ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 3 ਦਿਨਾਂ ਦੇ ਜੰਮੂ-ਕਸ਼ਮੀਰ ਦੇ ਦੌਰੇ 'ਤੇ ਹਨ। ਸ਼ਾਹ ਵਲੋਂ ਇਸ ਖਿੱਤੇ ਵਿਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ ਤੋਂ ਬਾਅਦ ਇਹ ਪਹਿਲਾ ਦੌਰਾ ਹੈ। 5 ਅਗਸਤ, 2019 ਨੂੰ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਵਿਚ ਵਿਸ਼ੇਸ਼ ਅਧਿਕਾਰਾਂ ਵਾਲੀ ਧਾਰਾ ...
ਪੁਰਾਣੇ ਵੇਲਿਆਂ ਦੀ ਗੱਲ ਹੈ, ਕਿਸੇ ਆਮ ਬੰਦੇ ਨੇ ਇਕ ਵਪਾਰੀ ਦਿਮਾਗ ਵਾਲੇ ਬੰਦੇ ਨੂੰ ਸਵਾਲ ਕੀਤਾ ਕਿ ਜੇਕਰ ਬਗਲਾ ਫੜਨਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ? ਕੁਝ ਸੋਚ ਕੇ ਉਸ ਨੇ ਜਵਾਬ ਦਿੱਤਾ, 'ਬਗਲੇ ਦੇ ਸਿਰ 'ਤੇ ਕਿਸੇ ਤਰ੍ਹਾਂ ਇਕ ਮੋਮ ਦੀ ਡਲੀ ਰੱਖ ਦੇਣੀ ਚਾਹੀਦੀ ਹੈ। ...
ਲਾਇਲਪੁਰ ਖ਼ਾਲਸਾ ਕਾਲਜ 'ਚ ਚੱਲ ਰਹੇ ਭੰਗੜਾ ਵਿਸ਼ਵ ਕੱਪ 'ਤੇ ਵਿਸ਼ੇਸ਼
5 ਅਕਤੂਬਰ, 1954 ਨੂੰ ਜਲੰਧਰ ਦੇ ਇਕ ਧਾਰਮਿਕ ਵਿਚਾਰਾਂ ਵਾਲੇ ਵਪਾਰਕ ਘਰਾਣੇ ਵਿਚ ਪੈਦਾ ਹੋਏ ਇੰਦਰਜੀਤ ਸਿੰਘ, ਜੋ ਬਾਅਦ ਵਿਚ ਪੰਜਾਬੀ ਲੋਕ ਨਾਚ ਭੰਗੜੇ ਦੀ ਅਜ਼ੀਮ ਸ਼ਖ਼ਸੀਅਤ ਵਜੋਂ ਪ੍ਰਸਿੱਧ ਹੋਏ, ਦਾ ...
ਕਾਂਗਰਸ ਕਾਰਜਕਾਰਨੀ ਕਮੇਟੀ ਦੀ ਤਾਜ਼ਾ ਬੈਠਕ ਨੇ ਸਿੱਧ ਕਰ ਦਿੱਤਾ ਹੈ ਕਿ ਬਾਹਰਲੇ ਦੇਸ਼ ਦੀ ਜੰਮਪਲ ਸੋਨੀਆ ਗਾਂਧੀ ਜਾਣਦੀ ਹੈ ਕਿ ਅਤਿਅੰਤ ਮਾੜੇ ਪੱਤਿਆਂ ਨਾਲ ਬਾਜ਼ੀ ਕਿਵੇਂ ਜਿੱਤਣੀ ਹੈ? ਸਨਿਚਰਵਾਰ ਵਾਲੀ ਬੈਠਕ ਤੋਂ ਪਤਾ ਲਗਦਾ ਹੈ ਕਿ ਉਸ ਦਾ ਵਿਰੋਧ ਕਰਨ ਵਾਲੇ ਜੀ-23 ਵਾਲੇ ਆਗੂਆਂ ਵਿਚ ਵੀ ਦਮਖਮ ਨਹੀਂ। ਮਾੜੀ ਸਿਹਤ ਦੇ ਬਾਵਜੂਦ ਸੋਨੀਆ ਗਾਂਧੀ ਦਾ ਬੁਲੰਦ ਆਵਾਜ਼ ਵਿਚ ਇਹ ਕਹਿਣਾ ਕਿ ਇਸ ਵੇਲੇ ਉਸ ਤੋਂ ਬਿਨਾਂ ਪਾਰਟੀ ਦੀ ਕਮਾਨ ਹੋਰ ਕਿਸੇ ਦੇ ਹੱਥ ਨਹੀਂ ਤੇ ਉਹ ਅਗਲੇ ਸਾਲ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਤੋਂ ਪਿੱਛੋਂ ਇਹ ਵਾਗਡੋਰ ਚੁਣੇ ਗਏ ਪ੍ਰਧਾਨ ਨੂੰ ਖ਼ੁਸ਼ੀ-ਖ਼ੁਸ਼ੀ ਸੌਂਪ ਦੇਵੇਗੀ। ਉਹ ਜਾਣਦੀ ਹੈ ਕਿ ਉਸ ਦਾ ਬੇਟਾ ਰਾਹੁਲ ਗਾਂਧੀ ਇਹ ਜ਼ਿੰਮੇਵਾਰੀ ਲੈਣ ਤੋਂ ਹਿਚਕਿਚਾ ਰਿਹਾ ਹੈ ਤੇ ਪੰਜਾਬ, ਉਤਰਾਖੰਡ ਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਸਿਰ ਉੱਤੇ ਹਨ। ਹੋ ਸਕਦਾ ਹੈ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਸਮੇਂ ਕਾਂਗਰਸ ਦੀ ਕਾਰਗੁਜ਼ਾਰੀ ਕੋਈ ਨਵਾਂ ਚਿਹਰਾ ਸਾਹਮਣੇ ਲੈ ਆਵੇ ਜਿਹੜਾ ਬਾਗੀ ਸੁਰਾਂ ਨੂੰ ਪ੍ਰਵਾਨ ਹੋਵੇ। ਸੋਨੀਆ ਗਾਂਧੀ ਦਾ ਇਹ ਪੈਂਤੜਾ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬਿਠਾ ਕੇ ਖ਼ੁਦ ਰਾਜ ਕਰਨ ਤੋਂ ਘੱਟ ਨਹੀਂ। ਉਸ ਹਸਤੀ ਨੂੰ ਕੁਰਸੀ ਸੌਂਪੀ, ਜਿਸ ਨੇ ਦੇਸ਼ ਦੀ ਆਰਥਿਕਤਾ ਸੰਭਾਲੀ ਰੱਖੀ। ਜੇ ਕੱਲ੍ਹ ਨੂੰ ਉੱਤਰ ਪ੍ਰਦੇਸ਼ ਵਿਚ ਕਾਂਗਰਸ ਬਾਜ਼ੀ ਮਾਰ ਜਾਂਦੀ ਹੈ, ਜਿਵੇਂ ਕਿਸਾਨ ਅੰਦੋਲਨ ਦੀ ਦ੍ਰਿੜ੍ਹਤਾ ਹੈ। ਲਖੀਮਪੁਰ ਖੀਰੀ ਦੇ ਘਟਨਾਕ੍ਰਮ ਤੋਂ ਤਾਂ ਜਾਪਦਾ ਹੈ ਕਿ ਪਾਰਟੀ ਦੀਆਂ ਚਾਬੀਆਂ ਨਵੇਂ ਚਿਹਰੇ ਦੇ ਹੱਥ ਆ ਸਕਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਿਅੰਕਾ ਗਾਂਧੀ ਵਾਡਰਾ ਦੀ ਸੰਭਾਵਨਾ ਨਕਾਰੀ ਨਹੀਂ ਜਾ ਸਕਦੀ। ਇਹ ਪੈਂਤੜਾ ਕਿੰਨਾ ਕੁ ਸਫਲ ਹੁੰਦਾ ਹੈ, ਸਮੇਂ ਦੇ ਹੱਥ ਹੈ।
ਭਾਰਤ ਦਾ ਭੁੱਖਮਰੀ ਸੂਚਕ ਅੰਕ ਚਿੰਤਾਜਨਕ
ਆਪਣੇ ਚਹੇਤੇ ਇਮਾਰਤਕਾਰਾਂ ਨੂੰ ਲਾਭ ਪਹੁੰਚਾਉਣ ਲਈ ਜਲ੍ਹਿਆਂਵਾਲਾ ਬਾਗ ਦੀ ਦਿੱਖ ਸੰਵਾਰਨ ਤੇ ਨਵੀਂ ਦਿੱਲੀ ਦੇ ਸੈਂਟਰਲ ਵਿਸਟਾ ਵਿਖੇ ਨਵੀਨਤਮ ਸਕੱਤਰੇਤ ਦੀ ਸਿਰਜਣਾ ਕਰਵਾਉਣ ਵਾਲੀ ਕੇਂਦਰ ਦੀ ਸਰਕਾਰ ਇਹ ਭੁੱਲੀ ਬੈਠੀ ਹੈ ਕਿ ਦੇਸ਼ ਦੇ ਭੁੱਖਮਰੀ ਸੂਚਕ ਅੰਕ ਵਿਚ ਉੱਕਾ ਹੀ ਕੋਈ ਸੁਧਾਰ ਨਹੀਂ ਹੋਇਆ। ਜੇ ਪਿਛਲੇ ਸਾਲ ਦੇ ਸਰਵੇ ਅਨੁਸਾਰ 107 ਦੇਸ਼ਾਂ ਵਿਚੋਂ ਭਾਰਤ ਦਾ ਨੰਬਰ 94 ਸੀ ਤਾਂ ਇਸ ਸਾਲ 116 ਦੇਸ਼ਾਂ ਵਿਚੋਂ 101ਵੇਂ ਥਾਂ ਉੱਤੇ ਹੈ।
ਭਾਰਤ ਤੋਂ ਥੱਲੇ ਗਿਣੇ ਗਏ ਦੇਸ਼ ਕਾਂਗੋ, ਮੋਜ਼ਾਮਬੀਕ, ਨਾਇਜ਼ੀਰੀਆ ਹੋਤੀ, ਬਮਨ ਤੇ ਸੋਮਾਲੀਆ ਵਰਗੇ ਕੇਵਲ 15 ਹੀ ਹਨ, ਜਦਕਿ ਇਸ ਦੇ ਗੁਆਂਢੀ ਦੇਸ਼ ਪਾਕਿਸਤਾਨ, ਨਿਪਾਲ ਤੇ ਬੰਗਲਾਦੇਸ਼ ਇਸ ਨਾਲੋਂ ਉੱਤੇ ਹਨ। ਭਾਰਤ ਉਨ੍ਹਾਂ ਦੇਸ਼ਾਂ ਵਿਚ ਗਿਣਿਆ ਗਿਆ ਹੈ ਜਿਹੜਾ ਵਰਤਮਾਨ ਸਥਿਤੀਆਂ ਵਿਚ 2030 ਤੱਕ ਵੀ ਭੁੱਖਮਰੀ ਦੇ ਅਜੋਕੇ ਪੱਧਰ ਨੂੰ ਘਟਾ ਨਹੀਂ ਸਕੇਗਾ। ਚੰਗੀ ਪੌਸ਼ਟਿਕ ਖੁਰਾਕ ਦੀ ਅਣਹੋਂਦ ਕਾਰਨ ਭਾਰਤੀ ਬੱਚਿਆਂ ਦੀ ਹਾਲਤ ਤਰਸਯੋਗ ਹੈ ਤੇ ਅਨੇਕਾਂ ਬੱਚੇ 5 ਸਾਲ ਦੀ ਉਮਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਚੱਲ ਵਸਦੇ ਹਨ। ਕੀ ਸਾਡੇ ਹਾਕਮਾਂ ਨੂੰ ਇਸ ਪਾਸੇ ਧਿਆਨ ਦੇਣਾ ਨਹੀਂ ਬਣਦਾ?
ਢਾਹਾਂ ਪੁਰਸਕਾਰ 2021 ਬਨਾਮ 'ਸਿਰਜਣਾ'200
ਪੰਜਾਬੀ ਗਲਪਕਾਰੀ ਦੇ ਵਿਸ਼ਵ ਪੱਧਰੀ ਪੁਰਸਕਾਰਾਂ ਦਾ ਐਲਾਨ ਹੋ ਚੁੱਕਿਆ ਹੈ। ਫਗਵਾੜਾ-ਬੰਗਾ ਮਾਰਗ ਉੱਤੇ ਪੈਂਦੇ ਵੱਡੇ ਪਿੰਡ ਢਾਹਾਂ ਕਲੇਰਾਂ ਦੇ ਜੰਮਪਲ ਤੇ ਕੈਨੇਡਾ ਨਿਵਾਸੀ ਬਰਜਿੰਦਰ ਢਾਹਾਂ ਨੇ ਇਹ ਪੁਰਸਕਾਰ ਇਕ ਦਹਾਕਾ ਪਹਿਲਾਂ ਸਥਾਪਤ ਕੀਤੇ ਸਨ। ਇਸ ਵਾਰ ਦੇ ਇਨਾਮ ਉਸ ਲੜੀ ਵਿਚ ਅੱਠਵੇਂ ਹਨ। ਪਹਿਲੇ ਇਨਾਮ ਦੀ ਰਕਮ ਪੱਚੀ ਹਜ਼ਾਰ ਡਾਲਰ ਹੈ ਤੇ ਦੂਜੇ ਦੋਵਾਂ ਦੀ ਦਸ-ਦਸ ਹਜ਼ਾਰ ਡਾਲਰ। ਇਨਾਮ ਵੰਡ ਸਮਾਗਮ ਕੈਨੇਡਾ ਦੀ ਧਰਤੀ ਉੱਤੇ ਰਚਾਇਆ ਜਾਂਦਾ ਹੈ ਅਤੇ ਜੇਤੂਆਂ ਨੂੰ ਉੱਥੇ ਪਹੁੰਚਣ ਦਾ ਮਾਣ ਭੱਤਾ ਵੀ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਹਰ ਵਰ੍ਹੇ 30-35 ਲੱਖ ਰੁਪਏ ਦਾ ਇਹ ਦਾਨ ਬਰਜਿੰਦਰ ਹੋਰੀਂ ਆਪਣੀ ਦਸਾਂ ਨਹੁਆਂ ਦੀ ਕਮਾਈ ਵਿਚੋਂ ਕਰਦੇ ਹਨ।
ਇਸ ਵਾਰ ਦਾ ਪਹਿਲਾ ਇਨਾਮ ਸ਼ਾਹਮੁਖੀ ਵਿਚ ਲਿਖੇ ਗਏ ਪੰਜਾਬੀ ਕਹਾਣੀ ਸੰਗ੍ਰਹਿ 'ਜੋਗੀ ਸੱਪ ਤਰਾਹ' ਨੂੰ ਦਿੱਤਾ ਜਾ ਰਿਹਾ ਹੈ ਜਿਸ ਦਾ ਰਚਣਹਾਰਾ ਨੈਣ ਸੁੱਖ ਹੈ। ਦੂਜੇ ਇਨਾਮਾਂ ਦੇ ਜੇਤੂ ਬਲਬੀਰ ਮਾਧੋਪੁਰੀ ਕਰਤਾ 'ਮਿੱਟੀ ਬੋਲ ਪਈ' ਤੇ ਸਰਘੀ ਕਰਤਾ ਆਪੋ ਆਪਣੇ ਮਰਸੀਏ ਹਨ।
ਇਹ ਸਬੱਬ ਦੀ ਗੱਲ ਹੈ ਕਿ ਇਨਾਮ ਜੇਤੂ ਤਿੰਨ ਪੁਸਤਕਾਂ ਵਿਚੋਂ ਦੋ ਪੁਸਤਕਾਂ ਦੇ ਰੀਵੀਊ ਚੰਡੀਗੜ੍ਹ ਤੋਂ ਛਪ ਰਹੇ ਪ੍ਰਸਿੱਧ ਸਾਹਿਤਕ ਰਸਾਲੇ ਦੇ 200ਵੇਂ ਅੰਕ ਵਿਚ ਛਪੇ ਸਨ। ਰੀਵੀਊਕਾਰ 'ਮਿੱਟੀ ਬੋਲ ਪਈ' ਦੇ ਪ੍ਰਮੁੱਖ ਪਾਤਰਾਂ ਦੇ ਜੀਵਨ ਸੰਘਰਸ਼ ਨੂੰ ਮਾਣ-ਸਨਮਾਨ ਲਈ ਜੂਝਦੇ ਮਰਜੀਵੜਿਆਂ ਦੀ ਦਾਸਤਾਨ ਦੱਸਦਾ ਹੈ। ਇਸ ਦੇ ਮੁੱਖ ਪਾਤਰ ਬਾਬਾ ਤੇ ਉਸ ਦਾ ਗੋਰਾ ਨਾਂਅ ਦਾ ਪੋਤਾ ਗਦਰ ਲਹਿਰ ਨੂੰ ਪਰਨਾਏ ਹੋਏ ਹਨ। ਇਸ ਲਹਿਰ ਨੂੰ ਉਨ੍ਹਾਂ ਦੋਵਾਂ ਦੇ ਤਨ-ਮਨ ਵਿਚ ਵਸਾਉਣ ਵਾਲਾ ਮੁੱਗੋਵਾਲ (ਹੁਸ਼ਿਆਰਪੁਰ) ਪਿੰਡ ਦੇ ਰਹਿਣ ਵਾਲਾ ਮੰਗੂ ਰਾਮ ਹੈ। ਬਾਬੇ ਦੀ ਖੂਬਸੂਰਤੀ ਇਸ ਵਿਚ ਹੈ ਕਿ ਉਹ ਨਿੱਜੀ ਮਜਬੂਰੀਆਂ ਦੇ ਬਾਵਜੂਦ ਆਪਣੇ ਪੋਤੇ ਨੂੰ ਵਿੱਦਿਆ ਦੇ ਰਾਹ ਤੋਂ ਭਟਕਣ ਨਹੀਂ ਦਿੰਦਾ। ਉਸ ਦਾ ਮਤ ਹੈ ਕਿ ਪੜ੍ਹਾਈ ਨਾਲ ਬੰਦੇ ਦੀ ਬਿਰਤੀ ਤੇ ਪਰਿਵਰਤੀ ਦਾ ਵਿਕਾਸ ਹੁੰਦਾ ਹੈ।
ਰੀਵੀਊਕਾਰ ਮਿੱਟੀ ਬੋਲ ਪਈ ਨੂੰ ਮਾਧੋਪੁਰੀ ਦੀ ਸਵੈਜੀਵਨੀ 'ਛਾਂਗਿਆ ਰੁੱਖ' ਦਾ ਅਗਲਾ ਹਿੱਸਾ ਦੱਸਦਾ ਹੈ। ਚੇਤੇ ਰਹੇ ਕਿ 'ਛਾਂਗਿਆ ਰੁੱਖ' ਦੇ ਹੁਣ ਤੱਕ 15 ਐਡੀਸ਼ਨ ਛੱਪ ਚੁੱਕੇ ਹਨ ਤੇ ਇਹ ਪੁਸਤਕ ਕਈ ਦੇਸੀ-ਵਿਦੇਸ਼ੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋ ਕੇ ਲੱਖਾਂ ਪਾਠਕਾਂ ਤੱਕ ਪਹੁੰਚ ਚੁੱਕੀ ਹੈ ਤੇ ਹੁਣ ਇਸ ਦਾ ਅੰਗਰੇਜ਼ੀ ਉਲਥਾ ਵੀ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਨੇ ਪ੍ਰਕਾਸ਼ਿਤ ਕੀਤਾ ਹੈ। ਆਕਸਫੋਰਡ ਵਲੋਂ ਚੁਣੇ ਜਾਣਾ ਆਪਣੇ ਆਪ ਵਿਚ ਇਕ ਵੱਡਾ ਸਨਮਾਨ ਹੈ।
'ਮਿੱਟੀ ਬੋਲ ਪਈ' ਵਾਂਗ 'ਆਪੋ ਆਪਣੇ ਮਰਸੀਏ' (ਕਹਾਣੀ ਸੰਗ੍ਰਹਿ) ਦੀ ਰੀਵੀਊਕਾਰ ਨੇ ਵੀ ਇਨ੍ਹਾਂ ਕਹਾਣੀਆਂ ਦੀਆਂ ਨਾਇਕਾਵਾਂ ਦੇ ਮਨ ਵਿਚ ਵਸੀਆਂ ਮਹਿਲਾ ਵਡਿੱਤਣ ਦੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ ਹੈ। ਲੇਖਿਕਾ ਖ਼ੁਦ ਮਹਿਲਾ ਹੈ ਤੇ ਮਹਿਲਾਵਾਂ ਦਾ ਮਨ ਜਾਣਦੀ ਹੈ। ਰੀਵੀਊਕਰਤਾ ਅਨੁਸਾਰ ਇਸ ਪੁਸਤਕ ਦੀ ਹਰ ਕਹਾਣੀ ਇਕ ਰਿਸ਼ਤੇ ਦਾ ਮਰਸੀਆ ਹੈ, ਚਾਹੇ ਉਹ ਰਿਸ਼ਤਾ ਪਤੀ-ਪਤਨੀ ਦਾ ਹੈ, ਪਿਉ-ਧੀ, ਮਾਂ-ਪੁੱਤ ਜਾਂ ਕੋਈ ਹੋਰ। ਇਨ੍ਹਾਂ ਕਹਾਣੀਆਂ ਵਿਚ ਜਿਊਣ ਦਾ ਵੱਲ ਸਿੱਖ ਰਹੀ ਨਵੀਂ ਔਰਤ ਦਾ ਚਿਤਰਨ ਹੈ। ਇਨ੍ਹਾਂ ਕਹਾਣੀਆਂ ਵਿਚ 'ਮਿੱਟੀ ਬੋਲ ਪਈ' ਦੇ ਬਾਬੇ ਪੋਤੇ ਵਰਗੀ ਭਾਵਨਾ ਵਾਲੀਆਂ ਨਾਇਕਾਵਾਂ ਹਨ। ਢਾਹਾਂ ਪੁਰਸਕਾਰ ਦੀ ਚੋਣ ਕਮੇਟੀ ਨੇ 'ਸਿਰਜਣਾ 200' ਵਿਚ ਛਪੇ ਇਹ ਰੀਵੀਊ ਪੜ੍ਹੇ ਹੋਣ ਜਾਂ ਨਾ ਪਰ ਇਹ ਦੋਵੇਂ ਰੀਵੀਊ ਜੇਤੂ ਪੁਸਤਕਾਂ ਦੀ ਉਤੱਮਤਾ 'ਤੇ ਮੋਹਰ ਲਾਉਂਦੇ ਹਨ। ਢਾਹਾਂ ਪੁਰਸਕਾਰ ਸਥਾਪਤ ਕਰਨ ਵਾਲਾ ਬਰਜ ਢਾਹਾਂ ਤੇ ਪੁਰਸਕਾਰ ਜੇਤੂ ਨੈਣ ਸੁੱਖ, ਬਲਬੀਰ ਮਾਧੋਪੁਰੀ ਤੇ ਸਰਘੀ ਮੁਬਾਰਕਾਂ ਦੇ ਹੱਕਦਾਰ ਹਨ।
ਵਾਹਗਿਓਂ ਉਰਾਰ-ਪਾਰ ਦੇ ਇਕ ਸਤਰੇ ਸਮਾਚਾਰ
ਪਾਕਿਸਤਾਨ ਵਿਚ ਸ਼ਹਿਰ ਲਾਹੌਰ ਦੇ ਇਕ ਸੈਮੀਨਾਰ ਵਿਖੇ ਨਰਸਰੀ ਤੋਂ ਗਰੈਜੂਏਸ਼ਨ ਤੱਕ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ਦੀ ਮੰਗ ਦਾ ਉੱਭਰਨਾ ਅਤੇ ਜਲੰਧਰ ਦੀ ਪ੍ਰੈੱਸ ਕਲੱਬ ਵਲੋਂ ਜਾਣੇ ਪਛਾਣੇ ਪੱਤਰਕਾਰ ਸਤਨਾਮ ਸਿੰਘ ਮਾਣਕ ਦੇ ਪ੍ਰਧਾਨ ਚੁਣੇ ਜਾਣ ਦੀਆਂ ਖ਼ਬਰਾਂ ਭਾਵੇਂ ਇਕ ਸਤਰੀਆਂ ਹਨ ਪਰ ਇਨ੍ਹਾਂ ਦਾ ਮਹੱਤਵ ਛੋਟਾ ਨਹੀਂ। ਸਵਾਗਤ ਹੈ।
ਅੰਤਿਕਾ
ਮੁਹਤਰਿਮਾ ਖਾਵਰ ਰਾਜ ਲਾਹੌਰ
ਤੇਰੀਆਂ ਸੱਭੇ ਗੱਲਾਂ ਬਾਤਾਂ ਹੁਣ ਮੈਂ ਖੂਬ ਪਛਾਣ ਗਈ
ਗਿਰਗਟ ਨੇ ਕੀ ਰੰਗ ਬਦਲਣੇ ਤੇਰੇ ਰੰਗ ਵਧੇਰੇ ਨੇ
ਇੰਝ ਤੇ ਆਸਮਾਨ ਇਹ ਸਾਰਾ ਭਰਿਆ ਹੋਇਆ ਤਾਰਿਆਂ ਦਾ
ਆਪਣੀ ਕਿਸਮਤ ਉੱਤੇ ਫਿਰ ਵੀ ਛਾਏ ਘੁੱਪ ਹਨੇਰੇ ਨੇ।
ਉੱਤਰ ਪ੍ਰਦੇਸ਼ 'ਚ ਮਹਿਲਾ ਵੋਟਰਾਂ ਨੂੰ ਆਪਣੇ ਪਾਲੇ 'ਚ ਲਿਆਉਣ ਅਤੇ ਆਪਣੇ ਲੋਕ ਆਧਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਇਕ ਨਾਅਰੇ 'ਲੜਕੀ ਹਾਂ, ਲੜ ਸਕਦੀ ਹਾਂ' ਦੇ ਨਾਲ ਐਲਾਨ ਕੀਤਾ ਹੈ ਕਿ ਪਾਰਟੀ ਆਉਣ ਵਾਲੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX