ਸ੍ਰੀ ਮੁਕਤਸਰ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਸਾਮਰਾਜ ਨਾਲ ਆਖਰੀ ਤੇ ਫ਼ੈਸਲਾਕੁਨ ਯੁੱਧ ਕਰਕੇ ਭਾਰਤ ਵਿਚੋਂ ਜ਼ਾਲਮ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਇਸੇ ਹੀ ਅਸਥਾਨ 'ਤੇ ਚਾਲੀ ਸਿੰਘਾਂ, ਜੋ ...
ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਦੀ ਜ਼ੁਲਮ ਖ਼ਿਲਾਫ਼ ਹੋਈ ਜੰਗ ਵਿਚ ਮਾਈ ਭਾਗੋ ਦੀ ਭੂਮਿਕਾ ਬਹੁਤ ਅਹਿਮ ਰਹੀ। ਉਨ੍ਹਾਂ ਜਿੱਥੇ ਗੁਰੂ ਜੀ ਨੂੰ ਬੇਦਾਵਾ ਦੇ ਕੇ ਗਏ 40 ਸਿੱਖਾਂ ਨੂੰ ਗੁਰੂ ਜੀ ਦੇ ਲੜ ਲਾਇਆ, ਉੱਥੇ ਇਸ ਜੰਗ ਵਿਚ ਅਹਿਮ ਭੂਮਿਕਾ ਨਿਭਾਅ ਕੇ ਇਤਿਹਾਸ ...
ਸ੍ਰੀ ਮੁਕਤਸਰ ਸਾਹਿਬ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ। ਖਿਦਰਾਣੇ ਦੀ ਇਸ ਢਾਬ ਨੂੰ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਕਤੀ ਦੇ ਸਰ ਦਾ ਵਰਦਾਨ ਬਖ਼ਸ਼ਿਆ ਸੀ। ਦਸਮੇਸ਼ ਪਿਤਾ ਨੇ ਇਸ ਅਸਥਾਨ 'ਤੇ ਮੁਗ਼ਲ ਸਾਮਰਾਜ ਦੇ ਜ਼ੁਲਮ ਵਿਰੁੱਧ ਆਖ਼ਰੀ ਜੰਗ ਲੜ ਕੇ ਜ਼ਾਲਮਾਂ ਦਾ ਖ਼ਾਤਮਾ ਕੀਤਾ। ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਨੂੰ ਬੇਦਾਵਾ ਦੇ ਕੇ ਵਾਪਸ ਗਏ ਸਿੰਘਾਂ ਨੇ ਮਾਈ ਭਾਗੋ ਦੀ ਪ੍ਰੇਰਨਾ ਸਦਕਾ ਵਾਪਸ ਖਿਦਰਾਣੇ ਦੀ ਢਾਬ 'ਤੇ ਹੋਈ ਜੰਗ ਵਿਚ ਗੁਰੂ ਜੀ ਦਾ ਸਾਥ ਦਿੱਤਾ ਅਤੇ ਆਪਣਾ ਬੇਦਾਵਾ ਪੜਵਾ ਕੇ ਟੁੱਟੀ ਗੰਢੀ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ 40 ਸਿੱਖਾਂ ਦੀ ਟੁੱਟੀ ਗੰਢ ਕੇ ਖਿਦਰਾਣੇ ਦੀ ਇਸ ਧਰਤੀ ਨੂੰ 'ਮੁਕਤੀ ਦਾ ਸਰ' (ਸ੍ਰੀ ਮੁਕਤਸਰ ਸਾਹਿਬ) ਦਾ ਵਰਦਾਨ ਬਖ਼ਸ਼ਿਆ। ਮਾਘੀ ਦੇ ਅਵਸਰ 'ਤੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹਨ ਅਤੇ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰਕੇ 40 ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਸ਼ਹਿਰ ਵਿਚ ਵੱਖ-ਵੱਖ ਇਤਿਹਾਸਕ ਗੁਰਦੁਆਰੇ ਹਨ ਤੇ ਉਨ੍ਹਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ:
ਗੁਰਦੁਆਰਾ ਟੁੱਟੀ ਗੰਢੀ ਸਾਹਿਬ : ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਸ਼ਹਿਰ ਦੇ ਵਿਚਕਾਰ ਹੈ, ਜਿੱਥੇ ਮਾਘੀ ਵਾਲੇ ਦਿਨ ਅਤੇ ਹਰ ਮੱਸਿਆ ਨੂੰ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਤੇ ਸੰਗਤਾਂ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਹ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੀ ਭੁੱਲੜ ਸਿੰਘਾਂ ਦਾ ਬੇਦਾਵਾ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਕੇ ਮੁਕਤੀ ਪ੍ਰਦਾਨ ਕੀਤੀ ਅਤੇ ਟੁੱਟੀ ਗੰਢੀ।
ਗੁਰਦੁਆਰਾ ਤੰਬੂ ਸਾਹਿਬ : ਗੁਰਦੁਆਰਾ ਤੰਬੂ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਹੈ। ਇਸ ਅਸਥਾਨ 'ਤੇ ਚਾਲੀ ਮੁਕਤਿਆਂ ਨੇ ਤੁਰਕਾਂ ਨਾਲ ਜੰਗ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਫੌਜ ਆਉਂਦੀ ਵੇਖ ਕੇ ਝਾੜੀਆਂ ਅਤੇ ਕਰੀਰਾਂ ਦੇ ਝੁੰਡਾਂ 'ਤੇ ਕੱਪੜੇ ਅਤੇ ਚਾਦਰੇ ਤਾਣ ਦਿੱਤੇ ਸਨ ਤਾਂ ਕਿ ਦੁਸ਼ਮਣ ਦੀ ਫੌਜ ਨੂੰ ਸਿੱਖਾਂ ਦੇ ਤੰਬੂ ਲੱਗੇ ਦੇਖ ਕੇ ਬਹੁਤੀ ਫ਼ੌਜ਼ ਦਾ ਅਨੁਮਾਨ ਹੋਵੇ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ : ਇਸ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਚਿਖਾ ਤਿਆਰ ਕਰਕੇ ਚਾਲੀ ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ, ਜੋ ਇਸ ਧਰਮ ਯੁੱਧ ਵਿਚ ਸ਼ਹੀਦ ਹੋਏ ਸਨ। ਇੱਥੇ ਹਰ ਸਾਲ ਤਿੰਨ ਮਈ ਨੂੰ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ।
ਗੁਰਦੁਆਰਾ ਮਾਈ ਭਾਗੋ : ਮਾਈ ਭਾਗੋ ਜਿਸ ਨੇ ਮਾਝੇ ਦੇ ਸਿੱਖਾਂ ਨੂੰ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਪ੍ਰੇਰਨਾ ਦੇ ਕੇ ਗੁਰੂ ਜੀ ਦੇ ਲੜ ਲਾਇਆ। ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ (ਮੁਕਤਸਰ) ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ। ਮਾਈ ਭਾਗੋ ਇਸ ਯੁੱਧ ਵਿਚ ਜ਼ਖ਼ਮੀ ਹੋ ਗਏ ਸਨ। ਮਾਈ ਭਾਗੋ ਹਜ਼ੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਲੇ ਗਏ ਸਨ ਤੇ ਉਸ ਇਲਾਕੇ ਵਿਚ ਵਿਚਰਦੇ ਰਹੇ ਤੇ ਸਿੱਖੀ ਦਾ ਪ੍ਰਚਾਰ ਕੀਤਾ। ਉਨ੍ਹਾਂ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਦੇ ਕੋਲ ਲਗਭਗ 10 ਕਿਲੋਮੀਟਰ ਤੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ। ਉਨ੍ਹਾਂ ਦੇ ਨਾਂਅ 'ਤੇ ਗੁਰਦੁਆਰਾ ਮਾਤਾ ਭਾਗ ਕੌਰ ਸੁਸ਼ੋਭਿਤ ਹੈ।
ਗੁਰਦੁਆਰਾ ਟਿੱਬੀ ਸਾਹਿਬ : ਇਹ ਗੁਰਦੁਆਰਾ ਸ਼ਹਿਰ ਤੋਂ ਤਕਰੀਬਨ ਦੋ ਕਿਲੋਮੀਟਰ ਦੂਰ ਹੈ। ਇੱਥੇ ਰੇਤਲਾ ਉੱਚਾ ਟਿੱਬਾ ਸੀ ਅਤੇ ਜੰਗਲ ਸੀ। ਇੱਥੋਂ ਦਸਮ ਪਿਤਾ ਜੀ ਮੁਗਲ ਸੈਨਾ, ਜੋ ਨਵਾਬ ਵਜ਼ੀਰ ਖਾਨ ਸੂਬਾ ਸਰਹਿੰਦ ਦੇ ਅਧੀਨ ਗੁਰੂ ਸਾਹਿਬ ਦਾ ਪਿੱਛਾ ਕਰਦੀ ਹੋਈ ਆਈ ਤੇ ਖਿਦਰਾਣੇ ਦੇ ਅਸਥਾਨ 'ਤੇ ਚਾਲੀ ਮੁਕਤਿਆਂ ਨਾਲ ਲੜ ਰਹੀ ਸੀ ਤਾਂ ਗੁਰੂ ਜੀ ਉਚੀ ਟਿੱਬੀ ਤੋਂ ਤੀਰ ਚਲਾਉਂਦੇ ਰਹੇ। ਇੱਥੇ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹੈ।
ਗੁਰਦੁਆਰਾ ਦਾਤਣਸਰ ਸਾਹਿਬ : ਇਹ ਗੁਰਦੁਆਰਾ ਟਿੱਬੀ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ ਹੈ। ਗੁਰੂ ਜੀ ਇਸ ਸਥਾਨ 'ਤੇ ਦਾਤਣ ਕੁਰਲਾ ਕਰਿਆ ਕਰਦੇ ਸਨ। ਇਕ ਦਿਨ ਗੁਰੂ ਜੀ ਦਾਤਣ ਕਰ ਰਹੇ ਸਨ ਕਿ ਅਜਿਹੀ ਘਟਨਾ ਵਾਪਰੀ ਕਿ ਇਕ ਗੱਦਾਰ ਮੁਸਲਮਾਨ ਨੂਰਦੀਨ ਜੋ ਕਿ ਨਿਹੰਗ ਸਿੰਘ ਦੇ ਭੇਸ ਵਿਚ ਸੀ, ਪਿਛਲੇ ਪਾਸਿਓਂ ਦੀ ਹੋ ਕੇ ਗੁਰੂ ਜੀ 'ਤੇ ਤਲਵਾਰ ਚਲਾ ਦਿੱਤੀ। ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਵਾਰ ਰੋਕ ਲਿਆ ਤੇ ਪਾਣੀ ਵਾਲਾ ਗੜਵਾ ਅਜਿਹਾ ਜ਼ੋਰ ਨਾਲ ਮਾਰਿਆ ਕਿ ਉਸ ਦਾ ਕੌਡਾ ਉਥੇ ਹੀ ਚਿੱਤ ਕਰ ਦਿੱਤਾ। ਇਥੇ ਗੁਰਦੁਆਰਾ ਦਾਤਣਸਰ ਸਾਹਿਬ ਮੌਜੂਦ ਹੈ।
ਗੁਰਦੁਆਰਾ ਰਕਾਬਸਰ ਸਾਹਿਬ : ਇਹ ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜੇ ਹੈ। ਇੱਥੋਂ ਦਸ਼ਮੇਸ਼ ਪਿਤਾ ਜੀ ਖ਼ਿਦਰਾਣੇ ਦੀ ਰਣਭੂਮੀ ਵੱਲ ਚਾਲੇ ਪਾਉਣ ਲਈ ਘੋੜੇ 'ਤੇ ਚੜ੍ਹਨ ਲੱਗੇ ਤਾਂ ਰਕਾਬ ਟੁੱਟ ਗਈ। ਇਹ ਰਕਾਬ ਅੱਜ ਵੀ ਇੱਥੇ ਮੌਜੂਦ ਹੈ। ਇੱਥੇ ਗੁਰਦੁਆਰਾ ਰਕਾਬਸਰ ਸਾਹਿਬ ਬਣਿਆ ਹੋਇਆ ਹੈ।
ਗੁਰਦੁਆਰਾ ਗੁਰੂ ਕਾ ਖੂਹ ਪਾਤਸ਼ਾਹੀ ਦਸਵੀਂ : ਇਹ ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜੇ ਹੈ। ਇਸ ਇਲਾਕੇ ਵਿਚ ਪਾਣੀ ਖਾਰਾ ਹੋਣ ਕਰਕੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਛੱਡਿਆ, ਜੋ ਇਸ ਅਸਥਾਨ ਉਤੇ ਡਿੱਗਿਆ ਅਤੇ ਮਿੱਠਾ ਜਲ ਪ੍ਰਗਟ ਹੋਇਆ। ਗੁਰੂ ਜੀ ਨੇ ਇਸ ਖੂਹ ਨੂੰ ਅਨੇਕਾਂ ਵਰ ਦਿੱਤੇ ਅਤੇ ਕਿਹਾ ਕਿ ਇਸ ਜਲ ਨਾਲ ਸਰੀਰਕ ਦੁੱਖ-ਦਰਦ ਵੀ ਦੂਰ ਹੋਣਗੇ। ਇਸ ਜਗ੍ਹਾ 'ਤੇ ਗੁਰਦੁਆਰਾ ਗੁਰੂ ਕਾ ਖੂਹ ਸੁਸ਼ੋਭਿਤ ਹੈ। ਇਸ ਜਗ੍ਹਾ 'ਤੇ ਹਰ ਸਾਲ ਸੰਗਤਾਂ ਵਲੋਂ ਕੀਰਤਨ ਦਰਬਾਰ ਕਰਵਾਇਆ ਜਾਂਦਾ ਹੈ। ਇਸ ਅਸਥਾਨ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਦੀ ਅਗਵਾਈ ਹੇਠ ਗੁਰਮਤਿ ਵਿਦਿਆਲਿਆ ਚਲਾਇਆ ਜਾ ਰਿਹਾ ਹੈ, ਜਿਥੇ ਬੱਚੇ ਗੁਰਮਤਿ ਅਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਲੈਂਦੇ ਹਨ।
ਗੁਰਦੁਆਰਾ ਦੂਖ ਨਿਵਾਰਨ ਤਰਨ ਤਾਰਨ ਸਾਹਿਬ: ਇਹ ਗੁਰਦੁਆਰਾ ਬਠਿੰਡਾ ਰੋਡ 'ਤੇ ਸਥਿਤ ਹੈ। ਇਥੇ ਹਰ ਐਤਵਾਰ ਨੂੰ ਸੰਗਤਾਂ ਭਾਰੀ ਗਿਣਤੀ ਵਿਚ ਪਹੁੰਚ ਕੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ।
ਮੀਨਾਰ-ਏ-ਮੁਕਤੇ : ਮਿੰਨੀ ਸਕੱਤਰੇਤ ਦੇ ਨੇੜੇ ਚਾਲੀ ਮੁਕਤਿਆਂ ਦੀ ਯਾਦਗਾਰ ਮੀਨਾਰ-ਏ-ਮੁਕਤੇ 4 ਮਈ 2006 ਵਿਚ ਤਿਆਰ ਕੀਤੀ ਗਈ, ਜਿਸ ਵਿਚ 80 ਫੁੱਟ ਉੱਚਾ ਵਿਲੱਖਣ ਖੰਡਾ ਤਿਆਰ ਕੀਤਾ ਗਿਆ ਹੈ, ਜਿਸ 'ਤੇ ਚਾਲੀ ਮੁਕਤਿਆਂ ਨੂੰ ਸਮਰਪਿਤ ਚਾਲੀ ਗੋਲ ਚੱਕਰ ਹਨ ਤੇ ਯਾਦਗਾਰ ਤੇ ਚਾਲੀ ਮੁਕਤਿਆਂ ਦੇ ਨਾਂਅ ਅੰਕਿਤ ਹਨ। ਇਸ ਤੋਂ ਇਲਾਵਾ ਸ਼ਹਿਰ ਨੂੰ ਆਉਣ ਵਾਲੀਆਂ ਮੁੱਖ ਸੜਕਾਂ 'ਤੇ ਭਾਈ ਦਾਨ ਸਿੰਘ, ਭਾਈ ਲੰਗਰ ਸਿੰਘ, ਭਾਈ ਮਹਾਂ ਸਿੰਘ ਅਤੇ ਮਾਤਾ ਭਾਗ ਕੌਰ ਦੇ ਨਾਂਅ 'ਤੇ ਯਾਦਗਾਰੀ ਗੇਟ ਉਸਾਰੇ ਗਏ ਹਨ। ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਇਨ੍ਹਾਂ ਅਮਰ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਹੈ, ਜਿਨ੍ਹਾਂ ਦੀ ਬਦੌਲਤ ਦਸਮ ਪਾਤਸ਼ਾਹ ਨੇ ਖਿਦਰਾਣੇ ਦੀ ਢਾਬ ਨੂੰ ਮੁਕਤੀ ਦਾ ਸਰ (ਸ੍ਰੀ ਮੁਕਤਸਰ ਸਾਹਿਬ) ਦਾ ਵਰਦਾਨ ਬਖ਼ਸ਼ਿਆ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸਕ ਸ਼ਹੀਦੀ ਜੋੜ ਮੇਲਾ 13, 14 ਅਤੇ 15 ਜਨਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 13 ਅਤੇ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਣਗੇ, ਜਿਸ ਵਿਚ ਰਾਗੀ-ਢਾਡੀ ਤੇ ਵਿਦਵਾਨ ਸੱਜਣ ਗੁਰੂ ਜਸ, ਸਿੱਖ ਇਤਿਹਾਸ ਤੇ ਪੰਥਕ ਪ੍ਰੋਗਰਾਮ ਪੇਸ਼ ਕਰਨਗੇ। 14 ਜਨਵਰੀ, 2022 (1 ਮਾਘ) ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਵੇਰੇ ਮਾਘੀ ਵਾਲੇ ਦਿਨ ਸਵੇਰੇ 6 ਵਜੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ। ਇਸ ਦਿਨ ਪਵਿੱਤਰ ਮੁਕਤ ਸਰੋਵਰ ਵਿਚ ਸੰਗਤਾਂ ਇਸ਼ਨਾਨ ਕਰਨਗੀਆਂ। 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ। ਇਸ ਦਿਨ ਹੀ ਗੁਰਦੁਆਰਾ ਤੰਬੂ ਸਾਹਿਬ ਵਿਖੇ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਹੋਵੇਗਾ। 15 ਜਨਵਰੀ ਨੂੰ ਸਵੇਰੇ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 4 ਤੋਂ ਨਗਰ ਕੀਰਤਨ ਆਰੰਭ ਹੋ ਕੇ ਸ੍ਰੀ ਟਿੱਬੀ ਸਾਹਿਬ ਪੁੱਜੇਗਾ ਅਤੇ ਇੱਥੋਂ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ। ਨਿਹੰਗ ਸਿੰਘ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਦੇ ਜੌਹਰ ਸੰਗਤਾਂ ਨੂੰ ਵਿਖਾਉਣਗੇ। ਸ਼ਹਿਰ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤਿਆਂ ਤੇ ਜਗ੍ਹਾ-ਜਗ੍ਹਾ ਗੁਰੂ ਕੇ ਲੰਗਰ ਅਤੁੱਟ ਵਰਤਣਗੇ। 12 ਤੋਂ 15 ਜਨਵਰੀ ਤੱਕ ਰਾਤ ਨੂੰ ਦੀਪਮਾਲਾ ਹੋਵੇਗੀ। ਇਸ ਸ਼ਹੀਦੀ ਜੋੜ ਮੇਲੇ ਵਿਚ ਸੰਗਤਾਂ ਦੇਸ਼-ਵਿਦੇਸ਼ ਵਿਚੋਂ ਪਹੁੰਚ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ।
-ਇੰਚਾਰਜ/ਸਟਾਫ਼ ਰਿਪੋਰਟਰ ਸ੍ਰੀ ਮੁਕਤਸਰ ਸਾਹਿਬ
'ਅਜੀਤ' ਉਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 98729-14938
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX