ਸ੍ਰੀ ਮੁਕਤਸਰ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਸਾਮਰਾਜ ਨਾਲ ਆਖਰੀ ਤੇ ਫ਼ੈਸਲਾਕੁਨ ਯੁੱਧ ਕਰਕੇ ਭਾਰਤ ਵਿਚੋਂ ਜ਼ਾਲਮ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਇਸੇ ਹੀ ਅਸਥਾਨ 'ਤੇ ਚਾਲੀ ਸਿੰਘਾਂ, ਜੋ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਚਲੇ ਗਏ ਸਨ, ਉਨ੍ਹਾਂ ਆਪਣਾ ਬੇਦਾਵਾ ਪੜਵਾ ਕੇ ਇਸ ਧਰਤੀ 'ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਨ੍ਹਾਂ ਸਿੱਖਾਂ ਦੀ ਟੁੱਟੀ ਗੰਢ ਕੇ ਖਿਦਰਾਣੇ ਦੀ ਇਸ ਧਰਤੀ ਨੂੰ 'ਮੁਕਤੀ ਦਾ ਸਰ' (ਸ੍ਰੀ ਮੁਕਤਸਰ ਸਾਹਿਬ) ਦਾ ਵਰਦਾਨ ਬਖਸ਼ਿਆ। ਸ੍ਰੀ ਮੁਕਤਸਰ ਸਾਹਿਬ ਦਾ ਮੁਢਲਾ ਹਾਲ ਇਸ ਪ੍ਰਕਾਰ ਹੈ ਕਿ ਪਹਿਲਾਂ ਇੱਥੇ ਖਿਦਰਾਣੇ ਦੀ ਢਾਬ ਮਸ਼ਹੂਰ ਸੀ। ਜ਼ਿਲ੍ਹਾ ਫ਼ਿਰੋਜ਼ਪੁਰ ਦੇ ਤਿੰਨ ਖੱਤਰੀ ਭਰਾ ਸਨ ਖਿਦਰਾਣਾ, ਧਿਗਾਣਾ ਅਤੇ ਰੁਪਾਣਾ। ਇਹ ਤਿੰਨੋਂ ਸ਼ਿਵ ਦੇ ਉਪਾਸਕ ਸਨ। ਇਨ੍ਹਾਂ ਤਿੰਨਾਂ ਭਰਾਵਾਂ ਨੇ ਇਸ ਇਲਾਕੇ ਵਿਚ ਪਾਣੀ ਦੀ ਕਮੀ ਕਾਰਨ ਤਿੰਨ ਢਾਬਾਂ ਖੁਦਵਾਈਆਂ। ਹਰ ਸਾਲ ਬਰਸਾਤ ਦਾ ਪਾਣੀ ਜਮ੍ਹਾਂ ਹੋਣ ਤੋਂ ਪਹਿਲਾਂ ਇਹ ਉੱਥੇ ਪਸ਼ੂ ਚਾਰਨ ਲੱਗੇ ਤੇ ਫਿਰ ਆਪਣੇ ਨਾਂਅ 'ਤੇ ਵੱਖੋ-ਵੱਖ ਪਿੰਡ ਵਸਾ ਲਏ। ਮੁਕਤਸਰ ਦੀ ਢਾਬ ਖਿਦਰਾਣੇ ਖੱਤਰੀ ਦੇ ਨਾਂਅ 'ਤੇ ਹੋਣ ਕਰਕੇ 'ਢਾਬ ਖਿਦਰਾਣਾ' ਮਸ਼ਹੂਰ ਹੋ ਗਈ।
ਦਸ਼ਮੇਸ਼ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹੀਨਾ ਪੋਹ ਸੰਮਤ 1762 ਬਿਕ੍ਰਮੀ (ਸੰਨ 1705) ਵਿਚ ਜਦ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਨਾਲ ਧਰਮਯੁੱਧ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਵਸੇਬਾ ਛੱਡਿਆ ਤੇ ਆਪ ਬੜੀਆਂ ਤਕਲੀਫ਼ਾਂ ਵਿਚ ਆਪਣਾ ਆਪਾ ਵਾਰ ਕੇ ਸਰਬੰਸ ਕੁਰਬਾਨ ਕਰਕੇ ਕੀਰਤਪੁਰ, ਰੋਪੜ, ਕੋਟਲਾ, ਚਮਕੌਰ, ਮਾਛੀਵਾੜਾ, ਆਲਮਗੀਰ, ਲੰਮੇ ਜੱਟਪੁਰੇ, ਰਾਏਕੋਟ, ਕਾਂਗੜ, ਦੀਨਾ, ਰਖਾਲਾ, ਗੁਰੂਸਰ, ਭਗਤਾ, ਬਰਗਾੜੀ, ਬਹਿਵਲ, ਸਰਾਵਾਂ, ਪੱਤੋ, ਜੈਤੋ ਆਦਿ ਵਿਚ ਦੀ ਹੁੰਦੇ ਹੋਏ ਕੋਟਕਪੂਰੇ ਪੁੱਜੇ ਤਾਂ ਰਸਤੇ ਵਿਚ ਹੀ ਖ਼ਬਰਾਂ ਮਿਲੀਆਂ ਕੇ ਸੂਬਾ ਸਰਹੰਦ ਤੇ ਦਿੱਲੀ ਦੀਆਂ ਸ਼ਾਹੀ ਫ਼ੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਹਨ ਤਾਂ ਗੁਰੂ ਸਾਹਿਬ ਆਪਣੇ ਯੋਧਿਆਂ ਦੀ ਮਦਦ ਅਤੇ ਭਰੋਸੇ 'ਤੇ ਰਸਤੇ ਵਿਚ ਹੀ ਬੜੇ ਜੋਸ਼ ਨਾਲ ਹਮ-ਰਕਾਬ ਹੋ ਗਏ ਸਨ। ਦੁਸ਼ਮਣ ਦਾ ਟਾਕਰਾ ਕਰਨ ਲਈ ਚੌਧਰੀ ਕਪੂਰ ਸਿੰਘ ਤੋਂ ਕਿਲ੍ਹਾ ਮੰਗਿਆ। ਚੌਧਰੀ ਕਪੂਰ ਸਿੰਘ ਦੇ ਅਧੀਨ ਮੁਗ਼ਲ ਹਕੂਮਤ ਵਲੋਂ ਉਸ ਸਮੇਂ 51 ਪਿੰਡ ਸਨ, ਜਿਨ੍ਹਾਂ ਨੂੰ ਪਰਗਨਾ ਕੋਟਕਪੂਰਾ ਜਾਂ ਪਰਗਨਾ ਬਰਾੜ ਕਿਹਾ ਜਾਂਦਾ ਸੀ। ਭਾਵੇਂ ਇਸ ਸਮੇਂ ਚੌਧਰੀ ਕਪੂਰ ਸਿੰਘ ਨੇ ਗੁਰੂ ਜੀ ਦਾ ਹੋਰ ਆਦਰ-ਭਾਓ ਤਾਂ ਚੰਗਾ ਕੀਤਾ ਪਰ ਉਹ ਮੁਗ਼ਲਾਂ ਤੋਂ ਡਰ ਕੇ ਕਿਲ੍ਹਾ ਦੇਣੋਂ ਸਾਫ਼ ਮੁੱਕਰ ਗਿਆ। ਗੁਰੂ ਸਾਹਿਬ ਨੇ ਉਸ ਦੀ ਇਹ ਕਮਜ਼ੋਰੀ ਦੇਖ ਕੇ ਸੁਭਾਵਿਕ ਹੀ ਕਿਹਾ, 'ਚੌਧਰੀ ਕਪੂਰ ਸਿੰਘ! ਅਸੀਂ ਤੈਨੂੰ ਤੁਰੰਤ ਹੀ ਰਾਜ ਦੇਣਾ ਚਾਹੁੰਦੇ ਸੀ ਪਰ ਹੁਣ ਤੂੰ ਤੁਰਕਾਂ ਤੋਂ ਡਰਿਆ ਹੈ, ਇਸ ਕਰਕੇ ਉਨ੍ਹਾਂ ਦੇ ਹੱਥੋਂ ਹੀ ਤਸੀਹੇ ਝੱਲ ਕੇ ਤੇਰੀ ਮੌਤ ਹੋਵੇਗੀ।' ਇਹ ਬਚਨ ਕਰਕੇ ਗੁਰੂ ਸਾਹਿਬ ਉਥੋਂ ਮੁਕਤਸਰ ਵੱਲ ਚੱਲ ਪਏ ਤੇ ਖਿਦਰਾਣੇ ਦੀ ਢਾਬ 'ਤੇ ਜਾ ਪੁੱਜੇ। ਇਧਰ ਚੌਧਰੀ ਕਪੂਰ ਸਿੰਘ ਨੇ ਮੁਗ਼ਲ ਫ਼ੌਜ ਦਾ ਸਾਥ ਦਿੱਤਾ ਤੇ ਗੁਰੂ ਸਾਹਿਬ ਦਾ ਉਹ ਬਚਨ ਜੋ ਉਨ੍ਹਾਂ ਸੁਭਾਵਿਕ ਹੀ ਚੌਧਰੀ ਕਪੂਰ ਸਿੰਘ ਨੂੰ ਕਿਹਾ ਸੀ, ਉਸ ਸਮੇਂ ਤਾਂ ਨਹੀਂ ਪਰ ਪਿੱਛੋਂ ਸੰਨ 1708 ਈਸਵੀ ਵਿਚ ਮੰਝ ਰਾਜਪੂਤ ਈਸਾ ਖਾਨ ਦੇ ਹੱਥੋਂ (ਜੋ ਮੁਗ਼ਲ ਹਕੂਮਤ ਵਲੋਂ ਉਸ ਇਲਾਕੇ ਦਾ ਕਾਰਦਾਰ ਸੀ) ਚੌਧਰੀ ਕਪੂਰ ਸਿੰਘ ਦੇ ਫਾਹੇ ਲੱਗਣ ਕਰਕੇ ਅੱਖਰ-ਅੱਖਰ ਠੀਕ ਸਾਬਤ ਹੋਇਆ।
ਗੁਰੂ ਸਾਹਿਬ ਇਸ ਸਮੇਂ ਖ਼ੁਦ ਤਾਂ ਕੁਝ ਸਿੰਘਾਂ ਨਾਲ ਖਿਦਰਾਣੇ ਤੋਂ ਅੱਗੇ ਟਿੱਬੀ ਸਾਹਿਬ ਦੇ ਸਥਾਨ 'ਤੇ ਚਲੇ ਗਏ ਤੇ ਦੁਸ਼ਮਣ ਨਾਲ ਟਾਕਰਾ ਕਰਨ ਲਈ ਤਿਆਰ ਹੋ ਗਏ ਪਰ ਚਾਲੀ ਸਿੰਘਾਂ ਨੇ ਹੋਰ ਸਾਥੀ ਸਿੰਘਾਂ ਸਮੇਤ ਖਿਦਰਾਣੇ ਦੀ ਢਾਬ ਉਤੇ ਮੋਰਚੇ ਕਾਇਮ ਕਰ ਲਏ ਤਾਂ ਕਿ ਦੁਸ਼ਮਣ ਨੂੰ ਉਥੇ ਹੀ ਰੋਕਿਆ ਜਾਵੇ ਤੇ ਕੋਈ ਵੀ ਮੁਗ਼ਲ ਸਿਪਾਹੀ ਟਿੱਬੀ ਸਾਹਿਬ ਵੱਲ ਨਾ ਵਧ ਸਕੇ। ਖਿਦਰਾਣੇ ਦੀ ਢਾਬ ਉਸ ਸਮੇਂ ਖੁਸ਼ਕ ਪਈ ਸੀ ਤੇ ਉਸ ਦੇ ਇਰਦ-ਗਿਰਦ ਬੜੇ ਝਾੜ ਝੰਖਾੜ ਉੱਗੇ ਹੋਏ ਸਨ। ਸਿੰਘਾਂ ਨੇ ਉਨ੍ਹਾਂ ਝਾੜਾਂ ਉਤੇ ਚਾਦਰਾਂ ਪਾ ਦਿੱਤੀਆਂ। ਇਸ ਕਰਕੇ ਦੁਸ਼ਮਣ ਨੂੰ ਭੁਲੇਖਾ ਪਿਆ ਕਿ ਸਿੱਖਾਂ ਦੀ ਸਾਰੀ ਫ਼ੌਜ ਤੰਬੂ ਲਾ ਕੇ ਬੈਠੀ ਹੋਈ ਹੈ, ਇਸ ਕਰਕੇ ਮੁਗ਼ਲ ਸਿਪਾਹੀਆਂ ਨੇ ਆਉਂਦੀਆਂ ਹੀ ਸਿੱਖਾਂ ਉਤੇ ਹੱਲਾ ਬੋਲ ਦਿੱਤਾ। ਇਧਰ ਚਾਲੀ ਸਿੰਘਾਂ ਨੇ ਵੀ ਪਹਿਲਾਂ ਬੰਦੂਕਾਂ ਦੀ ਵਾੜ ਝਾੜੀ ਤੇ ਫ਼ਿਰ ਇਕਦਮ 'ਸਤਿ ਸ੍ਰੀ ਅਕਾਲ' ਦੇ ਜੈਕਾਰੇ ਗੁੰਜਾਉਂਦੇ ਹੋਏ ਸਿਰੋਹੀਆ ਖਿੱਚ ਕੇ ਦੁਸ਼ਮਣ 'ਤੇ ਭੁੱਖੇ ਬਾਜਾਂ ਵਾਂਗ ਟੁੱਟ ਪਏ। ਇਹ ਦੇਖ ਕੇ ਮੁਗ਼ਲਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਬਹੁਤ ਸਾਰੇ ਸਿਪਾਹੀ ਮਾਰੇ ਜਾਣ ਤੇ ਆਖਿਰ ਮੈਦਾਨ ਛੱਡ ਕੇ ਵਾਪਸ ਕੋਟਕਪੂਰੇ ਵੱਲ ਹੀ ਨੱਸ ਗਏ। ਇਹ ਲੜਾਈ 21 ਵੈਸਾਖ ਸੰਮਤ 1762 ਬਿਕ੍ਰਮੀ ਨੂੰ ਸਿਰਫ਼ ਸਵਾ ਪਹਿਰ ਹੋਈ (ਕੁਝ ਇਤਿਹਾਸਕਾਰ ਇਹ ਲੜਾਈ ਤਿੰਨ ਦਿਨ ਹੋਈ ਦੱਸਦੇ ਹਨ)। ਇਸ ਲੜਾਈ ਵਿਚ ਮਾਈ ਭਾਗ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋਈ। ਜੋ ਚਾਲੀ ਮੁਕਤੇ ਸ਼ਹੀਦ ਹੋਏ ਉਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ:-ਭਾਈ ਮਹਾਂ ਸਿੰਘ, ਸ਼ਮੀਰ ਸਿੰਘ, ਸਾਧੂ ਸਿੰਘ, ਸਰਜਾ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਕੀਰਤ ਸਿੰਘ, ਕਿਰਪਾਲ ਸਿੰਘ, ਖੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਿਯਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮਯਾ ਸਿੰਘ, ਰਾਇ ਸਿੰਘ, ਲਛਮਣ ਸਿੰਘ। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਅਨੁਸਾਰ ਨਾਵਾਂ ਦੀ ਸੂਚੀ ਹੈ)
ਗੁਰੂ ਗੋਬਿੰਦ ਸਿੰਘ ਜੀ ਜੋ ਇਸ ਜੰਗ ਸਮੇਂ ਟਿੱਬੀ ਸਾਹਿਬ ਤੋਂ ਹੀ ਦੁਸ਼ਮਣ 'ਤੇ ਤੀਰਾਂ ਦੀ ਵਰਖਾ ਕਰ ਰਹੇ ਸਨ ਅਚਾਨਕ ਦੁਸ਼ਮਣ ਦੀ ਫ਼ੌਜ ਨੂੰ ਭਾਜੜ ਪਈ ਵੇਖ ਕੇ ਮੈਦਾਨ-ਏ-ਜੰਗ ਵਿਚ ਖਿਦਾਰਣੇ ਦੀ ਢਾਬ 'ਤੇ ਪੁੱਜੇ। ਜਿੱਥੇ ਉਨ੍ਹਾਂ ਜ਼ਖ਼ਮੀ ਸਿੱਖਾਂ ਦੀ ਸੰਭਾਲ ਕੀਤੀ ਅਤੇ ਚਾਲੀ ਮੁਕਤਿਆਂ ਵਿਚੋਂ ਹਰੇਕ ਯੋਧੇ ਨੂੰ ਜੋ ਸ਼ਹੀਦ ਹੋ ਚੁੱਕੇ ਸਨ, ਇਹ ਮੇਰਾ ਚਾਰ ਹਜ਼ਾਰੀ ਹੈ ਤੇ ਇਹ ਮੇਰਾ ਪੰਜ ਹਜ਼ਾਰੀ ਹੈ ਦਾ ਵਰਦਾਨ ਦੇ ਕੇ ਸਨਮਾਨਿਆ ਤੇ ਆਖਿਰ ਭਾਈ ਮਹਾਂ ਸਿੰਘ ਕੋਲ ਪੁੱਜੇ ਜੋ ਸਹਿਕਦਾ ਹੀ ਸੀ ਤਾਂ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਕਿਹਾ, 'ਭਾਈ! ਜੋ ਮੰਗ ਤੇਰੀ ਇੱਛਾ ਹੋਵੇ। ਅੱਗੋਂ ਭਾਈ ਮਹਾਂ ਸਿੰਘ ਦਿਲੀ ਇੱਛਾ ਦੱਸੀ ਕਿ ਮਹਾਰਾਜ ਜੇ ਡਾਢੇ ਪ੍ਰਸੰਨ ਹੋ ਤਾਂ ਉਹ ਗੁਰੂ ਸਿੱਖੀ ਤੋਂ ਬੇਦਾਵੇ ਦਾ ਕਾਗਜ਼ ਪਾੜ ਦਿਓ ਤੇ ਟੁੱਟੀ ਗੰਢੋ ਤੇ ਗੁਰੂ ਸਾਹਿਬ ਨੇ ਬੇਦਾਵੇ ਦਾ ਉਹ ਕਾਗਜ਼ ਕੱਢ ਕੇ ਪਾੜ ਦਿੱਤਾ ਤੇ ਭਾਈ ਮਹਾਂ ਸਿੰਘ ਨੂੰ ਨਾਮ ਦਾਨ ਬਖ਼ਸ਼ ਕੇ ਉਸ ਦੀ ਅੰਤਲੀ ਮਨੋਕਾਮਨਾ ਪੂਰੀ ਕੀਤੀ ਤੇ ਇਸ ਅਸਥਾਨ ਦਾ ਨਾਂਅ ਖਿਦਰਾਣੇ ਤੋਂ ਮੁਕਤੀ ਦਾ ਸਰ ਰੱਖਿਆ। ਜੋ ਅੱਜਕਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਮਾਲਵੇ ਦੇ ਜਿਨ੍ਹਾਂ ਸਰਦਾਰਾਂ ਅਤੇ ਚੌਧਰੀਆਂ ਨੇ ਬਿਖੜੇ ਸਮੇਂ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੱਤਾ, ਉਨ੍ਹਾਂ ਵਿਚ ਬਾਬਾ ਦਾਨ ਸਿੰਘ ਦਾ ਨਾਂਅ ਵੀ ਬੜੇ ਆਦਰ ਨਾਲ ਲਿਆ ਜਾਂਦਾ ਹੈ। ਦਸਮ ਪਾਤਸ਼ਾਹ ਤੋਂ ਇਹ ਅਸ਼ੀਰਵਾਦ ਹਾਸਲ ਕਰਨਾ ਕਿ ਦਾਨ ਸਿੰਘ ਮਾਝੇ ਵਿਚ ਭਾਈ ਮਹਾਂ ਸਿੰਘ ਵਲੋਂ ਸਿੱਖੀ ਦੀ ਲਾਜ ਰੱਖਣ ਵਾਂਗ ਤੂੰ ਮਾਲਵੇ ਦੀ ਸਿੱਖੀ ਦੀ ਲਾਜ ਰੱਖ ਲਈ ਹੈ। ਇਹ ਬਹੁਤ ਵੱਡੀ ਗੱਲ ਸੀ। ਮੁਕਤਸਰ ਦੀ ਜੰਗ ਪਿੱਛੋਂ ਬਾਬਾ ਦਾਨ ਸਿੰਘ ਬਰਾੜ ਆਪਣੇ ਕੁਝ ਸਾਥੀਆਂ ਸਮੇਤ ਤਲਵੰਡੀ ਸਾਬੋ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਹਾਜ਼ਰ ਰਹੇ। ਗੁਰੂ ਜੀ ਦੇ ਅਸ਼ੀਰਵਾਦ ਨਾਲ ਜਿੱਥੇ ਬਾਬਾ ਦਾਨ ਸਿੰਘ ਮਾਲਵੇ ਦੀ ਸਿੱਖੀ ਦਾ ਮਾਣ ਹੈ, ਉੱਥੇ ਉਹ ਸਿੱਖੀ ਸਿਦਕ ਅਤੇ ਭਰੋਸਾ ਦੀ ਵੀ ਇਕ ਅਦੁੱਤੀ ਮਿਸਾਲ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸਕ ਸ਼ਹੀਦੀ ਜੋੜ ਮੇਲਾ 13, 14 ਅਤੇ 15 ਜਨਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਧਰਤੀ 'ਤੇ ਮਾਘੀ ਵਾਲੇ ਦਿਨ 14 ਜਨਵਰੀ ਨੂੰ ਲੱਖਾਂ ਸੰਗਤਾਂ ਪਹੁੰਚ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ ਅਤੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਜੁੜਦੀਆਂ ਹਨ।
ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਦੀ ਜ਼ੁਲਮ ਖ਼ਿਲਾਫ਼ ਹੋਈ ਜੰਗ ਵਿਚ ਮਾਈ ਭਾਗੋ ਦੀ ਭੂਮਿਕਾ ਬਹੁਤ ਅਹਿਮ ਰਹੀ। ਉਨ੍ਹਾਂ ਜਿੱਥੇ ਗੁਰੂ ਜੀ ਨੂੰ ਬੇਦਾਵਾ ਦੇ ਕੇ ਗਏ 40 ਸਿੱਖਾਂ ਨੂੰ ਗੁਰੂ ਜੀ ਦੇ ਲੜ ਲਾਇਆ, ਉੱਥੇ ਇਸ ਜੰਗ ਵਿਚ ਅਹਿਮ ਭੂਮਿਕਾ ਨਿਭਾਅ ਕੇ ਇਤਿਹਾਸ ...
ਸ੍ਰੀ ਮੁਕਤਸਰ ਸਾਹਿਬ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ। ਖਿਦਰਾਣੇ ਦੀ ਇਸ ਢਾਬ ਨੂੰ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਕਤੀ ਦੇ ਸਰ ਦਾ ਵਰਦਾਨ ਬਖ਼ਸ਼ਿਆ ਸੀ। ਦਸਮੇਸ਼ ਪਿਤਾ ਨੇ ਇਸ ਅਸਥਾਨ 'ਤੇ ਮੁਗ਼ਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX