ਤਾਜਾ ਖ਼ਬਰਾਂ


ਈ.ਡੀ. ਛਾਪੇ ਮਾਰੀ - ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਦੇ ਟਿਕਾਣਿਆਂ ਤੋਂ 6 ਕਰੋੜ ਰੁਪਏ ਬਰਾਮਦ
. . .  1 day ago
ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਟੀਮਾਂ ਵਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ...
15-18 ਉਮਰ ਵਰਗ ਦੇ 50% ਤੋਂ ਵੱਧ ਨੌਜਵਾਨਾਂ ਨੇ ਵੈਕਸੀਨ ਦੀ ਲਈ ਪਹਿਲੀ ਖ਼ੁਰਾਕ - ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ
. . .  1 day ago
ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 18 ਜਨਵਰੀ- ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 6,996 ਨਵੇਂ ਮਾਮਲੇ ਆਏ ਸਾਹਮਣੇ, 5 ਮੌਤਾਂ
. . .  1 day ago
ਵਿਸ਼ਾਖਾਪਟਨਮ, 18 ਜਨਵਰੀ-ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 6,996 ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਿਕ 1066 ਰਿਕਵਰੀ ਹੋਈ ਅਤੇ 5 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ 'ਚ ਕੁੱਲ ਕੋਵਿਡ...
ਕੁਲਦੀਪ ਸਿੰਘ ਓਬਰਾਏ ਦੀ ਗ੍ਰਹਿ ਵਿਖੇ ਪੁੱਜੇ ਸੁਖਬੀਰ ਸਿੰਘ ਬਾਦਲ
. . .  1 day ago
ਜਲੰਧਰ, 18 ਜਨਵਰੀ (ਸੁਖਮਿੰਦਰ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਲੰਧਰ ਫੇਰੀ ਦੌਰਾਨ ਅਚਾਨਕ ਸਰਦਾਰ ਕੁਲਦੀਪ ਸਿੰਘ ਓਬਰਾਏ ਜੀ ਦੇ ਗ੍ਰਹਿ ਵਿਖੇ ਪਹੁੰਚੇ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਓਬਰਾਏ ਲਗਾਤਾਰ 4 ਵਾਰ...
ਯੂਥ ਅਕਾਲੀ ਦਲ ਨੇ ਸੈਂਟਰਲ ਹਲਕੇ 'ਚ ਕੀਤੀਆਂ ਨਿਯੁਕਤੀਆਂ
. . .  1 day ago
ਜਲੰਧਰ, 18 ਜਨਵਰੀ (ਸੁਖਮਿੰਦਰ)- ਅੱਜ ਜਲੰਧਰ ਸੈਂਟਰਲ ਦੇ ਵਿਚ ਲੱਧੇਵਾਲੀ ਵਿਖੇ ਇਕ ਮੀਟਿੰਗ ਦਾ ਆਯੋਜਨ ਯੂਥ ਅਕਾਲੀ ਦਲ ਵਲੋਂ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪਾਰਟੀ ਵਿਚ ਪਿਛਲੇ ਲੰਮੇ ਸਮੇਂ ਤੋਂ ਸੇਵਾ...
ਆਬੂਧਾਬੀ ਵਿਖੇ ਡਰੋਨ ਹਮਲੇ 'ਚ ਮਹਿਸਪੁਰ ਦੇ ਨੌਜਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
. . .  1 day ago
ਚੌਂਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ)- ਸੰਯੁਕਤ ਅਰਬ ਅਮੀਰਾਤ ਯੂ.ਏ.ਈ. ਦੀ ਰਾਜਧਾਨੀ ਆਬੂ ਧਾਬੀ ਦੇ ਹਵਾਈ ਅੱਡੇ ਨੇੜੇ ਬੀਤੇ ਕੱਲ੍ਹ ਸ਼ੱਕੀ ਹੂਤੀਆਂ ਵਲੋਂ ਕੀਤੇ ਗਏ ਡਰੋਨ ਹਮਲੇ ਵਿਚ ਦੋ ਭਾਰਤੀਆਂ ਦੀ ਮੌਤ ਹੋਈ ਹੈ। ਇਨ੍ਹਾਂ 'ਚੋਂ ਇਕ ਨੌਜਵਾਨ...
ਵੱਡੀ ਖ਼ਬਰ: ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦਾ ਤਬਾਦਲਾ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਢਿੱਲੋਂ)-ਵੱਡੀ ਖ਼ਬਰ: ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦਾ ਤਬਾਦਲਾ...
ਭਾਜਪਾ ਨੂੰ ਝਟਕਾ, ਕੌਂਸਲਰ ਮਨਜਿੰਦਰ ਸਿੰਘ ਚੱਠਾ ਅਕਾਲੀ ਦਲ 'ਚ ਸ਼ਾਮਿਲ
. . .  1 day ago
ਜਲੰਧਰ, 18 ਜਨਵਰੀ -ਅੱਜ ਸ਼ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਹਲਕਾ ਜਲੰਧਰ ਕੈਂਟ ਤੋਂ ਉਸ ਵੇਲੇ ਭਾਰੀ ਬੱਲ ਮਿਲਿਆ ਜਦ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਾਜਪਾਈ ਕੌਂਸਲਰ ਮਨਜਿੰਦਰ ਸਿੰਘ ਚੱਠਾ ਨੂੰ ਸ਼੍ਰੋਮਣੀ ਅਕਾਲੀ ਦਲ...
ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ ਸਿੰਘ ਭਾਜਪਾ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ, 18 ਜਨਵਰੀ-ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ ਸਿੰਘ ਭਾਜਪਾ ਵਿਚ ਸ਼ਾਮਿਲ..
2 ਟਰੱਕਾਂ ਦੀ ਟੱਕਰ 'ਚ ਪੰਜਾਬੀ ਨੌਜਵਾਨ ਦੀ ਮੌਤ
. . .  1 day ago
ਆਕਲੈਂਡ, 18 ਜਨਵਰੀ (ਹਰਮਨਪ੍ਰੀਤ ਸਿੰਘ)-ਨਿਊਜ਼ੀਲੈਂਡ ਦੇ ਦੱਖਣੀ ਹਿੱਸੇ 'ਚ ਪੈਂਦੇ ਸ਼ਹਿਰ ਕ੍ਰਾਈਮਟਚਰਚ ਤੋਂ ਰੋਲਰਸਟੇਨ ਸ਼ਹਿਰ ਨੂੰ ਜਾਂਦੇ ਸਟੋਰਵੇਅ 'ਤੇ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ..
ਲਖਵਿੰਦਰ ਕੌਰ ਗਰਚਾ ਭਾਜਪਾ 'ਚ ਸ਼ਾਮਿਲ
. . .  1 day ago
ਚੰਡੀਗੜ੍ਹ, 18 ਜਨਵਰੀ-ਵਿਰੋਧੀ ਸਿਆਸੀ ਪਾਰਟੀਆਂ ਦੇ ਦਿੱਗਜ ਆਗੂਆਂ ਵਲੋਂ ਭਾਜਪਾ ਵਿਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਮੁਤਾਬਿਕ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐੱਸ.ਡੀ. ਲਖਵਿੰਦਰ ਕੌਰ ਗਰਚਾ ਭਾਜਪਾ 'ਚ ਸ਼ਾਮਿਲ...
ਕਾਂਗਰਸ ਪਾਰਟੀ ਦੇ ਮੌਜੂਦਾ ਕੌਂਸਲਰ ਰੋਹਿਤ ਸਿਆਲ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ
. . .  1 day ago
ਪਠਾਨਕੋਟ, 18 ਜਨਵਰੀ (ਸੰਧੂ)-ਕਾਂਗਰਸ ਪਾਰਟੀ ਦੇ ਵਾਰਡ ਨੰਬਰ 34 ਤੋਂ ਮੌਜੂਦਾ ਕੌਂਸਲਰ ਰੋਹਿਤ ਸਿਆਲ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਨਸਭਾ...
ਫਿਰੋਜ਼ਪੁਰ 'ਚ ਕੋਰੋਨਾ ਬਲਾਸਟ, 215 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਦੀ ਮੌਤ
. . .  1 day ago
ਫਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)- ਦੁਨੀਆਂ 'ਚ ਫੈਲੀ ਕੋਰੋਨਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫਿਰੋਜ਼ਪੁਰ 'ਚ ਬਲਾਸਟ ਕਰਦਿਆਂ ਜਿੱਥੇ 215 ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਉੱਥੇ ਇਲਾਜ ਅਧੀਨ ਚੱਲਦੇ ਕੋਰੋਨਾ ਮਰੀਜ਼ਾਂ 'ਚੋਂ 3 ਜਣਿਆਂ ਦੀ ਜਾਨ ਵੀ ਲੈ ...
ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨੇ ਜਾਣ ਤੋਂ ਬਾਅਦ ਭੈਣ ਮਨਪ੍ਰੀਤ ਕੌਰ ਦਾ ਬਿਆਨ ਆਇਆ ਸਾਹਮਣੇ
. . .  1 day ago
ਚੰਡੀਗੜ੍ਹ, 18 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨ ਜਾਣ 'ਤੇ ਉਨ੍ਹਾਂ ਦੀ ਭੈਣ ਨੇ ਮਨਪ੍ਰੀਤ ਕੌਰ ਨੇ ਕਿਹਾ ਕਿ ਮੇਰੇ ਭਰਾ ਨੂੰ ਮਿਲ ਰਿਹਾ ਸਤਿਕਾਰ ਅਤੇ ਪਿਆਰ ਦੇਖ ਕੇ ਮੈਂ ਬਹੁਤ...
ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਤੋਂ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਠਾਕੁਰ ਅਮਿਤ ਸਿੰਘ ਮੰਟੂ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ
. . .  1 day ago
ਪਠਾਨਕੋਟ, 18 ਜਨਵਰੀ (ਸੰਧੂ)-ਕਾਂਗਰਸ ਪਾਰਟੀ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਵਿਚ ਹਲਕਾ ਸੁਜਾਨਪੁਰ ਤੋਂ ਨਰੇਸ਼ ਪੁਰੀ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਚੋਣਾਂ ਲੜ ਚੁੱਕੇ ਠਾਕੁਰ ਅਮਿਤ ਸਿੰਘ...
ਕੋਲਕਾਤਾ : ਪਾਰਕ ਸ਼ੋਅ ਸਿਨੇਮਾ ਹਾਲ 'ਚ ਲੱਗੀ ਅੱਗ
. . .  1 day ago
ਕੋਲਕਾਤਾ, 18 ਜਨਵਰੀ - ਪੱਛਮੀ ਬੰਗਾਲ ਵਿਚ ਕੋਲਕਾਤਾ ਦੇ ਪਾਰਕ ਸ਼ੋਅ ਸਿਨੇਮਾ ਹਾਲ 'ਚ ਅੱਗ ਲੱਗ ਗਈ ਹੈ | ਜ਼ਿਕਰਯੋਗ ਹੈ ਕਿ ਮੌਕੇ 'ਤੇ 5 ਫਾਇਰ ਟੈਂਡਰ ਪਹੁੰਚੇ ਹੋਏ ਹਨ, ਜੋ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ...
ਗੱਠਜੋੜ ਦੀ ਸਰਕਾਰ ਬਣਨ 'ਤੇ ਪੰਜਾਬ ਦੇ ਵੱਡੇ ਮਸਲੇ ਵੀ ਕੇਂਦਰ ਤੋਂ ਕਰਵਾਏ ਜਾਣਗੇ ਹੱਲ-ਪਰਮਿੰਦਰ ਸਿੰਘ ਢੀਂਡਸਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਸਿਆਸੀ ਆਗੂਆਂ ਵਲੋਂ ਧੜ-ਧੜਾ...
ਅਵਤਾਰ ਹੈਨਰੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਗਿਆ ਨਿਯੁਕਤ
. . .  1 day ago
ਚੰਡੀਗੜ੍ਹ, 18 ਜਨਵਰੀ-ਅਵਤਾਰ ਹੈਨਰੀ (ਸਾਬਕਾ ਕੈਬਨਿਟ ਮੰਤਰੀ, ਪੰਜਾਬ) ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ...
ਈ.ਡੀ. ਦੀ ਛਾਪੇਮਾਰੀ ਨੂੰ ਲੈ ਕੇ ਜਾਖੜ ਦਾ ਕੇਂਦਰ ਸਰਕਾਰ 'ਤੇ ਤਨਜ਼
. . .  1 day ago
ਚੰਡੀਗੜ੍ਹ, 18 ਜਨਵਰੀ - ਈ. ਡੀ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਠਿਕਾਣਿਆਂ 'ਤੇ ਹੋ ਰਹੀ ਛਾਪੇਮਾਰੀ ਨੂੰ ਲੈ ਕੇ ਸੁਨੀਲ ਜਾਖੜ ਵਲੋਂ ਕੇਂਦਰ ਸਰਕਾਰ 'ਤੇ ਤਨਜ਼ ਕੱਸਿਆ ਗਿਆ...
ਰੇਤਾ ਦੇ ਮੁੱਲ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਇਹ ਬਿਆਨ
. . .  1 day ago
ਚੰਡੀਗੜ੍ਹ, 18 ਜਨਵਰੀ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਰੇਤ ਮਾਈਨਿੰਗ ਤੇ ਕਾਰਪੋਰੇਸ਼ਨ ਬਣਾਉਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੇਤ ਅਤੇ ਟਰਾਂਸਪੋਰਟ ਮਾਫ਼ੀਆ...
ਕਾਂਗਰਸੀ ਕੌਂਸਲਰ ਬੀਬੀ ਸ਼ਰਨਜੀਤ ਕੌਰ ਸੋਢੀ ਹੋਏ ਅਕਾਲੀ ਦਲ 'ਚ ਸ਼ਾਮਿਲ
. . .  1 day ago
ਗੁਰੂ ਹਰ ਸਹਾਏ,18 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਹਲਕੇ ਦੇ ਅਕਾਲੀ ਉਮੀਦਵਾਰ ਵਰਦੇਵ ਸਿੰਘ ਮਾਨ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਨਗਰ ਕੌਂਸਲ ਗੁਰੂ ਹਰ ਸਹਾਏ ਦੇ ਵਾਰਡ ਨੰਬਰ 11 ਤੋਂ ਕਾਂਗਰਸ ਦੀ ਮੌਜੂਦਾ ਕੌਂਸਲਰ ਬੀਬੀ ਸ਼ਰਨਜੀਤ ਕੌਰ ਸੋਢੀ ਨੇ...
ਹੁਸ਼ਿਆਰਪੁਰ ਦੀ ਅਦਾਲਤ 'ਚ ਅੱਜ ਫਿਰ ਪੇਸ਼ ਨਹੀਂ ਹੋਏ ਸ. ਪ੍ਰਕਾਸ਼ ਸਿੰਘ ਬਾਦਲ
. . .  1 day ago
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਏ.ਸੀ.ਜੇ.ਐਮ. ਹੁਸ਼ਿਆਰਪੁਰ ਰੁਪਿੰਦਰ ਸਿੰਘ ਦੀ ਅਦਾਲਤ 'ਚ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਫਿਰ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ...
ਫਿਰੋਜ਼ਪੁਰ ਜੇਲ੍ਹ 'ਚ ਬੰਦ ਗੈਂਗਸਟਰਾਂ ਕੋਲੋਂ 4 ਮੋਬਾਇਲ ਫੋਨ ਤੇ ਸਹਾਇਕ ਸਮਗਰੀ ਬਰਾਮਦ
. . .  1 day ago
ਫਿਰੋਜ਼ਪੁਰ, 18 ਜਨਵਰੀ (ਗੁਰਿੰਦਰ ਸਿੰਘ)- ਸੁਰਖ਼ੀਆਂ 'ਚ ਰਹਿਣ ਵਾਲੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰ ਬੰਦ ਗੈਂਗਸਟਰ ਸੁਖਚੈਨ ਸਿੰਘ ਉਰਫ਼ ਸੁੱਖੀ ਅਤੇ ਗੈਂਗਸਟਰ ਰਜਨੀਸ਼ ਕੁਮਾਰ ਉਰਫ਼ ਪ੍ਰੀਤ ਕੋਲੋਂ ਤਲਾਸ਼ੀ ਦੌਰਾਨ ਵੱਖ-ਵੱਖ ਕੰਪਨੀਆਂ ਦੇ ਚਾਰ ਮੋਬਾਈਲ ਫੋਨ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਹਲਕੇ ਦੇ ਸਿਰਕੱਢ ਆਗੂ ਮੋਖਾ ਸ਼੍ਰੋ.ਅ.ਦ.ਸੰਯੁਕਤ 'ਚ ਸ਼ਾਮਿਲ
. . .  1 day ago
ਸੁਨਾਮ ਊਧਮ ਸਿੰਘ ਵਾਲਾ,18 ਜਨਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਹਲਕਾ ਸੁਨਾਮ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਖ਼ਾਸਕਰ ਢੀਂਡਸਾ ਪਰਿਵਾਰ ਨੂੰ ਉਸ ਵੇਲੇ ਹੋਰ ਵੱਡਾ ਬਲ ਮਿਲਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਕੱਤਕ ਸੰਮਤ 553
ਵਿਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਕਿਤਾਬਾਂ

23-10-2021

 ਕਿੱਸਾ ਪੂਰਨ ਭਗਤ
ਲੇਖਕ : ਮਾਸਟਰ ਲਛਮਣ ਸਿੰਘ ਰਠੌਰ
ਪ੍ਰਕਾਸ਼ਕ : ਸਿੱਖ ਲਿਟਰੇਰੀ ਐਂਡ ਕਲਚਰਲ ਸਟਾਰ, ਯੂ.ਕੇ.
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : is.rathaur@rediffmail.com


ਕਿੱਸਾ ਪੂਰਨ ਭਗਤ ਦਾ ਵਿਸ਼ਾ-ਵਸਤੂ ਹਰ ਪੀੜ੍ਹੀ ਦੇ ਕਵੀਆਂ ਨੂੰ ਟੁੰਬਦਾ ਰਿਹਾ ਹੈ। ਇਸ ਕਿੱਸੇ ਦਾ ਪਹਿਲਾ ਸਿਰਜਕ ਕਾਦਰ ਯਾਰ ਸੀ। ਉਸ ਦੇ ਮਨ ਵਿਚ ਮਤ੍ਰੇਈ ਮਾਂ ਦੇ ਕਿਰਦਾਰ ਬਾਰੇ ਇਹੋ ਜਿਹਾ ਫੁਰਨਾ ਕਿਵੇਂ ਫੁਰਿਆ, ਇਹ ਤਾਂ ਫਰਾਇਡ ਜਾਂ ਲਾਗਾਂ ਵਰਗਾ ਕੋਈ ਮਨੋਵਿਗਿਆਨੀ ਹੀ ਦੱਸ ਸਕਦਾ ਹੈ। ਫਰਾਇਡ ਨੇ 'ਈਡਿਪਸ ਕੰਪਲੈਕਸ' ਦੇ ਸਿਧਾਂਤ ਦੁਆਰਾ ਇਸ ਗੁੱਥੀ ਨੂੰ ਸੁਲਝਾਇਆ ਤਾਂ ਜ਼ਰੂਰ ਪਰ ਅਜੇ ਵੀ ਭੱਦਰ-ਪੁਰਸ਼ਾਂ ਦੇ ਇਹ ਗੱਲ ਸਮਝ ਵਿਚ ਨਹੀਂ ਆਉਂਦੀ। ਇਸ ਵਿਸ਼ਾ-ਵਸਤੂ ਦੇ ਸੰਮੋਹਨ ਵਿਚੋਂ ਨਿਕਲਣ ਲਈ ਪ੍ਰੋ: ਪੂਰਨ ਸਿੰਘ, ਸ਼ਿਵ ਕੁਮਾਰ ਅਤੇ (ਹੁਣ) ਮਾਸਟਰ ਲਛਮਣ ਸਿੰਘ ਰਠੌਰ, ਕੈਲੀਫੋਰਨੀਆ ਨੇ ਇਸ ਕਥਾ ਦਾ ਪੁਨਰ-ਲੇਖਣ ਕੀਤਾ ਹੈ।
ਮਾਸਟਰ ਰਠੌਰ ਨੂੰ ਕਾਦਰ ਯਾਰ ਦੀ ਕਹਾਣੀ ਦੇ ਕਈ ਪੱਖਾਂ ਉੱਪਰ ਇਤਰਾਜ਼ ਰਿਹਾ ਹੈ। ਇਸ ਕਾਰਨ ਆਪਣੇ ਕਿੱਸੇ ਵਿਚ ਉਸ ਨੇ ਕੁਝ ਘਟਨਾਵਾਂ ਨਵੀਆਂ ਪਾ ਦਿੱਤੀਆਂ ਹਨ ਅਤੇ ਕੁਝ ਨੂੰ ਸੋਧ ਦਿੱਤਾ ਹੈ। ਪਹਿਲੀ ਤਬਦੀਲੀ ਤਾਂ ਉਸ ਨੇ ਇਹ ਕੀਤੀ ਕਿ ਪੂਰਨ ਨੂੰ ਸਲਵਾਨ ਹੱਥੋਂ ਸਜ਼ਾ ਨਹੀਂ ਹੋਣ ਦਿੱਤੀ, ਗੁਰੂ ਗੋਰਖ ਨਾਥ ਰਾਜੇ ਦੇ ਦਰਬਾਰ ਵਿਚ ਹਾਜ਼ਰ ਹੋ ਕੇ ਪੂਰਨ ਨੂੰ ਬਚਾ ਲੈਂਦਾ ਹੈ। ਦੂਜੀ ਗੱਲ ਇਹ ਕਿ ਪੂਰਨ ਨੂੰ ਭਰਮਾਉਣ ਲਈ ਲੂਣਾ ਆਪਣੀ ਇਕ ਬਾਂਦੀ ਮੇਨਕਾ ਦਾ ਸਹਾਰਾ ਲੈਂਦੀ ਹੈ ਅਤੇ ਉਸ ਰਾਹੀਂ ਪੂਰਨ ਨੂੰ ਪ੍ਰੇਮ-ਪੱਤਰ ਭੇਜਦੀ ਰਹਿੰਦੀ ਹੈ। ਤੀਜੀ ਵੱਡੀ ਤਬਦੀਲੀ ਇਹ ਕਿ ਗੋਰਖ ਨਾਥ ਸਲਵਾਨ ਨੂੰ ਸੇਵਾਮੁਕਤ (ਰਿਟਾਇਰ) ਕਰਕੇ ਰਾਜ-ਭਾਗ, ਪੂਰਨ ਨੂੰ ਦਿਵਾ ਦਿੰਦਾ ਹੈ ਅਤੇ ਪੂਰਨ ਦੀ ਸੁੰਦਰਾਂ ਨਾਲ ਸ਼ਾਦੀ ਕਰਵਾ ਦਿੰਦਾ ਹੈ। ਰਾਠੌਰ ਸਾਹਿਬ ਨੂੰ ਆਪਣੀ ਕਹਾਣੀ ਵਧੇਰੇ ਸੰਭਵ (probab&e) ਅਤੇ ਮੰਨਣਯੋਗ ਲਗਦੀ ਹੈ।
ਕਵੀ ਨੇ ਆਪਣਾ ਇਹ ਕਿੱਸਾ 372 ਬੰਦਾਂ ਵਿਚ ਮੁਕੰਮਲ ਕੀਤਾ ਹੈ ਹਰ ਬੰਦ ਵਿਚ ਛੇ-ਛੇ ਪੰਕਤੀਆਂ (ਮਿਸਰੇ) ਹਨ। ਮੱਧਕਾਲੀ ਕਵੀਆਂ ਵਾਂਗ ਸ: ਰਠੌਰ ਹਰ ਬੰਦ ਦੇ ਅੰਤਿਮ ਮਿਸਰੇ ਵਿਚ ਆਪਣਾ ਉਪਨਾਮ (ਰਾਠੌਰ) ਜ਼ਰੂਰ ਅੰਕਿਤ ਕਰਦਾ ਹੈ। ਦੇਖੋ : ਜਿੰਨੀ ਬੁਧਿ ਬਖ਼ਸ਼ੀ ਸੱਚੇ ਪਾਤਸ਼ਾਹ ਨੇ, ਉਹਾ ਕਲਮ ਦੇ ਰਾਹੀਂ ਸੁਣਾਇਆ ਏ। ਮੀਰਪੁਰ ਜੱਟਾਂ ਦਾ ਰਠੌਰ ਰਾਜਪੂਤ ਹਾਂ ਮੈਂ, ਹਰ ਇਕ ਬੰਦ ਦੇ ਪਿੱਛੇ ਜਣਾਇਆ ਏ (ਬੰਦ 372, ਪੰਨਾ 99)। ਇਹ ਪੁਸਤਕ ਵੱਡੇ ਸਾਈਜ਼ ਵਿਚ ਅਤੇ ਮੋਟੇ ਫੌਂਟ ਵਿਚ ਪੁਰਾਣੇ ਕਿੱਸਿਆਂ ਵਾਂਗ ਹੀ ਛਪੀ ਹੈ। ਮੈਂ ਲੇਖਕ ਦੇ ਸਿਦਕ ਅਤੇ ਸਾਧਨਾਂ ਦੀ ਵਡਿਆਈ ਕਰਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਪਲੀਮੈਂਟਰੀ ਬੈਚ
ਲੇਖਕ : ਸਚਿਨ ਸ਼ਰਮਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98729-21121.

ਇਸ ਨਾਵਲ ਦੀ ਵਿਲੱਖਣਤਾ ਇਹ ਹੈ ਕਿ ਇਸ ਦਾ ਵਿਸ਼ਾ ਵੀ ਨਵਾਂ ਨਰੋਆ ਅਤੇ ਸਮੇਂ ਦੀ ਲੋੜ ਅਨੁਸਾਰ ਹੈ। ਇਸ ਦਾ ਲੇਖਕ ਵੀ ਨਵਾਂ ਸਮਾਂ ਸਮਾਜ ਅਤੇ ਲੋਕਾਂ ਦੀ ਰਹਿਣੀ-ਬਹਿਣੀ ਅਤੇ ਜੀਵਨਸ਼ੈਲੀ ਦਾ ਮਾਹਰ ਹੈ। ਨਾਵਲ ਪੜ੍ਹਦਿਆਂ ਇੰਜ ਜਾਪਦੈ, ਜਿਵੇਂ ਨਾਵਲਕਾਰ ਖ਼ੁਦ ਇਸ ਨਾਵਲ ਦਾ ਮੁੱਖ ਪਾਤਰ ਆਪਣੀ ਆਪਬੀਤੀ ਦੀ ਗਾਥਾ ਆਪ ਹੀ ਸੁਣਾ ਰਿਹਾ ਹੈ। ਸਪਲੀਮੈਂਟਰੀ ਬੈਚ ਨਾਵਲ ਦਾ ਨਾਂਅ ਹੈ। ਜਿਹੜੇ ਵਿਦਿਆਰਥੀ ਇਕ ਤੋਂ ਵੱਧ ਵਿਸ਼ਿਆਂ ਵਿਚ ਫੇਲ੍ਹ ਹੋ ਜਾਂਦੇ ਹਨ, ਉਹ ਅਗਲੀ ਸ਼੍ਰੇਣੀ ਵਿਚ ਬੈਠ ਕੇ ਪੜ੍ਹਾਈ ਨਹੀਂ ਕਰ ਸਕਦੇ। ਉਹ ਅੱਧਾ ਸਾਲ ਜੂਨੀਅਰ ਵਿਦਿਆਰਥੀਆਂ ਨਾਲ ਪੜ੍ਹਦੇ ਹਨ, ਅੱਧਾ ਸਾਲ ਆਪਣੀ ਜਮਾਤ ਨਾਲ ਅਜਿਹੇ ਵਿਦਿਆਰਥੀਆਂ ਦਾ ਇਕ ਵੱਖਰਾ ਬੈਚ ਬਣ ਜਾਂਦਾ ਹੈ, ਇਸ ਨੂੰ ਸਪਲੀਮੈਂਟਰੀ ਬੈਚ ਕਿਹਾ ਜਾਂਦਾ ਹੈ। ਇਹ ਨਾਵਲ ਇਸ ਕਿਸਮ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ, ਉਲਝਣਾਂ, ਲੜਾਈ-ਝਗੜਿਆਂ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਆਲੇ-ਦੁਆਲੇ ਘੁੰਮਦਾ ਹੈ। ਇਨ੍ਹਾਂ ਪ੍ਰਾਈਵੇਟ (ਜਾਂ ਸਰਕਾਰੀ) ਕਾਲਜਾਂ ਵਿਚ ਵੀ ਵੱਖ-ਵੱਖ ਸਮੱਸਿਆਵਾਂ ਉਪਜਦੀਆਂ ਰਹਿੰਦੀਆਂ ਹਨ, ਜਿਵੇਂ ਰੈਗਿੰਗ (ਨਵੇਂ ਵਿਦਿਆਰਥੀਆਂ ਨੂੰ ਪੁਰਾਣੇ ਵਿਦਿਆਰਥੀ ਮਰਯਾਦਾਵਾਂ ਸਿਖਾਉਣ ਦੇ ਬਹਾਨੇ ਬੁਰੇ ਦੀ ਹੱਦ ਤੱਕ ਜ਼ਲੀਲ ਕਰਦੇ ਹਨ। ਜਾਂ ਉਨ੍ਹਾਂ ਵਿਦਿਆਰਥੀਆਂ ਨੂੰ ਮਾਪੇ ਦਾਖ਼ਲ ਕਰਵਾ ਦਿੰਦੇ ਹਨ, ਜਿਹੜੇ ਮਨ ਬੁੱਧੀ ਤੋਂ ਇਸ ਪੇਸ਼ੇ ਨੂੰ ਪਸੰਦ ਹੀ ਨਹੀਂ ਕਰਦੇ, ਇੰਜ ਵਿਦਿਆਰਥੀ ਮਨੋਰੋਗੀ ਨਿਰਾਸ਼ਾਵਾਦੀ ਬਣ ਜਾਂਦੇ ਹਨ। ਇਨ੍ਹਾਂ ਕਾਲਜਾਂ ਦਾ ਪ੍ਰਬੰਧ ਜਰਜਰਾ ਅਤੇ ਪੈਸੇ ਬਣਾਉਣ ਅਤੇ ਕਮਾਉਣ ਵਾਲਾ ਹੁੰਦਾ ਹੈ। ਇਨ੍ਹਾਂ ਕਾਲਜਾਂ ਵਿਚ ਪੜ੍ਹਦੇ ਨੌਜਵਾਨ ਮੁੰਡੇ-ਕੁੜੀਆਂ ਉਪ ਭਾਵਕੀ ਪਿਆਰ ਵਿਚ ਫਸ ਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲੈਂਦੇ ਹਨ।
ਨਾਵਲ ਕਹਾਣੀ ਪਾਤਰਾਂ, ਘਟਨਾਵਾਂ ਅਤੇ ਸਥਿਤੀਆਂ ਪ੍ਰਸਥਿਤੀਆਂ ਪੱਖੋਂ ਭਰਪੂਰ ਹੈ ਅਤੇ ਨਾਵਲ ਕਥਾਨਕ ਨੂੰ ਸਫਲ ਬਣਾਉਂਦਾ ਹੈ। ਪੜ੍ਹਨ ਸਮੇਂ ਅੱਗੋਂ ਹੋਰ ਜਾਣਨ ਦੀ ਰੁਚੀ ਪ੍ਰਬਲ ਰਹਿੰਦੀ ਹੈ। ਘਟਨਾਵਾਂ, ਵਸਤੂ ਵੇਰਵੇ, ਪ੍ਰਾਧਿਆਪਕਾਂ, ਅਥਵਾ ਸਮੁੱਚੇ ਸਟਾਫ ਦੇ ਵਸਤੂ-ਵੇਰਵੇ ਰੌਚਿਕ ਅਤੇ ਢੁਕਵੇਂ ਹਨ। ਫੋਕੇ ਪਿਆਰ ਕਰਨ ਵਾਲੇ ਵਿਦਿਆਰਥੀ ਜੋੜਿਆਂ ਦੀਆਂ ਕਹਾਣੀਆਂ ਰੌਚਿਕ ਹਨ।
ਨਾਵਲਕਾਰ ਦਾ ਪਹਿਲਾ ਨਾਵਲ ਨਵੇਂ ਵਿਸ਼ੇ ਨੂੰ ਰੌਚਿਕ ਵਿਧੀ ਨਾਲ ਪੇਸ਼ ਕਰਨ ਦੀ ਤਕਨੀਕ ਸੱਚੇ ਅਰਥਾਂ ਵਿਚ ਇਕ ਨਵੀਂ ਸਮੱਸਿਆ ਨੂੰ ਸਾਡੇ ਸਾਹਮਣੇ ਪੇਸ਼ ਹੈ। ਸਾਨੂੰ ਇਸ ਵਿਸ਼ੇ ਵਿਚੋਂ ਪੇਸ਼ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਅਮਰ ਕੋਮਲ
ਮੋ: 088376-84173

ਪੰਜਾਬ ਦੇ ਵਾਰਸੋ
ਲੇਖਕ : ਮਨਜਿੰਦਰ ਗੋਲ੍ਹੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98156-41312.

'ਪੰਜਾਬ ਦੇ ਵਾਰਸੋ' ਕਾਵਿ-ਸੰਗ੍ਰਹਿ ਮਨਜਿੰਦਰ ਗੋਲ੍ਹੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਹ ਪੁਲਿਸ ਅਧਿਕਾਰੀ ਹੋਣ ਦੇ ਨਾਲ-ਨਾਲ ਕਾਵਿਕ ਦਿਲ ਵੀ ਰੱਖਦਾ ਹੈ। ਇਹ ਸੰਗ੍ਰਹਿ ਉਸ ਦੀ ਇਸ ਫ਼ਿਤਰਤ ਦੀ ਸ਼ਾਹਦੀ ਭਰਦਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਦੇਸ਼ ਦੇ ਆਗੂ ਤੋਂ ਲੈ ਕੇ ਮਨਾ ਕਰ ਖੋਜ' ਤੱਕ 46 ਕਵਿਤਾਵਾਂ, 20 ਗ਼ਜ਼ਲਾਂ, 30 ਗੀਤ, 5 ਰੁਬਾਈਆਂ ਅਤੇ ਕੁਝ ਫੁਟਕਲ ਸ਼ਿਅਰ ਸ਼ਾਮਿਲ ਕੀਤੇ ਹਨ। ਇਹ ਕਾਵਿ-ਸੰਗ੍ਰਹਿ 'ਗੁਰੂਆਂ, ਪੀਰਾਂ, ਫ਼ਕੀਰਾਂ, ਬਲੀਆਂ, ਦਾਤਿਆਂ, ਗੱਭਰੂਆਂ, ਮੁਟਿਆਰਾਂ, ਭਲਵਾਨਾਂ, ਅਣਖੀ ਯੋਧਿਆਂ ਦੀ ਵਿਰਾਸਤ ਦੇ ਮਾਲਕ ਅਜੋਕੇ ਪੰਜਾਬ ਦੇ ਵਾਰਸਾਂ ਨੂੰ ਜਗਾਉਣ ਦਾ ਸੰਦੇਸ਼ ਦਿੰਦਾ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ, ਗ਼ਜ਼ਲਾਂ, ਗੀਤ, ਰੁਬਾਈਆਂ ਨੂੰ ਪੜ੍ਹਦਿਆਂ ਕਾਵਿ-ਪਾਠਕ ਅਜੋਕੇ ਸਮੇਂ 'ਚ ਸਮਾਜ 'ਚ ਵਾਪਰਦੀਆਂ ਵਿਸੰਗਤੀਆਂ : ਆਪਾਧਾਪੀ, ਬੇਰੁਜ਼ਗਾਰੀ, ਨਸ਼ਾਖੋਰੀ, ਭ੍ਰਿਸ਼ਟਾਚਾਰੀ ਰੁਚੀਆਂ, ਕਿਰਦਾਰ ਤੋਂ ਗਿਰੀਆਂ ਹਰਕਤਾਂ, ਜਬਰ ਜਨਾਹੀ ਮੰਜ਼ਰ, ਕਿਰਤ ਦੀ ਲੁੱਟ, ਧਾਰਮਿਕ ਪਾਖੰਡਵਾਦ, ਭਰੂਣ ਹੱਤਿਆ ਆਦਿ ਦੇ ਸਨਮੁੱਖ ਹੁੰਦਾ ਮਹਿਸੂਸ ਕਰਦਾ ਹੈ। ਅਜੋਕੀ ਤਾਨਾਸ਼ਾਹੀ ਲੋਕਤੰਤਰ ਕੇਂਦਰੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਉੱਠੇ ਵਿਦਰੋਹ ਦੀ ਗਾਥਾ ਵੀ ਬਿਆਨਦੀ ਹੈ। ਭਾਵ ਹੈ ਕਿ ਸਰਲ, ਸਪੱਸ਼ਟ ਅਤੇ ਸਾਧਾਰਨ ਬੋਲਚਾਲ ਦੀ ਭਾਸ਼ਾ ਰਾਹੀਂ ਮਨਜਿੰਦਰ ਗੋਲ੍ਹੀ ਨੇ ਅਵਾਮ ਦੇ ਬੁਨਿਆਦੀ ਮਸਲਿਆਂ ਪ੍ਰਤੀ ਕਾਵਿ-ਪਾਠਕਾਂ ਨੂੰ ਜਾਗਰੂਕ ਕੀਤਾ ਹੈ। ਸਮਾਜਿਕ ਅਤੇ ਸੱਭਿਆਚਾਰਕ ਜੀਵਨ ਵਿਚ ਰਹੁ-ਰੀਤਾਂ, ਮਾਨਤਾਵਾਂ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੁੰਦੀ ਹੈ। ਇਸੇ ਲਈ 'ਇਕੋ ਮਾਂ ਦੇ ਜਾਏ', 'ਕਰੋ ਦੁਆਵਾਂ', 'ਬਣ ਇਨਸਾਨ', 'ਅੰਨਦਾਤਾ' ਆਦਿ ਕਵਿਤਾਵਾਂ ਵਿਚ ਕਿਰਤੀ ਦੀ ਲੁੱਟ ਦਾ ਜ਼ਿਕਰ ਕਰਦਾ ਹੈ। 'ਅੰਬਰ ਫਟਿਆ' ਕਵਿਤਾ ਵਿਚ ਉਹ ਕਿਰਤ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਦੀ ਗੱਲ ਕਰਦਾ ਹੈ :
ਕਿਰਤੀ ਵਿਚ ਵੀ ਰੱਬ ਵੱਸਦਾ ਏ
ਭਈਆ ਕਹਿ ਕੇ ਮੂਰਖ ਹੱਸਦਾ ਏ
ਕਿਧਰ ਗਈ ਇਨਸਾਨੀਅਤ ਤੇਰੀ
ਜਿਊਂਦਾ ਏਂ ਜਾਂ ਦੱਸ ਤੂੰ ਮੋਇਆ?
ਮਨਜਿੰਦਰ ਗੋਲ੍ਹੀ ਦੇ ਗੀਤ ਵੀ ਸਮਾਜਿਕ ਸਮੱਸਿਆਵਾਂ ਦੀ ਬਾਖੂਬੀ ਪੇਸ਼ਕਾਰੀ ਕਰਦੇ ਹਨ। ਉਸ ਦੇ ਬਹੁਤੇ ਗੀਤ ਨਾਮਵਰ ਗਾਇਕਾਂ ਵਲੋਂ ਗਾਏ ਗਏ ਹਨ। ਮੈਂ ਇਸ ਕਵਿ-ਸੰਗ੍ਰਹਿ ਨੂੰ ਜੀ ਆਇਆਂ ਕਹਿੰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ। ਆਸ ਕਰਦਾ ਹਾਂ ਕਿ ਪੰਜਾਬੀ ਕਾਵਿ-ਪਾਠਕ ਵੀ ਇਸ ਕਾਵਿ-ਸੰਗ੍ਰਹਿ ਦਾ ਭਰਵਾਂ ਸਵਾਗਤ ਕਰਨਗੇ।

ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096

17-10-2021

ਸਾਡੇ ਕੌਮੀ ਹੀਰੇ ਸਿੱਖ ਜਰਨੈਲ
ਲੇਖਕ : ਪ੍ਰੋ: ਕਿਰਪਾਲ ਸਿੰਘ ਬਡੂੰਗਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 288
ਸੰਪਰਕ : 98158-05100.


ਇਸ ਨਾਯਾਬ ਪੁਸਤਕ ਦੇ ਲੇਖਕ ਹਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੁਯੋਗ ਪ੍ਰਧਾਨ, ਉੱਘੇ ਸਿੱਖ ਚਿੰਤਕ ਅਤੇ ਖੋਜੀ। ਪ੍ਰੋ: ਸਾਹਿਬ ਦੀ ਪੁਰਜ਼ੋਰ ਕਲਮ ਇਸ ਵਿਚਾਰ-ਗੋਸ਼ਟੀ ਪੁਸਤਕ ਤੋਂ ਪੇਸ਼ਤਰ, ਛੇ ਬੇਸ਼ਕੀਮਤੀ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।
ਇਸ ਸੱਜਰੀ ਪੁਸਤਕ ਵਿਚ ਸਿੱਖ ਕੌਮ ਉਨ੍ਹਾਂ ਸਤਾਰਾਂ ਲਾਮਿਸਾਲ ਜਰਨੈਲਾਂ ਅਤੇ ਬੇਜੋੜ ਸੂਰਮਿਆਂ ਬਾਰੇ ਵਡਮੁੱਲੀ ਜਾਣਕਾਰੀ ਹੈ, ਜਿਨ੍ਹਾਂ ਦੇ ਕਾਬਿਲੇ-ਫ਼ਖ਼ਰ ਕਾਰਨਾਮਿਆਂ ਨੇ ਸਮੁੱਚੀ ਸਿੱਖ ਕੌਮ ਦਾ ਨਾਂਅ ਪੂਰੇ ਵਿਸ਼ਵ ਵਿਚ ਰੌਸ਼ਨ ਕੀਤਾ ਹੈ। ਪੁਸਤਕ ਦੇ ਲੇਖਾਂ ਵਿਚ ਕੌਮੀ ਸ਼ਹੀਦਾਂ ਦੀਆਂ ਜੀਵਨ ਘਾਲਣਾਵਾਂ ਅਤੇ ਲਾਸਾਨੀ ਕੁਰਬਾਨੀਆਂ ਦਾ ਨਾਲ-ਨਾਲ ਉਨ੍ਹਾਂ ਦੇ ਬੇਮਿਸਾਲ ਹੌਸਲੇ, ਸਿਰੜ ਪਰਉਪਕਾਰੀ ਸੋਚ ਤੇ ਜਜ਼ਬੇ ਬਾਰੇ ਵਡਮੁੱਲੀ ਜਾਣਕਾਰੀ ਦਿੰਦੀ ਹੈ ਤਾਂ ਕਿ ਪਾਠਕ ਇਸ ਤੋਂ ਸੇਧ ਲੈ ਕੇ ਇਨ੍ਹਾਂ ਸ਼ੁੱਭ ਗੁਣਾਂ ਦੇ ਧਾਰਨੀ ਹੋ ਸਕਣ।
ਪੁਸਤਕ ਵਿਚ ਪੰਥ ਦੇ 17 ਮਹਾਨ ਸੂਰਬੀਰ ਅਤੇ ਮਾਣਮੱਤੇ ਜਰਨੈਲਾਂ ਬਾਰੇ ਲੇਖ ਸ਼ਾਮਿਲ ਹਨ। ਪਹਿਲਾ ਲੇਖ ਪਹਿਲੇ ਖ਼ਾਲਸਾ ਰਾਜ ਦੇ ਬਾਨੀ ਅਜੀਮੋ-ਸ਼ਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹੈ। ਬੰਦਾ ਸਿੰਘ ਬਹਾਦਰ ਨੇ ਬੇਜ਼ਮੀਨੇ ਹਲ ਵਾਹਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹਕੂਕ ਦਿੱਤੇ। ਵਿਦਵਾਨ ਲੇਖਕ ਦੀ ਚਾਹਨਾ ਹੈ ਕਿ ਅਜੋਕੇ ਦੌਰ ਵਿਚ ਅੱਜ ਫਿਰ ਬਾਬਾ ਬੰਦਾ ਸਿੰਘ ਬਹਾਦਰ ਵਰਗੀ ਨਿਸ਼ਕਾਮ ਸ਼ਖ਼ਸੀਅਤ ਦੀ ਲੋੜ ਹੈ।
ਦੂਜਾ ਲੇਖ ਮਹਾਨ ਯੋਧੇ, ਸੇਵਾ ਤੇ ਸਿਮਰਨ ਦੇ ਮੁਜੱਸਮੇ ਨਵਾਬ ਕਪੂਰ ਸਿੰਘ ਦੀਆਂ ਮਹਾਨ ਪੰਥਕ ਘਾਲਣਾਵਾਂ ਬਾਰੇ ਹੈ। ਨਵਾਬੀ ਦੀ ਪਦਵੀ ਪ੍ਰਾਪਤ ਕਰਨ ਦੇ ਬਾਵਜੂਦ ਉਨ੍ਹਾਂ ਗੁਰੂ ਖ਼ਾਲਸੇ ਨੂੰ ਅਤੀ ਬਿਖੜੇ ਸਮੇਂ ਜਿਹੜੀ ਸੁਚੱਜੀ ਅਗਵਾਈ ਪ੍ਰਦਾਨ ਕੀਤੀ ਅਤੇ 'ਸੇਵਾ' ਨੂੰ ਵੀ ਬਾਦਸਤੂਰ ਜਾਰੀ ਰੱਖਿਆ, ਉਹ ਇਤਿਹਾਸ ਦੇ ਸੁਨਹਿਰੀ ਪੰਨੇ ਹਨ।
ਤੀਸਰਾ ਲੇਖ ਸੁਲਤਾਨ-ਉਲ-ਕੌਮ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਜ਼ੀਮ ਦੇਣ ਸੰਬੰਧੀ ਹੈ। ਉਹ ਕਪੂਰਥਲਾ ਰਿਆਸਤ ਦੇ ਬਾਨੀ ਸਨ। ਨਵਾਬ ਕਪੂਰ ਸਿੰਘ ਦੇ ਗੁਰਪੁਰੀ ਪਿਆਨਾ ਕਰਨ ਤੋਂ ਬਾਅਦ ਪੰਥ ਦੀ ਜਥੇਦਾਰੀ ਦੀ ਪੱਗ ਸ: ਜੱਸਾ ਸਿੰਘ ਆਹਲੂਵਾਲੀਏ ਨੂੰ ਬੰਨ੍ਹਾਈ ਗਈ ਸੀ। ਉਨ੍ਹਾਂ 60 ਸਾਲ ਕੌਮ ਦੀ ਅਗਵਾਈ ਕੀਤੀ।
ਚੌਥਾ ਲੇਖ ਪੰਥ ਦੀ ਸ਼ਾਨ ਕਹੇ ਜਾਂਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਬਾਰੇ ਹੈ। ਉਹ ਰਾਮਗੜ੍ਹੀਆ ਮਿਸਲ ਦੇ ਮੁਖੀ ਸਨ। ਉਨ੍ਹਾਂ ਦੇ ਖ਼ਾਨਦਾਨ ਨੇ ਇਕ ਸਦੀ ਤੱਕ ਪੰਥ ਦੀ ਸੇਵਾ ਕੀਤੀ।
ਅਗਲਾ ਲੇਖ ਧਰਮ ਅਤੇ ਸੂਰਬੀਰਤਾ ਦੀ ਮੂਰਤ ਬਾਬਾ ਬਘੇਲ ਸਿੰਘ ਬਾਰੇ ਹੈ। ਜਥੇਦਾਰ ਬਘੇਲ ਸਿੰਘ ਨੇ ਦਿੱਲੀ ਫ਼ਤਹਿ ਕਰਨ ਤੋਂ ਬਾਅਦ ਉਥੇ ਰਹਿ ਕੇ 7 ਇਤਿਹਾਸਕ ਗੁਰਧਾਮਾਂ ਦੀ ਉਸਾਰੀ ਕਰਵਾਈ। ਉਨ੍ਹਾਂ ਬੜੀ ਸੰਤੁਲਿਤ ਪਹੁੰਚ ਨਾਲ ਕੌਮੀ ਸੇਵਾਵਾਂ ਨੂੰ ਸਰਅੰਜਾਮ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਜੰਗਾਂ-ਯੁੱਧਾਂ ਵਿਚ ਬਹੁਤ ਮਦਦ ਕੀਤੀ। ਉਨ੍ਹਾਂ ਰਣ-ਤੱਤੇ ਵਿਚ ਜੂਝਦਿਆਂ ਹੀ ਸ਼ਹਾਦਤ ਪ੍ਰਾਪਤ ਕੀਤੀ।
ਜਰਨੈਲ ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਸਿਰਮੌਰ ਜਰਨੈਲ ਸਨ। ਉਹ ਰਿਆਸਤ ਕਸ਼ਮੀਰ ਦੇ ਗਵਰਨਰ ਵੀ ਰਹੇ। ਖ਼ਾਲਸਾ ਰਾਜ ਦੇ ਪਸਾਰ ਵਿਚ ਉਨ੍ਹਾਂ ਦਾ ਮਹਾਨ ਯੋਗਦਾਨ ਹੈ।
ਅਗਲਾ ਲੇਖ ਤਿੱਬਤ ਦੀ ਜੰਗ ਦੇ ਨਾਇਕ ਜਨਰਲ ਜ਼ੋਰਾਵਰ ਸਿੰਘ ਬਾਰੇ ਹੈ। ਉਹ 1711 ਵਿਚ ਲੇਹ ਲੱਦਾਖ ਦੀ ਜੰਗ ਦੇ ਜੇਤੂ ਨਾਇਕ ਸਨ। ਉਨ੍ਹਾਂ ਬਾਰੇ ਸ: ਇੰਦਰਜੀਤ ਸਿੰਘ ਦੀ ਅੰਗਰੇਜ਼ੀ ਨਜ਼ਮ ਦਾ ਪੰਜਾਬੀ ਤਰਜਮਾ ਕਾਬਿਲੇ-ਜ਼ਿਕਰ ਹੈ।
ਜਥੇਦਾਰ ਸ਼ਾਮ ਸਿੰਘ ਅਟਾਰੀ ਨੇ ਸਿੱਖ ਰਾਜ ਦੇ ਪਤਨ ਮਗਰੋਂ ਕਾਬਜ਼ ਫਿਰੰਗੀ ਫ਼ੌਜਾਂ ਨੂੰ ਸਭਰਾਉਂ ਦੀ ਜੰਗ ਵਿਚ ਦਿਨੇ ਤਾਰੇ ਵਿਖਾ ਦਿੱਤੇ। 'ਜੰਗੇ-ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ' ਬਾਰੇ ਲੇਖ ਬਾਕਮਾਲ ਤੇ ਦੁਰਲੱਭ ਜਾਣਕਾਰੀ ਨਾਲ ਭਰਪੂਰ ਹੈ। ਇਸੇ ਤਰ੍ਹਾਂ ਸਾਰਾਗੜ੍ਹੀ ਜੰਗ ਦੇ ਹੀਰੋ ਹੌਲਦਾਰ ਈਸ਼ਰ ਸਿੰਘ ਆਈ.ਐਮ.ਓ. ਬਾਰੇ ਲੇਖ ਬਹੁਤ ਅਸਾਵੀਂ ਜੰਗ ਵਿਚ 36 ਸਿੱਖ ਪਲਟਨ ਦੇ 21 ਸਿੱਖ ਸੈਨਿਕਾਂ ਵਲੋਂ 10 ਹਜ਼ਾਰ ਕਬਾਇਲੀ ਹਮਲਾਵਰਾਂ ਦੇ ਦ੍ਰਿੜ੍ਹਤਾ ਨਾਲ ਮੂੰਹ ਤੋੜਨ ਦਾ ਵੇਰਵਾ ਲੂੰ-ਕੰਡੇ ਖੜ੍ਹੇ ਕਰਨ ਵਾਲਾ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਸਕੂਲੀ ਪਾਠਕ੍ਰਮ ਵਿਚ ਇਸ ਅਦੁੱਤੀ ਜੰਗ ਬਾਰੇ ਗਾਥਾ ਪੜ੍ਹਾਈ ਜਾਂਦੀ ਹੈ ਪਰ ਅਫ਼ਸੋਸ ਸਾਡੇ ਦੇਸ਼ ਦੇ ਆਵਾਮ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਏਅਰ ਕਮਾਂਡਰ ਮੇਹਰ ਸਿੰਘ ਬਾਬਾ, ਏਅਰ ਫੋਰਸ ਦੇ ਉਤਕ੍ਰਿਸ਼ਟ ਅਫ਼ਸਰ ਸਨ। 6 ਡਕੋਟਾ ਜਹਾਜ਼ਾਂ ਦੀ ਫਲੀਟ ਨੂੰ ਲੀਡ ਕਰਦਿਆਂ ਲੇਹ ਲੱਦਾਖ ਵਿਖੇ ਲੈਂਡ ਕਰਨ ਵਾਲਾ ਉਹ ਪਹਿਲਾ ਸਿੱਖ ਪਾਇਲਟ ਸੀ। ਉਨ੍ਹਾਂ ਨੂੰ ਨੇਕਾਂ ਉੱਚ ਪੁਰਸਕਾਰ ਮਿਲੇ।
ਅਗਲਾ ਲੇਖ ਹੈ 1965 ਦੀ ਜੰਗ ਦੇ ਹੀਰੋ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਲਾਸਾਨੀ ਦੇਣ ਬਾਰੇ ਹੈ ਜਿਨ੍ਹਾਂ ਦੀ ਦ੍ਰਿੜ੍ਹਤਾ, ਦੂਰ-ਅੰਦੇਸ਼ੀ ਸੋਚ ਤੇ ਤੁਰਤ ਫ਼ੈਸਲਾ ਲੈਣ ਦੇ ਗੁਣਾਂ ਕਾਰਨ, ਅੱਧਾ ਭਾਰਤ, ਪਾਕਿਸਤਾਨ ਹੱਥ ਜਾਣ ਤੋਂ ਬਚ ਗਿਆ। ਉਨ੍ਹਾਂ ਨਾਲ ਕੀਤੀ ਗਈ ਇਕ ਭੇਟ-ਵਾਰਤਾ, ਪੜ੍ਹਨ ਵਾਲੀ ਹੈ।
1971 ਦੀ ਹਿੰਦ-ਪਾਕਿ ਜੰਗ ਦੇ ਹੀਰੋ ਜਨਰਲ ਜਗਜੀਤ ਸਿੰਘ ਅਰੋੜਾ, ਮੂਹਰੇ ਪਾਕਿਸਤਾਨੀ ਫ਼ੌਜ ਦੇ 93 ਹਜ਼ਾਰ ਤੋਂ ਵੱਧ ਅਫ਼ਸਰਾਂ/ਜਵਾਨਾਂ ਸਣੇ ਆਤਮ-ਸਮਰਪਣ ਕੀਤਾ। ਇਸੇ ਜੰਗ ਦੇ ਹੀਰੋ ਏਅਰ ਫੋਰਸ ਦੇ ਫਲਾਇੰਗ ਅਫ਼ਸਰ ਨਿਰਮਜੀਤ ਸਿੰਘ ਸੇਖੋਂ, ਲੱਦਾਖ ਜੰਗ ਦੇ ਹੀਰੋ ਜਨਰਲ ਬਿਕਰਮ ਸਿੰਘ ਅਤੇ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਬਾਰੇ ਸਾਰੇ ਲੇਖ ਧਿਆਨ ਨਾਲ ਪੜ੍ਹਨ ਵਾਲੇ ਹਨ। ਅਰਜਨ ਸਿੰਘ ਵਿਸ਼ਵ ਪੱਧਰ ਦੇ ਏਅਰ ਚੀਫ਼ ਸਨ।
ਪ੍ਰੋ: ਬਡੂੰਗਰ ਨੇ ਪੁਸਤਕ ਵਿਚ ਗੁਰਬਾਣੀ ਦੇ ਅਨੇਕਾਂ ਢੁਕਵੇਂ ਪ੍ਰਮਾਣ ਉਰਦੂ-ਫ਼ਾਰਸੀ ਦੇ ਸ਼ਿਅਰ, ਇਤਿਹਾਸਕਾਰਾਂ ਦੇ ਹਵਾਲੇ, ਕਾਵਿਕ-ਟੋਟੇ ਬਤੌਰ ਹਵਾਲਾ ਦੇਣ ਦੇ ਨਾਲ-ਨਾਲ ਪੁਖ਼ਤਾ ਸੁਝਾਅ ਵੀ ਦਿੱਤੇ ਹਨ ਜਿਵੇਂ ਸਿੱਖਾਂ ਦੀ ਲਾਸਾਨੀ ਜੰਗੀ ਦੇਣ ਦੇ ਮੱਦੇਨਜ਼ਰ ਫ਼ੌਜ ਵਿਚ ਉਨ੍ਹਾਂ ਦੀ ਨਫ਼ਰੀ ਵਧਾਈ ਜਾਵੇ, ਸੈਨਿਕ ਪਰਿਵਾਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ। ਹਰ ਘਟਨਾ ਦੀਆਂ ਸਹੀ ਤਰੀਕਾਂ, ਸਥਾਨ ਤੇ ਵੇਰਵੇ ਪੁਸਤਕ ਨੂੰ ਸ਼ਾਹਕਾਰ ਰਚਨਾ ਬਣਾਉਂਦੇ ਹਨ। ਟਾਈਟਲ ਸਫ਼ੇ 'ਤੇ ਸਾਰੇ ਸਿੱਖ ਜਰਨੈਲਾਂ ਦੀਆਂ ਪੁਸਤਕ ਨੂੰ ਸ਼ਾਨਦਾਰ ਦਿੱਖ ਪ੍ਰਦਾਨ ਕਰਦੀਆਂ ਹਨ।
ਹਰੇਕ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪ੍ਰੋ: ਸਾਹਿਬ ਦੀ ਪੁਰਜ਼ੋਰ ਕਲਮ ਨੂੰ ਸਲਾਮ।


ਤੀਰਥ ਸਿੰਘ ਢਿੱਲੋਂ
ਮੋ: 98154-61710


ਜਦੋਂ ਸੋਚ ਬਦਲੇਗੀ

ਲੇਖਕ : ਕੇਵਲ ਧਰਮਪੁਰਾ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98788-01561.


'ਜਦੋਂ ਸੋਚ ਬਦਲੇਗੀ' ਕਾਵਿ-ਸੰਗ੍ਰਹਿ ਰਾਹੀਂ ਕੇਵਲ ਧਰਮਪੁਰਾ ਨੇ ਪੰਜਾਬੀ ਕਾਵਿ-ਜਗਤ 'ਚ ਪਲੇਠੀ ਹਾਜ਼ਰੀ ਲਗਾਈ ਹੈ। ਹਥਲੇ ਕਾਵਿ-ਸੰਗ੍ਰਹਿ ਵਿਚ ਉਸ ਨੇ 'ਸ਼ਬਦਾਂ ਦੇ ਗਲ਼ ਸੰਗਲ' ਤੋਂ ਲੈ ਕੇ 'ਫਸਲੀ ਬਟੇਰੇ' ਤੱਕ 32 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ। ਪੁਸਤਕ ਦਾ ਸਮਰਪਣ ਹੀ ਉਨ੍ਹਾਂ ਅਧਿਆਪਕਾਂ ਦੇ ਨਾਂਅ ਕੀਤਾ ਹੈ, ਜਿਨ੍ਹਾਂ ਨੇ ਉਸ ਨੂੰ ਤਾਲੀਮ ਦਿੱਤੀ। ਕਵਿਤਾ ਦੇ ਲਿਖਣ ਦੇ ਮਨੋਰਥ ਪ੍ਰਤੀ ਕੇਵਲ ਧਰਮਪੁਰਾ ਦੀ ਸੋਚ ਬਿਲਕੁਲ ਸਪੱਸ਼ਟ ਹੈ ਕਿ ਕਵਿਤਾ ਰਾਹੀਂ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਤਬਦੀਲੀ ਕਿਵੇਂ ਲਿਆਉਣੀ ਹੈ। ਅਜਿਹਾ ਤਾਂ ਹੀ ਸੰਭਵ ਹੈ ਜੇਕਰ ਅਸੀਂ ਹਰ ਖੇਤਰ ਵਿਚ ਵਾਪਰਦੇ ਵਰਤਾਰੇ ਪ੍ਰਤੀ ਸਜੱਗ ਹੋਵਾਂਗੇ। ਕਵਿਤਾ ਰਾਹੀਂ ਉਨ੍ਹਾਂ ਮੁੱਦਿਆਂ ਨੂੰ ਉਭਾਰਨਾ ਹੈ, ਜਿਨ੍ਹਾਂ ਸਦਕਾ ਮਨੁੱਖ ਦੀ ਸੋਚ ਤਾਰਕਿਕ ਹੋਵੇ। ਇਸੇ ਲਈ ਉਹ ਅੰਧ-ਵਿਸ਼ਵਾਸੀ, ਨਫ਼ਰਤਾਂ ਭਰੀ, ਵਿਤਕਰਿਆਂ ਭਰੀ ਹੈਵਾਨੀ ਫ਼ਿਤਰਤ ਦੇ ਖਿਲਾਫ਼ ਮਨੁੱਖਤਾਵਾਦੀ ਸੋਚ ਦਾ ਪਰਚਮ ਬੁਲੰਦ ਕਰਕੇ ਜੁਗਨੂੰ ਬਣ ਕੇ ਕਵਿਤਾ ਰਾਹੀਂ ਗਿਆਨ ਰੂਪੀ ਚਾਨਣ ਦਾ ਛੱਟਾ ਦੇਣ ਦੀ ਗੱਲ ਦਾ ਅਹਿਦ ਕਰਦਾ ਹੈ :
ਇਹ ਸ਼ਬਦਾਂ ਅੰਦਰ/ਮੈਂ ਸੰਘਰਸ਼ ਭਰਿਆ ਹੈ
ਮੈਂ ਆਪਣੀ ਰੂਹ ਵਿਲੀਨ ਕੀਤੀ ਹੈ/ਮੈਂ ਹਿਰਦੇ ਦੇ ਖ਼ੂਨ ਨਾਲ ਉੱਕਰੀ ਹੈ
ਇਸ ਦੀ ਹਰ ਸਤਰ/ਜਦੋਂ ਸੋਚ ਬਦਲੇਗੀ।
ਕੇਵਲ ਧਰਮਪੁਰਾ ਅਜੋਕੀ ਅਖੌਤੀ ਆਧੁਨਿਕਤਾ, ਨਿੱਜਤਾ, ਉਦਾਰਤਾ, ਵਿਸ਼ਾਲਤਾ ਵਾਲੀ ਤਰਜ਼-ਏ-ਜ਼ਿੰਦਗੀ ਦੀਆਂ ਵਿਕਰਾਲ ਦਿੱਕਤਾਂ ਪੇਸ਼ ਕਰਦਿਆਂ ਸਾਵੀ ਪੱਧਰੀ ਮਨੁੱਖੀ ਜ਼ਿੰਦਗੀ ਜਿਊਣ ਦਾ ਹਮਾਇਤੀ ਹੈ। ਅਜਿਹੀਆਂ ਧਾਰਨਾਵਾਂ ਦੀ ਪੁਸ਼ਟੀ ਉਹ 'ਕਲਮ ਦਾ ਸਫ਼ਰ', 'ਸੁਫ਼ਨੇ', 'ਅਣਜੰਮੀ ਧੀ ਦੀ ਦਾਸਤਾਂ', 'ਮੈਂ ਕੀ ਲਿਖਾਂ', 'ਸਾਡੀ ਪ੍ਰਗਤੀ', 'ਜਦੋਂ ਸੋਚ ਬਦਲੇਗੀ', 'ਮੰਗਲ', 'ਬੁੱਧ', 'ਕਾਲੀ ਦੇਵੀ', 'ਫ਼ਸਲੀ ਬਟੇਰੇ' ਆਦਿ ਕਵਿਤਾਵਾਂ ਵਿਚ ਕਰਦਾ ਹੈ। ਉਸ ਦੀ ਕਵਿਤਾ ਮਨੁੱਖੀ ਜ਼ਿਹਨ 'ਚ ਪ੍ਰਸ਼ਨ ਪੈਦਾ ਕਰਦੀ ਹੈ। ਪ੍ਰਸ਼ਨਾਂ ਅਤੇ ਸੁਪਨਿਆਂ ਦੀ ਆਂਤਰਿਕ ਸਾਂਝ ਸੰਬੰਧੀ ਪੂਰੀ ਤਰ੍ਹਾਂ ਸੁਚੇਤ ਹੈ ਤਾਂ ਹੀ ਉਸ ਦੀਆਂ ਇਹ ਸਤਰਾਂ ਕਾਵਿ-ਪਾਠਕ ਦਾ ਧਿਆਨ ਆਕਰਸ਼ਿਤ ਕਰਦੀਆਂ ਹਨ :
ਸੁਪਨੇ ਜੇ ਮਰ ਗਏ ਤਾਂ ਸਮਝੋ/ਜ਼ਿੰਦਗੀ ਹੀ ਮਰ ਗਈ।
ਮਨੁੱਖੀ ਜ਼ਿੰਦਗੀ ਨਾਲ ਸੰਵਾਦ ਰਚਾਉਂਦੀ ਸ਼ਾਇਰੀ ਨੂੰ ਜੀ ਆਇਆਂ ਕਹਿੰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ। ਆਮੀਨ।


ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.


ਕੋਠਾ ਨੰ: 64
ਲੇਖਕ : ਰਾਕੇਸ਼ ਸ਼ੰਕਰ ਭਾਰਤੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 192
ਸੰਪਰਕ : 01679-233244.


ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਜੀ ਬੀ ਰੋਡ ਦੇ ਉਨ੍ਹਾਂ ਕੋਠਿਆਂ ਦੇ ਅੰਦਰਲੇ ਹਨੇਰਿਆਂ ਦੀ ਦਾਸਤਾਨ ਹਨ ਜੋ ਬਾਹਰੋਂ ਬੜੇ ਰੌਸ਼ਨ ਨਜ਼ਰ ਆਉਂਦੇ ਹਨ। ਹਾਸਿਆਂ ਦੇ ਪਿੱਛੇ ਛੁਪੇ ਦਰਦ, ਮੇਕਅੱਪ ਦੀਆਂ ਪਰਤਾਂ ਥੱਲੇ ਲੁਕੇ ਦੁੱਖਾਂ ਦੀਆਂ ਚਿਹਰੇ ਤੇ ਪਈਆਂ ਲਕੀਰਾਂ ਅਤੇ ਆਪਣੀ ਜ਼ਿੰਦਗੀ ਦੇ ਬੀਤੇ ਨੂੰ ਯਾਦ ਕਰਦੀਆਂ ਇਨ੍ਹਾਂ ਸੈਕਸ ਵਰਕਰਾਂ ਦੀਆਂ ਮਜਬੂਰੀਆਂ, ਦੁਸ਼ਵਾਰੀਆਂ, ਭਾਵਨਾਵਾਂ ਅਤੇ ਭਵਿੱਖ ਵੱਲ ਦੀ ਆਸ ਇਹ ਸਭ ਦਾ ਵਰਨਣ ਇਨ੍ਹਾਂ ਕਹਾਣੀਆਂ ਵਿਚ ਬਾਖੂਬੀ ਨਜ਼ਰ ਆੳਂਦਾ ਹੈ। ਹਰੇਕ ਕਹਾਣੀ ਦੇ ਪਿੱਛੇ ਛੁਪੀ ਕਹਾਣੀ ਨੂੰ ਕਹਾਣੀਕਾਰ ਨੇ ਆਪਣੇ ਮਖ਼ਸੂਸ ਅੰਦਾਜ਼ ਵਿਚ ਪੇਸ਼ ਕੀਤਾ ਹੈ ਜਿਸ ਤੋਂ ਪਾਠਕ ਇਨ੍ਹਾਂ ਦੀ ਜੀਵਨ ਕਹਾਣੀ ਤੋਂ ਜਾਣੂ ਹੁੰਦਾ ਹੈ ਕਿ ਕਿਸ ਤਰ੍ਹਾਂ ਇਹ ਲੜਕੀਆਂ ਇਸ ਧੰਦੇ ਵਿਚ ਸ਼ਾਮਿਲ ਹੁੰਦੀਆਂ ਹਨ। ਜ਼ਿੰਦਗੀ ਕਿਵੇਂ ਉਨ੍ਹਾਂ ਨਾਲ ਖੇਡ ਖੇਡਦੀ ਹੈ। ਪਿਆਰ ਦੀ ਆੜ ਵਿਚ, ਵਿਆਹ ਦਾ ਝਾਂਸਾ, ਚੰਗੇ ਭਵਿੱਖ ਦੀ ਕਾਮਨਾ ਅਤੇ ਪਰਿਵਾਰ ਦੀ ਗ਼ਰੀਬੀ ਨੂੰ ਦੂਰ ਕਰਨ ਦੇ ਸੁਪਨੇ, ਸੁਪਨੇ ਲੱਦੀਆਂ ਇਹ ਅੱਖਾਂ ਕਦੋਂ ਉਨੀਂਦਰੇ ਦਾ ਸ਼ਿਕਾਰ ਹੋ ਜਾਂਦੀਆਂ ਹਨ, ਇਸ ਸਾਰੇ ਸਫ਼ਰ ਦੀ ਦਾਸਤਾਨ ਇਹ ਕਹਾਣੀਆਂ ਹਨ। 14 ਕਹਾਣੀਆਂ ਵਾਲੀ ਇਹ ਕਿਤਾਬ ਦੀਆਂ ਕਹਾਣੀਆਂ ਪੜ੍ਹਦਿਆਂ ਇਨ੍ਹਾਂ ਵਿਚਲੇ ਪਿਆਰ ਦੀ ਖੂਬਸੂਰਤੀ ਨਜ਼ਰ ਆਉਂਦੀ ਹੈ। ਦੱਲਾ, ਰਿਕਸ਼ੇ ਵਾਲਾ ਮਹਿਬੂਬ, ਪ੍ਰੇਮ ਨਗਰ ਤੋਂ ਕਿਤੇ ਦੂਰ ਅਤੇ ਮੈਂ ਚੂੜੀਆਂ ਤੋੜ ਦਿੱਤੀਆਂ ਉਹ ਕਹਾਣੀਆਂ ਹਨ ਜਿਨਾਂ ਵਿਚ ਸਿਰਫ ਆਪਣੇ ਪਿਆਰੇ ਲਈ ਪਿਆਰ ਹੈ, ਉਸ ਦਾ ਸਤਿਕਾਰ ਹੈ, ਮਰ ਮਿਟਣ ਦੀ ਭਾਵਨਾ ਹੈ, ਇਸ ਅਹਿਸਾਸ ਤੋਂ ਕਿਤੇ ਪਰ੍ਹੇ ਹੈ ਕਿ ਉਹ ਕਿਸ ਪੇਸ਼ੇ ਨਾਲ ਸੰਬੰਧਿਤ ਹਨ। ਜ਼ਿੰਦਗੀ ਇਕ ਖੂਬਸੂਰਤ ਇਤਫ਼ਾਕ ਹੈ ਕਹਾਣੀ ਜ਼ਿੰਦਗੀ ਦੇ ਉਨ੍ਹਾਂ ਇਤਫ਼ਾਕ ਨਾਲ ਰੂਬਰੂ ਕਰਾੳਂਦੀ ਹੈ ਜੋ ਇਨਸਾਨ ਦੀ ਜ਼ਿੰਦਗੀ ਵਿਚ ਆਉਣ ਵਾਲੇ ਰਾਹ ਰਸਤਿਆਂ ਨੂੰ ਪੂਰੀ ਤਰਾਂ ਬਦਲ ਕੇ ਰੱਖ ਦਿੰਦੀ ਹੈ। ਕੋਠਾ ਨੰ: 64 ਢਲਦੀ ਉਮਰ ਦੀਆਂ ਸੈਕਸ ਵਰਕਰਾਂ ਦੀ ਦਾਸਤਾਨ ਹੈ ਜਿਹੜੀਆਂ ਆਪਣੀ ਪੂਰੀ ਜਵਾਨੀ ਇਸ ਕੋਠੇ ਵਿਚ ਗੁਜ਼ਾਰ ਦਿੰਦੀਆਂ ਹਨ ਪਰ ਅੰਤ ਕਿਸੇ ਬੇਜਾਨ ਵਸਤ ਵਾਂਗ ਇਕ ਪਾਸੇ ਸੁੱਟ ਦਿੱਤੀਆਂ ਜਾਂਦੀਆਂ ਹਨ। ਇਹੀ ਕਹਾਣੀਕਾਰ ਦੀ ਖੂਬੀ ਹੈ ਕਿ ਉਸ ਦੀਆਂ ਇਹ ਕਹਾਣੀਆਂ ਇਸ ਵਿਸ਼ੇ 'ਤੇ ਲਿਖੀਆਂ ਕਹਾਣੀਆਂ ਨਾਲੋਂ ਥੋੜ੍ਹੇ ਵੱਖਰੇ ਲਹਿਜੇ ਨਾਲ ਪੇਸ਼ ਕੀਤੀਆਂ ਗਈਆਂ ਹਨ।


ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823


ਅੰਧਕਾਰ ਯੁੱਗ : ਭਾਰਤ ਵਿਚ ਬਰਤਾਨਵੀ ਸਾਮਰਾਜ
ਲੇਖਕ : ਸ਼ਸ਼ੀ ਥਰੂਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 500 ਰੁਪਏ, ਸਫ਼ੇ : 28+311
ਸੰਪਰਕ : 0161-2740738.


'ਅੰਧਕਾਰ ਯੁੱਗ' ਲੇਖਕ ਸ਼ਸ਼ੀ ਥਰੂਰ ਦੀ ਅੰਗਰੇਜ਼ੀ ਭਾਸ਼ਾ ਵਿਚ ਛਪੀ ਕਿਤਾਬ 'ਐਨ ਏਰਾ ਆਫ ਡਾਰਕਨੈੱਸ : ਦਾ ਬ੍ਰਿਟਿਸ਼ ਐਮਪਾਇਰ ਇਨ ਇੰਡੀਆ' ਦੀ ਪੰਜਾਬੀ ਭਾਸ਼ਾ ਵਿਚ ਅਨੁਵਾਦਤ ਕਿਤਾਬ ਹੈ। ਅੰਗਰੇਜ਼ੀ ਭਾਸ਼ਾ ਵਿਚ ਐਲਫ ਬੁੱਕ ਕੰਪਨੀ ਵਲੋਂ ਇੰਗਲੈਂਡ ਵਿਚ 2016 ਦੌਰਾਨ ਪਹਿਲਾ ਸੰਸਕਰਣ ਪ੍ਰਕਾਸ਼ਿਤ ਕੀਤਾ ਗਿਆ ਸੀ। ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਵਲੋਂ 2019 ਦੀ ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਇਸ ਕਿਤਾਬ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਦੀਪ ਜਗਦੀਪ ਵਲੋਂ ਕੀਤਾ ਗਿਆ ਹੈ।
ਸ਼ਸ਼ੀ ਥਰੂਰ ਮੌਜੂਦਾ ਸਮੇਂ ਕੇਰਲਾ ਤੋਂ ਭਾਰਤੀ ਲੋਕ ਸਭਾ ਦਾ ਮੈਂਬਰ ਹੈ ਤੇ ਮੰਤਰੀ ਰਹਿ ਚੁੱਕੇ ਹਨ। ਉਸ ਦਾ ਜਨਮ ਇੰਗਲੈਂਡ ਵਿਚ ਹੋਇਆ। ਉਹ ਇਕ ਸਫ਼ਲ ਇਤਿਹਾਸਕਾਰ, ਭਾਰਤੀ ਰਾਜਨੀਤੀਵਾਨ ਅਤੇ ਸਾਬਕਾ ਅੰਤਰਰਾਸ਼ਟਰੀ ਰਾਜਦੂਤ ਹੈ। ਯੂ.ਐਨ.ਓ. ਵਿਚ ਅੰਡਰ-ਸੈਕਟਰੀ ਜਨਰਲ ਦੇ ਵੱਕਾਰੀ ਅਹੁਦੇ 'ਤੇ ਕਾਰਜ ਕਰ ਚੁੱਕਾ ਹੈ।
ਅਕਾਦਮਿਕਤਾ ਤੇ ਖੋਜ ਵਿਸ਼ੇਸ਼ ਕਰਕੇ ਇਤਿਹਾਸ, ਧਰਮ, ਭਾਰਤੀ ਵਿਰਾਸਤ, ਰਾਜਨੀਤੀ, ਵਿਦੇਸ਼ੀ ਨੀਤੀ ਅਤੇ ਲਲਿਤ ਕਲਾਵਾਂ ਦੇ ਇਤਿਹਾਸ ਵਿਚ ਸ਼ਸ਼ੀ ਥਰੂਰ ਦੀ ਵਿਸ਼ੇਸ਼ ਰੁਚੀ ਹੈ। ਉਨ੍ਹਾਂ ਦੇ ਲੇਖ ਦੇਸ਼-ਵਿਦੇਸ਼ ਦੀਆਂ ਪ੍ਰਸਿੱਧ ਅਖ਼ਬਾਰਾਂ 'ਚ ਛਪਦੇ ਰਹਿੰਦੇ ਹਨ।
ਅੰਧਕਾਰ ਯੁੱਗ : ਭਾਰਤ ਵਿਚ ਬਰਤਾਨਵੀ ਸਾਮਰਾਜ ਕਿਤਾਬ ਦੇ ਕੁੱਲ ਅੱਠ ਅਧਿਆਇ ਕ੍ਰਮਵਾਰ ਭਾਰਤ ਦੀ ਲੁੱਟ; ਕੀ ਅੰਗਰੇਜ਼ਾਂ ਨੇ ਭਾਰਤ ਦਾ ਸਿਆਸੀ ਏਕੀਕਰਨ ਕੀਤਾ; ਲੋਕਤੰਤਰ, ਪੱਤਰਕਾਰੀ, ਸੰਸਦੀ ਪ੍ਰਣਾਲੀ ਅਤੇ ਕਾਨੂੰਨ ਦਾ ਰਾਜ; ਗਿਆਨਵਾਨ ਤਾਨਾਸ਼ਾਹੀ ਦੀ ਮਿੱਥ; ਡਾਵਾਂਡੋਲ ਬਹੀ-ਖ਼ਾਤਾ; ਸਮਾਪਤੀ ਟਿੱਪਣੀ ਅਤੇ ਬਸਤੀਵਾਦ ਤੋਂ ਬਾਅਦ ਦੀ ਉਲਝੀ ਹੋਈ ਜ਼ਿੰਦਗੀ ਹਨ। ਲੇਖਕ ਵਲੋਂ ਇਕ ਪ੍ਰਬੰਧ ਇਤਿਹਾਸਕਾਰ ਵਜੋਂ ਕਿਤਾਬ ਦੇ ਮੁੱਢ ਵਿਚ ਭਾਰਤ ਵਿਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ, ਮੁਗ਼ਲ ਸਾਮਰਾਜ ਦੇ ਪਤਨ, ਅੰਗਰੇਜ਼ਾਂ, ਫਰਾਂਸੀਸੀਆਂ ਅਤੇ ਜਰਮਨਾਂ ਦਾ ਆਉਣਾ, ਅੰਗਰੇਜ਼ਾਂ ਵਲੋਂ ਵੱਖ-ਵੱਖ ਭਾਰਤੀ ਇਲਾਕਿਆਂ ਵਿਚ ਆਪਣਾ ਅਧਿਕਾਰ ਜਮਾਉਣ, ਭਾਰਤ ਵਿਚ ਸੰਵਿਧਾਨਕ ਵਿਕਾਸ ਦੀ ਸ਼ੁਰੂਆਤ ਅਤੇ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਕੁਝ ਮਹੱਤਵਪੂਰਨ ਘਟਨਾਵਾਂ, ਲੜਾਈਆਂ, ਸੰਧੀਆਂ, ਨੇਤਾਵਾਂ ਦੇ ਜਨਮ, ਧਾਰਮਿਕ ਉਤਸਵਾਂ ਆਦਿ ਨਾਲ ਸੰਬੰਧਿਤ ਸਾਲਾਂ ਦੀ ਤਰਤੀਬ ਦਿੱਤੀ ਗਈ ਹੈ।
ਕਿਤਾਬ ਦੀ ਸ਼ੁਰੂਆਤ ਲੇਖਕ ਵਲੋਂ ਕੁਝ ਵੱਖਰੇ ਤਰੀਕੇ ਨਾਲ ਉਸ ਵਲੋਂ ਆਕਸਫੋਰਡ ਯੂਨੀਵਰਸਿਟੀ ਵਿਚ ਮਈ 2015 ਦੌਰਾਨ ਦਿੱਤੇ ਗਏ ਭਾਸ਼ਨ 'ਭਾਰਤੀ ਪ੍ਰਤਿਕਿਰਿਆ-ਆਲੋਚਨਾ' ਤੇ ਵਿਚਾਰ ਇਤਿਹਾਸ ਨਾ ਬਹਾਨਿਆ ਲਈ ਹੁੰਦਾ ਹੈ ਨਾ ਹੀ ਬਦਲੇ ਲਈ, ਤੋਂ ਕੀਤੀ ਗਈ ਹੈ। ਸ਼ਸ਼ੀ ਥਰੂਰ ਅਨੁਸਾਰ ਮੁਗ਼ਲ ਬਾਦਸ਼ਾਹ ਮੋਈਊਦਦੀਨ ਮੁਹੰਮਦ ਔਰੰਗਜੇਬ ਦੇ ਕਾਲ ਦੌਰਾਨ ਭਾਰਤ ਦੀ ਸੰਸਾਰ ਦੇ ਕੁੱਲ ਅਰਥਚਾਰੇ ਵਿਚ 27 ਫ਼ੀਸਦੀ ਹਿੱਸੇਦਾਰੀ ਸੀ। ਕਿਤਾਬ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਭਾਰਤ ਦੇ ਬਸਤੀਵਾਦ ਬਾਰੇ ਅਨੁਭਵਾਂ ਨਾਲ ਸੰਬੰਧਿਤ ਹੈ।
ਸਮੁੱਚੇ ਰੂਪ ਵਿਚ ਕਿਤਾਬ ਦਾ ਹਰ ਅਧਿਆਇ ਪੜ੍ਹਨ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਈਸਟ ਇੰਡੀਆ ਕੰਪਨੀ ਅਤੇ ਬਰਤਾਨਵੀ ਰਾਜ ਦੌਰਾਨ ਹਰ ਸਕੀਮ ਅੰਗਰੇਜ਼ ਅਫ਼ਸਰਾਂ ਵਲੋਂ ਅਜਿਹੇ ਤਰੀਕੇ ਨਾਲ ਬਣਾਈ ਤੇ ਅਪਣਾਈ ਜਾਂਦੀ ਸੀ ਕਿ ਭਾਰਤ ਦੀ ਆਰਥਿਕ ਲੁੱਟ-ਖਸੁੱਟ ਨੂੰ ਜਾਇਜ਼ ਤਰੀਕੇ ਨਾਲ ਨਿਰੰਤਰ ਰੂਪ ਵਿਚ ਜਾਰੀ ਰੱਖਿਆ ਜਾ ਸਕੇ। ਸ਼ਸ਼ੀ ਥਰੂਰ ਅਨੁਸਾਰ ਇਸ ਕਿਤਾਬ ਦਾ ਮੰਤਵ ਆਪਣੀ ਵਿਰਾਸਤ ਦਾ ਪੁਨਰ ਮੁਲਾਂਕਣ ਕਰਨਾ ਅਤੇ ਆਲੋਚਨਾਤਮਿਕ ਢੰਗ ਨਾਲ ਘਟਨਾਵਾਂ ਅਤੇ ਤੱਥਾਂ ਦੀ ਪੁਣ-ਛਾਣ ਕਰਨਾ ਹੈ। ਲੇਖਕ ਅਨੁਸਾਰ ਭਾਵੇਂ ਆਜ਼ਾਦੀ ਪ੍ਰਾਪਤੀ ਹੋਈ ਨੂੰ ਲਗਭਗ 74 ਸਾਲ ਹੋ ਚੁੱਕੇ ਹਨ ਪ੍ਰੰਤੂ ਅਜੇ ਵੀ ਲੋੜ ਹੈ ਭਾਰਤੀ ਆਜ਼ਾਦੀ ਸੰਗਰਾਮ ਦੌਰਾਨ ਅਸਫਲਤਾ, ਬਰਤਾਨਵੀ ਆਰਥਿਕ ਲੁੱਟ-ਖਸੁੱਟ ਅਤੇ ਆਜ਼ਾਦੀ ਉਪਰੰਤ ਬਣੀਆਂ ਰਾਸ਼ਟਰੀ ਸਰਕਾਰਾਂ ਦੇ ਕੰਮਾਂ ਕਾਜਾਂ ਦੇ ਪੁਨਰ ਮੁਲਾਂਕਣ ਕਰਨ ਦੀ।
ਸੰਖੇਪ ਵਿਚ ਕਿਤਾਬ ਦੀ ਅਹਿਮੀਅਤ ਬਾਰੇ ਬਿਜ਼ਨਸ ਸਟੈਂਡਰਡ ਵਿਚ ਛਪੀ ਸੰਖੇਪ ਟਿੱਪਣੀ ਬੰਨ੍ਹ ਕੇ ਬਿਠਾ ਦੇਣ ਵਾਲੀ ਕਿਤਾਬ। ਉਸ ਦੀ ਆਪਣੇ ਅੰਦਾਜ਼ ਵਾਲੀ ਹਾਜ਼ਰ ਜੁਆਬੀ, ਚੋਭਵਾਂ ਵਿਅੰਗ ਅਤੇ ਗੁਣਵੰਤੀ ਲੇਖਣੀ, ਉਸ ਨੇ ਧੜਾਧੜ ਵਿਕਣ ਵਾਲੀ ਅਜਿਹੀ ਕਿਤਾਬ ਲਿਖੀ ਹੈ, ਜਿਹੜੀ ਇਸ 'ਅੰਧਕਾਰ ਯੁੱਗ' ਬਾਰੇ ਚਿੰਤਨ ਅਤੇ ਚਰਚਾ ਨੂੰ ਮੁੜ ਤੋਂ ਚਾਨਣ ਦੇ ਰਾਹ ਤੋਰੇਗੀ।
ਅੰਤ ਵਿਚ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਦੀਪ ਜਗਦੀਪ ਵਲੋਂ ਤੱਥਾਂ ਅਤੇ ਘਟਨਾਵਾਂ ਦੀ ਅਹਿਮੀਅਤ ਅਨੁਸਾਰ ਬਾਖੂਬੀ ਅਸਲੀਅਤ ਦੇ ਨੇੜੇ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਵਿਚ ਇਸ ਕਿਤਾਬ ਦਾ ਕਿਸਾਨ ਅੰਦੋਲਨ ਦੇ ਸਮੇਂ ਦੌਰਾਨ ਆਉਣਾ ਹੋਰ ਵੀ ਅਹਿਮੀਅਤ ਰੱਖਦਾ ਹੈ ਕਿਉਂਕਿ ਇਸ ਨੂੰ ਪੜ੍ਹਨ ਨਾਲ ਭਾਰਤੀਆਂ ਦੀ ਲੁੱਟ-ਖਸੁੱਟ ਦੇ ਇਤਿਹਾਸਕ ਵੇਰਵਿਆਂ ਦੀ ਜਾਣਕਾਰੀ ਮੁਢਲੇ ਸ੍ਰੋਤਾਂ 'ਤੇ ਆਧਾਰਿਤ ਪਾਠਕਾਂ ਨੂੰ ਪ੍ਰਾਪਤ ਹੋਵੇਗੀ ਜੋ ਅੱਜ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਭਾਰਤੀਆਂ ਲਈ ਸਖ਼ਤ ਲੋੜ ਹੈ।


ਡਾ. ਮੁਹੰਮਦ ਇਦਰੀਸ


ਅੱਖੀਆਂ
ਲੇਖਕ : ਗੁਰਚਰਨ ਸਿੰਘ ਜ਼ਿਲੇਦਾਰ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 170 ਰੁਪਏ, ਸਫ਼ੇ : 96
ਸੰਪਰਕ : 085588-50143.


'ਅੱਖੀਆਂ' ਗੁਰਚਰਨ ਸਿੰਘ ਜ਼ਿਲੇਦਾਰ ਦੀ ਸੱਤਵੀਂ ਪੁਸਤਕ ਹੈ। ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕਵਿਤਾਵਾਂ, ਗੀਤ, ਦੋਗਾਣੇ ਇਸ ਪੁਸਤਕ ਵਿਚ ਸ਼ਾਮਿਲ ਹਨ। ਲੇਖਕ ਨੇ ਸਮਾਜਿਕ ਸਮੱਸਿਆਵਾਂ ਰਿਸ਼ਤਿਆਂ ਦੇ ਅਨੁਭਵ ਅਤੇ ਕੁਝ ਇਤਿਹਾਸਕ ਪਲਾਂ ਦਾ ਵਰਨਣ ਵੀ ਆਪਣੇ ਗੀਤਾਂ ਰਾਹੀਂ ਕੀਤਾ ਹੈ। ਇਸ ਸੰਗ੍ਰਹਿ ਵਿਚ 60 ਕਾਵਿ ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਨੂੰ ਲੇਖਕ ਨੇ ਲੋਕ ਜੀਵਨ ਦੇ ਕਈ ਰੰਗਾਂ ਵਿਚ ਢਾਲ ਕੇ ਪੇਸ਼ ਕੀਤਾ ਹੈ। ਛੰਦ ਪਰਾਗੇ ਵਰਗਾ ਲੋਕ ਕਾਵਿ ਰੂਪ ਵੀ ਪ੍ਰਯੋਗ ਕੀਤਾ ਹੈ। ਪ੍ਰੇਰਨਾਤਮਿਕ ਕਵਿਤਾਵਾਂ ਜਿਵੇਂ ਤਮਾ, ਪਛਤਾਵਾ, ਸ਼ਰਾਬੀ, ਤੱਕੀਏ ਨਾ ਮਾੜਾ, ਕੰਮ ਹੀ ਪੂਜਾ ਹੈ, ਆਦਿ ਬਹੁਤ ਸਲਾਹੁਣਯੋਗ ਹਨ ਜੋ ਪਾਠਕਾਂ ਨੂੰ ਪ੍ਰੇਰਨਾ ਵੀ ਪ੍ਰਦਾਨ ਕਰਦੀਆਂ ਹਨ। ਕਵੀ ਰਿਸ਼ਤਿਆਂ ਦੀ ਸੰਵੇਦਨਾ ਨੂੰ ਮਹਿਸੂਸ ਕਰਦਾ ਹੋਇਆ ਜੀਵਨ ਸਾਥੀ ਦੇ ਰਿਸ਼ਤੇ ਦੀ ਉੱਤਮਤਾ ਅਤੇ ਸਨੇਹ ਪਿਆਰ ਬਾਰੇ ਜ਼ਿਕਰ ਕਰਦਾ ਹੈ :
ਵਿਛੜੇ ਨਾ ਜੀਵਨ ਸਾਥੀ
ਕਰੇ ਜੋ ਪਲ ਪਲ ਰਾਖੀ
ਕੰਧਾਂ ਵੱਢ ਖਾਂਦੀਆਂ
ਛਾ ਜਾਏ ਉਦਾਸੀ
ਮਸਲੇ ਨਾ ਹੱਲ ਹੁੰਦੇ ਲੜ ਕੇ,
ਲੜ ਲਓ ਭਾਵੇਂ ਡਾਂਗਾਂ ਫੜ ਕੇ।
ਸਮਾਜਿਕ ਮਸਲੇ ਜਿਵੇਂ ਸ਼ਰਾਬ, ਜੂਆ, ਨਸ਼ੇ ਆਦਿ ਬਾਰੇ ਆਮ ਪਾਠਕਾਂ ਨੂੰ ਸੁਚੇਤ ਕਰਨਾ ਵੀ ਕਵੀ ਨੇ ਆਪਣਾ ਫ਼ਰਜ਼ ਸਮਝਿਆ ਹੈ। ਕਵੀ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਮਹਿਸੂਸ ਕਰਦਾ ਹੈ ਕਿ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਬਹੁਤ ਸਾਰੇ ਮੁਖੀ ਅਤੇ ਸਰਪ੍ਰਸਤ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਹਨ। ਵਿਧਵਾ ਔਰਤ ਦੀ ਸਮਾਜਿਕ ਸਥਿਤੀ, ਸਾਰੇ ਪਾਸੇ ਜੱਟ-ਜੱਟ ਹੋਈ ਪਈ ਆ ਵਿਚ ਜੱਟ ਕੌਮ ਦੇ ਫੋਕੇ ਵਿਖਾਵਿਆਂ ਤੋਂ ਵੀ ਲੇਖਕ ਚਿੰਤਤ ਹੈ। ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ, ਖਾਲਸਾ ਪੰਥ ਦੀ ਸਾਜਨਾ ਵੇਲੇ ਗੁਰੂ ਗੋਬਿੰਦ ਸਿੰਘ ਜੀ ਦਾ ਜਲੌਅ ਦਾ ਪ੍ਰਗਟਾਵਾ :
ਜਿਧਰ ਖ਼ਾਲਸਾ ਜਾਂਵਦਾ,
ਜੱਗ ਕਰੇ ਸਲਾਮਾਂ
ਜਿਥੇ ਖ਼ਾਲਸਾ ਜਾਂਵਦਾ
ਵੱਜੇ ਗਗਨ ਦਮਾਮਾ
ਇਹ ਧਨ ਕਮਾਈਆਂ ਤੇਰੀਆਂ
ਗੋਬਿੰਦ ਦਾਤਾ।
ਸਮੁੱਚੇ ਤੌਰ 'ਤੇ ਗੁਰਚਰਨ ਸਿੰਘ ਜ਼ਿਲੇਦਾਰ ਦੀਆਂ ਸਾਰੀਆਂ ਕਾਵਿ ਰਚਨਾਵਾਂ ਸਮਾਜ ਦੀਆਂ ਕਈ ਪਰਤਾਂ ਦਾ ਸੰਵੇਦਨਾ ਭਰਪੂਰ ਪ੍ਰਗਟਾਵਾ ਹਨ। ਆਮ ਪਾਠਕਾਂ ਦੀ ਭਾਸ਼ਾ ਵਿਚ ਰਚੀ ਇਹ ਪੁਸਤਕ ਪ੍ਰਭਾਵਸ਼ਾਲੀ ਅਤੇ ਜਨ-ਸਾਧਾਰਨ ਦੇ ਪੜ੍ਹਨਯੋਗ ਹੈ। ਹਰ ਤਰ੍ਹਾਂ ਦੀਆਂ ਸਮਾਜਿਕ ਚੁਣੌਤੀਆਂ ਸੰਬੰਧੀ ਰਚੀਆਂ ਕਾਵਿ ਰਚਨਾਵਾਂ ਪਾਠਕਾਂ ਲਈ ਪ੍ਰੇਰਨਾਦਾਇਕ ਹਨ।


ਪ੍ਰੋ: ਕੁਲਜੀਤ ਕੌਰ

16-10-2021

 ਲੰਘਣ ਖੁਸ਼ੀਆਂ ਵਿਚ ਦਿਹਾੜੇ
ਲੇਖਕ : ਸੁਰਜੀਤ ਸਿੰਘ ਬਲਾੜ੍ਹੀ ਕਲਾਂ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 95015 03315.

ਹਥਲੀ ਪੁਸਤਕ 'ਲੰਘਣ ਖੁਸ਼ੀਆਂ ਵਿਚ ਦਿਹਾੜੇ' ਸੁਰਜੀਤ ਬਲਾੜ੍ਹੀ ਕਲਾਂ ਦੀ ਦੂਸਰੀ ਬਾਲ ਪੁਸਤਕ ਹੈ, ਜਿਸ ਵਿਚ 25 ਬਾਲ ਕਵਿਤਾਵਾਂ ਸ਼ਾਮਿਲ ਹਨ ਜੋ ਕਿ ਬਹੁਤ ਹੀ ਸ਼ਾਨਦਾਰ ਢੁਕਵੀਆਂ ਤਸਵੀਰਾਂ ਅਤੇ ਰੰਗਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ। ਸਭੇ ਰਚਨਾਵਾਂ ਸਰਲ, ਠੇਠ ਅਤੇ ਬਾਲਾਂ ਦੇ ਮਾਨਸਿਕ ਪੱਧਰ ਦੀਆਂ ਹਨ। ਸਾਰੀਆਂ ਰਚਨਾਵਾਂ ਜਿੱਥੇ ਬਾਲਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ, ਉਥੇ ਸੁਭਾਵਿਕ ਹੀ ਬਾਲਾਂ ਨੂੰ ਸਿੱਖਿਆ ਵੀ ਦਿੰਦੀਆਂ ਹਨ।
ਜਿਵੇਂ : 'ਮੰਨ ਲਓ ਮੇਰਾ ਕਹਿਣਾ' ਕਵਿਤਾ ਵਿਚ ਬਾਲਾਂ ਨੂੰ ਤੰਦਰੁਸਤ ਰਹਿਣ ਦਾ ਰਾਜ਼ ਸਮਝਾਉਂਦੇ ਹੋਏ ਲਿਖਦੇ ਹਨ :
ਜੇ ਤੰਦਰੁਸਤ ਰਹਿਣਾ ਬੱਚਿਓ।
ਮੰਨ ਲਓ ਮੇਰਾ ਕਹਿਣਾ ਬੱਚਿਓ।
ਡੋਸੇ, ਨਿਊਡਲਜ਼, ਬਰਗਰ, ਮਿੱਠਾ,
ਇਨ੍ਹਾਂ ਜਿਹਾ ਨਾ ਦੁਸ਼ਮਣ ਡਿੱਠਾ।
ਦੰਦਾਂ ਦੀ ਇਹ ਉਮਰ ਘਟਾਉਂਦੇ,
ਪੇਟ ਦੇ ਭੈੜੇ ਰੋਗ ਨੇ ਲਗਾਉਂਦੇ ।
ਦੁੱਖ ਪੈਣਾ ਫਿਰ ਸਹਿਣਾ ਬੱਚਿਓ,
ਜੇ ਤੰਦਰੁਸਤ ਹੈ ਰਹਿਣਾ ਬੱਚਿਓ।
ਖਾਂਦੇ ਰਹਿਣ ਜਿਹੜੇ ਬਾਲਕ,
ਗਾਜਰ, ਖੀਰਾ, ਮੂਲੀ, ਪਾਲਕ।
ਹੋਣ ਉਗਾਏ ਖੇਤ ਜਾਂ ਵਿਹੜੇ,
ਮੂੰਹ 'ਤੇ ਆਉਂਦੇ ਖੁਸ਼ੀਆਂ ਖੇੜੇ।
ਤੰਦਰੁਸਤੀ ਚੰਗਾ ਗਹਿਣਾ ਬੱਚਿਓ,
ਜੇ ਤੰਦਰੁਸਤ ਹੈ ਰਹਿਣਾ ਬੱਚਿਓ।
ਇਵੇਂ ਹੀ 'ਲੰਘਣ ਖੁਸ਼ੀਆਂ ਵਿਚ ਦਿਹਾੜੇ' ਕਵਿਤਾ ਵਿਚ ਬਚਪਨ ਦੇ ਸੁੰਦਰ ਦਿਨਾਂ ਦੀ ਗੱਲ ਬੜੇ ਹੀ ਪਿਆਰੇ ਢੰਗ ਨਾਲ ਕੀਤੀ ਗਈ ਹੈ :
ਸਾਲ ਮਹੀਨੇ ਪੰਦਰ-ਵਾੜੇ।
ਹੁੰਦੇ ਨਾ ਬਚਪਨ ਦੇ ਦਿਨ ਮਾੜੇ।
ਲੰਘਣ ਖੁਸ਼ੀਆਂ ਵਿਚ ਦਿਹਾੜੇ।
ਖੇਡਣਾ ਮਿੱਟੀ ਰੇਤਿਆਂ ਦੇ ਨਾਲ।
ਬਚਪਨ ਦੇ ਦਿਨ ਹੋਣ ਕਮਾਲ।
ਹਰ ਕਿਸੇ ਲਈ ਬੀਬੇ ਨੇ ਬਾਲ।
ਘਰਾਂ ਅੰਦਰ ਨਾ ਰਹੀਏ ਤਾੜੇ।
ਲੰਘਣ ਖੁਸ਼ੀਆਂ ਵਿਚ ਦਿਹਾੜੇ।
ਇਸੇ ਤਰ੍ਹਾਂ ਹੀ ਰੁੱਤ ਪੜ੍ਹਨੇ ਦੀ, ਸਾਡੀ ਬਗੀਚੀ, ਮੇਰੀਆਂ ਕਿਤਾਬਾਂ, ਪਿਆਰੇ ਪੰਛੀ, ਜਾਦੂਗਰ, ਮੇਰਾ ਪਿੰਡ ਅਤੇ ਮੋਰ ਆਦਿ ਸਭੇ ਬਾਲ ਰਚਨਾਵਾਂ ਬਹੁਤ ਹੀ ਪਿਆਰੀਆਂ ਅਤੇ ਨਿਆਰੀਆਂ ਹਨ। ਅੰਤ ਵਿਚ ਬਾਲਾਂ ਅਤੇ ਵੱਡਿਆਂ ਦੀ ਜਾਣਕਾਰੀ ਲਈ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਆਂ ਦੇ ਨਾਂਅ ਅਤੇ ਸਮਾਂ ਲਿਖਿਆ ਹੋਇਆ ਹੈ। ਇਹ ਪਿਆਰੀ ਅਤੇ ਨਿਆਰੀ ਪੁਸਤਕ ਬਾਲਾਂ ਦੇ ਗਿਆਨ ਵਿਚ ਜ਼ਰੂਰ ਵਾਧਾ ਕਰੇਗੀ।

ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.

ਕੰਡਿਆਲੇ ਸਾਕ
ਲੇਖਕ : ਜਸਵਿੰਦਰ ਰੱਤੀਆਂ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਭਿੱਖੀ, ਮਾਨਸਾ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 99889-13155.

ਜਸਵਿੰਦਰ ਰੱਤੀਆਂ ਇਕ ਅਨੁਭਵੀ ਨਾਵਲਕਾਰ ਹੈ। 'ਕੰਡਿਆਲੇ ਸਾਕ' ਤੋਂ ਪਹਿਲਾਂ ਵੀ ਤਿੰਨ ਨਾਵਲਾਂ ਦੀ ਰਚਨਾ ਕਰ ਚੁੱਕਾ ਹੋਣ ਕਾਰਨ ਉਹ ਨਾਵਲੀ-ਬਿਰਤਾਂਤ ਦੇ ਕਲਾਤਮਿਕ ਪੱਖਾਂ ਤੋਂ ਸੁਪਰਿਚਿਤ ਹੈ। ਹਥਲੇ ਨਾਵਲ ਦਾ ਕੈਨਵਸ ਕਾਫੀ ਵੱਡਾ ਹੈ ਪਰ ਨਾਵਲਕਾਰ ਨੇ ਬੜੀ ਨਿਪੁੰਨਤਾ ਨਾਲ ਇਸ ਰਚਨਾ ਦੇ ਸਾਰੇ ਪਾਸਾਰਾਂ-ਵਿਸਤਾਰਾਂ ਨੂੰ ਚੰਗੀ ਤਰ੍ਹਾਂ ਸਰੰਜਾਮ ਤੱਕ ਪਹੁੰਚਾ ਦਿੱਤਾ ਹੈ। ਇਹ ਨਾਵਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਪੰਜਾਬ ਦੀ ਉਲਝੀ ਕਹਾਣੀ ਨੂੰ ਬਿਆਨ ਕਰਦਾ ਹੈ।
ਨਾਵਲ ਦਾ ਆਰੰਭ ਖੇਤੇ ਦੇ ਪਰਿਵਾਰ ਦੀ ਕਹਾਣੀ ਤੋਂ ਸ਼ੁਰੂ ਹੁੰਦਾ ਹੈ। ਉਸ ਦਾ ਵੱਡਾ ਪੁੱਤਰ ਸਰਬਣ ਸੂਬੇਦਾਰ ਦਲੀਪ ਸਿੰਘ ਦੀ ਧੀ ਅਮਰੋ ਨਾਲ ਵਿਆਹਿਆ ਹੋਇਆ ਸੀ ਪਰ ਅਮਰੋ ਦੀ ਕੈਂਸਰ ਵਰਗੀ ਕਿਸੇ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ। ਅਮਰੋ ਦੇ ਦੋ ਬੱਚੇ ਵੀ ਸਨ : ਬੰਸਾ ਤੇ ਮਾੜੂ। ਇਨ੍ਹਾਂ ਬੱਚਿਆਂ ਦੀ ਪਾਲਣਾ-ਪੋਸਣਾ ਦੇ ਕਾਰਨ ਦਲੀਪ ਸਿੰਘ ਆਪਣੀ ਦੂਸਰੀ ਲੜਕੀ ਬਲਬੀਰੋ ਨੂੰ ਸਰਬਣ ਨਾਲ ਵਿਆਹ ਦਿੰਦਾ ਹੈ। ਅਮਰੋ ਦੀ ਅਚਾਨਕ ਮੌਤ ਤੋਂ ਪਹਿਲਾਂ ਬਲਬੀਰੋ ਦਾ ਵਿਆਹ ਸਰਬਣ ਦੇ ਛੋਟੇ ਭਰਾ ਅਰਜਨ ਨਾਲ ਕਰਨ ਦੀ ਵਿਉਂਤ ਸੀ ਪਰ ਉਹ ਸਿਰੇ ਨਾ ਚੜ੍ਹ ਸਕੀ, ਜਿਸ ਕਾਰਨ ਪਰਿਵਾਰ ਵਿਚ ਸਦਾ ਇਕ ਉਥਲ-ਪੁਥਲ ਹੁੰਦੀ ਰਹੀ। ਬਲਬੀਰੋ ਉੱਪਰ ਕਦੇ ਅਰਜਨ ਕਬਜ਼ਾ ਕਰ ਲੈਂਦਾ ਅਤੇ ਕਦੇ ਉਹ ਵਾਪਸ ਸਰਬਣ ਪਾਸ ਪਰਤ ਜਾਂਦੀ। ਇਸ ਪ੍ਰਕਿਰਿਆ ਵਿਚ ਬਲਬੀਰੋ ਦੇ ਛੇ ਬੱਚੇ ਪੈਦਾ ਹੋ ਗਏ, ਕੁਝ ਸਰਬਣ ਦੇ, ਕੁਝ ਅਰਜਨ ਦੇ। ਸਾਰਾ ਨਾਵਲ ਇਨ੍ਹਾਂ ਬੱਚਿਆਂ ਦੇ ਜੀਵਨ ਦੁਆਲੇ ਘੁੰਮਦਾ ਹੈ।
ਲੇਖਕ ਨੂੰ ਕਿਸਾਨੀ ਪਰਿਵਾਰਾਂ ਦੇ ਸੰਗਠਨ ਅਤੇ ਪ੍ਰਕਿਰਤੀ ਬਾਰੇ ਭਰਪੂਰ ਜਾਣਕਾਰੀ ਹੈ। ਕਿਸਾਨ ਲੋਕ ਔਰਤਾਂ ਨੂੰ ਜ਼ਮੀਨ ਵਾਂਗ ਸਮਝਦੇ ਹਨ। ਪੁਰਸ਼ ਨੂੰ ਹਰ ਪ੍ਰਕਾਰ ਦੀ ਆਜ਼ਾਦੀ ਹੈ ਪਰ ਇਸਤਰੀ ਉੱਪਰ ਜਾਤ-ਗੋਤ ਦੇ ਬੰਧਨ ਲੱਗੇ ਰਹਿੰਦੇ ਹਨ। ਨਾਵਲ ਵਿਚ ਖਾਲਿਸਤਾਨੀ ਲਹਿਰ ਦਾ ਵੀ ਭਰਪੂਰ ਵਰਨਣ ਹੋਇਆ ਹੈ। ਅਰਜਨ ਅਤੇ ਸੀਬੇ ਵਰਗੇ ਵੈਲੀ ਪੁਰਸ਼ ਆਪਣੀਆਂ ਰੰਜਿਸ਼ਾਂ ਕੱਢਣ ਲਈ ਖਾਲਿਸਤਾਨੀ ਬਣ ਜਾਂਦੇ ਹਨ। ਗੁਰਮੀਤ ਸਿੰਘ, ਬੋਹੜ ਸਿੰਘ ਅਤੇ ਕਸ਼ਮੀਰ ਸਿੰਘ ਪ੍ਰਗਤੀਸ਼ੀਲ ਪਾਤਰ ਹਨ। ਉਹ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਇਹ ਨਾਵਲ ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਪੰਜਾਬੀ ਰਹਿਤਲ ਦੀ ਇਕ ਤ੍ਰਾਸਦਿਕ ਝਾਕੀ ਪੇਸ਼ ਕਰਦਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮੁਰਗ਼ਾਬੀਆਂ
ਲੇਖਕ: ਗੁਰਮੀਤ ਪਨਾਗ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾ. ਲਿ. ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 0172-5027427.

ਗੁਰਮੀਤ ਪਨਾਗ ਇਕ ਪਰਵਾਸੀ ਕਹਾਕਾਰ ਹੈ, ਜੋ ਕੈਨੇਡਾ ਵਿਚ ਰਹਿੰਦੀ ਹੋਈ ਉੱਥੋਂ ਦੇ ਜੀਵਨ-ਵਿਵਹਾਰ ਨੂੰ ਨੇੜੇ ਤੋਂ ਵੇਖਣ ਦੀ ਕੋਸ਼ਿਸ਼ ਵਿਚ ਹੈ। 'ਢਾਹਾਂ ਪੁਰਸਕਾਰ' (2019) ਲਈ ਨਾਮਜ਼ਦ ਪਨਾਗ ਦੇ ਰੀਵਿਊ ਅਧੀਨ ਕਹਾਣੀ ਸੰਗ੍ਰਹਿ 'ਮੁਰਗ਼ਾਬੀਆਂ' ਵਿਚ ਕੁੱਲ ਦਸ ਕਹਾਣੀਆਂ ਹਨ, ਜੋ ਉੱਥੋਂ ਦੇ ਨੇਟਿਵ ਤੇ ਪਰਵਾਸੀਆਂ ਦੀ ਹੋਂਦ ਤੇ ਹੋਣੀ ਨਾਲ ਵਾਬਸਤਾ ਹਨ। ਸੰਗ੍ਰਹਿ ਦੀ ਸ਼ੀਰਸ਼ਕ ਕਹਾਣੀ ਇਕ ਪ੍ਰਤੀਕਾਤਮਕ ਹੈ। ਜਿਵੇਂ ਮੁਰਗ਼ਾਬੀਆਂ ਦੇ ਖੰਭ ਲਾਹ ਦਿੱਤੇ ਜਾਣ ਅਤੇ ਉਹ ਉੱਡਣ ਅਤੇ ਤੈਰਨ ਤੋਂ ਅਸਮਰੱਥ ਹੋ ਜਾਣ, ਉਸੇ ਤਰ੍ਹਾਂ ਕੈਨੇਡਾ ਦੇ ਮੂਲ ਵਾਸੀਆਂ ਦਾ ਹਾਲ ਹੈ।
ਮਨੁੱਖੀ ਜਟਿਲਤਾਵਾਂ ਅਤੇ ਗੰਭੀਰ ਸਮੱਸਿਆਵਾਂ ਨੂੰ ਗੁਰਮੀਤ ਨੇ ਇਨ੍ਹਾਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਔਰਤ ਦੇ ਅਸਤਿਤਵ, ਵਿਦੇਸ਼ੀ ਧਰਤੀ 'ਤੇ ਪਰਵਾਸੀਆਂ ਨਾਲ ਹੁੰਦੇ ਵਿਤਕਰੇ, ਸ਼ੋਸ਼ਣ ਅਤੇ ਸੁਪਨਿਆਂ ਦੀ ਮੌਤ ਇਨ੍ਹਾਂ ਕਹਾਣੀਆਂ ਵਿਚ ਬੜੀ ਸੰਜੀਦਗੀ ਨਾਲ ਪ੍ਰਸਤੁਤ ਹੋਏ ਹਨ।
ਅਖੌਤੀ ਕਦਰਾਂ-ਕੀਮਤਾਂ ਵਿਰੁੱਧ ਗੁੱਸਾ ('ਇੰਡੀਅਨ ਮਾਂ-ਬਾਪ ਬੱਚਿਆਂ ਨੂੰ ਵੱਡੇ ਨਹੀਂ ਹੋਣ ਦਿੰਦੇ। ਸਾਰੀ ਉਮਰ ਸਪੂਨ ਫੀਡਿੰਗ ਕਰੀ ਜਾਣਗੇ। ਮੈਂ ਤਾਂ ਉਨ੍ਹਾਂ ਨੂੰ ਹੈਲੀਕਾਪਟਰ ਪੇਰੈਂਟਸ ਆਖਦੀ ਹਾਂ ਜੋ ਉਨ੍ਹਾਂ ਉੱਪਰ ਮੰਡਰਾਉਂਦੇ ਰਹਿੰਦੇ ਨੇ...', 'ਮਾਈ ਲਾਈਫ ਮਾਈ ਵੇਅ', ਪੰਨਾ 36), ਪਰਵਾਸੀਆਂ ਨਾਲ ਹੁੰਦਾ ਦੁੁਰ-ਵਿਵਹਾਰ ('ਅਖੇ ਬਹੁਤ ਸ਼ਾਂਤਮਈ ਤੇ ਵਧੀਆ ਮੁਲਕ ਏ। ਸਿਸਟਮ ਚਮੜੀ ਦੇ ਰੰਗ ਦਾ ਕੋਈ ਭੇਦਭਾਵ ਨਹੀਂ ਕਰਦਾ... ਮਾਈ ਫੁੱਟ! ਇੱਥੇ ਤਾਂ ਇਨਸਾਨੀਅਤ ਦਾ ਘਾਣ ਹੋ ਰਿਹਾ ਹੈ...' 'ਗੋਰੀ ਅੱਖ ਦਾ ਟੀਰ', ਪੰਨਾ 74), ਵਤਨ ਦਾ ਉਦਰੇਵਾਂ ('ਯਾਦ ਹੈ ਲਾਰੈਂਸ ਰੋਡ ਅੰਮ੍ਰਿਤਸਰ ਦਾ ਡਾਊਨ ਟਾਊਨ? ਨਾਲੇ ਨਾਵਲਟੀ ਦੀ ਮਟਕੇ ਵਾਲੀ ਕੁਲਫ਼ੀ... ਕੇਸਰ ਦੇ ਢਾਬੇ ਦੇ ਲੱਛੇਦਾਰ ਪਰੌਂਠੇ ਤੇ ਹਾਲ ਗੇਟ ਕੋਲ ਮਿਲਦੇ ਮੱਛੀ ਦੇ ਅੰਬਰਸਰੀ ਪਕੌੜੇ...', 'ਕਾਸ਼ਨੀ ਸੁਪਨੇ', ਪੰਨਾ 108), ਧੀ ਦੀ ਪੜ੍ਹਾਈ ਵਿਚੇ ਰੋਕ ਕੇ ਤੁਰੰਤ ਵਿਦੇਸ਼ੀ ਮੁੰਡੇ ਨਾਲ ਵਿਆਹੁਣਾ ('ਪੜ੍ਹ ਕੇ ਤੂੰ ਵਕੀਲ ਬਣਨੈ? ਅਗਲਿਆਂ ਦੀ ਕੋਈ ਮੰਗ ਨਹੀਂ। ਲੋਕ ਤਾਂ ਮੱਖੀਆਂ ਆਂਗੂ ਭਿਣਕਦੇ ਨੇ ਉਨ੍ਹਾਂ ਦੇ ਘਰ... 'ਜਿਨ੍ਹਾਂ ਦੇ ਰੂਪ ਨੇ ਸੋਹਣੇ', ਪੰਨਾ 67), ਡਰੱਗ ਤੇ ਸੈਕਸ ਦਾ ਖੁੱਲ੍ਹਾ ਵਪਾਰ, ਐੱਲਐੱਸਡੀ, ਵੀਡ, ਮੈਰੀਊਆਨਾ, ਆਕਸੀਟੋਸਿਨ, ਸਮੈਕ, ਕੋਕੀਨ ਦੇ ਕਾਰੋਬਾਰ ਵਿਚ ਭਾਰਤੀ ਕੁੜੀਆਂ ਦਾ ਮਾਸੂਮੀਅਤ ਵਿਚ ਫਸਣਾ ਤੇ ਫਿਰ ਇਸ ਦਲਦਲ 'ਚੋਂ ਨਾ ਨਿਕਲ ਸਕਣਾ, ('ਨਾਈਟ ਲਾਈਫ') ਜਿਹੇ ਵਿਸ਼ੇ ਵੀ ਇਨ੍ਹਾਂ ਕਹਾਣੀਆਂ ਵਿਚ ਵੇਖੇ ਜਾ ਸਕਦੇ ਹਨ।ਇਨ੍ਹਾਂ ਕਹਾਣੀਆਂ ਨੂੰ ਮਹਿਜ਼ ਕਲਪਨਾ ਦੇ ਆਧਾਰ 'ਤੇ ਨਹੀਂ ਸਿਰਜਿਆ ਗਿਆ, ਸਗੋਂ ਗੁਰਮੀਤ ਬਾਕਾਇਦਾ ਇਸ ਅਨੁਭਵ ਵਿੱਚੋਂ ਗੁਜ਼ਰੀ ਹੈ 'ਮੇਰਾ ਮੰਨਣਾ ਹੈ ਕਿ ਲੇਖਕ ਜਦੋਂ ਆਪ ਕਿਸੇ ਅਨੁਭਵ ਚੋਂ ਲੰਘਿਆ ਹੋਵੇ ਤਾਂ ਪ੍ਰਗਟਾਵੇ ਸਮੇਂ ਉਹ ਲਿਖਤ ਨਾਲ ਬਿਹਤਰ ਇਨਸਾਫ਼ ਕਰ ਸਕਦਾ ਹੈ।... ਕੈਨੇਡਾ ਦੀ ਧਰਤੀ ਨੇ ਬਹੁਤ ਕੁਝ ਦਿੱਤਾ ਹੈ। ਇਸ ਦੀ ਬਰਫ਼ ਵਾਲੀ ਨਿੱਘੀ ਬੁੱਕਲ 'ਚ ਮੈਂ ਖੁਸ਼ ਹਾਂ, ਸੰਤੁਸ਼ਟ ਹਾਂ। ਫਿਰ ਵੀ ਆਲੇ-ਦੁਆਲੇ ਦੀਆਂ ਦੁਸ਼ਵਾਰੀਆਂ ਅਤੇ ਬੇਤਰਤੀਬੀਆਂ ਮੈਨੂੰ ਲਿਖਣ ਲਈ ਚੋਭ ਲਾਉਂਦੀਆਂ ਰਹਿੰਦੀਆਂ ਹਨ।' (ਪੰਨਾ 10)
ਬਾਹਰੀ ਵਿਖਾਵੇ ਅਤੇ ਅੰਦਰੂਨੀ ਯਥਾਰਥ ਨੂੰ ਬਿਆਨ ਕਰਦੀਆਂ ਗੁਰਮੀਤ ਪਨਾਗ ਦੀਆਂ ਇਹ ਕਹਾਣੀਆਂ ਸਿਰਫ਼ ਪੜ੍ਹਨ ਵਾਲੀਆਂ ਹੀ ਨਹੀਂ, ਸਗੋਂ ਇਨ੍ਹਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ।

ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015

c c c

ਟ੍ਰਾਫ਼ੀ ਵਾਈਫ਼
ਲੇਖਿਕਾ : ਜੱਸੀ ਧਾਲੀਵਾਲ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 224
ਸੰਪਰਕ : 0183-5011003.

'ਟ੍ਰਾਫ਼ੀ ਵਾਈਫ਼' ਆਸਟ੍ਰੇਲੀਆ ਵਸਦੀ ਕਹਾਣੀ-ਲੇਖਿਕਾ ਜੱਸੀ ਧਾਲੀਵਾਲ ਦੀ ਤੀਸਰੀ ਕਥਾ ਪੁਸਤਕ ਹੈ। ਇਸ ਤੋਂ ਪਹਿਲਾਂ ਉਹ 'ਦੇਸਣ' ਅਤੇ 'ਬਾਕੀ ਸਭ ਸੁੱਖ ਸਾਂਦ ਹੈ' ਕਹਾਣੀ ਪੁਸਤਕਾਂ ਰਾਹੀਂ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਨਾਲ ਚੰਗਾ ਰਾਬਤਾ ਬਣਾ ਚੁੱਕੀ ਹੈ। ਧਾਲੀਵਾਲ ਦੂਰ-ਦੁਰੇਡੇ ਮੁਲਕ ਆਸਟ੍ਰੇਲੀਆ ਵਿਚ ਪੰਜਾਬੀ ਕਥਾ-ਸਾਹਿਤ ਦੀ ਧਾਰਾ ਵਗਾਉਣ ਵਾਲੀ ਕਾਰਜਸ਼ੀਲ ਲੇਖਿਕਾ ਹੈ। ਇਸ ਸੰਗ੍ਰਹਿ ਵਿਚ ਉਸ ਨੇ ਕੁੱਲ 84 ਨਿੱਕੀਆਂ ਤੇ ਵੱਡੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਜੱਸੀ ਧਾਲੀਵਾਲ ਸਾਹਿਤ ਦੇ ਕਲਿਆਣਕਾਰੀ ਰੁਝਾਨ ਵਾਲੀ ਲੇਖਿਕਾ ਹੈ। ਉਹ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਆਖਦੀ ਹੈ। ਉਸ ਦੀਆਂ ਕਹਾਣੀਆਂ ਦਾ ਟੀਚਾ ਮਨੁੱਖ ਦੀਆਂ ਜਾਤੀ ਵਡਿਆਈਆਂ ਨੂੰ ਵੱਡਾ ਕਰਕੇ ਦਿਖਾਉਣਾ ਹੈ। ਉਹ ਮਨੁੱਖ ਦੇ ਇਖ਼ਲਾਕੀ ਤੇ ਰੂਹਾਨੀ ਕਿਰਦਾਰ ਦੀ ਥਾਹ ਪਾਉਣ ਵਾਲੀ ਲੇਖਿਕਾ ਹੈ। ਉਸ ਦੀਆਂ ਕਹਾਣੀਆਂ ਦੇ ਕਿਰਦਾਰ ਮਨੁੱਖੀ ਜੀਵਨ ਅਤੇ ਸਮਾਜ ਦੇ ਉਦੈਕਾਰੀ ਰੁਝਾਨ ਨਾਲ ਜੁੜੇ ਹੋਏ ਹਨ। ਉਹ ਅਜਿਹੀਆਂ ਕਹਾਣੀਆਂ ਸਿਰਜਦੀ ਹੈ ਜੋ ਮਨੁੱਖੀ ਜੀਵਨ ਦਾ ਸੁਨਹਿਰੀ ਪੱਖ ਉਜਾਗਰ ਕਰਦੀਆਂ ਹੋਣ। ਕਹਾਣੀ ਭਾਵੇਂ 'ਆਤਮ-ਸਨਮਾਨ' ਹੋਵੇ, 'ਮਾੜੀ ਧੀ', 'ਚਿੱਤਰਕਾਰ', 'ਡੱਬਾ', 'ਬਦਨਾਮ ਔਰਤ', 'ਮਾੜਾ ਢੱਗਾ ਛੱਤੀ ਰੋਗ' ਹੋਵੇ, ਇਹ ਸਭ ਕਹਾਣੀਆਂ ਮਨੁੱਖ ਦੀ ਹੋਣੀ ਦੇ ਆਦਰਸ਼ ਰੂਪ ਨੂੰ ਹੀ ਚਿਤਰਦੀਆਂ ਪ੍ਰਤੀਤ ਹੁੰਦੀਆਂ ਹਨ। ਕਹਾਣੀਆਂ 'ਸਾਧੂ', 'ਪਛਤਾਵਾ' ਅਤੇ 'ਟ੍ਰਾਫ਼ੀ ਵਾਈਫ਼' ਵੀ ਮਨੁੱਖੀ ਕਿਰਦਾਰ ਦੇ ਉੱਜਲ ਰਾਹ ਵੱਲ ਸੰਕੇਤ ਕਰਦੀਆਂ ਹਨ। ਜੱਸੀ ਧਾਲੀਵਾਲ ਕਹਾਣੀ ਨਹੀਂ ਲਿਖਦੀ, ਸੁਚੱਜੀ ਜੀਵਨ-ਜਾਚ ਜਿਊਣ ਦੇ ਪ੍ਰਵਚਨ ਕਰਦੀ ਪ੍ਰਤੀਤ ਹੁੰਦੀ ਹੈ। ਹਰੇਕ ਕਹਾਣੀ ਦੇ ਅੰਤ ਵਿਚ ਉਹ ਚੰਗੇਰੇ ਅਤੇ ਸੁਚੱਜੀ ਜੀਵਨ ਵਿਉਂਤ ਲਈ ਪਾਠਕਾਂ ਨੂੰ ਪ੍ਰੇਰਿਤ ਕਰਦੀ ਹੈ। ਇਸੇ ਲਈ ਉਸ ਦੀਆਂ ਕਹਾਣੀਆਂ ਨੂੰ 'ਕਲਾ ਸਮਾਜ ਲਈ' ਦੇ ਖਾਨੇ ਵਿਚ ਰੱਖ ਕੇ ਹੀ ਪੜ੍ਹਿਆ, ਪਰਖਿਆ ਤੇ ਪੜਚੋਲਿਆ ਜਾ ਸਕਦਾ ਹੈ। ਇਹ ਕਹਾਣੀਆਂ ਲੇਖਿਕਾ ਦੇ ਇਕ ਤਰ੍ਹਾਂ ਨਾਲ ਪ੍ਰਵਚਨ ਹੀ ਤਾਂ ਹਨ, ਜੋ ਰੌਚਿਕ ਵੀ ਹਨ ਤੇ ਉਪਦੇਸ਼ਾਤਮਕ ਵੀ। 'ਲਾਕ ਡਾਊਨ' ਲੇਖਿਕਾ ਦੇ ਸਾਹਿਤ ਰਚਨਾ ਲਈ ਰਾਸ ਆ ਗਿਆ ਜਾਪਦਾ ਹੈ।

ਕੇ. ਐਲ. ਗਰਗ
ਮੋ: 94635-37050.

ਟੀਸੀ ਦਾ ਬੇਰ
ਸੰਪਾਦਕ : ਬੇਅੰਤ ਬਾਜਵਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98881-00874.

ਇਹ ਪੁਸਤਕ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦਾ ਉਪਰਾਲਾ ਹੈ। ਇਸ ਵਿਚ ਸ਼੍ਰੋਮਣੀ ਨਾਵਲਕਾਰ ਰਾਮ ਸਰੂਪ ਅਣਖੀ ਦੀਆਂ 28 ਚੋਣਵੀਆਂ ਕਹਾਣੀਆਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ੇ ਸਮਾਜਿਕ ਅਤੇ ਮਨੋਵਿਗਿਆਨਕ ਹਨ। ਇਨ੍ਹਾਂ ਵਿਚ ਮਲਵਈ ਸੱਭਿਆਚਾਰ ਦੀ ਝਲਕ ਹੈ। ਬੋਲੀ ਠੁੱਕਦਾਰ ਅਤੇ ਮੁਹਾਵਰੇਦਾਰ ਹੈ। ਆਓ ਕੁਝ ਝਲਕਾਂ ਦੇਖੀਏ
-ਦੁਨੀਆ ਦੇ ਸਾਰੇ ਰਿਸ਼ਤੇ ਤੇਰੇ ਵਿਚ ਆ ਕੇ ਇਕੱਠੇ ਹੋ ਗਏ ਸਨ। ਤੂੰ ਪਿਆਰ ਦਾ ਇਕ ਮੁਜੱਸਮਾ ਹੀ ਤਾਂ ਸੀ। ਤੂੰ ਮੇਰੀ ਮਾਂ ਸੀ, ਭੈਣ ਵੀ, ਦੋਸਤ ਵੀ ਅਤੇ ਪ੍ਰੇਮਿਕਾ ਤਾਂ ਸੀ ਹੀ।
-ਪਹਿਲੇ ਦਿਨੋਂ ਸਤਜੁਗੀ ਬੰਦਾ ਸੀ ਥੰਮਣ ਤਾਂ। ਦੇਖ ਲੌ, ਨਿੱਕੀ ਜਿੰਨੀ ਗੱਲ 'ਤੇ ਜਾਨ ਦੇ ਤੀ। ਨਹੀਂ ਤਾਂ ਕੀ ਨੀ ਹੁੰਦਾ ਏਸ ਸੰਸਾਰ ਤੇ।
-ਗਾਂਧੀ, ਪਤੈ, ਬੱਕਰੀ ਦਾ ਦੁੱਧ ਪੀਂਦਾ ਹੁੰਦਾ ਸੀ। ਬੱਕਰੀ ਦੇ ਦੁੱਧ 'ਚ ਸਾਰੇ ਵਿਟਾਮਿਨ ਹੁੰਦੇ ਨੇ। ਛੱਤੀ ਪਦਾਰਥ ਹੁੰਦੇ ਨੇ ਬੱਕਰੀ ਦੇ ਦੁੱਧ 'ਚ।
-ਬੱਸ ਬੱਸ, ਇਹੀ ਜ਼ਿੰਦਗੀ ਐ, ਅਸਲੀ ਜ਼ਿੰਦਗੀ। ਤੂੰ ਜਿਹੜੇ ਪਹਿਲਾਂ ਨਾਵਲ ਪੜ੍ਹਦਾ ਰਿਹੈਂ ਨਾ, ਉਹ ਤਾਂ ਹਵਾਈ ਕਿਲ੍ਹੇ ਹੁੰਦੇ ਨੇ। ਜ਼ਿੰਦਗੀ ਤੋਂ ਦੂਰ ਦੀ ਚੀਜ਼, ਬੱਸਾਂ ਗੱਡੀਆਂ ਵਿਚ ਸਫ਼ਰ-ਕਟੀ ਦਾ ਸਸਤਾ ਮਨੋਰੰਜਨ।
-ਮਾਂ, ਜੇ ਤੇਰਾ ਮੁਖੜਾ ਉਦਾਸ ਹੋ ਜਾਏ, ਤਾਂ ਮੈਂ ਅੱਥਰੂਆਂ ਵਿਚ ਡੁੱਬ ਜਾਂਦਾ ਹਾਂ। ਤੇ ਹੁਣ ਏਸੇ ਮੱਘਰ ਦੀ ਰੁੱਤ ਵਿਚ ਸਾਰਾ ਬੰਗਾਲ ਅੱਥਰੂਆਂ ਵਿਚ ਡੁੱਬਿਆ ਹੋਇਆ ਸੀ। ਮੁਕਤੀ ਵਾਹਿਨੀ ਤੇ ਭਾਰਤੀ ਫ਼ੌਜ ਹੀ ਇਕ ਆਸ ਸਨ।
-ਜ਼ਮਾਨਾ ਕਿੰਨਾ ਅਗਾਂਹ ਜਾ ਖਲੋਤਾ ਹੈ। ਫੈਸ਼ਨ ਸਿਖਰ 'ਤੇ ਹੈ। ਅੱਜਕਲ੍ਹ ਅਨਪੜ੍ਹ ਤੀਵੀਆਂ ਵੀ ਪੜ੍ਹੀਆਂ ਲਿਖੀਆਂ ਲਗਦੀਆਂ ਹਨ। ਬੋਲ ਚਾਲ ਚੁਸਤ, ਕੱਪੜੇ ਚੁਸਤ ਤੇ ਨਖ਼ਰਾ ਚੁਸਤ। ਹੋਰ ਕੀ ਪੜ੍ਹੀਆਂ ਲਿਖੀਆਂ ਦੇ ਸਿੰਗ ਹੁੰਦੇ ਨੇ?
ਸਮੁੱਚੇ ਤੌਰ 'ਤੇ ਇਹ ਕਹਾਣੀ ਸੰਗ੍ਰਹਿ ਦਿਲਚਸਪ ਅਤੇ ਸਾਰਥਕ ਹੈ। ਇਸ ਦਾ ਸਵਾਗਤ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

ਸ਼ਿਕਾਰਗਾਹ
ਨਾਵਲਕਾਰਾ : ਸੁਰਿੰਦਰ ਨੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 280
ਸੰਪਰਕ : 096220-06304.

ਕਸ਼ਮੀਰ ਦੀ ਪੰਜਾਬੀ ਨਾਵਲਕਾਰਾ ਦੁਆਰਾ ਖੂਬਸੂਰਤ ਨਾਵਲੀ ਯੁਗਤਾਂ ਨਾਲ ਘੜਿਆ-ਰਚਿਆ ਇਹ ਇਕ ਵਿਲੱਖਣ ਨਾਵਲ ਹੈ। ਜੋ ਸਮੁੱਚੇ ਪੰਜਾਬੀ ਨਾਵਲ ਦੀ ਦਸ਼ਾ ਅਤੇ ਦਿਸ਼ਾ ਬਦਲਣ ਦੀ ਸਮਰੱਥਾ ਰੱਖਦਾ ਤੱਕਿਆ ਜਾ ਸਕਦਾ ਹੈ। ਕਸ਼ਮੀਰੀ ਪੰਜਾਬੀਆਂ ਦੇ ਸੱਭਿਆਚਾਰ ਅਤੇ ਰਾਜਨੀਤਕ ਜੀਵਨ ਨੂੰ ਬੇਹੱਦ ਬਾਰੀਕਬੀਨੀ ਨਾਲ ਪੇਸ਼ ਕਰਦਿਆਂ ਨਾਵਲਕਾਰਾ ਨੇ ਕਸ਼ਮੀਰੀ ਸਮਾਜ ਦੀਆਂ ਬਹੁਪਰਤੀ ਗੁੰਝਲਾਂ ਨੂੰ ਪੇਸ਼ ਕੀਤਾ ਹੈ। ਨਾਵਲ ਦੀ ਭੂਮਿਕਾ ਵਿਚ ਅਮਰਜੀਤ ਸਿੰਘ ਗਰੇਵਾਲ ਲਿਖਦੇ ਹਨ, 'ਸੁਰਿੰਦਰ ਨੀਰ ਨੇ ਇਸ ਨਾਵਲ ਰਾਹੀਂ ਪੰਜਾਬੀ ਕਸ਼ਮੀਰ ਦੀ ਵਿਲੱਖਣ ਪਛਾਣ ਨੂੰ ਬਰਾਬਰੀ ਦੇ ਆਧਾਰ 'ਤੇ, ਵਿਸ਼ਵ ਪੰਜਾਬੀ ਭਾਈਚਾਰੇ ਦੀ ਸਮਾਨਾਂਤਰ ਧਾਰਾ ਵਜੋਂ ਸਥਾਪਤ ਕਰਕੇ ਵਿਸ਼ਾਲ ਪੰਜਾਬ ਦੇ ਨਿਰਮਾਣ ਦੀ ਜੋ ਸੰਭਾਵਨਾ ਪੈਦਾ ਕੀਤੀ ਹੈ, ਉਹ ਯਥਾਰਥ ਤੋਂ ਦੂਰ ਨਹੀਂ।'
ਇਸ ਨਾਵਲ ਦੀ ਕਹਾਣੀ ਦੀਆਂ ਜੜ੍ਹਾਂ ਵਿਚ ਕਸ਼ਮੀਰ ਸਮੱਸਿਆ ਨੂੰ ਤੱਕ ਕੇ ਦਹਿਸ਼ਤਵਾਦ ਕਾਰਨ ਉਸ ਸਮਾਜ ਦਾ ਹੋਇਆ ਜਾਂ ਹੋ ਰਿਹਾ ਨੁਕਸਾਨ ਗਹਿਰਾਈ ਨਾਲ ਸੋਚਣ ਲਈ ਮਜਬੂਰ ਕਰਦਾ ਹੈ। ਅਸਲ ਵਿਚ ਨਾਵਲ ਅੱਤਵਾਦ ਅਤੇ ਕਸ਼ਮੀਰੀ ਭਾਈਚਾਰੇ ਦੀ ਲੜਾਈ ਪੇਸ਼ ਕਰਦਾ ਹੋਇਆ ਮੁਸਲਮਾਨ, ਸਿੱਖ ਅਤੇ ਹਿੰਦੂ ਨਾਗਰਿਕਾਂ ਦੀ ਏਕਤਾ 'ਤੇ ਕੇਂਦਰਿਤ ਹੁੰਦਾ ਨਜ਼ਰ ਆਉਂਦਾ ਹੈ। ਤਿੰਨਾਂ ਭਾਈਚਾਰਿਆਂ ਦੀ ਸਾਂਝ ਦਿਖਾ ਕੇ ਲੇਖਿਕਾ ਸਿੱਧ ਕਰਦੀ ਹੈ ਕਿ ਸੌੜੀ ਸੋਚ ਵਾਲੇ ਲੋਕਾਂ ਨੇ ਆਪਣੇ ਸਵਾਰਥ ਲਈ ਕਸ਼ਮੀਰੀ ਪੰਜਾਬ ਨੂੰ ਦਹਿਸ਼ਤ ਦਾ ਅੱਡਾ ਬਣਾਇਆ ਹੋਇਆ ਹੈ। ਬਿੱਦੋ, ਨਿੱਕੀ ਵਰਗੇ ਔਰਤ ਪਾਤਰਾਂ ਸਮੇਤ ਰਾਜਬੀਰ ਸਿੰਘ ਵਰਗੇ ਪਾਤਰ 'ਅੱਤਵਾਦ' ਨੂੰ ਵੰਗਾਰਦੇ ਨਜ਼ਰ ਆਉਂਦੇ ਹਨ। ਤਕਨੀਕੀ ਤੌਰ 'ਤੇ ਨਾਵਲਕਾਰਾ ਸੁਰਿੰਦਰ ਨੀਰ ਨੇ ਇਕ ਮਿਸਾਲੀ ਰਚਨਾ ਪੰਜਾਬੀ ਨਾਵਲ ਸਾਹਿਤ ਦੀ ਝੋਲੀ ਪਾਈ ਹੈ। ਇਸ ਨਾਵਲ ਦੀ ਨਿਰਖ-ਪਰਖ ਅਤੇ ਪੜਚੋਲ ਹੋਣੀ ਚਾਹੀਦੀ ਹੈ, ਤਾਂ ਜੋ ਨਾਵਲਕਾਰਾ ਦੀ ਘਾਲਣਾ ਥਾਏਂ ਪੈ ਸਕੇ।

ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX