ਇਕ ਵਾਰ ਫਿਰ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਅੱਗੇ ਪੈ ਗਈ ਹੈ। ਇਕ ਵਾਰ ਫਿਰ ਕਾਂਗਰਸੀ ਸਫ਼ਾਂ ਵਿਚ ਨਿਰਾਸ਼ਾ ਪੈਦਾ ਹੋਈ ਹੈ। ਸੋਨੀਆ ਗਾਂਧੀ ਪਿਛਲੇ ਕਰੀਬ ਦੋ ਸਾਲ ਤੋਂ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਅ ਰਹੀ ਹੈ। ਉਸ ਤੋਂ ਪਹਿਲਾਂ ਰਾਹੁਲ ਗਾਂਧੀ ਦੋ ਕੁ ਸਾਲ ਲਈ ਪਾਰਟੀ ਪ੍ਰਧਾਨ ਬਣਿਆ ਸੀ। ਪਰ ਮਈ 2019 ਵਿਚ ਲੋਕ ਸਭਾ ਚੋਣਾਂ ਵਿਚ ਵੱਡੀ ਹਾਰ ਤੋਂ ਬਾਅਦ ਉਸ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਹੁਣ ਉਹ ਅਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਪਾਰਟੀ ਪ੍ਰਧਾਨ ਨਹੀਂ ਬਣੇਗਾ ਪਰ ਸੋਨੀਆ ਗਾਂਧੀ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਰਾਹੁਲ ਦੇ ਅਸਤੀਫ਼ੇ ਤੋਂ ਬਾਅਦ ਉਸ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਪਿੱਛੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਇਸ ਅਹੁਦੇ ਲਈ ਚੋਣ ਅਗਸਤ 2020 ਵਿਚ ਹੋਵੇਗੀ। ਪਰ ਪਾਰਟੀ ਮੀਟਿੰਗਾਂ ਵਿਚ ਖ਼ਾਸ ਯੋਜਨਾ ਤਹਿਤ ਇਸ ਨੂੰ ਟਾਲਿਆ ਜਾਂਦਾ ਰਿਹਾ, ਸੋਨੀਆ ਗਾਂਧੀ ਦੀ ਸਿਹਤ ਠੀਕ ਨਾ ਹੋਣਾ ਵੀ ਇਸ ਦਾ ਇਕ ਕਾਰਨ ਸੀ।
ਬਾਅਦ ਵਿਚ ਇਹ ਐਲਾਨ ਵੀ ਕੀਤਾ ਗਿਆ ਕਿ ਇਸ ਸਾਲ ਫਰਵਰੀ ਦੇ ਮਹੀਨੇ ਵਿਚ ਪ੍ਰਧਾਨਗੀ ਚੋਣ ਕਰਵਾ ਦਿੱਤੀ ਜਾਵੇਗੀ। ਪਰ ਫਰਵਰੀ ਵਿਚ ਫਿਰ ਉੱਪਰਲੇ ਹੁਕਮਾਂ ਅਨੁਸਾਰ ਇਹ ਫ਼ੈਸਲਾ ਕੀਤਾ ਗਿਆ ਕਿ ਪ੍ਰਧਾਨਗੀ ਚੋਣਾਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਰਵਾਈਆਂ ਜਾਣਗੀਆਂ। ਇਸੇ ਸਮੇਂ ਪਾਰਟੀ ਦੇ ਦੋ ਦਰਜਨ ਦੇ ਕਰੀਬ ਵੱਡੇ ਆਗੂਆਂ ਨੇ ਇਕ ਚਿੱਠੀ ਲਿਖੀ ਸੀ ਜਿਸ ਦੀ ਵੱਡੀ ਪੱਧਰ 'ਤੇ ਚਰਚਾ ਹੁੰਦੀ ਰਹੀ ਹੈ। ਇਨ੍ਹਾਂ 23 ਆਗੂਆਂ ਨੇ ਪਾਰਟੀ ਅੰਦਰ ਸੁਧਾਰ ਕਰਨ, ਇਸ ਦੀਆਂ ਸਫ਼ਾਂ ਵਿਚ ਲੋਕਤੰਤਰੀ ਪ੍ਰਕਿਰਿਆ ਬਹਾਲ ਕਰਨ, ਵਰਕਿੰਗ ਕਮੇਟੀ ਦੀਆਂ ਚੋਣਾਂ ਕਰਵਾਉਣ ਦੇ ਨਾਲ-ਨਾਲ ਛੇਤੀ ਹੀ ਪਾਰਟੀ ਪ੍ਰਧਾਨ ਦੀ ਚੋਣ ਕਰਵਾਉਣ ਦੀ ਮੰਗ ਕੀਤੀ ਸੀ। ਇਸ ਚਿੱਠੀ ਤੋਂ ਬਾਅਦ ਪਾਰਟੀ ਅੰਦਰ ਵੱਡੀ ਹਲਚਲ ਵੇਖਣ ਨੂੰ ਮਿਲੀ ਸੀ। ਬਾਗ਼ੀ ਆਗੂਆਂ ਨੇ ਆਪਣੀਆਂ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ ਸਨ ਅਤੇ ਆਪਣੇ ਢੰਗ-ਤਰੀਕੇ ਨਾਲ ਬਿਆਨ ਵੀ ਦਾਗਣੇ ਸ਼ੁਰੂ ਕਰ ਦਿੱਤੇ ਸਨ ਪਰ ਇਸ ਦਾ ਅਸਰ ਸਥਾਪਤ ਆਗੂਆਂ 'ਤੇ ਉਲਟਾ ਹੀ ਪਿਆ ਨਜ਼ਰ ਆਇਆ ਸੀ ਅਤੇ ਉਨ੍ਹਾਂ ਨੇ ਪਾਰਟੀ ਅੰਦਰ ਕਤਾਰਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਇਨ੍ਹਾਂ ਬਾਗ਼ੀ ਆਗੂਆਂ ਨੂੰ ਪਾਰਟੀ ਵਿਚ ਹੀ ਨੁੱਕਰੇ ਲਗਾਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ। ਹੁਣ ਪੱਛਮੀ ਬੰਗਾਲ, ਕੇਰਲ, ਆਸਾਮ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਨਿਰਾਸ਼ਾਜਨਕ ਹਾਰ ਹੋਣ ਦੇ ਨਾਲ-ਨਾਲ ਤਾਮਿਲਨਾਡੂ ਵਿਚ ਡੀ.ਐਮ.ਕੇ. ਦੀ ਛੋਟੀ ਭਾਈਵਾਲ ਪਾਰਟੀ ਬਣਨ ਨਾਲ ਇਕ ਵਾਰ ਫਿਰ ਅੰਦਰੋਂ ਆਵਾਜ਼ਾਂ ਉੱਠਣੀਆਂ ਕੁਦਰਤੀ ਸਨ, ਜਿਨ੍ਹਾਂ ਨੂੰ ਭਾਂਪਦਿਆਂ ਹੁਣ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਤੋਂ ਪਹਿਲਾਂ 23 ਜੂਨ ਨੂੰ ਅੰਦਰੂਨੀ ਚੋਣਾਂ ਕਰਵਾਉਣ ਦੀ ਮਿਤੀ ਤੱਕ ਤੈਅ ਕਰ ਲਈ ਗਈ ਸੀ ਪਰ ਰਾਹੁਲ ਅਤੇ ਸੋਨੀਆ ਗਾਂਧੀ ਦੇ ਵਫ਼ਾਦਾਰ ਮੈਂਬਰ ਕੋਰੋਨਾ ਮਹਾਂਮਾਰੀ ਦੇ ਨਾਂਅ 'ਤੇ ਆਵਾਜ਼ਾਂ ਉਠਾ ਕੇ ਇਕ ਵਾਰ ਫਿਰ ਇਨ੍ਹਾਂ ਚੋਣਾਂ ਨੂੰ ਟਾਲਣ ਵਿਚ ਕਾਮਯਾਬ ਹੋ ਗਏ। ਸੀਨੀਅਰ ਕਾਂਗਰਸੀ ਆਗੂ ਕੇ.ਸੀ. ਵੇਨੂੁਗੋਪਾਲ ਨੇ ਇਹ ਕਿਹਾ ਹੈ ਕਿ ਕਮੇਟੀ ਮੈਂਬਰਾਂ ਦੀ ਇਹ ਰਾਇ ਹੈ ਕਿ ਇਹ ਚੋਣਾਂ ਕਰਵਾਉਣ ਦਾ ਠੀਕ ਸਮਾਂ ਨਹੀਂ ਹੈ। ਇਸ ਦਾ ਸਿੱਧਾ ਮਤਲਬ ਇਹ ਲਿਆ ਜਾ ਸਕਦਾ ਹੈ ਕਿ ਸੋਨੀਆ ਗਾਂਧੀ ਰਾਹੁਲ ਨੂੰ ਮੁੜ ਪ੍ਰਧਾਨ ਬਣਾਉਣ ਤੋਂ ਬਗੈਰ ਕਿਸੇ ਹੋਰ ਨਾਂਅ 'ਤੇ ਰਾਜ਼ੀ ਨਹੀਂ ਹੈ। ਅਜਿਹੀ ਸੀਮਤ ਮਾਨਸਿਕਤਾ ਇਕ ਵੱਡੀ ਕੌਮੀ ਪਾਰਟੀ ਨੂੰ ਆਉਣ ਵਾਲੇ ਸਮੇਂ ਵਿਚ ਹੋਰ ਵੀ ਵੱਡਾ ਧੱਕਾ ਲਗਾਉਣ ਵਾਲੀ ਸਾਬਤ ਹੋ ਸਕਦੀ ਹੈ ਜਿਸ ਦਾ ਅਸਰ ਦੇਸ਼ ਦੀ ਕੌਮੀ ਸਿਆਸਤ 'ਤੇ ਵੀ ਪਵੇਗਾ ਅਤੇ ਕਾਂਗਰਸੀ ਸਫ਼ਾਂ ਅੰਦਰ ਹੋਰ ਵੀ ਬੇਯਕੀਨੀ ਤੇ ਨਿਰਾਸ਼ਾ ਪੈਦਾ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ
ਭਾਰਤ ਵਿਚ ਅਸੀਂ ਦੋ ਵੱਡੀਆਂ ਘਟਨਾਵਾਂ ਦੇ ਪ੍ਰਤੱਖ ਦਰਸ਼ੀ ਹਾਂ, ਇਕ ਘਟਨਾ ਤਾਂ ਕੋਰੋਨਾ ਸੰਕਟ ਹੈ ਜਿਸ ਦਾ ਸਾਹਮਣਾ ਕਰਨ ਵਿਚ ਸਰਕਾਰ ਨਾ ਸਿਰਫ਼ ਅਸਫਲ ਰਹੀ ਹੈ, ਸਗੋਂ ਇਸ ਸੰਕਟ ਦਾ ਹੱਲ ਕਰਨ ਦੀ ਥਾਂ ਉਸ ਨੇ ਇਸ ਆਫ਼ਤ ਨੂੰ ਅਵਸਰ ਦੇ ਰੂਪ ਵਿਚ ਵਰਤੋਂ ਕਰਨ ਦੀ ਨੀਤੀ ਬਣਾਈ ...
ਕੌਮਾਂਤਰੀ ਨਰਸ ਦਿਵਸ 'ਤੇ ਵਿਸ਼ੇਸ਼ਜਦੋਂ ਕੋਈ ਬਿਮਾਰ ਵਿਅਕਤੀ ਹਸਪਤਾਲ 'ਚ ਦਾਖ਼ਲ ਹੋ ਕੇ ਇਲਾਜ ਕਰਵਾਉਂਦਾ ਹੈ ਤਾਂ ਉਸ ਦੀ ਦੇਖ-ਰੇਖ ਨਰਸਿੰਗ ਸਟਾਫ਼ ਵਲੋਂ ਕੀਤੀ ਜਾਂਦੀ ਹੈ। ਡਾਕਟਰ ਵਲੋਂ ਪ੍ਰਸਤਾਵਿਤ ਦਵਾਈਆਂ ਆਦਿ ਦੇਣ ਦੀ ਜ਼ਿੰਮੇਵਾਰੀ ਮੂਲ ਰੂਪ ਵਿਚ ਨਰਸਿੰਗ ਸਟਾਫ਼ ...
ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਲੋਕਾਂ ਨੂੰ ਸੁਫ਼ਨੇ ਵਾਂਗ ਲਗ ਰਹੇ ਹਨ। ਤ੍ਰਿਣਮੂਲ ਕਾਂਗਰਸ ਨੂੰ 200 ਤੋਂ ਵੱਧ ਸੀਟਾਂ ਅਤੇ ਭਾਰਤੀ ਜਨਤਾ ਪਾਰਟੀ 80 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਖੱਬਾ ਮੋਰਚਾ-ਕਾਂਗਰਸ ਅਤੇ ਅੱਬਾਸ ਸਿੱਦੀਕੀ ਦੇ ਸੰਯੁਕਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX