ਤਾਜਾ ਖ਼ਬਰਾਂ


ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  4 minutes ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  18 minutes ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  34 minutes ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  40 minutes ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ - ਕੈਪਟਨ
. . .  58 minutes ago
ਚੰਡੀਗੜ੍ਹ, 17 ਸਤੰਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤੀਜੇ ਰਾਜ ਪੱਧਰੀ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ ਕਰਨ ਸਮੇਂ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਲਈ ਕਿਹਾ...
ਸਿੱਧੂ ਦਾ ਆਪ ਅਤੇ ਅਕਾਲੀ ਦਲ 'ਤੇ ਨਿਸ਼ਾਨਾ
. . .  about 1 hour ago
ਚੰਡੀਗੜ੍ਹ, 17 ਸਤੰਬਰ - ਨਵਜੋਤ ਸਿੰਘ ਸਿੱਧੂ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜੋ ਰੋਸ ਮਾਰਚ ਕੀਤਾ ਜਾ ਰਿਹਾ ਹੈ...
ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਪੰਜਾਬਣ ਰਮਨਦੀਪ ਕੌਰ ਨੇ ਰਾਸ਼ਟਰੀ ਰਿਕਾਰਡ ਬਣਾਉਂਦਿਆਂ ਜਿੱਤਿਆ ਸੋਨ ਤਗਮਾ
. . .  about 1 hour ago
ਪਟਿਆਲਾ,(ਅਮਰਬੀਰ ਸਿੰਘ ਆਹਲੂਵਾਲੀਆ), 17 ਸਤੰਬਰ - ਤੇਲੰਗਾਨਾ ਦੇ ਵਾਰੰਗਲ 'ਚ ਓਪਨ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਪਟਿਆਲਾ ਦੀ ਰਮਨਦੀਪ ਕੌਰ ਨੇ 35 ਕਿੱਲੋਮੀਟਰ ਵਾਕਿੰਗ...
ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ
. . .  27 minutes ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਵਿਚ ਸ਼੍ਰਮੋਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਰੋਸ ਮਾਰਚ ਦੌਰਾਨ ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ ਪੁਲਿਸ ਵਲੋਂ ਕੀਤੀ ...
ਪਹਿਲੀ ਬੇਰੀਕੇਟਿੰਗ 'ਤੇ ਪੁਲਿਸ ਨੇ ਰੋਕਿਆ ਸ਼੍ਰੋਮਣੀ ਅਕਾਲੀ ਦਲ ਦਾ ਰੋਸ ਮਾਰਚ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਅਸੀਂ ਆਪਣੀ ਲੜਾਈ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋ ...
ਸ੍ਰੀ ਮੁਕਤਸਰ ਸਾਹਿਬ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਸਿਰ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਂਗਰਸੀਆਂ ਵਲੋਂ ਰੋਸ ਪ੍ਰਦਰਸ਼ਨ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕਾਂਗਰਸੀਆਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਦੀ...
ਸ਼੍ਰੋਮਣੀ ਅਕਾਲੀ ਦਲ ਦਾ ਰੋਸ ਮਾਰਚ
. . .  about 2 hours ago
ਨਵੀਂ ਦਿੱਲੀ,17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ...
ਦੁਸ਼ਾਂਬੇ ਵਿਚ ਜਾਰੀ ਐੱਸ.ਸੀ.ਓ. ਸੰਮੇਲਨ ਵਿਚ ਬੋਲੇ ਪ੍ਰਧਾਨ ਮੰਤਰੀ - ਵੱਧ ਰਹੀ ਕੱਟੜਤਾ ਸਭ ਤੋਂ ਵੱਡੀ ਚੁਨੌਤੀ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਤਾਜਿਕਿਸਤਾਨ ਦੇ ਦੁਸ਼ਾਂਬੇ ਵਿਚ ਜਾਰੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ ਵਿਚ ਕਈ ਦੇਸ਼ ਜੁਟੇ ਹੋਏ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਵਿਚ ਵਰਚੂਅਲ ਤਰੀਕੇ ਨਾਲ ਸ਼ਾਮਿਲ...
90 ਦਿਨਾਂ ਬਾਅਦ ਵਾਪਸ ਪਰਤੇ ਚੀਨ ਦੇ ਪੁਲਾੜ ਯਾਤਰੀ
. . .  about 3 hours ago
ਬੀਜਿੰਗ,17 ਸਤੰਬਰ - ਚੀਨ ਦੇ ਸਭ ਤੋਂ ਲੰਬੇ ਮਿਸ਼ਨ ਵਿਚ ਆਪਣੇ ਦੇਸ਼ ਦੇ ਪਹਿਲੇ ਪੁਲਾੜ ਸਟੇਸ਼ਨ 'ਤੇ 90 ਦਿਨਾਂ ਦੇ ਠਹਿਰਨ ਤੋਂ ਬਾਅਦ ਚੀਨੀ ਪੁਲਾੜ ਯਾਤਰੀਆਂ ਦੀ ਇਕ...
ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ, ਮਨਾਇਆ ਰਾਸ਼ਟਰੀ ਬੇਰੁਜ਼ਗਾਰ ਦਿਵਸ
. . .  about 2 hours ago
ਜਲੰਧਰ,17 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਮੌਕੇ ਯੂਥ ਕਾਂਗਰਸ ਵਲੋਂ ਖੇਤੀਬਾੜੀ ਕਾਨੂੰਨਾਂ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਪੁਤਲਾ ਫੂਕ...
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰੋਸ ਮਾਰਚ ਸੰਸਦ ਭਵਨ ਵਲ ਰਵਾਨਾ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰੋਸ ਮਾਰਚ ਸੰਸਦ ਭਵਨ ਵਲ ਰਵਾਨਾ ਹੋਇਆ | ਖੁੱਲ੍ਹੀ ਗੱਡੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ...
ਮੁੱਖ ਮੰਤਰੀ ਵਲੋਂ ਪੀ.ਏ.ਯੂ. ਦੇ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ
. . .  about 3 hours ago
ਲੁਧਿਆਣਾ,17 ਸਤੰਬਰ (ਪੁਨੀਤ ਬਾਵਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਵਰਚੂਅਲ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ ਹੈ | ਕਿਸਾਨ ਮੇਲੇ ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਉਦਘਾਟਨ ਕੀਤਾ...
ਸੰਸਦ ਮੈਂਬਰ ਸ਼ਵੇਤ ਮਲਿਕ ਦੇ ਘਰ ਬਾਹਰ ਧਰਨੇ 'ਤੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  about 3 hours ago
ਅਜਨਾਲਾ, ਚਮਿਆਰੀ - 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਜਗਪ੍ਰੀਤ ਸਿੰਘ ਜੌਹਲ) - ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਮੂਹਰੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ...
ਸ਼੍ਰੋਮਣੀ ਅਕਾਲੀ ਦਲ ਦਾ ਥੋੜੀ ਦੇਰ ਵਿਚ ਸੰਸਦ ਵਲ ਕੂਚ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ...
ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਵਾਲੇ ਲੰਬੜਦਾਰ ਅਤੇ ਪੰਚ ਸਮੇਤ ਅੱਧੀ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ
. . .  about 4 hours ago
ਫਗਵਾੜਾ ,17 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੇ ਪਿੰਡ ਗੰਡਵਾਂ ਦੀ ਇਕ ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਕੋਰੇ ਕਾਗ਼ਜ਼ਾਂ 'ਤੇ ਦਸਖ਼ਤ ਕਰਵਾ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ...
ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਝੰਡੇਵਾਲਾਨ-ਪੰਚਕੁਈਆਂ ਸੜਕ 'ਤੇ ਵਾਹਨਾਂ ਦੀ ...
ਸ਼ੇਫਾਲੀ ਜੁਨੇਜਾ ਆਈ.ਸੀ.ਏ.ਓ.ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਬਣੀ ਚੇਅਰਪਰਸਨ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਸ਼ੇਫਾਲੀ ਜੁਨੇਜਾ ਨੂੰ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ.ਸੀ.ਏ.ਓ.) ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਚੇਅਰਪਰਸਨ ਚੁਣਿਆ ਗਿਆ ...
ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ, ਭਾਰੀ ਪੁਲਿਸ ਬਲ ਤੈਨਾਤ
. . .  about 5 hours ago
ਨਵੀਂ ਦਿੱਲੀ, 17 ਸਤੰਬਰ - ਖੇਤੀ ਕਾਨੂੰਨਾਂ ਨੂੰ ਇਕ ਸਾਲ ਪੂਰਾ ਹੋ ਗਿਆ ਹੈ | ਪੰਜਾਬ ਤੋਂ ਸੰਸਦ ਪ੍ਰਦਰਸ਼ਨ ਕਰਨ ਲਈ ਅਕਾਲੀ ਤੇ ਕਿਸਾਨ ਜਾ ਰਹੇ ਹਨ...
ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ ਸਾਹਿਬ
. . .  about 5 hours ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ....
ਦਿੱਲੀ 'ਚ 144 ਧਾਰਾ ਲਾਗੂ, ਸ਼੍ਰੋਮਣੀ ਅਕਾਲੀ ਦਲ ਨੂੰ ਰੋਸ ਮਾਰਚ ਦੀ ਆਗਿਆ ਨਹੀਂ ਮਿਲੀ
. . .  about 5 hours ago
ਨਵੀਂ ਦਿੱਲੀ, 17 ਸਤੰਬਰ - ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਹਾੜ ਸੰਮਤ 553
ਵਿਚਾਰ ਪ੍ਰਵਾਹ: ਸਿੱਖਿਆ ਜੀਵਨ ਲਈ ਤਿਆਰੀ ਨਹੀਂ ਹੁੰਦੀ, ਸਗੋਂ ਇਹ ਜੀਵਨ ਹੀ ਹੁੰਦੀ ਹੈ। -ਜੌਹਨ ਡਿਊਟੀ

ਕਿਤਾਬਾਂ

19-06-2021

 ਸੁੰਨੀ ਅੱਖ ਦਾ ਸੁਪਨਾ
ਸੰਪਾਦਕ : ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ, ਕੈਨੇਡਾ
ਮੁੱਲ : 250 ਰੁਪਏ, ਸਫ਼ੇ : 188
ਸੰਪਰਕ : 98141-85383.

ਹਥਲੀ ਪੁਸਤਕ ਪੰਜਾਬੀ ਗ਼ਜ਼ਲ ਖੇਤਰ ਵਿਚ ਇਕ ਨਿਵੇਕਲੀ ਦਿੱਖ ਦੀ ਅਨੁਸਾਰੀ ਹੈ। ਗ਼ਜ਼ਲ ਇਕ ਅਜਿਹੀ ਵਿਧਾ ਹੈ ਜਿਸ ਦੀ ਸਿਰਜਣ ਤਕਨੀਕ ਨੂੰ ਗਹਿਰਾਈ ਨਾਲ ਸਮਝਣਾ ਹੁੰਦਾ ਹੈ। ਇਸ ਪ੍ਰਤੀ ਉਸਤਾਦ ਅਤੇ ਸ਼ਾਗਿਰਦ ਦਾ ਰਿਸ਼ਤਾ ਵੀ ਸਾਹਿਤਕ ਸਮਾਜੀ ਅਰਥ ਰੱਖਦਾ ਰਿਹਾ ਹੈ। ਭਾਵੇਂ ਗ਼ਜ਼ਲ ਸਿਰਜਣ ਪ੍ਰਕਿਰਿਆ ਵਿਚ ਅੱਜ ਵੀ ਉਸਤਾਦ ਅਤੇ ਸ਼ਾਗਿਰਦ ਦਾ ਰਵਾਇਤੀ ਰਿਸ਼ਤਾ ਕਾਇਮ ਹੈ ਪਰ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੇ ਹੋਰ ਸ਼ਲਾਘਾਯੋਗ ਸੰਸਥਾਨ ਨੇ ਇਸ ਰਿਸ਼ਤੇ ਨੂੰ ਵਿਆਪਕ ਅਰਥ ਦੇ ਦਿੱਤੇ ਹਨ। ਇਕ ਉਸਤਾਦ ਇਕੱਲੇ ਸ਼ਾਗਿਰਦ ਦੀ ਬਜਾਏ ਅਨੇਕਾਂ ਹੋਰ ਗ਼ਜ਼ਲ ਸਿਖਾਂਦਰੂਆਂ ਨੂੰ ਸੇਧ ਬਖਸ਼ ਸਕਦਾ ਹੈ।
ਕੋਰੋਨਾ ਯੁੱਗ ਦਾ ਅਧਿਆਏ ਸਾਹਿਤਕ ਸਰਗਰਮੀਆਂ ਦਾ ਕਾਲਾ ਦੌਰ ਹੈ/ਸੀ। ਵੱਡੇ-ਵੱਡੇ ਸਾਹਿਤਕ ਸਮਾਗਮ ਤੇ ਗ਼ਜ਼ਲ ਦਰਬਾਰ ਕੋਰੋਨਾ ਦੀ ਭੇਟ ਚੜ੍ਹ ਗਏ ਸਨ। ਸ਼ਾਇਰਾਂ ਦਾ ਇਕੱਤਰ ਹੋਣਾ ਵੀ ਜੁਰਮ ਹੋ ਗਿਆ ਸੀ। ਅਜਿਹੇ ਦੌਰ ਵਿਚ ਸੋਸ਼ਲ ਮੀਡੀਆ ਨੇ ਉਨ੍ਹਾਂ ਦੀ ਬਾਂਹ ਫੜੀ। ਗੁਰਦਿਆਲ ਦਲਾਲ ਤੇ ਪ੍ਰਸਿੱਧ ਸਾਹਿਤਕਾਰ ਸੁਰਿੰਦਰ ਰਾਮਪੁਰੀ ਨੇ ਘਰਾਂ ਵਿਚ ਕੈਦ ਨਵੇਂ ਸ਼ਾਇਰਾਂ ਨੂੰ ਇਕ ਨਿਵੇਕਲੀ ਢੰਗ ਨਾਲ ਸਿਰਜਣ ਪ੍ਰਕਿਰਿਆ ਦਾ ਹੁਲਾਰਾ ਪੇਸ਼ ਕੀਤਾ। ਦਲਾਲ ਖ਼ੁਦ ਇਕ ਵਧੀਆ ਤੇ ਤਕਨੀਕ ਵਿਚ ਸੰਪੂਰਨ ਗ਼ਜ਼ਲਕਾਰ ਹੈ। ਉਸ ਨੇ ਪੁਰਾਤਨ ਤੇ ਰਵਾਇਤੀ ਤਰੀਕੇ ਨਾਲ ਦਿੱਤੇ ਜਾਂਦੇ ਉਸਤਾਦੀ 'ਤਕੀਆ ਕਲਾਮ' ਵਿਚ ਸੋਧ ਕਰ ਦਿੱਤੀ। ਵਿਦਵਾਨ ਸੰਪਾਦਕਾਂ ਨੇ ਇਕ ਸ਼ਿਅਰ ਜੋ ਤਕੀਆ ਕਲਾਮ ਹੀ ਸੀ, ਦੇ ਕੇ ਅਤੇ ਉਸ ਵਿਚਲੇ ਸਰੂਪ ਵਿਚ ਸੰਪੂਰਨ ਸ਼ਿਅਰ ਲਿਖ ਕੇ ਨੈੱਟ 'ਤੇ ਪਾਇਆ। ਖੂਬੀ ਇਹ ਕਿ ਇਸ ਸ਼ਿਅਰ ਦਾ ਛੰਦ ਬਹਿਰ ਦੇ ਕੇ ਉਸ ਵਿਚ ਬਾਕਾਇਦਾ ਤਕਤੀਹ ਵੀ ਕਰ ਕੇ ਪੇਸ਼ ਕੀਤੀ। ਨਵੇਂ ਸ਼ਾਇਰਾਂ ਨੂੰ ਇਸ ਸ਼ਿਅਰ ਵਿਚ ਨਵਾਂ ਤੇ ਮੌਲਿਕ ਸ਼ਿਅਰ ਕਹਿਣ ਲਈ ਪ੍ਰੇਰਿਆ। ਇਸ ਤਰ੍ਹਾਂ 78 ਤੋਂ ਵਧੇਰੇ ਗ਼ਜ਼ਲਕਾਰਾਂ ਨੇ ਵੱਖ-ਵੱਖ ਬਹਿਰਾਂ ਵਿਚ ਸ਼ਿਅਰ ਕਹੇ।
ਇਸ ਤਰ੍ਹਾਂ 18 ਵਾਰ ਕੀਤਾ ਗਿਆ ਤੇ ਹਰ ਵਾਰ ਨਵੇਂ ਸ਼ਾਇਰਾਂ ਨੇ ਆਪਣੇ-ਆਪਣੇ ਸ਼ਿਅਰ ਕਹੇ। ਇਹੀ ਸ਼ਿਅਰੀ ਪ੍ਰਕਿਰਿਆ ਨੂੰ ਬਾਕਾਇਦਾ ਪੁਸਤਕ ਦਾ ਰੂਪ ਦੇ ਕੇ ਪਾਠਕਾਂ ਤੱਕ ਪਹੁੰਚਾਇਆ ਗਿਆ ਹੈ।
ਇਹ ਪੁਸਤਕ ਨਵੇਂ ਗ਼ਜ਼ਲਕਾਰਾਂ ਵਾਸਤੇ ਬਹੁਤ ਹੀ ਮੁਫ਼ੀਦ ਹੈ। ਅਸਲ ਵਿਚ ਇਨ੍ਹਾਂ ਪ੍ਰਚੱਲਿਤ ਸ਼ਿਅਰਾਂ ਵਿਚ ਜੇਕਰ ਸ਼ਾਇਰ ਗ਼ਜ਼ਲ ਕਹਿਣਾ ਸਿੱਖ ਲੈਣ ਤਾਂ ਉਹ ਰੂਪਕ ਤੋਂ ਪ੍ਰਪੱਕ ਹੋ ਸਕਦੇ ਹਨ। ਅਜਿਹਾ ਨਹੀਂ ਕਿ ਇਸ ਪੁਸਤਕ ਵਿਚ ਅਸਲੋਂ ਨਵੇਂ ਸ਼ਾਇਰ ਹੀ ਹਨ, ਸਗੋਂ ਪੁਰਾਣੇ ਤੇ ਪ੍ਰਪੱਕ ਸ਼ਾਇਰਾਂ ਨੇ ਵੀ ਇਸ ਵਿਚ ਯੋਗਦਾਨ ਪਾਇਆ ਹੈ।
ਵੱਡੀਆਂ-ਵੱਡੀਆਂ ਅਰੂਜ਼ੀ ਪੁਸਤਕਾਂ ਅਤੇ ਛੰਦ ਸ਼ਾਸਤਰਾਂ ਦਾ ਅਧਿਐਨ ਕਰਨ ਦੀ ਬਜਾਏ ਜੇ ਗ਼ਜ਼ਲਕਾਰ ਇਹ ਪੁਸਤਕ ਆਪਣੇ ਕੋਲ ਰੱਖਣ ਤਾਂ ਸੁਖੈਨ ਸਿੱਧ ਹੀ ਉਹ ਗ਼ਜ਼ਲ ਤਕਨੀਕ ਨੂੰ ਅਪਣਾ ਸਕਦੇ ਹਨ।

ਸੁਲੱਖਣ ਸਰਹੱਦੀ
ਮੋ: 94174-84337.

100 ਸਾਲ : ਸ਼ਿਰੋਮਣੀ ਅਕਾਲੀ ਦਲ
ਭਾਗ 1 (1920-47)
ਲੇਖਕ : ਡਾ. ਸੁਖਦਿਆਲ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 92090-00001.

ਡਾ. ਸੁਖਦਿਆਲ ਸਿੰਘ ਦਾ ਬੌਧਿਕ ਵਿਕਾਸ ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਤੋਂ ਹੋਇਆ ਹੈ, ਜਿਥੇ ਉਸ ਨੇ ਆਪਣੇ ਜੀਵਨ ਦੇ ਤਿੰਨ ਦਹਾਕੇ ਭਾਰਤ ਦੇ ਦਿੱਗਜ਼ ਇਤਿਹਾਸਕਾਰਾਂ ਨਾਲ ਮਿਲਦਿਆਂ-ਜੁਲਦਿਆਂ ਅਤੇ ਪੰਜਾਬ ਇਤਿਹਾਸ ਦੇ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਪੜ੍ਹਦਿਆਂ-ਲਿਖਦਿਆਂ ਬਿਤਾਏ ਸਨ। ਬਹੁਤੀ ਵਾਰ ਇੰਜ ਹੁੰਦਾ ਹੈ ਕਿ ਪੜ੍ਹਨ ਦੇ ਸ਼ੌਕੀਨ ਲਿਖਦੇ ਨਹੀਂ ਅਤੇ ਲਿਖਣ ਦੇ ਚਾਹਵਾਨ ਪੜ੍ਹਦੇ ਨਹੀਂ ਪ੍ਰੰਤੂ ਡਾ. ਸੁਖਦਿਆਲ ਇਕ ਸੁਖਦ ਅਪਵਾਦ ਹੈ ਅਤੇ ਵਰ੍ਹੇ-ਦੋ ਵਰ੍ਹਿਆਂ ਬਾਅਦ ਪੰਜਾਬ ਦੇ ਇਤਿਹਾਸ ਬਾਰੇ ਉਸ ਦੀ ਕੋਈ ਨਾ ਕੋਈ ਨਵੀਂ ਪੁਸਤਕ ਪ੍ਰਕਾਸ਼ਿਤ ਹੁੰਦੀ ਰਹਿੰਦੀ ਹੈ। ਹਥਲੀ ਪੁਸਤਕ ਵਿਚ ਉਸ ਨੇ ਸ਼ਿਰੋਮਣੀ ਅਕਾਲੀ ਦਲ ਦੇ ਇਤਿਹਾਸ ਦਾ ਪਹਿਲਾ ਭਾਗ (1920-47) ਲਿਖਿਆ ਹੈ।
ਲੇਖਕ ਆਪਣੀ ਇਸ ਪੁਸਤਕ ਦਾ ਆਰੰਭ 1849 ਈ: ਤੋਂ ਸਿੱਖ ਰਾਜ ਦੀ ਸਮਾਪਤੀ ਨਾਲ ਕਰਦਾ ਹੈ। ਉਸ ਅਨੁਸਾਰ ਅੰਗਰੇਜ਼ਾਂ ਨੇ 1849 ਈ: ਤੋਂ ਬਾਅਦ ਸਿੱਖਾਂ ਦੀਆਂ ਰਵਾਇਤਾਂ ਅਤੇ ਪਰੰਪਰਾਵਾਂ ਨੂੰ ਖ਼ਤਮ ਕਰਨ ਦਾ ਇਕ ਵਿਆਪਕ ਪ੍ਰੋਗਰਾਮ ਬਣਾਇਆ ਸੀ। ਸਿੱਖਾਂ ਵਿਚ ਚੇਤਨਾ ਨਾਂਅ ਦੀ ਕੋਈ ਰੁਚੀ ਪਹਿਲਾਂ ਵੀ ਨਹੀਂ ਸੀ। ਅਸਲ ਗੱਲ ਇਹ ਸੀ ਕਿ ਜਿਵੇਂ ਹੀ ਅੰਗਰੇਜ਼ਾਂ ਨੇ ਜਾਗੀਰਦਾਰੀ ਨਿਜ਼ਾਮ ਦੀ ਬਜਾਏ ਪੂੰਜੀਵਾਦੀ ਅਰਥ ਵਿਵਸਥਾ ਨੂੰ ਇਕਦਮ ਆਰੰਭ ਕਰ ਦਿੱਤਾ ਤਾਂ ਸਾਡੀ ਸਾਰੀ ਕੌਮ ਬੌਂਦਲ ਜਿਹੀ ਗਈ ਸੀ। ਲਗਭਗ ਅੱਧੀ ਸਦੀ ਦਾ ਸਮਾਂ ਇਸ ਕੌਮ ਨੂੰ ਅਨੁਕੂਲਣ ਲਈ ਲੱਗਿਆ ਅਤੇ ਵੀਹਵੀਂ ਸਦੀ ਦੇ ਆਰੰਭ ਵਿਚ ਸਿੱਖ ਕੌਮ ਇਕ ਨਵੀਂ ਪ੍ਰਕਾਰ ਦੀ ਮਾਨਸਿਕਤਾ ਲੈ ਕੇ ਹਾਜ਼ਰ ਹੋਈ ਅਤੇ ਇਥੋਂ ਹੀ ਸ਼ਿਰੋਮਣੀ ਅਕਾਲੀ ਦਲ ਦਾ ਆਰੰਭ ਹੋਇਆ। ਇਸ ਸੰਸਥਾ ਦਾ ਜਨਮ 14 ਦਸੰਬਰ, 1920 ਵਿਚ ਹੋਇਆ।
19ਵੀਂ ਸਦੀ ਦੇ ਅੰਤ ਤੱਕ ਸਿੰਘ ਸਭਾ ਲਹਿਰ ਦੇ ਸਾਰੇ ਆਗੂ ਇਕ-ਇਕ ਕਰਕੇ ਚਲਾਣਾ ਕਰ ਗਏ ਸਨ। ਸੋ, ਵੀਹਵੀਂ ਸਦੀ ਦੇ ਆਰੰਭ ਵਿਚ ਚੀਫ਼ ਖਾਲਸਾ ਦੀਵਾਨ ਨੇ ਸਿੱਖ ਕੌਮ ਦੀ ਅਗਵਾਈ ਦਾ ਕੰਮ ਸੰਭਾਲਿਆ, ਰਾਜਨੀਤਕ ਤੌਰ 'ਤੇ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਵਧ ਰਹੀਆਂ ਸਨ। ਇਸੇ ਦੌਰਾਨ ਗ਼ਦਰ ਪਾਰਟੀ ਅਤੇ ਭਾਰਤ ਨੌਜਵਾਨ ਸਭਾ ਵਰਗੀਆਂ ਪਾਰਟੀਆਂ ਨੇ ਪੰਜਾਬੀ ਅਵਾਮ ਨੂੰ ਸੁਤੰਤਰਤਾ ਅਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਨਾਲ ਚੇਤੰਨ ਕਰ ਦਿੱਤਾ ਸੀ। ਪੰਜਾਬ ਲੈਜਿਸਲੇਟਿਵ ਕੌਂਸਲ ਵਿਚ ਕਾਂਗਰਸ ਪਾਰਟੀ, ਮੁਸਲਿਮ ਮੈਂਬਰਾਂ ਦੀ ਹਮਾਇਤ ਕਰਦੀ ਸੀ ਅਤੇ ਸਿੱਖਾਂ ਦਾ ਵਿਰੋਧ। ਇਸ ਸਥਿਤੀ ਵਿਚੋਂ ਸਿੱਖ ਕੌਮ ਨੇ ਆਪਣੀ ਸ਼ਨਾਖ਼ਤ ਲਈ ਨਵੇਂ ਫ਼ੈਸਲੇ ਲਏ।
ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਸੁਧਾਰ ਲਹਿਰ ਦੇ ਮੰਚ ਤੋਂ ਇਤਿਹਾਸਕ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਹੰਤਸ਼ਾਹੀ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ। ਫਿਰ ਕਈ ਮੋਰਚੇ ਅੰਗਰੇਜ਼ਾਂ ਦੇ ਵਿਰੁੱਧ ਲਾਏ ਗਏ, ਜਿਵੇਂ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ। ਮਹਾਤਮਾ ਗਾਂਧੀ ਨੇ 'ਚਾਬੀਆਂ ਦੇ ਮੋਰਚੇ' ਨੂੰ ਭਾਰਤੀ ਸੁਤੰਤਰਤਾ ਦੀ ਜੰਗ ਦੀ ਪਹਿਲੀ ਫ਼ੈਸਲਾਕੁੰਨ ਜਿੱਤ ਕਿਹਾ ਸੀ। ਮਾਸਟਰ ਤਾਰਾ ਸਿੰਘ ਨੇ ਲਿਖਿਆ ਹੈ ਕਿ ਇਸ ਜਿੱਤ ਨਾਲ ਅਕਾਲੀਆਂ ਦਾ ਜੋਸ਼ ਬਹੁਤ ਵਧ ਗਿਆ ਸੀ।
ਡਾ. ਸੁਖਦਿਆਲ ਸਿੰਘ ਇਤਿਹਾਸਕ ਖੋਜ ਕਰਨ ਸਮੇਂ 'ਮੱਖੀ ਤੇ ਮੱਖੀ ਮਾਰਨ' ਵਿਚ ਯਕੀਨ ਨਹੀਂ ਕਰਦਾ ਬਲਕਿ ਹਰ ਵੇਰਵੇ ਦੀ ਪੂਰੀ-ਪੂਰੀ ਘੋਖ ਪੜਤਾਲ ਕਰਦਾ ਹੈ। ਇਹੀ ਉਸ ਦੇ ਲੇਖਣ ਦਾ ਸਭ ਤੋਂ ਵੱਡਾ ਗੁਣ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਕਿੰਝ ਗਾਵਾਂ ਗੁਣ ਤੇਰੇ
ਲੇਖਕ : ਪ੍ਰੋ: ਤਰਸੇਮ ਨਰੂਲਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 94638-31245.

ਇਹ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ, ਜੋ ਗੁਰੂ ਸਾਹਿਬ ਦੀ ਅਲੌਕਿਕ ਸ਼ਖ਼ਸੀਅਤ ਅਤੇ ਅਦੁੱਤੀ ਜੀਵਨ ਉੱਪਰ ਰੌਸ਼ਨੀ ਪਾਉਂਦੀ ਹੈ। ਲੇਖਕ ਨੇ ਇਸ ਨਿਬੰਧ ਸੰਗ੍ਰਹਿ ਵਿਚ 10 ਨਿਬੰਧ ਸ਼ਾਮਿਲ ਕੀਤੇ ਹਨ, ਜਿਨ੍ਹਾਂ ਦੇ ਸਿਰਲੇਖ ਇਸ ਪ੍ਰਕਾਰ ਹਨ : ਕਿੰਝ ਗਾਵਾਂ ਗੁਣ ਤੇਰੇ, ਮੈਂ ਨਹੀਂ ਅਸੀਂ, ਆਸ ਸੂਝ ਸੀਮਤ ਪਰ ਇਕ ਦੁਰਲੱਭ ਖੂਬੀ, ਰਿਦੈ ਜਿਨ੍ਰ ਕੈ ਕਪਟ ਵਸੈ, ਹੁੰਦੇ ਨੇ ਦਿਲ ਵਾਲੇ ਨੇਕ ਬੰਦੇ ਤਾਂ, ਕੱਦ ਉੱਚੈ ਅੱਜ ਬਦਕਿਰਦਾਰਾਂ ਦਾ, ਸਹਾਈ ਘੱਟ ਦੁਖਦਾਈ ਬਹੁਤ ਹੈ ਪੌਲੀਥੀਨ, ਕਰੇ ਤਣਾਓ ਰੋਗੀ ਚਾਹੇ ਹੈ ਉਪਯੋਗੀ, ਅਨੰਦ ਅਤੇ ਸੰਤੁਸ਼ਟਤਾ ਹੈ ਇਕ ਸਾਦਗੀ ਵੀ, ਬਹੁਮੁੱਲੀ ਜਾਇਦਾਦ ਨੇ ਸਾਡੇ ਬੱਚੇ। ਸਾਰੇ ਹੀ ਲੇਖ ਮਨੁੱਖ ਲਈ ਪ੍ਰੇਰਨਾਦਾਇਕ ਅਤੇ ਉਤਸ਼ਾਹਜਨਕ ਹਨ। ਪਹਿਲੇ ਲੇਖ ਵਿਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਿਆ ਹੈ ਕਿ 'ਉਨ੍ਹਾਂ ਵਰਗਾ ਤੇਗ ਦਾ ਧਨੀ, ਕਲਮ ਦਾ ਧਨੀ, ਮਨ ਦਾ ਧਨੀ, ਵਿਚਾਰਾਂ ਦਾ ਧਨੀ, ਸ਼ਬਦਾਂ ਦਾ ਧਨੀ, ਸਾਦਗੀ ਦਾ ਧਨੀ, ਸਰਬ ਗੁਣ ਸੰਪੰਨ ਸਾਹਿਬੇ-ਕਮਾਲ, ਦਰਵੇਸ਼ ਅਤੇ ਮਰਦ ਅਗੰਮੜਾ ਨਾ ਤਾਂ ਇਸ ਦੁਨੀਆ ਵਿਚ ਅਜੇ ਤੱਕ ਕੋਈ ਪੈਦਾ ਹੋਇਆ ਹੈ ਅਤੇ ਨਾ ਹੀ ਕਿਸੇ ਦਾ ਸੰਸਾਰ ਦੇ ਇਤਿਹਾਸ ਵਿਚ ਕੋਈ ਜ਼ਿਕਰ ਪੜ੍ਹਿਆ ਸੁਣਿਆ ਹੈ।' ਦਸਮੇਸ਼ ਪਿਤਾ ਦੇ ਉਪਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਦੂਜੇ ਲੇਖ 'ਮੈਂ ਨਹੀਂ ਅਸੀਂ' ਵਿਚ ਲੇਖਕ ਦੱਸਦਾ ਹੈ ਕਿ ਅੱਜ ਦੇ ਯੁੱਗ ਵਿਚ ਰਿਸ਼ਤਿਆਂ ਵਿਚੋਂ ਪਾਕੀਜ਼ਗੀ ਮੁਕਦੀ ਜਾ ਰਹੀ ਹੈ ਅਤੇ ਮਨੁੱਖੀ ਸੱਭਿਆਚਾਰ ਨਿੱਘਰਦਾ ਜਾ ਰਿਹਾ ਹੈ। ਇਸ ਲਈ 'ਮੈਂ' ਨੂੰ ਛੱਡ ਕੇ 'ਅਸੀਂ' ਬਾਰੇ ਸੋਚਣ ਦੀ ਲੋੜ ਹੈ ਕਿਉਂਕਿ ਸਰਬੱਤ ਦੇ ਭਲੇ ਵਿਚ ਹੀ ਸਭ ਦਾ ਭਲਾ ਹੁੰਦਾ ਹੈ। ਇਸੇ ਪ੍ਰਕਾਰ ਬਾਕੀ ਦੇ ਨਿਬੰਧ ਵੀ ਮਨੁੱਖੀ ਜੀਵਨ ਨੂੰ ਮਾਨਵਤਾ ਦਾ ਚਾਨਣ ਦੇਣ ਵਾਲੇ ਹਨ ਜਿਵੇਂ ਕਿ ਆਖਰੀ ਲੇਖ ਵਿਚ ਮਹਾਨ ਲੋਕਾਂ ਦੇ ਬਚਪਨ ਦੀਆਂ ਮਹਾਨ ਉਦਾਹਰਨਾਂ ਤੋਂ ਸਾਨੂੰ ਆਪਣੇ ਬੱਚਿਆਂ ਨੂੰ ਵਧੀਆ ਇਨਸਾਨ ਬਣਾਉਣ ਦੀ ਪ੍ਰੇਰਨਾ ਮਿਲਦੀ ਹੈ (ਬਹੁ-ਮੁੱਲੀ ਜਾਇਦਾਦ ਨੇ ਸਾਡੇ ਬੱਚੇ)। ਪ੍ਰੋ: ਤਰਸੇਮ ਨਰੂਲਾ ਦੀ ਇਹ ਪੁਸਤਕ ਗਿਆਨ ਦਾ ਭੰਡਾਰ ਹੈ, ਜੋ ਸਾਡੇ ਜੀਵਨ ਨੂੰ ਸਾਵਾਂ, ਪੱਧਰਾ ਤੇ ਸੁਚੱਜਾ ਬਣਾਉਣ ਵਿਚ ਸਹਾਈ ਹੋ ਸਕਦੀ ਹੈ।

ਕੰਵਲਜੀਤ ਸਿੰਘ ਸੂਰੀ
ਮੋ: 93573-24241.

c c c

ਓੜਕ ਮੁਕਤਿ ਮਿਲੀ
ਨਾਵਲਕਾਰ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 0161-2740738.

ਡਾ. ਕੁਲਵਿੰਦਰ ਕੌਰ ਮਿਨਹਾਸ ਹਥਲੇ ਨਾਵਲ 'ਓੜਕ ਮੁਕਤਿ ਮਿਲੀ' ਤੋਂ ਪਹਿਲਾਂ 6 ਨਾਵਲਾਂ ਦੀ ਰਚਨਾ ਕਰਨ ਤੋਂ ਇਲਾਵਾ ਖੋਜ, ਵਾਰਤਕ, ਸੰਪਾਦਨ ਅਤੇ ਅਨੁਵਾਦ ਦੇ ਖੇਤਰ 'ਚ ਜ਼ਿਕਰਯੋਗ ਕੰਮ ਕਰ ਚੁੱਕੀ ਹੈ। 'ਓੜਕ ਮੁਕਤਿ ਮਿਲੀ' ਨਾਵਲ ਵਿਚ ਨਾਵਲਕਾਰ ਇਕ ਪਰਿਵਾਰ ਦੀ ਕਹਾਣੀ ਨੂੰ ਥੀਮ ਬਣਾਉਂਦਿਆਂ ਹੋਇਆਂ ਸਾਡੇ ਸਮਾਜ ਵਿਚ ਨੌਜਵਾਨੀ ਦੇ ਨਸ਼ਿਆਂ ਦੀ ਲਤ ਵਿਚ ਫਸ ਜਾਣ, ਦਿਖਾਵੇ ਦੀ ਪ੍ਰਵਿਰਤੀ, ਸਮਾਜਿਕ ਕਦਰਾਂ-ਕੀਮਤਾਂ ਤੋਂ ਵਿਹੂਣੇ ਹੁੰਦੇ ਜਾ ਰਹੇ ਵਿਅਕਤੀ ਅਤੇ ਸਵਾਰਥੀ ਬਿਰਤੀ ਦੇ ਮੱਦੇਨਜ਼ਰ ਆਪਣੇ ਫਾਇਦੇ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਨਾਵਲ ਦੀ ਬਿਰਤਾਂਤਕ ਤੋਰ ਵਿਚ ਬੰਨ੍ਹਿਆ ਹੈ। ਇਸ ਨਾਵਲ ਵਿਚ ਇਸ ਗੱਲ ਨੂੰ ਵੀ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਸਮੇਂ ਦੀ ਕਰਵਟ ਨਾਲ ਕਿਤੇ ਨਾ ਕਿਸੇ ਬੁਰਾਈ ਵਾਲੇ ਵਾਤਾਵਰਨ ਵਿਚ ਵੀ ਚੰਗਿਆਈ ਦੀ ਮਹਿਕ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਨਾਵਲ ਦੇ ਅਖੀਰ ਵਿਚ ਸੁਖਮਨੀ ਨਾਂਅ ਦੀ ਪਾਤਰ ਦੇ ਰੂਪ ਵਿਚ ਅਜਿਹੀ ਵਾਰਤਾ ਪੇਸ਼ ਕੀਤੀ ਗਈ ਹੈ। ਪਿਸ਼ੌਰਾ ਸਿੰਘ ਨਾਂਅ ਦੇ ਪਾਤਰ ਦੀ ਪਰਿਵਾਰਕ ਕਹਾਣੀ ਨਾਵਲ ਦਾ ਕੇਂਦਰੀ ਥੀਮ ਹੈ ਪਰ ਭਗਵੰਤ ਵਰਗੀ ਪਾਤਰ ਦੇ ਰੂਪ ਵਿਚ ਸੇਵਾ ਭਾਵਨਾ ਵਾਲੇ ਅਤੇ ਚੰਗੇ ਸੰਸਕਾਰਾਂ ਵਾਲੇ ਪਾਤਰਾਂ ਬਾਰੇ ਵੀ ਨਾਵਲ ਵਿਚ ਵੇਰਵੇ ਪੇਸ਼ ਕੀਤੇ ਗਏ ਹਨ। ਪਿਸ਼ੌਰਾ ਸਿੰਘ ਬੇਸ਼ੱਕ ਚਾਹੁੰਦਾ ਹੈ ਕਿ ਸਮਾਜ ਵਿਚ ਸਵੱਛ ਕਦਰਾਂ-ਕੀਮਤਾਂ ਪੈਦਾ ਹੋਣ, ਉਸ ਨੂੰ ਤਾਂ ਪਿਲਕਣ ਦੇ ਦਰੱਖਤ ਦੇ ਵੱਢੇ ਜਾਣ ਦਾ, ਸਕੂਲਾਂ ਦੀਆਂ ਵਧੀਆਂ ਫੀਸਾਂ ਦਾ ਵੀ ਦੁੱਖ ਹੈ ਪਰ ਉਸ ਦੇ ਪੋਤੇ ਨਰਿੰਦਰ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਅਤੇ ਮਾੜੀਆਂ ਆਦਤਾਂ ਉਸ ਦੀ ਜ਼ਿੰਦਗੀ ਦੇ ਖੁਸ਼ੀ ਭਰੇ ਪਲਾਂ ਨੂੰ ਖੋਰਾ ਲਾਉਂਦੀਆਂ ਹਨ। ਨਾਵਲ ਵਿਚ ਘਰੇਲੂ ਵਾਤਾਵਰਨ ਵਿਚ ਰਿਸ਼ਤਿਆਂ ਵਿਚ ਪੈਦਾ ਹੋਈਆਂ ਪੇਚੀਦਗੀਆਂ ਅਤੇ ਕਸ਼ਮਕਸ਼ ਨੂੰ ਵੀ ਨਾਵਲਕਾਰਾ ਨੇ ਵਿਸਤ੍ਰਿਤ ਰੂਪ ਵਿਚ ਪੇਸ਼ ਕੀਤਾ ਹੈ। ਭਾਵੇਂ ਦਰਸ਼ਨਾ ਨਾਂਅ ਦੀ ਪਾਤਰ ਹੋਵੇ, ਭਾਵੇਂ ਨਵਦੀਪ, ਇਨ੍ਹਾਂ ਦੇ ਮਨੋਵਿਗਿਆਨ ਨੂੰ ਨਾਵਲਕਾਰ ਨੇ ਬਾਖੂਬੀ ਚਿਤਰਿਆ ਹੈ। ਪ੍ਰੀਤਮ ਦੇ ਰੂਪ ਸਮਰਪਣ ਭਾਵਨਾ ਵਾਲੀ ਔਰਤ ਅਤੇ ਸੁਖਮਨੀ ਦੇ ਰੂਪ ਵਿਚ ਸੇਵਾ ਭਾਵਨਾ ਵਾਲੀ ਲੜਕੀ ਨੂੰ ਨਾਵਲ ਵਿਚ ਪੇਸ਼ ਕਰਕੇ ਨਾਵਲਕਾਰ ਨੇ ਨਾਵਲ ਨੂੰ ਸੁਖਾਂਤ ਵਿਚ ਸਮਾਪਤ ਕੀਤਾ ਹੈ।

ਡਾ. ਸਰਦੂਲ ਸਿੰਘ ਔਜਲਾ
ਮੋ: 98141-68611.

 

ਅੰਬੀਰ
ਲੇਖਕ : ਮਹਾਂਬੀਰ ਸਿੰਘ ਸੰਧੂ
ਪ੍ਰਕਾਸ਼ਕ : ਆਜ਼ਾਦ ਪਬਲੀਕੇਸ਼ਨਜ਼, ਗਿੱਦੜਬਾਹਾ
ਮੁੱਲ : 160 ਰੁਪਏ, ਸਫ਼ੇ : 104
ਸੰਪਰਕ : 81980-02922.

ਨਾਵਲ 'ਅੰਬੀਰ' ਦੇ ਲੇਖਕ ਮਹਾਂਬੀਰ ਸਿੰਘ ਸੰਧੂ ਨੌਜਵਾਨ ਲੇਖਕ ਹਨ ਪ੍ਰੰਤੂ ਉਨ੍ਹਾਂ ਦੀ ਲੇਖਣੀ ਕਿਸੇ ਹੰਢੇ-ਵਰਤੇ ਲੇਖਕ ਦੀ ਤਰ੍ਹਾਂ ਹੈ। ਇਨ੍ਹਾਂ ਨੇ ਨਾਵਲ ਵਿਚ ਆਪਣੇ ਜਜ਼ਬਾਤਾਂ ਦੇ ਨਾਲ ਪੂਰੀ ਤਰ੍ਹਾਂ ਇਨਸਾਫ਼ ਕਰਦੇ ਹੋਏ ਜਿਸ ਤਰ੍ਹਾਂ ਸ਼ਬਦਾਂ ਦੇ ਮੋਤੀ ਪਰੋਏ ਹਨ, ਉਸ ਦੀ ਦਾਦ ਦੇਣੀ ਤਾਂ ਬਣਦੀ ਹੀ ਹੈ। ਲੰਮੀ ਸੋਚ ਉਡਾਰੀ ਦੇ ਮਾਲਕ ਹੋਣ ਦੇ ਨਾਤੇ ਪੁਸਤਕ ਵਿਚ ਅਨੇਕਾਂ ਜ਼ਿੰਦਗੀ ਦੇ ਰੰਗਾਂ ਨੂੰ ਬਹੁਤ ਹੀ ਨਿਵੇਕਲੇ ਢੰਗ ਨਾਲ ਜਿਸ ਤਰ੍ਹਾਂ ਪੇਸ਼ ਕੀਤਾ ਹੈ ਉਹ ਬਹੁਤ ਹੀ ਵਧੀਆ ਪੇਸ਼ਕਾਰੀ ਹੈ। ਅੱਜ ਦੇ ਟੁੱਟ ਰਹੇ ਆਪਸੀ ਰਿਸ਼ਤਿਆਂ 'ਤੇ ਇਨ੍ਹਾਂ ਨੇ ਆਪਣੇ ਢੰਗ ਨਾਲ ਕਟਾਸ਼ ਕੀਤਾ ਅਤੇ ਪਲੋਸਿਆ ਵੀ। ਇਨ੍ਹਾਂ ਬਿਖਰਦੇ ਰਿਸ਼ਤਿਆਂ ਪ੍ਰਤੀ ਨਿੱਘ ਦਾ ਫਿੱਕਾ ਹੋਣਾ ਵੀ ਲੇਖਕ ਨੂੰ ਰੜਕਦਾ ਹੈ ਪ੍ਰੰਤੂ ਨਾਲ-ਨਾਲ ਆਸ਼ਾਵਾਦੀ ਹੁੰਦਾ ਹੋਇਆ ਆਪਣੀ ਭਾਵੁਕਤਾ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਰੱਖ ਕੇ ਮਜ਼ਬੂਤੀ ਦੇ ਨਾਲ ਮੈਦਾਨ ਵਿਚ ਖੜ੍ਹਾ ਰਹਿੰਦਾ ਹੈ। ਲੇਖਕ ਦੀ ਲੇਖਣੀ ਤੋਂ ਪਤਾ ਲਗਦਾ ਹੈ ਕਿ ਲੇਖਕ ਸਾਹਿਤ ਦੇ ਖੇਤਰ ਵਿਚ ਲੰਮੀਆਂ ਪੁਲਾਂਘਾ ਪੁੱਟਦਾ ਹੋਇਆ ਬਹੁਤ ਅੱਗੇ ਵਧੇਗਾ। ਪੁਸਤਕ ਵਿਚ ਲੇਖਕ ਨੇ ਜ਼ਿੰਦਗੀ ਦੇ ਸਮੁੱਚੇ ਤਾਣੇ-ਬਾਣੇ ਦਾ ਕਾਫੀ ਹੱਦ ਤੱਕ ਜ਼ਿਕਰ ਕਰਕੇ ਆਪਣੇ ਖਿਆਲਾਂ ਨੂੰ ਬਖੇਰਨ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਨਾਵਲ ਵਿਚ ਪੇਂਡੂ ਬੋਲੀ ਦੀ ਵੀ ਖੁੱਲ੍ਹ ਕੇ ਵਰਤੋਂ ਕਰਨ ਦੇ ਨਾਲ ਪੇਂਡੂ ਜੀਵਨ ਦਾ ਵੀ ਖੁੱਲ੍ਹ ਕੇ ਜ਼ਿਕਰ ਕਰਦਿਆਂ ਹੋਇਆਂ ਆਪਣੇ ਖਿਆਲਾਂ ਦੀਆਂ ਉਡਾਰੀਆਂ ਭਰੀਆਂ ਹਨ। ਉਨ੍ਹਾਂ ਨੇ ਅੱਜ ਦੇ ਭਾਈਚਾਰੇ ਵਿਚ ਪਈਆਂ ਤਰੇੜਾਂ ਪ੍ਰਤੀ ਅੰਦਰੂਨੀ ਤੌਰ 'ਤੇ ਦੁੱਖ ਡੂੰਘੀ ਤਰ੍ਹਾਂ ਮਹਿਸੂਸ ਕੀਤਾ ਹੈ। ਉਸ ਦੀ ਤਹਿ ਤੱਕ ਪੁੱਜ ਕੇ ਉਨ੍ਹਾਂ ਦਾ ਵਰਨਣ ਕੀਤਾ ਹੈ। ਲੇਖ ਦੀ ਇਸ ਪੁਸਤਕ ਦੀ ਲੇਖਣੀ ਵਿਚ ਜੋ ਸ਼ਬਦਾਵਲੀ ਵਰਤੀ ਗਈ, ਉਹ ਮੌਕੇ ਤੇ ਸਮੇਂ ਦੇ ਅਨੁਸਾਰ ਹੈ ਅਤੇ ਉਹ ਸ਼ਬਦਵਾਲੀ ਨੂੰ ਆਪਣੇ 'ਤੇ ਭਾਰੂ ਨਹੀਂ ਹੋਣ ਦਿੰਦਾ। ਸਾਹਿਤ ਦੇ ਖੇਤਰ ਵਿਚ ਲੇਖਕ ਬੇਸ਼ੱਕ ਨਵਾਂ ਹੈ ਪ੍ਰੰਤੂ ਲੇਖਣੀ, ਸੋਚ, ਚਿਤਰਨ, ਸ਼ਬਦਾਵਲੀ ਦਾ ਜਾਦੂਗਰ ਕਿਹਾ ਜਾ ਸਕਦਾ ਹੈ।

ਬਲਵਿੰਦਰ ਸਿੰਘ ਸੋਢੀ
ਮੋ: 92105-88990

ਵਲਵਲੇ
ਲੇਖਕ : ਰਣਧੀਰ ਕੌਰ ਗਿੱਲ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 93561-93596.

ਹਥਲੀ ਪੁਸਤਕ 'ਵਲਵਲੇ' ਲੇਖਿਕਾ ਰਣਧੀਰ ਕੌਰ ਗਿੱਲ ਦੀਆਂ 45 ਕਾਵਿ ਰਚਨਾਵਾਂ ਅਤੇ 5 ਵਾਰਤਕ ਲੇਖਾਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ ਜੀਵਨ ਦਾ ਅਨੰਦ ਮਾਣਨ, ਸਰਬੱਤ ਦੇ ਭਲੇ ਦੀ ਕਾਮਨਾ, ਮਨੁੱਖਤਾ ਨੂੰ ਹੱਥੀਂ ਉੱਦਮ ਕਰਨ ਉਤਸ਼ਾਹਿਤ ਕਰਦੀਆਂ ਹਨ। ਲੇਖਿਕਾ ਕਾਦਰ ਦੀ ਕੁਦਰਤ ਤੋਂ ਬਲਿਹਾਰੇ ਜਾਂਦੀ ਹੈ। ਰੰਗ-ਬਿਰੰਗੇ ਫੁੱਲ, ਖਿੜੀ ਬਨਸਪਤੀ, ਅਸਮਾਨੀ ਚਹਿਕਦੇ ਪੰਛੀ, ਸਮੁੰਦਰਾਂ ਦੀਆਂ ਛੱਲਾਂ, ਪੱਤਝੜਾਂ, ਬਹਾਰਾਂ ਦੇ ਮੌਸਮ ਆਦਿ ਪ੍ਰਕਿਰਤੀ ਦੇ ਵੰਨ-ਸਵੰਨੇ ਰੰਗਾਂ 'ਚ ਅਭੇਦ ਹੋਣਾ ਚਾਹੁੰਦੀ ਹੈ :
ਅਨੂਠਾ ਇਕ ਰਸ
ਉਠੇ ਦਿਲ 'ਚ ਕਸਕ
ਹੋ ਕੁਦਰਤ 'ਚ ਅਭੇਦ
ਆਪਾ ਭੁੱਲ ਜਾਈਏ (ਪੰਨਾ : 27)
ਕੋਵਿਡ-19 ਦੇ ਵਿਸ਼ਵ ਵਿਆਪੀ ਕਹਿਰ ਨੂੰ ਲੇਖਿਕਾ ਕੁਦਰਤ ਨਾਲ ਖਿਲਵਾੜ ਕਰਨ ਦਾ ਸਿੱਟਾ ਮੰਨਦੀ ਹੈ ਅਤੇ ਮਨੁੱਖਤਾ ਨੂੰ ਇਸ ਤੋਂ ਸਬਕ ਲੈਣ ਦੀ ਦੁਹਾਈ ਦਿੰਦੀ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਮਨੁੱਖ ਨੂੰ ਈਰਖ਼ਾ, ਵੈਰ-ਵਿਰੋਧ, ਚੁਗਲੀ, ਨਿੰਦਾ ਤੋਂ ਦੂਰ ਰਹਿ ਕੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦੀ ਨਸੀਹਤ ਦਿੱਤੀ ਗਈ ਹੈ। ਪੁਸਤਕ ਦੇ ਅੰਤਲੇ ਭਾਗ 'ਚ ਸ਼ਾਮਿਲ ਵਾਰਤਕ ਰਚਨਾਵਾਂ 'ਜੀਵਨ ਕੀ ਹੈ' ਵਿਚ ਲੇਖਿਕਾ ਨੇ ਜੀਵਨ ਨੂੰ ਕਸ਼ਮਕਸ਼, ਜੱਦੋ-ਜਹਿਦ ਅਤੇ ਸੰਘਰਸ਼ ਦਾ ਨਾਂਅ ਦਿੱਤਾ ਹੈ। 'ਰਜਾਈ' ਲੇਖ 'ਚ ਉਸ ਨੇ ਮਨੁੱਖਤਾ ਨੂੰ ਦੁਨਿਆਵੀ ਸੁੱਖਾਂ ਨੂੰ ਤਿਲਾਂਜਲੀ ਦੇ ਕੇ ਆਪਣੇ ਆਪ ਨੂੰ ਕਿਸੇ ਉੱਚੇ ਆਦਰਸ਼ ਲਈ ਕੁਰਬਾਨ ਕਰਨ ਲਈ ਸਦਾ ਤਤਪਰ ਰਹਿਣ ਲਈ ਪ੍ਰੇਰਿਆ ਹੈ। 'ਯਾਦਾਂ ਦੇ ਝਰੋਖੇ-1' ਵਿਚ ਲੇਖਿਕਾ ਨੇ ਅਣਵੰਡੇ ਪੰਜਾਬ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। 'ਯਾਦਾਂ ਦੇ ਝਰੋਖੇ -2' ਲੇਖ 'ਚ ਉਸ ਨੇ ਆਪਣੇ ਮਾਤਾ, ਪਿਤਾ ਨੂੰ ਯਾਦ ਕਰਦਿਆਂ ਨਸੀਹਤ ਦਿੱਤੀ ਹੈ ਕਿ ਸੰਜਮ, ਸਬਰ, ਸ਼ੁਕਰ, ਸਹਿਹੋਂਦ, ਸੰਤੋਖ ਅਤੇ ਸਾਦਗੀ ਸੁਖ਼ੀ ਪਰਿਵਾਰ ਦੀਆਂ ਨਿਸ਼ਾਨੀਆਂ ਹਨ। ਇਸ ਸੰਗ੍ਰਹਿ ਦੀਆਂ ਸਮੁੱਚੀਆਂ ਰਚਨਾਵਾਂ ਸੰਖੇਪ ਹੋਣ ਦੇ ਬਾਵਜੂਦ ਅਰਥ ਭਰਪੂਰ ਹਨ। ਲੇਖਿਕਾ ਰਣਧੀਰ ਕੌਰ ਗਿੱਲ ਦੀ ਹਥਲੀ ਪੁਸਤਕ 'ਵਲਵਲੇ' ਪੜ੍ਹਨਯੋਗ ਵੀ ਹੈ ਅਤੇ ਸਾਂਭਣਯੋਗ ਵੀ।

ਮਨਜੀਤ ਸਿੰਘ ਘੜੈਲੀ
ਮੋ: 98153-91625

13-06-2021

 ਜੰਗਨਾਮਾ ਭਾਰਤ ਅਤੇ ਦਿੱਲੀ
ਲੇਖਕ : ਮਾ: ਦੇਸ ਰਾਜ ਛਾਜਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 79
ਸੰਪਰਕ : 98723-25201.


ਇਸ ਜੰਗਨਾਮੇ ਵਿਚ ਕਿਸਾਨਾਂ ਅਤੇ ਭਾਰਤ ਸਰਕਾਰ ਦਰਮਿਆਨ ਮੌਜੂਦਾ ਸੰਘਰਸ਼ ਨੂੰ 30 ਦਿਨਾਂ ਵਿਚ ਬਿਰਤਾਂਤਕ ਸ਼ੈਲੀ ਵਿਚ ਪੇਸ਼ ਕੀਤਾ ਗਿਆ ਹੈ। ਕਾਰਨ ਇਹ ਕਿ ਸਰਕਾਰ ਨੇ 5 ਜੂਨ, 2020 ਨੂੰ ਸੰਸਦ ਵਿਚ ਖੇਤੀ ਸਬੰਧੀ ਤਿੰਨ ਕਾਨੂੰਨ ਪਾਸ ਕਰਵਾਏ ਸਨ। ਵਿਰੋਧੀ ਧਿਰ ਨੇ ਡਟ ਕੇ ਵਿਰੋਧ ਵੀ ਕੀਤਾ ਸੀ। ਇਨ੍ਹਾਂ ਕਾਨੂੰਨਾਂ ਦੇ ਪਾਸ ਹੋਣ ਨਾਲ ਕਿਸਾਨਾਂ ਨੂੰ ਅੰਬਾਨੀਆਂ/ਅਡਾਨੀਆਂ ਦੇ ਵੱਸ ਪੈ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਸੀ। ਖ਼ਤਰਾ ਇਹ ਹੈ ਕਿ ਕਾਰਪੋਰੇਟ ਸੈਕਟਰ ਦਾ ਪ੍ਰਭਾਵ ਵਧ ਜਾਣ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਖੁਸ ਜਾਣਗੀਆਂ। ਕਿਸਾਨਾਂ ਨੇ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 25 ਸਤੰਬਰ, 2020 ਤੋਂ ਨਿਰੰਤਰ ਸੰਘਰਸ਼ ਵਿੱਢਿਆ ਹੋਇਆ ਹੈ। ਇਹ ਰਚਨਾ ਬੀਰ-ਰਸ ਨਾਲ ਲਬਰੇਜ਼ ਹੈ :
ਦੋਵੇਂ ਦਲ ਦੋ ਪਾਸਿਉਂ ਗੱਜਣੇ ਨੇ,
ਇਧਰ ਢਾਰੇ ਤੇ ਉਧਰ ਅਟਾਰੀਆਂ ਜੀ।
ਬੱਚੇ, ਬੁੱਢੇ, ਜਵਾਨ ਤੇ ਮਾਈਆਂ ਨੇ,
ਝੋਕ ਦਿੱਤੀਆਂ ਸ਼ਕਤੀਆਂ ਸਾਰੀਆਂ ਜੀ।
ਰਚਨਾ ਅਨੁਸਾਰ ਸੰਘਰਸ਼ ਵਿਚ 32 ਕਿਸਾਨ ਜਥੇਬੰਦੀਆਂ ਨੇ ਏਕਾ ਕਰ ਕੇ ਸਿੰਘੂ, ਟਿਕਰੀ, ਗਾਜ਼ੀਆਬਾਦ ਬਾਰਡਰਾਂ 'ਤੇ ਪੱਕੇ ਮੋਰਚੇ ਮੱਲੇ ਹੋਏ ਹਨ। ਉਨ੍ਹਾਂ ਨੂੰ ਠੰਢ-ਗਰਮੀ ਦੀ ਪ੍ਰਵਾਹ ਨਹੀਂ। ਜਨਤਾ ਦੇ ਸਹਿਯੋਗ ਨਾਲ ਇਨ੍ਹਾਂ ਬਾਰਡਰਾਂ 'ਤੇ ਰੋਜ਼ਾਨਾ ਜੀਵਨ ਦੀਆਂ ਲੋੜੀਂਦੀਆਂ ਸਹੂਲਤਾਂ ਪ੍ਰਾਪਤ ਹਨ। ਕਿਸਾਨ ਦਲੇਰੀ ਨਾਲ ਅੜੇ ਹੋਏ ਹਨ ਕਿ ਕਾਨੂੰਨ ਰੱਦ ਕਰਵਾ ਕੇ ਹੀ ਘਰੀਂ ਵਾਪਸ ਪਰਤਣਗੇ। ਸਰਕਾਰ ਨੇ ਸਮੇਂ-ਸਮੇਂ ਸਿਰ ਸਮਝੌਤੇ ਲਈ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਪਰ ਕੋਈ ਸਾਰਥਕ ਨਤੀਜੇ ਪ੍ਰਾਪਤ ਨਹੀਂ ਹੋ ਸਕੇ। ਕਵੀ ਨੇ ਬੜੀ ਬੇਬਾਕ ਸ਼ਬਦਾਵਲੀ ਵਿਚ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਹੈ। 'ਛਾਜਲੀ' ਨੇ ਪੰਜਾਬੀ ਇਤਿਹਾਸ ਦੀਆਂ ਅਨੇਕਾਂ ਉਦਾਹਰਨਾਂ ਦਿੱਤੀਆਂ ਹਨ। ਦੇਵੀ-ਦੇਵਤਿਆਂ ਦੀ ਮਿੱਥ ਦਾ ਭੰਜਨ ਕੀਤਾ ਹੈ। ਅਨੇਕਾਂ ਸ਼ਖ਼ਸੀਅਤਾਂ ਵਲੋਂ ਐਵਾਰਡ/ਮੈਡਲ ਰੋਸ ਵਜੋਂ ਵਾਪਸ ਕਰਨ ਬਾਰੇ ਕਵੀ ਨੇ ਦੱਸਿਆ ਹੈ। ਸਰਕਾਰ ਤਿੰਨਾਂ ਕਾਨੂੰਨਾਂ ਵਿਚ ਸੋਧ ਕਰਨ ਲਈ ਤਾਂ ਤਿਆਰ ਹੈ ਪਰ ਕਿਸਾਨ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ। ਸੁਪਰੀਮ ਕੋਰਟ ਨੇ ਵੀ ਲਾਗੂ ਕਰਨ 'ਤੇ ਰੋਕ ਲਾਈ ਹੋਈ ਹੈ, ਤਾਂ ਵੀ ਦੋਵੇਂ ਧਿਰਾਂ ਆਪੋ-ਆਪਣੇ ਸਟੈਂਡ 'ਤੇ ਡਟੀਆਂ ਹੋਈਆਂ ਹਨ। ਪਰ ਅੰਦੋਲਨ ਸ਼ਾਂਤਮਈ ਚੱਲ ਰਿਹਾ ਹੈ। ਵਿਰੋਧੀ ਪਾਰਟੀਆਂ ਕਿਸਾਨਾਂ ਦੇ ਹੱਕ ਵਿਚ ਖੜ੍ਹੀਆਂ ਹਨ ਪਰ ਸੱਤਾਧਾਰੀ ਪਾਰਟੀ ਭਾਜਪਾ ਦਾ ਤਰਕ ਹੈ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦੀ ਸੰਭਾਵਨਾ ਹੈ। ਕਵੀ ਨੇ ਬੀਰ-ਰਸੀ ਸ਼ਬਦਾਵਲੀ ਵਰਤਦਿਆਂ ਬਿੰਬਾਂ, ਪ੍ਰਤੀਕਾਂ, ਅਲੰਕਾਰ, ਮੁਹਾਵਰਿਆਂ, ਅਖਾਣਾਂ ਦੀ ਕਾਫੀ ਵਰਤੋਂ ਕੀਤੀ ਹੈ। ਜੰਗਨਾਮੇ ਦੀ ਦ੍ਰਿਸ਼ਟੀ ਤੋਂ ਟਕਰਾਅ ਵੇਖੋ :
ਗੋਲੇ ਗੈਸ ਦੇ ਪਾਣੀ ਦੀਆਂ ਛੱਡ ਤੋਪਾਂ, ਵਜ਼ੀਦਾ ਜ਼ਕਰੀਆ ਯਾਦ ਕਰਾ ਦਿੱਤੇ
ਫੇਰ ਸ਼ੇਰ ਜਸਪਾਲ ਜਲਵੇੜ੍ਹੀਏ ਨੇ, ਧੱਕ ਕੇ ਪੁਲਸੀਏ ਪਰ੍ਹਾਂ ਹਟਾ ਦਿੱਤੇ
ਚੜ੍ਹ ਗਿਆ ਸੀ ਪਾਣੀ ਦੇ ਤੋਪ ਉੱਤੇ, ਪਾਈਪ ਪੁਲਸੀਆਂ ਵੱਲ ਭਮਾ ਦਿੱਤੇ। (ਪੰ. 14)
ਅਜਿਹੀ ਸ਼ਬਦਾਵਲੀ ਵਰਤ ਕੇ ਕਵੀ ਨੇ ਸਰਕਾਰ ਵਿਰੁੱਧ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਸਰਕਾਰ ਨੇ ਪ੍ਰਸਤਾਵ ਪੇਸ਼ ਕੀਤਾ ਜਿਹੜਾ ਕਿਸਾਨਾਂ ਨੇ ਅਸਵੀਕਾਰ ਕਰ ਦਿੱਤਾ।
ਇਕ ਮਹੀਨੇ ਦਾ ਹਾਲ ਬਿਆਨ ਕੀਤਾ,
ਘੋਲ ਅੱਗੇ ਕਿਸਾਨਾਂ ਦਾ ਚੱਲੀ ਜਾਊ।
ਜਿਹੜੇ ਜਿਸ ਤਰ੍ਹਾਂ ਹੋਣਗੇ ਭੇੜ ਭਾਈ,
ਉਸੇ ਤਰ੍ਹਾਂ ਹੀ ਕਲਮ ਵੀ ਚੱਲੀ ਸਾਊ। (ਪੰ. 79)
ਜੰਗਨਾਮੇ ਵਿਚ ਸਰਕਾਰੀ ਸੁਰ ਨਰਮ ਹੈ ਪਰ ਕਿਸਾਨਾਂ ਦੀ ਸੁਰ ਕ੍ਰਾਂਤੀਕਾਰੀ ਹੈ। ਸਾਰੀਆਂ ਹੀ ਧਿਰਾਂ ਚਾਹੁੰਦੀਆਂ ਨੇ ਮਸਲੇ ਦਾ ਹੱਲ ਹੋ ਜਾਵੇ। ਜੰਗਨਾਮੇ ਦਾ ਬਿਰਤਾਂਤ ਕਵੀ ਦਾ ਅੱਖੀਂ ਵੇਖਿਆ ਤੇ ਹੱਡੀਂ ਹੰਢਾਇਆ ਪ੍ਰਤੀਤ ਹੁੰਦਾ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਫ਼ਰਖੰਦਾ ਲੋਧੀ ਦੀਆਂ ਚੋਣਵੀਆਂ ਕਹਾਣੀਆਂ
ਸੰਪਾਦਕ : ਜਿੰਦਰ
ਅਨੁਵਾਦਕ : ਦਰਸ਼ਨ ਸਿੰਘ ਗੋਪਾਲਪੁਰੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 98148-03254.


ਇਸ ਕਹਾਣੀ ਸੰਗ੍ਰਹਿ ਵਿਚ ਲਹਿੰਦੇ ਪੰਜਾਬ ਦੀਆਂ 17 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਦੀ ਲੇਖਿਕਾ ਫ਼ਰਖੰਦਾ ਲੋਧੀ ਭਾਰਤ ਵਿਚ ਜੰਮੀ ਪਲੀ ਅਤੇ ਫਿਰ ਪਾਕਿਸਤਾਨ ਉਸ ਦਾ ਵਤਨ ਹੋ ਗਿਆ। ਸੰਪਾਦਕ ਨੇ ਇਸ ਮਰਹੂਮ ਲੇਖਿਕਾ ਦੀਆਂ ਚੋਣਵੀਆਂ ਕਹਾਣੀਆਂ ਪੰਜਾਬੀ ਵਿਚ ਅਨੁਵਾਦ ਕਰਵਾ ਕੇ ਸਾਡੇ ਰੂਬਰੂ ਕੀਤੀਆਂ ਹਨ। ਅਨੁਵਾਦ ਵੀ ਸੋਹਣਾ ਹੈ। ਇਸ ਪੁਸਤਕ ਵਿਚ ਸ਼ਾਮਿਲ ਕਹਾਣੀਆਂ ਭਾਰਤ-ਪਾਕਿ ਵੰਡ, ਸਮਾਜਿਕ ਵਰਤਾਰਿਆਂ ਅਤੇ ਇਸਤਰੀ-ਮਰਦ ਸਬੰਧਾਂ ਦੁਆਲੇ ਘੁੰਮਦੀਆਂ ਹਨ। ਇਨ੍ਹਾਂ ਦੀ ਬੋਲੀ ਆਮ ਬੋਲਚਾਲ ਦੀ ਭਾਸ਼ਾ ਹੈ। ਕਿਤੇ ਵੀ ਔਖੇ ਸ਼ਬਦਾਂ ਦੀ ਵਰਤੋਂ ਨਹੀਂ ਹੋਈ। ਬੜੀਆਂ ਡੂੰਘੀਆਂ ਗੱਲਾਂ ਹਨ, ਜਿਵੇਂ ਪਿਆਰ ਵੀ ਅਜੀਬ ਸ਼ੈਅ ਹੈ, ਨਾ ਮੇਲਾ ਵੇਖੇ ਨਾ ਵੇਲਾ, ਆਪਣਾ ਆਪ ਵਿਖਾਂਦਾ ਝਕਦਾ ਨਹੀਂ, ਹੁਸਨ ਤੇ ਇਸ਼ਕ ਦੋ ਨਹੀਂ, ਇਕ ਹਾਲ ਦੇ ਦੋ ਅੰਗ ਨੇ। ਅੰਗ ਆਸ਼ਕਾਰ ਹੋਣ ਦੀ ਮੰਗ ਕਰਦਾ ਏ ਤਾਂਘ ਬਣ ਕੇ, ਦਿਲਾਂ ਵਿਚ ਖ਼ਰੂਦ ਪਾ ਦਿੰਦਾ ਏ ਤੇ ਇਹ ਦੋਵੇਂ ਰੰਗ ਬੰਦੇ ਦੇ ਅੰਦਰ ਹੁੰਦੇ ਹਨ। ਕੁਝ ਕਹਾਣੀਆਂ ਮਨੁੱਖੀ ਮਨੋਵਿਗਿਆਨ ਦੀ ਗੱਲ ਕਰਦੀਆਂ ਹਨ। ਕਹਾਣੀ 'ਚੰਨੇ ਦੇ ਉਹਲੇ' ਅਧੂਰੇ ਪਿਆਰ ਦੀ ਕਹਾਣੀ ਹੈ। 'ਪੈਂਡੇ ਦੇ ਪੱਜ' ਦੋ ਬਜ਼ੁਰਗਾਂ ਦੀ ਖੂਬਸੂਰਤ ਦਾਸਤਾਂ ਹੈ। ਇਕ ਬਜ਼ੁਰਗ ਖੋਪੇ ਦੀ ਗਿਰੀ ਆਪਣੇ ਦੰਦਾਂ ਨਾਲ ਚਿੱਥ ਕੇ ਦੂਜੇ ਬਜ਼ੁਰਗ ਨੂੰ ਦਿੰਦੀ ਹੈ, ਜਿਸ ਦੇ ਮੂੰਹ ਵਿਚ ਦੰਦ ਨਹੀਂ ਹਨ। ਕਹਾਣੀ 'ਕੁੰਦਨ' ਦਾ ਪਾਤਰ ਰਹਿਮਾਨ ਆਪਣੇ ਉਸਤਾਦ ਦੀ ਅੰਨ੍ਹੀ ਧੀ ਹਾਜਰਾ ਨਾਲ ਵਿਆਹ ਕਰਕੇ ਉਸ ਦੇ ਫ਼ਿਕਰ ਦੂਰ ਕਰਦਾ ਹੈ। 'ਹਿਰਦੇ ਵਿਚ ਤ੍ਰੇੜਾਂ' ਕਹਾਣੀ ਖਾੜਕੂਵਾਦ ਦੇ ਦਿਨਾਂ ਦੇ ਖੌਫ਼ ਨੂੰ ਉਜਾਗਰ ਕਰਦੀ ਹੈ। ਇਕ ਛੋਟਾ ਬੱਚਾ ਆਜ਼ਾਦੀ ਦੀ ਪ੍ਰਤੀਕ ਘੁੱਗੀ ਨੂੰ ਮਰਿਆ ਦੇਖਦਾ ਹੈ ਤਾਂ ਚੀਕਾਂ ਮਾਰ ਕੇ ਰੋਣ ਲਗਦਾ ਹੈ ਕਿ ਆਜ਼ਾਦੀ ਮਰ ਗਈ। ਇਹ ਸਾਰੀਆਂ ਕਹਾਣੀਆਂ ਦਿਲਾਂ ਨੂੰ ਟੁੰਬਣ ਵਾਲੀਆਂ ਹਨ।


ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਮਹਿਕ ਜ਼ਿੰਦਗੀ ਦੀ
ਲੇਖਕ : ਪ੍ਰੋ: ਤਰਸੇਮ ਨਰੂਲਾ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94638-31245

 

ਜੀਵਨ ਤਜਰਬਿਆਂ ਨੂੰ ਬੌਧਿਕਤਾ ਵਿਚ ਰੰਗ ਕੇ ਸਰਲ ਸ਼ਬਦਾਵਲੀ ਰਾਹੀਂ ਜੀਵਨ ਨੈਤਿਕਤਾ ਸਿਖਾਉਣ ਵਾਲੇ ਸਾਹਿਤਕਾਰ ਵਜੋਂ ਪ੍ਰਚਲਿਤ ਪ੍ਰੋ: ਤਰਸੇਮ ਨਰੂਲਾ ਦੀ ਦਸਵੀਂ ਪੁਸਤਕ 'ਮਹਿਕ ਜ਼ਿੰਦਗੀ ਦੀ' ਹੈ। ਅੱਜ ਦੀ ਤੇਜ਼ ਜ਼ਿੰਦਗੀ ਵਿਚ ਸਾਕਾਰਾਤਮਕ ਸੋਚ ਪ੍ਰਫੁੱਲਿਤ ਕਰਕੇ ਸਫ਼ਲਤਾ ਹਾਸਲ ਕਰਨਾ ਹਰ ਵਿਅਕਤੀ ਦੀ ਜ਼ਰੂਰਤ ਬਣ ਚੁੱਕਾ ਹੈ। ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਊਣ ਲਈ ਇਹ ਹਾਂ-ਪੱਖੀ ਸੋਚ ਜ਼ਰੂਰੀ ਹੈ ਅਤੇ ਲੇਖਕ ਨੇ ਇਸ ਪੁਸਤਕ ਰਾਹੀਂ ਇਹੀ ਸੋਚ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਖਕ ਦੁਆਰਾ ਇਸ ਪੁਸਤਕ ਵਿਚ 14 ਲੇਖ ਸ਼ਾਮਿਲ ਕੀਤੇ ਗਏ ਹਨ ਅਤੇ ਆਪਣੇ ਜੀਵਨ ਅਨੁਭਵਾਂ ਨੂੰ ਸ਼ਬਦ ਰੂਪ ਦਿੱਤਾ ਗਿਆ ਹੈ। ਉਹ ਵਿਸ਼ਵ ਪੱਧਰ ਦੇ ਵਿਦਵਾਨਾਂ ਦੇ ਵਿਚਾਰਾਂ ਦੇ ਹਵਾਲੇ ਵੀ ਆਪਣੇ ਵਿਚਾਰਾਂ ਨਾਲ ਪੇਸ਼ ਕਰਦਾ ਹੈ। ਲੇਖਕ ਨੇ ਇਨ੍ਹਾਂ ਲੇਖਾਂ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਮਹੱਤਵਪੂਰਨ ਢੰਗਾਂ ਦੀ ਗੱਲ ਕੀਤੀ ਹੈ। ਪਹਿਲੇ ਲੇਖ ਵਿਚ ਹੀ ਉਹ ਲਿਖਦਾ ਹੈ ਕਿ ਸਫ਼ਲਤਾ ਲਈ ਗ਼ਲਤੀਆਂ ਤੋਂ ਸਿੱਖਣਾ ਜ਼ਰੂਰੀ ਹੈ ਤੇ ਇਸ ਗੱਲ ਨੂੰ ਸਿੱਧ ਕਰਨ ਲਈ ਲੇਖਕ ਨੇ ਲਿਓ ਟਾਲਸਟਾਏ, ਡਾ. ਏ.ਪੀ.ਜੇ. ਅਬਦੁਲ ਕਲਾਮ, ਓਸ਼ੋ, ਸਵਾਮੀ ਵਿਵੇਕਾਨੰਦ ਅਤੇ ਕਰਾਤੁਲ ਹੈਦਰ ਦੇ ਵਿਚਾਰਾਂ ਦੇ ਹਵਾਲੇ ਵੀ ਲਿਖੇ ਹਨ। ਲੇਖਕ ਨੇ ਸਫ਼ਲਤਾ ਪ੍ਰਾਪਤੀ ਲਈ ਅਗਲਾ ਮਹੱਤਵਪੂਰਨ ਉਪਰਾਲਾ ਮਿਹਨਤ ਅਤੇ ਹਿੰਮਤ ਨੂੰ ਦੱਸਿਆ ਹੈ ਤੇ ਕਿਸੇ ਰੁਕਾਵਟ, ਹਾਰ, ਵਿਕਾਰ ਜਾਂ ਗ਼ਰੀਬੀ ਨੂੰ ਅਣਗੌਲਿਆਂ ਕਰ ਕੇ ਸੁੱਖ ਤੇ ਦੁੱਖ ਦੇ ਅਸਲ ਮਾਅਨੇ ਸਮਝਣ ਲਈ ਕਿਹਾ ਹੈ। ਲੇਖਕ ਮਨ ਦੀ ਚੰਗੀ ਹਾਲਤ ਨੂੰ ਹੀ ਅਸਲ ਪ੍ਰਸੰਨਤਾ ਮੰਨਦਾ ਹੈ। ਅਗਲੇ ਲੇਖ ਵਿਚ ਅੱਜ ਦੇ ਯੁੱਗ ਵਿਚ ਬੱਚਿਆਂ ਵਿਚ ਵਧ ਰਹੀ ਅਪਰਾਧਾਂ ਦੀ ਬਿਰਤੀ ਬਾਰੇ ਦੱਸ ਕੇ ਇਸ ਨੂੰ ਕੰਟਰੋਲ ਕਰਨ ਦੇ ਢੰਗ ਵੀ ਦੱਸੇ ਹਨ। 'ਵੈਸਾਖ' ਲੇਖ ਵਿਚ ਲੇਖਕ ਇਸ ਮਹੀਨੇ ਦੀ ਮਹੱਤਤਾ ਇਤਿਹਾਸਕ ਅਤੇ ਧਾਰਮਿਕ ਪਰਿਪੇਖ ਵਿਚ ਦੱਸਦਾ ਹੈ। ਇਸੇ ਤਰ੍ਹਾਂ ਇਕ ਲੇਖ ਵਿਚ ਘਰ ਅਤੇ ਬੱਚਿਆਂ ਦੀ ਮਹੱਤਤਾ ਬਾਰੇ ਲਿਖਿਆ ਗਿਆ ਹੈ। ਇਸ ਪੁਸਤਕ ਦਾ ਉਤਮ ਲੇਖ ਹੈ 'ਮੌਤ ਅਟੱਲ ਜਿਊਂਦਾ ਕੋਈ ਕੋਈ' ਹੈ ਜਿਸ ਵਿਚ ਲੇਖਕ ਨੇ ਅਸਲ ਜੀਵਨ ਢੰਗ ਬਾਰੇ ਚਰਚਾ ਕੀਤੀ ਹੈ। ਇਸ ਪੁਸਤਕ ਦਾ ਅੰਤਿਮ ਲੇਖ ਚੰਗੇ ਮਿੱਤਰ ਦੀ ਮਿੱਤਰਤਾ ਨੂੰ ਆਤਮਾ ਪੱਧਰ ਦੀ ਦੋਸਤੀ ਦੱਸਦਾ ਹੈ। ਇਸ ਤਰ੍ਹਾਂ ਅਣਮੁੱਲੇ ਵਿਚਾਰਾਂ ਨੂੰ ਦਰਸਾਉਂਦੀ ਇਸ ਪੁਸਤਕ ਦਾ ਪਾਠਕਾਂ ਵਲੋਂ ਭਰਪੂਰ ਸਵਾਗਤ ਕੀਤੇ ਜਾਣ ਦੀ ਆਸ ਹੈ।


ਡਾ. ਸੰਦੀਪ ਰਾਣਾ
ਮੋ: 98728-87551

 

 ਗਿਆਨ ਖਜ਼ਾਨਾ
ਲੇਖਕ : ਦਰਸ਼ਨ ਸਿੰਘ ਪ੍ਰੀਤੀਮਾਨ
ਪ੍ਰਕਾਸ਼ਕ : ਗੁੱਡਵਿਲ ਪਬਲੀਕੇਸ਼ਨ, ਮਾਨਸਾ
ਮੁੱਲ : 150 ਰੁਪਏ, ਸਫ਼ੇ : 106
ਸੰਪਰਕ : 97792-97682.


ਵਿਚਾਰ ਅਧੀਨ ਪੁਸਤਕ 'ਗਿਆਨ ਖਜ਼ਾਨਾ' ਤੋਂ ਪਹਿਲਾਂ ਵੀ ਲੇਖਕ ਦੀਆਂ ਕੁਝ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਪੁਸਤਕਾਂ ਵਿਚ ਲੇਖਕ ਨੇ ਪੰਜਾਬੀ ਸੱਭਿਆਚਾਰ ਨੂੰ ਹੀ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਪੁਸਤਕ ਵੀ ਗਿਆਨ ਦਾ ਖਜ਼ਾਨਾ ਹੈ। ਲੇਖਕ ਨੇ ਆਪਣੀ ਸਾਰੀ ਉਮਰ ਦਾ ਤਜਰਬਾ ਕਵਿਤਾ ਰਾਹੀਂ ਪਾਠਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੇ ਕਾਵਿ ਟੋਟਿਆਂ ਵਿਚ ਵਿਅੰਗ ਹੈ। ਇਕ ਨਮੂਨਾ ਦੇਖੋ :
'ਖਾ ਪਰਾਇਆ ਗੋਗੜਾਂ ਵਧਾਉਣ ਵਾਲੇ ਨੂੰ।
ਬਖਸ਼ਦੇ ਨਾ ਮੂੰਹੋਂ ਮਿੱਠੇ, ਦਿਲੋਂ ਕਾਲੇ ਨੂੰ।
ਕਲਮਾਂ ਨੇ ਕਰਨਾ ਹੈ ਖ਼ਾਤਮਾ ਬੁਰਾਈ ਦਾ,
ਕਲਮ ਦੇ ਧਨੀ ਨਾਲ ਵੈਰ ਨਹੀਓਂ ਪਾਈ ਦਾ।'
ਲੇਖਕ ਨੇ ਛੋਟੇ-ਛੋਟੇ ਕਾਵਿ ਟੋਟਿਆਂ ਰਾਹੀਂ ਵੱਡੀਆਂ ਗੱਲਾਂ ਕੀਤੀਆਂ ਹਨ। ਉਹ ਆਪਣੇ ਪਿੰਡਾਂ ਦੀ ਗੱਲ ਕਰਦਾ ਹੈ ਤਾਂ ਪਿੰਡ ਦੇ ਘੜੰਮ ਚੌਧਰੀ ਨੂੰ ਨਹੀਂ ਬਖਸ਼ਦਾ। ਉਹ ਗੁਰੂਆਂ, ਪੀਰਾਂ, ਸੂਰਬੀਰ ਯੋਧਿਆਂ ਤੇ ਦੇਸ਼ ਤੋਂ ਜਾਨਾਂ ਵਾਰਨ ਵਾਲਿਆਂ ਨੂੰ ਸਤਿਕਾਰ ਦਿੰਦਾ ਹੈ। ਉਸ ਦੀ ਸ਼ਾਇਰੀ ਪੰਜਾਬ ਜਾਂ ਪੰਜਾਬੀਅਤ ਨੂੰ ਹੀ ਕਲਾਵੇ ਵਿਚ ਨਹੀਂ ਲੈਂਦੀ, ਉਹ ਤਾਂ ਸਾਰੀ ਦੁਨੀਆ ਦੀ ਗੱਲ ਕਰਦਾ ਹੈ। ਉਸ ਨੂੰ ਪਤਾ ਹੈ ਵਿਆਹ ਵਿਚ ਬਰਾਤੀਆਂ ਨੂੰ ਕੀ-ਕੀ ਚਾਹੀਦਾ। ਉਸ ਨੂੰ ਭਾਰਤ ਦੀ ਵੰਡ ਦਾ ਦੁੱਖ ਹੈ। ਉਹ ਉਧਰਲੇ ਪੰਜਾਬ ਲਈ ਝੂਰਦਾ ਹੈ। ਉਹ ਕੁੱਲ ਦੁਨੀਆ ਦੀ ਖੈਰ ਮੰਗਦਾ ਹੈ।
'ਸਾਰੇ ਮੈਨੂੰ ਆਪਣੇ ਜਾਪਣ, ਕੋਈ ਦਿਸੇ ਨਾ ਗ਼ੈਰ।
'ਪ੍ਰੀਤੀਮਾਨ' ਇਕ ਦਿਨ ਤੁਰ ਜਾਣਾ, ਕਾਹਤੋਂ ਰੱਖੀਏ ਵੈਰ।'
ਸੋ, ਲੇਖਕ ਦਰਸ਼ਨ ਸਿੰਘ ਪ੍ਰੀਤੀਮਾਨ ਨੇ 'ਗਿਆਨ ਖਜ਼ਾਨਾ' ਪੁਸਤਕ ਵਿਚ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਸਫਲ ਵੀ ਹੋਇਆ ਹੈ। ਉਸ ਦੀਆਂ ਕਾਵਿ ਟੁਕੜੀਆਂ ਵਿਚ ਜ਼ਿੰਦਗੀ ਦੇ ਤਜਰਬੇ ਦਾ ਨਿਚੋੜ ਹੈ। ਉਹ ਝੂਠੀਆਂ ਫੋਕੀਆਂ ਰਸਮਾਂ 'ਤੇ ਵਿਅੰਗ ਕਰਦਾ ਹੈ। ਉਹ ਸਮਾਜ ਨੂੰ ਸੋਹਣਾ ਦੇਖਣਾ ਚਾਹੁੰਦਾ ਹੈ, ਜਿਥੇ ਹਰ ਇਨਸਾਨ ਜ਼ਿੰਦਗੀ ਦਾ ਅਨੰਦ ਮਾਣੇ। ਪੁਸਤਕ 'ਗਿਆਨ ਖਜ਼ਾਨਾ' ਦਾ ਸਵਾਗਤ ਹੈ।


ਅਵਤਾਰ ਸਿੰਘ ਸੰਧੂ
ਮੋ: 99151-82971.

 

ਨਾਗ ਲੋਕ
ਲੇਖਕ : ਲਾਲ ਸਿੰਘ ਦਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 222
ਸੰਪਰਕ : 95011-45039.


'ਨਾਗ ਲੋਕ' ਨਕਸਲੀ ਕਵੀ ਵਜੋਂ ਜਾਣੇ ਗਏ, ਉੱਘੇ ਕਵੀ ਲਾਲ ਸਿੰਘ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਤਿੰਨ ਕਿਤਾਬਾਂ 'ਸਤਲੁਜ ਦੀ ਹਵਾ', 'ਬਹੁਤ ਸਾਰੇ ਸੂਰਜ' ਅਤੇ 'ਸੱਥਰ' ਦੀਆਂ ਕਵਿਤਾਵਾਂ ਨੂੰ ਅੰਕਿਤ ਕੀਤਾ ਗਿਆ ਹੈ। ਇਸ ਕਿਤਾਬ ਦੇ ਮੁੱਖ ਬੰਦ ਵਿਚ ਲਾਲ ਸਿੰਘ ਦਿਲ ਦੇ ਦੋਸਤ ਪ੍ਰੇਮ ਪ੍ਰਕਾਸ਼ ਨੇ ਲਿਖਿਆ ਹੈ ਕਿ ਇਹ ਕਿਤਾਬ ਛਾਪਣ ਦਾ ਇਰਾਦਾ ਉਸ ਨੇ 1992 ਵਿਚ ਕੀਤਾ ਸੀ ਪਰ ਇਹਦੇ ਲਈ ਪੈਸੇ ਇਕੱਠੇ ਕਰਦਿਆਂ ਪੰਜ ਸਾਲ ਲੰਘ ਗਏ। ਇਸ ਕਿਤਾਬ ਦਾ ਪਹਿਲਾ ਐਡੀਸ਼ਨ 1998 ਵਿਚ ਛਪਿਆ ਸੀ, ਦੂਸਰਾ 2007 ਵਿਚ ਤੀਸਰਾ 2014 ਵਿਚ ਅਤੇ ਇਹ ਚੌਥਾ 2020 ਵਿਚ ਛਪਿਆ। 'ਮਨੁੱਖੀ ਰੂਹਾਨੀ ਖਜ਼ਾਨਿਆਂ ਦੇ ਨਾਂਅ' ਕੀਤੀ ਗਈ ਇਸ ਕਿਤਾਬ ਵਿਚ ਲਾਲ ਸਿੰਘ ਦੀ ਕਵਿਤਾ ਤੋਂ ਬਿਨਾਂ ਪ੍ਰੇਮ ਪ੍ਰਕਾਸ਼, ਡਾ. ਜਗਤਾਰ, ਡਾ. ਹਰਿਭਜਨ ਸਿੰਘ ਅਤੇ ਅਮਰਜੀਤ ਚੰਦਨ ਦੇ ਲਾਲ ਸਿੰਘ ਦਿਲ ਬਾਰੇ ਲੇਖ ਵੀ ਸ਼ਾਮਿਲ ਹਨ ਅਤੇ ਡਾ. ਗੁਰਇਕਬਾਲ ਸਿੰਘ, ਡਾ. ਰਜਨੀਸ਼ ਬਹਾਦਰ ਸਿੰਘ ਅਤੇ ਡਾ. ਸਰਬਜੀਤ ਸਿੰਘ ਦੀਆਂ ਟਿੱਪਣੀਆਂ ਵੀ ਅੰਕਿਤ ਹਨ। ਇਹ ਸਾਰੇ ਵਿਦਵਾਨ ਲਾਲ ਸਿੰਘ ਦਿਲ ਦੀ ਕਵਿਤਾ ਨੂੰ ਪੰਜਾਬੀ ਕਵਿਤਾ ਦੇ ਵਿਲੱਖਣ ਮੁਹਾਵਰੇ ਵਜੋਂ ਪਛਾਣਦੇ ਹਨ ਅਤੇ ਸਮਝਦੇ ਹਨ ਕਿ ਲਾਲ ਸਿੰਘ ਦਿਲ ਦੀ ਕਵਿਤਾ ਹਮੇਸ਼ਾ ਸੁਹਜ ਅਤੇ ਸੱਚ ਦੇ ਤਣਾਅ ਵਿਚ ਵਿਚਰਦੀ ਹੈ।
ਇਹ ਭੁੱਖਾਂ ਮਾਰੇ ਕੌਣ ਆਰੀਆ ਹਨ?
ਇਹ ਜਾ ਰਹੇ ਨੇ ਰੋਕਣ
ਕਿਸ ਭਾਰਤ ਦੀ ਜ਼ਮੀਨ?
ਨੌਜਵਾਨਾਂ ਨੂੰ ਕੁੱਤੇ ਪਿਆਰੇ ਹਨ
ਉਹ ਕਿਥੇ ਪਾਲਣ
ਮਹਿਲਾਂ ਦੇ ਚਿਹਰਿਆਂ ਦਾ ਪਿਆਰ
ਉਹ ਭੁੱਖਾਂ ਦੇ ਸ਼ਿਕਾਰ ਛੱਡ ਤੁਰੇ ਹਨ
ਇਕ ਹੋਰ ਗ਼ੈਰਾਂ ਦੀ ਜ਼ਮੀਨ।
ਲਾਲ ਸਿੰਘ ਦਿਲ ਇਕ ਜ਼ੋਰਦਾਰ ਦਲਿਤ ਆਵਾਜ਼ ਸੀ ਜਿਸ ਨੇ ਨਾ ਸਿਰਫ ਸਰਕਾਰੀ ਸਿਤਮ ਝੱਲੇ ਸਗੋਂ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੀ ਕਠੋਰਤਾ ਨੂੰ ਵੀ ਆਪਣੇ ਪਿੰਡੇ 'ਤੇ ਹੰਢਾਇਆ। ਸਮਾਜਿਕ ਨਾਬਰਾਬਰੀ ਦਾ ਕੌੜਾ ਜ਼ਹਿਰ ਪੀ ਕੇ ਵੀ ਜ਼ਿੰਦਗੀ ਨੂੰ ਬਚਾਈ ਰੱਖਣ ਦਾ ਹਰ ਹੀਲਾ ਕਰਨ ਵਾਲਾ ਇਹ ਮੁਸ਼ੱਕਤੀ, ਭੁੱਖ ਨਾਲ ਲੜਦਾ ਹੋਇਆ ਵੀ ਆਪਣੀ ਕਵਿਤਾ ਲਈ ਸਹਿਜ ਬਣਿਆ ਰਿਹਾ। ਕਵਿਤਾ ਉਸ ਦੇ ਖੂਨ ਵਿਚ ਸੀ ਉਹ ਜੋ ਸਮਝਦਾ, ਜੋ ਵੇਖਦਾ, ਜੋ ਮਹਿਸੂਸ ਕਰਦਾ, ਕਵਿਤਾ ਵਿਚ ਪਰੋ ਦਿੰਦਾ। ਉਸ ਨੂੰ 'ਬਹੁਤ ਚੁੱਪ ਕੀਤਿਆਂ ਦਾ ਕਵੀ' ਕਿਹਾ ਗਿਆ। ਉਸ ਦੀ ਕਵਿਤਾ ਨੂੰ 'ਸਹਿਜ, ਸੁਹਜ ਅਤੇ ਸੰਗੀਤ' ਦਾ ਸੰਗਮ ਕਿਹਾ ਗਿਆ। ਉਸ ਦੀ ਕਵਿਤਾ ਖਰਬੇ ਬੋਲਾਂ ਵਾਲੀ ਹੈ ਜੋ ਪ੍ਰਚੱਲਿਤ ਮੁਹਾਵਰੇ ਤੋਂ ਵਿੱਥ 'ਤੇ ਵਿਚਰ ਰਹੀ ਹੈ। ਉਸ ਦੀ ਕਵਿਤਾ ਵਿਚਲਾ ਪੰਜਾਬੀਅਤ ਦਾ ਸੰਕਲਪ ਕਿਰਤ ਦੇ ਉਸ ਗੂੜ ਨਾਲ ਜੁੜਿਆ ਹੋਇਆ ਹੈ, ਜਿਹੜਾ ਮਿੱਟੀ ਅਤੇ ਮੈਲੇ ਦੀ ਕਰੂਰਤਾ ਨੂੰ ਉਹ ਸ਼ਬਦ ਦਿੰਦਾ ਹੈ ਜੋ ਪਰੰਪਰਾ ਦੇ ਪੋਲੇਪਨ ਤੋਂ ਵਿਛੁੰਨੇ ਹੋਏ ਹਨ।
ਮੈਲਾ ਪਰਨਾ
ਵਧੀ ਦਾਹੜੀ
ਮੁੜ੍ਹਕੇ ਤੇ ਕੋਰ ਦਾ ਕਾਲਾ ਕੀਤਾ ਝੱਗਾ
ਲੱਤਾਂ ਨੰਗੀਆਂ
ਪੈਰ ਪਾਟੇ
ਕੀ ਬੰਗਾਲ
ਕੀ ਕੇਰਲਾ
ਪਸ਼ੂਆਂ ਪਿੱਛੇ ਜਾਂਦੇ ਛੇੜੂ
ਧੂੜ ਵਿਚ ਹਰ ਪਾਸੇ ਪੰਜਾਬੀ ਲਗਦੇ ਹਨ
ਲਾਲ ਸਿੰਘ ਦਿਲ ਦਾ ਪੰਜਾਬ ਸੰਕਲਪ ਰਵਾਇਤੀ ਨਹੀਂ ਹੈ। ਇਹ ਸਿਰਫ ਹਰੇ ਭਰੇ ਖੇਤਾਂ, ਪਿੱਪਲਾਂ, ਬੋਹੜਾਂ ਅਤੇ ਤੂਤਾਂ ਵਾਲਾ ਪੰਜਾਬ ਹੀ ਨਹੀਂ ਹੈ, ਇਹ ਪੰਜਾਬ ਦੇ ਗਲੋਬਲੀ ਬਿੰਬ ਵਾਲਾ ਹੈ
ਮੈਨੂੰ ਪਿਆਰ ਹੋ ਗਿਆ
ਇਸ ਮਿੱਟੀ ਦੀ ਮਹਿਕ ਵਾਲੇ ਫੁੱਲ ਨਾਲ
ਇਕ ਰੰਬੇ ਦੇ ਰੰਗ ਨਾਲ
ਇਸ ਦੇ ਹੱਥੇ ਤੇ
ਜੋ ਹੱਥਾਂ ਨਾਲ ਘਸਮਸ ਕੇ
ਆ ਚੁੱਕੀ ਹੈ ਕੋਮਲਤਾ
ਕਲਾ ਨਾਲੋਂ ਪਿਆਰੀ ਹੈ।
ਰੰਬੇ ਦੇ ਹੱਥੇ ਦੀ ਕੋਮਲਤਾ ਨੂੰ ਕਲਾ ਤੋਂ ਵੀ ਪਿਆਰੀ ਸਮਝਣ ਦਾ ਅਹਿਸਾਸ ਲਾਲ ਸਿੰਘ ਦਿਲ ਵਲੋਂ ਲਿਖੀ ਗਈ ਕਠੋਰ ਕਵਿਤਾ ਦਾ ਹਾਸਲ ਹੈ। ਪੰਜਾਬੀ ਕਵਿਤਾ ਦੇ ਕ੍ਰਾਂਤੀਕਾਰੀ ਦੌਰ ਦਾ ਇਹ ਵਿਲੱਖਣ ਕਵੀ ਕਵਿਤਾ ਦੇ ਇਤਿਹਾਸ ਦਾ ਚਮਕਦਾ ਸਿਤਾਰਾ ਹੈ। ਚੇਤਨ ਪ੍ਰਕਾਸ਼ਨ ਨੇ ਇਹ ਕਿਤਾਬ ਛਾਪ ਕੇ ਵਡਮੁੱਲਾ ਕਾਰਜ ਕੀਤਾ ਹੈ। ਕਵਿਤਾ ਦੇ ਹਰ ਪਾਠਕ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।


ਡਾ. ਲਖਵਿੰਦਰ ਸਿੰਘ ਜੌਹਲ
ਮੋ: 94171-94812


ਮੁੜ ਆ ਲਾਮਾਂ ਤੋਂ
ਨਾਟਕਕਾਰ : ਆਤਮਜੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਪੰਨੇ: 100
ਸੰਪਰਕ : 0172-5027429


ਨਾਟਕ 'ਮੁੜ ਆ ਲਾਮਾਂ ਤੋਂ' ਪੰਜਾਬੀ ਦੇ ਸਿਰਮੌਰ ਨਾਟਕਕਾਰ ਆਤਮਜੀਤ ਦੁਆਰਾ ਲਿਖਿਆ ਗਿਆ ਹੈ। ਨਾਟਕ ਦਾ ਵਿਸ਼ਾ ਪਹਿਲੇ ਸੰਸਾਰ ਯੁੱਧ ਦੇ ਅਖੀਰਲੇ ਦਿਨਾਂ ਦੌਰਾਨ, ਯੂੂਰਪ ਦੀ ਕਿਸੇ ਜੰਗੀ ਟਰੈਂਚ 'ਤੇ ਲੜ ਰਹੇ ਫ਼ੌਜੀਆਂ ਦੀ ਮਾਨਸਿਕਤਾ, ਹਾਵਾਂ-ਭਾਵਾਂ, ਸੋਚ ਅਤੇ ਜ਼ਹਿਨੀਅਤ ਨੂੰ ਵੱਖਰੇ ਕੋਣ ਤੋਂ ਵੱਖ-ਵੱਖ ਸੱਭਿਆਚਾਰਕ ਰਹਿਤਲਾਂ ਦੇ ਪ੍ਰਸੰਗ ਵਿਚ ਪ੍ਰਸਤੁਤ ਕਰਨਾ ਹੈ। ਟਰੈਂਚ ਵਿਚ ਲੁਕੇ ਹੋਏ ਕੁਝ ਫ਼ੌਜੀ ਪਾਤਰ ਜਿਨ੍ਹਾਂ ਨੂੰ ਕਿਸੇ ਵੀ ਵੇਲੇ ਮੌਤ ਆਪਣੀ ਆਗੋਸ਼ ਵਿਚ ਸਮਾ ਸਕਦੀ ਹੈ, ਦੇ ਮਨਾਂ ਅੰਦਰ ਆਪਣੇ ਮਾਂ-ਬਾਪ ਅਤੇ ਘਰਦਿਆਂ ਲਈ ਪਿਆਰ, ਪ੍ਰੇਮਿਕਾ ਨਾਲ ਵਿਆਹ ਕਰਵਾ ਕੇ ਹੁਸੀਨ ਜ਼ਿੰਦਗੀ ਜਿਊਣ ਦੇ ਸੁਪਨੇ, ਦੋ ਮਹੀਨੇ ਪਹਿਲਾਂ ਵਿਆਹੀ ਪਤਨੀ ਦੀ ਯਾਦ, ਸਮਾਜ ਵਿਚ ਜਾਤੀਗਤ ਊਚ-ਨੀਚ ਦੀ ਕਸਕ, ਆਪਣੇ ਸੱਭਿਆਚਾਰ 'ਤੇ ਮਾਣ, ਯਾਰੀਆਂ ਪੁਗਾਉਣ ਅਤੇ ਇਕੱਠੇ ਜਨਮ-ਮਰਨ ਦੇ ਵਾਅਦੇ, ਹੱਥਾਂ ਵਿਚ ਬੰਦੂਕਾਂ/ਬੰਬ ਅਤੇ ਦਿਲ ਦੀਆਂ ਧੁਰ ਗਹਿਰਾਈਆਂ ਵਿਚ, ਇਨ੍ਹਾਂ ਮਾਰੂ ਜੰਗਾਂ ਪ੍ਰਤੀ ਘ੍ਰਿਣਾ ਆਦਿ ਅਨੇਕਾਂ ਕੋਣਾਂ ਨੂੰ ਸਮੇਟਦਾ ਇਹ ਨਾਟਕ ਫ਼ੌਜੀਆਂ ਬਾਰੇ ਪ੍ਰਚੱਲਿਤ ਸਮਾਜਿਕ ਧਾਰਨਾ ਕਿ ਫ਼ੌਜੀ ਦਾ ਮੰਤਵ ਦੇਸ਼ ਲਈ ਸ਼ਹੀਦ ਹੋਣ ਜਾਂ ਦੁਸ਼ਮਣ ਨੂੰ ਚਿੱਤ ਕਰਨ ਤੱਕ ਹੀ ਸੀਮਤ ਹੁੰਦਾ ਹੈ, ਦਾ ਖੰਡਨ ਕਰਦਾ ਹੈ।
ਨਾਟਕ ਵਿਚ ਦੋ ਸਿੱਖ, ਦੋ ਮੁਸਲਿਮ, ਇਕ ਡੋਗਰਾ ਅਤੇ ਇਕ ਮੁਸਲਮਾਨ (ਪਠਾਣ) ਪਾਤਰ ਅਤੇ ਦੋ ਗ਼ੈਰ-ਹਾਜ਼ਰ ਪਾਤਰ (ਹਰਿਆਣਵੀ ਅਤੇ ਗੋਰਖਾ) ਸਮੇਤ ਸੱਤ ਫ਼ੌਜੀ ਪਾਤਰ ਹਨ। ਪਾਤਰ ਉਸਾਰੀ ਦੀ ਦ੍ਰਿਸ਼ਟੀ ਤੋਂ ਸਪੱਸ਼ਟ ਹੈ ਕਿ ਇਹ ਵੱਖ-ਵੱਖ ਪਾਤਰ ਵੱਖ-ਵੱਖ ਸਮਾਜਿਕ-ਸੱਭਿਆਚਾਰਕ ਵਖਰੇਵਿਆਂ ਦੀ ਪ੍ਰਤੀਨਿਧਤਾ ਕਰਦੇ ਹਨ। ਇਹ ਸਾਰੇ ਅੰਗਰੇਜ਼ੀ ਫ਼ੌਜ ਦੇ ਸਿਪਾਹੀਆਂ ਦੀ ਹੈਸੀਅਤ ਵਿਚ ਅੰਗਰੇਜ਼ਾਂ ਲਈ ਲੜਦੇ ਹਨ ਅਤੇ ਇਨ੍ਹਾਂ ਦਾ ਅੰਤਿਮ ਉਦੇਸ਼ ਵੀ ਇਕੋ ਹੈ ਪ੍ਰੰਤੂ ਫਿਰ ਵੀ ਧੁਰ ਅੰਦਰ ਅੰਤ ਤੱਕ, ਹੱਸਦੀ-ਵੱਸਦੀ ਜ਼ਿੰਦਗੀ ਜਿਊਣ ਦੀ ਲਰਜ਼ਦੀ ਖਾਹਿਸ਼ ਪਲਮਦੀ ਵਿਖਾਈ ਦਿੰਦੀ ਹੈ।
ਇਨ੍ਹਾਂ ਤੋਂ ਇਲਾਵਾ ਅੰਗਰੇਜ਼ ਫ਼ੌਜੀ ਅਫਸਰ ਸੂਨ ਇਕ ਕਵੀ ਪਾਤਰ ਹੈ ਜਿਸ ਦੀਆਂ ਕਵਿਤਾਵਾਂ ਵਿਚ ਜੰਗਾਂ-ਯੁੱਧਾਂ ਪ੍ਰਤੀ ਨਫ਼ਰਤ ਅਤੇ ਸਮੁੱਚੀ ਮਾਨਵਤਾ ਦੀ ਖੈਰੀਅਤ ਦਾ ਜਜ਼ਬਾ ਹੈ। ਜਰਮਨ, ਬਲੂਮਾ ਅਤੇ ਫਿਲ ਜਿਹੇ ਪਾਤਰ ਇਨ੍ਹਾਂ ਜੰਗਾਂ ਵਿਚ ਆਰਥਿਕ, ਮਾਨਸਿਕ ਅਤੇ ਸਰੀਰਕ ਪੱਧਰ 'ਤੇ ਲੁੱਟੀ-ਪੁੱਟੀ ਜਾਂਦੀ ਸਾਧਾਰਨ ਜਨਤਾ ਦੀ ਹੋਣੀ ਨੂੰ ਬਿਆਨ ਕਰਦੇ ਹਨ।
ਨਾਟਕ ਦੇ ਛੇਵੇਂ ਦ੍ਰਿਸ਼ ਵਿਚ ਨਾਟਕ ਦੀ ਸਹਿਜ ਗਤੀ ਨੂੰ ਰੋਕ ਕੇ ਮਾਤਾ ਹਰੀ ਪਾਤਰ ਦਾ ਪ੍ਰਵੇਸ਼ ਇਕ ਬਹੁਤ ਹੀ ਵਿਲੱਖਣ ਤਜਰਬਾ ਹੈ ਜਿਸ ਰਾਹੀਂ ਨਾਟਕਕਾਰ ਔਰਤ ਜਾਤੀ ਬਾਰੇ ਜਿਵੇਂ ਕਿ ਅਬਲਾ, ਕਮਜ਼ੋਰ, ਡਰਪੋਕ, ਚਾਰਦੀਵਾਰੀ ਤੱਕ ਮਹਿਦੂਦ ਰਹਿਣ ਜਿਹੀਆਂ ਕੁਝ ਕੁ ਸਥਾਪਤ ਸਮਾਜਿਕ ਮਾਨਤਾਵਾਂ ਨੂੰ ਰੱਦ ਕਰਦਾ ਹੋਇਆ, ਇਕ ਬਹੁਤ ਹੀ ਮਜ਼ਬੂਤ ਕਰੈਕਟਰ ਵਜੋਂ ਪੇਸ਼ ਕਰਦਾ ਹੈ।
ਦੂਜੇ ਸਾਹਿਤ ਰੂਪਾਂ ਦੇ ਮੁਕਾਬਲੇ ਨਾਟਕ ਦੀ ਸਫਲਤਾ ਉਸ ਦੀਆਂ ਨਾਟਕੀ ਮੰਚਨ ਦੀਆਂ ਸੰਭਾਵਨਾਵਾਂ 'ਤੇ ਨਿਰਭਰ ਕਰਦੀ ਹੈ। ਇਸ ਦ੍ਰਿਸ਼ਟੀ ਤੋਂ ਆਤਮਜੀਤ ਦਾ ਹਥਲਾ ਨਾਟਕ ਪਾਤਰਾਂ ਅਨੁਸਾਰ ਢੁੱਕਵੇਂ ਵਾਰਤਾਲਾਪ, ਅਨੁਕੂਲ ਵਾਤਾਵਰਨ ਅਤੇ ਪ੍ਰਭਾਵਸ਼ਾਲੀ ਤੇ ਵਾਸਤਵਿਕ ਨਾਟਕੀ ਵੇਰਵਿਆਂ ਨਾਲ ਓਤ-ਪੋਤ ਹੋਣ ਕਾਰਨ, ਪੜ੍ਹਦਿਆਂ-ਪੜ੍ਹਦਿਆਂ ਹੀ ਆਪਣੇ ਮਨ-ਮੰਚ 'ਤੇ ਇਸ ਦੇ ਮੰਚਨ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।


ਡਾ. ਪ੍ਰਦੀਪ ਕੌੜਾ
ਮੋ: 95011-15200

12-06-2021

 ਲਫ਼ਜ਼ਾਂ ਦੇ ਹਮਸਫ਼ਰ
(ਟ੍ਰਾਈਸਿਟੀ ਦੇ ਪੰਜਾਬੀ ਲੇਖਕ)
ਲੇਖਿਕਾ : ਨਰਿੰਦਰ ਕੌਰ ਨਸਰੀਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 97793-98457.

ਚਰਚਾ ਅਧੀਨ ਪੁਸਤਕ ਵਿਚ, ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਤਿੰਨ ਸ਼ਹਿਰਾਂ ਦੇ ਸਤਾਨਵੇਂ ਲੇਖਕ, ਪੱਤਰਕਾਰ, ਰੰਗਕਰਮੀ, ਸਮਾਜ ਸੇਵਕ, ਸੱਭਿਆਚਾਰਕ ਕਾਮਿਆਂ ਦਾ ਜੀਵਨ ਬਿਓਰਾ, ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਨਾਲ-ਨਾਲ ਲੇਖਕਾਂ ਬਾਰੇ ਅਤੇ ਉਨ੍ਹਾਂ ਦੀ ਲੇਖਣੀ ਬਾਰੇ ਸਾਰਥਕ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ। ਇਹ ਪੁਸਤਕ ਨਿਰਸੰਦੇਹ ਸ਼ਾਨਦਾਰ ਸ਼ੈਲੀ ਵਾਲੀ ਹੈ। ਪਰ ਰਸੂਲ ਹਮਜ਼ਾਤੋਵ ਦੀ ਵਿਸ਼ਵ ਪ੍ਰਸਿੱਧ ਪੁਸਤਕ 'ਮੇਰਾ ਦਾਗਿਸਤਾਨ' ਨਾਲ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।
ਲੇਖਕਾਂ ਦੀ ਸੂਚੀ ਵਿਚ, ਡਾ. ਮਨਮੋਹਣ, ਜਸਬੀਰ ਭੁੱਲਰ, ਜੰਗ ਬਹਾਦਰ ਗੋਇਲ, ਪ੍ਰੇਮ ਗੋਰਖੀ, ਡਾ. ਨਾਹਰ ਸਿੰਘ, ਗੁਲਜ਼ਾਰ ਸਿੰਘ ਸੰਧੂ, ਡਾ. ਗੁਰਮਿੰਦਰ ਸਿੱਧੂ, ਸਿਰੀ ਰਾਮ ਅਰਸ਼, ਡਾ. ਸਰਬਜੀਤ ਕੌਰ ਸੋਹਲ, ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਸਾਹਿਬ ਸਿੰਘ, ਡਾ. ਬ੍ਰਿਜਿੰਦਰ ਸਿੰਘ ਰਤਨ, ਮਨਮੋਹਨ ਸਿੰਘ ਦਾਊਂ, ਪਰਮਜੀਤ ਪਰਮ, ਕਾਨ੍ਹਾ ਸਿੰਘ, ਅਤੈ ਸਿੰਘ, ਮਨਜੀਤ ਇੰਦਰਾ, ਰਮਾ ਰਤਨ, ਦਲਜੀਤ ਕੌਰ ਦਾਊਂ, ਡਾ. ਦੀਪਕ ਮਨਮੋਹਨ ਸਿੰਘ, ਤਾਰਨ ਗੁਜਰਾਲ, ਸ਼ਿਵ ਨਾਥ, ਮਲਕੀਅਤ ਬਸਰਾ, ਡਾ. ਸਵੈਰਾਜ ਸੰਧੂ, ਅਵਤਾਰ ਸਿੰਘ ਭੰਵਰਾ, ਸੁਸ਼ੀਲ ਦੁਸਾਂਝ, ਰਿਪੁਦਮਨ ਸਿੰਘ ਰੂਪ, ਸ਼ਰਨਜੀਤ ਕੌਰ, ਗੋਵਰਧਨ ਗੱਬੀ, (ਕਈ ਰਹਿ ਵੀ ਗਏ ਹੋਣਗੇ) ਪੰਜਾਬੀ ਸਾਹਿਤ ਵਿਚ ਚਰਚਿਤ ਹਸਤਾਖ਼ਰ ਹਨ। ਕਈ ਸਰਗਰਮ ਪੱਤਰਕਾਰਾਂ, ਰੰਗਕਰਮੀਆਂ, ਸਮਾਜਿਕ ਅਤੇ ਸੱਭਿਆਚਾਰਕ ਕਾਮਿਆਂ ਨਾਲ ਤੁਆਰਫ ਕਰਾ ਕੇ ਉਨ੍ਹਾਂ ਦੇ ਕੰਮ ਅਤੇ ਵਿਅਕਤਿਤਵ ਨੂੰ, ਇਸ ਪੁਸਤਕ ਵਿਚ ਰੂਪਮਾਨ ਕੀਤਾ ਗਿਆ ਹੈ। ਇਸ ਲਈ ਲੇਖਿਕਾ ਵਧਾਈ ਦੀ ਪਾਤਰ ਹੈ।
ਅਸਲ ਵਿਚ ਇਹ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਲੇਖਕਾਂ, ਪੱਤਰਕਾਰਾਂ, ਰੰਗਕਰਮੀਆਂ, ਸਮਾਜਿਕ ਅਤੇ ਸੱਭਿਆਚਾਰਕ ਕਾਮਿਆਂ ਦਾ ਇਕ ਵਿਲੱਖਣ ਕੋਸ਼ ਬਣ ਗਿਆ ਹੈ। ਇਸ 'ਚੋਂ ਜੀਹਨੂੰ ਮਰਜ਼ੀ ਲੱਭ ਲਉ। ਮੈਨੂੰ ਇਹ ਵੀ ਮਹਿਸੂਸ ਹੋਇਆ ਹੈ ਕਿ ਕੁਝ ਉੱਘੇ ਲੇਖਕ, ਨਾਮਵਰ ਪੱਤਰਕਾਰ, ਰੰਗਕਰਮੀ, ਸਮਾਜਿਕ ਕਾਮੇ ਇਸ ਪੁਸਤਕ ਵਿਚ ਨਜ਼ਰ ਨਹੀਂ ਆਏ। ਕਿਸੇ ਕਾਰਨਵਸ ਰਹਿ ਗਏ ਹੋਣਗੇ। ਉਨ੍ਹਾਂ ਦੀ ਤਲਾਸ਼ ਕਰਕੇ, ਅਗਲੇ ਸੰਸਕਰਨ ਵਿਚ ਸ਼ਾਮਿਲ ਵੀ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਲੇਖਿਕਾ ਦੀ ਕੀਤੀ ਮਿਹਨਤ ਨੂੰ ਚਾਰ ਚੰਨ ਲੱਗ ਜਾਣਗੇ। ਇਹ ਦਸਤਾਵੇਜ਼ ਹੋਰ ਵੀ ਪੂਰਨਤਾ ਹਾਸਲ ਕਰ ਸਕੇਗਾ। ਪੰਜਾਬੀ ਸਾਹਿਤ ਵਿਚ, ਇਸ ਪੁਸਤਕ ਦੇ ਆਗਮਨ ਦਾ ਮੈਂ ਹਾਰਦਿਕ ਅਭਿਨੰਦਨ ਕਰਦਾ ਹਾਂ। ਲੇਖਿਕਾ ਨਰਿੰਦਰ ਕੌਰ ਨਸਰੀਨ ਦੀ ਲਗਨ ਅਤੇ ਮਿਹਨਤ ਦੀ ਦਾਦ ਦੇਣੀ ਬਣਦੀ ਹੈ। ਉਸ ਕੋਲੋਂ ਭਵਿੱਖ ਵਿਚ ਹੋਰ ਵੀ ਸਸ਼ਕਤ ਸਾਹਿਤ ਸਿਰਜਣਾ ਦੀ ਉਮੀਦ ਬੱਝਦੀ ਹੈ।

-ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: ੯੭੮੦੬-੬੭੬੮੬

ਪੂੰਜੀਵਾਦੀ ਵਿਸ਼ਵੀਕਰਨ
ਕਿਸਾਨੀ ਖੇਤੀ ਸੰਕਟ ਤੇ ਖੇਤੀ ਕਾਨੂੰਨ
ਲੇਖਕ : ਡਾ. ਸੁਰਜੀਤ ਬਰਾੜ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 250 ਰੁਪਏ, ਸਫ਼ੇ : 304
ਸੰਪਰਕ : 98553-71313.

ਡਾ. ਸੁਰਜੀਤ ਸਿੰਘ ਬਰਾੜ ਦੀ ਇਹ ਬਹੁਤ ਸਹੀ ਧਾਰਨਾ ਹੈ ਕਿ ਵੈਸ਼ਵਿਕ ਪੂੰਜੀਵਾਦ ਹੀ ਮੌਜੂਦਾ ਵਿਸ਼ਵ ਦੇ ਬਹੁਤ ਸਾਰੇ ਸੱਭਿਆਚਾਰਕ ਅਤੇ ਆਰਥਿਕ ਮਸਲਿਆਂ ਦਾ ਕਾਰਨ-ਕਾਰਕ ਹੈ। ਉਹ ਪਿਛਲੇ ਡੇਢ-ਦੋ ਦਹਾਕਿਆਂ ਤੋਂ ਪੂੰਜੀਵਾਦ ਦੇ ਇਸ ਨਵੇਂ ਰੂਪ ਬਾਰੇ ਚਰਚਾ ਕਰ ਰਿਹਾ ਹੈ। ਹੁਣ ਪਿਛਲੇ ਕੁਝ ਮਹੀਨਿਆਂ ਤੋਂ ਖੇਤੀਬਾੜੀ ਸਬੰਧੀ ਨਵੇਂ ਕਾਨੂੰਨਾਂ ਦੇ ਵਿਰੋਧ ਵਿਚ ਜਿਵੇਂ ਹੀ ਕਿਸਾਨ ਸਿਰ-ਧੜ ਦੀ ਬਾਜ਼ੀ ਲਾਈ ਬੈਠੇ ਹਨ ਅਤੇ ਕੇਂਦਰੀ ਸਰਕਾਰ ਨੂੰ ਸਮਝਾਉਣ ਦੀਆਂ ਸੁਹਿਰਦ ਕੋਸ਼ਿਸ਼ਾਂ ਕਰ ਰਹੇ ਹਨ ਪ੍ਰੰਤੂ ਸਰਕਾਰ ਦੇ ਮੂੰਹ ਨੂੰ ਲਹੂ ਲੱਗ ਗਿਆ ਹੈ। ਉਸ ਨੇ ਪਿਛਲੇ ਪੰਜ-ਛੇ ਵਰ੍ਹਿਆਂ ਵਿਚ ਕਈ ਤੁਗ਼ਲਕੀ ਫ਼ਰਮਾਨ ਜਾਰੀ ਕਰਕੇ ਭਾਰਤੀ ਸਮਾਜ ਨੂੰ ਟੋਹ ਲਿਆ ਹੈ। ਉਸ ਨੂੰ ਲਗਦਾ ਹੈ ਕਿ ਲੋਕ-ਰੋਹ ਜਾਂ ਅੰਦੋਲਨ ਉਸ ਦਾ ਕੁਝ ਨਹੀਂ ਵਿਗਾੜ ਸਕਣਗੇ। ਇਸ ਕਾਰਨ ਉਸ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਕੋਈ ਲੋੜ ਹੀ ਨਹੀਂ ਸਮਝੀ। ਕਿਸਾਨ ਯੋਧੇ ਵੀ ਸਰਕਾਰ ਦੀ ਬਦਨੀਤੀ ਨੂੰ ਪਛਾਣੀ ਖੜ੍ਹੇ ਹਨ। ਇਸ ਕਾਰਨ ਉਹ ਆਰ-ਪਾਰ ਦੀ ਲੜਾਈ ਲੜਨ ਵਾਸਤੇ ਪੂਰੀ ਤਰ੍ਹਾਂ ਨਾਲ ਤਤਪਰ ਹਨ।
ਵਿਦਵਾਨ ਸੰਪਾਦਕ ਨੇ ਪੁਸਤਕ ਵਿਚਲੇ 60 ਲੇਖਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਕਿਸਾਨੀ-ਸੰਕਟ ਦੇ ਪ੍ਰਮੁੱਖ ਪਹਿਲੂਆਂ ਬਾਰੇ ਵਿਚਾਰ ਕੀਤੀ ਗਈ ਹੈ, ਜਿਵੇਂ : ਕਰਜ਼ੇ ਦੀ ਸਮੱਸਿਆ, ਘਟ ਰਹੀ ਭੋਇੰ-ਮਾਲਕੀ, ਕਿਸਾਨ-ਖ਼ੁਦਕੁਸ਼ੀਆਂ, ਪੰਜਾਬੀ ਪੇਂਡੂ ਸਮਾਜ ਦੇ ਸੰਕਟ... ਆਦਿ। ਦੂਜੇ ਭਾਗ ਵਿਚ ਇਸ ਸੰਕਟ ਦੇ ਨਿਵਾਰਨ ਲਈ ਕੁਝ ਸੁਝਾਅ ਦੱਸੇ ਗਏ ਹਨ। ਜਿਵੇਂ ਕਿੱਤਿਆਂ ਦੀ ਵੰਨ-ਸੁਵੰਨਤਾ, ਕਿਸਾਨੀ ਆਮਦਨ ਵਿਚ ਵਾਧਾ, ਮੰਡੀਕਰਨ ਦੇ ਨਵੇਂ ਕਾਨੂੰਨ ਅਤੇ ਕਰਜ਼ਾ ਮੁਆਫ਼ੀ ਦਾ ਸੱਚ... ਆਦਿ। ਤੀਜੇ ਭਾਗ ਵਿਚ ਖੇਤੀਬਾੜੀ ਨਾਲ ਸਬੰਧਿਤ ਨਵੇਂ ਕਾਨੂੰਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। (ਡਾ.) ਗਿਆਨ ਸਿੰਘ, ਸੁੱਚਾ ਸਿੰਘ ਗਿੱਲ, ਸੁਖਪਾਲ ਸਿੰਘ, ਹਮੀਰ ਸਿੰਘ, ਜਗਮੋਹਨ ਸਿੰਘ ਉੱਪਲ, ਪ੍ਰੋ: ਪ੍ਰੀਤਮ ਸਿੰਘ ਅਤੇ ਡਾ. ਮੋਹਨ ਸਿੰਘ ਨੇ ਇਨ੍ਹਾਂ ਕਾਨੂੰਨਾਂ ਦੇ ਕਾਰਨ ਪੈਦਾ ਹੋਣ ਵਾਲੇ ਦੁਸ਼ਪ੍ਰਭਾਵਾਂ ਬਾਰੇ ਚਿਤਾਵਨੀ ਦਿੱਤੀ ਹੈ।
ਡਾ. ਸੁੱਚਾ ਸਿੰਘ ਗਿੱਲ ਨੇ ਖੇਤੀਬਾੜੀ ਦੇ ਮੌਜੂਦਾ ਸੰਕਟ ਬਾਰੇ ਚਰਚਾ ਕਰਦਿਆਂ ਲਿਖਿਆ ਹੈ ਕਿ ਕਿਸੇ ਵੀ ਮੁਲਕ ਵਿਚ ਖੇਤੀ ਦਾ ਵਿਕਾਸ ਸਰਕਾਰ ਦੀ ਮਦਦ ਤੋਂ ਬਗੈਰ ਸੰਭਵ ਨਹੀਂ ਹੈ। ਸਰਕਾਰੀ ਮਦਦ/ਸਬਸਿਡੀ ਤੋਂ ਬਗੈਰ ਖੇਤੀ ਨੂੰ ਬਚਾਇਆ ਨਹੀਂ ਜਾ ਸਕਦਾ। ਅਮਰੀਕਾ, ਯੂਰਪ, ਆਸਟਰੇਲੀਆ ਅਤੇ ਜਾਪਾਨ, ਆਪਣੇ ਕਿਸਾਨਾਂ ਨੂੰ ਕਈ ਗੁਣਾ ਸਬਸਿਡੀ ਦੇ ਰਹੇ ਹਨ ਪਰ ਭਾਰਤ ਸਰਕਾਰ ਮਾੜੀ-ਮੋਟੀ ਸਬਸਿਡੀ ਨੂੰ ਵੀ ਖ਼ਤਮ ਕਰਨ 'ਤੇ ਤੁਲੀ ਹੋਈ ਹੈ। ਇਸ ਨੀਤੀ ਦੇ ਮੁਲਕ ਵਾਸਤੇ ਭਿਆਨਕ ਨਤੀਜੇ ਹੋ ਸਕਦੇ ਹਨ। (ਪੰਨੇ 303-04) ਡਾ. ਸੁਖਪਾਲ ਸਿੰਘ ਮੌਜੂਦਾ ਸੰਘਰਸ਼ ਦੀ ਤਹਿ ਤੱਕ ਜਾਂਦਾ ਹੋਇਆ ਲਿਖਦਾ ਹੈ, 'ਮੁੱਦਾ ਆਰਡੀਨੈਂਸਾਂ ਰਾਹੀਂ ਖੇਤੀ ਸੁਧਾਰਾਂ ਦਾ ਨਹੀਂ, ਸਗੋਂ ਖੇਤੀ ਸੈਕਟਰ ਨੂੰ ਪ੍ਰਾਈਵੇਟ ਕੰਪਨੀਆਂ ਦੇ ਸਪੁਰਦ ਕਰਨ ਦਾ ਹੈ। ਕਿਸਾਨ ਸਰਕਾਰ ਦੀ ਬਦਨੀਤੀ ਨੂੰ ਬੇਨਕਾਬ ਕਰ ਚੁੱਕੇ ਹਨ ਅਤੇ ਇਸ ਮੰਤਵ ਲਈ ਡਟੇ ਰਹਿਣਗੇ।' ਡਾ. ਸੁਰਜੀਤ ਬਰਾੜ ਦਾ ਯਤਨ ਸ਼ਲਾਘਾਯੋਗ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਆਸ ਦੀ ਕਿਰਨ-2
ਨਾਵਲਕਾਰ : ਕੁਲਦੀਪ ਸਿੰਘ ਕੱਬਰਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 122
ਸੰਪਰਕ : 94638-36591.

ਨਾਵਲਕਾਰ, ਕਹਾਣੀਕਾਰ, ਬਾਲ ਸਾਹਿਤਕਾਰ ਅਤੇ ਅਨੁਵਾਦਕ ਕੁਲਦੀਪ ਸਿੰਘ ਕੱਬਰਵਾਲ ਦਾ ਤੀਜਾ ਨਾਵਲ 'ਆਸ ਦੀ ਕਿਰਨ-2' ਉਸ ਦੇ 2011 ਵਿਚ ਛਪੇ ਨਾਵਲ 'ਆਸ ਦੀ ਕਿਰਨ' ਦਾ ਹੀ ਦੂਜਾ ਭਾਗ ਹੈ। ਇਸ ਸਾਕਾਰਾਤਮਿਕ ਸਿਰਲੇਖ ਵਾਲੇ ਨਾਵਲ ਦੀ ਸੁਰ ਵੀ ਆਦਰਸ਼ਵਾਦੀ ਅਤੇ ਆਸ਼ਾਵਾਦੀ ਹੈ। ਨਾਵਲ ਦਾ ਕਥਾਨਕ ਇਕ ਸ਼ਹਿਰੀ ਮੈਸ-ਵਰਮੀ ਪਰਿਵਾਰ ਦੇ ਰਵਦੀਪ, ਉਸ ਦੀ ਪਤਨੀ ਜਸਪ੍ਰੀਤ, ਸਾਲੇ ਜਸਜੀਤ, ਬਜ਼ੁਰਗ ਔਰਤ ਨਾਨੀ, ਸਬ ਜੱਜ ਜਸਵਿੰਦਰ ਆਦਿ ਪਾਤਰਾਂ ਦੇ ਇਰਦ-ਗਿਰਦ ਬੁਣਿਆ ਗਿਆ ਹੈ। ਪੜ੍ਹਿਆ-ਲਿਖਿਆ ਤੇ ਮੱਧ ਵਰਗੀ ਪਰਿਵਾਰ ਰਹੁ-ਰੀਤਾਂ ਤੇ ਪਰੰਪਰਾਵਾਂ ਨੂੰ ਮੰਨਣ ਵਾਲਾ ਪਰਿਵਾਰ ਹੈ। ਘਰੇਲੂ ਤਾਣਾ-ਬਾਣਾ ਤੇ ਰਸਮੋ-ਰਿਵਾਜ ਹਨ। ਪਰ ਨਾਵਲ ਵਿਚ ਬਜ਼ੁਰਗ ਨਾਨੀ ਨੂੰ ਉਸ ਦੇ ਕਈ ਪੁੱਤਰਾਂ ਦੇ ਹੁੰਦਿਆਂ ਧੀ-ਜਵਾਈ ਪਾਸ ਰਹਿਣਾ ਅਜੋਕੇ ਸਮੇਂ ਦਾ ਆਮ ਤੇ ਗੰਭੀਰ ਮਸਲਾ ਹੈ, ਜਿਸ ਵੱਲ ਪਾਠਕ ਦਾ ਧਿਆਨ ਸ਼ਿੱਦਤ ਨਾਲ ਦੁਆਇਆ ਗਿਆ ਹੈ। ਇੰਜ ਹੀ ਰਵਦੀਪ ਦਾ ਵਿਗੜੈਲ ਸਾਲਾ ਜਸਜੀਤ ਜੋ ਨਸ਼ੇ ਦੀ ਸਮੱਗਲਿੰਗ ਅਤੇ ਨਸ਼ਿਆਂ ਵਿਚ ਗਲਤਾਨ ਹੋ ਚੁੱਕਿਆ ਹੈ ਅਤੇ ਉਸ ਦੇ ਭਰਾ ਮਨਜੀਤ ਦੀ ਪਤਨੀ ਵਲੋਂ ਸਾਰੇ ਸਹੁਰੇ ਪਰਿਵਾਰ ਨੂੰ ਪੁਲਿਸ ਤੇ ਅਦਾਲਤ ਵਿਚ ਘੜੀਸਣਾ ਵੀ ਇਕ ਆਮ ਜਿਹਾ ਵਰਤਾਰਾ ਹੋ ਗਿਆ ਹੈ, ਜਿਸ ਕਰਕੇ ਕਈ ਪਰਿਵਾਰ ਪੀੜਤ ਹਨ। ਉਲਝਣ ਅਤੇ ਤਣਾਅ ਦੇ ਸ਼ਿਕਾਰ ਹਨ। ਪਰ ਇਕ ਘਟਨਾਕ੍ਰਮ ਵਿਚ ਜਸਜੀਤ ਦਾ ਆਪਣੀ ਭੈਣ ਦੇ ਘਰ ਹੀ ਨਸ਼ਾ ਲੁਕਾਉਂਦਿਆਂ ਫਸ ਜਾਣਾ, ਉਸ ਦੇ ਜੀਵਨ ਵਿਚ ਯੂ-ਟਰਨ ਲੈ ਆਉਂਦਾ ਹੈ। ਕੁਰਾਹੇ ਪਿਆ ਜਸਮੀਤ ਸਹੀ ਰਾਹ ਵੱਲ ਮੁੜ ਜਾਂਦਾ ਹੈ। ਰਵਦੀਪ ਅਤੇ ਜਸਪ੍ਰੀਤ ਦੇ ਠਰ੍ਹੰਮੇ ਭਰੇ, ਆਪਸੀ ਸਮਝਦਾਰੀ ਅਤੇ ਆਦਰਸ਼ਕ ਵਿਵਹਾਰ ਕਰਕੇ ਬਜ਼ੁਰਗ ਨਾਨੀ ਦੇ ਬੇਟੇ-ਬਹੂਆਂ ਵੀ ਨਾਨੀ ਨੂੰ ਆਪਣੇ ਪਾਸ ਲਿਜਾਣ ਲਈ ਮਜਬੂਰ ਹੋ ਜਾਂਦੇ ਹਨ। ਨਾਵਲ ਵਿਚ ਰਵਦੀਪ, ਜਸਪ੍ਰੀਤ ਅਤੇ ਸਬ ਜਜ ਜਸਵਿੰਦਰ ਦਾ ਕਿਰਦਾਰ ਸਮਾਜ ਸੁਧਾਰਕ ਤੇ ਆਦਰਸ਼ਮਈ ਹੈ। ਨਾਵਲ ਦੀ ਭਾਸ਼ਾ ਸਰਲ ਤੇ ਸਹਿਜ ਹੈ। ਲੇਖਕ ਵਲੋਂ ਕਈ ਥਾਂ ਵਰਤੇ ਅੰਗਰੇਜ਼ੀ ਦੇ ਕਥਨ ਢੁਕਵੇਂ ਤਾਂ ਹਨ ਪਰ ਜੇ ਇਨ੍ਹਾਂ ਹੀ ਵਿਚਾਰਾਂ ਨੂੰ ਪੰਜਾਬੀ-ਭਾਰਤੀ ਦਾਰਸ਼ਨਿਕਾਂ, ਚਿੰਤਕਾਂ ਤੇ ਗੁਰੂਆਂ ਦੀ ਬਾਣੀ 'ਚੋਂ ਵਰਤਿਆ ਜਾਂਦਾ ਤਾਂ ਹੋਰ ਵੀ ਸੁਭਾਵਿਕਤਾ ਪੈਦਾ ਹੋਣੀ ਸੀ। ਨਾਵਲ ਵਿਚ ਵਿਦਵਾਨਾਂ, ਬੁੱਧੀਜੀਵੀਆਂ ਦੀ ਬੈਠਕ ਵਿਚ ਅਜੋਕੇ ਆਰਥਿਕ, ਸਿਆਸੀ ਤੇ ਸਮਾਜੀ ਵਿਸ਼ਿਆਂ 'ਤੇ ਕਰਾਈਆਂ ਟਿੱਪਣੀਆਂ ਕਿਸੇ ਪ੍ਰਸੰਗ ਨਾਲ ਜੋੜ ਕੇ ਕੀਤੀਆਂ ਜਾਂਦੀਆਂ ਤਾਂ ਹੋਰ ਪ੍ਰਭਾਵਸ਼ਾਲੀ ਹੋ ਨਿੱਬੜਣੀਆਂ ਸਨ। ਨਾਵਲ ਬਜ਼ੁਰਗਾਂ ਦੀ ਸਾਂਭ-ਸੰਭਾਲ, ਨਸ਼ਿਆਂ ਤੋਂ ਬਚਾਅ, ਪਤੀ-ਪਤਨੀ ਦੀ ਆਪਸੀ ਸਮਝ ਵਰਗੇ ਸਾਰਥਕ ਸੁਨੇਹੇ ਦੇਣ ਵਿਚ ਸਫਲ ਹੈ। ਸਹਿਜ ਤੇ ਸਰਲ ਤੌਰ ਤੁਰਦਾ ਨਾਵਲ ਜ਼ਿੰਦਗੀ ਅਤੇ ਸਮਾਜ ਦੇ ਕਈ ਹਨੇਰੇ ਪੱਖਾਂ 'ਤੇ ਵੀ ਰੌਸ਼ਨੀ ਪਾਉਂਦਾ ਜਾਂਦਾ ਹੈ। ਸਮਾਜ ਨੂੰ ਸਹੀ ਸੇਧ ਦੇਣ ਲਈ ਲੇਖਕ ਦਾ ਇਹ ਸਾਰਥਕ ਉਪਰਾਲਾ ਹੈ।

ਡਾ. ਧਰਮਪਾਲ ਸਾਹਿਲ
ਮੋ:98761-56964.

c c c

ਵੱਡੇ ਸਰਦਾਰ
(ਸਾਕਾ ਗੜ੍ਹੀ ਚਮਕੌਰ)
ਲੇਖਕ : ਸੋਢੀ ਕੁਲਦੀਪ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98146-26726.

ਵੱਡੇ ਸਰਦਾਰ ਕਾਵਿ ਪੁਸਤਕ ਵਿਚ ਲੇਖਕ ਨੇ ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵਰਨਣ ਆਪਣੀ ਹੀ ਵਿਧਾ ਦੇ ਨਾਲ ਬੜੇ ਚੰਗੇ ਢੰਗ ਨਾਲ ਕੀਤਾ ਹੈ, ਜਿਸ ਵਿਚ ਸ਼ਬਦਾਵਲੀ ਜੋ ਵਰਤੀ ਗਈ ਹੈ, ਉਹ ਬਹੁਤ ਹੀ ਪ੍ਰਭਾਵਸ਼ਾਲੀ ਕਹੀ ਜਾ ਸਕਦੀ ਹੈ। ਲੇਖਕ ਨੇ ਇਸ ਤੋਂ ਪਹਿਲਾਂ 4 ਪੁਸਤਕਾਂ ਲਿਖੀਆਂ ਹਨ। ਇਸ ਪੁਸਤਕ ਵਿਚ ਲਿਖੀਆਂ ਕਵਿਤਾਵਾਂ ਦਾ ਵੱਖਰਾ ਹੀ ਰੰਗ ਹੈ ਅਤੇ ਉਨ੍ਹਾਂ ਨੂੰ ਪੜ੍ਹਨ ਦੇ ਸਮੇਂ ਹੂ-ਬਹੂ ਦ੍ਰਿਸ਼ ਵੀ ਅੱਖਾਂ ਦੇ ਸਾਹਮਣੇ ਘੁੰਮਣ ਲਗਦਾ ਹੈ ਅਤੇ ਨਾਲ ਹੀ ਜੋਸ਼ ਵੀ ਆਉਂਦਾ ਹੈ। ਇਨ੍ਹਾਂ ਕਵਿਤਾਵਾਂ ਨੂੰ ਲੇਖਕ ਨੇ ਆਪਣੇ ਖੂਨ ਦੇ ਨਾਲ ਡਬੋ ਕੇ ਜੋ ਸ਼ਬਦਾਵਲੀ ਵਰਤੀ ਹੈ, ਉਹ ਕਾਬਲੇ-ਤਾਰੀਫ਼ ਕਹੀ ਜਾ ਸਕਦੀ ਹੈ। ਲੇਖਕ ਨੇ ਆਪਣੀ ਇਸ ਲਿਖਤ ਸਮੇਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਹੈ ਅਤੇ ਆਪਣੇ ਖਿਆਲਾਂ, ਦ੍ਰਿਸ਼ਾਂ ਤੇ ਸ਼ਬਦਾਂ ਨੂੰ ਕਿਤੇ ਵੀ ਭਾਰੂ ਨਹੀਂ ਹੋਣ ਦਿੱਤਾ ਬਲਕਿ ਆਪਣੀ ਪਕੜ ਵਿਚ ਰੱਖਿਆ ਹੈ।
ਦਲ ਸ਼ੇਰਾਂ ਦਾ, ਬੱਬਰ ਸ਼ੇਰ ਖਾਲਸਾ
ਆਣ ਪੁੱਜਾ ਜਦੋਂ, ਗੜ੍ਹੀ ਚਮਕੌਰ ਹੈ।
ਠੰਢ ਕਹਿਰ ਦੀ, ਹੱਡਾਂ ਨੂੰ ਜਾਵੇ ਚੀਰਦੀ,
ਡਾਢੀ ਬਿਪਤਾ, ਮੁਸੀਬਤਾਂ ਦਾ ਦੌਰ ਹੈ। ਅਤੇ
ਰਹਿਰਾਸ ਦਾ ਦਿਵਾਨਾ, ਸੋਢੀ ਪਾਤਸ਼ਾਹ,
ਲਾ ਕੇ ਦੀਵਾਨ ਸੋਹਲਾ ਲਿਆਗਾ ਹੈ।
ਬੈਠੇ ਬਿਰਤੀ ਟਿਕਾ ਕੇ, ਸੱਚੇ ਪਾਤਸ਼ਾਹ,
ਵਾਹਿਗੁਰੂ ਵਾਹਿਗੁਰੂ ਰਹੇ ਧਿਆ ਹੈ।
ਆਦਿ ਕਾਵਿ ਟੁਕੜੀਆਂ ਤੋਂ ਬਹੁਤ ਕੁਝ ਝਲਕਦਾ ਮਿਲਦਾ ਹੈ। ਇਸ ਤਰ੍ਹਾਂ ਹੋਰ ਕਵਿਤਾਵਾਂ ਵਿਚ ਜੋਸ਼, ਬਹਾਦਰੀ, ਸੂਰਮਤਾਈ, ਸਿਫ਼ਤ ਗੁਰੂ ਦੀ ਬਹੁਤ ਸੋਹਣੇ ਢੰਗ ਨਾਲ ਕੀਤੀ ਗਈ ਹੈ। ਪੁਸਤਕ ਪੜ੍ਹਦਿਆਂ ਇਕ ਅਜਿਹਾ ਜਜ਼ਬਾ ਪੈਦਾ ਹੁੰਦਾ ਹੈ ਕਿ ਕਿਤਾਬ ਵਿਚਕਾਰ ਛੱਡਣ ਨੂੰ ਦਿਲ ਨਹੀਂ ਕਰਦਾ।

ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990.

ਸੰਘਰਸ਼ ਦੇ 45 ਸਾਲ
ਲੇਖਕ : ਕ੍ਰਿਸ਼ਨ ਕੁਮਾਰ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 148
ਸੰਪਰਕ : 98159-09211.

ਕ੍ਰਿਸ਼ਨ ਕੁਮਾਰ ਬਾਵਾ ਪਿਛਲੇ ਪੰਤਾਲੀ ਸਾਲਾਂ ਤੋਂ ਇਕੋ ਰਾਜਨੀਤਕ ਪਾਰਟੀ ਨਾਲ ਜੁੜਿਆ ਹੋਇਆ ਹੈ। ਔਖੇ ਦੌਰ ਵਿਚ ਉਸ ਨੇ ਆਪਣੇ ਸਰੀਰ ਉਤੇ ਗੋਲੀਆਂ ਵੀ ਖਾਧੀਆਂ ਪਰ ਰਾਜਨੀਤਕ ਵਚਨਬੱਧਤਾ ਤੋਂ ਰਤਾ ਵੀ ਨਹੀਂ ਥਿੜਕਿਆ। ਇਸ ਦੇ ਨਾਲ ਹੀ ਉਸ ਸਮਾਜ ਸੇਵਾ ਦਾ ਬੀੜਾ ਵੀ ਚੁੱਕਿਆ ਹੋਇਆ ਹੈ। ਮਾਦਾ ਭਰੂਣ ਹੱਤਿਆ ਤੇ ਵਾਤਾਵਰਨ ਦੀ ਸੰਭਾਲ ਸਬੰਧੀ ਉਸ ਨੇ ਲੋਕ ਜਾਗ੍ਰਿਤੀ ਦੀ ਮੁਹਿੰਮ ਚਲਾਈ ਹੋਈ ਹੈ। ਧੀਆਂ ਦੀ ਲੋਹੜੀ ਦੇਣ ਦੀ ਪਿਰਤ ਉਸ ਲੋਹੜੀ ਮੌਕੇ ਕੀਤੇ ਸਮਾਗਮਾਂ ਰਾਹੀਂ ਪਾਈ ਹੈ। ਇਸ ਦੇ ਨਾਲ ਹੀ ਸੰਸਾਰ ਦੇ ਮਹਾਨ ਜਰਨੈਲ ਤੇ ਪੰਜਾਬ ਤੇ ਪੰਜਾਬੀਆਂ ਦੇ ਮੁਕਤੀ ਦਾਤੇ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਕੀਰਤੀ ਅਤੇ ਦੇਣ ਨੂੰ ਉਜਾਗਰ ਕਰਨ ਦਾ ਸਫਲ ਯਤਨ ਕੀਤਾ ਹੈ। ਪੰਜਾਬੀਆਂ ਨੇ ਆਪਣੇ ਇਸ ਮਹਾਨ ਜਰਨੈਲ ਨੂੰ ਭੁਲਾ ਹੀ ਦਿੱਤਾ ਜਾਪਦਾ ਸੀ, ਇਹ ਤਾਂ ਕ੍ਰਿਸ਼ਨ ਕੁਮਾਰ ਵਲੋਂ ਵਿੱਢੀ ਪ੍ਰਚਾਰ ਮੁਹਿੰਮ ਰਾਹੀਂ ਸਾਰੀਆਂ ਧਿਰਾਂ ਨੂੰ ਜਗਾਇਆ ਤੇ ਅੱਜ ਸਾਰੇ ਬਾਬਾ ਜੀ ਦੀ ਦੇਣ ਅੱਗੇ ਸਿਰ ਝੁਕਾ ਰਹੇ ਹਨ। ਉਸ ਨੇ ਆਪਣੇ ਪਿੰਡ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਦੀ ਉਸਾਰੀ ਕਰਵਾਈ। ਇਸੇ ਭਵਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਬਾਰੇ ਇਕ ਅਜਾਇਬ ਘਰ ਵੀ ਬਣਾਇਆ ਜਿਹੜਾ ਆਪਣੇ ਆਪ ਵਿਚ ਇਕ ਨਿਵੇਕਲਾ ਯਤਨ ਹੈ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਦਾ ਗਠਨ ਕਰਕੇ ਬਾਬਾ ਜੀ ਦੀ ਕੀਰਤੀ ਨੂੰ ਕੇਵਲ ਭਾਰਤ ਵਿਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿਚ ਪਹੁੰਚਾਇਆ। ਇੰਜ ਕ੍ਰਿਸ਼ਨ ਕੁਮਾਰ ਆਪਣੇ ਤਿੰਨ ਪੱਖੀ ਕਾਰਜਕਾਰੀ ਰਾਹੀਂ ਸੰਗਮ ਦਾ ਰੂਪ ਧਾਰਨ ਕਰ ਗਿਆ ਹੈ। ਸਾਰੇ ਸੰਸਾਰ ਵਿਚ ਬਣੀ ਆਪਣੀ ਪਹਿਚਾਣ ਅਤੇ ਮਿਲਣਸਾਰ ਸੁਭਾਅ ਕਰਕੇੇ ਹਰੇਕ ਦੇ ਕੰਮ ਆਉਣ ਦੀ ਪ੍ਰਵਿਰਤੀ ਨੇ ਕ੍ਰਿਸ਼ਨ ਕੁਮਾਰ ਨੂੰ ਲੋਕਾਂ ਦਾ ਚਹੇਤਾ ਨੇਤਾ ਬਣਾ ਦਿੱਤਾ ਹੈ।
ਮੈਨੂੰ ਉਸ ਨੂੰ ਬਚਪਨ ਤੋਂ ਹੀ ਜਾਣਨ ਦਾ ਮੌਕਾ ਮਿਲਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਪੰਜਾਬ ਦੇ ਪਿੰਡਾਂ ਦੇ ਨੌਜਵਾਨਾਂ ਦੇ ਵਿਕਾਸ ਲਈ ਇਕ ਸਕੀਮ ਸ਼ੁਰੂ ਕੀਤੀ ਗਈ ਸੀ, ਜਿਸ ਦਾ ਆਧਾਰ ਅਮਰੀਕੀ 4-ਐਚ ਕਲੱਬ ਸਨ। ਅਮਰੀਕਾ ਵਿਚ ਨੌਜਵਾਨਾਂ ਦੀ ਸੁਚੱਜੀ ਸ਼ਖ਼ਸੀਅਤ ਉਸਾਰੀ ਵਿਚ ਇਨ੍ਹਾਂ ਕਲੱਬਾਂ ਨੇ ਵਧੀਆ ਯੋਗਦਾਨ ਪਾਇਆ ਹੈ। 4 ਐਚ ਦਾ ਮਤਲਬ ਹੈਡ, ਹਾਰਟ, ਹੈਲਥ ਅਤੇ ਹੈਂਡ। ਇਸ ਦਾ ਭਾਵ ਹੱਥ, ਦਿਲ ਅਤੇ ਸਿਹਤ ਦਾ ਵਿਕਾਸ। ਯੂਨੀਵਰਸਿਟੀ ਵਲੋਂ ਪਿੰਡਾਂ ਦੇ ਸਕੂਲਾਂ ਦੇ ਸਹਿਯੋਗ ਨਾਲ ਪਿੰਡਾਂ ਵਿਚ ਅਜਿਹੇ ਕਲੱਬ ਬਣਾਏ ਗਏ ਸਨ। ਰਕਬਾ ਪਿੰਡ ਵਿਚ ਵੀ ਇਹ ਕਲੱਬ ਸੀ। ਕਲੱਬ ਦੇ ਮੈਂਬਰਾਂ ਦੇ ਆਪੋ ਆਪਣੇ ਪ੍ਰਾਜੈਕਟ ਹੁੰਦੇ ਸਨ ਤਾਂ ਜੋ ਹੱਥੀਂ ਕੰਮ ਕਰਨ ਦੀ ਆਦਤ ਪਵੇ ਤੇ ਉਹ ਕਿਰਤ ਦਾ ਸਤਿਕਾਰ ਕਰਨਾ ਸ਼ੁਰੂ ਕਰਨ। ਉਨ੍ਹਾਂ ਵਿਚ ਇਕ ਦੂਜੇ ਦੀ ਸਹਾਇਤਾ ਕਰਨ ਦੀ ਭਾਵਨਾ ਉਤਪੰਨ ਹੋਵੇ ਤੇ ਹਿਰਦੇ ਵਿਚ ਦੇਸ਼ ਸੇਵਾ ਦਾ ਜਜ਼ਬਾ ਪੈਦਾ ਹੋਵੇ। ਇਨ੍ਹਾਂ ਵਿਚ ਉੱਪਰ ਲਿਖੇ ਤ੍ਰੈ ਗੁਣਾਂ ਦੇ ਬੀਜ ਅਸਲ ਵਿਚ ਇਕ ਕਲੱਬ ਦੀ ਮੈਂਬਰਸ਼ਿਪ ਨੇ ਹੀ ਬੀਜ ਦਿੱਤੇ ਸਨ। ਬਾਵਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਕਬਾ ਵਿਖੇ 5 ਅਪ੍ਰੈਲ 1958 ਨੂੰ ਸ੍ਰੀ ਬਲਭੱਦਰ ਦਾਸ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੀ ਮਾਤਾ ਜੀ ਦਾ ਨਾਂਅ ਭਾਗਵੰਤੀ ਸੀ। ਲੰਬੇ ਸਮੇਂ ਤੋਂ ਰਾਜਨੀਤੀ ਵਿਚ ਰਹਿਣ ਅਤੇ ਪੰਜਾਬ ਦੀਆਂ ਕਈ ਕਾਰਪੋਰੇਸ਼ਨਾਂ ਦੀ ਚੇਅਰਮੈਨੀ ਕਰਨ ਪਿੱਛੋਂ ਵੀ ਬਾਵਾ ਜੀ ਵਿਚ ਹੰਕਾਰ ਨਹੀਂ ਆਏ ਤੇ ਨਾ ਹੀ ਬਹੁਤੇ ਆਗੂਆਂ ਵਾਂਗ ਵੱਡੀਆਂ ਜਾਇਦਾਦਾਂ ਬਣਾਈਆਂ। ਧਰਤੀ ਨਾਲ ਜੁੜੇ ਹੋਣ ਕਰਕੇ ਕ੍ਰਿਸ਼ਨ ਕੁਮਾਰ ਨੂੰ ਧਰਤੀ ਪੁੱਤਰ ਵੀ ਆਖਿਆ ਜਾ ਸਕਦਾ ਹੈ। ਇਨ੍ਹਾਂ ਦੀ ਬਾਵੇ ਹੋਣ ਕਰਕੇ ਜੱਦੀ ਪੁਸ਼ਤੀ ਸਿੱਖੀ ਸੇਵਕੀ ਵੀ ਹੈ।
ਬਾਵਾ ਜੀ ਨੇ ਆਪਣੇ ਸੰਘਰਸ਼ਮਈ ਤੇ ਪ੍ਰਾਪਤੀਆਂ ਦੇ ਜੀਵਨ ਦੀ ਕਹਾਣੀ ਕਲਮਬੱਧ ਕੀਤੀ ਹੈ। ਬਾਵਾ ਜੀ ਨੇ ਜੀਵਨ ਦੇ ਸਾਰੇ ਪੱਖਾਂ ਅਤੇ ਪ੍ਰਾਪਤੀਆਂ ਨੂੰ ਉਜਾਗਰ ਕਰਨ ਦਾ ਸਫ਼ਲ ਯਤਨ ਕੀਤਾ ਹੈ। ਪਿਛਲੇ 45 ਸਾਲਾਂ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਇਸ ਜਰਨੈਲ ਨੂੰ ਕਈ ਵਾਰ ਨਿਰਾਸ਼ ਵੀ ਹੋਣਾ ਪਿਆ। ਜਿਸ ਦਾ ਜ਼ਿਕਰ ਇਸ ਪੁਸਤਕ ਵਿਚ ਕੀਤਾ ਗਿਆ ਹੈ। ਇਸ ਨਿਰਾਸ਼ਾ ਦਾ ਪ੍ਰਗਟਾਵਾ ਪਾਰਟੀ ਦੇ ਅੰਦਰ ਰਹਿ ਕੇ ਕੀਤਾ ਹੈ ਪਰ ਪਾਰਟੀ ਦਾ ਪੱਲੂ ਨਹੀਂ ਛੱਡਿਆ।
'ਸੰਘਰਸ਼ ਦੇ 45 ਵਰ੍ਹੇ' ਇਕ ਸਾਧਾਰਨ ਨੌਜਵਾਨ ਦੀ ਸੰਘਰਸ਼ ਤੇ ਦ੍ਰਿੜ੍ਹਤਾ ਦੀ ਕਹਾਣੀ ਹੈ। ਇਸ ਦਾ ਪਾਠ ਸਾਰਿਆਂ ਲਈ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਲਈ ਉਤਸ਼ਾਹੀ ਮਾਹੌਲ ਸਿਰਜਦਾ ਹੈ। ਆਤਮ ਕਥਾ ਲਿਖਣੀ ਕੁਝ ਔਖਾ ਕਾਰਜ ਹੈ। ਜੇਕਰ ਤੁਸੀਂ ਸੱਚ ਲਿਖਦੇ ਹੋ ਤਾਂ ਬਾਹਰਲੀ ਦੁਨੀਆ ਦੀ ਨਾਰਾਜ਼ਗੀ ਦਾ ਡਰ ਰਹਿੰਦਾ ਹੈ, ਜੇਕਰ ਤੁਸੀਂ ਸੱਚ ਨਹੀਂ ਲਿਖਦੇ ਤਾਂ ਅੰਦਰਲੀ ਆਤਮਾ ਟਿਕਣ ਨਹੀਂ ਦਿੰਦੀ। ਬਾਵਾ ਜੀ ਨੇ ਹਿੰਮਤ ਤੋਂ ਕੰਮ ਲੈਂਦਿਆਂ ਸੱਚੋ-ਸੱਚ ਬਿਆਨਣ ਦਾ ਯਤਨ ਕੀਤਾ ਹੈ। ਆਪਣੀ ਕਹਾਣੀ ਦੇ ਨਾਲੋ ਨਾਲ ਬਾਵਾ ਜੀ ਬਾਰੇ ਸਮਕਾਲੀਆਂ ਦੇ ਵਿਚਾਰ ਵੀ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਵੀ ਸ਼ਾਮਿਲ ਹਨ। ਇਸ ਸਚਿੱਤਰ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਨੇ ਵਧੀਆ ਢੰਗ ਨਾਲ ਛਾਪਿਆ ਹੈ।
ਮੈਂ ਇਸ ਪੁਸਤਕ ਦੇ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ।

ਡਾ. ਰਣਜੀਤ ਸਿੰਘ
ਮੋ: 94170-87328

16-06-2021

ਕਰਤਾਰਪੁਰ ਦਾ ਵਿਰਸਾ
ਲੇਖਕ : ਪ੍ਰਿਥੀਪਾਲ ਸਿੰਘ ਕਪੂਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 104
ਸੰਪਰਕ : 99150-48005


ਇਸ ਪੁਸਤਕ ਦੇ ਲੇਖਕ ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ ਹਨ। ਪੰਜਾਬ ਦੇ ਬੌਧਿਕ ਤੇ ਅਕਾਦਮਿਕ ਖੇਤਰ ਵਿਚ ਉਨ੍ਹਾਂ ਦਾ ਉੱਘਾ ਨਾਂਅ ਹੈ। ਉਨ੍ਹਾਂ ਨੇ ਸਿੱਖ ਇਤਿਹਾਸ ਬਾਰੇ ਅਨੇਕਾਂ ਪੁਸਤਕਾਂ ਲਿਖੀਆਂ ਹਨ। ਇਸ ਪੁਸਤਕ ਵਿਚ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਸ੍ਰੀ ਕਰਤਾਰਪੁਰ ਸਾਹਿਬ ਦੇ ਵਸਾਉਣ ਅਤੇ ਇਸ ਪਿੱਛੇ ਉਨ੍ਹਾਂ ਦੇ ਸੰਕਲਪ ਬਾਰੇ ਸੁਚੱਜੀ ਜਾਣਕਾਰੀ ਦਿੱਤੀ ਹੈ। ਸਿੱਖ ਇਤਿਹਾਸ ਵਿਚ ਕਰਤਾਰਪੁਰ (ਰਾਵੀ) ਦਾ ਕਈਆਂ ਗੱਲਾਂ ਕਰਕੇ ਵਿਸ਼ੇਸ਼ ਥਾਂ ਹੈ। ਇਸ ਨਗਰ ਨੂੰ ਗੁਰੂ ਨਾਨਕ ਦੇਵ ਜੀ ਨੇ 1561 ਬਿਕਰਮੀ ਵਿਚ ਵਸਾਇਆ ਸੀ ਜਿਸ ਦੇ ਵਸਾਉਣ ਵਿਚ ਭਾਈ ਦੋਦਾ ਅਤੇ ਭਾਈ ਦੁਨੀ ਚੰਦ (ਕਰੋੜੀ ਮੱਲ) ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਸੀ। ਇਸ ਨੂੰ ਸਿੱਖ ਦਰਸ਼ਨ, ਜੀਵਨ ਜਾਚ ਅਤੇ ਸੱਭਿਆਚਾਰ ਦਾ ਆਦਿ ਨਗਰ ਵੀ ਕਿਹਾ ਜਾ ਸਕਦਾ ਹੈ। ਇਸ ਨਗਰ ਦੇ ਵਸੇਬੇ ਦਾ ਇਤਿਹਾਸ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਵਲੋਂ ਬ੍ਰਾਹਮਣੀ ਸੰਸਕਾਰਾਂ ਅਤੇ ਅਨੁਸ਼ਠਾਨਾਂ ਦੇ ਤਿਆਗ ਨਾਲ ਵੀ ਜੋੜਿਆ ਜਾ ਸਕਦਾ ਹੈ। ਕੋਈ ਵੀ ਵਿਚਾਰਵਾਨ ਜਾਂ ਦਾਰਸ਼ਨਿਕ ਜਦ ਚੱਲ ਰਹੀ ਲੀਹ ਨਾਲੋਂ ਪਾੜ ਅਖ਼ਤਿਆਰ ਕਰਦਾ ਹੈ ਤਾਂ ਉਸ ਦੇ ਮਨ ਵਿਚ ਨਿਸਚੈ ਹੀ ਕੁਝ ਸੁਪਨੇ ਹੁੰਦੇ ਹਨ, ਜੋ ਵੱਖ-ਵੱਖ ਸਮੇਂ ਵੱਖ-ਵੱਖ ਰੂਪਾਂ ਵਿਚ ਸਾਕਾਰ ਹੁੰਦੇ ਹਨ। ਕਰਤਾਰਪੁਰ ਦਾ ਵਸੇਬਾ ਵੀ ਅਜਿਹੇ ਸੁਪਨੇ ਵਿਚੋਂ ਹੀ ਜਨਮਿਆ ਹੈ।
ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਤਿੰਨ ਮੁੱਖ ਪੜਾਅ ਮੰਨੇ ਜਾ ਸਕਦੇ ਹਨ। ਪਹਿਲਾ ਵੇਈਂ ਪ੍ਰਵੇਸ਼ ਤੋਂ ਪਹਿਲਾਂ ਦਾ, ਦੂਜਾ ਉਦਾਸੀਆਂ ਦਾ ਅਤੇ ਤੀਜਾ ਕਰਤਾਰਪੁਰ ਸਾਹਿਬ ਵਸਾਉਣ ਅਤੇ ਇਥੇ ਹੀ ਜੋਤੀ ਜੋਤ ਸਮਾਉਣ ਦਾ। ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਨੇ ਗੁਰੂ ਸਾਹਿਬ ਦੇ ਜੀਵਨ ਦੇ ਅੰਤਲੇ ਹਿੱਸੇ ਨੂੰ, ਇਤਿਹਾਸ ਦੀ ਦ੍ਰਿਸ਼ਟੀ ਤੋਂ ਪ੍ਰਕਾਸ਼ਮਾਨ ਕਰਨ ਦਾ ਯਤਨ ਕੀਤਾ ਹੈ। ਇਸ ਪੁਸਤਕ ਦਾ ਆਰੰਭਲਾ ਰੂਪ 'ਕਰਤਾਰਪੁਰਿ ਕਰਤਾ ਵਸੈ' ਨਾਮਕ ਟ੍ਰੈਕਟ ਸੀ ਪਰ ਜਦ ਲਾਂਘੇ ਦੀ ਗੱਲ ਚੱਲੀ ਤਾਂ ਉਨ੍ਹਾਂ ਇਸ ਨੂੰ ਵਿਸਥਾਰ ਦੇਣ ਦਾ ਵਿਚਾਰ ਬਣਾਇਆ। ਬੇਸ਼ੱਕ ਸਰੋਤ ਪੁਸਤਕਾਂ ਦੇ ਰੂਪ ਵਿਚ ਬਹੁਤ ਥੋੜ੍ਹੀ ਸਮੱਗਰੀ ਉਪਲਬੱਧ ਸੀ। ਆਕਾਰ ਵਿਚ ਪੁਸਤਕ ਛੋਟੀ ਹੋਣ ਦੇ ਬਾਵਜੂਦ ਇਹ ਪੁਸਤਕ ਹਰ ਮਹੱਤਵਪੂਰਨ ਵੇਰਵੇ ਨੂੰ ਅੰਕਿਤ ਕਰਦੀ ਹੈ। ਭੂਮਿਕਾ ਦੇ ਆਰੰਭਲੇ ਸਫ਼ਿਆਂ ਨੂੰ ਛੱਡ ਕੇ ਇਸ ਵਿਚ ਪ੍ਰਵੇਸ਼ਿਕਾ, ਬਾਬਾਣੀਆਂ ਕਹਾਣੀਆਂ, ਇਤਿਹਾਸਕ ਪਰਿਪੇਖ, ਵਿਚਾਰ ਤੋਂ ਦੈਵੀ ਬਸਤੀ ਤੱਕ, ਵਿਰਸਾ, ਪ੍ਰਮੁੱਖ ਇਤਿਹਾਸਕ ਘਟਨਾਵਾਂ, ਉੱਚਾ ਦਰ ਬਾਬੇ ਨਾਨਕ ਦਾ, ਡੇਰਾ ਬਾਬਾ ਨਾਨਕ ਲਾਂਘੇ ਦੀ ਵਿਥਿਆ ਅਤੇ ਦੋ ਅੰਤਿਕਾਵਾਂ ਆਦਿ ਸ਼ਾਮਿਲ ਹਨ।
'ਕਰਤਾਰਪੁਰ ਦਾ ਵਿਰਸਾ' ਪੁਸਤਕ ਵਿਚ ਕਪੂਰ ਸਾਹਿਬ ਦਾ ਬੁਨਿਆਦੀ ਤਰਕ ਇਹ ਹੈ ਕਿ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਦਾ ਸੁਪਨਈ ਸ਼ਹਿਰ ਹੈ ਜਿਸ ਵਿਚ ਅਧਿਆਤਮਕਤਾ, ਸਿੱਖਿਆਵਾਂ, ਧਾਰਮਿਕ ਮਰਯਾਦਾ ਅਤੇ ਧਰਮ ਨੂੰ ਇਕ ਸੰਸਥਾ ਦੇ ਰੂਪ ਵਿਚ ਸਥਾਪਤ ਕਰਨ ਦਾ ਸੁਚੇਤ ਉਪਰਾਲਾ ਹੈ। ਗੁਰਮਤਿ ਦਰਸ਼ਨ ਦੇ ਤਿੰਨ ਬੁਨਿਆਦੀ ਸਿਧਾਂਤਾਂ, ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ ਦਾ ਕਰਤਾਰਪੁਰ ਸਾਹਿਬ ਨਾ ਕੇਵਲ ਸਾਕਾਰ, ਸਥੂਲ ਅਤੇ ਨਿੱਗਰ ਉਪਰਾਲਾ ਹੈ, ਸਗੋਂ ਇਹ ਸਿੱਖੀ, ਸਿੱਖ ਜੀਵਨ ਜਾਚ ਅਤੇ ਸੱਭਿਆਚਾਰ ਦਾ ਪਹਿਲਾ ਕੇਂਦਰ ਵੀ ਹੈ। ਮਨੁੱਖੀ ਬਰਾਬਰੀ, ਸੰਗਤ ਤੇ ਪੰਗਤ, ਜੀਓ ਅਤੇ ਜਿਊਣ ਦਿਓ, ਧਾਰਮਿਕ ਉਦਾਰਤਾ ਅਤੇ ਸੇਵਾ ਆਦਿ ਕੁਝ ਹੋਰ ਅਜਿਹੇ ਵਿਚਾਰ ਹਨ ਜਿਨ੍ਹਾਂ ਦਾ ਸਮੂਰਤੀਕਰਨ ਕਰਤਾਰਪੁਰ ਦੇ ਵਸੇਬੇ ਵਿਚ ਸ਼ਾਮਿਲ ਹੈ। ਭਾਵੇਂ ਸਿੱਖੀ ਦੇ ਪ੍ਰਚਾਰ ਕੇਂਦਰਾਂ ਵਜੋਂ ਪਿਛਲੇਰੇ ਗੁਰੂ ਸਾਹਿਬਾਨ ਨੇ ਗੋਇੰਦਵਾਲ, ਸ੍ਰੀ ਅੰਮ੍ਰਿਤਸਰ, ਤਰਨ ਤਾਰਨ, ਸ੍ਰੀ ਹਰਿਗੋਬਿੰਦਪੁਰ, ਕੀਰਤਪੁਰ ਸਾਹਿਬ, ਪਾਉਂਟਾ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਆਦਿ ਨਗਰ ਵੀ ਵਸਾਏ ਹਨ ਪਰ ਇਹ ਸਾਰੇ ਨਗਰ ਕਿਸੇ ਨਾ ਕਿਸੇ ਰੂਪ ਵਿਚ ਕਰਤਾਰਪੁਰੀ ਸੰਸਥਾਨ ਤੇ ਦਰਸ਼ਨ ਦਾ ਵਿਸਥਾਰ ਹੀ ਕਹੇ ਜਾ ਸਕਦੇ ਹਨ। ਇਸ ਕਰਕੇ ਸਿੱਖ ਇਤਿਹਾਸ ਵਿਚ ਕਰਤਾਰਪੁਰ ਦਾ ਵਿਸ਼ੇਸ਼ ਸਥਾਨ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਨੇ ਇਕ ਤਰ੍ਹਾਂ ਨਾਲ ਕਰਤਾਰਪੁਰ ਦੀ ਸਥਾਪਨਾ ਕਰਕੇ ਸਿੱਖ ਧਰਮ ਦੇ ਬੁਨਿਆਦੀ ਸਿਧਾਂਤ ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਵਿਖਾਇਆ। ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਸਮੇਂ ਕਰਤਾਰਪੁਰ ਗਿਆਨ-ਗੋਸਟਿ ਅਤੇ ਵਿਚਾਰ-ਚਰਚਾ ਦਾ ਕੇਂਦਰ ਵੀ ਬਣ ਚੁੱਕਾ ਸੀ। ਮਿਹਰਬਾਨ ਨੇ ਆਪਣੀ ਜਨਮਸਾਖੀ ਵਿਚ ਤੀਹ ਦੇ ਕਰੀਬ ਵੱਖ-ਵੱਖ ਧਾਰਮਿਕ ਪੱਧਤੀਆਂ ਦੇ ਲੋਕਾਂ ਦੇ ਉਥੇ ਆ ਕੇ ਗੁਰੂ ਨਾਨਕ ਦੇਵ ਜੀ ਨਾਲ ਵਿਚਾਰ ਚਰਚਾ ਕਰਨ ਦੀ ਸੂਚਨਾ ਦਿੱਤੀ ਹੈ, ਜਿਸ ਵਿਚ ਬੈਰਾਗੀ, ਉਦਾਸੀ, ਮੁੰਡੀਆ, ਬੈਸ਼ਨੋ, ਦਿਗੰਬਰ, ਸੰਨਿਆਸੀ ਅਤੇ ਜੋਗੀ ਆਦਿ ਸ਼ਾਮਿਲ ਹਨ। ਕਰਤਾਰਪੁਰ ਰਹਿੰਦਿਆਂ ਵੀ ਗੁਰੂ ਜੀ ਨੇ ਨੇੜੇ-ਤੇੜੇ ਦੀਆਂ ਮਹੱਤਵਪੂਰਨ ਥਾਵਾਂ ਉੱਪਰ ਜਾਣਾ-ਆਉਣਾ ਜਾਰੀ ਰੱਖਿਆ ਹੋਇਆ ਸੀ। ਜਿਵੇਂ ਅਚਲ ਬਟਾਲੇ, ਮੁਲਤਾਨ, ਦੀਪਾਲਪੁਰ ਪਾਕਪਟਨ, ਕੀੜੀ ਅਫ਼ਗਾਨਾ ਅਤੇ ਬੀਕਾਨੇਰ ਆਦਿ। ਪਾਕਪਟਨ ਤੋਂ ਹੀ ਉਸ ਵੇਲੇ ਦੇ ਗੱਦੀਨਸ਼ੀਨ ਸ਼ੇਖ ਇਬਰਾਹੀਮ ਸਨੀ ਕੋਲੋਂ ਸ਼ੇਖ ਫ਼ਰੀਦ ਸ਼ੱਕਰਗੰਜ ਦੀ ਬਾਣੀ ਦਾ ਉਤਾਰਾ ਹਾਸਲ ਕੀਤਾ ਸੀ। ਗੁਰੂ ਸਾਹਿਬ ਨੇ ਇਥੇ ਕਈ ਬਾਣੀਆਂ ਦੀ ਵੀ ਰਚਨਾ ਕੀਤੀ ਸੀ ਅਤੇ ਇਥੇ ਹੀ ਗੁਰੂ ਸਾਹਿਬ ਨੇ ਭਾਈ ਲਹਿਣਾ (ਗੁਰੂ ਅੰਗਦ ਜੀ) ਦੀ ਕਰੜੀ ਪਰਖ ਕਰਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਕੰਮ ਨੂੰ ਅੱਗੇ ਜਾਰੀ ਰੱਖਣ ਲਈ ਉਨ੍ਹਾਂ ਨੂੰ ਆਪਣੀ ਗੱਦੀ ਸੌਂਪੀ ਸੀ। ਅਜਿਹੇ ਅਹਿਮ ਸਥਾਨ ਬਾਰੇ ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਹੋਰਾਂ ਨੇ ਬੜੀ ਮਹੱਤਵਪੂਰਨ ਜਾਣਕਾਰੀ ਆਪਣੀ ਪੁਸਤਕ ਵਿਚ ਦਿੱਤੀ ਹੈ। ਕਰਤਾਰਪੁਰ ਦਾ ਲਾਂਘਾ ਬਣਨ ਨਾਲ ਸਿੱਖ ਪੰਥ ਵਿਚ ਕਰਤਾਰਪੁਰ ਬਾਰੇ ਜੋ ਜਗਿਆਸਾ ਪੈਦਾ ਹੋਈ ਹੈ, ਉਸ ਦੀ ਤ੍ਰਿਪਤੀ ਵਿਚ ਇਹ ਪੁਸਤਕ ਅਹਿਮ ਯੋਗਦਾਨ ਪਾਏਗੀ। ਪੁਸਤਕ ਦੀ ਛਪਾਈ ਬੇਹੱਦ ਆਕਰਸ਼ਕ ਹੈ ਅਤੇ ਢੁਕਵੀਆਂ ਤਸਵੀਰਾਂ ਵੀ ਬਹੁਤ ਖੂਬਸੂਰਤ ਢੰਗ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਪੁਸਤਕ ਪਾਠਕਾਂ ਦਾ ਧਿਆਨ ਖਿੱਚਦੀ ਹੈ, ਕਪੂਰ ਸਾਹਿਬ ਇਸ ਲਈ ਪ੍ਰਸੰਸਾ ਦੇ ਹੱਕਦਾਰ ਹਨ।


ਡਾ. ਧਰਮ ਸਿੰਘ
ਮੋ: 98889-39808


ਪੂਰਨ ਅਪੂਰਨ

ਲੇਖਕ : ਕੁਲਦੀਪ ਸਿੰਘ ਬੇਦੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 185 ਰੁਪਏ, ਸਫ਼ੇ : 104
ਸੰਪਰਕ : 98760-95392.


ਕੁਲਦੀਪ ਸਿੰਘ ਬੇਦੀ ਦੀਆਂ ਇਕ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਪੰਜ ਨਾਵਲ ਹਨ, ਇਕ ਸਵੈ-ਜੀਵਨੀ, ਦੋ ਕਹਾਣੀ ਸੰਗ੍ਰਹਿ ਹਨ, ਅੰਗਰੇਜ਼ੀ ਅਨੁਵਾਦ ਵੀ ਹਨ। ਕਹਾਣੀਆਂ ਦੀ ਇਸ ਤੀਸਰੀ ਪੁਸਤਕ ਵਿਚ ਕੁੱਲ ਅੱਠ ਬਿਹਤਰੀਨ, ਦਿਲਚਸਪ ਤੇ ਕਥਾ ਰਸ ਭਰਪੂਰ ਕਹਾਣੀਆਂ ਹਨ (ਨਾਨਕ ਸਿੰਘ ਸ਼ੈਲੀ) ਪੁਸਤਕ ਦੀਆਂ ਕਹਾਣੀਆਂ ਵਿਚ ਔਰਤ ਮਰਦ ਦੇ ਰਿਸ਼ਤੇ ਦੀਆਂ ਡੂੰਘੀਆਂ ਤਹਿਆਂ ਦਾ ਮਨੋਵਿਗਿਆਨ ਹੈ। ਵਿਧਵਾ ਔਰਤ, ਪਤੀਵਰਤਾ ਪੜ੍ਹੀ-ਲਿਖੀ ਔਰਤ, ਗ਼ਰੀਬ ਔਰਤ ਦੀ ਮੁਹੱਬਤ ਨੂੰ ਵੱਖ-ਵੱਖ ਜ਼ਾਵੀਏ ਤੋਂ ਕਹਾਣੀਆਂ ਦਾ ਵਿਸ਼ਾ ਲੇਖਕ ਨੇ ਬਣਾਇਆ ਹੈ। ਪੁਸਤਕ ਦੀ ਕਹਾਣੀ 'ਭਾਗਵੰਤੀ' ਬਾਰੇ ਕਥਾਕਾਰ ਵਰਿਆਮ ਸਿੰਘ ਸੰਧੂ ਦੀ ਇਕ ਅਸਿੱਧੇ ਰੂਪ ਵਿਚ ਟਿੱਪਣੀ ਵੀ ਲੇਖਕ ਪੁਸਤਕ ਦੇ ਆਰੰਭਿਕ ਸ਼ਬਦਾਂ ਵਿਚ ਦਰਜ ਕੀਤੀ ਹੈ। ਭਾਗਵੰਤੀ ਨੂੰ ਇਕ ਸਮਾਗਮ ਵਿਚ ਪੜ੍ਹੇ ਜਾਣ ਦਾ ਸਬੱਬ ਬਣਿਆ ਤੇ ਇਹ ਕਹਾਣੀ ਅਨੁਵਾਦ ਹੋ ਕੇ ਹਿੰਦੀ ਦੇ ਉੱਘੇ ਮੈਗਜ਼ੀਨਾਂ ਵਿਚ ਵੀ ਛਪੀ। ਕਹਾਣੀ ਦੀ ਭਾਗਵੰਤੀ ਤੇ ਉਸ ਦਾ ਪਤੀ ਕਿਸ਼ਨਾ ਜ਼ਿੰਦਗੀ ਵਿਚ ਆਪਣੀ ਮੁਹੱਬਤ ਦਾ ਪੂਰਨ ਇਜ਼ਹਾਰ ਹਰਿਦੁਆਰ ਦੇ ਇਕ ਹੋਟਲ ਵਿਚ ਕਰਦੇ ਹਨ। ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਫੁੱਲ ਲੈ ਕੇ ਜਾਂਦੇ ਹਨ। ਪੁਸਤਕ ਦੀਆਂ ਕਹਾਣੀਆਂ ਦਾ ਬਿਰਤਾਂਤ ਸੁਹਜਮਈ ਹੈ। ਪਾਤਰਾਂ ਵਿਚ ਜ਼ਿੰਦਗੀ ਜਿਊਣ ਦੀ ਲਾਲਸਾ ਹੈ। ਉਹ ਜਵਾਨੀ ਦਾ ਪੂਰਾ ਕਾਮਿਕ ਅਨੰਦ ਲੈਂਦੇ ਹਨ। ਕਹਾਣੀ 'ਮੂਰਤੀਆਂ ਹੁੰਗਾਰਾ ਨਹੀਂ ਭਰਦੀਆਂ' ਦੀ ਔਰਤ ਵਿਧਵਾ ਹੈ। ਪਤੀ ਦਾ ਨਾਂਅ ਇਕਬਾਲ ਸੀ। ਰਿਸ਼ਤੇਦਾਰੀ ਵਿਚ ਵਿਆਹ 'ਤੇ ਜਾਂਦੀ ਹੈ, ਉਸ ਦਾ ਮੇਲ ਪ੍ਰੀਤਮ ਨਾਂਅ ਦੇ ਮਰਦ ਨਾਲ ਹੁੰਦਾ ਹੈ। ਮੁਹੱਬਤ ਜਾਗ ਪੈਂਦੀ ਹੈ। ਉਹ ਇਕਬਾਲ ਤੇ ਪ੍ਰੀਤਮ ਦੇ ਦਵੰਦ ਵਿਚ ਫਸ ਕੇ ਰਹਿ ਜਾਂਦੀ ਹੈ। ਦੇਹ ਸੁਖ ਲੈ ਕੇ ਫਿਰ ਸੋਚਦੀ ਹੈ ਕੌਣ ਹੈ ਇਹ ਅਜਨਬੀ ਜੋ ਮੈਨੂੰ ਹਨੇਰੀ ਨੁੱਕਰ ਵਿਚ ਲੈ ਗਿਆ। 'ਸੁਰਖਰੂ' ਦਾ ਪਾਤਰ ਲੇਖਕ ਚੰਗਾ ਬੁਲਾਰਾ ਹੈ। ਪ੍ਰਭਾਦੇਵੀ ਲਿਖਤਾਂ ਪੜ੍ਹ ਕੇ ਵਿਆਹ ਲਈ ਤਿਆਰ ਹੈ। ਵੇਖਾ-ਵਿਖਾਈ ਤੱਕ ਗੱਲ ਜਾਂਦੀ ਹੈ। ਪਰ ਪ੍ਰਭਾ ਦੇਵੀ ਦਾ ਰੰਗ ਮੁਹੱਬਤ ਨੂੰ ਸਿਰੇ ਨਹੀਂ ਲੱਗਣ ਦਿੰਦਾ। ਇਸ ਹਾਦਸੇ ਦੀ ਮਾਰੀ ਔਰਤ ਜ਼ਿੰਦਗੀ ਭਰ ਵਿਆਹ ਨਹੀਂ ਕਰਦੀ ਪਰ ਸਮੇਂ ਨਾਲ ਮਰਦ ਪਾਤਰ ਉਸ ਦੇ ਸ਼ਹਿਰ ਕਿਸੇ ਸੰਸਥਾ ਵਲੋਂ ਮਹਿਮਾਨ ਬਣਦਾ ਹੈ। ਪ੍ਰਭਾ ਦੇਵੀ ਉਸ ਨੂੰ ਮਿਲਦੀ ਹੈ ਤੇ ਆਪਣੀ ਜ਼ਿੰਦਗੀ ਬਾਰੇ ਦੱਸਦੀ ਹੈ। ਲੇਖਕ ਕੋਲ ਪਛਤਾਵਾ ਹੈ। ਪਰ ਉਹ ਸੱਚ ਬੋਲ ਕੇ ਸੁਰਖਰੂ ਹੁੰਦਾ ਹੈ। ਸੰਗ੍ਰਹਿ ਦੀਆਂ ਵੱਖ-ਵੱਖ ਕਹਾਣੀਆਂ ਦੇ ਵਧੇਰੇ ਪਾਤਰ (ਚੇਤ ਰਾਮ, ਬਿੰਦੀ, ਜੋਤੀ ਕੁਲਬੀਰ, ਹਰਵੰਤ ਦਿਲਜੋਤ, ਪੂਰਨ, ਰੂੜ ਸਿੰਘ ਆਦਿ) ਜਿਊਂਦੇ ਜਾਗਦੇ, ਕਾਰਜਸ਼ੀਲ ਤੇ ਮੁਹੱਬਤੀ ਹਨ। ਕਹਾਣੀਆਂ ਜੀਣ ਮਰਨ, ਪੂਰਨ ਅਪੂਰਨ ਬਿਗਾਨੀ ਧੀ, ਕੀ ਹੈ ਇਸ ਰਿਸ਼ਤੇ ਦਾ ਨਾਂਅ ਬਹੁਤ ਵਧੀਆ ਰਚਨਾਵਾਂ ਹਨ। ਕਹਾਣੀ ਸੰਗ੍ਰਹਿ ਦਾ ਨਿੱਘਾ ਸਵਾਗਤ ਹੈ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160


ਜ਼ਿੰਦਗੀ ਦੀ ਵਰਨਮਾਲਾ
ਲੇਖਕ : ਰਾਬਿੰਦਰ ਸਿੰਘ ਰੱਬੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ: 89689-46129.


ਚਰਚਾ ਅਧੀਨ ਪੁਸਤਕ 36 ਵੰਨ-ਸੁਵੰਨੇ ਨਿਬੰਧਾਂ ਦਾ ਸੰਗ੍ਰਹਿ ਹੈ। ਇਨ੍ਹਾਂ ਨਿਬੰਧਾਂ ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੇ ਸਿਰਲੇਖ ਪੈਂਤੀ ਅੱਖਰੀ, ਗੁਰਮੁਖੀ ਵਰਨਮਾਲਾ ਦੀ ਤਰਤੀਬ ਵਿਚ ਹਨ। ਊੜੇ ਤੋਂ ਸ਼ੁਰੂ ਹੋ ਕੇ ਫੱਫੇ ਪੈਰ ਬਿੰਦੀ 'ਤੇ ਜਾ ਕੇ ਖ਼ਤਮ ਹੁੰਦੇ ਹਨ। ਇਨ੍ਹਾਂ ਵਿਚ ਙ, ਞ ਅਤੇ ਣ 'ਤੇ ਆਧਾਰਿਤ ਪੁਸਤਕ ਵਿਚ ਕੋਈ ਨਿਬੰਧ ਨਹੀਂ। ਅਸਲ ਵਿਚ ਗੁਰਮੁਖੀ ਵਰਨਮਾਲਾ ਦੀ ਪੈੜੋ ਪੈੜ ਤੁਰਦੀ, ਇਹ ਪੁਸਤਕ ਜ਼ਿੰਦਗੀ ਦੀ ਖ਼ੂਬਸੂਰਤ ਵਰਨਮਾਲਾ ਪ੍ਰਤੀਤ ਹੁੰਦੀ ਹੈ। ਨਿਬੰਧਾਂ ਦੇ ਬਹੁਤੇ ਵਿਸ਼ੇ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਅਤੇ ਜ਼ਿੰਦਗੀ ਜਿਊਣ ਦੀ ਜਾਚ ਦੱਸਦੇ ਹਨ। ਵਰਜਦੇ ਹਨ, ਕੁਝ ਸਮਝਾਉਂਦੇ ਹਨ। ਮਿਸਾਲ ਦੇ ਤੌਰ 'ਤੇ ਸਚਾਈ, ਹਮਦਰਦੀ, ਗੁੱਸਾ, ਜਿੱਤ, ਝੂਠ, ਠਰ੍ਹੰਮਾ, ਡਰ, ਢਾਰਸ, ਥਾਪੜਾ, ਭਲਾਈ, ਜ਼ਮੀਰ, ਫ਼ੈਸਲਾ ਆਦਿ। ਕੁਝ ਨਿਬੰਧ ਇਨਸਾਨੀ ਗੁਣਾਂ ਦਾ ਸੁਨੇਹਾ ਦਿੰਦੇ ਹਨ, ਜਿਵੇਂ ਉੱਦਮ, ਅਨੁਸ਼ਾਸਨ, ਕਿਤਾਬ, ਖੇਡਾਂ, ਘਰ, ਛੂਤ-ਛਾਤ, ਜਿੱਤ, ਟੀਚਾ, ਡਰ, ਤੰਦਰੁਸਤੀ, ਦੇਸ਼ ਪਿਆਰ, ਧਰਮ, ਪੰਜਾਬੀ, ਬਹਾਦਰੀ, ਰੋਟੀ, ਵਕਤ ਆਦਿ। ਪੁਸਤਕ ਵਿਚਲੇ ਨਿਬੰਧ ਸਰਲ ਭਾਸ਼ਾ ਵਿਚ ਹਨ। ਸ਼ਾਇਰਾਂ ਦੀਆਂ ਟੂਕਾਂ ਅਤੇ ਵਿਦਵਾਨਾਂ ਦੇ ਕਥਨ ਵਿਚਾਰਾਂ ਨੂੰ ਹੋਰ ਸਪੱਸ਼ਟ ਕਰਦੇ ਅਤੇ ਸਾਰਥਕ ਬਣਾਉਂਦੇ ਹਨ, ਪਾਠਕਾਂ ਨੂੰ ਨਾਲ ਤੋਰ ਲੈਂਦੇ ਹਨ। ਕਿਤੇ-ਕਿਤੇ ਛੋਟੀਆਂ-ਛੋਟੀਆਂ ਕਹਾਣੀਆਂ ਨਿਬੰਧਾਂ ਨੂੰ ਹੋਰ ਵੀ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾ ਦਿੰਦੀਆਂ ਹਨ। ਅਜੋਕੇ ਦੌਰ ਵਿਚ ਜਦੋਂ ਨੈਤਿਕਤਾ ਲੋਕਾਂ ਦੇ ਸੁਭਾਅ ਤੋਂ ਕਿਨਾਰਾ ਕਰੀ ਜਾ ਰਹੀ ਹੈ। ਆਪਸੀ ਸਾਂਝ ਤੇ ਪਿਆਰ ਖ਼ਤਮ ਹੁੰਦਾ ਜਾ ਰਿਹਾ ਹੈ। ਲੋਕ ਪਦਾਰਥਾਂ ਤੇ ਸਿੱਕਿਆਂ ਦੀ ਅੰਨ੍ਹੀ ਦੌੜ ਦੌੜ ਰਹੇ ਹਨ। ਇਹ ਪੁਸਤਕ ਸਾਨੂੰ ਗੁਆਚੀਆਂ ਕਦਰਾਂ-ਕੀਮਤਾਂ ਦਾ ਚੇਤਾ ਜ਼ਰੂਰ ਕਰਾਉਂਦੀ ਹੈ। ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇਨਸਾਨੀਅਤ ਦਾ ਰਾਹ ਦਿਖਾਉਂਦੀ ਪ੍ਰਤੀਤ ਹੁੰਦੀ ਹੈ। ਲੇਖਕ ਦੇ ਸਾਰਥਕ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਦੇ ਆਗਮਨ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ। ਮੈਂ ਪਾਠਕਾਂ ਨੂੰ ਸਲਾਹ ਦੇਣੀ ਚਾਹਾਂਗਾ ਕਿ ਇਸ ਪੁਸਤਕ ਨੂੰ ਹਰ ਉਮਰ ਦੇ ਪਾਠਕ ਜ਼ਰੂਰ ਪੜ੍ਹਨ। ਕੁਝ ਫ਼ਾਇਦਾ ਹੀ ਹੋਵੇਗਾ।


ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686.


ਹਮਸ਼ਾਇਰ
ਲੇਖਕ : ਅਤੁੱਲ ਕੰਬੋਜ, ਚੰਨ ਅਬੋਹਰੀ, ਰਵੀ ਗੁਲਾਟੀ ਰਫੀਕ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 98
ਸੰਪਰਕ : 0172-5027427


ਹਮਸ਼ਾਇਰ ਕਾਵਿ-ਸੰਗ੍ਰਹਿ ਅਤੁੱਲ ਕੰਬੋਜ 'ਚੰਨ ਅਬੋਹਰੀ' ਅਤੇ ਰਵੀ ਗੁਲਾਟੀ 'ਰਫ਼ੀਕ' ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਜੋ ਦੋ ਭਾਸ਼ਾਵਾਂ : ਪੰਜਾਬੀ ਅਤੇ ਉਰਦੂ ਜ਼ਬਾਨ ਵਿਚ ਹੈ। ਦੋਵਾਂ ਨੇ ਇਸ ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਨੂੰ ਗੁਰਮੁਖੀ ਅਤੇ ਦੇਵਨਾਗਰੀ ਲਿਪੀ 'ਚ ਲਿਖਿਆ ਹੈ। ਦੋਵਾਂ ਨੇ ਹੀ 34-34 ਕਾਵਿ ਰਚਨਾਵਾਂ ਨੂੰ ਸੰਕਲਿਤ ਕੀਤਾ ਹੈ। ਜੇਕਰ 'ਚੰਨ ਅਬੋਹਰੀ' ਆਪਣੀ ਨਜ਼ਮ ਨੂੰ 'ਜ਼ਿੰਦਗੀ ਦੇ ਰੰਗ' ਸਿਰਲੇਖ ਦਿੰਦਾ ਹੈ ਤਾਂ 'ਰਫ਼ੀਕ' 'ਯੂੰ ਹੋਤਾ' ਅਨੁਵਾਨ ਦਿੰਦਾ ਹੈ। ਇਕ ਆਪਣੀਆਂ ਨਜ਼ਮਾਂ 'ਚ ਸਮਕਾਲੀ ਯਥਾਰਥ ਦੇ ਸਨਮੁੱਖ ਹੁੰਦਿਆਂ ਮੁਹੱਬਤ ਦੀ ਬਾਤ ਪਾਉਂਦਾ ਹੈ ਜਦ ਕਿ ਦੂਸਰਾ ਮੁਹੱਬਤ ਤੋਂ ਸ਼ੁਰੂ ਹੋਕੇ ਅਗਾਂਹ ਸਾਮਿਅਕ ਰਾਜਨੀਤਕ ਵਰਤਾਰਿਆਂ ਪ੍ਰਤੀ ਆਪਣੀ ਕਾਵਿਕ ਸ਼ੈਲੀ 'ਚ ਰਾਇ ਪ੍ਰਗਟ ਕਰਦਾ ਹੈ। ਪ੍ਰੋ: ਸਤੀਸ਼ ਕੁਮਾਰ ਵਰਮਾ ਦੀ ਇਨ੍ਹਾਂ ਦੋਵਾਂ ਦੀ ਸ਼ਾਇਰੀ ਸਬੰਧੀ ਕੀਤੀ ਟਿੱਪਣੀ (ਅਤੁੱਲ ਦੀ ਕਵਿਤਾ ਪ੍ਰੋ: ਪੂਰਨ ਸਿੰਘ ਦੀ ਝਲਕ ਦਿੰਦੀ ਹੈ। ਉਵੇਂ ਹੀ ਰਵੀ ਦੀ ਗ਼ਜ਼ਲ ਕਿਤੇ ਬਸ਼ੀਰ ਬਦਲ ਤੇ ਕਿਤੇ ਦੁਸ਼ਿਅੰਤ ਕੁਮਾਰ ਦੀ ਝਲਕ ਦਿੰਦੀ ਹੈ) ਵਿਚਾਰਨਯੋਗ ਵੀ ਹੈ ਅਤੇ ਸਮਝਣਯੋਗ ਵੀ। ਇਥੇ ਅਸੀਂ ਇਕ ਰਵੀ ਦਾ ਸ਼ਿਅਰ ਪੇਸ਼ ਕਰਦਿਆਂ ਉਕਤ ਕਥਨ ਦੀ ਪੁਸ਼ਟੀ ਕਰ ਸਕਦੇ ਹਾਂ :
ਮਰਾਸਿਮ ਗੰਵਾਨੇ ਕਾ ਹੁਨਰ ਰਖਤਾ ਹੂੰ,
ਮੈਂ ਸੱਚ ਬਤਾਨੇ ਕਾ ਹੁਨਰ ਰਖਤਾ ਹੁੰ।
ਇਸ ਸ਼ਿਅਰ ਵਿਚਲੇ 'ਸੱਚ' ਨੂੰ ਬਸ਼ੀਰ ਬਦਰ ਦੇ ਇਸ ਸ਼ਿਅਰ ਨਾਲ ਤੁਲਨਾ ਕੇ ਦੇਖਿਆ ਜਾ ਸਕਦਾ ਹੈ :
ਜੀਅ ਤੋਂ ਚਾਹਤਾ ਹੈ ਕਿ ਸੱਚ ਬੋਲੇਂ
ਕਿਆ ਕਰੇਂ ਹੌਸਲਾ ਨਹੀਂ ਹੋਤਾ
ਇੰਜ ਦੋਵਾਂ ਹੀ ਕਵੀਆਂ ਦੀ ਸ਼ਾਇਰੀ 'ਚ ਸਾਂਝਾ ਸੂਤਰ ਹੈ ਪ੍ਰਾਪਤ ਵਸਤੂ ਯਥਾਰਥ ਨੂੰ ਸਿਫ਼ਤੀ ਯਥਾਰਥ ਵਿਚ ਤਬਦੀਲ ਕਰਨਾ। ਰਫ਼ੀਕ ਦੀ ਆਖ਼ਰੀ ਗ਼ਜ਼ਲ 'ਇਸ਼ਤਰਾਕੀ' ਦਾ ਅੰਤਿਮ ਸ਼ਿਅਰ :
ਮੇਰੀ ਗ਼ਜ਼ਲੇਂ ਤੋ ਕਹੀਂ ਪੜ੍ਹੀ ਸੁਨੀ ਹੋਗੀ,
ਸੁਖਨਵਰੋਂ ਮੇ 'ਰਫੀਕ' ਨਾਮ ਰੱਖਤਾ ਹੂੰ।
ਅਤੁੱਲ ਇਸ ਅਹਿਸਾਸ ਦੀ ਪੇਸ਼ਕਾਰੀ ਵਧੇਰੇ ਉਚੇਰੀ ਤੇ ਤਿਖੇਰੀ ਸੁਰ ਵਿਚ ਕਰਦਾ ਹੈ
ਜ਼ਾਲਮ ਦੇ ਜ਼ੁਲਮ ਦਾ ਘੜਾ, ਜਦੋਂ ਭਰੇਗਾ,
ਮਜ਼ਲੂਮ ਫਿਰ ਦੀਵਾਰ, ਬਣ, ਅੱਗੋਂ ਖੜੇਗਾ।
ਪ੍ਰੋ: ਮੋਹਨ ਸਿੰਘ ਦੀ ਝਲਕ 'ਜ਼ਿੰਦਗੀ ਦੇ ਰੰਗ' ਨਜ਼ਮ ਵਿਚ ਦੇਖੀ ਜਾ ਸਕਦੀ ਹੈ। ਦੋਵਾਂ ਸ਼ਾਇਰਾਂ ਨੂੰ ਦਿਲੀ ਮੁਬਾਰਕਵਾਦ ਦਿੰਦਿਆਂ ਇਹ ਵੀ ਤਵੱਕੋਂ ਕਰਦਾ ਹਾਂ ਕਿ ਭਵਿੱਖ ਵਿਚ ਵੀ ਦੋਵੇਂ ਸ਼ਾਇਰ ਨਿਵੇਕਲੀਆਂ ਪੈੜਾਂ ਪਾਉਣ ਦਾ ਹੀਲਾ-ਵਸੀਲਾ ਕਰਦੇ ਰਹਿਣਗੇ। ਆਮੀਨ।


ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.


ਸਭੁ ਦੇਸੁ ਪਰਾਇਆ
ਸਵੈ-ਜੀਵਨੀਕਾਰ : ਗਿਆਨੀ ਕੇਵਲ ਸਿੰਘ 'ਨਿਰਦੋਸ਼'
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 159
ਸੰਪਰਕ : 98157-39855.


ਸਵੈ-ਜੀਵਨੀ ਲਿਖਣਾ ਸੌਖਾ ਕਾਰਜ ਨਹੀਂ ਹੈ ਕਿਉਂਕਿ ਇਕ ਵਿੱਥ 'ਤੇ ਖਲੋ ਕੇ ਆਪਣੀ ਜ਼ਿੰਦਗੀ ਦੀ ਪੜਚੋਲ ਕਰਨਾ ਅਤੇ ਫਿਰ ਪਾਠਕਾਂ ਨਾਲ ਜ਼ਿੰਦਗੀ ਦੇ ਸੱਚਾਂ ਦੀ ਸਾਂਝ ਪਵਾਉਣੀ ਬੜੀ ਔਖੀ ਹੈ। ਪਾਠਕਾਂ ਦੇ ਸਾਹਮਣੇ ਬਗੈਰ ਕਿਸੇ ਝਿਜਕ ਤੋਂ ਆਪਣੀ ਜ਼ਿੰਦਗੀ ਦੀ ਪੋਟਲੀ ਖੋਲ੍ਹ ਕੇ ਰੱਖ ਦੇਣੀ ਅਤੇ ਉਨ੍ਹਾਂ ਨੂੰ ਇਸ ਵਿਚਲੀਆਂ ਚੰਗਿਆਈਆਂ ਬੁਰਿਆਈਆਂ ਵਿਚ ਝਾਕਣ ਦਾ ਮੌਕਾ ਦੇਣਾ ਸਵੈ-ਜੀਵਨੀਕਾਰ ਦਾ ਇਕ ਸੱਚਾ ਫਰਜ਼ ਬਣਦਾ ਹੈ। ਸਵੈ-ਜੀਵਨੀ ਤਦ ਹੀ ਅਸਰਦਾਰ ਬਣਦੀ ਹੈ ਜੇਕਰ ਸਵੈ-ਜੀਵਨੀਕਾਰ ਆਪਣੀਆਂ ਕਮਜ਼ੋਰੀਆਂ ਅਤੇ ਪ੍ਰਾਪਤੀਆਂ ਦਾ ਲੇਖਾ-ਜੋਖਾ ਬਰਾਬਰ ਰੂਪ ਵਿਚ ਪੇਸ਼ ਕਰੇ। ਗਿਆਨੀ ਕੇਵਲ ਸਿੰਘ 'ਨਿਰਦੋਸ਼' ਦੀ ਸਵੈ-ਜੀਵਨੀ 'ਸਭੁ ਦੇਸੁ ਪਰਾਇਆ' ਸਿਰਲੇਖ ਤਹਿਤ ਪਾਠਕਾਂ ਦੇ ਰੂਬਰੂ ਹੋਈ ਹੈ। ਸਵੈ-ਜੀਵਨੀਕਾਰ ਨੇ ਜਿਥੇ ਇਸ ਸਵੈ-ਜੀਵਨੀ ਵਿਚ ਆਪਣੇ ਪਰਿਵਾਰਕ ਪਿਛੋਕੜ ਪ੍ਰਾਪਤੀਆਂ, ਸਾਹਿਤ-ਰਚਨਾ ਅਤੇ ਫ਼ੌਜ ਦੀ ਨੌਕਰੀ ਕਰਦਿਆਂ ਘਟਨਾਵਾਂ ਬਾਰੇ ਵਿਸਤ੍ਰਿਤ ਵੇਰਵੇ ਪੇਸ਼ ਕੀਤੇ ਹਨ, ਉਥੇ ਗੁਰਬਾਣੀ ਦੀ ਪਵਿੱਤਰ ਪੰਕਤੀਆਂ ਨਾਲ ਆਪਣੀ ਗੱਲ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਸਵੈ-ਜੀਵਨੀ ਪੜ੍ਹਦਿਆਂ ਲੇਖਕ ਦੀ ਗੁਰਬਾਣੀ ਉੱਤੇ ਸ਼ਰਧਾ ਅਤੇ ਵਿਸ਼ਵਾਸ ਬਾਰੇ ਵੀ ਭਰਪੂਰ ਜਾਣਕਾਰੀ ਮਿਲਦੀ ਹੈ ਜੋ ਪਾਠਕ ਨੂੰ ਨਿੱਜੀ ਰੂਪ ਵਿਚ ਵੀ ਕਾਫੀ ਸਿੱਖਿਆਤਮਕ ਸੂਝ ਪ੍ਰਦਾਨ ਕਰਦੀ ਹੈ।
ਲੇਖਕ ਨੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਪਣੀਆਂ ਦੋਸਤੀਆਂ ਜਿਨ੍ਹਾਂ ਨੂੰ ਉਹ ਅੱਜ ਵੀ ਯਾਦ ਕਰਦਾ ਹੈ, ਦਾ ਜ਼ਿਕਰ ਵੀ ਸਵੈ-ਜੀਵਨੀ ਵਿਚ ਕੀਤਾ ਹੈ। ਸਵੈ-ਜੀਵਨੀ ਵਿਚ ਲੇਖਕ ਦੇ ਜ਼ਿਆਦਾ ਵੇਰਵੇ ਫ਼ੌਜ ਦੀ ਨੌਕਰੀ ਕਰਦਿਆਂ 1971 ਦੀ ਭਾਰਤ-ਪਾਕਿ ਜੰਗ ਬਾਰੇ ਵੀ ਮਿਲਦੇ ਹਨ ਅਤੇ ਆਮ ਲੋਕਾਂ ਦੇ ਜੀਵਨ ਨੂੰ ਇਸ ਲੜਾਈ ਵਿਚ ਕਿਹੋ ਜਿਹੀ ਤਬਾਹੀ ਦੇਖਣੀ ਪਈ, ਉਸ ਬਾਰੇ ਲੇਖਕ ਨੇ ਜਾਣਕਾਰੀ ਦਿੱਤੀ ਹੈ। ਲੜਕੀ ਦੀ ਲਾਸ਼ ਛੱਪੜੀ ਵਿਚ ਮਿਲਣ ਵਾਲੀ ਘਟਨਾ ਪਾਠਕ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਲੇਖਕ ਨੇ ਆਪਣੀ ਸਾਹਿਤਕ ਘਾਲਣਾ ਅਤੇ ਰਚਨਾਵਾਂ ਬਾਰੇ ਪਾਠਕਾਂ ਨਾਲ ਸਾਂਝ ਪੁਆਈ ਹੈ। ਸਵੈ-ਜੀਵਨੀ ਵਿਚ ਕਿਤੇ-ਕਿਤੇ ਕਾਵਿਕ ਰੰਗ ਵੀ ਮਾਣਨ ਨੂੰ ਮਿਲਦਾ ਹੈ। ਪੁਸਤਕ ਪ੍ਰੇਰਨਾਰਥਕ ਅਤੇ ਪੜ੍ਹਨਯੋਗ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.


ਵਿਚਾਰਾ ਕਿਸਾਨ

ਲੇਖਕ : ਚੌਧਰੀ ਛੋਟੂ ਰਾਮ
ਸੰਪਾਦਕ : ਡਾ. ਕੇ. ਸੀ. ਯਾਦਵ
ਪੰਜਾਬੀ ਅਨੁਵਾਦ : ਕੁਲਵਿੰਦਰ ਸਿੰਘ ਸਰਾਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 94634-44678.


ਅਣਵੰਡੇ ਪੰਜਾਬ ਦੇ ਰੋਹਤਕ ਜ਼ਿਲ੍ਹੇ ਦੇ ਇਕ ਨਿੱਕੇ ਜਿਹੇ ਪਿੰਡ ਗੜ੍ਹੀ ਸਾਂਪਲਾ 'ਚ ਜਨਮੇ ਕਿਸਾਨ ਆਗੂ ਚੌਧਰੀ ਛੋਟੂ ਰਾਮ ਦੇ ਉਰਦੂ ਵਿਚ ਲਿਖੇ ਲੇਖਾਂ ਨੂੰ ਬੜੀ ਮਿਹਨਤ ਨਾਲ ਸੰਪਾਦਿਤ ਅਤੇ ਬੜੀ ਸ਼ਿੱਦਤ ਨਾਲ ਪੰਜਾਬੀ ਵਿਚ ਅਨੁਵਾਦ ਕਰਕੇ ਇਹ ਕੀਮਤੀ ਲੇਖਾਂ ਦਾ ਸੰਗ੍ਰਹਿ ਤਿਆਰ ਕੀਤਾ ਗਿਆ ਹੈ। ਅਨੁਵਾਦ ਕਰਤਾ ਕੁਲਵਿੰਦਰ ਸਿੰਘ ਸਰਾਂ ਨੇ ਪੁਸਤਕ ਦੇ ਮਹੱਤਵ ਅਤੇ ਸਾਰਥਕਤਾ ਨੂੰ 'ਪੁਸਤਕ ਜਾਣ-ਪਛਾਣ' ਵਿਚ ਇੰਜ ਲਿਖਿਆ ਹੈ, 'ਵਿਚਾਰਾ ਕਿਸਾਨ' ਚੌਧਰੀ ਛੋਟੂ ਰਾਮ ਦੇ ਉਨ੍ਹਾਂ ਲੇਖਾਂ ਦਾ ਸੰਗ੍ਰਹਿ ਹੈ ਜੋ ਪਹਿਲਾਂ ਉਰਦੂ ਭਾਸ਼ਾ ਵਿਚ 'ਵਿਚਾਰਾ ਜ਼ਿਮੀਂਦਾਰ' ਸਿਰਲੇਖ ਹੇਠ ਛਪਿਆ ਸੀ। ਭਾਰਤੀ ਕਿਸਾਨਾਂ ਦੇ ਦੁੱਖ ਕਸ਼ਟ ਤੇ ਔਕੜਾਂ ਦਾ ਜਿੰਨਾ ਜਾਨਦਾਰ ਚਿੱਤਰ ਇਸ ਪੁਸਤਕ ਵਿਚ ਖਿੱਚਿਆ ਗਿਆ ਹੈ, ਅਜਿਹਾ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲੇ।' 1930ਵੇਂ 'ਚ ਲਿਖੇ ਇਸ ਪੁਸਤਕ ਦੇ ਲੇਖ ਅੱਜ ਵੀ ਓਨੇ ਹੀ ਸਾਰਥਕ ਅਤੇ ਮਹੱਤਵਪੂਰਨ ਹਨ, ਜਿੰਨੇ ਉਸ ਸਮੇਂ ਸਨ। ਪੁਸਤਕ ਵਿਚ ਸ਼ਾਮਿਲ 18 ਲੇਖ ਦੋ ਭਾਗਾਂ ਵਿਚ ਵੰਡ ਕੇ ਦਰਜ ਕੀਤੇ ਗਏ ਹਨ। ਸੌਖੀ ਕੇਂਦਰੀ ਪੰਜਾਬੀ ਵਿਚ ਅਨੁਵਾਦ ਕੀਤੇ ਗਏ ਲੇਖਾਂ ਵਿਚ ਸ਼ਾਮਿਲ 'ਬਕਾ ਕੀ ਫਿਕਰ ਕਰ ਨਾਦਾਂ' 'ਅੰਨਦਾਤਾ ਹੀ ਭੁੱਖਾ ਹੈ', 'ਅਣਦੇਖੀ ਅਤੇ ਅਨਿਆਂ ਦਾ ਬੇਵੱਸ ਸ਼ਿਕਾਰ', 'ਸਮਾਜ ਦੇ ਪਾਲਣਹਾਰੇ ਦੀ ਚਿੰਤਾਜਨਕ ਹਾਲਤ', 'ਜ਼ਮੀਨ ਦਾ ਮਾਲਕ ਕੌਣ', 'ਕਿਸਾਨ ਦਾ ਦੁੱਖ', 'ਕਿਸਾਨ ਦੀ ਫਰਿਆਦ' ਆਦਿ ਲੇਖ ਕਿਸਾਨ ਦੀ ਬਹੁਪੱਖੀ ਦਸ਼ਾ ਦਾ ਯਥਾਰਥਕ ਚਿੱਤਰ ਪੇਸ਼ ਕਰਦੇ ਹਨ।
ਪੁਸਤਕ ਦੇ ਅੰਤ ਵਿਚ ਲੇਖਕ ਚੌਧਰੀ ਛੋਟੂ ਰਾਮ ਅਤੇ ਪੁਸਤਕ ਬਾਰੇ ਉੱਘੇ ਪੰਜਾਬੀ ਕਹਾਣੀਕਾਰ ਅਤੇ 'ਅਜੀਤ' ਦੇ ਕਾਲਮ ਨਵੀਸ ਗੁਲਜ਼ਾਰ ਸਿੰਘ ਸੰਧੂ ਨੇ 'ਚੌਧਰੀ ਛੋਟੂ ਰਾਮ ਦੀ ਵਿਰਾਸਤ' ਸਿਰਲੇਖ ਹੇਠ ਬੇਹੱਦ ਸਟੀਕ ਜਾਣਕਾਰੀ ਦਿੱਤੀ ਜੋ ਕਿ ਬੇਹੱਦ ਸ਼ਲਾਘਾਯੋਗ ਰਚਨਾ ਅਤੇ ਇਸ ਪੁਸਤਕ ਦੇ ਮਹੱਤਵ ਵਿਚ ਚੋਖਾ ਵਾਧਾ ਕਰਦੀ ਹੈ। ਸ. ਸੰਧੂ ਲਿਖਦੇ ਹਨ, 'ਸਿਆਸੀ ਤੌਰ 'ਤੇ ਮਜ਼ਬੂਤ ਹੋ ਕੇ ਚੌਧਰੀ ਛੋਟੂ ਰਾਮ ਨੇ ਕਿਸਾਨਾਂ ਦੇ ਹੱਕਾਂ ਲਈ ਜੀ-ਜਾਨ ਤੋੜਵਾਂ ਸੰਘਰਸ਼ ਕਰਦਿਆਂ ਕਿਸਾਨਾਂ ਦੇ ਹੱਕ ਵਿਚ ਅੰਗਰੇਜ਼ਾਂ ਤੋਂ ਬਾਈ ਕਾਨੂੰਨ ਪਾਸ ਕਰਵਾਏ ਸਨ। ਕਿਸਾਨੀ ਉਪਜ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਨੀਂਹ ਰੱਖਣ ਵਾਲਾ ਵੀ ਚੌਧਰੀ ਛੋਟੂ ਰਾਮ ਹੀ ਸੀ।' ਇਸ ਪੁਸਤਕ ਵਿਚ ਦਰਜ ਤੱਥ ਭਰਪੂਰ ਇਤਿਹਾਸਕ ਜਾਣਕਾਰੀ ਇਸ ਪੁਸਤਕ ਨੂੰ ਹੋਰ ਵੀ ਸਾਂਭਣਯੋਗ ਅਤੇ ਕੀਮਤੀ ਬਣਾਉਂਦੀ ਹੈ।


ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

06-05-2021

 ਤੀਲਿਆਂ ਦਾ ਪੁਲ
ਪਸ਼ਤੋ ਜ਼ਬਾਨ ਦੀਆਂ ਪਾਕਿਸਤਾਨੀ ਕਹਾਣੀਆਂ
ਸੰਪਾਦਕ : ਜਿੰਦਰ
ਅਨੁਵਾਦਕ : ਸੁਖਪਾਲ ਸਿੰਘ ਹੁੰਦਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 96
ਸੰਪਰਕ : 98148-03254.

ਪਸ਼ਤੋ ਜ਼ਬਾਨ ਪਾਕਿਸਤਾਨ ਦੀ ਇਕ ਉਪ ਭਾਸ਼ਾ ਹੈ ਜਿਸ ਨੂੰ 15 ਫ਼ੀਸਦੀ ਲੋਕ ਬੋਲਦੇ ਹਨ। ਪਸ਼ਤੋ 5-6 ਕਰੋੜ ਲੋਕਾਂ ਦੀ ਬੋਲੀ ਹੈ। ਇਸ ਬੋਲੀ ਵਿਚ ਬਹੁਤ ਘੱਟ ਸਾਹਿਤ ਰਚਿਆ ਗਿਆ ਹੈ। ਕਾਰਨ ਇਲਾਕਾ ਵੀ ਛੋਟਾ ਹੈ, ਲਿਖਣ-ਪੜ੍ਹਨ ਦਾ ਰਿਵਾਜ ਘਟ ਰਿਹਾ ਹੈ। ਪਸ਼ਤੋ ਜ਼ਬਾਨ ਦੀਆਂ ਮੂਲ ਕਹਾਣੀਆਂ ਦਾ ਅਨੁਵਾਦ ਪਾਕਿਸਤਾਨੀ ਜ਼ਬਾਨਾਂ ਵਿਚ ਜ਼ਰੂਰ ਕੀਤਾ ਹੋਵੇਗਾ ਪਰ ਇਹ ਸਿੱਧਾ ਅਨੁਵਾਦ ਅੰਗਰੇਜ਼ੀ ਜ਼ਬਾਨ 'ਚੋਂ ਪੰਜਾਬੀ ਭਾਸ਼ਾ ਵਿਚ ਕੀਤਾ ਗਿਆ ਹੈ।
ਇਸ ਸੰਗ੍ਰਹਿ ਵਿਚ ਵੱਖ-ਵੱਖ ਪਸ਼ਤੋ ਕਹਾਣੀਕਾਰਾਂ ਦੀਆਂ 14 ਕਹਾਣੀਆਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਕੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਜ਼ੈਤੂਲ ਬਾਨੋ, ਦੂਰ ਮੁਹੰਮਦ, ਫਾਰੂਕ ਸਰਵਰ ਦੀਆਂ ਦੋ-ਦੋ, ਬਾਕੀ ਕਹਾਣੀਕਾਰਾਂ ਦੀ ਇਕ-ਇਕ ਕਹਾਣੀ ਸ਼ਾਮਿਲ ਕੀਤੀ ਗਈ ਹੈ। ਸਮੇਂ ਦੇ ਨਾਲ ਪਸ਼ਤੋ ਜ਼ਬਾਨ ਦੇ ਲੇਖਕਾਂ ਦੀ ਗਿਣਤੀ ਹੁਣ ਵਧ ਰਹੀ ਹੈ।
ਇਨ੍ਹਾਂ ਕਹਾਣੀਆਂ ਦਾ ਪਾਠ ਕਰਦਿਆਂ ਅਨੁਭਵ ਹੋਇਆ ਹੈ ਕਿ ਇਨ੍ਹਾਂ ਕਹਾਣੀਆਂ ਦੇ ਵਿਸ਼ੇ ਪਸ਼ਤੋ ਲੋਕ ਜੀਵਨ, ਸਮਾਜ ਅਤੇ ਸੰਸਾਰ ਦੀਆਂ ਮੂਲ ਸਮੱਸਿਆਵਾਂ ਹੀ ਹਨ ਜਿਹੜੀਆਂ ਪਛੜੇ, ਅਨਪੜ੍ਹ, ਕੱਟੜ ਅਤੇ ਪੁਰਾਣੀਆਂ ਰੀਤੀ-ਰਿਵਾਜਾਂ ਵਿਚ ਜਕੜੇ ਲੋਕ ਹਨ। ਔਰਤ-ਦਮਨ ਹੈ, ਬੱਚੇ ਲੋੜ ਤੋਂ ਵੱਧ ਪੈਦਾ ਕਰ ਲਏ ਜਾਂਦੇ ਹਨ ਜਿਵੇਂ ਇਕ ਆਨੇ ਦਾ ਪੁੱਤਰ, ਗੁਰਬਤ ਵਿਚ ਲਾਚਾਰ ਪਾਗਲ ਹੋਈ ਔਰਤ ਆਪਣੇ ਪੁੱਤਰ ਨੂੰ ਰੋਟੀ ਲਈ ਵੇਚ ਦਿੰਦੀ ਹੈ, ਮੇਰਾ ਪਿਉ ਕਹਾਣੀ ਵਿਚੋਂ, ਬੱਚਿਆਂ ਅਤੇ ਬੀਵੀ ਨੂੰ ਰੋਂਦਾ-ਕੁਰਲਾਉਂਦਾ ਛੱਡ ਕੇ ਜਾਣ ਦੀ ਜ਼ਿਦ ਕਰ ਰਿਹਾ ਹੈ। ਗਿੱਦੜ ਨਾਂਅ ਦੀ ਕਹਾਣੀ ਦੂਰ ਮੁਹੰਮਦ ਕਾਸੀ ਦੀ ਰਚਨਾ ਹੈ, ਉਸ ਦਾ ਆਰੰਭ ਅਰਥ ਭਰਪੂਰ ਹੈ, 'ਇਸਲਾਮਾਬਾਦ, ਦੁਨੀਆ ਦਾ ਇਕ ਅਜਿਹਾ ਸ਼ਹਿਰ ਹੈ, ਜਿਥੇ ਕੋਈ ਅਜਨਬੀ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਸ਼ਹਿਰ ਜੰਗਲ ਵਿਚ ਬਣਿਆ ਹੋਇਆ ਹੈ ਜਾਂ ਜੰਗਲ ਵਿਚ ਇਸ ਸ਼ਹਿਰ ਵਿਚ ਉੱਗਿਆ ਹੈ।' ਇਸ ਸੰਗ੍ਰਹਿ ਦੀ ਹਰ ਕਹਾਣੀ ਯਥਾਰਥਕ-ਸੱਚ ਦੀ ਧਾਰਨੀ ਆਪਣੇ ਸਮਾਜ ਦੇ ਗੁੰਝਲਦਾਰ ਗ਼ਰੀਬ ਤਬਕਿਆਂ ਦੇ ਜੀਵਨ ਦੀਆਂ ਸਮੱਸਿਆਵਾਂ ਨਾਲ ਓਤਪੋਤ ਹੈ। ਕਹਾਣੀ ਪਰਿੰਦਾ ਹੋਵੇ ਜਾਂ ਬਘਿਆੜ, ਸਮੇਂ ਦਾ ਸੱਚ ਕਹਿੰਦੀਆਂ ਰਚਨਾਵਾਂ ਹਨ। ਪਾਗਲ ਆਦਮੀ, ਪਰਿਵਰਤਨ ਹੋਏ ਆਧੁਨਿਕ ਸਮਾਜ ਵਿਚ ਬਦਲਦੇ ਲੋਕਾਂ ਦੀ ਜੀਵਨ ਸ਼ੈਲੀ ਦਾ ਵਰਨਣ ਹੈ।
ਨਿਰਸੰਦੇਹ, ਇਨ੍ਹਾਂ ਕਹਾਣੀਆਂ ਦੇ ਪਾਤਰ ਸਜੀਵ ਹਨ, ਵਾਤਾਵਰਨ ਚਿਤਰਨ ਰੌਚਿਕ ਭਾਵ ਪੂਰਤ ਹੈ। ਪਾਤਰ ਦੀ ਗੱਲ-ਕੱਥ ਉਨ੍ਹਾਂ ਦੀ ਪ੍ਰਕਿਰਤੀ ਅਨੁਸਾਰ ਹੈ। ਭਾਸ਼ਾ ਵਿਚ ਲੋਕਲ ਸ਼ਬਦਾਵਲੀ ਹੈ। ਸੰਪਾਦਕ, ਅਨੁਵਾਦਕਾਂ ਨੇ ਖੂਬ ਮਿਹਨਤ ਕੀਤੀ ਹੈ, ਪੰਜਾਬੀ ਪਾਠਕਾਂ ਲਈ ਇਹ ਪੁਸਤਕ ਅਦੁੱਤੀ ਸੌਗਾਤ ਹੈ।

ਡਾ. ਅਮਲ ਕੋਮਲ
ਮੋ: 084378-73565.

ਮਿੱਟੀ ਬੋਲ ਪਈ
ਲੇਖਕ : ਬਲਬੀਰ ਮਾਧੋਪੁਰੀ
ਪ੍ਰਕਾਸ਼ਕ : ਨਵਯੁਗ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 302
ਸੰਪਰਕ : 093505-48100.

ਬਲਬੀਰ ਮਾਧੋਪੁਰੀ ਇਕ ਬਹੁਵਿਧਾਈ ਤੇ ਅਨੁਭਵੀ ਲੇਖਕ ਹੈ। ਉਹ ਸੁਸਤ ਜਾਂ ਘੌਲੀ ਵਿਅਕਤੀ ਨਹੀਂ ਹੈ, ਜਿਵੇਂ ਬਹੁਤੇ ਆਤਮ-ਕੇਂਦਰਿਤ ਲੇਖਕ ਹੁੰਦੇ ਹਨ। ਜਿਨ੍ਹਾਂ ਦਾ ਵਿਚਾਰ ਹੁੰਦਾ ਹੈ ਕਿ ਉਹ ਇਕ ਹੀ ਅਜਿਹੀ ਪੁਸਤਕ ਲਿਖਣਗੇ, ਜਿਸ ਦੀ ਮਾਅਰਫ਼ਤ ਉਹ ਸਮੁੱਚੇ ਪਾਠਕ ਵਰਗ ਨੂੰ ਸੰਮੋਹਿਤ/ਵਿਸਮਿਤ ਕਰ ਦੇਣਗੇ। ਪ੍ਰੰਤੂ ਮਾਧੋਪੁਰੀ ਲਈ ਲਿਖਣਾ ਇਕ ਮਿਸ਼ਨ ਅਤੇ ਜੀਵਨ-ਸ਼ੈਲੀ ਹੈ। ਉਸ ਦੀ ਧਾਰਨਾ ਹੈ : ਜੇ ਲਿਖਦਾ ਰਹਾਂ ਤਾਂ ਜੀਵਾਂ, ਜੇ ਰੁਕਾਂ ਤਾਂ...। ਭਾਵੇਂ ਅੰਕੜਿਆਂ ਵਜੋਂ 'ਮਿੱਟੀ ਬੋਲ ਪਈ' ਉਸ ਦਾ ਪ੍ਰਥਮ ਨਾਵਲ ਹੈ ਪਰ ਇਸ ਦੀ ਪਿਠਭੂਮੀ ਵਿਚ ਲਗਪਗ 65-70 ਸਾਹਿਤਕ ਰਚਨਾਵਾਂ ਦੀ ਇਕ ਗੌਰਵਮਈ ਕਤਾਰ ਹੈ। ਮੂਲ ਰੂਪ ਵਿਚ ਉਹ ਦਲਿਤ ਸਰੋਕਾਰਾਂ ਦਾ ਲੇਖਕ ਹੈ। ਸਾਡੇ ਦੇਸ਼ ਵਿਚ ਦਲਿਤਾਂ ਪ੍ਰਤੀ ਜਿਸ ਪ੍ਰਕਾਰ ਦੁਸ਼ਾਗ੍ਰਹਿ ਅਤੇ ਘ੍ਰਿਣਾਭਾਵ ਪ੍ਰਚੱਲਿਤ ਰਹੇ ਹਨ, ਹੁਣ ਉਨ੍ਹਾਂ ਨੂੰ ਕੱਢ ਸੁੱਟਣ ਜਾਂ ਮਲੀਆਮੇਟ ਕਰਨ ਦਾ ਸਮਾਂ ਆ ਗਿਆ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮਾਧੋਪੁਰੀ ਇਸ ਸਮੇਂ ਦਾ ਸਦਉਪਯੋਗ ਕਰ ਰਿਹਾ ਹੈ। ਆਖ਼ਰ ਜਿਹੜੇ ਦਬਾਅ ਕਿਸੇ ਵਰਗ ਜਾਂ ਵਿਅਕਤੀ ਦੀ ਸ਼ਨਾਖ਼ਤ ਨੂੰ ਉੱਗਣ-ਵਿਗਸਣ ਦਾ ਅਵਸਰ ਨਹੀਂ ਦਿੰਦੇ, ਉਨ੍ਹਾਂ ਦੀ ਅਭਿਵਿਅਕਤੀ ਕਰਨ ਨਾਲੋਂ ਕਿਸੇ ਵਿਅਕਤੀ ਲਈ ਹੋਰ ਪ੍ਰਸੰਗਿਕ ਜਾਂ ਮਹੱਤਵਪੂਰਨ ਹੋਰ ਕਿਹੜਾ ਵਿਸ਼ਾ ਹੋ ਸਕਦਾ ਹੈ?
ਇਸ ਨਾਵਲ ਦੇ ਕਈ ਗਲਪੀ ਰਚਨਾਤਮਿਕ ਸਰੋਕਾਰ ਹਨ। ਲੇਖਕ ਇਸ ਦੇ ਲੇਖਣ ਦੁਆਰਾ ਬਾਬੂ ਮੰਗੂ ਰਾਮ ਗ਼ਦਰੀ ਬਾਬੇ ਦੀ ਉਸ ਇਤਿਹਾਸਕ ਭੂਮਿਕਾ ਨੂੰ ਰੂਪਮਾਨ ਕਰਦਾ ਹੈ, ਜਿਹੜੀ ਉਸ ਨੇ ਦੁਆਬੇ ਤੋਂ ਸ਼ੁਰੂ ਕਰਕੇ ਪੂਰੇ ਉੱਤਰੀ ਭਾਰਤ ਵਿਚ ਸਰਅੰਜਾਮ ਤੱਕ ਪਹੁੰਚਾਈ। ਨਾਵਲ ਦਾ ਇਕ ਪ੍ਰਮੁੱਖ ਪਾਤਰ ਬਾਬਾ ਸੰਗਤੀਆ, ਬਾਬੂ ਮੰਗੂ ਰਾਮ ਦੀ ਵਿਚਾਰਧਾਰਾ ਨੂੰ ਪ੍ਰਚਾਰਿਤ ਕਰਨ ਵਿਚ ਨੁਮਾਯਾਂ ਯੋਗਦਾਨ ਪਾਉਂਦਾ ਹੈ। ਇਸ ਨਾਵਲ ਵਿਚ 1925 ਈ: ਤੋਂ ਲੈ ਕੇ 1947 ਈ: ਤੱਕ ਦੇ ਵੇਰਵੇ ਦ੍ਰਿਸ਼ਟੀਗੋਚਰ ਹੁੰਦੇ ਹਨ। ਬਾਬਾ ਸੰਗਤੀਆ ਅਤੇ ਉਸ ਦਾ ਪਰਿਵਾਰ ਮੋਏ ਜਾਨਵਰਾਂ ਨੂੰ ਢੋਣ, ਉਨ੍ਹਾਂ ਦੀ ਖੱਲ ਉਤਾਰਨ, ਜੁੱਤੀਆਂ ਸੀਣ, ਸਮਾਜਿਕ ਪਿਰਾਮਿਡ ਦੀਆਂ ਉੱਪਰਲੀਆਂ ਥਾਵਾਂ ਉੱਪਰ ਬੈਠੇ ਵਰਗਾਂ ਦੀ ਵਗਾਰ ਕਰਨ ਅਤੇ ਸ਼ੂਦਰਾਂ ਲਈ ਨਿਸਚਿਤ ਹੋਰ ਛੋਟੇ-ਮੋਟੇ ਕੰਮ ਕਰਨ ਵਾਲੇ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ ਪਰ ਇਸ ਪਰਿਵਾਰ ਨੇ ਸਮਝ ਲਿਆ ਹੈ ਕਿ ਸਿੱਖਿਆ ਹੀ ਉਨ੍ਹਾਂ ਦਾ ਮੁਕੱਦਰ ਬਦਲ ਸਕਦੀ ਹੈ। ਸੋ, ਉਹ ਆਪਣੇ ਇਕ ਬੱਚੇ ਗੋਰੇ ਨੂੰ ਪੜ੍ਹਾ-ਲਿਖਾ ਕੇ ਚੇਤੰਨ ਅਤੇ ਸੁਤੰਤਰ ਵਿਅਕਤੀ ਬਣਾ ਦਿੰਦੇ ਹਨ।
ਨਾਵਲ ਦੀ ਕਹਾਣੀ ਮਾਹਿਲਪੁਰ ਅਤੇ ਇਸ ਦੇ ਆਸ-ਪਾਸ ਵਸੇ ਪਿੰਡਾਂ-ਕਸਬਿਆਂ ਛੰਨਾਂ, ਜੈਜੋਂ, ਹੁਸ਼ਿਆਰਪੁਰ ਵਿਚ ਵਾਪਰਦੀ ਹੈ। ਕੁਝ ਵੇਰਵੇ ਲਾਹੌਰ ਅਤੇ ਮੁਲਤਾਨ ਨਾਲ ਵੀ ਸਬੰਧਿਤ ਹਨ। ਲੇਖਕ ਨੇ ਪੂਰਵ-ਸੁਤੰਤਰਤਾ ਯੁੱਗ ਵਿਚ ਧਾਰਮਿਕ ਸਦਭਾਵਨਾ ਦੇ ਕੁਝ ਵੇਰਵੇ ਵੀ ਬਿਆਨ ਕੀਤੇ ਹਨ। ਉਹ ਅੰਗਰੇਜ਼ੀ ਹਕੂਮਤ ਦਾ ਵਿਸ਼ਲੇਸ਼ਣ ਕਰਨ ਸਮੇਂ ਪੂਰਵ-ਨਿਸਚਿਤ ਸਟੀਰੀਓ-ਟਾਈਪਸ ਵਿਚ ਨਹੀਂ ਪੈਂਦਾ ਸਗੋਂ ਵਰਗ-ਵਿਸ਼ੇਸ਼ ਨੂੰ ਧਿਆਨ ਵਿਚ ਰੱਖ ਕੇ ਨਵ-ਮੁਲਾਂਕਣ ਕਰਦਾ ਹੈ। ਉਸ ਦੀ ਸ਼ੈਲੀ ਬੜੀ ਪਰਿਪੱਕ, ਰੌਚਕ ਅਤੇ ਉਤਸੁਕਤਾ ਭਰਪੂਰ ਹੈ। ਇਹ ਨਾਵਲ, ਕਹਾਣੀ ਦੇ ਜਿਸ ਮੋੜ ਤੋਂ ਸ਼ੁਰੂ ਹੁੰਦਾ ਹੈ, ਮੁੜ ਉਥੇ ਹੀ ਆਣ ਮੁੱਕਦਾ ਹੈ। ਕਲਾ ਅਤੇ ਅਨੁਭਵ ਦੀ ਦ੍ਰਿਸ਼ਟੀ ਤੋਂ ਇਹ ਇਕ ਮੁੱਲਵਾਨ ਰਚਨਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਸੋਚ ਦੀਆਂ ਸੁਰਾਂ
ਕਵੀ : ਬਾਬੂ ਰਾਮ ਦੀਵਾਨਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 99884-80376.

ਬਾਬੂ ਰਾਮ ਦੀਵਾਨਾ ਦੀ ਇਹ ਛੇਵੀਂ ਮੌਲਿਕ ਸਾਹਿਤਕ ਪੁਸਤਕ ਹੈ, ਭਾਵੇਂ ਉਸ ਨੇ ਦਰਜਨ ਭਰ ਪੁਸਤਕਾਂ ਦੀ ਸੰਪਾਦਨਾ ਕੀਤੀ ਅਤੇ ਦੋ ਪੁਸਤਕਾਂ ਦੇ ਅਨੁਵਾਦ ਵੀ ਕੀਤੇ। ਹਥਲੀ ਪੁਸਤਕ ਦੇ 80 ਸਫ਼ਿਆਂ ਵਿਚ 40 ਪ੍ਰਚੱਲਿਤ ਵਿਸ਼ਿਆਂ ਵਿਚ ਕਵਿਤਾਵਾਂ ਅਤੇ ਕੁਝ ਗ਼ਜ਼ਲਾਂ ਹਨ। ਕਵਿਤਾਵਾਂ ਦੇ ਨਾਂਅ ਤੋਂ ਪੁਸਤਕ ਦੇ ਵਿਸ਼ਾ ਪੱਖ ਦੀ ਖ਼ਬਰ ਮਿਲਦੀ ਹੈ ਜਿਵੇਂ ਅਣਜੰਮੀ ਧੀ ਨੂੰ, ਕੰਨਿਆਂ ਕਿਰਨ ਸੁਭਾਗੀ, ਬੰਦੇ ਦਾ ਇਤਬਾਰ ਮਰਦਾ ਜਾ ਰਿਹਾ, ਕ੍ਰਿਸਮਿਸ, ਸਾਂਝਾ ਤਿਉਹਾਰ ਲੋਹੜੀ, ਵਿਸ਼ਵ ਪੁਸਤਕ ਦਿਵਸ, ਪਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ, ਕਾਰਗਿਲ ਵਿਜੇ ਦਿਵਸ, ਰੁੱਖਾਂ ਦੀ ਸਾਂਝ, ਚੇਤੇ ਵਿਚ ਨਾਟਕਕਾਰ ਕਪੂਰ ਸਿੰਘ ਘੁੰਮਣ, ਦਮਦਾਰ ਕਲਮਕਾਰ ਨਿੰਦਰ ਘੁਗਿਆਣਵੀ ਆਦਿ।
ਦੀਵਾਨਾ ਸ਼ਾਇਰ ਨਵੇਂ ਸਾਲ 2020 ਨੂੰ ਆਮਦੀਦ ਇਸ ਤਰ੍ਹਾਂ ਕਹਿੰਦਾ ਹੈ :
'ਹੁਣ ਤੂੰ ਆਇਐਂ ਸੁਖ ਵਰਤਾਵੇਂ,
ਹਰ ਵਿਹੜੇ ਵਿਚ ਖੁਸ਼ੀ ਲਿਆਵੀਂ,
ਸਿਆਸਤ ਵਾਲੇ ਨਿਜ ਸੁਆਰਥ ਲਈ,
ਰਹੇ ਨੇ ਰੌਲਾ ਪਾ...।
ਉਹ ਪੰਜਾਬੀਆਂ ਹੀ ਨਹੀਂ, ਸੰਸਾਰ ਭਰ ਦੇ ਲੋਕਾਂ ਦੀ ਤੰਦਰੁਸਤੀ ਬਾਰੇ ਚਿੰਤਾ ਜ਼ਾਹਰ ਕਰਦਾ ਹੈ :
ਸੁਖੀ ਜੇ ਰਹਿਣਾ ਹੈ ਤਾਂ ਸਿਹਤ ਨੂੰ ਸੰਭਾਲੋ...
ਜੇ ਬਿਮਾਰੀ ਆ ਕੇ ਚਿੰਬੜੇ ਕਰ ਦੇਂਦੀ ਲਾਚਾਰ...
... ਦੀਵਾਨਾ ਰਹੋ ਨਵੇਂ ਨਰੋਏ ਲੰਮੀ ਉਮਰ ਹੰਢਾ ਲਉ....।
ਕਵੀ ਦੀਵਾਨਾ ਅਣਜੰਮੀ ਧੀ ਨੂੰ ਉਸ ਦੀ ਮਾਂ ਦੀ ਜ਼ਬਾਨੀ ਸੰਬੋਧਨ ਹੁੰਦਾ ਹੈ :
ਨਾ ਤਰਲੇ ਪਾ ਬੱਚੀਏ ਮੈਂ ਹਾਂ ਤੇਰੀ ਮਾਂ...
ਬਣ ਕੇ ਮੈਂ ਰਣਚੰਡੀ ਤੇਰੇ ਸਿਰ 'ਤੇ ਹੱਥ ਧਰਾਂ
ਬਜ਼ੁਰਗਾਂ ਪ੍ਰਤੀ ਸੰਵੇਦਨਾ ਕਵੀ ਇਸ ਤਰ੍ਹਾਂ ਜ਼ਾਹਰ ਕਰਦਾ ਹੈ :
ਬਜ਼ੁਰਗਾਂ ਨੂੰ ਸੰਭਾਲੋ ਇਹ ਕਿਤੇ ਲਾਚਾਰ ਨਾ ਹੋਵਣ
ਤੁਹਾਡੀ ਬੇਰੁਖੀ ਕਾਰਨ ਇਹ ਖੱਜਲ ਖੁਆਰ ਨਾ ਹੋਵਣ।
ਸਮਰੱਥ ਕਵੀ ਬਾਬੂ ਰਾਮ ਦੀਵਾਨਾ ਕਾਵਿ ਤਕਨੀਕ ਵਿਚ ਉਸਤਾਦ ਸ਼ਾਇਰ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਕਵੀ ਨੇ ਆਪਣੀਆਂ ਸਾਰੀਆਂ ਕਵਿਤਾਵਾਂ ਸਮਾਜਿਕ ਸੁਧਾਰਾਂ ਵੱਲ ਸੇਧਿਤ ਕੀਤੀਆਂ ਹਨ। ਧੀਆਂ ਪ੍ਰਤੀ ਤੇ ਬਜ਼ੁਰਗਾਂ ਪ੍ਰਤੀ ਉਹ ਫ਼ਿਕਰਮੰਦ ਹੈ। ਕਵੀ ਪੰਜਾਬੀਆਂ ਦੀ ਸੱਭਿਆਚਾਰਕ ਸਾਂਝ ਦਾ ਮੁੱਦਈ ਹੈ। ਉਸ ਦੇ 60 ਦੋਹੇ ਵੀ ਦਿਲ ਨੂੰ ਉਤੇਜਿਤ ਕਰਦੇ ਹਨ। ਪੁਸਤਕ ਨੂੰ ਜੀ ਆਇਆਂ।

ਸੁਲੱਖਣ ਸਰਹੱਦੀ
ਮੋ: 94174-84337.

c c c

ਬੀ ਪੌਜ਼ੇਟਿਵ ਯਾਰ
ਸੰਪਾਦਕ : ਅਨੇਮਨ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ (ਪਟਿਆਲਾ)
ਮੁੱਲ : 180 ਰੁਪਏ, ਸਫ਼ੇ : 160
ਸੰਪਰਕ : 98720-92101.

ਸੰਪਾਦਿਤ ਪੁਸਤਕ 2019 ਵਿਚ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨਾਂ ਤੇ ਪੰਜਾਬੀ ਟ੍ਰਿਬਿਊਨ ਵਿਚ 2019 ਵਿਚ ਪ੍ਰਕਾਸ਼ਿਤ ਹੋਈਆਂ ਕਹਾਣੀਆਂ ਹਨ। ਸੰਪਾਦਕ ਨੇ ਇਨ੍ਹਾਂ ਕਹਾਣੀਆਂ ਦੀ ਸੁਚੱਜੀ ਚੋਣ ਕੀਤੀ ਹੈ। ਸਾਰੀਆਂ ਕਹਾਣੀਆਂ ਦੀ ਨੁਹਾਰ ਰੂਪ, ਵਸਤੂ, ਜੁਗਤਾਂ ਵਿਭਿੰਨ ਹਨ। ਕਹਾਣੀਕਾਰਾਂ ਵਿਚ ਹੋਰਨਾਂ ਤੋਂ ਇਲਾਵਾ, ਸੁਖਜੀਤ, ਭਗਵੰਤ ਰਸੂਲਪੁਰੀ, ਅਜਮੇਰ ਸਿੱਧੂ, ਬਲਬੀਰ ਪਰਵਾਨਾ ਤੇ ਇਕ ਕਹਾਣੀ ਬੁਝਾਰਤ ਸੰਪਾਦਕ ਦੀ ਹੈ। ਸੰਪਾਦਕ ਦੀ ਕਹਾਣੀ ਵਿਚ ਮੂਰਤੀਆਂ ਦੀ ਪੂਜਾ ਕਰਦਾ ਬਾਪ ਹੈ। ਤਿੰਨ ਕੁੜੀਆਂ ਹਨ। ਦੋ ਕੁੜੀਆਂ ਵਿਆਹ ਦਿੰਦਾ ਹੈ। ਤੀਸਰੀ ਕੁੜੀ ਦਾ ਪਾਲਣ ਪੋਸ਼ਣ ਮੁੰਡੇ ਦੇ ਰੂਪ ਵਿਚ ਕਰਦਾ ਹੈ। ਨਾਂਅ, ਪਹਿਰਾਵਾ ਸਭ ਮੁੰਡਿਆਂ ਵਾਂਗ। ਉਹ ਜਵਾਨ ਹੋ ਕੇ ਘਰੋਂ ਦੌੜ ਜਾਂਦਾ ਹੈ। ਦਿੱਲੀ ਨੌਕਰੀ ਲੱਗ ਜਾਂਦਾ ਹੈ। ਕਿਸੇ ਕੁੜੀ ਨਾਲ ਨੇੜਤਾ ਹੁੰਦੀ ਹੈ। ਕੁੜੀ ਉਸ ਨੂੰ ਮੁੰਡਾ ਸਮਝ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਤੱਕ ਜਾਂਦੀ ਹੈ। ਪਰ ਨਿਰਾਸ਼ ਹੋ ਕੇ ਖ਼ੁਦਕਸ਼ੀ ਕਰ ਜਾਂਦੀ ਹੈ। ਇਹ ਨਕਲੀ ਮੁੰਡਾ ਵੀ ਖ਼ੁਦਕਸ਼ੀ ਦਾ ਯਤਨ ਕਰਦਾ ਹੈ ਤੇ ਫ਼ਿਲਮੀ ਤਰਜ਼ ਦੀ ਕਹਾਣੀ ਦਾ ਅੰਤ ਹੋ ਜਾਂਦਾ ਹੈ। ਲਿੰਗਕ ਅੰਤਰ ਦੀ ਕਹਾਣੀ ਅਧੂਰੇ ਮਨੁੱਖ ਦਾ ਦਿਲਚਸਪ ਬਿਰਤਾਂਤ ਸਿਰਜਦੀ ਹੈ। ਇਹ ਕੋਈ ਨਾਟਕ ਨਹੀਂ (ਸਾਂਵਲ ਧਾਮੀ) ਤੇ ਸਿਆਸਤ ਖੇਡ ਬਾਬਾ ਸਿਆਸਤ (ਜਿੰਦਰ) ਆਕਾਰ ਵਿਚ ਲੰਮੀਆਂ ਕਹਾਣੀਆਂ ਹਨ। ਵੱਡਾ ਬਿਰਤਾਂਤ ਟੋਟਿਆਂ ਵਿਚ ਪੂਰਾ ਹੁੰਦਾ ਹੈ। ਇੱਛਾਧਾਰੀ (ਕਿਰਪਾਲ ਕਜ਼ਾਕ) ਵਿਚ ਦਲਿਤ ਵਰਗ ਦੇ ਮਨੁੱਖ ਦੀਆਂ ਮਜਬੂਰੀਆਂ ਹਨ। ਪਾਤਰ ਸਵੈ-ਵਿਸ਼ਵਾਸੀ ਹੈ। ਨਿੱਕੇ-ਨਿੱਕੇ ਸੰਵਾਦ ਹਨ। ਪਰਿਕਰਮਾ (ਦੀਪ ਦਵਿੰਦਰ ਸਿੰਘ) ਵਿਚ ਮੈਂ ਪਾਤਰ ਦੀ ਰਿਸ਼ਤਿਆਂ ਦੇ ਟੁੱਟਣ 'ਤੇ ਪੁਨਰ-ਸਿਰਜਣਾ ਕਾਰਨ ਮਾਨਸਿਕ ਟੁੱਟ-ਭੱਜ ਦਾ ਮਾਰਮਿਕ ਜ਼ਿਕਰ ਹੈ। ਨਿਸ਼ਾਨ (ਸਿਮਰਨ ਧਾਲੀਵਾਲ) ਵਿਚ ਮਰਦ ਔਰਤ ਦੇ ਰਿਸ਼ਤਿਆਂ ਦੀ ਉਲਝਣ ਦਾ ਪ੍ਰਸੰਗ ਹੈ। ਮਰਦ ਪਾਤਰ ਪਤਨੀ ਤੇ ਤੋਂ ਟੁੱਟ ਕੇ ਬਾਹਰਲੀ ਔਰਤ ਦੀ ਨਜ਼ਦੀਕੀ ਵਿਚੋਂ ਸੁੱਖ ਭਾਲਦਾ ਹੈ ਪਰ ਅਸਫਲ ਹੁੰਦਾ ਹੈ। ਸਿਰਲੇਖ ਵਾਲੀ ਕਹਾਣੀ ਵਿਚ (ਬਲੀਜੀਤ) ਮੈਂ ਪਾਤਰ ਦੋਸਤ ਨੂੰ ਜਾਤੀਵਾਦ ਵਿਚੋਂ ਕੱਢਣ ਦਾ ਯਤਨ ਕਰਦਾ ਹੈ। ਗੱਲ ਨਜ਼ਰੀਏ ਤੋਂ ਬਲਡ ਗਰੁੱਪ ਤੱਕ ਚਲੀ ਜਾਂਦੀ ਹੈ। ਪੁਸਤਕ ਅਜੋਕੀ ਪੰਜਾਬੀ ਕਹਾਣੀ ਦੇ ਆਧੁਨਿਕ ਰੰਗਾਂ ਦੇ ਚਿੱਤਰ ਪੇਸ਼ ਕਰਦੀ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

ਰਾਮੂਵਾਲੀਏ ਕਰਨੈਲ ਸਿੰਘ ਪਾਰਸ ਦੀ ਸੰਪੂਰਨ ਰਚਨਾ
ਸੰਪਾਦਕ : ਇਕਬਾਲ ਰਾਮੂਵਾਲੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 465
ਸੰਪਰਕ : 0172-5027429

ਕਰਨੈਲ ਸਿੰਘ ਪਾਰਸ ਰਾਮੂਵਾਲੀਆ ਪੰਜਾਬ ਦੇ ਉਨ੍ਹਾਂ ਮੁਢਲੇ ਕਵੀਸ਼ਰਾਂ ਵਿਚੋਂ ਸੀ, ਜਿਨ੍ਹਾਂ ਨੇ ਪੰਜਾਬੀ ਕਵੀਸ਼ਰੀ ਦਾ ਮੂੰਹ ਮੁਹਾਂਦਰਾ ਸੰਵਾਰਨ ਵਿਚ ਵੱਡਾ ਯੋਗਦਾਨ ਪਾਇਆ ਅਤੇ ਇਸ ਲਿਖਣ ਅਤੇ ਗਾਇਨ ਸ਼ੈਲੀ ਨੂੰ ਨਵਾਂ ਮੁਹਾਵਰਾ ਅਤੇ ਅੰਦਾਜ਼ ਦਿੱਤਾ। ਉਨ੍ਹਾਂ ਦੇ ਚਾਰ ਪੁੱਤਰਾਂ ਵਿਚੋਂ ਇਕ ਪੁੱਤਰ ਇਕਬਾਲ ਰਾਮੂਵਾਲੀਆ ਨੇ ਉੱਦਮ ਕਰਕੇ ਇਹ ਪੁਸਤਕ ਛਪਵਾਉਣ ਦਾ ਬੀੜਾ ਚੁੱਕਿਆ ਸੀ ਜਿਸ ਵਿਚ ਬਾਪੂ ਪਾਰਸ ਵਲੋਂ ਲਿਖੀ ਅਤੇ ਗਾਈ ਗਈ ਸਾਰੀ ਰਚਨਾ ਸ਼ਾਮਿਲ ਕੀਤੀ ਗਈ ਹੈ। ਪੁਸਤਕ ਦੇ ਆਰੰਭ ਵਿਚ ਕਰਨੈਲ ਸਿੰਘ ਦੇ ਜੀਵਨ ਅਤੇ ਗਾਇਨ ਕਲਾ ਬਾਰੇ ਚਾਰ ਲੇਖ ਵੀ ਅੰਕਿਤ ਕੀਤੇ ਗਏ ਹਨ। ਦੋ ਲੇਖ ਅਲੀ ਰਾਜਪੁਰਾ ਅਤੇ ਨਿੰਦਰ ਘੁਗਿਆਣਵੀ ਦੇ ਅਤੇ ਦੋ ਲੇਖ ਬਾਪੂ ਪਾਰਸ ਦੇ ਦੋ ਪੁੱਤਰਾਂ ਇਕਬਾਲ ਰਾਮੂਵਾਲੀਆ ਅਤੇ ਡਾ. ਰਛਪਾਲ ਗਿੱਲ ਦੇ ਹਨ। ਇਹ ਲੇਖ ਕਰਨੈਲ ਸਿੰਘ ਪਾਰਸ ਦੀ ਸਮੁੱਚੀ ਜੀਵਨ ਘਾਲਣਾ ਅਤੇ ਸਿਰਜਣ ਕਲਾ ਦੇ ਰਹੱਸਾਂ ਨੂੰ ਬਿਆਨ ਕਰਦੇ ਹਨ। ਕਿਵੇਂ ਉਨ੍ਹਾਂ ਨੇ ਕਵੀਸ਼ਰੀ ਨੂੰ ਜ਼ਿੰਦਗੀ ਨਾਲ ਜੋੜਿਆ ਅਤੇ ਕਿਵੇਂ ਕਵੀਸ਼ਰੀ ਨੂੰ ਢਾਡੀ ਰੰਗਾਂ ਵਿਚ ਢਾਲਣ ਦਾ ਇਤਿਹਾਸਕ ਕਾਰਜ ਵੀ ਕੀਤਾ। ਬਾਪੂ ਪਾਰਸ ਸੁਭਾਅ ਪੱਖੋਂ ਨੇਕ ਦਿਲ ਅਤੇ ਹਲੀਮੀ ਨਾਲ ਭਰੇ ਹੋਏ ਵਿਅਕਤੀ ਸਨ। ਆਕਾਸ਼ਵਾਣੀ ਉੱਤੇ ਕਵੀਸ਼ਰੀ ਪੇਸ਼ ਕਰਨ ਵਾਲਾ ਪਹਿਲਾ ਜਥਾ ਬਾਪੂ ਪਾਰਸ ਦਾ ਹੀ ਸੀ, ਜਿਸ ਨੂੰ 1954 ਵਿਚ ਪਹਿਲੀ ਵਾਰੀ ਜਲੰਧਰ ਰੇਡੀਓ ਉੱਤੇ ਪੇਸ਼ ਕੀਤਾ ਗਿਆ। ਪੰਜਾਬ ਦੇ ਧਾਰਮਿਕ, ਸੱਭਿਆਚਾਰਕ ਇਤਿਹਾਸ ਨੂੰ ਜਿਵੇਂ ਕਵੀਸ਼ਰੀ ਵਿਚ ਬਾਪੂ ਪਾਰਸ ਨੇ ਬੰਨ੍ਹਿਆ, ਉਹ ਆਪਣੇ-ਆਪ ਵਿਚ ਇਕ ਮਿਸਾਲ ਹੈ। ਬੈਂਤ ਅਤੇ ਕਬਿੱਤ ਦੀ ਭਰਮਾਰ ਵਾਲੀ ਇਸ ਕਵੀਸ਼ਰੀ ਨੂੰ ਇਸ ਕਿਤਾਬ ਵਿਚ ਸ਼ਾਮਿਲ ਕਰਕੇ ਇਕਬਾਲ ਨੇ ਵੱਡਾ ਕਾਰਜ ਨਿਭਾਇਆ। ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਭਗਤ ਨਾਮਦੇਵ ਜੀ, ਗੁਰੂ ਰਵਿਦਾਸ ਜੀ ਦੇ ਨਾਲ-ਨਾਲ ਪੰਜ ਪਿਆਰਿਆਂ ਅਤੇ ਸਾਹਿਬਜ਼ਾਦਿਆਂ ਬਾਰੇ ਲਿਖੇ ਪ੍ਰਸੰਗ ਅਦਭੁੱਤ ਹਨ। ਸਿੱਖ ਯੋਧਿਆਂ ਹਰੀ ਸਿੰਘ ਨਲੂਆ, ਮਹਾਰਾਜ ਰਣਜੀਤ ਸਿੰਘ, ਰਾਣੀ ਜਿੰਦਾ ਅਤੇ ਪਿਆਰ-ਪਾਤਰਾਂ ਹੀਰ ਰਾਂਝਾ, ਸੱਸੀ ਪੁੰਨੂੰ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾਂ ਆਦਿ ਦੇ ਕਿੱਸਿਆਂ ਦੀ ਵੀ ਕਵੀਸ਼ਰੀ ਰੰਗਾਂ ਵਿਚ ਪੇਸ਼ਕਾਰੀ ਕਮਾਲ ਦੀ ਹੈ। ਸ਼ਹੀਦ ਭਗਤ ਸਿੰਘ ਅਤੇ ਸੁਭਾਸ਼ ਚੰਦਰ ਦੀਆਂ ਵਾਰਾਂ ਦੀ ਰਚਨਾ ਵੀ ਵਿਲੱਖਣ ਹੈ। ਜ਼ਿੰਦਗੀ ਦੇ ਆਮ ਰੰਗਾਂ ਅਤੇ ਕਾਰ-ਵਿਹਾਰ ਦੇ ਵੱਖ-ਵੱਖ ਪਹਿਲੂਆਂ ਨੂੰ ਕਾਵਿ ਛੰਦਾਂ ਵਿਚ ਬੰਨ੍ਹਣ ਦੀ ਕਲਾ ਇਨ੍ਹਾਂ ਪੰਨਿਆਂ ਰਾਹੀਂ ਪ੍ਰਗਟ ਹੁੰਦੀ ਹੈ, ਹਾਲਾਂ ਕਿ ਕਰਨੈਲ ਸਿੰਘ ਪਾਰਸ ਸਕੂਲ ਕਾਲਜ ਦੀ ਪੜ੍ਹਾਈ ਤੋਂ ਵਿਰਵੇ ਸਨ ਪਰ ਉਨ੍ਹਾਂ ਦੀ ਇਤਿਹਾਸ ਅਤੇ ਸੱਭਿਆਚਾਰ ਦੀ ਸਮਝ ਕਮਾਲ ਸੀ। ਉਹ ਜਦੋਂ ਰਣਜੀਤ ਸਿੰਘ ਸਿਧਵਾਂ ਅਤੇ ਚੰਦ ਜੋੜੀ ਨੂੰ ਨਾਲ ਲੈ ਕੇ ਮੰਚ ਉੱਤੇ ਪਹੁੰਚਦੇ ਤਾਂ ਦੂਰ-ਦੂਰ ਤੱਕ ਲੱਗੇ ਪੰਡਾਲਾਂ ਨੂੰ ਕੀਲ ਲੈਂਦੇ.... ਉੱਚੀਆਂ ਹੇਕਾਂ ਵਿਚ ਕਵੀਸ਼ਰੀ ਗੂੰਜ ਉੱਠਦੀ
ਅੱਖਾਂ ਲੱਗੀਆਂ ਕਦੇ ਨਾ ਰਹਿਣ ਗੁੱਝੀਆਂ
ਗੱਲਾਂ ਕੰਨੋ-ਕੰਨੀਂ ਘਰੋ ਘਰੀ ਪੁੱਜੀਆਂ
ਹੁੰਦੇ ਸਾਗਰ ਨਾ ਬੰਦ ਵਿਚ ਕੁੱਜੀਆਂ
ਬਣ ਮਿਸ਼ਰੀ ਸਕੇ ਨਾ ਹੀ ਰੀਠਿਆਂ ਦੀ ਝੱਗ ਤੋਂ
ਕਦੇ ਇਸ਼ਕ ਨਾ ਛੁਪਦਾ ਛਪਾਇਆ ਜੱਗ ਤੋਂ...
ਕਵੀਸ਼ਰੀ ਦੇ ਵੱਖ-ਵੱਖ ਪੜਾਵਾਂ, ਪ੍ਰਸੰਗਾਂ ਅਤੇ ਸ਼ੈਲੀਆਂ ਬਾਰੇ ਅਤੇ ਇਤਿਹਾਸ-ਸੱਭਿਆਚਾਰ ਦੀ ਕਵੀਸ਼ਰੀ ਵਿਚ ਪੇਸ਼ਕਾਰੀ ਬਾਰੇ ਖੋਜ ਕਰਨ ਵਾਲਿਆਂ ਲਈ ਇਹ ਕਿਤਾਬ ਬਹੁਤ ਮੁੱਲਵਾਨ ਹੈ।

ਡਾ. ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਕਵਣੁ ਦੇਸ ਹੈ ਮੇਰਾ
ਨਾਵਲਕਾਰ : ਨਛੱਤਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 192
ਸੰਪਰਕ : 093132-92863.

ਇਹ ਨਾਵਲ ਪੰਜਾਬ ਦੀ ਅਜੋਕੀ ਤਸਵੀਰ ਬਹੁਤ ਮਾਰਮਿਕ ਢੰਗ ਨਾਲ ਬਿਆਨ ਕਰਦਾ ਹੈ। ਵਿਦੇਸ਼ੀਂ ਜਾਣ ਦੀ ਹੋੜ ਲੱਗੀ ਹੋਈ ਹੈ। ਮਾਹੌਲ ਇਸ ਤਰ੍ਹਾਂ ਦਾ ਹੁੰਦਾ ਜਾ ਰਿਹਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹਨ। ਹਜ਼ਾਰਾਂ ਪੜ੍ਹੇ-ਲਿਖੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ ਅਤੇ ਇੰਜ ਕਰੋੜਾਂ ਰੁਪਏ ਵੀ ਬਾਹਰ ਜਾ ਰਹੇ ਹਨ। ਪੜ੍ਹਨ ਲਈ ਗਏ ਬਹੁਤੇ ਵਿਦਿਆਰਥੀ ਬਾਹਰ ਹੀ ਵੱਸ ਜਾਂਦੇ ਹਨ। ਨਾਵਲ ਦੀ ਕਹਾਣੀ ਕੈਨੇਡਾ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੁਆਲੇ ਘੁੰਮਦੀ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਦਾ ਜ਼ਿਕਰ ਕੀਤਾ ਗਿਆ ਹੈ। ਕਈ ਵਿਦਿਆਰਥੀ ਉਥੇ ਜਾ ਕੇ ਕਈ ਕਿਸਮ ਦੀਆਂ ਹੁੱਲੜਬਾਜ਼ੀਆਂ ਅਤੇ ਸ਼ਰਾਰਤਾਂ ਵੀ ਕਰਦੇ ਹਨ, ਜਿਸ ਕਰਕੇ ਪੰਜਾਬੀਆਂ ਦਾ ਅਕਸ ਖ਼ਰਾਬ ਹੁੰਦਾ ਹੈ। ਪਿੱਛੇ ਛੱਡ ਆਏ ਰਿਸ਼ਤਿਆਂ ਦਾ ਦਰਦ, ਜੱਦੋ-ਜਹਿਦ ਅਤੇ ਸੰਘਰਸ਼ ਕਈ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕ ਦਿੰਦਾ ਹੈ। ਉਨ੍ਹਾਂ ਨੇ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਮਾਹੌਲ ਖ਼ਰਾਬ ਕਰ ਦਿੱਤਾ ਹੈ। ਨਾਵਲ ਵਿਚ ਇਸ ਚਿੰਤਾ ਨੂੰ ਵਿਅਕਤ ਕੀਤਾ ਗਿਆ ਹੈ। ਨਾਵਲ ਦੇ ਅੰਤ ਵਿਚ ਬਾਹਰ ਵਸਦੇ ਪੰਜਾਬੀਆਂ ਅਤੇ ਬੁੱਧੀਜੀਵੀਆਂ ਵਲੋਂ ਇਕ ਸੈਮੀਨਾਰ ਕਰਕੇ ਲੋਕਾਂ ਦਾ ਚਿੰਤਨ ਅਤੇ ਚੇਤਨਾ ਜਗਾਈ ਗਈ ਹੈ। ਪੰਜਾਬ ਰਹਿੰਦੇ ਮਾਪਿਆਂ ਦੀ ਇਕੱਲਤਾ ਅਤੇ ਦੁੱਖ ਬਿਆਨ ਤੋਂ ਬਾਹਰ ਹੈ। ਸਮੁੱਚੇ ਤੌਰ 'ਤੇ ਇਹ ਇਕ ਟੁੰਬਣ ਵਾਲਾ ਵਧੀਆ ਨਾਵਲ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

30-05-2021

ਰਿਵ. (ਡਾ.) ਰਾਸ਼ੀਦ ਮਸੀਹ ਚੌਧਰੀ ਜੀਵਨ ਤੇ ਸੰਘਰਸ਼
ਲੇਖਕ : ਡਾ. ਦਲਬੀਰ ਮਸੀਹ ਚੌਧਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 312
ਸੰਪਰਕ : 98550-09794.


ਵਿੱਦਿਆ ਦਾ ਖੇਤਰ ਪਵਿੱਤਰ ਖੇਤਰ ਹੈ। ਇਸ ਖੇਤਰ ਨੂੰ ਪਵਿੱਤਰ ਇਸ ਕਰਕੇ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਤਹਿਤ ਹੀ ਕਿਸੇ ਵਿਅਕਤੀ ਨੂੰ ਸੇਧ ਦੇ ਕੇ ਜਿਥੇ ਉਸ ਨੂੰ ਰੋਜ਼ੀ-ਰੋਟੀ ਦੇ ਕਾਬਲ ਬਣਾਇਆ ਜਾਂਦਾ ਹੈ, ਉਥੇ ਉਸ ਨੂੰ ਜ਼ਿੰਦਗੀ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਵੀ ਸਿਖਾਈਆਂ ਜਾਂਦੀਆਂ ਹਨ ਤਾਂ ਕਿ ਉਹ ਸੁਚੱਜੀ ਜ਼ਿੰਦਗੀ ਨੂੰ ਜਿਊਣ ਜੋਗਾ ਹੋ ਸਕੇ। ਪੰਜਾਬ ਵਿਚ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਹਨ ਜਿਥੋਂ ਬਹੁਤ ਸਾਰੇ ਵਿਦਿਆਰਥੀਆਂ ਨੇ ਵਿੱਦਿਆ ਪ੍ਰਾਪਤ ਕਰਕੇ ਨਾਮਣਾ ਖੱਟਿਆ। ਇਥੋਂ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਦੇ ਨਾਂਅ ਕਮਾਉਣ ਦੇ ਨਾਲ-ਨਾਲ ਇਨ੍ਹਾਂ ਸੰਸਥਾਵਾਂ ਨੂੰ ਕਾਰਜ-ਕੁਸ਼ਲਤਾ ਨਾਲ ਚਲਾਉਣ ਵਾਲੇ ਵਿਅਕਤੀਆਂ ਦੇ ਯੋਗਦਾਨ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਹਥਲੀ ਪੁਸਤਕ 'ਰਿਵ. (ਡਾ.) ਰਾਸ਼ੀਦ ਮਸੀਹ ਚੌਧਰੀ ਜੀਵਨ ਤੇ ਸੰਘਰਸ਼' ਬਟਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਦੇ ਪ੍ਰਿੰਸੀਪਲ ਡਾ. ਰਾਸ਼ੀਦ ਮਸੀਹ ਚੌਧਰੀ ਦੇ ਜੀਵਨ ਬਾਰੇ, ਉਨ੍ਹਾਂ ਦੇ ਪਰਿਵਾਰਕ ਮੈਂਬਰ ਡਾ. ਦਲਬੀਰ ਮਸੀਹ ਚੌਧਰੀ ਦੁਆਰਾ ਲਿਖੀ ਪੁਸਤਕ ਹੈ। ਇਹ ਪੁਸਤਕ ਡਾ. ਰਾਸ਼ੀਦ ਚੌਧਰੀ ਦੇ ਬਚਪਨ ਤੋਂ ਲੈ ਕੇ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਅਤੇ ਸੰਘਰਸ਼ੀ ਜੀਵਨ ਦੇ ਨਾਲ-ਨਾਲ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਵੀ ਚਾਨਣਾ ਪਾਉਂਦੀ ਹੈ। ਡਾ. ਰਾਸ਼ੀਦ ਮਸੀਹ ਚੌਧਰੀ ਦਾ ਪਿੰਡ ਮਾਝੇ ਦਾ ਮਸ਼ਹੂਰ ਪਿੰਡ ਬੱਬੇਹਾਲੀ ਸੀ ਜਿਥੋਂ ਦੀ ਛਿੰਝ ਬੜੀ ਪ੍ਰਸਿੱਧ ਹੈ।
ਪੁਸਤਕ ਵਿਚੋਂ ਪਿੰਡ ਦੀ ਸੱਭਿਆਚਾਰਕ ਨੁਹਾਰ ਬਾਰੇ ਵੀ ਭਾਵਪੂਰਤ ਜਾਣਕਾਰੀ ਪ੍ਰਾਪਤ ਹੁੰਦੀ ਹੈ। ਲੇਖਕ ਕਿਉਂਕਿ ਨਿੱਜੀ ਰੂਪ ਵਿਚ ਪਰਿਵਾਰਕ ਮੈਂਬਰ ਹੈ, ਇਸ ਕਰਕੇ ਉਸ ਨੂੰ ਬੜੀ ਬਾਰੀਕੀ ਨਾਲ ਪਰਿਵਾਰਕ ਜਾਣਕਾਰੀ ਬਿਰਤਾਂਤਕ ਰੂਪ ਵਿਚ ਸਾਂਝੀ ਕੀਤੀ ਹੈ ਜਿਸ ਵਿਚੋਂ ਡਾ. ਰਾਸ਼ੀਦ ਮਸੀਹ ਚੌਧਰੀ ਦੀ ਸ਼ਖ਼ਸੀਅਤ ਦੇ ਉੱਘੜਵੇਂ ਲੱਛਣ ਪਾਠਕ ਨਾਲ ਬਾਖੂਬੀ ਸਾਂਝੇ ਹੋ ਜਾਂਦੇ ਹਨ। ਡਾ. ਰਾਸ਼ੀਦ ਚੌਧਰੀ ਦੇ ਵਿੱਦਿਅਕ ਸਫ਼ਰ ਬਾਰੇ ਵੀ ਪੁਸਤਕ ਵਿਚ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ ਹੈ। ਇਸ ਤੋਂ ਇਲਾਵਾ ਪੁਸਤਕ ਵਿਚ ਉਨ੍ਹਾਂ ਦੀ ਅਗਵਾਈ ਵਿਚ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਦੁਆਰਾ ਵਿੱਦਿਆ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਦੇ ਨਾਲ-ਨਾਲ ਸਹਿ-ਵਿੱਦਿਅਕ ਸਰਗਰਮੀਆਂ ਬਾਰੇ ਭਰਪੂਰ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਪੁਸਤਕ ਵਿਚ ਉਨ੍ਹਾਂ ਦੇ ਕਰੀਬੀਆਂ, ਪਰਿਵਾਰਕ ਮੈਂਬਰਾਂ, ਦੋਸਤਾਂ ਦੇ ਸੰਖੇਪ ਵਿਚਾਰ ਵੀ ਦਰਜ ਕੀਤੇ ਗਏ ਹਨ, ਜਿਨ੍ਹਾਂ ਤੋਂ ਡਾ. ਰਾਸ਼ੀਦ ਮਸੀਹ ਚੌਧਰੀ ਦੀ ਸ਼ਖ਼ਸੀਅਤ ਦੇ ਬਹੁਤ ਸਾਰੇ ਪਹਿਲੂ ਉਜਾਗਰ ਹੁੰਦੇ ਹਨ। ਪੁਸਤਕ ਵਿਚ ਰੰਗਦਾਰ ਤਸਵੀਰਾਂ ਅਤੇ ਦਸਤਾਵੇਜ਼ੀ ਸਬੂਤ ਵੀ ਸ਼ਾਮਿਲ ਹਨ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.


ਦਸ ਦਿਨ ਜਿਨ੍ਹਾਂ ਦੁਨੀਆ ਹਲੂਣ ਦਿੱਤੀ
ਲੇਖਕ : ਜਾਹਨ ਰੀਡ
ਪੰਜਾਬੀ ਰੂਪ : ਕੇ.ਐਲ. ਗਰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 450 ਰੁਪਏ, ਸਫ਼ੇ : 416
ਸੰਪਰਕ : 94635-37050.


ਪੁਸਤਕ 'ਦਸ ਦਿਨ ਜਿਨ੍ਹਾਂ ਦੁਨੀਆ ਹਲੂਣ ਦਿੱਤੀ' ਪੰਜਾਬੀ ਦੇ ਉੱਘੇ ਬਹੁਵਿਧਾਵੀ ਲੇਖਕ ਕੇ.ਐਲ. ਗਰਗ ਵਲੋਂ ਜਾਹਨ ਰੀਡ ਦੀ ਵਿਸ਼ਵ ਪ੍ਰਸਿੱਧ ਪੁਸਤਕ 'ਟੈਨ ਡੇਜ਼ ਦੈਟ ਸ਼ੁਕ ਦ ਵਰਲਡ' ਦਾ ਪੰਜਾਬੀ ਅਨੁਵਾਦ ਹੈ। ਇਹ ਪੁਸਤਕ ਰੂਸ ਦੀ ਅਕਤੂਬਰ ਕ੍ਰਾਂਤੀ ਦਾ ਸਿਲਸਿਲੇਵਾਰ ਰਿਪੋਤਾਰਜ ਹੈ। ਇਹ ਉਹ ਇਤਿਹਾਸ ਹੈ ਜਦੋਂ ਰੂਸੀ ਮਜ਼ਦੂਰ, ਸੈਨਿਕ ਅਤੇ ਕ੍ਰਾਂਤੀਕਾਰੀ ਸੰਗਠਨ, ਬਾਲਸ਼ਵਿਕਾਂ ਦੀ ਅਗਵਾਈ ਹੇਠ ਰੂਸ ਦੀ ਰਾਜ ਸੱਤਾ 'ਤੇ ਕਾਬਜ਼ ਹੋ ਗਏ ਸਨ ਤੇ ਇਸ ਕ੍ਰਾਂਤੀਕਾਰੀ ਘਟਨਾ ਨੇ ਸਾਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਕੇਂਦਰਿਤ ਕਰ ਲਿਆ ਸੀ। ਲੇਖਕ ਨੇ ਪੁਸਤਕ ਦਾ ਤਾਣਾ-ਬਾਣਾ ਪੇਤਰੋਗਰਾਦ ਅਤੇ ਰੂਸ ਦੇ ਉਨ੍ਹਾਂ ਸਾਰੇ ਹਿੱਸਿਆਂ ਨੂੰ ਕਲਮ ਦੇ ਕਲਾਵੇ ਵਿਚ ਲਿਆ ਹੈ, ਜਿਥੇ-ਜਿਥੇ ਇਸ ਕ੍ਰਾਂਤੀ ਦੇ ਬੀਜ ਪੁੰਗਰੇ ਅਤੇ ਇਹ ਕ੍ਰਾਂਤੀ ਸਫਲਤਾ ਪੂਰਵਕ ਨੇਪਰੇ ਚੜ੍ਹੀ। ਲੇਖਕ ਨੇ ਪਹਿਲੇ ਦੋ ਅਧਿਆਏ ਵਿਚ ਅਕਤੂਬਰ ਦੀ ਕ੍ਰਾਂਤੀ ਦੀ ਪਿੱਠ ਭੂਮੀ ਅਤੇ ਉਸ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਹੈ। ਆਰਜ਼ੀ ਸਰਕਾਰ ਦਾ ਪਤਨ, ਮੁਕਤ ਕਮੇਟੀ ਦਾ ਗਠਨ, ਪ੍ਰਤੀ ਕ੍ਰਾਂਤੀ ਅਤੇ ਜਿੱਤ ਆਦਿ ਚੈਪਟਰਾਂ ਵਿਚ ਬਾਲਸ਼ਵਿਕਾਂ ਅਤੇ ਹੋਰ ਕ੍ਰਾਂਤੀਕਾਰੀ ਸੰਗਠਨਾਂ ਦੀ ਉਤਪਤੀ, ਉਨ੍ਹਾਂ ਦੇ ਕਾਰਜ, ਲੋਕ ਮਨਾਂ 'ਚ ਜਨ ਕ੍ਰਾਂਤੀ ਦੀ ਭਾਵਨਾ ਦਾ ਸੰਚਾਰ, ਸੰਵਿਧਾਨਕ ਸਭਾ ਦਾ ਬਿਖਰਾਅ, ਸੋਵੀਅਤ ਰਾਜ ਦੀ ਬਣਤਰ, ਸੰਧੀ ਵਾਰਤਾਵਾਂ ਆਦਿ ਦਾ ਵਿਸਥਾਰ ਨਾਲ ਅੰਕੜਿਆਂ ਅਤੇ ਪੁਖਤਾ ਸਬੂਤਾਂ ਦੇ ਆਧਾਰ 'ਤੇ ਵਰਨਣ ਕੀਤਾ ਗਿਆ ਹੈ। ਜਾਹਨ ਰੀਡ ਖ਼ੁਦ ਪੱਤਰਕਾਰ ਹੋਣ ਦੇ ਨਾਲ-ਨਾਲ ਪ੍ਰਤੀਬੱਧ ਕਮਿਊਨਿਸਟ ਵੀ ਸੀ। ਪਰ ਉਸ ਨੇ ਅਕਤੂਬਰ ਕ੍ਰਾਂਤੀ ਦਾ ਨਿਰਪੱਖ ਹੋ ਕੇ ਇਸ ਦੀਆਂ ਕਾਮਯਾਬੀਆਂ-ਨਾਕਾਮਯਾਬੀਆਂ, ਗੁਣਾਂ-ਖਾਮੀਆਂ ਨੂੰ ਪੂਰੀ ਬੇਬਾਕੀ ਨਾਲ ਕਲਮਬੰਦ ਕੀਤਾ ਹੈ। ਇਸ ਲੇਖਕ ਨੇ ਅਕਤੂਬਰ ਕ੍ਰਾਂਤੀ ਨੂੰ ਨਾ ਸਿਰਫ ਨੇੜਿਓਂ ਵਾਚਿਆ, ਸਗੋਂ ਉਸ ਦਾ ਅੰਗ ਵੀ ਬਣਿਆ ਤੇ ਉਸ ਦੇ ਸਾਕਾਰਾਤਮਿਕ ਤੇ ਨਕਾਰਾਤਮਿਕ ਸਿੱਟਿਆਂ ਨੂੰ ਹੰਢਾਇਆ ਵੀ। ਉਸ ਨੇ ਇਸ ਕ੍ਰਾਂਤੀ ਨਾਲ ਜੁੜੀਆਂ ਦੁਰਲੱਭ ਘਟਨਾਵਾਂ ਅਤੇ ਸੰਗਠਨਾਤਮਿਕ ਤਰੁਟੀਆਂ ਤੇ ਇਨਕਲਾਬੀ ਨੇਤਾਵਾਂ ਦੀਆਂ ਚਾਲਾਂ-ਕੁਚਾਲਾਂ ਦਾ ਵੀ ਪੋਸਟਮਾਰਟਮ ਕੀਤਾ ਹੈ। ਹਥਲੀ ਪੁਸਤਕ ਵਰਗੀ ਬੇਬਾਕ, ਨਿਧੜਕ ਤੇ ਪੁਖਤਾ ਕਿਰਤ ਦੀ ਪੱਤਰਕਾਰੀ ਦੀ ਦੁਨੀਆ ਵਿਚ ਹੋਰ ਮਿਸਾਲ ਨਹੀਂ ਲੱਭਦੀ। ਰਿਪੋਤਾਰਜ ਸ਼ੈਲੀ ਵਿਚ ਘਟਨਾਵਾਂ ਅਤੇ ਉਸ ਦੇ ਪਿਛੋਕੜ ਦੀ ਸੂਖ਼ਮ ਜਾਣਕਾਰੀ, ਮਿਤੀ ਮੁਤਾਬਿਕ ਪੜਾਅ ਦਰ ਪੜਾਅ ਵੇਰਵੇ, ਪਾਤਰਾਂ ਦੀ ਸੋਚ, ਮਾਨਸਿਕਤਾ, ਕਾਰਜਸ਼ੈਲੀ ਦਾ ਵੇਰਵਾ, ਸੰਗਠਨਾਤਮਿਕ ਦ੍ਰਿੜ੍ਹਤਾ, ਸਮਰਪਣ ਦੀ ਭਾਵਨਾ, ਕ੍ਰਾਂਤੀ ਪ੍ਰਤੀ ਪ੍ਰਤੀਬੱਧਤਾ ਦਾ ਜਿਊਂਦਾ-ਜਾਗਦਾ ਚਿਤਰਨ ਮਿਲਦਾ ਹੈ। ਇਸੇ ਕਰਕੇ ਇਹ ਪੁਸਤਕ ਇਕੋ ਸਮੇਂ ਰਿਪੋਤਾਰਜ ਵੀ ਹੈ ਤੇ ਇਸ ਵਿਚ ਨਾਵਲ ਵਰਗੀ ਰੌਚਕ ਕਹਾਣੀ ਰਵਾਨੀ ਵੀ ਹੈ। ਨਾਟਕੀ ਘਟਨਾਕ੍ਰਮ ਵੀ ਹਨ। ਸੂਚਨਾਵਾਂ ਅਤੇ ਵਿਚਾਰਧਾਰਕ ਪ੍ਰਵਾਹ ਵੀ ਹੈ। ਜਾਹਨ ਰੀਡ ਦੀ ਇਸ ਪੁਸਤਕ ਨੇ ਸੰਸਾਰ ਭਰ ਵਿਚ ਅਣਗਿਣਤ ਇਨਕਲਾਬੀ ਪੈਦਾ ਕਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ। ਕੇ. ਐਲ. ਗਰਗ ਵਲੋਂ ਕੀਤਾ ਪੰਜਾਬੀ ਅਨੁਵਾਦ ਅਰਥ ਸੰਚਾਰ ਦੇ ਪ੍ਰਵਾਹ ਨੂੰ ਬਣਾਈ ਰੱਖਦਾ ਹੈ, ਪਾਠਕ ਇਸ ਨੂੰ ਮੂਲ ਪੰਜਾਬੀ ਪੁਸਤਕ ਵਾਂਗ ਪੜ੍ਹਦਾ ਤੇ ਮਾਣਦਾ ਜਾਂਦਾ ਹੈ।


ਡਾ. ਧਰਮ ਪਾਲ ਸਾਹਿਲ
ਮੋ: 98761-56964.
c c c


ਘੜੇ ਦੀ ਮੱਛੀ
ਲੇਖਿਕਾ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 289
ਸੰਪਰਕ : 95019-80201.


ਰਾਜਬੀਰ ਰੰਧਾਵਾ ਬਹੁ-ਵਿਧਾਈ ਲੇਖਿਕਾ ਹੈ ਜਿਸ ਨੇ ਪੰਜਾਬੀ ਸਾਹਿਤ ਵਿਚ ਕਵਿਤਾ, ਕਹਾਣੀਆਂ, ਨਾਵਲ, ਸਫ਼ਰਨਾਮਾ ਅਤੇ ਸਵੈ-ਜੀਵਨੀ ਲਿਖ ਕੇ ਚੰਗਾ ਨਾਮਣਾ ਖੱਟਿਆ ਹੈ।
'ਘੜੇ ਦੀ ਮੱਛੀ' ਉਸ ਦੀ ਸਵੈ-ਜੀਵਨੀ ਹੈ ਜਿਸ ਵਿਚ ਉਸ ਨੇ ਔਰਤ ਨੂੰ ਘੜੇ ਦੀ ਮੱਛੀ ਦੇ ਪ੍ਰਤੀਕ ਵਜੋਂ ਉਭਾਰਿਆ ਹੈ। ਇਸ ਸਵੈ-ਜੀਵਨੀ ਵਿਚਲੀ ਔਰਤ ਪੜ੍ਹੀ-ਲਿਖੇ, ਬਾਰੁਜ਼ਗਾਰ ਤੇ ਸੁੰਦਰ ਹੋਣ ਦੇ ਬਾਵਜੂਦ ਮਰਦ-ਸ਼ਾਵਨਵਾਦ ਦਾ ਸ਼ਿਕਾਰ ਹੈ। ਘੜੇ ਦੀ ਮੱਛੀ ਵਾਂਗ ਉਸ ਦਾ ਨਿੱਜੀ ਜੀਵਨ ਸੀਮਤ ਘੇਰਿਆਂ ਵਿਚ ਘਿਰਿਆ ਹੋਇਆ ਹੈ। ਉਸ ਨੂੰ ਟੀ.ਵੀ. ਤੱਕ ਦੇਖਣ ਦੀ ਮਨਾਹੀ ਹੈ। ਦੂਸਰੇ ਮਰਦਾਂ ਨਾਲ ਗੱਲਬਾਤ ਕਰਨ 'ਤੇ ਰੋਕ ਹੈ। ਹੋਰ ਤਾਂ ਹੋਰ ਉਸ ਨੂੰ ਆਪਣੇ ਦਿਲ ਦੇ ਜਜ਼ਬੇ ਸਾਹਿਤ ਵਿਚ ਪ੍ਰਗਟ ਕਰਨ 'ਤੇ ਵੀ ਬੰਦਿਸ਼ਾਂ ਹਨ। ਅੱਗੋਂ ਸਿਤਮ ਇਹ ਕਿ ਉਹ ਆਪਣੇ ਖਾਵੰਦ ਤੋਂ ਵਾਰ-ਵਾਰ ਕੁੱਟ ਖਾਂਦੀ ਤੇ ਉਸ ਦੇ ਜ਼ੁਲਮ ਸਹਿੰਦੀ ਹੋਈ ਵੀ ਉਸ ਨੂੰ ਆਪਣੇ ਸਿਰ ਦਾ ਸਾਈਂ ਸਮਝਣ ਤੇ ਉਸ ਨੂੰ ਪਿਆਰ ਕਰਨ ਲਈ ਮਜਬੂਰ ਹੈ। ਇਸ ਕੁੱਟਮਾਰ ਦੇ ਸਤੇ ਤੇ ਸਹਿਮੇ ਹੋਏ ਬੱਚੇ ਨਸ਼ੇ 'ਤੇ ਲੱਗ ਜਾਂਦੇ ਹਨ। ਪਰ ਫਿਰ ਵੀ ਰੰਧਾਵਾ ਆਪਣੀ ਹਿੰਮਤ ਤੇ ਤਾਕਤ ਨਾਲ ਘਰ ਨੂੰ ਬੰਨ੍ਹਿਆ ਰੱਖਣ ਦੀ ਭਰਪੂਰ ਕੋਸ਼ਿਸ਼ ਕਰਦੀ ਹੈ। ਆਪਣੇ ਬੱਚਿਆਂ ਨੂੰ ਸਹੀ ਰਾਹ 'ਤੇ ਪਾਉਂਦੀ ਹੈ ਤੇ ਜ਼ਿੰਦਗੀ ਵਿਚ ਸਿਰ ਉੱਚਾ ਕਰਕੇ ਤੁਰਨ ਦੇ ਕਾਬਲ ਬਣਾਉਂਦੀ ਹੈ। ਕੈਂਸਰ ਨਾਲ ਜੂਝਦੀ ਹੋਈ ਵੀ ਡਿਗ ਰਹੇ ਘਰ ਦੀ ਸਾਖ਼ ਸੰਭਾਲਦੀ ਹੈ। ਚੰਗੀ ਲੇਖਿਕਾ ਬਣਦੀ ਹੈ ਤੇ ਆਪਣੇ ਘਰ-ਬਾਰ ਨੂੰ ਸੰਭਾਲਦੀ ਹੋਈ, ਸਮਾਜ ਵਿਚ ਆਪਣੀ ਨਿਵੇਕਲੀ ਥਾਂ ਬਣਾਉਂਦੀ ਹੈ। ਜ਼ਿੰਦਗੀ ਦੀ ਕੁੜੱਤਣ ਦਾ ਜਿਸ ਬੇਬਾਕੀ ਅਤੇ ਬੇਰਹਿਮੀ ਨਾਲ ਬਿਰਤਾਂਤ ਪੇਸ਼ ਕੀਤਾ ਹੈ, ਉਹ ਘੱਟ ਹੀ ਔਰਤਾਂ ਦੇ ਹਿੱਸੇ ਆਉਂਦਾ ਹੈ। ਉਸ ਕੋਲ ਸੁਹੱਪਣ ਹੈ, ਜਜ਼ਬੇ ਹਨ, ਧੜਕਦਾ ਦਿਲ ਹੈ ਤੇ ਪਿਆਰ ਦੀ ਭਾਸ਼ਾ ਹੈ। ਏਨੇ ਦੁੱਖ, ਸੰਤਾਪ ਤੇ ਕਸ਼ਟ ਝੱਲਦੀ ਹੋਈ ਵੀ ਉਹ ਕਿਤੇ ਵੀ ਕਿਸੇ ਦੇ ਤਰਸ ਦਾ ਪਾਤਰ ਨਹੀਂ ਬਣਦੀ। ਡਟ ਕੇ ਜ਼ਿੰਦਗੀ ਜਿਊਂਦੀ ਹੈ। ਕਿਤਾਬ ਬਹੁਤ ਦਿਲਚਸਪ ਹੈ।


ਕੇ. ਐਲ. ਗਰਗ
ਮੋ: 94635-37050


ਨਵਾਂ ਵਿਗਿਆਨ
ਵਰਤਮਾਨ ਅਤੇ ਭਵਿੱਖ

ਲੇਖਕ : ਡਾ. ਕੁਲਦੀਪ ਸਿੰਘ ਧੀਰ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਫਰੀਦਕੋਟ)
ਮੁੱਲ : 150 ਰੁਪਏ, ਸਫ਼ੇ : 128
ਸੰਪਰਕ: 94635-37050


ਚਰਚਾ ਅਧੀਨ ਪੁਸਤਕ ਡਾ. ਕੁਲਦੀਪ ਸਿੰਘ ਧੀਰ ਦਾ ਨਵੀਆਂ ਵਿਗਿਆਨਕ ਜਾਣਕਾਰੀਆਂ ਭਰਪੂਰ ਇਕ ਨਿਬੰਧ ਸੰਗ੍ਰਹਿ ਹੈ। ਇਸ ਪੁਸਤਕ ਵਿਚ ਅਠਾਰਾਂ ਵਿਗਿਆਨਕ ਨਿਬੰਧ ਸ਼ਾਮਿਲ ਕੀਤੇ ਗਏ ਹਨ। ਨਿਬੰਧਾਂ ਦੇ ਮੁੱਖ ਵਿਸ਼ੇ ਹਨ ਪ੍ਰਕਾਸ਼ ਆਧਾਰਿਤ ਤਕਨਾਲੋਜੀ, ਸਾਗਰਾਂ ਦੇ ਪਾਣੀ ਦਾ ਚੜ੍ਹਨਾ, ਬੰਬ ਬਾਰੂਦ ਅਤੇ ਰੋਟੀ, ਕ੍ਰਿਸਟਲੋਗ੍ਰਾਫ਼ੀ, ਬੰਬਾਂ ਤੋਂ ਬਿਜਲੀ, ਭਾਰਤ ਵਿਚ ਪੌਣ ਊਰਜਾ ਦਾ ਭਵਿੱਖ, ਫ਼ਸਲੀ ਰਹਿੰਦ-ਖੂੰਹਦ ਤੋਂ ਬਿਜਲੀ, ਮਨੁੱਖ ਦਾ ਭੂਤ, ਭਵਿੱਖ ਅਤੇ ਭਵਾਨ, ਜੀ.ਐਮ ਤੇ ਬੀ.ਟੀ ਫ਼ਸਲਾਂ ਬਾਰੇ ਵਿਵਾਦ, ਪ੍ਰਦੂਸ਼ਿਤ ਹੋਈ ਜਮਨਾ, ਡਾਰਵਿਨ ਦੇ ਵਿਕਾਸ ਸਿਧਾਂਤ 'ਤੇ ਬੇਲੋੜਾ ਰੌਲਾ, ਬਲੈਕਹੋਲ, ਸਟਾਰਸ਼ਿਪ ਦਾ ਯਥਾਰਥ, ਮੰਗਲ 'ਤੇ ਮਨੁੱਖੀ ਬਸਤੀ ਬਣਾਉਣ ਦਾ ਸੁਪਨਾ, ਵੱਡੇ ਗੈਸੀ ਗ੍ਰਹਿ, ਪੂਛਲ ਤਾਰੇ ਅਤੇ ਉਨ੍ਹਾਂ ਤੋਂ ਪਾਰ, ਸੂਰਜੀ ਊਰਜਾ : ਬੜੂ ਸਾਹਿਬ ਅਤੇ ਝਾੜਖੰਡ ਵਿਚ ਸੁਝਾਇਆ 'ਵਾਟਰ ਹਾਰਵੈਸਟਿੰਗ' ਦਾ ਮਸ਼ਵਰਾ ਜੇ ਆਮ ਘਰਾਂ ਵਿਚ ਅਜ਼ਮਾ ਕੇ ਦੇਖਿਆ ਜਾਵੇ ਤਾਂ ਕੀ ਹਰਜ ਹੈ? ਆਉਣ ਵਾਲਾ ਸਮਾਂ ਮਸਨੂਈ ਬੁੱਧੀ ਨੂੰ ਮਨੁੱਖੀ ਬੁੱਧੀ ਤੋਂ ਅੱਗੇ ਲਿਜਾਣ ਦੀ ਦੌੜ ਦੌੜ ਰਿਹਾ ਹੈ। ਸਵੈ-ਚਲਤ ਰੋਬੋਟ ਆਪਣੇ ਫ਼ੈਸਲੇ ਆਪ ਲੈਣ ਦੇ ਸਮਰੱਥ ਹੋਣ ਵਾਲੇ ਹਨ। ਅੱਗੇ ਕੁਆਂਟਮ ਕੰਪਿਊਟਰ ਦਾ ਯੁੱਗ ਆ ਰਿਹਾ ਹੈ। ਬੜਾ ਕੁਝ ਹੋਰ ਹੋਣ ਵਾਲਾ ਹੈ। ਪੰਜਾਬੀ ਜ਼ਬਾਨ ਵਿਚ ਤਾਜ਼ਾ-ਤਰੀਨ ਜਾਣਕਾਰੀ ਦੇਣ ਵਾਲੇ ਵਿਗਿਆਨਕ ਵਿਸ਼ਿਆਂ 'ਤੇ ਨਿਰੰਤਰ ਲਿਖਣ ਵਾਲੇ ਡਾ. ਧੀਰ ਨੇ ਪਹਿਲਾਂ ਵਾਂਗ ਹੀ, ਇਸ ਪੁਸਤਕ ਵਿਚ ਵੀ ਪੰਜਾਬੀ ਪਾਠਕਾਂ ਨੂੰ ਵੱਖੋ-ਵੱਖਰੇ ਖੇਤਰਾਂ ਵਿਚ ਹੁਣ ਤੱਕ ਹੋਏ ਖੋਜ ਅਧਿਐਨ ਨਾਲ ਜੋੜਿਆ ਹੈ। ਇਹ ਪੁਸਤਕ ਸਾਂਭਣਯੋਗ ਹੈ। ਡਾ. ਧੀਰ ਦੇ ਅਚਾਨਕ ਅਕਾਲ ਚਲਾਣੇ ਕਾਰਨ ਪੰਜਾਬੀ ਵਿਚ ਵਿਗਿਆਨ ਸਾਹਿਤ ਨੂੰ ਬੜਾ ਵੱਡਾ ਘਾਟਾ ਪਿਆ ਹੈ।


ਪ੍ਰਿੰ: ਹਰੀ ਕ੍ਰਿਸ਼ਨ ਮਾਇਰ
ਮੋ: 97806-67686
c c c


ਚੂੜੀਆਂ

ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਨ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 99151-03490.


ਸਾਹਿਤ ਨੂੰ ਸਮਾਜ ਦਾ ਅਕਸ ਕਿਹਾ ਜਾਂਦਾ ਹੈ। ਸਮਾਜ ਵਿਚ ਵਾਪਰਦੀਆਂ ਘਟਨਾਵਾਂ ਨੂੰ ਹੀ ਆਮ ਤੌਰ 'ਤੇ ਸਾਹਿਤ ਵਿਚ ਪੇਸ਼ ਕੀਤਾ ਜਾਂਦਾ ਹੈ। ਸਾਹਿਤ ਵਿਚ ਕਹਾਣੀ ਵਿਧਾ ਦਾ ਆਪਣਾ ਨਿਵੇਕਲਾ ਰੰਗ ਹੈ। 17 ਕਹਾਣੀਆਂ ਵਾਲੇ ਇਸ ਕਹਾਣੀ ਸੰਗ੍ਰਹਿ ਵਿਚ ਵੱਖੋ-ਵੱਖਰੇ ਰੰਗ ਦੀਆਂ ਕਹਾਣੀਆਂ ਹਨ ਜਿਹੜੀਆਂ ਕਿ ਸਮਾਜਿਕ ਵਿਸ਼ਿਆਂ ਨਾਲ ਜੁੜੀਆਂ ਹੋਈਆਂ ਹਨ। ਸਰਲ ਸਾਧਾਰਨ ਵਿਸ਼ਿਆਂ ਵਾਲੀਆਂ ਇਨ੍ਹਾਂ ਕਹਾਣੀਆਂ ਦਾ ਨਿਭਾਅ ਗੰਭੀਰਤਾ ਨਾਲ ਕੀਤਾ ਹੈ। ਜ਼ਿੰਦਗੀ ਵਿਚ ਆਪਣਿਆਂ ਦੁਆਰਾ ਕੀਤੀ ਬੇਕਦਰੀ ਕਿਸ ਪ੍ਰਕਾਰ ਜਜ਼ਬਾਤਾਂ ਨੂੰ ਬਰਫ ਵਾਂਗ ਜਮਾ ਦਿੰਦੀ ਹੈ ਇਸ ਨੂੰ ਕਹਾਣੀ ਬਰਫ ਦੀ ਸਿੱਲ ਵਿਚ ਪੇਸ਼ ਕੀਤਾ ਗਿਆ ਹੈ। ਕਹਾਣੀ ਚੂੜੀਆਂ ਇਕ ਔਰਤ ਦੇ ਆਪਣੇ ਸਵੈਮਾਣ ਸਬੰਧੀ ਲਏ ਫ਼ੈਸਲੇ ਦੀ ਕਹਾਣੀ ਹੈ ਜਿਸ ਵਿਚ ਉਹ ਆਪਣੀਆਂ ਚੂੜੀਆਂ ਦੇ ਬਿਗਾਨੇ ਹੋਣ ਦਾ ਪਤਾ ਲੱਗਣ 'ਤੇ ਉਨ੍ਹਾਂ ਨੂੰ ਉਤਾਰ ਆਪਣੇ ਸਵੈਮਾਣ ਨੂੰ ਕਾਇਮ ਰੱਖਦੀ ਹੈ। ਆਪਸੀ ਭਾਈਚਾਰਾ, ਸਾਂਝ, ਅਪਣੱਤ ਤੋਂ ਵੱਧ ਖੂਬਸੂਰਤ ਕੁਝ ਨਹੀਂ ਹੁੰਦਾ, ਇਸ ਨੂੰ ਕਹਾਣੀ 'ਖੂਬਸੂਰਤ ਮੁਹੱਲਾ' ਵਿਚ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਫੋਕੀ ਸ਼ਾਨੋ-ਸ਼ੌਕਤ ਦੀ ਥਾਂ ਆਪਸੀ ਪਿਆਰ ਅਤੇ ਸਹਿਯੋਗ ਨੂੰ ਦੇਖ ਮਿਸਿਜ਼ ਸ਼ਰਮਾ ਉਸੇ ਮੁਹੱਲੇ ਵਿਚ ਰਹਿਣ ਦਾ ਫ਼ੈਸਲਾ ਕਰਦੀ ਹੈ, ਜਿਸ ਨੂੰ ਉਹ ਨਾਪਸੰਦ ਕਰਦੀ ਹੈ। ਕਹਾਣੀ ਜੀਂਦੇ ਜਾਗਦੇ ਲੋਕ ਹੋਵੇ ਜਾਂ ਮਿੱਟੀ ਦਾ ਮੋਹ ਹਰ ਵਿਸ਼ਾ ਆਪਣੀ ਬੌਧਿਕਤਾ ਅਤੇ ਸਾਦਗੀ ਸਦਕਾ ਵੱਖਰਤਾ ਦੀ ਲਖਾਇਕ ਹੈ। ਕਹਾਣੀ ਮਨ ਦਾ ਬੋਝ ਦਾ ਵਿਸ਼ਾ ਸੰਵੇਦਨਸ਼ੀਲਤਾ ਵਾਲਾ ਹੈ ਪਰ ਇਸ ਦਾ ਨਿਭਾਅ ਓਨਾ ਨਹੀਂ ਹੋ ਸਕਿਆ ਜਿੰਨਾ ਹੋਣਾ ਚਾਹੀਦਾ ਸੀ। ਕਿਤਾਬ ਦਾ ਮਰਸੀਆਂ ਕਹਾਣੀ ਸਾਹਿਤ ਦੀ ਹੋ ਰਹੀ ਬੇਕਦਰੀ ਨੂੰ ਬਾਖੂਬੀ ਪੇਸ਼ ਕਰਦੀ ਹੈ। ਕਹਾਣੀਆਂ ਪੜ੍ਹਦਿਆਂ ਪਾਠਕ ਦੀ ਰੌਚਕਤਾ ਅਤੇ ਉਤਸੁਕਤਾ ਬਣੀ ਰਹਿੰਦੀ ਹੈ। ਸਹਿਜ ਤੋਰ ਤੁਰਦੀਆਂ ਇਨ੍ਹਾਂ ਕਹਾਣੀਆਂ ਵਿਚ ਸੰਖੇਪਤਾ ਦਾ ਗੁਣ ਨਜ਼ਰੀ ਪੈਂਦਾ ਹੈ।


ਸੁਖਪਾਲ ਕੌਰ ਸਮਰਾਲਾ
ਮੋ: 83606-83823.


ਪਹਿਲਾ ਸਿੱਖ ਬਾਦਸ਼ਾਹ ਬੰਦਾ ਸਿੰਘ ਬਹਾਦਰ
ਸੰਪਾਦਕ : ਡਾ. ਕੀਰਤ ਸਿੰਘ ਇਨਕਲਾਬੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 695 ਰੁਪਏ, ਸਫ਼ੇ 504
ਸੰਪਰਕ : 0172-4027552.


ਵੱਡਅਕਾਰੀ ਹਥਲੀ ਪੁਸਤਕ ਵਿਚ ਸੰਪਾਦਕ ਲੇਖਕ ਨੇ ਬੰਦਾ ਸਿੰਘ ਬਹਾਦਰ ਸਬੰਧੀ 53 ਲੇਖ ਪ੍ਰਸਿੱਧ ਨਾਮਵਰ ਵਿਦਵਾਨਾਂ ਦੇ ਸ਼ਾਮਿਲ ਕੀਤੇ ਹਨ। ਅਵਤਾਰ ਸਿੰਘ ਮੱਕੜ ਅਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਡਾ. ਗੰਡਾ ਸਿੰਘ, ਡਾ. ਜਸਬੀਰ ਸਿੰਘ ਸਰਨਾ, ਡਾ. ਹਰਬੰਸ ਸਿੰਘ ਚਾਵਲਾ, ਗਿ: ਸੋਹਣ ਸਿੰਘ ਸੀਤਲ, ਡਾ. ਪਰਮਵੀਰ ਸਿੰਘ, ਡਾ. ਅਮਰਜੀਤ ਸਿੰਘ, ਸ: ਸਿਮਰਜੀਤ ਕੌਰ, ਡਾ. ਧਰਮ ਸਿੰਘ, ਬੀਬੀ ਮਨਮੋਹਣ ਕੌਰ, ਡਾ. ਦਰਸ਼ਨਜੋਤ ਕੌਰ ਦੇ ਲੇਖਾਂ ਤੋਂ ਇਲਾਵਾ 38 ਲੇਖ ਹੋਰ ਸੁਗੜ ਸਿਆਣੇ ਵਿਦਵਾਨਾਂ ਦੇ ਹਨ। ਇਨ੍ਹਾਂ ਵਿੱਚ ਅੱਠ ਇਸਤਰੀ ਲੇਖਕਾਂ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਅਸਲ ਵਿਚ ਡਾ. ਕੀਰਤ ਸਿੰਘ ਇਨਕਲਾਬੀ ਦੀ ਮਿਹਨਤ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਮਰਪਿਤ ਭਾਵਨਾ ਇਕਾਈ ਪੱਧਰ 'ਤੇ ਵੀ ਪ੍ਰਗਟ ਹੁੰਦੀ ਹੈ।
ਬੰਦਾ ਸਿੰਘ ਬਹਾਦਰ ਪੰਜਾਬ ਦੇ ਇਤਿਹਾਸ ਵਿਚ ਇਕ ਮਹਾਨ ਜਰਨੈਲ, ਨਿਡਰ ਸੈਨਾਪਤੀ ਤੇ ਸਿੱਖ ਧਰਮ ਰਾਜ ਦੇ ਸੰਸਥਾਪਕ ਵਜੋਂ ਉੱਭਰਿਆ। ਜਿਸ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਹਿਮਤ ਸਦਕਾ, ਹੁਕਮ ਦੀ ਪਾਲਣਾ ਕਰਦੇ ਹੋਏ, ਜ਼ਾਲਮਾਂ ਨੂੰ ਸੋਧ ਕੇ ਸਿੱਖ ਰਾਜ ਦਾ ਪਹਿਲਾ ਹੁਕਮਰਾਨ ਹੋਣ ਦਾ ਮਾਣ ਪ੍ਰਾਪਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਬੰਦੇ ਨੂੰ ਅੰਮ੍ਰਿਤ ਛਕਾ, ਪੂਰਾ ਸਿੰਘ ਸਜਾ ਕੇ ਸਦੀਆਂ ਤੋਂ ਢਾਹੇ ਜਾ ਰਹੇ ਅਨਿਆਂ ਵਿਰੁੱਧ ਧਰਮ ਯੁੱਧ ਲਈ ਪੰਜਾਬ ਭੇਜਿਆ। ਤੋਰਨ ਤੋਂ ਪਹਿਲਾਂ ਇਹ ਵੀ ਨਸੀਹਤ ਕੀਤੀ ਕਿ ਜੋ ਪੰਜ ਸਿੰਘ ਜਾ ਰਹੇ ਹਨ ਇਨ੍ਹਾਂ ਦੀ ਤਾਬਿਆ ਰਹਿਣਾ ਅਤੇ ਫ਼ੈਸਲਾ ਗੁਰਮਤੇ ਦੀ ਰੌਸ਼ਨੀ ਵਿਚ ਕਰਨਾ। ਬੰਦਾ ਬਹਾਦਰ ਨੂੰ ਗੁਰੂ ਸਾਹਿਬ ਨੇ ਪੰਜ ਤੀਰ ਬਖਸ਼ੇ, ਇਕ ਨਿਸ਼ਾਨ ਨਗਾਰਾ ਤੇ ਸਿੱਖਾਂ ਦੇ ਨਾਂਅ ਹੁਕਮਨਾਮੇ ਦਿੱਤੇ। ਬੰਦਾ ਬਹਾਦਰ ਇਕ ਲਾਸਾਨੀ ਸੂਰਮਾ ਹੀ ਨਹੀਂ ਸਗੋਂ ਭਾਰਤ ਦੇ ਇਤਿਹਾਸ ਦਾ ਨਿਪੁੰਨ ਹੁਕਮਰਾਨ ਵੀ ਸੀ। ਜਿਸ ਨੂੰ ਆਪਣੀ ਜਨਤਾ ਨੇ ਰੱਜ ਕੇ ਪਿਆਰ ਦਿੱਤਾ। ਸਦੀਆਂ ਤੋਂ ਆ ਰਹੇ ਜਗੀਰਦਾਰੀ ਪ੍ਰਬੰਧ ਨੂੰ ਖ਼ਤਮ ਕਰਕੇ ਪੰਜਾਬ ਦੇ ਬਹਾਦਰ ਹੱਲਵਾਹਕ ਕਿਸਾਨਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ। ਹਰੇ ਇਨਕਲਾਬ ਦੀ ਨੀਂਹ ਬੰਦਾ ਬਹਾਦਰ ਦੀ ਦੇਣ ਹੈ। ਇਹ ਜਰਨੈਲ ਸੰਸਾਰ ਦੇ ਮਹਾਨ ਸਿਕੰਦਰ, ਨੈਪੋਲੀਅਨ, ਬੋਨਾਪੋਰਟ ਦੀ ਕਤਾਰ ਵਿਚ ਆਉਂਦਾ ਹੈ।
ਗੁਰੂ ਜੀ ਵਲੋਂ ਬੰਦਾ ਬਹਾਦਰ ਤੇ ਸਾਥੀਆਂ ਨੂੰ ਥਾਪੜਾ ਦੇ ਪੰਜਾਬ ਵੱਲ ਤੋਰਨ ਦਾ ਮੁੱਖ ਮੰਤਵ ਉਸ ਸਮੇਂ ਦੇ ਇਕ ਕੇਂਦ੍ਰਿਤ ਰਾਜ ਨੂੰ ਖ਼ਤਮ ਕਰਕੇ ਸਿੱਖੀ ਸਿਧਾਂਤਾਂ ਦੇ ਆਧਾਰਿਤ ਬਹੁ-ਕੇਂਦ੍ਰਿਤ ਲੋਕ ਰਾਜ ਸਥਾਪਤ ਕਰਨਾ ਸੀ। ਸੰਸਾਰ ਦਾ ਇਤਿਹਾਸ ਦੱਸਦਾ ਹੈ ਕਿ ਯੂਰਪ ਵਿਚ ਸੰਨ 1847 ਈ: ਵਿਚ ਫਰਾਂਸ ਦਾ ਇਨਕਲਾਬ ਹੋਂਦ ਵਿਚ ਆਇਆ। ਪਰ ਇਸ ਦਾ ਭੋਗ ਦੋ ਤਿੰਨ ਮਹੀਨਿਆਂ ਵਿਚ ਪੈ ਗਿਆ। ਮੁੱਖ ਕਾਰਨ ਕਿਸਾਨ ਹਲਵਾਹਕਾਂ ਦੀ ਸਾਰ ਨਹੀਂ ਸੀ ਲਈ ਗਈ। ਦੂਜਾ ਕਮਿਊਨਿਸਟ ਇਨਕਲਾਬ ਮਾਰਕਸ ਅਤੇ ਏਂਗਲਸ ਦੇ ਸਿਧਾਤਾਂ (ਕਮਿਊਨਿਸ਼ਟ ਮੈਨੀਫੈਸਟੋ ਦੇ ਆਧਾਰ) 'ਤੇ 20ਵੀਂ ਦੇ ਦੂਜੇ ਦਹਾਕੇ ਵਿਚ ਰੂਸ ਅੰਦਰ ਲੈਨਿਨ ਦੀ ਅਗਵਾਈ ਵਿਚ ਵਾਪਰਿਆ। ਉਨ੍ਹਾਂ ਸਾਰੇ ਪੈਦਾਵਾਰੀ ਸੋਮੇ ਸਾਂਝੇ ਕਰ ਦਿੱਤੇ। ਰੂਸ ਭੁੱਖਾ ਮਰਨ ਲੱਗਾ। ਕਮਿਊਨਿਸਟ ਚੀਨ ਨੇ ਰੂਸ ਦੀ ਤਬਾਹੀ ਨੂੰ ਅੱਖੀਂ ਵੇਖਿਆ। ਚੀਨ ਨੇ ਬੰਦਾ ਬਹਾਦਰ ਦੇ ਜ਼ਮੀਨੀ ਨਿਜਾਮ ਨੂੰ ਅਪਣਾ ਕੇ ਕਿਸਾਨਾਂ ਨੂੰ ਜ਼ਮੀਨੀ ਮਾਲਕੀ ਅਧਿਕਾਰ ਦੇ ਦਿੱਤੇ। ਚੀਨ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉੱਭਰਿਆ। ਪੁਸਤਕ ਵਿਚ ਬੰਦਾ ਬਹਾਦਰ ਵਲੋਂ 1710 ਵਿਚ ਚੱਪੜਚਿੜੀ ਦੇ ਮੈਦਾਨ ਵਿਚ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਨ ਤੇ ਸਿੱਖ ਸ਼ਕਤੀ ਦੇ ਅਹਿਸਾਸ ਨੂੰ ਭਲੀ ਭਾਂਤ ਅੰਕਿਤ ਕੀਤਾ ਹੈ।


ਦਿਲਜੀਤ ਸਿੰਘ ਬੇਦੀ
ਮੋ: 98148-98570
c c c


ਪਲੇਗ
ਲੇਖਕ : ਅਲਬਰਟ ਕਾਮੂ
ਅਨੁਵਾਦਕ : ਡਾ. ਗੁਰਮੀਤ ਸਿੰਘ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 325 ਰੁਪਏ, ਸਫ਼ੇ : 324
ਸੰਪਰਕ : 94638-36591.


ਵਿਸ਼ਵ ਪ੍ਰਸਿੱਧ ਪੱਤਰਕਾਰ, ਸਾਹਿਤਕਾਰ, ਕਲਾਕਾਰ, ਫਿਲਾਸਫ਼ਰ, ਨੋਬਲ ਇਨਾਮ ਜੇਤੂ ਐਲਬਰਟ ਕਾਮੂ ਦਾ ਇਹ ਨਾਵਲ ਉਸ ਦੀ ਸਾਹਿਤਕ ਸਵੈ-ਜੀਵਨੀ ਹੈ। ਇਸ ਵਿਚ ਜੀਵਨ ਦੀ ਕਹਾਣੀ ਨੂੰ ਮੌਤ ਦੇ ਬਿਰਤਾਂਤ ਵਿਚ ਪੇਸ਼ ਕੀਤਾ ਗਿਆ ਹੈ। ਇਹ ਨਾਵਲ ਦੂਜੀ ਸੰਸਾਰ ਜੰਗ ਤੋਂ ਪਿੱਛੋਂ ਲਿਖਿਆ ਗਿਆ ਸੀ। ਇਸ ਵਿਚ ਜੰਗ ਅਤੇ ਮਹਾਂਮਾਰੀ ਪਲੇਗ ਦੇ ਭਿਆਨਕ ਦੌਰ ਦਾ ਦਿਲ ਟੁੰਬਵਾਂ ਚਿਤਰਨ ਹੈ। ਨਾਵਲ ਦਾ ਮੁੱਖ ਪਾਤਰ ਡਾ. ਰੀਯੂ ਪਲੇਗ ਦੇ ਮਰੀਜ਼ਾਂ ਦੇ ਇਲਾਜ ਵਿਚ ਰੁੱਝਿਆ ਰਹਿੰਦਾ ਹੈ ਅਤੇ ਆਪਣੀ ਪਤਨੀ ਦਾ ਖਿਆਲ ਨਹੀਂ ਰੱਖ ਸਕਦਾ। ਇੰਜ ਹੀ ਪੱਤਰਕਾਰ ਰਾਮਬਰਡ ਓਰਾਨ ਸ਼ਹਿਰ ਵਿਚ ਪਲੇਗ ਦੀ ਬਿਮਾਰੀ ਕਰਕੇ ਘਿਰ ਜਾਂਦਾ ਹੈ ਪ੍ਰੰਤੂ ਆਪਣੀ ਪਤਨੀ ਨੂੰ ਮਿਲਣ ਦੇ ਯਤਨ ਕਰਦਾ ਹੈ, ਉਹ ਪ੍ਰੇਮ ਲਈ ਮੌਤ ਨੂੰ ਵੀ ਤਰਜੀਹ ਦਿੰਦਾ ਹੈ। ਇਨ੍ਹਾਂ ਪਾਤਰਾਂ ਦੀਆਂ ਮਾਵਾਂ ਉਨ੍ਹਾਂ ਦਾ ਖਿਆਲ ਰੱਖਦੀਆਂ ਹਨ। ਨਾਵਲ ਦਾ ਇਕ ਪਾਤਰ ਤਾਰੋ ਪਲੇਗ ਨਾਲ ਲੜਨ ਦਾ ਮਨ ਬਣਾ ਕੇ ਸਿਹਤ ਮਹਿਕਮੇ ਦੀ ਮਦਦ ਲਈ ਜਾਂਦਾ ਹੈ। ਡਾਕਟਰ ਉਸ ਨੂੰ ਦੱਸਦਾ ਹੈ ਕਿ ਇਸ ਕੰਮ ਵਿਚ ਜਾਨ ਵੀ ਜਾ ਸਕਦੀ ਹੈ। ਪਰ ਤਾਰੋ ਡਰਨ ਦੀ ਬਜਾਏ ਡਾਕਟਰ ਨੂੰ ਦੱਸਦਾ ਹੈ ਕਿ ਈਰਾਨ ਦੇ ਇਕ ਸ਼ਹਿਰ ਵਿਚ ਜਦੋਂ ਪਲੇਗ ਪਈ ਸੀ ਤਾਂ ਸਾਰਾ ਸ਼ਹਿਰ ਖ਼ਤਮ ਹੋ ਗਿਆ ਸੀ, ਸਿਰਫ ਇਕ ਬੰਦਾ ਹੀ ਬਚਿਆ ਸੀ ਜੋ ਮੁਰਦਿਆਂ ਨੂੰ ਇਸ਼ਨਾਨ ਕਰਵਾਉਂਦਾ ਹੁੰਦਾ ਸੀ ਤਾਂ ਵੀ ਉਸ ਨੇ ਇਹ ਕੰਮ ਨਹੀਂ ਛੱਡਿਆ ਸੀ। ਨਾਵਲ ਵਿਚ ਦੱਸਿਆ ਗਿਆ ਹੈ ਕਿ ਮਨੁੱਖੀ ਸੇਵਾ ਜ਼ਿੰਦਗੀ ਤੋਂ ਵੀ ਵੱਡੀ ਹੈ। ਵਿਦਵਾਨ ਅਨੁਵਾਦਕ ਨੇ ਬਹੁਤ ਸੋਹਣਾ ਅਨੁਵਾਦ ਕੀਤਾ ਹੈ। ਵਿਛੋੜੇ, ਬਿਮਾਰੀ, ਪਾਬੰਦੀਆਂ ਅਤੇ ਸੰਘਰਸ਼ਾਂ ਵਿਚ ਉੱਤਮ ਸੰਦੇਸ਼ ਦੇਣ ਵਾਲੇ ਇਸ ਨਾਵਲ ਦਾ ਸਵਾਗਤ ਹੈ।


ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

29-05-2021

 ਜੋ ਰਤੁ ਪੀਵਹਿ ਮਾਣਸਾ
ਲੇਖਕ : ਸੰਤੋਖ ਸਿੰਘ ਜਗਪਾਲ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 225 ਰੁਪਏ, ਸਫ਼ੇ : 102
ਸੰਪਰਕ : 79738-66128.

ਕਹਾਣੀ ਸੰਗ੍ਰਹਿ ਵਿਚ ਸਤਾਰਾਂ ਕਹਾਣੀਆਂ ਹਨ। ਉੱਘੇ ਕਾਲਮਨਵੀਸ ਤੇ ਸਾਹਿਤਕਾਰ ਹਰਮੀਤ ਸਿੰਘ ਅਟਵਾਲ ਦੀ ਪ੍ਰੇਰਨਾ ਨਾਲ ਪੁਸਤਕ ਛਪੀ ਹੈ। ਸਰਦਾਰ ਅਟਵਾਲ ਨੇ ਕਹਾਣੀਆਂ ਨੂੰ ਅਦਬੀ ਅਮੀਰੀ ਸੰਪੰਨ ਕਹਾਣੀਆਂ ਕਿਹਾ ਹੈ। ਕਹਾਣੀਆਂ ਵਿਚ ਕਥਾਂ ਰਸ ਹੈ। ਨਿੱਕੀਆਂ-ਨਿੱਕੀਆਂ ਘਟਨਾਵਾਂ ਵਿਚ ਸੁਹਜਮਈ ਝਲਕ ਹੈ। ਕਹਾਣੀਕਾਰ ਸਹਿਜੇ-ਸਹਿਜੇ ਸਥਿਤੀਆਂ ਦੀ ਪੇਸ਼ਕਾਰੀ 'ਚੋਂ ਕਥਾ ਰਸ ਸਸਪੈਂਸ ਤੇ ਕਥਾ ਮੋੜ ਪੈਦਾ ਕਰਦਾ ਹੈ। ਪਾਠਕ ਨੂੰ ਕਥਾ ਨਾਲ ਜੋੜ ਲੈਣ ਵਿਚ ਕਾਮਯਾਬ ਹੁੰਦਾ ਹੈ। ਲੇਖਕ ਨੇ ਪੁਸਤਕ ਦੇ ਮੁਢਲੇ ਸ਼ਬਦਾਂ ਵਿਚ ਹੀ ਲਿਖ ਦਿੱਤਾ ਹੈ ਕਿ ਕਹਾਣੀਆਂ ਜਦੋਂ ਲਿਖੀਆਂ ਸੀ ਉਸ ਵੇਲੇ ਤੇ ਅਜੋਕੀ ਰਾਜਨੀਤੀ ਵਿਚ ਕੋਈ ਫ਼ਰਕ ਨਹੀਂ ਪਿਆ। ਉਦੋਂ ਵੀ ਸਰਕਾਰਾਂ ਦੇ ਖਜ਼ਾਨੇ ਖਾਲੀ ਸਨ ਅੱਜ ਵੀ ਖਾਲੀ ਹਨ। ਝੂਠੇ ਵਾਅਦਿਆਂ ਨਾਲ ਲੋਕਾਂ ਦੇ ਢਿੱਡ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਹਾਣੀਆਂ ਵਿਚ ਸਿਆਸਤ ਦਾ ਇਹ ਸੱਚ ਤੇ ਸਮਾਜ ਦੇ ਹੋਰ ਕਈ ਮਸਲਿਆਂ ਨੂੰ ਕਥਾ ਵਿਚ ਢਾਲ ਕੇ ਪੇਸ਼ ਕੀਤਾ ਗਿਆ ਹੈ। ਕਹਾਣੀਆਂ ਦੇ ਪਾਤਰ ਵੱਖ-ਵੱਖ ਸਥਿਤੀਆਂ ਵਿਚ ਜੂਝਦੇ ਹਨ। ਭ੍ਰਿਸ਼ਟਾਚਾਰੀ ਮਾਹੌਲ ਹੈ। ਸਿਰਲੇਖ ਵਾਲੀ ਕਹਾਣੀ ਵਿਚ ਲੋਕਾਂ ਦਾ ਖੂਨ ਪੀਣ ਵਿਚ ਕਸਰ ਨਹੀਂ ਛੱਡੀ ਜਾਂਦੀ। ਥਾਣਿਆਂ ਵਿਚ ਸਾਮੀਆਂ ਕੋਲੋਂ ਤੇ ਵਿਗੜੇ ਲੋਕਾਂ ਤੋਂ ਹਰ ਮਹੀਨੇ ਰਾਸ਼ੀ ਪਹੁੰਚਦੀ ਹੈ ਜਿਸ ਨੂੰ ਵਿਸ਼ੇਸ਼ ਭਾਸ਼ਾ ਵਿਚ ਮਹੀਨਾ ਕਿਹਾ ਜਾਂਦਾ ਹੈ। ਬੱਝਵਾਂ ਮਹੀਨਾ ਲੈ ਕੇ ਜੋ ਮਰਜ਼ੀ ਕਰਨ ਦੀ ਖੁੱਲ੍ਹੀ ਛੁੱਟੀ ਹੈ। ਕਹਾਣੀ ਦਾ ਅੰਤ ਵੇਖੋ 'ਯਾਰ ਅਮਲੀਆ ਕੋਈ ਸਾਮੀ ਫਸਾ।' ਠਾਣੇਦਾਰ ਦੇ ਬੋਲ ਸਾਰੀ ਸਥਿਤੀ ਨੂੰ ਸਪੱਸ਼ਟ ਕਰ ਜਾਂਦੇ ਹਨ। ਕਹਾਣੀ ਕੂੜ ਰਾਜਾ ਦੀ ਫਾਤਿਮਾ ਇਨਸਾਫ਼ ਦੀ ਦੁਹਾਈ ਪਾਉਂਦੀ ਹੈ ਪਰ ਉਸ ਨੂੰ ਆਪਣੇ ਪ੍ਰੇਮੀ ਤੋਂ ਦੂਰ ਕਰ ਦਿੰਦੇ ਹਨ। ਵਿਚਾਰੀ ਮਨ ਮਸੋਸ ਕੇ ਰਹਿ ਜਾਂਦੀ ਹੈ। ਕਹਾਣੀਆਂ ਕਲਾਤਮਿਕ ਹਨ। ਕਥਾ ਮੋੜ ਪੀੜ੍ਹੀਆਂ ਤੱਕ ਜਾਂਦੇ ਹਨ। ਪ੍ਰਵਾਸ ਦਾ ਦਰਦ ਹੈ। ਮਾਪੇ ਵਿਦੇਸ਼ ਗਏ ਬੱਚਿਆਂ ਤੋਂ ਪ੍ਰੇਸ਼ਾਨ ਹਨ। ਮਨ ਵਿਚ ਹੇਰਵਾ ਹੈ। ਇਧਰੋਂ ਗਏ ਮਾਪੇ ਵੀ ਬੱਚਿਆਂ ਦੇ ਬਦਲੇ ਤੌਰ-ਤਰੀਕਿਆਂ ਨੁੰ ਵੇਖ ਕੇ ਦੁਖੀ ਹੁੰਦੇ ਹਨ। ਦਫ਼ਤਰੀ ਬਾਊ ਲੋਕ ਫਾਈਲਾਂ ਨੂੰ ਪਹੀਏ ਲਾਉਣ ਦੇ ਸੰਵਾਦ ਕਰਦੇ ਹਨ। ਗ਼ਰੀਬ ਪਾਤਰ ਧੁਖਦੇ ਪਿਆਰ ਦੀ ਸਥਿਤੀ ਦਾ ਕਰੂਰ ਸਾਹਮਣਾ ਕਰਨਾ ਪੈਂਦਾ ਹੈ। ਸੰਗ੍ਰਹਿ ਦੀਆਂ ਰਚਨਾਵਾਂ ਉਹਦਾ ਘਰ ਕਿਹੜਾ, ਉਧੜੀਆਂ ਸਿਊਣਾਂ, ਜੋਕਾਂ, ਵਚਿਤਰ ਲੋਕ, ਮੋਹ ਮਾਇਆ, ਬਿਹਤਰੀਨ ਕਹਾਣੀਆਂ ਹਨ। ਪੁਸਤਕ ਇਕਾਗਰਚਿਤ ਹੋ ਕੇ ਪੜ੍ਹਨ ਵਾਲੀ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

ਸੰਤੋਖ ਸਿੰਘ ਧੀਰ : ਸਾਹਿਤ ਸੰਵਾਦ
ਸੰਪਾਦਕਾ : ਡਾ. ਸੰਦੀਪ ਰਾਣਾ
ਪ੍ਰਕਾਸ਼ਕ : ਟਵੈਂਟੀ ਫਸਟ ਸੈਂਚਰੀ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ :98728-87551.

ਡਾ. ਸੰਦੀਪ ਰਾਣਾ ਦੁਆਰਾ ਸੰਪਾਦਿਤ ਇਹ ਪੁਸਤਕ ਪੰਜਾਬੀ ਭਾਸ਼ਾ ਦੇ ਬਹੁਵਿਧਾਈ, ਸਮਰਪਿਤ ਅਤੇ ਵਚਨਬੱਧ ਲੇਖਕ ਸ: ਸੰਤੋਖ ਸਿੰਘ ਧੀਰ ਦੀ ਜਨਮ ਸ਼ਤਾਬਦੀ (2020) ਨੂੰ ਸਮਰਪਿਤ ਹੈ। ਧੀਰ ਸਾਹਿਬ ਦਾ ਜਨਮ 2 ਦਸੰਬਰ, 1920 ਨੂੰ ਇਕ ਸ਼ਿਲਪੀ ਪਰਿਵਾਰ ਦੇ ਗ੍ਰਹਿ ਵਿਖੇ ਹੋਇਆ ਸੀ। ਉਸ ਦਾ ਪਿਤਾ ਵੀ ਕਦੇ-ਕਦਾਈਂ ਤੁਕਬੰਦੀ ਕਰ ਲਿਆ ਕਰਦਾ ਸੀ, ਆਤਮ-ਅਭੀਵਿਅਕਤੀ ਲਈ ਧੀਰ ਨੇ ਵੀ ਇਹੀ ਮਾਧਿਅਮ ਚੁਣਿਆ ਅਤੇ ਬਾਅਦ ਵਿਚ ਉਹ ਇਕ ਕੁਲਵਕਤੀ ਲੇਖਕ ਬਣ ਗਿਆ। ਉਸ ਨੇ ਆਪਣੇ ਸਿਰਜਣਾਤਮਿਕ ਕਾਲ ਵਿਚ 14 ਕਾਵਿ ਸੰਗ੍ਰਹਿ, 10 ਕਹਾਣੀ ਸੰਗ੍ਰਹਿ, 8 ਨਾਵਲ ਅਤੇ ਸਫ਼ਰਨਾਮਾ, ਸਵੈ-ਜੀਵਨੀ, ਕੁਝ ਨਿਬੰਧ ਆਦਿ ਵੀ ਲਿਖੇ। ਉਸ ਨੇ ਕੁਝ ਪੁਸਤਕਾਂ ਦਾ ਅਨੁਵਾਦ ਵੀ ਕੀਤਾ। ਉਸ ਦੁਆਰਾ ਕੀਤੀਆਂ ਗਈਆਂ ਰਚਨਾਵਾਂ ਦੀ ਗਿਣਤੀ 50 ਤੱਕ ਪਹੁੰਚ ਜਾਂਦੀ ਹੈ।
ਡਾ. ਰਾਣਾ, ਨਵਤੇਜ ਕੌਰ ਦਰਸ਼ੀ (ਧੀਰ ਦੀ ਬੇਟੀ), ਬਲਵਿੰਦਰ ਕੌਰ, ਡਾ. ਮਨਦੀਪ ਕੌਰ, ਡਾ. ਕੁਲਵਿੰਦਰ ਕੌਰ ਅਤੇ ਜਸਵੀਰ ਸਿੰਘ ਨੇ ਲੇਖਕ ਦੇ ਪ੍ਰਗਤੀਵਾਦੀ ਅਨੁਭਵ ਅਤੇ ਸਵੈਮਾਣ ਦੇ ਹਵਾਲੇ ਨਾਲ ਉਸ ਦੇ ਰਚਨਾ-ਵਿਧਾਨ ਦਾ ਲੇਖਾ-ਜੋਖਾ ਕੀਤਾ ਹੈ। ਡਾ. ਪਰਮਿੰਦਰ ਸਿੰਘ ਤੱਗੜ, ਡਾ. ਮਨੋਰਮਾ ਸਮਾਘ, ਡਾ. ਸਤਿੰਦਰ ਕੌਰ ਮਾਨ ਅਤੇ ਡਾ. ਗੁਰਜੀਤ ਮਾਨਸ਼ਾਹੀਆ ਆਦਿ ਨੇ ਧੀਰ ਦੇ ਸਿਰਜਣਾਤਮਿਕ ਸੰਸਾਰ ਨੂੰ ਨਵੇਂ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਹੈ। ਧੀਰ ਦੀ ਛੋਟੀ ਸਮਕਾਲੀ ਲੇਖਿਕਾ ਬਚਿੰਤ ਕੌਰ ਨੇ ਲੇਖਕ ਦੀ ਸ਼ਖ਼ਸੀਅਤ ਦੇ ਕਈ ਉੱਘੜਵੇਂ ਪਾਸਾਰਾਂ ਬਾਰੇ ਲਿਖਿਆ ਹੈ। ਬੀਬਾ ਸ਼ਹਿਨਾਜ਼ ਸਿੱਧੂ, ਸਿਮਰਜੀਤ ਕੌਰ, ਅੰਮ੍ਰਿਤਪਾਲ ਕੌਰ, ਸੁਖਵੀਰ ਕੌਰ, ਸਤਿੰਦਰ ਕੌਰ (ਡਾ.) ਅਤੇ ਮਨਦੀਪ ਕੌਰ ਦੇ ਲੇਖ ਵੀ ਪੁਸਤਕ ਦੀ ਪ੍ਰਾਸੰਗਿਕਤਾ ਵਿਚ ਮਹੱਤਵਪੂਰਨ ਵਾਧਾ ਕਰਦੇ ਹਨ।
ਸੰਤੋਖ ਸਿੰਘ ਧੀਰ, ਕਾਵਿ ਅਤੇ ਗਲਪ, ਦੋਵਾਂ ਰੂਪਾਕਾਰਾਂ ਦਾ ਸ਼ਾਹ-ਸਵਾਰ ਸੀ। ਨਵਤੇਜ ਦਰਸ਼ੀ, ਉਸ ਦੀ ਰਚਨਾ-ਪ੍ਰਕਿਰਿਆ ਉੱਪਰ ਰੌਸ਼ਨੀ ਪਾਉਂਦੀ ਹੋਈ ਲਿਖਦੀ ਹੈ ਕਿ ਉਹ ਮਾਧਿਅਮ ਨਾਲ ਬਹੁਤ ਸੰਘਰਸ਼ ਕਰਦਾ ਸੀ। ਇਕ-ਇਕ ਸ਼ਬਦ ਦੀ ਠੀਕ ਚੋਣ ਲਈ ਘੰਟਿਆਂਬੱਧੀ ਉਲਝਦਾ ਰਹਿੰਦਾ ਸੀ। ਦਰਅਸਲ, ਸਾਡੇ ਇਥੇ ਪਛੜੇ ਵਰਗ ਦੇ ਕਿਸੇ ਲੇਖਕ ਨੂੰ ਆਪਣੀ ਪਛਾਣ ਬਣਾਉਣ ਲਈ ਹੋਰ ਲੇਖਕਾਂ ਨਾਲੋਂ ਕਈ ਗੁਣਾ ਵੱਧ ਮਿਹਨਤ ਕਰਨੀ ਪੈਂਦੀ ਹੈ। ਬਾਜ਼ ਦਫ਼ਾ ਆਪਣੀ ਅਸਲ ਪਛਾਣ ਲੁਕਾਉਣੀ ਪੈਂਦੀ ਹੈ ਤਾਂ ਜੋ ਉਨ੍ਹਾਂ ਨੂੰ ਜਾਤੀ ਦੇ ਹਵਾਲੇ ਨਾਲ ਵੇਖ ਕੇ ਹੀ ਨਾ ਨਿਪਟਾ ਦਿੱਤਾ ਜਾਵੇ। ਧੀਰ ਸਾਹਿਬ ਦਾ ਅਕਸਰ ਤੈਸ਼ ਵਿਚ ਰਹਿਣਾ ਵੀ ਇਸੇ ਕਾਰਨ ਸੀ। ਪਛੜੇ ਵਰਗਾਂ ਦੀ ਪਛਾਣ ਕਈ ਵਾਰ ਹਾਈਫਨੇਟਿਡ (ਜਿਵੇਂ ਮਜ਼ਹਬੀ-ਸਿੱਖ, ਦਰਜ਼ੀ-ਸਿੱਖ, ਰਾਮਗੜ੍ਹੀਏ-ਸਰਦਾਰ) ਬਣ ਜਾਂਦੀ ਹੈ। ਜਾਤੀ ਦੇ ਸੰਗਲ, ਅੱਗੇ ਵਧਣ ਵਿਚ ਰੁਕਾਵਟ ਬਣ ਜਾਂਦੇ ਹਨ। ਬਹਰਹਾਲ... ਸੰਦੀਪ ਰਾਣਾ ਦੀ ਇਹ ਸੰਪਾਦਿਤ ਪੁਸਤਕ ਪੰਜਾਬੀ ਆਲੋਚਨਾ ਜਗਤ ਵਿਚ ਨਜ਼ਰ ਆਉਂਦੇ ਇਕ ਵੱਡੇ ਖੱਪੇ ਨੂੰ ਪੂਰਦੀ ਹੈ। ਉਸ ਦੀ ਮਿਹਨਤ ਨੂੰ ਸ਼ਾਬਾਸ਼ੇ!

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਨੁਕਤਾ-ਏ-ਨਿਗਾਹ
ਲੇਖਕ : ਡਾ. ਅਰਵਿੰਦਰ ਸਿੰਘ
ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 94630-62603.

ਡਾ. ਅਰਵਿੰਦਰ ਸਿੰਘ ਮੁੱਖ ਤੌਰ 'ਤੇ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਹਨ। ਉਸ ਨੇ ਨੌਂ ਕਿਤਾਬਾਂ ਅੰਗਰੇਜ਼ੀ ਵਿਚ ਲਿਖੀਆਂ ਹਨ, ਜੋ ਜ਼ਿਆਦਾਤਰ ਸਿੱਖ ਸਿਧਾਂਤਾਂ, ਵਿਚਾਰਧਾਰਾ, ਦਰਸ਼ਨ ਤੇ ਰਾਜਨੀਤੀ ਦੀ ਨਿਸ਼ਾਨਦੇਹੀ ਕਰਦੀਆਂ ਹਨ। ਰੀਵਿਊ-ਅਧੀਨ ਕਿਤਾਬ ਤੋਂ ਇਲਾਵਾ ਉਸ ਦੀ ਲਿਖੀ ਇਕ ਹੋਰ ਕਿਤਾਬ ਪੰਜਾਬੀ ਭਾਸ਼ਾ ਵਿਚ ਹੈ।'ਨੁਕਤਾ-ਏ-ਨਿਗਾਹ' ਵਿਚ ਕੁੱਲ 75 ਛੋਟੇ-ਛੋਟੇ ਵਿਚਾਰਨੁਮਾ ਲੇਖ ਹਨ, ਜੋ ਵਧੇਰੇ ਕਰਕੇ ਇਕ-ਇਕ ਪੰਨੇ 'ਤੇ ਪ੍ਰਕਾਸ਼ਿਤ ਹਨ। ਇਨ੍ਹਾਂ ਲੇਖਾਂ ਦੇ ਸਿਰਲੇਖ ਵੱਡੇ ਹਨ, ਜਿਨ੍ਹਾਂ ਰਾਹੀਂ ਲੇਖ ਵਿਚਲੀ ਇਬਾਰਤ ਸਵੈ-ਸਪੱਸ਼ਟ ਹੋ ਜਾਂਦੀ ਹੈ। ਇਹ ਸਾਰੇ ਹੀ ਲੇਖ ਮੁਸ਼ਕਿਲਾਂ, ਤ੍ਰਾਸਦੀਆਂ, ਸਮੱਸਿਆਵਾਂ ਦੇ ਸਨਮੁੱਖ ਸੰਘਰਸ਼ ਕਰਨ ਨੂੰ ਤਰਜੀਹ ਦਿੰਦੇ ਹਨ ਤੇ ਸਾਡੇ ਅੰਦਰ ਹੌਸਲਾ, ਹਿੰਮਤ ਤੇ ਜਾਂਬਾਜ਼ੀ ਦੇ ਭਾਵ ਪੈਦਾ ਕਰਦੇ ਹਨ। ਲੇਖਕ ਨੇ ਮਨੁੱਖ ਅੰਦਰਲੀਆਂ ਬੁਰਾਈਆਂ ਦੀ ਨਿਸ਼ਾਨਦੇਹੀ ਕਰਕੇ ਨੈਤਿਕਤਾ ਜਾਂ ਆਦਰਸ਼ਵਾਦ ਨੂੰ ਹੁੰਗਾਰਾ ਦਿੱਤਾ ਹੈ।
ਆਧੁਨਿਕ ਵਿਅਕਤੀ ਹਮੇਸ਼ਾ ਹੀ ਹਉਮੈ, ਬਦਲਾਖੋਰੀ, ਸੰਕੀਰਣਤਾ, ਚਾਲਬਾਜ਼ੀ, ਪਸ਼ੂ-ਬਿਰਤੀ, ਖੌਫ਼, ਚਿੰਤਾ, ਅਸੁਰੱਖਿਆ, ਘੁੰਮਣਘੇਰੀ, ਮੁਖੌਟਿਆਂ, ਹਵਸ, ਹੈਂਕੜ ਆਦਿ ਪ੍ਰਵਿਰਤੀਆਂ ਦੇ ਸਾਏ ਹੇਠ ਜੀਅ ਰਿਹਾ ਹੈ। ਉਹ ਸਬਰ, ਸ਼ੁਕਰ, ਮੁਹੱਬਤ, ਚੜ੍ਹਦੀ ਕਲਾ, ਖ਼ੁਸ਼ੀ, ਵਿਸ਼ਵਾਸ, ਨਿਸਚਾ, ਇਮਾਨਦਾਰੀ, ਰਜ਼ਾ ਆਦਿ ਸਦਗੁਣਾਂ ਨੂੰ ਜੀਵਨ 'ਚੋਂ ਤਿਲਾਂਜਲੀ ਦੇ ਰਿਹਾ ਹੈ। ਸਿੱਟੇ ਵਜੋਂ ਉਸ ਦੀ ਜ਼ਿੰਦਗੀ ਖੁਸ਼ਗਵਾਰ ਤੇ ਸਹਿਜ ਤੋਰ ਵਾਲੀ ਨਹੀਂ ਰਹੀ। ਡਾ. ਐੱਸ.ਪੀ. ਸਿੰਘ (ਸਾਬਕਾ ਵਾਈਸ ਚਾਂਸਲਰ, ਜੀ.ਐਨ.ਡੀ.ਯੂ. ਅੰਮ੍ਰਿਤਸਰ) ਨੇ ਪੁਸਤਕ ਦੀ ਭੂਮਿਕਾ ਵਿਚ ਸਪੱਸ਼ਟ ਕੀਤਾ ਹੈ ਕਿ ਇਸ ਕਿਤਾਬ ਵਿਚ ਲੇਖਕ ਦੇ ਨਿੱਜੀ ਜੀਵਨ ਦਾ ਫਲਸਫਾ ਪੇਸ਼ ਹੋਇਆ ਹੈ, ਜਿਸ ਦਾ ਮੂਲ ਆਧਾਰ ਗੁਰਮਤਿ ਸਿਧਾਂਤਾਂ ਦੇ ਅੰਤਰਗਤ ਸੱਚੀ-ਸੁੱਚੀ ਜੀਵਨ-ਜਾਚ ਦੀ ਤਲਾਸ਼ ਹੈ। ਪੁਸਤਕ ਵਿਚ ਬਜ਼ੁਰਗ, ਮੁਰਸ਼ਦ, ਮੁਰੀਦ, ਸ਼ਿਸ਼, ਗੁਰੂਦੇਵ, ਫ਼ਕੀਰ, ਜਗਿਆਸੂ, ਸਾਈਂ ਜਿਹੇ ਪਾਤਰਾਂ ਰਾਹੀਂ ਜੀਵਨ ਦੀਆਂ ਤਲਖੀਆਂ, ਤੁਰਸ਼ੀਆਂ ਨਾਲ ਸਿੱਝਣ, ਨਜਿੱਠਣ ਦੇ ਬੜੇ ਸੌਖੇ ਤੇ ਸਰਲ ਢੰਗ ਪ੍ਰਸਤੁਤ ਹੋਏ ਹਨ। ਵੱਡੇ ਤੋਂ ਵੱਡਾ ਲੇਖ 40 ਪੰਕਤੀਆਂ ਦਾ ('ਦਾਨਿਸ਼ਮੰਦੀ ਗਿਆਨ ਦੀ ਨੁਮਾਇਸ਼ ਨਹੀਂ ਹੁੰਦੀ', ਪੰਨਾ 35) ਅਤੇ ਛੋਟੇ ਤੋਂ ਛੋਟਾ ਲੇਖ 8 ਪੰਕਤੀਆਂ ਦਾ ('ਜਿਊਣ ਦਾ ਚਾਅ ਪੈਦਾ ਹੋਣਾ ਹੀ ਬਹਾਰ ਦੀ ਆਮਦ ਹੈ', ਪੰਨਾ 85) ਹੈ। ਮਨੁੱਖ ਦੀ ਸ਼ਖ਼ਸੀਅਤ ਅਤੇ ਜੀਵਨ-ਸ਼ੈਲੀ ਵਿਚ ਜ਼ਿਕਰਯੋਗ ਤਬਦੀਲੀ ਲਿਆਉਣ ਵਾਲੀ ਇਸ ਪੁਸਤਕ ਦਾ ਭਰਪੂਰ ਸਵਾਗਤ ਹੈ।

ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015

ਯਾਤਰਾਵਾਂ
ਲੇਖਕ : ਪਵਨ ਗੁਲਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 160
ਸੰਪਰਕ : 95010-26551.

ਸ਼ਾਇਰ ਪਵਨ ਗੁਲਾਟੀ ਹਥਲੇ ਪਲੇਠੇ ਕਾਵਿ ਪਰਾਗੇ 'ਯਾਤਰਾਵਾਂ' ਤੋਂ ਪਹਿਲਾਂ ਪੰਜ ਕਲਾਸਿਕ ਕਿਤਾਬਾਂ ਦੇ ਪੰਜਾਬੀ ਅਨੁਵਾਦ ਅਤੇ ਚਾਰ ਕਿਤਾਬਾਂ ਦੇ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦ ਅਤੇ ਤਿੰਨ ਸਫ਼ਰਨਾਮੇ ਅਨੁਵਾਦ ਕਰਕੇ ਪੰਜਾਬੀ ਅਦਬ ਦੇ ਰੂਬਰੂ ਕਰਾ ਚੁੱਕਿਆ ਹੈ। ਸ਼ਾਇਰ ਪ੍ਰਸ਼ਾਸਨਿਕ ਅਧਿਕਾਰੀ ਹੈ ਅਤੇ ਦੂਰ-ਦੁਰਾਡੇ ਇਕ ਸੈਲਾਨੀ ਦੇ ਤੌਰ 'ਤੇ ਯਾਤਰਾਵਾਂ ਵੀ ਕਰਦਾ ਹੈ। ਉਹ ਮੌਜ ਮਸਤੀ ਜਾਂ ਤਫ਼ਰੀਹ ਲਈ ਨਹੀਂ ਜਾਂਦਾ, ਉਹ ਤਾਂ ਉਨ੍ਹਾਂ ਯਾਤਰਾਵਾਂ 'ਤੇ ਦੇਖੀਆਂ ਥਾਵਾਂ ਦੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਕੇ ਅੰਦਰ ਲੁਕੀ ਜਾਂ ਛੁਪਾਈ ਤਰਾਸ਼ਦੀ ਦੀ ਤਸਵੀਰਕਸ਼ੀ ਕਰਦਾ ਹੈ। ਉਹ ਦੱਸਦਾ ਹੈ ਕਿ ਚੰਡੀਗੜ੍ਹ ਦੇ ਪੱਥਰ ਦਿਲ ਨੇ ਆਪਣੇ-ਆਪ ਨੂੰ ਵਸਾਉਣ ਲਈ ਕਿਵੇਂ ਕੁੱਲੀਆਂ ਤੇ ਢਾਰਿਆਂ ਨੂੰ ਨੇਸਤੋਨਾਬੂਦ ਕੀਤਾ ਹੈ। ਇਸੇ ਤਰ੍ਹਾਂ ਅਲਾਹਾਬਾਦ ਦੇ ਸਰਸਵਤੀ ਸੰਗਮ ਬਾਰੇ ਲਿਖਦਾ ਹੈ ਕਿ ਇਥੇ ਮੇਲੇ ਤਾਂ ਲਗਦੇ ਹਨ ਪਰ ਜੋ ਰੂਹਾਂ ਦੀ ਜਲਥਲ ਹੈ, ਉਹ ਕਿੱਥੇ ਹੈ? ਆਮੇਰ ਦੇ ਕਿਲ੍ਹੇ ਬਾਰੇ ਸ਼ਾਇਰ ਕਹਿੰਦਾ ਹੈ ਕਿ ਇਹ ਜੈਪੁਰ ਦੇ ਸ਼ਹਿਰ ਦਾ ਤਾਜ ਹੈ ਅਤੇ ਕਿਲ੍ਹਾ ਦੇਖਣ ਆਏ ਵਿਦੇਸ਼ੀ ਸੈਲਾਨੀਆਂ ਨੂੰ ਦੁਭਾਸ਼ੀਏ ਉਨ੍ਹਾਂ ਦੀ ਭਾਸ਼ਾ ਵਿਚ ਕਿਲ੍ਹੇ ਦਾ ਇਤਿਹਾਸ ਦੱਸਦੇ ਹਨ ਪਰ ਜੋ ਕਿਲ੍ਹੇ ਦੇ ਅੰਦਰ ਚੀਕਾਂ ਦਫ਼ਨ ਹਨ, ਉਨ੍ਹਾਂ ਦਾ ਤਰਜਮਾ ਕੌਣ ਕਰੇਗਾ? ਸ੍ਰੀਨਗਰ ਦੇ ਲਾਲ ਚੌਕ ਦੀ ਸੈਰ ਦੇ ਬਹਾਨੇ ਉਹ ਕਸ਼ਮੀਰੀ ਜਨਤਾ ਜੋ ਸੰਗੀਨਾਂ ਤੇ ਗੋਲਾ ਬਾਰੂਦ ਦੇ ਸਹਿਮ ਨਾਲ ਬਰਫ਼ ਦੇ ਤੋਦੇ ਹੇਠ ਇਕ ਮੇਮਨੇ ਵਾਂਗ ਮਿਆਂਕ ਰਹੀ ਹੈ। ਇਸ ਦ੍ਰਿਸ਼ ਦਾ ਉਹ ਬੜੀ ਕਰੁਣਾਮਈ ਭਾਸ਼ਾ ਵਿਚ ਆਲੇਖ ਕਰਦਾ ਹੈ। ਉਹ ਦਿੱਲੀ ਨੂੰ ਬੱਚਿਆਂ ਦਾ ਦੁੱਧ ਪੀਣੀ ਬਾਗ੍ਹੜ ਬਿੱਲੀ ਦੀ ਸੰਗਿਆ ਦਿੰਦਾ ਹੈ। ਉਹ ਗਣਿਤ ਦੀਆਂ ਸਿਫ਼ਰਾਂ ਜੋ ਅੰਬਾਨੀ ਅਡਾਨੀ ਆਪਣੀ ਸਾਰੀ ਦੌਲਤ ਲਈ ਚੁਰਾ ਕੇ ਗਿਆ ਹੈ, ਦਾ ਵੀ ਜ਼ਿਕਰ ਕਰਦਾ ਹੈ। ਉਹ ਨਿਤਸ਼ੇ ਦੇ ਨਾਇਕ ਜਾਰਬੂਸਤਰ ਵਾਂਗ ਬੌਣੀਆਂ ਤੇ ਬੋਦੀਆਂ ਵਰਜਣਾਵਾਂ ਜੋ ਭਾਰਤੀ ਇਤਿਹਾਸ ਮਿਥਿਹਾਸ ਨੂੰ ਫੈਵੀਕੋਲ ਵਾਂਗ ਚਿੰਬੜੀਆਂ ਹੋਈਆਂ ਹਨ, ਦੀ ਰਾਮਕਾਰ ਉਲੰਘਣ ਲਈ ਜਾਗਰੂਕ ਵੀ ਕਰਦਾ ਹੈ ਤਾਹੀਓਂ ਤਾਂ ਉਹ ਕਹਿੰਦਾ ਹੈ ਕਿ ਹਰ ਥਾਂ ਅੱਜ ਦੀ ਦਰੋਪਦੀ ਦਾ ਚੀਰ ਹਰਨ ਹੋ ਰਿਹਾ ਹੈ ਤੇ ਕੌਰਵ ਤੇ ਪਾਂਡਵ ਇਕੋ ਥੈਲੀ ਦੇ ਚੱਟੇ-ਵੱਟੇ ਹਨ। ਇਨ੍ਹਾਂ ਤੋਂ ਇਲਾਵਾ ਜੋ ਹੋਰ ਵਿਭਿੰਨ ਵਰਤਾਰਿਆਂ ਨਾਲ ਸ਼ਾਇਰ ਦਸਤਪੰਜਾ ਲੈਂਦਾ ਹੈ, ਉਸ ਨਾਲ ਸ਼ਾਇਰ ਦੇ ਕਾਵਿ-ਸ਼ਿਲਪ, ਕਾਵਿ-ਚਿੰਤਨ ਤੇ ਕਾਵਿ ਧਰਮ ਦੀ ਤ੍ਰਿਵੈਣੀ ਹੇਠ ਆਧੁਨਿਕ ਭਾਵ ਬੋਧ ਦੇ ਦਰਸ਼ ਦੀਦਾਰੇ ਹੁੰਦੇ ਹਨ। ਜੋ ਸ਼ਾਇਰ ਇਸ ਨਿਵੇਕਲੀ ਪੁਸਤਕ ਨੂੰ ਨਹੀਂ ਪੜ੍ਹੇਗਾ, ਉਹ ਅਪਰਾਧ ਬੋਧ ਦਾ ਭਾਗੀ ਬਣੇਗਾ।

ਭਗਵਾਨ ਢਿੱਲੋਂ
ਮੋ: 98143-78254.

ਭੁੱਲੇ ਵਿਸਰੇ ਨਾਨਕ ਪੰਥੀ
ਸੰਪਾ: ਸੁਖਦੇਵ ਸਿੰਘ 'ਲਾਜ'
ਪ੍ਰਕਾਸ਼ਕ : ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 296
ਸੰਪਰਕ : 99150-48864.

ਹਥਲੀ ਕਿਤਾਬ ਵਿਚ ਭੁੱਲੇ ਵਿਸਰੇ ਨਾਨਕ ਪੰਥੀਆਂ ਬਾਰੇ ਚਿੱਤਰਾਂ ਸਮੇਤ 53 ਲੇਖ ਸ਼ਾਮਿਲ ਕੀਤੇ ਗਏ ਹਨ। ਲੇਖਕ ਵਿਦਵਾਨਾਂ ਬਾਰੇ ਉਨ੍ਹਾਂ ਦੀਆਂ ਫੋਟੋਆਂ ਸਮੇਤ ਉਨ੍ਹਾਂ ਦੀ ਵਿਦਵਤਾ ਅਤੇ ਖੋਜ ਲਗਨ ਸਬੰਧੀ ਸੰਖੇਪ ਪਰ ਮੁੱਲਵਾਨ ਜਾਣਕਾਰੀ ਦਿੱਤੀ ਗਈ ਹੈ। ਸਿੰਘ ਸਾਹਿਬ ਗਿਆਨੀ ਫੌਜਾ ਸਿੰਘ ਨੇ ਭਾਰਤ ਵਿਚ ਵੱਖ-ਵੱਖ ਥਾਵਾਂ 'ਤੇ ਵਸੇ (ਜ਼ਿਲ੍ਹਾ ਕਾਂਗੜਾ, ਜ਼ਿਲ੍ਹਾ ਬਿਜਨੌਰ, ਸਿੰਧ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਆਸਾਮ ਆਦਿ) ਨਾਨਕ ਪੰਥੀਆਂ ਦੀ ਸੂਚੀ ਦਿੱਤੀ ਹੈ। ਇਨ੍ਹਾਂ ਲੇਖਾਂ ਤੋਂ ਕਰੋੜਾਂ ਨਾਨਕ ਪੰਥੀਆਂ ਬਾਰੇ ਜਾਣਕਾਰੀ ਮਿਲਦੀ ਹੈ, ਜਿਨ੍ਹਾਂ ਵਿਚ ਵਣਜਾਰੇ, ਸਿਕਲੀਗਰ, ਲੁਬਾਣੇ, ਉਦਾਸੀ, ਨਿਰਮਲੇ, ਸਤਿਨਾਮੀਏ, ਰਮਈਏ, ਅਗਰਹਾਰੀ, ਜੌਹਰੀ, ਦੱਖਣੀ ਸਿੱਖ ਤੇ ਸਿੰਧੀ ਸਿੱਖ ਆਦਿ ਸਾਰੇ ਹੀ ਨਾਨਕ ਨਾਮ ਲੇਵਿਆਂ ਦੀ ਸੂਚੀ ਵਿਚ ਆਉਂਦੇ ਹਨ। ਸਾਰੇ ਹੀ ਵਿਦਵਾਨ ਲੇਖਕਾਂ ਦੇ ਮਨਾਂ ਵਿਚ ਇਨ੍ਹਾਂ ਨਾਨਕ ਨਾਮ ਲੇਵਿਆਂ ਦੇ ਸਿੱਖੀ ਦੀ ਮੁੱਖ ਧਾਰਾ ਤੋਂ ਬਾਹਰ ਹੋਣ ਕਾਰਨ ਤੜਪ ਹੈ। ਇਨ੍ਹਾਂ ਲੇਖਕਾਂ ਨੇ ਇਨ੍ਹਾਂ ਦੀ ਸਿੱਖ ਇਤਿਹਾਸ ਵਿਚ ਭੂਮਿਕਾ ਅਤੇ ਕੁਰਬਾਨੀਆਂ ਨੂੰ ਬਿਆਨ ਕੀਤਾ ਹੈ। ਹੁਣ ਜਦੋਂ ਕਿ ਨਾਨਕ ਨਾਮ ਲੇਵੀਆਂ ਨੇ ਇੰਗਲੈਂਡ, ਅਮਰੀਕਾ, ਕੈਨੇਡਾ, ਸਿੰਘਾਪੁਰ, ਮਲੇਸ਼ੀਆ, ਹਾਂਗਕਾਂਗ, ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਆਪੋ-ਆਪਣੇ ਗੁਰਦੁਆਰੇ ਉਸਾਰ ਲਏ ਹਨ ਇਸ ਹਕੀਕਤ ਨੂੰ ਵੀ ਸਮਝਣਾ ਬਣਦਾ ਹੈ। ਜਗਮੋਹਨ ਸਿੰਘ ਗਿੱਲ ਦਾ ਸੁਝਾਅ ਹੈ, 'ਸਮੇਂ ਦੇ ਬੀਤਣ ਨਾਲ ਵੱਡਾ ਪਾੜਾ ਪੈ ਚੁੱਕਾ ਹੈ। ਇਸ ਪਾੜੇ ਨੂੰ ਪੂਰਨਾ ਮੁਸ਼ਕਿਲ ਤਾਂ ਬਹੁਤ ਹੈ ਪਰ ਅਸੰਭਵ ਨਹੀਂ... ਸਾਡੇ ਸਾਂਝੇ ਤੱਤ ਅਤੇ ਵਿਸ਼ੇਸ਼ਤਾਵਾਂ ਇਸ ਏਕਤਾ ਦੇ ਮੁੱਖ ਥੰਮ੍ਹ ਹੋਣੇ ਚਾਹੀਦੇ ਹਨ। ਜੇ ਅਸੀਂ ਮੁੱਖ ਧਾਰਾ ਤੋਂ ਦੂਰ ਹੋ ਚੁੱਕਿਆਂ ਦੇ ਪਹਿਲਾਂ ਵਾਂਗ 'ਵੱਡੇ ਭਰਾ' ਹੋਣ ਦਾ ਦਾਅਵਾ ਕਰਨਾ ਚਾਹੁੰਦੇ ਹਾਂ ਤਾਂ ਇਸ ਵਾਸਤੇ ਸਾਨੂੰ ਲਗਾਤਾਰ ਯਤਨ ਕਰਨੇ ਚਾਹੀਦੇ ਹਨ। ਇਸ ਕੰਮ ਵਿਚ ਸਾਲਾਂ ਤੋਂ ਪੀੜ੍ਹੀਆਂ ਦਾ ਸਮਾਂ ਲੱਗ ਸਕਦਾ ਹੈ ਪਰ ਇਹ ਪ੍ਰਕਿਰਿਆ ਬੇਰੋਕ ਚੱਲਣੀ ਚਾਹੀਦੀ ਹੈ।' ਪੰ. 75 ਗੁਰੂ ਨਾਨਕ ਦੇਵ ਜੀ ਦਾ ਮਹਾਂਵਾਕ ਸਾਡੀ ਪ੍ਰੇਰਨਾ ਦਾ ਸੋਮਾ ਬਣ ਸਕਦਾ ਹੈ 'ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।' ਸਿਰੀ ੧ ਪੰਨਾ 15 ਜਾਂ ਬਸੰ. ੫ ਪੰ. ੧੧੮੫ ਤੇ ਮਹਾਂਵਾਕ 'ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥' ਇਸ ਕਿਤਾਬ ਦੇ ਸਹਾਇਕ ਸੰਪਾਦਕ ਸਤਿਨਾਮ ਸਿੰਘ ਕੋਮਲ ਆਪਣੀਆਂ ਕਾਵਿ-ਪੰਕਤੀਆਂ ਵਿਚ ਇੰਜ ਪ੍ਰੇਰਨਾ ਦਿੰਦੇ ਹਨ :
ਗੁਰੂ ਦੀਆਂ ਗੋਲਕਾਂ ਦੇ, ਮੂੰਹ ਮੋੜੋ ਇਨ੍ਹਾਂ ਵੱਲ,
ਇਹ ਨੇ ਉਹ ਬੂਟੇ, ਜੋ ਬਾਬੇ ਹੱਥੀਂ ਲਾਏ ਨੇ।
ਏਹਨਾਂ ਦੀ ਸੰਭਾਲ ਦਾ ਫਰਜ਼ ਹਰ ਸਿੱਖ ਦਾ ਹੈ,
ਤੁਹਾਡੀ ਹੋਂਦ ਵਿਚ ਏਹ ਕਿਉਂ ਕੁਮਲਾਏ ਨੇ।
ਗੁਰੂ ਕਰੇ ਸੋਝੀ ਆਵੇ, 'ਕੋਮਲ' ਅਰਦਾਸ ਕਰ,
ਜੱਗ ਵਿਚ ਉੱਚੀ ਹੋਵੇ ਸ਼ਾਨ ਦਸਤਾਰ ਦੀ।
(ਪੰ. 171)
ਦਰਹਕੀਕਤ, ਹਥਲੀ ਪੁਸਤਕ ਸਿੱਖ ਪੰਥ ਤੋਂ ਹਾਸ਼ੀਏ 'ਤੇ ਵਿਚਰ ਰਹੀਆਂ ਸੰਪਰਦਾਵਾਂ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਦੀ ਲੋੜ ਲਈ ਭਵਿੱਖ ਵੱਲ ਸੰਕੇਤ ਕਰਦੀ ਪ੍ਰਤੀਤ ਹੁੰਦੀ ਹੈ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

ਮੇਰੇ ਸਜਣ ਮੀਤ ਮੁਰਾਰੇ ਜੀਉ
ਲੇਖਕ : ਪੂਰਨ ਸਿੰਘ ਪਾਂਧੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 183
ਸੰਪਰਕ : 78377-18723.

ਇਸ ਪੁਸਤਕ ਵਿਚ 12 ਸ਼ਖ਼ਸੀਅਤਾਂ ਦੇ ਰੇਖਾ ਚਿੱਤਰ ਹਨ, ਜਿਨ੍ਹਾਂ ਵਿਚ ਵਾਰਤਕ ਦੀ ਏਨੀ ਮਿਠਾਸ ਹੈ ਕਿ ਪਾਠਕ ਉਸ ਦਾ ਪੂਰਾ ਅਨੰਦ ਮਾਣ ਸਕਦਾ ਹੈ। ਲੇਖਕ ਪੜ੍ਹਨ ਗੁੜਨ ਤੋਂ ਇਲਾਵਾ ਭਾਸ਼ਾ ਦਾ ਵੀ ਮਾਹਰ ਅਤੇ ਆਪਣੀ ਲੇਖਣੀ ਨੂੰ ਕਿਸੇ ਵੀ ਪਾਸੇ ਤੋਂ ਡੋਲਣ ਨਹੀਂ ਦਿੰਦਾ। ਬਲਕਿ ਉਸ ਕੋਲ ਸ਼ਬਦਾਂ ਦਾ ਏਨਾ ਖਜ਼ਾਨਾ ਹੈ ਕਿ ਉਹ ਲਿਖਤ ਨੂੰ ਹਰ ਪੱਖ ਤੋਂ ਅਮੀਰ ਬਣਾ ਦਿੰਦਾ ਹੈ। ਇਸ ਪੁਸਤਕ ਵਿਚ ਜਿੰਨੇ ਵੀ ਵਿਅਕਤੀਆਂ ਦੇ ਰੇਖਾ ਚਿੱਤਰ ਸ਼ਾਮਿਲ ਕੀਤੇ ਹਨ, ਉਨ੍ਹਾਂ ਵਿਚ ਵੀ ਵੱਖੋ-ਵੱਖਰੀ ਰੰਗਤ ਹੈ ਅਤੇ ਉਹ ਪੂਰੀ ਤਰ੍ਹਾਂ ਪ੍ਰਪੱਕ ਹਨ। ਪੂਰਨ ਸਿੰਘ ਪਾਂਧੀ ਵੀ ਕਲਾ ਦਾ ਪਾਰਖੂ ਹੈ ਕਿਉਂਕਿ ਉਨ੍ਹਾਂ ਨੇ ਹੀਰਿਆਂ ਦੀ ਜਿਸ ਤਰ੍ਹਾਂ ਚੋਣ ਕੀਤੀ ਹੈ ਕਿ ਉਨ੍ਹਾਂ ਦੀ ਲਿਆਕਤ ਦਾ ਪਤਾ ਲਗਦਾ ਹੈ। ਪੂਰਨ ਸਿੰਘ ਪਾਂਧੀ ਦੀ ਕਲਮ ਤੋਂ ਤਕਰੀਬਨ 12 ਪੁਸਤਕਾਂ ਨਿਕਲ ਚੁੱਕੀਆਂ ਹਨ, ਜਿਨ੍ਹਾਂ ਦਾ ਵੱਖੋ-ਵੱਖਰਾ ਆਪਣਾ ਹੀ ਰੰਗ ਹੈ। ਇਹ ਪੁਸਤਕ ਇਕ ਤਰ੍ਹਾਂ ਦਾ ਸਾਹਿਤਕ ਭੰਡਾਰ ਹੈ, ਜਿਸ ਪ੍ਰਤੀ ਉਨ੍ਹਾਂ ਦੀ ਪ੍ਰਸੰਸਾ ਕਰਨੀ ਵੀ ਬਣਦੀ ਹੈ। ਹਰ ਰੇਖਾ ਚਿੱਤਰ ਦਾ ਸਿਰਲੇਖ ਹੀ ਆਪੇ ਵਿਚ ਹਿੱਕ ਤਾਣ ਕੇ ਖੜ੍ਹਾ ਹੈ। ਜਿਵੇਂ ਕਿ ਸੰਦਲੀ ਸੋਚਾਂ ਦਾ ਸਿਰਨਾਵਾ, ਨਹੀਉਂ ਲੱਭਣੇ ਲਾਲ ਗੁਆਚੇ, ਨਿਰਮਲ ਨਦੀ ਦਾ ਨੀਰ, ਤੱਤੇ ਰੇਤੇ ਦਾ ਰਾਹੀ, ਮਾਨਵਤਾ ਦਾ ਸੱਚਾ ਪੁਜਾਰੀ, ਕੱਲਰਾਂ 'ਚ ਉੱਗਿਆ ਕੰਵਲ ਆਦਿ। ਪਾਂਧੀ ਜੀ ਨੇ ਹਰ ਸ਼ਖ਼ਸੀਅਤ ਦੀ ਕਲਾ, ਖੂਬੀਆਂ, ਆਦਤਾਂ, ਸੁਭਾਅ ਅਤੇ ਹੋਰ ਗੁਣਾਂ ਨੂੰ ਵੀ ਇਨ੍ਹਾਂ ਵਿਚ ਦੱਸਿਆ ਹੈ ਅਤੇ ਨਾਲ ਹੀ ਚੰਗਾ ਕਹਾਣੀਕਾਰ, ਚਿੰਤਕ, ਬੁਲਾਰਾ, ਸ਼ਾਇਰ, ਕਾਵਿਕ ਸ਼ੈਲੀ ਦਾ ਵਾਰਤਕ ਲੇਖਕ ਹੈ, ਜਿਸ ਕਰਕੇ ਇਹ ਰੇਖਾ ਚਿੱਤਰ ਹਰ ਪੱਖ ਤੋਂ ਪ੍ਰਪੱਕ ਹਨ, ਜਿਨ੍ਹਾਂ ਨੂੰ ਇਕ ਵਾਰ ਪੜ੍ਹਨ ਲੱਗ ਜਾਓ ਤਾਂ ਪੜ੍ਹਨ ਦੀ ਚਾਹਤ ਅਖ਼ੀਰ ਤੱਕ ਰਹਿੰਦੀ ਹੈ। ਲੇਖਕ ਦੀ ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ ਤੇ ਹੋਰ ਵਿਧਾਵਾ ਦੇ ਮਾਲਕਾਂ ਨਾਲ ਵੀ ਚੰਗੀ ਸਾਂਝ ਜਾਪਦੀ ਹੈ। ਪੂਰੀ ਲਗਨ, ਮਿਹਨਤ ਤੇ ਦਿਆਨਤਦਾਰੀ ਦੇ ਨਾਲ ਏਨੀਆਂ ਸ਼ਖ਼ਸੀਅਤਾਂ ਦੀ ਜਾਣਕਾਰੀ ਇਕੱਠੀ ਕਰਨਾ ਕੋਈ ਸੌਖਾ ਕੰਮ ਨਹੀਂ ਪ੍ਰੰਤੂ ਪੂਰਨ ਸਿੰਘ ਪਾਂਧੀ ਤੇ ਇਨ੍ਹਾਂ ਪ੍ਰਤੀ ਪੂਰੀ ਤਰ੍ਹਾਂ ਇਨਸਾਫ਼ ਕਰਨ ਦੀ ਕੋਸ਼ਿਸ਼ ਜਾਪਦੀ ਹੈ।

ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990

23-05-2021

 ਭਾਈ ਘਨੱਈਆ ਜੀ
(ਮਹਾਂਕਾਵਿ)
ਲੇਖਕ : ਗੁਰਦਿਆਲ ਸਿੰਘ ਨਿਮਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : ਮੁਫ਼ਤ, ਸਫ਼ੇ : 224
ਸੰਪਰਕ : 098122-33662.


ਗੁਰਦਿਆਲ ਸਿੰਘ ਨਿਮਰ, ਸਟੇਜੀ ਕਵੀ ਹੈ। ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ 'ਤੇ ਉਸ ਦੀਆਂ ਕਈ ਪੁਸਤਕਾਂ ਹਨ। ਉਸ ਨੇ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਨੂੰ ਕਵਿਤਾ ਤੇ ਛੰਦਬੰਦੀ ਦੇ ਵੱਖ-ਵੱਖ ਪਹਿਲੂਆਂ, ਰੂਪਾਂ ਵਿਚ ਪੇਸ਼ ਕੀਤਾ ਹੈ। ਉਹ ਪੜ੍ਹਨ ਲਿਖਣ ਵਾਲਾ ਕਵੀ ਹੈ। ਹਥਲੀ ਪੁਸਤਕ ਭਾਈ ਘਨੱਈਆ ਜੀ (ਮਹਾਂਕਾਵਿ) ਨੂੰ ਕਾਵਿ ਰੂਪ ਵਿਚ 60 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਸ ਤੋਂ ਇਲਾਵਾ ਸੇਵਾ ਪੰਥੀ ਸੰਪਰਦਾਇ ਦੇ ਸੰਤਾਂ ਦਾ ਜੀਵਨ ਕਾਵਿ-ਸ਼ੈਲੀ ਵਿਚ ਦਰਜ ਕੀਤਾ ਹੈ।
ਸ: ਨਿਮਰ ਨੇ ਫ਼ਤਹਿ ਸਰਹੰਦ, ਸਰਬ ਰੰਗ, 'ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ' ਅਤੇ 'ਗੁਰੂ ਦੇ ਲਾਲ' ਚਾਰ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਹਥਲੀ ਪੁਸਤਕ ਗੁਰੂ ਸਾਹਿਬਾਨ ਦੇ ਹਰ ਹੁਕਮ ਤੇ ਫੁੱਲ ਚੜ੍ਹਾਉਣ ਵਾਲੇ, ਬਿਨਾਂ ਕਿਸੇ ਭਿੰਨ-ਭੇਦ ਦੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਅਤੇ ਰੈੱਡਕਰਾਸ ਦੇ ਅਸਲ ਬਾਨੀ ਭਾਈ ਘਨੱਈਆ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾਵਾਂ ਦਾ ਮਹਾਂਕਾਵਿ ਹੈ।
ਇਸ ਨੂੰ ਕਾਵਿਕ ਰੂਪ ਵਿਚ ਛੰਦਾਬੰਦੀ, ਕਾਵਿ ਬੋਲੀ ਤੇ ਸ਼ੈਲੀ ਨਾਲ, ਸੁਰਤਾਲ, ਰਾਗਮਈ ਬਣਾਉਣ ਲਈ ਨਿਮਰ ਦਾ ਯਤਨ ਸਫਲ ਹੈ। ਤਸ਼ਬੀਹਾਂ, ਅਲੰਕਾਰ, ਮੁਹਾਵਰੇ ਕਾਵਿਕ ਰੂਪ ਵਿਚ ਵਰਤੇ ਹਨ। ਜਿਵੇਂ :
ਜਿਸ ਦੀ ਸੇਵਾ ਨੂੰ ਕੁਲ ਸੰਸਾਰ ਮੰਨਦਾ,
ਉਹਦੇ ਸੇਵਾ ਸਤਿਗੁਰੂ ਨੂੰ ਲਿਖਣ ਲੱਖਾ।
ਜਿਸ ਨੂੰ ਸ਼ਖ਼ਸੀਅਤਾਂ 'ਚੋਂ ਆਪਣਾ ਦਿਸ਼ੇ ਮੁਰਸ਼ਦ,
ਮੈਂ ਉਸ ਦੇ ਗੁਰੂ ਪਿਆਰ ਨੂੰ ਲਿਖਣ ਲੱਗਾ।
ਲੇਖਕ ਨੇ ਭਾਈ ਘਨੱਈਆ ਜੀ ਵਲੋਂ ਜੰਗ ਦੇ ਮੈਦਾਨ ਵਿਚ ਜ਼ਖ਼ਮੀਆਂ ਦੇ ਜਲ ਦੀ ਸੇਵਾ ਅਤੇ ਮੱਲ੍ਹਮ-ਪੱਟੀ ਨੂੰ ਬੜੇ ਭਾਵੁਕ ਤਰੀਕੇ ਨਾਲ ਕਾਵਿਕ ਰੂਪ ਵਿਚ ਬਿਆਨ ਕੀਤਾ ਹੈ।
ਸੁਣ ਲਉ ਸੱਚ ਮੇਰਾ, ਮੇਰੇ ਸ਼ਹਿਨਸ਼ਾਹ ਜੀ
ਤੁਹਾਡੇ ਪਿਆਰ ਦੀ ਜੋਤ ਜਗਾ ਰਿਹਾ ਹਾਂ।
ਭਰ ਕੇ ਮਡਕ ਅੰਦਰ, ਤੇਰੀਆਂ ਰਹਿਮਤਾਂ ਨੂੰ,
ਧਰਮ ਯੁੱਧ ਦੇ ਵਿਚ ਵਰਤਾਅ ਰਿਹਾ ਹਾਂ।
ਸੱਚੇ ਪਾਤਸ਼ਾਹ ਨਿਮਰ ਨਿਗ੍ਹਾਹ ਕਰਕੇ,
ਸੇਵਾ ਸੇਵਕ ਦੀ ਧੰਨ ਕਰਵਾ ਦਿੱਤੀ।
ਡੱਬੀ ਮੱਲ੍ਹਮ ਦੀ ਕੱਢ ਕੇ ਕਮਰ ਕੱਸਿਉਂ
ਭਾਈ ਘਨੱਈਏ ਦੀ ਝੋਲੀ ਵਿਚ ਪਾ ਦਿੱਤੀ।
ਗੁਰੂ ਜੀ ਨੇ ਮਿਹਰਾਂ ਬਖਸ਼ਿਸ਼ ਕਰਦਿਆਂ ਭਾਈ ਘਨੱਈਆ ਜੀ ਨੂੰ ਗੁਰਮਤਿ ਪ੍ਰਚਾਰ ਲਈ ਕਾਅਬੇ ਜਾਣ ਦਾ ਹੁਕਮ ਦਿੱਤਾ ਤਾਂ ਉਥੇ ਸੇਵਾ, ਸਿਮਰਨ, ਕਰਦਿਆਂ ਜੀਵਨ ਬਤੀਤ ਕਰਨ ਲੱਗੇ। ਪ੍ਰਚਾਰਕ, ਰਾਗੀ, ਢਾਡੀ ਸੌਧਰਾ, ਕਾਅਬਾ ਪਹੁੰਚ ਪ੍ਰਚਾਰ ਕਰਨ ਲੱਗੇ।
ਲੇਖਕ ਨੇ ਹਥਲੀ ਪੁਸਤਕ ਭਾਵੇਂ ਇਤਿਹਾਸਕ ਪੱਖ ਨੂੰ ਮੁੱਖ ਰੱਖ ਕੇ ਲਿਖੀ ਹੈ ਪਰ ਇਸ ਦੀ ਕਾਵਿ ਸ਼ੈਲੀ, ਸ਼ਰਧਾ, ਸਤਿਕਾਰ, ਪਿਆਰ ਦੀ ਭਾਵਨਾ ਨਾਲ ਲਬਰੇਜ਼ ਹੈ। ਨਿਮਰ ਇਕ ਚੰਗਾ ਸਟੇਜੀ ਕਵੀ ਹੈ। ਸਟੇਜੀ ਕਵੀਆਂ ਨੂੰ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ।


-ਦਿਲਜੀਤ ਸਿੰਘ ਬੇਦੀ
ਮੋ: 98148-98570


ਆਪਣੇ ਆਪਣੇ ਮਰਸੀਏ

ਲੇਖਿਕਾ : ਡਾ. ਸਰਘੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 99888-54454.


ਇਨ੍ਹਾਂ ਲਗਪਗ ਸਾਰੀਆਂ ਕਹਾਣੀਆਂ ਵਿਚ ਸਾਂਝਾ ਸੂਤਰ ਇਨ੍ਹਾਂ ਵਿਚਲੀ ਤ੍ਰਾਸਦੀ ਹੈ, ਜਿਸ ਨੂੰ ਕਹਾਣੀਆਂ ਦੀਆਂ ਕਿਰਦਾਰ ਔਰਤਾਂ ਆਪਣੇ ਪਿੰਡੇ 'ਤੇ ਹੰਢਾਉਂਦੀਆਂ ਦਿਖਾਈ ਦਿੰਦੀਆਂ ਹਨ। ਉਹ ਸੰਘਣੇ ਸੰੰਤਾਪ 'ਚੋਂ ਗੁਜ਼ਰਦੀਆਂ ਜ਼ਰੂਰ ਹਨ ਪਰ ਉਸ ਤ੍ਰਾਸਦੀ 'ਚੋਂ ਨਿਕਲਣ ਦੇ ਹੀਲੇ ਵਸੀਲੇ ਵੀ ਲੱਭਦੀਆਂ ਪ੍ਰਤੀਤ ਹੁੰਦੀਆਂ ਹਨ। ਹਾਰ ਕੇ, ਢੇਰੀ ਢਾਹ ਕੇ ਬਹਿ ਜਾਣਾ ਉਨ੍ਹਾਂ ਦੇ ਕਿਰਦਾਰ ਦਾ ਹਿੱਸਾ ਨਹੀਂ ਬਣਦੇ।
'ਹਾਲੀਡੇ ਵਾਈਫ਼' ਇਸ ਸੰਗ੍ਰਹਿ ਦੀ ਮੈਨੂੰ ਸਭ ਤੋਂ ਉੱਤਮ ਕਹਾਣੀ ਜਾਪਦੀ ਹੈ ਜਿਸ ਵਿਚ ਕੋਈ ਪ੍ਰਵਾਸੀ ਪਤੀ ਆਪਣੀ ਪਤਨੀ ਨੂੰ ਅੱਠ ਸਾਲ ਬੀਤ ਜਾਣ 'ਤੇ ਵੀ ਆਪਣੇ ਨਾਲ ਦੂਸਰੇ ਮੁਲਕ ਨਹੀਂ ਲਿਜਾਂਦਾ ਤੇ ਉਸ ਨੂੰ ਮਨਪ੍ਰਚਾਵੇ ਦਾ ਸਾਧਨ ਸਮਝ ਹਾਲੀਡੇ ਵਾਈਫ਼ ਆਖ ਕੇ ਅਨੰਦ ਮਾਣਦਾ ਹੈ। ਪਤਨੀ ਆਪਣੇ ਜੇਠ ਨਾਲ ਰਿਸ਼ਤਾ ਬਣਾ ਕੇ ਉਸ ਦੀ ਪਰਵਾਹ ਕਰਨੋਂ ਹਟ ਜਾਂਦੀ ਹੈ ਤੇ ਆਪਣੇ ਰਿਸ਼ਤਿਆਂ ਦਾ ਸਰਾਧ ਤੱਕ ਕਰ ਦਿੰਦੀ ਹੈ। ਲੇਖਿਕਾ ਦੀ ਕਲਾ ਇਸ ਵਿਚ ਹੈ ਕਿ ਉਹ ਸੰਕੇਤਾਂ ਟਿੱਪਣੀਆਂ ਰਾਹੀਂ ਨੰਗੀਆਂ ਚਿੱਟੀਆਂ ਗੱਲਾਂ ਨੂੰ ਵੀ ਅਸ਼ਲੀਲ ਹੋਣੋਂ ਬਚਾ ਲੈਂਦੀ ਹੈ। 'ਰਾਡ' ਕਹਾਣੀ ਦੀ ਮਾਂ ਘਰਾਂ 'ਚ ਨੌਕਰਾਂ ਵਲੋਂ ਬਾਲੜੀਆਂ ਦੇ ਹੋ ਰਹੇ ਜਬਰ ਜਨਾਹ ਬਾਰੇ ਚਿੰਤਤ ਤਾਂ ਹੈ ਹੀ ਪਰ ਅਗਾਂਹ ਡਿਪਰੈਸ਼ਨ ਤੇ ਮਨੋਰੋਗ ਦਾ ਸ਼ਿਕਾਰ ਵੀ ਹੋ ਜਾਂਦੀ ਹੈ। 'ਆਪਣੇ ਆਪਣੇ ਮਰਸੀਏ' ਦੀਆਂ ਦੋ ਸਹੇਲੀਆਂ ਆਪਣੇ ਪਤੀਆਂ ਦੀ ਮੌਤ ਤੋਂ ਬਾਅਦ ਹੋਣ ਵਾਲੇ ਤ੍ਰਿਸਕਾਰ ਦਾ ਡਟ ਕੇ ਮੁਕਾਬਲਾ ਕਰਦੀਆਂ ਦਿਖਾਈ ਦਿੰਦੀਆਂ ਹਨ। 'ਹਾਂਟਡ ਹਾਊਸ' ਦੀ ਪਹਿਲੀ ਵਿਆਹ ਦੀ ਵੱਡੀ ਧੀ ਆਪਣੀ ਨਵੀਂ ਮਾਂ ਨਾਲ ਸਮਝੌਤਾ ਨਹੀਂ ਕਰਦੀ। ਉਸ ਦੀ ਮਾਂ ਨੂੰ ਤਲਾਕ ਹੋ ਜਾਣ ਦੀ ਸੂਰਤ ਵਿਚ ਉਸ ਦੇ ਪਿਉ ਵਲੋਂ ਖ਼ਰੀਦਿਆ ਨਵਾਂ ਘਰ ਭੂਤਵਾੜਾ ਲੱਗਣ ਲਗਦਾ ਹੈ। 'ਸਭ ਦੇਸ ਪਰਾਇਆ' ਦਾ ਬਾਜਵਾ ਆਪਣੇ ਪੁੱਤ ਦੇ ਪ੍ਰਦੇਸ਼ ਜਾ ਕੇ ਬਦਲ ਜਾਣ 'ਤੇ ਅਤੇ ਸਹੁਰਿਆਂ ਥੱਲੇ ਲੱਗ ਜਾਣ ਕਾਰਨ ਦੁਖੀ ਹੈ। ਉਸ ਦੇ ਪੁੱਤ ਵਲੋਂ 'ਬਾਜਵਾ' ਗੋਤ ਵੀ ਛੱਡ ਦੇਣ 'ਤੇ ਉਹ ਅੰਤਾਂ ਦਾ ਦੁੱਖ ਜਰਦਾ ਹੈ। 'ਬਰਸੇ ਮੇਘ' ਗਾਈਡ ਅਤੇ ਉਸ ਦੀ ਰਿਸਰਚ ਸਕਾਲਰ ਦੇ ਆਪਸੀ ਰਿਸ਼ਤਿਆਂ ਦੀ ਕਹਾਣੀ ਹੈ ਜੋ ਆਪਣੇ ਤਪਤੇਜ ਮੂਹਰੇ ਸਰੀਰਕ ਤੌਰ 'ਤੇ ਪੂਰਾ ਉਤਰ ਦਿਖਾਈ ਨਹੀਂ ਦਿੰਦੀ ਤੇ ਨਮੋਸ਼ੀ ਝੱਲਣ ਲਈ ਮਜਬੂਰ ਹੈ। 'ਕੁੜੀਆਂ' ਕਹਾਣੀ ਮਰਦ ਸ਼ਾਵਨਵਾਦ ਦਾ ਕੋਝਾ ਚਿਹਰਾ ਦਰਸਾਉਂਦੀ ਕਹਾਣੀ ਹੈ, ਜਿਸ ਵਿਚ ਧੀਆਂ ਜੰਮਣ ਵਾਲੀ ਔਰਤ ਦਾ ਰੱਜ ਕੇ ਨਿਰਾਦਰ ਕੀਤਾ ਜਾਂਦਾ ਹੈ। ਪਰ ਕੁੜੀਆਂ ਜੰਮਣ ਲਈ ਮਰਦ ਦੀ ਜ਼ਿੰਮੇਵਾਰੀ ਵਾਲੀ ਸਮਝ ਆਉਣ 'ਤੇ ਉਹ ਪਰਿਵਾਰ ਨਾਲ ਤਕੜੇ ਪੈਰੀਂ ਹੋ ਕੇ ਟੱਕਰਦੀ ਹੈ। 'ਜਿਸ ਦਿਹਾੜੇ ਪੇਰਾ ਹਰਿਆਲੀ' ਵਿਚ ਇਕ ਫ਼ੌਜੀ ਨੌਜਵਾਨ ਦੇ ਸ਼ਹੀਦ ਹੋ ਜਾਣ 'ਤੇ ਮਾਂ ਦੀ ਵਿਥਿਆ ਪੇਸ਼ ਕੀਤੀ ਗਈ ਹੈ, ਜੋ ਆਪਣੇ ਪੁੱਤ ਦੀ ਯਾਦ ਵਿਚ ਸੰਤਾਪ ਭੋਗਦੀ ਹੈ। 'ਰਬਾਬੀ' ਕਹਾਣੀ ਵੱਖਰੇ ਕਲੇਵਰ ਦੀ ਕਹਾਣੀ ਹੈ ਜਿਸ ਵਿਚ ਸ਼ਰਧਾ, ਆਸਥਾ ਦਾ ਯਥਾਰਥ ਨਾਲ ਟਕਰਾ ਪੇਸ਼ ਕੀਤਾ ਜਾਂਦਾ ਹੈ। 'ਰਬਾਬੀ' ਪਾਤਰ ਆਪਣੀ ਗੁਰੂ ਪ੍ਰਤੀ ਆਸਥਾ ਵਿਚ ਏਨਾ ਭਿੱਜ ਜਾਂਦਾ ਹੈ ਕਿ ਉਸ ਨੂੰ ਗੁਰੂ ਤੋਂ ਬਗੈਰ ਕੁਝ ਨਜ਼ਰ ਹੀ ਨਹੀਂ ਆਉਂਦਾ। ਗੁਰੂ ਦੇ ਨਾਮਲੇਵਾ ਭੇਖੀ ਲੋਕਾਂ ਨੂੰ ਉਸ ਦੀ ਇਹ ਆਸਥਾ ਰਾਸ ਨਹੀਂ ਆਉਂਦੀ। ਸਰਘੀ ਕੋਲ ਅਜਿਹੀ ਭਾਸ਼ਾ ਹੈ, ਕਥਾ ਦਾ ਅਜਿਹਾ ਮੁਹਾਵਰਾ ਹੈ ਜਿਸ ਨਾਲ ਉਹ ਆਪਣੀ ਕਹਾਣੀ ਨੂੰ ਕਲਾ ਦੇ ਸਿਖ਼ਰ 'ਤੇ ਲਿਜਾਣ ਦੇ ਆਹਰ 'ਚ ਹੈ।


-ਕੇ. ਐਲ. ਗਰਗ
ਮੋ: 94635-37050
c c c


ਕਾਲੀ ਬੋਲੀ ਰਾਤ
ਲੇਖਕ : ਬੂਟਾ ਸਿੰਘ 'ਸ਼ਾਦ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 183
ਸੰਪਰਕ : 98332-84282.


ਮਸ਼ਹੂਰ ਨਾਵਲਕਾਰ ਅਤੇ ਫ਼ਿਲਮਕਾਰ ਬੂਟਾ ਸਿੰਘ 'ਸ਼ਾਦ' ਦਾ ਵਿਚਾਰ ਅਧੀਨ ਨਾਵਲ 'ਕਾਲੀ ਬੋਲੀ ਰਾਤ' ਪਹਿਲੀ ਵਾਰ 2007 ਵਿਚ ਪ੍ਰਕਾਸ਼ਿਤ ਹੋਇਆ। ਇਸ ਤੋਂ ਇਲਾਵਾ ਬੂਟਾ ਸਿੰਘ ਸ਼ਾਦ ਦੋ ਦਰਜਨ ਤੋਂ ਵੱਧ ਪੰਜਾਬੀ ਨਾਵਲ ਮਾਂ ਬੋਲੀ ਪੰਜਾਬੀ ਦੀ ਝੋਲੀ ਪਾ ਚੁੱਕਾ ਹੈ। ਉਸ ਦੀ ਬਿਰਤਾਂਤਕ ਕਲਾ ਦੇ ਸਹਾਰੇ ਉਸ ਦੇ ਨਾਵਲ ਵੀ ਉਸ ਦੀਆਂ ਫ਼ਿਲਮਾਂ ਵਾਂਗ ਹੀ ਪਾਠਕਾਂ ਦੇ ਮਨਾਂ 'ਤੇ ਅਮਿੱਟ ਛਾਪ ਛੱਡਣ ਵਾਲੇ ਸਿੱਧ ਹੁੰਦੇ ਹਨ। ਕਿਸੇ ਵੀ ਖ਼ਾਸ ਤਰ੍ਹਾਂ ਦੇ ਨਾਵਲਕਾਰ ਦੀ ਕਤਾਰ ਤੋਂ ਪਰ੍ਹੇ ਅਤੇ ਕਿਸੇ ਵੀ ਵਾਦ ਅਧੀਨ ਰਚਨਾਕਾਰੀ ਕਰਨ ਤੋਂ ਇਨਕਾਰੀ ਬੂਟਾ ਸਿੰਘ ਸ਼ਾਦ ਜ਼ਿੰਦਗੀ ਦੇ ਸੱਚ ਨੂੰ ਚਿਤਰਨ ਵਾਲਾ ਨਾਵਲਕਾਰ ਹੈ, ਜਿਸ ਦੀ ਸਭ ਤੋਂ ਵੱਡੀ ਪ੍ਰਾਪਤੀ ਉਸ ਦੇ ਨਾਵਲਾਂ ਦੇ ਬਿਰਤਾਂਤ ਵਿਚ ਆਪਮੁਹਾਰੇ ਤੁਰਦੇ-ਫਿਰਦੇ ਪਾਤਰ ਅਤੇ ਸਰਲ ਭਾਸ਼ਾ ਹੈ। ਬੂਟਾ ਸਿੰਘ ਸ਼ਾਦ ਨੇ ਇਸ ਨਾਵਲ ਵਿਚ ਜ਼ਿੰਦਗੀ ਦੀਆਂ ਮਜਬੂਰੀਆਂ, ਸਮਾਜਿਕ ਬੁਰਾਈਆਂ ਅਤੇ ਸੱਚ ਨੂੰ ਵਿਸ਼ਾ ਬਣਾਇਆ ਹੈ। ਇਸ ਦੇ ਨਾਲ ਹੀ ਨਾਵਲਕਾਰ ਨੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਅਤੇ ਪੇਂਡੂ ਜੀਵਨ ਦੀਆਂ ਜੜ੍ਹਾਂ ਵਿਚ ਬਿਮਾਰੀ ਵਾਂਗ ਫੈਲ ਚੁੱਕੀ ਬਦਲਾ ਲੈਣ ਦੀ ਭਾਵਨਾ ਨੂੰ ਦਰਸਾਇਆ ਹੈ, ਜਿਸ ਅਧੀਨ ਮਨੁੱਖ ਦੀ ਜਾਨ ਦੀ ਤੁਲਨਾ ਇਕ ਵਾ-ਵਰੋਲੇ ਨਾਲ ਕੀਤੀ ਗਈ ਹੈ। ਅਜਿਹਾ ਵਾ-ਵਰੋਲਾ ਜੋ ਬਿਨਾਂ ਧੁਰੇ ਤੋਂ ਦੂਰ ਘੁੰਮਦਾ ਨਜ਼ਰ ਆਉਂਦਾ ਹੈ ਅਤੇ ਮਨੁੱਖ ਦੇ ਤਸੱਵਰ ਕਰਨ ਤੋਂ ਪਹਿਲਾਂ ਇਹ ਉਸ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਇਸ ਤਰ੍ਹਾਂ ਦੀ ਤਬਾਹੀ ਤੋਂ ਬਾਅਦ ਵੀ ਨਾਵਲਕਾਰ ਪਾਠਕ ਨੂੰ ਨਕਾਰਾਤਮਕਤਾ ਵਿਚ ਨਹੀਂ ਵਹਿਣ ਦਿੰਦਾ ਸਗੋਂ ਨਾਵਲ ਨੂੰ ਨਵੇਂ ਜੀਵਨ ਦੀ ਆਸ ਭਰੇ ਇਨ੍ਹਾਂ ਸ਼ਬਦਾਂ ਨਾਲ ਖ਼ਤਮ ਕਰਦਾ ਹੈ, 'ਪਰ ਨਿੱਕਿਆ ਇਹ ਵਾ-ਵਰੋਲੇ ਜੀਵਨ ਦੀ ਹਰਿਆਵਲ ਕਦੇ ਖ਼ਤਮ ਨਹੀਂ ਕਰ ਸਕਦੇ। ਮੈਨੂੰ ਲਗਦਾ ਜਿਵੇਂ ਕਾਲੀ ਬੋਲੀ ਰਾਤ ਲੰਘ ਗਈ ਤੇ ਪਹੁ ਫੁੱਟ ਪਈ ਹੈ।''


-ਡਾ. ਸੰਦੀਪ ਰਾਣਾ
ਮੋ: 98728-87551
c c c'


ਚੀਨੀ ਦਰਸ਼ਨ : ਤਾਓਵਾਦ
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98152-98459.


ਲਾਓ-ਤਸੂ ਇਕ ਚੀਨੀ ਮਹਾਂਪੁਰਖ ਸੀ। ਉਸ ਦੀ ਇਕਲੌਤੀ ਪੁਸਤਕ 'ਤਾਓ ਤੈ ਚਿੰਗ' ਤਾਓਵਾਦ ਦੀ ਸਰੋਤ-ਪੁਸਤਕ ਹੈ। 'ਤਾਓ' ਦਾ ਅਰਥ ਹੈ ਮਾਰਗ, 'ਤੈ' ਦਾ ਸ਼ਾਬਦਿਕ ਅਰਥ ਨੇਕੀ ਹੈ ਅਤੇ 'ਚਿੰਗ' ਦਾ ਮਤਲਬ ਪੋਥੀ ਹੈ। ਇਸ ਪ੍ਰਕਾਰ ਤਾਓ-ਤੈ-ਚਿੰਗ ਇਕ ਅਜਿਹੀ ਪੋਥੀ ਹੈ, ਜਿਸ ਵਿਚ ਨੇਕੀ ਦੇ ਮਾਰਗ ਬਾਰੇ ਕੁਝ ਵਿਚਾਰ ਪ੍ਰਗਟ ਕੀਤੇ ਗਏ ਹਨ।
ਹਥਲੀ ਪੁਸਤਕ ਜਾਪਾਨ ਦੀ ਖੂਬਸੂਰਤ ਧਰਤੀ ਉੱਪਰ ਰਹਿਣ ਵਾਲੇ ਪੰਜਾਬੀ ਦੇ ਸੰਵੇਦਨਸ਼ੀਲ ਅਤੇ ਸੁਹਜਵਾਦੀ ਕਵੀ ਸ੍ਰੀ ਪਰਮਿੰਦਰ ਸੋਢੀ ਦੀ ਰਚਨਾ ਹੈ। ਉਸ ਨੇ ਇਸ ਪੁਸਤਕ ਵਿਚ ਤਾਓਵਾਦੀ ਦਰਸ਼ਨ ਦੇ ਸੰਸਥਾਪਕ ਲਾਓ-ਤਸੂ ਅਤੇ ਇਸ ਦਰਸ਼ਨ ਨੂੰ ਵਿਸਤਾਰ ਦੇਣ ਵਾਲੇ ਕੁਝ ਹੋਰ ਸੰਵੇਦਨਸ਼ੀਲ ਮਹਾਂਪੁਰਖਾਂ ਦੇ ਵਿਚਾਰ ਵੀ ਅੰਕਿਤ ਕੀਤੇ ਹਨ। ਪੁਰਾਣੇ ਚਿੰਤਕ ਛੋਟੀਆਂ-ਛੋਟੀਆਂ ਕਥਾਵਾਂ ਦੇ ਮਾਧਿਅਮ ਦੁਆਰਾ ਲੋਕਾਂ ਨੂੰ ਮਨੁੱਖੀ ਜੀਵਨ ਦਾ ਰਹੱਸ ਸਮਝਾਇਆ ਕਰਦੇ ਸਨ। ਵਾਨ-ਤਸੂ, ਲੀਹ-ਤਸੂ, ਲੂ-ਤਸੂ ਅਤੇ ਕੁਝ ਹੋਰ ਮਹਾਂਪੁਰਖ ਇਸੇ ਵਿਧੀ ਦਾ ਪ੍ਰਯੋਗ ਕਰਦੇ ਸਨ। ਅਜੋਕੇ ਪੂੰਜੀਵਾਦੀ ਯੁੱਗ ਵਿਚ ਜਦੋਂ ਹਰ ਵਿਅਕਤੀ ਆਪਣੇ ਸੰਗੀਆਂ-ਸਾਥੀਆਂ ਨਾਲ ਛਲ ਕਰਨ ਵਾਸਤੇ ਰਸਮੀ ਅਤੇ ਬਨਾਉਟੀ ਵਿਹਾਰ ਕਰਦਾ ਹੈ ਤਾਂ ਉਹ ਹਰ ਵਕਤ ਥੱਕਿਆ ਅਤੇ ਝੁੰਜਲਾਇਆ ਰਹਿੰਦਾ ਹੈ, ਉਸ ਨੂੰ ਆਪਣੇ ਜੀਵਨ ਦਾ ਸਹਿਜ-ਅਨੰਦ ਪ੍ਰਾਪਤ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਅਜੋਕੇ ਯੁੱਗ ਵਿਚ ਤਾਓਵਾਦ ਕਾਫੀ ਮਕਬੂਲ ਹੈ ਅਤੇ ਵਿਦਵਾਨ ਲੋਕ ਇਸ ਮੱਤ ਦੀ ਭਰਪੂਰ ਪ੍ਰਸੰਸਾ ਕਰਦੇ ਹਨ, ਭਾਵੇਂ ਇਹ ਵੱਖਰਾ ਵਿਸ਼ਾ ਹੈ ਕਿ ਉਹ ਇਸ ਮਾਰਗ ਉੱਪਰ ਚਲਦੇ ਵੀ ਹਨ ਜਾਂ ਐਵੇਂ ਪਾਖੰਡ ਹੀ ਕਰਦੇ ਹਨ। ਤਾਓਵਾਦ ਦੇ ਕੁਝ ਹੋਰ ਸਿਧਾਂਤ ਇਸ ਪ੍ਰਕਾਰ ਹਨ : ਦਿਖਾਵਾ ਨਾ ਕਰੋ, ਘੱਟ ਬੋਲੋ, ਮੁਕਾਬਲੇਬਾਜ਼ੀ ਵਿਚ ਨਾ ਪਵੋ। ਪ੍ਰਸਿੱਧੀ ਦਾ ਲਾਲਚ ਨਾ ਕਰੋ, ਸੰਤੁਲਨ ਬਣਾਈ ਰੱਖੋ ਅਤੇ ਆਲੇ-ਦੁਆਲੇ ਨਾਲ ਇਕਸੁਰ ਰਹੋ। ਲਾਓ-ਤਸੂ ਦਾ ਇਕ ਕਥਨ ਦੇਖੋ : 'ਜਿਥੇ ਭਾਰੀ ਰੋਸ ਫੈਲਿਆ ਹੋਵੇ, ਉਥੇ ਸ਼ਾਂਤੀ ਕਾਇਮ ਹੋਣ ਤੋਂ ਬਾਅਦ ਵੀ ਥੋੜ੍ਹੇ-ਬਹੁਤੇ ਰੋਸ ਦਾ ਬਚਿਆ ਰਹਿ ਜਾਣਾ ਸੁਭਾਵਿਕ ਹੈ। ਇਸ ਲਈ ਬੁੱਧ ਪੁਰਸ਼ ਹੱਕਦਾਰ ਹੋਣ ਦੇ ਬਾਵਜੂਦ ਦੂਸਰੀ ਧਿਰ ਮੂਹਰੇ ਕੋਈ ਮੰਗ ਨਹੀਂ ਰੱਖਦਾ। ਇਸ ਲਈ ਜਿਨ੍ਹਾਂ ਕੋਲ ਨੇਕੀ ਹੈ, ਉਹ ਇਕਰਾਰਨਾਮੇ ਦੇ ਮਾਲਕ ਹੁੰਦੇ ਹਨ ਅਤੇ ਜਿਨ੍ਹਾਂ ਕੋਲ ਨੇਕੀ ਨਹੀਂ ਹੁੰਦੀ, ਉਹ ਮੰਗਾਂ ਦੇ ਮਾਲਕ ਹੁੰਦੇ ਹਨ।' ਇਸ ਪ੍ਰਕਾਰ ਤਾਓਵਾਦ ਮਨੁੱਖੀ ਜੀਵਨ ਨੂੰ ਸਹਿਜ, ਸੁਭਾਵਿਕ, ਉਚੇਚ-ਰਹਿਤ ਅਤੇ ਆਡੰਬਰ ਮੁਕਤ ਬਣਾਉਣ ਦੀ ਕਾਮਨਾ ਕਰਦਾ ਹੈ।


-ਬ੍ਰਹਮਜਗਦੀਸ਼ ਸਿੰਘ
c c c


ਲੱਡੂ ਮੋਤੀਚੂਰ ਦੇ
ਲੇਖਕ : ਬਲਦੇਵ ਸਿੰਘ ਕੋਰੇ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94175-83141.


ਲੇਖਕ ਬਲਦੇਵ ਸਿੰਘ ਕੋਰੇ ਦੀ ਲਿਖੀ ਇਹ ਮਿੰਨੀ ਕਹਾਣੀ ਸੰਗ੍ਰਹਿ ਹੈ। ਇਸ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਦੀਆਂ 65 ਮਿੰਨੀ ਕਹਾਣੀਆਂ ਹਨ ਜਿਨ੍ਹਾਂ ਵਿਚ ਕਾਫੀ ਹੱਦ ਤੱਕ ਸਚਾਈ ਦੀ ਝਲਕ ਸਾਫ਼ ਵਿਖਾਈ ਦਿੰਦੀ ਹੈ। ਕਈ ਮਿੰਨੀ ਕਹਾਣੀਆਂ ਏਨੀਆਂ ਭਾਵਪੂਰਤ ਹਨ ਕਿ ਅੱਖਾਂ ਵਿਚੋਂ ਹੰਝੂ ਟਪਕ ਪੈਂਦੇ ਹਨ। ਜਾਪਦਾ ਹੈ ਕਿ ਇਨ੍ਹਾਂ ਮਿੰਨੀ ਕਹਾਣੀਆਂ ਨੂੰ ਲੇਖਕ ਨੇ ਵੇਖਿਆ, ਸੁਣਿਆ ਤੇ ਹੰਢਾਇਆ ਵੀ ਹੋ ਸਕਦਾ ਹੈ। ਸਾਰੀਆਂ ਮਿੰਨੀ ਕਹਾਣੀਆਂ ਦੇ ਵਿਸ਼ੇ ਵੱਖੋ-ਵੱਖਰੇ ਹਨ, ਜਿਨ੍ਹਾਂ ਨੂੰ ਇਕੋ ਸਾਹੇ ਪੜ੍ਹਨ ਦਾ ਇਰਾਦਾ ਮੱਲੋ-ਮੱਲੀ ਬਣ ਜਾਂਦਾ ਹੈ। ਲੇਖਕ ਨੂੰ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਵੀ ਰਿਹਾ ਹੈ। ਸੋ ਗੂੜੇ ਹੋਣ ਦੇ ਨਾਤੇ ਮਿੰਨੀ ਕਹਾਣੀਆਂ ਨੂੰ ਆਪ ਮੁਹਾਰੇ ਨਹੀਂ ਹੋਣ ਦਿੱਤਾ ਹੈ ਅਤੇ ਹਰ ਮਿੰਨੀ ਕਹਾਣੀ ਵਿਚ ਆਪ ਖੁੱਭ ਕੇ ਲਿਖਿਆ ਹੈ ਜੋ ਚੰਗੇ ਲੇਖਕ ਦੀ ਨਿਸ਼ਾਨੀ ਕਿਹਾ ਜਾ ਸਕਦਾ ਹੈ। ਲੇਖਕ ਨੇ ਨਾਟਕ, ਇਕਾਂਗੀ, ਸਫ਼ਰਨਾਮਾ, ਜੀਵਨੀਆਂ, ਲੇਖ, ਵੱਡੀ ਕਹਾਣੀ ਲਿਖਣ 'ਤੇ ਵੀ ਹੱਥ ਅਜ਼ਮਾਇਆ ਹੈ। ਇਸ ਪੁਸਤਕ ਵਿਚਲੀਆਂ ਮਿੰਨੀ ਕਹਾਣੀਆਂ ਬਾਪੂ ਦੇ ਫੁੱਲ, ਖੂਨ ਆਪੋ ਆਪਣਾ, ਪੁੱਤ ਕਪੁੱਤ, ਨਮੋਸ਼ੀ, ਦੁਨੀਆ ਮਤਲਬ ਦੀ, ਕਬੀਲਦਾਰੀ, ਨੇਕ ਨਸੀਹਤ, ਪਛਤਾਵਾ, ਨੇਕ ਸੋਚਣੀ, ਫ਼ਰਜ਼ਾਂ ਦੀ ਕੁਤਾਹੀ, ਵਹਿਮ ਆਦਿ ਚੰਗੀਆਂ ਮਿੰਨੀ ਕਹਾਣੀਆਂ ਹਨ। ਇਸ ਤੋਂ ਇਲਾਵਾ ਸਾਰੀਆਂ ਹੀ ਮਿੰਨੀ ਕਹਾਣੀਆਂ ਪੜ੍ਹਨਯੋਗ ਹੈ। ਮਿੰਨੀ ਕਹਾਣੀਆਂ ਸਾਡੀ ਅੱਜ ਦੀ ਪੀੜ੍ਹੀ ਲਈ ਸੇਧ ਵੀ ਹਨ ਅਤੇ ਪੜ੍ਹਨ ਵਾਲੇ ਨੂੰ ਪ੍ਰਭਾਵਿਤ ਵੀ ਕਰਨਗੀਆਂ। ਲੇਖਕ ਦੀ ਚੰਗੀ ਕੋਸ਼ਿਸ਼ ਹੈ ਕਿ ਮਿੰਨੀ ਕਹਾਣੀਆਂ ਰਾਹੀਂ ਉਸ ਨੇ ਆਪਣੇ ਦਿਲ ਦੇ ਵਲਵਲਿਆਂ ਨੂੰ ਬਾਹਰ ਕੱਢ ਕੇ ਪੁਸਤਕ ਦਾ ਰੂਪ ਦੇ ਕੇ ਚੰਗਾ ਕੰਮ ਕੀਤਾ ਹੈ। ਕਈ ਮਿੰਨੀ ਕਹਾਣੀਆਂ ਕਾਫੀ ਛੋਟੀਆਂ ਜ਼ਰੂਰ ਹਨ ਪਰ ਉਸ ਵਿਚ ਜੋ ਬਿਆਨ ਕੀਤਾ ਗਿਆ ਹੈ, ਉਹ ਕੁੱਜੇ ਵਿਚ ਸਮੁੰਦਰ ਬੰਦ ਕਰਨ ਤੋਂ ਘੱਟ ਨਹੀਂ ਹੈ।


-ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990.


ਕਥਨਾ ਕਰੜਾ ਸਾਰੁ
ਲੇਖਕ : ਕੁਲਦੀਪ ਸਿੰਘ ਬੇਦੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 330 ਰੁਪਏ, ਸਫ਼ੇ : 272
ਸੰਪਰਕ : 98760-95392.


ਸਵੈ-ਜੀਵਨੀ ਸ਼ਾਸਤਰ ਅਨੁਸਾਰ ਸੱਚ ਦੀ ਪੇਸ਼ਕਾਰੀ ਹੀ ਸਵੈ-ਜੀਵਨੀ ਦਾ ਆਧਾਰ ਹੁੰਦਾ ਹੈ। ਜਿਸ ਲੇਖਕ ਨੇ ਸੱਚ ਛੁਪਾਉਣਾ ਹੈ, ਉਹ ਸਵੈ-ਜੀਵਨਾਤਮਕ ਨਾਵਲ ਲਿਖੇ ਤਾਂ ਠੀਕ ਹੈ। ਵਿਚਾਰ ਅਧੀਨ ਸਵੈ-ਜੀਵਨੀ ਦੇ ਲੇਖਕ ਨੇ ਇਸੇ ਲਈ ਜਪੁ ਜੀ ਸਾਹਿਬ ਬਾਣੀ ਤੋਂ ਆਪਣੀ ਰਚਨਾ ਦਾ ਨਾਮਕਰਨ ਪ੍ਰਾਪਤ ਕੀਤਾ ਹੈ ਕਿਉਂਕਿ ਆਤਮ-ਕਥਾ ਵਿਚ ਸੱਚੋ-ਸੱਚ ਬਿਆਨ ਕਰਨਾ ਹੀ ਤਾਂ ਕਠਿਨ (ਕਥਨਾ ਕਰੜਾ ਸਾਰੁ) ਕਾਰਜ ਹੈ। ਇਸ ਸਵੈ-ਜੀਵਨੀ ਦੇ ਲੇਖਕ ਨੇ ਸੱਚ ਬਿਆਨ ਕਰਨ ਦਾ ਹਰ ਸੰਭਵ ਯਤਨ ਕੀਤਾ ਹੈ। ਮਸਲਨ: ਆਪਣੇ ਪਰਿਵਾਰ ਦਾ ਪਾਕਿਸਤਾਨੋਂ ਉੱਜੜ ਕੇ ਆਉਣਾ, ਬਚਪਨ ਵਿਚ ਬਿਸਤਰੇ 'ਤੇ ਪਿਸ਼ਾਬ ਕਰਨਾ, ਉਸ ਦੇ ਪਰਿਵਾਰ ਦਾ ਟਾਂਕ ਕਸ਼ੱਤਰੀ (ਛੀਂਬਾ) ਜਾਤ ਨਾਲ ਸਬੰਧਿਤ ਹੋਣਾ, ਗ਼ਰੀਬੀ ਕਾਰਨ ਜੀ.ਐਨ.ਈ. ਵਿਚ ਦਾਖ਼ਲਾ ਲੈ ਕੇ ਛੱਡਣਾ, ਵਰਕਸ਼ਾਪ ਵਿਚ ਕੰਮ ਕਰਦਿਆਂ ਮਾਲਕਾਂ ਦਾ ਪ੍ਰਭਾਵ ਗੁਆਉਣਾ, ਪ੍ਰਾਈਵੇਟ ਪੜ੍ਹਾਈ ਕਰਕੇ ਐਮ.ਏ. ਪੰਜਾਬੀ ਕਰਨਾ, ਪਿਤਾ ਸਟੇਸ਼ਨ ਮਾਸਟਰ ਦਾ ਮਾਮੂਲੀ ਘਪਲੇ ਵਿਚ ਸਸਪੈਂਡ ਹੋਣਾ, ਵੀਹ ਸਾਲ ਮਗਰੋਂ ਬਰੀ ਹੋਣਾ, ਸ਼ਾਦੀ ਵੀ ਤੰਗੀ 'ਚ ਕਰਵਾਉਣਾ, ਗੁਰਬਤ ਵਿਚ ਹੀ ਭੈਣਾਂ-ਭਰਾਵਾਂ ਨੂੰ ਪੜ੍ਹਾਉਣਾ, ਇਕ ਤਾਇਆ ਜੀ ਦਾ ਧੋਖਾ, ਗੁਰਮਤਿ ਗਜ਼ਟ ਪ੍ਰਕਾਸ਼ਨ ਸਮੇਂ ਵੱਡੀ ਰਕਮ ਦੀ ਦੇਣਧਾਰੀ, ਗੱਲ ਕੀ ਅਤਿ ਦੀ ਗ਼ਰੀਬੀ ਹੰਢਾਈ ਪਰ ਹੌਸਲਾ ਨਹੀਂ ਹਾਰਿਆ। ਪੰਜਾਬ ਦੇ ਕਾਲੇ ਦਿਨਾਂ ਵਿਚ ਮਾਨਸਿਕ ਸੰਤਾਪ ਹੰਢਾਇਆ। ਇਕ ਦੋਸਤ ਨਾਲ ਮਿਲ ਕੇ ਚੋਰੀ ਵੀ ਕੀਤੀ, ਮੇਲੇ ਵਿਚ ਦੁਕਾਨ ਵੀ ਲਾਈ। ਜੀਵਨ-ਗੱਡੀ ਚਲਦੀ ਰੱਖਣ ਲਈ ਅਨੇਕਾਂ ਪਾਪੜ ਵੇਲੇ। ਨਾਟਕ ਵਿਚ ਲੜਕੀ ਦਾ ਰੋਲ ਵੀ ਕੀਤਾ। ਲੇਖਕ ਨੇ ਪਰਿਵਾਰ ਦੇ ਲਗਭਗ ਸਭ ਜੀਆਂ ਨਾਲ ਜਾਣ-ਪਛਾਣ ਕਰਵਾਈ ਹੈ। ਆਪਣੀ ਸਾਹਿਤਕ ਸਿਰਜਣ-ਪ੍ਰਕਿਰਿਆ ਬਾਰੇ ਉਸ ਦਾ ਕਹਿਣਾ ਹੈ ਕਿ ਉਹ ਰਾਮ-ਰੌਲੇ/ਸ਼ੋਰ ਵਿਚ ਵੀ ਆਪਣੀ ਸਿਰਜਣਾ ਵਿਚ ਜੁੜਿਆ ਰਹਿੰਦਾ ਹੈ। ਉਸ ਦੀਆਂ ਪ੍ਰਮੁੱਖ ਰਚਨਾਵਾਂ ਵਿਚ ਦਾਅ-ਪੇਚ, ਕਾਸ਼, ਰੰਗ-ਤਮਾਸ਼ਾ, ਸੰਗਲ ਨਾ ਫੜ (ਨਾਵਲ), ਪ੍ਰਸੰਸਾ ਦੇ ਬੋਲ (ਵਾਰਤਕ) ਆਦਿ ਸ਼ਾਮਿਲ ਹਨ। 'ਪੂਰਨ-ਅਪੂਰਨ' ਕਹਾਣੀ ਸੰਗ੍ਰਹਿ ਪ੍ਰਕਾਸ਼ਨ ਅਧੀਨ ਹੈ। ਉਸ ਦੀ ਸਾਹਿਤਕ ਮਿੱਤਰ-ਮੰਡਲੀ ਵਿਚ ਅਨੇਕਾਂ ਵੱਡੇ ਸਾਹਿਤਕਾਰ-ਕਰਤਾਰ ਸਿੰਘ ਦੁੱਗਲ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ, ਸ਼ਮਸ਼ੇਰ ਸੰਧੂ, ਰਾਮ ਸਰੂਪ ਅਣਖੀ ਆਦਿ ਸ਼ਾਮਿਲ ਰਹੇ ਹਨ। ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਬਾਰੇ ਆਪਣੇ ਸਬੰਧਾਂ ਦੀ ਜਾਣਕਾਰੀ ਦਿੱਤੀ ਹੈ। ਪੀ.ਐਚ.ਡੀ. ਨਾ ਕਰ ਸਕਣ ਦਾ ਕਾਰਨ ਦੱਸਿਆ ਹੈ। ਆਪਣੇ ਪਰਿਵਾਰ ਦੇ ਮੁੱਖ ਵਿਅਕਤੀਆਂ ਦਾ ਸੁਭਾਅ-ਚਿਤਰਨ ਕੀਤਾ ਹੈ। ਯਾਦਾਂ ਹਰ ਘਟਨਾ ਦਾ ਪਿਛੋਕੜ ਸਿਰਜਦੀਆਂ ਹਨ। ਸਮੇਂ ਦਾ ਇਤਿਹਾਸ ਉਜਾਗਰ ਹੁੰਦਾ ਹੈ। ਬੇਦੀ ਦੀ ਨੀਝ ਉਦੋਂ ਤੇ ਹੁਣ, ਬਾਹਰ ਤੇ ਅੰਦਰ ਵੱਲ ਮੋੜੇ ਕੱਟਦੀ ਹੈ। ਸੰਖੇਪ ਘਟਨਾਵਾਂ ਪਰਸਪਰ ਕਿਰਿਆ ਕਰਦੀਆਂ ਹਨ। ਸੰਖੇਪ ਇਹ ਕਿ ਸਵੈ-ਜੀਵਨੀ ਦਾ ਕੈਨਵਸ ਵਿਸ਼ਾਲ ਹੈ।


-ਡਾ. ਧਰਮ ਚੰਦ ਵਾਤਿਸ਼
vatish.dharam-chand.@gmail.com


ਸ਼ਬਦਾਂ ਦੀ ਸਰਗਮ
ਲੇਖਕ : ਸੁੱਚਾ ਸਿੰਘ ਅਧਰੇੜਾ
ਪ੍ਰਕਾਸ਼ਕ : ਤਰਲੋਚਨ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 94631-07886.


ਆਪਣੀ ਉਮਰ ਦੇ ਨੌਵੇਂ ਦਹਾਕੇ ਨੂੰ ਪਹੁੰਚਣ ਵਾਲਾ ਇਹ ਬਜ਼ੁਰਗ ਸ਼ਾਇਰ ਹਥਲੀ ਕਾਵਿ-ਕਿਤਾਬ 'ਸ਼ਬਦਾਂ ਦੀ ਸਰਗਮ' ਤੋਂ ਪਹਿਲਾਂ 'ਤੰਦ ਪਿਆਰਾਂ ਦੀ', 'ਕੁੜੀ ਪੰਜਾਬ ਦੀ', 'ਝੱਖੜ ਝੋਲਾ', 'ਰਖਸ਼ਾ ਬੰਧਨ' ਤੇ 'ਮੂੰਹ ਆਈ ਬਾਤ' ਪੰਜਾਬੀ ਸ਼ਾਇਰੀ ਦੇ ਰੂਬਰੂ ਕਰਾ ਚੁੱਕਾ ਹੈ। ਜਿਵੇਂ ਸੰਗੀਤ ਨੂੰ ਸੁਰਬੱਧ ਕਰਨ ਲਈ ਕਿਸੇ ਸਰਗਮ ਦੀ ਜ਼ਰੂਰਤ ਪੈਂਦੀ ਹੈ, ਇਸੇ ਤਰ੍ਹਾਂ ਸ਼ਬਦਾਂ ਨੂੰ ਸੁਰਬੱਧ ਕਰਨ ਲਈ ਵੀ ਸਰਗਮ ਦੀ ਲੋੜ ਪੈਂਦੀ ਹੈ।
ਉਸ ਸਰਗਮ ਦਾ ਨਾਂਅ ਹੈ ਸ਼ਾਇਰਾਨਾ ਤਖੱਯਲ। ਇਹ ਸ਼ਾਇਰ ਕਿਸੇ ਵਾਦ ਨਾਲ ਬੱਝਿਆ ਹੋਇਆ ਨਹੀਂ ਅਤੇ ਵਾਦ ਮੁਕਤ ਸ਼ਾਇਰੀ ਕਰਦਾ ਹੈ। ਉਸ ਦਾ ਵਾਦ ਤਾਂ ਉਸ ਦੀ ਸੁਹਿਰਦਤਾ ਹੀ ਹੈ। ਉਹ ਸਟੇਜੀ ਰੰਗ ਦੀ ਆਦਰਸ਼ਵਾਦੀ ਸਮਾਜਿਕ ਵਰਤਾਰਿਆਂ ਨਾਲ ਦਸਤਪੰਜਾ ਲੈਂਦੀ ਸ਼ਾਇਰੀ ਦਾ ਸਿਰਜਕ ਹੈ। ਉਹ ਧਰਮ ਵਿਚ ਆਸਥਾ ਤਾਂ ਰੱਖਦਾ ਹੈ ਪਰ ਨਾਲ ਹੀ ਤਥਾ ਕਥਿਤ ਧਰਮ ਦੇ ਠੇਕੇਦਾਰਾਂ ਦੇ ਮੁਖੌਟੇ ਵੀ ਉਤਾਰਦਾ ਹੈ। ਸੱਤਾ 'ਤੇ ਕਾਬਜ਼ ਹੋਣ ਲਈ ਜੋ ਘੜੱਮ ਚੌਧਰੀ ਆਪਣਾ ਉੱਲੂ ਸਿੱਧਾ ਕਰਨ ਲਈ ਜਾਤਾਂ ਤੇ ਧਰਮਾਂ ਵਿਚਕਾਰ ਤਰੇੜਾਂ ਪਾ ਕੇ ਜਦ ਸੱਤਾ ਦੀ ਕੁਰਸੀ ਨੂੰ ਜੱਫ਼ਾ ਮਾਰ ਲੈਂਦੇ ਹਨ, ਫਿਰ ਉਹ ਜਨਤਾ ਨੂੰ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਮੂੰਹ ਵੀ ਨਹੀਂ ਦਿਖਾਉਂਦੇ। ਰੰਗਲੇ ਪੰਜਾਬ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ, ਦਾਜ ਦਾ ਦੈਂਤ ਤੇ ਭਰੂਣ ਹੱਤਿਆ ਕਰਨ ਵਾਲਿਆਂ ਨੂੰ ਲਾਹਨਤਾਂ ਪਾਉਂਦਾ ਹੈ।
ਰਿਸ਼ਵਤਖੋਰ ਅਫ਼ਸਰਾਂ ਅਤੇ ਦੰਭੀ ਸਿਆਸਤਦਾਨਾਂ ਦੇ ਬਖੀਏ ਤਾਂ ਉਧੇੜਦਾ ਹੀ ਹੈ, ਨਾਲ ਹੀ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਹਾਲ ਦੁਹਾਈ ਵੀ ਪਾਉਂਦਾ ਹੈ। ਉਹ ਬੁਢਾਪੇ ਨੂੰ ਮਾਣਨ ਦੀਆਂ ਜੁਗਤਾਂ ਵੀ ਦੱਸਦਾ ਹੈ ਅਤੇ ਵਰਤਮਾਨ ਵਿਚ ਜਿਊਣ ਨੂੰ ਆਪਣਾ ਮੀਰੀ ਹਾਸਲ ਮੰਨਦਾ ਹੈ। ਸ਼ਬਦਾਂ ਦੀ ਸਰਗਮ ਇਸੇ ਤਰ੍ਹਾਂ ਰਸ ਘੋਲਦੀ ਰਹੇ ਤੇ ਅਸਾਡੇ ਸ਼ਾਇਰ ਦੀ ਸ਼ਾਇਰੀ ਦਾ ਅਸੀਂ ਹੋਰ ਅਨੰਦ ਮਾਣਦੇ ਰਹੀਏ। ਉਸ ਦੀ ਹੋਰ ਸ਼ਾਇਰੀ ਦੀ ਉਡੀਕ ਦੇ ਨਾਲ-ਨਾਲ ਮੈਂ ਤਾਂ ਇਹ ਵੀ ਦੁਆ ਕਰਦਾ ਹਾਂ ਕਿ ਅਸਾਡਾ ਨਿਵੇਕਲਾ ਸ਼ਾਇਰ ਉਮਰ ਦੀ ਸੈਂਚਰੀ ਪਾਰ ਕਰ ਜਾਵੇ। ਆਮੀਨ!


-ਭਗਵਾਨ ਢਿੱਲੋਂ
ਮੋ: 98143-78254.

22-05-2021

 ਖੌਫ਼ਨਾਕ ਪੈਂਡੇ
ਲੇਖਕ : ਨਰਿੰਦਰ ਕੌਰ ਭੱਚੂ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 86997-27825.


ਕਹਾਣੀਕਾਰ ਨਰਿੰਦਰ ਕੌਰ ਭੱਚੂ ਦੀ ਇਹ ਪੁਸਤਕ ਯਾਤਰਾ ਬਿਰਤਾਂਤ ਹੈ ਜੋ ਉਸ ਨੂੰ ਇਕ ਪਾਤਰ (ਪੰਧੇਰ) ਨੇ ਆਪਣੀ ਹੱਡਬੀਤੀ ਦੇ ਰੂਪ ਵਿਚ ਲਿਖਾਈ ਸੀ। ਲੇਖਿਕਾ ਦੀ ਕਲਮ ਇਸ ਯਾਤਰਾ ਨੂੰ ਹੂਬਹੂ ਲਿਖੀ ਗਈ ਤੇ ਇਹ ਪੁਸਤਕ ਤਿਆਰ ਹੋਈ। ਇਹ ਯਾਤਰਾ ਪੰਜਾਬ ਦੇ ਇਕ ਪਿੰਡ ਤੋਂ ਸ਼ੁਰੂ ਹੋ ਕੇ ਜਰਮਨੀ ਪਹੁੰਚਣ ਦੀ ਹੈ। 21 ਮਾਰਚ, 2001 ਨੂੰ ਜਲੰਧਰ ਤੋਂ ਇਹ ਪਾਤਰ ਤੁਰਦਾ ਹੈ। ਆਪਣੇ ਏਜੰਟ ਦੇ ਦੱਸੇ ਪਤੇ 'ਤੇ ਦਿੱਲੀ ਇਕ ਹੋਟਲ ਵਿਚ ਜਾਂਦਾ ਹੈ। ਨਾਲ ਹੋਰ ਵੀ ਕਈ ਮੁੰਡੇ ਹਨ। ਏਜੰਟ ਨੂੰ ਇਹ ਸਾਰੇ ਵੀਰ ਜੀ ਕਹਿੰਦੇ ਹਨ। ਦਿੱਲੀ ਤੋਂ ਮਾਸਕੋ ਪਹੁੰਚ ਜਾਂਦੇ ਹਨ। ਇਮੀਗ੍ਰੇਸ਼ਨ 'ਤੇ ਇਨ੍ਹਾਂ ਮੁੰਡਿਆਂ ਤੋਂ ਸੌ ਡਾਲਰ ਮੰਗੇ ਜਾਂਦੇ ਹਨ। ਸੌਦਾ ਪੰਜਾਹ ਡਾਲਰਾਂ ਵਿਚ ਹੁੰਦਾ ਹੈ। ਗੋਰੀਆਂ ਪੱਗ ਵਾਲਾ ਮੁੰਡਾ ਵੇਖ ਕੇ ਖੁਸ਼ ਹੁੰਦੀਆਂ ਹਨ। ਮਾਸਕੋ ਤੋਂ ਮੁੰਡੇ ਬੇਲਾਰੂਸ ਪਹੁੰਚਦੇ ਹਨ। ਬੇਲਾਰੂਸ ਤੋਂ ਕੀਵ ਤੱਕ ਦਾ ਸਫ਼ਰ ਹੈ। ਰਸਤੇ ਵਿਚ ਜੰਗਲ ਬੀਆਬਾਨ ਹੈ। ਲੁਕ ਛਿਪ ਕੇ ਔਖਿਆਈਆਂ ਸਹਿੰਦੇ ਮੁੰਡਿਆਂ ਨਾਲ ਬਹੁਤ ਭੱਦੀ ਕਿਸਮ ਦਾ ਸਲੂਕ ਕੀਤਾ ਜਾਂਦਾ ਹੈ। ਪੁਲਿਸ ਗੁਲਾਮਾਂ ਦੀ ਤਰ੍ਹਾਂ ਵਿਹਾਰ ਕਰਦੀ ਹੈ। ਥਾਣੇ ਵਿਚ ਲਿਜਾ ਕੇ ਪੁੱਛਗਿੱਛ ਹੁੰਦੀ ਹੈ। ਪਰ ਇਹ ਗੁਰਬਾਣੀ ਨਾਲ ਜੁੜੇ ਰਹਿੰਦੇ ਹਨ। ਮਨ ਨੂੰ ਧਰਵਾਸ ਮਿਲਦੀ ਹੈ। ਘਰ ਬਹੁਤ ਯਾਦ ਆਉਂਦਾ ਹੈ। ਕੀਵ ਤੋਂ ਅਲਬੋਹ ਤੱਕ ਜਾਂਦੇ ਹਨ। ਅਲਬੋਹ ਮੈਕਸੀਕੋ ਦਾ ਸ਼ਹਿਰ ਹੈ। ਪੁਲਿਸ ਥਾਣੇ ਲਿਜਾ ਕੇ ਬਹੁਤ ਕੁੱਟਦੀ ਹੈ। ਮੁੰਡੇ ਰੋਂਦੇ ਕੁਰਲਾਉਂਦੇ ਹਨ। ਡਿਗਦੇ ਢਹਿੰਦੇ ਸੈਂਕੜੇ ਮੀਲਾਂ ਤੱਕ ਪੈਦਲ ਜਾਂਦੇ ਹਨ। ਪਸ਼ੂਆਂ ਵਾਂਗ ਕਾਰਾਂ ਦੀਆਂ ਡਿੱਗੀਆਂ ਵਿਚ ਤੂੜ ਕੇ ਲਿਜਾਇਆ ਜਾਂਦਾ ਹੈ। ਵੱਡੇ-ਵੱਡੇ ਟਰਾਲਿਆਂ ਵਿਚ ਲੱਦਿਆ ਜਾਂਦਾ ਹੈ। ਨਹਿਰਾਂ ਦੇ ਠੰਢੇ ਪਾਣੀ ਵਿਚ ਤੈਰਨਾ ਪੈਂਦਾ ਹੈ। ਉਘੜ-ਦੁਘੜੇ ਪਹਾੜਾਂ 'ਤੇ ਚੜ੍ਹਨਾ ਪੈਂਦਾ ਹੈ। ਜੰਗਲੀ ਜੀਵਾਂ ਦਾ ਸਾਹਮਣਾ ਕਰਦੇ ਹਨ। ਲੁਕ-ਛਿਪ ਕੇ ਅਖੀਰ ਬਾਰਡਰ ਪਾਰ ਕਰਦੇ ਪਰਾਗ ਤੇ ਫਿਰ ਜਰਮਨੀ ਵਿਚ ਗੁਰਦੁਆਰਾ ਸਾਹਿਬ ਪਹੁੰਚਦੇ ਹਨ। ਲੈ ਕੇ ਜਾਣ ਵਾਲਿਆਂ ਨੂੰ ਡੋਂਕਰ ਕਿਹਾ ਜਾਂਦਾ ਹੈ। ਇਕ ਥਾਂ ਇਕ ਗੋਰੀ ਕੁੜੀ, ਸੁਨੱਖੇ ਮੁੰਡੇ ਨਾਲ ਵਿਆਹ ਲਈ ਤਿਆਰ ਹੋ ਜਾਂਦੀ ਹੈ। ਪਰ ਇਹ ਬਹਾਨਾ ਲਾ ਕੇ ਅੱਗੇ ਚਲੇ ਜਾਂਦੇ ਹਨ। ਸਾਰਾ ਬਿਰਤਾਂਤ ਲਿਖਾਉਣ ਵਾਲਾ ਅਖ਼ੀਰ ਵਿਚ ਨਸੀਹਤ ਦਿੰਦਾ ਹੈ ਕਿ ਕਦੇ ਵੀ ਵਿਦੇਸ਼ਾਂ 'ਚ ਗ਼ਲਤ ਢੰਗਾਂ ਨਾਲ ਨਾ ਜਾਓ। ਹਰੇਕ ਕਾਂਡ ਦੇ ਸਿਰਲੇਖ ਹਨ। ਕਥਾਕਾਰ ਭਗਵੰਤ ਰਸੂਲਪੁਰੀ ਨੇ ਪੁਸਤਕ ਦੀ ਜਾਣ-ਪਛਾਣ ਕਰਾਈ ਹੈ। ਪੁਸਤਕ ਨੌਜਵਾਨ ਪਾਠਕਾਂ ਤੇ ਵਿਦੇਸ਼ਾਂ ਦੀ ਤਾਂਘ ਰੱਖਣ ਵਾਲਿਆਂ ਲਈ ਕਈ ਸੇਧਾਂ ਦੇਣ ਵਾਲੀ ਹੈ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.


ਪੱਤੇ ਪੱਤੇ ਲਿਖੀ ਇਬਾਰਤ
ਲੇਖਕ : ਗੁਰਭਜਨ ਸਿੰਘ ਗਿੱਲ, ਤੇਜਪ੍ਰਤਾਪ ਸਿੰਘ ਸੰਧੂ
ਪ੍ਰਕਾਸ਼ਕ : ਸਾਤਵਿਕ ਬੁੱਕਸ ਅੰਮ੍ਰਿਤਸਰ ਤੇ ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ)
ਮੁੱਲ : 500 ਰੁਪਏ, ਸਫ਼ੇ : 103
ਸੰਪਰਕ : 98726-31199.


ਗੁਰਭਜਨ ਸਿੰਘ ਗਿੱਲ ਸਮਕਾਲੀ ਸਮੇਂ ਵਿਚ ਨਿਰੰਤਰ ਲਿਖਣ ਵਾਲਾ ਸੁਖ਼ਨਵਰ ਹੈ। ਕਰੀਬ ਵੀਹ ਪੁਸਤਕਾਂ ਦੇ ਕਰਤਾ ਗੁਰਭਜਨ ਸਿੰਘ ਗਿੱਲ ਨੇ ਤੇਜਪ੍ਰਤਾਪ ਸਿੰਘ ਸੰਧੂ ਨਾਲ ਮਿਲ ਕੇ 2001 ਵਿਚ 'ਕੈਮਰੇ ਦੀ ਅੱੱਖ ਬੋਲਦੀ' ਪੁਸਤਕ ਵਿਚ ਪੰਜਾਬ ਦੇ ਸਮਾਜਿਕ ਨੁਕਤਿਆਂ ਬਾਰੇ ਵਿਚਾਰ ਪ੍ਰਸਤੁਤ ਕੀਤੇ ਸਨ।
'ਪੱਤੇ ਪੱਤੇ ਲਿਖੀ ਇਬਾਰਤ' ਪੁਸਤਕ ਦੇ 103 ਪੰਨਿਆਂ 'ਤੇ 103 ਚੌਬਰਗੇ ਪ੍ਰਕਾਸ਼ਿਤ ਹਨ, ਜਿਨ੍ਹਾਂ ਦਾ ਕਰਤਾ ਗੁਰਭਜਨ ਸਿੰਘ ਗਿੱਲ ਹੈ ਤੇ ਇਨ੍ਹਾਂ ਪੰਨਿਆਂ 'ਤੇ ਆਪਣੇ ਆਈਫੋਨ ਕੈਮਰੇ ਨਾਲ 103 ਪੱਤਿਆਂ ਦੀਆਂ ਤਸਵੀਰਾਂ ਦਾ ਕਲਾਕਾਰ ਹੈ- ਤੇਜਪ੍ਰਤਾਪ ਸਿੰਘ ਸੰਧੂ। ਅਸਲ ਵਿਚ ਇਹ ਵਿਲੱਖਣ ਜੁਗਲਬੰਦੀ ਹੈ ਕੈਮਰੇ ਅਤੇ ਕਲਮ ਦੀ।
ਪ੍ਰਕਿਰਤੀ ਹਮੇਸ਼ਾ ਤੋਂ ਹੀ ਮਨੁੱਖ ਦੇ ਅੰਗਸੰਗ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਮਨੁੱਖ ਨੇ ਇਸ ਦੇ ਮਹੱਤਵ ਨੂੰ ਅੰਕਿਆ ਨਹੀਂ। ਆਦਿ-ਕਾਲ ਤੋਂ ਹੀ ਪ੍ਰਕਿਰਤੀ ਮਾਨਵ ਦਾ ਮਾਰਗ-ਦਰਸ਼ਨ ਕਰਦੀ ਰਹੀ ਹੈ, ਚਾਹੇ ਉਹ ਅਧਿਆਤਮਕ ਮੰਡਲ ਹੋਵੇ ਤੇ ਚਾਹੇ ਦੁਨਿਆਵੀ। ਇਸ ਪੁਸਤਕ ਵਿਚਲੇ ਪੱਤੇ ਵੱਖ-ਵੱਖ ਮਿਜਾਜ਼ ਨੂੰ ਦਰਸਾਉਂਦੇ ਹਨ। ਤੇਜਪ੍ਰਤਾਪ ਸਿੰਘ ਸੰਧੂ ਨੇ ਬੜੀ ਮਿਹਨਤ ਤੇ ਬਾਰੀਕਬੀਨੀ ਨਾਲ ਇਸ ਮਿਜਾਜ਼ ਨੂੰ ਕੈਮਰੇ ਵਿਚ ਸੰਭਾਲਿਆ ਤੇ ਫਿਰ ਗੁਰਭਜਨ ਸਿੰਘ ਗਿੱਲ ਨੇ ਇਨ੍ਹਾਂ ਤਸਵੀਰਾਂ ਦੇ ਅੰਤਰਿਕ ਮਰਮ ਨੂੰ ਜਾਣਦਿਆਂ ਉਨ੍ਹਾਂ ਦੇ ਹਾਣ ਦੇ ਭਾਵਬੋਧ ਅੰਕਿਤ ਕੀਤੇ।
ਅਸਲ ਵਿਚ ਇਹ ਇਕ ਅਜਿਹਾ ਆਭਾ-ਮੰਡਲ ਹੈ, ਜਿਸ ਨੂੰ ਮਾਣਿਆ ਤੇ ਅਨੁਭਵ ਹੀ ਕੀਤਾ ਜਾ ਸਕਦਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਜੀਵਨ ਦੇ ਵੱਖ-ਵੱਖ ਰੰਗ ਹਨ-ਖੁਸ਼ੀ-ਗ਼ਮੀ, ਹਾਸਾ-ਰੋਸਾ, ਪ੍ਰਕਾਸ਼-ਹਨੇਰਾ, ਸਵੇਰ-ਸ਼ਾਮ, ਰੰਗ-ਬਦਰੰਗ; ਤਿਵੇਂ ਹੀ ਤਸਵੀਰਾਂ ਤੇ ਤਸਵੀਰਕਸ਼ੀ ਹਨ। ਦੋਵਾਂ ਹੀ ਕਲਾਕਾਰਾਂ ਦੀ ਕਲਾ (ਕੈਮਰਾ ਤੇ ਕਲਮ) ਪ੍ਰਾਣਵੰਤ ਤੇ ਜੀਵੰਤ ਰੂਪ ਵਿਚ ਬੋਲਦੀ ਤੇ ਵੇਖੀ ਜਾ ਸਕਦੀ ਹੈ। ਇਹ ਪੁਸਤਕ ਮਹਿਜ਼ ਪੜ੍ਹਨ ਨਾਲ ਹੀ ਵਾਬਸਤਾ ਨਹੀਂ, ਮਾਣਨ ਨਾਲ ਵੀ ਸਬੰਧਿਤ ਹੈ। ਇਕ-ਇਕ ਪੱਤੇ 'ਤੇ ਲਿਖੀ ਇਬਾਰਤ ਨਿਰਾਲੀ ਛਬ ਬਿਖੇਰਦੀ ਹੈ। ਪੱਤਿਆਂ 'ਚੋਂ ਝਰਦਾ ਸੰਗੀਤ, ਇਨ੍ਹਾਂ 'ਚੋਂ ਤੈਰਦੇ ਇਲਾਹੀ ਨਗ਼ਮੇ, ਅਨਹਦ ਨਾਦ... ਸੰਧੂ-ਗਿੱਲ ਦੀ ਪਾਰਗਾਮੀ ਦਿਬ-ਦ੍ਰਿਸ਼ਟੀ ਪਾਠਕਾਂ ਨੂੰ ਸਰਸ਼ਾਰ ਕਰਨ ਦੀ ਸਮਰੱਥਾ ਰੱਖਦੀ ਹੈ।
ਅੱਜ ਦੇ ਧੁਆਂਖੇ ਮਾਹੌਲ ਵਿਚ ਖੁਸ਼ਨੁਮਾ ਪ੍ਰਕਿਰਤੀ ਦੇ ਸੂਖ਼ਮ ਅਹਿਸਾਸ ਨਾਲ ਸੁਹਜ ਸੰਵਾਰੇ ਦ੍ਰਿਸ਼-ਕਾਵਿ ਨੂੰ ਖ਼ੁਸ਼ਆਮਦੀਦ!


-ਪ੍ਰੋ: ਨਵ ਸੰਗੀਤ ਸਿੰਘ
ਮੋ: 94176-92015
c c c


ਤੀਸਰੀ ਅੱਖ

ਲੇਖਕ : ਗੁਰਮੀਤ ਸਿੰਘ
ਪ੍ਰਕਾਸ਼ਕ : ਟਵੈਂਟੀ ਫਸਟ ਸੈਂਚਰੀ, ਪਟਿਆਲਾ
ਮੁੱਲ : 480 ਰੁਪਏ, ਸਫ਼ੇ : 460
ਸੰਪਰਕ : 98722-20551.


ਸ: ਗੁਰਮੀਤ ਸਿੰਘ ਦੇ ਇਹ ਲੇਖ ਅਤੇ ਟਿੱਪਣੀਆਂ ਪੰਜਾਬੀ ਦੀਆਂ ਕੁਝ ਪ੍ਰਮੁੱਖ ਅਖ਼ਬਾਰਾਂ ਵਿਚ ਸਮੇਂ-ਸਮੇਂ ਪ੍ਰਕਾਸ਼ਿਤ ਹੁੰਦੇ ਰਹੇ ਹਨ। ਉਸ ਨੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਆਪਣੀ ਸਰਗਰਮ ਭੂਮਿਕਾ 1978 ਈ: ਵਿਚ 'ਪੰਜਾਬੀ ਟ੍ਰਿਬਿਊਨ' ਦੀ ਮਾਅਰਫ਼ਤ ਸ: ਬਰਜਿੰਦਰ ਸਿੰਘ ਤੋਂ ਪ੍ਰੇਰਿਤ ਹੋ ਕੇ ਨਿਭਾਉਣੀ ਸ਼ੁਰੂ ਕੀਤੀ ਸੀ ਅਤੇ ਫਿਰ ਲਗਭਗ ਚਾਰ ਦਹਾਕੇ ਇਹ ਭੂਮਿਕਾ ਬੜੀ ਵਚਨਬੱਧਤਾ ਨਾਲ ਨਿਭਾਈ। ਉਹ ਪੱਤਰਕਾਰੀ ਅਤੇ ਸਿਰਜਣਾਤਮਿਕ ਲੇਖਣ ਵਿਚਲੀ ਵਿੱਥ ਨੂੰ ਮੇਟਣਾ ਚਾਹੁੰਦਾ ਸੀ ਆਪਣੇ ਇਸ ਮੰਤਵ ਵਿਚ ਉਹ ਕਾਫੀ ਹੱਦ ਤੱਕ ਸਫਲ ਵੀ ਰਿਹਾ ਹੈ। ਮਾਲਵੇ ਦੇ ਬਹੁਤ ਸਾਰੇ ਪੱਤਰਕਾਰ ਉਸ ਤੋਂ ਪ੍ਰੇਰਨਾ ਲੈਂਦੇ ਰਹੇ ਹਨ। ਇਸ ਪੁਸਤਕ ਵਿਚ ਸੰਕਲਿਤ ਹਰ ਲੇਖ ਵੱਖਰੀ ਸ਼੍ਰੇਣੀ ਦਾ ਹੈ। ਇਸ ਕਾਰਨ ਇਨ੍ਹਾਂ ਲੇਖਾਂ ਦੀ ਸ਼੍ਰੇਣੀ ਵੰਡ ਕਰਨੀ ਕਠਿਨ ਹੈ। ਤਾਂ ਵੀ ਇਨ੍ਹਾਂ ਰਚਨਾਵਾਂ ਨੂੰ ਵਿਅਕਤੀ ਚਿੱਤਰ, ਇਤਿਹਾਸ, ਕਲਾ-ਸਮੀਖਿਆ, ਰਾਜਨੀਤਕ-ਆਰਥਿਕ ਵਿਸ਼ਲੇਸ਼ਣ, ਫ਼ਰੀਦਕੋਟ-ਕੋਟਕਪੂਰੇ ਦਾ ਸੱਭਿਆਚਾਰਕ ਅਧਿਐਨ, ਮਾਂ-ਬੋਲੀ ਪੰਜਾਬੀ ਦੇ ਵਿਕਾਸ ਪ੍ਰਤੀ ਵਚਨਬੱਧਤਾ, ਖੇਤੀਬਾੜੀ ਤੇ ਕਿਸਾਨੀ ਸੰਕਟ ਅਤੇ ਪੇਂਡੂ ਸੱਭਿਆਚਾਰ ਦਾ ਸਰਵੇਖਣ ਆਦਿ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ। ਲੇਖਕ ਨੂੰ ਪੰਜਾਬੀ ਸਾਹਿਤ, ਗੁਰਬਾਣੀ, ਰਾਜਨੀਤਕ-ਪਰਿਪੇਖ, ਇਤਿਹਾਸ ਅਤੇ ਸੱਭਿਆਚਾਰ ਦੀ ਡੂੰਘੀ ਸਮਝ ਦੇ ਨਾਲ-ਨਾਲ ਇਨ੍ਹਾਂ ਅਨੁਸ਼ਾਸਨਾਂ ਨਾਲ ਡੂੰਘਾ ਲਗਾਅ ਵੀ ਹੈ। ਹਰ ਲੇਖ ਵਿਚੋਂ ਉਸ ਦੀ ਸੁਹਿਰਦਤਾ, ਸੰਵੇਦਨਸ਼ੀਲਤਾ ਅਤੇ ਸਹਾਨਭੂਤੀ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਅਸਲ ਵਿਚ ਕੋਈ ਵਿਅਕਤੀ ਆਪਣੇ ਨਿੱਜਤਵ ਤੋਂ ਜਿਵੇਂ-ਜਿਵੇਂ ਉੱਪਰ ਉੱਠਦਾ ਜਾਂਦਾ ਹੈ, ਤਿਵੇਂ-ਤਿਵੇਂ ਸਮੁੱਚੇ ਬ੍ਰਹਿਮੰਡ ਵਿਚੋਂ ਉਸ ਨੂੰ ਆਪਣੇਪਣ ਦੀ ਝਲਕ ਪੈਂਦੀ ਰਹਿੰਦੀ ਹੈ। ਵਿਸ਼ਵ ਦਾ ਕੋਈ ਵੀ ਸ਼ਖ਼ਸ ਉਸ ਨੂੰ ਗ਼ੈਰ ਜਾਂ ਦੂਸਰਾ ਦਿਖਾਈ ਨਹੀਂ ਦਿੰਦਾ।
ਇਸ ਪੁਸਤਕ ਵਿਚ ਲੇਖਕ ਦੇ ਵਿਭਿੰਨ ਸਰੋਕਾਰ ਬੜੀ ਸਪੱਸ਼ਟਤਾ ਅਤੇ ਦ੍ਰਿੜ੍ਹਤਾ ਨਾਲ ਪੇਸ਼ ਹੋਏ ਹਨ : ਉਹ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਸਰਬਪੱਖੀ ਵਿਕਾਸ ਦੇਖਣਾ ਚਾਹੁੰਦਾ ਹੈ। ਲੀਡਰਸ਼ਿਪ ਨੂੰ ਸਰਵਗੁਣ ਸੰਪੰਨ ਦੇਖਣ ਦਾ ਅਭਿਲਾਖੀ ਹੈ। ਚੰਗੇ ਲੇਖਕਾਂ, ਕਲਾਕਾਰਾਂ, ਅਧਿਆਪਕਾਂ ਅਤੇ ਸਮਾਜਸੇਵੀਆਂ ਦਾ ਜੱਸ ਗਾਉਂਦਾ ਹੈ। ਮਿਹਨਤ ਦੇ ਬਲਬੂਤੇ ਸਮਾਜਿਕ ਪਿਰਾਮਿਡ ਦੇ ਸਿਖ਼ਰ 'ਤੇ ਪਹੁੰਚੇ ਲੋਕਾਂ ਦੀ ਵਡਿਆਈ ਕਰਦਾ ਹੈ। ਉਸ ਦਾ ਸ਼ਬਦ-ਭੰਡਾਰ ਬਹੁਤ ਵਿਸ਼ਾਲ ਅਤੇ ਵੰਨ-ਸੁਵੰਨਾ ਹੈ। ਉਹ ਜੀਵਨ ਦੇ ਹਰ ਪ੍ਰਸੰਗ ਨੂੰ ਇਤਿਹਾਸਕ-ਸੱਭਿਆਚਾਰਕ ਪਰਿਪੇਖ ਵਿਚ ਰੱਖ ਕੇ ਆਪਣਾ ਬਿਰਤਾਂਤ ਤਿਆਰ ਕਰਦਾ ਹੈ। ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿਚ ਉਸ ਦਾ ਸਥਾਨ ਸੁਰੱਖਿਅਤ ਹੈ ਅਤੇ ਉਸ ਦੇ ਪਾਏ ਪੂਰਨੇ ਦਿਨੋ-ਦਿਨ ਹੋਰ ਗੂੜ੍ਹੇ ਹੁੰਦੇ ਜਾਣਗੇ। ਹਥਲੀ ਪੁਸਤਕ ਨੂੰ ਪੜ੍ਹ ਕੇ ਮੈਂ ਉਸ ਦੀ ਕਲਮ ਦਾ ਹੋਰ ਵੀ ਕਾਇਲ ਹੋ ਗਿਆ ਹਾਂ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਕੰਢੀ ਦੀਆਂ ਵਿਲੱਖਣਤਾਵਾਂ ਅਤੇ ਵਿਭਿੰਨਤਾਵਾਂ
ਲੇਖਕ : ਡਾ. ਧਰਮਪਾਲ ਸਾਹਿਲ
ਪ੍ਰਕਾਸ਼ਕ : ਪ੍ਰਿਜ਼ਮ ਪਬਲਿਸ਼ਰਜ਼, ਮੁਹਾਲੀ
ਮੁੱਲ : 180 ਰੁਪਏ, ਸਫ਼ੇ : 114
ਸੰਪਰਕ : 98761-56964.


ਆਧੁਨਿਕ ਕਾਲ ਦੇ ਪੰਜਾਬੀ ਲੇਖਕਾਂ ਵਿਚ ਡਾ. ਧਰਮਪਾਲ ਸਾਹਿਲ ਦਾ ਨਾਂਅ ਵਿਸ਼ੇਸ਼ ਰੂਪ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਹਿਤ ਸਿਰਜਣ ਦੇ ਲੇਖੇ ਲਾਇਆ ਹੋਇਆ ਹੈ। ਸਾਹਿਲ ਗਲਪ, ਸਫ਼ਰਨਾਮਾ, ਕਵਿਤਾ, ਬਾਲ ਸਾਹਿਤ, ਸਿਰਜਣ ਦੇ ਖੇਤਰ ਵਿਚ ਪਿਛਲੇ ਕਈ ਦਹਾਕਿਆਂ ਤੋਂ ਸਰਗਰਮ ਲੇਖਕ ਹੈ। 'ਕੰਢੀ ਦੀਆਂ ਵਿਲੱਖਣਤਾਵਾਂ ਅਤੇ ਵਿਭਿੰਨਤਾਵਾਂ', ਉਸ ਦੀ ਵਿਸ਼ੇਸ਼ ਰਚਨਾ ਦਾ ਪ੍ਰਕਾਸ਼ਨ, ਉਸ ਦੀ ਖੋਜ ਲੜੀ ਦੀ ਅਜਿਹੀ ਰਚਨਾ ਹੈ, ਜਿਸ ਨੂੰ ਪੜ੍ਹਦਿਆਂ ਕੰਢੀ ਇਲਾਕੇ ਦਾ ਇਤਿਹਾਸ, ਭੂਗੋਲ ਅਤੇ ਲੋਕ ਸੱਭਿਆਚਾਰ ਦੇ ਸਹਿਜੇ ਹੀ ਦਰਸ਼ਨ ਕਰ ਲੈਂਦੇ ਹਾਂ। ਇਹ ਅਦੁੱਤੀ ਕਾਰਜ ਦਾ ਅਧਿਐਨ ਕਰਦਿਆਂ, ਪੰਜਾਬੀ ਪਾਠਕ, ਵਿਸ਼ੇਸ਼ ਅਨੁਭੂਤੀਆਂ ਦੇ ਅਨੁਭਵ ਪ੍ਰਾਪਤ ਕਰਦੇ ਹਨ।
ਇਸ ਪਸਤਕ ਦੇ 17 ਕਾਂਡ ਇਸ ਤਰ੍ਹਾਂ ਯੋਜਨਾ ਬਣਾ ਕੇ ਸਿਰਜੇ ਗਏ ਹਨ ਕਿ ਅਸੀਂ ਪੰਜਾਬੀ ਪਾਠਕ, ਕੰਢੀ ਇਲਾਕੇ ਦਾ ਇਤਿਹਾਸ, ਭੂਗੋਲ ਹੀ ਨਹੀਂ ਜਾਣ ਲੈਂਦੇ, ਸਗੋਂ ਨਵੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਂਦੇ ਹਾਂ, ਜਿਵੇਂ ਕੰਢੀ ਦਾ ਕਸ਼ਮੀਰ : ਤੁਕਾ ਨੇਦ ਦੇਹਰੀਆ ਹੈ, ਕੰਢੀ ਦਾ ਇਨਾਮੀ ਬਾਗ਼ ਕੀ ਹੈ? ਕੰਢੀ ਖੇਤਰ ਵਿਚ ਪਾਂਡਵ, ਪੁਰਾਤਨ ਇਤਿਹਾਸ ਦੀ ਯਾਦ ਆ ਜਾਂਦੀ ਹੈ। ਬਜਵਾੜਾ ਦਾ ਇਤਿਹਾਸਕ ਵਿਰਸਾ, ਕੰਢੀ ਖੋਜ ਕੇਂਦਰ, ਕਿਸਾਨਾਂ ਦੀ ਤਪੱਸਿਆ ਦਾ ਪ੍ਰਤੀਕ 'ਮਨ੍ਹਾ', ਮਾਂ ਮਿੱਟੀ ਤੇ ਮਾਂ ਬੋਲੀ ਨਾਲ ਰਿਸ਼ਤਾ, ਸੈਰ-ਸਪਾਟੇ ਲਈ ਕੰਢੀ ਦੇ ਰਮਣੀਕ ਖੇਤਰ ਸਾਡੇ ਗਿਆਨ ਵਿਚ ਵਾਧਾ ਕਰਨ ਵਾਲੇ ਨਵੇਂ ਗਿਆਨ ਸੰਚਾਰਨ ਦੇ ਸਰੋਤ ਹਨ। ਇਸ ਤਰ੍ਹਾਂ ਲੇਖਕ, ਇਸ ਇਲਾਕੇ ਦੀ ਬੋਲੀ, ਰਹਿਤ ਮਰਯਾਦਾ, ਪੁਰਾਤਨਤਾ, ਅਮੁੱਲ ਜੜ੍ਹੀਆਂ-ਬੂਟੀਆਂ, ਮੀਂਹ ਦੇ ਪਾਣੀ ਦੀ ਸੰਭਾਲ ਕਰਨ ਦੀਆਂ ਵਿਧੀਆਂ, ਤ੍ਰਿਵੈਣੀਆਂ ਦੀ ਧਰਤੀ ਬੀਤ' ਸਬੰਧੀ ਜਾਣਕਾਰੀਆਂ ਪ੍ਰਾਪਤ ਕਰਦਿਆਂ, ਅਸੀਂ ਆਮ ਵਿਸ਼ੇਸ਼ ਪਾਠਕ, ਆਪਣੇ-ਆਪ ਨੂੰ ਸਾਰਥਕ ਪ੍ਰਾਪਤੀਆਂ ਕਰਦੇ ਅਨੁਭਵ ਕਰਦੇ ਹਾਂ। ਖੋਜੀ, ਮੁਤਲਾਸ਼ੀ, ਅਣਥੱਕ ਅਤੇ ਵਿਦਵਾਨ ਲੇਖਕ ਨੇ ਇਸ ਕੰਢੀ ਖੇਤਰ ਦੇ ਇਤਿਹਾਸ, ਭੂਗੋਲ ਦੇ ਦਰਸ਼ਨ ਨਹੀਂ ਕਰਵਾਏ, ਸਗੋਂ ਇਸ ਲੋਕ ਸੰਸਾਰ ਦੇ ਸੱਭਿਆਚਾਰ, ਸਮਾਜਿਕ ਅਤੇ ਵਿਵਹਾਰਕ ਜੀਵਨ ਸਬੰਧੀ ਵੀ ਵੱਧ ਤੋਂ ਵੱਧ ਸਹਿਜਤਾ ਦਾ ਗਿਆਨ ਵੰਡਿਆ ਹੈ। ਇਹ ਪੁਸਤਕ ਪੜ੍ਹਨ ਤੇ ਅਧਿਐਨ ਲਈ ਅਮੁੱਲ ਪੁਸਤਕ ਹੈ।


-ਡਾ. ਅਮਰ ਕੋਮਲ
ਮੋ: 084378-73565.


ਜ਼ਿੰਦਗੀ ਦੇ ਰੰਗ
ਲੇਖਕ : ਸੁਖਰਾਜ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੱਲ : 250 ਰੁਪਏ, ਸਫ਼ੇ : 80
ਸੰਪਰਕ : 0172-5027427.


'ਜ਼ਿੰਦਗੀ ਦੇ ਰੰਗ' ਕਾਵਿ-ਸੰਗ੍ਰਹਿ ਸੁਖਰਾਜ ਸਿੰਘ ਦਾ ਪੰਜਾਬੀ ਕਾਵਿ-ਜਗਤ 'ਚ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਦੀ ਭੂਮਿਕਾ ਰਾਜਿੰਦਰ ਪਾਲ ਸਿੰਘ ਬਰਾੜ ਨੇ ਲਿਖਦਿਆਂ ਇਹ ਤਵੱਕੋਂ ਜ਼ਾਹਰ ਕੀਤੀ ਹੈ ਕਿ ਇਸ ਸੰਗ੍ਰਹਿ ਵਿਚਲੀ ਕਵਿਤਾ ਦੀ ਕਲਾਤਮਿਕਤਾ ਨੂੰ ਪੰਜਾਬੀ ਕਵਿਤਾ ਦੀ ਪਰੰਪਰਾ ਵਿਚ ਸਮਝਣ ਦੀ ਥਾਵੇਂ ਵੱਖਰੇ ਢੰਗ ਨਾਲ ਵੇਖਣ ਦੀ ਜ਼ਰੂਰਤ ਹੈ। ਗ਼ੈਰ-ਪੰਜਾਬੀ ਮਾਹੌਲ ਵਿਚ ਲੰਮਾ ਸਮਾਂ ਰਹੇ ਸੰਵੇਦਨਸ਼ੀਲ ਵਿਅਕਤੀ ਦੀ ਅਨੁਸ਼ਾਸਤ ਸੇਵਾ-ਮੁਕਤੀ ਦੇ ਬਾਅਦ, ਉਸ ਦੇ ਮਨੋਭਾਵਾਂ ਦੇ ਖੁੱਲ੍ਹੇ ਪ੍ਰਗਟਾਅ ਦੀ ਤਾਸੀਰ ਮੁਤਾਬਿਕ ਹੀ ਇਸ ਪੜ੍ਹਿਆ, ਸਮਝਿਆ ਅਤੇ ਮਾਣਿਆ ਜਾਣਾ ਚਾਹੀਦਾ ਹੈ। ਬਰਾੜ ਸਾਹਿਬ ਦੀ ਇਹ ਟਿੱਪਣੀ ਪਾਠਕ ਨੂੰ ਇਸ ਸੰਗ੍ਰਹਿ ਵਿਚਲੀ ਕਵਿਤਾ ਨੂੰ ਪੜ੍ਹਨ, ਸਮਝਣ ਅਤੇ ਮਾਣਨ 'ਚ ਸਹਾਇਕ ਹੋ ਸਕਦੀ ਹੈ। ਇਸ ਸੰਗ੍ਰਹਿ ਵਿਚ 'ਅਸਰ' ਤੋਂ ਲੈ ਕੇ 'ਦਰਾਰਾਂ' ਤੱਕ 46 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਇਹ ਸੰਗ੍ਰਹਿ 'ਅੰਮ੍ਰਿਤ' ਨੂੰ ਸਮਰਪਿਤ ਕਰਦਿਆਂ 'ਅੰਮ੍ਰਿਤ' ਦੇ ਬਹੁ-ਅਰਥੀ ਭਾਵਾਂ ਦਾ ਬੋਧ ਕਾਵਿਕ-ਪਾਠਕ ਦੇ ਮਨ 'ਚ ਸੰਚਾਰਿਤ ਕੀਤਾ ਗਿਆ ਹੈ। ਮਨੁੱਖੀ ਜ਼ਿੰਦਗੀ ਅੰਦਰ ਵਿਰੋਧੀ ਭਾਵ ਜੁਟਾਂ 'ਚ ਦੇਖਿਆ ਜਾਂਦਾ ਰਿਹਾ ਹੈ ਅਤੇ ਦੇਖਿਆ ਜਾਵੇਗਾ। ਇਹ ਦੋ ਜੁੱਟ ਹਨ, ਦੁੱਖ-ਸੁੱਖ, ਖੁਸ਼ੀ-ਉਦਾਸੀ, ਵਿਛੋੜਾ-ਵਸਲ, ਗਰਮੀ-ਸਰਦੀ ਅਤੇ ਹੋਰ ਅਨੇਕਾਂ ਜੁੱਟ। ਨਫ਼ਰਤ-ਪ੍ਰੇਮ ਦੇ ਜੁੱਟ 'ਚ 'ਦੰਗਾ' ਕਵਿਤਾ ਨੂੰ ਵਿਚਾਰਿਆ ਜਾ ਸਕਦਾ ਹੈ। 'ਰਿਸ਼ਤੇ' ਕਵਿਤਾ ਦੁਨਿਆਵੀ ਅਤੇ 'ਅੰਦਰੂਨੀ' ਰਿਸ਼ਤਿਆਂ ਦੀ ਬਾਤ ਪਾਉਂਦੀ ਹੈ। ਮਨੁੱਖੀ ਮਨ 'ਚ ਸੰਸਕਾਰੀ ਘਰ ਬਣਾਈ ਬੈਠੀਆਂ ਭਾਵਨਾਵਾਂ ਦਾ ਇਕ ਵੱਖਰਾ ਸੰਸਾਰ ਹੈ। ਮਨੁੱਖ ਬਾਹਰੋਂ ਖੁਸ਼ ਹੈ ਪਰ ਅੰਦਰੋਂ ਘੋਰ ਉਦਾਸੀ 'ਚ ਘਿਰਿਆ ਹੋਇਆ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਮਨੁੱਖ ਦੇ ਬਾਹਰੀ ਅਤੇ ਅੰਦਰੂਨੀ ਸੰਸਾਰ ਦੇ ਨਾਲ ਦਵੰਦਾਤਮਿਕ ਰਿਸ਼ਤਾ ਬਣਾਉਂਦਿਆਂ, ਉਨ੍ਹਾਂ ਪ੍ਰਸਥਿਤੀਆਂ ਨੂੰ ਤਲਾਸ਼ਣ ਦੇ ਯਤਨ 'ਚ ਹਨ ਜੋ ਉਸ ਨੂੰ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਤਾਣੇ-ਬਾਣੇ ਨੇ ਉਸ ਨੂੰ ਸਹਿਜ ਭਾਅ ਹੀ ਬਖਸ਼ੀਆਂ ਹਨ। 'ਦਰਾਰਾਂ', 'ਰਿਸ਼ਤੇ', 'ਨਹੁੰਆਂ ਤੋਂ ਮਾਸ ਅਲੱਗ', 'ਦੰਗਾ', 'ਮਤਭੇਦ', 'ਹੰਕਾਰ', 'ਧੁੰਦ' ਅਤੇ 'ਆਪਣਾ ਘਰ' ਕਵਿਤਾਵਾਂ 'ਚ ਅਜਿਹੇ ਪਾਸਾਰਾਂ ਦਾ ਵਰਨਣ ਦੇਖਿਆ ਜਾ ਸਕਦਾ ਹੈ। ਹਰ ਸ਼ਖ਼ਸ ਉਦਾਸ ਹੈ ਕਿਉਂਕਿ ਭਾਵਨਾਵਾਤਮਿਕ ਤੌਰ 'ਤੇ ਮਨੁੱਖ ਸੰਪੰਨ ਹੁੰਦਿਆਂ ਵੀ ਅਤ੍ਰਿਪਤ ਹੈ:
ਉਦਾਸੀ ਵਿਚ ਗਾਉਂਦਾ ਹੈ,
ਉਦਾਸੀ ਵਿਚ ਰੋਂਦਾ ਹੈ,
ਇਥੇ ਹਰ ਸ਼ਖ਼ਸ ਉਦਾਸ ਹੈ।
ਉਦਾਸੀ ਓੜਦਾ ਹੈ
ਉਦਾਸੀ ਵਿਛਾਉਂਦਾ ਹੈ
ਇਥੇ ਹਰ ਸ਼ਖ਼ਸ ਉਦਾਸ ਹੈ।
ਸੁਖਰਾਜ ਸਿੰਘ ਆਪਣੀਆਂ ਕਵਿਤਾਵਾਂ ਵਿਚ ਅਤ੍ਰਿਪਤ ਭਾਵਨਾਵਾਂ ਦੇ ਰੰਗ ਭਾਵਮਈ ਵੇਗਮਈ ਭਾਸ਼ਾ 'ਚ ਸਰਲ, ਸਪੱਸ਼ਟ ਅਤੇ ਸਾਦਗੀ ਭਰੇ ਬਿੰਬ/ਪ੍ਰਤੀਕਾਂ ਰਾਹੀਂ ਮਨੁੱਖੀ ਵੇਦਨਾ, ਸੰਵੇਦਨਾਵਾਂ ਦੀ ਹੋਈ ਬਿਆਨ ਕਰਦਾ ਹੈ। ਖੁਸ਼ਆਮਦੀਦ ਅਤੇ ਆਮੀਨ।


-ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.


ਸ਼ੀਸ਼ੇ ਦੀ ਅੱਖ
ਲੇਖਕ : ਰਣਜੀਤ ਸਰਾਂਵਾਲੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 160 ਰੁਪਏ, ਸਫ਼ੇ : 72
ਸੰਪਰਕ : 98143-78105.


ਰਣਜੀਤ ਸਰਾਂਵਾਲੀ ਪੰਜਾਬੀ ਗ਼ਜ਼ਲ ਦੇ ਮਿਕਨਾਤੀਸੀ ਹਸਤਾਖ਼ਰ ਹਨ। ਉਨ੍ਹਾਂ ਦੀ ਗ਼ਜ਼ਲ ਪ੍ਰਤਿਭਾ ਉਨ੍ਹਾਂ ਦੇ ਪਲੇਠੇ ਗ਼ਜ਼ਲ-ਸੰਗ੍ਰਹਿ 'ਪਾਣੀ ਉੱਤੇ ਮੀਨਾਕਾਰੀ' ਨੇ ਹੀ ਉਜਾਗਰ ਕਰ ਦਿੱਤੀ ਸੀ, ਜੋ ਸਾਹਿਤਕ ਹਲਕਿਆਂ ਵਿਚ ਏਨਾ ਮਕਬੂਲ ਹੋਇਆ ਕਿ ਬਹੁਤ ਥੋੜ੍ਹੇ ਸਮੇਂ ਵਿਚ ਹੀ ਤਿੰਨ ਵਾਰ ਪ੍ਰਕਾਸ਼ਿਤ ਹੋ ਚੁੱਕਿਆ ਹੈ। ਫੁੱਲਾਂ ਵਰਗੀ ਕੋਮਲਤਾ, ਦਰਿਆਵਾਂ ਵਰਗੀ ਸਹਿਜਤਾ ਅਤੇ ਪਰਬਤਾਂ ਵਰਗੀ ਅਡੋਲਤਾ ਉਨ੍ਹਾਂ ਦੀ ਗ਼ਜ਼ਲਕਾਰੀ ਦਾ ਹਾਸਲ ਹਨ। ਹਥਲਾ ਗ਼ਜ਼ਲ-ਸੰਗ੍ਰਹਿ 'ਸ਼ੀਸ਼ੇ ਦੀ ਅੱਖ' ਵੀ ਉਨ੍ਹਾਂ ਦੀ ਲੋਕ-ਹਿਤੈਸ਼ੀ ਪ੍ਰਤੀਬੱਧਤਾ ਦੀ ਸ਼ਾਹਦੀ ਭਰਦਾ ਹੈ-
ਸੱਚ ਵੀ ਜ਼ਬਾਨ 'ਤੇ ਹੈ,
ਸੂਲ਼ੀ ਵੀ ਸਾਹਮਣੇ ਹੈ,
ਹਾਜ਼ਰ ਹਾਂ ਫੇਰ ਵੀ ਮੈਂ
ਆਪਣਾ ਬਿਆਨ ਲੈ ਕੇ।
ਔਰਤ-ਮਰਦ ਸਬੰਧਾਂ ਪ੍ਰਤੀ ਮੁੱਢ ਤੋਂ ਹੀ ਦੋ ਤਰ੍ਹਾਂ ਦੀਆਂ ਧਾਰਨਾਵਾਂ ਲੋਕ-ਸਮਝ ਦਾ ਹਿੱਸਾ ਰਹੀਆਂ ਹਨ। ਪਹਿਲੀ ਇਹ ਕਿ ਔਰਤ, ਮਰਦ ਦੇ ਪਤਨ ਦਾ ਕਾਰਨ ਬਣਦੀ ਹੈ ਅਤੇ ਦੂਜੀ ਇਹ ਕਿ ਹਰੇਕ ਕਾਮਯਾਬ ਮਨੁੱਖ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਇਹ ਦੋਵੇਂ ਹੀ ਇਕ ਦੂਜੇ ਦੇ ਪੂਰਕ ਹਨ ਅਤੇ ਜ਼ਿੰਦਗੀ ਦੇ ਬਿਖੜੇ ਰਾਹਾਂ ਨੂੰ ਸੁਹਾਵਣੇ ਸਫ਼ਰ ਵਿਚ ਬਦਲਣ ਦੇ ਸਮਰੱਥ ਹਨ। ਆਪਣੀ ਗ਼ਜ਼ਲ ਦੇ ਇਸ ਸ਼ਿਅਰ ਵਿਚ ਉਹ ਸ਼ਾਇਦ ਅਜਿਹਾ ਹੀ ਕੁਝ ਕਹਿਣਾ ਚਾਹੁੰਦੇ ਹਨ-
ਫ਼ਲਸਫ਼ੇ ਕਿੰਨੇ ਹੀ ਗੌਤਮ ਨਾਲ ਖੜ੍ਹਦੇ ਨੇ ਧੁਰੋਂ ਹੀ,
ਧਰਤ ਦੇ ਸੱਚ ਪਰ ਯਸ਼ੋਦਾ ਦੇ ਬਚਾਅ ਵਿਚ ਨੇ ਕਦੋਂ ਦੇ।
ਰਣਜੀਤ ਸਰਾਂਵਾਲੀ ਲੋਕ-ਮਨਾਂ ਦੀ ਵੇਦਨਾ ਦੀ ਸੂਖਮ ਸੂਝ ਰੱਖਣ ਵਾਲੇ ਗ਼ਜ਼ਲਕਾਰ ਹਨ। ਉਨ੍ਹਾਂ ਦਾ ਜ਼ਿਕਰ ਛੋਟੀ ਉਮਰ ਵਿਚ ਹੀ ਉਨ੍ਹਾਂ ਸਾਹਿਤਕ ਬੁਲੰਦੀਆਂ ਛੂਹਣ ਵਾਲੇ ਅਜਿਹੇ ਕੁਝ ਕੁ ਨਾਵਾਂ ਵਿਚ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਤਾਂਘ ਵਿਚ ਮਨੁੱਖ ਦੀਆਂ ਉਮਰਾਂ ਬੀਤ ਜਾਂਦੀਆਂ ਹਨ। ਪੁਸਤਕ ਦਾ ਪਾਠ ਕਰਦਿਆਂ ਇਸ ਗੱਲ ਦੀ ਤਸੱਲੀ ਹੋ ਜਾਂਦੀ ਹੈ ਕਿ ਅਜਿਹੇ ਯਤਨਾਂ ਦੇ ਹੁੰਦਿਆਂ ਪੰਜਾਬੀ ਗ਼ਜ਼ਲ ਦਾ ਭਵਿੱਖ ਬੜਾ ਰੌਸ਼ਨ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027

16-05-2021

ਕੋਰੇ ਕਾਗਜ਼ 'ਤੇ ਰੱਖੇ ਫੁੱਲ
ਲੇਖਕ : ਡਾ. ਇੰਦਰਜੀਤ ਸਿੰਘ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 106
ਸੰਪਰਕ : 0172-5027427.


'ਕੋਰੇ ਕਾਗਜ਼ 'ਤੇ ਰੱਖੇ ਫੁੱਲ' ਕਾਵਿ-ਸੰਗ੍ਰਹਿ ਡਾ. ਇੰਦਰਜੀਤ ਸਿੰਘ ਸੰਧੂ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਨੂੰ ਕਵੀ ਨੇ ਆਪਣੀ ਦਾਦੀ ਮਾਂ ਸਤਿਕਾਰਯੋਗ ਸਰਦਾਰਨੀ ਮਹਿੰਦਰ ਕੌਰ ਨੂੰ ਸਮਰਪਿਤ ਕਰਦਿਆਂ ਇਹ ਸੰਕੇਤ ਵੀ ਦਿੱਤਾ ਹੈ ਕਿ ਬਚਪਨ ਵਿਚ ਵਡੇਰਿਆਂ ਵਲੋਂ ਮਿਲੀ ਸ਼ਬਦਾਂ ਦੀ ਦਾਤ, ਜ਼ਿੰਦਗੀ ਦੇ ਕਠਿਨ ਪੈਂਡਿਆਂ 'ਤੇ ਤੁਰਦਿਆਂ ਸ਼ਬਦ-ਸੁਰ ਸੰਸਾਰ ਨਾਲ ਨਾਤਾ ਜੋੜੀ ਰੱਖਣ ਵਿਚ ਵੀ ਸਹਾਇਕ ਸਾਬਤ ਹੁੰਦੀ ਹੈ। 'ਖੁਸ਼ ਹਾਂ ਮੈਂ' ਤੋਂ ਲੈ ਕੇ 'ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ' ਤੱਕ ਦੀਆਂ 61 ਕਵਿਤਾਵਾਂ ਮਨੁੱਖੀ ਭਾਵਾਂ ਦੀ ਤਰਜਮਾਨੀ ਕਰਦੇ : ਮਮਤਾ, ਕਾਮਨਾ, ਅਹੰਕਾਰ, ਕ੍ਰੋਧ, ਖ਼ੌਫ਼, ਸੁਹਜ-ਭਾਵਨਾ, ਤਾਲ, ਕਸ਼ਿਸ਼, ਰਸ਼ਕ, ਦਇਆ, ਪ੍ਰੇਮ, ਸੰਜੋਗ-ਵਿਯੋਗ, ਦੁੱਖ-ਸੁੱਖ, ਭੁੱਖ-ਰੱਜ ਦੇ ਆਤਮਿਕ ਅਤੇ ਰਹੱਸਾਤਮਕ ਵਿਸ਼ੇ ਕਵਿਤਾਵਾਂ ਦੇ ਕੇਂਦਰੀ ਥੀਮ ਬਣਦੇ ਹਨ। ਕਵੀ ਗੁਰਬਾਣੀ 'ਚ ਅਥਾਹ ਆਸਥਾ ਰੱਖਦਾ ਹੈ। ਇਸੇ ਲਈ 'ਬਾਬਾ ਨਾਨਕ', 'ਛੋਟੇ ਸਾਹਿਬਜ਼ਾਦੇ-ਵੱਡੀ ਸ਼ਹਾਦਤ', ਸ੍ਰੀ ਹਰਿਕ੍ਰਿਸ਼ਨ ਸਾਹਿਬ' ਅਤੇ ਹੋਰ ਕਵਿਤਾਵਾਂ ਵਿਚ ਇਨ੍ਹਾਂ ਇਤਿਹਾਸਕ ਪਾਤਰਾਂ ਰਾਹੀਂ ਕਾਦਰ ਦੀ ਕੁਦਰਤ, ਕਾਦਰ ਤੋਂ ਮਿਲੀ ਦਿੱਬ ਦ੍ਰਿਸ਼ਟੀ ਦੀਆਂ ਬਾਤਾਂ ਪਾਉਂਦਿਆਂ ਮਨੁੱਖ ਨੂੰ ਆਸਥਾ ਦੇ ਨਾਲ-ਨਾਲ ਕਿਰਤ ਅਤੇ ਕੁਰਬਾਨੀ ਦੇ ਜਜ਼ਬਿਆਂ ਨਾਲ ਜੋੜਦਾ ਹੈ। ਇਹ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦੇ ਸ਼ਬਦ ਇਨਸਾਨ, ਸ਼ੈਤਾਨ, ਬੇਖ਼ੌਫ਼ ਹਵਾਵਾਂ, ਵਾਰਿਸ, ਵਿਦਾਈ, ਮੁਸਾਫ਼ਿਰ, ਅੰਬਰ, ਰੁੱਖ, ਫੁੱਲ, ਸ਼ਹਿਰ, ਰੱਬ, ਨਜ਼ਰ, ਤਾਰਾ, ਹੰਝੂ, ਸਾਗਰ, ਫੁਲਕਾਰੀ, ਅਹਿਸਾਸ, ਵਣਜਾਰਨ, ਲੋਹੜੀ, ਨਸੀਹਤ, ਮਿੱਟੀ, ਇਤਬਾਰ, ਫ਼ੈਸਲਾ, ਮੀਤ, ਮਾਵਾਂ, ਧੀਆਂ, ਵਿਰਸਾ, ਉਡੀਕ, ਪਿੰਡ, ਹਵਾ, ਅਰਦਾਸ, ਉਮੀਦ, ਯਾਦ, ਫ਼ਰਕ, ਰੁਖ਼ਸਤ, ਕੋਰੋਨਾ, ਮੌਤ ਆਦਿ ਪੰਜਾਬੀ ਰਹਿਤਲ-ਬਹਿਤਲ ਦੇ ਅੰਦਰੂਨੀ ਅਤੇ ਬਾਹਰੀ ਪਾਸਾਰਾਂ ਦੀ ਅਨੁਭੂਤੀ ਸਹਿਜ-ਭਾਅ ਹੀ ਕਰਵਾਈ ਜਾਂਦੇ ਹਨ। ਇਹੀ ਇਸ ਕਾਵਿ-ਸੰਗ੍ਰਹਿ ਦਾ ਹਾਸਲ ਹੈ। 'ਵਾਰਿਸ' ਕਵਿਤਾ 'ਚ ਉਹ ਮਨੁੱਖੀ ਡਰ ਦੇ ਅਨੇਕਾਂ ਪਾਸਾਰਾਂ ਦੀ ਬਾਤ ਛੂੰਹਦਿਆਂ ਹਰਫ਼ਾਂ ਦਾ ਤੇ ਕਲਮਾਂ ਦਾ ਵਾਰਿਸ ਬਣਦਿਆਂ ਵੀ ਰਾਂਝਿਆਂ, ਹੀਰਾਂ, ਸੱਸੀ ਦੀ ਭਟਕਣ ਆਦਿ ਵਰਤਾਰਿਆਂ ਦੇ ਦੁਖਦਾਈ ਪਲਾਂ ਨੂੰ ਬਿਆਨਣ ਤੋਂ ਸੰਕੋਚ ਕਰਦਾ ਹੈ।
ਹਾਂ, ਚੁੰਮਿਆ ਹੈ ਬੇਸ਼ੱਕ, ਕਵੀ ਲਹਿਰਾਂ ਨੇ ਮੈਨੂੰ,
ਮੈਂ ਕਸ਼ਤੀ ਦੇ ਮਲਾਹ ਦੀ ਸਾਜਿਸ਼ ਤੋਂ ਡਰਦਾ ਹਾਂ।
ਉਂਜ ਉਹ ਕਵੀਓ ਵਾਚ ਰੁੱਖ ਤੇ ਮਨੁੱਖ ਦੀ ਸਾਂਝ ਪਾਉਂਦਿਆਂ ਮਾਨਵਵਾਦੀ ਸੁਰ 'ਚ ਇਹ ਸੰਦੇਸ਼ ਵੀ ਦਿੰਦਾ ਹੈ :
ਆਓ ਰੁੱਖ ਦੀ ਗੱਲ ਸੁਣੀਏ
ਧਰਤੀ ਉੱਤੇ ਰੁੱਖ ਉਗਾਈਏ
ਧਰਤ ਸੁਲੱਖਣੀ ਮਾਂ ਆਪਣੀ ਨੂੰ
ਹਰਿਆਵਲ ਦੀ ਚਾਦਰ ਚੜ੍ਹਾਈਏ
ਖ਼ੂਬਸੂਰਤ ਭਾਵਾਂ ਦੀ ਤਰਜਮਾਨੀ ਕਰਦੇ ਇਸ ਕਾਵਿ-ਸੰਗ੍ਰਹਿ ਦਾ ਅਨੰਦ ਮਾਣਦਿਆਂ ਕਾਵਿ-ਪਾਠਕ ਅਵੱਸ਼ ਹੀ ਕਾਦਰ ਅਤੇ ਕੁਦਰਤ ਨਾਲ ਇਕਸੁਰ ਹੋਣ ਦੀ ਕੋਸ਼ਿਸ਼ ਕਰੇਗਾ। ਅਜਿਹੀ ਮੇਰੀ ਦਿਲੀ ਕਾਮਨਾ ਹੈ। ਆਮੀਨ!


-ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.


ਕਾਗਾ ਚੁਗ ਗਏ ਖੇਤ
(ਕਿਸਾਨੀ ਸੰਕਟ ਬਾਰੇ ਅਹਿਮ ਨਾਟਕ)
ਸੰਪਾਦਕ : ਬਲਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 106
ਸੰਪਰਕ : 98728-35835


ਬਲਦੇਵ ਧਾਲੀਵਾਲ ਪੰਜਾਬੀ ਸਾਹਿਤ ਖੇਤਰ ਦਾ ਚਰਚਿਤ ਨਾਂਅ ਹੈ। ਕਵਿਤਾ, ਕਹਾਣੀ, ਆਲੋਚਨਾ, ਸਫ਼ਰਨਾਮੇ, ਅਨੁਵਾਦ ਆਦਿ ਦੇ ਖੇਤਰ ਵਿਚ ਚਾਲੀ ਦੇ ਕਰੀਬ ਪੁਸਤਕਾਂ ਦੇ ਰਚੇਤਾ ਬਲਦੇਵ ਸਿੰਘ ਦੁਆਰਾ 'ਕਾਗਾ ਚੁਗ ਗਏ ਖੇਤ' ਨਾਟ-ਸੰਗ੍ਰਹਿ ਸੰਪਾਦਤ ਕੀਤਾ ਗਿਆ ਹੈ। ਇਸ ਵਿਚ ਕਿਸਾਨੀ ਸੰਕਟ ਨਾਲ ਜੁੜੇ ਚਾਰ ਨਾਟਕ ਦਰਜ ਕੀਤੇ ਗਏ ਹਨ। 'ਨਾਟਕ ਪੁੜਾਂ' ਵਿਚਾਲੇ ਜਾਨ ਬਲਦੇਵ ਧਾਲੀਵਾਲ ਦੀ ਕਹਾਣੀ 'ਪੁੜਾਂ ਵਿਚਾਲੇ ਜਾਨ' ਦਾ ਨਾਟਕੀ ਰੂਪਾਤਰਨ ਹੈ ਜਿਸ ਦਾ ਵਿਸ਼ਾ ਦਲਿਤ-ਕਿਸਾਨ ਸਬੰਧਾਂ ਵਿਚਲੇ ਦਵੰਦ ਨੂੰ ਪੇਸ਼ ਕਰਦਾ ਹੈ। ਨਾਟਕ ਦੇ ਆਰੰਭ ਵਿਚ ਕੁਝ ਦਲਿਤ ਨੌਜਵਾਨ, ਕਿਸਾਨਾਂ ਵਲੋਂ ਉਨ੍ਹਾਂ ਦੀਆਂ ਉਜਰਤਾਂ ਵਿਚ ਵਾਧਾ ਨਾ ਕਰਨ ਕਰਕੇ ਵਾਢੀ ਦੇ ਦਿਨਾਂ ਵਿਚ ਹੜਤਾਲ ਕਰ ਦਿੰਦੇ ਹਨ। ਦੂਸਰੇ ਪਾਸੇ ਸਰਪੰਚ ਅਤੇ ਨੰਬਰਦਾਰ ਦੇ ਰੂਪ ਵਿਚ ਹਾਕਮ ਧਿਰ ਇਸ ਹੜਤਾਲ ਨੂੰ ਖ਼ਤਮ ਕਰਵਾਉਣ ਲਈ ਰਾਜਨੀਤਕ ਪੈਂਤੜੇ ਦਾ ਸਹਾਰਾ ਲੈਂਦੀ ਹੋਈ ਹਰ ਚੀਜ਼ ਨੂੰ ਵੋਟਾਂ ਦੀ ਰਾਜਨੀਤੀ ਦੀ ਦ੍ਰਿਸ਼ਟੀ ਤੋਂ ਆਪਣੇ ਨਫ਼ੇ-ਨੁਕਸਾਨ ਦੀ ਦ੍ਰਿਸ਼ਟੀ ਤੋਂ ਵੇਖਦੀ ਹੈ। ਦੂਸਰਾ ਨਾਟਕ ਅੰਨਦਾਤਾ ਬਲਦੇਵ ਧਾਲੀਵਾਲ ਦੀ ਕਹਾਣੀ ਕਾਰਗਿਲ ਦਾ ਨਾਟਕੀ ਰੂਪ ਹੈ। ਇਹ ਨਾਟਕ ਨਵਨਿੰਦਰਾ ਬਹਿਲ ਦੀ ਨਿਰਦੇਸ਼ਨਾ ਵਿਚ 'ਸਾਡਾ ਜੱਗੋਂ ਸੀਰ ਮੁੱਕਿਆ' ਨਾਂਅ ਹੇਠ ਅਤੇ ਰੈਡੀਕਲ ਰੰਗਕਰਮੀਆਂ ਵਲੋਂ ਅੰਨਦਾਤਾ ਸਿਰਲੇਖ ਅਧੀਨ ਅਨੇਕਾਂ ਵਾਰ ਸਫਲਤਾਪੂਰਵਕ ਖੇਡਿਆ ਗਿਆ ਹੈ। ਇਸ ਨਾਟਕ ਦਾ ਵਿਸ਼ਾ ਕਿਸਾਨ ਦੀ ਦਿਨ-ਬ-ਦਿਨ ਕਮਜ਼ੋਰ ਹੁੰਦੀ ਆਰਥਿਕ ਹਾਲਤ ਨੂੰ ਬਿਆਨ ਕਰਨਾ ਹੈ। ਨਾਟਕ ਦਾ ਮੁੱਖ ਪਾਤਰ ਰਣਬੀਰ ਸਿੰਘ ਇਕ ਨਿਮਨ ਕਿਸਾਨ ਹੈ ਜੋ ਕਿ ਖੇਤ ਮੋਟਰ ਲਵਾ ਕੇ ਆਪਣੀ ਆਰਥਿਕਤਾ ਨੂੰ ਸੁਧਾਰਨਾ ਚਾਹੁੰਦਾ ਹੈ, ਪ੍ਰੰਤੂ ਭ੍ਰਿਸ਼ਟ ਅਤੇ ਰਿਸ਼ਵਤਖੋਰ ਸਿਸਟਮ ਵਿਚ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ਅਤੇ ਉਹ ਸਲੂਜੇ ਵਰਗੇ ਧੋਖੇਬਾਜ਼ਾਂ ਦੇ ਹੱਥੇ ਚੜ੍ਹ ਜਾਂਦਾ ਹੈ। ਤੀਸਰਾ ਨਾਟਕ ਮਿਰਜ਼ਾ ਵੀ ਬਲਦੇਵ ਧਾਲੀਵਾਲ ਦੀ ਕਹਾਣੀ ਕਾਰਗਿਲ 'ਤੇ ਆਧਾਰਿਤ ਹੈ ਜਿਹੜਾ ਕਿ ਨਾਟਕ ਅੰਨਦਾਤਾ ਨਾਲੋਂ ਥੋੜ੍ਹੀ-ਬਹੁਤੀ ਵੱਖਰਤਾ ਨਾਲ ਪੇਸ਼ ਹੁੰਦਾ ਹੈ। ਪੰਜਾਬੀ ਸੱਭਿਆਚਾਰ ਦਾ ਪਾਤਰ ਮਿਰਜ਼ਾ ਜ਼ਿੰਦਗੀ ਨੂੰ ਜਿਊਣ ਅਤੇ ਮਾਣਨ ਦਾ ਚਿੰਨ੍ਹ ਹੈ ਜਿਹੜਾ ਕਿ ਸਮਾਜ ਨੂੰ ਹਿੱਕ ਦੇ ਜ਼ੋਰ 'ਤੇ ਜਿੱਤਣਾ ਲੋਚਦਾ ਹੈ ਅਤੇ ਜਿਸ ਦੇ ਖੁਆਬਾਂ ਵਿਚ ਜ਼ਿੰਦਗੀ ਰੰਗ-ਰੰਗੀਨ ਹੈ। ਨਾਟਕ ਅੰਨਦਾਤਾ ਦੀ ਤੁਲਨਾ ਵਿਚ ਇਸ ਨਾਟਕ ਦਾ ਅੰਤ ਪ੍ਰਸਥਿਤੀਆਂ ਸਾਹਮਣੇ ਗੋਡੇ ਟੇਕਣ ਦੀ ਬਜਾਏ ਪ੍ਰਸਥਿਤੀਆਂ ਨੂੰ ਬਦਲਣ ਲਈ ਸੰਘਰਸ਼ ਦੇ ਸੱਦੇ ਨਾਲ ਹੁੰਦਾ ਹੈ। ਇਹ ਨਾਟਕ ਰੰਗਕਰਮੀ ਬਲਵਿੰਦਰ ਬੁੱਲਟ ਦੀ ਨਿਰਦੇਸ਼ਨਾ ਵਿਚ ਖੇਡਿਆ ਗਿਆ ਹੈ। ਚੌਥਾ ਨਾਟਕ ਕਾਗਾ ਚੁਗ ਗਏ ਖੇਤ ਨਾਟਕ 2006 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਨੈਸ਼ਨਲ ਯੂਥ ਫੈਸਟੀਵਲ, ਚੇਨਈ ਵਿਖੇ ਪੇਸ਼ ਕਰਨ ਲਈ, ਬਲਦੇਵ ਧਾਲੀਵਾਲ ਦੇ ਨਾਟਕ ਅੰਨਦਾਤਾ ਨੂੰ ਹੀ ਹਿੰਦੀ ਵਿਚ ਰੂਪਾਂਤਰਿਤ ਕੀਤਾ ਗਿਆ ਸੀ।


-ਡਾ. ਪ੍ਰਦੀਪ ਕੌੜਾ
ਮੋ: 95011-15200
c c c


ਹੇ ਬਾਬਲਾ

ਲੇਖਕ : ਬਲਵਿੰਦਰ ਸਿੰਘ ਕਾਲੀਆ (ਡਾ.)
ਪ੍ਰਕਾਸ਼ਕ : ਏਸ਼ੀਆ ਵਿਜ਼ਨ
ਮੁੱਲ : 175 ਰੁਪਏ, ਸਫ਼ੇ : 143
ਸੰਪਰਕ : 99140-09160.


ਹੇ ਬਾਬਲਾ ਕਾਵਿ ਪੁਸਤਕ ਦੇ ਲੇਖਕ ਬਲਵਿੰਦਰ ਸਿੰਘ ਕਾਲੀਆ (ਡਾ.) ਹਨ, ਜਿਨ੍ਹਾਂ ਨੇ ਇਸ ਵਿਚ ਤਕਰੀਬਨ ਆਪਣੀਆਂ 91 ਰਚਨਾਵਾਂ ਪਾਠਕਾਂ ਦੇ ਰੂਬਰੂ ਕੀਤੀਆਂ ਹਨ। ਇਸ ਪੁਸਤਕ 'ਚੋਂ ਸਾਫ਼ ਵਿਖਾਈ ਦਿੰਦਾ ਹੈ ਕਿ ਲੇਖਕ ਮਾਂ-ਬੋਲੀ ਪੰਜਾਬੀ ਪ੍ਰਤੀ ਕਿੰਨਾ ਮੋਹ ਰੱਖਦਾ ਹੈ। ਲੇਖਕ ਦਾ ਕਹਿਣਾ ਹੈ ਕਿ ਕੋਈ ਵੀ ਪੁਸਤਕ ਪਾਠਕ ਦੇ ਕੋਲੋਂ ਕੁਝ ਖੋਹ ਕੇ ਨਹੀਂ ਲੈ ਜਾਂਦੀ ਸਗੋਂ ਕੁਝ ਨਾ ਕੁਝ ਉਹ ਦੇ ਕੇ ਹੀ ਜਾਂਦੀ ਹੈ। ਅਸਲ ਵਿਚ ਲੇਖਕ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਕਿਤਾਬਾਂ ਨੂੰ ਜ਼ਰੂਰ ਪੜ੍ਹੋ। ਇਸ ਪੁਸਤਕ ਵਿਚ ਲੇਖਕ ਨੇ ਆਪਣੇ ਆਲੇ-ਦੁਆਲੇ ਦੇ ਅਨੁਭਵਾਂ ਨੂੰ ਮਾਣਿਆ, ਵੇਖਿਆ ਅਤੇ ਮਹਿਸੂਸ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਭਾਸ਼ਾ ਰਾਹੀਂ ਪਾਠਕਾਂ ਤੱਕ ਪੁੱਜਦਾ ਕਰਕੇ ਖੁਸ਼ੀ ਮਹਿਸੂਸ ਕਰਦਾ ਹੈ। ਲੇਖਕ ਨੇ ਆਪਣੀਆਂ ਬਚਪਨ ਦੀਆਂ ਯਾਦਾਂ ਨੂੰ ਆਪਣੇ ਅੰਦਰ ਸਮੋਈ ਰੱਖਿਆ ਹੈ ਅਤੇ ਉਨ੍ਹਾਂ ਨੂੰ ਅੱਖੋਂ ਬਿਲਕੁਲ ਵੀ ਓਹਲੇ ਨਾ ਕਰਦਿਆਂ ਹੋਇਆਂ ਪਾਠਕਾਂ ਦੇ ਨਾਲ ਸਾਂਝੀਆਂ ਕਰਕੇ ਇਕ ਗੁਲਦਸਤਾ ਤਿਆਰ ਕਰਕੇ ਖੁਸ਼ੀ ਮਹਿਸੂਸ ਕਰਕੇ ਪਾਠਕਾਂ ਨਾਲ ਸਾਂਝ ਪਾਉਣ ਦੀ ਤਮੰਨਾ ਵੀ ਰੱਖਦਾ ਹੈ। ਲੇਖਕ ਨੇ ਜੀਵਨ ਦੀਆਂ ਕੌੜੀਆਂ ਮਿੱਠੀਆਂ ਸਚਾਈਆਂ ਨੂੰ ਵੀ ਬਿਆਨ ਕੀਤਾ ਹੈ ਅਤੇ ਨਾਲ ਹੀ ਕੋਰੋਨਾ ਮਹਾਂਮਾਰੀ ਦੇ ਦੌਰ ਦੇ ਪ੍ਰਭਾਵ ਨੂੰ ਵੀ ਛੱਡਿਆ ਨਹੀਂ। ਲੇਖਕ ਸਮਾਜ, ਦੇਸ਼ ਪ੍ਰਤੀ ਪੂਰੀ ਤਰ੍ਹਾਂ ਜਾਗ੍ਰਿਤ ਹੈ ਅਤੇ ਉਹ ਛੋਟੀ ਤੋਂ ਛੋਟੀ ਘਟਨਾ ਦੁਖਾਂਤ ਸਮੱਸਿਆ, ਵਾਰਦਾਤ ਪ੍ਰਤੀ ਡੂੰਘਾਈ ਦੇ ਨਾਲ ਪੂਰੀ ਤਰ੍ਹਾਂ ਵਿਚਰਦਾ ਹੈ। ਪੁਸਤਕ ਵਿਚਲੀਆਂ ਬਾਬਾ ਤੇਰੇ ਇਨਕਲਾਬ ਦਾ ਸਾਨੀ, ਕੋਈ ਹੋਰ ਨਹੀਂ, ਕਿਉਂ ਧਰਮਾਂ ਦੇ ਨਾਂਅ 'ਤੇ, ਮਾਂ ਦੀ ਅਰਜੋਈ, ਹੱਸ ਲੈ ਯਾਰ, ਪਿੰਡ ਦੀਆਂ ਜੂਹਾਂ। ਫਿਰਦਾ ਕੋਰੋਨਾ ਖਾਣ ਨੂੰ, ਦਿਲ ਦਰਿਆ, ਤਕਦੀਰ, ਫ਼ਕੀਰੀ, ਮਜ਼ਦੂਰ, ਬਾਬਲਾ, ਵਾਹ ਨੀ ਸਿਆਸਤੇ, ਮੈਂ ਧਰਤੀ ਪੰਜਾਬ ਆਦਿ ਰਚਨਾਵਾਂ ਦਿਲ ਨੂੰ ਟੁੰਬਣ ਵਾਲੀਆਂ ਹਨ। ਹਰ ਗੱਲ, ਘਟਨਾ ਪ੍ਰਤੀ ਕਾਵਿ ਰੂਪ ਦੇਣ ਵਿਚ ਲੇਖਕ ਮੁਹਾਰਥ ਰੱਖਦਾ ਹੈ।


-ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990.
c c c


ਸੁਲਘਦੇ ਹਰਫ਼
ਲੇਖਕ : ਕੇਸਰ ਸਿੰਘ ਕੰਗ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 129
ਸੰਪਰਕ : 93166-25738.


ਕੇਸਰ ਸਿੰਘ ਕੰਗ ਦਾ ਹੱਥਲਾ ਗ਼ਜ਼ਲ-ਸੰਗ੍ਰਹਿ 'ਸੁਲਘਦੇ ਹਰਫ਼' ਅਜੋਕੇ ਮਨੁੱਖ ਨੂੰ ਦਰਪੇਸ਼ ਸਮੱਸਿਆਵਾਂ, ਉਲਝਣਾਂ ਅਤੇ ਚੁਣੌਤੀਆਂ ਦੇ ਅਣਦਿਸਦੇ ਯਥਾਰਥ ਨੂੰ ਬਾਖ਼ੂਬੀ ਬਿਆਨ ਕਰਦਾ ਹੈ। ਉਨ੍ਹਾਂ ਦੀ ਵਿਅੰਗਮਈ ਅਤੇ ਪ੍ਰਤੀਕਾਤਮਿਕ ਮੁਹਾਵਰੇਦਾਰ ਸ਼ਬਦਾਵਲੀ ਸੱਤਿਅਮ, ਸ਼ਿਵਮ ਅਤੇ ਸੁੰਦਰਮ ਦੇ ਕਲਿਆਣਕਾਰੀ ਮਨੋਰਥ ਦੀ ਤਰਜਮਾਨੀ ਕਰਦੀ ਹੈ। ਲੋਕ-ਮਨਾਂ ਦੀਆਂ ਪਰਤਾਂ ਦੇ ਦਵੰਦ ਅਤੇ ਤਣਾਅ ਦਾ ਆਲੋਚਨਾਤਮਿਕ ਵਿਸ਼ਲੇਸ਼ਣ ਕਰਦਿਆਂ ਉਹ ਆਪਣੀ ਗ਼ਜ਼ਲ ਦੇ ਇਕ ਸ਼ਿਅਰ ਵਿਚ ਬੜੇ ਭਾਵਪੂਰਨ ਢੰਗ ਨਾਲ ਲਿਖਦੇ ਹਨ-
ਹੰਸ ਤੇ ਬੱਗਾ ਸੂਰਤ ਇਕੋ, ਸੀਰਤ ਵੱਖ ਦੁਹਾਂ ਦੀ,
ਬੱਗਾ ਨਿੱਤ ਦਿਨ ਗਾਰ ਹੈ ਢੋਂਦਾ ਮੋਤੀ ਹੰਸ ਪਰੋਏ।
ਉਨ੍ਹਾਂ ਕੋਲ ਵਿਸ਼ਵੀਕਰਨ ਦੀ ਚਕਾਚੌਂਧ ਵਿਚ ਪੈਦਾ ਹੋ ਰਹੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਵਿਸੰਗਤੀਆਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਨਜਿੱਠਣ ਦੀ ਸੂਖਮ ਸੂਝ ਹੈ। ਉਨ੍ਹਾਂ ਦਾ ਦਰਦ ਵਿਅਕਤੀਗਤ ਨਹੀਂ ਬਲਕਿ ਸਦੀਆਂ ਤੋਂ ਲਤਾੜੇ ਜਾ ਰਹੇ ਦੁਨੀਆ ਭਰ ਦੇ ਦੱਬੇ-ਕੁਚਲੇ ਉਨ੍ਹਾਂ ਲੋਕਾਂ ਦਾ ਦਰਦ ਹੈ, ਜੋ ਆਪਣੇ ਢਿੱਡ ਦੀ ਅੱਗ ਨੂੰ ਬੁਝਾਉਣ ਦੀਆਂ ਜੁਗਤਾਂ ਵਿਚ ਆਪਣੇ ਖੰਭਾਂ ਨੂੰ ਹੀ ਸਾੜ ਬੈਠੇ ਹਨ ਅਤੇ ਹਾਕਮ ਜਮਾਤ ਵਲੋਂ ਦਿਖਾਏ ਜਾ ਰਹੇ ਸਬਜ਼ਬਾਗ਼ ਉਨ੍ਹਾਂ ਨੂੰ ਅੱਖਾਂ ਪਾੜ-ਪਾੜ ਕੇ ਡਰਾਉਂਦੇ ਪ੍ਰਤੀਤ ਹੁੰਦੇ ਹਨ-
ਤੜਫਾਉਂਦੀ, ਜਲਾਉਂਦੀ ਰਹੀ ਸਾਰੀ ਰਾਤ ਮੈਨੂੰ,
ਮੈਂ ਕੁੱਲੀ ਵਿਚ ਕੀਤੀ ਸੀ ਜੋ ਰੌਸ਼ਨੀ ਚਰਾਗ ਦੀ।
ਕੇਸਰ ਸਿੰਘ ਕੰਗ ਕੋਲ ਵਿਸ਼ਿਆਂ ਦੀ ਕੋਈ ਘਾਟ ਨਹੀਂ ਅਤੇ ਉਨ੍ਹਾਂ ਕੋਲ ਗੱਲ ਕਹਿਣ ਦਾ ਖ਼ੂਬਸੂਰਤ ਹੁਨਰ ਵੀ ਹੈ। ਪਰ ਕਿਤੇ-ਕਿਤੇ ਸਮਕਾਲੀ ਸਿਆਸਤਦਾਨਾਂ, ਧਾਰਮਿਕ ਸਥਾਨਾਂ ਜਾਂ ਧਰਮ ਗ੍ਰੰਥਾਂ ਸਬੰਧੀ ਟਿੱਪਣੀਆਂ ਕਰਦਿਆਂ ਉਹ ਪਟੜੀ ਤੋਂ ਉੱਤਰਦੇ ਪ੍ਰਤੀਤ ਹੁੰਦੇ ਹਨ ਅਤੇ ਉਨ੍ਹਾਂ ਦੇ ਕਥਨ ਸਦੀਵੀ ਨਾ ਰਹਿ ਕੇ ਵਕਤੀ ਹੋ ਨਿੱਬੜਦੇ ਹਨ। ਜੇਕਰ ਤੋਲ-ਤੁਕਾਂਤ ਦੀਆਂ ਬਾਰੀਕੀਆਂ ਦੇ ਮਾਮਲੇ ਵਿਚ ਥੋੜ੍ਹਾ ਜਿਹਾ ਹੋਰ ਧਿਆਨ ਦੇਣ ਦੀ ਕੋਸ਼ਿਸ਼ ਕਰਨ ਤਾਂ ਨਿਰਸੰਦੇਹ ਉਨ੍ਹਾਂ ਦੀ ਗ਼ਜ਼ਲਕਾਰੀ ਨਵੇਂ ਦਿਸਹੱਦਿਆਂ ਦੀ ਸਿਰਜਣਾ ਕਰਨ ਦੀ ਸਮਰੱਥਾ ਰੱਖਦੀ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027
c c c


ਆਲ੍ਹਣੇ ਦਾ ਤਿਣਕਾ
ਲੇਖਕ : ਡਾ. ਦਵਿੰਦਰ ਸਿੰਘ ਜੀਤਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 110
ਸੰਪਰਕ : +91-172-5027427.


ਸ਼ਾਇਰ ਡਾ. ਦਵਿੰਦਰ ਸਿੰਘ ਜੀਤਲਾ ਆਪਣੇ ਪਲੇਠੇ ਕਾਵਿ ਪਰਾਗੇ 'ਆਲ੍ਹਣੇ ਦਾ ਤਿਣਕਾ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਨੇ 1985 ਵਿਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੀ.ਐਚ.ਡੀ. ਕੀਤੀ ਹੈ ਅਤੇ 1985 ਵਿਚ ਨੈਰੋਬੀ (ਕੀਨੀਆ) ਤੋਂ ਬਾਅਦ ਸਿਡਨੀ (ਆਸਟਰੇਲੀਆ) 1987 ਵਿਚ ਚੰਗੇ ਆਲ੍ਹਣੇ ਦੀ ਤਲਾਸ਼ ਵਿਚ ਪਰਵਾਸ ਕਰ ਗਏ। ਪਰਵਾਸ ਦੌਰਾਨ ਸ਼ਾਇਰ ਦਾ ਵਾਸਤਾ ਵੱਖ-ਵੱਖ ਰੰਗਾਂ, ਨਸਲਾਂ ਤੇ ਕੌਮੀਅਤਾਂ ਨਾਲ ਪੈਂਦਾ ਹੈ ਜਿਸ ਕਾਰਨ ਸ਼ਾਇਰ ਦਾ ਗਲੋਬਲ ਚੇਤਨਾ ਨਾਲ ਲੈਸ ਹੋਣਾ ਸੁਭਾਵਿਕ ਹੀ ਹੈ। ਸ਼ਾਇਰ ਕਿਸੇ ਵਾਦ ਨਾਲ ਨਹੀਂ ਬੱਝਿਆ ਹੋਇਆ ਤੇ ਉਹ ਵਾਦ ਮੁਕਤ ਸ਼ਾਇਰ ਹੈ ਪਰ ਉਸ ਦੀ ਸੁਹਿਰਦਤਾ ਹੀ ਉਸ ਦਾ ਵਾਦ ਹੈ ਤੇ ਇਸ ਸੁਹਿਰਦਤਾ ਦੇ ਵਾਦ ਰਾਹੀਂ ਉਹ ਵਿਭਿੰਨ ਸਰੋਕਾਰਾਂ ਨਾਲ ਦਸਤਵੰਜਾ ਲੈਂਦਾ ਹੈ ਜਿਵੇਂ ਕਿ ਕੁਦਰਤ ਦਾ ਨਿਜ਼ਾਮ, ਧਾਰਮਿਕ ਦੰਭ, ਪਿਤਰਾਂ ਦੀ ਭੂਮੀ ਨੂੰ ਸਿਜਦਾ ਕਰਨ ਦੀ ਤਾਂਘ ਤੇ ਰੱਬ ਦੇ ਰੰਗਾਂ ਵਿਚ ਰਹਿਣ ਦੇ ਉਪਦੇਸ਼ਮਈ ਝਲਕਾਰੇ ਵੀ ਦੇਖਣ ਨੂੰ ਮਿਲਦੇ ਹਨ। ਉਸ ਦੀ ਸ਼ਾਇਰੀ ਨੂੰ ਜਦੋਂ ਪੁਣ ਕੇ ਦੇਖਦੇ ਹਾਂ ਤਾਂ ਉਹ ਉਸ ਚਾਨਣ ਦੀ ਤਲਾਸ਼ ਕਰ ਰਿਹਾ ਹੈ, ਜਿਸ ਨੂੰ ਹਨੇਰੇ ਰਾਹ ਵਿਚ ਰੁਕਾਵਟਾਂ ਖੜ੍ਹੀਆਂ ਕਰਦੇ ਹਨ। ਇਸ ਕਥਨ ਨੂੰ ਉਰਦੂ ਦਾ ਸ਼ਿਅਰ ਤਸਦੀਕ ਕਰਦਾ ਹੈ ਕਿ 'ਆਂਧੀਆਂ ਹੀ ਅਬ ਕਰੇਂਗੀ ਰੌਸ਼ਨੀ ਕਾ ਫ਼ੈਸਲਾ, ਜਿਸ ਦੀਏ ਮੇਂ ਤੇਲ ਹੋਗਾ ਜਲਤਾ ਰਹਿ ਜਾਏਗਾ।' ਫੁੱਲਾਂ ਵਰਗੀ ਮੁਹੱਬਤੀ ਜ਼ਿੰਦਗੀ ਬਸਰ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਕੰਡੇ ਰਾਹਾਂ ਵਿਚ ਆਉਂਦੇ ਹਨ ਪਰ ਕੰਡੇ ਦੀ ਵੀ ਇਕ ਆਪਣੀ ਜਾਤ ਤੇ ਔਕਾਤ ਹੁੰਦੀ ਹੈ ਜਿਵੇਂ ਕਿ 'ਰਫ਼ੀਕੋਂ ਸੇ ਰਕੀਬ ਅੱਛੇ ਹੈਂ ਜੋ ਜਲ ਕਰ ਨਾਮ ਲੇਤੇ ਹੈਂ, ਗੁੱਲ ਸੇ ਖਾਰ ਅੱਛੇ ਹੈਂ, ਜੋ ਦਾਮਨ ਥਾਮ ਲੇਤੇ ਹੈਂ।' ਸ਼ਾਇਰ ਰੱਬ ਦੇ ਰੰਗ ਕਵਿਤਾ ਵਿਚ ਅਣਜਾਣੇ ਵਿਚ ਹੀ ਟਪਲਾ ਖਾ ਗਿਆ ਹੈ ਜਦੋਂ ਕਿ ਮੁਸਲਮਾਨ ਭਰਾ ਬਕਰੀਦ ਦੇ ਦਿਹਾੜੇ ਕੁਰਬਾਨੀ ਦੇਣ ਲਈ ਬੱਕਰੇ ਨੂੰ ਝਟਕਾਉਂਦੇ ਨਹੀਂ ਸਗੋਂ ਹਲਾਲ ਕਰਦੇ ਹਨ। ਝਟਕੇ ਤੇ ਹਲਾਲ ਵਿਚ ਧਾਰਮਿਕ ਅਕੀਦੇ ਅਨੁਸਾਰ ਫ਼ਰਕ ਹੈ। ਸ਼ਾਇਰ ਦੇ ਪਲੇਠੇ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਤਾਂ ਕਹਿਣਾ ਬਣਦਾ ਹੀ ਹੈ।


-ਭਗਵਾਨ ਢਿੱਲੋਂ
ਮੋ: 98143-78254.


ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ
ਅਤੇ ਬੰਗਲਾਦੇਸ਼ ਦੇ ਗੁਰਧਾਮ

(ਇਤਿਹਾਸ, ਪਰੰਪਰਾ ਅਤੇ ਪ੍ਰਬੰਧ)
ਲੇਖਕ : ਡਾ. ਪਰਮਵੀਰ ਸਿੰਘ
ਪ੍ਰਕਾਸ਼ਕ : ਗਰੇਸੀਅਸ ਬੁਕਸ, ਪਟਿਆਲਾ
ਮੁੱਲ : 450 ਰੁਪਏ, ਸਫ਼ੇ : 279
ਸੰਪਰਕ : 0175-5017642.


ਹਥਲੀ ਪੁਸਤਕ ਦੇ ਸੂਝਵਾਨ ਲੇਖਕ ਨੇ ਇਸ ਸਮੁੱਚੇ ਕਾਰਜ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਉਹ ਪਾਵਨ ਅਸਥਾਨ ਹੈ, ਜੋ ਗੁਰੂ ਸਾਹਿਬਾਨ ਜੀ ਦੀ ਪਾਵਨ ਚਰਨ-ਛੋਹ ਪ੍ਰਾਪਤ ਪਾਵਨ ਧਰਤੀ ਹੈ ਅਤੇ ਸਿੱਖ ਪੰਥ ਦੇ ਪੰਜ ਤਖ਼ਤਾਂ ਵਿਚੋਂ ਇਕ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਹੀ ਇਸ ਪਾਵਨ ਅਸਥਾਨ ਦਾ ਸਬੰਧ ਸਿੱਖ ਧਰਮ ਨਾਲ ਜੁੜਦਾ ਹੈ। ਪਹਿਲੇ ਪਾਤਸ਼ਾਹ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਇਸ ਨਗਰ ਵਿਚ ਪਹੁੰਚੇ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਵੀ ਇਸ ਪਾਵਨ ਅਸਥਾਨ 'ਤੇ ਹੋਇਆ। ਲੇਖਕ ਨੇ ਇਸ ਖੋਜ ਕਾਰਜ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਵੱਖ-ਵੱਖ ਸਿਰਲੇਖਾਂ ਅਧੀਨ ਰੱਖ ਕੇ ਵਿਚਾਰਾਂ ਦੀ ਲੜੀ ਨੂੰ ਸੰਪੂਰਨਤਾ ਦਿੱਤੀਗਈ ਹੈ। ਇਨ੍ਹਾਂ ਸਿਰਲੇਖਾਂ ਵਿਚ ਪਟਨਾ ਸਾਹਿਬ ਦਾ ਪਿਛੋਕੜ, ਉਦਾਸੀਆਂ ਦਾ ਪ੍ਰਭਾਵ, ਬਿਹਾਰ ਦੀ ਸਿੱਖ ਵਸੋਂ, ਤਖ਼ਤ ਪਟਨਾ ਸਾਹਿਬ ਦੀ ਸਥਿਤੀ, ਤਖ਼ਤ ਪਟਨਾ ਸਾਹਿਬ ਦੀ ਨਵੀਂ ਇਮਾਰਤ, ਇਤਿਹਾਸਕ ਨਿਸ਼ਾਨੀਆਂ, ਆਰਥਿਕ ਪ੍ਰਬੰਧ, ਯਾਤਰੂਆਂ ਲਈ ਨਿਵਾਸ ਅਸਥਾਨ, ਪ੍ਰਮੁੱਖ ਗੁਰਪੁਰਬ, ਗੁਰਧਾਮਾਂ ਦੀ ਸੇਵਾ-ਸੰਭਾਲ ਅਤੇ ਪ੍ਰਬੰਧ, ਮਹੰਤ ਅਤੇ ਮੁੱਖ ਸੇਵਾਦਾਰ, ਗੁਰਦੁਆਰਾ ਐਕਟ, ਧਾਰਮਿਕ ਅਤੇ ਵਿੱਦਿਅਕ ਯੋਗਦਾਨ, ਸ਼ਤਾਬਦੀ ਸਮਾਰੋਹ ਚੁਣੌਤੀਆਂ ਸ਼ਾਮਿਲ ਹਨ। ਇਸ ਪਹਿਲੇ ਭਾਗ ਵਿਚ ਤਖ਼ਤ ਸਾਹਿਬ ਦੀ ਪਰੰਪਰਾ ਨੂੰ ਜਾਨਣ ਅਤੇ ਲੱਭਣ ਦਾ ਯਤਨ ਕੀਤਾ ਗਿਆ ਹੈ। ਲੇਖਕ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਮੌਜੂਦਾ ਸਮੇਂ ਤੱਕ ਦੇ ਪ੍ਰਮੁੱਖ ਸੇਵਾਦਾਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਸਫਲ ਯਤਨ ਕੀਤੇ ਹਨ।
ਪੁਸਤਕ ਦੇ ਦੂਜੇ ਭਾਗ ਵਿਚ ਬੰਗਲਾਦੇਸ਼ ਦੇ ਗੁਰਧਾਮਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਵੱਖ-ਵੱਖ ਸਿਰਲੇਖਾਂ ਅਧੀਨ ਵਿਚਾਰਾਂ ਦੀ ਲੜੀ ਨੂੰ ਜੋੜਨ ਦਾ ਭਰਪੂਰ ਯਤਨ ਕੀਤਾ ਗਿਆ। ਇਨ੍ਹਾਂ ਸਿਰਲੇਖਾਂ ਵਿਚ ਇਤਿਹਾਸਕ ਪਿਛੋਕੜ, ਭਾਰਤ ਦੀ ਆਜ਼ਾਦੀ ਤੋਂ ਪਹਿਲਾਂ, ਪੂਰਬੀ ਪਾਕਿਸਤਾਨ ਦੇ ਸਮੇਂ ਅਤੇ ਉਸ ਤੋਂ ਪਿੱਛੋਂ ਬੰਗਲਾਦੇਸ਼ ਆਜ਼ਾਦ ਹੋਣ ਤੋਂ ਉਪਰੰਤ, ਗੁਰਧਾਮਾਂ ਦੀ ਸਾਂਭ-ਸੰਭਾਲ ਲਈ ਯਤਨ ਕਿਵੇਂ ਆਰੰਭ ਹੋਏ, ਬੰਗਲਾਦੇਸ਼ ਦੇ ਪ੍ਰਮੁੱਖ ਗੁਰਧਾਮ ਅਤੇ ਨਿਸ਼ਾਨੀਆਂ, ਗੁਰਧਾਮਾਂ ਦਾ ਪ੍ਰਬੰਧ ਸ਼ਾਮਿਲ ਕਰਕੇ ਲੇਖਕ ਨੇ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਖੋਜ ਕਾਰਜ ਦੇ ਸਿਖ਼ਰ ਨੂੰ ਛੋਹਿਆ ਹੈ। ਅਸਲ ਵਿਚ ਬੰਗਲਾਦੇਸ਼ ਵਿਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਸੁਭਾਇਮਾਨ ਹਨ। ਭਾਰਤ-ਪਾਕਿ ਵੰਡ ਤੋਂ ਪਹਿਲਾਂ ਇਨ੍ਹਾਂ ਪਾਵਨ ਅਸਥਾਨਾਂ ਦਾ ਪ੍ਰਬੰਧ ਸਿੱਖਾਂ ਕੋਲ ਹੀ ਸੀ। ਪਰ ਦੇਸ਼ ਵੰਡ ਪਿੱਛੋਂ ਸਿੱਖ ਆਬਾਦੀ ਭਾਰਤ ਵੱਲ ਹਿਜ਼ਰਤ ਕਰ ਗਈ। ਕੁਦਰਤੀ ਇਹ ਹੋਣਾ ਹੀ ਸੀ ਕਿ ਇਹ ਪਾਵਨ ਅਸਥਾਨ ਸ਼ਰਾਰਤੀ ਅਨਸਰਾਂ ਦੇ ਨਿਸ਼ਾਨੇ 'ਤੇ ਆ ਗਏ। ਲੇਖਕ ਨੇ ਉਦੋਂ ਤੋਂ ਹੁਣ ਤੱਕ ਦੇ ਪ੍ਰਬੰਧਾਂ ਨੂੰ ਬਾਖੂਬੀ ਬਿਆਨ ਕੀਤਾ ਹੈ।
ਪੁਸਤਕ ਦੇ ਆਖ਼ਰੀ ਭਾਗ ਵਿਚ ਹੁਕਮਨਾਮੇ, ਗੁਰਮਤੇ ਅਤੇ ਸਨਮਾਨਾਂ ਸਬੰਧੀ ਖੋਜ ਕਰਦਿਆਂ ਅਤਿ ਜ਼ਰੂਰੀ ਜਾਣਕਾਰੀ ਦੇਣ ਦਾ ਸਫਲ ਯਤਨ ਹੀ ਨਹੀਂ ਕੀਤਾ ਸਗੋਂ ਸਖ਼ਤ ਘਾਲਣਾ ਘਾਲੀ ਹੈ। ਸਹਿਯੋਗੀ ਸੱਜਣਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ਅੰਤਿਕਾ ਵਿਚ ਕੁਝ ਕੁ ਰੰਗਦਾਰ ਚਿੱਤਰ ਅਤੇ ਅੰਤ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਲੇਖਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵਿਚ ਕਾਰਜਸ਼ੀਲ ਹੈ। ਸਮੁੱਚੇ ਰੂਪ ਵਿਚ ਇਹ ਪੁਸਤਕ ਭਵਿੱਖ ਵਿਚ ਪਾਠਕਾਂ ਲਈ ਦੁਰਲੱਭ ਖਜ਼ਾਨੇ ਵਜੋਂ ਪ੍ਰਸੰਸਾ ਪ੍ਰਾਪਤ ਕਰੇਗੀ।


-ਭਗਵਾਨ ਸਿੰਘ ਜੌਹਲ
ਮੋ: 98143-24040.
c c c


ਵਿਸ਼ਵ ਪੰਚਾਇਤ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ

(ਸੰਖੇਪ ਜੀਵਨੀਆਂ)
ਲੇਖਕ : ਐਸ. ਅਸ਼ੋਕ ਭੌਰਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 98152-43917.


ਸੰਯੁਕਤ ਰਾਸ਼ਟਰ (ਯੂ.ਐਨ.ਓ.) ਸਾਰੇ ਸੰਸਾਰ ਦੀ ਪੰਚਾਇਤ ਹੈ। ਇਸ ਦਾ ਮੁੱਖ ਦਫ਼ਤਰ ਅਮਰੀਕਾ ਵਿਚ ਹੈ। ਵਿਸ਼ਵ ਸ਼ਾਂਤੀ ਦੇ ਮਿਸ਼ਨ ਨੂੰ ਸਮਰਪਿਤ ਸੰਯੁਕਤ ਰਾਸ਼ਟਰ ਇਕ ਅੰਤਰਰਾਸ਼ਟਰੀ ਸੰਸਥਾ ਹੈ, ਜਿਸ ਦਾ ਮੁੱਖ ਮੰਤਵ ਕਾਨੂੰਨ, ਸੁਰੱਖਿਆ, ਮਨੁੱਖੀ ਅਧਿਕਾਰ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਹੈ। ਇਸ ਦੀ ਸਥਾਪਨਾ ਸੰਨ 1949 ਵਿਚ ਹੋਈ ਸੀ, ਜਿਸ ਨੇ ਸੰਸਾਰ ਅਮਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਦੀ ਕਮਾਨ ਬਹੁਤ ਹੀ ਕਾਬਲ, ਸੂਝਵਾਨ ਅਤੇ ਸੁਯੋਗ ਹੱਥਾਂ ਵਿਚ ਦਿੱਤੀ ਜਾਂਦੀ ਹੈ, ਜਿਨ੍ਹਾਂ ਦਾ ਅਹੁਦਾ ਸਕੱਤਰ ਜਨਰਲ ਦਾ ਹੁੰਦਾ ਹੈ। ਲੇਖਕ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਹੁਣ ਤੱਕ ਦੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲਾਂ ਦੀ ਜਾਣ-ਪਛਾਣ ਕਰਵਾਈ ਹੈ। ਇਨ੍ਹਾਂ ਸੰਖੇਪ ਜੀਵਨੀਆਂ ਵਿਚ ਸ਼ਾਮਿਲ ਹੈ ਸੋਵੀਅਤ ਸੰਘ ਨੂੰ ਸੰਯੁਕਤ ਰਾਸ਼ਟਰ ਵਿਚ ਸ਼ਾਮਿਲ ਕਰਨ ਵਾਲਾ ਟ੍ਰਿਗਵੀ ਹਲਦਵਨ, ਇਕ ਪੱਤਰਕਾਰ ਤੋਂ ਸਕੱਤਰ ਜਨਰਲ ਬਣਨ ਵਾਲਾ ਯੂ ਬੰਤ, ਪੁਲਾੜ ਦੀ ਖੋਜ ਅਤੇ ਸ਼ਾਂਤੀਪੂਰਨ ਵਰਤੋਂ ਦਾ ਪਹਿਰੇਦਾਰ ਕਰਟ ਵੈਲਡੇਮ, ਅਫ਼ਗਾਨਿਸਤਾਨ ਨੂੰ ਵਿਕਸਿਤ ਕਰਨ ਵਾਲਾ ਜ਼ੇਵੀਅਰ ਫਿਲਪ ਰਿਕਾਡੋ, ਸੰਸਾਰ ਅਮਨ ਲਈ ਯਤਨਸ਼ੀਲ ਬੁਤਰਸ ਘਾਲੀ, ਨੋਬਲ ਪੁਰਸਕਾਰ ਜੇਤੂ ਕੋਫੀ ਅੰਨਾਨ, ਨਾਰੀ ਸ਼ਕਤੀਕਰਨ ਦਾ ਸਮਰਥਕ ਵਾਨ ਕੀ ਮੂਨ ਅਤੇ ਪ੍ਰਮਾਣੂ ਜੰਗ ਤੋਂ ਸੰੰਸਾਰ ਨੂੰ ਬਚਾਉਣ ਲਈ ਯਤਨਸ਼ੀਲ ਐਨਟੋਨੀਓ ਗੁਤਰਸ। ਨੌਂ ਸਕੱਤਰ ਜਨਰਲਾਂ ਦੀਆਂ ਤਸਵੀਰਾਂ ਸਮੇਤ ਉਨ੍ਹਾਂ ਦੇ ਪ੍ਰੇਰਨਾਦਾਇਕ ਜੀਵਨ 'ਤੇ ਝਾਤ ਪੁਆਈ ਗਈ ਹੈ। ਇਸ ਪੁਸਤਕ ਦਾ ਸਵਾਗਤ ਹੈ।


-ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

15-05-2021

 ਪੰਜਾਬੀ ਸੱਭਿਆਚਾਰ ਦੇ ਨਕਸ਼, ਨੁਹਾਰ ਤੇ ਨਿਸ਼ਾਨੀਆਂ
ਲੇਖਕ : ਸੁਰਿੰਦਰ ਅਤੈ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 301
ਸੰਪਰਕ : 98781-09063.

ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਦੇ ਖੇਤਰ ਵਿਚ ਭਾਵੇਂ ਬਹੁਤ ਸਾਰੇ ਲੋਕਧਾਰਾ ਵਿਗਿਆਨੀ ਸਰਗਰਮੀ ਨਾਲ ਕਾਰਜ ਕਰ ਰਹੇ ਹਨ ਪਰ ਫਿਰ ਵੀ ਇਹ ਖੇਤਰ ਏਨਾ ਵਿਸ਼ਾਲ ਹੈ ਕਿ ਇਸ ਬਾਰੇ ਕੋਈ ਅੰਤਿਮ ਸਿਰਾ ਪੇਸ਼ ਕਰ ਸਕਣਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਵੀ ਹੈ। ਲੋਕ ਜੀਵਨ ਦੀਆਂ ਰੰਗਦਾਰ ਝਾਕੀਆਂ ਵਿਚੋਂ ਨਿੱਤ ਨਵੇਂ ਖੋਜ ਖੇਤਰ ਉਪਲਬਧ ਹੋ ਰਹੇ ਹਨ। ਲੋਕ ਜੀਵਨ ਵਿਚ ਸਾਧਾਰਨ ਸਮਝੀਆਂ ਜਾਣ ਵਾਲੀਆਂ ਵਸਤਾਂ, ਖੇਡਾਂ, ਲੋਕਧਾਰਾਈ ਤੇ ਪਰੰਪਰਾਗਤ ਵਸੀਲੇ ਅੱਜ ਦੁਰਲੱਭ ਹੋ ਰਹੇ ਹਨ ਜਿਨ੍ਹਾਂ ਬਾਰੇ ਸਾਡੇ ਵਿਦਵਾਨ ਖੋਜ-ਕਾਰਜ ਕਰ ਰਹੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਿਰਸੇ ਤੋਂ ਅਭਿੱਜ ਨਾ ਰਹਿ ਜਾਣ। ਇਨ੍ਹਾਂ ਵਿਚੋਂ ਇਕ ਨਾਂਅ ਸੁਰਿੰਦਰ ਅਤੈ ਸਿੰਘ ਦਾ ਵੀ ਹੈ ਜਿਸ ਦੀ ਨਵੀਂ ਪੁਸਤਕ 'ਪੰਜਾਬੀ ਸੱਭਿਆਚਾਰ ਦੇ ਨਕਸ਼, ਨੁਹਾਰ ਤੇ ਨਿਸ਼ਾਨੀਆਂ' ਲੋਕਧਾਰਾ ਦੇ ਖੇਤਰ ਨਾਲ ਸਬੰਧਿਤ ਜ਼ਿਕਰਯੋਗ ਪੁਸਤਕ ਹੈ। ਅਧਿਐਨ ਕਰਤਾ ਨੇ ਇਸ ਪੁਸਤਕ ਨੂੰ ਦਸ ਭਾਗਾਂ ਵਿਚ ਵਰਗੀਕ੍ਰਿਤ ਕਰਕੇ ਆਪਣੇ ਅਧਿਐਨ ਨੂੰ ਪੇਸ਼ ਕੀਤਾ ਹੈ। ਗਿਆਰ੍ਹਵੇਂ ਭਾਗ ਦੇ ਅੰਤਰਗਤ ਫੁਟਕਲ ਸਿਰਲੇਖ ਤਹਿਤ ਲੋਕ ਜੀਵਨ ਦੀਆਂ ਝਲਕਾਂ ਪੇਸ਼ ਕੀਤੀਆਂ ਗਈਆਂ ਹਨ। ਹਰੇਕ ਭਾਗ ਵਿਚ ਉਪ-ਭਾਗਾਂ ਦੇ ਸਿਰਲੇਖ ਤਹਿਤ ਲੋਕ ਜੀਵਨ ਦੇ ਹਰੇਕ ਵਰਤਾਰੇ ਨਾਲ ਜੁੜੇ ਸੰਦਾਂ, ਰਵਾਇਤਾਂ, ਭਾਈਚਾਰਕ ਸਾਂਝ ਨਾਲ ਜੁੜੇ ਸ਼ਬਦਾਂ, ਖੇਡਾਂ, ਰਸਮਾਂ-ਰੀਤਾਂ, ਹਾਰ-ਸ਼ਿੰਗਾਰ ਦੀਆਂ ਵਸਤੂਆਂ, ਵਪਾਰ ਨਾਲ ਜੁੜੇ ਪਰਿਭਾਸ਼ਕ ਸ਼ਬਦਾਂ ਬਾਰੇ ਖੋਜ ਭਰਪੂਰ ਜਾਣਕਾਰੀ ਪ੍ਰਸਤੁਤ ਕੀਤੀ ਗਈ ਹੈ। ਪਿੰਡਾਂ ਨਾਲ ਜੁੜੇ ਹੋਏ ਲੋਕਾਂ ਲਈ ਭਾਵੇਂ ਇਹ ਜਾਣਕਾਰੀ ਆਮ ਹੀ ਲਗਦੀ ਹੈ ਪਰ ਕਿਸੇ ਵਸਤੂ ਵਰਤਾਰੇ ਨੂੰ ਪਰਿਭਾਸ਼ਤ ਕਰਨਾ ਕਿਸੇ ਲਈ ਵੀ ਮੁਸ਼ਕਿਲ ਜਾਪਦਾ ਹੈ ਜਾਂ ਕਿਸੇ ਰਸਮ-ਰੀਤ ਬਾਰੇ ਦੱਸ ਸਕਣਾ ਏਨਾ ਸੌਖਾ ਨਹੀਂ ਭਾਵੇਂ ਅਸੀਂ ਜਾਣਦੇ ਜ਼ਰੂਰ ਹੁੰਦੇ ਹਾਂ। ਲੇਖਕ ਨੇ ਪੇਂਡੂ ਖੇਤਰ ਦੇ ਗਹਿਨ ਅਧਿਐਨ ਨਾਲ ਹਰੇਕ ਵਰਤਾਰੇ ਬਾਰੇ ਬੜੀ ਬਾਰੀਕ ਬੀਨੀ ਨਾਲ ਆਪਣੇ ਵਿਚਾਰ ਪੇਸ਼ ਕਰਦਿਆਂ ਉਸ ਦੀ ਤਾਸੀਰ ਬਾਰੇ ਅਤੇ ਸੱਭਿਆਚਾਰਕ ਅਹਿਮੀਅਤ ਬਾਰੇ ਮਤ ਪੇਸ਼ ਕੀਤਾ ਹੈ। ਸੁਰਿੰਦਰ ਅਤੈ ਸਿੰਘ ਦੀ ਇਹ ਪੁਸਤਕ ਲੋਕਧਾਰਾ ਦੇ ਖੇਤਰ ਦੇ ਖੋਜਾਰਥੀਆਂ ਤੇ ਸਾਧਾਰਨ ਪਾਠਕਾਂ ਲਈ ਵੀ ਜਾਣਕਾਰੀ ਭਰਪੂਰ ਹੈ।

ਡਾ. ਸਰਦੂਲ ਸਿੰਘ ਔਜਲਾ
ਮੋ: 98141-68611.

ਅੰਬੇਡਕਰ-ਗਾਂਧੀ ਸੰਵਾਦ
(ਜਾਤੀ, ਨਸਲ ਅਤੇ ਜਾਤ ਪਾਤ ਦਾ ਬੀਜਨਾਸ਼)
ਲੇਖਿਕਾ : ਅਰੁੰਧਤੀ ਰਾਇ
ਪ੍ਰਕਾਸ਼ਕ : ਬਾ: ਬੂਝਾ ਸਿੰਘ ਪ੍ਰਕਾਸ਼ਨ, ਸ.ਭ.ਸ. ਨਗਰ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ : 94634-74342.

ਇਸ ਪੁਸਤਕ ਵਿਚ ਭਾਰਤ ਦੀ ਪ੍ਰਸਿੱਧ ਇਨਕਲਾਬੀ ਲੇਖਿਕਾ ਅਰੁੰਧਤੀ ਰਾਇ ਨੇ ਭਾਰਤ ਵਿਚ ਜਾਤ ਪਾਤ ਦੀ ਰਾਜਨੀਤੀ ਨਾਲ ਸਬੰਧਿਤ ਸਰੋਕਾਰਾਂ ਨੂੰ ਡਾ. ਅੰਬੇਡਕਰ ਅਤੇ ਮਹਾਤਮਾ ਗਾਂਧੀ ਦੇ ਵਿਚਾਰਧਾਰਾਈ ਪੈਂਤੜਿਆਂ ਦੇ ਵਿਸ਼ਲੇਸ਼ਣ ਦੁਆਰਾ ਉਜਾਗਰ ਕੀਤਾ ਹੈ। ਲੇਖਿਕਾ ਇਸ ਸੱਚ 'ਤੇ ਜ਼ੋਰ ਦਿੰਦੀ ਹੈ ਕਿ ਆਜ਼ਾਦੀ ਉਪਰੰਤ ਗਣਤੰਤਰ ਦੀ ਸਥਾਪਨਾ ਦੇ ਬਾਵਜੂਦ ਹਿੰਦੁਸਤਾਨ ਦੇ ਮੱਥੇ ਉੱਪਰ ਲੱਗਿਆ ਜਾਤੀਵਾਦ ਦਾ ਕਲੰਕ ਅਜੇ ਤੱਕ ਮੌਜੂਦ ਹੈ। ਬੁੱਧ ਧਰਮ, ਭਗਤੀ ਲਹਿਰ, ਗੁਰਮਤਿ ਵਿਚਾਰਧਾਰਾ ਅਤੇ 19ਵੀਂ-20ਵੀਂ ਸਦੀ ਦੇ ਕੁਝ ਦਲਿਤ ਚਿੰਤਕਾਂ ਦੇ ਅਣਥੱਕ ਯਤਨਾਂ ਦੇ ਬਾਵਜੂਦ ਸੱਤਾ ਉੱਪਰ ਕਾਬਜ਼ ਵਰਗ ਜਾਤੀਵਾਦ ਨੂੰ ਬਚਾਈ ਬੈਠਾ ਹੈ। ਅਰੁੰਧਤੀ ਦਾ ਵਿਚਾਰ ਹੈ ਕਿ ਮਾਨਵੀ ਸੱਭਿਅਤਾ ਅਤੇ ਸੱਭਿਆਚਾਰ ਦੇ ਇਤਿਹਾਸ ਵਿਚ ਜਾਤੀਵਾਦ ਇਕ ਅਜਿਹੀ ਦਮਨਕਾਰੀ ਵਿਵਸਥਾ ਹੈ, ਜੋ ਭਾਰਤ ਦੀ ਲਗਪਗ ਅੱਧੀ ਆਬਾਦੀ ਨੂੰ ਜੀਣ-ਥੀਣ ਦੇ ਸਮਾਨ ਅਵਸਰ ਨਹੀਂ ਪ੍ਰਾਪਤ ਹੋਣ ਦਿੰਦੀ। ਮਹਾਤਮਾ ਗਾਂਧੀ ਜੀ ਭਾਵੇਂ ਸਾਰੀ ਉਮਰ ਅਛੂਤ-ਉਧਾਰ ਦਾ ਉਪਦੇਸ਼ ਦਿੰਦੇ ਰਹੇ, ਉਨ੍ਹਾਂ ਨੇ ਦਲਿਤਾਂ ਅਤੇ ਅਛੂਤਾਂ ਨੂੰ 'ਹਰੀਜਨ' ਦੀ ਸੰਗਿਆ ਵੀ ਦਿੱਤੀ ਪਰ ਮੂਲ ਰੂਪ ਵਿਚ ਉਹ ਇਸ ਨੂੰ ਮਿਟਾਉਣਾ ਨਹੀਂ ਸਨ ਚਾਹੁੰਦੇ। ਹਾਂ, ਕੁਝ ਸੁਧਾਰ ਜ਼ਰੂਰ ਚਾਹੁੰਦੇ ਸਨ ਤਾਂ ਜੋ 'ਹਰੀਜਨ' ਕਹੇ ਜਾਣ ਵਾਲੇ ਲੋਕ ਕਿਤੇ ਹਿੰਦੂ ਧਰਮ ਤੋਂ ਬਾਹਰ ਨਿਕਲਣ ਦਾ ਫ਼ੈਸਲਾ ਹੀ ਨਾ ਕਰ ਲੈਣ। ਮਹਾਤਮਾ ਗਾਂਧੀ ਜਨਮਜਾਤ ਇਕ ਵੈਸ਼ ਵਿਅਕਤੀ ਸੀ, ਅਜੋਕੇ ਭਾਰਤ ਵਿਚ ਇਹ ਵਰਗ ਸਭ ਤੋਂ ਵੱਧ ਸਾਧਨ-ਸੰਪੰਨ ਅਤੇ ਧਨਵਾਨ ਹੈ ਜਦੋਂ ਕਿ ਡਾ. ਅੰਬੇਡਕਰ 'ਮਹਾਰ' ਜਾਤੀ ਨਾਲ ਸਬੰਧਿਤ ਅਤਿ ਸ਼ੂਦ ਵਿਅਕਤੀ ਸੀ। ਅਕਾਦਮਿਕ ਤੌਰ 'ਤੇ ਉਹ ਮਹਾਤਮਾ ਗਾਂਧੀ ਨਾਲੋਂ ਬਹੁਤ ਵੱਧ ਪੜ੍ਹਿਆ-ਲਿਖਿਆ ਸੀ। ਉਸ ਨੇ ਦੋ-ਦੋ ਡਾਕਟਰੇਟ ਡਿਗਰੀਆਂ ਹਾਸਲ ਕਰ ਰੱਖੀਆਂ ਸਨ। ਭਾਵੇਂ ਉਸ ਦੀਆਂ ਪੁਸਤਕਾਂ ਲਾਇਬ੍ਰੇਰੀਆਂ ਜਾਂ ਬੁੱਕ ਸਟੋਰਾਂ ਵਿਚ ਆਸਾਨੀ ਨਾਲ ਉਪਲਬਧ ਨਹੀਂ ਹਨ ਪਰ ਉਸ ਦੀਆਂ ਅਨੇਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹ ਦਲਿਤ/ਸ਼ੂਦਰ ਹੋਣ ਦੇ ਦੰਸ਼ ਦੀ ਪੀੜਾ ਨੂੰ ਖੂਬ ਸਮਝਦਾ ਸੀ। ਭਾਰਤੀ ਸੰਵਿਧਾਨ ਦੇ ਕਰਤਾ ਹੋਣ ਦੀ ਸੂਰਤ ਵਿਚ ਉਸ ਨੇ ਦਲਿਤਾਂ ਤੇ ਸ਼ੂਦਰਾਂ ਦੇ ਕਲਿਆਣ ਵਾਸਤੇ ਇਤਿਹਾਸਕ ਯੋਗਦਾਨ ਪਾਇਆ। ਅਰੁੰਧਤੀ ਨੇ ਠੀਕ ਕਿਹਾ ਹੈ ਕਿ ਸੱਤਾ ਉੱਤੇ ਕਾਬਜ਼ ਧਿਰਾਂ ਅੰਬੇਡਕਰ ਦੇ ਅਕਸ ਨੂੰ ਧੁੰਦਲਾ ਅਤੇ ਅਸਪੱਸ਼ਟ ਬਣਾਉਣ ਲਈ ਨਿਰੰਤਰ ਯਤਨਸ਼ੀਲ ਰਹੀਆਂ ਹਨ। ਨਵੀਂ ਪੀੜ੍ਹੀ ਦੇ ਰੈਡੀਕਲ ਚਿੰਤਕਾਂ ਨੂੰ ਅੰਬੇਡਕਰ-ਸਾਹਿਤ ਪੜ੍ਹਨ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਭਾਰਤ ਦੀ ਤਿੰਨ-ਚੌਥਾਈ ਆਬਾਦੀ (ਸ਼ੂਦਰਾਂ ਅਤੇ ਨਾਰੀਆਂ) ਨੂੰ ਸਮਾਨ ਅਧਿਕਾਰਾਂ ਨਾਲ ਸੁਸੱਜਿਤ ਕਰਕੇ ਮੁੱਖ ਧਾਰਾ ਵਿਚ ਸ਼ਾਮਿਲ ਕਰ ਸਕਾਂਗੇ। ਅਰੁੰਧਤੀ ਰਾਇ ਦੇ ਵਿਚਾਰਾਂ ਨੂੰ ਪੜ੍ਹਨਾ ਨੀਂਦ ਵਿਚੋਂ ਜਾਗ ਕੇ ਸਾਵਧਾਨ ਹੋਣ ਦੇ ਤੁਲ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਸੀਤੇ ਬੁੱਲ੍ਹਾਂ ਦਾ ਸੁਨੇਹਾ
ਲੇਖਕ : ਬਲਦੇਵ ਸਿੰਘ ਗਰੇਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 224
ਸੰਪਰਕ : 95011-45039.

ਇਸ ਪੁਸਤਕ ਵਿਚ ਕੁੱਲ 29 ਕਹਾਣੀਆਂ ਸੰਕਲਿਤ ਹਨ। ਇਨ੍ਹਾਂ ਕਹਾਣੀਆਂ ਦਾ ਵਿਸ਼ੇਗਤ ਘੇਰਾ ਲਗਪਗ 80 ਸਾਲ ਅਤੇ ਰਚਨਾਤਮਕ ਘੇਰਾ 60 ਸਾਲ ਅੰਤਰੀਵੀ ਪ੍ਰਮਾਣਾਂ ਅਨੁਸਾਰ, ਅਨੁਮਾਨਿਤ ਕੀਤਾ ਜਾ ਸਕਦਾ ਹੈ। ਲੇਖਕ ਨੇ ਨਿਊਯਾਰਕ ਦੇ ਪ੍ਰਵਾਸੀ ਜੀਵਨ ਤੋਂ ਆਰੰਭ ਕਰਕੇ ਪੰਜਾਬੀ ਮੂਲਵਾਸੀ ਜੀਵਨ ਤੱਕ ਨੂੰ ਰੂਪਮਾਨ ਕੀਤਾ ਹੈ। ਵਿਸ਼ਿਆਂ ਵਿਚ ਪਾਤਰਾਂ ਦਾ ਅਸਤਿੱਤਵ ਬੁਲੰਦ ਵੀ ਹੁੰਦਾ ਹੈ, ਨਿਘਾਰ ਵੱਲ ਵੀ ਜਾਂਦਾ ਹੈ। ਕਥਾਵਾਂ ਹਨ ਨਾਇਕ/ਨਾਇਕਾਵਾਂ ਦੀ ਚੁੱਪ ਦੀਆਂ, ਬੁਲੰਦ ਆਵਾਜ਼ ਦੀਆਂ, ਅਮਰੀਕਾ ਤੇ ਪੰਜਾਬ ਦੇ ਸੱਭਿਆਚਾਰਕ ਪਾੜੇ ਦੀਆਂ, ਕਈ ਕਹਾਣੀਆਂ ਵਿਚ ਪਿਤਾ-ਪ੍ਰਧਾਨ ਤੰਤਰ ਸਮੱਸਿਆਵਾਂ ਪੈਦਾ ਕਰਦਾ ਹੈ, ਜਾਤ-ਪਾਤ ਵੀ ਦੁਖਾਂਤ ਸਿਰਜਦੀ ਹੈ, ਕਥਾਵਾਂ ਹਨ ਸਾਂਝੇ ਪਰਿਵਾਰ ਦੀਆਂ, ਟੁੱਟਦੇ ਪਰਿਵਾਰ ਦੀਆਂ, ਮਾਨਸਿਕ ਦੁੱਖਾਂ-ਸੁੱਖਾਂ ਦੀਆਂ, ਬਚਪਨ, ਜਵਾਨੀ, ਪੜ੍ਹਾਈ ਦੇ ਦਿਨ, ਨੌਕਰੀ ਦੀਆਂ, ਵਤਨ, ਪਿਆਰ/ਹੇਰਵੇ ਦੀਆਂ, ਇਕੱਲਤਾ-ਬੇਗਾਨਗੀ ਦੀਆਂ, ਅਦਲੇ ਤੇ ਬਦਲੇ ਦੀਆਂ, ਵਿਗੜੇ ਪੁੱਤਾਂ, ਮੇਮਾਂ ਦੀਆਂ, ਕੁਆਰ ਭੰਗ ਦੀਆਂ, ਆਦਿ। ਸ਼ਾਇਦ ਹੀ ਕੋਈ ਵਿਸ਼ਾ ਹੋਵੇ ਜੋ ਤਤਕਾਲੀ/ਸਮਕਾਲੀ ਸਮਾਜ ਬਾਰੇ ਛੂਹਿਆ ਨਾ ਗਿਆ ਹੋਵੇ। ਉਦੋਂ ਦਾ ਸਮਾਂ ਤਾਂ ਪ੍ਰੇਮ-ਪੱਤਰਾਂ, ਚਿੱਠੀਆਂ, ਦੀਵਿਆਂ, ਸਾਈਕਲਾਂ, ਘੋੜਿਆਂ ਦਾ ਸਮਾਂ ਸੀ। ਪਿੰਡਾਂ ਵਿਚ ਬਿਜਲੀ ਨਹੀਂ ਸੀ ਆਈ।
ਕਲਾਤਮਿਕ ਪੱਖੋਂ ਕਹਾਣੀਆਂ ਦਾ ਗਾਲਪਨਿਕ ਕੋਡ 'ਉਦੋਂ ਤੇ ਹੁਣ, ਇੱਥੇ ਤੋਂ ਉੱਥੇ' ਨਿਸਚਿਤ ਕੀਤਾ ਜਾ ਸਕਦਾ ਹੈ। ਸੁਧਾਰ ਤੇ ਵਿਗਾੜ ਦੀਆਂ ਘਟਨਾਵਾਂ ਵਾਰੋ-ਵਾਰੀ ਦਾਈਆਂ-ਦੁਕੜੇ ਖੇਡਦੀਆਂ ਹਨ। ਸੰਵੇਦਨਸ਼ੀਲਤਾ ਕਹਾਣੀਆਂ ਦਾ ਮੁੱਖ ਗੁਣ ਹੈ। ਕਈ ਕਹਾਣੀਆਂ ਵਿਚ ਕਥਾਕਾਰ ਨਾਇਕ ਦੀ ਹਰਕਤ 'ਤੇ ਅਚੰਭਿਤ ਹੁੰਦਾ ਹੈ। ਇਸ ਅਚੰਭਤਾ ਦਾ ਸਮਾਧਾਨ ਕਹਾਣੀ ਦੇ ਅੰਤ 'ਤੇ ਹੋ ਜਾਂਦਾ ਹੈ। ਕਹਾਣੀਆਂ 'ਕੌਜ਼ ਤੇ ਇਫੈਕਟ' (ਕਾਰਨ ਤੇ ਪ੍ਰਭਾਵ) ਦੁਆਰਾ ਸੰਚਾਲਿਤ ਹੁੰਦੀਆਂ ਹਨ। ਪ੍ਰਭਾਵ ਪਹਿਲਾਂ ਵੀ ਆ ਸਕਦਾ ਹੈ, ਕਾਰਨ ਬਾਅਦ ਵਿਚ ਵੀ। ਸਸਪੈਂਸ ਅੰਤ ਤੱਕ ਬਣੀ ਰਹਿੰਦੀ ਹੈ। ਫੋਕਸੀਕਰਨ ਘੜੀ-ਮੁੜੀ ਯੂ-ਟਰਨ ਲੈ ਸਕਦਾ ਹੈ। ਬਿਰਤਾਂਤਕ ਬਾਰੰਬਾਰਤਾ (ਫਰੀਕੁਐਂਸੀ) ਲਗਭਗ ਸਾਰੀਆਂ ਕਹਾਣੀਆਂ ਵਿਚ ਵਿਦਮਾਨ ਹੈ। ਕਹਾਣੀਆਂ ਵਿਚ ਲੇਖਕ ਦੀ ਸਵੈ-ਜੀਵਨੀ ਦੇ ਅੰਸ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਿਰਲੇਖ 'ਚ ਸੀਤੇ ਬੁੱਲ੍ਹ ਚੁੱਪ ਰਹਿਣ ਦਾ ਮੈਟਾਫ਼ਰ ਹੈ। ਲੇਖਕ ਨੂੰ ਕਥਾ ਕਹਿਣ ਦਾ ਗਲਪੀ ਹੁਨਰ ਹਾਸਲ ਹੈ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

ਸਾਹਿਤਿਕ ਦ੍ਰਿਸ਼ਟੀ
ਲੇਖਕ : ਡਾ. ਹਰਪ੍ਰੀਤ ਸਿੰਘ ਹੁੰਦਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ।
ਮੁੱਲ : 225 ਰੁਪਏ, ਸਫ਼ੇ : 103
ਸੰਪਰਕ : 94636-84511.

ਹਥਲੀ ਪੁਸਤਕ ਵਿਚ ਨਵ ਸਥਾਪਤ ਹੋਏ ਆਲੋਚਕ ਹਰਪ੍ਰੀਤ ਸਿੰਘ ਹੁੰਦਲ ਨੇ 16 ਅਧਿਆਇ ਬਣਾਏ ਹਨ। ਇਸ ਆਲੋਚਕ ਨੂੰ ਸਾਹਿਤਕ ਅਨੁਭਵ ਅਤੇ ਪ੍ਰਗਟਾਓ ਸ਼ੈਲੀ ਵਿਰਸੇ ਵਿਚੋਂ ਪ੍ਰਾਪਤ ਹੋਈ ਹੈ। ਇਨ੍ਹਾਂ ਖੋਜ-ਪਰਕ ਨਿਬੰਧਾਂ ਵਿਚੋਂ ਸਭ ਤੋਂ ਪਹਿਲਾਂ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚਲੇ ਸਾਹਿਤਕ ਅਤੇ ਸਮਾਜਿਕ ਮਹੱਤਵ ਨੂੰ ਪਛਾਣਦਿਆਂ ਸਪੱਸ਼ਟ ਕੀਤਾ ਹੈ ਕਿ ਨਾਨਕ ਬਾਣੀ ਉਸ ਵੇਲੇ ਦੇ ਸਮੇਂ ਦੇ ਸੱਚ ਨੂੰ ਬੇਬਾਕ ਹੋ ਕੇ ਪ੍ਰਗਟ ਕਰਦੀ ਰਹੀ ਹੈ। ਇਸ ਤੋਂ ਅਗੇ ਅੰਗਰੇਜ਼ੀ ਸਾਹਿਤ ਦਾ ਪੰਜਾਬੀ ਸਾਹਿਤ ਉਤੇ ਜੋ ਪ੍ਰਭਾਵ ਪਿਆ ਦਾ ਸੰਖੇਪ ਬਿਓਰਾ ਦਿੱਤਾ ਹੈ ਅਤੇ 1947 ਦੀ ਦੇਸ਼ ਵੰਡ 'ਚ ਹੋਏ ਫ਼ਿਰਕੂ ਫ਼ਸਾਦਾਂ ਦਾ ਵਰਣਨ ਕੀਤਾ ਹੈ।
ਕੁਝ ਇਕ ਉਘੜਵੀਆਂ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਮਾਸਟਰ ਤਾਰਾ ਸਿੰਘ ਦੀ ਸਿੱਖ ਕੌਮ ਨੂੰ ਦੇਣ, ਪ੍ਰਾਪਤੀਆਂ ਅਤੇ ਅਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ ਹੈ ਅਤੇ ਕਾਮਰੇਡ ਸੁਹੇਲ ਸਿੰਘ ਤੋਂ ਮਿਲੀ ਪ੍ਰੇਰਕ ਸ਼ਕਤੀ ਨੂੰ ਵੀ ਪ੍ਰਗਟ ਕੀਤਾ ਹੈ। ਇਸ ਤੋਂ ਅਗੇ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਸਰਦਾਰਾ ਸਿੰਘ ਜੌਹਲ ਰਚਿਤ ਸਵੈ-ਜੀਵਨੀ 'ਰੰਗਾਂ ਦੀ ਗਾਗਰ', ਹਰਭਜਨ ਸਿੰਘ ਹੁੰਦਲ ਰਚਿਤ ਸਫਰਨਾਮੇ ਅਤੇ ਭਾਈ ਵੀਰ ਸਿੰਘ ਰਚਿਤ ਕਾਵਿ 'ਮੇਰੇ ਸਾਈਆਂ ਜੀਓ' ਦਾ ਨੇੜਿਓਂ ਮੁਲਾਂਕਣ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਡਾ. ਰਵਿੰਦਰ ਅਤੇ ਲੋਕ ਕਵੀ ਮੇਲਾ ਰਾਮ ਤਾਇਰ ਦੀ ਸਿਰਜਣ ਪ੍ਰਕਿਰਿਆ, ਉਨ੍ਹਾਂ ਦੇ ਕਾਵਿ ਵਿਚੋਂ ਉਭਰੀ ਵਿਚਾਰਧਾਰਾ ਅਤੇ ਹੋਰ ਕਲਾਤਮਕ ਜੁਗਤਾਂ ਨੂੰ ਖੂਬ ਪਛਾਣਿਆ ਹੈ। ਡਾ. ਹੁੰਦਲ ਨੂੰ ਵਿਦੇਸ਼ਾਂ ਵਿਚ ਰਚੇ ਜਾ ਰਹੇ ਸਾਹਿਤ ਦਾ ਵੀ ਅਧਿਐਨ ਹੈ ਜਿਸ ਦਾ ਪ੍ਰਗਟਾਵਾ ਉਸ ਨੇ ਪ੍ਰਮੁੱਖ ਪ੍ਰਵਾਸੀ ਕਵੀਆਂ ਜਿਨ੍ਹਾਂ ਵਿਚ ਨਿਰੰਜਣ ਸਿੰਘ ਨੂਰ, ਜਗਤਾਰ ਢਾਅ, ਬਲਦੇਵ ਬਾਵਾ, ਮੁਸ਼ਤਾਕ ਸਿੰਘ ਅਤੇ ਗੁਰਨਾਮ ਢਿੱਲੋਂ ਤੋਂ ਇਲਾਵਾ ਉੱਘੇ ਪੰਜਾਬੀ ਪ੍ਰਵਾਸੀ ਗ਼ਜ਼ਲਗੋਅ ਸੁਰਿੰਦਰ ਸੀਹਰਾ ਅਤੇ ਜਸਵਿੰਦਰ ਮਾਨ ਆਦਿ ਦਾ ਜ਼ਿਕਰ ਵੀ ਇਨ੍ਹਾਂ ਦੇ ਰਚਨਾਤਮਕ ਵਿਵੇਕ ਨੂੰ ਪਛਾਣਦਿਆਂ ਹੋਇਆਂ ਬਾ-ਖੂਬੀ ਪ੍ਰਗਟਾਇਆ ਹੈ। ਇਸੇ ਤਰ੍ਹਾਂ ਪ੍ਰਵਾਸੀ ਕਵਿਤਰੀ ਸੁਰਿੰਦਰ ਕੌਰ ਚਾਹਲ ਦੀ ਕਾਵਿ ਸ਼ੈਲੀ ਅਤੇ ਉਸ ਦੀ ਭਾਸ਼ਾਈ ਸਰਲਤਾ ਨੂੰ ਪਛਾਣ ਕੇ ਸਾਬਤ ਕੀਤਾ ਹੈ ਕਿ ਕਵਿਤਾ ਨੂੰ ਬੌਧਿਕ ਹੀ ਨਹੀਂ ਬਣਾਉਣਾ ਚਾਹੀਦਾ ਸਗੋਂ ਸਾਹਿਤ ਅਤੇ ਸਮਾਜਿਕ ਸੱਭਿਆਚਾਰਕ ਜੀਵਨ ਸ਼ੈਲੀ ਵਿਚ ਇਕਸੁਰਤਾ ਬਰਕਰਾਰ ਰਹਿਣੀ ਚਾਹੀਦੀ ਹੈ। ਨਿਰਸੰਦੇਹ, ਇਹ ਪੁਸਤਕ ਪੰਜਾਬੀ ਪਾਠਕਾਂ ਨੂੰ ਇਕ ਨਵੀਂ ਸਾਹਿਤਕ ਦ੍ਰਿਸ਼ਟੀ ਪ੍ਰਦਾਨ ਕਰਨ ਦੇ ਯੋਗ ਪ੍ਰਤੀਤ ਹੋਈ ਜਾਪਦੀ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਉੱਨ੍ਹੀਵੀਂ ਸਦੀ ਦੇ ਸਿੱਖ ਆਗੂ ਅਤੇ ਸੰਸਥਾਵਾਂ
ਲੇਖਕ : ਡਾ. ਜੋਗਿੰਦਰ ਸਿੰਘ
ਪ੍ਰਕਾਸ਼ਨ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 495 ਰੁਪਏ, ਸਫ਼ੇ : 296
ਸੰਪਰਕ : 98158-46460
.

ਹਥਲੀ ਪੁਸਤਕ ਉੱਨ੍ਹੀਵੀਂ ਸਦੀ ਦੇ ਸਿੱਖ ਆਗੂ ਅਤੇ ਸੰਸਥਾਵਾਂ ਵਿਚਲੇ ਬਦਲਦੇ ਸਰੋਕਾਰਾਂ ਵਿਹਾਰਾਂ ਅਤੇ ਨੀਤੀਆਂ ਦਾ ਅਧਿਐਨ ਹੈ।
ਲੇਖਕ ਨੇ ਇਸ ਪੁਸਤਕ ਨੂੰ ਅੱਠ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਬਰਤਾਨਵੀ ਅਤੇ ਯੂਰਪੀ ਲਿਖਤਾਂ ਵਿਚ ਸਿੱਖਾਂ ਦਾ ਪਿਛੋਕੜ : ਰਾਜਨੀਤੀ, ਧਰਮ, ਅਤੇ ਸੱਭਿਆਚਾਰ ਦਾ ਅਕਸ। ਦੂਜੇ ਭਾਗ ਵਿਚ ਸਰਕਾਰ ਖ਼ਾਲਸਾ ਦੇ ਵਾਰਸਾਂ, ਦਰਬਾਰੀਆਂ, ਅਹਿਲਕਾਰਾਂ ਅਤੇ ਸਰਦਾਰਾਂ ਦੇ ਸਰੋਕਾਰ ਵਿਚ ਪਰਿਵਰਤਨ। ਤੀਜੇ ਭਾਗ ਵਿਚ ਪ੍ਰਬੁੱਧ ਰਿਆਸਤੀ ਸਿੱਖ ਰਾਜੇ-ਮਹਾਰਾਜੇ, ਸੰਪਰਦਾਇਕ ਤੇ ਨਵੀਨ ਵਿਦਵਾਨ, ਚੌਥੇ ਭਾਗ ਵਿਚ ਜਨਪ੍ਰਵਾਨ ਸੰਪਰਦਾਇਕ ਆਗੂ, ਉਦਾਸੀ ਨਿਰਮਲੇ; ਸੇਵਾਪੰਥੀ ਅਤੇ ਗਿਆਨੀ। ਪੰਜਵੇਂ ਭਾਗ ਵਿਚ ਜਨ ਸਾਧਾਰਨ ਨਿਰੰਕਾਰੀ ਨਾਮਧਾਰੀ ਅਤੇ ਚਮਤਕਾਰੀ ਸੰਤ ਬਾਬੇ। ਛੇਵੇਂ ਭਾਗ ਵਿਚ ਸਿੱਖ ਆਗੂਆਂ ਦੇ ਭਾਈਚਾਰਕ ਮਸਲੇ ਅਤੇ ਦ੍ਰਿਸ਼ਟੀਕੋਣ ਹਨ। ਇਸੇ ਤਰ੍ਹਾਂ ਸੱਤਵੇਂ ਭਾਗ ਵਿਚ ਸਿੱਖ ਸੰਸਥਾਵਾਂ ਦੇ ਨਾਇਕ: ਉਨ੍ਹਾਂ ਦੀ ਰਾਜਨੀਤੀ, ਵਿੱਦਿਅਕ, ਧਾਰਮਿਕ, ਸੱਭਿਆਚਾਰਕ ਅਤੇ ਭਾਸ਼ਾਈ ਸੰਕਲਪਾਂ ਦਾ ਪ੍ਰਸਾਰ ਹੈ। ਅਖੀਰ ਵਿਚ ਸਾਰੰਸ਼ ਸ਼ਾਮਿਲ ਕੀਤਾ ਗਿਆ ਹੈ। ਉੱਨ੍ਹੀਵੀਂ ਸਦੀ ਦੇ ਬਰਤਾਨਵੀ ਪੰਜਾਬ ਵਿਚ ਅਨੇਕਾਂ ਬਹੁਪੱਖੀ ਸਿੱਖ ਆਗੂ ਅਤੇ ਸੰਸਥਾਵਾਂ ਕਿਰਿਆਸ਼ੀਲ ਸਨ। ਇਤਿਹਾਸਕ ਪਿਛੋਕੜ ਦੇ ਪਰਿਪੇਖ ਵਿਚ ਲੇਖਕ ਨੇ ਇਨ੍ਹਾਂ ਆਗੂਆਂ ਦੀ ਸ਼੍ਰੇਣੀ ਵੰਡ ਕੀਤੀ ਹੈ। ਜਿਵੇਂ ਪਹਿਲੀ ਸ਼੍ਰੇਣੀ ਸਿੱਖ ਰਿਆਸਤੀ ਰਾਜੇ ਮਹਾਰਾਜਿਆਂ, ਸਰਕਾਰ ਦੇ ਦਰਬਾਰੀਆਂ, ਅਹਿਲਕਾਰਾਂ ਅਤੇ ਜਗੀਰਦਾਰਾਂ ਦੀ ਸੀ। ਇਨ੍ਹਾਂ ਵਿਚੋਂ ਨਵੀਨ ਸਿੱਖ ਸੰਸਥਾਵਾਂ ਦੇ ਆਗੂ ਨਿਕਲ ਆਏ। ਦੂਜੀ ਸ਼੍ਰੇਣੀ ਉਨ੍ਹਾਂ ਰਈਸ ਧਾਰਮਿਕ ਆਗੂਆਂ ਦੀ ਸੀ ਜੋ ਭਾਈ ਅਤੇ ਗਿਆਨੀ, ਸੋਢੀ, ਬੇਦੀ ਤੇ ਬਾਗੜੀ ਪਰਿਵਾਰਾਂ ਦੇ ਮੁਖੀ ਸਨ। ਤੀਜੇ ਉਹ ਸੰਪਰਦਾਇ ਸੰਗਠਨਾਂ (ਉਦਾਸੀ ਨਿਰਮਲੇ ਅਤੇ ਸੇਵਾ ਪੰਥੀ) ਦੇ ਮੁਖੀ ਸਨ। ਚੌਥੇ ਜਨ ਸਾਧਾਰਨ ਨਿਰੰਕਾਰੀ ਅਤੇ ਨਾਮਧਾਰੀ ਸੰਤ ਬਾਬੇ ਸਨ। ਪੰਜਵੀਂ ਲਾਈਨ ਵਿਚ, ਪੇਸ਼ਾਵਰ ਸਿੱਖ ਅਧਿਆਪਕਾਂ, ਪੱਤਰਕਾਰਾਂ, ਸਾਹਿਤਕਾਰਾਂ ਵਕੀਲਾਂ ਅਤੇ ਛੋਟੇ ਵੱਡੇ ਸਰਕਾਰੀ ਅਤੇ ਨੀਮ ਸਰਕਾਰੀ ਕਰਮਚਾਰੀਆਂ ਦੀ ਸੀ। ਭਾਵੇਂ ਇਹ ਘੱਟ-ਗਿਣਤੀ ਵਿਚ ਸਨ, ਪਰ ਵਿਗਿਆਨਕ ਸੋਚ ਅਤੇ ਦ੍ਰਿਸ਼ਟੀ ਦੇ ਧਾਰਨੀ ਸਨ।
ਬਰਤਾਨਵੀ ਲੇਖਕਾਂ ਅਤੇ ਅਫ਼ਸਰਾਂ ਨੇ ਅਠਾਰ੍ਹਵੀਂ ਸਦੀ ਦੇ ਆਖਰੀ ਤੇ ਵੀਹਵੀਂ ਸਦੀ ਦੇ ਪਹਿਲੇ ਦਹਾਕਿਆਂ ਤੱਕ ਸਿੱਖਾਂ ਦੇ ਧਰਮ, ਨਸਲੀ ਪਿਛੋਕੜ, ਸੱਭਿਆਚਾਰ ਅਤੇ ਰਾਜਨੀਤੀ ਦੀ ਜਾਣਕਾਰੀ ਲਈ ਕੁਝ ਇਕ ਸਮਕਾਲੀ ਫ਼ਾਰਸੀ ਅਤੇ ਗੁਰਮੁਖੀ ਸ੍ਰੋਤਾਂ ਦਾ ਅਨੁਵਾਦ ਅਤੇ ਵਿਆਖਿਆ ਕਰਵਾਈ, ਇਸ ਲਈ ਉਨ੍ਹਾਂ ਭਾਈਆਂ, ਗਿਆਨੀਆਂ ਅਤੇ ਗ੍ਰੰਥੀਆਂ ਦਾ ਸਹਿਯੋਗ ਲਿਆ।
ਦੂਜੇ ਪਾਸੇ ਓਰੀਐਂਟਲ ਵਿਦਵਾਨਾਂ ਨੇ ਪੰਜਾਬ ਦੇ ਸਾਹਿਤਕ ਭਾਸ਼ਾਈ ਸੱਭਿਆਚਾਰਕ, ਵਿਰਸੇ ਨੂੰ ਉਜਾਗਰ ਕੀਤਾ। 1880 ਈ. ਵਿਚ ਸੁੰਦਰ ਸਿੰਘ ਮਜੀਠੀਆ ਅਤੇ ਅਟਾਰੀ ਵਾਲੇ ਸ਼ਾਮ ਸਿੰਘ ਦੇ ਪੋਤਰੇ ਸ: ਹਰਬੰਸ ਸਿੰਘ ਸਰਗਰਮ ਹੋਏ। ਇਹ ਦੋਵੇਂ ਚੀਫ਼ ਖਾਲਸਾ ਦੀਵਾਨ ਕਰਕੇ ਪ੍ਰਸਿੱਧ ਹੋਏ। ਸੰਧਾਵਾਲੀਆ ਖਾਨਦਾਨ ਦਾ ਠਾਕਰ ਸਿੰਘ, ਸਿੰਘ ਸਭਾ ਲਹਿਰ ਦਾ ਮੋਢੀ ਸੀ ਅਤੇ ਮਹਾਰਾਜਾ ਦਲੀਪ ਸਿੰਘ ਦਾ ਸਮਰਥਕ ਬਣ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਕਈ ਦਰਬਾਰੀ, ਦਰਬਾਰ ਸਾਹਿਬ ਅੰਮ੍ਰਿਤਸਰ ਦੀ ਕਮੇਟੀ ਦੇ ਮੈਂਬਰ ਸਨ। ਜਿਵੇਂ ਜੋਧ ਸਿੰਘ, ਮੰਗਲ ਸਿੰਘ ਰਾਮਗੜ੍ਹੀਆ ਅਤੇ ਅਰੂੜ ਸਿੰਘ ਆਦਿ। ਰਈਸ ਪਿਛੋਕੜ ਦੇ ਬਹੁਤ ਥੋੜ੍ਹੇ ਆਗੂ ਸਨ ਜਿਨ੍ਹਾਂ ਨੇ ਬੌਧਿਕ ਅਗਵਾਈ ਕੀਤੀ, ਪਰ ਜਿਨ੍ਹਾਂ ਨੇ ਕੀਤੀ ਉਨ੍ਹਾਂ ਦੀਆਂ ਗਤੀਵਿਧੀਆਂ ਸਿੱਖ ਵਿਦਵਾਨਾਂ ਲਈ ਪ੍ਰੇਰਨਾ ਸਰੋਤ ਸਨ। ਇਨ੍ਹਾਂ ਨੇ ਅਨੇਕਾਂ ਨਵੀਨ ਸੰਸਥਾਵਾਂ ਦਾ ਨਿਰਮਾਣ ਕੀਤਾ ਅਤੇ ਨੌਜਵਾਨਾਂ ਨੂੰ ਪ੍ਰੇਰਿਆ। ਇਸ ਸੰਦਰਭ ਵਿਚ ਸ: ਦਿਆਲ ਸਿੰਘ ਮਜੀਠੀਆ ਅਤੇ ਸ: ਅਤਰ ਸਿੰਘ ਭਦੌੜ ਸਨ। ਸ: ਦਿਆਲ ਸਿੰਘ ਦੀਆਂ ਵਿੱਦਿਅਕ, ਪੱਤਰਕਾਰੀ ਸੰਸਥਾਵਾਂ ਨੇ ਸਰਬ ਭਾਰਤੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ।
ਲੇਖਕ ਦਾ ਮੰਨਣਾ ਹੈ ਕਿ ਇਤਿਹਾਸਕਾਰਾਂ ਨੇ ਸਿੰਘ ਅਤੇ ਸਿੱਖ ਸੰਸਥਾਵਾਂ ਦੀ ਸਥਾਪਨਾ ਅਤੇ ਪ੍ਰਾਪਤੀਆਂ, ਸਿੱਖ ਪ੍ਰਬੁੱਧ ਰਾਜਿਆਂ ਮਹਾਰਾਜਿਆਂ, ਪਰੰਪਰਕ ਸੁਧਾਰਕਾਂ ਅਤੇ ਵਿਦਵਾਨਾਂ ਦੇ ਯੋਗਦਾਨ ਦੀ ਪ੍ਰਸੰਗਿਕਤਾ ਨੂੰ ਉਜਾਗਰ ਨਹੀਂ ਕੀਤਾ। ਨਿਰੰਕਾਰੀ ਬਾਬਾ ਦਿਆਲ ਅਤੇ ਨਾਮਧਾਰੀ ਬਾਬਾ ਬਾਲਕ ਸਿੰਘ ਅਤੇ ਬਾਬਾ ਰਾਮ ਸਿੰਘ ਨੇ ਸਹਿਜਧਾਰੀ ਅਤੇ ਅੰਮ੍ਰਿਤਧਾਰੀ ਪਰੰਪਰਾ ਨੂੰ ਸੁਰਜੀਤ ਕੀਤਾ। ਗੁਰਬਾਣੀ ਅਤੇੇ ਰਹਿਤਨਾਮਿਆਂ ਦੇ ਪ੍ਰਸੰਗ ਵਿਚ ਉਨ੍ਹਾਂ ਨੇ ਰਹਿਤ ਮਰਯਾਦਾ ਦੀ ਉਸਾਰੀ ਕੀਤੀ। ਉਨ੍ਹਾਂ ਨੇ ਸਮਾਜਿਕ ਅਤੇ ਧਾਰਮਿਕ ਸੁਧਾਰਾਂ ਦੀ ਮੁਹਿੰਮ ਚਲਾਈ। ਬਾਬਾ ਰਾਮ ਸਿੰਘ ਸਿੱਖ ਸਾਹਿਤ ਅਤੇ ਧਾਰਮਿਕ ਵਿਰਾਸਤ ਤੋਂ ਏਨਾ ਉਤਸ਼ਾਹਿਤ ਹੋਏ ਕਿ ਉਨ੍ਹਾਂ ਅਨੰਦ ਵਿਆਹ ਨੂੰ ਸੁਰਜੀਤ ਕਰਦਿਆਂ ਲੜਕਾ ਲੜਕੀ ਦੀ ਉਮਰ ਕ੍ਰਮਵਾਰ 21 ਤੇ 18 ਸਾਲ ਨਿਸਚਿਤ ਕਰ ਦਿੱਤੀ। ਸਮੂਹਿਕ ਵਿਆਹ ਦੀ ਰੀਤ ਨੂੰ ਚਲਾਇਆ। ਪੁਸਤਕ ਸਿੱਖ ਇਤਿਹਾਸ, ਸੰਸਥਾਵਾਂ, ਪਰੰਪਰਾਵਾਂ, ਸਿੱਖ ਸੱਭਿਆਚਾਰ ਗੁਰਮਤਿ ਸਾਹਿਤ ਸਿੱਖ, ਧਾਰਮਿਕ ਆਗੂਆਂ ਬਾਰੇ ਨਿੱਠ ਕੇ ਚਰਚਾ ਕਰਦੀ ਹੈ। ਮੁੱਲਵਾਨ ਪੁਸਤਕ ਵਿਸ਼ੇਸ਼ ਧਿਆਨ ਦੀ ਪਾਤਰ ਹੈ। ਪਾਠਕ ਇਸ ਤੋਂ ਚੰਗਾ ਲਾਹਾ ਪ੍ਰਾਪਤ ਕਰ ਸਕਦੇ ਹਨ।

ਦਿਲਜੀਤ ਸਿੰਘ ਬੇਦੀ
ਮੋ: 98148-98570

07-05-2021

 ਬਦਲਵਾਂ ਵਿਕਾਸ ਮਾਡਲ
ਲੇਖਕ : ਭਾਈ ਹਰਿਸਿਮਰਨ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 232
ਸੰਪਰਕ : 98725-91713.

ਭਾਈ ਹਰਿਸਿਮਰਨ ਸਿੰਘ ਆਪਣੇ ਬਚਪਨ ਤੋਂ ਹੀ ਗੁਰਸਿੱਖੀ ਜੀਵਨ-ਜਾਚ ਨਾਲ ਜੁੜਿਆ ਹੋਇਆ ਹੈ। ਉਸ ਨੇ ਇਹ ਅਨੁਭਵ ਕੀਤਾ ਕਿ ਸਮਕਾਲੀ ਪ੍ਰਸੰਗ ਵਿਚ ਗੁਰਮਤਿ ਅਜੋਕੇ ਮਨੁੱਖ ਦੀਆਂ ਸਾਰੀਆਂ ਅਹੁਰਾਂ ਦਾ ਨਾ ਕੇਵਲ ਸਮਾਧਾਨ ਕਰ ਸਕਦੀ ਹੈ, ਸਗੋਂ ਪੂਰੇ ਵਿਸ਼ਵ ਦਾ ਮਾਰਗ-ਦਰਸ਼ਨ ਵੀ ਕਰ ਸਕਦੀ ਹੈ। ਇਸ ਮੰਤਵ ਲਈ ਉਹ ਗੁਰਮਤਿ ਦੇ ਕੇਂਦਰੀ ਸੰਕਲਪ 'ਵਿਸਮਾਦ' ਨੂੰ ਆਧਾਰ-ਬਿੰਦੂ ਬਣਾ ਕੇ ਇਸ ਦੀ ਬਹੁਪੱਖੀ ਅਤੇ ਬਹੁਦਿਸ਼ਾਵੀ ਵਿਆਖਿਆ ਪੇਸ਼ ਕਰਦਾ ਹੈ। ਇਸ ਸੰਕਲਪ ਦੀ ਸਾਰਥਿਕਤਾ ਬਾਰੇ ਪਹਿਲਾਂ ਵੀ ਉਸ ਦੀਆਂ ਤਿੰਨ-ਚਾਰ ਸਰੋਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੀ ਪੁਸਤਕ ਵਿਚ ਉਹ ਅੱਜ ਦੇ ਭਖਦੇ ਮਸਲੇ 'ਖੇਤੀ ਸਮੱਸਿਆਵਾਂ ਦਾ ਸਥਾਈ ਹੱਲ' ਸਮਝਾ ਰਿਹਾ ਹੈ। ਜਿਵੇਂ ਕਿ ਹਰ ਜਾਗਰੂਕ ਪਾਠਕ ਇਸ ਤੱਥ ਤੋਂ ਜਾਣੂੰ ਹੈ, ਪੂੰਜੀਵਾਦੀ ਵਿਵਸਥਾ ਖ਼ਤਮ ਹੋਣ ਦੇ ਕਗਾਰ 'ਤੇ ਹੈ। ਹਰ ਤਰਫ਼ ਉਜਾੜੇ, ਬਰਬਾਦੀ, ਬੇਰੁਜ਼ਗਾਰੀ, ਗ਼ਰੀਬੀ ਅਤੇ ਭੁੱਖਮਰੀ ਦੇ ਮੰਜ਼ਰ ਦਿਖਾਈ ਦਿੰਦੇ ਹਨ। ਵਿਸ਼ਵ ਦੀ ਆਬਾਦੀ ਦੇ ਇਕ ਵੱਡੇ ਵਰਗ ਪਾਸ ਨਾ ਸਿਰ ਢਕਣ ਲਈ ਛੱਤ ਹੈ, ਨਾ ਪੇਟ ਵਿਚ ਪਾਉਣ ਲਈ ਪੌਸ਼ਟਿਕ ਖੁਰਾਕ ਹੈ। ਅਜੋਕਾ ਮਨੁੱਖ ਆਪਣਾ ਪੂਰਾ ਜੀਵਨ ਖਾਨਾਬਦੋਸ਼ਾਂ ਵਾਂਗ ਪੂਰੀ ਦੁਨੀਆ ਵਿਚ ਭਟਕਦਾ ਰਹਿੰਦਾ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਜੀਵਨ ਦੀਆਂ ਮੂਲ ਸੁਵਿਧਾਵਾਂ ਨਸੀਬ ਨਹੀਂ ਹੁੰਦੀਆਂ। ਇਸ ਦਾ ਮੂਲ ਕਾਰਨ ਨਿੱਜੀ ਮੁਨਾਫ਼ੇ ਉੱਤੇ ਉਸਰਿਆ ਸਰਮਾਏਦਾਰੀ ਢਾਂਚਾ ਹੈ।
ਭਾਈ ਹਰਿਸਿਮਰਨ ਸਿੰਘ ਵਿਸ਼ਵ ਵਿਚ ਪ੍ਰਚੱਲਿਤ ਆਰਥਿਕ ਢਾਂਚਿਆਂ ਦਾ ਤੁਲਨਾਤਮਿਕ ਅਤੇ ਇਤਿਹਾਸਕ ਅਧਿਐਨ ਕਰ ਕੇ ਸਪੱਸ਼ਟ ਕਰ ਦਿੰਦਾ ਹੈ ਕਿ ਗੁਰਸਿੱਖੀ ਦਾ ਵਿਸਮਾਦੀ ਮਾਡਲ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਵਿਕਾਸ ਲਈ ਸਭ ਤੋਂ ਢੁਕਵਾਂ ਹੈ। ਪੂੰਜੀਵਾਦੀ ਮਾਡਲ ਨੇ ਪੰਜਾਬ ਦੀ ਧਰਤੀ-ਮਾਂ, ਪਾਣੀ ਪਿਤਾ, ਪਵਣ ਗੁਰੂ ਅਤੇ ਅੰਨ ਦੇਵਤੇ, ਸਭ ਨੂੰ ਪ੍ਰਦੂਸ਼ਿਤ, ਗੰਧਲਾ ਅਤੇ ਬਾਂਝ ਬਣਾ ਦਿੱਤਾ ਹੈ। ਰਿਸ਼ਟ-ਪੁਸ਼ਟ ਪੰਜਾਬੀ, ਕੈਂਸਰ ਵਰਗੀਆਂ ਅਨੇਕ ਲਾਇਲਾਜ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ। ਲੇਖਕ ਸੁਝਾਅ ਦਿੰਦਾ ਹੈ ਕਿ ਜੈਵਿਕ ਖੇਤੀ, ਖੇਤੀ ਉਦਯੋਗ, ਕੀਮਤਾਂ ਦਾ ਨਿਰਧਾਰਨ, ਬੇਆਬਾਦ ਜ਼ਮੀਨਾਂ ਦੀ ਯੋਗ ਵਰਤੋਂ, ਸਹਿਕਾਰੀ ਖੇਤੀ, ਫ਼ਸਲੀ ਵਿਭਿੰਨਤਾ ਅਤੇ ਕਲਸਟਰ ਆਧਾਰਿਤ ਖੇਤੀ ਉਤਪਾਦਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਨਜਿੱਠਿਆ ਜਾ ਸਕਦਾ ਹੈ। ਖੇਤੀ ਮੰਤਰਾਲਿਆਂ, ਨੀਤੀ ਆਯੋਗਾਂ, ਯੂਨੀਵਰਸਿਟੀਆਂ ਅਤੇ ਖੇਤੀਬਾੜੀ ਕਾਲਜਾਂ ਤੋਂ ਲੈ ਕੇ ਨਗਰ ਪੰਚਾਇਤਾਂ ਅਤੇ ਪੇਂਡੂ ਯੂਥ ਕਲੱਬਾਂ ਤੱਕ ਹਰ ਅਦਾਰੇ ਨੂੰ ਇਸ ਪੁਸਤਕ ਵਿਚ ਦਿੱਤੇ ਸੁਝਾਵਾਂ ਬਾਰੇ ਸਾਰਥਕ ਸੰਵਾਦ ਰਚਾਉਣਾ ਚਾਹੀਦਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਸਿਧਾਰਥ
ਨਾਵਲਕਾਰ : ਹਰਮਨ ਹੈੱਸ
ਅਨੁਵਾਦਕ : ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 115
ਸੰਪਰਕ : 099588-31357.

ਜਰਮਨ ਲੇਖਕ ਹਰਮਨ ਹੈੱਸ ਸਾਹਿਤ ਦਾ ਇਕ ਮਾਣਮੱਤਾ ਹਸਤਾਖ਼ਰ ਹੈ, ਜਿਸ ਨੂੰ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਉਸ ਦੇ ਪਿਤਾ ਪਹਿਲੇ ਸੰਸਾਰ ਯੁੱਧ ਤੋਂ ਪਹਿਲਾਂ ਈਸਾਈ ਮਤ ਦੇ ਪ੍ਰਚਾਰਕ ਬਣ ਕੇ ਭਾਰਤ ਆਏ ਸਨ। ਉਸ ਦੀ ਮਾਤਾ ਨੇ ਸਾਡੇ ਪਿੰਡਾਂ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਇਆ। ਭਾਰਤ ਵਿਚ ਹੀ ਸੰਸਾਰ ਪ੍ਰਸਿੱਧ ਨਾਵਲ ਸਿਧਾਰਥ ਦੀ ਸਿਰਜਣਾ ਹੋਈ। ਨਾਵਲ ਦਾ ਨਾਇਕ ਸਿਧਾਰਥ ਗੌਤਮ ਬੁੱਧ ਦਾ ਸਮਕਾਲੀ ਇਕ ਜਗਿਆਸੂ ਹੈ, ਜੋ ਬ੍ਰਾਹਮਣ ਪੁੱਤਰ ਹੈ। ਉਹ ਗਿਆਨ ਦੀ ਪ੍ਰਾਪਤੀ ਲਈ ਆਪਣਾ ਸਾਰਾ ਜੀਵਨ ਅਰਪਣ ਕਰ ਦਿੰਦਾ ਹੈ। ਉਸ ਦਾ ਪਿਤਾ ਲੰਮੇ ਮਾਨਸਿਕ ਸੰਘਰਸ਼ ਉਪਰੰਤ ਉਸ ਨੂੰ ਘਰ ਛੱਡਣ ਦੀ ਆਗਿਆ ਦੇ ਦਿੰਦਾ ਹੈ। ਉਸ ਦਾ ਦੋਸਤ ਗੋਬਿੰਦ ਵੀ ਘਰ ਤਿਆਗ ਕੇ ਉਸ ਦੇ ਨਾਲ ਹੋ ਤੁਰਦਾ ਹੈ। ਉਹ ਦੋਵੇਂ ਮਹਾਤਮਾ ਬੁੱਧ ਦੇ ਦਰਸ਼ਨਾਂ ਨੂੰ ਜਾਂਦੇ ਹਨ। ਗੋਬਿੰਦ ਭਿਕਸ਼ੂ ਬਣ ਕੇ ਬੁੱਧ ਦਾ ਸੇਵਕ ਬਣ ਜਾਂਦਾ ਹੈ। ਸਿਧਾਰਥ ਅਸਲੀ ਬੋਧ ਦੀ ਪ੍ਰਾਪਤੀ ਲਈ ਘੁੰਮਦਿਆਂ ਪ੍ਰਸਿੱਧ ਨ੍ਰਿਤਕੀ ਕਮਲਾ ਦੇ ਸੰਪਰਕ ਵਿਚ ਆ ਕੇ ਪ੍ਰੇਮ ਜਾਲ ਵਿਚ ਫਸ ਜਾਂਦਾ ਹੈ। ਪਰ ਉਹ ਮਾਇਆਵੀ ਬੰਧਨਾਂ ਵਿਚ ਨਹੀਂ ਆਉਂਦਾ। ਅੰਤ ਉਹ ਕਮਲਾ ਸਮੇਤ ਇਕ ਪਹੁੰਚੇ ਹੋਏ ਮਲਾਹ ਵਾਸਦੇਵ ਕੋਲ ਆਉਂਦਾ ਹੈ, ਜਿਸ ਨੇ ਵਗਦੇ ਪਾਣੀਆਂ ਤੋਂ ਸੰਪੂਰਨਤਾ ਪ੍ਰਾਪਤ ਕੀਤੀ ਹੋਈ ਹੈ। ਸਿਧਾਰਥ ਵੀ ਮਲਾਹ ਬਣ ਜਾਂਦਾ ਹੈ। ਉਸ ਦੇ ਇਕ ਪੁੱਤਰ ਹੁੰਦਾ ਹੈ। ਕਮਲਾ ਦੀ ਮੌਤ ਸੱਪ ਲੜਨ ਨਾਲ ਹੋ ਜਾਂਦੀ ਹੈ। ਸਿਧਾਰਥ ਦਾ ਪੁੱਤਰ ਪਿਤਾ ਦੇ ਸੁਭਾਅ ਦੇ ਉਲਟ ਕੰਮ ਕਰਦਾ ਹੈ ਅਤੇ ਆਪਣੇ ਪਿਤਾ ਦਾ ਦਿਲ ਤੋੜ ਕੇ ਸ਼ਹਿਰ ਚਲਾ ਜਾਂਦਾ ਹੈ। ਸਿਧਾਰਥ ਵਾਸਦੇਵ ਵਾਂਗ ਦਰਿਆ ਦੀ ਰਵਾਨਗੀ ਤੋਂ ਸੇਧ ਲੈਂਦਾ ਹੋਇਆ ਇਕ ਪਹੁੰਚਿਆ ਹੋਇਆ ਬਜ਼ੁਰਗ ਬਣ ਕੇ ਲੋਕਾਂ ਨੂੰ ਪਾਰ ਲੰਘਾਉਂਦਾ ਹੈ। ਸਿਧਾਰਥ ਇਕ ਆਗਿਆਕਾਰੀ ਪੁੱਤਰ, ਵਧੀਆ ਦੋਸਤ, ਉੱਤਮ ਜਗਿਆਸੂ, ਪ੍ਰੇਮੀ ਅਤੇ ਗਿਆਨਵਾਨ ਦੇ ਰੂਪ ਵਿਚ ਆਦਰਸ਼ ਪਾਤਰ ਬਣਦਾ ਹੈ। ਇਸ ਨਾਵਲ ਨੂੰ ਵਿਸ਼ਵ ਸਾਹਿਤ ਦੀਆਂ ਉੱਤਮ ਰਚਨਾਵਾਂ ਵਿਚ ਸਨਮਾਨਯੋਗ ਸਥਾਨ ਹਾਸਲ ਹੈ। ਵਿਦਵਾਨ ਸਾਹਿਤਕਾਰ ਨੇ ਵਧੀਆ ਅਨੁਵਾਦ ਕਰਕੇ ਇਸ ਨੂੰ ਪੰਜਾਬੀ ਪਾਠਕਾਂ ਦੀ ਝੋਲੀ ਪਾਇਆ ਹੈ। ਇਸ ਦਾ ਭਰਪੂਰ ਸਵਾਗਤ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਡੂੰਘੀ ਢਾਬ ਵਣਾਂ ਦੇ ਓਹਲੇ
ਲੇਖਕ : ਡਾ. ਰਾਜਵੰਤ ਕੌਰ 'ਪੰਜਾਬੀ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 182
ਸੰਪਰਕ : 85678-86223.

ਪੰਜਾਬੀ ਸੱਭਿਆਚਾਰ ਤੇ ਲੋਕਧਾਰਾ ਦੇ ਖੇਤਰ ਵਿਚ ਡਾ. ਰਾਜਵੰਤ ਕੌਰ 'ਪੰਜਾਬੀ' ਇਕ ਜਾਣਿਆ-ਪਛਾਣਿਆ ਨਾਂਅ ਹੈ। ਚੜ੍ਹਦੇ ਤੇ ਲਹਿੰਦੇ ਪੰਜਾਬੀ ਸੱਭਿਆਚਾਰ ਬਾਰੇ ਉਸ ਦੇ ਅਥਾਹ ਗਿਆਨ ਦਾ ਘੇਰਾ ਉਸ ਦੁਆਰਾ ਕੀਤੀ ਮਸ਼ੱਕਤ ਕਾਰਨ ਹੋਰ ਵਿਸ਼ਾਲ ਹੋਇਆ ਹੈ ਅਤੇ ਕਈ ਪੁਸਤਕਾਂ ਦਾ ਰੂਪ ਲੈ ਚੁੱਕਾ ਹੈ। ਇਨ੍ਹਾਂ ਖੋਜ ਕਾਰਜਾਂ ਕਾਰਨ 2003 ਵਿਚ ਉਸ ਨੇ ਸਟੇਟ ਅਵਾਰਡ ਵੀ ਪ੍ਰਾਪਤ ਕੀਤਾ ਹੈ। ਉਸ ਦੀ ਪੁਸਤਕ 'ਡੂੰਘੀ ਢਾਬ ਵਣਾਂ ਦੇ ਓਹਲੇ' ਅਜਿਹੇ ਲੇਖਾਂ 'ਤੇ ਆਧਾਰਿਤ ਹੈ ਜਿਨ੍ਹਾਂ ਦਾ ਸਬੰਧ ਪੰਜਾਬੀ ਸੱਭਿਆਚਾਰ ਦੀਆਂ ਅਣਮੁੱਲੀਆਂ ਰਵਾਇਤਾਂ ਨਾਲ ਹੈ। ਇਸ ਪੁਸਤਕ ਵਿਚ ਲੇਖਿਕਾ ਨੇ ਪੰਜਾਬੀ ਲੋਕਧਾਰਾ ਦੀਆਂ ਉਨ੍ਹਾਂ ਕੀਮਤੀ ਰਵਾਇਤਾਂ ਬਾਰੇ ਲਿਖਿਆ ਹੈ ਜੋ ਮੁੱਢ ਕਦੀਮਾ ਤੋਂ ਪੰਜਾਬ ਦੀ ਧਰਾਤਲ 'ਤੇ ਉਪਜੀਆਂ, ਉਸਰੀਆਂ ਤੇ ਪ੍ਰਵਾਨ ਚੜ੍ਹੀਆਂ ਹਨ। ਕੁੱਲ 17 ਲੇਖਾਂ ਵਿਚ ਮਾਲਵੇ ਦੇ ਲੋਕ ਗੀਤਾਂ ਦੀਆਂ ਲੰਮੀਆਂ ਹੇਕਾਂ ਗੂੰਜਦੀਆਂ ਹਨ, ਚੁੱਲ੍ਹਾ ਵਕਤਾ ਬਣ ਪੇਂਡੂ ਜੀਵਨ ਦੀਆਂ ਸਮੀਕਰਨਾਂ ਸਮਝਾਉਂਦਾ ਹੈ, ਦਰੀਆਂ 'ਤੇ ਨਮੂਨੇ ਪਾਉਣ ਦੀ ਵਿਧੀ ਅਤੇ ਇਤਿਹਾਸ ਗੀਤਾਂ ਤੇ ਬੋਲੀਆਂ ਦੇ ਮੂੰਹੋਂ ਬੋਲਦਾ ਹੈ, ਨੱਕ ਦੇ ਲੌਂਗ ਤੇ ਸਿਰ ਦੀ ਫੁਲਕਾਰੀ ਦੀ ਗੁਫ਼ਤਗੂ ਵਿਚ ਸੁਰਮ-ਸਲਾਈ ਦੀ ਭਾਗੀਦਾਰੀ ਦਿਸਦੀ ਹੈ ਅਤੇ ਵਿਆਹ ਦੀਆਂ ਖ਼ੁਸ਼ੀਆਂ ਵਿਚ ਢੁਕਾਅ, ਦਾਜ, ਵਰੀ ਆਦਿ ਰਸਮਾਂ ਦੀ ਮਹੱਤਤਾ ਨਵੇਂ ਤੌਰ-ਤਰੀਕਿਆਂ ਦੀ ਵਧਦੀ-ਘਟਦੀ ਮਹੱਤਤਾ ਨਾਲ ਸੰਵਾਦ ਰਚਾਉਂਦੀ ਹੈ। ਲੇਖਿਕਾ ਪਹਾੜੀ ਗੀਤਾਂ ਤੇ ਰੀਤਾਂ ਨੂੰ ਵੀ ਇਕ ਲੇਖ ਵਿਚ ਅੱਡ ਥਾਂ ਦਿੰਦੀ ਹੈ ਅਤੇ ਰੰਗੋਲੀ ਬਾਰੇ ਕੀਤੀ ਖੋਜ ਨੂੰ ਭਾਰਤੀ ਸੰਦਰਭ ਵਿਚ ਪੇਸ਼ ਕਰਦੀ ਹੈ। ਇਸ ਪੁਸਤਕ ਵਿਚ ਉੱਤਮ ਲੇਖ 'ਰੱਤੀ' ਬਾਰੇ ਲਿਖਿਆ ਗਿਆ ਹੈ ਜੋ ਪਾਠਕ ਦੇ ਦਿਮਾਗ਼ ਦੇ ਪਰਦੇ ਖੋਲ੍ਹਦਾ ਹੋਇਆ ਇਸ ਨਾਲ ਸਬੰਧਿਤ ਇਤਿਹਾਸ ਮਿਥਿਹਾਸ ਵੀ ਸਮਝਾ ਜਾਂਦਾ ਹੈ। ਪੁਸਤਕ ਦੇ ਅੰਤ ਵਿਚ ਲੇਖਿਕਾ ਨੇ ਲੋਕ ਰਵਾਇਤੀ ਖੇਡਾਂ ਦੀ ਲੋੜ ਸਮਝਣ 'ਤੇ ਜ਼ੋਰ ਦਿੱਤਾ ਹੈ ਅਤੇ ਆਧੁਨਿਕ ਪੀੜ੍ਹੀ ਦੀ ਜ਼ਰੂਰਤ ਬਣ ਚੁੱਕੇ ਹੱਥ ਗੱਡੀ (ਪਰੈਮ) ਅਤੇ ਬਾਲ ਵਾੜੀ (ਕਰੈੱਚ) ਦੀਆਂ ਸਹੂਲਤਾਂ ਨੂੰ ਕੇਵਲ ਦਿਖਾਵੇ ਦੀਆਂ ਵਸਤਾਂ ਮੰਨ ਕੇ ਭੰਡਿਆ ਹੈ। ਉਸ ਨੇ ਹਰ ਲੇਖ ਵਿਚ ਆਪਣੀ ਵਿਚਾਰਾਂ ਨੂੰ ਪੁਖ਼ਤਗੀ ਨਾਲ ਉਦਾਹਰਨਾਂ ਸਮੇਤ ਪੇਸ਼ ਕੀਤਾ ਹੈ ਅਤੇ ਵਿਚਾਰ ਅਧੀਨ ਸ਼ਬਦਾਂ ਨੂੰ ਉਨ੍ਹਾਂ ਦੇ ਨਿਕਾਸ ਤੇ ਵਿਕਾਸ ਸਬੰਧੀ ਚਰਚਾਵਾਂ ਸਮੇਤ ਪੇਸ਼ ਕੀਤਾ ਹੈ। ਇਸ ਢੰਗ ਨਾਲ ਇਹ ਪੁਸਤਕ ਪੰਜਾਬੀ ਸੱਭਿਆਚਾਰ ਬਾਰੇ ਅਣਮੋਲ ਸੌਗ਼ਾਤ ਸਾਬਤ ਹੁੰਦੀ ਹੈ।

ਡਾ. ਸੰਦੀਪ ਰਾਣਾ
ਮੋ: 98728-87551

ਬੂੰਦ ਬੂੰਦ ਸਾਗਰ
ਲੇਖਕ ; ਇੰਜੀ: ਲਾਲ ਸਿੰਘ ਕਲਸੀ
ਪ੍ਰਕਾਸ਼ਕ : ਦੀ ਪ੍ਰਿੰਟ ਅਕਸੈਲ ਸੁਮੀਤ, ਫ਼ਰੀਦਕੋਟ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98149-76639
.

ਪੁਸਤਕ ਦੇ ਲੇਖਕ ਨੇ ਆਪਣੇ ਇਸ ਕਾਵਿ ਸੰਗ੍ਰਹਿ ਵਿਚ 83 ਗ਼ਜ਼ਲਾਂ, ਰੁਬਾਈਆਂ, ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਦੇ ਵਿਚਲਾ ਵੱਖੋ-ਵੱਖਰਾ ਰੰਗ ਹੈ ਜੋ ਪਾਠਕਾਂ ਦੇ ਦਿਲ ਨੂੰ ਟੁੰਬਦੀਆਂ ਹਨ। ਲੇਖਕ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਕਿਉਂਕਿ ਇਨ੍ਹਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ 8 ਪੁਸਤਕਾਂ ਪਹਿਲਾਂ ਵੀ ਪਾਈਆਂ ਹਨ। ਲੇਖਕ ਦੀ ਸ਼ਬਦਾਂ ਦੇ ਪ੍ਰਤੀ ਪੂਰੀ ਪਕੜ ਹੈ ਅਤੇ ਇਨ੍ਹਾਂ ਵੰਨ-ਸੁਵੰਨੀਆਂ ਰਚਨਾਵਾਂ ਦਾ ਇਕ ਗੁਲਦਸਤਾ ਪਾਠਕਾਂ ਦੇ ਸਨਮੁੱਖ ਲਿਆਂਦਾ ਹੈ। ਭਾਵੇਂ ਇੰਜੀਨੀਅਰ ਹੋਣ ਨਾਤੇ ਇਨ੍ਹਾਂ ਦਾ ਇਕ ਵੱਖਰਾ ਖੇਤਰ ਸੀ ਪ੍ਰੰਤੂ ਇਨ੍ਹਾਂ ਆਪਣੀਆਂ ਲਿਖਤਾਂ ਨੂੰ ਕਿਸੇ ਪਾਸੇ ਤੋਂ ਡੋਲਣ ਨਹੀਂ ਦਿੱਤਾ ਅਤੇ ਹਰ ਵਿਧਾ ਨੂੰ ਖੁੱਭ ਕੇ ਨਿਭਾਉਣ ਵਿਚ ਕਸਰ ਨਹੀਂ ਛੱਡੀ।
ਇਨ੍ਹਾਂ ਦੀਆਂ ਰਚਨਾਵਾਂ ਵਿਚੋਂ ਇਨ੍ਹਾਂ ਦੀ ਵਿਚਾਰਧਾਰਾ ਤੇ ਤਜਰਬਾ ਵੀ ਝਲਕਦਾ ਹੈ। ਇਨ੍ਹਾਂ ਵੱਖੋ-ਵੱਖਰੀਆਂ ਰਚਨਾਵਾਂ ਦੇ ਵਿਚ ਜਿਥੇ ਕੁਰੀਤੀਆਂ ਦਾ ਪਰਦਾਫਾਸ਼ ਕੀਤਾ ਹੈ, ਉਸ ਦੇ ਨਾਲ ਹੀ ਸੋਚ ਦਾ ਪੱਲਾ ਢਿੱਲਾ ਨਹੀਂ ਹੋਣ ਦਿੱਤਾ ਅਤੇ ਇਨ੍ਹਾਂ ਦੇ ਲਿਖੇ ਗੀਤ ਆਪਮੁਹਾਰੇ ਹੀ ਬਹੁਤ ਕੁਝ ਕਹਿ ਰਹੇ ਹਨ, ਜੋ ਕਿ ਪ੍ਰਸੰਸਾਯੋਗ ਕਹੇ ਜਾ ਸਕਦੇ ਹਨ। ਇਨ੍ਹਾਂ ਦੇ ਰੁਬਾਈਆਂ ਦੇ ਭਾਗ ਵਿਚ ਜੋ ਰੁਬਾਈਆਂ ਪੇਸ਼ ਕੀਤੀਆਂ ਹਨ। ਉਨ੍ਹਾਂ ਦੇ ਵਿਚ ਹਰ ਰੰਗ, ਵੱਖੋ-ਵੱਖਰੇ ਵਿਸ਼ੇ, ਹਾਲਾਤ, ਇਤਿਹਾਸ, ਦੇਸ਼ ਭਗਤੀ, ਔਰਤ, ਕੁਦਰਤ, ਸਮਾਂ ਰੁੱਤਾਂ, ਜਵਾਨੀ, ਸਿਆਸਤ, ਰੱਬ, ਮਨ, ਭਲਾਈ, ਸਮਾਜਿਕ ਦਸ਼ਾ, ਕੁਰਸੀ, ਠੱਗੀਆਂ, ਪ੍ਰਦੇਸ਼ ਦੀ ਝਲਕ ਵੀ ਮਿਲਦੀ ਹੈ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਦੇ ਦਿਲ ਵਿਚ ਉਬਾਲ ਉੱਠਦਾ ਹੈ ਅਤੇ ਉਸ ਹਰ ਪੱਖ ਤੋਂ ਸੋਚ-ਵਿਚਾਰ ਕਰਦਾ ਹੈ।
ਪੁਸਤਕ ਵਿਚ ਮੇਰਾ ਪੰਜਾਬ, ਸੰਨ ਸੰਤਾਲੀ, ਮਾਂ ਨੂੰ, ਹੰਝੂ, ਖਰੀਆਂ ਗੱਲਾਂ, ਜੀਵਨ ਜਾਂਚ, ਮਿੱਟੀ, ਸਿਆਣਪ, ਸਾਡਾ ਵਿਰਸਾ ਵਿਸ਼ੇ ਤੌਰ 'ਤੇ ਪੜ੍ਹਨ ਗੁੜਨ ਵਾਲੀਆਂ ਰਚਨਾਵਾਂ ਹਨ। ਉਂਜ ਤਾਂ ਸਾਰੀਆਂ ਰਚਨਾਵਾਂ ਪੜ੍ਹਨ ਦੇ ਕਾਬਲ ਹਨ। ਸਮੁੱਚੇ ਤੌਰ 'ਤੇ ਲੇਖਕ ਦਾ ਉਪਰਾਲਾ ਪ੍ਰਸੰਸਾਯੋਗ ਹੈ।

ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990.

ਥਿੜਕ
ਲੇਖਕ : ਦੀਪ ਨਿਰਮੋਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 94
ਸੰਪਰਕ : 081468-21400.

ਦੀਪ ਨਿਰਮੋਹੀ ਸੂਖ਼ਮ-ਭਾਵੀ, ਸੰਵੇਦਨਸ਼ੀਲ ਅਤੇ ਚਿੰਤਨਸ਼ੀਲ ਕਵੀ ਹੈ। 'ਥਿੜਕ' ਉਸ ਦਾ ਬੇਸ਼ੱਕ ਪਲੇਠਾ ਕਾਵਿ-ਸੰਗ੍ਰਹਿ ਹੈ ਪ੍ਰੰਤੂ ਕਾਵਿ-ਪਾਠਕ ਨੂੰ ਇਹ ਕਾਵਿ-ਪੁਸਤਕ ਪੜ੍ਹਦਿਆਂ ਪ੍ਰੌੜ੍ਹ ਸ਼ਾਇਰ ਦੀ ਮਾਨਵੀ-ਪੀੜ ਦੀ ਅੰਤਰ-ਦ੍ਰਿਸ਼ਟੀ ਦੀ ਸ਼ਬਦਾਂ 'ਚ ਪਰੋਈ ਕਸਕ ਦੀ ਟਸਕ ਮਹਿਸੂਸ ਹੋਵੇਗੀ। ਇਸ ਕਾਵਿ-ਸੰਗ੍ਰਹਿ 'ਚ ਚਾਰ ਗ਼ਜ਼ਲਾਂ, ਦੋ ਹਾਇਕੂ ਅਤੇ 'ਮਜ਼ਦੂਰ' ਤੋਂ ਲੈ ਕੇ 'ਟੁੱਟੇ ਹੋਏ+ ਤੱਕ 52 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। 'ਕਾਲੀਆਂ ਬੋਲੀਆਂ ਰਾਤਾਂ 'ਚ ਸੂਰਜ ਦੇ ਸੁਪਨੇ ਦੀ ਛਾਵੇਂ ਸੌਣ ਵਾਲੇ ਲੋਕਾਂ ਦੇ ਨਾਂਅ+ ਵਾਲੇ ਇਹ ਬੋਲ ਗੌਰੀ ਲੰਕੇਸ਼ ਦਾਬੋਲਕਰ ਤੇ ਪਨਸਾਰੇ ਵਰਗੇ ਅਜ਼ੀਮ ਤਰਬੀਅਤ ਦੇ ਮਾਲਕ ਦੇ ਲੋਕਾਂ ਰੌਸ਼ਨ ਦਿਮਾਗਾਂ ਨੂੰ ਅਕੀਦਤ ਪੇਸ਼ ਕਰਦੇ ਹਨ। ਇਹ ਲੋਕ ਰੰਗਾਂ ਦੇ ਬਦਰੰਗ ਹੋਣ ਦੀ ਜਿਥੇ ਬਾਤ ਪਾਉਂਦੇ ਹਨ, ਉਥੇ ਅਖੌਤੀ ਲੋਕਤੰਤਰ ਦੀਆਂ ਜੜ੍ਹਾਂ 'ਤੇ ਕੁਹਾੜਾ ਚਲਾਉਂਦੇ ਪ੍ਰਤੀਤ ਹੁੰਦੇ ਹਨ। ਅਜੋਕੀ ਵਿਵਸਥਾ ਦੰਭ ਤਾਂ ਭਾਰਤੀ ਸੰਵਿਧਾਨ ਅਨੁਸਾਰ ਚੱਲਣ ਦਾ ਸਿਰਜਦੀ ਹੈ, ਜਿਸ ਦੇ ਟੇਡ ਨੂੰ ਦੀਪ ਨਿਰਮੋਹੀ ਦਾ ਸ਼ਿਅਰ ਭਲੀ-ਭਾਂਤ ਸਪੱਸ਼ਟ ਕਰ ਜਾਂਦਾ ਹੈ :
ਹਵਾ ਵੀ ਬੇਰਹਿਮ ਇਸ ਦੌਰ ਦੀ ਵਗਦੀ ਬਦਲ ਕੇ ਰੰਗ
ਕਦੇ ਨੀਲੇ ਕਦੇ ਚਿੱਟੇ ਕਦੇ ਭਗਵੇਂ ਡਰਾਂ ਅੰਦਰ।
ਸੱਤਾ ਦੇ ਡਰਾਵਣੇ ਰੰਗਾਂ ਦੀ ਝਲਕ 'ਖੰਜਰ ਮੌਸਮ', 'ਜੀਣ ਦਾ ਅਭਿਨੈ', 'ਅੱਛੇ ਦਿਨਾਂ ਦਾ ਆਗਾਜ਼', 'ਅੱਛੇ ਦਿਨ', 'ਗੂੰਜ', 'ਬਦਲਦੇ ਰੰਗ', 'ਪੰਜ ਤੱਤ' ਅਤੇ 'ਖ਼ਾਬ' ਕਵਿਤਾਵਾਂ 'ਚ ਦੇਖਿਆ ਜਾ ਸਕਦਾ ਹੈ। ਐਸ਼ਪ੍ਰਸਤ ਅਤੇ ਸੱਤਾ ਦੇ ਨਸ਼ੇ 'ਚ ਚੂਰ ਹਾਕਮਾਂ ਨੂੰ 'ਖ਼ਾਬ' ਨਹੀਂ ਆਉਂਦੇ, ਸਗੋਂ ਇਹ ਤਾਂ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਲੋਕਾਂ ਨੂੰ ਹੀ ਆਉਂਦੇ ਹਨ :
ਰੋਟੀ
ਜੋ ਰੁੱਖੀ ਹੀ ਖਾਧੀ ਜਾਂਦੀ
ਤੇ ਖ਼ਾਬ
ਰੁੱਖੀ ਰੋਟੀ
ਖਾਣ ਵਾਲਿਆਂ ਨੂੰ ਹੀ ਆਉਂਦੇ
'ਪ੍ਰਸ਼ਨ-ਚਿੰਨ੍ਹ' ਮਾਨਵੀ ਵੇਦਨਾ ਨੂੰ ਸੰਵੇਦਨਾ 'ਚ ਤਬਦੀਲ ਕਰਦਿਆਂ ਸੰਕੇਤ ਕਰਦੀ ਹੈ ਕਿ ਪ੍ਰਸ਼ਨਾਂ ਦਾ ਉੱਠਣਾ ਹੀ ਤਾਂ ਜ਼ਿੰਦਗੀ ਹੈ, ਸਾਹਾਂ ਦੀ ਧੜਕਣ ਦਾ ਧੜਕਣਾ ਹੀ ਤਾਂ ਜ਼ਿੰਦਗੀ ਹੈ। ਸੁਨ-ਮ-ਸੁੰਨ ਰਾਹ 'ਤੇ ਸੁੰਨ ਦੀ ਆਵਾਜ਼ ਨੂੰ ਲਿਸ਼ਕਦੀ ਤੇ ਕੜਕਦੀ ਬਿਜਲੀ ਦੀ ਆਵਾਜ਼ ਨੂੰ ਸੁਣਨਾ ਹੀ ਤਾਂ ਜ਼ਿੰਦਗੀ ਹੈ ਜੋ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਦੇ ਬਣੇ ਧੌਂਸਵਾਦੀ ਤਖ਼ਤ ਦੇ ਪਾਵਿਆਂ ਨੂੰ ਵੰਗਾਰਦੀ ਹੈ। ਇਹ ਲੋਟੂ ਅਤੇ ਅਣਮਨੁੱਖੀ ਵਰਤਾਰੇ ਨੂੰ ਸਿਰਜਦੀ ਸੱਤਾ ਦੇ ਖਿਲਾਫ਼ ਮਾਨਵੀ ਸਰੋਕਾਰਾਂ ਦੀ ਲਲਕਾਰ ਹੈ ਜੋ ਅਜੋਕੇ ਪ੍ਰਬੰਧਕੀ ਨਿਜ਼ਾਮ ਦੀ ਥਿੜਕ ਲੈਂਦੀ ਹੈ। ਦੀਪ ਨਿਰਮੋਹੀ ਅਜਿਹੇ ਜਜ਼ਬਿਆਂ ਨੂੰ ਇਸ ਕਾਵਿ-ਸੰਗ੍ਰਹਿ 'ਚ ਸੰਜੋਦਿਆਂ ਪਾਠਕ ਅੰਦਰ ਆਸ ਦੀ ਚਿਣਗ ਜਗਾਉਂਦਾ ਹੈ। ਉਮੀਦ ਕਰਦਾ ਹਾਂ ਮੇਰੇ ਵਾਂਗ ਹੀ ਪੰਜਾਬੀ ਕਾਵਿ-ਜਗਤ ਦੇ ਪਾਠਕ 'ਬਿੜਕ' ਦੀ 'ਬਿੜਕ' ਆਵੇਸ਼ ਹੀ ਲੈਣਗੇ। ਆਮੀਨ!

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

ਚੇਤਿਆਂ ਦੀ ਚੰਗੇਰ 'ਚੋਂ
ਲੇਖਕ : ਮਨਮੋਹਨ ਸਿੰਘ ਬਾਸਰਕੇ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫੇ : 128.
ਸੰਪਰਕ : 99147-16616.

ਮਨਮੋਹਨ ਸਿੰਘ ਬਾਸਰਕੇ ਮਿੱਟੀ ਨਾਲ ਜੁੜਿਆ ਲੇਖਕ ਹੈ। ਉਹਨੇ 19 ਵਰ੍ਹਿਆਂ ਦੀ ਉਮਰ (1978) ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਕਲਰਕ ਵਜੋਂ ਨੌਕਰੀ ਸ਼ੁਰੂ ਕਰਕੇ ਸੁਪਰਡੈਂਟ ਤੱਕ ਦਾ ਪੈਂਡਾ ਤੈਅ ਕੀਤਾ ਹੈ, ਜਿਸ ਕਰਕੇ ਉਸ ਨੂੰ ਪਿੰਡਾਂ ਦੀ ਜ਼ਿੰਦਗੀ ਦਾ ਨਿਕਟ ਅਨੁਭਵ ਹੈ। ਅਪੰਗ ਹੁੰਦਿਆਂ ਉਹ ਇਮਾਨਦਾਰੀ ਨਾਲ ਨੌਕਰੀ ਕਰਦਾ ਰਿਹਾ ਤੇ ਦੋ ਵਾਰ (2004 ਤੇ 2010 ਵਿਚ) ਪ੍ਰਸ਼ਾਸਨ ਵਲੋਂ ਸਨਮਾਨਿਤ ਕੀਤਾ ਗਿਆ। ਉਸ ਨੇ ਹੁਣ ਤੱਕ ਤਿੰਨ ਕਹਾਣੀ ਸੰਗ੍ਰਹਿ, ਛੇ ਸਰਵੇ- ਪੁਸਤਕਾਂ, ਇਕ ਬਾਲ ਪੁਸਤਕ, ਇਕ ਨਾਟਕ ਤੇ ਇਕ ਜੀਵਨੀ ਦੀ ਰਚਨਾ ਕਰਕੇ ਪੰਜਾਬੀ ਸਾਹਿਤ-ਜਗਤ ਨੂੰ ਸਮ੍ਰਿੱਧ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਬਾਸਰਕੇ ਦੀ ਨਿੱਜੀ ਜ਼ਿੰਦਗੀ ਸੰਘਰਸ਼ ਭਰੀ ਰਹੀ ਹੈ ਤੇ ਵਿਚਾਰ ਅਧੀਨ ਪੁਸਤਕ ਵਿਚ ਉਹਨੇ ਨਿੱਜੀ ਜ਼ਿੰਦਗੀ (ਮਾਂ ਤੇ ਭੂਆ), ਪ੍ਰਸਿੱਧ ਲੇਖਕਾਂ (ਪ੍ਰੋ: ਕਿਰਪਾਲ ਸਿੰਘ ਕਸੇਲ ਅਤੇ ਨਿਰਮਲ ਅਰਪਣ), ਵਿਅੰਗ, ਸੰਪਰਕ ਵਿਚ ਆਏ ਵਿਅਕਤੀਆਂ, ਇਮਾਨਦਾਰੀ ਤੇ ਕਹਾਣੀ-ਰਸ ਵਾਲੇ ਛੋਟੇ-ਛੋਟੇ, ਪਰ ਭਾਵਪੂਰਤ 46 ਲੇਖ ਸ਼ਾਮਿਲ ਕੀਤੇ ਹਨ। ਉਹਨੇ ਨੌਕਰੀ ਦੌਰਾਨ ਹੁੰਦੇ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਚਮਚਾਗਿਰੀ ਆਦਿ ਨੂੰ ਨੇੜਿਓਂ ਵੇਖਿਆ ਅਤੇ ਕਲਮ ਰਾਹੀਂ ਇਨ੍ਹਾਂ ਨੂੰ ਪਾਠਕਾਂ ਸਾਹਮਣੇ ਪ੍ਰਸਤੁਤ ਕੀਤਾ। ਯਥਾਰਥਕ ਵਿਵਰਣ, ਚੁਗਲਖੋਰੀ ਆਦਿ ਵਿਸ਼ਿਆਂ ਦੇ ਨਾਲ-ਨਾਲ ਮਨਮੋਹਨ ਸਿੰਘ ਨੇ ਬਾਸਰਕੇ ਗਿੱਲਾਂ, ਹੁਸ਼ਿਆਰਨਗਰ, ਖੈਰਾਬਾਦ, ਸੁਰਸਿੰਘ, ਚੀਚਾ, ਝਬਾਲ, ਮੀਰਾਂ ਕੋਟ, ਅਟਾਰੀ, ਸਿੰਘਪੁਰਾ, ਠਰੂ, ਤਰਸਿੱਕਾ, ਨਾਰਲੀ, ਠੱਠੀਖਾਰਾ, ਸਰਾਏ ਅਮਾਨਤ ਖਾਂ, ਨੂਰਦੀਨ ਦੀ ਸਰਾਂ, ਫਤਹਿਪੁਰ ਰਾਜਪੂਤਾਂ ਤੇ ਨਾਲੰਦਾ ਯੂਨੀਵਰਸਿਟੀ ਆਦਿ ਇਤਿਹਾਸਕ ਤੇ ਧਾਰਮਿਕ ਥਾਵਾਂ, ਕਸਬਿਆਂ, ਯਾਦਗਾਰਾਂ ਬਾਰੇ ਜਾਣਕਾਰੀ ਭਰਪੂਰ ਲੇਖ ਦੇ ਕੇ ਮਹੱਤਵਪੂਰਨ ਕਾਰਜ ਕੀਤਾ ਹੈ। ਇਨ੍ਹਾਂ ਲੇਖਾਂ ਵਿਚ ਸਮਾਜਿਕ ਸਰੋਕਾਰਾਂ, ਆਦਰਸ਼ਕ ਜ਼ਿੰਦਗੀ, ਸੱਚੀਆਂ-ਸੁੱਚੀਆਂ ਕਦਰਾਂ- ਕੀਮਤਾਂ ਦੀ ਨਿਸ਼ਾਨਦੇਹੀ ਹੋਈ ਹੈ। ਸੰਖੇਪ ਵਿਚ ਬਾਸਰਕੇ ਨੇ ਆਪਣੀਆਂ ਯਾਦਾਂ ਦੇ ਕੌੜੇ-ਮਿੱਠੇ ਅਨੁਭਵਾਂ/ਤਜਰਬਿਆਂ ਨੂੰ ਪਾਠਕਾਂ ਨਾਲ ਸਾਂਝੇ ਕਰਕੇ ਸੁਚੱਜੀ ਜੀਵਨ-ਜਾਚ ਲਈ ਪ੍ਰੇਰਿਤ ਕੀਤਾ ਹੈ।
ਪੁਸਤਕ ਦੀ ਭੂਮਿਕਾ ਪ੍ਰਸਿੱਧ ਬਜ਼ੁਰਗ ਲੇਖਕ ਡਾ. ਧਰਮ ਸਿੰਘ ਨੇ ਲਿਖੀ ਹੈ, ਜਦਕਿ ਮੁਖਤਾਰ ਗਿੱਲ, ਇੰਦਰਜੀਤ ਸਿੰਘ ਬਾਸਰਕੇ, ਦੀਪ ਦੇਵਿੰਦਰ ਸਿੰਘ, ਮਲਵਿੰਦਰ, ਦਿਲਜੀਤ ਸਿੰਘ ਬੇਦੀ ਅਤੇ ਭੁਪਿੰਦਰ ਸਿੰਘ ਸੰਧੂ ਨੇ ਵੀ ਪੁਸਤਕ ਵਿਚ ਪ੍ਰਸਤੁਤ ਲੇਖਾਂ ਬਾਰੇ ਪ੍ਰਸੰਸਾਤਮਕ ਟਿੱਪਣੀਆਂ ਕੀਤੀਆਂ ਹਨ।

ਪ੍ਰੋ: ਨਵ ਸੰਗੀਤ ਸਿੰਘ
ਮੋ: 9417692015.

02-05-2021

ਕਵਿਤਾ ਅਕਵਿਤਾ
ਲੇਖਕ : ਸੁਰਿੰਦਰ ਮਕਸੂਦਪੁਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 099887-10234.


ਸੁਰਿੰਦਰ ਮਕਸੂਦਪੁਰੀ ਬਹੁਵਿਧਾਈ ਲੇਖਕ ਹੈ। ਪੰਜਾਬੀ ਕਾਵਿ-ਜਗਤ 'ਚ ਉਸ ਦੀ ਪਛਾਣ ਪ੍ਰਤੀਬੱਧ ਅਤੇ ਸੰਵੇਦਨਸ਼ੀਲ ਕਵੀ ਵਜੋਂ ਪੰਜਾਬੀ ਦੇ ਸਥਾਪਤ ਕਵੀਆਂ ਵਜੋਂ ਕੀਤੀ ਜਾਂਦੀ ਹੈ। 'ਕਵਿਤਾ ਅਕਵਿਤਾ' ਉਸ ਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਵੇਦਨਾ' (1984), 'ਹੂਕ' (1988) ਅਤੇ 'ਦੁਮੇਲ ਤੋਂ ਪਰੇ' (2009) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। 'ਸਚਿ ਕਾਲੁ ਕੂੜ ਵਰਤਿਆ' ਅਤੇ 'ਹਾਦਸਿਆਂ ਦਾ ਸਫ਼ਰ' ਮਿੰਨੀ ਕਹਾਣੀ-ਸੰਗ੍ਰਹਿ ਵੀ ਪ੍ਰਕਾਸ਼ਿਤ ਕਰਵਾਏ ਹਨ। ਹਥਲਾ ਕਾਵਿ-ਸੰਗ੍ਰਹਿ ਉਸ ਨੇ ਮਨੁੱਖ ਮੰਨੀਆਂ ਜਾਂਦੀਆਂ ਤਿੰਨ ਮਾਵਾਂ (ਮਾਂ-ਧਰਤੀ, ਮਾਂ-ਜਣਨੀ ਅਤੇ ਮਾਂ-ਬੋਲੀ ਪੰਜਾਬੀ) ਨੂੰ ਸਮਰਪਣ ਕੀਤਾ ਹੈ। ਇਸ ਸਮਰਪਣ ਭਾਵ ਉਸ ਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਾਵ ਲੁਪਤ ਹਨ। ਉਸ ਨੇ ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਕਵਿਤਾ ਅਕਵਿਤਾ' ਤੋਂ ਲੈ ਕੇ 'ਇਹ ਵੀ ਹਨ ਮਜ਼ਦੂਰ' 60 ਕਵਿਤਾਵਾਂ ਨੂੰ ਕਵਿਤਾ ਅਕਵਿਤਾ ਤੇ ਹੋਰ ਕਾਵਿ, ਰਿਸ਼ਤਿਆਂ ਦਾ ਕਾਵਿ, ਮੁਹੱਬਤੀ ਕਾਵਿ, ਪਰਵਾਸੀ ਕਾਵਿ ਅਤੇ ਕੋਰੋਨਾ ਕਾਲ-ਕਾਵਿ 'ਚ ਕਾਵਿ-ਪਾਠਕ ਦੀ ਸਹੂਲਤ ਲਈ ਵੰਡਿਆ ਹੈ ਤਾਂ ਜੋ ਪਾਠਕ ਮਾਨਵ ਦੀ ਅਜ਼ਲੀ ਵੇਦਨਾ, ਸੰਵੇਦਨਾ ਨੂੰ ਹਮਦਰਦੀ ਨਾਲ ਵਿਚਾਰ ਸਕੇ। ਕਵੀ 'ਤੇ ਸੂਫ਼ੀ ਅਤੇ ਗੁਰਮਤ-ਕਾਵਿ ਦਾ ਪ੍ਰਭਾਵ, ਇਨ੍ਹਾਂ ਕਵਿਤਾਵਾਂ 'ਚ ਮਹਿਸੂਸ ਕਰੇਗਾ ਕਿਉਂਕਿ ਭਾਰਤੀ ਵਰਣ-ਵਿਵਸਥਾ ਵਿਚ 'ਮਨੁੱਖ' ਕਿਧਰੇ ਗੁਆਚ ਗਿਆ ਹੈ। ਵਿਅਕਤੀ, ਪਰਿਵਾਰ, ਭਾਈਚਾਰਾ, ਰਿਸ਼ਤਿਆਂ, ਨਾਤਿਆਂ ਦੀ ਮਾਨਵੀ ਸੰਵੇਦਨਾ ਦੇ ਦਰਸ਼ਨ-ਦੀਦਾਰੇ ਰਸਮੀ ਰਿਸ਼ਤਿਆਂ ਦਾ ਜੰਗਲ, ਅਪਣੱਤ ਦਾ ਮੋਹ, ਰਿਸ਼ਤਿਆਂ ਦੀ ਫ਼ਸਲ, ਕਰੋ ਦੁਆ ਅਤੇ 'ਧੀ ਪੰਜਾਬ' ਆਦਿ ਕਵਿਤਾਵਾਂ 'ਚ ਕੀਤੇ ਜਾ ਸਕਦੇ ਹਨ। ਜੋ ਅਜੋਕੀ ਮਨੁੱਖੀ ਰਿਸ਼ਤਿਆਂ ਦੀ ਤ੍ਰਾਸਦੀ ਦਾ ਬਿਆਨ ਕਰਦੇ ਹਨ। 'ਸੁਣ ਸਖੀਏ' ਤੋਂ ਲੈ ਕੇ 'ਮੋਹ ਦੀਆਂ ਮੋਮਬੱਤੀਆਂ' ਤੱਕ ਦੀਆਂ ਕਵਿਤਾਵਾਂ ਵਿਚ ਦੁਨਿਆਵੀ ਆਤਮਿਕ ਮੁਹੱਬਤ ਦੇ ਰੰਗਾਂ ਦਾ ਮਿਸ਼ਰਣ ਹੈ। 'ਪਰਵਾਸੀ ਹੋਣ 'ਤੈ' ਤੋਂ ਲੈ ਕੇ 'ਟੁਕੜੇ ਟੁਕੜੇ ਸੁਪਨਾ' ਤੱਕ ਦੀਆਂ 12 ਕਵਿਤਾਵਾਂ ਪਰਦੇਸੀਂ ਰੁਲਦੇ ਧੀਆਂ-ਪੁੱਤਰਾਂ ਦੀ ਮਨੋਦਸ਼ਾ ਦਾ ਮਾਰਮਿਕ ਦ੍ਰਿਸ਼ ਪੇਸ਼ ਕਰਦੀਆਂ ਹਨ ਕਿ ਅਜੋਕੀ ਵਿਵਸਥਾ ਕਿਵੇਂ ਅਣਚਾਹੇ ਰੂਪ 'ਚ ਪੰਜਾਬੀ ਜੁਆਨੀ ਨੂੰ ਜਬਰੀ ਪਰਵਾਸ ਵੱਲ ਧੱਕ ਰਹੀ ਹੈ। ਕਵਿਤਾ 'ਪੰਜਾਬੀ ਮੁੰਡੇ' ਦੀਆਂ ਇਹ ਸਤਰਾਂ ਵਿਚਾਰਨ ਯੋਗ ਹਨ:
ਰੁਲ ਗਏ ਪੰਜਾਬੀ ਮੁੰਡੇ
ਪਰਦੇਸੀਂ ਪਰਵਾਸ ਹੰਢਾਉਂਦੇ
ਦਿਨ ਰਾਤ ਕਮਾਈਆਂ ਕਰਦੇ
ਢਲ ਗਈ ਜਵਾਨੀ ਠਾਠਾਂ ਮਾਰਦੀ।
ਕੋਰੋਨਾ ਕਾਲ-ਕਾਵਿ ਅਧੀਨ ਰਚੀਆਂ ਕਵਿਤਾਵਾਂ 'ਕੋਰੋਨਾ ਕਹਿਰ ਅਤੇ ਕਵਿਤਾ', 'ਕੋਰੋਨਾ ਰੱਬ ਅਤੇ ਬੰਦਾ', 'ਅਸੀਂ ਪਰਵਾਸੀ ਨਹੀਂ ਹਾਂ', 'ਇਹ ਵੀ ਹਨ ਮਜ਼ਦੂਰ' ਚਾਰ ਕਵਿਤਾਵਾਂ ਸੰਕੇਤ ਕਰਦੀਆਂ ਹਨ ਜਿਥੇ ਇਹ ਕੁਦਰਤੀ ਵਰਤਾਰਾ ਹੈ, ਉਥੇ ਹਵਸੀ ਮਨੁੱਖ ਦੀ ਪਦਾਰਥਕ ਵਸਤਾਂ ਦੀ ਵਧੇਰੀ ਚਾਹਤ ਦਾ ਵੀ ਗ਼ੈਰ-ਕੁਦਰਤੀ ਵਰਤਾਰਾ ਹੈ। 'ਕਵਿਤਾ ਅਕਵਿਤਾ' ਕਵਿਤਾ ਇਹ ਸੰਕੇਤ ਕਰਦੀ ਹੈ ਕਿ ਮਨੁੱਖੀ ਭਾਵਾਂ ਤੋਂ ਸੱਖਣੀ ਅਤੇ ਮਨੁੱਖੀ ਹਮਦਰਦੀ ਦੀ ਸੰਵੇਦਨਾ ਤੋਂ ਰਹਿਤ ਕਵਿਤਾ ਹੋ ਹੀ ਨਹੀਂ ਸਕਦੀ। ਇਸ ਕਾਵਿ-ਸੰਗ੍ਰਹਿ ਨੂੰ ਸਮਝਣ ਲਈ ਡਾ. ਯੋਗ ਰਾਜ, ਡਾ. ਸਰਬਜੀਤ ਸਿੰਘ, ਡਾ. ਮੋਹਨ ਸਿੰਘ ਤਿਆਗੀ ਦੇ ਲੇਖ ਅਤੇ ਕਵੀ ਦਾ ਸਵੈ-ਕਥਨ ਮਦਦਗਾਰ ਸਾਬਤ ਹੋ ਸਕਦੇ ਹਨ। ਛੇਤੀ ਹੀ ਕਵੀ ਦੀ ਚੋਣਵੀਂ ਕਵਿਤਾ ਦੇ ਕਾਵਿ-ਸੰਗ੍ਰਹਿ ਦੀ ਤਵੱਕੋਂ ਕੀਤੀ ਜਾ ਸਕਦੀ ਹੈ। ਸਮਕਾਲੀ ਕਵਿਤਾ 'ਚ ਇਹ ਕਵਿਤਾ ਅਵੱਸ਼ ਹੀ ਆਪਣਾ ਨਿਵੇਕਲਾ ਪ੍ਰਭਾਵ ਸਿਰਜੇਗੀ। ਆਮੀਨ!


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.


ਪੰਜਾਬੀ ਸਾਹਿਤ ਸੰਵਾਦ ਅਤੀਤ ਤੇ ਵਰਤਮਾਨ
ਲੇਖਕ : ਡਾ. ਸਰਦੂਲ ਸਿੰਘ ਔਜਲਾ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98141-68611.


ਹਥਲੀ ਪੁਸਤਕ ਵਿਚ ਸੂਝਵਾਨ ਆਲੋਚਕ ਦੁਆਰਾ ਭਗਤੀ ਕਾਵਿ, ਗੁਰਮਤਿ ਕਾਵਿ, ਆਧੁਨਿਕ ਪੰਜਾਬੀ ਸਾਹਿਤ, ਚਾਹੇ ਇਹ ਪੰਜਾਬ 'ਚ ਰਚਿਆ ਜਾ ਰਿਹਾ ਹੈ ਜਾਂ ਵਿਦੇਸ਼ਾਂ ਵਿਚ, ਦਾ ਨੇੜਿਉਂ ਅਧਿਐਨ ਗਿਆਰਾਂ ਅਧਿਆਇ ਬਣਾ ਕੇ ਪਾਠਕਾਂ ਦੇ ਸਨਮੁਖ ਕੀਤਾ ਹੈ। ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਉਮੜਦੀਆਂ ਸਦਾਚਾਰਕ ਕਦਰਾਂ-ਕੀਮਤਾਂ, ਜਿਨ੍ਹਾਂ ਦਾ ਸਬੰਧ ਵਿਅਕਤੀਗਤ, ਸਮਾਜਿਕ, ਧਾਰਮਿਕ ਅਤੇ ਦਾਰਸ਼ਨਿਕਤਾ ਦੇ ਪੱਧਰ ਤੱਕ ਵਿਸ਼ਵ ਵਿਚ ਫੈਲਿਆ ਹੋਇਆ ਹੈ, ਇਸ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਸੰਕਲਪਾਂ ਦੀ ਅੰਤਰੀਵੀ ਭਾਵਨਾ ਜੁਗਤ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ। ਇਸ ਤੋਂ ਅੱਗੇ ਸਮਾਜਿਕ, ਧਾਰਮਿਕ ਅਤੇ ਰਾਜਸੀ ਖੇਤਰ ਵਿਚ ਸਥਾਪਿਤ ਗ਼ਲਤ ਮੁੱਲਾਂ ਨੂੰ ਨਕਾਰ ਦੇਣ ਵਾਲੇ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਉਨ੍ਹਾਂ ਦੇ ਮੂਲ ਵਿਸ਼ਵ ਵਿਆਪੀ ਸੰਦੇਸ਼ ਨੂੰ ਪ੍ਰੇਮਾ ਭਗਤੀ ਅਤੇ ਮਾਨਵਵਾਦੀ ਦ੍ਰਿਸ਼ਟੀ ਦੇ ਸਰੂਪ ਨੂੰ ਬਾ-ਦਲੀਲ ਵਿਅਕਤ ਕੀਤਾ ਗਿਆ ਹੈ। ਇਸ ਉਪਰੰਤ ਆਧੁਨਿਕ ਪੰਜਾਬੀ ਗੀਤਕਾਰ ਨੰਦ ਲਾਲ ਨੂਰਪੁਰੀ ਦੀਆਂ ਰਚਨਾਵਾਂ ਵਿਚੋਂ ਉੱਘੜਦੇ ਸਿੱਖ ਇਤਿਹਾਸ ਦੇ ਕੁਰਬਾਨੀਆਂ ਭਰੇ ਮਹੱਤਵਪੂਰਨ ਪ੍ਰਸੰਗਾਂ ਨੂੰ ਪਛਾਣਿਆ ਗਿਆ ਹੈ। ਇਸ ਤੋਂ ਅੱਗੇ ਕਹਾਣੀਕਾਰ ਵਰਿਆਮ ਸੰਧੂ ਦੀ ਕਿਸਾਨੀ ਅਤੇ ਸਮੁੱਚੀ ਪੰਜਾਬੀ ਮੱਧ ਵਰਗੀ ਪਰਿਵਾਰਾਂ ਦੀ ਦਾਸਤਾਨ ਦਾ ਉਲੇਖ ਸੰਧੂ ਰਚਿਤ ਕਹਾਣੀ ਸੰਗ੍ਰਹਿ 'ਚੌਥੀ ਕੂਟ' ਨੂੰ ਆਧਾਰ ਬਣਾ ਕੇ ਨਿਕਟ ਵਿਸ਼ਲੇਸ਼ਣ ਕੀਤਾ ਹੈ। ਪ੍ਰਵਾਸ ਵਿਚ ਰਚੀ ਗਈ ਅਤੇ ਅੱਜ ਦੇ ਸਮੇਂ ਵਿਚ ਰਚੀ ਜਾ ਰਹੀ ਕਹਾਣੀ ਵਿਚੋਂ ਉੱਭਰਦੇ ਜਨਜੀਵਨ ਦੀ ਝਲਕ ਵਿਸ਼ਵੀਕਰਨ ਦੇ ਸੰਦਰਭ ਵਿਚ ਸਮਝ ਕੇ ਇਸ ਦਾ ਮੁਲਾਂਕਣ ਕੀਤਾ ਗਿਆ ਹੈ। ਡਾ. ਔਜਲਾ ਨੂੰ ਕੈਨੇਡਾ ਵਿਚ ਸਿਰਜੀ ਜਾ ਰਹੀ ਕਵਿਤਾ ਦੀਆਂ ਪ੍ਰਵਿਰਤੀਆਂ ਜਾਂ ਬਦਲਦੇ ਝੁਕਾਵਾਂ ਦੀ ਵੀ ਡੂੰਘੀ ਸੂਝ ਹੈ। ਇਸ ਪ੍ਰਸੰਗਤਾ ਵਿਚ ਉਸ ਨੇ ਸੁਖਿੰਦਰ ਰਚਿਤ 'ਕੁੱਤਿਆਂ ਬਾਰੇ ਕਵਿਤਾਵਾਂ' ਦਾ ਅਧਿਐਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਮਨੁੱਖ ਨਿੱਜੀ ਹਿਤਾਂ ਅਤੇ ਸੁਆਦਾਂ ਲਈ ਜਾਨਵਰਾਂ ਤੋਂ ਵੀ ਹੇਠਾਂ ਡਿਗ ਚੁੱਕਾ ਹੈ। ਇਸੇ ਤਰ੍ਹਾਂ ਪੁਸਤਕ ਦਾ ਅਗਲਾ ਕਾਂਡ ਕੈਨੇਡਾ ਵਿਚ ਰਚੀ ਗਈ ਸਮੁੱਚੀ ਕਵਿਤਾ ਦਾ ਹਵਾਲਿਆਂ ਸਹਿਤ ਨਿਕਟ ਅਧਿਐਨ ਪੇਸ਼ ਕਰਦਾ ਹੋਇਆ ਬਹੁਪੱਖੀ ਜਾਣਕਾਰੀ ਪ੍ਰਦਾਨ ਕਰਦਾ ਹੈ। ਉੱਤਰ-ਆਧੁਨਿਕਤਾ ਦੇ ਕਾਲ ਵਿਚ ਕੈਨੇਡਾ ਵਿਚ ਹੁਣ ਰਚੀ ਜਾ ਰਹੀ ਕਵਿਤਾ ਦੇ ਨਵੇਂ ਸੰਦਰਭਾਂ ਨੂੰ ਵੀ ਪਛਾਣਿਆ ਗਿਆ ਹੈ।


-ਡਾ. ਜਗੀਰ ਸਿੰਘ ਨੂਰ
ਮੋ: 98142-09732


ਜੋ ਤਿਸ ਭਾਵੇ
ਨਾਵਲਕਾਰ : ਬਲਵਿੰਦਰ ਗਰੇਵਾਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 80546 -10060.


ਇਸ ਨਾਵਲ ਦੀ ਮੁੱਖ ਪਾਤਰ ਰਤਨਾ ਪਹਿਲਾਂ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਘਰ ਪਰਿਵਾਰ ਨੂੰ ਚਲਾਉਣ ਲਈ ਪੂਰਾ ਸਾਥ ਦਿੰਦੀ ਹੈ। ਪਤੀ ਦੀ ਮੌਤ ਤੋਂ ਬੜੀ ਹੀ ਸੂਝ-ਬੂਝ ਤੇ ਬੁਲੰਦ ਹੌਸਲੇ ਨਾਲ ਮੁਸੀਬਤਾਂ ਝੱਲਦੀ ਹੈ, ਉਨਾਂ ਨਾਲ ਲੋਹਾ ਲੈਂਦੀ ਹੈ ਤੇ ਆਪਣੇ ਘਰ ਪਰਿਵਾਰ ਦੀ ਕਿਸੇ ਪੱਖੋਂ ਵੀ ਪਿੱਠ ਨਹੀਂ ਲੱਗਣ ਦਿੰਦੀ ਅਤੇ ਅੰਤਲੇ ਪੜਾਅ (ਬੁਢੇਪੇ) ਵਿਚ ਆਪਣੇ ਬਾਗ਼ ਪਰਿਵਾਰ ਨੂੰ ਬੜੀ ਸ਼ਿੱਦਤ ਨਾਲ ਮਾਣਦੀ ਹੈ। ਨਾਵਲਕਾਰ ਨੇ ਲੋਹੜੀ ਦੇ ਦਿਨ ਦੇ ਪਹੁ ਫੁਟਾਲੇ ਤੋਂ ਰਾਤ ਬਾਲਿਆ ਭੁੱਗਾ ਸੇਕਦਿਆਂ/ਖ਼ੁਸ਼ੀ ਦੇ ਗੀਤ ਗਾਉਂਦਿਆਂ ਰਜਾਈਆਂ ਵਿਚ ਲੰਮੇ ਪੈਣ ਤੱਕ ਭਾਵ ਕਿ ਇਕ ਦਿਨ ਵਿਚ ਕਈ ਪੀੜ੍ਹੀਆਂ ਦੀ ਜੀਵਨ ਕਹਾਣੀ ਨੂੰ ਸਮੇਟਿਆ ਹੋਇਆ ਹੈ। ਰਤਨਾ ਦੇ ਚੇਤਿਆਂ ਵਿਚ ਵਸੀਆਂ ਜੀਵਨ ਦੀਆਂ ਯਾਦਾਂ ਹੀ ਨਾਵਲ ਵਿਧਾ ਦੀਆਂ ਕੜੀਆਂ ਨੂੰ ਜੋੜੀ ਰੱਖਦੀਆਂ ਹਨ। ਸੰਨ ਸੰਤਾਲੀ ਦੇ ਦੁਖਾਂਤ ਦੀ ਅੱਖੀਂ ਡਿੱਠੀ ਤ੍ਰਾਸਦੀ ਦਾ ਬਿਰਤਾਂਤ ਵੀ ਪੜ੍ਹਨ ਨੂੰ ਮਿਲਦਾ ਹੈ ਕਿ ਫ਼ਿਰਕੂ ਦੰਗਿਆਂ ਦੀ ਚੱਕੀ ਵਿਚ ਜ਼ਿਆਦਾ ਕਰਕੇ ਆਮ ਲੋਕਾਈ ਹੀ ਪਿਸਦੀ ਹੈ। ਰਤਨਾ ਨੇ ਜਿਥੇ ਆਪਣੇ ਘਰ ਪਰਿਵਾਰ ਵਿਚ ਇਤਫ਼ਾਕ ਬਣਾ ਕੇ ਰੱਖਿਆ ਹੋਇਆ, ਉਥੇ ਆਪਣੇ ਖ਼ਾਨਦਾਨ ਦੇ ਨਵੇਂ ਪੋਚ ਨੂੰ ਰੌਚਕ ਬਾਤਾਂ ਵੀ ਸੁਣਾ ਕੇ ਮਨੋਰੰਜਨ ਕਰਦੀ ਹੈ, ਜਿਸ ਕਰਕੇ ਸਭ ਬੱਚੇ ਉਸ ਦੁਆਲੇ ਝੁਰਮਟ ਪਾ ਕੇ ਬੈਠਣ ਲਈ ਹਮੇਸ਼ਾ ਤਰਲੋਮੱਛੀ ਹੋਏ ਰਹਿੰਦੇ ਹਨ। ਜਿਸ ਨਾਲ ਬੁਢੇਪੇ ਤੇ ਬਚਪਨ ਵਿਚਕਾਰ ਇਕ ਨਿਵੇਕਲੀ ਸਾਂਝ ਉਸਰਦੀ ਹੈ। ਬਾਗ਼ ਪਰਿਵਾਰ ਦੇ ਖੇੜੇ ਨਾਲ ਉਸਰੀ ਇਹ ਸਾਂਝ ਬਜ਼ੁਰਗਾਂ ਨੂੰ ਬੁਢੇਪਾ ਭੁਲਾਈ ਰੱਖਦੀ ਹੈ। ਸੋ, ਲੇਖਕ ਨੇ ਇਸ ਨਾਵਲ ਰਾਹੀਂ ਸਮਾਜ ਨੂੰ ਇਕ ਤਕੜਾ ਸਾਰਥਕ ਸੰਦੇਸ਼ ਦਿੱਤਾ ਹੈ ਕਿ ਔਲਾਦ ਵਲੋਂ ਬਜ਼ੁਰਗਾਂ ਨਾਲ ਸਾਂਝ ਬਰਕਾਰ ਰੱਖਣਾ ਹੀ ਉਨ੍ਹਾਂ ਦਾ ਅਸਲ ਸਤਿਕਾਰ ਹੈ। ਇਸ ਤੋਂ ਇਲਾਵਾ ਇਸ ਨਾਵਲ ਵਿਚ 'ਲੋਹੜੀ ਬਈ ਲੋਹੜੀ, ਬਾਬੂ ਚੜ੍ਹਿਆ ਘੋੜੀ' ਰਾਹੀਂ 'ਬਾਬੂ' ਨਾਂਅ ਦਾ ਇਕ ਤ੍ਰਾਸਦਿਕ ਪਾਤਰ ਵੀ ਰੂਪਮਾਨ ਹੁੰਦਾ ਹੈ। ਜਿਸ ਦਾ ਕੋਈ ਵੀ ਆਪਣਾ ਅੱਗੇ-ਪਿੱਛੇ ਨਹੀਂ ਹੁੰਦਾ ਤੇ ਉਹ ਲੋਕਾਂ ਦੀਆਂ ਵਗਾਰਾਂ ਕਰਕੇ ਹੀ ਜੀਵਨ ਗੁਜ਼ਾਰ ਦਿੰਦਾ ਹੈ ਤੇ ਇਹ ਸਾਰੀ ਉਮਰ ਬੱਚਿਆਂ ਦੇ ਹਾਸੇ-ਮਜ਼ਾਕਾਂ ਦਾ ਸ਼ਿਕਾਰ ਹੀ ਬਣਿਆ ਰਹਿੰਦਾ ਹੈ। ਪਰ ਅਸਲ ਵਿਚ ਅਜਿਹੇ ਲੋਕ ਵੀ ਜਿਊਂਦੇ ਜੀਅ ਸਨਮਾਨਯੋਗ ਜੀਵਨ ਦੇ ਹੱਕਦਾਰ ਹੁੰਦੇ ਹਨ। ਜੀਵਨ ਦੇ ਸਾਰਥਕ ਸ਼ੰਦੇਸ ਦੇਣ ਵਾਲੇ ਨਾਵਲ 'ਜੋ ਤਿਸ ਭਾਵੇ' ਦੀ ਪੰਜਾਬੀ ਸਾਹਿਤ ਜਗਤ ਵਿਚ ਆਮਦ ਦਾ ਸਵਾਗਤ ਹੈ।


-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858


ਡਿਉਢਾਂ ਜਗਦੀਪ ਕੀਆਂ
ਲੇਖਿਕਾ : ਡਾ. ਜਗਦੀਪ ਕੌਰ ਆਹੂਜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 82277-53575.


ਸ਼ਾਇਰਾ ਡਾ. ਜਗਦੀਪ ਕੌਰ ਆਹੂਜਾ ਹਥਲੀ ਕਾਵਿ ਕਿਤਾਬ 'ਡਿਉਢਾਂ ਜਗਦੀਪ ਕੀਆਂ' ਤੋਂ ਪਹਿਲਾਂ ਦੋ ਕਾਵਿ-ਸੰਗ੍ਰਹਿ, ਤਿੰਨ ਗ਼ਜ਼ਲ ਸੰਗ੍ਰਹਿ ਅਤੇ ਤਿੰਨ ਖੋਜ ਪੁਸਤਕਾਂ ਪੰਜਾਬੀ ਅਦਬ ਦੇ ਰੂਬਰੂ ਕਰਾ ਚੁੱਕੀ ਹੈ। ਕਾਵਿ ਸਿਨਫ਼ ਡਿਉਢਾਂ ਬਾਬਾ ਫ਼ਰੀਦ, ਜੋਗੀਆਂ, ਨਾਥਾਂ, ਭਾਈ ਗੁਰਦਾਸ ਅਤੇ ਗੁਰਮਤਿ ਕਾਵਿ ਵਿਚ ਇਸ ਸਿਨਫ਼ ਦੇ ਝਲਕਾਰੇ ਮਿਲਦੇ ਹਨ। ਇਸ ਸਿਰਜਕ ਦੀਆਂ ਡਿਉਢਾਂ ਦੀ ਰਵਾਨਗੀ ਪਹਾੜੀ ਨਦੀ ਵਰਗੀ ਹੈ ਅਤੇ ਨਿਰੰਤਰ ਵਹਾਅ ਕਾਰਨ ਕਿਤੇ ਅਟਕਣ ਨਹੀਂ ਬਣਦੀ। ਸ਼ਾਇਰਾ ਨੇ ਵਿਭਿੰਨ ਵਰਤਾਰਿਆਂ 'ਤੇ ਕਲਮ ਅਜ਼ਮਾਈ ਕੀਤੀ ਹੈ। ਉਸ ਦੀ ਪਹਿਲੀ ਹੀ ਨਜ਼ਮ 'ਆਪਾ ਪਰਖ' ਵਿਚ ਖ਼ੂਬਸੂਰਤ ਕਾਵਿਕ ਚਿੰਤਨ ਹੈ। ਵੱਖ-ਵੱਖ ਦੇਸ਼ਾਂ ਦੇ ਨਾਂਅ ਜਿਵੇਂ ਕਿ ਪਾਕਿਸਤਾਨ, ਕਜ਼ਾਕਿਸਤਾਨ ਅਤੇ ਦਾਗਿਸਤਾਨ ਹਨ, ਇਸੇ ਤਰ੍ਹਾਂ ਜੇ ਸਾਰੀ ਧਰਤੀ ਨੂੰ ਇਨਸਾਨਿਸਤਾਨ ਦਾ ਨਾਂਅ ਦਿੱਤਾ ਜਾਵੇ ਤਾਂ ਦੁਨੀਆ ਆਪਣੀਆਂ ਹੱਦਾਂ ਸਰਹੱਦਾਂ ਨੂੰ ਫੈਲਾਉਣ ਲਈ ਖ਼ੂਨੀ ਜੰਗਾਂ ਤੋਂ ਵਿੱਥ ਸਿਰਜ ਲਏਗੀ। ਉਰਦੂ ਦਾ ਇਹ ਸ਼ਿਅਰ ਸ਼ਾਇਰਾ ਦੇ ਇਸ ਕਥਨ ਨੂੰ ਤਸਦੀਕ ਕਰਦਾ ਹੈ, 'ਬਹੁਤ ਮੁਸ਼ਕਿਲ ਹੈ ਆਦਮੀ ਸੇ ਇਨਸਾਨ ਹੋਨਾ, ਮਗਰ ਇਸਮੇਂ ਲਗਤੀ ਹੈ ਮਿਹਨਤ ਜ਼ਿਆਦਾ।' ਉਹ ਥਾਂ-ਥਾਂ ਤਰੰਗਤ ਲੋਕਧਾਰਾਈ ਕਥਾਵਾਂ ਦੇ ਨਾਇਕਾਂ ਜਿਵੇਂ ਕਿ ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ ਅਤੇ ਸ਼ੀਰੀ-ਫ਼ਰਿਹਾਦ ਆਦਿ ਦਾ ਜ਼ਿਕਰ ਕਰ ਕੇ ਮੁਹੱਬਤ ਦੀ ਸੁੱਚਮਤਾ ਬਣਾਈ ਰੱਖਣ 'ਤੇ ਜ਼ੋਰ ਦਿੰਦੀ ਹੈ। ਮਾਤਾ ਪਿਤਾ ਦੀ ਹੱਡ ਭੰਨਵੀਂ ਕਮਾਈ ਨਾਲ ਖ਼ਰੀਦੀਆਂ ਜ਼ਮੀਨਾਂ ਨੂੰ ਗਹਿਣੇ ਰੱਖ ਕੇ ਜਦੋਂ ਅੱਜ ਦੀ ਪੀੜ੍ਹੀ ਆਪੇ ਸਹੇੜੇ ਪਰਵਾਸ ਵੱਲ ਰੁਖ਼ ਕਰਦੀ ਹੈ ਤਾਂ ਉਸ ਨੂੰ ਡਾਢਾ ਦੁੱਖ ਪਹੁੰਚਦਾ ਹੈ। ਇਸ ਵਰਤਾਰੇ ਨੂੰ ਠੱਲ੍ਹਣ ਲਈ ਉਹ ਅਗਾਊਂ ਜਾਗਰੂਕ ਵੀ ਕਰਦੀ ਹੈ ਤੇ ਓਪਰੀ ਧਰਤੀ 'ਤੇ ਜੜ੍ਹਾਂ ਪੱਕੀਆਂ ਕਰਨ ਲਈ ਆਪਣੇ ਵਿਰਸੇ ਵੱਲ ਪਿੱਠ ਕਰਨ ਨੂੰ ਉਹ ਗ਼ਦਾਰੀ ਦਾ ਨਾਂਅ ਦਿੰਦੀ ਹੈ। ਉਹ ਭੇਖੀ ਸਾਧੂਆਂ ਦੇ ਬਖ਼ੀਏ ਤਾਂ ਉਧੇੜਦੀ ਹੀ ਹੈ ਤੇ ਨਾਲ ਹੀ ਸਮਾਰਟ ਫੋਨ ਨਾਲ ਚਿਪਕ ਕੇ ਬੈਠੀ ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਵੀ ਫ਼ਿਕਰਮੰਦੀ ਕਰਦੀ ਹੈ। ਉਹ ਉਨ੍ਹਾਂ ਮਾਪਿਆਂ ਨੂੰ ਲਾਹਨਤਾਂ ਪਾਉਂਦੀ ਹੈ ਜੋ ਧੀ ਜੰਮਣ 'ਤੇ ਅਫ਼ਸੋਸੇ ਜਾਂਦੇ ਹਨ ਪਰ ਪੁੱਤਰ ਜੰਮਣ 'ਤੇ ਖ਼ੁਸ਼ੀਆਂ ਮਨਾਉਂਦੇ ਹਨ। ਸ਼ਾਇਰਾ ਦੇ ਇਸ ਕਾਵਿ ਸਿਨਫ਼ ਰਾਹੀਂ ਕਾਵਿ ਧਰਮ ਨਿਭਾਉਣ 'ਤੇ ਇਸ ਕਿਰਤ ਨੂੰ ਜੀ ਆਇਆਂ ਕਹਿਣਾ ਤਾਂ ਬਣਦਾ ਹੀ ਹੈ।


-ਭਗਵਾਨ ਢਿੱਲੋਂ
ਮੋ: 98143-78254.


ਨੈਣੀਂ ਝੀਲ

ਲੇਖਕ : ਸੰਤ ਸਿੰਘ ਸੋਹਲ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 104
ਸੰਪਰਕ : 93166-25738


ਅਜੋਕੇ ਪਦਾਰਥਵਾਦੀ ਦੌਰ ਵਿਚ ਵਿਸ਼ਵ ਮੰਡੀ ਦੇ ਪਾਸਾਰ ਨੇ ਪੂਰੇ ਸੰਸਾਰ ਨੂੰ ਇਕ ਪਿੰਡ ਦੇ ਰੂਪ ਵਿਚ ਬਦਲ ਕੇ ਰੱਖ ਦਿੱਤਾ ਹੈ। ਇਸ ਮਾਨਸਿਕਤਾ ਨੇ ਮਨੁੱਖ ਨੂੰ ਸਿਰਫ਼ ਰਿਸ਼ਤਿਆਂ-ਨਾਤਿਆਂ ਤੋਂ ਹੀ ਸੱਖਣਾ ਨਹੀਂ ਕੀਤਾ ਬਲਕਿ ਆਪਣੇ ਆਪ ਤੋਂ ਵੀ ਅਲੱਗ-ਥਲੱਗ ਕਰ ਦਿੱਤਾ ਹੈ। ਵਸਤੂਆਂ ਦੀ ਦੌੜ ਵਿਚ ਵਸਤੂ ਬਣਿਆ ਮਨੁੱਖ ਸਾਡੇ ਸਮਿਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ, ਜਿਸ ਵੱਲ ਉੱਘੇ ਗ਼ਜ਼ਲਕਾਰ ਸੰਤ ਸਿੰਘ ਸੋਹਲ ਆਪਣੇ ਗ਼ਜ਼ਲ-ਸੰਗ੍ਰਹਿ 'ਨੈਣੀਂ ਝੀਲ' ਦੇ ਇਕ ਸ਼ਿਅਰ ਵਿਚ ਇਸ਼ਾਰਾ ਕਰਦੇ ਹਨ-
ਇਹ ਉਹ ਸੌਦਾ ਨਹੀਂ ਜਿਹੜਾ ਬਾਜ਼ਾਰੀਂ ਆਮ ਵਿਕਦਾ ਹੈ।
ਜਿੱਥੇ ਹਰ ਸ਼ੈਅ ਵਿਕਾਊ ਹੈ ਅਸਾਂ ਦਾ ਨਾਮ ਵਿਕਦਾ ਹੈ।
ਸੰਤ ਸਿੰਘ ਸੋਹਲ ਦਾ ਮੰਨਣਾ ਹੈ ਕਿ ਮਨੁੱਖ ਏਨਾ ਗੁੰਝਲਦਾਰ ਹੋ ਚੁੱਕਿਆ ਹੈ ਕਿ ਉਸ ਨੂੰ ਸਮਝਣਾ ਬੇਹੱਦ ਮੁਸ਼ਕਿਲ ਹੈ। ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਹ ਪਤਾ ਲਗਾਉਣਾ ਅਸੰਭਵ ਹੈ ਕਿ ਸਾਹਮਣੇ ਬੈਠੇ ਵਿਅਕਤੀ ਦੇ ਮਨ ਵਿਚ ਕੀ ਚੱਲ ਰਿਹਾ ਹੈ। ਬਨਾਉਟੀ ਹਾਸੇ, ਬਨਾਉਟੀ ਰੋਣੇ, ਬਨਾਉਟੀ ਹਮਦਰਦੀ, ਬਨਾਉਟੀ ਵਿਰੋਧ, ਜਿਵੇਂ ਮਨੁੱਖ ਦੇ ਸੁਭਾਅ ਦਾ ਅੰਗ ਬਣ ਚੁੱਕੇ ਹਨ। ਅਜਿਹੇ ਸਰਬਵਿਆਪਕ ਵਰਤਾਰੇ ਅੱਗੇ ਇਕ ਸਾਧਾਰਨ ਆਦਮੀ ਬੜਾ ਲਾਚਾਰ ਨਜ਼ਰ ਆਉਂਦਾ ਹੈ-
ਮਖੌਟੇ ਚਿਹਰਿਆਂ ਉੱਤੇ ਲਗਾਈ ਫਿਰ ਰਹੇ ਦੇਖੋ,
ਸੁਰਖ਼ਰੂ ਜਾਪਦੇ ਜਿਹੜੇ ਡੁੱਬੇ ਵਿਚ ਕਰਜ਼ ਨੇ ਲੋਕੀਂ।
ਇਸ ਤੋਂ ਪਹਿਲਾਂ ਸੰਤ ਸਿੰਘ ਸੋਹਲ ਦੀ ਕਲਮ ਤੋਂ ਚਾਰ ਗੀਤ ਸੰਗ੍ਰਹਿ, ਇਕ ਕਾਵਿ-ਸੰਗ੍ਰਹਿ ਅਤੇ ਇਕ ਬਾਲ ਗੀਤ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਜਿੱਥੇ ਉਨ੍ਹਾਂ ਨੇ ਤਕਨੀਕੀ ਪੱਖੋਂ ਵਜ਼ਨ-ਬਹਿਰ ਦੀਆਂ ਬੰਦਸ਼ਾਂ ਨੂੰ ਬੜੀ ਸਿਦਕਦਿਲੀ ਨਾਲ ਨਿਭਾਇਆ ਹੈ, ਉੱਥੇ ਵਿਚਾਰ ਪੱਖੋਂ ਵੀ ਆਪਣੇ ਵਿਸ਼ਾਲ ਅਨੁਭਵ ਦਾ ਪ੍ਰਗਟਾਵਾ ਕੀਤਾ ਹੈ। ਬੋਝਲ ਸ਼ਬਦਾਂ ਦੀ ਬਜਾਏ, ਉਹ ਸੁਤੇ ਸਿੱਧ ਆਏ ਖ਼ਿਆਲਾਂ ਨੂੰ ਬਿਲਕੁੱਲ ਹੀ ਸੱਜਰੇ ਬਿੰਬਾਂ ਅਤੇ ਪ੍ਰਤੀਕਾਂ ਨਾਲ ਸ਼ਿੰਗਾਰਦੇ ਹਨ, ਜਿਸ ਨੂੰ ਪੰਜਾਬੀ ਗ਼ਜ਼ਲ ਦਾ ਹਾਸਲ ਵੀ ਕਿਹਾ ਸਕਦਾ ਹੈ।


-ਕਰਮ ਸਿੰਘ ਜ਼ਖ਼ਮੀ
ਮੋ: 98146-28027


ਸੁੰਗੜਦੇ ਰਿਸ਼ਤੇ

ਲੇਖਕ : ਇੰਦਰਜੀਤ ਸਿੰਘ ਢਿੱਲੋਂ
ਪ੍ਰਕਾਸ਼ਕ : ਸਮਰਾਟ ਪਬਲੀਕੇਸ਼ਨਜ਼, ਮੋਗਾ
ਮੁੱਲ : 150 ਰੁਪਏ, ਸਫ਼ੇ : 184
ਸੰਪਰਕ : 89686-00674.


ਨਾਵਲ 'ਸੁੰਗੜਦੇ ਰਿਸ਼ਤੇ' ਦੇ 25 ਦ੍ਰਿਸ਼ ਹਨ ਜਿਨ੍ਹਾਂ ਵਿਚ ਵੱਖ-ਵੱਖ ਦ੍ਰਿਸ਼ਾਂ ਨੂੰ ਬੜੇ ਹੀ ਕਲਾਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਲੇਖਕ ਸਮਾਜਿਕ ਤਾਣੇ-ਬਾਣੇ ਅਤੇ ਰਿਸ਼ਤਿਆਂ ਪ੍ਰਤੀ ਕਾਫੀ ਜਾਗਰੂਕ ਹੈ ਅਤੇ ਇਨ੍ਹਾਂ ਦੀਆਂ ਸਮੁੱਚੀਆਂ ਰਚਨਾਵਾਂ ਵਿਚ ਇਹ ਝਲਕ ਸਾਫ਼ ਦਿਖਾਈ ਦਿੰਦੀ ਹੈ। ਲੇਖਕ ਅੱਜ ਦੇ ਸਮੇਂ ਵਿਚ ਜਿਸ ਤਰ੍ਹਾਂ ਸਾਰੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਵਿਚ ਬਦਲਾਅ ਆ ਰਿਹਾ ਹੈ ਅਤੇ ਕਿਸ ਤਰ੍ਹਾਂ ਸਾਡਾ ਲਹੂ ਸਫੈਦ ਹੋ ਰਿਹਾ ਹੈ, ਉਸ ਪ੍ਰਤੀ ਫ਼ਿਕਰਮੰਦ ਹੁੰਦਾ ਹੋਇਆ ਆਪਣੇ ਦਿਲ ਦੀ ਅੰਦਰਲੀ ਕੂਕ ਨੂੰ ਆਮ ਸ਼ਬਦਾਵਲੀ ਰਾਹੀਂ ਪਾਠਕਾਂ ਤੱਕ ਅੱਪੜਦੀ ਕਰ ਰਿਹਾ ਹੈ।
ਲੇਖਕ ਦੇ ਇਸ ਨਾਵਲ ਵਿਚ ਸਾਡੇ ਰਿਸ਼ਤਿਆਂ, ਰੀਤੀ ਰਿਵਾਜ, ਬਾਹਰਲੇ ਦੇਸ਼ਾਂ ਵਿਚ ਜਾਣ ਦੀ ਚਾਹਤ, ਏਜੰਟਾਂ ਦਾ ਬੋਲਬਾਲਾ, ਵਿਆਹਾਂ ਦੇ ਰੀਤੀ ਰਿਵਾਜ ਖ਼ਾਸ ਕਰਕੇ ਨਾਨਕੇ ਤੇ ਦਾਦਕੇ ਦਾ ਰੋਲ, ਆਪਸੀ ਲਲਕਾਰੇ, ਜ਼ਮੀਨਾਂ ਨੂੰ ਗਹਿਣੇ ਰੱਖਣਾ, ਚੋਣਾਂ ਦਾ ਦ੍ਰਿਸ਼, ਬਾਹਰਲੇ ਦੇਸ਼ ਵਿਚ ਜਾਣ ਦੀ ਚਾਹਤ, ਡੇਰੇ ਦੇ ਗੱਲ ਤੇ ਮਾਨਤਾ ਤੋਂ ਇਲਾਵਾ ਸਮਾਜ ਵਿਚ ਬੀਤ ਰਹੀਆਂ ਗੱਲਾਂ ਦੀ ਸਚਾਈ ਨੂੰ ਆਪਣੇ ਵੱਖਰੇ ਹੀ ਢੰਗ ਨਾਲ ਜਿਸ ਤਰ੍ਹਾਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਪ੍ਰਤੀ ਪਾਠਕ ਦੀ ਇਸ ਨਾਵਲ ਨੂੰ ਪੜ੍ਹਨ ਦੀ ਉਤਸੁਕਤਾ ਵੀ ਵਧਦੀ ਹੈ।
ਲੇਖਕ ਨੇ ਆਪਣੇ ਇਸ ਨਾਵਲ ਵਿਚ ਸਚਾਈ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਮਾਜ ਵਿਚ ਰਹਿੰਦੇ ਹੋਏ ਅਨੇਕ ਉਲਝਣਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ, ਰੀਤਾਂ ਵਿਚ ਫਸੇ ਹੋਏ ਹਾਂ, ਜਿਸ ਕਰਕੇ ਦੁਖੀ ਹੁੰਦੇ ਹਾਂ। ਲੇਖਕ ਨੇ ਨਾਵਲ ਵਿਚ ਅਸਲ ਰਿਸ਼ਤਿਆਂ ਦੀ ਅਹਿਮੀਅਤ ਪ੍ਰਤੀ ਦੁਹਾਈ ਪਾਈ ਹੈ ਪਰ ਅੱਜ ਦੇ ਯੁੱਗ ਵਿਚ ਜਿਸ ਤਰ੍ਹਾਂ ਸਮਾਜਿਕ ਤੇ ਹੋਰ ਬੁਰਾਈਆਂ ਦਾ ਬੋਲਬਾਲਾ ਤੇ ਰਿਵਾਜ ਵਧਦਾ ਜਾ ਰਿਹਾ ਹੈ, ਉਸ ਨੂੰ ਬਿਆਨਿਆ ਗਿਆ ਹੈ। ਲੇਖਕ ਨੇ ਨਾਵਲ ਵਿਚ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਹੈ, ਉਹ ਬਹੁਤ ਹੀ ਸਰਲ ਤੇ ਦਿਲ ਟੁੰਬਵੀਂ ਹੈ।


-ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990.


ਕਾਫ਼ਲੇ
ਲੇਖਕ : ਨੰਦ ਸਿੰਘ ਮਹਿਤਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 183
ਸੰਪਰਕ : 0172-5027429.


ਨਾਵਲ ਕਿਸਾਨੀ ਅੰਦੋਲਨ ਬਾਰੇ ਹੈ। ਪੰਜਾਬ ਦੇ ਕਿਸਾਨਾਂ ਵਲੋਂ 2015 ਵਿਚ ਇਕ ਅੰਦੋਲਨ ਕੀਤਾ ਗਿਆ ਸੀ। ਨਾਵਲ ਦੇ 26 ਕਾਂਡਾਂ ਵਿਚ ਲੇਖਕ ਨੇ ਆਪਣੀ ਕਲਮ ਤੋਂ ਚਸ਼ਮਦੀਦ ਗਵਾਹ ਵਾਂਗ ਉਸ ਅੰਦੋਲਨ ਦੇ ਦ੍ਰਿਸ਼ ਪੇਸ਼ ਕੀਤੇ ਹਨ। ਉਸ ਸਾਲ ਪੰਜਾਬ ਵਿਚ ਚਿੱਟੀ ਮੱਖੀ ਨੇ ਨਰਮੇ ਦੀ ਫ਼ਸਲ ਤਬਾਹ ਕਰ ਦਿੱਤੀ ਸੀ। ਕਿਸਾਨਾਂ ਦੀ ਮੰਗ ਸੀ ਕਿ ਸਰਕਾਰ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਵੇ ਤਾਂ ਕਿ ਨੁਕਸਾਨ ਦੀ ਪੂਰਤੀ ਹੋ ਸਕੇ। ਮਾਲਵਾ ਬੈਲਟ ਵਧੇਰੇ ਪ੍ਰਭਾਵਿਤ ਹੋਈ ਸੀ। ਇਸ ਲਈ ਛੋਟੇ-ਵੱਡੇ ਕਿਸਾਨ ਇਕ ਲੜੀ 'ਚ ਪਰੋਏ ਗਏ। ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਲਈ ਸੰਘਰਸ਼ ਸ਼ੁਰੂ ਕੀਤਾ। ਨਾਵਲ ਵਿਚ ਗ਼ਰੀਬ ਕਿਸਾਨ ਤੋਂ ਗਾਥਾ ਸ਼ੁਰੂ ਹੁੰਦੀ ਲੰਮੇ ਸੰਘਰਸ਼ਾਂ ਤੱਕ ਪਹੁੰਚਦੀ ਹੈ। ਨਾਵਲ ਦੀ ਭੂਮਿਕਾ ਵਿਚ ਲੇਖਕ ਨੇ ਪੰਜਾਬ ਦੇ ਸੰਘਰਸ਼ਾਂ ਦੀ ਰੂਪ-ਰੇਖਾ ਪੇਸ਼ ਕੀਤੀ ਹੈ। ਇਸ ਵਿਚ ਦੁੱਲਾ ਭੱਟੀ ਦਾ ਪ੍ਰਸੰਗ, ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ, ਪਗੜੀ ਸੰਭਾਲ ਜੱਟਾ ਮੋਰਚਾ, ਪੈਪਸੂ ਦੀ ਮੁਜ਼ਾਰਾ ਲਹਿਰ, ਬੱਬਰ ਅਕਾਲੀ ਲਹਿਰ, ਕੈਰੋਂ ਸਰਕਾਰ ਵੇਲੇ ਕਿਸਾਨਾਂ 'ਤੇ ਲੱਗੇ ਨਾਜਾਇਜ਼ ਟੈਕਸਾਂ ਦਾ ਜ਼ਿਕਰ, ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦੀ ਗਾਥਾ ਤੇ ਹੋਰ ਸੰਘਰਸ਼ਾਂ ਦੀ ਬਾਤ ਹੈ। ਨਾਵਲ ਦਾ ਆਰੰਭ ਗ਼ਰੀਬ ਕਿਸਾਨ ਮੋਠਾ ਆਪਣੀ ਆਰਥਿਕ ਪੀੜਾ ਦੀ ਗੱਲ ਤੋਰਦਾ ਹੈ। ਆਪਣੇ ਸੁਪਨਿਆਂ ਦੀ ਪੂਰਤੀ ਲਈ ਪ੍ਰੇਸ਼ਾਨੀ ਦੀ ਚਰਚਾ ਕਰਦਾ ਹੈ। ਬੱਚਿਆਂ ਨੂੰ ਮਹਿੰਗੇ ਪਬਲਿਕ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਾਉਣ ਦੀ ਗੱਲ ਕਰਦਾ ਹੈ। ਨਾਵਲ 'ਚ ਕਿਸਾਨੀ ਸੰਘਰਸ਼ ਹੌਲੀ-ਹੌਲੀ ਭਖਦਾ ਹੈ। ਧਰਨੇ, ਮੁਜ਼ਾਹਰੇ, ਇਨਕਲਾਬ, ਗਰਮ ਨਾਅਰੇ, ਸੰਤ ਰਾਮ ਉਦਾਸੀ ਦੇ ਗੀਤਾਂ ਦੀ ਗੂੰਜ, ਕਿਸਾਨ ਮਜ਼ਦੂਰ ਏਕਤਾ ਬਾਰੇ ਧੂੰਆਂਧਾਰ ਭਾਸ਼ਨ ਹਨ। ਬੀਬੀਆਂ ਜੋਸ਼ ਨਾਲ ਸੰਘਰਸ਼ਾਂ ਵਿਚ ਜਾਂਦੀਆਂ ਹਨ। ਲੰਗਰ ਲਗਦੇ ਹਨ। ਪ੍ਰਸ਼ਾਸਨ ਕਈ ਪ੍ਰੇਸ਼ਾਨੀਆਂ ਖੜ੍ਹੀਆਂ ਕਰਦਾ ਹੈ। ਪੁਸਤਕ ਵਿਚ ਨਾਮਵਰ ਪੰਜਾਬੀ ਅਖ਼ਬਾਰਾਂ ਵਿਚੋਂ ਲਈਆਂ ਸ਼ਾਨਦਾਰ 22 ਤਸਵੀਰਾਂ ਹਨ। ਕਿਰਤੀ ਵਰਗ ਦੀਆਂ ਤਿੱਖੀਆ ਸੁਰਾਂ ਨਾਵਲ ਵਿਚ ਉੱਭਰਦੀਆਂ ਹਨ। ਜੁਝਾਰੂ ਸ਼ਬਦ ਗੂੰਜਾਂ ਪਾਉਂਦੇ ਹਨ। ਰੇਲ ਮਾਰਗਾਂ 'ਤੇ ਧਰਨੇ, ਸੜਕਾਂ 'ਤੇ ਜਾਮ, ਬਠਿੰਡਾ 'ਚ ਪੱਕੇ ਮੋਰਚੇ ਲਗਦੇ ਹਨ। ਮਾਲਵੇ ਦੇ ਕਿਸਾਨ ਆਗੂ ਗਰਮ-ਗਰਮ ਤਕਰੀਰਾਂ ਕਰਦੇ ਹਨ। ਮੁੱਖ ਮੰਤਰੀ ਦੇ ਸੱਦੇ 'ਤੇ ਪੰਜਾਬ ਭਵਨ 'ਚ ਕਿਸਾਨਾਂ ਨਾਲ ਸਦਭਾਵਨਾ ਭਰਪੂਰ ਗੱਲ ਹੁੰਦੀ ਹੈ। ਮੁੱਖ ਮੰਤਰੀ ਕਿਸਾਨਾਂ ਦਾ ਦਿਲ ਜਿੱਤ ਲੈਂਦੇ ਹਨ। ਮੁਆਵਜ਼ਾ ਮਿਲਦਾ ਹੈ। ਨਾਵਲ ਵਿਚ ਪਾਤਰਾਂ ਦੇ ਸੰਵਾਦ ਇਨਕਾਲਬੀ ਗੀਤ, ਸੰਘਰਸ਼ੀ ਬਿਰਤਾਂਤ ਤੇ ਹੋਰ ਬਹੁਤ ਕੁਝ ਹੈ। ਨਾਵਲ ਇਸ ਆਸ ਨਾਲ ਮੁੱਕਦਾ ਹੈ ਕਿ ਕਾਫਲੇ ਜੁੜ ਕੇ ਸਮੇਂ ਨਾਲ ਲਹਿਰਾਂ ਦਾ ਰੂਪ ਧਾਰਨ ਕਰ ਜਾਂਦੇ ਹਨ।


-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

01-05-2021

 ਖੇਤੀ ਕਾਨੂੰਨਾਂ ਵਿਚ ਕਾਲਾ ਕੀ ਹੈ?
ਲੇਖਕ : ਜੋਗਿੰਦਰ ਸਿੰਘ ਤੂਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 50 ਰੁਪਏ, ਸਫ਼ੇ : 84
ਸੰਪਰਕ : 98151-33530.

ਭਾਰਤ ਸਰਕਾਰ ਵਲੋਂ ਪਿਛਲੇ ਸਾਲ ਦੇਸ਼ ਵਿਚ ਲਾਕਡਾਊਨ ਦੇ ਚਲਦਿਆਂ ਖੇਤੀ ਸਬੰਧੀ ਤਿੰਨ ਕਾਨੂੰਨਾਂ ਨੂੰ ਆਰਡੀਨੈਂਸ ਦੇ ਰੂਪ ਵਿਚ ਲਾਗੂ ਕਰ ਦਿੱਤਾ ਗਿਆ। ਮੁੜ ਇਨ੍ਹਾਂ ਨੂੰ ਪਾਰਲੀਮੈਂਟ ਵਿਚ ਪਾਸ ਕਰਵਾ ਕੇ ਕਾਨੂੰਨ ਬਣਾ ਦਿੱਤੇ ਗਏ। ਕਿਸਾਨਾਂ ਨੇ ਇਨ੍ਹਾਂ ਨੂੰ ਕਾਲੇ ਕਾਨੂੰਨ ਆਖਿਆ ਅਤੇ ਇਨ੍ਹਾਂ ਦੇ ਵਿਰੋਧ ਵਿਚ ਸੰਘਰਸ਼ ਕਰ ਰਹੇ ਹਨ। ਸਰਕਾਰ ਨੇ ਇਨ੍ਹਾਂ ਕਾਨੂੰਨਾਂ ਸਬੰਧੀ ਕਿਸਾਨਾਂ ਨਾਲ ਗਿਆਰਾਂ ਵਾਰ ਗੱਲਬਾਤ ਕੀਤੀ ਹੈ। ਕਿਸਾਨ ਆਗੂਆਂ ਨੇ ਇਨ੍ਹਾਂ ਕਾਨੂੰਨਾਂ ਦੇ ਕਿਸਾਨਾਂ ਅਤੇ ਦੇਸ਼ ਦੇ ਆਮ ਲੋਕਾਂ ਉਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਇਨ੍ਹਾਂ ਮੀਟਿੰਗਾਂ ਵਿਚ ਖੁੱਲ੍ਹ ਕੇ ਦੱਸਿਆ ਹੈ ਪਰ ਫਿਰ ਵੀ ਖੇਤੀ ਮੰਤਰੀ ਨੇ ਪਾਰਲੀਮੈਂਟ ਵਿਚ ਆਖਿਆ ਕਿ ਸਾਨੂੰ ਦੱਸਿਆ ਜਾਵੇ ਕਿ ਇਨ੍ਹਾਂ ਕਾਨੂੰਨਾਂ ਵਿਚ ਕਾਲਾ ਕੀ ਹੈ? ਸਰਕਾਰ ਵਲੋਂ ਇਹੋ ਜਿਹੇ ਬਿਆਨ ਆਮ ਲੋਕਾਂ ਨੂੰ ਗੁੰਮਰਾਹ ਕਰਨ ਲਈ ਦਿੱਤੇ ਜਾ ਰਹੇ ਹਨ। ਐਡਵੋਕੇਟ ਜੋਗਿੰਦਰ ਸਿੰਘ ਤੂਰ ਹੋਰਾਂ ਇਨ੍ਹਾਂ ਕਾਨੂੰਨਾਂ ਵਿਚ ਕਾਲਾ ਕੀ ਹੈ? ਇਸ ਬਾਰੇ ਜਾਣਕਾਰੀ ਦੇਣ ਲਈ ਇਸ ਕਿਤਾਬ ਦੀ ਦੋ ਭਾਸ਼ਾਵਾਂ ਪੰਜਾਬੀ ਤੇ ਹਿੰਦੀ ਵਿਚ ਰਚਨਾ ਕੀਤੀ ਹੈ। ਇਸ ਪੁਸਤਕ ਵਿਚ ਕੇਵਲ ਕਾਨੂੰਨਾਂ ਦੇ ਮਾਰੂ ਪ੍ਰਭਾਵ ਬਾਰੇ ਹੀ ਨਹੀਂ ਦੱਸਿਆ ਗਿਆ ਸਗੋਂ ਇਨ੍ਹਾਂ ਦੇ ਪਿਛੋਕੜ, ਸਰਕਾਰੀ ਮਜਬੂਰੀ ਤੇ ਆਮ ਲੋਕਾਂ ਉਤੇ ਪੈਣ ਵਾਲੇ ਮਾਰੂ ਪ੍ਰ੍ਰਭਾਵਾਂ ਬਾਰੇ ਵੀ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਹੈ। ਪੁਸਤਕ ਦੇ ਅਖੀਰ ਵਿਚ ਇਨ੍ਹਾਂ ਕਾਨੂੰਨਾਂ ਦੀਆਂ ਕਾਪੀਆਂ ਵੀ ਛਾਪੀਆਂ ਗਈਆਂ ਹਨ ਤਾਂ ਜੋ ਕਿਸੇ ਨੂੰ ਵੀ ਕੋਈ ਭਰਮ-ਭੁਲੇਖਾ ਨਾ ਰਹਿ ਸਕੇ। ਲੇਖਕ ਨੇ ਇਹ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਸਰਕਾਰ ਦੀ ਮਨਸ਼ਾ ਖੇਤੀ ਅਰਥਚਾਰਾ, ਕਾਰਪੋਰੇਟ ਸੈਕਟਰ ਨੂੰ ਸੌਂਪਣ ਦੀ ਹੈ ਤੇ ਜਿਵੇਂ ਵੀ ਖੇਤ ਤੇ ਖੇਤੀ ਉਤੇ ਕਾਰਪੋਰੇਟ ਕੰਪਨੀਆਂ ਦਾ ਕਬਜ਼ਾ ਹੋ ਜਾਵੇਗਾ, ਅਨਾਜ ਅਤੇ ਖਾਣ ਵਾਲੀਆਂ ਵਸਤਾਂ ਮਹਿੰਗੀਆਂ ਹੁੰਦੀਆਂ ਜਾਣਗੀਆਂ। ਗ਼ਰੀਬ ਵਰਗ ਨੂੰ ਖਾਣ ਵਾਲੀਆਂ ਵਸਤੂਆਂ ਰਾਸ਼ਨ ਕਾਰਡਾਂ 'ਤੇ ਦੇਣ ਦੀ ਬਜਾਏ, ਕੁਝ ਨਗਦ ਪੈਸੇ ਉਨ੍ਹਾਂ ਦੇ ਖਾਤੇ ਵਿਚ ਪਾ ਕੇ ਵੰਡ ਪ੍ਰਣਾਲੀ ਨੂੰ ਭ੍ਰਿਸ਼ਟ ਆਖ ਕੇ ਬੰਦ ਕਰ ਦਿੱਤਾ ਜਾਵੇਗਾ। ਸਭ ਨੂੰ ਇਹ ਵਸਤੂਆਂ ਮਾਰਕੀਟ ਵਿਚੋਂ ਖ਼ਰੀਦਣੀਆਂ ਪੈਣਗੀਆਂ ਜਿਸ 'ਤੇ ਕਾਰਪੋਰੇਟ ਦਾ ਕੰਟਰੋਲ ਹੋਵੇਗਾ ਤੇ ਉਹ ਆਪਣੇ ਮੁੱਲ ਉਤੇ ਵੇਚਣਗੇ। ਇਸ ਨਾਲ ਗ਼ਰੀਬ, ਕਿਸਾਨ ਤੇ ਸਮੂਹ ਉਪਭੋਗਤਾ ਵਰਗ ਪ੍ਰਭਾਵਿਤ ਹੋਵੇਗਾ।
ਲੇਖਕ ਵਲੋਂ ਇਹ ਵੀ ਖਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਿਤ ਕਰਨਾ ਬੰਦ ਕਰ ਦੇਵੇਗੀ ਅਤੇ ਸਰਕਾਰੀ ਖ਼ਰੀਦ ਤੋਂ ਆਪਣਾ ਹੱਥ ਪਿੱਛੇ ਖਿੱਚ ਲਵੇਗੀ। ਸਰਕਾਰ ਐਫ.ਸੀ.ਆਈ. ਨੂੰ ਵੀ ਬੰਦ ਕਰ ਦੇਵੇਗੀ। ਇਸ ਨੂੰ ਬੰਦ ਕਰਨ ਸਬੰਧੀ ਸ਼ਾਂਤਾ ਕੁਮਾਰ ਕਮੇਟੀ ਪਹਿਲਾਂ ਹੀ ਸਿਫ਼ਾਰਸ਼ ਕਰ ਚੁੱਕੀ ਹੈ। ਇਨ੍ਹਾਂ ਕਾਨੂੰਨਾਂ ਵਿਚ ਸਮਰਥਾਨ ਮੁੱਲ ਬਾਰੇ ਕੋਈ ਵਿਵਸਥਾ ਨਹੀਂ ਹੈ। ਇਹ ਇਨ੍ਹਾਂ ਵਿਚ ਸਭ ਤੋਂ ਵੱਡਾ ਕਾਲਾਪਣ ਹੈ। ਬੜੀ ਮਿਹਨਤ ਨਾਲ ਉਸਾਰਿਆ ਗਿਆ ਮੰਡੀ ਢਾਂਚਾ ਤਬਾਹ ਹੋ ਜਾਵੇਗਾ ਕਿਉਂਕਿ ਵਪਾਰੀ ਕਿਸਾਨ ਤੋਂ ਸਿੱਧੀ ਖ਼ਰੀਦਦਾਰੀ ਕਰੇਗਾ। ਮੰਡੀ ਵਿਚ ਵਿਕਰੀ ਸਮੇਂ ਖ਼ਰੀਦਦਾਰ ਤੋਂ ਕੁਝ ਟੈਕਸ ਲਏ ਜਾਂਦੇ ਹਨ, ਜਿਨ੍ਹਾਂ ਨਾਲ ਮੰਡੀਆਂ ਦਾ ਵਿਕਾਸ, ਕਿਸਾਨਾਂ ਲਈ ਸਹੂਲਤਾਂ ਅਤੇ ਪਿੰਡਾਂ ਦਾ ਵਿਕਾਸ ਕੀਤਾ ਜਾਂਦਾ ਹੈ। ਇਨ੍ਹਾਂ ਕਾਨੂੰਨਾਂ ਵਿਚ ਕਿਸਾਨ ਨੂੰ ਇਸ ਖ਼ਰਚੇ ਤੋਂ ਭਾਰ ਮੁਕਤ ਹੋਣ ਬਾਰੇ ਦੱਸਿਆ ਗਿਆ ਹੈ। ਜਿਹੜਾ ਠੀਕ ਨਹੀਂ ਹੈ। ਇਹ ਟੈਕਸ ਕਿਸਾਨ ਨਹੀਂ ਸਗੋਂ ਖ਼ਰੀਦਦਾਰ ਦਿੰਦਾ ਹੈ। ਕਿਸਾਨ ਤਾਂ ਪਹਿਲਾਂ ਹੀ ਇਨ੍ਹਾਂ ਖਰਚਿਆਂ ਤੋਂ ਭਾਰ ਮੁਕਤ ਹੈ। ਇਹ ਕਾਨੂੰਨ ਕਿਸਾਨ ਮਾਰੂ ਹੀ ਨਹੀਂ ਸਗੋਂ ਮੌਜੂਦਾ ਪ੍ਰਣਾਲੀ ਨੂੰ ਵੀ ਤਬਾਹ ਕਰਨ ਵਾਲੇ ਹਨ। ਅਸਲ ਵਿਚ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਦੇ ਸੰਵਿਧਾਨਕ ਹੱਕ ਹੀ ਨਹੀਂ ਹਨ।
ਠੇਕੇ ਦੀ ਖੇਤੀ ਬਾਰੇ ਉਹ ਲਿਖਦੇ ਹਨ ਕਿ ਇਕਰਾਰਨਾਮੇ ਵਿਚ ਜਿਣਸ ਦੀ ਵੇਚ ਕੀਮਤ ਲਿਖੀ ਜਾਵੇਗੀ। ਵੱਖ-ਵੱਖ ਮੰਡੀਆਂ ਵਿਚ ਇਸ ਜਿਣਸ ਦੀ ਕੀਮਤ ਨੂੰ ਆਧਾਰ ਬਣਾਇਆ ਜਾਵੇਗਾ। ਇਸ ਵਿਚ ਐਮ.ਐਸ.ਪੀ. ਨੂੰ ਆਧਾਰ ਨਹੀਂ ਮੰਨਿਆ ਗਿਆ। ਜੇਕਰ ਜਿਣਸ ਮਿੱਥੀ ਗੁਣਵੱਤਾ ਵਾਲੀ ਨਹੀਂ ਹੈ ਤਾਂ ਵਪਾਰੀ ਖ਼ਰੀਦਣ ਤੋਂ ਨਾਂਹ ਕਰ ਸਕਦਾ ਹੈ ਜਾਂ ਮਿੱਥੇ ਮੁੱਲ ਤੋਂ ਘੱਟ ਮੁੱਲ ਉਤੇ ਖ਼ਰੀਦ ਕਰੇਗਾ। ਕਿਸਾਨ ਨੂੰ ਫ਼ਸਲ ਦੀ ਕਾਸ਼ਤ ਵਪਾਰੀ ਦੀਆਂ ਹਦਾਇਤਾਂ ਅਨੁਸਾਰ ਕਰਨੀ ਪਵੇਗੀ। ਵਪਾਰੀ ਲਈ ਭੰਡਾਰ ਕਰਨ ਦੀ ਕੋਈ ਹੱਦ ਨਹੀਂ ਹੈ। ਰਾਜ ਸਰਕਾਰ ਵਲੋਂ ਬਣਾਏ ਮੰਡੀਆਂ ਬਾਰੇ ਕਾਨੂੰਨ ਲਾਗੂ ਨਹੀਂ ਹੋਣਗੇ। ਵਿਵਾਦ ਹੋਣ ਦੀ ਸੂਰਤ ਵਿਚ ਇਕ ਬੋਰਡ ਬਣਾਇਆ ਜਾਵੇਗਾ ਜਿਹੜਾ ਸੁਲ੍ਹਾ-ਸਫ਼ਾਈ ਕਰਕੇ ਸਮਝੌਤੇ ਰਾਹੀਂ ਫ਼ੈਸਲੇ ਕਰਾਏਗਾ। ਜੇਕਰ ਬੋਰਡ ਫ਼ੈਸਲਾ ਨਹੀਂ ਕਰਵਾ ਸਕੇਗਾ ਤਾਂ ਐਸ.ਡੀ.ਐਮ. ਜਾਂ ਡਿਪਟੀ ਕਮਿਸ਼ਨਰ ਫ਼ੈਸਲਾ ਕਰੇਗਾ ਜੋ ਆਖਰੀ ਹੋਵੇਗਾ।
ਜੇਕਰ ਕੋਈ ਕਿਸਾਨ ਕਚਹਿਰੀ ਜਾਣਾ ਵੀ ਚਾਹੇ ਤਾਂ ਉਹ ਉਸੇ ਥਾਂ ਮੁਕੱਦਮਾ ਕਰੇਗਾ, ਜਿਥੇ ਵਪਾਰੀ ਰਹਿੰਦਾ ਹੈ। ਜੇਕਰ ਕੋਈ ਮੁੰਬਈ ਤੋਂ ਆ ਕੇ ਫ਼ਸਲ ਖ਼ਰੀਦਦਾ ਹੈ ਤਾਂ ਕਿਸਾਨ ਨੂੰ ਮੁੰਬਈ ਦੀ ਅਦਾਲਤ ਦਾ ਹੀ ਦਰਵਾਜ਼ਾ ਖਟਖਟਾਉਣਾ ਪਵੇਗਾ। ਲੇਖਕ ਅਨੁਸਾਰ ਸਾਰੇ ਕਾਨੂੰਨਾਂ ਦੀਆਂ ਸਾਰੀਆਂ ਧਾਰਾਵਾਂ ਨੂੰ ਜੇਕਰ ਘੋਖਿਆ ਜਾਵੇ ਤਾਂ ਕਿਸਾਨ ਦੇ ਹੱਕ ਵਿਚ ਕੁਝ ਵੀ ਨਹੀਂ ਹੈ। ਉਹ ਇਹ ਵੀ ਦੱਸਦਾ ਹੈ ਕਿ ਸਰਕਾਰ ਨੂੰ ਇਹ ਕਾਨੂੰਨ ਮਜਬੂਰੀ ਵਿਚ ਬਣਾਉਣੇ ਪਏ ਹਨ। ਸਰਕਾਰ ਅੰਤਰਰਾਸ਼ਟਰੀ ਏਜੰਸੀਆਂ ਤੋਂ ਕਰਜ਼ਾ ਲੈ ਕੇ ਹੀ ਦੇਸ਼ ਵਿਚ ਵਿਕਾਸ ਕਾਰਜ ਕਰਦੀਆਂ ਹਨ। ਇਹ ਸੰਸਥਾਵਾਂ ਕਰਜ਼ਾ ਦੇਣ ਸਮੇਂ ਕੁਝ ਸ਼ਰਤਾਂ ਰੱਖਦੀਆਂ ਹਨ। ਇਹ ਕਾਨੂੰਨ ਉਨ੍ਹਾਂ ਸ਼ਰਤਾਂ ਦਾ ਹੀ ਨਤੀਜਾ ਹਨ। ਦੇਸ਼ ਵਿਚ ਚੋਣਾਂ ਲੜਨ ਲਈ ਬਹੁਤ ਸਾਰਾ ਪੈਸਾ ਚਾਹੀਦਾ ਹੈ। ਇਹ ਪੈਸਾ ਪੂੰਜੀਪਤੀਆਂ ਤੋਂ ਆਉਂਦਾ ਹੈ। ਨਵੇਂ ਬਣਾਏ ਗਏ ਕਾਨੂੰਨ ਵੱਡੇ ਵਪਾਰੀਆਂ ਦਾ ਖੇਤੀ 'ਤੇ ਕਬਜ਼ਾ ਕਰਨ ਦੇ ਯਤਨਾਂ ਨੂੰ ਸੰਪੂਰਨਤਾ ਵੱਲ ਲਿਜਾਣ ਦਾ ਕਦਮ ਹੈ। ਅਸਲ ਵਿਚ ਕਾਨੂੰਨ ਸਰਕਾਰ ਨਹੀਂ ਬਣਾਉਂਦੀ ਸਗੋਂ ਵੱਡੇ ਵਪਾਰੀ ਘਰਾਣੇ ਇਹ ਕਾਨੂੰਨ ਬਣਾ ਕੇ ਜਾਂ ਬਣਵਾ ਕੇ ਸਰਕਾਰ ਨੂੰ ਦਿੰਦੇ ਹਨ ਤੇ ਸਰਕਾਰ ਇਨ੍ਹਾਂ ਕਾਨੂੰਨਾਂ ਰਾਹੀਂ ਆਪਣੀ ਚੋਣ ਵਿਚ ਵੱਡੇ ਵਪਾਰੀਆਂ ਦੇ ਯੋਗਦਾਨ ਦਾ ਇਵਜ਼ਾਨਾ ਦੇ ਰਹੀ ਹੈ। ਪੁਸਤਕ ਵਿਚ ਦੇਸ਼ ਵਿਚਲੇ ਖੇਤੀ ਮੰਡੀਕਰਨ ਦੇ ਇਤਿਹਾਸ, ਅੰਤਰਰਾਸ਼ਟਰੀ ਸੰਸਥਾਵਾਂ ਬਾਰੇ ਜਾਣਕਾਰੀ ਅਤੇ ਵਿਕਸਿਤ ਦੇਸ਼ਾਂ ਵਿਚ ਅਜਿਹੇ ਕਾਨੂੰਨਾਂ ਦੇ ਪ੍ਰਭਾਵ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਭਵਿੱਖ ਵਿਚ ਕਿਸਾਨ, ਕਿਸਾਨੀ ਅਤੇ ਆਮ ਲੋਕਾਂ ਦੀਆਂ ਭੋਜਨ ਜ਼ਰੂਰਤਾਂ ਦਾ ਕੀ ਬਣੇਗਾ ਸਬੰਧੀ ਜਾਣਨ ਲਈ ਪਾਠਕਾਂ ਵਾਸਤੇ ਇਸ ਪੁਸਤਕ ਦਾ ਪਾਠ ਲਾਭਦਾਇਕ ਹੋਵੇਗਾ।

ਡਾ. ਰਣਜੀਤ ਸਿੰਘ
ਮੋ: 94170-87328

ਗੁਰੂ ਨਾਨਕ
ਮਾਨਵਵਾਦ ਦਾ ਅਦੁੱਤੀ ਪੈਗ਼ੰਬਰ
ਲੇਖਕ : ਡਾ. ਸਵਿੰਦਰਪਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 184
ਸੰਪਰਕ : 99150-04630.

ਚਿੰਤਨ-ਅਧੀਨ ਇਹ ਕਿਤਾਬ ਡਾ. ਸਵਿੰਦਰਪਾਲ ਦਾ ਉਪਾਧੀ-ਸਾਪੇਖ ਖੋਜ ਕਾਰਜ ਪ੍ਰਤੀਤ ਹੁੰਦਾ ਹੈ ਕਿਉਂਕਿ ਖੋਜ ਵਿਧੀ ਦੇ ਹਵਾਲਿਆਂ ਅਤੇ ਟਿੱਪਣੀਆਂ ਸਹਿਤ ਨਿਯਮਾਵਲੀ ਦਾ ਪਾਲਣ ਕੀਤਾ ਗਿਆ ਹੈ। ਲੇਖਿਕਾ ਨੇ ਗੁਰਬਾਣੀ 'ਚੋਂ ਟੂਕਾਂ ਉਦ੍ਰਿਤ ਕਰਦਿਆਂ, ਆਪਣੇ ਵਲੋਂ ਉਠਾਏ ਨੁਕਤਿਆਂ ਦੀ ਪੁਸ਼ਟੀ, ਪ੍ਰਸਿੱਧ ਵਿਦਵਾਨਾਂ ਦੇ ਵਿਚਾਰਾਂ ਨਾਲ ਕੀਤੀ ਹੈ। ਮਾਨਵਵਾਦ ਨੂੰ ਪਰਿਭਾਸ਼ਤ ਕਰਦਿਆਂ ਦੱਸਿਆ ਗਿਆ ਹੈ ਕਿ ਇਹ ਇਕ ਅਜਿਹਾ ਫਲਸਫ਼ਾ ਹੈ ਜੋ ਮਨੁੱਖ ਨੂੰ ਕੇਂਦਰ ਵਿਚ ਰੱਖ ਕੇ ਸੁਚੇਤ ਤੌਰ 'ਤੇ ਕਾਰਜਸ਼ੀਲ ਹੋਣ ਦਾ ਸਿਧਾਂਤ ਪੇਸ਼ ਕਰਦਾ ਹੈ। ਖੋਜ ਕਰਤਾ ਨੇ ਆਪਣੀ ਖੋਜ ਨੂੰ ਸੰਪੰਨ ਕਰਨ ਲਈ ਅੱਠ ਕਾਂਡਾਂ ਵਿਚ ਵਿਭਾਜਤ ਕੀਤਾ ਹੈ। ਵਿਭਿੰਨ ਕਾਂਡਾਂ ਦਾ ਗਹਿਰਾਈ ਨਾਲ ਅਧਿਐਨ ਕਰਦਿਆਂ ਪਤਾ ਲਗਦਾ ਹੈ ਕਿ ਮਾਨਵਵਾਦ ਦੇ ਇਤਿਹਾਸ ਦਾ ਪੂਰਵ ਈਸਾ ਕਾਲ ਤੋਂ ਲੈ ਕੇ ਅਜੋਕੇ ਸਮੇਂ ਤੱਕ ਇਤਿਹਾਸਕ ਦ੍ਰਿਸ਼ਟੀ ਤੋਂ ਸਰਵੇਖਣ ਕੀਤਾ ਗਿਆ ਹੈ। ਆਧੁਨਿਕ ਮਾਨਵਵਾਦ ਦੀਆਂ ਚਾਰ ਵੰਨਗੀਆਂ ਦੱਸੀਆਂ ਗਈਆਂ ਹਨ ਪ੍ਰਕਿਰਤੀਵਾਦੀ ਮਾਨਵਵਾਦ, ਧਾਰਮਿਕ ਮਾਨਵਵਾਦ, ਨੈਤਿਕ ਮਾਨਵਵਾਦ ਅਤੇ ਧਰਮ-ਨਿਰਪੇਖ ਮਾਨਵਵਾਦ ਆਦਿ। ਗੁਰੂ ਸਾਹਿਬ ਦੇ ਮਾਨਵਵਾਦ ਨੂੰ ਵੀ ਇਤਿਹਾਸਕ ਘਟਨਾਵਾਂ ਦੇ ਪਿਛੋਕੜ ਵਿਚ ਵਾਚਿਆ ਗਿਆ ਹੈ। ਸਪੱਸ਼ਟ ਦੱਸਿਆ ਗਿਆ ਕਿ ਗੁਰੂ ਸਾਹਿਬ ਨੇ ਉਦਾਸੀਆਂ ਦੇ ਪ੍ਰਯੋਜਨ ਰਾਹੀਂ ਮਾਨਵਵਾਦੀ ਸੰਕਲਪ ਦਾ ਪ੍ਰਯੋਗ ਕਰਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਇਸ ਪ੍ਰਯੋਜਨ ਦੀ ਸਫਲਤਾ ਦਾ ਨਤੀਜਾ ਭਾਈ ਗੁਰਦਾਸ ਦੀ ਪਹਿਲੀ ਵਾਰ 'ਚੋਂ ਟੂਕ ਲੈ ਕੇ ਪੁਸ਼ਟੀ ਕੀਤੀ ਗਈ ਹੈ 'ਭਇਆ ਆਨੰਦ ਜਗਤੁ ਵਿਚ ਕਲਿ ਤਾਰਨ ਗੁਰ ਨਾਨਕ ਆਇਆ।' ਜਿਨ੍ਹਾਂ ਪ੍ਰਮੁੱਖ ਬਾਣੀਆਂ ਦਾ ਮਾਨਵਵਾਦੀ ਦ੍ਰਿਸ਼ਟੀ ਅਨੁਸਾਰ ਵਿਸ਼ਲੇਸ਼ਣ ਕੀਤਾ ਗਿਆ ਹੈ, ਉਨ੍ਹਾਂ ਵਿਚ ਸਿਧ ਗੋਸਟਿ, ਦਖਣੀ ਓਅੰਕਾਰ, ਬਾਰਹ ਮਾਹਾ, ਵਾਰ ਮਾਝ, ਵਾਰ ਆਸਾ, ਵਾਰ ਮਲਾਰ ਆਦਿ ਮੁੱਖ ਤੌਰ 'ਤੇ ਸ਼ਾਮਿਲ ਹਨ। ਦਾਰਸ਼ਨਿਕ ਪ੍ਰਵਚਨਾਂ ਦੇ ਅੰਤਰਗਤ-ਪਰਮਾਤਮਾ, ਨਿਰਗੁਣ ਤੇ ਸਰਗੁਣ ਬ੍ਰਹਮ, ਸ੍ਰਿਸ਼ਟੀ, ਹੁਕਮ, ਨਾਮ, ਪ੍ਰਭੂ-ਪ੍ਰਾਪਤੀ ਦੇ ਸਾਧਨ, ਮੁਕਤੀ, ਪੰਜ ਖੰਡ, ਸਮਾਜਿਕ ਦਰਸ਼ਨ ਆਦਿ ਬਾਰੇ ਗੰਭੀਰ ਦ੍ਰਿਸ਼ਟੀ ਨਾਲ ਵਿਵੇਚਨ ਕੀਤਾ ਗਿਆ ਹੈ। ਮਾਨਵਵਾਦ ਤੇ ਸਦਾਚਾਰ ਦਾ ਅਟੁੱਟ ਸਬੰਧ ਹੈ। ਸੱਚ ਤੇ ਆਦਰਸ਼ ਨਾਨਕ ਬਾਣੀ ਦਾ ਕੇਂਦਰ ਬਿੰਦੂ ਹੈ। ਅਜੋਕੇ ਬਹੁਸੱਭਿਆਚਾਰ ਦੀਆਂ ਸਮੱਸਿਆਵਾਂ ਗੁਰੂ ਨਾਨਕ ਦੇ ਮਾਨਵਵਾਦ ਅਨੁਸਾਰ ਨਜਿੱਠੀਆਂ ਜਾ ਸਕਦੀਆਂ ਹਨ।

ਡਾ. ਧਰਮ ਚੰਦ ਵਾਤਿਸ਼
E. mail : vatish.dharamchand.@gmail.com

ਖੇਡ ਖਿਡਾਰੀ
ਲੇਖਕ : ਪ੍ਰਿੰ: ਸਰਵਣ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 240
ਸੰਪਰਕ : 94639-20920.

'ਖੇਡ ਖਿਡਾਰੀ' ਪ੍ਰਿੰ: ਸਰਵਣ ਸਿੰਘ ਦੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਨੇ ਖੇਡ ਦੇ ਮੈਦਾਨ ਦੇ ਦਿਲਚਸਪ ਕਿੱਸੇ, ਖੇਡ ਦੇ ਮੈਦਾਨ ਦੇ ਯੋਧਿਆਂ ਦੀਆਂ ਗਾਥਾਵਾਂ ਦੇ ਨਾਲ-ਨਾਲ ਉਲੰਪਿਕ ਖੇਡਾਂ, ਏਸ਼ਿਆਈ ਖੇਡਾਂ ਅਤੇ ਐਫਰੋ-ਏਸ਼ਿਆਈ ਖੇਡਾਂ ਦੇ ਸੰਖੇਪ ਪਰ ਭਾਵਪੂਰਤ ਸਫ਼ਰੀ ਇਤਿਹਾਸ ਨੂੰ ਪਾਠਕਾਂ ਦੇ ਰੂ-ਬਰੂ ਕਰਨ ਦਾ ਯਤਨ ਕੀਤਾ ਹੈ। ਪ੍ਰਿੰ: ਸਰਵਣ ਸਿੰਘ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਉਸ ਨੇ ਖੇਡ ਮੈਦਾਨ ਬਾਰੇ ਸ਼ਾਇਦ ਸਭ ਨਾਲੋਂ ਵੱਧ ਲਿਖਿਆ, ਇਸ ਕਰਕੇ ਹੀ ਉਹ ਲਿਖਦਾ ਹੈ ਕਿ ਉਸ ਦੀ ਤਕਰੀਬਨ ਹਰੇਕ ਪੁਸਤਕ ਦੇ ਨਾਂਅ ਅੱਗੇ 'ਖੇਡ' ਸ਼ਬਦ ਜ਼ਰੂਰ ਲੱਗਾ ਹੁੰਦਾ ਹੈ। ਵਿਚਾਰ ਅਧੀਨ ਪੁਸਤਕ ਵਿਚ ਵੀ ਪ੍ਰਿੰ: ਸਰਵਣ ਸਿੰਘ ਨੇ ਪੁਸਤਕ ਦੇ ਸ਼ੁਰੂ ਵਿਚ ਉਲੰਪਿਕ ਖੇਡਾਂ ਦੇ ਇਤਿਹਾਸ ਨੂੰ ਰੀਓ ਡੀ ਜਨੇਰੋ ਤੱਕ ਦੇ ਸਫ਼ਰ ਨੂੰ ਏਥਨਜ਼ ਤੋਂ ਸ਼ੁਰੂ ਕਰਕੇ ਇਤਿਹਾਸਕ ਕਾਲਕ੍ਰਮ ਵਿਚ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਏਸ਼ਿਆਈ ਖੇਡਾਂ ਦਾ ਇਤਿਹਾਸ ਅਤੇ ਪਹਿਲੀਆਂ ਐਫਰੋ-ਏਸ਼ਿਆਈ ਖੇਡਾਂ ਬਾਰੇ ਵੀ ਭਾਵਪੂਰਤ ਜਾਣਕਾਰੀ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਖੇਡ ਦੇ ਮੈਦਾਨ ਦੀਆਂ ਦਿਲਚਸਪ ਯਾਦਾਂ ਅਤੇ ਵੱਖ-ਵੱਖ ਰਿਕਾਰਡਾਂ ਬਾਰੇ ਵੀ ਤਥਾਤਮਕ ਜਾਣਕਾਰੀ ਪੁਸਤਕ ਵਿਚ ਉਪਲਬਧ ਕਰਵਾਈ ਗਈ ਹੈ। ਪ੍ਰਿੰ: ਸਰਵਣ ਸਿੰਘ ਨੇ ਇਸ ਪੁਸਤਕ ਵਿਚ ਕਬੱਡੀ ਦੇ ਖੇਡ ਮੈਦਾਨ ਤੋਂ ਲੈ ਕੇ ਉਲੰਪਿਕ ਖੇਡਾਂ ਦੇ ਜੇਤੂ ਖਿਡਾਰੀਆਂ ਦੀ ਉਪਲਬਧੀਆਂ ਅਤੇ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ ਬਾਰੇ ਦਿਲਚਸਪ ਜਾਣਕਾਰੀ ਉਪਲਬਧ ਕਰਵਾਈ ਹੈ। ਹਰਜੀਤ ਬਾਜਖਾਨਾ, ਉਸੈਨ ਬੋਲਟ, ਮੁਹੰਮਦ ਅਲੀ, ਪੇਲੇ, ਮਾਈਕਲ ਫੈਲਪਸ, ਬਲਬੀਰ ਸਿੰਘ, ਮਿਲਖਾ ਸਿੰਘ, ਜਰਨੈਲ ਸਿੰਘ ਪਨਾਮ, ਅਭਿਨਵ ਬਿੰਦਰਾ, ਬਾਬਾ ਫੌਜਾ ਸਿੰੰਘ, ਦੋਵੇਂ ਦਾਰਾ ਸਿੰਘ ਬਾਰੇ ਬਿਰਤਾਂਤਕ ਜਾਣਕਾਰੀ ਪੁਸਤਕ ਦੀ ਰੌਚਕਤਾ ਵਿਚ ਵਾਧਾ ਕਰਦੀ ਹੈ। ਪ੍ਰਿੰ: ਸਰਵਣ ਸਿੰਘ ਦੀ ਵਾਰਤਕ ਸ਼ੈਲੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਆਪਣੇ ਬਿਆਨ ਨੂੰ ਏਨਾ ਰੌਚਿਕ ਬਣਾਉਂਦਾ ਹੈ ਕਿ ਪਾਠਕ ਵੇਰਵੇ ਦੇ ਨਾਲ-ਨਾਲ ਹੀ ਤੁਰ ਪੈਂਦਾ ਹੈ। ਇਸ ਪੁਸਤਕ ਨੂੰ ਪਾਠਕ ਜ਼ਰੂਰ-ਬਰ-ਜ਼ਰੂਰ ਪਸੰਦ ਕਰਨਗੇ ਕਿਉਂਕਿ ਪੁਸਤਕ ਸੁਆਦਲੀ ਵੀ ਹੈ ਅਤੇ ਜਾਣਕਾਰੀ ਭਰਪੂਰ ਵੀ।

ਡਾ. ਸਰਦੂਲ ਸਿੰਘ ਔਜਲਾ
ਮੋ: 98141-68611.

ਸ਼ਬਦ ਵਿਚਾਰ
ਸਲੋਕ ਵਾਰਾਂ ਤੇ ਵਧੀਕ ਮਹਲਾ ੫
ਲੇਖਕ : ਸਾਧੂ ਸਿੰਘ ਗੋਬਿੰਦਪੁਰੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98760-55217.

ਹਥਲੀ ਪੁਸਤਕ ਦੇ ਲੇਖਕ ਸਾਧੂ ਸਿੰਘ ਗੋਬਿੰਦਪੁਰੀ 'ਅਜੀਤ' ਜਲੰਧਰ ਦੇ ਧਰਮ ਤੇ ਵਿਰਸਾ (ਹਫ਼ਤਾਵਾਰੀ) ਐਡੀਸ਼ਨ ਦੇ 'ਸ਼ਬਦ ਵਿਚਾਰ' ਕਾਲਮ ਨੂੰ ਲਗਾਤਾਰ ਪਾਠਕਾਂ ਦੇ ਸਨਮੁੱਖ ਪੇਸ਼ ਕਰ ਰਹੇ ਹਨ। ਇਸ 'ਸ਼ਬਦ ਵਿਚਾਰ' ਨੂੰ ਇਸ ਪੁਸਤਕ ਤੋਂ ਪਹਿਲਾਂ ਸੱਤ ਪੁਸਤਕਾਂ ਦੇ ਰੂਪ ਵਿਚ ਪਾਠਕਾਂ ਨੂੰ ਭੇਟ ਕਰ ਚੁੱਕੇ ਹਨ। ਇਸ ਤੋਂ ਇਲਾਵਾ ਛੇਵੇਂ ਪਾਤਸ਼ਾਹ ਦਾ ਜੀਵਨ 'ਬਡ ਜੋਧਾ ਬਹੁ ਪਰਉਪਕਾਰੀ' ਅਤੇ ਗੁਰਬਾਣੀ 'ਤੇ ਆਧਾਰਿਤ ਇਕ ਸੌ ਧਾਰਮਿਕ ਲੇਖ 'ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ' ਸਬੰਧੀ ਦੋ ਪੁਸਤਕਾਂ ਨੂੰ ਵੀ ਪਾਠਕਾਂ ਤੋਂ ਭਰਪੂਰ ਪ੍ਰਸੰਸਾ ਮਿਲ ਚੁੱਕੀ ਹੈ। ਇਹ ਹਥਲੀ ਪੁਸਤਕ ਉਨ੍ਹਾਂ ਦੀ 10ਵੀਂ ਪੁਸਤਕ ਹੈ, ਜਿਸ ਵਿਚ 'ਸਲੋਕ ਵਾਰਾਂ ਤੇ ਵਧੀਕ ਮਹਲਾ ੫' ਅਧੀਨ ਸਲੋਕਾਂ ਦੀ ਅਰਥਾਂ ਸਹਿਤ ਵਿਆਖਿਆ ਸੁਖੈਨ ਤੇ ਸਰਲ ਭਾਸ਼ਾ ਵਿਚ ਕੀਤੀ ਗਈ ਹੈ। ਇਸ ਪੁਸਤਕ ਦੇ ਆਰੰਭ ਵਿਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੰਖੇਪ ਜੀਵਨ 30-31 ਸਫ਼ਿਆਂ ਵਿਚ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਇਸ ਜੀਵਨ ਵੇਰਵੇ ਨੂੰ ਪੇਸ਼ ਕਰਨ ਸਮੇਂ ਗੁਰੂ ਸਾਹਿਬ ਦੇ ਜੀਵਨ ਦੇ ਹਰ ਪੱਖ ਨੂੰ ਵਿਚਾਰਿਆ ਗਿਆ ਹੈ। ਗੁਰੂ ਸਾਹਿਬ ਦਾ ਬਚਪਨ, ਪਿਰਥੀ ਚੰਦ ਵਲੋਂ ਬਾਲ ਹਰਿਗੋਬਿੰਦ 'ਤੇ ਜਾਨ ਲੇਵਾ ਹਮਲੇ, ਰਸੋਈਏ ਦੀ ਸੂਲ ਪੈਣ ਨਾਲ ਮੌਤ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਤਰਨ ਤਾਰਨ ਨਗਰ ਦੀ ਉਸਾਰੀ ਅਤੇ ਪਾਵਨ ਸਰੋਵਰ ਦੀ ਉਸਾਰੀ, ਕਰਤਾਰਪੁਰ (ਜਲੰਧਰ) ਛੇਹਰਟਾ ਸਾਹਿਬ ਵਿਖੇ ਪਾਣੀ ਘਾਟ ਕਰਕੇ ਛੇ-ਹਰਟ ਖੂਹ, ਹਰਿਗੋਬਿੰਦ ਨਗਰ ਦੀ ਉਸਾਰੀ, ਲਾਹੌਰ ਵਿਖੇ ਬਾਉਲੀ ਸਾਹਿਬ ਦੀ ਉਸਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਵਿਲੱਖਣ ਤੇ ਪਾਵਨ ਗ੍ਰੰਥ ਕਿਵੇਂ ਹੈ, ਪੰਚਮ ਪਾਤਸ਼ਾਹ ਦੀ ਬਾਣੀ ਦਾ ਵੇਰਵਾ ਅਧੀਨ ਸਿਰਲੇਖਾਂ ਅਧੀਨ ਗੁਰੂ ਸਾਹਿਬ ਦੇ ਦਰਸ਼ਨ ਕਰਵਾਏ ਗਏ ਹਨ। ਜੀਵਨ ਵੇਰਵੇ ਦੇ ਅੰਤ ਵਿਚ ਚੰਦੂ ਦੇ ਧੀ ਦਾ ਸਾਕ ਵਾਪਸ ਕਰਨਾ, ਖੁਸਰੋ ਦਾ ਗ਼ਲਤ ਮਦਦ ਕਰਨ ਦਾ ਦੋਸ਼, ਪੰਜਵੇਂ ਪਾਤਸ਼ਾਹ ਦੀ ਗੁਰਿਆਈ ਅਤੇ ਸ਼ਹਾਦਤ ਦੇ ਕਾਰਨਾਂ ਨੂੰ ਸੰਖੇਪ ਰੂਪ ਵਿਚ ਬਿਆਨ ਕੀਤਾ ਗਿਆ ਹੈ।
ਸਲੋਕ ਵਾਰਾਂ ਤੇ ਵਧੀਕ ਮਹਲਾ ੫ ਦੇ ਅਰਥ ਅਤੇ ਵਿਆਖਿਆ ਕਰਨ ਸਮੇਂ ਗੁਰਮਤਿ ਆਸ਼ੇ ਪ੍ਰਤੀ ਵੀ ਸਹਿਜ ਸੁਭਾਅ ਹੀ ਪਾਠਕ ਦੀ ਰੁਚੀ ਅਨੁਸਾਰ ਉਸ ਨੂੰ ਜੋੜਨ ਦਾ ਯਤਨ ਕੀਤਾ ਗਿਆ ਹੈ। ਹਰ ਸਲੋਕ ਦੀ ਵਿਆਖਿਆ ਕਰਦਿਆਂ ਉਸ ਦੇ ਪਿਛੋਕੜ ਨੂੰ ਮੱਦੇਨਜ਼ਰ ਰੱਖਦਿਆਂ ਵਿਚਾਰਾਂ ਦੀ ਲੜੀ ਨੂੰ ਟੁੱਟਣ ਨਹੀਂ ਦਿੱਤਾ ਗਿਆ। ਜਿਸ ਥਾਂ 'ਤੇ ਦਲੀਲ ਅਤੇ ਉਦਾਹਰਨ ਦੀ ਜ਼ਰੂਰਤ ਹੈ, ਉਥੇ ਭਗਤ ਸਾਹਿਬਾਨ ਤੇ ਗੁਰਬਾਣੀ ਦੇ ਰਚਨਹਾਰੇ ਗੁਰੂ ਸਾਹਿਬਾਂ ਦੀ ਪਾਵਨ ਬਾਣੀ ਵਿਚੋਂ ਵਿਚਾਰਾਂ ਦੀ ਪਰਪੱਕਤਾ ਲਈ ਯੋਗ ਅਗਵਾਈ ਲਈ ਗਈ ਹੈ। ਗੁਰਬਾਣੀ ਨੂੰ ਪੜ੍ਹ ਕੇ ਵਿਚਾਰਨ ਵਾਲੇ ਜਗਿਆਸੂਆਂ ਲਈ ਇਹ ਪੁਸਤਕ ਸੌਗਾਤ ਤੋਂ ਘੱਟ ਨਹੀਂ ਹੈ। ਲੇਖਕ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਉਹ ਆਕਾਸ਼ਵਾਣੀ ਜਲੰਧਰ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਲੰਮਾ ਸਮਾਂ ਪ੍ਰੋਗਰਾਮ ਐਗਜ਼ਿਊਟਿਵ ਵਜੋਂ ਵੀ ਫਰਜ਼ਾਂ ਨੂੰ ਵੀ ਨਿਭਾਅ ਚੁੱਕੇ ਹਨ।

ਭਗਵਾਨ ਸਿੰਘ ਜੌਹਲ
ਮੋ: 98143-24040.

ਤਾਇਆ ਐਕਟਰ ਕਿਵੇਂ ਬਣਿਆ?
ਲੇਖਕ : ਗਿਆਨੀ ਹਰਕੇਵਲ ਸਿੰਘ 'ਸੈਲਾਨੀ'
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ (ਹੁਸ਼ਿਆਰਪੁਰ)
ਸਫ਼ੇ : 144
ਸੰਪਰਕ : 98150-18947.

ਤਾਇਆ ਹੌਲਦਾਰ ਹੰਸਾ ਸਿੰਘ ਇਸ ਪੁਸਤਕ ਦਾ ਸਟਾਰ ਕਰੈਕਟਰ ਹੈ। ਪੁਸਤਕ ਦਾ ਮਨੋਰਥ ਹਾਸੇ ਵੰਡਣਾ ਹੈ ਅਤੇ ਲੋਕਾਂ ਤੇ ਪਾਠਕਾਂ ਨੂੰ ਸਦਾ ਹੱਸਦੇ ਰੱਖਣਾ ਹੈ। ਸਟਾਰ ਪਾਤਰ ਨਾਟਕ ਦੇ ਉਸ ਪਾਤਰ ਜਿਹਾ ਹੈ ਜੋ ਇਕੋ ਐਕਟਰ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਂਦਾ ਹੈ। ਕਿਰਦਾਰ ਮੂਜਬ ਕਾਸਟਿਊਮ ਪਹਿਨਦਾ ਹੈ। ਉਹੋ ਜਿਹੀ ਹੀ ਬੋਲ ਬਾਣੀ ਬੋਲਦਾ ਹੈ। ਉਹ ਕਦੇ ਫ਼ੌਜੀ ਬਣਦਾ ਹੈ, ਕਦੇ ਡਾਕਟਰ ਕਦੇ ਵਕੀਲ ਤੇ ਕਦੀ ਪੱਤਰਕਾਰ ਤੇ ਕਦੀ ਐਕਟਰ। ਤਾਇਆ ਹੌਲਦਾਰ ਹੰਸਾ ਸਿੰਘ ਵੀ ਇਸ ਕਿਤਾਬ ਦਾ ਅਜਿਹਾ ਪਾਤਰ ਹੈ ਜੋ ਅਲੱਗ-ਅਲੱਗ ਸਥਿਤੀਆਂ ਵਿਚ ਵਿਚਰਦਿਆਂ ਪਾਠਕਾਂ ਨੂੰ ਹਸਾਉਣ ਦਾ ਯਤਨ ਕਰਦਾ ਹੈ। ਇਸ ਪੁਸਤਕ ਵਿਚ 18 ਲੇਖ ਸ਼ਾਮਿਲ ਕੀਤੇ ਹਨ। ਇਹ ਲੇਖ ਹਸਾਉਣ ਲਈ ਵੱਖ-ਵੱਖ ਸਥਿਤੀਆਂ ਸਿਰਜਦੇ ਹਨ।
ਕਦੀ ਤਾਏ ਨੂੰ ਮੋਬਾਈਲ ਫੋਨ ਤੰਗ ਕਰਦਾ ਹੈ, ਕਦੀ ਉਹ ਕੀਤੇ ਵਪਾਰ ਵਿਚ ਥਾਂ-ਪੁਰ-ਥਾਂ ਫੇਲ੍ਹ ਹੁੰਦਾ ਨਜ਼ਰ ਆਉਂਦਾ ਹੈ। ਕਿਤੇ ਉਹ ਸਤਿਸੰਗ ਦੀ ਥਾਂ ਅੱਠ ਸੰਗ ਸੁਣਦਾ ਹੈ। ਕਦੀ ਉਹ ਵੀਹ ਬੰਦੇ ਮਾਰਦਾ ਹੈ। ਕਦੇ ਉਹ ਗੁਆਚ ਜਾਂਦਾ ਹੈ, ਕਦੀ ਲੈਂਜ਼ ਪੁਆਉਂਦਾ ਹੈ। ਕਦੀ ਕਵੀ ਬਣਦਾ ਹੈ, ਕਦੀ ਬਿਮਾਰ ਪੈਂਦਾ ਹੈ। ਇਹ ਸਥਿਤੀਆਂ ਸਿੱਧੀ ਲਕੀਰ ਨੂੰ ਟੇਢੀ ਕਰਕੇ ਤੇ ਬਣੇ ਕੰਮ ਨੂੰ ਵਿਗਾੜ ਕੇ ਹਾਸੋ-ਹੀਣੀਆਂ ਸਥਿਤੀਆਂ ਪੈਦਾ ਕਰਦੀਆਂ ਹਨ। ਜਦੋਂ ਕੁਝ ਪਾਠਕ ਦੀ ਸੋਚ ਤੋਂ ਉਲਟ ਵਰਤਦਾ ਹੈ ਤਾਂ ਉਸ ਨੂੰ ਹਾਸਾ ਆਉਂਦਾ ਹੈ। ਇਨ੍ਹਾਂ ਲੇਖਾਂ ਰਾਹੀਂ ਲੇਖਕ ਮੋਟਾ-ਠੁੱਲ੍ਹਾ ਹਾਸਾ ਪੈਦਾ ਕਰਨ ਵਿਚ ਕਾਮਯਾਬ ਰਹਿੰਦਾ ਹੈ। ਇਸ ਦੀ ਠੇਠ ਬੋਲੀ ਅਤੇ ਬਿਲਕੁਲ ਨਵੇਂ ਮੁਹਾਵਰੇ ਅਤੇ ਅਖਾਣਾਂ ਮਨਮੋਹ ਲੈਂਦੀਆਂ ਹਨ। ਇਹ ਮੁਹਾਵਰਾ ਤਾਏ ਦੀ ਪੇਂਡੂ ਰਹਿਤਲ ਦੀ ਉਪਜ ਜਾਪਦਾ ਹੈ। ਸੂਖ਼ਮ ਹਾਸਾ ਭਾਲਣ ਵਾਲੇ ਪਾਠਕਾਂ ਨੂੰ ਇਸ ਪੁਸਤਕ 'ਚੋਂ ਨਿਰਾਸ਼ਤਾ ਹੀ ਮਿਲੇਗੀ। ਹਾਂ ਜੇ ਖੁੱਲ੍ਹ ਕੇ ਹੱਸਣਾ ਹੈ, ਉੱਚੀ-ਉੱਚੀ ਹੱਸਣਾ ਹੈ ਤਾਂ ਇਹ ਪੁਸਤਕ ਅੰਮ੍ਰਿਤ-ਬਾਣ ਸਿੱਧ ਹੋਵੇਗੀ। ਕਈ ਲੇਖ ਜਿਵੇਂ ਤਾਇਆ ਐਕਟਰ ਕਿਵੇਂ ਬਣਿਆ, ਤਾਇਆ ਫੇਲ੍ਹ ਕਿੰਜ ਕੀਤਾ, ਸੰਤ ਰਾਮ ਦੇ ਹੱਥੋਂ ਪੂਰੇ 20 ਮਰੇ ਪੜ੍ਹ ਕੇ ਤਾਂ ਹਾਸਾ ਆਪਮੁਹਾਰੇ ਹੀ ਫੁੱਟ ਪੈਂਦਾ ਹੈ। ਪੁਸਤਕ ਦਿਲਚਸਪ ਹੈ।\

ਕੇ.ਐਲ. ਗਰਗ
ਮੋ: 94635-37050.

24-04-2021

 ਭੂਮਿਕਾ ਦੀ ਸਿਰਜਣਾ
ਲੇਖਕ : ਡਾ: ਅਨੂਪ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੱਲ : 250 ਰੁਪਏ, ਸਫ਼ੇ : 134
ਸੰਪਰਕ : 98768-01268.

ਡਾ. ਅਨੂਪ ਸਿੰਘ ਸੱਚਮੁੱਚ ਹੀ ਅਨੂਠੀ ਸ਼ਖ਼ਸੀਅਤ ਦਾ ਮਾਲਕ ਹੈ। ਉਸ ਦੇ ਸਾਹਿਤਕ ਕਾਰਜ ਵੀ ਅਹਿਮ ਹਨ। ਇਸ ਪੁਸਤਕ ਵਿਚ 16 ਖੋਜ ਨਿਬੰਧ ਦੋ ਭਾਗਾਂ ਵਿਚ ਵੰਡੇ ਗਏ ਹਨ। ਭਾਈ ਵੀਰ ਸਿੰਘ ਤੋਂ ਬਿਨਾਂ ਉਸ ਨੇ ਬਾਕੀ 15 ਦੀ ਚੋਣ ਆਪਣੀ ਸਾਹਿਤਕ ਮਿੱਤਰ-ਮੰਡਲੀ ਵਿਚੋਂ ਕੀਤੀ ਹੈ। ਇਸ ਸਾਹਿਤਕ ਮੰਡਲੀ ਨਾਲ ਆਪਣੇ ਨਿੱਜੀ ਸਬੰਧਾਂ ਨੂੰ ਵੀ ਉਜਾਗਰ ਕੀਤਾ ਹੈ। ਆਪਣੇ ਵਲੋਂ ਸਾਹਿਤ ਸਬੰਧੀ ਅਨੇਕਾਂ ਸਿਧਾਂਤਕ ਟਿੱਪਣੀਆਂ ਕੀਤੀਆਂ ਹਨ। ਆਪਣੇ ਵਲੋਂ ਹੀ ਨਹੀਂ ਸੰਸਾਰ ਪ੍ਰਸਿੱਧ ਬਹੁਤ ਸਾਰੇ ਵਿਦਵਾਨਾਂ ਦੇ ਹਵਾਲੇ ਵੀ ਦਿੱਤੇ ਹਨ, ਜੋ ਉਸ ਦੇ ਵਿਸ਼ਾਲ ਅਧਿਐਨ ਦੀ ਸਾਖੀ ਭਰਦੇ ਹਨ, ਮਸਲਨ : ਜਾਪਾਨੀ ਸ਼ਾਇਰਾ ਮਾਚੀ ਤਵਾਰਾ, ਕਾਰਲ ਸੈਂਡਬਰਗ, ਹੈਜ਼ਲਿਟ, ਐਮਰਸਨ, ਮਲਿਆਲਮ ਕਵੀ ਸਚਿਦਾਨੰਦ, ਉਸਤਾਦ ਦਾਮਨ, ਮਹਾਂਕਵੀ ਟੈਗੋਰ, ਮਹਾਸ਼ਾਵੇਤੀ ਦੇਵੀ, ਪ੍ਰੋ: ਐਲੀ ਵੀਜ਼ਲ, ਆਈਨਸਟਾਈਨ, ਲਾਓ ਹਾਟਜ਼, ਮਾਰਗਰੇਟ ਥੈਚਰ, ਟਾਲਸਟਾਇ, ਲਖਵਿੰਦਰ ਜੌਹਲ ਆਦਿ।
ਅਜਿਹੇ ਵਿਦਵਾਨਾਂ ਦੇ ਵਿਚਾਰਾਂ ਦੀ ਰੌਸ਼ਨੀ ਵਿਚ ਜਿਨ੍ਹਾਂ ਕਵੀਆਂ/ਸਾਹਿਤਕਾਰਾਂ ਦੀਆਂ ਰਚਨਾਵਾਂ ਦਾ ਮੁਲਾਂਕਣ ਕੀਤਾ ਗਿਆ ਹੈ, ਉਨ੍ਹਾਂ ਵਿਚ ਸ਼ਾਮਿਲ ਹਨ : ਭਾਈ ਵੀਰ ਸਿੰਘ ਸਮਕਾਲ ਦੀ ਪ੍ਰਸੰਗਿਕਤਾ), ਡਾ. ਰਵਿੰਦਰ ਦੀ ਸਮੁੱਚੀ ਵਿਲੱਖਣ ਪ੍ਰਾਪਤੀ, ਚਰਨ ਕੌਸ਼ਲ (ਸ਼ਬਦ ਮਰਦੇ ਨਹੀਂ), ਸੁੱਚਾ ਸਿੰਘ ਰੰਧਾਵਾ (ਇੰਜ ਲਗਦੈ), ਸੁਲਤਾਨ ਭਾਰਤੀ (ਮਸੀਹਾ ਹੋਣ ਦਾ ਭਰਮ), ਨਰਿੰਦਰ ਸਿੰਘ ਸੰਘਾ (ਕਾਵਿ-ਰਿਸ਼ਮਾਂ), ਗੁਰਮੀਤ ਸਿੰਘ ਬਾਜਵਾ (ਸ਼ਬਦ ਸਮੁੰਦਰ 'ਚੋਂ), ਕਰਨ ਅਜਾਇਬ ਸਿੰਘ (ਤਰਕ ਅਤਰਕ), ਡਾ. ਸਤਿੰਦਰਜੀਤ ਕੌਰ ('ਜ਼ਖ਼ਮੀ ਰੂਹ'), ਤਰਸੇਮ ਸਿੰਘ ਘੰਮੁਣ (ਮਿੱਟੀ ਦਾ ਮੋਹ, ਭਖਦੇ ਅੰਗਿਆਰ), ਦੂਜੇ ਭਾਗ ਵਿਚ : ਪ੍ਰੋ: ਹਰਭਜਨ ਸਿੰਘ (ਸੱਤਾ-ਸਥਾਪਤੀ ਵਿਰੁੱਧ ਗੁਰੂ ਸਾਹਿਬ), ਦਲਬੀਰ ਸਿੰਘ (ਦਾਰਸ਼ਨਿਕ ਯੋਧੇ ਦੀ ਜਾਣ-ਪਛਾਣ), ਸਰਬਜੀਤ ਸੋਹੀ (ਤਰਕਸ਼ ਵਿਚਲੇ ਹਰਫ਼) ਦੀ ਕਵਿਤਾ ਬਾਰੇ 20 ਲੇਖਾਂ ਦਾ ਡਾ. ਅਨੂਪ ਸਿੰਘ ਨੇ ਸੰਪਾਦਨ ਕਰਦਿਆਂ ਵਿਰੋਧੀ ਸੁਰ ਦਾ ਪੁਨਰ-ਉਥਾਨ ਦੱਸਿਆ, ਚੌਧਰੀ ਦਲਬੀਰ ਮਸੀਹ ਵਲੋਂ ਪ੍ਰਿੰ: (ਡਾ.) ਆਰ.ਐਮ. ਚੌਧਰੀ ਦੀ ਜੀਵਨੀ, ਅਤੇ ਅਖੀਰ ਵਿਚ ਵਰਗਿਸ ਸਲਾਮਤ ਦੇ ਕਹਾਣੀ ਸੰਗ੍ਰਹਿ 'ਤੰਦ ਤੇ ਤਾਣੀ' ਦਾ ਮੁਲਾਂਕਣ ਆਦਿ।
ਇਸ ਸਾਰੀ ਪੁਸਤਕ ਦਾ ਆਦਿ ਤੋਂ ਅੰਤ ਅਧਿਐਨ ਕਰਦਿਆਂ ਪਤਾ ਚਲਦਾ ਹੈ ਵਿਦਵਾਨ ਆਲੋਚਕ ਨੇ ਰਚਨਾਵਾਂ ਦਾ ਵਿਵੇਚਨ ਕਰਦਿਆਂ ਵਸਤੂਪਰਕ ਅਤੇ ਪਾਰਦਰਸ਼ੀ ਦ੍ਰਿਸ਼ਟੀ ਅਪਣਾਈ ਹੈ। ਇਸ ਪੁਸਤਕ ਦੇ ਪ੍ਰਕਾਸ਼ਨ ਦਾ ਮਨੋਰਥ ਜ਼ਿਆਦਾਤਰ ਇਹੋ ਜਾਪਦਾ ਹੈ ਕਿ ਅਣਗੌਲੇ ਲੇਖਕਾਂ ਨੂੰ ਲਾਇਮ-ਲਾਈਟ ਵਿਚ ਲਿਆਂਦਾ ਜਾਵੇ ਤਾਂ ਕਿ ਉਨ੍ਹਾਂ ਨੂੰ ਸਿਰਜਣ-ਖੇਤਰ 'ਚ ਹੱਲਾਸ਼ੇਰੀ ਮਿਲੇ (ਪਹਿਲੇ ਤਿੰਨਾਂ ਨੂੰ ਛੱਡ ਕੇ) ਅਜਿਹੀ ਪੁਸਤਕ ਦੀ ਸਿਰਜਣਾ ਸੱਚਮੁੱਚ ਹੀ ਨਵ-ਲੇਖਕਾਂ ਦੀ ਕਲਮ ਨੂੰ ਜੁੰਬਸ਼ ਪ੍ਰਦਾਨ ਕਰੇਗੀ।

ਡਾ. ਧਰਮ ਚੰਦ ਵਾਤਿਸ਼
E. mail : vatish.dharamchand.@gmail.com

ਡਾ: ਗੰਡਾ ਸਿੰਘ
ਲੇਖਕ : ਡਾ: ਮਹਿੰਦਰ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁੱਕ ਟਰੱਸਟ, ਇੰਡੀਆ
ਮੁੱਲ : 190 ਰੁਪਏ, ਸਫ਼ੇ : 152

ਡਾ: ਗੰਡਾ ਸਿੰਘ ਨੇ ਪੰਜਾਬ ਦੀ ਇਤਿਹਾਸਕਾਰੀ ਨੂੰ ਇਕ ਭਰੋਸੇਯੋਗ ਅਤੇ ਨਵੀਂ ਸ਼ਨਾਖ਼ਤ ਪ੍ਰਦਾਨ ਕੀਤੀ ਹੈ। ਅਸਲ ਵਿਚ ਭਾਰਤੀ ਲੇਖਕਾਂ ਨੂੰ ਇਤਿਹਾਸਕਾਰੀ ਦੀ ਠੀਕ ਸਮਝ ਹੀ ਨਹੀਂ ਸੀ। ਇਕ ਤਾਂ ਸਾਡੇ ਲੋਕਾਂ ਦੀ ਇਹ ਧਾਰਨਾ ਸੀ ਕਿ ਜਦੋਂ ਮਨੁੱਖ ਆਪ ਹੀ ਨਾਸ਼ਮਾਨ ਹੈ ਤਾਂ ਉਸ ਦਾ ਇਤਿਹਾਸ ਲਿਖਣ ਦੀ ਕੀ ਤੁੱਕ? ਇਸ ਤੋਂ ਬਿਨਾਂ ਉਨ੍ਹਾਂ ਦਾ ਇਹ ਵੀ ਵਿਸ਼ਵਾਸ ਸੀ ਕਿ ਮਨੁੱਖੀ ਆਤਮਾ ਇਕ ਸਰੀਰ ਤੋਂ ਦੂਜੇ ਸਰੀਰ ਵਿਚ ਚਲੀ ਜਾਂਦੀ ਹੈ, ਕੁੱਲ 84 ਲੱਖ ਜੂਨਾਂ ਹਨ ਅਤੇ ਕੋਈ ਬੰਦਾ ਇਨ੍ਹਾਂ ਦਾ ਕਿੱਥੋਂ ਤੱਕ ਹਿਸਾਬ ਰੱਖੇ? ਸਾਡੇ ਲੋਕ ਜਦੋਂ ਕਿਸੇ ਵਿਅਕਤੀ ਵਿਸ਼ੇਸ਼ ਦਾ ਇਤਿਹਾਸ ਲਿਖਦੇ ਵੀ ਸਨ ਤਾਂ ਇਸ ਨੂੰ ਪੌਰਾਣਿਕ ਢੰਗ ਨਾਲ ਲਿਖਦੇ ਸਨ, ਜਿਸ ਵਿਚ ਹਰ ਘਟਨਾ ਹਜ਼ਾਰਾਂ-ਲੱਖਾਂ ਵਰ੍ਹਿਆਂ ਵਿਚ ਫੈਲੀ ਵਿਖਾਈ ਜਾਂਦੀ ਸੀ, ਇਸ ਵਿਧੀ ਨਾਲ ਲਿਖੇ ਗਏ ਇਤਿਹਾਸ ਵੀ ਮਿਥਿਹਾਸ ਹੋ ਨਿੱਬੜਦੇ ਸਨ।
ਡਾ: ਗੰਡਾ ਸਿੰਘ ਦੇ ਨਾਲ ਹੀ ਪ੍ਰੋ: ਸੀਤਾ ਰਾਮ ਕੋਹਲੀ ਅਤੇ ਡਾ: ਹਰੀ ਰਾਮ ਗੁਪਤਾ ਨੇ ਪੰਜਾਬ ਦਾ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ ਸੀ ਪਰ ਡਾ: ਗੰਡਾ ਸਿੰਘ ਨੇ ਇਸ ਕਾਰਜ ਨੂੰ ਸਿਖ਼ਰ ਉੱਤੇ ਪਹੁੰਚਾ ਦਿੱਤਾ। ਇਸ ਖੇਤਰ ਵਿਚ ਪ੍ਰਵੇਸ਼ ਕਰਨ ਦੀ ਪ੍ਰੇਰਨਾ ਉਸ ਨੂੰ ਇਕ ਐਂਗਲੋ-ਪਰਸ਼ੀਅਨ ਕੰਪਨੀ, ਈਰਾਨ ਵਿਚ ਕੰਮ ਕਰਨ ਸਮੇਂ ਅੰਗਰੇਜ਼ ਅਫਸਰ ਆਰਨਰਡ ਵਿਲਸਨ ਤੋਂ ਪ੍ਰਾਪਤ ਹੋਈ ਸੀ, ਜੋ ਪਰਸ਼ੀਆ ਦੇ ਇਤਿਹਾਸ ਨਾਲ ਸਬੰਧਿਤ ਪ੍ਰਮਾਣਿਕ ਸਰੋਤਾਂ ਦੀ ਇਕ ਬਿਬਲੋਗ੍ਰਾਫ਼ੀ ਤਿਆਰ ਕਰ ਰਿਹਾ ਸੀ। ਉਸ ਦੇ ਇਸ ਕੰਮ ਤੋਂ ਡਾ: ਗੰਡਾ ਸਿੰਘ ਬਹੁਤ ਮੁਤਾਸਿਰ ਹੋਇਆ ਅਤੇ ਉਸ ਨੇ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਸਰੋਤਾਂ ਨੂੰ ਇਕੱਤਰ ਕਰਨ ਦਾ ਸੰਕਲਪ ਕਰ ਗਿਆ। ਖਾਲਸਾ ਕਾਲਜ ਅੰਮ੍ਰਿਤਸਰ, ਪੰਜਾਬ ਆਰਕਾਈਵਜ਼ ਪਟਿਆਲਾ, ਪੰਜਾਬ ਇਤਿਹਾਸ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾਇਰੈਕਟਰ ਅਤੇ ਲਾਈਫ ਫੈਲੋ ਵਜੋਂ ਕੰਮ ਕਰਦਿਆਂ ਨਾ ਕੇਵਲ ਉਸ ਨੇ ਆਪ ਬਹੁਮੁੱਲਾ ਕਾਰਜ ਕੀਤਾ ਬਲਕਿ ਡਾ: ਕਿਰਪਾਲ ਸਿੰਘ, ਡਾ: ਫੌਜਾ ਸਿੰਘ, ਡਾ: ਐਸ.ਐਸ. ਬੱਲ, ਪ੍ਰਿਥੀਪਾਲ ਸਿੰਘ ਕਪੂਰ, ਸ: ਸ਼ਮਸ਼ੇਰ ਸਿੰਘ ਅਸ਼ੋਕ, ਭਾਈ ਰਣਧੀਰ ਸਿੰਘ ਅਤੇ ਹੋਰ ਬਹੁਤ ਸਾਰੇ ਪ੍ਰੋਫੈਸਰਾਂ ਨੂੰ ਪੰਜਾਬ ਦੀ ਇਤਿਹਾਸਕਾਰੀ ਨਾਲ ਜੋੜ ਕੇ ਇਸ ਖੇਤਰ ਵਿਚ ਪਏ ਸਾਰੇ ਖੱਪਿਆਂ ਨੂੰ ਪੂਰਨ ਦਾ ਮਹੱਤਵਪੂਰਨ ਕਾਰਜ ਸੰਭਵ ਕਰ ਦਿਖਾਇਆ।
ਇਸ ਪੁਸਤਕ ਦਾ ਲੇਖਕ ਡਾ: ਮਹਿੰਦਰ ਸਿੰਘ ਨਾ ਕੇਵਲ ਆਪ ਇਕ ਅੰਤਰਰਾਸ਼ਟਰੀ ਪੱਧਰ ਦਾ ਇਤਿਹਾਸਕਾਰ ਹੈ ਬਲਕਿ ਉਸ ਨੇ ਬਹੁਤ ਸਮਾਂ ਡਾ: ਗੰਡਾ ਸਿੰਘ ਦੀ ਸਰਪ੍ਰਸਤੀ ਅਤੇ ਸੋਹਬਤ ਵਿਚ ਬਿਤਾਇਆ ਹੈ। ਇਹੀ ਕਾਰਨ ਹੈ ਕਿ ਉਸ ਦੁਆਰਾ ਲਿਖੀ ਡਾ: ਸਿੰਘ ਦੀ ਜੀਵਨੀ ਅਤਿਅੰਤ ਰੌਚਕ, ਸੱਚੀ ਅਤੇ ਪ੍ਰੇਰਨਾ ਭਰਪੂਰ ਹੋ ਨਿੱਬੜੀ ਹੈ। ਉਹ ਡਾ: ਗੰਡਾ ਸਿੰਘ ਦੇ ਪਰਿਵਾਰਕ, ਕੰਮ-ਕਾਜ ਅਤੇ ਸਮਾਜਿਕ ਜੀਵਨ ਦੀਆਂ ਅਨੇਕ ਘਟਨਾਵਾਂ ਦਾ ਗਵਾਹ ਰਿਹਾ ਹੈ। ਇਹ ਇਕ ਬਹੁਤ ਹੀ ਦਿਲਚਸਪ ਜੀਵਨੀ ਹੋ ਨਿੱਬੜੀ ਹੈ ਅਤੇ ਡਾ: ਗੰਡਾ ਸਿੰਘ ਦੇ ਜੀਵਨ-ਸੰਘਰਸ਼ ਅਤੇ ਉਸ ਦੀਆਂ ਉਪਲਬਧੀਆਂ ਬਾਰੇ ਇਕ ਸਰੋਤ-ਪੁਸਤਕ ਦਾ ਦਰਜਾ ਰੱਖਦੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪੋਰ ਦੀ ਜੂਨ
ਲੇਖਕ : ਭੁਪਿੰਦਰ ਸੰਧੂ ਬਠਿੰਡਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 96461-08157.

ਭੁਪਿੰਦਰ ਸੰਧੂ ਬਠਿੰਡਾ ਅਜੋਕੀ ਪੀੜ੍ਹੀ ਦੇ ਸਰਗਰਮ ਕਵੀਆਂ ਵਿਚ ਇਕ ਉੱਘਾ ਨਾਂਅ ਹੈ। 'ਪੋਰ ਦੀ ਜੂਨ' ਉਸ ਦਾ ਤੀਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ 'ਆਪਣੇ ਹਿੱਸੇ ਦੇ ਬੋਲ' (ਜਨਵਰੀ 2007) ਕਾਵਿ-ਸੰਗ੍ਰਹਿ ਅਤੇ 'ਸੂਰਜਾਂ ਦੀ ਭਾਲ ਵਿਚ' (ਫਰਵਰੀ 2014) ਗ਼ਜ਼ਲ ਸੰਗ੍ਰਹਿ ਰਾਹੀਂ ਪੰਜਾਬੀ ਕਾਵਿ-ਜਗਤ ਵਿਚ ਆਪਣੀ ਭਰਵੀਂ ਹਾਜ਼ਰੀ ਲਗਵਾ ਚੁੱਕਾ ਹੈ। ਹਥਲਾ ਕਾਵਿ-ਸੰਗ੍ਰਹਿ, ਉਸ ਨੇ ਆਪਣੇ ਵਡੇਰਿਆਂ ਦੇ ਡੁੱਲ੍ਹੇ ਮੁੜ੍ਹਕੇ ਨੂੰ ਸਮਰਪਿਤ ਕਰਦਿਆਂ ਆਪਣੀ ਸ਼ਾਇਰੀ ਰਾਹੀਂ ਮਨੁੱਖੀ ਕਿਰਤ ਦੀ ਆਭਾ ਨੂੰ ਵਡਿਆਇਆ ਅਤੇ ਸਤਿਕਾਰਿਆ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਜ਼ਿੰਦਗੀ' ਤੋਂ ਲੈ ਕੇ 'ਨੰਦ ਕਿਸ਼ੋਰਾਂ ਦੀ ਭੀੜ' ਤੱਕ ਨਜ਼ਮਾਂ, ਗ਼ਜ਼ਲਾਂ, ਗੀਤ ਅਤੇ ਟੱਪੇ ਮਨੁੱਖੀ ਜ਼ਿੰਦਗੀ ਦੇ ਅਨੇਕਾਂ ਸਰੋਕਾਰਾਂ ਦੀ ਵਿਥਿਆ ਦਾ ਬਿਰਤਾਂਤ ਸਿਰਜਦੇ ਨਜ਼ਰੀਂ ਪੈਂਦੇ ਹਨ। ਪੰਜਾਬੀ ਕਾਵਿ-ਜਗਤ 'ਚ ਕਦੇ ਗੀਤ ਕਾਵਿ-ਰੂਪ ਦੀ ਬਹੁਤ ਚੜ੍ਹਤ ਸੀ, ਜੋ ਹੁਣ ਮਾਂਦ ਪੈ ਚੁੱਕੀ ਹੈ, ਪ੍ਰੰਤੂ ਭੁਪਿੰਦਰ ਸੰਧੂ ਨੇ ਇਸ ਕਾਵਿ-ਸੰਗ੍ਰਹਿ 'ਚ ਗੀਤਾਂ ਨੂੰ ਉਚਿਤ ਥਾਂ ਦਿੰਦਿਆਂ ਇਸ ਕਾਵਿ-ਰੂਪ ਦੀ ਮਹੱਤਤਾ ਅਤੇ ਸਾਰਥਿਕਤਾ ਨੂੰ ਮੁੜ ਦੁਹਰਾਇਆ ਹੈ। 'ਚਾਨਣ ਦੇ ਵਣਜਾਰੇ' ਗੀਤ 'ਚ ਇਤਿਹਾਸਕ ਪਾਤਰਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ, ਦੁੱਲਾ ਭੱਟੀ, ਭਗਤ ਸਿੰਘ ਦੀਆਂ ਕੁਰਬਾਨੀਆਂ ਦਾ ਬਿਆਨ ਕਰਦਿਆਂ ਸਮੁੱਚੀ ਖ਼ਲਕਤ 'ਚ ਕੰਗਾਲੀ, ਗ਼ਰੀਬੀ, ਆਰਥਿਕ, ਸਮਾਜਿਕ, ਸੱਭਿਆਚਾਰਕ, ਧਾਰਮਿਕ ਆਦਿ ਪਈਆਂ ਪੈਰੀਂ ਬੇੜੀਆਂ ਨੂੰ ਤੋੜਨ ਦਾ ਬਿਰਤਾਂਤ ਸਿਰਜਦਿਆਂ ਸੰਘਰਸ਼ ਅਤੇ ਹੋਕੇ ਦੀ ਆਵਾਜ਼ ਬੁਲੰਦ ਕਰਨ ਦੀ ਹੇਕ ਲਾਈ ਹੈ :
'ਸੰਧੂ' ਜੋ ਨੇਰ੍ਹਿਆਂ ਸੰਗ ਲੜਦੇ।
ਆਪਣੀ ਮੰਜ਼ਿਲ 'ਤੇ ਜਾ ਚੜ੍ਹਦੇ
ਹੋ ਜਾਂਦੇ ਵਾਰੇ ਨਿਆਰੇ ਨੇ।
ਹੱਕ-ਸੱਚ ਲਈ....।
'ਸੰਧੂ' ਆਪਣੀ ਕਵਿਤਾ ਵਿਚ ਰੁਦਨ, ਝੋਰਿਆਂ ਨੂੰ ਬਿਆਨ ਨਹੀਂ ਕਰਦਾ ਸਗੋਂ ਮਨੁੱਖਤਾ ਲਈ ਪ੍ਰਤੀਬੱਧਤਾ ਦਾ ਦ੍ਰਿੜ੍ਹ ਅਕੀਦਾ ਪ੍ਰਗਟ ਕਰਦਿਆਂ ਹੇਕ ਅਤੇ ਹੋਕਰਾ ਦਿੰਦਾ ਹੈ। ਉਹ ਆਰਥਿਕ ਪ੍ਰਬੰਧ ਦੀਆਂ ਕਰੂਰ ਅਲਾਮਤਾਂ, ਜ਼ੁਲਮ, ਲੁੱਟ-ਖਸੁੱਟ, ਠੱਗਾਂ, ਲੁਟੇਰਿਆਂ, ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਵਿਰੁੱਧ ਲੜਨ ਲਈ ਪ੍ਰੇਰਦਾ ਹੈ, ਉਥੇ ਹੀ ਉਹ ਨਾਰੀ ਸ਼ਕਤੀ ਨੂੰ ਸਵੀਕਾਰਦਿਆਂ ਉਸ ਦੇ ਸਹਿਯੋਗ ਦੀ ਲੋੜ ਨੂੰ ਵੀ ਮਹਿਸੂਸ ਕਰਵਾਉਂਦਾ ਹੈ। 'ਉਡਾਰੀਆਂ', 'ਹਾਉਕਾ', 'ਮੈਂ ਲੂਣਾ ਦੀ ਭੈਣ ਹਾਂ', 'ਰਿਸ਼ਤਿਆਂ 'ਚ ਘਿਰੀ ਮੁਹੱਬਤ', 'ਮੋਮ ਦਾ ਨੱਕ', 'ਪੋਰ ਦੀ ਜੂਨ', 'ਵਾਰਿਸ' ਅਤੇ 'ਮਜ਼ਦੂਰ' ਆਦਿ ਕਵਿਤਾਵਾਂ 'ਚ ਉਕਤ ਵਰਣਿਤ ਮਸਲਿਆਂ ਨੂੰ ਉਭਾਰਿਆ ਗਿਆ ਹੈ। 'ਲੌਕਡਾਊਨ ਦੇ ਅੰਦਰ-ਬਾਹਰ' ਕਵਿਤਾ 'ਚ ਕੋਰੋਨਾ ਸੰਕਟ ਰਾਹੀਂ ਮਾਨਵ 'ਤੇ ਢਾਹੇ ਜ਼ੁਲਮਾਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ ਗਈ ਹੈ। ਇਹ ਕਾਵਿ-ਸੰਗ੍ਰਹਿ ਅਨੇਕਾਂ ਮਨੁੱਖੀ ਪਰਤਾਂ ਦਾ ਮਨੋਵਿਸ਼ਲੇਸ਼ਣ ਵੀ ਸਰਲ, ਸਪੱਸ਼ਟ ਅਤੇ ਸਾਧਾਰਨ ਭਾਸ਼ਾ ਵਿਚ ਕਰਦਾ ਹੋਇਆ ਕਾਵਿ-ਪਾਠਕਾਂ ਅੱਗੇ ਅਨੇਕਾਂ ਸਵਾਲਾਂ ਦੀਆਂ ਲੜੀਆਂ ਪਰੋ ਦਿੰਦਾ ਹੈ। ਜਿਥੇ ਮੈਂ ਇਸ ਕਾਵਿ ਸੰਗ੍ਰਹਿ ਦਾ ਸਵਾਗਤ ਕਰਦਾ ਹਾਂ, ਉਥੇ ਆਸ ਕਰਦਾ ਹੈ ਕਿ 'ਸੰਧੂ' ਸੂਰਜਾਂ ਦੇ ਨਾਲ-ਨਾਲ ਕਾਵਿ-ਸੰਗ੍ਰਹਿ ਰਾਹੀਂ ਆਪਣੀ ਆਮਦ ਦਾ ਸੰਕੇਤ ਦੇਵੇਗਾ। ਆਮੀਨ!

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

ਮਨੁੱਖੀ ਵਿਵਹਾਰ ਦੀ ਸੂਝ-ਬੂਝ
ਲੇਖਕ : ਡਾ: ਆਗਿਆਜੀਤ ਸਿੰਘ
ਪ੍ਰਕਾਸ਼ਕ : ਪੀਪਲਜ਼ ਫ਼ੋਰਮ (ਰਜਿ:) ਬਰਗਾੜੀ, ਫਰੀਦਕੋਟ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ :94781-69464.

ਚਰਚਾ ਅਧੀਨ ਪੁਸਤਕ ਵਿਚ ਮਨੁੱਖੀ ਮਨੋਵਿਗਿਆਨ ਨਾਲ ਸਬੰਧਿਤ ਵੀਹ ਨਿਬੰਧ ਸ਼ਾਮਿਲ ਹਨ। ਅਲੱਗ-ਅਲੱਗ ਮੁੱਦੇ ਜਿਨ੍ਹਾਂ 'ਤੇ ਵਿਚਾਰ ਦ੍ਰਿਸ਼ਟੀਗੋਚਰ ਕੀਤੇ ਗਏ ਹਨ, ਉਹ ਹਨ: ਮਨੁੱਖੀ ਵਿਵਹਾਰ ਅਤੇ ਵਿਅਕਤਿੱਤਵ, ਸੱਭਿਆਚਾਰ, ਵਿਅਕਤੀਗਤ ਭਿੰਨਤਾ ਅਤੇ ਵਾਤਾਵਰਨ। ਇਸ ਵਿਚ ਮਨੁੱਖ ਦੀਆਂ ਅੰਤਰੀਵ, ਬਾਹਰਲੀਆਂ ਕਿਰਿਆਵਾਂ, ਮਾਨਸਿਕ, ਭਾਵਨਾਤਮਿਕ ਅਤੇ ਸਰੀਰਕ ਕਿਰਿਆਵਾਂ ਸ਼ਾਮਿਲ ਹੁੰਦੀਆਂ ਹਨ। ਸੱਭਿਆਚਾਰ ਦੀਆਂ ਨੈਤਿਕ ਕਦਰਾਂ-ਕੀਮਤਾਂ ਵੀ ਮਨੁੱਖੀ ਵਿਵਹਾਰ ਨੂੰ ਨਿਰਧਾਰਤ ਕਰਦੀਆਂ ਹਨ। ਮਨੁੱਖੀ ਵਿਵਹਾਰ ਵਿਚ ਵਿਅਕਤੀਗਤ ਭਿੰਨਤਾ ਦਰਸਾਉਂਦੀ ਹੈ ਕਿ ਲੋਕ ਵਿਹਾਰ, ਵਤੀਰੇ, ਚਿੰਤਨ, ਬੁੱਧੀ, ਸੰਵੇਗਾਂ ਵਿਚ ਕਿਵੇਂ ਇਕ-ਦੂਜੇ ਨਾਲੋਂ ਵੱਖਰੇ ਜਾਂ ਇਕ ਸਮਾਨ ਹੁੰਦੇ ਹਨ। ਮਨੁੱਖੀ ਵਿਅਕਤਿੱਤਵ ਨੂੰ ਉਸਾਰਨ ਵਿਚ ਵਾਤਾਵਰਨ ਇਕ ਵੱਡੀ ਭੂਮਿਕਾ ਨਿਭਾਉਂਦਾ ਹੈ। ਸਵੈ-ਪਹਿਚਾਣ ਅਤੇ ਸਵੈ-ਪ੍ਰੇਰਨਾ ਆਚਰਨ ਨਿਰਮਾਣ, ਸਮਾਜਿਕ ਗੁਣ ਵਿਕਸਿਤ ਕਰਨ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਵਿਚ ਸਹਾਈ ਬਣਦਾ ਹੈ। ਮਨੁੱਖ ਦੀਆਂ ਮਨੋਵਿਗਿਆਨਕ ਲੋੜਾਂ, ਸਮੱਸਿਆਵਾਂ, ਮਨੋਵਿਗਿਆਨਕ ਵਿਕਾਸ ਨੂੰ ਬੜੇ ਵਿਸਥਾਰ ਨਾਲ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਅੱਜਕੱਲ੍ਹ ਕੋਈ ਹੀ ਮਨੁੱਖ ਹੋਵੇਗਾ ਜੋ ਮਾਨਸਿਕ ਤਣਾਅ ਵਿਚ ਨਹੀਂ ਹੋਵੇਗਾ। ਤਣਾਅ ਨੀਂਦ ਉਡਾਉਂਦਾ ਹੈ ਅਤੇ ਐਨਜਾਈਨਾ ਅਤੇ ਅਲਸਰ ਜਿਹੀਆਂ ਅਲਾਮਤਾਂ ਨੂੰ ਸੱਦ ਲਿਆਉਂਦਾ ਹੈ। ਆਪਣਾ ਵਤੀਰਾ ਬਦਲ ਕੇ, ਵਿਸਰਾਮੀ ਕਸਰਤਾਂ ਕਰਕੇ ਜਾਂ ਧਾਰਮਿਕ ਬਿਰਤੀ ਬਣਾ ਕੇ ਮਾਨਸਿਕ ਤਣਾਅ ਨੂੰ ਘੱਟ ਕੀਤਾ ਜਾ ਸਕਦਾ। ਚਿੰਤਾ, ਡਿਪਰੈਸ਼ਨ ਜਿਹੇ ਗੰਭੀਰ ਰੋਗ ਜਿੱਥੇ ਸਦਮਾ ਚਿਕਿਤਸਾ ਅਤੇ ਕੁੜੱਲ ਥੈਰੇਪੀ ਨਾਲ ਕਾਬੂ ਵਿਚ ਰਹਿੰਦੇ ਹਨ, ਉੱਥੇ ਮਨੋਚਿਕਿਤਸਾ ਵਿਧੀ ਵੀ ਅਜਿਹੇ ਕਈ ਕੇਸਾਂ ਵਿਚ ਕਾਰਗਰ ਸਿੱਧ ਹੁੰਦੀ ਹੈ। ਮਨੋਵਿਗਿਆਨਕ ਸਲਾਮਤੀ-ਅਜੋਕੇ ਸਮੇਂ ਦੀ ਲੋੜ, ਸਾਧਾਰਨ ਮਾਨਸਿਕ ਯੋਗਤਾ, ਭਾਵਨਾਤਮਕ ਸਿਹਤ ਦੇ ਲੱਛਣ, ਭਾਵਨਾਤਮਕ ਬੁੱਧੀ ਦੀ ਮਹੱਤਤਾ, ਸਮੱਸਿਆ ਸਮਾਧਾਨ ਅਤੇ ਫ਼ੈਸਲੇ ਕਰਨ ਦੀ ਯੋਗਤਾ, ਸਾਵੀਂ ਪੱਧਰੀ ਜ਼ਿੰਦਗੀ, ਸਾਦਾ ਜੀਵਨ ਅਤੇ ਉੱਚੀ ਸੋਚ, ਬੱਚਿਆਂ ਵਿਚ ਸਮੱਸਿਆ ਵਿਵਹਾਰ ਦੇ ਕਾਰਨ, ਬੁਢਾਪਾ ਤੇ ਮਾਨਸਿਕ ਰੋਗ ਅਤੇ ਫ਼ਰਾਇਡ ਦਾ ਮਨੋਵਿਸ਼ਲੇਸ਼ਣ ਪਾਠਕਾਂ ਨੂੰ ਬਹੁਮੁੱਲੀ ਜਾਣਕਾਰੀ ਦਿੰਦੇ ਹਨ। ਬੁਢਾਪੇ ਨੂੰ ਜੀਵ ਵਿਗਿਆਨੀ ਸੱਠ ਦੀ ਥਾਂ ਪੰਤਾਲੀ ਪੰਜਾਹ ਸਾਲ ਤੋਂ ਹੀ ਸ਼ੁਰੂ ਹੋਇਆ ਮੰਨਦੇ ਹਨ। ਕਿਉਂਕਿ ਪ੍ਰਕਿਰਤੀ ਵਲੋਂ ਮਨੁੱਖ ਦੀ ਜ਼ਰੂਰੀ ਜੀਵਨ ਅਵਧੀ ਚਾਲੀ ਤੋਂ ਪੰਜਾਹ ਸਾਲ ਹੀ ਮੰਨੀ ਗਈ ਹੈ। ਪੰਜਾਬੀ ਗਿਆਨ ਸਾਹਿਤ ਵਿਚ ਇਸ ਪੁਸਤਕ ਦੇ ਆਗਮਨ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ। ਮੈਂ ਪਾਠਕਾਂ ਨੂੰ ਮਸ਼ਵਰਾ ਦੇਣਾ ਚਾਹਾਂਗਾ ਕਿ ਉਹ ਇਸ ਪੁਸਤਕ ਨੂੰ ਜ਼ਰੂਰ ਪੜ੍ਹਨ, ਬੜੀ ਉਪਯੋਗੀ ਪੁਸਤਕ ਹੈ, ਬੜਾ ਕੁਝ ਲੱਭ ਪਵੇਗਾ ਇਸ ਵਿਚੋਂ।

ਹਰੀ ਕ੍ਰਿਸ਼ਨ ਮਾਇਰ
ਮੋ: 97806-67686

ਲਿਖਤੁਮ ਭਗਤ ਸਿੰਘ
ਸ਼ਹੀਦ-ਏ-ਆਜ਼ਮ ਦੀ ਜੀਵਨ ਕਹਾਣੀ
ਚਿੱਠੀਆਂ ਦੀ ਜ਼ਬਾਨੀ
ਲੇਖਕ : ਸਰਬਜੀਤ ਸਿੰਘ ਵਿਰਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 356
ਸੰਪਰਕ : 94170-72314.

ਲਿਖਤੁਮ ਭਗਤ ਸਿੰਘ ਸ਼ਹੀਦ-ਏ-ਆਜ਼ਮ ਦੀ ਜੀਵਨ ਕਹਾਣੀ, ਚਿੱਠੀਆਂ ਦੀ ਜ਼ਬਾਨੀ ਕਿਤਾਬ ਦੀ ਭੂਮਿਕਾ ਪ੍ਰੋਫ਼ੈਸਰ ਜਗਮੋਹਨ ਸਿੰਘ (ਸ਼ਹੀਦ ਭਗਤ ਸਿੰਘ ਦੇ ਭਾਣਜੇ) ਵਲੋਂ ਲਿਖੀ ਗਈ ਹੈ। 28 ਖੰਡਾਂ ਵਿਚ ਵੰਡੀ ਹੋਈ ਇਹ ਕਿਤਾਬ ਮੁੱਖ ਰੂਪ ਵਿਚ ਸ਼ਹੀਦ ਭਗਤ ਸਿੰਘ ਦੁਆਰਾ ਲਿਖੀਆਂ ਗਈਆਂ ਚਿੱਠੀਆਂ ਅਤੇ ਪੱਤਰਾਂ 'ਤੇ ਆਧਾਰਿਤ ਹੈ।
ਸ਼ਹੀਦ ਭਗਤ ਸਿੰਘ ਦੁਆਰਾ ਲਿਖੇ ਗਏ ਲਗਪਗ 50 ਪੱਤਰ ਮਿਲਦੇ ਹਨ। ਪ੍ਰੋਫ਼ੈਸਰ ਚਮਨ ਲਾਲ ਅਨੁਸਾਰ ਇਹ ਪੱਤਰ ਭਗਤ ਸਿੰਘ ਦੁਆਰਾ ਦੋਸਤਾਂ, ਸਾਥੀਆਂ, ਅਫ਼ਸਰਾਂ, ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਰਤਾਨਵੀ ਪ੍ਰਸ਼ਾਸਨਿਕ ਅਤੇ ਨਿਆਇਕ ਅਧਿਕਾਰੀਆਂ ਨੂੰ ਲਿਖੇ ਗਏ ਸਨ। ਲੇਖਕ ਵਲੋਂ ਹਰ ਖੰਡ ਦੀ ਸ਼ੁਰੂਆਤ ਵਿਸ਼ਵ ਪ੍ਰਸਿੱਧ ਦਾਰਸ਼ਨਿਕਾਂ ਦੀਆਂ ਟਿੱਪਣੀਆਂ, ਵਿਚਾਰਾਂ ਅਤੇ ਪਰਿਭਾਸ਼ਾਵਾਂ ਲਿਖ ਕੇ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਦੀਆਂ ਚਿੱਠੀਆਂ ਨੂੰ ਮਿਤੀਆਂ, ਥਾਵਾਂ ਅਤੇ ਸਿਰਨਾਵਿਆਂ ਸਮੇਤ ਪ੍ਰਕਾਸ਼ਿਤ ਕੀਤਾ ਗਿਆ ਹੈ।
ਕਿਤਾਬ ਨਿਰੰਤਰ ਰੂਪ ਵਿਚ ਖੰਡਾਂ ਸਮੇਤ ਚਲਦੀ ਹੈ। ਲੇਖਕ ਵਲੋਂ ਯੋਗ ਥਾਵਾਂ ਉੱਪਰ ਫੋਟੋਆਂ ਅਤੇ ਪੁਰਾਤਨ ਅਖ਼ਬਾਰਾਂ ਵਿਚ ਛਪੀਆਂ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਖ਼ਬਰਾਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਹਨ।
ਭਗਤ ਸਿੰਘ ਨੂੰ ਸ਼ਹੀਦ ਹੋਏ ਲਗਪਗ 91 ਸਾਲ ਹੋ ਚੁੱਕੇ ਹਨ। ਭਾਰਤ ਨੂੰ ਆਜ਼ਾਦ ਹੋਏ 75 ਸਾਲ ਇਸ ਸਮੇਂ ਦੌਰਾਨ ਇਤਿਹਾਸ, ਸਮਾਜ ਵਿਗਿਆਨ, ਰਾਜਨੀਤੀ, ਸੰਵਿਧਾਨਕ ਅਤੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਨਾਲ ਸਬੰਧਿਤ ਵੱਖ-ਵੱਖ ਭਾਸ਼ਾਵਾਂ ਵਿਚ ਨਿਰੰਤਰ ਖੋਜ ਆਧਾਰਿਤ ਕਿਤਾਬਾਂ ਆ ਰਹੀਆਂ ਹਨ। ਹਥਲੀ ਕਿਤਾਬ ਲਗਪਗ ਤਿੰਨ ਸੌ ਦੇ ਕਰੀਬ ਵਿਸ਼ੇ ਨਾਲ ਸਬੰਧਿਤ ਕਿਤਾਬਾਂ ਦੇ ਹਵਾਲੇ ਅਤੇ ਟਿੱਪਣੀਆਂ 'ਤੇ ਆਧਾਰਿਤ ਸਰਬਜੀਤ ਵਿਰਕ, ਜੋ ਕਿ ਕਿੱਤੇ ਵਜੋਂ ਵਕੀਲ ਹੈ, ਵਲੋਂ ਪੰਜਾਬੀ ਭਾਸ਼ਾ ਦੇ ਪਾਠਕਾਂ ਦੇ ਸਨਮੁਖ ਕੀਤੀ ਗਈ ਹੈ। ਇਹ ਕਿਤਾਬ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਸ਼ਹਾਦਤ ਨਾਲ ਸਬੰਧਿਤ ਪੰਜਾਬੀ ਭਾਸ਼ਾ ਵਿਚ ਅਧਿਐਨ ਕਰਨ ਵਾਲੇ ਪਾਠਕਾਂ ਦੇ ਗਿਆਨ ਵਿਚ ਹੋਰ ਵਾਧਾ ਕਰੇਗੀ।

ਡਾ. ਮੁਹੰਮਦ ਇਦਰੀਸ
ਮੋ: 98141-71786

18-04-2021

ਗੈਡਫਲਾਈ
ਲੇਖਕ : ਇਥਲ ਲਿਲੀਅਨ ਵਾਓਨਿਚ
ਅਨੁਵਾਦ : ਜੰਗ ਬਹਾਦਰ ਗੋਇਲ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 297
ਸੰਪਰਕ : 011-26802488.


ਪੰਜਾਬੀ ਪਾਠਕਾਂ ਨੂੰ ਵਿਸ਼ਵ ਪ੍ਰਸਿੱਧ ਸਾਹਿਤ ਨਾਲ ਜੋੜਨ ਦਾ ਵਡਮੁੱਲਾ ਕਾਰਜ ਕਰ ਰਹੇ ਹਨ ਸ੍ਰੀ ਜੰਗ ਬਹਾਦਰ ਗੋਇਲ। ਇਸ ਨਾਵਲ ਦਾ ਅਨੁਵਾਦ ਮੂਲ ਰੂਪ ਵਿਚ ਪੰਜਾਬੀ ਵਿਚ ਲਿਖੇ ਵਰਗਾ ਹੀ ਲਗਦਾ ਹੈ। ਗੈਡਫਲਾਈ (ਜ਼ਹਿਰੀਲੀ ਘੋੜ ਮੱਖੀ) ਲੇਖਿਕਾ ਨੇ ਰੂਪਕ ਵਜੋਂ ਵਰਤਿਆ ਹੈ ਜੋ ਅਜਿਹੇ ਬੰਦੇ ਲਈ ਵਰਤਿਆ ਜਾਂਦਾ ਹੈ ਜੋ ਆਪਣੀ ਕਲਮ ਦੀ ਚੋਭ ਨਾਲ ਜਾਂ ਆਪਣੇ ਤਿੱਖੇ ਵਿਚਾਰਾਂ ਨਾਲ ਲੋਕਾਂ ਦੀ ਸੁੱਤੀ ਹੋਈ ਜ਼ਮੀਰ ਨੂੰ ਹਲੂਣਾ ਦੇ ਕੇ ਜਗਾਉਂਦਾ ਹੈ। ਚਿੰਤਨ-ਅਧੀਨ ਹਥਲੇ ਨਾਵਲ ਦੇ ਕਥਾ-ਪ੍ਰਸੰਗ ਦੀ ਰੂਪ-ਰੇਖਾ ਕੁਝ ਇਸ ਪ੍ਰਕਾਰ ਹੈ : ਇਸ ਨਾਵਲ ਦੀ ਸੈਟਿੰਗ 1830-40 ਦਰਮਿਆਨ ਇਟਲੀ ਦੀ, ਅਸਟਰੀਆ ਦੇ ਸਾਮਰਾਜੀ ਹੁਕਮਰਾਨਾਂ ਵਿਰੁੱਧ, ਕ੍ਰਾਂਤੀਕਾਰੀ ਸਮੇਂ ਵਿਚ ਕੀਤੀ ਗਈ ਹੈ। ਇਸ ਦਾ ਨਾਇਕ ਇਕ ਅੰਗਰੇਜ਼ ਨੌਜਵਾਨ ਆਰਥਰ ਬਰਟਨ ਹੈ ਜੋ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਕੈਥੋਲਿਕ ਸੈਮੀਨਰੀ ਵਿਚ ਚਲਿਆ ਜਾਂਦਾ ਹੈ। ਉਥੇ ਉਹ ਆਪਣੇ ਸਰਪ੍ਰਸਤ ਅਤੇ ਮੈਂਟਰ ਕੈਨਨ ਲੋਰੈਂਜੋ ਮੋਂਟੈਨਲੀ ਪ੍ਰਤੀ ਸਮਰਪਿਤ ਹੋ ਜਾਂਦਾ ਹੈ। ਮੋਂਟੈਨਲੀ ਅਗਿਆਤ ਹੀ ਉਸ ਦਾ ਜੀਵ ਵਿਗਿਆਨਕ ਬਾਪ ਹੈ। ਉਹ ਆਪਣੀ ਬਚਪਨ ਦੀ ਪ੍ਰੇਮਿਕਾ 'ਗੈਮਾ' ਨਾਲ ਰਲ ਕੇ 'ਯੰਗ ਇਟਲੀ' ਲਹਿਰ ਵਿਚ ਸ਼ਾਮਿਲ ਹੋ ਜਾਂਦਾ ਹੈ। ਇਸ ਲਹਿਰ ਦਾ ਉਦੇਸ਼ ਆਸਟਰੀਆ ਦੀ ਜ਼ੁਲਮੀ ਸਾਮਰਾਜੀ ਹਕੂਮਤ ਤੋਂ ਸੁਤੰਤਰਤਾ ਪ੍ਰਾਪਤ ਕਰਨਾ ਸੀ। ਪਰ ਆਰਥਰ ਭੋਲੇ ਭਾਅ ਹੀ ਪੁਲਿਸ ਅੱਗੇ ਇਕਬਾਲ ਕਰਕੇ, ਭੇਦ ਜ਼ਾਹਰ ਕਰਕੇ, ਆਪਣੇ ਕਾਮਰੇਡਾਂ ਨਾਲ ਧੋਖਾ ਕਰ ਬਹਿੰਦਾ ਹੈ। ਉਸੇ ਸਮੇਂ ਉਸ ਨੂੰ ਬਾਪ ਬਾਰੇ ਪਰਿਵਾਰਕ ਭੇਦ ਦਾ ਪਤਾ ਲੱਗ ਜਾਂਦਾ ਹੈ, ਜਿਸ ਕਾਰਨ ਉਸ ਦਾ ਚਰਚ ਵਿਚ ਵਿਸ਼ਵਾਸ ਭੰਗ ਹੋ ਜਾਂਦਾ ਹੈ। ਹੁਣ ਉਹ ਸਮੁੰਦਰ ਕਿਨਾਰੇ ਆਤਮ-ਹੱਤਿਆ ਦਾ ਬਹਾਨਾ ਘੜ ਕੇ ਦੱਖਣੀ ਅਮਰੀਕਾ ਚਲਿਆ ਜਾਂਦਾ ਹੈ, ਜਿਥੇ ਉਹ ਅਕਹਿ ਤੇ ਅਸਹਿ ਤਸੀਹੇ ਝੱਲਦਾ ਹੋਇਆ ਪੈਰ ਲੰਗੜਾ, ਖੱਬੀ ਬਾਂਹ ਟੁੱਟੀ, ਖੱਬੇ ਹੱਥ ਦੀਆਂ ਉਂਗਲਾਂ ਨਦਾਰਦ, ਚਿਹਰੇ 'ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ, ਹਕਲਾ ਕੇ ਬੋਲਣ ਲਗਦਾ ਹੈ। (ਪੰ. 90), ਬੇਇੱਜ਼ਤੀ ਵੀ ਮਹਿਸੂਸ ਕਰਦਾ ਹੈ। ਹੁਣ ਉਹ ਗੈਡਫਲਾਈ ਦੇ ਭੇਸ ਵਿਚ ਆਪਣਾ ਅਸਲੀ ਰੂਪ ਛੁਪਾ ਕੇ 'ਰਿਵਾਰਜ਼' ਨਾਂਅ ਰੱਖ ਕੇ ਇਟਲੀ ਪਰਤਦਾ ਹੈ ਅਤੇ ਕ੍ਰਾਂਤੀਕਾਰੀ ਕਾਮਰੇਡਾਂ ਵਿਚ ਮੁੜ ਗਤੀਸ਼ੀਲ ਹੋ ਜਾਂਦਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਮੋਂਟੈਨਲੀ ਮਿਲਣ ਆਉਂਦਾ ਹੈ। ਮੋਂਟੈਨਲੀ ਹੁਣ ਗਿਰਜੇ ਦਾ ਮੁਖੀ ਹੈ। ਉਹ ਆਰਥਰ ਨੂੰ ਉਸ ਦੇ ਬਚਾਅ ਲਈ ਲਾਈਫ-ਲਾਈਨ ਪੇਸ਼ ਕਰਦਾ ਹੈ ਪਰ ਆਰਥਰ ਉਸ ਨਾਲ ਅਸਹਿਮਤ ਹੋ ਕੇ ਸਪੱਸ਼ਟ ਕਹਿੰਦਾ ਹੈ, 'ਪਾਦਰੀ ਦਾ ਪਦ ਤਿਆਗ ਦਿਓ ਜਾਂ ਮੈਨੂੰ ਤਿਆਗ ਦਿਓ।' ਤੁਹਾਨੂੰ ਪਾਦਰੀਆਂ ਦੀਆਂ ਮੂਰਤੀਆਂ ਦੇ ਇਸ ਮੋਏ ਸੰਸਾਰ 'ਚੋਂ ਕੁਝ ਨਹੀਂ ਲੱਭਣਾ। (ਪੰ. 274-75). ਗੈਡਫਲਾਈ ਨੂੰ ਮਾਰਨ ਵੇਲੇ ਕਾਰਬਾਈਨਰਜ਼ ਕੰਬ ਰਹੇ ਸਨ। ਕਬਰ ਖੋਦਣ ਵਾਲੇ ਮਜ਼ਦੂਰ ਦੇ ਹੰਝੂ ਵੀ ਇਸ ਮਿੱਟੀ ਰਲੇ ਹੋਏ ਸਨ। (ਪੰ. 279). ਆਰਥਰ ਦੇ ਮਰਨ ਤੋਂ ਬਾਅਦ ਮੋਂਟੈਨਲੀ ਕਹਿੰਦਾ ਹੈ 'ਉਹ ਮੇਰੇ ਪਿਆਰੇ ਪੁੱਤਰ! ਮੇਰੇ ਕੋਲ ਵਾਪਸ ਆ ਜਾਓ। (ਪੰ. 289). 'ਇਹ ਚੁੱਕੋ ਆਪਣਾ ਸੁਰਗ ਤੇ ਇਹ ਚੁੱਕੋ ਆਪਣੀ ਮੁਕਤੀ। (ਪੰ. 292). ਕੋਰਪਸ ਡੋਮਿਨੀ ਦੇ ਪਵਿੱਤਰ ਦਿਹਾੜੇ 'ਤੇ ਮੋਂਟੈਨਲੀ ਖ਼ਲਕਤ ਨੂੰ ਇੰਜ ਸੰਬੋਧਨ ਕਰਕੇ ਦਿਲ ਫਟਣ ਨਾਲ ਮਰ ਗਿਆ। ਇੰਜ ਮੋਟੈਂਨਲੀ ਨਾਲ ਸ਼ੁਰੂ ਹੋਇਆ ਨਾਵਲ ਮੋਂਟੈਨਲੀ ਦੀ ਮੌਤ ਨਾਲ ਹੀ ਸਮਾਪਤ ਹੁੰਦਾ ਹੈ।
ਚੇਤੇ ਰਹੇ ਸੋਵੀਅਤ ਯੂਨੀਅਨ ਵਿਚ ਬੋਲੀਆਂ ਜਾਂਦੀਆਂ 22 ਭਾਸ਼ਾਵਾਂ ਦੀਆਂ 107 ਐਡੀਸ਼ਨਾਂ ਵਿਚ ਇਸ ਨਾਵਲ ਦੀਆਂ ਪੰਜਾਹ ਲੱਖ ਦੇ ਲਗਪਗ ਕਾਪੀਆਂ ਵਿਕੀਆਂ ਸਨ। ਜਾਰਜ ਬਰਨਾਰਡ ਸ਼ਾਅ ਨੇ ਇਸ ਦਾ ਨਾਟਕੀ ਰੂਪਾਂਤਰਨ ਕੀਤਾ। ਸੰਸਾਰ ਪ੍ਰਸਿੱਧ ਦਾਰਸ਼ਨਿਕ ਬਰਟਰੈਂਡ ਰਸਲ ਨੇ ਇਸ ਨੂੰ ਪੜ੍ਹ ਕੇ ਪ੍ਰਸੰਸਾ ਕੀਤੀ। ਲੇਖਿਕਾ ਨੇ ਇਹ ਨਾਵਲ 1895 ਵਿਚ ਸੰਪੂਰਨ ਕਰ ਲਿਆ ਸੀ ਪਰ ਪਬਲਿਸ਼ਰਜ਼ ਨੇ ਪ੍ਰਤੀਕੂਲ ਪ੍ਰਤੀਕਰਮ ਤੋਂ ਡਰਨ ਕਾਰਨ ਇਸ ਨੂੰ ਦੋ ਸਾਲ ਬਾਅਦ 1897 ਵਿਚ ਨਿਊਯਾਰਕ ਵਿਚ ਪ੍ਰਕਾਸ਼ਿਤ ਕੀਤਾ। ਅਨੁਵਾਦਕ ਨੇ ਕਠਿਨ ਸ਼ਬਦਾਵਲੀ ਦੇ ਅਰਥ ਫੁੱਟ ਨੋਟਾਂ ਵਿਚ ਦੇ ਕੇ ਪੰਜਾਬੀ ਪਾਠਕਾਂ ਲਈ ਇਸ ਦੀ ਪੜ੍ਹਤ ਨੂੰ ਆਸਾਨ ਬਣਾ ਦਿੱਤਾ ਹੈ। ਇਸ ਕਰਕੇ ਗੋਇਲ ਪ੍ਰਸੰਸਾ ਦਾ ਅਧਿਕਾਰੀ ਹੈ।


ਡਾ: ਧਰਮ ਚੰਦ ਵਾਤਿਸ਼
E. mail : vatish.dharamchand@gmail.com


ਇਕੱਲਤਾ ਤੇ ਬੇਗਾਨਗੀ ਦਾ ਕਥਾ-ਬਿਰਤਾਂਤ
'ਚੂੜੇ ਵਾਲੀ ਬਾਂਹ'

ਸੰਪਾਦਕ : ਡਾ: ਸੁਖਪਾਲ ਕੌਰ ਸਮਰਾਲਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 350 ਰੁਪਏ, ਸਫ਼ੇ : 165
ਸੰਪਰਕ : 97797-18007.


ਡਾ: ਸੁਖਪਾਲ ਕੌਰ ਸਮਰਾਲਾ ਨੇ ਬੜੀ ਮਿਹਨਤ ਨਾਲ ਪੰਦਰਾਂ ਵਿਦਵਾਨਾਂ ਦੇ ਕਹਾਣੀ ਸਬੰਧੀ ਖੋਜ-ਪੱਤਰਾਂ ਨੂੰ ਪੁਸਤਕ ਵਿਚ ਸ਼ਾਮਿਲ ਕੀਤਾ ਹੈ। ਜਸਬੀਰ ਰਾਣਾ ਦੀ ਇਹ ਕਹਾਣੀ ਅਜੋਕੇ ਕਾਲ-ਖੰਡ ਵਿਚ ਸਾਧਾਰਨ ਪੱਧਰ ਦਾ ਜੀਵਨ ਬਸਰ ਕਰ ਰਹੇ ਨਿਮਨ ਕਿਸਾਨ ਅਤੇ ਜ਼ਮੀਨ ਵਿਹੂਣੇ ਲੋਕਾਂ ਦੀ ਜੀਵਨ ਤੋਰ ਦਾ ਮਾਨਸਿਕ, ਸਮਾਜਿਕ, ਮਨੋਵਿਗਿਆਨਕ ਅਤੇ ਸੱਭਿਆਚਾਰਕ ਵਿਸ਼ਲੇਸ਼ਣ ਕਰਦੀ ਹੈ। ਇਹ ਕਹਾਣੀ ਇਕ ਨਵੇਂ ਦ੍ਰਿਸ਼ਟੀਕੋਣ ਤੋਂ ਗਲਪ ਦੇ ਅਧਿਐਨ ਕਰਤਾਵਾਂ ਵਲੋਂ ਪਛਾਣੀ ਗਈ ਹੈ। ਚੁੱਲ੍ਹੇ ਦੀ ਅੱਗ ਅਤੇ ਸਰੀਰਕ ਅੱਗ ਮਨੁੱਖੀ ਜੀਵਨ ਲਈ ਜ਼ਰੂਰੀ ਹੈ। ਪ੍ਰੰਤੂ ਇਸ ਕਹਾਣੀ ਦੇ ਪਾਤਰ ਇਨ੍ਹਾਂ ਦੋਵਾਂ ਚੀਜ਼ਾਂ ਤੋਂ ਵਿਰਵੇ ਹਨ। ਡਾ: ਜੁਗਿੰਦਰ ਸਿੰਘ ਰਾਹੀ ਅਤੇ ਡਾ: ਰਮਿੰਦਰ ਕੌਰ ਨੇ ਆਪਣੇ ਖੋਜ ਪਰਚੇ ਵਿਚ ਇਹੋ ਸਾਬਤ ਕੀਤਾ ਹੈ। ਡਾ: ਵਾਤਿਸ਼ ਨੇ ਇਸ ਕਹਾਣੀ ਨੂੰ ਬਹੁ-ਪਰਤੀ ਪਾਸਾਰਾਂ ਵਾਲੀ ਮੰਨਿਆ ਹੈ। ਡਾ: ਗੁਰਮੀਤ ਕੌਰ ਨੇ ਬੰਦੇ 'ਚੋਂ ਬੰਦੇ ਦੀ ਤਲਾਸ਼ ਅਤੇ ਉਸ ਦੇ ਮਨੋਭਰਮਾਂ ਦੇ ਪ੍ਰਗਟਾਵੇ ਵਾਲੀ ਕਹਾਣੀ ਕਿਹਾ ਹੈ। ਇਸੇ ਤਰ੍ਹਾਂ ਡਾ: ਕਮਲ ਪ੍ਰੀਤ ਕੌਰ ਨੇ ਇਸ ਕਹਾਣੀ ਨੂੰ ਛੜਿਆਂ ਦੀ ਇਕੱਲਤਾ ਅਤੇ ਬੇਗਾਨਗੀ ਦੇ ਸੰਕਲਪ ਨੂੰ ਉਘਾੜਦੀ ਕਿਹਾ ਹੈ। ਡਾ: ਗੁਰਮੇਲ ਸਿੰਘ ਨੇ ਸਾਧਨ ਵਿਹੂਣੇ ਮਨੁੱਖ ਦੀ ਗਾਥਾ ਅਤੇ ਪ੍ਰਗਟ ਸਿੰਘ ਟਿਵਾਣਾ ਨੇ ਇਸ ਨੂੰ ਔਰਤ ਵਿਹੂਣੇ ਮਰਦਾਂ ਦੀ ਤ੍ਰਾਸਦਿਕ ਸੰਵੇਦਨਾ ਦਾ ਪ੍ਰਗਟਾਵਾ ਕਿਹਾ ਹੈ। ਡਾ: ਬਲਵੰਤ ਸਿੰਘ ਅਤੇ ਰੇਖਾ ਰਾਣੀ ਨੇ ਇਸ ਕਹਾਣੀ ਵਿਚੋਂ ਅਤ੍ਰਿਪਤ ਮਾਨਵੀ ਕਾਮਨਾਵਾਂ ਨੂੰ ਪਛਾਣਿਆ ਹੈ। ਡਾ. ਮਲਕੀਤ ਕੌਰ ਨੇ ਚਿਹਨ ਵਿਗਿਆਨਕ ਦ੍ਰਿਸ਼ਟੀ ਤੋਂ ਕਹਾਣੀ ਨੂੰ ਪਰਖਿਆ ਹੈ ਜਦ ਕਿ ਡਾ: ਬਿੰਦਰ ਸਿੰਘ ਭੂਮਸੀ ਨੇ ਇਸ ਨੂੰ ਆਸਾਧਾਰਨ ਜੀਵਨ ਜੁਗਤ ਦਾ ਮਾਡਲ ਮੰਨਿਆ ਹੈ। ਇਸੇ ਤਰ੍ਹਾਂ ਪ੍ਰੋ: ਕਿਰਪਾਲ ਹੀਰਾ, ਅੰਜਨਾ ਸ਼ਿਵਦੀਪ ਅਤੇ ਪ੍ਰੋ: ਗੁਰਬਿੰਦਰ ਸਿੰਘ ਨੇ ਗ਼ਰੀਬੀ 'ਚ ਜੀਵਨ ਬਸਰ ਕਰ ਰਹੇ ਔਰਤ ਵਿਹੂਣੇ ਪਾਤਰਾਂ ਦੀ ਮਾਨਸਿਕ ਅਤੇ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਪਰਖ ਕੀਤੀ ਹੈ।


ਡਾ: ਜਗੀਰ ਸਿੰਘ ਨੂਰ
ਮੋ: 98142-09732


ਹਾਇਕੂ ਪ੍ਰਵੇਸ਼ਕਾ
ਲੇਖਕ : ਬਲਦੇਵ ਸਿੰਘ ਬੇਦੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 92561-85475


ਹਾਇਕੂ ਕਾਵਿ ਦੀ ਸਿਰਜਣਾ ਜਾਪਾਨ ਵਿਚ ਹੋਈ ਮੰਨੀ ਜਾਂਦੀ ਹੈ। 17 ਅੱਖਰਾਂ ਦਾ ਇਹ ਕਾਵਿ ਰੂਪ ਅੱਜ ਵਿਸ਼ਵ ਦੀਆਂ ਬਹੁ-ਗਿਣਤੀ ਭਾਸ਼ਾਵਾਂ 'ਚ ਪ੍ਰਚੱਲਿਤ ਹੋ ਰਿਹਾ ਹੈ। ਤਿੰਨ ਪੰਕਤੀਆਂ ਦੀ ਇਹ ਭਾਵਪੂਰਤ ਛੋਟੀ ਕਵਿਤਾ ਹੈ ਜੋ ਸਹਿਜੇ-ਸਹਿਜੇ ਕਾਫ਼ੀ ਪ੍ਰਵਾਨ ਚੜ੍ਹ ਰਹੀ ਹੈ। ਇਸ ਹਥਲੀ ਪੁਸਤਕ 'ਹਾਇਕੂ ਪ੍ਰਵੇਸ਼ਕਾ' ਦੇ ਲੇਖਕ ਬਲਦੇਵ ਸਿੰਘ ਬੇਦੀ ਨੇ ਪੁਸਤਕ ਦੇ ਆਰੰਭ 'ਚ ਲਿਖੀ ਭੂਮਿਕਾ 'ਚ ਹਾਇਕੂ ਕਾਵਿ ਵਿਧਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਹੈ ਜੋ ਕਿ ਹਾਇਕੂ ਸਿਖਿਆਰਥੀਆਂ ਲਈ ਕਾਫ਼ੀ ਲਾਹੇਵੰਦ ਸਿੱਧ ਹੋਵੇਗਾ। ਇਸ ਤੋਂ ਇਲਾਵਾ ਲੇਖਕ ਨੇ ਹੋਰ ਜਾਪਾਨੀ ਵਿਧਾਵਾਂ ਜਿਵੇਂ ਤਾਂਕਾ, ਸੇਦੋਕਾ, ਚੋਕਾ, ਹਾਈਬਨ, ਹਾਇਗਾ, ਰੇਂਗਾ ਆਦਿ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਹੈ। ਲੇਖਕ ਨੇ ਪੰਜਾਬੀ ਹਾਇਕੂ ਪ੍ਰਵੇਸ਼ਕਾ ਪੈਂਤੀ ਰਾਹੀਂ ਹਰ ਅੱਖਰ ਤੋਂ ਆਰੰਭ ਹੁੰਦੇ ਭਾਵਪੂਰਤ ਹਾਇਕੂ ਲਿਖੇ ਹਨ ।
ਉਦਾਹਰਨ ਵਜੋਂ :
'ੳ'
ਉਦਮੀ ਬੰਦੇ
ਮਿਹਨਤ ਕਰਦੇ
ਰੱਜ ਕੇ ਖਾਂਦੇ।
'ਰ'
ਰੁੱਖ ਲਗਾਓ
ਚਹਿਕਣ ਜੋ ਪੰਛੀ
ਸ਼ੁੱਧ ਹਵਾਵਾਂ।
ਇਨ੍ਹਾਂ ਹਾਇਕੂ 'ਚ ਲੇਖਕ ਨੇ ਮਹੀਨੇ, ਰੁੱਤਾਂ ਤੋਂ ਇਲਾਵਾ ਕਿਰਤ, ਜਲ ਸੰਕਟ, ਪ੍ਰਦੂਸ਼ਣ, ਪਿਆਰ, ਮਾਤ ਭਾਸ਼ਾ, ਵਕਤ ਆਦਿ ਨੂੰ ਵਿਸ਼ਾ ਬਣਾ ਕੇ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਵਾਰਤਕ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨੀ 'ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਨੂੰ ਹਾਇਕੂ ਰਾਹੀਂ ਬੜੀ ਖ਼ੂਬਸੂਰਤੀ ਨਾਲ ਚਿਤਰਿਆ ਹੈ। ਇਸ ਪੁਸਤਕ 'ਚ ਛੰਦ, ਕਵਿਤਾ, ਗੀਤ ਗ਼ਜ਼ਲ, ਰੁਬਾਈਆਂ, ਮਾਹੀਆ, ਬੋਲੀਆਂ, ਵਿਅੰਗ ਆਦਿ ਵੰਨਗੀਆਂ ਬਾਰੇ ਵੀ ਲੇਖਕ ਨੇ ਵਿਸਥਾਰ ਨਾਲ ਸਮਝਾਇਆ ਹੈ। ਲੇਖਕ ਬਲਦੇਵ ਸਿੰਘ ਬੇਦੀ ਦੀ ਇਹ ਹਥਲੀ ਪੁਸਤਕ 'ਹਾਇਕੂ ਪ੍ਰਵੇਸ਼ਕਾ' ਹਾਇਕੂ ਪਾਠਕਾਂ ਅਤੇ ਖੋਜਾਰਥੀਆਂ ਲਈ ਕਾਫ਼ੀ ਸਹਾਇਕ ਸਿੱਧ ਹੋਵੇਗੀ।


ਮਨਜੀਤ ਸਿੰਘ ਘੜੈਲੀ
ਮੋ: 98153-91625


ਮੁਜ਼ਾਰਾ ਲਹਿਰ ਦਾ ਸ਼ੇਰ
ਬੰਤ ਰਾਮ ਅਲੀਸ਼ੇਰ

ਲੇਖਕ : ਦੇਸ ਰਾਜ ਛਾਜਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 116
ਸੰਪਰਕ : 98723-25201.


ਪੁਸਤਕ ਦੇ ਲੇਖਕ ਦੇਸ ਰਾਜ ਛਾਜਲੀ ਨੇ ਮੁਜ਼ਾਰਾ ਲਹਿਰ ਦੇ ਸ਼ੇਰ ਬੰਤ ਰਾਮ ਅਲੀਸ਼ੇਰ ਦੀ ਜੀਵਨੀ ਲਿਖ ਕੇ ਮੁਜ਼ਾਰਾ ਲਹਿਰ ਦੇ ਇਤਿਹਾਸ ਦੀ ਜਾਣਕਾਰੀ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਦੇਸ਼ ਭਗਤਾਂ ਵਿਚ ਆਪਣੇ ਦੇਸ਼ ਪ੍ਰਤੀ ਕਿੰਨਾ ਜਜ਼ਬਾ ਸੀ। ਬੇਸ਼ੱਕ ਉਨ੍ਹਾਂ ਨੂੰ ਅਨੇਕਾਂ ਮੁਸੀਬਤਾਂ, ਦੁੱਖਾਂ, ਤਸੀਹਿਆਂ ਨੂੰ ਆਪਣੇ ਪਿੰਡੇ 'ਤੇ ਝੱਲਣਾ ਪਿਆ ਪ੍ਰੰਤੂ ਉਨ੍ਹਾਂ ਕਦੇ ਵੀ ਪਿੱਠ ਨਹੀਂ ਵਿਖਾਈ। ਇਸ ਪੁਸਤਕ ਵਿਚ ਲੇਖਕ ਨੇ ਬੰਤ ਰਾਮ ਅਲੀਸ਼ੇਰ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾ ਕੇ ਇਹ ਅਮੁੱਲ ਖਜ਼ਾਨਾ ਆਪਣੀ ਲਗਾਤਾਰ ਕੀਤੀ ਕੋਸ਼ਿਸ਼ ਦੇ ਨਾਲ ਲੱਭਿਆ। ਇਸ ਪੁਸਤਕ ਦੀ ਹਰ ਲਾਈਨ ਵਿਚ ਬਹੁਤ ਕੁਝ ਝਲਕਦਾ ਹੈ ਅਤੇ ਰੌਂਗਟੇ ਵੀ ਖੜ੍ਹੇ ਹੁੰਦੇ ਹਨ। ਲੇਖਕ ਦੇਸ ਰਾਜ ਦੇ ਸਮੁੱਚੇ ਜੀਵਨ ਨੂੰ ਜਾਣਨਾ ਚਾਹੁੰਦਾ ਸੀ ਪ੍ਰੰਤੂ ਉਸ ਦੀ ਇੱਛਾ ਪੂਰੀ ਨਾ ਹੋ ਸਕੀ ਕਿਉਂਕਿ ਜੋ ਗੱਲਾਂ ਦੀ ਡੂੰਘਾਈ ਤੱਕ ਉਹ ਪੁੱਜਣਾ ਚਾਹੁੰਦਾ ਸੀ, ਉਸ ਨੂੰ ਉਸ ਦਾ ਜਵਾਬ ਨਾ ਮਿਲ ਸਕਿਆ। ਬੰਤ ਰਾਮ ਅਲੀਸ਼ੇਰ ਦੀ ਮੌਤ ਤੋਂ ਬਾਅਦ ਲੇਖਕ ਨੇ ਕਾਫੀ ਕਾਹਲੀ ਵਿਚ ਇਹ ਪੁਸਤਕ ਲਿਖੀ ਕਿਉਂਕਿ ਉਸ ਦੇ ਭੋਗ ਦੇ ਮੌਕੇ 'ਤੇ ਇਹ ਕਿਤਾਬ ਲੋਕਾਂ ਨੂੰ ਵੰਡਣੀ ਸੀ। ਲੇਖਕ ਦਾ ਕਹਿਣਾ ਹੈ ਕਿ ਉਹ ਇਸ ਪੁਸਤਕ ਨੂੰ ਦੁਬਾਰਾ ਤਿਆਰ ਕਰੇਗਾ ਅਤੇ ਬੰਤ ਰਾਮ ਅਲੀਸ਼ੇਰ ਦੇ ਪਰਿਵਾਰ, ਦੋਸਤਾਂ, ਸਨੇਹੀਆਂ ਤੇ ਪਿੰਡ ਵਾਲਿਆਂ ਤੋਂ ਜਾਣਕਾਰੀ ਇਕੱਠੀ ਕਰੇਗਾ। ਲੇਖਕ ਨੇ ਬੰਤ ਰਾਮ ਅਲੀਸ਼ੇਰ ਦੇ ਪਿੰਡ ਦੇ ਇਤਿਹਾਸ ਦੀ ਜਾਣਕਾਰੀ ਦੇਣ ਨਾਲ ਉਸ ਦੀ ਦਲੇਰੀ, ਵਿਵਹਾਰ, ਉਸ ਨਾਲ ਹੋਈਆਂ ਜ਼ਿਆਦਤੀਆਂ, ਦੇਸ਼ ਪ੍ਰੇਮ, ਨਿਡਰਤਾ, ਸੂਰਬੀਰਤਾ, ਘਟਨਾਵਾਂ ਤੇ ਹੋਰ ਅਨੇਕਾਂ ਗੱਲਾਂ ਦਾ ਜ਼ਿਕਰ ਕੀਤਾ ਹੈ। ਇਸ ਪੁਸਤਕ ਨੂੰ ਪੜ੍ਹ ਕੇ ਪਾਠਕਾਂ ਨੂੰ ਮੁਜ਼ਾਰਾ ਲਹਿਰ ਬਾਰੇ ਪਤਾ ਲੱਗੇਗਾ ਕਿਉਂਕਿ ਅਜਿਹੀਆਂ ਕਿਤਾਬਾਂ ਪਾਠਕਾਂ ਦੇ ਕੋਲ ਘੱਟ ਪੁੱਜਦੀਆਂ ਹਨ। ਇਹ ਪੁਸਤਕ ਲਿਖਣ ਪ੍ਰਤੀ ਲੇਖਕ ਨੇ ਅਨੇਕਾਂ ਸ਼ਖ਼ਸੀਅਤਾਂ ਦੇ ਨਾਲ ਮੁਲਾਕਾਤ ਕਰਕੇ ਜਾਣਕਾਰੀ ਇਕੱਠੀ ਕਰਕੇ ਇਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਜੋ ਸ਼ਲਾਘਾਯੋਗ ਹੈ। ਇਸੇ ਪੁਸਤਕ ਵਿਚ ਜੋ ਸੁਝਾਅ ਚਿੱਠੀ ਦਿੱਤੀ ਗਈ ਹੈ, ਉਸ ਨੂੰ ਲੇਖਕ ਅਗਲੀ ਪੁਸਤਕ ਲਿਖਣ ਸਮੇਂ ਧਿਆਨ ਵਿਚ ਜ਼ਰੂਰ ਰੱਖੇ ਤਾਂ ਕਿ ਸੋਨੇ 'ਤੇ ਸੁਹਾਗਾ ਵਾਲਾ ਕੰਮ ਹੋ ਸਕੇ।


ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990


ਸੋਫ਼ੀਆ
ਲੇਖਕ : ਮਹਿੰਦਰਪਾਲ ਸਿੰਘ ਧਾਲੀਵਾਲ
ਪ੍ਰਕਾਸ਼ਕ : ਪੀਪਲਜ਼ ਫ਼ੋਰਮ ਬਰਗਾੜੀ, ਪੰਜਾਬ
ਮੁੱਲ : 250 ਰੁਪਏ, ਸਫ਼ੇ : 264
ਸੰਪਰਕ : 98729-89313.


ਹਥਲਾ ਨਾਵਲ ਮਹਾਰਾਜਾ ਰਣਜੀਤ ਸਿੰਘ ਦੇ ਪੁੱੱਤਰ ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਮਹਾਰਾਜਾ ਰਣਜੀਤ ਸਿੰਘ ਹੁਰਾਂ ਦੇ ਜੀਵਨ 'ਤੇ ਤਾਂ ਕਾਫ਼ੀ ਕੁਝ ਲਿਖਿਆ ਹੋਇਆ ਮਿਲ ਜਾਂਦਾ ਹੈ, ਪਰ ਉਨ੍ਹਾਂ ਦੇ ਫ਼ਰਜ਼ੰਦ ਮਹਾਰਾਜਾ ਦਲੀਪ ਸਿੰਘ ਦੇ ਸਮੁੱੱਚੇ ਜੀਵਨ ਸਬੰਧੀ ਬਹੁਤ ਕੁਝ ਜਾਣਨ ਲਈ ਇਹ ਨਾਵਲ ਕਾਫ਼ੀ ਵਿਸਥਾਰ ਸਹਿਤ ਜਾਣਕਾਰੀ ਦਿੰਦਾ ਹੈ। ਨਾਵਲਕਾਰ ਨੇ ਨਾਵਲ ਦੀ ਸਮੁੱਚੀ ਕਹਾਣੀ ਨੂੰ 36 ਕਾਂਡਾਂ 'ਚ ਸੁਚੱਜੇ ਢੰਗ ਨਾਲ ਵੰਡ ਕੇ ਬਿਆਨ ਕੀਤਾ ਹੈ। ਇਸ ਦੇ ਪਾਤਰਾਂ ਦੀ ਚੋਣ, ਮਾਹੌਲ ਉਸਾਰੀ, ਵਾਰਤਾਲਾਪ ਅਤੇ ਸ਼ੈਲੀ ਨਾਵਲ ਦੀ ਕਹਾਣੀ ਅਨੁਸਾਰ ਕਾਫ਼ੀ ਢੁੱਕਵੀਂ ਹੈ। ਪਾਠਕ 'ਚ ਅੱਗੇ ਦੀ ਅੱਗੇ ਹੋਰ ਜਾਣਨ ਦੀ ਉਤਸੁਕਤਾ ਲਗਾਤਾਰ ਬਣੀ ਰਹਿੰਦੀ ਹੈ। ਨਾਵਲ ਵਿਚਲੀ ਕਹਾਣੀ ਕਾਫ਼ੀ ਰੌਚਕ ਹੈ। ਇਤਿਹਾਸਕ ਘਟਨਾਵਾਂ ਅਤੇ ਤੱਥਾਂ ਨੂੰ ਪੂਰੇ ਵਿਧੀਵਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪੰਜਾਬ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਉਪਰੰੰਤ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦਾਂ ਨੂੰ ਕੈਦ ਕਰ ਲਿਆ ਗਿਆ ਅਤੇ ਮਹਾਰਾਜੇ ਨੂੰ ਇੰਗਲੈਂਡ ਲਿਆਂਦਾ ਗਿਆ। ਇੱੱਥੇ ਆ ਕੇ ਮਹਾਰਾਜੇ ਨੇ ਹੌਲੀ-ਹੌਲੀ ਬਰਤਾਨਵੀ ਸਮਾਜ ਦਾ ਪ੍ਰਭਾਵ ਕਬੂਲ ਲਿਆ ਅਤੇ ਆਪਣਾ ਅਤੀਤ ਭੁੱਲ ਗਿਆ। ਉਸ ਦਾ ਜੀਵਨ ਅੱਯਾਸ਼ ਹੋ ਗਿਆ। ਇੱਥੇ ਆ ਕੇ ਉਸ ਦੇ ਖ਼ਰਚੇ ਏਨੇ ਹੋ ਗਏ ਕਿ ਜੋ ਕੁਝ ਉਸ ਨੂੰ ਇੰਡੀਆ ਆਫ਼ਿਸ 'ਚੋਂ ਮਿਲਦਾ ਸੀ, ਉਹ ਉਸ ਦੇ ਖ਼ਰਚਿਆਂ ਦੇ ਹਿਸਾਬ ਨਾਲ ਥੋੜ੍ਹਾ ਸੀ। ਓਧਰ ਬਰਤਾਨਵੀ ਪ੍ਰਬੰੰਧ ਦੁਆਰਾ ਉਸ ਦੇ ਅੱਗੇ ਅਜਿਹਾ ਤਾਣਾ-ਬਾਣਾ ਬੁਣਿਆ ਜਾਂਦਾ ਹੈ ਕਿ ਉਸ ਦੇ ਪਰਿਵਾਰ, ਜਿਸ ਵਿਚ ਉਸ ਦੀਆਂ ਪਤਨੀ, ਬੱਚੀਆਂ ਅੱਡੋ-ਅੱੱਡ ਰਹਿੰਦੀਆਂ ਹੋਈਆਂ ਆਪਣਾ ਜੀਵਨ ਗੁਜ਼ਾਰਦੀਆਂ ਹਨ। ਨਾਵਲ ਦੀ ਕੇਂਦਰੀ ਪਾਤਰ ਸੋਫ਼ੀਆ ਨੂੰ ਆਪਣੇ ਜੀਵਨ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਉਹ ਆਪਣੀਆਂ ਭੈਣਾਂ ਨਾਲ ਲਾਹੌਰ ਵੇਖਣ ਜਾਣ ਦਾ ਮਨ ਬਣਾਉਂਦੀ ਹੈ ਤਾਂ ਉਸ ਨੂੰ ਆਪਣੇ ਦਾਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰੰਧ ਬਾਰੇ ਕਾਫ਼ੀ ਕੁਝ ਜਾਣਨ ਦਾ ਮੌਕਾ ਮਿਲਦਾ ਹੈ। ਉਹ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਇਕ ਲਹਿਰ ਦਾ ਹਿੱਸਾ ਬਣਦੀ ਹੈ ਅਤੇ ਹੋਰ ਵੀ ਸਮਾਜ ਭਲਾਈ ਦੇ ਕੰਮ ਕਰਦੀ ਹੈ। ਸਾਰੀ ਉਮਰ ਕ੍ਰਿਸਚੀਅਨ ਧਰਮ ਨੂੰ ਮੰਨਣ ਵਾਲੀ ਸੋਫ਼ੀਆ ਦੀ ਅੰਤਿਮ ਇੱਛਾ ਅਨੁਸਾਰ ਉਸ ਦਾ ਮ੍ਰਿਤਕ ਸਰੀਰ ਕਬਰ 'ਚ ਦਫ਼ਨਾਉਣ ਦੀ ਬਜਾਏ ਅਗਨ ਭੇਟ ਕਰਕੇ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਨਾਵਲ ਦੇ ਜ਼ਰੀਏ ਇਤਿਹਾਸਕ, ਪ੍ਰਮਾਣਿਕ ਅਤੇ ਖੋਜ ਭਰਭੂਰ ਜਾਣਕਾਰੀ ਦੇਣ ਲਈ ਲੇਖਕ ਨੂੰ ਵਧਾਈ ਦਿੰਦੇ ਹਾਂ।


ਮੋਹਰ ਗਿੱਲ ਸਿਰਸੜੀ
ਮੋ: 98156-59110


ਕਿਥੇ ਹੈ ਰਾਤ ਦਾ ਚੰਨ
ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 328
ਸੰਪਰਕ : 94170-76735.


ਇਸ ਵੱਡ ਆਕਾਰੀ ਕਾਵਿ-ਸੰਗ੍ਰਹਿ 'ਕਿਥੇ ਹੈ ਰਾਤ ਦਾ ਚੰਨ' ਦੇ ਸੰਪਾਦਕ ਅਮੋਲਕ ਸਿੰਘ ਜੋ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਹਨ, ਪਹਿਲਾਂ ਵੀ ਲਗਪਗ 30 ਕਿਤਾਬਾਂ ਦਾ ਸੰਪਾਦਨ ਕਰ ਚੁੱਕੇ ਹਨ ਅਤੇ ਤਿੰਨ ਪਰਚਿਆਂ ਦੇ ਸੰਪਾਦਕ ਵੀ ਹਨ। ਅਮੋਲਕ ਸਿੰਘ ਸਿਰੜੀ ਬੁਲਾਰਾ, ਕਲਮੀ ਯੋਧਾ ਤੇ ਇਨਕਲਾਬੀ ਹਰਾਵਲ ਦਸਤਿਆਂ ਦਾ ਝੰਡਾਬਰਦਾਰ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਫਾਸ਼ੀਵਾਦ ਨਾਲ ਦਸਤਪੰਜਾ ਲੈਂਦੀਆਂ 328 ਸਫ਼ਿਆਂ ਤੱਕ ਫੈਲੀਆਂ ਹੋਈਆਂ ਹਨ। ਇਹ ਨਜ਼ਮਾਂ ਫਾਸ਼ੀਵਾਦ ਦੇ ਬਖੀਏ ਤਾਂ ਉਧੇੜਦੀਆਂ ਹੀ ਹਨ ਅਤੇ ਕਾਰਪੋਰੇਟ ਜਗਤ ਦੇ ਰਿਮੋਰਟ ਕੰਟਰੋਲ ਨਾਲ ਚੱਲ ਰਹੀ ਭਗਵਾਂ ਬ੍ਰਿਗੇਡ ਦੀ ਸਰਕਾਰ ਕਿਵੇਂ ਲੋਕਾਈ ਦੇ ਹਿਤਾਂ ਤੇ ਮੱਕੜਜਾਲ ਮਾਰਨ ਦੀ ਸਾਜਿਸ਼ ਰਚ ਰਹੀ ਹੈ, ਬਾਰੇ ਅਗਾਊਂ ਜਾਗਰੂਕ ਕਰਦੀਆਂ ਹਨ। ਨਜ਼ਮਾਂ ਦੀ ਤੰਦ ਫੜਾਉਂਦੀ ਉਸ ਦੀ ਸੰਪਾਦਕੀ ਦੱਸਦੀ ਹੈ ਕਿ ਕਿਥੇ ਹੈ ਰਾਤ ਦਾ ਚੰਨ? ਜੋ ਹਨੇਰੀ ਰਾਤ ਤੋਂ ਪਾਰ ਰੌਸ਼ਨੀ ਦੇ ਗੀਤ ਗਾਉਂਦਾ ਸਮਾਜ ਦੇ ਸਿਰਜਕਾਂ ਨੂੰ ਚਾਨਣ ਦੀ ਨਵੀਂ ਦੁਨੀਆ ਤੋਂ ਪਾਰ ਲੈ ਜਾਵੇ, ਜਿਥੇ ਕਸ਼ਮੀਰ ਦੀਆਂ ਘਾਟੀਆਂ ਵਿਚ ਛੈਲ-ਛਬੀਲੇ ਗੱਭਰੂਆਂ ਨੂੰ ਬਾਰੂਦ ਦਾ ਚਾਰਾ ਬਣਾਇਆ ਜਾ ਰਿਹਾ ਹੈ। ਕੁਦਰਤੀ ਨਿਆਮਤਾਂ ਦੇ ਵੰਨ-ਸੁਵੰਨੇ ਫੁੱਲਾਂ, ਜੋ ਸ਼ਾਹੀਨ ਬਾਗ ਵਿਚ ਨਾਗਰਿਕ ਸੋਧ ਬਿੱਲ ਦੇ ਖਿਲਾਫ਼ ਜੂਝ ਰਹੀਆਂ ਵੀਰਾਂਗਣਾ, ਦਲਿਤ ਵਰਗ ਅਤੇ ਮੁਸਲਮਾਨ ਭਾਈਚਾਰੇ, ਨੂੰ ਵਿਉਂਤਬੱਧ ਹਮਲਿਆਂ ਦਾ ਸ਼ਿਕਾਰ ਬਣਾ ਕੇ ਦੇਸ਼ ਧ੍ਰੋਹ ਦੀਆਂ ਸੰਗੀਨ ਧਾਰਾਵਾਂ ਲਗਾ ਕੇ ਅਤੇ ਕੋਰੋਨਾ ਦਾ ਡਰ ਦਿਖਾ ਕੇ ਲਾਮਬੰਦ ਹੋ ਰਹੀ ਜਨਤਾ ਨੂੰ ਤ੍ਰਿਸ਼ੂਲੀ ਡਰਾਵੇ ਨਾਲ ਕਿਵੇਂ ਭੈਭੀਤ ਕਰਕੇ ਆਪਣੇ ਹੱਕ ਦੇ ਮਨਸੂਬੇ ਘੜੇ ਜਾ ਰਹੇ ਹਨ। ਇਸ ਸਾਰੇ ਕਾਸੇ ਨੂੰ ਸਮਝਣ ਲਈ ਪਾਰਕਰ ਨਿਰਮੋਲਰ ਦੀ ਨਜ਼ਮ 'ਫਿਰ ਉਹ ਮੇਰੇ ਲਈ ਆਏ' ਪੜ੍ਹਨੀ ਤੇ ਗੁੜ੍ਹਨੀ ਬਣਦੀ ਹੈ:
'ਪਹਿਲਾਂ ਉਹ ਯਹੂਦੀਆਂ ਲਈ ਆਏ
ਮੈਂ ਕੁਝ ਨਹੀਂ ਬੋਲਿਆ
ਕਿਉਂਕਿ ਮੈਂ ਯਹੂਦੀ ਨਹੀਂ ਸਾਂ
ਫਿਰ ਉਹ ਕਮਿਊਨਿਸਟਾਂ ਲਈ ਆਏ
ਮੈਂ ਫਿਰ ਵੀ ਨਹੀਂ ਬੋਲਿਆ
ਕਿਉਂਕਿ ਮੈਂ ਕਮਿਊਨਿਸਟ ਨਹੀਂ ਸਾਂ
ਫਿਰ ਉਹ ਯੂਨਿਅਨਿਸਟਾਂ ਲਈ ਆਏ
ਮੈਂ ਫਿਰ ਵੀ ਕੁਝ ਨਾ ਬੋਲਿਆ
ਕਿਉਂਕਿ ਮੈਂ ਯੂਨੀਅਨਿਸਟ ਨਹੀਂ ਸਾਂ
ਫਿਰ ਉਹ ਮੇਰੇ ਲਈ ਆਏ
ਹੁਣ ਕੋਈ ਵੀ ਨਹੀਂ ਸੀ ਮੇਰੇ ਲਈ ਬੋਲਣ ਵਾਸਤੇ।


ਭਗਵਾਨ ਢਿੱਲੋਂ
ਮੋ: 98143-78254.


ਹੁੰਦੇ ਜੇ ਪੰਛੀਆਂ ਦੇ ਧਰਮ
ਲੇਖਕ : ਮਿਹਰ ਸਿੰਘ ਰੰਧਾਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 94646-75892.


ਸਵੈ-ਜੀਵਨੀ ਸਮੇਤ ਅੱਠ ਪੁਸਤਕਾਂ ਦੇ ਰਚੇਤਾ ਦੀ ਇਹ ਪੁਸਤਕ 15 ਕਹਾਣੀਆਂ ਦੀ ਹੈ। ਪਹਿਲੀਆਂ ਦੋ ਕਹਾਣੀਆਂ ਦੇਸ਼ ਭਗਤੀ ਦੀਆਂ ਹਨ। 'ਜੈ ਭਾਰਤ' ਕਹਾਣੀ ਸੰਨ 1962 ਦੀ ਭਾਰਤ- ਚੀਨ ਜੰਗ ਦੀ ਹੈ। ਜੰਗ ਦੇ ਦ੍ਰਿਸ਼ ਹਨ। ਕਹਾਣੀ ਦੀ ਪਾਤਰ ਕੰਵਲ ਸੁਪਨੇ 'ਚ ਵੇਖਦੀ ਹੈ ਕਿ ਉਹ ਫ਼ੌਜੀ ਵਰਦੀ 'ਚ ਮੋਰਚੇ 'ਤੇ ਹੈ। ਨੇੜੇ ਗੋਲਾ ਡਿਗਦਾ ਹੈ। ਅਫਸਰਾਂ ਤੋਂ ਹੁਕਮ ਲੈ ਕੇ ਫਾਇਰ ਕਰਦੀ ਹੈ। ਪਰ ਉਹ ਆਪਣੀਆਂ ਸਾਥਣਾਂ ਨਾਲ ਮੌਕੇ 'ਤੇ ਸ਼ਹੀਦ ਹੋ ਜਾਂਦੀ ਹੈ। ਸੁਪਨਾ ਟੁੱਟ ਜਾਂਦਾ ਹੈ ਤੇ ਉਸ ਦੀ ਜਾਗ ਖੁੱਲ੍ਹ ਜਾਂਦੀ ਹੈ। ਕਹਾਣੀ 'ਸਮੇਂ ਦੀ ਕਦਰ' ਵਿਚ ਜੰਗ 'ਚ ਜਾਂਦੇ ਫ਼ੌਜੀ ਨੂੰ ਪਤਨੀ ਹੱਸ ਕੇ ਤੋਰਦੀ ਹੈ ਪਰ ਫ਼ੌਜੀ ਪਤੀ ਨੂੰ ਪਿਛਲੀ ਫੇਰੀ ਯਾਦ ਆਉਂਦੀ ਹੈ ਕਿ ਉਸ ਵੇਲੇ ਤਾਂ ਪਤਨੀ ਅੱਖ਼ਾਂ ਭਰ ਆਈ ਸੀ ਪਰ ਇਸ ਵਾਰ ---? ਅਗਲੇ ਪਲ ਉਸ ਦੇ ਬੋਲ ਹਨਮੈਂ ਰੱਬ ਤੋਂ ਸਦਾ ਦੁਆ ਮੰਗਾਂਗੀ ਕਿ ਤੁਸੀਂ ਵੈਰੀ ਨੂੰ ਮੁਕਾ ਕੇ ਛੇਤੀ ਘਰ ਪਰਤੋ.... (ਪੰਨਾ 19) ਬਾਕੀ ਕਹਾਣੀਆਂ ਦੇ ਵਿਸ਼ੇ ਸਮਾਜਿਕ, ਪਰਿਵਾਰਕ ਤੇ ਵਿਦੇਸ਼ੀ ਸੱਭਿਅਤਾ ਬਾਰੇ ਹਨ। 'ਜਿਊਂਦੇ ਦੀ ਮਜਬੂਰੀ' ਕਥਾ ਵਿਚ ਫ਼ੌਜੀ ਦਾ ਬਾਂਦਰ ਦੇ ਬੱਚੇ ਨਾਲ ਪਿਆਰ ਹੈ। ਜਦੋਂ ਫ਼ੌਜੀ ਬੱਚੇ ਨੂੰ ਜੰਗਲ ਵਿਚ ਛੱਡਣ ਬਾਰੇ ਸੋਚਦਾ ਹੈ ਤਾਂ ਉਹ ਤਾਂ ਉਸ ਨਾਲ ਚਿੰਬੜ ਹੀ ਜਾਂਦਾ ਹੈ। ਫ਼ੌਜੀ ਦੀ ਯੂਨਿਟ ਬਦਲਣ ਵੇਲੇ ਵਿਛੋੜੇ ਦੀ ਚੀਸ ਕਹਾਣੀ ਦੀ ਰੂਹ ਹੈ। ਜਾਨਵਰ ਨਾਲ ਮੁਹੱਬਤ ਦੀ ਤਸਵੀਰ ਹੈ। ਦੇਸ਼ ਵੰਡ ਵੇਲੇ ਨੌਜਵਾਨ ਕੁੜੀ ਕਾਫਲੇ ਤੋਂ ਵਿਛੜ ਜਾਂਦੀ ਹੈ। ਇਕ ਦਿਆਲੂ ਔਰਤ ਆਪਣਾ ਬੁਰਕਾ ਦੇ ਕੇ ਸੁਰੱਖਿਅਤ ਕੱਢ ਕੇ ਉਸ ਨੂੰ ਕਾਫਲੇ ਵਿਚ ਪੁਚਾਉਂਦੀ ਹੈ। (ਦੁਖਿਆਰੀ) ਕਹਾਣੀ ਮਨੁੱਖੀ ਮਾਨਵਤਾ ਦੀ ਹੈ। 'ਬੇਵਕਤੀ ਮੌਤ' 'ਚ ਘਰ ਦੀ ਮੰਦੀ ਆਰਥਿਕਤਾ ਕਾਰਨ ਬੰਦਾ ਖ਼ੁਦਕੁਸ਼ੀ ਕਰਦਾ ਹੈ। ਪਰਿਵਾਰ ਦੁਖੀ ਹੈ। ਪੱਤਰਕਾਰ ਨਾਲ ਕੁੜੀ ਗੱਲ ਕਰਦੀ ਹੈ---ਕਿੰਨਾ ਚੰਗਾ ਹੋਵੇ ਜੇ ਤੁਸੀਂ ਇਸ ਸੰਤਾਪ ਦੇ ਕਾਰਨ ਵੀ ਲੋਕਾਂ ਸਾਹਵੇਂ ਰੱਖੋ। ਕਹਾਣੀ 'ਮਖੌਟੇ' 'ਚ ਅਖੌਤੀ ਨੇਤਾ ਨੂੰ ਪੁਲਿਸ ਸੁਰੱਖਿਅਤ ਕੱਢ ਕੇ ਲੈ ਜਾਂਦੀ ਹੈ। 'ਅੱਡਰੀ ਹੋਂਦ' ਦੀ ਹਰਮਨਪ੍ਰੀਤ ਨੂੰ ਪੰਜਾਬੀ ਸਾਹਿਤ ਤੇ ਵਿਰਸੇ ਨਾਲ ਮੁਹੱਬਤ ਹੈ। ਵਿਦੇਸ਼ਾਂ ਵਿਚ ਬੱਸ 'ਚ ਸਫ਼ਰ ਕਰਦੇ ਬੱਚੇ ਦੀ ਉਮਰ ਦਾ ਝੂਠ ਨਹੀਂ ਚਲਦਾ। ਕਹਾਣੀ 'ਆਈ ਐਮ ਫਾਈਵ ਯੀਅਰਜ਼ ਓਲਡ' 'ਚ ਇਹੀ ਕੁਝ ਹੈ। ਕਹਾਣੀਆਂ ਦੀ ਭਾਸ਼ਾ ਅਲੰਕਾਰਕ, ਸੁਹਜਮਈ, ਸੰਖੇਪਤਾ, ਢੁਕਵੇਂ ਸੰਵਾਦ, ਦਿਲਚਸਪ ਪਾਤਰ ਚਿਤਰਣ ਆਦਿ ਮੀਰੀ ਗੁਣ ਹਨ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

17-04-2021

 ਕਸ਼ਮੀਰਨਾਮਾ
ਇਤਿਹਾਸ ਅਤੇ ਸਮਕਾਲ
ਲੇਖਕ : ਅਸ਼ੋਕ ਕੁਮਾਰ ਪਾਂਡੇਯ
ਅਨੁਵਾਦਕ : ਜਸਪ੍ਰੀਤ ਸਿੰਘ ਜਗਰਾਉਂ
ਪ੍ਰਕਾਸ਼ਕ : ਸੰਗਮ ਪ੍ਰਕਾਸ਼ਨ, ਸਮਾਣਾ
ਮੁੱਲ : 625 ਰੁਪਏ, ਸਫ਼ੇ : 520
ਸੰਪਰਕ : 98152-43917.

ਕਸ਼ਮੀਰ ਪ੍ਰਾਂਤ ਦੇ ਪ੍ਰਾਚੀਨ ਇਤਿਹਾਸ ਤੋਂ ਆਧੁਨਿਕ ਤੇ ਸਮਕਾਲੀਨ ਇਤਿਹਾਸ ਨਾਲ ਸਬੰਧਿਤ 18 ਅਧਿਆਵਾਂ ਵਿਚ ਇਤਿਹਾਸਕ ਸੋਮਿਆਂ, ਧਾਰਮਿਕ ਗ੍ਰੰਥਾਂ ਅਤੇ ਹੋਰ ਮਹੱਤਵਪੂਰਨ ਸ੍ਰੋਤਾਂ 'ਤੇ ਆਧਾਰਿਤ ਇਸ ਕਿਤਾਬ ਵਿਚ ਲੇਖਕ ਵਲੋਂ ਕਸ਼ਮੀਰ ਦੇ ਇਤਿਹਾਸ ਅਤੇ ਰਾਜਨੀਤੀ ਨਾਲ ਸਬੰਧਿਤ 9 ਅਤਿ ਮਹੱਤਵਪੂਰਨ ਅੰਤਿਕਾਵਾਂ ਦੇ ਰੂਪ ਵਿਚ ਸਮਝੌਤਿਆਂ ਅਤੇ ਮਤਿਆਂ ਦੀ ਸੂਚੀ ਵੀ ਲਗਾਈ ਗਈ ਹੈ।
ਕਿਤਾਬ ਦੇ ਵੱਖ-ਵੱਖ ਅਧਿਆਵਾਂ ਦਾ ਵੇਰਵਾ ਕਸ਼ਯਪਮਾਰ, ਕਸ਼ਮਾਰ, ਕਸ਼ਮੀਰ: ਮਿਥਕ ਤੋਂ ਇਤਿਹਾਸ ਤੱਕ; ਰਿੰਚਨ, ਪੰਡਿਤ ਸਭਾ, ਧਰਮ ਪਰਿਵਰਤਨ: ਇਸਲਾਮ ਦਾ ਆਗਮਾਨ; ਜ਼ੈਨਊੱਲ-ਆਬੀਦੀਨ: ਸ਼ਾਹਮੀਰ ਵੰਸ਼; ਰਿਸ਼ੀ ਲਹਿਰ ਤੇ ਕਸ਼ਮੀਰ; ਸ਼ਾਹਮੀਰੀ ਵੰਸ਼ ਦਾ ਪਤਨ; ਗੁਲਾਮੀ ਦਾ ਆਰੰਭ; ਕਸ਼ਮੀਰ 'ਤੇ ਅਫ਼ਗਾਨਾਂ ਦਾ ਕਬਜ਼ਾ; ਅਰਾਜਕਤਾ ਦਾ ਇਕ ਹੋਰ ਦੌਰ; ਆਧੁਨਿਕ ਜੰਮੂ ਤੇ ਕਸ਼ਮੀਰ ਰਾਜ ਦਾ ਉਭਾਰ; ਤੀਹ ਦਾ ਦਹਾਕਾ: ਸ਼ੇਖ਼ ਅਬੱਦੁਲਾ ਦਾ ਉਭਾਰ; ਮੁਸਲਿਮ ਕਾਨਫ਼ਰੰਸ, ਨੈਸ਼ਨਲ ਕਾਨਫ਼ਰੰਸ, ਆਜ਼ਾਦੀ ਉਲਝਣਾਂ; ਭਾਰਤ, ਪਾਕਿਸਤਾਨ ਅਤੇ ਕਸ਼ਮੀਰ (1947); ਸੰਯੁਕਤ ਰਾਸ਼ਟਰ, ਲੋਕਤੰਤਰ, ਧਾਰਾ ਅਤੇ ਕੋਝੇ ਮਜ਼ਾਕ; ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ; ਸ਼ੇਖ਼ ਅਬੱਦੁਲਾ ਦੀ ਗ੍ਰਿਫ਼ਤਾਰੀ ਤੇ ਰਿਹਾਈ; ਕਸ਼ਮੀਰ ਚੋਣਾਂ; ਨੱਬੇ ਦਾ ਤਬਾਹੀ ਭਰਿਆ ਦਹਾਕਾ ਅਤੇ ਜਿੰਨਾ ਬਦਲਦਾ ਹੈ, ਸਭ ਓਨਾ ਹੀ ਰਹਿ ਜਾਂਦਾ ਹੈ, ਉਵੇਂ ਹੀ ਹੈ।
ਕਸ਼ਮੀਰ ਦੇ ਆਧੁਨਿਕ ਇਤਿਹਾਸ ਨਾਲ ਸਬੰਧਿਤ ਅਤਿ ਮਹੱਤਵਪੂਰਨ ਸੰਧੀਆਂ, ਸਮਝੌਤੇ, ਮਤੇ ਅੰਮ੍ਰਿਤਸਰ ਦੀ ਸੰਧੀ (16 ਮਾਰਚ, 1846); ਨਵਾਂ ਕਸ਼ਮੀਰ (ਸੰਖੇਪ ਸੰਵਿਧਾਨ ਦੀ ਕਾਪੀ); ਕਸ਼ਮੀਰ-ਪਾਕਿਸਤਾਨ ਸਮਝੌਤਾ, 12 ਅਗਸਤ, 1947; ਜੰਮੂ ਅਤੇ ਕਸ਼ਮੀਰ ਰਾਜ ਦੇ ਰਲੇਵੇਂ ਦਾ ਦਸਤਾਵੇਜ਼ 26 ਅਕਤੂਬਰ, 1947; ਸੰਯੁਕਤ ਰਾਸ਼ਟਰ ਮਤਾ 13 ਅਗਸਤ, 1948; ਭਾਰਤੀ ਸੰਵਿਧਾਨ ਦੀ ਧਾਰਾ 370; ਤਾਸ਼ਕੰਦ ਸਮਝੌਤਾ 10 ਜਨਵਰੀ, 1966; ਸ਼ਿਮਲਾ ਸਮਝੌਤਾ 2 ਜੁਲਾਈ, 1972 ਅਤੇ ਕਸ਼ਮੀਰ ਸਮਝੌਤਾ 13 ਨਵੰਬਰ, 1974 ਆਦਿ ਦਾ ਵਰਨਣ ਹੈ।
ਜੰਮੂ ਅਤੇ ਕਸ਼ਮੀਰ ਦੀਆਂ ਸਰਹੱਦਾਂ ਪੰਜਾਬ ਅਤੇ ਪਾਕਿਸਤਾਨ ਨਾਲ ਲਗਦੀਆਂ ਹਨ। ਜੰਮੂ ਕਸ਼ਮੀਰ ਵਿਚ ਆਜ਼ਾਦੀ ਉਪਰੰਤ ਅੱਤਵਾਦ ਫ਼ੈਲਣ ਕਾਰਨ ਇਸ ਦੀ ਸਮੱਸਿਆ ਦਿਨ ਪ੍ਰਤੀ ਦਿਨ ਗੁੰਝਲਦਾਰ ਹੁੰਦੀ ਗਈ ਹੈ। ਇਹ ਪ੍ਰਾਂਤ ਨਾ ਕੇਵਲ ਭਾਰਤ ਸਗੋਂ ਵਿਸ਼ਵ ਪੱਧਰ 'ਤੇ ਇਕ ਭੂਗੋਲਿਕ ਤੌਰ 'ਤੇ ਖੂਬਸੂਰਤ ਤੇ ਆਰਥਿਕ ਤੌਰ 'ਤੇ ਖੁਸ਼ਹਾਲ ਇਲਾਕੇ ਵਜੋਂ ਮਸ਼ਹੂਰ ਹੈ। ਕਸ਼ਮੀਰਨਾਮਾ ਕਿਤਾਬ ਪੜ੍ਹ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਪ੍ਰਾਂਤ ਪ੍ਰਤੀ ਲੋਕਾਂ ਦੇ ਭਰਮ ਅਤੇ ਭੁਲੇਖੇ ਦੂਰ ਹੋਣਗੇ। ਅਸ਼ੋਕ ਪਾਂਡੇਯ ਵਲੋਂ ਹਿੰਦੀ ਭਾਸ਼ਾ ਵਿਚ ਕਿਤਾਬ ਦੀ ਰਚਨਾ ਨਾਲ ਇਕ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ। ਨੀਲਮਤ ਪੁਰਾਣ 'ਤੇ ਰਾਜਤਰੰਗਿਣੀ ਵਰਗੇ, ਪੁਰਾਤਨ ਇਤਿਹਾਸਕ ਸ੍ਰੋਤਾਂ ਤੋਂ ਸ਼ੁਰੂ ਕਰਕੇ ਆਧੁਨਿਕ ਅਖ਼ਬਾਰਾਂ ਤੇ ਕਿਤਾਬਾਂ 'ਤੇ ਆਧਾਰਿਤ ਇਸ ਇਤਿਹਾਸਕ ਸ੍ਰੋਤ ਦਾ ਪੰਜਾਬੀ ਪਾਠਕਾਂ ਲਈ ਅਨੁਵਾਦ ਜਸਪ੍ਰੀਤ ਸਿੰਘ ਜਗਰਾਓਂ ਪ੍ਰਮਾਣਿਕ ਰੂਪ ਵਿਚ ਕੀਤਾ ਗਿਆ ਹੈ। ਸਮੁੱਚੇ ਰੂਪ ਵਿਚ ਇਹ ਕਿਤਾਬ ਜੰਮੂ ਕਸ਼ਮੀਰ ਦੇ ਇਤਿਹਾਸ, ਰਾਜਨੀਤੀ, ਭੂਗੋਲ, ਸਮਾਜ, ਧਰਮ, ਆਰਥਿਕਤਾ ਅਤੇ ਇਤਿਹਾਸ ਦੇ ਵਿਦਵਾਨਾਂ ਅਤੇ ਪਾਠਕਾਂ ਲਈ ਪੰਜਾਬੀ ਭਾਸ਼ਾ ਵਿਚ ਜਾਣਕਾਰੀ ਇਕ ਮਹੱਤਵਪੂਰਨ ਸ੍ਰੋਤ ਹੈ।

ਡਾ: ਮੁਹੰਮਦ ਇਦਰੀਸ
ਮੋ: 98141-71786


ਖਾਲਸਾ ਨੀਤੀ ਸ਼ਾਸਤਰ
ਲੇਖਕ : ਭਾਈ ਹਰਿਸਿਮਰਨ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 750 ਰੁਪਏ, ਸਫ਼ੇ : 568
ਸੰਪਰਕ : 98725-91713.

ਭਾਈ ਹਰਿਸਿਮਰਨ ਸਿੰਘ ਨੇ ਆਪਣੇ ਇਸ ਗ੍ਰੰਥ ਵਿਚ ਖ਼ਾਲਸਾ ਨੀਤੀ-ਸ਼ਾਸਤਰ (S}kh 5th}cs) ਦਾ ਸੂਤਰਪਾਤ ਕੀਤਾ ਹੈ। ਉਹ ਖ਼ਾਲਸਾ ਨੀਤੀ-ਸ਼ਾਸਤਰ ਨੂੰ ਵੈਸ਼ਵਿਕ ਸਰੋਕਾਰਾਂ ਤੋਂ ਨਿਖੇੜ/ਵਿਜੋਗ ਕੇ ਨਹੀਂ ਪੇਸ਼ ਕਰਦਾ ਸਗੋਂ ਉਸ ਨੇ ਸਥਾਨਕ ਅਤੇ ਵੈਸ਼ਵਿਕ ਨੂੰ ਇਕ-ਦੂਜੇ ਦੇ ਸਮਵਿੱਥ ਅਤੇ ਅੰਤਰ ਸਬੰਧਿਤ ਕਰ ਕੇ ਗਲੋਬਲ ਬਣਾ ਕੇ ਪੇਸ਼ ਕੀਤਾ ਹੈ। ਲੇਖਕ ਆਪਣੇ ਪ੍ਰਵਚਨ ਨੂੰ ਗੁਰੂ ਨਾਨਕ ਸਾਹਿਬ ਵਲੋਂ ਸੁਲਤਾਨਪੁਰ ਲੋਧੀ ਵਿਖੇ ਬਿਆਨ ਕੀਤੇ ਪ੍ਰਥਮ ਵੈਸ਼ਵਿਕ ਸੰਦੇਸ਼ ਦੀ ਵਿਆਖਿਆ ਦੁਆਰਾ ਆਰੰਭ ਕਰਦਾ ਹੈ। ਸੁਲਤਾਨਪੁਰ ਲੋਧੀ ਵਿਖੇ 'ਵੇਈਂੰ ਪ੍ਰਵੇਸ਼' ਤੋਂ ਉਪਰੰਤ ਗੁਰੂ ਸਾਹਿਬ ਨੇ ਫ਼ਰਮਾਇਆ ਸੀ : ਨਾ ਕੋ ਹਿੰਦੂ ਨਾ ਮੁਸਲਮਾਨ, ਜਿਸ ਦਾ ਭਾਵ ਸੀ ਕਿ ਆਪ ਗਿਆਨ ਨੂੰ ਹਿੰਦੂ/ਮੁਸਲਿਮ ਸ਼੍ਰੇਣੀ ਵਿਚ ਨਹੀਂ ਰੱਖਦੇ, ਜਿਵੇਂ ਉਸ ਵਕਤ ਦੀ ਪਰੰਪਰਾ ਸੀ। ਗਿਆਨ ਕਿਉਂਕਿ ਪਰਮ ਸਤਿ ਦਾ ਪ੍ਰਕਾਸ਼ ਹੁੰਦਾ ਹੈ, ਇਸ ਕਾਰਨ ਇਹ ਬ੍ਰਹਿਮੰਡੀ ਹੁੰਦਾ ਹੈ, ਸਰਬਸਾਂਝਾ ਹੁੰਦਾ ਹੈ। ਭਾਈ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਮੁੱਖ ਸੂਤਰਾਂ ਨੂੰ ਤਰਤੀਬ ਦੇ ਕੇ ਨੀਤੀ-ਸ਼ਾਸਤਰ ਦਾ ਇਕ ਬਲਿਊ-ਪ੍ਰਿੰਟ ਤਿਆਰ ਕੀਤਾ ਹੈ। ਗੁਰੂ ਸਾਹਿਬ ਸੱਤਾਧਾਰੀਆਂ ਦੀ ਸੋਚ ਅਤੇ ਮਾਨਸਿਕਤਾ ਦਾ ਨਿਚੋੜ ਪੇਸ਼ ਕਰਦੇ ਹੋਏ ਇਸ ਵਰਗ ਨੂੰ ਦਮਨਕਾਰੀ ਅਤੇ ਵਹਿਸ਼ੀ ਗਰਦਾਨਦੇ ਹਨ। ਆਪ ਦਲਿਤ ਅਤੇ ਦਮਿਤ ਵਰਗਾਂ ਦੀ ਨਾ ਕੇਵਲ ਵਕਾਲਤ ਕਰਦੇ ਹਨ ਸਗੋਂ ਉਨ੍ਹਾਂ ਦੀ ਧਿਰ ਬਣ ਕੇ ਨਾਲ ਖੜੋਂਦੇ ਹਨ। ਗੁਰਮਤਿ ਕਿਸੇ ਵੀ ਧਰਮ ਜਾਂ ਸੰਪਰਦਾਇ ਦੇ ਹੱਕ ਵਿਚ ਨਿਤਰਨ ਦੀ ਬਜਾਏ ਸਰਬੱਤ ਦਾ ਭਲਾ ਲੋਚਦੀ ਹੈ ਅਤੇ ਇਹ ਲੋਚਾ ਪੂੰਜੀਵਾਦੀ ਨਿਜ਼ਾਮ ਵਿਚ ਪੂਰੀ ਹੋਣੀ ਅਸੰਭਵ ਹੈ ਕਿਉਂਕਿ ਪੂੰਜੀਵਾਦ ਪੱਖਪਾਤ ਕਰਦਾ ਹੈ। ਇਹ ਆਬਾਦੀ ਦੇ ਬਹੁਤ ਵੱਡੇ ਭਾਗ-ਕਾਮਾ/ਮਜ਼ਦੂਰ ਸ਼੍ਰੇਣੀ ਦਾ ਸ਼ੋਸ਼ਣ ਕਰਕੇ ਪੂੰਜਪੀਤੀਆਂ ਦੀਆਂ ਤਿਜੋਰੀਆਂ ਭਰਦਾ ਹੈ। ਮਾਰਕਸਵਾਦੀ ਚਿੰਤਨ ਵੀ ਪੂੰਜੀਵਾਦੀ ਸ਼ੋਸ਼ਣ ਨੂੰ ਠੱਲ੍ਹ ਨਹੀਂ ਪਾ ਸਕਿਆ। ਕੇਵਲ ਗੁਰਮਤਿ ਹੀ ਇਸ ਵਿਵਸਥਾ ਨੂੰ ਧਰਾਸ਼ਾਈ ਕਰ ਸਕਦੀ ਹੈ। ਲਗਪਗ 600 ਪੰਨਿਆਂ ਵਿਚ ਫੈਲੇ ਇਸ ਗ੍ਰੰਥ ਦੀ ਸਮੱਗਰੀ ਨੂੰ 19 ਉਪਭਾਗਾਂ ਵਿਚ ਤਰਤੀਬ ਦਿੱਤੀ ਗਈ ਹੈ। ਲੇਖਕ ਸਿੱਖ ਗੁਰਦੁਆਰਿਆਂ, ਧਾਰਮਿਕ ਸੰਸਥਾਵਾਂ, ਜਥੇਬੰਦੀਆਂ, ਵਿੱਦਿਅਕ-ਪ੍ਰਣਾਲੀਆਂ ਅਤੇ ਗੁਰਮਤਿ ਫਿਲਾਸਫ਼ੀ ਨੂੰ ਖਾਲਸਾ ਨੀਤੀ-ਸ਼ਾਸਤਰ ਦਾ ਆਧਾਰ-ਪ੍ਰਬੰਧ ਮੰਨਦਾ ਹੈ। ਲੇਖਕ ਅਨੁਸਾਰ ਸਿੱਖ ਜੈਕਾਰੇ 'ਰਾਜ ਕਰੇਗਾ ਖਾਲਸਾ' ਦਾ ਇਕ ਪਾਸਾਰ ਸਿੱਖ ਆਚਰਣ ਦੀ ਸ਼ੁੱਧਤਾ ਅਤੇ ਆਚਰਣ ਨਾਲ ਜੁੜਿਆ ਹੋਇਆ ਹੈ ਅਤੇ ਦੂਜਾ ਪਾਸਾਰ, ਸਿੱਖਾਂ ਦੇ ਵਿਸ਼ਵ-ਵਿਆਪੀ ਸ਼ਹਿਰੀ ਹੋਣ ਦੀ ਵੈਸ਼ਵਿਕ ਜ਼ਿੰਮੇਵਾਰੀ ਨਾਲ ਜੁੜਿਆ ਹੋਇਆ ਹੈ। ਇਸ ਜੈ-ਘੋਸ਼ ਦੀਆਂ ਕੁਝ ਹੋਰ ਵਿਆਖਿਆਵਾਂ ਸਿਰਦਾਰ ਕਪੂਰ ਸਿੰਘ, ਡਾ: ਗੁਰਭਗਤ ਸਿੰਘ ਅਤੇ ਕੁਝ ਹੋਰ ਚਿੰਤਕਾਂ ਨੇ ਵੀ ਕੀਤੀਆਂ ਹਨ। ਇਸ ਪੁਸਤਕ ਵਿਚ ਸਰਬੱਤ ਖਾਲਸਾ, ਵਿਸਮਾਦੀ ਆਗੂ, ਆਰਥਿਕ ਵਿਕਾਸ ਦੇ ਮਾਡਲਾਂ, ਸਾਂਝੀ-ਯੋਜਨਾਬੱਧ-ਜੈਵਿਕ ਖੇਤੀ, ਪ੍ਰਦੂਸ਼ਣ ਮੁਕਤ ਖੇਤੀ ਉਦਯੋਗਾਂ ਆਦਿ ਬਾਰੇ ਗੰਭੀਰ ਸੰਵਾਦ ਰਚਾਇਆ ਗਿਆ ਹੈ। ਖਾਲਸਾ ਰਣਨੀਤੀ ਅਤੇ ਕੂਟਨੀਤੀ ਦਾ ਵਿਵੇਚਨ ਹੋਇਆ ਹੈ। ਕੋਰੋਨਾ ਵਰਗੀਆਂ ਵਿਸ਼ਵ ਮਹਾਂਮਾਰੀਆਂ ਅਤੇ ਸਿੱਖ ਸੋਚ ਵੀ ਇਸ ਗ੍ਰੰਥ ਦਾ ਵਿਸ਼ਾ ਬਣੇ ਹਨ। ਉਸ ਨੇ ਆਪਣੇ ਇਸ ਗ੍ਰੰਥ ਵਿਚ ਇਹ ਜਾਣਨ-ਸਮਝਣ ਦਾ ਯਤਨ ਕੀਤਾ ਹੈ ਕਿ ਸਿੱਖ-ਪੰਥ ਨੇ ਵਿਸਮਾਦੀ ਮਾਡਲ ਸਟੇਟ ਕਿਵੇਂ ਬਣਾਉਣਾ ਹੈ। ਗੁਰਸਿੱਖੀ ਦੇ ਮੁੱਲ ਅਤੇ ਮਹੱਤਵ ਨੂੰ ਅਜੋਕੇ ਵੈਸ਼ਵਿਕ ਪ੍ਰਸੰਗ ਵਿਚ ਸਮਝਣ ਲਈ ਇਹ ਇਕ ਬੇਹੱਦ ਮਹੱਤਵਪੂਰਨ ਰਚਨਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਚੁੱਪ ਦੀ ਕਥਾ
ਲੇਖਕ : ਨਵਦੀਪ ਸਿੰਘ ਮੁੰਡੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98880-90038.

ਸ਼ਾਇਰ ਨਵਦੀਪ ਸਿੰਘ ਮੁੰਡੀ ਆਪਣੇ ਪਹਿਲੇ ਹੀ ਕਾਵਿ ਪਰਾਗੇ 'ਚੁੱਪ ਦੀ ਕਥਾ' ਨਾਲ ਹੀ ਡੂੰਘੀ ਕਾਵਿ ਛਾਪ ਛੱਡਦਾ ਨਜ਼ਰ ਆਉਂਦਾ ਹੈ। ਉਹ ਦੱਸਦਾ ਹੈ ਕਿ ਚੁੱਪ ਦੀ ਆਪਣੀ ਜ਼ਬਾਨ ਹੁੰਦੀ ਹੈ। ਚੁੱਪ ਅਤੇ ਅਣਸੁਣੇ ਨੂੰ ਅੰਗਰੇਜ਼ੀ ਕਵੀ ਦੀ ਇਹ ਸਤਰ '8eard me&od}es are sweet but unheard are sweeter.' ਤਸਦੀਕ ਕਰਦੀ ਹੈ। ਸੋ ਉਸ ਅਣਸੁਣੀ ਚੁੱਪ ਨੂੰ ਜ਼ਬਾਨ ਦਿੰਦਿਆਂ ਕਿਸੇ ਬੋਧ ਬਿਰਖ ਹੇਠ ਗਿਆਨ ਦੀ ਤਲਾਸ਼ ਵਿਚ ਧਿਆਨ ਮੁਦਰਾ ਵਿਚ ਬੈਠਾ ਇਹ ਸ਼ਾਇਰ ਸਿਧਾਰਥ ਤੋਂ ਮਹਾਤਮਾ ਬੁੱਧ ਜਿਹੀ ਸ਼ਖ਼ਸੀਅਤ ਬਣਨ ਦੇ ਪ੍ਰਯਤਨ ਵਿਚੋਂ ਗੁਜ਼ਰ ਰਿਹਾ ਹੈ। ਉਸ ਦੇ ਗਿਆਨ ਦੀ ਤੰਦ ਸੂਤਰ ਪਕੜਨ ਲਈ ਨਾਰੀਅਲ ਨੂੰ ਛਿੱਲ ਕੇ ਕੱਚੀ ਗਿਰੀ ਵਿਚੋਂ ਤਰਲ ਪਦਾਰਥ ਪ੍ਰਾਪਤ ਕਰਨ ਜਿਹੇ ਤਰੱਦਦ 'ਚੋਂ ਗੁਜ਼ਰਨਾ ਪੈਂਦਾ ਹੈ ਤੇ ਤਾਂ ਹੀ ਉਸ ਦੀਆਂ ਨਿੱਕੀਆਂ-ਨਿੱਕੀਆਂ ਨਜ਼ਮਾਂ ਵਿਚ ਛੁਪੇ ਵੱਡੇ ਅਰਥਾਂ ਦੀ ਥਾਹ ਪਾਈ ਜਾ ਸਕਦੀ ਹੈ। ਉਹ ਹਵਾ, ਪਾਣੀ, ਧੁੱਪ ਤੇ ਮੀਂਹ ਦੇ ਕੁਦਰਤੀ ਵਰਤਾਰਿਆਂ ਨੂੰ ਸਮਕਾਲੀ ਮਨੁੱਖ 'ਤੇ ਢਾਲਦਾ ਹੈ। ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਕੁਦਰਤ ਵੀ ਅਸਾਡਾ ਲਿਹਾਜ਼ ਨਹੀਂ ਕਰੇਗੀ। ਇਸੇ ਤਰ੍ਹਾਂ ਬੰਦੇ ਅੰਦਰ ਵਿਗੜ ਰਹੀ ਮੁਹੱਬਤ ਦੀ ਵਿਆਕਰਨ ਨੂੰ ਸੁਰ ਸਿਰ ਕਰਨ ਲਈ ਮੁਹੱਬਤੀ ਰਿਸ਼ਤਿਆਂ ਨੂੰ ਪੱਕੇ ਪੀਡੇ ਕਰਨ ਲਈ ਜਿਸਮਾਂ ਦੀ ਸਰਕਸ ਤੋਂ ਵਿੱਥ ਸਿਰਜ ਕੇ ਰੂਹ ਦੇ ਬੰਦ ਦਰਵਾਜ਼ਿਆਂ 'ਤੇ ਦਸਤਕ ਦੇਣੀ ਬਣਦੀ ਹੈ। ਉਹ ਸਮਕਾਲੀ ਮਨੁੱਖ ਦੇ ਸੰਸਕਾਰਾਂ 'ਤੇ ਵੀ ਸੰਦੇਹ ਕਰਦਾ ਹੈ। ਇਸ ਸੰਦੇਹ ਨੂੰ ਤਸਦੀਕ ਕਰਨ ਲਈ ਨਿਤਸ਼ੇ ਆਪਣੇ ਨਾਇਕ ਜਰਬੁਸਤਰ ਰਾਹੀਂ ਆਖਦਾ ਹੈ ਕਿ ਬੌਣੀਆਂ ਸਮਾਜਿਕ ਵਰਜਣਾਵਾਂ ਤੇ ਮਰਯਾਦਾਵਾਂ ਤਾਂ ਪਲੇਗ ਤੋਂ ਵੀ ਘਾਤਕ ਹੁੰਦੀਆਂ ਹਨ ਤੇ ਅਜਿਹੇ ਸੰਸਕਾਰਾਂ ਦੀ ਰਾਮ ਕਾਰ ਉਲੰਘ ਕੇ ਹੀ ਮਹਾਂਮਾਨਵ ਬਣਿਆ ਜਾ ਸਕਦਾ ਹੈ। ਸ਼ਾਇਰ ਹੋਰ ਵਿਭਿੰਨ ਸਰੋਕਾਰਾਂ ਤੋਂ ਇਲਾਵਾ ਸੱਚ ਤੇ ਝੂਠ ਦੇ ਵਿਚਕਾਰ ਤ੍ਰਿਸ਼ੰਕੂ ਬਣੇ ਬੰਦੇ ਨੂੰ ਉਸ ਦੀ ਬੰਦਈ ਯਾਦ ਕਰਾਉਂਦਾ ਹੈ। ਪੰਜਾਬ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਹੋਕਾ ਦਿੰਦਾ ਹੈ। ਆਰਕੈਸਟਰੇ ਵਿਚ ਨੱਚਦੀਆਂ ਗ਼ਰੀਬ ਕੁੜੀਆਂ ਦੇ ਜਿਸਮਾਂ ਵੱਲ ਝਾਕਦੀਆਂ ਹਾਬੜੀ ਨਜ਼ਰਾਂ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਦਾ ਹੈ ਤੇ ਮੈਰਿਜ ਪੈਲੇਸ ਦੇ ਬਾਹਰ ਗੁਬਾਰੇ ਵੇਚ ਰਹੇ ਗ਼ਰੀਬ ਬੱਚੇ ਦਾ ਦਰਦ ਵੀ ਸਮਝਦਾ ਹੈ। ਉਸ ਦੇ ਕਾਵਿ ਸ਼ਿਲਪ ਦੀ ਹੇਠਲੀ ਕਾਵਿ ਟੁਕੜੀ ਦਾ ਜ਼ਰਾ ਨਮੂਨਾ ਦੇਖੋ :
'ਊਧਮ ਸਿਆਂ ਤੂੰ ਅੱਜ ਵੀ ਜਿਊਂਦਾ ਏਂ
ਤੇ ਅਸੀਂ ਅੱਜ ਵੀ ਮਰਿਆਂ ਵਰਗੇ
ਸਾਡਾ ਦੇਸ਼ ਪ੍ਰਤੀ ਕੋਈ ਨਿਸ਼ਾਨਾ ਨਹੀਂ
ਤੂੰ ਮਿੱਥੇ ਨਿਸ਼ਾਨੇ ਸਭ ਸਰ ਕਰ ਲਏ
ਤੂੰ ਲੰਡਨ ਓਡਵਾਇਰ ਲੱਭ ਲਿਆ
ਅਸੀਂ ਆਪਣਾ ਅੰਦਰਲਾ ਓਡਵਾਇਰ ਲੱਭਿਆ ਹੀ ਨਹੀਂ।'

ਭਗਵਾਨ ਢਿੱਲੋਂ
ਮੋ: 98143-78254.

ਜੀਵਨ ਬਿਰਤਾਂਤ : ਸ੍ਰੀ ਗੁਰੂ ਨਾਨਕ ਸਾਹਿਬ
(ਭਾਗ ਪਹਿਲਾ)
ਲੇਖਕ : ਡਾ: ਜਗਜੀਵਨ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ. ਚੰਡੀਗੜ੍ਹ
ਮੁੱਲ : 250, ਸਫ਼ੇ : 156
ਸੰਪਰਕ : 99143-01328.

ਹਥਲੀ ਪੁਸਤਕ ਦੇ ਪਹਿਲੇ ਭਾਗ ਵਿਚ ਲੇਖਕ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਜੀਵਨ ਬਿਰਤਾਂਤ ਨੂੰ 62 ਹਿੱਸਿਆਂ ਵਿਚ ਬੜੀ ਖੂਬਸੂਰਤ ਤਰਤੀਬ ਵਿਚ ਵੰਡਿਆ ਹੈ। ਇਸ ਪੁਸਤਕ ਦੀ ਸਿਰਜਣਾਤਮਿਕ ਪ੍ਰਕਿਰਿਆ ਦੌਰਾਨ ਲੇਖਕ ਨੇ ਛੋਟੀਆਂ-ਛੋਟੀਆਂ ਜੀਵਨ ਕਥਾਵਾਂ ਨੂੰ ਸਾਹਿਤਕ, ਇਤਿਹਾਸਕ, ਧਾਰਮਿਕ ਪੁੱਠ ਦੇ ਕੇ ਨਿੱਗਰ ਸਾਹਿਤ ਸਮੱਗਰੀ ਦੀ ਪੇਸ਼ਕਾਰੀ ਕੀਤੀ ਹੈੈ। ਇਸ ਪੁਸਤਕ ਦੀ ਸਿਰਜਣਾ ਦੌਰਾਨ ਡਾ: ਜਗਜੀਵਨ ਸਿੰਘ ਨੇ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸਬੰਧਿਤ ਵਿਭਿੰਨ ਮੂਲ ਸਰੋਤ ਗ੍ਰੰਥਾਂ ਦਾ ਡੂੰਘਾ ਅਧਿਐਨ-ਵਿਸ਼ਲੇਸ਼ਣ ਕੀਤਾ ਹੈ। ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਚੜ੍ਹਦੀ ਜਵਾਨੀ (1469 ਤੋਂ 1484 ਤੱਕ) ਰਾਇਭੋਇ ਦੀ ਤਲਵੰਡੀ ਨਾਨਕਿਆਣਾ ਵਿਚ ਗੁਜ਼ਾਰੇ ਪਹਿਲੇ ਪੰਦਰਾਂ ਸਾਲਾਂ ਦਾ ਜੀਵਨ ਸਫ਼ਰ, ਚਰਿੱਤਰ ਅਤੇ ਜੀਵਨ ਢੰਗ ਨੂੰ ਗੁਰੂ ਆਸ਼ੇ ਦੀ ਚਾਸ਼ਣੀ ਅਤੇ ਕਸਵੱਟੀ ਵਿਚੋਂ ਲੰਘਾਉਂਦਿਆਂ, ਨਿਸਚਿਤ ਇਤਿਹਾਸਕ, ਤਰਤੀਬ ਅਨੁਸਾਰ ਕਲਮਬੱਧ ਕੀਤਾ ਹੈ। ਲੇਖਕ ਨੇ ਗੁਰੂ ਨਾਨਕ ਸਾਹਿਬ ਦਾ ਜੀਵਨ ਬਿਰਤਾਂਤ ਲਿਖ ਕੇ, ਇਸ ਅਮੋਲਕ ਸਮੂਹਿਕ ਵਿਰਾਸਤੀ ਖਜ਼ਾਨੇ ਦੀ ਵੱਡੀ ਵਡਿਆਈ (ਬਰਕਤ) ਆਪਣੀ ਝੋਲੀ ਪਾਈ ਹੈ। ਡਾ: ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਪਹਿਲੇ 15 ਵਰ੍ਹਿਆਂ ਦੇ ਜੀਵਨ ਬਿਰਤਾਂਤ ਨੂੰ ਇਕ ਇਤਿਹਾਸਕਾਰ ਵਾਲੇ ਨਿਪਟ ਤੱਥਗਤ, ਵਸਤਪੂਰਕ ਅਤੇ ਰੁੱਖੇ ਦ੍ਰਿਸ਼ਟੀਕੋਣ ਤੋਂ ਵੇਖਣ ਅਤੇ ਵਾਚਣ ਦੀ ਸੀਮਾ ਤੋਂ ਪਾਰ ਲੰਘਾਉਂਦਿਆਂ ਇਸ ਨੂੰ ਇਕ ਸੰਵੇਦਨਸ਼ੀਲ ਸਾਹਿਤ ਅਧਿਐਨ ਕਰਤਾ ਵਾਲੇ ਡੂੰਘੇ ਕੀਮਤਪੂਰਕ ਅਤੇ ਆਤਮਪਰਕ, ਹਿਰਦੇਗਤ ਦ੍ਰਿਸ਼ਟੀਕੋਣ ਤੋਂ ਘੋਖਣ ਅਤੇ ਪੇਸ਼ ਕਰਨ ਦਾ ਇਕ ਵਧੀਆ ਸੁਹਜਾਤਮਕ ਸੁਹਿਰਦ ਯਤਨ ਕੀਤਾ ਹੈ। ਕਿਤਾਬ ਵਿਚ ਗੁਰੂ ਜੀ ਦੇ ਜੀਵਨ ਬਾਰੇ ਜੋ ਵਿਚਾਰ ਤੱਥ ਅਤੇ ਵੇਰਵੇ ਪੇਸ਼ ਕੀਤੇ ਗਏ ਹਨ, ਉਹ ਗੁਰੂ ਸਾਹਿਬ ਦੇ ਜੀਵਨ ਵਿਅਕਤਿੱਤਵ ਅਤੇ ਦਰਸ਼ਨ ਨੂੰ ਜਾਣਨ, ਘੋਖਣ ਅਤੇ ਸਮਝਣ-ਸਮਝਾਉਣ ਦੇ ਚਾਹਵਾਨ ਸੰਜੀਦਾ ਖੋਜਾਰਥੀਆਂ, ਵਿਦਵਾਨਾਂ ਅਤੇ ਅਧਿਆਪਕਾਂ ਲਈ ਇਹ ਪੁਸਤਕ ਗਿਆਨਵਰਧਕ ਸਾਬਤ ਹੋਵੇਗੀ। ਡਾ: ਜਗਜੀਵਨ ਦੀਆਂ ਗਿਆਰਾਂ ਪੁਸਤਕਾਂ ਪਾਠਕਾਂ ਦੇ ਪਹਿਲਾਂ ਹੀ ਦ੍ਰਿਸ਼ਟੀਗੋਚਰ ਹਨ, ਸੱਭਿਆਚਾਰ ਦੇ ਮੂਲ ਆਧਾਰ ਦੋ ਜਿਲਦਾਂ, ਸੁਜਾਖਿਆਂ ਦੇ ਰਾਹ ਦਸੇਰਾ ਵੀ ਦੋ ਜਿਲਦਾਂ ਵਿਚ, ਪੂਰਨ ਭਗਤ ਦੀ ਦੰਤ-ਕਥਾ ਅਤੇ ਆਧੁਨਿਕ ਪੰਜਾਬੀ ਚਿੰਤਨ, ਸ੍ਰੀ ਗੁਰੂ ਹਰਿਰਾਇ ਸਾਹਿਬ, ਜੀਵਨ ਅਤੇ ਪ੍ਰਤਿਭਾ, ਅਣਗੌਲਿਆ ਦਰਵੇਸ਼ ਸ਼ਹਿਜ਼ਾਦਾ: ਦਾਰਾ ਸ਼ਿਕੋਹ, ਵਿਸ਼ਵੀਕਰਨ ਅਤੇ ਆਧੁਨਿਕ ਪੰਜਾਬੀ ਸਾਹਿਤ, ਡੇਅਰੀ ਵਿਗਿਆਨ ਪਾਠ ਪੁਸਤਕ, ਧਰਮ ਦਰਸ਼ਨ ਅਤੇ ਭਾਰਤੀ ਸਮਾਜ ਅਤੇ ਗੁਰੂ ਨਾਨਕ ਗੁਰਮਤਿ ਸੰਗੀਤ ਅਤੇ ਗੁਰ ਇਤਿਹਾਸ। ਅਖੀਰ ਹਥਲੀ ਪੁਸਤਕ ਸਿੱਖ ਇਤਿਹਾਸ ਧਰਮ ਦਰਸ਼ਨ ਨਾਲ ਸਬੰਧਿਤ ਮੂਲ ਸਰੋਤਾਂ ਤੋਂ ਪ੍ਰਾਪਤ ਗਿਆਨ ਅਤੇ ਅੰਤਰ ਸੂਝਾਂ ਦਾ ਉੱਤਰਫਲ ਹੀ ਕਹੀ ਜਾ ਸਕਦੀ ਹੈ।

ਦਿਲਜੀਤ ਸਿੰਘ ਬੇਦੀ
ਮੋ: 98148-98570

ਅਲਫ਼ਾਜ਼
ਗ਼ਜ਼ਲਕਾਰ : ਅਮਨਦੀਪ ਦਰਦੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 97818-00325.

ਪੰਜਾਬੀ ਗ਼ਜ਼ਲ ਲਹਿਰ ਤੋਂ ਪਹਿਲਾਂ ਇੱਕਾ-ਦੁੱਕਾ ਗ਼ਜ਼ਲ ਲਿਖਣ ਵਾਲੇ ਸਨ। ਇਸ ਲਹਿਰ ਸਮੇਂ ਇਹ ਗਿਣਤੀ ਦਰਜਨਾਂ ਵਿਚ ਸੀ ਤੇ ਅਜੋਕੇ ਦੌਰ ਵਿਚ ਨਵੀਆਂ ਕਲਮਾਂ ਦੀ ਆਮਦ ਨਾਲ ਇਹ ਕਾਫ਼ਲਾ ਹਜ਼ਾਰ ਤੋਂ ਵੀ ਅੱਗੇ ਨਿਕਲ ਗਿਆ ਹੈ। ਕਾਫ਼ਲੇ ਵਿਚ ਖ਼ੂਬਸੂਰਤ ਦਿੱਖ ਤੇ ਸੰਭਾਵਨਾਵਾਂ ਵਾਲੀਆਂ ਕਲਮਾਂ ਵਿਚ ਅਮਨਦੀਪ ਦਰਦੀ ਦੀ ਕਲਮ ਵੀ ਸ਼ਾਮਿਲ ਹੈ। ਗ਼ਜ਼ਲਕਾਰ ਦੇ ਇਸ ਪਹਿਲੇ ਗ਼ਜ਼ਲ ਸੰਗ੍ਰਹਿ ਵਿਚ ਉਸ ਦੀਆਂ ਚੁਰਾਸੀ ਗ਼ਜ਼ਲਾਂ ਸੰਕਲਿਤ ਹਨ। ਸਮੁੱਚੀਆਂ ਗ਼ਜ਼ਲਾਂ ਆਮ ਫ਼ਹਿਮ ਭਾਸ਼ਾ ਵਿਚ ਹਨ ਤੇ ਇਨ੍ਹਾਂ ਵਿਚ ਮਨੁੱਖੀ ਜੀਵਨ ਦੀਆਂ ਭਿੰਨ-ਭਿੰਨ ਪਰਤਾਂ ਦੀ ਅਭਿਵਿਅਕਤੀ ਹੈ। ਪਹਿਲੀ ਰਚਨਾ ਗ਼ਜ਼ਲ ਦੇ ਬ੍ਰਹਿਮੰਡ ਦੀ ਤਾਰੀਫ਼ ਵਿਚ ਹੈ ਤੇ ਦੂਸਰੀ ਮਨੁੱਖ ਦੀ ਬਨਾਵਟੀ ਜ਼ਿੰਦਗੀ ਬਾਰੇ ਹੈ। ਇਸ ਵਿਚ ਗ਼ਜ਼ਲਕਾਰ ਦੱਸਦਾ ਹੈ ਕਿ ਮਨੁੱਖ ਉੱਤੋਂ ਉੱਤੋਂ ਹੋਰ ਹੈ ਤੇ ਅੰਦਰੋਂ ਹੋਰ ਹੈ। ਦਰਦੀ ਭਾਈਚਾਰੇ ਵਿਚ ਏਕਤਾ ਦਾ ਚਾਹਵਾਨ ਹੈ ਤੇ ਹਰ ਰਿਸ਼ਤੇ ਨੂੰ ਵਿਸਥਾਰ ਦੇਣ ਦਾ ਹਾਮੀ ਹੈ। ਉਹ ਆਪਣੇ ਦਿਲ ਦੇ ਸਾਂਝੀ ਦੀ ਉਡੀਕ ਕਰਦਾ ਹੈ ਤੇ ਉਸ ਦੀ ਆਮਦ 'ਤੇ ਰੌਣਕ ਮਾਣਨ ਦੀ ਇੱਛਾ ਰੱਖਦਾ ਹੈ। ਦਲਦਲ ਵਿਚ ਧਸੀ ਸਿਆਸਤ, ਰਿਸ਼ਵਤਖੋਰੀ, ਮਨੁੱਖੀ ਕਿਰਦਾਰ ਦੀ ਗਿਰਾਵਟ, ਅਸਾਵਾਂਪਨ, ਗ਼ਰੀਬੀ ਤੇ ਅਨਿਆਂ ਉਸ ਦਿਆਂ ਸ਼ਿਅਰਾਂ ਦੇ ਹੋਰ ਵਿਸ਼ੇ ਹਨ। ਪਿਆਰ ਮਾਨਵੀ ਜੀਵਨ ਦਾ ਧੁਰਾ ਹੈ ਤੇ ਦਰਦੀ ਦੇ ਇਸ ਸੰਗ੍ਰਹਿ ਵਿਚ ਵੀ ਪਿਆਰ ਆਧਾਰਿਤ ਸ਼ਿਅਰਾਂ ਦੀ ਗਿਣਤੀ ਵਧੇਰੇ ਹੈ। ਬਹੁਤੀਆਂ ਗ਼ਜ਼ਲਾਂ ਸੌਖੀ ਬਹਿਰ ਵਿਚ ਹਨ। ਗ਼ਜ਼ਲਕਾਰ ਦੇ ਕਈ ਸ਼ਿਅਰ ਧਿਆਨ ਖਿੱਚਦੇ ਹਨ ਪਰ ਉਸ ਨੂੰ ਨਿਰੀ ਕਾਫ਼ੀਆ ਪੈਮਾਈ ਤੋਂ ਬਚਣਾ ਚਾਹੀਦਾ ਹੈ। 'ਅਲਫ਼ਾਜ਼' ਬਾਰੇ ਦਸ ਦੇ ਕਰੀਬ ਸਥਾਪਤ ਕਲਮਕਾਰਾਂ ਦੇ ਲੇਖ ਜਾਂ ਟਿੱਪਣੀਆਂ ਵੀ ਛਾਪੀਆਂ ਗਈਆਂ ਹਨ ਪਰ ਹਰ ਲੇਖਕ ਨੂੰ ਤਾਰੀਫ਼ੀ ਮ੍ਰਿਗਤ੍ਰਿਸ਼ਨਾ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਉਂਝ ਅਮਨਦੀਪ ਦਰਦੀ ਦਾ ਪਹਿਲਾ ਯਤਨ ਪ੍ਰਸੰਸਾਯੋਗ ਹੈ ਤੇ ਉਸ ਦੀ ਸਥਾਪਤੀ ਦੀਆਂ ਸੰਭਾਵਨਾਵਾਂ ਉੱਜਲ ਹਨ। ਪਰ ਗ਼ਜ਼ਲ ਦੀ ਵਿਧਾ ਨੂੰ ਨਿਰੰਤਰ ਸਾਧਨਾ ਦੀ ਜ਼ਰੂਰਤ ਹੁੰਦੀ ਹੈ। ਪੰਜਾਬੀ ਗ਼ਜ਼ਲ ਬਹੁਤ ਅੱਗੇ ਨਿਕਲ ਗਈ ਹੈ। ਹਰ ਗ਼ਜ਼ਲਕਾਰ ਨੂੰ ਇਸ ਦੀ ਪੈੜ ਹੀ ਨਹੀਂ ਨੱਪਣੀ ਚਾਹੀਦੀ ਸਗੋਂ ਆਪਣੇ ਆਪ ਨੂੰ ਕੁਝ ਕਦਮ ਅੱਗੇ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ।

ਗੁਰਦਿਆਲ ਰੌਸ਼ਨ
ਮੋ: 99884-44002



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX