ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗਾਂ ਲਾਏ ਜਾਣ ਨਾਲ ਇਕ ਵਾਰ ਫਿਰ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਦੀ ਚਿੰਤਾ ਵਿਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨਿਆਂ ਵਿਚ ਸੂਬਾ ਸਰਕਾਰ ਨੇ ਇਸ ਸੰਬੰਧੀ ਵੱਡੀ ਪ੍ਰਚਾਰ ਮੁਹਿੰਮ ਚਲਾਈ ਸੀ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅੱਗ ਨਾ ਲਗਾਈ ਜਾਏ। ਅਜਿਹਾ ਪ੍ਰਚਾਰ ਪਿਛਲੇ ਸਾਲਾਂ ਤੋਂ ਲਗਾਤਾਰ ਕੀਤਾ ਜਾਂਦਾ ਰਿਹਾ ਹੈ। ਪਰ ਇਸ ਦੇ ਬਾਵਜੂਦ ਪਿਛਲੇ 10 ਸਾਲ ਦੀ ਸੂਚਨਾ ਇਕੱਠੀ ਕਰਨ 'ਤੇ ਇਹ ਹੀ ਪ੍ਰਭਾਵ ਮਿਲਦਾ ਹੈ ਕਿ ਇਸ ਤਰ੍ਹਾਂ ਦੇ ਕਿਸੇ ਵੀ ਪ੍ਰਚਾਰ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਸਗੋਂ ਇਸ ਮਸਲੇ ਸੰਬੰਧੀ ਵਰਤੀ ਜਾਂਦੀ ਲਾਪਰਵਾਹੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੰਕੜਿਆਂ ਮੁਤਾਬਿਕ ਹਰ ਸਾਲ ਅੱਗ ਲਗਾਉਣ ਦੀਆਂ ਇਨ੍ਹਾਂ ਘਟਨਾਵਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਇਸ ਗੱਲ ਨੂੰ ਕਿਸਾਨ ਕਿਉਂ ਨਹੀਂ ਸਮਝਣਾ ਚਾਹੁੰਦਾ, ਇਸ ਗੱਲ ਦੀ ਸਮਝ ਆਉਣੀ ਵੀ ਮੁਸ਼ਕਿਲ ਹੈ। ਕੇਂਦਰ ਤੇ ਪੰਜਾਬ ਸਰਕਾਰ ਨੇ ਵੱਡੀਆਂ ਸਬਸਿਡੀਆਂ ਦਾ ਐਲਾਨ ਕੀਤਾ। ਫ਼ਸਲ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਕਈ ਤਰ੍ਹਾਂ ਦੀਆਂ ਈਜਾਦ ਹੋਈਆਂ ਮਸ਼ੀਨਾਂ ਦੀ ਵੀ ਵਰਤੋਂ ਕਰਨ ਲਈ ਕਿਹਾ ਗਿਆ। ਬੈਂਕਾਂ, ਸਰਕਾਰੀ ਸਭਾਵਾਂ ਤੇ ਪੰਚਾਇਤਾਂ ਨੂੰ ਵੀ ਇਸ ਸੰਬੰਧੀ ਪ੍ਰੇਰਿਆ ਗਿਆ ਪਰ ਮਰਜ਼ ਘਟਣ ਦੀ ਬਜਾਏ ਵਧਦੀ ਹੀ ਗਈ।
ਇਸ ਤਰ੍ਹਾਂ ਲਗਦਾ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਇਸ ਦੀ ਰੋਕਥਾਮ ਕਰਨ ਲਈ ਲਗਾਏ ਗਏ ਕਰੋੜਾਂ ਰੁਪਏ ਖੂਹ-ਖਾਤੇ ਵਿਚ ਪੈ ਗਏ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਜੇਕਰ ਫ਼ਸਲ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਵਿਚ ਕੋਈ ਦਿੱਕਤਾਂ ਵੀ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਹੱਲ ਕਰਨ ਵੱਲ ਤਰਜੀਹ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਅਜਿਹੀ ਭਾਵਨਾ ਦਾ ਕੋਈ ਸੰਚਾਰ ਹੀ ਕੀਤਾ ਜਾ ਰਿਹਾ ਹੈ। ਇਸ ਵਾਰ ਵਧੇਰੇ ਪ੍ਰਸ਼ਾਸਕੀ ਪ੍ਰਬੰਧ ਕਰਨ ਲਈ ਹਜ਼ਾਰਾਂ ਹੀ ਨੋਡਲ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ। ਅਜਿਹਾ ਕਰਨ ਵਾਲਿਆਂ 'ਤੇ ਕੇਸ ਦਰਜ ਕਰਨ ਦੇ ਅਧਿਕਾਰ ਵੀ ਪੁਲਿਸ ਨੂੰ ਦਿੱਤੇ ਗਏ ਪਰ ਸਾਡੇ ਸਮਾਜ ਵਿਚ ਜ਼ਾਬਤੇ ਦੀ ਘਾਟ ਤਾਂ ਪਹਿਲਾਂ ਹੀ ਬੁਰੀ ਤਰ੍ਹਾਂ ਰੜਕ ਰਹੀ ਸੀ। ਹੁਣ ਕਿਸੇ ਤਰ੍ਹਾਂ ਦਾ ਪ੍ਰਸ਼ਾਸਕੀ ਡਰ ਵੀ ਉੱਡ ਗਿਆ ਜਾਪਦਾ ਹੈ, ਜਿਸ ਤੋਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿਚ 3000 ਤੋਂ ਵਧੇਰੇ ਥਾਵਾਂ 'ਤੇ ਪਰਾਲੀ ਨੂੰ ਅੱਗ ਲਾਈ ਜਾ ਚੁੱਕੀ ਹੈ ਜਿਸ ਨਾਲ ਆਬੋ-ਹਵਾ ਖ਼ਰਾਬ ਹੋਣੀ ਸ਼ੁਰੂ ਹੋ ਗਈ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਅਜਿਹਾ ਵਰਤਾਰਾ ਇਕ ਥਾਂ 'ਤੇ ਨਹੀਂ ਸਗੋਂ ਬਹੁਤ ਸਾਰੀਆਂ ਥਾਵਾਂ 'ਤੇ ਦੇਖਿਆ ਜਾ ਸਕਦਾ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਵਿਚੋਂ ਸਿਰਫ ਪਠਾਨਕੋਟ ਜ਼ਿਲ੍ਹਾ ਹੀ ਇਕ ਅਜਿਹਾ ਜ਼ਿਲ੍ਹਾ ਹੈ ਜਿਥੇ ਅੱਜ ਤੱਕ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ। ਮਾਨਸਾ ਜ਼ਿਲ੍ਹੇ ਵਿਚ ਵੀ ਇਹ ਵਰਤਾਰਾ ਘੱਟ ਹੀ ਦਿਖਿਆ ਹੈ। ਹੁਣ ਤੱਕ ਦੇ ਵੇਰਵੇ ਅਨੁਸਾਰ ਪਿਛਲੇ ਸਾਲ ਨਾਲੋਂ ਹੁਣ ਤੱਕ ਇਸ ਸਾਲ ਕੇਸ ਜ਼ਰੂਰ ਘਟੇ ਹਨ ਪਰ ਇਸ ਦਾ ਵੱਡਾ ਕਾਰਨ ਫ਼ਸਲ ਦਾ ਮੰਡੀਆਂ ਵਿਚ ਦੇਰੀ ਨਾਲ ਪੁੱਜਣਾ ਹੈ। ਪਰ ਬਹੁਤ ਸਾਰੇ ਖੇਤੀ ਵਿਗਿਆਨੀ ਇਹ ਵੀ ਅੰਦਾਜ਼ਾ ਲਗਾ ਰਹੇ ਹਨ ਕਿ ਆਉਂਦੇ ਦਿਨਾਂ ਵਿਚ ਇਹ ਸਿਲਸਿਲਾ ਹੋਰ ਵੀ ਰਫ਼ਤਾਰ ਫੜੇਗਾ, ਜਿਸ ਨਾਲ ਪਹਿਲਾਂ ਹੀ ਹਰ ਤਰ੍ਹਾਂ ਦੇ ਪ੍ਰਦੂਸ਼ਣ ਨਾਲ ਭੰਨਿਆ ਸੂਬਾ ਹੋਰ ਵੀ ਗੰਧਲਾ ਹੋਇਆ ਦਿਖਾਈ ਦੇਵੇਗਾ।
ਅਸੀਂ ਮਹਿਸੂਸ ਕਰਦੇ ਹਾਂ ਕਿ ਜੇਕਰ ਸਾਡੇ ਸਮਾਜ ਦੇ ਹਰ ਖੇਤਰ ਵਿਚ ਅਜਿਹੀ ਢਿੱਲੀ ਕਾਰਗੁਜ਼ਾਰੀ ਹੀ ਸਾਹਮਣੇ ਆਉਂਦੀ ਰਹੀ ਤਾਂ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ। ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਪ੍ਰਸ਼ਾਸਨ ਵਲੋਂ ਕਿਸਾਨਾਂ ਪ੍ਰਤੀ ਅਪਣਾਈ ਜਾ ਰਹੀ ਨਰਮੀ ਦਾ ਇਕ ਕਾਰਨ ਕਿਸਾਨ ਅੰਦੋਲਨ ਹੈ। ਦੂਸਰਾ ਕਾਰਨ ਮੌਜੂਦਾ ਸਰਕਾਰ ਦਾ ਸਮਾਂ ਕੁਝ ਮਹੀਨੇ ਦਾ ਰਹਿ ਗਿਆ ਹੈ ਅਤੇ ਤੀਜਾ ਕਾਰਨ ਪ੍ਰਸ਼ਾਸਨ ਦੀ ਬੇਹੱਦ ਢਿੱਲੀ-ਮੱਠੀ ਨੀਤੀ ਹੈ। ਸਮਾਜ ਵਿਚ ਹਰ ਤਰ੍ਹਾਂ ਦੀ ਪ੍ਰਤੀਬੱਧਤਾ ਦੇ ਬੇਹੱਦ ਘਟਣ ਨਾਲ ਬਿਨਾਂ ਸ਼ੱਕ ਸੂਬਾ ਹੋਰ ਰਸਾਤਲ ਵਿਚ ਚਲਾ ਜਾਏਗਾ। ਜੇਕਰ ਆਪਣੇ ਸੂਬੇ ਦੀ ਕਾਰਗੁਜ਼ਾਰੀ 'ਤੇ ਨਜ਼ਰ ਮਾਰੀ ਜਾਏ ਤਾਂ ਇਕ ਸਮੇਂ ਇਹ ਅਗਾਂਹਵਧੂ ਸੂਬਾ ਪਹਿਲੇ ਨੰਬਰ 'ਤੇ ਖੜ੍ਹਾ ਦਿਖਾਈ ਦਿੰਦਾ ਸੀ ਪਰ ਹੁਣ ਇਹ ਦੇਸ਼ ਦੇ ਆਖਰੀ ਸੂਬਿਆਂ ਵਿਚ ਆ ਖੜ੍ਹਾ ਹੋਇਆ ਹੈ। ਖੇਤੀ ਵਿਚ ਖੜੋਤ ਆ ਗਈ ਹੈ, ਸਨਅਤ ਬਿਮਾਰ ਪੈ ਗਈ ਹੈ। ਅਜਿਹੇ ਹਾਲਾਤ ਵਿਚ ਬੇਰੁਜ਼ਗਾਰੀ ਵਧਣ ਨਾਲ ਸੂਬੇ ਦਾ ਨੌਜਵਾਨ ਨਿਰਾਸ਼ ਤੇ ਨਾਰਾਜ਼ ਹੋਇਆ ਦਿਖਾਈ ਦੇ ਰਿਹਾ ਹੈ। ਬਿਨਾਂ ਸ਼ੱਕ ਅੱਜ ਸਾਡਾ ਸਮਾਜ ਹਰ ਤਰ੍ਹਾਂ ਦੀ ਪ੍ਰਤੀਬੱਧਤਾ ਦੀ ਘਾਟ ਕਾਰਨ ਜਿਸ ਹਾਲਤ ਵਿਚ ਪੁੱਜ ਚੁੱਕਾ ਹੈ, ਉਸ ਲਈ ਵੱਡੀ ਜ਼ਿੰਮੇਵਾਰੀ ਤਤਕਾਲੀ ਸਰਕਾਰ ਦੀ ਮੰਨੀ ਜਾਣੀ ਚਾਹੀਦੀ ਹੈ, ਜੋ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਵਿਚ ਸਫਲ ਨਹੀਂ ਹੋ ਸਕੀ।
-ਬਰਜਿੰਦਰ ਸਿੰਘ ਹਮਦਰਦ
ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਸਾਡੇ ਇਕ ਪ੍ਰਾਇਮਰੀ ਅਧਿਆਪਕ ਮਿਹਨਤ ਨਾ ਕਰਨ ਵਾਲੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਇਕ ਕਹਾਣੀ ਸੁਣਾਉਂਦੇ ਹੁੰਦੇ ਸਨ। ਉਹ ਕਹਿੰਦੇ ਹੁੰਦੇ ਸਨ ਕਿ ਭਾਵੇਂ 6×3 ਹੋਣ ਜਾਂ 3×6 ਹੋਵੇ ਜਵਾਬ 18 ਹੀ ਰਹੇਗਾ। ਇਸੇ ਤਰ੍ਹਾਂ ਤੁਹਾਡੇ ...
ਭਾਰਤ ਨੇ 21 ਅਕਤੂਬਰ, 2021 ਨੂੰ 100 ਕਰੋੜ ਖ਼ੁਰਾਕਾਂ ਦਾ ਟੀਕਾਕਰਨ ਪੂਰਾ ਕਰ ਲਿਆ ਹੈ ਅਤੇ ਇਹ ਪ੍ਰਾਪਤੀ ਟੀਕਾਕਰਨ ਸ਼ੁਰੂ ਹੋਣ ਦੇ ਸਿਰਫ਼ 9 ਮਹੀਨਿਆਂ ਅੰਦਰ ਹਾਸਲ ਕਰ ਲਈ ਗਈ ਹੈ। ਕੋਵਿਡ-19 ਨਾਲ ਨਜਿੱਠਦਿਆਂ ਇਹ ਇਕ ਸ਼ਾਨਦਾਰ ਸਫ਼ਰ ਰਿਹਾ ਹੈ। ਸਾਨੂੰ ਯਾਦ ਹੈ ਕਿ ਜਦੋਂ ਅਸੀਂ 100 ...
ਜਨਮ ਦਿਹਾੜੇ 'ਤੇ ਵਿਸ਼ੇਸ਼
ਸਿੱਖ ਇਤਹਾਸ ਦੇ ਸੁਨਹਿਰੀ ਪੰਨਿਆਂ 'ਤੇ ਗੁਰੂ ਘਰ ਦੀ ਸੇਵਾ ਵਜੋਂ ਹਰਫ਼ ਲਿਖਾਉਣ ਵਾਲੇ, 6 ਗੁਰੂ ਸਹਿਬਾਨ ਦੇ ਆਪਣੇ ਦੀਦਿਆਂ ਨਾਲ ਦਰਸ਼ਨ-ਦੀਦਾਰੇ ਕਰਨ ਵਾਲੇ ਅਤੇ 'ਪੁੱਤਰਾਂ ਦੇ ਦਾਨੀ' ਵਜੋਂ ਜਾਣੇ ਜਾਂਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX