ਰੂਸ ਨੇ ਆਪਣੇ ਗੁਆਂਢੀ ਯੂਕਰੇਨ 'ਤੇ 24 ਫਰਵਰੀ, 2022 ਨੂੰ ਹਮਲਾ ਕੀਤਾ ਸੀ। ਜਿਸ ਨੂੰ ਹੁਣ ਲਗਭਗ 7 ਮਹੀਨੇ 'ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਸਾਰੇ ਸਮੇਂ ਵਿਚ ਰੂਸ ਵਲੋਂ ਯੂਕਰੇਨ 'ਤੇ ਭਰਪੂਰ ਹਵਾਈ ਹਮਲੇ ਕੀਤੇ ਗਏ। ਮੁਲਕ ਦੇ ਬਹੁਤੇ ਹਿੱਸਿਆਂ ਵਿਚ ਵੱਡੀ ਤਬਾਹੀ ਮਚਾਈ ...
ਪਿਛਲੇ ਦਿਨੀਂ ਨੀਤੀ ਆਯੋਗ ਦੀ ਹੋਈ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਮਿਆਂ ਤੋਂ ਦੁਹਰਾਈ ਜਾਂਦੀ ਮੰਗ ਕਿ ਕੁਝ ਹੋਰ ਫ਼ਸਲਾਂ ਨੂੰ ਵੀ ਘੱਟੋ-ਘੱਟ ਸਮਰਥਨ ਮੁੱਲ ਨਾਲ ਖਰੀਦਿਆ ਜਾਵੇ, ਨੂੰ ਫਿਰ ਦੁਹਰਾਇਆ ਹੈ। ਇਸ ਦਾ ਸਿੱਟਾ ਕੀ ਨਿਕਲੇਗਾ, ਇਹ ਤਾਂ ਸਮੇਂ ...
ਜਨਮ ਦਿਨ 'ਤੇ ਵਿਸ਼ੇਸ਼
ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜੀ ਗਈ ਆਜ਼ਾਦੀ ਦੀ ਜੰਗ 'ਚ ਜਿੱਥੇ ਸਾਡੇ ਦੇਸ਼ ਦੇ ਕਈ ਦੇਸ਼ ਭਗਤਾਂ ਨੇ ਆਪੋ-ਆਪਣਾ ਯੋਗਦਾਨ ਪਾਇਆ, ਉੱਥੇ ਹੀ ਇਸ ਲੜਾਈ 'ਚ ਕੁਝ ਅਜਿਹੇ ਲੋਕ ਵੀ ਸ਼ਾਮਿਲ ਸਨ, ਜੋ ਇਸ ਦੇਸ਼ ਦੇ ਨਾਗਰਿਕ ਨਾ ਹੋਣ ਦੇ ਬਾਵਜੂਦ ਇਸ ਦੀ ਆਜ਼ਾਦੀ ਲਈ ਸਾਰੀ ਜ਼ਿੰਦਗੀ ਲੜਦੇ ਰਹੇ। ਇਨ੍ਹਾਂ 'ਚੋਂ ਹੀ ਪ੍ਰਮੁੱਖ ਸੀ ਸ੍ਰੀਮਤੀ 'ਐਨੀ ਬੇਸੈਂਟ'। ਐਨੀ ਵੁੱਡ ਦਾ ਜਨਮ ਇਕ ਅਕਤੂਬਰ, 1847 ਨੂੰ ਲੰਡਨ ਦੇ ਇਕ ਮੱਧ ਵਰਗੀ ਪਰਿਵਾਰ 'ਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂਅ ਵਿਲੀਅਮ ਬਰਟਨ ਪਰਸੇ ਵੁੱਡ ਅਤੇ ਮਾਤਾ ਦਾ ਨਾਂਅ ਈਮਿਲੀ ਰੋਚ ਮੌਰਿਸ ਸੀ। ਐਨੀ ਖ਼ੁਦ ਨੂੰ ਅੰਗਰੇਜ਼ ਦੀ ਥਾਂ ਆਇਰਿਸ਼ ਹੀ ਮੰਨਦੀ ਸੀ ਅਤੇ ਉਸ ਨੇ ਆਪਣੇ ਮੁਢਲੇ ਜੀਵਨ ਦੌਰਾਨ ਆਇਰਿਸ਼ ਸਵੈ-ਨਿਯਮਾਂ ਦਾ ਸਮਰਥਨ ਕੀਤਾ। ਐਨੀ ਵੁੱਡ ਅਜੇ ਪੰਜ ਸਾਲਾਂ ਦੀ ਹੀ ਸੀ ਕਿ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। ਜਦੋਂ ਐਨੀ 20 ਵਰ੍ਹਿਆਂ ਦੀ ਹੋਈ ਤਾਂ ਉਸ ਦੀ ਮਾਂ ਨੇ ਉਸ ਦਾ ਵਿਆਹ ਵਾਲਟਰ ਬੇਸੈਂਟ ਦੇ ਛੋਟੇ ਭਰਾ ਫਰੈਂਕ ਬੇਸੈਂਟ ਦੇ ਨਾਲ ਕਰ ਦਿੱਤਾ, ਜੋ ਇਕ ਪਾਦਰੀ ਸੀ। ਉਨ੍ਹਾਂ ਦੇ ਘਰ ਦੋ ਬੇਟੀਆਂ ਦਾ ਜਨਮ ਹੋਇਆ। ਪਰ ਐਨੀ ਨੂੰ ਆਪਣੇ ਪਤੀ ਫਰੈਂਕ ਨਾਲ ਧਾਰਮਿਕ ਵਖਰੇਵਿਆਂ ਅਤੇ ਹੋਰ ਨਿੱਜੀ ਕਾਰਨਾਂ ਕਰਕੇ ਵਿਆਹੁਤਾ ਜ਼ਿੰਦਗੀ ਦਾ ਬਹੁਤਾ ਸੁੱਖ ਨਸੀਬ ਨਾ ਹੋਇਆ ਅਤੇ ਜਲਦ ਹੀ ਉਸ ਦਾ ਤਲਾਕ ਹੋ ਗਿਆ। ਜਿਵੇਂ ਕਿ ਐਨੀ ਨੇ ਆਪਣੀ ਆਤਮ-ਕਥਾ 'ਚ ਲਿਖਿਆ ਕਿ 'ਅਸੀਂ ਇਕ ਬੇਮੇਲ ਜੋੜਾ ਸਾਂ'।
ਗ੍ਰਹਿਸਥ-ਮੋਹ ਤਿਆਗ ਕੇ ਉਹ ਯੂਰਪ ਦੀ ਸੈਰ 'ਤੇ ਨਿਕਲ ਗਈ। ਉਹ ਸਮਾਜ ਦੇ ਮਿਹਨਤੀ ਵਰਗ ਅਤੇ ਔਰਤਾਂ ਦੇ ਅਧਿਕਾਰਾਂ ਪ੍ਰਤੀ ਸਮਾਜ ਦੇ ਪੱਖਪਾਤੀ ਰਵੱਈਏ ਦੀ ਵਿਰੋਧੀ ਸੀ। ਉਹ ਧਰਮ-ਨਿਰਪੱਖ ਤੇ ਅਜਿਹਾ ਸਮਾਜ ਚਾਹੁੰਦੀ ਸੀ, ਜਿਸ 'ਚ ਸਭ ਨੂੰ ਇਕੋ ਜਿਹੇ ਅਧਿਕਾਰ ਪ੍ਰਾਪਤ ਹੋਣ। ਉਨ੍ਹਾਂ ਨੇ ਨੈਸ਼ਨਲ ਸੈਕੂਲਰ ਸੁਸਾਇਟੀ ਦੀ ਮੈਂਬਰਸ਼ਿਪ ਲਈ, ਜੋ ਸ਼ਾਸਨ 'ਚ ਚਰਚ ਦੇ ਦਖ਼ਲ ਦੇ ਖ਼ਿਲਾਫ਼ ਸੀ। ਇਸ ਦੌਰਾਨ ਉਹ ਚਰਚ ਦੇ ਖ਼ਿਲਾਫ਼ ਵੀ ਲਿਖਣ ਲੱਗੀ। ਉਹ ਹਰਮਨ-ਪਿਆਰੀ ਵਕਤਾ ਦੇ ਰੂਪ 'ਚ ਵੀ ਮਸ਼ਹੂਰ ਹੋਣ ਲੱਗੀ। ਜਲਦ ਹੀ ਐਨੀ ਵਿਚਾਰਕ ਸੁਤੰਤਰਤਾ, ਮਹਿਲਾ ਅਧਿਕਾਰ, ਸਮਾਜ ਭਲਾਈ, ਧਰਮ-ਨਿਰਪੱਖਤਾ, ਜਨਸੰਖਿਆ ਕੰਟਰੋਲ, ਮਜ਼ਦੂਰਾਂ ਦੇ ਅਧਿਕਾਰਾਂ ਵਰਗੇ ਮੁੱਦਿਆਂ ਦੀ ਪੈਰੋਕਾਰ ਬਣ ਗਈ। 1880 ਦੇ ਦਹਾਕੇ ਦੀ ਸ਼ੁਰੂਆਤ 'ਚ ਐਨੀ ਬੇਸੈਂਟ ਕੁਝ ਸਮੇਂ ਤੱਕ ਆਇਰਿਸ਼ ਹੋਮ ਰੂਲ ਅੰਦੋਲਨ ਨਾਲ ਜੁੜੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਜ਼ਦੂਰਾਂ, ਕਾਮਿਆਂ ਅਤੇ ਬੇਰੁਜ਼ਗਾਰਾਂ ਦੇ ਅੰਦੋਲਨਾਂ 'ਚ ਉਨ੍ਹਾਂ ਦੇ ਲਈ ਕੰਮ ਕੀਤਾ। ਇਸ ਦੌਰਾਨ ਉਸ 'ਤੇ ਮਾਰਕਸਵਾਦ ਦਾ ਬਹੁਤ ਡੂੰਘਾ ਪ੍ਰਭਾਵ ਪਿਆ। 1889 'ਚ ਥੀਓਸੋਫੀ ਧਰਮ (ਹਿੰਦੂ ਮਤ, ਬੁਧਮਤ 'ਤੇ ਅਧਾਰਤ ਭਾਈਚਾਰੇ ਦਾ ਪ੍ਰਚਾਰ ਕਰਨ ਵਾਲਾ ਧਰਮ) ਦੇ ਸੰਸਥਾਪਕ ਦੀ ਕਿਤਾਬ ਦੀ ਸਮੀਖਿਆ ਕਰਨ ਸਮੇਂ ਉਸ ਦਾ ਝੁਕਾਅ ਥੀਓਸੋਫੀ ਵੱਲ ਹੋ ਗਿਆ।
1893 'ਚ ਐਨੀ ਬੇਸੈਂਟ ਪਹਿਲੀ ਵਾਰ ਭਾਰਤ ਆਈ, ਪਰ ਉਦੋਂ ਤੱਕ ਥੀਓਸੋਫੀਕਲ ਸੁਸਾਇਟੀ ਦੇ ਦੋ ਹਿੱਸੇ ਹੋ ਗਏ ਸਨ, ਜਿਸ ਦੇ ਮੂਲ ਹਿੱਸੇ ਦੀ ਅਗਵਾਈ ਐਨੀ ਬੇਸੈਂਟ ਨੇ ਵੀ ਕੀਤੀ ਅਤੇ ਇਸ ਦਾ ਮੁੱਖ ਦਫ਼ਤਰ ਚੇਨਈ 'ਚ ਬਣਾਇਆ। ਇਸ ਨੂੰ ਥੀਓਸੋਫੀਕਲ ਸੁਸਾਇਟੀ ਆਡਯਾਰ ਦੇ ਨਾਂਅ ਨਾਲ ਜਾਣਿਆ ਗਿਆ। 1907 'ਚ ਉਹ ਸੁਸਾਇਟੀ ਦੀ ਪ੍ਰਧਾਨ ਬਣੀ ਅਤੇ ਇੱਥੋਂ ਸੁਸਾਇਟੀ ਦੀ ਸਿੱਖਿਆ ਦਾ ਜ਼ੋਰ ਉੱਤਰੀ ਭਾਰਤ ਵਲ ਹੋ ਗਿਆ। ਉਨ੍ਹਾਂ ਨੇ ਥੀਓਸੋਫੀਕਲ ਸਿਧਾਂਤਾਂ ਦੇ ਆਧਾਰ 'ਤੇ ਸਾਲ 1916 'ਚ ਬਨਾਰਸ 'ਚ ਲੜਕਿਆਂ ਲਈ ਸੈਂਟਰਲ ਹਿੰਦੂ ਕਾਲਜ ਖੋਲ੍ਹਿਆ, ਜਿਸ 'ਚ ਲੜਕੇ ਧਾਰਮਿਕ ਕਿਤਾਬਾਂ ਨਾਲ ਵਿਗਿਆਨ ਵੀ ਪੜ੍ਹਦੇ ਸਨ। ਇਹ ਕਾਲਜ ਅੱਗੇ ਚੱਲ ਕੇ ਪੰਡਿਤ ਮਦਨ ਮੋਹਨ ਮਾਲਵੀਆ ਦੀਆਂ ਕੋਸ਼ਿਸ਼ਾਂ ਨਾਲ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਰੂਪ 'ਚ ਬਦਲ ਗਿਆ।
ਐਨੀ ਬੇਸੈਂਟ ਨੇ 1916 'ਚ ਬਾਲ ਗੰਗਾਧਰ ਤਿਲਕ ਨਾਲ ਮਿਲ ਕੇ ਆਲ ਇੰਡੀਆ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ ਅਤੇ ਇਸ ਲਈ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ, ਜਿਸ 'ਤੇ ਉਨ੍ਹਾਂ ਨੂੰ ਕਾਂਗਰਸ ਅਤੇ ਮੁਸਲਿਮ ਲੀਗ ਦਾ ਭਰਪੂਰ ਸਮਰਥਨ ਮਿਲਿਆ। ਖ਼ੁਦ ਗਾਂਧੀ ਜੀ ਨੇ ਉਨ੍ਹਾਂ ਨੂੰ ਬਸੰਤ ਦੇਵੀ ਦਾ ਨਾਂਅ ਦਿੱਤਾ ਸੀ। ਇਸ ਤੋਂ ਬਾਅਦ 1917 'ਚ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ। ਬਾਅਦ 'ਚ ਐਨੀ ਬੇਸੈਂਟ ਦੇ ਕਾਂਗਰਸ ਨੇਤਾਵਾਂ ਨਾਲ ਵਿਚਾਰਕ ਮਤਭੇਦ ਹੋ ਗਏ ਅਤੇ ਹੌਲੀ-ਹੌਲੀ ਉਨ੍ਹਾਂ ਨੇ ਕਾਂਗਰਸ ਤੋਂ ਦੂਰੀ ਬਣਾ ਲਈ, ਪਰ ਉਹ ਭਾਰਤ ਦੀ ਆਜ਼ਾਦੀ ਦੀ ਪੈਰੋਕਾਰ ਬਣੀ ਰਹੀ। ਉਸ ਨੇ 1913 'ਚ 'ਕਾਮਨ ਵੀਲ' ਨਾਂਅ ਦਾ ਸਾਹਿਤਕ ਪਰਚਾ ਅਤੇ ਰੋਜ਼ਾਨਾ ਅਖ਼ਬਾਰ 'ਨਿਊ ਇੰਡੀਆ' ਸੰਪਾਦਿਤ ਕੀਤਾ। ਅੰਗਰੇਜ਼ਾਂ ਨਾਲ ਵਿਚਾਰਾਂ ਦੀ ਵਿਰੋਧਤਾ ਵਾਲੇ ਇਸ ਅਖ਼ਬਾਰ ਕਰਕੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ। ਉਹ ਮਹਿਲਾ ਸਿੱਖਿਆ, ਅਧਿਕਾਰਾਂ ਦੀ ਰੱਖਿਅਕ ਅਤੇ ਪ੍ਰਚਾਰਕ ਸੀ। ਐਨੀ ਨੇ ਸਰੋਜਨੀ ਨਾਇਡੂ ਨਾਲ ਰਲ ਕੇ ਮਹਿਲਾ ਮੱਤ ਅਧਿਕਾਰ ਅੰਦੋਲਨ ਵਿਚ ਭਾਗ ਲਿਆ। ਉਨ੍ਹਾਂ ਨੇ ਸਕਾਊਟ ਅਤੇ ਗਰਲਜ਼ ਗਾਈਡ ਅੰਦੋਲਨਾਂ ਵਿਚ ਮੁੱਖ ਭੂਮਿਕਾ ਨਿਭਾਈ। 1921 ਵਿਚ ਵਿਸ਼ਵ ਸਕਾਊਟ ਮੁਖੀ ਬੇਡੇਨ ਪਾਵੇਲ ਨੇ ਐਨੀ ਬੇਸੈਂਟ ਨੂੰ ਆਲ ਇੰਡੀਆ ਬੁਆਇ ਸਕਾਊਟ ਐਸੋਸੀਏਸ਼ਨ ਦੀ ਪਹਿਲੀ ਮਹਿਲਾ ਕਮਿਸ਼ਨਰ ਨਿਯੁਕਤ ਕੀਤਾ। ਇਸੇ ਵਰ੍ਹੇ ਉਸ ਨੇ ਭਾਰਤ ਦੀ ਆਜ਼ਾਦੀ ਲਈ ਨੈਸ਼ਨਲ ਕਨਵੈਂਸ਼ਨ ਅੰਦੋਲਨ ਚਲਾਇਆ, ਜਿਸ ਦੀ ਬਦੌਲਤ 1925 'ਚ ਕਾਮਨਵੈਲਥ ਆਫ਼ ਇੰਡੀਆ ਬਿੱਲ ਬ੍ਰਿਟਿਸ਼ ਪਾਰਲੀਮੈਂਟ 'ਚ ਰੱਖਿਆ ਗਿਆ। 1931 'ਚ ਬਿਮਾਰ ਹੋਣ ਤੋਂ ਬਾਅਦ 20 ਸਤੰਬਰ, 1933 ਨੂੰ 85 ਸਾਲ ਦੀ ਉਮਰ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।
-ਅਜੀਤ ਬਿਊਰੋ
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX