ਇਕ ਵਾਰ ਫਿਰ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਅੱਗੇ ਪੈ ਗਈ ਹੈ। ਇਕ ਵਾਰ ਫਿਰ ਕਾਂਗਰਸੀ ਸਫ਼ਾਂ ਵਿਚ ਨਿਰਾਸ਼ਾ ਪੈਦਾ ਹੋਈ ਹੈ। ਸੋਨੀਆ ਗਾਂਧੀ ਪਿਛਲੇ ਕਰੀਬ ਦੋ ਸਾਲ ਤੋਂ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਅ ਰਹੀ ਹੈ। ਉਸ ਤੋਂ ਪਹਿਲਾਂ ਰਾਹੁਲ ਗਾਂਧੀ ਦੋ ਕੁ ...
ਭਾਰਤ ਵਿਚ ਅਸੀਂ ਦੋ ਵੱਡੀਆਂ ਘਟਨਾਵਾਂ ਦੇ ਪ੍ਰਤੱਖ ਦਰਸ਼ੀ ਹਾਂ, ਇਕ ਘਟਨਾ ਤਾਂ ਕੋਰੋਨਾ ਸੰਕਟ ਹੈ ਜਿਸ ਦਾ ਸਾਹਮਣਾ ਕਰਨ ਵਿਚ ਸਰਕਾਰ ਨਾ ਸਿਰਫ਼ ਅਸਫਲ ਰਹੀ ਹੈ, ਸਗੋਂ ਇਸ ਸੰਕਟ ਦਾ ਹੱਲ ਕਰਨ ਦੀ ਥਾਂ ਉਸ ਨੇ ਇਸ ਆਫ਼ਤ ਨੂੰ ਅਵਸਰ ਦੇ ਰੂਪ ਵਿਚ ਵਰਤੋਂ ਕਰਨ ਦੀ ਨੀਤੀ ਬਣਾਈ ...
ਕੌਮਾਂਤਰੀ ਨਰਸ ਦਿਵਸ 'ਤੇ ਵਿਸ਼ੇਸ਼ਜਦੋਂ ਕੋਈ ਬਿਮਾਰ ਵਿਅਕਤੀ ਹਸਪਤਾਲ 'ਚ ਦਾਖ਼ਲ ਹੋ ਕੇ ਇਲਾਜ ਕਰਵਾਉਂਦਾ ਹੈ ਤਾਂ ਉਸ ਦੀ ਦੇਖ-ਰੇਖ ਨਰਸਿੰਗ ਸਟਾਫ਼ ਵਲੋਂ ਕੀਤੀ ਜਾਂਦੀ ਹੈ। ਡਾਕਟਰ ਵਲੋਂ ਪ੍ਰਸਤਾਵਿਤ ਦਵਾਈਆਂ ਆਦਿ ਦੇਣ ਦੀ ਜ਼ਿੰਮੇਵਾਰੀ ਮੂਲ ਰੂਪ ਵਿਚ ਨਰਸਿੰਗ ਸਟਾਫ਼ ...
ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਲੋਕਾਂ ਨੂੰ ਸੁਫ਼ਨੇ ਵਾਂਗ ਲਗ ਰਹੇ ਹਨ। ਤ੍ਰਿਣਮੂਲ ਕਾਂਗਰਸ ਨੂੰ 200 ਤੋਂ ਵੱਧ ਸੀਟਾਂ ਅਤੇ ਭਾਰਤੀ ਜਨਤਾ ਪਾਰਟੀ 80 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਖੱਬਾ ਮੋਰਚਾ-ਕਾਂਗਰਸ ਅਤੇ ਅੱਬਾਸ ਸਿੱਦੀਕੀ ਦੇ ਸੰਯੁਕਤ ਮੋਰਚੇ ਨੂੰ ਸਿਰਫ ਇਕ ਸੀਟ ਹਾਸਲ ਹੋਈ ਹੈ।
ਬੰਗਾਲ ਦੀਆਂ ਵੋਟਾਂ 'ਚ ਇਸ ਵਾਰ ਭਾਰੀ ਬਹੁਮਤ ਨਾਲ ਮਮਤਾ ਬੈਨਰਜੀ ਜਿੱਤੀ ਹੈ, ਭਾਵੇਂ ਨੰਦੀਗ੍ਰਾਮ ਦੀ ਸੀਟ ਉਹ ਹਾਰ ਗਈ ਹੈ। ਇਹ ਸਵਾਲ ਵੀ ਪੁੱਛਿਆ ਜਾ ਰਿਹਾ ਹੈ ਕਿ ਭਵਾਨੀਪੁਰ ਦੀ ਸੁਰੱਖਿਅਤ ਸੀਟ ਛੱਡ ਕੇ ਨੰਦੀਗ੍ਰਾਮ 'ਚ ਚੋਣ ਲੜਨਾ ਭਾਵਨਾ 'ਚ ਵਹਿਣ ਕਾਰਨ ਕੀਤਾ ਗ਼ਲਤ ਫ਼ੈਸਲਾ ਤਾਂ ਨਹੀਂ ਸੀ? ਨੰਦੀਗ੍ਰਾਮ ਦੇ ਨਾਲ ਉਹ ਭਵਾਨੀਪੁਰ ਤੋਂ ਵੀ ਚੋਣ ਲੜ ਸਕਦੇ ਸਨ ਜਿਵੇਂ ਨਰਿੰਦਰ ਮੋਦੀ ਨੇ 2014 'ਚ ਗੁਜਰਾਤ ਅਤੇ ਉੱਤਰ ਪ੍ਰਦੇਸ਼ ਤੋਂ ਚੋਣ ਲੜੀ ਸੀ। ਭਾਜਪਾ ਵਲੋਂ ਸੁਭੇਂਦੂ ਅਧਿਕਾਰੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਸੀ ਕਿ ਨੰਦੀਗ੍ਰਾਮ ਅੰਦੋਲਨ, ਖੱਬਾ ਮੋਰਚਾ ਨੂੰ ਸੱਤਾ ਤੋਂ ਹਟਾਉਣ ਅਤੇ ਮਮਤਾ ਨੂੰ ਮੁੱਖ ਮੰਤਰੀ ਬਣਾਉਣ ਵਾਲਾ ਸਿਰਫ ਅਧਿਕਾਰੀ ਸੀ, ਜੇਕਰ ਉਹ ਨਾ ਹੁੰਦਾ ਤਾਂ ਬੰਗਾਲ 'ਚ ਮਾਰਕਸੀ ਸਰਕਾਰ ਨਹੀਂ ਸੀ ਜਾਣੀ। ਭਾਜਪਾ ਵਲੋਂ ਲੋਕਾਂ 'ਚ ਫੈਲਾਏ ਜਾ ਰਹੇ ਭਰਮ ਨੂੰ ਤੋੜਨ ਲਈ ਮਮਤਾ ਨੇ ਅਧਿਕਾਰੀ ਦੇ ਗੜ੍ਹ 'ਚ ਚੋਣ ਲੜਨ ਦਾ ਐਲਾਨ ਕੀਤਾ ਸੀ। ਇਸ ਦਾ ਫਾਇਦਾ ਇਹ ਹੋਇਆ ਕਿ ਪੁਰਬੀ ਮਿਦਨਾਪੁਰ ਦੀਆਂ 16, ਪੱਛਮੀ ਮਿਦਨਾਪੁਰ ਦੀਆਂ 15 ਅਤੇ ਝਾਰਗ੍ਰਾਮ ਦੀਆਂ 4 ਸੀਟਾਂ ਸਮੇਤ ਸਾਂਝੇ ਮਿਦਨਾਪੁਰ ਜ਼ਿਲ੍ਹੇ ਦੀਆਂ 35 ਸੀਟਾਂ 'ਚੋਂ 30 ਸੀਟਾਂ ਤ੍ਰਿਣਮੂਲ ਨੂੰ ਮਿਲੀਆਂ। ਅਧਿਕਾਰੀ ਦਾ ਦਾਅਵਾ 35 'ਚੋਂ 35 ਜਿੱਤਾਂਗਾ, ਗ਼ਲਤ ਸਾਬਤ ਹੋਇਆ ਅਤੇ ਜ਼ਿਲ੍ਹੇ 'ਚੋਂ ਉਸ ਦੀ ਬਾਦਸ਼ਾਹਤ ਹੋਣ ਦੇ ਨਾਲ-ਨਾਲ ਦੇਸ਼-ਦੁਨੀਆ ਨੂੰ ਇਹ ਸੁਨੇਹਾ ਮਿਲ ਗਿਆ ਕਿ ਨੰਦੀਗ੍ਰਾਮ-ਸਿੰਗੁਰ ਸਮੇਤ ਸਾਰੇ ਅੰਦੋਲਨ ਦੀ ਇਕੋ ਇਕ ਆਗੂ ਮਮਤਾ ਸੀ। ਇਸ ਲਈ ਮਮਤਾ ਨੂੰ ਹਰਾਉਣ ਦਾ ਦਾਅਵਾ ਕਰਨ ਤੋਂ 72 ਘੰਟੇ ਬਾਅਦ ਵੀ ਪੱਤਰਕਾਰ ਲੱਭਦੇ ਰਹੇ ਐਪਰ ਉਹ ਸਾਹਮਣੇ ਨਹੀਂ ਸਨ ਆ ਸਕੇ। ਨੰਦੀਗ੍ਰਾਮ ਦੇ ਨਤੀਜੇ ਤੋਂ ਬਾਅਦ ਵੀ ਬੰਗਾਲ ਦੀਆਂ ਸਾਰੀਆਂ 294 ਸੀਟਾਂ ਲਈ ਉਮੀਦਵਾਰ ਐਲਾਨਣ ਵਾਲੀ ਮਮਤਾ ਦੇ ਸਿਰ ਜਿੱਤ ਦਾ ਸਿਹਰਾ ਬੰਨ੍ਹਿਆ ਜਾ ਰਿਹਾ ਹੈ। 2011 'ਚ 168, 2016 'ਚ 211 ਅਤੇ 2021 'ਚ 214 ਸੀਟਾਂ ਜਿੱਤਣ ਦੇ ਨਾਲ ਵੋਟ ਫ਼ੀਸਦੀ 2011 ਦੇ 38.73 ਤੋਂ 10 ਸਾਲ ਰਾਜ ਕਰਨ ਤੋਂ ਬਾਅਦ 47.94 ਫ਼ੀਸਦੀ ਕਰਨ 'ਚ ਮਮਤਾ ਨੇ ਸਫਲਤਾ ਪ੍ਰਾਪਤ ਕੀਤੀ।
ਜਿੱਤ-ਹਾਰ ਦੇ ਕਈ ਕਾਰਨ ਹੁੰਦੇ ਹਨ ਜਿਵੇਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਵਾਮਾ 'ਚ ਅੱਤਵਾਦੀ ਹਮਲਾ, ਬਾਲਾਕੋਟ 'ਚ ਸਰਜੀਕਲ ਸਟ੍ਰਾਈਕ ਅਤੇ ਨਰਿੰਦਰ ਮੋਦੀ ਵਲੋਂ ਫ਼ੌਜੀਆਂ ਵਰਗੀ ਵਰਦੀ 'ਚ ਲੋਕਾਂ ਸਾਹਮਣੇ ਪ੍ਰਗਟ ਹੋਣਾ। ਮਮਤਾ ਦੇ ਸਾਹਮਣੇ ਬੰਗਾਲ 'ਚ ਭਾਜਪਾ ਦਾ ਕੋਈ ਆਗੂ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਗੇ ਲਾ ਕੇ ਪੂਰੀ ਭਾਜਪਾ, ਆਰ.ਐਸ.ਐਸ., ਕੇਂਦਰ ਸਰਕਾਰ, ਸਰਕਾਰੀ ਏਜੰਸੀਆਂ ਨੇ ਹੱਲਾ ਬੋਲਿਆ ਅਤੇ 'ਦੀਦੀ ਓ ਦੀਦੀ' ਕਹਿ ਕੇ ਭਾਵੇਂ ਉਨ੍ਹਾਂ ਨੇ ਦੇਸ਼ ਦੇ ਲੋਕਾਂ ਦਾ ਮਨੋਰੰਜਨ ਕੀਤਾ, ਬੰਗਾਲੀਆਂ 'ਚ ਇਸ ਨਾਲ ਗੁੱਸੇ ਦੀ ਲਹਿਰ ਦੌੜ ਗਈ। ਇਥੇ ਮੁਕਾਬਲਾ ਮੋਦੀ ਅਤੇ ਦੀਦੀ ਵਿਚਕਾਰ ਸੀ ਅਤੇ ਇਸ ਵਿਚ ਮੋਦੀ ਦੀ ਹਾਰ ਅਤੇ ਦੀਦੀ ਦੀ ਜਿੱਤ ਹੋਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਜਿੱਤਣ ਲਈ ਜਿੰਨੀਆਂ ਚੋਣ ਰੈਲੀਆਂ, ਰੋਡ ਸ਼ੋਅ ਅਤੇ ਵਰਚੂਅਲ ਮੀਟਿੰਗਾਂ ਕੀਤੀਆਂ, ਕਿਹਾ ਜਾ ਰਿਹਾ ਹੈ ਕਿ 70 ਸਾਲ 'ਚ ਇੰਦਰਾ ਗਾਂਧੀ, ਰਾਜੀਵ ਗਾਂਧੀ, ਪੀ.ਵੀ. ਨਰਸਿਮ੍ਹਾ ਰਾਉ ਤੋਂ ਲੈ ਕੇ ਅਟਲ ਬਿਹਾਰੀ ਵਾਜਪਾਈ ਤੱਕ ਨੇ ਲੋਕ ਸਭਾ ਅਤੇ ਵਿਧਾਨ ਸਭਾ 'ਚ ਰਲ ਕੇ ਨਹੀਂ ਕੀਤੀਆਂ ਹੋਣੀਆਂ। ਉਨਾਂ ਦੇ ਨਾਲ ਹੀ ਦੇਸ਼ ਦੇ ਗ੍ਰਹਿ ਮੰਤਰੀ ਵੀ ਮੀਟਿੰਗਾਂ ਕਰ ਰਹੇ ਸਨ। ਕੇਂਦਰੀ ਮੰਤਰੀ, ਸੱਤਾਧਾਰੀ ਪਾਰਟੀ ਦੇ ਪ੍ਰਧਾਨ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਹੋਰ ਸਾਰੇ ਆਗੂਆਂ ਦੀਆਂ ਰੈਲੀਆਂ ਦੇ ਨਾਲ-ਨਾਲ 8 ਗੇੜ ਦਾ ਮਤਦਾਨ ਵੀ ਸੀ। ਇਕ ਜ਼ਿਲ੍ਹੇ ਨੂੰ 2-3 ਗੇੜਾਂ 'ਚ ਵੰਡ ਕੇ ਮਤਦਾਨ, ਵੋਟਾਂ ਦੇ ਦਿਨ ਪ੍ਰਧਾਨ ਮੰਤਰੀ ਵਲੋਂ ਚੋਣ ਪ੍ਰਚਾਰ, ਰਿਕਾਰਡ ਗਿਣਤੀ 'ਚ ਕੇਂਦਰੀ ਸੁਰੱਖਿਆ ਫੋਰਸ, ਕਈ ਥਾਂ ਧੱਕੇਸ਼ਾਹੀ ਅਤੇ ਭਾਜਪਾ ਨੂੰ ਵੋਟਾਂ ਪਾਉਣ ਦੀਆਂ ਸ਼ਿਕਾਇਤਾਂ ਵਿਚਕਾਰ ਕੂਚਬਿਹਾਰ ਦੇ ਸੀਤਲਕੁਚੀ 'ਚ ਗੋਲੀ ਮਾਰ ਕੇ ਚਾਰ ਨੌਜਵਾਨਾਂ ਦੀ ਹੱਤਿਆ ਦੀ ਘਟਨਾ ਵੀ ਵਾਪਰੀ।
ਜਦੋਂ ਇਹ ਗੋਲੀਕਾਂਡ ਵਾਪਰਿਆ ਉੱਤਰ ਦਿਨਾਜਪੁਰ, ਮਾਲਦਾ, ਮੁਰਸ਼ੀਦਾਬਾਦ, ਬੀਰਭੂਮ ਅਤੇ ਉੱਤਰ 24 ਪਰਗਨਾ ਜ਼ਿਲ੍ਹੇ 'ਚ ਮਤਦਾਨ ਬਾਕੀ ਸੀ। ਨਤੀਜੇ ਨਿਕਲਣ ਤੋਂ ਬਾਅਦ ਵੇਖਿਆ ਗਿਆ ਕਿ ਮਾਲਦਾ-ਮੁਰਸ਼ੀਦਾਬਾਦ 'ਚ ਗਨੀਖਾਨ ਚੌਧਰੀ ਦਾ ਗੜ੍ਹ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਦਾ ਹਲਕਾ ਮੰਨੇ ਜਾਣ ਵਾਲੇ ਇਲਾਕੇ 'ਚੋਂ ਕਾਂਗਰਸ ਦਾ ਸਫ਼ਾਇਆ ਹੋ ਗਿਆ ਅਤੇ ਸਾਰੀਆਂ ਸੀਟਾਂ ਤ੍ਰਿਣਮੂਲ ਨੂੰ ਮਿਲੀਆਂ। ਬੀਤੇ 10 ਸਾਲਾਂ ਦੀ ਕੋਸ਼ਿਸ਼ 'ਚ ਮਮਤਾ ਇਥੇ ਸਫਲ ਨਹੀਂ ਸੀ ਹੋ ਸਕੀ। ਇਸ ਦੇ ਨਾਲ ਹੀ ਚੌਥੇ ਗੇੜ ਤੋਂ ਬਾਅਦ ਜਿਥੇ ਵੀ ਮਤਦਾਨ ਹੋਇਆ, ਤਕਰੀਬਨ ਸਾਰੀਆਂ ਸੀਟਾਂ ਤ੍ਰਿਣਮੂਲ ਨੂੰ ਮਿਲੀਆਂ। ਅਖੀਰਲੇ ਤਿੰਨ ਗੇੜ ਦੀਆਂ 112 ਸੀਟਾਂ 'ਚੋਂ ਤ੍ਰਿਣਮੂਲ ਨੂੰ 89 ਮਿਲੀਆਂ।
ਚੌਥੇ ਗੇੜ ਤੋਂ ਬਾਅਦ ਬੰਗਾਲ 'ਚ ਇਕ ਹੋਰ ਮੁੱਦਾ ਉੱਭਰ ਕੇ ਸਭ ਤੋਂ ਮੁਹਰੇ ਆ ਗਿਆ, ਉਹ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ 2 ਲੱਖ ਤੋਂ ਵੱਧ ਦੂਜੇ ਰਾਜਾਂ ਤੋਂ ਆਏ ਕੇਂਦਰੀ ਸੁਰੱਖਿਆ ਫੋਰਸ ਦੇ ਜਵਾਨਾਂ, ਪ੍ਰਧਾਨ ਮੰਤਰੀ ਸਮੇਤ ਦੂਜੇ ਆਗੂਆਂ ਵਲੋਂ ਵੱਡੀਆਂ ਰੈਲੀਆਂ ਨੂੰ ਬੰਗਾਲ 'ਚ ਕੋਰੋਨਾ ਆਫਤ ਦਾ ਪ੍ਰਕੋਪ ਦੱਸਦਿਆਂ ਜ਼ੋਰਦਾਰ ਤਰੀਕੇ ਨਾਲ ਇਹ ਆਵਾਜ਼ ਉਠਾਈ ਕਿ ਆਖਰੀ ਚਾਰ ਗੇੜ ਦਾ ਮਤਦਾਨ ਇਕ-ਦੋ ਗੇੜਾਂ 'ਚ ਕੀਤਾ ਜਾਵੇ।
ਲੋਕ ਸਭਾ ਚੋਣਾਂ 2019 'ਚ ਭਾਜਪਾ ਨੂੰ 40 ਫ਼ੀਸਦੀ ਵੋਟਾਂ ਅਤੇ 42 'ਚੋਂ 18 ਸੀਟਾਂ ਮਿਲੀਆਂ ਸਨ, ਬਾਅਦ 'ਚ ਦੋ ਤ੍ਰਿਣਮੂਲ ਦੇ ਸੰਸਦ ਮੈਂਬਰ ਭਾਜਪਾ 'ਚ ਚਲੇ ਗਏ ਅਤੇ ਭਾਜਪਾ ਨੇ ਕਹਿਣਾ ਸ਼ੁਰੂ ਕੀਤਾ '2019 'ਚ ਹਾਫ 2021 'ਚ ਤ੍ਰਿਣਮੂਲ ਸਾਫ਼'। ਮਮਤਾ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਰਾਜ ਦੀਆਂ ਔਰਤਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਭਾਜਪਾ 'ਚ ਨਵੇਂ ਅਤੇ ਪੁਰਾਣੇ ਆਗੂਆਂ 'ਚ ਧੜੇਬੰਦੀ ਅਤੇ ਘੁਟਾਲਿਆਂ 'ਚ ਸ਼ਾਮਿਲ ਦਲ-ਬਦਲੂਆਂ ਨੂੰ ਟਿਕਟਾਂ ਦੇਣ ਦਾ ਨਤੀਜਾ ਇਹ ਹੋਇਆ ਕਿ ਤ੍ਰਿਣਮੂਲ ਛੱਡ ਕੇ ਭਾਜਪਾ 'ਚ ਜਾਣ ਵਾਲੇ 71 ਫ਼ੀਸਦੀ ਚੋਣ ਹਾਰ ਗਏ। ਭਾਜਪਾ ਦੇ ਸੰਸਦ ਮੈਂਬਰ ਬਾਬੁਲ ਸੁਪ੍ਰੀਉ, ਲਾਕੇਟ ਚੈਟਰਜੀ ਵੀ ਚੋਣ ਨਹੀਂ ਜਿੱਤ ਸਕੇ। ਲਾਕੇਟ ਚੈਟਰਜੀ ਦੇ ਸਾਰੇ ਵਿਧਾਨ ਸਭਾ ਹਲਕੇ 'ਚ ਤ੍ਰਿਣਮੂਲ ਨੇ ਜਿੱਤ ਹਾਸਲ ਕੀਤੀ।
ਇਸ ਦੇ ਨਾਲ ਹੀ ਮਮਤਾ ਨੇ ਬੰਗਾਲੀ ਸੱਭਿਆਚਾਰ ਤੇ ਬੰਗਾਲੀ ਸੰਸਕ੍ਰਿਤ ਅਤੇ ਬਾਹਰੋਂ ਆਉਣ ਵਾਲਿਆਂ ਵਲੋਂ ਬੰਗਾਲ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਉਭਾਰਿਆ। ਦੂਜੇ ਪਾਸੇ, ਅਭਿਸ਼ੇਕ ਬੈਨਰਜੀ ਨੂੰ ਮੋਦੀ-ਸ਼ਾਹ ਨੇ 'ਭਤੀਜਾ-ਭਤੀਜਾ' ਕਹਿ ਕੇ ਇਕ ਵੱਡੇ ਆਗੂ ਵਜੋਂ ਅੱਗੇ ਆਉਣ ਦਾ ਮੌਕਾ ਦਿੱਤਾ।
ਨੰਦੀਗ੍ਰਾਮ 'ਚ ਮਮਤਾ ਦੇ ਪੈਰ 'ਤੇ ਸੱਟ ਵੱਜਣਾ, ਮੋਦੀ ਵਲੋਂ 'ਦੀਦੀ ਓ ਦੀਦੀ', ਦਿਲੀਪ ਘੋਸ਼ ਵਲੋਂ ਕਹਿਣਾ ਕਿ ਪੈਰ ਵਿਖਾਉਣਾ ਹੈ ਤਾਂ ਸਾੜੀ ਛੱਡ ਬਰਮੁੰਡਾ ਪਾ ਲੈ, ਵਹੀਲ ਚੇਅਰ 'ਤੇ ਬੈਠ ਕੇ ਮਮਤਾ ਨੇ ਮੋਦੀ-ਸ਼ਾਹ-ਬੀਜੇਪੀ ਦੀ ਸਾਰੀ ਟੀਮ, ਸੀ.ਬੀ.ਆਈ., ਈ.ਡੀ., ਐਨ.ਆਈ.ਏ., ਚੋਣ ਕਮਿਸ਼ਨ ਸਮੇਤ ਸਾਰੀਆਂ ਏਜੰਸੀਆਂ ਨਾਲ ਮੁਕਾਬਲੇ ਨੂੰ ਇਤਿਹਾਸਕ ਬਣਾਇਆ ਅਤੇ ਔਰਤਾਂ ਸਮੇਤ ਸਾਰਿਆਂ ਦੀ ਹਮਦਰਦੀ ਦੀਦੀ ਨਾਲ ਹੋ ਗਈ।
ਬੰਗਾਲ 'ਚ ਚਾਰ ਚੁਫੇਰੇ ਜਸ਼ਨ ਦਾ ਮਾਹੌਲ ਹੈ ਅਤੇ ਤੀਜੀ ਵਾਰ ਮੁੱਖ ਮੰਤਰੀ ਵਜੋਂ ਮਮਤਾ ਨੇ ਸਹੁੰ ਚੁੱਕ ਲਈ ਹੈ। ਐਪਰ ਜਿੱਤ ਦੇ ਦਿਨ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਦੇ ਮੂੰਹ 'ਤੇ ਸਿਰਫ ਬੰਗਾਲ ਅਤੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ, ਕੋਰੋਨਾ ਨਾਲ ਜੰਗ ਨੂੰ ਛੱਡ ਕੇ ਕੁਝ ਨਹੀਂ। ਬੰਗਾਲ ਲਈ 3 ਕਰੋੜ ਟੀਕੇ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਤੋਂ ਉਨ੍ਹਾਂ ਮੰਗ ਕੀਤੀ ਹੈ ਕਿ ਦੇਸ਼ ਦੇ ਸਾਰੇ 140 ਕਰੋੜ ਲੋਕਾਂ ਨੂੰ ਮੁਫ਼ਤ ਟੀਕਾ ਲਾਇਆ ਜਾਵੇ, ਕਿਉਂਕਿ ਸਿਰਫ 30,000 ਕਰੋੜ ਦੀ ਰਕਮ ਹੀ ਖਰਚ ਹੋਵੇਗੀ। ਚੋਣਾਂ 'ਚ ਜੇਕਰ ਹਜ਼ਾਰਾਂ ਕਰੋੜ ਫੂਕੇ ਜਾ ਸਕਦੇ ਹਨ ਤਾਂ ਦੇਸ਼ ਦੇ ਲੋਕਾਂ ਲਈ ਕਿਉਂ ਨਹੀਂ? ਇਸ ਤੋਂ ਪਤਾ ਚਲਦਾ ਹੈ ਕਿ ਦੀਦੀ ਨੂੰ ਲੋਕਾਂ ਦੀ ਨਬਜ਼ ਦਾ ਪਤਾ ਹੈ ਜਿਹੜੀ ਦਿੱਲੀ ਦੇ ਹੁਕਮਰਾਨਾਂ ਨੂੰ ਨਹੀਂ। ਇਹੋ ਕਾਰਨ ਹੈ ਕਿ ਬੰਗਾਲ ਦੀ ਇਤਿਹਾਸਕ ਜਿੱਤ ਦਾ ਸਿਹਰਾ ਸਿਰਫ ਅਤੇ ਸਿਰਫ ਮਮਤਾ ਬੈਨਰਜੀ ਦੇ ਸਿਰ ਹੈ।
-ਮੋ: 90384-13112
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX