ਆਜ਼ਾਦੀ ਤੋਂ ਬਾਅਦ ਜਿਥੇ ਦੇਸ਼ ਨੂੰ ਗਣਤੰਤਰੀ ਰਾਜ ਐਲਾਨਿਆ ਗਿਆ ਸੀ, ਉਥੇ ਲਿਖਤੀ ਸੰਵਿਧਾਨ ਵਿਚ ਸਾਰੇ ਸ਼ਹਿਰੀਆਂ ਨੂੰ ਇਕੋ ਜਿਹੇ ਅਧਿਕਾਰ ਦਿੱਤੇ ਗਏ ਸਨ। ਇਸ ਵਿਚ ਧਰਮ, ਜਾਤ ਜਾਂ ਲਿੰਗ ਦਾ ਕੋਈ ਭੇਦਭਾਵ ਨਹੀਂ ਸੀ। ਇਕ ਨਿਸਚਿਤ ਉਮਰ ਤੋਂ ਬਾਅਦ ਸਾਰੇ ਸ਼ਹਿਰੀਆਂ ਨੂੰ ...
ਪਿਛਲੇ ਹਫ਼ਤੇ ਇਸੇ ਸੰਬੰਧ 'ਚ ਚਰਚਾ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਜਾਤੀਵਾਦ ਗੱਠਜੋੜ ਬਣਾਉਣ ਦੀ ਰਾਜਨੀਤੀ ਤੋਂ ਪੈਦਾ ਹੋਈਆਂ ਦੁਬਿਧਾਵਾਂ ਕਾਰਨ ਭਾਜਪਾ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਉਨ੍ਹਾਂ ਦੇ ਬੇਟੇ ਦੇ ਬਾਰੇ ਖ਼ਿਲਾਫ਼ਤ ਅਤੇ ...
ਅੱਜ ਲਈ ਵਿਸ਼ੇਸ਼
ਪੈਗ਼ੰਬਰ ਹਜ਼ਰਤ ਮੁਹੰਮਦ ਮੁਸਤਫ਼ਾ (ਸੱਲ.) ਸਾਹਿਬ ਦੀ ਪੈਦਾਇਸ਼ ਸਾਊਦੀ ਅਰਬ ਦੇ ਪ੍ਰਸਿੱਧ ਸ਼ਹਿਰ ਮੱਕਾ ਸ਼ਰੀਫ਼ ਵਿਖੇ 571 ਈ. ਅਰਬੀ ਮਹੀਨਾ ਰਬੀਉਲ ਅੱਵਲ ਨੂੰ ਹੋਈ ਅਤੇ ਆਪ ਦੇ ਪਿਤਾ ਦਾ ਨਾਂਅ ਹਜ਼ਰਤ ਅਬਦੁੱਲਾ ਬਿਨ ਅਬਦੁਲ ਮੁਤਲਿਬ ਅਤੇ ਮਾਂ ਦਾ ਨਾਂਅ ਹਜ਼ਰਤ ...
ਭਾਰਤ ਦਾ ਸੰਵਿਧਾਨ ਭਾਰਤ ਦੇ ਨਾਗਰਿਕਾਂ ਨੂੰ ਕਈ ਤਰ੍ਹਾਂ ਦੇ ਮੌਲਿਕ ਅਧਿਕਾਰ ਪ੍ਰਦਾਨ ਕਰਦਾ ਹੈ। ਜਿਊਣ ਦਾ ਹੱਕ ਅਤੇ ਨਿੱਜੀ ਆਜ਼ਾਦੀ ਦਾ ਹੱਕ, ਇਨ੍ਹਾਂ ਮੌਲਿਕ ਅਧਿਕਾਰਾਂ ਵਿਚੋਂ ਇਕ ਹੈ ਜੋ ਕਿ ਸੰਵਿਧਾਨ ਦੇ ਆਰਟੀਕਲ 21 ਦੁਆਰਾ ਯਕੀਨੀ ਬਣਾਇਆ ਗਿਆ ਹੈ। ਇਹ ਹੱਕ ਕਿਸੇ ਨਾਗਰਿਕ ਤੋਂ ਕਾਨੂੰਨ ਦੁਆਰਾ ਦਿੱਤੀ ਪ੍ਰਕਿਰਿਆ ਦੁਆਰਾ ਹੀ ਲਿਆ ਜਾ ਸਕਦਾ ਹੈ। ਪਰ ਜੇਕਰ ਇਸ ਪ੍ਰਕਿਰਿਆ ਤੋਂ ਇਲਾਵਾ ਕਿਸੇ ਹੋਰ ਢੰਗ ਨਾਲ ਨਾਗਰਿਕ ਦਾ ਹੱਕ ਖੋਹਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ। ਇਸੇ ਲਈ ਜਦੋਂ ਕਿਸੇ ਵਿਅਕਤੀ ਨੂੰ ਲਗਦਾ ਹੈ ਕਿ ਯਕੀਨਨ ਉਸ ਨੂੰ ਬਿਨਾਂ ਕਿਸੇ ਗੱਲ ਤੋਂ ਭਵਿੱਖ ਵਿਚ ਇਕ ਨਿਸਚਿਤ ਗ਼ੈਰ-ਜ਼ਮਾਨਤੀ ਜੁਰਮ ਵਾਸਤੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਤਾਂ ਉਹ ਮਾਣਯੋਗ ਹਾਈ ਕੋਰਟ ਜਾਂ ਸੈਸ਼ਨ ਅਦਾਲਤ ਕੋਲ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾ ਸਕਦਾ ਹੈ। ਇਸ ਜ਼ਮਾਨਤ ਅਨੁਸਾਰ ਜੇਕਰ ਭਵਿੱਖ ਵਿਚ ਉਸ ਨਿਸਚਿਤ ਜੁਰਮ ਵਾਸਤੇ (ਜਿਸ ਲਈ ਜ਼ਮਾਨਤ ਮਿਲੀ ਹੈ) ਉਸ ਨੂੰ (ਪ੍ਰਾਰਥੀ) ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਅਦਾਲਤ ਦਾ ਜ਼ਮਾਨਤ ਦਾ ਹੁਕਮ ਦਿਖਾਉਣ 'ਤੇ ਪੁਲਿਸ ਅਫ਼ਸਰ ਨੂੰ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰਨਾ ਪੈਂਦਾ ਹੈ। ਇਹ ਜ਼ਮਾਨਤ ਅਦਾਲਤ ਕੋਲੋਂ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਲਾਈ ਜਾਂਦੀ ਹੈ, ਇਸ ਕਰਕੇ ਇਸ ਨੂੰ 'ਅਗਾਊਂ ਜ਼ਮਾਨਤ' ਦੇ ਨਾਂਅ ਵਜੋਂ ਜਾਣਿਆ ਜਾਂਦਾ ਹੈ। ਅਗਾਊਂ ਜ਼ਮਾਨਤ ਦੀ ਅਰਜ਼ੀ ਜ਼ਾਬਤਾ ਫ਼ੌਜਦਾਰੀ ਸੰਘਤਾ, 1973 ਦੀ ਧਾਰਾ 438 ਅੰਦਰ ਲਗਦੀ ਹੈ।
ਜਦੋਂ ਵੀ ਕੋਈ ਵਿਅਕਤੀ ਧਾਰਾ 438 ਅੰਦਰ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਉਂਦਾ ਹੈ ਤਾਂ ਅਰਜ਼ੀ 'ਤੇ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਅਦਾਲਤ ਕਈ ਤੱਥਾਂ ਨੂੰ ਧਿਆਨ ਵਿਚ ਰੱਖਦੀ ਹੈ, ਜਿਵੇਂ ਕਿ ਜਿਸ ਜੁਰਮ ਵਾਸਤੇ ਉਸ ਵਿਅਕਤੀ ਨੂੰ ਭਵਿੱਖ ਵਿਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਉਹ ਜੁਰਮ ਕਿੰਨਾ ਕੁ ਗੰਭੀਰ ਹੈ, ਕੀ ਪ੍ਰਾਰਥੀ (ਜਿਸ ਨੇ ਜ਼ਮਾਨਤ ਲਈ ਅਰਜ਼ੀ ਲਾਈ ਹੈ) ਜ਼ਮਾਨਤ ਦੀ ਆੜ 'ਚ ਸਜ਼ਾ ਤੋਂ ਬਚਣ ਲਈ ਭੱਜ ਸਕਦਾ ਹੈ, ਕੀ ਪ੍ਰਾਰਥੀ ਵਿਰੁੱਧ ਦੋਸ਼ ਸਿਰਫ਼ ਉਸ ਦੇ ਸਨਮਾਨ ਨੂੰ ਢਾਹ ਲਾਉਣ ਵਾਸਤੇ ਜਾਂ ਉਸ ਨੂੰ ਜ਼ਲੀਲ ਕਰਨ ਵਾਸਤੇ ਲਾਏ ਗਏ ਹਨ ਆਦਿ। ਇਨ੍ਹਾਂ ਸਭ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਦਾਲਤ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਫ਼ੈਸਲਾ ਸੁਣਾਉਂਦੀ ਹੈ। ਕਈ ਵਾਰ ਅਦਾਲਤ ਅਰਜ਼ੀ 'ਤੇ ਅੰਤਿਮ ਫ਼ੈਸਲਾ ਨਾ ਦੇ ਕੇ ਵਕਤੀ ਅਗਾਊਂ ਜ਼ਮਾਨਤ ਦਾ ਆਦੇਸ਼ (}nter}m order) ਪਾਸ ਕਰ ਦਿੰਦੀ ਹੈ। ਇਸ ਦਾ ਮਤਲਬ ਜਦੋਂ ਤੱਕ ਅਰਜ਼ੀ ਤੇ ਅੰਤਿਮ ਫ਼ੈਸਲਾ ਨਹੀਂ ਆ ਜਾਂਦਾ ਉਸ ਸਮੇਂ ਦੌਰਾਨ ਜੇਕਰ ਪੁਲਿਸ ਅਫ਼ਸਰ ਪ੍ਰਾਰਥੀ ਨੂੰ ਗ੍ਰਿਫ਼ਤਾਰ ਕਰਦਾ ਹੈ ਤਾਂ ਵਕਤੀ ਜ਼ਮਾਨਤ ਵਾਲਾ ਆਰਡਰ ਦੇਖਣ 'ਤੇ ਉਸ ਨੂੰ ਪ੍ਰਾਰਥੀ ਨੂੰ ਜ਼ਮਾਨਤ 'ਤੇ ਰਿਹਾਅ ਕਰਨਾ ਪਵੇਗਾ। ਵਕਤੀ ਆਦੇਸ਼ ਪਾਸ ਕਰਨ ਤੋਂ ਬਾਅਦ ਅਦਾਲਤ ਸਰਕਾਰੀ ਵਕੀਲ ਅਤੇ ਪੁਲਿਸ ਕਪਤਾਨ ਨੂੰ ਘੱਟੋ-ਘੱਟ 7 ਦਿਨਾਂ ਦਾ ਨੋਟਿਸ ਦਿੰਦੀ ਹੈ ਤਾਂ ਜੋ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਅੰਤਿਮ ਫ਼ੈਸਲਾ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਸੁਣਿਆ ਜਾ ਸਕੇ।
ਅਗਾਊਂ ਜ਼ਮਾਨਤ ਵਿਅਕਤੀ ਦਾ ਹੱਕ ਨਹੀਂ ਹੁੰਦਾ ਬਲਕਿ ਇਹ ਅਦਾਲਤ ਦੀ ਮਰਜ਼ੀ ਹੁੰਦੀ ਹੈ ਅਰਥਾਤ ਅਦਾਲਤ ਤੱਥਾਂ ਨੂੰ ਦੇਖਦੇ ਹੋਏ ਫ਼ੈਸਲਾ ਕਰਦੀ ਹੈ ਕਿ ਜ਼ਮਾਨਤ ਦੇਣੀ ਹੈ ਜਾਂ ਨਹੀਂ। ਜੇਕਰ ਅਦਾਲਤ ਅੰਤਿਮ ਫ਼ੈਸਲੇ ਵਿਚ ਅਗਾਊਂ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੰਦੀ ਹੈ ਤਾਂ ਪੁਲਿਸ ਅਫ਼ਸਰ ਉਸ ਨਿਸਚਿਤ ਗ਼ੈਰ-ਜ਼ਮਾਨਤੀ ਜੁਰਮ ਵਾਸਤੇ ਪ੍ਰਾਰਥੀ ਨੂੰ ਬਿਨਾਂ ਵਾਰੰਟ ਤੋਂ ਗ੍ਰਿਫ਼ਤਾਰ ਕਰ ਸਕਦਾ ਹੈ। ਉਦਾਹਰਨ ਵਜੋਂ ਹਾਲ ਹੀ ਵਿਚ ਦੋ ਵਾਰ ਦੇ ਉਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਛਤਰਸਾਲ ਸਟੇਡੀਅਮ ਦੇ ਬਾਹਰ ਦੋ ਧਿਰਾਂ 'ਚ ਹੋਈ ਝੜਪ ਦੌਰਾਨ ਆਪਣੇ ਸਾਥੀ ਪਹਿਲਵਾਨ ਦੀ ਕਥਿਤ ਹੱਤਿਆ ਵਿਚ ਸ਼ਮੂਲੀਅਤ ਵਾਲੇ ਮੁੱਕਦਮੇ ਵਿਚ ਦਿੱਲੀ ਸੈਸ਼ਨ ਕੋਰਟ ਨੇ ਇਹ ਕਹਿੰਦਿਆਂ ਅਗਾਊਂ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਸੀ ਕਿ ਮੁਲਜ਼ਮ 'ਤੇ ਲੱਗੇ ਦੋਸ਼ ਗੰਭੀਰ ਹਨ।
ਇਸ ਦੇ ਉਲਟ ਜੇਕਰ ਅਗਾਊਂ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਜੇ ਪੁਲਿਸ ਅਫ਼ਸਰ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਦਾ ਹੈ ਤਾਂ ਅਦਾਲਤ ਦਾ ਨਿਰਦੇਸ਼ ਦਿਖਾਉਣ 'ਤੇ ਪੁਲਿਸ ਨੂੰ ਉਸ ਵਿਅਕਤੀ ਨੂੰ ਜ਼ਮਾਨਤ 'ਤੇ ਛੱਡਣਾ ਪਵੇਗਾ। ਜਿਵੇਂ ਕਿ ਕੇਰਲਾ ਹਾਈ ਕੋਰਟ ਨੇ ਲਕਸ਼ਦੀਪ ਦੀ ਫ਼ਿਲਮਸਾਜ਼ ਆਇਸ਼ਾ ਸੁਲਤਾਨਾ ਨੂੰ ਦੇਸ਼ ਧ੍ਰੋਹ ਦੇ ਮਾਮਲੇ ਵਿਚ ਅਗਾਊਂ ਜ਼ਮਾਨਤ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਵਿਚ ਕੋਈ ਸਪੱਸ਼ਟ ਸੰਕੇਤ ਨਹੀਂ ਹੈ ਜੋ ਰਾਸ਼ਟਰ ਹਿਤ ਦੇ ਉਲਟ ਲੱਗਣ ਵਾਲੇ ਦੋਸ਼ਾਂ ਜਾਂ ਦਾਅਵਿਆਂ ਵਰਗਾ ਪ੍ਰਤੀਤ ਹੋਵੇ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸਥਿਤੀ 'ਚ ਉਨ੍ਹਾਂ ਨੂੰ 50 ਹਜ਼ਾਰ ਦੇ ਨਿੱਜੀ ਮੁਚੱਲਕੇ ਅਤੇ ਇੰਨੀ ਹੀ ਰਾਸ਼ੀ ਦੀ ਜ਼ਮਾਨਤ ਦੇਣ 'ਤੇ ਅਗਾਊਂ ਜ਼ਮਾਨਤ ਦਿੱਤੀ ਜਾਵੇ।
ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਜੇਕਰ ਮੈਜਿਸਟ੍ਰੇਟ ਨੇ ਉਸ ਵਿਅਕਤੀ ਦੇ ਵਿਰੁੱਧ ਵਾਰੰਟ ਪਾਸ ਕਰਨੇ ਹਨ ਤਾਂ ਉਹ ਸਿਰਫ਼ ਜ਼ਮਾਨਤੀ ਵਾਰੰਟ ਹੀ ਪਾਸ ਕਰ ਸਕਦਾ ਹੈ ਨਾ ਕਿ ਗ਼ੈਰ ਜ਼ਮਾਨਤੀ ਵਾਰੰਟ। ਇੱਥੇ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਅਗਾਊਂ ਜ਼ਮਾਨਤ ਦਾ ਇਹ ਮਤਲਬ ਨਹੀਂ ਕਿ ਪੁਲਿਸ ਅਫ਼ਸਰ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਹੀ ਨਹੀਂ ਕਰ ਸਕਦਾ, ਪਰ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਵਿਅਕਤੀ ਨੂੰ ਜ਼ਮਾਨਤ 'ਤੇ ਛੱਡਣਾ ਪੈਂਦਾ ਹੈ।
ਅਗਾਊਂ ਜ਼ਮਾਨਤ ਦੇਣ ਸਮੇਂ ਅਦਾਲਤ ਕਈ ਤਰ੍ਹਾਂ ਦੀਆਂ ਸ਼ਰਤਾਂ ਪ੍ਰਾਰਥੀ ਉੱਪਰ ਲਗਾ ਸਕਦੀ ਹੈ ਜਿਵੇਂ ਕਿ-
* ਜਦੋਂ ਵੀ ਅਦਾਲਤ ਦੁਆਰਾ ਮੁਕੱਦਮੇ ਦੀ ਜਾਂਚ ਜਾਂ ਪੁਲਿਸ ਅਫ਼ਸਰ ਦੁਆਰਾ ਮੁਕੱਦਮੇ ਦੀ ਤਫ਼ਤੀਸ਼ ਵਿਚ ਬੁਲਾਇਆ ਜਾਵੇਗਾ ਤਾਂ ਉਹ ਆਪਣੇ ਆਪ ਨੂੰ ਪੇਸ਼ ਕਰੇਗਾ।
* ਉਹ ਕਿਸੇ ਵੀ ਤਰ੍ਹਾਂ ਮੁਕੱਦਮੇ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਜਾਂ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਨਹੀਂ ਕਰੇਗਾ।
* ਉਹ ਵਿਦੇਸ਼ ਭੱਜਣ ਦੀ ਕੋਸ਼ਿਸ਼ ਨਹੀਂ ਕਰੇਗਾ ਆਦਿ।
ਅਦਾਲਤ ਨੂੰ ਇਹ ਸ਼ਰਤਾਂ ਲਾਉਣ ਦਾ ਅਧਿਕਾਰ ਇਸ ਕਰਕੇ ਦਿੱਤਾ ਗਿਆ ਹੈ ਕਿ ਕੱਲ੍ਹ ਨੂੰ ਉਹ ਵਿਅਕਤੀ ਕਿਸੇ ਵੀ ਤਰ੍ਹਾਂ ਪੁਲਿਸ ਤਫ਼ਤੀਸ਼ ਆਦਿ ਨੂੰ ਪ੍ਰਭਾਵਿਤ ਨਾ ਕਰ ਸਕੇ ਅਤੇ ਜੇਕਰ ਕੱਲ੍ਹ ਨੂੰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਸਜ਼ਾ ਭੁਗਤਣ ਲਈ ਤਿਆਰ ਰਹੇ।
ਅਗਾਊਂ ਜ਼ਮਾਨਤ ਅਤੇ ਨਿਯਮਤ ਜ਼ਮਾਨਤ (ਰੈਗੂਲਰ ਬੇਲ) ਵਿਚ ਇਹ ਫ਼ਰਕ ਹੁੰਦਾ ਹੈ ਕਿ ਨਿਯਮਤ ਜ਼ਮਾਨਤ ਸਿਰਫ਼ ਪਰਚੇ (ਐਫ.ਆਈ.ਆਰ.) ਤੋਂ ਬਾਅਦ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਹੀ ਦੋਸ਼ੀ ਦੁਆਰਾ ਲਾਈ ਜਾ ਸਕਦੀ ਹੈ ਜਦਕਿ ਗੁਰਬਖ਼ਸ਼ ਸਿੰਘ ਸੀਬੀਆ ਬਨਾਮ ਯੂਨੀਅਨ ਆਫ਼ ਇੰਡਿਆ ਕੇਸ ਵਿਚ ਮਾਣਯੋਗ ਸੁਪਰੀਮ ਕੋਰਟ ਨੇ ਇਹ ਸਪੱਸ਼ਟ ਕੀਤਾ ਸੀ ਕਿ ਅਗਾਊਂ ਜ਼ਮਾਨਤ ਪਰਚਾ ਦਰਜ ਹੋਣ ਤੋਂ ਪਹਿਲਾਂ ਜਾਂ ਪਰਚੇ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਪਹਿਲਾਂ ਲਾਈ ਜਾ ਸਕਦੀ ਹੈ।
ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਵਿਅਕਤੀ ਜੇ ਕਿਸੇ ਵੀ ਸ਼ਰਤ ਦੀ ਉਲੰਘਣਾ ਕਰਦਾ ਹੈ ਤਾਂ ਉਕਤ ਐਕਟ ਦੀ ਧਾਰਾ 439(2) ਅਨੁਸਾਰ ਮਾਣਯੋਗ ਹਾਈ ਕੋਰਟ ਜਾਂ ਸੈਸ਼ਨ ਅਦਾਲਤ ਅਗਾਊਂ ਜ਼ਮਾਨਤ ਰੱਦ ਕਰ ਸਕਦੀ ਹੈ ਅਤੇ ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਸਕਦਾ ਹੈ। ਇੱਥੇ ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੋਵੇਗਾ ਕਿ ਜੇਕਰ ਅਗਾਊਂ ਜ਼ਮਾਨਤ ਸੈਸ਼ਨ ਅਦਾਲਤ ਦੁਆਰਾ ਦਿੱਤੀ ਗਈ ਹੋਵੇ ਤਾਂ ਧਾਰਾ 439(2) ਅੰਦਰ ਉਸ ਨੂੰ ਹਾਈ ਕੋਰਟ ਜਾਂ ਸੈਸ਼ਨ ਕੋਰਟ ਵਿਚੋਂ ਕੋਈ ਵੀ ਰੱਦ ਕਰ ਸਕਦਾ ਹੈ ਜਦਕਿ ਜੇ ਅਗਾਊਂ ਜ਼ਮਾਨਤ ਹਾਈ ਕੋਰਟ ਤੋਂ ਲਈ ਗਈ ਹੋਵੇ ਤਾਂ ਉਸ ਨੂੰ ਸਿਰਫ਼ ਹਾਈ ਕੋਰਟ ਹੀ ਰੱਦ ਕਰ ਸਕਦੀ ਹੈ।
ਭਾਵੇਂ ਇਹ ਅਦਾਲਤ ਉੱਪਰ ਨਿਰਭਰ ਕਰਦਾ ਹੈ ਕਿ ਅਗਾਊਂ ਜ਼ਮਾਨਤ ਦੇਣੀ ਹੈ ਜਾਂ ਨਹੀਂ ਪਰ 2018 ਵਿਚ ਧਾਰਾ 438(4) ਨੂੰ ਸ਼ਾਮਿਲ ਕੀਤਾ ਗਿਆ, ਜਿਸ ਅਨੁਸਾਰ ਭਾਰਤੀ ਦੰਡ ਸੰਘਤਾ, 1860 ਦੀ ਧਾਰਾ 376(3), 376 (12), 376 (41), 376 (42) ਜੋ ਕਿ ਜਬਰ ਜਨਾਹ ਨਾਲ ਸੰਬੰਧਿਤ ਹਨ ਵਿਚ ਅਦਾਲਤ ਕਦੇ ਵੀ ਅਗਾਊਂ ਜ਼ਮਾਨਤ ਪ੍ਰਦਾਨ ਨਹੀਂ ਕਰੇਗੀ ਕਿਉਂਕਿ ਇਹ ਬਹੁਤ ਹੀ ਗੰਭੀਰ ਜੁਰਮ ਹਨ ਅਤੇ ਦੋਸ਼ੀ ਦੁਆਰਾ ਪੀੜਤ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਅਤੇ ਸਬੂਤਾਂ ਨੂੰ ਮਿਟਾਉਣ ਦੇ ਆਸਾਰ ਵਧੇਰੇ ਹੁੰਦੇ ਹਨ। ਸੋ, ਇਸ ਤਰ੍ਹਾਂ ਸਾਨੂੰ ਪਤਾ ਲਗਦਾ ਹੈ ਕਿ ਅਗਾਊਂ ਜ਼ਮਾਨਤ ਕੀ ਹੁੰਦੀ ਹੈ ਅਤੇ ਇਸ ਨੂੰ ਕੌਣ, ਕਿਵੇਂ, ਕਦੋਂ ਅਤੇ ਕਿੱਥੋਂ ਲੈ ਸਕਦਾ ਹੈ?
-ਪਿੰਡ: ਅਰਨੀਵਾਲਾ ਸ਼ੇਖ ਸ਼ੁਭਾਨ।
ਮੋ: 95019-95829
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX