ਤਾਜਾ ਖ਼ਬਰਾਂ


ਅੱਜ ਭਾਰਤ ਇੰਗਲੈਂਡ ਵਿਚਕਾਰ ਖੇਡਿਆ ਜਾਵੇਗਾ ਚੌਥਾ ਟੈਸਟ
. . .  5 minutes ago
ਅਹਿਮਦਾਬਾਦ, 4 ਮਾਰਚ - ਅੱਜ ਭਾਰਤ ਤੇ ਇੰਗਲੈਂਡ ਵਿਚਕਾਰ ਚੌਥਾ ਟੈਸਟ ਮੈਚ ਖੇਡਿਆ ਜਾਵੇਗਾ। ਇਹ ਟੈਸਟ ਮੈਚ ਅਹਿਮਦਾਬਾਦ ਖੇਡਿਆ ਜਾਵੇਗਾ। ਭਾਰਤ ਇਸ ਸੀਰੀਜ਼ ਵਿਚ 2-1 ਨਾਲ ਅੱਗੇ ਹੈ। ਭਾਰਤ ਲਈ ਇਹ ਟੈਸਟ ਮੈਚ ਬਹੁਤ...
ਅੱਜ ਦਾ ਵਿਚਾਰ
. . .  4 minutes ago
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੁਣ 5 ਦੀ ਬਜਾਏ 4 ਮਾਰਚ ਨੂੰ
. . .  1 day ago
ਬੁਢਲਾਡਾ , 3 ਮਾਰਚ (ਸਵਰਨ ਸਿੰਘ ਰਾਹੀ) - ਪੰਜਾਬ ਮੰਤਰੀ ਪ੍ਰੀਸ਼ਦ ਦੀ ਪਹਿਲਾਂ 5 ਮਾਰਚ ਨੂੰ ਵੀਡੀਓ ਕਾਨਫਸਿੰਗ ਰਾਹੀ ਹੋਣ ਵਾਲੀ ਮੀਟਿੰਗ ਹੁਣ 4 ਮਾਰਚ ਨੂੰ ਹੋਵੇਗੀ। ਸਰਕਾਰ ਦੇ ਆਮ ਪ੍ਰਬੰਧਨ ਵਿਭਾਗ ਵੱਲੋਂ ਇਸ ਨਿਰਧਾਰਤ ...
10000 ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵਿਭਾਗ ਦੀ ਟੀਮ ਨੇ ਪਟਵਾਰੀ ਕੀਤਾ ਕਾਬੂ
. . .  1 day ago
ਗੁਰਾਇਆ , 3 ਮਾਰਚ { ਬਲਵਿੰਦਰ ਸਿੰਘ } -ਜਲੰਧਰ ਦੇ ਗੁਰਾਇਆ ਕਸਬੇ ਦੀ ਸਬ ਤਹਿਸੀਲ ਦੇ ਇਕ ਪਟਵਾਰੀ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਚਰਨਜੀਤ ਸਿੰਘ...
ਨਿਹਾਲੂਵਾਲ ਪਿੰਡ 'ਚ ਮਾਂ ਤੋਂ ਬਾਅਦ ਪੁੱਤਰ ਨੇ ਦਮ ਤੋੜਿਆ, ਇਕੱਠਿਆਂ ਦਾ ਕੀਤਾ ਸਸਕਾਰ
. . .  1 day ago
ਲੋਹੀਆਂ ਖ਼ਾਸ, 3 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ) ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਖ਼ਾਸ ਦੇ ਪਿੰਡ ਨਿਹਾਲੂਵਾਲ 'ਚ ਉਸ ਵੇਲੇ ਅਤਿ ਦੁਖਦਾਈ ਘਟਨਾ ਵਾਪਰੀ ਜਦੋਂ ਲੰਘੀ ਸ਼ਾਮ 7 ਵਜੇ ਮਾਤਾ ਅਤੇ ਅਗਲੇ ਦਿਨ ਤੜਕੇ 4 ਕੁ ਵਜੇ ਪੁੱਤਰ ...
ਸ਼੍ਰੋਮਣੀ ਕਮੇਟੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਸਿੱਖ ਮਸਲਿਆਂ ਸਬੰਧੀ ਲਿਖਿਆ ਪੱਤਰ
. . .  1 day ago
ਅੰਮ੍ਰਿਤਸਰ, 3 ਮਾਰਚ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਸਿੱਖ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਸਮਾਂ ਮੰਗਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਚਿੱਟੇ ਦੀ ਓਵਰ ਡੋਜ਼ ਨੇ ਨੌਜਵਾਨ ਦੀ ਜਾਨ ਲਈ
. . .  1 day ago
ਮਾਨਸਾ, 3 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਤਾਮਕੋਟ ਦੇ ਨੌਜਵਾਨ ਦੀ ਚਿੱਟੇ ਦੀ ਵੱਧ ਡੋਜ਼ ਲੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਜਾਣਕਾਰੀ ਅਨੁਸਾਰ ਧੰਨਾ ਸਿੰਘ (22) ਪੁੱਤਰ ...
ਕਿਸਾਨ ਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ,ਸਰਕਾਰੀ ਸਹਾਇਤਾ ਮਿਲਣ ‘ਤੇ ਕੀਤਾ ਜਾਵੇਗਾ ਅੰਤਿਮ ਸੰਸਕਾਰ
. . .  1 day ago
ਨੱਥੂਵਾਲਾ ਗਰਬੀ ,3 ਮਾਰਚ (ਸਾਧੂ ਰਾਮ ਲੰਗੇਆਣਾ)- ਪਿੰਡ ਨੱਥੂਵਾਲਾ ਗਰਬੀ ਤਹਿਸੀਲ ਬਾਘਾਪੁਰਾਣਾ ਦੇ ਕਿਸਾਨ ਜੀਤ ਸਿੰਘ ਪੁੱਤਰ ਲਾਲ ਸਿੰਘ ਜੋ ਪਿਛਲੇ ਦਿਨੀਂ 21 ਫਰਵਰੀ ਨੂੰ ਕੁਡਲੀ ਬਾਰਡਰ ਦਿੱਲੀ ਵਿਖੇ ਧਰਨੇ ਵਿੱਚ ਪਹੁੰਚੇ ਹੋਏ ਸਨ ਉਥੇ ਹੀ ਸੜਕ ਹਾਦਸੇ ...
ਕੇਂਦਰੀ ਜੇਲ੍ਹ ਫ਼ਿਰੋਜ਼ਪੁਰ 'ਚੋਂ ਤਲਾਸ਼ੀ ਦੌਰਾਨ ਮਿਲੇ ਸੱਤ ਮੋਬਾਇਲ ਫੋਨ
. . .  1 day ago
ਫ਼ਿਰੋਜ਼ਪੁਰ, 3 ਮਾਰਚ (ਗੁਰਿੰਦਰ ਸਿੰਘ)- ਲਗਾਤਾਰ ਨਸ਼ੀਲੇ ਪਦਾਰਥਾਂ ਅਤੇ ਮੋਬਾਇਲ ਫੋਨਾਂ ਦੀ ਬਰਾਮਦਗੀ ਕਾਰਨ ਸੁਰਖ਼ੀਆਂ 'ਚ ਚਲ ਰਹੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰੋਂ ਬੀਤੀ ਰਾਤ ਤਲਾਸ਼ੀ ਦੌਰਾਨ ਫਿਰ ਕੈਦੀਆਂ...
ਮੋਗਾ 'ਚ ਕੋਰੋਨਾ ਦੇ 18 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 3 ਮਾਰਚ (ਗੁਰਤੇਜ ਸਿੰਘ ਬੱਬੀ)- ਜ਼ਿਲ੍ਹਾ ਮੋਗਾ 'ਚ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸਿਹਤ ਵਿਭਾਗ ਨੇ ਮੋਗਾ ਨੇ ਜ਼ਿਲ੍ਹੇ 'ਚ 18 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ...
ਸੜਕ ਹਾਦਸੇ 'ਚ ਲੜਕੀ ਦੀ ਮੌਤ ਅਤੇ ਮਾਂ ਗੰਭੀਰ ਜ਼ਖਮੀ
. . .  1 day ago
ਭੀਖੀ, 3 ਮਾਰਚ (ਗੁਰਿੰਦਰ ਸਿੰਘ ਔਲਖ)- ਨੇੜਲੇ ਪਿੰਡ ਕੋਟੜਾ ਕਲਾਂ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ 30 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਜਾਣਕਾਰੀ...
ਸੁਵਿਧਾ ਕੇਂਦਰਾਂ 'ਚ ਕੋਵਿਡ ਵੈਕਸੀਨ ਲਈ 4 ਮਾਰਚ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
. . .  1 day ago
ਅਜਨਾਲਾ, 3 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਸੁਵਿਧਾ ਕੇਂਦਰ 'ਚ ਕੋਵਿਡ ਵੈਕਸੀਨ ਭਲਕੇ 4 ਮਾਰਚ ਤੋਂ ਕੋਵਿਡ ਵੈਕਸੀਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਰਜਿਸਟ੍ਰੇਸ਼ਨ...
ਭਾਰਤ ਬਾਇਓਟੈਕ ਨੇ ਜਾਰੀ ਕੀਤੇ ਤੀਜੇ ਟਰਾਇਲ ਦੇ ਨਤੀਜੇ, ਕੋਵੈਕਸੀਨ 81 ਫ਼ੀਸਦੀ ਪ੍ਰਭਾਵਸ਼ਾਲੀ
. . .  1 day ago
ਨਵੀਂ ਦਿੱਲੀ, 3 ਮਾਰਚ- ਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਆਪਣੀ ਕੋਰੋਨਾ ਵੈਕਸੀਨ 'ਕੋਵੈਕਸੀਨ' ਦੇ ਤੀਜੇ ਪੜਾਅ ਦੇ ਟਰਾਇਲ ਦਾ ਡਾਟਾ ਅੱਜ ਜਾਰੀ ਕਰ ਦਿੱਤਾ ਹੈ। ਇਸ 'ਚ...
ਪੁਣੇ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਪੁਣੇ, 3 ਮਾਰਚ- ਪੁਣੇ ਦੇ ਬਿਬਵੇਵਾੜੀ ਇਲਾਕੇ 'ਚ ਅੱਜ ਇਕ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚੀਆਂ...
ਪਿੰਡ ਖੇੜੀ ਗੰਢਿਆਂ ਦੀ ਨਹਿਰ 'ਚ ਡਿੱਗੇ 2 ਬੱਚਿਆਂ ਦੀ ਮਾਂ ਤੇ ਉਸ ਦੇ ਪਤੀ ਦੀ ਮਾਸੀ ਦਾ ਲੜਕਾ ਹੀ ਨਿਕਲਿਆ ਕਾਤਿਲ
. . .  1 day ago
ਪਟਿਆਲਾ, 3 ਮਾਰਚ (ਮਨਦੀਪ ਸਿੰਘ ਖਰੌੜ)- ਲਗਭਗ ਡੇਢ ਸਾਲ ਪਹਿਲਾਂ ਪਿੰਡ ਖੇੜੀ ਗੰਢਿਆਂ ਦੀ ਨਹਿਰ 'ਚ ਡੁੱਬਣ ਕਾਰਨ ਹੋਈ ਦੋ ਬੱਚਿਆਂ ਦੀ ਮੌਤ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਨੇ ਦੱਸਿਆ ਕਿ ਬੱਚਿਆਂ...
ਕਪਿਲ ਦੇਵ ਨੇ ਲਵਾਇਆ ਕੋਰੋਨਾ ਦਾ ਟੀਕਾ
. . .  1 day ago
ਨਵੀਂ ਦਿੱਲੀ, 3 ਮਾਰਚ- ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਅੱਜ ਦਿੱਲੀ ਦੇ ਫੋਰਟਿਸ ਹਸਪਤਾਲ 'ਚ ਜਾ ਕੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼...
ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ 'ਚ ਕੇਸ ਦਰਜ
. . .  1 day ago
ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)- ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ 'ਚ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ...
ਬਿਜਲੀ ਮੁਲਾਜ਼ਮਾਂ ਦੀਆਂ 12 ਜਥੇਬੰਦੀਆਂ ਨੇ ਕੀਤਾ ਮੋਤੀ ਮਹਿਲ ਵੱਲ ਕੂਚ
. . .  1 day ago
ਪਟਿਆਲਾ, 3 ਮਾਰਚ (ਮਨਦੀਪ ਸਿੰਘ ਖਰੌੜ)- ਅੱਜ ਪਟਿਆਲਾ ਵਿਖੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਦੇ ਸਾਹਮਣੇ ਪੰਜਾਬ ਭਰ ਤੋਂ ਪਹੁੰਚੀਆਂ 12 ਬਿਜਲੀ ਜਥੇਬੰਦੀਆਂ ਨੇ ਬਿਜਲੀ ਨਿਗਮ ਦੇ...
ਪੰਜਾਬ ਸਰਕਾਰ ਨੇ 5 ਮਾਰਚ ਨੂੰ ਸੱਦੀ ਕੈਬਨਿਟ ਦੀ ਬੈਠਕ
. . .  1 day ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ 5 ਮਾਰਚ ਨੂੰ ਕੈਬਨਿਟ ਦੀ ਬੈਠਕ ਸੱਦੀ ਗਈ ਹੈ। ਇਹ ਬੈਠਕ ਸਵੇਰੇ 9 ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਵੇਗੀ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਭਲਕੇ ਤੱਕ ਲਈ ਮੁਲਤਵੀ
. . .  1 day ago
ਉੱਘੀ ਗਾਇਕਾ ਹਰਸ਼ਦੀਪ ਕੌਰ ਨੇ ਬੇਟੇ ਨੂੰ ਦਿੱਤਾ ਜਨਮ
. . .  1 day ago
ਨਵੀਂ ਦਿੱਲੀ, 3 ਮਾਰਚ - ਪ੍ਰਸਿੱਧ ਗਾਇਕਾ ਹਰਸ਼ਦੀਪ ਕੌਰ ਤੇ ਉਨ੍ਹਾਂ ਦੇ ਪਤੀ ਮਨਕੀਤ ਸਿੰਘ ਦੇ ਘਰ ਬੇਟੇ...
ਕਣਕ ਦੀਆਂ ਬੋਰੀਆਂ ਹੇਠ 2 ਵਿਅਕਤੀਆਂ ਦੇ ਦੱਬਣ ਨਾਲ ਮੌਤ
. . .  1 day ago
ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ) - ਬਾਘਾ ਪੁਰਾਣਾ ਦੀ ਨਿਹਾਲ ਸਿੰਘ ਵਾਲਾ ਸੜਕ 'ਤੇ ਸਥਿਤ ਪੰਜਾਬ ਸਟੇਟ ਵੇਅਰ ਹਾਊਸ ਦੇ ਓਪਨ ਪਲੱਥਾ ਵਿਚ ਜਦੋਂ ਚੌਕੀਦਾਰ ਬਲਜੀਤ ਸਿੰਘ ਤੇ ਭਜਨ ਸਿੰਘ ਦੀ ਮੌਤ ਹੋ...
ਮਜੀਠੀਆ ਨੇ ਵਿਧਾਇਕ ਹਰਮਿੰਦਰ ਗਿੱਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  1 day ago
ਚੰਡੀਗੜ੍ਹ, 3 ਮਾਰਚ (ਸੁਰਿੰਦਰਪਾਲ ਸਿੰਘ)- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਕਾਂਗਰਸੀ ਵਿਧਾਇਕ ਅਤੇ ਸਾਬਕਾ ਫੈਡਰੇਸ਼ਨ ਆਗੂ ਹਰਮਿੰਦਰ ਸਿੰਘ ਗਿੱਲ 'ਤੇ...
ਸੈਕਸ ਸੀਡੀ ਕਾਂਡ 'ਚ ਫਸੇ ਕਰਨਾਟਕ ਸਰਕਾਰ ਮੰਤਰੀ ਨੇ ਜਾਰਕੀਹੋਲੀ ਨੇ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 3 ਮਾਰਚ- ਸੈਕਸ ਸੀਡੀ ਕਾਂਡ 'ਚ ਫਸੇ ਕਰਨਾਟਕ ਸਰਕਾਰ ਦੇ ਮੰਤਰੀ ਜਾਰਕੀਹੋਲੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਕੇ...
ਸਰਕਾਰ ਦੀ ਨੀਤੀ ਦਾ ਵਿਰੋਧ ਕਰਨਾ, ਉਸ 'ਤੇ ਇਤਰਾਜ਼ ਜਤਾਉਣਾ ਦੇਸ਼ ਧ੍ਰੋਹ ਨਹੀਂ- ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 3 ਮਾਰਚ- ਧਾਰਾ 370 'ਤੇ ਟਿੱਪਣੀ ਕਰਨ 'ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਵਿਰੁੱਧ ਦਾਇਰ ਪਟੀਸ਼ਨ ਕਰਨ ਵਾਲੇ ਵਿਅਕਤੀ 'ਤੇ ਸੁਪਰੀਮ ਕੋਰਟ ਨੇ 50 ਹਜ਼ਾਰ ਰੁਪਏ ਦਾ ਜੁਰਮਾਨਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ

ਕਿਤਾਬਾਂ

21-02-2021

ਸੁਖਵਿੰਦਰ ਅੰਮ੍ਰਿਤ ਦੀ ਕਾਵਿ ਚੇਤਨਾ
ਸੰਪਾਦਕ : ਗੁਰਭੇਜ ਸਿੰਘ ਗੁਰਾਇਆ
ਪ੍ਰਕਾਸ਼ਕ : ਪੰਜਾਬੀ ਅਕਾਦਮੀ ਦਿੱਲੀ
ਮੁੱਲ : 300 ਰੁਪਏ, ਸਫ਼ੇ : 248
ਸੰਪਰਕ : 011-23616243.


ਪ੍ਰਸਿੱਧ ਜਰਮਨ ਚਿੰਤਕ ਮਾਰਟਿਨ ਹਾਈਡਿਗਰ ਦਾ ਵਿਚਾਰ ਹੈ ਕਿ ਕਿਸੇ ਵਿਅਕਤੀ ਦੇ ਜਨਮ ਦੀ ਤਥਾਤਮਿਕਤਾ ਹੀ ਉਸ ਦੀ ਹੋਂਦ ਅਤੇ ਹੋਣੀ ਨੂੰ ਪ੍ਰਭਾਵਿਤ ਕਰਿਆ ਕਰਦੀ ਹੈ। ਇਹ ਸੱਚ ਵਿਚਾਰ ਅਧੀਨ ਕਵਿੱਤਰੀ ਦੇ ਅਸਤਿੱਤਵ ਅਤੇ ਉਸ ਦੇ ਕਾਵਿ-ਪੈਂਡੇ 'ਤੇ ਪੂਰੀ ਤਰ੍ਹਾਂ ਢੁਕਦਾ ਹੈ। ਉਹ ਅਜਿਹੇ ਪਰਿਵਾਰ 'ਚ ਜਨਮ ਲੈਂਦੀ ਹੈ ਜਿਥੇ ਮਾਪੇ ਅਨਪੜ੍ਹ, ਪਛੜੀ ਸੋਚ ਵਾਲੇ, ਭਾਰੀ ਕਬੀਲਦਾਰੀ ਦੇ ਦੱਬੇ ਹੋਏ ਤੇ ਆਰਥਿਕ ਤੰਗੀਆਂ ਦੇ ਸਤਾਏ ਹੋਏ ਸਨ। ਅਜਿਹੇ ਦਮ-ਘੁੱਟਵੇਂ ਮਾਹੌਲ ਵਿਚ ਉਸ ਦੀ ਕਲਮ ਕੁਰਲਾਉਂਦੀ ਹੈ :
ਮੈਂ ਕਿਸ ਨੂੰ ਆਪਣਾ ਆਖਾਂ ਕਿ ਏਥੇ ਕੌਣ ਹੈ ਮੇਰਾ
ਮੈਂ ਕੱਲ੍ਹ ਪੇਕੇ ਪਰਾਈ ਸੀ ਤੇ ਅੱਜ ਸਹੁਰੇ ਪਰਾਈ ਹਾਂ।
ਅਜਿਹੇ ਮਾਹੌਲ ਦੇ ਖ਼ਿਲਾਫ਼ ਉਸ ਵਿਚ ਰੋਹ ਤੇ ਵਿਦਰੋਹ ਭਾਵਨਾ ਪੈਦਾ ਹੁੰਦੀ ਹੈ। ਇਸੇ ਲਈ ਪ੍ਰਤਿਰੋਧ ਦਾ ਪ੍ਰਗਟਾਵਾ ਕਰਦੀ ਹੈ :
ਇਹ ਮਰ ਮਰ ਕੇ ਜਿਊਣਾ ਛੱਡ, ਬਗ਼ਾਵਤ ਕਰ ਤੇ ਟੱਕਰ ਲੈ
ਤੇਰੇ ਹਿੱਸੇ ਦੀ ਦੁਨੀਆ 'ਤੇ ਕਿਸੇ ਦਾ ਰਾਜ ਕਿਉਂ ਹੋਵੇ।
ਇੰਜ ਉਸ ਦੇ ਪ੍ਰਤੀਰੋਧ ਦੇ ਫਲਸਰੂਪ ਉਸ ਦੇ ਅਸਤਿੱਤਵ ਦਾ ਵਿਕਾਸ ਹੁੰਦਾ ਹੈ :
ਮੈਂ ਤੁਰਨਾ ਕੀ ਸਿੱਖਿਆ, ਰਾਹ ਸਮੁੰਦਰ ਹੋ ਗਏ
ਫਿਰ ਪਤਾ ਨਹੀਂ ਪੈਰ ਮੇਰੇ, ਕਿਸ ਤਰ੍ਹਾਂ ਪਰ ਹੋ ਗਏ।
ਯਾਦ ਰਹੇ ਮਿਤੀ 21-22 ਦਸੰਬਰ, 2017 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਪੰਜਾਬੀ ਅਕਾਦਮੀ ਦਿੱਲੀ ਵਲੋਂ ਸੁਖਵਿੰਦਰ ਅੰਮ੍ਰਿਤ ਦੀ ਕਾਵਿ-ਚੇਤਨਾ ਬਾਰੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਸੀ, ਜਿਸ ਵਿਚ 26 ਖੋਜ ਪੱਤਰ ਪੜ੍ਹੇ ਗਏ ਅਤੇ 8 ਵਿਦਵਾਨਾਂ ਨੇ ਇਸ ਬਾਰੇ ਟਿੱਪਣੀਆਂ ਭੇਜੀਆਂ ਸਨ। ਇਨ੍ਹਾਂ ਸਭ ਦਾ ਸੰਪਾਦਨ ਹੈ ਇਹ ਕਿਤਾਬ। ਸਮੇਤ ਇਕ ਮੁਲਾਕਾਤ ਦੇ।
ਵਿਦਵਾਨਾਂ ਨੇ ਉਸ ਦੀਆਂ ਗ਼ਜ਼ਲਾਂ, ਕਾਵਿ, ਗੀਤਾਂ ਦੀਆਂ ਪੁਸਤਕਾਂ-ਸੂਰਜ ਦੀ ਦਹਿਲੀਜ਼ (1997), ਚਿਰਾਗਾਂ ਦੀ ਡਾਰ (1999), ਕਣੀਆਂ (2000), ਪੱਤਝੜ ਵਿਚ ਪੁੰਗਰਦੇ ਪੱਤੇ (2002), ਧੁੱਪ ਦੀ ਚੁੰਨੀ (2006), ਹਜ਼ਾਰ ਰੰਗਾਂ ਦੀ ਲਾਟ (2008), ਪੁੰਨਿਆ (2011), ਨੀਲਿਆ ਮੋਰਾ ਵੇ (2012), ਚਿੜੀਆਂ (2014) ਆਦਿ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰ ਕੇ ਬੜੇ ਪ੍ਰਮਾਣਿਕ ਨਤੀਜੇ ਪ੍ਰਸਤੁਤ ਕੀਤੇ ਹਨ। ਇਨ੍ਹਾਂ ਨਿਬੰਧਾਂ ਵਿਚ ਕਵਿੱਤਰੀ ਦਾ ਮੁੱਖ ਵਿਸ਼ਾ 'ਪਿਆਰ' ਉੱਭਰਦਾ ਹੈ। ਆਸ਼ਕ ਦੀ ਤਲਵਾਰ ਲਈ ਮਾਸ਼ੂਕਾ ਦੀ ਗਰਦਨ ਖ਼ੁਦ-ਬ-ਖ਼ੁਦ ਤਿਆਰ ਹੈ। ਉਸ ਦੀ ਕਵਿਤਾ ਆਪਣੀ ਵਿਆਖਿਆ ਆਪ ਹੈ। 'ਕਾਵਿਕ ਫੋਰਮ-ਰੇਂਜ' ਕਮਾਲ ਹੈ। ਉਸ ਦੀ ਸ਼ਾਇਰੀ ਦਾ ਕੇਂਦਰੀ ਕੋਡ ਮੁਹੱਬਤ ਦੀ ਚਿਹਨਕਾਰੀ ਹੈ। ਇਹ ਤਾਂ ਕਾਮੁਕ ਇਸ਼ਕ ਦੀ ਥਾਂ 'ਜੀਵੰਤ ਇਸ਼ਕ' ਦੀ ਸ਼ਾਇਰੀ ਹੈ। ਮਹਾਂ ਬਿਰਤਾਂਤਾਂ ਦੀ ਥਾਂ ਲਘੂ ਬਿਰਤਾਂਤਾਂ ਦਾ ਮਹੱਤਵ ਹੈ। ਗ਼ਜ਼ਲਾਂ ਮੁਸਲਸਲ ਹਨ। ਸੁਖਵਿੰਦਰ ਕਾਵਿ ਪਿਆਰ ਦਾ ਇਜ਼ਹਾਰ, ਇਕਰਾਰ, ਸੰਜੋਗ-ਵਿਜੋਗ ਤੋਂ ਵੈਰਾਗ ਤੱਕ ਦੀ ਯਾਤਰਾ ਕਰਦਾ ਹੈ। ਉਸ ਦੇ ਕਾਵਿ ਵਿਚ ਸਮਕਾਲੀ ਸਮੱਸਿਆਵਾਂ ਤੋਂ ਬਿਨਾਂ ਮਾਂ, ਪਿਤਾ, ਪੁੱਤ, ਧੀ, ਪਤੀ, ਪ੍ਰੇਮੀ ਸਭ ਹਾਜ਼ਰ ਹਨ। ਪੁਰਾਣੇ ਬਿੰਬਾਂ ਨੂੰ ਨਵੇਂ ਅਰਥ ਪ੍ਰਦਾਨ ਕਰਦੀ ਹੈ। ਹਰ ਕਿਸਮ ਦੀ ਬਹਿਰ 'ਤੇ ਅਬੂਰ ਹਾਸਲ ਹੈ। ਇਸਤਰੀ ਹੱਕਾਂ ਦੀ ਬੁਲੰਦ ਅਵਾਜ਼ ਹੋਣ ਦੇ ਬਾਵਜੂਦ ਅੰਨ੍ਹੇ ਮਰਦ-ਵਿਰੋਧ ਦੀ ਵਕਾਲਤ ਨਹੀਂ ਕਰਦੀ। ਜਾਪਦਾ ਹੈ ਸੁਖਵਿੰਦਰ ਅੰਮ੍ਰਿਤ ਮਹਿਲਾ (ਫੀਮੇਲ), ਨਾਰੀਤਵ (ਫੈਮਿਨਿਟੀ) ਅਤੇ ਨਾਰੀਵਾਦੀ (ਫੈਮੀਨਿਸਟ) ਤਿੰਨਾਂ ਸਟੇਜਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਕਵਿੱਤਰੀ ਹੋ ਨਿੱਬੜੀ ਹੈ। ਜਿੰਨੇ ਨਿਬੰਧਕਾਰ ਨੇ ਕਿਤਾਬ ਦੇ ਅੰਦਰ, ਸਭੇ ਕਹਿ ਰਹੇ ਨੇ 'ਕਿਆ ਬਾਤ ਹੈ ਸੁਖਵਿੰਦਰ'।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਤੋਤੋਚਾਨ

(ਬੱਚਿਆਂ ਲਈ ਸੰਸਾਰ ਪ੍ਰਸਿੱਧ ਜਾਪਾਨੀ ਕਿਤਾਬ)
ਲੇਖਕ : ਤੇਤਸੁਕੋ ਕੁਰੋਯਾਂਗੀ
ਅਨੁਵਾਦਕ : ਰਾਮ ਸਰੂਪ ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 78377-18723.


ਜਪਾਨੀ ਲੇਖਕ ਵਲੋਂ ਆਪਣੀ ਭਾਸ਼ਾ ਵਿਚ ਬੱਚਿਆਂ ਲਈ ਲਿਖੀ ਗਈ ਇਹ ਸੰਸਾਰ ਭਰ ਵਿਚ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਕਿਤਾਬ ਹੈ, ਜਿਸ ਨੂੰ ਪੰਜਾਬੀ ਵਿਚ ਅਨੁਵਾਦਕ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਗਿਆ ਹੈ। ਬੇਹੱਦ ਦਿਲਚਸਪ ਲਹਿਜ਼ੇ ਵਿਚ ਰਚੀ ਗਈ ਇਸ ਪੁਸਤਕ ਤੋਂ ਬੇਹੱਦ ਤਿੱਖੀ ਅਤੇ ਸਪੱਸ਼ਟ ਪ੍ਰੇਰਨਾ ਮਿਲਦੀ ਹੈ। ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਦੇ ਮਾਪਿਆਂ, ਅਧਿਆਪਕਾਂ ਅਤੇ ਹੋਰ ਜ਼ਿੰਮੇਵਾਰ ਲੋਕਾਂ ਨੂੰ ਬੱਚਿਆਂ ਦਾ ਮਨੋਵਿਗਿਆਨ ਸਮਝੇ ਬਿਨਾਂ ਉਨ੍ਹਾਂ ਦੀ ਪੜ੍ਹਾਈ ਅਤੇ ਸ਼ਖ਼ਸੀਅਤ ਉਸਾਰੀ ਬਾਰੇ ਫ਼ੈਸਲੇ ਨਹੀਂ ਲੈਣੇ ਚਾਹੀਦੇ। ਇਹ ਰਚਨਾ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਲਈ ਵੱਡੀ ਅਤੇ ਪੁਖਤਾ ਪ੍ਰੇਰਨਾ ਸਿੱਧ ਹੁੰਦੀ ਹੈ। ਇਸ ਪੁਸਤਕ ਦੀ ਭੂਮਿਕਾ ਲਿਖਣ ਵਾਲੇ ਤਰਕਸ਼ੀਲ ਆਗੂ ਅਤੇ ਲੇਖਕ ਮੇਘ ਰਾਜ ਮਿੱਤਰ ਨੇ ਇਸ ਦੀ ਤਾਰੀਫ਼ ਕਰਦਿਆਂ ਅਜਿਹੀਆਂ ਕਿਤਾਬਾਂ ਦੀ ਹੋਰ ਵੀ ਵੱਡੀ ਪੱਧਰ 'ਤੇ ਰਚਨਾ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਪੁਸਤਕ ਦੇ ਵਿਸ਼ੇ ਦਾ ਜ਼ਿਕਰ ਕਰਦਿਆਂ ਉਹ ਲਿਖਦੇ ਹਨ 'ਪੰਜਾਬੀ ਭਾਸ਼ਾ ਦਾ ਇਹ ਦੁਖਾਂਤ ਹੈ ਕਿ ਅਜੇ ਤੱਕ ਵੀ ਬੱਚਿਆਂ ਦੇ ਮਨੋਭਾਵਾਂ ਨਾਲ ਸਬੰਧਿਤ ਕਿਤਾਬਾਂ ਬਹੁਤ ਘੱਟ ਲਿਖੀਆਂ ਜਾ ਰਹੀਆਂ ਹਨ। ਇਸ ਕਿਤਾਬ 'ਚ ਬੱਚਿਆਂ ਦੇ ਮਨੋਭਾਵ, ਉਨ੍ਹਾਂ ਦੀ ਸੰਵੇਦਨਾ, ਤਿੱਖੇ ਵੇਗ ਨਾਲ ਤੁਰਦੇ ਜਜ਼ਬੇ ਤੇ ਕਲਪਨਾਵਾਂ ਨੂੰ 'ਤੋਤੋਚਾਨ' ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ।' ਨਾਵਲ ਦੀ ਨਾਇਕਾ ਇਕ 7 ਸਾਲ ਬੱਚੀ ਤੋਤੋਜਾਨ ਹੈ ਜੋ ਆਪਣੇ ਅਸਾਧਾਰਨ ਵਤੀਰੇ ਨਾਲ ਸਭ ਨੂੰ ਹੈਰਾਨੀ ਵਾਲੀ ਸੋਚ ਵਿਚ ਪਾਉਂਦੀ ਹੈ। ਇਸ ਪੁਸਤਕ ਦਾ ਹਰੇਕ ਭਾਰਤੀ ਭਾਸ਼ਾ ਵਿਚ ਅਨੁਵਾਦ ਹੋ ਕੇ ਸਕੂਲਾਂ ਦੀ ਲਾਇਬ੍ਰੇਰੀਆਂ 'ਚ ਹੋਣਾ ਅਤਿ ਜ਼ਰੂਰੀ ਹੈ।


-ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444


ਕਾਮਰੇਡ ਤੇਜਾ ਸਿੰਘ ਸੁਤੰਤਰ
ਲੇਖਕ : ਧਰਮ ਸਿੰਘ ਗੁਰਾਇਆ, ਸੁਲੱਖਣ ਸਰਹੱਦੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 259
ਸੰਪਰਕ : 94174-84337.


'ਲੋਹ ਪੁਰਖ ਮਰਜੀਵੜਾ ਕਾਮਰੇਡ ਤੇਜਾ ਸਿੰਘ ਸੁਤੰਤਰ' ਧਰਮ ਸਿੰਘ ਗੁਰਾਇਆ ਅਤੇ ਸੁਲੱਖਣ ਸਰਹੱਦੀ ਦੁਆਰਾ ਸਾਂਝੇ ਰੂਪ ਵਿਚ ਲਿਖੀ ਪੁਸਤਕ ਹੈ। ਇਸ ਜੀਵਨੀ ਮੂਲਕ ਪੁਸਤਕ ਵਿਚੋਂ ਤੇਜਾ ਸਿੰਘ ਸੁਤੰਤਰ ਦੀ ਸ਼ਖ਼ਸੀਅਤ ਬਾਰੇ ਵਿਸਤ੍ਰਿਤ ਰੂਪ ਵਿਚ ਚਾਨਣਾ ਪਾਇਆ ਗਿਆ ਹੈ। ਤੇਜਾ ਸਿੰਘ ਸੁਤੰਤਰ ਇਕ ਨਿੱਕੇ ਜਿਹੇ ਪਿੰਡ ਅਲੂਣਾ ਦਾ ਜੰਮਪਲ ਸੀ ਪਰ ਉਸ ਨੇ ਆਪਣੀ ਹਿੰਮਤ ਸ਼ਕਤੀ ਨਾਲ ਇਕ ਵੱਡਾ ਮੁਕਾਮ ਹਾਸਲ ਕੀਤਾ। ਇਸ ਪੁਸਤਕ ਵਿਚ ਜਿਥੇ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਜੀਵਨ ਦੇ ਹੋਰ ਪੱਖਾਂ 'ਤੇ ਚਾਨਣਾ ਪਾਇਆ ਗਿਆ ਹੈ, ਉੱਤੇ ਉਨ੍ਹਾਂ ਦੇ ਨਾਲ-ਨਾਲ 'ਸੁਤੰਤਰ' ਸ਼ਬਦ ਦੇ ਜੁੜਨ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ, ਕਿਉਂਕਿ ਤੇਜਾ ਸਿੰਘ ਸੁਤੰਤਰ ਤੋਂ ਪਹਿਲਾਂ ਉਨ੍ਹਾਂ ਦਾ ਨਾਂਅ ਸੁਮੰਦ ਸਿੰਘ ਸੀ। ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੀ ਮੁਹਿੰਮ ਦੌਰਾਨ ਤੇਜਾ ਵੀਲ੍ਹਾ ਦਾ ਗੁਰਦੁਆਰਾ ਆਜ਼ਾਦ ਕਰਵਾਉਣ ਤੋਂ ਬਾਅਦ ਇਨ੍ਹਾਂ ਦੇ ਨਾਂਅ ਨਾਲ 'ਸੁਤੰਤਰ' ਸ਼ਬਦ ਪੱਕਾ ਜੁੜ ਗਿਆ। ਪੁਸਤਕ ਵਿਚ ਇਹ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ਕਿ ਬੇਸ਼ੱਕ ਤੇਜਾ ਸਿੰਘ ਸੁਤੰਤਰ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਪਰ ਉਹ ਪੰਜਾਬ ਵਿਚ ਜੰਮੇ-ਪਲੇ ਹੋਣ ਕਰਕੇ ਸਿੱਖ ਵਿਰਾਸਤ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ। ਪੁਸਤਕ ਵਿਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵਿਸ਼ੇਸ਼ ਕਰਕੇ ਗਦਰ ਪਾਰਟੀ ਦੀਆਂ ਗਤੀਵਿਧੀਆਂ ਦੌਰਾਨ ਇਨ੍ਹਾਂ ਦੀਆਂ ਸਰਗਰਮੀਆਂ ਨੂੰ ਤਥਾਤਮਕ ਰੂਪ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਤੇਜਾ ਸਿੰਘ ਸੁਤੰਤਰ ਦੀ ਆਜ਼ਾਦੀ ਤੋਂ ਬਾਅਦ ਜ਼ਿੰਦਗੀ ਅਤੇ ਗਤੀਵਿਧੀਆਂ ਨੂੰ ਵੀ ਪੁਸਤਕ ਵਿਚ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਵਿਚ ਤੇਜਾ ਸਿੰਘ ਸੁਤੰਤਰ ਦੀ ਜੀਵਨ ਕਹਾਣੀ ਦੇ ਨਾਲ-ਨਾਲ ਸਮਕਾਲੀ ਰਾਜਨੀਤਕ ਪਰੀਦ੍ਰਿਸ਼ ਦੀ ਭਾਵਪੂਰਤ ਤਸਵੀਰਕਸ਼ੀ ਕੀਤੀ ਗਈ ਹੈ। ਪੁਸਤਕ ਵਿਚ ਕਾਮਰੇਡ ਤੇਜਾ ਸਿੰਘ ਨਾਲ ਸਬੰਧਿਤ ਤਸਵੀਰਾਂ ਤੋਂ ਇਲਾਵਾ 12 ਅਪ੍ਰੈਲ, 1973 ਨੂੰ ਹੋਈ ਉਨ੍ਹਾਂ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਵਿਸ਼ੇਸ਼ ਵਿਅਕਤੀਆਂ ਦੇ ਕਥਨ ਵੀ ਇਸ ਪੁਸਤਕ ਵਿਚ ਦਰਜ ਕੀਤੇ ਗਏ ਹਨ। ਪੁਸਤਕ ਤੇਜਾ ਸਿੰਘ ਸੁਤੰਤਰ ਦੀ ਸੰਘਰਸ਼ੀ ਜ਼ਿੰਦਗੀ ਨੂੰ ਪੇਸ਼ ਕਰਦੀ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਕਸਕ ਕਲੇਜੇ ਮਾਂਹਿੰ

ਲੇਖਕ : ਹਰੀ ਸਿੰਘ ਢਿੱਲੋਂ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 136
ਸੰਪਰਕ : 0161-2740738.


ਸ਼ਾਇਰ ਹਰੀ ਸਿੰਘ ਢਿੱਲੋਂ ਸੰਤ ਸਮੁੰਦਰੋਂ ਪਾਰ ਬੈਠਾ ਵੀ ਸ਼ਾਇਰੀ ਦੀ ਧੂਣੀ ਧੁਖਾਈ ਬੈਠਾ ਹੈ। ਹਥਲੀ ਕਿਤਾਬ 'ਕਸਕ ਕਲੇਜੇ ਮਾਂਹਿੰ' ਰਾਹੀਂ ਇਕ ਸ਼ਰਧਾਲੂ ਸਿੱਖ ਦੇ ਬਾਣੀ ਬਾਣੇ ਤੇ ਗੁਰ ਮਰਯਾਦਾ ਤੋਂ ਦੂਰ ਜਾ ਰਹੇ ਪਦਾਰਥੀ ਚਕਾਚੌਂਧ ਵਿਚ ਗ੍ਰਸੇ ਸਿੱਖਾਂ ਨੂੰ ਤਾਹਨੇ ਮਿਹਣੇ ਹਨ ਤੇ ਇਕ ਅਰਜੋਈ ਕਰਦਾ ਹੈ ਕਿ ਮਨਮੁੱਖ ਸਿੱਖ ਆਪਣੇ ਵਿਰਸੇ ਵੱਲ ਫਿਰ ਤੋਂ ਵਾਪਸ ਆ ਜਾਵੇ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਉਨ੍ਹਾਂ ਨੂੰ ਲਾਹਣਤਾਂ ਪਾਉਣਗੀਆਂ ਕਿ ਉਨ੍ਹਾਂ ਦੇ ਪੁਰਖਿਆਂ ਨੇ ਉਨ੍ਹਾਂ ਨੂੰ ਸਿੱਖ ਫਲਸਫ਼ੇ ਤੇ ਰਹਿਤ ਮਰਯਾਦਾ ਤੋਂ ਦੂਰ ਕਿਉਂ ਰੱਖਿਆ ਹੈ, ਉਹ ਅੱਜ ਦੇ ਦੰਭੀ ਸਿੱਖ ਦੇ ਬਖੀਏ ਉਧੇੜਦਾ ਹੈ ਜੋ ਡਾਲਰਾਂ, ਪੌਂਡਾਂ ਤੇ ਰਿਆਲਾਂ ਦੇ ਅੰਬਾਰ ਤਾਂ ਇਕੱਠੇ ਕਰ ਰਿਹਾ ਹੈ ਪਰ ਆਪਣੀ ਅਧਿਆਤਮਿਕਤਾ ਵਾਲੀ ਦੌਲਤ ਨੂੰ ਤਿਲਾਂਜਲੀ ਦੇ ਰਿਹਾ ਹੈ। ਉਹ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਸਮੇਂ ਦਾ ਵਿਵਰਨ ਦਿੰਦਿਆਂ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾਉਣ ਦੀ ਸਾਈਂ ਮੀਆਂ ਮੀਰ ਦੀ ਸਲਾਹ ਨੂੰ ਭਾਣਾ ਮੰਨਣ ਦੇ ਖੁਦਾਈ ਹੁਕਮ ਦੀ ਪਾਲਣਾ ਕਰਨ ਨੂੰ ਹੀ ਮੀਰੀ ਗੁਣ ਗਰਦਾਨਦਾ ਹੈ।
ਉਹ ਆਪਣੇ ਕਾਵਿਕ ਵਿਵਰਨ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਮ੍ਰਿਤ ਛਕਾਉਣ ਸਮੇਂ ਆਪੇ ਗੁਰ ਚੇਲਾ ਨੂੰ ਸਾਫ਼ ਨਜ਼ਰ ਆਉਂਦਾ ਦਿਖਾ ਰਿਹਾ ਹੈ, ਉਹ ਇਕ ਨਦੀ ਕਿਨਾਰੇ ਰੁੱਖ ਦੀ ਅਉਧ ਹੰਢ ਰਹੀ ਬੁੱਝੀ ਮਾਂ ਦਾ ਵਾਤਸਲ ਪ੍ਰੇਮ ਬੜੇ ਹੀ ਦਰਦ ਭਰੇ ਸ਼ਬਦਾਂ ਨਾਲ ਜ਼ਿਕਰ ਕਰਦਾ ਹੈ ਜੋ ਵਿਦੇਸ਼ੀ ਰਹਿੰਦਾ ਪੁੱਤਰ ਤਾਂ ਉਸ ਨੂੰ ਭੁਲਾ ਗਿਆ ਹੈ, ਪਰ ਉਹ ਫਿਰ ਵੀ ਉਸ ਦੀ ਖੈਰ ਸੁੱਖ ਮੰਗਦੀ ਘਰ ਦੀਆਂ ਬਰੂਹਾਂ 'ਤੇ ਪੁੱਤਰ ਦੀ ਉਡੀਕ ਵਿਚ ਟਿਕਟਿਕੀ ਲਗਾ ਕੇ ਦੇਖ ਰਹੀ ਹੈ। ਉਹ ਅੱਜ ਦੀ ਅਖੌਤੀ ਆਧੁਨਿਕਤਾ ਨੂੰ ਸਿਉਂਕ ਦੀ ਸੰਗਿਆ ਦਾ ਨਾਂਅ ਦਿੰਦਾ ਹੈ। ਸ਼ਾਇਰ ਸ਼ਾਬਦਿਕ ਕਲਾਬਾਜ਼ੀਆਂ ਵਿਚ ਨਹੀਂ ਪੈਂਦਾ ਤੇ ਸਿੱਧੀ ਸਪਾਟ ਸ਼ਾਇਰੀ ਰਾਹੀਂ ਆਪਣੇ ਦਿਲ ਦੀ ਗੱਲ ਕਹਿ ਦਿੰਦਾ ਹੈ। ਇਹ ਕਿਤਾਬ ਆਪਣੇ ਮਨਸੂਬਿਆਂ 'ਤੇ ਕਿੰਨਾ ਕੁ ਖਰੀ ਉਤਰਦੀ ਹੈ, ਇਸ ਦਾ ਜਵਾਬ ਤਾਂ ਸ਼ਰਧਾਲੂ ਸਿੱਖ ਹੀ ਦੇ ਸਕਣਗੇ।


-ਭਗਵਾਨ ਢਿੱਲੋਂ
ਮੋ: 98143-78254.


ਸਫ਼ਰ-ਬ੍ਰਹਿਮੰਡ ਤੋਂ ਮਨੁੱਖ
ਲੇਖਕ : ਤਰਸੇਮ ਸਿੰਘ ਰਿਐਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 98761-33022.


ਚਰਚਾ ਅਧੀਨ ਇਸ ਪੁਸਤਕ ਵਿਚ ਪੰਦਰਾਂ ਛੋਟੇ ਅਤੇ ਵੱਡੇ ਨਿਬੰਧ ਸ਼ਾਮਿਲ ਕੀਤੇ ਗਏ ਹਨ। ਇਹ ਨਿਬੰਧ ਪ੍ਰਕਿਰਤੀ, ਵਿਗਿਆਨ ਅਤੇ ਪ੍ਰਿਥਵੀ ਉੱਪਰ ਮਨੁੱਖੀ ਸਰਗਰਮੀਆਂ ਨੂੰ ਦ੍ਰਿਸ਼ਟੀਗੋਚਰ ਕਰਦੇ ਹਨ। ਇਨ੍ਹਾਂ ਦੇ ਵਿਸ਼ੇ ਹਨ : ਬ੍ਰਹਿਮੰਡ ਦੀ ਉਤਪਤੀ, ਜੀਵ ਰਚਨਾ, ਪ੍ਰਕਿਰਤੀ ਦੀ ਦੇਣ, ਸਮਾਜ ਦੀ ਸਿਰਜਣਾ, ਜ਼ਿੰਦਗੀ ਦਾ ਉਦੇਸ਼, ਅਨੁਸ਼ਾਸਨ, ਵਿਚਾਰ ਪ੍ਰਵਾਹ, ਹਾਂ-ਪੱਖੀ ਤੇ ਨਾਂਹ-ਪੱਖੀ ਵਿਚਾਰ, ਚੁੱਪ, ਹਾਸਾ, ਮੁਸਕਾਨ, ਪਿਆਰ, ਸੰਦੇਹ ਅਤੇ ਅੰਤਿਮ ਪੜਾਅ ਆਦਿ। ਜਿਨ੍ਹਾਂ ਬਾਰੇ ਇਸ ਪੁਸਤਕ ਵਿਚ ਤਫ਼ਸੀਲ ਨਾਲ ਜਾਣਕਾਰੀ ਦਰਜ ਹੈ। ਇਸ ਪੁਸਤਕ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਲੇਖਕ ਵਿਸ਼ੇ ਨੂੰ ਵਿਸਥਾਰ ਦੇਣ ਸਮੇਂ, ਵਿਗਿਆਨਕ ਪੱਖ ਅਤੇ ਅਧਿਆਤਮਿਕ ਪੱਖ ਦੋਵਾਂ 'ਤੇ ਹੀ ਵਿਚਾਰ-ਚਰਚਾ ਕਰਦਾ ਹੈ। ਬ੍ਰਹਿਮੰਡ ਦੀ ਉਤਪਤੀ ਬਿੰਦੂ ਤੋਂ ਇਕ ਵੱਡੇ ਵਿਸਫੋਟ (ਬਿੱਗ ਬੈਂਗ) ਨਾਲ ਹੋਈ ਮੰਨੀ ਜਾਂਦੀ ਹੈ। ਇਸ ਧਮਾਕੇ ਨਾਲ ਅੰਦਰਲੇ ਪਦਾਰਥ ਚਾਰੇ ਪਾਸੇ ਖਿੱਲਰ ਗਏ ਸਨ। ਉਤਪੰਨ ਹੋਈ ਊਰਜਾ ਸਭ ਦਿਸ਼ਾਵਾਂ ਵਿਚ ਫੈਲਣ ਲੱਗੀ। ਇਹ ਮੰਨਿਆ ਜਾਂਦਾ ਹੈ ਕਿ ਬ੍ਰਹਿਮੰਡ ਅੱਜ ਵੀ ਲਗਾਤਾਰ ਫੈਲ ਰਿਹਾ ਹੈ।
ਇਹ ਇਕ ਅਧਿਆਤਮਿਕ ਵਿਸ਼ਵਾਸ ਹੈ ਕਿ ਆਪਣੇ ਵਿਵੇਕ ਮੁਤਾਬਿਕ ਜ਼ਿੰਦਗੀ ਜਿਊਣ ਵਾਲਾ ਜੀਵ ਅੰਤ ਨੂੰ ਪਰਮ ਤੱਤ ਵਿਚ ਵਿਲੀਨ ਹੋ ਜਾਂਦਾ ਹੈ ਅਤੇ ਹੰਕਾਰੀ ਜੀਵ ਕੁਦਰਤ ਵਿਚ ਵਿਲੀਨ ਹੋ ਕੇ ਵੀ ਅੰਤ ਨੂੰ ਆਵਾਗਮਨ ਦੀ ਘੁੰਮਣ ਘੇਰੀ ਵਿਚ ਫਸ ਜਾਂਦਾ ਹੈ। 'ਕੁਦਰਤ ਦੀ ਦੇਣ' ਬੜਾ ਜਾਣਕਾਰੀ ਭਰਪੂਰ ਨਿਬੰਧ ਹੈ। ਮਨੁੱਖ ਪ੍ਰਕਿਰਤੀ ਦੀਆਂ ਨਿਆਮਤਾਂ ਨੂੰ ਮੁਫ਼ਤ ਦਾ ਮਾਲ ਸਮਝ ਕੇ ਹੁਰਮਤੀ ਕਰਨ ਲੱਗ ਪਿਆ। ਮਿੱਟੀ ਦਾ ਸੁਭਾਅ ਬਦਲ ਗਿਆ, ਪਾਣੀ ਜ਼ਹਿਰੀਲੇ ਹੋ ਗਏ, ਹਵਾ ਪਲੀਤ ਹੋ ਗਈ ਅਤੇ ਮਨੁੱਖ ਜੰਗਲਾਂ ਦਾ ਸਫ਼ਾਇਆ ਕਰਨ ਲੱਗਾ। ਨਿਬੰਧਾਂ ਤੋਂ ਸੰਕੇਤ ਮਿਲਦੇ ਹਨ ਕਿ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਬੜਾ ਡਰਾਉਣਾ ਨਿਕਲੇਗਾ। ਹੋ ਸਕਦੈ ਕੋਰੋਨਾ ਮਹਾਂਮਾਰੀ ਵੀ ਇਸੇ ਲੜੀ ਦਾ ਹੀ ਇਕ ਹਿੱਸਾ ਹੋਵੇ। ਮਨੁੱਖੀ ਭਲਾਈ ਦੀ ਉਮੀਦ ਨਾਲ ਸਿਰਜਿਆ ਸਮਾਜ ਹੁਣ ਆਪਣੇ ਮਕਸਦ ਤੋਂ ਭਟਕ ਗਿਆ ਹੈ।
ਸਾਡੇ ਜੀਵਨ ਦਾ ਮਨੋਰਥ ਆਤਮ ਤੱਤ ਦੀ ਪੂਰਨਤਾ ਹਾਸਲ ਕਰਨੀ, ਦੂਜਿਆਂ ਦੇ ਸੁਖ-ਦੁਖ ਵੰਡਾਉਣੇ ਅਤੇ ਉਨ੍ਹਾਂ ਨੂੰ ਸੁਖ ਪਹੁੰਚਾਉਣਾ ਹੁੰਦਾ ਹੈ। ਅੱਜ ਅਸੀਂ ਇਸ ਤੋਂ ਬੇਮੁੱਖ ਹੋ ਕੇ ਐਸ਼ੋ-ਆਰਾਮ ਅਤੇ ਭੌਤਿਕ ਤੱਤ ਇਕੱਤਰ ਕਰਨ ਦੀ ਦੌੜ, ਦੌੜ ਰਹੇ ਹਾਂ। ਦੂਜਿਆਂ ਨੂੰ ਗੁਲਾਮ ਬਣਾਉਣ ਅਤੇ ਉਨ੍ਹਾਂ ਦੀ ਆਜ਼ਾਦੀ ਹੜੱਪਣ ਦੀ ਸੋਚ ਰੱਖਦੇ ਹਾਂ। ਇਸ ਨਾਲ ਕੁਝ ਵੀ ਹਾਸਲ ਹੋਣ ਵਾਲਾ ਨਹੀਂ। ਜੀਵਨ ਉਦੇਸ਼ਾਂ ਦੀ ਪੜਚੋਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਅਸੀਂ ਪੱਛਮੀ ਸੱਭਿਅਤਾ ਅਤੇ ਆਸਥਾਵਾਂ ਨੂੰ ਮੰਨਣ ਲੱਗੇ ਹਾਂ। ਗਿਆਨ ਨਾਲੋਂ ਭ੍ਰਿਸ਼ਟਾਚਾਰ ਦੀ ਚੜ੍ਹਤ ਹੈ। ਮਨੁੱਖੀ ਜ਼ਿੰਦਗੀ ਦਾ ਉਦੇਸ਼ ਵਿਆਪਕ ਲੋਕ-ਹਿਤ ਵਾਲਾ ਹੋਣਾ ਚਾਹੀਦਾ ਹੈ ਨਾ ਕਿ ਨਿੱਜੀ ਹਿਤਾਂ ਨੂੰ ਪੂਰੇ ਕਰਨ ਵਾਲਾ। ਸਾਡੇ ਮਜ਼ਬੂਤ ਵਿਚਾਰ ਸਾਡੇ ਵਤੀਰੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਸਾਡੀ ਜ਼ਿੰਦਗੀ ਪ੍ਰਬਲ ਵਿਚਾਰਧਾਰਾ ਵੱਲ ਹੀ ਤੁਰ ਪੈਂਦੀ ਹੈ। ਹਾਸਾ ਅਤੇ ਮੁਸਕਾਨ ਸਾਡੇ ਕਈ ਸਰੀਰਕ ਦੁੱਖ ਦੂਰ ਕਰ ਜਾਂਦੇ ਹਨ। ਪ੍ਰੇਮ ਦੁਨਿਆਵੀ ਲੈਣ-ਦੇਣ ਨਹੀਂ ਸਗੋਂ ਆਤਮ-ਸਮਰਪਣ ਹੈ। ਸੰਦੇਹ ਦੀ ਅਵਸਥਾ ਵਿਚ ਨਿਰਨਿਆਂ ਨੂੰ ਕੁਝ ਸਮਾਂ ਟਾਲਣ ਵਿਚ ਹੀ ਬਿਹਤਰੀ ਹੁੰਦੀ ਹੈ। ਵਿਰਸਾ ਜੋ ਮਾਨਵਤਾ ਦੀ ਸੇਵਾ ਨਾਲ ਜੁੜਿਆ ਹੁੰਦਾ ਹੈ, ਲੋਕਾਂ ਨੂੰ ਯਾਦ ਰਹਿੰਦਾ ਹੈ। ਅੰਤਿਮਪੜਾਅ (ਮੌਤ) ਬਾਰੇ ਵੱਖ-ਵੱਖ ਧਰਮਾਂ ਦੇ ਵਿਕੋਲਿਤਰੇ ਵਿਸ਼ਵਾਸ, ਇਸ ਨਿਬੰਧ ਵਿਚ ਦਰਜ ਹਨ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੌਤ ਉਪਰੰਤ ਪਿੰਡ ਦਾਨ ਜਾਂ ਬ੍ਰਹਮ ਭੋਜ ਨੂੰ ਨਿਰਾ ਪਖੰਡ ਕਿਹਾ ਹੈ। ਉਨ੍ਹਾਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਨੂੰ ਜ਼ਿੰਦਗੀ ਜਿਊਣ ਦਾ ਮੂਲ ਮੰਤਰ ਕਿਹਾ ਹੈ। ਇਸ ਪੁਸਤਕ ਦੀ ਵਿਲੱਖਣਤਾ ਇਸ ਵਿਚ ਹੈ ਕਿ ਇਸ ਵਿਚਲੇ ਲੇਖ ਮਨੁੱਖ ਨੂੰ ਅਨੂਕੂਲ ਵਿਵੇਕ ਨਾਲ ਅਤੇ ਕੁਦਰਤ ਦੀ ਰਜ਼ਾ ਵਿਚ ਰਹਿ ਕੇ ਜ਼ਿੰਦਗੀ ਜਿਊਣ ਦਾ ਹੋਕਾ ਦਿੰਦੇ ਹਨ। ਮੈਂ ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦੇ ਆਗਮਨ ਦਾ ਹਾਰਦਿਕ ਸਵਾਗਤ ਕਰਦਾ ਹਾਂ।


-ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686


ਮਧੂਕਰੀ

ਲੇਖਕ : ਬਲਵਿੰਦਰ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 112
ਸੰਪਰਕ : 98155-14053.


ਮਧੂਕਰੀ ਪੰਜਾਬੀ ਕਵਿਤਾ ਦੇ ਵਿਲੱਖਣ ਕਵੀ ਬਲਵਿੰਦਰ ਸੰਧੂ ਦੀ ਪੰਜਵੀਂ ਕਾਵਿ ਪੁਸਤਕ ਹੈ। ਇਸ ਤੋਂ ਪਹਿਲਾਂ 'ਉਹ ਮੈਂ ਵੀ 'ਆਦਿ ਜੁਗਾਦਿ', ਘਾੜਤਿ, ਕੋਮਲ ਸਿੰਘ ਆਖਦਾ ਹੈ ਅਤੇ 'ਇਕ ਮੀਤ ਅਧੂਰਾ' ਲਿਖ ਕੇ ਪੰਜਾਬੀ ਕਵਿਤਾ ਵਿਚ ਆਪਣਾ ਜ਼ਿਕਰਯੋਗ ਸਥਾਨ ਬਣਾ ਚੁੱਕਿਆ ਹੈ। ਇਹ ਕਿਤਾਬ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਹੈ ਅਤੇ ਇਸ ਕਿਤਾਬ ਦੇ ਆਰੰਭ ਵਿਚ 'ਮਧੂਕਰੀ' ਨੂੰ ਪਰਿਭਾਸ਼ਤ ਕਰਦਾ ਕਬੀਰ ਜੀ ਦਾ ਦੋਹਾ ਵੀ ਅੰਕਿਤ ਕੀਤਾ ਹੈ। ਕਿਤਾਬ ਦੇ ਤੁਆਰਫ਼ ਵਿਚ ਮਧੂਕਰੀ ਦੀ ਵਿਆਖਿਆ ਕਰਦੇ ਹੋਏ ਉਸ ਨੇ ਲਿਖਿਆ ਹੈ ਕਿ ਮਧੂਮੱਖੀ ਜਿਸ ਸਥਾਨ 'ਤੇ ਵਿਚਰ ਰਹੀ ਹੁੰਦੀ ਹੈ, ਕਈ ਵਾਰੀ ਉਸ ਸਥਾਨ 'ਤੇ ਇਕੋ ਵੰਨਗੀ ਦੇ ਫੁੱਲ ਹੁੰਦੇ ਹਨ ਅਤੇ ਕਈ ਵਾਰ ਬਹੁਭਾਂਤੀ ਫੁੱਲ। ਇਸ ਤਰ੍ਹਾਂ ਫੁੱਲਾਂ ਦੀ ਕਿਸਮ 'ਤੇ ਆਧਾਰਿਤ ਇਕੱਤਰ ਕੀਤੇ ਸ਼ਹਿਦ ਦਾ ਰੰਗ/ਫਲੇਵਰ ਕਈ ਵਾਰੀ ਤਾਂ ਇਕੋ ਜਿਹਾ ਹੁੰਦਾ ਅਤੇ ਕਈ ਵਾਰੀ ਮਿਸ਼ਰਤ ਅਰਥਾਤ ਮਿਲਵਾਂ ਹੁੰਦਾ ਹੈ। ਇਸ ਕਾਵਿ ਸੰਗ੍ਰਹਿ ਵਿਚ ਵੀ ਮਿਸ਼ਰਤ ਕਵਿਤਾਵਾਂ ਹਨ-ਵੱਖ-ਵੱਖ ਰੰਗਾਂ ਵਾਲੀਆਂ। ਉਹ ਭਲੀਭਾਂਤ ਜਾਣਦਾ ਹੈ ਕਿ ਕਵੀ ਲਈ ਕਵਿਤਾ ਲਿਖਣਾ ਸਿਰਫ ਕਾਗਜ਼ 'ਤੇ ਲਿਖਣਾ ਨਹੀਂ ਹੁੰਦਾ। ਕਵਿਤਾਕਵੀ ਦੇ ਵਿਹਾਰ ਵਿਚ ਵੀ ਉਤਰਨੀ ਚਾਹੀਦੀ ਹੈ। ਕਵਿਤਾ ਲਿਖਣਾ ਆਪਣੀਆਂ ਜੜ੍ਹਾਂ ਨਾਲ ਜੁੜਨਾ ਹੈ। ਆਪਣੇ ਸੱਭਿਆਚਾਰ ਦੀਆਂ ਪਰਤਾਂ ਫਰੋਲ ਕੇ ਨਵੀਂ ਪਰਤ ਦੀ ਸਿਰਜਣਾ ਕਰਨਾ ਹੈ। ਬਲਵਿੰਦਰ ਆਪਣੇ ਧਰਮਬੋਧ ਨੂੰ ਕਾਵਿ ਬੋਧ ਵਿਚ ਢਾਲਦਾ ਹੋਇਆ ਕਦੇ-ਕਦੇ ਧਰਮ ਦੀ ਸ਼ੁੱਧਤਾ ਨੂੰ ਸਥਾਪਤ ਕਰਨ ਪ੍ਰਤੀ ਵੀ ਵਚਨਬੱਧ ਦਿਸਦਾ ਹੈ। ਜਿਵੇਂ ਸਫ਼ਾ 75 'ਤੇ ਉਸ ਦੀ ਇਕ ਕਵਿਤਾ ਹੈ-ਨਾਨਕ ਜੀ-
ਨਾਨਕ ਜੀ,
ਸਾਡਾ ਸਿੱਖ ਨਾ ਪ੍ਰਗਟ ਹੋਏ
ਬਾਣੀ ਪੜ੍ਹੀਏ, ਬਾਣੇ ਪਾਈਏ
ਮਨਮੁੱਖ ਉੱਭ ਖਲੋਇ...
ਸਾਡਾ ਸਿੱਖ ਨਾ ਪ੍ਰਗਟ ਹੋਏ-
58 ਕਵਿਤਾਵਾਂ ਨਾਲ ਸਜੀ ਹੋਈ ਇਹ ਕਿਤਾਬ ਵੰਨ-ਸਵੰਨੀਆਂ ਕਵਿਤਾਵਾਂ ਵਾਲੀ ਹੈ। ਮਧੂਕਰੀ ਦੀ ਪ੍ਰਕਿਰਿਆ ਵਾਂਗ ਹੀ ਕੋਈ ਕਵੀ-ਮਨ ਵੱਖ-ਵੱਖ ਵਿਚਾਰਾਂ, ਵੱਖ-ਵੱਖ ਪ੍ਰਸਥਿਤੀਆਂ ਦਾ ਅਸਰ ਕਬੂਲਦਾ ਹੋਇਆ, ਜਦੋਂ ਕਵਿਤਾ ਰਾਹੀਂ ਪ੍ਰਗਟ ਹੁੰਦਾ ਹੈ ਤਾਂ ਕਵਿਤਾ ਦੇ ਵਿਭਿੰਨ ਸਰੂਪ ਰੂਪਮਾਨ ਹੁੰਦੇ ਹਨ। ਇਸ ਕਿਤਾਬ ਦੀ ਪਹਿਲੀ ਹੀ ਕਵਿਤਾ ਕਵੀ ਦੇ ਕਾਵਿ ਸ਼ਾਸਤਰ ਨੂੰ ਰੂਪਮਾਨ ਕਰਦੀ ਦਿਸਦੀ ਹੈ-
ਤਿਖੜ ਦੁਪਹਿਰ ਕਦੇ
ਜੇ ਰੋਹੀਏ ਰਾਹ ਜਾਵਾਂ
ਧੁਪਾਂ ਪੀਂਦੇ ਜੰਡ ਨੂੰ
ਫੜ ਸੀਨੇ ਛੁਹਾਵਾਂ
ਜਲ ਜੋ ਮੇਰੇ ਪੀਣ ਲਈ
ਓਹਦੇ ਮੁੱਢ ਡੋਲ ਆਵਾਂ
ਮੈਂ ਇੰਜ ਵੀ ਲਿਖਾਂ ਕਵਿਤਾ
ਇੰਜ ਹੀ ਗੀਤ ਗਾਵਾਂ...
ਕਵਿਤਾ ਲਿਖਣ ਅਤੇ ਕਵੀ ਹੋਣ ਦੇ ਅਮਲ ਵਿਚ ਪਿਆ ਹੋਇਆ ਬਲਵਿੰਦਰ ਸੰਧੂ ਆਪਣੇ-ਆਪ ਨੂੰ ਇਤਿਹਾਸ ਨਾਲ ਅਭੇਦ ਕਰਨ ਦੀ ਚੇਸ਼ਟਾ ਵਿਚ ਹੈ। ਧਰਮ, ਸੱਭਿਆਚਾਰ ਅਤੇ ਇਤਿਹਾਸ ਦੀਆਂ ਗਹਿਰੀਆਂ ਪਰਤਾਂ ਨਾਲ ਖਹਿ ਕੇ ਕਵਿਤਾ ਕਸ਼ੀਦਣੀ ਕੋਈ ਸਹਿਜ ਕਾਰਜ ਨਹੀਂ ਹੁੰਦਾ ਪਰ ਬਲਵਿੰਦਰ ਆਪਣੀ ਕਵਿਤਾ ਵਿਚ ਇਸ ਨੂੰ ਸਹਿਜ ਬਣਾਉਂਦਾ ਦਿਸਦਾ ਹੈ। ਬਹੁਤ ਹੀ ਬਾਰੀਕੀ ਨਾਲ ਜਦੋਂ ਉਹ 'ਮੈਂ ਜੋ ਇਤਿਹਾਸ ਹਾਂ' ਵਿਚ ਇਤਿਹਾਸ 'ਤੇ ਕਟਾਖਸ਼ ਕਰਦਾ ਹੈ ਤਾਂ ਕਵਿਤਾ ਦੇ ਮੰਤਵ ਨੂੰ ਸਾਕਾਰ ਕਰਦਾ ਦਿਸਦਾ ਹੈ। ਇਸ ਸੰਗ੍ਰਹਿ ਦੀਆਂ ਜੋ ਹੋਵੇ ਸੋ ਉਗਵੇ, ਫਕੀਰ ਦੀ ਜਗੀਰ, ਦੇਖਣਾ ਜ਼ਰਾ ਵਿੱਥ ਤੋਂ, ਕੀ ਉੱਚਾ ਕੀ ਨੀਵਾਂ ਆਦਿ ਕਵਿਤਾਵਾਂ ਨਵੀਂ ਕਵਿਤਾ ਦੇ ਉਹ ਹਸਤਾਖ਼ਰ ਹਨ ਜਿਹੜੇ ਇਸ ਕਵੀ ਨੂੰ ਬਲਵਿੰਦਰ ਸੰਧੂ ਬਣਾਉਂਦੇ ਹੋਏ ਨਵੀਂ ਕਵਿਤਾ ਨੂੰ ਵੱਖਰੀ ਪਛਾਣ ਦਿੰਦੇ ਪ੍ਰਤੀਤ ਹੁੰਦੇ ਹਨ। ਪਾਠਕਾਂ ਤੋਂ ਦੂਰ ਦੌੜ ਰਹੀ ਕਵਿਤਾ ਦੇ ਦਿਨਾਂ ਵਿਚ ਅਜਿਹੀ ਕਿਤਾਬ ਦੀ ਆਮਦ ਸਕੂਨ ਦਿੰਦੀ ਹੈ, ਇਸ ਕਰਕੇ ਗੰਭੀਰ ਕਵਿਤਾ ਦੇ ਪਾਠਕਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।


-ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

20-02-2021

 ਆਧੁਨਿਕ ਪੰਜਾਬੀ ਪੱਤਰਕਾਰੀ ਦਾ ਮੋਢੀ
ਡਾ. ਬਰਜਿੰਦਰ ਸਿੰਘ ਹਮਦਰਦ ਲੇਖਕ : ਡਾ. ਰਣਜੀਤ ਸਿੰਘ
ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 94170-87328.

ਇਹ ਪੁਸਤਕ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦੀ ਸੁਹਜਮਈ, ਸੰਗੀਤਮਈ, ਸਾਹਿਤਕ ਅਤੇ ਸਹਿਜਮਈ ਸ਼ਖ਼ਸੀਅਤ ਨੂੰ ਪਿਆਰ ਭਰਿਆ ਸਿਜਦਾ ਹੈ। ਪੱਤਰਕਾਰੀ, ਸਾਹਿਤ, ਸਮਾਜ ਅਤੇ ਸੰਗੀਤ ਦੀ ਝੋਲੀ ਮਾਲਾਮਾਲ ਕਰਨ ਵਾਲੀ ਇਸ ਅਜ਼ੀਮ ਹਸਤੀ 'ਤੇ ਸਮਿਆਂ ਨੂੰ ਵੀ ਮਾਣ ਹੈ। ਉਨ੍ਹਾਂ ਦੀ ਮਿੱਠਤ, ਨਿਰਮਾਣਤਾ, ਸੁਹਿਰਦਤਾ, ਅਪਣੱਤ ਅਤੇ ਸੰਵੇਦਨਾ ਸਾਰਿਆਂ ਦੇ ਮਨ ਮੋਹ ਲੈਂਦੀ ਹੈ। ਡਾ: ਰਣਜੀਤ ਸਿੰਘ ਨੇ ਡਾ: ਹਮਦਰਦ ਦੀ ਬਹੁਪੱਖੀ, ਰਾਂਗਲੀ, ਗੁਣਵੰਤੀ ਅਨੁਪਮ ਸ਼ਖ਼ਸੀਅਤ ਦੀਆਂ ਕੁਝ ਝਲਕਾਂ ਇਸ ਪੁਸਤਕ ਵਿਚ ਸਾਡੇ ਰੂਬਰੂ ਕੀਤੀਆਂ ਹਨ। ਪਾਠਕ ਇਸ ਪੁਸਤਕ ਵਿਚੋਂ ਡਾ: ਹਮਦਰਦ ਦੇ ਜੀਵਨ ਵੇਰਵੇ, ਅਨੁਭਵ, ਗਾਇਕੀ, ਪੱਤਰਕਾਰੀ, ਪਰਿਵਾਰ, ਸਾਹਿਤਕਾਰੀ, ਪ੍ਰਾਪਤੀਆਂ ਅਤੇ ਸੰਘਰਸ਼ਾਂ ਦੇ ਦਰਸ਼ਨ ਕਰਨਗੇ। ਰੰਗਦਾਰ ਤਸਵੀਰਾਂ ਪੁਸਤਕ ਦਾ ਸ਼ਿੰਗਾਰ ਹਨ।
ਡਾ: ਹਮਦਰਦ ਦੀਆਂ ਪੁਸਤਕਾਂ, ਸੰਪਾਦਕੀਆਂ, ਲੇਖ, ਚਿੰਤਨ ਅਤੇ ਗਾਇਕੀ ਦਿਲਾਂ ਉਤੇ ਰਾਜ ਕਰਦੀ ਹੈ। ਉਨ੍ਹਾਂ ਨੇ ਗੁਰਬਾਣੀ ਦੀ ਇਸ ਪਾਵਨ ਤੁਕ ਅਨੁਸਾਰ ਆਪਣਾ ਜੀਵਨ ਢਾਲਿਆ ਹੋਇਆ ਹੈ:
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥
ਇਸੇ ਲਈ ਪਰਮਾਤਮਾ ਨੇ ਉਨ੍ਹਾਂ ਨੂੰ ਗੁਣਾਂ ਦੇ ਖਜ਼ਾਨੇ ਬਖ਼ਸ਼ੇ ਹੋਏ ਹਨ। ਉਹ ਇਕ ਦਰਵੇਸ਼, ਮਾਸੂਮ, ਨਿਰਛਲ, ਨਿਧੜਕ ਅਤੇ ਨਿੱਘੇ ਸੁਭਾਅ ਦੇ ਮਾਲਕ ਹਨ। ਉਨ੍ਹਾਂ ਦੀ ਪੁਰਖਲੂਸੀ, ਖੁਸ਼ਮਿਜਾਜ਼ੀ, ਖੁਸ਼ਲਿਬਾਸੀ ਅਤੇ ਹਾਸਿਆਂ ਦੇ ਲਹਿਰੀਏ ਆਲਾ-ਦੁਆਲਾ ਸੁਗੰਧਿਤ ਕਰੀ ਰੱਖਦੇ ਹਨ। ਤਣਾਓ ਅਤੇ ਚਿੰਤਾ ਦੇ ਇਸ ਯੁੱਗ ਵਿਚ ਵੀ ਉਹ ਕੰਵਲ ਵਾਂਗ ਨਿਰਲੇਪ ਅਤੇ ਸਹਿਜ ਰਹਿੰਦੇ ਹਨ। ਹਰ ਛੋਟੇ-ਵੱਡੇ ਨਾਲ ਉਨ੍ਹਾਂ ਦਾ ਏਨਾ ਪਿਆਰਾ ਰਿਸ਼ਤਾ ਹੈ ਕਿ ਸਾਰੇ ਉਨ੍ਹਾਂ ਨੂੰ 'ਭਾਅ ਜੀ' ਕਹਿ ਕੇ ਉਨ੍ਹਾਂ ਪ੍ਰਤੀ ਆਪਣੇ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਕਰਦੇ ਹਨ। ਪੰਜਾਬ, ਪੰਜਾਬੀ, ਇਨਸਾਨੀਅਤ, ਸੱਚ, ਸਿਦਕ, ਵਿਸ਼ਾਲਤਾ, ਇਮਾਨਦਾਰੀ, ਕੁਦਰਤ ਅਤੇ ਸੰਗੀਤ ਨਾਲ ਉਨ੍ਹਾਂ ਨੇ ਰੱਜ ਕੇ ਇਸ਼ਕ ਕਮਾਇਆ ਹੈ। ਪੌਣੀ ਸਦੀ ਦਾ ਜੀਵਨ ਇਕ ਸ਼ਾਨਾਮੱਤਾ ਇਤਿਹਾਸ ਬਣ ਗਿਆ ਹੈ। ਵਿਰਸੇ ਦੀ ਸਾਂਭ-ਸੰਭਾਲ, ਸੰਗੀਤਕ ਐਲਬਮਾਂ, ਅਜਾਇਬਘਰ, ਵਿਰਾਸਤ-ਏ-ਖ਼ਾਲਸਾ, ਆਜ਼ਾਦੀ ਦੀ ਲੜਾਈ ਵਿਚ ਪੰਜਾਬ ਦੀ ਭੂਮਿਕਾ, ਪੰਜਾਬ ਦੀ ਵੰਡ ਦੇ ਸੰਤਾਪ ਉਤੇ ਆਪ ਦੀ ਅਣਥੱਕ ਮਿਹਨਤ, ਲਗਨ ਅਤੇ ਸਿਰੜ ਦੀ ਮੁਹਰ ਛਾਪ ਹੈ। ਅੱਜ 'ਅਜੀਤ' ਅਖ਼ਬਾਰ ਨੇ ਬੁਲੰਦੀਆਂ ਦੇ ਰਿਕਾਰਡ ਤੋੜ ਦਿੱਤੇ ਹਨ। ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ 'ਅਜੀਤ' ਪੰਜਾਬ ਦੀ ਆਵਾਜ਼ ਅਤੇ ਧੜਕਣ ਬਣ ਚੁੱਕਾ ਹੈ। ਡਾ: ਹਮਦਰਦ ਨੂੰ ਪਦਮਸ੍ਰੀ, ਸ਼੍ਰੋਮਣੀ ਪੱਤਰਕਾਰ, ਡਾਕਟਰੇਟ ਆਫ਼ ਲਿਟਰੇਚਰ, ਪਦਮ ਭੂਸ਼ਣ, ਪੰਜਾਬੀ ਸਾਹਿਤ ਰਤਨ ਅਤੇ ਹੋਰ ਅਨੇਕਾਂ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਆਪ ਪੰਜਾਬ ਤੋਂ ਮੈਂਬਰ ਰਾਜ ਸਭਾ ਵੀ ਚੁਣੇ ਗਏ ਸਨ।
ਅੰਬਰ ਛੂੰਹਦੀਆਂ ਪ੍ਰਾਪਤੀਆਂ ਦੇ ਬਾਵਜੂਦ ਇਨ੍ਹਾਂ ਦੇ ਪੈਰ ਸਦਾ ਧਰਤੀ 'ਤੇ ਰਹੇ ਹਨ। ਇਸ ਹਰਮਨ-ਪਿਆਰੀ ਅਤਿ ਸਤਿਕਾਰਤ ਸ਼ਖ਼ਸੀਅਤ ਬਾਬਤ ਲਿਖੀ ਗਈ ਇਸ ਅਨੋਖੀ ਪੁਸਤਕ ਦਾ ਭਰਪੂਰ ਸਵਾਗਤ ਹੈ। ਇਹ ਸਾਡਾ ਮਾਣਮੱਤਾ ਸਰਮਾਇਆ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ

ਪਰਮਾਤਮਾ ਅਤੇ ਧਰਮ : ਮਨੁੱਖ ਦੀ ਸਿਰਜਣਾ
ਲੇਖਕ : ਗੁਰਮੀਤ ਸਿੰਘ ਟਿਵਾਣਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : E. mail : garytiwana@gmail.com

ਪ੍ਰੋ: ਗੁਰਮੀਤ ਸਿੰਘ ਟਿਵਾਣਾ ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਦੀ ਪ੍ਰਗਤੀਸ਼ੀਲ ਵਿਰਾਸਤ ਵਿਚੋਂ ਪ੍ਰਵਾਨ ਚੜ੍ਹਿਆ ਬੁੱਧੀਜੀਵੀ ਹੈ, ਜੋ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿਚ ਨਿਵਾਸ ਕਰ ਰਿਹਾ ਹੈ। ਕੈਨੇਡਾ ਵਿਚ ਸੀਨੀਅਰ ਸ਼ਹਿਰੀਆਂ ਨੂੰ ਗਿਆਨ ਸਾਹਿਤ ਪੜ੍ਹਨ ਦਾ ਕਾਫੀ ਸਮਾਂ ਮਿਲ ਜਾਂਦਾ ਹੈ। ਸਿਆਣੇ ਲੋਕ ਕੁਝ ਲਿਖ ਵੀ ਲੈਂਦੇ ਹਨ। ਪ੍ਰੋ: ਟਿਵਾਣਾ ਨੇ ਵੀ ਉਥੇ ਜਾ ਕੇ ਕਾਫੀ ਕੁਝ ਪੜ੍ਹਿਆ-ਲਿਖਿਆ ਹੈ। ਹਥਲੀ ਪੁਸਤਕ ਉਸ ਦੇ ਅਜਿਹੇ ਰੁਝੇਵੇਂ ਵਿਚੋਂ ਉਪਜੀ ਹੈ। ਖੱਬੇ ਪੱਖੀ ਸੋਚ ਦਾ ਧਾਰਨੀ ਹੋਣ ਕਾਰਨ ਜ਼ਰੂਰੀ ਸੀ ਕਿ ਉਹ ਮਾਰਕਸ-ਏਂਗਲਜ਼ ਦੀਆਂ ਰਚਨਾਵਾਂ ਨੂੰ ਵਿਧੀਪੂਰਵਕ ਪੜ੍ਹਦਾ। ਪਰ ਇਨ੍ਹਾਂ ਚਿੰਤਕਾਂ ਦੇ ਨਾਲ-ਨਾਲ ਉਸ ਨੇ ਜਰਮਨੀ ਦੀ ਸਮੁੱਚੀ ਦਾਰਸ਼ਨਿਕ ਪਰੰਪਰਾ ਦਾ ਵੀ ਗੰਭੀਰ ਅਧਿਐਨ ਕਰ ਲਿਆ ਹੈ। ਇਸ ਲੜੀ ਵਿਚ ਉਸ ਨੇ ਇਮੈਨੂਅਲ ਕਾਂਤ, ਹੇਗਲ, ਕਾਰਲ ਯਾਸਪਰਜ਼, ਕਾਰਲ ਬਾਰਥ ਅਤੇ ਫਰੈਂਕਫਰਟ ਸਕੂਲ ਦੇ ਚਿੰਤਕਾਂ ਹਰਬਰਟ ਮਾਰਕਯੂਜ਼, ਐਰਿਖ ਫ਼ਰਾਮ ਅਤੇ ਕੁਝ ਹੋਰ ਚਿੰਤਕਾਂ ਦਾ ਵੀ ਗੰਭੀਰ ਅਧਿਐਨ ਕਰ ਰੱਖਿਆ ਹੈ। ਇਨ੍ਹਾਂ ਤੋਂ ਬਿਨਾਂ ਯੂਨਾਨੀ ਸੋਫਿਸਟ, ਸੁਕਰਾਤ, ਪਲੈਟੋ, ਅਰਸਤੂ, ਡੇਕਾਰਟੇ, ਸ਼ਾਪਨਹਿਊਰ, ਸ਼ਲੈਗਲ ਆਦਿ ਵੀ ਉਸ ਦੇ ਅਧਿਐਨ-ਕਕਸ਼ ਵਿਚ ਆ ਗਏ ਹਨ। ਸੁਭਾਵਿਕ ਹੈ ਕਿ ਜਦੋਂ ਲੇਖਕ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਪੁਸਤਕਾਂ ਪੜ੍ਹਦਾ ਹੈ ਤਾਂ ਉਹ ਹਵਾਲੇ ਵੀ ਇਨ੍ਹਾਂ ਪੁਸਤਕਾਂ ਵਿਚੋਂ ਦੇਵੇਗਾ; ਇਹੀ ਕਾਰਨ ਹੈ ਕਿ ਪ੍ਰੋ: ਟਿਵਾਣਾ ਦੀ ਇਸ ਪੁਸਤਕ ਵਿਚ ਅੰਗਰੇਜ਼ੀ ਪੁਸਤਕਾਂ ਦੇ ਹਵਾਲੇ, ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ ਪਰ ਲੇਖਕ ਦੀ ਵਡਿਆਈ ਇਸ ਗੱਲ ਵਿਚ ਹੈ ਕਿ ਉਹ ਨਾਲੋ-ਨਾਲ ਇਨ੍ਹਾਂ ਹਵਾਲਿਆਂ ਦਾ ਠੇਠ ਪੰਜਾਬੀ ਵਿਚ ਅਨੁਵਾਦ ਵੀ ਕਰ ਦਿੰਦਾ ਹੈ। ਸਿੱਟੇ ਵਜੋਂ ਹਰ ਪੰਜਾਬੀ ਥੋੜ੍ਹੀ ਜਿਹੀ ਖੇਚਲ ਨਾਲ ਇਸ ਕਿਤਾਬ ਵਿਚ ਅੰਕਿਤ ਦਾਰਸ਼ਨਿਕ ਅਤੇ ਸਮਾਜ-ਸ਼ਾਸਤਰੀ ਸਮੱਗਰੀ ਨੂੰ ਸਮਝ ਲਵੇਗਾ। ਅਜੋਕੇ ਦੌਰ ਵਿਚ ਹਰ ਸਮਝਦਾਰ ਆਦਮੀ ਜਾਣਦਾ ਹੈ ਕਿ ਧਰਮ ਅਤੇ ਪਰਮਾਤਮਾ ਆਦਿ ਸੰਸਥਾਵਾਂ ਅਤੇ ਸੰਕਲਪ ਸੱਭਿਆਚਾਰਕ ਘਾੜਤਾਂ ਹਨ। ਸੱਭਿਆਚਾਰ ਦੇ ਇਕ ਵਿਸ਼ੇਸ਼ ਦੌਰ ਵਿਚ ਇਹ ਘੜੀਆਂ ਗਈਆਂ ਅਤੇ ਉਸ ਦੌਰ ਦੇ ਗੁਜ਼ਰ ਜਾਣ ਤੋਂ ਬਾਅਦ ਜਾਂ ਤਾਂ ਇਹ ਰੂਪਾਂਤਰਿਤ ਹੋ ਜਾਣਗੀਆਂ ਜਾਂ ਸ਼ਾਇਦ ਮਿਟ ਵੀ ਜਾਣ। ਪਰਮਾਤਮਾ ਦੇ ਸੰਕਲਪ ਨਾਲ ਤਾਂ ਇਹ ਹੋਣੀ ਵਾਪਰਨ ਵੀ ਲੱਗ ਪਈ ਹੈ ਪਰ ਤਾਂ ਵੀ ਮਨੁੱਖੀ ਸਮਾਜ ਅਤੇ ਭਾਈਚਾਰੇ ਦੇ ਵਿਕਾਸ ਵਿਚ ਇਨ੍ਹਾਂ ਦਾ ਮਹੱਤਵ ਨਿਰਵਿਵਾਦ ਹੈ। ਹਾਂ, ਇਹ ਵੱਖਰੀ ਗੱਲ ਹੈ ਕਿ ਸਮੇਂ-ਸਮੇਂ ਇਸ ਮਹੱਤਵ ਨੂੰ ਡੀਕੋਡ ਕਰਨ ਦੀ ਜ਼ਰੂਰਤ ਹੁੰਦੀ ਹੈ। ਪ੍ਰੋ: ਗੁਰਮੀਤ ਸਿੰਘ ਟਿਵਾਣਾ ਵਰਗੇ ਵਿਦਵਾਨ ਅਤੇ ਨਿਸ਼ਠਾਵਾਨ ਸੱਜਣ ਅਜਿਹੀ ਡੀਕੋਡਿੰਗ ਬਾਖ਼ੂਬੀ ਕਰ ਸਕਦੇ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਘਰਾਂ ਨੂੰ ਪਰਤ ਰਹੇ ਲੋਕ
ਲੇਖਕ : ਕੁਲਦੀਪ ਸਿੰਘ ਕਰੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 99142-11773.

'ਘਰਾਂ ਨੂੰ ਪਰਤ ਰਹੇ ਲੋਕ' ਕਵੀ ਕੁਲਦੀਪ ਸਿੰਘ ਕਰੀਰ ਦੀ ਪਲੇਠੀ ਕਾਵਿ ਪੁਸਤਕ ਹੈ, ਜਿਸ ਵਿਚ ਉਸ ਨੇ ਲਗਪਗ ਸਾਰੀਆਂ ਕਵਿਤਾਵਾਂ ਹੀ ਕੋਰੋਨਾ ਮਹਾਂਮਾਰੀ ਦੇ ਸੰਦਰਭ ਵਿਚ ਲਿਖੀਆਂ ਹਨ। ਇਸ ਸੰਗ੍ਰਹਿ ਦੀਆਂ ਦੋ-ਤਿੰਨ ਕਵਿਤਾਵਾਂ ਜਿਵੇਂ 'ਦਾਦੇ-ਦਾਦੀ ਦਾ ਆਸ਼ੀਰਵਾਦ', 'ਅੱਜ ਦਾ ਦਿਨ' ਅਤੇ 'ਤੇਰਾ ਸ਼ੁਕਰਗੁਜ਼ਾਰ ਹਾਂ' ਨੂੰ ਛੱਡ ਕੇ ਬਾਕੀ ਸਾਰਾ ਕਾਵਿ ਸੰਗ੍ਰਹਿ ਕੋਰੋਨਾ ਮਹਾਂਮਾਰੀ ਨੂੰ ਹੀ ਸਮਰਪਿਤ ਹੈ। 'ਲਹਿਰ ਜੋ ਸ਼ਾਂਤ ਹੋ ਗਈ' ਫ਼ਿਲਮੀ ਕਲਾਕਾਰ ਸੁਸ਼ਾਂਤ ਰਾਜਪੂਤ ਦੀ ਹੱਤਿਆ 'ਤੇ ਵੇਦਨਾ ਅਤੇ ਹੈਰਾਨੀ ਪ੍ਰਗਟ ਕਰਦੀ ਹੈ।
ਕੋਰੋਨਾ ਮਹਾਂਮਾਰੀ ਨੇ ਸਾਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ। ਹਾਲੇ ਤੱਕ ਇਸ ਦੀ ਕੋਈ ਦਵਾਈ ਨਹੀਂ ਸੀ ਬਣੀ (ਜਦੋਂ ਇਨ੍ਹਾਂ ਕਵਿਤਾਵਾਂ ਦੀ ਸਿਰਜਣਾ ਕੀਤੀ ਗਈ)। ਚਾਰੇ ਪਾਸੇ ਡਰ, ਭੈਅ ਅਤੇ ਹਫ਼ੜਾ-ਦਫ਼ੜੀ ਦਾ ਮਾਹੌਲ ਹੈ। ਲੋਕ ਕਮਰਿਆਂ/ਘਰਾਂ ਵਿਚ ਤੜ ਗਏ ਹਨ। ਕੋਈ ਕਿਸੇ ਨੂੰ ਮਿਲ ਕੇ ਰਾਜ਼ੀ ਨਹੀਂ। 'ਮੇਰੇ ਪਿੰਡ ਦਾ ਮੁਖੀਆ' ਅਤੇ 'ਜਾਨ ਹੈ ਤਾਂ ਜਹਾਨ ਹੈ' ਕਵਿਤਾਵਾਂ ਦੇਸ਼ ਦੇ ਵੱਡੇ ਨੇਤਾ ਵਜੋਂ ਦਰਸਾਏ ਗਏ ਰਾਹ ਦਾ ਜ਼ਿਕਰ ਕਰਦੀਆਂ ਹਨ। ਇਸ ਬਿਮਾਰੀ ਬਾਰੇ ਜੋ ਕੁਝ ਅਖ਼ਬਾਰਾਂ/ਮੀਡੀਆ ਵਿਚ ਆਇਆ, ਲੇਖਕ ਨੇ ਉਸ ਨੂੰ ਕਲਮਬੱਧ ਕੀਤਾ ਹੈ। 'ਵੁਹਾਨ' ਨਾਂਅ ਦੀ ਕਵਿਤਾ ਵਿਚ ਉਹ ਚੀਨ ਦੀ ਬੁਰਛਾਗਰਦੀ ਨੂੰ ਤਾਂ ਨੰਗਾ ਕਰਦਾ ਹੀ ਹੈ ਪਰ ਨਾਲ ਹੀ ਵਾਇਰਸ ਨੂੰ ਜੰਗ ਦੇ ਰੂਪ ਵਿਚ ਵੀ ਦੇਖਦਾ ਹੈ।
ਕੰਮਕਾਰ ਠੱਪ ਹੋ ਗਏ ਹਨ। ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਹੋਰ ਵੀ ਜ਼ਿਆਦਾ ਨਿੱਘਰੀ ਹੋਈ ਹੈ। ਬੇਰੁਜ਼ਗਾਰੀ ਦਾ ਫਨੀਅਰ ਆਪਣਾ ਫਨ ਚੁੱਕ ਕੇ ਉਨ੍ਹਾਂ ਨੂੰ ਡੰਗਣ ਲਈ ਤਿਆਰ ਹੈ। ਉਨ੍ਹਾਂ ਨੂੰ ਮੌਤ ਸਿਰ 'ਤੇ ਮੰਡਰਾਉਂਦੀ ਦਿਸਦੀ ਹੈ ਤਾਂ ਉਹ ਆਪਣੇ ਘਰ, ਆਪਣੇ ਜੀਆਂ ਵਿਚ ਜਾ ਕੇ ਮਰਨਾ ਪਸੰਦ ਕਰਦੇ ਹਨ। ਆਵਾਜਾਈ ਦੇ ਸਾਧਨ ਠੱਪ ਹੋ ਜਾਣ ਕਾਰਨ ਉਹ ਪੈਦਲ ਹੀ ਆਪਣੇ ਘਰਾਂ ਨੂੰ ਤੁਰ ਪੈਂਦੇ ਹਨ ਤੇ ਸੈਂਕੜੇ ਮੀਲਾਂ ਦਾ ਫ਼ਾਸਲਾ ਰੱਬ ਆਸਰੇ ਹੀ ਤੈਅ ਕਰਦੇ ਹਨ। 'ਘਰਾਂ ਨੂੰ ਪਰਤ ਰਹੇ ਲੋਕ', 'ਉੱਠ ਨੀ ਜ਼ਿੰਦੇ ਹੁਣ ਇਥੋਂ ਚੱਲੀਏ', 'ਅੱਧੀ ਰਾਤ ਦੇ ਪਾਂਧੀ' ਆਦਿ ਕਵਿਤਾਵਾਂ ਇਨ੍ਹਾਂ ਸਰੋਕਾਰਾਂ ਨੂੰ ਹੀ ਸਾਕਾਰ ਕਰਦੀਆਂ ਹਨ। ਲੇਖਕ ਮੂਜਬ ਕੋਰੋਨਾ ਦਾ ਕੁਝ ਲਾਭ ਵੀ ਹੋਇਆ ਹੈ। ਦੁਰਘਟਨਾਵਾਂ ਘੱਟ ਹੋ ਗਈਆਂ ਹਨ। ਭੀੜ-ਭੜੱਕਾ ਮੁੱਕ ਜਾਣ 'ਤੇ ਪ੍ਰਦੂਸ਼ਣ ਘਟਿਆ ਹੈ। ਸਮਾਗਮਾਂ ਵਿਚ ਬਹੁਤ ਇਕੱਠ ਨਾ ਹੋਣ ਕਾਰਨ ਖ਼ਰਚੇ ਜਾਂ ਕਹੋ ਫਜ਼ੂਲ ਖਰਚੀ ਘੱਟ ਹੋ ਗਈ ਹੈ। 'ਤੇਰਾ ਧੰਨਵਾਦ ਕੋਰੋਨਾ' ਕਵਿਤਾ ਇਸੇ ਆਸ਼ੇ ਦੀ ਪੂਰਤੀ ਕਰਦੀ ਹੈ। ਪਰ ਏਡੀ ਮਹਾਂਮਾਰੀ ਤੇ ਮੌਤ ਸਾਹਮਣੇ ਖੜ੍ਹੀ ਦੇਖ ਕੇ ਵੀ ਲੇਖਕ ਪਾਜ਼ੇਟਿਵ ਦ੍ਰਿਸ਼ਟੀਕੋਣ ਅਪਣਾਉਂਦਾ ਹੈ। ਖ਼ਲਕਤ ਨੂੰ ਹੱਲਾਸ਼ੇਰੀ ਦਿੰਦਾ ਹੈ। ਜ਼ਿੰਦਗੀ ਜਿਊਣ ਦੀ ਗੱਲ ਕਰਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਕਲਾਤਮਿਕਤਾ ਦੀ ਘਾਟ ਤਾਂ ਭਾਵੇਂ ਰੜਕਦੀ ਹੈ ਪਰ ਕੋਰੋਨਾ ਮਹਾਂਮਾਰੀ 'ਤੇ ਲਿਖੀ ਇਹ ਸ਼ਾਇਦ ਪਹਿਲੀ ਕਿਤਾਬ ਹੈ।

ਕੇ. ਐਲ. ਗਰਗ
ਮੋ: 94635-37050.

ਬੰਦਗੀ ਰੱਬ ਦੀ
ਕਵੀ : ਮਸਤ ਖਾਂ ਮਸਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 0172-4613236.

ਹਥਲੀ ਪੁਸਤਕ ਵਿਚ ਮਸਤ ਖਾਂ ਮਸਤ ਦੀਆਂ 73 ਕਵਿਤਾਵਾਂ ਸ਼ਾਮਿਲ ਹਨ। ਇਹ ਕਵੀ ਸਟੇਜੀ ਕਵੀ ਵਜੋਂ ਹਰਮਨ-ਪਿਆਰਾ ਰਿਹਾ ਹੈ। ਉਸ ਦੀਆਂ ਇਹ ਸਾਰੀਆਂ ਕਵਿਤਾਵਾਂ ਅਧਿਆਤਮਕ, ਇਤਿਹਾਸਕ, ਸਮਾਜਿਕ ਅਤੇ ਨੈਤਿਕ ਵਿਸ਼ਿਆਂ ਨੂੰ ਪ੍ਰਗਟ ਕਰਦੀਆਂ ਹਨ। ਕਵੀ-ਗੁਰੂਆਂ ਜਿਨ੍ਹਾਂ 'ਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਧਰਮ ਅਤੇ ਮਨੁੱਖਤਾ ਪ੍ਰਤੀ ਭਾਵਨਾਵਾਂ ਦਾ ਪ੍ਰਗਟਾਵਾ ਵੀ ਹਨ ਅਤੇ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਕੌਮ ਖਾਤਰ ਲਾਸਾਨੀ ਸ਼ਹੀਦੀਆਂ ਪਾ ਜਾਣ ਦਾ ਬਿਰਤਾਂਤਿਕ ਵਰਣਨ ਵੀ ਕਰਦੀਆਂ ਹਨ। ਇਸ ਤੋਂ ਇਲਾਵਾ ਹੋਰ ਸੰਤਾਂ, ਭਗਤਾਂ ਜਿਨ੍ਹਾਂ ਵਿਚ ਰਵਿਦਾਸ ਜੀ ਮਹਾਰਾਜ, ਕਬੀਰ ਸਾਹਿਬ ਅਤੇ ਹੋਰ ਸੇਵਾ-ਭਾਵਨਾ ਰੱਖਣ ਵਾਲੇ ਭਗਤਾਂ, ਸੰਤਾਂ ਅਤੇ ਸਮਾਜ ਸੇਵੀਆਂ ਦੀ ਦੇਣ ਦਾ ਕਾਵਿਕ ਚਿਤਰਨ ਬੜੀ ਸਰਲ ਭਾਸ਼ਾ ਅਤੇ ਸਟੇਜੀ ਲਹਿਜੇ ਵਿਚ ਪੇਸ਼ ਕੀਤਾ ਹੈ। ਇਹ ਕਵਿਤਾਵਾਂ ਜਿਥੇ ਭਗਤੀ ਭਾਵਨਾ ਦਾ ਬਿੰਬ ਉਭਾਰਦੀਆਂ ਹਨ, ਉਥੇ ਮਨੁੱਖ ਨੂੰ ਮਨੁੱਖਤਾ ਪ੍ਰਤੀ ਸਚਿਆਰ ਅਤੇ ਸੇਵਾ ਭਾਵਨਾ ਵਾਲੀ ਜੀਵਨ ਸ਼ੈਲੀ ਦਾ ਮਾਰਗ ਵੀ ਪ੍ਰਦਾਨ ਕਰਦੀਆਂ ਹਨ। ਜਦੋਂ ਕਵੀ ਬੈਂਤਾਂ, ਕਬਿੱਤਾਂ, ਗੀਤਾਂ ਅਤੇ ਸ਼ਿਅਰਾਂ 'ਚ ਕਵਿਤਾ ਕਹਿੰਦਾ ਹੈ ਤਾਂ ਇਨ੍ਹਾਂ ਦੀ ਬਣਤ-ਬੁਣਤ ਅਤੇ ਸ਼ਬਦਾਵਲੀ ਸਹਿਜੇ ਹੀ ਪਾਠਕਾਂ ਅਤੇ ਸਰੋਤਿਆਂ ਦੇ ਦਿਲੋ-ਦਿਮਾਗ ਨੂੰ ਸਰਸ਼ਾਰ ਕਰ ਦਿੰਦੀ ਹੈ। ਉਸ ਦਾ ਪੈਗ਼ਾਮ ਹੈ ਕਿ 'ਗੀਤ ਰੱਬ ਦੇ ਜੋ ਗਾਉਂਦੇ, ਸਤਿਕਾਰੇ ਜਾਂਦੇ ਨੇ। ਪਾਪੀ ਦੋਵੇਂ ਹੀ ਜਹਾਨੇ ਫਿਟਕਾਰੇ ਜਾਂਦੇ ਨੇ। ਮੁੱਲ ਨੇਕੀਆਂ ਦਾ ਪੈਂਦਾ, ਇਸ ਚੱਮ ਦਾ ਨਹੀਂ। ਬੰਦਾ ਬੰਦਗੀ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ।' ਇਸ ਤੋਂ ਅੱਗੇ ਉਸ ਦਾ ਇਹ ਕਹਿਣਾ ਅਟੱਲ ਸਚਾਈ ਹੈ ਕਿ 'ਸਿਮਰਨ ਸਾਹਿਬ ਦਾ ਸੇਵਾ ਮਨੁੱਖਤਾ ਦੀ, ਹੋਣਾ ਅੰਤ ਨੂੰ ਇਹੋ ਸਹਾਈ ਸੱਜਣਾ।' ਇਹ ਕਵਿਤਾਵਾਂ ਜਿਥੇ ਇਤਿਹਾਸ ਅਤੇ ਮਿਥਿਹਾਸ ਨੂੰ ਨਵੇਂ ਵਿਗਿਆਨਕ ਸੋਚ-ਦ੍ਰਿਸ਼ਟੀ ਵਾਲੇ ਪ੍ਰਸੰਗ ਵਿਚ ਪੇਸ਼ ਕਰਦੀਆਂ ਹਨ, ਉਥੇ ਇਨ੍ਹਾਂ ਵਿਚੋਂ ਰਾਗ ਦੀ ਸਮਝ ਵੀ ਪ੍ਰਬਲ ਰੂਪ ਵਿਚ ਉਜਾਗਰ ਹੁੰਦੀ ਹੈ। ਸਮਾਜਿਕ ਅਤੇ ਸੱਭਿਆਚਾਰਕ ਵਰਤਾਰੇ ਵਿਚ ਅਜੋਕਾ ਮਨੁੱਖ ਜੋ ਲੁੱਟ-ਖਸੁੱਟ ਕਰ ਰਿਹਾ ਹੈ ਅਤੇ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਸੱਚ ਦੀ ਥਾਂ ਝੂਠ-ਫਰੇਬ ਅਤੇ ਕੂੜ ਦਾ ਰਸਤਾ ਅਪਣਾ ਕੇ ਜੋ ਕਾਰੇ ਕਰ ਰਿਹਾ ਹੈ, ਉਨ੍ਹਾਂ ਦਾ ਵੀ ਇਹ ਕਵਿਤਾਵਾਂ ਬਾਖੂਬੀ ਦ੍ਰਿਸ਼ ਪ੍ਰਗਟ ਕਰਦੀਆਂ ਹਨ। ਕੁਝ ਧਾਰਮਿਕ ਸਥਾਨਾਂ ਜਿਵੇਂ ਭੱਠਾ ਸਾਹਿਬ, ਸਰਹੰਦ ਦੀ ਕੰਧ, ਪਾਉਂਟਾ ਸਾਹਿਬ ਅਤੇ ਸੰਨ੍ਹ ਸਾਹਿਬ ਆਦਿ ਨਾਲ ਸਬੰਧਿਤ ਕਵਿਤਾਵਾਂ ਦੀ ਰੌਚਿਕ ਕਾਵਿਮਈ ਸ਼ੈਲੀ ਹਰ ਵਰਗ ਦੇ ਪਾਠਕ ਨੂੰ ਰਸਕਤਾ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਇਹ ਕਾਵਿ-ਸੰਗ੍ਰਹਿ ਅਜੋਕੇ ਸਮੇਂ ਵਿਚ ਰਚੀ ਜਾ ਰਹੀ ਸਟੇਜੀ ਕਵਿਤਾ ਵਿਚ ਵਿਲੱਖਣ ਸਥਾਨ ਦਾ ਧਾਰਕ ਪ੍ਰਤੀਤ ਹੁੰਦਾ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਡਲੇ ਵਾਸੀ ਸੰਗਤਿ ਭਾਰੀ
ਲੇਖਕ : ਤਰਲੋਕ ਸਿੰਘ ਹੁੰਦਲ
ਪ੍ਰਕਾਸ਼ਕ : ਲੇਖਕ ਆਪ
ਮੁੱਲ : 200 ਰੁਪਏ, ਸਫ਼ੇ : 176
ਸੰਪਰਕ : 99150-48001.

ਵਿਦਵਾਨ ਲੇਖਕ ਦੀ ਇਹ ਤੀਜੀ ਕਿਤਾਬ ਹੈ। ਇਸ ਪੁਸਤਕ ਵਿਚ ਤੀਸਰੇ ਗੁਰੂ ਕਾਲ ਦੇ ਇਤਿਹਾਸ ਪੱਖਾਂ ਸਣੇ ਸਮੁੱਚੀ ਸਥਿਤੀ ਨੂੰ ਕਲਮਬੰਦ ਕੀਤਾ ਗਿਆ ਹੈ। ਗੁਰੂ ਘਰ ਦੇ ਵੇਦ-ਵਿਆਸ ਭਾਈ ਗੁਰਦਾਸ ਜੀ ਦੀ ਵਾਰ ਦੀ ਇਕ ਪੰਕਤੀ ਉੱਤੇ ਆਧਾਰਿਤ ਸਿਰਲੇਖ ਵਾਲੀ ਇਸ ਪੁਸਤਕ ਵਿਚ ਲੇਖਕ ਨੇ ਗੁਰੂ ਅਮਰਦਾਸ ਜੀ ਦੇ ਧਰਮ-ਪ੍ਰਚਾਰ ਰਟਨ ਦੌਰਾਨ ਮਹਾਨ ਗੁਰਸਿੱਖ ਭਾਈ ਡੱਲਾ ਅਤੇ ਸੁਲਤਾਨਪੁਰ ਇਲਾਕੇ ਦੀ ਸੰਗਤ ਦੇ ਗੁਰੂ ਪ੍ਰੇਮ ਦਾ ਜਿਸ ਖੋਜ ਭਰਪੂਰ ਤਰੀਕੇ ਨਾਲ ਚਿਤਰਨ ਕੀਤਾ ਹੈ, ਉਹ ਅਸਲੋਂ ਸਲਾਹੁਣਯੋਗ ਹੈ। ਭਾਈ ਗੁਰਦਾਸ ਜੀ ਪੁਸਤਕ ਦਾ ਪ੍ਰਥਮ ਅਤੇ 'ਉਪ-ਸੰਹਾਰ' ਅੰਤਲਾ ਲੇਖ ਹੈ। ਪੁਸਤਕ ਦੀ ਇਕ ਵੰਨਗੀ ਪੇਸ਼ ਹੈ।
ਸੁਲਤਾਨਪੁਰ ਬਹੁਤ ਸਿੱਖ ਪ੍ਰਭ ਭਾਰਾ।
ਸ੍ਰੀ ਮੁੱਖ ਕਹਿਓ ਭਗਤ ਭੰਡਾਰਾ।
ਅਰ ਡੱਲੇ ਸ੍ਰੀ ਮੁੱਖ ਕਹਿਓ ਬਖਾਨ।
ਕਹਾ ਸਤਿਗੁਰ ਰਤਨਨ ਕੀ ਖਾਨ।
(ਸ੍ਰੀ ਮਹਿਮਾ ਪ੍ਰਕਾਸ਼)
ਪੁਸਤਕ ਦੇ ਸਿਰਲੇਖ ਵਾਲੇ ਅਧਿਆਏ ਅਨੁਸਾਰ ਸਿੱਖ ਇਤਿਹਾਸਕਾਰਾਂ ਨੇ ਡੱਲੇ ਪਿੰਡ ਦੇ 72 ਗੁਰੂ ਪ੍ਰੇਮੀਆਂ ਦੀ ਪ੍ਰਮਾਣਿਕਤਾ ਤਸਲੀਮ ਕੀਤੀ ਹੈ। ਸਿੱਖਾਂ ਦੀ ਭਗਤ ਮਾਲਾ 'ਫੁੱਲਾਂ ਦੀ ਬਾਗਾਤਿ', 'ਪਰਮਹੰਸ ਭਾਈ ਪਾਰੋ ਜੁਲਕਾ', ਭਾਈ ਲਾਲੂ ਜੀ, 'ਸ਼ਾਹ ਅੱਲਾ ਯਾਰ' ਇਹ ਸਾਰੇ ਅਧਿਆਇ ਉਸ ਸਮੇਂ ਦੇ ਹਾਲਾਤ ਅਤੇ ਘਟਨਾਵਾਂ ਦੀ ਸਾਖੀ ਬਿਆਨਦੇ ਹਨ। ਅਧਿਆਏ 20 ਤੋਂ 28 ਤੱਕ ਇਤਿਹਾਸਕ ਗੁਰਦੁਆਰਾ ਸਾਹਿਬਾਨ ਅਤੇ ਹੋਰ ਯਾਦਗਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੰਨਾ 101 ਤੋਂ 103 ਤੱਕ ਤੀਜੇ ਗੁਰੂ ਸਾਹਿਬ ਦੀ ਡੱਲਾ ਫੇਰੀ ਪੜ੍ਹ ਕੇ ਪਾਠਕ ਉਸ ਸਮੇਂ ਦੇ ਵਿਸਮਾਦੀ ਮਾਹੌਲ ਨੂੰ ਮਹਿਸੂਸ ਕਰਦਾ ਹੈ।
ਪੁਸਤਕ ਪੜ੍ਹ ਕੇ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਨਗਰ ਡੱਲਾ ਸੁਲਤਾਨਪੁਰ ਲੋਧੀ ਇਲਾਕੇ ਨਾਲ ਸਬੰਧਿਤ ਹੈ, ਜਿਸ ਨੂੰ ਗੁਰੂ ਪ੍ਰੇਮ ਵਿਚ ਖੀਵੇ ਹੋਕੇ ਮਹਾਨ ਸੇਵਾ ਕਰਕੇ ਗੁਰੂ ਅਮਰਦਾਸ ਜੀ ਤੋਂ ਅਸੀਸਾਂ ਪ੍ਰਾਪਤ ਕੀਤੀਆਂ। ਮਹਾਨ ਵਿਦਵਾਨ ਪ੍ਰਿੰਸੀਪਲ ਸਤਿਬੀਰ ਸਿੰਘ ਦੀ ਲਿਖਤ ਅਨੁਸਾਰ ਗੁਰੂ ਅਮਰਦਾਸ ਜੀ ਪਿੰਡ ਡੱਲੇ ਤਿੰਨ ਦਿਨ ਸੱਚ ਦੇ ਸਿੰਘਾਸਣ 'ਤੇ ਬਿਰਾਜਮਾਨ ਰਹੇ। ਆਪ ਨੇ ਉਪਦੇਸ਼ ਕੀਤਾ, 'ਅਰਦਾਸਿ ਕਰਿਕੇ, ਪੈਸਾ ਰੂਪਈਆ, ਜੇਹੀ ਕਿਸੇ ਦੀ ਸ਼ਰਧਾ ਹੋਵੇ, ਸਿੱਖਾਂ ਨੂੰ ਇਕੱਠਾ ਕਰਿ, ਓਸ ਦਾ ਕਾਰਜ ਕਰ ਦੇਣਾ। ਸਦਾ ਸਿੱਖੀ ਤੁਹਾਡੇ ਘਰਿ ਹੋਵੇਗੀ, ਤੁਸਾਂ ਸੰਸਾ ਕੋਈ ਨਹੀਂ ਕਰਨਾ। (ਸਿੱਖਾਂ ਦੀ ਭਗਤਮਾਲਾ 'ਚੋਂ) (ਪੁਸਤਕ ਪੰਨਾ 109)। ਪੁਸਤਕ ਵਿਚ 19 ਰੰਗਦਾਰ ਇਤਿਹਾਸਕ ਚਿੱਤਰ ਇਸ ਦੀ ਆਭਾ ਵਿਚ ਵਾਧਾ ਕਰਦੇ ਹਨ।

ਤੀਰਥ ਸਿੰਘ ਢਿੱਲੋਂ
ਮੋ: 98154-61710

14-02-2021

...ਸੰਗਤੇ ਹਜ਼ੂਰ ਸਾਹਿਬ ਚੱਲੀਏ
ਬਾਜਾਂ ਵਾਲਾ 'ਵਾਜਾਂ ਮਾਰਦਾ

ਲੇਖਕ : ਭਜਨ ਸਿੰਘ ਸਿੱਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਭੇਟਾ : 180 ਰੁਪਏ, ਸਫ਼ੇ : 152
ਸੰਪਰਕ : 94177-00122.


ਇਸ ਸਫ਼ਰਨਾਮੇ ਤੋਂ ਪਹਿਲਾਂ ਲੇਖਕ ਇਕ ਦਰਜਨ ਦੇ ਕਰੀਬ ਪੁਸਤਕਾਂ ਪਾਠਕਾਂ ਨੂੰ ਭੇਟ ਕਰ ਚੁੱਕਾ ਹੈ। ਇਸ ਸਫ਼ਰਨਾਮੇ ਦੇ ਆਰੰਭ ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀਵਨ ਨਾਲ ਸਬੰਧਿਤ ਇਤਿਹਾਸ ਨੂੰ ਸੰਖੇਪ ਰੂਪ ਵਿਚ ਲੜੀਵਾਰ ਪੇਸ਼ ਕੀਤਾ ਹੈ। ਇਸ ਇਤਿਹਾਸ ਨੂੰ 9 ਵੱਖ-ਵੱਖ ਭਾਗਾਂ ਵਿਚ ਵੰਡਿਆ ਹੈ ਜਿਸ ਵਿਚ ਹਿੰਦੂਆਂ 'ਤੇ ਇਸਲਾਮਿਕ ਹਕੂਮਤ ਦੇ ਜਬਰ-ਜ਼ੁਲਮ ਦੇ ਤੂਫ਼ਾਨ 'ਚੋਂ ਕੱਢਣ ਵਾਲੇ ਮਲਾਹ ਦਾ ਉਦੈ, ਹਿੰਦੂ-ਮੁਸਲਮਾਨ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ, ਔਰੰਗਜ਼ੇਬ ਦਾ ਕਾਲਾ ਦੌਰ, ਉੱਜੜ ਰਹੇ ਚਮਨ ਦਾ ਮਾਲੀ ਬਣ ਕੇ ਬਹੁੜੇ ਗੁਰੂ ਗੋਬਿੰਦ ਸਿੰਘ ਜੀ, ਖ਼ਾਲਸੇ ਦੀ ਸਾਜਣਾ ਅਤੇ ਸ੍ਰੀ ਅਨੰਦਪੁਰ ਸਾਹਿਬ ਛੱਡਣਾ, ਗੁਰੂ ਸਾਹਿਬ ਦਾ ਮਾਛੀਵਾੜੇ ਤੋਂ ਅਗਲੇਰਾ ਸਫ਼ਰ ਅਤੇ ਜਫ਼ਰਨਾਮਾ ਲਿਖਣਾ, ਬੇਦਾਵਾ ਪਾੜਨਾ ਅਤੇ ਟੁੱਟੀ ਗੰਢਣਾ, ਗੁਰੂ ਸਾਹਿਬ ਦਾ ਨਾਂਦੇੜ ਆਗਮਨ ਅਤੇ ਉਥੋਂ ਸੱਚਖੰਡ ਗਮਨ ਦਾ ਇਤਿਹਾਸ ਸੰਖੇਪ ਰੂਪ ਵਿਚ ਚਾਲੀ ਕੁ ਸਫ਼ਿਆਂ ਵਿਚ ਸਮੇਟ ਕੇ ਸਫ਼ਰਨਾਮਾ ਆਰੰਭ ਕੀਤਾ ਹੈ।
ਪੁਸਤਕ ਦੇ ਦੂਸਰੇ ਹਿੱਸੇ ਵਿਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਸਾਹਿਬ ਨਾਂਦੇੜ, ਜੋ ਪੰਜ ਤਖ਼ਤ ਸਾਹਿਬਾਨ ਵਿਚੋਂ ਇਕ ਅਜਿਹਾ ਪਾਵਨ ਅਸਥਾਨ ਹੈ। ਜਿਥੇ ਦਸਮ ਪਾਤਸ਼ਾਹ ਨੇ ਲਾਸਾਨੀ ਜੀਵਨ ਦੇ ਅੰਤਿਮ ਪੜਾਅ ਨੂੰ ਸੰਪੂਰਨ ਦਿੱਤੀ। ਲੇਖਕ ਨੇ ਬਿਨਾਂ ਕਿਸੇ ਹੀਲ-ਹੁਜਤ ਤੋਂ ਯਾਤਰਾ ਦੇ ਆਰੰਭ ਤੋਂ ਘਰ ਵਾਪਸੀ ਤੱਕ ਦੇ ਸਫ਼ਰ ਨੂੰ ਬੜੀ ਸੁਖੈਨ ਭਾਸ਼ਾ ਵਿਚ ਵਰਨਣ ਕੀਤਾ ਹੈ। ਨਾਲ-ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਨਾਲ ਲਗਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ-ਦੀਦਾਰੇ ਕਰਵਾਉਣ ਦਾ ਸਫ਼ਲ ਉਪਰਾਲਾ ਵੀ ਕੀਤਾ ਹੈ। ਇਸ ਸਫ਼ਰ ਨੂੰ 10 ਭਾਗਾਂ ਵਿਚ ਵੰਡ ਕੇ ਪਾਠਕਾਂ ਦੀ ਉਂਗਲੀ ਫੜ ਕੇ ਆਪਣੀ ਯਾਤਰਾ ਸੰਪੂਰਨ ਕੀਤੀ ਹੈ। ਇਸ ਸਫ਼ਰ ਵਿਚ ਯਾਤਰਾ ਦਾ ਸਬੱਬ ਅਤੇ ਨਾਂਦੇੜ ਤੱਕ ਦਾ ਸਫ਼ਰ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ, ਗੁਰਦੁਆਰਾ ਮਾਲ ਟੇਕੜੀ, ਨਾਨਕਸਰ, ਮਾਤਾ ਸਾਹਿਬ ਦੇਵਾਂ, ਹੀਰਾ ਘਾਟ, ਸ਼ਿਕਾਰ ਘਾਟ ਤੇ ਸੰਗਤਸਰ ਆਦਿ ਗੁਰੂ ਘਰਾਂ ਦੇ ਦਰਸ਼ਨ, ਗੁਰਦੁਆਰਾ ਨਗੀਨਾ ਘਾਟ, ਬੰਦਾ ਘਾਟ, ਅੰਗੀਠਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਸਾਹਿਬ ਆਦਿ ਦੇ ਦਰਸ਼ਨਾਂ ਤੋਂ ਇਲਾਵਾ ਲੇਜ਼ਰ ਸ਼ੋਅ ਦੇ ਦਿਲਕਸ਼ ਨਜ਼ਾਰੇ, ਇਸ ਤੋਂ ਪਿੱਛੋਂ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ (ਕਰਨਾਟਕ), ਭਗਤ ਨਾਮਦੇਵ ਜੀ ਦੇ ਜਨਮ ਅਸਥਾਨ ਦੇ ਦਰਸ਼ਨ, ਸ੍ਰੀ ਹਜ਼ੂਰ ਸਾਹਿਬ ਵਿਖੇ ਆਖ਼ਰੀ ਦਿਨ, ਸ੍ਰੀ ਅਬਿਚਲ ਨਗਰ ਸਾਹਿਬ ਦਾ ਸੰਖੇਪ ਇਤਿਹਾਸ ਅਤੇ ਸਫ਼ਰਨਾਮੇ ਦੇ ਅੰਤ ਵਿਚ ਗੁਰਦੁਆਰਾ ਸੱਚਖੰਡ ਬੋਰਡ ਦੀ ਬਣਤਰ ਨੂੰ ਬਿਆਨ ਕਰਦਿਆਂ ਘਰ ਵਾਪਸੀ ਤੱਕ ਸਫ਼ਰ ਕਰਦਿਆਂ ਪੜ੍ਹਨ ਵਾਲੇ ਸ਼ਰਧਾਵਾਨ ਪਾਠਕ ਨੂੰ ਵੀ ਨਾਲ ਲੈ ਕੇ ਚਲਦੇ ਹਨ। ਜਾਪਦਾ ਹੈ ਕਿ ਸਫ਼ਰਨਾਮਾ ਲਿਖਣ ਸਮੇਂ ਲੇਖਕ ਨੇ ਸ਼ਰਧਾਲੂ ਵਜੋਂ ਜਿਥੇ ਧਾਰਮਿਕ ਗੁਰਧਾਮਾਂ ਦੀ ਯਾਤਰਾ ਦਾ ਲੁਤਫ਼ ਪ੍ਰਾਪਤ ਕੀਤਾ ਹੈ, ਉਥੇ ਪਾਠਕਾਂ ਦੀ ਰੁਚੀ, ਸ਼ਰਧਾ ਅਤੇ ਵਿਸ਼ਵਾਸ ਨੂੰ ਵੀ ਪ੍ਰਪੱਕ ਕੀਤਾ ਹੈ।


-ਭਗਵਾਨ ਸਿੰਘ ਜੌਹਲ
ਮੋ: 98143-24040
c c c


ਹਰੀ ਕ੍ਰਾਂਤੀ ਦੀ ਪਟਾਰੀ ਵਿਚੋਂ
ਲੇਖਕ : ਕਰਮ ਸਿੰਘ ਬਾਬਾ ਅੜਬ
ਪ੍ਰਕਾਸ਼ਕ : ਆਸਥਾ ਪ੍ਰਕਾਸ਼ਨ, ਜਲੰਧਰ
ਮੁੱਲ : 220 ਰੁਪਏ, ਸਫ਼ੇ : 96
ਸੰਪਰਕ : 98784-03031.


ਹਰੀ ਕ੍ਰਾਂਤੀ ਦੀ ਪਟਾਰੀ ਵਿਚੋਂ ਕਰਮ ਸਿੰਘ ਉਰਫ ਬਾਬਾ ਅੜਬ ਦਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਲੇਖਕ ਦੀਆਂ ਵਿਭਿੰਨ ਵਿਸ਼ਿਆਂ ਨਾਲ ਸਬੰਧਿਤ ਕਵਿਤਾਵਾਂ ਸ਼ਾਮਿਲ ਹਨ। ਬਾਬਾ ਅੜਬ ਦੀਆਂ ਰਚਨਾਵਾਂ ਜਿਵੇਂ ਕਿ ਲੇਖਕ ਦੇ ਨਾਂਅ ਤੋਂ ਸਪੱਸ਼ਟ ਹੈ, ਆਪਣੀ ਵਿਲੱਖਣ ਅੜਬ ਸ਼ੈਲੀ ਵਿਚ ਹੀ ਲਿਖੀਆਂ ਗਈਆਂ ਹਨ ਅਤੇ ਇਹ ਸਮਕਾਲਕ ਮਸਲਿਆਂ 'ਤੇ ਸਿੱਧੀ ਗੱਲ ਕਰਦੀਆਂ ਹਨ, ਇਨ੍ਹਾਂ ਕਵਿਤਾਵਾਂ ਵਿਚ ਲੇਖਕ ਵੱਖੋ-ਵੱਖ ਸਮੱਸਿਆਵਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕਰਦਾ ਹੈ। ਚਾਰੇ ਪਾਸੇ ਫੈਲਿਆ ਪ੍ਰਦੂਸ਼ਣ, ਕਿਸਾਨੀ ਦੀ ਲੁੱਟ, ਅਖੌਤੀ ਲੋਕਰਾਜ ਦਾ ਦੰਭ, ਅਜੋਕੇ ਦੌਰ ਵਿਚ ਟੁੱਟ ਰਹੇ ਰਿਸ਼ਤੇ, ਭ੍ਰਿਸ਼ਟਾਚਾਰ, ਗੰਧਲੀ ਰਾਜਨੀਤੀ ਆਦਿ ਮਸਲੇ ਇਨ੍ਹਾਂ ਕਵਿਤਾਵਾਂ ਵਿਚ ਥਾਂ-ਥਾਂ ਦੇਖਣ ਨੂੰ ਮਿਲਦੇ ਹਨ।
ਕਰਮ ਸਿੰਘ ਬਹੁਤ ਹੀ ਸਿੱਧੇ ਸ਼ਬਦਾਂ ਵਿਚ ਇਨ੍ਹਾਂ ਮਸਲਿਆਂ ਬਾਰੇ ਆਪਣੀ ਕਵਿਤਾ ਵਿਚ ਇਨ੍ਹਾਂ 'ਤੇ ਟਿੱਪਣੀਆਂ ਕਰਦਾ ਹੈ। ਕਿਸਾਨੀ ਦੀ ਲੁੱਟ ਬਾਰੇ ਲਿਖੀ ਕਵਿਤਾ 'ਪਗੜੀ ਸੰਭਾਲ ਜੱਟਾ' ਵਿਚੋਂ ਕੁਝ ਸਤਰਾਂ ਦੇਖੀਆਂ ਜਾ ਸਕਦੀਆਂ ਹਨ :
ਮੱਤਦਾਨ ਦੇ ਤਾਣ ਤੂੰ ਸਰਕਾਰ ਬਦਲੀ
ਗੁੱਸਾ ਕੱਢ ਲਿਆ ਇਹੀ ਲੋਕਰਾਜ ਜੱਟਾ
ਰਾਜੇ ਸ਼ੀਂਹ ਦੋ ਗੁੱਟਾਂ ਵਿਚ ਵੰਡ ਜਾਂਦੇ
ਖੂਨਦਾਨ ਲਈ ਸਦਾ ਤੂੰ ਆਜ਼ਾਦ ਜੱਟਾ
ਤੇਰੇ ਕਰਜ਼ ਦੇ ਕੀਰਨੇ ਪਾਇ ਉਨ੍ਹਾਂ
ਸੱਤਾ ਬਦਲੀਆਂ ਮਰਕਜ਼ੀ ਤੇ ਰਾਜ ਜੱਟਾ।
ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਵੀ ਅਜਿਹੀ ਸਾਫ਼-ਸਪੱਸ਼ਟ ਸ਼ੈਲੀ ਵਿਚ, ਪਰ ਉੱਚੀ ਸੁਰ ਵਿਚ ਲਿਖੀਆਂ ਗਈਆਂ ਹਨ, ਸ਼ਾਇਦ ਇਹ ਉੱਚਾਪਣ ਲੇਖਕ ਦੇ ਸੁਭਾਅ ਵਿਚ ਹੀ ਸ਼ਾਮਿਲ ਹੈ। ਆਪਣੀ ਭੂਮਿਕਾ ਵਿਚ ਉਹ ਇਕ ਥਾਂ ਲਿਖਦਾ ਹੈ ਕਿ ਮੈਨੂੰ ਡਰ ਹੈ ਕਿ ਮੇਰੀ ਇਸ ਪੁਸਤਕ 'ਤੇ ਪੰਛੀ ਝਾਤ ਮਾਰਦੇ ਪਾਠਕ ਦੀ ਚੀਕ ਨਿਕਲ ਸਕਦੀ ਹੈ। ਸ਼ਾਇਦ ਕਵੀ ਨੂੰ ਆਪਣੀ ਕਵਿਤਾ ਪ੍ਰਤੀ ਕਾਫੀ ਭਰਮ ਹੈ। ਇਹ ਕਵਿਤਾਵਾਂ ਉੱਚੇ ਸੁਰ ਵਿਚ ਲਿਖੀਆਂ ਜ਼ਰੂਰ ਹਨ ਪਰ ਇਹ ਕਲਾਤਮਕ ਪੱਖ ਤੋਂ ਵੀ ਏਨੀਆਂ ਉੱਚੀਆਂ ਹਨ, ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਆਉਂਦੇ ਸਮੇਂ ਵਿਚ ਕਵੀ ਤੋਂ ਹੋਰ ਚੰਗੀਆਂ ਕਵਿਤਾਵਾਂ ਦੀ ਉਮੀਦ ਕੀਤੀ ਜਾ ਸਕਦੀ ਹੈ।


-ਡਾ: ਅਮਰਜੀਤ ਕੌਂਕੇ


ਝਨਾਂ ਦਿਆ ਪਾਣੀਆਂ ਵੇ

ਲੇਖਕ : ਦਿਲਜੀਤ ਬੰਗੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 88474-73354.


ਸ਼ਾਇਰ ਦਿਲਜੀਤ ਬੰਗੀ ਨੇ ਆਪਣੇ ਗੀਤ ਸੰਗ੍ਰਹਿ 'ਝਨਾਂ ਦਿਆ ਪਾਣੀਆਂ ਵੇ' ਨਾਲ ਪ੍ਰਗੀਤਕ ਸ਼ਾਇਰੀ ਦੇ ਦਰ-ਦਰਵਾਜ਼ੇ 'ਤੇ ਪਲੇਠੀ ਦਸਤਕ ਦਿੱਤੀ ਹੈ। ਸਮਕਾਲ ਵਿਚ ਪੜ੍ਹੀ ਜਾਣ ਵਾਲੀ ਪ੍ਰਗੀਤਕ ਸ਼ਾਇਰੀ ਦਿਲ ਦੀਆਂ ਬਰੂਹਾਂ 'ਤੇ ਮਾਖਿਓਂ ਮਿੱਠੀ ਆਵਾਜ਼ ਦੀ ਮਿਸ਼ਰੀ ਦਾ ਰਸ ਕੰਨਾਂ ਵਿਚ ਘੋਲ ਦਿੰਦੀ ਹੈ ਤੇ ਇਸ ਦਾ ਸਬੂਤ ਸ਼ਾਇਰ ਦੀ ਪਲੇਠੀ ਸਿੱਕੇਬੰਦ ਕਿਰਤ ਹੈ। ਸ਼ਾਇਰ ਮਾਰ-ਧਾੜ ਅਤੇ ਦੋਹਰੇ ਅਰਥਾਂ ਵਾਲੇ ਚਾਲੂ ਜਿਹੇ ਮੰਡੀ ਦੀ ਮੰਗ ਵਾਲੇ ਗੀਤਾਂ ਤੋਂ ਕਿਨਾਰਾ ਕਰਕੇ ਸੁਹਜ ਸ਼ਿਲਪ ਵਾਲਾ ਬਦਲ ਪੇਸ਼ ਕਰਦਾ ਹੈ ਤੇ ਇਹ ਸ਼ਾਇਰ ਦੀ ਸ਼ਾਇਰੀ ਦਾ ਮੀਰੀ ਗੁਣ ਹੈ।
ਇੰਜ ਸ਼ਾਇਰ ਵਿਕਾਰ ਪ੍ਰਵਿਰਤੀਆਂ ਦੀ ਨਰਸਰੀ 'ਤੇ ਨਦੀਨ ਮਾਰਨ ਜਿਹੀ ਦਵਾਈ ਦਾ ਛਿੜਕਾਅ ਕਰਦਾ ਹੈ। ਸ਼ਾਇਰ ਸੰਬੋਧਨੀ ਸੁਰ ਵਿਚ ਝਨਾਂ ਨੂੰ ਸਵਾਲ ਕਰਦਾ ਹੈ ਕਿ ਤੂੰ ਉਦਾਸ ਕਿਉਂ ਹੈ? ਤੇ ਆਪ ਹੀ ਉਸ ਦਾ ਜਵਾਬ ਤਲਾਸ਼ ਕਰ ਲੈਂਦਾ ਹੈ ਕਿ ਉਹ ਉਦਾਸ ਤਾਂ ਹੈ ਕਿ ਸੰਤਾਲੀ ਦੀ ਵੰਡ ਵੇਲੇ ਅਸਾਡਾ ਰੰਗਲਾ ਪੰਜਾਬ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਉਹ ਦੋਵਾਂ ਪੰਜਾਬਾਂ ਨੂੰ ਇਕ ਹੋਇਆ ਦੇਖਣ ਦਾ ਤਲਬਗਾਰ ਹੈ। ਦੋਵਾਂ ਪੰਜਾਬਾਂ ਨੂੰ ਇਕ ਹੋਇਆ ਦੇਖਣ ਦਾ ਸ਼ਾਇਰ ਦਾ ਸੁਪਨਾ ਪੂਰਾ ਹੋਣਾ ਤਾਂ ਅਸੰਭਵ ਹੈ ਕਿਉਂਕਿ ਭੂਗੋਲਿਕ ਹੱਦ ਬੰਨ੍ਹਾ ਤਾਂ ਅਸਾਡੇ ਲੀਡਰਾਂ ਨੇ ਬਣਾ ਦਿੱਤਾ। ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਆਉਣਾ-ਜਾਣਾ ਆਸਾਨ ਹੋ ਜਾਵੇ ਤੇ ਵੀਜ਼ੇ ਦੀਆਂ ਸ਼ਰਤਾਂ ਨਰਮ ਹੋ ਜਾਣ ਤੇ ਦੋਹਾਂ ਦੇਸ਼ਾਂ ਦੀਆਂ ਤਲਖੀਆਂ ਦੂਰ ਹੋ ਜਾਣ। ਸ਼ਾਇਰ ਆਪਣੀ ਮਾਂ ਬੋਲੀ ਨੂੰ ਬੜੀ ਹੀ ਸ਼ਿੱਦਤ ਨਾਲ ਪਿਆਰ ਕਰਦਾ ਹੈ।
ਇਸ ਸਮੇਂ 'ਮੇਰਾ ਦਾਗਿਸਤਾਨ' ਦੇ ਲੇਖਕ ਰਸੂਲ ਹਮਜ਼ਾਤੋਵ ਦਾ ਕਥਨ ਯਾਦ ਆਉਂਦਾ ਹੈ ਕਿ ਜਦੋਂ ਦਾਗਿਸਤਾਨੀ ਮਾਵਾਂ ਕਿਸੇ ਨੂੰ ਬਦ ਦੁਆ ਦਿੰਦੀਆਂ ਹਨ ਤਾਂ ਉਹ ਆਖਦੀਆਂ ਹਨ ਕਿ ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। 'ਮਾਂ', 'ਚੁੰਨੀ' ਅਤੇ 'ਪੱਗ' ਵਾਲੀਆਂ ਨਜ਼ਮਾਂ ਉਚੇਚਾ ਧਿਆਨ ਮੰਗਦੀਆਂ ਹਨ। ਝਨਾਂ ਅਸਾਡੇ ਮੁਹੱਬਤੀ ਜੀਉੜਿਆਂ ਦੀਆਂ ਪ੍ਰੇਮ ਕਥਾਵਾਂ ਦਾ ਕੇਂਦਰ ਬਿੰਦੂ ਹੈ ਤੇ ਅਸਾਡੀ ਪੰਜਾਬੀ ਰਹਿਤਲ ਦਾ ਸ਼ੀਸ਼ਾ ਹੈ। ਇਸੇ ਕਰਕੇ ਸ਼ਾਇਰੀ ਮੁਹੱਬਤ ਦੇ ਤਰੰਗਤੀ ਸ਼ਬਦਾਂ ਦਾ ਵਹਾਅ ਹੈ। ਮੇਰੀ ਤਾਂ ਇਹੀ ਦੁਆ ਹੈ ਕਿ ਇਸ ਸ਼ਾਇਰੀ ਨੂੰ ਸਾਜ਼ ਅਤੇ ਆਵਾਜ਼ ਦਾ ਵਰਦਾਨ ਮਿਲ ਜਾਵੇ ਅਤੇ ਆਲੋਚਕ ਇਸ ਦਾ ਨੋਟਿਸ ਜ਼ਰੂਰ ਲੈਣਗੇ। ਆਮੀਨ!


-ਭਗਵਾਨ ਢਿੱਲੋਂ
ਮੋ: 98143-78254


ਕੀਹਨੂੰ ਕੂਕ ਸੁਣਾਵਾਂ
ਲੇਖਕ : ਪੰਜਾਬ ਸਿੰਘ (ਮੋਹਸਿਨ)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ: 120
ਸੰਪਰਕ : 98723-90736.


ਪੰਜਾਬ ਸਿੰਘ (ਮੋਹਸਿਨ) ਪੰਜਾਬੀ ਸਾਹਿਤ ਦੇ ਬਹੁਤ ਹੀ ਸਤਿਕਾਰਤ ਕਵੀ ਹਨ। ਹਥਲਾ ਕਾਵਿ-ਸੰਗ੍ਰਹਿ 'ਕੀਹਨੂੰ ਕੂਕ ਸੁਣਾਵਾਂ' ਉਨ੍ਹਾਂ ਦੇ ਦੋ ਗ਼ਜ਼ਲ-ਸੰਗ੍ਰਹਿਆਂ 'ਹੂ ਦਾ ਆਵਾਜ਼ਾ' ਅਤੇ 'ਲੱਗੜਾ ਨਿਹੁੰ ਕੁਥਾਈਂ' ਤੋਂ ਬਾਅਦ ਪ੍ਰਕਾਸ਼ਿਤ ਹੋਇਆ ਹੈ, ਜਿਸ ਦਾ ਪਾਠ ਕਰਦਿਆਂ ਪਾਠਕ ਦਾ ਮਨ ਅਨੰਦ ਨਾਲ ਛਲਕਣ ਲੱਗ ਪੈਂਦਾ ਹੈ। ਉਨ੍ਹਾਂ ਦੀ ਧਾਰਨਾ ਹੈ ਕਿ ਹੱਕ-ਸੱਚ ਦਾ ਪਰਚਮ ਬੁਲੰਦ ਕਰਨ ਵਾਲੇ ਸਚਿਆਰੇ ਲੋਕ ਹਮੇਸ਼ਾ ਹੀ ਦੁਨਿਆਵੀ ਫ਼ੈਸਲਿਆਂ ਵਿਚ ਦੋਸ਼ੀ ਠਹਿਰਾਏ ਜਾਂਦੇ ਹਨ-
ਇਕ ਵੱਡਾ ਇਲਜ਼ਾਮ ਹੈ ਚਾਨਣ 'ਤੇ ਵਿਹੜੇ ਵੜਨ ਦਾ,
ਜੇ ਹਨੇਰਾ ਹੀ ਹੈ ਮੁਨਸਿਫ਼ ਫਿਰ ਗਵਾਹੀ ਕੀ ਕਰੇ।
ਪਦਾਰਥਵਾਦੀ ਇੱਛਾਵਾਂ ਦੀ ਦੌੜ ਵਿਚ ਅਜੋਕਾ ਮਨੁੱਖ ਇਕ ਵਸਤੂ ਬਣ ਕੇ ਰਹਿ ਗਿਆ ਹੈ ਅਤੇ ਇਸੇ ਚੱਕਰ ਵਿਚ ਉਸ ਨੇ ਆਪਣਾ ਵਜੂਦ ਹੀ ਦਾਅ ਉੱਤੇ ਲਗਾ ਦਿੱਤਾ ਹੈ। ਜਿਉਂ-ਜਿਉਂ ਉਹ ਆਪਣੇ ਮਨ ਦੀ ਸ਼ਾਂਤੀ ਲਈ ਸੁੱਖ-ਆਰਾਮ ਦੀ ਸਮੱਗਰੀ ਦੇ ਭੰਡਾਰ ਇਕੱਤ੍ਰਿਤ ਕਰ ਰਿਹਾ ਹੈ, ਤਿਉਂ-ਤਿਉਂ ਉਸ ਦੀ ਭਟਕਣਾ ਹੋਰ ਫੈਲਦੀ ਜਾ ਰਹੀ ਹੈ। ਇਸੇ ਲਈ ਆਪਣੇ ਜੀਵਨ ਦੇ ਆਖ਼ਰੀ ਪਲਾਂ ਵਿਚ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਹ ਸਭ ਕੁਝ ਕਰਦਿਆਂ ਉਸ ਨੇ ਆਪਣੇ ਅੰਦਰਲੀ ਤਪਸ਼ ਨੂੰ ਹੋਰ ਵਧਾ ਲਿਆ ਹੋਵੇ-
ਸਦਾ ਕਿਉਂ ਰਾਖ਼ ਸਿਵਿਆਂ ਦੀ ਪਹੁੰਚ ਪਾਉਂਦੀ ਹੈ ਨਦੀਆਂ ਨੂੰ,
ਜੇ ਤੇਹ ਹੀ ਬੁਝ ਗਈ ਹੁੰਦੀ ਤਾਂ ਸਭ ਕੁਝ ਠਰ ਗਿਆ ਹੁੰਦਾ।
ਪੰਜਾਬ ਸਿੰਘ (ਮੋਹਸਿਨ) ਇਕ ਅਜਿਹੇ ਬਰਾਬਰੀ ਦੇ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹਨ, ਜਿੱਥੇ ਸਾਰੇ ਹੀ ਲੋਕ ਅਮਨ-ਚੈਨ ਨਾਲ ਰਹਿ ਸਕਣ। ਕਿਸੇ ਦੇ ਵੀ ਮਨ ਵਿਚ ਹੋਰਨਾਂ ਲਈ ਈਰਖਾ, ਦਵੇਸ਼ ਜਾਂ ਨਫ਼ਰਤ ਨਾ ਹੋਵੇ ਬਲਕਿ ਸਮਰਪਣ ਅਤੇ ਤਿਆਗ ਦੀ ਭਾਵਨਾ ਹੋਵੇ। ਸਾਡੇ ਸਾਰਿਆਂ ਦੇ ਪ੍ਰੇਰਨਾਸ੍ਰੋਤ ਰਹਿਬਰਾਂ ਅਤੇ ਗੁਰੂਆਂ-ਪੀਰਾਂ ਦੇ ਮਾਨਵ-ਹਿਤੈਸ਼ੀ ਸੁਨੇਹੇ ਦੇ ਪ੍ਰਚਾਰ-ਪ੍ਰਸਾਰ ਦੀਆਂ ਮਹਿਕਾਂ ਵੰਡਦੀ, ਉਨ੍ਹਾਂ ਦੀ ਇਸ ਵਡਮੁੱਲੀ ਘਾਲਣਾ ਨੂੰ ਭਰਪੂਰ ਹੁੰਗਾਰਾ ਮਿਲਣਾ ਬੇਹੱਦ ਜ਼ਰੂਰੀ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027


ਅੱਧੀ ਵਾਟ

ਕਹਾਣੀਕਾਰ : ਸੰਤ ਸਿੰਘ ਸੇਖੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 95011-45039.


ਅੱਧੀ ਵਾਟ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੰਤ ਸਿੰਘ ਸੇਖੋਂ ਦੀਆਂ 10 ਕਹਾਣੀਆਂ ਦਾ ਇਕ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਆਪਣੀ ਕਹਾਣੀ ਕਲਾ ਦੇ ਕੁਝ ਨਵੇਂ ਪ੍ਰਯੋਗਾਂ ਅਧੀਨ ਕਹਾਣੀਆਂ ਦੀ ਰਚਨਾ ਕਰਦਿਆਂ ਉਨ੍ਹਾਂ ਨੂੰ ਪੇਸ਼ ਕੀਤਾ ਹੈ। ਕਹਾਣੀਕਾਰ ਦਾ ਇਹ ਤੀਸਰਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ 50ਵਿਆਂ ਦੇ ਇਤਿਹਾਸਿਕ ਪੜਾਅ ਅਧੀਨ ਕਹਾਣੀਆਂ ਦੀ ਰਚਨਾ ਅਤੇ ਉਨ੍ਹਾਂ ਦੀ ਲੋੜ ਨੂੰ ਆਪਣੇ ਇਸ ਸੰਗ੍ਰਹਿ ਵਿਚ ਸ਼ਾਮਿਲ ਲੇਖ 'ਮੇਰੀ ਕਹਾਣੀ ਵਿਚ ਕੀ ਨਹੀਂ' ਅਧੀਨ ਕਹਾਣੀਆਂ ਦੇ ਵਿਸ਼ਿਆਂ ਅਤੇ ਕਹਾਣੀਆਂ ਬਾਰੇ ਚਰਚਾ ਕੀਤੀ ਹੈ। ਨਵੀਨਤਾ ਅਤੇ ਪੁਰਾਤਨਤਾ ਦਾ ਸੁਮੇਲ ਇਹ ਕਹਾਣੀਆਂ ਜਿੱਥੇ ਇਕ ਪਾਸੇ ਕਹਾਣੀ ਕਾਲ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪ੍ਰਸਥਿਤੀਆਂ ਨੂੰ ਦਰਸਾਉਦੀਆਂ ਹਨ, ਉਥੇ ਹੀ ਇਹ ਆਪਣੀ ਪਾਤਰ ਰਚਨਾ ਕਾਰਨ ਵੀ ਭਿੰਨ ਨਜ਼ਰ ਆਉਂਦੀਆਂ ਹਨ। ਹਰ ਕਹਾਣੀ ਦਾ ਵਿਸ਼ਾ ਵਸਤੂ ਵੱਖਰੇ ਅਨੁਭਵ ਅਤੇ ਵੱਖਰੇ ਲਹਿਜੇ ਦਾ ਧਾਰਨੀ ਹੈ। ਤਬਦੀਲੀਆਂ ਦੇ ਦੌਰ ਵਿਚੋਂ ਗੁਜ਼ਰਦੀ ਸੇਖੋਂ ਦੀ ਇਹ ਕਹਾਣੀ ਵੀ ਤਬਦੀਲੀ ਦੀ ਸੂਚਕ ਜਾਪਦੀ ਹੈ। 'ਕੁਰਬਾਨੀ ਦਾ ਬੱਕਰਾ' ਕਹਾਣੀ ਦੋ ਸੱਭਿਆਤਾਵਾਂ ਵਿਚਲੇ ਅੰਤਰ ਦੇ ਨਾਲ-ਨਾਲ ਮਾਨਵੀ ਸੰਵੇਦਨਾ ਦੀ ਚਰਚਾ ਕਰਦੀ ਹੈ ਜਿੱਥੇ ਬੇਟਨ ਆਪਣੀ ਬਸਤੀਵਾਦੀ ਸੱਭਿਅਤਾ ਦਾ ਵਾਸੀ ਹੋਣ ਦੇ ਬਾਵਜੂਦ ਸੰਵੇਦਨਾ ਭਰਪੂਰ ਹੈ ਪਰ ਬਸਤੀਵਾਦੀ ਰਾਜ ਦੇ ਵਿਰੋਧ ਦਾ ਸ਼ਿਕਾਰ ਹੁੰਦਾ ਹੈ ਅਤੇ ਕੁਰਬਾਨੀ ਦਾ ਬੱਕਰਾ ਬਣਿਆ ਜਾਪਦਾ ਹੈ। ਆਪਣੀ ਪੂਰੀ ਜ਼ਿੰਦਗੀ ਪੂਰਬ ਦੇ ਸੁਪਨੇ ਲੈਣ ਵਾਲੀ ਮਾਇਆ ਇਕ ਅੰਗਰੇਜ਼ ਹੋਣ ਦੇ ਬਾਵਜੂਦ ਪੂਰਬ ਵਿਚ ਸਮਾਅ ਜਾਣਾ ਚਾਹੁੰਦੀ ਹੈ ਪਰ ਪੂਰਬ ਉਸ ਨੂੰ ਅੰਤ ਤੱਕ ਪ੍ਰਦੇਸਣ ਦੇ ਰੂਪ ਵਿਚ ਵੇਖਦਾ ਹੈ, ਇਸ ਦੀ ਪੇਸ਼ਕਾਰੀ ਕਹਾਣੀ ਪ੍ਰਦੇਸੀ ਵਿਚ ਬਾਖੂਬੀ ਕੀਤੀ ਹੈ। ਦਸਤਖ਼ਤ, ਤਰੱਕੀ ਅਤੇ ਚੰਮ ਕਹਾਣੀਆਂ ਵਿਚ ਪ੍ਰਸਥਿਤੀਆਂ ਵਿਅੰਗਮਈ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਹਨ ਜਿੱਥੇ ਇਕ ਅਖੌਤੀ ਬੁੱਧੀਜੀਵੀ ਦੇ ਕਪਟ ਨਸ਼ਰ ਕੀਤੇ ਗਏ ਹਨ, ਉਥੇ ਹੀ ਉੱਚ ਅਧਿਕਾਰੀ ਵਰਗ ਦੀਆਂ ਮਨਮਾਨੀਆਂ ਅਤੇ ਉਨ੍ਹਾਂ ਦੇ ਕਪਟੀ ਸੁਭਾਅ ਨੂੰ ਪੇਸ਼ ਕੀਤਾ ਹੈੇ। ਕੰਮ ਅਤੇ ਚੰਮ ਜੀਵਨ ਵਿਚ ਕਿਰਤ ਦੀ ਪ੍ਰਧਾਨਤਾ ਨੂੰ ਦਰਸਾਉਂਦੀ ਇਕ ਖ਼ੂਬਸੂਰਤ ਕਹਾਣੀ ਹੈ ਜੋ ਕਿਰਤ ਰਾਹੀਂ ਬਦਸੂਰਤੀ ਨੂੰ ਵੀ ਖ਼ੂਬਸੂਰਤੀ ਵਿਚ ਬਦਲਣ ਦੀ ਪ੍ਰੋੜ੍ਹਤਾ ਕਰਦੀ ਹੈ। 'ਮੀਂਹ ਜਾਵੋ ਅਨ੍ਹੇਰੀ ਜਾਵੋ' ਪਤੀ ਪਤਨੀ ਦੇ ਰਿਸ਼ਤੇ ਨੂੰ ਪ੍ਰਪੱਕ ਕਰਦੀ ਕਹਾਣੀ ਹੈ ਜਿਸ ਵਿਚ ਪਤਨੀ ਔਕੜਾਂ ਦੇ ਬਾਵਜੂਦ ਪਤੀ ਦੀ ਗ਼ੈਰ-ਹਾਜ਼ਰੀ ਵਿਚ ਵੀ ਨਹੀ ਡੋਲਦੀ ਪਰ ਉਸ ਦੇ ਆਉਣ 'ਤੇ ਉਸ ਦੇ ਗਲ ਲੱਗ ਇੰਜ ਹੌਕਾ ਭਰਦੀ ਹੈ ਜਿਵੇਂ ਝੱਖੜ ਮਾਰਿਆ ਪੰਛੀ। ਕਹਾਣੀ ਦੀ ਖ਼ੂਬਸੂਰਤੀ ਪਤਨੀ ਦੇ ਚਰਿੱਤਰ ਦੇ ਪ੍ਰਗਟਾਵੇ ਵਿਚੋਂ ਝਲਕਦੀ ਹੈ। 'ਦੂਧ ਬਰਾਬਰ' ਕਹਾਣੀ ਵਿਚ ਜੀਵਨ ਵਿਚ ਪਿਆਰ ਦੇ ਦੋ ਪਲ ਦੀ ਮਿਠਾਸ ਕਿਸ ਪ੍ਰਕਾਰ ਜੀਵਨ ਨੂੰ ਹੁਲਾਸ ਅਤੇ ਉਤਸ਼ਾਹ ਨਾਲ ਭਰ ਦਿੰਦੀ ਹੈ, ਇਸ ਤਰਕ ਨੂੰ ਪੇਸ਼ ਕੀਤਾ ਹੈ। ਸਾਰੀਆਂ ਕਹਾਣੀਆਂ ਆਪਣੀ ਭਾਸ਼ਾ, ਸ਼ੈਲੀ ਅਤੇ ਪਾਤਰ ਚਿਤਰਨ ਕਾਰਨ ਵੱਖਰਤਾ ਦਾ ਪ੍ਰਭਾਵ ਸਿਰਜਦੀਆਂ ਹਨ।


-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823


ਤਰੱਕੀ ਪਸੰਦ ਤਹਿਰੀਕ
ਤਪਦੀਆਂ ਰੁੱਤਾਂ ਦੇ ਸ਼ਾਇਰ

ਲੇਖਕ : ਸਰਵਣ ਜ਼ਫ਼ਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 148
ਸੰਪਰਕ : 0172-5002591


ਸਾਊਥਾਲ (ਯੂ.ਕੇ.) ਵਿਚ ਨਿਵਾਸ ਕਰਨ ਵਾਲਾ ਵਿਦਵਾਨ ਸ੍ਰੀ ਸਰਵਣ ਜ਼ਫ਼ਰ ਤਰੱਕੀ ਪਸੰਦ ਅਦਬ ਅਤੇ ਉਰਦੂ ਸ਼ਾਇਰੀ ਦੀ ਵਿਰਾਸਤ ਨਾਲ ਬੜੇ ਡੂੰਘੇ ਤੌਰ 'ਤੇ ਜੁੜਿਆ ਹੋਇਆ ਹੈ, ਵਰਨਾ ਉਰਦੂ ਸ਼ਾਇਰੀ ਦਾ ਕਾਇਆ-ਕਲਪ ਕਰਨ ਵਾਲੀ ਤਰੱਕੀਪਸੰਦ ਲਹਿਰ ਦਾ ਵਿਸ਼ਲੇਸ਼ਣ-ਵਿਵੇਚਨ ਕਰਨਾ ਬੜਾ ਕਠਿਨ ਕਾਰਜ ਸੀ। ਕੁਝ ਇਸ ਕਾਰਨ ਵੀ ਕਿ ਵਿਸ਼ਵ ਦੇ ਬਹੁਤ ਸਾਰੇ ਦੇਸ਼ ਸੱਜੇ ਪੱਖੀ ਸੋਚ ਦੇ ਧਾਰਨੀ ਬਣ ਗਏ ਹਨ। ਭਾਰਤ ਵਰਗੇ ਸਭ ਤੋਂ ਵੱਡੇ ਜਮਹੂਰੀ ਮੁਲਕ ਉੱਪਰ ਵੀ ਸੱਜੇ ਪੱਖੀ ਧਿਰਾਂ ਸੱਤਾ ਉੱਪਰ ਕਾਬਜ਼ ਹੋ ਗਈਆਂ ਹਨ। ਇਸ ਵਸਤੂ-ਸਥਿਤੀ ਵਿਚ ਖੱਬੇ ਪੱਖੀ ਸੋਚ ਦਾ ਅਭਿਨੰਦਨ ਕਰਨ ਵਾਲੀ ਇਸ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ ਕਿਉਂਕਿ ਖੱਬੇ ਪੱਖੀ ਸੋਚ ਨੇ ਹੀ ਕਿਸਾਨਾਂ, ਮਜ਼ਦੂਰਾਂ, ਲੇਖਕਾਂ ਅਤੇ ਕਲਾਕਾਰਾਂ ਨੂੰ ਸਮਾਜਿਕ-ਨਿਆਇ ਅਤੇ ਸਮਾਨਤਾ ਪ੍ਰਦਾਨ ਕਰਨੀ ਹੈ।
ਸਰਵਣ ਜ਼ਫ਼ਰ ਦੀ ਇਸ ਪੁਸਤਕ ਵਿਚ ਸੱਜਾਦ ਜ਼ਹੀਰ, ਮਖ਼ਦੂਮ ਮਹੀਉਦੀਨ, ਅਲੀ ਸਰਦਾਰ ਜਾਫ਼ਰੀ, ਕੈਫ਼ੀ ਆਜ਼ਮੀ, ਫੈਜ਼ ਅਹਿਮਦ ਫੈਜ਼ ਅਤੇ ਮਿਰਜ਼ਾ ਗਾਲਿਬ ਦੀ ਸ਼ਾਇਰੀ ਬਾਰੇ ਲਿਖੇ 11 ਲੇਖ ਸੰਕਲਿਤ ਹੋਏ ਹਨ। ਮੁਢਲੇ ਲੇਖ ਵਿਚ ਜ਼ੁਬੈਰ ਰਿਜ਼ਵੀ ਜਮਹੂਰੀਅਤ ਅਤੇ ਧਰਮ-ਨਿਰਪੱਖਤਾ ਦੇ ਪ੍ਰਸੰਗ ਵਿਚ ਤਰੱਕੀ ਪਸੰਦ ਅਦਬ ਦੀ ਮਹੱਤਵਪੂਰਨ ਭੂਮਿਕਾ ਦਾ ਵਿਸ਼ਲੇਸ਼ਣ ਕਰਦਾ ਹੈ। ਸਰਵਣ ਜ਼ਫ਼ਰ ਨੇ ਕੈਫ਼ੀ ਆਜ਼ਮੀ ਅਤੇ ਮਿਰਜ਼ਾ ਗਾਲਿਬ ਦੀ ਸ਼ਾਇਰੀ ਬਾਰੇ ਖ਼ੁਦ ਵੀ ਦੋ ਲੇਖ ਲਿਖੇ ਹਨ, ਜੋ ਸਾਹਿਤ ਅਤੇ ਜੀਵਨ ਦੇ ਸਬੰਧਾਂ ਬਾਰੇ ਉਸ ਦੀ ਪ੍ਰਗਤੀਸ਼ੀਲ ਵਿਚਾਰਧਾਰਾ ਬਾਰੇ ਬੜਾ ਨਿੱਗਰ ਪ੍ਰਮਾਣ ਮੁਹੱਈਆ ਕਰਦੇ ਹਨ। ਪੁਸਤਕ ਵਿਚ ਸੰਕਲਿਤ ਹੋਰ ਸ਼ਾਇਰਾਂ ਬਾਰੇ ਡਾ: ਅਲੀ ਅਹਿਮਦ ਫ਼ਾਤਮੀ (ਸੱਜਾਦ ਜ਼ਹੀਰ), ਸ਼ਾਹਿਦ ਨਕਵੀ ਅਤੇ ਅਲੀ ਸਰਦਾਰ ਜਾਅਰਾਲ ਅਤੇ ਡਾ: ਕਮਰ ਰਈਸ (ਫ਼ੈਜ਼ ਅਹਿਮਦ ਫ਼ੈਜ਼), ਪ੍ਰੋ: ਮੁਹੰਮਦ ਹਸਨ ਅਤੇ ਸਆਦਤ ਹਸਨ ਮੰਟੋ (ਮਿਰਜ਼ਾ ਗ਼ਾਲਿਬ) ਵਰਗੇ ਪ੍ਰਤੀਬੱਧ ਲੇਖਕਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਹਨ, ਜਿਨ੍ਹਾਂ ਦਾ ਅਜੋਕੇ ਪ੍ਰਸੰਗ ਵਿਚ ਨੋਟਿਸ ਲੈਣਾ ਬਣਦਾ ਹੈ।
ਜ਼ੁਬੈਰ ਰਿਜ਼ਵੀ ਦਾ ਸ਼ੀਰਸ਼ਕ ਲੇਖ ਇਸ ਗੱਲੋਂ ਵੀ ਬੜਾ ਮਹੱਤਵਪੂਰਨ ਹੈ ਕਿ ਉਸ ਨੇ ਉਰਦੂ ਬੋਲੀ ਦੀ ਹਿੰਦੁਸਤਾਨੀਅਤ ਉੱਪਰ ਬਲ ਦਿੱਤਾ ਹੈ। ਉਰਦੂ ਜ਼ਬਾਨ ਭਾਰਤ ਦੀ ਸਰਜ਼ਮੀਨ ਵਿਚ ਪੈਦਾ ਹੋਈ ਅਤੇ ਇਥੇ ਹੀ ਵਿਕਸਿਤ ਹੋ ਕੇ ਇਸ ਨੇ ਹਿੰਦੁਸਤਾਨ ਨੂੰ ਇਕ ਸਾਂਝੀ ਲੜੀ ਵਿਚ ਪਰੋ ਦਿੱਤਾ। ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਲੜੀ ਗਈ ਜੰਗ ਵਿਚ ਇਸ ਜ਼ਬਾਨ ਨੇ ਨੁਮਾਯਾਂ ਰੋਲ ਅਦਾ ਕੀਤਾ। ਇਸ ਪ੍ਰਕਾਰ ਪ੍ਰਗਤੀਸ਼ੀਲਤਾ ਅਤੇ ਉਰਦੂ ਜ਼ਬਾਨ ਦਾ ਚੋਲੀ-ਦਾਮਨ ਵਾਲਾ ਰਿਸ਼ਤਾ ਰਿਹਾ ਹੈ। ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਰੁਚੀਆਂ ਦੇ ਪ੍ਰਵੇਸ਼ ਲਈ ਅੰਮ੍ਰਿਤਸਰ ਦੇ ਓਰੀਐਂਟਲ ਕਾਲਜ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ, ਜਿਸ ਵਿਚ ਡਾ: ਮੁਹੰਮਦ ਦੀਨ ਨਸੀਰ ਪ੍ਰਿੰਸੀਪਲ ਸਨ ਅਤੇ ਉਨ੍ਹਾਂ ਪਾਸ ਫ਼ੈਜ਼ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਤਰੱਕੀ ਪਸੰਦ ਉਰਦੂ ਅਦੀਬ ਆਉਂਦੇ-ਜਾਂਦੇ ਰਹਿੰਦੇ ਸਨ। ਉਸ ਸਮੇਂ ਖਾਲਸਾ ਕਾਲਜ ਵਿਚ ਅਰਥ-ਸ਼ਾਸਤਰ ਅਤੇ ਅੰਗਰੇਜ਼ੀ ਦੇ ਪ੍ਰੋਫੈਸਰ ਸੰਤ ਸਿੰਘ ਸੇਖੋਂ ਵੀ ਕਈ ਮੀਟਿੰਗਾਂ ਵਿਚ ਹਾਜ਼ਰੀ ਦਿਆ ਕਰਦੇ ਸਨ। ਇਸ ਪੁਸਤਕ ਵਿਚ ਸੰਕਲਿਤ ਉਰਦੂ ਸ਼ਾਇਰਾਂ ਦੇ ਕਲਾਮ ਨੂੰ ਪੜ੍ਹ ਕੇ ਇਕ ਗੁੱਝੀ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਜਾਗੀਰਦਾਰੀ ਵਰਗ ਨਾਲ ਸਬੰਧ ਰੱਖਣ ਵਾਲੇ ਅਤੇ ਲੰਡਨ ਦੇ ਕਾਲਜਾਂ ਵਿਚ ਪੜ੍ਹ ਕੇ ਆਏ ਉਰਦੂ ਅਦੀਬਾਂ ਦੇ ਕਲਾਮ ਵਿਚ ਫ਼ਾਰਸੀ ਸ਼ਬਦਾਵਲੀ ਅਤੇ ਵਾਕਾਵਲੀ ਦੀ ਮਿੱਸ ਜ਼ਿਆਦਾ ਹੈ, ਜਦੋਂ ਕਿ ਕੈਫ਼ੀ ਸਾਹਿਬ ਵਰਗੇ ਅਦੀਬਾਂ ਦਾ ਉਰਦੂ ਕਲਾਮ ਅੱਜ ਵੀ ਸਮਝਣਾ ਔਖਾ ਨਹੀਂ ਹੈ। ਬਲਕਿ ਗ਼ਾਲਿਬ ਸਾਹਿਬ ਦੀਆਂ ਕਈ ਗ਼ਜ਼ਲਾਂ ਵੀ ਸੱਜਾਦ ਜ਼ਹੀਰ ਜਾਂ ਸਰਦਾਰ ਜਾਫਰੀ ਤੋਂ ਆਸਾਨ ਹਨ। ਸਰਵਣ ਜ਼ਫ਼ਰ ਦੀ ਇਹ ਚੰਗੀ ਕੋਸ਼ਿਸ਼ ਹੈ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136

13-02-2021

 ਲਾਲ ਮੱਕੀ
ਮੂਲ ਲੇਖਕ : ਦਾਨੇਸ਼ ਰਾਣਾ
ਅਨੁਵਾਦਕ : ਡਾ: ਰਣਧੀਰ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 350 ਰੁਪਏ, ਸਫ਼ੇ : 286
ਸੰਪਰਕ : 094191-25425.

ਪੁਸਤਕ ਦਾ ਲੇਖਕ ਜੰਮੂ ਕਸ਼ਮੀਰ ਦਾ ਪੁਲਿਸ ਅਫ਼ਸਰ ਹੈ। ਉਸ ਦਾ ਅੰਗਰੇਜ਼ੀ ਵਿਚ ਲਿਖਿਆ ਨਾਵਲ 'ਰੈੱਡ ਮੇਜ਼' ਪਹਿਲੀ ਵਾਰ 2015 ਵਿਚ ਛਪਿਆ ਸੀ। ਪੰਜਾਬੀ ਅਨੁਵਾਦ ਹੁਣ ਛਪਿਆ ਹੈ। ਨਾਵਲ ਜੰਮੂ ਕਸ਼ਮੀਰ ਦੇ ਸਮਾਜਿਕ ਪ੍ਰਸੰਗ ਵਿਚ ਹੈ। ਡਾ: ਸੁਰਜੀਤ ਸਿੰਘ ਨੇ ਲਿਖਿਆ ਹੈ ਨਾਵਲ ਆਮ ਬੰਦੇ ਦੀ ਆਜ਼ਾਦੀ, ਮੁਕਤੀ ਅਤੇ ਮਰਜ਼ੀ ਦੀ ਥਾਹ ਪਾਉਣ ਦੀ ਕੋਸ਼ਿਸ਼ ਹੈ। ਖਾਲਦ ਹੁਸੈਨ ਦਾ ਵਿਚਾਰ ਹੈ ਨਾਵਲ ਜੰਮੂ ਕਸ਼ਮੀਰ ਦੀ ਦਹਿਸ਼ਤਗਰਦੀ ਤੇ ਰਾਜ ਵਿਚ ਪਸਰੀ ਤਬਾਹੀ ਦੀ ਅਲਾਮਤ ਹੈ। ਨਾਵਲ ਦੇ 16 ਕਾਂਡ ਹਨ ਤੇ ਹਰੇਕ ਕਾਂਡ ਦਾ ਸਿਰਲੇਖ ਹੈ। ਨਾਵਲ ਵਿਚ ਲੇਖਕ ਦੇ ਅੱਖੀਂ ਵੇਖੇ ਹਾਲਾਤ ਹਨ। ਸਿਰਲੇਖ ਹਨ ਕਾਲ ਕੋਠੜੀ, ਅਧੂਰੀਆਂ ਮਾਵਾਂ, ਸ਼ਾਲੀਮਾਰ ਹੋਟਲ, ਬੇਨਾਪਾ ਤਾਬੂਤ, ਵਿਆਹ ਦੇ ਗੀਤ, ਨੀਲ ਕਮਲ ਡਿੱਗੀ ਛੱਤ ਹੇਠਾਂ, ਪਹਾੜੀਆ ਬਜ਼ੁਰਗ, ਆਖਰੀ ਤਮਗਾ ਆਦਿ। ਸਿਰਲੇਖਾਂ ਅਨੁਸਾਰ ਕਹਾਣੀ ਤੁਰਦੀ ਹੈ। ਸਾਰੀ ਗਾਥਾ ਚਨਾਬ ਕੋਲ ਵਸੇ ਪਿੰਡ ਮੋਹੜਾ ਮਦਾਨਾ ਦੀ ਹੈ। ਇਕ ਔਰਤ ਕੌਸਰ ਜਾਨ ਦੇ ਤਿੰਨ ਪੁੱਤਰਾਂ ਦੀ ਆਜ਼ਾਦੀ ਲਈ ਚਲ ਰਹੇ ਹਥਿਆਰਬੰਦ ਸੰਘਰਸ਼ਾਂ ਵਿਚ ਕੁੱਦਣ ਦੀ ਦਾਸਤਾਨ ਹੈ। ਇਸ ਇਲਾਕੇ ਦੀ ਮੁੱਖ ਫ਼ਸਲ ਮੱਕੀ ਹੈ। ਲਾਲ ਮੱਕੀ ਮਨਭਾਉਂਦੀ ਖੁਰਾਕ ਹੈ। ਤਿੰਨੇ ਪੁੱਤਰ ਵਾਰੀ ਸਿਰ ਮੁਜਾਹਿਦਾਂ ਨਾਲ ਰਲ ਕੇ ਸ਼ਹੀਦ ਹੁੰਦੇ ਹਨ। ਖਾਲਿਦ ਵੱਡਾ ਪੁੱਤਰ ਹੈ, ਫਿਰਦੌਸ ਛੋਟਾ ਹੈ। ਨਾਵਲ ਦੀ ਭਾਸ਼ਾ ਮੂਲ ਰੂਪ ਵਿਚ ਗਾਲ੍ਹਾਂ ਸਮੇਤ ਅਨੁਵਾਦ ਹੈ। ਕਿਉਂਕਿ ਮੁਜਾਹਿਦ ਆਪਣਾ ਗੁੱਸਾ ਭੱਦੀ ਜ਼ਬਾਨ ਵਿਚ ਕੱਢਦੇ ਹਨ। ਦੋਵਾਂ ਦੇਸ਼ਾਂ ਦੇ ਲੀਡਰਾਂ ਦੀਆਂ ਮੁਲਾਕਾਤਾਂ ਦਾ ਜ਼ਿਕਰ ਹੈ। ਮੁਜਾਹਿਦ ਲੀਡਰਾਂ ਬਾਰੇ ਕੁਮੈਂਟ ਕਰਦੇ ਹਨ। ਇਲਾਕੇ ਵਿਚ ਦਹਿਸ਼ਤਗਰਦਾਂ ਦਾ ਪੂਰਾ ਖੌਫ਼ ਹੈ। ਲੜਕੀਆਂ ਨਾਲ ਅਸ਼ਲੀਲ ਵਿਵਹਾਰ ਕੀਤਾ ਜਾਂਦਾ ਹੈ। ਧੱਕੇਸ਼ਾਹੀ ਦਾ ਦੌਰ ਚਲਦਾ ਹੈ। ਮਾਵਾਂ ਨੂੰ ਰੁਪਏ ਦੇ ਕੇ ਗੁਜ਼ਾਰੇ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਮਾਵਾਂ ਦੇ ਕਮਾਊ ਪੁੱਤ ਸੰਘਰਸ਼ ਵਿਚ ਜਾਣ ਤੇ ਪਿੱਛੋਂ ਪਰਿਵਾਰਾਂ ਨੂੰ ਆਰਥਿਕ ਤੰਗੀ ਨਾ ਆਵੇ। ਕੌਸਰ ਖਾਨ ਨੂੰ ਵੀ ਮੁਜਾਹਿਦ ਲੁਕ ਛਿਪ ਕੇ ਘਰ ਆ ਕੇ ਸਹਾਇਤਾ ਕਰਦੇ ਹਨ। ਮਾਵਾਂ ਪੁੱਤਰਾਂ ਦਾ ਲੁਕ ਛਿਪ ਕੇ ਮਿਲਣਾ ਨਾਵਲ ਵਿਚ ਭਾਵੁਕਤਾ ਪੈਦਾ ਕਰਦਾ ਹੈ। ਲਹਿਰ ਨਾਲ ਜੁੜੇ ਸਾਰੇ ਪਾਤਰ ਹਨ। ਉਨ੍ਹਾਂ ਕੋਲ ਆਜ਼ਾਦੀ ਲਈ ਜਜ਼ਬਾ ਹੈ। ਬਾਰੂਦੀ ਧਮਾਕੇ, ਚਲਦੀਆਂ ਗੋਲੀਆਂ, ਗਾਲ੍ਹਾਂ ਦੀ ਬੁਛਾੜ, ਜਿਸਮਾਨੀ ਤੇ ਮਾਨਸਿਕ, ਤਸ਼ੱਦਦ ਦੇ ਦ੍ਰਿਸ਼ ਨਾਵਲ ਵਿਚ ਆਮ ਹਨ। ਮਨਮੋਹਨ ਦੇ ਸ਼ਬਦਾਂ ਵਿਚ ਲਾਲ ਮੱਕੀ ਦੇ ਰਚਨਾਕਾਰ ਕੋਲ ਕਥਾ ਕਹਿਣ ਦਾ ਸ਼ਿਲਪ ਕਮਾਲ ਦਾ ਹੈ। ਯਥਾਰਥਕ ਨਾਵਲ ਟਾਟਾ ਲਿਟਰੇਚਰ ਲਾਈਵ ਐਵਾਰਡ ਜੇਤੂ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

ਅਕਾਲ ਉਸਤਤਿ
(ਸ੍ਰੀ ਦਸਮ ਗ੍ਰੰਥ ਅਧਿਐਨ : ਭਾਗ ਦੂਜਾ)
ਵਿਆਖਿਆਕਾਰ : ਭਾਈ ਹਰਿਸਿਮਰਨ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 238
ਸੰਪਰਕ : 98725-91713.

ਭਾਈ ਹਰਿਸਿਮਰਨ ਸਿੰਘ ਨੂੰ ਇਹ ਕਰੈਡਿਟ ਜਾਂਦਾ ਹੈ ਕਿ ਉਸ ਨੇ ਗੁਰਮਤਿ ਵਿਚਾਰਧਾਰਾ ਦੀ ਪੁਨਰ-ਵਿਆਖਿਆ ਦੁਆਰਾ ਇਸ ਭੱਵਯ (ਸਬਲਾਈਮ) ਵਿਚਾਰਧਾਰਾ ਨੂੰ ਆਧੁਨਿਕ ਜਨਜੀਵਨ ਲਈ ਪ੍ਰਾਸੰਗਿਕ ਅਤੇ ਮਾਰਗ-ਦਰਸ਼ਕ ਬਣਾਉਣ ਦੇ ਪਰਿਸ਼ਰਮ ਨੂੰ ਜਾਰੀ ਰੱਖਿਆ ਹੋਇਆ ਹੈ। ਇਸ ਪ੍ਰਸੰਗ ਵਿਚ ਕਈ ਜਿਲਦਾਂ ਵਿਚ ਪ੍ਰਕਾਸ਼ਿਤ ਉਸ ਦੇ ਦੋ ਮਹੱਤਵਪੂਰਨ ਗ੍ਰੰਥ 'ਵਿਸਮਾਦ : ਤੀਸਰਾ ਬਦਲ' ਅਤੇ 'ਵਿਸਮਾਦੀ ਵਿਸ਼ਵ-ਆਰਡਰ', ਵਿਸ਼ੇਸ਼ ਤੌਰ 'ਤੇ ਉਲੇਖਯੋਗ ਹਨ। ਉਹ ਗੁਰਮਤਿ ਵਿਚਾਰਧਾਰਾ ਦਾ ਬੀਜ 'ਵਿਸਮਾਦ' ਨੂੰ ਮੰਨਦਾ ਹੈ। ਇਹ ਇਕ ਅਜਿਹਾ ਅਨੁਭਵ ਹੈ, ਜਿਸ ਦੁਆਰਾ ਵਿਅਕਤੀ ਆਤਮ-ਕੇਂਦਰਿਤ ਨਹੀਂ ਰਹਿੰਦਾ ਬਲਕਿ ਪਰ-ਕੇਂਦਰਿਤ ਜਾਂ ਵਿਕੇਂਦ੍ਰਿਤ (ਡੀਸੈਂਟਰ) ਹੋ ਜਾਂਦਾ ਹੈ। ਉਹ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਵਿਕਾਰਾਂ ਤੋਂ ਬਾਹਰ ਨਿਕਲ ਕੇ ਪਰਸਵਾਰਥ ਲਈ ਸਮਰਪਿਤ ਹੋ ਜਾਂਦਾ ਹੈ।
'ਜਾਪੁ ਸਾਹਿਬ' ਤੋਂ ਬਾਅਦ 'ਅਕਾਲ ਉਸਤਤਿ' ਦਸਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੂਜੀ ਮਹਾਨ ਅਤੇ ਪ੍ਰਮਾਣਿਕ ਰਚਨਾ ਹੈ। ਜਾਪੁ ਸਾਹਿਬ ਦੇ ਮੁਢਲੇ, ਪ੍ਰਸਤਾਵਨਾ ਵਜੋਂ ਲਿਖੇ ਛੰਦ ਵਿਚ ਸਤਿਗੁਰੂ ਜੀ ਫ਼ੁਰਮਾਉਂਦੇ ਹਨ : ਤਵ ਸਰਵ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ॥ ਅਰਥਾਤ ਹੇ ਅਕਾਲ! ਤੇਰੇ ਸਾਰੇ ਨਾਵਾਂ ਦਾ ਬਖਾਣ ਕੌਣ ਕਰ ਸਕਦਾ ਹੈ? ਮੈਂ ਤੇਰੇ ਕਰਮ (ਬਖ਼ਸ਼ਿਸ਼) ਰੂਪੀ ਨਾਵਾਂ ਦਾ ਹੀ ਉਲੇਖ ਕਰ ਰਿਹਾ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀ ਦੇ ਸ਼ੀਰਸ਼ਕ ਰਾਗਾਂ ਵਿਚ ਦਿੱਤੇ ਗਏ ਹਨ, ਜਦੋਂ ਕਿ ਦਸਮ ਗ੍ਰੰਥ ਵਿਚ ਜ਼ਿਆਦਾਤਰ ਬਾਣੀ ਛੰਦਾਂ ਦੇ ਸਿਰਲੇਖ ਅਧੀਨ ਅੰਕਿਤ ਹੋਈ ਹੈ। ਅਕਾਲ ਉਸਤਤਿ ਵਿਚ ਤੋਮਰ, ਲਘੂ ਨਾਰਾਜ, ਕਬਿੱਤ, ਦੀਰਘ ਤ੍ਰਿਭੰਗੀ, ਦੋਹਰਾ, ਭੁਜੰਗ ਪ੍ਰਯਾਤ ਅਤੇ ਸਵੱਈਆ ਆਦਿ ਛੰਦਾਂ ਦਾ ਪ੍ਰਯੋਗ ਹੋਇਆ ਹੈ। ਆਪ 'ਸਤਿਗੁਰ ਪ੍ਰਸਾਦਿ' ਦੀ ਬਜਾਏ 'ਤਵਪ੍ਰਸਾਦਿ' ਮੰਗਲ ਦਾ ਪ੍ਰਯੋਗ ਕਰਦੇ ਹਨ। ਕਬਿੱਤ, ਸਵੱਈਆ ਅਤੇ ਚੌਪਈ ਆਪ ਦੇ ਮਨਭਾਉਂਦੇ ਛੰਦ ਹਨ।
ਵਿਦਵਾਨ ਲੇਖਕ ਦਾ ਵਿਚਾਰ ਹੈ ਕਿ 'ਅਕਾਲ ਉਸਤਿਤ' (ਬਾਣੀ) ਵਾਹਿਗੁਰੂ ਦੇ ਅਨੇਕ ਪਸਾਰਿਆਂ ਦਾ ਦਰਸ਼ਨ ਹੈ। ਇਸ ਦੇ ਸਿਰਲੇਖ ਤੋਂ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਰਚਨਾ ਨਾ ਕੇਵਲ ਅਕਾਲ ਪੁਰਖ ਦੀ ਉਸਤਤਿ ਵਿਚ ਰਚੀ ਗਈ ਹੈ ਸਗੋਂ ਇਹ ਉਸ ਦੇ ਅਨੇਕ ਪਸਾਰਿਆਂ ਦਾ 'ਬ੍ਰਹਿਮੰਡੀ ਗੀਤ' ਹੈ। ਲੇਖਕ ਅਨੁਸਾਰ ਅਕਾਲ ਪੁਰਖ ਅਨੇਕ ਵੀ ਹੈ ਅਤੇ ਏਕ ਵੀ ਹੈ। ਇਹ ਰਚਨਾ ਇਕ ਅਜਿਹੀ ਦਾਰਸ਼ਨਿਕ ਮੁੰਦਾਵਣੀ ਹੈ, ਜੋ ਇਸ ਧਰਤੀ ਉੱਤੇ ਵਾਹਿਗੁਰੂ ਦੀ ਪ੍ਰਭੂ-ਸੱਤਾ ਸਥਾਪਤ ਕਰਨ ਦੀਆਂ ਵਿਸਮਾਦੀ ਦਿਸ਼ਾਵਾਂ ਨਿਰਧਾਰਤ ਕਰਦੀ ਹੈ। ਇਹ ਵਿਸ਼ਵ-ਗਿਆਨ ਨੂੰ ਵੀ ਨਵੇਂ ਪਾਸਾਰ ਅਤੇ ਦਿਸ਼ਾਵਾਂ ਪ੍ਰਦਾਨ ਕਰਨ ਵਾਲੀ ਇਕ ਮਹਾਨ ਰਚਨਾ ਹੈ। (ਪੰਨਾ 34) ਗੁਰਮਤਿ ਦਰਸ਼ਨ ਵਿਚ ਦਿਲਚਸਪੀ ਰੱਖਣ ਵਾਲੇ ਜਗਿਆਸੂ ਪਾਠਕਾਂ ਲਈ ਇਹ ਨਵ-ਮਾਰਗ ਦੀ ਸੋਝੀ ਪ੍ਰਦਾਨ ਕਰਦੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਜੈਨੇਂਦਰ ਮਹਾਂਵੀਰ
ਲੇਖਕ : ਅਸ਼ੋਕ ਚਰਨ ਆਲਮਗੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 500 ਰੁਪਏ, ਸਫ਼ੇ : 565
ਸੰਪਰਕ : 79730-67524.

ਹਥਲੀ ਰਚਨਾ ਪ੍ਰਥਮ ਤੇ ਅੰਤਿਮ ਚੌਵੀ ਸ਼ਿਖਰਾਂ ਤੀਰਥੰਕਰੀ ਗੁਣੀ ਗਹੀਰ ਜੈਨੇਂਦਰ ਮਹਾਂਵੀਰ ਬਾਰੇ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਜੈਨੇਂਦਰ ਮਹਾਂਵੀਰ ਤੋਂ ਪਹਿਲਾਂ ਹੋਏ ਤੇਈ ਤੀਰਥੰਕਰਾਂ ਵਿਚੋਂ ਸਭ ਤੋਂ ਪਹਿਲੇ ਛੇ ਤੀਰਥੰਕਰਾਂ ਬਾਰੇ ਭਰਪੂਰ ਜਾਣਕਾਰੀ ਦੇ ਕੇ ਬਾਅਦ ਵਿਚ ਜੈਨੇਂਦਰ ਮਹਾਂਵੀਰ ਦੇ ਜੀਵਨ ਬਿਰਤਾਂਤ ਅਤੇ ਕਾਰਨਾਮਿਆਂ ਨੂੰ ਬਿਆਨਿਆ ਹੈ। ਲੇਖਕ ਨੇ ਦੁਨੀਆ ਦੇ ਵਿਭਿੰਨ ਧਰਮਾਂ ਦੇ ਟਾਕਰੇ 'ਚ ਜੈਨ ਧਰਮ ਨੂੰ ਵਿਗਿਆਨਕ, ਤਾਰਕਿਕ ਅਤੇ ਵਿਲੱਖਣ ਧਰਮ ਦੱਸਿਆ ਹੈ। ਲੇਖਕ ਅਨੁਸਾਰ ਇਹ ਧਰਮ ਪਰਮਾਤਮਾ ਦੀ ਹੋਂਦ ਨੂੰ ਬਿਲਕੁਲ ਨਹੀਂ ਮੰਨਦਾ ਅਤੇ ਅਹਿੰਸਾ ਦਾ ਮਾਰਗ ਦਰਸਾਉਂਦਾ ਹੈ। ਇਹ ਧਰਮ ਆਰੀਆ ਦੀ ਸਥਾਪਤੀ ਤੋਂ ਪਹਿਲਾਂ ਹੋਇਆ ਦਰਸਾਇਆ ਹੈ। ਇਸ ਨੂੰ ਧਾਰਨ ਕਰਨ ਨਾਲ ਤੀਸਰੇ ਵੱਡੇ ਵਿਸ਼ਵ ਯੁੱਧ ਤੋਂ ਬਚਿਆ ਜਾ ਸਕਦਾ ਹੈ। ਲੇਖਕ ਦਾ ਮੰਨਣਾ ਹੈ ਕਿ ਪਹਿਲੇ ਤੀਰਥੰਕਰ ਨੇ ਹਲ ਵਾਹੁਣਾ, ਮਿੱਟੀ ਦੇ ਭਾਂਡੇ ਬਣਾਉਣਾ ਅਤੇ ਕੱਪੜੇ ਪਾਉਣਾ ਆਦਿ ਸਿਖਾਇਆ। ਇਸ ਤੋਂ ਬਾਅਦ ਅਗਲੇ ਤੀਰਥੰਕਰ ਦੋ ਵਰਗਾਂ ਵਿਚ ਵੰਡੇ ਗਏ। ਇਕ ਵਰਗ ਦੇ ਮੰਨਣ ਵਾਲੇ ਕੱਪੜੇ ਪਹਿਨਦੇ ਸਨ ਅਤੇ ਦੂਜੇ ਵਰਗ ਦੇ ਮੰਨਣ ਵਾਲੇ ਕੱਪੜੇ ਨਹੀਂ ਸਨ ਪਹਿਨਦੇ। ਇਹ ਸਾਰੇ ਤੀਰਥੰਕਰ ਰਾਜੇ ਹੁੰਦੇ ਸਨ ਪ੍ਰੰਤੂ ਤਾਜ ਨਹੀਂ ਸਨ ਪਹਿਨਦੇ ਅਤੇ ਹਿੰਸਕ ਕਾਰਵਾਈਆਂ ਵੀ ਨਹੀਂ ਸਨ ਕਰਦੇ। ਜੈਨੇਂਦਰ ਮਹਾਂਵੀਰ ਦੀ ਵਡੱਤਣ ਇਹ ਹੈ ਕਿ ਉਸ ਨੇ ਜੈਨ ਧਰਮ ਨੂੰ ਵਿਸ਼ਵ ਦੇ ਧਰਮਾਂ ਵਿਚ ਸੱਚ ਅਤੇ ਸੁੱਚੇ ਵਿਹਾਰ ਦਾ ਮਾਰਗ ਦਰਸਾਅ ਕੇ, ਸਾਦਗੀ 'ਚ ਰਹਿ ਕੇ, ਲੋਕਤਾ ਦੇ ਮਨਾਂ ਵਿਚ ਪ੍ਰਭਾਵਸ਼ਾਲੀ ਗੁਣਾਂ ਨੂੰ ਪ੍ਰਚਾਰਿਆ। ਇਸ ਰਚਨਾ ਦੇ ਉਣੰਜਾ ਕਾਂਡ ਸਰਲ, ਜੀਵਨੀ, ਕਹਾਣੀ, ਨਾਵਲ ਅਤੇ ਨਾਟਕ ਦੇ ਰੂਪਾਕਾਰ ਵਿਚ ਹਨ। ਬੋਲੀ ਭਾਸ਼ਾ ਸਰਲ ਹੈ।
ਇਸ ਰਚਨਾ ਵਿਚ ਯਥਾਰਥ ਅਤੇ ਕਲਪਨਾ ਦਾ ਸੁਮੇਲ ਹੈ। ਇਹ ਰਚਨਾ ਜੈਨੇਂਦਰ ਮਹਾਂਵੀਰ ਦੁਆਰਾ ਪ੍ਰਗਟ ਦਾਰਸ਼ਨਿਕ ਸਿਧਾਂਤਾਂ ਦੀ ਵਿਆਖਿਆ ਮੂਲਕ ਸ਼ੈਲੀ ਵਿਚ ਪ੍ਰਗਟਾਵਾ ਹੈ। ਭਾਵੇਂ ਵਿਸ਼ਵ ਦੇ ਮੁਢਲੇ ਧਰਮਾਂ ਬਾਰੇ ਕਈ ਪੁਸਤਕਾਂ ਮਿਲਦੀਆਂ ਹਨ ਪਰ ਜੈਨੇਂਦਰ ਮਹਾਂਵੀਰ ਬਾਰੇ ਕਿਸੇ ਵਿਰਲੇ ਹੀ ਲੇਖਕ ਨੇ ਲਿਖਿਆ ਹੋਵੇਗਾ। ਇਸ ਤਰ੍ਹਾਂ ਅਸ਼ੋਕ ਚਰਨ ਆਲਮਗੀਰ ਦੀ ਇਹ ਪੁਸਤਕ ਜੈਨ ਧਰਮ ਅਤੇ ਵਿਸ਼ੇਸ਼ਤਰ ਜੈਨੇਂਦਰ ਮਹਾਂਵੀਰ ਬਾਰੇ ਇਕ ਲਾਸਾਨੀ ਰਚਨਾ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਇਕ ਹੋਰ ਸੋਨੂੰ
ਲੇਖਕ : ਮੰਗਤ ਕੁਲਜਿੰਦ
ਪ੍ਰਕਾਸ਼ਕ : ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ
ਮੁੱਲ : 30 ਰੁਪਏ, ਸਫ਼ੇ : 40
ਸੰਪਰਕ : 94177-53892

'ਇਕ ਹੋਰ ਸੋਨੂੰ' ਲੇਖਕ ਮੰਗਤ ਕੁਲਜਿੰਦ ਦੀਆਂ 31 ਮਿੰਨੀ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੀਆਂ ਮਿੰਨੀ ਕਹਾਣੀਆਂ ਵੱਖ-ਵੱਖ ਮਾਨਵੀ ਗੰਭੀਰ ਸਮੱਸਿਆਵਾਂ ਨੂੰ ਰੂਪਮਾਨ ਕਰਦੀਆਂ ਹਨ ਅਤੇ ਇਨ੍ਹਾਂ 'ਚੋਂ ਉੱਭਰਨ ਲਈ ਸਾਹਸ ਜੁਟਾਉਣ ਲਈ ਪ੍ਰੇਰਿਤ ਕਰਦੀਆਂ ਜਾਪਦੀਆਂ ਹਨ। 'ਅਤਿਵਾਦੀੇ' ਮਿੰਨੀ ਕਹਾਣੀ 'ਚ ਲੇਖਕ ਨੇ ਸੋਸ਼ਲ ਮੀਡੀਆ ਦੇ ਦੁਸ਼ਪ੍ਰਭਾਵਾਂ ਅਤੇ ਨੌਜਵਾਨ ਵਰਗ 'ਤੇ ਪੈ ਰਹੇ ਮਾਰੂ ਅਸਰ ਨੂੰ ਬਾਖ਼ੂਬੀ ਬਿਆਨਿਆ ਹੈ। 'ਇਮਪੋਰਟ' ਕਹਾਣੀ 'ਚ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵੱਲ ਵਧਦਾ ਰੁਝਾਨ ਅਤੇ ਖਾਲੀ ਹੋ ਰਹੇ ਮੁਲਕ ਦੇ ਸੀਨੀਅਰ ਸਿਟੀਜ਼ਨਾਂ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ। 'ਨਿਵੇਸ਼' ਕਹਾਣੀ 'ਚ ਧਰਮ ਦੇ ਨਾਂਅ 'ਤੇ ਚੱਲ ਰਹੇ ਵਪਾਰ ਦੇ ਬਖੀਏ ਉਧੇੜੇ ਗਏ ਹਨ। 'ਮੰਡੀ' ਕਹਾਣੀ 'ਚ ਇਕ ਮਿਹਨਤਕਸ਼ ਦਿਹਾੜੀਦਾਰ ਮਜ਼ਦੂਰ ਦਾ ਦਰਦ ਹੈ। 'ਗੁਣ' ਕਹਾਣੀ 'ਚ ਵਹਿਮਾਂ-ਭਰਮਾਂ 'ਚ ਗ੍ਰਸਤ ਹੋ ਰਹੀ ਮਨੁੱਖਤਾ ਦਾ ਦੁਖਾਂਤ ਹੈ। 'ਕਿਰਾਏ ਦਾ ਕਮਰਾ' ਕਹਾਣੀ 'ਚ ਵਿਆਹੁਤਾ ਜੋੜਿਆਂ ਦੀਆਂ ਸਰੀਰਕ ਸਮੱਸਿਆਵਾਂ ਕਾਰਨ ਨੀਰਸ ਬਣ ਰਹੀ ਜ਼ਿੰਦਗੀ ਦੀ ਪੀੜ ਨੂੰ ਬਾਖ਼ੂਬੀ ਬਿਆਨਿਆ ਗਿਆ ਹੈ। 'ਟੱਕਰ' ਕਹਾਣੀ 'ਚ ਨੌਜਵਾਨ ਵਰਗ ਦੇ ਧੁੰਦਲੇ ਭਵਿੱਖ, ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਵਧ ਰਹੇ ਰੁਝਾਨ ਦਾ ਦਰਦ ਹੈ। 'ਚੌਂਕੀ' ਕਹਾਣੀ 'ਚ ਅੰਧ-ਵਿਸ਼ਵਾਸਾਂ 'ਚ ਗ੍ਰਸਤ ਹੋ ਰਹੇ ਸਮਾਜ ਦਾ ਚਿਤਰਨ ਹੈ। 'ਕੀਮਤ' ਕਹਾਣੀ ਵੋਟ-ਵਟੋਰੂ ਲੀਡਰਾਂ ਦੇ ਕਿਰਦਾਰ ਅਤੇ ਗਰੀਬੜੇ ਵੋਟਰਾਂ ਦੀਆਂ ਮਜਬੂਰੀਆਂ ਨੂੰ ਬਿਆਨਦੀ ਹੈ। 'ਡਾਕਾ' ਕਹਾਣੀ 'ਚ ਨੌਕਰੀਆਂ ਦੀ ਤਲਾਸ਼ 'ਚ ਭਟਕ ਰਹੀ ਨੌਜਵਾਨ ਪੀੜ੍ਹੀ ਦਾ ਦਰਦ ਝਲਕਦਾ ਹੈ। 'ਆਊਟਡੇਟਡ' ਕਹਾਣੀ ਅਜੋਕੇ ਯੁੱਗ 'ਚ ਵਿਗੜੈਲ ਔਲਾਦ ਦੀ ਆਪਣੇ ਮਾਪਿਆਂ ਪ੍ਰਤੀ ਬਦਲ ਰਹੀ ਸੋਚ ਨੂੰ ਉਜਾਗਰ ਕਰਦੀ ਹੈ। 'ਵੱਡਾ ਢਿੱਡ' ਕਹਾਣੀ ਛੋਟੇ ਦੁਕਾਨਦਾਰਾਂ ਨੂੰ ਕਾਰਪੋਰੇਟ ਘਰਾਣਿਆਂ ਵਲੋਂ ਸਹਿਜੇ-ਸਹਿਜੇ ਨਿਗਲਣ ਦਾ ਦਰਦ ਹੈ। 'ਬਦਲਾਓ' ਕਹਾਣੀ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ 'ਚ ਵਧ ਰਹੇ ਪਾੜੇ ਦਾ ਦਖਾਂਤ ਹੈ। 'ਇਕ ਹੋਰ ਸੋਨੂੰ' ਕਹਾਣੀ 'ਚ ਡਾਕਟਰੀ ਕਿੱਤੇ ਦੀ ਅਹਿਮ ਭੂਮਿਕਾ ਅਤੇ ਸਮਾਜ ਪ੍ਰਤੀ ਉਸ ਦੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਬਿਆਨਦੀ ਹੈ। ਇਸ ਸੰਗ੍ਰਹਿ ਦੀਆਂ ਹੋਰ ਕਹਾਣੀਆਂ 'ਚ 'ਸਮਝੌਤਾ', 'ਬਰਫ਼ ਬਨਾਮ ਪਾਣੀ', 'ਅੱਗ', 'ਖੂਨ', 'ਗਰਿੱਲਾਂ', 'ਹਿੱਸਾ', 'ਮੈਂ ਕਦ ਵੱਡਾ ਹੋਊਂ' 'ਖ਼ਜਾਨਾ', 'ਚਾਹ', 'ਫਰੀਜ' ਕਹਾਣੀਆਂ ਵੀ ਖ਼ੂਬਸੂਰਤ ਹਨ। ਇਸ ਸੰਗ੍ਰਹਿ ਦੀਆਂ ਮਿੰਨੀ ਕਹਾਣੀਆਂ ਦੇ ਵਿਸ਼ੇ ਨਵੇਂ ਨਕੋਰ ਹਨ ਅਤੇ ਵਿਸ਼ਵੀਕਰਨ ਦੇ ਸਮਾਜਿਕ ਜ਼ਿੰਦਗੀ ਉੱਪਰ ਪੈ ਰਹੇ ਪ੍ਰਭਾਵਾਂ ਨੂੰ ਰੂਪਮਾਨ ਕਰਦੀਆਂ ਹਨ।

ਮਨਜੀਤ ਸਿੰਘ ਘੜੈਲੀ
ਮੋ: 98153-91625

ਮੈਜਿਸਟ੍ਰੇਟ ਮੁਜਰਿਮ
ਲੇਖਕ : ਰਾਮ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 284
ਸੰਪਰਕ : 99153-35032

ਇਸ ਪੁਸਤਕ ਦਾ ਲੇਖਕ ਰਾਮ ਸਿੰਘ ਇਕ ਕਵੀ ਵੀ ਹੈ ਤੇ ਵਾਰਤਕ ਲਿਖਾਰੀ ਵੀ। ਪਰ ਇਹ ਪੁਸਤਕ ਇਕ ਵਿਲੱਖਣ ਰਚਨਾ ਹੈ ਜੋ ਲੇਖਕ ਦੀ ਸਵੈ-ਜੀਵਨੀ ਦਾ ਹਿੱਸਾ ਕਹਿ ਸਕਦੇ ਹਾਂ ਜੋ ਉਸ ਨੇ ਸਜ਼ਾ ਦੌਰਾਨ ਜੇਲ੍ਹ ਵਿਚ ਬੈਠ ਕੇ ਲਿਖੀ। ਲੇਖਕ ਅਨੁਸਾਰ 'ਇਨ੍ਹਾਂ ਵਰਕਿਆਂ 'ਤੇ ਉਹ ਕੁਝ ਲਿਖਿਆ ਗਿਆ ਜੋ ਮੇਰੇ ਪਿੰਡੇ 'ਤੇ ਮੇਰਾ ਪਿੰਡਾ ਵਿੰਨ੍ਹ ਕੇ ਉਕਰਿਆ ਗਿਆ ਸੀ। ਇਸੇ ਕਰਕੇ ਇਸ ਪੁਸਤਕ ਵਿਚ ਕਲਪਨਾ ਨਾਂਅ ਦਾ ਸਾਹਿਤਕ ਤੱਤ ਮੌਜੂਦ ਨਹੀਂ ਹੈ ਜਾਂ ਸਿਰਫ਼ ਅੱਧਾ ਫ਼ੀਸਦੀ ਹੈ, ਜਿਸ ਦੀ ਵਰਤੋਂ ਕੇਵਲ ਕੜੀਆਂ ਜੋੜਨ ਲਈ ਕੀਤੀ ਗਈ ਹੈ।' ਇਹ ਪੁਸਤਕ ਲੇਖਕ ਦਾ ਜੇਲ੍ਹ ਵਿਚ ਬਿਤਾਇਆ ਸਮਾਂ ਤੇ ਅਨੁਭਵ ਹੈ ਜੋ ਜਿਵੇਂ ਘਟਨਾ ਵਾਪਰਦੀਆਂ ਗਈਆਂ ਲੇਖਕ ਦੀ ਕਲਮ ਉਲੀਕਦੀ ਗਈ। ਅਜਿਹੀ ਕਿਰਤ ਵਿਚੋਂ ਸੁਹਜ ਭਾਲਣਾ ਸਿਆਣਪ ਨਹੀਂ ਜੋ ਸਮਾਜ ਦੇ ਕੋਹਜ ਵਿਚੋਂ ਉਪਜੀ ਹੋਵੇ ਅਤੇ ਜੇਲ੍ਹ ਸਮਾਜ ਦਾ ਉਹ ਹਿੱਸਾ ਹੈ ਜਿਥੇ ਕੋਹਜ ਹੀ ਕੋਹਜ ਹੈ। ਫਾਂਸੀ ਦੀ ਸਜ਼ਾ ਯਾਫ਼ਤਾ ਮੁਜਰਮ ਤਾਂ ਸਿਰਫ ਇਕ ਵਾਰ ਮਰਦਾ ਹੈ ਪਰ ਫ਼ੈਸਲੇ ਦੀ ਉਡੀਕ ਵਿਚ ਬੈਠੇ ਹਵਾਲਾਤੀ ਇਕ ਦਿਨ ਵਿਚ ਕਈ ਵਾਰ ਮਰਦੇ ਹਨ ਭਾਵ ਜਿਹੜੇ ਨਿਰਦੋਸ਼ ਹੁੰਦੇ ਹਨ। ਲੇਖਕ ਵੀ ਇਕ ਅਜਿਹਾ ਮੁਜਰਮ ਸੀ ਜਿਸ ਉੱਤੇ ਝੁੱਗੀਆਂ ਸਾੜਨ ਦਾ ਝੂਠਾ ਦੋਸ਼ ਸੀ ਜੋ ਕਿਸੇ ਆਪਣੇ ਦੀ ਹੀ ਮਿਹਰਬਾਨੀ ਸੀ। ਲੇਖਕ ਐਸ.ਡੀ.ਐਮ. ਦੇ ਅਹੁਦੇ 'ਤੇ ਤਾਇਨਾਤ ਸੀ ਜਦੋਂ ਇਹ ਘਟਨਾ ਵਾਪਰੀ ਪਰ ਇਸ ਵਿਚ ਉਸ ਦਾ ਕੋਈ ਹੱਥ ਨਹੀਂ ਸੀ। ਜਿਵੇਂ ਅਕਸਰ ਹੁੰਦਾ ਹੈ ਕਿ ਸੱਚਾ ਮਨੁੱਖ ਕਾਬੂ ਆ ਜਾਂਦਾ ਹੈ ਤੇ ਝੂਠਾ ਬਚ ਕੇ ਨਿਕਲ ਜਾਂਦਾ ਹੈ। ਇਹੀ ਵਾਪਰਿਆ ਸੀ ਲੇਖਕ ਨਾਲ। ਸਜ਼ਾ ਹੋਣ ਤੋਂ ਬਾਅਦ ਜੋ ਕੁਝ ਜੇਲ੍ਹ ਦੇ ਅੰਦਰ ਵਾਪਰਿਆ, ਉਹ ਦੁਖਦਾਈ ਸੀ। ਕੁਝ ਸਮਾਂ ਤਾਂ ਅਹੁਦੇ ਦਾ ਖਿਆਲ ਕਰਕੇ ਠੀਕ-ਠਾਕ ਵਿਵਹਾਰ ਹੁੰਦਾ ਰਿਹਾ ਪਰ ਬਾਅਦ ਵਿਚ ਆਮ ਕੈਦੀਆਂ ਵਾਲਾ ਵਰਤਾਓ, ਮਾੜਾ ਖਾਣਾ-ਪੀਣਾ, ਰਹਿਣ ਦੀ ਗੰਦੀ ਜਗ੍ਹਾ ਤੇ ਸੇਵਾਦਾਰਾਂ ਦਾ ਮਾੜਾ ਵਤੀਰਾ। ਇਸ ਸਭ ਦਾ ਜ਼ਿਕਰ ਲੇਖਕ ਨੇ ਕੀਤਾ ਹੈ, ਨਾਲ ਹੀ ਆਪਣੇ ਸਾਥੀਆਂ, ਸਹਿ-ਕੈਦੀਆਂ ਵਲੋਂ ਮਿਲੇ ਚੰਗੇ ਵਤੀਰੇ ਦਾ ਵੀ ਲੇਖਕ ਨੇ ਵਰਨਣ ਕੀਤਾ ਹੈ। ਅਜਿਹੀ ਸਥਿਤੀ ਵਿਚ ਪਰਿਵਾਰ ਦੀ ਆਰਥਿਕ ਹਾਲਤ ਕਿੰਨੀ ਤਰਸਯੋਗ ਹੋ ਜਾਂਦੀ ਹੈ, ਬਾਰੇ ਵੀ ਲੇਖਕ ਨੇ ਜ਼ਿਕਰ ਕੀਤਾ ਹੈ ਤੇ ਜਿਨ੍ਹਾਂ ਦੋਸਤਾਂ-ਮਿੱਤਰਾਂ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲਿਆ, ਲੇਖਕ ਉਨ੍ਹਾਂ ਦਾ ਧੰਨਵਾਦੀ ਹੈ। ਤਿੰਨ ਮਹੀਨੇ ਦਾ ਜੇਲ੍ਹ ਦੇ ਅੰਦਰ ਬਿਤਾਇਆ ਸਮਾਂ ਕਿੰਨਾ ਤਕਲੀਫ਼ਦੇਹ ਸੀ, ਜਿਸ ਦੇ ਤਨ ਉੱਤੇ ਬੀਤਦੀ ਹੈ, ਉਹੀ ਦੱਸ ਸਕਦਾ ਹੈ। ਇਹ ਇਕ ਸਬਕ ਵੀ ਹੈ। ਲੇਖਕ ਦੇ ਆਪਣੇ ਸ਼ਬਦਾਂ ਵਿਚ
ਜੇ ਬੇੜੀ ਡੁੱਬ ਵੀ ਜਾਏ ਤਾਂ ਹਿੰਮਤ ਡੋਬ ਨਾ ਬਹਿਣਾਂ,
ਮੁਸੀਬਤ ਖ਼ੁਦ ਸਿਖਾਉਂਦੀ ਹੈ, ਤਰੀਕਾ ਪਾਰ ਹੋਵਣ ਦਾ।

ਡਾ: ਜਗਦੀਸ਼ ਕੌਰ ਵਾਡੀਆ
ਗਾਂਧਾ ਸਿੰਘ ਕੱਚਰਭੰਨ
ਗੀਤ ਗਾਉਂਦਾ ਫਾਂਸੀ ਚੜ੍ਹਿਆ
ਗਦਰ ਲਹਿਰ ਦਾ ਨਿਡਰ ਯੋਧਾ

ਲੇਖਕ : ਰਾਕੇਸ਼ ਕੁਮਾਰ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ (ਕੈਨੇਡਾ) ਲੁਧਿਆਣਾ
ਮੁੱਲ : 240 ਰੁਪਏ, ਸਫ਼ੇ : 176
ਸੰਪਰਕ : 95305-03412.

ਗਦਰ ਲਹਿਰ ਦੇ ਮਿਸਾਲੀ ਸੂਰਮੇ ਗਾਂਧਾ ਸਿੰਘ ਕੱਚਰਭੰਨ ਉਰਫ ਭਗਤ ਸਿੰਘ ਬਾਰੇ ਇਹ ਪੁਸਤਕ ਸੰਪਾਦਿਤ ਕਰਕੇ ਲੇਖਕ ਨੇ ਇਸ ਅਣਗੌਲੇ ਦੇਸ਼ ਭਗਤ ਨੂੰ ਧੁਰ ਆਤਮਾ ਤੋਂ ਸ਼ਰਧਾਂਜਲੀ ਭੇਟ ਕੀਤੀ ਹੈ। ਉਸ ਵਲੋਂ ਇਸ ਪੁਸਤਕ ਦੀ ਤਿਆਰੀ ਹਿਤ ਕੀਤੀ ਲਗਨ ਭਰੀ ਮਿਹਨਤ ਉਸ ਅੰਦਰ ਇਸ ਸ਼ਹੀਦ ਲਈ ਵਧਦੀ ਅਪਾਰ ਸ਼ਰਧਾ ਦਾ ਸਪੱਸ਼ਟ ਰੂਪ ਹੈ। ਪੁਸਤਕ ਦੇ ਆਰੰਭ ਵਿਚ ਇਤਿਹਾਸਕ ਤੱਥ ਬਿਆਨ ਕਰਦਾ ਹੋਇਆ ਲੇਖਕ ਦੱਸਦਾ ਹੈ ਕਿ ਗਾਂਧਾ ਸਿੰਘ ਇਕ ਅਣਗੌਲਿਆ ਗਦਰੀ ਹੈ। ਅੰਗਰੇਜ਼ ਸਰਕਾਰ ਵਲੋਂ ਇਨ੍ਹਾਂ ਨੂੰ ਥਾਣੇਦਾਰ ਦੇ ਕਤਲ ਅਤੇ ਅੰਗਰੇਜ਼ ਸਰਕਾਰ ਦੇ ਵਿਰੁੱਧ ਬਗਾਵਤ ਕਰਨ ਦੇ ਦੋਸ਼ ਹੇਠ 8 ਮਾਰਚ, 1916 ਨੂੰ ਸੈਂਟਰਲ ਜੇਲ੍ਹ ਲਾਹੌਰ ਵਿਚ ਫਾਂਸੀ ਲਗਾ ਦਿੱਤੀ ਸੀ। ਢੁਕਵੇਂ ਵਿਸ਼ਾ ਵਸਤੂ ਵਾਲੇ ਇਸ ਇਤਿਹਾਸਕ ਦਸਤਾਵੇਜ਼ ਜ਼ਰੀਏ ਗਦਰੀ ਯੋਧੇ ਗਾਂਧਾ ਸਿੰਘ ਦੇ ਜੀਵਨ 'ਤੇ ਨੇੜਿਉਂ ਝਾਤ ਪੁਆਈ ਗਈ ਹੈ। ਜਿਸ ਮੁਤਾਬਿਕ ਉਹ ਅਮਰੀਕਾ ਵਿਚ 28 ਸਾਲ ਦੀ ਉਮਰ ਵਿਚ ਗਦਰ ਲਹਿਰ ਨਾਲ ਜੁੜੇ ਸਨ। ਉਨ੍ਹਾਂ ਗਦਰੀਆਂ ਦੀਆਂ ਦੇਸ਼-ਵਿਦੇਸ਼ ਵਿਚ ਹੋਣ ਵਾਲੀਆਂ ਅਨੇਕਾਂ ਮੀਟਿੰਗਾਂ ਵਿਚ ਭਾਗ ਲਿਆ। ਗਦਰ ਲਹਿਰ ਲਈ ਗਾਂਧਾ ਸਿੰਘ ਵਲੋਂ ਘਾਲੀ ਘਾਲਣਾ ਦਾ ਜ਼ਿਕਰ ਸੋਹਣ ਸਿੰਘ ਭਕਨਾ ਸਮੇਤ ਹੋਰਨਾਂ ਸਮਕਾਲੀਆਂ ਨੇ ਬੜੇ ਮਾਣ ਨਾਲ ਕੀਤਾ ਹੈ। ਇਸ ਪੁਸਤਕ ਵਿਚ ਵੱਖ-ਵੱਖ ਕਵੀਆਂ ਦੀਆਂ ਗਾਂਧਾ ਸਿੰਘ ਬਾਰੇ ਲਿਖੀਆਂ ਕਵਿਤਾਵਾਂ ਅਤੇ ਲੇਖਕਾਂ ਦੇ ਲੇਖ ਇਸ ਪੁਸਤਕ ਦੇ ਅਹਿਮ ਅੰਗ ਹਨ, ਜਿਨ੍ਹਾਂ ਵਿਚ ਗਾਂਧਾ ਸਿੰਘ ਵਲੋਂ ਕੀਤੀਆਂ ਸਰਗਰਮੀਆਂ ਦਾ ਬਿਹਤਰੀਨ ਉਲੇਖ ਕੀਤਾ ਗਿਆ ਹੈ। ਸਾਂਭਣਯੋਗ ਇਸ ਪੁਸਤਕ ਵਿਚ ਸ਼ਹੀਦ ਦੇ ਜੀਵਨ ਅਤੇ ਸ਼ਹੀਦੀ ਬਾਰੇ ਤਮਾਮ ਪੱਖ ਉਜਾਗਰ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਤਿਹਾਸ ਦੇ ਵਿਦਿਆਰਥੀਆਂ ਲਈ ਇਹ ਪੁਸਤਕ ਅਹਿਮ ਸਥਾਨ ਰੱਖਦੀ ਹੈ।

ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.

07-02-2021

ਸ੍ਰੀ ਗੁਰੂ ਨਾਨਕ ਦੇਵ
ਬਾਣੀ ਤੇ ਵਿਚਾਰ

ਲੇਖਕ : ਡਾ: ਸੁਦਰਸ਼ਨ ਗਾਸੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 098962-01036.


ਡਾ: ਸੁਦਰਸ਼ਨ ਗਾਸੋ ਨੇ ਕਾਵਿ ਖੇਤਰ, ਵਾਰਤਕ/ਆਲੋਚਨਾ, ਸੰਪਾਦਨ ਤੇ ਅਨੁਵਾਦ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਹਥਲੀ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਵਿਚਾਰਾਂ ਨਾਲ ਸਬੰਧਿਤ ਵਾਰਤਕ ਪੁਸਤਕ ਹੈ ਜੋ 550ਵੇਂ ਪ੍ਰਕਾਸ਼ ਸ਼ਤਾਬਦੀ ਪੁਰਬ ਨੂੰ ਸਮਰਪਿਤ ਹੈ। ਇਹ ਪੁਸਤਕ 17 ਕਾਂਡਾਂ ਵਿਚ ਹੈ ਤੇ ਹਰ ਕਾਂਡ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਜੀਵਨ ਦੇ ਭਿੰਨ-ਭਿੰਨ ਪੱਖਾਂ ਨਾਲ ਸਬੰਧਿਤ ਹੈ। ਪਹਿਲਾ ਕਾਂਡ ਜਾਂ ਓਮ ਪ੍ਰਕਾਸ਼ ਗਾਸੋ ਵਲੋਂ ਲਿਖੇ ਦੋ ਸ਼ਬਦ ਬਹੁਤ ਹੀ ਖੂਬਸੂਰਤ ਤੇ ਗਿਆਨ ਭਰਪੂਰ ਹਨ ਜਿਵੇਂ ਨਾਨਕ ਬਾਣੀ ਪ੍ਰਕਾਸ਼ ਹੈ, ਸਮਰਪਣ ਹੈ, ਵਿਵੇਕ ਹੈ, ਸੂਖ਼ਮ ਹੈ, ਅਨੰਦ ਹੈ, ਸੰਸਕ੍ਰਿਤੀ ਹੈ। ਸੁਹਿਰਦਤਾ ਸਹਿਜ, ਸੁੰਦਰ, ਸੁਭਾਵਿਕ, ਸਪੱਸ਼ਟ ਤੇ ਸਨੇਹਮਈ ਹੁੰਦੀ ਹੈ। ਨਾਨਕ ਬਾਣੀ ਅਨੰਦਮਈ ਤਰੰਗ ਹੈ, ਸਿਦਕ ਹੈ, ਸਾਧਕ ਹੈ, ਸੰਤ ਹੈ। ਅੱਗੇ ਜਦੋਂ ਉਹ ਲਿਖਦੇ ਹਨ-ਗਿਆਨ ਸਹਿਜਧਾਰੀ ਹੁੰਦਾ ਹੈ, ਗੁਰਮੁਖ, ਉਪਦੇਸ਼ਕ, ਨਿਆਂਸ਼ੀਲ ਹੁੰਦਾ ਹੈ। ਅਗਲਾ ਕਾਂਡ ਹੈ ਗਿਆਨ ਦਾ ਸੂਰਜ ਨਾਨਕ ਬਾਣੀ, ਦੁਨੀਆ ਨਾਨਕ ਦੀ ਜੋ ਕਿਸੇ ਇਕ ਵਰਗ ਨਾਲ ਸਬੰਧਿਤ ਨਹੀਂ ਸਗੋਂ ਵਿਸ਼ਾਲ ਸਮੁੱਚਤਾ ਹੈ। ਅਗਲੇ ਕਾਂਡ ਹਨ-ਇਲਾਹੀ ਨੂਰ ਦਾ ਚਾਨਣ-ਜਪੁਜੀ ਸਾਹਿਬ, ਸਰਬਸਾਂਝੇ ਮਾਨਵ ਧਰਮ ਦੀ ਖੁਸ਼ਬੂ : ਨਾਨਕ ਬਾਣੀ; ਨਾਨਕ ਬਾਣੀ ਵਿਚ ਖੂਬਸੂਰਤੀ ਦਾ ਸੰਕਲਪ; ਨਾਨਕ ਬਾਣੀ ਵਿਚ ਕੁਦਰਤ ਦਾ ਸੰਕਲਪ; ਸੰਵੇਦਨਾ ਦਾ ਅਨੂਪਮ ਸਰੂਪ-ਨਾਨਕ ਬਾਣੀ; ਸਦੀਵੀ ਅਰਾਧਨਾ ਦਾ ਸੰਦੇਸ਼ : ਆਰਤੀ; ਸ੍ਰੀ ਗੁਰੂ ਨਾਨਕ ਦੇਵ ਜੀ ਰਚਿਤ ਬਾਣੀ ਦੇ ਮੂਲ ਸਰੋਕਾਰ; ਨਾਨਕ ਬਾਣੀ ਦੀ ਅਜੋਕੇ ਜੀਵਨ ਵਿਚ ਪ੍ਰਾਸੰਗਿਕਤਾ; ਨਾਨਕ ਬਾਣੀ ਵਿਚ ਮਨੁੱਖੀ ਸਮਾਨਤਾ ਦਾ ਸੰਕਲਪ; ਸੱਚ ਅਤੇ ਸੰਘਰਸ਼ ਦੀ ਗਾਥਾ-ਨਾਨਕ ਬਾਣੀ; ਸਮੇਂ ਦੀਆਂ ਵਲਗਣਾਂ ਤੋਂ ਪਾਰ ਨਾਨਕ ਬਾਣੀ ਤੇ ਦਰਸ਼ਨ; ਗੁਰੂ ਨਾਨਕ ਬਾਣੀ ਦੇ ਪ੍ਰਭਾਵਸ਼ਾਲੀ ਪੱਖ; ਕਰਤਾਰਪੁਰ ਲਾਂਘਾ : ਇਕ ਨਵਾਂ ਸੰਸਾਰ ਮਾਡਲ ਤੇ ਅੰਤ ਵਿਚ ਕਵਿਤਾ ਭਾਗ ਹੈ।
ਲੇਖਕ ਨੇ ਇਨ੍ਹਾਂ ਵਿਭਿੰਨ ਪੱਖਾਂ ਉੱਤੇ ਬਹੁਤ ਵਿਸਥਾਰ ਨਾਲ ਚਾਨਣਾ ਪਾਇਆ ਹੈ। ਵੱਖ-ਵੱਖ ਵਿਦਵਾਨਾਂ ਨੇ ਵਿਚਾਰਾਂ ਨੂੰ ਆਧਾਰ ਬਣਾ ਕੇ ਤੁਲਨਾਤਮਕ ਪਹਿਲੂ ਤੋਂ ਵਿਚਾਰ ਕਰਦੇ ਹੋਏ ਇਹ ਸਿੱਧ ਕੀਤਾ ਹੈ ਕਿ ਗੁਰੂ ਨਾਨਕ ਬਾਣੀ ਸਰਬੋਤਮ ਹੈ ਜਿਸ ਦੇ ਕਲਾਵੇ ਵਿਚ ਸਾਹਿਤ ਦੇ ਵੱਖ-ਵੱਖ ਰੂਪ-ਦਰਸ਼ਨ, ਮਨੋਵਿਗਿਆਨ, ਸਮਾਜਿਕ, ਆਰਥਿਕ ਤੇ ਰਾਜਸੀ ਪਹਿਲੂ ਸਮੋਏ ਹੋਏ ਹਨ ਅਤੇ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਕੇਵਲ ਸਿੱਖ ਧਰਮ ਲਈ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਮਾਰਗ ਦਰਸ਼ਕ ਹੈ, ਪ੍ਰੇਰਨਾ ਸਰੋਤ ਹੈ। ਇਸ ਬਾਰੇ ਓਸ਼ੋ ਤੇ ਟੈਗੋਰ ਜਿਹੇ ਮਹਾਨ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ ਤੇ ਪ੍ਰੇਰਨਾ ਵੀ ਲਈ ਹੈ, ਮਹਾਨਤਾ ਨੂੰ ਸਿੱਧ ਕੀਤਾ ਹੈ। ਕੀ ਬੋਧੀ, ਜੈਨੀ, ਤੇ ਹੋਰ ਧਰਮਾਂ ਦੇ ਲੋਕ ਇਸ ਬਾਣੀ ਤੋਂ ਪ੍ਰਭਾਵਿਤ ਹਨ ਤੇ ਗੁਰੂ ਨਾਨਕ ਜੀ ਨੂੰ ਆਪਣਾ ਗੁਰੂ ਮੰਨਦੇ ਹਨ, ਯਾਦਗਾਰਾਂ ਸਥਾਪਤ ਕੀਤੀਆਂ ਹਨ। ਸਮੁੱਚੀ ਪੁਸਤਕ ਵਿਚ ਗੁਰੂ ਨਾਨਕ ਬਾਣੀ ਦੀ ਮਹਿਮਾ ਦਾ ਵਰਨਣ ਹੈ।


-ਡਾ: ਜਗਦੀਸ਼ ਕੌਰ ਵਾਡੀਆ


ਹਲੂਣਾ

ਲੇਖਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98146-28027.


ਇਹ ਕਿਤਾਬ ਮਾਲਵਾ ਸਾਹਿਤ ਸਭਾ ਸੰਗਰੂਰ ਦੇ ਰੂਹੇ-ਰਵਾਂ ਸ਼ਖ਼ਸੀਅਤ ਕਰਮ ਸਿੰਘ ਜ਼ਖ਼ਮੀ ਵਲੋਂ ਕੀਤਾ ਗਿਆ ਵੱਖ-ਵੱਖ ਵਿਧਾਵਾਂ ਦੇ ਲੇਖਕਾਂ ਦੀਆਂ ਰਚਨਾਵਾਂ ਦਾ ਮਿਸ਼ਰਤ ਗੁਲਦਸਤਾ ਹੈ। ਇਨ੍ਹਾਂ ਮਿਲੀਆਂ-ਜੁਲੀਆਂ ਰਚਨਾਵਾਂ ਵਿਚ ਗ਼ਜ਼ਲ ਸੰਗ੍ਰਹਿ, ਕਾਵਿ ਸੰਗ੍ਰਹਿ, ਗੀਤ ਸੰਗ੍ਰਹਿ, ਕਹਾਣੀ ਸੰਗ੍ਰਹਿ, ਬਾਲ-ਸਾਹਿਤ, ਆਤਮਕਥਾ, ਖੋਜ ਕਾਰਜ ਅਤੇ ਪੇਂਡੂ ਜੀਵਨ ਦੀ ਝਲਕ ਆਦਿ ਸੰਪਾਦਿਤ ਹਨ। ਸ਼ਾਇਦ ਸੰਪਾਦਕ ਨੇ ਪਾਠਕਾਂ ਨੂੰ ਵੱਖ-ਵੱਖ ਵਿਧਾਵਾਂ ਦਾ ਕ੍ਰਮ-ਭੰਜਨ ਦੁਆਰਾ ਅਨੰਦ ਦੇਣ ਲਈ ਅਜਿਹਾ ਕੀਤਾ ਹੋਵੇ। ਇਸ ਸੰਪਾਦਨ ਵਿਚ ਕੁਝ ਪ੍ਰੋੜ੍ਹ ਲੇਖਕਾਂ ਨਾਲੋਂ ਜ਼ਿਆਦਾਤਰ ਪੁੰਗਰਦੇ ਲੇਖਕਾਂ ਨਾਲ ਪਾਠਕਾਂ ਦੀ ਸਾਂਝ ਪੁਆਈ ਗਈ ਹੈ। ਪ੍ਰੋੜ੍ਹ ਲੇਖਕਾਂ ਵਿਚ ਸੁਲੱਖਣ ਸਰਹੱਦੀ (ਬਲਦੇ ਖੰਭਾਂ ਦੀ ਲੋਅ) ਗ਼ਜ਼ਲ ਸੰਗ੍ਰਹਿ; ਡਾ: ਮੀਤ ਖਟੜਾ (ਤਿਣਕਾ ਤਿਣਕਾ ਆਲ੍ਹਣਾ) ਆਤਮਕਥਾ; ਗੁਲਜ਼ਾਰ ਸਿੰਘ ਸ਼ੌਂਕੀ (ਮਹਾਂਰਿਸ਼ੀ ਬਾਲਮੀਕ) ਖੋਜ ਕਾਰਜ; ਡਾ: ਗੁਰਚਰਨ ਕੌਰ ਕੋਚਰ (ਹਰਫ਼ਾਂ ਦੀ ਮਹਿਕ) ਗ਼ਜ਼ਲ ਸੰਗ੍ਰਹਿ; ਤੋਤਾ ਰਾਮ ਚੀਮਾ (ਪੰਚ-ਨਾਦ) ਗ਼ਜ਼ਲ ਸੰਗ੍ਰਹਿ; ਅਨੇਮਨ ਸਿੰਘ (ਗਲੀ ਨੰ: ਕੋਈ ਨਹੀਂ) ਕਹਾਣੀ ਸੰਗ੍ਰਹਿ ਆਦਿ ਸ਼ਾਮਿਲ ਹਨ। ਪੁੰਗਰਦੇ ਲੇਖਕਾਂ ਵਿਚ ਅਮਰਜੀਤ ਕੌਰ ਅਮਰ, ਸੁਖਵਿੰਦਰ ਸਿੰਘ ਲੋਟੇ, ਭੁਪਿੰਦਰ ਸਿੰਘ ਬੋਪਾਰਾਏ, ਚਰਨ ਪਪਰਾਲਵੀ, ਰਣਜੀਤ ਸਿੰਘ ਧੂਰੀ (ਗ਼ਜ਼ਲ ਸੰਗ੍ਰਹਿ); ਸੁਖਵਿੰਦਰ ਕੌਰ ਸਿੱਧੂ (ਗੀਤ-ਕਾਵਿ); ਰਜਿੰਦਰ ਸਿੰਘ ਰਾਜਨ, ਡਾ: ਦੇਵਿੰਦਰ ਦਿਲਰੂਪ, ਗੁਰਦੀਪ ਕੋਮਲ, ਗੁਰਪ੍ਰੀਤ ਸਹੋਤਾ, (ਕਾਵਿ ਸੰਗ੍ਰਹਿ); ਮਦਨ ਲਾਲ ਗੋਇਲ (ਕਹਾਣੀ ਸੰਗ੍ਰਹਿ); ਜਗਜੀਤ ਸਿੰਘ ਲੱਡਾ, ਰਤਨਪਾਲ ਡੂਡੀਆਂ, (ਬਾਲ ਸਾਹਿਤ); (ਪਿੰਡ ਢਢੋਗਲ ਬਾਰੇ) ਗੁਰਪ੍ਰੀਤ ਸਿੰਘ ਸਹੋਤਾ ਆਦਿ। ਇਸ ਤੋਂ ਇਲਾਵਾ 'ਏਕੇ ਦਾ ਚਿਰਾਗ' ਪੁਸਤਕ ਵਿਚ 40 ਤੋਂ ਉੱਪਰ ਕਵੀਆਂ ਦੀਆਂ ਕਵਿਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਗ਼ਜ਼ਲਕਾਰਾਂ, ਕਵੀਆਂ ਅਤੇ ਕਹਾਣੀਕਾਰਾਂ ਬਾਰੇ ਵਿਸ਼ਾ ਪੱਖ ਤੋਂ ਪ੍ਰਸੰਗ-ਸਹਿਤ ਵਿਆਖਿਆ ਦੀ ਤਕਨੀਕ ਅਪਣਾਈ ਗਈ ਹੈ। ਭਾਵ ਪਹਿਲਾਂ ਵਿਸ਼ਾ ਦੱਸ ਕੇ ਬਾਅਦ ਵਿਚ ਉਸੇ ਨਾਲ ਸਬੰਧਿਤ ਕਾਵਿ ਟੂਕਾਂ ਪੁਸ਼ਟੀ ਲਈ ਦਿੱਤੀਆਂ ਗਈਆਂ ਹਨ। ਕਲਾਤਮਕ ਪੱਖ ਸੰਖੇਪਤਾ ਨਾਲ ਦਿੱਤਾ ਹੈ। ਉਹ ਵੀ ਨਿਬੰਧ ਦੇ ਆਰੰਭ ਅਤੇ ਅੰਤ ਵਿਚ। ਸੰਪਾਦਕ ਦਾ ਉਦੇਸ਼ ਨਵ-ਲੇਖਕਾਂ ਨੂੰ ਉਤਸ਼ਾਹਿਤ ਕਰਨਾ ਪ੍ਰਤੀਤ ਹੁੰਦਾ ਹੈ ਕਿਉਂਕਿ ਨਵ-ਲੇਖਕਾਂ ਬਾਰੇ ਨਿਬੰਧਾਂ ਦਾ ਅੰਤ 'ਮੈਨੂੰ ਤਸੱਲੀ ਹੈ' ਜਾਂ 'ਸਵਾਗਤ ਕਰਨਾ ਬਣਦਾ ਹੈ' ਆਦਿ ਵਾਕੰਸ਼ਾਂ ਨਾਲ ਜ਼ਿਆਦਾਤਰ ਹੁੰਦਾ ਵੇਖਿਆ ਜਾ ਸਕਦਾ ਹੈ। ਉਪਰੋਕਤ ਵਿਲੱਖਣਤਾਵਾਂ ਕਰਕੇ ਇਹ ਕਿਤਾਬ-ਕਿਤਾਬ ਦੇ ਰੂਪ ਵਿਚ 'ਮੈਗਜ਼ੀਨ ਦਾ ਸੰਪਾਦਨ' ਪ੍ਰਤੀਤ ਹੁੰਦੀ ਹੈ। ਅਜਿਹੇ ਵਿਲੱਖਣ ਸੰਪਾਦਨ ਲਈ ਸੰਪਾਦਕ ਵਧਾਈ ਦਾ ਪਾਤਰ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਕਿਰਚਾਂ ਤੇ ਕਲੀਆਂ
ਗ਼ਜ਼ਲਕਾਰ : ਬਲਬੀਰ ਸਿੰਘ ਸੈਣੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 95
ਸੰਪਰਕ : 94646-47540.


ਬਲਬੀਰ ਸਿੰਘ ਸੈਣੀ ਤਕਰੀਬਨ ਇਕ ਦਰਜਨ ਪੁਸਤਕਾਂ ਦਾ ਰਚੇਤਾ ਹੈ, ਜਿਨ੍ਹਾਂ 'ਚੋਂ ਗ਼ਜ਼ਲ ਸੰਗ੍ਰਹਿ ਵਧੇਰੇ ਹਨ। ਉਹ ਪੰਜਾਬੀ ਦਾ ਪੁਰਾਣਾ ਸਮਰੱਥ ਗ਼ਜ਼ਲਕਾਰ ਹੈ ਜਿਸ ਦਾ ਗ਼ਜ਼ਲ ਲਹਿਰ ਦੇ ਵਿਚਕਾਰਲੇ ਦਿਨਾਂ ਵਿਚ ਗ਼ਜ਼ਲ ਸਬੰਧੀ ਭਰਪੂਰ ਯੋਗਦਾਨ ਰਿਹਾ ਹੈ। 'ਕਿਰਚਾਂ ਤੇ ਕਲੀਆਂ' ਸੈਣੀ ਦਾ ਨਵਾਂ ਗ਼ਜ਼ਲ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ 81 ਗ਼ਜ਼ਲਾਂ ਸੰਮਿਲਤ ਹਨ। ਇਨ੍ਹਾਂ ਤਮਾਮ ਗ਼ਜ਼ਲਾਂ ਨੂੰ ਪੜ੍ਹਦਿਆਂ ਸਪੱਸ਼ਟ ਹੁੰਦਾ ਹੈ ਕਿ ਸੈਣੀ ਦੀ ਗ਼ਜ਼ਲ ਵਿਧਾਨ 'ਤੇ ਮਜ਼ਬੂਤ ਪਕੜ ਹੈ ਤੇ ਗ਼ਜ਼ਲ ਦੇ ਸੁਭਾਅ ਦਾ ਉਹ ਹੇਠਲੀ ਪਰਤ ਤੱਕ ਜਾਣਕਾਰ ਹੈ। ਸੈਣੀ ਦੀਆਂ ਬਹੁਤੀਆਂ ਗ਼ਜ਼ਲਾਂ ਦੇ ਵਿਸ਼ੇ ਲੋਕ ਪੱਖੀ ਤੇ ਲੋਕ ਦਰਦ ਦਾ ਚਿਤਰਨ ਕਰਦੇ ਹਨ। ਪੁਸਤਕ ਦੀ ਪਹਿਲੀ ਗ਼ਜ਼ਲ ਪੰਜਾਬੀ ਮਾਂ ਬੋਲੀ ਬਾਰੇ ਅਕੀਦਤ ਵਜੋਂ ਛਾਪੀ ਗਈ ਹੈ। ਇਸ ਨਾਲ ਉਸ ਨੇ ਬੋਲੀ ਦੇ ਨਾਲ-ਨਾਲ ਪੰਜਾਬੀ ਵਿਰਸੇ 'ਤੇ ਵੀ ਪਿਛਲਝਾਤ ਪਵਾਈ ਹੈ। ਦੂਸਰੀ ਗ਼ਜ਼ਲ 'ਗ਼ਜ਼ਲ ਲਿਖੋ' ਰਦੀਫ਼ 'ਤੇ ਆਧਾਰਿਤ ਹੈ, ਜਿਸ ਵਿਚ ਉਹ ਗ਼ਜ਼ਲ ਦੀ ਸਿਰਜਣਾ ਲਈ ਜ਼ਰੂਰੀ ਨੁਕਤੇ ਸਮਝਾਉਂਦਾ ਹੈ। ਗ਼ਜ਼ਲਕਾਰ ਦਾ ਅਧਿਆਤਮਵਾਦ ਵਿਚ ਯਕੀਨ ਹੈ ਤੇ ਪੁਸਤਕ ਦੀ ਤੀਸਰੀ ਗ਼ਜ਼ਲ ਵਿਚ ਉਹ ਆਪਣੇ ਇਸ਼ਟ ਦੇ ਸਨਮੁੱਖ ਹੋ ਕੇ ਉਸ ਦਾ ਧੰਨਵਾਦ ਕਰਦਾ ਹੈ। ਚੌਥੀ ਗ਼ਜ਼ਲ ਵਿਚ ਉਸ ਨੇ ਆਪਣੀ ਜਨਮ ਭੂਮੀ ਨੂੰ ਯਾਦ ਕੀਤਾ ਹੈ। ਪੰਜਾਬੀ ਸਾਹਿਤ ਦੇ ਖ਼ੇਤਰ ਵਿਚ ਆਲੋਚਨਾ, ਸਾਹਿਤਕ ਪੱਤਰਕਾਰੀ ਤੇ ਸਨਮਾਨਾਂ ਦੇ ਪੱਧਰ ਦੀ ਹਾਲਤ ਪਤਲੀ ਹੈ ਜਿਸ ਕਾਰਨ ਸੈਣੀ ਵਰਗੇ ਗ਼ਜ਼ਲਕਾਰ ਨੂੰ ਸਾਹਿਤਕ ਪੈਂਤੜਿਆਂ ਬਾਰੇ ਸ਼ਿਅਰ ਕਹਿਣੇ ਪਏ ਹਨ। ਗ਼ਜ਼ਲਕਾਰ ਨੂੰ ਧਰਮ ਦੀ ਆੜ ਵਿਚ ਪਲ ਰਹੇ ਕਾਫ਼ਿਰਾਂ ਦਾ ਮਲਾਲ ਹੈ ਤੇ ਨੇਤਾਵਾਂ ਦੇ ਭੇਸ ਵਿਚ ਡਾਕੂ ਉਸ ਨੂੰ ਤਕਲੀਫ਼ ਦਿੰਦੇ ਹਨ। ਇਸ ਗ਼ਜ਼ਲ ਸੰਗ੍ਰਹਿ ਵਿਚ ਮੁਹੱਬਤ ਰੰਗ ਵੀ ਕਾਫ਼ੀ ਗੂੜ੍ਹਾ ਹੈ ਤੇ ਗ਼ਜ਼ਲਕਾਰ ਦੇ ਮੁਹੱਬਤੀ ਸ਼ਿਅਰ ਵੀ ਪਾਠਕ ਨੂੰ ਪ੍ਰਭਾਵਿਤ ਕਰਦੇ ਹਨ। ਉਸ ਨੂੰ ਜ਼ਿੰਦਗੀ ਦੇ ਖਿਲਾਰੇ ਭਾਵੇਂ ਚੰਗੇ ਨਹੀਂ ਲਗਦੇ ਪਰ ਬੇਤਰਤੀਬੇ ਤਾਰੇ ਪੁਰਕਸ਼ਿਸ਼ ਜਾਪਦੇ ਹਨ। ਇੰਜ ਜ਼ਿੰਦਗੀ ਦੀ ਰੌਸ਼ਨੀ ਵੱਲ ਅਗਰਸਰਤਾ ਗ਼ਜ਼ਲਕਾਰ ਦੀ ਗ਼ਜ਼ਲਕਾਰੀ ਦਾ ਆਧਾਰ ਹੈ। ਬਲਬੀਰ ਸਿੰਘ ਸੈਣੀ ਦੇ ਸ਼ਿਅਰ ਆਮ ਫ਼ਹਿਮ ਜ਼ਬਾਨ ਵਿਚ ਹਨ ਤੇ ਸਰਲਤਾ ਉਸ ਦੀਆਂ ਗ਼ਜ਼ਲਾਂ ਦੀ ਵਿਸ਼ੇਸ਼ ਖ਼ੂਬੀ ਹੈ। ਨਵੇਂ ਸ਼ਾਇਰਾਂ ਲਈ ਇਹ ਪੁਸਤਕ ਲਾਹੇਵੰਦੀ ਸਾਬਤ ਹੋ ਸਕਦੀ ਹੈ ਤੇ ਬਲਬੀਰ ਸਿੰਘ ਸੈਣੀ ਦੇ ਗ਼ਜ਼ਲ ਲੇਖਣ ਤੋਂ ਬਹੁਤ ਕੁਝ ਗ੍ਰਹਿਣ ਕੀਤਾ ਜਾ ਸਕਦਾ ਹੈ।


-ਗੁਰਦਿਆਲ ਰੌਸ਼ਨ
ਮੋ: 99884-44002


ਸਿਰਫ਼ ਤੂੰ

ਲੇਖਕ : ਸ਼ਰਨ ਜੀਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 199 ਰੁਪਏ, ਸਫ਼ੇ : 96
ਸੰਪਰਕ : 91157-08671.


ਸ਼ਾਇਰ ਸ਼ਰਨ ਜੀਤ ਦੀ ਪੁਸਤਕ 'ਸਿਰਫ਼ ਤੂੰ' ਸ਼ਾਇਰ ਦੀ ਸ਼ਾਇਰੀ ਦਾ ਪਲੇਠਾ ਪਰਾਗਾ ਹੈ। ਸ਼ਾਇਰ ਚੰਡੀਗੜ੍ਹ ਪੁਲਿਸ ਵਿਚ ਹੈੱਡ ਕਾਂਸਟੇਬਲ ਹੈ ਤੇ ਪੁਲਿਸ ਦੀ ਭੰਗੜੇ ਦੀ ਟੀਮ ਦਾ ਅਹਿਮ ਮੈਂਬਰ ਹੈ। ਪੁਲਿਸ ਦੀਆਂ ਸੇਵਾਵਾਂ ਹੀ ਕੁਝ ਇਹੋ ਜਿਹੀਆਂ ਹੁੰਦੀਆਂ ਹਨ ਜਿਥੇ ਸੁਭਾਅ ਅਕਸਰ ਕੁਰੱਖਤ ਹੋ ਜਾਂਦਾ ਹੈ। ਅਜਿਹੇ ਮਹਿਕਮੇ ਵਿਚ ਧੂੜਾਂ ਪੁੱਟ ਭੰਗੜਾ ਪਾਉਣਾ ਤੇ ਫਿਰ ਸ਼ਾਇਰ ਹੋ ਜਾਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਖੈਰ 'ਕੋਈ ਹਰਿਆ ਬੂਟ ਰਹਿਓ ਰੀ' ਸ਼ਾਇਰ ਦੀਆਂ ਸਾਰੀਆਂ ਨਜ਼ਮਾਂ ਗਣਿਤ ਦੇ ਹਿਸਾਬ ਨਾਲ 'ਮੈਂ+ਉਹ=ਸਿਰਫ ਤੂੰ' 'ਤੇ ਖਰੀਆਂ ਉਤਰਦੀਆਂ ਪ੍ਰਤੀਤ ਹੁੰਦੀਆਂ ਹਨ ਕਿਉਂਕਿ ਲਗਪਗ ਸਾਰੀਆਂ ਹੀ ਨਜ਼ਮਾਂ ਮੁਹੱਬਤੀ ਤਰੰਗਤ ਸ਼ਬਦਾਂ ਨਾਲ ਓਤਪੋਤ ਹਨ। ਸ਼ਾਇਰ ਪਾਕ ਦਾਮਨੀ ਹੋਣ ਦਾ ਭਰਮ ਨਹੀਂ ਪਾਲਦਾ ਤੇ ਸਵੈ ਕਥਨ ਕਰਦਾ ਹੈ ਕਿ ਉਹ ਅੱਜ ਆਪਣਾ ਆਪ ਹੀ ਚਿਤਰਗੁਪਤ ਹੈ ਤੇ ਆਪਣੇ ਲੇਖਾਂ ਦੇ ਵਹੀ ਖਾਤੇ ਅਨੁਸਾਰ ਆਪ ਹੀ ਨਰਕ ਸੁਰਗ ਦਾ ਫ਼ੈਸਲਾ ਕਰਦਾ ਹੈ। ਸ਼ਾਇਰ ਮੁਹੱਬਤ ਵਿਚ ਆਪਣੇ ਸੰਗੀ ਸਾਥੀ ਦੇ ਤਾਅਨੇ, ਮਿਹਣੇ ਅਤੇ ਮੰਨਣ ਮਨਾਉਣ ਦਾ ਬਾਖੂਬੀ ਵਿਖਿਆਨ ਕਰਦਾ ਹੈ। ਉਹ ਆਖਦਾ ਹੈ ਕਿ ਮੁਹੱਬਤ ਗੁਰਾਂ ਦੀ ਅਰਦਾਸ ਹੈ, ਪੰਜ ਵਕਤਾਂ ਦੀ ਨਮਾਜ਼ ਤੇ ਕੁਦਰਤ ਦਾ ਰਾਜ ਹੈ। ਸ਼ਾਇਰ ਦੇ ਕਥਨ ਅਨੁਸਾਰ ਕੁਦਰਤ ਵਲੋਂ ਬਖਸ਼ਿਸ਼ ਕੀਤੇ ਮੁਹੱਬਤ ਦੇ ਅਹਿਸਾਸ ਨੂੰ ਸੁਹਿਰਦਤਾ ਨਾਲ ਮਾਣਨਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਦਾ ਹੋਰ ਕੋਈ ਬਦਲ ਨਹੀਂ ਹੈ। ਬਾਈਬਲ ਆਖਦੀ ਹੈ ਕਿ ਬੰਦਾ ਸਿਰਫ ਰੋਟੀ ਨਾਲ ਹੀ ਨਹੀਂ ਜਿਊਂਦਾ ਤੇ ਸ਼ਾਇਰ ਇਸ ਕਥਨ ਦੀ ਲੱਜ ਪਾਲਦਾ ਮਹਿਸੂਸ ਹੁੰਦਾ ਹੈ। ਸ਼ਾਇਰ ਜਦੋਂ ਮਾਤ ਭਾਸ਼ਾ ਪੰਜਾਬੀ 'ਤੇ ਸੁਚੇਤ ਰੂਪ ਵਿਚ ਜਦ ਉਰਦੂ ਦੀਆਂ ਟਾਕੀਆਂ ਲਾਉਂਦਾ ਹੈ ਤਾਂ ਭਾਸ਼ਾਈ ਕਚਿਆਈ ਰੜਕਦੀ ਹੈ ਤੇ ਨਿਕਟ ਭਵਿੱਖ ਵਿਚ ਇਸ ਤੋਂ ਗੁਰੇਜ਼ ਕਰਨਾ ਬਣਦਾ ਹੈ। ਸ਼ਾਇਰ ਨੂੰ ਮੇਰੀ ਸੁਹਿਰਦ ਸਲਾਹ ਹੈ ਕਿ ਜੇ ਸ਼ਾਇਰੀ ਦੀ ਪਗਡੰਡੀ 'ਤੇ ਤੁਰਨਾ ਹੈ ਤਾਂ ਸਮਕਾਲ ਵਿਚ ਲਿਖੀ ਜਾ ਰਹੀ ਸ਼ਾਇਰੀ ਦਾ ਨਿਠ ਕੇ ਅਧਿਐਨ ਕੀਤਾ ਜਾਵੇ ਤਾਂ ਕਿ ਆਉਣ ਵਾਲੀ ਸ਼ਾਇਰੀ ਬਿਹਤਰ ਕਲਾਤਮਿਕ ਪ੍ਰਗਟਾਵਾ ਕਰ ਸਕੇ।


-ਭਗਵਾਨ ਢਿੱਲੋਂ
ਮੋ: 98143-78254.


ਠੋਕਰਾਂ ਤੋਂ ਕਿਵੇਂ ਬਚੀਏ?
ਲੇਖਕ : ਗੁਰਸ਼ਰਨ ਸਿੰਘ ਕੁਮਾਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 94631-89432.


ਗੁਰਸ਼ਰਨ ਸਿੰਘ ਕੁਮਾਰ ਕਹਾਣੀ ਲੇਖਕ ਹੋਣ ਦੇ ਨਾਲ-ਨਾਲ ਇਕ ਚੰਗਾ ਵਾਰਤਾਕਾਰ ਵੀ ਹੈ। ਡੇਨੀਅਲ ਕਾਰਨੇਜੀ ਵਾਂਗ ਉਸ ਨੇ ਮਾਨਵੀ ਆਚਰਣ ਤੇ ਉਸ ਦੇ ਸੰਕਲਪਾਂ ਅਤੇ ਇਰਾਦਿਆਂ ਨੂੰ ਸੇਧ ਦੇਣ ਲਈ ਇਕ ਵਾਰਤਾ ਲੜੀ ਆਰੰਭੀ ਹੋਈ ਹੈ, ਜਿਸ ਦੇ ਲੇਖ 'ਹੌਸਲੇ ਬੁਲੰਦ ਰੱਖੋ' ਤੋਂ ਸ਼ੁਰੂ ਹੋ ਕੇ 'ਜ਼ਿੰਦਗੀ ਦੇ ਕਪਤਾਨ ਬਣੋ' ਤੱਕ ਫੈਲੇ ਹੋਏ ਹਨ। 'ਠੋਕਰਾਂ ਤੋਂ ਕਿਵੇਂ ਬਚੀਏ' ਪੁਸਤਕ ਇਸੇ ਲੜੀ ਦਾ ਇਕ ਹੋਰ ਮਣਕਾ ਹੈ ਜਿਸ ਵਿਚ ਲੇਖਕ ਨੇ ਸੱਚਾ ਸੁਚੱਜਾ ਤੇ ਉਸ ਦੇ ਠੋਕਰਾਂ ਤੋਂ ਬਚਣ ਲਈ ਕੁਝ ਟਿੱਪਣੀਆਂ ਕੀਤੀਆਂ ਹਨ।
ਇਸ ਪੁਸਤਕ ਵਿਚ ਕੁੱਲ 17 ਲੇਖ ਸ਼ਾਮਿਲ ਕੀਤੇ ਗਏ ਹਨ। ਉਹ ਆਪਣੀ ਵਾਰਤਾ ਇਕ ਸਿਆਣੇ ਮਨੁੱਖ ਵਾਂਗ ਕਰਦਾ ਹੈ ਜਿਸ ਦੀ ਮੁਦਰਾ ਹਮੇਸ਼ਾ ਪ੍ਰਵਚਨੀ ਹੁੰਦੀ ਹੈ। ਇਸ ਪੁਸਤਕ ਵਿਚ ਉਹ ਉਨ੍ਹਾਂ ਤਰੀਕਿਆਂ 'ਤੇ ਝਾਤ ਪੁਆਉਂਦਾ ਹੈ ਜਿਨ੍ਹਾਂ ਰਾਹੀਂ ਮਨੁੱਖ ਦਾ ਕਿਰਦਾਰ ਨਿੱਖਰਦਾ ਹੈ ਤੇ ਟੋਇਆਂ-ਟਿੱਬਿਆਂ ਵਿਚ ਅੜਕਣ ਦੀ ਬਜਾਏ ਸਿੱਧੀ ਜੀਵਨ ਯਾਤਰਾ ਦਾ ਪਾਂਧੀ ਬਣਦਾ ਹੈ। ਇਨ੍ਹਾਂ 17 ਵਾਰਤਾਵਾਂ ਵਿਚ ਉਹ ਕੁਝ ਸੰਕੇਤ ਕਰਦਾ ਹੈ। ਕੁਝ ਇਸ਼ਾਰੇ ਕਰਦਾ ਪ੍ਰਤੀਤ ਹੁੰਦਾ ਹੈ, ਜਿਨ੍ਹਾਂ ਰਾਹੀਂ ਮਨੁੱਖੀ ਜੀਵਨ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ, ਸੁੱਚਾ ਰੱਖਿਆ ਜਾ ਸਕਦਾ ਹੈ।
ਇਸ ਰਾਹ 'ਤੇ ਸਫਲ ਹੋਣ ਲਈ ਤੇ ਅੜਚਣਾਂ ਤੋਂ ਬਚਣ ਲਈ ਮਨੁੱਖ ਨੂੰ ਕੁਝ ਨੁਕਤਿਆਂ 'ਤੇ ਚੱਲਣਾ ਪਵੇਗਾ ਜਿਸ ਨਾਲ ਉਸ ਦੀ ਜ਼ਿੰਦਗੀ ਸਫਲਤਾ ਦੀਆਂ ਪੌੜੀਆਂ ਚੜ੍ਹਦੀ ਰਹੇ। ਆਪਣੇ ਹੁਨਰ ਦੀ ਪਛਾਣ ਕਰੋ। ਬੇਹੁਨਰੇ ਬੰਦੇ ਕਿਤੇ ਨਹੀਂ ਪਹੁੰਚਦੇ। ਸਲੀਕੇਦਾਰ ਤੇ ਮਿੱਠੀ ਭਾਸ਼ਾ ਦੀ ਵਰਤੋਂ ਕਰੋ। ਗੰਦੀ ਜ਼ਬਾਨ ਤੁਹਾਨੂੰ ਕਿਸੇ ਵੀ ਨਰਕ ਵਿਚ ਸੁੱਟ ਸਕਦੀ ਹੈ। ਆਕੜ ਦੀ ਥਾਂ ਨਿਮਰਤਾ ਦੀ ਵਰਤੋਂ ਕਰੋ। ਕਿਸਮਤ ਨਾਲੋਂ ਆਪਣੇ ਕਰਮ ਵਿਚ ਯਕੀਨ ਕਰੋ। ਦੂਸਰਿਆਂ ਦਾ ਸਹਾਰਾ ਲੱਭਣ ਨਾਲੋਂ ਆਪਣੇ ਪੈਰ ਮਜ਼ਬੂਤ ਜ਼ਮੀਨ 'ਤੇ ਟਿਕਾਉ। ਮਸ਼ਹੂਰ ਹੋ ਕੇ ਮਗਰੂਰ ਨਾ ਬਣੋ। ਨਜ਼ਰ ਨਾਲੋਂ ਨਜ਼ਰੀਏ ਵਿਚ ਯਕੀਨ ਕਰੋ। ਕਦੀ ਹਾਰ ਨਾ ਮੰਨੋ। ਚੜ੍ਹਦੀ ਕਲਾ ਵਿਚ ਰਹੋ।
ਉਸ ਦੀ ਸ਼ੈਲੀ ਬਹੁਤ ਰੰਗ-ਰੰਗੀਲੀ ਹੈ। ਉਹ ਆਪਣਾ ਹਰ ਲੇਖ ਕਿਸੇ ਟੂਕ, ਅਖਾਣ ਜਾਂ ਕਾਵਿ-ਟੋਟੇ ਨਾਲ ਕਰਦਾ ਹੈ। ਕਹਾਣੀਆਂ ਅਤੇ ਬਿਰਤਾਂਤ ਪੇਸ਼ ਕਰਦਾ ਹੈ। ਕਈ ਥਾਈਂ ਉਸ ਦੇ ਵਾਕ ਖ਼ੁਦ ਹੀ ਟੂਕਾਂ ਦਾ ਰੂਪ ਧਾਰ ਜਾਂਦੇ ਹਨ। ਵਾਰਤਕ ਬਹੁਤ ਸਾਦਾ ਪਰ ਗੰਭੀਰ ਟੋਨ ਵਾਲੀ ਹੈ। ਇਹੋ ਜਿਹੀਆਂ ਪੁਸਤਕਾਂ ਮਨੁੱਖ ਦੇ ਕਿਰਦਾਰ ਨੂੰ ਨਿਖਾਰਨ ਲਈ ਲਾਹੇਵੰਦੀਆਂ ਹੋ ਸਕਦੀਆਂ ਹਨ।


-ਕੇ. ਐਲ. ਗਰਗ
ਮੋ: 94635-37050.


ਦਿਲਬਰ ਦੇ ਚੌਕੇ ਛੱਕੇ
ਕਵੀ : ਹਰੀ ਸਿੰਘ 'ਦਿਲਬਰ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 79
ਸੰਪਰਕ : 093550-18434.


ਪੰਜਾਬੀ ਹਾਸਰਸ ਕਾਵਿ-ਵਿਧਾ ਦਾ ਜਾਣਿਆ-ਪਛਾਣਿਆ ਨਾਂਅ ਹੈ ਹਰੀ ਸਿੰਘ 'ਦਿਲਬਰ'। ਉਸ ਦੀਆਂ ਉਮਦਾ ਵਿਅੰਗਾਤਮਕ ਕਵਿਤਾਵਾਂ, ਕਾਵਿਕ ਚੌਕੇ ਛੱਕੇ, ਸਾਹਿਤਕ ਪ੍ਰੇਮੀ ਬੜੀ ਰੀਝ ਨਾਲ ਸੁਣਦੇ, ਪੜ੍ਹਦੇ ਹਨ। ਆਪਣੀ ਵਿਲੱਖਣ ਸ਼ੈਲੀ ਰਾਹੀਂ 'ਦਿਲਬਰ' ਸਮਾਜਿਕ, ਆਰਥਿਕ, ਰਾਜਸੀ ਦੰਭਾਂ, ਗ਼ਲਤ ਮਾਨਤਾਵਾਂ ਅਤੇ ਦੁਬਿਧਾ ਵਿਚੋਂ ਕੱਢ ਕੇ ਪਾਠਕ/ਸਰੋਤੇ ਨੂੰ ਹਲਕਾ ਫੁੱਲ ਕਰ ਦਿੰਦਾ ਹੈ। ਉਸ ਦੀ ਕਾਵਿਕ ਸ਼ੈਲੀ ਸਮਾਜਿਕ ਸਰੋਕਾਰਾਂ ਨਾਲ ਨੇੜਿਓਂ ਜੁੜੀ ਹੋਈ ਹੈ। ਸਮਾਜ ਨੂੰ ਹਰ ਪ੍ਰਕਾਰ ਦੀ ਬੁਰਾਈ ਤੋਂ ਨਿਜਾਤ ਦਿਵਾ ਕੇ ਇਕ ਨਰੋਏ ਸਮਾਜ ਦੀ ਸਿਰਜਣਾ ਉਸ ਦੀ ਲੋਚਾ ਰਹੀ ਹੈ। ਆਓ ਵੇਖਦੇ ਹਾਂ ਉਸ ਦੀਆਂ ਪ੍ਰਬਲ, ਪ੍ਰੋੜ੍ਹ ਤੇ ਸੁਤੇਸਿੱਧ ਅਸਰ ਕਰਨ ਵਾਲੀਆਂ ਵਿਅੰਗਾਤਮਕ/ਹਾਸਰਸ ਕਾਵਿਕ ਚੌਕਿਆਂ ਚੱਕਿਆਂ ਦੀਆਂ ਕੁਝ ਵੰਨਗੀਆਂ, ਵਧ ਰਹੇ ਆਰਥਿਕ ਪਾੜੇ 'ਤੇ ਚੋਟ ਕਰਦੀਆਂ ਸਤਰਾਂ, ਵੇਖੋ-
ਆਜ਼ਾਦੀ ਤਾਂ ਆਈ ਹੈ ਪਰ,
ਆਉਂਦੀ ਚੜ੍ਹ ਗਈ ਕਾਰਾਂ ਅੰਦਰ।
ਇਨਕਲਾਬ ਖੜਾ ਹੈ ਅੱਜ ਵੀ,
ਰਾਸ਼ਨ ਦੀਆਂ ਕਤਾਰਾਂ ਅੰਦਰ। (ਪੰਨਾ 78)
-- -- -- -- -- -- --
ਜੰਗਾਲ ਲੱਗ ਕੇ ਮਰ ਜਾਣ ਨਾਲੋਂ।
ਘਸ ਘਸ ਕੇ ਮਰ ਜਾਣਾ ਚੰਗਾ। (ਪੰਨਾ 79)
(ਸਵੈ ਉਤੇ ਕਟਾਖ਼ਸ਼)
-ਇਕ ਹਰੀ ਸਿੰਘ ਨਲਵਾ ਜੀ ਨੇ, ਮਾਂਜੇ ਸੀ ਜ਼ਾਲਿਮ,
'ਦਿਲਬਰ' ਮੈਂ ਹਰੀ ਸਿੰਘ, ਕੜ੍ਹਾਹੀਆਂ ਮਾਂਜਦਾ ਹਾਂ।
(ਲਾਹੌਰ 'ਚ ਰਚਿਤ ਪਹਿਲਾ ਇਬਤਾਈ ਚੌਕਾ)
(ਪੰਨਾ 77)
-ਹਰੀਆਂ ਸਬਜ਼ੀਆਂ ਖਾਂਦੇ ਰਹੋ।
ਸੂਈ 'ਚ ਧਾਗਾ ਪਾਂਦੇ ਰਹੋ। (ਪੰਨਾ 63)
-ਕੰਮ ਚੰਗੇ ਚੰਗੇ ਕਰੋ, ਨਹੀਂ ਲੋਕ ਕਹਿਣਗੇ,
ਗੋਰੇ ਗਏ, ਕਾਲੇ ਅੰਗਰੇਜ਼ ਆ ਗਏ।
-ਅਜੋਕੇ ਦੌਰ ਦੇ ਦੋਗਲੇਪਨ ਦਾ ਪਾਜ,
ਦਿਲਬਰ, ਇੰਜ ਉਘੇੜਦਾ ਹੈ।
'ਦਿਲਬਰ' ਜਿਸ ਨਾਲ ਵਿਆਹ ਕਰੂੰਗੀ।
ਉਸ ਨਾਲ ਇਹ ਸ਼ਰਤ ਵੀ ਰੱਖੂੰ।
ਬੁਆਏ ਫਰੈਂਡ ਵੀ ਰੱਖੂੰਗੀ, ਤੇ ਕਰਵਾ ਚੌਥ ਵੀ ਰੱਖੂੰ।
-ਜੰਗਲ 'ਚ ਵੀ ਘਰ ਬਾਰ ਹੋਇਆ ਕਰਦੇ ਨੇ।
ਗ਼ਰੀਬ ਵੀ ਦਿਲਦਾਰ ਹੋਇਆ ਕਰਦੇ ਨੇ।
ਸਰਦਾਰ ਪਟੇਲ ਦੀ ਫੋਟੋ ਦੱਸ ਰਹੀ ਏ।
ਗੰਜੇ ਵੀ, ਸਰਦਾਰ ਹੋਇਆ ਕਰਦੇ ਨੇ। (ਪੰਨਾ 20)
-ਹਰੀ ਸਿੰਘ 'ਦਿਲਬਰ' ਦੀ ਇਸ ਪੁਸਤਕ ਨੂੰ ਪੜ੍ਹਨ ਬੈਠੋਗੇ ਤਾਂ ਪੂਰੀ ਪੜ੍ਹ ਕੇ ਹੀ ਉਠੋਗੇ।


-ਤੀਰਥ ਸਿੰਘ ਢਿੱਲੋਂ
ਮੋ: 98154-61710.


ਏਕ ਥਾ ਜੌਨ ਏਲੀਆ

ਅਨੁਵਾਦਕ ਤੇ ਸੰਪਾਦਕ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 85
ਸੰਪਰਕ : 94654-64502.


ਝੂਠੀ ਹਮਦਰਦੀ ਅਤੇ ਤਸੱਲੀ ਦੀ ਲਾਲਸਾ ਮਨੁੱਖ ਨੂੰ ਦੁਖੀ ਰਹਿਣ ਦਾ ਹੁਨਰ ਸਿਖਾ ਦਿੰਦੀ ਹੈ। ਅਜਿਹੀ ਮਾਨਸਿਕਤਾ ਦਾ ਆਦੀ ਹੋਇਆ ਮਨੁੱਖ ਕਿਸੇ ਵੀ ਹਾਲਤ ਵਿਚ ਆਪਣੇ ਆਪੇ ਸਿਰਜੇ ਇਸ ਚੱਕਰਵਿਊ ਵਿਚੋਂ ਬਾਹਰ ਨਿਕਲਣਾ ਪ੍ਰਵਾਨ ਨਹੀਂ ਕਰਦਾ। ਉੱਘੇ ਲੇਖਕ ਅਤੇ ਆਲੋਚਕ ਜਗਵਿੰਦਰ ਯੋਧਾ ਵਲੋਂ ਅਨੁਵਾਦਿਤ ਅਤੇ ਸੰਪਾਦਿਤ ਗ਼ਜ਼ਲ-ਸੰਗ੍ਰਹਿ 'ਏਕ ਥਾ ਜੌਨ ਏਲੀਆ' ਵਿਚ ਸ਼ਾਮਿਲ ਗ਼ਜ਼ਲ ਦਾ ਇਹ ਸ਼ਿਅਰ ਸ਼ਾਇਦ ਅਜਿਹੀ ਹੀ ਕਿਸੇ ਅਵਸਥਾ ਦੀ ਤਰਜਮਾਨੀ ਕਰਦਾ ਪ੍ਰਤੀਤ ਹੁੰਦਾ ਹੈ-
ਦਲੀਲੋਂ ਸੇ ਦਵਾ ਕਾ ਕਾਮ ਲੇਨਾ ਸਖ਼ਤ ਮੁਸ਼ਕਿਲ ਹੈ,
ਮਗਰ ਇਸ ਗ਼ਮ ਕੀ ਖ਼ਾਤਰ ਯੇ ਹੁਨਰ ਭੀ ਸੀਖਨਾ ਹੋਗਾ।
ਅਸੀਂ ਦੇਖਦੇ ਹਾਂ ਕਿ ਅਜੋਕੇ ਪੂੰਜੀਵਾਦੀ ਰਾਜ-ਪ੍ਰਬੰਧ ਵਿਚ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗ਼ਰੀਬ ਹੋਰ ਗ਼ਰੀਬ। ਇਕ ਪਾਸੇ ਉੱਚੇ-ਉੱਚੇ ਪੁਲ, ਚੌੜੀਆਂ-ਚੌੜੀਆਂ ਸੜਕਾਂ ਅਤੇ ਵੱਡੇ-ਵੱਡੇ ਭਵਨ ਉਸਾਰੇ ਜਾ ਰਹੇ ਹਨ ਅਤੇ ਦੂਜੇ ਪਾਸੇ ਇਕ ਆਮ ਆਦਮੀ ਲਈ ਦੋ ਵੇਲਿਆਂ ਦੀ ਰੋਟੀ ਦਾ ਜੁਗਾੜ ਕਰਨਾ ਵੀ ਸਮਰੱਥਾ ਤੋਂ ਬਾਹਰ ਹੋ ਗਿਆ ਹੈ। ਇਹ ਵੀ ਸਾਡੇ ਸਮਿਆਂ ਦੀ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਅਜੇ ਵੀ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਨਾਲੋਂ ਗਲੀਆਂ ਵਿਚ ਪੱਥਰ ਲਗਵਾਉਣ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ-
ਬਹੁਤ ਬਦ-ਹਾਲ ਹੈਂ ਬਸਤੀ ਤੇਰੇ ਲੋਗ,
ਤੋ ਫਿਰ ਤੂ ਕਯੋਂ ਸੰਵਾਰੀ ਜਾ ਰਹੀ ਹੈ।
ਜੌਨ ਏਲੀਆ 14 ਦਸੰਬਰ, 1931 ਤੋਂ 8 ਨਵੰਬਰ, 2002 ਤੱਕ ਸਾਹਿਤਕ ਸੁਗੰਧਾਂ ਵੰਡਦੇ ਰਹੇ ਉੱਘੇ ਪਾਕਿਸਤਾਨੀ ਸ਼ਾਇਰ, ਜੀਵਨੀਕਾਰ ਅਤੇ ਫ਼ਿਲਾਸਫ਼ਰ ਸਨ, ਜਿਨ੍ਹਾਂ ਨੂੰ ਅਰਬੀ, ਫ਼ਾਰਸੀ, ਇਬਨਾਨੀ, ਅੰਗਰੇਜ਼ੀ ਅਤੇ ਸੰਸਕ੍ਰਿਤ ਵਿਚ ਵਿਸ਼ੇਸ਼ ਮੁਹਾਰਤ ਹਾਸਲ ਸੀ। ਉਨ੍ਹਾਂ ਦੀਆਂ ਬੇਹੱਦ ਖ਼ੂਬਸੂਰਤ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਦੇ ਕੀਤੇ ਗਏ ਇਸ ਵਡਮੁੱਲੇ ਕਾਰਜ ਲਈ ਜਗਵਿੰਦਰ ਯੋਧਾ ਵਧਾਈ ਦੇ ਹੱਕਦਾਰ ਹਨ ਅਤੇ ਉਨ੍ਹਾਂ ਦੇ ਇਸ ਨਿੱਗਰ ਉਪਰਾਲੇ ਦਾ ਹਾਰਦਿਕ ਸਵਾਗਤ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027

06-02-2021

 ਸੂਲੀ ਟੁੰਗੇ ਸੂਰਜ
ਗ਼ਜ਼ਲਕਾਰ : ਆਤਮਾ ਰਾਮ ਰੰਜਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 95
ਸੰਪਰਕ : 94787-02793.

ਪੰਜਾਬੀ ਗ਼ਜ਼ਲ ਦੀ ਸਿਰਜਣਾ ਵਿਚ ਪਹਿਲਾਂ ਨਾਲੋਂ ਬਹੁਤ ਵੱਡਾ ਅੰਤਰ ਮਹਿਸੂਸਿਆ ਜਾ ਸਕਦਾ ਹੈ। ਹੁਣ ਇਹ ਮਹਿਜ਼ ਮੁਹੱਬਤ ਦੁਆਲੇ ਹੀ ਕੇਂਦਰਿਤ ਨਹੀਂ ਹੈ। ਗ਼ਜ਼ਲਕਾਰਾਂ ਦਾ ਇਕ ਵੱਡਾ ਹਿੱਸਾ ਲੋੜਾਂ ਥੁੜਾਂ ਵਾਲੇ ਲੋਕ ਮਨਾਂ ਦੀ ਵਿਆਖਿਆ ਆਪਣੇ ਸ਼ਿਅਰਾਂ ਵਿਚ ਵੱਡੀ ਪੱਧਰ 'ਤੇ ਕਰ ਰਿਹਾ ਹੈ। ਇਸ ਨਾਲ ਪੰਜਾਬੀ ਗ਼ਜ਼ਲ ਵਿਚ ਵੰਨ-ਸੁਵੰਨਤਾ ਤਾਂ ਆਈ ਹੀ ਹੈ ਨਾਲ-ਨਾਲ ਪੰਜਾਬੀ ਗ਼ਜ਼ਲ ਦਾ ਘੇਰਾ ਵੀ ਵਿਸਤ੍ਰਿਤ ਹੋਇਆ ਹੈ। ਆਤਮਾ ਰਾਮ ਰੰਜਨ ਵੀ ਅਜਿਹੀ ਸ਼੍ਰੇਣੀ ਦਾ ਗ਼ਜ਼ਲਕਾਰ ਹੈ। 'ਸੂਲੀ ਟੁੰਗੇ ਸੂਰਜ' ਜਿਸ ਦਾ ਤੀਸਰਾ ਗ਼ਜ਼ਲ ਸੰਗ੍ਰਹਿ ਹੈ। ਉਸ ਦੀਆਂ ਗ਼ਜ਼ਲਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਸ ਦੀ ਆਪਣੀ ਪਿੱਠਭੂਮੀ ਨਿਰੋਲ ਪਿੰਡਾਂ ਨਾਲ ਸਬੰਧਿਤ ਹੈ ਤੇ ਉਹ ਪੇਂਡੂ ਧਰਾਤਲ 'ਚੋਂ ਪੈਦਾ ਹੋਇਆ ਗ਼ਜ਼ਲਕਾਰ ਹੈ।
ਗ਼ਜ਼ਲ ਦੀ ਇਕ ਸੀਮਾ ਹੁੰਦੀ ਹੈ ਤੇ ਸੀਮਾ ਦਾ ਖ਼ਿਆਲ ਰੱਖਦਿਆਂ ਹੋਇਆਂ ਮਾਨਵੀ ਮਸਲਿਆਂ ਨੂੰ ਉਭਾਰਨਾ ਇਕ ਹੁਨਰ ਹੈ। ਇਹ ਹੁਨਰ ਰੰਜਨ ਦੀਆਂ ਗ਼ਜ਼ਲਾਂ ਵਿਚ ਸਹਿਜੇ ਦੇਖਿਆ ਜਾ ਸਕਦਾ ਹੈ। ਉਸ ਦੇ ਸ਼ਿਅਰ ਲੁੱਟੇ-ਪੁੱਟੇ ਜਾ ਰਹੇ ਲੋਕਾਂ ਦੇ ਨਾਲ ਖੜ੍ਹਦੇ ਹਨ ਤੇ ਇਨ੍ਹਾਂ ਵਿਚ ਧੁੰਦਲੀਆਂ ਰੌਸ਼ਨੀਆਂ ਦੀ ਥਾਂ ਧੁੱਪ ਵਾਂਗ ਖਿੜੀ ਰੌਸ਼ਨੀ ਦੀ ਜਗਮਗਾਹਟ ਹੈ। ਉਹ ਵਿਚਾਰਾਂ ਵਿਚ ਸਪੱਸ਼ਟਤਾ, ਸਰਲਤਾ ਤੇ ਹੁਨਰਮੰਦੀ ਨੂੰ ਬਰਾਬਰ ਰੱਖਦਾ ਹੈ। ਉਸ ਦੀਆਂ ਗ਼ਜ਼ਲਾਂ ਆਮ ਪਾਠਕ ਦੀ ਸਮਝ ਆਉਂਦੀਆਂ ਹਨ ਤੇ ਪੜ੍ਹਦਿਆਂ ਹੋਇਆਂ ਅਰਥ ਤਲਾਸ਼ਣ ਲਈ ਤਰੱਦਦ ਨਹੀਂ ਕਰਨਾ ਪੈਂਦਾ। ਅਜੋਕੀ ਦਲਦਲੀ ਸਿਆਸਤ ਤੇ ਇਸ ਦੇ ਜਨਜੀਵਨ 'ਤੇ ਪ੍ਰਭਾਵ ਰੰਜਨ ਦੀ ਗ਼ਜ਼ਲਗੋਈ ਦੇ ਮੁੱਖ ਧੁਰੇ ਹਨ। ਰੰਜਨ ਸਿਆਸਤ ਨੂੰ ਸ਼ੈਤਾਨਾਂ ਦੀ ਖੇਡ ਮੰਨਦਾ ਹੈ ਜਿਸ ਨੇ ਸਮਾਜ ਦਾ ਵਿਕਾਸ ਨਹੀਂ ਹਮੇਸ਼ਾ ਵਿਨਾਸ਼ ਕੀਤਾ ਹੈ। ਉਹ ਲੋਕਾਂ ਨੂੰ ਜਾਗ੍ਰਿਤ ਕਰਦਾ ਹੈ ਤੇ ਹੱਕਾਂ ਪ੍ਰਤੀ ਜੂਝਣ ਦੀ ਪ੍ਰੇਰਨਾ ਦਿੰਦਾ ਹੈ। ਨਸ਼ੇ, ਖ਼ੁਦਕਸ਼ੀਆਂ ਤੇ ਬੇਰੁਜ਼ਗਾਰੀ ਉਸ ਦੇ ਸ਼ਿਅਰਾਂ ਵਿਚ ਤੁੰਨੇ ਹੋਏ ਨਹੀਂ ਮਿਲਦੇ ਸਗੋਂ ਸਹਿਜਤਾ ਦੇ ਨਾਲ ਸ਼ਾਮਿਲ ਹੋਏ ਮਹਿਸੂਸ ਹੁੰਦੇ ਹਨ। ਮੁਹੱਬਤ ਜ਼ਿੰਦਗੀ ਦੀ ਪ੍ਰਮੁੱਖ ਜ਼ਰੂਰਤ ਹੈ ਤੇ ਕਿਤੇ-ਕਿਤੇ ਰੰਜਨ ਨੇ ਵੀ ਮੁਹੱਬਤੀ ਰੰਗ ਦੀਆਂ ਗ਼ਜ਼ਲਾਂ ਕਹੀਆਂ ਹਨ।
ਲੋਕ ਪੱਖੀ ਸਿਰਜਣਾ ਕਰਦਿਆਂ ਕਈ ਵਾਰ ਗ਼ਜ਼ਲ ਦੀਆਂ ਸੀਮਾਵਾਂ ਦਾ ਉਲੰਘਣ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਪਰ ਰੰਜਨ ਨੇ ਸੁਚੇਤ ਹੋ ਕੇ ਲਿਖਿਆ ਹੈ। ਸ਼ਿਅਰਾਂ ਵਿਚ ਕਿਤੇ-ਕਿਤੇ ਕਾਹਲ ਕੀਤੀ ਗਈ ਮਹਿਸੂਸ ਹੁੰਦੀ ਹੈ ਪਰ ਫਿਰ ਵੀ 'ਸੂਲੀ ਟੁੰਗੇ ਸੂਰਜ' ਰੰਜਨ ਦੀ ਵਧੀਆ ਪੇਸ਼ਕਾਰੀ ਹੈ।

ਗੁਰਦਿਆਲ ਰੌਸ਼ਨ
ਮੋ: 99884-44002

ਏਹ ਵੀ ਪੈੜਾਂ ਪਾ ਗਏ
(ਡਾ: ਅਮਰ ਕੋਮਲ ਸ਼ਬਦ-ਚਿੱਤਰ)
ਸੰਪਾਦਕ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 190
ਸੰਪਰਕ : 099588-31357.

ਡਾ: ਬਲਦੇਵ ਸਿੰਘ ਬੱਦਨ ਦੁਆਰਾ ਸੰਪਾਦਿਤ ਇਸ ਪੁਸਤਕ ਵਿਚ ਪੰਜਾਬੀ ਸਾਹਿਤ ਦੇ ਬਹੁਵਿਧਾਈ ਲੇਖਕ ਡਾ: ਅਮਰ ਕੋਮਲ ਦੁਆਰਾ ਰਚਿਤ 15 ਸ਼ਬਦ-ਚਿੱਤਰ ਸੰਕਲਿਤ ਹਨ, ਜੋ ਸਮੇਂ-ਸਮੇਂ ਵਿਭਿੰਨ ਪੁਸਤਕਾਂ ਜਾਂ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੇ ਰਹੇ ਹਨ। ਪੁਸਤਕ ਦੇ ਆਰੰਭ ਵਿਚ ਡਾ: ਬੱਦਨ ਨੇ ਸ਼ਬਦ-ਚਿੱਤਰਾਂ ਦੀ ਵਿਧਾ ਦਾ ਇਕ ਵਿਸਤ੍ਰਿਤ ਆਲੋਚਨਾਤਮਕ ਇਤਿਹਾਸ ਵੀ ਲਿਖਿਆ ਹੈ, ਜੋ ਇਸ ਵਿਧਾ ਵਿਚ ਹੋਰ ਅੱਗੇ ਕੰਮ ਕਰਨ ਵਾਲੇ ਲੇਖਕਾਂ ਅਤੇ ਵਿਦਿਆਰਥੀਆਂ ਲਈ ਸ੍ਰੋਤ-ਸਮੱਗਰੀ ਦੀ ਭੂਮਿਕਾ ਨਿਭਾਏਗਾ। ਸੰਪਾਦਕ ਅਨੁਸਾਰ ਰੇਖਾ/ਸ਼ਬਦ ਚਿੱਤਰਾਂ ਦੀ ਵਿਧੀਵਤ ਪਰੰਪਰਾ ਬਲਵੰਤ ਗਾਰਗੀ ਰਚਿਤ 'ਨਿੰਮ ਦੇ ਪੱਤੇ' ਦੇ ਪ੍ਰਕਾਸ਼ਨ ਨਾਲ ਸ਼ੁਰੂ ਹੋਈ ਸੀ ਅਤੇ ਹੁਣ ਇਹ ਪਰੰਪਰਾ ਬੇਹੱਦ ਵਿਕਸਿਤ ਹੋ ਚੁੱਕੀ ਹੈ। ਸੁਹਿਰਦਤਾ, ਨਿਰਛਲਤਾ, ਇਮਾਨਦਾਰੀ ਅਤੇ ਲਾਲਸਾਮੁਕਤ ਲੇਖਣ ਡਾ: ਅਮਰ ਕੋਮਲ ਦੀ ਸ਼ਬਦ-ਚਿੱਤਰ ਕਲਾ ਦੇ ਕੁਝ ਵਿਸ਼ਿਸ਼ਟ ਲੱਛਣ ਹਨ। ਡਾ: ਅਮਰ ਕੋਮਲ ਨੇ ਕੁਝ ਵਰ੍ਹੇ ਸਕੂਲ-ਅਧਿਆਪਨ ਕਰਕੇ ਕਾਲਜ ਦੇ ਪ੍ਰੋਫੈਸਰ ਵਜੋਂ 1976 ਈ: ਵਿਚ ਕੰਮ ਸ਼ੁਰੂੁ ਕੀਤਾ ਸੀ। ਉਨ੍ਹਾਂ ਨੇ ਰਾਜਿੰਦਰਾ ਕਾਲਜ ਬਠਿੰਡਾ, ਰਣਬੀਰ ਕਾਲਜ ਸੰਗਰੂਰ ਅਤੇ ਮਹਿੰਦਰਾ ਕਾਲਜ ਪਟਿਆਲਾ ਦੇ ਰਿਆਸਤੀ ਕਾਲਜਾਂ ਵਿਚ ਲਗਪਗ 15 ਵਰ੍ਹੇ ਪੜ੍ਹਾਇਆ ਪਰ ਸੇਵਾਮੁਕਤੀ ਤੋਂ ਉਪਰੰਤ ਵੀ ਉਨ੍ਹਾਂ ਨੇ ਪੰਜਾਬੀ ਸਾਹਿਤ ਪ੍ਰਤੀ ਆਪਣੀ ਵਚਨਬੱਧਤਾ ਨੂੰ ਬਰਕਰਾਰ ਰੱਖਿਆ ਅਤੇ ਬੇਸ਼ੁਮਾਰ ਪੁਸਤਕਾਂ ਦੀ ਰਚਨਾ ਕੀਤੀ। ਇਸ ਪੁਸਤਕ ਵਿਚ ਉਨ੍ਹਾਂ ਨੇ ਕੁਝ ਅਜਿਹੇ ਕਰਮੱਠ ਲੇਖਕਾਂ ਦੇ ਵਿਅਕਤਿੱਤਵ ਨੂੰ ਪ੍ਰਕਾਸ਼ਮਾਨ ਕੀਤਾ ਹੈ, ਜਿਨ੍ਹਾਂ ਨੂੰ ਪ੍ਰਮਾਣਿਕ ਸਾਹਿਤ ਦੀ ਰਚਨਾ ਕਰਨ ਦੇ ਬਾਵਜੂਦ 'ਮਹੰਤ-ਮੰਡਲੀ' ਨੇ ਨਜ਼ਰ-ਅੰਦਾਜ਼ ਕਰੀ ਰੱਖਿਆ ਹੈ। ਅਜਿਹੇ ਅਣਗੌਲੇ ਕਰੀ ਰੱਖੇ ਸਾਹਿਤਕਾਰਾਂ ਵਿਚ ਕਿੱਸਾਕਾਰ ਪ੍ਰੋ: ਕਰਮ ਸਿੰਘ ਬਠਿੰਡਾ, ਬੁੱਧੀਮਾਨ ਆਲੋਚਕ ਧਰਮ ਪਾਲ ਸਿੰਗਲ, ਪ੍ਰਿੰ: ਕਰਤਾਰ ਸਿੰਘ ਕਾਲੜਾ, ਗਲਪਕਾਰ ਤੇ ਕਵੀ ਰਾਮਨਾਥ ਸ਼ੁਕਲਾ, ਅਨੁਵਾਦਕ ਅਤੇ ਆਲੋਚਕ ਜਗਦੀਸ਼ ਕੌਰ ਵਾਡੀਆ, ਪ੍ਰਮੁੱਖ ਕਹਾਣੀਕਾਰ ਅਤੇ ਕਥਾ-ਆਲੋਚਕ : ਡਾ: ਜੋਗਿੰਦਰ ਸਿੰਘ ਨਿਰਾਲਾ, ਗ਼ਜ਼ਲਕਾਰ ਸੁਲੱਖਣ ਸਰਹੱਦੀ, ਨਾਟਕਕਾਰ ਸਤਿੰਦਰ ਸਿੰਘ ਨੰਦਾ, ਪ੍ਰਮੁੱਖ ਖੋਜੀ ਅਤੇ ਸੰਪਾਦਕ : ਡਾ: ਗੁਰਮੁਖ ਸਿੰਘ, ਪ੍ਰਗਤੀਸ਼ੀਲ ਪੱਤਰਕਾਰ : ਜਗੀਰ ਸਿੰਘ ਜਗਤਾਰ, ਰਾਮ ਮੂਰਤ ਸਿੰਘ, ਸੁਰਜੀਤ ਸਿੰਘ ਪੰਛੀ, ਨਿਬੰਧਕਾਰ ਅਤੇ ਸੱਭਿਆਚਾਰਕ ਖੋਜੀ : ਪਰਮਜੀਤ ਕੌਰ ਸਰਹਿੰਦ, ਭਾਰਤ ਦੇ ਸਭ ਤੋਂ ਵੱਡੇ ਸਾਹਿਤਕਾਰ ਅਦਾਰੇ ਦਾ ਸੇਵਾਮੁਕਤ ਮੁਖੀ : ਡਾ: ਬਲਦੇਵ ਸਿੰਘ ਬੱਦਨ ਅਤੇ ਡਾ: ਜਗੀਰ ਸਿੰਘ ਢੇਸੀ ਬਾਰੇ ਬੜੀ ਮਹੱਤਵਪੂਰਨ ਜਾਣਕਾਰੀ ਨਾਲ ਭਰਪੂਰ ਸ਼ਬਦ-ਚਿੱਤਰ ਲਿਖੇ ਗਏ ਹਨ। ਹਰ ਸ਼ਬਦ-ਚਿੱਤਰਕਾਰ ਜਦੋਂ ਇਸ ਵਿਧਾ ਵਿਚ ਕੋਈ ਲੇਖ ਲਿਖਦਾ ਹੈ ਤਾਂ ਉਹ ਕਾਫੀ ਕੁਝ ਆਪਣੇ ਬਾਰੇ ਵੀ ਲਿਖ ਜਾਂਦਾ ਹੈ। ਘੱਟੋ-ਘੱਟ ਉਹ ਉਨ੍ਹਾਂ ਕਦਰਾਂ-ਕੀਮਤਾਂ ਨੂੰ ਤਾਂ ਜ਼ਰੂਰ ਪ੍ਰਕਾਸ਼ਮਾਨ ਕਰ ਜਾਂਦਾ ਹੈ, ਜਿਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਉਸ ਨੂੰ ਖ਼ੁਦ ਨੂੰ ਵਿਸ਼ਵਾਸ ਹੁੰਦਾ ਹੈ। ਅਮਰ ਕੋਮਲ ਮਿਹਨਤ, ਸਚਾਈ, ਸੁਹਿਰਦਤਾ, ਸਾਦਗੀ, ਉਦੇਸ਼ ਪ੍ਰਤੀ ਸਮਰਪਣ, ਮਾਨਵਤਾ ਦੀ ਭਲਾਈ ਅਤੇ ਜਨ-ਕਲਿਆਣ ਨੂੰ ਕਿਸੇ ਲੇਖਕ ਦੇ ਪ੍ਰਮੁੱਖ ਲੱਛਣ ਮੰਨਦਾ ਹੈ। ਧੜੇਬੰਦੀ, ਦਿਖਾਵਾ, ਨਸ਼ੇਬਾਜ਼ੀ, ਵਿਦਿਆਰਥੀ-ਵਿਦਿਆਰਥਣਾਂ ਦਾ ਸ਼ੋਸ਼ਣ ਆਦਿ ਰੁਚੀਆਂ ਉਸ ਦੇ ਸ਼ਬਦ-ਕੋਸ਼ ਵਿਚ ਸ਼ਾਮਿਲ ਨਹੀਂ ਹਨ। ਪਰ ਅਜੋਕਾ ਯੁੱਗ ਇਨ੍ਹਾਂ ਰੁਚੀਆਂ ਨੂੰ ਹੀ ਲੇਖਕਾਂ ਅਤੇ ਕਲਾਕਾਰਾਂ ਦੇ ਪਛਾਣ-ਚਿੰਨ੍ਹ ਬਣਾਈ ਬੈਠਾ ਹੈ। ਉਪਭੋਗਤਾਵਾਦ ਅਤੇ ਪ੍ਰਦਰਸ਼ਨਵਾਦ ਨੇ ਜੀਵਨ ਦੀਆਂ ਸਾਰੀਆਂ ਸ਼ਾਸ਼ਵਤ ਕਦਰਾਂ-ਕੀਮਤਾਂ ਉੱਪਰ ਕਾਂਟੇ ਦੇ ਨਿਸ਼ਾਨ ਲਾ ਦਿੱਤਾ ਹੈ ਪਰ ਅਮਰ ਕੋਮਲ ਵਰਗੀਆਂ ਸਤਿਯੁਗੀ ਰੂਹਾਂ ਨੇ ਅਜੇ ਵੀ 'ਸੱਤਿਅਮ, ਸ਼ਿਵਮ ਅਤੇ ਸੁੰਦਰਮ' ਦੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪੈਗ਼ਾਮ-ਏ-ਬਾਬਾ ਨਾਨਕ ''ਸ੍ਰੀ ਜਪੁਜੀ ਸਾਹਿਬ''
ਮੂਲ ਰੂਪ ਅਤੇ ਵਿਆਖਿਆ ਸਹਿਤ (ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ)
ਲੇਖਕ/ਸੰਪਾਦਕ : ਜਗਦੀਸ਼ ਸਿੰਘ
ਪ੍ਰਕਾਸ਼ਕ : ਸੰਤ ਸਿੰਘ ਸੁੱਖਾ ਸਿੰਘ ਗਰੁੱਪ ਆਫ ਸਕੂਲਜ਼ ਅਤੇ ਕਾਲਜਿਜ਼, ਅੰਮ੍ਰਿਤਸਰ
ਭੇਟਾ : 250 ਰੁਪਏ, ਸਫ਼ੇ : 100

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਸ੍ਰੀ ਜਪੁਜੀ ਸਾਹਿਬ ਦੀ ਅਰਥ-ਬੋਧ ਅਤੇ ਵਿਆਖਿਆ ਨਾਲ ਸਬੰਧਿਤ ਅਨੇਕਾਂ ਭਾਸ਼ਾਵਾਂ ਵਿਚ ਵੱਡੀ ਗਿਣਤੀ ਵਿਚ ਪੁਸਤਕਾਂ ਮਿਲਦੀਆਂ ਹਨ। ਮੌਜੂਦਾ ਪੁਸਤਕ ਜਗਤ ਗੁਰੂ ਬਾਬਾ ਨਾਨਕ ਜੀ ਦੇ 550ਵੇਂ ਆਗਮਨ ਪੁਰਬ ਨੂੰ ਸਮਰਪਿਤ ਹੈ। ਇਸ ਪੁਸਤਕ ਦੇ ਲੇਖਕ ਤੇ ਸੰਪਾਦਕ ਜਗਦੀਸ਼ ਸਿੰਘ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਾਣਕਾਰੀ ਭਰਪੂਰ ਰਚਨਾਵਾਂ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ। ਲੇਖਕ ਅਤੇ ਸੰਪਾਦਕੀ ਬੋਰਡ ਦੇ ਮੈਂਬਰਾਂ ਨੇ ਸੰਤ ਸਿੰਘ ਸੁੱਖਾ ਸਿੰਘ ਸਿੱਖਿਆ ਸੰਸਥਾਵਾਂ ਵਲੋਂ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਕੇ ਵਡਮੁੱਲਾ ਕਾਰਜ ਕੀਤਾ ਹੈ। ਜਿਹੜੇ ਪਾਠਕ ਗੁਰਮੁਖੀ ਅੱਖਰਾਂ ਨੂੰ ਪੜ੍ਹਨ ਤੋਂ ਅਸਮਰੱਥ ਹਨ, ਉਨ੍ਹਾਂ ਲਈ ਅੰਗਰੇਜ਼ੀ ਵਿਚ ਵਿਆਖਿਆ ਕੀਤੀ ਗਈ ਹੈ। ਪੁਸਤਕ ਦੇ ਆਰੰਭ ਵਿਚ ਸ੍ਰੀ ਜਪੁਜੀ ਸਾਹਿਬ ਦੇ ਸਾਰ-ਅੰਸ਼ ਵਿਚ ਪੰਛੀ ਝਾਤ ਪਾਉਂਦਿਆਂ ਸੰਪਾਦਕ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਪ੍ਰਭੂ-ਨਿਰੰਕਾਰ ਇਕ ਹੈ, ਉਹ ਸਰਬ ਵਿਆਪਕ ਹੈ, ਉਹ ਸ੍ਰਿਸ਼ਟੀ ਦਾ ਰਚਣ ਵਾਲਾ ਹੈ। ਉਸ ਨੂੰ ਕਿਸੇ ਵਲੋਂ ਥਾਪਿਆ ਨਹੀਂ ਗਿਆ। ਸਮੁੱਚਾ ਜਪੁਜੀ ਸਾਹਿਬ ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਸਾਰ-ਅੰਸ਼ ਹੈ। ਸੱਚ ਦੇ ਮਾਰਗ 'ਤੇ ਚੱਲ ਕੇ ਹੀ ਸਚਿਆਰ ਬਣਿਆ ਜਾ ਸਕਦਾ ਹੈ।
ਪੁਸਤਕ ਦੇ ਪਹਿਲੇ ਹਿੱਸੇ ਵਿਚ ਸ੍ਰੀ ਜਪੁਜੀ ਸਾਹਿਬ ਦਾ ਪਾਠ ਮੂਲ ਰੂਪ ਵਿਚ ਦਿੱਤਾ ਗਿਆ ਹੈ। ਦੂਸਰੇ ਹਿੱਸੇ ਵਿਚ ਇਸ ਪਾਵਨ ਬਾਣੀ ਦੀ ਵਿਆਖਿਆ ਗੁਰਮੁਖੀ ਅੱਖਰਾਂ ਵਿਚ ਕੀਤੀ ਗਈ ਹੈ। ਤੀਸਰੇ ਹਿੱਸੇ ਵਿਚ ਅੰਗਰੇਜ਼ੀ ਵਿਚ ਵਿਆਖਿਆ ਕੀਤੀ ਗਈ ਹੈ। ਚੌਥੇ ਹਿੱਸੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਗੁਰਮੁਖੀ ਅੱਖਰਾਂ ਵਿਚ ਅਤੇ ਅੰਗਰੇਜ਼ੀ ਭਾਸ਼ਾ 'ਚ ਮੁਢਲੀ ਜਾਣਕਾਰੀ ਸੰਖੇਪ ਰੂਪ ਵਿਚ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਰਚਿਤ ਬਾਣੀਆਂ ਦਾ ਵੇਰਵਾ ਵੀ ਦਰਜ ਕੀਤਾ ਗਿਆ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਸ਼ੋਭਿਤ ਹਨ। ਗੁਰੂ ਸਾਹਿਬ ਵਲੋਂ ਕੀਤੀਆਂ ਚਾਰ ਉਦਾਸੀਆਂ ਨੂੰ 'ਚੜ੍ਹਿਆ ਸੋਧਿਣ ਧਰਤਿ ਲੁਕਾਈ' ਅਧੀਨ ਇਕ ਨਕਸ਼ੇ ਵਿਚ ਦਿਖਾਇਆ ਗਿਆ ਹੈ। ਸੁੰਦਰ ਰੰਗਦਾਰ ਤਸਵੀਰਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪਾਵਨ ਅਸਥਾਨਾਂ ਅਤੇ ਜੀਵਨ ਚਰਿੱਤਰ ਨੂੰ ਵੀ ਦਰਸਾਇਆ ਗਿਆ ਹੈ। 550ਵੇਂ ਸ਼ਤਾਬਦੀ ਸਮਾਗਮਾਂ ਸਮੇਂ ਵੱਖ-ਵੱਖ ਸੰਸਥਾਵਾਂ ਵਲੋਂ ਜਾਰੀ ਸਿੱਕਿਆਂ ਦੀਆਂ ਤਸਵੀਰਾਂ ਦੇ ਦਰਸ਼ਨ ਕਰਵਾ ਕੇ ਬਹੁ-ਮੁੱਲਾ ਤੇ ਬਹੁਪਰਤੀ ਕਾਰਜ ਕੀਤਾ ਗਿਆ ਹੈ। ਪਾਠਕਾਂ ਲਈ ਪੁਸਤਕ ਸਾਂਭਣਯੋਗ ਸੌਗਾਤ ਹੈ।

ਭਗਵਾਨ ਸਿੰਘ ਜੌਹਲ
ਮੋ: 98143-24040.

c c c

ਵਕਤ ਵਾਰਤਾ
ਕਵੀ : ਜਸਵੀਰ ਸਿੰਘ ਮੋਰੋਂ
ਪ੍ਰਕਾਸ਼ਕ : ਬੇਗਮਪੁਰਾ ਬੁੱਕ ਸ਼ਾਪ, ਸ਼ਹੀਦ ਭਗਤ ਸਿੰਘ ਨਗਰ
ਮੁੱਲ : 99 ਰੁਪਏ, ਸਫ਼ੇ : 152
ਸੰਪਰਕ : 94172-62838.

'ਵਕਤ ਵਾਰਤਾ' ਕਵੀ ਜਸਵੀਰ ਸਿੰਘ ਮੋਰੋਂ ਦੀ ਚੌਥੀ ਪੁਸਤਕ ਹੈ। ਲੇਖਕ ਇਸ ਤੋਂ ਪਹਿਲਾਂ 'ਜੋ ਬੋਲੇ ਸੋ ਨਿਰਭੈਅ', 'ਨਾਮ ਬਨਾਮ ਨਾਮ', 'ਯਤਨ ਜਾਰੀ ਹੈ' ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਇਸ ਹਥਲੇ ਕਾਵਿ ਸੰਗ੍ਰਹਿ 'ਚ ਕਵੀ ਨੇ ਅਜੋਕੇ ਜੀਵਨ ਦੀਆਂ ਕਈ ਚਲੰਤ ਗੰਭੀਰ ਸਮੱਸਿਆਵਾਂ ਨੂੰ ਪਰਤ-ਦਰ-ਪਰਤ ਫਰੋਲਿਆ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਦੇਸ਼ ਦੇ ਹੁਕਮਰਾਨਾਂ ਨੂੰ ਵੰਗਾਰ, ਭ੍ਰਿਸ਼ਟ ਨਿਜ਼ਾਮ ਖਿਲਾਫ਼ ਵਿਦਰੋਹ, ਸਮਾਜਿਕ ਰਿਸ਼ਤਿਆਂ 'ਚ ਵਧ ਰਹੀ ਕੁੜੱਤਣ ਦਾ ਦਰਦ ਹੈ। ਕਵੀ ਅਨੁਸਾਰ ਇੱਥੇ ਮੰਦਰ-ਮਸਜਿਦਾਂ ਦੇ ਝਗੜੇ ਰਾਜਨੀਤਕ ਲੋਕਾਂ ਦੀ ਖੋਟੀ ਨੀਅਤ ਦੀ ਉਪਜ ਹਨ ਜਦਕਿ ਸਾਡਾ ਸਾਂਝਾ ਮਸਲਾ ਤਾਂ ਰੋਟੀ ਦਾ ਹੈ। ਲੋਕ ਪੱਖੀ ਘੋਲਾਂ ਅਤੇ ਸੰਘਰਸ਼ਾਂ ਦੇ ਪਿੜ 'ਚ ਲੋਕਾਂ ਦੀ ਆਵਾਜ਼ ਬਣਨ ਵਾਲੀਆਂ ਕਲਮਾਂ ਨੂੰ ਸਿਜਦਾ ਕਰਦਾ ਸ਼ਾਇਰ ਲਿਖਦਾ ਹੈ :
ਹਾਕਮਾਂ ਨੂੰ ਨਾ ਭਾਉਣ ਉਹ ਕਲਮਾਂ,
ਲੋਕਾਂ ਦੇ ਜੋ ਨਾਲ ਨੇ ਖੜ੍ਹੀਆਂ।
ਹਾਂ, ਝੂਠ ਸੋਹਿਲੇ ਗਾਉਣ ਜਿਹੜੀਆਂ
ਉਹ ਕਲਮਾਂ ਤਾਂ ਜਿਊਂਦੀਆਂ ਮਰੀਆਂ। (ਪੰਨਾ : 46)
ਕਵੀ ਅਜੋਕੇ ਯੁੱਗ 'ਚ ਵਹਿਮਾਂ-ਭਰਮਾਂ ਤੋਂ ਮੁਕਤ ਹੋ ਕੇ ਮਨੁੱਖ ਨੂੰ ਵਿਗਿਆਨਕ ਸੋਚ ਅਪਣਾਉਣ, ਮਜ਼ਦੂਰਾਂ-ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਤਿਆਗ ਕੇ ਤਿੱਖੇ ਸੰਘਰਸ਼ਾਂ ਦਾ ਰਾਹ ਅਖ਼ਤਿਆਰ ਕਰਨ ਲਈ ਉਤਸ਼ਾਹਿਤ ਕਰਦਾ ਜਾਪਦਾ ਹੈ। ਇਨ੍ਹਾਂ ਕਵਿਤਾਵਾਂ 'ਚ ਪਾਣੀ ਦੀ ਬੂੰਦ-ਬੂੰਦ ਬਚਾਉਣ ਦੀ ਅਰਜੋਈ, ਬੰਦੇ ਨੂੰ ਬੰਦਾ ਬਣ ਕੇ ਰਹਿਣ ਦੀ ਨਸੀਹਤ, ਧਰਮਾਂ ਦਾ ਮੁਲੰਮਾ ਲਾਹ ਕੇ ਸਿਰਫ਼ ਮਾਨਵੀ ਸੋਚ ਅਪਣਾਉਣ ਦਾ ਸੱਦਾ, ਰਾਜਨੀਤਕ ਲੋਕਾਂ ਦੀ ਦਲ ਬਦਲੂ ਨੀਤੀ ਖਿਲਾਫ਼ ਰੋਹ, ਹੱਕਾਂ ਲਈ ਸੰਘਰਸ਼, ਵਧ ਰਹੀ ਮਹਿੰਗਾਈ, ਗੁੰਡਾਗਰਦੀ, ਅਰਾਜਕਤਾ, ਨਸ਼ਿਆਂ ਦੇ ਵਧ ਰਹੇ ਰੁਝਾਨ ਖਿਲਾਫ਼ ਡਾਢੀ ਚਿੰਤਾ ਝਲਕਦੀ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਜ਼ਿੰਦਗੀ ਦੇ ਵੱਖ-ਵੱਖ ਅਹਿਮ ਪਹਿਲੂਆਂ ਨੂੰ ਰੂਪਮਾਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ।

ਮਨਜੀਤ ਸਿੰਘ ਘੜੈਲੀ
ਮੋ: 98153-91625

ਅੰਮ੍ਰਿਤਾ ਪ੍ਰੀਤਮ ਦੇ ਅੰਗ ਸੰਗ
ਕਟਹਿਰੇ ਵਿਚ ਔਰਤ
ਲੇਖਿਕਾ : ਪਾਲ ਕੌਰ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 350 ਰੁਪਏ, ਸਫ਼ੇ : 240
ਸੰਪਰਕ : 0181-2214196.

ਹਥਲੀ ਪੁਸਤਕ ਪੰਜਾਬੀ ਸਾਹਿਤ ਜਗਤ ਵਿਚ ਇਕ ਨਵੀਂ ਨਰੋਈ ਸ਼ਬਦ ਸਿਰਜਣਾ ਦੀ ਸੰਸਥਾ ਮੂਲਕ ਕਵਿਤਰੀ, ਨਾਵਲਕਾਰਾ, ਸਵੈ-ਜੀਵਨੀਕਾਰਾ, ਡਾਇਰੀ ਲੇਖਿਕਾ, ਮੈਗਜ਼ੀਨ ਦੀ ਸੰਪਾਦਕ ਅਤੇ ਹੋਰ ਵਿਭਿੰਨ ਰੂਪਾਂ ਸਬੰਧੀ ਕਾਰਜਸ਼ੀਲ ਰਹਿ ਕੇ ਨਵੀਂ ਚੇਤਨਾ ਜਗਾਉਣ ਦੀ ਪ੍ਰਤਿਭਾਵਾਨ ਲੇਖਿਕਾ ਅੰਮ੍ਰਿਤਾ ਪ੍ਰੀਤਮ ਸਬੰਧੀ ਵਿਲੱਖਣ ਜਾਣਕਾਰੀ ਪ੍ਰਦਾਨ ਕਰਦੀ ਹੈ। ਪੁਸਤਕ ਦੇ ਛੇ ਅਧਿਆਇ ਹਨ, ਇਨ੍ਹਾਂ ਨੂੰ ਵਿਧੀਵਤ ਰੂਪ ਦਿੰਦਿਆਂ ਹੋਇਆਂ ਪਾਲ ਕੌਰ ਨੇ ਸਭ ਤੋਂ ਪਹਿਲਾਂ ਔਰਤ ਹੋਣ ਦੇ ਸਿਧਾਂਤਕ ਪਹਿਲੂਆਂ ਨੂੰ ਭਾਰਤ ਵਿਚ ਔਰਤ ਦੇ ਮਾਅਨੇ, ਪੰਜਾਬ ਵਿਚ ਔਰਤ ਦੇ ਮਾਅਨੇ ਦਰਸਾਏ ਹਨ ਅਤੇ ਨਾਲ ਹੀ ਔਰਤ ਦੀ ਦੁਖਦ ਅਵਸਥਾ ਦਾ ਜ਼ਿਕਰ ਕੀਤਾ ਹੈ ਅਤੇ ਇਹ ਵੀ ਲੋੜ ਮਹਿਸੂਸ ਕੀਤੀ ਹੈ ਕਿ ਔਰਤ ਆਦਿਕਾਲ ਤੋਂ ਵਰਤਮਾਨ ਕਾਲ ਤੱਕ ਸਦਾ ਸੰਘਰਸ਼ ਵਿਚ ਜੀਵੀ ਸੀ ਅਤੇ ਇਹ ਸੰਘਰਸ਼ ਅਜੇ ਵੀ ਜਾਰੀ ਹੈ। ਦੂਸਰੇ ਅਧਿਆਇ ਵਿਚ ਅੰਮ੍ਰਿਤਾ ਦੀ ਮੁਢਲੀ ਪਛਾਣ ਕੀ ਸੀ, ਉਸ ਦੁਆਰਾ ਕਲਮ-ਲੇਖਣੀ ਲਈ ਕਿਹੜੇ ਕਾਰਨ ਸਨ ਅਤੇ ਸਮਾਜ ਵਿਚ ਉਸ ਵਕਤ ਔਰਤ ਨੂੰ ਕਟਹਿਰੇ ਵਿਚ ਖਲ੍ਹਾਰ ਕੇ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰਿਵਾਰਕ ਹੋਂਦ-ਸਥਿਤੀ ਕਿਉਂ ਦੁਖਦਾਈ ਸੀ, ਪਤੀ ਜੋ ਉਸ ਨੂੰ ਰੋਟੀ ਖੁਆਉਂਦਾ ਸੀ, ਦਾ ਸਬੰਧ ਕੇਵਲ ਜਿਨਸੀ ਹੀ ਕਿਉਂ ਸੀ, ਔਰਤ ਦੀਆਂ ਭਾਵਨਾਵਾਂ ਉਸ ਦੀਆਂ ਕਲਪਨਾਵਾਂ ਅਤੇ ਉਸ ਦੀ ਆਜ਼ਾਦੀ ਨੂੰ ਕਿਉਂ ਨਹੀਂ ਸੀ ਸਮਝਿਆ ਜਾਂਦਾ ਆਦਿ ਦਾ ਵਰਨਣ ਬੜੀ ਬਾਰੀਕੀ ਨਾਲ ਕੀਤਾ ਹੈ। ਇਸੇ ਅਧਿਆਇ ਵਿਚ ਔਰਤ ਦੀ ਸੱਭਿਆਚਾਰਕ ਹੋਂਦ, ਉਸ ਦੀ ਕਲਮ ਦੀ ਲੇਖਣੀ ਦਾ ਉਥਾਨ ਅਤੇ ਅੰਮ੍ਰਿਤਾ ਦੀਆਂ ਹਮਸਾਈਆਂ ਦਾ ਖੂਬ ਵਰਨਣ ਹੈ। ਅੰਮ੍ਰਿਤਾ ਪ੍ਰੀਤਮ ਦੇ ਸਮਕਾਲ, ਭਾਰਤ ਦੀ ਵੰਡ ਸਮੇਂ ਹੋਈਆਂ ਅਧੋਗਤੀਆਂ ਅਤੇ ਅੰਮ੍ਰਿਤਾ ਦੀ ਬਹੁਪੱਖੀ ਪ੍ਰਤਿਭਾ ਦੇ ਸਿਖਰ 'ਤੇ ਅਪੜਨ ਦੇ ਕਾਰਨਾਂ ਆਦਿ ਦਾ ਉਦਾਹਰਨਾਂ ਸਹਿਤ ਵਰਨਣ ਹੈ। ਪੁਸਤਕ ਦਾ ਚੌਥੇ ਅਧਿਆਇ 'ਚ ਅੰਮ੍ਰਿਤਾ ਦੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਪ੍ਰਤੀ ਸਨੇਹ ਦਾ ਜ਼ਿਕਰ ਹੈ। ਇਸ ਤੋਂ ਅਗਲੇ ਕਾਂਡ ਵਿਚ ਅੰਮ੍ਰਿਤਾ ਦੀ ਰਚਨਾਤਮਕ ਯੋਗਤਾ ਦਾ ਵਿਸਥਾਰ ਸਹਿਤ ਵਰਨਣ ਹੈ। ਅੰਤਲੇ ਅਧਿਆਇ ਵਿਚ ਅੰਮ੍ਰਿਤਾ ਦੀ ਸਵੈ-ਜੀਵਨੀ, ਉਸ ਦੇ ਇਮਰੋਜ਼ ਨਾਲ ਸਬੰਧ ਅਤੇ ਉਸ ਦੀ ਵਸੀਅਤ ਦਾ ਜ਼ਿਕਰ ਕਰਕੇ ਪਾਲ ਕੌਰ ਨੇ ਅੰਮ੍ਰਿਤਾ ਤੇ ਉਸ ਨਾਲ ਹੰਢਾਏ ਪਲਾਂ ਦੇ ਡੂੰਘੇ ਅਧਿਐਨ ਅਤੇ ਅਨੁਭਵ ਨੂੰ ਪੇਸ਼ ਕੀਤਾ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਵਿਹੜਾ ਸ਼ਗਨਾਂ ਦਾ
ਲੇਖਕਾ : ਡਾ: ਸੁਖਵੀਰ ਕੌਰ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 300 ਰੁਪਏ, ਸਫ਼ੇ : 278
ਸੰਪਰਕ : 98729-21718.

ਉਪਰੋਕਤ ਪੁਸਤਕ ਵਿਆਹ ਸਮੇਂ ਗਾਏ ਜਾਣ ਵਾਲੇ ਗੀਤਾਂ ਦਾ ਇਕ ਖੂਬਸੂਰਤ ਸੰਗ੍ਰਹਿ ਹੈ ਜਿਸ ਵਿਚ ਇਸ ਸ਼ਗਨਾਂ ਦੇ ਮੌਕੇ ਗਾਏ ਜਾਣ ਵਾਲੇ ਗੀਤਾਂ ਨੂੰ ਇਕੱਠਾ ਕਰਕੇ ਇਕ ਪੁਸਤਕ ਦੇ ਰੂਪ ਵਿਚ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਲੋਕ ਗੀਤ ਸਮਾਜ ਅਤੇ ਸੱਭਿਆਚਾਰ ਦਾ ਅਜਿਹਾ ਅਹਿਮ ਹਿੱਸਾ ਹੁੰਦੇ ਹਨ, ਜਿਨ੍ਹਾਂ ਰਾਹੀਂ ਸਮਾਜ ਦਾ ਅਕਸ ਪ੍ਰਤੀਬਿੰਬਤ ਹੁੰਦਾ ਹੈ। ਇਸੇ ਤਰ੍ਹਾਂ ਵਿਆਹ ਨਾਲ ਸਬੰਧਿਤ ਇਨ੍ਹਾਂ ਗੀਤਾਂ ਵਿਚ ਵੀ ਇਹ ਝਲਕ ਸਹਿਜੇ ਹੀ ਦ੍ਰਿਸ਼ ਚਿਤਰਨ ਰਾਹੀਂ ਨਜ਼ਰੀ ਪੈਂਦੀ ਹੈ। ਵਿਆਹ ਦੀ ਰਸਮ ਕਈ ਰਸਮਾਂ ਦਾ ਸੁਮੇਲ ਹੈ ਅਤੇ ਇਨ੍ਹਾਂ ਸਾਰਿਆਂ ਰਸਮਾਂ ਲਈ ਗੀਤਾਂ ਦਾ ਇਕ ਅਮੁੱਕ ਭੰਡਾਰ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਵਿਆਹ ਦੀ ਰਸਮ ਦੇ ਸ਼ੁਰੂ ਹੋਣ ਤੋਂ ਲੈ ਕੇ ਸੰਪੂਰਨ ਹੋਣ ਤੱਕ ਦਾ ਸਫ਼ਰ ਇਨ੍ਹਾਂ ਸੁਰੀਲੇ ਅਤੇ ਰਸੀਲੇ ਗੀਤਾਂ ਦੀ ਛਾਵੇਂ ਪੂਰਾ ਹੁੰਦਾ ਹੈ ਜਿਸ ਵਿਚ ਸੁਹਾਗ, ਘੋੜੀਆਂ, ਲੰਮੇ ਗੀਤ, ਢੋਲਕੀ ਦੇ ਗੀਤ, ਜਾਗੋ ਦੇ ਗੀਤ, ਵਟਣਾ/ਮਾਈਏਂ ਲਾਉਣ ਸਮੇਂ ਦੇ ਗੀਤ, ਨੁਹਾਈ ਧੁਆਈ ਦੇ ਗੀਤ, ਖਾਰਿਓਂ ਲਾਹੁਣਾ, ਸਿਹਰਾ ਬੰਨ੍ਹਣਾ, ਚੂੜਾ ਚੜ੍ਹਾਉਣਾ, ਜੰਜ ਤੋਰਨੀ, ਪਾਣੀ ਵਾਰਨਾ, ਮੁੱਕਦੀ ਗੱਲ ਕਿ ਹਰ ਮੌਕੇ 'ਤੇ ਹਰ ਰਸਮ ਨਾਲ ਸਬੰਧਿਤ ਗੀਤ ਸਾਡੇ ਸੱਭਿਆਚਾਰ ਦਾ ਹਿੱਸਾ ਹਨ। ਇਸ ਸੱਭਿਆਚਾਰ ਦੇ ਸਰਮਾਏ ਨੂੰ ਸਾਂਭਣ ਦੇ ਉਦੇਸ਼ ਨਾਲ ਹੀ ਪੁਸਤਕ ਵਿਚ ਇਨ੍ਹਾਂ ਲੋਕ ਗੀਤਾਂ ਨੂੰ ਸੰਗ੍ਰਹਿਤ ਕੀਤਾ ਗਿਆ ਹੈ। ਲੇਖਿਕਾ ਨੇ ਸ਼ਗਨਾਂ ਭਰੇ ਇਨ੍ਹਾਂ ਗੀਤਾਂ ਦੀਆਂ ਇਸ ਪੁਸਤਕ ਵਿਚ ਕਈ ਵੰਨਗੀਆਂ ਨੂੰ ਪੇਸ਼ ਕੀਤਾ ਹੈ ਜਿਨ੍ਹਾਂ ਵਿਚ ਵੰਗੜੀਆਂ, ਢੋਲਕ ਗੀਤ ਅਤੇ ਛੰਦ ਨੂੰ ਨਿਵੇਕਲੇ ਮੰਨਿਆ ਜਾ ਸਕਦਾ ਹੈ ਕਿਉਂਕਿ ਅਕਸਰ ਬਹੁਤੇ ਗੀਤ ਸੰਗ੍ਰਹਿਆਂ ਵਿਚ ਇਨ੍ਹਾਂ ਵੰਨਗੀਆਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਸੱਭਿਆਚਾਰ ਦੇ ਇਸ ਸਰਮਾਏ ਨੂੰ ਇਕੱਤਰ ਕਰਨ ਅਤੇ ਸੰਭਾਲਣ ਦਾ ਕੰਮ ਸੁਖਾਲਾ ਨਹੀਂ ਕਿਉਂਕਿ ਇਸ ਦਾ ਘੇਰਾ ਬਹੁਤ ਵਿਸ਼ਾਲ ਹੈ ਪਰ ਫਿਰ ਵੀ ਲੇਖਿਕਾ ਦਾ ਇਹ ਉਪਰਾਲਾ ਸਰਾਹੁਣਯੋਗ ਹੈ।

ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823

31-01-2021

ਵੋਲਗਾ ਤੋਂ ਗੰਗਾ
ਲੇਖਕ : ਰਾਹੁਲ ਸੰਕਰਤਾਇਨ
ਅਨੁਵਾਦਕ : ਰਾਮ ਸਰੂਪ ਸ਼ਰਮਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 295
ਸੰਪਰਕ : 94633-31554.


ਰਾਹੁਲ ਸਾਂਕਰਤਿਆਨ ਵੀਹਵੀਂ ਸਦੀ ਦੇ ਮਹਾਨ ਚਿੰਤਕ ਅਤੇ ਬਹੁਪੱਖੀ ਪ੍ਰਤਿਭਾ ਦੇ ਸੁਆਮੀ ਸਨ। ਮਾਨਵੀ ਸੱਭਿਅਤਾ ਨੇ ਪੱਥਰ ਯੁੱਗ ਤੋਂ ਧਾਤ ਯੁੱਗ ਵਿਚ ਪ੍ਰਵੇਸ਼ ਕਰਨ ਉਪਰੰਤ ਕਿਵੇਂ ਅਜੋਕੇ ਵਿਗਿਆਨਕ ਯੁੱਗ ਤੱਕ ਦਾ ਪੈਂਡਾ, ਕਿੰਨੀਆਂ ਮੁਸੀਬਤਾਂ ਝੱਲ ਕੇ ਤੈਅ ਕੀਤਾ, ਇਹ ਕੁਝ ਇਸ ਪੁਸਤਕ ਦੀਆਂ ਕਹਾਣੀਆਂ ਵਿਚ ਜੀਵੰਤ ਰੂਪ ਵਿਚ ਪ੍ਰਸਤੁਤ ਹੋਇਆ ਹੈ। ਇਸ ਪੁਸਤਕ ਵਿਚ ਰੂਸੀ ਦਰਿਆ 'ਵੋਲਗਾ ਤੋਂ ਗੰਗਾ' ਤੱਕ ਦੇ ਕਲਾਵੇ ਵਿਚ ਆਉਂਦਾ 6000 ਈਸਾ ਪੂਰਵ ਤੋਂ ਲੈ ਕੇ 1942 ਤੱਕ ਦੇ ਮਾਨਵੀ ਵਿਕਾਸ ਦਾ ਇਤਿਹਾਸ ਕਥਾਵਾਂ ਦੇ ਰੂਪ ਵਿਚ ਚਿਤਰਿਆ ਗਿਆ ਹੈ। ਲੇਖਕ ਨੇ ਹਰ ਕਾਂਡ ਵਿਚ ਪਹਿਲਾਂ ਉਸ ਤਥਾਤਮਿਕਤਾ ਨੂੰ ਉਲੀਕਿਆ, ਜਿਸ ਵਿਚ ਪਾਤਰਾਂ ਨੂੰ ਸੰਵਾਦਕ ਰੂਪ ਵਿਚ ਗੱਲਾਂ ਕਰਦੇ ਵਿਖਾਇਆ ਗਿਆ ਹੈ। ਪ੍ਰਾਕਿਰਤ ਮਾਹੌਲ ਚਿਤਰਨ ਲਈ ਲੇਖਕ ਨੇ ਆਕਰਸ਼ਕ ਉਦੀਪਨ ਅਤੇ ਆਲੰਬਨ ਪ੍ਰਸਤੁਤ ਕੀਤੇ ਹਨ। ਪੁਸਤਕ ਦੀਆਂ ਕਥਾਵਾਂ ਨੂੰ 20 ਕਾਂਡਾਂ ਵਿਚ ਵੰਡਣ ਉਪਰੰਤ ਉਪ ਭਾਗਾਂ ਵਿਚ ਵੀ ਵੰਡਿਆ ਹੈ। ਇੰਜ ਇਕ ਉਪ ਭਾਗ ਤੋਂ ਦੂਜੇ ਭਾਗ ਵਿਚ ਪ੍ਰਵੇਸ਼ ਕਰਨ ਸਮੇਂ ਬਦਲਵਾਂ ਫੋਕਸੀਕਰਨ ਅਤੇ ਪਦਲੋਪ ਉਤਪੰਨ ਹੋਣਾ ਸੁਭਾਵਿਕ ਹੈ। ਹਰ ਕਾਂਡ 'ਚ ਨਾਇਕ/ਨਾਇਕਾਵਾਂ ਦੇ ਸਿਰਲੇਖ ਦਿੱਤੇ ਹਨ। ਕਿਹੜਾ ਕਾਂਡ ਕਿਸ ਸਦੀ ਜਾਂ ਕਿਸ ਵਰ੍ਹੇ ਨੂੰ ਬਿਰਤਾਂਤ ਦਾ ਆਧਾਰ ਬਣਾਉਂਦਾ ਹੈ, ਸਭ ਦੱਸਿਆ ਗਿਆ ਹੈ। ਪੜ੍ਹ ਕੇ ਪਾਠਕ ਨੂੰ ਸਮਝ ਪੈਂਦੀ ਹੈ-ਕਿਵੇਂ ਵੋਲਗਾ ਨਦੀ ਦੇ ਕੰਢੇ ਲੋਕ ਗੁਫਾਵਾਂ ਵਿਚ ਰਹਿੰਦੇ ਸਨ। ਅਗਨੀ ਨੂੰ ਦੇਵਤਾ ਮੰਨ ਕੇ ਪੂਜਾ ਕਰਦੇ ਸਨ। ਰੁੱਖਾਂ ਅਤੇ ਪਸ਼ੂਆਂ ਦੀ ਖਲ ਪਹਿਨਦੇ ਸਨ। ਕਿਹੜੇ ਪਸ਼ੂਆਂ ਦਾ ਮਾਸ ਭੁੰਨ ਕੇ ਖਾਂਦੇ ਸਨ। ਫ਼ਸਲਾਂ ਕਦੋਂ ਬੀਜਣੀਆਂ ਸ਼ੁਰੂ ਹੋਈਆਂ? ਜਦੋਂ ਕਬੀਲੇ ਬਣੇ ਤਾਂ ਕਿਵੇਂ ਆਪਸੀ ਚੌਧਰ ਲਈ ਲੜਨ ਲੱਗੇ। ਕਿਵੇਂ ਪੱਥਰ ਯੁੱਗ ਤੋਂ ਤਾਂਬਾ (ਧਾਤ) ਯੁੱਗ ਵਿਚ ਆਏ। ਮਾਤਰੀ ਪ੍ਰਧਾਨ ਤੋਂ ਪਿਤਰੀ ਪ੍ਰਧਾਨ ਵੱਲ ਕਿਵੇਂ ਕਰਵਟ ਲਈ? ਭਾਸ਼ਾ ਤੇ ਲਿਪੀ ਕਦੋਂ ਹੋਂਦ ਵਿਚ ਆਏ? ਕਿਹੜੇ-ਕਿਹੜੇ ਵਿਦਵਾਨਾਂ ਨੇ ਵੇਦਾਂ ਦੀ ਰਚਨਾ ਕੀਤੀ? ਅਰਸਤੂ-ਸਿਕੰਦਰ ਦਾ ਜ਼ਿਕਰ ਹੈ। ਬਿਕਰਮਾਦਿੱਤ, ਹਰਸ਼ ਵਰਧਨ, ਸੁਲਤਾਨਾਂ ਬਾਰੇ ਜ਼ਿਕਰ ਹੈ। ਬੁੱਧ ਵੱਲ ਸੰਕੇਤ ਹਨ। ਅਕਬਰ-ਬੀਰਬਲ ਦੀਆਂ ਰੌਚਿਕ ਕਥਾਵਾਂ ਹਨ। ਤਕਸ਼ਿਲਾ ਅਤੇ ਨਾਲੰਦਾ ਬਾਰੇ ਜਾਣਕਾਰੀ ਹੈ। ਅੰਗਰੇਜ਼ ਕੰਪਨੀ ਦੇ ਸਮੇਂ ਕਲਾਈਵ, ਬਾਰਨ ਹੇਸਟਿੰਗਜ਼, ਕਾਰਨਵਾਲਿਸ ਨੇ ਭਾਰਤ ਨੂੰ ਕਿਵੇਂ ਲੁੱਟਿਆ? 1857 ਦਾ ਗ਼ਦਰ ਕਿਵੇਂ ਫੇਲ੍ਹ ਹੋਇਆ? ਲੇਖਕ ਮਾਰਕਸ, ਏਂਜਲਸ, ਰਸਲ ਦੇ ਪ੍ਰਭਾਵ ਨੂੰ ਕਬੂਲਦਾ ਹੈ, ਰੂਸੀ ਕ੍ਰਾਂਤੀ 1917 ਦਾ ਪ੍ਰਭਾਵ ਹੈ, ਕਦੋਂ-ਕਦੋਂ ਕਿਹੜੀਆਂ ਵਿਗਿਆਨਕ ਕਾਢਾਂ ਨਿਕਲੀਆਂ? ਅੰਗਰੇਜ਼ਾਂ ਦੇ ਮਸ਼ੀਨੀ ਮਾਲ ਦੇ ਮੁਕਾਬਲੇ ਗਾਂਧੀ ਦਾ ਚਰਖਾ ਕਿੱਥੇ ਖੜ੍ਹ ਸਕਦਾ ਸੀ?, ਦਾ ਅਧਿਐਨ ਕਰਦਿਆਂ ਪਾਠਕ ਨੂੰ ਕੁਝ ਵਿਚਾਰ ਪ੍ਰਭਾਵਿਤ ਕਰ ਸਕਦੇ ਹਨ। ਮਸਲਨ: ਸੱਚ ਦੀ ਕਸੌਟੀ ਦਿਮਾਗ ਨਹੀਂ, ਸੰਸਾਰ ਦੀ ਪਦਾਰਥ ਪ੍ਰਕਿਰਤੀ ਹੈ। ਪੰ. 137. ਜਿਸ ਦਿਨ ਧਰਤੀ 'ਤੇ ਸਵਰਗ ਬਣ ਜਾਵੇਗਾ, ਉਸ ਦਿਨ ਆਕਾਸ਼ ਵਾਲਾ ਸਵਰਗ ਢਹਿ-ਢੇਰੀ ਹੋ ਜਾਵੇਗਾ। ਪੰ. 191. ਕਹਿੰਦੇ ਹਨ ਜੇ ਧਨੀ ਨਾ ਰਹੇ ਤਾਂ ਧਰਮ ਨਹੀਂ ਰਹੇਗਾ। ਮੈਂ (ਬਾਬਾ ਨੂਰਦੀਨ) ਕਹਿੰਦਾ ਹਾਂ ਜਿੰਨਾ ਚਿਰ ਧਨੀ ਰਹਿਣਗੇ ਤਦ ਤੱਕ ਅਧਰਮ ਦਾ ਪਲੜਾ ਭਾਰੀ ਰਹੇਗਾ। ਪੰ. 220. ਡੇਢ ਸਦੀ ਦੀਆਂ ਲੱਖਾਂ ਕਰੋੜਾਂ ਕੁਰਬਾਨੀਆਂ ਤੋਂ ਬਾਅਦ ਮਾਨਵਤਾ ਦੇ ਲਈ ਅਸਲੀ ਮਿਹਨਤਕਸ਼ ਲੋਕਾਂ ਲਈ ਇਹ ਸਮਾਜਵਾਦ ਦਾ ਦੀਵਾ ਧਰਤੀ 'ਤੇ ਪ੍ਰਕਾਸ਼ਵਾਨ ਹੋਇਆ। ਇਕ ਵਾਰ ਇਹ ਦੀਵਾ ਬੁਝ ਗਿਆ ਤਾਂ ਦੁਨੀਆ ਮੁੜ ਹਨ੍ਹੇਰਿਆਂ ਵਿਚ ਚਲੀ ਜਾਵੇਗੀ। ਪੰ. 289. ਸੰਖੇਪ ਇਹ ਕਿ ਕਹਾਣੀਆਂ ਦਾ ਸੰਵਾਦਕ ਰੂਪ ਬੜਾ ਰੌਚਿਕ ਅਤੇ ਗਿਆਨ ਵਰਧਕ ਹੈ। ਲੇਖਕ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਵਾਲਾ ਸਮਾਜ ਸਿਰਜਣ ਵੱਲ ਰੁਚਿਤ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਬਸਤੀ ਉਦਾਸ ਹੈ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ, ਅੰਮ੍ਰਿਤਸਰ
ਮੁੱਲ : 30 ਰੁਪਏ, ਸਫ਼ੇ : 40
ਸੰਪਰਕ : 94640-76257.


ਚਰਚਾ ਅਧੀਨ ਇਸ ਮਿੰਨੀ ਕਹਾਣੀ ਸੰਗ੍ਰਹਿ ਵਿਚ 32 ਮਿੰਨੀ ਕਹਾਣੀਆਂ ਕੀਤੀਆਂ ਗਈਆਂ ਹਨ। ਮਿੰਨੀ ਕਹਾਣੀਆਂ ਦੇ ਵਿਸ਼ੇ ਵੰਨ-ਸੁਵੰਨੇ ਹਨ ਮਸਲਿਨ : ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਨਿਰੂਮਿਤ ਕਰਦੀਆਂ ਨੇ ਕਹਾਣੀਆਂ : ਗੋਦੀ ਦਾ ਨਿੱਘ ਅਤੇ ਪਾਣੀ ਤੋਂ ਵੀ ਪਤਲੇ। ਕਹਾਣੀਆਂ ਰੰਗ, ਮਹਿੰਦੀ ਅਤੇ ਖੁਸ਼ੀ ਵਿਚ ਦੇਖਿਆ ਜਾ ਸਕਦਾ ਹੈ ਕਿ ਵਡਿਆਉਣ ਜਾਂ ਪ੍ਰਸੰਸਾ ਕਰਨ ਨਾਲ ਰਚਨਾਤਮਿਕ ਊਰਜਾ ਉਤਪੰਨ ਹੁੰਦੀ ਹੈ। ਮਨੁੱਖਤਾ ਤੋਂ ਕੋਈ ਵਰਤਾਉ ਦੀ ਮਿਸਾਲ ਹੈ ਕਹਾਣੀ 'ਦਿਹਾੜੀ'।
ਅਹਿਸਾਸਾਂ ਨੂੰ ਦ੍ਰਿਸ਼ਟੀਗੋਚਰ ਕਰਦੀਆਂ ਹਨ ਕਹਾਣੀਆਂ-ਪੌਣ, ਦੋ ਕੁ ਸਾਲ, ਉਦਾਰੀਕਰਨ, ਮੈਂ, ਵੁੱਕਤ ਅਤੇ ਮਦਦ। ਆਮ ਜੀਵਨ 'ਚਾਚੋਂ ਪਕੜੇ ਪਲ ਰੂਪਮਾਨ ਕਰਦੀਆਂ ਨੇ ਕਹਾਣੀਆਂ-ਜਸ਼ਨ, ਬੰਸੋ ਬੁੱਢੀ, ਮੂਲਕ ਸ਼ਬਦਾਂ ਦੀ ਵਾਪਸੀ ਅਤੇ ਕਤਾਰ। ਮਨੁੱਖ ਦੀ ਦੋਹਰੀ ਫ਼ਿਤਰਤ ਉਘਾੜਦੀਆਂ ਨੇ 'ਕਾਲਾ ਕੋਟ ਤੇ ਲਾਲ ਫ਼ਰਾਕਾ, ਬੱਕਰੀ ਦਾ ਦੁੱਧ, ਸੰਤਾਂ ਦੀ ਰੋਟੀ, ਦਾਨ ਪੁੰਨ। ਉਮੀਦ ਨਾਲ ਜੁੜੀ ਮਾਨਸਿਕਤਾ ਦਰਸਾਉਂਦੀ ਹੈ ਕਹਾਣੀ 'ਦਸ ਸਾਲ ਹੋਰ, ਬਾਲ ਮਾਨਸਿਕਤਾ ਦਰਸਾਉਂਦੀ ਹੈ 'ਮਨੀਟਰ'। ਖੁਸ਼ੀ ਪ੍ਰਤੀ ਵੱਖੋ ਵੱਖਰਾ ਨਜ਼ਰੀਆ ਪ੍ਰਗਟਾਉਂਦੀ ਹੈ ਕਹਾਣੀ 'ਖੁਸ਼ਖ਼ਬਰੀ'। ਭੁੱਖ ਦੀ ਇੰਤਹਾ ਦੀ ਕਹਾਣੀ ਹੈ 'ਬਰਫ਼'। ਧਰਮ ਰਾਜਨੀਤੀ ਤੇ ਲੋਕਾਂ ਦੀ ਹੋਣੀ ਦਰਸਾਉਂਦੀ ਹੈ ਕਹਾਣੀ 'ਬਸਤੀ ਉਦਾਸ ਹੈ'। ਕੁਝ ਕਹਾਣੀਆਂ ਸਾਦ ਮੁਰਾਦੇ ਵਿਚਾਰ ਵੀ ਸਿਰਜਦੀਆਂ ਹਨ। ਕੁੱਲ ਮਿਲਾ ਕੇ ਬਿਕਰਮਜੀਤ ਨੂਰ ਦੀ ਮਿੰਨੀ ਕਹਾਣੀਆਂ ਦੀ ਇਹ ਨੌਵੀਂ ਪੁਸਤਕ ਪੰਜਾਬੀ ਸਾਹਿਤ ਵਿਚ ਨਿੱਗਰ ਵਾਧਾ ਕਰਦੀ ਹੈ। ਮਿੰਨੀ ਕਹਾਣੀ ਦੀ ਸਥਾਪਤੀ ਦੀ ਦਿਸ਼ਾ ਵੱਲ ਇਕ ਪੁਲਾਂਘ ਅਗਾਂਹ ਵੱਲ ਪੁੱਟਦੀ ਹੈ। ਪੰਜਾਬੀ ਸਾਹਿਤ ਵਿਚ ਆਗਮਨ ਤੇ ਇਸ ਪੁਸਤਕ ਦਾ ਹਾਰਦਿਕ ਸਵਾਗਤ ਕਰਨਾ ਬਣਦਾ ਹੈ।


-ਹਰੀ ਕ੍ਰਿਸ਼ਨ ਮਾਇਰ
ਮੋ: 97806-67686.


ਬੇਮਤਲਬ
ਲੇਖਿਕਾ : ਕਿਰਨਵੀਰ ਕੌਰ ਸਿੱਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 225 ਰੁਪਏ, ਸਫ਼ੇ : 75
ਸੰਪਰਕ : 0172-5027427.


'ਬੇਮਤਲਬ' ਕਾਵਿ-ਸੰਗ੍ਰਹਿ ਕਿਰਨਵੀਰ ਕੌਰ ਸਿੱਧੂ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਸ ਨੇ ਇਸ ਕਾਵਿ-ਸੰਗ੍ਰਹਿ ਵਿਚ 'ਬੇਮਤਲਬ' ਤੋਂ ਲੈ ਕੇ 'ਮੜ੍ਹੀਆਂ' ਕਵਿਤਾ ਤੱਕ 50 ਨਜ਼ਮਾਂ ਸ਼ਾਮਿਲ ਕੀਤੀਆਂ ਹਨ। ਇਹ ਕਾਵਿ-ਸੰਗ੍ਰਹਿ ਉਸ ਨੇ 'ਉਡੀਕ' ਦੇ ਨਾਂਅ ਕਰਦਿਆਂ ਅਨੇਕਾਂ ਪਾਸਾਰਾਂ ਦੀ ਦੱਸ ਪਾਈ ਹੈ। ਇਹ ਉਡੀਕ ਨਾਰੀ ਮੁਕਤੀ ਦੀ ਵੀ ਹੋ ਸਕਦੀ ਹੈ। ਇਹ ਉਡੀਕ ਪਿੱਤਰੀ ਸੱਤਾ ਦੇ ਖ਼ਿਲਾਫ਼ ਵਿਦਰੋਹ ਦੀ ਵੀ ਹੋ ਸਕਦੀ ਹੈ। ਇਹ ਉਡੀਕ ਵਹਿਸ਼ੀਆਨਾ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਕ, ਭੂਗੋਲਿਕ ਅਤੇ ਸੱਭਿਆਚਾਰਕ ਪ੍ਰਬੰਧ ਦੇ ਖ਼ਿਲਾਫ਼ ਵੀ ਹੋ ਸਕਦੀ ਹੈ ਜੋ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ ਸਗੋਂ ਵੰਡੀਆਂ ਦੇ ਸੰਸਾਰ ਵਿਚ ਧਕੇਲਦੀ ਹੈ। ਗਹੁ ਨਾਲ ਵਾਚਦਿਆਂ ਕਾਵਿ-ਪਾਠਕ ਨੂੰ 'ਬੇਵਫ਼ਾ', 'ਪਰਵਾਸੀ, 'ਧੂਆਂ', 'ਟੈਕਸੀ', 'ਮਿੱਟੀ ਦੇ ਸਰਦਾਰ', 'ਸਿਆਣੇ ਲੋਕ', 'ਕੁਝ ਰਿਸ਼ਤੇ', 'ਲੀਰਾਂ ਦਾ ਗੁੱਡਾ', 'ਮੈਂ ਔਰਤ ਹਾਂ' ਅਤੇ ਮਾਤ-ਭੂਮੀ' ਆਦਿ ਕਵਿਤਾਵਾਂ ਵਿਚੋਂ ਇਨ੍ਹਾਂ ਸਰੋਕਾਰਾਂ ਦੀ ਝਲਕ ਮਿਲ ਜਾਵੇਗੀ। ਇਨ੍ਹਾਂ ਕਵਿਤਾਵਾਂ ਵਿਚ ਉਹ ਮਾਤ-ਭਾਸ਼ਾ ਦੇ ਬਦਲਦੇ ਸਰੂਪ ਸਬੰਧੀ ਵੀ ਚਿੰਤਤ ਹੈ :
ਮੱਥੇ 'ਤੇ ਹੱਥ ਮਾਰ ਰੋਵਣ
ਬਿੰਦੀਆਂ ਟਿੱਪੀਆਂ
ਨਵ-ਸਿਰਜਣ ਹਾਰੇ
ਕਿਹੋ ਜਿਹੇ ਸ਼ਬਦ ਬਣਾਈ ਜਾਂਦੇ
ਕਲਪ ਜਾਂਦੀ ਹਾਂ ਤੱਕ ਆਲਮ
ਮੇਰੀ ਮਾਂ ਦੇ ਕੇਸ ਖਿਲਾਰ।
ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਦੇ ਵਰਤਾਰਿਆਂ ਸਦਕਾ ਮਨੁੱਖੀ ਰਿਸ਼ਤਿਆਂ ਅਤੇ ਅਪਣੱਤ, ਮੋਹ ਅਤੇ ਸਾਂਝੀਵਾਲਤਾ ਦੀਆਂ ਹੱਦਾਂ ਢਿੱਲੀਆਂ ਪੈਂਦੀਆਂ ਜਾ ਰਹੀਆਂ ਹਨ ਅਤੇ ਮਨੁੱਖ ਅੰਦਰ ਸਵਾਰਥ ਦੀ ਹਵਸ ਭਾਰੂ ਹੁੰਦੀ ਜਾ ਰਹੀ ਹੈ। ਕਵਿੱਤਰੀ ਇਸ ਵਰਤਾਰੇ ਪ੍ਰਤੀ ਸੁਚੇਤ ਕਰਦਿਆਂ ਟੁੱਟ ਰਹੇ ਘਰਾਂ ਦੀ ਗਾਥਾ ਵੀ ਇਨ੍ਹਾਂ ਨਜ਼ਮਾਂ 'ਚ ਪੇਸ਼ ਕਰਦੀ ਹੈ। 'ਮੜ੍ਹੀਆਂ' ਨਜ਼ਮ ਮਨੁੱਖ 'ਤੇ ਤਰਕਵਾਦੀ ਸੋਚ ਭਾਰੂ ਹੋਣ ਦੇ ਬਾਵਜੂਦ ਪਰੰਪਰਕ ਮੜ੍ਹੀ (ਸੰਸਕਾਰ) ਤੋਂ ਖਹਿੜਾ ਨਾ ਛੁੱਟਣ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਮਨੁੱਖੀ ਮਨ-ਮਸਤਕ ਦਾ ਕਰਦੀ ਹੈ। ਸਰਲ, ਸਪੱਸ਼ਟ ਅਤੇ ਅਲੰਕਾਰਾਂ ਨਾਲ ਜੜੀਆਂ ਇਹ ਕਵਿਤਾਵਾਂ ਆਪਣਾ ਸੰਦੇਸ਼ ਪਾਠਕ ਤੱਕ ਪਹੁੰਚਾਉਣ 'ਚ ਸਫਲ ਹਨ। ਕਵਿੱਤਰੀ ਪਾਸੋਂ ਹੋਰ ਪਕਿਆਈ ਅਤੇ ਡੂੰਘਿਆਈ ਵਾਲੀ ਕਵਿਤਾ ਦੀ ਤਵੱਕੋ ਕਰਦਿਆਂ, ਇਸ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਕਹਿੰਦਿਆਂ ਖ਼ੁਸ਼ੀ ਮਹਿਸੂਸ ਕਰਦਾ ਹਾਂ। ਆਮੀਨ!


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14036


ਚੁਮੁਖੀਆ ਚਾਨਣ
ਇਕੱਤਰਨ : ਗਿੱਲ ਮੋਰਾਂਵਾਲੀ ਪਰਿਵਾਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 98146-73236.


ਪੰਜਾਬੀ ਕਾਵਿ ਖ਼ੇਤਰ ਵਿਚ ਪਰਵਾਸੀ ਸ਼ਾਇਰ ਗਿੱਲ ਮੋਰਾਂਵਾਲੀ ਸਥਾਪਤ ਹਸਤਾਖ਼ਰ ਹੈ। ਉਸ ਨੇ ਬਹੁਤ ਰਫ਼ਤਾਰ ਨਾਲ ਲਿਖਿਆ ਹੈ ਤੇ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ। ਵਿਚਾਰਨਯੋਗ ਪੁਸਤਕ 'ਚੁਮੁਖੀਆ ਚਾਨਣ' ਵਿਚ ਉਸ ਦੇ ਦੋਹੇ ਸ਼ਾਮਿਲ ਹਨ, ਜਿਨ੍ਹਾਂ ਨੂੰ ਉਸ ਦੇ ਪਰਿਵਾਰ ਨੇ ਸੰਗ੍ਰਹਿਤ ਕੀਤਾ ਹੈ। ਪੁਸਤਕ ਨੂੰ ਕਈ ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਢੁਕਵੇਂ ਸਿਰਲੇਖ ਦਿੱਤੇ ਗਏ ਹਨ। ਇਹ ਸਾਰੇ ਦੋਹੇ ਔਰਤ ਨਾਲ ਸਬੰਧਿਤ ਹਨ ਤੇ ਇਨ੍ਹਾਂ ਵਿਚ ਉਸ ਦੀ ਮਹੱਤਤਾ ਨੂੰ ਉਭਾਰਿਆ ਗਿਆ ਹੈ। ਇਸਤਰੀ ਦੇ ਬਿਨਾਂ ਇਸ ਸੰਸਾਰ ਦੀ ਹੋਂਦ ਹੀ ਸੰਭਵ ਨਹੀਂ ਸੀ ਤੇ ਸੱਭਿਅਤਾ ਦੇ ਪਾਸਾਰ ਵਿਚ ਉਸ ਦਾ ਯੋਗਦਾਨ ਕਿਸੇ ਹੀਲੇ ਵੀ ਘੱਟ ਨਹੀਂ ਆਂਕਣਾ ਚਾਹੀਦਾ। ਪਰ ਫਿਰ ਵੀ ਔਰਤ ਨੇ ਤ੍ਰਿਸਕਾਰ ਹੰਢਾਇਆ ਹੈ ਤੇ ਬੜੇ ਵੱਡੇ ਸੰਤਾਪ ਸਹਿਣ ਕੀਤੇ ਹਨ। 'ਚੁਮੁਖੀਆ ਚਾਨਣ' ਦੇ ਦੋਹਿਆਂ ਵਿਚ ਅਜਿਹਾ ਹੀ ਵਿਸਤਰਤ ਕਾਵਿਕ ਵਰਨਣ ਪੇਸ਼ ਕੀਤਾ ਗਿਆ ਹੈ। ਪੰਜਾਬੀ ਸਾਹਿਤ ਵਿਚ ਨਾਰੀ ਦੀ ਸਰਾਹਨਾ ਵਿਚ ਸਮੁੱਚੀ ਪੁਸਤਕ ਬਹੁਤ ਘੱਟ ਦੇਖਣ ਨੂੰ ਮਿਲੀ ਹੈ, ਇਸ ਲਈ ਗਿੱਲ ਪਰਿਵਾਰ ਪ੍ਰਸੰਸਾ ਦਾ ਪਾਤਰ ਹੈ। 'ਅੰਮਾ ਜਾਈ ਕੀ ਕਰੇ' ਭਾਗ ਇਸ ਪੁਸਤਕ ਦਾ ਹਾਸਲ ਹੈ ਜਿਸ ਵਿਚ ਬੇਟੀਆਂ ਵਲੋਂ ਝੱਲੀਆਂ ਜਾਂਦੀਆਂ ਪਾਬੰਦੀਆਂ, ਪੜਤਾੜਨਾਵਾਂ ਤੇ ਯਾਤਨਾਵਾਂ ਨੂੰ ਉਭਾਰਿਆ ਗਿਆ ਹੈ ਤੇ ਇਨ੍ਹਾਂ 'ਤੇ ਪ੍ਰਸ਼ਨ ਚਿੰਨ੍ਹ ਲਾਏ ਗਏ ਹਨ। ਗਿੱਲ ਮੋਰਾਂਵਾਲੀ ਦੀ ਸ਼ੈਲੀ ਸਰਲ ਤੇ ਪਾਠਕ ਦੀ ਪਹੁੰਚ ਵਾਲੀ ਹੈ। ਪੁਸਤਕ ਵਿਚ ਕੁੱਖ ਦੀ ਛਾਣਬੀਣ ਤੋਂ ਲੈ ਕੇ ਆਪਣਾ ਵਰ ਆਪ ਲੱਭਣ ਤੱਕ ਦੀਆਂ ਕਠਿਨਾਈਆਂ ਬਾਰੇ ਸੰਜੀਦਾ ਸੰਵਾਦ ਰਚਾਏ ਗਏ ਹਨ। ਝੂਠੀਆਂ ਰਸਮਾਂ ਤੇ ਰੀਤਾਂ ਤੇ ਔਰਤ ਲਈ ਤੈਅ ਕੀਤੀਆਂ ਸੀਮਾਵਾਂ ਦਾ ਜ਼ਿਕਰ ਵੀ ਸੁੰਦਰ ਲਹਿਜੇ ਨਾਲ ਕੀਤਾ ਗਿਆ ਹੈ ਤੇ ਨਾਲ ਹੀ ਇਨ੍ਹਾਂ ਦੀ ਨਿੰਦਾ ਕੀਤੀ ਮਿਲਦੀ ਹੈ। ਇਹ ਸ਼ਾਇਰੀ ਕਿਸੇ ਵੀ ਤਰ੍ਹਾਂ ਘੜੀ ਨਹੀਂ ਲਗਦੀ ਬਲਕਿ ਉਪਜੀ ਮਹਿਸੂਸ ਹੁੰਦੀ ਹੈ। ਇਕ ਵਿਸ਼ੇ 'ਤੇ ਲਿਖਣਾ ਕਈ ਵਾਰ ਪਾਠਕ ਨੂੰ ਉਕਾਊ ਮਹਿਸੂਸ ਹੁੰਦਾ ਹੈ ਪਰ ਇਨ੍ਹਾਂ ਦੋਹਿਆਂ ਨੂੰ ਪੜ੍ਹਦਿਆਂ ਅਜਿਹਾ ਬਿਲਕੁਲ ਮਹਿਸੂਸ ਨਹੀਂ ਹੁੰਦਾ।


-ਗੁਰਦਿਆਲ ਰੌਸ਼ਨ
ਮੋ: 99884-44002


ਹਾਂ, ਮੈਂ ਨਾਰੀ ਹਾਂ

ਲੇਖਿਕਾ : ਵਰਿੰਦਰ ਕੌਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 96468-52416.


ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ, ਪੰਜਾਬ ਦੀ ਪੇਸ਼ਕਸ਼ ਹੇਠ ਪ੍ਰਕਾਸ਼ਿਤ ਵਰਿੰਦਰ ਕੌਰ ਰੰਧਾਵਾ ਦਾ ਕਹਾਣੀ-ਸੰਗ੍ਰਹਿ 'ਹਾਂ, ਮੈਂ ਨਾਰੀ ਹਾਂ' ਨਾਰੀ ਚੇਤਨਾ ਦੀ ਵਿਚਾਰਯੋਗ ਉਦਾਹਰਨ ਬਣ ਕੇ ਸਾਹਿਤ ਖੇਤਰ ਵਿਚ ਪੇਸ਼ ਹੋਇਆ ਹੈ। ਇਸ ਕਹਾਣੀ-ਸੰਗ੍ਰਹਿ ਵਿਚ ਕਹਾਣੀਕਾਰਾ ਨੇ ਔਰਤਾਂ ਦੀਆਂ ਸਮਾਜਿਕ ਮੁਸੀਬਤਾਂ ਅਤੇ ਸ਼ੋਸ਼ਣ ਨੂੰ ਕਲਾਤਮਿਕ ਢੰਗ ਨਾਲ ਸਿਰਜਿਆ ਹੈ। ਸਾਡੇ ਸਮਾਜ ਵਿਚ ਮਰਦ ਦੇ ਬਰਾਬਰ ਦਾ ਸਥਾਨ ਰੱਖਣ ਵਾਲੀ ਔਰਤ ਨੂੰ ਉਸ ਦਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ। ਘਰੇਲੂ ਹਿੰਸਾ, ਦਾਜ ਦੀ ਬਲੀ, ਭਰੂਣ ਹੱਤਿਆ, ਪਾਲਣ-ਪੋਸ਼ਣ ਵਿਚ ਵਿਤਕਰਾ ਅਤੇ ਉੱਚ ਕਿਰਦਾਰ ਨੂੰ ਸਿੱਧ ਕਰਨਾ ਆਦਿ ਕਈ ਪੱਖ ਔਰਤ ਸਾਹਮਣੇ ਸਮਾਜਿਕ ਕੁਰੀਤੀਆਂ ਦੇ ਰੂਪ ਵਿਚ ਹਮੇਸ਼ਾ ਖੜ੍ਹੇ ਰਹਿੰਦੇ ਹਨ। ਇਨ੍ਹਾਂ ਪੱਖਾਂ ਨੂੰ ਹੀ ਕਹਾਣੀ ਰੂਪ ਵਿਚ ਇਸ ਕਹਾਣੀਕਾਰਾ ਨੇ ਬਿਰਤਾਂਤਿਆ ਹੈ। ਅਸਲ ਵਿਚ ਇਹ ਉਨ੍ਹਾਂ ਔਰਤਾਂ ਦੀਆਂ ਕਹਾਣੀਆਂ ਹਨ ਜੋ ਸਮਾਜ ਦਾ ਹਿੱਸਾ ਹੁੰਦੇ ਹੋਏ ਵੀ ਹਾਸ਼ੀਆਗਤ ਹਨ। ਇੰਜ ਲਗਦਾ ਹੈ ਕਿ ਧੀਆਂ ਦੀ ਕਿਸਮਤ ਵਿਚ ਦੁੱਖ ਹੀ ਲਿਖੇ ਹੰਦੇ ਹਨ ਭਾਵੇਂ ਉਹ ਸਹੁਰਿਆਂ ਹੱਥੋਂ ਮਾਰ ਖਾਂਦੀ 'ਦੇਖ ਧੀਆਂ ਦੇ ਲੇਖ' ਕਹਾਣੀ ਦੀ ਸਰਘੀ ਹੋਵੇ ਜਾਂ ਆਪਣੀ ਦਾਦੀ ਦਾ ਵਿਤਕਰਾ ਸਹਿੰਦੀ ਕਹਾਣੀ 'ਵਿਤਕਰਾ' ਦੀ ਦੀਪੀ ਜਾਂ ਬਿਨਾਂ ਕਿਸੇ ਕਸੂਰ ਤੋਂ ਸਜ਼ਾ ਭੁਗਤਦੀ ਕਹਾਣੀ 'ਚਰਿੱਤਰਹੀਣ' ਦੀ ਨਸੀਬੋ। ਇਹ ਬਿਰਤਾਂਤਕ ਪਾਤਰ ਸਮਾਜ ਦੀਆਂ ਸਚਾਈਆਂ ਦੀ ਹਾਮੀ ਭਰਦੇ ਹਨ। ਕਹਾਣੀ 'ਭਰੂਣ ਹੱਤਿਆ' ਵਿਚ ਰਾਣੋ ਦੀ ਇਕ ਨਾ ਸੁਣੀ ਗਈ ਤੇ ਉਸ ਦੀ ਧੀ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ। ਕਹਾਣੀ 'ਸਮਝੌਤਾ' ਵਿਚ ਕਾਮਿਨੀ ਤੇਜ਼ਾਬ ਹਮਲੇ ਦੀ ਸ਼ਿਕਾਰ ਹੁੰਦੀ ਹੈ ਤੇ ਕਹਾਣੀ 'ਦਹੇਜ ਵੀ ਕੋਈ ਰੀਤ ਸੀ' ਵਿਚ ਬਿੰਦਰ ਨੂੰ ਸਾੜ ਕੇ ਮਾਰ ਦਿੱਤਾ ਜਾਂਦਾ ਹੈ। ਭਾਵੇਂ ਇਸ ਕਹਾਣੀ-ਸੰਗ੍ਰਹਿ ਵਿਚ ਅੰਤਿਮ ਤਿੰਨ ਕਹਾਣੀਆਂ ਆਮ ਸਮਾਜਿਕ ਵਿਸ਼ਿਆਂ ਵਾਲੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ ਪਰ ਇਸ ਸੰਗ੍ਰਹਿ ਦੀ ਸੁਰ ਨਾਰੀ ਚੇਤਨਾ ਵਾਲੀ ਹੀ ਹੈ। ਇਹ ਸੁਰ ਉਦੋਂ ਹੋਰ ਉੱਚੀ ਹੋ ਗਈ ਲਗਦੀ ਹੈ ਜਦੋਂ ਕਹਾਣੀਕਾਰਾ ਹਰ ਕਹਾਣੀ ਦਾ ਅੰਤ ਵਿਸ਼ੇ ਨਾਲ ਸਬੰਧਿਤ ਇਕ ਛੋਟੀ ਕਵਿਤਾ ਨਾਲ ਕਰਦੀ ਹੈ। ਇਸ ਢੰਗ ਨਾਲ ਪੁਸਤਕ ਦਾ ਸਿਰਲੇਖ 'ਹਾਂ, ਮੈਂ ਨਾਰੀ ਹਾਂ' ਵੀ ਕਹਾਣੀਆਂ ਦੇ ਵਿਸ਼ਿਆਂ ਨਾਲ ਮੇਲ ਖਾਂਦਾ ਹੀ ਸਿੱਧ ਹੁੰਦਾ ਹੈ। ਕਹਾਣੀਕਾਰਾ ਨੇ ਸਰਲ ਭਾਸ਼ਾ ਦਾ ਪ੍ਰਯੋਗ ਕੀਤਾ ਹੈ ਤੇ ਸਿੱਧੀ ਬਿਆਨੀਆ ਸ਼ੈਲੀ ਦੀ ਵਰਤੋਂ ਕਰਕੇ ਬਿਰਤਾਂਤ ਸਿਰਜਿਆ ਹੈ। ਇਹ ਕਹਾਣੀ-ਸੰਗ੍ਰਹਿ ਪੰਜਾਬੀ ਸਾਹਿਤ ਵਿਚ ਨਾਰੀਵਾਦ ਵਿਚਾਰਧਾਰਾ ਦੀ ਇਕ ਮਹੱਤਵਪੂਰਨ ਕਦਮ ਸਿੱਧ ਹੋਵੇਗੀ।


-ਡਾ: ਸੰਦੀਪ ਰਾਣਾ
ਮੋ: 98728-87551

 


ਸੁਰਜੀਤ ਪਾਤਰ ਕਾਵਿ ਦੀ ਰਚਨਾਤਮਿਕ ਦ੍ਰਿਸ਼ਟੀ

ਸੰਪਾਦਕ : ਡਾ: ਕੁਲਵੰਤ ਸਿੰਘ ਰਾਣਾ
ਪ੍ਰਕਾਸ਼ਕ : ਆਸ਼ਨਾ ਪ੍ਰਕਾਸ਼ਨ, ਹੁਸ਼ਿਆਰਪੁਰ
ਮੁੱਲ : 200 ਰੁਪਏ, ਸਫ਼ੇ : 142
ਸੰਪਰਕ : 01882-256200


ਸੁਰਜੀਤ ਪਾਤਰ ਪੰਜਾਬੀ ਦਾ ਬਹੁਚਰਚਿਤ ਸ਼ਾਇਰ ਹੈ। ਉਸ ਦੀ ਸ਼ਾਇਰੀ ਤੇ ਹੁਣ ਤੱਕ ਬਹੁਤ ਸਾਰਾ ਆਲੋਚਨਾਤਮਕ ਕਾਰਜ ਕੀਤਾ ਜਾ ਚੁੱਕਿਆ ਹੈ। ਉਸੇ ਲੜੀ ਵਿਚ ਹਥਲੀ ਪੁਸਤਕ ਡਾ: ਕੁਲਵੰਤ ਸਿੰਘ ਰਾਣਾ ਵਲੋਂ ਸੰਪਾਦਿਤ ਨਿਬੰਧ ਪੁਸਤਕ ਹੈ ਜਿਸ ਵਿਚ ਸੁਰਜੀਤ ਪਾਤਰ ਦੀ ਸ਼ਾਇਰੀ ਨਾਲ ਸਬੰਧਿਤ 21 ਆਲੋਚਨਾ ਲੇਖ ਸ਼ਾਮਿਲ ਹਨ, ਜਿਨ੍ਹਾਂ ਵਿਚ ਸੁਰਜੀਤ ਪਾਤਰ ਦੀ ਸ਼ਾਇਰੀ ਵਿਚਲੇ ਵਿਭਿੰਨ ਪਸਾਰਾਂ ਨੂੰ ਰੇਖਾਂਕਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਸੁਰਜੀਤ ਪਾਤਰ ਦੀ ਸ਼ਾਇਰੀ ਦੇ ਅਨੇਕਾਂ ਹੀ ਪਾਸਾਰ ਹਨ ਜਿਨ੍ਹਾਂ ਬਾਰੇ ਵਿਸਤ੍ਰਿਤ ਚਰਚਾ ਦੀ ਸੰਭਾਵਨਾ ਹਮੇਸ਼ਾ ਮੌਜੂਦ ਰਹਿੰਦੀ ਹੈ। ਉਸ ਦੀ ਸ਼ਾਇਰੀ ਅਸਤਿੱਤਵੀ ਸੰਕਟਾਂ, ਰਾਜਨੀਤਕ, ਆਰਥਿਕ, ਸਮਾਜਿਕ ਮਸਲਿਆਂ, ਵਿਸ਼ਵੀਕਰਨ ਅਤੇ ਪਦਾਰਥਵਾਦ ਅਤੇ ਪੂੰਜੀਵਾਦ ਕਾਰਨ ਉਪਜੇ ਸੰਕਟਾਂ ਨੂੰ ਚਿੰਤਨਸ਼ੀਲ ਅਤੇ ਵਿਅੰਗਾਤਮਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀ ਹੈ।
ਇਸ ਪੁਸਤਕ ਵਿਚ ਸ਼ਾਮਿਲ ਸਾਰੇ ਹੀ ਲੇਖਕ ਵੱਖੋ-ਵੱਖ ਕਾਲਜਾਂ ਵਿਚ ਅਧਿਆਪਨ ਖੇਤਰ ਨਾਲ ਸਬੰਧਿਤ ਹਨ। ਇਸ ਲਈ ਇਨ੍ਹਾਂ ਨਿਬੰਧਾਂ ਦਾ ਸੁਭਾਅ ਵਿਹਾਰਕ ਆਲੋਚਨਾ ਵਾਲਾ ਹੈ। ਇਸ ਪੁਸਤਕ ਦੇ ਪਹਿਲੇ ਨਿਬੰਧ ਵਿਚ ਸੁਰਜੀਤ ਪਾਤਰ ਦੀ ਕਾਵਿ ਯਾਤਰਾ ਦੇ ਵਿਭਿੰਨ ਪੜਾਵਾਂ ਬਾਰੇ ਚਰਚਾ ਕੀਤੀ ਗਈ ਹੈ। ਇਸੇ ਤਰ੍ਹਾਂ ਹੋਰ ਨਿਬੰਧਾਂ ਵਿਚ ਸੁਰਜੀਤ ਪਾਤਰ ਦੇ ਕਵਿਤਾ ਵਿਚਲੇ ਕਾਵਿ ਚਿੰਤਨ, ਹਨੇਰੇ ਤੇ ਚਾਨਣ ਦੇ ਸੰਕਲਪ, ਕਾਵਿ ਸੰਵੇਦਨਾ, ਅਰਥ ਸਿਰਜਣਾ, ਕਲਾਤਮਕ ਵਿਸ਼ੇਸ਼ਤਾਵਾਂ, ਵਿਚਾਰਧਾਰਾਈ ਪਰਿਪੇਖ, ਵਿਅੰਗਆਤਮਕ ਸ਼ੈਲੀ, ਪੇਂਡੂ ਜੀਵਨ ਦੀ ਪੇਸ਼ਕਾਰੀ, ਪੰਜਾਬ ਸੰਤਾਪ ਦੀ ਪੇਸ਼ਕਾਰੀ, ਅਜੋਕੇ ਮਨੁੱਖ ਦਾ ਸੰਕਟ ਆਦਿ ਵਿਸ਼ਿਆਂ ਨੂੰ ਲੈ ਕੇ ਵਿਚਾਰ ਚਰਚਾ ਦੇਖਣ ਨੂੰ ਮਿਲਦੀ ਹੈ। ਭਾਵੇਂ ਇਹ ਸਾਰੇ ਲੇਖਕ ਆਲੋਚਨਾ ਦੇ ਖੇਤਰ ਵਿਚ ਨਵੇਂ ਨਾਂਅ ਲਗਦੇ ਹਨ ਪਰ ਫਿਰ ਵੀ ਹਰ ਲੇਖਕ ਨੇ ਆਪਣੇ-ਆਪਣੇ ਵਿਸ਼ੇ ਨਾਲ ਪੂਰਾ ਇਨਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਨਿਬੰਧ ਆਲੋਚਨਾ ਦੇ ਕੋਈ ਨਵੇਂ ਮਾਪਦੰਡ ਉਸਾਰਨ ਵੱਲ ਰੁਚਿਤ ਨਹੀਂ ਹੁੰਦੇ ਸਗੋਂ ਪੂਰਵ ਪ੍ਰਚੱਲਿਤ ਸਿਧਾਂਤਾਂ ਦੇ ਆਧਾਰ 'ਤੇ ਹੀ ਆਪਣੀਆਂ ਧਾਰਨਾਵਾਂ ਨੂੰ ਸਥਾਪਤ ਕਰਦੇ ਹਨ। ਨਿਬੰਧਾਂ ਵਿਚ ਢੁਕਵੇਂ ਹਵਾਲੇ ਵੀ ਦਿੱਤੇ ਗਏ ਹਨ। ਸੁਰਜੀਤ ਪਾਤਰ ਦੀ ਸ਼ਾਇਰੀ ਬਾਰੇ ਸੰਵਾਦ ਰਚਾਉਂਦੀ ਇਹ ਪੁਸਤਕ ਪੰਜਾਬੀ ਖੋਜਾਰਥੀਆਂ ਤੇ ਪਾਠਕਾਂ ਨੂੰ ਪਸੰਦ ਆਵੇਗੀ।


-ਡਾ: ਅਮਰਜੀਤ ਕੌਂਕੇ।


ਸਵਾਹਾ

ਲੇਖਕ : ਗੁਰਸੇਵਕ ਸਿੰਘ ਪ੍ਰੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 240
ਸੰਪਰਕ : 94173-58073.


ਸਵਾਹਾ ਨਾਵਲ ਅਜੋਕੇ ਸਮੇਂ ਵਿਚ ਹਨੇਰੀ ਵਾਂਗ ਝੁੱਲੇ ਵਿਕਾਸ ਦੀ ਆੜ ਹੇਠ ਆਏ ਵਿਨਾਸ਼ ਦੀ ਕਹਾਣੀ ਹੈ, ਜਿਸ ਨੂੰ ਨਾਵਲਕਾਰ ਨੇ ਆਪਣੀ ਗੁੰਦਵੀ ਕਥਾ ਬਣਤਰ ਰਾਹੀਂ ਬਹੁਤ ਹੀ ਯਥਾਰਥਕ ਤਰੀਕੇ ਨਾਲ ਪੇਸ਼ ਕੀਤਾ ਹੈ। ਨਾਵਲ ਪੜ੍ਹਦਿਆਂ ਪਾਠਕ ਸਹਿਜੇ ਹੀ ਇਹ ਗੱਲ ਸਮਝਣ ਦੇ ਸਮੱਰਥ ਹੋ ਜਾਂਦਾ ਹੈ ਕਿ ਕਿਸ ਪ੍ਰਕਾਰ ਵਿਕਾਸ ਦੀ ਲਹਿਰ ਨੇ ਅਨੇਕਾਂ ਹੀ ਛੋਟੇ-ਵੱਡੇ ਕਸਬਿਆਂ ਨੂੰ ਵਿਨਾਸ਼ ਵੱਲ ਧੱਕਦਿਆਂ ਵਿਕਾਸ ਦੀ ਅਗਨਕੁੰਡ ਵਿਚ ਸਵਾਹਾ ਕੀਤਾ ਹੈ। ਨਾਵਲ ਦੀ ਕਹਾਣੀ ਇਕ ਛੋਟੇ ਜਿਹੇ ਪਿੰਡ ਟਿੱਬੀ ਰਾਮ ਸਿੰਘ ਵਾਲੀ ਦੇ ਰਾਮਲੀ ਬਣਨ ਦੀ ਹੈ ਜਿਹੜਾ ਕਿ ਖੇਤੀ ਪ੍ਰਧਾਨ ਹੈ, ਪਰ ਸਰਮਾਏਦਾਰਾਂ ਅਤੇ ਕਾਰਪੋਰੇਟਾਂ ਦੀ ਨਜ਼ਰ ਉਸ ਉੱਪਰ ਪੈਣ ਤੋਂ ਬਾਅਦ ਕਿਸ ਪ੍ਰਕਾਰ ਉਥੋਂ ਦੇ ਸਿੱਧੇ-ਸਾਦੇ ਲੋਕਾਂ ਨੂੰ ਮਾਇਆ ਜਾਲ ਦਿਖਾ ਕੇ ਅਮੀਰ ਬਣਨ ਦੇ ਸੁਪਨੇ ਦਿਖਾਏ ਜਾਂਦੇ ਹਨ। ਉਸ ਦੀ ਹੋਂਦ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਅਤੇ ਉਸ ਹੋਂਦ ਨੂੰ ਬਚਾਉਣ ਲਈ ਲੜਨ ਵਾਲਿਆਂ ਨੂੰ ਜੇਲ੍ਹਾਂ ਵਿਚ ਭੇਜ ਦਿੱਤਾ ਜਾਂਦਾ ਹੈ। ਕਾਮਰੇਡ ਬਿੱਛੂ ਵਰਗੇ ਪਾਤਰ ਰਾਹੀਂ ਨਾਵਲਕਾਰ ਨੇ ਇਹ ਦਰਸਾਇਆ ਹੈ ਕਿ ਕਿਸ ਪ੍ਰਕਾਰ ਲੋਕਾਂ ਨੂੰ ਅਸਲੀਅਤ ਦਿਖਾਉਣ ਵਾਲੇ ਨੇਤਾ ਆਪਣੀ ਜਾਨ ਦਾਅ 'ਤੇ ਲਾਉਣ ਤੋਂ ਨਹੀਂ ਝਿਜਕਦੇ ਪਰ ਲੋਕ ਯਥਾਰਥ ਤੋਂ ਪਰੇ ਸੁਪਨਿਆਂ ਦੀ ਦੁਨੀਆ ਵਿਚ ਰਹਿਣਾ ਪਸੰਦ ਕਰਦੇ ਹਨ। ਟਿੱਬੀ ਰਾਮ ਸਿੰਘ ਵਾਲੀ ਵਿਚ ਅਖੌਤੀ ਵਿਕਾਸ ਦੀ ਹਨੇਰੀ ਨੂੰ ਲੋਕ ਅੰਨ੍ਹੇ, ਬੋਲੇ ਅਤੇ ਗੂੰਗੇ ਬਣ ਕੇ ਦੇਖਦੇ ਰਹਿੰਦੇ ਹਨ। ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ। ਪ੍ਰਤੀਕਾਤਮਕ ਢੰਗ ਨਾਲ ਨਾਵਲਕਾਰ ਨੇ ਦੇਸ਼ ਦੀ ਅਜੋਕੀ ਸਥਿਤੀ ਨੂੰ ਬਾਖੂਬੀ ਬਿਆਨ ਕੀਤਾ ਹੈ। ਨਾਵਲਕਾਰ ਦੀ ਪਾਤਰ ਉਸਾਰੀ ਬਾਕਮਾਲ ਹੈ। ਪਾਤਰਾਂ ਦੀ ਬੋਲੀ, ਸ਼ੈਲੀ ਭਾਸ਼ਾ ਨਾਵਲ ਨੂੰ ਹੋਰ ਦਿਲਚਸਪ ਬਣਾਉਂਦੀ ਹੈ। ਇਸ ਕਰਕੇ ਪਾਠਕ ਨਾਵਲ ਨੂੰ ਪੜ੍ਹਦਿਆਂ ਅਕੇਵਾਂ ਮਹਿਸੂਸ ਨਹੀਂ ਕਰਦਾ। ਅਖੌਤੀ ਮੀਡੀਆ ਦੇ ਰੋਲ ਨੂੰ ਵੀ ਨਾਵਲਕਾਰ ਨੇ ਬਹੁਤ ਬਾਖੂਬੀ ਪ੍ਰਗਟਾਇਆ ਹੈ। ਨਾਵਲ ਮਾਨਣਯੋਗ ਹੈ ਜਿਸ ਵਿਚ ਇਕ ਪਿੰਡ ਦੇ ਮਿਟਣ ਦੀ ਗਾਥਾ ਹੈ ਜਿਸ ਨੂੰ ਅੰਤ ਵਿਚ ਉਸ ਦੇ ਪਤੇ 'ਤੇ ਆਈ ਚਿੱਠੀ ਨੂੰ ਡਾਕੀਆ 'ਪਤਾ ਨਹੀਂ ਮਿਲਿਆ' ਕਹਿ ਕੇ ਵਾਪਸ ਭੇਜ ਦਿੰਦਾ ਹੈ।


-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823

30-01-2021

 ਬੋਲੀਆਂ ਦਾ ਬਾਦਸ਼ਾਹ
ਕਰਤਾਰ ਸਿੰਘ ਲੋਪੋਂ
ਸੰਪਾਦਕ : ਗੁਰਦੇਵ ਸਿੰਘ ਸਿੱਧੂ ਅਤੇ ਗੁਰਦੀਪ ਲੋਪੋਂ
ਪ੍ਰਕਾਸ਼ਕ : ਰਾਹਾਓ ਪਬਲੀਕੇਸ਼ਨ ਨਿਹਾਲ ਸਿੰਘ ਵਾਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98780-02774.

ਹਥਲੀ ਪੁਸਤਕ ਵਿਚ ਲੋਪੋਂ ਨਿਵਾਸੀ ਕਰਤਾਰ ਸਿੰਘ ਦੀਆਂ ਮਲਵਈ ਗਿੱਧੇ ਵਿਚ ਪ੍ਰਚਲਿਤ ਹੋਈਆਂ ਬੋਲੀਆਂ ਨੂੰ ਅੰਕਿਤ ਕੀਤਾ ਗਿਆ ਹੈ। ਕਰਤਾਰ ਸਿੰਘ ਭਾਵੇਂ ਅੱਖਰ ਗਿਆਨ ਤੋਂ ਕੋਰਾ ਸੀ ਪਰ ਬਹੁਤ ਸਾਰੇ ਕਿੱਸਾ ਬਿਰਤਾਂਤਾਂ ਤੋਂ ਵਾਕਿਫ ਅਤੇ ਰਸੀਆ ਸੀ। ਵਾਹੀ ਜੋਤੀ ਦੇ ਕੰਮ ਦੇ ਨਾਲ-ਨਾਲ ਉਸ ਵਿਚ ਸਹਿਜ, ਸਿਆਣਪ ਭਰਪੂਰ ਅਤੇ ਸਾਦਗੀ ਵਾਲੀ ਭਾਸ਼ਾ ਵਿਚ ਅਗੰਮੀ ਕਾਵਿ-ਸਿਰਜਣਾ ਪ੍ਰਵੇਸ਼ ਕਰ ਚੁੱਕੀ ਸੀ। ਆਪਣੇ ਨੇੜਲੇ ਮਿੱਤਰਾਂ ਦੇ ਸੰਗ ਸਾਥ ਉਹ ਮੇਲਿਆਂ ਮੁਸਾਹਦਿਆਂ 'ਤੇ ਸ਼ੌਕੀਆ ਤੌਰ 'ਤੇ ਮੌਕੇ 'ਤੇ ਹੀ ਬੋਲੀਆਂ ਸਿਰਜ ਕੇ ਪੇਸ਼ ਕਰਦਾ ਰਿਹਾ। ਪਿੰਡ ਨਿਵਾਸੀ ਕਾਕਾ ਦੀਨ ਅਤੇ ਗ੍ਰੰਥੀ ਪ੍ਰੀਤਮ ਸਿੰਘ ਦੁਆਰਾ ਫਾਰਸੀ ਅਤੇ ਗੁਰਮੁਖੀ ਅੱਖਰਾਂ ਵਿਚ ਲਿਖਵਾਉਂਦਾ ਰਿਹਾ।
ਪੁਸਤਕ ਦੇ ਦੋਵਾਂ ਸੰਪਾਦਕਾਂ ਦੀ ਖੇਤਰੀ-ਖੋਜ ਅਤੇ ਦਸਤਾਵੇਜ਼ੀ ਖੋਜ ਸਦਕਾ ਕਰਤਾਰ ਸਿੰਘ ਦੁਆਰਾ ਰਚਿਤ ਕਿੱਸਿਆਂ ਦੀਆਂ ਜੋ ਬੋਲੀਆਂ ਪ੍ਰਾਪਤ ਹਨ, ਇਸ ਪੁਸਤਕ ਦਾ ਸ਼ਿੰਗਾਰ ਬਣੀਆਂ ਹਨ। ਇਹ ਬੋਲੀਆਂ ਮਹਿਜ਼ ਮਲਵਈ ਖੇਤਰ ਤੱਕ ਦੇ ਵਰਣਨ ਦਾ ਦਰਪਣ ਹੀ ਨਹੀਂ ਹਨ, ਸਗੋਂ ਸਮੁੱਚੇ ਪੰਜਾਬੀ ਸਮਾਜਿਕ, ਸੱਭਿਆਚਾਰਕ, ਨੈਤਿਕ ਅਤੇ ਧਾਰਮਿਕ ਆਦਿ ਵਰਤਾਰੇ ਦੀ ਪੇਸ਼ਕਾਰੀ ਵੀ ਹਨ। ਇਨ੍ਹਾਂ ਬੋਲੀਆਂ ਵਿਚੋਂ ਪ੍ਰਗਟ ਹੁੰਦੀ ਪੰਜਾਬੀਅਤ, ਸਾਂਝੀਵਾਲਤਾ, ਪਿਆਰ-ਮੁਹੱਬਤ, ਰਿਸ਼ਤਿਆਂ ਦੀ ਪਾਕੀਜ਼ਗੀ ਆਦਿ ਦਾ ਵਰਣਨ ਖੂਬ ਮਿਲਦਾ ਹੈ। ਸੰਪਾਦਕ ਜਨਾਂ ਨੇ ਕਰਤਾਰ ਸਿੰਘ ਰਚਿਤ ਬੋਲੀਆਂ ਨੂੰ 'ਚਾਹ ਤੇ ਫੀਮ', ਬਾਰਾਂ ਮਾਹ, ਨਵਾਂ ਜੰਗ, ਪੂਰਨ ਪ੍ਰਕਾਸ਼, ਭਾਈ ਜੀ ਹਕੀਮ, ਹੀਰ, ਸੋਹਣੀ ਮਹੀਂਵਾਲ, ਕੌਲਾਂ ਰਸਾਲੂ, ਸਰਵਣ ਭਗਤ, ਪੈਂਤੀ ਅੱਖਰੀ ਅਤੇ ਫੁਟਕਲ ਬੋਲੀਆਂ ਦੇ ਸਿਰਲੇਖਾਂ ਤਹਿਤ ਅੰਕਿਤ ਕੀਤਾ ਹੈ।
ਇਨ੍ਹਾਂ ਬੋਲੀਆਂ ਦਾ ਆਰੰਭ, ਨਿਭਾਅ ਅਤੇ ਅੰਤਿਮ ਤੁਕ ਖੂਬ ਮਨੋਰੰਜਨਦਾਇਕ ਹੈ। ਬਹੁਤ ਸਾਰੀਆਂ ਬੋਲੀਆਂ ਵਿਚ ਕਰਤਾਰਾ ਸ਼ਬਦ ਤਾਂ ਹੈ ਹੀ ਹੈ ਕਿਤੇ-ਕਿਤੇ ਆਪਣੇ ਦੋਸਤ ਕਾਕਾ ਦੀਨ ਅਤੇ ਪ੍ਰੀਤਮ ਸਿੰਘ ਦਾ ਨਾਂਅ ਵੀ ਅੰਕਿਤ ਕੀਤਾ ਗਿਆ ਹੈ। ਆਮ ਪ੍ਰਚਲਿਤ ਬੋਲੀ ਵਿਚੋਂ ਇਕ ਤੁਕ ਹੈ ਕਿ ਵਿਆਹ ਕਰਤਾਰੇ ਦਾ ਚੱਕ ਲਓ ਢੋਲਕੀਆਂ ਛੈਣੇ। ਨਿਰਸੰਦੇਹ, ਇਹ ਸਾਰੀਆਂ ਬੋਲੀਆਂ ਲੋਕ ਕਾਵਿ ਰੂਪ ਦਾ ਦਰਜਾ ਹਾਸਲ ਕਰ ਚੁੱਕੀਆਂ ਹਨ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਆਓ ਸੱਚ ਜਾਣੀਏਂ
ਲੇਖਕ : ਸੁਰਜਨ ਜ਼ੀਰਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 256
ਸੰਪਰਕ : 98152-98459.

ਇਹ ਪੁਸਤਕ ਪੰਜਾਬ ਦੇ ਇਕ ਪ੍ਰਮੁੱਖ ਕਮਿਊਨਿਸਟ ਚਿੰਤਕ ਅਤੇ 'ਨਵਾਂ ਜ਼ਮਾਨਾ' ਅਖ਼ਬਾਰ ਦੇ ਸੰਪਾਦਕ ਸ੍ਰੀ ਸੁਰਜਨ ਜ਼ੀਰਵੀ ਦੇ ਸਮਕਾਲੀ ਮਸਲਿਆਂ ਅਤੇ ਕੁਝ ਅੰਤਰੰਗ ਮਿੱਤਰਾਂ ਬਾਰੇ ਲਿਖੇ ਲੇਖਾਂ ਅਤੇ ਸ਼ਬਦ-ਚਿਤਰਾਂ ਦਾ ਇਕ ਵਿਚਾਰ-ਉਤੇਜਕ ਸੰਗ੍ਰਹਿ ਹੈ। 'ਨਵਾਂ ਜ਼ਮਾਨਾ' ਵਿਚ ਕਈ ਵਰ੍ਹੇ ਪੱਤਰਕਾਰੀ ਦੇ ਖੇਤਰ ਵਿਚ ਪ੍ਰਮਾਣਿਕ ਕੰਮ ਕਰਨ ਤੋਂ ਬਾਅਦ ਅੱਜਕਲ੍ਹ ਉਹ ਕੈਨੇਡਾ ਵਿਚ ਨਿਵਾਸ ਕਰ ਰਿਹਾ ਹੈ। ਸਾਡੇ ਲਈ ਖੁਸ਼ੀ ਅਤੇ ਸੰਤੋਖ ਦੀ ਗੱਲ ਇਹ ਹੈ ਕਿ ਪਿਛਲੇ ਦੋ ਕੁ ਦਹਾਕਿਆਂ ਤੋਂ ਕੈਨੇਡਾ ਦੇ ਸੁਵਿਧਾਮਈ ਜੀਵਨ ਵਿਚ ਰਹਿਣ ਦੇ ਬਾਵਜੂਦ ਉਹ ਚੁੱਪ ਕਰਕੇ ਨਹੀਂ ਬੈਠਾ ਹੋਇਆ, ਬਲਕਿ ਉਥੇ ਵੀ ਨਿਰੰਤਰ ਪੰਜਾਬੀ ਪੱਤਰਕਾਰੀ ਨਾਲ ਜੁੜਿਆ ਰਿਹਾ ਹੈ। ਉਥੇ ਰਹਿੰਦਿਆਂ ਹੋਇਆਂ ਉਸ ਦੀਆਂ ਦੋ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਇਸ ਪੁਸਤਕ ਵਿਚ ਸੰਕਲਿਤ ਲੇਖਾਂ ਨੂੰ ਕਈ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੀ ਸ਼੍ਰੇਣੀ ਵਿਚ ਕੁਝ ਪ੍ਰਮੁੱਖ ਕਮਿਊਨਿਸਟ ਨੇਤਾਵਾਂ ਦੇ ਕਲਮੀ-ਚਿੱਤਰ ਆਉਂਦੇ ਹਨ, ਜਿਨ੍ਹਾਂ ਵਿਚ ਕਾਮਰੇਡ ਮਦਨ ਲਾਲ ਦੀਦੀ, ਕਾਮਰੇਡ ਨਰਿੰਦਰ ਜੋਸ਼ੀ ਅਤੇ ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਦੀ ਸ਼ਖ਼ਸੀਅਤ ਦੇ ਵਿਭਿੰਨ ਪਾਸਾਰ ਪੇਸ਼ ਹੋਏ ਹਨ। ਪ੍ਰਗਤੀਵਾਦੀ ਪੰਜਾਬੀ ਪੱਤਰਕਾਰੀ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਦਲਬੀਰ ਸਿੰਘ ਦਾ ਸ਼ਬਦ-ਚਿੱਤਰ ਵੀ ਇਸੇ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਦੂਜੀ ਸ਼੍ਰੇਣੀ ਵਿਚ ਕੁਝ ਅਜਿਹੇ ਚਿੱਤਰਕਾਰ ਜਾਂ ਲੇਖਕ ਆਉਂਦੇ ਹਨ, ਜੋ ਜੰਮੇ-ਪਲੇ ਤਾਂ ਇਧਰ ਪੰਜਾਬ ਜਾਂ ਇਸ ਦੇ ਆਸ-ਪਾਸ ਹੀ ਸਨ ਪਰ ਉਹ ਵਿਖਿਆਤ ਉਧਰ ਉੱਤਰੀ ਅਮਰੀਕਾ ਵਿਚ ਜਾ ਕੇ ਹੋਏ ਜਿਵੇਂ ਯੰਗੋ ਸਿੰਘ ਵਰਮਾ, ਸੋਹਨ ਕਾਦਰੀ, ਰਛਪਾਲ ਰਣੀਆਂ ਅਤੇ ਉਮਰ ਖ਼ਯਾਮ ਦੀਆਂ ਰੁਬਾਈਆਂ ਨੂੰ ਪੰਜਾਬੀ ਕਵਿਤਾ ਵਿਚ ਅਨੁਵਾਦਿਤ ਕਰਨ ਵਾਲਾ ਸ.ਸ. ਜੋਗੀ। ਇਸ ਪੁਸਤਕ ਵਿਚ ਸੋਹਨ ਕਾਦਰੀ ਦੀ ਇਕ ਕਾਵਿ-ਪੁਸਤਕ ਦੇ ਆਧਾਰ 'ਤੇ ਉਸ ਦੀਆਂ ਕਾਵਿਕ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ ਹੈ। ਸ.ਸ. ਜੋਗੀ ਵਾਲੇ ਲੇਖ ਵਿਚ ਉਮਰ ਖ਼ਯਾਮ ਦੀ ਕਾਵਿ ਕਲਾ ਬਾਰੇ ਵੀ ਕੁਝ ਨਵੇਂ ਜ਼ਾਵੀਏ ਪੇਸ਼ ਹੋਏ ਹਨ। ਯੰਗੋ ਵਰਮਾ ਅਤੇ ਰਛਪਾਲ ਰਣੀਆ ਵਰਗੇ ਲੇਖ ਲਿਖਣੇ ਕਾਫੀ ਮੁਸ਼ਕਿਲ ਸਨ ਪਰ ਸੁਰਜਨ ਜ਼ੀਰਵੀ ਇਧਰ ਭਾਰਤ ਤੋਂ ਹੀ ਕਲਾ ਨੂੰ ਇਸ ਦੇ ਸੰਰਚਨਾਤਮਕ ਅਤੇ ਵਿਚਾਰਧਾਰਾਈ ਪਰਿਪੇਖ ਵਿਚ ਰੱਖ ਕੇ ਵਾਚਣ ਦੀ ਕਲਾ ਵਿਚ ਨਿਪੁੰਨ ਸੀ। ਇਸ ਕਾਰਨ ਉਹ ਰੰਗਾਂ, ਲਕੀਰਾਂ, ਆਕਾਰਾਂ ਅਤੇ ਪ੍ਰਕਾਸ਼ ਜਾਂ ਪਰਛਾਈਆਂ ਵਿਚੋਂ ਉੱਭਰਦੀਆਂ ਸੰਵੇਦਨਾਵਾਂ ਅਤੇ ਭਾਵਨਾਵਾਂ ਨੂੰ ਪੜ੍ਹਨ-ਵਿਚਾਰਨ ਦੇ ਪੂਰੀ ਤਰ੍ਹਾਂ ਯੋਗ ਸਿੱਧ ਹੁੰਦਾ ਹੈ।
ਜਿਵੇਂ ਕਿ ਅਸੀਂ ਜ਼ੀਰਵੀ ਸਾਹਿਬ ਤੋਂ ਆਸ ਰੱਖਦੇ ਸਾਂ, ਇਸ ਪੁਸਤਕ ਵਿਚਲੇ ਬਹੁਤੇ ਲੇਖ ਅਮਰੀਕੀ ਧੌਂਸ, ਧੱਕੇਸ਼ਾਹੀ ਅਤੇ ਸੋਵੀਅਤ ਰੂਸ ਦੇ ਬਿਖਰ ਜਾਣ ਸਬੰਧੀ ਵੇਰਵਿਆਂ ਦੀ ਬੜੀ ਡੂੰਘੀ ਅਤੇ ਅੰਦਰਲੀ ਜਾਣਕਾਰੀ ਪ੍ਰਦਾਨ ਕਰਦੇ ਹਨ। ਕਾਰਲ ਮਾਰਕਸ ਦੇ ਜੀਵਨ ਅਤੇ ਸੰਘਰਸ਼ ਬਾਰੇ ਲਿਖਿਆ ਲੇਖ ਵੀ ਉਸ ਦੇ ਗਹਿਰੇ ਅਧਿਐਨ ਦੀ ਗਵਾਹੀ ਭਰਦਾ ਹੈ। ਜ਼ੀਰਵੀ ਫ਼ੈਜ਼ ਸਾਹਿਬ ਦੀ ਸ਼ਾਇਰੀ ਦਾ ਆਸ਼ਿਕ ਰਿਹਾ ਹੈ। ਇਹੀ ਕਾਰਨ ਹੈ ਕਿ ਉਸ ਦੇ ਬਹੁਤੇ ਲੇਖ ਉਨ੍ਹਾਂ ਦੇ ਕਿਸੇ ਸ਼ਿਅਰ ਨਾਲ ਸ਼ੁਰੂ ਜਾਂ ਸਮਾਪਤ ਹੁੰਦੇ ਹਨ। ਲੇਖਕ ਨੇ ਇਸ ਤੱਥ ਨੂੰ ਕਿੰਨੀ ਉਦਾਰਤਾ ਸਹਿਤ ਪ੍ਰਵਾਨ ਕੀਤਾ ਹੈ ਕਿ ਅਸੀਂ ਕਮਿਊਨਿਸਟ ਲੋਕ ਇਹੀ ਸਮਝਦੇ ਹਾਂ ਕਿ ਪੂਰੀ ਦੁਨੀਆ ਨੂੰ ਨਾ ਕੇਵਲ ਉਨ੍ਹਾਂ ਨੇ ਚੁੱਕਿਆ ਹੋਇਆ ਹੈ, ਬਲਕਿ ਇਹ ਘੁੰਮਦੀ ਵੀ ਸਾਡੇ ਆਸਰੇ ਹੀ ਹੈ। (ਪੰਨਾ 253) ਆਧੁਨਿਕ ਨਿਜ਼ਾਮ ਦੀਆਂ ਵਿਭਿੰਨ ਵਿਸੰਗਤੀਆਂ ਨੂੰ ਸਮਝਣ ਲਈ ਇਹ ਰਚਨਾ ਇਕ ਸ੍ਰੋਤ-ਪੁਸਤਕ ਦੀ ਭੂਮਿਕਾ ਨਿਭਾਏਗੀ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਜਿਉ ਕਰਿ ਸੂਰਜੁ ਨਿਕਲਿਆ
ਨਾਟਕਕਾਰ : ਕੇਵਲ ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 76
ਸੰਪਰਕ : 98142-99422.

ਇਹ ਪੁਸਤਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਵਿਚ ਮਹਾਰਾਜ ਜੀ ਦੇ ਸਮੁੱਚੇ ਜੀਵਨ ਦੀਆਂ ਪ੍ਰਮੁੱਖ ਝਾਕੀਆਂ ਨੂੰ ਨਾਟਕੀ ਰੂਪ ਵਿਚ ਦਰਸਾਇਆ ਗਿਆ ਹੈ। ਪੁਸਤਕ ਵਿਚ ਪਾਤਸ਼ਾਹ ਜੀ ਦੀ ਬਾਣੀ, ਫਿਲਾਸਫ਼ੀ ਅਤੇ ਸੰਦੇਸ਼ਾਂ ਨੂੰ ਸਾਖੀਆਂ ਰਾਹੀਂ ਰੂਪਮਾਨ ਕਰਨ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ। ਕਾਵਿ ਅਤੇ ਸੰਗੀਤ ਨਾਲ ਸ਼ਿੰਗਾਰੇ ਇਸ ਨਾਟਕ ਦੀਆਂ ਕੁਝ ਝਲਕਾਂ ਪੇਸ਼ ਹਨ
-ਸੁਣੋ ਅਮਰ ਕਥਾ ਬਾਬੇ ਨਾਨਕ ਦੀ
ਨੂਰ ਨੂਰੀ ਬਣ ਜੱਗ ਤੇ ਢਲਿਆ।
-ਤਾਰਨਹਾਰੇ ਸਤਿਗੁਰੂ ਜੀ ਨੇ
ਐਸੀ ਵਿਧੀ ਬਣਾਈ
ਗੁਰਾਂ ਨੇ ਬਾਣੀ ਉਚਾਰੀ ਤੇ
ਮਰਦਾਨੇ ਰਬਾਬ ਵਜਾਈ।
-ਨਨਕਾਣੇ ਵਿਚ ਚੜ੍ਹਿਆ ਸੂਰਜ,
ਕਰਤਾਰਪੁਰ ਆ ਰੁਸ਼ਨਾਇਆ
ਸ੍ਰੀ ਗੁਰੂ ਨਾਨਕ ਦੇਵ ਜੀ ਜਿਥੇ, ਆਖ਼ਰੀ ਸਮਾਂ ਬਿਤਾਇਆ।
-ਕਿਰਤ ਕਰਨੀ ਤੇ ਵੰਡ ਛਕਣਾ,
ਪੂਰੀ ਦੁਨੀਆ ਨੂੰ ਸਮਝਾ ਗਏ
ਸਤਿਨਾਮ ਵਾਹਿਗੁਰੂ ਦਾ ਮੰਤਰ,
ਸਭ ਦੇ ਕੰਨੀਂ ਪਾ ਗਏ।
ਗੁਰੂ ਮਹਾਰਾਜ ਜੀ ਦੇ ਸ਼ਾਨਾਮੱਤੇ, ਗੌਰਵਮਈ ਇਤਿਹਾਸ ਦੇ ਵੱਖੋ-ਵੱਖਰੇ ਰੰਗਾਂ 'ਤੇ ਚਾਨਣ ਪਾਉਂਦਾ ਇਹ ਨਾਟਕ ਸ਼ਲਾਘਾਯੋਗ ਹੈ। ਇਸ ਨਾਟਕ ਨੂੰ ਪੰਜਾਬ ਅਤੇ ਹੋਰ ਰਾਜਾਂ ਵਿਚ ਸਫਲਤਾਪੂਰਵਕ ਖੇਡਿਆ ਗਿਆ ਹੈ। ਅੱਖਾਂ ਨਾਲ ਦੇਖਣ ਦਾ ਪ੍ਰਭਾਵ ਸਭ ਤੋਂ ਵੱਧ ਹੁੰਦਾ ਹੈ। ਇਸ ਲਈ ਨਾਟਕ ਰੂਪ ਵਿਚ ਪੜ੍ਹਿਆਂ, ਅਨਪੜਿਆਂ ਅਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਲਾਹਾ ਮਿਲਦਾ ਹੈ। ਗੁਰੂ ਮਹਾਰਾਜ ਜੀ ਦੇ ਅਟੱਲ ਅਮਰ ਸੰਦੇਸ਼ ਨੂੰ ਗੁਰਬਾਣੀ ਦੀਆਂ ਤੁਕਾਂ ਰਾਹੀਂ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਪੜ੍ਹਨਯੋਗ, ਮਾਣਨਯੋਗ ਅਤੇ ਸਾਂਭਣਯੋਗ ਸਮੱਗਰੀ ਦਾ ਤਹਿ ਦਿਲੋਂ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

ਚਿਹਰਾ ਚਿਹਰਾ ਮੈਂ
ਕਵੀ : ਡਾ: ਰਵਿੰਦਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98724-82378

ਡਾ: ਰਵਿੰਦਰ ਦੀ ਹਥਲੀ ਕਾਵਿ ਪੁਸਤਕ 'ਚਿਹਰਾ ਚਿਹਰਾ ਮੈਂ' ਵਿਚ ਉਸ ਦੀਆਂ 43 ਕਾਵਿ ਰਚਨਾਵਾਂ ਸ਼ਾਮਿਲ ਹਨ। ਲੇਖਕ ਅਜੋਕੇ ਸਮਾਜਿਕ ਤਾਣੇ-ਬਾਣੇ ਦੀਆਂ ਦਿਨ ਪ੍ਰਤੀਦਿਨ ਹੋਰ ਉਲਝ ਰਹੀਆਂ ਗੁੰਝਲਾਂ ਅਤੇ ਭ੍ਰਿਸ਼ਟ ਰਾਜਨੀਤਕ ਵਰਤਾਰੇ ਤੋਂ ਡਾਢਾ ਚਿੰਤਾਵਾਨ ਹੈ। ਅਜੋਕੇ ਸਮਾਜ 'ਚ ਲੀਰੋ-ਲੀਰ ਹੋ ਰਹੇ ਖੂਨ ਦੇ ਰਿਸ਼ਤਿਆਂ ਦੀ ਚੀਸ, ਰਿਸ਼ਤਿਆਂ ਦੀ ਬਦਲ ਰਹੀ ਪਰਿਭਾਸ਼ਾ ਉਸ ਨੂੰ ਬੇਚੈਨ ਕਰਦੀ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਮਨੁੱਖ ਦੇ ਚਿਹਰੇ ਪਿੱਛੇ ਦਿਸਦੇ ਹੋਰ ਅਸੰਖ, ਅਨੇਕਾਂ ਚਿਹਰਿਆਂ ਦੀ ਦਾਸਤਾਨ, ਮਨੁੱਖੀ ਮਨ ਦੇ ਦਰਪਣ 'ਤੇ ਜੰਮੀ ਹੋਈ ਗਹਿਰੀ ਧੂੜ ਨੂੰ ਸਾਫ਼ ਕਰਨ ਦੀ ਨਸੀਹਤ, ਮਾਂ ਦੀ ਗੋਦ ਦਾ ਨਿੱਘ, ਸ਼ਬਦ ਦੀ ਤਾਕਤ, ਸਮੇਂ ਦੇ ਹੁਕਮਰਾਨਾਂ ਦੇ ਨਾਦਰਸ਼ਾਹੀ ਫ਼ਰਮਾਨਾਂ ਖਿਲਾਫ਼ ਵਿਦਰੋਹ ਉਮੜਦਾ ਹੈ।
ਕਵੀ ਕੋਰੋਨਾ ਮਹਾਂਮਾਰੀ ਦੌਰਾਨ ਕੁਦਰਤ ਵਲੋਂ ਮਨੁੱਖ ਨੂੰ ਦਿੱਤੇ ਸਬਕ ਨੂੰ ਗਹਿਰਾਈ ਨਾਲ ਵਾਚਣ ਦੀ ਨਸੀਹਤ ਦਿੰਦਾ ਹੈ। ਕੋਰੋਨਾ ਮਹਾਂਮਾਰੀ ਦੌਰ 'ਚ ਗ਼ਰੀਬ ਲੋਕਾਂ ਦੀ ਆਰਥਿਕ ਮੰਦਹਾਲੀ, ਭੁੱਖ, ਰੁਜ਼ਗਾਰ ਖੁੱਸਣ ਦੀ ਚੀਸ, ਰੋਜ਼ੀ-ਰੋਟੀ ਤੋਂ ਮੁਥਾਜ ਹੋਏ ਮਜ਼ਦੂਰਾਂ ਦਾ ਦਰਦ ਬਿਆਨਦਾ ਕਵੀ ਲਿਖਦਾ ਹੈ :
ਅੱਗ ਮੰਗੀ ਸੀ ਉਨ੍ਹਾਂ,
ਘਰਾਂ ਦੇ ਚੁੱਲ੍ਹਿਆਂ ਲਈ
ਸਫਰ ਮੰਗਿਆ, ਮੰਜ਼ਿਲ 'ਤੇ ਪਹੁੰਚਣ ਲਈ
ਭੁੱਖ ਕਬੂਲੀ ਸੀ, ਕਿਰਤ ਦੇ ਮਾਣ ਖ਼ਾਤਰ
ਵਿੱਦਿਆ ਮੰਗੀ, ਅੰਦਰ ਦਾ ਦੀਵਾ ਬਾਲਣ ਲਈ
ਬਹੁਤ ਜ਼ਿਆਦਾ ਦੇ ਦਿੱਤਾ ਏ, ਤੁਸੀਂ ਮਾਲਕੋ
ਸੋਚਾਂ ਲਈ ਨਫ਼ਰਤ ਦੇ ਭਾਂਬੜ, ਪੈਰਾਂ ਲਈ ਸਦੀਵੀ ਭਟਕਣ। (ਪੰਨਾ ਨੰਬਰ : 35)
ਕਵੀ ਅਜੋਕੇ ਦੌਰ 'ਚ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਕੇ ਗ਼ਲਤ ਰਸਤੇ ਲਿਜਾ ਰਹੇ ਚਾਲੂ, ਗ਼ੈਰ-ਮਿਆਰੀ ਕਿਸਮ ਦੇ ਗੀਤਾਂ ਦੇ ਰਚੇਤਾ ਅਤੇ ਗਾਇਕਾਂ 'ਤੇ ਗਹਿਰੀ ਚੋਟ ਕਰਦਾ ਉਸਾਰੂ ਸਾਹਿਤ ਰਚਨ ਦੀ ਪ੍ਰੇਰਨਾ ਦਿੰਦਾ ਹੈ :
ਸ਼ਾਇਰ ਪਿਆਰੇ, ਗਾਇਕ ਵੀਰੇ
ਸ਼ਬਦ, ਸੁਰਾਂ, ਸੰਗੀਤ, ਗਲੇ, ਆਵਾਜ਼ ਤੋਂ ਪੇਸ਼ਾ ਨਾ ਕਰਵਾਵੀਂ
ਮਾਨਵਤਾ ਲਈ ਪਿਆਰ, ਮੁਹੱਬਤ, ਖੁਸ਼ੀ, ਅਨੰਦ ਦਾ ਰਾਹ ਵਿਖਾਵੀਂ
ਇਨ੍ਹਾਂ ਕੋਲੋਂ ਖੂਨ ਦੀ ਹੋਲੀ ਨਾ ਖਿਡਵਾਵੀਂ।
ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ 'ਚ ਬੌਧਿਕ ਗਹਿਰਾਈ ਅਤੇ ਅਰਥ ਭਰਪੂਰ ਹੋਣ ਕਰਕੇ ਇਹ ਪੁਸਤਕ ਪੜ੍ਹਨ ਅਤੇ ਸਾਂਭਣਯੋਗ ਹੈ।

ਮਨਜੀਤ ਸਿੰਘ ਘੜੈਲੀ
ਮੋ: 98153-91625

ਮਿਥ : ਪੂਰਨ ਨਾਥ ਜੋਗੀ
ਲੇਖਿਕਾ : ਕੁਲਦੀਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96.
ਸੰਪਰਕ : 97795-95213

ਮਿਥ : ਪੂਰਨ ਨਾਥ ਜੋਗੀ ਡਾ: ਕੁਲਦੀਪ ਕੌਰ ਦੀ ਆਲੋਚਨਾ ਪੁਸਤਕ ਹੈ ਜਿਸ ਵਿਚ ਲੇਖਕਾ ਨੇ ਪ੍ਰੋ: ਪੂਰਨ ਸਿੰਘ ਦੀ ਲੰਬੀ ਕਵਿਤਾ ਵਿਚਲੀ ਮਿਥ ਸਬੰਧੀ ਡੂੰਘੀ ਪਰਖ ਪੜਚੋਲ ਨੂੰ ਆਪਣੀ ਇਸ ਪੁਸਤਕ ਦੇ ਵਸਤੂ ਵਜੋਂ ਪੇਸ਼ ਕੀਤਾ ਹੈ। 20ਵੀਂ ਸਦੀ ਵਿਚ ਪ੍ਰੋ: ਪੂਰਨ ਸਿੰਘ ਦੀ ਲੰਬੀ ਨਜ਼ਮ ਪੂਰਨ ਨਾਥ ਜੋਗੀ ਵਿਚ ਪੂਰਨ ਦੀ ਮਾਂ ਇਛਰਾਂ ਦਾ ਚਿਤਰਨ ਮਿਥਕ ਵਿਧੀ ਰਾਹੀਂ ਹੋਇਆ ਹੈ। ਲੇਖਿਕਾ ਨੇ ਇਸ ਪੁਸਤਕ ਵਿਚਲੇ ਆਪਣੇ ਥੀਸਿਸ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ। ਪਹਿਲੇ ਪਾਠ ਵਿਚ ਮਿਥ ਦੀ ਪਰਿਭਾਸ਼ਾ, ਸੰਕਲਪ ਅਤੇ ਪ੍ਰਵਿਰਤੀ ਬਾਰੇ ਚਰਚਾ ਕੀਤੀ ਗਈ ਹੈ। ਇਸ ਅਧਿਆਏ ਵਿਚ ਮਿਥ ਸਦੀਆਂ ਪੂਰਵ ਦਾਰਸ਼ਨਿਕਾਂ ਵਲੋਂ ਦਿੱਤੇ ਸਿਧਾਂਤਾਂ ਦੇ ਆਧਾਰ 'ਤੇ ਮਿਥ ਕਥਾਵਾਂ ਨੂੰ ਪੁਨਰ ਪਰਿਭਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਠ ਵਿਚ ਮਿਥ ਅਤੇ ਸਾਹਿਤ ਵਿਚਲੇ ਅੰਤਰ ਸਬੰਧਾਂ ਬਾਰੇ ਚਰਚਾ ਕੀਤੀ ਗਈ ਹੈ। ਲੇਖਿਕਾ ਇਸ ਨਿਸ਼ਕਰਸ਼ 'ਤੇ ਪਹੁੰਚਦੀ ਹੈ ਕਿ ਮਿਥ ਕਥਾਵਾਂ ਮਾਨਵ ਸਮਾਜ ਦਾ ਵਿਸ਼ਿਸ਼ਟ ਅੰਗ ਹਨ, ਜਿਹੜਾ ਆਪਣੇ ਵਿਸ਼ੇਸ਼ ਗੁਣਾਂ ਲੱਛਣਾਂ ਕਾਰਨ ਵਿਲੱਖਣ ਚਰਿੱਤਰ ਦਾ ਲਖਾਇਕ ਹੈ। ਮਿਥਾਂ ਦੀ ਮਨੁੱਖ ਦੇ ਸਮਾਜਿਕ, ਧਾਰਮਿਕ, ਨੈਤਿਕ ਤੇ ਵਿਹਾਰਕ ਜੀਵਨ ਵਿਚ ਅਹਿਮ ਭੂਮਿਕਾ ਹੈ। ਇਸੇ ਤਰ੍ਹਾਂ ਅਗਲੇ ਪਾਠ ਵਿਚ ਪੂਰਨ ਨਾਥ ਜੋਗੀ ਕਵਿਤਾ ਵਿਚਲੀ ਮਿਥ ਸਬੰਧੀ ਵਿਚਾਰ ਚਰਚਾ ਕੀਤੀ ਗਈ ਹੈ। ਇਸ ਕਵਿਤਾ ਵਿਚਲੀਆਂ ਵੱਖੋ-ਵੱਖ ਮਿਥਾਂ ਦੀ ਪਛਾਣ ਇਸ ਪਾਠ ਵਿਚ ਕੀਤੀ ਗਈ ਹੈ। ਇਸ ਬਾਰੇ ਲੇਖਿਕਾ ਇਹ ਨਿਸ਼ਕਰਸ਼ 'ਤੇ ਪਹੁੰਚਦੀ ਹੈ, ਮੱਧ ਕਾਲ ਵਿਚ ਮਿਥ ਦੀ ਦਿਬਦਾ ਬਹੁਤ ਵੱਡੀ ਭੂਮਿਕਾ ਅਦਾ ਕਰਦੀ ਹੈ। ਉਹ ਮਨੁੱਖੀ ਪਾਤਰਾਂ ਨੂੰ ਵਡਿਆਉਣ ਲਈ ਦੈਵੀ ਸੰਸਾਰ ਨਾਲ ਇਕਸੁਰ ਕਰ ਦਿੰਦੀ ਹੈ। ਪ੍ਰੋ: ਪੂਰਨ ਸਿੰਘ ਦੀ ਇਹ ਕਵਿਤਾ ਵਿਸ਼ੇਸ਼ ਮਹੱਤਤਾ ਦੀ ਧਾਰਨੀ ਹੈ। ਮਿਥ ਅਤੇ ਬਿਰਤਾਂਤ ਨਾਲੋ-ਨਾਲ ਚਲਦਿਆਂ ਸੰਤੁਲਨ ਬਣਾਈ ਰੱਖਦੇ ਹਨ। ਕਵੀ ਨੇ ਸੂਰਜ, ਅਗਨੀ-ਦੁਰਗਾ, ਭਵਾਨੀ, ਮਾਂ ਰੱਬੀ ਰੂਪ ਆਦਿ ਸਥਾਪਤ ਪ੍ਰਤੀਕ ਸਿਰਜਣਾ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ।
ਇਸ ਤੋਂ ਬਾਅਦ ਅੰਤਿਮ ਅਧਿਆਏ ਵਿਚ ਲੇਖਿਕਾ ਨੇ ਪੂਰਨ ਨਾਥ ਜੋਗੀ ਕਵਿਤਾ ਦਾ ਮੂਲ ਪਾਠ ਦਿੱਤਾ ਹੈ। ਇਉਂ ਇਹ ਪੁਸਤਕ ਮਿਥ ਬਾਰੇ ਵਿਸਤਾਰ ਸਾਹਿਤ ਚਰਚਾ ਕਰਦੀ ਪੂਰਨ ਨਾਥ ਜੋਗੀ ਕਵਿਤਾ ਵਿਚਲੀ ਮਿਥ ਬਾਰੇ ਅਨੇਕ ਨੁਕਤੇ ਉਜਾਗਰ ਕਰਦੀ ਹੈ। ਉਮੀਦ ਹੈ ਖੋਜਾਰਥੀਆਂ, ਪਾਠਕਾਂ ਤੇ ਲੇਖਕਾਂ ਲਈ ਇਹ ਪੁਸਤਕ ਫਾਇਦੇਮੰਦ ਹੋਵੇਗੀ।

ਡਾ: ਅਮਰਜੀਤ ਕੌਂਕੇ।

ਉਡਦੇ ਬੋਲ
ਲੇਖਕ : ਚੰਨ ਅਮਰੀਕ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98780-70130.

ਸ਼ਾਇਰ ਚੰਨ ਅਮਰੀਕ ਹਥਲੀ ਕਾਵਿ-ਕਿਤਾਬ 'ਉਡਦੇ ਬੋਲ' ਤੋਂ ਪਹਿਲਾਂ 'ਮੈਂ ਜੋ ਚਾਹਿਆ' ਨਾਂਅ ਦਾ ਕਾਵਿ-ਸੰਗ੍ਰਹਿ ਪੰਜਾਬੀ ਅਦਬ ਦੀ ਝੋਲੀ ਪਾ ਚੁੱਕਾ ਹੈ। ਸ਼ਾਇਰ ਜਲ ਸਰੋਤ ਮਹਿਕਮੇ ਦਾ ਸੇਵਾ-ਮੁਕਤ ਅਧਿਕਾਰੀ ਹੈ ਜੋ ਸੇਵਾ-ਮੁਕਤੀ ਉਪਰੰਤ ਅੰਮ੍ਰਿਤਸਰ ਸਿਫ਼ਤੀ ਦਾ ਘਰ ਵਿਖੇ ਕਵਿਤਾ ਨਾਲ ਕੁੱਲ ਵਕਤੀ ਕਲਿੰਗੜੀ ਪਾਈ ਕਵਿਤਾ ਨਾਲ ਅਠਖੇਲੀਆਂ ਕਰ ਰਿਹਾ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਉਸ ਦੀ ਨਜ਼ਮ 'ਸੂਹੀ ਸਵੇਰ' ਤੋਂ ਸਹਿਜੇ ਹੀ ਹੱਥ ਆ ਜਾਂਦੀ ਹੈ। ਜਦੋਂ ਉਹ ਕਹਿੰਦਾ ਹੈ ਕਿ ਉਸ ਨੇ ਸੋਚਾਂ ਨਾਲ ਸੂਰਜ ਨੂੰ ਵੱਸ ਕਰ ਲਿਆ ਹੈ। ਪਲੈਖਾਨੋਵ ਆਖਦਾ ਹੈ ਕਿ ਬੰਦੇ ਦਾ ਮੱਥਾ ਖ਼ੂਬਸੂਰਤ ਨਹੀਂ ਹੁੰਦਾ, ਖ਼ੂਬਸੂਰਤ ਤਾਂ ਮੱਥੇ ਅੰਦਰ ਪਿਆ ਸੋਚਾਂ ਦਾ ਖੂਬਸੂਰਤ ਖ਼ਿਆਲ ਹੁੰਦਾ ਹੈ। ਸ਼ਾਇਰ ਦੀ ਇਹ ਸੋਚ 104 ਸਫ਼ਿਆਂ ਤੱਕ ਫੈਲੀ ਹੋਈ ਹੈ। ਉਹ ਆਪਣੀ ਸੋਚ ਦੀ ਲੱਜ ਪਾਲਣ ਲਈ ਦੁਕਾਨਾਂ ਵਾਂਗ ਖੁੱਲ੍ਹੇ ਡੇਰੇਦਾਰਾਂ ਤੇ ਧਾਰਮਿਕ ਅਸਥਾਨਾਂ ਨੂੰ ਆੜੇ ਹੱਥੀਂ ਲੈਂਦਾ ਹੈ ਜੋ ਭੋਲੇ-ਭਾਲੇ ਲੋਕਾਂ ਦੀ ਹੱਡ ਭੰਨਵੀਂ ਕਮਾਈ 'ਤੇ ਅੰਨ੍ਹੀ ਸ਼ਰਧਾ ਦੀ ਜੁਗਾੜਬੰਦੀ ਰਾਹੀਂ ਡਾਕਾ ਮਾਰ ਰਹੇ ਹਨ। ਉਹ ਆਪਣੀਆਂ ਨਜ਼ਮਾਂ ਵਿਚ ਰੋਸੇ, ਮੇਹਣੇ, ਮੰਨਣ ਮਨਾਉਣ ਅਤੇ ਮੁਹੱਬਤ ਨਾਲ ਤਰੰਗਤ ਸ਼ਬਦਾਂ ਨਾਲ ਖ਼ੂਬਸੂਰਤ ਤਸਵੀਰਕਸ਼ੀ ਕਰਦਾ ਹੈ। ਉਹ ਜਿਸਮਾਂ ਨੂੰ ਹਾਬੜੀਆਂ ਅੱਖਾਂ ਨਾਲ ਦੇਖਦੇ ਭੇੜੀਆਂ ਤੋਂ ਔਰਤਾਂ ਅਤੇ ਧੀਆਂ ਧਿਆਣੀਆਂ ਨੂੰ ਜਾਗਰੂਕ ਕਰਨ ਦੇ ਨਾਲ ਚਰਿੱਤਰ ਦੀ ਸੁੱਚਮਤਾ 'ਤੇ ਪਹਿਰਾ ਦੇਣ ਦਾ ਹੋਕਾ ਵੀ ਦਿੰਦਾ ਹੈ। ਜਾਤ-ਪਾਤ ਦੇ ਫੈਲੇ ਕੋਹੜ 'ਤੇ ਵੀ ਨਸ਼ਤਰ ਚਲਾਉਂਦਾ ਹੈ ਅਤੇ ਜ਼ਿੰਦਗੀ ਜਿਊਣ ਦੀ ਤਾਂਘ ਪੈਦਾ ਕਰਦਾ ਹੈ ਕਿਉਂਕਿ ਜ਼ਿੰਦਗੀ ਦਾ ਕੋਈ ਹੋਰ ਬਦਲ ਤਾਂ ਹੁੰਦਾ ਹੀ ਨਹੀਂ। ਸਮਾਜ ਅੰਦਰ ਮਨੁੱਖੀ ਸਰੋਕਾਰਾਂ ਦੇ ਵਰਤਾਰਿਆਂ ਨਾਲ ਖ਼ੁਰਦਬੀਨੀ ਅੱਖ ਨਾਲ ਸਕੈਨਿੰਗ ਕਰਦਿਆਂ ਮਨੁੱਖਾ ਜ਼ਿੰਦਗੀ ਨੂੰ ਹੋਰ ਬਿਹਤਰ ਢੰਗ ਨਾਲ ਜੀਣ-ਥੀਣ ਦੀ ਤਲਬ ਪੈਦਾ ਕਰਦਾ ਹੈ। ਸ਼ਾਇਰ ਦੀ ਸ਼ਾਇਰੀ ਦੇ ਦੂਸਰੇ ਪਰਾਰਾਂ ਨੂੰ ਜੀ ਆਇਆਂ ਨੂੰ ਕਹਿਣਾ ਤਾਂ ਬਣਦਾ ਹੀ ਹੈ।

ਭਗਵਾਨ ਢਿੱਲੋਂ
ਮੋ: 98143-78254.

24-01-2021

ਜਾ ਤੇਰਾ ਬੰਦਾ
ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ

ਲੇਖਕ : ਕਮੋਡੋਰ ਗੁਰਨਾਮ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 550 ਰੁਪਏ, ਸਫ਼ੇ : 438
ਸੰਪਰਕ : 098181-59944.


ਕਮੋਡੋਰ ਗੁਰਨਾਮ ਸਿੰਘ ਇਕ ਬਹੁਵਿਧਾਵੀ ਸਾਹਿਤਕ ਸ਼ਖ਼ਸੀਅਤ ਹੈ। ਉਹ ਕਹਾਣੀਕਾਰ, ਨਾਵਲਕਾਰ, ਨਿਬੰਧਕਾਰ ਅਤੇ ਅਨੁਵਾਦਕ ਵੀ ਹੈ। ਹਥਲੀ ਪੁਸਤਕ 'ਜਾ ਤੇਰਾ ਬੰਦਾ' ਵਿਚ ਉਸ ਨੇ ਬਾਬਾ ਬੰਦਾ ਸਿੰਘ ਜੀ ਦੇ ਸੰਘਰਸ਼ ਨੂੰ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ। ਇਹ ਉਸ ਦਾ ਉਪਾਧੀ-ਨਿਰਪੇਖ ਖੋਜ ਕਾਰਜ ਹੈ। ਲੇਖਕ ਨੇ ਇਸ ਨੂੰ ਮੁੱਖ ਤਿੰਨ ਭਾਗਾਂ (39 ਅਧਿਆਵਾਂ) ਵਿਚ ਸੰਪੰਨ ਕੀਤਾ ਹੈ। ਇਤਿਹਾਸ ਗਵਾਹ ਹੈ, ਮੁਗ਼ਲਾਂ ਦੀ ਹਕੂਮਤ ਨੇ ਜ਼ੁਲਮਾਂ ਦੀ ਅੱਤ ਚੁੱਕੀ ਹੋਈ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਬੱਚਿਆਂ ਦੀ ਸ਼ਹੀਦੀ ਯਾਦ ਕਰਕੇ ਸੰਸਾਰ ਹੁਣ ਤੱਕ ਤੜਪਦਾ ਹੈ। ਜਬੈ ਬਾਣ ਲਾਗਯੋ॥ ਤਬੈ ਰੋਸ ਜਾਗਯੋ॥ ਅਜਿਹੀ ਜ਼ੁਲਮੀ ਸਰਕਾਰ ਦੀਆਂ ਜੜ੍ਹਾਂ ਤਾਂ ਉਖੇੜਨੀਆਂ ਹੀ ਪੈਣੀਆਂ ਸਨ। ਪਰ ਇਨ੍ਹਾਂ ਪਾਪ ਦੀਆਂ ਜੜ੍ਹਾਂ ਨੂੰ ਉਖੇੜਣ ਲਈ ਇਕ ਸਿਰੜੀ ਯੋਧੇ ਦੀ ਲੋੜ ਸੀ, ਜੋ ਸੀਸ ਤਲੀ 'ਤੇ ਧਰ ਸਕਦਾ ਹੋਵੇ। ਗੁਰੂ ਗੋਬਿੰਦ ਸਿੰਘ ਜੀ ਦੀ ਪਾਰਖੂ ਦ੍ਰਿਸ਼ਟੀ ਨੇ ਨਾਂਦੇੜ ਸਾਹਿਬ ਵਿਖੇ ਮਾਧੋ ਦਾਸ ਬੈਰਾਗੀ ਵਿਚ ਅਜਿਹੇ ਗੁਣ ਵੇਖ ਕੇ ਉਸ ਨੂੰ ਸਿੰਘ ਸਜਾ ਕੇ 25 ਸਿੰਘਾਂ ਦੀ ਟੁਕੜੀ ਸਮੇਤ ਮੁਗ਼ਲਾਂ ਦਾ ਨਾਸ਼ ਕਰਨ ਲਈ ਰਵਾਨਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਮਾਲਵੇ, ਮਾਝੇ ਦੀਆਂ ਜਿੱਤਾਂ ਜਿੱਤਦਿਆਂ ਮੁਗ਼ਲਾਂ ਦੇ ਜ਼ੁਲਮਾਂ ਵਿਰੁੱਧ ਭੜਥੂ ਪਾ ਦਿੱਤਾ। ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। 'ਚੱਪੜ ਚਿੜੀ' ਦੇ ਮੈਦਾਨ ਵਿਚ ਵਜ਼ੀਰ ਖਾਂ ਨੂੰ ਲਲਕਾਰ ਕੇ ਇੰਜ ਮਾਰਿਆ : '...ਤੇਜ਼ ਧਾਰ ਸ਼ਮਸ਼ੀਰ ਵਜ਼ੀਰ ਖਾਂ ਦਾ ਮੋਢਾ, ਹਿੱਕ ਅਤੇ ਪਸਲੀਆਂ ਚੀਰਦੀ ਹੋਈ ਉਸ ਦੇ ਸਰੀਰ ਨੂੰ ਦੋ ਕਰ ਕੇ ਪਾਰ ਹੋ ਗਈ...।' ਪੰ: 174. ਇਵੇਂ ਬਹਾਦਰ ਸ਼ਾਹ ਮਾਯੂਸ ਹੋਇਆ, ਲਾਹੌਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰ-ਡਰ ਕੰਬਦਾ ਸੀ। ਬੈਰਾਗੀ ਬੰਦੇ ਪਾਸ ਕਾਲਾ ਜਾਦੂ ਸਮਝਦਾ ਸੀ। ਕੁੱਤੇ ਭੌਂਕਦੇ, ਖੋਤੇ ਹਿਣਕਦੇ ਸੁਣ ਕੇ ਭੈਭੀਤ ਹੋ ਜਾਂਦਾ ਸੀ ਕਿ 'ਬੰਦਾ' ਨਾ ਆ ਜਾਵੇ। ਮਰਨ ਤੋਂ ਪਹਿਲਾਂ 'ਨੀਮ ਪਾਗਲਾਂ ਵਾਂਗ ਵਿਹਾਰ ਕਰਨ ਲੱਗ ਪਿਆ ਸੀ।' ਪੰ: 284. ਅਜਿਹੀਆਂ ਘਟਨਾਵਾਂ ਪੜ੍ਹ ਕੇ ਇਹ ਰਚਨਾ 'ਵਾਰਤਕ ਵਿਚ ਲਿਖਿਆ ਜੰਗਨਾਮਾ ਬਾਬਾ ਬੰਦਾ ਸਿੰਘ ਬਹਾਦਰ' ਜਾਪਣੀ ਸੁਭਾਵਿਕ ਹੈ। ਪਰ ਮੁਗ਼ਲਾਂ ਦੀ ਫ਼ੌਜ ਵੀ ਬੰਦਾ ਬਹਾਦਰ ਦਾ ਲਗਾਤਾਰ ਪਿੱਛਾ ਕਰਦੀ ਰਹੀ ਅਤੇ ਉਸ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਗ੍ਰਿਫ਼ਤਾਰ ਕਰਕੇ ਦਿੱਲੀ ਵਿਖੇ ਜਲਾਦਾਂ ਦੇ ਹਵਾਲੇ ਕਰ ਦਿੱਤਾ। ਇਹ ਦ੍ਰਿਸ਼ ਪੜ੍ਹ ਸਕਣਾ ਬਹੁਤ ਹਿਰਦੇਵੇਧਕ ਹੈ। ਪਾਠਕ ਦੇ ਨੈਣਾਂ 'ਚੋਂ ਪਰਲ-ਪਰਲ ਹੰਝੂ ਵਹਿ ਸਕਦੇ ਹਨ। ਜਲਾਦਾਂ ਨੇ ਪਹਿਲਾਂ ਬਾਬੇ ਨੂੰ ਕਿਹਾ ਆਪਣੇ 4 ਸਾਲਾ ਪੁੱਤਰ ਅਜੈ ਸਿੰਘ ਨੂੰ ਕਤਲ ਕਰੇ। ਬਾਬਾ ਜੀ ਦੇ ਇਨਕਾਰ ਕਰਨ 'ਤੇ ਉਸ ਤੋਂ ਬੱਚਾ ਖੋਹ ਕੇ ਛੁਰੀ ਨਾਲ ਉਸ ਮਾਸੂਮ ਦਾ ਗਲਾ ਚੀਰ ਦਿੱਤਾ... ਉਸ ਦਾ ਧੜਕਦਾ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ 'ਚ ਤੁੰਨਿਆ। ਪੰ. 328. ਇਸ ਤੋਂ ਬਾਅਦ ਬੰਦਾ ਸਿੰਘ ਨੂੰ ਤੜਫਾ ਕੇ ਮਾਰਿਆ। ਇਕ ਅੱਖ ਕੱਢ ਦਿੱਤੀ। ਇਕ ਬਾਂਹ, ਇਕ ਲੱਤ ਵੱਢ ਦਿੱਤੀ।
ਬਾਬਾ ਜੀ ਸ਼ਹੀਦ ਹੋ ਗਏ। ਇਹ ਸ਼ਹੀਦੀ ਬੇਕਾਰ ਨਹੀਂ ਗਈ। ਇਹ ਸ਼ਹੀਦੀ ਮੁਗ਼ਲ ਰਾਜ ਦੇ ਕੱਫ਼ਨ ਵਿਚ ਕਿੱਲ ਸਾਬਤ ਹੋਈ। ਭਾਰਤੀਆਂ ਨੂੰ ਆਜ਼ਾਦੀ ਦੀ ਸੋਝੀ ਆਈ। ਮੁਗ਼ਲ ਰਾਜ ਖ਼ਤਮ ਹੋਇਆ। ਸਿੱਖ ਮਿਸਲਾਂ ਹੋਂਦ ਵਿਚ ਆਈਆਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਲਈ ਰਾਹ ਪੱਧਰਾ ਹੋਇਆ। ਸਿੱਖਾਂ ਦੀਆਂ ਰਜਮੈਂਟਾਂ ਬਣਨੀਆਂ ਆਰੰਭ ਹੋਈਆਂ।
ਨਿਰਸੰਦੇਹ ਕਮੋਡੋਰ ਗੁਰਨਾਮ ਸਿੰਘ ਨੇ ਇਸ ਪੁਸਤਕ ਨੂੰ ਥੀਸਿਸ ਵਾਂਗ ਤਿਆਰ ਕੀਤਾ ਹੈ। ਤਾਂ ਵੀ ਉਸ ਨੇ ਭਵਿੱਖ ਦੇ ਖੋਜਾਰਥੀਆਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਡੂੰਘੀ ਖੋਜ ਕਰਨ ਲਈ ਪ੍ਰੇਰਿਤ ਕੀਤਾ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.
ਮਾਨਸਿਕ ਉਲਝਣਾਂ ਅਤੇ ਸੁਝਾਅ
ਲੇਖਕ : ਡਾ: ਅਜਾਇਬ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 0161-2463978.


ਡਾ: ਅਜਾਇਬ ਸਿੰਘ ਇਕ ਦਰਜਨ ਪੁਸਤਕਾਂ ਲਿਖ ਚੁੱਕੇ ਹਨ। ਉਨ੍ਹਾਂ ਦੀ ਪੁਸਤਕ 'ਜੀਵਨ ਦੇ ਗੁੱਝੇ ਭੇਦ' ਦੇ ਪੰਜ ਐਡੀਸ਼ਨ ਛਪ ਚੁੱਕੇ ਹਨ, ਕਈ ਹੋਰ ਪੁਸਤਕਾਂ ਦੇ ਵੀ ਇਕ ਤੋਂ ਵੱਧ ਐਡੀਸ਼ਨ ਛਪੇ ਹਨ। ਇਹ ਇਸ ਗੱਲ ਦਾ ਸੰਕੇਤ ਹਨ ਕਿ ਲੇਖਕ ਦਾ ਲਿਖਣ ਪੱਧਰ ਕਿਸ ਪੱਧਰ ਦਾ ਹੈ। ਹਥਲੀ ਪੁਸਤਕ ਮਾਨਸਿਕ ਉਲਝਣਾਂ 'ਤੇ ਆਧਾਰਿਤ ਹੈ। ਮਨੋਵਿਗਿਆਨਕ ਵਿਸ਼ਿਆਂ 'ਤੇ ਰਚਨਾਕਾਰੀ ਕਰਨਾ ਕਾਫ਼ੀ ਕਠਿਨ ਕਾਰਜ ਹੁੰਦਾ ਹੈ। ਅੰਦਰਲੀ ਹਿਲਜੁੱਲ ਮਨੁੱਖੀ ਜੀਵਨ ਦੇ ਕਈ ਪੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਮਾਨਸਿਕ ਕਿਰਿਆਵਾਂ ਦਾ ਪ੍ਰਭਾਵ ਸਿੱਧੇ ਤੌਰ 'ਤੇ ਸਰੀਰਕ ਕਿਰਿਆਵਾਂ 'ਤੇ ਪੈਂਦਾ ਹੈ। ਇਸ ਪੁਸਤਕ ਨੂੰ ਦੋ ਭਾਗਾਂ 'ਚ ਵੰਡਿਆ ਗਿਆ ਹੈ। ਪਹਿਲੇ ਭਾਗ 'ਚ ਇਕ ਦਰਜਨ ਅਤੇ ਦੂਜੇ ਭਾਗ 'ਚ ਕਰੀਬ ਡੇਢ ਦਰਜਨ ਲੇਖ ਹਨ। ਇਨ੍ਹਾਂ ਦੇ ਵਿਸ਼ੇ ਭਾਵੇਂ ਅਲੱਗ-ਅਲੱਗ ਹਨ, ਪਰ ਸਮੁੱਚੇ ਰੂਪ 'ਚ ਇਕ ਕੜੀ ਦਾ ਕੰਮ ਕਰਦੇ ਹਨ। ਲੇਖਕ ਨੇ ਯੋਗ ਆਸਣਾਂ ਨੂੰ ਮਨੁੱਖੀ ਸਿਹਤ ਦੇ ਕਈ ਪੱਖਾਂ ਤੋਂ ਫ਼ਾਇਦੇਮੰਦ ਦੱਸਿਆ ਹੈ। ਬਹੁਤ ਸਾਰੀਆਂ ਬਿਮਾਰੀਆਂ ਨਾਲ ਟਾਕਰਾ ਕਰਨ, ਲੰਬੀ ਉਮਰ ਭੋਗਣ, ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਨ੍ਹਾਂ ਦੀ ਮਹੱਤਤਾ 'ਤੇ ਰੌਸ਼ਨੀ ਪਾਈ ਗਈ ਹੈ। ਯੋਗ ਆਸਣਾਂ ਦਾ ਨਾਂਅ ਲਿਖ ਕੇ ਉਨ੍ਹਾਂ ਦੀ ਮਹੱਤਤਾ ਵੀ ਦਰਸਾਈ ਹੈ। ਵਿਆਹੁਤਾ ਜੀਵਨ ਸੁਖੀ ਬਤੀਤ ਕਰਨ ਦੇ ਕਈ ਮਹੱਤਵਪੂਰਨ ਨੁਕਤਿਆਂ 'ਤੇ ਚਾਨਣਾ ਪਾਇਆ ਹੈ। ਲੇਖਕ ਨੇ ਪਤੀ-ਪਤਨੀ ਦਰਮਿਆਨ ਪਿਆਰ, ਸਤਿਕਾਰ ਵਧਾਉਣ, ਉਨ੍ਹਾਂ 'ਚ ਆਪਸੀ ਕਲੇਸ਼ ਪੈੈਣ, ਵਿਆਹੁਤਾ ਜੀਵਨ ਦਾ ਮਹੱਤਵ, ਗਰਭ ਕਾਲ ਦੌਰਾਨ ਔਰਤ ਦੀ ਮਨੋਦਸ਼ਾ, ਬੱਚਿਆਂ ਦੀ ਸ਼ਖ਼ਸੀਅਤ ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ, ਮਨੋਰੋਗਾਂ ਦੇ ਕਾਰਨ ਤੇ ਇਲਾਜ ਅਤੇ ਹੋਰ ਵਿਸ਼ਿਆਂ 'ਤੇ ਬੜਾ ਹੀ ਖ਼ੂਬਸੂਰਤ ਤੇ ਸਰਲ ਭਾਸ਼ਾ 'ਚ ਲਿਖਿਆ ਹੈ। ਅਜੋਕੇ ਸਮੇਂ ਅੰਦਰ ਅਜਿਹੀਆਂ ਪੁਸਤਕਾਂ ਹਰੇਕ ਵਿਅਕਤੀ ਨੂੰ ਲਾਜ਼ਮੀ ਪੜ੍ਹਨੀਆਂ ਚਾਹੀਦੀਆਂ ਹਨ।


-ਮੋਹਰ ਗਿੱਲ ਸਿਰਸੜੀ
ਮੋ: 98156-59110




ਮਿੱਟੀ ਦੇ ਚੁੱਲ੍ਹੇ
ਲੇਖਕ : ਦਰਸ਼ਨ ਬੋਪਾਰਾਏ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 106
ਸੰਪਰਕ : 98158-94856.


ਹਥਲੀ ਕਾਵਿ-ਕਿਤਾਬ 'ਮਿੱਟੀ ਦੇ ਚੁੱਲ੍ਹੇ' ਦਾ ਸ਼ਾਇਰ ਪਹਿਲਾਂ ਵੀ 'ਮੁਖੌਟਿਆਂ ਦੀ ਭੀੜ' ਕਾਵਿ-ਕਿਤਾਬ ਪੰਜਾਬੀ ਅਦਬ ਦੇ ਰੂਬਰੂ ਕਰਾ ਚੁੱਕਿਆ ਹੈ। ਸ਼ਾਇਰ ਬੈਂਕ ਦਾ ਸੇਵਾ-ਮੁਕਤ ਅਧਿਕਾਰੀ ਹੈ ਤੇ ਸਰਵਿਸ ਦੌਰਾਨ ਉਸ ਦੇ ਅੰਦਰ ਕਵਿਤਾ ਉਸਲਵੱਟੇ ਲੈਂਦੀ-ਲੈਂਦੀ ਹਾਈਬਰਨੇਸ਼ਨ ਦੀ ਅਵਸਥਾ ਵਿਚ ਚਲੀ ਗਈ। ਸੇਵਾ-ਮੁਕਤੀ ਉਪਰੰਤ ਮੌਸਮ ਸਾਜਗਾਰ ਹੋ ਗਿਆ ਤੇ ਹੁਣ ਸ਼ਾਇਰੀ ਦੇ ਆਵੇਸ਼ ਦਾ ਝਰਨਾ ਏਨਾ ਪ੍ਰਬਲ ਹੋ ਗਿਆ ਹੈ ਕਿ ਲਗਪਗ ਹਰ ਰੋਜ਼ ਹੀ ਨਵੀਂ ਫੁੱਟੀ ਨਜ਼ਮ ਦੀਆਂ ਕਰੂੰਬਲਾਂ ਫੇਸਬੁੱਕ ਦੇ ਮਾਧਿਅਮ ਰਾਹੀਂ ਪਾਠਕਾਂ ਦੇ ਅੰਗ-ਸੰਗ ਕਰਾਉਂਦਾ ਰਹਿੰਦਾ ਹੈ। ਸ਼ਾਇਰ ਬੌਧਿਕ ਮੁਹਾਵਰੇ ਦਾ ਕਵੀ ਹੈ ਤੇ ਉਸ ਦੀ ਸ਼ਾਇਰੀ ਦੇ ਡੂੰਘ ਤੱਕ ਜਾਣ ਲਈ ਨਾਰੀਅਲ ਨੂੰ ਛਿੱਲ ਕੇ ਖੋਪੇ ਦੀ ਗਿਰੀ ਅਤੇ ਗਿਰੀ ਅੰਦਰ ਪਏ ਤਰਲ ਪਦਾਰਥਾਂ ਤੱਕ ਪਹੁੰਚਣ ਦੇ ਤਰੱਦਦ ਰਾਹੀਂ ਗੁਜ਼ਰਨਾ ਪੈਂਦਾ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਉਸ ਦੀ ਨਜ਼ਮ ਮਿੱਟੀ ਦੇ ਚੁੱਲ੍ਹੇ ਵਿਚੋਂ ਸਹਿਜੇ ਹੀ ਹੱਥ ਆ ਜਾਂਦੀ ਹੈ ਜਿਥੇ ਰੰਗ ਬਦਲਦੇ ਤਖ਼ਤ ਦੇ ਪਾਵਿਆਂ ਨੂੰ ਫੈਵੀਕੋਲ ਲਗਾ ਰਹੇ ਦੰਭੀ ਸਿਆਸਤਦਾਨਾਂ ਦੀ ਹਿਮਾਕਤੀ ਸੁਰ ਵਿਚ ਰੋਟੀ ਲਈ ਤਪਦੇ ਚੁੱਲ੍ਹੇ ਰੱਖਣ ਲਈ ਬੰਦੇ ਨੂੰ ਜੱਦੋ-ਜਹਿਦ ਕਰਨੀ ਪੈਂਦੀ ਹੈ। ਪਾਬਲੋ ਨਰੂਦਾ ਰੋਟੀ ਲਈ ਆਖਦਾ ਹੈ ਕਿ ਰੋਟੀ ਤੋਂ ਜ਼ਿਆਦਾ ਕੋਈ ਹੋਰ ਖੂਬਸੂਰਤ ਤਸਵੀਰ ਨਹੀਂ ਹੁੰਦੀ। ਉਹ ਮਨੁੱਖ ਨੂੰ ਸਵੈ ਤੋਂ ਸਵੈ ਤੱਕ ਪਹੁੰਚਣ ਲਈ ਅਰਜਨ ਦੇ ਮੱਛੀ ਫੁੰਡਣ ਲਈ ਕੀਤੇ ਨਿਸ਼ਾਨੇ ਤੇ ਸੰਕਲਪ ਰਾਹੀਂ ਨਿਤਸ਼ੇ ਦੇ ਮਾਨਵ ਤੋਂ ਮਹਾਂਮਾਨਵ ਬਣਨ ਦੇ ਯਤਨ ਦੀ ਨਿਸ਼ਾਨਦੇਹੀ ਕਰਦਾ ਪ੍ਰਤੀਤ ਹੁੰਦਾ ਹੈ। ਉਹ ਸੁੱਤੇ ਪਏ ਚਿੰਤਨ ਦੇ ਹੁੱਝ ਮਾਰ ਕੇ ਸ਼ਬਦ ਦੀ ਸੁੱਚਮਤਾ ਰਾਹੀਂ ਸੱਤਿਅਮ, ਸ਼ਿਵਮ, ਸੁੰਦਰਮ ਦਾ ਲੱਜਪਾਲ ਬਣ ਜਾਂਦਾ ਹੈ। ਉਹ ਪਰੰਪਰਕ ਆਦਰਸ਼ ਤੇ ਸਮਾਜ ਨੂੰ ਜੋਕਾਂ ਬਣ ਕੇ ਲਹੂ ਚੂਸ ਰਹੇ ਮਜ਼ਹਬਾਂ ਨੂੰ ਤਰਕ ਦੀ ਸਕਵੱਟੀ ਨਾਲ ਬਖੀਏ ਉਧੇੜਦਾ ਹੈ। ਉਹ ਬੰਦੇ ਨੂੰ ਆਪਣੇ ਅੰਦਰ ਪਏ ਧੁੰਧਲਕੇ ਨੂੰ ਪਛਾਣ ਕੇ ਸ਼ੀਸ਼ੇ ਦੇ ਸਮਨੁੱਖ ਹੋਣ ਦੀ ਵੰਗਾਰ ਦਿੰਦਾ ਹੈ। ਉਹ ਭਾਰਤ ਦੇ ਲੋਕਤੰਤਰ ਜੋ ਅਸਲ ਵਿਚ ਛੜਯੰਤਰ ਹੈ, ਬਾਰੇ ਜਨਤਾ ਨੂੰ ਜਾਗਰੂਕ ਕਰਕੇ ਇਸ ਮੱਕੜਜਾਲ ਖਿਲਾਫ਼ ਜੂਝਣ ਲਈ ਹੋਕਾ ਵੀ ਦਿੰਦਾ ਹੈ। ਉਹ ਆਧੁਨਿਕ ਭਾਵਬੋਧ ਦੀ ਪਗਡੰਡੀ ਦਾ ਪਾਂਧੀ ਬਣਦਾ ਤਾਂ ਨਜ਼ਰ ਆਉਂਦਾ ਹੈ ਪਰ ਕਿਤੇ-ਕਿਤੇ ਕਵਿਤਾ ਜਦ ਵਾਰਤਕ ਦੇ ਨੇੜ-ਤੇੜ ਚਲੇ ਜਾਂਦੀ ਹੈ ਤਾਂ ਕਾਵਿ-ਸ਼ਿਲਪ ਝੋਲ ਮਾਰਦਾ ਨਜ਼ਰ ਆਉਂਦਾ ਹੈ। ਇਹ ਪੁਸਤਕ ਅਖ਼ਬਾਰੀ ਤਬਸਰੇ ਤੋਂ ਇਲਾਵਾ ਵੱਡ ਆਕਾਰੀ ਸਮੀਖਿਆ ਦੀ ਮੰਗ ਕਰਦੀ ਹੈ। ਨਿਕਟ ਭਵਿੱਖ ਵਿਚ ਸ਼ਾਇਰ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਅਤੇ ਸ਼ਾਇਰਾਨਾ ਤਖੱਯਲ ਨਾਲ ਪਾਠਕਾਂ ਦੇ ਰੂਬਰੂ ਹੋਏਗਾ, ਇਸ 'ਤੇ ਮੈਨੂੰ ਪੂਰਨ ਵਿਸ਼ਵਾਸ ਹੈ। ਆਮੀਨ!


-ਭਗਵਾਨ ਢਿੱਲੋਂ
ਮੋ: 98143-78254.



ਪੰਜਾਬ ਦੀਆਂ ਲੋਕ ਕਹਾਣੀਆਂ
ਸੰਗ੍ਰਹਿਕਰਤਾ : ਏ.ਐਸ. ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 180
ਸੰਪਰਕ : 0172-5027427


ਲੋਕ ਸਾਹਿਤ ਕਿਸੇ ਵੀ ਖਿੱਤੇ ਦਾ ਵਡਮੁੱਲਾ ਸਰਮਾਇਆ ਹੁੰਦਾ ਹੈ, ਜਿਸ ਦੇ ਮੂਲ ਲੇਖਕ ਦਾ ਪਤਾ ਨਾ ਹੁੰਦੇ ਹੋਏ ਵੀ ਇਹ ਸਾਹਿਤ ਜ਼ਬਾਨ ਦੇ ਪਰਾਂ ਰਾਹੀਂ ਪੀੜ੍ਹੀ-ਦਰ-ਪੀੜ੍ਹੀ ਉਡਾਣ ਭਰਦਾ ਰਹਿੰਦਾ ਹੈ। ਇਹ ਲੋਕ ਸਾਹਿਤ ਖਿੱਤੇ ਵਿਸ਼ੇਸ਼ ਦੀ ਸੰਸਕ੍ਰਿਤੀ ਸੱਭਿਆਚਾਰ ਨੂੰ ਲੋਕਧਾਰਾ ਦਾ ਰੂਪ ਦੇ ਕੇ ਲੋਕ ਮਨਾਂ ਵਿਚ ਅਰਥ-ਸੰਚਾਰ ਦਾ ਕੰਮ ਕਰਦਾ ਹੈ। ਲੇਖਕ ਏ.ਐਸ. ਗਿੱਲ ਨੇ ਪੰਜਾਬ ਦੇ ਵੱਖੋ-ਵੱਖਰੇ ਖਿੱਤਿਆਂ ਦੀਆਂ ਸੁਣੀਆਂ-ਸੁਣਾਈਆਂ ਜਾਂਦੀਆਂ ਲੋਕ ਕਥਾਵਾਂ ਨੂੰ ਬੜੀ ਮਿਹਨਤ ਤੇ ਲਗਨ ਨਾਲ ਨਾ ਸਿਰਫ ਇਕੱਤਰ ਕੀਤਾ ਹੈ, ਸਗੋਂ ਉਨ੍ਹਾਂ ਨੂੰ ਉਸੇ ਰੂਪ ਵਿਚ ਪੁਸਤਕ ਵਿਚ ਦਰਜ ਕਰਕੇ ਸਾਂਭ ਲਿਆ ਹੈ ਤਾਂ ਜੋ ਤਕਨਾਲੋਜੀ ਦੀ ਅੰਨ੍ਹੀ ਦੌੜ 'ਚ ਲੋਕ ਮਨਾਂ 'ਚੋਂ ਵਿਸਰਦਾ ਜਾਂਦਾ ਇਹ ਅਮੁੱਲ ਖਜ਼ਾਨਾ, ਪ੍ਰਿੰਟ ਰੂਪ 'ਚ ਸਾਂਭਿਆ ਜਾਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਜੀਵਨ-ਸੇਧ ਤੇ ਜੀਵਨ-ਜਾਚ ਪ੍ਰਾਪਤ ਕਰ ਸਕਣ। ਹਥਲੇ ਸੰਗ੍ਰਹਿ ਵਿਚ ਅਜਿਹੀਆਂ 155 ਛੋਟੀਆਂ-ਵੱਡੀਆਂ ਲੋਕ ਕਥਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਪਰ ਨਾਲ ਹੀ ਲੇਖਕ ਵਲੋਂ ਲਗਪਗ 17 ਪੰਨਿਆਂ ਦੀ ਭੂਮਿਕਾ ਅਤੇ ਚਾਰ ਪੰਨਿਆਂ ਦੀ ਧੰਨਵਾਦੀ ਰਸਮ ਲੇਖਕ ਦੀ ਵਿਦਵਤਾ ਦਾ ਪ੍ਰਦਰਸ਼ਨ ਤਾਂ ਹੋ ਸਕਦਾ ਹੈ ਪਰ ਆਮ ਪਾਠਕ ਲਈ ਅਕਾਊ-ਥਕਾਊ ਹੀ ਹੈ। ਬਚਪਨ ਵਿਚ ਮਾਤਰ ਮਨੋਰੰਜਨ ਲਈ ਸੁਣੀਆਂ ਇਹ ਲੋਕ ਕਹਾਣੀਆਂ ਜ਼ਿੰਦਗੀ ਦੇ ਕਈ ਕਠਿਨ ਮਰਹਲਿਆਂ, ਔਖੀਆਂ ਘੜੀਆਂ ਇਕ ਸਫਲ ਬੁਲਾਰੇ ਵਜੋਂ ਬੋਲਦਿਆਂ ਵਿਅਕਤੀਤਵ ਨਿਰਮਾਣ ਵਿਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਲੇਖਕ ਨੇ ਪੰਜਾਬ ਭਰ ਦਾ ਭ੍ਰਮਣ ਕਰਕੇ, ਲੋਕਾਂ ਨੂੰ ਮਿਲ ਕੇ, ਲੋਕ ਕਹਾਣੀਆਂ ਨੂੰ ਅਲੱਗ-ਅਲੱਗ ਰੂਪਾਂ ਅਤੇ ਉਪਭਾਸ਼ਾਵਾਂ ਵਿਚ ਪ੍ਰਾਪਤ ਕਰਕੇ ਉਨ੍ਹਾਂ ਨੂੰ ਆਮ ਸਰਲ ਭਾਸ਼ਾ ਵਿਚ ਪੇਸ਼ ਕਰਨ ਦਾ ਵਡਮੁੱਲਾ ਕਾਰਜ ਕੀਤਾ ਹੈ ਤਾਂ ਜੋ ਪੰਜਾਬ ਦੇ ਕਿਸੇ ਵੀ ਖਿੱਤੇ ਦਾ ਪਾਠਕ ਇਨ੍ਹਾਂ ਲੋਕ ਕਥਾਵਾਂ ਦਾ ਲੁਤਫ਼ ਲੈ ਸਕੇ ਤੇ ਇਸ ਪਰੰਪਰਾ ਨੂੰ ਜਾਰੀ ਰੱਖ ਸਕੇ। ਹਰ ਵਰਗ ਦਾ ਪਾਠਕ ਅਤੇ ਲੋਕ ਸਾਹਿਤ ਦੇ ਖੋਜਾਰਥੀਆਂ ਲਈ ਇਹ ਪੁਸਤਕ 'ਰੈਫਰੈਂਸ ਬੁੱਕ' ਦੇ ਤੌਰ 'ਤੇ ਮਦਦਗਾਰ ਸਾਬਤ ਹੋਵੇਗੀ।


-ਡਾ: ਧਰਮਪਾਲ ਸਾਹਿਲ
ਮੋ: 98761-56964.



ਚਾਅ ਨਨਕਾਣੇ ਦਾ

(ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਗੀਤ)
ਕਵੀ/ਗੀਤਕਾਰ : ਪ੍ਰਿੰ: ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਭੇਟਾ : 200 ਰੁਪਏ, ਸਫ਼ੇ : 80
ਸੰਪਰਕ : 98764-52223.


ਹਥਲੀ ਪੁਸਤਕ ਦੇ ਲੇਖਕ ਨੇ ਹੁਣ ਤੱਕ ਅਨੇਕਾਂ ਬਾਲ ਪੁਸਤਕਾਂ ਅਤੇ ਵਾਰਤਕ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਇਸ ਪੁਸਤਕ ਦੇ ਸਾਰੇ ਗੀਤ ਕਵਿਤਾਵਾਂ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਸਾਲ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਹਨ। ਇਸ ਪੁਸਤਕ ਵਿਚ ਗੁਰੂ ਸਾਹਿਬ ਜੀ ਦੀ ਜੀਵਨੀ ਨੂੰ ਵਿਲੱਖਣ ਢੰਗ ਨਾਲ ਕਾਵਿ ਰੂਪ ਵਿਚ ਪੇਸ਼ ਕਰਨ ਦਾ ਸਫਲ ਯਤਨ ਕੀਤਾ ਹੈ। ਤਕਰੀਬਨ ਤਿੰਨ ਦਰਜਨ ਕਵਿਤਾਵਾਂ ਤੇ ਗੀਤਾਂ ਰਾਹੀਂ ਜਗਤ ਗੁਰੂ ਬਾਬਾ ਜੀ ਦੀ ਮਹਿਮਾ, ਉਸਤਤਿ, ਵਡਿਆਈ ਕੀਤੀ ਗਈ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਗਮਨ ਤੋਂ ਲੈ ਕੇ ਆਪਣੇ ਅੰਤਿਮ ਸਮੇਂ ਤੱਕ ਜੋ ਉਪਦੇਸ਼ ਸੰਸਾਰੀ ਲੋਕਾਂ ਨੂੰ ਦਿੱਤੇ, ਪਰਉਪਕਾਰੀ ਕਾਰਜ ਕੀਤੇ, ਸਮਾਜਿਕ ਕੁਰੀਤੀਆਂ ਸਬੰਧੀ ਸੁਚੇਤ ਕੀਤਾ, ਭੁੱਲੇ-ਭਟਕੇ ਲੋਕਾਂ ਦਾ ਮਾਰਗ ਦਰਸ਼ਨ ਕੀਤਾ, ਸੰਸਾਰ ਨੂੰ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦਾ ਵੱਖਰਾ ਅਦੁੱਤੀ ਸਿਧਾਂਤ ਬਖ਼ਸ਼ਿਆ, ਉਸ ਨੂੰ ਕਲਮਬੰਦ ਕਰਕੇ ਕਵੀ ਨੇ ਆਪਣੀ ਅਕੀਦਤ, ਸ਼ਰਧਾ ਅਤੇ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਲੇਖਕ ਮੁਤਾਬਿਕ ਪੁਸਤਕ 'ਚਾਅ ਨਨਕਾਣੇ ਦਾ' ਸਿਰਲੇਖ ਇਸੇ ਕਰਕੇ ਦਿੱਤਾ ਗਿਆ ਹੈ ਕਿਉਂਕਿ ਇਹ ਪਾਵਨ ਧਰਤੀ 'ਨਨਕਾਣਾ ਸਾਹਿਬ' ਦੇ ਵਿਛੋੜੇ ਦੀ ਚੀਸ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਦੇ ਚਿਹਰੇ ਵਿਚੋਂ ਨਿਕਲਦੀ ਹੈ। ਜਦੋਂ ਸਵੇਰੇ ਸ਼ਾਮ ਹਰ ਗੁਰੂ ਨਾਨਕ ਲੇਵਾ ਮਨੁੱਖ ਅਰਦਾਸ ਕਰਦਾ ਹੈ ਤਾਂ ਉਹ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰਿਆਂ ਦੀ ਲੋਚਾ ਰੱਖਦਾ ਹੈ।
ਇਸ ਧਰਤੀ ਉੱਪਰ ਪਈਆਂ ਵੰਡੀਆਂ, ਵਖਰੇਵਿਆਂ ਨੂੰ ਵੇਖ ਕੇ ਗੁਰੂ ਸਾਹਿਬ ਦਾ ਮਨ ਕੁਰਲਾ ਉੱਠਿਆ। 'ਵਿਹੜਾ ਬਾਬੇ ਨਾਨਕ ਦਾ' ਵਿਚ ਕਵਿਤਾ ਦੇ ਬੋਲ ਹਨ :
ਇਹ ਸੋਹਣਾ ਸੰਸਾਰ ਜੋ ਵਸਦਾ, ਇਹ ਵਿਹੜਾ ਬਾਬੇ ਨਾਨਕ ਦਾ।
ਵੰਡ ਕੇ ਛਕਣਾ ਸਭਨਾਂ ਤਾਈਂ, ਇਹ ਇਕਰਾਰ ਏ ਬਾਬੇ ਨਾਨਕ ਦਾ।
ਭੁਖਿਆਂ ਤਾਈਂ ਅੰਨ ਖੁਆਉ, ਇਹ ਵਿਵਹਾਰ ਬਾਬੇ ਨਾਨਕ ਦਾ।
ਤੇਰਾ ਤੇਰਾ ਕਰਕੇ ਵੰਡ ਦੇ ਜਾਉ, ਗੋਸਲ ਇਹ ਵਪਾਰ ਏ ਬਾਬੇ ਨਾਨਕ ਦਾ।
ਵੱਖ-ਵੱਖ ਕਵਿਤਾਵਾਂ ਵਿਚ ਗੁਰੂ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ। ਮਨੁੱਖ ਨੂੰ ਕਰਮਕਾਂਡਾਂ ਤੋਂ ਰੋਕ ਕੇ ਸੱਚ ਦਾ ਉਪਦੇਸ਼ ਦਿੱਤਾ। ਦੋ ਕਵਿਤਾਵਾਂ 'ਸੁਲਤਾਨਪੁਰ ਸਾਹਿਬ ਵਾਲੀ ਬੇਰੀ', 'ਕੰਧ ਸਾਹਿਬ ਬਟਾਲਾ' ਯਾਦਗਾਰਾਂ ਨੂੰ ਸਮਰਪਿਤ ਹਨ। ਸਮੁੱਚੇ ਰੂਪ ਵਿਚ ਇਸ ਕਾਵਿ-ਪੁਸਤਕ ਵਿਚ ਸ਼ਾਮਿਲ ਰਚਨਾਵਾਂ ਕਵੀ ਹਿਰਦੇ ਵਿਚੋਂ ਨਿਕਲੀ ਹੂਕ ਹੈ। ਭਾਵੇਂ ਸਾਰੀ ਦੁਨੀਆ ਵੇਖ ਲਈ ਹੈ, ਹਰ ਸਿੱਖ ਲਈ 'ਚਾਅ ਨਨਕਾਣੇ ਦਾ' ਕਦੋਂ ਪੂਰਾ ਹੋਵੇਗਾ। ਗੀਤਕਾਰਾਂ ਤੇ ਕਵੀਆਂ ਲਈ ਪੁਸਤਕ ਪ੍ਰੇਰਨਾਦਾਇਕ ਅਤੇ ਵਿਚਾਰਨਯੋਗ ਹੈ।


-ਭਗਵਾਨ ਸਿੰਘ ਜੌਹਲ
ਮੋ: 98143-24040.



ਮਾਲਵੇ ਦੇ ਸੱਭਿਆਚਾਰ ਦੀ ਖੁਸ਼ਬੋਈ
(ਮੇਰਾ ਪਿੰਡ : ਨਾਗਰਾ)
ਲੇਖਕ : ਸੁਰਿੰਦਰ ਸ਼ਰਮਾ ਨਾਗਰਾ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 240
ਸੰਪਰਕ : 98786-46595.


ਭਾਸ਼ਾ ਵਿਭਾਗ ਪੰਜਾਬ ਨੇ ਭਲੇ ਵੇਲਿਆਂ ਵਿਚ ਪੰਜਾਬ ਦੇ ਕੁਝ ਇਤਿਹਾਸਕ ਨਗਰਾਂ ਅਤੇ ਪਿੰਡਾਂ ਦੇ ਸੱਭਿਆਚਾਰ ਬਾਰੇ ਸਰਵੇਖਣ-ਪੁਸਤਕਾਂ ਲਿਖਵਾਈਆਂ-ਛਪਵਾਈਆਂ ਸਨ, ਤਾਂ ਜੋ ਪੰਜਾਬ ਦੇ ਸੱਭਿਆਚਾਰ ਦਾ ਮਾਈਕਰੋ-ਅਧਿਐਨ ਕੀਤਾ ਜਾ ਸਕੇ। ਵਿਭਾਗ ਦੀ ਯੋਜਨਾ ਤਾਂ ਬਹੁਤ ਮਹੱਤਵਪੂਰਨ ਸੀ ਪਰ ਕਈ ਕਾਰਨਾਂ ਕਰਕੇ ਇਹ ਪੁਸਤਕਾਂ ਕੁਝ ਨਾਵਾਂ-ਥਾਵਾਂ ਦੇ ਅੰਕੜੇ ਬਣ ਕੇ ਹੀ ਰਹਿ ਗਈਆਂ ਹਨ। ਪ੍ਰੰਤੂ ਸੁਰਿੰਦਰ ਸ਼ਰਮਾ ਨਾਗਰਾ ਦੀ ਲਿਖੀ ਇਹ ਪੁਸਤਕ ਇਕ ਮਹੱਤਵਪੂਰਨ ਦਸਤਾਵੇਜ਼ ਬਣ ਕੇ ਸਾਹਮਣੇ ਆਉਂਦੀ ਹੈ। ਲੇਖਕ ਨੇ ਆਪਣੇ ਪਿੰਡ ਨਾਗਰੇ ਬਾਰੇ, ਜੋ ਭਵਾਨੀਗੜ੍ਹ ਅਤੇ ਸੁਨਾਮ ਦੇ ਐਨ ਵਿਚਕਾਰ, ਦੋਵੇਂ ਨਗਰਾਂ ਤੋਂ ਦਸ-ਦਸ ਮੀਲ (ਸੋਲਾਂ ਕਿਲੋਮੀਟਰ) ਦੀ ਦੂਰੀ 'ਤੇ ਸਥਿਤ ਹੈ, ਸੱਭਿਆਚਾਰਕ ਇਤਿਹਾਸਕਾਰੀ ਦਾ ਇਕ ਸੁੰਦਰ ਨਮੂਨਾ ਪੇਸ਼ ਕੀਤਾ ਹੈ। ਲੇਖਕ ਓਰੀਐਂਟਲ ਬੈਂਕ ਆਫ ਕਾਮਰਸ ਦਾ ਸੇਵਾ-ਮੁਕਤ ਮੁੱਖ ਪ੍ਰਬੰਧਕ ਹੈ ਅਤੇ ਅੱਜਕਲ੍ਹ ਸੰਗਰੂਰ ਜ਼ਿਲ੍ਹੇ ਦੇ ਪ੍ਰਸਿੱਧ ਕਸਬਾ ਧੂਰੀ ਵਿਚ ਨਿਵਾਸ ਕਰਦਾ ਹੈ। ਉਸ ਨੇ ਆਪਣੇ ਜੀਵਨ ਦੇ ਮੁਢਲੇ 14-15 ਵਰ੍ਹੇ ਇਸੇ ਪਿੰਡ ਵਿਚ ਬਿਤਾਏ ਸਨ।
ਪੂੰਜੀਵਾਦੀ ਨਿਜ਼ਾਮ ਦੀ ਸਥਾਪਨਾ ਹੋ ਜਾਣ ਨਾਲ ਪੰਜਾਬ ਦੇ ਪਿੰਡ ਵੀ ਰਵਾਇਤੀ ਸੱਭਿਆਚਾਰ ਦੇ ਕੇਂਦਰ ਨਹੀਂ ਰਹੇ, ਬਲਕਿ ਇਨ੍ਹਾਂ ਦਾ ਵੀ ਬੜੀ ਤੇਜ਼ੀ ਨਾਲ ਰੂਪਾਂਤਰਨ ਹੁੰਦਾ ਗਿਆ ਹੈ। ਪੂੰਜੀ ਦੀ ਪ੍ਰਧਾਨਤਾ ਨਾਲ ਸਾਰਾ ਆਚਾਰ-ਵਿਹਾਰ ਬਾਜ਼ਾਰੀ ਹੋ ਗਿਆ ਹੈ। ਲੋਕਾਂ ਦੇ ਕੰਮ-ਧੰਦੇ ਅਤੇ ਇਨ੍ਹਾਂ ਨੂੰ ਕਰਨ ਦਾ ਵਿਧੀ-ਵਿਹਾਰ ਵੀ ਬਦਲ ਗਿਆ ਹੈ। ਇਸ ਸੂਰਤ ਵਿਚ ਇਹ ਪੁਸਤਕ ਲਿਖ ਕੇ ਸੁਰਿੰਦਰ ਸ਼ਰਮਾ ਨੇ ਸੱਭਿਆਚਾਰ ਵਿਗਿਆਨ ਦੇ ਖੇਤਰ ਵਿਚ ਇਕ ਨਿੱਗਰ ਕੰਮ ਕੀਤਾ ਹੈ। ਉਸ ਨੇ ਆਪਣੇ ਪਿੰਡ ਬਾਰੇ ਇਕੱਠੀ ਕੀਤੀ ਸਮੱਗਰੀ ਨੂੰ 41 ਛੋਟੇ-ਛੋਟੇ ਉਪਭਾਗਾਂ ਵਿਚ ਵੰਡਿਆ ਹੈ। ਪੇਂਡੂ ਲੋਕਾਂ ਦਾ ਰਵਾਇਤੀ ਰਹਿਣ-ਸਹਿਣ, ਘਰ-ਬਾਰ, ਪਿੰਡ ਦੇ ਦੇਵੀ-ਦੇਵਤੇ ਅਤੇ ਪੂਜਾ ਸਥਾਨ, ਪਿੰਡ ਦੀ ਬਣਤਰ, ਕੰਮ ਧੰਦੇ, ਲੋਕ ਗੀਤ, ਮੇਲੇ, ਖੇਡਾਂ, ਸ਼ੁਗਲ, ਮਨਪ੍ਰਚਾਵੇ, ਮੰਗਤੇ, ਸਾਧੂ-ਸੰਗਤ, ਤ੍ਰਿੰਞਣ, ਤੀਆਂ, ਕਵੀਸ਼ਰੀ ਅਤੇ ਪਿੰਡ ਦੇ ਪੁਰੋਹਿਤਾਂ ਬਾਰੇ ਲਿਖੇ ਲੇਖ ਇਸ ਪੁਸਤਕ ਦੇ ਵਿਸ਼ੇਸ਼ ਅਧਿਆਏ ਬਣਦੇ ਹਨ।
ਪਟਿਆਲਾ ਰਿਆਸਤ ਵਿਚ ਸਥਿਤ ਇਹ ਪਿੰਡ 13ਵੀਂ-14ਵੀਂ ਸਦੀ ਵਿਚ ਜਲੰਧਰ ਦੇ ਸੂਬੇਦਾਰ ਨਾਗਰ ਖਾਂ ਨੇ ਇਕ ਪੁਰਾਣੇ ਪਿੰਡ ਬਲੋਆਲਾ ਨੂੰ 'ਥੇਹ' ਕਰਕੇ ਵਸਾਇਆ ਸੀ। ਬਾਅਦ ਵਿਚ ਬਾਬਾ ਕਾਲਾ ਜੀ ਇਸ ਪਿੰਡ ਵਿਚ ਆਏ ਅਤੇ ਉਨ੍ਹਾਂ ਨੇ ਨਾਗਰ ਖਾਂ ਨੂੰ ਇਥੋਂ ਨਠਾ ਦਿੱਤਾ। ਬਾਬਾ ਕਾਲਾ ਜੀ 'ਸਿੱਧ ਘੁਮਾਣ' ਵਜੋਂ ਪ੍ਰਸਿੱਧ ਹੋਏ। ਅੱਜ ਤੋਂ 60-70 ਵਰ੍ਹੇ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਕਿਸੇ ਪ੍ਰਕਾਰ ਦੀ ਸੱਭਿਆਚਾਰਕ ਜਾਂ ਧਾਰਮਿਕ ਸੰਕੀਰਣਤਾ ਨਹੀਂ ਸੀ ਹੁੰਦੀ, ਬਲਕਿ ਸਭ ਇਕ-ਦੂਜੇ ਨਾਲ ਮਿਲ-ਜੁਲ ਕੇ ਰਹਿੰਦੇ ਸਨ। ਸੰਕੀਰਣਤਾ ਦਾ ਦੌਰ ਆਜ਼ਾਦੀ ਤੋਂ ਬਾਅਦ ਹੀ ਕੁਝ ਮੌਕਾਪ੍ਰਸਤ ਲੀਡਰਾਂ ਜਾਂ ਨੇਤਾਵਾਂ ਨੇ ਸ਼ੁਰੂ ਕੀਤਾ ਹੈ। ਉਨ੍ਹਾਂ ਦਿਨਾਂ ਵਿਚ ਹਰ ਪਿੰਡ ਇਕ ਸੁਤੰਤਰ ਅਤੇ ਆਤਮ-ਨਿਰਭਰ ਇਕਾਈ ਹੁੰਦਾ ਸੀ। ਲਗਪਗ ਹਰ ਘਰ ਪਾਸ ਲੋੜ ਜੋਗੀ ਜ਼ਮੀਨ ਹੁੰਦੀ ਸੀ, ਕਾਮਿਆਂ ਅਤੇ ਲਾਗੀਆਂ ਪਾਸ ਵੀ, ਪਰ ਜਿਨ੍ਹਾਂ ਨੇ ਗੁਆ ਲਈ ਹੁੰਦੀ ਸੀ, ਉਨ੍ਹਾਂ ਨੂੰ ਵੀ ਦਾਣੇ-ਫੱਕੇ ਦਾ ਫ਼ਿਕਰ ਨਹੀਂ ਸੀ ਹੁੰਦਾ। ਸਾਲ ਵਿਚ ਦੋ ਵਾਰ ਉਨ੍ਹਾਂ ਨੂੰ ਦਾਣੇ ਅਤੇ ਤੂੜੀ ਮਿਲਦੀ ਰਹਿੰਦੀ ਸੀ। ਹਰ ਘਰ ਵਿਚ ਲਵੇਰਾ ਵੀ ਹੁੰਦਾ ਸੀ। ਇਹ ਪੁਸਤਕ ਨਾ ਕੇਵਲ ਹਰ ਪੰਜਾਬੀ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ, ਬਲਕਿ ਆਪਣੇ-ਆਪਣੇ ਪਿੰਡ, ਨਗਰ ਬਾਰੇ ਇਹੋ ਜਿਹੀ ਇਕ ਵਿਸਤ੍ਰਿਤ ਪੁਸਤਕ ਲਿਖਣੀ ਵੀ ਚਾਹੀਦੀ ਹੈ। ਇਹ ਇਕ ਲਿਖਣ-ਪ੍ਰੇਰਕ ਰਚਨਾ ਹੈ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136

23-01-2021

 ਜਪੁ ਜੀ
ਨਿਰਗੁਣ ਸ਼ਬਦ ਵਿਚਾਰ
ਲੇਖਕ : ਦੇਸ ਰਾਜ ਕਾਲੀ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94176-58139.

ਜਪੁਜੀ ਸਾਹਿਬ ਦੀ ਪਾਵਨ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਜਿਹਾ ਅਦੁੱਤੀ ਅਤੇ ਅਧਿਆਤਮਿਕ ਵਿਚਾਰਧਾਰਾਂ ਦਾ ਸਿਖ਼ਰ ਹੈ, ਜਿਸ ਸਬੰਧੀ ਹਰ ਵਿਚਾਰਵਾਨ ਲੇਖਕ ਨੇ ਆਪਣੀ ਸੋਚ ਤੇ ਵਿਚਾਰਧਾਰਾ ਮੁਤਾਬਿਕ ਇਸ ਪਾਵਨ ਬਾਣੀ ਦੀ ਵਿਆਖਿਆ ਕਰਨ ਦਾ ਯਤਨ ਕੀਤਾ ਹੈ। ਪੁਸਤਕ ਦੇ ਲੇਖਕ ਦੇਸ ਰਾਜ ਕਾਲੀ ਨੇ ਹੁਣ ਤੱਕ ਤਿੰਨ ਕਹਾਣੀ ਸੰਗ੍ਰਹਿ, ਪੰਜ ਨਾਵਲ, ਤਿੰਨ ਖੋਜ ਕਾਰਜਾਂ 'ਤੇ ਇਕ ਹੰਢੇ ਵਰਤੇ ਲੇਖਕ ਵਾਂਗ ਸਖ਼ਤ ਘਾਲਣਾ ਘਾਲੀ ਹੈ। ਲੇਖਕ ਮੁਤਾਬਿਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਜਪੁਜੀ ਵਿਚਲੇ 'ਹੁਕਮਿ' ਨੂੰ ਸਮਝਣਾ ਹੀ ਵੱਡਾ ਸਵਾਲ ਹੈ। ਗੁਰੂ ਸਾਹਿਬ ਮੁਤਾਬਿਕ ਪੂਰਾ ਬ੍ਰਹਿਮੰਡ ਉਸ 'ਹੁਕਮਿ' 'ਚ ਹੀ ਕਾਰਜਸ਼ੀਲ ਹੈ। ਇਸ ਹੁਕਮਿ ਦੀ ਪਛਾਣ ਹੀ ਮੁਕਤੀ ਹੈ। ਜੇਕਰ ਬ੍ਰਹਿਮੰਡ ਵਿਚ ਸ਼ਾਮਿਲ ਸੂਰਜ, ਚੰਦ, ਤਾਰੇ, ਧਰਤੀਆਂ, ਸਮੁੰਦਰ ਉਸ ਦੇ ਹੁਕਮਿ ਵਿਚ ਹਨ ਤਾਂ ਇਸ ਦੇ ਮੁਕਾਬਲੇ ਵਿਚ ਬੰਦਾ ਕੀ ਚੀਜ਼ ਹੈ, ਇਸੇ ਕਰਕੇ ਗੁਰੂ ਸਾਹਿਬ ਦੀ ਇਹ ਪਾਵਨ ਸ਼ਾਹਕਾਰ ਰਚਨਾ ਕ੍ਰਾਂਤੀਕਾਰੀ ਬਾਣੀ ਹੈ। ਜਦੋਂ ਲੇਖਕ ਦੀ ਮਨੋਬਿਰਤੀ ਉੱਪਰ ਇਸ ਪਾਵਨਬਾਣੀ ਦੇ ਅਧਿਆਤਮ ਵਿਚਾਰਾਂ ਦੀ ਚੋਟ ਵੱਜਦੀ ਹੈ ਤਾਂ ਲੇਖਕ ਨੇ ਜਪੁਜੀ ਦੀਆਂ 38 ਪਉੜੀਆਂ ਨੂੰ ਇਕ-ਇਕ ਕਰ ਕੇ ਇਸ ਨੂੰ ਵਿਸਥਾਰ ਦਿੱਤਾ ਹੈ। ਇਹ ਸਾਰੀ ਵਿਚਾਰ ਚਰਚਾ ਇਕ ਗੁਲਦਸਤੇ ਵਾਂਗ ਹੈ, ਜਿਸ ਵਿਚ ਵੱਖਰੇ-ਵੱਖਰੇ ਫੁੱਲਾਂ ਦੇ ਰੰਗ ਮਨੁੱਖ ਦੀ ਆਰਥਿਕ ਕ੍ਰਾਂਤੀ ਦੇ ਨਾਲ-ਨਾਲ ਅਧਿਆਤਮਿਕ, ਸਮਾਜਿਕ, ਬੌਧਿਕ, ਰਾਜਨੀਤਕ ਆਦਿ ਖੇਤਰਾਂ ਵਿਚ ਬਦਲਾਅ ਲਿਆ ਕੇ ਜੀਵਨ ਦੀ ਰੌਂਅ ਨੂੰ ਸੁੰਦਰ ਜਲੌਅ ਵਾਂਗ ਮਾਨਣਾ ਹੈ। ਜਪੁਜੀ ਸਾਹਿਬ ਦੀਆਂ ਇਨ੍ਹਾਂ 38 ਪਉੜੀਆਂ ਵਿਚ ਇਸ ਪਾਵਨ ਬਾਣੀ ਨੂੰ ਵਿਚਾਰਦਿਆਂ ਤੁਸੀਂ ਉਸ ਵਿਚ ਉੱਚ ਅਵਸਥਾ ਵਿਚ ਜਾ ਸਕਦੇ ਹੋ, ਜਿਥੇ ਕੇਵਲ ਤੁਹਾਡੀ ਅਵਸਥਾ ਉਸ ਅਨੰਦ ਵਾਲੀ ਹੋ ਜਾਂਦੀ ਹੈ, ਜਿਸ ਨਾਲ ਜੀਵਨ ਦੇ ਸੱਚ ਪਛਾਣਨਾ ਹੋਰ ਸੁਖੈਨ ਤੇ ਆਸਾਨ ਹੋ ਜਾਂਦਾ ਹੈ। ਇਹ ਤਾਕਤ ਕੇਵਲ ਇਸ ਪਾਵਨ ਸ਼ਬਦ ਵਿਚ ਹੀ ਹੈ, ਜਿਸ ਦਾ ਜ਼ਿਕਰ ਗੁਰੂ ਸਾਹਿਬ ਵਾਰ-ਵਾਰ ਕਰਦੇ ਹਨ। ਲੇਖਕ ਨੇ ਜਪੁਜੀ ਨੂੰ ਨਿਰਗੁਣ ਸ਼ਬਦ ਦੀ ਵਿਚਾਰ ਵਜੋਂ ਪੇਸ਼ ਕਰਦਿਆਂ ਇਕ ਪੱਕਾ ਨਿਸਚਾ ਬਣਦਾ ਹੈ, ਜੋ ਸੱਚ ਹੈ, ਉਹ ਹੀ ਨਿਰੰਕਾਰ ਹੈ। ਉਸ ਸੱਚ ਨਾਲ ਸਚਿਆਰ ਹੋਣ ਤੱਕ ਦਾ ਸਫ਼ਰ ਉਸ ਦੇ ਹੁਕਮ ਨੂੰ ਪਛਾਣ ਕੇ ਹੋਵੇਗਾ। ਸਮੁੱਚੇ ਰੂਪ ਵਿਚ ਜਪੁ ਜੀ ਸਾਹਿਬ ਦੀ ਪਾਵਨਬਾਣੀ ਨੂੰ ਧੁਰ ਹਿਰਦੇ ਤੋਂ ਵਿਚਾਰ ਕੇ ਲੇਖਕ ਨੇ ਇਸ ਪਾਵਨ ਬਾਣੀ ਉੱਪਰ ਲਿਖੀਆਂ ਹੋਰ ਦਾਰਸ਼ਨਿਕਾਂ ਦੀਆਂ ਅਨੇਕਾਂ ਖੋਜ-ਕਾਰਜਾਂ ਵਾਂਗ ਸਖ਼ਤ ਮਿਹਨਤ ਕੀਤੀ ਹੈ।

ਭਗਵਾਨ ਸਿੰਘ ਜੌਹਲ
ਮੋ: 98143-24040.

ਅਰਥਾਂ ਦਾ ਜੰਗਲ
ਸ਼ਾਇਰ : ਅਮਰਦੀਪ ਸਿੰਘ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ 192
ਸੰਪਰਕ : 98207-45058.

ਅਮਰਦੀਪ ਸਿੰਘ ਗਿੱਲ ਆਪਣੇ ਮੁਕੰਮਲ 'ਸੋਚ-ਪ੍ਰਬੰਧ' ਨਾਲ ਕਾਵਿ ਦੇ ਖੇਤਰ ਵਿਚ ਪ੍ਰਵੇਸ਼ ਕਰਦਾ ਹੈ। ਹੋ ਸਕਦਾ ਹੈ ਕਿ ਮੇਰਾ ਇਹ ਕਥਨ ਕੁਝ ਅਟਪਟਾ ਪ੍ਰਤੀਤ ਹੋਵੇ ਪਰ ਸਾਡੇ ਬਹੁਤੇ ਸ਼ਾਇਰ ਜਦੋਂ ਕੋਈ ਕਵਿਤਾ ਲਿਖਦੇ ਹਨ ਤਾਂ ਉਨ੍ਹਾਂ ਦੀ ਸੋਚ ਪ੍ਰਬੰਧ ਦਾ ਬਹੁਤ ਥੋੜ੍ਹਾ ਜਿਹਾ ਹਿੱਸਾ ਹੀ ਸਿਰਜਣ-ਪ੍ਰਕਿਰਿਆ ਵਿਚ ਸ਼ਾਮਿਲ ਹੁੰਦਾ ਹੈ, ਬਹੁਤਾ ਹਿੱਸਾ ਪਰ੍ਹੇ ਹੀ ਪਿਆ ਰਹਿੰਦਾ ਹੈ। ਇਹੀ ਕਾਰਨ ਹੈ ਕਿ ਉਹ ਗਿਣੇ-ਚੁਣੇ ਕੁਝ ਨਿੱਜੀ ਭਾਵਾਂ ਨੂੰ ਹੀ ਜ਼ਬਾਨ ਦੇ ਪਾਉਂਦੇ ਹਨ, ਉਨ੍ਹਾਂ ਦੀਆਂ ਕਵਿਤਾਵਾਂ ਵੀ ਮਸਾਂ ਦਸਾਂ-ਬਾਰਾਂ ਵਾਕਾਂ ਵਿਚ ਮੁੱਕ/ਸਿਮਟ ਜਾਂਦੀਆਂ ਹਨ ਪਰ ਅਮਰਦੀਪ ਸਿੰਘ ਗਿੱਲ ਦੇ ਕਾਵਿ-ਸੰਸਾਰ ਵਿਚੋਂ ਗੁਜ਼ਰਦਿਆਂ ਇਹ ਮਾਲੂਮ ਹੁੰਦਾ ਹੈ ਕਿ ਉਸ ਦਾ ਸਮੁੱਚਾ ਵਜੂਦ ਹੀ ਕਵੀ ਹੈ। ਇਸ ਕਾਰਨ ਵੀ ਕਿ ਉਸ ਨੂੰ ਘਰ ਵਿਚੋਂ ਹੀ ਸਮਕਾਲੀ ਜੀਵਨ ਅਤੇ ਜਗਤ ਨੂੰ ਵੈਕਲਪਿਕ ਦ੍ਰਿਸ਼ਟੀ ਨਾਲ ਵੇਖਣ ਦੀ ਪ੍ਰੇਰਨਾ ਅਥਵਾ ਅਗਵਾਈ ਮਿਲੀ ਹੋਈ ਹੈ। ਉਸ ਦੇ ਪਿਤਾ ਜੀ ਕਾਮਰੇਡ ਸੁਰਜੀਤ ਗਿੱਲ ਅਕਸਰ ਕਿਹਾ ਕਰਦੇ ਸਨ ਕਿ ਸਾਡੇ ਕੋਲ ਉਦਾਸ ਜਾਂ ਨਿਰਾਸ਼ ਹੋਣ ਦਾ ਸਮਾਂ ਨਹੀਂ ਹੈ। 'ਮੇਰੇ ਬੱਚਿਓ! ਤੁਸੀਂ ਦਾਨਾਬਾਦ ਨੂੰ ਜਾਂਦੇ ਹੋਏ ਰਾਹ ਵਿਚ ਆਉਂਦਾ ਹਰ ਜੰਡ ਛਾਂਗਦੇ ਜਾਇਓ! ਕਿਉਂਕਿ ਇਨ੍ਹਾਂ ਦੀ ਛਾਂ ਛਲਾਵਾ ਹੁੰਦੀ ਹੈ... ਨਗਾਰਿਆਂ ਦੀ ਰੁੱਤੇ ਵੰਝਲੀ ਚੰਗੀ ਨਹੀਂ ਲਗਦੀ।' (ਬਾਪੂ ਨੇ ਕਿਹਾ ਸੀ, ਪੰਨੇ 191-92) ਇਸੇ ਕਾਰਨ ਕਵੀ ਨੇ ਬਾਸਾਂ ਦੇ ਜੰਗਲ ਵਿਚੋਂ ਵੰਝਲੀਆਂ ਦੀ ਬਜਾਏ ਡਾਂਗਾਂ ਛਾਂਗ ਲਈਆਂ।
ਅਮਰਦੀਪ ਸਿੰਘ ਗਿੱਲ ਪਿਛਲੇ ਢਾਈ-ਤਿੰਨ ਦਹਾਕਿਆਂ ਤੋਂ ਕਾਵਿ-ਸਿਰਜਣਾ ਦੇ ਖੇਤਰ ਵਿਚ ਸਰਗਰਮ ਹੈ। ਉਸ ਦਾ ਵਿਚਾਰ ਹੈ ਕਿ ਕਵਿਤਾ ਵਿਚ ਭਾਸ਼ਾ ਦੀ ਬਜਾਏ ਉਚਾਰ ਵਧੇਰੇ ਮਹੱਤਵਪੂਰਨ ਹੁੰਦਾ ਹੈ। ਉਚਾਰ ਹੀ ਕਵਿਤਾ ਦੀ ਮੂਲ ਇਕਾਈ ਹੁੰਦਾ ਹੈ ਜੋ ਕਿਸੇ ਕਵੀ ਦੀ ਪਛਾਣ ਬਣਦਾ ਹੈ। ਕਵੀ ਉਨ੍ਹਾਂ ਮੱਧਵਰਗੀ ਪਾਠਕਾਂ ਦੇ ਬਹੁਤ ਸਾਰੇ ਭਾਗਾਂ ਦਾ ਨਿਵਾਰਨ ਕਰਦਾ ਹੈ, ਜੋ ਸੁਵਿਧਾ-ਜ਼ੋਨ ਵਿਚ ਬੈਠੇ ਹੋਏ ਇਨਕਲਾਬ ਦੀਆਂ ਗੱਲਾਂ ਕਰਕੇ ਆਪਣੇ ਜੀਵਨ ਨੂੰ ਪ੍ਰਮਾਣਿਕ ਸਿੱਧ ਕਰਨ ਦਾ ਮਿਥਿਆ ਪ੍ਰਯਾਸ ਕਰਦੇ ਰਹਿੰਦੇ ਹਨ :
ਹੋ ਸਕਦਾ ਹੈ ਤੁਹਾਨੂੰ ਲਗਦਾ ਹੋਵੇ ਕਿ
ਇਨਕਲਾਬ ਬੈਲਟ-ਬਾਕਸ 'ਚੋਂ ਨਿਕਲੇਗਾ
ਪਰ ਅਜਿਹਾ ਹੋਣਾ ਨਹੀਂ...
ਇਹ ਕੋਈ ਪਾਰਟ ਟਾਈਮ ਜੌਬ ਨਹੀਂ।
ਦਫਤਰ ਦੇ ਬਾਬੂਆਂ ਨੂੰ ਸਿਰਫ ਸਰਕਾਰੀ
ਸ਼ਹੀਦਾਂ ਦੇ ਸ਼ਹੀਦੀ ਦਿਨ ਯਾਦ ਰਹਿੰਦੇ ਨੇ
ਉਸ ਦਿਨ ਛੁੱਟੀ ਜੋ ਹੁੰਦੀ ਹੈ,
ਮੱਧ ਵਰਗ ਓਨਾ ਹੀ ਲੜਦਾ ਹੈ
ਜਿੰਨਾ ਉਹ ਅਫੋਰਡ ਕਰ ਸਕਦਾ ਹੈ। (ਪੰਨਾ 15)
ਕਵੀ ਮੁਕਾਬਲਤਨ ਲੰਮੀਆਂ ਕਵਿਤਾਵਾਂ ਲਿਖਦਾ ਹੈ। ਦਰਅਸਲ ਉਸ ਪਾਸ ਕਿਸੇ ਵੀ ਸਮੱਸਿਆ ਦੇ ਹੱਲ ਦਾ ਕੋਈ ਜਾਦੂਈ ਮੰਤਰ ਨਹੀਂ ਹੈ। ਉਸ ਨੂੰ ਤਾਂ ਮਨੁੱਖ ਜੀਵਨ ਦੇ ਹਰ ਉਲਝੇ, ਉਲਝਾ ਦਿੱਤੇ ਸਰੋਕਾਰ ਨਾਲ ਜੂਝਣਾ ਪੈਂਦਾ ਹੈ, ਇਸ ਦੇ ਆਕਾਰ-ਪ੍ਰਕਾਰ ਅਤੇ ਇਸ ਵਿਚਲੀਆਂ ਗੰਢਾਂ-ਗ੍ਰੰਥੀਆਂ ਦਾ ਭਰਪੂਰ ਜਾਇਜ਼ਾ ਲੈਣਾ ਪੈਂਦਾ ਹੈ ਤਾਂ ਕਿਤੇ ਉਸ ਦੀ ਕਲਮ ਹਰਕਤ ਵਿਚ ਆਉਂਦੀ ਹੈ। ਇਧਰ ਉਹ ਕਲਾ ਦੇ ਕੁਝ ਹੋਰ ਰੂਪਾਂ ਨਾਲ ਵੀ ਦਸਤਪੰਜਾ ਲਈ ਬੈਠਾ ਹੈ, ਜਿਸ ਕਾਰਨ ਜੀਵਨ ਅਤੇ ਉਸ ਦੀ ਹਰ ਅਦਾ ਹੀ ਕਵਿਤਾ ਹੈ ਅਤੇ ਪੜ੍ਹਨ ਵਾਲੇ ਪੜ੍ਹ ਹੀ ਲੈਂਦੇ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਜਿਨ ਪੇ ਤਕੀਆ ਥਾ
ਲੇਖਿਕਾ : ਇੰਦਰਜੀਤ ਕੌਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 95011-45039.

ਹਥਲੀ ਪੁਸਤਕ ਅਜੋਕੇ ਪੰਜਾਬੀ ਪਾਠਕਾਂ ਦੀ ਚੇਤਨਤਾ ਨੂੰ ਜਗਾਉਂਦੀ ਹੋਈ ਅਤੀਤ ਤੋਂ ਵਰਤਮਾਨ ਤੱਕ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਦੇ ਸੁਭਾਅ ਨੂੰ ਪ੍ਰਵਾਹਮਾਨ ਕਰਨ ਵਾਲੇ ਸਰੋਕਾਰਾਂ ਨਾਲ ਸਬੰਧਿਤ ਹੈ। ਲੇਖਿਕਾ ਨੇ ਪੁਸਤਕ ਨੂੰ ਵਿਧੀਵਤ ਰੂਪ ਵਿਚ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਅਠਾਰਾਂ ਕਾਂਡਾਂ ਦੇ ਅੰਤਰਗਤ ਉਸ ਨੇ ਨਿੱਜੀ ਅਨੁਭਵਾਂ ਅਤੇ ਦੇਖਣੀ-ਦ੍ਰਿਸ਼ਟੀ ਦੇ ਅੰਤਰਗਤ ਆਲੋਚਨਾਤਮਕ ਯਥਾਰਥ ਨੂੰ ਬੇਬਾਕ ਪ੍ਰਗਟ ਕੀਤਾ ਹੈ। ਪੁਸਤਕ ਦੇ ਸਿਰਲੇਖ ਵਾਲੇ ਕਾਂਡ ਵਿਚ ਪੰਜਾਬੀਆਂ ਦੀ ਅਸਲ ਹੋਂਦ-ਸਥਿਤੀ ਤੋਂ ਤਿੜਕ ਕੇ ਨਿੱਜੀ ਹਿੱਤਾਂ ਹਿਤ ਭੰਬਲਭੂਸਿਆਂ ਵਿਚ ਪੈ ਕੇ ਪੰਜਾਬੀਅਤ ਦਾ ਘਾਣ ਕਰਨ ਦਾ ਫਿਕਰ ਪ੍ਰਗਟਾਇਆ ਹੈ। ਕਿਉਂ ਜੋ ਲੇਖਿਕਾ ਖ਼ੁਦ ਕਵਿਤਰੀ, ਕਹਾਣੀਕਾਰਾ ਅਤੇ ਵਾਰਤਕ ਸਿਰਜਣਹਾਰੀ ਹੈ, ਇਸ ਲਈ ਉਸ ਨੇ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਮਾਂ-ਬੋਲੀ ਪੰਜਾਬੀ ਲਈ ਦੇਸ਼ ਅਤੇ ਖ਼ਾਸ ਕਰਕੇ ਵਿਦੇਸ਼ਾਂ ਵਿਚ ਹੁੰਦੇ ਸਾਹਿਤਕ ਸਮਾਗਮਾਂ ਦੇ ਦ੍ਰਿਸ਼ਾਂ ਨੂੰ ਅਤੇ ਮਾਣ-ਸਨਮਾਨ ਅਤੇ ਰੂ-ਬ-ਰੂ ਹੁੰਦੇ ਸਮਾਗਮਾਂ ਵਿਚ ਹੁੰਦੀਆਂ ਕੁਰੀਤੀਆਂ ਦਾ ਵਰਣਨ ਵੀ ਕੀਤਾ ਹੈ। ਮਾਣ-ਸਨਮਾਨ ਕਿਹੜੇ ਲੋਕ ਦਿੰਦੇ ਹਨ, ਕੀ ਉਹ ਨਿਆਂਪੂਰਕ ਹੁੰਦੇ ਹਨ ਜਾਂ ਮੱਲੋਜ਼ੋਰੀ ਪ੍ਰਬੰਧਕਾਂ ਦੀ ਪ੍ਰਸੰਸਾ ਕਰਨ ਵਾਲੇ ਹਲਕੇ-ਫੁਲਕੇ ਲੋਕਾਂ ਨੂੰ ਮੂੰਹ ਮੰਗਵੇਂ, ਜਾਤੀ ਪਾਤੀ ਆਧਾਰ ਜਾਂ ਗੁੱਟ ਬੰਦੀਆਂ ਜਾਂ ਖ਼ੁਦ ਖਰਚਾ ਕਰਨ ਵਾਲੇ ਲੇਖਕਾਂ ਨੂੰ ਦਿੰਦੇ ਹਨ, ਆਦਿ ਦਾ ਵਰਣਨ ਵੱਖ-ਵੱਖ ਸੰਸਥਾਵਾਂ, ਸੰਸਥਾਪਕਾਂ ਅਤੇ ਇਨਾਮ ਪ੍ਰਾਪਤ ਕਰਤਾ ਲੇਖਕਾਂ ਦੇ ਨਾਵਾਂ ਸਹਿਤ ਬੇਬਾਕ ਪ੍ਰਗਟਾਇਆ ਹੈ। ਇਧਰਲੇ ਪੰਜਾਬ ਵਿਚ ਉੱਚੀਆਂ-ਉੱਚੀਆਂ ਸਾਹਿਤਕ ਉਪਾਧੀਆਂ ਉਤੇ ਢੁਕਵੇਂ ਸਾਹਿਤਕਾਰ ਜਾਂ ਚਿੰਤਕਾਂ ਨੂੰ ਨਾ ਬਿਠਾ ਕੇ, ਪਾਰਟੀਬਾਜ਼ੀ ਦੇ ਆਧਾਰ 'ਤੇ ਉਭਾਰਨ ਵਾਲਿਆਂ ਦਾ ਪਰਦਾ ਵੀ ਫਾਸ਼ ਕੀਤਾ ਹੈ। ਪੁਸਤਕ ਦੇ ਦੂਜੇ ਮਹੱਤਵਪੂਰਨ ਭਾਗ, ਜਿਸ ਵਿਚ ਚੌਵੀ ਕਾਂਡ ਹਨ, ਵਿਚ ਪੰਜਾਬੋਂ ਬਾਹਰ ਅਤੇ ਵਿਸ਼ੇਸ਼ ਤੌਰ 'ਤੇ ਵਿਦੇਸ਼ਾਂ ਵਿਚ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਂ ਚਾਹੇ ਉਹ ਕਹਾਣੀ ਹੈ, ਕਵਿਤਾ ਹੈ, ਨਾਵਲ ਹੈ, ਸਫ਼ਰਨਾਮਾ ਹੈ, ਡਾਇਰੀ ਹੈ ਜਾਂ ਜੀਵਨੀ ਸਵੈ-ਜੀਵਨੀ ਹੈ ਆਦਿ ਰਚਨਹਾਰਿਆਂ ਦੀ ਇਕ-ਇਕ ਪੁਸਤਕ ਦਾ ਨਿਕਟ ਵਿਸ਼ਲੇਸ਼ਣਾਤਮਕ ਅਧਿਐਨ ਪੇਸ਼ ਕੀਤਾ ਹੈ। ਇਸ ਪੁਸਤਕ ਵਿਚ ਲੇਖਿਕਾ ਨੇ ਮੂਲ ਪਾਠਗਤ ਅਧਿਐਨ ਨੂੰ ਵੀ ਪੇਸ਼ ਕੀਤਾ ਹੈ ਅਤੇ ਕੁਝ ਇਕ ਹੋਰ ਲੇਖਕਾਂ ਵਲੋਂ ਮੂਲ ਲੇਖਕਾਂ ਦੀ ਕੀਤੀ ਆਲੋਚਨਾਤਮਕ ਦ੍ਰਿਸ਼ਟੀ ਨੂੰ ਮੈਟਾ-ਆਲੋਚਨਾ ਜ਼ਰੀਏ ਵੀ ਪ੍ਰਗਟਾਇਆ ਹੈ। ਇੰਦਰਜੀਤ ਕੌਰ ਸਿੱਧੂ ਦੀ ਵਿਚਾਰਾਤਮਕ ਸੂਝ ਬੂਝ, ਪ੍ਰਗਟਾਓ ਸ਼ੈਲੀ ਅਤੇ ਸ਼ਬਦਾਵਲੀ ਬੇਬਾਕ ਹੈ, ਜੋ ਪਾਠਕਾਂ ਨੂੰ ਕੀਲਣ ਦੇ ਸਮਰੱਥ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਕਿੱਥੇ ਜਾਣ ਪਰਿੰਦੇ?
ਲੇਖਕ : ਦਰਸ਼ਨ ਸਿੰਘ ਆਸ਼ਟ (ਡਾ:)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਮੁੱਲ : 100 ਰੁਪਏ, ਸਫ਼ੇ : 76
ਸੰਪਰਕ : 98144-23703.

'ਕਿੱਥੇ ਜਾਣ ਪਰਿੰਦੇ?' ਪੰਜਾਬੀ ਬਾਲ ਸਾਹਿਤ ਦੇ ਨਾਮਵਰ ਲੇਖਕ ਡਾ: ਦਰਸ਼ਨ ਸਿੰਘ ਆਸ਼ਟ ਦੀਆਂ 15 ਬਾਲ ਕਹਾਣੀਆਂ ਦੀ ਰੌਚਿਕ ਪੁਸਤਕ ਹੈ। ਪਹਿਲੀ ਬਾਲ ਕਹਾਣੀ 'ਕਿੱਥੇ ਜਾਣ ਪਰਿੰਦੇ?' 'ਚ ਮਨੁੱਖਤਾ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਰੁੱਖਾਂ ਦੀ ਸਾਡੇ ਜੀਵਨ 'ਚ ਬੇਹੱਦ ਮਹੱਤਤਾ ਹੈ ਅਤੇ ਕੁਦਰਤ ਨਾਲ ਖਿਲਵਾੜ ਕਰਕੇ ਮਨੁੱਖ ਕਿਵੇਂ ਗੰਭੀਰ ਸੰਕਟ ਦਾ ਸ਼ਿਕਾਰ ਹੋ ਰਿਹਾ ਹੈ। 'ਜ਼ਿੰਮੇਵਾਰ ਕੌਣ?' ਕਹਾਣੀ 'ਚ ਸਿੱਖਿਆ ਦਿੱਤੀ ਗਈ ਹੈ ਕਿ ਕਿਸੇ ਦਾ ਬੁਰਾ ਨਾ ਸੋਚੋ।
'ਖ਼ਬਰਦਾਰ' ਕਹਾਣੀ 'ਚ ਮਨੁੱਖ ਵਲੋਂ ਰੁੱਖਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ, ਪਾਣੀ ਦੀ ਬਰਬਾਦੀ, ਪ੍ਰਦੂਸ਼ਣ, ਆਲਮੀ ਤਪਸ਼ ਕਾਰਨ ਗਲੇਸ਼ੀਅਰਾਂ ਦਾ ਪਿਘਲਣਾ, ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣਾ ਆਦਿ ਪ੍ਰਕਿਰਤੀ ਨਾਲ ਛੇੜਛਾੜ ਲਈ ਜ਼ਿੰਮੇਵਾਰ ਮਨੁੱਖ ਨੂੰ ਖ਼ਬਰਦਾਰ ਕੀਤਾ ਗਿਆ ਹੈ। 'ਸ਼ਾਬਾਸ਼ ਧੀਏ' ਬਾਲ ਕਹਾਣੀ 'ਚ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਸਾਹਿਤਕ ਪੁਸਤਕਾਂ, ਰਸਾਲੇ ਬਗ਼ੈਰਾ ਪੜ੍ਹਨ ਲਈ ਉਤਸ਼ਾਹਿਤ ਕਰਨ ਲਈ ਪ੍ਰੇਰਿਆ ਗਿਆ ਹੈ।
'ਸਵੈ-ਭਰੋਸਾ' ਕਹਾਣੀ 'ਚ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ ਹੈ ਕਿ ਸਵੈ-ਭਰੋਸਾ ਸਫਲਤਾ ਦੀ ਕੁੰਜੀ ਹੈ। 'ਅਨੋਖੀ ਸਜ਼ਾ' ਕਹਾਣੀ 'ਚ ਨਸੀਹਤ ਦਿੱਤੀ ਗਈ ਹੈ ਕਿ ਸਾਨੂੰ ਮੁਸੀਬਤ 'ਚ ਇਕ ਦੂਸਰੇ ਦੇ ਕੰਮ ਆਉਣਾ ਚਾਹੀਦਾ ਹੈ। 'ਦੌਲਤ' ਕਹਾਣੀ 'ਚ ਸੰਦੇਸ਼ ਦਿੱਤਾ ਗਿਆ ਹੈ ਕਿ ਇਮਾਨਦਾਰੀ ਹੀ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ। 'ਫੁੱਲ ਬੋਲਿਆ' ਕਹਾਣੀ 'ਚ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਕਿ ਆਪਣੀਆਂ ਕਿਤਾਬਾਂ 'ਚ ਫੁੱਲ ਪੱਤੀਆਂ ਜਾਂ ਮੋਰ ਖੰਭਾਂ ਨੂੰ ਰੱਖਣ ਨਾਲ ਪੜ੍ਹਾਈ ਨਹੀਂ ਆਉਂਦੀ ਸਗੋਂ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਨਾਲ ਹੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਇਸ ਪੁਸਤਕ ਦੀਆਂ ਹੋਰ ਬਾਲ ਕਹਾਣੀਆਂ 'ਚ 'ਸੋਚ ਬਦਲ ਗਈ', 'ਪਹਿਲਾ ਬੈਂਚ', 'ਰੰਗ ਵਿਚ ਭੰਗ ਨਹੀਂ', 'ਮੀਤ ਖ਼ੁਸ਼ ਹੈ', 'ਜੀਵਨਦਾਨ', 'ਮੁੜਦੇ ਹੋਏ ਕਦਮ', 'ਲਗਾ ਸ਼ਰਤ' ਆਦਿ ਬਾਲ ਕਹਾਣੀਆਂ ਵੀ ਬੇਹੱਦ ਪ੍ਰੇਰਨਾਦਾਇਕ ਹਨ। ਸਮੁੱਚੀ ਪੁਸਤਕ ਦੀਆਂ ਬਾਲ ਕਹਾਣੀਆਂ ਬਾਲ ਮਨਾਂ ਦੇ ਹਾਣ ਦੀਆਂ ਹੋਣ ਕਰਕੇ ਸੁਆਦਲੀਆਂ ਵੀ ਹਨ ਅਤੇ ਸਿੱਖਿਆਦਾਇਕ ਵੀ। ਬਾਲ ਸਾਹਿਤ 'ਚ ਅਜਿਹੀ ਰੌਚਿਕ ਬਾਲ ਕਹਾਣੀਆਂ ਦੀ ਪੁਸਤਕ ਨੂੰ ਖ਼ੁਸ਼ਆਮਦੀਦ ਕਹਿਣਾ ਬਣਦਾ ਹੈ।

ਮਨਜੀਤ ਸਿੰਘ ਘੜੈਲੀ
ਮੋ : 98153-91625

ਟੁੱਟਣਾ ਵੀ ਖ਼ੂਬਸੂਰਤ ਹੁੰਦੈ
ਲੇਖਕ : ਰਜਨੀ ਵਾਲੀਆ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੱਲ : 180 ਰੁਪਏ, ਸਫ਼ੇ : 96
ਸੰਪਰਕ : 99880-95932.

'ਟੁੱਟਣਾ ਵੀ ਖ਼ੂਬਸੂਰਤ ਹੁੰਦੈ' ਰਜਨੀ ਵਾਲੀਆ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਰਾਹੀਂ ਉਸ ਨੇ ਪੰਜਾਬੀ ਕਾਵਿ-ਜਗਤ 'ਚ ਹਾਜ਼ਰੀ ਲਗਵਾਈ ਹੈ। ਇਸ ਸੰਗ੍ਰਹਿ ਵਿਚ ਉਸ ਦੀਆਂ 56 ਛੰਦ-ਬੱਧ ਅਤੇ ਗ਼ੈਰ ਛੰਦ-ਬੱਧ ਕਵਿਤਾਵਾਂ ਦਰਜ ਹਨ, ਜੋ 'ਆਪਣੀ ਜੰਗ ਖ਼ੁਦ ਲੜੀ' ਤੋਂ ਲੈ ਕੇ ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ, ਥੀਮਿਕ ਪਾਸਾਰਾਂ ਨੂੰ ਸਮੋਈ ਬੈਠੀਆਂ ਹਨ। ਇਹ ਵਿਤਕਰਿਆਂ ਅਤੇ ਕਾਣੀ ਵੰਡ ਵਾਲਾ ਸਾਡਾ ਸਮਾਜਿਕ ਢਾਂਚਾ ਦਰਅਸਲ ਅਜੇ ਵੀ ਔਰਤ ਨੂੰ 'ਮਨੁੱਖ' ਸਵੀਕਾਰਨ ਦੀ ਪ੍ਰਵਿਰਤੀ ਧਾਰਨ ਕਰਨ 'ਚ ਬਣਦੀ ਥਾਂ ਨਹੀਂ ਦੇ ਸਕਿਆ। ਅਜੇ ਵੀ ਅਸੀਂ ਵਿਗਿਆਨਕ ਪਹੁੰਚ ਅਪਣਾਉਣ ਦੀ ਥਾਵੇਂ ਅਖੌਤੀ ਧਾਰਮਿਕ ਫਲਸਫ਼ਿਆਂ ਦੇ ਇਰਦ-ਗਿਰਦ ਘੁੰਮੀ ਜਾ ਰਹੇ ਹਾਂ ਅਤੇ ਸਮਾਜ ਨੂੰ ਔਰਤ-ਮਰਦ ਦੀ ਵੰਡ ਕਰ ਦੋਵਾਂ ਨੂੰ ਵੱਖਰੇ-ਵੱਖਰੇ ਦਰਸਾ ਵਿਰੋਧ ਦੀਆਂ ਸੁਰਾਂ ਉਤਪੰਨ ਕਰੀ ਜਾ ਰਹੇ ਹਾਂ। ਅਜਿਹੇ ਹਾਲਾਤ ਕਾਵਿ-ਪਾਠਕ ਰਜਨੀ ਵਾਲੀਆ ਦੀਆਂ 'ਧੀਆਂ ਅਤੇ ਧਰੇਕਾਂ', 'ਕੁੜੀਆਂ ਤਾਂ ਕਵਿਤਾਵਾਂ ਵਰਗੀਆਂ ਹੁੰਦੀਆਂ ਹਨ', 'ਸ਼ਬਦਾਂ ਦਾ ਤਰਕਸ਼', 'ਰੂਹਾਂ ਦੀ ਸਾਂਝ', 'ਮੋਹ ਦੀ ਤੰਦ', 'ਮੇਰੀ ਹੋਂਦ' ਅਤੇ 'ਰੂਹਾਨੀ ਰਿਸ਼ਤੇ' ਆਦਿ ਕਵਿਤਾਵਾਂ 'ਚ ਦੇਖੇ ਜਾ ਸਕਦੇ ਹਨ। ਮੇਰੀ ਧਾਰਨਾ ਹੈ ਕਿ ਕਾਵਿਕ-ਦ੍ਰਿਸ਼ਟੀ ਤੋਂ ਔਰਤ-ਮਰਦ ਦੀ ਹੋਂਦ ਨੂੰ ਇਕ-ਦੂਜੇ ਦੇ ਪੂਰਕ ਹੋਣ ਦੀ ਅਵਸਥਾ ਵਿਚ ਵਧੇਰੇ ਸੁਖੈਨ ਢੰਗ ਨਾਲ ਸਮਝਿਆ ਜਾ ਸਕਦਾ ਹੈ, ਵਿਰੋਧ ਵਿਚ ਨਹੀਂ। ਮਰਦ ਵੀ ਇਸ ਸਮਾਜਿਕ ਵਿਵਸਥਾ ਦਾ ਇਕ ਅੰਗ ਹੈ, ਸਮੂਹ ਨਹੀਂ। 'ਟੁੱਟਣਾ ਵੀ ਖ਼ੂਬਸੂਰਤ ਹੁੰਦੈ' ਨਜ਼ਮ ਮਨੁੱਖੀ ਸੰਘਰਸ਼ ਵੱਲ ਸੇਧਿਤ ਕਰਦੀ ਹੈ। ਸਮਝੌਤਾਵਾਦੀ ਰੁਚੀਆਂ ਦਾ ਤਿਆਗ ਕਰਦਿਆਂ ਸਹੀ ਪਰਿਪੇਖ ਵਿਚ ਜੂਝਣਾ ਵੀ ਸੂਰਮਗਤੀ ਹੈ। ਇਹੀ ਇਸ ਕਵਿਤਾ ਦਾ ਹਾਸਲ ਵੀ ਹੈ ਅਤੇ ਸੰਦੇਸ਼ ਵੀ :
ਨੰਗੇ ਪੈਰੀਂ ਅੱਗ 'ਤੇ ਤੁਰ ਦਿਖਾਉਣਾ,
ਆਪਣੀ ਰੂਹ ਨੂੰ ਜ਼ਖ਼ਮੀ ਕਰ ਕੇ
ਕਿਸੇ ਅੱਗੇ ਆਪਣਾ ਸਿਰ ਝੁਕਾਉਣਾ।
ਪਾੜ ਦਿੱਤਾ ਮਾਫ਼ੀਨਾਮਾ ਮੈਂ,
ਕਿਉਂਕਿ ਕਈ ਵਾਰ
ਟੁੱਟਣਾ ਵੀ ਖ਼ੂਬਸੂਰਤ ਹੁੰਦੈ
ਟੁੱਟਣਾ ਵੀ ਖ਼ੂਬਸੂਰਤ ਹੁੰਦੈ।
ਰਜਨੀ ਵਾਲੀਆ ਨੇ ਇਸ ਕਾਵਿ-ਸੰਗ੍ਰਹਿ ਵਿਚ ਖੁੱਲ੍ਹੀ ਕਵਿਤਾ, ਨਜ਼ਮ, ਗੀਤ ਕਈ ਸਿਨਫਾਂ ਅਪਣਾਉਂਦਿਆਂ ਭਾਵੁਕ ਵਿਚਾਰਾਂ ਦੀ ਪੇਸ਼ਕਾਰੀ ਕਾਵਿਕ-ਮੁਹਾਵਰੇ ਰਾਹੀਂ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਅਹਿਸਾਸਾਂ ਦੀ ਇਸ ਸ਼ਾਇਰੀ ਦਾ ਪੰਜਾਬੀ ਕਾਵਿ-ਪਾਠਕ ਭਰਪੂਰ ਅਨੰਦ ਉਠਾਉਣ ਦੇ ਨਾਲ-ਨਾਲ ਅਹਿਸਾਸਾਂ ਨੂੰ ਮਹਿਸੂਸਣ ਦਾ ਯਤਨ ਵੀ ਕਰਨਗੇ। ਮੁਬਾਰਕਬਾਦ ਦਿੰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ। ਆਮੀਨ!

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14036

17-01-2021

ਦਰਦ ਦੇਸ਼-ਵੰਡ ਦਾ
47 ਦੇ ਦੁਖਾਂਤ ਦੀਆਂ 47 ਕਹਾਣੀਆਂ

ਸੰਪਾਦਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 455
ਸੰਪਰਕ : 011-42502364.


ਇਸ ਪੁਸਤਕ ਦੇ ਸੰਪਾਦਕਾਂ (ਗੁਰਬਚਨ ਸਿੰਘ ਭੁੱਲਰ ਅਤੇ ਅਨੇਮਨ ਸਿੰਘ) ਨੇ ਦੇਸ਼-ਵੰਡ ਨਾਲ ਸਬੰਧਿਤ 70 ਕਹਾਣੀਆਂ ਵਿਚੋਂ ਛਾਂਟ ਕੇ 47 ਕਹਾਣੀਆਂ ਸੰਪਾਦਿਤ ਕੀਤੀਆਂ ਹਨ। ਇਸ ਵਿਚ ਸਾਰੀਆਂ ਹੀ ਕਹਾਣੀਆਂ ਭਾਰਤੀ ਲੇਖਕਾਂ ਵਿਸ਼ੇਸ਼ ਕਰਕੇ ਪੰਜਾਬੀ ਲੇਖਕਾਂ ਦੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਸਾਰੀਆਂ ਕਹਾਣੀਆਂ ਹਿਰਦੇਵੇਧਕ ਅਤੇ ਕਰੁਣਮਈ ਹਨ। ਅਜੋਕੇ ਪਾਠਕ ਤਾਂ ਇਨ੍ਹਾਂ ਨੂੰ ਪੜ੍ਹ ਕੇ ਹੈਰਾਨ, ਪ੍ਰੇਸ਼ਾਨ, ਪਸ਼ੇਮਾਨ ਹੋਣਗੇ ਕਿ 'ਹੈਂਅ' ਅਜਿਹਾ ਵੀ ਕਦੇ ਹੋਇਆ ਹੋਣੈਂ। ਅਜਿਹੀ ਆਜ਼ਾਦੀ ਪ੍ਰਾਪਤ ਕਰਨ ਖ਼ਾਤਰ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਨੇ ਵਡੇਰਿਆਂ ਨੇ!!! ਲਗਪਗ ਡੇਢ ਕਰੋੜ ਵਸੋਂ ਇੱਧਰੋਂ-ਉਧਰੋਂ ਬੇਘਰ ਹੋਈ ਅਤੇ ਲਗਪਗ 10 ਲੱਖ ਮਰਦ, ਔਰਤਾਂ, ਬੱਚੇ ਮੌਤ ਦੇ ਘਾਟ ਉਤਾਰੇ ਗਏ। ਸਵਾਲਾਂ ਦਾ ਸਵਾਲ ਹੈ : ਕੀ ਇਸ ਵੰਡ ਨੂੰ ਰੋਕਿਆ ਨਹੀਂ ਸੀ ਜਾ ਸਕਦਾ? ਕੀ ਕਾਹਲੀ ਪਈ ਹੋਈ ਸੀ ਜਿਨਾਹ ਨੂੰ ਤੇ ਨਹਿਰੂ ਨੂੰ? ਕੀ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਦੀ ਹੀ ਸ਼ਰਾਰਤ ਸੀ? ਕਾਫ਼ਲਿਆਂ ਦੇ ਕਾਫ਼ਲੇ ਧਰਮ ਦੇ ਨਾਂਅ 'ਤੇ ਕਾਫ਼ਲਿਆਂ ਦੇ ਕਾਫ਼ਲਿਆਂ ਨੂੰ ਜਹੰਨਮ ਪੁਚਾਉਂਦੇ ਰਹੇ। 'ਅਦਲੇ ਦਾ ਬਦਲਾ' ਸਮੇਂ ਦਾ ਸੱਚ ਹੋ ਨਿੱਬੜਿਆ ਸੀ। ਹਮਸਾਏ ਹੀ ਹਮਸਾਇਆਂ ਦੇ ਖ਼ੂਨ ਦੇ ਪਿਆਸੇ ਹੋ ਗਏ ਸਨ। ਗੁਆਂਢੀਆਂ ਨੂੰ ਘਰ ਦੀਆਂ ਕੁੰਜੀਆਂ ਫੜਾ ਕੇ ਜਾਣ ਵਾਲੇ ਸਮਝਦੇ ਸਨ-ਦੋ-ਚਾਰ ਦਿਨ ਦਾ ਰੌਲਾ ਰੱਪਾ ਖ਼ਤਮ ਹੋਣ 'ਤੇ ਵਾਪਸ ਆ ਜਾਵਾਂਗੇ। ਵਤਨ ਦੀ ਮਿੱਟੀ ਨਾਲੋਂ ਵਿਛੜਨ ਲਈ ਕਿਸੇ ਦਾ ਜੀਅ ਨਹੀਂ ਸੀ ਕਰਦਾ। ਅਨੇਕਾਂ ਹਮਸਾਇਆਂ ਨੇ ਆਪਣੀ ਜਾਨ ਦਾਅ 'ਤੇ ਲਾ ਕੇ ਗੁਆਂਢੀਆਂ ਦੀ ਰੱਖਿਆ ਵੀ ਕੀਤੀ। ਦੇਰ ਤੋਂ ਵਿਛੜਿਆਂ ਦਾ ਸਬੱਬੀ ਮਿਲਾਪ ਵੀ ਹੋਇਆ-ਧਾਹਾਂ ਮਾਰ-ਮਾਰ ਕੇ ਰੋਏ। ਔਰਤਾਂ ਦੀ ਦਸ਼ਾ ਬਦ ਤੋਂ ਬਦਤਰ ਹੋਈ। ਇੱਜ਼ਤਾਂ ਲੁੱਟੀਆਂ ਗਈਆਂ। ਪੱਤ ਬਚਾਉਂਦੀਆਂ ਨਹਿਰਾਂ ਵਿਚ ਕੁੱਦ ਗਈਆਂ। ਧਰਮ ਪਰਿਵਰਤਨ ਕਰਕੇ ਧੱਕੇ ਨਾਲ ਵਸਾਈਆਂ ਗਈਆਂ। ਪਸ਼ੂਆਂ ਵਾਂਗ ਵੇਚੀਆਂ ਗਈਆਂ। ਛਾਤੀਆਂ ਲਹੂ-ਲੁਹਾਣ ਹੋਈਆਂ। ਬੱਚਿਆਂ, ਬੁੱਢਿਆਂ ਨੂੰ ਵੀ ਮੁਆਫ਼ ਨਹੀਂ ਕੀਤਾ ਗਿਆ। ਅੱਜ ਵੀ ਵੀਜ਼ੇ ਲੈ ਕੇ ਆਪਣਿਆਂ ਨੂੰ ਢੂੰਡਦੇ, ਤੜਪਦੇ ਵੇਖੇ ਜਾਂਦੇ ਹਨ। ਜ਼ਿਆਦਾਤਰ ਕਹਾਣੀਆਂ ਫ਼ਿਰਕੂ ਦੰਗਿਆਂ ਦੀ ਪੇਸ਼ਕਾਰੀ ਦੇ ਨਾਲ-ਨਾਲ ਆਫਟਰ-ਅਫੈਕਟ (ਪਿਛਲ-ਪ੍ਰਭਾਵ) ਨੂੰ ਰੂਪਮਾਨ ਕਰਦੀਆਂ ਹਨ। ਕਿਸੇ-ਕਿਸੇ ਕਹਾਣੀ ਦੀ ਫੇਬੁਲਾ ਤਾਂ 47 ਤੋਂ ਆਰੰਭ ਹੋ ਕੇ, 84 ਦੇ ਦਿੱਲੀ ਦੰਗਿਆਂ, ਪੰਜਾਬ ਦੇ ਕਾਲੇ ਦਿਨਾਂ ਤੱਕ ਆਪਣਾ ਪਾਸਾਰ ਕਰਦੀ ਆ। ਇੰਜ ਲਗਦਾ ਹੈ 47 ਤੋਂ ਬਾਅਦ ਵੀ ਬੰਦੇ-ਬੰਦੇ ਨਹੀਂ ਬਣੇ। ਹਰੇਕ ਕਹਾਣੀਕਾਰ ਨੇ ਆਪੋ-ਆਪਣੇ ਨਜ਼ਰੀਏ ਨਾਲ ਘਟਨਾਵਾਂ 'ਤੇ ਫੋਕਸੀਕਰਨ ਕੀਤਾ ਹੈ। ਅਧਿਐਨ ਕਰਦਿਆਂ ਘਿਣਾਉਣੇ ਦ੍ਰਿਸ਼ਾਂ ਦੀ ਪੇਸ਼ਕਾਰੀ ਪਾਠਕਾਂ ਦੀ ਰੂਹ ਨੂੰ ਕਾਂਬਾ ਛੇੜਦੀ ਹੈ। ਅਜੇ ਕਿਹੜਾ ਟਿਕ-ਟਿਕਾਅ ਹੈ, ਕਸ਼ਮੀਰ ਹੀ ਦੋਵਾਂ ਮੁਲਕਾਂ ਲਈ 'ਨਾਸੂਰ' ਬਣਿਆ ਹੋਇਆ ਹੈ। ਇਧਰੋਂ ਉਧਰੋਂ ਸਾਹਿਤਕ ਫੇਰੀਆਂ ਦਾ ਵੀ ਗਲਪੀਕਰਨ ਉਪਲਬਧ ਹੈ। ਪਾਠਕ ਨਿਚਲੇ ਦੋ ਸੰਵਾਦਾਂ ਤੋਂ 47 ਦੀ ਦਸ਼ਾ ਦਾ ਅਨੁਮਾਨ ਸਹਿਜੇ ਹੀ ਲਾ ਸਕਦੇ ਨੇ : 'ਓਏ ਧੰਨਿਆ, ਏਸ ਮੱਲ੍ਹਮ ਦੀ ਪਾਕੀਜ਼ਗੀ ਤੂੰ ਕੀ ਜਾਣੇ ਨਿਰਦੋਸ਼ਾਂ ਦੇ ਕਾਤਲਾ। ਇਹ ਦਾ ਵਾਰਿਸ ਬਣਨ ਲਈ ਤਾਂ ਭਾਈ ਘਨ੍ਹੱਈਆ ਜੀ ਅਰਗੀ ਸੋਚ ਚਾਹੀਦੀ ਆ'। ਪੰਨਾ 135 ਮਾਂ ਨੇ ਮੈਨੂੰ ਕੋਸਿਆ ਤੇ ਕਿਹਾ, 'ਸਾਡੀ ਸਿਰਫ ਕਹਾਣੀ ਰਹਿ ਗਈ। ਕੱਲੀ ਜਿੰਦ ਨਿਮਾਣੀ ਰਹਿ ਗਈ। ਤੇਰੇ ਦੀਦ ਸਵਾਲੀ ਹੋ ਗਏ। ਆਹਾਂ ਦੇ ਭਾਂਡੇ ਖਾਲੀ ਹੋ ਗਏ।' (ਪੰ. 219)


-ਡਾ: ਧਰਮ ਚੰਦ ਵਾਤਿਸ਼
ਮੋ: 88376-79186.
c c c


ਤਿੰਨ ਸੁਨਹਿਰੀ ਦਰਵਾਜ਼ੇ

ਲੇਖਿਕਾ : ਡਾ: ਭਵਨੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 120


ਇਹ ਨਾਵਲ ਮਨੁੱਖ ਦੀ ਹਯਾਤੀ ਨਾਲ ਜੁੜੇ ਕਈ ਪ੍ਰਸ਼ਨਾਂ, ਤਰਕਾਂ-ਵਿਤਰਕਾਂ, ਮਨੁੱਖੀ ਹੋਂਦ ਤੇ ਉਸ ਦੇ ਸੰਸਿਆਂ ਦਾ ਪੀੜਾ, ਜਵਾਬ ਲੱਭਣ ਦੀ ਕੋਸ਼ਿਸ਼ ਹੈ। ਇਸ ਨਾਵਲ ਵਿਚ ਭਾਵੇਂ ਕੁੱਲ ਚਾਰ ਪਾਤਰ ਹੀ ਹਨ, ਮੈਗਸ, ਲਾਗ, ਕਾਰਾ ਅਤੇ ਐਮਾ। ਪਰ ਇਹ ਸੰਪੂਰਨ ਮਨੁੱਖਤਾ ਦੀ ਪ੍ਰਤੀਨਿਧਤਾ ਕਰਦੇ ਪ੍ਰਤੀਤ ਹੁੰਦੇ ਹਨ। ਅੱਜ ਦਾ ਮਨੁੱਖ ਸੰਸਿਆਾਂ ਅਤੇ ਅੰਦਰੂਨੀ ਸੰਘਣੀਆਂ ਸੋਚਾਂ ਵਿਚ ਘਿਰਿਆ ਹੋਇਆ ਪੀੜ-ਪੀੜ ਹੈ। ਮੈਗਸ ਨੂੰ ਹੀ ਲੈ ਲਓ। ਉਹ ਪ੍ਰਸਿੱਧਤਾ ਦੀ ਸਿਖ਼ਰ 'ਤੇ ਪੁੱਜ ਕੇ ਵੀ ਆਂਤਰਿਕ ਵੇਦਨਾ ਨਾਲ ਪੀੜਤ ਹੈ। 'ਪਾਣੀ ਦੀ ਬੂੰਦ' ਇਕ ਅਜਿਹੀ ਸ਼ਕਤੀ ਹੈ ਜੋ ਧਰਤੀ 'ਤੇ ਜੀਵਨ ਦੀ ਸਿਰਜਕ ਬਣ ਕੇ ਉੱਭਰਦੀ ਹੈ ਤੇ ਮਨੁੱਖੀ ਹਯਾਤੀ 'ਤੇ ਬੇਬਾਕ ਟਿੱਪਣੀਆਂ ਕਰਦੀ ਹੋਈ ਉਸ ਦੀ ਰਾਹ-ਦਸੇਰੀ ਬਣਦੀ ਹੈ। ਕਾਰਾ ਆਪਣੀ ਮਾਂ ਤੋਂ ਸੁਣੀ ਹੋਈ ਇਕ ਮਿੱਥ-ਕਥਾ ਮੈਗਸ ਨੂੰ ਸੁਣਾਉਂਦੀ ਹੋਈ 'ਤਿੰਨ ਸੁਨਹਿਰੀ ਦਰਵਾਜ਼ਿਆਂ' ਦਾ ਜ਼ਿਕਰ ਕਰਦੀ ਹੈ, ਜਿਨ੍ਹਾਂ ਅੰਦਰ ਮਨੁੱਖੀ ਜੀਵਨ ਦੀ ਸੁੱਖ-ਸ਼ਾਂਤੀ ਦੀਆਂ ਕੁੰਜੀਆਂ ਸਾਂਭੀਆਂ ਹੋਈਆਂ ਹਨ ਪਰ ਉਸ ਦੇ ਬਾਹਰ ਅਜਿਹੇ ਰਾਖਸ਼ ਪਹਿਰਾ ਦਿੰਦੇ ਹਨ ਜੋ ਮਨੁੱਖ ਦੀ ਹਰ ਹਿੰਮਤ ਦੇ ਰਾਹ 'ਚ ਰੁਕਾਵਟ ਬਣਦੇ ਹਨ ਤੇ ਉਸ ਨੂੰ ਬੇਬੱਸ ਕਰਨ ਦੇ ਆਹਰ 'ਚ ਰਹਿੰਦੇ ਹਨ। ਪਹਿਲਾ ਦਰਵਾਜ਼ਾ 'ਰਾਜ਼ੀ ਹੋਣ ਦੀ ਇੱਛਾ' ਹੈ ਤੇ ਦੂਸਰਾ 'ਪ੍ਰੇਮ ਮਾਰਗ' ਦਾ ਹੈ। ਆਪਣੀ ਮਾਨਸਿਕ ਸ਼ਕਤੀ ਤੇ ਪ੍ਰੇਮ ਮਾਰਗ 'ਤੇ ਚਲਦਿਆਂ ਮਨੁੱਖ ਇਨ੍ਹਾਂ ਬੂਹਿਆਂ ਤੱਕ ਅੱਪੜ ਕੇ ਪਰਮ ਸੁੱਖ ਅਤੇ ਸ਼ਾਂਤੀ ਦੀ ਸਿਰਜਣਾ ਕਰ ਸਕਦਾ ਹੈ। ਉਸ ਕੋਲ 'ਵਿਸ਼ਵਾਸ' ਅਤੇ 'ਅਰਦਾਸ' ਦੀਆਂ ਤਿੱਖੀਆਂ ਤਲਵਾਰਾਂ ਹੋਣੀਆਂ ਚਾਹੀਦੀਆਂ ਹਨ ਜੋ ਇਨ੍ਹਾਂ ਰਾਖ਼ਸ਼ ਰੂਪੀ ਵਿਕਾਰਾਂ ਅਤੇ ਮਨਾਹੀਆਂ ਦਾ ਮੁਕਾਬਲਾ ਕਰ ਸਕੇ। ਲੇਖਿਕਾ ਮਨੁੱਖ ਦੇ ਸੁਖੀ ਭਰੇ ਭਵਿੱਖ ਵੱਲ ਵੀ ਸੰਕੇਤ ਕਰਦੀ ਹੈ। ਇਹ ਨਾਵਲ ਪੰਜਾਬੀ ਦੇ ਰਵਾਇਤੀ ਪਾਠਕ ਲਈ ਨਹੀਂ ਹੈ। ਇਸ ਨੂੰ ਪੜ੍ਹ ਕੇ ਇਸ ਦੇ ਗੰਭੀਰ ਦਰਸ਼ਨ ਨੂੰ ਸਮਝਣ ਲਈ ਪਾਤਰ ਦਾ ਚਿੰਤਨਸ਼ੀਲ ਤੇ ਸੂਖਮਭਾਵੀ ਹੋਣਾ ਜ਼ਰੂਰੀ ਸ਼ਰਤਾਂ ਹਨ।


-ਕੇ. ਐਲ. ਗਰਗ
ਮੋ: 94635-37050


ਮਨ ਮਰਜ਼ੀ ਦੀ ਬੁਣਤੀ
ਲੇਖਕ : ਸੁਰਿੰਦਰ ਰਾਮਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 96
ਸੰਪਰਕ : 99156-34722.


ਸੁਰਿੰਦਰ ਰਾਮਪੁਰੀ ਬਹੁਵਿਧਾਈ ਲੇਖਕ ਹੈ। ਉਸ ਨੇ ਕਹਾਣੀ, ਕਵਿਤਾ, ਸ਼ਬਦ-ਚਿੱਤਰਾਂ ਅਤੇ ਆਲੋਚਨਾ ਦੇ ਖੇਤਰ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਉਂਜ ਵੀ ਰਾਮਪੁਰ ਪਿੰਡ ਸਾਹਿਤਕ ਪਿੜ 'ਚ ਜਾਣਿਆ-ਪਛਾਣਿਆ ਨਾਂਅ ਹੈ ਜੋ ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਮੱਲ ਸਿੰਘ ਰਾਮਪੁਰੀ ਅਤੇ ਹੋਰ ਅਨੇਕਾਂ ਨਾਵਾਂ ਕਰਕੇ ਜਾਣਿਆ ਜਾਂਦਾ ਹੈ। ਇਥੋਂ ਦੀ ਸਾਹਿਤ ਸਭਾ ਬਹੁਤ ਹੀ ਉੱਦਮਸ਼ੀਲ ਰਹੀ ਹੈ ਅਤੇ ਸੁਰਿੰਦਰ ਰਾਮਪੁਰੀ ਵੀ ਇਸੇ ਸਭਾ ਦੀ ਪੈਦਾਇਸ਼ ਹੈ। 'ਮਨਮਰਜ਼ੀ ਦੀ ਬੁਣਤੀ' ਕਾਵਿ-ਸੰਗ੍ਰਹਿ ਉਸ ਦਾ ਤੀਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਅੱਗ ਨਾਲ ਖੇਡਦਿਆਂ' (2004), 'ਦੇਹਲੀ 'ਤੇ ਬੈਠੀ ਉਡੀਕ' (2014) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਹਥਲਾ ਕਾਵਿ-ਸੰਗ੍ਰਹਿ ਉਸ ਨੇ ਉਨ੍ਹਾਂ ਸਿਰੜੀ ਲੋਕਾਂ ਦੇ ਨਾਂਅ ਕੀਤਾ ਹੈ ਜੋ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਦਿਆਂ ਵੀ ਜ਼ਿੰਦਗੀ ਦੇ ਕੈਨਵਸ 'ਤੇ ਮਨਮਰਜ਼ੀ ਦੀ ਬੁਣਤੀ ਪਾਉਣ ਦਾ ਹਰ ਸੰਭਵ ਯਤਨ ਕਰਦੇ ਰਹੇ ਹਨ। ਇਸ ਲਈ ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਮਨਮਰਜ਼ੀ ਦੀ ਬੁਣਤੀ' ਤੋਂ ਲੈ 'ਧਰੋਹਰ' ਤੱਕ 52 ਕਵਿਤਾਵਾਂ ਮਨੁੱਖੀ ਜ਼ਿੰਦਗੀ ਦੇ ਹਰ ਸਰੋਕਾਰ ਨਾਲ ਵਾ-ਬਸਤਾ ਹਨ। ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਦੇ ਨਾਂਅ 'ਤੇ ਜਿੰਨਾ ਮਾਨਸਿਕ ਤਸ਼ੱਦਦ ਅਜੋਕਾ ਮਨੁੱਖ ਸਹਿਣ ਕਰ ਰਿਹਾ ਹੈ, ਉਸ ਦਾ ਉਲੇਖ ਇਨ੍ਹਾਂ ਕਵਿਤਾਵਾਂ ਵਿਚ ਥਾਂ-ਪੁਰ-ਥਾਂ ਮਿਲਦਾ ਹੈ। ਜਾਤਾਂ, ਧਰਮਾਂ, ਮਜ਼੍ਹਬਾਂ, ਊਚ-ਨੀਚ, ਗ਼ਰੀਬ-ਅਮੀਰ, ਮਾਦਾ ਭਰੂਣ ਹੱਤਿਆ, ਬੇਰੁਜ਼ਗਾਰੀ, ਆਪਾਧਾਪੀ, ਖੋਹ-ਖਿੱਚ ਅਨੇਕਾਂ ਪ੍ਰਕਾਰ ਦੇ ਵਰਤਾਰਿਆਂ ਦੇ ਖਿਲਾਫ਼ ਇਹ ਕਵਿਤਾਵਾਂ ਨਪੀੜੀ ਜਨਤਾ ਦੀ ਹੂਕ ਤੇ ਹਾਕ ਬਣਦੀਆਂ ਹਨ। ਬਾਜ਼ਾਰ ਦਾ 'ਅਲਜ਼ਬਰਾ' ਨਜ਼ਮ ਇਸ ਵਰਤਾਰੇ ਦੀ ਪ੍ਰਤੀਨਿਧ ਕਵਿਤਾ ਹੈ। ਉਂਜ ਅਜਿਹੇ ਵਰਤਾਰੇ ਕਾਵਿ-ਪਾਠਕ 'ਕਰਮੀਏ ਏਧਰ ਆਈਂ', 'ਚਿੰਤਨ ਵੇਲਾ', 'ਮੈਂ ਤੈਨੂੰ ਪਹਿਚਾਣ ਲਿਆ', 'ਕਦੋਂ ਤੱਕ', 'ਫ਼ਿਕਰ', 'ਪੈਰਾਂ ਦੀ ਭਟਕਣ', 'ਰੰਗ, ਸ਼ਬਦ ਤੇ ਸੰਗੀਤ' 'ਅੱਗ 1-4', 'ਪਾਣੀ ਵਰਗੇ ਬੰਦੇ', 'ਸਾਹਾਂ ਵਿਚ ਵਸੀ ਕਵਿਤਾ', 'ਬਚਪਨ' ਅਤੇ 'ਪਛਾਣ' ਆਦਿ ਕਵਿਤਾਵਾਂ ਵਿਚ ਦੇਖ ਸਕਦੇ ਹਨ। 'ਫੁੱਲ ਖਿੜੇ ਅੰਗਿਆਰ ਦਾ-ਸੋਹਣ ਗਰੇਵਾਲ' ਅਤੇ 'ਸ਼ਬਦ-ਸਾਗਰ-ਸੁਰਜੀਤ ਖੁਰਸ਼ੀਦੀ' ਦੋ ਕਾਵਿ-ਚਿੱਤਰ ਵੀ ਇਸ ਕਾਵਿ-ਸੰਗ੍ਰਹਿ ਦਾ ਹਾਸਲ ਹਨ। ਇਹ ਕਵਿਤਾ ਆਸ-ਉਮੀਦ ਦੀ ਕਵਿਤਾ ਹੈ ਜੋ ਮਨੁੱਖ ਨੂੰ ਸੰਘਰਸ਼ ਦੇ ਲਈ ਪ੍ਰੇਰਦੀ ਹੈ :
ਦੁਨੀਆ ਦਾ ਇਤਿਹਾਸ ਗਵਾਹ
ਹਰ ਯੁੱਗ / ਚਾਨਣ ਹੀ ਜਿੱਤਿਐ
ਸੁਰਿੰਦਰ 'ਰਾਮਪੁਰੀ' ਦੇ ਇਸ ਕਾਵਿ-ਸੰਗ੍ਰਹਿ ਨੂੰ ਖੁਸ਼ਆਮਦੀਦ ਕਹਿੰਦਿਆਂ ਹਾਰਦਿਕ ਪ੍ਰਸੰਨਤਾ ਮਹਿਸੂਸ ਕਰਦਾ ਹਾਂ। ਆਮੀਨ!


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
c c c


ਮੈਂ ਚਰਖਾ ਤੂੰ ਕੱਤਣ ਵਾਲੀ

ਕਵੀ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 120 ਰੁਪਏ , ਸਫ਼ੇ : 120
ਸੰਪਰਕ : 95011-45039.


ਪਰਮਿੰਦਰ ਸੋਢੀ ਅਜੋਕੇ ਕਾਲ-ਖੰਡ ਦਾ ਆਧੁਨਿਕ ਕਵੀ ਹੈ। ਇਸ ਦਾ ਅਹਿਸਾਸ ਉਸ ਦੀ ਪੁਸਤਕ 'ਮੈਂ ਚਰਖਾ ਤੂੰ ਕੱਤਣ ਵਾਲੀ' ਦੇ ਨੇੜਿਉਂ ਕੀਤੇ ਅਧਿਐਨ ਤੋਂ ਹੁੰਦਾ ਹੈ। ਪੁਸਤਕ ਵਿਚ 128 ਕਵਿਤਾਵਾਂ ਕਹਿ ਲਈਏ ਜਾਂ ਵਾਰਤਕ ਟੁਕੜੀਆਂ ਸਮਝ ਲਈਏ, ਪਰ ਇਨ੍ਹਾਂ ਵਿਚ ਕਾਵਿਕ ਸੰਵੇਦਨਾ ਪ੍ਰਬਲ ਰੂਪ ਵਿਚ ਪਾਠਕਾਂ ਤੱਕ ਪੁੱਜਦੀ ਹੋਈ ਨਵੇਂ ਸੰਚਾਰ ਜ਼ਾਵੀਏ ਰਾਹੀਂ ਸਾਧਾਰਨ ਅਤੇ ਦਾਰਸ਼ਨਿਕ ਸ਼ਬਦਾਵਲੀ ਤਹਿਤ ਨਿੱਜੀ ਮਨੁੱਖ ਤੋਂ ਲੈ ਕੇ ਬ੍ਰਹਿਮੰਡੀ ਦੇ ਗਿਆਨ ਦਾ ਬੋਧ ਕਰਵਾਉਂਦੀਆਂ ਹਨ। ਕਵੀ ਦੀ ਅੰਤਰੀਵ ਭਾਵਨਾ ਮਨੁੱਖ ਦੀ, ਮਾਨਵਤਾ ਦੀ ਅਤੇ ਸਮੁੱਚੇ ਵਿਸ਼ਵ ਦੀ ਲੋਕਤਾ ਨੂੰ ਅਨੁਭਵ ਕਰਨ ਦਾ ਪ੍ਰਗਟਾਵਾ ਹੈ। ਉਸ ਦਾ ਵਿਸ਼ਵ ਵਿਆਪੀ ਸੰਦੇਸ਼ ਹੈ ਕਿ 'ਤੁਹਾਡੀਆਂ ਸਿਆਣਪਾਂ, ਤੁਹਾਡੇ ਇਤਿਹਾਸ-ਮਿਥਿਹਾਸ ਸਭ ਸਿਰ ਮੱਥੇ। ਪਰ ਇਕ ਮੌਕਾ ਅਮਨ-ਸ਼ਾਂਤੀ ਨੂੰ ਵੀ ਦੇ ਕੇ ਦੇਖ ਲਵੋ।' ਕਵਿਤਾਵਾਂ ਫੇਸ ਬੁੱਕ ਦਾ ਆਉਣ ਜਾਣ, ਕਰੋਨਾ ਕਾਲ ਅਤੇ ਕਥਾ ਫੇਸਬੁੱਕ ਦੀ ਅਜੋਕੇ ਦਿਨਾਂ ਦੇ ਜੀਵਨ ਵਰਤਾਰੇ ਦੇ ਸੱਚ ਦੇ ਬਿਆਨ ਨੂੰ ਸਾਧਾਰਨਤਾ ਅਤੇ ਵਿਅੰਗਾਤਮਕਤਾ ਦੋਵਾਂ ਰੂਪਾਂ ਵਿਚ ਬਿਆਨ ਕਰਦੀਆਂ ਹਨ। ਪੁਸਤਕ ਵਿਚ ਤਿੰਨ ਦਰਜਨ ਤੋਂ ਉੱਪਰ ਕਵਿਤਾਵਾਂ ਮਨੁੱਖ ਦੇ ਸਮਾਜਿਕ, ਆਰਥਿਕ, ਨੈਤਿਕ ਅਤੇ ਰਾਜਨੀਤਕ ਵਰਤਾਰੇ ਦਾ ਦਰਪਣ ਹਨ, ਜਿਨ੍ਹਾਂ ਵਿਚ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਮਾਨਵ ਪਲ-ਪਲ ਕਿਉਂ ਖੁਰ ਰਿਹਾ ਹੈ ਅਤੇ ਕਿਉਂ ਨਹੀਂ ਉਹ ਆਪਣੀ ਹੋਂਦ ਨੂੰ ਸਮਝਦਾ। ਕਵੀ ਭਾਰਤੀ ਸੰਸਕ੍ਰਿਤੀ ਤੋਂ ਇਲਾਵਾ ਪੰਜਾਬੀਅਤ ਦਾ ਵੀ ਸੁਨੇਹੀ ਬਣਦੀ ਹੈ। ਉਸ ਦਾ ਪ੍ਰਵਚਨ ਹੈ ਕਿ 'ਧੰਨ ਨੇ ਪੰਜਾਬੀ ਜੋ ਪੰਜ ਪਾਣੀਆਂ ਦੇ ਸਵਰਗ ਛੱਡ ਕੇ ਅਰਬ ਦੇ ਮਾਰੂਥਲਾਂ ਅਤੇ ਕੈਨੇਡਾ ਅਮਰੀਕਾ ਦੇ ਠੰਢੇ-ਠਾਰ ਜਾਨ-ਲੇਵਾ ਟੁੰਡਰ-ਪ੍ਰਦੇਸਾਂ ਵਿਚ 'ਝੰਡੇ' ਗੱਡਣ ਲਈ ਬਜ਼ਿਦ ਨੇ।' ਕਵੀ ਪਰ ਤੋਂ ਨਿੱਜ ਦੀ ਵੀ ਗੱਲ ਕਰਦਾ ਹੈ ਅਤੇ ਨਿੱਜ ਤੋਂ ਮਨੁੱਖੀ ਜੀਵ ਦੀ ਅੰਤਰਲੀਨਤਾ ਨੂੰ ਵੀ ਪਛਾਣਦਾ ਪ੍ਰਤੀਤ ਹੋਇਆ ਹੈ। ਉਸ ਅਨੁਸਾਰ ਅਨੰਦ ਦੁੱਖ-ਸੁੱਖ ਤੋਂ ਉੱਪਰਲੀ ਅਵਸਥਾ ਦਾ ਨਾਂਅ ਹੈ। ਪੁਸਤਕ ਵਿਚ ਹਾਇਕੂ ਕਾਵਿ, ਪੰਜਾਬੀ ਹਾਇਕੂ ਅਤੇ ਨਵਤੇਜ ਜਿਹੇ ਲੇਖਕਾਂ ਬਾਬਤ ਵੀ ਚੰਗੀ ਜਾਣਕਾਰੀ ਦਿੱਤੀ ਹੈ।


-ਡਾ: ਜਗੀਰ ਸਿੰਘ ਨੂਰ
ਮੋ: 98142-09732
c c c


ਜੱਟਾਂ ਦਾ ਪ੍ਰਾਚੀਨ ਇਤਿਹਾਸ

ਲੇਖਕ : ਗੁਰਚਰਨ ਸਿੰਘ ਗਿੱਲ ਅਤੇ ਜੇਮਜ਼ ਗੋਲਬਰਗ
ਸੰਪਾਦਕ : ਜੈਨਜ਼ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 214
ਸੰਪਰਕ : 95011-45039.


ਜੱਟ ਅਤੇ ਰਾਜਪੂਤ ਸ਼੍ਰੇਣੀਆਂ ਦੇ ਇਤਿਹਾਸ ਦੀ ਨਿਸ਼ਾਨਦੇਹੀ ਕਰਦੀ ਇਹ ਸੰਪਾਦਿਤ ਪੁਸਤਕ ਇਕ ਵਿਲੱਖਣ ਦਸਤਾਵੇਜ਼ ਹੈ। ਇਸ ਪੁਸਤਕ ਦੇ 9 ਅਧਿਆਇ ਹਨ। ਪਹਿਲੇ ਭਾਗ ਵਿਚ ਪ੍ਰਾਚੀਨ ਪੰਜਾਬ ਦਾ ਸੰਖੇਪ ਇਤਿਹਾਸ ਦਿੱਤਾ ਗਿਆ ਹੈ। ਇਹ ਤਿੰਨ ਖਿੱਤਿਆਂ ਦੇ ਤੋਖੇ ਠੱਡੇ ਤੋਂ ਤੁਰਦਾ ਹੈ। ਤੱਥਾਂ ਲਈ ਇਬਟਸਨ, ਐ.ਐਲ. ਗ੍ਰਿਫ਼ਸ ਜੇਮਜ਼ ਟੌਡ, ਕੰਨਿਘਮ ਅਤੇ ਆਰ.ਸੀ. ਮਜੂਮਦਾਰ ਦੇ ਹਵਾਲੇ ਲਏ ਗਏ ਹਨ। ਵੱਖ-ਵੱਖ ਵੰਸ਼ਾਂ ਦੇ ਰਾਜ ਕਾਲ ਦਾ ਪੁਖਤਾ ਉਲੇਖ ਇਸ ਭਾਗ ਵਿਚ ਮਿਲਦਾ ਹੈ।
ਦੂਜਾ ਭਾਗ ਗਿੱਲ ਖਾਨਦਾਨ ਬਾਰੇ ਹੈ। ਇਬਸਟਨ ਅਤੇ ਰੌਸ ਨੇ ਗਿੱਲ ਖਾਨਦਾਨ ਦਾ ਜ਼ਿਕਰ 299 ਤੋਂ 301 ਸਫ਼ਿਆਂ ਉੱਤੇ ਕੀਤਾ ਹੈ। ਉਨ੍ਹਾਂ ਦੀ ਰਾਜਧਾਨੀ ਬਠਿੰਡਾ ਸੀ। ਗਿੱਲ, ਈਰਾਨ ਦੇ ਸੂਬੇ ਗਿਲਨ ਨਾਲ ਸਬੰਧਿਤ ਸਨ।
ਤੀਜਾ ਅਧਿਆਇ ਸੂਰਜਮੁਖੀ ਅਤੇ ਭੱਟੀ ਖਾਨਦਾਨਾਂ ਬਾਰੇ ਵਿਸਤ੍ਰਿਤ ਜਾਣਕਾਰੀ ਫ਼ਰਾਹਮ ਕਰਦਾ ਹੈ। ਭੱਟੀ ਯਾਦੂ ਤੇ ਜੈਸਲ ਭੱਟੀ ਵੰਸ਼, ਰਾਜਪੂਤਾਨੇ ਵਿਚ ਭੱਟੀ ਵੰਸ਼ ਦੇ ਦਬਦਬੇ ਅਤੇ ਹਕੂਮਤ ਬਾਰੇ ਵਡਮੁੱਲੀ ਜਾਣਕਾਰੀ ਇਸ ਕਾਂਡ 'ਚ ਮਿਲਦੀ ਹੈ। ਪੋਰਸ ਬਾਦਸ਼ਾਹ ਕ੍ਰਿਸ਼ਨ ਜੀ ਦਾ ਵਾਰਿਸ ਅਤੇ ਭੱਟੀ ਵੰਸ਼ ਦਾ ਰਿਸ਼ਤੇਦਾਰ ਸੀ। (ਪੰਨਾ 59)
ਸਿੱਧੂ, ਸਿੱਧੂ ਬਰਾੜ ਤੇ ਸਬੰਧਿਤ ਖਾਨਦਾਨ-ਇਸ ਕਾਂਡ ਵਿਚ ਸਿੱਧੂ ਅਤੇ ਸਿੱਧੂ ਬਰਾੜਾਂ ਦੇ ਭੱਟੀ ਕੌਮ ਨਾਲ ਸਬੰਧਾਂ, ਬਾਬਾ ਆਲਾ ਸਿੰਘ, ਭਦੌੜ ਦੇ ਪਰਿਵਾਰਾਂ, ਫੂਲਕੀਆ ਤੇ ਹੋਰ ਪਰਿਵਾਰਾਂ ਬਾਰੇ ਬੇਸ਼ਕੀਮਤੀ ਜਾਣਕਾਰੀ ਅੰਕਿਤ ਹੈ। 'ਆਹਲੂਵਾਲੀਆ ਕੌਮ, ਜੈਸਲ ਭੱਟੀ ਦੇ ਬੇਟੇ ਸਲਬਾਹਨ ਦੀ ਔਲਾਦ ਹੈ।' (ਪੰਨਾ 93)
ਤੁੜਾਂ ਦਾ ਸਬੰਧ ਹਿਸਾਰ ਜ਼ਿਲ੍ਹੇ ਦੇ ਜਾਤੂ ਕਬੀਲੇ ਦੇ ਤੰਵਰਾਂ ਨਾਲ ਮਿਲਦਾ ਹੈ। ਤੁੜਾਂ ਦੀ ਜ਼ਿਮੀਂਦਾਰ ਹਿੰਦੂ ਜੱਟਾਂ ਵਾਹੀਕਾਰ ਗੁੱਜਰਾਂ ਅਤੇ ਵਾਹੀਕਾਰ ਬਲੋਚਾਂ ਨਾਲ ਸਕੀਰੀ ਦੇ ਇਤਿਹਾਸਕ ਪ੍ਰਮਾਣ ਹਨ। ਪਾਂਡੋਂ ਖਾਨਦਾਨ ਦੇ 22 ਰਾਜਿਆਂ ਦਾ ਸਬੰਧ ਇਨ੍ਹਾਂ ਨਾਲ ਹੀ ਸੀ। ਦਿੱਲੀ ਦੇ ਤੁਮਰਾਂ/ਤੁੜਾਂ ਦੇ 20 ਸ਼ਾਸਕਾਂ ਦੀ ਸੂਚੀ ਦਿੱਤੀ ਗਈ ਹੈ। (ਪੰਨਾ 103)
ਮਾਲਵੇ ਦੇ ਰਾਜਿਆਂ ਬਾਰੇ 7 ਖੰਡ ਇਸ ਭਾਗ ਵਿਚ ਨਾਵਾਂ ਸਮੇਤ ਹਨ। (129 ਤੋਂ 134 ਪੰਨਾ)
ਸੂਰੀਆ ਤੇ ਅਗਨੀ ਕੁੱਲ ਦੀਆਂ ਕੁਝ ਕੌਮਾਂ -ਗਿੱਲ ਕੌਮ ਆਪਣੇ ਆਪ ਨੂੰ ਰਾਮਚੰਦਰ ਜੀ ਦੇ ਪੁੱਤਰ (ਕੁਸ਼) ਦੀ ਔਲਾਦ ਮੰਨਦੀ ਹੈ। ਦੂਜੀਆਂ ਸਬੰਧਿਤ ਕੌਮਾਂ ਤੇ 'ਰਾਮਚੰਦਰ ਜੀ ਤੋਂ ਢੁੱਡੀਕੇ ਦੇ ਗਿੱਲ ਵੀ ਜਾਣਕਾਰੀ ਭਰਪੂਰ ਕਾਂਡ ਹਨ। ਅੰਤਲੇ ਅਧਿਆਇ ਮੁਤਾਬਿਕ ਜੱਟਾਂ ਦਾ ਕੰਗ ਖਾਨਦਾਨ ਪ੍ਰਮੁੱਖ ਹੈ। ਪੰਜਾਬ ਦੀਆਂ 12 ਮਿਸਲਾਂ 'ਚੋਂ ਇਕ ਦਾ ਬਾਨੀ ਡੱਲਾ, ਕੰਗ ਗੋਤ ਦਾ ਸੀ।
ਇਹ ਪੁਸਤਕ ਇਕ ਅਜਿਹਾ ਇਤਿਹਾਸਕ ਦਸਤਾਵੇਜ਼ ਹੈ ਜਿਸ ਨੂੰ ਬਹੁਤ ਬਾਰੀਕਬੀਨੀ ਨਾਲ ਪੜ੍ਹਨ ਦੀ ਲੋੜ ਹੈ।


-ਤੀਰਥ ਸਿੰਘ ਢਿੱਲੋਂ
ਮੋ: 98154-61710.
c c c


ਨਿੰਦਰ ਗਿੱਲ : ਪ੍ਰਤਿਰੋਧ ਦਾ ਬਿਰਤਾਂਤ
ਸੰਪਾਦਕ : ਡਾ: ਗੁਰਮੇਲ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 148
ਸੰਪਰਕ : 97817-82474.


ਡਾ: ਗੁਰਮੇਲ ਸਿੰਘ ਨੇ ਆਪਣੀ ਇਸ ਪੁਸਤਕ ਵਿਚ ਪੰਜਾਬੀ ਰਾਜਨੀਤਕ ਨਾਵਲ ਦੇ ਪਰਿਪੇਖ ਵਿਚ ਸ੍ਰੀ ਨਿੰਦਰ ਗਿੱਲ ਦੀਆਂ ਵਿਭਿੰਨ ਗਲਪ-ਰਚਨਾਵਾਂ ਬਾਰੇ ਲਿਖੇ ਪ੍ਰਸਿੱਧ ਆਲੋਚਕਾਂ ਦੇ ਕੁਝ ਖੋਜ-ਪੱਤਰਾਂ ਨੂੰ ਸੰਕਲਿਤ ਕੀਤਾ ਹੈ। ਨਿੰਦਰ ਗਿੱਲ ਹੁਣ ਤਾਂ ਪਿਛਲੇ ਦੋ ਕੁ ਦਹਾਕਿਆਂ ਤੋਂ ਸਵੀਡਨ ਵਿਚ ਨਿਵਾਸ ਕਰ ਰਿਹਾ ਹੈ ਪਰ ਇਧਰ ਭਾਰਤ ਵਿਚ ਰਹਿੰਦਿਆਂ ਹੋਇਆਂ ਉਸ ਨੇ ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਪੰਜਾਬ ਦੇ ਸੱਭਿਆਚਾਰਕ ਅਤੇ ਰਾਜਨੀਤਕ ਪਰਿਪੇਖ ਦਾ ਕਾਫੀ ਦਿਲਚਸਪ ਅਤੇ ਡੂੰਘਾ ਵਿਸ਼ਲੇਸ਼ਣ ਕੀਤਾ ਸੀ। ਆਪਣੀ ਚੜ੍ਹਦੀ ਜਵਾਨੀ ਦੇ ਕੁਝ ਵਰ੍ਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਡਾ: ਸਾਧੂ ਸਿੰਘ, ਡਾ: ਸੁਰਜੀਤ ਪਾਤਰ ਅਤੇ ਸ੍ਰੀ ਅਮਰਜੀਤ ਗਰੇਵਾਲ ਵਰਗੇ ਰੈਡੀਕਲ ਚਿੰਤਕਾਂ ਦੀ ਸੰਗਤ ਵਿਚ ਵਾਦ-ਵਿਵਾਦ ਰਚਾਉਂਦਿਆਂ ਬਿਤਾਏ ਸਨ। ਉਸੇ ਵਾਦ-ਵਿਵਾਦ ਨੂੰ ਗਲਪੀ-ਬਿਰਤਾਂਤ ਦੀ ਵਸਤੂ-ਸਮੱਗਰੀ ਬਣਾ ਕੇ ਨਿੰਦਰ ਗਿੱਲ ਨੇ ਬੜੇ ਕਲਾਤਮਿਕ ਢੰਗ ਨਾਲ ਰੂਪਮਾਨ ਕੀਤਾ ਹੈ।
ਸੰਪਾਦਕ ਨੇ ਬੜਾ ਸੁਚੱਜਾ ਪ੍ਰਯਾਸ ਕੀਤਾ ਹੈ ਕਿ ਨਿੰਦਰ ਗਿਲ ਦੀ ਹਰ ਰਚਨਾ ਬਾਰੇ ਵਿਸ਼ਲੇਸ਼ਣਾਤਮਕ ਅਧਿਐਨ ਪੇਸ਼ ਕੀਤਾ ਜਾਵੇ ਤਾਂ ਜੋ ਇਕ ਹੀ ਪੁਸਤਕ ਵਿਚ ਨਾਵਲਕਾਰ ਬਾਰੇ ਸਰਬਾਂਗੀ ਜਾਣਕਾਰੀ ਮਿਲ ਜਾਵੇ। ਇਸ ਪ੍ਰਸੰਗ ਵਿਚ ਉਹ ਸਮੇਂ-ਸਮੇਂ ਡਾ: ਕੇਸਰ ਸਿੰਘ ਕੇਸਰ ਅਤੇ ਡਾ: ਸੁਖਦੇਵ ਸਿੰਘ ਸਿਰਸਾ ਤੋਂ ਅਗਵਾਈ ਅਤੇ ਪ੍ਰੇਰਨਾ ਹਾਸਲ ਕਰਦਾ ਰਿਹਾ ਹੈ। ਇਹ ਦੋਵੇਂ ਵਿਦਵਾਨ ਮਾਰਕਸਵਾਦੀ ਚੇਤਨਾ ਨੂੰ ਪ੍ਰਣਾਏ ਹੋਏ ਹਨ ਅਤੇ ਪ੍ਰਤਿਰੋਧ ਬਾਰੇ ਕੀਤਾ-ਕਰਵਾਇਆ ਬਹੁਤਾ ਕੰਮ ਡਾ: ਸਿਰਸਾ ਦਾ ਹੀ ਹੈ। ਇਸ ਪੁਸਤਕ ਵਿਚ ਸੰਕਲਿਤ ਲੇਖ ਡਾ: ਸੰਤੋਖ ਸਿੰਘ ਸੁੱਖੀ, ਡਾ: ਸੋਹਜਦੀਪ ਕੌਰ, ਡਾ: ਮਿਨਾਕਸ਼ੀ ਰਾਠੌਰ, ਡਾ: ਨਿਰੰਜਣ ਸਿੰਘ ਢੇਸੀ, ਡਾ: ਅਤੈ ਸਿੰਘ, ਮੇਜਰ ਮਾਂਗਟ, ਡਾ: ਗੁਰਮੇਲ ਸਿੰਘ, ਪ੍ਰੋ: ਰਾਕੇਸ਼ ਰਮਨ, ਡਾ: ਗੁਲਜ਼ਾਰ ਪੰਧੇਰ, ਡਾ: ਲਾਭ ਸਿੰਘ ਖੀਵਾ, ਡਾ: ਸਰਬਜੀਤ ਸਿੰਘ, ਡਾ: ਰਵਿੰਦਰ ਸਿੰਘ, ਡਾ: ਜੇ.ਬੀ. ਸੇਖੋਂ, ਪਿਆਰਾ ਸਿੰਘ ਸਹਿਰਾਈ ਅਤੇ ਡਾ: ਅਜੀਤ ਸਿੰਘ (ਤਤਕਰਾ-ਵਿਉਂਤ ਅਨੁਸਾਰ) ਦੀ ਰਚਨਾ ਹਨ। ਅੰਤ ਵਿਚ ਇਕ ਲੇਖ ਨਿੰਦਰ ਗਿੱਲ ਦਾ ਆਪਣਾ ਵੀ ਹੈ, ਜਿਸ ਵਿਚ ਉਹ ਆਪਣੇ ਨਾਵਲਾਂ ਦੀ ਰਚਨਾ-ਪ੍ਰਕਿਰਿਆ ਬਾਰੇ ਸੰਖੇਪ ਤੁਆਰਫ਼ ਕਰਵਾਉਂਦਾ ਹੈ।
ਸੰਪਾਦਕ ਇਸ ਧਾਰਨਾ ਨੂੰ ਲੈ ਕੇ ਚਲਦਾ ਹੈ ਕਿ ਨਿੰਦਰ ਗਿੱਲ ਰਾਜਨੀਤਕ ਚੇਤਨਾ ਦਾ ਗਲਪਕਾਰ ਹੈ ਪਰ ਉਸ ਦੀ ਰਾਜਨੀਤਕ ਚੇਤਨਾ ਇਕਹਿਰੀ ਨਹੀਂ ਹੈ ਬਲਕਿ ਬਹੁਪਰਤੀ ਤੇ ਬਹੁਆਯਾਮੀ ਹੈ। ਰਾਜਸੀ ਮੁੱਦਿਆਂ ਪ੍ਰਤੀ ਉਸ ਦੀ ਇਹ ਸਮਝ ਬਣੀ ਹੈ ਕਿ ਕੋਈ ਵੀ ਘਟਨਾ ਸਥਾਨਕ ਜਾਂ ਇਕਹਿਰੀ ਨਹੀਂ ਹੁੰਦੀ ਬਲਕਿ ਉਸ ਦੀਆਂ ਜੜ੍ਹਾਂ ਕੌਮੀ ਤੇ ਕੌਮਾਂਤਰੀ ਰਾਜਨੀਤੀ ਵਿਚ ਪਈਆਂ ਹੁੰਦੀਆਂ ਹਨ। ਇਸ ਕਾਰਨ ਉਸ ਦੀ ਗਲਪਕਾਰੀ ਵਿਚ ਵਾਦ-ਵਿਵਾਦ ਦੀ ਵਿਧੀ ਭਾਰੂ ਰਹਿੰਦੀ ਹੈ। (ਪੰਨੇ 9-10)। ਇਸ ਪੁਸਤਕ ਵਿਚ ਨਿੰਦਰ ਗਿੱਲ ਦੀਆਂ ਰਚਨਾਵਾਂ 'ਜ਼ਿੰਦਗੀ ਦੇ ਇਸ਼ਤਿਹਾਰ', 'ਇਨਸਾਈਡ ਆਊਟਸਾਈਡ' (ਦੋਵੇਂ ਕਹਾਣੀ ਸੰਗ੍ਰਹਿ), 'ਪਲ ਪਲ ਮਰਨਾ', 'ਪੰਜਾਬ-84', 'ਚੋਣ ਹਲਕਾ ਪਾਇਲ', 'ਦਹਿਸ਼ਤ ਦੇ ਦਿਨਾਂ ਵਿਚ', 'ਗਿਰ ਰਿਹਾ ਗਰਾਫ਼', 'ਵਾਅਦਾ ਮੁਆਫ਼ ਗਵਾਹ', 'ਉਹ ਤਿੰਨ ਦਿਨ', 'ਵਿਚ ਵਿਚਾਲੇ' ਅਤੇ 'ਪੰਡੋਰੀ ਪ੍ਰੋਹਿਤਾਂ' (ਸਾਰੇ ਨਾਵਲ) ਦਾ ਮਾਈਕਰੋ-ਅਧਿਐਨ ਦ੍ਰਿਸ਼ਟੀਗੋਚਰ ਹੁੰਦਾ ਹੈ। ਆਪਣੀ ਸਿਰਜਣ-ਪ੍ਰਕਿਰਿਆ ਬਾਰੇ ਲਿਖਦਾ ਹੋਇਆ ਨਿੰਦਰ ਗਿੱਲ ਪੰਜਾਬੀ ਪਾਠਕਾਂ ਦੀ ਸਰਦਮਿਹਰੀ ਉੱਪਰ ਗਿਲਾ ਕਰਦਾ ਹੈ, 'ਮੈਂ ਜਿੰਨੀ ਜੁਰਅਤ ਨਾਲ ਲਿਖਿਆ ਹੈ, ਓਨਾ ਜੁਰਅਤ ਭਰਿਆ ਮੈਨੂੰ ਰਿਸਪਾਂਸ ਨਹੀਂ ਮਿਲਿਆ। ਪੰਜਾਬ 'ਚ ਪਤਾ ਨਹੀਂ ਕਿਉਂ, ਸਪੱਸ਼ਟ ਤੇ ਜੁਰਅਤ ਵਾਲੀ ਗੱਲ ਕਰਨ ਦੀ ਪਰੰਪਰਾ ਦਿਨੋ-ਦਿਨ ਘਟ ਰਹੀ ਹੈ। ਬਸ ਲਿਪਾ-ਪੋਚੀ ਹੀ ਚੱਲ ਰਹੀ ਹੈ।' (ਪੰਨਾ 148) ਨਿੰਦਰ ਦਾ ਗਿਲਾ ਬਿਲਕੁਲ ਜਾਇਜ਼ ਹੈ ਪਰ ਮੈਨੂੰ ਡਰ ਹੈ ਕਿ ਇਹ ਲਿਪਾ-ਪੋਚੀ ਵੀ ਕਿਧਰੇ ਖ਼ਤਮ ਨਾ ਹੋ ਜਾਵੇ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c

16-01-2021

 ਵਾਰਾਂ ਭਾਈ ਗੁਰਦਾਸ ਜੀ
ਲੇਖਕ : ਸ਼ਮਸ਼ੇਰ ਸਿੰਘ ਧਨੋਆ
ਪਬਲਿਸ਼ਰ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 795 ਰੁਪਏ, ਸਫ਼ੇ : 591
ਸੰਪਰਕ : 98887-19880

ਇਹ ਸੇਵਾ-ਮੁਕਤ ਕਰਨਲ ਸ਼ਮਸ਼ੇਰ ਸਿੰਘ ਧਨੋਆ ਵਲੋਂ ਲਿਖੀ ਗਈ ਦੂਸਰੀ ਪੁਸਤਕ ਹੈ। ਇਸ ਤੋਂ ਪਹਿਲਾਂ 2016 ਵਿਚ ਉਸ ਨੇ 'ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਾਣੀਆਂ : ਤਰਤੀਬ ਅਤੇ ਬਣਤਰ' ਪੁਸਤਕ ਲਿਖ ਕੇ ਆਪਣੀ ਖੋਜੀ ਅਤੇ ਵਿਸ਼ਲੇਸ਼ਣੀ ਪਹੁੰਚ ਨੂੰ ਬਹੁਤ ਹੀ ਪੁਖਤਾ ਤਰੀਕੇ ਨਾਲ ਉਜਾਗਰ ਕਰ ਦਿੱਤਾ ਸੀ। ਇੱਕੀ ਅਧਿਆਇਆਂ ਵਿਚ ਸੰਪੂਰਨ ਹੋਈ ਇਸ ਪੁਸਤਕ ਵਿਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪ੍ਰਮੁੱਖ ਵਿਸ਼ਿਆਂ ਉੱਤੇ ਵਿਸਥਾਰ ਪੂਰਬਕ ਵਿਚਾਰ ਕੀਤੀ ਗਈ ਹੈ। ਭਾਈ ਗੁਰਦਾਸ ਜੀ ਦੀ ਲੇਖਣੀ ਦੇ ਸਿਧਾਂਤਕ ਪੱਖਾਂ ਨੂੰ ਵਿਚਾਰਦੇ ਹੋਏ ਵਾਰਾਂ ਵਿਚ ਆਏ ਸਮਸਤ ਵਿਸਥਾਰਾਂ ਨੂੰ ਬਹੁਤ ਹੀ ਬਾਰੀਕੀ ਨਾਲ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ। ਪੁਸਤਕ ਦਾ ਹਰ ਅਧਿਆਏ ਆਪਣੇ-ਆਪ ਵਿਚ ਇਕ ਵਿਲੱਖਣ ਵਿਉਂਤ ਦਾ ਲਖਾਇਕ ਹੈ। ਵਾਰਾਂ ਵਿਚ ਆਏ ਯੁਗਾਂ ਦਾ ਵਰਨਣ, ਭਾਈ ਗੁਰਦਾਸ ਜੀ ਦੀ ਗੁਰੂ ਪਰਿਵਾਰਾਂ ਨਾਲ ਸਾਂਝ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਰ ਬ੍ਰਹਮ ਸਰਗੁਣ ਸਰੂਪ, ਗੁਰੂ ਸਾਹਿਬਾਨ ਵਿਚ ਏਕ ਨਾਨਕ ਜੋਤ ਦੀ ਪਛਾਣ, ਗੁਰੂ ਸਾਹਿਬਾਨ ਦੇ ਸਮੇਂ ਵਿਚ ਸੰਸਾਰ ਦੀ ਦਸ਼ਾ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਦ੍ਰਿਸ਼ਟੀ ਤੋਂ ਸਮਾਜ ਦੀ ਹਾਲਤ ਆਦਿ ਅਜਿਹੇ ਖੇਤਰ ਅਤੇ ਵਿਸ਼ੇ ਹਨ ਜਿਨ੍ਹਾਂ ਬਾਰੇ ਇਸ ਪੁਸਤਕ ਵਿਚ ਗੰਭੀਰ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ ਇਕ ਬ੍ਰਹਮ ਦਾ ਸੰਕਲਪ, ਸਾਧ ਸੰਗਤ ਦਾ ਸੰਕਲਪ, ਨਿਰਮਲ ਪੰਥ, ਗੁਰਮੁਖ ਪੰਥ ਅਤੇ ਸਿੱਖ ਮਤ ਦੇ ਸੰਗਠਿਤ ਰੂਪ ਦੇ ਸੰਕਲਪਾਂ ਨੂੰ ਵੀ ਗਹਿਰਾਈ ਤੱਕ ਵਿਚਾਰਿਆ ਗਿਆ ਹੈ ਅਤੇ ਵਾਰਾਂ ਵਿਚੋਂ ਰੂਪਮਾਨ ਹੋ ਰਹੇ ਭਾਈ ਗੁਰਦਾਸ ਜੀ ਦੇ ਵਿਚਾਰਾਂ ਦੀ ਵੀ ਵਿਆਖਿਆ ਕੀਤੀ ਗਈ ਹੈ। ਪੁਸਤਕ ਦਾ ਹਰ ਅਧਿਆਏ ਗੁਰੂ ਕਾਲ ਦੀਆਂ ਸਮਰਥਾਵਾਂ ਅਤੇ ਚਮਤਕਾਰੀ ਵਿਚਾਰ ਪ੍ਰਵਾਹ ਦੇ ਧਰਾਤਲਾਂ ਨੂੰ ਸਮਝਣ ਦੀ ਦ੍ਰਿਸ਼ਟੀ ਤੋਂ ਵਿਉਂਤਿਆ ਗਿਆ ਹੈ। ਸਿੱਖ ਨਾਮਾਵਾਲੀ, ਪੁਰਾਤਨ ਕਥਾਵਾਂ, ਬਿਨਸਣਹਾਰ ਜਗਤ, ਰਿਸ਼ਤੇ ਨਾਤੇ, ਮੁਕਤੀ ਦਾ ਸਹਲ ਸਾਧਨ ਪ੍ਰੇਮ, ਯੋਗ ਦਰਸ਼ਨ, ਸੁਚੇਤ ਮਨ ਅਚੇਤ ਮਨ, ਨੈਤਿਕਤਾ, ਅਨਹਤ-ਅਨਾਹਦ, ਚਾਰ ਵਰਣ, ਚਾਰ ਪਦਾਰਥ, ਚਾਰ ਬਾਣੀ-ਖਾਣੀ, ਚਉਥਾ ਪਦ, ਸਿੱਖ ਧਰਮ ਦੀ ਰਹਿਤ ਮਰਯਾਦਾ ਆਦਿ ਸੰਕਲਪਾਂ ਦੀ ਵਿਆਖਿਆ ਬਹੁਤ ਹੀ ਮਾਰਮਿਕ ਢੰਗ ਨਾਲ ਕੀਤੀ ਗਈ ਹੈ।
ਇਸ ਪੁਸਤਕ ਦਾ ਇੱਕੀਵੇਂ ਅਤੇ ਅਖੀਰਲੇ ਅਧਿਆਏ ਵਿਚ ਸਿੱਖ ਪੰਥ ਦੇ ਕੁਪੰਥੀ : ਪ੍ਰਸੰਗ ਦੀ ਭੂਮਿਕਾ ਵਜੋਂ ਚਾਰ ਪਾਉੜੀਆਂ ਦੀ ਵਿਆਖਿਆ ਕੀਤੀ ਗਈ ਹੈ। ਇਸੇ ਅਧਿਆਏ ਵਿਚ ਹੀ ਨਿੰਦਕ : ਵਿਆਖਿਆ ਨਿੰਦਕ ਅਤੇ ਉਸਤਤਿ ਨਿੰਦਾ ਦੇ ਸੰਕਲਪ ਨੂੰ ਵਿਚਾਰਦੇ ਹੋਏ ਗੁਰ ਗੋਪੂ, ਨਿਗੁਰਾ ਅਤੇ ਅਕ੍ਰਿਤਘਣ ਬਾਰੇ ਭਾਈ ਗੁਰਦਾਸ ਜੀ ਕੀ ਕਹਿੰਦੇ ਹਨ, ਇਸ ਉੱਤੇ ਚਾਨਣਾ ਪਾਇਆ ਗਿਆ ਹੈ।
ਅੰਤਿਕਾ ਦੇ ਸਿਰਲੇਖ ਹੇਠ ਲਿਖੇ ਗਏ ਇਸ ਪੁਸਤਕ ਦੇ ਗਿਆਰਾਂ ਸਫ਼ੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਮਨ ਬੁਧਿ ਨੂੰ ਸਰਸ਼ਾਰ ਕਰਨ ਵਾਲੀਆਂ ਕੁਝ ਪੰਕਤੀਆਂ ਨੂੰ ਸਮਰਪਿਤ ਕੀਤੇ ਗਏ ਹਨ। ਇਹ ਪੰਕਤੀਆਂ ਕਿਸ ਵਾਰ ਵਿਚੋਂ ਲਈਆਂ ਗਈਆਂ ਹਨ ਇਸ ਦਾ ਪੂਰਨ ਵੇਰਵਾ ਦਰਜ ਹੈ। ਇਨ੍ਹਾਂ ਸਫ਼ਿਆਂ ਵਿਚ ਹੀ ਭਾਈ ਗੁਰਦਾਸ ਜੀ ਦੀ ਅਦਭੁੱਤ ਕਲਪਨਾ, ਦ੍ਰਿਸ਼ਟਾਂਤ ਸਿਰਜਣਾ ਦੀ ਕਾਰੀਗਰੀ, ਲੰਮੀ ਕਥਾ ਨੂੰ ਸੰਕੁਚਿਤ ਕਰਨ ਦੀ ਕਲਾ ਅਤੇ ਦ੍ਰਿਸ਼ਟਾਂਤ ਲਈ ਢੁਕਵੀਂ ਸ਼ਬਦਾਵਲੀ ਦੀ ਪ੍ਰਮਾਣਿਕ ਚਰਚਾ ਵੀ ਕੀਤੀ ਗਈ ਹੈ ਅਤੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਹਾਈ ਹੋਈਆਂ ਪੁਸਤਕਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਇਹ ਪੁਸਤਕ ਨਾ ਸਿਰਫ ਗਿਆਨ ਵਰਧਕ ਹੈ ਸਗੋਂ ਗੁਰੂ ਕਾਲ ਅਤੇ ਗੁਰੂ ਸਿਧਾਂਤ ਬਾਰੇ ਜਾਣਨ ਦੀ ਜਗਿਆਸਾ ਵਾਲੇ ਖੋਜਾਰਥੀਆਂ ਲਈ ਵੀ ਇਕ ਮੁੱਲਵਾਨ ਪੁਸਤਕ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਲਫ਼ਜ਼ਾਂ ਦੀ ਧਾਰ
ਲੇਖਕ : ਦਿਨੇਸ਼ ਨੰਦੀ
ਪ੍ਰਕਾਸ਼ਕ : ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਬਠਿੰਡਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 94174-58831

ਸ਼ਾਇਰ ਦਿਨੇਸ਼ ਨੰਦੀ ਹਥਲੀ ਕਾਵਿ-ਕਿਤਾਬ 'ਲਫ਼ਜ਼ਾਂ ਦੀ ਧਾਰ' ਤੋਂ ਪਹਿਲਾਂ 'ਕਿਰ ਰਹੀ ਰੇਤ' ਪੰਜਾਬੀ ਅਦਬ ਦੇ ਰੂਬਰੂ ਕਰਾ ਚੁੱਕਿਆ ਹੈ। ਸ਼ਾਇਰ ਪਰੰਪਰਾਗਤ ਆਦਰਸ਼ ਨਾਲ ਓਤ ਪੋਤ ਵਿਚਾਰਧਾਰਾ ਮੁਕਤ ਸ਼ਾਇਰੀ ਕਰਦਾ ਹੈ। ਵਿਚਾਰਧਾਰਾ ਮੁਕਤ ਤੋਂ ਇਹ ਭਾਵ ਹਰਗਿਜ਼ ਨਹੀਂ ਕਿ ਸ਼ਾਇਰ ਦੀ ਕੋਈ ਵਿਚਾਰਧਾਰਾ ਨਹੀਂ। ਉਸ ਦੀ ਵਿਚਾਰਧਾਰਾ ਦੀ ਪ੍ਰਤੀਬੱਧਤਾ ਉਸ ਦੀ ਸੁਹਿਰਦਤਾ ਨਾਲ ਹੈ ਅਤੇ ਇਸ ਸੁਹਿਰਦਤਾ ਦੀ ਠਾਹਰ ਭਾਲਦਿਆਂ ਉਹ ਸਮਾਜ ਦੇ ਵਿਭਿੰਨ ਵਰਤਾਰਿਆਂ ਨੂੰ ਆਪਣੀ ਕਲਮ ਦੀ ਨੋਕ ਹੇਠ ਲਿਆਉਂਦਾ ਹੈ। ਉਸ ਦੀ ਸ਼ਾਇਰੀ ਦੀ ਤੰਦ ਕਿਤਾਬ ਦੇ ਸਰਵਰਕ 'ਲਫ਼ਜ਼ਾਂ ਦੀ ਧਾਰ' ਤੋਂ ਸਹਿਜੇ ਹੀ ਹੱਥ ਆ ਜਾਂਦੀ ਹੈ। ਧਾਰ ਕੋਈ ਵੀ ਹੋਵੇ ਚਾਕੂ ਦੀ, ਖੰਜਰ ਦੀ ਤੇ ਜਾਂ ਫਿਰ ਤਲਵਾਰ ਦੀ ਪਰ ਸਭ ਤੋਂ ਤਿੱਖੀ ਧਾਰ ਤਾਂ ਕਲਮ ਦੇ ਲਫ਼ਜ਼ਾਂ ਦੀ ਹੁੰਦੀ ਹੈ। ਤਾਹੀਓਂ ਤਾਂ ਕਿਹਾ ਜਾਂਦਾ ਹੈ Pen is mighter than sword ਅਰਥਾਤ ਕਲਮ ਦੀ ਤਾਕਤ ਤਲਵਾਰ ਤੋਂ ਜ਼ਿਆਦਾ ਹੁੰਦੀ ਹੈ। ਹੁਣ ਦੇਖਣਾ ਇਹ ਬਣਦਾ ਹੈ ਕਿ ਕੀ ਸ਼ਾਇਰ ਆਪਣੀ ਕਿਤਾਬ ਦੇ ਸਰਵਰਕ ਦੀ ਲੱਜ ਪਾਲਦਾ ਹੈ, ਤਾਂ ਬਿਨਾਂ ਸ਼ੱਕ ਇਹ ਕਹਿਣਾ ਬਣਦਾ ਹੈ ਕਿ ਸ਼ਾਇਰ ਇਸ ਤੋਂ ਭਲੀ-ਭਾਂਤ ਖ਼ਬਰਦਾਰ ਰਹਿੰਦਾ ਹੈ। ਉਸ ਦੀ ਸ਼ਾਇਰੀ ਸ਼ਬਦਾਂ ਦੀ ਸਰਕਸ ਦੀਆਂ ਕਲਾਬਾਜ਼ੀਆਂ ਨਹੀਂ ਲਗਾਉਂਦੀ ਬਲਕਿ ਸਿੱਧੀ ਸਪਾਟ ਅਰਥਾਂ ਦਾ ਦਰਵਾਜ਼ਾ ਖੜਕਾਉਂਦੀ ਹੈ। ਸ਼ਾਇਰੀ ਸੰਦੇਹ ਤਾਂ ਪੈਦਾ ਕਰਦੀ ਹੈ ਪਰ ਨਾਲ ਦੀ ਨਾਲ ਸਵਾਲ ਵੀ ਖੜ੍ਹੇ ਕਰਦੀ ਹੈ।
ਸਵਾਲ ਇਹ ਹੈ ਕਿ ਕੀ ਭਾਰਤ ਦਾ ਲੋਕਤੰਤਰ ਲੋਕਤੰਤਰ ਹੈ ਜਾਂ ਛੜਯੰਤਰ? ਕੀ ਪਰ ਮਹਿਜ਼ ਇੱਟਾਂ ਦੀ ਚਾਰਦੀਵਾਰੀ ਨੂੰ ਹੀ ਕਹਿੰਦੇ ਹਨ, ਜਿਥੇ ਰਿਸ਼ਤਿਆਂ ਦੀ ਮੁਹੱਬਤੀ ਤੰਦ ਨਹੀਂ? ਉਹ ਰਾਸ਼ੀਫਲ 'ਤੇ ਵੀ ਸੰਦੇਹ ਕਰਦਿਆਂ ਸਵਾਲ ਖੜ੍ਹੇ ਕਰਦਾ ਹੈ ਕਿ ਇਕੋ ਅੱਖਰ ਨਾਲ ਸ਼ੁਰੂ ਹੁੰਦੇ ਨਾਂਅ ਦੀ ਕਿਸਮਤ ਵੱਖਰੀ-ਵੱਖਰੀ ਕਿਉਂ ਹੈ? ਅਸਾਡੀ ਕਿਰਤ 'ਤੇ ਡਾਕਾ ਕੌਣ ਮਾਰ ਰਿਹਾ ਹੈ? ਇਨ੍ਹਾਂ ਅਤੇ ਹੋਰ ਵਿਭਿੰਨ ਸਰੋਕਾਰਾਂ ਦੇ ਸਵਾਲਾਂ ਦੇ ਜਵਾਬ ਲੱਭਣ ਲਈ ਇਸ ਪੁਸਤਕ ਦੇ ਪਾਠ ਵਿਚ ਦੀ ਗੁਜ਼ਰਨਾ ਲਾਜ਼ਮੀ ਬਣ ਜਾਂਦਾ ਹੈ। ਭਵਿੱਖ ਵਿਚ ਇਹ ਸ਼ਾਇਰ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਨਾਲ ਪਾਠਕਾਂ ਦੇ ਰੂਬਰੂ ਹੋਏਗਾ, ਇਸ ਦਾ ਮੈਨੂੰ ਪੂਰਨ ਯਕੀਨ ਹੈ। ਆਮੀਨ!

ਭਗਵਾਨ ਢਿੱਲੋਂ
ਮੋ: 98143-78254.

c c c

ਔਰਤ ਤੇ ਸਮਾਜ
ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 264
ਸੰਪਰਕ : 011-42502364.

ਹਥਲੀ ਪੁਸਤਕ ਪੰਜਾਬੀ ਸਾਹਿਤ ਜਗਤ ਵਿਚ ਬਹੁ-ਵਿਧਾਵੀ ਸਾਹਿਤ ਸਿਰਜਣਾ ਕਰਨ ਵਾਲੇ ਲੇਖਕ ਗੁਰਬਚਨ ਸਿੰਘ ਭੁੱਲਰ ਰਚਿਤ ਨਾਵਲ 'ਇਹੁ ਜਨਮੁ ਤੁਮਹਾਰੇ ਲੇਖੇ' ਦਾ ਬਹੁ-ਦਿਸ਼ਾਵੀ ਅਧਿਐਨ ਪੇਸ਼ ਕਰਦੀ ਹੈ। ਡੇਢ ਦਰਜਨ ਦੇ ਕਰੀਬ ਵਿਦਵਾਨਾਂ ਨੇ ਇਸ ਦਾ ਦੀਰਘ ਅਧਿਐਨ ਕੀਤਾ ਹੈ ਅਤੇ ਗੁਰਬਚਨ ਸਿੰਘ ਭੁੱਲਰ ਦੇ ਇਸ ਨਾਵਲ ਵਿਚਲੀ ਆਭਾ ਨੂੰ ਉਭਾਰਿਆ ਹੈ। ਨਾਵਲ ਦੀ ਨਾਇਕਾ ਜਗਦੀਪ ਚਿਰ ਕਾਲ ਤੋਂ ਪ੍ਰਚੱਲਿਤ ਔਰਤ ਦੀ ਘਰੇਲੂ ਅਤੇ ਸਮਾਜਿਕ ਦਸ਼ਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀ ਵਿਖਾਈ ਗਈ ਹੈ। ਉਹ ਆਪਣਾ ਖੁੱਲ੍ਹ ਖੁਲਾਸੇ ਵਾਲਾ ਨਿੱਜੀ ਜੀਵਨ ਬਤੀਤ ਕਰਨਾ ਲੋਚਦੀ ਹੈ। ਉਹ ਕਵਿੱਤਰੀ, ਸਵੈ ਜੀਵਨੀਕਾਰਾ, ਗਲਪਕਾਰਾ ਅਤੇ ਨਵੀਂ ਦਿਸ਼ਾ ਦੇਣ ਵਾਲੇ ਮੈਗਜ਼ੀਨ ਨੂੰ ਵੀ ਕੱਢਦੀ ਹੈ। ਉਸ ਦਾ ਵਿਆਹ ਗੁਰਮੁਖ ਸਿੰਘ ਨਾਲ ਹੁੰਦਾ ਹੈ। ਉਹ ਘਰੇਲੂ ਘੁਟਣ ਅਤੇ ਸਮਾਜਿਕ ਵਲਗਣਾਂ ਤੋਂ ਉੱਪਰ ਉੱਠ ਕੇ ਸਾਹਿਰ ਜਿਹੇ ਸਾਹਿਤਕ ਵਿਅਕਤੀ ਨਾਲ ਸਬੰਧ ਬਣਾਉਂਦੀ ਹੈ। ਫਿਰ ਚਿੱਤਰਕਾਰ ਚਰਨਜੀਤ ਨਾਲ ਸਬੰਧ ਜੋੜਦੀ ਹੈ, ਪਤੀ ਤੋਂ ਦੂਰ ਰਹਿੰਦੀ ਹੈ, ਬੱਚਿਆਂ ਤੋਂ ਵਖਰੇਵਾਂ ਰੱਖਦੀ ਹੈ, ਸਾਹਿਤਕ ਅਤੇ ਹੋਰ ਕਲਾਕਾਰਾਂ ਨੂੰ ਘਰੇ ਜਾਂ ਬਾਹਰ ਗੋਸ਼ਟੀਆਂ ਜਾਂ ਸੰਮੇਲਨਾਂ ਵਿਚ ਖੂਬ ਮਿਲਦੀ ਹੈ। ਹਰ ਪ੍ਰਕਾਰ ਦੀ ਆਜ਼ਾਦੀ ਮਾਣਦੀ ਹੋਈ ਚੋਖੀ ਸਾਹਿਤ ਸਿਰਜਣਾਂ ਬਾਅਦ ਲੰਮੀ ਬਿਮਾਰੀ ਉਸ ਦਾ ਅੰਤ ਕਰ ਦਿੰਦੀ ਹੈ। ਪੁਸਤਕ ਦੇ ਦੋਵਾਂ ਭਾਗਾਂ ਵਿਚ ਔਰਤ ਦੀ ਹੋਂਦ-ਸਥਿਤੀ ਨੂੰ ਅਤਿ-ਆਧੁਨਿਕਤਾ ਦੇ ਰੂਪ ਵਿਚ ਜਿਸ ਪ੍ਰਕਾਰ ਭੁੱਲਰ ਨੇ ਵਰਨਣ ਕੀਤਾ ਹੈ, ਇਸ ਨੂੰ ਨੀਤੂ ਅਰੋੜਾ, ਅਸ਼ੋਕ ਸ਼ਰਮਾ, ਸਰਵਣ ਸਿੰਘ, ਕੁਲਦੀਪ ਸਿੰਘ ਧੀਰ, ਗੁਰਚਰਨ ਸਿੰਘ ਜੈਤੋ, ਗੁਰਦਿਆਲ ਦਲਾਲ, ਗੁਰਮੀਤ ਸਿੰਘ ਫਾਜ਼ਿਲਕਾ, ਜਸਵਿੰਦਰ ਕੌਰ ਬਿੰਦਰਾ, ਜਸਵੀਰ ਸਮਰ, ਜੋਗਿੰਦਰ ਕੈਰੋਂ, ਪਰਗਟ ਸਿੰਘ ਸਿੱਧੂ, ਪ੍ਰਿਥਵੀ ਰਾਜ ਥਾਪਰ, ਬਲਕਾਰ ਸਿੰਘ ਬਾਜਵਾ ਅਤੇ ਮਿਨਾਕਸ਼ੀ ਰਾਠੌਰ ਨੇ ਵੱਖਰੇ-ਵੱਖਰੇ ਸਿਰਲੇਖਾਂ ਤਹਿਤ ਨਾਵਲ ਦਾ ਦੀਰਘ ਅਧਿਐਨ ਪੇਸ਼ ਕੀਤਾ ਹੈ। ਇਨ੍ਹਾਂ ਸਾਰੇ ਵਿਚਾਰਾਂ ਤੋਂ ਪਤਾ ਲਗਦਾ ਹੈ ਕਿ ਨਾਵਲ ਦੀ ਨਾਇਕਾ ਜਗਦੀਪ ਅਸਲ 'ਚ ਅੰਮ੍ਰਿਤਾ ਪ੍ਰੀਤਮ ਹੈ, ਜਿਸ ਨੇ ਨਾਰੀ ਚੇਤਨਾ ਨੂੰ ਹਲੂਣਾ ਦਿੱਤਾ।

ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਵੇਨਿਸ ਦਾ ਵਪਾਰੀ ਤੇ ਹੋਰ ਕਹਾਣੀਆਂ
ਕਹਾਣੀਕਾਰ : ਵਿਲੀਅਮ ਸ਼ੈਕਸਪੀਅਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 184
ਸੰਪਰਕ : 78377-18723

ਵਿਸ਼ਵ ਪ੍ਰਸਿੱਧ ਲੇਖਕਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਤੱਕ ਪਹੁੰਚਾਉਣਾ, ਕਿਸੇ ਵੀ ਭਾਸ਼ਾ ਨੂੰ ਅਮੀਰ ਬਣਾਉਣ ਦਾ ਮਹੱਤਵਪੂਰਨ ਕੰਮ ਹੈ। ਤਰਕ ਭਾਰਤੀ ਪ੍ਰਕਾਸ਼ਨ ਇਹ ਸਾਹਿਤਕ ਕਾਰਜ ਵਧੀਆ ਢੰਗ ਨਾਲ ਨੇਪਰੇ ਚੜ੍ਹਾ ਰਿਹਾ ਹੈ। ਇਸੇ ਲੜੀ ਵਿਚ ਵਿਸ਼ਵ ਪ੍ਰਸਿੱਧ ਸਾਹਿਤਕਾਰ ਵਿਲੀਅਮ ਸ਼ੈਕਸਪੀਅਰ ਦੀਆਂ ਦਸ ਕਹਾਣੀਆਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਸੰਗ੍ਰਹਿ ਰੂਪ ਵਿਚ ਛਾਪਿਆ ਗਿਆ ਹੈ। ਇਹ ਨਿਸਚਿਤ ਹੈ ਕਿ ਸੰਸਕ੍ਰਿਤ ਭਾਸ਼ਾ ਵਿਚ ਜਿਹੜੀ ਥਾਂ ਮਹਾਂਕਵੀ ਕਾਲੀਦਾਸ ਦੀਆਂ ਕਿਰਤਾਂ ਨੂੰ ਪ੍ਰਾਪਤ ਹੈ, ਬਿਲਕੁਲ ਉਂਜ ਹੀ ਸ਼ੈਕਸਪੀਅਰ ਦਾ ਸਾਹਿਤ ਵੀ7 ਅੰਗਰੇਜ਼ੀ ਹੀ ਨਹੀਂ ਸਗੋਂ ਵਿਸ਼ਵ ਸਾਹਿਤ ਵਿਚ ਉੱਚਾ ਸਥਾਨ ਰੱਖਦਾ ਹੈ। ਸ਼ੈਕਸਪੀਅਰ ਨੇ 38 ਨਾਟਕਾਂ, 154 ਲਘੂ ਕਾਵਿ ਆਦਿ ਅਜੇ ਵੀ ਵਿਸ਼ਵ ਭਰ ਦੇ ਲੇਖਕਾਂ-ਪਾਠਕਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ। ਹਥਲੇ ਕਹਾਣੀ ਸੰਗ੍ਰਹਿ ਵਿਚ ਸ਼ੈਕਸਪੀਅਰ ਦੀਆਂ ਕਿੰਗ ਹੇਨਰੀ ਦਿ ਸਿਕਸਥ-1, ਕਿੰਗ ਹੇਨਰੀ ਦਿ ਸਿਕਸਥ-2, ਕਿੰਗ ਹੇਨਰੀ ਦਿ ਸਿਕਸਥ-3, ਵੇਨਿਸ ਦਾ ਵਪਾਰੀ, ਭੁੱਲ-ਚੁੱਕ ਮੁਆਫ਼, ਝਗੜਾਲੂ ਦਾ ਸੁਧਾਰ, ਆਲਜ਼ ਵੈੱਲ ਦੈਟ ਐਂਡਸ ਵੈੱਲ, ਏਥੇਂਸ ਦਾ ਰਾਜਾ ਤਿਮਨ, ਤੂਫ਼ਾਨ, ਮੈਕਬੇਬ ਆਦਿ ਸ਼ਾਮਿਲ ਹਨ। ਇਨ੍ਹਾਂ 'ਚੋਂ ਕਈ ਕਹਾਣੀਆਂ ਅਤੇ ਨਾਟਕ ਦੁਨੀਆ ਭਰ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਸਕੂਲਾਂ, ਕਾਲਜਾਂ, ਵਿਸ਼ਵਵਿਦਿਆਲਿਆਂ ਦੇ ਪਾਠਕ੍ਰਮ ਵਿਚ ਸ਼ਾਮਿਲ ਕੀਤੇ ਗਏ ਹਨ। ਲਗਪਗ 300 ਵਰ੍ਹੇ ਪਹਿਲਾਂ ਲਿਖਿਆ ਗਿਆ ਇਹ ਸਾਹਿਤ ਬੇਸ਼ੱਕ ਉਸ ਸਮੇਂ ਦੀ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸੰਸਕ੍ਰਿਤ ਵਿਵਸਥਾ ਦੀਆਂ ਕਦਰਾਂ-ਕੀਮਤਾਂ ਨੂੰ ਜ਼ਾਹਰ ਕਰਦਾ ਹੈ ਪਰ ਉਸ ਸਮੇਂ ਦਾ ਜੀਵਨ ਦਰਸ਼ਨ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ। ਵੇਨਿਸ ਦੇ ਵਪਾਰੀ ਨੂੰ ਹੀ ਲਓ, ਐਂਟਨਿਓ ਵਲੋਂ ਮਿੱਤਰ ਵੇਸੈਨਿਓ ਲਈ ਕੀਤੀ ਗਈ ਕੁਰਬਾਨੀ ਦੀ ਮਿਸਾਲ ਪੇਸ਼ ਕਰਨਾ, ਨਾਲ ਹੀ ਵੇਸੈਨਿਓ ਦੀ ਪ੍ਰੇਮਿਕਾ ਖੋਰਸ਼ਿਆ ਵਲੋਂ ਐਂਟਨਿਓ ਦੀ ਜਾਨ ਬਚਾਉਣ ਲਈ ਦਰਸਾਈ ਬੁੱਧੀਮਤਾ ਜੀਵਨ ਦੀਆਂ ਉੱਚੀਆਂ ਕਦਰਾਂ-ਕੀਮਤਾਂ ਦੀ ਮਿਸਾਲ ਪੇਸ਼ ਕੀਤੀ ਹੈ। ਸੂਦਖੋਰ ਸ਼ਾਇਲੋਕ ਖਲਨਾਇਕ ਦੀ ਹਾਰ ਪਾਠਕਾਂ ਨੂੰ ਬੁਰੇ ਦਾ ਅੰਤ ਬੁਰਾ ਸਾਬਤ ਕਰਦਾ ਹੈ। ਇੰਜ ਹੀ 'ਮੈਕਬੇਬ' ਵਿਚ ਜਾਦੂਗਰਨੀਆਂ ਦੇ ਪ੍ਰਤੀਕਾਂ ਰਾਹੀਂ ਰਾਜ ਘਰਾਣਿਆਂ ਵਿਚਲੇ ਛੱਲ-ਕਪਟ ਅਤੇ ਸਾਜਿਸ਼ ਨੂੰ ਨੰਗਾ ਕੀਤਾ ਗਿਆ ਹੈ। ਇਨ੍ਹਾਂ ਕਹਾਣੀਆਂ ਦੀ ਸ਼ੈਲੀ ਬਹੁਤ ਰੌਚਕ, ਜਗਿਆਸਾ ਭਰਪੂਰ ਅਤੇ ਸਨਸਨੀਖੇਜ਼ ਹੈ ਜੋ ਪਾਠਕਾਂ ਨੂੰ ਅੰਤਿਮ ਸ਼ਬਦ ਤੱਕ ਜੋੜ ਕੇ ਰੱਖਦੀ ਹੈ। ਪਾਠਕ ਵਿਸ਼ਵ ਸਾਹਿਤ ਨਾਲ ਰੂਬਰੂ ਹੋ ਕੇ ਸਾਹਿਤਕ ਲਾਭ ਪ੍ਰਾਪਤ ਕਰਨਗੇ।

ਡਾ: ਧਰਮਪਾਲ ਸਾਹਿਲ
ਮੋ: 98761-56964.

c c c

ਤਿੜਕੇ ਸੁਪਨੇ ਦੀ ਗਾਥਾ
ਲੇਖਕ : ਅਸ਼ਵਨੀ ਜੇਤਲੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98150-24577.

'ਤਿੜਕੇ ਸੁਪਨੇ ਦੀ ਗਾਥਾ' ਕਾਵਿ-ਸੰਗ੍ਰਹਿ ਅਸ਼ਵਨੀ ਜੇਤਲੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਉਸ ਨੇ 24 ਨਜ਼ਮਾਂ ਅਤੇ 22 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਇਹ ਕਾਵਿ-ਸੰਗ੍ਰਹਿ ਉਸ ਨੇ ਆਪਣੇ ਪੂਜਨੀਕ ਮਾਤਾ-ਪਿਤਾ, ਸਾਥ ਛੱਡ ਗਈ ਹਮਸਫ਼ਰ ਚੰਚਲ ਅਤੇ ਜਿਗਰ ਦੇ ਟੋਟੇ ਅਦਿੱਤਯ ਜੇਤਲੀ ਨੂੰ ਸਮਰਪਿਤ ਕਰਦਿਆਂ ਪਾਠਕਾਂ ਨੂੰ ਇਹ ਅਹਿਸਾਸ ਕਰਵਾਉਣ ਦਾ ਯਤਨ ਕੀਤਾ ਹੈ ਕਿ ਤੁਰ ਗਿਆਂ ਦੀ ਯਾਦ ਜਿਥੇ ਦੁਖਦਾਈ ਪਲਾਂ ਦਾ ਅਹਿਸਾਸ ਕਰਵਾਉਂਦੀ ਹੈ, ਉਥੇ ਨਾਲ ਦੀ ਨਾਲ ਸੰਵੇਦਨਸ਼ੀਲ ਵਿਅਕਤੀ ਲਈ ਸਿਰਜਣਾਤਮਕ ਛਿਣਾਂ ਦੀ ਦਾਤ ਵੀ ਬਖਸ਼ਦੀ ਹੈ ਜੋ ਸ਼ਬਦਾਂ ਦਾ ਜਾਮਾ ਪਹਿਨ ਕਵਿਤਾ ਅਤੇ ਗ਼ਜ਼ਲ ਵੀ ਬਣ ਸਕਦੀ ਹੈ। ਕਵਿਤਾਵਾਂ/ਗ਼ਜ਼ਲਾਂ ਦਾ ਪਾਠ ਕਰਦਿਆਂ, ਇਹ ਅਹਿਸਾਸ ਹੁੰਦਾ ਹੈ ਕਿ ਕਵੀ ਪਿਆਰ ਦਾ ਕਵੀ ਹੈ। ਪਿਆਰ ਨੂੰ ਨਿਭਾਉਣ, ਪੁਗਾਉਣ ਦਾ ਉਹ ਪੁਰਜ਼ੋਰ ਹੀਲਾ-ਵਸੀਲਾ ਕਰਦਾ ਹੈ ਪਰ ਸਮਾਜਿਕ, ਆਰਥਿਕ ਦੁਸ਼ਵਾਰੀਆਂ, ਇਹ ਪਿਆਰ ਦਾ ਸੁਪਨਾ ਸਾਕਾਰ ਕਰਨ 'ਚ ਰੁਕਾਵਟ ਪੈਦਾ ਕਰਦੀਆਂ ਹਨ ਪਰ ਉਹ ਫਿਰ ਵੀ ਵਸਲ ਦੇ ਪਲਾਂ ਦੀ ਉਡੀਕ 'ਚ ਹੈ। ਇਹੀ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਦ੍ਰਿਸ਼ਟੀ ਹੈ ਜੋ ਔਕੜਾਂ ਵਿਚ ਵੀ ਮਨੁੱਖ ਨੂੰ ਡੋਲਣ ਨਹੀਂ ਦਿੰਦੀ।
ਬੁਝਿਆ ਮੇਰੀ ਆਸ ਦਾ ਦੀਵਾ
ਕਿੰਝ ਬਲੇ ਬਿਨ ਤੇਲ
ਸੁਪਨਾ ਬਣ ਕੇ ਰਹਿ ਗਿਆ ਸਾਡਾ
ਏਸ ਜਨਮ ਦਾ ਮੇਲ (ਜਨਮ ਦਾ ਮੇਲ)
ਪਰ ਪਿਆਰੇ ਦੇ ਵਿਛੜਨ ਤੋਂ ਵਸਲ ਦੇ ਪਲਾਂ ਦੀ ਉਡੀਕ ਜ਼ਿੰਦਗੀ ਨੂੰ ਧੜਕਾਉਣਾ ਅਤੇ ਰੁਸ਼ਨਾਉਣਾ ਵੀ ਹੈ :
ਤੇਰਾ ਆਉਣਾ, ਮੇਰੇ ਲਈ ਜ਼ਿੰਦਗੀ ਦਾ
ਵਾਪਸ ਪਰਤਣਾ ਹੈ (ਆਮਦ)
ਪਿਆਰ ਦੇ ਰੰਗਾਂ ਤੋਂ ਇਲਾਵਾ ਮਾਨਵੀ ਸ਼ੋਸ਼ਣ, ਜੰਗ ਦੀ ਤਬਾਹੀ ਦਾ ਅਮਾਨਵੀ ਵਿਹਾਰ, ਜਾਤੀ ਹਿੰਸਾ ਤੇ ਸੰਪਰਦਾਇਕਤਾ, ਦੋਹਰੇ ਕਿਰਦਾਰ, ਧਾਰਮਿਕ ਕੱਟੜਤਾ, ਆਰਥਿਕ ਨਾਬਰਾਬਰੀ, ਬੇਰੁਜ਼ਗਾਰੀ, ਅਮਨ ਅਤੇ ਹੋਰ ਸਮਾਜਿਕ ਸਰੋਕਾਰਾਂ ਨੂੰ ਵੀ ਉਹ ਵਿਅੰਗਾਤਮਕ ਸ਼ੈਲੀ 'ਚ ਪ੍ਰਗਟਾਉਂਦਾ ਹੈ। ਉਸ ਦੀ ਨਿੱਜੀ ਜ਼ਿੰਦਗੀ ਅਤੇ ਉਸ ਦੀ ਕਾਵਿਕ-ਪ੍ਰਤਿਭਾ ਦੇ ਸਬੰਧ 'ਚ ਗੁਰਇਕਬਾਲ ਦਾ ਲਿਖਿਆ 'ਮੁੱਖ ਬੰਦ' ਵੀ ਉਸ ਦੀ ਕਵਿਤਾ/ਗ਼ਜ਼ਲ ਨੂੰ ਸਮਝਣ, ਮਾਣਨ 'ਚ ਅਹਿਮ ਰੋਲ ਨਿਭਾਉਂਦਾ ਹੈ। ਗ਼ਜ਼ਲਾਂ ਦੇ ਸ਼ਿਅਰਾਂ 'ਚ ਉਹ ਸਕੂਨ ਦੀ ਥਾਂ ਦਰਦ ਦੇ ਰੇਗਿਸਤਾਨ ਵੱਲ ਜਾਣ ਦੀ ਤਵੱਕੋ ਕਰਦਾ ਹੈ :
ਸੱਤ ਬਹਿਸ਼ਤਾਂ, ਇਕੋ ਸਾਹੇ ਛੱਡਦਿਆਂ
ਉਸ ਦੇ ਨਾਂਅ ਦਾ ਪਹਿਲਾ ਅੱਖਰ ਦੇ ਦਿਓ
ਮੇਰੀ ਦੁਆ ਹੈ ਕਿ ਉਸ ਨੂੰ ਆਪਣੀ ਕਾਵਿਕ-ਸਿਰਜਣਾ ਰਾਹੀਂ ਪਹਿਲਾ ਅੱਖਰ ਜ਼ਰੂਰ ਨਸੀਬ ਹੋਵੇ। ਆਮੀਨ!

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਇਕ ਸੀ ਸ਼ਾਜ਼ੀਆ
ਲੇਖਕ : ਮਹਿੰਦਰ ਸਿੰਘ ਦਿਲਬਰ (ਤਲਵਾੜ)
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨਜ਼, ਨਾਭਾ
ਮੱਲ : 200 ਰੁਪਏ, ਸਫ਼ੇ : 112
ਸੰਪਰਕ : 98141-01312.

'ਇਕ ਸੀ ਸ਼ਾਜ਼ੀਆ' ਲੇਖਕ ਮਹਿੰਦਰ ਸਿੰਘ ਦਿਲਬਰ ਦਾ ਤੀਜਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕੁੱਲ 17 ਕਹਾਣੀਆਂ ਲਿਖੀਆਂ ਹਨ, ਜਿਨ੍ਹਾਂ ਵਿਚ ਉਸ ਨੇ ਆਪਣੇ ਜੀਵਨ ਅਨੁਭਵ ਨੂੰ ਸਾਂਝਾ ਕੀਤਾ ਹੈ। ਕਹਾਣੀਕਾਰ ਕੁਦਰਤ ਨੂੰ ਪਿਆਰ ਕਰਨ ਵਾਲਾ ਹੈ ਜਿਸ ਦਾ ਜ਼ਿਕਰ ਵੀ ਉਹ ਆਪਣੀਆਂ ਕਹਾਣੀਆਂ ਵਿਚ ਕਰਦਾ ਹੈ। ਕਹਾਣੀ 'ਫਲੂਹਾ' ਵਿਚ ਦੱਸਿਆ ਗਿਆ ਹੈ ਕਿ ਦੋ ਪਿਆਰ ਕਰਨ ਵਾਲੇ ਕਿਸੇ ਤਰ੍ਹਾਂ ਇਕ-ਦੂਜੇ ਦਾ ਪਿੱਛਾ ਤਾਂ ਕਰਦੇ ਹਨ ਪਰ ਉਹ ਕਿਸੇ ਹੱਦ ਤੱਕ ਜਾ ਕੇ ਸਮਝਦਾਰ ਵੀ ਬਣ ਜਾਂਦੇ ਹਨ। ਅਗਲੀ ਕਹਾਣੀ 'ਮੰਗਤੀ' ਵਿਚ ਦੱਸਿਆ ਗਿਆ ਹੈ ਕਿ ਮੰਦਰਾਂ, ਗੁਰਦੁਆਰਿਆਂ ਵਿਚ ਚੜ੍ਹਾਵੇ ਚੜ੍ਹਾਉਣ ਨਾਲੋਂ ਤਾਂ ਗ਼ਰੀਬ ਦੀ ਸੇਵਾ ਕਰ ਲੈਣੀ ਚਾਹੀਦੀ ਹੈ। ਮਨੋਹਰ ਅਜਿਹਾ ਹੀ ਵਿਅਕਤੀ ਹੈ ਜੋ ਆਪਣੀ ਪਤਨੀ ਦੇ ਹੱਥੋਂ ਦੁੱਧ ਫੜ ਕੇ ਮੰਗਤੀ ਦੇ ਡੋਲੂ ਵਿਚ ਪਾ ਦਿੰਦਾ ਹੈ ਤੇ ਕਹਿੰਦਾ ਹੈ, ਆਪਣਾ ਕੰਮ ਹੋ ਗਿਆ ਹੈ, ਚੱਲ ਘਰੇ ਚੱਲੀਏ। 'ਪ੍ਰੀਤੋ ਮੈਨੂੰ ਮਾਫ਼ ਕਰਦੇ' ਕਹਾਣੀ ਵਿਚ ਪ੍ਰੀਤੋ ਨਾਲ ਹੁੰਦੇ ਧੋਖੇ ਬਾਰੇ ਦੱਸਿਆ ਗਿਆ ਹੈ। ਅਗਲੀ ਕਹਾਣੀ 'ਸਮਾਜ ਪਲਟਾ' ਵਿਚ ਭਰੂਣ-ਹੱਤਿਆ ਬਾਰੇ ਦੱਸਿਆ ਗਿਆ ਹੈ ਕਿ ਕੁੜੀਆਂ ਜੰਮਣ ਵਿਚ ਔਰਤ ਦਾ ਦੋਸ਼ ਨਹੀਂ ਹੁੰਦਾ ਸਗੋਂ ਸਮਾਜ ਹੀ ਉਸ 'ਤੇ ਦੋਸ਼ ਲਾਉਂਦਾ ਰਹਿੰਦਾ ਹੈ। 'ਬੇਰੰਗ' ਕਹਾਣੀ ਵਿਚ ਵੀ ਇਕ ਬਰਾਤ ਦੇ ਦਾਜ ਵੱਧ ਮੰਗਣ ਕਾਰਨ ਵਾਪਸ ਬੇਰੰਗ ਭੇਜਣ ਬਾਰੇ ਹੈ ਪਰ ਬਿਕਰਮਜੀਤ ਇਕ ਚੰਗਾ ਇਨਸਾਨ ਹੈ ਜੋ ਮੋਹਨ ਲਾਲ ਦੀ ਕੁੜੀ ਨੂੰ ਆਪ ਵਿਆਹ ਕੇ ਇਕ ਚੰਗੀ ਮਿਸਾਲ ਕਾਇਮ ਕਰਦਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਦਿਲਬਰ ਇਕ ਵਿਸ਼ਾਲ ਅਨੁਭਵੀ ਕਹਾਣੀਕਾਰ ਹੈ ਤੇ ਦੂਰ ਦ੍ਰਿਸ਼ਟੀ ਰੱਖਦਾ ਹੋਇਆ, ਸਮਾਜਿਕ ਲੋਕਾਈ ਦੀ ਗੱਲ ਬੜੀ ਹੀ ਖੂਬਸੂਰਤੀ ਨਾਲ ਕਰਦਾ ਹੈ ਤੇ ਉਹ ਕੁਦਰਤ ਨੂੰ ਪਿਆਰ ਕਰਨ ਵਾਲਾ ਕਹਾਣੀਕਾਰ ਵੀ ਹੈ। ਕਹਾਣੀਕਾਰ ਨੂੰ ਮੁਬਾਰਕਬਾਦ।

ਡਾ: ਗੁਰਬਿੰਦਰ ਕੌਰ ਬਰਾੜ
ਮੋ: 098553-95161.
c c c

10-01-2021

ਕੇਸੂ ਫਿਰ ਖਿੜਨਗੇ
ਲੇਖਕ : ਸਿਮਰਤ ਸੁਮੈਰਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 98550-04485.


ਬੀਬਾ ਸਿਮਰਤ ਸੁਮੈਰਾ ਦਾ 'ਬਾਨੋ' (2018) ਤੋਂ ਪਿੱਛੋਂ ਇਹ ਉਸ ਦਾ ਦੂਜਾ ਨਾਵਲ ਹੈ। ਉਹ ਆਦਿਵਾਸੀ ਤੇ ਕਬਾਇਲੀ ਲੋਕਾਂ ਦੀ ਜੀਵਨ-ਸ਼ੈਲੀ ਵਿਚ ਕਾਫੀ ਦਿਲਚਸਪੀ ਰੱਖਦੀ ਹੈ। ਸ਼ਾਇਦ ਉਸ ਨੂੰ ਲਗਦਾ ਹੈ ਕਿ ਸੱਭਿਅਤਾ ਅਤੇ ਸੁਵਿਧਾਵਾਂ ਵਾਲੀ ਜ਼ਿੰਦਗੀ ਦੇ ਪਿੱਛੇ ਲੱਗ ਕੇ ਮਨੁੱਖ ਨੇ ਆਪਣਾ ਬਹੁਤ ਕੁਝ ਗੁਆ ਲਿਆ ਹੈ। ਉਸ ਨੇ ਪ੍ਰਿਥਵੀ ਅਤੇ ਇਸ ਦੇ ਵਾਯੂਮੰਡਲ (ਵਾਤਾਵਰਨ) ਦਾ ਵੀ ਕੱਖ ਨਹੀਂ ਛੱਡਿਆ। ਲੇਖਿਕਾ ਆਪਣੀ ਕਲਮ ਨੂੰ ਪ੍ਰਕਿਰਤੀ ਉੱਪਰ ਕੇਂਦਰਿਤ ਕਰਕੇ ਮਨੁੱਖੀ ਜੀਵਨ ਦੇ ਵਧੇਰੇ ਸਹਿਜ ਅਤੇ ਸਵਸਥ ਵੇਰਵਿਆਂ ਦੀ ਪੇਸ਼ਕਾਰੀ ਕਰ ਰਹੀ ਹੈ। ਇਸ ਆਸ ਵਿਚ ਕਿ ਸ਼ਾਇਦ ਉਪਭੋਗਤਾਵਾਦੀ ਰੁਚੀਆਂ ਦੇ ਗਿੱਝੇ ਹੋਏ ਲੋਕ ਇਕ ਆਦਿਮ ਜਵਿਨ-ਸ਼ੈਲੀ ਉੱਪਰ ਝਾਤ ਪਾ ਕੇ ਆਪਣੇ-ਆਪ ਨੂੰੇ ਬਦਲਣ ਦਾ ਯਤਨ ਕਰਨ। ਕਿਉਂਕਿ ਇਸੇ ਪ੍ਰਕਾਰ ਬ੍ਰਹਿਮੰਡ ਵਿਚ ਜੀਵਨ ਦੀ ਪ੍ਰਕਿਰਿਆ ਵਧੇਰੇ ਸਹਿਜ-ਸੁਭਾਵਿਕ ਅਤੇ ਲੰਮੀ ਹੋ ਸਕਦੀ ਹੈ।
ਇਸ ਨਾਵਲ ਦਾ ਬਿਰਤਾਂਤ ਝਾਰਖੰਡ ਦੀ ਇਕ ਬਸਤੀ ਕੇਸ਼ਵਾਗੜ੍ਹ ਦੀਆਂ ਝੁੱਗੀਆਂ ਵਿਚੋਂ ਖੁੱਲ੍ਹਦਾ ਹੈ। ਜੰਗਲਾਂ ਵਿਚ ਰਹਿਣ ਵਾਲੇ ਇਸ ਬਸਤੀ ਦੇ ਲੋਕ ਫਲ-ਫੁੱਲ ਚੁੱਕ ਕੇ, ਮੱਛੀਆਂ ਪਕੜ ਕੇ ਜਾਂ ਛੋਟਾ-ਮੋਟਾ ਸ਼ਿਕਾਰ ਕਰਕੇ ਆਪਣਾ ਜੀਵਨ-ਨਿਰਵਾਹ ਕਰਦੇ ਹਨ ਪਰ ਪੂੰਜੀਵਾਦੀ ਵਿਵਸਥਾ ਉਨ੍ਹਾਂ ਨੂੰ ਸ਼ਾਂਤੀ ਨਾਲ ਗੁਜ਼ਰ-ਬਸਰ ਨਹੀਂ ਕਰਨ ਦਿੰਦੀ। ਬਾਜ਼ਾਰ ਨਿੱਤ ਦਿਨ ਫੈਲਦਾ ਜਾ ਰਿਹਾ ਹੈ, ਇਸ ਨੇ ਪਿੰਡਾਂ ਦੇ ਪਿੰਡ ਤਾਂ ਖਾ ਹੀ ਲਏ ਹਨ, ਹੁਣ ਇਸ ਨੇ ਜੰਗਲਾਂ ਉੱਪਰ ਵੀ ਹਮਲਾ ਕਰ ਦਿੱਤਾ ਹੈ। ਧਰਤੀ ਦੀ ਸਤਹਿ ਉੱਪਰ ਆਪਣੀ ਮਸ਼ੀਨਰੀ ਸੈੱਟ ਕਰ ਕੇ ਉਹ ਇਹ ਪਤਾ ਲਗਾ ਲੈਂਦੇ ਹਨ ਕਿ ਇਸ ਦੇ ਗਰਭ ਵਿਚ ਕਿਹੜੇ-ਕਿਹੜੇ ਖਣਿਜ ਪਦਾਰਥ ਦੱਬੇ ਪਏ ਹਨ ਅਤੇ ਫਿਰ ਸਰਕਾਰੀ ਪ੍ਰਣਾਲੀਆਂ ਨਾਲ ਲੈਣ-ਦੇਣ ਕਰਕੇ ਅਜਿਹੀ ਭੂਮੀ ਉੱਪਰ ਕਬਜ਼ਾ ਜਮਾ ਲੈਂਦੇ ਹਨ, ਜਿਨ੍ਹਾਂ ਵਿਚੋਂ ਕੋਲਾ, ਸੋਨਾ ਅਤੇ ਹੋਰ ਕੀਮਤੀ ਧਾਤਾਂ ਕੱਢ ਕੇ ਸਰਮਾਏਦਾਰ ਲੋਕ ਆਪਣੀ ਨਿੱਜੀ ਪੂੰਜੀ ਉੱਪਰ ਵਾਧਾ ਕਰਦੇ ਰਹਿੰਦੇ ਹਨ। ਨਾਵਲਕਾਰ ਨੇ ਇਸ ਸਮੁੱਚੀ ਪ੍ਰਕਿਰਿਆ ਨੂੰ ਬੜੇ ਸੁਝਾਉ ਪਰ ਪਰ ਭਰੋਸੇਯੋਗ ਢੰਗ ਨਾਲ ਬਿਆਨ ਕੀਤਾ ਹੈ। ਕਹਾਣੀ ਨੂੰ ਰੌਚਕ ਬਣਾਉਣ ਲਈ ਸੁਮੈਰਾ ਨੇ ਆਪਣਾ ਧਿਆਨ ਰਜਤ ਅਤੇ ਤੱਬੋ ਦੇ ਪ੍ਰੇਮ-ਪ੍ਰਸੰਗ ਉੱਪਰ ਕੇਂਦਰਿਤ ਕਰ ਲਿਆ ਹੈ। ਰਜਤ ਬਸਤੀ ਵਿਚੋਂ ਨਿਕਲ ਕੇ ਇਕ ਸੁਹਿਰਦ ਅਧਿਆਪਕਾ ਦੀ ਸਹਾਇਤਾ ਨਾਲ ਨੇੜੇ ਦੇ ਨਗਰ ਦੇ ਕਾਲਜ ਵਿਚੋਂ ਉਚੇਰੀ ਪੜ੍ਹਾਈ ਕਰਕੇ ਅਫਸਰ ਲੱਗ ਜਾਂਦਾ ਹੈ ਅਤੇ ਫਿਰ ਆਪਣੇ ਪੇਂਡੂ ਭੈਣਾਂ-ਭਾਈਆਂ ਦੀ ਅਗਵਾਈ ਕਰਦਾ ਹੈ ਤਾਂ ਜੋ ਤਿਖਲਾ ਵਰਗੇ ਮੁਖੀਏ, ਦੋ-ਚਾਰ ਬੋਤਲਾਂ ਦੇ ਲਾਲਚ ਪਿੱਛੇ ਆਪਣੀ ਬਸਤੀ ਦੇ ਲੋਕਾਂ ਦਾ ਜੀਵਨ ਦੁੱਭਰ ਨਾ ਕਰਨ। ਇੰਜ ਇਹ ਨਾਵਲ ਮਨੁੱਖੀ ਜੀਵਨ ਦੇ ਇਕ ਨਵੇਂ ਦੌਰ ਵੱਲ ਸੰਕੇਤ ਕਰਦਾ ਹੈ। ਇਸ ਦੌਰ ਦੀ ਵਾਪਸੀ ਕਠਿਨ ਤਾਂ ਹੈ ਪਰ ਅਸੰਭਵ ਨਹੀਂ। ਮਨੁੱਖਤਾ ਨੂੰ ਆਪਣੇ ਚੰਗੇਰੇ ਭਵਿੱਖ ਲਈ ਇਸ ਦੌਰ ਵਿਚ ਪਰਤਣਾ ਹੀ ਹੋਵੇਗਾ।
ਬੀਬਾ ਸੁਮੈਰਾ ਦਾ ਇਹ ਬਿਰਤਾਂਤ ਸਰਮਾਏਦਾਰੀ ਨਿਜ਼ਾਮ ਦੇ ਇਸ ਡਿਸਕੋਰਸ ਵੱਲ ਵੀ ਧਿਆਨ ਦਿਵਾਉਂਦਾ ਹੈ ਕਿ ਇਹ 'ਗ਼ਰੀਬੀ-ਗ਼ਰੀਬੀ' ਦਾ ਰੌਲਾ ਪਾ ਕੇ ਆਮ ਲੋਕਾਂ ਦਾ ਧਿਆਨ ਅਸਲ ਸਮੱਸਿਆਵਾਂ ਤੋਂ ਹਟਾ ਦਿੰਦਾ ਹੈ। ਭਾਰਤ ਕਦੇ ਵੀ ਗ਼ਰੀਬ ਵਸੀਲਿਆਂ ਵਾਲਾ ਦੇਸ਼ ਨਹੀਂ ਰਿਹਾ, ਨਾ ਕਦੇ ਹੋਵੇਗਾ। ਸਾਧਾਰਨ ਬੰਦਿਆਂ ਦੀ ਲੁੱਟ-ਖਸੁੱਟ ਕਰਨ ਲਈ ਸਰਮਾਏਦਾਰ ਸ਼੍ਰੇਣੀ, ਭ੍ਰਿਸ਼ਟ ਸਰਕਾਰਾਂ ਅਤੇ ਨੌਕਰਸ਼ਾਹੀ ਨਾਲ ਮਿਲ ਕੇ ਗ਼ਰੀਬੀ ਦਾ ਰਾਗ ਅਲਾਪਣ ਲੱਗ ਪੈਂਦੀ ਹੈ ਤਾਂ ਜੋ ਲੋਕ ਗ਼ਰੀਬੀ ਨੂੰ ਰੱਬੀ ਕਰੋਪੀ ਮੰਨ ਕੇ ਟਿਕੇ ਰਹਿਣ, ਭਾਣਾ ਮੰਨੀ ਜਾਣ! ਪਰ ਹੁਣ ਪ੍ਰਤੀਰੋਧ ਅਤੇ ਵਿਦਰੋਹ ਦਾ ਵਕਤ ਆਣ ਪਹੁੰਚਾ ਹੈ। ਇਸ ਨੂੰ ਹੋਰ ਟਾਲੀ ਜਾਣਾ ਠੀਕ ਨਹੀਂ ਹੋਵੇਗਾ। ਸੁਮੈਰਾ ਦੀ ਮਨਸ਼ਾ ਅਤੇ ਬਿਰਤਾਂਤਕਾਰੀ ਦੋਵੇਂ ਪਹਿਲੂ ਸਫਲ ਰਹੇ ਹਨ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਆਓ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ

ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98150-30221.


ਇਹ ਪੁਸਤਕ ਪ੍ਰਭਾਵਸ਼ਾਲੀ ਲੇਖਾਂ ਦਾ ਸੁੰਦਰ ਗੁਲਦਸਤਾ ਹੈ। ਇਹ ਵੰਨ-ਸੁਵੰਨੇ ਵਿਸ਼ਿਆਂ ਨੂੰ ਉਜਾਗਰ ਕਰਦੇ ਹਨ ਜਿਵੇਂ ਕੋਰੋਨਾ ਸੰਕਟ, ਨਸ਼ੇ, ਦਹੇਜ ਪ੍ਰਥਾ, ਬਜ਼ੁਰਗਾਂ ਦੀ ਹਾਲਤ, ਪ੍ਰਦੂਸ਼ਣ, ਸਿੱਖਿਆ ਪ੍ਰਣਾਲੀ, ਦੇਸ਼ ਪਿਆਰ, ਟੁੱਟਦੇ ਰਿਸ਼ਤਿਆਂ ਦੀ ਤ੍ਰਾਸਦੀ ਆਦਿ। ਇਹ ਸਾਰੇ ਵਿਸ਼ੇ ਅੱਜ ਦੇ ਹਾਲਾਤ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਇਨ੍ਹਾਂ ਵਿਚ ਮਾਨਵਵਾਦੀ ਵਿਚਾਰਧਾਰਾ ਹੈ। ਪੁਸਤਕ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਸਾਨੂੰ ਵਿਚਾਰਨਾ ਚਾਹੀਦਾ ਹੈ ਕਿ ਸਾਡੀਆਂ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਸਮੱਸਿਆਵਾਂ ਵਿਚ ਸਾਡਾ ਆਪਣਾ ਹੀ ਕਸੂਰ ਹੈ। ਕੁਤਰਤ ਨਾਲ ਖਿਲਵਾੜ, ਰਿਸ਼ਵਤ, ਭ੍ਰਿਸ਼ਟਾਚਾਰ ਅਤੇ ਨਸ਼ੇ ਅੱਜ ਦੇ ਮਨੁੱਖ ਦੀ ਹੋਣੀ ਹਨ। ਵਾਤਾਵਰਨ ਦੇ ਨਾਲ-ਨਾਲ ਸਾਡੇ ਮਨ ਵੀ ਪ੍ਰਦੂਸ਼ਿਤ ਹੋ ਗਏ ਹਨ। ਬਜ਼ੁਰਗਾਂ ਦੀ ਦੁਰਦਸ਼ਾ, ਸਮਾਜਿਕ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਨਸ਼ਿਆਂ ਦੀ ਦਲਦਲ ਲਈ ਬਹੁਤ ਹੱਦ ਤੱਕ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਲੇਖਿਕਾ ਨੇ ਕੋਰੋਨਾ ਕਾਲ ਵਿਚ ਵਧੀ ਘਰੇਲੂ ਹਿੰਸਾ ਬਾਰੇ ਵੀ ਸੁਚੇਤ ਕੀਤਾ ਹੈ। ਇਨ੍ਹਾਂ ਸਾਰੇ ਨਿਬੰਧਾਂ ਵਿਚ ਮਨੁੱਖਤਾ ਦਾ ਦਰਦ ਸਮੇਟਿਆ ਹੋਇਆ ਹੈ ਪਰ ਨਾਲ ਹੀ ਸਾਰਥਕ ਹੱਲ ਵੀ ਸੁਝਾਏ ਗਏ ਹਨ। ਅਗਿਆਨਤਾ, ਗ਼ਰੀਬੀ, ਬੇਰੁਜ਼ਗਾਰੀ, ਸਦਾਚਾਰਕ ਗਿਰਾਵਟ ਅਤੇ ਪੈਸੇ ਦੀ ਦੌੜ ਨੇ ਸਾਡਾ ਵਰਤਮਾਨ ਅਤੇ ਭਵਿੱਖ ਧੁੰਦਲਾ ਕਰ ਦਿੱਤਾ ਹੈ। ਸਰਲ ਸਪੱਸ਼ਟ ਭਾਸ਼ਾ ਵਿਚ ਲਿਖੇ ਗਏ ਇਹ ਨਿਬੰਧ ਸਾਰੇ ਵਰਗਾਂ ਦੀ ਰਹਿਨੁਮਾਈ ਕਰਦੇ ਹਨ। ਗੁੰਦਵੀਂ ਸ਼ੈਲੀ, ਦਿਲਚਸਪ ਬਿਰਤਾਂਤ ਅਤੇ ਪ੍ਰਸਿੱਧ ਵਿਦਵਾਨਾਂ ਦੇ ਕਥਨਾਂ ਨਾਲ ਸ਼ਿੰਗਾਰੀ ਇਹ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਹੈ। ਇਸ ਦਾ ਪੰਜਾਬੀ ਸਾਹਿਤ ਜਗਤ ਵਿਚ ਭਰਪੂਰ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਕੰਧ ਓਹਲੇ ਅਮਰੀਕਾ
ਲੇਖਕ : ਗੁਰਮੀਤ ਸਿੰਘ ਮਰਾੜ੍ਹ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 94
ਸੰਪਰਕ : 0172-5027427


ਕਵਿਤਾ ਤੋਂ ਮਿੰਨੀ ਕਹਾਣੀ ਵੱਲ ਪਰਤੇ ਗੁਰਮੀਤ ਸਿੰਘ ਮਰਾੜ੍ਹ ਦੇ ਪਲੇਠੇ ਮਿੰਨੀ ਕਹਾਣੀ ਸੰਗ੍ਰਹਿ 'ਕੰਧ ਓਹਲੇ ਅਮਰੀਕਾ' ਵਿਚ 94 ਮਿੰਨੀ ਕਹਾਣੀਆਂ ਦਰਜ ਹਨ। ਲੇਖਕ ਨੇ ਜ਼ਿੰਦਗੀ ਦੇ ਕਈ ਗੁੰਝਲਦਾਰ ਵਿਸ਼ਿਆਂ ਨੂੰ ਇਸ ਸੂਖਮ ਭਾਵੀ ਵਿਧਾ ਰਾਹੀਂ ਪੇਸ਼ ਕਰਨ ਦਾ ਸਫਲ ਉਪਰਾਲਾ ਕੀਤਾ ਹੈ। ਸੰਗ੍ਰਹਿ ਦੀਆਂ ਲਗਪਗ ਸਾਰੀਆਂ ਹੀ ਮਿੰਨੀ ਕਹਾਣੀਆਂ ਸਮਾਜ ਦੀਆਂ ਨਵੀਆਂ-ਪੁਰਾਣੀਆਂ ਸਮੱਸਿਆਵਾਂ ਨੂੰ ਆਧਾਰ ਬਣਾ ਕੇ ਲਿਖੀਆਂ ਗਈਆਂ ਹਨ। ਅਜੋਕੇ ਸਮਾਜ ਵਿਚ ਧਾਰਮਿਕ, ਆਰਥਿਕ, ਰਾਜਨੀਤਕ ਤੇ ਸਮਾਜਿਕ ਅਨਿਆਂ, ਨਾਬਰਾਬਰੀ, ਵਿਸੰਗਤੀ, ਸ਼ੋਸ਼ਣ, ਉਤਪੀੜਨ ਆਮ ਗੱਲ ਹੈ ਅਤੇ ਮਨੁੱਖੀ ਕਦਰਾਂ-ਕੀਮਤਾਂ 'ਚ ਨਿਘਾਰ ਮਨੁੱਖ ਦੇ ਨਾਲ-ਨਾਲ ਪਰਿਵਾਰਕ ਅਤੇ ਸਮਾਜਿਕ ਨੈਤਿਕ ਪਤਨ ਦਾ ਕਾਰਨ ਬਣ ਰਿਹਾ ਹੈ। ਇਨ੍ਹਾਂ ਕਰਕੇ ਕਈ ਸਮੱਸਿਆਵਾਂ ਨਵੇਂ-ਨਵੇਂ ਰੂਪ ਧਾਰਨ ਕਰਕੇ ਲੁਕਾਈ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਰਹੀਆਂ ਹਨ। ਲੇਖਕ ਦੀ ਜਾਗਰੂਕ ਕਲਮ ਨੇ ਉਨ੍ਹਾਂ ਸਮੱਸਿਆਵਾਂ ਦੀ ਨਾ ਸਿਰਫ ਨਿਸ਼ਾਨਦੇਹੀ ਕੀਤੀ ਹੈ, ਸਗੋਂ ਉਨ੍ਹਾਂ ਦੀ ਚੀਰਫਾੜ ਕਰਕੇ ਵਿਸ਼ਲੇਸ਼ਣਾਤਮਕ ਢੰਗ ਅਪਣਾਉਂਦਿਆਂ ਰੌਚਕ, ਸਾਰਥਿਕ, ਦਿਲ ਟੁੰਬਵੇਂ, ਤਨਜ਼ ਕਰਨ ਵਾਲੇ ਛੋਟੇ-ਛੋਟੇ ਕਥਾਨਕਾਂ ਰਾਹੀਂ ਪਾਠਕਾਂ ਦੀ ਸੋਚ ਨੂੰ ਝੰਜੋੜਨ ਦੀ ਕੋਸ਼ਿਸ਼ ਕਰਕੇ ਇਕ ਲੇਖਕ ਹੋਣ ਦਾ ਫ਼ਰਜ਼ ਨਿਭਾਇਆ ਹੈ। ਚਾਹੇ ਵਿਦੇਸ਼ ਜਾਣ ਦੀ ਤਾਂਘ (ਨਾਮਕਰਨ; ਕੰਧ ਓਹਲੇ ਅਮਰੀਕਾ), ਮੋਬਾਈਲ ਫੋਨ ਦੀ ਦੁਰਵਰਤੋਂ (ਇਹ ਵੀ ਦਿਨ), ਸਰਹੱਦ 'ਤੇ ਨਿੱਤ ਦੁਸ਼ਮਣ ਵਲੋਂ ਹੁੰਦੇ ਹਮਲਿਆਂ ਦੀ ਸਮੱਸਿਆ (ਬੰਬਾਰੀ), ਨਸ਼ਿਆਂ ਦਾ ਹੜ੍ਹ (ਡਰ, ਖੁੱਲ੍ਹੇ ਸ਼ੇਰ ਆਦਿ), ਟੁੱਟਦੇ ਪਰਿਵਾਰ (ਰਿਸ਼ਤੇ, ਸੂਰਜ ਨੂੰ ਅੱਗ, ਚਪੇੜ ਆਦਿ), ਦਾਜ ਸਮੱਸਿਆ (ਅਸਲੀ ਦੁੱਖ), ਮਰਗ-ਭੋਗ ਤੇ ਵਿਖਾਵਾ (ਕਰਜ਼ਾ, ਕਲਹਿਣੀ, ਬੋਝ, ਬੀਮਾ, ਮੈਂ ਕੀ ਕਰਾਂ ਆਦਿ), ਧਾਰਮਿਕ ਵਿਸੰਗਤੀ (ਮੈਂ ਬਾਬਾ ਬਣੂ, ਅੰਨ੍ਹੀ ਸ਼ਰਧਾ, ਨੂਰਾਨੀ ਚਿਹਰਾ), ਕਿਸਾਨ ਤੇ ਕਰਜ਼ਾ (ਬੋਝ), ਔਰਤ ਦੀ ਦੁਰਦਸ਼ਾ (ਚੰਗਾ ਹੋਇਆ, ਮੁਕਤੀ, ਸਬਕ), ਵਿੱਦਿਅਕ ਨਿਘਾਰ, ਕੈਂਸਰ, ਸਿਆਸੀ ਪੈਂਤੜੇਬਾਜ਼ੀ, ਮਹਾਂਨਗਰਾਂ ਦਾ ਯਥਾਰਥ ਆਦਿ ਨਾਲ ਸਬੰਧਿਤ ਅਨੇਕਾਂ ਮਿੰਨੀ ਕਹਾਣੀਆਂ ਸ਼ਾਮਿਲ ਹਨ। ਵਰਤੀ ਗਈ ਭਾਸ਼ਾ ਸਰਲ ਹੈ, ਵਾਰਤਾਲਾਪ ਚੁਸਤ ਹੈ। ਵਿਅੰਗਾਤਮਕ ਸ਼ੈਲੀ ਹੈ। ਦ੍ਰਿਸ਼ਟੀਕੋਣ ਉਸਾਰੂ ਹੈ। ਨੈਤਿਕਤਾ ਅਤੇ ਜੀਵਨ-ਜਾਚ ਪ੍ਰਤੀ ਜਾਗਰੂਕਤਾ ਉਸਾਰਨ ਦਾ ਉਦੇਸ਼ ਰੱਖ ਕੇ ਮਿੰਨੀ ਕਹਾਣੀਆਂ ਪੇਸ਼ ਕੀਤੀਆਂ ਗਈਆਂ ਹਨ। ਵਿਸ਼ੇ ਅਤੇ ਸ਼ਿਲਪ ਪੱਖੋਂ ਪਰਿਪੱਕ ਇਹ ਮਿੰਨੀ ਕਹਾਣੀਆਂ ਸਮੱਸਿਆਵਾਂ, ਕੁਰੀਤੀਆਂ, ਬੁਰਾਈਆਂ 'ਤੇ ਉਂਗਲ ਧਰਦੀਆਂ, ਉਸ ਮਗਰਲੇ ਕਾਰਨਾਂ ਵੋਲ ਵੀ ਸੰਕੇਤ ਕਰਦੀਆਂ ਜਾਪਦੀਆਂ ਹਨ। ਗੁਰਮੀਤ ਸਿੰਘ ਮਰਾੜ੍ਹ ਆਪਣੇ ਪਹਿਲੇ ਮਿੰਨੀ ਕਹਾਣੀ ਸੰਗ੍ਰਹਿ ਨਾਲ ਹੀ ਮੂਹਰਲੇ ਮਿੰਨੀ ਕਹਾਣੀਕਾਰਾਂ ਦੀ ਕਤਾਰ ਵਿਚ ਆਣ ਖੜੋਤਾ ਹੈ।


-ਡਾ: ਧਰਮਪਾਲ ਸਾਹਿਲ
ਮੋ: 98761-56964.


ਚੁੱਪ ਦੀ ਚੀਖ਼
ਲੇਖਕ : ਕੀਰਤ ਸਿੰਘ ਤਪੀਆ
ਪ੍ਰਕਾਸ਼ਕ : ਸਮੂਹ ਪ੍ਰਕਾਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 98728-17873.


ਕੀਰਤ ਸਿੰਘ ਤਪੀਆ ਦੀ ਕਾਵਿ ਸੰਗ੍ਰਹਿ ਦੀ ਪੁਸਤਕ 'ਚੁੱਪ ਦੀ ਚੀਖ਼' ਵਿਚ ਵੰਨ-ਸਵੰਨੇ ਵਿਸ਼ਿਆਂ ਦੀਆਂ 82 ਕਵਿਤਾਵਾਂ ਹਨ। ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਸ ਪੁਸਤਕ ਵਿਚ ਲੇਖਕ ਨੇ ਮਨੁੱਖ ਦੀਆਂ ਪੈਦਾ ਹੋਣ ਤੋਂ ਲੈ ਕੇ ਜੀਵਨ ਦੇ ਅਖੀਰਲੇ ਪੜਾਅ ਦੀਆਂ ਚੀਕਾਂ ਨੂੰ ਪੁਸਤਕ ਵਿਚ ਕਲਮਬੱਧ ਕੀਤਾ ਹੈ ਅਤੇ ਆਪਣੀ ਮਾਨਵਵਾਦੀ ਸੋਚ ਦਾ ਹਰ ਕਵਿਤਾ ਵਿਚ ਖੁੱਲ੍ਹ ਕੇ ਜ਼ਿਕਰ ਕੀਤਾ ਹੈ। ਲੇਖਕ ਨੇ ਕੁਰੀਤੀਆਂ, ਸਮੱਸਿਆਵਾਂ, ਬੁਰਾਈਆਂ, ਪੀੜਾਂ, ਦਰਦਾਂ, ਮਨਸੂਬਿਆਂ, ਤੜਫ਼, ਬਿਰਹਾ, ਵਿਛੋੜੇ ਨੂੰ ਆਪਣੇ ਧੁਰ ਅੰਦਰ ਲੈ ਕੇ ਆਪਣੇ ਜਜ਼ਬਿਆਂ, ਮਨ ਦੇ ਵਲਵਲਿਆਂ ਅਤੇ ਭੜਾਸ ਨੂੰ ਬਾਹਰ ਕੱਢਿਆ ਹੈ ਅਤੇ ਸੁਚੱਜੇ ਅਤੇ ਸੁਖਮਈ ਜੀਵਨ ਜਿਊਣ ਦੇ ਪ੍ਰਤੀ ਦੁਹਾਈ ਪਾ ਕੇ ਜਾਗਰੂਕ ਤੇ ਸੁਚੇਤ ਹੋਣ ਦੀ ਕਵਿਤਾਵਾਂ ਰਾਹੀਂ ਗੱਲ ਕੀਤੀ ਹੈ। ਲੇਖਕ ਨੇ ਆਪਣੇ ਨਿੱਜੀ ਜੀਵਨ ਵਿਚ ਜੋ ਵੇਖਿਆ, ਸੁਣਿਆ, ਤੱਕਿਆ, ਮਹਿਸੂਸ ਕੀਤਾ, ਉਸ ਨੂੰ ਬੇਧੜਕ ਹੋ ਕੇ ਬਿਆਨਿਆ ਵੀ ਹੈ ਅਤੇ ਨਾਲ ਹੀ ਆਪਣੀ ਜ਼ਿੰਮੇਵਾਰੀ ਨੂੰ ਵੀ ਜ਼ਾਹਰ ਕੀਤਾ ਹੈ।
ਜਿਵੇਂ ਕਿ ਕਵੀ ਦਾ ਹਿਰਦਾ ਅਕਸਰ ਕੋਮਲ ਹੁੰਦਾ ਹੈ। ਇਸੇ ਹੀ ਤਰ੍ਹਾਂ ਲੇਖਕ ਕੋਮਲਤਾ ਦੇ ਨਾਲ ਬਿਨਾਂ ਕਿਸੇ ਝਿਜਕ ਤੋਂ ਆਪਣੀ ਗੱਲ ਕਹਿਣ ਵਿਚ ਕੋਈ ਕਸਰ ਨਹੀਂ ਛੱਡਦਾ। ਕਿਤੇ-ਕਿਤੇ ਲੇਖਕ ਏਨਾ ਭਾਵੁਕ ਤੇ ਉਤਾਵਲਾ ਹੋ ਜਾਂਦਾ ਹੈ ਕਿ ਉਸ ਦਾ ਇਸ ਦੁਨੀਆ ਵਿਚ ਜਿਊਣ ਦਾ ਦਿਲ ਵੀ ਨਹੀਂ ਕਰਦਾ। ਜਿਵੇਂ ਕਿ ਲੇਖਕ 'ਜੀਅ ਕਰਦੈ' ਕਵਿਤਾ ਵਿਚ ਕਹਿੰਦਾ ਹੈ, 'ਹੁਣ ਜੀਅ ਕਰਦਾ ਹੈ ਮੈਂ ਇਸ ਦੁਨੀਆ 'ਚੋਂ ਉੱਠ ਜਾਵਾਂ, ਬਦਲ ਕੇ ਇਸ ਤਨ ਦੀ ਜੂਨੀ ਕੋਈ ਹੋਰ ਜੂਨੀ ਹੰਢਾਵਾਂ'। ਇਸੇ ਹੀ ਤਰ੍ਹਾਂ ਹੋਰ ਕਈ ਕਵਿਤਾਵਾਂ ਵਿਚ ਏਨਾ ਭਾਰੂ ਹੋ ਜਾਂਦਾ ਹੈ ਕਿ ਉਹ ਆਪਣੀ ਗੱਲ ਕਹਿਣ ਤੋਂ ਪ੍ਰਹੇਜ਼ ਨਹੀਂ ਕਰਦਾ। ਭਾਵੇਂ ਕਿਸੇ ਦੇ ਗਿੱਟੇ ਲੱਗੇ ਭਾਵੇਂ ਗੋਡੇ। ਗੱਲਾਂ ਤਾਂ ਖਰੀਆਂ ਹਨ ਪਰ ਕਈ ਵਾਰ ਜ਼ਿਆਦਾ ਸੱਚ ਕਿਹਾ ਕਈਆਂ ਨੂੰ ਹਜ਼ਮ ਨਹੀਂ ਹੁੰਦਾ।


-ਬਲਵਿੰਦਰ ਸਿੰਘ ਸੋਢੀ
ਮੋ: 092105-88990


ਸ਼ਬਦਾਂ ਦਾ ਵਣਜਾਰਾ

ਜਸਬੀਰ ਗੁਣਾਚੌਰੀਆ
ਸੰਪਾਦਕ : ਡਾ: ਮਨਦੀਪ ਕੌਰ ਢੀਂਡਸਾ
ਪ੍ਰਕਾਸ਼ਕ : ਕੈਲੀਬਰ ਪਬਲੀਕੇੇਸ਼ਨ, ਪਟਿਆਲਾ
ਮੁੱਲ : 400 ਰੁਪਏ, ਸਫ਼ੇ : 333


ਡਾ: ਮਨਦੀਪ ਕੌਰ ਢੀਂਡਸਾ ਵਲੋਂ ਸੰਪਾਦਿਤ ਕੀਤੀ ਗਈ ਇਹ ਪੁਸਤਕ ਪ੍ਰਬੁੱਧ ਪੰਜਾਬੀ ਗੀਤਕਾਰ ਜਸਬੀਰ ਗੁਣਾਚੌਰੀਆ ਬਾਰੇ ਹੈ। ਇਹ ਪੁਸਤਕ ਜਸਬੀਰ ਗੁਣਾਚੌਰੀਆ ਦੇ ਨਾਲ-ਨਾਲ ਪੰਜਾਬੀ ਮਾਂ-ਬੋਲੀ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਬੁਲੰਦ ਕਰਨ ਵਾਲੀਆਂ ਤਮਾਮ ਰੂਹਾਂ ਨੂੰ ਸਮਰਪਿਤ ਹੈ। ਸਮਕਾਲੀ ਗਾਇਕਾਂ, ਗੀਤਕਾਰਾਂ, ਸਾਹਿਤਕਾਰਾਂ, ਸੰੰਗੀਤਕਾਰਾਂ ਅਤੇ ਦੇਸ਼-ਵਿਦੇਸ਼ ਵਿਚ ਵਸਦੀਆਂ ਹੋਰ ਸਮਾਜ ਸੇਵੀ ਸ਼ਖ਼ਸੀਅਤਾਂ ਦੀਆਂ ਲਿਖਤਾਂ ਰਾਹੀਂ ਜਸਬੀਰ ਗੁਣਾਚੌਰੀਆ ਦੀ ਸ਼ਖ਼ਸੀਅਤ, ਰਚਨਾ ਦ੍ਰਿਸ਼ਟੀ ਅਤੇ ਸ਼ਬਦ ਕਲਾ ਨੂੰ ਸਾਕਾਰ ਕਰਨ ਦਾ ਸਫਲ ਯਤਨ ਕਰਦੀ ਹੋਈ ਇਹ ਪੁਸਤਕ ਇਕ ਮਿਸਾਲੀ ਕਾਰਜ ਹੈ। ਇਨ੍ਹਾਂ ਲਿਖਤਾਂ ਰਾਹੀਂ ਜਸਬੀਰ ਦੀ ਸ਼ਖ਼ਸੀਅਤ ਦਾ ਜੋ ਬਿੰਬ ਉਘੜਦਾ ਹੈ, ਉਸ ਅਨੁਸਾਰ ਉਹ ਦਿਲਗੀਰ ਸੁਭਾਅ ਵਾਲਾ ਨੇਕ ਦਿਲ ਇਨਸਾਨ ਹੋਣ ਦੇ ਨਾਲ-ਨਾਲ ਸਪੱਸ਼ਟ ਭਾਵੀ ਰਚੇਤਾ ਵੀ ਹੈ, ਜਿਹੜਾ ਆਪਣੇ ਸਮਾਜ ਪੱਖੀ ਵਿਚਾਰਾਂ ਨਾਲ ਕਦੇ ਸਮਝੌਤਾ ਨਹੀਂ ਕਰਦਾ ਅਤੇ ਕਲਾ ਨੂੰ ਸਮਾਜ ਦੀ ਬਿਹਤਰੀ ਲਈ ਵਰਤਣ ਵਾਸਤੇ ਹਮੇਸ਼ਾ ਤਤਪਰ ਰਹਿੰਦਾ ਹੈ। ਉਹਦੇ ਲਈ ਕਲਮ ਕਦਰਾਂ-ਕੀਮਤਾਂ ਦੀ ਰਾਖੀ ਲਈ ਇਕ ਹਥਿਆਰ ਵਾਂਗ ਹੈ। ਉਹ ਸਮਾਜ ਦੀਆਂ ਵਧੀਕੀਆਂ ਤੋਂ ਉਪਰਾਮ ਹੋਏ ਦਿਲਾਂ ਨੂੰ ਵੀ ਆਸ ਦੀ ਮੱਲ੍ਹਮ ਨਾਲ ਪਲੋਸ ਕੇ ਢਾਰਸ ਦਿੰਦਾ ਹੈ। ਇਸੇ ਕਰਕੇ ਉਸ ਦੇ ਗੀਤ ਵਾਰ-ਵਾਰ ਗਾਏ, ਗੁਣਗੁਣਾਏ ਅਤੇ ਸੁਣੇ ਜਾਂਦੇ ਹਨ। ਉਸ ਦੇ ਗੀਤਾਂ ਨੂੰ ਗਾਉਣ ਵਾਲਿਆਂ ਵਿਚ ਸਰਦੂਲ ਸਿਕੰਦਰ ਅਤੇ ਮਨਮੋਹਨ ਵਾਰਿਸ ਸਮੇਤ ਦਰਜਨਾਂ ਗਾਇਕ ਸ਼ਾਮਿਲ ਹਨ ਅਤੇ ਉਸ ਦੇ ਮਸ਼ਹੂਰ ਗੀਤਾਂ ਵਿਚ-ਕੱਲੀ ਬਹਿ ਕੇ ਸੋਚੀਂ ਨੀਂ, ਕੁਦਰਤ ਤੋਂ ਡਰ ਬੰਦਿਆ, ਇਕ ਖ਼ਤ ਸੱਜਣਾ ਸਾਡੇ ਨਾਂਅ ਲਿਖ ਦੇ, ਸਾਡਿਆਂ ਪਰਾਂ ਤੋਂ ਸਿੱਖੀ ਉਡਣਾ, ਪਤਾ ਨਹੀਂ ਕਿੱਥੇ ਕਦੋਂ ਕੀ ਹੋਣਾ, ਜਿੰਦੇ ਨੀ ਜਿੰਦੇ, ਤੁਰ ਗਈ ਜਹਾਜ਼ ਚੜ੍ਹ ਕੇ, ਆਦਿ ਗੀਤ ਸ਼ਾਮਿਲ ਹਨ ਜਿਹੜੇ ਹਰ ਪੰਜਾਬੀ ਪਿਆਰੇ ਦੀ ਜ਼ਬਾਨ 'ਤੇ ਹਨ। ਅਦਭੁਤ ਰਚਨ-ਸ਼ੈਲੀ ਵਾਲੇ ਇਸ ਗੀਤਕਾਰ ਦੀ ਵਿਲੱਖਣਤਾ ਉਸ ਦੀ ਦ੍ਰਿਸ਼-ਕਲਾ ਹੈ। ਪ੍ਰਸਥਿਤੀਆਂ ਨੂੰ ਸ਼ਬਦਾਂ ਰਾਹੀਂ ਅੱਖਾਂ ਸਾਹਮਣੇ ਸਾਕਾਰ ਕਰ ਦੇਣਾ ਅਤੇ ਸ਼ਬਦ ਧੁਨੀਆਂ ਦੀ ਅਜਬ ਜੜਤ ਰਾਹੀਂ ਧੁਨੀਆਂ ਦਾ ਸਹਿਜ ਸੁਮੇਲ ਸਿਰਜ ਕੇ ਭਾਵ-ਬੋਧ ਨੂੰ ਪਾਠਕ/ਸਰੋਤੇ ਦੇ ਦਿਲ ਵਿਚ ਉਤਾਰ ਦੇਣਾ ਜਸਬੀਰ ਗੁਣਾਚੌਰੀਆ ਦਾ ਸਹਿਜ ਹੈ। ਉਹ ਆਪਣੇ ਗੀਤਾਂ ਬਾਰੇ ਆਪ ਕਹਿੰਦਾ ਹੈ-
ਮੇਰੀ ਜਿੰਦ ਮੇਰੀ ਜਾਨ ਮੇਰੇ ਗੀਤ ਨੇ
ਮੇਰੇ ਦਿਲ ਦੀ ਜ਼ਬਾਨ ਮੇਰੇ ਗੀਤ ਨੇ
ਜਿਥੇ ਤੜਪ, ਵਿਛੋੜੇ ਤੇ ਮੁਹੱਬਤ ਦੀ ਗੱਲ
ਮੇਰਾ ਵੱਖਰਾ ਜਹਾਨ ਮੇਰੇ ਗੀਤ ਨੇ.....।
ਆਪਣੇ ਗੀਤਾਂ ਨੂੰ ਆਪਣੀ ਜਿੰਦ ਅਤੇ ਜਾਨ ਬਣਾਉਣ ਵਾਲੇ ਇਸ ਗੀਤਕਾਰ ਦਾ ਮੁਹੱਬਤੀ ਸੰਸਾਰ ਬਹੁਤ ਵਿਸ਼ਾਲ ਹੈ। ਇਸੇ ਕਰਕੇ ਇਸ ਵੱਡਆਕਾਰੀ ਪੁਸਤਕ ਵਿਚ ਪੰਜਾਬੀ ਗਾਇਕੀ ਨਾਲ ਜੁੜੀ ਹੋਈ ਲਗਪਗ ਹਰ ਸ਼ਖ਼ਸੀਅਤ ਨੇ ਉਸ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।
ਅੱਜ ਜਦੋਂ ਪੰਜਾਬੀ ਗਾਇਕੀ ਅਤੇ ਗੀਤਕਾਰੀ ਆਪਣੀ ਜ਼ਿੰਮੇਵਾਰੀ ਤੋਂ ਅਵੇਸਲੀ ਹੋ ਕੇ ਕੁਰਾਹੇ ਪੈ ਚੁੱਕੀ ਹੈ ਉਦੋਂ ਡਾ: ਮਨਦੀਪ ਕੌਰ ਢੀਂਡਸਾ ਵਲੋਂ ਅਜਿਹੀ ਪੁਸਤਕ ਦੀ ਪ੍ਰਕਾਸ਼ਨਾ ਕਰਕੇ ਗੀਤਕਾਰੀ ਦੇ ਉਸ ਹੀਰੇ ਦੀ ਚਮਕ ਨੂੰ ਹੋਰ ਚਮਕਾਉਣ ਦਾ ਯਤਨ ਕਰਨਾ ਨਾ ਸਿਰਫ ਸ਼ਲਾਘਾਯੋਗ ਕਾਰਜ ਹੈ ਸਗੋਂ ਇਕ ਜ਼ਿੰਮੇਵਾਰੀ ਭਰਿਆ ਉੱਦਮ ਵੀ ਹੈ। ਨਵੇਂ ਗੀਤਕਾਰਾਂ ਅਤੇ ਗਾਇਕਾਂ ਲਈ ਬਹੁਤ ਜ਼ਰੂਰੀ ਹੈ ਕਿ ਇਸ ਕਿਤਾਬ ਰਾਹੀਂ ਸਿਹਤਮੰਦ ਗੀਤਕਾਰੀ ਦੇ ਮਹੱਤਵ ਨੂੰ ਸਮਝਣ ਦਾ ਯਤਨ ਕਰਨ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵੱਲ ਅੱਗੇ ਵਧਣ।


-ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.


ਗ਼ਜ਼ਲ ਅਸ਼ਰਫ਼ੀਆਂ
ਲੇਖਕ : ਡਾ: ਗੁਰਚਰਨ ਕੌਰ ਕੋਚਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 407
ਸੰਪਰਕ : 94170-31464.


ਡਾ: ਗੁਰਚਰਨ ਕੌਰ ਕੋਚਰ ਦੀਆਂ ਗ਼ਜ਼ਲ ਅਸ਼ਰਫ਼ੀਆਂ ਸੱਚਮੁੱਚ ਹੀ ਮੋਹਰਾਂ ਨੇ, ਦੀਨਾਰ ਨੇ, ਸ਼ੁੱਧ ਸੋਨੇ ਦੀਆਂ ਡਲੀਆਂ ਨੇ-ਕਾਰਨ ਇਹ ਹੈ ਕਿ ਇਨ੍ਹਾਂ ਵਿਚ ਸ਼ਾਮਿਲ ਗ਼ਜ਼ਲਾਂ ਸੱਚੇ ਤੇ ਸ਼ੁੱਧ ਹਿਰਦੇ 'ਚੋਂ ਹੋਂਦ ਗ੍ਰਹਿਣ ਕਰਦੀਆਂ ਹਨ, ਜੰਮਣ ਪੀੜਾਂ ਜਰਦੀਆਂ ਹਨ। ਇਨ੍ਹਾਂ ਗ਼ਜ਼ਲਾਂ ਦੀ ਸਿਰਜਣ ਪ੍ਰਕਿਰਿਆ ਇਹ ਹੈ ਕਿ ਜੋ ਕੁਝ ਵੀ 'ਕੋਚਰ' ਦੇਖਦੀ, ਮਹਿਸੂਸਦੀ ਹੈ, ਉਹ ਹੀ ਸਭ ਕੁਝ ਉਸ ਦੀ ਕਲਮ ਲਿਖਵਾ ਰਹੀ ਹੈ। ਰਤਾ ਵੇਖੋ :
ਇਹ ਉਹੀ ਲਫ਼ਜ਼ ਹਨ ਜੋ ਪਾ ਰਹੇ ਸਨ ਭੜਥੂ ਮਨ ਅੰਦਰ
ਗ਼ਜ਼ਲ ਦੇ ਸ਼ਿਅਰ ਬਣ ਕੇ ਕਰ ਰਹੇ ਆਰਾਮ ਕਾਗਜ਼ 'ਤੇ (ਪੰ 321)
ਇਸ ਪੁਸਤਕ ਵਿਚ ਹਰ ਚਾਰ ਗ਼ਜ਼ਲ ਸੰਗ੍ਰਹਿ (ਅਹਿਸਾਸ ਦੀ ਖੁਸ਼ਬੂ, ਅਹਿਸਾਸ ਦਾ ਸਫ਼ਰ, ਅਹਿਸਾਸ ਦੀਆਂ ਰਿਸ਼ਮਾਂ, ਹਰਫ਼ਾਂ ਦੀ ਮਹਿਕ) ਇਕੋ ਜਿਲਦ ਵਿਚ ਸੰਕਲਿਤ ਹਨ। 'ਕੋਚਰ' ਨੂੰ ਸ਼ਬਦ-ਦਰ-ਸ਼ਬਦ ਅਰੂਜ਼ ਅਨੁਸਾਰ ਤੋਲਣ 'ਤੇ ਅਬੂਰ ਹਾਸਲ ਹੈ। ਉਸ ਦੁਆਰਾ ਵਰਤੇ ਗਏ ਕਾਫ਼ੀਏ, ਰਦੀਫ਼ ਗ਼ਜ਼ਲ ਦੇ ਵਿਚਾਰਾਂ ਨੂੰ 'ਇਕਮੁੱਠਤਾ' ਪ੍ਰਦਾਨ ਕਰਦੇ ਹਨ। ਜੀਵਨ ਦੇ ਹਾਂ-ਪੱਖੀ ਅਤੇ ਨਾਂਹ-ਪੱਖੀ ਦ੍ਰਿਸ਼ ਸ਼ਾਇਰਾ ਦੇ ਮਨ ਵਿਚ ਪਾਰੇ ਵਾਂਗ ਡੋਲਦੇ ਹਨ। ਮਸਲਨ: ਕਿਤੇ ਦਿਲਦਾਰ ਦੀ ਵਫ਼ਾ ਹੈ, ਕਿਤੇ ਉਹ ਬੇਵਫ਼ਾ ਹੈ, ਕਦੇ ਪੌਣ ਸੁੱਖ ਦਾ ਸੁਨੇਹਾ ਲਿਆਉਂਦੀ ਹੈ, ਕਦੇ ਕਿਸੇ ਦੀ ਯਾਦ 'ਚ ਤੜਫਾਉਂਦੀ ਹੈ, ਕਦੇ ਹੰਝੂ ਖਾਰਾ ਹੈ, ਕਦੇ ਪਿਆਰਾ ਹੈ, ਕਿਤੇ ਬੱਚੇ ਪਿਆਰੇ ਨੇ, ਕਿਤੇ ਮਾਪੇ ਦੁਖਿਆਰੇ ਨੇ, ਕਿਤੇ ਕੋਈ ਪ੍ਰਦੇਸਾਂ 'ਚ ਕਮਾਉਂਦਾ ਹੈ, ਕਿਤੇ ਕਿਸੇ ਨੂੰ ਹਿਜਰ ਸਤਾਉਂਦਾ ਹੈ। ਅਜਿਹੇ ਵਿਰੋਧੀ ਜੁੱਟ (ਬਾਇਨਰੀ ਆਪੋਜ਼ੀਸ਼ਨ) ਸਾਰੇ ਸੰਗ੍ਰਹਿਆਂ ਦੇ ਆਰ-ਪਾਰ ਫੈਲੇ ਹੋਏ ਹਨ। ਗ਼ਜ਼ਲ ਦੇ ਰੂਪਾਕਾਰ ਦੀਆਂ ਬੰਦਿਸ਼ਾਂ ਦੀ ਇੰਨ-ਬਿੰਨ ਪਾਲਣਾ ਕਰਦੀ ਹੋਈ ਸ਼ਾਇਰਾ ਨਜ਼ਮੀਅਤ ਦੇ ਰੰਗ ਵਿਚ ਬੱਝੇ ਖੂਬਸੂਰਤ ਸ਼ਿਅਰਾਂ ਦੀ ਸਿਰਜਣਾ ਕਰਦੀ ਹੈ। ਉਸ ਦੇ ਨਜ਼ਮੀਅਤ ਰੰਗ ਵਿਚ ਅਤਿ ਦੀ ਸਾਦਗੀ, ਸਪੱਸ਼ਟਤਾ, ਰਵਾਨਗੀ, ਖੁਸ਼ ਬਿਆਨੀ ਸਾਫ਼ ਝਲਕਾਰੇ ਮਾਰਦੀ ਹੈ। ਏਦੂੰ ਵੱਧ ਸਾਦਗੀ ਹੋਰ ਕੀ ਹੋਊ :
* ਬਜ਼ੁਰਗਾਂ ਦੀ ਸਿਆਣਪ ਤੇ ਤਜਰਬੇ ਤੋਂ ਲਓ ਲਾਹਾ,
ਨਹੀਂ ਕੀਤੇ ਉਨ੍ਹਾਂ ਧੁੱਪ ਵਿਚ ਇਹ ਚਿੱਟੇ ਵਾਲ ਉਮਰਾਂ ਦੇ। (ਪੰ: 367)
* ਹਵਾ, ਪਾਣੀ ਤੇ ਧਰਤੀ ਹੋ ਗਈ ਜ਼ਹਿਰੀਲੀ ਹੈ ਸਾਡੀ,
ਇਹ ਮਾਨਵ ਨੇ ਕੁਦਰਤ 'ਤੇ ਬੜਾ ਹੀ ਕਹਿਰ ਢਾਇਆ ਹੈ। (ਪੰ: 371)
* ਦਾਲ ਤੇ ਰੋਟੀ ਖਾਣੀ ਵੀ ਹੈ ਮੁਸ਼ਕਿਲ ਹੁਣ,
ਲੱਕ ਤੋੜਵੀਂ ਹੁਣ ਮਹਿੰਗਾਈ ਹੋਈ ਹੈ। (ਪੰ: 359)
ਪਰ ਕਾਵਿ-ਨਾਇਕਾ ਬੜੀ ਸਮਝਦਾਰ ਹੈ। ਆਪਣੇ ਦਿਲਦਾਰ ਦੀ ਸਲਾਹ ਮੰਨ ਕੇ ਗੁੰਝਲਦਾਰ ਸ਼ਿਅਰ ਵੀ ਤਾਂ ਸਿਰਜਦੀ ਹੈ। ਏਨੀ ਗੁੰਝਲਦਾਰ ਸ਼ਾਇਰੀ ਤਾਂ ਇੱਜ਼ਤ ਵਧਾਉਂਦੀ ਹੈ। ਦਿਲਦਾਰ ਦੇ ਬੋਲ ਵੇਖੋ :
ਉਹ ਮੇਰੀ ਸਾਦਗੀ ਨੂੰ ਰਾਹ ਦਾ ਰੋੜਾ ਕਹਿ ਕੇ, ਕਹਿੰਦੇ ਨੇ,
ਮੇਰੀ ਇੱਜ਼ਤ ਵਧੇਗੀ ਜੇ ਮੈਂ ਗੁੰਝਲਦਾਰ ਹੋ ਜਾਵਾਂ। (ਪੰ: 162)
ਗੁੰਝਲਦਾਰ ਸ਼ਿਅਰਾਂ ਵਿਚ ਸ਼ਬਦ ਢਕੇ ਰਹਿ ਜਾਂਦੇ ਨੇ, ਅਰਥ ਨੰਗੇ ਹੋ ਜਾਂਦੇ ਨੇ। ਇਨ੍ਹਾਂ ਵਿਚ ਰਮਜ਼ਾਂ, ਇਸ਼ਾਰਿਆਂ, ਸੰਕੇਤਾਂ, ਪੁਰਖ਼ਲੂਸ ਪ੍ਰਭਾਵਸ਼ਾਲੀ ਤਗੱਜ਼ਲ, ਸਦੀਦੀਅਤ, ਮੌਲਿਕਤਾ, ਸੱਜਰੇ ਅਲੰਕਾਰਾਂ, ਬਿੰਬਾਂ ਦਾ ਰੰਗ ਵੇਖਿਆ ਜਾ ਸਕਦਾ ਹੈ :
* ਤੂੰ ਕਹਿੰਦਾ ਮੈਂ, 'ਮੈਂ ਸੂਰਜ ਹਾਂ ਤੇ ਤੈਨੂੰ ਪਿਆਰ ਕਰਦਾ ਹਾਂ,'
ਮੈਂ ਠਰਦੀ ਰਹਿ ਗਈ, ਤੈਥੋਂ ਕਿਰਨ ਇਕ ਵੀ ਨਾ ਘੱਲ ਹੋਈ। (ਪੰ: 120)
* ਕਲੀ ਜਦ ਤੋਂ ਖਿੜੀ ਹੈ ਓਸ ਦੇ ਬਗ਼ੀਚੇ ਵਿਚ,
ਸਤਾਵੇ ਖੌਫ਼ ਮਾਲੀ ਨੂੰ ਕਿ ਕੋਈ ਮਸਲ ਨਾ ਜਾਵੇ। (ਪੰ: 380)
* ਮੇਰੀ ਕਿਸਮਤ ਸੰਵਰ ਗਈ ਸੀ ਉਸ ਵੇਲੇ ਹੀ,
ਜਦ ਤੂੰ ਮੇਰੇ ਵਾਲ ਸੰਵਾਰੇ ਇਕ ਇਕ ਕਰ ਕੇ। (ਪੰ: 220)
* ਕੱਲ੍ਹ ਇਕ ਡੇਰੇ ਦੇ ਬਾਬੇ ਦਾ ਐਕਸੀਡੈਂਟ ਸੀ ਹੋਇਆ,
ਜੇਬ ਫਰੋਲੀ ਵਿਚੋਂ ਨਿਕਲੇ ਨਾਰਾਂ ਦੇ ਸਿਰਨਾਵੇਂ। (ਪੰ: 332)
* ਉਹ ਬੋਤਲ 'ਚੋਂ ਦੁੱਧ ਪੀ ਕੇ ਫੇਰ ਸੌਂ ਗਏ ਨੇ,
ਅਜੇ ਦਫ਼ਤਰੋਂ ਪਰਤ ਮਾਵਾਂ ਨਾ ਆਈਆਂ। (ਪੰ: 358)
ਸੰਖੇਪ ਇਹ ਕਿ 'ਕੋਚਰ' ਦੀਆਂ ਅਸ਼ਰਫ਼ੀਆਂ ਦਾ ਗ਼ਜ਼ਲ ਪੈਰਾਡਾਇਮ 'ਮੁਹੱਬਤ' ਹੈ। ਇਸ ਮੁਹੱਬਤ ਵਿਚ ਨਿੱਜ ਤੋਂ ਪਾਰ ਜਾ ਕੇ ਸਮੁੱਚੀ ਮਾਨਵਤਾ ਦੇ ਦੁੱਖਾਂ-ਸੁੱਖਾਂ ਨਾਲ ਸਾਂਝ ਰੂਪਮਾਨ ਹੋਈ ਹੈ। ਲਗਪਗ ਸਾਰੀਆਂ ਸਮਕਾਲੀ ਸਮੱਸਿਆਵਾਂ ਸ਼ਿਅਰਾਂ ਦੀ ਮਾਲਾ ਵਿਚ ਪਰੋਈਆਂ ਗਈਆਂ ਹਨ। ਇਸ ਸੰਗ੍ਰਹਿ ਨੂੰ ਦੋ ਦਰਜਨ ਤੋਂ ਵੱਧ ਗ਼ਜ਼ਲ ਖੇਤਰ ਦੇ ਵਿਦਵਾਨਾਂ ਨੇ ਪਰਮ-ਸ੍ਰੇਸ਼ਠ ਸ਼ਬਦਾਂ ਨਾਲ ਸਲਾਹਿਆ ਹੈ। ਮੈਂ ਤਾਂ ਗੋੜ੍ਹੇ 'ਚੋਂ ਪੂਣੀ ਹੀ ਕੱਤੀ ਹੈ। ਪੁਸਤਕ ਦੇ ਅੰਤ 'ਤੇ ਫੋਟੋਆਂ ਦੇ 16 ਪੰਨੇ ਉਸ ਦੇ ਮਾਨਾਂ-ਸਨਮਾਨਾਂ ਦੀ ਸਾਖੀ ਭਰਦੇ ਹਨ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.

09-01-2021

 ਹਰੇ ਰੰਗ ਦੀ ਕਵਿਤਾ
ਕਵੀ : ਗੁਲ ਚੌਹਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98152-98459.

ਸ੍ਰੀ ਗੁਲ ਚੌਹਾਨ ਕਿਸੇ ਵਿਚਾਰਧਾਰਾ ਜਾਂ ਪਰੰਪਰਾ ਦੇ ਬੰਨ੍ਹੇ-ਬੰਨ੍ਹਾਏ ਚੌਖਟੇ ਨੂੰ ਸਵੀਕਾਰ ਕਰ ਕੇ ਲਿਖਣ ਵਾਲੇ ਲੇਖਕਾਂ ਵਿਚੋਂ ਨਹੀਂ ਹੈ ਬਲਕਿ ਵਿਚਾਰਧਾਰਾ ਨੂੰ ਨਿਰੰਤਰ ਵਿਸਤਾਰਦਾ ਅਤੇ ਪਰੰਪਰਾ ਨੂੰ ਭੰਨ-ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਵਿਚ ਲੀਨ ਰਹਿੰਦਾ ਹੈ। 'ਹਰੇ ਰੰਗ ਦੀ ਕਵਿਤਾ' ਵਿਚ ਉਹ ਕਾਵਿ-ਰੂਪਾਕਾਰ ਉੱਪਰ ਏਨਾ ਦਬਾਅ ਪਾਉਂਦਾ ਹੈ ਕਿ ਇਸ ਦੀ ਸ਼ਕਲ-ਸੂਰਤ ਬਦਲ ਜਾਂਦੀ ਹੈ। ਇਸ ਦੇ ਨਾਲ ਹੀ ਉਹ ਸਾਹਿਤ ਦੇ ਵਿਭਿੰਨ ਰੂਪਾਕਾਰਾਂ ਨੂੰ ਇਕ-ਦੂਜੇ ਤੋਂ ਦੂਰ ਰੱਖਣ ਦਾ ਪ੍ਰਯਾਸ ਵੀ ਨਹੀਂ ਕਰਦਾ। ਉਸ ਦੀਆਂ ਕਵਿਤਾਵਾਂ ਬਾਤਾਂ ਪਾਉਣ ਲਗਦੀਆਂ ਹਨ ਅਤੇ ਕਥਾਵਾਂ ਕਾਵਿ-ਸੰਵੇਦਨਾ ਨਾਲ ਜੁੜ ਜਾਂਦੀਆਂ ਹਨ। 'ਹਰੇ ਰੰਗ ਦੀ ਕਵਿਤਾ' ਗੁਲ ਚੌਹਾਨ ਦੇ ਕਵਿਤਵ ਦਾ ਇਕ ਨਿਵੇਕਲਾ ਪ੍ਰਮਾਣ ਪੇਸ਼ ਕਰਦੀ ਹੈ। ਸਾਡੇ ਬੁੱਧੀਜੀਵੀ ਆਲੋਚਕ ਸ੍ਰੀ ਮਨਮੋਹਨ ਨੇ ਇਸ ਕਾਵਿ ਸੰਗ੍ਰਹਿ ਦੀ ਵਿਲੱਖਣ ਨੁਹਾਰ ਦਾ ਤਆਰੁਫ਼ ਕਰਵਾਉਣ ਲਈ ਇਕ ਬਹੁਤ ਵਿਸਤ੍ਰਿਤ ਭੂਮਿਕਾ ਲਿਖ ਦਿੱਤੀ ਹੈ ਕਿਉਂਕਿ ਥੋੜ੍ਹੇ ਸ਼ਬਦਾਂ ਵਿਚ ਇਸ ਸੰਗ੍ਰਹਿ ਦਾ ਪਰਿਚੈ ਕਰਵਾਉਣਾ ਬਹੁਤ ਮੁਸ਼ਕਿਲ ਕੰਮ ਸੀ। ਉਨ੍ਹਾਂ ਨੇ ਮੇਰੇ ਲਈ ਵੀ ਡਾਢੀ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਇਸ ਤੋਂ ਬਚਣ ਲਈ ਮੈਂ ਗੁਲ ਚੌਹਾਨ ਦੇ ਵਿਲੱਖਣ ਅੰਦਾਜ਼ ਅਤੇ ਅਭਿਵਿਅੰਜਨ-ਕਲਾ ਦੇ ਕੁਝ ਪ੍ਰਮਾਣ ਪੇਸ਼ ਕਰ ਦਿੰਦਾ ਹਾਂ :
1. ਤੇਰੀ ਚਾਚੀ ਨੇ ਅੱਜ ਹੱਥ ਖੜ੍ਹੇ ਕਰ ਦਿੱਤੇ। ਇਹ ਵੀ ਕੀ ਹੋਇਆ, ਰੋਜ਼-ਰੋਜ਼ ਉਹੀ ਮੀਟ ਜਾਂ ਮੁਰਗਾ? (ਭਤੀਜੀ ਲਈ ਇਕ ਕਵਿਤਾ, ਪੰਨਾ 134)
2. ਮੰਗਲ, ਕਿ ਬੁੱਧ, ਕਿ ਵੀਰ... ਹਮੇਸ਼ ਸ਼ੁਰੂ ਕੀਤਾ ਓਸ ਪਊਏ ਤੋਂ (ਪਊਆ, ਪੰਨਾ 116)
3. ਲਾਈਨ ਵਿਚ ਹੁਣ ਕੋਈ ਨਹੀਂ ਮੇਰੇ ਤੋਂ ਅੱਗੇ। ਬਾਬਾ ਪਿਤਾ ਜੀ, ਦੋਵੇਂ ਤਾਏ.... ਮਰ ਚੁੱਕੇ ਨੇ ਸਭ (ਪੰਨਾ 110)
4. ਨਹੀਂ! ਨਹੀਂ ਮਰੀ ਟਮਾਟਰਾਂ ਦੀ ਮਾਂ ਅੱਜ! (ਪੰਨਾ 98)
ਇੰਜ ਕਵੀ ਆਧੁਨਿਕ ਮੱਧ ਸ਼੍ਰੇਣਿਕ ਵਿਅਕਤੀ ਦੇ ਕਿਰਦਾਰ ਅਤੇ ਉਸ ਦੀ ਹਕੀਕਤ ਨੂੰ ਅਤਿਅੰਤ ਨਾਟਕੀ ਅਤੇ ਬੇਰਹਿਮ ਢੰਗ ਨਾਲ ਬੇਨਕਾਬ ਕਰਦਾ ਹੈ। ਮੱਧ ਸ਼੍ਰੇਣਿਕ ਵਿਅਕਤੀ ਘਰ, ਪਰਿਵਾਰ, ਸਮਾਜ ਅਤੇ ਮਿੱਤਰ ਮੰਡਲ ਦੀ ਸੰਗਤ ਵਿਚ ਬਹੁਤ 'ਭੱਦਰ ਪੁਰਸ਼' ਬਣ ਕੇ ਰਹਿੰਦਾ ਹੈ, ਹਾਲਾਂਕਿ ਉਹ ਭੱਦਰ ਪੁਰਸ਼ 'ਹੁੰਦਾ ਨਹੀਂ'। ਬਲਕਿ ਉਹ ਹਰ ਵਕਤ ਦਾਅ ਲਾਉਣ ਦੀ ਕੋਸ਼ਿਸ਼ ਵਿਚ ਤਣਿਆ ਰਹਿੰਦਾ ਹੈ। ਗੁਲ ਚੌਹਾਨ ਉਸ ਦੀ ਇਸ ਫ਼ਿਤਰਤ ਨੂੰ ਚੌਰਾਹੇ ਵਿਚ ਨੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਦਾ ਤਰਕ ਹੈ ਕਿ ਅੰਦਰੋਂ-ਬਾਹਰੋਂ ਇਕ ਜੈਸੇ ਰਹੋ! ਜੇ ਭਲੇਮਾਣਸ ਨਹੀਂ ਹੋ ਤਾਂ ਢੋਂਗ ਕਰਨ ਦੀ ਕੀ ਲੋੜ ਹੈ? ਸਾਡੇ ਦੌਰ ਵਿਚ ਭਲੇਮਾਣਸਾਂ ਨੂੰ ਪੁੱਛਦਾ ਹੀ ਕੌਣ ਹੈ? ਇੰਜ ਕਵੀ ਰਸਮੀ ਅਤੇ ਬਨਾਉਟੀ ਆਚਾਰ-ਵਿਹਾਰ ਦੀਆਂ ਧੱਜੀਆਂ ਉਡਾਉਂਦਾ ਹੈ।
'ਹਰੇ ਰੰਗ ਦੀ ਕਵਿਤਾ' ਕੋਈ ਸੁਰੀਅਲਇਸਟ ਜਾਂ ਕੰਕਰੀਟ ਪੋਇਟਰੀ ਨਹੀਂ ਹੈ। ਬਲਕਿ ਇਹ ਸਾਡੇ ਯੁੱਗ ਦੇ ਬੇਰਹਿਮ ਸੱਚ ਨੂੰ ਪੂਰੀ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਉਜਾਗਰ ਕਰਦੀ ਹੈ। 'ਹਰੀ', ਇਹ ਇਸ ਕਾਰਨ ਹੈ ਕਿਉਂਕਿ ਕਵੀ ਨੇ ਆਪਣੇ ਪੁੰਸਕ ਅਨੁਭਵ ਦੀ ਮਾਅਰਫ਼ਤ ਆਪਣੀ ਹਰ ਕਵਿਤਾ ਨੂੰ ਗਰਭਿਤ ਕਰ ਦਿੱਤਾ ਹੈ। 'ਹਰੀ ਹੋਣਾ' ਪਰੈਗਨੈਂਟ ਹੋਣਾ ਹੁੰਦਾ ਹੈ। ਕਵੀ ਨੂੰ ਪ੍ਰਤੀਤ ਹੋਇਆ ਹੋਣਾ ਹੈ ਕਿ ਅਜੋਕੀ ਕਵਿਤਾ ਬਾਂਝ ਹੁੰਦੀ ਜਾ ਰਹੀ ਹੈ, ਇਸ ਨੂੰ ਗਰਭਿਤ ਕਰਨ ਦੀ ਜ਼ਰੂਰਤ ਹੈ। ਇਸ ਸੰਗ੍ਰਹਿ ਵਿਚ ਸੰਕਲਿਤ ਹਰ ਕਵਿਤਾ ਕਵੀ ਦੀ ਇਸੇ ਸੋਚ ਉੱਪਰ ਪਹਿਰਾ ਦਿੰਦੀ ਹੈ, ਪ੍ਰਮਾਣਿਕ ਜਾਂ ਅਪ੍ਰਮਾਣਿਕ ਕਰਾਰ ਦੇਣ ਦਾ ਫ਼ੈਸਲਾ ਪਾਠਕਾਂ ਦੇ ਹੱਥ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਹਾਂ! ਮੈਂ ਔਰਤ ਹਾਂ...
ਲੇਖਿਕਾ : ਮਾਨੋਬੀ ਬੰਧੋਪਾਧਿਆਏ
ਅਨੁਵਾਦ : ਸੁਖਵਿੰਦਰ
ਪ੍ਰਕਾਸ਼ਕ : ਕੈਲੀਬਰ ਐਂਡ ਗਰੈਵਿਟੀ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 190 ਰੁਪਏ, ਸਫ਼ੇ : 184

ਇਹ ਪੁਸਤਕ ਟਰਾਂਸਜੈਂਡਰ ਦੀ ਬੇਬਾਕ ਆਤਮਕਥਾ ਹੈ ਜੋ ਸਮਾਜ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੀ ਹੋਈ ਆਪਣੇ ਬਲਬੂਤੇ ਤੇ ਹੌਸਲੇ ਨਾਲ ਕਾਲਜ ਪ੍ਰਿੰਸੀਪਲ ਦੇ ਅਹੁਦੇ ਤੱਕ ਪੁੱਜੀ। ਹੁਣ ਤੱਕ ਸਾਡੇ ਸਮਾਜ ਵਿਚ ਇਸ ਵਰਗ ਨੂੰ 'ਖੁਸਰੇ' ਦਾ ਨਾਂਅ ਦੇ ਕੇ ਮਾਣ-ਸਨਮਾਨ ਤੋਂ ਦੂਰ ਹੀ ਰੱਖਿਆ ਜਾਂਦਾ ਹੈ ਤੇ ਇਨ੍ਹਾਂ ਦਾ ਪੇਸ਼ਾ ਹੀ ਹੈ ਬੱਚੇ (ਮੁੰਡੇ) ਹੋਣ 'ਤੇ ਨੱਚ ਗਾ ਕੇ ਵਧਾਈ ਲੈਣੀ ਤੇ ਜੀਵਨ ਬਸਰ ਕਰਨਾ। ਇਨ੍ਹਾਂ ਨੂੰ ਹਰ ਅਧਿਕਾਰ ਤੋਂ ਵਾਂਝੇ ਰੱਖਿਆ ਜਾਂਦਾ ਹੈ।
ਇਸ ਪੁਸਤਕ ਦੀ ਲੇਖਿਕਾ ਮਾਨੋਬੀ ਆਪਣੇ ਬਚਪਨ ਤੋਂ ਲੈ ਕੇ ਵਡੇਰੀ ਉਮਰ ਤੱਕ ਦੀ ਗਾਥਾ ਨੂੰ ਬੇਬਾਕੀ ਨਾਲ ਪੇਸ਼ ਕਰਦੀ ਹੈ, ਕੋਈ ਓਹਲਾ ਨਹੀਂ ਰੱਖਿਆ। ਉਸ ਦੇ ਆਪਣੇ ਕਥਨ ਅਨੁਸਾਰ ਇਹ ਪੁਸਤਕ ਉਨ੍ਹਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ 'ਮੈਨੂੰ ਬੇਇੱਜ਼ਤ ਕੀਤਾ ਅਤੇ ਅਮਾਨਵ ਕਹਿ ਕੇ ਜ਼ਿੰਦਗੀ ਦੇ ਹਾਸ਼ੀਏ 'ਤੇ ਧੱਕ ਦਿੱਤਾ। ਉਨ੍ਹਾਂ ਦੇ ਕਾਰਨ ਹੀ ਮੈਨੂੰ ਲੜਨ ਦੀ ਤਾਕਤ ਮਿਲੀ ਤੇੇ ਜ਼ਿੰਦਗੀ ਵਿਚ ਅੱਗੇ ਵਧ ਸਕੀ।' ਲੇਖਿਕਾ ਦਾ ਜਨਮ 23 ਸਤੰਬਰ, 1964 ਨੂੰ ਹੋਇਆ, ਦੋ ਲੜਕੀਆਂ ਤੋਂ ਬਾਅਦ ਲੜਕੇ ਦਾ ਜਨਮ ਖੁਸ਼ੀ ਦਾ ਕਾਰਨ ਸੀ ਪਰ ਕਿਸੇ ਨੂੰ ਇਹ ਅਹਿਸਾਸ ਹੀ ਨਾ ਹੋਇਆ ਕਿ ਇਹ ਲੜਕਾ ਨਹੀਂ ਖੁਸਰਾ ਹੈ। ਉਸ ਦੀਆਂ ਹਰਕਤਾਂ ਕੁੜੀਆਂ ਵਾਲੀਆਂ ਸਨ। ਸਜਣਾ ਸੰਵਰਨਾ ਤੇ ਮੇਕਅਪ ਕਰਕੇ ਕੁੜੀਆਂ ਦੀ ਤਰ੍ਹਾਂ ਹੀ ਰਹਿਣਾ। ਡਾਂਸ ਸਿੱਖਣਾ ਉਸ ਦਾ ਸ਼ੌਕ ਸੀ ਪਰ ਸਮਾਜ ਦੀਆਂ ਨਜ਼ਰਾਂ ਤੋਂ ਬਚ ਕੇ ਰਹਿਣਾ ਮੁਸ਼ਕਿਲ ਹੁੰਦਾ ਹੈ। ਸਕੂਲ, ਕਾਲਜ ਦੀ ਪੜ੍ਹਾਈ ਵੇਲੇ ਸਾਥੀਆਂ ਦੇ ਵਿਅੰਗ ਉਸ ਨੂੰ ਪ੍ਰੇਸ਼ਾਨ ਕਰਦੇ ਪਰ ਕੋਈ ਤਾਕਤ ਹੀ ਸੀ ਜੋ ਦ੍ਰਿੜ੍ਹਤਾ ਬਖ਼ਸ਼ ਰਹੀ ਸੀ ਕਿ ਪੜ੍ਹ ਕੇ ਕੁਝ ਬਣਨਾ ਹੈ, ਸਮਾਜ ਵਿਚ ਮਾਣ-ਸਨਮਾਨ ਹਾਸਲ ਕਰਨਾ ਹੈ। ਐਮ.ਏ. ਕਰਕੇ ਪੀ.ਐਚ.ਡੀ. ਕਰਨੀ ਬੜੇ ਹੌਸਲੇ ਵਾਲਾ ਕਦਮ ਸੀ।
ਪਰ ਇਕ ਮਨੋਵਿਗਿਆਨਕ ਪਹਿਲੂ ਵੀ ਸੀ ਕਿ ਜੈਂਡਰ ਬਦਲ ਕੇ ਲੜਕੀ ਬਣਨਾ ਹੈ ਇਕੋ ਧੁਨ ਸਵਾਰ ਸੀ ਉਸ ਉੱਤੇ। ਮਨੋਵਿਗਿਆਨੀਆਂ ਦੀ ਸਲਾਹ ਨਾਲ ਅਖੀਰ ਆਪ੍ਰੇਸ਼ਨ ਕਰਵਾ ਕੇ ਲੜਕੀ ਦਾ ਰੂਪ ਅਖ਼ਤਿਆਰ ਕਰ ਲਿਆ। ਮਰਦ ਤੋਂ ਔਰਤ ਬਣੀ ਤੇ ਸੋਮਨਾਥ ਤੋਂ ਮਾਨੋਬੀ। ਆਪਣੇ ਦ੍ਰਿੜ੍ਹ ਨਿਸਚੇ ਸਦਕਾ 9 ਜੂਨ, 2015 ਵਿਚ ਪੱਛਮੀ ਬੰਗਾਲ ਦੇ ਕ੍ਰਿਸ਼ਨ ਨਗਰ ਮਹਿਲਾ ਕਾਲਜ ਦੀ ਪ੍ਰਿੰਸੀਪਲ ਬਣੀ, ਬੱਚਾ ਐਡਾਪਟ ਕੀਤਾ ਤੇ ਜੀਵਨ ਦਾ ਸਫ਼ਰ ਸਹਿਜ ਸ਼ੁਰੂ ਹੋਇਆ। ਇਹ ਇਕ ਅਜਿਹਾ ਮਿਸਾਲ ਹੈ ਜੋ ਹਰ ਟਰਾਂਸਜੈਂਡਰ ਦੇ ਨਾਲ-ਨਾਲ ਪੂਰੇ ਸਮਾਜ ਲਈ ਪ੍ਰੇਰਨਾ ਸ੍ਰੋਤ ਹੈ। ਹੁਣ ਭਾਵੇਂ ਸਰਕਾਰ ਨੇ ਇਸ ਵਰਗ ਨੂੰ ਨੌਕਰੀਆਂ ਦੇਣ ਦੇ ਨਾਲ-ਨਾਲ ਹੋਰ ਅਧਿਕਾਰ ਵੀ ਦਿੱਤੇ ਹਨ ਪਰ ਹਾਲਾਂ ਵੀ ਬੱਸਾਂ ਵਿਚ ਤੇ ਟੋਲ ਪਲਾਜ਼ਾਂ 'ਤੇ ਇਨ੍ਹਾਂ ਨੂੰ ਮੰਗਦਿਆਂ ਵੇਖਿਆ ਜਾਂਦਾ ਹੈ। ਬੇਰੁਜ਼ਗਾਰੀ ਤੇ ਅਨਪੜ੍ਹਤਾ ਸਦਕਾ ਇਸ ਵਰਗ ਨੂੰ ਬਹੁਤੀਆਂ ਸਹੂਲਤਾਂ ਪ੍ਰਾਪਤ ਨਹੀਂ ਹਨ ਜਾਂ ਇਹ ਕਹਿ ਲਈਏ ਕਿ ਨੱਚ ਗਾ ਕੇ ਕਮਾਉਣ ਦੀ ਆਦਤ ਬਣ ਚੁੱਕੀ ਹੈ ਜੋ ਹੌਲੀ-ਹੌਲੀ ਹੀ ਜਾਏਗੀ।

ਡਾ: ਜਗਦੀਸ਼ ਕੌਰ ਵਾਡੀਆ

c c c

ਮਿਲ ਗਿਆ ਨੈੱਕਲੈਸ
ਲੇਖਕ : ਕੁਲਜੀਤ ਮਾਨ
ਪ੍ਰਕਾਸ਼ਨ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ-250 ਰੁਪਏ, ਸਫ਼ੇ : 175
ਸੰਪਰਕ : 95011-45039.

ਸੱਤ ਕਹਾਣੀਆਂ 'ਤੇ ਆਧਾਰਿਤ ਕੁਲਜੀਤ ਮਾਨ ਦਾ ਇਹ ਨਵਾਂ ਕਹਾਣੀ-ਸੰਗ੍ਰਹਿ 'ਮਿਲ ਗਿਆ ਨੈੱਕਲੈਸ' ਵਿਸ਼ੇ ਪੱਖੋਂ ਪਰਵਾਸੀ ਪੰਜਾਬੀ ਕਹਾਣੀ ਦਾ ਇਕ ਨਵੇਂ ਪਰਿਵੇਸ਼ ਵਿਚ ਅਤੇ ਬਦਲ ਚੁੱਕੀ ਸਮਾਜਕ ਸੰਰਚਨਾ ਦਾ ਚਿੱਤਰ ਸਿੱਧ ਹੁੰਦਾ ਹੈ। ਪੈਸੇ ਦੀ ਅੰਨ੍ਹੀ ਦੌੜ ਵਿਚ ਪਦਾਰਥਵਾਦੀ ਜ਼ਿੰਦਗੀ ਜੀਅ ਰਹੀ ਅੱਜ ਦੀ ਨਵੀਂ ਪੀੜ੍ਹੀ ਦੀ ਸੋਚ ਕਾਰਨ ਹੋ ਰਹੇ ਰਿਸ਼ਤਿਆਂ ਦੇ ਨਿਘਾਰ ਦੀਆਂ ਕਹਾਣੀਆਂ ਨੂੰ ਇਸ ਪਰਵਾਸੀ ਕਹਾਣੀਕਾਰ ਨੇ ਬਹੁਤ ਸੂਖ਼ਮਤਾ ਨਾਲ ਬਿਰਤਾਂਤਿਆ ਹੈ। ਪੰਜਾਬੀ ਸਮਾਜ ਦੀ ਮਰਿਆਦਾ ਵਿਚ ਪਨਪ ਚੁੱਕੀ ਪਰਵਾਸੀ ਹੋਣ ਦੀ ਇੱਛਾ ਤੇ ਇਸ ਦੀ ਪੂਰਤੀ ਲਈ ਸਭ ਕੁਝ ਦਾਅ 'ਤੇ ਲਾਉਣ ਦੇ ਹੀਲੇ-ਵਸੀਲਿਆਂ ਦੀ ਵੀ ਇਨ੍ਹਾਂ ਕਹਾਣੀਆਂ ਵਿਚ ਭਰਪੂਰ ਪੇਸ਼ਕਾਰੀ ਹੋਈ ਹੈ। ਪਹਿਲੀ ਕਹਾਣੀ 'ਵਰਜਿਤ ਫ਼ਲ' ਅਜਿਹੇ ਰਿਸ਼ਤਿਆਂ ਦੀ ਕਹਾਣੀ ਹੈ ਜਿਸ ਵਿਚ ਬਾਹਰਲੇ ਦੇਸ਼ਾਂ ਵਿਚ ਜਾਣ ਲਈ ਉਤਾਵਲਾਪਣ ਹਰ ਤਰ੍ਹਾਂ ਦੇ ਸਮਝੌਤੇ ਦਾ ਕਾਰਨ ਬਣਦਾ ਹੈ। ਦੂਜੀ ਕਹਾਣੀ 'ਵਿਸ਼ ਕੰਨਿਆ' ਵਿਚ ਕਹਾਣੀਕਾਰ ਲਿਵ ਇਨ ਰਿਲੇਸ਼ਨ ਨੂੰ ਚਿਤਰ ਤਾਂ ਰਿਹਾ ਹੈ ਪਰ ਉਹ ਗਵਾਹੀ ਵਿਆਹ ਸੰਸਥਾ ਦੇ ਉੱਤਮ ਹੋਣ ਦੀ ਭਰਦਾ ਹੈ। 'ਡਾਊਨ ਟਾਊਨ' ਅਤੇ 'ਸਵੈ ਸ਼ਿਕਨ' ਕਹਾਣੀਆਂ ਵੀ ਬਾਹਰਲੇ ਦੇਸ਼ ਦੀ ਤੇਜ਼ ਜ਼ਿੰਦਗੀ ਵਿਚ ਪਨਪ ਰਹੀਆਂ ਨਿਵੇਕਲੇ ਢੰਗ ਦੀਆਂ ਦੋਸਤੀਆਂ ਦੀਆਂ ਖ਼ੂਬਸੂਰਤ ਤਸਵੀਰਾਂ ਹਨ। 'ਡਾਇਵੋਰਸ ਪਾਰਟੀ' ਕਹਾਣੀ ਜਿਥੇ ਸਾਡੇ ਪਿਤਰਕੀ ਸਮਾਜ ਵਿਚ ਇਕ ਢੰਗ ਨਾਲ ਵਰਜਿਤ ਵਰਤਾਰੇ ਤਲਾਕ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਦੀ ਕਹਾਣੀ ਹੈ ਉਥੇ ਹੀ ਪਰਵਾਸੀ ਵਿਗੜੀ ਪੰਜਾਬੀ ਦੀ ਖ਼ੂਬਸੂਰਤ ਵਰਤੋਂ ਕਾਰਨ ਵੀ ਪਾਠਕ ਦੀ ਪਹਿਲੀ ਪਸੰਦ ਬਣਦੀ ਹੈ। ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਨੈੱਕਲੈਸ ਮਿਲ ਗਿਆ' ਵਿਚ ਕਹਾਣੀਕਾਰ ਨੇ ਨੈੱਕਲੈਸ ਲੱਭਣ ਦਾ ਪ੍ਰਤੀਕ ਵਰਤ ਕੇ ਆਧੁਨਿਕ ਤੇ ਪਿਤਰਕੀ ਸੋਚ ਦੀ ਤੁਲਨਾ ਪੇਸ਼ ਕੀਤੀ ਹੈ। ਕਹਾਣੀਕਾਰ ਦੁਆਰਾ ਭਾਸ਼ਾ ਦੀ ਵਰਤੋਂ ਸਮੇਂ ਅੰਗਰੇਜ਼ੀ ਸ਼ਬਦਾਵਲੀ ਦੀ ਵਰਤੋਂ ਖੁਲ੍ਹਦਿਲੀ ਨਾਲ ਕੀਤੀ ਗਈ ਹੈ ਜੋ ਅੱਜ ਦੀ ਪਰਵਾਸੀ ਕਹਾਣੀ ਦੀ ਮੰਗ ਵੀ ਹੈ ਅਤੇ ਇਹ ਸ਼ਬਦਾਵਲੀ ਉਸ ਸਮੇਂ ਹੋਰ ਜ਼ਿਆਦਾ ਅਸਲੀਅਤ ਦੇ ਨੇੜੇ ਲਗਦੀ ਹੈ ਜਦੋਂ ਕਹਾਣੀਕਾਰ ਉਨ੍ਹਾਂ ਸ਼ਬਦਾਂ ਨੂੰ ਅਸਲ ਨਹੀਂ ਸਗੋਂ ਪੰਜਾਬੀ ਭਾਈਚਾਰੇ ਦੇ ਉਚਾਰਣ ਅਨੁਸਾਰ ਵਰਤਦਾ ਹੈ। ਕਹਾਣੀਕਾਰ ਵਲੋਂ ਬਿਰਤਾਂਤ ਸਿਰਜਣ ਲਈ ਵਾਰਤਾਲਾਪ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ।

ਡਾ: ਸੰਦੀਪ ਰਾਣਾ
ਮੋ: 98728-87551

c c c

ਚਾਨਣ ਕਣੀਆਂ
ਲੇਖਕ : ਨਰਿੰਦਰ ਸਿੰਘ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 200
ਸੰਪਰਕ : 98146-62260.

ਚਰਚਾ ਅਧੀਨ ਪੁਸਤਕ 'ਚਾਨਣ ਕਣੀਆਂ' ਵਿਚ ਛਪੰਜਾ ਛੋਟੇ-ਵੱਡੇ ਨਿਬੰਧ ਸ਼ਾਮਿਲ ਕੀਤੇ ਗਏ ਹਨ। ਲੇਖਕ ਦੀ ਇਹ ਪਲੇਠੀ ਪੁਸਤਕ ਹੈ। ਪੁਸਤਕ ਦੇ ਤਕਰੀਬਨ ਅੱਧੇ ਨਿਬੰਧ ਸਿੱਖਿਆ ਦੇ ਸੰਦਰਭ ਵਿਚ ਹਨ। ਕਈ ਨਿਬੰਧ ਸਾਦ ਮੁਰਾਦੇ ਸੁਭਾਅ ਦੇ ਵੀ ਹਨ ਅਤੇ ਕਈ ਗੰਭੀਰ ਚਰਚਾ ਵੀ ਛੇੜਦੇ ਹਨ। ਸਿੱਖਿਆ ਵਿਚ ਸੁਧਾਰ ਲਿਆਉਣ, ਨਕਲ ਰੋਕਣ, ਵਪਾਰ ਬਣ ਗਈ ਸਿੱਖਿਆ, ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ, ਸਿੱਖਿਆ ਦਾ ਨਿਘਾਰ, ਮਿਆਰੀ ਸਿੱਖਿਆ ਦੀ ਲੋੜ, ਸਰਕਾਰੀ ਸਕੂਲਾਂ ਦੀ ਹਾਲਤ ਸਬੰਧੀ ਨਿਬੰਧ ਪਾਠਕ ਨੂੰ ਚੋਖੀ ਜਾਣਕਾਰੀ ਮੁਹੱਈਆ ਕਰਾਉਂਦੇ ਹਨ। ਸਿੱਖਿਆ ਤੋਂ ਇਲਾਵਾ ਇਸ ਪੁਸਤਕ ਦੇ ਹੋਰ ਨਿਬੰਧਾਂ ਵਿਚ : ਅਮੀਰ ਤੇ ਗ਼ਰੀਬ ਵਿਚਾਲੇ ਵਧਦਾ ਪਾੜਾ, ਲੋਕਾਂ ਦੀ ਵਿਦੇਸ਼ਾਂ ਵੱਲ ਲੱਗੀ ਦੌੜ, ਬਜ਼ੁਰਗਾਂ ਦੀ ਦੁਰਦਸ਼ਾ, ਜੀਵਨ ਜਾਚ, ਮੋਬਾਈਲ ਤੇ ਬਚਪਨ, ਪਾਣੀ ਦੀ ਸੰਭਾਲ, ਤੰਬਾਕੂ ਤੇ ਰੋਕ, ਨਸ਼ਿਆਂ ਦੀ ਲੱਤ, ਵਧ ਰਹੀ ਆਬਾਦੀ, ਲੱਚਰ ਗਾਇਕੀ, ਮੌਜੂਦਾ ਵਿਕਾਸ ਮਾਡਲ ਬਦਲਣ ਦੀ ਲੋੜ, ਸਮੇਂ ਦੀ ਕਦਰ, ਔਰਤਾਂ ਦੀ ਸੁਰੱਖਿਆ, ਸੜਕਾਂ 'ਤੇ ਹਾਦਸੇ, ਬਾਲ ਮਜ਼ਦੂਰੀ, ਸਿਹਤ ਸੇਵਾਵਾਂ, ਆਮਦਨ ਵਿਚ ਨਾਬਰਾਬਰੀ, ਪਹੁੰਚ ਤੋਂ ਦੂਰ ਬੁਨਿਆਦੀ ਸਹੂਲਤਾਂ ਆਦਿ ਵਿਸ਼ੇ ਵੀ ਲੇਖਕ ਨੇ ਤਾਜ਼ਾ ਰਿਪੋਰਟਾਂ ਅਤੇ ਤੱਥਾਂ ਨਾਲ ਬਾਖੂਬੀ ਨਿਭਾਏ ਹਨ। ਇਕੋ ਵਿਸ਼ੇ 'ਤੇ ਦੋ-ਤਿੰਨ ਨਿਬੰਧ ਹੋਣ ਦੀ ਸੂਰਤ ਵਿਚ ਕਈ ਥਾਵਾਂ 'ਤੇ, ਇਕੋ ਤਰ੍ਹਾਂ ਦੀਆਂ ਰਿਪੋਰਟਾਂ ਅਤੇ ਉਦਾਹਰਨਾਂ ਦਾ ਦੁਹਰਾਅ ਵੀ ਦੇਖਣ ਨੂੰ ਮਿਲਿਆ ਹੈ। ਕਈ ਥਾਂ ਸ਼ਬਦ ਜੋੜਾਂ ਪ੍ਰਤੀ ਅਵੇਸਲਾਪਣ ਅਤੇ ਕਿਤੇ-ਕਿਤੇ ਅਧੂਰੇ ਛੱਡੇ ਹੋਏ ਵਾਕਾਂ 'ਤੇ ਵੀ ਵਿਚਾਰ ਕੀਤਾ ਜਾਣਾ ਬਣਦਾ ਹੈ। ਪੁਸਤਕ ਵਿਚਲੇ ਬਹੁਤੇ ਨਿਬੰਧ ਪਾਠਕਾਂ ਨੂੰ ਲਾਹੇਵੰਦ ਜਾਣਕਾਰੀ ਦੇਣ ਦੇ ਸਮਰੱਥ ਹਨ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦੇ ਆਗਮਨ ਦਾ ਭਰਪੂਰ ਸਵਾਗਤ ਹੈ।

ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686.


ਗੁਰੂ ਨਾਨਕ ਅਤੇ ਨਵਾਂ ਵਿਗਿਆਨ
ਲੇਖਕ : ਡਾ: ਕੁਲਦੀਪ ਸਿੰਘ ਧੀਰ
ਪ੍ਰਕਾਸ਼ਕ : ਸ਼ਿਲਾਲੇਖ ਪਬਲਿਸ਼ਰਜ਼, ਦਿੱਲੀ
ਮੁੱਲ : 350 ਰੁਪਏ, ਸਫ਼ੇ : 151
ਸੰਪਰਕ : 011 22303184.

ਡਾ: ਕੁਲਦੀਪ ਸਿੰਘ ਧੀਰ ਸਾਹਿਤਕ, ਧਾਰਮਿਕ ਅਤੇ ਵਿਗਿਆਨਕ ਪ੍ਰਤਿਭਾ ਤ੍ਰਿਵੈਣੀ ਦਾ ਨਾਂਅ ਹੈ। ਉਨ੍ਹਾਂ ਦੇ ਲੇਖ ਸਮਕਾਲ ਨੂੰ ਹੀ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬੇਹੱਦ ਪ੍ਰਭਾਵਿਤ ਕਰਦੇ ਰਹਿਣਗੇ। ਉਨ੍ਹਾਂ ਦਾ ਹਥਲੀ ਪੁਸਤਕ ਨੂੰ ਲਿਖਣ ਦਾ ਉਦੇਸ਼ ਸਪੱਸ਼ਟ ਹੈ। ਡਾ: ਧੀਰ ਲਿਖਦੇ ਹਨ 'ਗੁਰੂ ਨਾਨਕ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬੜਾ ਕੁਝ ਅਜਿਹਾ ਹੈ ਜਿਸ ਨੂੰ ਵਿਗਿਆਨਕ ਅੰਤਰ-ਦ੍ਰਿਸ਼ਟੀਆਂ ਪੱਖੋਂ ਜਾਣਨ-ਸਮਝਣ ਦੀ ਜ਼ਰੂਰਤ ਹੈ। ਇਹ ਪੁਸਤਕ ਇਸੇ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ।' ਇਸ ਵਿਚ 11 ਨਿਬੰਧ ਸ਼ਾਮਿਲ ਕੀਤੇ ਗਏ ਹਨ। ਲੇਖਕ ਨੇ 'ਧਰਤੀ ਹੋਰੁ ਪਰੇ ਹੋਰੁ' ਬਾਰੇ ਚਰਚਾ ਕਰਦਿਆਂ ਇਨਫਲੇਸ਼ਨ ਦੀ ਵਿਧੀ ਅਤੇ ਕਵਾਂਟਮ ਗਰੈਵਟੀ ਦੀ ਪੁਸ਼ਟੀ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦੇ 'ਅੰਤਰ-ਗਿਆਨ' ਨੂੰ ਰੂਹ ਦੀ ਰੌਸ਼ਨੀ ਸਮਝਦੇ ਹੋਏ ਦੇਸ਼ ਕਾਲ ਤੋਂ ਪਾਰ ਯਥਾਰਥ ਦੇ ਟੁਕੜਿਆਂ ਦੀ ਸੋਝੀ ਕਰਵਾਈ ਗਈ ਹੈ। ਗੁਰਬਾਣੀ ਦੇ ਆਧਾਰ 'ਤੇ ਆਈਨਸਟਾਈਨ ਦੇ ਸਾਪੇਖਤਾ ਸਿਧਾਂਤ ਨੂੰ ਸਮਝਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਭੌਤਿਕ ਵਿਗਿਆਨ ਨੂੰ ਪਰੀ ਲੋਕ ਵਰਗਾ ਅਸਚਰਜ ਤੇ ਅਦਭੁਤ ਪ੍ਰਵਾਨ ਕੀਤਾ ਗਿਆ ਹੈ। ਕਵਾਂਟਮ ਮਕੈਨਿਕਸ ਦਾ ਦੀਰਘ ਅਧਿਐਨ ਕਰਦਿਆਂ ਅਤੇ ਰਹੱਸਮਈ ਯਥਾਰਥ 'ਤੇ ਫੋਕਸੀਕਰਨ ਕਰਦਿਆਂ ਇਸ ਸਿੱਟੇ 'ਤੇ ਅੱਪੜਿਆ ਗਿਆ ਹੈ ਕਿ ਸੰਸਾਰ ਦੀ ਹਰ ਸ਼ੈਅ ਇਕ ਦੂਜੇ ਨਾਲ ਜੁੜੀ ਹੋਈ ਹੈ, ਕੁਝ ਵੀ ਸੁਤੰਤਰ ਨਹੀਂ ਹੈ। ਗੁਰੂ ਨਾਨਕ ਦਾ ਸੁੰਨ-ਸੰਕਲਪ ਦਾਰਸ਼ਨਿਕ ਵਿਆਖਿਆ ਨਾਲੋਂ ਵਿਗਿਆਨ ਦੇ ਵਧੇਰੇ ਨੇੜੇ ਹੈ। ਨਵੇਂ ਵਿਗਿਆਨ ਦੇ ਸਿੰਗੁਲੈਰਿਟੀ ਸਿਧਾਂਤ ਨੂੰ ੴ ਚਿਹਨਕ ਦੁਆਰਾ ਵਿਚਾਰਿਆ ਜਾਣਾ ਬਣਦਾ ਹੈ। ਨਿਰਸੰਦੇਹ ਮਨੁੱਖੀ ਕਾਇਆ ਦੀ ਕਲਪਨਾ ਕਰਨੀ ਕਠਿਨ ਹੈ ਪਰ ਡਾ: ਧੀਰ ਦਾ ਵਿਚਾਰ ਹੈ ਕਿ ਇਸ ਸਬੰਧੀ ਵਿਗਿਆਨ ਤੇ ਗੁਰਬਾਣੀ ਵਿਚ ਵਿਰੋਧ ਉੱਕਾ ਹੀ ਨਹੀਂ, ਬਸ ਅੰਦਾਜ਼ ਵਿਚ ਅੰਤਰ ਹੈ। ਗੁਰਬਾਣੀ ਵਿਚ ਅਨੇਕਾਂ ਅਜਿਹੇ ਮਹਾਂਵਾਕ ਹਨ ਜਿਨ੍ਹਾਂ ਦੀ ਅੰਗਲੀ-ਸੰਗਲੀ ਨਵੇਂ ਭੌਤਿਕ ਵਿਗਿਆਨ ਨਾਲ ਜੁੜਦੀ ਪ੍ਰਤੀਤ ਹੁੰਦੀ ਹੈ। ਵਿਗਿਆਨੀ ਸਟੀਫ਼ਨ ਹਾਕਿੰਗ ਕੁਆਂਟਮ ਦੀ ਸੂਖ਼ਮਤਾ ਨੂੰ ਆਪਣੇ ਚਿੰਤਨ ਦੁਆਰਾ ਸਥੂਲ ਬ੍ਰਹਿਮੰਡ ਦੇ ਇਤਿਹਾਸ ਨੂੰ ਸਮਝਣ ਵੱਲ ਰੁਚਿਤ ਹੈ। ਗਰੈਂਡ ਡਿਜ਼ਾਇਨ ਪੁਸਤਕ ਵਿਚ ਉਹ (ਹਾਕਿੰਗ) ਇਸ ਬ੍ਰਹਿਮੰਡ ਨੂੰ ਨੇਮਾਂ ਅਨੁਸਾਰ ਸੰਗਠਿਤ ਹੁੰਦਾ ਸਮਝਦਾ ਹੈ। ਇੰਜ ਇਹ ਪੁਸਤਕ ਗੁਰਬਾਣੀ ਨੂੰ ਵਿਗਿਆਨਕ ਦ੍ਰਿਸ਼ਟੀ ਅਨੁਸਾਰ ਸਮਝਣ ਲਈ ਬੜੀ ਲਾਹੇਵੰਦ ਜਾਪਦੀ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

ਪਾਸ਼ੋ ਦਾ ਮੁੰਡਾ
ਲੇਖਕ : ਰਾਮ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 200
ਸੰਪਰਕ : 99153-35032.

ਇਹ ਪੁਸਤਕ ਲੇਖਕ ਦੀ ਆਪਣੀ ਕਹਾਣੀ ਬਿਆਨ ਕਰਦੀ ਹੈ। ਤੰਗੀਆਂ-ਤੁਰਸ਼ੀਆਂ ਵਿਚ ਲੰਘਾਏ ਬਚਪਨ, ਜੀਵਨ ਦੇ ਸੰਘਰਸ਼ ਅਤੇ ਤਲਖ਼ ਹਕੀਕਤਾਂ ਨੂੰ ਪਾਠਕਾਂ ਦੇ ਰੂਬਰੂ ਕਰ ਕੇ ਲੇਖਕ ਨੇ ਆਪਣੇ ਹਾਲਾਤ ਬਿਆਨ ਕੀਤੇ ਹਨ। ਉਸ ਦਾ ਜਨਮ ਪਿੰਡ ਚੱਕ ਕਰੇ ਖਾਂ ਵਿਖੇ ਹੋਇਆ ਜੋ ਜ਼ਿਲ੍ਹਾ ਤਰਨ ਤਾਰਨ ਵਿਚ ਹੈ। ਲੇਖਕ ਬਚਪਨ ਵਿਚ ਬਹੁਤ ਸ਼ਰਾਰਤੀ ਸੀ। ਲੋਕਾਂ ਦੇ ਉਲਾਂਭੇ ਆਉਣ ਕਰਕੇ ਉਸ ਨੂੰ ਘਰੋਂ ਰੋਜ਼ ਕੁੱਟ ਪੈਂਦੀ ਸੀ। ਉਹ ਤਾਂ ਪੰਛੀਆਂ ਦੇ ਆਲ੍ਹਣੇ ਵੀ ਤੋੜ ਦਿੰਦਾ ਸੀ, ਆਂਡੇ ਭੰਨ ਦਿੰਦਾ ਸੀ ਅਤੇ ਬੋਟਾਂ ਨੂੰ ਮਾਰ ਦਿੰਦਾ ਸੀ।
ਲੋਕ ਇਸ ਪਾਸ਼ੋ ਦੇ ਮੁੰਡੇ ਤੋਂ ਬਹੁਤ ਦੁਖੀ ਸਨ। ਉਸ ਦਾ ਪਿਤਾ ਇਕ ਗ਼ਰੀਬ ਕਾਮਾ ਸੀ। ਨਮੋਸ਼ੀਆਂ ਅਤੇ ਗ਼ੁਰਬਤਾਂ ਦੇ ਮਾਰੇ ਟੱਬਰ ਨੂੰ ਛੋਟੀ ਜਾਤ ਹੋਣ ਕਰਕੇ ਬਹੁਤ ਹੀ ਅਪਮਾਨ ਸਹਿਣਾ ਪੈਂਦਾ ਸੀ। ਲੇਖਕ ਦੇ ਮਨ 'ਤੇ ਇਨ੍ਹਾਂ ਗੱਲਾਂ ਦਾ ਡੂੰਘਾ ਅਸਰ ਹੋਇਆ ਅਤੇ ਉਸ ਨੇ ਪੜ੍ਹ-ਲਿਖ ਕੇ ਘੱਟੋ-ਘੱਟ ਏਨੇ ਜੋਗਾ ਹੋਣ ਦਾ ਫ਼ੈਸਲਾ ਕਰ ਲਿਆ ਕਿ ਲੋਕ ਉਸ ਦੇ ਪਿਤਾ ਨੂੰ ਪ੍ਰੀਤੂ ਦੀ ਥਾਂ ਸਰਦਾਰ ਪ੍ਰੀਤਮ ਸਿੰਘ ਕਹਿਣ ਅਤੇ ਉਸ ਦੀ ਮਾਂ ਨੂੰ ਪਾਸ਼ੋ ਦੀ ਥਾਂ ਸਰਦਾਰਨੀ ਪ੍ਰਕਾਸ਼ ਕੌਰ ਕਹਿਣ। ਉਸ ਨੇ ਮਿਹਨਤਾਂ, ਮੁਸ਼ੱਕਤਾਂ, ਮਜ਼ਦੂਰੀਆਂ ਕਰਦੇ ਹੋਏ ਉੱਚੀ ਪੜ੍ਹਾਈ ਕੀਤੀ, ਫੋਟੋਗ੍ਰਾਫੀ ਸਿੱਖੀ ਅਤੇ ਕਾਫੀ ਜੱਦੋ-ਜਹਿਦ ਮਗਰੋਂ ਨਾਇਬ ਤਹਿਸੀਲਦਾਰ ਲੱਗ ਗਿਆ। ਇੰਜ ਇਕ ਲੰਮੇ ਸੰਘਰਸ਼ ਦੀ ਰਾਤ ਮਗਰੋਂ ਉਸ ਦੀ ਜ਼ਿੰਦਗੀ ਵਿਚ ਖੁਸ਼ੀਆਂ ਦਾ ਪਹੁ-ਫੁਟਾਲਾ ਹੋਇਆ। ਪੁਸਤਕ ਦੇ ਸਾਰੇ ਪਾਤਰ ਅਸਲੀ ਹਨ ਅਤੇ ਉਨ੍ਹਾਂ ਦੇ ਨਾਂਅ ਵੀ ਅਸਲੀ ਹਨ। ਇਹ ਪੁਸਤਕ ਲੇਖਕ ਦੇ ਨਾਲ-ਨਾਲ ਉਸ ਦੇ ਪਿੰਡ ਦੀ ਵੀ ਕਹਾਣੀ ਹੈ। ਇਹ ਦਰਦਨਾਕ ਕਹਾਣੀ ਦਿਲਾਂ ਨੂੰ ਟੁੰਬਦੀ ਹੈ ਅਤੇ ਚੇਤਨਾ ਨੂੰ ਜਗਾਉਂਦੀ ਹੈ। ਅਣਖ ਅਤੇ ਆਜ਼ਾਦੀ ਨਾਲ ਜਿਊਣਾ ਕਿਸੇ-ਕਿਸੇ ਦੇ ਹੀ ਭਾਗਾਂ ਵਿਚ ਹੁੰਦਾ ਹੈ। ਗ਼ਰੀਬ ਮਜ਼ਦੂਰ ਅਤੇ ਸ਼ੋਸ਼ਿਤ ਵਰਗ ਨੂੰ ਪੈਰ-ਪੈਰ 'ਤੇ ਬੇਹੁਰਮਤੀ ਅਤੇ ਬੇਇੱਜ਼ਤੀ ਸਹਿਣੀ ਪੈਂਦੀ ਹੈ। ਇਸ ਪ੍ਰੇਰਨਾਦਾਇਕ ਪੁਸਤਕ ਦਾ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

03-01-2021

'ਗੁਰੂ ਗੋਬਿੰਦ ਸਿੰਘ ਜੀਵਨ ਤੇ ਫ਼ਲਸਫ਼ਾ'
ਸੰਪਾਦਕ : ਡਾ: ਇੰਦਰਜੀਤ ਸਿੰਘ ਗੋਗੋਆਣੀ
ਪ੍ਰਕਾਸ਼ਕ : ਭਾਈ ਚਤਰ ਸਿੰਘ, ਜੀਵਨ ਸਿੰਘ, ਅੰਮ੍ਰਿਤਸਰ
ਭੇਟਾ : 500 ਰੁਪਏ, ਸਫ਼ੇ : 392
ਸੰਪਰਕ : 98159-85559.


ਹਥਲੀ ਪੁਸਤਕ ਦੇ ਸੰਪਾਦਕ ਡਾ: ਇੰਦਰਜੀਤ ਸਿੰਘ ਗੋਗੋਆਣੀ ਗੁਰਮਤਿ ਸਾਹਿਤ ਦੇ ਸੁਹਿਰਦ ਲੇਖਕ ਹਨ। ਇਨ੍ਹਾਂ ਨੇ 'ਗਿ: ਦਿੱਤ ਸਿੰਘ ਜੀਵਨ, ਰਚਨਾ ਤੇ ਵਿਚਾਰਧਾਰਾ' ਵਿਸ਼ੇ ਉੱਪਰ ਖੋਜ ਕਾਰਜ ਕਰ ਕੇ ਪੀ.ਐਚ.ਡੀ. ਹਾਸਲ ਕੀਤੀ ਹੈ। ਇਨ੍ਹਾਂ ਗਿਆਨੀ ਜੀ ਦੀਆਂ 16 ਪ੍ਰਮੁੱਖ ਰਚਨਾਵਾਂ ਨੂੰ 7 ਜਿਲਦਾਂ ਵਿਚ ਪ੍ਰਕਾਸ਼ਿਤ ਕੀਤਾ ਹੈ। ਇਸ ਤੋਂ ਇਲਾਵਾ ਲੇਖਕ 30 ਦੇ ਕਰੀਬ ਪੁਸਤਕਾਂ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ। ਹਥਲੀ ਪੁਸਤਕ 121 ਸਾਲ ਬਾਅਦ ਮੁੜ ਪ੍ਰਕਾਸ਼ਿਤ ਹੋਈ ਹੈ। ਇਹ ਪੁਸਤਕ ਸ੍ਰੀ ਦਸਮ ਗ੍ਰੰਥ ਪ੍ਰਤੀ ਪਾਏ ਭਰਮ ਭੁਲੇਖਿਆਂ ਨੂੰ ਵੀ ਦੂਰ ਕਰੇਗੀ। ਗਿ: ਦਿੱਤ ਸਿੰਘ ਆਪਣੇ ਸਮੇਂ ਦੀ ਸਿੰਘ ਸਭਾ ਲਹਿਰ ਦੀ ਪ੍ਰਮੁੱਖ ਹਸਤੀ ਸਨ, ਸਿੱਖ ਲੇਖਕ, ਪਾਠਕ, ਪ੍ਰਚਾਰਕ ਅੱਜ ਤੱਕ ਗਿਆਨੀ ਜੀ ਨੂੰ ਆਪਣਾ ਰੋਲ ਮਾਡਲ ਤੇ ਪੱਥ-ਪ੍ਰਦਰਸ਼ਕ ਮੰਨਦੇ ਹਨ। ਗਿ: ਦਿੱਤ ਸਿੰਘ ਨੇ ਆਪਣੇ 50-51 ਸਾਲ ਦੇ ਥੋੜ੍ਹ-ਚਿਰੇ ਜੀਵਨ ਦੌਰਾਨ ਇਕ ਵੱਡੀ ਸੰਸਥਾ ਜਿੰਨਾ ਕਾਰਜ ਕੀਤਾ ਹੈ। ਇਸ ਹਥਲੀ ਪੁਸਤਕ ਵਿਚ ਗਿਆਨੀ ਦੀਆਂ ਤਿੰਨ ਰਚਨਾਵਾਂ 'ਦੁਰਗਾ ਪ੍ਰਬੋਧ', 'ਕਲਗੀਧਰ ਉਪਕਾਰ' ਅਤੇ 'ਭਾਰਤ ਮੰਗਲ' ਨੂੰ ਇਕ ਜਿਲਦ ਵਿਚ ਮੁੜ ਪ੍ਰਕਾਸ਼ਿਤ ਕਰਕੇ ਸੰਪਾਦਕ ਨੇ ਗੁਰਮਤਿ ਸਾਹਿਤ ਦੇ ਪਾਠਕਾਂ ਲਈ ਇਕ ਪ੍ਰਮਾਣਿਕ ਦਸਤਾਵੇਜ਼ ਵਜੋਂ ਪੇਸ਼ ਕੀਤਾ ਹੈ।
ਪੁਸਤਕ ਦੇ ਪਹਿਲੇ ਭਾਗ ਵਿਚ 'ਦੁਰਗਾ ਪ੍ਰਬੋਧ' ਵਰਗੀ ਮਹਾਨ ਰਚਨਾ ਵਿਚ ਸ੍ਰੀ ਦਸਮ ਗ੍ਰੰਥ ਬਾਰੇ ਅਨੇਕਾਂ ਹਵਾਲੇ ਬਾਦਲੀਲ ਦਿੱਤੇ ਗਏ ਹਨ। ਇਹ ਰਚਨਾ ਖ਼ਾਲਸਾ ਪੰਥ ਦੀ ਸਿਰਜਣਾ ਨਾਲ ਸਬੰਧਿਤ ਹੈ। ਪਾਵਨ ਗੁਰਬਾਣੀ ਦੇ ਨਾਲ-ਨਾਲ ਦਸਮ ਬਾਣੀ ਵਿਚੋਂ ਵਿਰੋਧੀਆਂ ਦੇ ਸ਼ੰਕਿਆਂ ਨੂੰ ਦੂਰ ਕਰਨ ਦਾ ਭਰਪੂਰ ਤੇ ਸਫਲ ਯਤਨ ਕੀਤਾ ਹੈ। ਇਹ ਪੁਸਤਕ ਕਾਵਿ ਤੇ ਵਾਰਤਕ ਦੋਵੇਂ ਰੂਪਾਂ ਵਿਚ ਹੈ। 'ਦੁਰਗਾ ਪ੍ਰਬੋਧ' ਵਿਚ ਦੋ ਪਾਤਰ ਹਨ ਦੁਰਗਾ ਭਗਤ ਅਤੇ ਤੱਤ ਖ਼ਾਲਸਾ। ਦੁਰਗਾ ਭਗਤ ਪ੍ਰਸ਼ਨ ਕਰਦਾ ਹੈ, ਤੱਤ ਖ਼ਾਲਸਾ ਬਾਦਲੀਲ ਸੰਥਿਆਂ ਦੀ ਨਵਿਰਤੀ ਕਰਦਾ ਹੈ। ਤੱਤਸਾਰ ਵਜੋਂ ਤੱਤ ਖ਼ਾਲਸਾ ਨੇ ਦੁਰਗਾ ਭਗਤ ਨੂੰ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਸਗੋਂ ਇਕ ਅਕਾਲ ਪੁਰਖ ਦੀ ਪੂਜਾ ਹੀ ਕਲਗੀਧਰ ਪਾਤਸ਼ਾਹ ਦਾ ਅਸਲ ਮਕਸਦ ਹੈ। ਇਸ ਮਹਾਨ ਰਚਨਾ ਵਿਚ ਖ਼ਾਲਸੇ ਦੇ ਨਿਆਰੇਪਣ ਨੂੰ ਦ੍ਰਿੜ੍ਹ ਕਰਵਾ ਕੇ ਸਵੈਮਾਣ ਵਾਲਾ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ।
ਇਸ ਪੁਸਤਕ ਦੇ ਦੂਜੇ ਹਿੱਸੇ ਵਿਚ 'ਕਲਗੀਧਰ ਉਪਕਾਰ' ਨਾਂਅ ਦੀ ਛੋਟੀ ਰਚਨਾ ਕਾਵਿ ਰੂਪ ਵਿਚ ਹੈ। ਇਸ ਦੀ ਭਾਸ਼ਾ ਪੰਜਾਬੀ-ਹਿੰਦੀ ਰਲਵੀਂ ਹੈ। ਇਸ ਕਾਵਿ ਰਚਨਾ ਵਿਚ ਫੋਕਟ ਕਰਮਕਾਂਡਾਂ ਅਤੇ ਅੰਧਵਿਸ਼ਵਾਸਾਂ ਵਿਚੋਂ ਨਿਕਲਣ ਲਈ ਦਸਮ ਪਾਤਸ਼ਾਹ ਦੀਆਂ ਮਹਾਨ ਬਖ਼ਸ਼ਿਸ਼ਾਂ ਦਾ ਜ਼ਿਕਰ ਹੈ। ਬਹੁ ਪ੍ਰਕਾਰੀ ਅਨਮਤਾਂ ਦੀ ਪੂਜਾ ਤੋਂ ਮੋੜ ਕੇ ਸਿੱਖ ਕੌਮ ਨੂੰ ਸੁਚੇਤ ਕੀਤਾ ਹੈ। ਗੁਰਮਤਿ ਦੇ ਧਰਨੀ ਬਣਨ ਦੀ ਪ੍ਰੇਰਨਾ ਦੇ ਕੇ ਤਖ਼ਤ ਸਾਹਿਬਾਨ ਦੀ ਮਹਾਨਤਾ ਦਰਸਾਉਣ ਦਾ ਸਫਲ ਉਪਰਾਲਾ ਕੀਤਾ ਹੈ।
ਪੁਸਤਕ ਦੇ ਅੰਤਲੇ ਹਿੱਸੇ ਵਿਚ 'ਭਾਰਤ ਮੰਗਲ' ਨਾਂਅ ਦੀ ਇਕ ਲੰਮੀ ਕਵਿਤਾ ਹੈ। ਇਸ ਕਵਿਤਾ ਦੇ 37 ਬੰਦ ਹਨ। ਕਵਿਤਾ ਦੇ ਆਰੰਭ ਤੋਂ ਹੀ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਰਚਨਾ ਦਸਮ-ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਉੱਪਰ ਰਚੀ ਗਈ ਹੈ। ਇਸ ਕਵਿਤਾ ਵਿਚ ਗੁਰੂ ਸਾਹਿਬ ਦਾ ਜੀਵਨ ਉਦੇਸ਼ ਹੈ। ਹਿੰਦੂ, ਮੁਸਲਾਨ ਤੇ ਇਸਾਈ ਧਰਮ ਦੇ ਲੋਕਾਂ ਉੱਪਰ ਕਲਗੀਧਰ ਪਾਤਸ਼ਾਹ ਦਾ ਉਪਕਾਰਾਂ ਦਾ ਵਰਨਣ ਕੀਤਾ ਗਿਆ ਹੈ।
ਇਸ ਹਥਲੀ ਪੁਸਤਕ ਵਿਚ ਗਿ: ਦਿੱਤ ਸਿੰਘ ਤਿੰਨ ਰਚਨਾਵਾਂ ਨੂੰ ਕਲਮਬੰਦ ਕਰ ਕੇ ਸੰਪਾਦਕ ਨੇ ਚਿਰ-ਸਥਾਈ ਕਾਰਜ ਕੀਤਾ ਹੈ। ਇਹ ਤਿੰਨੋ ਰਚਨਾਵਾਂ ਨਿਕਟ ਭਵਿੱਖ ਵਿਚ ਅਤੇ ਵਰਤਮਾਨ ਕਾਲ ਵਿਚ ਪਏ ਭਰਮ-ਭੁਲੇਖਿਆਂ ਨੂੰ ਦੂਰ ਕਰ ਕੇ ਪੰਥ ਦਾ ਮਾਰਗ ਦਰਸ਼ਨ ਕਰਨਗੀਆਂ।


-ਭਗਵਾਨ ਸਿੰਘ ਜੌਹਲ
ਮੋ: 98143-24040


ਦਿਲ ਦੀ ਦਹਿਲੀਜ਼ ਤੋਂ

ਲੇਖਕ : ਦਰਸ਼ਨ ਦਰਸ਼ੀ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 86
ਸੰਪਰਕ : 070156-99843.


ਸ਼ਾਇਰ ਦਰਸ਼ਨ ਦਰਸ਼ੀ ਦੀ ਕਾਵਿ ਕਿਤਾਬ ਸ਼ਾਇਰ ਦੀ ਪਲੇਠੀ ਕਾਵਿ ਕਿਰਤ ਹੈ। ਸ਼ਾਇਰ ਆਪਣੀ ਉਮਰ ਦੀ ਤਿੱਖੜ ਦੁਪਹਿਰ ਵਿਚ ਰੰਗ-ਬਰੰਗੇ ਸੁਪਨੇ ਬੁਣਦਾ ਹੈ ਤੇ ਮੁਹੱਬਤ ਨਾਲ ਤਰੰਗਤ ਨਜ਼ਮਾਂ ਨਾਲ ਪਰੰਪਰਿਕ ਵਫਾ, ਬੇਵਫ਼ਾ, ਤਾਅਨੇ-ਮਿਹਣੇ, ਰੋਸੇ ਅਤੇ ਮੰਨਣ ਮਨਾਉਣ ਲਈ ਆਪਣੇ ਮੁਹੱਬਤੀ ਸਾਥੀ ਨਾਲ ਸੁਪਨਈ ਪ੍ਰਗਟਾਵੇ ਕਰਦਾ ਹੈ। ਸ਼ਾਇਰ ਦੀ ਪੁਸਤਕ ਦਾ ਨਾਂਅ 'ਦਿਲ ਦੀ ਦਹਿਲੀਜ਼ ਤੋਂ' ਹੀ ਉਸ ਦੀ ਸ਼ਾਇਰੀ ਦੀ ਤੰਦ ਸੂਤਰ ਹੱਥ ਆ ਜਾਂਦੀ ਹੈ। ਜਦੋਂ ਉਹ ਦਹਿਲੀਜ਼ ਤੋਂ ਬਾਹਰ ਆਉਂਦਾ ਹੈ ਤਾਂ ਵਿਭਿੰਨ ਮਨੁੱਖੀ ਵਰਤਾਰਿਆਂ ਨਾਲ ਉਸ ਦਾ ਵਾਹ ਪੈਂਦਾ ਹੈ। ਉਹ ਕਿਸੇ ਵਿਚਾਰਧਾਰਾਈ ਪੈਂਤੜੇ ਨਾਲ ਬੱਝਿਆ ਹੋਇਆ ਨਹੀਂ। ਉਸ ਦੀ ਪ੍ਰਤੀਬੱਧਤਾ ਉਸ ਦੀ ਸੁਹਿਰਦਤਾ ਨਾਲ ਹੈ ਤੇ ਆਪਣੇ ਵਾਦ ਮੁਕਤ ਤਖੱਯਲ ਨਾਲ ਹੀ ਕਾਵਿਕ ਦਸਤਪੰਜਾ ਲੈਂਦਾ ਹੈ। ਉਸ ਦੀ ਸ਼ਾਇਰੀ ਵਿਚ ਥਾਂ-ਥਾਂ ਚਾਨਣ ਦਾ ਜ਼ਿਕਰ ਆਉਂਦਾ ਹੈ ਤੇ ਉਸ ਚਾਨਵ ਨੂੰ ਜਦੋਂ ਉਹ ਪ੍ਰਿਜ਼ਮ ਵਿਚੋਂ ਲੰਘਾਉਂਦਾ ਹੈ ਤਾਂ ਉਹ ਚਾਨਣ ਤਾਰਿਆਂ, ਚੰਦਰਮਾ ਅਤੇ ਸੂਰਜ ਜਿਹੀ ਜ਼ਿੰਦਗੀ ਜਿਊਣ ਦਾ ਤਲਬਗਾਰ ਹੋ ਜਾਂਦਾ ਹੈ। ਉਹ ਚਾਹੁੰਦਾ ਹੈ ਕਿ ਤਰੰਗਤੀ ਮੁਹੱਬਤ ਦੇ ਪਲ ਠਹਿਰ ਜਾਣ ਪਰ ਭਾਈ ਵੀਰ ਸਿੰਘ ਦੇ ਕਹਿਣ ਅਨੁਸਾਰ ਸਮਾਂ ਤਾਂ ਕੰਨੀ ਖਿਸਕਾ ਜਾਂਦਾ ਹੈ। ਉਹ ਕੰਡਿਆਂ ਵਿਚ ਘਿਰੇ ਗ਼ਲਾਬ ਵਾਂਗ ਜਿਊਣ ਦੀ ਤਾਂਘ ਰੱਖਦਾ ਹੋਇਆ ਕੁੜੱਤਣ ਨੂੰ ਤਲਾਂਜਲੀ ਦੇ ਦਿੰਦਾ ਹੈ। ਦਹਿਲੀਜ਼ ਤੋਂ ਬਾਹਰ ਆ ਕੇ ਉਹ ਮੁਖੌਟਾ ਧਾਰੀਆਂ ਦੇ ਬਖੀਏ ਉਖੇੜਦਾ ਹੈ ਤੇ ਸ਼ਬਦ ਦੀ ਸੁੱਚਮਤਾ ਵਿਚ ਠਾਹਰ ਭਾਲਦਾ ਹੈ। ਉਹ ਅਜਿਹੇ ਬੁੱਤ ਤਰਾਸ਼ ਦੀ ਭਾਲ ਵਿਚ ਹੈ ਜੋ ਮਾਈਕਲ ਐਂਜਲੋ ਵਾਂਗ ਪੱਥਰ ਤੋਂ ਫਾਲਤੂ ਮਿੱਟੀ ਝਾੜ ਦੇਵੇ। ਇਸ ਸ਼ਾਇਰ ਤੋਂ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਉਮੀਦ ਹੈ।


-ਭਗਵਾਨ ਢਿੱਲੋਂ
ਮੋ: 98143-78254.


ਬੋਲ ਪਏ ਅਲਫਾਜ਼
ਕਵੀ : ਬਿੱਕਰ ਬਾਈ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95011-45039.


ਬਿੱਕਰ ਬਾਈ ਦੀ 'ਬੋਲ ਪਏ ਅਲਫਾਜ਼' ਕਾਵਿ-ਸੰਗ੍ਰਹਿ ਵਿਚਲੀ ਕਵਿਤਾ ਜਿੰਨੀ ਸਾਦੀ ਹੈ, ਓਨੀ ਹੀ ਖੂਬਸੂਰਤ ਹੈ। ਉਸ ਦੇ ਆਪਣੇ ਸ਼ਬਦਾਂ ਵਿਚ ਉਹ ਬੌਧਿਕ, ਭਾਰੂ ਅਤੇ ਅਸਪੱਸ਼ਟ ਕਿਸਮ ਦੀ ਕਵਿਤਾ ਲਿਖਣ ਤੋਂ ਗੁਰੇਜ਼ ਕਰਦਾ ਹੈ। ਇਸੇ ਕਰਕੇ ਹੀ ਉਸ ਦੀ ਕਵਿਤਾ ਧਰਤੀ ਨਾਲ ਜੁੜੇ ਮਨੁੱਖਾਂ ਦੀ ਕਵਿਤਾ ਹੈ। ਇਹ ਕਵਿਤਾ ਸਮਾਜਿਕ ਜੀਵਨ ਯਥਾਰਥ ਦੀਆਂ ਪਰਤਾਂ ਫਰੋਲਦੀ ਹੋਈ ਆਮ ਵਿਅਕਤੀਆਂ ਦੀਆਂ ਰੀਝਾਂ, ਉਮੰਗਾਂ ਅਤੇ ਲੋੜਾਂ ਥੁੜਾਂ ਦੀ ਬਾਤ ਪਾਉਂਦੀ ਹੈ। ਪ੍ਰਦੇਸ ਵਿਚ ਰਹਿੰਦਿਆਂ ਹੋਇਆਂ ਵੀ ਕਵੀ ਆਪਣੀ ਧਰਤੀ, ਆਪਣੇ ਲੋਕਾਂ, ਆਪਣੀ ਭਾਸ਼ਾ ਦੀ ਸੁੱਖ ਲੋੜਦਾ ਹੈ। ਪੰਜਾਬ ਵਿਚ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਹਲਚਲ ਹੁੰਦੀ ਹੈ ਤਾਂ ਬਿੱਕਰ ਬਾਈ ਦਾ ਕਵੀ ਮਨ ਇਸ ਦੇ ਪ੍ਰਤੀਕਰਮ ਵਿਚ ਕਾਵਿ-ਸ਼ਬਦਾਂ ਨੂੰ ਆਪਣੀ ਜ਼ਬਾਨ ਬਣਾਉਂਦਾ ਹੈ :
ਉੱਠ ਰਿਹਾ ਸਵਾਲ ਮਨ ਵਿਚ ਕਦੋਂ ਝੁੱਲੂ ਹਨੇਰੀ ਇਨਕਲਾਬ ਦੀ,
ਕੌਣ ਆ ਕੇ ਫੜੂਗਾ ਬਾਂਹ ਡੁੱਬ ਰਹੇ ਮੇਰੇ ਸੋਹਣੇ ਪੰਜਾਬ ਦੀ।
ਜਿਥੇ ਕਵੀ ਨੂੰ ਮਨੁੱਖ ਦੇ ਦੋਗਲੇ ਕਿਰਦਾਰ ਉੱਤੇ ਗਿਲਾ ਹੈ ਅਤੇ ਉਹ ਆਪਣੀ ਕਵਿਤਾ ਵਿਚ ਇਸ ਗੱਲ ਦੀ ਨਿਸ਼ਾਨਦੇਹੀ ਵੀ ਕਰਦਾ ਹੈ, ਉਥੇ ਇਸ ਪੱਖੋਂ ਵੀ ਸੁਚੇਤ ਕਰਦਾ ਹੈ ਭਾਵੇਂ ਚਾਰ-ਚੁਫੇਰੇ ਹਨੇਰਗਰਦੀ ਅਤੇ ਕੂੜ-ਪਸਾਰਾ ਫੈਲਿਆ ਹੋਇਆ ਹੈ, ਇਸ ਵਿਚੋਂ ਵੀ ਕਿਸੇ ਹੋਰ ਨੇ ਮਦਦ ਕਰਕੇ ਬਾਹਰ ਨਹੀਂ ਕੱਢਣਾ ਸਗੋਂ ਆਪਣੇ ਬਾਹੂਬਲ ਨਾਲ ਹੀ ਚੇਤਨਾ ਪੈਦਾ ਕਰਕੇ ਇਸ ਹਨੇਰੇ ਨੂੰ ਦੂਰ ਕਰਨਾ ਪੈਣਾ ਹੈ ਜਿਵੇਂ ਉਹ ਲਿਖਦਾ ਹੈ :
ਆਸ ਲਾਈ ਕਿਸੇ 'ਤੇ ਕਿਉਂ
ਚੱਲ ਉੱਠ ਕਰ ਮਿਹਨਤ ਸਰਦਾਰਾ,
ਹੰਭਲਾ ਮਾਰ ਕੇ ਆਪੇ ਹੀ
ਬਦਲ ਕਿਸਮਤ ਆਪਣੀ ਯਾਰਾਂ।
ਬਿੱਕਰ ਬਾਈ ਆਪਣੀ ਕਵਿਤਾ ਵਿਚ ਦੁਨੀਆ ਦੀਆਂ ਚੁਸਤ ਚਲਾਕੀਆਂ ਤੋਂ ਸੁਚੇਤ ਕਰਦਾ ਹੈ। ਮਾਂ-ਬੋਲੀ ਨੂੰ ਪਿਆਰ ਕਰਦਾ ਹੈ, ਧੀਆਂ ਦੀ ਹੋਂਦ ਬਚਾਉਣ ਲਈ ਚਿੰਤਤ ਹੈ, ਸੱਜਣਾਂ ਦੀ ਬੇਵਫ਼ਾਈ ਅਤੇ ਧੋਖੇਬਾਜ਼ੀ ਵਾਲੀ ਸ਼ਖ਼ਸੀਅਤ ਤੋਂ ਬਚਣ ਲਈ ਹੋਕਾ ਦਿੰਦਾ ਹੈ। ਇਸ ਦੇ ਨਾਲ ਹੀ ਉਹ ਜ਼ਿੰਦਗੀ ਦੀ ਰਵਾਨਗੀ ਦੀ ਬਾਤ ਵੀ ਪਾਉਂਦਾ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਦਫ਼ਾ 498-ਏ
ਲੇਖਕ : ਗੁਰਨਾਮ ਸਿੰਘ ਅਕੀਦਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 81460-01100.


ਦਫ਼ਾ 498-ਏ, ਪੰਜਾਬੀ ਦੇ ਕਹਾਣੀ ਸੰਗ੍ਰਹਿਆਂ ਵਿਚੋਂ ਪਹਿਲਾ ਕਹਾਣੀ ਸੰਗ੍ਰਹਿ ਹੈ, ਜਿਸ ਦੀਆਂ ਸਮੁੱਚੀਆਂ ਕਹਾਣੀਆਂ ਅਤੇ ਮਿੰਨੀ ਕਹਾਣੀਆਂ ਉਨ੍ਹਾਂ ਪੰਜਾਬੀ ਨੌਜਵਾਨ ਕੁੜੀਆਂ ਦੇ ਜੀਵਨ ਦਾ ਦੁਖਾਂਤ ਹੈ, ਜਿਹੜੀਆਂ ਵਿਆਹੁਤਾ ਜੀਵਨ ਪਿਆਰ ਮਿਲਾਪ, ਸੁੱਖ-ਸ਼ਾਂਤੀ ਨਾਲ ਲੰਘਾਉਣ ਦੀ ਥਾਂ, ਕਿਸੇ ਨਾ ਕਿਸੇ ਦੁਖਾਂਤ ਦਾ ਸ਼ਿਕਾਰ ਹੋ ਕੇ ਆਪਣੇ ਜੀਵਨ ਨੂੰ ਨਰਕ ਬਣਾ ਲੈਂਦੀਆਂ ਹਨ ਜਾਂ ਕਿਸੇ ਭੈੜੀ ਆਦਤ ਨੂੰ ਨਾ ਛੱਡਣ ਦੇ ਜ਼ਿੱਦੀ ਸੁਭਾਅ ਕਾਰਨ ਅਥਵਾ ਆਰਥਿਕ ਸਮੱਸਿਆ ਦੀ ਉਲਝਣ ਕਾਰਨ ਗੱਭਰੂ ਨਵੇਂ ਵਿਆਹੇ ਜੋੜੇ ਜ਼ਿੰਦਗੀ ਭਰ ਸਾਥ ਨਿਭਾਉਣ ਤੋਂ ਅਸਮਰੱਥ ਹੋ ਜਾਂਦੇ ਹਨ। ਅੱਜ ਦੇ ਵਿਆਹ ਸੰਜੋਗੀ ਮੇਲੇ ਘੱਟ ਹਨ। ਸਮਾਂ ਤੇਜ਼ੀ ਨਾਲ ਬਦਲ ਗਿਆ ਹੈ। ਵਿਆਹੁਤਾ ਜੀਵਨ ਵਿਚ ਸਮੱਸਿਆਵਾਂ ਪੈਦਾ ਕਰਨ ਦੇ ਮੂਲ ਕਾਰਨ ਅਗਿਆਨਤਾ, ਭਰਮ-ਵਹਿਮ, ਆਪਸੀ ਜਲਣ, ਖ਼ੁਦਮੁਖ਼ਤਾਰੀ, ਸ਼ਰਾਬ, ਅਥਵਾ ਨਸ਼ਿਆਂ ਦੀ ਕਰੋਪੀ ਦੇ ਹਨ। ਉਂਜ ਦਮਯੰਤੀ ਜੋੜੇ ਵਿਆਹ ਬੰਧਨ ਲਈ ਜ਼ਿੰਦਗੀ ਨੂੰ ਸਵਰਗੀ ਅਨੰਦਮਈ ਸਥਾਪਤੀ ਅਥਵਾ 'ਏਕ-ਜਯੋਤ ਦੋ ਮੂਰਤਿ' ਹੋ ਜਾਣ ਦਾ ਸੁਨਹਿਰਾ ਅਵਸਰ ਹੈ। ਵਿਆਹੁਤਾ ਜੀਵਨ ਦੇ ਮੁਢਲੇ ਦਿਨਾਂ ਦੀ ਮੀਆਂ ਬੀਵੀ ਦੀ ਆਪਸੀ ਦੋਸਤੀ ਦੇ ਆਧਾਰੀ ਤੱਤਾਂ ਵਿਚ ਆਪਸੀ ਹੋਈਆਂ ਜਾਂ ਕੀਤੀਆਂ ਗ਼ਲਤੀਆਂ ਨੂੰ ਮੁਆਫ਼ ਕਰਨਾ ਹੀ ਬਿਹਤਰ ਹੈ। ਵਿਆਹੁਤਾ ਦੋਸਤੀ ਵਿਆਹ ਦੇ ਮੁਢਲੇ ਦਿਨਾਂ ਅੰਦਰ ਹੀ ਪੱਕੀ, ਕੱਚੀ ਹੋ ਸਕਦੀ ਹੈ। ਇਸ ਪਸਤਕ ਵਿਚ ਅੱਠ ਸੱਚੀਆਂ ਘਟਨਾਵਾਂ ਉੱਪਰ ਸਿਰਜੀਆਂ ਕਹਾਣੀਆਂ ਦੇ ਦੁਖਾਂਤ ਪੇਸ਼ ਹਨ। ਕਸੂਰ ਦੇ ਭਾਗੀ ਵਧੇਰੇ ਭਾਵੇਂ ਮੁੰਡੇ ਹੋਣ ਜਾਂ ਕੁੜੀਆਂ ਪਰ ਇਨ੍ਹਾਂ ਝਗੜਿਆਂ ਦੇ ਹਸ਼ਰ ਘਰ ਪਰਿਵਾਰ ਦੀ ਤਬਾਹੀ ਹੈ। ਮੁੰਡੇ-ਕੁੜੀ ਦੇ ਦੁਖਾਂਤ ਹਨ। ਕਸੂਰ ਕਿਸੇ ਦਾ ਹੋਵੇ, ਹੁੰਦਾ ਬੇਬਾਤ ਕੀ ਬਾਤ ਪਰ ਆਪਸੀ ਝਗੜਾ ਹੀ ਹੈ, ਜਿਸ ਦਾ ਹੱਲ ਕੋਰਟ ਕਚਹਿਰੀ ਦੇ ਫ਼ੈਸਲੇ ਹੁੰਦੇ ਹਨ। ਕੋਈ ਧਿਰ ਵੀ ਜਿੱਤੇ ਜਾਂ ਹਾਰੇ ਪਰ ਜਿੱਤਣ ਵਾਲਾ ਵੀ ਹਾਰਦਾ ਹੈ, ਹਾਰਨ ਵਾਲੀ ਧਿਰ ਵੀ ਦੁਖਾਂਤ ਭੋਗਦੀ ਹੈ। ਪੁਸਤਕ ਵਿਚਲੀਆਂ ਅੱਠ ਕਹਾਣੀਆਂ ਦੇ ਆਪਸੀ ਝਗੜੇ ਏਨੇ ਗੰਭੀਰ ਅਤੇ ਮੁਸ਼ਕਿਲ ਨਹੀਂ ਹੁੰਦੇ ਕਿ ਦੋਸਤ ਬਣ ਕੇ ਹੱਲ ਨਾ ਕੀਤੇ ਜਾਣ। ਫੋਕੀ ਹੈਂਕੜ, ਚੁਗਲਖੋਰੀ, ਤਸ਼ੱਦਦ ਅਤੇ ਸ਼ਰਾਬ ਦੇ ਨਸ਼ੇ ਵਿਚ ਮਰਦ ਦਾ ਪਾਗਲਪਣ ਮੂਲ ਸਮੱਸਿਆਵਾਂ ਦੇ ਜ਼ਿੰਮੇਵਾਰ ਹਨ।


-ਡਾ: ਅਮਰ ਕੋਮਲ
ਮੋ: 084378-73565.


ਜਾ ਕੋ ਰਾਖੇ ਸਾਈਆਂ

ਲੇਖਿਕਾ : ਆਈ. ਕੇ. ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 99159-21789


ਪੁਸਤਕਾਂ 'ਜਾ ਕੋ ਰਾਖੇ ਸਾਈਆਂ' ਲੇਖਿਕਾ ਦਾ ਕਹਾਣੀ-ਸੰਗ੍ਰਹਿ ਹੈ ਜੋ ਬਹੁਤੀਆਂ ਬਾਲ-ਕਹਾਣੀਆਂ ਦੀ ਪੱਧਰ ਦੀਆਂ ਕਹਾਣੀਆਂ ਕਹੀਆਂ ਜਾ ਸਕਦੀਆਂ ਹਨ। ਜਿਵੇਂ ਕਿ ਬੱਚੇ ਆਪਣੀਆਂ ਨਾਨੀਆਂ-ਦਾਦੀਆਂ ਕੋਲੋਂ ਬਚਪਨ ਵਿਚ ਰਾਤ ਵੇਲੇ ਸੁਣਦੇ ਹੁੰਦੇ ਸਨ, ਜਿਸ ਦੀ ਜਗ੍ਹਾ ਹੁਣ ਮੋਬਾਈਲ ਆਦਿ ਨੇ ਲੈ ਲਈ ਹੈ, ਕੋਈ ਬੱਚਾ ਕਹਾਣੀਆਂ ਸੁਣਨ ਵਿਚ ਦਿਲਚਸਪੀ ਨਹੀਂ ਰੱਖਦਾ ਸਗੋਂ ਇਸ ਨੂੰ ਮਜ਼ਾਕ ਸਮਝਦੇ ਹਨ।
ਲੇਖਿਕਾ ਨੇ ਇਸ ਸੰਗ੍ਰਹਿ ਵਿਚਲੀਆਂ 24 ਕਹਾਣੀਆਂ ਵਿਚ ਵੱਖ-ਵੱਖ ਵਿਸ਼ਿਆਂ ਨੂੰ ਪੇਸ਼ ਕੀਤਾ ਹੈ ਪਰ ਬਹੁਤੀਆਂ ਕਹਾਣੀਆਂ ਮਾਂ ਦੀ ਅਣਹੋਂਦ ਤੇ ਮਤਰੇਈ ਮਾਂ ਦੇ ਵਤੀਰੇ ਨਾਲ ਸਬੰਧਿਤ ਹਨ। 'ਥਾਣੇਦਾਰ' ਕਹਾਣੀ ਵਿਚ ਇਕ ਪੇਂਡੂ ਦੇ ਭੋਲੇਪਣ ਨੂੰ ਉਲੀਕਿਆ ਹੈ। 'ਵਿਦਾਇਗੀ' ਕਹਾਣੀ ਵਿਚ ਪੰਛੀਆਂ ਦੀ ਗੱਲਬਾਤ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ ਕਿ ਗ੍ਰਹਿਸਥੀ ਦੀ ਗੱਡੀ ਚਲਾਉਣ ਲਈ ਮਰਦ-ਔਰਤ ਦੋਵਾਂ ਦਾ ਸਾਥ ਹੋਣਾ ਜ਼ਰੂਰੀ ਹੈ, ਪਿਆਰ ਤੇ ਇਤਫ਼ਾਕ ਵੀ ਜੀਵਨ ਦਾ ਜ਼ਰੂਰੀ ਅੰਗ ਹੈ। ਔਰਤ ਨਾਲ ਬੀਤੀ ਅਨਹੋਣੀ (ਸਿਸਕਦੀ ਲਾਸ਼) ਮਾਂ ਮਹਿੰਦਰ ਬੱਚਿਆਂ ਦਾ ਜੀਵਨ, ਜਿਸ ਨੂੰ ਪਰਮਾਤਮਾ ਰੱਖੇ ਉਸ ਨੂੰ ਕੌਣ ਮਾਰ ਸਕਦਾ ਹੈ (ਜਾ ਕੋ ਰਾਖੇ ਸਾਈਆਂ) ਕਰ ਬੁਰਾ ਹੋ ਬੁਰਾ, ਮਾਂ ਆ ਗਈ, ਲਾਮ, ਮਕਰਾ, ਕੱਚੀ ਰੋਟੀ ਕਹਾਣੀਆਂ ਸਮਾਜਿਕ ਜੀਵਨ ਨਾਲ ਸਬੰਧਿਤ ਕਹਾਣੀਆਂ ਹਨ। ਬਾਕੀ ਦੀਆਂ ਛੋਟੀਆਂ-ਛੋਟੀਆਂ ਕਹਾਣੀਆਂ ਵੀ ਹਲਕੀਆਂ-ਫੁਲਕੀਆਂ ਬੱਚਿਆਂ ਦੇ ਮਨੋਰੰਜਨ ਲਈ ਵਧੀਆ ਹਨ। ਆਸ ਕਰਦੇ ਹਾਂ ਕਿ ਲੇਖਿਕਾ ਅੱਗੋਂ ਤੋਂ ਪ੍ਰਪੱਕ ਕਹਾਣੀਆਂ ਲਿਖਣ ਵੱਲ ਕਦਮ ਚੁੱਕੇਗੀ।


-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਅਮੀਨਾ
ਲੇਖਕ : ਮੁਹੰਮਦ ਕਬੀਰ ਉਮਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 231
ਸੰਪਰਕ : 95011-45039.


'ਅਮੀਨਾ' ਨਾਈਜੇਰੀਅਨ ਲੇਖਕ ਮੁਹੰਮਦ ਕਬੀਰ ਉਮਰ ਦਾ ਪ੍ਰਸਿੱਧ ਨਾਵਲ ਹੈ ਜੋ ਆਪਣੇ ਵਿਸ਼ੇ ਅਤੇ ਤਕਨੀਕ ਕਾਰਨ ਜਗਤ ਪ੍ਰਸਿੱਧ ਹੋਇਆ ਹੈ, ਜਿਸ ਦਾ ਦੁਨੀਆ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਿਆ ਹੈ। ਪੰਜਾਬੀ 'ਚ ਇਸ ਦਾ ਅਨੁਵਾਦ ਪਵਨ ਗੁਲਾਟੀ ਨੇ ਕੀਤਾ ਹੈ, ਜਿਸ ਨੇ ਇਸ ਨਾਵਲ ਦੀ ਸ਼ੈਲੀ ਅਤੇ ਮੁਹਾਵਰੇ ਦੀ ਸਹੀ ਪਕੜ ਕੀਤੀ ਹੈ। ਸ਼ਬਦਾਂ ਦੀ ਤਰਤੀਬ ਬਣੇ ਢੁਕਵੇਂ ਢੰਗ ਨਾਲ ਹੋਈ ਹੈ ਤੇ ਇਸ ਨੂੰ ਮੂਲ ਕਿਰਤ ਵਾਂਗ ਹੀ ਪੜ੍ਹ ਕੇ ਅਨੰਦਿਤ ਹੋਇਆ ਜਾ ਸਕਦਾ ਹੈ। ਇਹ ਨਾਵਲ ਅਨੰਦਿਤ ਹੋਣ ਲਈ ਨਹੀਂ ਸਗੋਂ ਚਿੰਤਨਸ਼ੀਲ ਹੋਣ ਲਈ ਪੜ੍ਹਿਆ ਜਾਣਾ ਚਾਹੀਦਾ ਹੈ। ਲੇਖਕ ਨੇ ਆਪਣੇ ਮੁਲਕ ਅਤੇ ਹੋਰ ਅਫ਼ਰੀਕੀ ਮੁਲਕਾਂ ਦੀਆਂ ਜਿਨ੍ਹਾਂ ਸਮੱਸਿਆਵਾਂ ਵੱਲ ਸੰਕੇਤ ਕੀਤਾ ਹੈ, ਉਹ ਸੱਚਮੁੱਚ ਚਿੰਤਨ ਅਤੇ ਦਿਲ ਦੀ ਪੱਧਰ 'ਤੇ ਵਿਚਾਰ ਗੋਚਰੇ ਹਨ। ਲੇਖਕ ਆਪਣਾ ਸਾਰਾ ਬਿਰਤਾਂਤ ਮਾਰਕਸਵਾਦੀ ਨਜ਼ਰੀਏ ਨਾਲ ਪੇਸ਼ ਕਰਦਾ ਹੈ। ਉਹ ਦੇਸ਼ ਦੇ ਆਰਥਿਕ ਵਸੀਲਿਆਂ ਦੀ ਲੁੱਟ ਦਾ ਪ੍ਰਸ਼ਨ ਖੜ੍ਹਾ ਕਰਦਾ ਹੈ। ਪਹਿਲਾਂ ਯੂਰਪ ਦੇ ਬਸਤੀਵਾਦੀ ਮੁਲਕਾਂ ਨੇ ਅਫਰੀਕਾ ਦੇ ਲੋਕਾਂ ਦੇ ਕੁਦਰਤੀ ਸ੍ਰੋਤਾਂ ਦੀ ਰੱਜ ਕੇ ਲੁੱਟ ਕੀਤੀ। ਉਨ੍ਹਾਂ ਨੂੰ ਸਰੀਰਕ ਤੌਰ 'ਤੇ ਹੀ ਨਹੀਂ, ਜ਼ਿਹਨੀ ਤੌਰ 'ਤੇ ਵੀ ਗੁਲਾਮ ਬਣਾਇਆ। ਨਾਈਜੇਰੀਆ ਦੇ ਉੱਚ ਘਰਾਣੇ ਦੇ ਲੋਕ ਉਨ੍ਹਾਂ ਦੇ ਦਲਾਲ ਅਤੇ ਭਾਈਵਾਲ ਬਣੇ ਰਹੇ। ਫਿਰ ਨਵਬਸਤੀ ਪ੍ਰਣਾਲੀ ਵਿਚ ਕਾਰਪੋਰੇਟ ਜਗਤ ਦਾ ਬੋਲਬਾਲਾ ਹੋਣ 'ਤੇ ਪੂੰਜੀਵਾਦੀ ਸਿਸਟਮ ਦੇ ਗਲਬੇ ਕਾਰਨ ਉਹ ਉੱਚ ਘਰਾਣੇ ਦੇ ਲੋਕ ਖ਼ੁਦ ਕੁਦਰਤੀ ਸ੍ਰੋਤਾਂ ਦੇ ਮਾਲਕ ਬਣ ਕੇ ਲੋਕਾਂ ਦੀ ਲੁੱਟ-ਖਸੁੱਟ ਤੇ ਮਾਰਧਾੜ ਕਰਨ ਲੱਗੇ। ਆਮ ਆਦਮੀ ਦਾ ਜੀਵਨ ਲਗਾਤਾਰ ਨਰਕ ਬਣਦਾ ਗਿਆ। ਅਲਗਜ਼ੀ ਹੁਰਨ ਜਿਹੇ ਪਾਤਰ ਅਜਿਹੇ ਸੱਭਿਆਚਾਰ ਤੇ ਲੁਟੇਰਿਆਂ ਦੇ ਪ੍ਰਤੀਨਿਧ ਵਜੋਂ ਪੇਸ਼ ਹੋਏ ਹਨ। ਦੂਸਰਾ ਮੁੱਦਾ ਇਸਲਾਮ ਦੇ ਨਾਂਅ 'ਤੇ ਔਰਤਾਂ ਦੀ ਬੇਕਦਰੀ ਤੇ ਗੁਲਾਮੀ ਦਾ ਮੁੱਦਾ ਹੈ ਜੋ ਮੁੱਖ ਰੂਪ ਵਿਚ ਇਸ ਨਾਵਲ ਦਾ ਧੁਰਾ ਬਣਿਆ ਹੈ। ਅਫ਼ਰੀਕੀ ਦੇਸ਼ਾਂ ਦੀ ਈਲੀਟ ਜਮਾਤ ਇਸਲਾਮ ਦਾ ਨਾਂਅ ਲੈ ਕੇ ਚਾਰ-ਚਾਰ ਬੀਵੀਆਂ ਰੱਖਦੀ ਹੈ, ਓਨੀ ਦੇਰ ਉਹ ਕੱਪੜੇ ਨਹੀਂ ਬਦਲਦੇ ਜਿੰਨੀ ਦੇਰ 'ਚ ਔਰਤ ਬਦਲ ਲੈਂਦੇ ਹਨ। ਇਥੇ ਜਗੀਰੂ ਕਦਰਾਂ-ਕੀਮਤਾਂ ਵਾਲਾ ਮਰਦ-ਸ਼ਾਵਨਵਾਦ ਆਪਣਾ ਰੰਗ ਦਿਖਾਉਂਦਾ ਹੈ। ਉਹ ਔਰਤਾਂ ਨੂੰ ਗਹਿਣਿਆਂ ਕੱਪੜਿਆਂ ਤੇ ਸੁੱਖ-ਸੁਵਿਧਾਵਾਂ 'ਚ ਉਲਝ ਕੇ ਚਿੰਤਨਸ਼ੀਲ ਹੋਣ ਦਾ ਮੌਕਾ ਹੀ ਨਹੀਂ ਦਿੰਦੇ। ਇਹੋ ਜਿਹੀ ਸਥਿਤੀ 'ਚ ਅਮੀਨਾ ਅਤੇ ਫਾਤਿਮਾ ਜਿਹੀਆਂ ਔਰਤਾਂ, ਮੁਸਲਿਮ ਸਮਾਜ ਦੀ ਔਰਤ ਦੀ ਆਜ਼ਾਦੀ ਲਈ ਝੰਡਾ ਚੁੱਕ ਕੇ ਉਨ੍ਹਾਂ ਦੀ ਅਗਵਾਈ ਕਰਦੀਆਂ ਹਨ ਤੇ ਉਨ੍ਹਾਂ ਨੂੰ ਆਤਮ-ਨਿਰਭਰ ਕਰਨ ਤੇ ਮਰਦ ਦੀ ਪੰਜਾਲੀ 'ਚੋਂ ਮੁਕਤ ਕਰਨ ਲਈ ਕਈ ਵਿਵਹਾਰਕ ਤੇ ਵਿਦਰੋਹੀ ਕਦਮ ਚੁੱਕਦੀਆਂ ਹਨ ਤੇ ਵੁਮੈਨ ਐਸੋਸੀਏਸ਼ਨ ਬਣਾ ਕੇ ਸੰਘਰਸ਼ ਕਰਦੀਆਂ ਹਨ। ਆਰਥਿਕ ਆਜ਼ਾਦੀ ਤੋਂ ਬਗੈਰ, ਮੁਸਲਿਮ ਔਰਤ ਦੀ ਆਜ਼ਾਦੀ ਸੰਭਵ ਹੀ ਨਹੀਂ। ਇਨ੍ਹਾਂ ਮਸਲਿਆਂ 'ਤੇ ਲੇਖਕ ਚਿੰਤਨ ਹੀ ਨਹੀਂ ਕਰਦਾ, ਕੁਝ ਹੱਲ ਵੀ ਦੱਸਦਾ ਹੈ। ਨਾਵਲ ਰੌਚਕ ਹੈ।


-ਕੇ.ਐਲ. ਗਰਗ
ਮੋ: 94635-37050.


ਰੇਤ ਦਾ ਟਿੱਲਾ
ਲੇਖਕ : ਸਵਰਨ ਸਿੰਘ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 143.
ਸੰਪਰਕ : 094183-92845.


ਰੇਤ ਦਾ ਟਿੱਲਾ ਪੰਜਾਬੀ ਕਵੀ ਸਵਰਨ ਸਿੰਘ ਦਾ ਨਵਾਂ ਕਾਵਿ ਸੰਗ੍ਰਹਿ ਹੈ, ਜਿਸ ਵਿਚ ਲੇਖਕ ਦੀਆਂ ਨਵੀਆਂ ਕਵਿਤਾਵਾਂ ਸ਼ਾਮਿਲ ਹਨ। ਇਸ ਸੰਗ੍ਰਹਿ ਦਾ ਅਧਿਐਨ ਕਰਦਿਆਂ ਇਕ ਗੱਲ ਸਾਹਮਣੇ ਆਉਂਦੀ ਹੈ ਕਿ ਅਨੇਕ ਕਵਿਤਾਵਾਂ ਵਿਚ ਕਵੀ ਸਮਕਾਲੀਨ ਸਥਿਤੀਆਂ ਨੂੰ ਆਪਣੀ ਕਵਿਤਾ ਵਿਚ ਵਾਰ-ਵਾਰ ਪ੍ਰਤੀਬਿੰਬਤ ਕਰਦਾ ਹੈ। ਉਹ ਆਪਣੇ ਚੌਗਿਰਦੇ ਵਿਚ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਸੁਚੇਤ ਹੈ ਅਤੇ ਉਨ੍ਹਾਂ ਪ੍ਰਤੀ ਆਪਣਾ ਪ੍ਰਤੀਕਰਮ ਆਪਣੇ ਕਾਵਿ ਵਸਤੂ ਵਿਚ ਪ੍ਰਸਤੁਤ ਕਰਦਾ ਹੈ। ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵਿਚ ਇਹ ਪ੍ਰਤੀਕਰਮ ਦੇਖਣ ਨੂੰ ਮਿਲਦਾ ਹੈ, ਜਿਥੇ ਉਹ ਵੱਖੋ-ਵੱਖਰੇ ਬਿੰਬਾਂ, ਪ੍ਰਤੀਕਾਂ ਰਾਹੀਂ ਸਮਕਾਲੀਨ ਪ੍ਰਸਥਿਤੀਆਂ ਨਾਲ ਸੰਵਾਦ ਸਿਰਜਦਾ ਹੈ
ਅੱਗ ਤੋਂ ਉਪਜਿਆ ਅੱਗ ਹੰਢਾਉਂਦਾ
ਪਸ਼ੂ ਪੰਛੀ ਵਣ ਤਿਣ ਸਾਰਾ
ਚਾਰੇ ਪਾਸੇ ਅਗਨ ਪਸਾਰਾ
ਆਦਮ ਵੀ ਤਾਂ ਅੱਗ ਤੋਂ ਜੰਮਿਆ
ਅੱਗ ਹੰਢਾਉਂਦਾ ਅੱਗ ਹੀ ਖਾਂਦਾ
ਅੱਗ ਸੋਚਦਾ ਅੱਗ ਲੋਚਦਾ
ਅਗਨ ਗ੍ਰਾਸ ਬਣੇ ਵਿਚਾਰਾ
ਅਨੇਕ ਕਵਿਤਾਵਾਂ ਵਿਚ ਕਵੀ ਆਪਣੇ ਨਿੱਜੀ ਅਨੁਭਵਾਂ, ਆਧੁਨਿਕ ਜ਼ਿੰਦਗੀ ਵਿਚ ਟੁੱਟ ਰਹੇ ਰਿਸ਼ਤਿਆਂ ਅਤੇ ਆਧੁਨਿਕਤਾ ਦੀ ਦੌੜ ਵਿਚ ਗੁਆਚ ਰਹੀ ਮਾਸੂਮੀਅਤ ਦੀ ਬਾਤ ਪਾਉਂਦਾ ਹੈ। ਅਜੋਕੇ ਜੀਵਨ ਵਿਚੋਂ ਖ਼ਤਮ ਹੋ ਰਹੇ ਮੋਹ ਪਿਆਰ ਪ੍ਰਤੀ ਵੀ ਉਹ ਚਿੰਤਿਤ ਮਹਿਸੂਸ ਹੁੰਦਾ ਹੈ।
ਕੁਝ ਰਿਸ਼ਤੇ ਹੁੰਦੇ ਨੇ
ਵਬੰਡਰ ਦੀ ਤਰ੍ਹਾਂ
ਜਿਨ੍ਹਾਂ ਨਾਲ ਉੱਡ ਜਾਂਦੀ ਹੈ
ਜ਼ਿੰਦਗੀ ਦੀ ਟੀਨ ਦੀ ਛੱਤ
ਪਰ ਕਰਦੀ ਹੈ ਦੋਸਤੀ
ਛੱਤ ਨੂੰ ਮਜ਼ਬੂਤ।
ਸਵਰਨ ਸਿੰਘ ਆਪਣੇ ਆਲੇ-ਦੁਆਲੇ ਹੋ ਰਹੇ ਦੰਭ ਅਤੇ ਭ੍ਰਿਸ਼ਟਾਚਾਰ ਪ੍ਰਤੀ ਵੀ ਜਾਗਰੂਕ ਹੈ। ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਇਸ ਦੰਭ ਤੇ ਭ੍ਰਿਸ਼ਟਾਚਾਰ ਦਾ ਬਹੁਤ ਖੂਬਸੂਰਤ ਵਰਨਣ ਕਰਦੀਆਂ ਹਨ। ਸਵਰਨ ਸਿੰਘ ਦੇ ਕਵਿਤਾ ਦੇ ਪਾਸਾਰ ਵਿਭਿੰਨ ਤਰ੍ਹਾਂ ਦੇ ਹਨ ਤੇ ਉਸ ਦੀ ਕਾਵਿ ਸ਼ੈਲੀ ਬੇਹੱਦ ਸੁਲਝੀ ਹੋਈ ਹੈ। ਉਸ ਕੋਲ ਜੀਵਨ ਦਾ ਲੰਬਾ ਅਨੁਭਵ ਹੈ, ਜਿਸ ਕਰਨ ਉਸ ਦੀ ਕਵਿਤਾ ਵਿਚ ਗੰਭੀਰਤਾ ਤੇ ਠਹਿਰਾਓ ਹੈ। ਇਸ ਸੰਗ੍ਰਹਿ ਨਾਲ ਸਵਰਨ ਸਿੰਘ ਨੇ ਆਪਣੇ ਕਾਵਿ ਸਫ਼ਰ ਦਾ ਅਗਲਾ ਪੜਾਅ ਤੈਅ ਕੀਤਾ ਹੈ।


-ਡਾ: ਅਮਰਜੀਤ ਕੌਂਕੇ

02-01-2021

 ਵਿਲੱਖਣ ਚਿੰਤਨ ਪ੍ਰਣਾਲੀ
(ਡਾ: ਧਰਮ ਚੰਦ ਵਾਤਿਸ਼ ਦੀ ਅਸਤਿਤਵਵਾਦੀ ਦ੍ਰਿਸ਼ਟੀ...)
ਸੰਪਾਦਕ : ਡਾ: ਅਮਨਦੀਪ ਵਾਤਿਸ਼
ਪ੍ਰਕਾਸ਼ਕ : ਅਜ਼ੀਜ਼ ਬੁੱਕ ਸ਼ਾਪ, ਰਾਮ ਨਗਰ, ਬਠਿੰਡਾ
ਮੁੱਲ : 300 ਰੁਪਏ, ਸਫ਼ੇ : 176
ਸੰਪਰਕ : 94654-00040.

ਡਾ: ਧਰਮ ਚੰਦ ਵਾਤਿਸ਼ ਇਕ ਦਾਰਸ਼ਨਿਕ ਬਿਰਤੀ ਦਾ ਸਮੀਖਿਅਕ ਹੈ। ਬੇਸ਼ੱਕ ਉਸ ਦੀ ਸਮੀਖਿਆ ਦਾ ਪ੍ਰਮੁੱਖ ਕਾਰਜ ਖੇਤਰ ਮੱਧਕਾਲੀਨ ਪੰਜਾਬੀ ਸਾਹਿਤ ਦੀ ਖੋਜ ਨਾਲ ਸਬੰਧਿਤ ਰਿਹਾ ਹੈ ਪਰ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਉਹ ਮਨੁੱਖੀ ਅਸਤਿਤਵ ਦੇ ਕੁਝ ਉਲਝੇ ਅਤੇ ਜਟਿਲ ਸਰੋਕਾਰਾਂ ਦੀ ਵੀ ਤਲਾਸ਼ ਕਰਦਾ ਰਿਹਾ ਹੈ। ਮਨੁੱਖ ਦੀ ਸਮੱਸਿਆ ਇਹ ਹੈ ਕਿ ਉਸ ਪਾਸ ਪਸ਼ੂ-ਪੰਛੀ ਜਗਤ ਵਾਂਗ ਬਣਿਆ-ਬਣਾਇਆ ਅਸਤਿਤਵ ਪ੍ਰਾਪਤ ਨਹੀਂ ਹੈ ਬਲਕਿ ਕਮਾਉਣਾ ਪੈਂਦਾ ਹੈ। ਇਹ ਪ੍ਰਕਿਰਿਆ ਜਨਮ ਤੋਂ ਹੀ ਆਰੰਭ ਹੋ ਜਾਂਦੀ ਹੈ ਅਤੇ ਮੌਤ ਤੱਕ ਨਿਰੰਤਰ ਬੰਦੇ ਦੇ ਨਾਲ-ਨਾਲ ਚੱਲਦੀ ਹੈ। ਅਸਲ ਵਿਚ ਮਨੁੱਖ ਦਾ ਪ੍ਰਾਜੈਕਟ ਹੀ ਇਹ ਬਣਦਾ ਹੈ ਕਿ ਉਸ ਨੇ ਮਰਨਾ ਕਿਵੇਂ ਹੈ ਕਿਉਂਕਿ 'ਜਿਸ ਧਜ ਸੇ ਕੋਈ ਮਕਤਲ ਮੇਂ ਗਯਾ ਵੋਹ ਸ਼ਾਨ ਸਲਾਮਤ ਰਹਿਤੀ ਹੈ, ਯੇਹ ਜਾਨ ਤੋ ਆਨੀ-ਜਾਨੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ।' ਅਸਤਿਤਵਵਾਦ ਦਾ ਇਕ ਧੁਰਾ ਸ਼ਨਾਖ਼ਤ (ਆਈਡੈਂਟਿਟੀ) ਨਾਲ ਜੁੜਿਆ ਹੋਇਆ ਹੈ। ਅਸਤਿਤਵ ਨੂੰ ਪ੍ਰਮਾਣਿਤ ਕਰਨ ਲਈ ਪਹਿਲਾਂ ਆਪਣੀ ਇਕ ਨਿਵੇਕਲੀ 'ਆਈਡੈਂਟਿਟੀ' ਬਣਾਉਣੀ ਪੈਂਦੀ ਹੈ ਅਤੇ ਫਿਰ ਉਸ ਉੱਪਰ ਨਿਰੰਤਰ ਪਹਿਰਾ ਦੇਣਾ ਪੈਂਦਾ ਹੈ। ਇਸ ਪ੍ਰਕਾਰ ਅਸਤਿਤਵ ਉੱਪਰ ਵੀ ਨਿਰੰਤਰ ਪਹਿਰਾ ਦੇਣਾ ਪੈਂਦਾ ਹੈ। ਇਹ ਬੀਕਮਿੰਗ ਦੀ ਪ੍ਰਕਿਰਿਆ ਹੈ। ਇਸ ਪ੍ਰਸੰਗ ਵਿਚ ਇਹ ਵੀ ਉਲੇਖਯੋਗ ਹੈ ਕਿ ਡਾ: ਵਾਤਿਸ਼ ਨੂੰ ਆਪਣੀ ਨਿਵੇਕਲੀ ਪਛਾਣ ਬਣਾਉਣ ਲਈ ਕਠਿਨ ਮਿਹਨਤ ਕਰਨੀ ਪਈ ਹੈ। ਚੜ੍ਹਦੀ ਜਵਾਨੀ 'ਚ ਕਾਵਿ-ਰਚਨਾ ਤੋਂ ਸ਼ੁਰੂ ਕੀਤੀ, ਫਿਰ ਤਿੰਨ-ਚਾਰ ਐਮ.ਏ. ਕਰ ਮਾਰੀਆਂ। ਕਈ ਗੋਲਡ ਮੈਡਲ ਹਾਸਲ ਕੀਤੇ। ਐਮ.ਫਿਲ. ਅਤੇ ਪੀਐਚ.ਡੀ. ਵਰਗੀਆਂ ਵੱਕਾਰੀ ਡਿਗਰੀਆਂ ਕਰਨ ਲਈ ਡਾ: ਜੱਗੀ ਵਰਗੀਆਂ ਦਿੱਗਜ਼ ਹਸਤੀਆਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਸੌਖਾ ਕੰਮ ਨਹੀਂ ਹੈ। ਇਕ ਅਸਤਿਤਵਵਾਦੀ ਨਵਯੁਵਕ ਹੋਣ ਦੇ ਕਾਰਨ ਹੀ ਡਾ: ਵਾਤਿਸ਼ ਇਹੋ ਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਕਰ ਸਕਿਆ ਹੈ। ਉਸ ਨੇ ਇਸ ਦਾਰਸ਼ਨਿਕ ਪ੍ਰਣਾਲੀ ਬਾਰੇ ਤਿੰਨ-ਚਾਰ ਪੁਸਤਕਾਂ ਵੀ ਲਿਖੀਆਂ ਹਨ, ਜਿਨ੍ਹਾਂ ਦੀ ਵਿਆਖਿਆ ਹਿਤ ਹਥਲੀ ਪੁਸਤਕ ਵਿਚ 20 ਵਿਦਵਾਨਾਂ ਦੇ ਆਲੋਚਨਾਤਮਕ ਲੇਖ ਸੰਗ੍ਰਹਿਤ ਹਨ। ਪ੍ਰੋ: ਡੀ.ਡੀ. ਭੱਟੀ ਨੇ ਅਸਤਿਤਵਵਾਦ ਦਾ ਭਾਰਤੀ ਪਰਿਪੇਖ ਸੁਨਿਸਚਿਤ ਕੀਤਾ ਹੈ। ਪ੍ਰੋ: ਬ੍ਰਹਮਜਗਦੀਸ਼ ਸਿੰਘ ਨੇ ਪੱਛਮ ਵਿਚ ਪੂੰਜੀਵਾਦ ਦੀ ਚੜ੍ਹਤ ਅਤੇ ਦੋ ਵਿਸ਼ਵ-ਯੁੱਧਾਂ ਦੇ ਪਰਛਾਵੇਂ ਵਿਚ ਅਸਤਿਤਵਵਾਦ ਦੇ ਉਥਾਨ ਅਤੇ ਪਤਨ ਬਾਰੇ ਚਰਚਾ ਕੀਤੀ ਹੈ। ਹੁਣ ਉੱਤਰ-ਆਧੁਨਿਕਵਾਦੀ ਯੁੱਗ ਵਿਚ ਚਿੰਤਨ ਦੇ ਤਕਾਜ਼ੇ ਬਦਲ ਗਏ ਹਨ। ਪ੍ਰੋ: ਤਰਸੇਮ ਨਰੂਲਾ ਨੇ ਪੰਜਾਬੀ ਸਾਹਿਤ ਦੇ ਪ੍ਰਸੰਗ ਵਿਚ ਅਸਤਿਤਵਵਾਦ ਦੀ ਪ੍ਰਸੰਗਿਕਤਾ ਨੂੰ ਸਪੱਸ਼ਟ ਕੀਤਾ ਹੈ। ਜਗਸੀਰ ਗਿੱਲ ਨੇ ਅਸਤਿਤਵਵਾਦੀ ਚਿੰਤਨ ਦਾ ਮਾਡਲ ਉਸਾਰਿਆ ਹੈ। ਡਾ: ਰਾਸ਼ਿਦ ਰਸ਼ੀਦ ਨੇ ਵਾਤਿਸ਼ ਹੋਰਾਂ ਦੀਆਂ ਦੋ ਆਲੋਚਨਾਤਮਕ ਪੁਸਤਕਾਂ ਦੀ ਸਮੱਗਰੀ ਦਾ ਪੁਨਰ-ਲੇਖਣ ਕੀਤਾ ਹੈ। ਡਾ: ਪ੍ਰਿਤਪਾਲ ਕੌਸ਼ਿਕ, ਡਾ: ਯੋਗ ਰਾਜ, ਡਾ: ਸੁਰਿੰਦਰ ਕੁਮਾਰ ਦਵੇਸ਼ਵਰ, ਡਾ: ਸੁਦਰਸ਼ਨ ਗਾਸੋ, ਡਾ: ਗੁਰਪੀਤ ਕੌਰ, ਜਸਵੀਰ ਰਾਣਾ, ਡਾ: ਚਰਨਦੀਪ ਸਿੰਘ, ਡਾ: ਮੁਹੰਮਦ ਇਕਬਾਲ, ਡਾ: ਮੁਹੰਮਦ ਰਫ਼ੀ, ਪ੍ਰੋ: ਰਾਮਪਾਲ ਸਿੰਘ, ਡਾ: ਰਾਜਿੰਦਰ ਸਿੰਘ, ਮੁਹੰਮਦ ਅੱਬਾਸ ਧਾਲੀਵਾਲ, ਐਚ. ਐਲ. ਅਗਨੀਹੋਤਰੀ ਅਤੇ ਪ੍ਰੋ: ਮਨਜੀਤ ਸਿੰਘ ਇਸ ਪੁਸਤਕ ਦੇ ਕੁਝ ਹੋਰ ਮਾਣਯੋਗ ਲੇਖਕ ਹਨ। ਇਨ੍ਹਾਂ ਸਭਨਾਂ ਨੇ ਅਸਤਿਤਵਵਾਦ ਦੇ ਸੰਕਲਪ, ਲੱਛਣਾਂ ਅਤੇ ਪ੍ਰਸੰਗਿਕਤਾ ਬਾਰੇ ਪੂਰਨ ਵਿਸਤਾਰ ਸਹਿਤ ਲਿਖਿਆ ਹੈ। ਮੈਂ ਡਾ: ਅਮਨਦੀਪ ਵਾਤਿਸ਼ ਦੇ ਇਸ ਮਹੱਤਵਪੂਰਨ ਪੁਰਸ਼ਾਰਥ ਦੀ ਪ੍ਰਸੰਸਾ ਕਰਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਕਾਵਾਂ ਦੇ ਅੱਥਰੂ
ਲੇਖਕ : ਆਗ਼ਾ ਅਲੀ ਮੁਦੱਸਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 73
ਸੰਪਰਕ : 95019-44119.

ਆਗ਼ਾ ਅਲੀ ਮੁਦੱਸਰ ਬੈਲਜ਼ੀਅਮ ਵਸੇਂਦਾ ਲਹਿੰਦੇ ਪੰਜਾਬ ਦਾ ਚਰਚਿਤ ਕਹਾਣੀਕਾਰ ਹੈ। ਉਸ ਦੇ 'ਚਿੱਟੇ ਲੀੜੇ ਮੈਲੇ ਲੋਕ' ਅਤੇ 'ਥੱਕੇ ਪੈਰਾਂ ਦਾ ਪੰਧ' ਪਹਿਲਾਂ ਵੀ ਛਪ ਕੇ ਚਰਚਾ ਵਿਚ ਆ ਚੁੱਕੇ ਹਨ। ਉਸ ਨੂੰ ਕਈ ਇਨਾਮਾਂ-ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। 'ਕਾਵਾਂ ਦੇ ਅੱਥਰੂ' ਉਸ ਦਾ ਤੀਜਾ ਕਹਾਣੀ ਸੰਗ੍ਰਹਿ ਹੈ ਜਿਸ ਦਾ ਲਿਪੀਅੰਤਰ ਅਤੇ ਸੰਪਾਦਨਾ ਪਾਕਿਸਤਾਨੀ ਸਾਹਿਤ ਦੇ ਪਾਰਖੂ ਡਾ: ਪਰਮਜੀਤ ਮੀਸ਼ਾ ਨੇ ਕੀਤਾ ਹੈ। ਇਸ ਸੰਗ੍ਰਹਿ ਵਿਚ ਕੁੱਲ ਬਾਰਾਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਆਗ਼ਾ ਅਲੀ ਦੀਆਂ ਕਹਾਣੀਆਂ ਸਾਧਾਰਨ ਬਿਰਤਾਂਤ ਵਾਲੀਆਂ ਕਹਾਣੀਆਂ ਵਾਂਗ ਸਹਿਜੇ ਤੇ ਸਿੱਧੀਆਂ ਨਹੀਂ ਪੜ੍ਹੀਆਂ ਜਾ ਸਕਦੀਆਂ। ਇਨ੍ਹਾਂ ਨੂੰ ਪੜ੍ਹਨ ਲਈ ਪਾਠਕ ਨੂੰ ਬਹੁਤ ਸੁਚੇਤ ਤੇ ਚੌਕੰਨਾ ਰਹਿਣਾ ਪੈਂਦਾ ਹੈ। ਇਕ ਵਾਰ ਕਹਾਣੀ ਦਾ ਸਿਰਾ ਹੱਥੋਂ ਛੁੱਟ ਜਾਵੇ ਤਾਂ ਪਾਠਕ ਭੰਬਲਭੂਸੇ 'ਚ ਵੀ ਪੈ ਸਕਦਾ ਹੈ। ਲੇਖਕ ਆਪਣੀਆਂ ਕਹਾਣੀਆਂ ਲਈ ਫੰਤਾਸੀ, ਸੰਕੇਤਕ, ਬਿਰਤਾਂਤਕ ਤੇ ਵਿਅੰਗ ਸ਼ੈਲੀਆਂ ਦੀ ਵਰਤੋਂ ਕਰਦਾ ਹੈ। ਉਸ ਦੀਆਂ ਕਹਾਣੀਆਂ ਭਾਵੇਂ ਅਵਾਮ ਦੇ ਹੱਕ 'ਚ ਲਿਖੀਆਂ ਹੋਈਆਂ ਹਨ ਪਰ ਉਨ੍ਹਾਂ ਦੇ ਕਥਾਨਕ ਦੇਸ਼-ਵਿਦੇਸ਼ ਅਤੇ ਉਨ੍ਹਾਂ ਨਾਲ ਵਾਬਸਤਾ ਅਲਾਮਤਾਂ ਅਤੇ ਵਿਸੰਗਤੀਆਂ ਦਾ ਇਜ਼ਹਾਰ ਕਰਦੇ ਹਨ। ਉਹ ਆਪਣੀ ਗੱਲ ਕਹਿਣ ਲਈ ਸੰਕੇਤਾਂ ਅਤੇ ਇਸ਼ਾਰਿਆਂ ਦੀ ਵਰਤੋਂ ਕਰਦਾ ਹੈ। ਇਸ ਸੰਗ੍ਰਹਿ ਦੀ ਕੋਈ-ਕੋਈ ਕਹਾਣੀ ਹੀ ਬਿਰਤਾਂਤਕ ਰੂਪ ਵਿਚ ਪੇਸ਼ ਹੋਈ ਹੈ ਜਿਵੇਂ 'ਟੁੱਟੇ ਤਾਰੇ ਦੀ ਸਵਾਹ' ਤੇ 'ਸ਼ੇਰ ਬੱਕਰੀ ਦੀ ਸਾਂਝ'। ਰਹਿੰਦਾ ਭਾਵੇਂ ਉਹ ਪਰਦੇਸ਼ ਵਿਚ ਹੀ ਹੈ ਪਰ ਫਿਰ ਵੀ ਆਪਣੀ ਮਾਂ-ਭੋਇੰ ਨਾਲ ਵੀ ਹਮੇਸ਼ਾ ਜੁੜਿਆ ਰਹਿੰਦਾ ਹੈ। ਆਪਣੇ ਮੁਲਕ ਦੀ ਨਿੱਕੀ-ਨਿੱਕੀ ਘਟਨਾ ਵੀ ਉਸ ਦੇ ਚੇਤਿਆਂ ਅਤੇ ਕਹਾਣੀਆਂ ਵਿਚ ਸਵਾਰ ਰਹਿੰਦੀ ਹੈ। ਉਹ ਭਾਸ਼ਾ, ਧਰਮ, ਮਾਂ-ਬੋਲੀ, ਮੁੱਲਾਂ-ਮੌਲਾਣਿਆਂ ਦੀ ਚੌਧਰ 'ਤੇ ਵੀ ਕਟਾਖਸ਼ ਕਰਨੋਂ ਗੁਰੇਜ਼ ਨਹੀਂ ਕਰਦਾ। 'ਕਾਵਾਂ ਦੇ ਅੱਥਰੂ' ਫੰਤਾਸੀ ਸ਼ੈਲੀ ਵਿਚ ਲਿਖੀ ਕਹਾਣੀ ਹੈ ਜੋ ਅਨੇਕਾਂ ਮਸਲਿਆਂ ਵੱਲ ਸੰਕੇਤ ਕਰਦੀ ਹੋਈ ਕਟਾਖਸ਼ੀ ਸੁਰ ਅਖ਼ਤਿਆਰ ਕਰਦੀ ਹੈ। 'ਹਰੀਆਂ ਹਰੀਆਂ ਭੂਕਾਂ' ਮਨ 'ਚ ਉਪਜੀ ਸਮਝ ਦੀ ਪ੍ਰਤੀਕ ਵਜੋਂ ਪੇਸ਼ ਹੋਈ ਹੈ।

ਕੇ. ਐਲ. ਗਰਗ
ਮੋ: 94635-37050

ਜਾਗੋ ਜਾਗੋ ਸੂਤਿਹੁ
ਲੇਖਕ : ਗੁਰਬਚਨ ਸਿੰਘ ਮਾਕਿਨ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 0161-2740738.

ਹਥਲੀ ਪੁਸਤਕ ਦੇ ਲੇਖਕ ਨੇ ਹਰ ਮਨੁੱਖ ਮਾਤਰ ਨੂੰ ਜੀਵਨ ਦਾ ਮਨੋਰਥ 'ਗੁਰਬਾਣੀ ਸ਼ਬਦ' ਦੀ ਬਹੁਮੁੱਲੀ ਪੂੰਜੀ ਵਿਚੋਂ ਪ੍ਰਾਪਤ ਕਰਨ ਲਈ ਪ੍ਰੇਰਨਾ ਦਿੱਤੀ ਹੈ। ਗੁਰਬਾਣੀ ਜਿਥੇ ਹਰ ਇਨਸਾਨ ਨੂੰ ਜੀਵਨ ਦੀ ਸੋਝੀ ਦਿੰਦੀ ਹੈ, ਉਥੇ ਨਾਲ-ਨਾਲ ਸੁਚੇਤ ਵੀ ਕਰਦੀ ਹੈ। ਮਨੁੱਖੀ ਕਮਜ਼ੋਰੀਆਂ ਤੋਂ ਪਰਦਾ ਉਠਾ ਕੇ ਗੁਰਬਾਣੀ ਦੇ ਚਾਨਣ ਵਿਚ ਸੁਚੱਜਾ ਜੀਵਨ ਬਤੀਤ ਕਰਕੇ ਅਸਲ ਮਕਸਦ ਨੂੰ ਪਛਾਨਣ ਲਈ ਪ੍ਰੇਰਦੀ ਹੈ। ਸਾਡਾ ਸਭਨਾਂ ਦਾ ਜਨਮ ਅਮੋਲਕ ਤੇ ਬਹੁਮੁੱਲਾ ਹੈ, ਇਹ ਵਾਰ-ਵਾਰ ਨਹੀਂ ਮਿਲਦਾ। ਪ੍ਰਭੂ ਦੀ ਪ੍ਰਾਪਤੀ ਕੇਵਲ ਇਸੇ ਜਨਮ ਵਿਚ ਹੋਣੀ ਹੈ। ਮਾਇਆ ਦੇ ਪ੍ਰਭਾਵ ਹੇਠ ਇਸ ਜਨਮ ਨੂੰ ਵਿਅਰਥ ਨਹੀਂ ਗਵਾਉਣਾ। ਵਿਕਾਰਾਂ ਦੇ ਅਧੀਨ ਸਾਡੇ ਗਿਆਨ ਇੰਦਰੇ ਸੁੱਤੇ ਪਏ ਹਨ। ਕੋਈ ਵਿਰਲਾ ਗੁਰਮੁਖਿ ਹੀ ਜਾਗਤ ਅਵਸਥਾ ਵਿਚ ਮਿਲਦਾ ਹੈ। ਸਾਡਾ ਸਾਰਿਆਂ ਦਾ ਅਸਲ ਜੀਵਨ ਮਨੋਰਥ ਵਿਕਾਰਾਂ ਤੋਂ ਨਿਜਾਤ ਪ੍ਰਾਪਤ ਕਰਕੇ ਗੁਰਬਾਣੀ ਦੇ ਲੜ ਲੱਗਣਾ ਹੈ। ਪੁਸਤਕ ਨੂੰ ਵੱਖਰੇ-ਵੱਖਰੇ ਅੱਠ ਪ੍ਰਕਰਣਾਂ ਵਿਚ ਵੰਡ ਕੇ ਗੁਰਮਤਿ ਸਿਧਾਂਤਾਂ ਦੀ ਸੋਝੀ ਦੇਣ ਦਾ ਸਫਲ ਉਪਰਾਲਾ ਕੀਤਾ ਗਿਆ ਹੈ। ਪਹਿਲੇ ਪ੍ਰਕਰਣ 'ਜਾਗ ਰੇ ਮਨ ਜਾਗਨਹਾਰੇ' ਵਿਚ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ 23 ਸ਼ਬਦਾਂ ਦੀ ਅੰਤ੍ਰੀਵ ਭਾਵ ਅਰਥਾਂ ਸਮੇਤ ਵਿਆਖਿਆ ਕੀਤੀ ਗਈ ਹੈ। ਦੂਸਰੇ ਪ੍ਰਕਰਣ 'ਸਫਲ ਜੀਵਨ' ਵਿਚ ਵੱਖ-ਵੱਖ ਰਾਗਾਂ ਵਿਚੋਂ 12 ਸ਼ਬਦ ਲੈ ਕੇ ਵਿਚਾਰੇ ਗਏ ਹਨ। ਤੀਸਰੇ ਪ੍ਰਕਰਣ 'ਗੁਰੂ ਕਿਰਪਾ' ਅਧੀਨ 13 ਸ਼ਬਦ ਲਏ ਗਏ ਹਨ। ਚੌਥੇ ਪ੍ਰਕਰਣ 'ਨਾਮ ਬਿਨਾਂ ਨਹੀਂ ਜੀਵਿਆ ਜਾਏ' ਵਿਚ 14 ਸ਼ਬਦਾਂ ਵਿਚੋਂ ਵਿਚਾਰ ਕੀਤੀ ਗਈ ਹੈ। ਪੰਜਵੇਂ ਪ੍ਰਕਰਣ ਵਿਚ 'ਗੁਰਬਾਣੀ ਸਦ ਮੀਠੀ ਲਾਗੀ' ਅਧੀਨ 14 ਸ਼ਬਦਾਂ ਨੂੰ ਅੰਤ੍ਰੀਵ ਭਾਵ ਸਮੇਤ ਵਿਚਾਰ ਪੇਸ਼ ਕੀਤੇ ਹਨ। ਛੇਵੇਂ ਪ੍ਰਕਰਣ 'ਸਿਫ਼ਤ ਸਾਲਾਹ' ਵਿਚ ਵੀ 14 ਸ਼ਬਦਾਂ ਨੂੰ ਵਿਚਾਰਿਆ ਗਿਆ ਹੈ। 7ਵੇਂ ਪ੍ਰਕਰਣ ਵਿਚ 'ਗੁਰਪੁਰਬ ਮਨਾਵਣੇ' ਅਧੀਨ ਸਮੁੱਚੇ ਰੂਪ ਵਿਚ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਮਿਲ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਇਸ ਪ੍ਰਕਰਣ ਵਿਚ ਸੱਤ ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ। ਅੱਠਵੇਂ ਤੇ ਆਖਰੀ ਪ੍ਰਕਰਣ ਵਿਚ 'ਹੁਕਮ ਨੂੰ ਬੁੱਝਣਾ' ਅਤੇ 'ਅੰਮ੍ਰਿਤ ਵੇਲਾ' ਅਧੀਨ ਵੀ ਕ੍ਰਮਵਾਰ ਸੱਤ-ਸੱਤ ਸ਼ਬਦਾਂ ਦੇ ਅੰਤ੍ਰੀਵ ਭਾਵ ਦਿੱਤੇ ਗਏ ਹਨ। ਲੇਖਕ ਅਨੁਸਾਰ ਸਮੁੱਚੇ ਰੂਪ ਵਿਚ ਹਰ ਇਨਸਾਨ ਲਈ ਹਰ ਚੜ੍ਹਨ ਵਾਲਾ ਨਵਾਂ ਦਿਨ ਗੁਰਬਾਣੀ ਦੇ ਚਾਨਣ ਵਿਚ ਚਾਅ ਅਤੇ ਉਮੰਗ ਪੈਦਾ ਕਰਕੇ ਅਨੰਦ ਤੇ ਖੇੜਾ ਪ੍ਰਦਾਨ ਕਰੇਗਾ।

ਭਗਵਾਨ ਸਿੰਘ ਜੌਹਲ
ਮੋ: 98143-24040.

ਫ਼ੌਜੀ ਅਫ਼ਸਰ ਕਿਵੇਂ ਭਰਤੀ ਹੋਈਏ?
ਲੇਖਕ : ਭੁਪਿੰਦਰ ਸਿੰਘ ਚੌਕੀਮਾਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 160 ਰੁਪਏ, ਸਫੇ : 144
ਸੰਪਰਕ : 82849-79502.

ਵਾਰਤਾਕਾਰ ਭੁਪਿੰਦਰ ਸਿੰਘ ਚੌਂਕੀਮਾਨ ਇਕ ਸਾਬਕਾ ਡਿਪਟੀ ਕਮਾਂਡੈਂਟ ਬੀ.ਐਸ.ਐਫ. ਹਨ। ਉਨ੍ਹਾਂ ਨੇ 4 ਵਾਰਤਕ ਪੁਸਤਕਾਂ ਦੇ ਨਾਲ-ਨਾਲ ਇਕ ਫ਼ੌਜੀ ਦੀ ਆਤਮਕਥਾ-ਸਵੈ ਜੀਵਨੀ ਵੀ ਲਿਖ ਕੇ ਆਪਣੀ ਪੁਖਤਾ ਪਛਾਣ ਕਾਇਮ ਕੀਤੀ ਹੈ। ਹਥਲੀ ਪੁਸਤਕ 'ਫ਼ੌਜੀ ਅਫ਼ਸਰ ਕਿਵੇਂ ਭਰਤੀ ਹੋਈਏ?' ਰਾਹੀਂ ਭਾਰਤੀ ਸਮਾਜ ਦੇ ਨੌਜਵਾਨਾਂ ਨੂੰ ਫ਼ੌਜੀ ਜੀਵਨ ਦੇ ਵੱਖੋ-ਵੱਖਰੇ ਪਹਿਲੂਆਂ ਤੋਂ ਜਾਣਕਾਰੀ ਪ੍ਰਦਾਨ ਕਰਦਿਆਂ ਉਨ੍ਹਾਂ ਦੀ ਯੋਗ ਅਗਵਾਈ ਕੀਤੀ ਹੈ। 'ਫ਼ੌਜ' ਨੂੰ ਆਪਣਾ ਕੈਰੀਅਰ ਵਜੋਂ ਚੁਣਨ ਲਈ ਇਹ ਪੁਸਤਕ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ। ਲੇਖਕ ਨੇ ਤਰਤੀਬਵਾਰ ਫ਼ੌਜ ਦੇ ਇਤਿਹਾਸ ਬਾਰੇ ਦੱਸਦਿਆਂ ਫ਼ੌਜੀ ਜ਼ਿੰਦਗੀ ਦੀਆਂ ਕਠਿਨਾਈਆਂ ਅਤੇ ਜੋਖ਼ਮ ਬਾਰੇ ਵੀ ਆਗਾਹ ਕੀਤਾ ਹੈ। ਕਿਉਂਕਿ ਲੇਖਕ ਨੇ ਖ਼ੁਦ 27 ਸਾਲ ਫ਼ੌਜੀ ਜੀਵਨ ਗੁਜ਼ਾਰਦਿਆਂ ਫ਼ੌਜ ਦੀ ਹਰੇਕ ਬਾਰੀਕੀ ਨੂੰ ਨੇੜੇ ਹੋ ਕੇ ਨਾ ਸਿਰਫ ਵਾਚਿਆ ਹੈ ਸਗੋਂ ਤਨ ਮਨ 'ਤੇ ਹੰਢਾਇਆ ਵੀ ਹੈ। ਇਨ੍ਹਾਂ ਗੂੜ੍ਹੇ ਤਜਰਬਿਆਂ ਨੂੰ ਆਧਾਰ ਬਣਾ ਕੇ, ਬਿਨਾਂ ਕਿਸੇ ਅੱਤਕਥਨੀ ਅਤੇ ਉਲਾਰ ਭਾਵਨਾ ਤੋਂ ਇਸ ਜੀਵਨ ਦੀ ਸਚਾਈ ਨੂੰ ਪਾਠਕਾਂ ਦੇ ਰੂਬਰੂ ਕਰਨ ਦਾ ਕੰਮ ਕੀਤਾ ਹੈ। ਅਜੋਕੀ ਪੀੜ੍ਹੀ ਦਾ ਰੁਝਾਨ ਫ਼ੌਜ ਵੱਲ ਘੱਟ ਕਿਉਂ ਹੈ? ਹਥਿਆਰਬੰਦ ਸੈਨਾਵਾਂ ਦੀਆਂ ਤਨਖਾਹਾਂ, ਭੱਤੇ ਅਤੇ ਹੋਰ ਸਹੂਲਤਾਂ ਬਾਰੇ ਵਡਮੁੱਲੀ ਜਾਣਕਾਰੀ ਸ਼ਾਮਿਲ ਕੀਤੀ ਗਈ ਹੈ। ਇਸ ਪੁਸਤਕ ਦਾ ਸਭ ਤੋਂ ਅਹਿਮ ਪੱਖ ਹੈ ਥਲ ਸੈਨਾ, ਨੇਵੀ ਅਤੇ ਏਅਰ ਫੋਰਸ ਵਿਚ ਅਫ਼ਸਰ ਅਤੇ ਸੈਨਿਕ ਭਰਤੀ ਹੋਣ ਸਬੰਧੀ ਯੋਗਤਾਵਾਂ ਬਾਰੇ ਵਿਸਤਾਰ ਸਹਿਤ ਮਾਰਗ ਦਰਸ਼ਨ ਕੀਤਾ ਗਿਆ ਹੈ। ਐਨ.ਡੀ.ਏ., ਸੀ.ਡੀ.ਐਸ.ਈ. ਸਿਲੇਬਸ, ਪਾਇਲਟ ਐਪਟੀਚਿਊਡ ਟੈਸਟ, ਸੈਂਟਰਲ ਪੈਰਾ ਮਿਲਟਰੀ ਫੋਰਸ, ਮੈਰਾਈਨ ਇੰਜੀਨੀਅਰਿੰਗ ਨੌਜਵਾਨਾਂ ਲਈ ਸਾਰਥਕ ਮਾਰਗ ਦਰਸ਼ਨ ਕਰਨਗੇ। 'ਫ਼ੌਜ ਵਿਚ ਰਹਿੰਦਿਆਂ ਇੱਛਾਵਾਂ ਦੀ ਪੂਰਤੀ ਕਿਵੇਂ ਹੋਈ ਅਤੇ ਜ਼ਿੰਦਗੀ ਦਾ ਅਨੰਦ ਕਿਵੇਂ ਮਾਣਿਆ' ਲੇਖ ਵਿਚ ਲੇਖਕ ਨੇ ਆਪਣੀ ਨਿੱਜੀ, ਪਰਿਵਾਰਕ ਅਤੇ ਸਮਾਜਿਕ ਜ਼ਿੰਦਗੀ ਵਿਚ ਹਾਸਲ ਕੀਤੇ ਮਾਣ-ਤਾਣ, ਮਾਨਸਿਕ ਸੰਤੁਸ਼ਟੀ ਅਤੇ ਉੱਚ ਕੋਟੀ ਦੀਆਂ ਸੇਵਾਵਾਂ ਬਦਲੇ 26 ਜਨਵਰੀ, 1995 ਨੂੰ ਰਾਸ਼ਟਰਪਤੀ ਹੱਥੋਂ ਸਨਮਾਨਿਤ ਹੋਣਾ, ਆਪਣੇ ਦੇਸ਼ ਭਗਤੀ ਨਾਲ ਜੁੜੇ ਕਿੱਤੇ ਪ੍ਰਤੀ ਪੂਰਨ ਸਮਰਪਣ ਕਰਕੇ ਹੀ ਇਸ ਮੁਕਾਮ 'ਤੇ ਪੁੱਜੇ ਹਨ। ਜ਼ਿਕਰਯੋਗ ਗੱਲ ਹੈ ਕਿ ਸੇਵਾ ਮੁਕਤੀ ਮਗਰੋਂ ਵੀ ਕਲਮ ਦੇ ਹਥਿਆਰ ਨਾਲ ਲੋਕਾਂ ਨੂੰ ਜਾਗਰੂਕ ਅਤੇ ਪ੍ਰੇਰਿਤ ਕਰਕੇ ਇਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਪੁਸਤਕ ਦੀ ਭਾਸ਼ਾ ਸਰਲ ਹੈ। ਪੁਸਤਕ ਦੀ ਇਕ-ਇਕ ਪੰਕਤੀ ਨਵੀਂ ਜਾਣਕਾਰੀ ਨਾਲ ਭਰਪੂਰ ਹੈ। ਤਕਨੀਕੀ ਸ਼ਬਦਾਂ ਦਾ ਪ੍ਰਯੋਗ ਕਰਕੇ ਲੇਖਕ ਨੇ ਆਪਣੀ ਜਾਣਕਾਰੀ ਨੂੰ ਯਕੀਨੀ ਬਣਾਇਆ ਹੈ।

ਡਾ: ਧਰਮ ਪਾਲ ਸਾਹਿਲ
ਮੋ: 98761-56964.

ਸਾਦਿਕ ਸੁਲਤਾਨ
ਸ਼ੇਰ ਸ਼ਾਹ ਸੂਰੀ
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 400
ਸੰਪਰਕ : 081307-82551.

ਮਨਮੋਹਨ ਬਾਵਾ ਦੀ ਹਥਲੀ ਕਿਤਾਬ 'ਸਾਦਿਕ ਸੁਲਤਾਨ ਸ਼ੇਰ ਸ਼ਾਹ ਸੂਰੀ' ਪੱਚਵੀਂ ਮੌਲਿਕ ਰਚਨਾ ਹੈ। ਲੇਖਕ ਦੇ ਇਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਵਿਚ ਪੰਜ ਕਹਾਣੀ ਸੰਗ੍ਰਹਿ, ਪੰਜ ਨਾਵਲ, ਪੰਜ ਸਫ਼ਰਨਾਮੇ, ਦੋ ਸਫ਼ਰਨਾਮੇ ਬੱਚਿਆਂ ਲਈ, ਇਕ ਇਤਿਹਾਸ ਲੇਖਣ ਕਲਾ ਅਤੇ ਪੰਜ ਕਿਤਾਬਾਂ ਅੰਗਰੇਜ਼ੀ ਭਾਸ਼ਾ ਵਿਚ ਹਿਮਾਲਿਆ ਪਹਾੜ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਆਦਿ ਉੱਚੀਆਂ ਤੇ ਬਰਫ਼ੀਲੀਆਂ ਪਹਾੜੀ ਥਾਵਾਂ ਦੀਆਂ ਯਾਤਰਾਵਾਂ 'ਤੇ ਆਧਾਰਿਤ ਹਨ। ਇਹ ਪੁਸਤਕ 2020 ਵਿਚ ਦੂਜੀ ਵਾਰ ਛਪੀ ਹੈ। ਮੁਢਲੇ ਇਤਿਹਾਸਕ ਤੇ ਸਾਹਿਤਕ ਸੋਮਿਆਂ 'ਤੇ ਆਧਾਰਿਤ ਇਸ ਕਿਤਾਬ ਨੂੰ 122 ਭਾਗਾਂ ਵਿਚ ਵੰਡਿਆ ਗਿਆ ਹੈ। ਸ਼ੇਰ ਸ਼ਾਹ ਸੂਰੀ ਦੇ ਸਮਕਾਲੀਨ ਮਹੱਤਵਪੂਰਨ ਸ੍ਰੋਤਾਂ ਤਾਰੀਖ-ਏ-ਸ਼ੇਰ ਸ਼ਾਹੀ, ਤੁਜ਼ਕ-ਏ-ਬਾਬਰੀ, ਹੁੰਮਾਯੂਨਾਮਾ ਅਤੇ ਦੌਲਤ-ਏ-ਸ਼ੇਰ ਸ਼ਾਹੀ 'ਤੇ ਆਧਾਰਿਤ ਹੈ। ਪਾਠਕਾਂ ਦੀ ਆਸਾਨੀ ਲਈ ਸ਼ੇਰ ਸ਼ਾਹ ਸੂਰੀ ਦੇ ਸ਼ਾਹੀ ਦਰਬਾਰ ਤੇ ਪਰਿਵਾਰ ਨਾਲ ਸਬੰਧਿਤ ਰਾਜਸੀ ਪਾਤਰਾਂ, ਨਾਇਕਾਂ, ਜਰਨੈਲਾਂ ਅਤੇ ਮੁਗ਼ਲ ਬਾਦਸ਼ਾਹ ਜ਼ਹੀਰਊਦ-ਦੀਨ ਮੁਹੰਮਦ ਬਾਬਰ ਤੇ ਉਸ ਦੇ ਪੁੱਤਰ ਨਸੀਰਊਦ-ਦੀਨ ਮੁਹੰਮਦ ਹੁੰਮਾਯੂ ਦੇ ਸ਼ਾਹੀ ਪਰਿਵਾਰ ਦੇ ਮੈਂਬਰਾਂ, ਸਕੇ-ਸਬੰਧੀਆਂ, ਭੈਣ-ਭਰਾਵਾਂ ਤੇ ਹੋਰ ਪਾਤਰਾਂ ਦੇ ਨਾਵਾਂ ਦੀ ਸੂਚੀ ਕਿਤਾਬ ਦੇ ਸ਼ੁਰੂ ਵਿਚ ਵਰਨਣ ਹੈ। ਭਾਰਤ ਦੇ ਮੁਢਲੇ ਮੱਧਕਾਲ, ਤੁਰਕ, ਅਫ਼ਗਾਨ ਸੁਲਤਾਨਾਂ ਦੇ ਰਾਜ ਅਤੇ ਮੁਗ਼ਲ ਕਾਲ ਦੇ ਸਮਾਜਿਕ ਵਰਤਾਰੇ, ਮੁਸਲਿਮ ਸਮਾਜ ਦੀ ਬਣਤਰ, ਰਾਜ ਪ੍ਰਾਪਤੀ ਸੰਘਰਸ਼ ਨੂੰ ਜਾਣਨ ਲਈ ਇਹ ਇਕ ਨਿਵੇਕਲਾ ਤੇ ਸਫਲ ਯਤਨ ਹੈ। ਇਤਿਹਾਸ ਤੇ ਸਾਹਿਤ ਦਾ ਆਪਸੀ ਡੂੰਘਾ ਸਬੰਧ ਹੈ। ਦਿੱਲੀ ਸੁਲਤਾਨਾਂ ਅਤੇ ਮੁਗ਼ਲਾਂ ਦੇ ਰਾਜਨੀਤਕ, ਭੂਗੋਲਿਕ, ਆਰਥਿਕ, ਸੈਨਿਕ, ਸੱਭਿਆਚਾਰਕ ਤੇ ਵਿਰਾਸਤੀ ਭਾਸ਼ਾਵਾਂ ਅਤੇ ਔਰਤ ਦੀ ਸਥਿਤੀ ਆਦਿ ਨਾਲ ਸਬੰਧਿਤ ਇਹ ਇਤਿਹਾਸਕ ਪਿੱਠ-ਭੂਮੀ ਦੀ ਕਸਵੱਟੀ 'ਤੇ ਸਫਲ ਰਚਨਾ ਹੈ। ਸ਼ੇਰ ਸ਼ਾਹ ਦਾ ਅਸਲ ਨਾਂਅ ਫ਼ਰੀਦ ਸੀ। ਉਹ ਇਬਰਾਹੀਮ ਸੂਰੀ ਦਾ ਪੋਤਰਾ ਅਤੇ ਹਸਨ ਦਾ ਪੁੱਤਰ ਸੀ। ਉਸ ਦੇ ਪਿਤਾ ਹਸਨ ਦੀਆਂ ਚਾਰ ਪਤਨੀਆਂ ਅਤੇ ਅੱਠ ਪੁੱਤਰ ਸਨ। ਸ਼ੇਰ ਸ਼ਾਹ ਸਭ ਤੋਂ ਵੱਡੀ ਪਤਨੀ ਦਾ ਪੁੱਤਰ ਹੋਣ ਕਰਕੇ ਉਸ ਨੂੰ ਮਾਂ ਸਮੇਤ ਪਿਤਾ ਵਲੋਂ ਵਿਸ਼ੇਸ਼ ਤਵੱਜੋ ਪ੍ਰਾਪਤ ਨਹੀਂ ਸੀ। ਜੀਵਨ ਦੇ ਮੁਢਲੇ ਸਮੇਂ ਤੋਂ ਹੀ ਸ਼ੇਰ ਸ਼ਾਹ ਨੇ ਅਨੇਕਾਂ ਪਰਿਵਾਰਕ, ਸੰਸਾਰਕ ਅਤੇ ਰਾਜਨੀਤਕ ਸੰਘਰਸ਼ਾਂ ਦਾ ਸਾਹਮਣਾ ਕੀਤਾ ਸੀ। ਬਿਹਾਰ ਵਿਚ ਰਹਿੰਦਿਆਂ ਜੋਹਨਪੁਰ ਵਿਖੇ ਅਰਬੀ ਭਾਸ਼ਾ ਦੀਆਂ ਵਿਸ਼ਵ ਪ੍ਰਸਿੱਧ ਕਿਤਾਬਾਂ ਗੁਲਿਸਤਾਨ ਅਤੇ ਬੋਸਤਾਨ ਵਰਗੀਆਂ ਦਾ ਅਧਿਐਨ ਕਰ ਲਿਆ ਸੀ। ਸਹਸਰਾਮ ਤੋਂ ਰਾਜ ਪ੍ਰਾਪਤੀ ਲਈ ਸੰਘਰਸ਼, ਹੁੰਮਾਯੂ ਨਾਲ ਲੜਾਈਆਂ, ਬੰਗਾਲ, ਮਾਲਵਾ, ਰਾਏਸਿਨ, ਮੁਲਤਾਨ, ਸਿੰਧ, ਜੋਧਪੁਰ ਆਦਿ ਉਸ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਹਨ। ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿਚ ਸ਼ੇਰ ਸ਼ਾਹ ਸੂਰੀ ਦਾ ਨਾਂਅ ਪ੍ਰਸ਼ਾਸਨਿਕ, ਨਿਆਇਕ, ਸੈਨਿਕ, ਆਰਥਿਕ, ਵਪਾਰਕ, ਦੂਰਸੰਚਾਰ, ਗੁਪਤ ਸੰਚਾਰ, ਧਾਰਮਿਕ ਸਹਿਣਸ਼ੀਲਤਾ, ਪੁਲਿਸ ਵਿਵਸਥਾ, ਇਮਾਰਤਸਾਜ਼ੀ ਅਤੇ ਮੁਦਰਾ ਪ੍ਰਣਾਲੀ ਵਿਚ ਸੁਧਾਰਾਂ ਕਰਕੇ ਸਥਾਪਤ ਹੈ। ਇਤਿਹਾਸਕ ਸ੍ਰੋਤਾਂ ਅਨੁਸਾਰ ਸ਼ੇਰ ਸ਼ਾਹ ਸੂਰੀ ਦੀ ਇਸ ਤੋਂ ਵੀ ਵੱਡੀ, ਕੀਮਤੀ ਅਤੇ ਚਿਰ ਸਥਾਈ ਦੇਣ ਭਾਰਤ ਦੇ ਕਿਸਾਨਾਂ ਲਈ ਹੈ। ਉਸ ਦੁਆਰਾ ਸ਼ੁਰੂ ਕੀਤੀ ਗਈ ਭੂਮੀ ਲਗਾਨ ਪ੍ਰਣਾਲੀ ਅਤੇ ਭੂਮੀ ਸਬੰਧੀ ਸੁਧਾਰ ਕਿਸਾਨੀ ਹਿਤਾਂ ਨੂੰ ਮੁੱਖ ਰੱਖ ਕੇ ਕੀਤੇ ਗਏ ਸਨ। ਉਸ ਦੇ ਸੁਧਾਰਾਂ ਦੀ ਲੜੀ ਨੂੰ ਹੀ ਮੁਗ਼ਲ ਬਾਦਸ਼ਾਹ ਅਕਬਰ ਦੁਆਰਾ ਜਾਰੀ ਰੱਖਿਆ ਗਿਆ। ਸ਼ੇਰ ਸ਼ਾਹ ਦੇ ਭੂਮੀ ਲਗਾਨ ਸਬੰਧੀ ਮਸ਼ਹੂਰ ਸੁਧਾਰ ਗੱਲਾ ਬਕਸ਼ੀ ਜਾਂ ਬਟਾਈ, ਨਸਕ ਜਾਂ ਕਨਕੂਤ, ਨਗਦੀ, ਜਾਮੀ ਜਾਂ ਜਬਤੀ ਪ੍ਰਣਾਲੀ ਅਤੇ ਖੇਤ ਬਟਾਈ ਆਦਿ ਕਿਸਾਨਾਂ ਦੀ ਭੂਮੀ ਦੀ ਸਥਿਤੀ ਅਨੁਸਾਰ ਸਨ। ਭੂਮੀ ਦੀ ਉਪਜ ਸਮਰੱਥਾ ਅਨੁਸਾਰ ਹੀ ਉਸ ਦੇ ਮਾਲਕ ਭਾਵ ਕਿਸਾਨ ਤੋਂ ਟੈਕਸ ਲਿਆ ਜਾਂਦਾ ਸੀ। ਜੇਕਰ ਰਾਜ ਦਾ ਕੋਈ ਟੈਕਸ ਇਕੱਠਾ ਕਰਨ ਵਾਲਾ ਅਧਿਕਾਰੀ ਨਿਯਤ ਟੈਕਸ ਤੋਂ ਵੱਧ ਕਿਸਾਨ ਕੋਲੋਂ ਇਕੱਠਾ ਕਰਦਾ ਸੀ ਜਾਂ ਰਿਸ਼ਵਤ ਲੈਂਦਾ ਸੀ ਤਾਂ ਉਸ ਨੂੰ ਮੁਨਸਿਫ਼ਾਂ, ਸ਼ਿਕਦਾਰਾਂ, ਕੋਤਵਾਲਾਂ, ਕਾਜ਼ੀਆਂ ਅਤੇ ਪ੍ਰਮੁੱਖ ਕਾਜ਼ੀ ਵਲੋਂ ਸ਼ੇਰ ਸ਼ਾਹ ਦੁਆਰਾ ਨਿਰਧਾਰਤ ਸਜ਼ਾਵਾਂ ਅਨੁਸਾਰ ਤੁਰੰਤ ਸਜ਼ਾ ਦਿੱਤੀ ਜਾਂਦੀ ਸੀ। ਸਾਨ ਦੀ ਹਾਲਤ ਸਮੁੱਚੇ ਭਾਰਤ ਵਿਚ ਅਤਿ ਚਿੰਤਾਜਨਕ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਿਨੋਂ-ਦਿਨ ਵਧ ਰਹੀਆਂ ਹਨ। ਆਰਥਿਕ ਅਤੇ ਧਾਰਮਿਕ ਅਸਮਾਨਤਾਵਾਂ ਦੇ ਵੱਧਣ ਕਾਰਨ ਕਿਸਾਨੀ ਦੇ ਭਵਿੱਖ ਨੂੰ ਬਚਾਉਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੰਘਰਸ਼ ਫ਼ੈਸਲਾਕੁੰਨ ਦੌਰ ਵਿਚੋਂ ਲੰਘ ਰਹੇ ਹਨ। ਮੱਧਕਾਲ ਸਮੇਂ ਭਾਰਤ ਦੇ ਕਿਸਾਨ ਦੀ ਹਾਲਤ ਖੁਸ਼ਹਾਲ ਸੀ ਕਰਕੇ ਭਾਰਤ ਨੂੰ 'ਸੋਨੇ ਦੀ ਚਿੜੀ' ਵਜੋਂ ਜਾਣਿਆ ਜਾਂਦਾ ਹੈ। ਉਸ ਸਮੇਂ ਕਿਸਾਨ ਦੀ ਹਾਲਤ, ਉਸ ਦੀ ਭੂਮੀ ਤੇ ਭੂਮੀ ਸਬੰਧੀ ਟੈਕਸਾਂ, ਭੂਮੀ ਦੀ ਭੂਗੋਲਿਕਤਾ ਤੇ ਭੂਮੀਕਾਰਾਂ, ਕਿਸਾਨਾਂ ਦੀ ਸਮਾਜਿਕ ਹਾਲਤ ਦਾ ਅੱਜ ਦੇ ਕਿਸਾਨਾਂ ਦੀ ਹਾਲਤ ਨਾਲ ਤੁਲਨਾਤਮਿਕ ਮੁਲਾਂਕਣ ਕਰਨ ਲਈ, ਰਾਜਿਆਂ ਅਤੇ ਸਰਕਾਰਾਂ ਦੇ ਪਰਜਾ ਹਿਤਕਾਰੀ ਕੰਮਾਂ ਨੂੰ ਜਾਣਨ ਲਈ ਮਨਮੋਹਨ ਬਾਵਾ ਦੀ ਇਸ ਕਿਤਾਬ ਦਾ ਕਿਸਾਨੀ ਸੰਘਰਸ਼ ਸਮੇਂ ਦੂਸਰਾ ਸੰਸਕਰਣ ਪ੍ਰਕਾਸ਼ਿਤ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਕਿਸਾਨ ਵਰਗ ਆਪਣੇ ਇਤਿਹਾਸ ਅਤੇ ਵਿਰਾਸਤ ਨੂੰ ਜਾਣਨ ਲਈ ਅਜਿਹੀਆਂ ਖੋਜ ਆਧਾਰਿਤ ਸਾਹਿਤਕ ਕਿਤਾਬਾਂ ਨੂੰ ਹਮੇਸ਼ਾ ਖੁਸ਼ਆਮਦੀਦ ਕਰਦਾ ਹੈ। ਸ਼ੇਰ ਸ਼ਾਹ ਦੀ ਸਮੁੱਚੀ ਪ੍ਰਸ਼ਾਸਨਿਕ ਪ੍ਰਣਾਲੀ ਬਾਰੇ ਮਨਮੋਹਨ ਬਾਵਾ ਵਲੋਂ ਕੀਤਾ ਗਿਆ ਇਹ ਸੁਰਹਿਦ ਯਤਨ ਪੰਜਾਬੀ ਭਾਸ਼ਾ ਦੇ ਪਾਠਕਾਂ ਲਈ ਮੱਧਕਾਲ ਦੇ ਇਤਿਹਾਸ ਬਾਰੇ ਸਫਲਤਾਪੂਰਵਕ ਸਾਹਿਤਕ ਕਾਰਜ ਹੈ।

ਡਾ: ਮੁਹੰਮਦ ਇਦਰੀਸ

26-12-2020

 ਮੂਮਲ ਮਹਿੰਦਰ
ਲੇਖਕ : ਸਵਰਨ ਸਿੰਘ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 300 ਰੁਪਏ, ਸਫ਼ੇ : 208.
ਸੰਪਰਕ : 094183-92845.

ਮੂਮਲ ਮਹਿੰਦਰ ਸਵਰਨ ਸਿੰਘ ਦੀ ਨਵੀਂ ਪੁਸਤਕ ਹੈ, ਜਿਸ ਵਿਚ ਲੇਖਕ ਨੇ ਰਾਜਸਥਾਨ ਦੇ ਬਾਰ ਖੇਤਰ ਵਿਚ ਪ੍ਰਚੱਲਿਤ ਮੂਮਲ ਮਹਿੰਦਰ ਦੀ ਪ੍ਰੇਮ ਕਹਾਣੀ ਨੂੰ ਆਪਣੇ ਕਾਵਿ ਨਾਟ ਦੇ ਰੂਪ ਵਿਚ ਪੇਸ਼ ਕੀਤਾ ਹੈ। ਹਜ਼ਾਰਾਂ ਸਾਲ ਪੁਰਾਣੀ ਇਹ ਕਹਾਣੀ ਹੀਰ ਰਾਂਝਾ, ਸੱਸੀ ਪੁੰਨੂੰ, ਸੋਹਣੀ ਮਹੀਂਵਾਲ ਦੀਆਂ ਕਹਾਣੀਆਂ ਵਾਂਗ ਹੀ ਮਕਬੂਲ ਹੈ। ਪੰਜਾਬੀ ਵਿਚ ਇਸ ਤੋਂ ਪਹਿਲਾਂ ਜਸਵੰਤ ਸਿੰਘ ਕੰਵਲ ਹੁਰਾਂ ਦਾ ਨਾਵਲ ਮੂਮਲ ਵੀ ਇਸੇ ਪਿਆਰ ਕਹਾਣੀ ਨੂੰ ਬਿਆਨ ਕਰਦਾ ਸੀ ਪਰ ਸਵਰਨ ਸਿੰਘ ਨੇ ਇਸ ਕਹਾਣੀ ਨੂੰ ਕਾਵਿ-ਨਾਟ ਵਿਚ ਲਿਖ ਕੇ ਇਸ ਨੂੰ ਨਵਾਂ ਰੂਪ ਪ੍ਰਦਾਨ ਕੀਤਾ ਹੈ। ਇਸ ਨਾਟਕ ਵਿਚ ਇਸ ਕਹਾਣੀ ਦਾ ਨਾਇਕ ਮਹਿੰਦਰ ਰਾਣਾ ਹੈ ਜੋ ਅਮਰਕੋਟ ਦਾ ਰਾਜਕੁਮਾਰ ਹੈ ਤੇ ਉਹ ਲੋਦਰਵਾ ਦੀ ਰਾਜਕੁਮਾਰੀ ਮੂਮਲ ਨੂੰ ਰੋਜ਼ ਊਠ 'ਤੇ ਸਵਾਰ ਹੋ ਕੇ ਸੌ ਕੋਹਾਂ ਤੋਂ ਰਾਤੀਂ ਮਿਲਣ ਆਉਂਦਾ ਹੈ ਅਤੇ ਉਸ ਨੂੰ ਮਿਲ ਕੇ ਮੂੰਹ ਹਨੇਰੇ ਅਮਰਕੋਟ ਪਰਤ ਜਾਂਦਾ ਹੈ। ਇਨ੍ਹਾਂ ਦੇ ਪਿਆਰ ਵਿਚ ਪ੍ਰਚੱਲਿਤ ਪ੍ਰੀਤ ਕਥਾਵਾਂ ਵਾਲੀਆਂ ਹੀ ਅੜਚਨਾਂ ਪੁਰਾਤਨ ਰੂੜ੍ਹੀਆਂ ਦੇ ਰੂਪ ਵਿਚ ਦਰਪੇਸ਼ ਹੁੰਦੀਆਂ ਹਨ। ਇਨ੍ਹਾਂ ਅੜਚਨਾਂ ਦੇ ਚਲਦੇ ਹੀ ਦੋਵੇਂ ਪ੍ਰੇਮੀ ਅੰਤ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਹਨ।
ਸਵਰਨ ਸਿੰਘ ਨੇ ਇਸ ਕਾਵਿ-ਨਾਟ ਨੂੰ ਦਸ ਭਾਗਾਂ ਵਿਚ ਵੰਡਿਆ ਹੈ, ਜਿਨ੍ਹਾਂ ਵਿਚ ਵੱਖੋ-ਵੱਖ ਪਾਤਰਾਂ ਦੇ ਸੰਵਾਦ ਰਾਹੀਂ ਕਹਾਣੀ ਨੂੰ ਅੱਗੇ ਤੋਰਿਆ ਗਿਆ ਹੈ। ਪਾਤਰਾਂ ਦੀ ਸਿਰਜਣਾ ਦੇ ਨਾਲ ਹੀ ਲੇਖਕ ਨੇ ਵਿਚਾਲੇ ਸੂਤਰਧਾਰ ਦਾ ਪਾਤਰ ਵੀ ਰੱਖਿਆ ਹੈ ਜੋ ਸਾਰੀ ਕਹਾਣੀ ਨੂੰ ਸੂਤਰਬੱਧ ਕਰਦਾ ਹੈ। ਲੇਖਕ ਨੇ ਸਾਰੀਆਂ ਸਥਿਤੀਆਂ, ਘਟਨਾਵਾਂ ਅਤੇ ਦ੍ਰਿਸ਼ਾਂ ਨੂੰ ਬਹੁਤ ਹੀ ਜੀਵੰਤ ਰੂਪ ਵਿਚ ਚਿਤਰਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਰਜ ਵਿਚ ਲੇਖਕ ਦੀ ਕਲਪਨਾ ਉਡਾਰੀ ਦਾ ਵਿਸ਼ੇਸ਼ ਯੋਗਦਾਨ ਹੈ। ਲੇਖਕ ਨੇ ਇਸ ਕਹਾਣੀ ਨੂੰ ਤਰਕ ਸੰਗਤ ਬਣਾਉਣ ਲਈ ਇਸ ਕਹਾਣੀ ਦੀ ਮੂਲ ਕਥਾ ਵਿਚ ਕਈ ਬਦਲਾਅ ਕੀਤੇ ਹਨ। ਪਰ ਇਹ ਬਦਲਾਅ ਇਸ ਕਾਵਿ ਨਾਟ ਦੇ ਪ੍ਰਸੰਗ ਵਿਚ ਇਸ ਰਚਨਾ ਨੂੰ ਵਧੇਰੇ ਰੌਚਿਕਤਾ ਅਤੇ ਵਿਲੱਖਣਤਾ ਪ੍ਰਦਾਨ ਕਰਦੇ ਹਨ। ਇਸ ਕਾਵਿ ਨਾਟ ਦੀ ਭਾਸ਼ਾ ਆਮ ਜਨ-ਸਾਧਾਰਨ ਦੀ ਭਾਸ਼ਾ ਹੈ ਤੇ ਇਸ ਦੀ ਕਾਵਿ ਸ਼ੈਲੀ ਰੌਚਕ ਤੇ ਉਤਸੁਕਤਾ ਭਰਪੂਰ ਹੈ। ਇਸ ਕਾਵਿ ਨਾਟਕ ਰਾਹੀਂ ਲੇਖਕ ਨੇ ਜਿਥੇ ਰਾਜਸਥਾਨ ਦੇ ਸੱਭਿਆਚਾਰ ਨੂੰ ਇਸ ਰਚਨਾ ਵਿਚ ਬਹੁਤ ਹੀ ਸ਼ਿੱਦਤ ਨਾਲ ਸਿਰਜਿਆ ਹੈ, ਉਥੇ ਰਾਜਸਥਾਨ ਦੇ ਵਿਅੰਜਨ, ਘੁੰਮਰ ਨਾਚ ਅਤੇ ਲੋਕ ਗੀਤਾਂ ਨੂੰ ਵੀ ਕਾਵਿ ਨਾਟ ਵਿਚ ਪਰੋਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਪਾਠਕ ਉਥੋਂ ਦੀ ਮਿੱਟੀ ਦੀ ਖੁਸ਼ਬੂ ਮਾਣ ਸਕੇ। ਸਮੁੱਚੇ ਰੂਪ ਵਿਚ ਇਹ ਖੂਬਸੂਰਤ ਸ਼ੈਲੀ ਵਿਚ ਲਿਖਿਆ ਗਿਆ ਕਾਵਿ ਨਾਟ ਹੈ ਜਿਸ ਦਾ ਪੰਜਾਬੀ ਪਾਠਕ ਭਰਪੂਰ ਅਨੰਦ ਮਾਣ ਸਕਦੇ ਹਨ।

ਡਾ: ਅਮਰਜੀਤ ਕੌਂਕੇ
c c c

ਫੁੱਲਾਂ ਦੀ ਫ਼ਸਲ
ਲੇਖਕ : ਸੁਖਪਾਲ ਸਿੰਘ ਥਿੰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 144
ਸੰਪਰਕ : 98885-21960.

ਪ੍ਰੋ: ਸੁਖਪਾਲ ਸਿੰਘ ਥਿੰਦ 21ਵੀਂ ਸਦੀ ਦੇ ਪੰਜਾਬੀ ਕਹਾਣੀਕਾਰਾਂ ਵਿਚ ਇਕ ਸਥਾਪਤ ਨਾਂਅ ਹੈ। ਬੇਸ਼ੱਕ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 'ਫੁੱਲਾਂ ਦੀ ਫ਼ਸਲ' ਇਸੇ ਵਰ੍ਹੇ 2020 ਹੀ ਪ੍ਰਕਾਸ਼ਿਤ ਹੋਇਆ ਹੈ ਪਰ 'ਹੁਣ' ਵਰਗੇ ਪਰਚਿਆਂ ਵਿਚ ਨਿਰੰਤਰ ਛਪਦੀਆਂ ਰਹੀਆਂ ਕਹਾਣੀਆਂ ਕਾਰਨ ਉਹ ਪਹਿਲਾਂ ਵੀ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਵਿਚ ਚਰਚਿਤ ਲੇਖਕ ਬਣਿਆ ਹੋਇਆ ਸੀ। ਡਾ: ਬਲਦੇਵ ਸਿੰਘ ਧਾਲੀਵਾਲ ਦੁਆਰਾ ਸੰਪਾਦਿਤ ਕਹਾਣੀ ਸੰਗ੍ਰਹਿ 'ਟੂਣੇਹਾਰੀ ਰੁੱਤ : ਇੱਕੀਵੀਂ ਸਦੀ ਦੀ ਪੰਜਾਬੀ ਕਹਾਣੀ' ਵਿਚ ਵੀ ਉਸ ਦੀ ਇਕ ਕਹਾਣੀ ਪ੍ਰਕਾਸ਼ਿਤ ਹੋ ਚੁੱਕੀ ਹੈ ਅਤੇ ਖੁਸ਼ੀ ਵਾਲੀ ਗੱਲ ਇਹ ਵੀ ਹੈ ਕਿ ਇਹ ਕਹਾਣੀ ਸੰਗ੍ਰਹਿ ਪੰਜਾਬੀ ਯੂਨੀਵਰਸਿਟੀ ਦੇ ਐਮ.ਏ. (ਪੰਜਾਬੀ) ਦੇ ਪਾਠਕ੍ਰਮ ਦਾ ਹਿੱਸਾ ਬਣ ਗਿਆ ਹੈ। ਹੁਣ ਉਸ ਦੀ ਕਥਾ-ਕੀਰਤੀ ਦੂਰ-ਦੂਰ ਤੱਕ ਫੈਲ ਰਹੀ ਹੈ। ਅਜੋਕਾ ਉੱਤਰ-ਆਧੁਨਿਕ ਯੁੱਗ ਮੋਹ ਭੰਗ ਦਾ ਯੁੱਗ ਸਿੱਧ ਹੋ ਰਿਹਾ ਹੈ ਕਿਉਂਕਿ ਇਸ ਵਿਚ ਸਥਾਈ ਜੁੱਟ-ਵਿਰੋਧ ਬਰਕਰਾਰ ਨਹੀਂ ਰਹੇ। ਚੰਗੇ/ਮੰਦੇ, ਪ੍ਰਗਤੀਸ਼ੀਲ/ ਪ੍ਰਤੀਕ੍ਰਿਆਵਾਦੀ, ਕਲਿਆਣਕਾਰਤਾ/ਮੌਕਾਪ੍ਰਸਤੀ ਅਤੇ ਪ੍ਰਮਾਣਿਕ/ਅਪ੍ਰਮਾਣਿਕ ਵਿਚਲਾ ਫ਼ਰਕ ਮਿਟ ਗਿਆ ਹੈ। ਵੈਸ਼ਵਿਕ ਪੂੰਜੀਵਾਦ ਨੇ ਕਿਸੇ ਨੂੰ 'ਬਾਹਰ' ਖੜ੍ਹਾ ਹੋ ਕੇ ਚੈਲੰਜ ਕਰਨ ਜਾਂ ਵਿਦਰੋਹ ਕਰਨ ਦੀ ਜ਼ਮੀਨ ਹੀ ਹਾਸਲ ਨਹੀਂ ਹੋਣ ਦਿੱਤੀ। ਕੱਲ੍ਹ ਦੇ ਨਾਇਕ ਅੱਜ ਦੇ ਖਲਨਾਇਕ ਅਤੇ ਅੱਜ ਦੇ ਖਲਨਾਇਕ ਕੱਲ੍ਹ ਨੂੰ ਨਾਇਕ ਬਣ ਸਕਦੇ ਹਨ। ਪੂੰਜੀਵਾਦ ਨੂੰ ਨਾਇਕਾਂ ਦੀ ਨਹੀਂ ਬਲਕਿ ਪੁਤਲਿਆਂ ਦੀ ਜ਼ਰੂਰਤ ਹੈ। ਸੁਖਪਾਲ ਸਿੰਘ ਥਿੰਦ ਨੂੰ ਅਜੋਕੇ ਨਿਜ਼ਾਮ ਦੀ ਇਸ ਫ਼ਿਤਰਤ ਬਾਰੇ ਡੂੰਘੀ ਜਾਣਕਾਰੀ ਹੈ। ਇਹੀ ਕਾਰਨ ਹੈ ਕਿ ਉਸ ਦੀਆਂ ਕਹਾਣੀਆਂ ਚਿੰਤਨ ਅਤੇ ਵਿਚਾਰਧਾਰਾ ਦੇ ਬਣੇ-ਬਣਾਏ ਖਾਨਿਆਂ ਉੱਪਰ ਬੜਾ ਤਿੱਖਾ ਪ੍ਰਹਾਰ ਕਰਦੀਆਂ ਹਨ। ਇਸ ਦੌਰ ਵਿਚ ਸਿੱਖਿਆ ਦਾ ਖੇਤਰ ਵੀ ਅਛੂਤਾ ਨਹੀਂ ਰਹਿ ਗਿਆ। ਅਧਿਆਪਕ ਅਤੇ ਸਿੱਖਿਆ ਨਾਲ ਸਬੰਧਿਤ ਉੱਚ ਅਧਿਕਾਰੀ ਸੱਤਾ ਹਾਸਲ ਕਰਨ ਲਈ ਹਰ ਪ੍ਰਕਾਰ ਦੇ ਦਾਉ-ਪੇਚ ਲੜਾਉਂਦੇ ਰਹਿੰਦੇ ਹਨ। 'ਸਾਂਝਾਂ ਦੀ ਸ਼ਤਰੰਜ' ਵਿਚ ਕਾਲਜ ਟੀਚਰਜ਼ ਯੂਨੀਅਨ ਦੀਆਂ ਦਾਉ-ਪੇਚਾਂ ਵਾਲੀਆਂ ਗਤੀਵਿਧੀਆਂ ਉੱਪਰ ਪ੍ਰਕਾਸ਼ ਪਾਇਆ ਗਿਆ ਹੈ। 'ਕਾਲਖ਼ ਕੋਠੜੀ' ਵਿਚ ਸਮਕਾਲੀ ਰਾਜਨੀਤਕ ਦ੍ਰਿਸ਼ ਦਾ ਨਿਰੂਪਣ ਕੀਤਾ ਗਿਆ ਹੈ। ਪੂੰਜੀਵਾਦ ਕਿਸੇ ਵੀ ਪਾਰਟੀ ਨੂੰ 'ਆਪਣੇ' ਹਿਤਾਂ ਤੋਂ ਲਾਂਭੇ ਨਹੀਂ ਜਾਣ ਦਿੰਦਾ। ਜਿਹੜਾ ਕੋਈ ਸ਼ਖ਼ਸ ਅਜਿਹਾ ਕਰਨ ਦੀ ਜੁਰਅਤ ਕਰਦਾ ਹੈ, ਮੀਡੀਆ ਉਸ ਨੂੰ ਅਪਮਾਨਿਤ ਕਰ ਕੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੰਦਾ ਹੈ। 'ਫੁੱਲਾਂ ਦੀ ਫ਼ਸਲ' ਨਵੀਂ ਪੀੜ੍ਹੀ ਦੁਆਰਾ ਵਿਦੇਸ਼ਾਂ ਵੱਲ ਹਿਜਰਤ ਕਰ ਜਾਣ ਦੇ ਵੇਰਵੇ ਪੇਸ਼ ਕਰਦੀ ਹੈ। 'ਸੰਤ ਦਾ ਕਤਲ' ਉਚੇਰੀ ਸਿੱਖਿਆ ਦੇ ਕੇਂਦਰਾਂ ਨਾਲ ਸਬੰਧਿਤ ਇਕ ਹੋਰ ਰੌਚਕ ਕਥਾ ਹੈ। ਇਸ ਵਿਚ 'ਵਿਵਸਥਾ ਕਿਸੇ ਨੂੰ ਵੀ ਯਥਾਸਥਿਤੀਵਾਦ ਨੂੰ ਵੰਗਾਰਨ ਦਾ ਸਮਾਂ ਨਹੀਂ ਦਿੰਦੀ', ਦੇ ਸੱਚ ਨੂੰ ਦਰਸਾਇਆ ਗਿਆ ਹੈ। 'ਵਾਰਿਸ' ਵਿਚ ਪੰਜਾਬ ਦੇ ਸੰਤਾਪ ਨਾਲ ਸਬੰਧਿਤ ਕੁਝ ਘਟਨਾਵਾਂ ਨੈਰੇਟ ਕੀਤੀਆਂ ਗਈਆਂ ਹਨ। ਸਿੱਖੀ ਦੇ ਜਜ਼ਬੇ ਨਾਲ ਭਰਪੂਰ ਕੋਈ ਨਾ ਕੋਈ ਪਾਤਰ ਉਸ ਦੀ ਹਰ ਕਹਾਣੀ ਵਿਚ ਦੇਖਿਆ ਜਾ ਸਕਦਾ ਹੈ। ਪ੍ਰੋ: ਥਿੰਦ ਦੀ ਇਕ ਵਿਸ਼ੇਸ਼ਤਾ ਭਾਵਾਂ ਅਤੇ ਵਿਚਾਰਾਂ ਨੂੰ ਇਕਸੁਰ ਕਰ ਦੇਣਾ ਹੈ। ਉਸ ਦੇ ਬਿਰਤਾਂਤ ਵਿਚ ਇਹ ਦੋਵੇਂ ਤੱਤ ਅੱਡ-ਅੱਡ ਨਹੀਂ ਰਹਿੰਦੇ ਬਲਕਿ ਇਕ-ਦੂਜੇ ਵਿਚ ਘੁਲਮਿਲ ਜਾਂਦੇ ਹਨ। ਲੰਮੇ ਆਕਾਰ ਅਤੇ ਜਟਿਲ ਬਿਰਤਾਂਤ ਵਾਲੀਆਂ ਇਹ ਕਹਾਣੀਆਂ ਨਵੀਂ ਪੰਜਾਬੀ ਕਹਾਣੀ ਨੂੰ ਲੈਂਗਿਕ ਉਲਾਰਾਂ ਅਤੇ ਚੌਂਕਾ ਦੇਣ ਵਾਲੇ ਸਵੈ-ਜੀਵਨੀ ਮੂਲਕ ਵੇਰਵਿਆਂ ਤੋਂ ਬਾਹਰ ਕੱਢ ਲਿਆਈਆਂ ਹਨ। ਇਸ ਪ੍ਰਕਾਰ ਸਾਡੀ ਕਹਾਣੀ ਨੂੰ ਇਕ ਨਵੀਂ ਸ਼ਨਾਖ਼ਤ ਪ੍ਰਾਪਤ ਹੋਈ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਸਵੈਨਾਮਾ
ਲੇਖਕ : ਉਮਿੰਦਰ ਜੌਹਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ (ਸਜਿਲਦ), ਸਫ਼ੇ : 64
ਸੰਪਰਕ : 94174-94444.

ਉਮਿੰਦਰ ਜੌਹਲ ਪ੍ਰਬੁੱਧ ਆਲੋਚਕ ਅਤੇ ਕਵੀ ਹੈ। 'ਸਵੈਨਾਮਾ' ਉਸ ਦਾ ਤੀਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 'ਰੁਕੇ ਹੋਏ ਪਲ' ਅਤੇ 'ਸਦੀਆਂ ਦਾ ਤਪ' ਕਾਵਿ-ਸੰਗ੍ਰਹਿ ਪੰਜਾਬੀ ਕਾਵਿ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕਾ ਹੈ। 'ਪਾਰ ਭਾਸ਼ਾ ਵਿਗਿਆਨ' ਅਤੇ 'ਸਮੀਖਿਆ ਸੰਵਾਦ' ਉਸ ਦੀਆਂ ਆਲੋਚਨਾ ਖੇਤਰ 'ਚ ਪ੍ਰਕਾਸ਼ਿਤ ਪੁਸਤਕਾਂ ਹਨ। 'ਸਵੈਨਾਮਾ' ਕਾਵਿ-ਸੰਗ੍ਰਹਿ 'ਚ 'ਚਾਰ ਦੀਵਾਰੀ' ਤੋਂ ਲੈ ਕੇ 'ਮੇਰੀ ਉਡੀਕ ਕਰਨਾ' ਤੱਕ 38 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕਾਵਿ-ਸੰਗ੍ਰਹਿ 'ਚ ਸ਼ਾਮਿਲ ਉਸ ਦੀ ਇਹ ਟਿੱਪਣੀ 'ਤੇ ਨਜ਼ਰਸਾਨੀ ਕਰਨੀ ਬਣਦੀ ਹੈ : 'ਮੈਂ ਕਵਿਤਾ ਕਿਸੇ ਲਈ ਨਹੀਂ ਲਿਖਦਾ, ਮੈਂ ਕਵਿਤਾ ਆਪਣੇ ਲਈ ਲਿਖਦਾ ਹਾਂ, ਆਪਣੇ ਨਾਲ ਸੰਵਾਦ ਰਚਾਉਣ ਲਈ ਲਿਖਦਾ ਹਾਂ, ਆਪਣੇ ਨਾਲ ਹੁੰਦੇ ਸੰਵਾਦ ਦਾ ਪ੍ਰਵਾਹ ਹੀ ਜਦ ਸ਼ਬਦਾਂ ਵਿਚ ਵਹਿੰਦਾ ਤਾਂ ਮੇਰੀ ਕਵਿਤਾ ਬਣਦੀ ਹੈ।' ਇਸ ਕਥਨ 'ਚ 'ਆਪਣੇ-ਆਪ' ਨਾਲ ਸੰਵਾਦ ਰਚਾਉਣਾ ਹੀ ਕਵਿਤਾ ਦਾ ਪ੍ਰਮੁੱਖ ਥੀਮ ਹੈ। ਹਰ ਮਨੁੱਖ ਹੀ ਕਿਸੇ ਨਾ ਕਿਸੇ ਪੱਧਰ 'ਤੇ ਆਪਣੇ ਦੁੱਖਾਂ-ਸੁੱਖਾਂ, ਥੋੜ੍ਹਾਂ, ਪ੍ਰਾਪਤੀਆਂ, ਅਪ੍ਰਾਪਤੀਆਂ, ਰਿਸ਼ਤਿਆਂ 'ਚ ਫੈਲਦੀ ਕੁੜੱਤਣ, ਸਮਾਜਿਕ, ਧਾਰਮਿਕ, ਸੱਭਿਆਚਾਰਕ ਵਖਰੇਵਿਆਂ ਨਾਲ ਸੰਵਾਦ ਰਚਾਉਣ ਦੀ ਸਾਰਥਕ/ਨਿਰਾਰਥਕ ਕੋਸ਼ਿਸ਼ ਕਰਦਾ ਹੈ। ਇਹ ਅੰਦਰੂਨੀ ਸੰਵਾਦ ਹੀ ਮਨੁੱਖੀ ਜ਼ਿੰਦਗੀ ਦੀ ਰੌਂਅ ਧੜਕਾਉਂਦਾ ਹੈ। 'ਚਾਰ ਦੀਵਾਰੀ' ਕਵਿਤਾ 'ਚ ਬਾਹਰੀ ਅਤੇ ਅੰਦਰੂਨੀ ਚਾਰ ਦੀਵਾਰੀ ਦੀ ਬਾਤ ਪਾਉਂਦਿਆਂ ਉਹ ਸਮੁੱਚੀ ਕਾਇਨਾਤ ਦੀ ਉਹ ਮੰਜ਼ਰਕਸ਼ੀ ਕਰ ਜਾਂਦਾ ਹੈ :
ਮਨਾਂ ਦੀ ਚਾਰ ਦੀਵਾਰੀ/ਪਲ-ਪਲ ਅੰਦਰ ਫੈਲਦੀ
ਮਨਾਂ ਨੂੰ ਕਾਲ ਕੋਠੜੀ ਬਣਾ ਦਿੰਦੀ
ਕਾਲ-ਕੋਠੜੀਆਂ ਦੀ ਕੈਦ ਦੀ ਕੈਦ 'ਚ
ਸਵੈ-ਸੁਰੱਖਿਆ ਦਾ ਭਰਮ ਪਾਲਦੇ ਮਨੁੱਖ
ਗਲੋਬਲ ਅਖਵਾਉਂਦੇ ਨੇ।
ਆਤਮਿਕ ਸੰਵਾਦ ਰਚਾਉਂਦੀਆਂ ਨਜ਼ਮਾਂ 'ਚ ਪੇਸ਼ ਅੰਦਰੂਨੀ ਦੁਬਿਧਾ ਅਤੇ ਦੁਬਿਧਾ ਮੁਕਤੀ ਦੇ ਅਨੇਕਾਂ ਪ੍ਰਕਰਨ : 'ਪਛਾਣ', 'ਚੁੱਪ', 'ਧੀ', 'ਜੀਵਨ', 'ਝੋਰਾ', 'ਕੋਈ ਵਿਚਾਲਾ ਨਹੀਂ ਹੁੰਦਾ', 'ਕਵਿਤਾ', 'ਸ਼ਬਦ', 'ਉਮਰ', 'ਆਵਾਜ਼ਾਂ', 'ਮੈਂ', 'ਹੀ ਪੂਰਨ', 'ਝੂਠ-ਸੱਚ', 'ਇਕ ਸਿਫ਼ਰ ਸਿਫ਼ਰ' ਅਤੇ 'ਮੈਂ ਅਤੇ ਸੁਪਨਾ' ਆਦਿ ਕਵਿਤਾਵਾਂ 'ਸਵੈਨਾਮਾ' ਦੇ ਅਨੇਕਾਂ ਪ੍ਰਸੰਗਾਂ 'ਚ ਪੇਸ਼ ਸਮਾਜਿਕ ਵਿਸੰਗਤੀਆਂ ਦਾ ਭਰਪੂਰ ਉਲੇਖ ਤਾਂ ਕਰਦੀਆਂ ਹੀ ਹਨ, ਉਥੇ ਨਾਲ-ਨਾਲ ਖੂਬਸੂਰਤ ਭਾਸ਼ਾਈ ਸ਼ਬਦਾਂ ਦੀ ਚੋਣ, ਇਨ੍ਹਾਂ ਪ੍ਰਸਥਿਤੀਆਂ 'ਚ ਵਿਚਰਦੇ ਵਰਤਾਰਿਆਂ ਨੂੰ ਵਿਸਥਾਰ ਵੀ ਦਿੰਦੀਆਂ ਹਨ। 'ਮੇਰੀ ਉਡੀਕ ਕਰਨਾ' ਕਵਿਤਾ ਦੀਆਂ ਹੇਠਲੀਆਂ ਸਤਰਾਂ ਜ਼ਿੰਦਗੀ ਜਿਊਣ ਦੀ ਆਸ਼ਾ ਪੈਦਾ ਕਰਦੀਆਂ ਹਨ :
ਪਰ ਤੁਸੀਂ ਕਿਤੇ ਨਾ ਜਾਇਓ
ਮੈਂ ਹੁਣੇ ਆਇਆ/ਬਸ ਦਾਗ਼ਾਂ 'ਤੇ ਜਾਣਾ
ਉਮਿੰਦਰ ਜੌਹਲ 'ਸਵੈਨਾਮਾ' ਕਾਵਿ-ਸੰਗ੍ਰਹਿ ਰਾਹੀਂ ਜ਼ਿੰਦਗੀ ਪ੍ਰਤੀ ਉਦਾਸੀਨ ਪਹੁੰਚ ਦੀ ਥਾਵੇਂ ਆਸ਼ਾਵਾਦੀ ਸੋਚ ਦੀ ਚਿਣਗ ਮਘਾਉਣ 'ਚ ਸਫਲ ਰਿਹਾ ਹੈ। ਮੈਂ ਇਸ ਕਾਵਿ-ਸੰਗ੍ਰਹਿ ਨੂੰ ਖੁਸ਼ਆਮਦੀਦ ਕਹਿੰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.ੇ

c c c
ਕੀ ਜਾਣਾ ਮੈਂ ਕੌਣ
ਲੇਖਿਕਾ : ਮਨਜੀਤ ਰਾਏ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 300 ਰੁਪਏ, ਸਫ਼ੇ : 136
ਸੰਪਰਕ : 93572-21041.

ਮਨਜੀਤ ਰਾਏ ਦੀ ਇਹ ਪਹਿਲੀ ਪੁਸਤਕ ਹੈ, ਜਿਸ ਵਿਚ ਇਨ੍ਹਾਂ ਨੇ ਆਪਣੀ ਸਵੈ-ਜੀਵਨੀ ਬਿਆਨ ਕੀਤੀ ਹੈ। ਆਪਣੇ ਜੀਵਨ ਦੇ ਸਫ਼ਰ ਪ੍ਰਤੀ ਲੁਕਾ-ਛਿਪੀ ਨਾ ਕਰਨ ਦੀ ਕੋਸ਼ਿਸ਼ ਕਰਕੇ ਦਲੇਰੀ ਵੀ ਦਿਖਾਈ ਹੈ ਅਤੇ ਨਾਲ ਹੀ ਆਪਣੀਆਂ ਕਮੀਆਂ ਵੀ ਜ਼ਾਹਿਰ ਕੀਤੀਆਂ ਹਨ। ਭਾਵੇਂ ਲੇਖਿਕਾ ਨੂੰ ਉਚੇਰੀ ਸਿੱਖਿਆ ਦਾ ਮੌਕਾ ਨਹੀਂ ਮਿਲਿਆ ਪਰ ਗੁੜ੍ਹੇ ਹੋਏ ਜ਼ਿਆਦਾ ਜਾਪਦੇ ਹਨ। ਜੀਵਨ ਵਿਚ ਨਿਰਾਸ਼ਤਾ ਵੀ ਪੱਲੇ ਪਈ ਪਰ ਉਸ ਨੂੰ ਭਾਰੂ ਨਹੀਂ ਹੋਣ ਦਿੱਤਾ। ਆਪਣੀ ਇਸ ਸਵੈ-ਜੀਵਨੀ ਵਿਚ ਲੇਖਿਕਾ ਸੱਚ ਦਾ ਪੱਲਾ ਫੜਦੇ ਹੋਏ ਕੁਝ ਥਾਂਵਾਂ 'ਤੇ ਭਾਵੁਕ ਵੀ ਹੋਈ ਹੈ ਪਰ ਆਪਣੀ ਸੂਝ-ਬੂਝ ਦੇ ਸਦਕਾ ਲਿਖਤ ਨੂੰ ਰੌਚਕ ਬਣਾਉਣ ਦੇ ਨਾਲ-ਨਾਲ ਉਕਸੁਕਤਾ ਵਧਾਈ ਹੈ। ਸਵੈ-ਜੀਵਨੀ ਲਿਖਣ ਪ੍ਰਤੀ ਸਰਲਤਾ ਦੀ ਵਰਤੋਂ ਕਰਦਿਆਂ ਅਰਬੀ, ਫ਼ਾਰਸੀ, ਹਿੰਦੀ, ਅੰਗਰੇਜ਼ੀ ਦੇ ਸ਼ਬਦਾਂ ਨੂੰ ਅਪਣਾਇਆ ਹੈ ਜੋ ਇਨ੍ਹਾਂ ਦੀ ਸ਼ੈਲੀ ਕਹੀ ਜਾ ਸਕਦੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਇਸ ਲੇਖਿਕਾ ਨੇ ਹਰ ਹਾਲਤ ਵਿਚ ਢਲਦੇ ਹੋਏ ਆਪਣੇ-ਆਪ ਨੂੰ ਕਾਬੂ 'ਚ ਰੱਖਦੇ ਹੋਏ ਮਾਂ, ਸਮਾਜਸੇਵੀ, ਬਿਜ਼ਨਸ ਵੂਮੈਨ ਦਾ ਰੋਲ ਵੀ ਬਾਖੂਬੀ ਨਾਲ ਨਿਭਾਇਆ। ਵਿਦੇਸ਼ਾਂ ਵਿਚ ਘੁੰਮਣ ਦਾ ਸ਼ੌਕ ਵੀ ਇਨ੍ਹਾਂ ਨੇ ਸਵੈ-ਜੀਵਨੀ 'ਚ ਬਿਆਨ ਕੀਤਾ ਹੈ। ਪਾਕਿਸਤਾਨ ਵਿਚ ਪੈਦਾ ਹੋਣ, ਬੀਤੇ ਬਚਪਨ, ਪਰਿਵਾਰ, ਗ਼ਰੀਬੀ ਅਤੇ 1947 ਦੀ ਦੇਸ਼ ਵੰਡ ਦਾ ਦਰਦ ਬਿਆਨਿਆ ਹੈ। ਆਪਣੀ ਜ਼ਿੰਦਗੀ ਦੇ ਨਾ ਭੁਲਾਉਣ ਵਾਲੇ ਪਲਾਂ ਨੂੰ ਯੋਗ ਤੇ ਮੈਡੀਟੇਸ਼ਨ ਦੇ ਰਾਹੀਂ ਮਿਲੀ ਰਾਹਤ ਦਾ ਜ਼ਿਕਰ ਆਪਣੀ ਸਵੈ-ਜੀਵਨੀ ਵਿਚ ਕੀਤਾ ਹੈ। ਸਵੈ-ਜੀਵਨੀ ਲਿਖਣ ਪ੍ਰਤੀ ਲੇਖਿਕਾ ਨੇ ਕਾਫੀ ਹੱਦ ਤੱਕ ਇਨਸਾਫ਼ ਕੀਤਾ ਹੈ।

ਬਲਵਿੰਦਰ ਸਿੰਘ ਸੋਢੀ
ਮੋ: 092105-88990.

ਤਾਰੀਖ਼ ਬੋਲਦੀ ਹੈ
ਗਾਥਾ ਕਰਤਾਰਪੁਰ ਲਾਂਘੇ ਦੀ
ਲੇਖਕ : ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨਜ਼, ਪਟਿਆਲਾ
ਮੁੁੱਲ : 250 ਰੁਪਏ, ਸਫ਼ੇ : 176
ਸੰਪਰਕ : 099889-13155.

ਵਿਦਵਾਨ ਲੇਖਕ ਨੇ ਇਸ ਪੁਸਤਕ ਦਾ ਸਮਰਪਣ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸ਼ਰਧਾਂਜਲੀ ਤੇ ਅਕੀਦਤ ਵਜੋਂ ਕੀਤਾ ਹੈ। ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਬਾਰੇ ਲੇਖਕ ਨੇ ਅਨੇਕਾਂ ਵਡਮੁੱਲੀਆਂ ਜਾਣਕਾਰੀਆਂ ਦਿੱਤੀਆਂ ਹਨ। ਮਸਲਨ : 'ਕਰਤਾਰਪੁਰ ਦਾ ਗੁਰਦੁਆਰਾ 42 ਏਕੜ ਜ਼ਮੀਨ 'ਤੇ ਉਸਰਿਆ ਹੋਇਆ ਦੁਨੀਆ ਦਾ ਸਭ ਤੋਂ ਸੁੰਦਰ ਗੁਰਦੁਆਰਾ ਹੈ, ਜਿਸ ਦੇ ਅੰਦਰ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਤੇ ਖੰਡਾ ਸਾਹਿਬ ਹੋਣ ਦੇ ਨਾਲ-ਨਾਲ ਹੀ ਗੁਰੂ ਬਾਬੇ ਨਾਨਕ ਨਾਲ ਸਬੰਧਿਤ ਇਤਿਹਾਸਕ ਖੂਹ ਅਤੇ ਖੇਤ ਹਨ।' ਹਥਲੀ ਪੁਸਤਕ ਵਿਚ ਲੇਖਕ ਨੇ 29 ਖੋਜ ਨਿਬੰਧ ਸ਼ਾਮਿਲ ਕੀਤੇ ਹਨ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਵਿਭਿੰਨ ਸਿਰਲੇਖਾਂ ਹੇਠ ਮੁੱਲਵਾਨ ਜਾਣਕਾਰੀ ਪ੍ਰਸਤੁਤ ਕੀਤੀ ਹੈ। ਅਜਿਹੇ ਸਿਰਲੇਖਾਂ ਦੀਆਂ ਕੁਝ ਉਦਾਹਰਨਾਂ ਵੇਖੋ : ਲਾਂਘਾ ਦੋਵਾਂ ਮੁਲਕਾਂ ਦਾ ਸਹੀ ਫ਼ੈਸਲਾ, ਲਾਂਘੇ ਦੇ ਨਾਂਅ 'ਤੇ ਘਟੀਆ ਪੱਧਰ ਦੀ ਸਿਆਸਤ, ਲਾਂਘੇ ਦੇ ਨੀਂਹ ਪੱਥਰ 'ਤੇ ਉਦਘਾਟਨ, ਦੋ ਖਿਡਾਰੀਆਂ ਦੇ ਸਿਆਸੀ ਚੌਕੇ-ਛੱਕੇ, ਲਾਂਘਾ ਇਮਰਾਨ ਦੀ ਕਹਿਣੀ ਤੇ ਕਰਨੀ ਦਾ ਸੁਮੇਲ, ਲਾਂਘੇ ਦਾ ਕੌਮਾਂਤਰੀ ਪ੍ਰਭਾਵ, ਵੀਹ ਡਾਲਰ ਦੀ ਫੀਸ ਦਾ ਮਾਮਲਾ, ਲਾਂਘੇ ਨੂੰ ਲਗਾਤਾਰ ਕਿਵੇਂ ਜਾਰੀ ਰੱਖਿਆ ਜਾਵੇ ਤੋਂ ਬਿਨਾਂ ਅਨੇਕਾਂ ਹੋਰ ਸਬੰਧਿਤ ਵਿਸ਼ੇ ਸ਼ਾਮਿਲ ਹਨ। ਸੰਗਤਾਂ ਦੀ ਬੜੀ ਦੇਰ ਦੀ ਤਾਂਘ ਸੀ ਕਿ ਕਰਤਾਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ। ਇਸ ਵਿਚ ਸਿਆਸੀ ਲੋਕਾਂ ਦੇ ਯੋਗਦਾਨ ਦੀ ਚਰਚਾ ਕੀਤੀ ਗਈ ਹੈ। ਭਾਰਤ ਦੇ ਉਪ-ਰਾਸ਼ਟਰਪਤੀ ਐਮ. ਵੈਂਕਯਾ ਨਾਇਡੂ ਨੇ ਇਸ ਦਾ ਨੀਂਹ ਪੱਥਰ 26 ਨਵੰਬਰ, 2018 ਨੂੰ ਰੱਖਿਆ। ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਨੇ ਇਸ ਦਾ ਉਦਘਾਟਨ 28 ਨਵੰਬਰ, 2018 ਨੂੰ ਕੀਤਾ ਸੀ। ਇਸ ਲਾਂਘੇ ਬਾਰੇ ਬੜੀ ਦੇਰ ਤੱਕ ਲੋਕਾਂ ਦੀ ਸੋਚ ਦੋ ਹਿੱਸਿਆਂ ਵਿਚ ਵੰਡੀ ਜਾਂਦੀ ਰਹੀ। ਇਕ ਧਿਰ ਦਾ ਵਿਚਾਰ ਸੀ ਕਿ ਅਜਿਹਾ ਹੋਣ ਨਾਲ ਦੋਵਾਂ ਮੁਲਕਾਂ ਵਿਚ ਸਾਂਝ ਵਧੇਗੀ। ਦੂਜੀ ਧਿਰ ਨੂੰ ਡਰ ਸੀ ਕਿ ਇਹ ਲਾਂਘਾ ਅੱਤਵਾਦੀਆਂ ਵਲੋਂ ਦੁਰਵਰਤੋਂ ਦਾ ਕਾਰਨ ਬਣੇਗਾ। 26 ਨਵੰਬਰ ਅਤੇ 28 ਨਵੰਬਰ, 2018 ਦੇ ਸਮਾਗਮਾਂ ਦੀਆਂ ਯਾਦਗਾਰੀ ਫੋਟੋਆਂ ਤੋਂ ਬਿਨਾਂ ਹੋਰ ਫੋਟੋਆਂ ਵੀ ਇਸ ਵਿਚ ਸ਼ਾਮਿਲ ਹਨ। ਨਵਜੋਤ ਸਿੰਘ ਸਿੱਧੂ ਦੀ ਵਡਿਆਈ ਕੀਤੀ ਗਈ ਹੈ। ਯੂ.ਐਨ.ਓ. ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ 18 ਫਰਵਰੀ, 2020 ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਪੁਸਤਕ ਵਿਚ ਬਟਵਾਰੇ ਦੇ ਕਾਰਨ ਅਤੇ ਘੱਟ-ਗਿਣਤੀਆਂ ਦੀਆਂ ਸਮੱਸਿਆਵਾਂ ਬਾਰੇ ਵੀ ਵਿਸਤ੍ਰਿਤ ਚਰਚਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਰਤਾਰਪੁਰ ਲਾਂਘੇ ਦਾ ਮਤਾ ਪਾਸ ਕੀਤਾ ਸੀ। ਇੰਜ ਇਹ ਪੁਸਤਕ ਸਾਂਭਣਯੋਗ ਅਤੇ ਪੜ੍ਹਨਯੋਗ ਦਸਤਾਵੇਜ਼ ਹੋ ਨਿੱਬੜੀ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਖੁਰਦੀਆਂ ਪੈੜਾਂ

ਲੇਖਕ : ਹਰਭਜਨ ਸਿੰਘ ਖੇਮਕਰਨੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 98781-31525.

ਹਰਭਜਨ ਸਿੰਘ ਖੇਮਕਰਨੀ ਮਿੰਨੀ ਕਹਾਣੀ ਲਿਖਣ ਵਾਲੇ ਪ੍ਰਮੁੱਖ ਕਹਾਣੀਕਾਰ ਹਨ। ਹੱਥਲੀ ਪੁਸਤਕ ਉਨ੍ਹਾਂ ਦੀ 12ਵੀਂ ਪੁਸਤਕ ਹੈ ਜਿਸ ਵਿਚ ਉਨ੍ਹਾਂ ਨੇ 68 ਮਿੰਨੀ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਇਨ੍ਹਾਂ ਕਹਾਣੀਆਂ ਵਿਚ ਉਸ ਨੇ ਕਹਾਣੀ ਨੂੰ ਇਕ ਨਵੇਂ ਰੂਪ ਵਿਚ ਪੇਸ਼ ਕੀਤਾ ਹੈ। ਜਿਵੇਂ 'ਅਸੀਸ' ਕਹਾਣੀ ਰਾਹੀਂ ਕੁੜੀ ਜੰਮਣ 'ਤੇ ਵੀ ਖੁਸਰੇ ਨਚਾਏ ਜਾਂਦੇ ਹਨ, ਵਰਗੀ ਪਿਰਤ ਸਮਾਜ ਨੂੰ ਬਦਲਦੀ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਹੀ 'ਖੁਰਦੀਆਂ ਪੈੜਾਂ' ਕਹਾਣੀ ਰਾਹੀਂ ਪੁੱਤ ਨਾ ਹੋਣ 'ਤੇ ਜਵਾਈ ਨੂੰ ਆਪਣੀ ਸੱਸ ਦਾ ਸਸਕਾਰ ਕਰਨ ਤੋਂ ਵਰਜਿਆ ਜਾਂਦਾ ਹੈ ਜੋ ਕਿ ਇਕ ਤ੍ਰਾਸਦਿਕ ਕਹਾਣੀ ਹੈ। 'ਮਕਰੀ ਗੰਧ' ਨਸ਼ਿਆਂ ਦੀ ਕਹਾਣੀ ਹੈ ਜਿਸ ਵਿਚ ਨਸ਼ੇ ਦੀ ਗੰਧ ਚੜ੍ਹਨ ਕਰਕੇ ਹੀ ਇਕ ਵਿਅਕਤੀ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਹੈ। 'ਉਡਾਣ' ਕਹਾਣੀ ਵੀ ਬਹੁਤ ਵਧੀਆ ਅਗਾਂਹਵਧੂ ਸੋਚ ਵਾਲੀ ਕਹਾਣੀ ਹੈ ਜਿਸ ਵਿਚ ਇਕ ਪਿਤਾ ਆਪਣੀ ਬੇਟੀ ਦੇ ਕਹੇ 'ਤੇ ਸ਼ਰਾਬ ਪੀਣੋ ਹਟ ਜਾਂਦਾ ਹੈ ਤੇ ਉਸ ਦੀ ਮਾਂ ਆਪਣੇ ਪਤੀ ਦੀ ਅੱਧੀ ਤਨਖ਼ਾਹ ਵਿਚੋਂ ਬੇਟੀ ਨੂੰ ਪੈਸੇ ਦਿੰਦੀ ਹੈ ਜੋ ਕਿ 5 ਲੱਖ ਬਣ ਜਾਂਦਾ ਹੈ ਤਾਂ ਉਹ ਆਪਣੇ ਪਤੀ ਨੂੰ ਕਾਪੀ ਫੜਾ ਦਿੰਦੀ ਹੈ ਤਾਂ ਉਸ ਦੇ ਪਤੀ ਨੂੰ ਲਗਦਾ ਹੈ ਕਿ ਉਸ ਦੇ ਖੰਭਾਂ ਨੇ ਉਡਾਣ ਭਰ ਲਈ ਹੈ। ਇਸ ਤਰ੍ਹਾਂ 'ਹੁਲਾਰ' ਕਹਾਣੀ ਇਕ ਬਿਰਧ ਆਸ਼ਰਮ ਵਿਚ ਰਹਿਣ ਵਾਲੀ ਬਜ਼ੁਰਗ ਔਰਤ ਦਾ ਬਿਰਤਾਂਤ ਸਿਰਜਿਆ ਗਿਆ ਹੈ। 'ਆਚਾਰ ਵਿਹਾਰ' ਕਹਾਣੀ ਵਿਚ ਵੀ ਇਕ ਔਰਤ ਦੇ ਅੜਬਪੁਣੇ ਦੀ ਗੱਲ ਕੀਤੀ ਗਈ ਹੈ ਕਿ ਗੁਰਨਾਮ ਕੌਰ ਨੂੰ ਰਿਸ਼ਤਿਆਂ ਦੀ ਕਦਰ ਨਹੀਂ ਬਸ ਚੀਜ਼ ਨਾਲ ਮੋਹ ਬਾਰੇ ਦੱਸਿਆ ਗਿਆ ਹੈ। 'ਰੂਹ ਦੀ ਸਾਂਝ' ਕਹਾਣੀ ਵਿਚ ਪਿਆਰ ਮੁਹੱਬਤ ਦੀ ਗੱਲ ਕੀਤੀ ਗਈ ਹੈ। ਇਸ ਪ੍ਰਕਾਰ ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਕਹਾਣੀਕਾਰ ਖੇਮਕਰਨੀ ਦੀਆਂ ਸਾਰੀਆਂ ਮਿੰਨੀ ਕਹਾਣੀਆਂ ਹੀ ਬਹੁਤ ਖ਼ੂਬਸੂਰਤ ਹਨ, ਜਿਨ੍ਹਾਂ ਵਿਚ ਸਮਾਜਿਕ ਯਥਾਰਥ ਨੂੰ ਬਾਖ਼ੂਬੀ ਚਿੱਤਰਿਆ ਗਿਆ ਹੈ। ਲੇਖਕ ਵਧਾਈ ਦਾ ਪਾਤਰ ਹੈ।

ਡਾ: ਗੁਰਬਿੰਦਰ ਕੌਰ ਬਰਾੜ
ਮੋ. 098553-95161

19-12-2020

 ... ਤੇ ਫੇਰ ਜੰਗ
ਸੰਪਾਦਕ : ਜਸਬੀਰ ਭੁੱਲਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 178
ਸੰਪਰਕ : 91-172-5027427.

ਹਥਲੇ ਸੰਗ੍ਰਹਿ ਵਿਚ ਕਰਨਲ ਜਸਬੀਰ ਭੁੱਲਰ ਦੁਆਰਾ ਸੰਪਾਦਿਤ 18 ਕਹਾਣੀਆਂ ਸੰਗ੍ਰਹਿਤ ਹਨ। ਇਹ ਸਾਰੀਆਂ ਕਹਾਣੀਆਂ ਜੰਗਾਂ-ਯੁੱਧਾਂ ਨਾਲ ਬਾਵਸਤਾ ਹਨ। ਇਸ ਸੰਗ੍ਰਹਿ ਵਿਚ ਉਸ ਦੀਆਂ ਆਪਣੀਆਂ ਦੋ ਕਹਾਣੀਆਂ ਤੋਂ ਬਿਨਾਂ ਕੁਲਵੰਤ ਸਿੰਘ ਵਿਰਕ, ਸ਼ਿਵਦੇਵ ਸੰਧਾਵਾਲੀਆ, ਤਰਲੋਕ ਮਨਸੂਰ, ਦਲੀਪ ਕੌਰ ਟਿਵਾਣਾ, ਦਲਬੀਰ ਚੇਤਨ, ਰਣਜੀਤ ਸਿੰਘ, ਖ਼ਾਲਿਦ ਹੁਸੈਨ, ਜਿੰਦਰ, ਗੁਰਮੀਤ ਪਨਾਗ, ਸਵੈਰਾਜ ਸੰਧੂ ਅਤੇ ਕਰਨਲ ਸੱਤਪਾਲ ਰੰਧਾਵਾ ਦੀਆਂ ਕਹਾਣੀਆਂ ਸ਼ਾਮਿਲ ਹਨ।
ਇਸ ਸੰਗ੍ਰਹਿ ਦੀ ਹਰ ਕਹਾਣੀ ਜੰਗਾਂ-ਯੁੱਧਾਂ ਨਾਲ ਸਬੰਧਿਤ ਕੋਈ ਨਵਾਂ ਪਾਸਾਰ ਖੋਲ੍ਹਦੀ ਹੈ। ਕਿਸੇ ਕਹਾਣੀ ਵਿਚ ਪਰਾਕ੍ਰਮ ਹੈ, ਕਿਸੇ ਵਿਚ ਦਹਿਸ਼ਤ ਹੈ, ਕਿਸੇ ਵਿਚ ਜਵਾਂਮਰਦੀ ਹੈ, ਕਿਸੇ ਵਿਚ ਜ਼ੁਲਮ ਹੈ ਅਤੇ ਕਿਸੇ ਵਿਚ ਉਜਾੜਾ ਹੈ। ਕੁਲਵੰਤ ਸਿੰਘ ਵਿਰਕ ਆਪਣੀ ਕਹਾਣੀ 'ਧਰਤੀ ਹੇਠਲਾ ਬੌਲਦ' ਵਿਚ ਦਰਸਾਉਂਦਾ ਹੈ ਕਿ ਫ਼ੌਜੀ ਜਵਾਨਾਂ ਦੇ ਪਰਿਵਾਰ ਵੀ ਕਾਫ਼ੀ ਸਖ਼ਤ ਜਾਨ ਹੋ ਜਾਂਦੇ ਹਨ ਅਤੇ ਉਹ ਆਪਣੇ ਕਿਸੇ ਪੁੱਤਰ-ਪੋਤਰੇ ਦੀ ਸ਼ਹੀਦੀ ਬਾਰੇ ਵਿਰਲਾਪ ਕਰ ਕੇ ਕਿਸੇ ਤੋਂ ਸਹਾਨੁਭੂਤੀ ਦੀ ਖ਼ੈਰ ਨਹੀਂ ਮੰਗਦੇ। ਜਿਸ ਦਿਨ ਉਹ ਆਪਣੇ ਕਿਸੇ ਬੱਚੇ ਨੂੰ ਫ਼ੌਜ ਵਿਚ ਭਰਤੀ ਕਰਵਾ ਦਿੰਦੇ ਹਨ, ਉਸੇ ਦਿਨ ਤੋਂ ਉਸ ਦੀ ਸ਼ਹੀਦੀ ਲਈ ਵੀ ਤਿਆਰ ਰਹਿੰਦੇ ਹਨ। ਸ਼ਿਵਦੇਵ ਸੰਧਾਵਾਲੀਆ ਜੰਗਾਂ ਵਿਚ ਹੋਣ ਵਾਲੀ ਤਬਾਹੀ ਅਤੇ ਜ਼ੁਲਮ ਦੇ ਖੌਫ਼ਨਾਕ ਚਿੱਤਰ ਉਲੀਕਦਾ ਹੈ। ਦਲੀਪ ਕੌਰ ਟਿਵਾਣਾ ਆਪਣੀ 'ਕਹਾਣੀ' ਨੂੰ ਇਕ ਫ਼ੌਜੀ ਦੇ ਪਿੱਛੇ ਲਗਾ ਦਿੰਦੀ ਹੈ ਤਾਂ ਜੋ ਉਸ ਫ਼ੌਜੀ ਦੇ ਮਨ ਨੂੰ ਪੜ੍ਹਿਆ ਜਾ ਸਕੇ ਪਰ ਉਸ ਦੀ ਕਹਾਣੀ ਆਪਣੇ ਮੰਤਵ ਵਿਚ ਕਾਮਯਾਬ ਨਹੀਂ ਹੋ ਪਾਉਂਦੀ ਕਿਉਂਕਿ ਮੌਤ, ਉਸ ਫ਼ੌਜੀ ਨੂੰ ਪਹਿਲਾਂ ਹੀ ਪਕੜ ਲੈਂਦੀ ਹੈ। ਖ਼ਾਲਿਦ ਹੁਸੈਨ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਹਿੰਦੂ-ਸਿੱਖ ਪਰਿਵਾਰਾਂ ਦੀ ਤਬਾਹੀ ਦੇ ਮੰਜ਼ਰ ਪੇਸ਼ ਕਰਦਾ ਹੈ। ਸੁਖਵੰਤ ਕੌਰ ਮਾਨ ਵੀ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦੀ ਦਹਿਸ਼ਤ ਦੇ ਕਾਰਨ 'ਭਾਜੜ' ਦਾ ਇਕ ਤ੍ਰਾਸਦਕ ਚਿੱਤਰ ਪੇਸ਼ ਕਰਦੀ ਹੈ। ਜਸਬੀਰ ਸਿੰਘ ਭੁੱਲਰ ਜੰਗ ਦੀ ਵਹਿਸ਼ਤ ਦਾ ਨਿਰੂਪਣ ਕਰਨ ਲਈ ਭਾਵਾਂ ਗੁੱਧੀ ਬੋਲ-ਸ਼ੈਲੀ ਦਾ ਪ੍ਰਯੋਗ ਕਰਦਾ ਹੈ। ਉਸ ਦੀ ਗਲਪਕਾਰੀ, ਕਵਿਤਾਕਾਰੀ ਹੋ ਨਿੱਬੜਦੀ ਹੈ। ਉਹ ਦਰਸਾਉਂਦਾ ਹੈ ਕਿ ਵਿਰੋਧੀ ਖੇਮਿਆਂ ਵਿਚੋਂ ਲੜਨ ਵਾਲੇ ਸਿਪਾਹੀ ਇਕ-ਦੂਜੇ ਦੇ ਸੱਚੀ-ਮੁੱਚੀ ਦੇ ਦੁਸ਼ਮਣ ਨਹੀਂ ਹੁੰਦੇ ਬਲਕਿ ਸਿਅਸਤ ਉਨ੍ਹਾਂ ਨੂੰ ਦੁਸ਼ਮਣੀ ਕਰਨ ਲਈ ਮਜਬੂਰ ਕਰਦੀ ਹੈ। ਇੰਜ ਹਰ ਕਹਾਣੀਕਾਰ ਆਪਣੀ-ਆਪਣੀ ਕਹਾਣੀ ਵਿਚ ਮਾਨਵਤਾ ਦਾ ਪਰਚਮ ਬੁਲੰਦ ਕਰਦਾ ਹੈ। ਕਈ ਕਹਾਣੀਆਂ ਖੱਲ੍ਹੇ ਅੰਤ ਵਾਲੀਆਂ ਹਨ (ਦੇਖੋ : ਦਲਬੀਰ ਚੇਤਨ ਦੀ 'ਤਕੀਆ ਕਲਾਮ')। ਇਸ ਕਹਾਣੀ ਵਿਚ ਕੋਈ ਸੁਗਠਿਤ ਪਲਾਟ ਨਹੀਂ ਹੈ। ਫਿਰ ਵੀ ਇਹ ਕਹਾਣੀ ਆਪਣਾ ਸੰਦੇਸ਼ ਵਿਅਕਤ ਕਰਨ ਵਿਚ ਪੂਰੀ ਤਰ੍ਹਾਂ ਨਾਲ ਸਫਲ ਰਹੀ ਹੈ। 'ਰੋਡੋਡੈਂਡ ਰੋਜ਼ (ਰਣਜੀਤ ਸਿੰਘ), 'ਨੋ ਮੈਨਜ਼ ਲੈਂਡ' (ਜਸਬੀਰ ਭੁੱਲਰ), 'ਯੁੱਧ' (ਤਰਲੋਕ ਮਨਸੂਰ), 'ਚੈਰੀ ਦੇ ਫੁੱਲ' (ਕਰਨਲ ਸੱਤਪਾਲ ਰੰਧਾਵਾ) ਅਤੇ 'ਗ਼ੱਦਾਰ' (ਸ਼ਿਵਦੇਵ ਸੰਧਾਵਾਲੀਆ) ਇਸ ਸੰਗ੍ਰਹਿ ਦੀਆਂ ਕੁਝ ਹੋਰ ਭਾਵਪੂਰਤ ਕਹਾਣੀਆਂ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਜੀਰਾਂਦਿ
ਲੇਖਿਕਾ : ਦਲਜੀਤ ਕੌਰ ਦਾਊਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 99155-60280.

ਦਲਜੀਤ ਕੌਰ ਦਾਊਂ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ, ਉਸ ਨੇ ਹੁਣ ਤੱਕ ਕਾਵਿ ਸੰਗ੍ਰਹਿ, ਸੱਭਿਆਚਾਰ, ਕਹਾਣੀ ਸੰਗ੍ਰਹਿ, ਖੋਜ ਪੁਸਤਕ ਤੇ ਬਾਲ ਸਾਹਿਤ ਬਾਰੇ ਪੁਸਤਕਾਂ ਲਿਖ ਕੇ ਸਾਹਿਤ ਖੇਤਰ ਵਿਚ ਚੋਖਾ ਯੋਗਦਾਨ ਪਾਇਆ ਹੈ। ਹਥਲੀ ਪੁਸਤਕ 'ਜੀਰਾਂਦਿ', ਨਾਰੀ-ਕਾਵਿ ਰੂਪ ਉਸ ਨੇ ਮਿਹਨਤਕਸ਼ ਆਲਮੀ ਔਰਤਾਂ ਦੇ ਨਾਂਅ ਸਮਰਪਿਤ ਕਰ ਕੇ ਨਾਰੀ ਨੂੰ ਉੱਚਾ ਦਰਜਾ ਦਿੱਤਾ ਹੈ।
ਲੇਖਿਕਾ ਮਾਨਵਵਾਦੀ ਸੋਚ ਨੂੰ ਪ੍ਰਣਾਈ ਹੋਈ ਪੁਰਾਤਨ ਸਰੋਕਾਰਾਂ ਨੂੰ ਨਕਾਰਦੀ ਹੋਈ ਨਵੀਂ ਵਿਚਾਰਧਾਰਾ ਦਾ ਆਦਰਸ਼ ਪੇਸ਼ ਕਰਦੀ ਹੈ। ਉਹ ਔਰਤ ਦੀ ਪ੍ਰਾਚੀਨ ਸਥਿਤੀ ਤੋਂ ਹੁਣ ਤੱਕ ਦੀ ਸਥਿਤੀ ਨੂੰ ਬਾਖ਼ੂਬੀ ਪੇਸ਼ ਕਰਦੀ ਹੋਈ ਔਰਤ ਦੇ ਵੱਖ-ਵੱਖ ਰੂਪਾਂ ਨੂੰ ਕਾਵਿ ਰੂਪ ਵਿਚ ਉਲੀਕਦੀ ਹੈ। ਹੁਣ ਤੱਕ ਔਰਤ ਦੀ ਹਰ ਪੱਖ ਤੋਂ ਹੋ ਰਹੀ ਲੁੱਟ-ਖਸੁੱਟ ਨੂੰ ਉਸ ਦੀ ਆਤਮਾ ਸਹਿਣ ਨਹੀਂ ਕਰ ਸਕਦੀ ਤੇ ਉਹ ਸਮਾਜ ਵਿਚ ਔਰਤ ਨੂੰ ਮੰਡੀ ਦੀ ਵਸਤੂ ਬਣਨ ਨੂੰ ਨਕਾਰਦੀ ਹੋਈ ਆਪਣੀ ਅਜ਼ਮਤ ਦੀ ਅਪ ਰਾਖੀ ਕਰਨ ਵੱਲ ਪ੍ਰੇਰਨਾ ਸ੍ਰੋਤ ਬਣਦੀ ਹੈ। ਉਸ ਦੀਆਂ ਕਵਿਤਾਵਾਂ ਵਿਚ ਵੱਖ-ਵੱਖ ਵਿਸ਼ੇ ਉੱਭਰ ਕੇ ਸਾਹਮਣੇ ਆਉਂਦੇ ਹਨ ਇਕ ਮਜ਼ਦੂਰਨ ਜੋ ਮਿੱਟੀ ਸੰਗ ਮਿੱਟੀ ਹੋ ਰਹੀ ਹੈ ਪਰ ਮਾਂ ਦੀ ਮਮਤਾ ਸਭ ਦੀ ਇਕੋ ਜਿਹੀ ਹੈ
ਇਕ ਨੂਰ ਕੁੱਖ ਵਿਚ ਸਾਂਭ
ਦੂਜਾ ਰੁੱਖ ਦੀ ਟਹਿਣੀ ਨਾਲ ਬੰਨ੍ਹੇ
ਮਟਿਆਲੇ ਕੱਪੜੇ ਦੇ ਝੂਲੇ 'ਚ
ਅੰਗੂਠਾ ਚੂਸਦੀ ਆਂਦਰ ਨੂੰ ਝੂਟਾ ਦੇਣਾ
ਕਦੇ ਨਾ ਭੁੱਲਦੀ, ਮਜ਼ਦੂਰ ਮਾਂ ਦੀ ਮਮਤਾ।
ਉਹ ਨਦੀ ਦੀ ਗਾਥਾ ਨੂੰ ਔਰਤ ਨਾਲ ਤਸ਼ਬੀਹ ਦਿੰਦੀ ਹੋਈ ਪਵਿੱਤਰਤਾ ਕਾਇਮ ਰੱਖਣ ਲਈ ਸਮਾਜ ਨੂੰ ਵਾਸਤਾ ਪਾਉਂਦੀ ਹੈ ਤੇ ਦੂਜੇ ਪਾਸੇ ਸਭ ਤੋਂ ਵੱਡੀ ਸ਼ਕਤੀ ਦਾ ਸੋਮਾ ਸੂਰਜ ਨੂੰ ਦੁਆ ਕਰਦੀ ਹੈ
ਨਵੇਂ ਸਾਲ ਦੇ ਸੂਰਜਾ
ਤੂੰ ਕੁੜੀਆਂ ਦੀ ਅਲ੍ਹੜ ਰੁੱਤ ਨੂੰ
ਸ਼ਰਮ ਦਾ ਕੱਜਣ ਪਹਿਨਾਦੀਂ।
ਉਹ ਔਰਤ ਦੀ ਅਸਮਤ ਦੀ ਪਹਿਰੇਦਾਰ ਬਣਨ ਦਾ ਹੌਸਲਾ ਰੱਖਦੀ ਹੋਈ ਜੱਗ ਜਨਨੀ ਨੂੰ ਸਮਾਜ ਵਿਚ ਸਨਮਾਨਯੋਗ ਸਥਾਨ ਦਿਵਾਉਣ ਲਈ ਆਪਣੇ ਵਿਚਾਰ ਕਾਵਿ ਰੂਪ ਵਿਚ ਪੇਸ਼ ਕਰਦੀ ਹੈ। ਪਰ ਅੱਜ ਦੇ ਆਰਥਿਕਤਾ ਦੇ ਯੁੱਗ ਵਿਚ ਔਰਤ ਆਪਣੇ-ਆਪ ਨੂੰ ਮੰਡੀ ਦੀ ਵਸਤੂ ਕਿਉਂ ਬਣਾ ਰਹੀ ਹੈ ਇਸ ਹਾਲਾਤ ਤੋਂ ਉਹ ਪੂਰੀ ਤਰ੍ਹਾਂ ਸੁਚੇਤ ਹੈ ਤੇ ਆਪਣੀਆਂ ਧੀਆਂ-ਭੈਣਾਂ ਨੂੰ ਇਸ ਤੋਂ ਬਚ ਕੇ ਰਹਿਣ ਲਈ ਰਾਹ ਦਸੇਰੀ ਬਣਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ
ਸੋਨੇ ਰੰਗੇ ਜਾਲ 'ਚ ਫਸ ਕੇ
ਚਿੜੀਆਂ ਚੋਗ ਚੁਗਦੀਆਂ ਮੋਈਆਂ।
ਲੇਖਿਕਾ ਇਸਤਰੀ ਮਨ ਦੀ ਹਰ ਤਹਿ ਨੂੰ ਫਰੋਲਦੀ, ਉਸ ਦੀ ਮਾਨਸਿਕਤਾ ਨੂੰ ਉਘਾੜਦੀ, ਭਾਵਨਾਵਾਂ ਨੂੰ ਉਭਾਰਦੀ, ਹਰ ਪੀੜ ਨੂੰ ਸ਼ਬਦਾਂ ਵਿਚ ਪਰੋ ਕੇ ਪੇਸ਼ ਕਰਦੀ ਹੈ। ਮਾਂ ਦੀ ਆਂਦਰ, ਚੀਰ ਹਰਨ, ਔਰਤ ਦੀ ਹੋਣੀ, ਵੇਦਨਾ, ਕਰਜ਼ਾਈ ਜ਼ਿੰਦਗੀ ਤੇ ਸਾਡੇ ਦੁੱਖਾਂ ਦੀ ਕਹਾਣੀ ਔਰਤ ਮਨ ਦੀਆਂ ਭਿੰਨ-ਭਿੰਨ ਤੈਹਾਂ ਨਾਲ ਸਬੰਧਿਤ ਕਵਿਤਾਵਾਂ ਹਨ। ਉਹ ਔਰਤ ਦੇ ਹੱਕ ਵਿਚ ਸਮਾਜਿਕ ਚੇਤੰਨਤਾ ਦਾ ਸੁਨੇਹਾ ਦਿੰਦੀ ਹੋਈ ਸਮੁੱਚੀ ਧਰਤੀ ਦੀ ਪੀੜ ਨੂੰ ਕਾਵਿ ਰੂਪ ਵਿਚ ਸਮੋ ਕੇ ਪਾਠਕਾਂ ਸਾਹਮਣੇ ਪਰੋਸਦੀ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਤਿਤਲੀ, ਭੰਵਰਾ ਅਤੇ ਫੁੱਲ
ਲੇਖਕ : ਸੋਹਨ ਲਾਲ ਗੁਪਤਾ
ਪ੍ਰਕਾਸ਼ਕ : ਅਦਬ ਪ੍ਰਕਾਸ਼ਨ, ਪਟਿਆਲਾ
ਮੁੱਲ : 80 ਰੁਪਏ, ਸਫ਼ੇ : 120
ਸੰਪਰਕ : 98144-84161.


ਚਰਚਾ ਅਧੀਨ ਇਸ ਪੁਸਤਕ ਵਿਚ 29 ਨਿਬੰਧ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਨਿਬੰਧਾਂ ਦੇ ਵਿਸ਼ੇ ਵੰਨ-ਸੁਵੰਨੇ ਹਨ। ਮਿਸਾਲ ਦੇ ਤੌਰ 'ਤੇ ਸਿਹਤ, ਭੋਜਨ, ਬੱਚਿਆਂ ਦੀ ਸੁਰੱਖਿਆ, ਰੁੱਖ, ਨਸ਼ੇ, ਸੜਕ ਹਾਦਸੇ, ਬਜ਼ੁਰਗ, ਲਾਕਡਾਊਨ ਤੋਂ ਸਿੱਖਿਆ ਅਤੇ ਹੋਰ ਕਿੰਨੇ ਹੀ। ਸ਼ਖ਼ਸੀਅਤਾਂ ਬਾਰੇ, ਆਮ ਪਾਠਕਾਂ ਨੂੰ ਨਸੀਹਤਾਂ, ਸਿਆਣਪਾਂ ਅਤੇ ਮਸ਼ਵਰੇ ਦੇਣ ਵਾਲੇ ਨਿਬੰਧ ਵੀ ਹਨ। ਕੁਝ ਨਿਬੰਧ ਬਹੁਤ ਹੀ ਸਾਦ ਮੁਰਾਦੇ (ਬਦ ਨਾਲੋਂ ਬਦਨਾਮ ਬੁਰਾ, ਖਾਣਾ ਖਾਣ ਲਈਨਾ ਕਹੇਜਾਣ ਦੀ ਭੁੱਲ, ਪੱਖੇ ਦੀਆਂ ਖਰੀਆਂ-ਖਰੀਆਂ, ਵਾਲ ਕਲਾਕਾਂ ਦੀ ਚਾਲੂ ਹਾਲਤ) ਅਤੇ ਕੁਝ ਨਿਬੰਧ (ਤਿਤਲੀ, ਭੰਵਰਾ ਅਤੇ ਫੁੱਲ, ਸੱਚ ਬੋਲਣ ਕਰਕੇ ਹੋਈ ਪ੍ਰਸੰਸਾ, ਕਾਰ ਦੀ ਸਪੀਡ ਘੱਟ ਰੱਖਣ ਦੀ ਆਦਤ) ਖ਼ੂਬਸੂਰਤ ਯਾਦਾਂ ਵਾਂਗ ਹਨ। ਲੇਖਕ ਦੀ ਪਹੁੰਚ ਮਨੁੱਖਤਾਵਾਦੀ ਹੈ। ਉਹ ਬਹੁਤੀ ਬਨਾਵਟੀ ਗੋਂਦ ਨਹੀਂ ਗੁੰਦਦਾ। ਉਸ ਨੇ ਜੋ ਕੁਝ ਵੀ ਲਿਖਿਆ ਹੈ, ਸਰਲ ਅਤੇ ਸਪੱਸ਼ਟ ਹੈ। ਉਸ ਦੀ ਲੇਖਣੀ ਮਨ ਵਿਚ ਉਤਰਦੀ ਹੈ ਅਤੇ ਪਾਠਕ ਨੂੰ ਸੋਚਣ ਲਾਉਂਦੀ ਹੈ। ਭਾਵੇਂ ਇਸਪੁਸਤਕ ਦੇ ਨਿਬੰਧ ਵਿਸ਼ਵ ਵਿਆਪੀ ਮੁੱਦਿਆਂ ਜਾਂ ਕਿਸੇ ਵਾਦ ਨਾਲ ਨਹੀਂ ਜੁੜੇ ਹੋਏ, ਪਰ ਸਾਨੂੰ ਜਿਊਣ ਦਾ ਸਲੀਕਾ ਜ਼ਰੂਰ ਦੱਸਦੇ ਹਨ। ਇਸ ਪੁਸਤਕ ਦਾ ਖ਼ੂਬਸੂਰਤ ਪੱਖ ਇਹ ਹੈ ਲੇਖਕ ਨੇ ਹਰ ਨਿਬੰਧ ਇਮਾਨਦਾਰੀ ਨਾਲ, ਸਚਾਈ ਨਾਲ ਅਤੇ ਬੇਬਾਕੀ ਨਾਲ ਲਿਖਿਆ ਹੈ। ਕੁਝ ਸੁਝਾਅ ਦੇਣੇ ਬਣਦੇ ਹਨ : ਲੇਖਾਂ ਦੇ ਸਿਰਲੇਖ ਕਿਤੇ-ਕਿਤੇ ਲੰਬੇ ਹੋਣ ਕਰਕੇ ਅੱਖੜਦੇ ਹਨ। ਕਿਤੇ-ਕਿਤੇ ਟਾਈਪ/ਪਰੂਫ਼ ਦੀਆਂ ਗ਼ਲਤੀਆਂ ਵੀ ਰਹਿ ਗਈਆਂ ਹਨ। ਕਿਤੇ ਸ਼ਬਦ ਚੋਣ ਤੇ ਵੀ ਹੋਰ ਵਿਚਾਰ ਕੀਤੀ ਜਾਣੀ ਬਣਦੀ ਹੈ। ਵਿਸ਼ੇਸ਼ ਤੌਰ 'ਤੇ, 'ਕੁਝ ਮਹਾਰਾਸ਼ਟਰ ਬਾਰੇ, 'ਨਿਯਮਾਂ ਅੰਦਰ ਛੁਪੀ ਭਲਾਈ ਦੀ ਭਾਵਨਾ, 'ਹਰੇਕ ਪਿੰਡ ਨੂੰ ਆਪਣੀ ਹਾਲਤ ਖ਼ੁਦ ਸੁਧਾਰਨ ਦੀ ਲੋੜ' ਨਿਬੰਧ ਇਸ ਪੁਸਤਕ ਦਾ ਹਾਸਲ ਹਨ। ਪੰਜਾਬੀ ਸਾਹਿਤ ਵਿਚ ਸ਼ਾਮਿਲ ਹੋਣ 'ਤੇ ਇਸ ਪੁਸਤਕ ਦਾ ਹਾਰਦਿਕ ਸਵਾਗਤ ਹੈ। ਭਵਿੱਖ ਵਿਚ ਇਸ ਪੁਸਤਕ ਦੇ ਲੇਖਕ ਕੋਲੋਂ ਹੋਰ ਵੀ ਪਾਏਦਾਰ ਸਾਹਿਤ ਸਿਰਜੇ ਜਾਣ ਦੀ ਉਮੀਦ ਬੱਝਦੀ ਹੈ।

ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686


ਮੇਰੇ ਕਾਵਿ ਨਾਟਕ

ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 750, ਸਫ਼ੇ : 520.
ਸੰਪਰਕ : 011-45555610

ਮੇਰੇ ਕਾਵਿ ਨਾਟਕ ਸੈਂਚੀ ਪੰਜਵੀਂ ਰਵਿੰਦਰ ਰਵੀ ਦੇ ਨਾਟਕਾਂ ਦੀ ਪੁਸਤਕ ਹੈ, ਜਿਸ ਵਿਚ ਲੇਖਕ ਨੇ ਆਪਣੀਆਂ ਤਿੰਨ ਨਾਟਕ-ਪੁਸਤਕਾਂ ਵਿਚ ਛਪੇ ਆਪਣੇ ਚਾਰ ਨਾਟਕ, ਆਪੋ-ਆਪਣੇ ਦਰਿਆ, ਹੋਂਦ ਨਿਹੋਂਦ ਅਤੇ ਪ੍ਰਤੱਖ ਤੋਂ ਅਗਾਂਹ ਅਤੇ ਭਰਮ ਜਲ ਸ਼ਾਮਿਲ ਕੀਤੇ ਹਨ। ਇਹ ਨਾਟਕ ਭਾਰਤ ਦੇ ਰੰਗ ਕਰਮੀਆਂ ਵਲੋਂ ਬਹੁਤ ਹੀ ਸਫਲਤਾ ਸਹਿਤ ਭਾਰਤ ਵਿਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਨਾਟਕਾਂ ਦੇ ਪੜ੍ਹਨ ਉਪਰੰਤ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਰਵਿੰਦਰ ਰਵੀ ਆਧੁਨਿਕ ਯੁੱਗ ਚੇਤਨਾ ਦਾ ਲੇਖਕ ਹੈ। ਉਸ ਦੀਆਂ ਕਵਿਤਾਵਾਂ, ਕਹਾਣੀਆਂ ਤੇ ਨਾਟਕਾਂ ਵਿਚ ਉਸ ਦੀ ਇਸ ਉੱਤਰ-ਆਧੁਨਿਕ ਚੇਤਨਾ ਦੇ ਝਲਕਾਰੇ ਮਿਲਦੇ ਹਨ। ਆਪੋ-ਆਪਣੇ ਦਰਿਆ ਵਿਚ ਲੇਖਕ ਆਧੁਨਿਕ ਜੀਵਨ ਦੇ ਜਟਿਲ ਵਰਤਾਰਿਆਂ ਤੇ ਵਿਸੰਗਤੀਆਂ ਨੂੰ ਆਪਣੇ ਨਾਟਕ ਵਿਚ ਪੇਸ਼ ਕਰਦਾ ਹੈ। ਇਹ ਨਾਟਕ ਅਜੋਕੇ ਜੀਵਨ ਵਿਚ ਵਿਚਰ ਰਹੇ ਮਨੁੱਖ ਦੇ ਜੀਵਨ ਸੱਚ ਨੂੰ ਆਪਣੇ ਵਸਤੂ ਵਜੋਂ ਪੇਸ਼ ਕਰਦਾ ਹੈ। ਟੁੱਟ ਰਹੇ ਪਰਿਵਾਰਾਂ ਵਿਚਲੇ ਤਿੜਕਦੇ ਮਾਨਵੀ ਰਿਸ਼ਤਿਆਂ, ਨੈਤਿਕ ਮੁੱਲਾਂ ਵਿਚ ਟਕਰਾਅ, ਅਜੋਕੀ ਜੀਵਨ ਸ਼ੈਲੀ, ਧਰਮ ਆਦਿ ਦੇ ਸੰਕਟ ਇਸ ਨਾਟਕ ਵਿਚ ਦੇਖਣ ਮਿਲਦੇ ਹਨ। ਇਸੇ ਤਰ੍ਹਾਂ ਹੋਂਦ-ਨਿਹੋਂਦ ਵਿਚ ਲੇਖਕ ਨੇ ਆਧੁਨਿਕ ਮਾਨਵ ਦੇ ਅਸਤਿੱਤਵੀ ਸੰਕਟਾਂ ਨੂੰ ਆਪਣੇ ਨਾਟਕ ਦੇ ਮੂਲ ਵਿਸ਼ੇ ਵਜੋਂ ਚਿਤਰਿਆ ਹੈ। ਅਜੋਕਾ ਮਾਨਵ ਆਪਣੀ ਹੋਂਦ ਦੀ ਤਲਾਸ਼ ਵਿਚ ਭਟਕ ਰਿਹਾ ਹੈ ਪਰ ਉਸ ਨੂੰ ਕਿਧਰੇ ਵੀ ਸਕੂਨ ਪ੍ਰਾਪਤ ਨਹੀਂ ਹੋ ਰਿਹਾ।
ਬਾਹਰ ਵੀ ਤੁਰਿਆ ਜਾਂਦਾ ਨਹੀਂ
ਅੰਦਰ ਵੀ ਮੁੜਿਆ ਜਾਂਦਾ ਨਹੀਂ
ਇਸ ਹੋਂਦ ਨਿਹੋਂਦ ਦੀ ਟੱਕਰ ਵਿਚ
ਇਹ ਕੈਸੀ ਰੁੱਤ ਖਲਾਈ ਹੈ?
ਖਲਾਅ ਵਿਚ ਭਟਕਦੇ ਇਸ ਨਾਟਕ ਦੇ ਪਾਤਰ ਆਪਣੇ ਅਸਤਿੱਤਵ ਦੀ ਤਲਾਸ਼ ਵਿਚ ਅਜੋਕੇ ਯੁੱਗ ਚਿੰਤਕਾਂ ਦੀ ਦ੍ਰਿਸ਼ਟੀ ਦੇ ਪਰਿਪੇਖ ਵਿਚ ਮਾਨਵ ਜਾਤੀ ਨੂੰ ਸਮਝਣ ਦਾ ਉਪਰਾਲਾ ਕਰਦੇ ਹਨ। ਇਸੇ ਤਰ੍ਹਾਂ ਭਰਮ ਜਲ ਨਾਟਕ ਔਰਤ-ਮਰਦ ਰਿਸ਼ਤਿਆਂ ਵਿਚਲੀਆਂ ਗੁੰਝਲਾਂ ਨੂੰ ਰੂਪਮਾਨ ਕਰਦਾ ਹੈ ਅਤੇ ਸਿਆਸੀ ਦੰਦ ਕਥਾ ਸੰਨ ਚੌਰਾਸੀ ਵਿਚ ਹੋਏ ਸਿੱਖ ਕਤਲੇਆਮ ਨੂੰ ਸਾਹਿਤਿਕ ਦ੍ਰਿਸ਼ਟੀ ਤੋਂ ਚਿਤਰਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰਵਿੰਦਰ ਰਵੀ ਆਧੁਨਿਕ ਯੁੱਗ ਚਿੰਤਨ ਦਾ ਲੇਖਕ ਹੈ। ਉਸ ਕੋਲ ਆਪਣੇ ਸਮਕਾਲੀਆਂ ਨਾਲੋਂ ਵੱਖਰੀ ਦ੍ਰਿਸ਼ਟੀ ਹੈ, ਜਿਸ ਰਾਹੀਂ ਸਮਕਾਲੀਨ ਸੰਕਟਾਂ ਨੂੰ ਫੜਦਾ, ਸਮਝਦਾ ਅਤੇ ਆਪਣੇ ਨਾਟਕਾਂ ਵਿਚ ਬਿਆਨ ਕਰਦਾ ਹੈ। ਸਿਰਫ ਸਾਹਿਤਿਕ ਪੱਖ ਤੋਂ ਹੀ ਨਹੀਂ ਸਗੋਂ ਮੰਚਨ ਦੇ ਪੱਖ ਤੋਂ ਵੀ ਉਸ ਦੇ ਨਾਟਕ ਆਧੁਨਿਕ ਤਕਨੀਕਾਂ ਨੂੰ ਮੁੱਖ ਰੱਖ ਕੇ ਲਿਖੇ ਗਏ ਹਨ। ਰਵਿੰਦਰ ਰਵੀ ਦੇ ਨਾਟਕਾਂ ਨਾਲ ਪੰਜਾਬੀ ਨਾਟਕ ਵਿਸ਼ਵ ਚਿੰਤਨ ਨਾਲ ਆਪਣਾ ਨਾਤਾ ਜੋੜਦਾ ਹੈ, ਜਿਸ ਲਈ ਲੇਖਕ ਵਧਾਈ ਦਾ ਹੱਕਦਾਰ ਹੈ।

ਡਾ: ਅਮਰਜੀਤ ਕੌਂਕੇ

ਖਿਸਕਦੇ ਪਲ
ਲੇਖਕ : ਹੀਰਾ ਸਿੰਘ ਤੂਤ
ਪ੍ਰਕਾਸ਼ਕ : ਕੈਫ਼ੇ ਵਰਲਡ, ਜਲੰਧਰ
ਮੁੱਲ : 120 ਰੁਪਏ, ਸਫ਼ੇ: 96
ਸੰਪਰਕ : 98724-55994

ਹਥਲਾ ਕਾਵਿ-ਸੰਗ੍ਰਹਿ 'ਖਿਸਕਦੇ ਪਲ' ਹੀਰਾ ਸਿੰਘ ਤੂਤ ਦੀ ਨੌਵੀਂ ਪੁਸਤਕ ਹੈ। ਆਮ ਆਦਮੀ ਦਾ ਨਰਕ ਤੋਂ ਭੈੜਾ ਬਣਿਆ ਜੀਵਨ, ਧਾਰਮਿਕ ਖੇਤਰ ਵਿਚ ਵਧ ਰਿਹਾ ਨਿਘਾਰ ਅਤੇ ਸੱਤਾ 'ਤੇ ਕਾਬਜ਼ ਸਿਆਸਤਦਾਨਾਂ ਦੀ ਗੰਧਲੀ ਮਾਨਸਿਕਤਾ ਉਨ੍ਹਾਂ ਦੀ ਕਵਿਤਾ ਦੇ ਮੁੱਖ ਵਿਸ਼ਾ-ਵਸਤੂ ਹਨ। ਲੋਕਾਂ ਵਲੋਂ ਆਤਮ-ਪੜਚੋਲ ਕਰਨ ਦੀ ਬਜਾਏ ਬਾਹਰੀ ਦਿਖਾਵੇ ਲਈ ਕੀਤੇ ਜਾਣ ਵਾਲੇ ਪ੍ਰਪੰਚਾਂ ਨੂੰ ਉਹ ਬੜੇ ਬੇਬਾਕ ਢੰਗ ਨਾਲ ਵੰਗਾਰਦੇ ਹਨ-
ਅੱਠਸੱਠ ਤੀਰਥੀਂ ਕਾਹਤੋਂ ਨ੍ਹਾਉਂਦੇ ਫਿਰਦੇ ਹੋ,
ਆਪਣੇ ਅੰਦਰ ਤਾਰੀ ਮਾਰੋ ਓਥੇ ਵੀ ਗੰਗਾ ਹੈ।
ਹੀਰਾ ਸਿੰਘ ਤੂਤ ਹੱਕ, ਸੱਚ ਅਤੇ ਇਨਸਾਫ਼ ਲਈ ਜੂਝ ਰਹੇ ਲੋਕਾਂ ਨਾਲ ਇੱਕਸੁਰ ਹੋਏ ਵਿਦਰੋਹ ਦਾ ਪਰਚਮ ਲਹਿਰਾਉਂਦੇ ਦਿਖਾਈ ਦਿੰਦੇ ਹਨ। ਮਨੁੱਖੀ ਰਿਸ਼ਤਿਆਂ-ਨਾਤਿਆਂ ਦੇ ਹੋ ਰਹੇ ਬਾਜ਼ਾਰੀਕਰਨ ਦਾ ਮੁੱਦਾ ਵੀ ਉਹ ਬੜੇ ਧੜੱਲੇ ਨਾਲ ਉਠਾਉਂਦੇ ਹਨ ਅਤੇ ਸਮਾਜ ਵਿਚੋਂ ਮਨਫ਼ੀ ਹੋ ਰਹੀਆਂ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਵੀ ਫ਼ਿਕਰਮੰਦ ਹਨ। ਦਿਨ-ਦਿਹਾੜੇ ਵਾਪਰ ਰਹੀਆਂ ਜਬਰ ਜਨਾਹ ਦੀਆਂ ਹਿਰਦੇਵੇਧਕ ਘਟਨਾਵਾਂ ਅਤੇ ਅਪਰਾਧੀਆਂ ਦਾ ਸ਼ਰ੍ਹੇਆਮ ਬੇਪਰਵਾਹ ਹੋ ਕੇ ਦਨਦਨਾਉਂਦੇ ਫਿਰਨਾ ਵੀ ਉਨ੍ਹਾਂ ਨੂੰ ਬੇਚੈਨ ਕਰਦਾ ਹੈ-
ਕਿਸੇ ਦੀ ਧੀ ਕਿਸੇ ਦੀ ਕੀ ਲੱਗੇ,
ਹੱਥੀਂ ਭੈਣਾਂ ਦੇ ਹੁੰਦੇ ਧੰਦੇ ਵੇਖੇ।
ਉਨ੍ਹਾਂ ਦਾ ਮੰਨਣਾ ਹੈ ਕਿ ਮਨੁੱਖ ਨੂੰ ਕਦੇ ਵੀ ਕਿਸੇ ਵੀ ਹਾਲਤ ਵਿਚ ਨਿਰਾਸ਼ ਨਹੀਂ ਹੋਣਾ ਚਾਹੀਦਾ ਬਲਕਿ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਦੀ ਕਵਿਤਾ ਦੀ ਖ਼ੂਬਸੂਰਤੀ ਇਹ ਵੀ ਹੈ ਕਿ ਉਹ ਬਹੁਤ ਹੀ ਸਾਦੀ ਅਤੇ ਸਰਲ ਸ਼ਬਦਾਵਲੀ ਵਿਚ ਸਹਿਜੇ ਹੀ ਵੱਡੀ ਤੋਂ ਵੱਡੀ ਗੱਲ ਕਹਿਣ ਦਾ ਹੁਨਰ ਰੱਖਦੀ ਹੈ। ਉਨ੍ਹਾਂ ਦੇ ਸ਼ਬਦਾਂ ਵਿਚ ਸੁਹਜ ਵੀ ਹੈ, ਮਿਠਾਸ ਵੀ ਅਤੇ ਪਾਠਕ ਨੂੰ ਨਾਲ ਲੈ ਕੇ ਤੁਰਨ ਦੀ ਸਮਰੱਥਾ ਵੀ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫ਼ੁੱਲਿਤਾ ਲਈ ਪਾਏ ਗਏ ਉਨ੍ਹਾਂ ਦੇ ਇਸ ਵਡਮੁੱਲੇ ਯੋਗਦਾਨ ਦਾ ਭਰਪੂਰ ਸਮਰਥਨ ਹੈ।

ਕਰਮ ਸਿੰਘ ਜ਼ਖ਼ਮੀ
ਮੋ: 98146-28027

13-12-2020

ਪੰਜਾਬ ਦਾ ਲੋਕ ਇਤਿਹਾਸ
ਲੇਖਕ : ਡਾ: ਮਨਜ਼ੂਰ ਏਜਾਜ਼
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 81468-21400.


ਡਾ: ਮਨਜ਼ੂਰ ਏਜਾਜ਼ ਪੰਜਾਬ ਦੇ ਇਤਿਹਾਸ, ਦਰਸ਼ਨ ਸ਼ਾਸਤਰ, ਸੱਭਿਆਚਾਰ, ਧਰਮ ਅਤੇ ਵਿਰਾਸਤ ਨਾਲ ਸਬੰਧਿਤ ਪਾਕਿਸਤਾਨੀ ਪੰਜਾਬ ਦੀ ਇਕ ਬਹੁ-ਚਰਚਿਤ ਅਕਾਦਮਿਕ ਸ਼ਖ਼ਸੀਅਤ ਹੈ। ਹਥਲੀ ਕਿਤਾਬ 'ਪੰਜਾਬ ਦਾ ਲੋਕ ਇਤਿਹਾਸ' ਤੋਂ ਪਹਿਲਾਂ ਉਸ ਦੀਆਂ 9 ਕਿਤਾਬਾਂ ਪੰਜਾਬ ਦੀ ਲੋਕ ਤਾਰੀਖ਼; ਵਾਰਿਸਨਾਮਾ (5 ਜਿਲਦਾਂ); ਬੁੱਲਾਨਾਮਾ; ਇਨਕਲਾਬ ਜੋ ਆ ਚੁੱਕਾ ਹੈ; ਜਿੰਦੜੀਏ: ਤਣ ਦੇਸਾਂ ਤੇਰਾ ਤਾਣਾ (ਸਵੈ-ਜੀਵਨੀ); ਵਾਰਿਸ ਸ਼ਾਹ ਦੀ ਮੁਢਲੀ ਵਿਚਾਰਧਾਰਾ ਤੇ ਪੰਜਾਬੀ ਰੀਤ; ਗ਼ਾਲਿਬਨਾਮਾ; ਫ਼ਲਸਫ਼ੇ ਦੀ ਤਾਰੀਖ਼ ਅਤੇ ਵੱਡੀ ਜਗਤ ਸ਼ਾਇਰੀ ਸ਼ਾਹਮੁਖੀ ਪੰਜਾਬੀ ਵਿਚ ਪਾਕਿਸਤਾਨ ਤੋਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਦੀਪ ਨਿਰਮੋਹੀ, ਅਸ਼ੋਕ ਕਾਸਿਦ ਅਤੇ ਮਨਦੀਪ ਸੁਨੇਹੀ ਵਲੋਂ ਲਿਪੀਅੰਤਰਿਤ 11 ਅਧਿਆਇ ਕ੍ਰਮਵਾਰ ਪੰਜਾਬ ਦਾ ਇਤਿਹਾਸ ਲਿਖਣ ਦੇ ਮੁਢਲੇ ਮਸਲੇ; ਪੁਰਾਣੇ ਪੰਜਾਬ ਦਾ ਇਤਿਹਾਸ (ਹੜੱਪਾ ਵਸੇਬ); ਪੰਜਾਬ ਵਿਚ ਆਰੀਆ ਲੋਕਾਂ ਦਾ ਆਉਣਾ; ਪੁਰਾਣਾ ਪੰਜਾਬ ਤੇ ਜੱਟਕਾ ਪੰਜਾਬ; ਆਰੀਆ ਸਮਾਜ ਵਿਚ ਅਦਲਾ-ਬਦਲੀਆਂ ਤੇ ਮਹਾਂਭਾਰਤ; ਨਵੀਂ ਉਸਾਰੀ : ਆਰੀਆਵਾਂ ਜਾਂ ਹੜੱਪੀਆਂ ਦੀ ਕਾਰੀਗਰੀ; ਬਾਹਰ ਦੇ ਹਮਲੇ ਤੇ ਮੌਰੀਆ ਸ਼ਾਹੀ; ਪੰਜਾਬ ਵਿਚ ਨਵੀਆਂ ਵਿਦੇਸ਼ੀ ਸ਼ਾਹੀਆਂ; ਗਵਾਚਿਆ ਹੋਇਆ ਪੰਜਾਬ; ਕਦੀਮ ਪੰਜਾਬੀ, ਪੰਜਾਬੀ ਸਮਾਜ ਵਿਚ ਮੁਢਲੀਆਂ ਬਦਲੀਆਂ : ਇਕ ਖੁਲਾਸਾ ਅਤੇ ਕਦੀਮ ਪੰਜਾਬ ਦੀ ਵਿਚਾਰਧਾਰਾ ਹਨ। ਮਨਜ਼ੂਰ ਏਜਾਜ਼ ਦੀ ਇਸ ਕਿਤਾਬ ਦੀ ਵਿਲੱਖਣਤਾ ਇਹ ਹੈ ਕਿ ਉਸ ਨੇ ਪਰੰਪਰਾਗਤ ਲੀਹ 'ਤੇ ਚਲਦੇ ਹੋਏ ਇਤਿਹਾਸਕਾਰਾਂ ਅਤੇ ਹੋਰ ਬੁੱਧੀਜੀਵੀਆਂ ਤੋਂ ਹਟ ਕੇ ਵੱਖਰਾ ਰਾਹ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਅਨੁਸਾਰ ਮੱਧ-ਏਸ਼ੀਆ, ਦੱਖਣੀ ਏਸ਼ੀਆ ਅਤੇ ਭਾਰਤੀ ਇਤਿਹਾਸ ਲਿਖਣ ਵਾਲਿਆਂ ਨੇ ਪੰਜਾਬ ਅਤੇ ਸਿੰਧ ਦੇ ਇਤਿਹਾਸ ਨੂੰ ਹਮੇਸ਼ਾ ਅਣਗੌਲਿਆ ਕੀਤਾ ਹੈ। ਪਰ ਪੰਜਾਬ ਅਤੇ ਸਿੰਧ ਦੇ ਇਤਿਹਾਸ ਨੂੰ ਵਾਚਣ, ਘੋਖਣ ਅਤੇ ਲਿਖਣ ਤੋਂ ਬਗ਼ੈਰ ਲੇਖਕ ਅਨੁਸਾਰ ਏਸ਼ੀਅਨ ਮਹਾਂਦੀਪ ਦੇ ਇਤਿਹਾਸ ਨੂੰ ਸੰਪੂਰਨ ਕਰਨਾ ਇਨ੍ਹਾਂ ਦੋਵਾਂ ਭੂਗੋਲਿਕ ਤੌਰ 'ਤੇ ਮਹੱਤਵਪੂਰਨ ਇਲਾਕਿਆਂ ਨਾਲ, ਇਥੋਂ ਦੀ ਰਹਿਤਲ ਅਤੇ ਲੋਕਾਈ ਨਾਲ ਇਨਸਾਫ਼ ਨਹੀਂ ਹੈ। ਉਸ ਅਨੁਸਾਰ ਪੰਜਾਬ ਗੁਰੂਆਂ, ਪੀਰਾਂ, ਫ਼ਕੀਰਾਂ, ਸੂਫ਼ੀਆਂ, ਸਿੱਧਾਂ ਅਤੇ ਜੋਗੀਆਂ ਦੀ ਧਰਤੀ ਹੈ। ਇਸ ਲਈ ਇਨ੍ਹਾਂ ਦੀਆਂ ਲਿਖਤਾਂ ਅਤੇ ਜੀਵਨ, ਰਿਸ਼ਤੇ ਅਤੇ ਸੰਵਾਦ ਨੂੰ ਅਣਗੌਲਿਆ ਨਹੀਂ ਛੱਡਿਆ ਜਾ ਸਕਦਾ। ਸੰਖੇਪ ਵਿਚ ਲੇਖਕ ਵਲੋਂ ਇਤਿਹਾਸ ਲਿਖਣ ਕਲਾ ਦੇ ਮਸਲੇ ਅਤੇ ਸਮੱਸਿਆਵਾਂ ਨੂੰ ਇਕ ਪ੍ਰਬੁੱਧ ਇਤਿਹਾਸਕਾਰ ਵਜੋਂ ਸ਼ੁਰੂਆਤ ਵਿਚ ਵਰਨਣ ਕੀਤਾ ਹੈ। ਪੁਰਾਤਨ ਕਾਲ ਦੇ ਇਤਿਹਾਸਕ ਸੋਮੇ ਰਿਗਵੇਦ, ਦੂਸਰੇ ਵੇਦਾਂ ਅਤੇ ਹੋਰ ਮੁਢਲੇ ਸ੍ਰੋਤਾਂ ਬੁੱਧ, ਜੈਨ ਧਰਮਾਂ ਦੀਆਂ ਲਿਖਤਾਂ ਆਦਿ 'ਤੇ ਆਧਾਰਿਤ ਇਹ ਕਿਤਾਬ ਸਾਧਾਰਨ ਅਤੇ ਲੋਕ ਭਾਸ਼ਾ ਵਿਚ ਪੰਜਾਬ ਦੇ ਇਤਿਹਾਸ ਨੂੰ ਮੁਲਾਂਕਣ ਕਰਨ ਦਾ ਵਾਰਤਕ ਲਹਿਜ਼ੇ ਨਾਲ ਇਕ ਸਫ਼ਲ ਯਤਨ ਹੈ।


-ਡਾ: ਮੁਹੰਮਦ ਇਦਰੀਸ
ਮੋ: 98141-71786



ਸੰਸਾਰ ਪ੍ਰਸਿੱਧ ਅਰਥ-ਸ਼ਾਸਤਰੀ
ਡਾ: ਸਰਬਜੀਤ ਸਿੰਘ ਛੀਨਾ ਦਾ ਸਾਹਿਤਕ ਸੰਸਾਰ
ਲੇਖਕ : ਸੁਲੱਖਣ ਸਰਹੱਦੀ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 595 ਰੁਪਏ, ਸਫ਼ੇ : 296
ਸੰਪਰਕ : 94174-84337.


ਸੁਲੱਖਣ ਸਰਹੱਦੀ ਨੇ ਸੰਸਾਰ ਪ੍ਰਸਿੱਧ ਅਰਥ-ਸ਼ਾਸਤਰੀ ਡਾ: ਸਰਬਜੀਤ ਸਿੰਘ ਛੀਨਾ ਦੇ ਸਾਹਿਤਕ ਖੇਤਰ ਵਿਚ ਪਾਏ ਯੋਗਦਾਨ ਬਾਰੇ ਇਹ ਪੁਸਤਕ ਸਿਰਜੀ ਹੈ। ਇਹ ਪੁਸਤਕ 48 ਕਾਂਡਾਂ ਵਿਚ ਹੈ। ਇਸ ਵਿਚ ਡਾ: ਛੀਨਾ ਦੇ ਅੰਗਰੇਜ਼ੀ ਅਤੇ ਪੰਜਾਬੀ ਸਿਰਜਣਾ ਵਿਚ ਪਾਏ ਯੋਗਦਾਨ ਦੀ ਵਿਸਤ੍ਰਿਤ ਪੇਸ਼ਕਾਰੀ ਹੈ। ਇਸ ਵਿਚ ਹੋਰਨਾਂ ਤੋਂ ਇਲਾਵਾ ਅਨੇਕਾਂ ਮੁੱਲਵਾਨ ਗੱਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਡਾ: ਛੀਨਾ ਦੀ 66 ਪ੍ਰਸ਼ਨਾਂ ਦੇ ਉੱਤਰਾਂ ਵਾਲੀ ਮੁਲਾਕਾਤ ਇਸ ਦਾ ਵਿਸ਼ੇਸ਼ ਭਾਗ ਹੈ। ਡਾ: ਛੀਨਾ ਦੀ ਵਿੱਦਿਆ ਪ੍ਰਾਪਤੀ, ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ 35 ਸਾਲ ਪ੍ਰੋਫੈਸਰੀ, ਅੱਠ ਉੱਚ-ਵਿੱਦਿਅਕ ਸੰਸਥਾਵਾਂ ਦੀ ਸਥਾਪਤੀ, ਭਾਰਤ ਦੀਆਂ ਵਿਭਿੰਨ ਯੂਨੀਵਰਸਿਟੀਆਂ ਵਿਚ ਪਾਠਕ੍ਰਮ ਵਿਚ ਉਨ੍ਹਾਂ ਦੀਆਂ ਪੁਸਤਕਾਂ ਦਾ ਸ਼ਾਮਿਲ ਹੋਣਾ, ਭਾਰਤ ਅਤੇ ਵਿਦੇਸ਼ਾਂ ਵਿਚ ਵੱਖ-ਵੱਖ ਉੱਚ ਪੱਧਰੀ ਸਮਾਗਮਾਂ ਵਿਚ ਸ਼ਮੂਲੀਅਤ, ਗੁਰੂ ਨਾਨਕ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਦੀ ਮੈਂਬਰੀ, ਉਨ੍ਹਾਂ ਦੇ ਵਿਦੇਸ਼ੀ ਸਫ਼ਰਨਾਮੇ, ਉੱਚ ਕੋਟੀ ਦੀਆਂ ਪੁਸਤਕਾਂ ਦੇ ਅਨੁਵਾਦ (ਮਸਲਨ: ਈਦੀ ਦਾ ਅਨੁਵਾਦ), ਅੰਗਰੇਜ਼ੀ ਅਤੇ ਪੰਜਾਬੀ ਵਿਚ ਮੌਲਿਕ ਵਾਰਤਕ ਸਿਰਜਣਾ ਆਦਿ ਅਨੇਕਾਂ ਪ੍ਰਾਪਤੀਆਂ ਇਸ ਪੁਸਤਕ ਦਾ ਅਹਿਮ ਅੰਗ ਹਨ।
ਗਹਿਨ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਡਾ: ਛੀਨਾ ਦੇ ਅੰਗਰੇਜ਼ੀ ਅਤੇ ਪੰਜਾਬੀ ਵਾਰਤਕ ਸਿਰਜਣਾ ਵਿਚ ਹਾਸ-ਵਿਅੰਗ ਪ੍ਰਧਾਨ ਸੁਰ ਵਿਚ ਉਪਲਬਧ ਹੈ। ਇਸ ਸਬੰਧ ਵਿਚ ਉਨ੍ਹਾਂ ਦੇ ਅੰਗਰੇਜ਼ੀ ਨਿਬੰਧ-ਮੈਰਿਜ ਪਾਰਟੀ, ਗਰੇਵ-ਯਾਰਡ ਸੇਂਟ, ਸਟਾਪ ਡਰਿੰਕਿੰਗ, ਤਹਿਸੀਲਦਾਰ ਸਾਹਿਬ, ਸੇਲ ਆਫ ਬੁਫੈਲੋ ਆਦਿ ਪੜ੍ਹਨਯੋਗ ਹਨ। ਇਵੇਂ ਹੀ ਪੰਜਾਬੀ ਵਿਚ ਅਨੇਕਾਂ ਨਿਬੰਧ ਪਾਠਕਾਂ ਦੇ ਆਕਰਸ਼ਣ ਦਾ ਕੇਂਦਰ ਬਣ ਸਕਦੇ ਹਨ। ਮਸਲਨ : ਵਾਹਗੇ ਦੀ ਲਕੀਰ ਦਾ ਮੌਖਿਕ ਇਤਿਹਾਸ, ਪ੍ਰਧਾਨ ਮੰਤਰੀ ਦਾ ਜਮਾਤੀ, ਵਿਰਕਾਂ ਦਾ ਦੋਹਤਰਾ ਹੋਵੇ ਤੇ ਇੰਦਰਜੀਤ ਕੌਰ ਦੀ ਜੀਵਨੀ, ਮੇਰੇ ਪਿੰਡ ਦੀ ਪੰਚਾਇਤ ਇਤਿਆਦਿ। 'ਪਿੰਡ ਦਾ ਪਹਿਲਾ ਐਮ.ਏ. ਪਾਸ' ਵਿਚੋਂ ਹਾਸ ਵਿਅੰਗ ਦਾ ਨਮੂਨਾ ਵੇਖੋ : ਮਾਸੜ ਜੀ ਕਹਿਣ ਲੱਗੇ, 'ਮੈਂ ਤਾਂ ਤੈਨੂੰ ਪਰਸੋਂ ਦਾ ਉਡੀਕ ਰਿਹਾ ਸਾਂ, ਇਕ ਖ਼ਤ ਆਇਆ, ਤੇਰੇ ਕੋਲੋਂ ਹੀ ਪੜ੍ਹਵਾਉਣਾ ਹੈ।' ...ਮੈਂ ਵੀ ਕਿਹਾ ਲਿਆਓ ਕਿਹੜਾ ਖ਼ਤ ਹੈ... ਜਦੋਂ ਮਾਸੜ ਜੀ ਨੇ ਮੈਨੂੰ ਖ਼ਤ ਦਿੱਤਾ ਤਾਂ ਮੈਂ ਵੇਖ ਕੇ ਕਿਹਾ, ਮਾਸੜ ਜੀ, ਇਹ ਤਾਂ ਉਰਦੂ ਵਿਚ ਹੈ, ਮੈਂ ਇਹ ਨਹੀਂ ਪੜ੍ਹ ਸਕਦਾ।' ਮੇਰੇ ਏਨਾ ਕਹਿਣ ਦੀ ਦੇਰ ਸੀ ਕਿ ਮਾਸੜ ਜੀ ਮੇਰੇ ਹੱਥੋਂ ਖ਼ਤ ਖੋਹ ਕੇ ਤੁਰ ਪਏ ਅਤੇ ਕਹਿਣ ਲੱਗੇ 'ਸਰਦਾਰ ਜੀ ਤੁਸੀਂ ਕਿਹੜੀ ਪੜ੍ਹਾਈ ਪੜ੍ਹੀ ਏ।' ਪੰ: 212. ਡਾ: ਛੀਨਾ ਦੀਆਂ ਇਤਿਹਾਸਕ ਪੁਸਤਕਾਂ ਵੀ ਗਿਆਨਵਰਧਕ ਹਨ। ਇੰਜ ਇਹ ਪੁਸਤਕ ਡਾ: ਛੀਨਾ ਦੇ ਸਾਹਿਤਕ ਸੰਸਾਰ ਬਾਰੇ ਜਾਣਕਾਰੀ ਦੇਣ ਵਾਲੀ ਅਹਿਮ ਦਸਤਾਵੇਜ਼ ਹੋ ਨਿੱਬੜੀ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਅੱਖਰ ਵੇਲ

ਸੰਪਾਦਕ : ਡਾ: ਸਰਦੂਲ ਸਿੰਘ ਔਜਲਾ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 81468-00636.


ਡਾ: ਸਰਦੂਲ ਸਿੰਘ ਔਜਲਾ ਵਲੋਂ ਸੰਪਾਦਿਤ ਕੀਤੀ ਗਈ ਇਸ ਕਾਵਿ-ਪੁਸਤਕ 'ਅੱਖਰ ਵੇਲ' ਵਿਚ ਦਸ ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਮੁਕਾਮ ਰੱਖਣ ਵਾਲੇ ਪ੍ਰੌੜ੍ਹ ਕਵੀਆਂ ਦੇ ਨਾਲ-ਨਾਲ ਨਵੀਆਂ ਕਲਮਾਂ ਨੂੰ ਵੀ ਬਣਦਾ ਸਥਾਨ ਦਿੱਤਾ ਗਿਆ ਹੈ। ਪੁਸਤਕ ਵਿਚ ਸ਼ਾਮਿਲ ਰਚਨਾਵਾਂ ਜਿੱਥੇ ਸਾਡੇ ਸਮਕਾਲ ਦੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ, ਉੱਥੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਹਿੰਮਤ ਵੀ ਪ੍ਰਦਾਨ ਕਰਦੀਆਂ ਹਨ।
ਸਰਵਣ ਸਿੰਘ ਔਜਲਾ ਚਾਹੁੰਦੇ ਹਨ ਕਿ ਕਲਮਾਂ ਅਤੇ ਕਿਤਾਬਾਂ ਕਦੇ ਬੁਜ਼ਦਿਲ ਜਾਂ ਬੇਆਸ ਨਾ ਹੋਣ। ਡਾ. ਸਰਦੂਲ ਸਿੰਘ ਔਜਲਾ ਪੰਜਾਬ ਦੀ ਨਸ਼ਿਆਂ ਵਿਚ ਬਰਬਾਦ ਹੋ ਰਹੀ ਨੌਜਵਾਨੀ ਅਤੇ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਦੀ ਆਵਾਜ਼ ਬਣਦੇ ਹਨ। ਸੁਖਵਿੰਦਰ ਮੋਹਨ ਸਿੰਘ ਔਰਤ ਨੂੰ ਸਨਮਾਨ ਦੇਣ ਦੀ ਗੱਲ ਕਰਦੇ ਹਨ। ਹਰਵਿੰਦਰ ਭੰਡਾਲ ਦੀ ਕਵਿਤਾ ਕਵੀ ਨੂੰ ਹੱਕ-ਸੱਚ ਦੇ ਸੰਘਰਸ਼ ਲਈ ਪ੍ਰੇਰਦੀ ਹੈ। ਪ੍ਰੋ. ਕੁਲਵੰਤ ਸਿੰਘ ਔਜਲਾ ਅੰਧਵਿਸ਼ਵਾਸ ਅਤੇ ਅਸਹਿਣਸ਼ੀਲਤਾ ਵਰਗੇ ਮੁੱਦਿਆਂ ਨੂੰ ਉਭਾਰਦਿਆਂ ਵਿਸ਼ਵ ਸ਼ਾਂਤੀ ਦਾ ਹੋਕਾ ਦਿੰਦੇ ਹਨ। ਡਾ. ਗੁਰਬਖਸ਼ ਸਿੰਘ ਭੰਡਾਲ ਜ਼ੁਲਮ ਅਤੇ ਅਨਿਆਂ ਦੇ ਖ਼ਿਲਾਫ਼ ਮਨੁੱਖ ਨੂੰ ਹਲੂਣਦੇ ਹਨ। ਗੁਰਭਜਨ ਸਿੰਘ ਲਾਸਾਨੀ ਧੀਆਂ ਅਤੇ ਪੁੱਤਰਾਂ ਦੇ ਅਸਾਵੇਂ ਪਾਲਣ-ਪੋਸਣ 'ਤੇ ਉਂਗਲ ਰੱਖਦੇ ਹਨ। ਗੁਰਵਿੰਦਰ ਕੌਰ ਦੇ ਗੀਤ ਵਿਚ ਮਾਂ ਬੋਲੀ ਲਈ ਅੰਤਾਂ ਦਾ ਪਿਆਰ ਛਲਕਦਾ ਦਿਖਾਈ ਦਿੰਦਾ ਹੈ। ਜਸਵਿੰਦਰ ਸਿੰਘ ਕੋਟ ਕਰਾਰ ਖਾਂ ਆਪਣੇ ਗੌਰਵਮਈ ਨਾਇਕਾਂ ਦਾ ਬਾਖ਼ੂਬੀ ਗੁਣਗਾਨ ਕਰਦੇ ਹਨ। ਮੰਗਲ ਸਿੰਘ ਭੰਡਾਲ ਪਦਾਰਥਵਾਦ ਦੀ ਭੇਟ ਚੜ੍ਹੇ ਮਾਨਵੀ ਜੀਵਨ ਮੁੱਲਾਂ ਪ੍ਰਤੀ ਫ਼ਿਕਰਮੰਦ ਹਨ। ਪੁਸਤਕ ਵਿਚ ਹੋਰ ਵੀ ਬਹੁਤ ਸਾਰੇ ਮਹੱਤਵਪੂਰਨ ਮਸਲਿਆਂ ਨੂੰ ਸੰਬੋਧਿਤ ਹੋਣ ਦੀ ਸਫ਼ਲ ਕੋਸ਼ਿਸ਼ ਕੀਤੀ ਗਈ ਹੈ। ਪਦਾਰਥਵਾਦੀ ਚਕਾਚੌਂਧ ਵਿਚ ਅਲੱਗ-ਥਲੱਗ ਹੋਏ ਮਨੁੱਖ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਕਾਰਜ ਵੀ ਕਲਿਆਣਕਾਰੀ ਹੈ। ਸਮੁੱਚੇ ਰੂਪ ਵਿਚ ਇਹ ਖ਼ੂਬਸੂਰਤ ਕਾਵਿ-ਸੰਗ੍ਰਹਿ ਪੜ੍ਹਨਯੋਗ, ਵਿਚਾਰਨਯੋਗ ਅਤੇ ਸੰਭਾਲਣਯੋਗ ਪੁਸਤਕ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027


ਚਸਕਾ ਕਿੱਟੀ ਦਾ

ਲੇਖਕ : ਗੁਰਪ੍ਰੀਤ ਕੌਰ ਸੈਣੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 94660-12433.


ਆਪਣੀ ਚਾਲ ਵਿਚ ਮਸਤ ਹੋ ਕੇ ਚੱਲਣ, ਦੂਜਿਆਂ ਵਲੋਂ ਕੰਮ ਵਿਚ ਰੋੜੇ ਅਟਕਾਉਣ ਦੀ ਪ੍ਰਵਾਹ ਨਾ ਕਰਨ ਵਾਲੀ, ਆਪਣੀ ਹਿੰਮਤ ਦੇ ਨਾਲ ਅੱਗੇ ਵਧਣ ਵਾਲੀ, ਕੌੜਾ ਸੱਚ ਬਿਆਨ ਕਰਨ ਵਾਲੀ ਲੇਖਿਕਾ ਗੁਰਪ੍ਰੀਤ ਕੌਰ ਸੈਣੀ ਦੀ ਇਹ ਤੀਸਰੀ ਪੁਸਤਕ ਹੈ, ਜਿਸ ਵਿਚ 18 ਵੱਖ-ਵੱਖ ਵਿਸ਼ਿਆਂ ਦੇ ਵੰਨ-ਸੁਵੰਨੇ ਲੇਖਾਂ ਦਾ ਸੰਗ੍ਰਹਿ ਹੈ। ਆਪਣੇ ਪਿੰਡੇ 'ਤੇ ਹੰਢਾਏ ਕੌੜੇ, ਮਿੱਠੇ ਤਜਰਬਿਆਂ ਨੂੰ ਸਾਂਝੇ ਕਰਦਿਆਂ ਬੜੇ ਹੀ ਸਰਲ ਢੰਗ ਨਾਲ ਹਰ ਲੇਖ ਵਿਚ ਆਪਣੀ ਵਿਥਾ ਦੱਸਣ ਦੀ ਲੇਖਿਕਾ ਨੇ ਕੋਸ਼ਿਸ਼ ਕੀਤੀ ਹੈ। ਹਿੰਮਤ ਨਾ ਹਾਰ ਕੇ ਹਰ ਵਿਸ਼ੇ ਨੂੰ ਕਹਾਣੀ ਬਣਾਉਣ ਦੇ ਨਾਲ ਆਪਣੇ ਦਿਲ ਵਿਚ ਰੱਖੇ ਵਲਵਲਿਆਂ ਨੂੰ ਬਾਹਰ ਕੱਢ ਕੇ ਆਪਣੀ ਭੜਾਸ ਵੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਖਿਕਾ ਨੇ ਹਰ ਲੇਖ ਵਿਚ ਖੋਜੀ ਬਣ ਕੇ ਤੱਥਾਂ ਨੂੰ ਪਰਖ ਕੇ ਬੇਧੜਕ ਹੁੰਦਿਆਂ ਬਿਆਨ ਕੀਤਾ ਹੈ। ਕਿਤਾਬ ਵਿਚਲੇ ਲੇਖ ਔਰਤ ਹੀ ਔਰਤ ਦੀ ਦੁਸ਼ਮਣ, ਕੁੱਖਾਂ ਅੰਦਰ ਧੀਆਂ ਦੇ ਕਤਲ ਕਿਉਂ, ਨਾਰੀ ਤੂੰ ਸ਼ਕਤੀ ਨੂੰ ਪਛਾਣ, ਨਾਰੀ ਸਸ਼ਕਤੀਕਰਨ, ਕਿਵੇਂ ਸਾਰਥਕਤਾ ਆਦਿ ਲੇਖਾਂ ਵਿਚ ਨਾਰੀ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਲੇਖਿਕਾ ਨੇ ਲੇਖ ਨਸ਼ਿਆਂ ਵਿਚ ਰੁੱਝਿਆ ਨੌਜਵਾਨ, ਹਰਿਆਣਾ ਵਿਚ ਪੰਜਾਬੀ ਦਾ ਵਿਕਾਸ, ਅਲੋਪ ਹੋ ਰਹੀਆਂ ਬਚਪਨ ਦੀਆਂ ਪੰਜਾਬੀ ਖੇਡਾਂ ਵਿਚ ਹਰ ਪੱਖ ਦੀ ਭਰਪੂਰ ਜਾਣਕਾਰੀ ਦਿੱਤੀ ਹੈ। ਲੇਖਾਂ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਲੇਖਿਕਾ ਨੇ ਸੋਚ ਲੰਬੀ ਉਡਾਰੀ ਮਾਰ ਕੇ ਸਮਾਜ ਦੀਆਂ ਕੁਰੀਤੀਆਂ ਨੂੰ ਜੱਗ ਜ਼ਾਹਿਰ ਕਰਨ ਦੇ ਨਾਲ ਤੀਆਂ, ਬਸੰਤ ਰੁੱਤ, ਲੋਹੜੀ ਆਦਿ ਤਿਉਹਾਰਾਂ ਦੀ ਜਾਣਕਾਰੀ ਦਿੱਤੀ ਹੈ।
ਲੇਖਿਕਾ ਹਰਿਆਣੇ ਦੀ ਵਸਨੀਕ ਹੈ, ਉਸ ਦਾ ਪੰਜਾਬੀ ਭਾਸ਼ਾ ਪ੍ਰਤੀ ਮੋਹ ਲਿਖਤਾਂ 'ਚੋਂ ਝਲਕਦਾ ਹੈ। ਕੁਝ ਲੇਖਾਂ ਵਿਚ ਪ੍ਰੋੜ੍ਹਤਾ ਤੇ ਪ੍ਰਪੱਕਤਾ ਦੀ ਘਾਟ ਹੈ ਪਰ ਜੋ ਵੀ ਲੇਖਿਕਾ ਨੇ ਲਿਖਿਆ ਹੈ, ਆਪਣੀ ਅੰਦਰਲੀ ਰੂਹ ਨੂੰ ਹਲੂਣ ਕੇ ਲਿਖਿਆ ਹੈ।


-ਬਲਵਿੰਦਰ ਸਿੰਘ ਸੋਢੀ
ਮੋ: 092105-88990.


ਵਿਰਸੇ ਦੇ ਵਾਰਸ
ਲੇਖਕ : ਮਨਜੀਤ ਸਿੰਘ 'ਕਮਲਾ'
ਪ੍ਰਕਾਸ਼ਕ : ਸੁੰਦਰ ਬੁੱਕ ਡੀਪੂ ਜਲੰਧਰ
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 0181-2623184.


ਯੂ.ਕੇ. ਵਿਚ ਵਸਦੇ ਇਸ ਪ੍ਰਬੁੱਧ ਲੇਖਕ ਦੀ ਵਿਚਾਰ-ਗੋਚਰੀ ਸੱਜਰੀ ਪੁਸਤਕ 'ਚ ਉਸ ਵਲੋਂ ਰਚਿਤ ਧਾਰਮਿਕ ਗੀਤ ਸ਼ਾਮਿਲ ਹਨ। ਇਹ ਰਚਨਾਵਾਂ ਸਿੱਖ ਇਤਿਹਾਸ ਦੇ ਵੱਖ-ਵੱਖ ਪੱਖਾਂ ਨੂੰ ਰੂਪਮਾਨ ਕਰਦੀਆਂ ਹਨ।
'ਜਗਤ ਜਲੰਦਾ ਤਾਰਨ ਦੇ ਲਈ' ਪੁਸਤਕ ਦੀ ਪ੍ਰਥਮ ਅਤੇ 'ਪਰਮੇਸਵਰ ਜ਼ਾਹਰੀ ਕਲਾ ਵਿਖਾ ਕੇ' ਅੰਤਿਮ ਰਚਨਾ ਹੈ। ਕਮਲਾ ਦੀ ਲਿਖਣ ਸ਼ੈਲੀ ਵਿਚ ਪਰਪੱਕਤਾ, ਰੌਚਕਤਾ, ਰਵਾਨਗੀ, ਸਪੱਸ਼ਟਤਾ, ਸਰਲਤਾ ਤੇ ਸਰੋਦੀਪਨ ਮੌਜੂਦ ਹਨ। ਕਵਿਤਾਵਾਂ, ਗੀਤ, ਪਾਠਕ ਨੂੰ ਟੁੰਬ ਕੇ ਨਾਲ ਜੋੜੀ ਰੱਖਦੇ ਹਨ। ਪੇਸ਼ ਨੇ ਕੁਝ ਕਾਵਿਕ ਵੰਨਗੀਆਂ :
ਥਾਂ-ਥਾਂ 'ਤੇ ਜਾ ਕੇ ਸਤਿਗੁਰ ਨਾਨਕ ਸਚ ਦੀ ਜੋਤ ਜਗਾਈ
ਦਸਾਂ ਨੌਹਾਂ ਦੀ ਕਿਰਤ ਦੇ ਵਿਚੋਂ, ਦੁੱਧ ਦੀ ਧਾਰ ਵਗਾਈ।
-- -- -- -- -- -- -- -- -- -- --
ਭੀਮ ਰਾਓ ਅੰਬੇਡਕਰ ਜ਼ੁਲਮ ਤੱਕ ਕੇ,
ਪੂਰੇ ਦੇਸ਼ ਨੂੰ ਆਖ ਸੁਣਾਇਆ
ਅਛੂਤਾਂ ਉੱਪਰ ਜ਼ੁਲਮ ਜੋ ਹੁੰਦਾ,
ਕਿਉਂ ਲੀਡਰਾਂ ਨੂੰ ਨਜ਼ਰ ਨਹੀਂ ਆਇਆ।
'ਦਸਤਾਰ ਦੀ ਮਹਾਨਤਾ', 'ਬਾਬਾ ਹਰਦਾਸ ਸਿੰਘ', 'ਸ਼ਹੀਦ ਊਧਮ ਸਿੰਘ', ਗੁਰੂ ਰਵਿਦਾਸ ਜੀ ਬਾਰੇ ਤਿੰਨ ਕਵਿਤਾਵਾਂ, 21ਵੀਂ ਸਦੀ ਵਿਚ ਭਾਰਤੀ ਸੋਚ ਤੇ ਮਹਾਨਤਾ ਆਦਿ ਨਜ਼ਮਾਂ ਦੇ ਨਾਲ-ਨਾਲ ਰੁਬਾਈਆਂ, ਸ਼ਿਅਰ, ਟੱਪੇ ਤੇ ਬੋਲੀਆਂ ਵੀ ਪੁਸਤਕ ਵਿਚ ਦਰਜ ਹਨ। ਤਕਰੀਬਨ ਸਭ ਧਾਰਮਿਕ, ਸਮਾਜਿਕ ਕਵਿਤਾਵਾਂ ਲੰਮੇਰੀਆਂ ਹਨ। 'ਵਿਗੜਿਆ ਕਾਕਾ' ਭਾਗ ਪਹਿਲਾ ਅਤੇ 'ਵਿਗੜੇ ਕਾਕੇ ਦਾ ਇੰਡੀਆ ਵਿਚ ਵਿਆਹ (ਭਾਗ ਦੂਜਾ)' ਵਰਗੇ ਹਲਕੇ-ਫੁਲਕੇ ਵਿਸ਼ਿਆਂ ਨੂੰ ਵੀ ਕਵੀ ਨੇ ਬਾਖੂਬੀ ਛੋਹਿਆ ਹੈ।
ਕੀ ਬਣੂਗਾ ਵਹੁਟੀ ਦਾ ਹੁਣ,
ਸੋਚ-ਸੋਚ ਘਬਰਾਉਂਦਾ ਟੱਬਰ
ਤਲਾਕ ਹੋ ਗਿਆ ਸਾਲ ਦੇ ਅੰਦਰ,
ਰਹਿ ਗਿਆ ਸਿਰ ਖਪਾਉਂਦਾ ਟੱਬਰ।
ਪੁਸਤਕ ਵਿਚ ਇਕ ਗੀਤ ਜੀਸਸ (ਈਸਾ ਮਸੀਹ) ਬਾਰੇ ਵੀ ਹੈ। ਸਰਬ ਸਾਂਝੀਵਾਲਤਾ ਦੀ ਬਾਤ ਪਾਉਂਦੀ ਇਹ ਪੁਸਤਕ ਪੜ੍ਹਨਯੋਗ ਹੈ।


-ਤੀਰਥ ਸਿੰਘ ਢਿੱਲੋਂ
ਮੋ: 98154-61710.


ਕੇਰਲ ਧਾਮ-ਸੁਨਹਿਰੀ ਪਿੰਡ
ਲੇਖਕ : ਮਨੋਜ ਕੁਮਾਰ ਪ੍ਰੀਤ
ਪੰਜਾਬੀ ਰੂਪ : ਤੇਜਿੰਦਰ ਚੰਡੀਹੋਕ
ਪ੍ਰਕਾਸ਼ਕ : ਪ੍ਰੀਤ ਸਾਹਿਤ ਸਦਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 98144-30162.


ਮਨੋਜ ਕੁਮਾਰ 'ਪ੍ਰੀਤ' ਹਿੰਦੀ ਕਹਾਣੀ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਅੱਧੀ ਦਰਜਨ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਣ ਮਗਰੋਂ ਉਸ ਦਾ ਸਫ਼ਰਨਾਮਾ 'ਕੇਰਲ ਧਾਮ-ਸਵਰਣ ਗ੍ਰਾਮ' ਪਾਠਕਾਂ ਦੇ ਹੱਥ 'ਚ ਪੁੱਜਾ। ਆਪਣੀ ਨਿਵੇਕਲੀ ਪੇਸ਼ਕਾਰੀ, ਯਾਤਰਾ ਅਨੁਭਵ ਅਤੇ ਬਿਰਤਾਂਤ ਸਿਰਜਣਾ ਕਰਕੇ ਇਹ ਸਫ਼ਰਨਾਮਾ ਪਾਠਕਾਂ ਦੀ ਪਸੰਦ ਬਣਿਆ। ਹੁਣ ਇਸ ਸਫ਼ਰਨਾਮੇ ਨੂੰ ਪ੍ਰਸਿੱਧ ਪੰਜਾਬੀ ਲੇਖਕ ਤੇਜਿੰਦਰ ਚੰਡੀਹੋਕ ਵਲੋਂ ਪੰਜਾਬੀ ਪਾਠਕਾਂ ਲਈ ਪੰਜਾਬੀ ਰੂਪ ਦਿੱਤਾ ਗਿਆ ਹੈ। 'ਕੇਰਲ ਧਾਮ ਸਵਰਣ ਗ੍ਰਾਮ' ਵਿਚ ਕੇਰਲ ਦੇ ਨਾਲ-ਨਾਲ ਕੰਨਿਆ ਕੁਮਾਰੀ, ਕੋਵਲੰਮ, ਅਲੋਪੀ, ਸਬਰੀਮਾਲਾ ਅਤੇ ਕਾਲੀਕਟ ਵਿਸ਼ਵਵਿਦਿਆਲੇ ਦੇ ਸ਼ਬਦ ਚਿੱਤਰ ਉੱਕਰ ਕੇ ਨਾ ਸਿਰਫ ਉਨ੍ਹਾਂ ਖੂਬਸੂਰਤ ਥਾਵਾਂ ਦੀ ਮੰਜਰਕਸ਼ੀ ਕੀਤੀ ਹੈ ਸਗੋਂ ਪਾਠਕ ਆਪਣੇ-ਆਪ ਨੂੰ ਉਨ੍ਹਾਂ ਥਾਵਾਂ 'ਤੇ ਵਿਚਰਦਾ ਮਹਿਸੂਸ ਕਰਦਾ ਹੈ। ਇਸ ਸਫ਼ਰਨਾਮੇ ਦੀ ਇਕ ਖੂਬੀ ਇਸ ਗੱਲ ਵਿਚ ਵੀ ਹੈ ਕਿ ਪਾਠਕ ਉਨ੍ਹਾਂ ਥਾਵਾਂ ਦੀ ਸੰਸਕ੍ਰਿਤੀ-ਸੱਭਿਆਚਰ, ਪਰਿਆਵਰਣ, ਜਲਵਾਯੂ, ਆਵਾਜਾਈ, ਮਕਾਨਾਂ ਦੀ ਉਸਾਰੀ, ਧਰਮ ਤੇ ਰੀਤੀ-ਰਿਵਾਜ, ਵਿੱਦਿਅਕ ਅਦਾਰੇ, ਸਮੁੰਦਰ ਦੀ ਵਿਸ਼ਾਲਤਾ, ਖਾਣ-ਪੀਣ ਅਤੇ ਪਹਿਰਾਵਾ, ਵਿਆਕਰਨ ਅਤੇ ਉਚਾਰਨ ਭਾਸ਼ਾ, ਬੋਲੀ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰਦੇ ਹਨ। ਜੰਗਲੀ ਜੀਵਾਂ ਦਾ ਘਰ ਅਤੇ ਚਿੜਿਆ ਘਰ ਸਬੰਧੀ ਵੀ ਰੌਚਕ ਸੂਚਨਾਵਾਂ ਦਰਜ ਹਨ। ਮਨੋਜ ਪ੍ਰੀਤ ਦੇ ਬਿਰਤਾਂਤ ਦੀ ਖੂਬੀ ਇਹ ਹੈ ਕਿ ਉਹ ਸਮੁੰਦਰ ਹੋਵੇ ਜਾਂ ਜੰਗਲ, ਚਿੜੀਆ ਘਰ ਹੋਵੇ ਜਾਂ ਖੇਤ ਖਲਿਹਾਣ ਜਾਂ ਫਿਰ ਮੰਦਰ-ਮੂਰਤੀਆਂ, ਇਹ ਸਭ ਕੁਝ ਅੱਖਾਂ ਸਾਹਮਣੇ ਸਜੀਵ ਹੋ ਉੱਠਦਾ ਹੈ। ਇਸ ਸਫ਼ਰਨਾਮੇ ਦਾ ਇਕ ਹੋਰ ਮਹੱਤਵਪੂਰਨ ਪੱਖ ਇਹ ਹੈ ਕਿ ਲੇਖਕ ਨੇ ਜਿਥੇ ਕੇਰਲ ਦੀ ਵਿਲੱਖਣਤਾ ਨੂੰ ਪਾਠਕਾਂ ਸਾਹਮਣੇ ਯਥਾਰਥਵਾਦੀ ਢੰਗ ਨਾਲ ਪੇਸ਼ ਕੀਤਾ ਹੈ, ਉਥੇ ਉਸ ਨੇ ਨਾਲੋ-ਨਾਲ ਪੰਜਾਬ ਦੇ ਚਿੜੀਆ ਘਰ ਸਹਿਤ ਹੋਰ ਅਦਾਰਿਆਂ ਨਾਲ ਤੁਲਨਾ ਵੀ ਕੀਤੀ ਹੈ ਅਤੇ ਪੰਜਾਬ ਦੀ ਸਾਂਭ-ਸੰਭਾਲ ਤੇ ਹੋਰ ਵਿਵਸਥਾਵਾਂ ਕੇਰਲ ਤੋਂ ਉੱਨੀ ਜਾਪਦੀਆਂ ਹਨ। ਲੇਖਕ ਦੇ ਸ਼ਬਦਾਂ 'ਚ 'ਮੈਨੂੰ ਪੰਜਾਬ ਦੇ ਇਕ ਵੱਡੇ ਛੱਤਬੀੜ ਦੀ ਯਾਦ ਤਾਜ਼ਾ ਹੁੰਦੀ ਹੈ ਜਿਥੇ ਗ਼ੈਰ-ਕਾਨੂੰਨਤਾ, ਵਸੂਲੀ ਦੇ ਨਾਂਅ 'ਤੇ ਵੱਡੀ ਰਕਮ, ਜਾਨਵਰ ਬਿਮਾਰੀਆਂ ਨਾਲ ਪੀੜਤ, ਸੁੱਕੇ-ਕਮਜ਼ੋਰ ਅਤੇ ਸਫ਼ਾਈ ਦੇ ਨਾਂਅ 'ਤੇ ਅੱਖਾਂ 'ਚ ਸ਼ਰਮਿੰਦਗੀ ਆ ਜਾਂਦੀ ਹੈ। ਕੇਰਲ ਦੇ ਇਸ ਛੋਟੇ ਜਿਹੇ ਚਿੜੀਆ ਘਰ ਤੋਂ ਸਾਡਾ ਵੱਡਾ ਚਿੜੀਆ ਘਰ ਬੌਣਾ ਲਗਦਾ ਹੈ। ਇਹ ਗੱਲਾਂ ਪਾਠਕ ਨੂੰ ਆਪਣੇ ਗਿਰੇਬਾਨ ਵਿਚ ਝਾਕਣ ਲਈ ਮਜਬੂਰ ਕਰਦੀਆਂ ਹਨ। ਗਿਆਨ ਭਰਪੂਰ ਇਸ ਸਫ਼ਰਨਾਮੇ ਦਾ ਪੰਜਾਬੀ ਅਨੁਵਾਦ ਕਰਕੇ ਤੇਜਿੰਦਰ ਚੰਡੀਹੋਕ ਨੇ ਪੰਜਾਬੀ ਪਾਠਕਾਂ ਲਈ ਇਕ ਤੋਹਫ਼ਾ ਭੇਟ ਕੀਤਾ ਹੈ। ਇਹ ਪੁਸਤਕ ਯਾਤਰਾ ਦੇ ਸ਼ੌਕੀਨ ਸੈਲਾਨੀਆਂ ਲਈ ਇਕ ਗਾਈਡ ਬੁੱਕ ਦਾ ਵੀ ਕੰਮ ਕਰੇਗੀ।


-ਡਾ: ਧਰਮਪਾਲ ਸਾਹਿਲ
ਮੋ: 98761-56964.


ਆਲ੍ਹਣੇ ਤੋਂ ਪਰਵਾਜ਼ ਤੱਕ
ਲੇਖਕ : ਸੇਵਾ ਸਿੰਘ ਨੂਰਪੁਰੀ
ਪ੍ਰਕਾਸ਼ਕ : ਬੀ.ਆਰ.ਐਸ. ਪਬਲੀਕੇਸ਼ਨ, ਗੜ੍ਹਸ਼ੰਕਰ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : +91-98149-35961.


ਸ਼ਾਇਰ ਸੇਵਾ ਸਿੰਘ 'ਨੂਰਪੁਰੀ' ਅਮਰੀਕਾ ਬੈਠਾ ਵੀ ਮਾਂ ਬੋਲੀ ਪੰਜਾਬੀ ਦੀ ਸੇਵਾ ਦੀ ਧੂਣੀ ਧੁਖਾਈ ਬੈਠਾ ਹੈ। ਬੈਂਕ ਸਰਵਿਸ ਦੌਰਾਨ ਤਾਂ ਉਹ ਕਰੰਸੀ ਨੋਟਾਂ ਨੂੰ ਇਕ ਸਟੇਸ਼ਨਰੀ ਹੀ ਸਮਝਦਾ ਸੀ ਪਰ ਉਸ ਵੇਲੇ ਸ਼ਾਇਰੀ ਬੀਜ ਰੂਪ ਵਿਚ ਪੁੰਗਰ ਤਾਂ ਰਹੀ ਸੀ ਪਰ ਫੁੱਲ ਪੱਤੀਆਂ ਸੇਵਾ ਮੁਕਤੀ ਤੋਂ ਬਾਅਦ ਹੀ ਲੱਗੀਆਂ। ਜਿਵੇਂ ਸੱਪ, ਸਲੂੰਡੀਆਂ ਅਤੇ ਡੱਡੂ ਮਹੀਨਿਆਂ ਬੱਧੀ ਧਰਤੀ ਹੇਠ ਖੁੱਡਾਂ 'ਚ ਡੂੰਘੇ ਲਹਿ ਜਾਂਦੇ ਹਨ ਅਤੇ ਸਾਜ਼ਗਾਰ ਮੌਸਮ ਆਉਣ 'ਤੇ ਫਿਰ ਜਾਗ ਉੱਠਦੇ ਹਨ। ਸ਼ਾਇਰ ਵਿਚ ਲਿਖਣ ਦੀ ਤਾਂਘ ਤਾਂ ਸੀ ਪਰ ਇਹ ਤਾਂਘ ਉਨ੍ਹਾਂ ਦੇ ਬਰਾਬਰ ਹੀ ਸੀ ਜੋ ਲਿਖ ਰਹੇ ਸਨ। ਜਿਵੇਂ ਅੰਗਰੇਜ਼ੀ ਦਾ ਕਵੀ ਜੌਹਨ ਮਿਲਟਨ ਜੋ ਅੱਖਾਂ ਤੋਂ ਮੁਨਾਖਾ ਸੀ ਕਹਿੰਦਾ ਹੈ, '"he਼ a&so serve who on&਼ stand and wa}t.' ਸ਼ਾਇਰ ਦੀ ਹਥਲੀ ਪਲੇਠੀ ਕਿਤਾਬ 'ਆਲ੍ਹਣੇ ਤੋਂ ਪਰਵਾਜ਼ ਤੱਕ' ਕਿਸੇ ਵਿਚਾਰਧਾਰਾਈ ਪੈਂਤੜੇ ਨਾਲ ਬੱਝੀ ਹੋਈ ਨਹੀਂ, ਉਸ ਦੀ ਪ੍ਰਤੀਬੱਧਤਾ ਤਾਂ ਉਸ ਦੀ ਸੁਹਿਰਦਤਾ ਨਾਲ ਹੈ, ਜਿਸ ਦੇ ਸਹਾਰੇ ਉਹ ਸ਼ਾਇਰੀ ਦੀ ਕੱਤਵੀਂ ਤੋਂ ਪਲੇਠੀ ਪੂਣੀ ਕੱਤ ਕੇ ਕਾਵਿ-ਸੁਲਾਹਾ ਬਣ ਗਿਆ ਹੈ। ਉਹ ਪੰਜਾਬ ਅੰਦਰ ਉੱਗ ਆਈ ਖ਼ੁਦਕੁਸ਼ੀਆਂ ਦੀ ਫ਼ਸਲ 'ਤੇ ਹੰਝੂ ਕੇਰਦਾ ਹੈ, ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਅਤੇ ਵਿਸ਼ੇਸ਼ ਕਰਕੇ ਚਿੱਟੇ ਦੀ ਲਾਹਨਤ ਜੋ ਪੰਜਾਬ ਦੀ ਜਵਾਨੀ ਦੀ ਹਰਿਆਵਲ ਨੂੰ ਚੱਟਮ ਕਰ ਰਹੀ ਹੈ, 'ਤੇ ਵੀ ਝੂਰਦਾ ਹੈ। ਸਦੀਆਂ ਤੋਂ ਹਾਸ਼ੀਆਗ੍ਰਸਤ ਜੀਵਨ ਬਸਰ ਕਰ ਰਹੇ ਮੂਲ ਵਾਸੀਆਂ ਦੀ ਤ੍ਰਾਸਦੀ ਵੀ ਸਮਝਦਾ ਹੈ। ਵਿਰਸੇ ਅਤੇ ਆਧੁਨਿਕ ਯੁੱਗ ਨੂੰ ਤਰਕ ਦੀ ਕੁਠਾਲੀ ਵਿਚ ਢਾਲਦਾ ਹੈ। ਬਾਬੂ ਫਿਰੋਜ਼ਦੀਨ ਸਰਫ਼ ਦੇ ਗੁਲਾਲ ਵਰਗੇ ਪੰਜਾਬ ਨੂੰ ਫਿਰ ਤੋਂ ਰੰਗਲਾ ਦੇਖਣ ਲਈ ਤਤਪਰ ਹੈ। ਸ਼ਾਇਰ ਦੀ ਪਲੇਠੀ ਕਿਰਤ ਨੂੰ ਜੀ ਆਇਆਂ ਕਹਿਣਾ ਤਾਂ ਬਣਦਾ ਹੀ ਹੈ।' ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਵੀ ਉਡੀਕ ਰਹੇਗੀ। ਸ਼ਾਇਰ ਦੇ ਆਧੁਨਿਕ ਟੱਪਿਆਂ ਦਾ ਰੰਗ ਹਾਜ਼ਰ ਹੈ :
'ਕੋਠੇ 'ਤੇ ਕਾਂ ਬੋਲੇ
ਪੰਜਾਬ ਮੇਰਾ ਭਟਕ ਗਿਆ' ਨਸ਼ਿਆਂ ਵਿਚ ਨਾਂਅ ਬੋਲੇ।
'ਅੱਤ ਕਰ ਤੀ ਵੈਣਾਂ ਨੇ
ਰੱਖੜੀ ਹੱਥ ਫੜ ਕੇ, ਗੁੱਟ ਲੱਭਦੀਆਂ ਭੈਣਾਂ ਨੇ'।


-ਭਗਵਾਨ ਢਿੱਲੋਂ
ਮੋ: 98143-78254

12-12-2020

 ਚਾਨਣ ਵਰਗਾ ਸੱਚ
ਲੇਖਕ : ਤੇਜਿੰਦਰ ਸਿੰਘ ਬਾਜ਼
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 92
ਸੰਪਰਕ : 98720-74034.


ਹਥਲੀ ਪੁਸਤਕ ਵਿਚ ਪੰਜ ਇਕਾਂਗੀ ਅੰਕਿਤ ਹਨ। ਇਹ ਸਾਰੇ ਇਕਾਂਗੀ ਉੱਤਰ-ਆਧੁਨਿਕਤਾ ਕਾਲ-ਖੰਡ ਦੀਆਂ ਗੰਭੀਰ ਸਮੱਸਿਆਵਾਂ ਨੂੰ ਪਾਠਕਾਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਦੇ ਹਨ। ਵਿਗਿਆਨਿਕ ਦ੍ਰਿਸ਼ਟੀਕੋਣ ਦਾ ਧਾਰਕ ਤੇਜਿੰਦਰ ਸਿੰਘ ਬਾਜ਼ ਖ਼ੁਦ ਨਿਰਦੇਸ਼ਕ ਅਤੇ ਰੰਗਕਰਮੀ ਹੋਣ ਦੇ ਨਾਤੇ ਇਨ੍ਹਾਂ ਇਕਾਂਗੀਆਂ ਨੂੰ ਮੰਚਨ-ਜੁਗਤਾਂ ਰਾਹੀਂ ਪੇਸ਼ ਕਰਦਾ ਹੋਇਆ ਪ੍ਰਤੀਤ ਹੋਇਆ ਹੈ। ਪੁਸਤਕ ਦੇ ਸਿਰਲੇਖ ਵਾਲਾ ਇਕਾਂਗੀ ਆਧੁਨਿਕ ਕਾਲ-ਖੰਡ ਵਿਚ ਗ਼ਰੀਬੀ ਦੀ ਦਲਦਲ ਵਿਚ ਫਸੇ ਉਨ੍ਹਾਂ ਲੋਕਾਂ ਦੀ ਦਾਸਤਾਨ ਹੈ ਜੋ ਪੇਟ ਭਰ ਕੇ ਰੋਟੀ ਵੀ ਨਹੀਂ ਖਾ ਸਕਦੇ ਅਤੇ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਕੀੜਿਆਂ ਜਾਂ ਜਾਨਵਰਾਂ ਤੋਂ ਵੀ ਬਦਤਰ ਜ਼ਿੰਦਗੀ ਬਸਰ ਕਰ ਰਹੇ ਹਨ ਭਾਵੇਂ ਕਿ ਸਰਕਾਰੀ ਦਾਅਵਿਆਂ ਅਤੇ ਸੰਚਾਰ-ਜੁਗਤਾਂ ਜ਼ਰੀਏ ਅਜਿਹੀ ਸਮੱਸਿਆ ਦੇ ਹੱਲ ਲਈ ਬੜੇ ਦਾਅਵੇ ਜਤਾਏ ਜਾ ਰਹੇ ਹਨ। 'ਮਿੱਟੀ ਦੀ ਪੁਕਾਰ' ਇਕਾਂਗੀ ਅਜੋਕੇ ਸਮਾਜਿਕ, ਸੱਭਿਆਚਾਰਕ ਵਰਤਾਰੇ ਦੇ ਵਿਭਿੰਨ ਪੱਖਾਂ ਨੂੰ ਉਦੈਮਾਨ ਕਰਦਾ ਹੈ ਜਿਸ ਵਿਚ ਦਰਸਾਇਆ ਗਿਆ ਹੈ ਕਿ ਮਾਨਵਤਾ ਦੀ ਪਾਲਕ ਧਰਤੀ ਦੀ ਪੈਦਾਵਾਰੀ ਸ਼ਕਤੀ ਨੂੰ ਕਿਸ ਕਦਰ, ਰਸਾਇਣਕ ਖਾਦਾਂ, ਜ਼ਹਿਰੀਲੀਆਂ ਦਵਾਈਆਂ ਪਾ ਕੇ ਅਤੇ ਰੁੱਖਾਂ ਨੂੰ ਖ਼ਤਮ ਕਰਕੇ ਹਰਿਆਲੀ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ ਅਤੇ ਜਨਜੀਵਨ ਵਿਚ ਜਲਵਾਯੂ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਆਦਿ ਦਾ ਵਿਵਰਣ ਨਾਟਕੀ ਕਿਰਿਆਤਮਿਕ ਰੂਪ ਵਿਚ ਪਾਤਰਾਂ ਦੇ ਰੌਚਕ ਵਾਰਤਾਲਾਪਾਂ ਰਾਹੀਂ ਪ੍ਰਗਟਾਇਆ ਹੈ।
'ਆਓ ਕੁਝ ਸੋਚੀਏ' ਇਕਾਂਗੀ ਵਿਚ ਧਰਤੀ ਤੋਂ ਖ਼ਤਮ ਹੋ ਰਹੇ ਜੀਵਾਂ-ਜੰਤੂਆਂ ਦੀ ਸਮੱਸਿਆ ਨੂੰ ਪੜ੍ਹੀਆਂ ਲਿਖੀਆਂ ਲੜਕੀਆਂ, ਅਨਪੜ੍ਹ ਮਾਂ ਅਤੇ ਨਸ਼ੇੜੀ ਪਾਤਰਾਂ ਜ਼ਰੀਏ ਖ਼ੂਬ ਵਿਗਿਆਨਕ ਅਤੇ ਉਸਾਰੂ ਦ੍ਰਿਸ਼ਟੀ ਤੋਂ ਉਭਾਰਿਆ ਹੈ। ਇਸੇ ਤਰ੍ਹਾਂ 'ਜਿਥੇ ਸਫ਼ਾਈ ਉਥੇ ਖ਼ੁਦਾਈ' ਇਕਾਂਗੀ ਵਿਚ ਸਵੱਛਤਾ ਭਰੇ ਵਾਤਾਵਰਨ ਨੂੰ ਸਿਰਜਣ ਦੀ ਗੱਲ ਮਾਂ-ਪਿਓ, ਧੀ-ਪੁੱਤਰ ਅਤੇ ਪਿੰਡ ਦੀ ਡਿਸਪੈਂਸਰੀ ਦੇ ਸਟਾਫ਼ ਜ਼ਰੀਏ ਪੇਸ਼ ਕੀਤੀ ਹੈ। ਪੁਸਤਕ ਦਾ ਅੰਤਿਮ ਇਕਾਂਗੀ 'ਵਿਨਾਸ਼' ਹੈ ਜਿਸ ਵਿਚ ਨਾੜ ਪਰਾਲੀ ਨੂੰ ਅੱਗ ਨਾ ਲਾਉਣਾ, ਪਟਾਕੇ ਨਾ ਫੂਕ ਕੇ ਗਰੀਨ ਦੀਵਾਲੀ ਮਨਾਉਣਾ, ਗਲੋਬਲ ਵਾਰਮਿੰਗ ਤੋਂ ਬਚਣਾ ਅਤੇ ਮਨੁੱਖਤਾ ਨੂੰ ਵਿਨਾਸ਼ ਤੋਂ ਬਚਾਉਣ ਦਾ ਬੜਾ ਵਿਗਿਆਨਕ ਨਜ਼ਰੀਆ ਮੰਚਣ-ਜੁਗਤਾਂ ਜ਼ਰੀਏ ਪੇਸ਼ ਕੀਤਾ ਹੈ। ਇਸ ਤਰ੍ਹਾਂ ਇਹ ਪੁਸਤਕ ਅਜੋਕੇ ਸਮਕਾਲ ਦੇ ਮਨੁੱਖ ਲਈ ਸਾਰਥਿਕ ਸੇਧ ਕਲਾਮਈ ਮੰਚਣ-ਜੁਗਤਾਂ ਰਾਹੀਂ ਪੇਸ਼ ਕਰਦੀ ਹੈ।


-ਡਾ: ਜਗੀਰ ਸਿੰਘ ਨੂਰ
ਮੋ: 98142-09732


ਖ਼ਾਸ ਖ਼ਬਰ (SCOOP)

ਲੇਖਕ : ਕੁਲਦੀਪ ਨਈਅਰ
ਅਨੁਵਾਦ : ਅਰਵਿੰਦਰ ਜੌਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 192
ਸੰਪਰਕ : 91-172-5027427.


ਭਾਰਤ ਦੇ ਪ੍ਰਬੁੱਧ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਦੀ ਅਸਾਧਾਰਨ ਪ੍ਰਤਿਭਾ ਤੋਂ ਹਰ ਸੂਝਵਾਨ ਸ਼ਖ਼ਸ ਬਾਖ਼ਬਰ ਹੈ। ਉਸ ਦਾ ਜਨਮ 1927 ਈ: ਵਿਚ ਪੱਛਮੀ ਪੰਜਾਬ ਦੇ ਇਕ ਇਤਿਹਾਸਕ ਨਗਰ ਸਿਆਲਕੋਟ ਵਿਚ ਹੋਇਆ ਸੀ। ਹਥਲੀ ਪੁਸਤਕ ਵਿਚ ਉਸ ਨੇ ਪੱਤਰਕਾਰੀ ਵਿਚ ਸਕੂਪਿੰਗ (ਖੁਰਚ ਕੇ ਖੁਫ਼ੀਆ ਖ਼ਬਰ ਕੱਢਣ) ਬਾਰੇ ਕੁਝ ਦਿਲਚਸਪ ਤੱਥ ਪਾਠਕਾਂ ਨਾਲ ਸਾਂਝੇ ਕੀਤੇ ਹਨ।
ਪਹਿਲੇ ਲੇਖ ਵਿਚ ਉਹ ਦੇਸ਼-ਵੰਡ ਬਾਰੇ ਕੁਝ ਖ਼ਬਰਾਂ ਬਿਆਨ ਕਰਦਾ ਹੈ। ਜਦੋਂ ਬਰਤਾਨਵੀ ਸਰਕਾਰ ਨੇ ਭਾਰਤ ਨੂੰ ਆਜ਼ਾਦ ਕਰਨ ਦਾ ਫ਼ੈਸਲਾ ਲੈ ਲਿਆ ਸੀ ਤਾਂ ਮੁਹੰਮਦ ਅਲੀ ਜਿਨਾਹ ਨੇ ਮੁਸਲਮਾਨਾਂ ਦੇ ਸੁਰੱਖਿਅਤ ਭਵਿੱਖ ਲਈ ਇਕ ਵੱਖਰੇ ਮੁਲਕ ਦੀ ਮੰਗ ਸਾਹਮਣੇ ਰੱਖ ਦਿੱਤੀ। ਆਮ ਮੁਸਲਮਾਨ ਵੀ ਇਸ ਮੰਗ 'ਤੇ ਬਹੁਤ ਪ੍ਰਸੰਨ ਅਤੇ ਉਤੇਜਿਤ ਹੋ ਗਏ। ਕੁਲਦੀਪ ਨਈਅਰ ਨੇ ਮਿ: ਜਿਨਾਹ, ਲਾਰਡ ਮਾਊਂਟਬੈਟਨ ਅਤੇ ਇੰਗਲੈਂਡ ਦੇ ਮੰਤਰੀ ਕ੍ਰਿਪਸ ਨਾਲ ਮੁਲਾਕਾਤਾਂ ਕਰ ਕੇ ਇਸ ਵੰਡ ਬਾਰੇ ਬੜੇ ਪ੍ਰਮਾਣਿਕ ਵੇਰਵੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਉਹ ਇਸ ਲੋਕ-ਰਾਇ ਨਾਲ ਸਹਿਮਤੀ ਨਹੀਂ ਦਰਸਾਉਂਦਾ ਕਿ ਅੰਗਰੇਜ਼ਾਂ ਨੇ ਭਾਰਤ ਨੂੰ ਕਮਜ਼ੋਰ ਕਰਨ ਲਈ ਇਸ ਦੇ ਦੋ ਟੁੱਕੜੇ ਕਰ ਦਿੱਤੇ ਸਨ। ਬਲਕਿ ਇਸ ਘਟਨਾ ਨੂੰ ਪੰਡਿਤ ਨਹਿਰੂ ਦੇ ਸ਼ੰਕਿਆਂ ਅਤੇ ਮਿ: ਜਿਨਾਹ ਦੇ ਕਾਂਗਰਸ ਉੱਪਰ ਅਵਿਸ਼ਵਾਸ ਦਾ ਕਾਰਨ ਦੱਸਦਾ ਹੈ। ਇਕ ਹੋਰ ਲੇਖ ਵਿਚ ਉਹ 'ਹਿੰਦੀ' ਨੂੰ ਭਾਰਤ ਦੀ ਰਾਸ਼ਟਰ ਭਾਸ਼ਾ ਬਣਾਉਣ ਦੇ ਰਾਹ ਵਿਚ ਆਉਣ ਵਾਲੀਆਂ ਕਠਿਨਾਈਆਂ ਬਾਰੇ ਗੱਲ ਕਰਦਾ ਹੈ। ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣ ਦਾ ਪ੍ਰਸਤਾਵ ਸੰਸਦੀ ਕਮੇਟੀ ਵਿਚ ਕੇਵਲ ਇਕ ਵੋਟ ਦੇ ਵਾਧੇ ਨਾਲ ਪਾਸ ਹੋਇਆ ਸੀ ਅਤੇ ਉਹ ਵੋਟ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਦੀ ਸੀ। ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੇ ਓਡੀਸ਼ਾ ਦੇ ਮੁੱਖ ਮੰਤਰੀ ਬੀਜੂ ਪਟਨਾਇਕ ਉੱਪਰ ਚੱਲਣ ਵਾਲੇ ਕੇਸਾਂ ਬਾਰੇ ਹੋਣ ਵਾਲੇ ਫ਼ੈਸਲੇ ਦੀ ਰਿਪੋਰਟ ਸਭ ਤੋਂ ਪਹਿਲਾਂ ਕੁਲਦੀਪ ਨਈਅਰ ਨੇ ਹੀ ਕਮਿਸ਼ਨ ਦੇ ਮੈਂਬਰਾਂ ਪਾਸੋਂ ਕੁਰੇਦ ਕੇ ਪ੍ਰਕਾਸ਼ਿਤ ਕਰਵਾਈ ਸੀ, ਜਿਸ ਕਾਰਨ ਪੱਤਰਕਾਰਤਾ ਦੀ ਦੁਨੀਆ ਵਿਚ ਉਸ ਦੀ ਸ਼ਕਤੀਸ਼ਾਲੀ ਪੈਂਠ ਬਣ ਗਈ ਸੀ। ਇਸੇ ਪ੍ਰਕਾਰ ਸ਼ਾਸਤਰੀ ਜੀ ਦੀ ਤਾਸ਼ਕੰਦ ਵਿਚ ਹੋਈ ਮ੍ਰਿਤੂ ਉਪਰੰਤ ਜਦੋਂ ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਪਦ ਲਈ ਪਰ ਤੋਲੀ ਫਿਰਦਾ ਸੀ ਤਾਂ ਮਿ: ਨਈਅਰ ਦੀਆਂ ਖ਼ਬਰਾਂ ਦੇ ਕਾਰਨ ਹੀ ਸ੍ਰੀਮਤੀ ਗਾਂਧੀ ਨੂੰ ਇਹ ਪਦਵੀ ਪ੍ਰਾਪਤ ਹੋਈ ਸੀ। ਨਹਿਰੂ ਜੀ ਦੀ ਮ੍ਰਿਤੂ ਤੋਂ ਬਾਅਦ ਵੀ ਦੇਸਾਈ ਸਾਹਿਬ ਦੇ ਸਾਹਮਣਿਓਂ ਪ੍ਰਧਾਨ ਮੰਤਰੀ ਦੀ ਕੁਰਸੀ ਕੁਲਦੀਪ ਨਈਅਰ ਦੀ ਇਕ ਬਰੇਕਿੰਗ ਨਿਊਜ਼ ਕਾਰਨ ਹੀ ਖਿਸਕੀ ਸੀ। ਇਸ ਪੁਸਤਕ ਵਿਚ ਲੇਖਕ ਨੇ ਪੱਤਰਕਾਰੀ ਨਾਲ ਸਬੰਧਿਤ ਕੁਸ਼ਲਤਾਵਾਂ ਅਤੇ ਚਤੁਰਾਈਆਂ ਦੇ ਨਾਲ-ਨਾਲ ਇਸ ਪਵਿੱਤਰ ਪੇਸ਼ੇ ਦੀਆਂ ਕਦਰਾਂ-ਕੀਮਤਾਂ ਉੱਪਰ ਵੀ ਪ੍ਰਕਾਸ਼ ਪਾਇਆ ਹੈ। ਇਹ ਇਕ ਅਤਿਅੰਤ ਗਿਆਨਵਰਧਕ ਪੁਸਤਕ ਹੈ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136



ਸਾਹਿਤ ਫੁਲਵਾੜੀ ਦੇ ਪੰਜਾਬੀ ਮਾਲੀ
ਲੇਖਕ : ਭੁਪਿੰਦਰ ਉਸਤਾਦ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 200 ਰੁਪਏ, ਸਫ਼ੇ : 186
ਸੰਪਰਕ : 98762-08542.


ਚਰਚਾ ਅਧੀਨ ਪੁਸਤਕ 'ਸਾਹਿਤ ਫੁਲਵਾੜੀ ਦੇ ਪੰਜਾਬੀ ਮਾਲੀ' ਵਿਚ ਪੰਜਾਬੀ ਜ਼ਬਾਨ ਦੀਆਂ 23 ਸਿਰਕੱਢ ਸਾਹਿਤਕ ਸ਼ਖ਼ਸੀਅਤਾਂ ਬਾਰੇ, ਦਿਲਚਸਪ ਅਤੇ ਭਰਪੂਰ ਜਾਣਕਾਰੀ ਪ੍ਰਦਾਨ ਕਰਨ ਵਾਲੇ ਨਿਬੰਧ ਸ਼ਾਮਿਲ ਕੀਤੇ ਗਏ ਹਨ। ਅਖ਼ੀਰਲਾ ਨਿਬੰਧ ਲੇਖਕ ਦੇ ਆਪਣੇ ਜੀਵਨ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਤੋਂ ਪਹਿਲਾਂ ਭੁਪਿੰਦਰ ਉਸਤਾਦ ਦੀਆਂ ਛੇ ਪੁਸਤਕਾਂ : ਕੰਧਾਂ ਹੁੰਗਾਰਾ ਨਹੀਂ ਭਰਦੀਆਂ, ਲੋਕ ਕੀ ਕਹਿਣਗੇ, ਇਕ ਲੱਪ ਯਾਦਾਂ ਦੀ, ਨਾਂਅ ਕੀ ਰਿਸ਼ਤਿਆਂ ਦੇ, ਰਿਸ਼ਤੇ ਕੱਚ ਵਰਗੇ, ਮੁਹੱਬਤ ਨਸ਼ਾ ਹੈ, ਛੱਪ ਚੁੱਕੀਆਂ ਹਨ। ਕਿਰਤੀ ਦਸਤਕਾਰ ਦੇ ਘਰ ਜੰਮਿਆਂ ਲੇਖਕ ਮੁਢਲੇ ਤੌਰ 'ਤੇ ਸਾਹਿਤ ਸਿਰਜਕ ਨਹੀਂ ਸੀ। ਪਰ ਸੰਗੀਆਂ ਸਾਥੀਆਂ ਦੀ ਪ੍ਰੇਰਨਾ ਨੇ ਉਸ ਦੇ ਮਨ ਦੀ ਮਿੱਟੀ ਵਿਚ ਸਾਹਿਤ ਦਾ ਬੀਜ ਰੱਖ ਦਿੱਤਾ ਸੀ। ਵੀਹ-ਬਾਈ ਸਾਲ ਉਹ ਰੁਜ਼ਗਾਰ ਦੀ ਦੌੜ ਵਿਚ ਵਿਦੇਸ਼ੀ ਧਰਤੀਆਂ 'ਤੇ ਘੁੰਮਦਾ ਰਿਹਾ। ਭੁਪਿੰਦਰ ਉਸਤਾਦ ਨੂੰ ਬਰਜਿੰਦਰ ਸਿੰਘ ਹਮਦਰਦ ਅਤੇ ਅਮਰਜੀਤ ਸਿੰਘ ਅਕਸ, ਵਰਗੇ ਦੋਸਤਾਂ ਦੀ ਲਗਾਈ ਸਾਹਿਤਕ ਚਿਣਗ, ਢਾਈ ਦਹਾਕਿਆਂ ਪਿੱਛੋਂ ਜਸਵੰਤ ਸਿੰਘ ਵਿਰਦੀ ਨੇ ਮੁੜ ਤੋਂ ਸੁਲਘਾਈ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕਹਾਣੀ, ਕਵਿਤਾ, ਨਾਵਲ, ਸਫ਼ਰਨਾਮਾ, ਨਿਬੰਧ ਉਸ ਨੇ ਜੋ ਕੁਝ ਵੀ ਲਿਖਿਆ, ਆਪਣੇ ਵਿਲੱਖਣ ਅੰਦਾਜ਼ ਵਿਚ ਲਿਖਿਆ ਹੈ। ਹਥਲੀ ਪੁਸਤਕ ਵਿਚ ਉਸ ਨੇ ਦੋ ਦਰਜਨ ਦੇ ਕਰੀਬ ਨਵੇਂ ਅਤੇ ਪੁਰਾਣੇ ਲੇਖਕਾਂ ਦੇ ਜੀਵਨ ਬਾਰੇ ਡੂੰਘਾ ਅਧਿਐਨ ਕਰਦੇ ਨਿਬੰਧ, ਇਸ ਪੁਸਤਕ ਦਾ ਸ਼ਿੰਗਾਰ ਬਣਾਏ ਹਨ। ਉਸ ਦੀ ਲੇਖਣੀ ਵਿਚ ਬੜਾ ਕੁਝ ਮੌਲਿਕ, ਨਵਾਂ, ਤਾਜ਼ਾ ਤਰੀਨ ਅਤੇ ਨਰੋਆ ਮੌਜੂਦ ਹੈ। ਜਾਣਕਾਰੀ ਪੁਖ਼ਤਾ ਵੀ ਹੈ ਅਤੇ ਸੱਜਰੀ ਵੀ। ਸ਼ੇਖ ਫ਼ਰੀਦ, ਬੁੱਲ੍ਹੇ ਸ਼ਾਹ ਤੋਂ ਲੈ ਕੇ ਬਚਿੰਤ ਕੌਰ ਅਤੇ ਬਰਜਿੰਦਰ ਸਿੰਘ ਹਮਦਰਦ ਤੱਕ ਤੇਈ ਸਾਹਿਤਕ ਸ਼ਖ਼ਸੀਅਤਾਂ ਦੇ ਅਜਿਹੇ ਬਿਰਤਾਂਤ ਇਸ ਪੁਸਤਕ ਵਿਚ ਦਰਜ ਹਨ, ਜੋ ਹੋਰ ਕਿਸੇ ਪੁਸਤਕ ਵਿਚ ਨਹੀਂ ਮਿਲਦੇ। ਮੈਨੂੰ ਪਹਿਲੀ ਦਫ਼ਾ ਇਸ ਪੁਸਤਕ ਤੋਂ ਜਾਣਕਾਰੀ ਮਿਲੀ ਕਿ ਭਾਈ ਵੀਰ ਸਿੰਘ ਨੂੰ ਸਟੇਜ 'ਤੇ ਬੋਲਣ ਤੋਂ ਝਿਜਕ ਸੀ। ਦਵਿੰਦਰ ਸਤਿਆਰਥੀ ਦੀ ਮੁਨਸ਼ੀ ਪ੍ਰੇਮ ਚੰਦ ਨਾਲ ਮੁਲਾਕਾਤ ਕਿੰਝ ਹੋਈ, ਪੰਜਾਬੀ ਜ਼ਬਾਨ ਦੇ ਮੁੱਦਈ ਹੋਣ ਕਰਕੇ ਭਾਸ਼ਾਈ ਧੜੇਬੰਦੀਆਂ ਨੇ ਦਾਮਨ ਦਾ ਘਰ ਤੇ ਦੁਕਾਨ ਫੂਕ ਸੁੱਟੇ ਸਨ। ਕੁਲਵੰਤ ਸਿੰਘ ਵਿਰਕ ਦੇ ਨਿਬੰਧ ਵਿਚ ਉਸ ਦੇ ਨਜ਼ਦੀਕੀ ਪ੍ਰੇਮ ਪ੍ਰਕਾਸ਼ ਦਾ ਜ਼ਿਕਰ ਨਹੀਂ ਛਿੜਿਆ। ਸਾਹਿਰ ਤਾਸ਼ ਫੈਂਟਦਾ ਫੈਂਟਦਾ ਹੀ ਸੁਆਸਾਂ ਦੀ ਲੀਲ੍ਹਾ ਖ਼ਤਮ ਕਰ ਗਿਆ ਸੀ। ਲੇਖਕ ਜਗਦੀਸ਼ ਵਰਿਆਮ ਦਾ ਸਕੂਲ ਵੇਲੇ ਦਾ ਬੇਲੀ ਸੀ। ਬਚਿੰਤ ਕੌਰ ਨੇ ਗੋਰਿਆਂ ਦੇ ਮੁਲਕ ਵਿਚ ਅੱਖ ਮਾਰਨ ਦੀ ਰੀਤ ਨੂੰ ਸਤਿਕਾਰ ਨਾਲ ਜੋੜਨ ਦਾ ਕਿੱਸਾ ਵੀ ਅਜੀਬ ਦੱਸਿਆ ਹੈ। ਲੇਖਕ ਦੋਸਤਾਂ ਨਾਲ ਕੰਪਨੀ ਬਾਗ਼ ਦੇ ਸਾਹਮਣੇ ਕਾਫ਼ੀ ਹਾਊਸ ਤੇ ਘੰਟਿਆਂਬੱਧੀ ਸਾਹਿਤਕ ਮਹਿਫ਼ਲਾਂ ਵਿਹੰਦਾ ਰਿਹਾ। ਉਹ ਰਲ ਕੇ ਸਾਹਿਤਕ ਸਿਰਜਣਾ ਸਬੰਧੀ ਮਸ਼ਵਰੇ ਕਰਦੇ ਰਹਿੰਦੇ ਸਨ। ਉਨ੍ਹਾਂ ਮੁਲਾਕਾਤਾਂ ਦੀ ਬਦੌਲਤ ਪਹਿਲਾਂ 'ਅਨਪੜ੍ਹ' ਤਖ਼ੱਲਸ ਲਿਖਣ ਵਾਲਾ ਭੁਪਿੰਦਰ ਅੱਜ ਭੁਪਿੰਦਰ ਉਸਤਾਦ ਹੈ ਅਤੇ ਬਹੁਵਿਧਾਵੀ ਲੇਖਕ ਵੀ ਹੈ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦਾ ਭਰਪੂਰ ਸਵਾਗਤ ਹੈ। ਮੈਂ ਪਾਠਕਾਂ ਨੂੰ ਸਲਾਹ ਦੇਣੀ ਚਾਹਾਂਗਾ ਕਿ ਇਸ ਪੁਸਤਕ ਨੂੰ ਜ਼ਰੂਰ ਪੜ੍ਹਨ।


-ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686


ਰੌਸ਼ਨੀਆਂ
ਲੇਖਕ : ਨਰਿੰਦਰ ਸਿੰਘ ਕਪੂਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 292
ਸੰਪਰਕ : 0172-4027552.


ਇਸ ਪੁਸਤਕ ਦੇ 35 ਲੇਖ ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਉੱਤੇ ਰੌਸ਼ਨੀ ਪਾਉਂਦੇ ਹਨ। ਲੇਖਕ ਨੇ ਆਪਣੀ ਡੂੰਘੀ ਸਮਝ ਅਤੇ ਤਜਰਬੇ ਦੁਆਰਾ ਜ਼ਿੰਦਗੀ ਦੇ ਤੱਤ ਸਾਡੇ ਸਾਹਮਣੇ ਦ੍ਰਿਸ਼ਟੀਗੋਚਰ ਕੀਤੇ ਹਨ। ਬਹੁਤ ਹੀ ਸੁਲਝੇ ਹੋਏ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਠੁੱਕਦਾਰ ਬੋਲੀ ਅਤੇ ਸੁੰਦਰ ਸ਼ੈਲੀ ਨਾਲ ਸ਼ਿੰਗਾਰੇ ਇਹ ਲੇਖ ਸਾਡੇ ਦਿਲਾਂ ਨੂੰ ਟੁੰਬਦੇ ਅਤੇ ਵਿਚਾਰਾਂ ਨੂੰ ਰੁਸ਼ਨਾਉਂਦੇ ਹਨ। ਸਾਰੀ ਸਮੱਗਰੀ ਹੀ ਮੁੱਲਵਾਨ ਅਤੇ ਮਹੱਤਵਪੂਰਨ ਹੈ। ਆਮ ਜੀਵਨ ਨਾਲ ਸਬੰਧਿਤ ਸਮੱਸਿਆਵਾਂ ਅਤੇ ਮਸਲਿਆਂ ਨੂੰ ਸੋਹਣੇ ਢੰਗ ਨਾਲ ਸੁਲਝਾਇਆ ਗਿਆ ਹੈ। ਇਹ ਲੇਖ ਨਿੱਜੀ, ਪਰਿਵਾਰਕ, ਸਮਾਜਿਕ, ਵਿਹਾਰਕ, ਮਾਨਸਿਕ ਅਤੇ ਭਾਵੁਕ ਪੱਧਰ 'ਤੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਦੇ ਹਨ ਜਿਵੇਂ ਆਪਣਾ ਕਮਰਾ, ਪੁਰਸ਼ ਲੜਦੇ ਕਿਉਂ ਹਨ, ਸਫਲਤਾ ਦਾ ਲਿਬਾਸ, ਸਾਡਾ ਬਦਲ ਰਿਹਾ ਵਰਤੋਂ ਵਿਹਾਰ, ਫ਼ੈਸਲੇ ਕਰਨ ਦੀਆਂ ਮੁਸ਼ਕਿਲਾਂ, ਅੱਥਰੂਆਂ ਦਾ ਕਾਫ਼ਲਾ, ਕਿਤਾਬਾਂ ਪੜ੍ਹਨ ਦੀ ਲੋਪ ਹੋ ਰਹੀ ਰੁਚੀ, ਕੀ ਅਸੀਂ ਕਦੇ ਜਾਗਾਂਗੇ, ਇਸਤਰੀਆਂ ਵਧੇਰੇ ਕਿਉਂ ਬੋਲਦੀਆਂ ਹਨ, ਟਾਲਮਟੋਲ ਦੀ ਆਦਤ, ਯੂਨੀਵਰਸਿਟੀਆਂ ਦਾ ਯੋਗਦਾਨ, ਸਾਡਾ ਸਕੂਲ, ਹੋਟਲ ਸੱਭਿਆਚਾਰ, ਮਾਫ਼ ਕਰਨ ਦੀਆਂ ਮੁਸ਼ਕਿਲਾਂ, ਕੱਪੜੇ, ਪਹਿਰਾਵਾ, ਫੈਸ਼ਨ, ਉਡੀਕ, ਭੁੱਖ, ਭੋਜਨ, ਫ਼ਿਲਾਸਫਰਾਂ ਦੀਆਂ ਪ੍ਰੇਸ਼ਾਨੀਆਂ, ਨੇਮਾਂ ਦੀ ਉਲੰਘਣਾ, ਭਗੌੜਾ ਜੀਵਨ, ਭਾਵਕਤਾ, ਦਿਲ ਦਾ ਦੌਰਾ, ਇਸਤਰੀਆਂ ਪੁਰਸ਼ਾਂ ਦੇ ਵਿਹਾਰਕ ਵੱਖਰੇਵੇਂ, ਹਉਮੈ, ਹੰਕਾਰ, ਜਾਅਲਸਾਜ਼ੀ, ਧੋਖਾਧੜੀ, ਅਖਾਣ-ਮੁਹਾਵਰੇ, ਬਾਜ਼ਾਰ ਦਾ ਸੱਭਿਆਚਾਰ, ਅਵਚੇਤਨ ਦੀ ਸ਼ਕਤੀ, ਕੂੜਾ ਕਬਾੜ, ਮਾਨਸਿਕ ਵਿਗਾੜ ਆਦਿ। ਕਈ ਵਾਕ ਬਹੁਤ ਕੀਮਤੀ ਹਨ ਜਿਵੇਂ ਹੱਸਣਾ ਸਿੱਖਣਾ ਪੈਂਦਾ ਹੈ, ਰੋਣਾ ਤਾਂ ਜੰਮਦਿਆਂ ਹੀ ਆ ਜਾਂਦਾ ਹੈ। ਸਭ ਤੋਂ ਡੂੰਘੀ ਨਦੀ ਹੰਝੂਆਂ ਦੀ ਹੁੰਦੀ ਹੈ, ਝੁਰੜੀਆਂ ਦੱਸਦੀਆਂ ਹਨ, ਕਿਥੇ ਮੁਸਕਰਾਹਟਾਂ ਦੇ ਤ੍ਰਿੰਝਣ ਲੱਗਦੇ ਸਨ। ਸਮੁੱਚੇ ਤੌਰ 'ਤੇ ਇਹ ਪੁਸਤਕ ਬਹੁਤ ਲਾਹੇਵੰਦ, ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਹੈ। ਇਸ ਦਾ ਭਰਪੂਰ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਥ੍ਹੋਰ
ਲੇਖਕ : ਬਲਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 103
ਸੰਪਰਕ : 98723-39022.


ਅਸਤਿੱਤਵਵਾਦੀ ਆਲੋਚਨਾ ਦ੍ਰਿਸ਼ਟੀ ਅਨੁਸਾਰ ਵਾਚਿਆਂ ਨਾਵਲ ਦੇ ਪਾਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਫੈਕਟੀਸਿਟੀ (ਤਥਾਤਮਿਕਤਾ) ਵਿਚ ਪੇਸ਼ ਕੀਤੇ ਗਏ ਹਨ। ਦੋ ਲੜਕੀਆਂ (ਸਿਮਰਜੀਤ ਅਤੇ ਸੁਖਜੀਤ) ਅਰਥ-ਸ਼ਾਸਤਰ ਵਿਭਾਗ ਵਿਚ ਐਮ.ਏ. ਕਰ ਰਹੀਆਂ ਹਨ। ਦੋਵਾਂ ਦੇ ਜੀਵਨ-ਵਿਕਾਸ ਪ੍ਰਤੀ ਨਜ਼ਰੀਏ ਵਿਚ ਟਕਰਾਅ ਹੈ। ਸਿਮਰ ਲਈ ਪੈਸਾ, ਅਮੀਰੀ, ਅਹੁਦਾ (ਸਟੇਟਸ), ਕੋਠੀ, ਕਾਰ, ਮਨਮਰਜ਼ੀ ਦੀ ਰਹਿਣੀ ਬਹਿਣੀ ਹੀ ਸਭ ਕੁਝ ਹੈ ਜਦੋਂ ਕਿ ਸੁਖਜੀਤ ਲਈ ਇਨਸਾਨੀਅਤ, ਪਿਆਰ, ਕਿਰਦਾਰ, ਸਾਦਾ ਰਹਿਣੀ, ਉੱਚ ਵਿਚਾਰ ਹੀ ਪ੍ਰਮਾਣਿਕ ਅਸਤਿੱਤਵ ਦੇ ਲੱਛਣ ਹਨ। ਬਲਕਰਨ ਪਾਤਰ ਵਰਗੇ ਸਿਮਰ ਦੇ ਨਜ਼ਰੀਏ ਕਾਰਨ ਭਵਿੱਖਬਾਣੀ ਕਰਦੇ ਹਨ ਕਿ ਉਹ ਜੀਵਨ ਵਿਚ ਧੋਖਾ ਖਾ ਸਕਦੀ ਹੈ। ਸੁਖਵੰਤ ਵੀ ਉਸ ਦਾ ਜਮਾਤੀ ਹੈ ਜਿਸ ਦਾ ਅਸਤਿਤਵ ਪ੍ਰਮਾਣਿਕ ਹੈ। ਕਥਾ ਅਨੁਸਾਰ ਸਿਮਰ ਤੇ ਸੁਖਵੰਤ ਵਿਆਹ ਕਰਵਾ ਲੈਂਦੇ ਹਨ। ਸਿਮਰ ਦੋ ਸਾਲ ਬਾਅਦ ਵੀ ਬੱਚਾ ਪੈਦਾ ਕਰਨ ਤੋਂ ਇਨਕਾਰੀ ਹੈ। ਸਿਮਰ ਦੀ ਸਟੇਟਸ ਵਾਲੇ ਸਾਥੀ ਬਾਰੇ, ਫ਼ਿਤਰਤ ਨਹੀਂ ਬਦਲਦੀ। ਲਾਅ ਕਾਲਜ ਦਾ 'ਲਾਲੀ' ਜੋ ਪਹਿਲਾਂ ਵੀ ਸਿਮਰ ਨਾਲ ਛੇੜਛਾੜ ਕਰਦਾ ਰਹਿੰਦਾ ਹੈ, ਐਸ.ਡੀ.ਐਮ. ਸੰਗਰੂਰ ਬਣ ਜਾਂਦਾ ਹੈ। ਸਿਮਰ ਤੇ ਸੁਖਵੰਤ ਕ੍ਰਮਵਾਰ ਕੰਨਿਆ ਕਾਲਜ ਅਤੇ ਮਹਿੰਦਰਾ ਕਾਲਜ ਵਿਚ ਲੈਕਚਰਾਰ ਨਿਯੁਕਤ ਹੋ ਜਾਂਦੇ ਹਨ। ਸਿਮਰ ਲਾਲੀ ਦੇ ਸਟੇਟਸ ਤੋਂ ਪ੍ਰਭਾਵਿਤ ਹੋ ਕੇ, ਸੁਖਵੰਤ ਨੂੰ ਤਲਾਕ ਦੇ ਦਿੰਦੀ ਹੈ। ਅਦਾਲਤ ਵਲੋਂ ਫ਼ੈਸਲਾ ਲਟਕ ਜਾਂਦਾ ਹੈ। ਸਿਮਰ ਲਾਲੀ ਨੂੰ ਵਿਆਹ ਲਈ ਜ਼ਿਦ ਕਰਦੀ ਹੈ। ਵਾਪਰੀਆਂ ਘਟਨਾਵਾਂ ਤੋਂ ਪਰਦਾ ਫਾਸ਼ ਹੋ ਜਾਂਦਾ ਹੈ ਕਿ ਛੇੜਛਾੜ ਕਰਨ ਵਾਲਾ ਐਸ.ਡੀ.ਐਮ. ਪਹਿਲਾਂ ਹੀ ਵਿਵਾਹਿਤ ਹੈ ਤੇ ਦੋ ਬੱਚਿਆਂ ਦਾ ਬਾਪ ਹੈ। ਲਾਲੀ ਤਾਂ ਵਿਗੜਿਆ ਹੋਇਆ ਕਾਕਾ ਹੈ ਜੋ ਵੱਧ ਤੋਂ ਵੱਧ ਲੜਕੀਆਂ ਦਾ ਸ਼ੋਸ਼ਣ ਕਰਨ ਵੱਲ ਰੁਚਿਤ ਹੈ। ਅਸਲੀਅਤ ਪਤਾ ਲੱਗਣ 'ਤੇ ਸਿਮਰ ਪਛਤਾਵਾ ਕਰਦੀ ਹੈ। ਮਾਈਗਰਿਨ ਦਵਾ ਲੈਂਦੀ ਰਹਿੰਦੀ ਹੈ ਪਰ ਹਸਪਤਾਲ 'ਚ ਪਤਾ ਲਗਦਾ ਹੈ ਕਿ ਉਸ ਨੂੰ 'ਸੈਰੀਬਰਲ ਮਲੇਰੀਆ' ਹੈ। ਨਾਵਲ ਦੇ ਅੰਤ ਸਮੇਂ ਬਿਮਾਰ ਸਿਮਰ ਦੀ ਹੋਰਨਾਂ ਦੇ ਸਮਝਾਉਣ 'ਤੇ ਸੁਖਵੰਤ ਹੀ ਸੰਭਾਲ ਕਰਦਾ ਹੈ। ਨਾਵਲ ਦਾ ਗਾਲਪਨਿਕ ਕੋਡ ਹੈ, '... ਘਰ ਵਿਚ ਥ੍ਹੋਰ ਨਹੀਂ ਲਾਈਦਾ, ਤੀਜੇ ਅਣਚਾਹੇ ਬੰਦੇ ਦਾ ਘਰ 'ਚ ਦਖ਼ਲ ਥ੍ਹੋਰ ਵਾਂਗ ਹੁੰਦੈ ਜੋ ਫੈਲ ਕੇ ਸਾਰੀ ਫ਼ਿਜ਼ਾ ਨੂੰ ਕੰਡਿਆਲੀ ਬਣਾ ਦਿੰਦੈ, ਕੰਡੇ ਨਿੱਕੇ ਸਹੀ ਪਰ ਰੂਹ ਤੀਕਰ ਲਹੂ ਲੁਹਾਨ ਕਰ ਦਿੰਦੇ ਨੇ।' ਪੰ: 47. ਇਸੇ ਕਾਰਨ ਨਾਵਲ ਦਾ ਸਿਰਲੇਖ ਬੜਾ ਢੁੱਕਵਾਂ ਹੈ। ਨਾਵਲ ਦੀ ਵਿਲੱਖਣਤਾ ਇਸ ਗੱਲ ਵਿਚ ਨਿਹਿਤ ਹੈ ਕਿ ਸਾਰਾ ਬਿਰਤਾਂਤ ਇੱਕੋ ਕਾਂਡ (103 ਪੰਨਿਆਂ) ਵਿਚ ਸਮਾਪਤ ਹੋ ਕੇ ਖੁੱਲ੍ਹਾ ਪਾਠ ਸਿਰਜਦਾ ਹੈ। ਸਾਰੇ ਹੀ ਨਾਵਲ ਦੇ ਪਾਤਰ ਹਾ! ਹਾ! ਹਾ! ਕਰੀ ਜਾਂਦੇ ਨੇ। ਸਾਰਾ ਬਿਰਤਾਂਤ ਸੰਵਾਦ ਜਗਤ ਵਿਚ ਸਿਰਜਿਆ ਗਿਆ ਹੈ। ਪੜ੍ਹਦਿਆਂ ਹੀ ਪਤਾ ਲੱਗ ਜਾਂਦਾ ਹੈ-ਕੌਣ ਕਿਸ ਨੂੰ ਸੰਬੋਧਨ ਕਰ ਰਿਹਾ ਹੈ। ਰਚਨਾ ਦੀ ਬਿਰਤਾਂਤਕ ਰਫ਼ਤਾਰ ਤੇਜ਼ ਹੈ। ਇਕ ਵਾਰ ਸ਼ੁਰੂ ਕਰ ਕੇ ਪਾਠਕ ਮੁਕਾ ਕੇ ਹੀ ਦਮ ਲੈਂਦਾ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.



ਸੁਪਨਿਆਂ ਦਾ ਮਹਿਲ
ਕਵੀ : ਸੁਰੇਸ਼ ਹੰਡਿਆਲਵੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 98724-23149.


'ਸੁਪਨਿਆਂ ਦਾ ਮਹਿਲ' ਕਵੀ ਸੁਰੇਸ਼ ਹੰਡਿਆਲਵੀ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਪੁਸਤਕ 'ਚ ਉਸ ਦੀਆਂ 69 ਕਾਵਿ ਰਚਨਾਵਾਂ ਸ਼ਾਮਿਲ ਹਨ। ਇਸ ਪੁਸਤਕ ਦੀਆਂ ਬਹੁਗਿਣਤੀ ਕਾਵਿ ਰਚਨਾਵਾਂ ਬ੍ਰਿਹੋਂ ਰੰਗ 'ਚ ਪਰੁੱਤੀਆਂ, ਅਧਵਾਟੇ ਟੁੱਟੀ ਮੁਹੱਬਤ ਦੇ ਅੰਦਰੂਨੀ ਦਰਦ ਨੂੰ ਬਿਆਨਦੀਆਂ ਹਨ :
ਸ਼ੁਕਰਾਨਾ ਤੇਰਾ ਮੈਨੂੰ ਸ਼ਾਇਰ ਬਣਾਇਆ
ਦਰਦਾਂ ਦਾ ਤੋਹਫ਼ਾ ਮੇਰੀ ਝੋਲੀ ਪਾਇਆ।
ਇਸ ਸੰਗ੍ਰਿਹ ਦੀਆਂ ਕਾਵਿ ਰਚਨਾਵਾਂ 'ਚ ਬੇਟੀ ਦਾ ਬਾਬਲ ਨਾਲ ਇਕ ਵਾਅਦਾ ਹੈ ਕਿ ਉਹ ਪੜ੍ਹ-ਲਿਖ ਕੇ ਉਸ ਦੇ ਅਧੂਰੇ ਖ਼ੁਆਬਾਂ ਨੂੰ ਜ਼ਰੂਰ ਪੂਰਾ ਕਰੇਗੀ ਅਤੇ ਉਸ ਦਾ ਨਾਂਅ ਰੌਸ਼ਨ ਕਰੇਗੀ। ਅਜੋਕੇ ਸਮਾਜ 'ਚ ਭਰੂਣ ਹੱਤਿਆ ਵਰਗੀਆਂ ਭੈੜੀਆਂ ਅਲਾਮਤਾਂ ਨੂੰ ਰੋਕਣ ਲਈ ਇਕ ਕੁੱਖ 'ਚ ਪਲ ਰਹੀ ਧੀ ਦੀ ਆਪਣੇ ਬਾਬਲ ਨੂੰ ਅਰਜੋਈ ਹੈ :
ਟਾਹਣੀ ਨਾਲੋਂ ਤੋੜ ਨਾ ਮੈਨੂੰ
ਜੱਗ 'ਚੋਂ ਵਾਪਸ ਮੋੜ ਨਾ ਮੈਨੂੰ
ਜ਼ਿੰਦਗੀ ਦਿਖਾ ਦੇ ਤੇਰੇ ਵਾਸਤੇ ਮੈਂ ਪਾਵਾਂ।
ਤੇਰੀ ਪੱਗ ਨੂੰ ਬਾਬਲਾ, ਪੱਗ ਨੂੰ ਦਾਗ ਨਾ ਲਾਵਾਂ।
ਇਨ੍ਹਾਂ ਕਾਵਿ ਰਚਨਾਵਾਂ 'ਚ ਪੁਰਾਣੇ ਪੰਜਾਬ ਦੇ ਅਲੋਪ ਹੋ ਰਹੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਅਜੋਕੀ ਆਧੁਨਿਕਤਾ ਦੀ ਚਕਾਚੌਂਧ 'ਚ ਖੁਰਨ ਤੋਂ ਬਚਾਉਣ ਲਈ ਹੰਭਲਾ ਮਾਰਨ ਦੀ ਪ੍ਰੇਰਨਾ ਹੈ। ਕਵੀ ਸੁਰੇਸ਼ ਹੰਡਿਆਲਵੀ 'ਚ ਭਵਿੱਖ 'ਚ ਹੋਰ ਲੰਮੇਰੀ ਸਾਹਿਤਕ ਪਰਵਾਜ਼ ਭਰਨ ਦੀਆਂ ਸੰਭਾਵਨਾਵਾਂ ਹਨ ਪ੍ਰੰਤੂ ਕਵੀ ਨੂੰ ਅਜੇ ਹੋਰ ਮਿਹਨਤ ਅਤੇ ਮਿਆਰੀ ਸਾਹਿਤ ਪੜ੍ਹਨ ਦੀ ਲੋੜ ਹੈ। ਕਵੀ ਸੁਰੇਸ਼ ਹੰਡਿਆਲਵੀ ਦੇ ਇਸ ਪਲੇਠੇ ਕਾਵਿ ਸੰਗ੍ਰਹਿ ਨੂੰ ਖ਼ੁਸ਼ਆਮਦੀਦ ਕਹਿਣਾ ਬਣਦਾ ਹੈ।


-ਮਨਜੀਤ ਸਿੰਘ ਘੜੈਲੀ
ਮੋ: 98153-91625

06-12-2020

ਪਿਘਲਦੀ ਨਦੀ
ਗ਼ਜ਼ਲਕਾਰਾ : ਅਮਰਜੀਤ ਕੌਰ ਹਿਰਦੇ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 107
ਸੰਪਰਕ : 99888-68847.


ਅਮਰਜੀਤ ਕੌਰ ਹਿਰਦੇ ਪੰਜਾਬੀ ਕਵਿਤਾ ਨੂੰ ਜਾਣਨ ਵਾਲਿਆਂ ਲਈ ਨਵਾਂ ਨਾਂਅ ਨਹੀਂ ਹੈ ਤੇ ਹਿਰਦੇ ਨੂੰ ਗੂੜ੍ਹੀ ਪਹਿਚਾਣ ਗ਼ਜ਼ਲ ਕਾਰਨ ਹੀ ਮਿਲੀ ਹੈ। 'ਪਿਘਲਦੀ ਨਦੀ' ਤੋਂ ਪਹਿਲਾਂ ਉਸ ਦੇ ਪੰਜ ਹੋਰ ਕਾਵਿ ਸੰਗ੍ਰਹਿ ਛਪ ਚੁੱਕੇ ਹਨ। ਇਸ ਪੁਸਤਕ ਵਿਚ ਨਿਰੋਲ ਗ਼ਜ਼ਲਾਂ ਹਨ, ਜਿਨ੍ਹਾਂ ਦਾ ਬਹੁਤਾ ਸਬੰਧ ਨਾਰੀ ਸਮੱਸਿਆਵਾਂ ਜਾਂ ਨਾਰੀ ਦਰਦ ਨਾਲ ਹੈ। ਨਾਰੀ ਮੁਹੱਬਤ ਦੀ ਦੇਵੀ ਹੁੰਦੀ ਹੈ ਤੇ 'ਪਿਘਲਦੀ ਨਦੀ' ਦੀਆਂ ਗ਼ਜ਼ਲਾਂ ਦਾ ਕੇਂਦਰ ਬਿੰਦੂ ਵੀ ਮੁਹੱਬਤ ਹੀ ਹੈ। ਆਪਣੇ ਨਾਲ ਹੁੰਦੀ ਵਧੀਕੀ ਸਬੰਧੀ ਵਿਦਰੋਹੀ ਸੁਰ ਵੀ ਅਪਣਾਉਂਦੀ ਹੈ। ਉਸ ਲਈ ਆਪਣੇ ਇਸ਼ਟ ਦੀ ਪ੍ਰਾਪਤੀ ਅੱਗੇ ਹੋਰ ਇੱਛਾਵਾਂ ਬੌਣੀਆਂ ਹਨ ਤੇ ਉਹ ਮੁਹੱਬਤੀ ਰੰਗ ਤੇ ਖ਼ੁਸ਼ਬੂ ਵਿਚ ਭਿੱਜੇ ਰਹਿਣਾ ਚਾਹੁੰਦੀ ਹੈ। ਹਿਰਦੇ ਦੇ ਆਪਣੇ ਸਬੰਧੀ ਲਿਖੇ ਸੰਖੇਪ ਲੇਖ ਤੋਂ ਜਾਪਦਾ ਹੈ ਕਿ ਉਸ ਨੇ ਆਪਣੇ ਤਨ-ਮਨ 'ਤੇ ਬੜਾ ਕੁਝ ਨਾਂਹਮੁਖੀ ਹੰਢਾਇਆ ਹੈ, ਜਿਸ ਕਾਰਨ ਉਸ ਦੀ ਜ਼ਿੰਦਗੀ ਤੇ ਲੇਖਣੀ ਪ੍ਰਭਾਵਿਤ ਹੋਈ ਹੈ। ਅਜਿਹਾ ਕੁਝ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚੋਂ ਵੀ ਨਜ਼ਰ ਆਉਂਦਾ ਹੈ। ਉਹ ਕਹਿੰਦੀ ਹੈ 'ਜੇ ਤੂੰ ਮੇਰੇ ਨਾਲ ਨਹੀਂ, ਜੀਵਨ ਵਿਚ ਸੁਰਤਾਲ ਨਹੀਂ' ਤੇ 'ਮੌਸਮ ਤੇਰੇ ਨਾਲ ਸੁਹਾਨਾ ਹੁੰਦਾ ਹੈ, ਜੀਵਨ ਫਿਰ ਰੰਗੀਨ ਤਰਾਨਾ ਹੁੰਦਾ ਹੈ', ਇੰਝ ਹਿਰਦੇ ਦੀ ਬਹੁਤੀ ਗ਼ਜ਼ਲਕਾਰੀ ਵਿਚ ਟੁੱਟੇ ਤੇ ਸੁੱਕੇ ਫੁੱਲਾਂ ਦੀ ਨਿਸ਼ਾਨਦੇਹੀ ਵੀ ਹੈ ਤੇ ਤ੍ਰੇਲ ਭਿੱਜੇ ਗੁਲਾਬ ਵੀ ਹਨ। ਉਸ ਨੇ ਕਈਆਂ ਗ਼ਜ਼ਲਾਂ ਵਿਚ ਲੋਕਾਈ ਦੇ ਫ਼ਿਕਰ ਸਬੰਧੀ ਵੀ ਸ਼ਿਅਰ ਕਹੇ ਹਨ ਤੇ ਲੁੱਟੀ ਪੁੱਟੀ ਜਾਂਦੀ ਆਵਾਮ ਨੂੰ ਕੋਈ ਹੀਲਾ ਕਰਨ ਲਈ ਪ੍ਰੇਰਿਆ ਵੀ ਹੈ। ਉਹ ਸਥਾਪਤ ਧਿਰ 'ਤੇ ਗ਼ਿਲਾ ਕਰਦੀ ਹੈ ਤੇ ਅਸਥਾਪਤਾਂ ਨੂੰ ਜੂਝਣ ਲਈ ਕਹਿੰਦੀ ਹੈ। ਅਮਰਜੀਤ ਕੌਰ ਹਿਰਦੇ ਗ਼ਜ਼ਲ ਦੀਆਂ ਬਾਰੀਕ ਤੈਹਾਂ ਫਰੋਲ ਰਹੀ ਹੈ ਤੇ ਪੱਕੀ ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਆਪਣੀ ਗ਼ਜ਼ਲ ਨੂੰ ਹੋਰ ਨਿਖਾਰੇਗੀ ਤੇ ਸੁਤੇ-ਸਿੱਧ ਰਹਿ ਗਈਆਂ ਕਾਣਾਂ ਨੂੰ ਮੁੜ ਵਾਚੇਗੀ।


-ਗੁਰਦਿਆਲ ਰੌਸ਼ਨ
ਮੋ: 99884-44002


ਸੱਤ ਰੰਗੇ ਰੰਗ
ਲੇਖਕ : ਸੁਖਮੰਦਰ ਸਿੰਘ ਬਰਾੜ (ਭਗਤਾ ਭਾਈਕਾ)
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 96
ਸੰਪਰਕ : 01679-241744.


ਸੁਖਮੰਦਰ ਸਿੰਘ ਬਰਾੜ (ਭਗਤਾ ਭਾਈਕਾ) ਜੋ ਇਕ ਪ੍ਰਬੁੱਧ ਵਿਅੰਗਕਾਰ ਹੈ ਅਤੇ ਵਿਦੇਸ਼ੀ ਧਰਤੀ 'ਤੇ ਮੀਡੀਆ ਨਾਲ ਜੁੜਿਆ ਹੋਇਆ ਅਤੇ ਸੱਤ ਸਮੁੰਦਰ ਪਾਰ ਜਾ ਕੇ ਵੀ ਰੋਟੀ-ਰੋਜ਼ੀ ਦੇ ਨਾਲ ਸ਼ਾਇਰੀ ਨਾਲ ਜੁੜ ਕੇ ਮਾਂ-ਬੋਲੀ ਪੰਜਾਬੀ ਦੀ ਸੇਵਾ ਦੀ ਧੂਣੀ ਧੁਖਾਈ ਬੈਠਾ ਹੈ। ਹਥਲੀ ਪੁਸਤਕ 'ਸੱਤ ਰੰਗੇ ਰੰਗ' ਤੋਂ ਪਹਿਲਾਂ ਵੀ ਨੌਂ ਕਿਤਾਬਾਂ ਪੰਜਾਬੀ ਸ਼ਾਇਰੀ ਦੇ ਰੂਬਰੂ ਕਰਾ ਚੁੱਕਾ ਹੈ। ਪੁਸਤਕ ਦੇ ਸਰਵਰਕ 'ਸੱਤ ਰੰਗੇ ਰੰਗ' ਤੋਂ ਸ਼ਾਇਰੀ ਦੇ ਸੂਤਰ ਦੀ ਤੰਦ ਸਹਿਜੇ ਹੀ ਹੱਥ ਲੱਗ ਜਾਂਦੀ ਹੈ। ਉਹ ਹਨ ਮਨੁੱਖਾ ਜ਼ਿੰਦਗੀ ਦੇ ਸੱਤ ਰੰਗ ਜਿਨ੍ਹਾਂ ਵਿਚ ਮਨੁੱਖ ਰੰਗਿਆ ਹੋਇਆ ਹੈ। ਕਿਤਾਬ ਦੀਆਂ ਨਜ਼ਮਾਂ ਲੋਕਧਾਰਾਈ ਪਿੱਠਭੂਮੀ ਵਿਚ ਵਿਰਸੇ ਨਾਲ ਸਬੰਧਿਤ ਲੋਕ ਸਿਆਣਪਾਂ ਦੇ ਤੱਤ ਸਾਰ ਨੂੰ ਬੜੀ ਪ੍ਰਬੁੱਧਤਾ ਨਾਲ ਦ੍ਰਿਸ਼ਟੀ ਗੋਚਰ ਕੀਤਾ ਹੈ। ਜਿਵੇਂ ਮਾਹਿਰ ਸਰਜਨ ਮਨੁੱਖੀ ਸਰੀਰ ਦੀ ਪਾੜ ਚੀਰ ਕਰ ਕੇ ਗਲੇ ਸੜੇ ਮੁਆਦ ਨੂੰ ਬਾਹਰ ਕੱਢ ਕੇ ਬੰਦੇ ਨੂੰ ਸਿਹਤਯਾਬ ਕਰ ਦਿੰਦਾ ਹੈ ਅਤੇ ਇਸੇ ਤਰ੍ਹਾਂ ਸ਼ਾਇਰੀ ਵਿਚ ਵਿਅੰਗ ਦੇ ਨਸ਼ਤਰ ਚਲਾ ਕੇ ਮਨੁੱਖੀ ਸਰੋਕਾਰਾਂ ਨਾਲ ਜੁੜੀਆਂ ਵਿਪਰੀਤ ਵਿਸੰਗਤੀਆਂ ਨੂੰ ਦੂਰ ਕਰ ਕੇ ਮਨੁੱਖੀ ਜੀਵਨ ਦਾ ਸੁਖਾਵਾਂ ਪੱਥ ਪ੍ਰਦਰਸ਼ਕ ਬਣ ਜਾਂਦਾ ਹੈ। ਪੁਸਤਕ ਪਰਵਾਸ ਦਾ ਦਰਦ, ਪੰਜਾਬ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਦੇ ਦਰਦ, ਢੌਂਗੀ ਬਾਬਿਆਂ ਦੇ ਭੋਲੀ ਭਾਲੀ ਜਨਤਾ ਨੂੰ ਲੁੱਟਣ, ਵਿਗੜ ਰਹੀ ਰਿਸ਼ਤਿਆਂ ਦੀ ਵਿਆਕਰਨ, ਸਿਆਸੀ ਨੇਤਾਵਾਂ ਦੇ ਦੰਭ ਦੇ ਬਖ਼ੀਏ ਤਾਂ ਉਧੇੜਦਾ ਹੀ ਹੈ, ਉਥੇ ਨਾਲ ਹੀ ਤਿੱਖੜ ਦੁਪਹਿਰ ਦੀ ਉਮਰ ਦੇ ਕਾਮਿਕ ਉਲਾਰ ਜੋ ਉਮਰ ਦੀਆਂ ਤਿਰਕਾਲਾਂ ਵਿਚ ਵੀ ਅਵਚੇਤਨ ਵਿਚ ਪਏ ਰਹਿੰਦੇ ਹਨ, ਉੱਪਰ ਵੀ ਵਿਅੰਗ ਦੇ ਨਸ਼ਤਰ ਚਲਾਉਂਦਾ ਹੈ।


-ਭਗਵਾਨ ਢਿੱਲੋਂ
ਮੋ: 98143-78254.


ਸਾਂਝੀ ਉਡਾਰੀ
ਸੰਪਾਦਕ : ਗੁਰਤੇਜ ਪੱਖੀ ਕਲਾਂ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼, ਸਮਾਣਾ
ਮੁੱਲ : 70 ਰੁਪਏ, ਸਫ਼ੇ : 72
ਸੰਪਰਕ : 99152-18748.


ਗੁਰਤੇਜ ਪੱਖੀ ਕਲਾਂ ਨੇ ਇਸ ਪੁਸਤਕ ਨੂੰ ਸੰਪਾਦਿਤ ਕੀਤਾ ਹੈ। ਇਸ ਵਿਚ ਵੱਖ-ਵੱਖ ਕਵੀਆਂ ਦੇ ਨਾਲ ਸੰਪਰਕ ਕਰਕੇ ਰਚਨਾਵਾਂ ਇਕੱਠੀਆਂ ਕਰਕੇ ਉਨ੍ਹਾਂ ਨੂੰ ਕਿਤਾਬੀ ਰੂਪ ਦਿੱਤਾ ਹੈ, ਜੋ ਕਿ ਚੰਗਾ ਉਪਰਾਲਾ ਹੈ। ਗੁਰਤੇਜ ਆਪ ਵੀ ਕਵੀ, ਗੀਤਕਾਰ, ਨਾਟਕਕਾਰ ਹੈ। ਇਨ੍ਹਾਂ ਨੇ ਜੀਵਨੀਆਂ ਦੀਆਂ ਪੁਸਤਕਾਂ, ਫ਼ਕੀਰਾਂ ਦੀ ਜੀਵਨ ਕਥਾ ਲਿਖਣ ਦੇ ਨਾਲ ਲਘੂ ਫ਼ਿਲਮ ਲਿਖਣ 'ਤੇ ਹੱਥ ਅਜ਼ਮਾਇਆ ਹੈ ਅਤੇ ਕਈ ਪੁਰਸਕਾਰ ਤੇ ਪ੍ਰਸੰਸਾ ਪੱਤਰ ਲਏ ਹਨ। ਇਹ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਨਾਲ ਜੁੜ ਕੇ ਨਿਰੰਤਰ ਸੇਵਾ ਕਰ ਰਿਹਾ ਹੈ। ਇਸ ਪੁਸਤਕ ਵਿਚ ਇਨ੍ਹਾਂ ਨਾਮੀ ਕਵੀਆਂ ਦੇ ਨਾਲ ਹੀ ਅਣਗੌਲੇ ਤੇ ਉੱਭਰ ਰਹੇ ਕਵੀਆਂ ਨੂੰ ਵੀ ਸ਼ਾਮਿਲ ਕੀਤਾ ਹੈ ਤਾਂ ਜੋ ਉਹ ਅੱਗੇ ਵਧ ਸਕਣ। ਪੁਸਤਕ ਵਿਚ ਬੇਰੁਜ਼ਗਾਰੀ, ਦਾਜ ਪ੍ਰਥਾ, ਗ਼ਰੀਬੀ, ਭਰੂਣ ਹੱਤਿਆ, ਮੁਹੱਬਤ ਖੁਸ਼ੀ, ਧੀਆਂ, ਰਿਸ਼ਤਿਆਂ, ਰੁੱਖ, ਸ਼ੁੱਧ ਹਵਾ, ਆਪਣਾ ਹੱਕ, ਝੂਠੇ ਵਾਅਦੇ, ਧਰਮਾਂ ਦੀ ਕਾਵਾਂਰੌਲੀ, ਬਚਪਨ ਬੁਢਾਪਾ ਤੋਂ ਇਲਾਵਾ ਹੋਰ ਕਈ ਵਿਸ਼ਿਆਂ ਲਈ ਗ਼ਜ਼ਲਾਂ, ਕਵਿਤਾਵਾਂ, ਨਜ਼ਮਾਂ ਤੇ ਹੋਰ ਰਚਨਾਵਾਂ ਨੂੰ ਲਿਆ ਗਿਆ ਹੈ। ਕਵੀ ਦਾ ਇਹ ਸਾਂਝਾ ਉਪਰਾਲਾ ਸ਼ਲਾਸ਼ਾਯੋਗ ਹੈ ਕਿਉਂਕਿ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਨਾਲ ਵਿਸ਼ੇਸ਼ ਕਰਕੇ ਨਵੀਆਂ ਰਚਨਾਵਾਂ ਦੇ ਕਵੀਆਂ ਨੂੰ ਹੌਸਲਾ ਤੇ ਉਤਸ਼ਾਹ ਮਿਲਦਾ ਹੈ।
ਪੁਸਤਕ ਵਿਚਲੀਆਂ ਕੁਝ ਰਚਨਾਵਾਂ ਅਜਿਹੀਆਂ ਹਨ, ਜਿਨ੍ਹਾਂ ਵਿਚ ਕਚਿਆਈ ਝਲਕਦੀ ਹੈ ਅਤੇ ਪ੍ਰਪੱਕਤਾ ਦੀ ਘਾਟ ਨਜ਼ਰ ਆ ਰਹੀ ਹੈ। ਪੁਸਤਕ ਦੇ ਸੰਪਾਦਕ ਗੁਰਤੇਜ ਪੱਖੀ ਕਲਾਂ ਨੇ ਇਹ ਪੁਸਤਕ ਇਕ ਗੁਲਦਸਤੇ ਦੇ ਤੌਰ 'ਤੇ ਪਾਠਕਾਂ ਦੇ ਰੂਬਰੂ ਕੀਤੀ ਹੈ ਜੋ ਚੰਗਾ ਉਪਰਾਲਾ ਹੈ ਅਤੇ ਸੰਪਾਦਕ ਦੀ ਵਿਦਵਤਾ ਵੀ ਇਸ ਵਿਚੋਂ ਨਜ਼ਰ ਆਉਂਦੀ ਹੈ।


-ਬਲਵਿੰਦਰ ਸਿੰਘ ਸੋਢੀ
ਮੋ: 092105-88990


ਦਫ਼ਤਰ
ਨਾਟਕਕਾਰ : ਸੰਜੀਵਨ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 64
ਸੰਪਰਕ : 0172-5027427.


ਸੰਵੀਜਨ ਸਿੰਘ ਦੁਆਰਾ ਲਿਖਿਆ ਨਾਟਕ 'ਦਫ਼ਤਰ' ਸਾਡੇ ਦਫ਼ਤਰੀ ਪ੍ਰਬੰਧ ਵਿਚਲੀਆਂ ਖਾਮੀਆਂ ਅਤੇ ਰਿਸ਼ਵਤਖੋਰੀ ਭ੍ਰਿਸ਼ਟਾਚਾਰੀ ਵਾਲੇ ਵਾਤਾਵਰਨ ਨੂੰ ਬਾਖੂਬੀ ਪੇਸ਼ ਕਰਦਿਆਂ ਇਸ ਦੇ ਉਛਾੜ ਲਾਹੁੰਦਾ ਹੈ। ਇਸ ਨਾਟਕ ਵਿਚ ਨਾਟਕਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਦਫ਼ਤਰਾਂ ਵਿਚਲੇ ਕਰਮਚਾਰੀ ਕਿਵੇਂ ਵਿਹਲੜ ਹੋ ਚੁੱਕੇ ਹਨ ਅਤੇ ਰਿਸ਼ਵਤਖੋਰੀ ਦੀ ਖੱਟੀ ਖਾ ਰਹੇ ਹਨ। ਜੇਕਰ ਕੋਈ ਦਫ਼ਤਰ ਵਿਚ ਇਮਾਨਦਾਰੀ ਦੀ ਥੋੜ੍ਹੀ-ਬਹੁਤੀ ਗੱਲ ਕਰਦਾ ਵੀ ਹੈ ਤਾਂ ਉਸ ਨੂੰ ਵੀ ਇਹ ਬਹੁਗਿਣਤੀ ਕਰਮਚਾਰੀ ਆਪਣੇ ਮੱਕੜਜਾਲ ਵਿਚ ਫਸਾ ਲੈਂਦੇ ਹਨ। ਨਾਟਕਕਾਰ ਨੇ ਇਸ ਨਾਟਕ ਨੂੰ ਭਾਵੇਂ 13 ਦ੍ਰਿਸ਼ਾਂ ਵਿਚ ਵੰਡਿਆ ਹੈ ਅਤੇ ਮਸਤ ਮਲੰਗ ਨਾਂਅ ਦੇ ਦੋ ਪਾਤਰ ਸੂਤਰਧਾਰ ਦੇ ਰੂਪ ਵਿਚ ਕਥਾ ਨੂੰ ਅੱਗੇ ਵਧਾਉਂਦੇ ਹਨ ਪਰ ਹਰੇਕ ਦ੍ਰਿਸ਼ ਇਕ-ਦੂਜੇ ਨਾਲ ਅੰਤਰ-ਸਬੰਧਿਤ ਹੀ ਹੈ। ਸਾਰੇ ਨਾਟਕ ਦਾ ਘਟਨਾਕ੍ਰਮ ਦਫ਼ਤਰ ਵਿਚ ਹੀ ਵਾਪਰਦਾ ਹੈ, ਜਿਥੇ ਪਹਿਲਾਂ ਜੀ.ਐਸ. ਮੋਂਗੀਆ ਨਾਂਅ ਦਾ ਅਫਸਰ ਹੁੰਦਾ ਹੈ ਅਤੇ ਬਾਅਦ ਵਿਚ ਪੀ.ਐਸ. ਮਹਿਮੀ ਅਹੁਦਾ ਸੰਭਾਲਦਾ ਹੈ, ਜਿਸ ਦਾ ਨਾਂਅ ਪਾਤਰਾਂ ਦੀ ਲੜੀ ਵਿਚ ਪੀ.ਐਸ. ਮਹਿਮਾ ਪ੍ਰਕਾਸ਼ਿਤ ਕੀਤਾ ਗਿਆ ਹੈ। ਦਫ਼ਤਰ ਵਿਚਲੀਆਂ ਔਰਤਾਂ ਅਤੇ ਮਰਦ ਸਾਰੇ ਹੀ ਦਾਅ ਮਾਰੂ ਬਿਰਤੀ ਦੇ ਪੇਸ਼ ਕੀਤੇ ਗਏ ਹਨ। ਇਕ ਤਾਂ ਇਨ੍ਹਾਂ ਦਾ ਵਿਹਾਰ ਦਫ਼ਤਰ ਵਿਚ ਕੰਮ ਕਰਵਾਉਣ ਆਏ ਆਮ ਇਨਸਾਨ ਪ੍ਰਤੀ ਚੰਗਾ ਨਹੀਂ, ਦੂਜਾ ਅਫ਼ਸਰ ਦੇ ਸਾਹਮਣੇ ਇਕ-ਦੂਜੇ ਦੀ ਹੀ ਲੱਤ ਵੀ ਖਿੱਚਦੇ ਹਨ। ਅਸਲ ਵਿਚ ਨਾਟਕਕਾਰ ਨੇ ਇਸ ਦਫ਼ਤਰ ਦੇ ਜ਼ਰੀਏ ਸਾਡੇ ਦੇਸ਼ ਦੇ ਭ੍ਰਿਸ਼ਟਾਚਾਰੀ ਨਿਜ਼ਾਮ ਤੋਂ ਪਰਦਾ ਲਾਹੁੰਦਿਆਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ 'ਭ੍ਰਿਸ਼ਟਾਚਾਰ ਕੇਵਲ ਦਫ਼ਤਰਾਂ ਵਿਚ ਹੀ ਨਹੀਂ ਸਗੋਂ ਪੂਰੇ ਨਿਜ਼ਾਮ ਵਿਚ ਹੈ ਜਿਥੇ ਰਿਸ਼ਵਤਖੋਰ ਅਫਸਰਾਂ ਅਤੇ ਦਫ਼ਤਰੀ ਕਰਮਚਾਰੀਆਂ ਨੂੰ ਰਾਜਨੀਤਕ ਸ਼ਹਿ ਦੇ ਕੇ ਇਹ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਨਾਟਕਕਾਰ ਨੇ ਕੁਲਵੰਤ ਨਾਂਅ ਦੇ ਪਾਤਰ ਦੇ ਰੂਪ ਵਿਚ ਇਹ ਆਸ ਵੀ ਬੰਨ੍ਹਾਈ ਹੈ ਕਿ ਕੁਝ ਲੋਕ ਸੰਭਲਦੇ ਹਨ ਪਰ ਠੋਕਰ ਖਾ ਕੇ। ਜੇਕਰ ਸਮੇਂ 'ਤੇ ਕੰਮ ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਜੇਲ੍ਹ ਦੀ ਹਵਾ ਨਾ ਖਾਣੀ ਪਵੇ। ਨਾਟਕ ਰੌਚਿਕ, ਪੜ੍ਹਨਯੋਗ ਤੇ ਖੇਡਣਯੋਗ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਸ੍ਰਣਵਤ
ਲੇਖਕ : ਗੁਰਵਰਿੰਦਰ ਗਰੇਵਾਲ
ਪ੍ਰਕਾਸ਼ਕ : ਸਪ੍ਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ: 98147-40300


ਗੁਰਵਰਿੰਦਰ ਗਰੇਵਾਲ ਦੇ ਪਲੇਠੇ ਕਾਵਿ-ਸੰਗ੍ਰਹਿ 'ਸ੍ਰਣਵਤ' ਦਾ ਸਿਰਲੇਖ ਹੀ ਆਪਣੇ ਆਪ ਵਿਚ ਬੜਾ ਭਾਵਪੂਰਨ ਹੈ। ਗੁਰੂ ਗੋਬਿੰਦ ਸਿੰਘ ਜੀ ਵਲੋਂ ਚੰਡੀ ਦੀ ਵਾਰ ਵਿਚ ਮਾਤਾ ਦੁਰਗਾ ਦੇ ਰਾਖਸ਼ਾਂ ਨਾਲ ਹੋਏ ਭਿਆਨਕ ਯੁੱਧ ਵਿਚ ਇਕ ਸ੍ਰਣਵਤ ਨਾਂਅ ਦੇ ਰਾਖਸ਼ ਦਾ ਵੀ ਜ਼ਿਕਰ ਹੈ। ਇਸ ਰਾਖਸ਼ ਨੂੰ ਰਕਤਬੀਜ ਵੀ ਕਿਹਾ ਜਾਂਦਾ ਹੈ। ਗੁਰਵਰਿੰਦਰ ਗਰੇਵਾਲ ਨੂੰ ਆਪਣੇ ਜੀਵਨ ਵਿਚ ਮਿਲੇ ਦੁੱਖਾਂ-ਦਰਦਾਂ ਦਾ ਮੁਹਾਂਦਰਾ ਵੀ ਸ੍ਰਣਵਤ ਰਾਖਸ਼ ਵਰਗਾ ਹੀ ਲਗਦਾ ਹੈ-
ਇੰਝ ਭੰਨਾਂ-ਘੜਤਾਂ ਵਿਚ ਮੇਰੀ ਰਾਤ ਬੀਤਦੀ ਏ,
ਖ਼ੁਦ ਨਾਲੋਂ ਵੱਖ ਹੋ ਕੇ ਕਿੱਥੇ ਕੋਈ ਸੌਂਦਾ ਏ।
ਜੇਕਰ ਚੂਰੀ ਖਾਣ ਦੀ ਆਦਤ ਪੈ ਜਾਵੇ ਤਾਂ ਪੰਛੀਆਂ ਨੂੰ ਪਿੰਜਰੇ ਵੀ ਮੋਂਹਦੇ ਪ੍ਰਤੀਤ ਹੋਣ ਲਗਦੇ ਹਨ ਪਰ ਜੇਕਰ ਕਿਸੇ ਨੂੰ ਆਪਣੇ ਗ਼ੁਲਾਮ ਹੋਣ ਦਾ ਅਹਿਸਾਸ ਹੋ ਜਾਵੇ ਤਾਂ ਉਸ ਨੂੰ ਬਹੁਤੀ ਦੇਰ ਗ਼ੁਲਾਮ ਨਹੀਂ ਰੱਖਿਆ ਜਾ ਸਕਦਾ। ਗੁਰਵਰਿੰਦਰ ਗਰੇਵਾਲ ਆਪਣੀ ਵਿਰਾਸਤ ਦੇ ਅਣਖੀਲੇ ਯੋਧਿਆਂ ਅਤੇ ਸਿਰੜੀ ਜੁਝਾਰੂਆਂ ਦੀ ਪੈੜ ਵਿਚ ਪੈਰ ਰੱਖਣ 'ਤੇ ਮਾਣ ਮਹਿਸੂਸ ਕਰਦੇ ਹਨ। ਆਪਣੀ ਕਵਿਤਾ ਵਿਚ ਪੰਜਾਬੀਆਂ ਦੇ ਇਸ ਗੌਰਵਮਈ ਜਜ਼ਬੇ ਦਾ ਪ੍ਰਗਟਾਵਾ ਉਹ ਇਸ ਤਰ੍ਹਾਂ ਕਰਦੇ ਹਨ-
ਜਿਸ ਨੂੰ ਆ ਗਈ ਜਾਚ ਆਜ਼ਾਦੀ ਦੇ ਨਾਲ ਜੀਵਣ ਦੀ,
ਉਹ ਨਾ ਕਰੇ ਗ਼ੁਲਾਮੀ ਬੰਦਾ ਬਾਗ਼ੀ ਹੋ ਜਾਵੇ।
ਅਜੋਕੇ ਵਿਗਿਆਨਕ ਯੁੱਗ ਦਾ ਮੂੰਹ ਚਿੜਾਅ ਰਹੀਆਂ ਸਮਾਜਿਕ ਵਿਸੰਗਤੀਆਂ ਉਨ੍ਹਾਂ ਨੂੰ ਬੇਹੱਦ ਪ੍ਰੇਸ਼ਾਨ ਕਰਦੀਆਂ ਹਨ। ਉਹ ਲੋਚਦੇ ਹਨ ਇਕ ਅਜਿਹੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ, ਜਿੱਥੇ ਹਰ ਕਿਸੇ ਨੂੰ ਇਕ-ਦੂਜੇ ਦਾ ਦੁੱਖ ਆਪਣਾ ਲੱਗੇ ਅਤੇ ਹੱਸਦਿਆਂ ਦੇ ਨਾਲ ਹੱਸਣ ਵਾਲੀ ਦੁਨੀਆ ਰੋਂਦਿਆਂ ਨੂੰ ਗਲੇ ਲਗਾਉਣ ਵਿਚ ਵੀ ਮਾਣ ਮਹਿਸੂਸ ਕਰੇ। ਗੁਰਵਰਿੰਦਰ ਗਰੇਵਾਲ ਜ਼ਰਖ਼ੇਜ਼ ਜ਼ਮੀਨਾਂ 'ਤੇ ਉਸਾਰੀਆਂ ਜਾ ਰਹੀਆਂ ਕਾਲੋਨੀਆਂ ਨੂੰ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਸਮਝਦੇ ਹਨ ਅਤੇ ਇਸ ਵਰਤਾਰੇ ਕਾਰਨ ਪੈਦਾ ਹੋਣ ਵਾਲੇ ਗੰਭੀਰ ਵਿਗਾੜਾਂ ਪ੍ਰਤੀ ਸੁਚੇਤ ਵੀ ਕਰਦੇ ਹਨ।


-ਕਰਮ ਸਿੰਘ ਜ਼ਖ਼ਮੀ
ਮੋ: 98146-28027


ਸੀਤੋ ਫ਼ੌਜਣ
ਕਹਾਣੀਕਾਰ : ਅਮਰ ਗਰਗ ਕਲਮਦਾਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98143-41746.


ਪੰਜਾਬੀ ਵਾਰਤਕ ਰਚਨਾ ਵਿਚ ਭਰਪੂਰ ਨਾਮਣਾ ਖੱਟਣ ਵਾਲੇ ਵਾਰਤਕ ਲੇਖਕ ਅਮਰ ਗਰਗ ਕਲਮਦਾਨ ਦਾ ਬਤੌਰ ਕਹਾਣੀਕਾਰ ਇਹ ਪਲੇਠਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਕਹਾਣੀ ਦੀਆਂ ਦੋ ਕਿਸਮਾਂ 'ਨਿੱਕੀ ਕਹਾਣੀ' ਅਤੇ 'ਮਿੰਨੀ ਕਹਾਣੀ' ਨਾਲ ਸਬੰਧਿਤ ਕੁੱਲ 36 ਕਹਾਣੀਆਂ ਇਸ ਸੰਗ੍ਰਹਿ ਦਾ ਸ਼ਿੰਗਾਰ ਹਨ। ਸੰਗ੍ਰਹਿ ਦੀ ਸਿਰਨਾਵਾ ਕਹਾਣੀ 'ਸੀਤੋ ਫੌਜਣ' ਨਿੱਕੀ ਕਹਾਣੀ ਦਾ ਬਿਹਤਰੀਨ ਨਮੂਨਾ ਹੈ, ਜਿਸ ਵਿਚ ਨਾਰੀ ਸ਼ਕਤੀ ਦਾ ਉੱਤਮ ਝਲਕਾਰਾ ਹੈ। ਇਸ ਕਹਾਣੀ ਬਾਰੇ ਪੁਸਤਕ ਦੇ ਸਹਿ ਮੁੱਖ ਬੰਦ ਵਿਚ ਡਾ: ਅਮਰ ਕੋਮਲ ਲਿਖਦੇ ਹਨ 'ਇੰਜ ਲਗਦਾ ਹੈ ਇਥੇ ਵੀ ਸੀਤੋ ਫੌਜਣ ਬਾਜ਼ੀ ਮਾਰ ਗਈ ਹੈ। ਇਹ ਨਾਮਕਰਨ ਕਿਤਾਬ ਦੀ ਸਾਹਿਤਕ ਸਥਾਪਤੀ ਲਈ ਇਕ ਮੀਲ ਪੱਥਰ ਸਿੱਧ ਹੋਵੇਗਾ।' ਨਿੱਕੀਆਂ ਕਹਾਣੀਆਂ 'ਰੱਬ ਦੀਆਂ ਅੱਖਾਂ ਵਿਚ ਹੰਝੂ', 'ਧਰਤੀ ਹੇਠਲਾ ਲੋਟਾ', 'ਜੁੜਵੀਆਂ ਦੋ ਖਜੂਰਾਂ', 'ਕੱਚੀ ਮਿੱਟੀ ਦਾ ਘਰ', 'ਨਾਸਤਕਪੁਰ ਦੀ ਸੈਰ' ਵਰਗੀਆਂ ਕਹਾਣੀਆਂ ਨਿਭਾਅ ਅਤੇ ਵਿਸ਼ੇ ਪੱਖੋਂ ਤਾਂ ਵਿਲੱਖਣ ਹਨ ਹੀ, ਇਸ ਦੇ ਨਾਲ ਹੀ ਕਹਾਣੀਕਾਰ ਕਲਮਦਾਨ ਦੀ ਕਹਾਣੀ ਕਲਾ ਦਾ ਉੱਤਮ ਨਮੂਨਾ ਵੀ ਹਨ। ਉਸ ਨੂੰ ਸੰਜੀਦਗੀ ਨਾਲ ਕਹਾਣੀ ਕਹਿਣ ਦੀ ਜਾਚ ਹੈ। ਬੋਲੀ ਪੱਖੋਂ ਉਸ ਦੀਆਂ ਕਹਾਣੀਆਂ 'ਚ ਟਕਸਾਲੀ ਬੋਲੀ ਦਾ ਪ੍ਰਭਾਵ ਹੈ।
ਬਹੁਤੀਆਂ ਕਹਾਣੀਆਂ ਬਿਰਤਾਂਤਿਕ ਸ਼ੈਲੀ ਵਿਚ ਲਿਖੀਆਂ ਗਈਆਂ ਹਨ। ਸਮਾਜਿਕ ਤੌਰ 'ਤੇ ਸੁਖਾਂਤ ਅਤੇ ਦੁਖਾਂਤ ਪੱਖਾਂ 'ਤੇ ਉਂਗਲ ਧਰਦੀਆਂ ਕਹਾਣੀਆਂ ਉਸ ਨੂੰ ਯਥਾਰਥਵਾਦੀ ਕਹਾਣੀਕਾਰ ਸਿੱਧ ਕਰਦੀਆਂ ਹਨ। ਕਿਤਾਬ ਦੇ ਮੁੱਖ ਬੰਦ ਵਿਚ ਪ੍ਰਸਿੱਧ ਵਿਦਵਾਨ ਲੇਖਕ ਆਲੋਚਕ ਡਾ: ਤੇਜਵੰਤ ਮਾਨ ਲਿਖਦੇ ਹਨ ਕਿ ਇਸ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਵੱਖ-ਵੱਖ ਪੱਖਾਂ ਤੋਂ ਮੁੱਲਵਾਨ ਹਨ। ਇਸ ਲਈ ਮੈਂ ਇਨ੍ਹਾਂ ਮੰਤਵੀ ਕਹਾਣੀਆਂ ਦਾ ਸਵਾਗਤ ਕਰਦਾ ਹਾਂ।


-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.


ਫ਼ਿਲਮਸਾਜ਼ੀ

(Art of film making)
ਲੇਖਕ : ਬਖ਼ਸ਼ਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 78370-18723.


ਕਵੀ, ਨਾਟਕਕਾਰ, ਪਟਕਥਾ ਲੇਖਕ ਤੇ ਪੱਤਰਕਾਰ ਬਖ਼ਸ਼ਿੰਦਰ ਵਲੋਂ ਲਿਖੀ ਪੁਸਤਕ 'ਫ਼ਿਲਮਸਾਜ਼ੀ' (Art of film making) ਮੇਰੀ ਨਜ਼ਰ ਵਿਚ ਪੰਜਾਬੀ ਭਾਸ਼ਾ ਵਿਚ 'ਫ਼ਿਲਮ ਨਿਰਮਾਣ' ਸਬੰਧੀ ਲਿਖੀ ਗਈ ਪਹਿਲੀ ਪੁਸਤਕ ਹੈ। ਲੇਖਕ ਨੇ ਪੁਸਤਕ ਦੇ 'ਮਹੂਰਤ ਸ਼ਾਟ' ਵਿਚ ਸਪੱਸ਼ਟ ਕਰ ਦਿੱਤਾ ਹੈ, 'ਮੇਰਾ ਇਹ ਕਿਤਾਬ ਲਿਖਣ ਦਾ ਉਦੇਸ਼ ਪੱਤਰਕਾਰੀ ਦੇ ਉਨ੍ਹਾਂ ਵਿਦਿਆਰਥੀਆਂ ਤੇ ਸਿਖਿਆਰਥੀਆਂ ਦੀ ਸਹਾਇਤਾ ਕਰਨਾ ਹੈ, ਜੋ ਇਲੈਕਟ੍ਰਾਨਿਕ ਮੀਡੀਆ ਵਿਚ ਕੰਮ ਕਰਨਾ ਚਾਹੁੰਦੇ ਹਨ।' ਉਂਜ ਇਹ ਕਿਤਾਬ ਪ੍ਰਿੰਟ ਮੀਡੀਆ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਵਲੋਂ ਫ਼ਿਲਮਾਂ ਦੇ ਐਡੀਸ਼ਨ ਅਤੇ ਫ਼ਿਲਮ ਸਮੀਖਿਆ ਲਿਖਣ ਲਈ ਡੂੰਘੀ ਜਾਣਕਾਰੀ ਪ੍ਰਦਾਨ ਕਰਦੀ ਹੈ ਅਤੇ ਅਜਿਹੇ ਪੱਤਰਕਾਰ ਨੂੰ 'ਫ਼ਿਲਮਸਾਜ਼ੀ' ਦੇ ਮੁਢਲੇ ਗਿਆਨ ਤੋਂ ਜਾਣੂ ਹੋਣਾ ਹੀ ਜ਼ਰੂਰੀ ਹੈ।ਲੇਖਕ ਨੇ ਪੁਸਤਕ ਵਿਚਲੇ 25 ਆਰਟੀਕਲਜ਼ ਰਾਹੀਂ ਫ਼ਿਲਮਸਾਜ਼ੀ ਦੇ ਇਤਿਹਾਸ ਤੋਂ ਲੈ ਕੇ ਰੰਗ ਨਗਰੀ ਦੇ ਰੰਗ, ਪੰਜਾਬੀ ਸਿਨੇਮਾ ਦਾ ਇਤਿਹਾਸ, ਫ਼ਿਲਮ ਲਈ ਕਹਾਣੀ ਲਿਖਣਾ, ਪਟਕਥਾ ਜਾਂ ਸਕਰੀਨ ਪਲੇਅ ਲਿਖਣਾ, ਸੰਵਾਦ ਲਿਖਣਾ, ਨਿਰਦੇਸ਼ਨ ਤੇ ਨਿਰਦੇਸ਼ਕ, ਸਹਾਇਕ ਨਿਰਦੇਸ਼ਕ, ਕੈਮਰਾਮੈਨ ਜਾਂ ਸਿਨੇਮੈਟੋਗ੍ਰਾਫਰ, ਸਹਾਇਕ ਕੈਮਰਾਮੈਨ, ਸਟਿੱਲ ਫੋਟੋਗ੍ਰਾਫਰ, ਗੀਤ-ਸੰਗੀਤ, ਕਲਾ ਨਿਰਦੇਸ਼ਨ, ਕੋਰੀਉਗ੍ਰਾਫੀ, ਸਾਊਂਡ ਰਿਕਾਰਡਿਸਟ, ਕਾਸਟਿੰਗ, ਅਦਾਕਾਰਾਂ ਦੀ ਹੈਂਡਲਿੰਗ, ਐਡੀਟਿੰਗ, ਡਬਿੰਗ, ਮਿਕਸਿੰਗ, ਫ਼ਿਲਮ ਪ੍ਰੋਡਕਸ਼ਨ, ਫ਼ਿਲਮਸਾਜ਼ੀ ਦੀ ਸ਼ਬਦਾਵਲੀ, ਸ਼ੂਟਿੰਗ ਕਰਨ ਤੋਂ ਪਹਿਲੋਂ ਆਦਿ ਤੱਕ ਸਟੀਕ, ਸੰਖੇਪ ਅਤੇ ਬਹੁਤ ਹੀ ਸਰਲ ਤੇ ਰੌਚਕ ਢੰਗ ਨਾਲ ਚਾਨਣਾ ਪਾਇਆ ਹੈ। ਲੇਖਕ ਨੇ ਮਾਤਰ 112 ਸਫ਼ੇ ਦੀ ਇਸ ਪੁਸਤਕ ਵਿਚ ਪਾਲੀਵੁੱਡ, ਬਾਲੀਵੁੱਡ ਤੇ ਹਾਲੀਵੁੱਡ ਤੱਕ ਦੇ ਵਿਰਾਟ ਦਰਸ਼ਨ ਕਰਾ ਦਿੱਤੇ ਹਨ। ਫ਼ਿਲਮਸਾਜ਼ੀ ਨਾਲ ਜੁੜੇ ਹਰੇਕ ਨਿੱਕੇ ਤੋਂ ਨਿੱਕੇ ਨੁਕਤੇ ਨੂੰ ਵੀ ਉਦਾਹਰਨਾਂ ਤੇ ਢੁੱਕਵੇਂ ਫੋਟੋਗ੍ਰਾਫਸ ਦੇ ਕੇ ਰੌਚਕ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਪੁਸਤਕ ਦਿੱਲੀ ਯੂਨੀਵਰਸਿਟੀ ਨੇ ਆਪਣੇ 'ਅੰਡਰ ਗ੍ਰੈਜੂਏਟ ਕੋਰਸਿਜ਼' ਦੇ ਸਿਲੇਬਸ ਵਿਚ ਸ਼ਾਮਿਲ ਕੀਤੀ ਹੋਈ ਹੈ ਅਤੇ ਇਸੇ ਵਿਸ਼ਵ ਵਿਦਿਆਲੇ ਦੇ ਐਮ.ਏ. ਦੇ ਫਿਲਮਸਾਜ਼ੀ ਨਾਲ ਸਬੰਧਿਤ ਪਰਦੇ ਦੀ ਤਿਆਰੀ ਲਈ ਵੀ ਸਹਾਇਕ ਹੋ ਸਕਦੀ ਹੈ। ਇਸ ਤੋਂ ਇਲਾਵਾ ਫ਼ਿਲਮਾਂ ਵਿਚ ਰੁਚੀ ਰੱਖਣ ਵਾਲੇ ਆਮ-ਓ-ਖ਼ਾਸ ਵਿਅਕਤੀ ਦੇ ਫ਼ਿਲਮ ਨਿਰਮਾਣ ਸਬੰਧੀ ਗੁੱਝੇ ਪਹਿਲੂਆਂ ਅਤੇ ਸੂਖਮ ਤੱਥਾਂ ਦੀ ਰੁਚੀ ਦੀ ਤ੍ਰਿਪਤੀ ਕਰ ਸਕਦੀ ਹੈ। ਇਸ ਪੁਸਤਕ ਨੂੰ ਪੜ੍ਹਨ ਮਗਰੋਂ ਪਰਦੇ 'ਤੇ ਚਲਦੀ ਫ਼ਿਲਮ ਮਗਰਲੀ ਪ੍ਰਕਿਰਿਆ ਨੂੰ ਵੀ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਲੇਖਕ ਵਲੋਂ ਪੁਸਤਕ ਦੇ ਹਰੇਕ ਆਰਟੀਕਲ ਨੂੰ ਫ਼ਿਲਮ ਨਿਰਮਾਣ ਨਾਲ ਜੁੜੇ ਤਕਨੀਕੀ ਸ਼ਬਦਾਂ ਰਾਹੀਂ ਵੀ ਸਬ-ਟਾਈਟਲ ਦੇ ਕੇ ਵਿਲੱਖਣਤਾ ਪ੍ਰਦਾਨ ਕੀਤੀ ਗਈ ਹੈ। ਸਰਲ ਤੇ ਰੌਚਕ ਭਾਸ਼ਾ ਵਿਚ ਲਿਖੀ ਗਈ ਇਹ ਪੁਸਤਕ ਵਿਸ਼ੇ ਵਜੋਂ ਨਿਵੇਕਲੀ ਤਾਂ ਹੈ ਹੀ, ਨਾਲ ਦੀ ਨਾਲ ਪੇਸ਼ਕਾਰੀ ਵਜੋਂ ਵੀ ਘੱਟੋ-ਘੱਟ 'ਫਾਈਵ ਸਟਾਰ' ਦੀ ਹੱਕਦਾਰ ਹੈ।


-ਡਾ: ਧਰਮਪਾਲ ਸਾਹਿਲ
ਮੋ: 98761-56964.


ਮੈਂ ਸਰਹੱਦ ਬੋਲਦੀ ਹਾਂ
ਕਵੀ : ਗਮਦੂਰ ਰੰਗੀਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 95920-66175


'ਮੈਂ ਸਰਹੱਦ ਬੋਲਦੀ ਹਾਂ' ਕਾਵਿ ਸੰਗ੍ਰਹਿ ਕਵੀ ਗਮਦੂਰ ਰੰਗੀਲਾ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਵਿਚ 24 ਕਾਵਿ ਰਚਨਾਵਾਂ ਸ਼ਾਮਿਲ ਹਨ। ਕਵੀ ਨੇ 1947 ਦੀ ਦੇਸ਼ ਵੰਡ, ਹਿੰਸਾ, ਖੌਫ਼, ਵਸਦੇ ਰਸਦੇ ਘਰਾਂ ਦੇ ਦਰਦਨਾਕ ਉਜਾੜੇ ਦੇ ਭਿਆਨਕ ਅਤੇ ਦਿਲ ਕੰਬਾਊ ਮੰਜ਼ਰ ਨੂੰ ਸਰਹੱਦ ਦੀ ਵੇਦਨਾ ਰਾਹੀਂ ਪ੍ਰਗਟ ਕਰਦਿਆਂ ਇਸ ਲਕੀਰ ਦੇ ਮਿਟਣ ਦੀ ਆਸ ਅਜੇ ਜਿਊਂਦੀ ਰੱਖੀ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ 'ਚ ਮੁੜ੍ਹਕੇ ਦੇ ਮੋਤੀ ਬੀਜਣ ਵਾਲੇ ਦੇਸ਼ ਦੇ ਅੰਨਦਾਤੇ ਕਿਸਾਨ ਦਾ ਗੁਰਬਤ ਨਾਲ ਜੂਝਣ ਦਾ ਦਰਦ ਹੈ। ਮਿੱਟੀ ਦੀ ਘਾਣੀ ਕਰਦੇ ਮਜ਼ਦੂਰ ਦਾ ਫ਼ਿਕਰਾਂ 'ਚ ਗੁਆਚ ਜਾਣਾ ਕਵੀ ਨੂੰ ਬੇਚੈਨ ਕਰਦਾ ਹੈ।
ਇਨ੍ਹਾਂ ਕਾਵਿ ਰਚਨਾਵਾਂ 'ਚ ਜਗ ਜਣਨੀ ਦੇ ਅਪਮਾਨ ਦੀ ਹੂਕ ਹੈ। ਝੂਠ, ਫਰੇਬ, ਕਤਲੋਗਾਰਤ, ਜਬਰ-ਜਨਾਹ, ਲੁੱਟ-ਖਸੁੱਟ, ਗੁਰਬਤ, ਅਨਪੜ੍ਹਤਾ, ਭ੍ਰਿਸ਼ਟਾਚਾਰ, ਜ਼ਹਿਰੀਲਾ ਵਾਤਾਵਰਨ, ਫ਼ਿਰਕੂ ਦੰਗੇ-ਫ਼ਸਾਦ, ਨਿਰਦੋਸ਼ਾਂ, ਮਜ਼ਲੂਮਾਂ ਦੀਆਂ ਸਿਸਕੀਆਂ ਉਸ ਦਾ ਹਿਰਦਾ ਵਲੂੰਧਰਦੀਆਂ ਹਨ। ਭਰੂਣ ਹੱਤਿਆ, ਨਸ਼ਿਆਂ ਦੇ ਕੋਹੜ ਵਰਗੀਆਂ ਅਲਾਮਤਾਂ ਨੂੰ ਉਹ ਜੜ੍ਹ ਤੋਂ ਮਿਟਾਉਣਾ ਚਾਹੁੰਦਾ ਹੈ। ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਕੁਦਰਤ ਨਾਲ ਛੇੜਖਾਨੀ ਦੇ ਉਹ ਸਖ਼ਤ ਖਿਲਾਫ਼ ਹੈ। ਕਵੀ ਨਿਰੰਤਰ ਵਗਦੇ ਪਾਣੀ ਵਾਂਗ ਚਲਦੇ ਰਹਿਣਾ ਚਾਹੁੰਦਾ ਹੈ ਅਤੇ ਠਹਿਰਾਅ ਉਸ ਨੂੰ ਕਦਾਚਿਤ ਪਸੰਦ ਨਹੀਂ। ਲੰਮੀ ਕਵਿਤਾ 'ਲੂਣਾ' 'ਚ ਕਵੀ ਰੰਗੀਲਾ ' ਲੂਣਾ' ਨੂੰ ਗੁਨਾਹਗਾਰ ਗਰਦਾਨਦਾ ਹੈ ਪਰ ਕਵੀ ਅਨੁਸਾਰ ਦੋਸ਼ੀ ਤਾਂ ਸਲਵਾਨ ਹੈ, ਲੂਣਾ ਨੇ ਬਦਲਾ ਉਸ ਤੋਂ ਲੈਣਾ ਸੀ :
ਤੂੰ ਕਿਹੜਾ ਪੂਰਨ ਅੰਦਰੋਂ ਚਾਹਿਆ, ਤਾਹੀਓਂ ਤਾਂ ਸੀ ਕਤਲ ਕਰਾਇਆ।
ਜੇ ਅੰਦਰੋਂ ਤੂੰ ਚਾਹੁੰਦੀ ਪੂਰਨ, ਇੰਝ ਨਾ ਤੂੰ ਮਰਵਾਉਂਦੀ ਪੂਰਨ।
.. .. ਜੇ ਕਾਤਲ ਹੀ ਤੂੰ ਬਣਨਾ ਸੀ ਤਾਂ, ਸਲਵਾਨ ਨੂੰ ਪਾਰ ਬਲਾਉਣਾ ਸੀ।
ਲਾ ਤੁਹਮਤਾਂ ਸੱਧਰਾਂ ਦੇ ਕਾਤਲ ਕੋਲੋਂ, ਕਾਹਤੋਂ ਪੂਰਨ ਜਿਬ੍ਹਾ ਕਰਾਉਣਾ ਸੀ।
ਕਾਵਿ ਰਚਨਾਵਾਂ ਜਿੱਥੇ ਵਿਸ਼ਾ-ਵਸਤੂ ਅਤੇ ਰੂਪਕ ਪੱਖ ਤੋਂ ਖੂਬਸੂਰਤੀ ਦਾ ਪ੍ਰਮਾਣ ਦਿੰਦੀਆਂ ਹਨ, ਉਥੇ ਇਨ੍ਹਾਂ ਕਵਿਤਾਵਾਂ 'ਚ ਰਵਾਨਗੀ ਵੀ ਕਾਬਲੇ-ਜ਼ਿਕਰ ਹੈ।


-ਮਨਜੀਤ ਸਿੰਘ ਘੜੈਲੀ
ਮੋ: 98153-91625

05-12-2020

 ਤਹਿਸੀਲ ਸ੍ਰੀ ਅਨੰਦਪੁਰ ਸਾਹਿਬ
ਦੇ ਇਲਾਕੇ ਦੇ ਲੋਕ-ਗੀਤ
ਸੰਗ੍ਰਹਿ ਕਰਤਾ : ਸੁਨੀਤਾ ਰਾਣੀ, ਸੀਮਾ ਦੇਵੀ ਅਤੇ ਪ੍ਰਵੀਨ ਕੁਮਾਰ ਸੈਣੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 134
ਸੰਪਰਕ : 0172-5002591.

ਹਥਲੀ ਪੁਸਤਕ ਸ੍ਰੀ ਅਨੰਦਪੁਰ ਸਾਹਿਬ ਦੇ ਇਰਦ-ਗਿਰਦ ਪੰਜਾਬੀ ਜਨਜੀਵਨ ਦੇ ਜੀਵੰਤ ਲੋਕਧਾਰਾਈ ਅਤੇ ਸੱਭਿਆਚਾਰਕ ਜੀਵਨ-ਸ਼ੈਲੀ ਵਿਚ ਪ੍ਰਚੱਲਿਤ ਜੱਚਾ-ਬੱਚਾ ਅਤੇ ਪੰਜਾਬੀ ਰਿਸ਼ਤਿਆਂ ਨਾਤਿਆਂ ਦੇ ਪ੍ਰਗਟਾਵੇ ਨਾਲ ਸਬੰਧਿਤ ਲੋਕ ਗੀਤਾਂ ਦਾ ਸੰਗ੍ਰਹਿ ਹੈ। ਤਿੰਨਾਂ ਸੰਗ੍ਰਹਿ ਕਰਤਾਵਾਂ ਨੇ ਖੇਤਰੀ ਪੱਧਰ 'ਤੇ ਪਿੰਡ-ਪਿੰਡ, ਘਰ-ਘਰ ਜਾ ਕੇ ਇੱਕੀ ਘਰੇਲੂ ਸੁਆਣੀਆਂ ਤੋਂ ਜੋ ਬੱਚੇ ਬੱਚੀ ਨਾਲ ਪ੍ਰਚੱਲਿਤ 33 ਲੋਕ ਗੀਤ ਇਕੱਤਰ ਕਰਕੇ ਪੁਸਤਕ ਵਿਚ ਪੇਸ਼ ਕੀਤੇ ਹਨ, ਇਹ ਲੋਕ ਗੀਤ ਆਮ ਪ੍ਰਚੱਲਿਤ ਭਾਸ਼ਾ ਵਿਚ ਬੱਚੇ ਦੇ ਜਨਮ-ਹੋਂਦ, ਉਸ ਦੇ ਜਨਮ ਲੈ ਲੈਣ ਅਤੇ ਉਸ ਤੋਂ ਉਪਰੰਤ ਉਸ ਦੇ ਪਾਲਣ-ਪੋਸ਼ਣ ਨਾਲ ਪੰਜਾਬੀ ਜਨਜੀਵਨ ਵਿਚ ਪ੍ਰਚੱਲਿਤ ਭਾਵਨਾਵਾਂ ਦਾ ਪ੍ਰਗਟਾਵਾ ਵੀ ਹਨ ਅਤੇ ਬੇਟੀ ਜਾਂ ਬੇਟੇ ਦੇ ਜਨਮ ਲੈਣ 'ਤੇ ਜੋ ਘਰ ਪਰਿਵਾਰ ਜਿਨ੍ਹਾਂ 'ਚ ਨਾਨਕੇ ਦਾਦਕੇ, ਭੂਆ, ਚਾਚੇ-ਚਾਚੀਆਂ, ਮਾਮਾ-ਮਾਮੀਆਂ, ਮਾਸੀਆਂ ਆਦਿ ਦੁਆਰਾ ਖੁਸ਼ੀਆਂ ਖੇੜੇ ਵੰਡਣੇ ਜਾਂ ਸੋਚਾਂ ਵਿਚ ਪੈ ਜਾਣਾ ਆਦਿ ਦਾ ਖੂਬ ਵਰਨਣ ਹੈ। ਪੁਸਤਕ ਦੀ ਵਿਸ਼ੇਸ਼ਤਾ ਹੈ ਕਿ ਇਸ ਸਾਰੇ ਲੋਕ ਸਾਹਿਤ ਰੂਪ ਪਾਠ ਨੂੰ ਸੰਗ੍ਰਹਿ ਕਰਤਾਵਾਂ ਨੇ 'ਰਣਝੂਜਣੇ' ਦਾ ਨਾਂਅ ਦਿੱਤਾ ਹੈ ਅਤੇ ਦਰਸਾਇਆ ਹੈ ਕਿ ਬਾਲਕ ਜਾਂ ਬਾਲਿਕਾ ਦੇ ਜਨਮ ਵੇਲੇ ਜਿਹੜੀ ਸਰੀਰਕ ਅਤੇ ਮਾਨਸਿਕ ਪੀੜ ਜਾਂ ਯੁੱਧ ਦਾ ਮੁਕਾਬਲਾ ਜਨਮਦਾਤੀ ਤੋਂ ਹੁੰਦਾ ਹੈ, ਉਹ ਰਣਝੂਜਣਾ ਜਾਂ ਰਣਝੂਜਣੇ ਹੈ। ਰਣਝੂਜਣਾ ਬਾਲਕ ਦੇ ਜਨਮ ਲੈਣ ਨਾਲ ਸਬੰਧਿਤ ਹੈ। ਇਸ ਵਿਚ ਜਨਮ ਦੇਣ ਵਾਲੀ ਅਤੇ ਬੱਚੇ ਬੱਚੀ ਦੀ ਸਰਾਹਨਾ ਵੀ ਸ਼ਾਮਿਲ ਹੈ। ਇਸ ਬਿਰਤਾਂਤਕ ਲੋਕ ਕਾਵਿ ਰੂਪ ਨੂੰ ਕਈ ਖੇਤਰਾਂ ਵਿਚ ਸੋਹਲੜੇ, ਲੋਰੀਆਂ, ਬਿਆਈਆਂ , ਵਧਾਵੇ ਆਦਿ ਵੀ ਕਿਹਾ ਜਾਂਦਾ ਹੈ। ਇਨ੍ਹਾਂ ਸਾਰੇ ਲੋਕ ਗੀਤਾਂ ਵਿਚ ਸਾਮਰਾਜਵਾਦੀ ਸੋਚ ਦ੍ਰਿਸ਼ਟੀ ਅਨੁਸਾਰ ਲੜਕੇ ਦੇ ਜਨਮ ਨੂੰ ਜੋ ਮਹੱਤਤਾ ਦਰਸਾਈ ਜਾਂਦੀ ਰਹੀ ਹੈ ਅਤੇ ਲੜਕੀ ਦੇ ਜਨਮ ਨਾਲ ਜੋ ਭਿੰਨ ਭੇਦ ਪ੍ਰਗਟ ਕੀਤਾ ਜਾਂਦਾ ਰਿਹਾ ਹੈ, ਉਸ ਦਾ ਵੀ ਵਰਨਣ ਹੈ। ਪੁਸਤਕ ਵਿਚ ਪ੍ਰਗਟ ਕੀਤੇ ਇਹ ਸਾਰੇ ਲੋਕ ਗੀਤ ਇਲਾਕਾਈ ਗਾਇਕੀ ਦੀ ਸ਼ੈਲੀ ਵਿਚ ਹਨ ਜਿਸ ਵਿਚ ਪੁਆਧੀ, ਦੁਆਬੀ ਅਤੇ ਪਹਾੜੀ ਉਪ-ਭਾਸ਼ਾਈ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਭਰਮਾਰ ਵੀ ਸ਼ਾਮਿਲ ਹੈ। ਨਿਰਸੰਦੇਹ, ਇਹ ਖੇਤਰੀ ਖੋਜ ਕਾਰਜ ਸਲਾਹੁਣਯੋਗ ਹੈ ਅਤੇ ਪੁਸਤਕ ਹਰ ਵਰਗ ਦੇ ਪਾਠਕ ਲਈ ਪੜ੍ਹਨ ਯੋਗ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਗੁਰਪ੍ਰੀਤ ਦੇ ਨਾਲ-ਨਾਲ ਤੁਰਦਿਆਂ
ਸੰਪਾਦਕ : ਗੁਰਦੀਪ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 195
ਸੰਪਰਕ : 94177-86546.

ਪ੍ਰੋ: ਗੁਰਦੀਪ ਸਿੰਘ ਦੁਆਰਾ ਸੰਪਾਦਿਤ ਇਹ ਪੁਸਤਕ, ਸਮਕਾਲੀ ਯੁਗ ਦੇ ਇਕ ਵਿਲੱਖਣ ਅਤੇ ਪ੍ਰਤਿਭਾਸ਼ਾਲੀ ਕਵੀ ਸ੍ਰੀ ਗੁਰਪ੍ਰੀਤ ਦੇ ਕਾਵਿ-ਸੰਸਾਰ ਉੱਪਰ ਬਹੁਤ ਸਾਰੀਆਂ ਅੰਤਰ-ਸਬੰਧਿਤ ਅਤੇ ਨਿਵੇਕਲੀਆਂ-ਨਿਆਰੀਆਂ ਕਾਵਿ-ਵਿਧੀਆਂ ਦੁਆਰਾ ਪ੍ਰਕਾਸ਼ ਪਾਉਂਦੀ ਹੈ। ਜਿਹੜੇ ਲੋਕ ਖੋਜ ਨਹੀਂ ਕਰ ਸਕਦੇ, ਉਹ ਪ੍ਰਮਾਣਿਕ ਕਿਸਮ ਦੀ ਕਵਿਤਾ ਨਹੀਂ ਲਿਖ ਸਕਦੇ। ਪ੍ਰੋ: ਗੁਰਦੀਪ ਸਿੰਘ ਨੇ ਆਪਣੀ ਇਸ ਪੁਸਤਕ ਦੀ ਵਿਉਂਤ ਅਤੇ ਸਰੂਪ ਸਿਰਜਣ ਵਿਚ ਬਹੁਤ ਮਿਹਨਤ ਕੀਤੀ ਹੈ। ਡਾ: ਨੂਰ, ਸ੍ਰੀ ਅਮਰਜੀਤ ਗਰੇਵਾਲ, ਡਾ: ਵਨੀਤਾ, ਡਾ: ਸਰਬਜੀਤ ਸਿੰਘ, ਡਾ: ਮੋਹਨ ਤਿਆਗੀ, ਡਾ: ਅਮਰਜੀਤ ਕੌਂਕੇ, ਡਾ: ਅਰਵਿੰਦਰ ਕੌਰ ਕਾਕੜਾ, ਸ੍ਰੀ ਹਰਵਿੰਦਰ ਭੰਡਾਲ, ਡਾ: ਸੰਤੋਖ ਸਿੰਘ, ਡਾ: ਦਵਿੰਦਰ ਸੈਫ਼ੀ, ਡਾ: ਕੁਲਦੀਪ ਸਿੰਘ ਦੀਪ, ਡਾ: ਹਰਪ੍ਰੀਤ ਸਿੰਘ, ਸ੍ਰੀ ਅਜਮੇਰ ਰੋਡੇ, ਸ੍ਰੀ ਜਸਵੰਤ ਜਫ਼ਰ, ਤਨਵੀਰ, ਰੁਪਿੰਦਰ ਮਾਨ ਅਤੇ ਸਰੋਦ ਸੁਦੀਪ ਵਰਗੇ ਸਮਰੱਥ ਅਤੇ ਸਜਗ ਕਾਵਿ ਸ਼ਾਸਤਰੀਆਂ ਅਤੇ ਸੱਭਿਆਚਾਰ ਵਿਗਿਆਨੀਆਂ ਵਲੋਂ ਲੇਖ ਕਿਸੇ ਕਾਵਿ-ਸ਼ਾਸਤਰੀ ਪੁਸਤਕ ਵਾਸਤੇ ਸੰਗ੍ਰਹਿਤ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਮੈਂ ਸੰਪਾਦਕ ਦੇ ਇਸ ਪ੍ਰਯਾਸ ਦੀ ਪ੍ਰਸੰਸਾ ਕਰਦਾ ਹਾਂ।
ਗੁਰਪ੍ਰੀਤ ਸਿੰਘ ਪਿਛਲੇ ਦੋ ਕੁ ਦਹਾਕਿਆਂ ਤੋਂ ਕਾਵਿ ਖੇਤਰ ਵਿਚ ਕਰਮਸ਼ੀਲ ਹੈ। ਇਸ ਪ੍ਰਸੰਗ ਵਿਚ ਉਸ ਦੇ ਤਿੰਨ ਕਾਵਿ ਸੰਗ੍ਰਹਿ (ਸ਼ਬਦਾਂ ਦੀ ਮਰਜ਼ੀ, ਅਕਾਰਨ, ਸਿਆਹੀ ਘੁਲੀ ਹੈ) ਪ੍ਰਕਾਸ਼ਿਤ ਹੋ ਚੁੱਕੇ ਹਨ। ਹਾਈਡੈੱਗਰ, ਏਲੀਅਟ, ਪਾਲ ਵਲੇਰੀ ਜਾਂ ਰਿੰਬੋ ਵਗੈਰਾ ਕਾਵਿ ਦੀ 'ਰੈਡੀਕਲਨੈੱਸ' ਬਾਰੇ ਜੋ ਚਾਹੇ ਲਿਖਦੇ ਰਹੇ ਹੋਣ ਪਰ ਅਸਲ ਵਿਚ ਇਹ ਇਕ 'ਮੋਨੋਲਾਜਿਕ' ਰੂਪਾਕਾਰ ਹੈ, ਇਸ ਕਾਰਨ ਇਸ ਵਿਚੋਂ 'ਮਲਟੀਪਲ' ਆਵਾਜ਼ਾਂ ਨਹੀਂ ਸੁਣੀਆਂ ਜਾ ਸਕਦੀਆਂ। ਕੇਵਲ ਇਕ ਹੀ ਆਵਾਜ਼ ਸੁਣੀ ਜਾ ਸਕਦੀ ਹੈ, ਜੋ ਕਾਵਿ-ਮੈਂ ਜਾਂ ਨੈਰੇਟਰ ਦੀ ਹੁੰਦੀ ਹੈ। ਇਹੀ ਇਕ ਆਵਾਜ਼ ਕਵਿਤਾ ਦੀ ਸੀਮਾ ਹੋ ਜਾਂਦੀ ਹੈ, ਹੌਲੀ-ਹੌਲੀ ਲੋਕ ਇਸ ਦੇ ਆਦੀ ਹੋ ਜਾਂਦੇ ਹਨ ਅਤੇ ਇੰਜ ਇਸ ਦੀ ਸਮਰੱਥਾ ਵੀ ਖੁਰਨ ਲੱਗ ਪੈਂਦੀ ਹੈ।
ਇਸ ਪੁਸਤਕ ਵਿਚ ਸੰਕਲਿਤ ਸਮੂਹ ਲੇਖਕਾਂ ਨੇ ਆਪਣੇ-ਆਪਣੇ ਸਿਧਾਂਤ ਲਾਗੂ ਕਰਨ ਸਮੇਂ ਪੂਰੀ ਸੁਹਿਰਦਤਾ ਤੋਂ ਕੰਮ ਲਿਆ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਧਰ ਵੀ ਸਿਧਾਂਤਕਾਰੀ ਪ੍ਰਤੀ ਵਚਨਬੱਧਤਾ ਦੀ ਭਾਵਨਾ ਪੈਦਾ ਹੋ ਰਹੀ ਹੈ। ਹਰ ਸਿਧਾਂਤਕਾਰ ਨੇ ਆਪਣੀਆਂ ਧਾਰਨਾਵਾਂ ਉੱਪਰ ਪਹਿਰਾ ਦਿੰਦਿਆਂ ਹੋਇਆਂ ਗੁਰਪ੍ਰੀਤ ਦੀ ਕਾਵਿ-ਵੱਥ ਅਤੇ ਇਸ ਦੇ ਪਿੱਛੇ ਕੰਮ ਕਰਦੇ ਉਸ ਦੇ ਅਨੁਭਵ ਨੂੰ ਨਿਖਾਰਨ-ਵਿਸਤਾਰਨ ਵਿਚ ਕਾਫੀ ਸਫਲਤਾ ਹਾਸਲ ਕੀਤੀ ਹੈ। ਗੁਰਪ੍ਰੀਤ ਦੀ ਕਾਵਿ-ਕੀਰਤੀ ਦੂਰ ਤੱਕ ਜਾਏਗੀ ਅਤੇ ਸਾਡੇ ਕਵੀਆਂ ਦੀ ਨਵੀਂ ਪੀੜ੍ਹੀ ਉਸ ਦੀ ਸ਼ਾਇਰੀ ਤੋਂ ਅਭਿਵਿਅਕਤੀ ਦੇ ਨਵੇਂ ਆਯਾਮਾਂ ਦੀ ਟੋਹ ਹਾਸਲ ਕਰੇਗੀ, ਇਸ ਵਿਸ਼ਵਾਸ ਨਾਲ ਮੈਂ ਪ੍ਰੋ: ਗੁਰਦੀਪ ਸਿੰਘ ਦੀ ਇਸ ਪੁਸਤਕ ਦਾ ਸਵਾਗਤ ਕਰਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਪੱਗੜੀ ਸੰਭਾਲ ਜੱਟਾ
ਲੇਖਕ : ਗੁਰਪ੍ਰੀਤ ਸਿੰਘ ਰਟੋਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 225 ਰੁਪਏ, ਸਫ਼ੇ : 79
ਸੰਪਰਕ : 90564-90559.

ਗੁਰਪ੍ਰੀਤ ਸਿੰਘ ਰਟੋਲ ਅਜੋਕੀ ਨਵੀਂ ਪੀੜ੍ਹੀ ਦੇ ਨਾਟਕਕਾਰਾਂ 'ਚੋਂ ਹੈ। ਇਸ ਤੋਂ ਪਹਿਲਾਂ ਉਹ 'ਬਾਗ਼ੀ ਸਰਾਭਾ', 'ਮੈਂ ਜੱਜ ਬਣਾਂਗੀ', 'ਸੈਲਫ਼ੀ', 'ਗੱਲੀਂ ਅਸੀਂ ਚੰਗੀਆਂ', 'ਧਰਾਬੀ 1947', ਇਕ ਜ਼ਖ਼ਮੀ ਪਰਵਾਜ਼' ਅਤੇ ਕੁਝ ਹੋਰ ਨਾਟਕ ਲਿਖ ਚੁੱਕਾ ਹੈ। ਉਹ ਅਜੋਕੇ ਸਮੇਂ ਦੀਆਂ ਸਮਾਜਿਕ, ਆਰਥਿਕ ਤੇ ਰਾਜਸੀ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਉਹ ਅਗਾਂਹਵਧੂ ਸੋਚ ਦਾ ਧਾਰਨੀ ਹੈ ਅਤੇ ਇਕ ਆਦਰਸ਼ ਸਮਾਜ ਦੀ ਸਿਰਜਣਾ ਕਰਨੀ ਲੋਚਦਾ ਹੈ। ਪ੍ਰਸਿੱਧ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਦੇ ਨਾਟਕਾਂ ਵਾਂਗ ਉਹ ਵਿਸ਼ਿਆਂ ਦੀ ਚੋਣ ਪੇਂਡੂ ਕਾਮਿਆਂ, ਕਿਸਾਨਾਂ ਅਤੇ ਹੋਰ ਲੋਕਾਂ ਦੇ ਜੀਵਨ ਨਾਲ ਜੁੜੀਆਂ ਸਮੱਸਿਆਵਾਂ 'ਚੋਂ ਕਰਦਾ ਹੈ। ਹਥਲੇ 'ਪਗੜੀ ਸੰਭਾਲ ਜੱਟਾ' ਨਾਟਕ ਦੇ 13 ਦ੍ਰਿਸ਼ ਹਨ ਅਤੇ ਸਾਰੇ ਦੇ ਸਾਰੇ ਲੋਕ ਸਮੱਸਿਆਵਾਂ ਦੀ ਬਾਖ਼ੂਬ ਤਰਜਮਾਨੀ ਕਰਦੇ ਹਨ। ਹਰੇਕ ਦ੍ਰਿਸ਼ ਆਪਣੇ-ਆਪ 'ਚ ਇਕ ਮੁਕੰਮਲ ਲਘੂ-ਨਾਟ ਹੈ। ਲੇਖਕ ਜਗਤ ਗੁਰੂ ਸ੍ਰੀ ਨਾਨਕ ਦੇਵ ਜੀ ਦੇ ਫ਼ਲਸਫ਼ੇ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦਾ ਪੱਕਾ ਉਪਾਸਕ ਹੈ। ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਸਮਾਜ ਵਿਚ ਲਾਗੂ ਕਰਨ ਅਤੇ ਵਿਵਹਾਰਕ ਜੀਵਨ 'ਚ ਅਪਣਾਉਣ ਦੀ ਲੋੜ ਹੈ। ਉਹ ਆਰਥਿਕ ਤੰਗੀ ਕਾਰਨ ਕਿਸਾਨਾਂ-ਮਜ਼ਦੂਰਾਂ ਵਲੋਂ ਖ਼ੁਦਕੁਸ਼ੀਆਂ ਕਰਨ, ਪੜ੍ਹ-ਲਿਖ ਕੇ ਰੁਜ਼ਗਾਰ ਨਾ ਮਿਲਣ, ਮੰਡੀਕਰਨ ਵਿਵਸਥਾ, ਖੇਤੀ ਧੰਦਾ ਲਾਹੇਵੰਦ ਨਾ ਰਹਿਣ, ਭ੍ਰਿਸ਼ਟਾਚਾਰ, ਧਰਤੀ ਹੇਠਲਾ ਪਾਣੀ ਡੂੰਘਾ ਹੋਣ, ਸਰਕਾਰਾਂ 'ਚ ਇੱਛਾ ਸ਼ਕਤੀ ਦੀ ਘਾਟ ਕਾਰਨ ਖੇਤੀ ਵੰਨ-ਸੁਵੰਨਤਾ ਦੀ ਅਣਹੋਂਦ, ਰੀਸੋ-ਰੀਸ ਮਹਿੰਗੀਆਂ ਕੋਠੀਆਂ, ਵੱਡੇ ਟ੍ਰੈਕਟਰ ਅਤੇ ਵਿਆਹਾਂ 'ਤੇ ਲੱਖਾਂ ਰੁਪਿਆ ਕਰਜ਼ਾ ਚੁੱਕ ਕੇ ਖ਼ਰਚਣ ਜਿਹੇ ਗੰਭੀਰ ਵਿਸ਼ਿਆਂ 'ਤੇ ਚਿੰਤਾ ਕਰਦਿਆਂ ਇਨ੍ਹਾਂ ਪਿੱਛੇ ਛੁਪੇ ਕਾਰਨਾਂ ਨੂੰ ਨੰਗਾ ਕਰਦਾ ਹੈ।
ਨਾਟਕ 'ਚ ਅਜੀਤ ਵਰਗੇ ਕੁਝ ਆਦਰਸ਼ਵਾਦੀ ਪਾਤਰ ਸਿਰਜੇ ਗਏ ਹਨ, ਜੋ ਸਮਾਜ ਦੇ ਲੋਕਾਂ ਦਾ ਦਿਲੋਂ ਭਲਾ ਚਾਹੁੰਦੇ ਹਨ। ਉਹ ਕਿਸਾਨ ਦੇ ਨਾਲ ਕੰਮ ਕਰਦੇ ਸੀਰੀ-ਸਾਂਝੀਆਂ ਪ੍ਰਤੀ ਅਗਾਂਹਵਧੂ ਸੋਚ ਦਾ ਪ੍ਰਗਟਾਵਾ ਕਰਦਾ ਹੋਇਆ ਇਹ ਸੰਦੇਸ਼ ਦਿੰਦਾ ਹੈ ਕਿ ਇਨ੍ਹਾਂ ਦੋਵਾਂ ਦੇ ਏਕੇ 'ਚ ਹੀ ਇਨ੍ਹਾਂ ਵਰਗਾਂ ਦੀ ਭਲਾਈ ਹੈ। ਦ੍ਰਿਸ਼ ਬਾਰ੍ਹਵੇਂ 'ਚ ਉਹ ਸਾਂਝੀ ਖੇਤੀ ਕਰਨ ਦੇ ਹੱਕ 'ਚ ਜ਼ੋਰਦਾਰ ਵਕਾਲਤ ਕਰਦਾ ਹੋਇਆ ਅੰਕੜਿਆਂ ਸਮੇਤ ਇਸ ਦੇ ਲਾਭ ਗਿਣਾਉਂਦਾ ਹੈ। ਉਹ ਖ਼ੁਦਕੁਸ਼ੀਆਂ ਦਾ ਹੱਲ ਵੀ ਲੋਕਾਂ ਦੇ ਏਕੇ 'ਚੋਂ ਕੱਢਦਾ ਹੈ। ਨਿਰੋਲ ਮਲਵਈ ਪੇਂਡੂ ਧਰਾਤਲ 'ਤੇ ਲਿਖਿਆ ਗਿਆ ਇਹ ਨਾਟਕ ਰੰਗਮੰਚ ਦੀਆਂ ਲੋੜਾਂ ਦੇ ਅਨੁਕੂਲ ਹੈ ਅਤੇ ਰਚਨਾਤਮਕ ਪੱਖੋਂ ਵੀ ਖੂਬਸੂਰਤ ਰਚਨਾ ਹੋ ਨਿੱਬੜਦਾ ਹੈ।

ਮੋਹਰ ਗਿੱਲ ਸਿਰਸੜੀ
ਮੋ: 98156-59110
.

ਇਸ਼ਕ ਮਲੰਗੀ
ਲੇਖਕ : ਖ਼ਾਲਿਦ ਹੁਸੈਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 094191-83485.

ਜੰਮੂ ਨਿਵਾਸੀ ਖ਼ਾਲਿਦ ਹੁਸੈਨ ਬਹੁਪੱਖੀ ਸਿਰਜਣਾਤਮਕ ਪ੍ਰਤਿਭਾ ਦਾ ਮਾਲਕ ਹੈ। 'ਇਸ਼ਕ ਮਲੰਗੀ' ਨਵਾਂ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿਚ 22 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਦੇ ਮੁੱਖ ਵਿਸ਼ਿਆਂ ਵਿਚ ਭਾਰਤ-ਪਾਕਿਸਤਾਨ ਦੀ ਵੰਡ ਦੇ ਵਿਭਿੰਨ ਰੂਪ; ਧਰਮ ਅਤੇ ਰਾਜਨੀਤੀ ਦੇ ਬੀਜੇ ਕੰਡੇ, ਭਾਰਤ-ਪਾਕਿ ਦਰਮਿਆਨ ਇਨਸਾਨੀ ਸਾਂਝਾਂ, ਅਣਸੁਲਝੀ ਕਸ਼ਮੀਰ ਸਮੱਸਿਆ ਕਾਰਨ ਵਹਿੰਦਾ ਲਹੂ, ਪ੍ਰਮਾਣਿਕ ਅਤੇ ਅਪ੍ਰਮਾਣਿਕ ਅਸਤਿੱਤਵ ਦੇ ਰੂਪ, ਸਵੈ-ਜੀਵਨਾਤਮਕ ਅੰਸ਼, ਅੱਖੀਂ ਦੇਖੀਆਂ, ਕੰਨੀਆਂ ਸੁਣੀਆਂ, ਹੱਡੀਂ ਹੰਢਾਈਆਂ ਘਟਨਾਵਾਂ ਦਾ ਗਲਪੀਕਰਨ ਉਪਲਬਧ ਹੈ। ਅਧਿਐਨ ਕਰਦਿਆਂ ਅਨੇਕਾਂ ਅਜਿਹੀਆਂ ਅਟੱਲ ਸਚਾਈਆਂ ਬਿਰਤਾਂਤ ਵਿਚੋਂ ਸਹਿਜੇ ਹੀ ਉਪਜਦੀਆਂ ਵੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਡੀਕੋਡ ਕੀਤਿਆਂ ਕਹਾਣੀਆਂ ਦੇ ਵਿਸ਼ੇ ਵੀ ਅਨੇਕਾਂ ਵਾਰ ਰੂਪਮਾਨ ਹੋ ਜਾਂਦੇ ਹਨ। ਕੁਝ ਇਕ ਅਜਿਹੀਆਂ ਸਚਾਈਆਂ ਪਾਠਕਾਂ ਲਈ ਲਾਹੇਵੰਦ ਹੋਣ ਦੀ ਸੰਭਾਵਨਾ ਰੱਖਦੀਆਂ ਹਨ, ਮਸਲਨ: ਰੱਜੇ ਅਮੀਰ, ਭੁੱਖੇ ਫ਼ਕੀਰ ਕੋਲੋਂ ਡਰਨਾ ਚਾਹੀਦਾ ਹੈ, ਪੰ: 46. ਮਾਂ ਪਾਕਿਸਤਾਨ ਦੀ ਹੈ ਤਾਂ ਉਸ ਦੀ ਕੁੱਖ 'ਚੋਂ ਜਨਮ ਲੈਣ ਵਾਲੀ ਬੱਚੀ ਕਿੰਝ ਹਿੰਦੁਸਤਾਨੀ ਹੋ ਗਈ, ਪੰ: 49. ਹਾਕਮਾਂ ਨੂੰ ਕੌਣ ਇਤਿਹਾਸ ਪੜ੍ਹਾਏ ਅਤੇ ਕਿੰਜ ਸਮਝਾਏ.... ਮੁਹੱਬਤ ਤੇ ਹਮਦਰਦੀ ਦੀ ਲੋੜ ਹੁੰਦੀ ਹੈ, ਪੰ: 54 ਕੋਠੇ ਤੇ ਚੁਬਾਰੇ ਬੇਇਤਬਾਰੇ ਹੁੰਦੇ ਨੇ, ਪੰ: 62. ਜਿਹੜੇ ਹਥਿਆਰ ਫੱਟ ਮਾਰਦੇ ਨੇ, ਉਨ੍ਹਾਂ ਨੂੰ ਅਖ਼ੀਰ ਜੰਗ ਲੱਗ ਜਾਂਦਾ ਹੈ, ਪੰ: 88. ਸਿਆਸਤ ਦੇ ਤੇਲੀ ਸੱਚ ਦੇ ਬੇਲੀ ਨਹੀਂ ਹੁੰਦੇ, ਪੰ: 106. ਅੱਜ ਦੀਆਂ ਥੱਪੀਆਂ ਪਾਥੀਆਂ ਅੱਜ ਨਹੀਂ ਬਲਦੀਆਂ, ਪੰ: 116. ਮੁਜਾਹਿਦਾਂ ਨੇ ਕੁਰਆਨ ਨਹੀਂ ਪੜ੍ਹਿਆ ਹੋਇਆ। ਜੇ ਪੜ੍ਹਿਆ ਹੁੰਦਾ ਇਹ ਅੱਤਵਾਦੀ ਨਹੀਂ ਹੋਣੇ ਸਨ, ਪੰ: 123. ਹੁਣ ਪਿੱਪਲ ਦਾ ਇਹ ਰੁੱਖ ਅੱਧਾ ਭਾਰਤ ਅੱਧਾ ਪਾਕਿਸਤਾਨ ਬਣ ਚੁੱਕਿਆ ਹੈ। ਇਸ ਨੂੰ ਤੁਸੀਂ ਰਾਜਨੀਤੀ ਦੀ ਸਿਤਮ ਜ਼ਰੀਫ਼ੀ ਨਹੀਂ ਕਹੋਗੇ ਤਾਂ ਫਿਰ ਹੋਰ ਕੀ ਕਹੋਗੇ, ਪੰ: 147. ਜਨੂੰਨੀ ਧਰਮ ਤੇ ਸਿਆਸਤ ਦੇ ਕਾਰੋਬਾਰ ਅਤੇ ਹੱਦ ਤੋਂ ਵੱਧ ਪ੍ਰਚਾਰ ਨੇ ਇਨਸਾਨੀ ਰੂਹ, ਦਿਲ ਤੇ ਦਿਮਾਗ ਨੂੰ ਬਿਮਾਰ ਕਰ ਦਿੱਤਾ ਹੈ, ਪੰ: 155. ਰੱਬ ਦੀ ਕਾਇਨਾਤ ਵਿਚ ਸਭ ਨੂੰ ਜਿਊਣ ਦਾ ਹੱਕ ਹੈ, ਪੰ: 176. ਲੇਖਕ ਦੀ ਸ਼ੈਲੀ ਉੱਤਮ-ਪੁਰਖੀ ਹੈ। ਇਨ੍ਹਾਂ ਕਹਾਣੀਆਂ ਦਾ ਅਧਿਐਨ ਸਿੰਟੇਡਿਗਮੈਟਿਕ ਅਤੇ ਪੈਰਾਡਿਗਮੈਟਿਕ ਦੋਵੇਂ ਤਰ੍ਹਾਂ ਸੰਭਵ ਹੈ। ਦ੍ਰਿਸ਼-ਚਿਤਰਨ ਅਤੇ ਨਕਸ਼-ਚਿਤਰਨ ਕਮਾਲ ਹੈ। ਭਾਸ਼ਾ ਮੁਹਾਵਰੇਦਾਰ ਅਤੇ ਅਲੰਕ੍ਰਿਤ ਹੈ। ਕਾਵਿਕ ਭਾਸ਼ਾ ਦਾ ਨਮੂਨਾ ਵੇਖੋ : 'ਸਾਡੀ ਸਿਰਫ ਕਹਾਣੀ ਰਹਿ ਗਈ। ਕੱਲੀ ਜਿੰਦ ਨਿਮਾਣੀ ਰਹਿ ਗਈ। ਤੇਰੇ ਦੀਦ ਨੂੰ ਮੇਰੇ ਨੈਣ ਸਵਾਲੀ ਹੋ ਗਏ। ਆਸ ਦੇ ਭਾਂਡੇ ਖਾਲੀ ਹੋ ਗਏ।.....।' ਪੰ: 79.

ਡਾ: ਧਰਮ ਚੰਦ ਵਾਤਿਸ਼
ਮੋ: 88376-79186.

ਜਾਗੋ! ਉੱਠੋ!! ਪੁੱਛੋ!?!
ਕਵੀ : ਪ੍ਰਿੰ: ਕਰਤਾਰ ਸਿੰਘ ਕਾਲੜਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94640-88998.

'ਜਾਗੋ। ਉੱਠੋ। ਪੁੱਛੋ?' ਹਥਲੇ ਕਾਵਿ ਸੰਗ੍ਰਹਿ 'ਚ ਕਵੀ ਪ੍ਰਿੰ: ਕਰਤਾਰ ਸਿੰਘ ਕਾਲੜਾ ਨੇ ਵੱਖ-ਵੱਖ ਮਾਨਵੀ ਗੰਭੀਰ ਮਸਲਿਆਂ ਨੂੰ ਛੋਹਿਆ ਹੈ। ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ 'ਚ ਮਨੁੱਖ ਨੂੰ ਵਿਗਿਆਨਕ ਸੋਚ ਅਪਣਾਉਣ, ਵਹਿਮਾਂ-ਭਰਮਾਂ ਦੇ ਮੱਕੜਜਾਲ 'ਚੋਂ ਨਿਕਲਣ ਦੀ ਨਸੀਹਤ ਹੈ। ਕੋਰੋਨਾ ਵਰਗੀ ਵਿਸ਼ਵ ਵਿਆਪੀ ਮਹਾਂਮਾਰੀ ਦੌਰਾਨ ਬਾਬੇ ਨਾਨਕ ਦੇ ਲੰਗਰਾਂ ਦੀ ਬਰਕਤ ਦੀ ਮਹਾਨਤਾ ਨੂੰ ਦਰਸਾਉਂਦਿਆਂ ਜੀਵਨ ਜੁਗਤੀ, ਮਾਨਵ ਪ੍ਰੇਮ, ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਹੈ। ਕਾਰਪੋਰੇਟ ਘਰਾਣਿਆਂ, ਸਰਮਾਏਦਾਰਾਂ ਵਲੋਂ ਆਮ ਲੋਕਾਂ ਦੀ ਲੁੱਟ-ਖਸੁੱਟ ਤੋਂ ਕਵੀ ਡਾਢਾ ਚਿੰਤਤ ਹੈ। ਸੱਤਾਧਾਰੀ ਸ਼ਕਤੀਆਂ ਵਲੋਂ ਅਜੋਕੇ ਵਿਕਾਸ ਮਾਡਲ ਨੂੰ ਕਵੀ ਨਕਾਰਦਾ ਹੋਇਆ ਸਹੀ ਮਾਅਨਿਆਂ 'ਚ ਇਸ ਨੂੰ ਵਿਨਾਸ਼ ਮਾਡਲ ਗਰਦਾਨਦਾ ਪ੍ਰਤੀਤ ਹੁੰਦਾ ਹੈ :
ਕਿਤੇ ਪਹਾੜ ਰੁੜ੍ਹੇ
ਕਿਧਰੇ ਅੱਗ ਜੰਗਲ ਵਿਚ।
ਵਿਨਾਸ਼ ਕਿੰਨਾ ਹੈ
ਸਾਡੇ ਵਿਕਾਸ ਮਾਡਲ ਵਿਚ।
ਮੁਕਾ ਕੇ ਧਰਤ ਤੋਂ,
ਕਰਕੇ ਪਲੀਤ ਜੋ ਬਚਿਐ,
ਪਏ ਹਾਂ ਭਟਕਦੇ ਪਾਣੀ ਨੂੰ
ਲੱਭਦੇ ਮੰਗਲ ਵਿਚ।
ਇਨ੍ਹਾਂ ਕਾਵਿ ਰਚਨਾਵਾਂ 'ਚ ਕਿਰਤੀ ਲੋਕਾਂ ਦਾ ਦਰਦ ਹੈ, ਨਸ਼ਿਆਂ 'ਚ ਗ੍ਰਸਤ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦਾ ਹੋਕਾ ਹੈ। ਕਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੂੰ ਸਿਜਦਾ ਕਰਦਾ ਹੈ। ਉਹ ਭ੍ਰਿਸ਼ਟ ਰਾਜਨੀਤਕ ਸਿਸਟਮ ਖਿਲਾਫ਼ ਗਰਜਵੀਂ ਹੁੰਕਾਰ ਭਰਦਾ ਆਖਦਾ ਹੈ :
ਡਿਗ ਰਿਹੈ ਜੋ ਨਿੱਤ ਰੁਪਈਆ,
ਨੇਤਾ ਦੇ ਕਿਰਦਾਰ ਵਾਂਗ,
ਰੋਣ ਪੂੰਜੀਦਾਰ ਐਪਰ
ਡਾਲਰਾਂ ਨੂੰ ਕੀ ਪਤਾ?
ਕਵੀ ਜਾਤਾਂ-ਪਾਤਾਂ, ਧਰਮਾਂ, ਮਜ਼੍ਹਬਾਂ ਦੀ ਵੰਡ ਤੋਂ ਰਹਿਤ ਨਿਰੋਲ ਮਾਨਵਤਾ ਦਾ ਮੁੱਦਈ ਹੈ। ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ ਜਿੱਥੇ ਵਿਸ਼ਾ-ਵਸਤੂ ਪੱਖ ਤੋਂ ਸਸ਼ਕਤ ਹਨ ਅਤੇ ਉਥੇ ਚਉਬਰਗਾ, ਕਲੀ, ਤੁਰਿਆਈ, ਰੁਬਾਈ, ਗੀਤ, ਗ਼ਜ਼ਲ, ਦੁਗ਼ਜ਼ਲ, ਦੋਹਿਰਾ ਆਦਿ ਛੰਦਾਂ ਨਾਲ ਸ਼ਿੰਗਾਰੀਆਂ ਹੋਣ ਕਰਕੇ ਰਵਾਨਗੀ ਭਰਪੂਰ ਵੀ ਹਨ।

ਮਨਜੀਤ ਸਿੰਘ ਘੜੈਲੀ
ਮੋ: 98153-91625

ਡਾਰੋਂ ਵਿਛੜੀ ਕੂੰਜ
ਨਾਵਲਕਾਰ : ਸੁਰਿੰਦਰ ਕੌਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 95010-73600.

ਇਹ ਨਾਵਲ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗਾਂ ਦੀ ਫੁਲਕਾਰੀ ਹੈ। ਇਸ ਵਿਚ ਮੁਹੱਬਤਾਂ ਤੇ ਨਫ਼ਰਤਾਂ, ਦੁੱਖਾਂ ਅਤੇ ਸੁੱਖਾਂ, ਵਿਛੋੜੇ ਅਤੇ ਵਸਲ, ਖ਼ੁਸ਼ੀਆਂ ਅਤੇ ਗ਼ਮੀਆਂ ਦਾ ਪ੍ਰਗਟਾਅ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਹੈ। ਨਾਵਲ ਦੀ ਨਾਇਕਾ ਪਿਆਰ ਦੀ ਇਕ ਸੋਹਣੀ ਸੂਰਤ ਹੈ ਜੋ ਸਾਰੀਆਂ ਪੀੜਾਂ, ਦੁਸ਼ਵਾਰੀਆਂ ਅਤੇ ਮੁਸ਼ਕਿਲਾਂ ਨੂੰ ਚੁੱਪ-ਚਾਪ ਜਰਦੀ ਹੋਈ ਅੰਤ ਆਪਣੀ ਮੁਹੱਬਤ ਨੂੰ ਹਾਸਲ ਕਰ ਲੈਂਦੀ ਹੈ। ਦੂਜੇ ਪਾਸੇ ਇਕ ਹੋਰ ਲੜਕੀ ਨਾਦਾਨੀ ਵਿਚ ਸਾਰੀਆਂ ਹੱਦਾਂ ਪਾਰ ਕਰ ਲੈਂਦੀ ਹੈ। ਉਹ ਫ਼ਿਲਮਾਂ ਵਿਚ ਨਾਇਕਾ ਬਣਨ ਦੀ ਰੀਝ ਨਾਲ ਆਪਣੀ ਵਿਧਵਾ ਮਾਂ ਨੂੰ ਛੱਡ ਕੇ ਬੰਬਈ ਚਲੀ ਜਾਂਦੀ ਹੈ। ਉਥੇ ਮੌਕਾਪ੍ਰਸਤ ਲੋਕਾਂ ਦੇ ਧੱਕੇ ਚੜ੍ਹ ਕੇ ਉਹ ਆਪਣੀ ਇੱਜ਼ਤ ਗੁਆ ਲੈਂਦੀ ਹੈ ਅਤੇ ਘੋਰ ਨਿਰਾਸ਼ਾ ਦੇ ਖੂਹ ਵਿਚ ਡਿਗ ਜਾਂਦੀ ਹੈ। ਉਸ ਦੀ ਮਾਂ ਆਪਣੇ ਪਤੀ ਅਤੇ ਧੀ ਨੂੰ ਗੁਆ ਕੇ ਇਕ ਦੁਖਾਂਤਕ ਦੌਰ ਵਿਚੋਂ ਲੰਘਦੀ ਹੈ ਪਰ ਆਸ ਅਤੇ ਉਡੀਕ ਦਾ ਪੱਲਾ ਨਹੀਂ ਛੱਡਦੀ। ਅੰਤ ਉਸ ਦੇ ਸਬਰ ਨੂੰ ਫਲ ਪੈਂਦਾ ਹੈ। ਸਮਾਜ ਵਿਚ ਹਰਨੇਕ ਸਿੰਘ ਅਤੇ ਉਸ ਦੀ ਪਤਨੀ ਕੁਲਜੀਤ ਕੌਰ ਵਰਗੇ ਦੇਵਤਾ ਇਨਸਾਨ ਵੀ ਦਿਖਾਏ ਗਏ ਹਨ ਜੋ ਮਜ਼ਲੂਮ ਕੁੜੀਆਂ ਦੇ ਮਾਂ ਪਿਉ ਬਣ ਕੇ ਉਨ੍ਹਾਂ ਦੀ ਮਦਦ ਕਰਦੇ ਹਨ। ਨਾਵਲ ਦੇ ਪਾਤਰਾਂ ਦੇ ਸੁਪਨਿਆਂ, ਰੀਝਾਂ, ਸੰਘਰਸ਼ਾਂ ਅਤੇ ਪੀੜਾਂ ਦਾ ਚਿਤਰਨ ਬਹੁਤ ਕਮਾਲ ਦਾ ਹੈ। ਨਾਵਲਕਾਰਾਂ ਨੇ ਮਨੁੱਖੀ ਮਨ ਦੀ ਅੰਦਰਲੀਆਂ ਤਹਿਆਂ ਵਿਚ ਡੂੰਘਾ ਉਤਰ ਕੇ ਬੜੇ ਅਹਿਸਾਸ ਨਾਲ ਇਹ ਨਾਵਲ ਲਿਖਿਆ ਹੈ। ਗੁਰਬਾਣੀ ਦੀਆਂ ਤੁਕਾਂ ਇਸ ਨੂੰ ਸਵਾਰਦੀਆਂ ਸ਼ਿੰਗਾਰਦੀਆਂ ਹਨ। ਇਹ ਨਾਵਲ ਸਮਾਜ ਲਈ ਪ੍ਰੇਰਨਾਦਾਇਕ ਹੈ। ਇਹ ਸਾਡੀ ਚੇਤਨਾ ਨੂੰ ਹਲੂਣਦਾ ਅਤੇ ਸੰਵੇਦਨਾ ਨੂੰ ਟੁੰਬਦਾ ਹੈ। ਸਾਰੀ ਕਹਾਣੀ ਬੜੇ ਦਿਲਚਸਪ ਢੰਗ ਨਾਲ ਪੇਸ਼ ਕੀਤੀ ਗਈ ਹੈ। ਇਸ ਨਾਵਲ ਦਾ ਭਰਪੂਰ ਸਵਾਗਤ ਹੈ।
ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

29-11-2020

 ਸਾਹਿਤਕ ਚਰਚਾ ਦੇ ਪੰਨੇ
ਲੇਖਕ : ਪ੍ਰੋ: ਮੇਵਾ ਸਿੰਘ ਤੁੰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 288
ਸੰਪਰਕ : 97819-47926.


ਸਾਹਿਤਕ ਚਰਚਾ ਬਾਰੇ ਕਿਤਾਬਾਂ ਤਾਂ ਰੋਜ਼ ਹੀ ਪੜ੍ਹੀਂਦੀਆਂ ਨੇ ਪਰ ਜਿਹੜਾ ਲੁਤਫ਼ ਪ੍ਰੋ: ਤੁੰਗ ਦੀ ਕਿਤਾਬ ਪੜ੍ਹ ਕੇ ਆਇਆ, ਉਹ ਕਦੇ-ਕਦੇ ਹੀ ਨਸੀਬ ਹੁੰਦਾ। ਉਸ ਦੀ ਸਾਹਿਤਕ ਸਮਝ ਹੋਰਨਾਂ ਵਿਦਵਾਨਾਂ ਤੋਂ ਵਿਲੱਖਣ ਹੈ। ਉਹ ਹਰ ਸਾਹਿਤਕ ਰਚਨਾ ਨੂੰ ਸਤਿਅਮ, ਸ਼ਿਵਮ, ਸੁੰਦਰਮ ਦੀ ਕਸਵੱਟੀ 'ਤੇ ਪਰਖਦਾ ਹੈ। ਪੂਰਵ-ਆਲੋਚਕਾਂ/ਵਿਦਵਾਨਾਂ ਬਾਰੇ ਕਿਸੇ ਸਮੱਸਿਆ ਬਾਰੇ ਰਾਇ ਪ੍ਰਗਟ ਕਰਦਿਆਂ ਉਹ ਕਦੀ ਵੀ ਲਕੀਰ ਦਾ ਫ਼ਕੀਰ ਹੋ ਕੇ ਨਹੀਂ ਚਲਦਾ। ਉਹ ਬੇਬਾਕੀ ਨਾਲ ਆਪਣੀ ਟਿੱਪਣੀ ਪੇਸ਼ ਕਰਦਾ ਹੈ-ਭਾਵੇਂ ਕਿਸੇ ਦੇ ਗਿੱਟੇ ਲੱਗੇ ਭਾਵੇਂ ਗੋਡੇ। ਉਹ ਆਪਣੀ ਗੱਲ ਦਲੀਲ ਸਹਿਤ ਕਹਿਣ ਦੇ ਸਮਰੱਥ ਹੈ। ਉਸ ਦੀ ਆਲੋਚਨਾ ਵਾਦ-ਮੁਕਤ ਹੈ ਤਾਂ ਵੀ ਉਸ ਦੀ ਸੋਚ ਮਾਨਵ-ਹਿਤੈਸ਼ੀ ਅਤੇ ਸਾਹਿਤਕ-ਸੁਹਜ ਦੀ ਪਕੜ ਤੋਂ ਗੁਰੇਜ਼ ਨਹੀਂ ਕਰਦੀ। ਉਸ ਦੀ ਵਿਚਾਰ ਅਧੀਨ ਪੁਸਤਕ ਦਾ ਅਧਿਐਨ ਕਰਦਿਆਂ ਮੈਨੂੰ ਐਫ.ਆਰ. ਲੀਵਿਸ ਦੇ ਆਲੋਚਨਾ ਦੀ ਪ੍ਰਕਿਰਤੀ ਬਾਰੇ ਆਖੇ ਸ਼ਬਦ ਯਾਦ ਆਉਂਦੇ : 'ਆਲੋਚਨਾ ਵਿਚ ਵਿਵੇਕਸ਼ੀਲ ਮਤਭੇਦ ਇਸ ਦਾ ਜੀਵਨ ਅਤੇ ਵਿਵੇਕਹੀਣ ਸਹਿਮਤੀ ਇਸ ਦੀ ਮੌਤ ਹੁੰਦੀ ਹੈ।'
ਵਿਦਵਾਨ ਨੇ ਇਸ ਪੁਸਤਕ ਵਿਚ 44 ਨਿਬੰਧ ਸੰਕਲਿਤ ਕੀਤੇ ਹਨ। ਇਨ੍ਹਾਂ ਵਿਚ ਫ਼ਰੀਦ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ, ਜਪੁ-ਆਨੰਦ-ਆਸਾ ਦੀ ਵਾਰ ਸੂਫ਼ੀ ਕਵੀ ਸ਼ਾਹ ਹੁਸੈਨ, ਦਮੋਦਰ ਤੇ ਵਾਰਿਸ ਦੀ ਹੀਰ, ਪ੍ਰੋ: ਪੂਰਨ ਸਿੰਘ, ਪ੍ਰੋ: ਮੋਹਨ ਸਿੰਘ, ਪ੍ਰੀਤਮ ਸਿੰਘ ਸਫ਼ੀਰ, ਪ੍ਰਭਜੋਤ, ਮਹਿੰਦਰ ਸਿੰਘ ਸਰਨਾ, ਸੁਰਜੀਤ ਸਰਨਾ ਆਦਿ, ਅਣਗੌਲੇ ਸ਼ਾਇਰ-ਮਾਨ ਸਿੰਘ ਹਕੀਰ ਅਤੇ ਗੁਰਦੀਪ ਆਦਿ ਬਾਰੇ ਪਹਿਲੇ 23 ਨਿਬੰਧਾਂ 'ਚ ਚਰਚਾ ਕੀਤੀ ਹੈ। ਛੇ ਨਿਬੰਧ ਕਹਾਣੀਕਾਰਾਂ (ਸੇਖੋਂ, ਸੁਜਾਨ ਸਿੰਘ, ਦੁੱਗਲ, ਸੁਰਜੀਤ ਅਤੇ ਪੰਜਾਬੀ ਕਹਾਣੀ ਸਰਵੇਖਣ) ਬਾਰੇ ਦਿੱਤੇ ਹਨ। ਨਾਵਲ ਬਾਰੇ 6 ਨਿਬੰਧਾਂ ਵਿਚ (ਨਾਨਕ ਸਿੰਘ ਬਾਰੇ 3, ਉਰਦੂ ਅਫ਼ਸਾਨਾ, ਬੇਦੀ, ਅਣਖੀ ਦੀਆਂ ਯਾਦਾਂ) ਸ਼ਾਮਿਲ ਹਨ। ਦੋ ਨਿਬੰਧ (ਡਾ: ਅਤਰ ਸਿੰਘ, ਡਾ: ਹਰਿਭਜਨ ਸਿੰਘ, ਡਾ: ਜਸਵੰਤ ਨੇਕੀ, ਮੋਹਨ ਸਿੰਘ-ਅੰਮ੍ਰਿਤਾ) ਲੇਖਕਾਂ ਦੇ ਆਪਸੀ ਸਬੰਧਾਂ ਬਾਰੇ ਦਿੱਤੇ ਗਏ ਹਨ। ਇੰਜ ਹੀ ਨਾਟਕ ਤੇ ਰੰਗ ਮੰਚ, ਜੀਵਨ ਤੇ ਸਾਹਿਤ ਬਾਰੇ ਸ਼ਾਮਿਲ ਹਨ। ਮਹਾਂਪੁਰਖਾਂ ਦੀਆਂ ਜੀਵਨੀਆਂ ਬਾਰੇ ਹਰਪਾਲ ਪੰਨੂ ਦੀ ਰਚਨਾ (ਗੌਤਮ ਤੋਂ ਤਾਸਕੀ ਤੱਕ) ਅਤੇ ਸੁਲਤਾਨਾ ਬੇਗਮ ਦੀ ਰਚਨਾ 'ਸ਼ਗੂਫ਼ੇ' ਆਦਿ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕੀਤਾ ਹੈ। ਆਖ਼ਰੀ ਦੋ ਨਿਬੰਧਾਂ ਵਿਚ ਪੰਜਾਬੀ ਸਾਹਿਤ ਸਭਾਵਾਂ ਦੇ ਯੋਗਦਾਨ ਦੀ ਚਰਚਾ ਹੈ।
ਵਿਦਵਾਨ ਲੇਖਕ ਦੀਆਂ ਬੇਬਾਕ ਟਿੱਪਣੀਆਂ 'ਚੋਂ ਕੁਝ ਪ੍ਰਸਤੁਤ ਹਨ:
* ਪੰਜਾਬੀ ਸਾਹਿਤ ਦਾ ਸਭ ਤੋਂ ਵੱਧ ਨੁਕਸਾਨ ਮਜੌਰਵਾਦ ਨੇ ਕੀਤਾ ਹੈ। ਪੰ: 186
* ਪੰਜਾਬੀ ਲੇਖਕਾਂ ਦੀ ਆਦਤ ਹੀ ਬਣ ਗਈ ਉਹ ਜਿਸ ਨੂੰ ਮਰਜ਼ੀ ਟੈਗੋਰ, ਲਾਰੰਸ ਅਤੇ ਮਿੱਲਰ ਕਹਿ ਦੇਣ ਕੋਈ ਰੋਕ ਟੋਕ ਨਹੀਂ। ਪੰ: 188
* ਆਪਣਾ-ਆਪਣਾ ਫਾਇਦਾ ਚਾਹੁਣ ਵਾਲੇ ਤਿੰਨ ਵਿਦਵਾਨਾਂ ਦੀ ਤ੍ਰਿਕੋਣ ਸਥਾਪਤ ਹੋ ਗਈ। ਪੰ: 230
ਪੁਸਤਕ ਪੜ੍ਹ ਕੇ ਹੀ ਇਸ ਦਾ ਮੁੱਲ ਪਾਇਆ ਜਾ ਸਕਦਾ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਸੂਰਜ ਕਦੇ ਮਰਦਾ ਨਹੀਂ
ਨਾਵਲਕਾਰ : ਬਲਦੇਵ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 400 ਰੁਪਏ, ਸਫ਼ੇ : 386
ਸੰਪਰਕ : 98147-83069.


ਪੰਜਾਬੀ ਦਾ ਪ੍ਰਮੁੱਖ ਨਾਵਲਕਾਰ ਸ: ਬਲਦੇਵ ਸਿੰਘ ਸਮੇਂ-ਸਮੇਂ ਇਤਿਹਾਸਕ-ਜੀਵਨੀਮੂਲਕ ਨਾਵਲਾਂ ਦੀ ਰਚਨਾ ਵੀ ਕਰਦਾ ਰਿਹਾ ਹੈ। ਪੰਜਾਬੀ ਸੱਭਿਆਚਾਰ ਵਿਚ ਆਏ ਅੰਤਰਵਿਰੋਧਾਂ ਦੇ ਕਾਰਨ ਲੱਭਣ ਲਈ ਉਹ ਇਤਿਹਾਸ ਦੀ ਪੁਣਛਾਣ ਕਰਦਾ ਹੈ। ਪੰਜਾਬੀ ਚਰਿੱਤਰ ਨੂੰ ਸਮਝਣ ਲਈ ਸ: ਕਰਤਾਰ ਸਿੰਘ ਸਰਾਭਾ, ਸ: ਭਗਤ ਸਿੰਘ, ਸ: ਊਧਮ ਸਿੰਘ (ਮੁਹੰਮਦ ਸਿੰਘ) ਆਜ਼ਾਦ ਅਤੇ ਕੁਝ ਹੋਰ ਇਨਕਲਾਬੀਆਂ ਦੇ ਸੰਘਰਸ਼ ਨੂੰ ਸਮਝਣਾ ਬੜਾ ਜ਼ਰੂਰੀ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਹੀ ਉਸ ਨੇ ਹਥਲੇ ਨਾਵਲ ਦੀ ਸਿਰਜਣਾ ਕੀਤੀ ਹੈ।
ਸ: ਊਧਮ ਸਿੰਘ ਨੇ 1919 ਈ: ਦੇ ਜਲ੍ਹਿਆਂਵਾਲੇ ਕਾਂਡ ਨੂੰ ਵੀ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਉਸੇ ਦਿਨ ਸਹੁੰ ਖਾ ਲਈ ਸੀ ਕਿ ਉਹ ਜਨਰਲ ਡਾਇਰ ਨੂੰ ਮਾਰ ਕੇ ਆਪਣੀ ਕੌਮ ਅਤੇ ਦੇਸ਼ ਦਾ ਬਦਲਾ ਲਵੇਗਾ। ਪ੍ਰਤੀਸ਼ੋਧ ਲਈ ਉਸ ਨੂੰ ਲਗਪਗ 20 ਵਰ੍ਹੇ ਇੰਤਜ਼ਾਰ ਕਰਨਾ ਪਿਆ ਪਰ ਉਸ ਨੇ ਆਪਣੇ ਅੰਦਰਲੀ ਜਵਾਲਾ ਨੂੰ ਬੁਝਣ ਨਾ ਦਿੱਤਾ। ਇਸੇ ਦੌਰਾਨ ਜਨਰਲ ਡਾਇਰ ਖ਼ੁਦ ਹੀ ਮਰ ਗਿਆ। ਫਿਰ ਉਸ ਨੇ ਇਸ ਵਹਿਸ਼ੀ ਕਾਂਡ ਦੇ ਦੂਸਰੇ ਖਲਨਾਇਕ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੂੰ ਮਾਰ ਮੁਕਾਉਣ ਦਾ ਸੰਕਲਪ ਕਰ ਲਿਆ।
ਬਲਦੇਵ ਸਿੰਘ ਨੇ ਸ: ਊਧਮ ਸਿੰਘ ਦੇ ਜੀਵਨ (41 ਵਰ੍ਹੇ) ਵਿਚ ਵਾਪਰੀਆਂ ਵੱਖ-ਵੱਖ ਘਟਨਾਵਾਂ ਬਾਰੇ ਬੜੀ ਡੂੰਘੀ ਖੋਜ ਕੀਤੀ ਹੈ। ਵਿਭਿੰਨ ਘਟਨਾਵਾਂ ਦੀਆਂ ਅੰਗਲੀਆਂ-ਸੰਗਲੀਆਂ ਜੋੜੀਆਂ ਹਨ ਅਤੇ ਕੋਸ਼ਿਸ ਕੀਤੀ ਹੈ ਕਿ ਉਹ ਇਤਿਹਾਸ ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖੇ। ਪਰ ਹਰ ਇਤਿਹਾਸ ਵੀ ਇਕ ਵਿਸ਼ੇਸ਼ ਪ੍ਰਕਾਰ ਦੀ ਗਲਪ ਹੀ ਹੁੰਦਾ ਹੈ। ਪ੍ਰਮਾਣਿਕ-ਅਪ੍ਰਣਾਣਿਕ ਕੁਝ ਨਹੀਂ ਹੁੰਦਾ। ਇਤਿਹਾਸਕਾਰ ਕੁਝ ਤੱਥਾਂ ਬਾਰੇ ਖੋਜ ਕਰ ਲੈਂਦਾ ਹੈ ਅਤੇ ਫਿਰ ਆਪਣੀ ਵਿਚਾਰਧਾਰਾ ਅਨੁਸਾਰ ਉਨ੍ਹਾਂ ਨੂੰ ਕਾਰਕ-ਕਾਰਜ ਦੇ ਸਮੀਕਰਨ ਵਿਚ ਬੰਨ੍ਹ ਕੇ ਬਿਆਨ ਕਰ ਦਿੰਦਾ ਹੈ। ਬਲਦੇਵ ਸਿੰਘ ਨੇ ਲੋਕ ਹਿਤ ਅਤੇ ਪ੍ਰਗਤੀਵਾਦ ਦੇ ਪੈਂਤੜੇ ਤੋਂ ਸ: ਊਧਮ ਸਿੰਘ ਦਾ ਜੀਵਨ-ਬਿਰਤਾਂਤ ਲਿਖਿਆ ਹੈ ਪਰ ਜਦੋਂ ਇਤਿਹਾਸ ਦੇ ਕੁਝ ਮਹੱਤਵਪੂਰਨ ਵੇਰਵੇ ਨਾਵਲੀ-ਬਿਰਤਾਂਤ ਵਿਚ ਫਿਟ ਨਾ ਹੋਏ ਤਾਂ ਪ੍ਰੋ. ਕੌਤਕੀ ਨਾਂਅ ਦੇ ਇਕ ਕਿਰਦਾਰ ਨੂੰ ਘੜਿਆ ਗਿਆ ਅਤੇ ਉਸ ਦੀ ਜ਼ਬਾਨੀ ਅਜਿਹੇ ਵੇਰਵੇ ਨੈਰੇਟ ਕਰ ਦਿੱਤੇ ਗਏ। ਨਾਵਲ ਜਾਣਕਾਰੀ ਭਰਪੂਰ ਹੈ, ਪ੍ਰਗਤੀਸ਼ੀਲ ਹੈ ਅਤੇ ਊਧਮ ਸਿੰਘ ਦੇ ਵਿਅਕਤੀ-ਬਿੰਬ ਨਾਲ ਕਾਫੀ ਇਨਸਾਫ਼ ਕਰਦਾ ਹੈ ਪ੍ਰੰਤੂ ਲੇਖਕ ਵੀ ਜਾਣਦਾ ਹੈ ਕਿ ਇਤਿਹਾਸਕ ਨਾਵਲ ਲਿਖਣਾ ਸੌਖਾ ਨਹੀਂ ਹੈ। ਇਸ ਵਿਧਾ ਵਿਚ ਨਾਵਲ ਦੀ ਸਾਹਿਤਿਕਤਾ ਨੂੰ ਬਚਾਉਣਾ ਬਹੁਤ ਕਠਿਨ ਹੋ ਜਾਂਦਾ ਹੈ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਦੀਵਾ ਬਲਦਾ ਰਿਹਾ
ਲੇਖਕ : ਬਲਦੇਵ ਰਾਜ ਕੋਮਲ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98728-08030.


ਉਰਦੂ ਤੋਂ ਬਾਅਦ ਜੇਕਰ ਕਿਸੇ ਭਾਸ਼ਾ ਵਿਚ ਵਧੀਆ ਗ਼ਜ਼ਲ ਲਿਖੀ ਜਾ ਰਹੀ ਹੈ ਤਾਂ ਨਿਰਸੰਦੇਹ ਉਹ ਪੰਜਾਬੀ ਗ਼ਜ਼ਲ ਹੀ ਹੈ। ਪੰਜਾਬੀਆਂ ਨੇ ਆਪਣੇ ਜੁਝਾਰੂ ਸੁਭਾਅ ਮੁਤਾਬਿਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰੰਗ ਵਿਚ ਰੰਗ ਕੇ ਗ਼ਜ਼ਲ ਨੂੰ ਵੀ ਪੰਜਾਬਣ ਬਣਾ ਲਿਆ ਹੈ। ਪੰਜਾਬੀ ਗ਼ਜ਼ਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਿਆਨ ਦਾ ਝਰਨਾ ਵੀ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ ਦੀ ਝਲਕ ਵੀ। ਤਸੱਲੀ ਵਾਲੀ ਗੱਲ ਹੈ ਕਿ ਬਲਦੇਵ ਰਾਜ ਕੋਮਲ ਦੇ ਪਲੇਠੇ ਗ਼ਜ਼ਲ-ਸੰਗ੍ਰਹਿ 'ਦੀਵਾ ਬਲਦਾ ਰਿਹਾ' ਵਿਚ ਵੀ ਪੰਜਾਬੀ ਗ਼ਜ਼ਲ ਦਾ ਇਹ ਵਿਲੱਖਣ ਮੁਹਾਂਦਰਾ ਦੇਖਣ ਨੂੰ ਮਿਲਦਾ ਹੈ-
ਤੇਰੇ ਥੱਲਿਓਂ ਮੰਜਾ ਕੱਢੂੰ ਦਰਜੇ ਕਰੂੰ ਬਰਾਬਰ ਮੈਂ,
ਪਰ੍ਹਿਆ ਦੇ ਵਿਛ ਭੁੰਜੇ ਤੈਨੂੰ ਹੋਰਾਂ ਵਾਂਗ ਬਿਠਾਵਾਂਗਾ।
ਬਲਦੇਵ ਰਾਜ ਕੋਮਲ ਸਮਝਦੇ ਹਨ ਕਿ ਅਜੋਕੇ ਮਨੁੱਖ ਦੇ 'ਵਰਤੋ ਅਤੇ ਸੁੱਟੋ' ਦੇ ਰੁਝਾਨ ਮੁਤਾਬਿਕ ਮਾਨਵੀ ਜੀਵਨ ਮੁੱਲਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾ ਰਿਹਾ। ਲੋਕਾਂ ਦੇ ਮਨਾਂ ਵਿਚ ਅਪਣੱਤ ਦੀ ਥਾਂ ਬਾਜ਼ਾਰ ਅਤੇ ਤਿਆਗ ਦੀ ਥਾਂ ਸਵਾਰਥ ਨੇ ਲੈ ਲਈ ਹੈ। ਸਮਾਜਿਕ ਵਰਤਾਰੇ ਵਿਚੋਂ ਨੈਤਿਕ ਕਦਰਾਂ-ਕੀਮਤਾਂ ਮਨਫ਼ੀ ਹੋ ਰਹੀਆਂ ਹਨ ਅਤੇ ਹੁਣ ਸਿਰਫ਼ ਉਦੋਂ ਤੱਕ ਹੀ ਕਿਸੇ ਨਾਲ ਨੇੜਤਾ ਬਣਾ ਕੇ ਰੱਖਣੀ ਜ਼ਰੂਰੀ ਸਮਝੀ ਜਾਂਦੀ ਹੈ, ਜਦੋਂ ਤੱਕ ਆਪਣਾ ਉੱਲੂ ਸਿੱਧਾ ਨਹੀਂ ਕਰ ਲਿਆ ਜਾਂਦਾ-
ਆਪਣੇ ਸਾਥ ਦਾ ਇੱਕ ਦਿਨ ਦੇ ਕੇ ਮੰਗੇ ਮੇਰੇ ਸਾਰੇ ਦਿਨ,
ਯਾਰ ਮੇਰੇ ਨੂੰ ਮੇਰੇ ਉੱਤੇ ਕਿੰਨੀ ਬੇਇਤਬਾਰੀ ਹੈ।
ਇਸ ਪੁਸਤਕ ਵਿਚ ਬਲਦੇਵ ਰਾਜ ਕੋਮਲ ਨੇ ਵਰਤਮਾਨ ਦੇ ਲਗਪਗ ਹਰੇਕ ਭਖਦੇ ਮਸਲੇ ਨੂੰ ਸੰਬੋਧਿਤ ਹੋਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕੋਲ ਵਿਸ਼ਿਆਂ ਦੀ ਬਹੁਤਾਤ ਵੀ ਹੈ ਅਤੇ ਗੱਲ ਕਹਿਣ ਦਾ ਹੁਨਰ ਵੀ। ਮਰਹੂਮ ਆਰਿਫ਼ ਗੋਬਿੰਦਪੁਰੀ ਦਾ ਸ਼ਾਗਿਰਦ ਹੋਣ ਕਰਕੇ ਉਨ੍ਹਾਂ ਦੇ ਸ਼ਿਅਰਾਂ ਵਿਚ ਤੋਲ-ਤੁਕਾਂਤ ਅਤੇ ਵਜ਼ਨ-ਬਹਿਰ ਦੀਆਂ ਬਾਰੀਕੀਆਂ ਦੀ ਸੂਖ਼ਮ ਸੂਝ ਵੀ ਸਪੱਸ਼ਟ ਦਿਖਾਈ ਦਿੰਦੀ ਹੈ। ਇਸ ਉਮੀਦ ਨਾਲ ਕਿ ਅਜੇ ਉਨ੍ਹਾਂ ਦੀ ਲੇਖਣੀ ਨੇ ਹੋਰ ਬੁਲੰਦੀਆਂ ਨੂੰ ਛੋਹਣਾ ਹੈ, ਉਨ੍ਹਾਂ ਦੇ ਨਿੱਗਰ ਉਪਰਾਲੇ ਦਾ ਸਵਾਗਤ ਕਰਨਾ ਬਣਦਾ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027


ਕਿਸ ਦਰ ਦਸਤਕ ਦੇਈਏ
ਨਾਟਕਕਾਰ : ਡਾ: ਰਵਿੰਦਰ
ਪ੍ਰਕਾਸ਼ਕ : ਕੇ.ਜੀ. ਗ੍ਰਾਫਿਕਸ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 86
ਸੰਪਰਕ : 98724-82378.


ਕਿਸੇ ਵੀ ਸਾਹਿਤਕਾਰ ਨੂੰ ਆਪਣੀ ਵਿਸ਼ੇਸ਼ ਪਛਾਣ ਬਣਾਉਣ ਲਈ ਸਮੇਂ ਦੇ ਹਾਣ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਲੇਖਕ ਦੀ ਲਿਖਤ ਸਮਕਾਲੀ ਸਮੇਂ ਦੇ ਸੱਚ ਨੂੰ ਪੇਸ਼ ਨਹੀਂ ਕਰਦੀ ਤਾਂ ਉਸ ਦਾ ਉਹ ਮੁੱਲ ਨਹੀਂ ਪੈਂਦਾ ਜਿਹੜਾ ਪੈਣਾ ਚਾਹੀਦਾ ਹੈ। ਡਾ: ਰਵਿੰਦਰ ਪੰਜਾਬੀ ਕਾਵਿ-ਖੇਤਰ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕਾ ਹੈ। ਹੁਣ ਉਹ ਆਪਣਾ ਨਵਾਂ ਅਤੇ ਪਲੇਠਾ ਨਾਟਕ 'ਕਿਸ ਦਰ ਦਸਤਕ ਦੇਈਏ' ਲੈ ਕੇ ਹਾਜ਼ਰ ਹੋਇਆ ਹੈ। ਇਹ ਨਾਟਕ ਜੀਵਨ-ਯਥਾਰਥ ਨੂੰ ਬਹੁ-ਪਸਾਰਤਾ ਨਾਲ ਪੇਸ਼ ਕਰਨ ਵਾਲਾ ਨਾਟਕ ਹੈ। ਕਿਸੇ ਇਕ ਵਿਸ਼ੇਸ਼ ਵਿਸ਼ੇ ਦੇ ਦੁਆਲੇ ਇਸ ਵਿਚਲੀ ਕਥਾ ਨਹੀਂ ਘੁੰਮਦੀ ਸਗੋਂ ਉਹ ਸਾਰੇ ਸੰਕਟਾਂ ਦੇ ਰੂ-ਬਰੂ ਇਹ ਨਾਟਕ ਕਰਦਾ ਹੈ ਜੋ ਅਜੋਕਾ ਮਨੁੱਖ ਭੋਗ ਰਿਹਾ ਹੈ। ਨਾਟਕ ਵਿਚ ਵਿਦੇਸ਼ ਜਾਣ ਦਾ ਚਾਅ ਵੀ ਪ੍ਰਗਟ ਹੋਇਆ ਹੈ ਪਰ ਵਿਦੇਸ਼ੀ ਧਰਤੀ ਦੇ ਕੌੜੇ ਕੁਸੈਲੇ ਅਨੁਭਵ ਵੀ ਬਰਾਬਰ ਸਾਹਮਣੇ ਆਉਂਦੇ ਹਨ। ਛੋਟੇ ਬੱਚੇ ਅਸੀਸ ਦੁਆਰਾ ਵਿਦੇਸ਼ੀ ਧਰਤੀ 'ਤੇ ਜਾ ਕੇ ਓਪਰਾਪਨ ਮਹਿਸੂਸ ਕਰਨਾ ਅਤੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੇ ਬਹੁਤ ਸਾਰੇ ਤੌਖਲੇ ਇਸ ਨਾਟਕ ਵਿਚ ਪ੍ਰਗਟ ਹੋਏ ਹਨ। ਨਾਵਲ ਦੇ ਪਹਿਲੇ ਦ੍ਰਿਸ਼ ਵਿਚ ਹੀ ਭਜਨ ਸਿੰਘ ਅਤੇ ਸੁਰਜੀਤ ਕੌਰ ਪੰਜਾਬ ਨੂੰ ਦਰਪੇਸ਼ ਬਹੁਤ ਸਾਰੇ ਮਸਲਿਆਂ ਬਾਰੇ ਜ਼ਿਕਰ ਛੇੜ ਦਿੰਦੇ ਹਨ। ਬਾਅਦ ਵਿਚ ਅਜੋਕੇ ਦੌਰ ਵਿਚ ਫੈਲੀ ਮਹਾਂਮਾਰੀ ਇਸ ਮਹਾਂਮਾਰੀ ਦੀ ਭਿਆਨਕਤਾ ਅਤੇ ਮਹਾਂਮਾਰੀ ਦੌਰਾਨ ਲੋਕਾਂ ਦੀ ਸਵਾਰਥੀ ਬਿਰਤੀ ਦਾ ਵੀ ਪਾਜ ਉਘਾੜਿਆ ਗਿਆ ਹੈ। ਤਕਰੀਬਨ ਹਰੇਕ ਵਰਗ ਦਾ ਵਿਅਕਤੀ ਇਸ ਬਿਮਾਰੀ ਦੀ ਭਿਆਨਕਤਾ ਬਾਰੇ ਚਰਚਾ ਕਰਦਾ ਹੈ। ਚਾਹੇ ਉਹ ਦ੍ਰਿਸ਼ ਤੀਜਾ ਵਿਚਲੇ ਪਿੰਡਾਂ ਦੇ ਵਸਨੀਕ ਹੋਣ, ਚਾਹੇ ਪੰਜਵੇਂ ਛੇਵੇਂ ਦ੍ਰਿਸ਼ ਵਿਚਲੇ ਆਮ ਸ਼ਹਿਰੀ ਲੋਕ ਹੋਣ, ਸਭ ਆਪਣੇ-ਆਪਣੇ ਨਜ਼ਰੀਏ ਤੋਂ ਇਸ ਮਹਾਂਮਾਰੀ ਬਾਰੇ ਪ੍ਰਤੀਕਰਮ ਦੇ ਰਹੇ ਹਨ। ਬੁੱਧੀਜੀਵੀ ਵਰਗ ਵੀ ਇਸ ਨਾਟਕ ਵਿਚ ਬਹੁਤ ਪੰਜਾਬ ਦੇ ਨਾਲ-ਨਾਲ ਭਾਰਤ ਅਤੇ ਅੰਤਰਰਾਸ਼ਟਰੀ ਪਰੀਦ੍ਰਿਸ਼ ਨੂੰ ਨਾਟਕੀ ਰੂਪਾਂਤਰਣ ਦੁਆਰਾ ਬਾਖੂਬੀ ਪੇਸ਼ ਕਰਦਾ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਜਰਨੈਲ ਸਿੰਘ ਦੀ ਕਹਾਣੀ ਰੂਪਾਕਾਰਕ ਮੁਲਾਂਕਣ

ਲੇਖਿਕਾ : ਕੁਲਵਿੰਦਰ ਕੌਰ (ਡਾ:)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 225 ਰੁਪਏ, ਸਫ਼ੇ : 82
ਸੰਪਰਕ : 0172-5027427.


ਹਥਲੀ ਪੁਸਤਕ ਪੰਜਾਬੀ ਕਹਾਣੀ ਸਾਹਿਤ ਨੂੰ ਨਵੀਨ ਵਿਧਾ-ਵਿਧਾਨ ਦੀ ਦ੍ਰਿਸ਼ਟੀ ਤੋਂ ਪੇਸ਼ ਕਰਨ ਵਾਲੇ ਪ੍ਰਸਿੱਧ ਗਲਪਕਾਰ ਜਰਨੈਲ ਸਿੰਘ ਦੇ ਰਚਨਾਤਮਕ ਵਿਵੇਕ ਨਾਲ ਸਬੰਧਿਤ ਹੈ। ਲੇਖਿਕਾ ਨੇ ਵਿਧੀਵੱਤ ਰੂਪ ਨਾਲ ਪੁਸਤਕ ਨੂੰ ਚਾਰ ਅਧਿਆਇਆਂ ਵਿਚ ਵੰਡਿਆ ਹੈ। ਪਹਿਲੇ ਅਧਿਆਇ ਵਿਚ ਆਧੁਨਿਕ ਪੰਜਾਬੀ ਕਹਾਣੀ ਦੇ ਸਰੂਪ ਅਤੇ ਪ੍ਰਕਿਰਤੀ ਨੂੰ ਬਦਲਵੇਂ ਸਰੋਕਾਰਾਂ ਵਿਚ ਸਮਝਿਆ ਹੈ ਅਤੇ ਇਸ ਦੇ ਆਕਾਰ ਦੇ ਛੋਟੇ ਹੋਣ ਤੋਂ ਲੈ ਕੇ ਵੱਡ ਆਕਾਰੀ ਕਹਾਣੀ ਸੰਰਚਨਾ ਦਾ ਬੋਧ ਕਰਾਇਆ ਹੈ। ਇਸ ਤੋਂ ਅੱਗੇ ਜਰਨੈਲ ਸਿੰਘ ਦੁਆਰਾ ਪੰਜਾਬ ਵਿਚ ਰਹਿੰਦਿਆਂ ਰਚਿਤ ਕਹਾਣੀ ਸੰਗ੍ਰਹਿ 'ਮੈਨੂੰ ਕੀ', 'ਮਨੁੱਖ ਤੇ ਮਨੁੱਖ' ਅਤੇ ਸਮੇਂ ਦੇ ਹਾਣੀ' ਕਹਾਣੀ ਸੰਗ੍ਰਹਿਆਂ ਦੀ ਬਣਤਰ ਬੁਣਤਰ, ਵਿਚਾਰਧਾਰਾ ਅਤੇ ਛੋਟੇ ਆਕਾਰ ਦੀ ਕਹਾਣੀ ਸਿਰਜਣਾ ਦਾ ਉਲੇਖ ਕੀਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਇਹ ਜਰਨੈਲ ਸਿੰਘ ਦੀ ਕਹਾਣੀ ਸਿਰਜਣਾ ਦਾ ਮੁੱਢ ਸੀ।
ਇਸ ਤੋਂ ਅਗਾਂਹ ਜਾ ਕੇ ਜਦੋਂ ਉਹ ਪ੍ਰਵਾਸ ਧਾਰਨ ਕਰਦਾ ਹੋਇਆ ਕੈਨੇਡਾ ਜਾ ਵਸਦਾ ਹੈ ਤਾਂ ਉਥੇ ਜਾ ਕੇ ਉਸ ਦੀ ਕਹਾਣੀ ਵਿਸ਼ਾਲ ਕਹਾਣੀ ਕਲਾ ਦਾ ਰੂਪ ਧਾਰਨ ਕਰ ਜਾਂਦੀ ਹੈ ਜਿਸ ਦੇ ਪ੍ਰਮਾਣ ਵਜੋਂ ਉਸ ਨੇ 'ਦੋ ਟਾਪੂ' ਕਹਾਣੀ ਸੰਗ੍ਰਹਿ ਅਤੇ 'ਟਾਵਰਜ਼' ਕਹਾਣੀ ਸੰਗ੍ਰਹਿ ਦਾ ਗੰਭੀਰ ਵਿਵਰਣ ਦਿੱਤਾ ਹੈ ਅਤੇ ਦਰਸਾਇਆ ਹੈ ਕਿ ਜਿਥੇ ਆਰੰਭ ਵਿਚ ਜਰਨੈਲ ਸਿੰਘ 4 ਤੋਂ 6 ਪੰਨਿਆਂ ਦੀ ਕਹਾਣੀ ਲਿਖਦਾ ਰਿਹਾ ਹੈ ਅਤੇ ਉਸ ਦੇ ਦੁਆਰਾ ਸਿਰਜੇ ਪਾਤਰ ਅਤੇ ਸਿਰਜਕ ਘਟਨਾਵਾਂ ਬਹੁਤ ਸੰਖੇਪ ਹੁੰਦੀਆਂ ਰਹੀਆਂ ਹਨ, ਉਥੇ ਹੁਣ ਉਸ ਦੀਆਂ ਕਹਾਣੀਆਂ ਨਾਵਲਿਟ ਤੱਕ ਦੇ ਰੂਪਾਕਾਰ ਤੱਕ ਅੱਪੜ ਜਾਂਦੀਆਂ ਪ੍ਰਤੀਤ ਹੁੰਦੀਆਂ ਹਨ। ਇਨ੍ਹਾਂ ਵਿਸਤਾਰਮੁਖੀ ਕਹਾਣੀਆਂ ਵਿਚ ਉਹ ਰਾਸ਼ਟਰੀ ਪੱਧਰ ਤੋਂ ਉੱਪਰ ਉੱਠ ਕੇ ਅੰਤਰਰਾਸ਼ਟਰੀ ਪੱਧਰ ਤੱਕ ਦੀਆਂ ਸਮੱਸਿਆਵਾਂ ਜਿਨ੍ਹਾਂ ਵਿਚ ਇਰਾਕ, ਅਮਰੀਕਾ, ਕੈਨੇਡਾ ਅਤੇ ਭਾਰਤੀ ਹਾਲਾਤ ਦਾ ਜ਼ਿਕਰ ਅਤੇ ਫ਼ਿਕਰ ਹੈ, ਉਥੇ ਕਲਾਤਮਕ ਪੱਧਰ 'ਤੇ ਉਸ ਦੀ ਕਹਾਣੀ ਵਿਚ ਜਟਿਲਤਾ ਸ਼ਾਮਿਲ ਹੋ ਜਾਣ ਦਾ ਵਰਨਣ ਵੀ ਹੈ। ਇਸ ਤਰ੍ਹਾਂ ਦੇ ਪ੍ਰਗਟਾਵੇ ਨੂੰ ਇਹ ਪੁਸਤਕ ਨੇੜਿਓਂ ਅਧਿਐਨ ਕਰਨ ਦਾ ਪ੍ਰਗਟਾਵਾ ਕਰਦੀ ਜਾਪਦੀ ਹੈ।


-ਡਾ: ਜਗੀਰ ਸਿੰਘ ਨੂਰ
ਮੋ:98142-09732


ਕਿਸਾਨਾਂ ਦੇ ਮਸੀਹਾ ਸਰ ਛੋਟੂ ਰਾਮ
ਲੇਖਕ : ਪ੍ਰੋ: ਬਸੰਤ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 212.
ਸੰਪਰਕ : 98149-41214.


ਇਹ ਅੰਗਰੇਜ਼ੀ ਭਾਸ਼ਾ ਦੇ ਸੇਵਾ-ਮੁਕਤ ਪ੍ਰੋਫ਼ੈਸਰ ਬਸੰਤ ਸਿੰਘ ਬਰਾੜ ਦੀ ਪੰਜਵੀਂ ਕਿਤਾਬ ਹੈ। ਇਸ ਤੋਂ ਪਹਿਲਾਂ ਲੇਖਕ ਵਲੋਂ ਵਾਰਤਕ ਦੀਆਂ ਚਾਰ ਕਿਤਾਬਾਂ 'ਵੱਡੇ ਲੋਕਾਂ ਦੀਆਂ ਛੁਪੀਆਂ ਗੱਲਾਂ; ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਯਾਤਰਾ; ਪੈਗ਼ੰਬਰ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ: ਏ.ਪੀ.ਜੇ. ਅਬਦੁੱਲ ਕਲਾਮ ਦੀ ਲਿਖਤ 'ਪਾਥਵੇਅਜ਼ ਟੂ ਗ੍ਰੇਟਨੈਸ' ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਮੁਢਲੇ ਰੂਪ ਵਿਚ ਇਹ ਕਿਤਾਬ ਦੋ ਭਾਗਾਂ ਵਿਚ ਵੰਡੀ ਗਈ ਹੈ। ਭਾਗ ਪਹਿਲਾਂ ਸਰ ਛੋਟੂ ਰਾਮ ਦੇ ਜੀਵਨ ਅਤੇ ਪ੍ਰਾਪਤੀਆਂ 'ਤੇ ਆਧਾਰਿਤ ਹੈ। ਇਸ ਭਾਗ ਨੂੰ ਇਤਿਹਾਸਕ ਸ੍ਰੋਤਾਂ 'ਤੇ ਆਧਾਰਿਤ ਅੱਗੇ 14 ਅਧਿਆਵਾਂ ਵਿਚ ਵੰਡਿਆ ਗਿਆ ਹੈ। ਉਨਾਂ ਵਿਚੋਂ ਪ੍ਰਮੁੱਖ ਸਰ ਛੋਟੂ ਰਾਮ ਦਾ ਮੁਢਲਾ ਜੀਵਨ ਅਤੇ ਵਿੱਦਿਆ ਪ੍ਰਾਪਤੀ; ਨੌਕਰੀ ਦੀ ਤਲਾਸ਼; ਰੋਹਤਕ ਵਿਖੇ ਵਕਾਲਤ; ਰਾਜਨੀਤਕ ਖੇਤਰ ਦੇ ਟੀਚੇ; ਵੋਟਾਂ ਦੀ ਰਾਜਨੀਤੀ ਵਿਚ ਦਖ਼ਲ; ਯੂਨੀਅਨਿਸਟ ਪਾਰਟੀ ਦਾ ਗਠਨ; ਮੰਤਰੀ ਵਜੋਂ ਦੋ ਸਾਲ; 1926 ਦੀਆਂ ਚੋਣਾਂ; 1937 ਦੀਆਂ ਚੋਣਾਂ; ਭਾਖੜਾ ਡੈਮ ਦੇ ਅਸਲ ਨਿਰਮਾਤਾ; ਕਾਨੂੰਨ ਵਿਵਸਥਾ ਵਿਚ ਯੋਗਦਾਨ; ਪਾਕਿਸਤਾਨ ਦੀ ਸਥਾਪਨਾ ਦਾ ਡਟਵਾਂ ਵਿਰੋਧ ਅਤੇ ਵਤਨ ਵਾਪਸੀ ਹਨ।
ਦੂਸਰੇ ਭਾਗ ਵਿਚ ਸਰ ਛੋਟੂ ਰਾਮ ਵਲੋਂ 1930 ਤੋਂ ਬਾਅਦ 'ਜਾਟ ਗਜ਼ਟ' ਰਾਹੀਂ 17 ਲੇਖ ਕਿਸਾਨਾਂ, ਛੋਟੇ ਜ਼ਿਮੀਂਦਾਰਾਂ ਅਤੇ ਗ਼ਰੀਬ ਲੋਕਾਂ ਦੀ ਲੁੱਟ-ਖਸੁੱਟ, ਕਿਸਾਨਾਂ ਦੀ ਅਗਿਆਨਤਾ ਤੇ ਉਨ੍ਹਾਂ ਨਾਲ ਹੁੰਦੀ ਬੇਇਨਸਾਫ਼ੀ ਨਾਲ ਸਬੰਧਿਤ ਹਨ। ਇਨਾਂ ਲੇਖਾਂ ਦੇ ਸਿਰਨਾਵੇਂ ਸਾਵਧਾਨ! ਆਪਣੇ ਆਪ ਨੂੰ ਬਦਲੋ; ਹਕੀਕਤ ਇਹ ਹੈ; ਉਮੀਦਾਂ 'ਤੇ ਫਿਰਿਆ ਪਾਣੀ; ਸੰਕਟ ਤੇ ਸੰਕਟ; ਜ਼ਮੀਨ ਦੀ ਮਲਕੀਅਤ; ਕਰਾਂ ਦਾ ਬੋਝ, ਮਰੇ ਘੋੜੇ ਨੂੰ ਕੋਰੜੇ ਮਾਰਨਾ; ਅਣਗੌਲੇ ਪਿੰਡ; ਪਿੰਡਾਂ ਨਾਲ ਹੁੰਦਾ ਵਿਤਕਰਾ; ਕਿਸਾਨਾਂ ਦੇ ਦਰਦ; ਕਿਸਾਨ ਦੀ ਪ੍ਰਾਰਥਨਾ; ਨਵਾਂ ਸੰਦੇਸ਼; ਨਵੀਂ ਮਾਨਸਿਕਤਾ ਦੀ ਲੋੜ; ਸਰਗਰਮੀ ਬਨਾਮ ਬੇਸਮਝੀ, ਸ਼ੇਰ ਵਾਲੀ ਸ਼ਾਨ ਜਾਂ ਭੇਡ ਚਾਲ; ਪੰਜਾਬ ਦੇ ਕਿਸਾਨਾਂ ਦਾ ਭਵਿੱਖ ਅਤੇ ਕਿਸਾਨਾਂ ਨੂੰ ਮੇਰਾ ਸੰਦੇਸ਼ ਹਨ। ਸਰ ਛੋਟੂ ਰਾਮ ਦਾ ਜੀਵਨ ਅਤੇ ਸੰਘਰਸ਼ ਪੂਰਨ ਤੌਰ 'ਤੇ ਬਰਤਾਨਵੀ ਸਾਮਰਾਜ ਸਮੇਂ ਸਾਂਝੇ ਪੰਜਾਬ ਦੇ ਕਿਸਾਨਾਂ ਅਤੇ ਕਿਸਾਨੀ ਦੀ ਹਾਲਤ ਵਿਚ ਸੁਧਾਰਾਂ ਨੂੰ ਸਮਰਪਿਤ ਸੀ। ਇਹ ਕਿਤਾਬ ਕਿਸਾਨਾਂ ਦੇ ਹੱਕਾਂ ਲਈ ਪੂਰਾ ਜੀਵਨ ਸੰਘਰਸ਼ਸ਼ੀਲ ਰਹੇ ਅਤੇ ਵਚਨਵੱਧਤਾ ਦੇ ਪ੍ਰਤੀਕ ਨੇਤਾ ਦੇ ਜੀਵਨ ਤੇ ਮੁਢਲੇ ਸ੍ਰੋਤਾਂ, ਸਰਕਾਰੀ ਰਿਪੋਰਟਾਂ ਅਤੇ ਵੱਖ-ਵੱਖ ਭਾਸ਼ਾਵਾਂ ਦੇ ਇਤਿਹਾਸ ਨਾਲ ਸਬੰਧਿਤ ਹੋਰ ਮੁਢਲੇ ਸੋਮਿਆਂ 'ਤੇ ਆਧਾਰਿਤ ਹੈ। ਅੱਜ ਪੂਰੇ ਭਾਰਤ ਵਿਚ ਕਿਸਾਨਾਂ ਦਾ ਅੰਦੋਲਨ ਫ਼ੈਸਲਾਕੁਨ ਪੱਧਰ 'ਤੇ ਚੱਲ ਰਿਹਾ ਹੈ। ਅਜਿਹੇ ਹਾਲਾਤ ਵਿਚ ਕਿਸਾਨਾਂ ਦੇ ਹੱਕਾਂ, ਉਨ੍ਹਾਂ ਦੀਆਂ ਜ਼ਮੀਨਾਂ ਦੀ ਰਾਖੀ ਅਤੇ ਪੈਰਵੀ ਕਰਨ ਵਾਲੇ ਸੰਘਰਸ਼ੀ ਯੋਧੇ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਪੰਜਾਬੀ ਭਾਸ਼ਾ ਵਿਚ ਕਿਤਾਬ ਦਾ ਯੋਗਦਾਨ ਲੇਖਕ ਵਲੋਂ ਪੰਜਾਬੀ ਪਾਠਕਾਂ ਅਤੇ ਭਾਰਤੀ ਕਿਸਾਨਾਂ ਦੀ ਮਾਰਗ ਦਰਸ਼ਕਤਾ ਲਈ ਮਹੱਤਵਪੂਰਨ ਦੇਣ ਹੈ।


-ਡਾ: ਮੁਹੰਮਦ ਇਦਰੀਸ
ਮੋ: 98141-71786


ਐਸ. ਸਾਕੀ ਦੀਆਂ ਚੋਣਵੀਆਂ ਕਹਾਣੀਆਂ
ਸੰਪਾਦਕ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 400 ਰੁਪਏ, ਸਫ਼ੇ : 353
ਸੰਪਰਕ : 099588-31357.


ਅੱਧੀ ਸਦੀ ਤੋਂ ਕਹਾਣੀ ਲਿਖ ਰਹੇ ਪੰਜਾਬੀ ਕਹਾਣੀਕਾਰ ਐਸ. ਸਾਕੀ ਦੀਆਂ ਚੋਣਵੀਆਂ 41 ਕਹਾਣੀਆਂ ਦੀ ਇਸ ਪੁਸਤਕ ਨੂੰ ਡਾ: ਬਲਦੇਵ ਸਿੰਘ ਬੱਦਨ ਨੇ ਸੰਪਾਦਿਤ ਕੀਤਾ ਹੈ। ਪੁਸਤਕ ਦੀ 25 ਪੰਨਿਆਂ ਦੀ ਭੂਮਿਕਾ ਵਿਚ ਸੰਪਾਦਕ ਨੇ ਐਸ. ਸਾਕੀ ਦੀ ਕਹਾਣੀ ਕਲਾ ਦੇ ਸੰਦਰਭ ਵਿਚ ਪੰਜਾਬੀ ਕਹਾਣੀ ਦੇ ਨਿਕਾਸ ਤੇ ਵਿਕਾਸ ਦੀ ਚਰਚਾ ਕਰਦੇ ਹੋਏ ਹਰੇਕ ਕਹਾਣੀ ਬਾਰੇ ਸੰਖੇਪ ਸਾਰ ਦਿੱਤਾ ਹੈ। ਐਸ. ਸਾਕੀ ਨੇ ਹੁਣ ਤੱਕ 25 ਕਹਾਣੀ ਸੰਗ੍ਰਹਿ ਤੇ 9 ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਹਨ। ਪਿਛਲੇ ਕੁਝ ਸਮੇਂ ਤੋਂ ਕਹਾਣੀਕਾਰ ਆਸਟਰੇਲੀਆ ਵਿਚ ਰਹਿ ਰਿਹਾ ਹੈ। ਪੁਸਤਕ ਦੀਆਂ ਕਹਾਣੀਆਂ ਵਿਚ ਜ਼ਿੰਦਗੀ ਦੀ ਨੁਹਾਰ ਹੈ। ਕਹਾਣੀਆਂ ਦੇ ਪਾਤਰ ਸਮਾਜ ਦੇ ਵਿਭਿੰਨ ਖੇਤਰਾਂ ਨਾਲ ਸਬੰਧਿਤ ਹਨ। ਇਹ ਪਾਤਰ ਦੁੱਖਾਂ ਨਾਲ ਦੋ-ਚਾਰ ਹੁੰਦੇ ਹਨ। ਸੰਘਰਸ਼ ਕਰਦੇ ਹਨ। ਵਿਆਹੋਂ ਬਾਹਰੇ ਸਬੰਧ ਰੱਖਣ ਵਾਲੇ ਮਰਦ ਪਾਤਰ ਹਨ। ਔਰਤਾਂ ਦਾ ਸ਼ੋਸ਼ਣ ਹੁੰਦਾ ਹੈ। ਕਹਾਣੀ ਭੈਣ ਜੀ ਦੀ ਪਾਤਰ ਪਿੰਡ ਦੀ ਸਕੂਲ ਅਧਿਆਪਕਾ ਹੈ ਜੋ ਮਿਹਨਤੀ ਹੈ। ਪਰ ਰਾਜਸੀ ਲੋਕ ਉਸ ਦੀ ਪ੍ਰਵਾਹ ਨਹੀਂ ਕਰਦੇ। ਪਿੰਡ ਵਿਚ ਉਸ ਦਾ ਮਾਣ-ਸਤਿਕਾਰ ਹੈ। ਭੈਣ ਜੀ ਦਾ ਸੁਭਾਅ ਸਹਿਜਮਈ ਹੈ। ਕਈ ਸਾਲ ਪਿੰਡ 'ਚ ਨੌਕਰੀ ਕਰਦੀ ਹੈ। ਹਮ ਚਾਕਰ ਗੋਬਿੰਦ ਕੇ ਦਾ ਸੇਵਾਦਾਰ ਨਿਰਮਲ ਸਿੰਘ ਨਿਸ਼ਕਾਮ ਸੇਵਾ ਕਰਕੇ ਖੁਸ਼ ਹੈ। ਕੋਈ ਲੋਭ ਲਾਲਚ ਨਹੀਂ ਹੈ। ਪੁਸਤਕ ਦੀਆਂ ਕਈ ਕਹਾਣੀਆਂ ਪਾਤਰ ਪ੍ਰਧਾਨ ਹਨ। ਚੰਗੇ-ਬੁਰੇ ਪਾਤਰ ਸਭ ਕਾਰਜਸ਼ੀਲ ਹਨ। ਕਹਾਣੀਆਂ ਵਿਚ ਪਤੀ-ਪਤਨੀ ਦੇ ਰਿਸ਼ਤੇ ਟੁੱਟਦੇ ਹਨ। ਬਜ਼ੁਰਗਾਂ ਦੀ ਬੇਵਸੀ, ਕਸ਼ਮੀਰੀ ਸੱਭਿਆਚਾਰ, ਪਰਵਾਸੀ ਪੰਜਾਬੀ ਜੀਵਨ, ਵੇਸਵਾ ਜ਼ਿੰਦਗੀ, ਧਰਮਰਾਜ ਦਾ ਦਰਬਾਰ, ਰਿਸ਼ਤਿਆਂ ਦਾ ਤਣਾਓ, ਮਨੋਵੋਗਿਆਨਕ ਚਿਤਰਨ, ਜਵਾਨ ਧੀ ਦੇ ਹੁੰਦਿਆਂ ਵਿਧਵਾ ਮਾਂ ਵਲੋਂ ਮਨਪਸੰਦ ਦੇ ਮਰਦ ਨਾਲ ਵਿਆਹ ਕਰਾਉਣਾ ਆਦਿ ਸਮਾਜਿਕ ਮਸਲਿਆਂ ਨੂੰ ਲੇਖਕ ਨੇ ਵੱਖ-ਵੱਖ ਦਿਲਚਸਪ ਸ਼ੈਲੀਆਂ ਵਿਚ ਰੂਪਮਾਨ ਕੀਤਾ ਹੈ। ਕਹਾਣੀਆਂ ਦੀ ਮੁੱਖ ਸੁਰ ਮਾਨਵਵਾਦੀ ਹੈ। ਧਾਰਮਿਕ ਪੁਸ਼ਾਕ ਵਿਚ ਪਖੰਡੀ ਪਾਤਰ ਹਨ। ਕਹਾਣੀ ਦੇਵੀ ਦੇਖਦੀ ਸੀ, ਰਖੇਲ, ਜਥੇਦਾਰ ਪਰਾਇਆ ਮਰਦ, ਦੋ ਬਲਦੇ ਸਿਵੇ ਪਾਠਕ ਦੇ ਧੁਰ ਅੰਦਰ ਤੱਕ ਲਹਿ ਜਾਂਦੀਆਂ ਹਨ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

28-11-2020

 ਕੁਵੇਲਾ
ਲੇਖਕ : ਗੁਰਦਿਆਲ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫੇ : 176
ਸੰਪਰਕ : 98152-98459.

ਇਹ ਨਾਵਲ ਗਿਆਨਪੀਠ ਐਵਾਰਡ ਜੇਤੂ ਪ੍ਰੋ: ਗੁਰਦਿਆਲ ਸਿੰਘ ਦਾ ਮਾਨਵੀ ਅਸਤਿੱਤਵ ਦੀ ਪ੍ਰਮਾਣਿਕਤਾ/ ਅਪ੍ਰਮਾਣਿਕਤਾ ਦੀ ਦ੍ਰਿਸ਼ਟੀ ਦੁਆਰਾ ਸਿਰਜਿਆ ਗਿਆ ਨਾਵਲ ਹੈ, ਜਿਸ ਨੂੰ ਰਵਾਇਤੀ ਕਾਂਡਾਂ ਦੀ ਥਾਂ ਜੀਵਨ ਦੀਆਂ ਵਿਭਿੰਨ ਅਵਸਥਾਵਾਂ (ਚਾਰ ਪਹਿਰਾਂ) ਅਨੁਸਾਰ ਵੰਡ ਕੇ ਲਿਖਿਆ ਗਿਆ ਹੈ। ਨਾਵਲ ਦੀ ਫੇਬੁਲਾ ਕੇਵਲ ਏਨੀ ਹੈ : ਨਾਇਕਾ ਹੀਰਾ ਦੇਵੀ ਦਾ ਵਿਆਹ ਦੇ ਤਿੰਨ ਸਾਲਾਂ ਬਾਅਦ ਹੀ ਵਿਧਵਾ ਹੋ ਜਾਣਾ-ਮਰੇ ਹੋਏ ਬੱਚੇ ਦਾ ਜਨਮ-ਜੀਵਨ ਤੋਂ ਉਪਰਾਮਤਾ-ਮੰਦਰ ਬਣਾ ਕੇ ਭਗਤੀ ਵਿਚ ਲੀਨ ਹੋਣਾ-ਨੌਕਰਾਣੀ ਕੇਸਰੀ ਦਾ ਮੰਦਰ ਛੱਡ ਕੇ ਗ੍ਰਹਿਸਤ ਜੀਵਨ ਵਿਚ ਪ੍ਰਵੇਸ਼ ਕਰਨਾ-ਹੀਰਾ ਦੇਵੀ ਦਾ ਮੰਦਰ ਛੱਡ ਕੇ ਹਸਪਤਾਲ ਖੋਲ੍ਹਣ ਦੀ ਯੋਜਨਾ-ਹਸਪਤਾਲ ਲਈ ਜ਼ਮੀਨ ਦਾ ਨਾ ਮਿਲਣਾ-ਦਿਨ ਕਟੀ ਲਈ ਸਕੂਲ ਖੋਲ੍ਹਣਾ-ਦੋ ਅਧਿਆਪਕਾਵਾਂ ਇਕ ਅਧਿਆਪਕ ਰੱਖਣਾ-ਅਧਿਆਪਕ ਵੱਲ ਆਕਰਸ਼ਿਤ ਹੋਣਾ-ਇਕ ਭਰਾ ਦੀ ਦੂਜੇ ਵਿਆਹ ਲਈ ਅਸਹਿਮਤੀ-ਦੂਜੇ ਦੀ ਸਹਿਮਤੀ-ਅਧਿਆਪਕ ਨਾਲ ਵਿਆਹ ਕਰਵਾ ਕੇ ਖੁਸ਼ੀ ਮਹਿਸੂਸ ਕਰਨਾ-ਸਮਾਜ ਦੀ ਸੰਸਕ੍ਰਿਤੀ ਵਲੋਂ ਡਟਵਾਂ ਵਿਰੋਧ-ਅਧਿਆਪਕ ਨੂੰ ਟਰੱਕ ਹੇਠ ਕੁਚਲਣਾ-ਸਮੇਂ ਦੀ ਪੁਲਿਸ ਨੇ ਕੁਝ ਨਾ ਕਰਨਾ-ਬੱਚੀ ਸੀਮਾ ਦਾ ਜਨਮ-ਉਸ ਨੂੰ ਕੁੱਛੜ ਚੁੱਕ ਕੇ ਪਿਆਰ ਦੇਣ ਨਾਲ ਨਾਵਲ ਦਾ ਖੁੱਲ੍ਹਾ ਪਾਠ ਸਿਰਜ ਕੇ ਸਮਾਪਤ ਹੋਣਾ ਆਦਿ।
ਕਲਾਤਮਿਕ ਤੌਰ 'ਤੇ ਨਾਵਲ ਦੇ ਕਥਾਨਕ ਵਿਚ ਅਨੇਕਾਂ ਘਟਨਾਵਾਂ ਦੇ ਪਤਾਕੇ ਤੇ ਪ੍ਰਕਰੀਆਂ ਉਪਲਬਧ ਹਨ। ਨਾਵਲ ਸਿਗਮੰਡ ਫਰਾਇਡ ਦੇ ਸਿਧਾਂਤ ਖ਼ਿਆਲੀ ਪਲਾਓ (ਡੇ-ਡਰੀਮਿੰਗ) ਨਾਲ ਗਤੀਸ਼ੀਲ ਰਹਿੰਦਾ ਹੈ। ਨਾਵਲ ਵਿਚ ਅਨੇਕਾਂ ਤਣਾਅ ਪੇਸ਼ ਹਨ : ਖੁਸ਼ੀ-ਗ਼ਮੀ, ਪਾਪ-ਪੁੰਨ, ਕ੍ਰੋਧ-ਖ਼ਿਮਾ, ਸੱਚ-ਝੂਠ, ਮੋਹ-ਮਾਇਆ-ਭਗਤੀ, ਨਿਸ਼ਕਾਮ-ਸਹਿਕਾਮ ਸੇਵਾ, ਮਾਨਸਿਕ ਉਤਰਾਅ-ਚੜ੍ਹਾਅ, ਦੈਵੀ-ਦਾਨਵੀ ਸੋਚਾਂ ਆਦਿ ਸਭ ਰਲਗਡ ਹੋਏ ਵੇਖੇ ਜਾ ਸਕਦੇ ਹਨ। ਨਾਇਕਾ ਦਾ ਅਸਤਿੱਤਵ ਇਕੱਲਤਾ ਤੋਂ ਸਮਾਜੀਕਰਨ ਵੱਲ ਅਗਰਸਰ ਹੁੰਦਾ ਹੈ। ਨਾਇਕਾ ਰਾਤ ਨੂੰ ਬੇਟੀ ਨੂੰ ਹਿੱਕ ਨਾਲ ਲਾ ਕੇ ਸੈਨਤ ਕਰਕੇ ਪੁੱਛਦੀ ਹੈ 'ਬੇਟੀ ਤੈਨੂੰ ਪਤੈ ਉਹ ਤਾਰਾ ਏਨਾ ਕਿਉਂ ਚਮਕਦੈ?' 'ਹਾਂ ਜੀ, 'ਇਹ ਪਾਪਾ ਜੀ ਕਾ ਤਾਰਾ ਹੈ ਜੀ...' ਪੰ: 175. ਇੰਜ ਨਾਵਲ ਦੁਖਾਂਤ ਨੂੰ ਸਿਖ਼ਰ (ਕਲਾਈਮੈਕਸ) ਵੱਲ ਲਿਜਾਣ ਵਿਚ ਸਫਲ ਹੈ। ਨਾਵਲਕਾਰ ਗਾਲਪਨਿਕ ਵਿਵੇਕ ਦੁਆਰਾ ਇਕੱਲਤਾ ਦੀ ਥਾਂ ਜੀਵਨ-ਸਾਥੀ ਦੇ ਮਹੱਤਵ ਦੀ ਪੁਸ਼ਟੀ ਕਰ ਜਾਂਦਾ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

ਸਿੱਖ ਧਰਮ ਦੇ ਸਮਾਜਿਕ ਸਰੋਕਾਰ
ਲੇਖਕ : ਜਤਿੰਦਰ ਪੰਨੂੰ
ਪ੍ਰਕਾਸ਼ਕ : ਨਿਊ ਬੁਕ ਕੰਪਨੀ, ਜਲੰਧਰ
ਮੁੱਲ : 200 ਰੁਪਏ, ਸਫ਼ੇ : 192
ਸੰਪਰਕ : 98140-68455

ਸ੍ਰੀ ਜਤਿੰਦਰ ਪੰਨੂੰ ਵਿਸ਼ਾਲ ਅਤੇ ਉਦਾਰ ਦ੍ਰਿਸ਼ਟੀ ਵਾਲਾ ਇਕ ਪ੍ਰਗਤੀਸ਼ੀਲ ਲੇਖਕ ਪੱਤਰਕਾਰ ਹੈ। ਉਹ ਪਰੰਪਰਾ ਨੂੰ ਆਧੁਨਿਕਤਾ ਦਾ ਨਿੱਗਰ ਅੰਗ ਮੰਨਦਾ ਹੈ। ਉਸ ਦੇ ਪਾਸ ਪੰਜਾਬੀ ਜਨ-ਜੀਵਨ ਦੇ ਤੱਥਾਂ ਅਤੇ ਸੂਚਨਾਵਾਂ ਦਾ ਇਕ ਬੜਾ ਵਿਸ਼ਾਲ ਭੰਡਾਰ ਹੈ। ਇਹੀ ਕਾਰਨ ਹੈ ਕਿ ਉਸ ਦੇ ਵਿਚਾਰਾਂ ਨੂੰ ਬੜੇ ਇਹਤਰਾਮ ਨਾਲ ਸੁਣਿਆ ਜਾਂਦਾ ਹੈ। ਹਥਲੀ ਪੁਸਤਕ ਦਾ ਪਹਿਲਾ ਸੰਸਕਰਣ ਮਾਰਚ 2012 ਵਿਚ ਪ੍ਰਕਾਸ਼ਿਤ ਹੋਇਆ ਸੀ। ਪਿਛਲੇ ਸੱਤ-ਅੱਠ ਵਰ੍ਹਿਆਂ ਵਿਚ ਇਸ ਦੇ ਚਾਰ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ।
ਇਸ ਪਸਤਕ ਵਿਚ ਪੰਜਾਬੀ ਜਨ-ਜੀਵਨ ਦੇ ਪ੍ਰਚੱਲਿਤ ਆਚਾਰ-ਵਿਹਾਰ ਦੇ ਕੁਝ ਪ੍ਰਮੁੱਖ ਸਰੋਕਾਰਾਂ ਬਾਰੇ ਲਗਪਗ ਸਵਾ ਦੋ ਸੌ ਇੰਦਰਾਜ ਅੰਕਿਤ ਹੋਏ ਹਨ। ਇਹ ਇਕ ਪ੍ਰਕਾਰ ਦੀਆਂ ਐਨਸਾਈਕਲੋਪੇਡਿਕ ਐਂਟਰੀਜ਼ ਹਨ। ਲੇਖਕ ਨੇ ਸਿੱਖ ਧਰਮ ਅਤੇ ਗੁਰਮਤਿ ਵਿਚਾਰਧਾਰਾ ਦੇ ਪਰਿਪੇਖ ਵਿਚ ਇਨ੍ਹਾਂ ਸਰੋਕਾਰਾਂ ਦੀ ਵਿਆਖਿਆ ਕੀਤੀ ਹੈ। ਉਹ ਹਰ ਸਰੋਕਾਰ ਬਾਰੇ ਸਟੀਕ ਅਤੇ ਸਪੱਸ਼ਟ ਜਾਣਕਾਰੀ ਦਿੰਦਾ ਹੈ, ਕੋਈ ਭਰਮ-ਭੁਲੇਖਾ ਨਹੀਂ ਰਹਿਣ ਦਿੰਦਾ। ਖਾਣ-ਪੀਣ ਦੇ ਸੰਜਮ ਬਾਰੇ ਗੁਰਮਤਿ ਪਰਿਪੇਖ ਦਾ ਹਵਾਲਾ ਦਿੰਦਾ ਹੋਇਆ ਲੇਖਕ ਲਿਖਦਾ ਹੈ, 'ਜ਼ਿੰਦਗੀ ਵਿਚ ਇਨਸਾਨ ਦਾ ਕਈ ਕਿਸਮ ਦੇ ਲੋਕਾਂ ਨਾਲ ਵਾਸਤਾ ਪੈਂਦਾ ਹੈ। ਇਕ-ਦੂਜੇ ਨਾਲ ਮਿਲਦਿਆਂ ਕਈ ਵਾਰ ਵੰਨ-ਸੁਵੰਨੇ ਸਵਾਦਾਂ ਦਾ ਚਸਕਾ ਲੱਗ ਜਾਂਦਾ ਹੈ, ਅਜਿਹੀ ਹਾਲਤ ਵਿਚ ਬੇਹਿਸਾਬਾ ਖਾਣਾ-ਪੀਣਾ ਕਈ ਬਿਮਾਰੀਆਂ ਦਾ ਕਾਰਨ ਵੀ ਬਣ ਜਾਂਦਾ ਹੈ। ਕੁਝ ਬੰਧੇਜ ਜ਼ਰੂਰ ਚਾਹੀਦਾ ਹੈ, ਜਿਸ ਬਾਰੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ :
ਬਾਬਾ ਹੋਰੁ ਖਾਣਾ ਖੁਸੀ ਖੁਆਰੁ।
ਜਿਤੁ ਖਾਧੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ॥
ਲੇਖਕ ਨੇ ਗੁਰਬਾਣੀ ਦੇ ਸ਼ਬਦ-ਜੋੜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹਵਾਲੇ ਦੀ ਹਰ ਪੰਕਤੀ ਦੀ ਬਾਣੀ ਅਤੇ ਪੰਨਾ ਨੰਬਰ ਦਾ ਅਤਾ-ਪਤਾ ਖੋਜ-ਲਿਖਤਾਂ (ਥੀਸਿਜ਼) ਵਾਂਗ ਦਿੱਤਾ ਗਿਆ ਹੈ। ਬਿਰਤਾਂਤ ਦੀ ਲੜੀ ਨੂੰ ਦਲੀਲ ਦੇ ਸੂਤਰ ਵਿਚ ਬੰਨ੍ਹ ਕੇ ਪੇਸ਼ ਕੀਤਾ ਹੈ। ਸਿੱਖ ਧਰਮ ਵਿਚ ਜਿਥੇ ਕਿਧਰੇ ਗੁਰਮਤਿ ਦੀ ਬਜਾਏ ਮਨਮਤਿ ਦਾ ਪ੍ਰਵੇਸ਼ ਹੋਇਆ ਹੈ, ਉਥੇ ਆਲੋਚਨਾਤਮਕ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ। ਭਾਸ਼ਾ ਬੜੀ ਠੇਠ ਅਤੇ ਮੁਹਾਵਰੇਦਾਰ ਵਰਤੀ ਹੈ। ਇਹੀ ਕਾਰਨ ਹੈ ਕਿ ਭਾਵੇਂ ਹਰ ਟਿੱਪਣੀ ਸੰਖਿਪਤ ਅਤੇ ਸੂਤਰਬੱਧ ਹੈ ਪਰ ਤਾਂ ਵੀ ਇਹ ਸਟੀਕ ਕਿਸਮ ਦੀ ਜਾਣਕਾਰੀ ਨਾਲ ਪਰਿਪੂਰਨ ਹੈ। ਇਹ ਪੁਸਤਕ ਇਕ ਹਵਾਲਾ-ਗ੍ਰੰਥ ਹੈ। ਇਹੋ ਜਿਹੀਆਂ ਰਚਨਾਵਾਂ ਦੀ ਵਾਰ-ਵਾਰ ਲੋੜ ਪੈਂਦੀ ਰਹਿੰਦੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਇਕ ਸਫ਼ਾ ਮੇਰਾ ਵੀ
ਲੇਖਕ : ਸੁਰਿੰਦਰ ਗਿੱਲ ਜੈਪਾਲ
ਪ੍ਰਕਾਸ਼ਕ : ਰਹਾਓ ਪਬਲੀਕੇਸ਼ਨ, ਨਿਹਾਲ ਸਿੰਘ ਵਾਲਾ (ਮੋਗਾ)
ਮੁੱਲ : 130 ਰੁਪਏ, ਸਫ਼ੇ : 106
ਸੰਪਰਕ : 81469-11118.

'ਇਕ ਸਫ਼ਾ ਮੇਰਾ ਵੀ' ਸੁਰਿੰਦਰ ਗਿੱਲ ਜੈਪਾਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਰਾਹੀਂ ਉਸ ਨੇ ਗੰਭੀਰ ਚਿੰਤਨ ਵਾਲੀ ਨਜ਼ਮ ਰਾਹੀਂ ਆਪਣੀ ਹਾਜ਼ਰੀ ਪੰਜਾਬੀ ਕਾਵਿ-ਜਗਤ ਵਿਚ ਲਗਵਾਈ ਹੈ। ਉਹ ਕਵਿਤਾ ਰਾਹੀਂ ਆਪਣੀ ਮਨ ਦੀ ਵੇਦਨਾ ਅਤੇ ਜਿਸ ਧਿਰ ਨਾਲ ਉਹ ਡਟ ਕੇ ਖੜ੍ਹਨਾ ਚਾਹੁੰਦੀ ਹੈ, ਦਾ ਸਪੱਸ਼ਟ ਸੰਕੇਤ ਦਿੰਦੀ ਹੈ। ਕਵਿਤਾ ਉਸ ਲਈ ਮਨ-ਪ੍ਰਚਾਵਾ ਨਹੀਂ ਸਗੋਂ ਆਪਣੇ ਹੱਕਾਂ ਲਈ ਸੰਘਰਸ਼-ਰਸ ਧਿਰਾਂ ਨਾਲ ਖੜ੍ਹਨ ਦਾ ਵਸੀਲਾ ਹੈ। 'ਨਜ਼ਮ! ਅਸੀਂ ਤੇ ਸਾਡੇ ਸ਼ਬਦ ਹੋਰਾਂ ਦਾਨਸ਼ਵਰਾਂ ਨਾਲ ਮਿਲ ਕੇ ਸਾਵੀਂ ਸੱਤਾ ਨਾਥਰੀ ਤੇ ਬਰਾਬਰੀ ਦਾ ਬਿਰਤਾਂਤ ਸਿਰਜਣ ਦੇ ਆਹਰ ਵਿਚ ਹਾਂ।' ਇਸ ਸਤਰ ਵਿਚਲੇ ਤਿੰਨ ਸ਼ਬਦ : ਸਾਵੀਂ ਸੱਤਾ, ਨਾਬਰੀ ਤੇ ਬਰਾਬਰੀ, ਇਸ ਕਾਵਿ-ਸੰਗ੍ਰਹਿ ਦੀ ਧੁਨੀ ਨੂੰ ਸਮਝਣ ਲਈ ਵਧੇਰੇ ਸਾਰਥਕ ਹਨ। ਇਸੇ ਲਈ ਸੁਰਿੰਦਰ ਗਿੱਲ ਜੈਪਾਲ, ਅਲੰਕਾਰ ਦੇ ਖਿਲਾਫ਼ ਉਸ ਦੀ ਚੁੱਪ ਦਾ ਸੰਕੇਤ ਅਤੇ ਅਨੁਵਾਦ ਹੈ ਜੋ ਹਰਫ਼ਾਂ ਤੋਂ ਸਿਰਜੇ ਕਾਵਿ-ਸ਼ਬਦਾਂ ਰਾਹੀਂ ਕਾਵਿ-ਪਾਰਕ ਦੇ ਮਸਤਕ ਵਿਚ ਖੋਭਣਾ ਚਾਹੁੰਦੀ ਹੈ, ਜਿਸ ਦੀ ਚੁੱਭਣ ਦੀ ਚੀਸ ਅਤੇ ਦਰਦ ਅਨੁਭਵ ਉਸ ਨੂੰ ਹੋ ਸਕੇ। ਇਸੇ ਲਈ ਸ਼ਬਦ ਦੀ ਅਜ਼ਮਤ ਜਾਣਦੀ ਹੋਈ 'ਸ਼ਬਦਾਂ ਦੀ ਅਉਧ' ਨਜ਼ਮ ਰਾਹੀਂ ਸ਼ਬਦ ਦੀ ਕਰਾਮਾਤ ਅਤੇ ਉਮਰ ਦਾ ਵਿਆਖਿਆਨ ਇੰਜ ਕਰਦੀ ਹੈ :
ਖ਼ਾਕ ਹੰਢਾਉਂਦਾ ਪੀਰ ਬੋਲਿਆ
'ਸ਼ਬਦਾਂ ਅੰਦਰ ਬ੍ਰਹਿਮੰਡ ਥੀਵੇ,
ਤ੍ਰੈਕਾਲ ਜੀਵੇ,
ਦੇਹ ਤੇ ਪਿੰਜਰਾ ਏਥੇ ਰਹਿਣੇ,
ਸ਼ਬਦ ਹਯਾਤੀਓ ਪਾਰ।'
ਇਸੇ ਤਰ੍ਹਾਂ ਦੀ ਧਾਰਨਾ ਉਸ ਦੀ 'ਇਕ ਸਫ਼ਾ ਮੇਰਾ ਵੀ' ਨਜ਼ਮ 'ਚ ਹੈ। ਤਿੰਨ ਪੀੜ੍ਹੀਆਂ : ਦਾਦੀ, ਮਾਂ ਅਤੇ ਖ਼ੁਦ ਰਾਹੀਂ 'ਰਿਸ਼ਤੇ' ਨਜ਼ਮ ਰਾਹੀਂ ਪਿੱਤਲ, ਕੱਚ ਅਤੇ ਡਿਸਪੋਜ਼ੇਬਲ ਬਰਤਨਾਂ ਰਾਹੀਂ ਰਿਸ਼ਤਿਆਂ ਦੀ ਨਿਸ਼ਾਨਦੇਹੀ ਕਰਨਾ, ਉਸ ਦੀ ਸੋਚ ਦਾ ਨਜ਼ਮ ਰਾਹੀਂ ਪ੍ਰਗਟਾ ਖੂਬਸੂਰਤ ਬਿਆਨ ਕਰਨਾ ਖੂਬ ਹੈ। ਕਵਿਤਾਵਾਂ ਦੇ ਸਿਰਲੇਖ : 'ਰੌਲਾ ਨਹੀਂ ਪਲੀਜ਼', 'ਨੀ ਕੁੜੀਏ', 'ਮਾਵਾਂ ਦੇ ਫ਼ਿਕਰ', 'ਸ਼ੀਸ਼ੇ', 'ਮੰਦਰ ਦੀ ਬੇਨਤੀ', 'ਲਫ਼ਜ਼ਾਂ ਦੀ ਸਿਆਸਤ', 'ਗ਼ਰੂਰ', 'ਇਕ ਘੜਾ ਪਾਣੀ' ਅਤੇ 'ਰੁੱਕਾ' ਮਾਨਵੀ ਸੰਵੇਦਨਾ ਅੰਦਰੂਨੀ ਟੁੱਟ-ਭੱਜ ਦੇ ਸੰਦੇਸ਼-ਵਾਹਕ ਹਨ। ਇਸ ਕਾਵਿ-ਸੰਗ੍ਰਹਿ ਵਿਚ ਚਾਰ ਕੁ ਗ਼ਜ਼ਲਾਂ ਵੀ ਸ਼ਾਮਿਲ ਹਨ। ਪੇਸ਼ਾਵਰ ਦੇ ਸੈਨਿਕ ਸਕੂਲ ਵਿਚ ਤਾਲਿਬਾਨਾਂ ਹੱਥੋਂ ਮਾਰੇ ਗਏ ਬੱਚਿਆਂ ਦੇ ਨਾਂਅ ਲਿਖੀ ਗ਼ਜ਼ਲ ਦਾ ਹਰ ਇਕ ਸ਼ਿਅਰ ਚਿੰਤਨਸ਼ੀਲ ਵਿਅਕਤੀ ਲਈ ਸੋਚਣ ਦਾ ਸਬੱਬ ਬਣਦਾ ਹੈ। ਇਸ ਸ਼ਿਅਰ ਪੇਸ਼ ਹੈ :
ਮਾਸੂਮਾਂ ਹੱਥੋਂ ਛੁੱਟੀਆਂ ਕਲਮਾਂ,
ਪੌਣਾਂ ਨੇ ਚੁੱਕ ਲੈਣੀਆਂ,
ਸੂਰਜਾਂ ਦੇ ਕਤਲ ਦਾ,
ਲਿਖਣਗੀਆਂ, ਇਤਿਹਾਸ ਇਹ।
'ਇਕ ਸਫ਼ਾ ਮੇਰਾ ਵੀ' ਸੁਰਿੰਦਰ ਗਿੱਲ ਜੈਪਾਲ ਦਾ ਪਲੇਠਾ ਸ਼ਲਾਘਾਯੋਗ ਉੱਦਮ ਹੈ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

ਕੱਖਾਂ ਦੀ ਪੰਡ
ਲੇਖਕ : ਦਰਸ਼ਨ ਸਿੰਘ ਧਾਲੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 113
ਸੰਪਰਕ : 98140-16896.

ਪੰਜਾਬੀ ਨਾਵਲਕਾਰੀ ਦੇ ਖੇਤਰ ਵਿਚ ਪੇਂਡੂ ਜੀਵਨ ਬਾਰੇ ਅਣਗਿਣਤ ਨਾਵਲ ਲਿਖੇ ਜਾ ਚੁੱਕੇ ਹਨ। ਸੱਜਰਾ ਨਾਵਲ 'ਕੱਖਾਂ ਦੀ ਪੰਡ' ਪੇਂਡੂ ਜੀਵਨ ਨੂੰ ਹੰਢਾਉਣ ਵਾਲੇ ਪ੍ਰੋੜ੍ਹ ਲੇਖਕ ਦਰਸ਼ਨ ਸਿੰਘ ਧਾਲੀਵਾਲ ਨੇ ਮੁਰੱਤਬ ਕੀਤਾ ਹੈ। ਇਹ ਨਾਵਲ ਇਕ ਨਵੇਂ ਜ਼ਾਵੀਏ ਤੋਂ ਲਿਖਿਆ ਗਿਆ ਹੈ। ਚਾਹੇ ਲੇਖਕ ਅਨੁਸਾਰ ਸਾਰੇ ਪਾਤਰ ਮਨੋ ਕਲਪਿਤ ਹਨ ਪਰ ਬਾਤ ਉਹ ਪੇਂਡੂ ਜੀਵਨ ਦੀਆਂ ਤਲਖ਼ ਹਕੀਕਤਾਂ ਦੀ ਪਾਉਂਦੇ ਹਨ ਅਤੇ ਨਾਵਲ ਤੁਹਾਡੇ ਧੁਰ ਅੰਦਰ ਨੂੰ ਝੰਜੋੜਨ ਦੇ ਸਮਰੱਥ ਹੋ ਨਿੱਬੜਦਾ ਹੈ। ਇਸ ਨਾਵਲ ਦੇ ਮੁੱਖ ਪਾਤਰ ਦੀਪੇ ਜੱਟ ਸਮੇਤ ਸਾਰੇ ਪਾਤਰ ਅਸਲੀਅਤ ਦੀ ਤਰਜਮਾਨੀ ਕਰਦੇ ਹੋਏ ਕਿਸਾਨਾਂ ਵਲੋਂ ਕਾਮਿਆਂ ਨਾਲ ਕੀਤੇ ਜਾਂ ਰੰਘੜਾਂ ਵਾਲੇ ਵਤੀਰੇ ਅਤੇ ਹੈਂਕੜਬਾਜ਼ੀ ਵਾਲੇ ਸਲੂਕ ਦੀਆਂ ਪਰਤਾਂ ਖੋਲ੍ਹਦੇ ਹਨ। ਲੇਖਕ ਨੇ ਬੜੀ ਬੇਬਾਕੀ ਤੇ ਜ਼ੁਅਰਤਮੰਦੀ ਨਾਲ ਔਰਤਾਂ ਦੇ ਜਿਨਸੀ ਸ਼ੋਸ਼ਣ ਵਰਗੇ ਮੰਦੇ ਵਰਤਾਰੇ ਦੇ ਪਰਖ਼ਚੇ ਉਡਾਏ ਹਨ।
ਨਾਵਲਕਾਰ ਨੇ ਠੇਠ ਮਲਵਈ ਬੋਲੀ ਦੀ ਵਰਤੋਂ ਕੀਤੀ ਹੈ ਜੋ ਸੋਨੇ 'ਤੇ ਸੁਹਾਗੇ ਵਾਂਗ ਹੈ। ਨਾਵਲ ਪੜ੍ਹਦਿਆਂ ਪੇਂਡੂ ਜੀਵਨ ਦੇ ਹਰੇਕ ਚੰਗੇ ਮੰਦੇ ਪੱਖ ਉੱਘੜਦੇ ਚਲੇ ਜਾਂਦੇ ਹਨ। ਪੰਚਾਇਤਾਂ ਦੀ ਕਾਰਗੁਜ਼ਾਰੀ ਨੂੰ ਵੀ ਇਮਾਨਦਾਰੀ ਨਾਲ ਜੱਗ ਜ਼ਾਹਰ ਕੀਤਾ ਹੈ (ਤਕੜੇ ਦਾ ਸੱਤੀਂ ਵੀਹੀਂ ਸੌ)।
ਨਾਵਲ ਦਾ ਮੁੱਖ ਪਾਤਰ ਦੀਪਾ ਨਾਂਅ ਦਾ ਸਰਪੰਚ ਹੈ। ਉਸ ਨੇ ਦਲਿਤਾਂ, ਖ਼ਾਸ ਕਰ ਔਰਤਾਂ ਨਾਲ ਜ਼ਿਆਦਤੀਆਂ ਕੀਤੀਆਂ। ਇਕ ਔਰਤ ਵਲੋਂ ਉਸ ਨੂੰ ਕਹੇ ਗਏ ਦਰਦ ਭਿੱਜੇ ਬੋਲ ਉਸ ਨੂੰ ਲੈ ਬੈਠੇ। ਉਸ ਦਾ ਅੰਤ ਬੜਾ ਦੁਖਾਂਤਕ ਹੋਇਆ। ਸਰੀਰ ਛੱਡਣ ਤੋਂ ਪਹਿਲਾਂ ਉਸ ਵਲੋਂ ਆਪਣੀ ਡਾਇਰੀ ਵਿਚ ਲਿਖੇ ਇਹ ਫ਼ਿਕਰੇ ਪਾਠਕ ਨੂੰ ਟੁੰਬਦੇ ਹਨ, 'ਮੈਂ ਤੁਹਾਨੂੰ ਆਖ਼ਰੀ ਵਾਰ ਕਹਿੰਦਾ ਹਾਂ, ਗ਼ਰੀਬ ਦਾ ਮੂੰਹ, ਗੁਰੂ ਦੀ ਗੋਲਕ ਹੁੰਦੀ ਐ। ਗ਼ਰੀਬਾਂ ਨੂੰ ਖੇਤਾਂ ਵਿਚੋਂ ਕਦੇ ਨਾ ਰੋਕੋ, ਸਾਡੇ ਪਾਲਣਹਾਰ ਹਨ, ਸੇਵਕ ਹਨ। ਮੇਰੀ ਜ਼ਿੱਦ ਨੇ ਮੇਰਾ ਘਰ ਨਰਕ ਬਣਾ ਦਿੱਤਾ।..... ਮੇਰੇ ਵਲੋਂ ਸਭ ਗ਼ਰੀਬ ਗੁਰਬਿਆਂ ਤੋਂ ਮੁਆਫ਼ੀ ਮੰਗਣਾ। ਮੇਰੀ ਅਰਥੀ ਨਾਲ ਸਭ ਨੂੰ ਪਰਿਕਰਮਾ ਕਰਨ ਲਈ ਕਹਿਣਾ ਫਿਰ ਹੀ ਮੈਂ ਮੁਆਫ਼ ਸਮਝਾਂਗਾ। ਅੱਛਾ, ਵਕਤ ਆ ਗਿਆ, ਸਤਿ ਸ੍ਰੀ ਅਕਾਲ। ਗੁਰੂ ਘਰ ਦੇ ਲਾਊਡ ਸਪੀਕਰ 'ਤੇ ਚਿੱਠੀ ਦੀ ਇਬਾਰਤ ਸੁਣਨ ਮਗਰੋਂ, ਪੂਰੇ ਪਿੰਡ ਦੇ ਘਰ-ਘਰ ਦੇ ਜੀਆਂ ਦੀਆਂ ਅੱਖਾਂ ਵਿਚ ਅੱਥਰੂ ਸਨ ਤੇ ਹਰ ਇਕ ਸਰਪੰਚ ਦੇ ਸਸਕਾਰ ਵਿਚ ਸ਼ਾਮਿਲ ਹੋਇਆ। ਨਾਵਲ ਬਾਕਮਾਲ ਹੈ।

ਤੀਰਥ ਸਿੰਘ ਢਿੱਲੋਂ
ਮੋ: 98154-61710.

ਸੀਸ
ਨਾਟਕਕਾਰ : ਕੇਵਲ ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 78
ਸੰਪਰਕ : 99142-11422.

ਇਹ ਨਾਟਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਹੈ। ਇਸ ਵਿਚ ਨੌਵੇਂ ਪਾਤਸ਼ਾਹ ਜੀ ਦੇ ਸਮੁੱਚੇ ਜੀਵਨ ਅਤੇ ਮਹਾਨ ਸ਼ਹਾਦਤ ਨੂੰ ਨਾਟਕੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮੁੱਚੀ ਮਨੁੱਖਤਾ, ਧਰਮਾਂ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣਾ ਪਵਿੱਤਰ ਸੀਸ ਵਾਰ ਦਿੱਤਾ। ਸੁਘੜ ਨਾਟਕਕਾਰ ਨੇ ਕਾਵਿਕ ਰੰਗਣ ਦੇ ਕੇ ਨਾਟਕ ਨੂੰ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ। ਆਉ, ਕੁਝ ਝਲਕਾਂ ਦੇਖੀਏ
-ਇਕਨਾ ਲਈ ਤਨ ਤੇ ਭਾਰ ਸੀਸ,
ਇਕਨਾ ਲਈ ਮਿੱਤਰ ਯਾਰ ਸੀਸ
ਜੋ ਸਭ ਲਈ ਜਾਂਦੇ ਵਾਰ ਸੀਸ,
ਉਨ੍ਹਾਂ ਨੂੰ ਪਾਉਂਦੇ ਹਾਰ ਸੀਸ।
-ਪੰਡਤ ਰਲ ਕਸ਼ਮੀਰ ਦੇ,
ਅਨੰਦਪੁਰ ਆਏ,
ਚਰਨੀਂ ਢਹਿ ਕੇ ਗੁਰਾਂ ਦੀ
ਦੁਖੀਏ ਕੁਰਲਾਏ।
-ਧੜੋਂ ਸੀਸ ਵੱਖ ਹੋ ਗਿਆ,
ਧੰਨ ਤੇਗ ਬਹਾਦਰ
ਕਾਰਾ ਵੇਖ ਕੇ ਸੂਰਜ ਛਿਪ ਗਿਆ,
ਧੰਨ ਤੇਗ ਬਹਾਦਰ।
ਗੁਰੂ ਸਾਹਿਬ ਜੀ ਦੇ ਮਹਾਨ ਪਰਉਪਕਾਰੀ ਜੀਵਨ ਅਤੇ ਲਾਸਾਨੀ ਕੁਰਬਾਨੀ ਨੂੰ ਨਾਟਕ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ ਗਿਆ ਹੈ। ਗੁਰਬਾਣੀ ਦੀਆਂ ਤੁਕਾਂ ਦੀ ਸ਼ੁੱਧਤਾ ਵੱਲ ਧਿਆਨ ਦੇਣ ਦੀ ਲੋੜ ਹੈ। ਇਹੋ ਜਿਹੀਆਂ ਪੁਸਤਕਾਂ ਗੁਰੂ ਮਹਾਰਾਜ ਜੀ ਦੇ ਵੈਰਾਗ, ਤਿਆਗ ਅਤੇ ਤਪ ਤੇਜ ਨੂੰ ਸੱਚੀ ਸ਼ਰਧਾਂਜਲੀ ਪੇਸ਼ ਕਰਦੀਆਂ ਹਨ। ਸਾਡਾ ਅਨੋਖਾ, ਮਾਣਮੱਤਾ ਇਤਿਹਾਸ ਅੱਖਾਂ ਅੱਗੇ ਸਾਕਾਰ ਹੋ ਜਾਂਦਾ ਹੈ। ਪੁਸਤਕ ਦੇ ਮੰਤਵ ਬਾਰੇ ਇਕ ਗੀਤ ਰਾਹੀਂ ਸਪੱਸ਼ਟ ਕੀਤਾ ਗਿਆ ਹੈ
ਆਉ ਦੇਖੀਏ ਕੀ ਸੀਸ-ਸੀਸ ਵਿਚ ਫ਼ਰਕ ਹੁੰਦਾ
ਦਿਉ ਅਸੀਸ ਗਾਈਏ ਜਸ,
ਐਸੇ ਗੁਰੂ ਲਾਸਾਨੀ ਦਾ
ਸੁਣੋ ਐ ਸੀਸਾਂ ਵਾਲਿਉ,
ਸੀਸ ਉਠਾ ਕੇ ਸੁਣਿਉ ਬਈ
ਨਾਟਕ 'ਸੀਸ' ਸੰਦੇਸ਼ਾ ਹੈ,
ਸੀਸ ਦੇ ਦਾਨੀ ਦਾ।
ਇਹ ਨਾਟਕ ਪੜ੍ਹਨਯੋਗ ਅਤੇ ਸਤਿਕਾਰਯੋਗ ਹੈ। ਇਸ ਦਾ ਭਰਵਾਂ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਸੁਹਣੀ ਤੇ ਸੁਖਾਵੀਂ ਜ਼ਿੰਦਗੀ
ਲੇਖਕ : ਅਜੀਤ ਸਿੰਘ ਚੰਦਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 133
ਸੰਪਰਕ : 97818-05861.

ਲੇਖਕ ਅਜੀਤ ਸਿੰਘ ਚੰਦਨ ਦੀ ਨਿਬੰਧਾਂ ਦੀ ਇਹ ਚੌਥੀ ਪੁਸਤਕ ਹੈ 'ਸੁਹਣੀ ਤੇ ਸੁਖਾਵੀਂ ਜ਼ਿੰਦਗੀ', ਜਿਸ ਵਿਚ ਇਨ੍ਹਾਂ ਨੇ 49 ਨਿਬੰਧ ਵੱਖ-ਵੱਖ ਵਿਸ਼ਿਆਂ 'ਤੇ ਲਿਖ ਕੇ ਭਰਪੂਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਪਣੇ ਨਿਬੰਧਾਂ ਵਿਚ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜ਼ਿੰਦਗੀ ਤਾਂ ਸਾਰੇ ਲੋਕ ਹੰਢਾ ਰਹੇ ਹਨ ਪਰ ਜੇਕਰ ਜ਼ਿੰਦਗੀ ਜਿਊਣ ਦਾ ਢੰਗ, ਵਲ ਜਾਂ ਚੱਜ ਆ ਜਾਵੇ ਤਾਂ ਜ਼ਿੰਦਗੀ ਸੋਹਣੇ ਢੰਗ ਨਾਲ ਜੀਵੀ ਜਾ ਸਕਦੀ ਹੈ।
ਉਨ੍ਹਾਂ ਨਿਬੰਧਾਂ ਵਿਚ ਦੱਸਿਆ ਹੈ ਕਿ ਇਨਸਾਨ ਐਵੇਂ ਆਪਣੀ ਜ਼ਿੰਦਗੀ ਨੂੰ ਅਨੇਕਾਂ ਝਮੇਲਿਆਂ ਵਿਚ ਪਾਈ ਰੱਖਦਾ ਹੈ ਅਤੇ ਹੁਸੀਨ ਪਲਾਂ ਨੂੰ ਭੁੱਲੀ ਬੈਠਾ ਹੈ ਜੋ ਫਿਰ ਕਦੇ ਹੱਥ ਨਹੀਂ ਆਉਂਦੇ। ਇਹੀ ਸਭ ਲੇਖਕ ਨੇ ਆਪਣੇ ਵੱਖੋ-ਵੱਖਰੇ ਨਿਬੰਧਾਂ ਵਿਚ ਦੱਸਣ ਦਾ ਹਰ ਤਰੀਕੇ ਨਾਲ ਉਦਾਹਰਨਾਂ ਦੇ ਕੇ ਯਤਨ ਕੀਤਾ ਹੈ। ਲੇਖਕ ਨੇ ਨਿਬੰਧਾਂ ਵਿਚ ਮਨ ਨੂੰ ਮਜ਼ਬੂਤ ਕਰਨ, ਪਰਮਾਤਮਾ ਦੀ ਰਜ਼ਾ ਵਿਚ ਰਹਿਣ, ਸਮੇਂ ਦੀ ਸਹੀ ਵਰਤੋਂ, ਗ਼ਲਤ ਰਾਹਾਂ ਪ੍ਰਤੀ ਸੁਚੇਤ ਰਹਿਣ, ਦਿਲ ਨੂੰ ਅਮੀਰ ਰੱਖਣ, ਮਿਹਨਤ ਕਰਨ, ਕੁਦਰਤ ਨਾਲ ਖਿਲਵਾੜ ਨਾ ਕਰਨ 'ਤੇ ਜ਼ੋਰ ਦਿੱਤਾ ਹੈ। ਲੇਖਕ ਨੇ ਨਿਬੰਧਾਂ ਵਿਚ ਸਰਲ ਭਾਸ਼ਾ ਦੀ ਵਰਤੋਂ ਕਰਕੇ ਹਰ ਗੱਲ ਨੂੰ ਸੋਹਣੇ ਢੰਗ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਖਕ ਨੇ ਕਈ ਨਜ਼ਾਰਿਆਂ, ਦ੍ਰਿਸ਼ਾਂ, ਹਾਲਤਾਂ ਨੂੰ ਅੱਖੀਂ ਵੇਖਿਆ ਅਤੇ ਆਪਣੀਆਂ ਭਾਵਨਾਵਾਂ ਨੂੰ ਸਭ ਨਾਲ ਸਾਂਝਾ ਕੀਤਾ ਹੈ।
ਲੇਖਕ ਨੇ ਮਨ ਦੀ ਸ਼ਕਤੀ, ਸੁਹਣੀ ਸੁਚੱਜੀ ਜ਼ਿੰਦਗੀ ਜਿਊਣ, ਦਿਲ ਦੀ ਅਮੀਰੀ, ਮਾਣੋ ਜ਼ਿੰਦਗੀ ਦੇ ਰੰਗ, ਮਿੱਠੀ ਜ਼ਬਾਨ, ਚੰਗੀ ਸਿਹਤ, ਜ਼ਿੰਦਗੀ ਦੇ ਦੁੱਖ-ਸੁੱਖ ਆਦਿ ਨਿਬੰਧਾਂ ਵਿਚ ਜ਼ਿੰਦਗੀ ਦੇ ਹਰ ਪੱਖ ਦਾ ਨਿਚੋੜ ਕੱਢਿਆ ਹੈ। ਨਿਬੰਧਾਂ ਨੂੰ ਪੜ੍ਹ ਕੇ ਅਸੀਂ ਆਪਣੇ ਜੀਵਨ ਦੀ ਹਰ ਹੱਦ ਹੱਸਦੇ ਖੇਡਦੇ ਪਾਰ ਕਰ ਸਕਦੇ ਹਾਂ।

ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 092105-88990.

22-11-2020

 ਰਾਵੀ ਪਾਰ
ਕਹਾਣੀਕਾਰ : ਗੁਲਜ਼ਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 142
ਸੰਪਰਕ : 98152-98459.


ਭਾਰਤੀ ਫ਼ਿਲਮ ਜਗਤ ਗੁਲਜ਼ਾਰ ਦੀ ਸਾਹਿਤਕ ਪ੍ਰਤਿਭਾ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ। 'ਰਾਵੀ ਪਾਰ' ਉਨ੍ਹਾਂ ਦੀਆਂ ਚਰਚਿਤ ਕਹਾਣੀਆਂ ਦਾ ਇਕ ਸਵਾਗਤਯੋਗ ਮਜਮੂਆ ਹੈ, ਜਿਸ ਵਿਚ ਲੇਖਕ ਦੀਆਂ 27 ਕਹਾਣੀਆਂ ਸੰਗ੍ਰਹਿਤ ਹਨ। ਗੁਲਜ਼ਾਰ ਸਾਹਿਬ ਵਿਸ਼ਾਲ ਅਨੁਭਵ ਦੇ ਮਾਲਕ ਹਨ। ਉਨ੍ਹਾਂ ਨੇ ਦੁਨੀਆ ਦੇ ਅਨੇਕ ਰੰਗਾਂ-ਰੂਪਾਂ ਨੂੰ ਵੇਖ ਰੱਖਿਆ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਕਥਾ ਜਗਤ ਵਿਚ ਦੁਹਰਾਈ ਦੀ ਕੋਈ ਗੁੰਜਾਇਸ਼ ਨਹੀਂ ਹੈ। ਹਰ ਕਹਾਣੀ ਦਾ ਮਿਜ਼ਾਜ ਵੱਖਰਾ ਹੈ। ਲੋਕੇਲ ਨਵਾਂ ਹੈ ਅਤੇ ਵਸਤੂ-ਸਮੱਗਰੀ ਵੱਖਰੀ ਹੈ। ਬਹੁਤੀਆਂ ਕਹਾਣੀਆਂ ਇਸਤਰੀ ਕਿਰਦਾਰਾਂ ਦੀ ਸ਼ਖ਼ਸੀਅਤ ਦਾ ਵਿਸ਼ਲੇਸ਼ਣ ਕਰਦੀਆਂ ਹਨ। ਮਰਦਾਂ ਦੀ ਦੁਨੀਆ ਵਿਚ ਇਸਤਰੀ ਲਈ ਕੋਈ ਵੀ ਫ਼ੈਸਲਾ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ। ਮਰਦਾਂ ਦੀਆਂ ਨਜ਼ਰਾਂ ਹਮੇਸ਼ਾ ਉਸ ਦੇ ਆਚਾਰ-ਵਿਹਾਰ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਦੀਆਂ ਰਹਿੰਦੀਆਂ ਹਨ। ਉਹ ਸੁਤੰਤਰ ਜਾਂ ਸੁਭਾਵਿਕ ਢੰਗ ਨਾਲ ਜੀਅ ਵੀ ਨਹੀਂ ਸਕਦੀ। ਉਸ ਦੀਆਂ ਕਹਾਣੀਆਂ ਦਾ ਇਕ ਹੋਰ ਪਾਸਾਰ ਅਮੀਰ ਬਨਾਮ ਗ਼ਰੀਬ ਲੋਕਾਂ ਦੀ ਨਾਬਰਾਬਰੀ ਨਾਲ ਜੁੜਿਆ ਹੋਇਆ ਹੈ। ਜੇ ਭੂਮੀਪਤੀ ਵਰਗ, ਮੁਜ਼ਾਰਿਆਂ ਦਾ ਦਮਨ ਕਰਦਾ ਹੈ ਤਾਂ ਮੁਜ਼ਾਰਿਆਂ ਦੀ ਕਿਧਰੇ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਨੂੰ ਵਾਰ-ਵਾਰ ਪ੍ਰਤਾੜਿਤ ਅਤੇ ਅਪਮਾਨਿਤ ਹੋਣਾ ਪੈਂਦਾ ਹੈ। ਆਪਣੀ ਇਕ ਕਹਾਣੀ 'ਜੰਗਨਾਮਾ' ਵਿਚ ਉਹ ਦਰਸਾਉਂਦਾ ਹੈ ਕਿ ਇਨਸਾਨ ਨੇ ਪਸ਼ੂ-ਪੰਛੀਆਂ ਦੇ ਹਿੱਸੇ ਦੀ ਜ਼ਮੀਨ ਨੂੰ ਹੜੱਪਣ ਤੋਂ ਬਾਅਦ ਹੁਣ ਇਕ-ਦੂਜੇ ਦੀ ਜ਼ਮੀਨ ਹੜੱਪਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਇਨਸਾਨੀ ਹਵਸ ਦੀ ਕੋਈ ਸੀਮਾ ਨਹੀਂ ਰਹੀ। ਇਸ ਸੰਗ੍ਰਹਿ ਵਿਚ ਉਸ ਦੀ ਇਕ ਹੋਰ ਦਿਲਚਸਪ ਕਹਾਣੀ 'ਬਟਵਾਰਾ' ਵੀ ਸੰਗ੍ਰਹਿਤ ਹੈ, ਜਿਸ ਵਿਚ ਹਰਿਭਜਨ ਸਿੰਘ ਨਾਂਅ ਦਾ ਕੋਈ ਸ਼ਖ਼ਸ ਲੇਖਕ ਨੂੰ 1947 ਈ: ਦੀ ਦੇਸ਼-ਵੰਡ ਸਮੇਂ ਆਪਣਾ ਗਵਾਚਿਆ ਪੁੱਤਰ ਮੰਨਦਾ ਸੀ। ਗੱਲ ਇੰਜ ਬਣੀ ਕਿ ਗੁਲਜ਼ਾਰ ਸਾਹਿਬ ਨੇ ਆਪਣਾ ਪੁਰਾਣਾ ਨਾਂਅ ਸੰਪੂਰਨ ਸਿੰਘ (ਦੀਨਵੀ) ਬਦਲ ਕੇ 'ਗੁਲਜ਼ਾਰ' ਰੱਖ ਲਿਆ ਸੀ। ਹਰਿਭਜਨ ਸਿੰਘ ਦੇ ਇਕ ਪੁੱਤਰ ਦਾ ਨਾਂਅ ਵੀ 'ਸੰਪੂਰਨ' ਹੁੰਦਾ ਸੀ। ਇਸ ਕਰਕੇ ਉਸ ਦੇ ਮਨ ਵਿਚ ਬੈਠ ਗਈ ਸੀ ਕਿ ਗੁਲਜ਼ਾਰ ਉਸੇ ਦਾ ਗੁੰਮਿਆ ਪੁੱਤਰ ਸੰਪੂਰਨ ਹੀ ਹੈ।
ਗੁਲਜ਼ਾਰ ਸਾਹਿਬ ਆਪਣੀਆਂ ਕਹਾਣੀਆਂ ਵਿਚ ਉਤਸੁਕਤਾ ਅਤੇ ਲਟਕਾਉ ਨੂੰ ਬੜੀ ਨਿਪੁੰਨਤਾ ਨਾਲ ਨਿਭਾਉਂਦੇ ਹਨ। ਉਨ੍ਹਾਂ ਦੀ ਵਸਤੂ-ਸਮੱਗਰੀ ਦਾ ਘੇਰਾ ਬਹੁਤ ਵਸੀਹ ਹੈ। (ਦੇਖੋ : ਮਾਈਕਲ ਐਂਜੀਲੋ, ਨਜੂਮ ਅਤੇ ਬਿਮਲਦਾ ਆਦਿ ਕਹਾਣੀਆਂ)। ਉਨ੍ਹਾਂ ਦੀਆਂ ਕਈ ਕਹਾਣੀਆਂ ਵਿਚ ਵਿਅੰਗ ਅਤੇ ਸਿੱਠ ਨੂੰ ਪ੍ਰਮੁੱਖ ਜੁਗਤਾਂ ਵਜੋਂ ਵਰਤਿਆ ਗਿਆ ਹੈ। ਨਵੇਂ ਕਹਾਣੀਕਾਰ ਉਨ੍ਹਾਂ ਤੋਂ ਬਹੁਤ ਕੁਝ ਸਿੱਖ-ਸਮਝ ਸਕਦੇ ਹਨ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136

 


ਗ਼ਦਰੀ ਲਹਿਰਾਂ ਦੀ ਹਿੱਸੇਦਾਰੀ
ਲੇਖਕ : ਗੁਰੂਮੇਲ ਸਿੰਘ ਸਿੱਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 1195 ਰੁਪਏ, ਸਫ਼ੇ : 876
ਸੰਪਰਕ : 0172-5027427.


ਗੁਰੂਮੇਲ ਸਿੰਘ ਸਿੱਧੂ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫਰੈਜ਼ਨੋ, ਅਮਰੀਕਾ ਵਿਚ ਸਾਇੰਸ ਦਾ ਪ੍ਰੋਫ਼ੈਸਰ ਤੇ ਡਾਇਰੈਕਟਰ ਹੈ। ਪਿਛਲੇ ਸੱਠ ਸਾਲਾਂ ਤੋਂ ਵਿਦੇਸ਼ਾਂ ਰਹਿਣ ਤੇ ਸਾਇੰਸ ਦਾ ਅਧਿਆਪਕ ਹੋਣ ਦੇ ਬਾਵਜੂਦ ਉਹ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਉਹ ਕਵਿਤਾ ਦੀਆਂ ਨੌਂ, ਸਾਇੰਸ ਦੀਆਂ ਛੇ, ਧਰਮ ਅਤੇ ਸਮਾਜਿਕ ਵਿਗਿਆਨਾਂ ਨਾਲ ਸਬੰਧਿਤ ਚਾਰ, ਕਵਿਤਾ ਅਤੇ ਵਾਰਤਕ ਦੀਆਂ ਨੌਂ ਕਿਤਾਬਾਂ ਸੰਪਾਦਨ ਅਤੇ ਸਾਹਿਤ ਦੀਆਂ ਚਾਰ ਕਿਤਾਬਾਂ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕਰ ਚੁੱਕਾ ਹੈ।
46 ਅਧਿਆਵਾਂ ਵਿਚ ਵੰਡੀ ਗਈ ਇਹ ਕਿਤਾਬ ਭਾਰਤੀ ਆਜ਼ਾਦੀ ਨਾਲ ਸਬੰਧਿਤ ਅਤਿ ਮਹੱਤਵਪੂਰਨ ਬਗ਼ਾਵਤਾਂ ਅਤੇ ਵਿਦਰੋਹਾਂ ਦੀ ਤੱਥਾਂ, ਕਾਰਨਾਂ, ਘਟਨਾਵਾਂ ਅਤੇ ਭਾਗ ਲੈਣ ਵਾਲੇ ਵਿਦਰੋਹੀਆਂ ਦੀ ਨਾਮਾਵਲੀ ਸੰਖੇਪ ਅਤੇ ਜੀਵਨ ਵੇਰਵਿਆਂ ਦਾ ਮਹੱਤਵਪੂਰਨ ਦਸਤਾਵੇਜ਼ ਹੈ। ਵਿਦਰੋਹਾਂ ਦੇ ਨਾਮ ਪੂਰਵ-1857 ਈਸਵੀ ਦੀਆਂ ਬਗਾਵਤਾਂ, 1857 ਦਾ ਗ਼ਦਰ, ਇਸ ਵਿਚ ਵੱਖ-ਵੱਖ ਜਾਤਾਂ ਅਤੇ ਧਰਮਾਂ ਦੇ ਲੋਕਾਂ ਦਾ ਯੋਗਦਾਨ, ਮਹਾਰਾਜ ਸਿੰਘ, ਨਾਮਧਾਰੀ ਸੰਪਰਦਾਇ, ਇਸ ਦਾ ਆਗਾਜ਼, ਨਾਮਧਾਰੀ ਸੂਬੇ, ਕੂਕਿਆਂ ਦੀਆਂ ਕੁਰਬਾਨੀਆਂ, ਸਾਰਾਗੜ੍ਹੀ ਦੀ ਜੰਗ, ਗ਼ਦਰ ਪਾਰਟੀ ਅਤੇ ਗ਼ਦਰ ਅਖ਼ਬਾਰ ਦੀ ਸਥਾਪਨਾ, ਯੁਗਾਂਤਰ ਆਸ਼ਰਮ, ਭਾਰਤੀਆਂ ਤੇ ਪੰਜਾਬੀਆਂ ਦਾ ਵਿਦੇਸ਼ਾਂ ਅਤੇ ਭਾਰਤ ਵਿਚ ਆਜ਼ਾਦੀ ਸੰਘਰਸ਼, ਗ਼ਦਰੀ ਝੰਡਾ, ਸਿੰਘਾਪੁਰ, ਜਰਮਨੀ, ਬਰਮਾ, ਕੈਨੇਡਾ ਅਤੇ ਅਮਰੀਕਾ ਵਿਚ ਗ਼ਦਰੀ ਗਤੀਵਿਧੀਆਂ, ਜਲ੍ਹਿਆਂਵਾਲੇ ਬਾਗ਼ ਦਾ ਸਾਕਾ, ਸਾਕੇ ਨਾਲ ਸਬੰਧਿਤ ਕਵਿਤਾ ਤੇ ਸਾਹਿਤ, ਲਾਹੌਰ ਸਾਜਿਸ਼ ਕੇਸ, ਸ਼ਹੀਦ ਊਧਮ ਸਿੰਘ ਅਤੇ ਜਲ੍ਹਿਆਂਵਾਲਾ ਬਾਗ਼, ਗ਼ਦਰੀ ਬਾਬਿਆਂ ਦੀਆਂ ਸੰਖੇਪ ਜੀਵਨੀਆਂ, ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਲਹਿਰ, ਨਨਕਾਣਾ ਸਾਹਿਬ ਤੇ ਜੈਤੋ ਦੇ ਮੋਰਚੇ, ਕਿਰਤੀ ਕਿਸਾਨ ਪਾਰਟੀ ਅਤੇ ਕਿਰਤੀ ਮੈਗਜ਼ੀਨ, ਆਜ਼ਾਦ ਹਿੰਦ ਫ਼ੌਜ, ਸੁਭਾਸ਼ ਚੰਦਰ ਬੋਸ ਤੇ ਹੋਰ ਸ਼ਹੀਦ ਅਤੇ ਹਿੰਦੋਸਤਾਨ ਵਿਚ ਗ਼ਦਰ ਲਹਿਰ ਦੇ ਫੇਲ੍ਹ ਹੋਣ ਦੇ ਕਾਰਨ ਹਨ।
ਭਾਰਤੀ ਆਜ਼ਾਦੀ ਸੰਗਰਾਮ ਨਾਲ ਸਬੰਧਿਤ ਭਾਵੇਂ ਸਾਹਿਤ ਅਤੇ ਇਤਿਹਾਸ ਦੇ ਖੇਤਰਾਂ ਵਿਚ ਅਨੇਕਾਂ ਕਿਤਾਬਾਂ ਵੱਖ-ਵੱਖ ਭਾਸ਼ਾਵਾਂ ਵਿਚ ਉਪਲਬਧ ਹਨ, ਪ੍ਰੰਤੂ ਹੱਥਲੀ ਕਿਤਾਬ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਕਿਸੇ ਗ਼ਦਰੀ, ਵਿਦਰੋਹੀ, ਦੇਸ਼ ਭਗਤ ਅਤੇ ਘਟਨਾ ਬਾਰੇ ਤੱਥਾਂ ਦੀ ਛਾਣਬੀਣ, ਪੁਨਰ ਮੁਲਾਂਕਣ ਅਤੇ ਇਤਿਹਾਸ ਲਿਖਣ ਕਲਾ ਦੀ ਕਸੌਟੀ 'ਤੇ ਪੂਰੀ ਉਤਰਦੀ ਹੈ। ਸੁਤੰਤਰਤਾ ਸੰਗਰਾਮ ਵਿਚ ਭਾਗ ਲੈਣ ਵਾਲੇ ਦੇਸ਼ ਭਗਤਾਂ ਦੇ ਨਾਂਅ, ਪਤੇ, ਸ਼ਹਾਦਤਾਂ, ਉਨ੍ਹਾਂ ਵਿਰੁੱਧ ਅਦਾਲਤੀ ਮੁਕੱਦਮੇ ਤੇ ਬਰਤਾਨਵੀ ਸਾਮਰਾਜੀ ਅਫ਼ਸਰਾਂ ਦੀਆਂ ਸਾਜਿਸ਼ਾਂ ਦੇ ਕੇਸਾਂ, ਮਿਤੀਆਂ ਬਾਰੇ ਇਤਿਹਾਸਕ ਵੇਰਵਿਆਂ ਤੇ ਟਿੱਪਣੀਆਂ ਸਮੇਤ ਵਿਸਥਾਰ ਪੂਰਵਕ ਢੰਗ ਨਾਲ ਗੁਰੂਮੇਲ ਸਿੰਘ ਸਿੱਧੂ ਦੀ ਵਿਗਿਆਨਕ ਖੋਜ ਅਤੇ ਪੰਜਾਬ ਅਤੇ ਭਾਰਤ ਦੇ ਇਤਿਹਾਸ ਨੂੰ ਪੰਜਾਬੀ ਭਾਸ਼ਾ ਵਿਚ ਸੰਭਾਲਣ ਹਿਤ ਕਾਰਜ ਉਸ ਦੀ ਇਤਿਹਾਸ ਅਤੇ ਵਿਰਾਸਤ ਪ੍ਰਤੀ ਦੂਰ-ਅੰਦੇਸ਼ੀ, ਨਿਰੰਤਰ ਲਗਨ ਨਾਲ ਯੋਗਦਾਨ ਪਾਉਣ ਦਾ ਪ੍ਰਮਾਣਿਕ ਸ੍ਰੋਤ ਹੈ।


-ਡਾ: ਮੁਹੰਮਦ ਇਦਰੀਸ
ਮੋ: 98141-71786


ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ
ਲੇਖਿਕਾ : ਸਰਬਜੀਤ ਕੌਰ ਬਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 228
ਸੰਪਰਕ : 0172-5002591.


ਹਥਲੀ ਪੁਸਤਕ ਲੋਕਧਾਰਾ, ਲੋਕਯਾਨ ਅਤੇ ਸੱਭਿਆਚਾਰ ਦੇ ਨਿਰਮਤ ਹੋਣ, ਇਸ ਦੇ ਵਿਕਾਸ ਪੜਾਵਾਂ ਦਾ ਅਧਿਐਨ ਅਤੇ ਅਜੋਕੀ ਪ੍ਰਸੰਗਤਾ 'ਚ ਇਸ ਦੇ ਸਰੂਪ ਸਿਧਾਂਤ ਦਾ ਪ੍ਰਗਟਾਵਾ ਹੈ। ਲੇਖਿਕਾ ਨੇ ਸੱਤ ਵਿਸ਼ੇਸ਼ਗਾਂ ਲੋਕਧਾਰਾ ਜਾਂ ਸੱਭਿਆਚਾਰ ਦੇ ਵਿਭਿੰਨ ਪਹਿਲੂਆਂ ਦੇ ਸਰੋਤ ਬਿੰਦੂਆਂ ਨੂੰ ਪਛਾਣਨ ਵਾਲਿਆਂ ਨਾਲ ਨਿੱਜੀ ਮੁਲਾਕਾਤਾਂ ਕੀਤੀਆਂ ਹਨ ਅਤੇ ਉਨ੍ਹਾਂ ਦੇ ਅੰਤਰੀਵੀ ਅਨੁਭਵਾਂ ਨੂੰ ਸਮਝਦਿਆਂ ਹੋਇਆਂ ਜੋ ਉਚਿਤ ਪ੍ਰਸ਼ਨ ਉੱਭਰਨੇ ਚਾਹੀਦੇ ਹਨ, ਉਨ੍ਹਾਂ ਸਭਨਾਂ ਨੂੰ ਉਭਾਰ ਕੇ ਉਨ੍ਹਾਂ ਰਾਹੀਂ ਖੋਜੀਆਂ ਦੀ ਸਮਝ ਅਤੇ ਖੋਜ-ਦ੍ਰਿਸ਼ਟੀ ਨੂੰ ਪੁਸਤਕ 'ਚ ਪੇਸ਼ ਕੀਤਾ ਹੈ।
ਮੁਲਾਕਾਤੀ ਲੇਖਿਕਾ ਨੇ ਪੁਸਤਕ ਵਿਚ ਪਹਿਲਾਂ ਮੁਲਾਕਾਤੀਆਂ ਦਾ ਜੀਵਨ ਬਿਊਰਾ ਦਿੱਤਾ ਹੈ। ਫਿਰ ਉਨ੍ਹਾਂ ਦੀਆਂ ਖੋਜ ਪੁਸਤਕਾਂ ਦਾ ਜ਼ਿਕਰ ਕੀਤਾ ਹੈ। ਫਿਰ ਉਨ੍ਹਾਂ ਦੁਆਰਾ ਸਥਾਪਤ ਕੀਤੇ ਕੀਰਤੀਮਾਨ ਅਤੇ ਉਨ੍ਹਾਂ ਦੁਆਰਾ ਖੋਜਾਰਥੀਆਂ ਨੂੰ ਨਵੇਂ ਨਵੇਂ ਦ੍ਰਿਸ਼ਟੀਕੋਣਾਂ ਤੋਂ ਕਰਵਾਏ ਖੋਜ ਕਾਰਜਾਂ ਬਾਬਤ ਜਾਣਕਾਰੀ ਦਿੱਤੀ ਹੈ। ਇਹ ਸੱਤ ਵਿਸ਼ੇਸ਼ਗ ਡਾ: ਕਰਨੈਲ ਸਿੰਘ ਥਿੰਦ, ਸੁਖਦੇਵ ਮਾਦਪੁਰੀ, ਡਾ: ਭੁਪਿੰਦਰ ਸਿੰਘ ਖਹਿਰਾ, ਡਾ: ਜੋਗਿੰਦਰ ਸਿੰਘ ਕੈਰੋਂ, ਡਾ: ਕਰਮਜੀਤ ਸਿੰਘ, ਡਾ: ਨਾਹਰ ਸਿੰਘ ਅਤੇ ਡਾ: ਗੁਰਮੀਤ ਸਿੰਘ ਹਨ। ਅਜਿਹੇ ਪ੍ਰਸਿੱਧੀ ਪ੍ਰਾਪਤ ਵਿਦਵਾਨਾਂ ਨਾਲ ਸੰਵਾਦ ਰਚਾਉਣਾ ਅਤੇ ਉਨ੍ਹਾਂ ਦੇ ਅੰਤਰੀਵੀ ਅਤੇ ਬਾਹਰੀ ਖੋਜ ਕਾਰਜਾਂ ਪ੍ਰਤੀ ਪ੍ਰਸ਼ਨ ਉਭਾਰਨੇ ਕੋਈ ਸੌਖਾ ਕਾਰਜ ਨਹੀਂ ਹੈ, ਜੋ ਸਰਬਜੀਤ ਕੌਰ ਬਾਵਾ ਨੇ ਕਰ ਵਿਖਾਇਆ ਹੈ। ਇਹ ਪੁਸਤਕ ਲੋਕਧਾਰਾ ਦੇ ਬੁਨਿਆਦੀ ਸਿਧਾਂਤਾਂ ਅਤੇ ਉਨ੍ਹਾਂ ਦੇ ਵਿਵਹਾਰਕ ਪੱਖ ਦਾ ਦਰਪਣ ਬਣ ਗਈ ਹੈ ਜੋ ਆਉਣ ਵਾਲੇ ਖੋਜਾਰਥੀਆਂ ਲਈ ਕਾਫੀ ਸਹਾਇਕ ਸਿੱਧ ਹੋ ਸਕਦੀ ਹੈ। ਪ੍ਰੰਤੂ ਲੇਖਿਕਾ ਨੂੰ ਇਸ ਖੇਤਰ ਵਿਚ ਹੋਰ ਗੰਭੀਰ ਕਾਰਜ ਕਰਕੇ ਇਸ ਕਾਰਜ ਖੇਤਰ ਵਿਚ ਹੋਰ ਉਚੇਰੀ ਸਫਲਤਾ ਪ੍ਰਾਪਤ ਕਰਨ ਵਾਲਿਆਂ ਬਾਬਤ ਵੀ ਜਾਣਕਾਰੀ ਲੈਣੀ ਅਤੇ ਉਸ ਦੀ ਪੇਸ਼ਕਾਰੀ ਕਰਨੀ ਲੋੜੀਂਦੀ ਬਣਦੀ ਹੈ ਜਿਸ ਸਦਕਾ ਪੰਜਾਬੀ ਲੋਕਧਾਰਾ ਸ਼ਾਸਤਰ ਬਾਰੇ ਹੋਰ ਚਿੰਤਕਾਂ ਦੇ ਕਾਰਜ ਨੂੰ ਵੀ ਸਮਝਿਆ ਜਾ ਸਕਦਾ ਹੈ।


-ਡਾ: ਜਗੀਰ ਸਿੰਘ ਨੂਰ
ਮੋ: 98142-09732


ਚੰਨ ਅਜੇ ਦੂਰ ਹੈ
ਗ਼ਜ਼ਲਕਾਰਾ : ਰਾਜਵਿੰਦਰ ਕੌਰ ਜਟਾਣਾ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 96
ਸੰਪਰਕ 97806-88270.


ਰਾਜਵਿੰਦਰ ਕੌਰ ਜਟਾਣਾ ਵੀ ਪੰਜਾਬੀ ਗ਼ਜ਼ਲ ਵਿਚ ਨਵਾਂ ਪ੍ਰਵੇਸ਼ ਹੈ, ਜਿਸ ਨੇ ਗ਼ਜ਼ਲ ਨੂੰ ਸੰਜੀਦਗੀ ਨਾਲ ਲਿਆ ਹੈ। ਉਸ ਨੇ ਥੋੜ੍ਹੇ ਸਮੇਂ ਵਿਚ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ। 'ਚੰਨ ਅਜੇ ਦੂਰ ਹੈ' ਉਸ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਚੁਰਾਸੀ ਗ਼ਜ਼ਲਾਂ ਸੰਕਲਿਤ ਹਨ। ਗ਼ਜ਼ਲ ਵਿਧਾਨ ਮੁਤਾਬਿਕ ਸਿਰਜੀ ਜਾਣ ਵਾਲੀ ਸਿਨਫ਼ ਹੈ ਤੇ ਇਸ ਦੀ ਸ਼ਬਦਾਵਲੀ ਦਾ ਵੀ ਇਕ ਦਾਇਰਾ ਹੁੰਦਾ ਹੈ। ਮੈਨੂੰ ਖ਼ੁਸ਼ੀ ਹੈ ਕਿ ਜਟਾਣਾ ਨੇ ਜ਼ਿਆਦਾਤਰ ਗ਼ਜ਼ਲ ਦੀਆਂ ਬੰਦਿਸ਼ਾਂ ਨੂੰ ਨਿਭਾਇਆ ਹੈ। ਉਸ ਦੇ ਕਈ ਸ਼ਿਅਰ ਪਾਠਕ ਦਾ ਧਿਆਨ ਖਿੱਚਦੇ ਹਨ ਤੇ ਊਰਜਾ ਨਾਲ ਭਰਪੂਰ ਹਨ। ਜਟਾਣਾ ਦਾ ਦੌਰ ਭਾਵੇਂ ਅਜੇ ਸ਼ੁਰੂਆਤੀ ਹੈ ਪਰ ਉਸ ਦੀ ਕਲਮ ਗ਼ਜ਼ਲ ਦੇ ਹੁਨਰ ਤੋਂ ਵਾਕਿਫ਼ ਹੈ। ਆਪਣੀ ਪਹਿਲੀ ਗ਼ਜ਼ਲ ਵਿਚ ਗ਼ਜ਼ਲਕਾਰਾ ਆਪਣੇ ਸ਼ਿਅਰਾਂ ਵਿਚ ਪੰਜਾਬੀ ਮਾਂ ਬੋਲੀ ਦੀ ਉਸਤਤ ਕਰਦੀ ਹੈ। ਇਸ ਤੋਂ ਬਾਅਦ ਉਹ ਅੱਥਰੀਆਂ ਲਹਿਰਾਂ ਨਾਲ ਅਠਖੇਲੀਆਂ ਕਰਦੀ ਹੈ ਤੇ ਆਪਣੇ ਚੌਗਿਰਦੇ ਨਾਲ ਸੰਵਾਦ ਰਚਾਉਂਦੀ ਹੈ। ਉਸ ਦੇ ਤਸੱਵਰ ਵਿਚ ਤਿੱਤਲੀਆਂ ਵੀ ਹਨ, ਰੰਗ ਵੀ ਤੇ ਖ਼ੁਸ਼ਬੂ ਵੀ। ਉਸ ਨੂੰ ਰੋਂਦੇ ਬਾਲ, ਟੁੱਟੇ ਤਾਰੇ ਤੇ ਦਿਲ ਦੇ ਟੁੱਟੇ ਸਾਜ਼ ਦੁੱਖ ਦਿੰਦੇ ਹਨ। ਲੋਕਾਂ ਨੂੰ ਭਰਮਾਅ ਰਹੇ ਨੇਤਾਵਾਂ ਨੂੰ ਉਹ ਜਾਣਦੀ ਹੈ ਤੇ ਸੱਤਾ 'ਤੇ ਕਾਬਜ਼ ਲੋਕਾਂ ਦੇ ਛਲਾਵਿਆਂ ਤੋਂ ਉਹ ਸੁਚੇਤ ਹੈ। ਉਸ ਦੇ ਸ਼ਿਅਰ ਰੰਗ-ਬਰੰਗੀ ਦੁਪਹਿਰਖਿੜੀ ਵਰਗੇ ਹਨ ਜੋ ਕਦੀ ਮੁਰਝਾ ਜਾਂਦੇ ਹਨ ਤੇ ਫਿਰ ਦੂਸਰੇ ਹਿੱਸੇ ਵਿਚ ਮੁੜ ਜੀਅ ਉਠਦੇ ਹਨ। ਇਨ੍ਹਾਂ ਵਿਚ ਉਦਾਸੀ ਤੇ ਖ਼ੁਸ਼ੀ ਦੀਆਂ ਪੱਤੀਆਂ ਬਰਾਬਰ ਨਜ਼ਰ ਆਉਂਦੀਆਂ ਹਨ। ਆਪਣੇ ਸ਼ਿਅਰਾਂ ਵਿਚ ਉਹ ਫ਼ਕੀਰੀ ਤੇ ਸਾਦਗੀ ਦਾ ਅਹਿਦ ਕਰਦੀ ਹੈ। ਗ਼ਜ਼ਲਕਾਰਾ ਜਟਾਣਾ ਦੀ ਗ਼ਜ਼ਲ ਦੀ ਸ਼ੁਰੂਆਤ ਖ਼ੂਬਸੂਰਤ ਹੈ, ਜਿਸ ਲਈ ਉਹ ਮੁਬਾਰਕ ਦੀ ਹੱਕਦਾਰ ਹੈ। ਇਸ ਪੁਸਤਕ ਦੀਆਂ ਗ਼ਜ਼ਲਾਂ ਵਿਚ ਕਿਤੇ-ਕਿਤੇ ਅਜਿਹਾ ਵੀ ਹੈ ਜੋ ਨਹੀਂ ਸੀ ਹੋਣਾ ਚਾਹੀਦਾ। ਖ਼ੈਰ, ਅਭਿਆਸ ਸਫ਼ਲਤਾ ਦੀ ਕੁੰਜੀ ਹੈ ਤੇ ਇਹ ਕੁੰਜੀ ਜਟਾਣਾ ਦੀਆਂ ਗ਼ਜ਼ਲਾਂ ਨੂੰ ਹੋਰ ਬਿਹਤਰ ਬਣਾਏਗੀ, ਇਹ ਮੇਰਾ ਯਕੀਨ ਹੈ।


-ਗੁਰਦਿਆਲ ਰੌਸ਼ਨ
ਮੋ: 99884-44002


ਇਕ ਟੱਕ ਹੋਰ

ਲੇਖਕ : ਸੁਰਿੰਦਰ ਸਿੰਘ ਰਾਏ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 135
ਸੰਪਰਕ : 97797-16824.


ਕਹਾਣੀਕਾਰ ਦਾ ਇਹ ਦਸਵਾਂ ਕਥਾ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਤ੍ਰੇਲ ਤੁਪਕਾ, ਮਿਸ ਕਾਲ, ਪੱਗ, ਕੰਟਰੈਕਟ ਮੈਰਿਜ, ਸ਼ੋਅਪੀਸ, ਸਟੇਟਸ ਸਿੰਬਲ, ਰਿਸ਼ੀ ਮਾਮਾ ਉਸ ਦੇ ਚਰਚਿਤ ਕਹਾਣੀ ਸੰਗ੍ਰਹਿ ਹਨ। ਇਸ ਪੁਸਤਕ ਵਿਚ ਨਵਰਚਿਤ ਦਸ ਕਹਾਣੀਆਂ ਹਨ। ਚਿੰਤਕ ਡਾ: ਲਾਭ ਸਿੰਘ ਖੀਵਾ (ਚੰਡੀਗੜ੍ਹ) ਨੇ ਪੁਸਤਕ ਬਾਰੇ ਵਿਸ਼ਲੇਸ਼ਣ ਕੀਤਾ ਹੈ। ਲੇਖਕ ਵਿਦੇਸ਼ ਵਿਚ ਰਹਿੰਦਾ ਹੈ ਪਰ ਪੰਜਾਬ ਦੇ ਸਮਾਜਿਕ ਜੀਵਨ, ਲੋਕਾਂ ਦਾ ਵਿਦੇਸ਼ਾਂ ਵਿਚ ਜਾਣ ਦਾ ਝੁਕਾਅ, ਸਮੱਸਿਆਵਾਂ ਤੇ ਪੰਜਾਬ ਦੇ ਆਰਥਿਕ ਮਸਲਿਆਂ ਬਾਰੇ ਕਹਾਣੀਆਂ ਲਿਖਦਾ ਵਿਦੇਸ਼ ਨਾਲ ਤੁਲਨਾ ਕਰਦਾ ਹੈ। ਉਸ ਦੀ ਕਥਾ ਸਮੱਗਰੀ ਦਾ ਦਾਇਰਾ ਵਿਸ਼ਾਲ ਹੈ। ਸਿਰਲੇਖ ਵਾਲੀ ਕਹਾਣੀ ਦਾ ਮੈਂ ਪਾਤਰ ਦੂਸਰੇ ਨੂੰ ਕਹਿ ਰਿਹਾ ਹੈ-ਚਾਚਾ ਜੀ ਚਲੋ ਮੈਂ ਥੋਨੂੰ ਇੰਗਲੈਂਡ ਘੁਮਾ ਕੇ ਲਿਆਉਨਾ ----ਚਾਚੇ ਦਾ ਉੱਤਰ ਹੈ-ਅੱਛਾ! ਤੂੰ ਚਾਹੁੰਨਾ ਏਂ ਮੈਂ ਹੁਣ ਗੋਰਿਆਂ ਦੀ ਗੁਲਾਮੀ ਕਰਾਂ। ਐਥੇ ਆਪਣੀ ਸਰਦਾਰੀ ਆ । ਉਹ ਅਮੀਰ ਐਨਾ ਹੈ ਕਿ ਲੋਕਾਂ ਨੂੰ ਮੂੰਹ ਮੰਗੀ ਰਕਮ ਉਧਾਰ ਦੇਈ ਜਾਂਦਾ ਹੈ। ਕੋਈ ਮੋੜੇ ਭਾਵੇਂ ਨਾ।
ਕੁਝ ਸਮੇਂ ਪਿੱਛੋਂ ਫ਼ੋਨ 'ਤੇ ਮੈਂ ਪਾਤਰ ਦੀ ਚਾਚੇ ਨਾਲ ਫਿਰ ਗੱਲ ਹੁੰਦੀ ਹੈ --- ਚਾਚੇ ਦੇ ਬੇਵਸੀ ਦੇ ਬੋਲ ਹਨ। ਕਾਕਾ ਏਧਰ ਤਾਂ ਹਾਲਾਤ ਗਾਹਾਂ ਦੀ ਗਾਹਾਂ ਬਿਗੜੀ ਜਾਂਦੇ ਐ' ਸਾਰੇ ਲੋਕਾਂ ਨੇ ਆਪਣੇ ਮੁੰਡੇ ਬਾਹਰ ਕੱਢਤੇ। ਪਹਿਲਾਂ ਕਿਰਸਾਨੀ ਨੂੰ ਟੱਕ ਲਗਾ ਸੀ, ਹੁਣ ਨੌਜਵਾਨੀ ਨੂੰ ਟੱਕ ਵੱਜ ਗਿਆ। ਕਹਾਣੀ ਵਿਦੇਸ਼ ਜਾਣ ਦੀ ਲੱਗੀ ਦੌੜ ਨੂੰ ਉੱਚਿਤ ਠਹਿਰਾਉਂਦੀ ਹੈ। ਫੇਕ ਆਈ ਡੀ ਵਿਚ ਲੇਖਕ ਆਪਣੇ ਪ੍ਰਾਇਮਰੀ ਸਕੂਲ ਦੀਆਂ ਯਾਦਾਂ ਨੂੰ ਲਿਖਦਾ ਹੈ। ਵੋਟਾਂ ਮੌਕੇ ਪਿੰਡ ਦੀ ਟੁੱਟਦੀ ਖੂਨ ਵਿਚਲੀ ਭਾਈਚਾਰਕ ਸਾਂਝ ਦਾ ਕਲਾਮਈ ਜ਼ਿਕਰ ਹੈ। ਪਰ ਸਿਰਲੇਖ ਅਧੂਰਾ ਹੈ। ਕਹਾਣੀ ਸਪੈਸੀਮਨ ਵਿਚ ਅਧਿਆਪਕ ਦੀ ਪੁਸਤਕ ਵਿਕਰੇਤਾ ਨਾਲ ਸੇਵਾ-ਮੁਕਤੀ ਤੱਕ ਨਿਭੀ ਸਾਂਝ ਤੇ ਮੁਹੱਬਤ ਦੀ ਝਲਕ ਹੈ। ਸਿਰਲੇਖ ਢੁੱਕਵਾਂ ਨਹੀਂ। ਕਹਾਣੀਆਂ ਦਾ ਨਿਭਾਅ ਦਿਲਚਸਪ ਹੈ। ਪੁਸਤਕ ਦੀ ਭਾਸ਼ਾ ਸੰਵਾਦ ਸਰਲ ਤੇ ਸਹਿਜ ਤੋਰ ਹੈ। ਗ਼ਰੀਬੀ, ਮਾੜੀ ਆਰਥਿਕਤਾ ਕਹਾਣੀਆਂ ਵਿਚ ਹੈ ਪਰ ਇਸ ਦਾ ਹੱਲ ਵਿਦੇਸ਼ ਜਾਣ ਵਿਚ ਹੀ ਰਹਿ ਗਿਆ ਹੈ? ਪੁਸਤਕ ਪੜ੍ਹਨ ਵਾਲੀ ਹੈ। ਕਥਾ ਸੰਸਾਰ ਵਿਚ ਵਾਧਾ ਕਰਦੀ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160


ਚਿਹਨ ਵਿਗਿਆਨਕ ਅਧਿਐਨ ਵਿਧੀ
ਅਤੇ ਪੰਜਾਬੀ ਨਾਟਕ
ਲੇਖਿਕਾ : ਡਾ: ਗੁਰਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 184
ਸੰਪਰਕ : 99145-08856.


ਚਿਹਨ ਵਿਗਿਆਨਕ ਅਧਿਐਨ ਵਿਧੀ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਮਾਡਲਾਂ 'ਤੇ ਆਧਾਰਿਤ ਹੈ। ਡਾ: ਗੁਰਪ੍ਰੀਤ ਕੌਰ ਨੇ ਇਸ ਵਿਧੀ ਦਾ ਨਿੱਠ ਕੇ ਅਧਿਐਨ ਕਰਨ ਉਪਰੰਤ ਪੰਜਾਬੀ ਦੇ 8 ਨਾਟਕਾਂ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਉਨ੍ਹਾਂ ਦਾ ਇਸ ਵਿਧੀ ਅਨੁਸਾਰ ਸਾਰਥਕ ਮੁਲਾਂਕਣ ਕੀਤਾ ਹੈ। ਉਸ ਨੇ ਆਪਣੇ ਅਧਿਐਨ ਲਈ ਫਰਦੀਨਾ-ਦ-ਸੋਸਿਊਰ ਵਲੋਂ ਪੇਸ਼ ਕੀਤੀ ਗਈ ਭਾਸ਼ਨ ਚਿਹਨਾਂ ਦੀ ਦੁਵੰਡ ਲੜੀਵਾਰ (ਸਿੰਟੈਗਮੈਟਿਕ) ਅਤੇ ਸਹਿਚਾਰੀ (ਪੈਰਾ ਡਿਗਮੈਟਿਕ) ਦੀ ਚੋਣ ਕਰਕੇ ਆਪਣਾ ਖੋਜ ਕਾਰਜ ਮੁਕੰਮਲ ਕੀਤਾ ਹੈ। ਹਰ ਨਾਟਕ ਦਾ ਅਧਿਐਨ ਕਰਦਿਆਂ ਲੜੀਵਾਰ ਦ੍ਰਿਸ਼ਟੀ ਤੋਂ ਅਨੇਕਾਂ ਚਿਹਨਾਂ ਦੀ ਨਿਸ਼ਾਨਦੇਹੀ ਕੀਤੀ ਹੈ। ਫਿਰ ਇਨ੍ਹਾਂ ਨਾਟਕਾਂ 'ਚੋਂ ਸਹਿਚਾਰੀ ਅਰਥ ਇਕਾਈਆਂ ਰਿੜਕ ਕੇ ਬੜੇ ਮੁੱਲਵਾਨ ਨਤੀਜੇ (ਨਿਸ਼ਕਰਸ਼) ਪ੍ਰਾਪਤ ਕੀਤੇ ਹਨ। ਮਸਲਨ : ਕਿਰਸਾਨੀ ਦਾ ਬਹੁ-ਪਾਸਾਰੀ ਸੰਕਟ, ਸਦਾਚਾਰਕ ਕੀਮਤਾਂ ਦਾ ਪਤਨ, ਔਰਤ ਦਾ ਸਦੀਵੀ ਸੰਕਟ (ਔਲਖ-ਇਕ ਰਮਾਇਣ ਹੋਰ), ਸਮਾਜਿਕ ਸੰਰਚਨਾ ਦਾ ਜਟਿਲ ਵਰਤਾਰਾ, ਜਾਇਦਾਦ ਦੁਆਰਾ ਸਮਾਜਿਕ ਰੁਤਬਾ, ਮਨੁੱਖੀ ਰਿਸ਼ਤਿਆਂ ਦਾ ਦੰਭ ਜਾਂ ਬੇਬਸੀ, ਔਰਤ ਦੀ ਤ੍ਰਾਸਦੀ, ਛੋਟੀ ਕਿਰਸਾਨੀ ਦਾ ਬੌਧਿਕ ਦੀਵਾਲੀਆਪਨ (ਸਲਵਾਨ-ਔਲਖ), ਮਾਨਵੀ ਅਸਤਿੱਤਵ ਲਈ ਸੰਘਰਸ਼, ਔਰਤ ਦੀ ਨਿਮਨ ਸਥਿਤੀ, ਕਾਮ ਅਕਾਂਖਿਆਵਾਂ ਦੀ ਅਪੂਰਤੀ ਅਤੇ ਮਾਨਸਿਕ ਉਲਾਰਤਾ (ਪੂਰਨ-ਆਤਮਜੀਤ), ਸ਼ੋਸ਼ਣਕਾਰੀ ਪ੍ਰਬੰਧ ਦਾ ਰਾਜਨੀਤਕ ਅਵਚੇਤਨ, ਜਾਤ-ਪਾਤ ਵਿਤਕਰੇ, ਧਾਰਮਿਕ ਡੇਰਿਆਂ ਦੀ ਬਦਕਾਰੀ, ਔਰਤ ਤ੍ਰਾਸਦੀ (ਇੰਦੂਮਤੀ ਸਤਿਦੇਵ-ਚਰਨ ਦਾਸ ਸਿੱਧੂ), ਭੋਇੰਹੀਣ ਵਰਗ ਦਾ ਸੰਕਟ, ਯੁਵਾ ਵਰਗ ਵਿਚ ਆ ਰਹੀ ਚੇਤੰਨਤਾ, ਔਰਤ ਸੰਕਟ (ਬਾਬਾ ਬੰਤੂ-ਸਿੱਧੂ), ਧਰਮ-ਕਰਮ/ਪਾਪ-ਪੁੰਨ ਤਨਾਓ, ਧਾਰਮਿਕ ਫਾਸ਼ੀਵਾਦ, ਔਰਤ-ਸ਼ੂਦਰਾਂ ਦੀ ਹਾਲਤ, ਧਰਮ ਅਤੇ ਰਾਜਨੀਤੀ, ਅਸਲੀ ਮੁਕਤੀ (ਧਰਮ ਗੁਰੂ-ਸਵਰਾਜਬੀਰ) ਸ਼੍ਰੇਣੀ ਸੰਘਰਸ਼, ਦਮਿਤ ਇਤਿਹਾਸ ਦੀ ਤਲਾਸ਼, ਦਲਿਤ-ਚੇਤਨਾ (ਕ੍ਰਿਸ਼ਨ-ਸਵਰਾਜਬੀਰ), ਕਤਲ ਅਤੇ ਖ਼ੁਦਕੁਸ਼ੀ, ਔਰਤ ਦਾ ਅਸਤਿੱਤਵ, ਆਰਥਿਕ ਸਥਿਤੀ ਬਨਾਮ ਸਮਾਜਿਕ ਰੁਤਬਾ, ਸਿੱਖ ਧਰਮ ਅਤੇ ਡੇਰਾ ਕਲਚਰ, ਧਰਮ ਅਤੇ ਰਾਜਨੀਤੀ (ਸਵਰਾਜਬੀਰ ਦਾ ਨਾਟਕ 'ਮੇਦਨੀ')। ਇਉਂ ਲੜੀਵਾਰ ਅਧਿਐਨ ਨਾਲ ਪਾਠਕਾਂ ਨੂੰ ਕਥਾਨਕ ਦੀ ਅਤੇ ਉੱਭਰਦੇ ਚਿਹਨਾਂ ਦੀ ਜਾਣਕਾਰੀ ਅਤੇ ਸਹਿਚਾਰੀ ਅਰਥ ਇਕਾਈਆਂ ਦੀ ਪ੍ਰਸਤੁਤੀ ਦੁਆਰਾ ਨਾਟਕਕਾਰਾਂ ਦੇ ਰਚਨਾ ਪਿੱਛੇ ਉਦੇਸ਼ ਸਪੱਸ਼ਟ ਸਮਝ ਆ ਜਾਣੇ ਸੁਭਾਵਿਕ ਹਨ। ਇਹ ਖੋਜ ਕਾਰਜ ਖੋਜਾਰਥੀ ਦੀ ਪ੍ਰਤਿਭਾ ਦਾ ਚਿੰਨ੍ਹ ਹੋ ਨਿੱਬੜਿਆ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਚੌਦ੍ਹਵਾਂ ਚਾਨਣ
ਲੇਖਕ : ਕਮਲ ਬੰਗਾ ਸੈਕਰਾਮੈਂਟੋ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ (ਰਜਿ:) ਪਲਾਹੀ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 98158-02070.


ਹਥਲਾ ਗ਼ਜ਼ਲ-ਸੰਗ੍ਰਹਿ 'ਚੌਦਵਾਂ ਚਾਨਣ' ਕਮਲ ਬੰਗਾ ਸੈਕਰਾਟਮੈਂਟੋ ਦੀ ਚੌਦਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਜ਼ਿਕਰਯੋਗ ਲੰਮਾ ਸਾਹਿਤਕ ਸਫ਼ਰ ਹੈ। ਵਿਦੇਸ਼ ਵਿਚ ਵਸਦੇ ਮਾਂ-ਬੋਲੀ ਪੰਜਾਬੀ ਦੇ ਇਸ ਸਿਰੜੀ ਸਪੂਤ ਦੇ ਮਨ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਅੰਤਾਂ ਦਾ ਪਿਆਰ ਅਤੇ ਫ਼ਿਕਰਮੰਦੀ ਹੈ। ਜਦੋਂ ਵੀ ਪੰਜਾਬ ਦੀ ਧਰਤੀ 'ਤੇ ਕੁਝ ਚੰਗਾ ਜਾਂ ਮਾੜਾ ਵਾਪਰਦਾ ਹੈ ਤਾਂ ਉਹ ਵਰਤਾਰਾ ਹੋਰਨਾਂ ਪੰਜਾਬੀਆਂ ਵਾਂਗ ਇਨ੍ਹਾਂ ਨੂੰ ਵੀ ਬੇਹੱਦ ਪ੍ਰਭਾਵਿਤ ਕਰਦਾ ਹੈ। ਕਿਸੇ ਸਮੇਂ ਸੋਨੇ ਦੀ ਚਿੜੀ ਸਮਝੇ ਜਾਂਦੇ ਪੰਜਾਬ ਦੀ ਵਰਤਮਾਨ ਦਸ਼ਾ ਅਤੇ ਦਿਸ਼ਾ ਨੂੰ ਉਹ ਇਸ ਤਰ੍ਹਾਂ ਬਿਆਨ ਕਰਦੇ ਹਨ-
ਜਦ ਵੀ ਗੱਲ ਕਰਾਂ ਉਦਾਸੇ ਗੁਲਾਬ ਦੀ।
ਸੂਰਤ ਸਾਹਮਣੇ ਆ ਜਾਂਦੀ ਏ ਪੰਜਾਬ ਦੀ।
ਤਸੱਲੀ ਵਾਲੀ ਗੱਲ ਹੈ ਕਿ ਲਿਖਣਾ ਕਮਲ ਬੰਗਾ ਦਾ ਸ਼ੌਕ ਨਹੀਂ ਹੈ ਬਲਕਿ ਉਨ੍ਹਾਂ ਦੀ ਗ਼ਜ਼ਲ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਅਪੰਗ ਕੀਤੇ ਜਾ ਰਹੇ ਆਮ ਆਦਮੀ ਨੂੰ ਜਾਗਰੂਕ ਕਰ ਕੇ ਸੰਘਰਸ਼ ਦੇ ਰਾਹ ਪਾਉਣ ਦਾ ਕਲਿਆਣਕਾਰੀ ਕਾਰਜ ਕਰਦੀ ਸਪੱਸ਼ਟ ਦਿਖਾਈ ਦਿੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਪਰਿਵਰਤਨ ਹੀ ਕੁਦਰਤ ਦਾ ਅਟੱਲ ਨਿਯਮ ਹੈ ਅਤੇ ਦੁਨੀਆ ਦੀ ਹਰ ਸ਼ੈਅ ਪਰਿਵਰਤਨ ਲਈ ਹੀ ਯਤਨਸ਼ੀਲ ਹੈ-
ਪੱਤਝੜ 'ਚ ਪੱਤੇ ਝੜਦੇ ਤੇ ਬਸੰਤ 'ਚ ਨਵੇਂ ਆਉਂਦੇ,
ਸੋਚੋ ਤਾਂ ਇਹ ਵੀ ਸੱਜਣੋ ਮੌਸਮਾਂ ਦੀ ਜੰਗ ਹੈ।
ਕਮਲ ਬੰਗਾ ਦਿਖਾਈ ਦਿੰਦੇ ਸੱਚ ਦੇ ਨਾਲ-ਨਾਲ ਮੁਖੌਟਿਆਂ ਪਿੱਛੇ ਲੁਕੇ ਚਿਹਰਿਆਂ ਨੂੰ ਵੀ ਬਾਖ਼ੂਬੀ ਪਛਾਣਦੇ ਹਨ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਮਨੁੱਖ ਹੋਣਾ ਵੀ ਉਹੋ ਜਿਹਾ ਹੀ ਚਾਹੀਦਾ ਹੈ, ਜਿਹੋ ਜਿਹਾ ਉਹ ਦਿਸਣਾ ਚਾਹੁੰਦਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਵਿਚਰਨ ਕਾਰਨ ਉਨ੍ਹਾਂ ਕੋਲ ਵਿਸ਼ਵ ਪੱਧਰ ਦਾ ਗਿਆਨ ਵੀ ਹੈ ਅਤੇ ਤਜਰਬਾ ਵੀ। ਜੇਕਰ ਵਜ਼ਨ-ਬਹਿਰ ਅਤੇ ਤੋਲ-ਤੁਕਾਂਤ ਵੱਲ ਧਿਆਨ ਦਿੱਤਾ ਜਾਵੇ ਤਾਂ ਨਿਰਸੰਦੇਹ ਉਨ੍ਹਾਂ ਦੀ ਲੇਖਣੀ ਨਵੇਂ ਦਿਸਹੱਦਿਆਂ ਦੀ ਸਿਰਜਣਾ ਕਰਨ ਦੀਆਂ ਸੰਭਾਵਨਾਵਾਂ ਰੱਖਦੀ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027.

12-11-2020

 ਪੈਰੋਂ ਪੈੜਾਂ
ਕਵੀ : ਟਹਿਲ ਸਿੰਘ ਚਾਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98152-98459.

ਪਰਵਾਸੀ ਕਵੀ ਸ: ਟਹਿਲ ਸਿੰਘ ਚਾਹਲ ਪਿਛਲੇ ਪੰਜ-ਸੱਤ ਵਰ੍ਹਿਆਂ ਤੋਂ ਕਾਵਿ-ਕਰਮ ਦੇ ਖੇਤਰ ਵਿਚ ਸਰਗਰਮ ਹੈ। ਹਥਲਾ ਸੰਗ੍ਰਹਿ 'ਪੈਰੋਂ ਪੈੜਾਂ' ਉਸ ਦੀ ਪੰਜਵੀਂ ਕਾਵਿ ਪੁਸਤਕ ਹੈ। ਇਨ੍ਹਾਂ ਤੋਂ ਪਹਿਲਾਂ 1974 ਈ: ਵਿਚ ਅੱਜ ਤੋਂ ਲਗਪਗ 46 ਵਰ੍ਹੇ ਪਹਿਲਾਂ ਉਸ ਨੇ 'ਦੀਨ ਤੇ ਦੁਨੀਆ' ਆਪਣੇ ਇਕਲੌਤੇ ਨਾਵਲ ਦੀ ਸਿਰਜਣਾ ਕੀਤੀ ਸੀ। ਫਿਰ ਬੱਝਵਾਂ ਵਕਤ ਨਾ ਮਿਲਣ 'ਤੇ ਜਾਂ ਨਾਵਲੀ ਬਿਰਤਾਂਤ ਵਿਚ ਉਸ ਦੀ ਦਿਲਚਸਪੀ ਨਾ ਰਹੀ ਹੋਣ ਕਰਕੇ ਉਹ ਸਿਰਫ ਕਵਿਤਾਵਾਂ ਹੀ ਲਿਖਦਾ ਆ ਰਿਹਾ ਹੈ। ਉਹ ਉਦੇਸ਼ਪੂਰਨ ਕਵਿਤਾ ਲਿਖਦਾ ਹੈ, ਜਿਸ ਉੱਪਰ ਅਧਿਆਤਮਵਾਦ ਦਾ ਡੂੰਘਾ ਪ੍ਰਭਾਵ ਹੈ। ਉਹ 'ਪੈੜਾਂ' (ਪਰੰਪਰਾ/ਟ੍ਰੈਡੀਸ਼ਨ) ਦੇ ਮਹੱਤਵ ਨੂੰ ਸਵੀਕਾਰ ਕਰਦਾ ਹੈ। ਉਹ ਕਈ ਵਾਰ ਇਹ ਸੰਦੇਸ਼ ਦਿੰਦਾ ਹੈ ਕਿ ਕੋਈ ਮਨੁੱਖ ਵਿਰਸੇ ਵਿਚੋਂ ਪ੍ਰਾਪਤ 'ਪੈੜਾਂ' ਦੇ ਸਹਾਰੇ ਆਪਣੀ ਮੰਜ਼ਿਲ ਉੱਪਰ ਪਹੁੰਚ ਸਕਦਾ ਹੈ। ਉਸ ਦੀ ਇਕ ਹੋਰ ਚਾਹਤ ਹੈ ਕਿ ਹਰ ਮਨੁੱਖ ਆਪਣੀਆਂ ਨਿਵੇਕਲੀਆਂ ਪੈੜਾਂ ਛੱਡ ਕੇ ਇਸ ਨਾਸ਼ਵਾਨ ਜਗਤ ਤੋਂ ਰੁਖ਼ਸਤ ਹੋਵੇ। ਉਸ ਦੀਆਂ ਕਵਿਤਾਵਾਂ ਆਮ ਆਦਮੀ ਦੇ ਮਨ ਵਿਚ ਅਗਾਂਹ ਵਧਣ ਦਾ ਇਕ ਜਜ਼ਬਾ ਵੀ ਪੈਦਾ ਕਰਦੀਆਂ ਹਨ। ਕਵੀ ਦੀ ਸੋਚ ਅਨੁਸਾਰ ਕਿਸੇ ਛੰਦਬੱਧ ਰਚਨਾ ਨੂੰ ਹੀ ਮਿਆਰੀ ਕਵਿਤਾ ਦਾ ਦਰਜਾ ਦਿੱਤਾ ਜਾ ਸਕਦਾ ਹੈ। ਸੋ, ਸੁਭਾਵਿਕ ਹੀ ਉਹ ਵੀ ਛੰਦਬੱਧ ਕਾਵਿ ਦੀ ਰਚਨਾ ਕਰਦਾ ਹੈ। ਪਰ ਛੰਦ-ਵਿਧਾਨ ਵਿਚ ਅਜੇ ਉਸ ਨੂੰ ਪੂਰਨ ਪਰਿਪੱਕਤਾ ਹਾਸਲ ਨਹੀਂ ਹੋਈ। ਅਜੇ ਉਸ ਨੂੰ ਇਸ ਕਲਾ ਉੱਪਰ ਹੋਰ ਅਭਿਆਸ ਕਰਨ ਦੀ ਜ਼ਰੂਰਤ ਹੈ। ਪਰ ਵਿਚਾਰ ਪੱਖੋਂ ਉਸ ਦੀਆਂ ਕਵਿਤਾਵਾਂ ਮਾਲਾਮਾਲ ਹਨ। ਇਨ੍ਹਾਂ ਵਿਚ ਵਿਚਾਰਾਂ ਦੀ ਕੋਈ ਘਾਟ ਨਹੀਂ ਖਟਕਦੀ। ਇਸ ਪ੍ਰਸੰਗ ਵਿਚ ਉਸ ਦੀ ਇਕ ਕਵਿਤਾ ਦੇ ਕੁਝ ਅੰਸ਼ ਵੇਖੋ :
ਪੈਰਾਂ ਦੀ ਪੈੜ ਜਿਨ੍ਹਾਂ ਦੱਬੀ
ਮੱਲੀਆਂ ਮੰਜ਼ਲਾਂ ਜਾਣੀ
ਹੁੱਜਤ ਨਹੀਂ ਤੁਰਨੋਂ,
ਪੈਰੀਂ ਜੁੱਤੀ ਭਾਵੇਂ ਅੱਧੋਰਾਣੀ
.. .. .. .. .. .. .. .. .. ..

ਮਿੱਟੀ 'ਚੋਂ ਹੀ ਸੰਸਾਰ ਉਪਜਦਾ,
ਮਿੱਟੀ ਨੂੰ ਰੱਬ ਜਾਣੀ
ਮਿੱਟੀ ਦੇ ਬਾਵਿਆ ਤੇਰੇ 'ਪੈਰੋਂ
ਪੈੜਾਂ' ਛਪਦੀਆਂ ਜਾਣੀ (ਪੰਨਾ 69)

'ਸ਼ਬਦ ਹੀ ਗੁਰੂ' ਵਿਚ ਕਵੀ ਪਾਠਕਾਂ ਨੂੰ ਸ਼ਬਦ-ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੰਦਾ ਹੈ। ਇਕ ਹੋਰ ਕਵਿਤਾ ਵਿਚ ਉਹ ਆਪਣੇ ਆਪ ਨੂੰ 'ਜੰਗਲੀ ਗੁਲਾਬ' ਨਾਲ ਤੁਲਨਾ ਦਿੰਦਾ ਹੈ। ਪ੍ਰਕਿਰਤੀ ਦੇ ਬਹੁਤ ਸਾਰੇ ਵੇਰਵੇ ਅਤੇ ਬਿੰਬ ਉਸ ਦੀਆਂ ਕਵਿਤਾਵਾਂ ਵਿਚੋਂ ਝਾਤੀਆਂ ਮਾਰਦੇ ਹਨ। ਉਹ ਮੌਤ ਨੂੰ ਕੋਈ ਬਹੁਤੀ ਅਣਹੋਣੀ ਘਟਨਾ ਨਹੀਂ ਮੰਨਦਾ, ਬਲਕਿ ਇਸ ਨੂੰ ਇਕ ਕੁਦਰਤੀ ਵਰਤਾਰੇ ਦਾ ਨਾਂਅ ਦਿੰਦਾ ਹੈ। ਇਸ ਤਰ੍ਹਾਂ ਉਹ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲਾ ਇਕ ਸੂਝਵਾਨ ਅਤੇ ਸੰਵੇਦਨਸ਼ੀਲ ਕਵੀ ਸਿੱਧ ਹੁੰਦਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਿਲਸਿਲੇ
ਲੇਖਕ : ਕਿਰਪਾਲ ਕਜ਼ਾਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 126
ਸੰਪਰਕ : 98726-44428.

2019 ਸਾਹਿਤ ਅਕਾਦਮੀ ਐਵਾਰਡ ਜੇਤੂ ਕਿਰਪਾਲ ਕਜ਼ਾਕ ਪੰਜਾਬੀ ਕਹਾਣੀ ਦਾ ਨਾਮਵਰ ਹਸਤਾਖ਼ਰ ਹੈ, ਜਿਸ ਦੇ ਵਿਚਾਰ ਅਧੀਨ ਕਹਾਣੀ-ਸੰਗ੍ਰਹਿ ਤੋਂ ਪਹਿਲਾਂ ਛੇ ਕਹਾਣੀ-ਸੰਗ੍ਰਹਿ ਅਤੇ ਦਰਜਨ ਤੋਂ ਵੱਧ ਖੋਜ ਆਧਾਰਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਕਹਾਣੀ-ਸੰਗ੍ਰਹਿ ਦੀਆਂ ਕੁੱਲ ਛੇ ਕਹਾਣੀਆਂ ਜ਼ਿੰਦਗੀ ਦੀਆਂ ਥੁੜਾਂ ਭੋਗਦੇ ਵਿਅਕਤੀਆਂ ਦੇ ਦਰਦ-ਸੰਤਾਪ ਦੀਆਂ ਕਹਾਣੀਆਂ ਹਨ।
ਕਜ਼ਾਕ ਦੀ ਬਿਰਤਾਂਤਕਤਾ ਦਾ ਕੇਂਦਰ ਉਹ ਕਿਰਤੀ ਵਰਗ ਹੈ ਜੋ ਜਗੀਰਦਾਰੀ, ਧਰਮ ਅਤੇ ਜਮਾਤੀ ਬਣਤਰ ਕਾਰਨ ਜ਼ੁਲਮ, ਜ਼ਿੱਲਤ ਅਤੇ ਤਲਖ਼ੀਆਂ ਝੱਲਦੇ ਹੋਏ ਆਰਥਿਕ ਸੰਕਟਾਂ ਵਿਚ ਗ੍ਰਸੇ ਹੋਏ ਹਨ। ਆਪਣੇ ਇਸ ਕਹਾਣੀ-ਸੰਗ੍ਰਹਿ ਵਿਚ ਉਸ ਨੇ ਉੱਚੀਆਂ ਜਾਤੀਆਂ ਦੇ ਫੋਕੇ ਲੋਕ ਵਿਖਾਵੇ ਨੂੰ ਆਧਾਰ ਬਣਾਇਆ ਹੈ ਤੇ ਕਰਜ਼ੇ ਵਿਚ ਡੁੱਬੀ ਛੋਟੀ ਕਿਰਸਾਨੀ ਕਾਰਨ ਵਿਗੋਚੇ ਭੋਗਦੇ ਲੋਕਾਂ ਨੂੰ ਚਿਤਰਤ ਕੀਤਾ ਹੈ। 'ਤਲਾਕ' ਕਹਾਣੀ ਜਿਥੇ ਧਰਮ ਤੇ ਝੂਠੀ ਸ਼ਰਧਾ ਦੇ ਪਾਜ ਖੋਲ੍ਹਦੀ ਹੈ, ਉਥੇ 'ਸਦਗਤੀ' ਜ਼ਿਮੀਂਦਾਰੀ ਸਿਸਟਮ ਵਿਚ ਨਿਮਨ ਮਜ਼ਦੂਰ ਵਰਗ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਸਾਹਮਣੇ ਲਿਆਉਂਦੀ ਹੈ। 'ਫ਼ਰਿਸ਼ਤੇ' ਅਤੇ 'ਰਣ ਖੇਤਰ' ਕਹਾਣੀਆਂ ਵਿਚ ਛੋਟੇ ਕਿਸਾਨਾਂ ਅਤੇ ਨਿਮਨ ਵਰਗ ਕਾਮਿਆਂ ਦੀ ਮੰਦੀ ਆਰਥਿਕ ਹਾਲਤ ਵਿਸ਼ਾ ਬਣਦੀ ਹੈ ਅਤੇ 'ਇੱਛਾਧਾਰੀ' ਅਤੇ 'ਕੀੜਿਆਂ ਦਾ ਭੌਣ' 'ਚ ਇਸ ਗੱਲ ਵੱਲ ਇਸ਼ਾਰਾ ਕੀਤਾ ਗਿਆ ਹੈ ਕਿ ਇਸ ਸ਼ੋਸ਼ਣ ਦਾ ਅਸਲ ਕਾਰਨ ਲੋਕਾਂ ਦੀ ਮਾਨਸਿਕਤਾ ਦੁਆਰਾ ਇਨ੍ਹਾਂ ਜ਼ੁਲਮਾਂ ਅਤੇ ਸੰਤਾਪਾਂ ਨੂੰ ਆਪਣੀ ਕਿਸਮਤ ਮੰਨ ਲੈਣਾ ਹੀ ਹੈ। ਕਹਾਣੀਕਾਰ ਨੇ ਸਰਮਾਏਦਾਰ ਅਤੇ ਮਜ਼ਦੂਰ ਵਰਗ ਵਿਚਲੇ ਪਾੜੇ ਅਤੇ ਖਿੱਚੋਤਾਣ ਨਾਲ ਜੂਝਦੇ ਇਨ੍ਹਾਂ ਪਾਤਰਾਂ ਨੂੰ ਨਿਪੁੰਨਤਾ ਨਾਲ ਸਿਰਜਿਆ ਹੈ।
ਪਾਤਰਾਂ ਦੇ ਮਾਨਸਿਕ ਦਵੰਦਾਂ ਨਾਲ ਆਂਤਰਿਕ ਵਿਵੇਕ ਦਾ ਸਿਰਜਣ ਕਹਾਣੀਕਾਰ ਦੀ ਖ਼ਾਸ ਕਲਾ ਦਾ ਸੂਚਕ ਬਣਦਾ ਹੈ ਅਤੇ ਪੇਂਡੂ ਸੱਭਿਆਚਾਰ ਦੀ ਖ਼ੂਬਸੂਰਤ ਪੇਸ਼ਕਾਰੀ ਉਸ ਦੇ ਅਨੁਭਵ ਅਤੇ ਖੋਜ ਨੂੰ ਦਰਸਾਉਂਦੀ ਹੈ। ਭਾਸ਼ਾ ਮੁਹਾਵਰਿਆਂ, ਅਖੌਤਾਂ ਨਾਲ ਭਰਪੂਰ ਹੋਣ ਕਾਰਨ ਨਿੱਗਰ ਤੇ ਠੋਸ ਪ੍ਰਤੀਤ ਹੁੰਦੀ ਹੈ ਅਤੇ ਚਿੰਨ੍ਹਾਂ, ਸੰਕੇਤਾਂ ਦੀ ਸੁਭਾਵਿਕ ਵਰਤੋਂ ਉਸ ਨੂੰ ਨਿਵੇਕਲਾਪਨ ਪ੍ਰਦਾਨ ਕਰਦੇ ਹਨ। ਕਿਰਪਾਲ ਕਜ਼ਾਕ ਦੀ ਸੂਖ਼ਮ ਨੀਝ, ਵਾਤਾਵਰਨ ਉਸਾਰੀ 'ਚ ਪ੍ਰਬੀਨਤਾ ਅਤੇ ਪ੍ਰਤੀਕਾਂ ਦੀ ਬਹੁ-ਪਰਤੀ ਵਰਤੋਂ ਇਸ ਪੁਸਤਕ ਨੂੰ ਹੋਰ ਵਿਲੱਖਣ ਬਣਾਉਂਦੀ ਹੈ।

ਡਾ: ਸੰਦੀਪ ਰਾਣਾ
ਮੋ: 98728-87551

08-11-2020

ਸਤਿ ਦਾ ਵਿਉਪਾਰੀ
ਲੇਖਕ : ਕ੍ਰਿਸ਼ਨ ਸਿੰਘ
ਪ੍ਰਕਾਸ਼ਕ : ਸਮਰਾਟ ਪਬਲੀਕੇਸ਼ਨਜ਼, ਮੋਗਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 094622-90937.


ਹਨੂਮਾਨਗੜ੍ਹ (ਰਾਜਸਥਾਨ) ਨਿਵਾਸੀ ਲੇਖਕ ਦਾ ਇਹ ਪੰਜਵਾਂ ਕਹਾਣੀ ਸੰਗ੍ਰਹਿ ਹੈ। ਪਹਿਲੀਆਂ ਚਾਰ ਕਿਤਾਬਾਂ ਨੂੰ ਪਾਠਕਾਂ ਵਲੋਂ ਚੰਗਾ ਹੁੰਗਾਰਾ ਮਿਲਿਆ ਹੈ। ਮਾਸਕ ਪ੍ਰੀਤਲੜੀ ਦਾ ਉਹ ਸਿਰੜੀ ਪਾਠਕ ਹੈ। ਪੂਨਮ ਸਿੰਘ ਸੰਪਾਦਕਾ ਪ੍ਰੀਤਲੜੀ ਨੇ ਲਿਖਿਆ ਹੈ ਕਿ ਕਹਾਣੀਆਂ ਦਾ ਵਹਾਓ ਇੰਜ ਹੈ ਜਿਵੇਂ ਕੁਮੈਂਟਰੀ ਚੱਲ ਰਹੀ ਹੋਵੇ। ਕਹਾਣੀਆਂ ਬਾਤਾਂ ਵਰਗੀਆਂ ਹਨ। ਕਹਾਣੀਆਂ ਵਿਚ ਮੂਲ ਕਹਾਣੀ ਵਾਲੇ ਸਾਰੇ ਮੀਰੀ ਗੁਣ ਹਨ। ਸਿਰਲੇਖ ਵਾਲੀ ਕਹਾਣੀ ਵਿਚ ਮੁੱਖ ਪਾਤਰ ਗੁਰਸਿੱਖ ਹੈ। ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ। ਦੁਕਾਨਦਾਰ ਹੈ। ਇਕ ਪੁੱਤਰ ਹੈ। ਪੁੱਤਰ ਘਰ ਕੋਈ ਬੱਚਾ ਨਹੀਂ ਹੈ। ਸਿੱਖ ਧਰਮ ਵਿਚ ਐਨੀ ਆਸਥਾ ਹੈ ਕਿ ਗੁਰਦੁਆਰੇ ਦਾ ਨਿਤਨੇਮੀ ਹੈ। ਮੁੱਖ ਪਾਤਰ ਦੀ ਮੌਤ ਹੋ ਜਾਂਦੀ ਹੈ। ਲੋਕ ਘਰ ਵਿਚ ਇਕਠੇ ਹੋ ਰਹੇ ਹਨ। ਸਸਕਾਰ ਦੀ ਤਿਆਰੀ ਹੈ। ਮਾਹੌਲ ਦੁੱਖ ਤੇ ਉਦਾਸੀ ਵਾਲਾ ਹੈ। ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾਉਣ ਦੀ ਤਿਆਰੀ ਹੈ। ਪਰ ਅਚਾਨਕ ਸਰੀਰ ਦੀ ਹਰਕਤ ਹੁੰਦੀ ਹੈ। ਗਿਆਨੀ ਜੀ ਉਠ ਕੇ ਬੈਠ ਜਾਂਦੇ ਹਨ। ਲੋਕਾਂ ਵਿਚ ਖੁਸ਼ੀ ਹੈ। ਗਿਆਨੀ ਜੀ ਸਾਰੀ ਵਾਰਤਾ ਸੁਣਾਉਂਦੇ ਹਨ। ਧਰਮਰਾਜ ਦੀ ਮੁਲਾਕਾਤ ਦਾ ਜ਼ਿਕਰ ਹੈ। ਕਹਾਣੀ ਵਿਚ ਸਤਿ ਦਾ ਵਿਉਪਾਰ ਭਾਵ ਧਰਮ ਦਾ ਮਾਰਗ ਉੱਤਮ ਦਰਸਾਇਆ ਹੈ। ਕਹਾਣੀ ਸਾਥੀ ਬਿਨਾਂ ਕਾਹਦਾ ਜੀਵਨ ਵਿਚ ਬਜ਼ੁਰਗ ਜੋੜਾ ਵਿਦੇਸ਼ ਜਾਂਦਾ ਹੈ। ਹਵਾਈ ਅੱਡੇ ਤੇ ਨੂੰਹ ਪੁਤਰ ਲੈਣ ਆਉਂਦੇ ਹਨ ਪਰ ਬਜ਼ੁਰਗ ਔਰਤ ਇਹ ਵੇਖ ਕੇ ਸਦਮੇ ਵਿਚ ਆ ਜਾਂਦੀ ਹੈ ਕਿ ਪੁੱਤਰ ਸਿੱਖੀ ਛੱਡ ਕੇ ਇਸਾਈ ਬਣ ਚੁੱਕਾ ਹੈ। ਦੁੱਖਾਂ ਵਿਚ ਥਾਂ 'ਤੇ ਬਜ਼ੁਰਗ ਔਰਤ ਦੀ ਮੌਤ ਹੋ ਜਾਂਦੀ ਹੈ। ਲੋਕ ਸੰਭਾਲਦੇ ਹਨ। ਬਜ਼ੁਰਗ ਵੀ ਛੇਤੀ ਪੰਜਾਬ ਵਾਪਸ ਆ ਜਾਂਦਾ ਹੈ। ਉਸ ਦੀ ਜੀਵਨ ਸਾਥਣ ਧਰਮ ਦੀ ਖਾਤਰ ਜਾਨ ਨਿਸ਼ਾਵਰ ਕਰ ਜਾਂਦੀ ਹੈ। 'ਖਸਮਾਂ ਖਾਣੀ' ਦੀ ਔਰਤ ਤਿੰਨ ਵਾਰੀ ਵਿਆਹ ਕਰਾਉਂਦੀ ਹੈ ਪਰ ਜਾਇਦਾਦ ਦੇ ਲਾਲਚ ਵਿਚ ਪਤੀਆਂ ਨੂੰ ਮਾਰ ਦਿੰਦੀ ਹੈ। ਪੁਸਤਕ ਦੀਆਂ ਸਾਰੀਆਂ ਕਥਾਵਾਂ ਦਿਲਚਸਪ ਹਨ। ਡਾਕਾ, ਓੜਕ ਸੱਚ ਰਹੀ, ਕੀ ਲੈਣਾ ਸਾਧਣੀ ਬਣ ਕੇ, ਬਹਾਰ ਕਦੇ ਨਾ ਆਈ, ਅਖੀਰ ਤੱਕ ਤੋੜ ਨਿਬਾਹੀ, ਕਰਮਾਂ ਵਾਲੀ ਪੜ੍ਹਨ ਵਾਲੀਆਂ ਫ਼ਿਲਮੀ ਤਰਜ਼ ਦੀਆਂ ਮੌਲਿਕ ਤੇ ਰੌਚਿਕ ਕਥਾਵਾਂ ਹਨ। ਪੁਸਤਕ ਦਾ ਸਵਾਗਤ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160


ਰਾਣੀ ਰੁੱਤ
ਕਵੀ : ਰਿਪੁਦਮਨ ਸਿੰਘ ਰੂਪ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 82
ਸੰਪਰਕ : 98767-68960.


ਸ: ਰਿਪੁਦਮਨ ਸਿੰਘ ਰੂਪ ਦਾ ਜਨਮ ਅਤੇ ਪਾਲਣ-ਪੋਸ਼ਣ ਸਾਹਿਤਕਾਰਾਂ ਦੇ ਪਰਿਵਾਰ ਵਿਚ ਹੋਇਆ ਹੈ। ਸਿੱਟੇ ਵਜੋਂ ਉਸ ਨੇ ਤਮਾਮ ਉਮਰ ਸਾਹਿਤ ਦਾ ਅਧਿਐਨ ਕਰਨ ਅਤੇ ਸਾਹਿਤ ਨੂੰ ਜੀਣ-ਥੀਣ ਵਿਚ ਹੀ ਲਗਾਈ ਰੱਖੀ ਹੈ। 'ਰਾਣੀ ਰੁੱਤ' ਉਸ ਦਾ ਇਕਲੌਤਾ ਕਾਵਿ ਸੰਗ੍ਰਹਿ ਹੈ, ਜਿਸ ਦਾ ਪ੍ਰਥਮ ਪ੍ਰਕਾਸ਼ਨ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਹੋਇਆ ਸੀ ਅਤੇ ਤਾਅਜੁੱਬ ਹੈ ਕਿ ਅੱਜ ਵੀ ਇਸ ਵਿਚ ਉਹੀ ਤਾਜ਼ਗੀ ਅਤੇ ਅਨੁਭਵ ਦੀ ਸ਼ਿੱਦਤ ਬਰਕਰਾਰ ਹੈ। ਅਸਲ ਵਿਚ ਜਦੋਂ ਕਵੀ ਅਨੁਭਵ ਦੇ ਆਵੇਸ਼ ਵਿਚ ਆ ਕੇ, ਤਰੰਗਿਤ ਹੋ ਕੇ ਲਿਖਦਾ ਹੈ ਤਾਂ ਭਾਵਾਂ ਦੀ ਤਰੰਗ ਉਸ ਦੀਆਂ ਰਚਨਾਵਾਂ ਵਿਚ ਇਸ ਕਦਰ ਪ੍ਰਵੇਸ਼ ਕਰ ਜਾਂਦੀ ਹੈ ਕਿ ਹਰ ਪੜ੍ਹਤ ਦੌਰਾਨ ਇਹ 'ਚਾਰਜ' ਹੋ ਜਾਂਦੀ ਹੈ। ਇਸ ਪ੍ਰਕਾਰ 'ਰਾਣੀ ਰੁੱਤ' ਦੀਆਂ ਸਾਰੀਆਂ ਕਵਿਤਾਵਾਂ 'ਚਾਰਜਡ-ਅਨੁਭੂਤੀ' ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਸ਼ਿੰਗਾਰ ਅਤੇ ਹੋਰ ਰਸਾਂ ਦੀ ਨਿਸ਼ਪੱਤੀ ਵੀ ਬੜੀ ਤੀਬਰ ਨਜ਼ਰ ਆਉਂਦੀ ਹੈ। ਦੇਖੋ :
ਸਾਉਣ ਮਹੀਨਾ ਜੋਬਨ ਚੜ੍ਹਿਆ/ਅੰਗ ਅੰਗ ਵਿਚ ਰਸ ਹੈ ਭਰਿਆ
ਰੁੱਤ-ਪਰੀ ਸਜ ਧਜ ਕੇ ਆਈ/ਹੁਸਨਾਂ ਦੀ ਉਸ ਛਹਿਬਰ ਲਾਈ
ਸਿਰ ਉਤੇ ਸੱਤ ਰੰਗ ਦੀ ਚੁੰਨੀ/ਸ਼ਾਮਾਂ ਅਤੇ ਸਵੇਰਾਂ ਵਾਲੀ
ਤਲੀਆਂ ਉੱਤੇ ਮਹਿੰਦੀ ਲਾਈ/ਕਾਲੀਆਂ ਕਾਲੀਆਂ ਘੋਰ ਘਟਾਵਾਂ
ਜ਼ੁਲਫ਼ਾਂ ਵਾਂਗੂੰ ਉੱਡ ਰਹੀਆਂ ਨੇ। (ਰਾਣੀ ਰੁੱਤ, 11)
ਆਧੁਨਿਕ ਪ੍ਰਗਤੀਵਾਦੀ ਕਵਿਤਾ ਦਾ ਕਦੇ ਇਕ ਇਹ ਅੰਦਾਜ਼ ਵੀ ਹੁੰਦਾ ਸੀ ਕਿ ਇਸ ਦਾ ਪ੍ਰਬੰਧ ਦੂਹਰਾ ਹੁੰਦਾ ਸੀ। ਪਹਿਲਾਂ ਕਵੀ 'ਇਕ' ਬਿਰਤਾਂਤ ਪੇਸ਼ ਕਰਦਾ ਸੀ ਅਤੇ ਫਿਰ ਇਸ ਉੱਪਰ 'ਦੂਸਰਾ' ਵਿਰੋਧਮਈ ਬਿਰਤਾਂਤ ਟਿਕਾ ਦਿੰਦਾ ਸੀ। ਇਸ ਵਿਧੀ ਤੋਂ ਕਵੀ ਦਾ ਪ੍ਰਯੋਜਨ ਇਹ ਦਰਸਾਉਣਾ ਹੁੰਦਾ ਸੀ ਕਿ ਕਿਰਤੀ ਸ਼੍ਰੇਣੀਆਂ ਦੇ ਲੋਕਾਂ ਦੀਆਂ ਖੁਸ਼ੀਆਂ ਨਾਲ ਜੁੜੇ ਅਹਿਸਾਸ ਸਥਾਈ ਨਹੀਂ ਹੁੰਦੇ। ਸਮਾਜ ਵਿਚਲੀ ਕਾਣੀ-ਵੰਡ ਉਨ੍ਹਾਂ ਦੀਆਂ ਮਾਸੂਮ ਖੁਸ਼ੀਆਂ ਨੂੰ ਵੀ ਖੋਹ ਕੇ ਲੈ ਜਾਂਦੀ ਹੈ। ਸਿੱਟੇ ਵਜੋਂ ਕਾਣੀ-ਵੰਡ ਵਾਲੀ ਇਸ ਵਿਵਸਥਾ ਨੂੰ ਬਦਲਣਾ ਪੈਣਾ ਹੈ। ਕਵੀ ਨੇ ਭਾਰਤੀ ਸਮਾਜ ਵਿਚ ਭ੍ਰਿਸ਼ਟਾਚਾਰ, ਲੁੱਟ-ਖਸੁੱਟ ਅਤੇ ਧੱਕੇਸ਼ਾਹੀ ਦੀਆਂ ਅਨੇਕ ਤਸਵੀਰਾਂ ਆਪਣੀਆਂ ਇਨ੍ਹਾਂ ਕਵਿਤਾਵਾਂ ਵਿਚ ਪੇਸ਼ ਕੀਤੀਆਂ ਹਨ। ਕਦੇ-ਕਦੇ ਉਹ ਭਾਰਤੀ ਸਟੇਟ ਉੱਪਰ ਬੜੇ ਭਰਵੇਂ ਵਿਅੰਗ ਵੀ ਕਰਦਾ ਹੈ, ਜਿਸ ਨੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਅਤੇ ਸਿਰ ਦੀ ਛੱਤ ਤੋਂ ਵੀ ਮਹਿਰੂਮ ਕਰ ਰੱਖਿਆ ਹੈ। ਭਾਵਾਂ ਦੀ ਸਵੱਛਤਾ, ਅਭਿਵਿਅਕਤੀ ਦੀ ਸਟੀਕਤਾ ਅਤੇ ਰੂਪਾਕਾਰਕ ਨਿਰਛਲਤਾ, ਰੂਪ-ਕਾਵਿ ਦੇ ਕੁਝ ਨਿੱਖੜਵੇਂ ਲੱਛਣ ਹਨ। ਇਕ ਕਵਿਤਾ ਵਿਚ ਉਹ 'ਮਹਿੰਗਾਈ ਨੂੰ ਉਲੰਪਿਕ ਵਿਚ ਭੇਜਣ' ਦੀ ਤਜਵੀਜ਼ ਪੇਸ਼ ਕਰਦਾ ਹੈ। ਖ਼ੈਰ! ਹੁਣ ਤਾਂ ਫ਼ਿਰਕਾਪ੍ਰਸਤੀ, ਨਾਬਰਾਬਰੀ, ਅਨਿਆਇ ਅਤੇ ਗ਼ਰੀਬ ਧੀਆਂ ਦੇ ਜਬਰ ਜਨਾਹ ਆਦਿ ਵਿਚ ਵੀ ਸਾਡੇ ਪਾਸ ਤਗਮੇ ਹੀ ਤਗਮੇ ਆ ਜਾਣਗੇ। ਕਿਹੋ ਜਿਹੀ ਦਲਦਲ ਵਿਚ ਫਸ ਗਿਆ ਹੈ ਸਾਡਾ ਦੇਸ਼? ਰੂਪ ਵਰਗੇ ਸੁਹਿਰਦ ਕਵੀ ਹੀ ਆਸ਼ਾ ਦੀ ਕੋਈ ਕਿਰਨ ਪੇਸ਼ ਕਰ ਸਕਦੇ ਹਨ। ਕਰ ਵੀ ਰਹੇ ਹਨ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136



ਅੱਖੀਂ ਡਿੱਠਾ ਉਪਰੇਸ਼ਨ ਬਲਿਊ ਸਟਾਰ
ਮੂਲ ਲੇਖਕ : ਜਗਦੀਸ਼ ਚੰਦਰ
ਸੰਪਾਦਕ : ਰਾਜਵਿੰਦਰ ਸਿੰਘ ਰਾਹੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 109
ਸੰਪਰਕ : 98157-51332.


ਹਥਲੀ ਪੁਸਤਕ ਜੂਨ 1984 ਵਿਚ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਵਾਪਰੇ ਦੁਖਾਂਤਕ ਅਤੇ ਸੰਤਾਪਯੋਗ ਵੇਰਵਿਆਂ ਦਾ ਅੱਖੀਂ ਡਿੱਠਾ ਹਾਲ ਪਾਠਕਾਂ ਦੇ ਸਨਮੁਖ ਕਰਦੀ ਹੈ। ਭਾਵੇਂ ਇਸ ਬਲਿਊ ਸਟਾਰ ਉਪਰੇਸ਼ਨ ਬਾਬਤ ਬਹੁਤ ਸਾਰੀ ਸਮੱਗਰੀ ਸਰਕਾਰੀ ਜਾਂ ਅਰਧ-ਸਰਕਾਰੀ ਮੁਹਰ ਛਾਪਾਂ ਜ਼ਰੀਏ ਲੇਖਕਾਂ ਵਲੋਂ ਪਾਠਕਾਂ ਦੇ ਸਨਮੁਖ ਕੀਤੀ ਜਾਂਦੀ ਰਹੀ ਹੈ। ਪ੍ਰੰਤੂ ਇਹ ਪੁਸਤਕ ਉਨ੍ਹਾਂ ਵਰਨਣਾਂ ਤੋਂ ਹਟਵੇਂ ਪਰ ਅਸਲ ਤੱਥ-ਸੱਚ ਦਾ ਪ੍ਰਗਟਾਵਾ ਹੈ। ਮੂਲ ਲੇਖਕ ਜਗਦੀਸ਼ ਚੰਦਰ ਵੱਖ-ਵੱਖ ਭਾਸ਼ਾਵਾਂ ਵਿਚ ਸਾਹਿਤਕ ਵੰਨਗੀਆਂ ਦਾ ਲੇਖਕ ਰਿਹਾ ਹੈ। ਉਸ ਨੇ ਇਸ ਉਪਰੇਸ਼ਨ ਦਾ ਸਮੁੱਚਾ ਵੇਰਵਾ ਪਬਲਿਕ ਇਨਫਰਮੇਸ਼ਨ ਬਿਉਰੋ ਵਿਚ ਦੂਰਦਰਸ਼ਨ ਦੇ ਇਕ ਅਧਿਕਾਰੀ ਵਜੋਂ ਡਿਊਟੀ ਨਿਭਾਉਂਦਿਆਂ ਖ਼ੁਦ ਸ਼ਾਮਿਲ ਹੋ ਕੇ ਵੇਖਿਆ, ਜਿਸ ਨੂੰ ਉਸ ਨੇ ਬੜੇ ਜੇਰੇ ਨਾਲ ਵੱਖ-ਵੱਖ ਭਾਸ਼ਾਵਾਂ ਵਿਚ ਵੱਖ-ਵੱਖ ਅਖ਼ਬਾਰਾਂ ਮੈਗਜ਼ੀਨਾਂ ਆਦਿ ਵਿਚ ਪ੍ਰਕਾਸ਼ਿਤ ਕੀਤਾ। ਜਿਨ੍ਹਾਂ ਵਿਚੋਂ ਚੋਣਵੇਂ ਦ੍ਰਿਸ਼ਟਾਂਤਾਂ ਨੂੰ ਸੰਪਾਦਕ ਨੇ ਸੁਘੜ ਸਿਆਣਪ ਨਾਲ ਇਥੇ ਅੰਕਿਤ ਕੀਤਾ ਹੈ। ਮੂਲ ਲੇਖਕ ਦਾ ਹਿਰਦੇਵੇਦਕ ਬਿਆਨ ਸਿੱਖ ਜਗਤ ਨੂੰ ਇਕ ਨਵੀਂ ਜਾਣਕਾਰੀ ਦਿੰਦਾ ਹੈ। ਪਰਿਕਰਮਾ ਵਿਚ ਲਾਸ਼ਾਂ ਦੇ ਢੇਰਾਂ ਦੇ ਦ੍ਰਿਸ਼, ਆਕਾਲ ਤਖਤ ਸਾਹਿਬ ਦੇ ਉੱਪਰ ਚੱਲੀਆਂ ਗੋਲੀਆਂ, ਦੂਰੋਂ ਨੇੜਿਉਂ ਟੈਂਕਾਂ ਅਤੇ ਰਾਕਟਾਂ ਨਾਲ ਕੀਤੇ ਹਮਲੇ, ਪਾਣੀ ਦੀ ਟੈਂਕੀ ਨੂੰ ਤਬਾਹ ਕਰਨਾ, ਸਿੱਖ ਰੈਫਰੈਂਸ ਲਾਇਬਰੇਰੀ ਨੂੰ ਬਰਬਾਦ ਕਰਨਾ, ਬਿਜਲੀ ਪਾਣੀ ਦੀ ਸਪਲਾਈ ਬੰਦ ਕਰਨਾ, ਪਵਿੱਤਰ ਸਥਾਨ ਦੀ ਹਦੂਦ ਵਿਚ ਖਾਣ-ਪੀਣ ਦੀਆਂ ਵਰਜਿਤ ਚੀਜ਼ਾਂ ਦੀ ਵਰਤੋਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਸਿੱਖਾਂ ਉਤੇ ਕੀਤੇ ਹਮਲੇ ਦਾ ਵਰਨਣ ਦਰਦ ਭਰਪੂਰ ਹੈ। ਕੇਂਦਰ ਸਰਕਾਰ ਵਲੋਂ ਮੀਡੀਏ ਰਾਹੀਂ ਪ੍ਰਸਾਰਿਤ ਕੀਤੇ ਗਏ ਬਿਆਨ ਤੇ ਰਿਕਾਰਡਿੰਗ ਅਤੇ ਜ਼ਬਤ ਕੀਤੇ ਬਿਆਨ ਅਤੇ ਰਿਕਾਰਡਿੰਗ ਨੂੰ ਵੀ ਪੁਸਤਕ ਦਾ ਲੇਖਕ ਆਪਣੇ ਲਹੂ ਭਿੱਜੇ ਅੱਥਰੂਆਂ ਨਾਲ ਬਿਆਨ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ। ਲੇਖਕ ਸਰਕਾਰੀ ਉੱਚ ਅਹੁਦੇਦਾਰਾਂ, ਉਸ ਸਮੇਂ ਦੇ ਹਮਲਾਵਰ ਮਿਲਟਰੀ ਅਫਸਰਾਂ ਅਤੇ ਸਰਕਾਰੀ ਭਾਸ਼ਾ ਨੂੰ ਹੀ ਬੋਲਣ ਵਾਲਿਆਂ ਦੇ ਪਰਦੇ ਵੀ ਫਾਸ਼ ਕਰਦਾ ਹੈ ਅਤੇ ਹੋਰ ਬਾਈ ਗੁਰਦੁਆਰਿਆਂ ਵਿਚ ਕੀਤੀ ਗਈ ਫ਼ੌਜੀ ਕਾਰਵਾਈ ਬਾਬਤ ਵੀ ਜਾਣਕਾਰੀ ਦਿੰਦਾ ਹੈ। ਸੰਤ ਲੌਂਗੋਵਾਲ, ਟੌਹੜਾ ਸਾਹਿਬ, ਗਿਆਨੀ ਜ਼ੈਲ ਸਿੰਘ ਅਤੇ ਹੋਰ ਹਸਤੀਆਂ ਵਲੋਂ ਜੋ ਬਿਆਨ ਦਿੱਤੇ ਜਾਂਦੇ ਰਹੇ ਹਨ, ਚਾਹੇ ਉਹ ਸਰਕਾਰੀ ਨਿਸਚਿਤ ਭਾਸ਼ਾ 'ਚ ਸਨ ਜਾਂ ਥੋੜ੍ਹੇ ਬਹੁਤੇ ਸੱਚ ਨੂੰ ਪੇਸ਼ ਕਰਦੇ ਸਨ, ਉਨ੍ਹਾਂ ਦਾ ਵੀ ਪੁਸਤਕ ਵਿਚ ਬੇਬਾਕ ਹੋ ਕੇ ਲੇਖਕ ਨੇ ਵਰਨਣ ਕੀਤਾ ਹੈ। ਸੰਪਾਦਕ ਰਾਜਵਿੰਦਰ ਸਿੰਘ ਰਾਹੀ ਦੀ ਵਿਸ਼ੇਸ਼ ਘਾਲਣਾ ਸਦਕਾ ਪਾਠਕਾਂ ਨੂੰ ਇਹ ਪੁਸਤਕ ਪ੍ਰਾਪਤ ਹੋ ਰਹੀ ਹੈ।


-ਡਾ: ਜਗੀਰ ਸਿੰਘ ਨੂਰ
ਮੋ: 98142-09732


ਤਾਰਿਆਂ ਤੋਂ ਅੱਗੇ

ਨਾਵਲਕਾਰ : ਡਾ: ਸੁਨੀਤਾ ਅਗਰਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 151
ਸੰਪਰਕ : 98782-99996.


'ਤਾਰਿਆਂ ਤੋਂ ਅੱਗੇ' ਸੁਨੀਤਾ ਅਗਰਵਾਲ ਦਾ ਨਵਾਂ ਨਾਵਲ ਹੈ, ਜਿਸ ਵਿਚ ਨਾਵਲਕਾਰ ਨੇ ਜਿਥੇ ਇਕ ਗ਼ਰੀਬ ਵਿਅਕਤੀ ਦੀਆਂ ਤੰਗੀਆਂ-ਤੁਰਸ਼ੀਆਂ ਭਰੀ ਜ਼ਿੰਦਗੀ ਦਾ ਚਿੱਤਰ ਪੇਸ਼ ਕੀਤਾ ਹੈ, ਉਥੇ ਅਮੀਰ ਲੋਕਾਂ ਵਲੋਂ ਪੈਸੇ ਦੇ ਨਸ਼ੇ ਵਿਚ ਕਿਸੇ ਦੀ ਜ਼ਿੰਦਗੀ ਨੂੰ ਕਿਵੇਂ ਬਰਬਾਦ ਕੀਤਾ ਜਾਂਦਾ ਹੈ, ਉਸ ਦਾ ਵੀ ਵਿਵੇਕ ਸਹਿਤ ਵਰਨਣ ਕੀਤਾ ਹੈ। ਕਪਿਲੇਸ਼ਵਰ ਨਾਂਅ ਦਾ ਵਿਅਕਤੀ ਆਪਣੀ ਇਕ ਵੱਡੀ ਟੱਬਰੀ ਜਿਸ ਵਿਚ ਤਿੰਨ ਧੀਆਂ, ਦੋ ਪੁੱਤਰ ਅਤੇ ਪਤਨੀ ਸਮੇਤ ਰਹਿੰਦਾ ਹੈ। ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦਾ ਹੈ। ਦੋਵੇਂ ਪੁੱਤਰਾਂ ਜਿਨ੍ਹਾਂ ਨੂੰ ਸੁੱਖਣਾ-ਸੁੱਖ ਕੇ ਲਿਆ ਹੁੰਦਾ ਹੈ, ਦੇ ਨਿਕੰਮੇਪਣ ਵਿਸ਼ੇਸ਼ ਕਰਕੇ ਵੱਡੇ ਪੁੱਤਰ ਪਦਮ ਦੀ ਜੂਏ ਦੀ ਆਦਤ ਕਾਰਨ ਘਰੇਲੂ ਵਾਤਾਵਰਨ ਆਰਥਿਕ ਪੱਖੋਂ ਹੋਰ ਵੀ ਕਮਜ਼ੋਰ ਹੋ ਜਾਂਦਾ ਹੈ। ਵੱਡੀ ਧੀ ਏਕਤਾ ਪਹਿਲਾਂ ਕੱਪੜੇ ਦੇ ਸ਼ੋ-ਰੂਮ 'ਤੇ ਕੰਮ ਕਰਦੀ ਹੈ ਅਤੇ ਫਿਰ ਉਥੋਂ ਹੀ ਕਿਸੇ ਅਮੀਰਜ਼ਾਦੇ ਦੀ ਪਸੰਦ ਬਣ ਕੇ ਉਸ ਨਾਲ ਵਿਆਹੀ ਜਾਂਦੀ ਹੈ ਤੇ ਇਥੋਂ ਹੀ ਉਸ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਅਮੀਰ ਧੀਰਜ ਦੀ ਨਸ਼ੇ ਦੀ ਆਦਤ ਉਸ ਨੂੰ ਜ਼ਿੰਦਗੀ ਦੇ ਉਨ੍ਹਾਂ ਹਨੇਰਿਆਂ ਤੱਕ ਲੈ ਜਾਂਦੀ ਹੈ, ਜਿਥੇ ਰੌਸ਼ਨੀ ਦੀ ਕੋਈ ਕਿਰਨ ਹੀ ਦਿਖਾਈ ਨਹੀਂ ਦਿੰਦੀ। ਏਕਤਾ ਦੇ ਅਨੈਤਿਕ ਕਾਰਨਾਂ ਵਿਚ ਲਿਪਤ ਹੋਣ ਨਾਲ ਪਰਿਵਾਰਕ ਜ਼ਿੰਦਗੀ ਤਬਾਹ ਹੋ ਜਾਂਦੀ ਹੈ, ਇਥੋਂ ਤੱਕ ਕਿ ਉਹ ਨਿਰਦੋਸ਼ ਹੋਣ ਦੇ ਬਾਵਜੂਦ ਕਤਲ ਦੇ ਅਪਰਾਧ ਵਿਚ ਫਸ ਜਾਂਦੀ ਹੈ ਅਤੇ ਅੰਤ ਜ਼ਿੰਦਗੀ ਤੋਂ ਹਾਰ ਜਾਂਦੀ ਹੈ। ਨਾਵਲਕਾਰਾ ਨੇ ਇਸ ਨਾਵਲ ਵਿਚ ਰਹੱਸਾਤਮਕ ਅਤੇ ਪਿਛਲਝਾਤ ਦੀਆਂ ਜੁਗਤਾਂ ਦੁਆਰਾ ਨਾਵਲੀ ਬਿਰਤਾਂਤ ਨੂੰ ਗਤੀਸ਼ੀਲ ਬਣਾਇਆ ਹੈ। ਜਿਸ ਵਿਚ ਆਪਣਿਆਂ ਦੀ ਬੇਵਫ਼ਾਈ, ਧੋਖਾਧੜੀ, ਆਰਥਿਕ ਮੰਦਹਾਲੀ, ਪਛਤਾਵਾ ਆਦਿ ਬਹੁਤ ਸਾਰੇ ਵਿਸ਼ੇ ਨਾਵਲ ਦੇ ਬਿਰਤਾਂਤ ਵਿਚ ਸਮਾਏ ਹੋਏ ਹਨ। ਸੁਨੀਤਾ ਅਗਰਵਾਲ ਨੇ ਨਾਵਲ ਵਿਚ ਮੌਕਾ-ਮੇਲ ਦੀ ਜੁਗਤ ਦਾ ਪ੍ਰਯੋਗ ਕਰਨਵੀਰ ਦੀ ਜੇਬ ਕੱਟਣ ਅਤੇ ਏਕਤਾ ਦੇ ਕਤਲ ਵਿਚ ਫਸਣ ਦੇ ਪ੍ਰਸੰਗ ਵਿਚ ਬਾਖੂਬੀ ਕੀਤਾ ਹੈ। ਸੁਨੀਤਾ ਅਗਰਵਾਲ ਭਵਿੱਖ ਵਿਚ ਹੋਰ ਵੀ ਚੰਗੇਰਾ ਲਿਖੇਗੀ, ਇਹ ਉਮੀਦ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਚਲਾਕ ਲੋਕ
ਲੇਖਕ : ਭੀਮ ਸਿੰਘ ਗਰਚਾ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ।
ਮੁੱਲ : 180 ਰੁਪਏ, ਸਫ਼ੇ : 96
ਸੰਪਰਕ : 98143-51394.


'ਚਲਾਕ ਲੋਕ' ਲੇਖਕ ਭੀਮ ਸਿੰਘ ਗਰਚਾ ਦਾ ਤੀਸਰਾ ਮਿੰਨੀ ਕਹਾਣੀ ਸੰਗ੍ਰਹਿ ਹੈ। ਇਸ ਹਥਲੇ ਸੰਗ੍ਰਹਿ 'ਚ 58 ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਮਿੰਨੀ ਕਹਾਣੀਆਂ 'ਚ ਲੇਖਕ ਨੇ ਮਾਨਵੀ ਜੀਵਨ ਦੀਆਂ ਵੱਖ-ਵੱਖ ਪਰਤਾਂ ਨੂੰ ਛੋਹਿਆ ਹੈ। ਇਨ੍ਹਾਂ ਕਹਾਣੀਆਂ 'ਚ ਸਾਡੇ ਸਮਾਜ 'ਚ ਫੈਲ ਰਹੇ ਵਹਿਮਾਂ-ਭਰਮਾਂ ਅਤੇ ਅੰਧਵਿਸ਼ਵਾਸਾਂ ਦੇ ਮੱਕੜਜਾਲ 'ਚੋਂ ਮੁਕਤ ਹੋਣ ਦਾ ਸੁਨੇਹਾ, ਸਾਡੇ ਸਮਾਜਿਕ ਰਿਸ਼ਤਿਆਂ 'ਚ ਵਧ ਰਹੀ ਕੁੜੱਤਣ, ਵੋਟ ਬਟੋਰੂ ਲੀਡਰਾਂ ਦੀਆਂ ਚਾਲਬਾਜ਼ੀਆਂ, ਬੁਢਾਪੇ ਦੇ ਦਿਨਾਂ 'ਚ ਬਜ਼ੁਰਗਾਂ ਨੂੰ ਔਲਾਦ ਵਲੋਂ ਬਿਰਧ ਆਸ਼ਰਮਾਂ 'ਚ ਛੱਡਣ ਦਾ ਦਰਦ, ਖੇਤਾਂ ਦੀਆਂ ਵੱਟਾਂ-ਡੌਲਾਂ ਖਾਤਰ ਹੁੰਦੀ ਕਤਲੋ-ਗਾਰਤ ਆਦਿ ਮੰਦਭਾਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦਾ ਸਾਰਥਕ ਸੁਨੇਹਾ ਹੈ। 'ਤੋਤਾ' ਕਹਾਣੀ 'ਚ ਲੇਖਕ ਨੇ ਇਕ ਰਿਸ਼ਵਤਖੋਰ ਪੁੁਲਿਸ ਮੁਲਾਜ਼ਮ ਵਲੋਂ ਚੰਦ ਛਿੱਲੜਾਂ ਖਾਤਰ ਇਕ ਗ਼ਰੀਬ ਆਦਮੀ ਪ੍ਰਤੀ ਉਸ ਦੇ ਬਦਲਦੇ ਤੇਵਰਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ ਜੋ ਕਿ ਸਾਡੇ ਸਿਸਟਮ 'ਚ ਫੈਲ ਰਹੇ ਰਿਸ਼ਵਤਖੋਰੀ ਦੇ ਕੋਹੜ ਦਾ ਦਰਦਨਾਕ ਪੱਖ ਹੈ। 'ਧੀਆਂ ਵਾਲੇ' ਕਹਾਣੀ 'ਚ ਅਜੋਕੇ ਸਮੇਂ 'ਚ ਧੀਆਂ ਦੇ ਮਾਪਿਆਂ ਦੀ ਪੀੜ ਨੂੰ ਬਿਆਨਿਆ ਗਿਆ ਹੈ ਕਿ ਕਿਸ ਤਰ੍ਹਾਂ ਅਜੋਕੇ ਸਮੇਂ ਚੰਗੇ ਰਿਸ਼ਤਿਆਂ ਦੀ ਭਾਲ 'ਚ ਧੀਆਂ ਦੇ ਮਾਪੇ ਮਾਨਸਿਕ ਪ੍ਰੇਸ਼ਾਨੀਆਂ 'ਚੋਂ ਗੁਜ਼ਰਦੇ ਹਨ। 'ਖੁਸ਼ੀ ਦਾ ਰਾਜ਼' ਕਹਾਣੀ 'ਚ ਇਕ ਗ਼ਰੀਬ ਵਿਅਕਤੀ ਵਲੋਂ ਛੋਟੀਆਂ-ਛੋਟੀਆਂ ਚੀਜ਼ਾਂ 'ਚੋਂ ਖੁਸ਼ੀਆਂ ਲੱਭਣ ਦਾ ਖ਼ੂਬਸੂਰਤ ਚਿਤਰਨ ਹੈ। 'ਸਪੋਲੀਆ' ਅਤੇ 'ਪ੍ਰੇਤ' ਕਹਾਣੀਆਂ 'ਚ ਅਖੌਤੀ ਸੰਤਾਂ ਅਤੇ ਪਾਖੰਡੀਆਂ ਵਲੋਂ ਧਰਮ ਦੀ ਆੜ 'ਚ ਲੋਕਾਂ ਦੇ ਕੀਤੇ ਜਾਂਦੇ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਸੰਗ੍ਰਿਹ ਦੀਆਂ ਹੋਰ ਕਹਾਣੀਆਂ 'ਚ 'ਜੇਬ ਕਤਰਾ', 'ਭਾਣਾ', 'ਜ਼ਮੀਰ ਦੀ ਪੁਕਾਰ', 'ਬਦਲਾ', 'ਭੀੜ', 'ਬਦਲਦੇ ਹਾਲਾਤ', 'ਵਿਸ਼ਵਾਸ ਦਾ ਕਤਲ', 'ਆਖ਼ਰੀ ਖਾਹਿਸ਼', 'ਅਹਿਸਾਸ', 'ਵੱਢਖਾਣਾ', 'ਹਉਕੇ, 'ਤੇਲਾ', 'ਅਨੋਖੀ ਤਾਕਤ ', 'ਹੱਥ ਕੰਡੇ', 'ਖ਼ਰਾ ਦੁੱਧ' ਆਦਿ ਕਹਾਣੀਆਂ ਵੀ ਕਾਬਲੇ-ਤਾਰੀਫ਼ ਹਨ। ਲੇਖਕ ਭੀਮ ਸਿੰਘ ਗਰਚਾ ਦੀ ਖ਼ੂਬੀ ਇਹ ਹੈ ਕਿ ਉਸ ਦੀ ਕਹਾਣੀ ਅੰਤਲੇ ਪੜਾਅ 'ਤੇ ਪਹੁੰਚ ਕੇ ਪਾਠਕ ਨੂੰ ਉਲਝਾਉਂਦੀ ਨਹੀਂ ਸਗੋਂ ਬੜੀ ਹੀ ਸਹਿਜਤਾ ਨਾਲ ਕੋਈ ਨਾ ਕੋਈ ਸਾਰਥਕ ਸੁਨੇਹਾ ਦਿੰਦੀ ਸੰਪੂਰਨ ਹੁੰਦੀ ਹੈ।


-ਮਨਜੀਤ ਸਿੰਘ ਘੜੈਲੀ
ਮੋ: 98153-91625


ਸਤਨਾਜਾ
ਲੇਖਕ : ਸੁਖਮੰਦਰ ਸਿੰਘ ਬਰਾੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 96
ਸੰਪਰਕ : 94650-16000.


ਸਤਨਾਜਾ ਪੁਸਤਕ ਵਿਚ 61 ਕਵਿਤਾਵਾਂ ਸ਼ਾਮਿਲ ਹਨ ਜੋ ਕਵੀ ਨੇ ਬਹੁਤ ਹੀ ਸਰਲ ਸਾਦੀ ਭਾਸ਼ਾ ਵਿਚ ਰਚੀਆਂ ਹਨ ਅਤੇ ਜਿਨ੍ਹਾਂ ਦੇ ਵਿਸ਼ੇ ਕਾਫ਼ੀ ਸੂਖਮ ਕਿਸਮ ਦੇ ਹਨ ਜੋ ਸਮਾਜ ਵਿਚ ਮਹੱਤਵਪੂਰਨ ਥਾਂ ਰੱਖਦੇ ਹਨ। ਕਵੀ ਨੇ ਪੇਂਡੂ ਸੱਭਿਆਚਾਰ ਅਤੇ ਵਿਰਸੇ ਦੇ ਕਈ ਰੰਗ ਪਾਠਕਾਂ ਸਾਹਮਣੇ ਰੱਖੇ ਹਨ।
ਪਰਵਾਸ ਹੰਢਾਉਂਦਾ ਕਵੀ ਪੰਜਾਬ, ਪੰਜਾਬੀਅਤ ਨਾਲ ਵੀ ਡਾਢਾ ਮੋਹ ਪਾਲੀ ਰੱਖਦਾ ਹੈ। ਕੈਨੇਡਾ ਵਾਪਸੀ ਕਵਿਤਾ ਵਿਚ ਭਾਰਤ ਤੋਂ ਕੈਨੇਡਾ ਜਾ ਰਹੇ ਮੁੜ ਕੰਮ ਦੀ ਰਫ਼ਤਾਰ ਫੜਨ ਅਤੇ ਜ਼ਿੰਦਗੀ ਨੂੰ ਲੀਹੇ ਲਿਆਉਣ ਲਈ ਕੀਤੀ ਜਾਣ ਵਾਲੀ ਮੁਸ਼ੱਕਤ ਅਤੇ ਮਿਹਨਤ ਨੂੰ ਪੇਸ਼ ਕਰਦੀ ਹੈ। ਨਿੱਕੇ-ਨਿੱਕੇ ਵਿਸ਼ਿਆਂ ਉੱਪਰ ਗੂੜ੍ਹੇ ਕਟਾਖਸ਼ ਕਰਦਾ ਕਵੀ ਸਾਡੀ ਮਾਨਸਿਕਤਾ ਨੂੰ ਝੰਜੋੜ ਜਾਂਦਾ ਹੈ। 1500 ਸੌ ਦਾ ਨੋਟ, ਫ਼ੌਜੀ ਫ਼ੌਜਣ, ਮੋਟੀ ਵਹੁਟੀ, ਬੰਗਾਲਣ ਵਹੁਟੀ, ਗੈਸੀ ਚੁੱਲ੍ਹਾ, ਅਪਰਾਧੀ, ਪਾਖੰਡੀ ਸੋਚ, ਵਾਅਦਾ ਆਦਿ ਕਵਿਤਾਵਾਂ ਇਸ ਲਈ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਸਤਨਾਜਾ ਕਵਿਤਾ ਜਾਨਵਰਾਂ ਦੀਆਂ ਹਰਕਤਾਂ ਅਤੇ ਜੀਵਨ ਢੰਗ ਨੂੰ ਪ੍ਰਗਟ ਕਰਦੀ ਅਨੋਖੀ ਕਵਿਤਾ ਹੈ। 'ਰੁਝੇਵੇਂ' ਕਵਿਤਾ ਆਮ ਸੁਆਣੀ ਦੇ ਦਿਨ ਭਰ ਦੇ ਰੁਝੇਵਿਆਂ ਦੀ ਅਨੋਖੀ ਦਾਸਤਾਨ ਜਾਪਦੀ ਹੈ। ਇਹ ਕਵਿਤਾ ਪੁਰਾਤਨ ਪੇਂਡੂ ਜੀਵਨ ਦੇ ਰੰਗ ਵੀ ਪੇਸ਼ ਕਰਦੀ ਹੈ।
ਵਿਅੰਗ ਵੜਾਂਗਾ ਇਸ ਸੰਗ੍ਰਹਿ ਦਾ ਦੂਸਰਾ ਭਾਗ ਹੈ ਜਿਸ ਰਾਹੀਂ ਕਵੀ ਨੇ ਰੀਸ ਕਰਨ ਦੀ ਆਦਤ ਤੇ ਸਮਾਂ ਨਿਕਲਣ ਤੋਂ ਬਾਅਦ ਪਛਤਾਉਣ ਦੀ ਮਨੁੱਖੀ ਫਿਤਰਤ ਦਾ ਪ੍ਰਗਟਾਵਾ ਕੀਤਾ ਹੈ। 'ਬਾਬਾ' ਸ਼ਬਦ ਦੀ ਵਾਰ-ਵਾਰ ਵਰਤੋਂ ਕਰਕੇ ਲਿਖੀਆਂ ਗਈਆਂ ਇਹ ਰਚਨਾਵਾਂ ਨਿੱਕੇ-ਨਿੱਕੇ ਵਿਸ਼ਿਆਂ ਨੂੰ ਮਹੱਤਵਪੂਰਨ ਢੰਗ ਨਾਲ ਪ੍ਰਗਟ ਕਰਦੀਆਂ ਹਨ। ਬੇਪਰਵਾਹ, ਸਿਆਣਿਆਂ ਦਾ ਸੱਚ, ਜੱਫੀ ਤੇ ਬਜ਼ੁਰਗ ਕਹਾਵਤਾਂ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰਦੀਆਂ ਹਨ।
ਕਵੀ ਨੇ ਸਮਾਜਿਕ ਸਮੱਸਿਆਵਾਂ ਬਾਰੇ ਵੀ ਖੁੱਲ੍ਹ ਕੇ ਕਾਵਿ ਰਚਨਾਵਾਂ ਰਚੀਆਂ ਹਨ। ਗੁੱਝਿਆ ਭੇਦ, ਆਪੇ ਦੀ ਸ਼ੋਹਰਤ, ਥੈਲਿਉਂ ਬਿੱਲੀ, ਚੋਰ ਚਲਾਕੀਆਂ, ਪਾਖੰਡ ਕਵਿਤਾਵਾਂ ਵਿਚਲੇ ਵਿਅੰਗ ਸਲਾਹੁਣਯੋਗ ਹਨ। ਇਸ ਪ੍ਰਕਾਰ ਸਤਨਾਜਾ ਕਾਵਿ ਸੰਗ੍ਰਹਿ ਜੀਵਨ ਦੇ ਵੱਖ-ਵੱਖ ਅਨੁਭਵਾਂ ਅਤੇ ਭਾਵਾਂ ਦਾ ਪ੍ਰਗਟਾਅ ਕਰਦਾ ਹੋਣ ਕਾਰਨ ਹੀ ਸਤਨਾਜਾ ਬਣ ਸਕਿਆ ਹੈ। ਕਵੀ ਨੇ ਪੇਂਡੂ ਪੰਜਾਬੀ ਸੱਭਿਆਚਾਰ ਨੂੰ ਉਘਾੜਦੀਆਂ ਤਸਵੀਰਾਂ ਚਿੱਤਰ ਕੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਫਰਜ਼ ਨੂੰ ਪਛਾਣਿਆ ਤੇ ਪ੍ਰਗਟਾਇਆ ਹੈ। ਕਾਵਿ ਚਿੱਤਰ ਉਸਾਰਨ ਵਿਚ ਕਵੀ ਮਾਹਿਰ ਹੈ। ਕਵੀ ਨੇ ਕਈ ਪਾਤਰਾਂ ਨੂੰ ਕਥਾ ਰਸ ਦੀ ਜੁਗਤ ਨਾਲ ਪਾਠਕਾਂ ਸਾਹਮਣੇ ਪ੍ਰਗਟ ਕੀਤਾ ਹੈ।


-ਕੁਲਜੀਤ ਕੌਰ ਅਠਵਾਲ।


ਤੂੰ ਆਪਣੀ ਨਿਬੇੜ
ਲੇਖਕ : ਐਸ. ਖੁਸ਼ਹਾਲ ਗਲੋਟੀ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 77871-43278.


ਇਸ ਗੀਤ ਸੰਗ੍ਰਹਿ ਪੁਸਤਕ ਦੇ ਰਚੇਤਾ ਐਸ. ਖੁਸ਼ਹਾਲ ਗਲੋਟੀ ਹਨ, ਜੋ ਕਿ ਪ੍ਰੋੜ੍ਹ ਲਿਖਾਰੀ ਹਨ। ਉਨ੍ਹਾਂ ਵਲੋਂ ਇਸ ਤੋਂ ਪਹਿਲਾਂ ਤਿੰਨ ਪੁਸਤਕਾਂ ਦੀ ਰਚਨਾ ਕੀਤੀ ਗਈ ਹੈ। ਹੋਰਨਾਂ ਸਾਹਿਤ ਦੇ ਰੂਪਾਂ ਵਾਂਗ ਗੀਤ ਵੀ ਸਾਹਿਤ ਦੀ ਇਕ ਵਧੀਆ ਸਿਨਫ਼ ਹੈ ਅਤੇ ਗੀਤ ਲਿਖਣ 'ਚ ਲੇਖਕ ਦੀ ਚੰਗੀ ਪਕੜ ਹੈ। ਗੀਤ ਲਿਖਣ ਲੱਗਿਆਂ ਅਤੇ ਵਿਸ਼ੇ ਦੀ ਚੋਣ ਕਰਦਿਆਂ ਉਹ ਕਾਹਲ ਨਹੀਂ ਕਰਦਾ। ਉਸ ਕੋਲ ਜ਼ਿੰਦਗੀ ਦਾ ਵਿਸ਼ਾਲ ਤਜਰਬਾ ਅਤੇ ਅਨੁਭਵ ਹੈ। ਗੀਤਾਂ ਦੇ ਮਾਧਿਅਮ ਦੁਆਰਾ ਉਹ ਆਪਣੇ ਮਨ ਦੇ ਵਲਵਲਿਆਂ ਨੂੰ ਸਾਂਝੇ ਕਰਦਾ ਹੈ। ਉਸ ਨੂੰ ਪੰਜਾਬ ਅਤੇ ਪੰਜਾਬੀ ਬੋਲੀ ਨਾਲ ਪਿਆਰ ਹੈ। ਉਹ ਆਦਰਸ਼ਵਾਦੀ ਮਨੁੱਖ ਅਤੇ ਸਮਾਜ ਦੀ ਸਿਰਜਣਾ ਕਰਨੀ ਲੋਚਦਾ ਹੈ। ਉਹ ਚੰਗਾ ਇਨਸਾਨ, ਸਦਾਚਾਰ ਅਤੇ ਉਚ ਨੈਤਿਕ ਕਦਰਾਂ-ਕੀਮਤਾਂ ਅਪਣਾਉਣ 'ਤੇ ਜ਼ੋਰ ਦਿੰਦਾ ਹੈ ਅਤੇ ਕੁਦਰਤ ਦੇ ਨਿਯਮਾਂ ਦੀ ਅਟੱਲਤਾ ਸਬੰਧੀ ਸੁਚੇਤ ਹੈ। ਉਹ ਅਜਿਹੇ ਸਮਾਜ ਦੀ ਲੋਚਾ ਰੱਖਦਾ ਹੈ, ਜਿੱਥੇ ਭਾਈਚਾਰਾ, ਬੰਦੇ ਦਾ ਸਨਮਾਨ ਹੋਵੇ ਅਤੇ ਸਮੱਸਿਆਵਾਂ ਨਾ ਹੋਣ। ਉਹ ਪੰਜਾਬ ਦੇ ਦਿਨ-ਬ-ਦਿਨ ਬਦਲਦੇ ਮਾਹੌਲ 'ਤੇ ਚਿੰਤਤ ਹੈ ਅਤੇ ਇਸ ਦੇ ਅਤੀਤ 'ਤੇ ਝੂਰਦਾ ਇਉਂ ਬਿਆਨ ਕਰਦਾ ਹੈ :
ਮਾਈ ਭਾਗੋ ਜਿਹੀਆਂ ਨਾਰਾਂ ਵਾਲਾ
ਮਾਤਾ ਗੁਜਰੀ ਜਿਹੇ ਸੰਸਕਾਰਾਂ ਵਾਲਾ
ਅੱਜ ਪੰਜਾਬ ਕਿੱਥੇ ਗਿਆ, ਬਈ ਕਿੱਥੇ....
ਗੀਤਕਾਰ ਗੁਰਦੇਵ ਮਾਨ ਨੂੰ ਖ਼ੁਬਸੂਰਤ ਸ਼ਬਦਾਂ ਨਾਲ ਸ਼ਰਧਾਂਜਲੀ ਭੇਟ ਕਰਦਾ ਹੈ। ਲੇਖਕ ਗੀਤਾਂ ਦੇ ਵੰਨ-ਸੁਵੰਨੇ ਵਿਸ਼ਿਆਂ ਰਾਹੀਂ ਪਾਠਕ ਦਾ ਮਾਰਗ-ਦਰਸ਼ਕ ਬਣਦਾ ਹੈ। ਪੁਸਤਕ ਦਾ ਸਿਰਲੇਖ 'ਤੂੰ ਆਪਣੀ ਨਿਬੇੜ' ਦੀਆਂ ਕਾਵਿ ਲਾਈਨਾਂ ਦਾ ਇਕ ਨਮੂਨਾ :
ਕੋਈ ਸਰੂ ਵਾਂਗ ਜੀਵੇ
ਕੋਈ ਬੇਰੀ ਵਾਂਗ ਜੀਵੇ
ਛੱਡ ਬੋਲ ਤੇ ਕਬੋਲ ਰੱਖ ਬੁੱਲ੍ਹਾਂ ਉਤੇ ਸੀ
ਤੂੰ ਆਪਣੀ ਨਿਬੇੜ, ਤੈਨੂੰ ਕਿਸੇ ਨਾਲ ਕੀ।
'ਖ਼ਾਲਸਾ', 'ਐਫ਼.ਡੀ', 'ਲਾਲਾਂ ਦੀ ਜੋੜੀ', 'ਬੂਟਾ ਸਿੱਖੀ ਦਾ', 'ਧੰਨ-ਧੰਨ ਗੋਬਿੰਦ ਦਾ ਜੇਰਾ' ਅਤੇ ਕਈ ਹੋਰ ਧਾਰਮਿਕ ਗੀਤ ਵੀ ਪੁਸਤਕ 'ਚ ਦਰਜ ਹਨ। ਵੈਰਾਗ ਦੇ ਗੀਤ ਵੀ ਉਸ ਨੇ ਲਿਖੇ ਹਨ। ਲੇਖਕ ਧਾਰਮਿਕ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਪਰਮਾਤਮਾ 'ਚ ਸ਼ਰਧਾ-ਵਿਸ਼ਵਾਸ ਰੱਖਦਾ ਹੈ। ਉਹ ਸਮਾਜ ਨੂੰ ਵਧੀਆ ਚਲਦਾ ਰੱਖਣ ਲਈ ਧੀਆਂ ਦੀ ਲੋੜ ਮਹਿਸੂਸ ਕਰਦਾ ਹੋਇਆ ਉਨ੍ਹਾਂ ਦੀ ਹੋਂਦ ਨੂੰ ਵਡਿਆਉਂਦਾ ਹੈ। ਰਚਨਾਤਮਕ ਪੱਖੋਂ ਗੀਤਾਂ 'ਚ ਰਵਾਨਗੀ, ਸੰਗੀਤ, ਤੁਕਾਂਤਮੇਲ, ਪ੍ਰਵਾਹ, ਸਰਲਤਾ ਅਤੇ ਸਪੱਸ਼ਟਤਾ ਜਿਹੇ ਸਾਹਿਤਕ ਗੁਣ ਹਨ। ਪਾਠਕ ਕਾਵਿ ਲਾਈਨਾਂ ਨੂੰ ਪੜ੍ਹਦਿਆਂ ਕਿਤੇ ਅਟਕਦਾ ਨਹੀਂ ਹੈ। ਸਾਰਥਕ ਲੇਖਣੀ ਲਈ ਲੇਖਕ ਤੇ ਪ੍ਰਕਾਸ਼ਕ ਦੋਵੇਂ ਵਧਾਈ ਦੇ ਹੱਕਦਾਰ ਹਨ।


-ਮੋਹਰ ਗਿੱਲ ਸਿਰਸੜੀ
ਮੋ: 98156-59110

07-11-2020

 ਮੇਰੀਆਂ ਪਰਿਵਾਰਕ ਯਾਦਾਂ
ਲੇਖਕ : ਅਜਮੇਰ ਸਿੰਘ ਢਿੱਲੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 500 ਰੁਪਏ, ਸਫ਼ੇ : 296
ਸੰਪਰਕ : 81960-80885.

ਹਥਲੀ ਪੁਸਤਕ ਵਿਚ ਅਜਮੇਰ ਸਿੰਘ ਢਿੱਲੋਂ ਨੇ ਆਪਣੀ ਲੰਮੇਰੀ ਉਮਰ ਦੇ ਪੈਂਡੇ ਅਤੇ ਆਲੇ-ਦੁਆਲੇ ਨਾਲ ਜੁੜੀਆਂ ਅਭੁੱਲ ਯਾਦਾਂ ਨੂੰ ਸੰਗ੍ਰਹਿ ਰੂਪ ਵਿਚ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਹ ਯਾਦਾਂ ਉਸ ਦੀਆਂ ਸੱਤ ਪੁਸ਼ਤਾਂ ਦੇ ਜੀਵਨ ਜਾਚ ਦੇ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਨੌਕਰੀ-ਪੇਸ਼ਾ, ਰਿਸ਼ਤੇਦਾਰੀਆਂ, ਬਜ਼ੁਰਗਾਂ ਦੀਆਂ ਸਿਖਿਆਵਾਂ, ਵੱਖਰੇ-ਵੱਖਰੇ ਸਮਿਆਂ ਵਿਚ ਕੀਤੇ ਹੋਏ ਕਾਰਜਾਂ ਦਾ ਦਰਪਣ ਤਾਂ ਹਨ ਹੀ ਇਸ ਦੇ ਨਾਲ-ਨਾਲ ਆਪਣੇ ਬਚਪਨ, ਜਵਾਨੀ, ਵਿੱਦਿਆ ਪ੍ਰਾਪਤੀ ਅਤੇ ਪੰਜਾਬ ਦੇ ਦੋ ਸੌ ਸਾਲਾਂ ਦੇ ਸੰਖੇਪ ਇਤਿਹਾਸ ਨੂੰ ਵੀ ਪੇਸ਼ ਕਰਦੀਆਂ ਹਨ। ਲੇਖਕ ਨੇ ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਪਿਛੋਕੜ, ਪਿੰਡ ਘੁੰਗਰਾਲਾ ਦਾ ਜ਼ਿਕਰ ਅਤੇ ਢਿੱਲੋਂ ਗੋਤ ਦੇ ਇਤਿਹਾਸਕ ਸਰਵੇਖਣ ਨੂੰ ਯਾਦਾਂ ਦਾ ਰੂਪ ਦਿੱਤਾ ਹੈ।
ਲੇਖਕ ਆਪਣੇ ਨੰਬਰਦਾਰ ਪਿਤਾ ਸਬੰਧੀ ਆਪਣੀ ਯਾਦ ਨੂੰ ਬਿਆਨ ਕਰਦਾ ਹੋਇਆ ਉਸ ਦੇ ਸੁਭਾਅ ਦੇ ਗੁਣ ਨੂੰ ਪੇਸ਼ ਕਰਦਿਆਂ ਦੱਸਦਾ ਹੈ ਕਿ ਪਿਤਾ ਦੀ ਸੋਚ ਵਪਾਰਕ ਸੀ ਅਤੇ ਪਿਤਾ ਜੀ ਦਾ ਮੰਨਣਾ ਸੀ ਕਿ ਗ਼ਲਤ ਸੋਚ ਰੁਜ਼ਗਾਰ ਕਰਦੇ ਇਨਸਾਨ ਨੂੰ ਵੀ ਬੇਰੁਜ਼ਗਾਰ ਬਣਾ ਦਿੰਦੀ ਹੈ ਅਤੇ ਵਧੀਆ ਸੋਚਣੀ ਵਿਹਲੇ ਇਨਸਾਨ ਨੂੰ ਵੀ ਰੁਜ਼ਗਾਰ ਦੇ ਸਕਦੀ ਹੈ। ਪਿੰਡ ਬ੍ਰਾਹਮਣ ਮਾਜਰਾ ਅਤੇ ਨਾਨਕੇ ਪਿੰਡ ਕਕਰਾਲਾ ਬਾਰੇ ਜੁੜੀਆਂ ਯਾਦਾਂ ਵਿਚੋਂ ਸੱਭਿਆਚਾਰਕ ਕਦਰਾਂ-ਕੀਮਤਾਂ, ਲੋਕ-ਵਿਸ਼ਵਾਸਾਂ ਅਤੇ ਰਹੁ-ਰੀਤਾਂ ਆਦਿ ਨੂੰ ਖੂਬ ਚਿਤਰਿਆ ਹੈ। ਖਾਲਸਾ ਕਾਲਜ ਅੰਮ੍ਰਿਤਸਰ ਅਤੇ ਖਾਲਸਾ ਕਾਲਜ ਲੁਧਿਆਣਾ ਬਾਬਤ ਬੜੀ ਰੌਚਕ ਜਾਣਕਾਰੀ ਦਿੱਤੀ ਹੈ।
ਲੇਖਕ ਆਪਣੀਆਂ ਵਿਦੇਸ਼ ਫੇਰੀਆਂ ਨੂੰ ਜਿਹੜੀਆਂ ਕਿ ਪਾਕਿਸਤਾਨ, ਹਾਲੈਂਡ, ਬੈਲਜ਼ੀਅਮ, ਫਰਾਂਸ, ਇੰਗਲੈਂਡ, ਡੈਨਮਾਰਕ, ਸਵੀਡਨ, ਨਾਰਵੇ ਸਪੇਨ ਅਤੇ ਇਟਲੀ ਆਦਿ ਦੀਆਂ ਹਨ, ਸਬੰਧੀ ਸੰਖੇਪ ਪਰ ਢੁੱਕਵੇਂ ਰੂਪ 'ਚ ਬਿਆਨਦਾ ਹੈ। ਪੁਸਤਕ ਦਾ ਹੋਰ ਮਹੱਤਵਪੂਰਨ ਭਾਗ 'ਲੇਖਕ ਦੀਆਂ ਅਭੁੱਲ ਯਾਦਾਂ' ਤਹਿਤ ਅੰਕਿਤ ਹੈ। ਇਨ੍ਹਾਂ ਵਿਚ ਜਗਤਾ ਪੀਰ, ਬਾਪੂ ਦਾ ਬਾਗ, ਕਾਗਜ਼ ਦੀਆਂ ਕਿਸ਼ਤੀਆਂ, ਮੁਰਦਿਆਂ ਦੇ ਪਿੰਜਰ, ਸੂਤ ਦੀ ਚੋਰੀ, ਰੁਮਾਲੀ ਨੂੰ ਅੱਗ ਲਾਉਣਾ ਅਤੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਜਾਂ ਆਲੇ-ਦੁਆਲੇ ਦੀਆਂ ਸ਼ਖ਼ਸੀਅਤਾਂ ਬਾਰੇ ਖੱਟੀਆਂ ਮਿੱਠੀਆਂ ਪਰ ਰਸਦਾਇਕ ਯਾਦਾਂ ਨੂੰ ਬੜੀ ਸਰਲ ਵਾਰਤਕ ਸ਼ੈਲੀ ਰਾਹੀਂ ਬਿਆਨਿਆ ਹੈ। ਪੁਸਤਕ ਦੀ ਆਭਾ ਨੂੰ ਆਪਣੀਆਂ ਕਈ ਪੀੜ੍ਹੀਆਂ ਦੀਆਂ ਤਸਵੀਰਾਂ ਨਾਲ ਵੀ ਖੂਬਸੂਰਤ ਬਣਾਇਆ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਨਮਸਕਾਰ ਗੁਰਦੇਵ ਕੋ
ਮੁੱਖ ਸੰਪਾਦਕ : ਦਿਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 592
ਸੰਪਰਕ : 98148-98570.

ਪਿਛਲੇ ਵਰ੍ਹੇ ਸਤਿਗੁਰੂ ਨਾਨਕ ਦੇਵ ਜੀ ਦੇ 550ਵੇਂ ਵਰ੍ਹੇ ਨੂੰ ਸਮਰਪਿਤ ਇਹ ਵੱਡਾਕਾਰੀ ਅਤੇ ਵਕਾਰੀ ਗ੍ਰੰਥ ਆਪਦੀ ਬੌਧਿਕ ਪ੍ਰਤਿਭਾ ਦਾ ਇਕ ਨਿੱਗਰ ਸਬੂਤ ਹੈ। 592 ਪੰਨਿਆਂ ਦੀ ਇਸ ਪੁਸਤਕ ਵਿਚ 51 ਵਿਦਵਾਨਾਂ ਦੇ ਲੇਖ ਸੰਕਲਿਤ ਹੋਏ ਹਨ। ਹਰ ਲੇਖ ਆਪਣੇ-ਆਪਣੇ ਵਿਸ਼ੈ-ਖੇਤਰ ਦਾ ਅਧਿਕਾਰੀ ਵਿਦਵਾਨ ਹੈ। ਨਵੇਂ ਅਤੇ ਸਮਕਾਲੀ ਵਿਦਵਾਨਾਂ ਦੇ ਨਾਲ-ਨਾਲ ਕੁਝ ਪੁਰਾਣੇ/ਵਰਿਸ਼ਠ ਲੇਖਕਾਂ ਦੀਆਂ ਰਚਨਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜਿਵੇਂ ਪ੍ਰਿੰ: ਹਰਭਜਨ ਸਿੰਘ, ਡਾ: ਦੇਵਿੰਦਰ ਸਿੰਘ ਵਿਦਿਆਰਥੀ, ਡਾ: ਸੀਤਾ ਰਾਮ ਬਾਹਰੀ, ਡਾ: ਹਰਨਾਮ ਸਿੰਘ ਸ਼ਾਨ... ਆਦਿ। ਪ੍ਰੋ: ਬਲਕਾਰ ਸਿੰਘ, ਪ੍ਰੋ: ਹਰਚੰਦ ਸਿੰਘ ਬੇਦੀ, ਡਾ: ਧਰਮ ਸਿੰਘ, ਪ੍ਰੋ: ਜਸਬੀਰ ਸਿੰਘ ਸਾਬਰ ਅਤੇ ਡਾ: ਸਰਬਜਿੰਦਰ ਸਿੰਘ ਨਵੇਂ ਅਤੇ ਪੁਰਾਣੇ ਲੇਖਕਾਂ ਦੇ ਦਰਮਿਆਨ ਇਕ ਪੁਲ ਦਾ ਕੰਮ ਕਰਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿਚ ਪਰੰਪਰਾ ਅਤੇ ਆਧੁਨਿਕਤਾ ਸਮਾਨ ਰੂਪ ਵਿਚ ਪ੍ਰਵਾਹਿਤ ਹੁੰਦੀਆਂ ਹਨ।
ਹਥਲੇ ਗ੍ਰੰਥ ਵਿਚ ਗੁਰੂ ਨਾਨਕ ਸਾਹਿਬ ਦੇ ਬਾਣੀ-ਸੰਸਾਰ ਵਿਚ ਮਿਲਦੇ ਬਹੁਤ ਸਾਰੇ ਸੰਕਲਪਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਵੇਂ ਸਮਾਨਤਾ ਤੇ ਮੁਕਤੀ (ਡਾ: ਸੀਤਾ ਰਾਮ ਬਾਹਰੀ), ਚੜ੍ਹਦੀ ਕਲਾ (ਪ੍ਰੋ: ਹਰਨਾਮ ਸਿੰਘ ਸ਼ਾਨ), ਸਿੱਖ ਚਿੰਤਨ ਦੀ ਪਿਠਭੂਮੀ (ਡਾ: ਬਲਕਾਰ ਸਿੰਘ), ਸਮਕਾਲੀਨ ਦਰਸ਼ਨ ਨਾਲ ਸੰਵਾਦ (ਪ੍ਰੋ: ਹਰਚੰਦ ਸਿੰਘ ਬੇਦੀ), ਸਰਬ ਸਾਂਝੀਵਾਲਤਾ (ਡਾ: ਧਰਮ ਸਿੰਘ), ਅੰਤਰ-ਧਰਮ ਸੰਵਾਦ (ਡਾ: ਸਰਬਜਿੰਦਰ ਸਿੰਘ), ਸਫਲ ਜੀਵਨ-ਜੁਗਤ (ਇੰਦਰਜੀਤ ਸਿੰਘ ਗੋਗੋਆਣੀ), ਰਾਗ-ਪ੍ਰਬੰਧ (ਡਾ: ਗੁਰਨਾਮ ਸਿੰਘ), ਵਿਚਾਰਧਾਰਕ ਪਰਿਪੇਖ (ਡਾ: ਪਰਮਵੀਰ ਸਿੰਘ), ਸੁਹਜ ਕਲਾ (ਰਜਿੰਦਰ ਕੌਰ) ਅਤੇ ਅਕਾਲ ਰੂਪ ਬਾਬਾ (ਸੁਖਮਿੰਦਰ ਸਿੰਘ ਗਜਣਵਾਲਾ)... ਆਦਿ।
ਇਸ ਪੁਸਤਕ ਵਿਚ ਸੰਕਲਿਤ ਬਹੁਤ ਸਾਰੇ ਲੇਖ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਅਤੇ ਬਾਣੀ ਨੂੰ ਵੈਸ਼ਵਿਕ ਪ੍ਰਸੰਗ ਵਿਚ ਰੱਖ ਕੇ ਵਿਸ਼ਲੇਸ਼ਿਤ ਕਰਨ ਦਾ ਯਤਨ ਕਰਦੇ ਹਨ ਪਰ ਕੁੱਲ ਮਿਲਾ ਕੇ ਗੁਰਮਤਿ ਸਬੰਧੀ ਖੋਜ ਅਤੇ ਆਲੋਚਨਾਤਮਕ ਕਾਰਜ ਕਾਫੀ ਸਮੇਂ ਤੋਂ ਇਕ ਸਾਧਾਰਨ ਉਚਾਈ ਉੱਪਰ ਪਹੁੰਚ ਕੇ ਅਟਕ ਜਾਂਦਾ ਹੈ। ਸ਼ਾਇਦ ਧਰਮ ਅਤੇ ਧਰਮ ਗੁਰੂਆਂ ਸਬੰਧੀ ਲਿਖਣ ਸਮੇਂ ਵਿਦਵਾਨਾਂ ਦੀ ਕਲਮ ਸਹਿਮ ਜਾਂਦੀ ਹੈ। ਸੱਤਾ ਉੱਪਰ ਕਾਬਜ਼ ਲੋਕ, ਵਿਦਵਾਨਾਂ ਨੂੰ ਇਹੋ ਜਿਹੇ ਮੁੱਦੇ ਉਠਾਉਣ ਨਹੀਂ ਦਿੰਦੇ, ਜਿਹੜੇ ਕ੍ਰਾਂਤੀਕਾਰੀ, ਅਵਾਮੀ ਅਤੇ ਵਿਸਥਾਪਿਤ (ਡੀਕੰਸਟਰਕਟ) ਕਰਨ ਵਾਲੇ ਹੋਣ। ਗਣਤੰਤਰਿਕ ਮੁਲਕਾਂ ਵਿਚ ਇਹੋ ਜਿਹੇ ਸਹਿਮ ਜਾਂ ਸੈਂਸਰ ਨੂੰ ਪਨਪਣ ਨਹੀਂ ਦੇਣਾ ਚਾਹੀਦਾ।
ਕੁੱਲ ਮਿਲਾ ਕੇ ਇਹ ਇਕ ਬਹੁਮੁੱਲੀ ਸਰੋਤ ਪੁਸਤਕ ਹੈ। ਗੁਰੂ ਨਾਨਕ ਸਾਹਿਬ ਦੇ ਚਿੰਤਨ ਦਾ ਮੰਥਨ ਅਤੇ ਵਿਸ਼ਲੇਸ਼ਣ ਕਰਨ ਲਈ ਇਸ ਗ੍ਰੰਥ ਵਿਚੋਂ ਗੁਜ਼ਰਨਾ ਬਹੁਤ ਲਾਹੇਵੰਦ ਸਿੱਧ ਹੋਵੇਗਾ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਪੰਜਾਬੀ ਸਾਹਿਤ ਅਧਿਐਨ
ਮਿੱਥ ਰੂਪਾਂਤਰਣ
ਸੰਪਾ: ਡਾ: ਅਮਨਦੀਪ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 144
ਸੰਪਰਕ : 98151-02284.

ਇਸ ਪੁਸਤਕ ਦੀ ਸੰਪਾਦਕਾ ਡਾ: ਅਮਨਦੀਪ ਕੌਰ ਨੇ ਆਰੰਭ ਵਿਚ ਹੀ ਮਿੱਥ ਦੀ ਪ੍ਰਕਿਰਤੀ ਅਤੇ ਪਰਿਭਾਸ਼ਾ ਬਾਰੇ ਵਿਦਵਤਾ ਭਰਪੂਰ ਜਾਣਕਾਰੀ ਦਿੱਤੀ ਹੈ। ਉਸ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ, ਇਨਸਾਈਕਲੋਪੀਡੀਆ ਅਮੈਰੀਕਨਾ ਤੋਂ ਬਿਨਾਂ ਵੱਖ-ਵੱਖ ਸੰਸਾਰ ਪ੍ਰਸਿੱਧ ਵਿਦਵਾਨਾਂ ਮਸਲਨ: ਸਿਗਮੰਡ ਫਰਾਇਡ, ਕਾਰਲ ਜੁੰਗ, ਲੈਵੀ ਸਤ੍ਰਾਸ, ਸਾਸਿਊਰ, ਰੋਲਾਂ ਬਾਰਤ ਆਦਿ ਦੇ ਵਿਚਾਰਾਂ ਦੀ ਉਚਿਤ ਵਰਤੋਂ ਕੀਤੀ ਹੈ। ਸਵੈ-ਸਿੱਧ ਹੈ ਕਿ ਮਿੱਥ ਦੀ ਪ੍ਰਕਿਰਤੀ ਬਹੁ-ਪਾਸਾਰੀ ਹੈ। ਇਸ ਦੇ ਕਲਾਵੇ ਵਿਚ ਤ੍ਰੈਕਾਲਤਾ, ਲੋਕ-ਧਾਰਾਈ ਤੱਤ, ਮੂਲ ਧਰਮ, ਸੰਸਕ੍ਰਿਤੀ, ਰਹੁ-ਰੀਤਾਂ, ਰਸਮੋ-ਰਿਵਾਜ, ਦੇਵ-ਪੁਰਸ਼, ਦੈਵੀ-ਸ਼ਕਤੀਆਂ ਆਦਿ ਆਉਂਦੇ ਹਨ। ਅਜਿਹੀ ਬਹੁ-ਪਾਸਾਰੀ ਪ੍ਰਕਿਰਤੀ ਨੂੰ ਅਧਿਐਨ ਦਾ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ 'ਚੋਂ ਮਿੱਥਾਂ ਦੀ ਪਛਾਣ ਕਰਨ ਵਾਲੇ 18 ਨਿਬੰਧ ਇਸ ਪੁਸਤਕ ਵਿਚ ਸੰਕਲਿਤ ਕੀਤੇ ਗਏ ਹਨ। ਇਸ ਵਿਚ ਸ਼ਾਮਿਲ ਸਾਰੇ ਖੋਜੀ ਵਿਦਵਾਨ ਮਾਝੇ ਦੇ ਖੇਤਰ ਦੇ ਵੱਖ-ਵੱਖ ਸਿੱਖਿਆ ਅਦਾਰਿਆਂ ਵਿਚ ਅਧਿਐਨ ਅਤੇ ਅਧਿਆਪਨ ਦੇ ਕਾਰਜ ਵਿਚ ਯੋਗਦਾਨ ਪਾ ਰਹੇ ਹਨ। ਪੰਜਾਬੀ ਸਾਹਿਤ ਦੀਆਂ ਜਿਨ੍ਹਾਂ ਰਚਨਾਵਾਂ ਦੇ ਮਿੱਥ-ਰੂਪਾਂਤਰਣ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਉਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਤ ਰਵਿਦਾਸ ਬਾਣੀ, ਚੰਡੀ ਦੀ ਵਾਰ, ਜਨਮ-ਸਾਖੀਆਂ, ਰਾਮਾਇਣ-ਮਹਾਂਭਾਰਤ (ਮਨਮੋਹਨ ਬਾਵਾ ਦੇ ਭਾਰਤੀ ਇਤਿਹਾਸ-ਮਿਥਿਹਾਸ ਦੇ ਹਵਾਲੇ ਨਾਲ), ਅਜਮੇਰ ਸਿੰਘ ਔਲਖ ਦਾ ਨਾਟਕ ਇਕ ਰਮਾਇਣ ਹੋਰ, ਸਵਰਾਜਬੀਰ ਦੇ ਤਿੰਨ ਨਾਟਕ ਕ੍ਰਿਸ਼ਨ, ਅਗਨੀ ਕੁੰਡ, ਧਰਮ ਗੁਰੂ, ਸੰਤ ਸਿੰਘ ਸੇਖੋਂ ਦਾ ਨਾਟਕ ਕਲਾਕਾਰ, ਚਰਨ ਦਾਸ ਸਿੱਧੂ ਦਾ ਨਾਟਕ 'ਬਾਬਾ ਬੰਤੂ', ਕੁਲਵੰਤ ਸਿੰਘ ਵਿਰਕ ਦੀ ਪ੍ਰਸਿੱਧ ਕਹਾਣੀ 'ਧਰਤੀ ਹੇਠਲਾ ਬਲਦ', ਦਲੀਪ ਕੌਰ ਟਿਵਾਣਾ ਦੇ ਨਾਵਲ ਅਗਨੀ ਪ੍ਰੀਖਿਆ, ਦੂਸਰੀ ਸੀਤਾ, ਗੁਰਦਿਆਲ ਸਿੰਘ ਦੇ ਨਾਵਲ ਅੰਨ੍ਹੇ ਘੋੜੇ ਦਾ ਦਾਨ, ਮੜ੍ਹੀ ਦਾ ਦੀਵਾ, ਅਤੇ ਅਜੀਤ ਰਾਹੀ ਦੀ ਕਵਿਤਾ ਗੀਤਾ ਉਪਦੇਸ਼ ਆਦਿ। ਸਾਰੇ ਹੀ ਸਮੀਖਿਆਕਾਰਾਂ ਨੇ ਖੋਜ-ਵਿਧੀ ਦਾ ਪੂਰਾ ਪਾਲਣ ਕੀਤਾ ਹੈ। ਹਰ ਇਕ ਨੇ ਮਿੱਥ ਦੀ ਪ੍ਰਕਿਰਤੀ ਸਬੰਧੀ ਆਪਣੇ ਖੋਜ-ਨਿਬੰਧ ਦੇ ਆਰੰਭ ਵਿਚ ਹੀ ਵਿਦਵਾਨਾਂ ਦੇ ਵਿਚਾਰਾਂ ਦੇ ਰੌਸ਼ਨੀ ਵਿਚ ਵਿਚਾਰ ਪ੍ਰਸਤੁਤ ਕੀਤੇ ਹਨ। ਹਰ ਇਕ ਨਿਬੰਧਕਾਰ ਨੇ ਇਹ ਵੀ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਕਿਸ ਲੇਖਕ ਨੇ ਕਿਸ ਵੰਨਗੀ ਦੀ ਮਿੱਥ-ਸਿਰਜਣਾ ਦੁਆਰਾ ਰੂਪਾਂਤਰਣ ਕੀਤਾ ਹੈ। ਇੰਜ ਇਹ ਪੁਸਤਕ ਮਿੱਥ-ਰੂਪਾਂਤਰਣ ਦੀ ਪ੍ਰਕਿਰਿਆ ਬਾਰੇ ਮੁੱਲਵਾਨ ਹੋ ਨਿੱਬੜੀ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

ਗੁਰੂ ਨਾਨਕ ਦੇਵ ਜੀ
ਜੀਵਨ ਤੇ ਵਿਰਸਾ
ਲੇਖਕ : ਮੱਖਣ ਸਿੰਘ
ਪ੍ਰਕਾਸ਼ਕ : ਸਿੱਖ ਫਾਊਂਡੇਸ਼ਨ, ਨਵੀਂ ਦਿੱਲੀ
ਮੁੱਲ : 990 ਰੁਪਏ, ਸਫ਼ੇ : 104
ਸੰਪਰਕ : 098104-46269

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਪ੍ਰਕਾਸ਼ਿਤ ਹੋਈ ਇਹ ਪੁਸਤਕ ਬਹੁਤ ਹੀ ਖੂਬਸੂਰਤ ਅਤੇ ਗਿਆਨ ਵਰਧਕ ਹੈ। ਸਰਬਸਾਂਝੇ ਸਤਿਗੁਰੂ ਜੀ ਦੇ ਮਹਾਨ ਜੀਵਨ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਖ਼ਾਤਰ ਸੂਝਵਾਨ ਲੇਖਕ ਨੇ ਪੁਸਤਕ ਨੂੰ ਪੰਜਾਬੀ ਅਤੇ ਅੰਗਰੇਜ਼ੀ, ਦੋਵਾਂ ਭਾਸ਼ਾਵਾਂ ਵਿਚ ਕਲਮਬੱਧ ਕੀਤਾ ਹੈ।
ਸੁੰਦਰ ਚਿੱਤਰਾਂ ਨਾਲ ਸੁਸੱਜਿਤ ਇਹ ਪੁਸਤਕ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼, ਬਚਪਨ ਦੇ ਕੌਤਕ, ਉਦਾਸੀਆਂ, ਸਿੱਖਿਆਵਾਂ ਅਤੇ ਇਲਾਹੀ ਸੰਦੇਸ਼ਾਂ ਨੂੰ ਪਾਠਕਾਂ ਦੇ ਰੂਬਰੂ ਕਰਦੀ ਹੈ। ਸਾਰੇ ਸਿਰਲੇਖ ਬਹੁਤ ਦਿੰਲ ਟੁੰਬਵੇਂ ਅਤੇ ਪ੍ਰਭਾਵਸ਼ਾਲੀ ਹਨ ਜਿਵੇਂ ਪਹਿਲਾ ਸੰਦੇਸ਼ ਨਾ ਕੋ ਹਿੰਦੂ ਨਾ ਮੁਸਲਮਾਨ, ਰਾਇ ਬੁਲਾਰ ਦਾ ਦੁਲਾਰ, ਪ੍ਰਥਮ ਸਿੱਖ ਬੇਬੇ ਨਾਨਕੀ, ਸਤਿ ਸਰੂਪ, ਕਰਮ ਧਰਮ ਸੰਜੁ ਸਤ ਭਾਉ, ਸੱਚੀ ਆਰਤੀ, ਖਸਮ ਕੀ ਬਾਣੀ, ਬਾਬਾ ਨਾਨਕ ਸ਼ਾਹ ਫ਼ਕੀਰ ਇਤਿਆਦਿ। ਆਕਰਸ਼ਕ ਸੋਹਣੇ ਚਿੱਤਰਾਂ ਨੂੰ ਨਿਹਾਰ ਕੇ ਬੱਚਿਆਂ ਅਤੇ ਅਨਪੜ੍ਹ ਲੋਕਾਂ ਨੂੰ ਵੀ ਮਹਾਰਾਜ ਜੀ ਦੇ ਜੀਵਨ ਝਲਕਾਰੇ ਸਮਝ ਆ ਜਾਂਦੇ ਹਨ। ਪਹਿਲੇ ਅਤੇ ਆਖ਼ਰੀ ਪੰਨੇ 'ਤੇ ਰਬਾਬ ਅਤੇ ਮੂਲ ਮੰਤਰ ਸੁਸ਼ੋਭਿਤ ਹਨ। ਸੰਖੇਪ ਅਤੇ ਸੌਖੀ ਭਾਸ਼ਾ ਵਿਚ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਵਿਰਸੇ ਬਾਬਤ ਅਨਮੋਲ ਸਮੱਗਰੀ ਪੇਸ਼ ਕੀਤੀ ਗਈ ਹੈ। ਗੁਰੂ ਜੀ ਨੇ ਦੁਨੀਆ ਦਾ ਭ੍ਰਮਣ ਕਰਕੇ ਸਭ ਨੂੰ ਸੱਚ ਦਾ ਮਾਰਗ ਦਿਖਾਇਆ ਅਤੇ ਤਿੰਨ ਸੁਨਹਿਰੀ ਸਿਧਾਂਤ ਬਖਸ਼ੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ। ਪਰਮਾਤਮਾ ਆਪਣੀ ਸਾਰੀ ਰਚਨਾ ਵਿਚ ਸਮਾਇਆ ਹੋਇਆ ਹੈ। ਸਾਰਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ। ਕਰਤੇ ਦੀ ਸਾਜੀ ਕੁਦਰਤ ਦਾ ਸਤਿਕਾਰ ਕਰਨਾ ਜ਼ਰੂਰੀ ਹੈ।
ਗੁਰੂ ਸਾਹਿਬ ਜੀ ਨੇ ਸਾਰੀ ਉਮਰ ਦੀਨ ਦੁਖੀਆਂ ਦਾ ਦਰਦ ਵੰਡਾਇਆ, ਲੰਗਰ ਅਤੇ ਪਿਆਉ ਚਲਾਏ, ਸਾਰੇ ਸੰਸਾਰ ਨੂੰ ਏਕਤਾ ਦੇ ਧਾਗੇ ਵਿਚ ਪਰੋਇਆ। ਜਦੋਂ ਆਪ ਜੋਤੀ ਜੋਤਿ ਸਮਾਏ ਤਾਂ ਹਿੰਦੂ ਮੁਸਲਮਾਨ ਆਪ ਜੀ ਨੂੰ ਆਪਣਾ ਗੁਰੂ ਅਤੇ ਪੀਰ ਮੰਨ ਕੇ ਨਤਮਸਤਕ ਹੋਏ। ਇਹ ਸਾਰੇ ਵੇਰਵੇ ਨਾਲੋ-ਨਾਲ ਅੰਗਰੇਜ਼ੀ ਭਾਸ਼ਾ ਵਿਚ ਦਿੱਤੇ ਗਏ ਹਨ। ਇਹ ਪੁਸਤਕ ਇਕ ਕੀਮਤੀ ਦਸਤਾਵੇਜ਼ ਹੈ ਜੋ ਪੜ੍ਹਨਯੋਗ, ਸਾਂਭਣਯੋਗ ਅਤੇ ਵਿਚਾਰਨਯੋਗ ਹੈ। ਇਸ ਦਾ ਭਰਪੂਰ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਚੁੱਪ ਦੇ ਬਹਾਨੇ
ਲੇਖਕ : ਮਲਵਿੰਦਰ
ਸੰਪਾਦਕ : ਸਰਬਜੀਤ ਸਿੰਘ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 225 ਰੁਪਏ, ਸਫ਼ੇ : 96
ਸੰਪਰਕ : 97795-91344.

ਮਲਵਿੰਦਰ ਪੰਜਾਬੀ ਕਾਵਿ-ਜਗਤ ਵਿਚ ਜਾਣਿਆ-ਪਛਾਣਿਆ ਅਤੇ ਚਰਚਿਤ ਨਾਂਅ ਹੋਣ ਦੇ ਨਾਲ-ਨਾਲ ਜ਼ਹੀਨ ਸ਼ਾਇਰ ਵੀ ਹੈ। 'ਚੁੱਪ ਦੇ ਬਹਾਨੇ' ਉਸ ਦਾ ਸੱਤਵਾਂ ਕਾਵਿ-ਸੰਗ੍ਰਹਿ ਹੈ। ਕਾਵਿ-ਸੰਗ੍ਰਹਿ 'ਚ ਉਸ ਗਹਿਰੀ ਕਾਵਿਕ ਪਿਆਸ ਨੂੰ ਸਮਰਪਿਤ ਕਰਦਿਆਂ, ਇਹ ਸੰਕੇਤ/ਇਸ਼ਾਰਾ ਕਰਨ ਦੇ ਬਹਾਨੇ ਅਨੇਕਾਂ ਵਿਸ਼ੇ ਜੋ ਚੁੱਪ 'ਚ ਸਿਮਟੇ ਹੋਏ ਹਨ, ਦੀ ਸਾਰਥਕ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਥੇ ਇਹ ਵੀ ਸਪੱਸ਼ਟ ਕਰਨਾ ਬਣਦਾ ਹੈ ਕਿ ਕਈਆਂ ਵਲੋਂ ਚੁੱਪ ਨੂੰ ਨਿਰਾਰਥਕ ਕਾਰਜ ਵਜੋਂ ਵੀ ਸਮਝਿਆ ਜਾ ਸਕਦਾ ਹੈ। ਪ੍ਰੰਤੂ ਕਵੀ ਨੇ ਇਸ ਧਾਰਨਾ ਨੂੰ 'ਸ਼ਬਦਾਂ ਦੀ ਅਜ਼ਮਤ' ਰਾਹੀਂ ਰੱਦ ਕਰਨ ਦੀ ਭਰਪੂਰ ਸਮਰੱਥਾ ਪੇਸ਼ ਕੀਤੀ ਹੈ। ਇਹੀ ਇਸ ਕਵਿਤਾ ਦੀ ਅਜ਼ਮਤ ਅਤੇ ਸੰਦੇਸ਼-ਵਾਹਕਤਾ ਦਾ ਪ੍ਰਤੀਕ ਬਣਦੀ ਹੈ। ਪੰਜਾਬੀ ਜਨ-ਜੀਵਨ ਵਿਚ ਪਰਵਾਸ ਜਿਥੇ ਪਦਾਰਥਕ ਸੁੱਖਾਂ ਦੀ ਖਾਣ ਸਮਝੀ ਜਾਂਦੀ ਹੈ, ਪ੍ਰੰਤੂ ਇਸ ਦੇ ਨਾਲ ਹੀ ਸਮਾਜੀ ਰਿਸ਼ਤਿਆਂ ਲਈ ਸੰਤਾਪ ਦਾ ਕਾਰਨ ਵੀ ਬਣਦੀ ਹੈ। ਇਸ ਲੰਮੀ ਕਵਿਤਾ ਵਿਚ 'ਚੁੱਪ' ਦੇ ਅਨੇਕਾਂ ਪਾਸਾਰਾਂ ਦੇ ਸੰਕੇਤ ਮਿਲਦੇ ਹਨ, ਮਸਲਨ: ਬੇਰੁਜ਼ਗਾਰੀ ਦਾ ਹੱਲ ਪਰਵਾਸ, ਮੁਹੱਬਤਾਂ ਦਾ ਮਨਫ਼ੀ ਹੋਣਾ, ਸਮਾਜਿਕ ਰਿਸ਼ਤਿਆਂ ਦੀ ਟੁੱਟ-ਭੱਜ, ਧਾਰਮਿਕ ਪਾਖੰਡ, ਆਦਿ। ਕਵੀ ਦੀ ਕਵਿਤਾ ਦਾ ਕਮਾਲ ਇਹ ਹੈ ਕਿ ਇਹ 'ਚੁੱਪ ਦੇ ਬਹਾਨੇ' ਇਨ੍ਹਾਂ ਉਕਤ ਮਸਲਿਆਂ ਸਬੰਧੀ ਸ਼ਬਦਾਂ ਦੇ ਬਹੁ-ਅਰਥੀ ਭਾਵਾਂ ਨਾਲ ਮਾਨਵੀ ਸੰਵੇਦਨਾ ਦੇ ਅਨੇਕਾਂ ਪ੍ਰਸੰਗਾਂ ਨਾਲ ਸੰਵਾਦ ਰਚਾਉਂਦਾ ਹੈ। ਚੁੱਪ ਦੇ ਬਹਾਨੇ ਮਨੁੱਖ ਆਪਣੀ ਆਤਮਿਕ ਸ਼ਕਤੀ ਨੂੰ ਪਰਖਦਾ/ਨਿਰਖਦਾ ਅਤੇ ਉਸ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਦਾ ਹੈ। ਅੱਜ ਜਿਵੇਂ ਪ੍ਰਚਾਰਿਆ ਜਾ ਰਿਹਾ ਹੈ : ਇਤਿਹਾਸ ਮਰ ਗਿਆ, ਭਾਸ਼ਾ ਮਰ ਗਈ, ਵਿਚਾਰ ਮਰ ਗਿਆ, ਦਰਸ਼ਨ ਮਰ ਗਿਆ, ਕਵਿਤਾ ਮਰ ਗਈ ਆਦਿ। ਜੇ ਸੱਚਮੁੱਚ ਹੀ ਸੰਸਾਰ 'ਚੋਂ ਕਵਿਤਾ ਮਰ ਗਈ ਤਾਂ ਸਮਝੋ ਸੰਸਾਰ 'ਚੋਂ ਮਾਨਵੀ ਸੰਵੇਦਨਾ ਮਰ ਗਈ, ਮਨੁੱਖ ਦੇ ਸੁਪਨੇ ਮਰ ਗਏ। ਕਵੀ ਦੀ ਇਸ ਕਵਿਤਾ ਦਾ ਪ੍ਰਮੁੱਖ ਮੰਤਵ ਹੀ ਇਨ੍ਹਾਂ ਧਾਰਨਾਵਾਂ ਨੂੰ ਰੱਦ ਕਰਦਿਆਂ ਭਵਿੱਖ ਦੀ ਆਸ ਦਾ ਬਾਨਣੂੰ ਬੰਨ੍ਹਣਾ ਹੈ।
'ਚੁੱਪ ਦੇ ਬਹਾਨੇ' ਨੂੰ ਸਰਬਜੀਤ ਸਿੰਘ ਸੰਧੂ ਨੇ ਮਲਵਿੰਦਰ ਦੀ ਇਸ ਲੰਮੀ ਕਵਿਤਾ ਦੇ ਖਿਲਾਰੇ ਇਕੱਠੇ ਕਰਨ ਦਾ ਸਾਰਥਕ ਉੱਦਮ ਕਰਦਿਆਂ ਪੰਜਾਬੀ ਕਵਿਤਾ ਦੇ ਪਾਠਕਾਂ ਲਈ ਸ਼ਲਾਘਾਯੋਗ ਕਾਰਜ ਕੀਤਾ ਹੈ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096
ਸਾਂਝ ਪਿਆਰਾਂ ਦੀ
ਸੰਪਾਦਕ : ਬਲਦੇਵ ਸਿੰਘ ਕੋਰੇ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94175-83141.

ਇਸ ਕਹਾਣੀ ਸੰਗ੍ਰਹਿ ਵਿਚ 17 ਵੱਖ-ਵੱਖ ਕਹਾਣੀਕਾਰਾਂ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਵੱਖੋ-ਵੱਖਰੇ ਵਿਸ਼ਿਆਂ ਨੂੰ ਉਭਾਰਿਆ ਗਿਆ ਹੈ। ਜ਼ਿਲ੍ਹਾ ਲਿਖਾਰੀ ਸਭਾ ਰੋਪੜ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਇਸ ਪੁਸਤਕ ਵਿਚ ਕਹਾਣੀਆਂ ਦੇ ਵਿਸ਼ੇ ਸਰਲ ਅਤੇ ਸਾਦੇ ਹਨ, ਜਿਨ੍ਹਾਂ ਦੀ ਪੇਸ਼ਕਾਰੀ ਬੜੀ ਸਾਧਾਰਨਤਾ ਨਾਲ ਕੀਤੀ ਗਈ ਹੈ। ਕੁਝ ਕਹਾਣੀਆਂ ਵਰਨਣਯੋਗ ਹਨ, ਜਿਨ੍ਹਾਂ ਵਿਚ ਸਰਹੱਦ ਦੇ ਆਰ-ਪਾਰ, ਜਿਨ੍ਹਾਂ ਵਾਸਤੇ ਕਮਾਉਂਦੇ, ਘਰ ਦਾ ਨਾ ਘਾਟ ਦਾ, ਧੀ ਰਾਣੀ ਆਦਿ ਸ਼ਾਮਿਲ ਹਨ।
'ਧੀ ਰਾਣੀ' ਅਜੋਕੇ ਸਮੇਂ ਵਿਚ ਧੀਆਂ ਦੀ ਆਪਣੇ ਮਾਪਿਆਂ ਪ੍ਰਤੀ ਫਰਜ਼ਸ਼ਨਾਸ਼ੀ ਦੀ ਖੂਬਸੂਰਤ ਉਦਾਹਰਨ ਹੈ। ਮਨੁੱਖੀ ਮਨ ਦੀ ਈਰਖਾ ਕਿਸੇ ਦੂਸਰੇ ਪ੍ਰਤੀ ਕਿਸ ਕਦਰ ਬੁਰੇ ਦੇ ਘਰ ਤੱਕ ਸੋਚ ਸਕਦੀ ਹੈ, ਇਸ ਦਾ ਪ੍ਰਗਟਾਵਾ ਕਹਾਣੀ 'ਜਿਨਾਂ ਵਾਸਤੇ ਕਮਾਉਂਦੈ' ਵਿਚ ਬਾਖੂਬੀ ਕੀਤਾ ਗਿਆ ਹੈ। 'ਛੂਹਣ' ਪਿਤਾ ਪੁੱੱਤਰ ਦੇ ਪਿਆਰ ਦੇ ਅਹਿਸਾਸਾਂ ਨੂੰ ਪੇਸ਼ ਕਰਦੀ ਇਕ ਖੂਬਸ਼ੂਰਤ ਕਹਾਣੀ ਹੈ।
ਭੂਤ, ਕਰਾਮਾਤੀ ਸਾਧੂ, ਬਾਬੇ ਦੀ ਚੌਂਕੀ ਆਦਿ ਕਹਾਣੀਆਂ ਸਮਾਜ ਵਿਚ ਫੈਲੇ ਵਹਿਮਾਂ-ਭਰਮਾਂ ਅਤੇ ਪਾਖੰਡਾਂ ਉੱਤੇ ਕਰਾਰੀ ਚੋਟ ਹੈ, ਜਿਸ ਵਿਚ ਸੱਚ ਨੂੰ ਅੱਖੋਂ ਪਰੋਖੇ ਕਰਕੇ ਜ਼ਾਇਜ-ਨਾਜਾਇਜ਼ ਸਭ ਕਬੂਲ ਕਰ ਲਿਆ ਜਾਂਦਾ ਹੈ। ਕਹਾਣੀ ਸੰਗ੍ਰਹਿ ਦੀਆਂ ਕੁਝ ਕਹਾਣੀਆਂ ਨੂੰ ਮੌਕਾਮੇਲ ਦੀਆਂ ਘਟਨਾਵਾਂ ਦਾ ਵਰਨਣ ਵੀ ਕਿਹਾ ਜਾ ਸਕਦਾ ਹੈ, ਜਿਨ੍ਹਾਂ ਦੀ ਬਣਤਰ ਜ਼ਿਆਦਾ ਗੁੰਦਵੀਂ ਨਹੀਂ ਅਤੇ ਕਈ ਜਗ੍ਹਾ ਪਾਤਰਾਂ ਦਾ ਚਿਤਰਨ ਵੀ ਕਹਾਣੀਆਂ ਦੇ ਮੁਤਾਬਿਕ ਢੁਕਵਾਂ ਨਹੀਂ ਹੈ। ਭਾਸ਼ਾ ਅਤੇ ਬਣਤਰ ਪੱਖੋਂ ਬਹੁਤੀਆਂ ਕਹਾਣੀਆਂ ਉੱਪਰ ਮਿਹਨਤ ਦੀ ਜ਼ਰੂਰਤ ਹੈ। ਕਹਾਣੀਕਾਰਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।

ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823

01-11-2020

ਦੂਸਰਾ ਅਧਿਆਪਕ
ਅਨੁਵਾਦ ਅਤੇ ਸੰਪਾਦਨਾ : ਕੁਮਾਰ ਸੁਸ਼ੀਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 94174-05636.


ਅੱਜ ਸਿੱਖਿਆ ਦੇ ਖੇਤਰ ਵਿਚ ਮਚੇ ਹੋਏ ਧੁੰਦੂਕਾਰੇ ਤੋਂ ਅਸੀਂ ਸਾਰੇ ਹੀ ਭਲੀ-ਭਾਂਤ ਜਾਣੂ ਹਾਂ ਅਤੇ ਚਿੰਤਤ ਵੀ ਹਾਂ ਕਿ ਅਜੋਕੀ ਸਿੱਖਿਆ ਪ੍ਰਣਾਲੀ ਕਿਹੜੇ ਪਾਸੇ ਜਾ ਰਹੀ ਹੈ। ਨਿੱਤ ਨਵੇਂ ਤਜਰਬੇ ਇਸ ਖੇਤਰ ਵਿਚ ਕੀਤੇ ਜਾ ਰਹੇ ਹਨ। ਸਿੱਖਿਆ ਮਨੁੱਖ ਨੂੰ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਵੀ ਪ੍ਰਦਾਨ ਕਰਦੀ ਹੈ ਅਤੇ ਰੁਜ਼ਗਾਰ ਵੀ ਮੁਹੱਈਆ ਕਰਵਾਉਂਦੀ ਹੈ। ਪਰ ਕਈ ਵਾਰੀ ਸਿੱਖਿਆ ਦੇ ਖੇਤਰ ਪ੍ਰਤੀ ਸਾਡੇ ਮਨ ਵਿਚ ਬਹੁਤ ਸਾਰੇ ਤੌਖਲੇ ਪੈਦਾ ਹੋ ਜਾਂਦੇ ਹਨ ਕਿਉਂਕਿ ਸਿੱਖਿਆ ਦੇ ਖੇਤਰ ਵਿਚ ਨਵੀਆਂ-ਨਵੀਆਂ ਨੀਤੀਆਂ ਦੇ ਲਾਗੂ ਹੋਣ ਨਾਲ ਕਈ ਪ੍ਰਕਾਰ ਦੇ ਅੰਤਰ-ਵਿਰੋਧ ਵੀ ਪੈਦਾ ਹੁੰਦੇ ਹਨ। ਕੁਮਾਰ ਸੁਸ਼ੀਲ ਦੁਆਰਾ ਅਨੁਵਾਦਿਤ ਅਤੇ ਸੰਪਾਦਿਤ ਪੁਸਤਕ 'ਦੂਸਰਾ ਅਧਿਆਪਕ' ਵੱਖ-ਵੱਖ ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਦੀ ਖੋਜ ਦੇ ਆਧਾਰ 'ਤੇ ਇਸ ਖੇਤਰ ਦੀਆਂ ਗੁੰਝਲਾਂ ਖੋਲ੍ਹਦੀ ਪੁਸਤਕ ਹੈ। ਪੁਸਤਕ ਦੀ ਭੂਮਿਕਾ ਵਿਚ ਹੀ ਕੁਮਾਰ ਸੁਸ਼ੀਲ ਦੁਆਰਾ ਸਿੱਖਿਆ ਦੇ ਖੇਤਰ ਦੇ ਵੱਖ-ਵੱਖ ਰੁਝਾਨ ਅਤੇ ਨੀਤੀਆਂ ਦੀ ਪਰਖ ਪੜਚੋਲ ਕੀਤੀ ਗਈ ਹੈ। ਕਾਰਪੋਰੇਟ ਜਗਤ ਇਸ ਪਵਿੱਤਰ ਕਾਰਜ 'ਤੇ ਕਿਵੇਂ ਕਾਬਜ਼ ਹੋ ਰਿਹਾ ਹੈ, ਇਹ ਪੁਸਤਕ ਕੇਵਲ ਪੜ੍ਹਨ ਲਈ ਹੀ ਨਹੀਂ ਹੈ ਸਗੋਂ ਸਿੱਖਿਆ ਦੇ ਖੇਤਰ ਦੀ ਫ਼ਿਕਰਮੰਦੀ ਹੈ ਅਤੇ ਵਿਚਾਰਨ ਲਈ ਮਜਬੂਰ ਕਰਦੀ ਹੈ ਕਿ ਇਸ ਖੇਤਰ ਨਾਲ ਜੁੜੇ ਵਿਅਕਤੀ ਕੇਵਲ ਭਾਸ਼ਨ ਕਰਤਾ ਹੀ ਨਾ ਹੋਣ ਸਗੋਂ ਵਿਹਾਰਕ ਰੂਪ ਵਿਚ ਸਿੱਖਿਆ ਦੇ ਖੇਤਰ ਨੂੰ ਗੰਧਲੇਪਣ ਤੋਂ ਬਚਾਉਣ ਲਈ ਯਤਨਸ਼ੀਲ ਵੀ ਹੋਣ। ਕੁਮਾਰ ਸੁਸ਼ੀਲ ਨੇ ਇਸ ਪੁਸਤਕ ਵਿਚ ਤਿੰਨ ਖੋਜ ਪੱਤਰ ਪਾਉਲੋ ਫਰੇਰੇ ਦੇ, ਇਕ ਖੋਜ ਪੱਤਰ ਹੈਨਰੀ ਗੀਰੂ, ਦੋ ਖੋਜ ਲੇਖ ਗੂਗੀ ਵਾ ਥਿਓਂਗੋ ਅਤੇ ਇਕ ਖੋਜ ਪੱਤਰ ਬਰਿਜ ਰੰਜਨ ਮਨੀ ਦਾ ਸ਼ਾਮਿਲ ਕੀਤਾ ਹੈ। ਇਹ ਸਾਰੇ ਹੀ ਖੋਜ ਪੱਤਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਚਾਰਾਧੀਨ ਖੇਤਰ ਵਿਚ ਪੈਦਾ ਹੋਏ ਉਨ੍ਹਾਂ ਵਰਤਾਰਿਆਂ ਨੂੰ ਪੇਸ਼ ਕਰਦੇ ਹਨ, ਜਿਨ੍ਹਾਂ ਬਾਰੇ ਆਮ ਪਾਠਕ ਤਾਂ ਅਣਜਾਣ ਹੈ ਹੀ ਪਰ ਸਿੱਖਿਆ ਦੇ ਖੇਤਰ ਨਾਲ ਜੁੜੇ ਵਿਅਕਤੀਆਂ ਲਈ ਵੀ ਬੜਾ ਕੁਝ ਨਵਾਂ ਹੈ ਜੋ ਵਾਪਰ ਰਿਹਾ ਹੈ। ਕੁੱਲ ਮਿਲਾ ਕੇ ਇਹ ਪੁਸਤਕ ਸਿੱਖਿਆ ਦੇ ਖੇਤਰ ਨਾਲ ਜੁੜੀਆਂ ਬਹੁਤ ਸਾਰੀਆਂ ਗੁੰਝਲਾਂ ਦੇ ਰੂ-ਬਰੂ ਕਰਦੀ ਹੈ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਪਰੀ ਸੁਲਤਾਨਾ
ਨਾਵਲਕਾਰ : ਗੁਲਜ਼ਾਰ ਸਿੰਘ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਮੁੱਲ :250 ਰੁਪਏ, ਸਫ਼ੇ : 184
ਸੰਪਰਕ : 0172-2602538.


'ਪਰੀ ਸੁਲਤਾਨਾ' ਵਿਚ ਪੰਜਾਬੀ ਦੇ ਮੁਮਤਾਜ਼ ਗਲਪਕਾਰ ਗੁਲਜ਼ਾਰ ਸਿੰਘ ਸੰਧੂ ਨੇ ਸੁਲਤਾਨਾ ਨਾਂਅ ਦੀ ਇਕ ਪ੍ਰਗਤੀਸ਼ੀਲ ਮੁਟਿਆਰ ਦੀ ਕਥਾ ਬਿਆਨ ਕੀਤੀ ਹੈ। ਇਹ ਕਹਾਣੀ ਦਾ ਆਰੰਭ ਪ੍ਰੋ: ਜਗਤ ਸਿੰਘ ਦੇ ਕਿਰਦਾਰ ਨਾਲ ਹੁੰਦਾ ਹੈ, ਜੋ ਪਿਸ਼ਾਵਰ ਦਾ ਵਸਨੀਕ ਸੀ ਅਤੇ ਉਥੋਂ ਦੇ ਇਸਾਈ ਮਿਸ਼ਨਰੀ ਕਾਲਜ ਵਿਚ ਇਤਿਹਾਸ ਅਤੇ ਫ਼ਾਰਸੀ ਦਾ ਪ੍ਰੋਫੈਸਰ ਸੀ। ਉਨ੍ਹਾਂ ਦਿਨਾਂ ਵਿਚ ਈਰਾਨ ਵਿਚ ਨਵ-ਉਤਪੰਨ ਬਹਾਈ ਮਤ ਕਾਫੀ ਪ੍ਰਸਿੱਧ ਹੋ ਰਿਹਾ ਸੀ। ਹੋਰ ਮੱਧ ਸ਼੍ਰੇਣਿਕ ਲੋਕਾਂ ਵਾਂਗ ਜਗਤ ਸਿੰਘ ਵੀ ਇਸ ਮਤ ਵੱਲ ਖਿੱਚਿਆ ਗਿਆ ਪਰ ਉਸ ਦੀ ਇਸ ਹਰਕਤ ਦੇ ਕਾਰਨ ਉਸ ਦੇ ਸਿੱਖ ਮਾਪਿਆਂ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ। ਇਸ ਕਾਰਨ ਜਗਤ ਸਿੰਘ ਪਿਸ਼ਾਵਰ ਨੂੰ ਛੱਡ ਕੇ ਲਾਹੌਰ ਪਹੁੰਚ ਗਿਆ ਸੀ ਅਤੇ ਇਥੋਂ ਦੇ ਇਕ ਕਾਲਜ ਵਿਚ ਅਧਿਆਪਨ-ਕਾਰਜ ਕਰਨ ਲੱਗਾ ਸੀ। ਉਸ ਦੀ ਪਹਿਲੀ ਪਤਨੀ ਤਪਦਿਕ ਦੀ ਬਿਮਾਰੀ ਕਾਰਨ ਗੁਜ਼ਰ ਗਈ ਸੀ ਅਤੇ ਉਸ ਨੇ ਆਪਣੀ ਸਾਲੀ ਪੁਸ਼ਪਾ ਰਾਣੀ ਨਾਲ ਵਿਆਹ ਕਰਵਾ ਲਿਆ ਸੀ। ਜਗਤ ਸਿੰਘ ਆਪਣੇ ਵਿਦਿਆਰਥੀਆਂ ਵਿਚ ਬਹੁਤ ਮਕਬੂਲ ਸੀ ਕਿਉਂਕਿ ਉਸ ਦੇ ਦਰਵਾਜ਼ੇ ਵਿਦਿਆਰਥੀਆਂ ਲਈ ਸਦਾ ਖੁੱਲ੍ਹੇ ਰਹਿੰਦੇ ਸਨ। ਜਗਤ ਸਿੰਘ ਦੇ ਕੋਈ ਸੰਤਾਨ ਨਹੀਂ ਸੀ।
ਮੈਕਸੀਕੋ ਵਿਚ ਰਹਿੰਦੀ ਅਲਿਜ਼ਬਥ ਨਾਂਅ ਦੀ ਇਕ ਔਰਤ ਨੇ ਜਗਤ ਸਿੰਘ ਨੂੰ ਈਰਾਨ ਜਾਂ ਅਮਰੀਕਾ ਦਾ ਕੋਈ ਬੱਚਾ ਗੋਦ ਲੈਣ ਲਈ ਮਨਾ ਲਿਆ। ਜਗਤ ਸਿੰਘ ਇਕ ਸਨਕੀ ਵਿਅਕਤੀ ਸੀ। ਉਹ ਗੋਦ ਲਈ ਬੱਚੀ ਨੂੰ 'ਨੂਰ ਜਹਾਨ ਬੇਗ਼ਮ' ਵਾਂਗ ਰੌਸ਼ਨ ਦਿਮਾਗ ਅਤੇ ਕੁਸ਼ਲ ਬਣਾਉਣਾ ਚਾਹੁੰਦਾ ਸੀ। ਇਸ ਕਾਰਨ ਉਹ ਸਾਰਾ ਦਿਨ ਉਸ ਬੱਚੀ ਦੇ ਪਾਲਣ-ਪੋਸ਼ਣ ਵਿਚ ਲੱਗਾ ਰਹਿੰਦਾ ਸੀ। ਇਸ ਕਾਰਨ ਉਸ ਦੀ ਪਤਨੀ ਪੁਸ਼ਪਾ ਰੁੱਸ ਕੇ ਆਪਣੇ ਪੇਕੇ ਕਲਕੱਤੇ ਚਲੀ ਗਈ ਸੀ। ਪੜ੍ਹਨ-ਲਿਖਣ ਉਪਰੰਤ ਉਸ ਦੀ ਬੱਚੀ 'ਸੁਲਤਾਨਾ' ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਕੁੱਦ ਪਈ। ਉਨ੍ਹਾਂ ਦਿਨਾਂ ਵਿਚ ਉਹ ਦਿੱਲੀ ਦੇ ਕਿੰਗਜ਼ਵੇ ਕੈਂਪ ਵਿਚ ਬਣੇ ਹਸਪਤਾਲ ਵਿਚ ਨਰਸ ਵਜੋਂ ਤਪਦਿਕ ਦੇ ਰੋਗੀਆਂ ਦੀ ਤੀਮਾਰਦਾਰੀ ਕਰ ਰਹੀ ਸੀ। ਹੁਣ ਜਗਤ ਸਿੰਘ ਅਤੇ ਸੁਲਤਾਨਾ ਦੇ ਰਾਹ ਵੀ ਨਿੱਖੜ ਗਏ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਗਤ ਸਿੰਘ ਲਾਹੌਰ ਹੀ ਰਹਿ ਗਿਆ ਜਦੋਂ ਕਿ ਸੁਲਤਾਨਾ ਦਿੱਲੀ ਵਿਚ ਹੀ ਟਿਕੀ ਰਹੀ। ਸੁਲਤਾਨਾ ਨੇ ਪਾਣੀਪਤ ਦੇ ਇਕ ਧਨਾਢ ਜ਼ਿਮੀਂਦਾਰ ਬੇਦੀ ਪਰਿਵਾਰ ਵਿਚ ਵਿਆਹ ਕਰ ਲਿਆ ਅਤੇ ਅਜੇ ਉਹ ਆਪਣੇ ਪਿਤਾ ਨੂੰ ਮਿਲਣ ਵਾਸਤੇ ਸੋਚ ਹੀ ਰਹੀ ਸੀ ਕਿ ਜਗਤ ਸਿੰਘ ਲਾਹੌਰ ਵਿਚ ਚਲਾਣਾ ਕਰ ਗਿਆ। ਉਸ ਦਾ ਸਸਕਾਰ ਕਰਨ ਉਪਰੰਤ ਸੁਲਤਾਨਾ ਵਾਪਸ ਪਾਣੀਪਤ ਆ ਗਈ। ਇਸ ਮੁਕਾਮ 'ਤੇ ਨਾਵਲ ਸਮਾਪਤ ਹੋ ਜਾਂਦਾ ਹੈ।
ਗੁਲਜ਼ਾਰ ਸਿੰਧ ਸੰਧੂ ਬਿਰਤਾਂਤ ਦਾ ਧਨੀ ਹੈ। ਦੇਸ਼-ਵਿਦੇਸ਼ ਘੁੰਮਿਆ ਹੋਣ ਕਾਰਨ ਉਸ ਦਾ ਅਨੁਭਵ ਬਹੁਤ ਵਿਸ਼ਾਲ ਹੈ ਅਤੇ ਇਹੀ ਕਾਰਨ ਹੈ ਕਿ ਪਾਠਕ ਬਿਰਤਾਂਤ ਨਾਲ ਪੂਰੀ ਤਰ੍ਹਾਂ ਜੁੜਿਆ ਰਹਿੰਦਾ ਹੈ। ਇਸ ਨਾਵਲ ਦੇ 63 ਅਧਿਆਇ ਹਨ। ਕੋਈ ਅਧਿਆਇ 3-4 ਪੰਨਿਆਂ ਤੋਂ ਵੱਧ ਨਹੀਂ ਹੈ। ਨਾਵਲ ਦੇ ਪੈਰੇ ਵੀ ਦੋ-ਚਾਰ ਵਾਕਾਂ ਤੋਂ ਅੱਗੇ ਨਹੀਂ ਜਾਂਦੇ। ਉਹ ਜਾਣਬੁੱਝ ਕੇ ਬਹੁਤ ਕੁਝ ਅਣਕਿਹਾ ਛੱਡ ਜਾਂਦਾ ਹੈ। ਰੋਲਾਂ ਬਾਰਤ ਦੀ ਦ੍ਰਿਸ਼ਟੀ ਅਨੁਸਾਰ ਇਹ ਇਕ 'ਰੀਡਰਲੀ' ਨਾਵਲ ਨਹੀਂ, 'ਰਾਈਟਰਲੀ' ਨਾਵਲ ਹੈ। ਇਸ ਵਿਚ ਪਾਠਕ ਨੂੰ ਬਹੁਤ ਕੁਝ ਆਪ ਲਿਖਣਾ ਪੈਂਦਾ ਹੈ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136



ਖ਼ਾਬਾਂ ਦਾ ਅੰਬਰ
ਲੇਖਕ : ਪ੍ਰਿੰਸ ਧੁੰਨਾ
ਪ੍ਰਕਾਸ਼ਕ : ਚੇਤਨਾ ਪਬਲਿਸ਼ਰਜ਼, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 92
ਸੰਪਰਕ : 98766-44319.


'ਖ਼ਾਬ' ਤਾਂ ਇਸ ਸੰਗ੍ਰਹਿ ਦਾ ਗ਼ਜ਼ਲ-ਪੈਰਾਡਾਈਮ ਹੈ। ਸ਼ਿਅਰਾਂ ਵਿਚ ਥਾਂ-ਥਾਂ ਸੁਪਨੇ ਹੀ ਸੁਪਨੇ ਹਨ। ਰਾਤੀਂ ਸੁੱਤਿਆਂ ਵੀ, ਜਾਗਦਿਆਂ ਵੀ। ਜ਼ਿਆਦਾਤਰ ਸ਼ਿਅਰਾਂ 'ਚੋਂ ਰੁਮਾਂਚਿਕ ਪ੍ਰੇਮ ਦੀ ਮਹਿਕ ਆਉਂਦੀ ਹੈ। ਬਹੁਤੇ ਸ਼ਿਅਰਾਂ ਦਾ ਸੰਬੋਧਨ ਪ੍ਰੇਮੀਆਂ-ਦੋਸਤਾਂ ਨੂੰ ਹੀ ਹੈ। ਪ੍ਰੇਮੀਆਂ ਨੂੰ ਮਿਲਣ ਦੀ ਤਾਂਘ ਹੈ, ਬੂਹੇ ਖੁੱਲ੍ਹੇ ਰੱਖ ਕੇ ਉਡੀਕ ਵੀ ਹੈ। ਬਿਰਹਾ ਦਾ ਅਹਿਸਾਸ ਵੀ ਹੈ, ਮਿਲਾਪ ਦਾ ਵਿਸ਼ਵਾਸ ਵੀ ਹੈ। ਰੁਮਾਂਸ ਦੀ ਰੰਗਣ ਵੀ, ਸੋਨੇ ਦਾ ਛਣਕਦਾ ਕੰਗਣ ਵੀ ਹੈ। ਪਿਆਰ ਦੀ ਤੀਬਰ ਅਨੁਭੂਤੀ ਵੀ ਹੈ, ਕਿਤੇ ਕਿਤੇ ਗੱਲ ਕਸੂਤੀ ਵੀ ਹੈ। ਕਾਫ਼ੀਏ-ਰਦੀਫ਼ਾਂ ਦਾ ਮੋਹ ਹੈ। ਕਲਪਨਾ ਦੀ ਛੋਹ ਵੀ ਹੈ। ਖ਼ਾਬਾਂ ਦਾ ਅੰਬਰ ਵੀ ਹੈ, ਰਿਸ਼ਤਿਆਂ ਦਾ ਆਡੰਬਰ ਵੀ ਹੈ। ਵਸਲ ਦੀ ਪਿਆਸ ਵੀ ਹੈ, ਬੂੰਦ ਦੀ ਆਸ ਵੀ ਹੈ। ਇਸ਼ਕ 'ਚ ਬਦਨਾਮੀ ਵੀ ਹੈ, ਇਸ਼ਕ ਦੀ ਕੁਰਬਾਨੀ ਵੀ ਹੈ। ਰਾਜਨੀਤਕ ਵਿਅੰਗ ਵੀ ਨੇ, ਟਕੋਰਾਂ ਨਿਸ਼ੰਗ ਵੀ ਨੇ। ਔੜਾਂ ਵੀ ਨੇ ਬਰਸਾਤਾਂ ਵੀ ਨੇ। ਉਡੀਕ 'ਚ ਰਾਤਾਂ ਵੀ ਨੇ। ਰਾਮ ਵੀ ਹੈ ਰੌਣ ਵੀ ਹੈ, ਠੰਢ ਵੀ, ਫੱਗਣ ਵੀ ਪੌਣ ਵੀ ਹੈ। ਵਿਸ਼ੇ ਵਰਤਮਾਨ ਵੀ ਨੇ, ਬੀਤੇ ਦੀ ਪਛਾਣ ਵੀ ਨੇ। ਬਹਿਰਾਂ ਦਾ ਗਿਆਨ ਵੀ, ਭੁੱਲ-ਚੁੱਕ ਪ੍ਰਵਾਨ ਵੀ ਹੈ। ਪੱਥਰ ਵਿਉਹਾਰ ਵੀ ਹੈ, ਪੱਤਰ ਵਿਹਾਰ ਵੀ ਹੈ। ਬੰਦੇ ਅੰਦਰ ਬੰਦਾ ਹੈ, ਉਲਝਿਆ ਸੋਚ-ਪੁਲੰਦਾ ਹੈ। ਗੱਲ ਕੀ ਮਨੋਵਿਗਿਆਨਕ ਮਾਨਸਿਕ ਵਿਸ਼ਲੇਸ਼ਣ ਕਰ ਰਿਹਾ ਹੈ ਕਵੀ। ਕੁਝ ਸ਼ਿਅਰ ਵੇਖ ਲੈਣੇ ਉਚਿਤ ਰਹਿਣਗੇ :
* ਅਸੀਂ ਖ਼ਾਬ ਸਿਰਜੇ ਸੀ ਅੰਬਰ ਤੋਂ ਉੱਚੇ
ਇਹ ਬੌਣੇ ਜਿਹੇ ਨਕਸ਼ ਕਿਸ ਨੇ ਉਕੇਰੇ। (ਪੰ: 75)
* ਬਿਨ ਤੇਰੇ ਇਹ ਹਯਾਤੀ ਇਕ ਖਿਲਾਅ ਹੈ ਦੋਸਤਾ
ਫੁੱਲ, ਖੂਸ਼ਬੂ, ਤਿਤਲੀਆਂ ਤੇ ਤਾਰਿਆਂ ਦਾ ਕੀ ਕਰਾਂ। (ਪੰ: 40)
* ਮੰਦਰ ਅਤੇ ਮਸੀਤੀਂ ਬੈਠੇ ਇਹ ਜੋ ਪਾਕ ਲਿਬਾਸਾਂ ਵਾਲੇ
ਸ਼ੀਸ਼ੇ ਸਾਹਵੇਂ ਜਾਂਦੇ ਹੀ ਇਹ ਪੂਰੇ ਨੰਗੇ ਹੋ ਜਾਂਦੇ ਨੇ। (ਪੰ: 68)
* ਮੈਂ ਰੇਤਾ, ਮੈਂ ਪਾਣੀ, ਮੈਂ ਦੀਵਾ ਮੜ੍ਹੀ ਦਾ
ਮੇਰੀ ਹੋਂਦ ਕੀ ਏ ਮੈਂ ਲੱਭਦਾ ਪਿਆ ਹਾਂ। (ਪੰ: 72)
* ਸ਼ਹਿਰ ਦੀ ਭੱਜ ਦੌੜ ਬੰਦਿਆਂ ਨੂੰ ਮਸ਼ੀਨਾਂ ਕਰ ਗਈ
ਸ਼ਹਿਰ ਸਾਰਾ ਫਿਰ ਲਿਆ ਮਿਲਿਆ ਬਸ਼ਰ ਕੋਈ ਨਹੀਂ। (ਪੰ: 61)
* ਬਰਕਤ, ਰਹਿਮਤ ਤਾਂ ਰਹਿੰਦੀ ਜੇ
ਘਰ ਵਿਚ ਤੀਵੀਂ ਹੱਸਣ ਲੱਗੇ। (ਪੰ: 56)
ਅੰਤ ਵਿਚ 8 ਕਵਿਤਾਵਾਂ ਵੀ ਭਾਵ-ਪੂਰਤ ਤੇ ਛੰਦ-ਮੁਕਤ ਨੇ।


-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਸਾਕਾਹਾਰੀ ਬਿੱਲੀਆਂ ਅਤੇ ਹੋਰ ਬਾਲ ਕਹਾਣੀਆਂ
ਲੇਖਕ : ਡਾ: ਬਲਦੇਵ ਸਿੰਘ 'ਬੱਦਨ '
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ।
ਮੁੱਲ : 80 ਰੁਪਏ, ਸਫ਼ੇ : 44
ਸੰਪਰਕ : 099588-31357.


'ਸਾਕਾਹਾਰੀ ਬਿੱਲੀਆਂ ਅਤੇ ਹੋਰ ਬਾਲ ਕਹਾਣੀਆਂ' ਡਾ: ਬਲਦੇਵ ਸਿੰਘ 'ਬੱਦਨ' ਦੀਆਂ ਬਾਲ ਕਹਾਣੀਆਂ ਦੀ ਸ਼ਾਨਦਾਰ ਬਾਲ ਪੁਸਤਕ ਹੈ। ਇਸ ਸੰਗ੍ਰਹਿ 'ਚ ਲੇਖਕ ਦੀਆਂ 5 ਬਾਲ ਕਹਾਣੀਆਂ ਸ਼ਾਮਿਲ ਹਨ। 'ਸਾਕਾਹਾਰੀ ਬਿੱਲੀਆਂ' ਬਾਲ ਕਹਾਣੀ 'ਚ ਲੇਖਕ ਨੇ ਇਕ ਬਿੱਲੀ, ਖਰਗੋਸ਼ ਅਤੇ ਚੂਹਿਆਂ ਦੀ ਦਿਲਚਸਪ ਕਹਾਣੀ ਰਾਹੀਂ ਅੰਤ 'ਚ ਸਿੱਖਿਆ ਦਿੱਤੀ ਹੈ ਕਿ ਸਾਨੂੰ ਸਭ ਨੂੰ ਰਲ-ਮਿਲ ਕੇ ਆਪਸੀ ਪਿਆਰ ਭਾਵਨਾ ਨਾਲ ਰਹਿਣਾ ਚਾਹੀਦਾ ਹੈ। 'ਬੰਸਰੀ' ਕਹਾਣੀ 'ਚ ਇਕ ਵਧੀਆ ਸੰਦੇਸ਼ ਦਿੱਤਾ ਗਿਆ ਹੈ ਕਿ ਨਿਰਸਵਾਰਥ ਵਿਅਕਤੀ ਦੀ ਪਰਮਾਤਮਾ ਹਮੇਸ਼ਾ ਕਿਸੇ ਨਾ ਕਿਸੇ ਰੂਪ 'ਚ ਮਦਦ ਜ਼ਰੂਰ ਕਰਦਾ ਹੈ। 'ਛੋਟੀ ਜਿਹੀ ਚਿੜੀ' ਕਹਾਣੀ 'ਚ ਲੇਖਕ ਨੇ ਸਿੱਖਿਆ ਦਿੱਤੀ ਹੈ ਕਿ ਪ੍ਰਾਣੀ ਦੀ ਰੱਖਿਆ, ਭੋਜਨ ਦਾ ਪ੍ਰਬੰਧ ਸਭ ਕੁਝ ਸ੍ਰਿਸ਼ਟੀਕਰਤਾ ਦੇ ਹੱਥ ਵਿਚ ਹੈ ਪ੍ਰੰਤੂ ਪ੍ਰਾਣੀ ਮਾਤਰ ਆਪਣੇ ਵਿਵੇਕ ਅਤੇ ਬੁੱਧੀ ਨਾਲ ਇਕ-ਦੂਜੇ ਦੀ ਮਦਦ ਕਰ ਸਕਦਾ ਹੈ ਪਰ ਕਈ ਵਾਰ ਉਹ ਇਹ ਵੀ ਨਹੀਂ ਕਰਨਾ ਚਾਹੁੰਦਾ। 'ਸਮਝਦਾਰੀ ਅਤੇ ਦਿਆਲਤਾ' ਕਹਾਣੀ 'ਚ ਨਸੀਹਤ ਦਿੱਤੀ ਗਈ ਹੈ ਕਿ ਸਮਝਦਾਰੀ ਦੇ ਨਾਲ-ਨਾਲ ਦਿਆਲਤਾ ਦੀ ਭਾਵਨਾ ਨਾਲ ਇਸ ਕਹਾਣੀ ਦਾ ਮੁੱਖ ਪਾਤਰ ਗੋਪਾਲ ਕਿਸ ਤਰ੍ਹਾਂ ਆਪਣੇ ਦਾਦਾ-ਦਾਦੀ ਦੇ ਦਿਲ ਨੂੰ ਜਿੱਤ ਲੈਂਦਾ ਹੈ ਅਤੇ ਆਪਣੀ ਨੌਕਰਾਣੀ ਅਤੇ ਚੋਰ ਦੀ ਗ਼ਲਤੀ ਨੂੰ ਵੀ ਮੁਆਫ਼ ਕਰ ਦਿੰਦਾ ਹੈ। 'ਅਮੀਰੀ ਦਾ ਰਾਜ਼' ਬਾਲ ਕਹਾਣੀ 'ਚ ਸਿੱਖਿਆ ਦਿੱਤੀ ਗਈ ਹੈ ਕਿ ਕਰਮ ਹੀ ਧਰਮ ਹੈ। ਕਿਸੇ ਵੀ ਵਿਅਕਤੀ ਨੂੰ ਇਮਾਨਦਾਰੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਅਤੇ ਮਿਹਨਤ ਦਾ ਫਲ ਮਨੁੱਖ ਨੂੰ ਦੇਰ-ਸਵੇਰ ਜ਼ਰੂਰ ਮਿਲਦਾ ਹੈ। ਇਸ ਪੁਸਤਕ ਦੀਆਂ ਬਾਲ ਕਹਾਣੀਆਂ ਨਾਲ ਬਣਾਏ ਗਏ ਸ਼ਾਨਦਾਰ ਚਿੱਤਰ ਇਨ੍ਹਾਂ ਕਹਾਣੀਆਂ ਨੂੰ ਹੋਰ ਸ਼ਿੰਗਾਰਦੇ ਪ੍ਰਤੀਤ ਹੁੰਦੇ ਹਨ। ਇਸ ਪੁਸਤਕ ਦੀਆਂ ਸਮੁੱਚੀਆਂ ਬਾਲ ਕਹਾਣੀਆਂ ਬੇਹੱਦ ਰੌਚਿਕ, ਦਿਲਚਸਪ ਅਤੇ ਸਿੱਖਿਆਦਾਇਕ ਹਨ। ਇਹ ਬਾਲ ਪੁਸਤਕ ਪੜ੍ਹਨਯੋਗ ਅਤੇ ਸਾਂਭਣਯੋਗ ਹੈ।


-ਮਨਜੀਤ ਸਿੰਘ ਘੜੈਲੀ
ਮੋ: 98153-91625


ਮਨ ਦਾ ਕੋਨਾ
ਲੇਖਿਕਾ : ਬਲਵਿੰਦਰ ਕੌਰ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 150
ਸੰਪਰਕ : 0172-5002591.


ਪੁਸਤਕ ਕਾਵਿਮਈ ਵਾਰਤਕ ਦਾ ਇਕ ਖੂਬਸੂਰਤ ਨਮੂਨਾ ਹੈ ਜਿਸ ਲੇਖਿਕਾ ਨੇ ਆਪਣੇ ਜੀਵਨ ਸਫਰ ਦੌਰਾਨ ਨਾਲ ਨਿਭੇ, ਵਿਚਰੇ, ਜੁੜੇ, ਟੁੱਟੇ ਬਹੁਤ ਸਾਰੇ ਰਿਸ਼ਤਿਆਂ ਦੇ ਨਾਲ-ਨਾਲ ਆਪਣੇ ਮਨ ਦੇ ਕੋਨੇ ਵਿਚ ਪਏ ਅਹਿਸਾਸਾਂ ਨੂੰ ਬਿਆਨ ਕਰਦਿਆਂ ਆਪਣੇ ਨਿੱਜ ਨਾਲ ਪਾਠਕਾਂ ਦੀ ਸਾਂਝ ਪਵਾਈ ਹੈ। ਆਪਣੇ ਬਚਪਨ ਤੋਂ ਲੈ ਕੇ ਰਿਟਾਇਰਮੈਂਟ ਤੱਕ ਦੇ ਸਫ਼ਰ ਨਾਲ ਜੁੜੇ ਅਨੇਕਾਂ ਪਲਾਂ ਨੂੰ ਖੂਬਸੂਰਤ ਸ਼ਬਦਾਂ ਨਾਲ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਲੇਖਿਕਾ ਦਾ ਉਦੇਸ਼ ਉਨ੍ਹਾਂ ਸਭ ਸਾਂਝਾਂ ਨੂੰ ਸਿਜਦਾ ਕਰਨਾ ਜਾਪਦਾ ਹੈ ਜਿਹੜੀਆਂ ਉਸ ਦੇ ਨਾਲ ਨਿਭੀਆਂ, ਹੰਢੀਆਂ ਅਤੇ ਪੁੱਗੀਆਂ ਅਤੇ ਨਾਲ ਹੀ ਉਨ੍ਹਾਂ ਲਈ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਸ਼ਿਕਵਾ ਵੀ ਜੋ ਉਸ ਨੂੰ ਉਸ ਦੇ ਮੇਚ ਦੀ ਸਾਂਝ ਦਾ ਮੁੱਲ ਨਹੀਂ ਮੋੜ ਪਾਏ।
ਪੁੁਸਤਕ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਪਹਿਲਾ ਭਾਗ ਲੇਖਿਕਾ ਦੇ ਬਚਪਨ, ਜਵਾਨੀ ਦੇ ਕਈ ਅਹਿਸਾਸਾਂ ਨੂੰ ਬਿਆਨ ਕਰਦਾ ਹੈ, ਜਿਸ ਵਿਚ ਉਸ ਨੇ ਬਚਪਨ ਦੀਆਂ ਯਾਦਾਂ, ਆਪਣੇ ਪਰਿਵਾਰ, ਪਟਿਆਲੇ ਸ਼ਹਿਰ ਦੇ ਵਿਚ ਆਪਣੀ ਪੜ੍ਹਾਈ ਦੇ ਦੌਰਾਨ ਬਣੀਆਂ ਸਖੀਆਂ ਅਤੇ ਅੱਖਰਾਂ ਨਾਲ ਪਈ ਆਪਣੀ ਦੋਸਤੀ ਦੀ ਸਾਂਝ ਨੂੰ ਬਿਆਨਿਆ ਹੈ। ਪੁਸਤਕ ਦੇ ਦੂਸਰੇ ਭਾਗ ਵਿਚ ਕੁਝ ਅਣਗੌਲੇ ਅਕਸਾਂ ਦੀ ਬਾਤ ਪਾਉਣ ਦੇ ਨਾਲ-ਨਾਲ ਲੇਖਿਕਾ ਨੇ ਆਪਣੇ ਜੀਵਨ ਸਾਥੀ ਦੇ ਹਸੀਨ ਪਲਾਂ ਦੀ ਯਾਦ ਦੇ ਨਾਲ ਉਸ ਦੇ ਵਿਛੋੜੇ ਦੀ ਤੜਪ ਨੂੰ ਵੀ ਬਿਆਨ ਕੀਤਾ ਜਿਸ ਵਿਚ ਉਸ ਦੇ ਹੰਢਾਏ ਦਰਦ ਅਤੇ ਜੀਵਨ ਸੰਘਰਸ਼ ਦਾ ਵਰਨਣ ਹੈ। ਬਾਪੂ ਦਾ ਸ਼ਬਦ ਚਿੱਤਰ ਵੀ ਖੂਬ ਹੈ। ਅਧਿਆਪਨ ਕਿੱਤੇ ਨਾਲ ਜੁੜੇ ਰਹਿਣ ਕਰਕੇ ਲੇਖਿਕਾ ਆਪਣੇ ਵਿਦਿਆਰਥੀਆਂ ਦੇ ਮਨਾਂ ਦੀ ਬਾਤ ਪਾਉਂਦੀ ਵੀ ਨਜ਼ਰੀ ਪੈਂਦੀ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ, ਸਧਰਾਂ, ਉਮੀਦਾਂ ਅਤੇ ਸੁਪਨਿਆਂ ਨੂੰ ਵੀ ਕਾਵਿਮਈ ਢੰਗ ਨਾਲ ਬਿਆਨਦੀ ਹੈ। ਯੂਰਪ ਕਰੂਜ਼ ਦੀ ਫੇਰੀ ਅਤੇ ਕੋਸੀ ਧੁੱਪ ਉਸ ਦੇ ਪਰਵਾਸੀ ਜੀਵਨ ਅਨੁਭਵਾਂ ਦਾ ਬਿਆਨ ਹੈ। ਜੀਵਨ ਦੇ ਹਰ ਪੱਖ ਵਿਚ ਚੜ੍ਹਦੀ ਕਲਾ ਦਾ ਤਸੱਵੁਰ ਕਰਨ ਕਾਰਨ ਲੇਖਿਕਾ ਦੀ ਸ਼ਖ਼ਸੀਅਤ ਦੀ ਝਲਕ ਇਸ ਪੁਸਤਕ ਵਿਚੋਂ ਮਿਲਦੀ ਹੈ। ਮਨ ਦੇ ਕੋਨੇ ਵਿਚ ਪਏ ਇਨ੍ਹਾਂ ਅਹਿਸਾਸਾਂ ਦੀ ਪੇਸ਼ਕਾਰੀ ਖੂਬਸੂਰਤ ਹੈ।


-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823


ਮੰਟੋ ਜ਼ਿੰਦਾ ਹੈ
ਸੰਪਾਦਕ : ਡਾ: ਅਮਰ ਕੋਮਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 178
ਸੰਪਰਕ : 84378-73565.


ਇਸ ਪੁਸਤਕ ਦਾ ਸੰਪਾਦਕ ਡਾ: ਅਮਰ ਕੋਮਲ ਆਪ ਇਕ ਕਵਿਤਾ, ਕਹਾਣੀ, ਮਿੰਨੀ ਕਹਾਣੀ, ਨਿਬੰਧ, ਜੀਵਨੀ, ਸ਼ਬਦ ਚਿੱਤਰ, ਖੰਡ ਕਾਵਿ, ਬੱਚਿਆਂ ਲਈ ਸਾਹਿਤ, ਆਲੋਚਨਾ, ਸੰਪਾਦਨਾ, ਅਨੁਵਾਦ ਤੇ ਸਵੈ-ਜੀਵਨੀ ਲਿਖਤ ਰਾਹੀਂ ਸਥਾਪਤ ਲੇਖਕ ਹੈ।
'ਮੰਟੋ ਜ਼ਿੰਦਾ ਹੈ' ਵਿਚ ਉਸ ਨੇ ਲਗਪਗ 15 ਕਹਾਣੀਆਂ ਦੀ ਚੋਣ ਕਰਕੇ ਸ਼ਾਮਿਲ ਕੀਤੀਆਂ ਹਨ। ਮੰਟੋ, ਜੋ ਆਰੰਭ ਤੋਂ ਹੀ ਲਿਖਤ ਵਜੋਂ ਇਕ ਵਿਵਾਦਿਤ ਲੇਖਕ ਰਿਹਾ ਹੈ, ਦੀਆਂ ਕਹਾਣੀਆਂ ਨੂੰ ਸੰਪਾਦਿਤ ਕਰਨ ਪਿੱਛੇ ਜ਼ਰੂਰ ਕੁਝ ਅਜਿਹੇ ਕਾਰਨ ਹੋਣਗੇ ਜੋ ਉਹ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹੈ। ਲੇਖਕ ਜੋ ਕੁਝ ਵੀ ਲਿਖਦਾ ਹੈ, ਹਾਲਾਤਵੱਸ ਹੋ ਕੇ ਲਿਖਦਾ ਹੈ ਤੇ ਮੰਟੋ ਵੀ ਅਜਿਹੇ ਸੰਘਰਸ਼ਮਈ ਹਾਲਾਤ ਵਿਚੋਂ ਨਿਕਲਿਆ ਸੀ, ਜਿਨ੍ਹਾਂ ਨੇ ਉਸ ਨੂੰ ਬਗ਼ਾਵਤ ਕਰਨ ਤੇ ਅਜਿਹਾ ਸਾਹਿਤ ਰਚਣ ਦੇ ਰਾਹ ਵੱਲ ਤੋਰਿਆ। ਬਚਪਨ ਵਿਚ ਪਿਤਾ ਦੀ ਕਰੋਪੀ ਦਾ ਸ਼ਿਕਾਰ ਮੰਟੋ ਨੇ ਆਪਣੇ ਮਨ ਦੇ ਗੁਬਾਰ ਨੂੰ ਕਲਮ ਦੀ ਸ਼ਕਤੀ ਰਾਹੀਂ ਪੇਸ਼ ਕਰਕੇ ਕਲਾ ਨੂੰ ਜੀਵਨ ਦਾ ਸਹਾਰਾ ਬਣਾਇਆ। ਰੋਜ਼ੀ-ਰੋਟੀ ਲਈ ਬੜੇ ਧੱਕੇ ਖਾਧੇ, ਸਮਾਜ, ਪਰਿਵਾਰ ਤੇ ਉੱਚ ਪੱਧਰੇ ਲੋਕਾਂ ਵਲੋਂ ਕਦੇ ਉਸ ਨੂੰ ਦੋ ਬੋਲ ਪਿਆਰ ਦੇ ਨਸੀਬ ਨਾ ਹੋਏ ਤੇ ਉਸ ਨੇ ਗ਼ਮ ਗ਼ਲਤ ਕਰਨ ਲਈ ਸ਼ਰਾਬ ਨੂੰ ਸਹਾਰਾ ਬਣਾਇਆ।
ਉਸ ਦੀਆਂ ਰਚਨਾਵਾਂ ਦੇ ਮੁੱਖ ਵਿਸ਼ੇ ਹਨ ਕੋਠੇ 'ਤੇ ਬੈਠੀਆਂ ਬੇਬੱਸ, ਲਾਚਾਰ, ਗ਼ਰੀਬੀ ਦੀ ਮਜਬੂਰੀ ਹੇਠ ਦੱਬੀਆਂ ਵੇਸਵਾਵਾਂ ਤੇ ਉੱਚੇ ਤਬਕੇ ਦੇ ਪੁਰਸ਼ਾਂ ਰਾਹੀਂ ਕੋਠੇ 'ਤੇ ਬੈਠਣ ਲਈ ਮਜਬੂਰ ਔਰਤਾਂ ਜੋ ਬਿਨਾਂ ਮਰਜ਼ੀ ਤੋਂ ਪੈਸੇ ਵਾਲਿਆਂ ਦੀਆਂ ਸ਼ਿਕਾਰ ਹੁੰਦੀਆਂ ਸਨ। ਮੰਟੋ ਲੋਕਾਂ ਦੀ ਪੀੜ, ਦਰਦ, ਮਰਦ ਤੇ ਔਰਤ ਦੇ ਸੰਤਾਪ ਨੂੰ ਸਮਝਦਾ ਸੀ। ਉਸ ਨੇ ਆਪ ਦੁੱਖ ਦਰਦ ਸਹਿ ਕੇ ਉਨ੍ਹਾਂ ਲੋਕਾਂ ਨੂੰ ਨੰਗਾ ਕੀਤਾ ਜੋ ਚਿਹਰਿਆਂ 'ਤੇ ਦੋਹਰੇ ਮੁਖੌਟੇ ਪਾਈ ਫਿਰਦੇ ਸਨ। ਉਸ ਨੇ ਕਲਮ ਰਾਹੀਂ ਸੰਤਾਪ ਹੰਢਾਉਂਦੇ ਲੋਕਾਂ/ਔਰਤਾਂ ਦੇ ਯਥਾਰਥ ਨੂੰ ਪੇਸ਼ ਕੀਤਾ। ਜੋ ਕੁਝ 1947 ਦੀ ਵੰਡ ਵੇਲੇ ਵਾਪਰਿਆਂ ਉਹ ਦੁਖਾਂਤ ਵੀ ਉਸ ਨੇ ਕਲਮ ਰਾਹੀਂ ਦਰਦਨਾਕ ਢੰਗ ਰਾਹੀਂ ਉਲੀਕਿਆ। ਉਸ ਦਾ ਅਜਿਹੀਆਂ ਕਹਾਣੀਆਂ ਲਿਖਣ ਦਾ ਮੁੱਖ ਮੰਤਵ ਸੀ ਸਾਹਿਤ ਰਾਹੀਂ ਕਾਮ ਦੇ ਉਸਾਰੂ ਪੱਖਾਂ ਨੂੰ ਮਹਿਸੂਸ ਕਰਵਾ ਕੇ ਕਾਮ ਦੀ ਅਜਿਹੀ ਸ਼ਕਤੀ ਉਪਜਾਉਣੀ ਜੋ ਅਨਿਆਂ ਵਿਰੁੱਧ ਸੰਗਰਾਮ ਲੜ ਸਕੇ।
ਅਜਿਹੀ ਵਿਚਾਰਧਾਰਾ ਪੇਸ਼ ਕਰਦੀਆਂ ਕਹਾਣੀਆਂ ਹਨ-ਟੋਭਾ ਟੇਕ ਸਿੰਘ, ਬਾਪੂ ਗੋਪੀਨਾਥ, ਕਾਲੀ ਸਲਵਾਰ, ਖੋਲ੍ਹਦੇ, ਠੰਢਾ ਗੋਸ਼ਤ, ਮੋਜ਼ੇਲ, ਸਹਿਯੋਗ, ਡਾਰਲਿੰਗ, ਨਵਾਂ ਕਾਨੂੰਨ, ਬੱਸ ਸਟੈਂਡ ਤੇ ਆਖਰੀ ਸਲੂਟ। ਡਾ: ਸਾਹਿਬ ਨੇ ਇਨ੍ਹਾਂ ਕਹਾਣੀਆਂ ਦੀ ਚੋਣ ਕਰਕੇ ਮੰਟੋ ਦੇ ਅੰਦਰ ਦੀ ਭਾਵਨਾ ਨੂੰ ਉਭਾਰਨ ਦਾ ਯਤਨ ਕੀਤਾ ਹੈ, ਜਿਸ ਨੂੰ ਆਮ ਪਾਠਕ ਸਮਝਣ ਤੋਂ ਅਸਮਰੱਥ ਹੈ। ਬਹੁਤ ਹੀ ਵਧੀਆ ਉਪਰਾਲਾ ਹੈ।


-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਰਾਹਾਂ ਦੀ ਮਿੱਟੀ
ਲੇਖਕ : ਧਰਮਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 77173-97306.


'ਰਾਹਾਂ ਦੀ ਮਿੱਟੀ' ਕਾਵਿ-ਸੰਗ੍ਰਹਿ ਧਰਮਿੰਦਰ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਆਪਣੇ ਬੇਬੇ, ਬਾਪੂ ਦੇ ਨਾਂਅ ਕਰਦਿਆਂ ਅਜੋਕੀ ਪੀੜ੍ਹੀ ਨੂੰ ਆਪਣੇ ਮਾਪਿਆਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਬ੍ਰਹਿਮੰਡਕ ਪਸਾਰੇ 'ਚ ਸਭ ਜੀਵ-ਜੰਤੂਆਂ ਦੀ ਥਾਂ-ਪੁਰ-ਥਾਂ ਆਪਣੀ-ਆਪਣੀ ਮਹੱਤਤਾ ਅਤੇ ਸਾਰਥਕਤਾ ਹੈ। ਦੁਨੀਆ ਵਿਚ ਕੋਈ ਵੀ ਸਜੀਵ ਅਤੇ ਨਿਰਜਿੰਦ ਵਸਤ ਫਾਲਤੂ ਨਹੀਂ ਹੈ। ਰੂਪ, ਰੰਗ ਅਤੇ ਹੋਰ ਸਾਰੇ ਪਹਿਲੂ ਮੁਹੱਬਤ ਦੇ ਅਨੇਕਾਂ ਰੰਗਾਂ ਦੇ ਪਾਸਾਰ ਹਨ। ਪ੍ਰੰਤੂ ਇਹ ਸਾਰੇ ਪੱਖ ਵਿਰੋਧੀ ਜੁਟਾਂ ਵਿਚ ਹਨ ਮਸਲਨ: ਪਿਆਰ-ਨਫ਼ਰਤ, ਸ਼ਹੀਦ- ਗੱਦਾਰ, ਊਚ-ਨੀਚ, ਅਮੀਰੀ-ਗ਼ਰੀਬੀ, ਆਸਤਕ-ਨਾਸਤਿਕ, ਧਰਮੀ-ਅਧਰਮੀ ਅਤੇ ਹੋਰ ਅਨੇਕਾਂ ਰੰਗਾਂ ਵਿਚ ਵੀ। ਧਰਮਿੰਦਰ ਵਲੋਂ ਇਸ ਸੰਗ੍ਰਹਿ ਵਿਚਲੀਆਂ 'ਅਕਾਲ ਉਸਤਤ' ਤੋਂ ਲੈ ਕੇ 'ਰੰਗਰੇਜ਼' ਤੱਕ 62 ਨਜ਼ਮਾਂ 'ਚ ਅਜਿਹੇ ਹੀ ਉਕਤ ਵਿਸ਼ਿਆਂ ਨਾਲ ਪੰਜਾਬੀ ਕਾਵਿ-ਪਾਠਕਾਂ ਦੀ ਸਾਂਝ ਪੁਆਉਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਹੈ। ਕੁਦਰਤੀ ਵਰਤਾਰਿਆਂ 'ਚ ਮਨੁੱਖ ਅਤੇ ਰੁੱਖ ਦੀ ਅਜ਼ਲੀ ਸਾਂਝ ਨੂੰ ਤਸਲੀਮ ਕਰਦਿਆਂ 'ਮਿੱਟੀ' ਦੀ ਹੋਂਦ ਦੀ ਸਾਰਥਕਤਾ ਵੱਲ ਸੰਕੇਤ ਕੀਤਾ ਹੈ :
ਬੰਦੇ ਤੋਂ ਮਿੱਟੀ ਹੋਣਾ
ਤੇ ਮਿੱਟੀ ਤੋਂ ਬਿਰਖ਼ ਹੋਣਾ
ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ
.. .. .. .. ..
ਮੁਸ਼ਕਿਲ ਤਾਂ ਹੈ
ਪਰ ਅਸੰਭਵ ਨਹੀਂ
ਕੁਦਰਤ ਨੂੰ ਮੁਹੱਬਤ ਕਰਨਾ।
ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਕੁਦਰਤ ਦੇ ਅਨੇਕਾਂ ਵਰਤਾਰਿਆਂ ਦੀ ਵਿਆਖਿਆ ਕਰਦੀਆਂ ਹਨ। ਮਸਲਨ: 'ਅਕਾਲ ਉਸਤਤ', ਬਾਬਾ ਨਾਨਕ, 'ਅੰਮ੍ਰਿਤ', 'ਸਿਰਜਣਹਾਰ', 'ਚਾਨਣ', 'ਪ੍ਰਭਾਤ', 'ਕੁਦਰਤ', 'ਮੁਹੱਬਤ', 'ਕਵਿਤਾ', 'ਕਿਸਾਨ', 'ਬਿਮਾਰ ਸੂਰਜ', 'ਘਸਮੈਲਾ ਚਾਨਣ', 'ਸਤਲੁਜ' ਅਤੇ 'ਦੀਦੜੇ' ਆਦਿ ਕਵਿਤਾਵਾਂ 'ਚ ਉਕਤ ਰੰਗਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਪ੍ਰੇਮੀ ਦੇ ਦੀਦਾਰ ਦੀ ਸਿੱਕ ਦਾ ਮਾਰਮਿਕ ਦ੍ਰਿਸ਼ :
ਹੋਈ ਮੁੱਦਤ ਹੋਏ ਨਾ ਦੀਦੜੇ
ਮੈਂ ਕਿਸ ਲਈ ਕੱਢਾਂ ਕਸੀਦੜੇ
ਧਰਮਿੰਦਰ ਤੋਂ ਅਗਲੇ ਕਾਵਿ-ਸੰਗ੍ਰਹਿ ਦੀ ਤਵੱਕੋ ਕੀਤੀ ਜਾ ਸਕਦੀ ਹੈ।


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

31-10-2020

 ਲੋਕ-ਟੋਟਕੇ
ਪਰਿਭਾਸ਼ਾ, ਸਰੂਪ ਅਤੇ ਲੱਛਣ
ਲੇਖਿਕਾਵਾਂ : ਸੁਨੀਤਾ ਰਾਣੀ ਅਤੇ ਸੀਮਾ ਦੇਵੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 140
ਸੰਪਰਕ : 0172-5002591.

ਹਥਲੀ ਪੁਸਤਕ 'ਚ ਪੰਜਾਬੀ ਲੋਕ-ਸਾਹਿਤ ਚਾਹੇ ਉਹ ਮੌਖਿਕ ਰੂਪ ਵਿਚ ਲੋਕਾਂ ਸਾਹਮਣੇ ਆਉਂਦਾ ਰਿਹਾ ਹੈ ਜਾਂ ਲਿਖਤ ਰੂਪ ਵਿਚ, ਇਨ੍ਹਾਂ ਦੋਵਾਂ ਲੋਕ-ਸਾਹਿਤ ਰੂਪਾਂ ਨੂੰ ਪੁਸਤਕ ਸਮੱਗਰੀ ਦਾ ਆਧਾਰ ਬਣਾਇਆ ਗਿਆ ਹੈ। ਦੋਵਾਂ ਲੇਖਿਕਾਵਾਂ ਨੇ ਲੋਕਯਾਨ, ਲੋਕਧਾਰਾ, ਲੋਕ ਵਿਰਸਾ ਅਤੇ ਲੋਕ ਵੇਦ ਨੂੰ ਨਾਮਕਰਨ ਦੇਣ ਵਾਲਿਆਂ ਦੇ ਪੈਂਤੜੇ 'ਤੇ ਚੱਲ ਕੇ ਪੁਸਤਕ ਵਿਚ ਇਨ੍ਹਾਂ ਸਭਨਾਂ ਦੇ ਸਿਧਾਂਤ, ਸਰੂਪ ਅਤੇ ਮੂਲ ਸਮੱਗਰੀ ਨੂੰ ਪੁਸਤਕ ਵਿਚ ਦਰਸਾਇਆ ਹੈ। ਲੇਖਿਕਾਵਾਂ ਦਾ ਮੰਨਣਾ ਹੈ ਕਿ ਪੰਜਾਬੀ ਲੋਕ-ਟੋਟਕਾ, ਲੋਕ-ਵਾਰਤਕ ਬਿਰਤਾਂਤ ਦੇ ਭਾਗ ਲੋਕ ਕਹਾਣੀ ਦੀ ਇਕ ਪ੍ਰਮੁੱਖ ਵੰਨਗੀ ਹੈ। ਪੁਸਤਕ ਦੇ ਪਹਿਲੇ ਅਧਿਆਇ ਵਿਚ ਲੋਕਧਾਰਾ, ਲੋਕ ਸਾਹਿਤ, ਸੱਭਿਆਚਾਰ, ਸਮਾਜ ਅਤੇ ਸਥਾਨਕ ਭਾਸ਼ਾ ਨਾਲ ਜਾਣ-ਪਛਾਣ ਨੂੰ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਦੇ ਹਵਾਲਿਆਂ ਨਾਲ ਪੇਸ਼ ਕੀਤਾ ਹੈ ਅਤੇ ਇਨ੍ਹਾਂ ਸੰਕਲਪਾਂ ਦੇ ਅੰਤਰ-ਸਬੰਧਾਂ ਅਤੇ ਅੰਤਰ-ਨਿਖੇੜ ਨੂੰ ਵੀ ਦਰਸਾਇਆ ਹੈ। ਇਸ ਤੋਂ ਅੱਗੇ ਲੋਕ ਵਾਰਤਕ ਬਿਰਤਾਂਤ ਦਾ ਇਤਿਹਾਸਕ ਸਰਵੇਖਣ ਪੇਸ਼ ਕਰਦਿਆਂ ਹੋਇਆਂ ਇਸ ਦੇ ਖੇਤਰੀ ਪੱਧਰ 'ਤੇ ਜਾ ਕੇ ਇਕੱਤਰ ਕਰਨ ਦੇ ਸਰੋਕਾਰਾਂ ਨੂੰ ਬਿਆਨ ਕੀਤਾ ਹੈ ਅਤੇ ਨਾਲ ਦੀ ਨਾਲ ਲਘੂ ਅਤੇ ਲੰਮੇ ਲੋਕ-ਵਾਰਤਕ ਬਿਰਤਾਂਤਾਂ ਦੀ ਜਾਣਕਾਰੀ ਦਿੱਤੀ ਹੈ। ਲੋਕ ਟੋਟਕੇ ਦੀ ਪਰਿਭਾਸ਼ਾ ਅਤੇ ਸਰੂਪ ਨੂੰ ਬਿਆਨ ਕਰਨ ਉਪਰੰਤ ਇਨ੍ਹਾਂ ਦੋਵਾਂ ਲੇਖਿਕਾਵਾਂ ਨੇ ਲੋਕ ਟੋਟਕਿਆਂ ਦੀ ਵਰਗ ਵੰਡ, ਸਮੀਖਿਆ ਅਤੇ ਪਾਤਰ ਦਰਸਾਉਂਦਿਆਂ ਹੋਇਆਂ ਵਿਭਿੰਨ ਲੋਕ ਟੋਟਕੇ ਵਾਰਤਕ ਵੰਨਗੀਆਂ ਦੇ ਪ੍ਰਚੱਲਿਤ ਮੂਲ ਪਾਠ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ। ਇਸ ਭਾਗ ਵਿਚ ਪ੍ਰਕਿਰਤੀ, ਜਾਨਵਰਾਂ, ਸਮਾਜ ਵਿਚਲੇ ਸਾਧਾਰਨ ਜਾਂ ਵਿਸ਼ੇਸ਼ ਪਾਤਰਾਂ, ਰਾਜਿਆਂ ਮਹਾਂਰਾਜਿਆਂ ਅਤੇ ਪਸ਼ੂ ਪੰਛੀਆਂ ਬਾਬਤ ਪ੍ਰਚੱਲਿਤ ਲੋਕ ਮਨਾਂ ਵਿਚ ਵਸੀਆਂ ਕਥਾਵਾਂ ਨੂੰ ਵਿਅਕਤ ਕੀਤਾ ਹੈ। ਪੁਸਤਕ ਵਿਚ ਵਿਸਤਰਿਤ ਸਹਾਇਕ ਪੁਸਤਕਾਂ ਦੀ ਸੂਚੀ ਵੀ ਹੈ ਅਤੇ ਅੰਤਿਕਾ ਵਿਚ ਬਹੁਤ ਸਾਰੀਆਂ ਲੋਕ ਕਹਾਣੀਆਂ ਦੇ ਨਾਵਾਂ ਦੀ ਸੂਚੀ ਅੰਕਿਤ ਹੈ। ਲੇਖਿਕਾਵਾਂ ਦਾ ਮੰਨਣਾ ਹੈ ਕਿ ਲੋਕ ਟੋਟਕੇ ਪਰਿਵਾਰਕ ਮਸਲੇ ਅਤੇ ਸਮਾਜਿਕ ਸੱਭਿਆਚਾਰਕ, ਰਾਜਨੀਤਕ ਅਤੇ ਆਰਥਿਕ ਮਸਲਿਆਂ ਨੂੰ ਪਾਠਕਾਂ ਜਾਂ ਸਰੋਤਿਆਂ ਸਾਹਮਣੇ ਪੇਸ਼ ਕਰਦੇ ਹਨ, ਜਿਨ੍ਹਾਂ ਵਿਚਲੀ ਰੌਚਿਕਤਾ ਲੋਕ ਮਨਾਂ ਵਿਚ ਘਰ ਕਰ ਜਾਂਦੀ ਹੈ। ਲੇਖਿਕਾਵਾਂ ਦਾ ਇਹ ਯਤਨ ਸਲਾਹੁਣਯੋਗ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਤਪਦੇ ਥਲਾਂ ਦਾ ਸਫ਼ਰ
ਲੇਖਕ : ਜਰਨੈਲ ਸਿੰਘ ਮੱਲੇਆਣਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 240
ਸੰਪਰਕ : 84375-29875.

ਜਰਨੈਲ ਸਿੰਘ ਮੱਲੇਆਣਾ ਦਾ ਸਾਹਿਤਕ ਜੀਵਨ ਵਿਚ ਪ੍ਰਵੇਸ਼ ਆਪਣੀ ਸਵੈਜੀਵਨੀ 'ਤਪਦੇ ਥਲਾਂ ਦਾ ਸਫ਼ਰ' ਨਾਲ ਹੀ ਹੁੰਦਾ ਹੈ। ਇੰਜ ਇਹ ਪੁਸਤਕ ਉਸ ਦੀ ਪ੍ਰਥਮ ਰਚਨਾ ਹੈ। ਲੇਖਕ ਮਾਲਵੇ ਦੇ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਮੱਲੇਆਣਾ ਵਿਚ ਪੈਦਾ ਹੋਇਆ। ਆਸ-ਪਾਸ ਦੇ ਕੁਝ ਪਿੰਡਾਂ ਤੋਂ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ, ਹਾਲਾਂਕਿ ਇਕ ਛੋਟੀ ਕਿਸਾਨੀ ਪਰਿਵਾਰ ਦਾ ਜੰਮਪਲ ਹੋਣ ਕਾਰਨ ਉਸ ਵਾਸਤੇ ਪੜ੍ਹਾਈ ਕਰਨੀ ਕੋਈ ਸੌਖਾ ਕੰਮ ਨਹੀਂ ਸੀ। ਮੈਟ੍ਰਿਕ ਕਰਨ ਉਪਰੰਤ ਸੁਲਤਾਨਪੁਰ ਲੋਧੀ ਤੋਂ ਜੇ.ਬੀ.ਟੀ. ਦਾ ਕੋਰਸ ਕਰਕੇ ਅਧਿਆਪਕ ਲੱਗ ਗਿਆ। ਉਹ ਆਪਣਾ ਅਧਿਆਪਨ-ਕਾਰਜ ਪੂਰੀ ਮਿਸ਼ਨਰੀ ਸਪਿਰਿਟ ਨਾਲ ਕਰਦਾ ਸੀ। ਇਸੇ ਦੌਰਾਨ ਉਸ ਦਾ ਵਿਆਹ ਹੋ ਗਿਆ ਹਾਲਾਂ ਕਿ ਆਪਣੇ ਪਰਿਵਾਰ ਦੇ ਮੁੰਡਿਆਂ ਵਿਚੋਂ ਉਸ ਦਾ ਸਥਾਨ ਤੀਸਰਾ ਸੀ। ਉਸ ਦੇ ਦੋ ਵੱਡੇ ਭਰਾਵਾਂ ਦੇ ਵਿਆਹ ਉਸ ਤੋਂ ਬਾਅਦ ਵਿਚ ਹੋਏ। ਵਿਆਹ ਉਪਰੰਤ ਉਸ ਦੇ ਘਰ ਇਕ ਪੁੱਤਰ ਅਤੇ ਇਕ ਧੀ ਨੇ ਜਨਮ ਲਿਆ। ਪਰ ਇਨ੍ਹਾਂ ਦੋਵਾਂ ਬੱਚਿਆਂ ਦਾ ਦੰਪਤੀ-ਜੀਵਨ ਬਹੁਤਾ ਚੰਗਾ ਜਾਂ ਸੁਖਾਲਾ ਨਾ ਰਿਹਾ। ਸੇਵਾ-ਮੁਕਤੀ (1995) ਤੋਂ ਬਾਅਦ ਉਹ ਕਿਸਾਨ ਯੂਨੀਅਨ ਵਿਚ ਵੀ ਡਟ ਕੇ ਕੰਮ ਕਰਦਾ ਰਿਹਾ ਪਰ ਜਿਥੇ ਉਸ ਦਾ ਵਿਵਸਾਇਕ ਜੀਵਨ ਬਹੁਤ ਸਫਲ ਰਿਹਾ, ਉਥੇ ਪਰਿਵਾਰਕ ਫਰੰਟ ਉੱਪਰ ਉਸ ਨੂੰ ਲਗਾਤਾਰ ਅਨੇਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇੰਜ ਉਸ ਦਾ ਜੀਵਨ ਇਕ ਸੰਘਰਸ਼ ਭਰੀ ਦਾਸਤਾਨ ਬਣਿਆ ਰਿਹਾ।
ਲੇਖਕ ਦਰਸਾਉਂਦਾ ਹੈ ਕਿ ਕਿਸਾਨੀ ਜੀਵਨ ਬਹੁਤ ਚੁਣੌਤੀਆਂ ਭਰਪੂਰ ਹੁੰਦਾ ਹੈ। ਭਰਾਵਾਂ ਦੀ ਆਪੋ ਵਿਚ ਨਹੀਂ ਬਣਦੀ ਕਿਉਂਕਿ ਮਾਤਾ-ਪਿਤਾ ਪੱਖਪਾਤ ਕਰਦੇ ਰਹਿੰਦੇ ਹਨ। 'ਕਮਾਉਣ' ਵਾਲਾ ਕੋਈ ਹੋਰ ਹੁੰਦਾ ਹੈ ਅਤੇ 'ਖਾਣ ਵਾਲੇ' ਹੋਰ ਹੁੰਦੇ ਹਨ। ਮੁੰਡੇ ਤਾਂ ਮੁੰਡੇ, ਕੁੜੀਆਂ ਵਲੋਂ ਵੀ ਸੁਖ ਦਾ ਸਾਹ ਨਹੀਂ ਆਉਂਦਾ। ਵਿਆਹ ਉਪਰੰਤ ਉਨ੍ਹਾਂ ਦੀਆਂ ਵੀ ਅੱਖਾਂ ਬਦਲ ਜਾਂਦੀਆਂ ਹਨ। ਲੇਖਕ ਦੀ ਇਹ ਟੈਕਸਟ ਪੜ੍ਹ ਕੇ ਮਾਲੂਮ ਹੁੰਦਾ ਹੈ ਕਿ ਕਿਸਾਨੀ ਜੀਵਨ ਦੇ ਦੁਖਾਂਤ ਦਾ ਵੱਡਾ ਕਾਰਨ ਇਸ ਦਾ ਪਰਿਵਾਰਕ ਜੀਵਨ ਹੈ। ਪਰਿਵਾਰ ਹੀ ਕਿਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਬਣਿਆ ਰਹਿੰਦਾ ਹੈ। ਸ਼ਾਇਦ ਸੁਣਨ ਵਿਚ ਇਹ ਗੱਲ ਅਜੀਬ ਲੱਗੇ ਪਰ ਇਹੀ ਸੱਚ ਹੈ। ਜਰਨੈਲ ਸਿੰਘ ਦਾ ਸਮੁੱਚਾ ਜੀਵਨ ਇਸ ਸੱਚ ਨੂੰ ਪ੍ਰਮਾਣਿਤ ਕਰਦਾ ਹੈ। ਇਹ ਸਵੈਜੀਵਨੀ ਇਕ ਨਾਵਲ ਵਾਂਗ ਰੌਚਕ ਅਤੇ ਦਿਲਚਸਪ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਹਾਰੀਂ ਨਾ ਬਚਨਿਆ
ਲੇਖਕ : ਗੁਰਮੀਤ ਕੜਿਆਲਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 173
ਸੰਪਰਕ : 81461-00994.

ਗੁਰਮੀਤ ਕੜਿਆਲਵੀ ਪੰਜਾਬੀ ਕਹਾਣੀ ਦੀ ਚੌਥੀ ਪੀੜ੍ਹੀ ਦਾ ਲਾਜਵਾਬ ਹਸਤਾਖ਼ਰ ਹੈ। ਉਸ ਦੇ ਹਥਲੇ ਕਹਾਣੀ ਸੰਗ੍ਰਹਿ ਦਾ ਸਿਰਲੇਖ ਪੜ੍ਹਦਿਆਂ ਕਿਸੇ ਸਮੇਂ ਪੜ੍ਹੀ ਕਹਾਣੀ 'ਹਾਰ ਗਿਆ ਰਤਨਿਆ' ਯਾਦ ਆਉਂਦੀ ਹੈ। 'ਹਾਰੀਂ ਨਾ ਬਚਨਿਆ' ਦਾ ਨਾਇਕ ਵੀ 'ਹਾਰ ਗਿਆ ਰਤਨਿਆ' ਦੇ ਨਾਇਕ ਵਾਂਗ ਹਾਲਾਤ ਅੱਗੇ ਬੇਵੱਸ ਹੈ। ਕਿਸੇ ਸਮੇਂ 'ਬਚਨਾ ਬਾਜ਼ੀਗਰ' ਬਾਜ਼ੀ ਪਾਉਣ ਵਾਲਿਆਂ ਵਿਚ ਅਜਿਹਾ ਨਾਇਕ ਸੀ ਜੋ ਆਪਣੇ ਕਰਤੱਵਾਂ ਨਾਲ ਦਰਸ਼ਕਾਂ ਪਾਸੋਂ ਬੱਲੇ-ਬੱਲੇ ਖੱਟਦਾ ਸੀ। ਪਰ ਅੱਜ ਉਹ ਆਪਣੀ ਪੋਤਰੀ ਦੀ ਅਸਮਤ ਲੁੱਟੇ ਜਾਣ ਕਾਰਨ ਇਨਸਾਫ਼ ਲਈ ਥਾਣਿਆਂ 'ਚ ਧੱਕੇ ਖਾਂਦਾ ਫਿਰਦਾ ਹੈ। 'ਕੀ ਕਰਾਂ' ਕਹਾਣੀ ਦੀ ਨਾਇਕਾ ਬਾਬਿਆਂ ਦੀ ਧਾਰਮਿਕ ਅਕਾਡਮੀ ਵਿਚ ਪੜ੍ਹਦੀ, ਸਖ਼ਤ ਜੇਲ੍ਹ ਵਰਗਾ ਅਨੁਸ਼ਾਸਨ ਅਤੇ ਅਣਮਨੁੱਖੀ ਵਿਵਹਾਰ ਪ੍ਰਤੀ ਵਿਦਰੋਹੀ ਮਾਰਗ ਅਖਤਿਆਰ ਕਰਦੀ ਹੈ, ਭਾਵੇਂ ਕਿ ਉਸ ਨੂੰ ਬੀ.ਐਡ. ਕਰਨ ਕਰਕੇ ਉਥੇ ਹੀ ਨੌਕਰੀ ਮਿਲ ਜਾਣੀ ਸੀ। 'ਛਿਲਤਰਾਂ' ਕਹਾਣੀ ਵਿਚ ਦਲਿਤਾਂ ਲਈ ਸਾਂਝੀ ਜ਼ਮੀਨ ਵਿਚੋਂ ਹਿੱਸਾ ਲੈਣ ਲਈ ਸੰਘਰਸ਼ ਰੂਪਮਾਨ ਹੋਇਆ ਹੈ। 'ਤੂੰ ਜਾਹ ਡੈਡੀ' ਕਹਾਣੀ ਦੇ ਨਾਇਕ ਦਾ ਪੁੱਤਰ ਨਸ਼ਈ ਹੈ। ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਹੈ। ਆਪਣੇ ਬਾਪ ਨੂੰ ਸੰਬੋਧਨ ਕਰਦਾ ਹੋਇਆ, ਸਮਾਜ ਦੀਆਂ ਅਨੇਕਾਂ ਬੁਰਾਈਆਂ ਦਾ ਪਰਦਾ ਫਾਸ਼ ਕਰਦਾ ਹੈ। ਪਰ ਅੰਤ 'ਤੇ ਬਿਨਾਂ ਬਾਹਾਂ ਵਾਲੇ ਲੜਕੇ ਦੇ ਸਬਜ਼ੀ ਵੇਚ ਕੇ ਗੁਜ਼ਾਰਾ ਕਰਨ ਦੀ ਸ਼ਲਾਘਾ ਕਰਦਾ ਹੈ। 'ਕਮੀਨਾ' ਕਹਾਣੀ ਵਿਚ ਪਤੀ-ਪਤਨੀ ਵਲੋਂ ਇਕ-ਦੂਜੇ 'ਤੇ ਆਚਰਨ-ਸ਼ੱਕ, ਸਾਰੀ ਕਹਾਣੀ 'ਤੇ ਛਾਇਆ ਹੋਇਆ ਹੈ। 'ਜੰਗ' ਕਹਾਣੀ ਵਿਚ ਸ਼ਹੀਦ ਦਾ ਬੁੱਤ ਵੀ ਕਥਾਵਾਚਕ ਹੈ। ਸ੍ਰੋਤਾ ਨੈਬ ਸਿੰਘ ਵੀ ਆਪਬੀਤੀ ਦੱਸਦਾ ਹੈ। ਜਗਮੀਤ ਦੀ ਯਾਦਗਾਰ ਬਣ ਗਈ। ਨੈਬ ਦੀ ਤਾਂ ਉਹ ਵੀ ਨਹੀਂ ਬਣੀ। ਪਰ ਦੋਵਾਂ ਦੇ ਘਰ ਉੱਜੜ ਗਏ। ਸ਼ਹੀਦੀ ਦਾ ਮੁੱਲ ਵੀ ਹੋਰ ਖੱਟ ਗਏ। ਦਰਅਸਲ ਜੰਗਾਂ ਲਈ ਰੋਬੋਟ ਸਰਕਾਰਾਂ ਦੇ ਹੱਥ ਵਿਚ ਹੁੰਦੇ ਹਨ। 'ਅਲਵਿਦਾ' ਕਹਾਣੀ ਦਾ ਨਾਇਕ ਸੰਘਰਸ਼ਾਂ ਵਿਚ ਜੁਟਿਆ ਰਹਿਣ ਵਾਲਾ, ਜੀਵਨ ਭਰ ਸਜ਼ਾਵਾਂ ਭੁਗਤਦਾ, ਸੱਚਾ-ਸੁੱਚਾ ਕਾਮਰੇਡ ਵੀ ਹੈ ਪਰ ਖੱਬੇ-ਪੱਖੀ ਨੇਤਾਵਾਂ ਦੀ ਈਰਖਾ ਅਤੇ ਨਿੱਜੀ ਹਿਤਾਂ ਕਾਰਨ ਉਸ ਨੂੰ ਏਨਾ ਅਣਗੌਲਿਆ ਕੀਤਾ ਗਿਆ ਕਿ ਉਸ ਦੀ ਮ੍ਰਿਤੂ ਉਪਰੰਤ 'ਲਾਲ ਝੰਡੇ' ਦੇ ਕੱਫ਼ਨ ਨੂੰ ਉਸ ਦੀ ਪਤਨੀ ਤਰਸਦੀ ਤੇ ਉਡੀਕਦੀ ਹੀ ਰਹਿ ਗਈ। 'ਵਾਇਰਸ' ਕਹਾਣੀ ਦੇ ਨਾਇਕ ਦੇ ਕੰਪਿਊਟਰ ਵਿਚ ਉਸ ਦੇ ਵਿਰੋਧੀਆਂ ਵਲੋਂ ਪੈਨ-ਡਰਾਇਵ ਨਾਲ ਵਾਇਰਸ ਦਾਖ਼ਲ ਕੀਤਾ ਜਾਂਦਾ ਹੈ ਜਿਸ ਨਾਲ ਸਾਰਾ ਡਾਟਾ ਡਿਲੀਟ ਹੋ ਜਾਂਦਾ ਹੈ। ਪਰ ਉਸ ਦੀਆਂ ਖਰੀਆਂ-ਖਰੀਆਂ ਬੌਸ ਸਮੇਤ ਸਾਰੇ ਕਰਮਚਾਰੀਆਂ ਨੂੰ ਅੱਖਾਂ ਵਿਚ ਮਿਰਚਾਂ ਵਾਂਗ ਲੜਦੀਆਂ ਹਨ। ਕਹਾਣੀਕਾਰ ਨੇ ਅਨੇਕਾਂ ਬਿਰਤਾਂਤਕ ਜੁਗਤਾਂ ਵਰਤੀਆਂ ਹਨ। ਬਿਰਤਾਂਤ ਵਿਚੋਂ ਜੀਵਨ ਦੀਆਂ ਅਟੱਲ ਸਚਾਈਆਂ ਨੋਟ ਕੀਤੀਆਂ ਜਾ ਸਕਦੀਆਂ ਹਨ। ਗਲਪੀ, ਕਲਾਤਮਕ ਛੋਹਾਂ ਕਮਾਲ ਨੇ। ਅਦਾਇਗੀ ਜਟਿਲ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.
ਛੱਪੜ ਤੇ ਅਸਮਾਨ
ਲੇਖਕ : ਸੁਖਬੀਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 022-26369349.

'ਛੱਪੜ ਤੇ ਅਸਮਾਨ' ਨਾਮਵਰ ਸਾਹਿਤਕਾਰ ਸੁਖਬੀਰ ਦੀਆਂ ਬਾਲ ਕਹਾਣੀਆਂ ਦੀ ਬੇਹੱਦ ਦਿਲਚਸਪ ਅਤੇ ਬੌਧਿਕ ਪੁਸਤਕ ਹੈ। ਇਸ ਸੰਗ੍ਰਹਿ 'ਚ ਲੇਖਕ ਦੀਆਂ 20 ਬਾਲ ਕਹਾਣੀਆਂ ਸ਼ਾਮਿਲ ਹਨ।
'ਸਹੀ ਵੰਡ' ਬਾਲ ਕਹਾਣੀ 'ਚ ਇਕ ਲੂੰਮੜੀ ਦੀ ਚਲਾਕੀ ਦਾ ਵਰਨਣ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਉਹ ਆਪਣੀ ਚਲਾਕੀ ਨਾਲ ਰਿੱਛ ਤੋਂ ਬਚਾਅ ਕਰਦੀ ਹੈ। 'ਉਮਰ ਦਾ ਸਵਾਲ' ਕਹਾਣੀ 'ਚ ਇਕ ਕਾਂ ਦਾ ਉਮਰ ਦੇ ਹਿਸਾਬ ਨਾਲ ਮੈਨਾ ਪ੍ਰਤੀ ਬਦਲਦਾ ਨਜ਼ਰੀਆ ਬਾਖੂਬੀ ਪੇਸ਼ ਕੀਤਾ ਗਿਆ ਹੈ। 'ਤਿੰਨ ਡੰਗ ਦੀ ਰੋਟੀ' ਕਹਾਣੀ 'ਚ 'ਹੱਥੀਂ ਮਿਹਨਤ ਕਰਨ ਦੀ ਨਸੀਹਤ ਦਿੱਤੀ ਗਈ ਹੈ। 'ਸਭ ਤੋਂ ਤਗੜੀ ਚਿੜੀ' ਕਹਾਣੀ 'ਚ ਇਕ ਚਿੜੀ ਦੀ ਸਿਆਣਪ ਦੀ ਉਦਾਹਰਨ ਦਿੱਤੀ ਗਈ ਹੈ ਕਿ ਉਹ ਕਿਸ ਤਰ੍ਹਾਂ ਆਪਣੀ ਸਿਆਣਪ ਦੇ ਬਲਬੂਤੇ ਹਾਥੀ ਅਤੇ ਮਗਰਮੱਛ ਨੂੰ ਹਰਾਉਂਦੀ ਹੈ। 'ਛੱਪੜ ਅਤੇ ਅਸਮਾਨ' ਇਕ ਤਿਤਲੀ ਅਤੇ ਡੱਡੂ ਦੀ ਬੜੀ ਹੀ ਰੌਚਿਕ ਅਤੇ ਦਿਲਚਸਪ ਕਹਾਣੀ ਹੈ।
'ਬਾਦਸ਼ਾਹ' ਕਹਾਣੀ 'ਚ ਸਿੱਖਿਆ ਦਿੱਤੀ ਗਈ ਹੈ ਕਿ ਆਪ ਨਾਲੋਂ ਤਾਕਤਵਰ ਨਾਲ ਸਿੱਧਾ ਪੰਗਾ ਮਹਿੰਗਾ ਪੈ ਸਕਦਾ ਹੈ। 'ਵਿਹਲੜ' ਕਹਾਣੀ 'ਚ ਸਿੱਖਿਆ ਦਿੱਤੀ ਗਈ ਹੈ ਕਿ ਮਨੁੱਖ ਨੂੰ ਆਲਸ ਤਿਆਗ ਕੇ ਹੱਥੀਂ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਵਿਹਲੜ ਬੰਦੇ ਦਾ ਅੰਤ ਮਾੜਾ ਹੁੰਦਾ ਹੈ। 'ਅਮਰਤਾ ਦਾ ਫਲ' ਕਹਾਣੀ 'ਚ ਸਿੱਖਿਆ ਦਿੱਤੀ ਗਈ ਹੈ ਕਿ ਲਾਲਚ ਬੁਰੀ ਬਲਾ ਹੈ। 'ਚਾਲ ਅਤੇ ਜਾਲ' ਇਕ ਚੁਸਤ ਨੌਜਵਾਨ ਦੀ ਕਹਾਣੀ ਹੈ ਜੋ ਆਪਣੀ ਚਾਲ ਨਾਲ ਇਕ ਦੈਂਤ ਨੂੰ ਆਪਣੇ ਜਾਲ ਵਿਚ ਫਸਾਉਂਦਾ ਹੈ।
ਇਸ ਤੋਂ ਇਲਾਵਾ 'ਲਾਲ ਕੋਟ ਵਾਲਾ ਚੂਹਾ', 'ਉੱਲੂ ਦਾ ਇਲਾਜ', 'ਵਰ ਦੀ ਭਾਲ', 'ਕੋਰੇ ਹੱਥ', 'ਸੈਹੇ ਦੀ ਸਿਆਣਪ', 'ਸ਼ੀਸ਼ਾ ਤੇ ਸ਼ਕਲਾਂ', 'ਦੋ ਲੱਤਾਂ ਵਾਲਾ ਟਿੱਡਾ', 'ਗੱਲ ਕਰਨ ਵਾਲਾ ਖੋਤਾ', ਕਿਹੋ ਜਿਹੇ ਦੋਸਤ', 'ਖੋਟੀ ਕਿਸਮਤ', 'ਸਭ ਤੋਂ ਸੋਹਣੀ ਆਵਾਜ਼' ਆਦਿ ਬਾਲ ਕਹਾਣੀਆਂ ਵੀ ਬੇਹੱਦ ਦਿਲਚਸਪ ਅਤੇ ਸਿੱਖਿਆਦਾਇਕ ਹਨ।
ਸਮੁੱਚੀ ਪੁਸਤਕ ਦੀਆਂ ਬਾਲ ਕਹਾਣੀਆਂ ਬਾਲ ਮਨਾਂ ਦੇ ਹਾਣ ਦੀਆਂ ਹੋਣ ਕਰਕੇ ਸੁਆਦਲੀਆਂ ਵੀ ਹਨ ਅਤੇ ਕੋਈ ਨਾ ਕੋਈ ਨਿੱਗਰ ਸਿੱਖਿਆ ਵੀ ਦਿੰਦੀਆਂ ਹਨ।

ਮਨਜੀਤ ਸਿੰਘ ਘੜੈਲੀ
ਮੋ: 98153-91625.

c c c

ਤ੍ਰੇਹ
ਮੂਲ ਲੇਖਕ : ਮੀਰ ਤਨਹਾ ਯੂਸਫੀ
ਲਿਪੀਅੰਤਰ : ਪਾਲ ਸਿੰਘ ਵੱਲਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ (ਪਟਿਆਲਾ)
ਮੁੱਲ : 125 ਰੁਪਏ, ਰੁਪਏ : 96
ਸੰਪਰਕ : 0183-5094194.

ਲਹਿੰਦੇ ਪੰਜਾਬ ਦਾ ਨਾਵਲ ਹੈ। ਇਸਲਾਮਾਬਾਦ (ਪਾਕਿਸਤਾਨ) ਦੇ ਵਸਨੀਕ ਲੇਖਕ ਦੀ ਸਾਹਿਤ ਸਿਰਜਣਾ ਬਾਰੇ ਕਹਾਣੀਕਾਰ ਜਿੰਦਰ ਨੇ ਟਾਈਟਲ ਤੇ ਜਾਣਕਾਰੀ ਦਿੱਤੀ ਹੈ। ਇਸ ਨਾਵਲ ਦਾ ਮੁੱਖ ਪਾਤਰ ਕਬਾਇਲੀ ਸੋਚ ਦਾ ਮਾਲਕ ਹੈ। ਮਰਦ ਵਿਚ ਔਰਤ ਪ੍ਰਤੀ ਕਬਜ਼ੇ ਦੀ ਭਾਵਨਾ ਦਾ ਬਿੰਬ ਉਸਰਦਾ ਹੈ। ਰਫੀਕ ਦੀਆਂ ਦੋ ਧੀਆਂ ਹਨ। ਬਗੋ ਤੇ ਨਗੋ। ਅਸਲ ਨਾਂਅ ਹੋਰ ਹਨ। ਜਵਾਨ ਹੁੰਦੀਆਂ ਹਨ।
ਰਫੀਕ ਧੀਆਂ ਦੇ ਮੁੱਲ ਦੇ ਰਿਸ਼ਤੇ ਕਰਦਾ ਹੈ। ਅਬਦੁਲ ਰਹਿਮਾਨ 65 ਸਾਲ ਦਾ ਵੱਡੀ ਉਮਰ ਦਾ ਵਿਆਹਿਆ ਪਾਤਰ ਹੈ। ਗੁਲਜ਼ਾਰੀ ਉਸ ਦੀ ਪਤਨੀ ਹੈ। ਘਰ ਵਿਚ ਕੋਈ ਬੱਚਾ ਨਹੀਂ ਹੈ ਪਰ ਜੁਆਨ ਬਗੋ 'ਤੇ ਮਾੜੀ ਨਜ਼ਰ ਰੱਖਦਾ ਹੈ। ਬਗੋ ਦਾ ਰਿਸ਼ਤਾ ਹੋਰ ਕਿਤੇ ਕਰ ਦਿੱਤਾ ਜਾਂਦਾ ਹੈ। ਉਹ ਚਲੀ ਜਾਂਦੀ ਹੈ। ਪਰ ਹੁਸੀਨ ਬਗੋ ਦੇ ਸੁਪਨੇ ਲੈਂਦਾ ਰਹਿਮਾਨ ਉਸ ਦੀ ਤਲਾਸ਼ ਵਿਚ ਤੁਰ ਪੈਂਦਾ ਹੈ।
ਨਾਵਲ ਦਾ ਵਧੇਰੇ ਭਾਗ ਇਸੇ ਤਲਾਸ਼ ਬਾਰੇ ਹੈ। ਉਹ ਬਗੋ ਨੂੰ ਲੱਭਣ ਲਈ ਸ਼ਹਿਰ, ਕਸਬੇ, ਜੰਗਲ, ਸਪੇਰਿਆਂ ਦੇ ਟਿਕਾਣਿਆਂ ਤੇ ਹੋਰ ਕਈ ਥਾਵਾਂ 'ਤੇ ਤੁਰਿਆ ਫਿਰਦਾ ਹੈ। ਰਫੀਕ ਨੇ ਬਗੋ ਦਾ ਰਿਸ਼ਤਾ ਲੁਕਵੇਂ ਰੂਪ ਵਿਚ ਕੀਤਾ ਸੀ। ਪਿੰਡ ਨੂੰ ਪਤਾ ਨਹੀਂ ਲੱਗਣ ਦਿੰਦਾ। ਤਿੰਨ ਕੁ ਸਾਲ ਪਿੱਛੋਂ ਇਕ ਦਿਨ ਰਹਿਮਾਨ ਨੂੰ ਬਗੋ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਇਕ ਸਪੇਰੇ ਕੋਲ ਹੈ ਤੇ ਉਸ ਦੇ ਦੋ ਬੱਚੇ ਹਨ। ਸਪੇਰੇ ਦੇ ਕਿਤੇ ਜਾਣ ਪਿੱਛੋਂ ਉਹ ਮਿਲਦੇ ਹਨ। ਪਛਾਣਦੇ ਹਨ। ਫਿਰ ਪੁਰਾਣੀਆਂ ਗੱਲਾਂ ਯਾਦ ਕਰਦੇ ਹਨ। ਸਪੇਰਾ ਬਗੋ ਦਾ ਦੂਸਰਾ ਪਤੀ ਹੈ। ਪਹਿਲਾ ਪਤੀ ਮਰ ਚੁੱਕਾ ਹੈ।
ਰਹਿਮਾਨ ਸਪੇਰੇ ਤੋਂ ਲੁਕ-ਛਿਪ ਕੇ ਬਗੋ ਨੂੰ ਅਗਵਾ ਕਰਕੇ ਆਪਣੇ ਕੁਝ ਬੰਦਿਆਂ ਨਾਲ ਪਿੰਡ ਲੈ ਆਉਂਦਾ ਹੈ। ਪਿੰਡ ਆ ਕੇ ਬਗੋ ਨੂੰ ਬਾਪ ਦੇ ਮਰਨ ਦਾ ਪਤਾ ਲਗਦਾ ਹੈ। ਨਗੋ ਬਾਰੇ ਵੀ ਉਹ ਪੁੱਛਦੀ ਹੈ। ਪੰਚਾਇਤ ਤੇ ਬਗੋ ਦੀ ਸਹਿਮਤੀ ਨਾਲ ਨਿਕਾਹ ਹੁੰਦਾ ਹੈ। ਪਰ ਤਿੰਨ ਕੁ ਮਹੀਨਿਆਂ ਪਿੱਛੋਂ ਬੱਚਿਆਂ ਸਮੇਤ ਘਰੋਂ ਭੱਜ ਜਾਂਦੀ ਹੈ। ਪਿੰਡ ਦੇ ਮੁੰਡੇ ਰਹਿਮਾਨ ਨੂੰ ਮਖੌਲਾਂ ਕਰਦੇ ਹਨ। ਚਾਚਾ! ਐਤਕੀਂ ਬਗੋ ਕਿ ਨਸੀ ਏ? ਨਾਵਲ ਦਾ ਸਿਰਲੇਖ ਮਰਦ ਦੀ ਕਾਮ ਲਾਲਸਾ (ਤ੍ਰੇਹ) ਦੇ ਆਧਾਰ 'ਤੇ ਹੈ। ਲਹਿੰਦੀ ਦੇ ਸ਼ਬਦ ਆਮ ਹਨ। ਰੁਮਾਂਟਿਕ ਨਾਵਲ ਦਾ ਲਿਪੀਅੰਤਰ ਮਿਆਰੀ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 09814856160

ਸਤਰੰਗੀ ਪੀਂਘ
ਲੇਖਿਕਾ : ਰਾਜਵੰਤ ਕੌਰ ਬਾਜਵਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98148-16976.

ਸ਼ਾਇਰ ਰਾਜਵੰਤ ਕੌਰ ਬਾਜਵਾ ਹਥਲੀ ਕਿਤਾਬ 'ਸਤਰੰਗੀ ਪੀਂਘ' ਤੋਂ ਪਹਿਲਾਂ ਮਿੰਨੀ ਕਹਾਣੀਆਂ ਦੀ ਪੁਸਤਕ 'ਫੇਅਰ ਐਂਡ ਲਵਲੀ' ਪੰਜਾਬੀ ਅਦਬ ਦੇ ਰੂਬਰੂ ਕਰ ਚੁੱਕੀ ਹੈ। ਹਥਲੀ ਕਿਤਾਬ ਪੰਜਾਬੀ ਅਦਬ ਵਿਚ ਨਵੀਂ ਆਈ ਕਾਵਿ-ਸਿਨਫ਼ ਹਾਇਕੂ 'ਤੇ ਹੱਥ ਅਜ਼ਮਾਈ ਕਰਕੇ ਪੰਜਾਬੀ ਕਾਵਿ ਵਿਹੜੇ ਵਿਚ ਪਲੇਠੀ ਪੁਲਾਂਘ ਪੁੱਟੀ ਹੈ। ਹਾਇਕੂ ਮੂਲ ਰੂਪ ਵਿਚ ਕਾਵਿ ਸਿਨਫ਼ ਹੈ ਜੋ ਤਿੰਨ ਸਤਰੀ ਸਤਰਾਂ 'ਤੇ ਆਧਾਰਿਤ ਹੁੰਦਾ ਹੈ। ਜਾਪਾਨ ਰਹਿੰਦੇ ਪੰਜਾਬੀ ਸ਼ਾਇਰ ਪ੍ਰਮਿੰਦਰ ਸੋਢੀ ਵਲੋਂ ਜਾਪਾਨੀ ਕਾਵਿ-ਸਿਨਫ਼ ਨੂੰ ਤਰਜਮਾ ਕੇ ਪੰਜਾਬੀ ਅਦਬ ਦੇ ਅੰਗੀਕਾਰ ਕੀਤਾ, ਜਿਸ ਨੂੰ ਪੜ੍ਹ, ਸੁਣ ਅਤੇ ਗੁੜ੍ਹ ਕੇ ਕੁਝ ਉਂਗਲਾਂ 'ਤੇ ਗਿਣੇ ਜਾਣ ਵਾਲੇ ਸ਼ਾਇਰਾਂ ਨੇ ਇਸ ਕਾਵਿ-ਸਿਨਫ਼ ਨੂੰ ਅਪਣਾਇਆ ਹੈ ਅਤੇ ਮੈਡਮ ਰਾਜਵੰਤ ਕੌਰ ਬਾਜਵਾ ਇਸ ਨਵੀਂ ਸਿਨਫ਼ ਦੇ ਸ਼ਾਇਰਾਂ ਦੇ ਬਣਨ ਜਾ ਰਹੇ ਕਾਫ਼ਲੇ ਦਾ ਹਾਇਕੂ ਕਾਰਕੁੰਨ ਹੈ। ਯਾਦ ਰਹੇ ਪੰਜਾਬੀ ਵਿਚ ਪਹਿਲਾਂ ਹੀ ਤਿੰਨ ਸਤਰੀ ਕਾਵਿ-ਸਿਨਫ਼ ਟੱਪੇ ਮੌਜੂਦ ਹੈ ਜਿਸ ਦਾ ਤਰੰਨਮੀ ਸੁਰ ਕੰਨਾਂ ਵਿਚ ਸੁਰੀਲੀ ਸੁਰ ਘੋਲਦਾ ਹੈ। ਇਸ ਪੁਸਤਕ ਦੇ ਪਾਠ 'ਤੇ ਸਰਸਰੀ ਨਜ਼ਰ ਮਾਰਿਆਂ ਪਹਿਲਾਂ ਤਾਂ ਪਾਠਕ ਉਕਤਾ ਜਾਂਦਾ ਹੈ ਪਰ ਜਦੋਂ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਕੇ ਉਸ ਦੇ ਕਾਵਿ ਤੱਤ ਦਾ ਸੂਤਰ ਫੜ ਲੈਂਦਾ ਹੈ ਤਾਂ ਪਾਠਕ ਇਸ ਪੁਸਤਕ ਨੂੰ ਇਕੋ ਬੈਠਕ ਵਿਚ ਪੜ੍ਹ ਲੈਂਦਾ ਹੈ ਤੇ ਇਸ ਨਵੀਂ ਸਿਨਫ਼ ਤੋਂ ਅਭਿੱਜ ਨਹੀਂ ਰਹਿੰਦਾ। ਸ਼ਾਇਰਾ ਰਾਜਸੀ ਨੇਤਾਵਾਂ ਦੇ ਭਾਸ਼ਨਾਂ ਦੇ ਦੰਭ ਦੇ ਬਖੀਏ ਉਖੇੜਦੀ ਹੈ ਅਤੇ ਸਮਕਾਲੀ ਸਰੋਕਾਰਾਂ ਨਾਲ ਵੀ ਦਸਤਪੰਜਾ ਲੈਂਦੀ ਹੈ। ਇਸ ਪੁਸਤਕ ਦਾ ਇਕ ਹੋਰ ਮੀਰੀ ਗੁਣ ਹੈ, ਉਹ ਹੈ ਇਸ ਸਿਨਫ਼ ਰਾਹੀਂ ਦੇਸੀ ਮਹੀਨਿਆਂ ਦਾ ਜਿਸ ਤਰ੍ਹਾਂ ਸਬ ਚਿਤਰਨ ਕਰਦੀ ਹੈ ਅਤੇ ਇਸ ਦੇ ਡੂੰਘ ਵਿਚ ਜਾ ਕੇ ਇਹ ਨਿਰਣਾ ਲਿਆ ਜਾਵੇ ਕਿ ਇਹ ਪੁਸਤਕ ਹਾਇਕੂ ਸਿਨਫ਼ ਦਾ ਬਾਰਾਂਮਾਹ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸ਼ਾਇਰਾ ਦੇ ਇਸ ਕਲਾਤਮਿਕ ਪ੍ਰਗਟਾਵੇ ਨੂੰ ਸਲਾਮ ਤਾਂ ਕਰਨਾ ਹੀ ਬਣਦਾ ਹੈ।

ਭਗਵਾਨ ਢਿੱਲੋਂ
ਮੋ: 98143-78254.



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX