ਜਨਤਾ ਦਲ (ਯੂ) ਦੇ ਆਗੂ ਨਿਤਿਸ਼ ਕੁਮਾਰ ਨੇ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕ ਲਈ ਹੈ। ਚਾਹੇ ਨਿਤਿਸ਼ ਆਪਣੇ-ਆਪ ਨੂੰ ਸਾਫ਼-ਸੁਥਰੇ ਅਕਸ ਵਾਲਾ ਵਿਅਕਤੀ ਐਲਾਨਦੇ ਰਹੇ ਹਨ ਪਰ ਸਾਲ 2000 ਤੋਂ ਹੁਣ ਤੱਕ ਜਿਸ ਤਰ੍ਹਾਂ ਨਿਤਿਸ਼ ਨੇ ਸਿਆਸਤ ਵਿਚ ਬਾਜ਼ੀਆਂ ਪਾਈਆਂ ਹਨ, ਉਨ੍ਹਾਂ ਦੀ ਆਪਣੀ ਮਿਸਾਲ ਆਪ ਹੈ। ਸਾਲ 1974 ਵਿਚ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿਚ ਬਿਹਾਰ ਤੋਂ ਜੋ ਅੰਦੋਲਨ ਚੱਲਿਆ ਸੀ, ਉਸ ਵਿਚੋਂ ਬਹੁਤ ਸਾਰੇ ਆਗੂ ਸਿਆਸਤ ਵਿਚ ਉੱਭਰ ਕੇ ਆਏ ਸਨ, ਜਿਨ੍ਹਾਂ ਵਿਚ ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਵੀ ਸ਼ਾਮਿਲ ਸਨ।
ਆਦਰਸ਼ਾਂ ਨੂੰ ਪ੍ਰਣਾਏ ਇਸ ਅੰਦੋਲਨ 'ਚੋਂ ਉੱਭਰੇ ਬਹੁਤੇ ਆਗੂਆਂ ਦਾ ਪ੍ਰਭਾਵ ਇਸ ਲਈ ਫਿੱਕਾ ਪੈਂਦਾ ਰਿਹਾ ਹੈ, ਕਿਉਂਕਿ ਉਹ ਆਪਣੇ ਸਿਧਾਂਤਾਂ ਅਤੇ ਆਦਰਸ਼ਾਂ ਤੋਂ ਥਿੜਕਦੇ ਰਹੇ ਹਨ। ਚਾਹੇ ਬਿਹਾਰ ਦੀ ਸਿਆਸਤ ਵਿਚ ਲੰਮੇ ਸਮੇਂ ਤੱਕ ਉਹ ਹਕੂਮਤੀ ਕੁਰਸੀਆਂ 'ਤੇ ਜ਼ਰੂਰ ਬੈਠੇ ਰਹੇ ਹਨ। ਆਪਣੇ ਸਿਧਾਂਤਾਂ ਤੋਂ ਲੜਖੜਾ ਕੇ ਅਤੇ ਪਾਲੇ ਬਦਲ ਕੇ ਹਕੂਮਤ ਦੀ ਕੁਰਸੀ 'ਤੇ ਚਿਪਕੇ ਰਹਿਣ ਨਾਲ ਜਿਥੇ ਵਿਅਕਤੀ ਦਾ ਸਿਆਸੀ ਕੱਦ-ਬੁੱਤ ਵੀ ਬੌਣਾ ਹੋ ਜਾਂਦਾ ਹੈ, ਉਥੇ ਉਹ ਆਪਣੇ ਲੋਕਾਂ ਦਾ ਵਿਸ਼ਵਾਸ ਵੀ ਗੁਆ ਬੈਠਦਾ ਹੈ। ਜੇਕਰ ਬਿਹਾਰ ਲੰਮੇ ਸਮੇਂ ਤੋਂ ਸਮੱਸਿਆਵਾਂ ਭਰਪੂਰ ਸੂਬਾ ਰਿਹਾ ਹੈ ਅਤੇ ਕਰੋੜਾਂ ਹੀ ਬਿਹਾਰੀਆਂ ਨੂੰ ਬਾਹਰਲੇ ਪ੍ਰਦੇਸ਼ਾਂ ਵਿਚ ਜਾ ਕੇ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਰਹੀ ਹੈ ਤਾਂ ਇਸ ਵਿਚ ਉਥੋਂ ਦੀ ਸਿਆਸਤ ਤੇ ਸਿਆਸਤਦਾਨਾਂ ਦਾ ਵੀ ਵੱਡਾ ਹਿੱਸਾ ਰਿਹਾ ਹੈ। ਬਿਹਾਰ ਦੀ ਸਿਆਸਤ ਦਾ ਆਧਾਰ ਹਮੇਸ਼ਾ ਹੀ ਜਾਤੀਵਾਦ ਰਿਹਾ ਹੈ, ਜਿਥੇ ਉੱਪਰਲੀਆਂ ਸ਼੍ਰੇਣੀਆਂ ਦੀ ਗਿਣਤੀ 15 ਫ਼ੀਸਦੀ ਰਹੀ ਹੈ। ਇਸ ਤੋਂ ਇਲਾਵਾ ਯਾਦਵ, ਕੁਰਮੀ, ਪਾਸਵਾਨ ਤੇ ਮਹਾਂਦਲਿਤ ਉਥੇ ਹੋਰ ਜਾਤੀਆਂ ਦੇ ਲੋਕ ਹਨ। ਇਸ ਤੋਂ ਇਲਾਵਾ ਭੂਮੀਹਾਰ ਅਤੇ ਰਾਜਪੂਤਾਂ ਦੀ ਜਨਸੰਖਿਆ ਵੀ ਇਕ ਸੀਮਤ ਪ੍ਰਤੀਸ਼ਤ ਤੱਕ ਦੀ ਹੈ। ਨਿਤਿਸ਼ ਨੇ ਪਹਿਲਾਂ-ਪਹਿਲ ਜਾਤੀਵਾਦੀ ਜਨਗਣਨਾ ਬਾਰੇ ਹਿਚਕਿਚਾਹਟ ਦਿਖਾਈ ਸੀ ਪਰ ਬਾਅਦ ਵਿਚ ਉਹ ਇਸ ਦਾ ਪੱਕਾ ਹਮਾਇਤੀ ਬਣ ਗਿਆ ਸੀ ਅਤੇ ਇਸ ਲਈ ਉਹ ਕੇਂਦਰ ਸਰਕਾਰ ਨੂੰ ਵੀ ਮਜਬੂਰ ਕਰਦਾ ਆਇਆ ਹੈ। ਨਿਤਿਸ਼ ਨੇ ਜਾਤੀਵਾਦ ਨੂੰ ਆਧਾਰ ਬਣਾ ਕੇ ਵੀ ਚੋਣਾਂ ਜਿੱਤੀਆਂ ਅਤੇ ਉਸ ਨੇ ਕਦੀ ਭਾਜਪਾ ਨਾਲ ਯਾਰੀ ਪਾਈ ਤੇ ਕਦੇ ਰਾਸ਼ਟਰੀ ਜਨਤਾ ਦਲ ਨਾਲ ਅਤੇ ਅੱਜ ਉਹ ਕੱਟੜ ਵਿਰੋਧੀ ਰਹੀ ਕਾਂਗਰਸ ਨਾਲ ਵੀ ਹੱਥ ਮਿਲਾ ਰਹੇ ਹਨ। ਇਕ ਤਰ੍ਹਾਂ ਨਾਲ ਉਨ੍ਹਾਂ ਦੀ ਸਿਆਸਤ ਮੰਡਲ ਤੋਂ ਕਮੰਡਲ ਤੱਕ ਦੀ ਰਹੀ ਹੈ। ਬਿਹਾਰ ਵਰਗੇ ਰਾਜ ਵਿਚ ਅੱਜ ਵੱਡੀ ਜ਼ਰੂਰਤ ਹਰ ਪਾਸੇ ਤੋਂ ਸੂਬੇ ਨੂੰ ਉੱਚਾ ਚੁੱਕਣ ਦੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨਿਤਿਸ਼ ਦਾ ਪ੍ਰਭਾਵ ਹਮੇਸ਼ਾ ਚੰਗਾ ਬਣਿਆ ਰਿਹਾ ਹੈ। ਪਰ ਆਪਣੀ ਕੁਰਸੀ 'ਤੇ ਬਣੇ ਰਹਿਣ ਲਈ ਉਸ ਨੇ ਸਿਧਾਂਤਾਂ ਦੀ ਸਿਆਸਤ ਨੂੰ ਤਿਲਾਂਜਲੀ ਜ਼ਰੂਰ ਦਿੱਤੀ ਰੱਖੀ ਹੈ। ਹੁਣ 8ਵੀਂ ਵਾਰ ਮੁੱਖ ਮੰਤਰੀ ਬਣ ਕੇ ਉਹ ਬਿਹਾਰ ਦੀ ਬਿਹਤਰੀ ਲਈ ਕਿੰਨਾ ਕੁ ਸਮਰਪਿਤ ਹੋ ਕੇ ਕੰਮ ਕਰ ਸਕਣਗੇ, ਇਹ ਵੇਖਣਾ ਬਾਕੀ ਹੋਵੇਗਾ।
-ਬਰਜਿੰਦਰ ਸਿੰਘ ਹਮਦਰਦ
ਪੰਜਾਬ ਨੂੰ ਜਿਥੇ ਕਈ ਤਰ੍ਹਾਂ ਦੇ ਮੁੱਦਿਆਂ ਨੇ ਘੇਰਿਆ ਹੋਇਆ ਹੈ, ਉਥੇ ਹੀ ਸਿਹਤ ਦੇ ਮੁੱਦਿਆਂ 'ਤੇ ਵੀ ਇਹ ਕਈ ਪਾਸਿਉਂ ਪਛੜਦਾ ਨਜ਼ਰ ਆ ਰਿਹਾ ਹੈ। ਸਿਹਤ ਪੱਖੋਂ ਸਭ ਤੋਂ ਭਿਆਨਕ ਬਿਮਾਰੀ ਕੈਂਸਰ ਦੀ ਹੈ, ਜਿਸ ਦਾ ਨਾਂਅ ਸੁਣਦਿਆਂ ਹੀ ਸ਼ਮਸ਼ਾਨਘਾਟ ਦਾ ਦ੍ਰਿਸ਼ ਅੱਖਾਂ ...
ਮੌਜੂਦਾ ਸਮੇਂ ਦੀਆਂ ਸਮਾਜਿਕ ਅਤੇ ਨੈਤਿਕ ਸਮੱਸਿਆਵਾਂ ਤੋਂ ਬਦਹਾਲ ਨੌਜਵਾਨ ਆਪਣੇ ਰਸਤੇ ਤੋਂ ਭਟਕ ਕੇ ਨਸ਼ਿਆਂ ਜਾਂ ਜੁਰਮ ਦੀ ਦੁਨੀਆ ਵਿਚ ਫਸ ਰਹੇ ਹਨ। ਉਨ੍ਹਾਂ ਨੂੰ ਇਸ ਦੁਬਿਧਾ ਵਿਚੋਂ ਸਿੱਖਿਆ ਨਾਲ ਹੀ ਬਾਹਰ ਕੱਢਿਆ ਜਾ ਸਕਦਾ ਹੈ। ਕਿਉਂਕਿ ਸਿੱਖਿਆ ਨੂੰ ਮਨੁੱਖ ...
ਰਾਸ਼ਟਰਮੰਡਲ ਖੇਡਾਂ ਵਿਚ ਹਰਿਆਣਾ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਨਾ ਸਿਰਫ ਸ਼ਾਨਦਾਰ ਰਿਹਾ, ਸਗੋਂ ਦੇਸ਼ ਦੇ ਵੱਡੇ-ਵੱਡੇ ਰਾਜਾਂ ਨੂੰ ਪਿੱਛੇ ਛੱਡ ਕੇ ਹਰਿਆਣਾ ਦੇ ਖਿਡਾਰੀਆਂ ਨੇ ਸਭ ਤੋਂ ਜ਼ਿਆਦਾ ਤਗਮੇ ਹਾਸਲ ਕੀਤੇ। ਭਾਰਤੀ ਖਿਡਾਰੀਆਂ ਨੇ ਕੁੱਲ 61 ਤਗਮੇ ਹਾਸਲ ਕੀਤੇ, ...
ਅੱਜਕਲ੍ਹ ਪੈਨਸ਼ਨ ਦਾ ਮੁੱਦਾ ਬਹੁਤ ਮਘਿਆ ਹੋਇਆ ਹੈ। ਲੋਕਾਂ ਨੂੰ ਚਾਹੇ ਸਾਰੇ ਤਰ੍ਹਾਂ ਦੀਆਂ ਪੈਨਸ਼ਨਾਂ ਦਾ ਭਾਵੇਂ ਪਤਾ ਨਾ ਹੋਵੇ ਪ੍ਰੰਤੂ ਇਹ ਵਿਆਖਿਆ ਜ਼ਰੂਰ ਕਰਦੇ ਹਨ ਕਿ ਨੌਕਰੀ ਕਰਨ ਤੋਂ ਬਾਅਦ ਇਕ ਕਰਮਚਾਰੀ ਤਾਂ ਸੇਵਾ-ਮੁਕਤੀ ਉਪਰੰਤ ਕਾਫ਼ੀ ਸਾਰਾ ਫੰਡ ਲੈ ਕੇ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX