ਹਰਕਵਲਜੀਤ ਸਿੰਘ
ਚੰਡੀਗੜ੍ਹ, 27 ਸਤੰਬਰ -ਪੰਜਾਬ ਵਿਧਾਨ ਸਭਾ ਦੇ ਸੱਦੇ ਗਏ ਵਿਸ਼ੇਸ਼ ਇਜਲਾਸ ਦੌਰਾਨ ਅੱਜ ਮੁੱਖ ਮੰਤਰੀ ਵਲੋਂ ਆਪਣੀ ਸਰਕਾਰ ਦੇ ਹੱਕ 'ਚ ਭਰੋਸੇ ਦਾ ਵੋਟ ਪੇਸ਼ ਕਰਨ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ, ਕਿਉਂਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਰਾਜਪਾਲ ਪੰਜਾਬ ਇਸ ਸੰਬੰਧੀ ਇਜਲਾਸ ਬੁਲਾਉਣ ਦਾ ਫ਼ੈਸਲਾ ਲੈ ਕੇ ਸਪੱਸ਼ਟ ਕਰ ਚੁੱਕੇ ਹਨ ਕਿ ਨਿਯਮਾਂ ਅਨੁਸਾਰ ਇਹ ਮਤਾ ਪੇਸ਼ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਪੀਕਰ ਵਲੋਂ ਇਜਲਾਸ ਲਈ ਜੋ ਏਜੰਡਾ ਜਾਰੀ ਕੀਤਾ ਗਿਆ ਸੀ ਅਤੇ ਅੱਜ ਸਦਨ ਦੇ ਕੰਮਕਾਜ ਸੰਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ 'ਚ ਵੀ ਜਦੋਂ ਇਸ ਮਤੇ ਦਾ ਜ਼ਿਕਰ ਨਹੀਂ ਹੋਇਆ ਤਾਂ ਮੁੱਖ ਮੰਤਰੀ ਵਲੋਂ ਇਹ ਮਤਾ ਪੇਸ਼ ਕਰਨ ਦਾ ਅਚਾਨਕ ਫ਼ੈਸਲਾ ਕਦੋਂ ਤੇ ਕਿਵੇਂ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਸਦਨ ਦੇ ਨਿਯਮਾਂ ਤੇ ਰਾਜਪਾਲ ਦੀ ਤੌਹੀਨ ਵਾਲੀ ਕਾਰਵਾਈ ਹੈ। ਬਾਜਵਾ ਨਾਲ ਜਦੋਂ ਕਾਂਗਰਸ ਦੇ ਮੈਂਬਰ ਸਦਨ 'ਚ ਖੜ੍ਹੇ ਹੋ ਕੇ ਰੌਲਾ-ਰੱਪਾ ਪਾਉਣ ਲੱਗੇ ਤਾਂ ਮੁੱਖ ਮੰਤਰੀ ਮਤਾ ਪੇਸ਼ ਕਰਨ ਵਿਚ ਅਸਮਰੱਥ ਰਹੇ ਅਤੇ ਕਾਂਗਰਸ ਮੈਂਬਰਾਂ ਦੇ ਨਾਅਰੇ ਮਾਰਦਿਆਂ ਸਪੀਕਰ ਦੀ ਕੁਰਸੀ ਸਾਹਮਣੇ ਆਉਣ ਕਾਰਨ ਸਪੀਕਰ ਵਲੋਂ ਸਦਨ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਬੈਠਕ ਦੁਬਾਰਾ ਸ਼ੁਰੂ ਹੋਣ 'ਤੇ ਵੀ ਸਪੀਕਰ ਵਲੋਂ ਜਦੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬੋਲਣ ਲਈ ਸਮਾਂ ਦਿੱਤਾ ਗਿਆ, ਜੋ ਕਿ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਭਰੋਸੇ ਦਾ ਵੋਟ ਲੈਣ ਦਾ ਹੱਕ ਵਿਧਾਨਕ ਹੈ ਅਤੇ ਇਸ ਦੀ ਪਹਿਲਾਂ ਵੀ ਲਗਾਤਾਰ ਵਰਤੋਂ ਹੁੰਦੀ ਆਈ ਹੈ, ਪਰ ਬਾਜਵਾ ਤੇ ਕਾਂਗਰਸ ਮੈਂਬਰਾਂ ਨੇ ਉਨ੍ਹਾਂ ਨੂੰ ਵੀ ਨਹੀਂ ਬੋਲਣ ਦਿੱਤਾ, ਹਾਲਾਂਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਕਾਂਗਰਸ ਮੈਂਬਰਾਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਦੌਰਾਨ ਉੱਠ ਕੇ ਕਾਂਗਰਸ ਮੈਂਬਰਾਂ ਨੂੰ ਆਪਣਾ ਘਰ ਸੰਭਾਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਸੀਂ ਵੀ ਇਜਲਾਸ ਨੂੰ ਲੰਬਾ ਕਰ ਕੇ ਸਾਰੇ ਮੈਂਬਰਾਂ ਨੂੰ ਮੁੱਦੇ ਚੁੱਕਣ ਲਈ ਪੂਰਾ ਸਮਾਂ ਦੇਣਾ ਚਾਹੁੰਦੇ ਹਾਂ। ਉਨ੍ਹਾਂ ਕਾਂਗਰਸ ਮੈਂਬਰਾਂ ਨੂੰ ਕਿਹਾ ਕਿ ਅਸੀਂ ਵੀ ਤੁਹਾਡੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਨੀਆਂ ਚਾਹੁੰਦੇ ਹਾਂ ਪਰ ਪਤਾ ਨਹੀਂ ਤੁਹਾਨੂੰ ਇਸ ਲਈ ਹਿੰਮਤ ਕਿਉਂ ਨਹੀਂ ਪੈਂਦੀ ਪਰ ਕਾਂਗਰਸ ਮੈਂਬਰ ਜੋ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ 'ਚ ਸਪੀਕਰ ਦੀ ਕੁਰਸੀ ਸਾਹਮਣੇ ਜਾ ਕੇ ਨਾਅਰੇ ਲਗਾ ਰਹੇ ਸਨ, ਨੂੰ ਸਪੀਕਰ ਨੇ ਪਹਿਲਾਂ ਚਿਤਾਵਨੀ ਦਿੱਤੀ ਅਤੇ ਫਿਰ ਨਾਂਅ ਲੈਂਦਿਆਂ ਸਦਨ ਦੇ ਮਾਰਸ਼ਲਾਂ ਨੂੰ ਆਦੇਸ਼ ਦਿੱਤਾ ਕਿ ਸਦਨ ਦੀ ਕਾਰਵਾਈ ਵਿਚ ਰੁਕਾਵਟ ਪਾਉਣ ਵਾਲੇ ਕਾਂਗਰਸ ਮੈਂਬਰਾਂ ਨੂੰ ਸਦਨ ਤੋਂ ਬਾਹਰ ਕਰ ਦਿੱਤਾ ਜਾਵੇ। ਮਾਰਸ਼ਲ ਅਤੇ ਪੰਜਾਬ ਪੁਲਿਸ ਤੋਂ ਵਾਚ ਐਂਡ ਵਾਰਡ ਵਜੋਂ ਲਏ ਹੋਏ 100 ਤੋਂ ਵੱਧ ਸੁਰੱਖਿਆ ਕਰਮੀ ਜਦੋਂ ਕਾਂਗਰਸ ਮੈਂਬਰਾਂ ਨੂੰ ਬਾਹਰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਸਪੀਕਰ ਸਦਨ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰ ਕੇ ਚਲੇ ਗਏ ਪਰ ਸਪੀਕਰ 15 ਮਿੰਟ ਬਾਅਦ ਜਦੋਂ ਦੁਬਾਰਾ ਆਏ ਤਾਂ ਕਾਂਗਰਸੀ ਮੈਂਬਰ ਵਾਪਸ ਕੁਰਸੀਆਂ 'ਤੇ ਬੈਠ ਗਏ ਤੇ ਸੁਰੱਖਿਆ ਕਰਮੀਆਂ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਕਾਂਗਰਸੀ ਮੈਂਬਰਾਂ ਨੂੰ ਸਦਨ ਤੋਂ ਬਾਹਰ ਜਾਣ ਅਤੇ ਸਪੀਕਰ ਦਾ ਹੁਕਮ ਮੰਨਣ ਲਈ ਮਨਾ ਰਹੇ ਸਨ, ਜਿਸ 'ਤੇ ਸਪੀਕਰ ਫਿਰ 15 ਮਿੰਟਾਂ ਲਈ ਸਦਨ ਦੀ ਬੈਠਕ ਉਠਾ ਕੇ ਚਲੇ ਗਏ। ਪਰ ਇਸ ਦੌਰਾਨ ਅਮਨ ਅਰੋੜਾ ਦੀਆਂ ਕੋਸ਼ਿਸ਼ਾਂ ਕਾਰਨ ਕਾਂਗਰਸ ਮੈਂਬਰ ਸਦਨ ਤੋਂ ਬਾਹਰ ਚਲੇ ਗਏ ਅਤੇ ਸਦਨ ਦੀ ਬੈਠਕ ਦੁਬਾਰਾ ਸ਼ੁਰੂ ਹੋਣ 'ਤੇ ਮੁੱਖ ਮੰਤਰੀ ਵਲੋਂ ਭਰੋਸੇ ਦੇ ਵੋਟ ਦਾ ਮਤਾ ਪੇਸ਼ ਕੀਤਾ ਜਾ ਸਕਿਆ, ਜਿਸ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਵਲੋਂ ਤਾਈਦ ਕੀਤੀ ਗਈ। ਬਾਅਦ ਵਿਚ ਮਤੇ 'ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਦਿੱਲੀ ਵਿਚ ਸਾਡੀ ਸਰਕਾਰ ਨੂੰ ਤਿੰਨ ਵਾਰ ਤੋੜਨ ਦੀ ਕੋਸ਼ਿਸ਼ ਹੋਈ ਪਰ ਉਹ ਕੋਸ਼ਿਸ਼ ਕਾਮਯਾਬ ਨਹੀਂ ਹੋਈ, ਕਿਉਂਕਿ ਸਾਡੇ ਮੈਂਬਰ ਮੰਡੀ 'ਚ ਉਪਲਬਧ ਨਹੀਂ ਹਨ, ਅਸੀਂ ਦੂਜੀਆਂ ਪਾਰਟੀਆਂ ਤੋਂ ਕੱਟੇ-ਵੱਢੇ ਹੋਏ ਆਗੂ ਨਹੀਂ ਲਏ। ਸਾਡੇ ਸਾਰੇ ਵਿਧਾਇਕ ਆਮ ਲੋਕ ਹਨ, ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀਆਂ ਸਰਕਾਰਾਂ ਦੇ ਆਗੂ ਆਪਸ ਵਿਚ ਰਲੇ ਹੋਏ ਸਨ ਅਤੇ ਉਨ੍ਹਾਂ ਰਾਜ ਕਰਨ ਦੀਆਂ ਵੀ ਵਾਰੀਆਂ ਬੰਨ੍ਹੀਆਂ ਹੋਈਆਂ ਸਨ। ਉਨ੍ਹਾਂ ਕਿਹਾ ਲੋਕਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਹਨ ਤੇ ਅਸੀਂ ਉਨ੍ਹਾਂ 'ਤੇ ਖਰੇ ਉੱਤਰਾਂਗੇ। ਭਗਵੰਤ ਮਾਨ ਨੇ ਸਦਨ 'ਚ ਸਵਾਲ ਕੀਤਾ ਕਿ ਇਨ੍ਹਾਂ ਕਾਂਗਰਸ ਵਾਲਿਆਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿੱਥੇ ਹਨ। ਮੈਂ ਬਹੁਤ ਸਾਰੀਆਂ ਫਾਈਲਾਂ ਬਾਰੇ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਦਸਤਖ਼ਤ ਕਿਵੇਂ ਕੀਤੇ। ਉਨ੍ਹਾਂ ਕਿਹਾ ਕਿ 118 ਦਿਨ ਮੁੱਖ ਮੰਤਰੀ ਰਹਿ ਕੇ ਚੰਨੀ ਭੱਜ ਗਏ, ਉਸ ਦਾ ਕੀ ਕਾਰਨ ਹੈ, ਕੀ ਕੋਈ ਗ਼ਲਤ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਸ ਕਾਂਗਰਸ ਪਾਰਟੀ ਦੇ ਤਿੰਨ ਮੁੱਖ ਮੰਤਰੀ, ਸੈਂਕੜੇ ਵਿਧਾਇਕ ਕਾਂਗਰਸ 'ਚੋਂ ਭੱਜ ਗਏ, ਭਾਜਪਾ ਨੇ ਉਨ੍ਹਾਂ ਦੇ ਤਿੰਨ ਸੂਬਿਆਂ ਦੀਆਂ ਸਰਕਾਰਾਂ ਤੋੜ ਦਿੱਤੀਆਂ, ਸਾਬਕਾ ਮੁੱਖ ਮੰਤਰੀ ਚੰਨੀ ਲਾਪਤਾ ਹੋ ਗਏ, ਪਾਰਟੀ ਦਾ ਕੋਈ ਕੌਮੀ ਪ੍ਰਧਾਨ ਬਣਨ ਲਈ ਤਿਆਰ ਨਹੀਂ, ਉਹ ਅੱਜ ਵੀ ਭਾਜਪਾ ਨਾਲ ਮਿਲ ਕੇ ਚੱਲ ਰਹੀ ਹੈ। ਇਸ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਦੀ ਯਾਤਰਾ ਗੁਜਰਾਤ ਤੇ ਹਿਮਾਚਲ ਨਹੀਂ ਜਾ ਰਹੀ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਦਲ ਬਦਲੂ ਕਾਨੂੰਨ ਤੋਂ ਨਿਕਲਣ ਦਾ ਰਸਤਾ ਲੱਭ ਲਿਆ ਹੈ, ਇਸੇ ਕਾਰਨ ਇਕ ਤੋਂ ਬਾਅਦ ਦੂਜੀ ਗ਼ੈਰ ਭਾਜਪਾ ਸਰਕਾਰ ਤੋੜ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਨ ਸਭਾ ਨੂੰ ਨਾ ਚੱਲਣ ਦੇ ਕੇ ਕਈ ਵੱਡਾ ਮਾਣ ਮਹਿਸੂਸ ਕਰਦੇ ਹਨ। ਮਤੇ 'ਤੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਾਡੇ 92 ਵਿਧਾਇਕ ਜਦੋਂ ਤੱਕ ਪੰਜਾਬ ਨੂੰ ਦੁਬਾਰਾ ਬਿਹਤਰੀਨ ਸੂਬਾ ਨਹੀਂ ਬਣਾ ਲੈਂਦੇ ਉਹ ਇਸੇ ਤਰ੍ਹਾਂ ਭਗਵੰਤ ਮਾਨ ਤੇ ਕੇਜਰੀਵਾਲ ਨਾਲ ਖੜ੍ਹੇ ਰਹਿਣਗੇ।
ਭਰੋਸੇ ਦੇ ਵੋਟ 'ਤੇ ਅਕਾਲੀ ਖ਼ਾਮੋਸ਼
ਸਰਕਾਰ ਵਲੋਂ ਭਰੋਸੇ ਦਾ ਵੋਟ ਲਿਆਉਣ 'ਤੇ 3 ਅਕਾਲੀ ਦਲ ਦੇ ਤੇ 1 ਬਸਪਾ ਮੈਂਬਰ ਸਦਨ 'ਚ ਖ਼ਾਮੋਸ਼ ਬੈਠੇ ਰਹੇ ਅਤੇ ਉਨ੍ਹਾਂ ਕਿਸੇ ਧਿਰ ਦਾ ਸਾਥ ਨਹੀਂ ਦਿੱਤਾ, ਜਦੋਂ ਕਿ ਭਾਜਪਾ ਮੈਂਬਰ ਸਦਨ ਤੋਂ ਗ਼ੈਰ ਹਾਜ਼ਰ ਰਹੇ।
ਰਾਣਾ ਤੇ ਪਰਗਟ ਸਿੰਘ ਗ਼ੈਰ ਹਾਜ਼ਰ
ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਵਿਧਾਇਕ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਕਾਂਗਰਸ ਮੈਂਬਰ ਪਰਗਟ ਸਿੰਘ ਅੱਜ ਸਦਨ 'ਚ ਨਹੀਂ ਸਨ। ਸੂਤਰਾਂ ਅਨੁਸਾਰ ਪਰਗਟ ਸਿੰਘ ਆਸਟ੍ਰੇਲੀਆ ਤੇ ਰਾਣਾ ਵੀ ਪੰਜਾਬ ਤੋਂ ਬਾਹਰ ਸਨ।
ਸਲਾਹਕਾਰ ਕਮੇਟੀ ਅਨੁਸਾਰ ਨਵਾਂ ਪ੍ਰੋਗਰਾਮ
ਸਦਨ 'ਚ ਕੁਝ ਮੈਂਬਰਾਂ ਤੇ ਵਿੱਤ ਮੰਤਰੀ ਵਲੋਂ ਭਰੋਸੇ ਦੇ ਮੱਤ 'ਤੇ ਬਹਿਸ ਵਿਰੋਧੀ ਮੈਂਬਰਾਂ ਦੀ ਹਾਜ਼ਰੀ ਵਿਚ ਹੀ ਕਰਵਾਉਣ ਦੀ ਮੰਗ ਕਾਰਨ ਸਪੀਕਰ ਨੇ ਅੱਜ ਦੀ ਬੈਠਕ 29 ਸਤੰਬਰ ਬਾਅਦ ਦੁਪਹਿਰ ਦੋ ਵਜੇ ਤੱਕ ਲਈ ਉਠਾ ਦਿੱਤੀ ਅਤੇ ਉਹ ਗੈਰ ਸਰਕਾਰੀ ਕੰਮਕਾਜ ਦਾ ਦਿਨ ਹੋਵੇਗਾ। ਸਦਨ ਦੀ ਕਾਰਜ ਸਲਾਹਕਾਰ ਕਮੇਟੀ ਵਲੋਂ ਲਏ ਗਏ ਫ਼ੈਸਲੇ ਅਨੁਸਾਰ 28 ਸਤੰਬਰ ਸਦਨ 'ਚ ਛੁੱਟੀ ਵਾਲਾ ਦਿਨ ਹੋਵੇਗਾ, 30 ਸਤੰਬਰ ਨੂੰ ਵਿਧਾਨਕ ਕੰਮਕਾਜ ਤੇ 1 ਅਕਤੂਬਰ ਤੇ 2 ਅਕਤੂਬਰ ਛੁੱਟੀ ਤੋਂ ਬਾਅਦ ਸੋਮਵਾਰ 3 ਅਕਤੂਬਰ 2 ਵਜੇ ਬੈਠਕ 'ਚ ਵਿਸ਼ਵਾਸ ਪ੍ਰਸਤਾਵ 'ਤੇ ਬਹਿਸ ਤੇ ਵੋਟਿੰਗ ਹੋਵੇਗੀ।
ਮਤਾ ਪੇਸ਼ ਕਰਨ ਦਾ ਮਕਸਦ ਭਖਦੇ ਮਸਲਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨਾ-ਇਯਾਲੀ
ਚੰਡੀਗੜ੍ਹ, 27 ਸਤੰਬਰ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿਧਾਨ ਸਭਾ 'ਚ ਸਰਕਾਰ ਵਲੋਂ ਭਰੋਸਗੀ ਮਤਾ ਪੇਸ਼ ਕਰਨ ਦਾ ਵਿਰੋਧ ਤੇ ਨਿਖੇਧੀ ਕੀਤੀ ਹੈ। ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਵਿਸ਼ਵਾਸ ਮਤਾ ਪੇਸ਼ ਕਰਨ ਦਾ ਮਕਸਦ ਪੰਜਾਬ ਦੇ ਭਖਦੇ ਮਸਲਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨਾ ਹੈ।
ਮੈਨੂੰ ਮੁੱਖ ਮੰਤਰੀ ਨੇ ਕਦੇ ਸੰਪਰਕ ਨਹੀਂ ਕੀਤਾ, ਮੇਰਾ ਟੈਲੀਫ਼ੋਨ ਹਮੇਸ਼ਾ ਚੱਲਦਾ ਹੈ-ਚੰਨੀ
ਚੰਡੀਗੜ੍ਹ, 27 ਸਤੰਬਰ (ਬਿਊਰੋ ਚੀਫ਼)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਵਿਚ ਕਿਹਾ ਸੀ ਕਿ ਉਹ ਲਾਪਤਾ ਹਨ, ਨੇ ਅੱਜ ਰਾਤ 'ਅਜੀਤ' ਨੂੰ ਟੈਲੀਫ਼ੋਨ ਕਰ ਕੇ ਕਿਹਾ ਕਿ ਮੇਰਾ ਟੈਲੀਫ਼ੋਨ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਮੈਨੂੰ ਕਦੇ ਮੁੱਖ ਮੰਤਰੀ ਜਾਂ ਉਨ੍ਹਾਂ ਦੇ ਸਟਾਫ਼ ਦਾ ਟੈਲੀਫ਼ੋਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮੇਰੇ ਨਾਲ ਕਦੇ ਵੀ ਗੱਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਮਿਲਿਆ ਵੀ ਸੀ ਅਤੇ ਇਹ ਕਹਿ ਕੇ ਆਇਆ ਸੀ ਕਿ ਉਹ ਮੇਰੇ ਨਾਲ ਕਦੇ ਵੀ ਸੰਪਰਕ ਕਰ ਸਕਦੇ ਹਨ। ਸ. ਚੰਨੀ ਨੇ ਕਿਹਾ ਕਿ ਮੇਰੀ ਸਰਕਾਰ ਵਲੋਂ ਜੋ ਵੀ ਚੰਗੇ ਫ਼ੈਸਲੇ ਕੀਤੇ ਗਏ ਸਨ, ਮੌਜੂਦਾ ਸਰਕਾਰ ਵਲੋਂ ਉਹ ਵਾਪਸ ਲੈ ਲਏ ਗਏ ਹਨ। ਚੰਨੀ, ਜੋ ਮਗਰਲੇ ਕੁਝ ਸਮੇਂ ਤੋਂ ਵਿਦੇਸ਼ ਵਿਚ ਹਨ, ਸੰਬੰਧੀ ਅੱਜ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਦੋਸ਼ ਲਗਾਇਆ ਸੀ ਕਿ ਉਹ ਕੁਝ ਮਹੱਤਵਪੂਰਨ ਫ਼ੈਸਲਿਆਂ ਸੰਬੰਧੀ ਸ. ਚੰਨੀ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਦਾ ਕੁਝ ਪਤਾ ਹੀ ਨਹੀਂ ਲੱਗ ਰਿਹਾ।
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 27 ਸਤੰਬਰ-ਰਾਜਸਥਾਨ ਕਾਂਗਰਸ 'ਚ ਚੱਲ ਰਹੀ ਅੰਦਰੂਨੀ ਖਾਨਾਜੰਗੀ ਦਰਮਿਆਨ ਮੰਗਲਵਾਰ ਨੂੰ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ 'ਤੇ ਮਾਮਲੇ ਨੂੰ ਸੁਲਝਾਉਣ ਦੀ ਦਿਸ਼ਾ 'ਚ ਦਿਨ ਭਰ ਸਰਗਰਮੀਆਂ ਦਾ ਦੌਰ ਜਾਰੀ ਰਿਹਾ। ਗਹਿਲੋਤ ਤੋਂ ਖਫ਼ਾ ਹੋਣ ਦੇ ...
ਸਤਨਾਮ ਸਿੰਘ ਮਾਣਕ ਜਸਪਾਲ ਸਿੰਘ
ਜਲੰਧਰ, 27 ਸਤੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਕੌਮ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਦੱਸਦੇ ਹੋਏ ਕਿਹਾ ਕਿ ...
ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਦਿੱਗਜ਼ ਬਾਲੀਵੁੱਡ ਅਦਾਕਾਰਾ ਆਸ਼ਾ ਪਾਰੇਖ ਨੂੰ 2020 ਦੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ...
ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਕੌਮੀ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਹਰਿਆਣਾ ਸਰਕਾਰ 'ਤੇ 100 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਐਨ.ਜੀ.ਟੀ. ਨੇ ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਨੂੰ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਮੁਆਵਜ਼ੇ ਦੇ ਤੌਰ 'ਤੇ 100 ਕਰੋੜ ...
ਪੱਟੀ, 27 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਵਿਧਾਨ ਸਭਾ ਹਲਕਾ ਦੇ ਪਿੰਡ ਗਦਾਈਕੇ 'ਚ ਬੀਤੀ ਰਾਤ 2 ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਦਰਸ਼ਨ ਸਿੰਘ ਉਰਫ ਸੋਨਾ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਿੰਡ ...
ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਦੇਸ਼ ਦੇ 7 ਸੂਬਿਆਂ ਵਿਚ ਮੰਗਲਵਾਰ ਨੂੰ ਪਾਪੂਲਰ ਫਰੰਟ ਆਫ ਇੰਡੀਆ (ਪੀ. ਐਫ. ਆਈ.) ਦੇ ਅਲੱਗ-ਅਲੱਗ ਟਿਕਾਣਿਆਂ 'ਤੇ ਕੀਤੀ ਗਈ ਕਾਰਵਾਈ ਦੌਰਾਨ ਉਸ ਦੇ 170 ਤੋਂ ਵੱਧ ਕਾਰਕੁੰਨਾਂ ਨੂੰ ਹਿਰਾਸਤ ਵਿਚ ਲਿਆ ਗਿਆ। ਕੱਟੜ ਇਸਲਾਮ ਦਾ ਪ੍ਰਸਾਰ ਕਰਨ ਦੇ ...
ਟੋਕੀਓ, 27 ਸਤੰਬਰ (ਪੀ.ਟੀ.ਆਈ.)-ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਲਈ ਰੱਖੇ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਸ਼ਵ ਦੇ 700 ਤੋਂ ਜ਼ਿਆਦਾ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਿੰਜ਼ੋ ...
ਪਠਾਨਕੋਟ, 27 ਸਤੰਬਰ (ਏਜੰਸੀ)- ਮਹਿੰਗਾਈ ਇੰਨੀ ਵਧ ਗਈ ਹੈ ਕਿ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਜੋ ਪਹਿਲਾਂ 15 ਹਜ਼ਾਰ ਰੁਪਏ 'ਚ ਮਿਲ ਜਾਂਦੇ ਸੀ ਉਹ ਹੁਣ 25-30 ਹਜ਼ਾਰ ਰੁਪਏ ਤੱਕ ਵਿਕ ਰਹੇ ਹਨ, ਇਸ ਕਰਕੇ ਇਨ੍ਹਾਂ ਪੁਤਲਿਆਂ ਦੇ ਖਰੀਦਦਾਰ ਪ੍ਰੇਸ਼ਾਨ ਹਨ ਅਤੇ ਇਨ੍ਹਾਂ ...
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 27 ਸਤੰਬਰ-ਸਪੀਕਰ ਵਲੋਂ ਕਾਂਗਰਸ ਵਿਧਾਇਕਾਂ ਦਾ ਨਾਂਅ ਲੈ ਕੇ ਵਿਧਾਨ ਸਭਾ 'ਚੋਂ ਬਾਹਰ ਕੱਢੇ ਜਾਣ ਮਗਰੋਂ ਕਾਂਗਰਸ ਵਿਧਾਇਕਾਂ ਨੇ ਵਿਰੋਧ ਜਤਾਉਂਦੇ ਹੋਏ ਵੱਖਰੀ ਵਿਧਾਨ ਸਭਾ ਚਲਾਈ। ਇਸ ਦੌਰਾਨ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ...
ਨਵੀਂ ਦਿੱਲੀ, 27 ਸਤੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ 'ਚ ਹਾਜ਼ਰੀ ਭਰਨ ਲਈ 240 ਸਿੱਖਾਂ ਦਾ ਜਥਾ 30 ਅਕਤੂਬਰ ਨੂੰ ਪਾਕਿਸਤਾਨ ਰਵਾਨਾ ਹੋਵੇਗਾ। ਇਸ ਜਥੇ 'ਚ ਰਾਜਧਾਨੀ ...
ਨਵੀਂ ਦਿੱਲੀ, 27 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੰਵਿਧਾਨਿਕ ਬੈਂਚ ਸਾਹਮਣੇ ਲਿਆਂਦੇ ਮਾਮਲਿਆਂ ਦੀ ਸੁਣਵਾਈ ਦੇ ਲਾਈਵ ਪ੍ਰਸਾਰਨ ਦੀ ਵਿਵਸਥਾ ਸ਼ੁਰੂ ਕਰ ਦਿੱਤੀ। ਇਸ ਇਤਿਹਾਸਿਕ ਪਹਿਲਕਦਮੀ ਦੇ ਪਹਿਲੇ ਦਿਨ ਸੁਪਰੀਮ ਕੋਰਟ 'ਚ ਤਿੰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX