂੰ ਵੀ ਬਿਜਲੀ ਦੀ ਵਰਤੋਂ ਨੂੰ ਸਿਰਫ ਤੇ ਸਿਰਫ ਲੋੜ ਅਨੁਸਾਰ ਹੀ ਸੀਮਤ ਕਰਕੇ ਇਸ਼ ਸੰਕਟ ਤੋਂ ਨਜਿੱਠਣ ਲਈ ਆਪਣੇ-ਆਪਣੇ ਨਿੱਜੀ ਪੱਧਰ 'ਤੇ ਉਪਯੁਕਤ ਯੋਗਦਾਨ ਪਾਉਣਾ ਚਾਹੀਦਾ ਹੈ। ਬਿਨਾਂ ਸ਼ੱਕ ਇਸ ਬਿਜਲੀ ਸੰਕਟ ਨਾਲ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਹੀ ਨਜਿੱਠਣ ਦੀ ਲੋੜ ਹੈ।


-ਇੰ. ਕ੍ਰਿਸ਼ਨ ਕਾਂਤ ਸੂਦ
(ਨੰਗਲ, ਪੰਜਾਬ), ਖੇਤਰੀ ਸਕੱਤਰ (ਸੰਪਰਕ) ਉੱਤਰ ਪ੍ਰਦੇਸ਼।

12-05-2022

 ਕਾਰਪੋਰੇਟ ਸੈਕਟਰ ਦੇ ਵਧਦੇ ਕਦਮ
ਪਿਛਲੇ ਕੁਝ ਵਰ੍ਹਿਆਂ ਤੋਂ ਕੇਂਦਰ ਸਰਕਾਰ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਲਗਾਤਾਰ ਕਰ ਰਹੀ ਹੈ। ਸਭ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਬੈਂਕਾਂ ਦਾ ਨਿੱਜੀਕਰਨ ਕੀਤਾ। ਬੈਂਕ ਕਰਮਚਾਰੀਆਂ ਨੇ ਹੜਤਾਲਾਂ ਵੀ ਕੀਤੀਆਂ। ਅੱਗੋਂ ਸਰਕਾਰ ਕਹਿੰਦੀ ਹੈ ਕਿ ਕਿਸੇ ਵੀ ਮੁਲਾਜ਼ਮ ਦੀ ਨੌਕਰੀ ਨਹੀਂ ਜਾਏਗੀ। ਠੀਕ ਇਸੇ ਤਰ੍ਹਾਂ ਟੋਲ ਟੈਕਸਾਂ 'ਤੇ ਨੌਕਰੀ ਕਰਦੇ ਲੱਖਾਂ ਨੌਜਵਾਨਾਂ ਦਾ ਰੁਜ਼ਗਾਰ ਖੁੱਸਿਆ, ਜਿਸ ਦਾ ਕਾਰਨ ਫਾਸਟ ਟੈਗ ਸੁਵਿਧਾ ਸੀ। ਬੇਰੁਜ਼ਗਾਰੀ ਵਧ ਗਈ ਹੈ। ਹੌਲੀ-ਹੌਲੀ ਰੇਲਵੇ, ਹਵਾਈ ਅੱਡੇ, ਸੜਕਾਂ, ਐਲ.ਆਈ.ਸੀ., ਸਰਕਾਰੀ ਜਾਇਦਾਦਾਂ, ਹਸਪਤਾਲ ਕਾਰਪੋਰੇਟ ਦੇ ਹਵਾਲੇ ਕਰ ਦਿੱਤੇ ਗਏ। ਕੋਵਿਡ-19 ਨਾਲ ਦੇਸ਼ ਦਾ ਅਰਥਚਾਰਾ ਡਗਮਗਾ ਗਿਆ। ਮਹਿੰਗਾਈ ਵਧ ਗਈ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਕਰਜ਼ੇ ਦੀ ਪੰਡ ਬਹੁਤ ਹੀ ਭਾਰੀ ਹੋ ਚੁੱਕੀ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਅੱਜ ਹਰ ਪਾਸੇ ਕਾਰਪੋਰੇਟ ਘਰਾਣਿਆਂ ਦਾ ਬੋਲਬਾਲਾ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਰੂੜ੍ਹੀਵਾਦੀ ਸੋਚ ਦਾ ਕਹਿਰ
ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਜੋ ਸਾਨੂੰ ਅਗਿਆਨਤਾ ਦੇ ਹਨੇਰੇ 'ਚੋਂ ਗਿਆਨ ਦੇ ਉਜਾਲੇ ਵੱਲ ਨੂੰ ਲੈ ਜਾਂਦੀ ਹੈ, ਸਾਡੀ ਰੂੜ੍ਹੀਵਾਦੀ ਸੋਚ ਤੇ ਅੰਧਵਿਸ਼ਵਾਸ ਨਾਲੋਂ ਨਾਤਾ ਤੋੜ ਕੇ ਵਿਗਿਆਨ ਤੋਂ ਜਾਣੂ ਕਰਾਉਂਦੀ ਹੈ ਪਰ ਕਈ ਵਾਰ ਸਾਡੇ ਸਮਾਜ ਦੇ ਵਹਿਮ-ਭਰਮ ਤੋਂ ਤੰਗ ਸੋਚ ਦੇ ਕਾਰਨ ਇਸ ਵਿੱਦਿਆ ਰੂਪੀ ਦੀਵੇ ਨੂੰ ਬਹੁਤ ਸਾਰੇ ਝੱਖੜ ਤੇ ਤੇਜ਼ ਹਵਾਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਕਈ ਵਾਰੀ ਅਸਫਲਤਾ ਵੀ ਹਾਸਲ ਹੁੰਦੀ ਹੈ। ਗੱਲ ਝਾਰਖੰਡ ਦੇ ਇਕ ਪਿੰਡ ਬਾਂਸਦੋਹਰ ਦੀ ਹੈ, ਜਿਥੇ ਲੜਕੀਆਂ ਦਾ ਸਕੂਲ ਹੁੰਦਾ ਸੀ, ਜਿਸ 'ਚ ਲਗਭਗ 150 ਦੇ ਕਰੀਬ ਬੱਚੀਆਂ ਪੜ੍ਹਨ ਆਉਂਦੀਆਂ ਸਨ। ਇਹ ਸਕੂਲ ਉਸੇ ਪਿੰਡ ਦੇ ਲੋਕਾਂ ਦੇ ਅੰਧਵਿਸ਼ਵਾਸ ਦੀ ਭੇਟ ਚੜ੍ਹ ਗਿਆ। ਸਥਾਨਕ ਲੋਕਾਂ ਦੀ ਧਾਰਨਾ ਸੀ ਕਿ ਜੇਕਰ ਅਸੀਂ ਆਪਣੇ ਮ੍ਰਿਤਕਾਂ ਦੇ ਕਬਰਸਤਾਨ ਨੂੰ ਸਕੂਲ ਦੇ ਪ੍ਰਾਰਥਨਾ ਕਰਨ ਵਾਲੀ ਥਾਂ 'ਤੇ ਸਥਾਪਤ ਕਰ ਦਿੰਦੇ ਹਾਂ ਤਾਂ ਉਨ੍ਹਾਂ ਨੂੰ ਮੁਕਤੀ ਮਿਲ ਜਾਵੇਗੀ। ਹੌਲੀ-ਹੌਲੀ ਸਕੂਲ ਨੇ ਕਬਰਸਤਾਨ ਦਾ ਰੂਪ ਧਾਰਨ ਕਰ ਲਿਆ। ਅਧਿਆਪਕਾਂ ਨੇ ਆਪਣੇ ਤਬਾਦਲੇ ਹੋਰਾਂ ਸਕੂਲਾਂ 'ਚ ਕਰਵਾਉਣੇ ਸ਼ਰੂ ਕਰ ਲਏ, ਡਰ ਦੇ ਮਾਰੇ ਬੱਚਿਆਂ ਦੀ ਗਿਣਤੀ ਵੀ ਘਟਣ ਲੱਗ ਗਈ ਤੇ ਅੰਤ 'ਚ ਸਕੂਲ ਬੰਦ ਹੋ ਗਿਆ। ਜੇਕਰ ਸਮੇਂ ਦੀ ਸਰਕਾਰ ਚਾਹੁੰਦੀ ਤਾਂ ਅਜਿਹਾ ਹੋਣ ਤੋਂ ਰੋਕਿਆ ਜਾ ਸਕਦਾ ਸੀ ਪਰ ਕੁਝ ਨਹੀਂ ਹੋਇਆ ਤੇ ਸਕੂਲ ਨੇ ਸ਼ਮਸ਼ਾਨ ਦਾ ਰੂਪ ਧਾਰਨ ਕਰ ਲਿਆ। ਅਜਿਹੀਆਂ ਸਰਗਰਮੀਆਂ ਸਾਡੇ ਪੜ੍ਹੇ-ਲਿਖੇ ਸਮਾਜ ਨੂੰ ਸ਼ਰਮਸਾਰ ਕਰਦੀਆਂ ਹਨ। ਸਾਨੂੰ ਇਨ੍ਹਾਂ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ।


-ਕੇਵਲ ਕਾਲਝਰਾਣੀ।


ਕਿਰਤ ਦਾ ਸਤਿਕਾਰ
ਕਿਰਤ ਕਰਨਾ ਮਨੁੱਖ ਦਾ ਸਭ ਤੋਂ ਵੱਡਾ ਧਰਮ ਹੈ। ਹਰੇਕ ਇਨਸਾਨ ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀਆਂ ਸਿੱਖਿਆਵਾਂ ਵਿਚ ਕਿਰਤ ਨੂੰ ਸਭ ਤੋਂ ਮੂਹਰੇ ਰੱਖਿਆ ਹੈ। ਕਿਰਤ ਤੋਂ ਬਿਨਾਂ ਦੁਨੀਆ ਵਿਚ ਕਿਸੇ ਵੀ ਚੀਜ਼ ਦੀ ਸਿਰਜਣਾ ਅਸੰਭਵ ਹੈ। ਕਿਰਤੀ ਦੀ ਕਿਰਤ ਸਦਕਾ ਹੀ ਅੱਜ ਪੂਰਾ ਸੰਸਾਰ ਤਰੱਕੀ ਕਰ ਰਿਹਾ ਹੈ। ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾਾ ਹੈ ਕਿ ਦਿਨ-ਰਾਤ ਇਕ ਕਰਕੇ ਮਿਹਨਤ ਕਰਨ ਵਾਲੇ ਕਿਰਤੀਆਂ ਦੀ ਕਿਰਤ ਨੂੰ ਅੱਜ ਲੁੱਟਿਆ ਜਾ ਰਿਹਾ ਹੈ। ਅੱਜ ਕਿਰਤੀ ਦੀ ਮਿਹਨਤ ਦਾ ਪੂਰਾ ਮੁੱਲ ਉਸ ਨੂੰ ਨਹੀਂ ਮਿਲ ਰਿਹਾ। ਪ੍ਰਾਈਵੇਟ ਅਦਾਰਿਆਂ ਵਿਚ ਕਿਰਤੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ। ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਵੀ ਕਿਰਤੀਆਂ ਦੀ ਹਾਲਤ ਤਰਸਯੋਗ ਹੈ ਅਤੇ ਉਹ ਅਨੇਕਾਂ ਸਹੂਲਤਾਂ ਤੋਂ ਵਾਂਝੇ ਹਨ। ਦੂਸਰੇ ਪਾਸੇ ਕਾਰਪੋਰੇਟ ਘਰਾਣੇ ਅਤੇ ਫੈਕਟਰੀਆਂ ਦੇ ਮਾਲਕ ਆਪਣੀਆਂ ਤਿਜੌਰੀਆਂ ਭਰ ਕੇ ਹੋਰ ਅਮੀਰ ਹੁੰਦੇ ਜਾ ਰਹੇ ਹਨ। ਕਿਰਤੀ ਲੋਕ ਅੱਜ ਵੀ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ ਹੋਏ ਹਨ। ਸਾਨੂੰ ਕਿਰਤੀ ਲੋਕਾਂ ਅਤੇ ਕਿਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ।


-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ: ਸਿਹੌੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।


ਰੇਹੜੀ ਚਾਲਕ ਬਨਾਮ ਬੇਰੁਜ਼ਗਾਰੀ
ਰਾਜ ਸਰਕਾਰ ਦੁਆਰਾ ਰੇਹੜੀ ਚਾਲਕਾਂ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਵਾਪਸ ਲੈਣ ਨਾਲ ਜਿਥੇ ਰੇਹੜੀ ਚਾਲਕਾਂ ਨੂੰ ਰਾਹਤ ਮਿਲੀ ਹੈ, ਉਥੇ ਬਹੁਤ ਸਾਰੇ ਰੇਹੜੀ ਚਾਲਕ ਬੇਰੁਜ਼ਗਾਰ ਹੋਣ ਤੋਂ ਬਚ ਗਏ ਹਨ। ਬੇਰੁਜ਼ਗਾਰੀ ਸਾਡੇ ਸਮਾਜ ਦੀ ਮੁੱਖ ਸਮੱਸਿਆ ਬਣੀ ਹੋਈ ਹੈ, ਜਿਸ ਵੱਲ ਸਮੇਂ ਦੀਆਂ ਸਰਕਾਰਾਂ ਵਲੋਂ ਬਹੁਤਾ ਧਿਆਨ ਨਾ ਦੇਣ ਕਰਕੇ ਇਹ ਦਿਨੋ-ਦਿਨ ਨਾਸੂਰ ਬਣਦੀ ਜਾ ਰਹੀ ਹੈ। ਰੇਹੜੀ ਚਾਲਕ ਸਾਮਾਨ ਦੀ ਢੋਆ-ਢੁਆਈ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ। ਸਰਕਾਰ ਨੂੰ ਰੇਹੜੀ ਚਾਲਕਾਂ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਸਮੱਸਿਆਵਾਂ ਨੂੰ ਰੋਕਣ ਲਈ ਰੇਹੜੀ ਚਾਲਕਾਂ ਨੂੰ ਇਸ ਦਾ ਬਦਲ ਦੇਣਾ ਹੋਵੇਗਾ ਤਾਂ ਜੋ ਰੇਹੜੀ ਚਾਲਕ ਬੇਰੁਜ਼ਗਾਰੀ ਦਾ ਸ਼ਿਕਾਰ ਨਾ ਹੋ ਸਕਣ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਤਹਿ: ਅਤੇ ਜ਼ਿਲ੍ਹਾ ਬਠਿੰਡਾ।


ਸ਼ਰੇਆਮ ਅੰਨ੍ਹਾ ਤਸ਼ੱਦਦ

ਸੜਕਾਂ ਚੌੜੀਆਂ ਕਰਨਾ ਸਮੇਂ ਦੀ ਮੰਗ ਹੈ, ਪਰ ਇਸ 'ਚ ਇਨ੍ਹਾਂ ਬੇਜ਼ਬਾਨਾਂ ਦਾ ਕੀ ਕਸੂਰ ਹੈ, ਜਿਨ੍ਹਾਂ ਨੂੰ ਸ਼ਰੇਆਮ ਕਤਲ ਕੀਤਾ ਜਾ ਰਿਹਾ ਹੈ। ਅਬੋਹਰ-ਸ੍ਰੀਗੰਗਾਨਗਰ ਸੜਕ 'ਤੇ ਕਤਲ ਹੋ ਰਹੇ ਇਨ੍ਹਾਂ ਦਰੱਖਤਾਂ ਨਾਲ ਕਿੰਨੇ ਹੀ ਸਾਲਾਂ ਤੋਂ ਸਾਡੀ ਸਭ ਦੀ ਹੀ ਪਿਉ-ਦਾਦੇ ਵਾਲੀ ਪਰਿਵਾਰਕ ਸਾਂਝ ਸੀ। ਬਾਬਿਆਂ ਵਰਗੇ ਮੀਤ ਤਾਂ ਮਰਦੇ-ਮਰਦੇ ਈ ਮਤਲਬੀ ਮਨੁੱਖ ਦੇ ਭਵਿੱਖ ਬਾਰੇ ਸੋਚ ਕੇ ਪ੍ਰੇਸ਼ਾਨ ਹੋ ਰਹੇ ਹੋਣੇ ਹਨ ਕਿ ਜਦੋਂ ਇਨਸਾਨ ਦੀ ਭੌਤਿਕ ਜ਼ਰੂਰਤਾਂ ਦੀ ਭੁੱਖ ਹੋਰ ਵਧ ਗਈ ਤਾਂ ਕੱਲ੍ਹ ਨੂੰ ਬਜ਼ੁਰਗਾਂ-ਬਿਮਾਰਾਂ ਨੂੰ ਜ਼ਹਿਰ ਵਾਲੇ ਟੀਕੇ ਨਾ ਲਾ ਦੇਣ। ਸਰਕਾਰਾਂ ਵਾਤਾਵਰਨ ਬਚਾਓ ਮੁਹਿੰਮ ਦੇ ਢਕੋਸਲੇ ਕਰਦੀਆਂ ਹਨ, ਪੇਂਟਿੰਗ, ਭਾਸ਼ਨ ਮੁਕਾਬਲੇ, ਫਲਾਣਾ ਹਫ਼ਤਾ, ਢਿਮਕਾ ਮਹੀਨਾ ਮਨਾਏ ਜਾਂਦੇ ਹਨ, ਵੱਡੇ-ਵੱਡੇ ਪ੍ਰਸਿੱਧ ਲੋਕਾਂ ਨੂੰ ਲੱਖਾਂ ਰੁਪਈਆਂ ਖ਼ਰਚ ਕੇ ਬ੍ਰਾਂਡ ਅੰਬੈਸਡਰ ਬਣਾਇਆ ਜਾਂਦਾ ਹੈ ਤੇ ਦੂਜੇ ਪਾਸੇ ਜਦੋਂ ਸਰਕਾਰਾਂ ਨੂੰ ਪਤਾ ਹੀ ਹੁੰਦਾ ਹੈ ਕਿ ਸੜਕਾਂ ਏਨੇ ਸਾਲ ਬਾਅਦ ਚੌੜੀਆਂ ਕਰਨੀਆਂ ਹਨ ਤਾਂ ਜਗ੍ਹਾ ਵੀ ਕਈ ਸਾਲ ਪਹਿਲਾਂ ਖ਼ਰੀਦ ਕੇ, ਪਹਿਲਾਂ ਨਵੇਂ ਦਰੱਖਤ ਆਬਾਦ ਕਿਉਂ ਨਹੀਂ ਕੀਤੇ ਜਾਂਦੇ।


-ਅਸ਼ੋਕ ਸੋਨੀ, ਖੂਈ ਖੇੜਾ, ਫਾਜ਼ਿਲਕਾ।

11-05-2022

 ਖ਼ੁਦਕੁਸ਼ੀਆਂ ਦਾ ਦੌਰ

ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਖ਼ੁਦਕੁਸ਼ੀਆਂ ਦਾ ਦੌਰ ਚੱਲ ਰਿਹਾ ਹੈ। ਇਸ ਵਾਰ ਹਾੜ੍ਹੀ ਦੀ ਫ਼ਸਲ ਕਣਕ ਦਾ ਝਾੜ ਘਟਣ ਕਰਕੇ ਇਸ ਦਾ ਸਿੱਧਾ ਅਸਰ ਕਿਸਾਨ ਦੀ ਆਮਦਨ 'ਤੇ ਪਿਆ ਹੈ, ਜੋ ਕਿ ਪਹਿਲਾਂ ਹੀ ਸਰਕਾਰਾਂ ਅਤੇ ਕੁਦਰਤੀ ਮਾਰਾਂ ਦਾ ਝੰਬਿਆ ਪਿਆ ਹੈ। ਸੋ, ਇਸ ਕੁਦਰਤੀ ਮਾਰ ਕਾਰਨ ਕਿਸਾਨੀ ਖ਼ੁਦਕੁਸ਼ੀਆਂ ਦਾ ਦੌਰ ਫਿਰ ਤੇਜ਼ ਹੋ ਗਿਆ ਹੈ, ਜੋ ਕਿ ਦੇਸ਼ ਹਿਤ ਵਿਚ ਬਹੁਤ ਮੰਦਭਾਗਾ ਹੈ। ਪੰਜਾਬ ਵਿਚ ਨਵੀਂ ਪਾਰਟੀ 'ਆਪ' ਨੂੰ ਲੋਕਾਂ ਨੇ ਦਿਲ ਖੋਲ੍ਹ ਕੇ ਵੋਟਾਂ ਪਾਈਆਂ ਅਤੇ ਭਾਰੀ ਬਹੁਮਤ ਨਾਲ ਸਰਕਾਰ ਬਣਾਈ, ਕਿਉਂਕਿ ਨਵੀਂ ਪਾਰਟੀ ਤੋਂ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਸਨ। ਹੁਣ ਨਵੀਂ ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਕੀਤੇ ਵਾਅਦਿਆਂ (ਗਾਰੰਟੀਆਂ) 'ਤੇ ਖਰੀ ਉਤਰੇ ਅਤੇ ਜਲਦੀ ਤੋਂ ਜਲਦੀ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦੇ ਕੇ ਜਾਨਾਂ ਦੇ ਰਹੇ ਕਿਸਾਨਾਂ ਨੂੰ ਬਚਾਵੇ। ਜਿਹੜੇ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ, ਉਨ੍ਹਾਂ ਦੇ ਪਰਿਵਾਰਾਂ ਨਾਲ ਮੁੱਖ ਮੰਤਰੀ ਜਾਂ ਖੇਤੀਬਾੜੀ ਮੰਤਰੀ ਖ਼ੁਦ ਜਾ ਕੇ ਦੁੱਖ ਵੰਡਾਉਣ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਬੇਨਤੀ ਹੈ ਕਿ ਜਿਸ ਕਿਸਾਨ ਨੇ ਭੁੱਖੇ ਮਰਦੇ ਦੇਸ਼ ਦਾ ਢਿੱਡ ਭਰਿਆ ਸੀ, ਅੱਜ ਸੰਕਟ ਦੇ ਸਮੇਂ ਦਿਲ ਖੋਲ੍ਹ ਕੇ ਉਸ ਦੀ ਮਦਦ ਕਰੇ। ਪੰਜਾਬੀ ਦੀ ਇਕ ਕਹਾਵਤ ਹੈ ਕਿ 'ਖੁਸ਼ੀ ਵੰਡਾਇਆਂ ਵਧ ਜਾਂਦੀ ਹੈ ਤੇ ਦੁੱਖ ਵੰਡਾਇਆਂ ਘਟ ਜਾਂਦਾ।' ਉਮੀਦ ਹੈ ਕਿ ਨਵੀਂ ਸਰਕਾਰ ਕਿਸਾਨਾਂ ਦੇ ਰਿਸਦੇ ਜ਼ਖ਼ਮ 'ਤੇ ਜ਼ਰੂਰ ਫੈਹਾ ਰੱਖੇਗੀ।

-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ (ਮੋਗਾ)।

ਸ਼ਲਾਘਾਯੋਗ ਫ਼ੈਸਲਾ

ਭਾਰਤ ਸਰਕਾਰ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.) ਨੂੰ ਲਾਗੂ ਕਰਨ ਦੀ ਨਿਰੰਤਰਤਾ ਵਿਚ ਅੰਗਰੇਜ਼ੀ ਭਾਸ਼ਾ ਦੇ ਨਾਲ-ਨਾਲ ਸਥਾਨਕ ਅਤੇ ਹਿੰਦੀ ਭਾਸ਼ਾ ਮਾਧਿਅਮ ਵਿਚ ਇੰਜੀਨੀਅਰਿੰਗ ਅਤੇ ਹੋਰ ਉੱਚ ਪੱਧਰੀ ਸਿੱਖਿਆ ਕੋਰਸਾਂ ਨੂੰ ਪੜ੍ਹਾਉਣ ਦੇ ਬਦਲ ਦੀ ਵਿਵਸਥਾ ਨੂੰ ਮਨਜ਼ੂਰੀ ਦੇਣ ਦਾ ਕੀਤਾ ਗਿਆ ਫ਼ੈਸਲਾ ਸਹੀ ਅਤੇ ਬਹੁਤ ਹੀ ਸ਼ਲਾਘਾਯੋਗ ਹੈ। 'ਦੇਰ ਆਏ, ਦਰੁਸਤ ਆਏ' ਦੀ ਕਹਾਵਤ ਨੂੰ ਸਹੀ ਸਾਬਤ ਕਰਨ ਵਾਲਾ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ੀ ਹਕੂਮਤ ਦੇ ਸਮੇਂ ਤੋਂ ਲਾਗੂ ਕੀਤੀ ਸਿੱਖਿਆ ਨੀਤੀ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਲਈ ਇਹ ਇਕ ਦਲੇਰੀ ਵਾਲਾ, ਵੱਡਾ ਅਤੇ ਸਾਕਾਰਾਤਮਿਕ ਕਦਮ ਹੈ। ਭਾਰਤ ਵਿਚ ਜ਼ਿਆਦਾਤਰ ਬੱਚੇ ਆਪਣੀ ਸਥਾਨਕ ਜਾਂ ਹਿੰਦੀ ਭਾਸ਼ਾ ਸੁਣ, ਸਿੱਖ ਅਤੇ ਬੋਲ ਕੇ ਜਵਾਨ ਹੁੰਦੇ ਹਨ ਅਤੇ ਇਨ੍ਹਾਂ ਭਾਸ਼ਾਵਾਂ ਵਿਚ ਹੀ ਆਪਣੇ ਵਿਚਾਰਾਂ, ਭਾਵ ਅਤੇ ਭਾਵਨਾਵਾਂ ਨੂੰ ਬਹੁਤ ਵਧੀਆ ਢੰਗ ਨਾਲ ਸਮਝ ਸਕਦੇ ਅਤੇ ਪ੍ਰਗਟ ਕਰ ਸਕਦੇ ਹਨ। ਇਸੇ ਕਾਰਨ ਉੱਚ ਸਿੱਖਿਆ ਦੇ ਖੇਤਰ ਵਿਚ ਬਹੁਤੇ ਕੋਰਸ ਅੰਗਰੇਜ਼ੀ ਭਾਸ਼ਾ ਦੇ ਮਾਧਿਅਮ ਵਿਚ ਹੀ ਪੜ੍ਹਾਏ ਜਾਣ ਕਾਰਨ ਵੱਡੀ ਗਿਣਤੀ ਵਿਚ ਭਾਰਤੀ ਨੌਜਵਾਨ ਉੱਚ ਪੱਧਰੀ ਸਿੱਖਿਆ ਦੇ ਖੇਤਰ ਵਿਚ ਆਪਣਾ ਹੁਨਰ ਨਹੀਂ ਦਿਖਾ ਪਾਉਂਦੇ ਸਨ। ਭਾਰਤ ਸਰਕਾਰ ਦੇ ਇਸ ਨੀਤੀਗਤ ਫ਼ੈਸਲੇ ਨਾਲ ਅੰਗਰੇਜ਼ੀ ਭਾਸ਼ਾ ਦੇ ਨਾਲ-ਨਾਲ ਸਥਾਨਕ ਅਤੇ ਹਿੰਦੀ ਭਾਸ਼ਾ ਵਿਚ ਉੱਚ ਪੱਧਰੀ ਸਿੱਖਿਆ ਦੇ ਕੋਰਸਾਂ ਨੂੰ ਪੜ੍ਹਾਉਣ ਦੇ ਬਦਲ ਦੀ ਵਿਵਸਥਾ ਕਰਨ ਦੀ ਇਜਾਜ਼ਤ ਦੇਣ ਦੇ ਨਾਲ ਵੱਖ-ਵੱਖ ਖੇਤਰਾਂ ਵਿਚ ਆਪਣੇ ਅਸਲ ਅਤੇ ਛੁਪੇ ਹੋਏ ਹੁਨਰ ਨੂੰ ਉਜਾਗਰ ਕਰਨ ਵਾਲੇ ਭਾਰਤੀ ਯੁਵਾ ਵਿਦਿਆਰਥੀਆਂ ਦੀ ਗਿਣਤੀ ਵਿਚ ਇਕ ਵੱਡਾ ਉਛਾਲ ਆਏਗਾ, ਜੋ ਦੇਸ਼ ਤੇ ਵਿਸ਼ਵ ਦੇ ਸਰਬਪੱਖੀ ਵਿਕਾਸ ਵਿਚ ਅਤੇ ਭਾਰਤ ਨੂੰ ਮੁੜ ਵਿਸ਼ਵ ਲੀਡਰ ਬਣਾਉਣ ਵਿਚ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ।

-ਇੰ. ਕ੍ਰਿਸ਼ਨ ਕਾਂਤ ਸੂਦ
(ਨੰਗਲ, ਪੰਜਾਬ), ਖੇਤਰੀ ਸਕੱਤਰ (ਸੰਪਰਕ) ਉੱਤਰ ਪ੍ਰਦੇਸ਼।

ਵਿਦੇਸ਼ਾਂ ਨੂੰ ਜਾਂਦੀ ਨੌਜਵਾਨੀ

ਪੰਜਾਬ ਕਿਸੇ ਸਮੇਂ ਗ਼ਰੀਬ ਗੁਰਬਿਆਂ ਨੂੰ ਰਾਹਤ ਦਿੰਦਾ ਸੀ। ਅੱਜ ਕਰੋੜਾਂ ਰੁਪਏ ਦਾ ਕਰਜ਼ਾਈ ਹੈ। ਪੰਜਾਬ 'ਚ ਜਨਮ ਲੈਣ ਵਾਲੇ ਹਰ ਬੱਚੇ ਸਿਰ ਲਗਭਗ ਇਕ ਲੱਖ ਦਾ ਕਰਜ਼ਾ ਹੈ। ਪੰਜਾਬੀਆਂ ਦੇ ਵਿਦੇਸ਼ ਵੱਲ ਵਧ ਰਹੇ ਰੁਝਾਨ ਦੇ ਮੁੱਖ ਕਾਰਨ ਜੋ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਬੇਰੁਜ਼ਗਾਰੀ, ਵਧ ਰਹੀ ਆਬਾਦੀ, ਗ਼ਰੀਬੀ, ਭੁੱਖਮਰੀ, ਉਦਯੋਗਾਂ ਦੀ ਘਾਟ, ਭ੍ਰਿਸ਼ਟਾਚਾਰ, ਹਵਾ ਪ੍ਰਦੂਸ਼ਣ, ਅਸੁਰੱਖਿਅਤ ਜੀਵਨ ਆਦਿ ਹਨ। ਨੌਕਰੀਆਂ ਦੀ ਘਾਟ ਕਾਰਨ ਨੌਜਵਾਨ ਵਰਗ ਪੜ੍ਹ-ਲਿਖ ਕੇ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਜੇਕਰ ਉਸ ਨੂੰ ਨੌਕਰੀ ਮਿਲਦੀ ਵੀ ਹੈ ਤਾਂ ਉਹ ਯੋਗਤਾ ਮੁਤਾਬਿਕ ਨਹੀਂ ਅਤੇ ਥੋੜ੍ਹੀ ਤਨਖਾਹ 'ਤੇ ਮਿਲਦੀ ਹੈ। ਬਾਹਰਲੇ ਮੁਲਕਾਂ ਵਿਚ ਉਹ ਸਾਰੀਆਂ ਸਹੂਲਤਾਂ ਹਨ, ਜੋ ਇਥੇ ਨਹੀਂ ਮਿਲਦੀਆਂ। ਮਜਬੂਰਨ ਆਪਣੀ ਸਾਰੀ ਉਮਰ ਦੀ ਕੀਤੀ ਕਮਾਈ, ਜ਼ਮੀਨ ਵੇਚ ਕੇ ਬਾਹਰ ਜਾ ਰਿਹਾ ਹੈ। ਸਰਕਾਰ ਨੂੰ ਇਥੇ ਵੱਧ ਤੋਂ ਵੱਧ ਨੌਕਰੀਆਂ ਸਿਰਜ ਕੇ ਨੌਜਵਾਨਾਂ ਨੂੰ ਇਥੇ ਰੋਕਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

ਤੂੜੀ ਦੀ ਤੋਟ ਦਾ ਮਸਲਾ

ਹਾੜ੍ਹੀ ਦੀ ਫ਼ਸਲ ਕਣਕ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਫ਼ਸਲ ਹੈ, ਜਿਸ ਤੋਂ ਸਾਨੂੰ ਆਪਣੇ ਲਈ ਅਨਾਜ ਤੇ ਪਸ਼ੂਆਂ ਦੀ ਤੂੜੀ ਮਿਲਦੀ ਹੈ। ਇਸ ਵਾਰੀ ਮੌਸਮ ਦਾ ਮਿਜ਼ਾਜ ਹਾੜ੍ਹੀ ਦੀ ਫ਼ਸਲ ਦੇ ਅਨੁਕੂਲ ਨਾ ਹੋਣ ਕਰਕੇ ਕਣਕ ਦੇ ਝਾੜ 'ਚ ਕਾਫੀ ਗਿਰਾਵਟ ਆਈ ਹੈ ਤੇ ਪਸ਼ੂਆਂ ਦਾ ਚਾਰਾ ਤੂੜੀ ਵੀ ਲਾਂਗੇ 'ਚੋਂ ਘੱਟ ਹੀ ਨਿਕਲ ਰਹੀ ਹੈ, ਜਿਸ ਕਾਰਨ ਤੂੜੀ ਦਾ ਭਾਅ ਜੋ ਕਿ ਸੌ ਤੋਂ ਡੇਢ ਸੌ ਰੁਪਏ ਕੁਇੰਟਲ ਦਾ ਸੀ, ਹੁਣ ਪੰਜ ਸੌ ਰੁਪਏ ਕੁਇੰਟਲ ਤੋਂ ਵੀ ਜ਼ਿਆਦਾ ਦਾ ਹੋ ਚੁੱਕਾ ਹੈ। ਅਜਿਹਾ ਇਕੱਲੇ ਪੰਜਾਬ 'ਚ ਹੀ ਨਹੀਂ ਹੋਇਆ ਸਗੋਂ ਰਾਜਸਥਾਨ 'ਚ ਸਰ੍ਹੋਂ ਦੀ ਕਾਸ਼ਤ ਜ਼ਿਆਦਾ ਅਤੇ ਕਣਕ ਦੀ ਘੱਟ ਹੋਣ ਕਾਰਨ ਉਹ ਪੰਜਾਬ ਤੋਂ ਮਹਿੰਗੇ ਭਾਅ 'ਤੇ ਤੂੜੀ ਖ਼ਰੀਦ ਰਹੇ ਹਨ। ਪੰਜਾਬ 'ਚ ਤੂੜੀ ਮਹਿੰਗੀ ਹੋਣ ਦਾ ਮੁੱਖ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ। ਬੇਜ਼ਮੀਨੇ ਤੇ ਗ਼ਰੀਬ ਪਸ਼ੂ ਪਾਲਕ ਜਿਨ੍ਹਾਂ ਨੂੰ ਤੂੜੀ ਹਰ ਵਾਰ ਮੁੱਲ ਹੀ ਲੈਣੀ ਪੈਂਦੀ ਹੈ, ਉਹ ਆਪਣੇ ਪਸ਼ੂ-ਧਨ ਨੂੰ ਸਸਤੇ ਭਾਅ 'ਤੇ ਵੇਚਣ ਲਈ ਮਜਬੂਰ ਹਨ। ਅੱਜ ਦੀ ਤਰੀਕ 'ਚ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਪਿੰਡਾਂ 'ਚ ਵੀ ਹੁਣ ਲੋਕਾਂ ਵਲੋਂ ਘਰ-ਘਰ ਦੁਧਾਰੂ ਪਸ਼ੂ ਰੱਖਣ ਦਾ ਰਿਵਾਜ ਖ਼ਤਮ ਹੁੰਦਾ ਜਾ ਰਿਹਾ ਹੈ। ਚਾਟੀ ਤੇ ਮਧਾਣੀ, ਕੰਗਣੀ ਵਾਲਾ ਲੱਸੀ ਦਾ ਗਿਲਾਸ ਤੇ ਰਿੜਕਣੇ 'ਚੋਂ ਮਖਣੀ ਦਾ ਡਲਾ ਕੱਢ ਕੇ ਖਾਣਾ ਸਿਰਫ ਕਿਤਾਬਾਂ 'ਚ ਹੀ ਰਹਿ ਗਿਆ ਹੈ। ਹੁਣ ਪਿੰਡਾਂ 'ਚ ਵੀ ਦੁੱਧ ਦੀ ਡੇਅਰੀ ਤੇ ਦੁੱਧ ਵੇਚਣ ਵਾਲੇ ਘੱਟ ਤੇ ਖ਼ਰੀਦਣ ਵਾਲੇ ਜ਼ਿਆਦਾ ਹੁੰਦੇ ਹਨ। ਲੋੜ ਹੈ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਤੂੜੀ ਦੇ ਖ਼ਰੀਦਦਾਰਾਂ ਨੂੰ ਰੋਕਣ ਦੀ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਸਤੀ ਤੂੜੀ ਮਿਲ ਸਕੇ ਤੇ ਸਾਡੇ ਪਸ਼ੂ-ਧਨ ਨੂੰ ਬਚਾਇਆ ਜਾ ਸਕੇ।

-ਕੇਵਲ ਸਿੰਘ ਕਾਲਝਰਾਣੀ

10-05-2022

 ਆਸ

ਪੰਜਾਬ ਬਜਟ ਬਾਰੇ ਲੋਕਾਂ ਦੀ ਰਾਏ ਜਾਣਨ ਲਈ ਤੁਹਾਡੀ ਸਰਕਾਰ ਦਾ ਇਹ ਉਪਰਾਲਾ ਸਲਾਹੁਣਯੋਗ ਕਦਮ ਹੈ। ਦੁਖੀ ਆਦਮੀ ਨੂੰ ਜੇਕਰ ਦੋ ਮਿੰਟ ਖੜ੍ਹ ਕੇ ਕੋਈ ਹਾਲ-ਚਾਲ ਹੀ ਪੁੱਛ ਲਵੇ ਤੇ ਉਸ ਦਾ ਅੱਧਾ ਦੁੱਖ ਵੈਸੇ ਹੀ ਦੂਰ ਹੋ ਜਾਂਦਾ ਹੈ। ਪੰਜਾਬ ਦੀ ਜਨਤਾ ਖਾਸ ਕਰਕੇ ਬੇਰੁਜ਼ਗਾਰ ਨੌਜਵਾਨ ਪਹਿਲਾਂ ਹੀ ਰਵਾਇਤੀ ਪਾਰਟੀਆਂ ਨੇ ਦੁਖੀ ਕਰ ਰੱਖੇ। ਹੁਣ ਆਸ ਸਿਰਫ਼ ਤੇ ਸਿਰਫ਼ ਤੁਹਾਡੀ ਸਰਕਾਰ ਕੋਲੋਂ ਹੀ ਕੀਤੀ ਜਾ ਸਕਦੀ ਹੈ। ਬਜਟ ਵਿਚ ਬੇਰੁਜ਼ਗਾਰੀ ਲਈ ਨੰਬਰ ਇਕ ਹੋਣਾ ਚਾਹੀਦਾ ਹੈ। ਸਿੱਖਿਆ, ਸਿਹਤ ਅਤੇ ਸਮਾਜਿਕ ਭਲਾਈ ਸਕੀਮਾਂ ਤੁਹਾਡੇ ਏਜੰਡੇ 'ਤੇ ਪਹਿਲ ਦੇ ਆਧਾਰ 'ਤੇ ਹੋਣੀਆਂ ਚਾਹੀਦੀਆਂ ਹਨ। ਮੁਫ਼ਤਖੋਰੀ ਦੀਆਂ ਸਕੀਮਾਂ ਇਸ ਵਾਰ ਨੰਬਰ ਦੋ 'ਤੇ ਰੱਖਣੀਆਂ। ਬਾਕੀ ਜਨਤਾ ਦੀਆਂ ਮੰਗਾਂ ਨੂੰ ਧਿਆਨ ਵਿਚ ਜ਼ਰੂਰ ਰੱਖਿਓ।

-ਜਗਰੂਪ ਸਿੰਘ, ਥੇਹ ਕਲੰਦਰ, ਫਾਜ਼ਿਲਕਾ।

ਬਿਜਲੀ ਸੰਕਟ

ਇਕ ਵਾਰ ਫਿਰ ਪੰਜਾਬ 'ਤੇ ਬਿਜਲੀ ਸੰਕਟ ਆ ਗਿਆ ਹੈ, ਜਿਸ ਦਾ ਸਿੱਧਾ ਅਸਰ ਆਮ ਜਨਤਾ 'ਤੇ ਪੈ ਰਿਹਾ ਹੈ। ਪਹਿਲਾਂ ਹੀ ਸੂਰਜ ਅੱਗ ਵਰਸਾ ਰਿਹਾ ਹੈ। ਦੂਜੇ ਪਾਸੇ ਪੰਜਾਬ ਵਿਚ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ। ਬਿਜਲੀ ਦੇ ਕੱਟਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਹੈ। ਲੋਕ ਸਰਕਾਰਾਂ ਨੂੰ ਕੋਸ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਰਕਾਰਾਂ ਨੂੰ ਬਿਜਲੀ ਬਿੱਲ ਸਮੇਂ 'ਤੇ ਲੈਣ ਦਾ ਪਤਾ ਹੈ ਪਰ ਸਮੇਂ 'ਤੇ ਬਿਜਲੀ ਮੁਹੱਈਆ ਕਰਵਾਉਣ ਦਾ ਨਹੀਂ ਪਤਾ। ਇਸ ਲਈ ਸਰਕਾਰਾਂ ਨੂੰ ਇਸ ਸਮੱਸਿਆ 'ਤੇ ਵਿਸੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕ ਇਸ ਵਾਰ ਗਰਮੀ ਵਿਚ ਆਪਣਾ ਜੀਵਨ ਸੁੱਖ-ਸ਼ਾਂਤੀ ਨਾਲ ਬਤੀਤ ਕਰ ਸਕਣ।

ਸਾਕਸ਼ੀ ਸ਼ਰਮਾ, ਜਲੰਧਰ।

ਪੰਛੀ ਮਨੁੱਖ ਦੇ ਮਿੱਤਰ

ਸਾਨੂੰ ਪੰਛੀਆਂ ਬਾਰੇ ਵੀ ਸੋਚਣਾ ਚਾਹੀਦਾ ਹੈ। ਪੰਛੀ ਉੱਡਦੇ ਹੀ ਸ਼ੋਭਦੇ ਹਨ। ਕਈ ਲੋਕ ਪੰਛੀਆਂ ਨੂੰ ਸ਼ੁਗਲ-ਮੇਲੇ ਵਾਸਤੇ ਮਾਰਦੇ ਹਨ। ਕਿਸੇ 'ਤੇ ਜੁਰਮ ਕਰਨਾ ਸ਼ੁਗਲ ਨਹੀਂ ਹੈ। ਬੰਦੇ ਤੋਂ ਪੰਛੀਆਂ ਨੂੰ ਕੋਈ ਖ਼ਤਰਾ ਨਹੀਂ ਹੈ। ਸਿਰਫ ਤੇ ਸਿਰਫ ਪੰਛੀਆਂ ਨੂੰ ਹੀ ਖ਼ਤਰਾ ਹੈ। ਪੰਛੀ ਮਨੁੱਖ ਦੇ ਡੂੰਘੇ ਦੋਸਤ ਹਨ। ਮਨੁੱਖ ਵਾਂਗ ਕਿਸੇ ਦੀ ਬੁਰਿਆਈ ਨਹੀਂ ਕਰਦੇ। ਪੰਛੀ ਮਨੁੱਖ ਦੀ ਜਾਇਦਾਦ ਹਨ। ਇਨ੍ਹਾਂ ਦੀ ਪਰਵਰਿਸ਼ ਕਰੀਏ ਤੇ ਇਨ੍ਹਾਂ ਨੂੰ ਬਚਾਈਏ, ਆਪਣਾ ਮਿੱਤਰ ਬਣਾਈਏ। ਇਨ੍ਹਾਂ ਦੇ ਰਹਿਣ ਲਈ ਪਿੰਡ-ਪਿੰਡ ਆਲ੍ਹਣੇ ਬਣਾਈਏ। ਆਪੋ-ਆਪਣੇ ਕੋਠਿਆਂ ਉੱਪਰ ਇਨ੍ਹਾਂ ਦੇ ਪੀਣ ਲਈ ਬਰਤਨ 'ਚ ਪਾਣੀ ਪਾ ਕੇ ਰੱਖੀਏ, ਦਾਣੇ ਪਾਈਏ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

ਸੁੰਦਰ ਲਿਖਾਈ

ਅਕਸਰ ਮਾਂ-ਬਾਪ ਬੱਚਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਸਾਫ਼-ਸੁਥਰਾ ਲਿਖਿਆ ਕਰੋ। ਸਾਫ਼-ਸੁਥਰਾ ਲਿਖਣ ਨਾਲ ਤੁਹਾਡੇ ਵਧੀਆ ਨੰਬਰ ਆਉਣਗੇ। ਸਕੂਲਾਂ ਵਿਚ ਅਧਿਆਪਕ ਵੀ ਬੱਚਿਆਂ 'ਤੇ ਜ਼ੋਰ ਦਿੰਦੇ ਹਨ ਕਿ ਤੁਹਾਡੀ ਲਿਖਾਈ ਸਾਫ਼-ਸੁਥਰੀ ਹੋਣੀ ਚਾਹੀਦੀ ਹੈ। ਪਰ ਦੇਖਣ ਵਿਚ ਇਹ ਆਉਂਦਾ ਹੈ ਕਿ ਜ਼ਿਆਦਾਤਰ ਬੱਚਿਆਂ ਦੀ ਲਿਖਾਈ ਸਾਫ਼-ਸੁਥਰੀ ਨਹੀਂ ਹੁੰਦੀ। ਚਾਹੇ ਉਨ੍ਹਾਂ ਨੂੰ ਪੂਰਾ ਪੇਪਰ ਆਉਂਦਾ ਹੈ, ਫਿਰ ਵੀ ਉਹ ਸਾਫ਼-ਸੁਥਰੀ ਲਿਖਾਈ ਕਰਕੇ ਵਧੀਆ ਨੰਬਰ ਲੈ ਨਹੀਂ ਪਾਉਂਦੇ। ਕਈ ਵਿਦਿਆਰਥੀ ਏਨਾ ਸੋਹਣਾ ਲਿਖਦੇ ਹਨ ਕਿ ਜਿਵੇਂ ਉਨ੍ਹਾਂ ਨੇ ਮੋਤੀ ਹੀ ਪਰੋ ਦਿੱਤੇ ਹੋਣ। ਜੋ ਪੇਪਰ ਚੈੱਕ ਕਰਨ ਵਾਲਾ ਹੁੰਦਾ ਹੈ, ਜੇ ਸਾਫ਼-ਸੁਥਰੀ ਲਿਖਾਈ ਹੁੰਦੀ ਹੈ ਤਾਂ ਜਲਦੀ-ਜਲਦੀ ਪੇਪਰ ਵੀ ਚੈੱਕ ਹੋ ਜਾਂਦਾ ਹੈ ਤੇ ਬੱਚੇ ਦੇ ਵਧੀਆ ਨੰਬਰ ਵੀ ਆ ਜਾਂਦੇ ਹਨ। ਕਈ ਵਾਰ ਬੱਚੇ ਏਨਾ ਗੰਦਾ ਲਿਖ ਕੇ ਆਉਂਦੇ ਹਨ, ਹਾਲਾਂਕਿ ਉਹ ਸਹੀ ਹੀ ਲਿਖਿਆ ਹੁੰਦਾ ਹੈ, ਫਿਰ ਵੀ ਜੋ ਪੇਪਰ ਚੈੱਕ ਕਰਨ ਵਾਲਾ ਹੁੰਦਾ ਹੈ, ਉਸ ਦੀ ਰੂਹ ਖੁਸ਼ ਨਹੀਂ ਹੁੰਦੀ। ਜਿਨ੍ਹਾਂ ਬੱਚਿਆਂ ਦੀ ਲਿਖਾਈ ਬਿਲਕੁਲ ਵੀ ਸੁੰਦਰ ਨਹੀਂ ਹੈ, ਉਹ ਹਰ ਰੋਜ਼ ਆਪਣੇ ਘਰ ਬੈਠ ਕੇ ਸੁੰਦਰ ਲਿਖਾਈ ਲਈ ਕੋਸ਼ਿਸ਼ ਕਰਨ। ਨਾਲ ਉਨ੍ਹਾਂ ਦੀ ਲਿਖਾਈ ਬਹੁਤ ਹੀ ਜ਼ਿਆਦਾ ਸੁੰਦਰ ਬਣ ਜਾਵੇਗੀ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਮਹਿੰਗਾਈ ਦਾ ਬੋਝ

ਰੂਸ ਤੇ ਯੂਕਰੇਨ ਵਿਚਕਾਰ ਜੰਗ ਚੱਲ ਰਹੀ ਹੈ। ਇਧਰ ਭਾਰਤ ਵਿਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਵੀ ਬੇਰੋਕ ਵਾਧਾ ਹੋ ਰਿਹਾ ਹੈ ਜੋ ਕਿ ਹੁਣ ਤੱਕ 20 ਤੋਂ 25 ਰੁਪਏ ਤੱਕ ਹੋ ਚੁੱਕਾ ਹੈ। ਰਸੋਈ ਗੈਸ ਦੇ ਸਿਲੰਡਰ ਦੀ ਕੀਮਤ ਵੀ ਲਗਾਤਾਰ ਵਧ ਰਹੀ ਹੈ। ਇਸੇ ਤਰ੍ਹਾਂ ਨਹਾਉਣ ਤੇ ਕੱਪੜੇ ਧੋਣ ਵਾਲੇ ਸਾਬਣ, ਚਾਹ ਪੱਤੀ, ਖੰਡ, ਚਾਵਲ ਦੀਆਂ ਕੀਮਤਾਂ ਵਿਚ ਵੀ ਪਿਛਲੇ ਕੁਝ ਸਮੇਂ ਵਿਚ ਵਾਧਾ ਹੋਇਆ ਹੈ, ਕਿਉਂਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਮਾਲ ਭਾੜੇ ਵਿਚ ਵਾਧਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਦਾ ਲਾਭ ਵੱਡੇ ਵਪਾਰਕ ਘਰਾਣਿਆਂ ਨੂੰ ਹੋ ਰਿਹਾ ਹੈ। ਜਮ੍ਹਾਂਖੋਰੀ ਕਾਰਨ ਰਸੋਈ ਵਿਚ ਵਰਤੇ ਜਾਣ ਵਾਲੇ ਤੇਲਾਂ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਜਾਰੀ ਹੈ। ਆਮ ਲੋਕ ਮਹਿੰਗਾਈ ਦੇ ਬੋਝ ਹੇਠਾਂ ਦੱਬ ਰਹੇ ਹਨ ਜਦੋਂ ਕਿ ਸਰਕਾਰ ਨੇ ਜਮ੍ਹਾਂਖੋਰੀ ਨੂੰ ਲੈ ਕੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਅੱਜ ਵੀ ਥੋਕ ਕੀਮਤਾਂ ਵਿਚ 3 ਤੋਂ 4 ਰੁਪਏ ਦਾ ਵਾਧਾ ਹੋਇਆ ਹੈ। ਮੌਸਮ ਦੀ ਅਚਾਨਕ ਤਬਦੀਲੀ ਕਾਰਨ ਕਣਕ ਦਾ ਝਾੜ ਵਿਚ 30 ਤੋਂ 40 ਫ਼ੀਸਦੀ ਘਟ ਗਿਆ ਹੈ, ਜਿਸ ਦਾ ਸਿੱਧਾ ਅਸਰ ਮੱਧਵਰਗ ਤੇ ਗ਼ਰੀਬਾਂ 'ਤੇ ਪੈ ਰਿਹਾ ਹੈ। ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕਰੇ ਤਾਂ ਕਿ ਲੋਕਾਂ ਨੂੰ ਕੁਝ ਮਹਿੰਗਾਈ ਤੋਂ ਰਾਹਤ ਮਿਲ ਸਕੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ।

ਫ਼ਸਲੀ ਵਿਭਿੰਨਤਾ ਅਪਣਾਉਣ ਦੀ ਲੋੜ

ਮਹਿੰਗਾਈ ਦੀ ਮਾਰ ਹੇਠ ਸਾਰਾ ਦੇਸ਼ ਜੂਝ ਰਿਹਾ ਹੈ, ਖ਼ਾਸ ਕਰ ਮੱਧਮ ਅਤੇ ਗ਼ਰੀਬ ਵਰਗ 'ਤੇ ਇਸ ਦਾ ਅਸਰ ਵਧੇਰੇ ਹੈ, ਉਥੇ ਹੀ ਕਿਸਾਨ ਵੀਰਾਂ ਨੂੰ ਇਸ ਵਾਰ ਕਣਕ ਦਾ ਝਾੜ ਘਟਣ ਕਰਕੇ ਬਹੁਤ ਨਿਰਾਸ਼ਾ ਹੋਈ ਹੈ ਅਤੇ ਕਈ ਕਿਸਾਨ ਤਾਂ ਇਸ ਤੋਂ ਦੁਖੀ ਹੋ ਕੇ ਆਤਮ-ਹੱਤਿਆ ਵੀ ਕਰ ਚੁੱਕੇ ਹਨ। ਬਹੁਤਿਆਂ ਪਰਿਵਾਰਾਂ ਵਿਚ ਤਾਂ ਘਰ ਦੇ ਮੁਖੀਏ ਤੋਂ ਬਿਨਾਂ ਹੋਰ ਕੋਈ ਕਮਾਉਣ ਵਾਲਾ ਵੀ ਨਹੀਂ ਹੈ, ਬੜੀ ਹੀ ਮੰਦਭਾਗੀ ਹਾਲਤ ਜਾਪਦੀ ਹੈ, ਕਿਸਾਨ ਦੀ, ਪਰ ਇਥੇ ਇਕ ਗੱਲ ਗ਼ੌਰ ਨਾਲ ਵਿਚਾਰਨਯੋਗ ਹੈ ਕਿ ਕਿਸਾਨ ਵੀਰ ਜੇਕਰ ਫ਼ਸਲਾਂ ਵਿਚ ਤਬਦੀਲੀ ਕਰ ਲੈਣ ਤਾਂ ਦਾਲਾਂ, ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਕਰਕੇ ਵਧੇਰੇ ਮੁਨਾਫ਼ਾ ਕਮਾ ਸਕਦੇ ਹਨ। ਕਿਉਂਕਿ ਝੋਨਾ ਆਪਾਂ ਸਿਰਫ਼ ਹੋਰਨਾਂ ਸੂਬਿਆਂ ਲਈ ਬੀਜਦੇ ਹਾਂ ਪੰਜਾਬ ਵਿਚ ਝੋਨੇ ਦੀ ਲਾਗਤ ਨਾ-ਮਾਤਰ ਹੈ ਪਰ ਇਸ 'ਤੇ ਪਾਣੀ ਦੀ ਬਹੁਤ ਖਪਤ ਹੁੰਦੀ ਹੈ ਅਤੇ ਇਹ ਸਾਰਾ ਪਾਣੀ ਪੰਜਾਬ ਦਾ ਹੀ ਵਰਤਿਆ ਜਾਂਦਾ ਹੈ। ਪਾਣੀ ਦੀ ਕਿੱਲਤ ਤੋਂ ਬਚਣ ਲਈ ਇਹ ਚੰਗਾ ਬਦਲ ਹੈ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਵੀ ਹੋਵੇਗਾ ਅਤੇ ਅਸਮਾਨੀਂ ਚੜ੍ਹੇ ਦਾਲਾਂ, ਸਬਜ਼ੀਆਂ ਦੇ ਭਾਅ ਵੀ ਹੇਠਾਂ ਆਉਣਗੇ, ਜਿਸ ਨਾਲ ਪੰਜਾਬ ਨੂੰ ਬਾਹਰੋਂ ਸਬਜ਼ੀਆਂ ਦਾਲਾਂ ਨਹੀਂ ਮੰਗਵਾਉਣੀਆਂ ਪੈਣਗੀਆਂ। ਟਰਾਂਸਪੋਰਟ, ਡੀਜ਼ਲ ਅਤੇ ਹੋਰ ਵਾਧੂ ਦੇ ਟੈਕਸਾਂ ਤੋਂ ਵੀ ਰਾਹਤ ਮਿਲੇਗੀ।
ਇਸ ਲਈ ਖੇਤੀ ਮਾਹਰਾਂ ਨੂੰ ਪਿੰਡ-ਪਿੰਡ ਜਾ ਕੇ ਇਸ ਪ੍ਰਤੀ ਕਿਸਾਨਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ ਅਤੇ ਝੋਨੇ ਦਾ ਬਦਲ ਕਰਕੇ ਹੋਰਨਾਂ ਫਸਲਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਬਣਦੀ ਸਬਸਿਡੀ ਮੁਹੱਈਆ ਕਰਵਾ ਕੇ ਕਿਸਾਨਾਂ ਨੂੰ ਖੇਤੀ ਧੰਦੇ ਵੱਲ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਮਜ਼ਦੂਰ ਨੁਕਸਾਨ ਤੋਂ ਦੁਖੀ ਹੋ ਕੇ ਆਤਮ-ਹੱਤਿਆ ਨਾ ਕਰਨ ਅਤੇ ਵਧੇਰੇ ਮੁਨਾਫਾ ਕਮਾਉਣ ਦੇ ਨਾਲ ਖ਼ੁਸ਼ੀ-ਖੁਸ਼ੀ ਆਵਦੇ ਪਰਿਵਾਰਾਂ ਵਿਚ ਜੀਵਨ ਬਤੀਤ ਕਰ ਸਕਣ।

-ਅਮਨਦੀਪ ਕੌਰ, ਹਾਕਮ ਸਿੰਘ ਵਾਲਾ, ਬਠਿੰਡਾ।

09-05-2022

 ਅਨੇਕਤਾਵਾਂ ਵਿਚ ਏਕਤਾ
ਭਾਰਤ ਦੇ ਅਲੱਗ-ਅਲੱਗ ਧਰਮਾਂ, ਵਰਗਾਂ, ਫਿਰਕਿਆਂ ਅਤੇ ਜਾਤਾਂ ਦੇ ਬਾਵਜੂਦ ਭਾਰਤੀ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਅਨੇਕਤਾਵਾਂ ਵਿਚ ਏਕਤਾ ਨੂੰ ਦਰਸਾਉਂਦੀ ਹੈ। ਸਮੇਂ-ਸਮੇਂ ਫਿਰਕੂ ਅਨਸਰਾਂ ਵਲੋਂ ਭਾਰਤ ਦੀ ਸ਼ਾਂਤੀ ਅਤੇ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਭਾਰਤੀ ਲੋਕਾਂ ਦੀ ਇਕਜੁਟਤਾ ਨੇ ਫਿਰਕਾਪ੍ਰਸਤੀ ਦੀ ਅੱਗ ਨੂੰ ਕਦੇ ਭੜਕਣ ਨਹੀਂ ਦਿੱਤਾ ਅਤੇ ਸਦਾ ਸੰਸਾਰ ਨੂੰ ਸ਼ਾਂਤੀ ਅਤੇ ਪਿਆਰ ਦਾ ਪੈਗ਼ਾਮ ਦਿੱਤਾ। ਮੌਜੂਦਾ ਸਮੇਂ ਵਿਚ ਵਧਦੀ ਅਸਹਿਣਸ਼ੀਲਤਾ ਅਤੇ ਨਫ਼ਰਤ ਦੀ ਵਧਦੀ ਅੱਗ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਆਪਸੀ ਮਤਭੇਦਾਂ ਨੂੰ ਮਿਟਾ ਕੇ ਗ਼ਲਤ ਅਨਸਰਾਂ ਖਿਲਾਫ਼ ਏਕਤਾ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਭਾਰਤ ਦੀ ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਅਤੇ ਅਖੰਡਤਾ ਕਾਇਮ ਰਹਿ ਸਕੇ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)।


ਰੂਸ-ਯੂਕਰੇਨ ਜੰਗ
ਰੂਸ-ਯੂਕਰੇਨ ਦੀ ਲੜਾਈ ਲੱਗਿਆਂ ਅੱਜ ਕਈ ਦਿਨ ਹੋ ਗਏ ਹਨ। ਖ਼ਬਰ ਮੁਤਾਬਿਕ ਯੂਕਰੇਨ ਬੰਬਾਰੀ ਨਾਲ ਤਬਾਹੀ ਹੋ ਰਹੀ ਹੈ। ਯੂਕਰੇਨ ਦੇ ਕਈ ਸ਼ਹਿਰਾਂ ਵਿਚ ਰੂਸ ਵਲੋਂ ਹਮਲੇ ਹੋ ਰਹੇ ਹਨ, ਤੇਲ ਦੇ ਭੰਡਾਰ ਤਬਾਹ ਕੀਤੇ ਜਾ ਰਹੇ ਹਨ, ਲੋਕਾਂ ਨੂੰ ਖਾਣ-ਪੀਣ ਦੇ ਲਾਲੇ ਪੈ ਗਏ ਹਨ, ਬਹੁਤੇ ਲੋਕ ਸ਼ਹਿਰ ਛੱਡ ਚੁੱਕੇ ਹਨ, ਕੁਝ ਲੋਕ ਹਿਜ਼ਰਤ ਕਰ ਰਹੇ ਹਨ। ਕਈ ਸ਼ਹਿਰ ਸੰਨਾਟੇ ਵਿਚ ਡੁੱਬੇ ਪਏ ਹਨ। ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਧਮਾਕੇ ਲਗਾਤਾਰ ਜਾਰੀ ਹਨ। ਲੜਾਈ ਹੋਰ ਵੀ ਭਿਅੰਕਰ ਹੋ ਸਕਦੀ ਹੈ। ਜੋ ਪੂਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਹੈ। ਸਾਰੇ ਵਿਸ਼ਵ ਦੇ ਦੇਸ਼ਾਂ ਨੂੰ ਇਕੱਠਿਆਂ ਹੋ ਕੇ ਯੂ.ਐਨ.ਓ. ਵਿਚ ਆਵਾਜ਼ ਬੁਲੰਦ ਕਰ ਲੜਾਈ ਬੰਦ ਕਰ ਸੰਵਾਦ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਹੈ। ਲੜਾਈ ਕੋਈ ਹੱਲ ਨਹੀਂ ਬਰਬਾਦੀ ਹੀ ਬਰਬਾਦੀ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ ਪੁਲਿਸ।


ਪੰਜਾਬ ਸਰਕਾਰ ਫ਼ੈਸਲੇ 'ਤੇ ਮੁੜ ਵਿਚਾਰ ਕਰੇ
ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਵਲੋਂ ਚਾਲੂ ਕੀਤੀ ਸਸਤੀ ਆਟਾ-ਦਾਲ ਸਕੀਮ ਤਹਿਤ ਲਗਭਗ ਡੇਢ ਕਰੋੜ ਖਪਤਕਾਰ ਇਸ ਦਾ ਲਾਭ ਲੈ ਰਹੇ ਹਨ। ਹੁਣ ਪਿਛਲੇ ਚਾਰ-ਪੰਜ ਸਾਲਾਂ ਤੋਂ ਲੋਕਾਂ ਨੂੰ ਸਿਰਫ਼ ਸਸਤੀ ਕਣਕ ਹੀ ਦਿੱਤੀ ਜਾ ਰਹੀ ਹੈ, ਜਦੋਂਕਿ ਦਾਲ ਖਤਮ ਕਰ ਦਿੱਤੀ ਗਈ ਹੈ। ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਇਹ ਸਕੀਮ ਦਾ ਲਾਭ ਲੈ ਰਹੇ ਲੋਕਾਂ ਦੇ ਘਰਾਂ ਤੱਕ ਕਣਕ ਦੀ ਬਜਾਏ ਆਟੇ ਦੀਆਂ ਥੈਲੀਆਂ ਪਹੁੰਚਾਈਆਂ ਜਾਇਆ ਕਰਨਗੀਆਂ ਜੋ ਕਿ ਬਿਲਕੁਲ ਗ਼ਲਤ ਫ਼ੈਸਲਾ ਹੈ। ਇਸ ਫੈਸਲੇ ਪਿੱਛੇ ਵੱਡੇ ਦਫਤਰਾਂ ਵਿਚ ਬੈਠੇ ਵੱਡੇ ਅਧਿਕਾਰੀਆਂ ਦਾ ਸਰਕਾਰ ਨੂੰ ਤੁਗਲਕੀ ਮਸ਼ਵਰਾ ਹੈ ਨਾ ਕਿ ਸਮਾਜ ਦੀ ਰਾਇ। ਕਿਉਂਕਿ ਇਹੋ ਜਿਹਾ ਫੈਸਲਾ ਅਕਾਲੀ-ਭਾਜਪਾ ਸਰਕਾਰ ਵਲੋਂ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ। ਇਸ ਪਿੱਛੇ ਕਈ ਕਾਰਨ ਹਨ ਜਿਵੇਂ ਸਰਕਾਰੀ ਕਣਕ ਕਈ ਵਾਰ ਨਮੀ ਕਰਕੇ ਜਾਂ ਅਧਿਕਾਰੀਆਂ ਵਲੋਂ ਭਾਰ ਵਧਾਉਣ ਲਈ ਜਾਣਬੁਝ ਕੇ ਗਿੱਲੀ ਕਰ ਦਿੱਤੀ ਜਾਂਦੀ ਹੈ ਤਾਂ ਖਪਤਕਾਰ ਇਸ ਨੂੰ ਸੁਕਾ ਕੇ ਤੇ ਸਵਾਰ ਕੇ ਖੁਦ ਆਟਾ ਬਣਾ ਕੇ ਖਾ ਸਕਦਾ ਹੈ। ਪਰ ਸਰਕਾਰੀ ਤੌਰ 'ਤੇ ਬਣਿਆ ਆਟਾ ਜ਼ਿਆਦਾਤਰ ਲੋਕਾਂ ਤੱਕ ਖਰਾਬ ਹੋਇਆ ਪਹੁੰਚੇਗਾ, ਜੋ ਇਨਸਾਨਾਂ ਲਈ ਕੀ ਪਸ਼ੂਆਂ ਲਈ ਵੀ ਹਾਨੀਕਾਰਕ ਹੋਵੇਗਾ। ਸਿੱਟੇ ਵਜੋਂ ਪੰਜਾਬ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ।


-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉੱਬੋਕੇ, ਤਹਿ. ਪੱਟੀ, ਤਰਨ ਤਾਰਨ।


ਸੁਝਾਅ
ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਆਮ ਲੋਕਾਂ ਤੋਂ ਸਲਾਹ ਲਈ ਸੀ। ਕੁਝ ਕੁ ਨੂੰ ਛੱਡ ਕੇ ਜਿਸ ਦਾ ਸਭ ਨੇ ਸਵਾਗਤ ਕੀਤਾ। ਜਿਸ ਦੇ ਨਤੀਜੇ ਵਜੋਂ 'ਆਪ' ਨੇ ਵੱਡੀ ਜਿੱਤ ਪ੍ਰਾਪਤ ਕੀਤੀ ਅਤੇ ਭਗਵੰਤ ਮਾਨ ਮੁੱਖ ਮੰਤਰੀ ਬਣੇ। ਹੁਣ ਵੇਖਣ ਵਿਚ ਆਇਆ ਹੈ ਕਿ ਪ੍ਰਿੰਟ ਮੀਡੀਆ/ਸੋਸ਼ਲ ਮੀਡੀਆ 'ਤੇ ਆਮ ਹੀ, ਆਮ ਲੋਕਾਂ, ਲੇਖਕਾਂ, ਬੁੱਧੀਜੀਵੀਆਂ ਵਲੋਂ ਸਰਕਾਰ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਆਪਣੇ ਤਜਰਬੇ ਵਿਚੋਂ ਵੱਡੀ ਗਿਣਤੀ ਵਿਚ ਸੁਝਾਅ ਦਿੱਤੇ ਜਾ ਰਹੇ ਹਨ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਵੀ ਇਨ੍ਹਾਂ ਵਿਚਾਰਾਂ 'ਤੇ ਗੌਰ ਕਰਕੇ, ਚੰਗੇ ਵਿਚਾਰਾਂ 'ਤੇ ਅਮਲ ਕਰ ਲੈਣਾ ਚਾਹੀਦਾ ਹੈ। ਇਸ ਨਾਲ ਸਰਕਾਰ ਨੂੰ ਵੀ ਫਾਇਦਾ ਹੋਵੇਗਾ ਅਤੇ ਸਰਾਕਰ 'ਤੇ ਆਮ ਲੋਕਾਂ ਦਾ ਵਿਸ਼ਵਾਸ ਵੀ ਬਣਿਆ ਰਹੇਗਾ।


-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ (ਮੋਗਾ)।


ਉੁਮੀਦਾਂ ਤੇ ਚੁਣੌਤੀਆਂ
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਤਾਂ ਸਰਕਾਰ ਬਣਨ ਦੇ ਨਾਲ ਹੀ ਇਸ ਸਮੇਂ ਅਜੋਕੀ ਪੰਜਾਬ ਸਰਕਾਰ ਦੇ ਸਨਮੁਖ ਬਹੁਤ ਸਾਰੀਆਂ ਚੁਣੌਤੀਆਂ ਹਨ। ਰਵਾਇਤੀ ਪਾਰਟੀਆਂ ਤੋਂ ਹਟ ਕੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਕਾਰਨ ਲੋਕਾਂ ਨੂੰ ਇਨ੍ਹਾਂ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ ਕਿ ਇਹ ਲੋਕਾਈ ਦਾ ਦਰਦ ਸਮਝ ਕੇ ਉਸ ਨੂੰ ਰਾਹਤ ਦੇਣਗੇ। ਲੋਕਾਂ ਦੇ ਇਸ ਭਰੋਸੇ ਨੂੰ ਕਾਇਮ ਰੱਖਣਾ ਹੀ ਇਸ ਸਰਕਾਰ ਲਈ ਵੱਡੀ ਚੁਣੌਤੀ ਹੈ। ਲੋਕ ਮਿਆਰੀ ਸਿੱਖਿਆ, ਸਿਹਤ ਸਹੂਲਤਾਂ, ਰੋਜ਼ਗਾਰ ਤੇ ਸੁਚੱਜਾ ਪ੍ਰਸ਼ਾਸ਼ਨ ਲੋਚਦੇ ਹਨ। ਇਸ ਸਮੁੱਚੇ ਪ੍ਰਬੰਧ ਲਈ ਸਾਰੇ ਮਹਿਕਮਿਆਂ ਦੇ ਨਾਲ ਬਿਊਰੋਕੇਸੀ (ਅਫ਼ਸਰਸ਼ਾਹੀ) ਦਾ ਸਾਥ ਬਹੁਤ ਜ਼ਰੂਰੀ ਹੈ, ਬਹੁਤੇ ਅਫ਼ਸਰ ਅਜੇ ਵੀ ਰਵਾਇਤੀ ਪਾਰਟੀਆਂ ਪ੍ਰਤੀ ਵਫਾਦਾਰੀ ਨਿਭਾਉਣ ਦੇ ਰੌਂਅ ਵਿਚ ਹੋਣਗੇ ਜੋ ਇਸ ਸਮੇਂ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਹੈ। ਰੋਜ਼ਗਾਰ ਦੇ ਮੁੱਦੇ ਨੂੰ ਸਹੀ ਢੰਗ ਨਾਲ ਨਜਿੱਠਣ ਲਈ ਠੋਸ ਉਪਰਾਲੇ ਕਰਨੇ ਪੈਣਗੇ ਨਹੀਂ ਤਾਂ ਇਹ ਮੁੱਦਾ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦਾ ਹੈ।


-ਡਾ. ਗੁਰਤੇਜ ਸਿੰਘ
ਪਿੰਡ ਤੇ ਡਾਕ. ਚੱਕ ਬਖਤੂ, ਤਹਿ. ਤੇ ਜ਼ਿਲਾ ਬਠਿੰਡਾ।

06-05-2022

 ਕੇਂਦਰੀ ਯੂਨੀਵਰਸਿਟੀਆਂ ਵਿਚ ਕਾਮਨ ਐਂਟਰੈਂਸ ਟੈਸਟ

ਕੀ ਕੇਂਦਰੀ ਯੂਨੀਵਰਸਿਟੀਆਂ ਵਿਚ ਸਾਂਝੀ ਦਾਖ਼ਲਾ ਪ੍ਰੀਖਿਆ ਵਿਦਿਆਰਥੀਆਂ ਲਈ ਲਾਭਦਾਇਕ ਰਹੇਗੀ? ਇਸ ਵਿਸ਼ੇ 'ਤੇ 'ਅਜੀਤ' ਅਖ਼ਬਾਰ ਵਿਚ ਛਪਿਆ ਪ੍ਰੋ. ਰਾਘਵੇਂਦਰ ਤਿਵਾਰੀ ਦਾ ਲੇਖ ਪੜ੍ਹਨ ਦਾ ਮੌਕਾ ਮਿਲਿਆ। ਇਨ੍ਹਾਂ ਨੇ ਸਿੱਖਿਆ ਦੀ ਗੁਣਵੱਤਾ ਦੇ ਕੇਂਦਰੀ ਨੁਕਤਿਆਂ 'ਤੇ ਬਹੁਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਹੈ। ਇਸ ਸੰਬੰਧੀ ਮਨ ਵਿਚ ਕੁਝ ਪ੍ਰਸ਼ਨ ਪੈਦਾ ਹੁੰਦੇ ਹਨ ਕਿ ਇਕ ਰਾਸ਼ਟਰ ਇਕ ਟੈਸਟ ਵਾਲੀ ਇਹ ਨੀਤੀ ਸਮਾਜ ਦੇ ਕਿਹੜੇ ਵਰਗ ਲਈ ਵਧੇਰੇ ਲਾਭਦਾਇਕ ਸਾਬਤ ਹੋਵੇਗੀ?
ਯੂਨੀਵਰਸਿਟੀਆਂ ਵਲੋਂ ਮੂਲ ਪ੍ਰਸ਼ਨ ਪੱਤਰ ਅੰਗਰੇਜ਼ੀ ਭਾਸ਼ਾ ਵਿਚ ਤਿਆਰ ਕਰਵਾਏ ਜਾਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਦਾ ਹੋਰਨਾਂ ਭਾਸ਼ਾਵਾਂ ਵਿਚ ਅਨੁਵਾਦ ਕਰਵਾਇਆ ਜਾਂਦਾ ਹੈ ਜਿਹੜਾ ਕਿ ਕਈ ਵਾਰੀ ਭਾਸ਼ਾ ਅਤੇ ਪ੍ਰਸ਼ਨ ਦੋਵਾਂ ਨਾਲ ਮਜ਼ਾਕ ਲਗਦਾ ਹੈ। ਬਹੁਤੇ ਵਿਦਿਆਰਥੀ ਇਹ ਜਾਣਦੇ ਹਨ ਕਿ ਸਥਾਨਕ ਭਾਸ਼ਾਵਾਂ ਨਾਲੋਂ ਮੂਲ ਭਾਸ਼ਾ ਵਿਚ ਤਿਆਰ ਕੀਤਾ ਪ੍ਰਸ਼ਨ ਪੱਤਰ ਵਧੇਰੇ ਸਪੱਸ਼ਟ ਅਤੇ ਸਰਲ ਹੁੰਦਾ ਹੈ ਜਿਸ ਨੂੰ ਸਮਝਣ ਵਿਚ ਕੋਈ ਵਧੇਰੇ ਮੁਸ਼ਕਿਲ ਨਹੀਂ ਆਉਂਦੀ। ਪਰ ਜਿਹੜੇ ਵਿਦਿਆਰਥੀ ਸਥਾਨਕ ਬੋਰਡਾਂ ਵਿਚੋਂ ਸਥਾਨਕ ਭਾਸ਼ਾਵਾਂ ਰਾਹੀਂ ਵਿੱਦਿਆ ਪ੍ਰਾਪਤ ਕਰਕੇ ਆਉਂਦੇ ਹਨ, ਉਹ ਅੰਗਰੇਜ਼ੀ ਭਾਸ਼ਾ ਵਿਚ ਬਹੁਤੀ ਮੁਹਾਰਤ ਨਹੀਂ ਰੱਖਦੇ ਅਤੇ ਜਦੋਂ ਉਹ ਸਥਾਨਕ ਭਾਸ਼ਾ ਪੜ੍ਹ ਕੇ ਕਿਸੇ ਪ੍ਰਸ਼ਨ ਨੂੰ ਸਮਝਣ ਦਾ ਯਤਨ ਕਰਦੇ ਹਨ ਤਾਂ ਉਨ੍ਹਾਂ ਲਈ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਕੁਝ ਪ੍ਰਸ਼ਨ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਜਵਾਬ ਇਕ ਸ਼ਬਦ ਵਿਚ ਸੰਭਵ ਨਹੀਂ ਹੁੰਦਾ ਅਤੇ ਕੁਝ ਵਿਆਖਿਆ ਦੀ ਮੰਗ ਕਰਦੇ ਹਨ। ਨੈਗੇਟਿਵ ਜਵਾਬ ਦੇ ਨੰਬਰ ਕੱਟਣ ਦਾ ਜਿਹੜਾ ਸੁਝਾਅ ਦਿੱਤਾ ਗਿਆ ਹੈ, ਉਹ ਵਧੇਰੇ ਸਾਰਥਕ ਨਹੀਂ ਜਾਪਦਾ, ਕਿਉਂਕਿ ਇਹ ਤਜਰਬਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਲੈਕਚਰਾਰ ਸੰਬੰਧੀ ਲਏ ਜਾਂਦੇ ਟੈਸਟਾਂ ਵਿਚ ਪਹਿਲਾਂ ਮੌਜੂਦ ਸੀ, ਪਰ ਬਾਅਦ ਵਿਚ ਇਹ ਖ਼ਤਮ ਕਰ ਦਿੱਤਾ ਗਿਆ। ਉਥੇ ਨੈਗੇਟਿਵ ਜਵਾਬ ਦੇ ਨੰਬਰ ਕੱਟਣੇ ਕਿਉਂ ਬੰਦ ਕੀਤੇ ਗਏ ਸਨ ਇਸ ਦਾ ਕਾਰਨ ਲੱਭਣ ਦੇ ਵੀ ਯਤਨ ਕਰਨੇ ਚਾਹੀਦੇ ਹਨ, ਕਿਉਂਕਿ ਵਿਦਿਆਰਥੀਆਂ ਦੇ ਦਾਖ਼ਲੇ ਨਾਲੋਂ ਵਧੇਰੇ ਜ਼ਰੂਰੀ ਅਧਿਆਪਕਾਂ ਦੀ ਗੁਣਵੱਤਾ ਨੂੰ ਕਾਇਮ ਰੱਖਣਾ ਹੈ। ਇਸ ਆਰਟੀਕਲ ਵਿਚੋਂ ਇਹ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਕਿ ਕਾਮਨ ਐਂਟਰੈਂਸ ਟੈਸਟ ਦਾ ਸਿਲੇਬਸ ਕੀ ਹੋਵੇਗਾ? ਕੇਂਦਰੀ ਸਿਲੇਬਸਾਂ ਨਾਲ ਅਕਸਰ ਸਥਾਨਕ ਰਾਜਾਂ ਦੇ ਸਿਲੇਬਸ ਮੇਲ ਨਹੀਂ ਖਾਂਦੇ ਅਤੇ ਜਿਹੜੇ ਵਿਦਿਆਰਥੀ ਸਥਾਨਕ ਬੋਰਡਾਂ ਵਿਚੋਂ ਸਿੱਖਿਆ ਪ੍ਰਾਪਤ ਕਰਦੇ ਹਨ, ਉਹ ਸਿੱਧੇ ਤੌਰ 'ਤੇ ਇਸ ਟੈਸਟ ਵਿਚੋਂ ਬਾਹਰ ਹੋ ਜਾਣਗੇ। ਕੇਂਦਰ ਸਰਕਾਰ ਜਦੋਂ ਇਤਿਹਾਸ ਅਤੇ ਭਾਸ਼ਾ ਦੇ ਵਿਸ਼ਿਆਂ ਸੰਬੰਧੀ ਕੋਈ ਫ਼ੈਸਲਾ ਲੈਂਦੀ ਹੈ ਤਾਂ ਵਿਭਿੰਨ ਰਾਜਾਂ ਵਿਚ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਕੇਂਦਰੀ ਟੈਸਟ ਵਿਚ ਸਥਾਨਕ ਤੌਰ 'ਤੇ ਪੜ੍ਹਾਏ ਜਾ ਰਹੇ ਇਤਿਹਾਸ ਅਤੇ ਭਾਸ਼ਾ ਦੇ ਵਿਸ਼ਿਆਂ ਦਾ ਕੀ ਰੋਲ ਹੋਵੇਗਾ? ਇਸ ਸੰਬੰਧੀ ਕੋਈ ਨੀਤੀ ਸਾਹਮਣੇ ਨਹੀਂ ਆਈ, ਜਿਹੜੀ ਕਿ ਆਮ ਲੋਕਾਂ ਵਿਚ ਰੋਸ ਪੈਦਾ ਕਰ ਸਕਦੀ ਹੈ। ਕੇਂਦਰੀ ਯੂਨੀਵਰਸਿਟੀਆਂ ਵਿਚ ਸਥਾਨਕ ਬੋਰਡਾਂ ਤੋਂ ਸਿੱਖਿਆ ਪ੍ਰਾਪਤ ਹੁਸ਼ਿਆਰ ਪੇਂਡੂ ਬੱਚਿਆਂ ਨੂੰ ਦਾਖਲਾ ਦੇਣ ਲਈ ਕਿਹੜੀ ਨੀਤੀ 'ਤੇ ਕੰਮ ਕੀਤਾ ਗਿਆ ਹੈ, ਉਸ ਸੰਬੰਧੀ ਨਵੀਂ ਸਿੱਖਿਆ ਨੀਤੀ ਅਤੇ ਕੇਂਦਰੀ ਟੈਸਟਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ।

-ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਸਾਨ ਖ਼ੁਦਕੁਸ਼ੀਆਂ

ਕੁਝ ਦਿਨ ਪਹਿਲਾਂ 'ਅਜੀਤ' ਦੇ ਪਹਿਲੇ ਪੰਨੇ 'ਤੇ ਕਿਸਾਨ ਖੁਦਕੁਸ਼ੀਆਂ ਦੀ ਰਿਪੋਰਟ ਪੜ੍ਹ ਕੇ ਬਹੁਤ ਹੀ ਦੁੱਖ ਮਹਿਸੂਸ ਹੋਇਆ। ਦੇਸ਼ ਦੇ ਅੰਨਦਾਤੇ ਦਾ ਹੱਥੀਂ ਮੌਤ ਸਹੇੜਨਾ ਪੰਜਾਬ ਦੇ ਗੌਰਵਮਈ ਵਿਰਸੇ 'ਤੇ ਕਲੰਕ ਹੈ। ਨਵੀਂ ਸਰਕਾਰ ਦੇ ਇਕ ਮਹੀਨੇ ਵਿਚ 14 ਕਿਸਾਨਾਂ ਦਾ ਮੌਤ ਦੇ ਸਮੁੰਦਰ ਵਿਚ ਡੁੱਬ ਜਾਣਾ ਅਤਿ ਦੁਖਦਾਈ ਹੈ। ਨਵੀਂ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਇਲਾਕੇ ਵਿਚ ਕੋਈ ਕਿਸਾਨ ਆਤਮ-ਹੱਤਿਆ ਕਰਦਾ ਹੈ, ਉਥੋਂ ਦਾ ਐਮ.ਐਲ.ਏ. ਜਾਂ ਹਲਕਾ ਇੰਚਾਰਜ ਖੁਦ ਪੀੜਤ ਪਰਿਵਾਰ ਨੂੰ ਮਿਲੇ ਤੇ ਖ਼ੁਦਕੁਸ਼ੀ ਦਾ ਕਾਰਨ ਜਾਣੇ ਤੇ ਉਸ ਦੀ ਰਿਪੋਰਟ ਮੁੱਖ ਮੰਤਰੀ ਨੂੰ ਦੇਵੇ ਤਾਂ ਕਿ ਮਰ ਰਹੇ ਕਿਸਾਨਾਂ ਨੂੰ ਬਚਾਉਣ ਦਾ ਕੋਈ ਤਰੀਕਾ ਲੱਭਿਆ ਜਾ ਸਕੇ।

-ਗਿਆਨੀ ਜੋਗਾ ਸਿੰਘ ਕਵੀਸ਼ਰ
ਭਾਗੋਵਾਲ (ਗੁਰਦਾਸਪੁਰ)।

ਬਿਜਲੀ ਸੰਕਟ

ਬਿਜਲੀ ਦੀ ਮੰਗ ਵਧਣ ਕਾਰਨ ਅਤੇ ਕੋਲੇ ਦੀ ਕਮੀ ਨੇ ਪੰਜਾਬ ਅੰਦਰ ਬਿਜਲੀ ਸੰਕਟ ਪੈਦਾ ਕਰ ਦਿੱਤਾ ਹੈ। ਗਰਮੀ ਰੁੱਤ ਵਿਚ ਮੰਗ ਦਾ ਵਧ ਜਾਣਾ ਕੁਦਰਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਇਸ ਮੰਗ ਦਾ ਪਤਾ ਵੀ ਹੁੰਦਾ ਹੈ। ਪਰ ਸਟੇਟ ਦੀ ਮਾੜੀ ਆਰਥਿਕਤਾ ਅੱਗੇ ਇਹ ਵੀ ਕੁਝ ਨਹੀਂ ਕਰ ਸਕਦੀ। ਰਾਜਨੀਤਕ ਪਾਰਟੀਆਂ ਸਰਕਾਰ ਨੂੰ ਸਹਿਯੋਗ ਕਰਨ ਦੀ ਬਜਾਏ ਆਪਣੇ ਵੋਟ ਬੈਂਕ ਨੂੰ ਵਧਾਉਣ ਲਈ ਇਥੇ ਵੀ ਸਾਨੂੰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਸੂਬੇ ਦੀ ਭਲਾਈ ਲਈ ਆਮ ਲੋਕਾਂ ਨੂੰ ਆਪਣੇ ਤੌਰ 'ਤੇ ਬਣਦਾ ਸਰਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਵੱਧ ਤੋਂ ਵੱਧ ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ। ਛੋਟੀ-ਛੋਟੀ ਬੱਚਤ ਕਰਕੇ ਅਸੀਂ ਆਪਣੇ ਸੂਬੇ ਦਾ ਬਹੁਤ ਵੱਡਾ ਭਲਾ ਕਰ ਸਕਦੇ ਹਾਂ। ਇਕੱਲੀ ਸਰਕਾਰ ਵੀ ਕੁਝ ਨਹੀਂ ਕਰ ਸਕਦੀ। ਆਸ ਕਰਦਾ ਹਾਂ ਕਿ ਪੰਜਾਬ ਵਾਸੀ ਹਰ ਮੁਸ਼ਕਿਲ ਦੀ ਤਰ੍ਹਾਂ ਇਸ ਨੂੰ ਵੀ ਚੁਣੌਤੀ ਵਜੋਂ ਸਵੀਕਾਰ ਕਰਨਗੇ।

-ਜਗਰੂਪ ਸਿੰਘ ਥੇਹ ਕਲੰਦਰ, ਫਾਜ਼ਿਲਕਾ।

ਨੈਤਿਕ ਨਿਘਾਰ

ਅਜੋਕੇ ਸਮਿਆਂ ਵਿਚ ਇਮਾਨਦਾਰੀ, ਸਚਾਈ, ਲੋੜਵੰਦਾਂ ਦੀ ਭਲਾਈ ਸਿਰਫ਼ ਧਾਰਮਿਕ ਗ੍ਰੰਥਾਂ ਤੱਕ ਹੀ ਸੀਮਤ ਰਹਿ ਗਈ ਹੈ। ਅਸਲੀ ਜੀਵਨ ਵਿਚ ਤਾਂ ਬੇਈਮਾਨੀ, ਠੱਗੀ, ਮਤਲਬਪ੍ਰਸਤੀ ਤੇ ਰਿਸ਼ਵਤਖੋਰੀ ਹੀ ਦੇਖਣ ਨੂੰ ਮਿਲਦੀਆਂ ਹਨ। ਦੇਸ਼ ਦੇ ਧਨ ਦੀ ਕਾਣੀਵੰਡ ਪੂਰੀ ਤਰ੍ਹਾਂ ਪਸਰੀ ਹੋਈ ਹੈ। ਅਮੀਰ ਹੋਰ ਅਮੀਰ ਤੇ ਗ਼ਰੀਬ ਹੋਰ ਗ਼ਰੀਬ ਹੋਈ ਜਾ ਰਹੇ ਹਨ। ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਆਮ ਆਦਮੀ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਜਦ ਇਨਸਾਨ ਸੱਤਾ ਵਿਚ ਆਉਂਦਾ ਹੈ ਤਾਂ ਆਪਣੇ-ਆਪ ਨੂੰ ਹਰਨਾਕਸ਼, ਕੰਸ ਤੇ ਰਾਵਣ ਵਾਂਗ ਰੱਬ ਹੀ ਸਮਝਣ ਲਗਦਾ ਹੈ। ਗ਼ਰੀਬਾਂ ਦੀ ਰੋਜ਼ੀ-ਰੋਟੀ ਦਾ ਓਨਾ ਫ਼ਿਕਰ ਨਹੀਂ ਹੁੰਦਾ ਜਿੰਨਾ ਕਿ ਆਪਣੇ ਬੈਂਕਾਂ ਵਿਚ ਖਾਤੇ ਭਰਨ ਦਾ ਤੇ ਸ਼ੁਹਰਤ ਖੱਟਣ ਦਾ। ਆਜ਼ਾਦੀ ਮਿਲਿਆਂ ਪੌਣੀ ਸਦੀ ਹੋ ਗਈ ਹੈ ਪਰ ਰਾਜ ਅਧਿਕਾਰੀਆਂ ਪਾਸੋਂ ਹਰ ਨਾਗਰਿਕ ਦੀ ਚੰਗੀ ਸਿਹਤ, ਸ਼ੁੱਧ ਵਾਤਾਵਰਨ, ਉਸਾਰੂ ਚੰਗੀ ਵਿੱਦਿਆ, ਸਵੱਛ ਪਾਣੀ ਦਾ ਪ੍ਰਬੰਧ ਵੀ ਨਹੀਂ ਹੋ ਸਕਿਆ। ਜਿਵੇਂ ਕਿ ਆਜ਼ਾਦੀ ਸਿਰਫ ਸੱਤਾਧਾਰੀਆਂ ਨੂੰ ਹੀ ਮਿਲੀ ਹੋਵੇ। ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਕਿਹੜੇ ਕਾਰਜਾਂ 'ਚ ਮਨੁੱਖ ਦੀ ਭਲਾਈ ਹੈ। ਜੋ ਰਾਜਾ ਪਰਜਾ ਦੀਆਂ ਜ਼ਰੂਰਤਾਂ ਸਮੱਸਿਆਵਾਂ ਦਾ ਧਿਆਨ ਨਹੀਂ ਰੱਖਦਾ ਉਸ ਨੂੰ ਰਾਜਾ ਬਣਨ ਦਾ ਕੋਈ ਅਧਿਕਾਰ ਨਹੀਂ ਹੈ।

-ਜਸਬੀਰ ਕੌਰ
4091, ਬਾਜ਼ਾਰ ਨੰ: 4, ਖੋਟ ਬਾਬਾ ਦੀਪ ਸਿੰਘ, ਅੰਮ੍ਰਿਤਸਰ

ਕਿਤਾਬਾਂ ਨਾਲ ਸਾਂਝ

ਚੰਗੀਆਂ ਕਿਤਾਬਾਂ ਜ਼ਿੰਦਗੀ 'ਚ ਰਸ ਭਰ ਦਿੰਦੀਆਂ ਹਨ। ਜੇਕਰ ਪੜ੍ਹਨ ਦਾ ਸ਼ੌਕ ਹੋਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਕਿਤਾਬਾਂ ਵਿਚ ਜ਼ਿੰਦਗੀ ਨਾਲ ਸੰਬੰਧਿਤ ਬੜੇ ਡੂੰਘੇ ਰਹੱਸ ਛੁਪੇ ਹੁੰਦੇ ਹਨ। ਕਿਤਾਬਾਂ ਵਿਚ ਸਾਡੇ ਵੱਡਿਆਂ ਦੇ ਅਨੁਭਵ ਤਜਰਬਿਆਂ, ਜ਼ਿੰਦਗੀ ਦਾ ਨਿਚੋੜ ਹੁੰਦਾ ਹੈ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਸਖ਼ਤ ਘਾਲਣਾ ਘਾਲੀ, ਦੁੱਖ-ਸੁੱਖ ਝੱਲੇ ਹੁੰਦੇ ਹਨ, ਉਹ ਹੀ ਦੂਜਿਆਂ ਨਾਲ ਆਪਣੀਆਂ ਲਿਖਤਾਂ ਰਾਹੀਂ ਅਨੁਭਵ ਸਾਂਝੇ ਕਰ ਸਕਦੇ ਹਨ। ਕਿਤਾਬਾਂ ਵਿਚੋਂ ਮਿਲਿਆ ਗਿਆਨ ਸਾਡੀ ਜ਼ਿੰਦਗੀ ਵਿਚ ਬਦਲਾਅ ਲਿਆ ਸਕਦਾ ਹੈ। ਆਓ ਆਪਾਂ ਚੰਗੀਆਂ ਕਿਤਾਬਾਂ ਨਾਲ ਸਾਂਝ ਪਾਈਏ, ਉਨ੍ਹਾਂ ਤੋਂ ਕੁਝ ਸਿੱਖ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣੀਏ।

-ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ, ਮੋਗਾ।

05-05-2022

 ਬਾਜ ਆਵੇ ਪਾਕਿ

ਪਾਕਿਸਤਾਨ ਵਲੋਂ ਸਰਹੱਦ ਪਾਰ ਤੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਹੋ ਰਹੀ ਹਥਿਆਰਾਂ ਤੇ ਨਸ਼ਿਆਂ ਦੀ ਸਪਲਾਈ ਚਿੰਤਾ ਦਾ ਵਿਸ਼ਾ ਹੈ। ਪਾਕਿ ਲਗਾਤਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਅੱਤਵਾਦੀਆਂ, ਅਪਰਾਧੀਆਂ, ਤਸਕਰਾਂ ਨੂੰ ਸ਼ਹਿ ਦੇ ਕੇ ਲੁਕਵੀਂ ਜੰਗ ਲੜ ਰਿਹਾ ਹੈ। ਪੰਜਾਬ ਤੋਂ ਬਾਹਰ ਬੈਠੇ ਅੱਤਵਾਦੀਆਂ ਦੀ ਮਦਦ ਨਾਲ ਨਸ਼ਿਆਂ ਹਥਿਆਰਾਂ ਦੀ ਸਪਲਾਈ ਡਰੋਨ ਰਾਹੀਂ ਲਗਾਤਾਰ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ। ਤਾਲਿਬਾਨ ਅੱਤਵਾਦੀਆਂ ਨੂੰ ਸ਼ਰੇਆਮ ਸਮਰਥਨ ਦੇ ਰਿਹਾ ਹੈ ਤੇ ਉਸ ਦੀ ਮਦਦ ਕਰ ਰਿਹਾ ਹੈ। ਭਾਰਤ ਨੂੰ ਪਾਕਿ ਨੂੰ ਸਬਕ ਸਿਖਾਉਣ ਲਈ ਉਸ ਨੂੰ ਯੂ.ਐਨ.ਓ. ਵਿਚ ਆਵਾਜ਼ ਬੁਲੰਦ ਕਰ ਅੱਤਵਾਦੀ ਦੇਸ਼ ਐਲਾਨਣਾ ਚਾਹੀਦਾ ਹੈ। ਖੁਫ਼ੀਆ ਏਜੰਸੀਆਂ ਨੂੰ ਪਾਕਿ ਦੀਆਂ ਕੋਝੀਆਂ ਹਰਕਤਾਂ ਨੂੰ ਰੋਕਣ ਲਈ ਚੁਸਤ-ਦਰੁਸਤ ਰਹਿਣਾ ਹੋਵੇਗਾ। ਬੀ.ਐਸ.ਐਫ. ਦੀ ਨਿਗਰਾਨੀ ਬਾਰਡਰ 'ਤੇ ਤੇਜ਼ ਕਰਨ ਲਈ ਕੇਂਦਰ ਨੂੰ ਧਿਆਨ ਦੇਣਾ ਚਾਹੀਦਾ ਹੈ। ਜੇਕਰ ਪੁਲਿਸ ਕਰਮੀ ਜਾਂ ਬੀ.ਐਸ.ਐਫ. ਜਵਾਨ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਸਦਨ ਵਿਚ ਸਖ਼ਤ ਕਾਨੂੰਨ ਪਾਸ ਕਰ ਸਜ਼ਾ ਦਿਵਾਉਣੀ ਚਾਹੀਦੀ ਹੈ। ਨਸ਼ੇ ਦੇ ਸੌਦਾਗਰਾਂ ਦੀਆਂ ਜਾਇਦਾਦਾਂ ਕੁਰਕ ਕਰ ਕੇ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ, ਤਾਂ ਜੋ ਇਨ੍ਹਾਂ ਲੋਕਾਂ ਵਿਚ ਕਾਨੂੰਨ ਦਾ ਡਰ ਪੈਦਾ ਹੋਵੇ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

ਸ਼ਲਾਘਾਯੋਗ ਲੇਖ

ਪਿਛਲੇ ਦਿਨੀਂ 'ਅਜੀਤ' ਵਿਚ ਪ੍ਰਕਾਸ਼ਿਤ ਹੋਇਆ ਡਾ. ਹਰਪ੍ਰੀਤ ਸਿੰਘ ਭੰਡਾਰੀ ਦਾ ਜਿਗਰ ਦੀ ਦੇਖਭਾਲ ਲਈ ਲਿਖਿਆ ਲੇਖ ਬਹੁਤ ਹੀ ਸ਼ਲਾਘਾਯੋਗ ਹੈ। ਜਿਗਰ ਦਾ ਮਹੱਤਵ ਬਹੁਤ ਸੰਖੇਪ ਰੂਪ ਵਿਚ ਸਮਝਾਇਆ ਗਿਆ ਹੈ। ਡਾ. ਸਾਹਿਬ ਵਲੋਂ ਦੱਸੇ ਨੁਕਤਿਆਂ ਤੇ ਨੁਸਖਿਆਂ ਦੀ ਵਰਤੋਂ ਨਾਲ ਹਰ ਵਿਅਕਤੀ ਤੰਦਰੁਸਤ ਰਹਿ ਸਕਦਾ ਹੈ। ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਲੇਖ ਆਪ ਜੀ ਦੇ ਅਖ਼ਬਾਰ ਵਿਚ ਜ਼ਰੂਰ ਛਾਪੇ ਜਾਣ ਤਾਂ ਜੋ ਹਰ ਵਿਅਕਤੀ ਇਨ੍ਹਾਂ ਨੂੰ ਪੜ੍ਹਨ ਉਪਰੰਤ ਜਾਗਰੂਕ ਹੋ ਕੇ ਨਰੋਈ ਸਿਹਤ ਨਾਲ ਸੁਖਾਵਾਂ ਜੀਵਨ ਬਤੀਤ ਕਰ ਸਕੇ।

-ਗੁਰਦਿਆਲ ਸਿੰਘ 'ਬੱਲ, ਬਾਰੀਆਂ।

ਕੌੜਾ ਸੱਚ

ਸੋਸ਼ਲ ਮੀਡੀਆ ਦੁਆਰਾ ਜਾਂ ਵੱਖੋ-ਵੱਖ ਢੰਗਾਂ ਨਾਲ ਆਪਾਂ ਮਜ਼ਦੂਰਾਂ ਨੂੰ ਅਹਿਸਾਸ ਕਰਵਾਉਂਦੇ ਹਾਂ ਕਿ ਅੱਜ ਮਜ਼ਦੂਰ ਦਿਵਸ ਹੈ ਪਰ ਉਨ੍ਹਾਂ ਦੀਆਂ ਸਮੱਸਿਆ ਜਾਂ ਭਾਵਨਾਵਾਂ ਨੂੰ ਨਹੀਂ ਸਮਝੇ। ਜਦੋਂ ਮਜ਼ਦੂਰਾਂ ਤੋਂ ਦਿਹਾੜੀ ਪੁੱਛਦੇ ਹਾਂ ਕਿ ਕਿੰਨੀ ਦਿਹਾੜੀ ਤਾਂ ਉਹ ਕਹਿੰਦਾ ਹੈ 500 ਜੀ। ਯਾਰ ਕੁਝ ਤਾਂ ਘੱਟ ਕਰ। ਪਰ ਜਦੋਂ ਅਸੀਂ ਮਾਲ ਜਾਂ ਕੋਈ 'ਫਿਕਸ ਰੇਟ' ਵਾਲੀ ਦੁਕਾਨ 'ਤੇ ਜਾਂਦੇ ਹਾਂ ਤਾਂ ਜਿੰਨੇ ਪੈਸੇ ਉਹ ਮੰਗਦੇ ਹਨ ਆਪਣੀ ਜੇਬ ਵਿਚੋਂ ਨੋਟ ਕੱਢ ਕੇ ਝੱਟ ਫੜਾ ਦਿੰਦੇ ਹਾਂ। ਪਰ ਮਜ਼ਦੂਰਾਂ ਦੇ ਪਸੀਨੇ ਦਾ ਮੁੱਲ ਨਹੀਂ ਦਿੱਤਾ ਜਾਂਦਾ। ਅੰਤ ਆਪਾਂ ਸਭ ਮਜ਼ਦੂਰ ਹਾਂ ਬਸ ਫ਼ਰਕ ਸਿਰਫ ਏਨਾ ਹੈ ਆਪਾਂ ਦਿਖਾਵਾ ਕਰਦੇ ਹਾਂ ਉਹ ਸਾਦਾ ਜੀਵਨ ਬਤੀਤ ਕਰਦੇ ਹਨ।

-ਕਿਰਨਪ੍ਰੀਤ
ਈ.ਟੀ.ਟੀ. ਅਧਿਆਪਕ ਬਲਾਕ ਜਖਪਾਲੀ, ਫ.ਗ.ਸ.।

ਦਸਵੰਧ ਜ਼ਰੂਰ ਕੱਢੋ

ਹੁਣ ਹਾੜ੍ਹੀ ਦੀ ਫ਼ਸਲ ਕਣਕ ਵੇਚ ਵੱਟ ਲਈ ਹੈ। ਆਪਣੀ ਨਿੱਜੀ ਆਮਦਨ ਦਾ ਦਸਵਾਂ ਹਿੱਸਾ ਆਪਣੇ ਇਸ਼ਟ ਆਪਣੇ ਗੁਰੂ ਲਈ ਦੇਣਾ ਹਰ ਇਕ ਦਾ ਫ਼ਰਜ਼ ਹੈ। ਆਪਾਂ ਨੂੰ ਗੁਰੂ ਘਰਾਂ ਲਈ ਕਣਕ ਅਤੇ ਨਿੱਜੀ ਆਮਦਨ ਦਾ ਦਸਵਾਂ ਹਿੱਸਾ ਜ਼ਰੂਰ ਦੇਣਾ ਚਾਹੀਦਾ ਹੈ। ਇਕੱਠੀ ਹੋਈ ਰਕਮ ਧਾਰਮਿਕ ਕਾਰਜਾਂ ਜਿਨ੍ਹਾਂ ਤੋਂ ਮਨੁੱਖ ਨੂੰ ਆਤਮਿਕ ਖੁਰਾਕ ਮਿਲਣੀ ਹੈ, ਲਈ ਵਰਤਿਆ ਜਾਂਦਾ ਹੈ। ਦਸਵੰਧ ਦੀ ਰਕਮ ਨਾ ਕੇਵਲ ਗੁਰਦੁਆਰਿਆਂ ਦੀ ਉਸਾਰੀ ਤੇ ਗੁਰਦੁਆਰਿਆਂ ਨਾਲ ਚਲਦੀਆਂ ਸਰਾਵਾਂ ਦੇ ਪ੍ਰਬੰਧ ਲਈ ਅਤੇ ਗ਼ਰੀਬ ਅਨਾਥ ਬੱਚਿਆਂ ਲਈ, ਯਤੀਮਖ਼ਾਨੇ ਚਲਾਉਣ ਲਈ ਵਰਤੀ ਜਾਂਦੀ ਹੈ, ਸਗੋਂ ਸਕੂਲ ਤੇ ਕਾਲਜ ਖੁੱਲ੍ਹਵਾਉਣ ਲਈ ਵੀ ਵਰਤੀ ਜਾਂਦੀ ਹੈ, ਤਾਂ ਕਿ ਲੋਕ ਧਾਰਮਿਕ ਸਿੱਖਿਆ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸਿੱਖਿਆ ਲੈ ਕੇ ਸੁਹੇਲੇ ਜੀਵਨ ਵਿਚ ਪ੍ਰਵੇਸ਼ ਕਰ ਸਕਣ। ਇਸ ਲਈ ਸਾਨੂੰ ਗੁਰੂ ਘਰਾਂ ਲਈ ਦਸਵੰਧ ਕੱਢਣਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ. ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਔਰਤਾਂ ਅਜੇ ਵੀ ਸੁਰੱਖਿਅਤ ਨਹੀਂ

ਅੱਜ ਦੇ ਵਿਕਸਿਤ ਤੇ ਆਧੁਨਿਕ ਸਮੇਂ ਵਿਚ ਵੀ ਔਰਤਾਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਦਿਨ-ਬ-ਦਿਨ ਛੇੜਖਾਨੀ ਤੇ ਜਬਰ ਜਨਾਹ ਜਿਹੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ। ਅੱਜ ਦੇ ਸਮੇਂ ਵਿਚ ਛੋਟੀਆਂ ਬੱਚੀਆਂ ਤੋਂ ਲੈ ਕੇ ਬਿਰਧ ਔਰਤਾਂ ਵੀ ਸੁਰੱਖਿਅਤ ਨਹੀਂ ਹਨ ਜੋ ਕਿ ਸਾਡੇ ਸਮਾਜ ਲਈ ਸ਼ਰਮ ਤੇ ਚਿੰਤਾ ਦਾ ਵਿਸ਼ਾ ਹੈ। ਸਰਕਾਰਾਂ ਸਮੇਂ-ਸਮੇਂ 'ਤੇ ਇਸ ਸਮੱਸਿਆ ਲਈ ਨਵੇਂ ਕਾਨੂੰਨ ਲਿਆਉਂਦੀਆਂ ਹਨ ਪਰ ਇਨ੍ਹਾਂ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ, ਜਿਸ ਕਾਰਨ ਗ਼ਲਤ ਕੰਮ ਕਰਨ ਵਾਲਿਆਂ ਨੂੰ ਸ਼ਹਿ ਮਿਲਦੀ ਹੈ। ਅੱਜ ਔਰਤਾਂ ਨਾਲ ਗ਼ਲਤ ਕੰਮ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਭਾਰਤ ਵਿਚ ਪਿਛਲੇ ਕੁਝ ਸਮੇਂ ਤੋਂ ਹਰ ਥਾਣੇ 'ਚ ਇਨ੍ਹਾਂ ਦਾ ਗ੍ਰਾਫ਼ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਜੋ ਕਿ ਸਾਡੇ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਘਟਨਾਵਾਂ ਵਿਚ ਲਗਾਤਾਰ ਵਾਧੇ ਦਾ ਕਾਰਨ ਸਰਕਾਰ ਤੇ ਪੁਲਿਸ ਦਾ ਸਹੀ ਕਦਮ ਨਾ ਚੁੱਕਣਾ ਹੈ। ਜੇਕਰ ਸਰਕਾਰ ਸਮੇਂ 'ਤੇ ਸਹੀ ਕਦਮ ਚੁੱਕੇ ਤਾਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਅਪਰਾਧਾਂ ਦੀ ਗਿਣਤੀ ਵਿਚ ਕਮੀ ਹੋ ਸਕਦੀ ਹੈ।

-ਸਾਕਸ਼ੀ ਸ਼ਰਮਾ, ਜਲੰਧਰ।

ਜਾਂਚ ਦੀ ਮੰਗ

ਇਕ ਪਾਸੇ ਲੋਕ ਖਾਣ ਲਈ ਦਾਣੇ-ਦਾਣੇ ਨੂੰ ਤਰਸ ਰਹੇ ਹਨ, ਦੂਜੇ ਪਾਸੇ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਬੇਹਾਲ ਕਰ ਰੱਖਿਆ ਹੈ। ਇਸ ਦੇ ਬਾਵਜੂਦ ਕਣਕ ਦੇ ਭੰਡਾਰਾਂ ਦੀ ਕਿਉਂ ਨਹੀਂ ਸਹੀ ਨਿਗਰਾਨੀ ਕੀਤੀ ਜਾ ਰਹੀ। ਕੁਝ ਦਿਨ ਪਹਿਲਾਂ ਬਠਿੰਡਾ ਦੇ ਬਾਹਰਵਾਰ ਜੱਸੀ ਚੌਕ ਕੋਲ ਫੂਸ ਮੰਡੀ ਨੇੜੇ ਪਨਗ੍ਰੇਨ ਦੇ ਖੁੱਲ੍ਹੇ ਗੁਦਾਮ ਵਿਚ ਪਲਿੰਥਾਂ ਨੂੰ ਅੱਗ ਲੱਗ ਗਈ। ਜਿਸ ਕਾਰਨ ਕਣਕ ਦੀਆਂ ਲਗਭਗ 18 ਹਜ਼ਾਰ ਭਰੀਆਂ ਬੋਰੀਆਂ ਸੜ ਕੇ ਸਵਾਹ ਹੋ ਗਈਆਂ। ਬੇਸ਼ੱਕ ਫਾਇਰ ਬ੍ਰਿਗੇਡ ਬਠਿੰਡਾ ਦੀਆਂ ਤਿੰਨ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਪਰ ਉਸ ਵਕਤ ਜੋ ਗੁਦਾਮ ਦੀ ਨਿਗਰਾਨੀ ਕਰ ਰਹੇ ਸਨ, ਉਹ ਕਿੱਥੇ ਗਏ ਸਨ? ਸੋਚਣ ਵਾਲੀ ਗੱਲ ਹੈ ਕਿ ਕਣਕ ਤੇ ਪਰਾਲੀ ਵਿਚ ਬਹੁਤ ਫ਼ਰਕ ਹੁੰਦਾ ਹੈ।
ਕਣਕ ਨੂੰ ਅੱਗ ਦੇਰ ਨਾਲ ਲਗਦੀ ਹੈ। ਉਹ ਵੀ ਕਣਕ ਜਦੋਂ ਬੋਰੀਆਂ ਵਿਚ ਰੱਖੀ ਹੋਵੇ। ਇਹ ਸਿੱਧਾ-ਸਿੱਧਾ ਕੋਈ ਘੁਟਾਲਾ ਲਗਦਾ ਹੈ। ਇਸ ਦੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਵੀ ਜ਼ਿੰਮੇਵਾਰ ਮੁਲਾਜ਼ਮ ਹਨ, ਉਨ੍ਹਾਂ ਤੋਂ ਇਸ ਦੀ ਪੂਰੀ-ਪੂਰੀ ਭਰਪਾਈ ਕਰਵਾਉਣੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਜਿਹੜਾ ਵੀ ਮੁਲਾਜ਼ਮ ਜਾਂ ਕਰਮਚਾਰੀ ਇਸ ਘੇਰੇ ਵਿਚ ਆਉਂਦਾ ਹੈ, ਉਸ ਨੂੰ ਬਖਸ਼ਿਆ ਨਾ ਜਾਵੇ, ਕਿਉਂਕਿ ਇਹ ਕਿਧਰੇ ਨਾ ਕਿਧਰੇ ਲਾਪਰਵਾਹੀ ਦਾ ਨਤੀਜਾ ਹੈ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

04-05-2022

 ਕਾਬੂ ਤੋਂ ਬਾਹਰ ਹੋਈ ਮਹਿੰਗਾਈ

ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਜਿਊਣਾ ਹਰਾਮ ਕੀਤਾ ਹੋਇਆ ਹੈ। ਗੈਸ ਸਿਲੰਡਰ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਤੋਂ ਲੋਕ ਬੇਹੱਦ ਦੁਖੀ ਨਜ਼ਰ ਆ ਰਹੇ ਹਨ। ਸਭ ਤੋਂ ਵੱਧ ਦੁਖੀ ਉਹ ਮਜ਼ਦੂਰ ਲੋਕ ਹਨ ਜੋ ਰੋਜ਼ ਦਿਹਾੜੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰ ਰਹੇ ਹਨ। ਰਸੋਈ ਗੈਸ, ਸਰ੍ਹੋਂ ਦਾ ਤੇਲ, ਘਿਓ, ਰਿਫਾਈਂਡ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਤੋਂ ਇਲਾਵਾ ਹੋਰ ਵੀ ਘਰੇਲੂ ਵਰਤੋਂ ਦੇ ਸਾਮਾਨ ਜਿਵੇਂ ਦੁੱਧ, ਦਾਲਾਂ, ਸਬਜ਼ੀਆਂ ਆਦਿ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਦੇਸ਼ ਦੇ ਲੋਕਾਂ ਨੂੰ ਰਾਹਤ ਦੇਣ ਦੇ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਮਹਿੰਗਾਈ ਖਿਲਾਫ਼ ਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ ਪਰ ਇਨ੍ਹਾਂ ਪ੍ਰਦਰਸ਼ਨਾਂ ਦਾ ਸਰਕਾਰ 'ਤੇ ਕੋਈ ਬਹੁਤਾ ਅਸਰ ਦਿਖਾਈ ਨਹੀਂ ਦੇ ਰਿਹਾ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਘਰੇਲੂ ਵਸਤੂਆਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ 'ਤੇ ਕੰਟਰੋਲ ਕਰੇ ਅਤੇ ਮਹਿੰਗਾਈ ਨੂੰ ਘੱਟ ਕਰਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦੇਵੇ ਤਾਂ ਜੋ ਆਮ ਲੋਕਾਂ ਨੂੰ ਵਧਦੀ ਮਹਿੰਗਾਈ ਤੋਂ ਨਿਜਾਤ ਮਿਲ ਸਕੇ।

-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ : ਸਿਹੌੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

ਬੰਦ ਕਰੋ ਮੁਫ਼ਤ ਸਹੂਲਤਾਂ

ਕਿਸੇ ਵੀ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੋਵੇ ਤਾਂ ਸਰਕਾਰਾਂ ਦੇ ਨਾਲ-ਨਾਲ ਦੇਸ਼ ਦੀ ਜਨਤਾ ਦਾ ਸਹਿਯੋਗ ਜ਼ਰੂਰੀ ਹੁੰਦਾ ਹੈ। ਸਾਡੇ ਪੰਜਾਬ ਅੰਦਰ ਆਪਣੀ ਕੁਰਸੀ ਲਈ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਕਰਕੇ ਪੰਜਾਬ ਦਿਨੋ-ਦਿਨ ਕਰਜ਼ੇ ਦੇ ਬੋਝ ਹੇਠਾਂ ਆ ਰਿਹਾ ਹੈ। ਪੰਜਾਬ ਅੰਦਰ 3 ਲੱਖ ਕਰੋੜ ਕਰਜ਼ਾ ਹੈ। ਪੰਜਾਬ ਉੱਪਰ ਇਹ ਓਨਾ ਆਸਾਨ ਨਹੀਂ, ਕਦੇ ਮੁਫ਼ਤ ਆਟਾ-ਦਾਲ ਸਕੀਮ, ਕਦੇ ਬਿਜਲੀ ਮੁਫ਼ਤ ਦੀ ਸਕੀਮ ਨੇ ਪੰਜਾਬ ਦਾ ਦਿਵਾਲਾ ਕੱਢ ਦਿੱਤਾ ਹੈ। ਆਏ ਦਿਨ ਪਾਵਰਕਾਮ ਨੂੰ ਬਿਜਲੀ ਦੇ ਸੰਕਟ ਨਾਲ ਜੂਝਣਾ ਪੈ ਰਿਹਾ ਹੈ ਜੋ ਕਿ ਆਮ ਜਨਤਾ 'ਤੇ ਬੋਝ ਹੈ। ਮੁਫ਼ਤ ਬਿਜਲੀ ਦੀ ਸਹੂਲਤ 'ਤੇ ਜਿਹੜਾ ਕਰਜ਼ਾ ਸਰਕਾਰ ਨੇ ਹਰ ਸਾਲ ਭਰਨਾ, ਉਹ ਘਾਟਾ ਕਿਹੜੀ ਸਰਕਾਰ ਪੂਰਾ ਕਰੇਗੀ। ਇਸ ਤੋਂ ਬਿਹਤਰ ਹੈ ਕਿ ਮੁਫ਼ਤ ਸਹੂਲਤਾਂ ਬੰਦ ਕੀਤੀਆਂ ਜਾਣ ਤਾਂ ਹੀ ਪੰਜਾਬ ਦੇ ਲੋਕ ਮਿਹਨਤ ਕਰਕੇ ਆਪਣਾ ਯੋਗਦਾਨ ਪਾ ਸਕਣਗੇ, ਜੇਕਰ ਇਹੋ ਹਾਲ ਰਿਹਾ ਤਾਂ ਨਤੀਜਾ ਭੁਗਤਣਾ ਪਵੇਗਾ। ਠੀਕ ਉਸੇ ਤਰ੍ਹਾਂ ਜਿਵੇਂ ਸ੍ਰੀਲੰਕਾ ਮੁਫ਼ਤ ਸਹੂਲਤਾਂ ਦੇ ਕੇ ਹੁਣ ਸੰਕਟ ਨਾਲ ਭੁਗਤ ਰਿਹਾ ਹੈ।

-ਨਵਨੀਤ ਸਿੰਘ ਭੁੰਬਲੀ।

ਅਵਾਰਾ ਪਸ਼ੂਆਂ ਦਾ ਹੋਵੇ ਹੱਲ

ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਤੇ ਲੋਕਾਂ ਨੂੰ ਵਧੀਆ ਸਿਹਤ ਲਈ ਪਸ਼ੂ ਧਨ ਅਤਿ ਜ਼ਰੂਰੀ ਹੈ, ਪਰ ਇਸ ਧਨ ਦੀ ਬੇਹਿਸਾਬ ਦੁਰਗਤੀ ਹੋ ਰਹੀ ਹੈ ਕਿਉਂਕਿ ਜਿਨ੍ਹਾਂ ਪਸ਼ੂਆਂ ਦਾ ਅਸੀਂ ਦੁੱਧ ਪੀਂਦੇ ਹਾਂ, ਮੱਖਣ ਖਾਂਦੇ ਤੇ ਭਾਂਤ-ਭਾਂਤ ਦੇ ਦੁੱਧ ਤੋਂ ਬਣੇ ਪਕਵਾਨ ਖਾਂਦੇ ਅਤੇ ਜੋ ਮਰਨ ਉਪਰੰਤ ਵੀ ਮਨੁੱਖ ਦਾ ਸਾਥ ਦਿੰਦੇ ਹਨ, ਹੁਣ ਫ਼ਸਲੀ ਬਰਬਾਦੀ ਦਾ ਕਾਰਨ ਬਣ ਰਹੇ ਹਨ, ਸੜਕੀ ਸਫ਼ਰ ਸਮੇਂ ਮਨੁੱਖੀ ਜਾਨਾਂ ਦਾ ਖੌ, ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਧਾਰਮਿਕ ਵਿਚਾਰਾਂ ਵਾਲੇ ਦੇਸ਼ ਵਿਚ ਅਵਾਰਾ ਪਸ਼ੂਆਂ ਤੇ ਗਊਆਂ ਦੀ ਬੇਕਦਰੀ ਤੇ ਅੱਤਿਆਚਾਰ ਹੋਣਾ ਬਹੁਤ ਮਾੜੀ ਗੱਲ ਹੈ। ਭਾਵੇਂ ਕਿ ਕਈ ਗਊਸ਼ਾਲਾਵਾਂ ਵੀ ਬਣੀਆਂ ਹੋਈਆਂ ਹਨ, ਪ੍ਰੰਤੂ ਇਹ ਅਵਾਰਾ ਪਸ਼ੂ ਕੂੜੇ ਦੇ ਢੇਰਾਂ ਅਤੇ ਸੜਕਾਂ 'ਤੇ ਫਿਰਦੇ ਆਮ ਹੀ ਵੇਖੇ ਜਾ ਸਕਦੇ ਹਨ।
ਸਰਕਾਰ ਵਲੋਂ ਵੀ ਗਊ ਸੈੱਸ ਦੇ ਰੂਪ ਵਿਚ ਭਾਰੀ ਟੈਕਸ ਲਗਾਏ ਜਾ ਰਹੇ ਹਨ, ਪਰ ਫਿਰ ਵੀ ਇਨ੍ਹਾਂ ਦੀ ਸਾਂਭ-ਸੰਭਾਲ ਦੇ ਕੋਈ ਠੋਸ ਤੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ, ਜਿਸ ਨਾਲ ਨਿਤ ਦਿਨ ਹਾਦਸੇ ਵਾਪਰ ਰਹੇ ਹਨ, ਮਨੁੱਖੀ ਜਾਨਾਂ ਜਾ ਰਹੀਆਂ ਹਨ। ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਕਈ ਪਿੰਡਾਂ ਵਿਚ ਫ਼ਸਲਾਂ ਬਚਾਉਣ ਲਈ ਠੀਕਰੀ ਪਹਿਰੇ ਵੀ ਲਗਾਏ ਜਾਂਦੇ ਹਨ। ਸੋ, ਮੌਜੂਦਾ ਸਰਕਾਰ ਨੂੰ ਕਈ ਸਾਲਾਂ ਤੋਂ ਬਣੀ ਇਹ ਅਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਦੇ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਮਹਿੰਗਾਈ ਦਾ ਬੋਝ

ਮਹਿੰਗਾਈ ਦਾ ਬੋਝ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਮਿਸਾਲ ਦੇ ਤੌਰ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪਿਛਲੇ ਦੋ-ਤਿੰਨ ਹਫ਼ਤਿਆਂ ਵਿਚ ਦਸ ਰੁਪਏ ਤੱਕ ਵਧ ਕੇ ਸੌ ਰੁਪਏ ਤੋਂ ਪਾਰ ਹੋ ਚੁੱਕੀਆਂ ਹਨ। ਇਸ ਦਾ ਸੇਕ ਲਾਜ਼ਮੀ ਸਾਰੇ ਤਬਕਿਆਂ 'ਤੇ ਪੈ ਰਿਹਾ ਹੈ। ਹੇਠਲੇ ਤਬਕੇ 'ਤੇ ਸਭ ਨਾਲੋਂ ਵੱਧ ਪੈ ਰਿਹਾ ਹੈ ਕਿਉਂਕਿ ਪੈਟਰੋਲ ਡੀਜ਼ਲ ਦੀ ਮਹਿੰਗਾਈ ਨਾਲ ਢੋਆ-ਢੁਆਈ, ਕਿਰਾਏ ਤੇ ਹੋਰ ਸੇਵਾਵਾਂ ਦੀਆਂ ਕੀਮਤਾਂ ਵੀ ਵਧਦੀਆਂ ਹਨ। ਪਿਛਲੇ ਇਕ-ਡੇਢ ਸਾਲ ਵਿਚ ਹੀ ਇਨ੍ਹਾਂ ਦੀ ਕੀਮਤ ਲਗਭਗ 40 ਫ਼ੀਸਦੀ ਤੱਕ ਵਧ ਚੁੱਕੀ ਹੈ। ਪਰ ਪੈਟਰੋਲ-ਡੀਜ਼ਲ ਦਾ ਵਜ਼ਨ 2.19 ਫ਼ੀਸਦੀ ਤੇ 0.15 ਫ਼ੀਸਦੀ ਕ੍ਰਮਵਾਰ ਹੋਣ ਕਰਕੇ 40 ਫ਼ੀਸਦੀ ਤੱਕ ਦਾ ਇਹ ਵੱਡਾ ਵਾਧਾ ਬੇਹੱਦ ਘਟ ਕੇ ਨਜ਼ਰ ਆਉਂਦਾ ਹੈ। ਭਾਵੇਂ ਰੋਜ਼ਾਨਾ ਦਫ਼ਤਰ ਆਉਣ ਜਾਣ ਲਈ ਆਪਣਾ ਸਾਧਨ ਵਰਤਣ ਵਾਲੀ ਜਾਂ ਕਿਰਾਇਆ ਲਾ ਕੇ ਆਉਣ-ਜਾਣ ਕਰਨ ਵਾਲੀ ਆਬਾਦੀ ਤੇ ਇਸ ਦਾ ਬੋਝ ਲਾਜ਼ਮੀ ਮੁਦਰਾ ਸਫ਼ੀਤੀ ਦੀ ਸਰਕਾਰੀ ਦਰ ਜਾਣੀ 7 ਫ਼ੀਸਦੀ ਤੋਂ ਵਧ ਕੇ ਪਿਆ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਕਿਸਾਨਾਂ ਨੂੰ ਵੀ ਘਾਟਾ ਪੈ ਰਿਹਾ ਹੈ। ਬਿਜਲੀ ਦੀ ਕਟੌਤੀ ਹੋ ਰਹੀ ਹੈ ਤੇ ਕਿਸਾਨਾਂ ਨੇ ਝੋਨੇ ਦੀ ਬਿਜਾਈ ਕਰਨੀ ਹੈ ਤੇ ਕਿਸਾਨਾਂ ਨੂੰ ਪੈਟਰੋਲ-ਡੀਜ਼ਲ ਦੀ ਲੋੜ ਪੈਣੀ ਹੈ। ਬਿਨਾਂ ਤੇਲ ਤੋਂ ਕਿਸਾਨਾਂ ਦੀ ਬਿਜਾਈ ਹੋਣੀ ਅਸੰਭਵ ਹੈ। ਕੀ ਨਵੀਂ ਸਰਕਾਰ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਵਿਚ ਕਾਮਯਾਬ ਰਹੇਗੀ?

-ਦਵਿੰਦਰ ਖੁਸ਼ ਧਾਲੀਵਾਲ

03-05-2022

 ਧੰਨਵਾਦ

ਬੀਤੇ ਦਿਨੀਂ 25 ਅਪ੍ਰੈਲ ਨੂੰ 'ਸਰ ਜੋਗਿੰਦਰ ਸਿੰਘ ਦੀਆਂ ਸ਼ਾਨਦਾਰ ਪ੍ਰਾਪਤੀਆਂ' ਬਾਰੇ ਮੇਰਾ ਲੇਖ 'ਅਜੀਤ' ਦੇ 'ਧਰਮ ਤੇ ਵਿਰਸਾ' ਅੰਕ 'ਚ ਛਾਪਿਆ ਗਿਆ, ਉਸ ਲਈ ਬਹੁਤ ਧੰਨਵਾਦ। ਮੈਂ ਸਮਝਦਾ ਹਾਂ ਕਿ ਬਰਤਾਨਵੀ ਸਾਮਰਾਜ ਵਿਚ ਬਹੁਤ ਸਾਰੀਆਂ ਸਿੱਖ ਸ਼ਖ਼ਸੀਅਤਾਂ ਹੋਈਆਂ ਹਨ, ਜਿਨ੍ਹਾਂ ਨੇ ਸਿੱਖ ਧਰਮ ਦੀ ਉੱਨਤੀ ਲਈ ਬਹੁਤ ਸਾਕਾਰਾਤਮਿਕ ਭੂਮਿਕਾ ਨਿਭਾਈ, ਪਰ ਲੋਕ ਉਨ੍ਹਾਂ ਬਾਰੇ ਬਹੁਤ ਘੱਟ ਜਾਣਦੇ ਹਨ। ਇਨ੍ਹਾਂ 100 ਸਾਲਾਂ ਦੌਰਾਨ ਬਹੁਤ ਸਾਰੇ ਸਿੱਖਾਂ ਨੂੰ 'ਸਰ' ਦੀ ਉਪਾਧੀ ਨਾਲ ਨਿਵਾਜਿਆ ਗਿਆ ਸੀ, ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਪਾਉਣ ਵਾਲੇ ਦੇਸ਼ ਭਗਤਾਂ ਦੇ ਨਾਲ-ਨਾਲ ਅਜਿਹੀਆਂ ਸ਼ਖ਼ਸੀਅਤਾਂ ਬਾਰੇ ਵੀ ਅੱਜ ਦੀ ਪੀੜ੍ਹੀ ਨੂੰ ਦੱਸਣ ਦੀ ਬਹੁਤ ਜ਼ਰੂਰਤ ਹੈ।

-ਤਰਲੋਚਨ ਸਿੰਘ
ਸਾਬਕਾ ਐਮ.ਪੀ.

ਨਫ਼ਰਤ ਫੈਲਾਉਣਾ ਬੰਦ ਕਰਨ ਸਰਕਾਰਾਂ

ਪਿਛਲੇ ਅੱਠ ਸਾਲਾਂ ਤੋਂ ਮੋਦੀ ਸਰਕਾਰ ਵਲੋਂ ਮੁਲਕ ਦੀ ਸਭ ਤੋਂ ਵੱਡੀ ਘੱਟ-ਗਿਣਤੀ ਮੁਸਲਮਾਨਾਂ ਦੇ ਖ਼ਿਲਾਫ਼ ਲਗਾਤਾਰ ਫ਼ਿਰਕੂ ਨਫ਼ਰਤ, ਦਹਿਸ਼ਤ ਅਤੇ ਦੰਗੇ-ਫਸਾਦਾਂ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਕਦੇ ਗਊ ਮਾਸ, ਵੰਦੇ ਮਾਤਰਮ, ਲਵ ਜੇਹਾਦ, ਤਿੰਨ ਤਲਾਕ ਦੇ ਮੁੱਦੇ ਉਭਾਰਨ, ਮੁਸਲਮਾਨਾਂ ਖਿਲਾਫ਼ ਹਜੂਮੀ ਹਿੰਸਾ ਕਰਵਾਉਣ ਅਤੇ ਕਦੇ ਰਾਮ ਮੰਦਰ ਨਿਰਮਾਣ ਦਾ ਇਕਪਾਸੜ ਫ਼ੈਸਲਾ, ਨਾਗਰਿਕਤਾ ਸੋਧ ਬਿੱਲ, ਜੰਮੂ-ਕਸ਼ਮੀਰ 'ਚੋਂ ਧਾਰਾ 370 ਅਤੇ 35 ਏ ਖ਼ਤਮ ਕਰਕੇ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਦੇ ਪੱਖਪਾਤੀ ਕਾਨੂੰਨ ਪਾਸ ਕਰਕੇ ਮੁਸਲਿਮ ਫ਼ਿਰਕੇ ਨੂੰ ਇਹ ਅਹਿਸਾਸ ਕਰਵਾਉਣ ਦੀ ਫ਼ਿਰਕੂ ਅਤੇ ਫਾਸ਼ੀਵਾਦੀ ਰਾਜਨੀਤੀ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਹੁਣ ਭਾਰਤ ਵਿਚ ਦੂਜੇ ਦਰਜੇ ਦੇ ਨਾਗਰਿਕ ਬਣ ਕੇ ਰਹਿਣਾ ਹੋਵੇਗਾ। ਯੂ.ਪੀ. ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਤਾਂ ਸੰਘ ਅਤੇ ਭਾਜਪਾ ਨੇ ਹਿਜਾਬ, ਹਲਾਲ ਮਾਸ ਉਤੇ ਪਾਬੰਦੀ ਅਤੇ ਹੁਣ ਹਿੰਦੂਤਵੀ ਸੰਗਠਨਾਂ ਵਲੋਂ ਮਸਜਿਦਾਂ ਦੇ ਸਾਹਮਣੇ ਲਾਊਡ ਸਪੀਕਰ ਵਜਾ ਕੇ ਹਨੂੰਮਾਨ ਚਲੀਸਾ ਦਾ ਪਾਠ ਕਰਨ ਅਤੇ ਮੁਸਲਮਾਨਾਂ ਦੇ ਘਰਾਂ-ਦੁਕਾਨਾਂ ਉਤੇ ਬੁਲਡੋਜ਼ਰ ਚਲਾਉਣ ਦੀਆਂ ਫਾਸ਼ੀਵਾਦੀ ਕਾਰਵਾਈਆਂ ਹੋਰ ਤੇਜ਼ ਹੋਈਆਂ ਹਨ। ਸਭ ਤੋਂ ਵੱਧ ਸ਼ਰਮ ਦੀ ਗੱਲ ਇਹ ਹੈ ਕਿ ਦੇਸ਼ ਦੀ ਕਿਸੇ ਵੀ ਕੌਮੀ ਜਾਂ ਖੇਤਰੀ ਸਿਆਸੀ ਪਾਰਟੀ ਨੇ ਮੋਦੀ ਹਕੂਮਤ ਵਲੋਂ ਮੁਸਲਮਾਨਾਂ ਨਾਲ ਕੀਤੀਆਂ ਉਪਰੋਕਤ ਬੇਇਨਸਾਫ਼ੀਆਂ, ਵਧੀਕੀਆਂ ਅਤੇ ਗ਼ੈਰ-ਸੰਵਿਧਾਨਿਕ ਕਾਰਵਾਈਆਂ ਦੇ ਖ਼ਿਲਾਫ਼ ਸੰਸਦ ਦੇ ਅੰਦਰ ਜਾਂ ਬਾਹਰ ਕਦੇ ਹਾਅ ਦਾ ਨਾਅਰਾ ਨਹੀਂ ਮਾਰਿਆ। ਇਨ੍ਹਾਂ ਦੀ ਸਾਜਿਸ਼ੀ ਚੁੱਪ ਕਾਰਨ ਹੀ ਇਸ ਵਕਤ ਮੁਸਲਿਮ ਫ਼ਿਰਕਾ ਪੂਰੀ ਤਰਾਂ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਨ੍ਹਾਂ ਨੇ ਤਾਂ ਚੋਣ ਕਮਿਸ਼ਨ ਤੋਂ ਈ.ਵੀ.ਐਮ. ਦੀ ਥਾਂ ਬੈਲਟ ਪੇਪਰ ਨਾਲ ਚੋਣਾਂ ਕਰਵਾਉਣ ਦੀ ਮੰਗ ਵੀ ਛੱਡ ਦਿੱਤੀ ਹੈ । ਬੇਹੱਦ ਅਫ਼ਸੋਸ ਹੈ ਕਿ ਇਹ ਸਿਆਸੀ ਪਾਰਟੀਆਂ ਮੁਲਕ ਦੇ ਜਨਤਕ ਢਾਂਚੇ, ਆਰਥਿਕਤਾ, ਸੰਵਿਧਾਨ, ਜਮਹੂਰੀਅਤ, ਧਰਮ-ਨਿਰਪੱਖਤਾ ਅਤੇ ਫੈਡਰਲ ਢਾਂਚੇ ਦੀ ਰਾਖੀ ਕਰਨ ਦੀ ਥਾਂ ਸਿਰਫ ਆਪਣੀ ਹੋਂਦ ਬਚਾਉਣ ਲਈ ਹੀ ਕੋਈ ਮੁਹਾਜ਼ ਉਸਾਰਨਾ ਚਾਹੁੰਦੀਆਂ ਹਨ ਅਤੇ ਇਨ੍ਹਾਂ ਦਾ ਜਨਤਾ ਦੇ ਬੁਨਿਆਦੀ ਮਸਲੇ ਹੱਲ ਕਰਵਾਉਣ ਨਾਲ ਕੋਈ ਸਰੋਕਾਰ ਨਹੀਂ ਹੈ।

-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।

'ਮੁਹੱਬਤ ਦੀ ਕਹਾਣੀ'

ਐਤਵਾਰ ਦੇ 'ਅਜੀਤ ਮੈਗਜ਼ੀਨ' ਵਿਚ ਦੋ ਕਿਸ਼ਤਾਂ ਵਿਚ ਛਪਿਆ ਡਾ. ਤਾਹਿਰ ਮਹਿਮੂਦ ਦਾ ਲੇਖ 'ਮੁਹੱਬਤ ਦੀ ਕਹਾਣੀ' ਮਨ ਨੂੰ ਗਹਿਰਾਈਆਂ ਤੱਕ ਛੂਹ ਗਿਆ। ਡਾ. ਤਾਹਿਰ ਮਹਿਮੂਦ ਨੇ ਆਪਣੀ ਮੁਹਬੱਤ ਦੀ ਦਾਸਤਾਨ ਪੇਸ਼ ਕੀਤੀ ਹੈ ਜੋ ਹਰ ਮੁਹੱਬਤ ਕਰਨ ਵਾਲੇ ਦੇ ਮਨ ਨੂੰ ਛੂੰਹਦੀ ਹੈ। ਮੁਹੱਬਤ ਦੇ ਦੁਸ਼ਮਣ ਲੋਕ ਮੁਹੱਬਤ ਕਰਨ ਵਾਲਿਆਂ ਨੂੰ ਕਬੂਲ ਨਹੀਂ ਕਰਦੇ, ਜਿਸ ਕਾਰਨ ਉਨ੍ਹਾਂ ਨੂੰ ਅੰਤਾਂ ਦੇ ਤਸੀਹੇ ਝੱਲਣੇ ਪੈਂਦੇ ਹਨ। ਡਾ. ਸਾਹਿਬ ਦੀ ਮੁਹੱਬਤ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਉਨ੍ਹਾਂ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦੀ ਪ੍ਰੇਮਿਕਾ ਫਰਜ਼ਾਨਾ ਦੀ ਮਾਰਕੁੱਟ ਕਰਕੇ ਉਸ ਤੋਂ ਜੁਦਾ ਕੀਤਾ ਗਿਆ ਪਰ ਉਮਰ ਛੋਟੀ ਹੋਣ ਕਰਕੇ ਉਹ ਕਰ ਕੁਝ ਨਾ ਸਕੇ। ਫ਼ਰਜ਼ਾਨਾ ਦਾ ਵਿਛੋੜਾ ਡਾ. ਤਾਹਿਰ ਮਹਿਮੂਦ ਲਈ ਅਸਹਿ ਸੀ ਪਰ ਸੱਚੀ ਮੁਹੱਬਤ ਨੂੰ ਕੋਈ ਕਦ ਤੱਕ ਰੋਕ ਸਕਦਾ ਸੀ। ਫ਼ਰਜ਼ਾਨਾ ਨੂੰ ਮਿਲਣ ਦੀ ਚਾਹਤ ਮਹਿਮੂਦ ਸਾਹਿਬ ਨੂੰ ਫ਼ਰਜ਼ਾਨ ਦੀ ਦਹਿਲੀਜ਼ ਤੱਕ ਲੈ ਗਈ। ਪਰ ਡਾ. ਸਾਹਿਬ ਨੇ ਪਹੁੰਚਣ ਵਿਚ ਦੇਰ ਕਰ ਦਿੱਤੀ, ਕਿਉਂਕਿ ਆਪਣੀ ਮੁਹੱਬਤ ਦੇ ਵਿਛੋੜਾ ਅਸਹਿ ਹੋਣ ਕਾਰਨ ਫ਼ਰਜ਼ਾਨਾ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਚੁੱਕੀ ਸੀ। ਅਕਸਰ ਭਾਰਤ ਤੇ ਪਾਕਿਸਤਾਨ ਦੀ ਮੁਹੱਬਤ ਦੀ ਗੱਲ ਕਰਨ ਵਾਲੇ ਡਾ. ਤਾਹਿਰ ਮਹਿਮੂਦ ਦੀ ਆਪਣੀ ਸੱਚੀ ਮੁਹੱਬਤ ਦੀ ਦਾਸਤਾਨ ਪੜ੍ਹ ਕੇ ਮਨ ਦਰਦ ਦੀਆਂ ਡੂੰਘੀਆਂ ਖਾਈਆਂ ਵਿਚ ਚਲੇ ਜਾਂਦਾ ਹੈ। ਸੱਚਮੁੱਚ ਮੁਹੱਬਤ ਖ਼ੁਦਾ ਦੀ ਇਬਾਦਤ ਹੈ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਜੈਵਿਕ ਖੇਤੀ ਅਪਣਾਉਣ ਦੀ ਲੋੜ

ਜੈਵਿਕ ਖੇਤੀ ਅੱਜ ਦੇ ਸਮੇਂ ਦੀ ਜ਼ਰੂਰਤ ਬਣ ਚੁੱਕੀ ਹੈ। ਹਰੀ ਕ੍ਰਾਂਤੀ ਨਾਲ ਕਿਸਾਨਾਂ ਦੇ ਖ਼ਰਚੇ ਵਧ ਗਏ ਪਰ ਆਮਦਨ ਘੱਟ ਹੁੰਦੀ ਜਾ ਰਹੀ ਹੈ ਅਤੇ ਕਿਸਾਨ ਕਰਜ਼ਾਈ ਬਣਦਾ ਜਾ ਰਿਹਾ ਹੈ। ਪਰ ਖੇਤੀ ਦੀ ਪੁਰਾਣੀ ਰਵਾਇਤ ਨੂੰ ਵਿਗਿਆਨ ਦੇ ਨਾਲ ਜੋੜ ਕੇ ਇਕ ਨਵਾਂ ਰਾਹ ਲੱਭਿਆ ਜਾ ਸਕਦਾ ਹੈ। ਇਹ ਰਾਹ ਜੈਵਿਕ ਖੇਤੀ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ। ਸਿਆਣਾ ਇਨਸਾਨ ਉਹੀ ਹੈ ਜਿਹੜਾ ਪਹਿਲਾਂ ਮਾਰਕੀਟ ਦੇਖੇ, ਫਿਰ ਮਿੱਟੀ ਦੀ ਜਾਂਚ ਕਰਵਾਏ, ਤਾਪਮਾਨ ਦਾ ਖਿਆਲ ਰੱਖੇ ਅਤੇ ਵਧੀਆ ਬੀਜ ਦੀ ਚੋਣ ਕਰੇ। 365 ਦਿਨਾਂ ਵਿਚ 300 ਦਿਨ ਕਿਵੇਂ ਕੰਮ ਕਰੀਏ, ਹਰੇਕ ਕਿਸਾਨ ਨੂੰ ਇਸ ਦਾ ਫ਼ਿਕਰ ਹੋਣਾ ਚਾਹੀਦਾ ਹੈ। ਸਾਨੂੰ ਇਕ-ਦੋ ਫ਼ਸਲਾਂ ਹੀ ਨਹੀਂ ਸਗੋਂ ਇਕ-ਦੂਜੇ 'ਤੇ ਨਿਰਭਰ ਖੇਤੀ ਦੀ ਬਹੁਪੱਖੀ ਵਿਵਸਥਾ ਲਾਗੂ ਕਰਨੀ ਚਾਹੀਦੀ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਮੁੱਲਵਾਨ ਸਮਾਂ

ਆਲਸ ਸਮੇਂ ਦੀ ਬਰਬਾਦੀ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ। ਜੋ ਸਮੇਂ ਨੂੰ ਦੋਸ਼ੀ ਬਣਾਉਣ ਨਾਲੋਂ ਇਸ ਦੇ ਮਹੱਤਵ ਨੂੰ ਸਮਝਦੇ ਹੋਏ ਇਸ ਦਾ ਸਦਉਪਯੋਗ ਕਰਦਾ ਹੈ, ਅਸਲ ਵਿਚ ਉਹੀ ਜੇਤੂ ਬਣਦਾ ਹੈ। ਦੇਖੋ ਜਿੰਨੇ ਵੀ ਕਾਮਯਾਬ ਇਨਸਾਨ ਹੋਏ ਹਨ, ਉਨ੍ਹਾਂ ਨੇ ਆਪਣੀ ਕਾਮਯਾਬੀ ਪਿੱਛੇ ਮੁੱਲਵਾਨ ਸਮੇਂ ਨੂੰ ਹੀ ਇਸ ਦਾ ਸਿਹਰਾ ਦਿੱਤਾ ਹੈ। ਸਮੇਂ ਨੂੰ ਸਹੀ ਸਮੇਂ ਸਾਂਭਦੇ ਹੋਏ ਅਸੀਂ ਇਸ ਨੂੰ ਬਰਬਾਦ ਕਰਨ ਤੋਂ ਬਚਾ ਕੇ ਇਸ ਦਾ ਸਾਰਥਕ ਉਪਯੋਗ ਕਰਦੇ ਹੋਏ ਪਛਤਾਵੇ ਤੋਂ ਮੁਕਤੀ ਪਾ ਸਕਦੇ ਹਾਂ।

-ਲਖਵੀਰ ਸਿੰਘ ਉਦੇਕਰਨ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

02-05-2022

 ਸ਼ਲਾਘਾਯੋਗ ਲੇਖ

ਪਿਛਲੇ ਦਿਨੀਂ 'ਅਜੀਤ' (24 ਅਪ੍ਰੈਲ) 'ਚ ਛਪਿਆ ਰਸ਼ਪਾਲ ਸਿੰਘ ਦਾ ਲਿਖਿਆ ਲੇਖ 'ਕੇਂਦਰੀਕਰਨ ਦੀਆਂ ਸਮਰਥਕ ਸੂਬਾ ਸਰਕਾਰਾਂ ਪੰਚਾਇਤੀ ਰਾਜ ਦੀਆਂ ਦੁਸ਼ਮਣ' ਪੜ੍ਹਿਆ ਜੋ ਬਹੁਤ ਸ਼ਲਾਘਾਯੋਗ ਲੇਖ ਸੀ। ਬਹੁਤ ਵਧੀਆ ਵਿਚਾਰ ਪੇਸ਼ ਕਰਦਿਆਂ ਪਿਛਲੀਆਂ ਸਰਕਾਰਾਂ ਦੁਆਰਾ ਪੰਚਾਇਤਾਂ ਨੂੰ ਕਮਜ਼ੋਰ ਕਰਨ ਬਾਰੇ ਦੱਸਿਆ। ਮੇਰਾ ਵਿਸ਼ਵਾਸ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਜਿਵੇਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਚਾਇਤਾਂ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਵਿਚ ਗ੍ਰਾਮ ਸਭਾ ਇਜਲਾਸ ਬੁਲਾਉਣ ਲਈ ਐਲਾਨ ਕੀਤਾ ਹੈ, ਜਿਵੇਂ ਕਿ ਪਹਿਲਾਂ ਗ੍ਰਾਮ ਸਭਾ ਇਜਲਾਸ 26 ਜੂਨ ਨੂੰ ਪੰਜਾਬ ਦੇ ਹਰੇਕ ਪਿੰਡ ਵਿਚ ਕਰਵਾਇਆ ਜਾਵੇਗਾ, ਇਸ ਉੱਦਮ ਨਾਲ ਪੰਚਾਇਤੀ ਰਾਜ ਨੂੰ ਵਾਕਿਆ ਹੀ ਤਾਕਤ ਮਿਲੇਗੀ ਅਤੇ ਗ੍ਰਾਮ ਸਭਾ ਦੁਆਰਾ ਪਿੰਡ ਦੇ ਲੋਕ ਪਿੰਡ ਦੀ ਭਲਾਈ ਲਈ ਗ੍ਰਾਂਟ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰ ਸਕਣਗੇ।

-ਦਲਵਿੰਦਰ ਸਿੰਘ
ਪਿੰਡ ਤੇ ਡਾਕ. ਪਹੂਵਿੰਡ, ਜ਼ਿਲ੍ਹਾ ਤਰਨ ਤਾਰਨ।

ਜ਼ਹਿਰੀਲਾ ਹੁੰਦਾ ਪਾਣੀ

ਦਿੱਲੀ ਸਮੇਤ ਅਨੇਕਾਂ ਸ਼ਹਿਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਅੱਠਵੇਂ ਨੰਬਰ 'ਤੇ ਆ ਗਿਆ। ਹਵਾ ਤਾਂ ਪਲੀਤ ਹੋਈ ਸੀ, ਹੁਣ ਪੀਣ ਜੋਗਾ ਪਾਣੀ ਵੀ ਨਹੀਂ ਰਿਹਾ। ਪਾਣੀ ਬਿਨਾਂ ਤਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ, ਹਰ ਇਕ ਕੰਮ ਵਿਚ ਪਾਣੀ ਦੀ ਵਰਤੋਂ ਹੁੰਦੀ ਹੈ। ਜੇ ਗੰਦਾ ਪਾਣੀ ਪੀਵਾਂਗੇ ਤਾਂ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋਵਾਂਗੇ। ਹਾਲ ਹੀ ਵਿਚ ਨਸ਼ਰ ਹੋਈ ਇਕ ਰਿਪੋਰਟ ਮੁਤਾਬਿਕ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ। ਚਾਲੀ ਫ਼ੀਸਦੀ ਪਾਣੀ ਖ਼ਰਾਬ ਹੋ ਚੁੱਕਾ ਹੈ। ਕਈ ਧਾਤਾਂ ਜਿਵੇਂ ਲੈਂਡ, ਕੈਡਮੀਅਮ, ਕ੍ਰੋਮੀਅਮ ਅਤੇ ਹੋਰ ਜਲਣਸ਼ੀਲ ਪਦਾਰਥ ਪਾਣੀ ਵਿਚ ਮਿਲ ਚੁੱਕੇ ਹਨ। ਹਾਲ ਹੀ ਵਿਚ ਖ਼ਬਰਾਂ ਵੀ ਆਈਆਂ ਕਿ ਫੈਕਟਰੀਆਂ ਦਾ ਗੰਦਾ ਪਾਣੀ ਟੋਭਿਆਂ ਵਿਚ ਗਿਆ, ਜਿਸ ਕਾਰਨ ਪਸ਼ੂਆਂ ਦੀ ਵੀ ਮੌਤ ਹੋਈ। ਪਹਿਲਾਂ ਹੀ ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਜੇ ਸਮਾਂ ਰਹਿੰਦੇ ਕੋਈ ਠੋਸ ਨੀਤੀ ਨਾ ਬਣਾਈ ਗਈ ਤਾਂ ਜਲਦ ਹੀ ਪੂਰਾ ਪੰਜਾਬ ਕੈਂਸਰ ਨਾਲ ਪ੍ਰਭਾਵਿਤ ਹੋ ਜਾਵੇਗਾ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਕੋਲ ਇਹ ਮੁੱਦਾ ਉਠਾਉਣਾ ਚਾਹੀਦਾ ਹੈ ਤਾਂ ਕਿ ਸਮਾਂ ਰਹਿੰਦਿਆਂ ਕੋਈ ਠੋਸ ਨੀਤੀ ਬਣਾ ਕੇ ਇਸ 'ਤੇ ਅਮਲ ਕੀਤਾ ਜਾ ਸਕੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੁਕ ਸਕੇ। ਸਭ ਨੂੰ ਸਮਝਣਾ ਚਾਹੀਦਾ ਹੈ ਕਿ ਸਿਹਤ ਹੀ ਅਸਲੀ ਧਨ-ਦੌਲਤ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਮੁਫ਼ਤ ਬਿਜਲੀ ਦੀ ਚੁਣੌਤੀ

ਬੀਤੀ 26 ਅਪ੍ਰੈਲ ਨੂੰ 'ਅਜੀਤ' ਦਾ ਸੰਪਾਦਕੀ ਲੇਖ 'ਗੰਭੀਰ ਬਿਜਲੀ ਸੰਕਟ ਦੀ ਚੁਣੌਤੀ' ਪੜ੍ਹਿਆ ਜੋ ਬਹੁਤ ਵਧੀਆ ਸੀ। ਜਿਸ ਬਾਰੇ ਲੇਖਕ ਨੇ ਕੋਲੇ ਦੀ ਕਿੱਲਤ ਨਾਲ ਪੰਜਾਬ ਵਿਚ ਗੰਭੀਰ ਬਿਜਲੀ ਦੇ ਸੰਕਟ ਹੋਣ ਬਾਰੇ ਵਿਸਥਾਰ ਨਾਲ ਲਿਖ ਕੇ ਚਿੰਤਾ ਜਤਾਈ ਹੈ। ਕਾਬਲ-ਏ-ਗੌਰ ਸੀ। ਮੁਫ਼ਤ ਬਿਜਲੀ ਤੇ ਮੁਫ਼ਤ ਸਹੂਲਤਾਂ ਦੇ ਕੇ ਸਰਕਾਰਾਂ ਲੋਕਾਂ ਨੂੰ ਨਕਾਰਾ ਤੇ ਮੰਗਤੇ ਬਣਾ ਰਹੀਆਂ ਹਨ, ਇਸ ਚੱਕਰ ਵਿਚ ਸਾਰਾ ਮੱਧ ਵਰਗ 'ਤੇ ਬੋਝ ਪੈ ਰਿਹਾ ਹੈ। ਜੋ ਸਰਕਾਰ ਵਲੋਂ ਬਿਜਲੀ ਦੇ ਮੁਫ਼ਤ ਐਲਾਨ ਨਾਲ ਜਨਰਲ ਕੈਟਾਗਿਰੀ ਦੀ ਨਾਰਾਜ਼ਗੀ ਨਾਲ ਸਰਕਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਇਸ ਲਈ ਬਿਹਤਰ ਇਹ ਹੀ ਹੈ, ਸਰਕਾਰ ਨੂੰ ਮੁਫ਼ਤ ਬਿਜਲੀ ਦੇਣ ਦੀ ਜਗ੍ਹਾ ਸਸਤੀ ਤੇ 24 ਘੰਟੇ ਲੋਕਾਂ ਨੂੰ ਬਿਜਲੀ ਦੇਣੀ ਚਾਹੀਦੀ ਹੈ। ਸਰਕਾਰ ਨੂੰ ਕੋਈ ਵੀ ਸਹੂਲਤ ਮੁਫ਼ਤ ਨਹੀਂ ਦੇਣੀ ਚਾਹੀਦੀ। ਇਸ ਦੀ ਬਜਾਏ ਸਰਕਾਰ ਲੋਕਾਂ ਨੂੰ ਪੱਕਾ ਰੁਜ਼ਗਾਰ ਦੇਵੇ ਤਾਂ ਜੋ ਉਹ ਆਪਣੀਆਂ ਜ਼ਰੂਰਤਾਂ ਖੁਦ ਪੂਰੀਆਂ ਕਰ ਸਕਣ।

-ਗੁਰਮੀਤ ਸਿੰਘ ਵੇਰਕਾ

ਅਲੋਪ ਹੋ ਰਹੀ ਸਰਕਸ

ਕਦੀ ਸਮਾਂ ਸੀ ਕਿ ਮਨੋਰੰਜਨ ਦਾ ਬਹੁਤ ਵੱਡਾ ਸਾਧਨ ਸਰਕਸ ਹੁੰਦੀ ਸੀ, ਜਿਥੇ ਸੈਂਕੜੇ ਲੋਕ ਕੰਮ ਕਰਨ ਦੇ ਨਾਲ-ਨਾਲ ਜਾਨਵਰ, ਪੰਛੀ ਵੀ ਮਨਮੋਹਕ ਦ੍ਰਿਸ਼ ਵਿਖਾਉਂਦੇ ਸਨ ਅਤੇ ਆਪਣੀ ਕਲਾ ਦਾ ਵਧੀਆ ਪ੍ਰਦਰਸ਼ਨ ਕਰਦੇ ਸਨ। ਇਹ ਇਕ ਅਜਿਹਾ ਮੰਚ ਹੁੰਦਾ ਸੀ, ਜਿਥੇ ਕਲਾਕਾਰਾਂ ਦੀ ਮਿਹਨਤ ਦਾ ਮੁੱਲ ਤਾੜੀਆਂ ਮਾਰ ਕੇ ਨਾਲ ਦੀ ਨਾਲ ਪਾ ਦਿੰਦੇ ਸਨ। ਦਰਸ਼ਕ ਜਾਨਵਰਾਂ ਤੇ ਪੰਛੀਆਂ ਦੇ ਕਰਤਵਾਂ ਦਾ ਖ਼ੂਬ ਅਨੰਦ ਮਾਣਦੇ ਸਨ ਅਤੇ ਇਹ ਇਹ ਆਪਣਾ ਹੁਨਰ ਵਿਖਾ ਕੇ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਦਿੰਦੇ ਸਨ ਅਤੇ ਲੋਕਾਂ ਵਿਚ ਸਰਕਸ ਵੇਖਣ ਦਾ ਵੱਖਰਾ ਹੀ ਉਤਸ਼ਾਹ ਹੁੰਦਾ ਸੀ। ਅਜੋਕੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਸਰਕਸ ਬਾਰੇ ਜਾਣਕਾਰੀ ਹੀ ਨਹੀਂ ਹੈ ਅਤੇ ਹੁਣ ਉਹ ਮੋਬਾਈਲਾਂ ਵਿਚ ਹੀ ਮਸਤ ਹਨ। ਹੁਣ ਆਧੁਨਿਕ ਦੌਰ ਵਿਚ ਮਨੋਰੰਜਨ ਦੇ ਕਈ ਕਿਸਮ ਦੇ ਸਾਧਨ ਸਰਕਸ 'ਤੇ ਭਾਰੀ ਪੈ ਰਹੇ ਹਨ। ਕਈ ਲੋਕ ਜੋ ਕਿ ਜੱਦੀ ਪੁਸ਼ਤੀ ਸਰਕਸ ਨਾਲ ਜੁੜੇ ਹਨ, ਪੂਰੀ ਮਿਹਨਤ ਨਾ ਮਿਲਣ ਕਾਰਨ ਇਹ ਕਿੱਤਾ ਛੱਡਣ ਨੂੰ ਮਜਬੂਰ ਹਨ। ਹੁਣ ਹੋਰ ਮਨੋਰੰਜਨ ਦੇ ਸਾਧਨਾਂ ਨੇ ਸਰਕਸ ਦੀ ਥਾਂ ਲੈ ਲਈ ਹੈ। ਸੋ, ਲੋੜ ਹੈ ਇਸ ਪੁਰਾਤਨ ਕਿੱਤੇ ਅਤੇ ਇਸ ਨਾਲ ਜੁੜੇ ਲੋਕਾਂ ਦੀ ਸਾਰ ਲੈਣ ਦੀ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਦਸਵੰਧ

ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਰੱਖ ਕੇ ਲੋੜਵੰਦਾਂ ਦੀ ਮਦਦ ਕਰੋ। ਪਿਛਲੇ ਸਮਿਆਂ ਵੱਲ ਦੇਖਿਆ ਜਾਵੇ ਤਾਂ ਮਿਹਨਤ ਪੁੰਨ-ਦਾਨ, ਸੇਵਾ, ਕਿਰਤ, ਦਸਵੰਧ, ਦਇਆ, ਸਬਰ-ਸੰਤੋਖ, ਪ੍ਰੇਮ, ਸਹਿਣਸ਼ੀਲਤਾ, ਨਿਮਰਤਾ ਜਿਹੇ ਗੁਣਾਂ ਨਾਲ ਮਨੁੱਖ ਭਰੇ ਹੁੰਦੇ ਸਨ। ਪਰ ਅੱਜ ਸਾਡੀ ਨੌਜਵਾਨ ਪੀੜ੍ਹੀ ਅਜਿਹੇ ਗੁਣਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਕਿਰਤ ਸਾਡੀ ਆਰਥਿਕ ਸਥਿਤੀ ਵਿਚ ਸੁਧਾਰ ਕਰਨ ਦੇ ਨਾਲ-ਨਾਲ ਸਾਡੀ ਮਾਨਸਿਕ ਸਥਿਤੀ ਨੂੰ ਵੀ ਵਧੀਆ ਰੱਖਦੀ ਹੈ। ਜਿਵੇਂ ਕਿਰਤ ਤੇ ਪਛੜਿਆ ਹੋਇਆ ਮਨੁੱਖ ਤਣਾਅ ਵਿਚ ਆ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ, ਅਪਰਾਧ, ਖੁਦਕੁਸ਼ੀਆਂ ਆਦਿ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਫਿਰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿੰਦਗੀ ਦਾ ਨਿਯਮ ਕੰਮ ਹੀ ਪੂਜਾ, ਦਸ-ਨਹੁੰਆਂ ਦੀ ਕਿਰਤ ਕਮਾਈ ਕਰਨਾ ਤੇ ਆਪਣੇ-ਆਪ ਨੂੰ ਪਰਮਾਤਮਾ ਨਾਲ ਜੋੜ ਕੇ ਰੱਖਣਾ ਜ਼ਿੰਦਗੀ ਦੀ ਅਸਲ ਭਗਤੀ ਹੈ।

-ਰੇਸ਼ਮ ਸਿੰਘ

29-04-2022

 ਕਿਸਾਨੀ ਖ਼ੁਦਕੁਸ਼ੀਆਂ

ਪੰਜਾਬ ਵਿਚ ਜਿਸ ਕਿਸਾਨ, ਮਜ਼ਦੂਰ, ਦਿਹਾੜੀਦਾਰ, ਕਮਜ਼ੋਰ ਵਰਗ ਜਾਂ ਪ੍ਰਵਾਸੀ ਮਿਹਨਤਕਸ਼ ਲੋਕਾਂ ਕੋਲ ਜ਼ਮੀਨ ਨਹੀਂ ਹੁੰਦੀ ਜਾਂ ਬਿਲਕੁਲ ਨਾਂਹ ਦੇ ਬਰਾਬਰ ਹੀ ਹੁੰਦੀ ਹੈ, ਉਹ ਦਿਹਾੜੀ-ਟੱਪਾ ਕਰਕੇ, ਛੋਟਾ-ਵੱਡਾ ਕਾਰੋਬਾਰ ਕਰਕੇ ਆਪਣਾ ਟੱਬਰ ਪਾਲ ਰਿਹਾ ਹੈ ਅਤੇ ਵਧੀਆ ਜੀਵਨ ਬਸਰ ਕਰ ਰਿਹਾ ਹੈ। ਪ੍ਰੰਤੂ ਇਨ੍ਹਾਂ ਵਿਚੋਂ ਬਹੁਤ ਹੀ ਘੱਟ ਆਪਣੀ ਆਰਥਿਕਤਾ ਦਾ ਰੋਣਾ ਰੋ ਕੇ ਖ਼ੁਦਕੁਸ਼ੀ ਕਰਦੇ ਹਨ, ਜਦੋਂ ਕਿ ਕਈ ਕਿਸਾਨਾਂ ਕੋਲ ਜ਼ਮੀਨ ਵੀ ਹੁੰਦੀ ਹੈ ਅਤੇ ਉਨ੍ਹਾਂ ਵਿਚੋਂ ਕਈਆਂ ਨੇ ਆਪਣੀ ਜ਼ਮੀਨ ਦੀਆਂ ਲਿਮਟਾਂ ਬਣਾ, ਕਰਜ਼ਾ ਲੈ ਕੇ ਕੋਠੀਆਂ ਪਾ ਲੈਂਦੇ ਹਨ, ਗੱਡੀਆਂ ਖ਼ਰੀਦ ਲੈਂਦੇ ਹਨ, ਆਪਣੀ ਨੱਕ ਰੱਖਣ ਲਈ ਲੋੜ ਤੋਂ ਵੱਧ ਖਰਚਾ ਕਰਕੇ ਬੱਚਿਆਂ ਦੇ ਵਿਆਹ ਕਰ ਲੈਂਦੇ ਹਨ ਜਾਂ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਖਰਚ ਕਰ ਦਿੰਦੇ ਹਨ ਅਤੇ ਜਦੋਂ ਬੈਕਾਂ ਦਾ ਕਰਜ਼ਾ ਨਹੀਂ ਉਤਰਦਾ ਤਾਂ ਆਪਣੀ ਮਾੜੀ ਆਰਥਿਕਤਾ ਹੋਣ ਕਾਰਨ ਖ਼ੁਦਕੁਸ਼ੀਆਂ ਕਰ ਲੈਂਦੇ ਹਨ। ਫਿਰ ਕਿਸਾਨ ਸਿਰ ਚੜ੍ਹੇ ਕਰਜ਼ੇ ਮੁਆਫ਼ ਕਰਨ, ਨੌਕਰੀਆਂ ਦੇਣ ਲਈ ਧਰਨੇ ਮੁਜ਼ਾਹਰੇ ਕਰਦੇ ਹਨ। ਦੂਜੇ ਪਾਸੇ ਅਜਿਹੇ ਵੀ ਕਿਸਾਨ ਹਨ ਜੋ ਕਿ 2-4 ਕਨਾਲਾਂ ਦੀ ਬੋਲੀ 'ਤੇ ਹੀ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ। ਸੋ, ਅਜਿਹੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਤਿਆਗ ਕੇ ਖੇਤੀ ਦੇ ਨਾਲ ਮਿਹਨਤ, ਮਜ਼ਦੂਰੀ ਤੇ ਹੋਰ ਛੋਟੇ-ਮੋਟੇ ਕਾਰੋਬਾਰ ਕਰਕੇ ਆਪਣੇ ਪਰਿਵਾਰ ਪਾਲਣੇ ਚਾਹੀਦੇ ਹਨ ਅਤੇ ਖ਼ੁਦਕੁਸ਼ੀ ਕਰਕੇ ਆਪਣਾ ਟੱਬਰ ਬਰਬਾਦ ਕਰਕੇ ਬੁਜ਼ਦਿਲੀ ਨਹੀਂ ਵਿਖਾਉਣੀ ਚਾਹੀਦੀ ਕਿਉਂਕਿ ਦੇਸ਼ ਨੂੰ ਸੂਬੇ ਦੇ ਜਵਾਨ ਤੇ ਕਿਸਾਨ 'ਤੇ ਮਾਣ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਵਧਦੀ ਗੁੰਡਾਗਰਦੀ

ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦੀ ਹਾਂ ਕਿ ਸਾਡੇ ਸ਼ਹਿਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਗੁੰਡਾਗਰਦੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਰਾਹ ਵਿਚ ਦਿਨ ਦਿਹਾੜੇ ਲੁੱਟਾਂ-ਖੋਹਾਂ ਹੋ ਰਹੀਆਂ ਹਨ। ਰਸਤੇ ਵਿਚ ਪਰਸ, ਮੋਬਾਈਲ, ਚੈਨ ਆਦਿ ਲੁੱਟ ਕੇ ਝਪਟਮਾਰ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। ਪੁਲਿਸ ਵੀ ਇਨ੍ਹਾਂ ਖਿਲਾਫ਼ ਕੋਈ ਖਾਸ ਕਾਰਵਾਈ ਨਹੀਂ ਕਰਦੀ, ਜਿਸ ਦੇ ਕਾਰਨ ਇਨ੍ਹਾਂ ਦੇ ਹੌਸਲੇ ਵਧਦੇ ਜਾ ਰਹੇ ਹਨ। ਜੇ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਸ਼ਹਿਰ ਵਿਚ ਰਹਿਣਾ ਮੁਸ਼ਕਿਲ ਹੋ ਜਾਵੇਗਾ। ਸਰਕਾਰ ਨੂੰ ਬੇਨਤੀ ਹੈ ਕਿ ਇਸ ਗੁੰਡਾਗਰਦੀ ਦੀ ਰੋਕਥਾਮ ਲਈ ਉਹ ਪੁਲਿਸ ਵਿਭਾਗ ਨੂੰ ਢੁਕਵੇਂ ਕਦਮ ਚੁੱਕਣ ਲਈ ਕਹੇ ਅਤੇ ਇਨ੍ਹਾਂ ਝਪਟਮਾਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕ ਬਿਨਾਂ ਕਿਸੇ ਡਰ ਤੋਂ ਸ਼ਹਿਰ ਵਿਚ ਘੁੰਮ-ਫਿਰ ਸਕਣ।

-ਬਬੀਤਾ
ਡੀ.ਏ.ਵੀ. ਕਾਲਜ, ਜਲੰਧਰ।

ਰੇਡੀਓ ਪ੍ਰਸਾਰਨ ਦਾ ਸਮਾਂ ਘਟਾਉਣਾ ਮੰਦਭਾਗਾ

ਭਾਜਪਾ ਨੇ ਹੁਣ ਸੰਘਵਾਦ ਤੇ ਇਕ ਹੋਰ ਕੋਝਾ ਹਮਲਾ ਕੀਤਾ। ਇਹ ਹੈ ਖੇਤਰੀ ਐਫ.ਐਮ. ਰੇਡੀਓ ਸਟੇਸ਼ਨਾਂ ਦਾ ਪ੍ਰਸਾਰਨ ਸਮਾਂ ਘਟਾਉਣਾ। ਪੰਜਾਬ ਦੇ ਬਠਿੰਡਾ ਅਤੇ ਪਟਿਆਲਾ ਰੇਡੀਓ ਸਟੇਸ਼ਨਾਂ ਤੋਂ ਪਹਿਲਾਂ ਗਿਆਰਾਂ-ਬਾਰਾਂ ਘੰਟੇ ਸਥਾਨਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਸਨ। ਇਸ ਤਰ੍ਹਾਂ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਵਿਕਾਸ ਹੁੰਦਾ ਸੀ। ਹੁਣ ਤਿੰਨ ਅਪ੍ਰੈਲ ਤੋਂ ਬਠਿੰਡਾ ਅਤੇ ਪਟਿਆਲਾ ਰੇਡੀਓ ਸਟੇਸ਼ਨਾਂ ਦੇ ਆਪਣੇ ਪ੍ਰਸਾਰਨ ਦਾ ਸਮਾਂ ਘਟਾ ਕੇ ਸਿਰਫ਼ ਚਾਰ ਘੰਟੇ ਕਰ ਦਿੱਤਾ ਗਿਆ ਹੈ। ਬਾਕੀ ਦਾ ਸਮਾਂ ਪ੍ਰੋਗਰਾਮ ਦਿੱਲੀ ਅਤੇ ਜਲੰਧਰ ਤੋਂ ਰਿਲੇਅ ਕੀਤੇ ਜਾਣਗੇ। ਇਹ ਸਰਾਸਰ ਧੱਕਾ ਹੈ ਅਤੇ ਭਾਸ਼ਾਈ ਤੇ ਖੇਤਰੀ ਵਿਕਾਸ ਦੀਆਂ ਜੜ੍ਹਾਂ ਨੂੰ ਦਾਤਰੀ ਪਾਉਣ ਵਾਲਾ ਕੰਮ ਹੈ। ਰੇਡੀਓ ਨੂੰ ਪਿਆਰ ਕਰਨ ਵਾਲੇ ਲੇਖਕਾਂ, ਬੁੱਧੀਜੀਵੀਆਂ, ਸਾਹਿਤ ਸਭਾਵਾਂ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰ ਪੰਜਾਬੀ ਪਿਆਰਿਆਂ ਨੂੰ ਇਸ ਧੱਕੇਸ਼ਾਹੀ ਵਾਲੇ ਫ਼ਰਮਾਨ ਦਾ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ ਤੇ ਪੰਜਾਬ ਸਰਕਾਰ ਨੂੰ ਇਹ ਮਸਲਾ ਕੇਂਦਰ ਸਰਕਾਰ ਕੋਲ ਚੁੱਕਣਾ ਚਾਹੀਦਾ ਹੈ।

-ਐਡਵੋਕੇਟ ਕੰਵਲਜੀਤ ਸਿੰਘ ਕੁਟੀ
ਜ਼ਿਲ੍ਹਾ ਕਚਹਿਰੀਆਂ, ਬਠਿੰਡਾ।

ਮੋਬਾਈਲ ਦੀ ਜ਼ਿਆਦਾ ਵਰਤੋਂ ਖ਼ਤਰਨਾਕ

ਅੱਜ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਮਨੁੱਖ ਦੇ ਆਰਾਮ ਲਈ ਅਨੇਕਾਂ ਸਾਧਨ ਵਿਕਸਿਤ ਹੋ ਚੁੱਕੇ ਹਨ। ਜਿਸ ਦੇ ਚੰਗੇ-ਮਾੜੇ ਬਹੁਤ ਪ੍ਰਭਾਵ ਹਨ। ਜਿਨ੍ਹਾਂ ਦੀ ਵਰਤੋਂ ਦਾ ਅਸਰ ਮਨੁੱਖੀ ਸਰੀਰ ਅਤੇ ਦਿਮਾਗ 'ਤੇ ਪੈਂਦਾ ਹੈ। ਅੱਜ ਦੇ ਯੁੱਗ ਵਿਚ ਮੋਬਾਈਲ, ਕੰਪਿਊਟਰ, ਇੰਟਰਨੈੱਟ, ਇੰਸਟਾਗ੍ਰਾਮ, ਫੇਸਬੁੱਕ, ਵਟਸਐਪ ਅਤੇ ਹੋਰ ਅਨੇਕਾਂ ਸਾਧਨ ਆ ਚੁੱਕੇ ਹਨ। ਇਨ੍ਹਾਂ ਸਭ ਸਾਧਨਾਂ ਦਾ ਪ੍ਰਯੋਗ ਅੱਜ ਦਾ ਨੌਜਵਾਨ ਵਿਦਿਆਰਥੀ ਬੱਚੇ ਆਦਿ ਸਭ ਬਹੁਤ ਤੇਜ਼ੀ ਨਾਲ ਕਰ ਰਹੇ ਹਨ। ਕੋਰੋਨਾ ਕਾਲ ਦੌਰਾਨ ਸਭ ਤੋਂ ਵੱਧ ਪ੍ਰਯੋਗ ਹੋਣ ਵਾਲੇ ਸਾਧਨ ਦੇ ਰੂਪ ਵਿਚ ਮੋਬਾਈਲ ਦਾ ਪ੍ਰਯੋਗ ਸਭ ਤੋਂ ਵੱਧ ਹੋਇਆ ਹੈ। ਵਿਦਿਆਰਥੀ ਵਰਗ, ਬੱਚੇ, ਬਜ਼ੁਰਗ, ਨੌਜਵਾਨ ਸਭ ਮੋਬਾਈਲ ਦੇ ਆਦੀ ਹੋ ਗਏ ਹਨ। ਅੱਜ ਹਰ ਕੋਈ ਸਮਾਰਟ ਫੋਨ ਦੀ ਵਰਤੋਂ ਕਰ ਰਿਹਾ ਹੈ। ਅੱਜ ਚਾਰ-ਪੰਜ ਸਾਲ ਦੇ ਬੱਚੇ, ਵਿਦਿਆਰਥੀ ਮੋਬਾਈਲ 'ਤੇ ਗੇਮਾਂ ਖੇਡਦੇ ਹਨ। ਇਸ ਤੋਂ ਇਲਾਵਾ ਕੋਰੋਨਾ ਕਾਲ ਤੋਂ ਬਾਅਦ ਵੀ ਵਿਦਿਆਰਥੀ ਮੋਬਾਈਲ 'ਤੇ ਅਧਿਕ ਸਮਾਂ ਬਤੀਤ ਕਰ ਰਹੇ ਹਨ। ਸਕੂਲਾਂ ਨੇ ਵੀ ਘਰੇਲੂ ਕੰਮ ਦੇਣ ਦਾ ਜ਼ਰੀਆ ਬਣਾ ਲਿਆ, ਜਿਸ ਸੰਚਾਰ ਸਾਧਨਾਂ ਦੀ ਵਰਤੋਂ ਲਾਭ ਵਿਚ ਹੈ, ਉਸ ਨੂੰ ਮਾਨਵੀ ਲਾਲਚ ਨੇ ਨੁਕਸਾਨ ਦੇ ਰੂਪ ਵਿਚ ਵਧਾ ਲਿਆ ਹੈ। ਮਾਪੇ ਆਪ ਮਿਹਨਤ ਕਰਨ ਅਤੇ ਬੱਚਿਆਂ ਨੂੰ ਸਮਾਂ ਦੇਣ ਦੀ ਬਜਾਏ ਫੋਨ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਬੇਸ਼ੱਕ ਕੋਰੋਨਾ ਕਾਰਨ ਬੱਚਿਆਂ ਤੇ ਅਧਿਆਪਕਾਂ ਲਈ ਫੋਨ ਪੜ੍ਹਾਈ ਲਈ ਬਹੁਤ ਸਹਾਈ ਸਿੱਧ ਹੋਇਆ ਪਰ ਇਸ ਦੀ ਆਦਤ ਨੇ ਸਰੀਰਕ ਅਤੇ ਆਰਥਿਕ ਨੁਕਸਾਨ ਵਿਚ ਵੀ ਵਾਧਾ ਕੀਤਾ। ਘਰ ਵਿਚ ਬਜ਼ੁਰਗਾਂ ਨਾਲ ਘੱਟ ਸਮਾਂ ਬਿਤਾਉਣਾ, ਬੱਚਿਆਂ ਵੱਲ ਧਿਆਨ ਨਾ ਦੇਣਾ, ਉਨ੍ਹਾਂ ਦੀਆਂ ਗੱਲਾਂ ਨਾ ਸੁਣਨਾ ਆਦਿ ਤੋਂ ਇਲਾਵਾ ਵਿਦਿਆਰਥੀ ਹਰ ਸਵਾਲ ਦਿਮਾਗੀ ਤੌਰ 'ਤੇ ਲੱਭਣ ਦੀ ਬਜਾਏ ਸਰਚ ਇੰਜਣ ਦਾ ਪ੍ਰਯੋਗ ਕਰਨ ਲੱਗੇ ਹਨ। ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਅੱਖਾਂ ਦੀਆਂ ਬਿਮਾਰੀਆਂ, ਦਿਮਾਗੀ ਪ੍ਰੇਸ਼ਾਨੀ, ਸਰਵਾਈਕਲ, ਭੁੱਲਣ ਦੀ ਬਿਮਾਰੀ ਆਦਿ ਬਿਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਮੋਬਾਈਲ ਦੀ ਵਰਤੋਂ ਪ੍ਰਤੀ ਜਾਗਰੂਕਤਾ ਅਭਿਆਨ ਸਮੇਂ ਦੀ ਲੋੜ ਹੈ।

-ਸਾਰਿਕਾ ਜਿੰਦਲ ਲੌਂਗੋਵਾਲ
ਜ਼ਿਲ੍ਹਾ ਸੰਗਰੂਰ।

28-04-2022

 ਲਗਾਤਾਰ ਕਮਜ਼ੋਰ ਹੋ ਰਹੀ ਕਾਂਗਰਸ ਪਾਰਟੀ

ਦੇਸ਼ ਦੇ ਬਹੁਤੇ ਸੂਬਿਆਂ ਵਿਚ ਕਾਂਗਰਸ ਪਾਰਟੀ ਵੱਡੀ ਗੁੱਟਬਾਜ਼ੀ ਦਾ ਸ਼ਿਕਾਰ ਹੋ ਰਹੀ ਹੈ, ਜਿਸ ਕਾਰਨ ਕਾਂਗਰਸ ਪਾਰਟੀ ਦੀ ਹਾਲਤ ਹਰ ਇਕ ਪ੍ਰਦੇਸ਼ ਵਿਚ ਤਰਸਯੋਗ ਬਣੀ ਹੋਈ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਮੇਤ ਹੋਰ ਸੂਬਿਆਂ ਵਿਚ ਇਹ ਉਦਾਹਰਨ ਦੇਖਣ ਨੂੰ ਮਿਲ ਰਹੀ ਹੈ। ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਮਿਲੀ ਵੱਡੀ ਹਾਰ ਦਾ ਕਾਰਨ ਵੀ ਗੁੱਟਬਾਜ਼ੀ ਰਿਹਾ ਹੈ ਪਰ ਪਾਰਟੀ ਨੇਤਾਵਾਂ ਨੇ ਅਜੇ ਵੀ ਇਸ ਹਾਰ ਤੋਂ ਕੋਈ ਸਬਕ ਨਹੀਂ ਸਿੱਖਿਆ। ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਅਤੇ ਰਾਜਾ ਵੜਿੰਗ ਦੇ ਸੂਬਾਈ ਪ੍ਰਧਾਨ ਬਣਨ ਤੱਕ ਅੱਜ ਵੀ ਪਾਰਟੀ ਨੇਤਾਵਾਂ ਵਿਚ ਮਤਭੇਦ ਜਾਰੀ ਹਨ। ਇਸੇ ਤਰ੍ਹਾਂ ਹਰਿਆਣਾ ਵਿਚ ਵੀ ਕਾਂਗਰਸ ਪਾਰਟੀ ਅਨੇਕ ਧੜਿਆਂ ਵਿਚ ਵੰਡੀ ਹੋਈ ਹੈ, ਜਿਸ ਦਾ ਫਾਇਦਾ ਹਮੇਸ਼ਾ ਵਿਰੋਧੀ ਪਾਰਟੀਆਂ ਨੂੰ ਮਿਲਦਾ ਰਿਹਾ ਹੈ। ਕਾਂਗਰਸ ਪਾਰਟੀ ਵਿਚ ਇਕ ਯੋਗ ਅਗਵਾਈ ਦੀ ਕਮੀ ਵੀ ਵਿਖਾਈ ਦੇ ਰਹੀ ਹੈ। ਇਸ ਲਈ ਸਭ ਤੋਂ ਪਹਿਲਾਂ ਪਾਰਟੀ ਨੂੰ ਕੁਸ਼ਲ ਅਗਵਾਈ ਦੀ ਜ਼ਰੂਰਤ ਹੈ ਅਤੇ ਉਸ ਦੇ ਬਾਅਦ ਪਾਰਟੀ ਦੇ ਪ੍ਰਦੇਸ਼ ਪੱਧਰ ਦੇ ਨੇਤਾਵਾਂ ਵਿਚ ਦਿਨੋ-ਦਿਨ ਵਧ ਰਹੀ ਗੁੱਟਬਾਜ਼ੀ ਨੂੰ ਖ਼ਤਮ ਕਰਨ ਦੀ ਲੋੜ ਹੈ ਤਾਂ ਹੀ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਵਿਚ ਇਸ ਸੰਕਟ ਤੋਂ ਉੱਭਰ ਸਕਦੀ ਹੈ।

-ਜਗਤਾਰ ਸਮਾਲਸਰ
ਏਲਨਾਬਾਦ, ਸਿਰਸਾ (ਹਰਿਆਣਾ)।

ਸਿਆਸਤਦਾਨ ਜ਼ਹਿਰ ਦੀ ਥਾਂ ਸ਼ਹਿਦ ਵੰਡਣ

ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਨੇ ਤਾਜ਼ਾ ਹੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿਚ ਅਤੇ ਪਿਛਲੇ ਦਿਨੀਂ ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਬੁਲਡੋਜ਼ਰ ਚਲਾ ਕੇ ਉਸਾਰੀਆਂ ਢਾਹੁਣ ਦੇ ਨਾਲ-ਨਾਲ ਸਿਆਸਤਦਾਨਾਂ ਵਲੋਂ ਧਮਕੀਆਂ ਦੇਣ ਦੇ ਰੁਝਾਨ ਨੂੰ ਕਾਨੂੰਨ ਹੱਥ ਵਿਚ ਲੈਣ ਵਾਲੀ ਪਹੁੰਚ 'ਤੇ ਚਿੰਤਾ ਜਤਾਈ ਹੈ। ਸਿਰਲੇਖ 'ਫੈਲ ਰਹੀ ਜ਼ਹਿਰੀਲੀ ਹਵਾ' ਹੇਠ ਦੇਸ਼ ਦੇ ਜ਼ਿੰਮੇਵਾਰ ਸਿਆਸਤਦਾਨਾਂ ਤੋਂ ਸੰਤੁਲਿਤ ਪਹੁੰਚ ਦੀ ਆਸ ਕੀਤੀ ਹੈ। ਅਜਿਹੇ ਅਮਾਨਵੀ ਵਰਤਾਰੇ ਮੌਕੇ ਉਠਾਈ ਆਵਾਜ਼ ਮਾਨਵੀ ਸੁਰਾਂ ਦੀ ਤਰਜਮਾਨੀ ਹੈ। ਸਦੀਆਂ ਤੋਂ ਵੰਨ-ਸੁਵੰਨਤਾ ਦੇ ਮੁਦਈ ਲੋਕਾਂ ਦੇ ਠਣਕ ਰਹੇ ਮੱਥੇ ਨਾਲ ਸ਼ਰੀਕ ਹੋਣ ਵਾਲਾ ਕਦਮ ਹੈ। ਪ੍ਰਤੀਕਰਮ ਇਹ ਵੀ ਹੋ ਰਹੇ ਹਨ ਕਿ ਇਕ ਪਾਸੇ ਭਾਰਤ ਦੀ ਨਿਮਾਣੀ ਤੇ ਨਿਤਾਣੀ ਆਤਮਾ ਨੂੰ ਹਲੂਣ ਚੁੱਕੀ ਇਤਿਹਾਸਕ ਵਿਲੱਖਣ ਸ਼ਹਾਦਤ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰਿਸ਼ਟੀ ਦੀ ਚਾਦਰ ਦੇ ਪ੍ਰਕਾਸ਼ ਗੁਰਪੁਰਬ ਲਾਲ ਕਿਲ੍ਹੇ ਤੋਂ ਮਨਾਏ ਜਾ ਰਹੇ ਹਨ ਤੇ ਦੂਜੇ ਪਾਸੇ ਸੁਪਰੀਮ ਕੋਰਟ ਦੇ ਦਖ਼ਲ ਦੇ ਬਾਵਜੂਦ ਕਿਰਤੀ ਮਿਹਨਤੀ ਲੋਕਾਂ ਦੇ ਘਰਾਂ ਤੇ ਕਾਰੋਬਾਰਾਂ ਨੂੰ ਤਹਿਸ-ਨਹਿਸ ਕੀਤਾ ਗਿਆ ਹੈ।

-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਹੁਸ਼ਿਆਰਪੁਰ।

ਬਹੁਗਿਣਤੀ ਕਿਸਾਨ ਡਿਫਾਲਟਰ ਕਿਉਂ?

ਪਿਛਲੀ ਕਾਂਗਰਸ ਸਰਕਾਰ ਨੇ ਕਿਸਾਨਾਂ ਕੋਲੋਂ ਫਾਰਮ ਫਰਵਾ ਕੇ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਸੱਤਾ ਵਿਚ ਆਈ ਤਾਂ ਸਮੁੱਚੇ ਕਿਸਾਨਾਂ ਦੇ ਕਰਜ਼ੇ ਦੀ ਭਰਪਾਈ ਸਰਕਾਰ ਖੁਦ ਕਰੇਗੀ। ਕਰਜ਼ੇ ਦੀ ਦਲਦਲ ਵਿਚ ਫਸੇ ਕਿਸਾਨਾਂ ਨੇ ਇਹ ਵੱਡੀ ਰਾਹਤ ਸਮਝਦਿਆਂ ਸਿਰ ਜੋੜ ਕੇ ਵੋਟਾਂ ਪਾਈਆਂ ਅਤੇ ਕਾਂਗਰਸ ਦੀ ਸਰਕਾਰ ਸੱਤਾ ਵਿਚ ਆ ਗਈ। ਫਿਰ ਕਿਸਾਨਾਂ ਨੇ ਬੈਂਕਾਂ ਅਤੇ ਕੋਆ. ਸੁਸਾਇਟੀਜ਼ ਦੇ ਕਰਜ਼ੇ ਭਰਨੇ ਬੰਦ ਕਰ ਦਿੱਤੇ ਪ੍ਰੰਤੂ ਸਰਕਾਰ ਨੇ ਕੁਝ ਕੁ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਕੇ ਹੱਥ ਪਿਛਾਂਹ ਖਿੱਚ ਲਿਆ ਅਤੇ ਪੰਜ ਏਕੜ ਵਾਲੇ ਕਿਸਾਨਾਂ ਦਾ ਦੋ ਲੱਖ ਤੱਕ ਦੇ ਕਰਜ਼ੇ ਨੂੰ ਮੁਆਫ਼ ਕਰਨ ਦਾ ਭਰੋਸਾ ਦੇ ਕੇ ਬੈਂਕਾਂ ਅਤੇ ਕੋਆ. ਸੁਸਾਇਟੀਜ਼ ਤੋਂ ਲਿਸਟਾਂ ਮੰਗਵਾ ਲਈਆਂ ਪ੍ਰੰਤੂ ਇਹ ਚੋਣ ਸਟੰਟ ਹੀ ਬਣ ਕੇ ਰਹਿ ਗਿਆ ਅਤੇ ਬਹੁਗਿਣਤੀ ਕਿਸਾਨ ਸਗੋਂ ਮੂਲ ਤੋਂ ਡੇਢ ਗੁਣਾ ਹੋਏ ਕਰਜ਼ੇ ਵਿਚ ਉਲਝ ਕੇ ਰਹਿ ਗਏ, ਜਿਨ੍ਹਾਂ ਕਿਸਾਨਾਂ ਨੂੰ ਕਰਜ਼ਾ ਭਰਨ ਦੇ ਸੰਮਨ ਭੇਜੇ ਜਾ ਰਹੇ ਹਨ। ਮਾਨ ਸਰਕਾਰ ਨੂੰ ਅਪੀਲ ਹੈ ਕਿ ਡਿਫਾਲਟਰ ਕਿਸਾਨ ਬਾਰੇ ਜਲਦੀ ਨੀਤੀ ਬਣਾ ਕੇ ਰਾਹਤ ਦਿੱਤੀ ਜਾਵੇ ਤਾਂ ਜੋ ਉਹ ਕਿਸਾਨ ਕੋਆ. ਸੁਸਾਇਟੀਜ਼ ਤੋਂ ਸਹੂਲਤਾਂ ਪ੍ਰਾਪਤ ਕਰ ਸਕਣ।

-ਰਾਜ ਸਿੰਘ ਬਧੌਛੀ
ਪਿੰਡ ਬਧੌਛੀ ਕਲਾਂ (ਫ. ਗ. ਸ.)।

ਅਵਾਰਾ ਕੁੱਤਿਆਂ ਦੀ ਸਮੱਸਿਆ

ਆਏ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਅਵਾਰਾ ਕੁੱਤਿਆਂ ਨੇ ਲੋਕਾਂ ਨੂੰ ਵੱਢ ਲਿਆ। ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਿਹਾ ਹੈ। ਕੁਝ ਦਿਨ ਪਹਿਲਾਂ ਖੰਨਾ ਸ਼ਹਿਰ ਵਿਚ ਦੋ ਸਾਲਾਂ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ ਲਿਆ। ਹਾਲ ਹੀ ਵਿਚ ਅੰਮ੍ਰਿਤਸਰ ਵਿਖੇ ਅਵਾਰਾ ਕੁੱਤਿਆਂ ਨੇ ਦੋ ਸਾਲਾ ਮਾਸੂਮ ਨੂੰ ਚੁੱਕਿਆ ਤੇ ਕਿਤੇ ਦੂਰ ਲੈ ਗਏ ਤੇ ਉਥੇ ਨੋਚ-ਨੋਚ ਕੇ ਮਾਰ ਦਿੱਤਾ। ਝੁੰਡਾਂ ਦੇ ਝੁੰਡ ਬਣਾ ਕੇ ਇਹ ਅਵਾਰਾ ਕੁੱਤੇ ਗਲੀਆਂ, ਸ਼ਹਿਰਾਂ ਵਿਚ ਘੁੰਮਦੇ ਹਨ। ਪਾਰਕਾਂ ਵਿਚ ਤਾਂ ਲੋਕਾਂ ਦਾ ਸੈਰ ਕਰਨਾ ਮੁਸ਼ਕਿਲ ਹੋ ਗਿਆ ਹੈ। ਰਾਤ ਸਮੇਂ ਜਦੋਂ ਕੋਈ ਰਾਹਗੀਰ ਆਪਣੇ ਘਰ ਨੂੰ ਆ ਰਿਹਾ ਹੁੰਦਾ ਹੈ ਤਾਂ ਇਹ ਅਵਾਰਾ ਕੁੱਤੇ ਉਸ 'ਤੇ ਹਮਲਾ ਕਰ ਦਿੰਦੇ ਹਨ। ਹਾਲਾਂਕਿ ਅਵਾਰਾ ਕੁੱਤਿਆਂ ਨੂੰ ਮਾਰਨ 'ਤੇ ਪਾਬੰਦੀ ਹੈ। ਟੈਲੀਵਿਜ਼ਨ 'ਤੇ ਹਰ ਪਾਰਟੀ ਦਾ ਨੁਮਾਇੰਦਾ ਬਹਿਸ ਤਾਂ ਬੜੀ ਵਧੀਆ ਕਰ ਲੈਂਦਾ ਹੈ, ਪਰ ਕਿਉਂ ਅਜਿਹੇ ਮੁੱਦਿਆਂ 'ਤੇ ਬਹਿਸ ਨਹੀਂ ਕੀਤੀ ਜਾਂਦੀ। ਜਿਹੜੇ ਵੀ ਅਸੀਂ ਨੁਮਾਇੰਦੇ ਚੁਣ ਕੇ ਲੋਕ ਸਭਾ ਜਾਂ ਵਿਧਾਨ ਸਭਾ ਵਿਚ ਭੇਜਦੇ ਹਾਂ, ਉਥੇ ਇਹ ਅਜਿਹੇ ਮੁੱਦੇ ਕਿਉਂ ਨਹੀਂ ਉਠਾਉਂਦੇ। ਆਖਿਰ ਕਦੋਂ ਤੱਕ ਲੋਕਾਂ ਨੂੰ ਅਵਾਰਾ ਕੁੱਤੇ ਵੱਢਦੇ ਰਹਿਣਗੇ। ਚਲੋ ਕੁੱਤਿਆਂ ਨੂੰ ਮਾਰ ਨਹੀਂ ਸਕਦੇ ਪਰ ਇਨ੍ਹਾਂ ਦੀ ਨਸਬੰਦੀ ਤਾਂ ਕਰਵਾ ਸਕਦੇ ਹਾਂ। ਤਾਂ ਕਿ ਇਨ੍ਹਾਂ ਦੀ ਜਨਸੰਖਿਆ ਹੋਰ ਨਾ ਵਧ ਸਕੇ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰਾਂ ਨਾਲ ਮਿਲ ਕੇ ਕੋਈ ਠੋਸ ਨੀਤੀ ਲਿਆਉਣ ਦੀ ਜ਼ਰੂਰਤ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

27-04-2022

 ਕੇਜਰੀਵਾਲ ਦੀ ਪੰਜਾਬ ਦੇ ਅਫਸਰਾਂ ਨਾਲ ਬੈਠਕ

ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰ ਉੱਚ ਤੇ ਦੂਸਰੇ ਅਧਿਕਾਰੀਆਂ ਨੂੰ ਦਿੱਲੀ ਬੁਲਾ ਕੇ ਪੰਜਾਬ ਦੇ ਬਿਜਲੀ ਸਪਲਾਈ ਤੇ ਹੋਰ ਮਸਲਿਆਂ ਦੇ ਸੰਬੰਧ ਵਿਚ ਬੈਠਕ ਕਰਨਾ ਤੇ ਦਿਸ਼ਾ-ਨਿਰਦੇਸ਼ ਦੇਣਾ ਇਕ ਹੈਰਾਨ ਕਰਨ ਵਾਲੀ ਖ਼ਬਰ ਹੈ। ਬੇਸ਼ੱਕ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੁਖੀਆ ਹਨ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਵਾਲੀ ਉਨ੍ਹਾਂ ਦੀ ਪਾਰਟੀ ਨੂੰ ਪਿਛਲੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕਾਂ ਭਾਵ ਵੋਟਰਾਂ ਨੇ ਭਾਰੀ ਬਹੁਮਤ ਨਾਲ ਜਿਤਾ ਕੇ ਰਾਜ ਦੀ ਵਾਗਡੋਰ ਸੰਭਾਲੀ ਹੈ ਪਰ ਫਿਰ ਵੀ ਪੰਜਾਬ ਵਾਸੀ ਇਹ ਨਹੀਂ ਚਾਹੁਣਗੇ ਕਿ ਉਨ੍ਹਾਂ ਦੀ ਸਰਕਾਰ ਅਤੇ ਅਫ਼ਸਰ ਕਿਸੇ ਹੋਰ ਰਾਜ ਦੇ ਮੁੱਖ ਮੰਤਰੀ ਦੇ ਇਸ਼ਾਰਿਆਂ ਜਾਂ ਦਿਸ਼ਾ-ਨਿਰਦੇਸ਼ਾਂ 'ਤੇ ਰਿਮੋਟ ਕੰਟਰੋਲ ਮਾਫਕ ਕੰਮਕਾਜ਼ ਕਰੇ। ਵੈਸੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਤਾਂ ਇਹ ਇਕ ਸੰਵਿਧਾਨਕ ਤੇ ਕਾਨੂੰਨੀ ਸਚਾਈ ਵੀਹੈ ਕਿ ਮੰਤਰੀਆਂ, ਆਈ.ਏ.ਐਸ. ਅਧਿਕਾਰੀਆਂ ਅਤੇ ਹੋਰ ਸੰਵਿਧਾਨਕ ਆਦਿ ਅਹੁਦਿਆਂ 'ਤੇ ਤਾਇਨਾਤ ਸ਼ਖ਼ਸੀਅਤਾਂ ਵਲੋਂ ਕਾਰਜ ਸੰਭਾਲਣ ਤੋਂ ਪਹਿਲਾਂ ਗੋਪਨੀਅਤਾ ਦੀ ਸਹੁੰ ਵੀ ਚੁੱਕੀ ਜਾਂਦੀ ਹੈ, ਜਿਸ ਦੀ ਪਾਲਣਾ ਵੀ ਉਨ੍ਹਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ। ਚਾਹੇ ਕਿਸੇ ਵੀ ਰਾਜਨੀਤਕ ਦਲ ਦੀ ਸਰਕਾਰ ਆਪਣੀ ਪਾਰਟੀ ਅਤੇ ਉਸ ਹੋਰ ਨੇਤਾਵਾਂ ਦੀ ਵਿਚਾਰਧਾਰਾ ਮੁਤਾਬਿਕ ਹੀ ਕਿਉਂ ਨਾ ਚਲਦੀ ਹੋਵੇ, ਫਿਰ ਵੀ ਉਸ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਲੋਕਤੰਤਰਿਕ ਮਰਿਆਦਾਵਾਂ, ਪ੍ਰੋਟੋਕੋਲ ਸਿਧਾਂਤਾਂ ਅਤੇ ਸ਼ਾਸਕੀ ਸ਼ਿਸ਼ਟਾਚਾਰ ਦੀ ਪਾਲਣਾ ਨੂੰ ਸੁਨਿਸਚਿਤ ਕੀਤਾ ਜਾਣਾ ਚਾਹੀਦਾ ਹੈ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ (ਪੰਜਾਬ)।

ਨੌਕਰਸ਼ਾਹੀ ਤੇ ਸ਼ਿਕਾਇਤ ਨੰਬਰ

ਨਸ਼ਿਆਂ ਦੇ ਕਾਲੇ ਕੋਹੜ ਨੇ ਪੰਜਾਬ ਦੀ ਜਵਾਨੀ ਨੂੰ ਤਾਂ ਬਰਬਾਦ ਕੀਤਾ ਈ ਐ ਤੇ ਉਤੋਂ ਭ੍ਰਿਸ਼ਟ ਸਿਸਟਮ ਇਨ੍ਹਾਂ ਨਸ਼ਾ ਤਸਕਰਾਂ ਦੇ ਹੌਸਲੇ ਹੋਰ ਬੁਲੰਦ ਕਰ ਦਿੰਦਾ ਹੈ, ਭਾਵੇਂ ਸਭ ਨੂੰ ਇਕੋ ਰੱਸੇ 'ਚ ਬੰਨ੍ਹਿਆ ਨਹੀਂ ਜਾ ਸਕਦਾ। ਇਮਾਨਦਾਰ ਤੇ ਮਿਹਨਤੀ ਅਫਸਰਾਂ ਦੀ ਵਜ੍ਹਾ ਕਰਕੇ ਹੀ ਥੋੜ੍ਹਾ-ਬਹੁਤ ਕੰਟਰੋਲ ਹੈ ਪਰ ਇਹ ਸੱਚ ਹੈ। ਨਵੀਂ ਸਰਕਾਰ ਵਲੋਂ ਆਉਂਦੇ ਸਾਰ ਨਸ਼ਾ ਤਸਕਰੀ ਤੇ ਭ੍ਰਿਸ਼ਟਾਚਾਰ ਨੱਥ ਪਾਉਣ ਲਈ ਦੋ ਸ਼ਿਕਾਇਤ ਨੰਬਰ ਜਾਰੀ ਕੀਤੇ ਗਏ, ਜਿਨ੍ਹਾਂ 'ਤੇ ਆਏ ਦਿਨ ਨਵੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਹਨ ਤੇ ਬਹੁਤ ਸਾਰੇ ਮਸਲੇ ਹੱਲ ਵੀ ਹੋ ਰਹੇ ਹਨ। ਅਫ਼ਸਰਸ਼ਾਹੀ ਦੀਆਂ ਸਰਕਾਰੀ ਜੇਬਾਂ ਤੋਂ ਇਲਾਵਾ ਅੰਦਰ ਲੱਗੀਆਂ ਪ੍ਰਾਈਵੇਟ ਜੇਬਾਂ 'ਚ ਜਾਲੇ ਲੱਗਣੇ ਸ਼ੁਰੂ ਹੋ ਗਏ ਹਨ। ਜੇਬਾਂ 'ਚੋਂ ਧੂੜ ਮਿੱਟੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਨਿਕਲਦਾ। ਜਿਥੇ ਲੋਕ ਖੁਸ਼ੀ ਮਹਿਸੂਸ ਕਰ ਰਹੇ ਹਨ ਤੇ ਦੂਜੇ ਪਾਸੇ ਅਫ਼ਸਰਸ਼ਾਹੀ ਕੋਈ ਜ਼ਿਆਦਾ ਖ਼ੁਸ਼ ਨਜ਼ਰ ਨਹੀਂ ਆ ਰਹੀ। ਸਰਕਾਰਾਂ ਹੁਕਮ ਜਾਰੀ ਕਰਦੀਆਂ ਹਨ ਤੇ ਨੌਕਰਸ਼ਾਹੀ ਇਸ ਨੂੰ ਲਾਗੂ ਕਰਦੀ ਹੈ। ਨਸ਼ੇ 'ਤੇ ਠੱਲ੍ਹ ਪਾਉਣ ਦੇ ਜਿੰਨੇ ਦਾਅਵੇ ਸਰਕਾਰ ਨੇ ਕੀਤੇ ਸੀ, ਸ਼ਾਇਦ ਓਨੇ ਦਿਖ ਨਹੀਂ ਰਹੇ। ਇਨ੍ਹਾਂ ਪਿੱਛੇ ਨੌਕਰਸ਼ਾਹੀ ਦੀ ਨਾਰਾਜ਼ਗੀ ਜਾਂ ਫਿਰ ਲੀਡਰਾਂ ਦੀ ਦਖਲਅੰਦਾਜ਼ੀ ਸਭ ਤੋਂ ਵੱਡਾ ਕਾਰਨ ਨਜ਼ਰ ਆ ਰਹੀ ਹੈ। ਜੇਕਰ ਪ੍ਰਸ਼ਾਸਨ ਆਪਣੀ ਆਈ 'ਤੇ ਆ ਜਾਵੇ ਤਾਂ ਦੁੱਧ 'ਚੋਂ ਪਾਣੀ ਵੀ ਛਾਣ ਸਕਦਾ ਪਰ ਸ਼ਾਇਦ ਕਿਸੇ ਵਜ੍ਹਾ ਕਰਕੇ ਉਹ ਇਸ ਗੁਰ ਨੂੰ ਭੁੱਲਦੇ ਜਾ ਰਹੇ ਹਨ। ਜਦੋਂ ਤੱਕ ਨੌਕਰਸ਼ਾਹੀ ਤੇ ਸਰਕਾਰ ਦਾ ਆਪਸ 'ਚ ਪੂਰਨ ਤਾਲਮੇਲ ਨਹੀਂ ਬੈਠਦਾ, ਉਦੋਂ ਤੱਕ ਇਨ੍ਹਾਂ ਐਲਾਨਾਂ ਨੂੰ ਸਿਰਫ਼ ਸੁਰਖੀਆਂ ਦਾ ਹਿੱਸਾ ਹੀ ਕਿਹਾ ਜਾ ਸਕਦਾ ਹੈ। ਇਨ੍ਹਾਂ ਵਾਅਦਿਆਂ ਨੂੰ ਅਮਲੀ ਰੂਪ ਦੇਣ ਲਈ ਸਰਕਾਰ ਨੂੰ ਹੋਰ ਸਖ਼ਤ ਕਦਮ ਚੁੱਕਣ ਦੀ ਲੋੜ ਪੈਣੀ ਹੈ।

-ਕੇਵਲ ਸਿੰਘ ਕਾਲਝਰਾਣੀ

ਹੱਕਾਂ 'ਤੇ ਡਾਕੇ

ਮੋਦੀ ਸਰਕਾਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਐਲਾਨ ਕਰਵਾ ਕੇ ਚੰਡੀਗੜ੍ਹ ਮੁਲਾਜ਼ਮਾਂ 'ਤੇ ਕੇਂਦਰੀ ਸੇਵਾਵਾਂ ਵਾਲੇ ਨਿਯਮ ਲਾਗੂ ਕਰ ਦਿੱਤੇ ਹਨ, ਜਿਸ 'ਤੇ ਪਹਿਲਾਂ ਪੰਜਾਬ ਸਿਵਲ ਸੇਵਾਵਾਂ ਦੇ ਨਿਯਮ ਲਾਗੂ ਹੁੰਦੇ ਸਨ। ਸਰਕਾਰ ਦੇ ਇਸ ਕਦਮ ਨਾਲ ਚੰਡੀਗੜ੍ਹ ਪੰਜਾਬ ਤੋਂ ਹੋਰ ਦੂਰ ਹੋ ਗਿਆ ਹੈ। ਦੂਸਰਾ ਪੰਜਾਬ ਵਿਰੋਧੀ ਕਦਮ, ਜੋ ਕੇਂਦਰ ਸਰਕਾਰ ਨੇ ਚੁੱਕਿਆ ਹੈ, ਉਹ 23 ਫਰਵਰੀ, 2022 ਦੇ ਨੋਟੀਫਿਕੇਸ਼ਨ ਅਨੁਸਾਰ ਭਾਖੜਾ ਬਿਆਸ ਦੇ ਪ੍ਰਬੰਧਕੀ ਬੋਰਡ ਦੇ ਨਿਯਮਾਂ ਵਿਚ ਸੋਧ ਕਰਨਾ ਹੈ। ਬੋਰਡ ਦੀ ਸਥਾਪਤੀ ਸਮੇਂ ਸਹਿਮਤੀ ਬਣੀ ਸੀ ਕਿ ਬੋਰਡ ਦਾ ਚੇਅਰਮੈਨ ਮੈਂਬਰ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਤੋਂ ਬਾਹਰਲਾ ਵਿਅਕਤੀ ਹੋਵੇਗਾ, ਬਿਜਲੀ ਸਪਲਾਈ ਮੈਂਬਰ ਪੰਜਾਬ ਦਾ ਅਤੇ ਸਿੰਚਾਈ ਮੈਂਬਰ ਹਰਿਆਣੇ ਤੋਂ ਹੋਵੇਗਾ। ਪਰ ਹੁਣ ਦੇ ਫ਼ੈਸਲੇ ਵਿਚ ਪੰਜਾਬ ਅਤੇ ਹਰਿਆਣਾ ਦੇ ਮੈਂਬਰਾਂ ਦੇ ਸਥਾਨ 'ਤੇ ਕਿਸੇ ਵੀ ਸੂਬੇ ਦਾ ਮੈਂਬਰ ਇਨ੍ਹਾਂ ਅਹੁਦਿਆਂ 'ਤੇ ਨਿਯੁਕਤ ਕੀਤਾ ਜਾ ਸਕਦਾ ਹੈ। ਪੰਜਾਬ ਉਤੇ ਕੇਂਦਰ ਦਾ ਇਕ ਹੋਰ ਹਮਲਾ ਹੈ। ਪੰਜਾਬ ਰਿਪੇਰੀਅਨ ਸੂਬਾ ਹੋਣ ਕਰਕੇ ਇਹ ਕਦਮ ਪੰਜਾਬ ਵਿਰੋਧੀ ਹੈ, ਸਤਲੁਜ-ਯਮਨਾ ਲਿੰਕ ਨਹਿਰ ਦਾ ਮਸਲਾ ਵੀ ਮੂੰਹ ਅੱਡੀ ਖੜ੍ਹਾ ਹੈ।
ਕੇਂਦਰ ਸਰਕਾਰ ਦਾ ਹਰ ਕਦਮ ਪੰਜਾਬ ਵਿਰੁੱਧ ਜਾ ਰਿਹਾ ਹੈ। ਸਰਕਾਰ ਦੇ ਅਜਿਹੇ ਕਦਮਾਂ ਵਿਰੁੱਧ ਪੰਜਾਬ ਦੇ ਸੁਹਿਰਦ ਭਾਈਚਾਰੇ, ਬੁੱਧੀਜੀਵੀਆਂ, ਕਲਮਕਾਰਾਂ, ਜਥੇਬੰਦੀਆਂ ਆਦਿ ਨੂੰ ਪੰਜਾਬ, ਪੰਜਾਬੀਅਤ ਅਤੇ ਇਸ ਦੇ ਪਾਣੀਆਂ ਨੂੰ ਬਚਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ। ਜਿਵੇਂ ਖੇਤੀਬਾੜੀ ਬਿੱਲਾਂ ਕਾਰਨ ਕੇਂਦਰ ਸਰਕਾਰ ਵਿਰੁੱਧ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਹੋਰ ਲੋਕਾਂ ਨੇ ਇਕਜੁੱਟ ਹੋ ਕੇ ਸੰਘਰਸ਼ ਲੜਿਆ ਸੀ, ਅਜਿਹਾ ਇਕ ਸੰਘਰਸ਼ ਹੋਰ ਲੜਨਾ ਪੈਣਾ ਹੈ, ਜਿਸ ਲਈ ਸਾਨੂੰ ਹੁਣ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ, ਜ਼ਿਲ੍ਹਾ ਤਰਨ ਤਾਰਨ।

ਪੰਜਾਬ ਨਾਲ ਬੇਇਨਸਾਫ਼ੀ

ਕੇਂਦਰ ਵਲੋਂ ਕੋਝੀਆਂ ਚਾਲਾਂ ਚੱਲ ਕੇ ਚੰਡੀਗੜ੍ਹ ਨੂੰ ਪੱਕੇ ਤੌਰ 'ਤੇ ਯੂ.ਟੀ. ਬਣਾਉਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਦੇ ਮਾਮਲੇ ਵਿਚ 1966 ਵਿਚ ਪੰਜਾਬ ਦੀ ਵੰਡ ਵੇਲੇ ਚੰਡੀਗੜ੍ਹ ਨੂੰ ਪੱਕੇ ਤੌਰ 'ਤੇ ਪੰਜਾਬ ਦੀ ਰਾਜਧਾਨੀ ਨਾ ਬਣਾ ਕੇ ਪੰਜਾਬ ਨਾਲ ਸ਼ਰ੍ਹੇਆਮ ਧੱਕਾ ਕੀਤਾ ਗਿਆ ਕਿਉਂਕਿ ਦੇਸ਼ ਦੇ ਹਰ ਸੂਬੇ ਵਿਚ ਭਾਸ਼ਾਈ ਵੰਡ ਵੇਲੇ ਰਾਜਧਾਨੀ ਪਿੱਤਰੀ ਸੂਬੇ ਕੋਲ ਹੀ ਰਹੀ ਹੈ। ਦੂਸਰਾ ਚੰਡੀਗੜ੍ਹ ਸ਼ਹਿਰ ਦੀ ਸਥਾਪਨਾ ਹੀ ਪੰਜਾਬ ਦੀ ਰਾਜਧਾਨੀ ਵਜੋਂ ਪੰਜਾਬੀ (ਪੁਆਧੀ) ਬੋਲਦੇ 28 ਪਿੰਡਾਂ ਦੀ ਜ਼ਮੀਨ ਐਕਵਾਇਰ ਕਰਕੇ ਕੀਤੀ ਗਈ ਸੀ। ਮੁਢਲੇ ਤੌਰ 'ਤੇ ਇਹ ਜ਼ਮੀਨ ਸੌ ਫ਼ੀਸਦੀ ਪੰਜਾਬੀ ਬੋਲਣ ਵਾਲੇ ਪੰਜਾਬੀਆਂ ਦੀ ਸੀ। ਇਸ ਧੱਕੇ ਸੰਬੰਧੀ ਕੇਂਦਰ ਖਿਲਾਫ਼ ਸਮੇਂ-ਸਮੇਂ 'ਤੇ ਕਈ ਮੋਰਚੇ ਲੱਗੇ ਤੇ ਕਈ ਆਗੂ ਮਰਨਵਰਤ 'ਤੇ ਬੈਠੇ, ਸਿੱਟੇ ਵਜੋਂ ਕੇਂਦਰ ਸਰਕਾਰ ਨੇ ਦਬਾਅ ਹੇਠ ਆ ਕੇ 29 ਜਨਵਰੀ, 1970 ਨੂੰ ਐਲਾਨ ਕੀਤਾ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਵੇਗਾ ਤੇ ਹਰਿਆਣੇ ਲਈ ਵੱਖਰੀ ਰਾਜਧਾਨੀ ਬਣਾਉਣ ਲਈ ਦਸ ਕਰੋੜ ਗਰਾਂਟ ਅਤੇ ਦਸ ਕਰੋੜ ਕਰਜ਼ਾ ਦਿੱਤਾ ਜਾਵੇਗਾ। ਪਰ ਕੇਂਦਰ ਸਰਕਾਰ ਆਪਣੀ ਗੱਲ 'ਤੇ ਖਰੀ ਨਾ ਉਤਰੀ, ਉਲਟਾ ਮਰਦਮਸ਼ੁਮਾਰੀ ਰਾਹੀਂ ਲਗਾਤਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਮਨਫੀ ਕੀਤੀ ਗਈ, ਜੋ ਕਿ 1971 ਵਿਚ 40.67 ਫ਼ੀਸਦੀ ਤੇ 2011 ਤੱਕ 22 ਫ਼ੀਸਦੀ ਕਰ ਦਿੱਤੀ ਗਈ। ਰਾਜਧਾਨੀ ਤੋਂ ਇਲਾਵਾ ਹੈੱਡਵਰਕਸਾਂ, ਪਾਣੀ ਦੀ ਵੰਡ ਆਦਿ ਮਾਮਲਿਆਂ ਵਿਚ ਵੀ ਧੱਕਾ ਕੀਤਾ ਗਿਆ ਹੈ।

-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਓਬੋਕੇ, ਤਹਿ. ਪੱਟੀ, ਜ਼ਿਲ੍ਹਾ ਤਰਨ ਤਾਰਨ।

26-04-2022

 ਵਧਦੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

ਅੱਜਕਲ੍ਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਇਸ ਨਾਲ ਮਹਿੰਗਾਈ ਵੀ ਲਗਾਤਾਰ ਵਧ ਰਹੀ ਹੈ, ਆਵਾਜਾਈ ਅਤੇ ਬੱਸ ਕਿਰਾਇਆ ਵੀ ਵਧਣਾ ਯਕੀਨੀ ਹੈ। ਇਸ ਨਾਲ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਇਸ ਮਹਿੰਗਾਈ ਦੇ ਦੌਰ ਵਿਚ ਸਾਡਾ ਇਹ ਫ਼ਰਜ਼ ਹੈ ਕਿ ਅਸੀਂ ਆਪਣੇ ਸਾਧਨਾਂ ਮੋਟਰ ਸਾਈਕਲ, ਮੋਪਿਡ ਤੇ ਕਾਰ ਦੀ ਵਰਤੋਂ ਘੱਟ ਤੋਂ ਘੱਟ ਕਰੀਏ, ਕੇਵਲ ਬਹੁਤ ਜ਼ਰੂਰਤ ਹੋਣ 'ਤੇ ਹੀ ਇਨ੍ਹਾਂ ਦੀ ਵਰਤੋਂ ਕਰੀਏ, ਨੇੜੇ-ਤੇੜੇ ਪੈਦਲ ਜਾਂ ਸਾਈਕਲ ਦੀ ਵਰਤੋਂ ਕਰੀਏ, ਇਸ ਨਾਲ ਜਿਥੇ ਸਾਡੀ ਸਿਹਤ ਠੀਕ ਰਹੇਗੀ, ਉਥੇ ਪੈਟਰੋਲ ਦਾ ਬੇਲੋੜਾ ਖਰਚਾ ਵੀ ਘਟੇਗਾ। ਮੇਰੇ ਇਕ ਸੇਵਾਮੁਕਤ ਅਧਿਆਪਕ ਦੋਸਤ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਕੂਲ ਜਾਣ ਲਈ ਪੂਰੀ ਨੌਕਰੀ ਦੌਰਾਨ ਸਾਈਕਲਹੀ ਚਲਾਇਆ। ਹੁਣ ਵੀ ਉਹ 75 ਸਾਲ ਦੀ ਉਮਰ ਵਿਚ ਵੀ ਤੰਦਰੁਸਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਈਕਲ ਦੀ ਸਵਾਰੀ ਨਾਲ ਸਿਹਤ ਵੀ ਠੀਕ, ਕਸਰਤ ਦੀ ਕਸਰਤ ਤੇ ਸੈਰ ਦੀ ਸੈਰ, ਸਾਰੇ ਕੰਮ ਹੋ ਜਾਂਦੇ ਹਨ। ਜਿਥੇ ਅਸੀਂ ਜਾਂ ਸਾਡੇ ਬੱਚੇ ਸਾਈਕਲ ਚਲਾਉਣ ਤੋਂ ਸੰਕੋਚ ਕਰਦੇ ਹਾਂ, ਉਥੇ ਡਾਕਟਰ ਵੀ ਸਾਈਕਲ ਚਲਾਉਣ ਦੀ ਸਲਾਹ ਦਿੰਦੇ ਹਨ। ਸਾਨੂੰ ਸਾਰਿਆਂ ਨੂੰ ਆਪ ਵੀ ਸਾਈਕਲ ਚਲਾਉਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੀ ਸਾਈਕਲ ਚਲਾਉਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ।

-ਪਰਮਜੀਤ ਸਿੰਘ
ਗੁਰਦਾਸਪੁਰ।

ਬੂਟੇ ਲਗਾਈਏ, ਚੌਗਿਰਦਾ ਬਚਾਈਏ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਕੈਪਟਨ ਸਰਕਾਰ ਵਲੋਂ ਰੁੱਖ ਲਗਾਉਣ ਲਈ ਇਕ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਹਰੇਕ ਪੰਚਾਇਤ ਨੂੰ ਆਪਣੇ-ਆਪਣੇ ਪਿੰਡ 'ਚ 550 ਬੂਟੇ ਲਗਾਉਣ ਲਈ ਕਿਹਾ ਗਿਆ ਸੀ। ਇਸ ਤਰ੍ਹਾਂ ਸੂਬੇ ਅੰਦਰ ਇਕੋ ਸਮੇਂ ਬਹੁਤ ਸਾਰੇ ਬੂਟੇ ਲਗਾਏ ਗਏ ਸਨ। ਮੌਜੂਦਾ ਸਰਕਾਰ ਨੂੰ ਵੀ ਅਜਿਹਾ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ ਜਿਸ ਨਾਲ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਦਿਨੋ-ਦਿਨ ਵਧ ਰਹੀ ਗਰਮੀ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ। ਪੰਚਾਇਤ ਮੰਤਰੀ ਨੂੰ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿਚ ਇਕ ਮਤਾ ਲੈ ਕੇ ਆਉਣਾ ਚਾਹੀਦਾ ਹੈ, ਜਿਸ ਤਹਿਤ ਹਰੇਕ ਪੰਚਾਇਤ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਪੰਚਾਇਤੀ ਜ਼ਮੀਨ ਦੇ 10 ਫ਼ੀਸਦੀ ਰਕਬੇ ਵਿਚ ਫਲਦਾਰ ਬੂਟੇ ਲਗਾਉਣ ਜਿਸ ਨਾਲ ਪੰਚਾਇਤਾਂ ਨੂੰ ਆਮਦਨ ਵੀ ਹੋਵੇਗੀ ਅਤੇ ਵਾਤਾਵਰਨ ਵੀ ਸੁਹਾਵਣਾ ਹੋਵੇਗਾ। ਅਜਿਹਾ ਕਰਨ ਨਾਲ ਮਨਰੇਗਾ ਮਜ਼ਦੂਰਾਂ ਨੂੰ ਵੀ ਕੰਮ ਮਿਲੇਗਾ। ਬੂਟੇ ਲਗਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਹਵਾ-ਪਾਣੀ ਬਚਾਉਣ ਲਈ ਆਪਣੇ-ਆਪਣੇ ਫ਼ਰਜ਼ ਨਿਭਾਅ ਸਕੀਏ।

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

ਸਿੱਖਿਆ ਮੰਤਰੀ ਧਿਆਨ ਦੇਣ

ਪੰਜਾਬ ਵਿਚ ਬਹੁਤ ਸਾਰੇ ਸਰਕਾਰੀ ਅਦਾਰੇ ਅਜਿਹੇ ਵੀ ਹਨ, ਜਿਨ੍ਹਾਂ 'ਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਹਨ, ਖ਼ਾਸ ਕਰਕੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ। ਵਾਅਦਿਆਂ ਦੀ ਝੜੀ ਲਾ ਕੇ ਬਣੀ ਨਵੀਂ ਸਰਕਾਰ ਨੇ ਆਖਿਆ ਸੀ ਕਿ ਸਿੱਖਿਆ ਦੇ ਮੰਦਰਾਂ 'ਚ ਸੁਧਾਰ ਕਰਾਂਗੇ ਤੇ ਬੇਰੁਜ਼ਗਾਰੀ ਦੂਰ ਕਰਾਂਗੇ। ਹਾਲ ਹੀ ਵਿਚ ਕੁਝ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵੱਖ-ਵੱਖ ਵਿਭਾਗਾਂ ਨੂੰ ਸੰਬੰਧਿਤ ਇਕੋ ਵਿਭਾਗ ਦੇ ਅਧੀਨ ਕਰ ਦੇਣ ਦੀਆਂ ਖ਼ਬਰਾਂ ਨੇ ਪੂਰਾ ਜ਼ੋਰ ਫੜ ਲਿਆ ਹੈ। ਪਹਿਲਾਂ ਦੀ ਤਰ੍ਹਾਂ ਹੁਣ ਵੀ ਇਸੇ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਪਿਛਲੀ ਸਰਕਾਰ ਸਮੇਂ ਇਕ-ਇਕ ਮੁਲਾਜ਼ਮ ਤਿੰਨ-ਤਿੰਨ ਮੁਲਾਜ਼ਮਾਂ ਦਾ ਕੰਮ ਸੰਭਾਲਦਾ ਸੀ ਤੇ ਖਾਲੀ ਅਸਾਮੀਆਂ 'ਤੇ ਪਰਦਾ ਢਕਿਆ ਰਹਿੰਦਾ ਸੀ, ਬਿਲਕੁਲ ਉਸੇ ਤਰ੍ਹਾਂ ਹੁਣ ਵੀ ਜਾਰੀ ਹੈ। ਅਧਿਆਪਕਾਂ ਤੇ ਪ੍ਰੋਫ਼ੈਸਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਤਾਂ ਬਹੁਤ ਦੂਰ ਦੀ ਗੱਲ, ਬਹੁਤ ਸਾਰੇ ਸਰਕਾਰੀ ਸਕੂਲਾਂ, ਕਾਲਜਾਂ ਪ੍ਰਿੰਸੀਪਲ ਦੀਆਂ ਅਸਾਮੀਆਂ ਤੋਂ ਬਿਨਾਂ ਕਾਰਜ ਕਰ ਰਹੇ ਹਨ। ਇਕ ਕਿ ਪ੍ਰਿੰਸੀਪਲ ਨੂੰ ਕਈ-ਕਈ ਸਕੂਲਾਂ, ਕਾਲਜਾਂ ਦਾ ਇੰਚਾਰਜ ਥਾਪਿਆ ਗਿਆ ਹੈ, ਅਜਿਹਾ ਕਿਉਂ? ਕੀ ਇਹ ਹੈ ਦਿੱਲੀ ਦਾ ਸਿੱਖਿਆ ਮਾਡਲ? ਨਵੇਂ ਸਿੱਖਿਆ ਮੰਤਰੀ ਦਾ ਬੇਰੁਜ਼ਗਾਰ ਤੇ ਧਰਨਾਕਾਰੀ ਅਧਿਆਪਕਾਂ ਨਾਲ ਗੱਲਬਾਤ ਨਾ ਕਰਨਾ ਵੀ ਇਹ ਦਰਸਾਉਂਦਾ ਹੈ ਕਿ ਕੁਝ ਵੀ ਬਦਲਿਆ ਨਹੀਂ, ਬਸ ਗੱਲਾਂ ਹੀ ਹਨ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਪੰਜਾਬ 'ਚ ਅੰਗਰੇਜ਼ ਨੌਕਰੀ ਕਰਨ ਲਈ ਨਹ ਸਗੋਂ ਦੁਬਾਰਾ ਰਾਜ ਕਰਨ ਲਈ ਜ਼ਰੂਰ ਆ ਸਕਦੇ ਹਨ।

-ਮਨਪ੍ਰੀਤ ਕੌਰ ਸੁਨਾਮ

ਸਫਲਤਾ ਦੀ ਕੁੰਜੀ

ਜ਼ਿੰਦਗੀ ਇਕ ਕਲਾ ਹੈ। ਜੋ ਸਾਡਾ ਟੀਚਾ ਵਧੀਆ ਹੋਵੇਗਾ ਤਾਂ ਅਸੀਂ ਮੰਜ਼ਲ ਸਰ ਕਰ ਸਕਦੇ ਹਾਂ। ਜ਼ਿੰਦਗੀ ਵਿਚ ਬਹੁਤ ਵਾਰ ਅਸਫਲਤਾਵਾਂ ਮਿਲਦੀਆਂ ਹਨ। ਸੋਚੋ ਕਿ ਸਫਲਤਾ ਸਾਨੂੰ ਕਿਉਂ ਨਹੀਂ ਮਿਲੀ। ਸਾਡੀ ਕਿਹੜੀ ਅਜਿਹੀ ਗ਼ਲਤੀ ਸੀ, ਜਿਹੜੀ ਸਾਨੂੰ ਆਪਣੇ ਟੀਚੇ 'ਤੇ ਨਹੀਂ ਪਹੁੰਚਾ ਸਕੀ। ਮਿਹਨਤ ਕਰਦੇ ਰਹੋ, ਫਲ ਦੀ ਇੱਛਾ ਨਾ ਕਰੋ। ਅਸਫਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ। ਕਈ ਵਾਰ ਸਖ਼ਤ ਮਿਹਨਤ ਨਾਲ ਵੀ ਮਨਚਾਹਿਆ ਟੀਚਾ ਨਹੀਂ ਮਿਲਦਾ, ਪਰ ਜੋ ਲਗਾਤਾਰ ਮਿਹਨਤ ਕਰਦਾ ਹੈ ਤੇ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਦਾ ਹੈ, ਸਫਲਤਾ ਉਸ ਦੇ ਪੈਰ ਚੁੰਮਦੀ ਹੈ। ਕੋਈ ਵੀ ਇਨਸਾਨ ਜਨਮ ਤੋਂ ਸਫਲਤਾ ਦੀ ਗਾਰੰਟੀ ਲੈ ਕੇ ਪੈਦਾ ਨਹੀਂ ਹੁੰਦਾ, ਸਗੋਂ ਆਪਣੇ ਕੰਮ ਨੂੰ ਬਿਹਤਰੀਨ ਢੰਗ ਨਾਲ ਕਰਕੇ ਸਿਖਰ 'ਤੇ ਪੁੱਜਦਾ ਹੈ। ਗ਼ਲਤੀਆਂ ਤੋਂ ਸਿੱਖੋ, ਸਾਨੂੰ ਆਪਣੀ ਕਾਬਲੀਅਤ ਦਾ ਪੂਰਾ ਪ੍ਰਯੋਗ ਕਰਨਾ ਚਾਹੀਦਾ ਹੈ। ਵਧੀਆ ਦੋਸਤਾਂ ਨਾਲ ਤਾਲਮੇਲ ਬਣਾ ਕੇ ਰੱਖੋ, ਜੋ ਤੁਹਾਨੂੰ ਅਸਫਲਤਾਵਾਂ ਦੇ ਦੌਰ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਨ। ਤੁਹਾਨੂੰ ਇਕ ਨਾ ਇਕ ਦਿਨ ਸਫਲਤਾ ਜ਼ਰੂਰ ਮਿਲੇਗੀ।

-ਸੰਜੀਵ ਸਿੰਘ ਸੈਣੀ, ਮੁਹਾਲੀ।

25-04-2022

 ਬੇਲੋੜੀ ਦੌੜ ਤੋਂ ਛੁਟਕਾਰਾ ਕਿਵੇਂ ਪਾਈਏ?
ਅੱਜ ਬਹੁਤੇ ਲੋਕਾਂ ਦੀ ਦੌੜ ਇਕ-ਦੂਜੇ ਤੋਂ ਅੱਗੇ ਵਧਣ ਵਿਚ ਲੱਗੀ ਹੋਈ ਹੈ, ਭਾਵੇਂ ਉਸ ਦਾ ਰੂਪ ਪੈਸਾ, ਜਾਇਦਾਦ ਜਾਂ ਆਪਣੇ-ਆਪ ਨੂੰ ਲੋਕਾਂ ਵਿਚ ਚੰਗਾ ਪੇਸ਼ ਕਰਨ ਦਾ ਕਿਉਂ ਨਾ ਹੋਵੇ? ਮੁਕਾਬਲੇਬਾਜ਼ੀ ਤਾਂ ਠੀਕ ਹੈ, ਹੋਣੀ ਚਾਹੀਦੀ ਵੀ ਹੈ। ਪਰ ਆਪਣੀ ਸਿਹਤ ਨੂੰ ਦਾਅ 'ਤੇ ਲਾ ਕੇ ਨਹੀਂ, ਲੋੜ ਤੋਂ ਜ਼ਿਆਦਾ ਕੰਮ ਕਰਕੇ ਅਸੀਂ ਆਪਣੀ ਸਿਹਤ ਦਾ ਵੱਡਾ ਨੁਕਸਾਨ ਕਰ ਲੈਂਦੇ ਹਾਂ, ਤੇ ਬਾਅਦ ਵਿਚ ਸਾਨੂੰ ਪਛਤਾਉਣਾ ਪੈਂਦਾ ਹੈ। ਕਈ ਲੋਕ ਗ਼ਰੀਬਾਂ ਨੂੰ ਨਸ਼ਾ ਦੇ ਕੇ ਵੱਧ ਕੰਮ ਲੈਂਦੇ ਹਨ। ਇਸ ਤਰ੍ਹਾਂ ਕਰਕੇ ਉਹ ਉਨ੍ਹਾਂ ਦੀ ਜ਼ਿੰਦਗੀ ਨਾਲ ਬਹੁਤ ਵੱਡਾ ਖਿਲਵਾੜ ਕਰਦੇ ਹਨ। ਸਾਨੂੰ ਹਰ ਇਕ ਨੂੰ ਚੰਗੇ ਇਨਸਾਨ ਦਾ ਰੂਪ ਪੇਸ਼ ਕਰਨਾ ਚਾਹੀਦਾ ਹੈ।


-ਕੰਵਰਦੀਪ ਸਿੰਘ ਭੱਲਾ
ਪਿੱਪਲਾਂਵਾਲਾ, ਹੁਸ਼ਿਆਰਪੁਰ।


ਆਧੁਨਿਕ ਮੰਡੀਕਰਨ ਦੀ ਲੋੜ
ਸੂਬੇ ਦੀ ਆਰਥਿਕਤਾ ਦਾ ਵੱਡਾ ਅਧਾਰ ਅਜੇ ਤੱਕ ਖੇਤੀ ਹੀ ਹੈ ਅਤੇ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਸਰਕਾਰੀ ਮੰਡੀਆਂ ਵਿਚ ਉਹ ਸਹੂਲਤਾਂ ਨਹੀਂ ਹਨ, ਜੋ ਕਿ ਨਿੱਜੀ ਮੰਡੀ ਵਿਚ ਮਿਲਦੀਆਂ ਹਨ। ਭਾਵੇਂ ਕਿ ਕਿਸਾਨੀ ਸੰਘਰਸ਼ ਦੌਰਾਨ ਇਕ ਨਿੱਜੀ ਮੰਡੀ ਵਿਚੋਂ ਕਈ ਲੱਖ ਮੀਟ੍ਰਿਕ ਟਨ ਅਨਾਜ ਨੂੰ ਮੰਡੀ ਵਿਚੋਂ ਬਾਹਰ ਨਹੀਂ ਜਾਣ ਦਿੱਤਾ ਸੀ ਪਰ ਹੁਣ ਆਪਮੁਹਾਰੇ ਕਿਸਾਨ ਉਸੇ ਹੀ ਆਧੁਨਿਕ ਮੰਡੀ ਵਿਚ ਫ਼ਸਲ ਲੈ ਜਾਣ ਲਈ ਲੰਬੀਆਂ ਕਤਾਰਾਂ ਲਗਾਈ ਖੜ੍ਹੇ ਸਨ, ਕਿਉਂਕਿ ਸਰਕਾਰੀ ਮੰਡੀਆਂ 'ਚ ਲੋੜੀਂਦੀਆਂ ਸਹੂਲਤਾਂ ਨਾ ਮਿਲਣ ਕਾਰਨ ਉਹ ਨਿੱਜੀ ਮੰਡੀਆਂ ਵਿਚ ਜਾਣ ਨੂੰ ਮਜਬੂਰ ਹਨ। ਪਿਛਲੀਆਂ ਸਰਕਾਰਾਂ ਦੇ ਸਮਿਆਂ ਦੌਰਾਨ ਇਹ ਖ਼ਬਰਾਂ ਵੀ ਆਈਆਂ ਸਨ ਕਿ ਪੇਂਡੂ ਵਿਕਾਸ ਫੰਡਾਂ ਦੀ ਸਹੀ ਵਰਤੋਂ ਨਾ ਹੋਣ ਕਾਰਨ ਕੇਂਦਰ ਵਲੋਂ ਇਹ ਫੰਡ ਰਿਲੀਜ਼ ਕਰਨ 'ਤੇ ਰੋਕ ਲਗਾ ਦਿੱਤੀ ਗਈ ਸੀ, ਜੋ ਕਿ ਹੁਣ ਮੌਜੂਦਾ ਸਰਕਾਰ ਨੇ ਇਹ ਫੰਡ ਫਿਰ ਉਪਲਬਧ ਕਰਵਾਏ ਹਨ, ਜਿਸ ਅਨੁਸਾਰ ਇਹ ਫੰਡ ਮੰਡੀਆਂ ਨੂੰ ਜਾਂਦੀਆਂ ਸੜਕਾਂ ਬਣਾਉਣ ਜਾਂ ਪੁਰਾਣੀਆਂ ਦੀ ਰਿਪੇਅਰ ਕਰਨ, ਨਵੀਆਂ ਮੰਡੀਆਂ ਬਣਾਉਣ, ਪੁਰਾਣੀਆਂ ਮੰਡੀਆਂ ਨੂੰ ਨਵਿਆਉਣ ਅਤੇ ਹੋਰ ਅਜਿਹੀਆਂ ਸਹੂਲਤਾਂ ਦੇਣ ਲਈ ਖਰਚੇ ਜਾਣੇ ਦੱਸੇ ਜਾਂਦੇ ਹਨ। ਇਨ੍ਹਾਂ ਮੰਡੀਆਂ ਨੂੰ ਬਣਾਉਣ ਲਈ ਸਰਕਾਰ ਨੂੰ ਆਧੁਨਿਕ ਤਕਨੀਕਾਂ ਦਾ ਸਹਾਰਾ ਲੈਣਾ ਚਾਹੀਦਾ ਹੈ, ਕਿਉਂਕਿ ਪਿਛਲੇ ਸਾਲਾਂ ਦੌਰਾਨ ਅਨਾਜ ਨੂੰ ਸਾਂਭਣ ਲਈ ਆਧੁਨਿਕ ਸਟੋਰ, ਗੁਦਾਮ ਆਦਿ ਨਾ ਹੋਣ ਕਾਰਨ ਲੱਖਾਂ ਟਨ ਅਨਾਜ ਖ਼ਰਾਬ ਹੋ ਜਾਂਦਾ ਸੀ। ਸੋ, ਮੰਡੀਆਂ ਦੀ ਬਿਹਤਰੀ ਲਈ ਸੰਤੁਸ਼ਟੀਜਨਕ ਢੰਗ ਨਾਲ ਨੇਪਰੇ ਚਾੜਿਆ ਜਾਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਰੁੱਖ ਲਗਾਓ, ਰੁੱਖ ਬਚਾਓ
ਅੱਜਕਲ੍ਹ ਮਨੁੱਖ ਲਾਲਚਵੱਸ ਪੈ ਕੇ ਰੁੱਖਾਂ ਨੂੰ ਕੱਟਦਾ ਪਿਆ ਹੈ। ਰੁੱਖ ਸਾਨੂੰ ਠੰਢੀ ਛਾਂ ਦਿੰਦੇ ਹਨ। ਇਸ ਨਾਲ ਸਾਨੂੰ ਆਕਸੀਜਨ ਮਿਲਦੀ ਹੈ। ਜੋ ਸਾਨੂੰ ਜਿਊਂਦੇ ਰੱਖਦੀ ਹੈ। ਦਰੱਖਤਾਂ ਤੋਂ ਜੜ੍ਹੀ-ਬੂਟੀਆਂ ਮਿਲਦੀਆਂ ਹਨ। ਜਿਸ ਦਾ ਅਸੀਂ ਘਰ ਦੀ ਸਾਜ਼-ਸਜਾਵਟ ਲਈ ਵਰਤਦੇ ਹਾਂ ਤੇ ਪੂਜਾ ਕਰਨ ਲਈ ਮੰਦਰਾਂ ਵਿਚ ਵੀ ਚੜ੍ਹਾਉਂਦੇ ਹਾਂ। ਰੁੱਖਾਂ ਤੋਂ ਸਾਨੂੰ ਫਲ ਵੀ ਪ੍ਰਾਪਤ ਹੁੰਦੇ ਹਨ।
ਜਿਸ ਨਾਲ ਸਾਡੀ ਸਰੀਰਕ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਸਹਾਇਕ ਹੁੰਦੇ ਹਨ। ਰੁੱਖ ਭੂ-ਖੋਰ, ਹਵਾ ਤੇ ਕੁਦਰਤੀ ਆਫ਼ਤਾਂ ਤੋਂ ਵੀ ਸਾਨੂੰ ਬਚਾਉਂਦੇ ਹਨ। ਰੁੱਖ ਸਾਡੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਈ ਰੱਖਣ ਵਿਚ ਵੀ ਸਹਾਇਕ ਹੁੰਦੇ ਹਨ। ਸਾਨੂੰ ਲਾਲਚਵੱਸ ਇਨ੍ਹਾਂ ਨੂੰ ਕੱਟਣਾ ਨਹੀਂ ਚਾਹੀਦਾ। ਸਗੋਂ ਆਉਣ ਵਾਲੀ ਪੀੜ੍ਹੀ ਇਨ੍ਹਾਂ ਦੀ ਠੰਢੀ ਛਾਂ ਲੈ ਸਕੇ, ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਜੇਕਰ ਆਪਾਂ ਇਕ ਰੁੱਖ ਕੱਟਦੇ ਹਾਂ ਤਾਂ ਉਸ ਦੇ ਬਦਲੇ ਚਾਰ ਰੁੱਖ ਲਗਾਉਣੇ ਚਾਹੀਦੇ ਹਨ। ਆਓ, ਸਭ ਰਲ ਕੇ ਰੁੱਖ ਲਗਾਈਏ, ਰੁੱਖ ਬਚਾਈਏ।


-ਗਗਨਪ੍ਰੀਤ ਕੌਰ
ਪਾਤੜਾਂ, ਪਟਿਆਲਾ।


ਅਜੋਕਾ ਮਨੁੱਖ ਅਤੇ ਮੈਂ, ਮੇਰੀ
ਅਜੋਕੇ ਸਮੇਂ ਮਨੁੱਖ ਕਾਦਰ ਦੀ ਕੁਦਰਤ ਤੋਂ ਦੂਰ ਹੋ ਕੇ ਜਿਥੇ ਖੱਜਲ-ਖੁਆਰ ਹੋ ਰਿਹਾ ਹੈ, ਉਥੇ ਵਿਸ਼ੇ-ਵਿਕਾਰਾਂ ਦੀ ਦਲ-ਦਲ ਵਿਚ ਫਸ ਕੇ ਆਪਣਾ ਆਰਥਿਕ, ਨੈਤਿਕ ਅਤੇ ਮਾਨਸਿਕ ਨੁਕਸਾਨ ਕਰਵਾ ਰਿਹਾ ਹੈ। ਹਉਮੈ ਵੱਸ ਹੋ ਕੇ ਬੰਦਾ ਆਪਾ ਭੁੱਲਦਾ ਜਾ ਰਿਹਾ ਹੈ। ਜੇਕਰ ਕੋਈ ਚੰਗਾ ਕੰਮ ਹੁੰਦਾ ਹੈ ਤਾਂ ਉਸ ਨੂੰ ਹੰਕਾਰ ਵੱਸ ਆਪਣੇ ਖਾਤੇ ਵਿਚ ਪਾ ਲੈਂਦਾ ਹੈ, ਪਰ ਜੇ ਕੋਈ ਮਾੜਾ ਕੰਮ ਹੋ ਜਾਵੇ ਤਾਂ ਉਸ ਨੂੰ ਪਰਮਾਤਮਾ ਦੇ ਖਾਤੇ ਵਿਚ ਪਾਉਣ ਤੋਂ ਗੁਰੇਜ਼ ਨਹੀਂ ਕਰਦਾ। ਮਨੁੱਖ ਮੈਂ, ਮੇਰੀ ਵਿਚ ਫਸ ਕੇ ਰੱਬ ਨੂੰ ਹੀ ਭੁਲਾ ਦਿੰਦਾ ਹੈ, ਉਸ ਦਾ ਨਾਮ ਜਪਣਾ ਅਤੇ ਉਸ ਦੀ ਸਾਜੀ ਕੁਦਰਤ ਦੀ ਸੇਵਾ-ਸੰਭਾਲ ਕਰਨਾ ਤਾਂ ਦੂਰ ਦੀ ਗੱਲ ਹੈ। ਗੁਰਬਾਣੀ ਅਨੁਸਾਰ ਹਉਮੈ ਅਤੇ ਨਾਮ ਇਕੱਠੇ ਨਹੀਂ ਟਿਕ ਸਕਦੇ। ਜਿਥੇ ਹਉਮੈ-ਹੰਕਾਰ ਹੋਵੇਗਾ, ਉਥੇ ਨਾਮ ਨਹੀਂ ਅਤੇ ਜਿਥੇ ਨਾਮ ਹੋਵੇਗਾ, ਉਥੇ ਹਉਮੈ ਨਹੀਂ ਰਹਿ ਸਕਦੀ। ਸੋ, ਨਾਮ ਸਿਮਰਨ ਅਤੇ ਸੇਵਾ ਨਾਲ ਜੁੜ ਕੇ ਹੀ ਮਨੁੱਖ ਮੈਂ ਮੇਰੀ ਵਰਗੇ ਅਵਗੁਣ ਤੋਂ ਬਚ ਸਕਦਾ ਹੈ ਅਤੇ ਆਪਣਾ ਮਨੁੱਖਾ ਜਨਮ ਸਫ਼ਲ ਬਣਾ ਸਕਦਾ ਹੈ ਤੇ ਆਵਾਗਵਣ ਦੇ ਚੱਕਰ ਤੋਂ ਵੀ ਆਪਣੇ-ਆਪ ਨੂੰ ਬਚਾ ਸਕਦਾ ਹੈ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜਨਕ
ਪੰਜਾਬ ਵਿਚ ਬਣੀ ਨਵੀਂ 'ਆਮ ਆਦਮੀ ਪਾਰਟੀ' ਦੀ ਸਰਕਾਰ ਬਣਨ 'ਤੇ ਕਾਨੂੰਨ ਵਿਵਸਥਾ ਦੀ ਹਾਲਤ ਅਤਿ ਚਿੰਤਾਜਨਕ ਬਣ ਗਈ ਹੈ। ਪੰਜਾਬ ਵਿਚ ਅਮਨ-ਕਾਨੂੰਨ ਦੀ ਅਰਾਜਕਤਾ ਦੀ ਸਥਿਤੀ ਬਣੀ ਹੋਈ ਹੈ। ਦਿਨ ਦਿਹਾੜੇ ਕਤਲ, ਲੁੱਟਾਂ-ਖੋਹਾਂ, ਚੋਰੀਆਂ ਆਦਿ ਨਾਲ ਕਿਸੇ ਦੀ ਵੀ ਜਾਨ ਅਤੇ ਮਾਲ ਦੀ ਸੁਰੱਖਿਆ ਖ਼ਤਰੇ ਤੋਂ ਬਾਹਰ ਨਹੀਂ ਹੈ। ਇਸ ਵਿਚ ਲਾਅ ਇਨਫੋਰਸਮੈਂਟ ਏਜੰਸੀ (ਪੁਲਿਸ) ਦੀ ਢਿੱਲਮਠ ਸਾਫ਼ ਦਿਖਾਈ ਦਿੰਦੀ ਹੈ। ਰਾਤ ਨੂੰ ਕਿਤੇ ਵੀ ਤੁਹਾਨੂੰ ਪੁਲਿਸ ਦੀ ਪੈਟਰੋਲਿੰਗ ਦਿਖਾਈ ਨਹੀਂ ਦਿੰਦੀ। ਰਾਤ ਨੂੰ ਲਿੰਕ ਸੜਕਾਂ 'ਤੇ ਸਫ਼ਰ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। ਸਮੁੱਚੇ ਤੌਰ 'ਤੇ ਇਸ ਨੂੰ ਮੁੱਖ ਮੰਤਰੀ ਦੀ ਢਿੱਲੀ ਲੀਡਰਸ਼ਿਪ ਜਾਂ ਢਿੱਲੀ ਕਾਰਗੁਜ਼ਾਰੀ ਹੀ ਕਿਹਾ ਜਾ ਸਕਦਾ ਹੈ। ਮੁੱਖ ਮੰਤਰੀ ਦਾ 'ਰੰਗਲੇ ਪੰਜਾਬ' ਦਾ ਸੁਪਨਾ 'ਗੰਧਲਾ ਪੰਜਾਬ' ਬਣ ਗਿਆ ਹੈ। ਜੇਕਰ ਇਥੇ ਰਹਿਣ ਵਾਲੇ ਲੋਕ ਹੀ ਸੁਰੱਖਿਅਤ ਨਹੀਂ ਤਾਂ ਐਨ.ਆਰ.ਆਈ. ਅਜਿਹੀ ਕਾਨੂੰਨ ਪੱਖੋਂ ਡਰਾਉਣੀ ਸਥਿਤੀ ਵਿਚ ਇਥੇ ਆਉਣ ਦਾ ਕਿਵੇਂ ਹੀਆ ਕਰਨਗੇ?


-ਮਾ. ਹਰਦੇਵ ਸਿੰਘ ਨਿਊਯਾਰਕ
bandesha5@aol.com

22-04-2022

ਜਲ੍ਹਿਆਂਵਾਲਾ ਬਾਗ਼ ਬਨਾਮ ਨਵਾਂ ਫ਼ਰਮਾਨ
ਸਾਰਾ ਦੇਸ਼ ਅਤੇ ਦੁਨੀਆ ਜਾਣਦੀ ਹੈ ਕਿ ਜਲ੍ਹਿਆਂਵਾਲਾ ਬਾਗ਼ ਵਿਚ ਸਾਮਰਾਜਵਾਦੀਆਂ ਨੇ ਜਨਰਲ ਡਾਇਰ ਦੀ ਅਗਵਾਈ ਵਿਚ ਦੇਸ਼ ਭਗਤਾਂ ਦਾ ਕਤਲੇਆਮ ਕੀਤਾ। ਭਾਰਤ ਦੇ ਆਜ਼ਾਦੀ ਅੰਦੋਲਨ ਦੀ ਭਖਦੀ ਸਮਾਰਕ ਜਲ੍ਹਿਆਂਵਾਲਾ ਬਾਗ਼ ਹੈ ਪਰ ਜਲ੍ਹਿਆਂਵਾਲਾ ਬਾਗ਼ ਅੱਜ ਵੀ ਦੇਸ਼ ਦੇ ਲੋਕਾਂ ਤੱਕ ਨਹੀਂ ਪਹੁੰਚਿਆ। ਇਸ ਦੀ ਬਹਾਦਰੀ ਦੀ ਕਹਾਣੀ ਹਰ ਬੱਚੇ ਨੂੰ ਨਹੀਂ ਪੜ੍ਹਾਈ ਗਈ। ਇਸ ਤੋਂ ਬਾਅਦ ਅਫ਼ਸੋਸ ਇਹ ਹੈ ਕਿ ਇਸ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂਅ 'ਤੇ ਇਸ ਦਾ ਅਸਲੀ ਰੂਪ ਵਿਗਾੜ ਦਿੱਤਾ ਅਤੇ ਜਿਸ ਸ਼ਹੀਦੀ ਖੂਹ ਦਾ ਸ਼ਹਾਦਤ ਦਾ ਜਲ ਲੋਕਾਂ ਨੂੰ ਪਿਲਾ-ਪਿਲਾ ਕੇ ਆਜ਼ਾਦੀ ਅੰਮ੍ਰਿਤ ਦੇਣਾ ਸੀ, ਉਹ ਖੂਹ ਵੀ ਬੰਦ ਹੀ ਨਹੀਂ ਕੀਤਾ, ਉਸ ਦੀ ਹਾਲਤ ਹੀ ਵਿਗਾੜ ਦਿੱਤੀ। ਹੁਣ ਦੁੱਖ ਇਹ ਹੈ ਕਿ ਜਿਸ ਜਲ੍ਹਿਆਂਵਾਲਾ ਬਾਗ਼ ਵਿਚ ਅੰਮ੍ਰਿਤਸਰ ਦੇ ਲੋਕ ਸਵੇਰੇ-ਸ਼ਾਮ ਸੈਰ ਕਰਦੇ ਰਹੇ ਹਨ, ਉਸ ਨੂੰ 9 ਵਜੇ ਤੋਂ ਪਹਿਲਾਂ ਨਾ ਖੋਲ੍ਹਿਆ ਜਾਏ, ਇਹ ਆਦੇਸ਼ ਪਤਾ ਨਹੀਂ ਕਿਸ ਨੇ ਜਾਰੀ ਕਰ ਦਿੱਤਾ। ਕੱਲ੍ਹ ਤੱਕ ਇਹ ਆਦੇਸ਼ 10 ਵਜੇ ਦਾ ਸੀ। ਸ਼ਹੀਦੀ ਸਮਾਰਕ ਤੋਂ ਲੋਕਾਂ ਨੂੰ ਦੂਰ ਰੱਖਣ ਦਾ ਇਹ ਘਟੀਆ ਯਤਨ ਹੈ। ਅਜਿਹਾ ਲਗਦਾ ਹੈ ਕਿ ਇਥੋਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਵੀ ਕਦੇ ਨਹੀਂ ਦਿਖਾਇਆ ਜਾਏਗਾ, ਕਿਉਂਕਿ ਗਰਮੀਆਂ ਵਿਚ 7 ਵਜੇ ਬੰਦ ਕਰਨ ਦਾ ਭਾਵ ਹੈ ਰਾਤ ਦਾ ਪ੍ਰੋਗਰਾਮ ਨਹੀਂ ਹੋ ਸਕੇਗਾ। ਪ੍ਰਧਾਨ ਮੰਤਰੀ ਜੀ ਨੂੰ ਇਹ ਪ੍ਰਾਰਥਨਾ ਹੈ ਕਿ ਜਲ੍ਹਿਆਂਵਾਲਾ ਬਾਗ਼ ਦਾ ਪ੍ਰਬੰਧ ਜਿਨ੍ਹਾਂ ਨੇ ਕਰਨਾ ਹੈ, ਉਹ ਅੰਮ੍ਰਿਤਸਰ ਦੇ ਆਮ ਲੋਕਾਂ ਨੂੰ ਮਿਲੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇ, ਉਦੋਂ ਸਮਾਰਕ ਕਮੇਟੀ ਸਮਝ ਸਕੇਗੀ ਲੋਕ ਕੀ ਚਾਹੁੰਦੇ ਹਨ। ਕਿੰਨਾ ਅਫ਼ਸੋਸ ਹੈ ਕਿ ਸ਼ਹੀਦੀ ਸਮਾਰਕ 'ਤੇ ਸ਼ਰਧਾਂਜਲੀ ਦੇਣ ਵਾਲਿਆਂ ਲਈ ਲਾਲ ਗਲੀਚਾ ਸਵਾਗਤ ਦੇਣ ਦਾ ਮਾੜਾ ਰਿਵਾਜ ਵੀ ਇਥੇ ਹੈ।


-ਲਕਸ਼ਮੀਕਾਂਤਾ ਚਾਵਲਾ


ਕਦੋਂ ਮੁੱਕੇਗਾ ਬਿਜਲੀ ਸੰਕਟ
ਪਿਛਲੇ ਕਰੀਬ 10 ਦਿਨਾਂ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਜਲੀ ਸਪਲਾਈ ਬੰਦ ਰਹਿੰਦੀ ਹੈ, ਆਖਦੇ ਹਨ ਕਿ ਕਣਕ ਦੀ ਵਢਾਈ ਕਾਰਨ ਬਿਜਲੀ ਬੰਦ ਰਹਿੰਦੀ ਹੈ। ਪਰ ਹੁਣ ਤਾਂ ਰਾਤ ਨੂੰ ਵੀ ਬਿਜਲੀ ਨਹੀਂ ਆਉਂਦੀ। ਸਾਰੀ ਰਾਤ ਗਰਮੀ ਅਤੇ ਮੱਛਰਾਂ ਨਾਲ ਸੰਘਰਸ਼ ਕਰਨਾ ਪੈਂਦਾ ਹੈ। ਜਿਨ੍ਹਾਂ ਘਰਾਂ ਵਿਚ ਨਿੱਕੇ ਬਾਲ ਜਾਂ ਬਿਮਾਰ ਬਜ਼ੁਰਗ ਹਨ, ਉਨ੍ਹਾਂ ਲਈ ਤਾਂ ਹਾਲਾਤ ਹੋਰ ਵੀ ਮਾੜੇ ਹਨ। ਗ਼ਰੀਬ ਜਾਂ ਮੱਧ ਵਰਗੀ ਪਰਿਵਾਰਾਂ ਕੋਲ ਤਾਂ ਇਨਵਰਟਰ ਜਾਂ ਜਨਰੇਟਰ ਵੀ ਨਹੀਂ ਹੁੰਦੇ। ਹਰ ਸਾਲ ਕਹਿਰ ਦੀ ਗਰਮੀ ਵਿਚ ਹੀ ਬਿਜਲੀ ਸੰਕਟ ਵਧ ਜਾਂਦਾ ਹੈ। ਬਿਜਲੀ ਮਾਹਰਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸਕੂਲਾਂ ਵਿਚ ਪੜ੍ਹਦੇ ਬੱਚੇ ਸਕੂਲ ਵਿਚ ਗਰਮੀ ਨਾਲ ਬੇਹਾਲ ਹੁੰਦੇ। ਹਨ ਅਤੇ ਫਿਰ ਘਰੇ ਆ ਕੇ ਵੀ ਇਸੇ ਗਰਮੀ ਨਾਲ ਜੂਝਣਾ ਪੈਂਦਾ ਹੈ। ਬੋਰਡ ਦੀਆਂ ਪ੍ਰੀਖਿਆਵਾਂ ਵੀ ਸ਼ੁਰੂ ਹੋਣ ਵਾਲੀਆਂ ਹਨ ਅਤੇ ਬਿਨਾਂ ਬਿਜਲੀ ਪੜ੍ਹਾਈ ਕਰਨਾ ਬੇਹੱਦ ਔਖਾ ਹੈ, ਗਰਮੀ ਵੀ ਅੱਤ ਦੀ ਪੈ ਰਹੀ ਹੈ, ਉਤੇ ਇਹ ਬਿਜਲੀ ਸੰਕਟ। ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਇਨਸਾਨਾਂ ਨੂੰ ਇਨਸਾਨ ਸਮਝਿਆ ਜਾਵੇ ਅਤੇ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਜਾਵੇ, ਬਿਜਲੀ ਨਾ ਆਉਣ ਕਾਰਨ ਘਰ ਦੇ ਰੋਜ਼ਮਰ੍ਹਾ ਦੇ ਕੰਮ ਵੀ ਬੜੀ ਹੀ ਔਖ ਨਾਲ ਨੇਪਰੇ ਚੜ੍ਹਦੇ ਹਨ। ਨਵੀਂ ਸਰਕਾਰ ਆਉਣ ਨਾਲ ਨਵੀਆਂ ਆਸਾਂ ਜਾਗੀਆਂ ਸਨ, ਪਰ ਇਹ ਬਿਜਲੀ ਸੰਕਟ ਨੂੰ ਵੇਖ ਕੇ ਮਨ ਨੂੰ ਨਿਰਾਸ਼ਾ ਹੁੰਦੀ ਹੈ।


-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।


ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ
ਇਸ ਵਾਰ ਪੰਜਾਬ ਵਿਚ ਕਣਕ ਦਾ ਝਾੜ ਘੱਟ ਹੋਣ ਕਰਕੇ ਕਿਸਾਨਾਂ ਨੂੰ ਲਾਗਤ ਮੁੱਲ ਵੀ ਪੱਲੇ ਨਹੀਂ ਪੈ ਰਹੀ। ਇਕ ਏਕੜ ਪਿੱਛੇ ਕਿਸਾਨਾਂ ਨੂੰ 10 ਤੋਂ 15 ਹਜ਼ਾਰ ਰੁਪਏ ਘਾਟਾ ਪੈ ਗਿਆ ਹੈ। ਕਣਕ ਠੰਢ ਵਿਚ ਜੇਕਰ ਪੱਕਦੀ ਤਾਂ ਝਾੜ ਵਿਚ ਕੋਈ ਫ਼ਰਕ ਨਹੀਂ ਸੀ ਪੈਣਾ। ਪਰ ਮੌਸਮ ਦਾ ਮਿਜਾਜ਼ ਬਦਲ ਗਿਆ, ਗਰਮੀ ਜ਼ੋਰਾਂ 'ਤੇ ਪੈਣ ਕਾਰਨ ਦਾਣੇ ਸੁੰਗੜ ਗਏ, ਜਿਸ ਕਰਕੇ ਝਾੜ ਘਟ ਗਿਆ ਹੈ। ਪਰ ਫਿਰ ਵੀ ਕੇਂਦਰ ਸਰਕਾਰ ਕਿਸਾਨਾਂ ਕੋਲੋਂ 2000 ਰੁਪਏ ਪ੍ਰਤੀ ਕੁਇੰਟਲ ਕਣਕ ਖ਼ਰੀਦ ਕੇ ਕੌਮਾਂਤਰੀ ਬਾਜ਼ਾਰ ਵਿਚ 3500 ਰੁਪਏ ਵੇਚ ਰਹੀ ਹੈ। ਕਿਸਾਨਾਂ ਵਲੋਂ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਕਣਕ ਦੇ ਮੁਨਾਫ਼ੇ 'ਚੋਂ ਘੱਟੋ-ਘੱਟ 500 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਦਿੱਤਾ ਜਾਵੇ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿਚ ਖੜ੍ਹੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ, ਉਨ੍ਹਾਂ ਨੂੰ 40-40 ਹਜ਼ਾਰ ਰੁਪਏ ਮੁਆਵਜ਼ੇ ਦੇ ਤੌਰ 'ਤੇ ਦਿੱਤੇ ਜਾਣ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ।


ਕਿਤਾਬਾਂ ਨਾਲ ਸਾਂਝ
ਸਾਨੂੰ ਕਿਤਾਬਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਕਿਤਾਬਾਂ ਸਾਡੀਆਂ ਸੱਚੀਆਂ ਮਿੱਤਰ ਹਨ। ਕਿਤਾਬਾਂ ਸਾਨੂੰ ਇਕੱਲੇਪਣ ਦਾ ਅਹਿਸਾਸ ਨਹੀਂ ਹੋਣ ਦਿੰਦੀਆਂ। ਸਫ਼ਰ ਵਿਚ ਸਾਨੂੰ ਕਿਤਾਬਾਂ ਇਕੱਲੇਪਣ ਦਾ ਅਕੇਵਾਂ ਮਹਿਸੂਸ ਨਹੀਂ ਹੋਣ ਦਿੰਦੀਆਂ। ਇਹ ਸਾਨੂੰ ਹਰ ਵਿਸ਼ੇ ਦੀ ਜਾਣਕਾਰੀ ਦਿੰਦੀਆਂ ਹਨ ਪਰ ਉਦੋਂ ਦੁੱਖ ਹੁੰਦਾ ਹੈ ਕਿ ਜਦੋਂ ਕਈ ਲੋਕ ਕਿਤਾਬਾਂ ਨੂੰ ਸੰਭਾਲ ਕੇ ਨਹੀਂ ਰੱਖਦੇ ਅਤੇ ਜਾਂ ਫਿਰ ਕਬਾੜੀਏ ਨੂੰ ਵੇਚ ਦਿੰਦੇ ਹਨ। ਅੱਜਕਲ੍ਹ ਦੇ ਮਿੱਤਰ ਕਿਤਾਬਾਂ ਲੈ ਜਾਂਦੇ ਹਨ ਪਰ ਪੜ੍ਹ ਕੇ ਵਾਪਸ ਨਹੀਂ ਕਰਦੇ। ਅਸੀਂ ਸ਼ਰਾਬ ਦੀ ਬੋਤਲ 'ਤੇ ਦੋ-ਢਾਈ ਸੌ ਰੁਪਿਆ ਲਾ ਦਿੰਦੇ ਹਾਂ, ਪਰ ਇਕ ਚੰਗੀ ਕਿਤਾਬ ਨਹੀਂ ਖ਼ਰੀਦ ਸਕਦੇ। ਸੋ, ਸਾਨੂੰ ਚੰਗੀਆਂ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ।


-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

21-04-2022

 ਮਾਰੋ ਨਕਲ, ਗੁਆਓ ਅਕਲ

ਪ੍ਰੀਖਿਆਵਾਂ ਤਕਰੀਬਨ ਸ਼ੁਰੂ ਹੋ ਚੁੱਕੀਆਂ ਹਨ। ਵਿਦਿਆਰਥੀ ਮਿਹਨਤ ਕਰਕੇ ਇਨ੍ਹਾਂ ਪ੍ਰੀਖਿਆਵਾਂ ਵਿਚ ਬੈਠਦੇ ਹਨ। ਕਿਉਂਕਿ ਉਨ੍ਹਾਂ ਨੇ ਅਗਲੀ ਜਮਾਤ ਵਿਚ ਜਾਣਾ ਹੁੰਦਾ ਹੈ। ਜਿਹੜੇ ਵਿਦਿਆਰਥੀ ਸਾਰਾ ਸਾਲ ਨਹੀਂ ਪੜ੍ਹਦੇ, ਉਹ ਫਿਰ ਇਨ੍ਹਾਂ ਪ੍ਰੀਖਿਆਵਾਂ ਵਿਚ ਨਕਲ ਦਾ ਸਹਾਰਾ ਲੈਂਦੇ ਹਨ। ਕਈ ਬੱਚੇ ਪ੍ਰੀਖਿਆਵਾਂ ਵਿਚ ਆਪਣੇ ਨਾਲ ਪਰਚੀਆਂ ਵੀ ਲੈ ਜਾਂਦੇ ਹਨ। ਜਦੋਂ ਹੀ ਉਹ ਨਕਲ ਕਰਦੇ ਹੋਏ ਫੜੇ ਜਾਂਦੇ ਹਨ ਤਾਂ ਤਿੰਨ ਸਾਲ ਲਈ ਉਨ੍ਹਾਂ ਵਿਦਿਆਰਥੀਆਂ 'ਤੇ ਕੇਸ ਦਰਜ ਹੁੰਦਾ ਹੈ। ਅਜਿਹੇ ਵਿਦਿਆਰਥੀ ਜੋ ਨਕਲ ਰਾਹੀਂ ਪ੍ਰੀਖਿਆਵਾਂ ਪਾਸ ਕਰਦੇ ਹਨ, ਉਨ੍ਹਾਂ ਨੂੰ ਗਿਆਨ ਦੀ ਬਿਲਕੁਲ ਵੀ ਜਾਂਚ ਨਹੀਂ ਹੁੰਦੀ। ਸਿਰਫ ਨੌਕਰੀ ਪੇਸ਼ੇ ਲਈ ਹੀ ਉਹ ਕਾਗਜ਼ ਸਰਟੀਫਿਕੇਟ ਪ੍ਰਾਪਤ ਕਰਦੇ ਹਨ। ਜਾਂ ਜਿਨ੍ਹਾਂ ਨੇ ਕਿਸੇ ਵੀ ਅਦਾਰੇ ਵਿਚ ਤਰੱਕੀ ਲੈਣੀ ਹੁੰਦੀ ਹੈ, ਉਹ ਨਕਲ ਦਾ ਸਹਾਰਾ ਲੈਂਦੇ ਹਨ। ਕਈ ਵਾਰ ਮਾਂ-ਬਾਪ ਬੱਚਿਆਂ 'ਤੇ ਪ੍ਰੈਸ਼ਰ ਬਣਾਉਂਦੇ ਹਨ ਕਿ ਤੂੰ ਬਹੁਤ ਵਧੀਆ ਅੰਕ ਲੈਣੇ ਹਨ। ਮਾਂ-ਬਾਪ ਬੱਚਿਆਂ ਨੂੰ ਕਹਿੰਦੇ ਹਨ ਕਿ ਤੂੰ ਨਾਨ-ਮੈਡੀਕਲ ਜਾਂ ਮੈਡੀਕਲ ਲੈਣਾ ਹੈ। ਜੇ ਤੇਰੇ ਵਧੀਆ ਨੰਬਰ ਹੋਣਗੇ ਤਾਂ ਉਹ ਹੀ ਵਿਸ਼ਾ ਲੈ ਸਕਦਾ ਹੈ। ਸੋ, ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਜਦੋਂ ਤੋਂ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ, ਉਹ ਉਦੋਂ ਤੋਂ ਹੀ ਪ੍ਰੀਖਿਆਵਾਂ ਦੀ ਤਿਆਰੀ ਨਾਲ ਦੀ ਨਾਲ ਕਰਨ। ਜੇ ਸ਼ੁਰੂ ਤੋਂ ਹੀ ਵਧੀਆ ਤਰੀਕੇ ਨਾਲ ਅਸੀਂ ਪ੍ਰੀਖਿਆਵਾਂ ਦੀ ਤਿਆਰੀ ਕਰਾਂਗਾ ਤਾਂ ਅਸੀਂ ਪ੍ਰੀਖਿਆਵਾਂ ਵਿਚ ਵਧੀਆ ਅੰਕ ਪ੍ਰਾਪਤ ਕਰਾਂਗੇ। ਚਾਹੇ ਕੋਈ ਵੀ ਹੋਵੇ, ਸਾਨੂੰ ਨਕਲ ਦਾ ਬਿਲਕੁਲ ਵੀ ਸਹਾਰਾ ਨਹੀਂ ਲੈਣਾ ਚਾਹੀਦਾ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਹੁਣ ਨਹੀਂ ਰਹੀ ਸੱਥਾਂ 'ਚ ਪਹਿਲਾਂ ਵਾਲੀ ਰੌਣਕ

ਕਿਸੇ ਸਮੇਂ ਸੱਥ ਪੰਜਾਬ ਦੇ ਪਿੰਡ ਦਾ ਅਹਿਮ ਹਿੱਸਾ ਹੋਇਆ ਕਰਦੀ ਸੀ। ਸੱਥ ਪਿੰਡ ਦੀ ਇਕ ਅਜਿਹੀ ਸਾਂਝੀ ਥਾਂ ਹੁੰਦੀ ਸੀ ਜਿੱਥੇ ਪਿੰਡ ਦੇ ਲੋਕ ਵਿਹਲੀਆਂ ਘੜੀਆਂ 'ਚ ਆ ਕੇ ਬੈਠਦੇ ਸਨ। ਪਿੰਡ ਦੇ ਲੋਕ ਆਪਣੇ ਘਰ ਦੇ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਸੱਥ 'ਚ ਹੀ ਆਪਣਾ ਵਿਹਲਾ ਸਮਾਂ ਗੁਜ਼ਾਰਦੇ ਸਨ। ਸੱਥਾਂ ਵਿਚ ਬਜ਼ੁਰਗਾਂ ਵਲੋਂ ਦੇਸ਼ 'ਚ ਵਾਪਰ ਰਹੀਆਂ ਧਾਰਮਿਕ, ਰਾਜਨੀਤਕ ਘਟਨਾਵਾਂ, ਖੇਤੀਬਾੜੀ ਨਾਲ ਸੰਬੰਧਿਤ ਮਸਲੇ 'ਤੇ ਕਈ ਹੋਰ ਪਿੰਡ ਦੇ ਮਸਲਿਆਂ ਬਾਰੇ ਚਰਚਾ ਕੀਤੀ ਜਾਂਦੀ ਸੀ। ਸੱਥਾਂ ਮਨੋਰੰਜਨ ਦਾ ਵੀ ਬਹੁਤ ਵੱਡਾ ਸਾਧਨ ਸਨ। ਇੱਟਾਂ ਦੀ ਥੜ੍ਹੀ ਤੇ ਬਰੋਟੇ (ਬੋਹੜ) ਦੀ ਸੰਘਣੀ ਛਾਵੇਂ ਬੈਠ ਕੇ ਗੋਲ ਘੇਰੇ 'ਚ ਤਾਸ਼ ਤੇ ਬਾਰਾਂ ਟਾਹਣੀ ਦੀ ਖੇਡ ਖੇਡਣੀ, ਇਕ ਦੂਜੇ ਨੂੰ ਮਖੌਲ ਕਰਨੇ ਤੇ ਉੱਚੀ-ਉੱਚੀ ਹੱਸਣਾ ਸੱਥ 'ਚ ਇਕ ਵੱਖਰਾ ਹੀ ਮਾਹੌਲ ਸਿਰਜ ਦਿੰਦਾ ਸੀ। ਸੱਥਾਂ 'ਚ ਖੇਡੇ ਜਾਣ ਵਾਲੇ ਡਰਾਮੇ, ਕਿੱਸੇ-ਕਹਾਣੀਆਂ ਸਣਾਉਣ, ਹਾਸਾ-ਮਜ਼ਾਕ ਤੇ ਗਿਆਨ ਦੀਆਂ ਗੱਲਾਂ ਮਿਲਣ ਕਰਕੇ ਹਰੇਕ ਪਿੰਡ ਦਾ ਵਿਅਕਤੀ ਸੱਥ 'ਚ ਆ ਕੇ ਬੈਠਦਾ ਸੀ। ਚੋਣਾਂ ਸਮੇਂ ਤਾਂ ਸੱਥ ਇਕ ਸਿਆਸੀ ਅਖਾੜਾ ਹੀ ਬਣ ਜਾਂਦੀ ਸੀ।
ਵਰਤਮਾਨ ਸਮੇਂ ਪੰਜਾਬ ਦੇ ਕਈ ਪਿੰਡਾਂ 'ਚ ਸੱਥਾਂ ਹਾਲੇ ਵੀ ਮੌਜੂਦ ਹਨ ਪਰ ਸਮੇਂ ਦੇ ਬਦਲਣ ਨਾਲ ਸੱਥਾਂ ਵਿਚ ਹੁਣ ਪਹਿਲਾਂ ਵਾਲੀ ਰੌਣਕ ਨਹੀਂ ਰਹੀ। ਸਾਂਝੇ ਪਰਿਵਾਰ ਖ਼ਤਮ ਹੋਣ ਕਰਕੇ ਤੇ ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ 'ਚ ਕਿਸੇ ਕੋਲ ਏਨਾ ਸਮਾਂ ਨਹੀਂ ਰਿਹਾ ਕਿ ਉਹ ਸੱਥ 'ਚ ਆ ਕੇ ਬੈਠ ਸਕੇ ਤੇ ਆਪਣੇ ਦੁੱਖ-ਸੁੱਖ ਦੂਜਿਆਂ ਨਾਲ ਸਾਂਝਾ ਕਰ ਸਕੇ। ਅੱਜ ਦੇ ਵਿਹਲੇ ਸਮੇਂ ਦੌਰਾਨ ਹਰੇਕ ਬੱਚਾ, ਨੌਜਵਾਨ ਤੇ ਬਜ਼ੁਰਗ ਮੋਬਾਈਲ, ਟੀ.ਵੀ., ਫੇਸਬੁੱਕ, ਵਟਸਐਪ ਦੇਖ ਕੇ ਹੀ ਆਪਣਾ ਸਮਾਂ ਬਤੀਤ ਕਰ ਰਿਹਾ ਹੈ। ਅੱਜ ਲੋੜ ਹੈ ਫਿਰ ਤੋਂ ਸੱਥਾਂ ਦੀ ਅਹਿਮੀਅਤ ਨੂੰ ਪਛਾਣਿਆ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ 'ਚ ਇਹ ਸੱਥਾਂ ਇਤਿਹਾਸ ਬਣ ਕੇ ਰਹਿ ਜਾਣਗੀਆਂ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਕੋਲੇ ਦਾ ਹੱਲ ਪਰਾਲੀ

ਸਰਕਾਰਾਂ ਵਲੋਂ ਹਰ ਸਾਲ ਪਰਾਲੀ ਨਾ ਸਾੜਨ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਜੁਰਮਾਨੇ ਵੀ ਕੀਤੇ ਜਾਂਦੇ ਹਨ। ਕਿੰਨਾ ਚੰਗਾ ਹੋਵੇਗਾ ਕਿ ਦੇਸ਼ ਦੇ ਬਿਜਲੀ ਤਾਪ ਘਰਾਂ ਅਤੇ ਹੋਰ ਵੱਖ-ਵੱਖ ਫੈਕਟਰੀਆਂ, ਭੱਠਿਆਂ ਵਿਚ ਕੋਲੇ ਦੀ ਘਾਟ ਨੂੰ ਪੂਰਾ ਕਰਨ ਹਿਤ ਬਦਲਵੇਂ ਪ੍ਰਬੰਧ ਵਜੋਂ ਪਰਾਲੀ ਨੂੰ ਵਰਤਿਆ ਜਾਵੇ। ਝੋਨੇ ਦੀ ਪਰਾਲੀ, ਹੋਰ ਬਚੇ-ਖੁਚੇ ਨਿਕਸੁੱਕ ਜਿਵੇਂ ਗੋਬਰ, ਕੂੜਾ-ਕਰਕਟ, ਲਿਫ਼ਾਫ਼ੇ ਆਦਿ ਨਾਲ ਬਾਲਣ ਤਿਆਰ ਕੀਤਾ ਜਾ ਸਕਦਾ ਹੈ, ਜਿਸ ਨਾਲ ਕੂੜੇ ਦੇ ਡੰਪਾਂ ਅਤੇ ਹਰ ਤਰ੍ਹਾਂ ਦੀ ਪਰਾਲੀ ਦਾ ਹੱਲ ਹੋ ਸਕਦਾ ਹੈ। ਇਸ ਨਾਲ ਰੁਜ਼ਗਾਰ ਅਤੇ ਮਹਿੰਗਾ ਕੋਲਾ ਖ਼ਰੀਦਣ ਦਾ ਹੱਲ ਵੀ ਹੋ ਸਕਦਾ ਹੈ।

-ਰਘਬੀਰ ਸਿੰਘ ਬੈਂਸ
ਮੈਂਬਰ ਮਨੁੱਖੀ ਅਧਿਕਾਰ ਮੰਚ।

20-04-2022

 ਕੀ ਬਣੂ ਪੰਜਾਬ ਦਾ ਵਾਹਿਗੁਰੂ ਜਾਣੇ

ਪੰਜਾਬ ਨੂੰ ਸਦੀਆਂ ਤੋਂ ਹੀ ਜਰਵਾਣਿਆਂ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪੈਂਦਾ ਰਿਹਾ ਹੈ। 1984 ਦਾ ਗੁਰੂ ਘਰਾਂ 'ਤੇ ਟੈਂਕਾਂ, ਤੋਪਾਂ ਦਾ ਹਮਲਾ ਅਤੇ ਨਵੰਬਰ '84 ਦੀ ਸਿੱਖ ਨਸਲਕੁਸ਼ੀ ਬਾਰੇ ਤਾਂ ਪੂਰਾ ਸੰਸਾਰ ਜਾਣਦਾ ਹੈ। ਸਭ ਕੁਝ ਭੁੱਲ-ਭੁਲਾ ਕੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਨੇ 1996 ਵਿਚ ਭਾਰਤੀ ਜਨਤਾ ਪਾਰਟੀ ਨਾਲ ਚੋਣ ਗੱਠਜੋੜ ਕਰ ਲਿਆ। ਸਾਡੇ ਭੋਲੇ-ਭਾਲੇ ਲੀਡਰਾਂ ਨੇ ਇਸ ਨੂੰ ਨਹੁੰ-ਮਾਸ ਦਾ ਰਿਸ਼ਤਾ ਕਹਿ ਕੇ ਸੱਤਾ ਦਾ ਅਨੰਦ ਵੀ ਮਾਣਿਆ ਜਦੋਂ ਕਿ ਵਾਜਪਾਈ ਸਾਹਿਬ ਤੋਂ ਬਾਅਦ ਇਹ ਰਿਸ਼ਤਾ ਅਮਲੀ ਤੌਰ 'ਤੇ ਖ਼ਤਮ ਹੋ ਗਿਆ ਸੀ ਪਰ ਬਾਦਲ ਸਾਹਿਬ ਫਿਰ ਵੀ ਨਹੀਂ ਸਮਝ ਸਕੇ ਤੇ ਆਪਣੇ ਪਰਿਵਾਰਕ ਮੋਹ ਖ਼ਾਤਰ ਨਹੁੰ-ਮਾਸ ਦੇ ਰਿਸ਼ਤੇ ਦੀ ਰਟ ਲਾਉਂਦੇ ਰਹੇ। ਜਦੋਂ ਉਹ ਲੋਕਾਂ ਦੀ ਨਜ਼ਰ ਵਿਚ ਸਿਫ਼ਰ 'ਤੇ ਪਹੁੰਚ ਗਏ ਤਾਂ ਜਾ ਕੇ ਅੱਖ ਖੁੱਲ੍ਹੀ। ਉਦੋਂ ਤੱਕ ਚਿੜੀਆਂ ਅਤੇ ਖੇਤ ਚੁਗ ਚੁੱਕੀਆਂ ਸਨ। ਹਸ਼ਰ ਸਭ ਦੇ ਸਾਹਮਣੇ ਹੈ। ਹੁਣ ਆਮ ਆਦਮੀ ਪਾਰਟੀ ਦੀ ਸੁਨਾਮੀ ਨੇ ਸਭ ਪਾਰਟੀਆਂ ਦੇ ਤੱਪੜ ਰੋਲ ਦਿੱਤੇ ਹਨ। ਪੰਜਾਬ ਦੀ ਹੁਣ ਵੀ ਖੈਰ ਨਹੀਂ ਹੈ। ਰਾਜ ਸਭਾ ਦੇ ਸਾਰੇ ਮੈਂਬਰ ਜਿਹੜੇ ਪੰਜਾਬ ਤੋਂ ਆਮ ਆਦਮੀ ਪਾਰਟੀ ਨੇ ਭੇਜੇ ਹਨ, ਉਨ੍ਹਾਂ ਦਾ ਕਨਵੀਨਰ ਉਨ੍ਹਾਂ ਨੂੰ ਪੰਜਾਬ ਪੱਖੀ ਸਟੈਂਡ ਨਹੀਂ ਲੈਣ ਦੇਵੇਗਾ। ਇਸ ਗੱਲ ਦੀ ਗਵਾਹੀ 25 ਮਾਰਚ ਦੇ 'ਅਜੀਤ' ਵਿਚ ਹਰਜਿੰਦਰ ਸਿੰਘ ਲਾਲ ਦੇ ਲੇਖ 'ਸਰਗੋਸ਼ੀਆਂ' ਪੜ੍ਹਨ ਤੋਂ ਲੱਗ ਜਾਂਦੀ ਹੈ, ਕਿਵੇਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੱਚੇ-ਸੁੱਚੇ ਮੁੱਦਈ ਡਾ. ਧਰਮਵੀਰ ਗਾਂਧੀ ਹੋਰਾਂ ਨੂੰ ਪੰਜਾਬ ਬਾਰੇ ਮਸਲਾ ਚੁੱਕਣ 'ਤੇ ਕਨਵੀਨਰ ਵਲੋਂ ਸਿਰਫ ਦਿੱਲੀ ਦੇ ਮਸਲੇ ਹੀ ਚੁੱਕਣ ਦਾ ਹੁਕਮ ਦੇਣ ਤੋਂ ਬਾਅਦ ਧਰਮਵੀਰ ਗਾਂਧੀ ਨਾਲ ਮਤਭੇਦ ਪੈਦਾ ਹੋ ਗਏ। ਸ਼ਾਇਦ ਇਹੋ ਜਿਹੀ ਕੋਈ ਗੱਲ ਸ. ਹਰਿੰਦਰ ਸਿੰਘ ਖਾਲਸਾ ਨਾਲ ਮਤਭੇਦ ਹੋਣ ਦੀ ਕੋਈ ਗੱਲ ਹੋਈ ਹੋਵੇ। ਬਾਕੀ ਦੋ ਮੈਂਬਰ ਪਾਰਲੀਮੈਂਟ ਹਾਂ ਵਿਚ ਹਾਂ ਮਿਲਾਉਣ ਵਾਲੇ ਹੀ ਸਨ। ਸ. ਸੁਖਪਾਲ ਸਿੰਘ 'ਖਹਿਰਾ', ਸ. ਸੁੱਚਾ ਸਿੰਘ ਛੋਟੇਪੁਰ, ਡਾ. ਦਲਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਸੱਚੇ ਪੰਜਾਬੀਆਂ ਦਾ ਹਸ਼ਰ ਸਭ ਦੇ ਸਾਹਮਣੇ ਹੈ। ਜਨਸੰਘੀ ਸੋਚ ਵਾਲੇ ਲੀਡਰਾਂ ਦੀ ਸੋਚ ਪੰਜਾਬ ਪੱਖੀ ਸੋਚ ਰੱਖਣ ਵਾਲਿਆਂ ਨਾਲ ਘੱਟ ਹੀ ਮੇਲ ਖਾਂਦੀ ਹੈ। ਅਜਿਹੇ ਵਿਚ ਪੰਜਾਬ ਦਾ ਭਵਿੱਖ ਧੁੰਦਲਾ ਹੀ ਨਜ਼ਰ ਆਉਂਦਾ ਹੈ।

-ਰਿਟਾ. ਸੂਬੇਦਾਰ ਹਰਭਜਨ ਸਿੰਘ
ਪਿੰਡ ਤੇ ਡਾਕ: ਸਹੂੰਗੜਾ, ਜ਼ਿਲ੍ਹਾ ਸ਼ਹੀਦ ਭਗਤ ਸਿਘ ਨਗਰ।

19-04-2022

 ਚੰਡੀਗੜ੍ਹ ਪੰਜਾਬ ਦਾ
ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਚੰਡੀਗੜ੍ਹ ਆ ਕੇ ਇਸ ਦੇ ਸਰਕਾਰੀ ਕਰਮਚਾਰੀਆਂ ਤੇ ਕੇਂਦਰੀ ਕਰਮਚਾਰੀਆਂ ਵਾਲੇ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ, ਜਿਸ ਦਾ ਪ੍ਰਗਟਾਵਾ 'ਅਜੀਤ' ਅਖ਼ਬਾਰ ਨੇ 4 ਅਪ੍ਰੈਲ, 2022 ਨੂੰ ਆਪਣੀ ਸੰਪਾਦਕੀ ਰਾਹੀਂ ਬਿਆਨ ਕੀਤਾ। ਪੰਜਾਬ ਪੁਨਰਗਠਨ ਐਕਟ 1966 ਅਨੁਸਾਰ ਹੀ ਇਕ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਪੰਜਾਬ, ਹਰਿਆਣਾ ਦੇ ਅਧਿਕਾਰੀਆਂ ਨੂੰ ਅਨੁਪਾਤ ਦੇ ਹਿਸਾਬ ਨਾਲ ਲਗਾਇਆ ਜਾਂਦਾ ਰਿਹਾ ਹੈ। ਜਦ ਕਿ ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ ਇਸ ਨੂੰ ਭੰਗ ਕਰਕੇ ਪੰਜਾਬ ਦੇ ਚੰਡੀਗੜ੍ਹ ਤੋਂ ਅਧਿਕਾਰਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ। ਮਹਿੰਗਾਈ ਅਤੇ ਆਰਥਿਕ ਮੰਦੀ ਕਾਰਨ ਪੰਜਾਬ ਦੀ ਸਥਿਤੀ ਤਾਂ ਪਹਿਲਾਂ ਹੀ ਡਾਵਾਂਡੋਲ ਹੋ ਚੁੱਕੀ ਹੈ ਜੋ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਹੀ ਅਸ਼ਾਂਤੀ ਦਾ ਮਾਹੌਲ ਪੈਦਾ ਕਰਨ ਦੇ ਯਤਨ ਤਾਂ ਪੰਜਾਬ ਦੀ ਖੁਸ਼ਹਾਲੀ ਨੂੰ ਪੂਰੀ ਤਰ੍ਹਾਂ ਡੋਬ ਕੇ ਰੱਖ ਦੇਣਗੇ। ਸੋ, ਪੰਜਾਬ ਵਿਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਸ਼ਾਂਤੀ ਅਤੇ ਖੁਸ਼ਹਾਲੀ ਬਰਕਰਾਰ ਰੱਖਣ ਲਈ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਅਜਿਹੀਆਂ ਕਾਰਵਾਈਆਂ ਨਾ ਹੋਣ ਜਿਸ ਨਾਲ ਪੰਜਾਬ ਵਿਚ ਰਾਜਧਾਨੀ ਚੰਡੀਗੜ੍ਹ ਵਿਖੇ ਅਸ਼ਾਂਤੀ ਦਾ ਮਾਹੌਲ ਬਣ ਜਾਵੇ।


-ਬਬੀਤਾ ਘਈ, ਲੁਧਿਆਣਾ।


ਨਸ਼ਿਆਂ ਦਾ ਖ਼ਾਤਮਾ
ਨਵੀਂ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਵਿਚ ਕਾਮਯਾਬ ਹੋ ਸਕਦੀ ਹੈ? ਜੋ ਨਸ਼ਾ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਲੱਗ ਚੁੱਕਾ ਹੈ, ਕੀ ਉਸ ਦਾ ਖ਼ਾਤਮਾ ਹੋ ਸਕਦਾ ਹੈ? ਹੁਣ ਤਾਂ ਖੇਡ ਦੇ ਮੈਦਾਨ ਵਿਚ ਵੀ ਨਸ਼ਾ ਵੜ ਗਿਆ ਹੈ। ਹਰ ਮੁਕਾਬਲੇ ਨੂੰ ਜਿੱਤਣ ਦਾ ਨਸ਼ਾ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਨਸ਼ੇ ਨਾਲ ਸਰੀਰ ਨੂੰ ਅਣਥੱਕ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਕੈਪਸੂਲ ਤੇ ਟੀਕੇ ਬਣ ਗਏ ਹਨ। ਸਾਡੇ ਦੇਸ਼ ਦਾ ਮਾਣ ਕਬੱਡੀ ਖੇਡ ਵੀ ਨਸ਼ਿਆਂ ਦੀ ਭੇਟ ਚੜ੍ਹ ਗਈ ਹੈ। ਸਰਕਾਰ ਤੇ ਕੁਝ ਸੰਗਠਨਾਂ ਨੂੰ ਅੱਗੇ ਆਉਣਾ ਪਵੇਗਾ, ਸੈਮੀਨਾਰ ਕਰਨੇ ਪੈਣਗੇ। ਨਸ਼ਿਆਂ ਬਾਬਤ ਰੈਲੀਆਂ ਕੱਢਣੀਆਂ ਚਾਹੀਦੀਆਂ ਹਨ। ਬੱਚਿਆਂ, ਨੌਜਵਾਨਾਂ ਨੂੰ ਨਸ਼ਿਆਂ ਦੇ ਵਿਚੋਂ ਕੱਢਣ ਲਈ ਬੇਰੁਜ਼ਗਾਰੀ ਵਿਚੋਂ ਪਹਿਲਾਂ ਕੱਢਣਾ ਜ਼ਰੂਰੀ ਹੈ। ਜੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਜਾਣ ਤਾਂ ਸ਼ਾਇਦ ਨਸ਼ਿਆਂ ਤੋਂ ਬਚ ਜਾਣਗੇ। ਨੌਜਵਾਨ ਪੀੜ੍ਹੀ ਆਪਣੇ ਹੱਥਾਂ ਵਿਚ ਡਿਗਰੀਆਂ ਲੈ ਕੇ ਤਣਾਅ ਵਿਚ ਹੋਣ ਕਰਕੇ ਨਸ਼ਿਆਂ ਦਾ ਰਾਹ ਅਪਣਾ ਰਹੀ ਹੈ। ਨੌਜਵਾਨ ਪੀੜ੍ਹੀ ਨੌਕਰੀ ਨਾ ਮਿਲਣ ਕਰਕੇ ਨਸ਼ਿਆਂ ਦੀ ਦਲ-ਦਲ ਵਿਚ ਧਸ ਚੁੱਕੀ ਹੈ। ਨੌਜਵਾਨ ਪੀੜ੍ਹੀ ਨੂੰ ਬਚਾਉਣ ਦੀ ਲੋੜ ਹੈ, ਜੋ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ।


-ਦਵਿੰਦਰ ਖ਼ੁਸ਼ ਧਾਲੀਵਾਲ


ਪੰਚਾਇਤ ਦੇ ਕੰਮਾਂ ਦੀ ਹੋਵੇ ਜਾਂਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚਲਾਈ ਗਈ ਮੁਹਿੰਮ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਫ਼ੈਸਲੇ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ, ਨਾਲ ਹੀ ਇਹ ਬੇਨਤੀ ਕਰਦੇ ਹਾਂ ਕਿ ਪਿਛਲੇ ਸਾਲਾਂ ਵਿਚ ਬਣੀਆਂ ਕਾਂਗਰਸ, ਅਕਾਲੀਆਂ ਦੀਆਂ ਪਿੰਡ-ਪਿੰਡ ਵਿਚ ਪੰਚਾਇਤਾਂ ਨੂੰ ਮਿਲੀਆਂ ਗ੍ਰਾਂਟਾਂ ਅਤੇ ਕੀਤੇ ਕੰਮਾਂ ਦੀ ਵਿਸ਼ੇਸ਼ ਟੀਮ ਦਾ ਗਠਨ ਕਰਕੇ ਜਾਂਚ ਕਰਵਾਈ ਜਾਵੇ। ਨਾਲ ਪਿੰਡਾਂ ਦੇ ਚੰਗੇ ਸਰਪੰਚਾਂ ਦੇ ਕੰਮ ਦੀ ਸ਼ਲਾਘਾ ਦੇ ਨਾਲ-ਨਾਲ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇ ਅਤੇ ਬੇਈਮਾਨ ਅਤੇ ਭ੍ਰਿਸ਼ਟ ਸਰਪੰਚਾਂ ਅਤੇ ਹੋਰ ਰਸੂਖ਼ ਵਾਲੇ ਅਧਿਕਾਰੀਆਂ ਵਲੋਂ ਕੀਤੇ ਘਪਲਿਆਂ ਅਤੇ ਨਵੇਂ ਪੁਰਾਣੇ ਕੰਮ ਦੀ ਨਿਰਪੱਖਤਾ ਨਾਲ ਜਾਂਚ ਕਾਰਵਾਈ ਜਾਵੇ, ਕਿਉਂਕਿ ਬਹੁਤ ਸਾਰੇ ਸਰਪੰਚਾਂ ਨੇ ਕਾਗਜ਼ਾਂ ਵਿਚ ਹੀ ਪਿੰਡਾਂ ਦੇ ਵਿਕਾਸ ਕੀਤੇ ਹੋਏ ਹਨ ਅਤੇ ਟੋਭਿਆਂ ਵਿਚ ਮੱਛੀ ਫਾਰਮ ਦੇ ਨਾਂਅ 'ਤੇ ਘਪਲੇ ਕੀਤੇ ਗਏ ਹਨ, ਇਸ ਕੰਮ ਵਿਚ ਜ਼ਿਲ੍ਹੇ ਦੇ ਬੀ.ਡੀ.ਪੀ.ਓ. ਦਫ਼ਤਰਾਂ ਅਤੇ ਅਫ਼ਸਰਾਂ ਦੇ ਹਿੱਸੇਦਾਰੀਆਂ ਨੂੰ ਆਮ ਲੋਕਾਂ ਦੇ ਸਾਹਮਣੇ ਜਨਤਕ ਕੀਤਾ ਜਾਵੇ ਅਤੇ ਇਨ੍ਹਾਂ ਵਲੋਂ ਬਣਾਈਆਂ ਗਈਆਂ ਜਾਇਦਾਦਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਕਿਉਂਕਿ ਜੇਕਰ ਪੰਜਾਬ ਦੇ ਪਿੰਡ ਅਤੇ ਪੰਚਾਇਤਾਂ ਭ੍ਰਿਸ਼ਟਾਚਾਰ ਤੋਂ ਮੁਕਤ ਹੋਣਗੀਆਂ ਤਾਂ ਹੀ ਪੰਜਾਬ ਤਰੱਕੀ ਕਰੇਗਾ।


-ਗੁਰਪ੍ਰੀਤ ਸਿੰਘ ਜਖ਼ਵਾਲੀ
ਫ਼ਤਹਿਗੜ੍ਹ ਸਾਹਿਬ।


ਡਾ. ਭੀਮ ਰਾਓ ਅੰਬੇਡਕਰ
ਡਾ. ਭੀਮ ਰਾਓ ਅੰਬੇਡਕਰ ਭਾਰਤ ਦੇ ਸੰਵਿਧਾਨ ਨਿਰਮਾਤਾ ਹੋਣ ਦੇ ਨਾਲ-ਨਾਲ ਇਕ ਉੱਚ ਕੋਟੀ ਦੇ ਵਿਦਵਾਨ, ਅਰਥਸ਼ਾਸਤਰੀ, ਇਤਿਹਾਸਕਾਰ, ਸਮਾਜ ਸੁਧਾਰਕ ਅਤੇ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਸਨ। ਉਨ੍ਹਾਂ ਨੇ ਦੱਬੇ-ਕੁਚਲੇ ਅਤੇ ਸਮਾਜ ਵਿਚ ਅਛੂਤ ਸਮਝੇ ਜਾਂਦੇ ਵਰਗ ਲਈ ਸਿੱਖਿਆ, ਸਿਹਤ, ਸਮਾਜਿਕ ਬੁਰਾਈਆਂ ਦੇ ਖਿਲਾਫ਼ ਸੰਗਠਿਤ ਹੋਣ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਤਮਾਮ ਉਮਰ ਸੰਘਰਸ਼ ਕੀਤਾ। ਸਾਡੇ ਸਾਰਿਆਂ ਵਲੋਂ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਸਿਧਾਂਤਾਂ ਅਤੇ ਵਿਚਾਰਧਾਰਾਵਾਂ ਨੂੰ ਅਪਣਾਉਂਦੇ ਹੋਏ ਬਿਨਾਂ ਕਿਸੇ ਧਰਮ, ਜਾਤ-ਪਾਤ, ਛੂਤ-ਛਾਤ ਅਤੇ ਫਿਰਕਾਪ੍ਰਸਤੀ ਤੋਂ ਉੱਪਰ ਉਠ ਕੇ ਸਮਾਜ ਦੀਆਂ ਬੁਰਾਈਆਂ ਖਿਲਾਫ਼ ਇਕਜੁਟ ਹੋ ਕੇ ਇਕ ਕੁਸ਼ਲ ਸਮਾਜ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਪਾਈਏ ਤਾਂ ਜੋ ਬਾਬਾ ਸਾਹਿਬ ਦੇ ਸੁਪਨਿਆਂ ਦਾ ਭਾਰਤ ਬਣਾ ਸਕੀਏ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ, ਜ਼ਿਲ੍ਹਾ ਬਠਿੰਡਾ।

18-04-2022

 ਕਿਸਾਨ ਜਥੇਬੰਦੀਆਂ ਬਨਾਮ ਕਾਰਪੋਰੇਟ

ਰਾਜ ਦੀਆਂ 32 ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ ਕਾਰਪੋਰੇਟ ਅਦਾਰਿਆਂ ਦੀ ਸ਼ਹਿ 'ਤੇ ਕੇਂਦਰ ਵਲੋਂ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਲੜੀ ਲੰਬੀ ਲੜਾਈ ਦੀ ਉਦੋਂ ਕਿਰਕਰੀ ਹੋ ਰਹੀ ਹੈ ਜਦੋਂ ਵੱਡੀ ਗਿਣਤੀ ਕਿਸਾਨਾਂ ਨੇ ਖੁਦ ਹੀ ਨਿੱਜੀ ਮੰਡੀਆਂ ਵੱਲ ਨੂੰ ਰੁਖ਼ ਕਰਦੇ ਹੋਏ ਮੋਗਾ ਸਥਿਤ ਅਡਾਨੀ ਦੇ ਸਾਇਲੋ 'ਚ ਕਣਕ ਦੀਆਂ ਭਰੀਆਂ ਟਰਾਲੀਆਂ ਲੈ ਕੇ ਪੁੱਜਣਾ ਸ਼ੁਰੂ ਕਰ ਦਿੱਤਾ ਹੈ। ਸਿੱਟੇ ਵਜੋਂ ਮੋਗਾ ਜ਼ਿਲ੍ਹੇ ਦੀਆਂ ਕਰੀਬ ਅੱਠ-ਦਸ ਸਰਕਾਰੀ ਮੰਡੀਆਂ ਦਾ ਭੋਗ ਪੈ ਚੁੱਕਾ ਹੈ, ਉਥੇ ਤਿੰਨ ਦਰਜਨ ਦੇ ਕਰੀਬ ਹੋਰ ਮੰਡੀਆਂ ਵੀ ਬੰਦ ਹੋਣ ਦੇ ਕਗਾਰ 'ਤੇ ਪਹੁੰਚ ਗਈਆਂ ਹਨ। ਇਸ ਦੇ ਕਈ ਕਾਰਨ ਹਨ ਜਿਵੇਂ ਸਾਡਾ ਮਾੜਾ ਸਰਕਾਰੀ ਮੰਡੀ ਪ੍ਰਬੰਧ। ਇਸ ਦੇ ਬਿਲਕੁਲ ਉਲਟ ਨਿੱਜੀ ਮੰਡੀਆਂ ਵਿਚ ਸਾਰਾ ਕੰਮ ਮਸ਼ੀਨੀ ਹੋਣ ਕਰਕੇ ਕਿਸਾਨ ਮਿੰਟਾਂ ਵਿਚ ਹੀ ਵਿਹਲਾ ਹੋ ਜਾਂਦਾ ਹੈ ਤੇ ਸਰਕਾਰੀ ਮੰਡੀਆਂ ਵਾਂਗ ਕਈ-ਕਈ ਦਿਨ ਰੁਲਣਾ ਨਹੀਂ ਪੈਂਦਾ ਤੇ ਦੂਸਰਾ ਕਿਸਾਨਾਂ ਦਾ ਤਰਕ ਹੈ ਕਿ ਇਸ ਸਾਈਲੋ ਵਿਚ ਉਨ੍ਹਾਂ ਨੂੰ ਕੋਈ ਜਿਣਸ ਦੀ ਛੜਾਈ ਤੇ ਭਰਾਈ ਵੀ ਨਹੀਂ ਦੇਣੀ ਪੈਂਦੀ। ਇਹ ਵੀ ਇਕ ਵੱਡੀ ਤਰਾਸਦੀ ਦੀ ਉਪਜ ਹੈ ਕਿ ਕਿਸਾਨਾਂ ਦੀਆਂ ਜਿਣਸਾਂ ਇਨ੍ਹਾਂ ਸਰਕਾਰੀ ਮੰਡੀਆਂ ਵਿਚ ਕਈ-ਕਈ ਦਿਨ ਰੁਲਦੀਆਂ ਹਨ, ਜਿਸ ਕਰਕੇ ਨਾ ਚਾਹੁੰਦਿਆਂ ਹੋਇਆਂ ਵੀ ਕਿਸਾਨਾਂ ਨੂੰ ਹੁਣ ਅੱਕ ਚੱਬਣਾ ਪੈ ਰਿਹਾ ਹੈ। ਦੂਸਰਾ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਕੁ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਕਿਸਾਨਾਂ ਨੂੰ ਮਜ਼ਦੂਰਾਂ ਅਤੇ ਆਮ ਲੋਕਾਂ ਦੀ ਰਾਇ ਦੇ ਉਲਟ ਰਾਜਸੀ ਚੋਣਾਂ ਲੜ ਕੇ ਸੰਘਰਸ਼ ਦੀ ਕਿਰਕਿਰੀ ਕਰਵਾ ਦਿੱਤੀ ਹੈ, ਸਿੱਟੇ ਵਜੋਂ ਕਾਰਪੋਰੇਟ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਰਹੇ ਹਨ।

-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ. ਪੱਟੀ, ਜ਼ਿਲ੍ਹਾ ਤਰਨ ਤਾਰਨ।

ਬਿਨਾਂ ਕਿਤਾਬਾਂ ਤੋਂ ਪੜ੍ਹਾਈ

ਮੈਂ 'ਅਜੀਤ' ਅਦਾਰੇ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਇਸ ਤੋਂ ਹਰ ਇਕ ਖੇਤਰ ਦੀ ਪੂਰੀ ਜਾਣਕਾਰੀ ਮਿਲਦੀ ਰਹਿੰਦੀ ਹੈ। ਜਦੋਂ ਵੀ ਕਿਸੇ ਖੇਤਰ ਵਿਚ ਕੋਈ ਕਮੀ ਨਜ਼ਰ ਆਵੇ ਤਾਂ ਉਸੇ 'ਤੇ ਸਮੇਂ-ਸਮੇਂ ਸਿਰ ਆਪਣੇ ਪਾਠਕਾਂ ਨੂੰ ਤੇ ਸਰਕਾਰਾਂ ਨੂੰ ਇਹ ਅਦਾਰਾ ਸੁਚੇਤ ਕਰਦਾ ਰਹਿੰਦਾ ਹੈ। ਕੁਝ ਦਿਨ ਪਹਿਲਾਂ ਛਪਿਆ ਸੰਪਾਦਕੀ ਲੇਖ 'ਬਿਨਾਂ ਕਿਤਾਬਾਂ ਤੋਂ ਪੜ੍ਹਾਈ' ਪੜ੍ਹ ਕੇ ਮਨ ਨੂੰ ਬੜੀ ਹੈਰਾਨੀ ਹੋਈ ਕਿ ਹਜ਼ਾਰਾਂ ਬੱਚਿਆਂ ਦਾ ਭਵਿੱਖ ਧੁੰਦਲੇਪਨ ਵੱਲ ਜਾ ਰਿਹਾ ਹੈ। ਜੇਕਰ ਸਮੇਂ ਸਿਰ ਵਿਦਿਆਰਥੀਆਂ ਨੂੰ ਕਿਤਾਬਾਂ ਹੀ ਨਹੀਂ ਮਿਲਦੀਆਂ ਤਾਂ ਵਿਦਿਆਰਥੀ ਕੀ ਕਰ ਸਕਦੇ ਹਨ? ਜਦੋਂ ਵਿਦਿਆਰਥੀ ਪਾਸ ਹੋ ਜਾਂਦੇ ਹਨ ਤਾਂ ਉਹ ਬੇਹੱਦ ਖ਼ੁਸ਼ ਹੁੰਦੇ ਹਨ। ਜੇਕਰ ਸਮੇਂ ਸਿਰ ਉਨ੍ਹਾਂ ਨੂੰ ਕਿਤਾਬਾਂ ਮਿਲ ਜਾਣ ਤਾਂ ਉਹ ਖ਼ੁਸ਼ੀ ਵਿਚ ਕਿਤਾਬਾਂ ਪੜ੍ਹਨ ਵੀ ਬੈਠਣਗੇ। ਚਾਹੀਦਾ ਤਾਂ ਇਹ ਹੈ ਕਿ ਸਕੂਲ ਦੀਆਂ ਕਿਤਾਬਾਂ ਦੇ ਨਾਲ-ਨਾਲ ਸਰਕਾਰ ਵਿਦਿਆਰਥੀਆਂ ਨੂੰ ਸਿਲੇਬਸਾਂ ਤੋਂ ਇਲਾਵਾ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਜਾਂ ਆਮ ਗਿਆਨ ਵਿਚ ਵਾਧਾ ਕਰਨ ਵਾਲੀਆਂ ਕਿਤਾਬਾਂ ਵੀ ਮੁਹੱਈਆ ਕਰਵਾਏ। ਪਰ ਹਾਥੀ ਦੇ ਦੰਦ ਖਾਣ ਲਈ ਹੋਰ ਹਨ ਤੇ ਵਿਖਾਉਣ ਲਈ ਹੋਰ ਹਨ। ਜੇਕਰ ਅਜੇ ਵੀ ਮਨੁੱਖ ਸੱਭਿਅਕ ਨਹੀਂ ਬਣਿਆ ਤਾਂ ਫਿਰ ਕਿੰਨਾ ਹੋਰ ਸਮਾਂ ਲੱਗੇਗਾ? ਸਰਕਾਰਾਂ ਨੂੰ ਚਾਹੀਦਾ ਹੈ ਕਿ ਸਿੱਖਿਆ ਸੰਬੰਧੀ ਸਾਫ਼-ਸੁਥਰੀ ਨੀਤੀ ਬਣਾਉਣ, ਜਿਸ ਰਾਹੀਂ ਵਿਦਿਆਰਥੀ ਚੰਗੇ ਨਾਗਰਿਕ ਬਣ ਸਕਣ। ਸਿੱਖਿਆ ਹੀ ਤਾਂ ਹੈ ਜਿਸ ਰਾਹੀਂ ਵਿਦਿਆਰਥੀਆਂ ਨੇ ਵਿਕਾਸ ਦੀਆਂ ਮੰਜ਼ਿਲਾਂ ਨੂੰ ਸਰ ਕਰਨਾ ਹੈ। ਕਿਸੇ ਦੇਸ਼ ਦਾ ਵਿਕਾਸ ਸੜਕਾਂ 'ਤੇ ਪੁਲ ਬਣਾਉਣ ਨਾਲ ਹੀ ਨਹੀਂ ਹੁੰਦਾ, ਸਗੋਂ ਸਿੱਖਿਆ ਦੇ ਪਸਾਰ ਦੀ ਵੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਕਿਤਾਬਾਂ ਇਨਸਾਨ ਨੂੰ ਹਨੇਰੇ 'ਚੋਂ ਕੱਢ ਕੇ ਰੌਸ਼ਨੀ ਵੱਲ ਲੈ ਜਾਂਦੀਆਂ ਹਨ। ਬਿਨਾਂ ਕਿਤਾਬਾਂ ਤੋਂ ਪੜ੍ਹਾਈ ਨਹੀਂ ਹੋ ਸਕਦੀ।

-ਰਾਮ ਕਿਸ਼ਨ ਪਵਾਰ
ਸੇਵਾਮੁਕਤ ਪ੍ਰਿੰਸੀਪਲ, ਪਿੰਡ ਭੁੱਲਾਰਾਈ, ਫਗਵਾੜਾ।

ਮਹਿੰਗੇ ਪੈਟਰੋਲ-ਡੀਜ਼ਲ

ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦੇ ਅਰਥਚਾਰੇ ਦੀਆਂ ਚੂਲਾਂ ਹਿੱਲ ਗਈਆਂ ਹਨ। ਦੇਸ਼ ਦੇ ਅਰਥਚਾਰੇ ਨੂੰ ਡੂੰਘੀ ਸੱਟ ਲੱਗੀ ਹੈ। ਹੁਣ ਯੂਕਰੇਨ-ਰੂਸ ਜੰਗ ਕਾਰਨ ਲਗਾਤਾਰ ਹਰ ਚੀਜ਼ ਮਹਿੰਗੀ ਹੋ ਰਹੀ ਹੈ। ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋਇਆ ਹੈ। ਬੇਰੁਜ਼ਗਾਰੀ ਬਹੁਤ ਵਧ ਗਈ ਹੈ। ਮਹਿੰਗਾਈ ਸਿਖਰਾਂ 'ਤੇ ਪੁੱਜ ਗਈ ਹੈ। ਤੇਲ ਕੀਮਤਾਂ, ਖਾਣ ਵਾਲੀ ਹਰ ਵਸਤੂ, ਸਟੀਲ, ਲੋਹਾ, ਹੋਰ ਵੀ ਕਈ ਤੱਤਾਂ ਵਿਚ 13 ਫ਼ੀਸਦੀ ਤੋਂ ਵੱਧ ਵਾਧਾ ਹੋਇਆ ਹੈ। ਘਰੇਲੂ ਗੈਸ ਦੀ ਕੀਮਤ ਅੱਜ ਇਕ ਹਜ਼ਾਰ ਤੋਂ ਉੱਪਰ ਹੋ ਗਈ ਹੈ। ਮਹਿੰਗਾਈ ਨੇ ਪਿਛਲੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਖਾਣ-ਪੀਣ ਵਾਲੀਆਂ ਸਾਰੀਆਂ ਵਸਤਾਂ ਦੀ ਕੀਮਤ ਲਗਾਤਾਰ ਦਿਨੋ-ਦਿਨ ਵਧ ਰਹੀ ਹੈ। ਪਿਛਲੇ ਸਾਲ ਨਵੰਬਰ ਮਹੀਨੇ ਕੇਂਦਰ ਸਰਕਾਰ ਰਾਹੀਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 8 ਤੋਂ 10 ਰੁਪਏ ਤੱਕ ਦੀ ਛੋਟ ਦਿੱਤੀ ਗਈ। ਮਹਿੰਗਾਈ ਤਾਂ ਲਗਾਤਾਰ ਵਧ ਰਹੀ ਹੈ ਪਰ ਲੋਕਾਂ ਦੀ ਆਮਦਨ ਉਥੇ ਹੀ ਖੜ੍ਹੀ ਹੈ। 2022 ਵਿਚ ਕਈ ਸੂਬਿਆਂ ਵਿਚ ਚੋਣਾਂ ਸਨ ਤਾਂ ਬਿਲਕੁਲ ਵੀ ਤੇਲ ਕੀਮਤਾਂ ਜਾਂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਨਹੀਂ ਹੋਇਆ। ਚਾਰ ਮਹੀਨਿਆਂ ਤੋੋਂ ਤੇਲ ਕੀਮਤਾਂ 'ਚ ਬਰੇਕ ਲੱਗੀ ਸੀ। ਵੋਟਾਂ ਦੇ ਨਤੀਜਿਆਂ ਤੋਂ ਬਾਅਦ ਤੇਲ ਕੀਮਤਾਂ ਵਿਚ ਪਿਛਲੇ ਤਕਰੀਬਨ 14 ਦਿਨਾਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। ਰਿਫਾਈਂਡ ਤੇਲ ਦੇ ਭਾਅ ਵਿਚ ਡੇਢ ਸੌ ਰੁਪਏ ਤੱਕ ਦਾ ਵਾਧਾ ਹੋ ਗਿਆ ਹੈ। ਸੋਨੇ ਦੀ ਕੀਮਤ 50 ਹਜ਼ਾਰ ਦੇ ਨੇੜੇ ਹੋ ਗਈ ਹੈ। ਲੋਹੇ ਦੇ ਰੇਟਾਂ ਵਿਚ ਰਿਕਾਰਡ ਵਾਧਾ ਹੋਇਆ ਹੈ। ਕਾਲਾ ਬਾਜ਼ਾਰੀ ਕਾਰਨ ਵੀ ਮਹਿੰਗਾਈ ਵਧ ਗਈ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਨਿੰਬੂ ਨੇ ਲੋਕਾਂ ਦੇ ਕੀਤੇ ਦੰਦ ਖੱਟੇ

ਇਕ ਪਾਸੇ ਵਧਦੇ ਮਹਿੰਗੇ ਪੈਟਰੋਲ ਨਾਲ ਆਮ ਆਦਮੀ ਦੀ ਜੇਬ 'ਤੇ ਖਰਚ ਦਾ ਬੋਝ ਵਧਿਆ ਹੈ, ਉਥੇ ਦੂਜੇ ਪਾਸੇ ਖਾਣ-ਪੀਣ ਦੀਆਂ ਵਸਤੂਆਂ ਨੇ ਮਹਿੰਗੀਆਂ ਹੋਣ ਦਾ ਰਿਕਾਰਡ ਫੜ ਲਿਆ ਹੈ ਅਤੇ ਦੌਰ ਅਜੇ ਵੀ ਜਾਰੀ ਹੈ। ਜੋ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਜਿਵੇਂ ਹੀ ਗਰਮੀ ਸ਼ੁਰੂ ਹੋਈ ਪੰਜਾਬ ਅੰਦਰ ਲੂ ਤੋਂ ਬਚਣ ਲਈ ਨਿੰਬੂ ਦਾ ਸੇਵਨ ਜ਼ਿਆਦਾ ਕਰਦੇ ਹਨ ਪਰ ਇਸ ਵਾਰ ਨਿੰਬੂ ਨੇ ਆਪਣੇ ਖੱਟੇ ਹੋਣ ਦਾ ਸਬੂਤ ਦਿੱਤਾ ਹੈ ਭਾਵ ਕਿ ਨਿੰਬੂ 300 ਰੁਪਏ ਕਿਲੋ ਤੱਕ ਵਿਕ ਗਿਆ ਹੈ। ਗਰਮੀਆਂ 'ਚ ਸ਼ਿਕੰਜਵੀ ਪੀਣ ਦੇ ਸ਼ੌਕੀਨ ਲੋਕ ਇਸ ਤੋਂ ਬਹੁਤ ਦੂਰ ਹਨ। ਗਰੀਬ ਲੋਕ ਰੇਹੜੀ ਫੜ੍ਹੀ ਵਾਲੇ ਵੀ ਇਸ ਨੂੰ ਮੰਡੀ ਵਿਚੋਂ ਲਿਆਉਣ ਲਈ ਤਿਆਰ ਨਹੀਂ। ਜੇਕਰ ਮਹਿੰਗੇ ਭਾਅ ਨਾ ਵਿਕਿਆ ਤਾਂ ਗਰਮੀਆਂ ਕਰਕੇ ਖ਼ਰਾਬ ਹੋ ਜਾਂਦੇ ਹਨ। ਇਹ ਸਭ ਵੇਖ ਇਸ ਤਰ੍ਹਾਂ ਲਗਦਾ ਹੈ ਜਿਵੇਂ ਨਿੰਬੂ ਨੇ ਇਸ ਵਾਰ ਆਮ ਲੋਕਾਂ ਦੇ ਦੰਦ ਖੱਟੇ ਕਰ ਦਿੱਤੇ ਹਨ।

-ਨਵਨੀਤ ਸਿੰਘ ਭੁੰਬਲੀ, ਗੁਰਦਾਸਪੁਰ।

15-04-2022

 ਨਸ਼ੇ ਦੀ ਸਮੱਸਿਆ

ਪੰਜਾਬ 'ਚ ਨਸ਼ਾ ਇਕ ਬਹੁਤ ਹੀ ਭਿਆਨਕ ਰੋਗ ਬਣ ਕੇ ਲੋਕਾਂ ਨੂੰ ਨਿਗਲਦਾ ਜਾ ਰਿਹਾ ਹੈ। ਪੰਜਾਬ ਦੀ ਨੌਜਵਾਨੀ ਬਰਬਾਦੀ ਦੇ ਕਗਾਰ 'ਤੇ ਪਹੁੰਚ ਚੁੱਕੀ ਹੈ। ਗੈਂਗਸਟਰ ਮਾਫੀਆ ਤੇ ਚੋਰਾਂ-ਲੁਟੇਰਿਆਂ ਦਾ ਮਾਫੀਆ ਵੀ ਨਸ਼ੇ ਦੀ ਦੇਣ ਹਨ। ਇਸ ਗੱਲ ਵਿਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਜਿਸ ਦੀ ਹੱਦ ਕਈ ਸੈਂਕੜੇ ਕਿਲੋਮੀਟਰ ਪਾਕਿਸਤਾਨ ਨਾਲ ਲਗਦੀ ਹੈ। ਜਿਥੋਂ ਹਰ ਰੋਜ਼ ਨਸ਼ੇ ਦੀਆਂ ਵੱਡੀਆਂ-ਵੱਡੀਆਂ ਖੇਪਾਂ ਫੜਨ ਦੀਆਂ ਅਕਸਰ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਜੇ ਕੋਈ ਸੱਚ ਪੁੱਛੇ ਤਾਂ ਉਥੇ ਵੀ ਕੋਈ ਮਿਲੀਭੁਗਤ ਨਾਲ ਮਾਮਲਾ ਹੀ ਨਜ਼ਰ ਆਉਂਦਾ ਹੈ। ਪਹਿਲਾਂ ਵਾਂਗ ਅੱਜ ਵੀ ਸਿਵਿਆਂ ਵਿਚ ਬਜ਼ੁਰਗ ਮਾਪਿਆਂ ਦੇ ਪੁੱਤਰਾਂ ਦੀਆਂ ਲਾਸ਼ਾਂ ਦੇ ਭਾਂਬੜ ਬਲਦੇ ਪਏ ਨਜ਼ਰ ਆਉਂਦੇ ਹਨ। ਲੋਕਾਂ ਨੂੰ ਪੂਰੀ ਆਸ ਹੈ ਕਿ ਭਗਵੰਤ ਮਾਨ ਦੀ ਸਰਕਾਰ ਨਸ਼ੇ ਨੂੰ ਰੋਕਣ ਲਈ ਕੋਈ ਉਪਰਾਲਾ ਕਰੇਗੀ। ਸਰਕਾਰ ਨੂੰ ਪਿੰਡ-ਪਿੰਡ ਤੇ ਵਾਰਡ ਅਨੁਸਾਰ ਇਕ-ਇਕ ਪੁਲਿਸ ਵਾਲੇ ਨੂੰ ਏਰੀਏ ਦੀ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਹੈ ਜਿਸ ਵੀ ਏਰੀਏ ਦਾ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ, ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਫਿਰ ਜਾ ਕੇ ਨਸ਼ੇ ਨੂੰ ਠੱਲ੍ਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫ਼ਿਰੋਜ਼ਪੁਰ)।

ਰਿਸ਼ਤਿਆਂ 'ਚ ਮਤਲਬਪ੍ਰਸਤੀ

ਪੁਰਾਣੇ ਸਮਿਆਂ ਵਿਚ ਜਦੋਂ ਕੋਈ ਕਿਸੇ ਨਾਲ ਨੇਕੀ ਕਰਦਾ ਸੀ ਤਾਂ ਉਹ ਉਸ ਦਾ ਅਹਿਸਾਨ ਜ਼ਿੰਦਗੀ ਭਰ ਨਹੀਂ ਸਨ ਭੁੱਲਦੇ, ਪ੍ਰੰਤੂ ਹੁਣ ਤਾਂ ਬੱਚਿਆਂ ਵਰਗੇ ਸਕੇ ਭਰਾ ਵੀ ਸਮੇਂ ਦੇ ਨਾਲ ਸਭ ਕੁਝ ਭੁੱਲ ਜਾਂਦੇ ਹਨ ਤੇ ਗਿਰਗਿਟ ਵਾਂਗ ਰੰਗ ਬਦਲ ਲੈਂਦੇ ਹਨ। ਮੇਰੇ ਕਰੀਬੀ ਦੋਸਤ ਨੇ ਮੈਨੂੰ ਦੱਸਿਆ ਕਿ ਉਸ ਦੇ ਪਿਤਾ ਦੀ ਅਚਾਨਕ ਮੌਤ ਲਗਭਗ 5 ਦਹਾਕੇ ਪਹਿਲਾਂ ਹੋ ਗਈ ਸੀ। ਉਸ ਦੀ ਉਮਰ ਉਸ ਵੇਲੇ 16 ਸਾਲ ਦੀ ਸੀ ਅਤੇ ਉਹ ਸਭ ਤੋਂ ਵੱਡਾ ਸੀ, ਬਾਕੀ 4 ਭਰਾ ਛੋਟੇ ਸਨ। ਕਰੀਬ 4, 5 ਸਾਲ ਉਨ੍ਹਾਂ 'ਤੇ ਬੜਾ ਔਖਾ ਸਮਾਂ ਆਇਆ ਪਰ ਜਦੋਂ ਉਸ ਨੂੰ ਨੌਕਰੀ ਮਿਲ ਗਈ ਤਾਂ ਉਸ ਨੇ ਘਰ ਪੱਕਾ ਕਰਵਾਇਆ, ਆਪਣੀ ਤਨਖਾਹ ਨਾਲ ਮਾਂ, ਭਰਾਵਾਂ ਦਾ ਪਾਲਣ-ਪੋਸ਼ਣ ਕੀਤਾ, ਪੜ੍ਹਾਈ-ਲਿਖਾਈ ਕਰਵਾਈ, ਕੰਮਾਂਕਾਰਾਂ 'ਤੇ ਲਗਵਾਇਆ। ਬਾਪ ਵਜੋਂ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਦੇ ਵਿਆਹ ਕੀਤੇ, ਉਸ ਵੇਲੇ ਉਹ ਉਸ ਨੂੰ ਵੀਰ ਜੀ ਵੀਰ ਜੀ ਕਹਿੰਦੇ ਨਹੀਂ ਸਨ ਥੱਕਦੇ ਅਤੇ ਹੁਣ ਜਦੋਂ ਉਹ ਪੈਸੇ ਵਾਲੇ ਹੋ ਗਏ ਹਨ, ਤਾਂ ਉਨ੍ਹਾਂ ਦੇ ਤੇਵਰ ਹੀ ਬਦਲ ਗਏ ਹਨ ਕਿਉਂਕਿ ਉਨ੍ਹਾਂ ਦਾ ਮਤਲਬ ਹੁਣ ਨਿਕਲ ਚੁੱਕਾ ਹੈ। ਜੋ ਉਸ ਨੇ ਜ਼ਿੰਮੇਵਾਰੀਆਂ ਨਿਭਾਈਆਂ, ਪੈਸਾ ਖਰਚ ਕੀਤਾ, ਭਾਵੇਂ ਕਿ ਇਸ ਦਾ ਉਸ ਨੂੰ ਕੋਈ ਪਛਤਾਵਾ ਨਹੀਂ ਹੈ ਪ੍ਰੰਤੂ ਘੱਟੋ-ਘੱਟ ਭਰਾਵਾਂ ਨੂੰ ਤੇ ਰੱਬ ਦਾ ਖੌਫ਼ ਖਾਂਦੇ ਹੋਏ ਮਤਲਬਪ੍ਰਸਤ ਨਹੀਂ ਨਿਕਲਣਾ ਚਾਹੀਦਾ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।

ਸਰਕਾਰ ਦੇ ਅੱਗੇ ਵੱਡੀਆਂ ਚੁਣੌਤੀਆਂ

ਨਵੀਂ ਸਰਕਾਰ ਦੇ ਸਾਹਮਣੇ ਬਹੁਤ ਜ਼ਿਆਦਾ ਚੁਣੌਤੀਆਂ ਹਨ। ਸਭ ਤੋੋਂ ਵੱਡੀ ਚੁਣੌਤੀ ਸਰਕਾਰ ਲਈ ਪਾਣੀ ਦੀ ਹੈ। ਪੰਜਾਬ ਦੇ ਪਾਣੀ ਤਾਂ ਪਹਿਲਾਂ ਹੀ ਬਹੁਤ ਥੱਲੇ ਜਾ ਚੁੱਕੇ ਹਨ। ਜੇ ਪੰਜਾਬ ਦਾ ਪਾਣੀ ਦਿੱਲੀ ਨੂੰ ਚਲਿਆ ਗਿਆ ਤਾਂ ਪੰਜਾਬ ਦੇ ਹਿੱਸੇ 35 ਫ਼ੀਸਦੀ ਹੀ ਪਾਣੀ ਰਹਿ ਜਾਵੇਗਾ। ਪਾਣੀ ਦੀ ਬੱਚਤ ਦੇ ਨਿਯਮ ਸੈਮੀਨਾਰ ਲਾ ਕੇ ਜਾਂ ਖੇਤੀਬਾੜੀ ਯੂਨੀਵਰਸਿਟੀਆਂ ਦੇ ਨਾਲ ਰਲ ਕੇ ਕਿਸਾਨਾਂ ਨੂੰ ਦੱਸਣੇ ਪੈਣਗੇ। ਐਗਰੀਕਲਚਰ ਯੂਨੀਵਰਸਿਟੀਆਂ ਨੂੰ ਸੈਮੀਨਾਰ ਲਾ ਕੇ ਕਿਸਾਨਾਂ ਨੂੰ ਘੱਟ ਪਾਣੀ ਵਾਲੀਆਂ ਫਸਲਾਂ ਵੱਲ ਧਿਆਨ ਦਿਵਾਉਣਾ ਪਵੇਗਾ। ਸਰਕਾਰ ਦੇ ਸਾਹਮਣੇ ਚੁਣੌਤੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਬਚਾਉਂਦੀ ਹੈ ਜਾਂ ਆਪਣੀ ਹੀ ਸਰਕਾਰ ਦਾ ਪੱਖ ਪੂਰਦੀ ਹੈ। ਪਾਣੀ ਦੀ ਚੁਣੌਤੀ ਲਈ ਸਰਕਾਰ ਨੂੰ ਆਮ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ। ਦਿੱਲੀ ਬੈਠੀ ਆਪਣੀ ਪਾਰਟੀ ਨੂੰ ਵੀ ਨਾਰਾਜ਼ ਕਰਨਾ ਨਹੀਂ ਚਾਹੁਣਗੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਨਾਰਾਜ਼ ਕਰਨਾ ਨਹੀਂ ਚਾਹੁਣਗੇ ਤਾਂ ਵਿਚ ਵਾਲਾ ਰਾਹ ਕੀ ਕੱਢਣਗੇ? ਮੁੱਖ ਮੰਤਰੀ ਦੇ ਅੱਗੇ ਸਭ ਤੋਂ ਵੱਡੀ ਚੁਣੌਤੀ ਹੈ।

-ਦਵਿੰਦਰ ਖ਼ੁਸ਼ ਧਾਲੀਵਾਲ

ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ

ਪਿੰਡਾਂ ਵਿਚ ਆਵਾਜ਼ ਪ੍ਰਦੂਸ਼ਣ ਏਨਾ ਕੁ ਵਧ ਚੁੱਕਾ ਹੈ ਕਿ ਸਾਰਾ-ਸਾਰਾ ਦਿਨ ਤੁਹਾਨੂੰ ਗਲੀਆਂ-ਮੁਹੱਲਿਆਂ ਵਿਚ ਫੇਰੀ ਵਾਲਿਆਂ ਦੇ ਉੱਚੀਆਂ ਆਵਾਜ਼ਾਂ ਵਿਚ ਲਾਏ ਸਪੀਕਰਾਂ ਦੀਆਂ ਕੰਨ-ਪਾੜਵੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹਿੰਦੀਆਂ ਹਨ। ਕੁਝ ਮਨਚਲੇ ਨੌਜਵਾਨਾਂ ਵਲੋਂ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਦੀ ਭੰਨ-ਤੋੜ ਕਰਕੇ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਪੜ੍ਹਾਈ ਕਰ ਰਹੇ ਬੱਚੇ, ਬਿਮਾਰ ਬਜ਼ੁਰਗ ਅਤੇ ਆਪਣੇ ਕੰਮਾਂਕਾਰਾਂ ਵਿਚ ਰੁੱਝੇ ਆਮ ਲੋਕਾਂ ਨੂੰ ਇਸ ਸਮੱਸਿਆ ਨਾਲ ਹਰ ਰੋਜ਼ ਦੋ-ਚਾਰ ਹੋਣਾ ਪੈਂਦਾ ਹੈ। ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਜਾਵੇ ਤਾਂ ਜੋ ਹਰ ਨਾਗਰਿਕ ਸ਼ਾਂਤਮਈ ਜ਼ਿੰਦਗੀ ਮਾਣ ਸਕੇ।

-ਮਾ. ਰਾਜ ਸਿੰਘ ਬਧੌਛੀ, (ਫ.ਗ.ਸ.)।

ਰੱਬਾ ਪੰਜਾਬ 'ਤੇ ਰਹਿਮ ਕਰ...

ਪੰਜਾਬ ਕਤਲਾਂ ਦਾ ਘਰ ਬਣ ਕੇ ਰਹਿ ਗਿਆ ਹੈ। ਹਾਲੇ ਇਕ ਕਤਲ ਦੇ ਖ਼ਬਰ ਦੀ ਸਿਆਹੀ ਵੀ ਨਹੀਂ ਸੁੱਕਦੀ ਕਿ ਦੂਸਰੀ ਲਹੂ ਭਿੱਜੀ ਖ਼ਬਰ ਪੜ੍ਹਨ ਨੂੰ ਮਿਲਦੀ ਹੈ। ਦਿਨ-ਦਿਹਾੜੇ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦਾ ਕਤਲ ਤੇ ਉਸ ਤੋਂ ਬਾਅਦ ਕਤਲ 'ਤੇ ਕਤਲ। ਜ਼ਿਲ੍ਹਾ ਗੁਰਦਾਸਪੁਰ ਦੇ ਇਕ ਪਿੰਡ ਵਿਚ ਚਾਰ ਵਿਅਕਤੀਆਂ ਦਾ ਸਮੂਹਿਕ ਕਤਲੇਆਮ ਤੇ ਫਿਰ ਪਟਿਆਲਾ ਵਿਚ ਇਕ ਹੋਰ ਕਬੱਡੀ ਖਿਡਾਰੀ ਦਾ ਕਤਲ। ਕਤਲਾਂ ਦੀ ਇਹ ਖੂਨੀ ਹੋਲੀ ਕਦ ਤੱਕ ਚਲਦੀ ਰਹੇਗੀ। ਸੂਬੇ ਵਿਚ ਕਾਤਲਾਂ ਦੇ ਮੂਹਰੇ ਅਮਨ, ਕਾਨੂੰਨ, ਸਰਕਾਰ ਜਦ ਸਭ ਕੁਝ ਬੇਵੱਸ ਹੈ ਤਾਂ ਪੰਜਾਬ ਦੀ ਆਤਮਾ ਪੁਕਾਰ ਕਰ ਰਹੀ ਹੈ 'ਰੱਬਾ ਪੰਜਾਬ 'ਤੇ ਰਹਿਮ ਕਰ'।

-ਗਿਆਨੀ ਜੋਗਾ ਸਿੰਘ ਕਵੀਸ਼ਰ, ਪਿੰਡ ਭਾਗੋਵਾਲ, ਗੁਰਦਾਸਪੁਰ।

14-04-2022

 ਦਿਲ ਨੂੰ ਛੂਹ ਲੈਣ ਵਾਲੀ ਕਹਾਣੀ

ਪਿਛਲੇ ਦਿਨੀਂ (3 ਅਪ੍ਰੈਲ) ਮਨਜੀਤ ਸਿੰਘ ਵੜੈਚ ਦੀ ਕਹਾਣੀ 'ਉਹ ਆਵੇਗਾ' ਪੜ੍ਹੀ। ਇਹ ਬਹੁਤ ਵਾਰ ਫ਼ੌਜੀਆਂ ਦੇ ਘਰਾਂ ਵਿਚ ਵਾਪਰਦਾ ਹੈ। ਇਹ ਦਰਦ ਉਹ ਹੀ ਮਹਿਸੂਸ ਕਰਦਾ ਹੈ ਜੋ ਇਨ੍ਹਾਂ ਸਥਿਤੀਆਂ ਨੂੰ ਸਮਝਦਾ ਹੈ ਅਤੇ ਮਹਿਸੂਸ ਕਰਦਾ ਹੈ। ਫ਼ੌਜੀ ਨਾਲ ਵਿਆਹ ਕਰਵਾਉਣਾ ਹਰ ਦੇ ਹਿੱਸੇ ਨਹੀਂ ਆਉਂਦਾ। ਫ਼ੌਜੀਆਂ ਦੇ ਪਰਿਵਾਰ ਬਹੁਤ ਕੁਝ ਨਾਲ ਝਲਦੇ ਹਨ। ਪੰਜਾਬ ਦੇ ਨੌਜਵਾਨਾਂ ਦਾ ਤਿਰੰਗੇ ਵਿਚ ਲਿਪਟਕੇ ਆਉਣਾ, ਜਿਵੇਂ ਆਮ ਹੀ ਸਮਝਿਆ ਜਾਂਦਾ ਹੈ। ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਪਰ ਸਰਕਾਰਾਂ ਉਸ ਸਰਮਾਏ ਨੂੰ ਅਤੇ ਉਸ ਦੇ ਪਰਿਵਾਰਾਂ ਨੂੰ ਸੰਭਾਲਣਾ ਵੀ ਭੁੱਲ ਗਈਆਂ ਹਨ, ਜਿਨ੍ਹਾਂ ਦੇ ਜਵਾਨ ਪੁੱਤ ਸ਼ਹੀਦ ਹੁੰਦੇ ਹਨ ਅਤੇ ਜਿਨ੍ਹਾਂ ਦੇ ਪਤੀ ਸ਼ਹੀਦ ਹੁੰਦੇ ਹਨ, ਅਖੀਰ ਵਿਚ ਉਨ੍ਹਾਂ ਵਾਸਤੇ ਸ਼ਹੀਦ ਰਹਿ ਜਾਂਦੇ ਹਨ। ਫ਼ੌਜ ਵਿਚ ਜਵਾਨ ਬਹੁਤ ਛੋਟੀ ਉਮਰ ਵਿਚ ਭਰਤੀ ਹੁੰਦੇ ਹਨ ਅਤੇ ਵਧੇਰੇ ਕਰਕੇ 35 ਸਾਲ ਦੀ ਉਮਰ ਵਿਚ ਸੇਵਾਮੁਕਤ ਵੀ ਹੋ ਜਾਂਦੇ ਹਨ। ਬਹੁਤ ਧੀਆਂ-ਭੈਣਾਂ ਦੇ ਹੱਥਾਂ ਵਿਚ ਅਜੇ ਚੂੜਾ ਹੁੰਦਾ ਹੈ ਅਤੇ ਕੁਝ ਦੇ ਛੋਟੇ-ਛੋਟੇ ਬੱਚੇ ਹੁੰਦੇ ਹਨ। ਇਹ ਕਹਾਣੀ ਹਕੀਕਤ ਬਿਆਨ ਕਰਦੀ ਹੈ। ਬੇਹੱਦ ਦਿਲ ਨੂੰ ਛੋਹਣ ਵਾਲੇ ਅਲਫ਼ਾਜ਼ ਹਨ। ਲੇਖਕ ਨੇ ਅਜਿਹਾ ਕੁਝ ਫ਼ੌਜ ਵਿਚ ਰਹਿੰਦਿਆਂ ਬਹੁਤ ਵਾਰ ਦੇਖਿਆ ਵੀ ਹੋਵੇਗਾ। ਦਰਦ ਬਿਆਨ ਕਰਦੀ ਅਤੇ ਬਹਾਦਰ ਧੀ ਦੀ ਕਹਾਣੀ ਹੈ।

-ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ।

ਪਾਣੀ ਦੀ ਬੱਚਤ

ਫੁੱਲਾਂ ਦੀ ਖੇਤੀ ਸਾਰਾ ਸਾਲ ਕੀਤੀ ਜਾਂਦੀ ਹੈ। ਇਸ ਵਿਚ ਪਾਣੀ ਦੀ ਲਾਗਤ ਘੱਟ ਲਗਦੀ ਹੈ। ਪੈਸੇ ਦੀ ਬੱਚਤ ਵੀ ਹੁੰਦੀ ਹੈ। ਫੁੱਲਾਂ ਦੀ ਖੇਤੀ ਦੇ ਫਾਇਦੇ ਬਹੁਤ ਹਨ। ਕਿਸਾਨਾਂ ਨੂੰ ਵੀ ਚਾਹੀਦਾ ਹੈ ਝੋਨੇ ਦੀ ਫਸਲ ਛੱਡ ਕੇ ਫੁੱਲਾਂ ਦੀ ਖੇਤੀ ਵੱਲ ਧਿਆਨ ਦੇਣ। ਫੁੱਲਾਂ ਦੀ ਖੇਤੀ ਤੋਂ ਸਾਨੂੰ ਬੱਚਤ ਵੀ ਹੋ ਜਾਂਦੀ ਹੈ ਤੇ ਪਾਣੀ ਦੀ ਲਾਗਤ ਵੀ ਘੱਟ ਹੁੰਦੀ ਹੈ, ਇਸ ਨਾਲ ਅਸੀਂ ਪਾਣੀ ਨੂੰ ਵੱਧ ਤੋਂ ਵੱਧ ਬਚਾਅ ਸਕਦੇ ਹਾਂ। ਝੋਨੇ ਦੀ ਖੇਤੀ ਵਿਚ ਪਾਣੀ ਬਹੁਤ ਜ਼ਿਆਦਾ ਲਗਦਾ ਹੈ ਤੇ ਬਿਜਲੀ ਦਾ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਨਾਲ ਸਾਡਾ ਪਾਣੀ ਹੋਰ ਵੀ ਥੱਲੇ ਜਾ ਰਿਹਾ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਪਾਣੀ ਤੋਂ ਵਾਂਝਿਆ ਕਰ ਰਹੇ ਹਾਂ। ਕੋਸ਼ਿਸ਼ ਕਰੀਏ ਘੱਟ ਪਾਣੀ ਦੀ ਲਾਗਤ ਵਾਲੀ ਖੇਤੀ ਵੱਲ ਹੀ ਧਿਆਨ ਦੇਈਏ। ਫੁੱਲਾਂ ਦੇ ਬੀਜ ਬਹੁਤ ਤਰ੍ਹਾਂ ਦੇ ਹਨ। ਫੁੱਲਾਂ 'ਤੇ ਮਿਹਨਤ ਵੀ ਘੱਟ ਲਗਦੀ ਹੈ। ਸੋ, ਸਰਕਾਰ ਨੂੰ ਵੀ ਚਾਹੀਦਾ ਹੈ ਕਿਸਾਨਾਂ ਨੂੰ ਫੁੱਲਾਂ ਦੇ ਬੀਜ ਵੱਧ ਤੋਂ ਵੱਧ ਮੁਹੱਈਆ ਕਰਵਾਏ, ਤਾਂ ਜੋ ਕਿਸਾਨਾਂ ਨੂੰ ਵੀ ਫਸਲ ਦੀ ਅਦਲਾ-ਬਦਲੀ ਤੋਂ ਬਾਅਦ ਨੁਕਸਾਨ ਨਾ ਉਠਾਉਣਾ ਪਵੇ। ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਕਿਸਾਨਾਂ ਨੂੰ ਫੁੱਲਾਂ ਦੇ ਬੀਜ ਘੱਟ ਰੇਟ ਦੇ ਦੇਣੇ ਚਾਹੀਦੇ ਹਨ, ਤਾਂ ਜੋ ਅਸੀਂ ਪਾਣੀ ਬਚਾਅ ਸਕੀਏ।

-ਦਵਿੰਦਰ ਖ਼ੁਸ਼ ਧਾਲੀਵਾਲ

ਰੇਤਾ-ਬਜਰੀ ਦਾ ਛੇਤੀ ਹੱਲ ਕਰੇ ਸਰਕਾਰ

ਪਿਛਲੀ ਸਰਕਾਰ ਵੇਲੇ ਇਹ ਰੌਲਾ ਪੈਂਦਾ ਰਿਹਾ ਸੀ ਕਿ ਸਰਕਾਰ ਦੇ ਬਹੁਤੇ ਵਿਧਾਇਕ ਰੇਤੇ ਦੇ ਦੋ ਨੰਬਰ ਦੇ ਧੰਦੇ ਵਿਚ ਲੱਗੇ ਹੋਏ ਹਨ, ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਥੋਂ ਤੱਕ ਵੀ ਕਹਿ ਦਿੱਤੀ ਕਿ ਇਥੋਂ ਦੇ ਸਾਰੇ ਵਿਧਾਇਕ ਹੀ ਇਹ ਕੰਮ ਕਰਦੇ ਹਨ। ਹੁਣ ਸਰਕਾਰ ਬਣਦਿਆਂ ਹੀ ਇਸ ਲੁੱਟ ਨੂੰ ਰੋਕਣ ਦਾ ਉਪਰਾਲਾ ਕਰਨ ਲੱਗੀ ਹੈ ਜੋ ਕਿ ਬਹੁਤ ਹੀ ਵਧੀਆ ਗੱਲ ਹੈ। ਇਸ ਸਖਤੀ ਕਰਨ ਨਾਲ ਰੇਤਾ ਹੁਣ ਆਮ ਲੋਕਾਂ ਨੂੰ ਨਹੀਂ ਮਿਲਦਾ, ਜੇ ਮਿਲਦਾ ਵੀ ਹੈ ਤਾਂ ਉਹ ਰੇਟ ਬਹੁਤ ਵਧਾ ਦਿੱਤਾ ਗਿਆ ਹੈ। ਵਧੇ ਹੋਏ ਰੇਟਾਂ ਕਰਕੇ ਉਸਾਰੀ ਦੇ ਕੰਮ ਲਗਭਗ ਠੱਪ ਹੋ ਗਏ ਹਨ। ਇਸ ਦਾ ਇਕ ਪੱਖ ਇਹ ਵੀ ਹੈ ਕਿ ਉਸਾਰੀ ਦੇ ਕੰਮ ਵਿਚ ਲੱਗੇ ਹਜ਼ਾਰਾਂ ਲੋਕਾਂ ਦਾ ਕੰਮ ਖੜ੍ਹ ਗਿਆ ਹੈ, ਮਿਸਤਰੀ-ਮਜ਼ਦੂਰ ਵਿਹਲੇ ਹੋ ਗਏ ਹਨ। ਜਿਨ੍ਹਾਂ ਦਾ ਚੁੱਲ੍ਹਾ ਤਪਣਾ ਮੁਸ਼ਕਿਲ ਹੋ ਗਿਆ ਹੈ। ਕਰੇ ਕੋਈ ਤੇ ਭਰੇ ਕੋਈ ਵਾਲੀ ਗੱਲ ਹੋ ਗਈ ਹੈ। ਇਸ ਲਈ ਸਰਕਾਰ ਨੂੰ ਬੇਨਤੀ ਹੈ ਕਿ ਉਹ ਜਲਦੀ ਤੋਂ ਜਲਦੀ ਰੇਤ ਦੇ ਕੰਮ ਦੀ ਕੋਈ ਨੀਤੀ ਬਣਾ ਕੇ ਲੋਕਾਂ ਤੱਕ ਰੇਤਾ ਬਜਰੀ ਜਲਦੀ ਪਹੁੰਚਾਇਆ ਜਾਵੇ ਤਾਂ ਕਿ ਗ਼ਰੀਬ ਲੋਕਾਂ ਦੀ ਦਿਹਾੜੀ ਨਾ ਮਰੇ। ਜਿਨ੍ਹਾਂ ਨੇ ਰੋਜ਼ ਕਮਾ ਕੇ ਖਾਣਾ ਹੁੰਦਾ ਹੈ, ਦੂਜਾ ਉਨ੍ਹਾਂ ਲੋਕਾਂ 'ਤੇ ਵੀ ਸਖ਼ਤੀ ਕਰੇ ਜੋ ਸਰਕਾਰ ਦੀ ਇਸ ਨੀਤੀ ਦਾ ਨਾਜਾਇਜ਼ ਫਾਇਦਾ ਉਠਾ ਕੇ ਰੇਤੇ ਨੂੰ ਸੋਨੇ ਦੇ ਭਾਅ ਵੇਚ ਰਹੇ ਹਨ। ਉਮੀਦ ਕਰਦੇ ਹਾਂ ਕਿ ਸਰਕਾਰ ਇਸ ਪਾਸੇ ਜ਼ਰੂਰ ਧਿਆਨ ਦੇਵੇਗੀ।

-ਜਸਕਰਨ ਲੰਡੇ
ਪਿੰਡ ਤੇ ਡਾਕ. ਲੰਡੇ, ਜ਼ਿਲ੍ਹਾ ਮੋਗਾ।

ਸਿੱਖਿਆ ਮੰਤਰੀ ਦੇ ਧਿਆਨ ਹਿਤ

ਪਿਛਲੀ ਸਰਕਾਰ ਸਮੇਂ ਜੋ ਸਕੂਲ ਅਪਗ੍ਰੇਡ ਕੀਤੇ ਗਏ ਸਨ ਤੇ ਜਿਨ੍ਹਾਂ ਸਕੂਲਾਂ ਵਿਚ ਸਾਇੰਸ ਗਰੁੱਪ ਦਿੱਤਾ ਗਿਆ, ਉਥੇ ਕਮਿਸਟਰੀ ਲੈਕਚਰਾਰ ਦੀ ਅਸਾਮੀ ਨਹੀਂ ਦਿੱਤੀ ਸਗੋਂ ਬਾਇਓਲੋਜੀ ਲੈਕਚਰਾਰ ਨੂੰ ਹੀ ਕਮਿਸਟਰੀ ਵਿਸ਼ਾ ਪੜ੍ਹਾਉਣ ਲਈ ਕਿਹਾ ਗਿਆ ਹੈ। ਮੇਰਾ ਵਿਚਾਰ ਹੈ ਕਿ ਇਕ ਲੈਕਚਰਾਰ ਦੋ ਵਿਸ਼ੇ ਪੜ੍ਹਾ ਕੇ ਬੱਚਿਆਂ ਨਾਲ ਨਿਆਂ ਨਹੀਂ ਕਰ ਸਕੇਗਾ। ਉਨ੍ਹਾਂ ਵਿਦਿਆਰਥੀਆਂ ਨੇ ਹੀ ਭਵਿੱਖ ਵਿਚ ਇੰਜੀਨੀਅਰ ਬਣਨਾ ਹੈ। ਦੋਵੇਂ ਵਿਸ਼ਿਆਂ ਦੇ ਪ੍ਰੈਕਟੀਕਲ ਵੀ ਹਨ। ਸੋ, ਮੇਰੀ ਬੇਨਤੀ ਹੈ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ ਰੱਖਦਿਆਂ ਇਨ੍ਹਾਂ ਸਕੂਲਾਂ ਵਿਚ ਕਮਿਸਟਰੀ ਲੈਕਚਰਾਰ ਦੀ ਪੋਸਟ ਦਿੱਤੀ ਜਾਵੇ।

-ਸੁਖਦੇਵ ਸਿੰਘ
ਭਾਦਸੋਂ, ਤਹਿ: ਨਾਭਾ, ਜ਼ਿਲ੍ਹਾ ਪਟਿਆਲਾ।

ਸਖ਼ਤੀ ਦੇ ਨਾਲ ਸੁਧਾਰ ਦੀ ਵੀ ਲੋੜ

ਪੰਜਾਬ ਸਰਕਾਰ ਨੇ ਸਖਤੀ ਦਿਖਾਉਂਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਡਾਕਟਰਾਂ ਨੂੰ ਹਦਾਇਤ ਕੀਤੀ ਹੈ ਕਿ ਹਸਪਤਾਲ 'ਚ ਆਉਣ ਅਤੇ ਜਾਣ ਦੇ ਸਮੇਂ ਨੂੰ ਸਰਕਾਰੀ ਸਮਾਂ-ਸਾਰਣੀ ਅਨੁਸਾਰ ਯਕੀਨੀ ਬਣਾਇਆ ਜਾਵੇ, ਅਜਿਹਾ ਨਾ ਕਰਨ ਦੀ ਸੂਰਤ 'ਚ ਸਖਤੀ ਵਰਤੀ ਜਾਵੇਗੀ ਅਤੇ ਮਰੀਜ਼ਾਂ ਨੂੰ ਦਵਾਈਆਂ ਅਤੇ ਟੈਸਟ ਬਾਹਰੋਂ ਨਹੀਂ ਬਲਕਿ ਹਸਪਤਾਲ ਦੇ ਅੰਦਰ ਦੇ ਹੀ ਲਿਖਣੇ ਨੇ। ਇਹ ਇਕ ਬਹੁਤ ਹੀ ਚੰਗਾ ਕਦਮ ਹੈ ਪਰ ਕੀ ਉਹ ਸਾਰੀਆਂ ਦਵਾਈਆਂ ਜੋ ਹਰ ਬਿਮਾਰੀ ਦੇ ਪੀੜਤ ਮਰੀਜ਼ ਨੂੰ ਲੋੜੀਂਦੀਆਂ ਹਨ, ਉਹ ਹਸਪਤਾਲ ਵਿਚ ਮੌਜੂਦ ਹਨ? ਕੀ ਉਹ ਸਾਰੇ ਟੈਸਟ ਵੀ ਲੋੜ ਅਨੁਸਾਰ ਕੀਤੇ ਜਾ ਸਕਦੇ ਹਨ? ਸਮਾਂ ਸਾਰਣੀ ਸਹੀ ਰੱਖਣਾ ਬਹੁਤ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਸਾਰੀਆਂ ਦਵਾਈਆਂ ਦੀ ਪੂਰਤੀ ਟੈਸਟਿੰਗ ਮਸ਼ੀਨਾਂ ਦੀ ਘਾਟ ਟੈਸਟ ਉਪਕਰਨਾਂ ਦੀ ਕਮੀ ਅਤੇ ਮੈਡੀਕਲ ਸਟਾਫ਼ ਦੀ ਘਾਟ ਵੀ ਇਨ੍ਹਾਂ ਹੁਕਮਾਂ ਦੇ ਰਾਹ ਵਿਚ ਰੋੜਾ ਸਾਬਤ ਹੋ ਰਹੇ ਹਨ। ਸਿਹਤ ਸਹੂਲਤਾਂ ਸੰਬੰਧੀ ਸਰਕਾਰ ਦਾ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਪਰ ਡਾਕਟਰ ਵੀ ਰੱਬ ਦਾ ਦੂਜਾ ਰੂਪ ਹੁੰਦੇ ਹਨ, ਇਨ੍ਹਾਂ ਨੂੰ ਵੀ ਅਵੇਸਲਾ ਨਹੀਂ ਕੀਤਾ ਜਾ ਸਕਦਾ, ਇਸ ਲਈ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਸਿਸਟਮ ਦੀਆਂ ਕਮੀਆਂ ਵਲ ਵੀ ਸਰਕਾਰ ਨੂੰ ਗੰਭੀਰਤਾ ਨਾਲ ਦੇਖਣਾ ਚਾਹੀਦਾ ਹੈ।

-ਕੇਵਲ ਸਿੰਘ ਕਾਲਝਰਾਣੀ

ਗ੍ਰਾਮ ਸਭਾ ਦੀ ਮਹਾਨਤਾ

ਗ੍ਰਾਮ ਸਭਾ, ਗ੍ਰਾਮ ਪੰਚਾਇਤ ਸ਼ਬਦ ਤਾਂ ਬਹੁਤ ਵਾਰ ਸੁਣਿਆ ਸੀ ਪਰ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਸਾਡੀ ਮੌਜੂਦਾ ਪੰਜਾਬ ਸਰਕਾਰ ਨੇ ਇਸ ਦੀ ਮਹਾਨਤਾ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਪੰਜਾਬ ਦੇ ਲੋਕਾਂ ਲਈ ਬਹੁਤ ਹੀ ਭਲੇ ਦਾ ਕੰਮ ਹੈ। ਪੰਚਾਇਤ ਵਿਭਾਗ ਨਾਲ ਸੰਬੰਧਿਤ ਅਧਿਕਾਰੀਆਂ ਨੇ ਇਸ ਐਕਟ ਨੂੰ ਲੈ ਕੇ ਆਮ ਜਨਤਾ ਦੀ ਭਲਾਈ ਦੀ ਥਾਂ ਬਹੁਤ ਹੀ ਲੁੱਟ ਕੀਤੀ ਹੈ। ਕਠਪੁਤਲੀ ਸਰਪੰਚ ਸਭ ਕੁਝ ਜਾਣਦਾ ਵੀ ਅੱਖਾਂ ਮੀਚ ਲੈਂਦਾ ਸੀ। ਆਸ ਕੀਤੀ ਜਾ ਸਕਦੀ ਹੈ ਕਿ ਪੰਜਾਬ ਸਰਕਾਰ ਪਿਛਲੇ ਸਾਲਾਂ ਵਿਚ ਕਠਪੁਤਲੀ ਸਰਪੰਚਾਂ ਵਲੋਂ ਗ੍ਰਾਮ ਸਭਾਵਾਂ ਨਾ ਕਰਵਾ ਕੇ ਵੱਡੇ ਫੰਡਾਂ ਦੀ ਦੁਰਵਰਤੋਂ ਦੀ ਵੀ ਪੜਤਾਲ ਕਰਵਾਏਗੀ।

-ਜਗਰੂਪ ਸਿੰਘ ਥੇਹ ਕਲੰਦਰ
ਫਾਜ਼ਿਲਕਾ।

13-04-2022

 ਨਿਰਾਸ਼ਾਜਨਕ ਵਰਤਾਰਾ

ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹੂੰਝਾ ਫੇਰ ਜਿੱਤ ਦਿਵਾਈ ਹੈ, ਜਿਸ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਢੇਰ ਸਾਰੀਆਂ ਉਮੀਦਾਂ ਹਨ। ਪਰ ਆਮ ਪਾਰਟੀ ਦੀ ਸਰਕਾਰ ਨੇ ਆਪਣੀ ਜਿੱਤ ਤੇ ਅੰਮ੍ਰਿਤਸਰ ਵਿਖੇ ਕੀਤੇ ਰੋਡ ਸ਼ੋਅ ਅਤੇ ਸਹੁੰ ਚੁੱਕ ਸਮਾਗਮ 'ਤੇ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ 'ਚ ਨਿਰਾਸ਼ਾ ਪੈਦਾ ਕੀਤੀ ਹੈ। ਰਾਜ ਸਭਾ ਮੈਂਬਰਾਂ ਦੀ ਚੋਣ ਕਰਦਿਆਂ ਆਮ ਆਦਮੀ ਤੋਂ ਹਟਕੇ ਧਨਾਢ, ਖਾਸ ਅਤੇ ਪੰਜਾਬ ਤੋਂ ਬਾਹਰਲੇ, ਕੁਝ ਬੰਦਿਆਂ ਨੂੰ ਚੁਣਿਆ ਗਿਆ ਹੈ, ਜੋ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਧੋਖਾ ਹੈ। ਪੰਜਾਬ ਤੋਂ ਬਾਹਰੋਂ ਲਏ ਰਾਜ ਸਭਾ ਮੈਂਬਰ ਪੰਜਾਬ ਦੇ ਭਖਦੇ ਮਸਲੇ, ਜਿਵੇਂ ਪਾਣੀਆਂ ਦਾ ਮਸਲਾ, ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ, ਕਿਵੇਂ ਚੁੱਕਣਗੇ? ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਕਸ਼ੇ ਕਦਮ 'ਤੇ ਚਲਦਿਆਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਹਰ ਸੂਚਨਾ ਮੁੱਖ ਮੰਤਰੀ ਦੇ ਰਿਕਾਰਡ ਕੀਤੇ ਬਿਆਨ ਰਾਹੀਂ ਦੇਣ ਦਾ ਪ੍ਰਬੰਧ ਕੀਤਾ ਹੈ। ਇਸ ਤਰ੍ਹਾਂ ਲੋਕਾਂ ਦੇ ਸਵਾਲ ਮੁੱਖ ਮੰਤਰੀ ਕੋਲ ਨਹੀਂ ਪੁੱਜਣੇ। ਜੋ ਲੋਕਤੰਤਰ ਲਈ ਚੰਗਾ ਕਦਮ ਨਹੀਂ ਕਿਹਾ ਜਾ ਸਕਦਾ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਜਿਹੇ ਨਿਰਾਸ਼ਾਜਨਕ ਵਰਤਾਰੇ 'ਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ।

-ਇੰਜ. ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਵਸੋਂ ਗਣਨਾ ਦਾ ਇਤਿਹਾਸ

ਭਾਰਤੀ ਇਤਿਹਾਸ ਵਿਚ ਗਣਨਾ ਦੇ ਵੇਰਵੇ ਮੌਰੀਆ ਕਾਲ ਵਿਚ (321-296 ਬੀ.ਸੀ.) ਕੌਟਿਲਿਆ ਦੇ ਅਰਥ ਸ਼ਾਸਤਰ ਅਤੇ ਬਾਅਦ ਵਿਚ ਮੁਗਲ ਕਾਲ ਦੌਰਾਨ (1595-96) ਅਬੁੱਲ ਫ਼ਜ਼ਲ ਦੀ ਐਨ.ਏ. ਅਕਬਰੀ ਦੀਆਂ ਲਿਖਤਾਂ ਵਿਚ ਮਿਲਦੇ ਹਨ। ਇਹ ਕਰਮਬੱਧ ਅਤੇ ਅਜੋਕੀ ਜਨ ਗਣਨਾ ਆਪਣੇ ਮੌਜੂਦਾ ਵਿਗਿਆਨਿਕ ਰੂਪ ਵਿਚ 1865 ਈ. ਅਤੇ 1872 ਈ. ਦੇ ਕਾਲ ਦੌਰਾਨ ਗ਼ੈਰ-ਇਕਸਾਰ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਕਰਵਾਈ ਗਈ। 1872 ਵਿਚ ਕਰਵਾਈ ਗਣਨਾ ਭਾਰਤ ਦੀ ਪਹਿਲੀ ਕ੍ਰਮਬੱਧ (ਗ਼ੈਰ-ਇਕਸਾਰ) ਗਣਨਾ ਸੀ। ਪਰ ਪਹਿਲੀ ਇਕਸਾਰ ਗਣਨਾ ਭਾਰਤ ਵਿਚ 1881 ਈ. ਵਿਚ ਕਰਵਾਈ ਗਈ। ਆਜ਼ਾਦ ਭਾਰਤ ਵਿਚ ਸਭ ਤੋਂ ਪਹਿਲੀ ਵਸੋਂ ਗਣਨਾ, 1951 ਈ. ਵਿਚ ਹੋਈ। ਉਸ ਸਮੇਂ ਤੋਂ ਹੁਣ ਤੱਕ ਲਗਭਗ ਚਲ ਰਹੀ ਇਸ ਕੜੀ ਨੇ ਭਾਰਤੀ ਵਸੋਂ ਗਣਨਾ ਨੂੰ ਇਕ ਵਿਲੱਖਣ ਪਛਾਣ ਦਿੱਤੀ। 2011 ਵਿਚ ਹੋਈ ਜਨਣਗਨਾ, 1872 ਤੋਂ ਚਲ ਰਹੀ ਲਗਾਤਾਰ ਕੜੀ ਦੀ 15ਵੀਂ ਅਤੇ ਆਜ਼ਾਦੀ ਮਗਰੋਂ ਹੋਈ 7ਵੀਂ ਜਨਗਣਨਾ ਹੈ।

-ਸਿਮਰਨਦੀਪ ਕੌਰ ਬੇਦੀ, ਭਗਤ ਨਾਮਦੇਵ ਨਗਰ (ਘੁਮਾਣ)।

ਬੇਲੋੜਾ ਖਰਚ ਅਤੇ ਸਮਾਜਿਕ ਸਮਾਗਮ

ਅਜੋਕੇ ਸਮੇਂ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਸਮਾਜਿਕ ਸਮਾਗਮਾਂ ਚਾਹੇ ਉਹ ਖੁਸ਼ੀ ਦਾ ਹੋਵੇ ਜਾਂ ਗ਼ਮੀ ਦਾ, ਉੱਪਰ ਹਜ਼ਾਰਾਂ ਲੱਖਾਂ ਰੁਪਏ ਖਰਚੇ ਜਾ ਰਹੇ ਹਨ ਭਾਵ ਇਨ੍ਹਾਂ ਸਮਾਗਮਾਂ ਉੱਪਰ ਬੇਤਹਾਸ਼ਾ ਅਤੇ ਬੋਲੋੜਾ ਖਰਚ ਕੀਤਾ ਜਾ ਰਿਹਾ ਹੈ। ਸ਼ਾਇਦ ਇਹ ਦੇਖੋ ਦੇਖੀ ਆਪਣੀ ਟੌਹਰ ਬਣਾਉਣ ਲਈ ਲੋੜ ਤੋਂ ਵਧ ਕੇ ਕਰਜ਼ੇ ਬਗੈਰਾ ਚੁੱਕ ਕੇ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਸਮਾਜ ਦੀ ਆਰਥਿਕਤਾ ਉੱਪਰ ਇਸ ਦਾ ਮਾੜਾ ਅਸਰ ਪੈ ਰਿਹਾ ਹੈ ਅਤੇ ਲੋਕਾਂ ਸਿਰ ਕਰਜ਼ੇ ਦੀਆਂ ਪੰਡਾਂ ਭਾਰੀਆਂ ਹੋ ਰਹੀਆਂ ਹਨ। ਜਿਸ ਵਿਅਕਤੀ ਸਿਰ ਕਰਜ਼ੇ ਦੀ ਭਾਰੀ ਪੰਡ ਹੋਵੇ, ਉਸ ਦਾ ਆਰਾਮ ਅਤੇ ਨੀਂਦ ਦੋਵੇਂ ਹੀ ਉੱਡ ਜਾਂਦੇ ਹਨ ਭਾਵ ਉਹ ਪ੍ਰੇਸ਼ਾਨੀ ਦੇ ਆਲਮ ਵਿਚ ਵਿਚਰਦਾ ਹੈ ਅਤੇ ਕਈ ਵਾਰ ਜ਼ਿਆਦਾ ਪ੍ਰੇਸ਼ਾਨੀ ਮੌਤ ਦਾ ਕਾਰਨ ਬਣ ਜਾਂਦੀ ਹੈ। ਸਮਾਗਮ ਚਾਹੇ ਵਿਆਹ-ਸ਼ਾਦੀ ਦਾ ਹੋਵੇ, ਜਨਮ ਦਿਨ, ਬਰਸੀ ਦਾ ਹੋਵੇ, ਸੇਵਾਮੁਕਤੀ ਦੀ ਪਾਰਟੀ ਜਾਂ ਅੰਤਿਮ ਅਰਦਾਸ ਦਾ ਹੋਵੇ, ਉਸ ਨੂੰ ਜਿਥੋਂ ਤੱਕ ਸੰਭਵ ਹੋਵੇ, ਸਾਦਾ ਅਤੇ ਘੱਟ ਖਰਚੀਲਾ ਰੱਖਿਆ ਜਾਣਾ ਚਾਹੀਦਾ ਹੈ। ਬੇਲੋੜਾ ਖਰਚ ਕਰਨ ਤੋਂ ਬਚਣਾ ਚਾਹੀਦਾ ਹੈ ਤਾਂ ਕਿ ਸਾਡੀ ਆਰਥਿਕਤਾ ਉੱਪਰ ਮਾੜਾ ਅਸਰ ਨਾ ਪੈ ਸਕੇ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਰਾਜਨੀਤਕ ਤਬਦੀਲੀ ਤੇ ਚੁਣੌਤੀਆਂ

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੱਡੇ-ਵੱਡੇ ਨੇਤਾਵਾਂ ਵਿਚ ਹਾਰ ਨੂੰ ਕਬੂਲਿਆ ਗਿਆ ਹੈ। ਲੋਕ ਬਦਲਾਅ ਚਾਹੁੰਦੇ ਸਨ, ਕੁਝ ਨਵਾਂ, ਭ੍ਰਿਸ਼ਟਾਚਾਰ ਰਹਿਤ ਸਿਸਟਮ ਦੀਆਂ ਉਮੀਦਾਂ ਹਨ। ਲੋਕਾਂ ਨੇ ਕਿਵੇਂ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਜਿੱਤ ਦਿੱਤੀ ਹੈ ਅਤੇ ਵਿਸ਼ਵਾਸ ਪ੍ਰਗਟਾਇਆ ਹੈ ਅਤੇ ਰਾਜਨੀਤੀ ਵਿਚ ਪਰਿਵਾਰਵਾਦ ਨੂੰ ਨਕਾਰਿਆ ਹੈ। ਇਹ ਲੋਕਾਂ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਫੈਸਲਾ ਹੈ ਕਿਉਂਕਿ ਪੰਜਾਬ ਸਿਰ ਕਰੋੜਾਂ ਦਾ ਕਰਜ਼ਾ ਚੜ੍ਹਿਆ ਹੋਇਆ ਹੈ ਅਤੇ ਆਰਥਿਕ ਤੌਰ 'ਤੇ ਪਛੜ ਰਿਹਾ ਹੈ। ਬੇਰੁਜ਼ਗਾਰੀ ਵਧ ਹੋਣ ਕਾਰਨ ਨੌਜਵਾਨ ਲੜਕੇ ਅਤੇ ਲੜਕੀਆਂ ਵਿਦੇਸ਼ਾਂ ਵਲ ਰੁਖ਼ ਕਰ ਰਹੇ ਹਨ ਕਿਉਂਕਿ ਇਥੇ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ। ਸਰਕਾਰ ਲਈ ਵੱਡੀਆਂ ਚੁਣੌਤੀਆਂ ਬੇਰੁਜ਼ਗਾਰੀ, ਨਸ਼ੇ, ਵਿੱਦਿਆ, ਸਿਹਤ ਸਹੂਲਤਾਂ, ਕਿਸਾਨੀ ਮਸਲੇ, ਮਾਫੀਆ ਹਨ। ਸਰਕਾਰ ਨੂੰ ਬੜੀ ਸੋਚ-ਸਮਝ ਨਾਲ ਇਨ੍ਹਾਂ ਗੰਭੀਰ ਚੁਣੌਤੀਆਂ ਨੂੰ ਹੱਲ ਕਰਨ ਲਈ ਸਾਰਥਿਕ ਯਤਨ ਕਰਨੇ ਪੈਣਗੇ। ਆਸ ਕਰਦੇ ਹਾਂ ਕਿ ਸਾਡਾ ਰੰਗਲਾ ਪੰਜਾਬ ਹੋਰ ਤਰੱਕੀਆਂ ਦੀਆਂ ਬੁੰਲਦੀਆਂ ਨੂੰ ਸਰ ਕਰੇ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ. ਵਜੀਦਪੁਰ, ਜ਼ਿਲ੍ਹਾ ਪਟਿਆਲਾ।

12-04-2022

 ਆਨਲਾਈਨ ਰਜਿਸਟ੍ਰੇਸ਼ਨ

ਕਣਕ ਦੀ ਖਰੀਦ ਸ਼ੁਰੂ ਹੋਣ ਕਰਕੇ ਕਿਸਾਨ ਭਰਾਵਾਂ ਵਲੋਂ ਕਣਕ ਵੇਚਣ ਲਈ ਮੰਡੀਆਂ ਵਿਚ ਫ਼ਸਲ ਲਿਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਆੜ੍ਹਤੀਆਂ ਵਲੋਂ ਕਣਕ ਵੇਚਣ ਲਈ ਕਿਸਾਨਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਬਹੁਤ ਸਾਰੇ ਕਿਸਾਨ ਭਰਾ ਦੁਚਿੱਤੀ ਵਿਚ ਹਨ ਕਿ ਇਹ ਰਜਿਸਟ੍ਰੇਸ਼ਨ ਆੜ੍ਹਤੀਆਂ ਵਲੋਂ ਹੀ ਕੀਤੀ ਜਾਂਦੀ ਹੈ ਪਰ ਆੜ੍ਹਤੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਪੱਧਰ 'ਤੇ ਪ੍ਰਾਈਵੇਟ ਕੰਪਿਊਟਰ ਸੈਂਟਰ ਤੋਂ ਜਾ ਕੇ ਇਹ ਰਜਿਸਟ੍ਰੇਸ਼ਨ ਕਰਵਾਉਣ। ਜੇਕਰ ਸਹੀ ਵਿਚ ਇਹ ਰਜਿਸਟ੍ਰੇਸ਼ਨ ਕਿਸਾਨਾਂ ਵਲੋਂ ਹੀ ਕੀਤੀ ਜਾਣੀ ਹੈ ਤਾਂ ਆੜ੍ਹਤੀਆਂ/ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨ ਭਰਾਵਾਂ ਨੂੰ ਇਸ ਸੰਬੰਧੀ ਕੋਈ ਲਿੰਕ ਮੁਹੱਈਆ ਕਰਵਾਉਣ, ਤਾਂ ਜੋ ਕਿਸਾਨ ਇਹ ਰਜਿਸਟ੍ਰੇਸ਼ਨ ਖੁਦ ਕਰ ਸਕਣ। ਸਰਕਾਰ ਨੂੰ ਇਸ ਸੰਬੰਧੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਰਜਿਸਟ੍ਰੇਸ਼ਨ ਕਰਵਾਉਣ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ।

ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

ਪਾਣੀ ਦੀ ਸੰਭਾਲ ਜ਼ਰੂਰੀ

ਬਠਿੰਡਾ ਦੇ ਪਿੰਡ ਗੰਗਾ ਅਬਲੂ ਕੀ ਵਿਚ ਇਕ ਨੌਜਵਾਨ 18 ਸਾਲ ਦੇ ਵਾਲੀਬਾਲ ਖਿਡਾਰੀ ਦੀ ਪੀਲੀਏ ਕਾਰਨ ਮੌਤ ਹੋ ਗਈ। ਜੋ ਬਹੁਤ ਦੁਖਦਾਈ ਖ਼ਬਰ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ ਦੇ ਵੱਡੇ-ਵੱਡੇ ਲੀਡਰ ਇਸ ਗੱਲ ਤੋਂ ਕਿਵੇਂ ਅਣਜਾਣ ਸੀ ਕਿ ਪਿੰਡ ਦਾ ਪਾਣੀ ਪੀਣਯੋਗ ਨਹੀਂ। ਉਦਯੋਗਿਕ ਖੇਤਰ ਹੋਣ ਕਰਕੇ ਲੋਕ ਦੂਸ਼ਿਤ ਪਾਣੀ ਪੀਂਦੇ ਹਨ, ਜਿਸ ਕਾਰਨ ਬਿਮਾਰੀਆਂ ਨਾਲ ਜਕੜੇ ਜਾਂਦੇ ਹਨ। ਪੰਜਾਬ ਵਿਚ ਜ਼ਿਆਦਾਤਰ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ। ਜੇਕਰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੇ ਪਾਣੀ ਦੀ ਸੰਭਾਲ ਲਈ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਆਉਣ ਵਾਲੇ ਸਮੇਂ ਅੰਦਰ ਬੁਰੇ ਨਤੀਜੇ ਭੁਗਤਣੇ ਪੈਣਗੇ। ਕਿਉਂਕਿ ਹਰ ਸਾਲ ਲੱਖਾਂ ਲੋਕ ਬਿਮਾਰੀ ਦੀ ਜਕੜ ਹੇਠ ਆਉਂਦੇ ਹਨ, ਜਿਥੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ, ਉਥੇ ਸਮਾਜ ਦੇ ਹਰ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਣੀ ਦੀ ਸੰਭਾਲ ਕਰੇ, ਤਾਂ ਜੋ ਪਾਣੀ ਦੇ ਡਿਗਦੇ ਹੇਠਲੇ ਪੱਧਰ ਤੋਂ ਬਚਿਆ ਜਾ ਸਕੇ।

-ਨਵਜੋਤ ਸਿੰਘ ਭੁੰਬਲੀ, ਗੁਰਦਾਸਪੁਰ।

ਕਬੱਡੀ ਵਿਚ ਗੈਂਗਸਟਰਾਂ ਦੀ ਘੁਸਪੈਠ

ਉੱਘੇ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਵਲੋਂ 'ਅਜੀਤ' ਵਿਚ ਲੜੀਵਾਰ ਲੇਖ 'ਕਬੱਡੀ ਡਰੱਗ ਤੋਂ ਗੁੰਡਾਗਰਦੀ ਦੇ ਜੱਫੇ ਤੱਕ' ਕਬੱਡੀ ਜਗਤ ਵਿਚਲੀਆਂ ਕੌੜੀਆਂ-ਮਿੱਠੀਆਂ ਹਕੀਕਤਾਂ ਨੂੰ ਬਾਖੂਬੀ ਬਿਆਨ ਕਰ ਰਿਹਾ ਹੈ। ਕਬੱਡੀ ਦੀ ਅੰਬਰੀਂ ਚੜ੍ਹੀ ਗੁੱਡੀ ਉੱਪਰ ਗੈਂਗਸਟਰ ਰੂਪੀ ਮੰਡਰਾ ਰਹੇ ਕਾਲੇ ਬੱਦਲ ਕਿਤੇ ਇਸ ਮਾਂ ਖੇਡ ਨੂੰ ਆਪਣੇ ਵਿਚ ਹੀ ਨਾ ਸਮੋ ਲੈਣ। ਇਹ ਵੀ ਗੱਲ ਬੜੀ ਚਿੰਤਾਜਨਕ ਹੈ ਕਿ ਜਿਹੜੇ ਕਲੱਬ ਨਸ਼ੇੜੀ ਖਿਡਾਰੀਆਂ ਨੂੰ ਖਿਡਾਉਂਦੇ ਨੇ ਉਨ੍ਹਾਂ ਨੂੰ ਦਰਸ਼ਕ ਵਧ ਵੇਖਦੇ ਹਨ ਤੇ ਖਰੇ ਖਿਡਾਰੀਆਂ ਨੂੰ ਘੱਟ ਪਸੰਦ ਕੀਤਾ ਜਾਂਦਾ ਹੈ। ਇਸ ਕਰਕੇ ਕਬੱਡੀ ਜਗਤ ਵਿਚ ਬਹੁਤ ਸਾਰੇ ਖੇਡ ਕਲੱਬ, ਖਿਡਾਰੀ ਅਤੇ ਖੇਡ ਪ੍ਰੇਮੀ ਬਰਾਬਰ ਦੇ ਜ਼ਿੰਮੇਵਾਰ ਹਨ। ਕੁਝ ਇਕ ਭ੍ਰਿਸ਼ਟ ਰਾਜਨੀਤਕ ਲੀਡਰਾਂ ਵਲੋਂ ਪੈਦਾ ਕੀਤੇ ਗੈਂਗਸਟਰਾਂ ਦਾ ਕਬੱਡੀ ਜਗਤ ਵਿਚ ਵਧ ਰਿਹਾ ਦਬਦਬਾ ਬੜਾ ਖ਼ਤਰਨਾਕ ਹੈ, ਜੇਕਰ ਕਬੱਡੀ ਨੂੰ ਇਸ ਤੋਂ ਮੁਕਤ ਨਾ ਕਰਵਾਇਆ ਗਿਆ ਤਾਂ ਭਵਿੱਖ ਵਿਚ ਮਾਪੇ ਆਪਣੇ ਧੀਆਂ-ਪੁੱਤਰਾਂ ਨੂੰ ਕਬੱਡੀ ਵਿਚ ਲਿਆਉਣ ਤੋਂ ਪਹਿਲਾਂ ਕਈ ਵਾਰ ਸੋਚਿਆ ਕਰਨਗੇ।

-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ. ਪੱਟੀ, ਜ਼ਿਲ੍ਹਾ ਤਰਨ ਤਾਰਨ।

ਇਕ ਵਿਚਾਰ

ਜਦ ਤੱਕ ਮੰਤਰੀ, ਆਈ.ਏ.ਐਸ., ਆਈ.ਪੀ.ਐਸ., ਸਰਕਾਰੀ ਕਰਮਚਾਰੀ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਨਹੀਂ ਪਾਉਂਦੇ, ਤਦ ਤੱਕ ਵਿੱਦਿਆ ਦੇ ਖੇਤਰ ਵਿਚ ਬਦਲਾਅ ਆਉਣਾ ਨਾਮੁਮਕਿਨ ਹੈ, ਸੁਧਾਰ ਉਪਰੋਂ ਹੇਠਾਂ ਨੂੰ ਹੁੰਦਾ ਹੈ, ਇਹ ਸ਼ਰਤ ਹੋਵੇ ਕਿ ਹਰ ਸਰਕਾਰੀ ਮੁਲਾਜ਼ਮ ਭਾਵੇਂ ਉਹ ਕਿਸੇ ਵੀ ਰੈਂਕ ਦਾ ਹੋਵੇ, ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ, ਉਸ ਦੇ ਨਾਲ ਇਕ ਤਾਂ ਸਰਕਾਰੀ ਸਕੂਲਾਂ ਦੀ ਹਾਲਤ ਸੁਧਰੇਗੀ ਤੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ 'ਚ ਊਚ-ਨੀਚ ਦੀ ਭਾਵਨਾ ਖ਼ਤਮ ਹੋਵੇਗੀ ਅਤੇ ਮਾਪਿਆਂ ਨੂੰ ਵੀ ਰਾਹਤ ਮਿਲੇਗੀ। ਪ੍ਰਾਈਵੇਟ ਸਕੂਲ ਜੋ ਕਾਰੋਬਾਰੀ ਬਣ ਰਹੇ ਹਨ, ਦੀ ਲਗਾਮ ਕੱਸਣੀ ਬਹੁਤ ਜ਼ਰੂਰੀ ਹੈ। ਇਥੇ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਵੀ ਸ਼ੋਸ਼ਣ ਹੁੰਦਾ ਹੈ, ਸਕੂਲ ਪ੍ਰਬੰਧਕ ਜਿੰਨਾ ਕੰਮ ਲੈਂਦੇ ਹਨ, ਓਨੀਆਂ ਤਨਖਾਹਾਂ ਨਹੀਂ ਮਿਲਦੀਆਂ, ਇਹ ਬਹੁਤ ਗਹਿਰਾਈ ਨਾਲ ਸੋਚਣ ਵਾਲਾ ਵਿਸ਼ਾ ਹੈ, ਸਭ ਨੂੰ ਹੰਭਲਾ ਮਾਰਨ ਦੀ ਲੋੜ ਹੈ।

ਕੰਵਲਜੀਤ ਕੌਰ ਜੁਨੇਜਾ

ਜਨਤਕ ਥਾਵਾਂ 'ਤੇ ਸਿਗਰਟਨੋਸ਼ੀ

ਅੱਜਕਲ੍ਹ ਆਮ ਵੇਖਿਆ ਜਾਂਦਾ ਹੈ ਕਿ ਕਈ ਲੋਕ ਜਨਤਕ ਇਕੱਠ ਵਾਲੀਆਂ ਥਾਵਾਂ, ਸ਼ਰਾਬਖਾਨਿਆਂ, ਰੈਸਟੋਰੈਂਟਾਂ, ਰੇਲ ਗੱਡੀਆਂ, ਬੱਸਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ, ਹਸਪਤਾਲਾਂ ਜਿਥੇ ਮਨ ਕਰਦਾ ਹੈ, ਉਥੇ ਹੀ ਸਿਗਰਟ ਪੀਣ ਲੱਗ ਜਾਂਦੇ ਹਨ। ਲੱਖਾਂ ਲੋਕ ਬੀੜੀ, ਸਿਗਰਟਨੋਸ਼ੀ ਦੇ ਮਾੜੇ ਪ੍ਰਭਾਵਾਂ ਕਰਕੇ ਹੀ ਮਰਦੇ ਹਨ। ਬਹੁਤ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਜਨਤਕ ਥਾਵਾਂ 'ਤੇ ਬੀੜੀ-ਸਿਗਰਟ ਪੀਣ 'ਤੇ ਪਾਬੰਦੀ ਲਾਈ ਸੀ ਪਰ ਉਸ ਦਾ ਕੋਈ ਅਸਰ ਨਹੀਂ ਹੋਇਆ। ਸਖ਼ਤ ਕਾਨੂੰਨਾਂ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਬੜੀ ਤੀਬਰਤਾ ਨਾਲ ਅਸੀਂ ਉਡੀਕ ਕਰ ਰਹੇ ਹਾਂ। ਲੋਕਾਂ ਨੂੰ ਆਪੇ ਸਮਝਣਾ ਚਾਹੀਦਾ ਹੈ ਕਿ ਜਨਤਕ ਥਾਵਾਂ 'ਤੇ ਸਿਗਰਟ-ਬੀੜੀ ਨਹੀਂ ਪੀਣੀ ਚਾਹੀਦੀ।

-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਦੇਸ਼ ਵਿਚ ਵਧ ਰਹੀਆਂ ਤੇਲ ਕੀਮਤਾਂ ਨੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤੇਲ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਤੇਲ ਕੀਮਤਾਂ 'ਚ ਵਾਧੇ ਨੇ ਆਮ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਇਸ ਦਾ ਸਿੱਧਾ ਅਤੇ ਅਸਿੱਧਾ ਅਸਰ ਆਮ ਜਨ-ਜੀਵਨ 'ਤੇ ਪੈਂਦਾ ਹੈ, ਜਿਸ ਕਾਰਨ ਲਗਾਤਾਰ ਮਹਿੰਗਾਈ ਵਧ ਰਹੀ ਹੈ। ਇਸ ਲਈ ਸਰਕਾਰਾਂ ਨੂੰ ਦੇਸ਼ ਵਿਚ ਵਧ ਰਹੀਆਂ ਤੇਲ ਕੀਮਤਾਂ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।

-ਸਾਕਸ਼ੀ ਸ਼ਰਮਾ
ਕੇ.ਐਮ.ਵੀ. ਕਾਲਜ, ਜਲੰਧਰ।

11-04-2022

 ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਓ

ਪੰਜਾਬ 'ਚ ਹੁਣ ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਪਰ ਅਜੇ ਤੱਕ ਕਣਕ ਦਾ ਨਾੜ ਤੇ ਝੋਨੇ ਦੀ ਪਰਾਲੀ ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਕੋਈ ਸਸਤਾ ਤੇ ਸਾਰਥਿਕ ਹੱਲ ਨਹੀਂ ਲੱਭਿਆ। ਰਹਿੰਦ-ਖੂੰਹਦ ਨੂੰ ਸਾਂਭਣ ਲਈ ਮਸ਼ੀਨਰੀ ਮਹਿੰਗੀ ਹੋਣ ਕਾਰਨ ਬਹੁਤੇ ਕਿਸਾਨ ਇਸ ਨੂੰ ਜ਼ਮੀਨ ਵਿਚ ਹੀ ਸਾੜਨ ਲਈ ਮਜਬੂਰ ਹੋ ਜਾਂਦੇ ਹਨ, ਜਿਸ ਨਾਲ ਜਿਥੇ ਹਵਾ ਵਿਚ ਪ੍ਰਦੂਸ਼ਣ ਫੈਲਣ ਨਾਲ ਬਿਮਾਰੀਆਂ ਫੈਲਦੀਆਂ ਹਨ ਤੇ ਹਾਦਸੇ ਵੀ ਵਾਪਰਦੇ ਹਨ। ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੇ ਆਲੇ-ਦੁਆਲੇ ਦਰੱਖਤ ਅਤੇ ਉਨ੍ਹਾਂ ਉੱਪਰ ਬਣੇ ਪੰਛੀਆਂ ਦੇ ਆਲ੍ਹਣੇ ਵੀ ਸੜ ਜਾਂਦੇ ਹਨ। ਭਾਵੇਂ ਕਿ ਪਿਛਲੇ ਸਾਲਾਂ ਵਿਚ ਉੱਚ ਅਦਾਲਤ ਨੇ ਵੀ ਮੰਨਿਆ ਸੀ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਸਮੱਸਿਆ ਕੁਝ ਕੁ ਦਿਸ਼ਾ-ਨਿਰਦੇਸ਼ ਜਾਰੀ ਕਰਨ ਨਾਲ ਹੱਲ ਨਹੀਂ ਹੋ ਸਕਦੀ। ਕਿਸਾਨਾਂ ਕੋਲ ਇਸ ਨੂੰ ਸੰਭਾਲਣ ਲਈ ਕੋਈ ਸਸਤਾ ਤਰੀਕਾ ਵੀ ਨਹੀਂ ਹੈ ਅਤੇ ਰਹਿੰਦ-ਖੂੰਹਦ ਨੂੰ ਸਾੜਨਾ ਕਿਸਾਨਾਂ ਦੀ ਮਜਬੂਰੀ ਬਣ ਗਈ ਹੈ। ਸਰਕਾਰਾਂ ਨੂੰ ਜਿਥੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਕਿਸਾਨਾਂ ਦੀ ਵਿੱਤੀ ਮਦਦ ਕਰਨੀ ਚਾਹੀਦੀ ਹੈ, ਉਥੇ ਹੀ ਕਿਸਾਨਾਂ ਨੂੰ ਵੀ ਲਗਦੀ ਵਾਹ ਕਣਕ ਦਾ ਨਾੜ, ਪਰਾਲੀ ਤੇ ਹੋਰ ਰਹਿੰਦ-ਖੂੰਹਦ ਨੂੰ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹੇਗੀ, ਉਥੇ ਹੀ ਕਿਸਾਨਾਂ ਦੇ ਜ਼ਮੀਨ ਵਿਚਲੇ ਮਿੱਤਰ ਕੀੜੇ ਬਚੇ ਰਹਿਣਗੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਲੇਖ ਦਾ ਪ੍ਰਤੀਕਰਮ

ਪਿਛਲੇ ਦਿਨੀਂ (6 ਅਪ੍ਰੈਲ) 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਸ. ਮਹੇਸ਼ਇੰਦਰ ਗਰੇਵਾਲ ਦਾ ਲੇਖ ਅਕਾਲੀ ਸਰਕਾਰਾਂ ਸਮੇਂ ਪੰਜਾਬ ਦੇ ਵਿਕਾਸ ਲਈ ਅਨੇਕਾਂ ਕਾਰਜ ਹੋਏ, ਪੜ੍ਹਿਆ। ਲੇਖ ਪੜ੍ਹ ਕੇ ਬੜੀ ਹੈਰਾਨੀ ਹੋਈ। ਉਨ੍ਹਾਂ ਆਪਣੀ ਪਾਰਟੀ ਨੂੰ ਇਕਦਮ ਦੁੱਧ ਧੋਤੀ ਸਾਬਤ ਕਰ ਦਿੱਤਾ ਅਤੇ ਸਤਨਾਮ ਸਿੰਘ ਮਾਣਕ ਦੇ ਲੇਖ ਨੂੰ ਮੁੱਢੋਂ ਹੀ ਨਕਾਰ ਦਿੱਤਾ। ਜੇਕਰ ਲੇਖ ਵਿਚ ਦਿੱਤੇ ਗਰੇਵਾਲ ਸਾਹਿਬ ਦੇ ਵਿਚਾਰਾਂ ਨੂੰ ਸੱਚ ਮੰਨੀਏ ਤਾਂ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀਆਂ 92 ਸੀਟਾਂ ਆਉਣੀਆਂ ਚਾਹੀਦੀਆਂ ਸਨ ਤੇ ਆਪ ਦੀਆਂ 31, ਇਸ ਦਾ ਮਤਲਬ ਇਹ ਹੋਇਆ ਕਿ ਇਹ ਲੋਕ ਹਾਲੇ ਵੀ ਪੰਜਾਬ ਦੇ ਵੋਟਰਾਂ ਨੂੰ ਮੂਰਖ ਸਮਝਦੇ ਹਨ, ਜਿਨ੍ਹਾਂ ਨੂੰ ਸਰਕਾਰ ਚੁਣਨ ਦਾ ਚੱਜ ਨਹੀਂ। ਚੋਣ ਪ੍ਰਚਾਰ ਦੌਰਾਨ ਜਦੋਂ ਕਿਸਾਨ ਇਨ੍ਹਾਂ ਦਾ ਵਿਰੋਧ ਕਰਦੇ ਸਨ, ਇਹ ਉਦੋਂ ਵੀ ਕਹਿੰਦੇ ਸਨ ਕਿ ਇਹ ਕਿਸਾਨ ਨਹੀਂ ਇਹ ਤਾਂ ਕਾਂਗਰਸੀ ਅਤੇ ਝਾੜੂ ਵਾਲੇ ਹਨ। ਗਰੇਵਾਲ ਸਾਹਬ ਹੁਣ ਬਾਜ਼ੀ ਤੁਹਾਡੇ ਹੱਥੋਂ ਨਿਕਲ ਚੁੱਕੀ ਹੈ। ਜੋ ਗ਼ਲਤੀਆਂ ਤੁਸੀਂ ਕੀਤੀਆਂ ਨੇ ਲੇਖ ਲਿਖ ਕੇ ਹੁਣ ਉਨ੍ਹਾਂ 'ਤੇ ਪਰਦਾ ਨਹੀਂ ਪੈਣਾ। ਜੇ ਤੁਹਾਨੂੰ ਅਜੇ ਵੀ ਤੁਹਾਡੀ ਨਿਮੋਸ਼ੀ ਭਰੀ ਹਾਰ ਦਾ ਕਾਰਨ ਨਹੀਂ ਲੱਭਦਾ ਤਾਂ ਪੰਜਾਬ ਦੇ ਕਿਸੇ ਵੀ ਪਿੰਡ ਜਾ ਕੇ ਕਿਸੇ ਵੀ ਸਧਾਰਨ ਬੰਦੇ ਤੋਂ ਪੁੱਛ ਲਵੋ।

-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ, ਜ਼ਿਲ੍ਹਾ ਮੋਗਾ।

ਚੰਡੀਗੜ੍ਹ 'ਤੇ ਪੰਜਾਬ ਦਾ ਹੱਕ

'ਅਜੀਤ' ਦੇ 3 ਅਪ੍ਰੈਲ ਦੇ ਅੰਕ ਵਿਚ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕੀਤੇ ਜਾਣ ਦੇ ਮਤੇ ਸੰਬੰਧੀ ਡਾ. ਬਰਜਿੰਦਰ ਸਿੰਘ ਹਮਦਰਦ ਦੀ ਪ੍ਰਕਾਸ਼ਿਤ ਸੰਪਾਦਕੀ 'ਚੰਡੀਗੜ੍ਹ ਪੰਜਾਬ ਦਾ' ਪੰਜਾਬ ਦੀਆਂ ਹੱਕੀ ਮੰਗ ਦਾ ਜ਼ੋਰਦਾਰ ਸਮਰਥਨ ਕਰਦੀ ਹੈ। ਆਪਣੀ ਸਰਜ਼ਮੀਨ ਉੱਪਰ ਵਸਦੇ ਅਨੇਕ ਪਿੰਡਾਂ ਨੂੰ ਉਜਾੜ ਕੇ ਤਾਮੀਰ ਹੋਣ ਵਾਲੇ ਚੰਡੀਗੜ੍ਹ ਉੱਪਰ ਅਜੇ ਤੱਕ ਪੰਜਾਬ ਦਾ ਆਪਣਾ ਸੁਤੰਤਰ ਅਧਿਕਾਰ ਹਾਸਲ ਨਹੀਂ ਹੋ ਸਕਿਆ। ਹਰ ਤਰ੍ਹਾਂ ਦੇ ਰਾਜਸੀ ਹਿਤਾਂ ਤੋਂ ਉੱਪਰ ਉਠ ਕੇ ਸਾਰੀਆਂ ਧਿਰਾਂ ਨੂੰ ਇਕਮਤ ਹੋ ਕੇ ਇਸ ਗੱਲ ਦੀ ਤਾਈਦ ਕਰਨੀ ਚਾਹੀਦੀ ਹੈ ਕਿ ਪੰਜਾਬ ਨਾਲੋਂ ਵੱਖ ਕੀਤੇ ਗਏ ਚੰਡੀਗੜ੍ਹ ਨੂੰ ਪੰਜਾਬ ਦੇ ਹੀ ਹਵਾਲੇ ਕਰਨਾ ਬਣਦਾ ਹੈ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਟੋਟੇ-ਟੋਟੇ ਕਰਕੇ ਅਨੇਕ ਪੰਜਾਬੀ ਬੋਲਦੇ ਖਿੱਤੇ ਖੋਹੇ ਜਾ ਚੁੱਕੇ ਹਨ, ਜਿਸ ਕਾਰਨ 'ਮਹਾਂ ਪੰਜਾਬ' ਸਿਮਟ-ਸਿਮਟ ਕੇ ਇਕ 'ਸੂਬੀ' ਤੱਕ ਮਹਿਦੂਦ ਹੋ ਕੇ ਰਹਿ ਗਿਆ ਹੈ।

-ਡਾ. ਦਰਸ਼ਨ ਸਿੰਘ ਆਸ਼ਟ
ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।

ਪੰਛੀਆਂ ਲਈ ਪਾਣੀ ਦਾ ਪ੍ਰਬੰਧ

ਗਰਮੀ ਦੀ ਰੁੱਤ ਹੋਣ ਕਰਕੇ ਹਰ ਇਕ ਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਅਸੀਂ ਤਾਂ ਭਾਵ (ਮਨੁੱਖ) ਕਿਵੇਂ ਨਾ ਕਿਵੇਂ ਉਪਰਾਲਾ ਕਰਕੇ ਆਪਣੀ ਪਿਆਸ ਬੁਝਾ ਲੈਂਦੇ ਹਾਂ। ਪਰ ਬੜੇ ਕੋਮਲ ਦਿਲ, ਬੇਜ਼ਬਾਨ ਪੰਛੀਆਂ ਲਈ ਗਰਮੀ ਦੇ ਮੌਸਮ ਵਿਚ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਬਾਹਰ ਛੱਪੜਾਂ, ਟੋਭਿਆਂ ਵਿਚਲਾ ਪਾਣੀ ਪੀਣ ਯੋਗ ਨਹੀਂ ਰਿਹਾ। ਸਮੇਂ ਨੂੰ ਮੁੱਖ ਰੱਖ ਕੇ ਸਾਨੂੰ ਪੰਛੀਆਂ ਦੇ ਬਾਰੇ ਵੀ ਸੋਚਣ ਦੀ ਜ਼ਰੂਰਤ ਹੈ। ਸਾਡੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਪੰਛੀਆਂ ਦੇ ਪੀਣ ਲਈ ਸਾਫ਼-ਸੁਥਰੇ ਪਾਣੀ ਦੇ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ। ਸਾਨੂੰ ਵੀ ਸਾਰਿਆਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਜਾਂ ਜਿਥੇ ਵੀ ਪੰਛੀਆਂ ਦੀਆਂ ਰੱਖਾਂ ਹਨ, ਉਥੇ ਬੱਠਲੀਆਂ, ਕੂੰਡੇ ਜਾਂ ਹੋਰ ਖੁੱਲ੍ਹੇ ਬਰਤਨਾਂ ਵਿਚ ਸਾਫ਼ ਪਾਣੀ ਨੂੰ ਰੱਖਣਾ ਚਾਹੀਦਾ ਹੈ ਤਾਂ ਕਿ ਚਿੜੀਆਂ ਤੇ ਹੋਰ ਪੰਛੀ ਪਾਣੀ ਪੀ ਸਕਣ ਕਿਉਂਕਿ ਪੰਛੀਆਂ, ਦਰੱਖਤਾਂ ਤੇ ਮਨੁੱਖ ਦਾ ਆਪਸ ਵਿਚ ਗੂੜ੍ਹਾ ਪਿਆਰ ਹੈ। ਆਓ, ਆਪਾਂ ਇਨ੍ਹਾਂ ਦੀ ਹੋਂਦ ਨੂੰ ਬਰਕਰਾਰ ਰੱਖੀਏ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

ਪ੍ਰਾਈਵੇਟ ਸਕੂਲ

ਨਵਾਂ ਵਿੱਦਿਅਕ ਸ਼ੈਸਨ ਸ਼ੁਰੂ ਹੋਣ ਦੇ ਨਾਲ ਹੀ ਬੱਚਿਆਂ ਦੀ ਦਾਖ਼ਲਾ-ਫ਼ੀਸ ਤੇ ਕਿਤਾਬਾਂ ਦੇ ਖ਼ਰਚ ਕਾਰਨ ਮੱਧ-ਵਰਗੀ ਮਾਂ-ਬਾਪ ਦੀ ਚਿੰਤਾ ਵਧ ਜਾਂਦੀ ਹੈ। ਕੁਝ ਕੁ ਸਕੂਲਾਂ ਨੂੰ ਛੱਡ ਕੇ ਜ਼ਿਆਦਾਤਰ ਪ੍ਰਾਈਵੇਟ ਸਕੂਲ ਸੇਵਾ ਦਾ ਢੋਂਗ ਰਚ ਕੇ ਵੱਡੀ ਪੱਧਰ 'ਤੇ ਮੇਵਾ ਛਕ ਰਹੇ ਹਨ। ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਵਲੋਂ ਮਾਪਿਆਂ ਨੂੰ ਕੋਰੋਨਾ ਮਹਾਂਮਾਰੀ ਵਾਲੇ ਸਾਲ ਦੇ ਨਾਲ-ਨਾਲ ਪਿਛਲੇ ਸਾਲ ਦੀ ਸਲਾਨਾ ਫ਼ੀਸ ਦੇਣ ਲਈ ਵੀ ਮਜਬੂਰ ਕੀਤਾ ਜਾ ਰਿਹਾ ਹੈ। ਸਰਕਾਰੀ ਫ਼ਰਮਾਨ ਨੂੰ ਦਰਕਿਨਾਰ ਕਰਕੇ ਮਾਪਿਆਂ ਨੂੰ ਕਿਤਾਬਾਂ ਤੇ ਵਰਦੀ 'ਖ਼ਾਸ ਦੁਕਾਨ' ਤੋਂ ਹੀ ਖਰੀਦਣ ਦਾ ਹੁਕਮ ਚਾੜ੍ਹ ਦਿੱਤਾ ਜਾਂਦਾ ਹੈ। ਮਾਪੇ ਸੱਤ ਸੌ ਵਾਲੀਆਂ ਕਿਤਾਬਾਂ ਸੱਤ ਹਜ਼ਾਰ ਵਿਚ ਤੇ ਮਹਿੰਗੀ ਵਰਦੀ ਖਰੀਦਣ ਲਈ ਲਾਚਾਰ ਹਨ। ਹਰ ਸਾਲ ਵਿਦਿਆਰਥੀ ਤੋਂ ਬਿਲਡਿੰਗ ਫੰਡ ਲਿਆ ਜਾਂਦਾ ਹੈ! ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਹੱਲ ਕਰੇ।

-ਪ੍ਰੋ: ਮਨਜੀਤ ਤਿਆਗੀ
ਸਟੇਟ ਐਵਾਰਡੀ, ਇੰਗਲਿਸ਼ ਕਾਲਜ, ਮਾਲੇਰਕੋਟਲਾ।

08-04-2022

 ਸੱਭਿਆਚਾਰਕ ਅਤੇ ਸੰਗਠਿਤ ਭਾਰਤ
ਹਾਲ ਹੀ ਵਿਚ ਮੁਕੰਮਲ ਹੋਈਆਂ ਪੰਜ ਰਾਜਾਂ ਦੀਆਂ ਚੋਣਾਂ ਦੇ ਨਤੀਜਿਆਂ 'ਚੋਂ ਚਾਰ ਰਾਜਾਂ ਵਿਚ ਖ਼ਾਸ ਕਰਕੇ ਉੱਤਰ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਲਗਾਤਾਰ ਦੂਜੀ ਵਾਰ ਸ਼ਾਨਦਾਰ ਜਿੱਤ ਨੇ ਪਾਰਟੀ ਦੇ ਨਾਅਰੇ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਨੂੰ ਸਾਕਾਰ ਕਰ ਦਿੱਤਾ ਹੈ। ਇਹ ਚੋਣ ਨਤੀਜੇ ਆਮ ਜਨ ਦੀ ਸੋਚ ਵਿਚ ਇਕ ਸਾਕਾਰਾਤਮਿਕ ਤਬਦੀਲੀ ਦੀ ਝਲਕ ਦਿਖਾ ਰਹੇ ਹਨ, ਜਿਸ ਵਿਚ ਜਾਪਦਾ ਹੈ ਕਿ ਲੋਕ ਜਾਗਰੂਕ ਹੋ ਗਏ ਹਨ ਅਤੇ ਹੁਣ ਉਹ ਸਮਾਜ ਨੂੰ ਜਾਤ-ਪਾਤ ਅਤੇ ਧਰਮ ਦੇ ਆਧਾਰ 'ਤੇ ਵੰਡਣ ਵਾਲੇ ਸਿਆਸੀ ਆਗੂਆਂ ਦੇ ਖੋਖਲੇ ਅਤੇ ਗੁੰਮਰਾਹਕੁੰਨ ਭਾਸ਼ਨਾਂ ਅਤੇ ਬਿਆਨਬਾਜ਼ੀ ਵਿਚ ਨਾ ਫਸ ਕੇ ਸਗੋਂ ਸਮੁੱਚੇ ਅਤੇ ਸਮਾਵੇਸ਼ੀ ਵਿਕਾਸ ਦੇ ਸਮਰਥਕ ਹੋ ਰਹੇ ਹਨ। ਬੇਸ਼ੱਕ ਹੁਣ ਇਹ ਸੱਭਿਆਚਾਰਕ, ਖੁਸ਼ਹਾਲ ਅਤੇ ਸੰਗਠਿਤ ਭਾਰਤ ਦੇਸ਼ ਦਾ ਮੁੜ ਨਿਰਮਾਣ ਹੋ ਰਿਹਾ ਹੈ।


-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ, ਪੰਜਾਬ।
ਖੇਤਰੀ ਸਕੱਤਰ (ਸੰਪਰਕ), ਉੱਤਰ ਖੇਤਰ, ਭਾਰਤ ਵਿਕਾਸ ਪ੍ਰੀਸ਼ਦ।


ਰੂਸ-ਯੂਕਰੇਨ ਯੁੱਧ ਵਿਸ਼ਵ ਸ਼ਾਂਤੀ ਲਈ ਖ਼ਤਰਾ
ਰੂਸ-ਯੂਕਰੇਨ ਵਿਚਕਾਰ 20 ਫਰਵਰੀ, 2022 ਨੂੰ ਯੁੱਧ ਦੀ ਸ਼ੁਰੂਆਤ ਹੋਈ ਸੀ ਪਰ ਅਜੇ ਤੱਕ ਯੁੱਧ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਯੂਕਰੇਨ 'ਤੇ ਰੂਸੀ ਬੇਸੁਰੀ ਕਾਰਨ ਇਮਾਰਤਾਂ ਤਬਾਹ ਹੋ ਰਹੀਆਂ ਹਨ।
ਮਨੁੱਖਤਾ ਦਾ ਵਿਨਾਸ਼ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਦੋ ਵਿਸ਼ਵ ਯੁੱਧ (1914-1918) ਅਤੇ ਦੂਜਾ ਯੁੱਧ (1939-1945) ਹੋ ਚੁੱਕੇ ਹਨ, ਜਿਸ ਨਾਲ ਮਨੁੱਖਤਾ ਦੀ ਤਬਾਹੀ ਹੋਈ ਸੀ। ਫਿਰ ਜਦੋਂ ਅਮਰੀਕਾ ਨੇ ਅਗਸਤ 1945 ਨੂੰ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰਾਂ 'ਤੇ ਬੰਬ ਸੁੱਟੇ ਸਨ, ਉਦੋਂ ਵੀ ਲੱਖਾਂ ਮਨੁੱਖ ਮਾਰੇ ਗਏ ਸਨ ਅਤੇ ਲੱਖਾਂ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ। ਹੁਣ ਪਰਮਾਤਮਾ ਕਰੇ ਤੀਸਰਾ ਵਿਸ਼ਵ ਯੁੱਧ ਨਾ ਹੋਵੇ ਅਤੇ ਇਹ ਯੁੱਧ ਛੇਤੀ ਖ਼ਤਮ ਹੋ ਜਾਵੇ।


-ਸੁਖਚੈਨ ਸਿੰਘ ਢਿੱਲੋਂ
ਫਾਜ਼ਿਲਕਾ।


ਪੰਜਾਬੀ ਪਹਿਰਾਵਾ
ਅੱਜਕਲ੍ਹ ਦੇ ਦੌਰ ਵਿਚ ਪੰਜਾਬੀ ਪਹਿਰਾਵਾ ਸਿਰਫ ਪਿੰਡਾਂ ਜਾਂ ਵਿਆਹਾਂ ਦੇ ਸੰਗੀਤ ਵਿਚ ਹੀ ਵੇਖਣ ਨੂੰ ਮਿਲਦਾ ਹੈ। ਪੰਜਾਬੀ ਪਹਿਰਾਵਾ ਸਿਰਫ ਨਾਂਅ ਦਾ ਹੀ ਹੋ ਕੇ ਰਹਿ ਗਿਆ ਹੈ। ਪੰਜਾਬੀ ਮੁਟਿਆਰਾਂ ਸ਼ੌਕ ਨਾਲ ਪੰਜਾਬੀ ਸੂਟ ਸਲਵਾਰ ਪਾਉਂਦੀਆਂ ਸਨ ਤੇ ਨਾਲ ਸੂਹੀ ਫੁੱਲਕਾਰੀ ਸਿਰ 'ਤੇ ਲੈਂਦੀਆਂ ਸਨ। ਪਹਿਲਾਂ ਕੋਈ ਵੀ ਪ੍ਰੋਗਰਾਮ ਜਾਂ ਵਿਆਹ-ਸ਼ਾਦੀ ਹੁੰਦੀ ਤਾਂ ਸੂਟ ਸਲਵਾਰ ਨੂੰ ਪਹਿਲ ਦਿੱਤੀ ਜਾਂਦੀ ਸੀ। ਪਹਿਲਾਂ ਮੁਟਿਆਰ ਸਾਦਗੀ ਪਸੰਦ ਕਰਦੀਆਂ ਸਨ। ਸੂਟਾਂ ਵਿਚ ਮੁਟਿਆਰਾਂ ਸੋਹਣੀਆਂ ਲਗਦੀਆਂ ਸਨ। ਅੱਜਕਲ੍ਹ ਦੇ ਦੌਰ ਵਿਚ ਲੋਕ ਫੈਸ਼ਨਾਂ ਨੇ ਪੱਟ ਲਏ। ਪੱਛਮੀ ਲਿਬਾਸ ਨੂੰ ਤਵੱਜੋ ਦਿੱਤੀ ਜਾਂਦੀ ਹੈ। ਹੁਣ ਮੁਟਿਆਰ ਸਲਵਾਰ ਸੂਟ ਨੂੰ ਛੱਡ ਨਵੇਂ-ਨਵੇਂ ਡਿਜ਼ਾਈਨਾਂ ਵਾਲੇ ਪਹਿਰਾਵੇ ਜਾਂ ਪਾਟੇ ਕੱਪੜੇ ਜਾਂ ਛੋਟੇ-ਛੋਟੇ ਕੱਪੜੇ ਪਹਿਨਣ ਵਿਚ ਦਿਲਚਸਪੀ ਰੱਖਦੀਆਂ ਹਨ। ਸੱਭਿਆਚਾਰ ਨੂੰ ਭੁਲਾ ਕੇ ਪੱਛਮੀ ਪਹਿਰਾਵੇ ਨੂੰ ਅਪਣਾ ਲਿਆ ਹੈ। ਹੁਣ ਮੁਟਿਆਰ ਗੋਡਿਆਂ ਤੋਂ ਪਾਟੀਆਂ ਪੈਂਟਾਂ ਨੂੰ ਫੈਸ਼ਨ ਦੱਸਦੀਆਂ ਹਨ। ਸਾਨੂੰ ਨਵੇਂ ਫੈਸ਼ਨ ਨੂੰ ਛੱਡ ਮੁੜ ਆਪਣੇ ਸੱਭਿਆਚਾਰ ਵਿਰਸੇ ਨੂੰ ਅਪਣਾਉਣਾ ਚਾਹੀਦਾ ਹੈ। ਪੰਜਾਬੀ ਪਹਿਰਾਵੇ ਵਰਗੀ ਖੂਬਸੂਰਤੀ ਕਿਸੇ ਹੋਰ ਕੱਪੜੇ ਵਿਚ ਨਹੀਂ ਹੋਣੀ। ਪੰਜਾਬੀ ਸੂਟਾਂ ਦੀ ਬਰਾਬਰੀ ਕੋਈ ਵੀ ਪਹਿਰਾਵਾ ਨਹੀਂ ਕਰ ਸਕਦਾ। ਸਾਨੂੰ ਮੁੜ ਤੋਂ ਆਪਣੇ ਸੱਭਿਆਚਾਰਕ ਪਹਿਰਾਵੇ ਨੂੰ ਅਪਣਾਉਣਾ ਚਾਹੀਦਾ ਹੈ।


-ਗਗਨਪ੍ਰੀਤ ਸੱਪਲ, ਪਿੰਡ ਘਾਬਦਾਂ, ਸੰਗਰੂਰ।


ਗੁਣਾਂ ਦੇ ਧਾਰਨੀ ਬਣੋ
ਜੇਕਰ ਅਸੀਂ ਕਾਮਯਾਬ ਹੋਣਾ ਹੈ ਤਾਂ ਸ਼ੁੱਧਤਾ, ਇਮਾਨਦਾਰੀ, ਹਰ ਕੰਮ ਪੂਰੀ ਲਗਨ ਤੇ ਮਿਹਨਤ ਨਾਲ ਕਰਨਾ, ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨੀ, ਕਿਸੇ ਨਾਲ ਧੋਖਾ ਨਾ ਕਰਨਾ, ਠੱਗੀ ਨਾ ਮਾਰਨੀ, ਕਿਸੇ ਤਰ੍ਹਾਂ ਦਾ ਪਖੰਡ ਨਾ ਕਰਨਾ, ਕਿਸੇ ਦੇ ਧਨ ਜਾਂ ਵਡਿਆਈ 'ਤੇ ਈਰਖਾ ਨਾ ਕਰਨੀ, ਚੋਰੀ ਤੇ ਸੀਨਾਜ਼ੋਰੀ ਨਾ ਕਰਨਾ, ਇਮਤਿਹਾਨਾਂ ਵਿਚ ਨਕਲ ਨਹੀਂ ਮਾਰਨੀ ਅਤੇ ਹਰੇਕ ਦਾ ਹੱਕ ਪਛਾਣਨਾ ਆਦਿ ਗੁਣ ਹੋਣੇ ਚਾਹੀਦੇ ਹਨ, ਇਹ ਸਾਡੇ ਗੁਰੂ ਸਾਹਿਬਾਨ ਜੀ ਨੇ ਵੀ ਸਾਨੂੰ ਫਰਮਾਇਆ ਹੈ। ਸੋ, ਸਾਨੂੰ ਉਕਤ ਗੁਣਾ ਦੇ ਧਾਰਨੀ ਬਣਨਾ ਚਾਹੀਦਾ ਹੈ।


-ਡਾ. ਨਰਿੰਦਰ ਭੱਠਾ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਕੀ ਹੁਣ ਹੋਣਗੇ ਨੌਜਵਾਨਾਂ ਦੇ ਸੁਪਨੇ ਸਾਕਾਰ?
ਪਿਛਲੇ ਇਕ ਦਹਾਕੇ ਤੋਂ ਖੁੰਢ ਚਰਚਾਵਾਂ ਅਤੇ ਸੱਥਾਂ ਵਿਚ ਇਕੋ ਹੀ ਗੱਲ ਚਲਦੀ ਸੀ ਕਿ ਜਿੰਨਾ ਚਿਰ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਖਹਿੜਾ ਨਾ ਛੁੱਟਿਆ, ਓਨਾ ਚਿਰ ਕੁਝ ਨਹੀਂ ਬਣਨਾ ਪੰਜਾਬ ਦਾ। ਇਹ ਰਲ ਕੇ ਖੇਡਦੇ ਨੇ ਤੇ ਵਾਰੀ-ਵਾਰੀ ਲੁੱਟਦੇ ਨੇ। ਨੌਜਵਾਨਾਂ ਵਲੋਂ ਵਰਤੇ ਜਾਂਦੇ ਨਸ਼ੇ ਦਾ ਵੀ ਠੀਕਰਾ ਇਨ੍ਹਾਂ ਸਰਕਾਰਾਂ ਸਿਰ ਭੱਜਦਾ ਸੀ। ਪੰਜਾਬ ਦੀ ਜਵਾਨੀ ਨੂੰ 12ਵੀਂ ਕਰਨ ਤੋਂ ਬਾਅਦ ਵਿਦੇਸ਼ਾਂ ਵੱਲ ਜਾਣ ਦੀ ਲੱਗੀ ਦੌੜ ਨੂੰ ਵੀ ਸਰਕਾਰਾਂ ਦੀ ਨਾਕਾਮੀ ਦੱਸਿਆ ਜਾਂਦਾ। ਬਾਕੀ ਇਥੋਂ ਦੀ ਅਫ਼ਸਰਸ਼ਾਹੀ ਵਲੋਂ ਦਫ਼ਤਰਾਂ ਵਿਚ ਕੀਤੀ ਜਾਂਦੀ ਖੱਜਲ-ਖੁਆਰੀ ਦੀ ਵੀ ਬਾਤ ਹਰ ਸੱਥ ਵਿਚ ਪੈਂਦੀ ਸੀ। ਡਿਗਰੀਆਂ, ਕੋਰਸਾਂ ਵਾਲਿਆਂ ਨੂੰ ਸੜਕ 'ਤੇ ਪੈਂਦੀ ਕੁੱਟ ਦੇ ਚਰਚੇ ਵੀ ਆਮ ਛਿੜਦੇ ਸੀ। ਅਖੀਰ ਇਕ ਦਹਾਕੇ ਬਾਅਦ ਲੋਕਾਂ ਨੇ ਬਦਲਾਅ ਨੂੰ ਵੋਟ ਪਾ ਕੇ ਇਕ ਨਵੀਂ ਸਰਕਾਰ ਚੁਣੀ ਹੈ।
ਹੁਣ ਸੱਥਾਂ ਵਿਚ ਫਿਰ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਕਈ ਕਹਿੰਦੇ ਨੇ ਯਾਰ ਬਹੁਤੇ ਕਾਹਲੇ ਨਾ ਪਵੋ ਉਲਝੀ ਤਾਣੀ ਨੂੰ ਠੀਕ ਕਰਨ ਵਿਚ ਥੋੜ੍ਹਾ ਸਮਾਂ ਲੱਗੂ। ਕਦੋਂ ਜਵਾਨੀ ਇਹੋ ਸੋਚ ਕੇ 12ਵੀਂ ਤੋਂ ਅੱਗੇ ਪੜ੍ਹਾਈ ਕਰੇਗੀ ਕਿ ਉਨ੍ਹਾਂ ਨੂੰ ਰੁਜ਼ਗਾਰ ਲਈ ਇਥੇ ਨੌਕਰੀਆਂ ਮਿਲਣਗੀਆਂ ਅਤੇ ਉਹ ਆਪਣੇ ਪਰਿਵਾਰਾਂ ਵਿਚ ਰਹਿ ਕੇ ਹੀ ਆਪਣਾ ਵਧੀਆ ਜੀਵਨ ਬਤੀਤ ਕਰਨਗੇ। ਰੱਬ ਕਰੇ ਨੌਜਵਾਨਾਂ ਵਲੋਂ ਲਏ ਗਏ ਸੁਪਨੇ ਸਾਕਾਰ ਹੋਣ ਅਤੇ ਪੰਜਾਬ ਵਿਚ ਇਕ ਨਵੀਂ ਸਵੇਰ ਦੀ ਸ਼ੁਰੂਆਤ ਹੋਵੇ।


-ਹਰਭਿੰਦਰ ਸਿੰਘ ਸੰਧੂ।

07-04-2022

 ਜਿਹੋ ਜਿਹਾ ਬੀਜੋਗੇ, ਉਹੋ ਜਿਹਾ ਵੱਢੋਗੇ

ਬਜ਼ੁਰਗ ਹਰੇਕ ਘਰ ਦਾ ਅਣਮੱਲਾ ਸਰਮਾਇਆ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਇਹ ਸਰਮਾਇਆ ਮਿਲਿਆ ਹੁੰਦਾ ਹੈ, ਉਹ ਇਸ ਦੀ ਕਦਰ ਨਹੀਂ ਕਰਦੇ ਅਤੇ ਜਿਨ੍ਹਾਂ ਦੇ ਮਾਪੇ ਇਸ ਦੁਨੀਆ ਵਿਚੋਂ ਚਲੇ ਜਾਂਦੇ ਹਨ, ਉਹ ਸਾਰੀ ਉਮਰ ਉਨ੍ਹਾਂ ਨੂੰ ਤਰਸਦੇ ਰਹਿੰਦੇ ਹਨ। ਇਹ ਅਕਸਰ ਹੀ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ ਕਿ ਕਈ ਲੋਕ ਬਜ਼ੁਰਗਾਂ ਨੂੰ ਜਾਂ ਤਾਂ ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਹਨ ਜਾਂ ਫਿਰ ਉਨ੍ਹਾਂ ਨੂੰ ਸੜਕਾਂ ਆਦਿ 'ਤੇ ਰੁਲਣ ਲਈ ਛੱਡ ਦਿੰਦੇ ਹਨ ਜੋ ਕਿ ਬਹੁਤ ਹੀ ਮਾੜੀ ਗੱਲ ਹੈ। ਕਈ ਸਮਾਜ ਸੇਵੀ ਸੰਸਥਾਵਾਂ ਅਜਿਹੇ ਬਜ਼ੁਰਗਾਂ ਦੀ ਦੇਖਭਾਲ ਵੀ ਕਰਦੀਆਂ ਹਨ। ਬਿਰਧ ਅਵਸਥਾ ਵਿਚ ਸਿਹਤ ਸਹੂਲਤਾਂ, ਉਨ੍ਹਾਂ ਦੀ ਦੇਖਭਾਲ, ਆਰਥਿਕ ਸਥਿਤੀ ਮਜ਼ਬੂਤ ਹੋਣੀ ਚਾਹੀਦੀ ਹੈ, ਨਹੀਂ ਤਾਂ ਬੁਢਾਪਾ ਇਕ ਸਰਾਪ ਬਣ ਜਾਂਦਾ ਹੈ। ਬਜ਼ੁਰਗਾਂ ਨੂੰ ਆਪਣੇ ਬਚਪਨ ਦੇ ਸਾਥੀਆਂ, ਜਵਾਨ ਉਮਰ ਦੇ ਬੱਚਿਆਂ ਨਾਲ ਬੈਠਣਾ ਚਾਹੀਦਾ ਹੈ ਅਤੇ ਆਪਣੇ ਜਵਾਨੀ ਦੇ ਸਾਥੀਆਂ ਨਾਲ, ਪਰਿਵਾਰ ਵਿਚ ਸਮਾਂ ਗੁਜ਼ਾਰਨਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਮਾਪਿਆਂ ਦੇ ਹੱਥਾਂ 'ਤੇ ਮੱਥੇ 'ਤੇ ਪਈਆਂ ਝੁਰੜੀਆਂ ਦਾ ਮਤਲਬ ਸਮਝਣ ਕਿ ਇਥੇ ਵੀ ਕਦੀ ਜਵਾਨੀ ਤੇ ਮੁਸਕਾਨ ਰਹੀ ਹੋਵੇਗੀ। ਵਿਆਹੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਕਿਉਂਕਿ ਉਨ੍ਹਾਂ 'ਤੇ ਵੀ ਇਕ ਦਿਨ ਬੁਢਾਪਾ ਆਉਣਾ ਹੈ, ਫਿਰ ਪਛਤਾਉਣ ਦਾ ਕੀ ਫਾਇਦਾ। ਸੋ, ਜਿਹੋ ਜਿਹਾ ਤੁਸੀਂ ਬੀਜੋਗੇ, ਉਹ ਜਿਹਾ ਹੀ ਵੱਢੋਗੇ।

-ਅਮਰੀਕ ਸਿੰਘ, ਸ਼ਾਹਬਾਦੀਆ, ਜਲੰਧਰ।

ਸੇਵਾ ਭਾਵਨਾ

ਸਮਾਜ ਵਿਚ ਵਿਚਰਦਿਆਂ ਰੋਜ਼ਾਨਾ ਜੀਵਨ ਵਿਚ ਸਾਰਾ ਦਿਨ ਅਸੀਂ ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਰਹਿੰਦੇ ਹਾਂ। ਆਪਣਾ ਘਰ ਚਲਾਉਣ ਲਈ ਕੋਈ ਕਿੱਤਾ ਕਰਦੇ ਹਾਂ, ਜਿਸ ਤੋਂ ਸਾਨੂੰ ਆਮਦਨ ਪ੍ਰਾਪਤ ਹੁੰਦੀ ਹੈ ਅਤੇ ਅਸੀਂ ਆਪਣੇ ਰੋਜ਼ਾਨਾ ਜੀਵਨ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਾਂ। ਸੇਵਾ ਉਹ ਕਾਰਜ ਹੈ ਜੋ ਬਿਨਾਂ ਕਿਸੇ ਆਮਦਨ ਦੇ ਮੰਤਵ ਅਤੇ ਬਿਨਾਂ ਸਵਾਰਥ ਤੋਂ ਕਿਸੇ ਹੋਰ ਦੇ ਭਲੇ ਲਈ ਸਵੈ-ਇੱਛਾ ਅਨੁਸਾਰ ਕੀਤਾ ਗਿਆ ਹੋਵੇ। ਫਲ ਦੀ ਇੱਛਾ ਨਾਲ ਕੀਤਾ ਕੰਮ ਸੇਵਾ ਨਹੀਂ ਅਖਵਾਉਂਦਾ। ਜਦੋਂ ਅਸੀਂ ਕਿਸੇ ਬਜ਼ੁਰਗ ਬੇਜ਼ਬਾਨ ਜਾਂ ਲੋੜਵੰਦ ਦੀ ਮਦਦ ਕਰਦੇ ਹਾਂ ਤਾਂ ਉਹ ਸੇਵਾ ਦਾ ਰੂਪ ਧਾਰਨ ਕਰ ਲੈਂਦੀ ਹੈ। ਸੇਵਾ ਇਕ ਅਜਿਹੀ ਭਾਵਨਾ ਹੈ ਜੋ ਸਾਡੇ ਮਨ ਨੂੰ ਵਿਲੱਖਣ ਖ਼ੁਸ਼ੀ ਅਤੇ ਸੰਤੁਸ਼ਟੀ ਪ੍ਰਦਾਨ ਕਰਦੀ ਹੈ। ਦੂਜਿਆਂ ਲਈ ਸੇਵਾ ਭਾਵ ਰੱਖਣਾ ਹੀ ਜ਼ਿੰਦਗੀ ਦੀ ਖੁਸ਼ਹਾਲੀ ਤੇ ਕਾਮਯਾਬੀ ਦਾ ਮੂਲ ਹੈ। ਜੇਕਰ ਕਿਤੇ ਅਣਹੋਣੀ ਜਾਂ ਕੋਈ ਦੁਰਘਟਨਾ ਵਾਪਰ ਜਾਵੇ ਤਾਂ ਸਾਨੂੰ ਬਿਨਾਂ ਭੇਦਭਾਵ ਤੋਂ ਦੁਰਘਟਨਾ ਗ੍ਰਸਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸੇਵਾ ਭਾਵਨਾ ਨਾਲ ਸਾਡੇ ਦਿਲ ਨੂੰ ਪੂਰਨ ਸੰਤੁਸ਼ਟੀ ਮਿਲਦੀ ਹੈ।

-ਦੇਸ ਰਾਜ
ਸ.ਸ.ਸ. ਸਮਾਰਟ ਸਕੂਲ ਰੱਤੇਵਾਲ, ਜ਼ਿਲ੍ਹਾ ਸ਼.ਭ.ਸ. ਨਗਰ।

ਦੁੱਧ ਦੇ ਬਰਾਬਰ ਵਿਕਦਾ ਪਾਣੀ

ਪੰਜਾਬ ਦਾ ਨਾਂਅ ਹੀ ਪੰਜਾਂ ਆਬਾਂ ਤੋਂ ਬਣਿਆ ਹੈ ਭਾਵ ਕਿ ਪੰਜ ਆਬ। ਅੱਜ ਪੰਜਾਬ ਮਾਰੂਥਲ ਬਣਦਾ ਜਾ ਰਿਹਾ ਹੈ। ਜਿਥੇ ਪਾਣੀ ਦੇ ਦਰਿਆ ਵਗਦੇ ਸੀ, ਅੱਜ ਉਥੇ ਧੂੜ ਪਈ ਉੱਡਦੀ ਹੈ। ਪੰਜਾਬ ਦਾ ਸਾਰੇ ਦਾ ਸਾਰਾ ਪਾਣੀ ਨਹਿਰਾਂ ਥਾਣੀ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਜਾ ਰਿਹਾ ਹੈ। ਇਥੇ ਲੋਕ ਬੰਦ ਬੋਤਲਾਂ ਵਾਲਾ ਪਾਣੀ ਪੀਣ ਮਜਬੂਰ ਹੋ ਗਏ ਹਨ। ਪਿੰਡਾਂ ਵਿਚੋਂ ਡੇਅਰੀਆਂ ਵਾਲੇ ਦੁੱਧ ਪਾਣੀ ਦੇ ਭਾਅ ਖ਼ਰੀਦ ਕੇ ਆਪਣੇ ਮਾਅਰਕੇ ਲਾ ਕੇ ਸੋਨੇ ਦੇ ਭਾਅ ਵੇਚ ਰਹੇ ਹਨ। ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਭਾਈ ਦੁੱਧ ਵਿਚ ਪਾਣੀ ਨਾ ਮਿਲਾ ਕੇ ਵੇਚਿਆ ਕਰ। ਹੁਣ ਉਹੀ ਲੋਕ ਇਹ ਗੱਲ ਕਹਿਣੋ ਹਟ ਗਏ ਹਨ। ਕਿਉਂਕਿ ਦੁੱਧ ਤੇ ਪਾਣੀ ਦਾ ਭਾਅ ਇਕ ਹੋ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿਚ ਮਹਿੰਗੇ ਭਾਅ ਵਿਕਦੇ ਪਾਣੀ 'ਤੇ ਕੰਟਰੋਲ ਕਰੇ। ਸਾਫ਼-ਸੁਥਰਾ ਪੀਣ ਵਾਲਾ ਪਾਣੀ ਲੋਕਾਂ ਨੂੰ ਮੁਹੱਈਆ ਕਰਾਉਣਾ ਚਾਹੀਦਾ ਹੈ। ਜਦੋਂ ਲੋਕਾਂ ਨੂੰ ਖੁੱਲ੍ਹਾ ਡੁੱਲ੍ਹਾ ਪਾਣੀ ਮਿਲਣ ਲੱਗ ਗਿਆ ਤਾਂ ਫਿਰ ਕਿਉਂ ਲੋਕ ਬੰਦ ਬੋਤਲਾਂ ਵਾਲਾ ਪਾਣੀ ਖ਼ਰੀਦਣਗੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ।

ਅਨੰਦਪੁਰ ਨੰਗਲ

ਮੈਂ ਆਪਣੀ ਸਰਵਿਸ ਦੌਰਾਨ ਜ਼ਿਲ੍ਹਾ ਰੋਪੜ ਵਿਚ 35 ਸਾਲ ਘੁੰਮ ਕੇ ਗੁਜ਼ਾਰੇ। ਕਈ ਸਾਲ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਵੇਖੇ। ਐਤਕੀਂ ਕਾਫੀ ਸਾਲਾਂ ਬਾਅਦ ਹੋਲਾ ਮਹੱਲਾ ਦੇਖਣ ਦਾ ਮੌਕਾ ਮਿਲਿਆ। ਬੱਸਾਂ, ਕਾਰਾਂ, ਟਰੱਕਾਂ ਤੇ ਕੇਸਰੀ ਨਿਸ਼ਾਨ ਨਾਲ ਮੋਟਰ ਸਾਈਕਲਾਂ 'ਤੇ ਤਿੰਨ-ਤਿੰਨ ਲੜਕੇ ਤੇਜ਼ ਰਫ਼ਤਾਰ ਵਿਚ ਆਉਂਦੇ-ਜਾਂਦੇ ਦੇਖੇ ਗਏ। ਕੀਰਤਪੁਰ ਤੋਂ ਨੰਗਲ 30 ਕਿਲੋਮੀਟਰ ਪੂਰੀ ਰੌਣਕ ਸੀ। ਨੰਗਲ-ਨਯਾ ਨੰਗਲ ਕਾਫੀ ਸਾਲਾਂ ਤੋਂ ਨਵੇਂ ਪੁਲ ਬਣ ਰਹੇ ਹਨ। ਸਾਰੇ ਰਸਤੇ ਬਦਲੇ ਗਏ ਹਨ। ਨੰਗਲ ਤੋਂ ਨਯਾ ਨੰਗਲ ਤੇ ਊਨਾ ਜਾਣਾ ਸੌਖਾ ਨਹੀਂ। ਲੋਕ ਬਹੁਤ ਪ੍ਰੇਸ਼ਾਨ ਹਨ। ਕਾਰੋਬਾਰ ਠੱਪ ਹਨ। ਨੰਗਲ 15 ਸਾਲ ਪਹਿਲਾਂ ਵਾਲਾ ਨਹੀਂ ਰਿਹਾ। ਨੰਗਲ ਡੈਮ 'ਤੇ ਸਵੇਰੇ ਸ਼ਾਮ ਹਰ ਵਕਤ ਟ੍ਰੈਫਿਕ ਜਾਮ ਲਗਦਾ ਹੈ, ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਇਥੇ ਹੀ ਲਗਦਾ ਹੈ। ਨੰਗਲ-ਨਯਾ ਨੰਗਲ ਕਹਿਣ ਨੂੰ ਪੰਜਾਬ ਵਿਚ ਹੈ ਪਰ ਹਰ ਪਾਸੇ ਸਾਈਨ ਬੋਰਡ 'ਤੇ ਹਿੰਦੀ ਵਿਚ ਹੀ ਲਿਖੇ ਬੋਰਡ ਮਿਲਦੇ ਹਨ ਜੋ 60/40 ਦੀਆਂ ਹਦਾਇਤਾਂ ਮੁਤਾਬਿਕ ਗ਼ਲਤ ਕਾਰਵਾਈਆਂ ਹਨ। ਪਹਿਲੇ ਨਾਲੋਂ ਦਫ਼ਤਰਾਂ ਵਿਚ ਨਫ਼ਰੀ ਘੱਟ ਹੈ ਤੇ ਗ਼ੈਰ-ਪੰਜਾਬੀਆਂ ਦੀ ਭਰਮਾਰ ਹੈ। ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।

-ਇਕਬਾਲਜੀਤ ਸਿੰਘ, ਲੁਧਿਆਣਾ।

ਸਿੱਖਿਆ ਦਾ ਮਹੱਤਵ

ਸਿੱਖਿਆ ਅਜਿਹੀ ਸਫਲਤਾ ਦੀ ਚਾਬੀ ਹੈ, ਜਿਸ ਨਾਲ ਜ਼ਿੰਦਗੀ ਦੇ ਸਾਰੇ ਤਾਲੇ ਬੜੀ ਆਸਾਨੀ ਨਾਲ ਖੁੱਲ੍ਹ ਜਾਂਦੇ ਹਨ। ਇਸ ਕਰਕੇ ਹਰੇਕ ਵਿਅਕਤੀ ਨੂੰ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਵਿਅਕਤੀ ਸਾਰੀ ਜ਼ਿੰਦਗੀ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਸਿੱਖਿਆ ਵੀ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਹੁੰਦੀ ਹੈ ਜਿਸ ਦਾ ਕੋਈ ਅੰਤ ਨਹੀਂ ਹੁੰਦਾ, ਜਿਸ ਤਰ੍ਹਾਂ ਸਮੁੰਦਰ ਦੀ ਡੂੰਘਾਈ ਦਾ ਕੋਈ ਅੰਤ ਨਹੀਂ ਹੁੰਦਾ। ਜਿਵੇਂ-ਜਿਵੇਂ ਅੱਗੇ ਵਧਦੇ ਜਾਓਗੇ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਜਾਏਗਾ। ਜੇਕਰ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਵਿਚ ਸਿਲੇਬਸ ਤੋਂ ਬਾਹਰ ਕੁਝ ਨਹੀਂ ਪੜ੍ਹਾਇਆ ਜਾਂਦਾ, ਜਿਸ ਕਾਰਨ ਬੱਚੇ ਦਾ ਦਿਮਾਗ ਸਕੂਲੀ ਸਿਲੇਬਸ ਤੱਕ ਸੀਮਤ ਰਹਿ ਜਾਂਦਾ ਹੈ ਜਦੋਂ ਕਿ ਸਕੂਲੀ ਸਿਲੇਬਸ ਦੇ ਨਾਲ-ਨਾਲ ਬੱਚੇ ਨੂੰ ਇਹ ਵੀ ਸਿੱਖਿਆ ਦਿੱਤੀ ਜਾਵੇ ਕਿ ਬੇਟਾ ਸਕੂਲ ਦੇ ਬਾਹਰ ਜਾਣ ਤੋਂ ਬਾਅਦ ਤੁਸੀਂ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ, ਇਕ ਚੰਗੇ ਦੇਸ਼ ਦੇ ਚੰਗੇ ਤੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਰੋਲ ਅਦਾ ਕਰਨਾ, ਵਾਤਾਵਰਨ ਪ੍ਰਤੀ ਸੁਚੇਤ ਹੋਣਾ, ਸਮਾਜ 'ਚ ਚੱਲ ਰਹੀਆਂ ਬੁਰਾਈਆਂ ਨੂੰ ਖ਼ਤਮ ਕਰਨ 'ਚ ਯੋਗਦਾਨ ਪ੍ਰਤੀ, ਆਪਣੇ ਦੇਸ਼ ਤੇ ਦੇਸ਼ ਦੇ ਲੋਕਾਂ ਪ੍ਰਤੀ ਪਿਆਰ ਤੇ ਜ਼ਿੰਮੇਵਾਰੀ ਨਿਭਾਉਣ ਪ੍ਰਤੀ ਸੁਚੇਤ ਹੋਣਾ, ਨੈਤਿਕ ਕਦਰਾਂ-ਕੀਮਤਾਂ ਨਾਲ ਵਿਚਰਨਾ। ਸੋ, ਕਹਿਣ ਤੋਂ ਭਾਵ ਜੇਕਰ ਅਸੀਂ ਇਹ ਗੱਲਾਂ ਬੱਚਿਆਂ ਨੂੰ ਸਿਖਾਇਆ ਕਰੀਏ ਤਾਂ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ।\

-ਡਾ. ਮਨਪ੍ਰੀਤ ਸੂਦ ਆਲੋਵਾਲ
ਸ਼ਹੀਦ ਭਗਤ ਸਿੰਘ ਨਗਰ।

06-04-2022

 ਟ੍ਰੈਫਿਕ ਸਾਈਨ ਬੋਰਡ

ਸੜਕਾਂ ਦੇ ਦੋਵੇਂ ਪਾਸੇ ਲੱਗੇ ਟ੍ਰੈਫਿਕ ਸਾਈਨ ਬੋਰਡ ਤੁਸੀਂ ਬਹੁਤ ਵਾਰ ਦੇਖੇ ਹੋਣੇ ਹਨ। ਸ਼ਾਇਦ ਤੁਸੀਂ ਧਿਆਨ ਨਹੀਂ ਦਿੱਤਾ ਉਨ੍ਹਾਂ ਵੱਲ। ਚਲੋ ਹੁਣ ਜ਼ਰੂਰ ਦੇਖਿਓ। ਇਹ ਸਾਈਨ ਬੋਰਡ ਸਾਨੂੰ ਅੱਗੇ ਮੋੜ ਹੈ, ਸੜਕ ਟੁੱਟੀ ਹੈ, ਸਕੂਲ, ਹਸਪਤਾਲ, ਪੰਪ ਅਤੇ ਅਸੀਂ ਸਪੀਡ ਕਿੰਨੀ ਰੱਖਣੀ ਹੈ ਆਦਿ ਬਾਰੇ ਜਾਣਕਾਰੀ ਦਿੰਦੇ ਹਨ। ਕਿਸੇ ਵੀ ਮਹਾਂਮਾਰੀ ਅਤੇ ਜੰਗ ਤੋਂ ਵੀ ਜ਼ਿਆਦਾ ਲੋਕ ਸੜਕੀ ਦੁਰਘਟਨਾਵਾਂ ਵਿਚ ਜ਼ਖ਼ਮੀ ਅਤੇ ਆਪਣੀ ਜਾਨ ਗਵਾਉਂਦੇ ਹਨ। ਕਾਰਨ ਹੈ ਟ੍ਰੈਫਿਕ ਨਿਯਮਾਂ ਅਤੇ ਸਾਈਨ ਬੋਰਡਾਂ ਬਾਰੇ ਜਾਣਕਾਰੀ ਦਾ ਨਾ ਹੋਣਾ। ਇਨ੍ਹਾਂ ਸਾਈਨ ਬੋਰਡਾਂ 'ਤੇ ਨਜ਼ਰ ਨਾ ਮਾਰਨ ਦੇ ਕਾਰਨ ਅਕਸਰ ਟ੍ਰੈਫਿਕ ਵਿਚ ਜਿਵੇਂ ਪੈਟਰੋਲ ਪੰਪ, ਸਕੂਲ ਅਤੇ ਹਸਪਤਾਲ ਆਦਿ ਥਾਵਾਂ 'ਤੇ ਹਾਦਸੇ ਜ਼ਿਆਦਾ ਹੁੰਦੇ ਹਨ। ਆਬਾਦੀ ਵਾਲੇ ਇਲਾਕੇ ਅਤੇ ਖ਼ਰਾਬ ਸੜਕ 'ਤੇ ਸਪੀਡ ਬੋਰਡ ਲੱਗੇ ਹੁੰਦੇ ਹਨ ਪਰ ਅਸੀਂ ਕੋਈ ਪ੍ਰਵਾਹ ਨਹੀਂ ਕਰਦੇ ਜੋ ਸਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਹਸਪਤਾਲ ਦੇ ਨੇੜੇ ਪ੍ਰੈਸ਼ਰ ਹਾਰਨ ਨਾ ਵਜਾਉਣ ਦਾ ਸਾਈਨ ਬੋਰਡ ਲੱਗਾ ਹੁੰਦਾ ਹੈ ਪਰ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਨਾਲ ਮਰੀਜ਼ਾਂ ਨੂੰ ਕਾਫੀ ਤਕਲੀਫ਼ ਹੁੰਦੀ ਹੈ। ਸਾਨੂੰ ਇਨ੍ਹਾਂ ਸਾਈਨ ਬੋਰਡਾਂ ਅਤੇ ਟ੍ਰੈਫਿਕ ਨਿਯਮਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ-ਆਪ ਨੂੰ ਅਤੇ ਸਾਹਮਣੇ ਤੋਂ ਆਉਣ ਵਾਲੇ ਨੂੰ ਵੀ ਇਸ ਸਫ਼ਰ 'ਚ ਸੁਰੱਖਿਅਤ ਰੱਖ ਸਕੀਏ।

-ਕੇਵਲ ਸਿੰਘ ਕਾਲਝਰਾਣੀ

ਭ੍ਰਿਸ਼ਟਾਚਾਰ ਦੀ ਸ਼ਿਕਾਇਤ

ਮੁੱਖ ਮੰਤਰੀ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ 'ਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ (95012-00200) ਫੋਨ ਨੰਬਰ ਜਾਰੀ ਕੀਤਾ ਗਿਆ ਹੈ। ਇਸ ਨੰਬਰ 'ਤੇ ਭ੍ਰਿਸ਼ਟਾਚਾਰ ਸੰਬੰਧੀ ਆਡੀਓ-ਵੀਡੀਓ ਭੇਜ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਜੇਕਰ ਇਸ ਨੰਬਰ 'ਤੇ ਹੋਣ ਵਾਲੀਆਂ ਸ਼ਿਕਾਇਤਾਂ 'ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ ਤਾਂ ਭ੍ਰਿਸ਼ਟਾਚਾਰ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਸੁਧਰ ਜਾਵੇਗਾ। ਇਸ ਨੰਬਰ ਦੇ ਜਾਰੀ ਹੋਣ ਤੋਂ ਬਾਅਦ ਅਧਿਕਾਰੀਆਂ ਵਿਚ ਵੀ ਡਰ ਹੋਵੇਗਾ।

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

ਸਰਕਾਰੀ ਸਕੂਲ

ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਵਿਚ ਤਾਂ ਸੁਧਾਰ ਹੋਇਆ ਹੈ ਪਰ ਸਿੱਖਿਆ ਵਿਚ ਸੁਧਾਰ ਬਹੁਤ ਘੱਟ ਹੈ। ਜ਼ਿਆਦਾਤਰ ਸਕੂਲਾਂ ਵਿਚ ਸਟਾਫ਼ ਦੀ ਘਾਟ ਹੈ ਅਤੇ ਜੇਕਰ ਕਿਧਰੇ ਸਟਾਫ਼ ਪੂਰਾ ਹੈ, ਉਥੇ ਅਧਿਆਪਕਾਂ ਵਲੋਂ ਬੱਚਿਆਂ ਉੱਪਰ ਧਿਆਨ ਬਹੁਤ ਘੱਟ ਹੈ। ਅੱਧੇ ਬੱਚੇ ਸਕੂਲਾਂ ਦੀਆਂ ਕੰਧਾਂ ਟੱਪ ਕੇ ਅੱਧੀ ਛੁੱਟੀ ਤੋਂ ਵੀ ਪਹਿਲਾਂ ਸਕੂਲ ਤੋਂ ਛੂ ਮੰਤਰ ਹੋ ਜਾਂਦੇ ਹਨ ਅਤੇ ਸਕੂਲ ਸਟਾਫ਼ ਨੂੰ ਇਸ ਦੀ ਕੋਈ ਖ਼ਬਰ ਸਾਰ ਨਹੀਂ ਹੁੰਦੀ। ਕਈ ਅਧਿਆਪਕ ਤਾਂ ਲਾਇਬ੍ਰੇਰੀ ਆਦਿ ਵਿਚ ਹੀ ਦਿਨ-ਕਟੀ ਕਰਕੇ ਘਰ ਪਰਤ ਜਾਂਦੇ ਹਨ, ਹਫ਼ਤੇ ਵਿਚੋਂ ਇਕ ਵਾਰੀ ਕਲਾਸ ਰੂਮ 'ਚ ਜਾ ਕੇ ਕਿਤਾਬ ਫੜ ਕੇ ਦੋ ਹਫ਼ਤਿਆਂ ਦਾ ਕੰਮ ਇਕੱਠਾ ਹੀ ਦੇ ਦਿੰਦੇ ਹਨ ਅਤੇ ਪੇਪਰਾਂ ਦੇ ਸਮੇਂ ਜਿਹੜੇ ਅਧਿਆਪਕ ਨੇ ਚੰਗੀ ਤਰ੍ਹਾਂ ਨਹੀਂ ਪੜ੍ਹਾਇਆ ਹੁੰਦਾ, ਉਹ ਬੱਚਿਆਂ ਨੂੰ ਗਾਈਡ ਖੋਲ੍ਹ ਕੇ ਮੂਹਰੇ ਰੱਖ ਕੇ ਹੀ ਸਾਰਾ ਪੇਪਰ ਕਰਵਾ ਦਿੰਦੇ ਹਨ ਤਾਂ ਜੋ ਨਤੀਜਾ ਸ਼ਾਨਦਾਰ ਰਹੇ। ਇਹ ਸਰਾਸਰ ਗ਼ਲਤ ਹੈ। ਨਕਲ ਦੀ ਆਦਤ ਨਾਲ ਬੱਚੇ ਮਾਨਸਿਕ ਤੌਰ 'ਤੇ ਵਿਕਲਾਂਗ ਹੋ ਰਹੇ ਹਨ, ਉਨ੍ਹਾਂ ਅੰਦਰ ਪੜ੍ਹਨ ਦੀ ਰੁਚੀ ਖ਼ਤਮ ਹੋ ਰਹੀ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਨਵੀਂ ਪੀੜ੍ਹੀ ਦੇਸ਼ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਜੇਕਰ ਬੱਚੇ ਪੂਰਨ ਤੌਰ 'ਤੇ ਸਿੱਖਿਅਤ ਨਹੀਂ ਹੋਣਗੇ ਤਾਂ ਅਨਪੜ੍ਹਤਾ ਦਾ ਪੱਧਰ ਵਧੇਗਾ ਅਤੇ ਵਿਕਾਸ ਦੀ ਦਰ ਮੱਧਮ ਹੋ ਜਾਵੇਗੀ। ਇਸ ਲਈ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦੋਵਾਂ ਨੂੰ ਹੀ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਬੱਚੇ ਪੜ੍ਹਨ ਵੇਲੇ ਅਣਗਹਿਲੀ ਨਾ ਵਰਤਣ ਅਤੇ ਸਹੀ ਸਿੱਖਿਆ ਪ੍ਰਾਪਤ ਕਰ ਸਕਣ।

-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।

ਖਾਲੀ ਅਸਾਮੀਆਂ

ਸਿੱਖਿਆ ਵਿਭਾਗ ਵਲੋਂ ਨੇੜਲੇ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਅਧਿਆਪਕਾਂ ਨੂੰ ਘਰਾਂ ਤੋਂ 200 ਕਿਲੋਮੀਟਰ ਦੂਰ ਸਰਹੱਦੀ ਖੇਤਰਾਂ ਦੇ ਸਕੂਲਾਂ 'ਚ ਤਾਇਨਾਤੀ ਦਾ ਮੁੱਦਾ ਅੱਜਕਲ੍ਹ ਚਰਚਾ ਵਿਚ ਹੈ। ਬਹੁਤ ਸਾਰੇ ਅਧਿਆਪਕ ਵਿਸ਼ੇਸ਼ ਤੌਰ 'ਤੇ ਔਰਤ ਅਧਿਆਪਕਾਵਾਂ ਕਈ-ਕਈ ਘੰਟੇ ਦੇ ਸਫ਼ਰ ਦੀ ਥਕਾਵਟ ਨਾਲ ਸਕੂਲਾਂ ਵਿਚ ਪਹੁੰਚਦੀਆਂ ਹਨ। ਜੇ ਅਧਿਆਪਕ ਹੀ ਸਹਿਜ ਨਹੀਂ ਤਾਂ ਉਹ ਉਤਸ਼ਾਹ ਨਾਲ ਨਹੀਂ ਪੜ੍ਹਾ ਸਕਦਾ। ਇਸ ਤੋਂ ਇਲਾਵਾ ਇਨ੍ਹਾਂ ਅਧਿਆਪਕਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ। ਚੰਗਾ ਹੋਵੇ ਜੇਕਰ ਨਵੀਂ ਸਰਕਾਰ ਦੂਰ-ਦੁਰਾਡੇ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਦੇ ਪਿੱਤਰੀ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਖਾਲੀ ਪਈਆਂ ਅਸਾਮੀਆਂ ਉੱਤੇ ਤਾਇਨਾਤ ਕਰੇ ਤਾਂ ਕਿ ਨਵ-ਨਿਯੁਕਤ ਅਧਿਆਪਕ ਵੀ ਆਪਣੀ ਊਰਜਾ ਦਾ ਸਹੀ ਇਸਤੇਮਾਲ ਕਰਕੇ ਵਿੱਦਿਅਕ ਖੇਤਰ 'ਚ ਗੁਣਾਤਮਿਕ ਤਬਦੀਲੀ ਲਿਆਉਣ ਲਈ ਆਪਣਾ ਯੋਗਦਾਨ ਪਾ ਸਕਣ।

-ਪ੍ਰੋ. ਮਨਜੀਤ ਤਿਆਗੀ
ਸਟੇਟ ਐਵਾਰਡੀ, ਇੰਗਲਿਸ਼ ਕਾਲਜ, ਮਲੇਰਕੋਟਲਾ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX